|
ਮਹਿਲਾ ਹਾਕੀ ਵਿਸ਼ਵ ਕੱਪ
ਰੋਜ਼ਾਰੀਓ (ਅਰਜਨਟੀਨਾ), 6 ਸਤੰਬਰ - ਮਹਿਲਾ ਹਾਕੀ ਵਿਸ਼ਵ ਕੱਪ
ਅਰਜਨਟੀਨਾ 'ਚ ਚੱਲ ਰਿਹਾ ਹੈ। ਇਸ ਵਿਸ਼ਵ ਕੱਪ 'ਚ ਭਾਰਤੀ ਟੀਮ ਨੇ ਆਖਿਰ
ਵਿਚ ਜਾਪਾਨ ਨੂੰ 2-0 ਨਾਲ ਹਰਾਇਆ। ਅੱਧ ਤੱਕ ਭਾਰਤੀ ਟੀਮ 1-0 ਨਾਲ ਅੱਗੇ
ਸੀ। ਭਾਰਤ ਨੂੰ ਚੌਥੇ ਮੈਚ 'ਚ ਜਿੱਤ ਪ੍ਰਾਪਤ ਹੋਈ। ਉਸ ਨੂੰ ਆਪਣੇ ਪਹਿਲੇ
ਮੈਚ 'ਚ ਹਾਲੈਂਡ ਦੇ ਹੱਥੋਂ 1-7 ਨਾਲ, ਦੂਸਰੇ ਮੈਚ 'ਚ ਆਸਟ੍ਰੇਲੀਆ ਦੇ
ਹੱਥੋਂ 3-6 ਨਾਲ ਅਤੇ ਤੀਸਰੇ ਮੁਕਾਬਲੇ 'ਚ ਜਰਮਨੀ ਦੇ ਹੱਥੋਂ 1-4 ਨਾਲ
ਹਾਰ ਮਿਲੀ। ਭਾਰਤੀ ਟੀਮ ਇਸ ਜਿੱਤ ਦੇ ਬਾਵਜੂਦ ਖਿਤਾਬੀ ਦੌੜ 'ਚੋਂ ਬਾਹਰ
ਹੋ ਚੁੱਕੀ ਹੈ। ਉਸ ਨੇ ਆਪਣਾ ਅਗਲਾ ਮੈਚ ਨਿਊਜ਼ੀਲੈਂਡ ਨਾਲ 7 ਸਤੰਬਰ ਨੂੰ
ਖੇਡਣਾ ਹੈ ਅਤੇ ਇਹ ਭਾਰਤ ਦਾ ਆਖਰੀ ਮੈਚ ਹੋਵੇਗਾ। ਖੇਡੇ ਗਏ ਪੂਲ-ਏ ਦੇ
ਹੋਰ ਮੁਕਾਬਲਿਆਂ 'ਚ ਹਾਲੈਂਡ ਨੇ ਜਰਮਨੀ ਨੂੰ 2-1 ਨਾਲ ਹਰਾਇਆ ਅਤੇ
ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ 4-1 ਨਾਲ ਹਰਾਇਆ।
ਛੇ ਪਹਿਲਵਾਨ ਡੋਪਿੰਗ ਦੇ ਦੋਸ਼ੀ
ਨਵੀਂ ਦਿੱਲੀ, 6 ਸਤੰਬਰ - ਨਾਡਾ ਨੇ ਰਾਸ਼ਟਰ ਮੰਡਲ ਖੇਡਾਂ ਦੇ ਚੋਣ
ਟਰਾਇਲ ਲਈ ਪਹਿਲਵਾਨਾਂ ਦੇ ਡੋਪਿੰਗ ਟੈਸਟ ਲਈ ਨਮੂਨੇ ਲਏ ਸਨ। ਜਿਨ੍ਹਾਂ 'ਚ
6 ਪਹਿਲਵਾਨ ਪਾਬੰਦੀਸ਼ੁਦਾ ਦਵਾਈ ਮੀਥਾਈਲਹੈਕਸਾਨੇਮਾਈਨ ਦੇ ਦੋਸ਼ੀ ਪਾਏ ਗਏ
ਸਨ। ਜਿਸ ਨੂੰ ਵਿਸ਼ਵ ਡੋਪਿੰਗ ਰੋਧੀ ਏਜੰਸੀ (ਵਾਡਾ) ਨੇ ਇਸੇ ਸਾਲ
ਪਾਬੰਦੀਸ਼ੁਦਾ ਦਵਾਈਆਂ ਦੀ ਸੂਚੀ 'ਚ ਸ਼ਾਮਿਲ ਕੀਤਾ ਹੈ। ਇਨ੍ਹਾਂ ਖੇਡਾਂ ਤੋਂ
ਪਹਿਲਾਂ ਡੋਪਿੰਗ 'ਚ ਫਸੇ ਰਾਜੀਵ ਤੋਮਰ ਸਣੇ 6 ਪਹਿਲਵਾਨ ਰਾਸ਼ਟਰੀ ਡੋਪਿੰਗ
ਰੋਧੀ ਏਜੰਸੀ (ਨਾਡਾ) ਦੇ 'ਬੀ' ਨਮੂਨੇ 'ਚ ਵੀ ਦੋਸ਼ੀ ਪਾਏ ਗਏ ਹਨ। ਵਾਡਾ
ਦੇ ਨਿਯਮਾਂ ਅਨੁਸਾਰ ਸਾਰੇ ਪਹਿਲਵਾਨਾਂ ਨੂੰ ਹੁਣ ਨਾਡਾ ਦੀ ਡੋਪਿੰਗ ਰੋਧੀ
ਅਨੁਸ਼ਾਸਨ ਕਮੇਟੀ ਦੇ ਅੱਗੇ ਪੇਸ਼ ਹੋਣਾ ਪਵੇਗਾ। ਜੋ ਇਨ੍ਹਾਂ ਦੋਸ਼ੀ ਖਿਡਾਰੀਆਂ
ਨੂੰ ਸਜਾ ਦੇਣ ਸਬੰਧੀ ਫੈਸਲਾ ਕਰੇਗੀ। ਇਨ੍ਹਾਂ 'ਚੋਂ ਚਾਰ ਪਹਿਲਵਾਨਾਂ
ਰਾਜੀਵ ਤੋਮਰ (120 ਕਿਲੋ0, ਸੁਮਿਤ (74 ਕਿਲੋ), ਮੌਸਮ ਖੱਤਰੀ (96 ਕਿਲੋ)
ਅਤੇ ਮਹਿਲਾ ਪਹਿਲਵਾਨ ਗੁਰਸ਼ਰਨਪ੍ਰੀਤ ਕੌਰ (72 ਕਿਲੋ) ਨੂੰ ਰਾਸ਼ਟਰ ਮੰਡਲ
ਖੇਡਾਂ ਦੀ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਰਾਹੁਲ ਮਾਨ (60 ਕਿਲੋ)
ਅਤੇ ਜੋਗਿੰਦਰ ਸਿੰਘ (120 ਕਿਲੋ) ਬਾਕੀ ਦੇ ਦੋ ਹੋਰ ਪਹਿਲਵਾਨ ਹਨ, ਜੋ
ਡੋਪਿੰਗ ਦੇ ਦੋਸ਼ੀ ਪਾਏ ਗਏ ਹਨ। ਪਤਾ ਲੱਗਾ ਹੈ ਕਿ ਐਥਲੀਟ ਸੌਰਵ ਵਿੱਜ ਅਤੇ
ਆਕਾਸ਼ ਅੰਤਿਲ ਨੇ ਅਜੇ ਤੱਕ 'ਬੀ' ਨਮੂਨੇ ਲਈ ਨਹੀਂ ਕਿਹਾ ਹੈ।
5ਵੀਆਂ ਰਾਸ਼ਟਰੀ ਪੈਰਾਉਲੰਪਿਕ
ਖੇਡਾਂ 9 ਤੋਂ 12 ਤੱਕ
ਪੰਚਕੂਲਾ, 6 ਸਤੰਬਰ - 5ਵੀਆਂ ਰਾਸ਼ਟਰੀ ਪੈਰਾਉਲੰਪਿਕ ਖੇਡਾਂ 9
ਤੋਂ 12 ਸਤੰਬਰ ਤੱਕ ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ਸੈਕਟਰ 3 ਪੰਚਕੂਲਾ
'ਚ ਕਰਵਾਈਆਂ ਜਾ ਰਹੀਆਂ ਹਨ।
ਭਾਰਤ-ਪਾਕਿ ਕਬੱਡੀ ਮੈਚ
12 ਨੂੰ
ਲੁਧਿਆਣਾ, 6 ਸਤੰਬਰ - ਭਾਰਤ ਦੇ ਦੌਰੇ 'ਤੇ ਆਈ ਪਾਕਿਸਤਾਨ ਦੀ
ਕਬੱਡੀ ਟੀਮ ਜਿਥੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿਚ 15 ਮੈਚ
ਖੇਡੇਗੀ ਉਥੇ ਭਾਰਤ ਅਤੇ ਪਾਕਿਸਤਾਨ ਦੀਆਂ ਕਬੱਡੀ ਟੀਮਾਂ ਵਿਚਕਾਰ ਮੈਚ
ਲੁਧਿਆਣਾ ਜ਼ਿਲ੍ਹੇ ਦੇ ਬੁੱਕਲ ਵਿਚ ਵਸਦੇ ਪਿੰਡ ਧਾਂਦਰਾ ਵਿਖੇ ਵੀ ਕਰਵਾਇਆ
ਜਾ ਰਿਹਾ ਹੈ। ਇਸ ਤੋਂ ਇਲਾਵਾ 12 ਸਤੰਬਰ ਨੂੰ ਧਾਂਦਰਾ ਵਿਖੇ ਹੀ
ਅੰਤਰਰਾਸ਼ਟਰੀ ਪੱਧਰ ਦਾ ਕਬੱਡੀ ਮੈਚ ਹੋਵੇਗਾ। ਜਿਸ ਵਿਚ ਉਘੀਆਂ 12
ਅਕੈਡਮੀਆਂ ਹਿੱਸਾ ਲੈਣਗੀਆਂ।
ਬੱਬਰ ਸ਼ਹੀਦ ਯਾਦਗਾਰੀ ਕਬੱਡੀ
ਟੂਰਨਾਮੈਂਟ 9 ਤੋਂ
ਸ਼ਾਮਚੁਰਾਸੀ, 6 ਸਤੰਬਰ - ਤਿੰਨ ਰੋਜ਼ਾ ਬੱਬਰ ਸ਼ਹੀਦ ਯਾਦਗਾਰੀ ਕਬੱਡੀ
ਟੂਰਨਾਮੈਂਟ 9 ਤੋਂ 11 ਸਤੰਬਰ ਤੱਕ ਸ਼ਾਮਚੁਰਾਸੀ 'ਚ ਕਰਵਾਇਆ ਜਾ ਰਿਹਾ ਹੈ।
ਇਸ ਕਬੱਡੀ ਟੂਰਨਾਮੈਂਟ ਵਿਚ ਓਪਨ ਕਲੱਬ ਅਤੇ ਓਪਨ ਪਿੰਡ ਪੱਧਰ ਦੀਆਂ ਪਹਿਲੇ
ਅਤੇ ਦੂਸਰੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ
31.000-21,000, 15,000-10,000 ਰੁਪਏ ਅਤੇ 62 ਕਿਲੋ ਕਲੱਬ, 54 ਕਿਲੋ
ਕਲੱਬ, 45 ਕਿਲੋ ਕਲੱਬ ਅਤੇ 35 ਕਿਲੋ ਕਲੱਬ ਦੀਆਂ ਪਹਿਲੇ ਅਤੇ ਦੂਸਰੇ
ਸਥਾਨ ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 5,000-4,000,
3,500-2,500, 2,500-1,500 ਅਤੇ 2,000-1,000 ਰੁਪਏ ਦੀ ਨਗਦ ਰਾਸ਼ੀ ਅਤੇ
ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੋੜਵੰਦਾਂ
ਨੂੰ ਸਿਲਾਈ ਮਸ਼ੀਨਾਂ ਅਤੇ ਸਾਈਕਲ ਵੀ ਮੁਫ਼ਤ ਭੇਟ ਕੀਤੇ ਜਾਣਗੇ।
ਮਹਿਲਾ ਹਾਕੀ ਵਿਸ਼ਵ ਕੱਪ
ਰੋਜਾਰੀਓ, 5 ਸਤੰਬਰ - ਮਹਿਲਾ ਹਾਕੀ ਵਿਸ਼ਵ ਕੱਪ 'ਚ ਇੰਗਲੈਂਡ ਅਤੇ
ਅਰਜਨਟੀਨਾ ਨੇ ਪੂਲ-ਬੀ ਦੇ ਮੈਚ ਜਿੱਤ ਲਏ ਹਨ। ਸਪੇਨ ਨੂੰ ਹਾਲਾਂਕਿ ਦੱਖਣੀ
ਕੋਰੀਆ ਦੇ ਨਾਲ ਡਰਾਅ ਖੇਡਣਾ ਪਿਆ। ਇੰਗਲੈਂਡ ਨੇ ਆਪਣੀ ਜੇਤੂ ਮੁਹਿੰਮ ਜਾਰੀ
ਰੱਖਦੇ ਹੋਏ ਦੱਖਣੀ ਅਫਰੀਕਾ ਨੂੰ 2-1 ਨਾਲ ਹਰਾਇਆ। ਦੂਸਰੇ ਪਾਸੇ ਮੇਜ਼ਬਾਨ
ਅਰਜਨਟੀਨਾ ਨੇ ਲਗਾਤਾਰ ਚੌਥੀ ਜਿੱਤ ਦਰਜ ਕਰਦੇ ਹੋਏ ਚੀਨ ਨੂੰ 2-0 ਨਾਲ
ਹਰਾਇਆ। ਭਾਰਤੀ ਮਹਿਲਾ ਹਾਕੀ ਟੀਮ ਨੂੰ ਇਸ ਤੋਂ ਪਹਿਲਾਂ
ਜਰਮਨੀ ਹੱਥੋਂ 1-4 ਨਾਲ ਮਾਤ ਦੇ ਲਗਾਤਾਰ ਤੀਸਰੀ ਹਾਰ ਝੱਲਣੀ ਪਈ। ਪੂਲ-ਏ
'ਚ ਭਾਰਤ ਦੀ ਲਗਾਤਾਰ ਤੀਸਰੀ ਹਾਰ ਦਾ ਮਤਲਬ ਹੈ ਕਿ ਸੁਰਿੰਦਰ ਕੌਰ ਦੀ ਟੀਮ
ਅਜੇ ਵੀ ਆਪਣਾ ਖਾਤਾ ਖੋਲ੍ਹ ਨਹੀਂ ਸਕੀ ਹੈ ਅਤੇ ਖਿਤਾਬ ਦੀ ਦੌੜ 'ਚੋਂ
ਲਗਭਗ ਬਾਹਰ ਹੋ ਗਈ ਹੈ। ਜਰਮਨੀ ਹਾਲਾਂਕਿ ਇਸ ਜਿੱਤ ਦੇ ਨਾਲ ਸੈਮੀਫਾਈਨਲ
ਦੇ ਹੋਰ ਨੇੜੇ ਪਹੁੰਚ ਗਿਆ ਹੈ, ਜਿਸ ਨੇ ਹੁਣ ਤੱਕ ਆਪਣੇ ਤਿੰਨਾਂ ਪੂਲ ਮੈਚਾਂ
'ਚ ਜਿੱਤ ਪ੍ਰਾਪਤ ਕੀਤੀ ਹੈ।
ਜ਼ਿਲ੍ਹਾ ਪੱਧਰੀ ਸਰਕਲ ਸਟਾਈਲ
ਕਬੱਡੀ ਟੂਰਨਾਮੈਂਟ 'ਚ ਤਲਵੰਡੀ ਭਾਈ ਦੀ ਟੀਮ ਜੇਤੂ
ਤਲਵੰਡੀ ਭਾਈ, 5 ਸਤੰਬਰ - ਸਰਕਾਰੀ ਸੈਕੰਡਰੀ ਸਕੂਲ (ਲੜਕੇ)
ਤਲਵੰਡੀ ਭਾਈ 'ਚ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਸਕੂਲਾਂ ਦਾ ਸਰਕਲ ਸਟਾਈਲ
ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਕਬੱਡੀ ਅੰਡਰ 19 ਦੀਆਂ ਜ਼ਿਲ੍ਹੇ
ਦੇ ਪੰਜ ਜ਼ੋਨਾਂ 'ਚ ਜ਼ੀਰਾ, ਫ਼ਿਰੋਜ਼ਪੁਰ, ਜਲਾਲਾਬਾਦ, ਅਬੋਹਰ ਅਤੇ ਫਾਜ਼ਿਲਕਾ
ਦੀਆਂ ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਸਰਕਾਰੀ
ਸੈਕੰਡਰੀ ਤਲਵੰਡੀ ਭਾਈ (ਜ਼ੀਰਾ ਜ਼ੋਨ) ਅਤੇ ਸਰਕਾਰੀ ਸੈਕੰਡਰੀ ਸਕੂਲ ਸ਼ਕੂਰ (ਫ਼ਿਰੋਜ਼ਪੁਰ
ਜ਼ੋਨ) ਦੀਆਂ ਟੀਮਾਂ ਦਰਮਿਆਨ ਹੋਇਆ। ਇਸ ਮੁਕਾਬਲੇ 'ਚ ਤਲਵੰਡੀ ਭਾਈ ਦੀ ਟੀਮ
ਜੇਤੂ ਰਹੀ।
ਐਨ. ਬੀ. ਏ. ਮਹਿੰਦਰਾ ਚੈਲੇਂਜ
ਬਾਸਕਿਟਬਾਲ ਲੀਗ
ਲੁਧਿਆਣਾ, 5 ਸਤੰਬਰ - ਮਹਿੰਦਰਾ ਬਾਸਕਿਟਬਾਲ ਲੀਗ ਜੋ ਕਿ ਗੁਰੂ
ਨਾਨਕ ਸਟੇਡੀਅਮ ਲੁਧਿਆਣਾ 'ਚ ਚੱਲ ਰਹੀ ਹੈ। ਇਸ ਲੀਗ ਦੇ 8ਵੇਂ ਗੇੜ ਦੇ
ਮੈਚਾਂ ਵਿਚ ਮੁੰਡਿਆਂ ਦੇ ਸੀਨੀਅਰ ਵਰਗ ਵਿਚ ਪੀ. ਏ. ਯੂ. ਕਲੱਬ ਲੁਧਿਆਣਾ
ਨੇ ਲੁਧਿਆਣਾ ਬਾਸਕਿਟਬਾਲ ਅਕੈਡਮੀ ਨੂੰ 77-70 ਨਾਲ, ਪੋਲੋ ਗਰਾਊਂਡ ਪਟਿਆਲਾ
ਨੇ ਸਿੱਖ ਰੈਜੀਮੈਂਟ ਨੂੰ 64-33 ਨਾਲ ਹਰਾਇਆ, ਜਦਕਿ ਯੂਥ ਵਰਗ ਵਿੱਚ ਗੁਰੂ
ਨਾਨਕ ਕਲੱਬ ਲੁਧਿਆਣਾ ਨੇ ਐਮ. ਜੀ. ਐਮ. ਸਕੂਲ ਦੁਗਰੀ ਨੂੰ 34-21 ਨਾਲ,
ਕੁੜੀਆਂ ਦੇ ਸੀ: ਵਰਗ ਵਿਚ ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਪੋਲੋ ਸੈਂਟਰ
ਪਟਿਆਲਾ ਨੂੰ 62-34 ਨਾਲ ਹਰਾਇਆ। ਜੂਨੀਅਰ ਵਰਗ ਵਿਚ ਜਰਖੜ ਅਕੈਡਮੀ ਨੇ
ਸੈਕਰਡ ਹਾਰਟ ਸਕੂਲ ਲੁਧਿਆਣਾ ਅਤੇ ਹਿੰਦੂ ਪੁੱਤਰੀ ਪਾਠਸ਼ਾਲਾ ਕਪੂਰਥਲਾ ਨੇ
ਬੀ. ਸੀ. ਐਮ. ਸਕੂਲ ਸ਼ਾਸਤਰੀ ਨਗਰ ਲੁਧਿਆਣਾ ਨੂੰ 39-19 ਨਾਲ ਹਰਾ ਕੇ ਅਗਲੇ
ਦੌਰ 'ਚ ਪ੍ਰਵੇਸ਼ ਕੀਤਾ।
ਅੜੈਚਾਂ ਦਾ ਕਬੱਡੀ ਖੇਡ ਮੇਲਾ
17 ਤੋਂ
ਦੋਰਾਹਾ, 5 ਸਤੰਬਰ - 17-18 ਸਤੰਬਰ ਨੂੰ ਪਿੰਡ ਅੜੈਚਾਂ 'ਚ ਕਬੱਡੀ
ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੌਰਾਨ ਕਬੱਡੀ 42, 47,
57, 65, 75 ਅਤੇ ਇਕ ਪਿੰਡ ਓਪਨ ਵਰਗ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ।
56ਵੀਆਂ ਪੰਜਾਬ ਰਾਜ ਸਕੂਲ ਖੇਡਾਂ
ਦੇ ਵਾਲੀਵਾਲ ਸਮੈਸ਼ਿੰਗ ਮੁਕਾਬਲੇ
ਫ਼ਰੀਦਕੋਟ, 4 ਸਤੰਬਰ - 56ਵੀਆਂ ਪੰਜਾਬ ਰਾਜ ਸਕੂਲ ਖੇਡਾਂ
ਫ਼ਰੀਦਕੋਟ ਦੇ ਦਸਮੇਸ਼ ਪਬਲਿਕ ਸਕੂਲ 'ਚ ਕਰਵਾਈਆਂ ਗਈਆਂ। ਇਸ ਵਿਚ ਲੜਕਿਆਂ
ਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਾਲੀਵਾਲ ਸਮੈਸ਼ਿੰਗ ਲੜਕਿਆਂ
'ਚ ਖੰਨਾ ਵਿੰਗ ਨੇ ਪਹਿਲਾ, ਮਸਤੂਆਣਾ ਵਿੰਗ ਨੇ ਦੂਜਾ ਅਤੇ ਤਰਨਤਾਰਨ ਵਿੰਗ
ਨੇ ਤੀਜਾ ਸਥਾਨ ਅਤੇ 19 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਮੁਕਾਬਲੇ
'ਚ ਮੁਕਤਸਰ ਨੇ ਪਹਿਲਾ, ਰੋਪੜ ਨੇ ਦੂਜਾ ਅਤੇ ਲੁਧਿਆਣਾ ਨੇ ਤੀਜਾ ਸਥਾਨ
ਪ੍ਰਾਪਤ ਕੀਤਾ।
ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ
8-9 ਨੂੰ
ਚੀਮਾ ਮੰਡੀ, 3 ਸਤੰਬਰ - 29ਵਾਂ ਵਿਸ਼ਾਲ ਅੰਤਰਰਾਸ਼ਟਰੀ ਕਬੱਡੀ
ਟੂਰਨਾਮੈਂਟ 8-9 ਸਤੰਬਰ ਨੂੰ ਬਾਬਾ ਭੋਲਾ ਗਿਰ ਸਪੋਰਟਸ ਕਲੱਬ ਵੱਲੋਂ
ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਕਬੱਡੀ ਓਪਨ ਤੇ 70 ਕਿਲੋ
ਕਬੱਡੀ ਦੇ ਮੁਕਾਬਲੇ ਹੀ ਕਰਵਾਏ ਜਾਣਗੇ। 8 ਸਤੰਬਰ ਨੂੰ ਹੀ 70 ਕਿਲੋ ਕਬੱਡੀ
ਦੇ ਮੁਕਾਬਲੇ ਹੋਣਗੇ। ਕਬੱਡੀ ਓਪਨ ਜਾਂ 70 ਕਿਲੋ ਕਬੱਡੀ ਵਿਚ ਕੱਚਾ ਚਾਹੇ
ਪੱਕਾ ਤਿੰਨ ਖਿਡਾਰੀ ਹੀ ਬਾਹਰੋਂ ਖੇਡ ਸਕਣਗੇ। ਕਬੱਡੀ ਓਪਨ 'ਚੋਂ ਪਹਿਲਾਂ
ਸਥਾਨ ਪ੍ਰਾਪਤ ਵਾਲੀ ਟੀਮ ਨੂੰ 41000 ਅਤੇ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ
ਟੀਮ ਨੂੰ 31000 ਰੁਪਏ ਤੇ 70 ਕਿਲੋ ਕਬੱਡੀ ਨੂੰ ਕ੍ਰਮਵਾਰ 15000 ਤੇ
12000 ਇਨਾਮ ਵਜੋਂ ਦਿੱਤੇ ਜਾਣਗੇ।
ਛਿੰਝ (ਕੁਸ਼ਤੀ ਦੰਗਲ) 11-12
ਨੂੰ
ਕੁਰਾਲੀ, 3 ਸਤੰਬਰ -11-12 ਸਤੰਬਰ ਨੂੰ ਪਿੰਡ ਖਿਜ਼ਰਾਬਾਦ ਵਿਖੇ
ਛਿੰਝ (ਕੁਸ਼ਤੀ ਦੰਗਲ) ਕਰਵਾਈ ਜਾ ਰਹੀ ਹੈ। ਇਸ ਛਿੰਝ ਵਿਚ ਪੰਜਾਬ, ਹਰਿਆਣਾ,
ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਰਾਜਸਥਾਨ ਅਤੇ ਯੂ. ਪੀ. ਆਦਿ ਰਾਜਾਂ ਤੋਂ
ਚੋਟੀ ਦੇ ਪਹਿਲਵਾਨ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ।
ਰਾਸ਼ਟਰ ਮੰਡਲ ਖੇਡਾਂ 'ਚ ਸ਼ਾਮਿਲ
ਹੋਣ ਵਾਲੇ 90 ਭਾਰਤੀ ਐਥਲੀਟ
ਪਟਿਆਲਾ, 3 ਸਤੰਬਰ - ਰਾਸ਼ਟਰ ਮੰਡਲ ਖੇਡਾਂ ਜੋ ਕਿ ਨਵੀਂ ਦਿੱਲੀ
ਵਿਖੇ ਅਕਤੂਬਰ ਮਹੀਨੇ 'ਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ
ਭਾਰਤ ਦੇ 90 ਐਥਲੀਟ 45 ਮੁਕਾਬਲਿਆਂ 'ਚ ਸ਼ਾਮਿਲ ਹੋਣਗੇ। ਇਨ੍ਹਾਂ ਵਿਚ 46
ਪੁਰਸ਼ ਤੇ 44 ਮਹਿਲਾ ਐਥਲੀਟ ਸ਼ਾਮਿਲ ਹਨ। ਇਸ ਵਿਚ ਪੰਜਾਬ ਦੇ 3 ਪੁਰਸ਼ ਤੇ 6
ਮਹਿਲਾ ਐਥਲੀਟ ਸ਼ਾਮਿਲ ਹਨ, ਜਦੋਂਕਿ ਇਕ ਪੰਜਾਬੀ ਅਮਰਜੀਤ ਸਿੰਘ ਝਾਰਖੰਡ ਦੀ
ਪ੍ਰਤੀਨਿਧਤਾ ਕਰਦਾ ਹੈ। ਰੀਲੇਅ ਦੌੜਾਂ ਲਈ ਚਾਰੇ ਟੀਮਾਂ ਦੀ ਚੋਣ 15
ਸਤੰਬਰ ਤੋਂ ਬਾਅਦ ਕੀਤੀ ਜਾਵੇਗੀ। ਏਸ਼ੀਅਨ ਖੇਡਾਂ ਲਈ ਟੀਮ ਦੀ ਚੋਣ ਰਾਸ਼ਟਰ
ਮੰਡਲ ਖੇਡਾਂ ਤੋਂ ਬਾਅਦ ਕੀਤੀ ਜਾਵੇਗੀ। ਪੁਰਸ਼ਾਂ ਦੀ 100 ਮੀਟਰ ਅਤੇ
4×100 ਮੀਟਰ ਰੀਲੇਅ ਲਈ ਅਬਦੁਲ ਨਜੀਬ ਕਰੈਸ਼ੀ ਕੇਰਲਾ, ਬੀ. ਜੀ. ਨਾਗਰਾਜ
ਕਰਨਾਟਕ, ਕ੍ਰਿਸ਼ਨ ਕੁਮਾਰ ਰਾਣੇ ਮਹਾਂਰਾਸ਼ਟਰ, ਹੇਮੰਤ ਕਿਰੂਲਕਰ ਤਾਮਿਲਨਾਡੂ,
ਰਹਮਤ ਊਲਾ ਮੌਲੀ ਪੱਛਮੀ ਬੰਗਾਲ, ਸ਼ਮੀਰ ਮੂਨ ਕੇਰਲਾ, ਰਿਤੇਸ਼ ਆਨੰਦ ਝਾਰਖੰਡ,
ਮਾਨਿਕ ਅੰਦਰਾਜ ਤਾਮਿਲਨਾਡੂ, ਐਸ. ਸੱਤਿਯਾ ਤਾਮਿਲਨਾਡੂ, 200 ਮੀਟਰ ਦੌੜ
ਲਈ ਧਰਮਵੀਰ ਹਰਿਆਣਾ, ਅਬਦੁਲ ਨਜੀਬ ਕਰੈਸ਼ੀ ਕੇਰਲਾ, 400 ਮੀਟਰ ਤੇ 4×100
ਮੀਟਰ ਰੀਲੇਅ ਦੌਰਾਨ ਖੂੰਨੀ ਮੁਹੰਮਦ ਕੇਰਲਾ, ਵਿਨੈ ਚੌਧਰੀ ਯੂ. ਪੀ., ਜੇ
ਪਰੇਮ ਆਨੰਦ ਤਾਮਿਲਨਾਡੂ, ਹਰਪ੍ਰੀਤ ਸਿੰਘ ਪੰਜਾਬ, ਵੀ. ਬੀ. ਬਿਨੀਸ਼ ਕੇਰਲਾ,
ਜਿਹਿਨ ਪਾਲ ਕੇਰਲਾ, ਬਿਬਿਨ ਮੈਥਿਊ ਝਾਰਖੰਡ, ਐਸ. ਕੇ. ਮੁਰਤਜਾ ਪੱਛਮੀ
ਬੰਗਾਲ, 800 ਮੀਟਰ ਦੌੜ ਪੰਕਜ ਡਿਮਰੀ ਉਤਰਾਖੰਡ, ਪੀ. ਐਫ ਸਾਗਿਆਰਾਜ
ਤਾਮਿਲਨਾਡੂ, ਮਨਜੀਤ ਸਿੰਘ ਪੰਜਾਬ, 1500 ਮੀਟਰ ਦੌੜ ਸੰਦੀਪ ਕਰਨ ਸਿੰਘ
ਹਰਿਆਣਾ, ਸੀ ਹਮਜਾ ਕੇਰਲ, 5000 ਮੀਟਰ ਦੌੜ, ਸੁਨੀਲ ਸਿੰਘ ਹਰਿਆਣਾ,
ਸੰਦੀਪ ਬਾਥਮ ਮੱਧ ਪ੍ਰਦੇਸ਼, 10 ਹਜ਼ਾਰ ਮੀਟਰ ਸੁਨੀਲ ਸਿੰਘ ਹਰਿਆਣਾ, 110
ਮੀਟਰ ਅੜਿੱਕਾ ਦੌੜਾਂ ਸਿਧਾਰਥ ਥਿਗਾਲਿਆ ਮਹਾਂਰਾਸ਼ਟਰ, 400 ਮੀਟਰ ਅੜਿੱਕਾ
ਦੌੜ, ਜੋਸੇਫ ਇਬਰਾਹੀਮ ਕੇਰਲ, 3000 ਮੀਟਰ ਸਟੀਵਲ ਏਲਮ ਸਿੰਘ ਉਤਰਾਖੰਡ,
ਰਮਾ ਚੰਦਰਨ ਤਾਮਿਲਨਾਡੂ, ਮੈਰਾਥਨ ਐਲ ਬਿਨਿਗ ਸੈਨਾ, ਗੋਲਾ ਸੁੱਟਣ 'ਚ ਓਮ
ਪ੍ਰਕਾਸ਼ ਹਰਿਆਣਾ, ਸੌਰਵ ਵਿੱਜ ਦਿੱਲੀ, ਡਿਸਕੁਸ ਵਿਕਾਸ ਗੌੜਾ, ਜੈਵਲਿਨ
ਕਾਸ਼ੀਨਾਥ ਕਰਨਾਟਕ, ਸਮਰੀਤ ਸਿੰਘ ਰਾਜਸਥਾਨ, ਹੈਮਰ ਥਰੋਅ ਚੰਦਰੋਦਯਾ ਨਰਾਇਣ
ਯੂ. ਪੀ., ਲੰਬੀ ਛਾਲ ਮਹਾਂ ਸਿੰਘ ਪੰਜਾਬ, ਅੰਕਿਤ ਸ਼ਰਮਾ, ਮੱਧ ਪ੍ਰਦੇਸ਼,
ਹਰੀਕ੍ਰਿਸ਼ਨ ਐਮ. ਕੇਰਲ, ਤੀਹਰੀ ਛਾਲ ਰਣਜੀਤ ਮਹੇਸ਼ਵਰੀ ਰੇਲਵੇ, ਅਮਰਜੀਤ
ਸਿੰਘ ਝਾਰਖੰਡ, ਉੱਚੀ ਛਾਲ ਨਿਖਿਲ ਚਿਤਰਾਸੂ ਤਾਮਿਲਨਾਡੂ, ਹਰੀ ਸ਼ੰਕਰ ਰਾਏ
ਪੱਛਮੀ ਬੰਗਾਲ, ਪੋਲਵਾਲਟ ਗੱਜਨ ਉਪਾਧਿਆਏ ਯੂ.ਪੀ., ਡਕੈਥਲਨ ਭਰਤਿੰਦਰ
ਸਿੰਘ ਹਰਿਆਣਾ ਤੇ ਪੀ. ਜੇ. ਵਿਨੋਦ ਕੇਰਲਾ ਸ਼ਾਮਿਲ ਹਨ।
ਮਹਿਲਾ ਵਰਗ ਦੀ 100 ਮੀਟਰ ਤੇ 4×100 ਮੀਟਰ ਰੀਲੇਅ ਦੌੜ ਲਈ ਐਸ. ਗੀਤਾ
ਆਂਧਰਾ ਪ੍ਰਦੇਸ਼, ਐਚ. ਜਯੋਤੀ ਕਰਨਾਟਕ, ਪੀ. ਕੇ. ਪ੍ਰਿਯਾ ਕੇਰਲ, ਸਰਵਾਨੀ
ਨੰਦਾ ਉੜੀਸਾ, ਰੀਬੀਕਾ ਜੋਸ ਕਰਨਾਟਕ, ਨਿਰੂਪਮਾ ਸੁੰਦਰਾਜ ਕਰਨਾਟਕ, ਅਰਜੀਨਾ
ਖਾਤੂਨ, ਪੱਛਮੀ ਬੰਗਾਲ ਸੀ. ਐਚ. ਸ਼ਾਂਤੀ ਆਂਧਰਾ, 200 ਮੀਟਰ ਦੌੜ ਅੱਜ
ਜਯੋਤੀ ਕਰਨਾਟਕ, ਐਸ. ਗੀਤਾ ਆਂਧਰਾ, 400 ਮੀਟਰ ਤੇ 4×400 ਮੀਟਰ ਰੀਲੇਅ
ਮਨਦੀਪ ਕੌਰ, ਜੋਨ ਮੁਰਮੂ ਉੜੀਸਾ, ਅਸ਼ਵਨੀ ਏ. ਸੀ. ਕਰਨਾਟਕ, ਸਿੰਨੀ ਜੋਸ
ਕੇਰਲ, ਟੀ. ਐਸ. ਥਾਮਸ ਕੇਰਲਾ, ਚਿੱਤਰਾ ਕੇ. ਸੋਮਨ ਝਾਰਖੰਡ, ਮਰਿੰਦੁਲਾ
ਕੇ. ਆਂਧਰਾ, ਐਮ. ਪੂਵਾਮਾ ਕਰਨਾਟਕ, ਪ੍ਰਿਯੰਕਾ ਪਨਵਰ ਯੂ. ਪੀ., ਮਨਜੀਤ
ਕੌਰ ਪੰਜਾਬ, 800 ਮੀਟਰ ਟਿੰਟੂ ਲੂਕਾ ਕੇਰਲਾ, ਸਿੰਨੀਮੋਲ ਪੌਲਸ ਝਾਰਖੰਡ
1500 ਮੀਟਰ ਦੌੜ ਸੁਸਮਾ ਦੇਵੀ ਹਰਿਆਣਾ, ਝੂਮਾ ਖਤੂਨ ਪੱਛਮੀ ਬੰਗਾਲ, ਓ.
ਪੀ. ਜੈਸ਼ਾ ਕੇਰਲ, 5000 ਮੀਟਰ ਦੌੜ ਕਵਿਤਾ ਰੌਤ ਮਹਾਂਰਾਸ਼ਟਰ, ਪ੍ਰੀਜਾ
ਸ੍ਰੀਧਰਨ ਕੇਰਲ, ਲੈਡਾ ਬਾਬਰ ਮਹਾਂਰਾਸ਼ਟਰ, 10 ਮੀਟਰ ਦੌੜ ਪ੍ਰੀਜਾ
ਸ੍ਰੀਧਰਨ ਤੇ ਕਵਿਤਾ ਰੌਤ, 100 ਮੀਟਰ ਅੜਿੱਕਾ ਦੌੜ ਜੀ ਗਾਇਤਰੀ ਤਾਮਿਲਨਾਡੂ,
400 ਮੀਟਰ ਅੜਿੱਕਾ ਦੌੜ ਜੌਨਾ ਮੁਰਮੂ ਤੇ ਅਸ਼ਵਨੀ ਏ. ਸੀ., 3000 ਮੀਟਰ
ਦੌੜ ਓ. ਪੀ. ਜੈਸ਼ਾ, ਸਧਾ ਸਿੰਘ ਯੂ. ਪੀ., ਪ੍ਰਿਯੰਕਾ ਪਟੇਲ ਯੂ. ਪੀ.,
ਮੈਗਥਨ ਸਕੰਨਿਆ ਮਲ ਸਿੰਘ, ਡਿਸਕਸ ਥਰੋਅ ਕ੍ਰਿਸ਼ਨਾ ਪੂਨੀਆ, ਹਰਵੰਤ ਕੌਰ
ਪੰਜਾਬ, ਸੀਅ ਐਤਿਲ ਹਰਿਆਣਾ, ਗੋਲਾ ਸੁੱਟਣ ਮਨਪ੍ਰੀਤ ਕੌਰ ਪੰਜਾਬ, ਹੈਮਰ
ਥਰੋਅ ਹਰਦੀਪ ਕੌਰ ਪੰਜਾਬ, ਲੰਬੀ ਛਾਲ ਮਿਯੂਖਾ ਜੌਨੀ, ਪ੍ਰਯੂਸਾ ਐਮ ਤੇ
ਰੇਸ਼ਮੀ ਬੋਸ ਤਿੰਨੇ ਕੇਰਲ, ਤੀਹਰੀ ਛਾਲ ਜੀ. ਗਾਇਤਰੀ, ਮਿਯੂਖਾ ਜੌਨੀ ਤੇ
ਪ੍ਰਯੂਸ਼ਾ, ਉੱਚੀ ਛਾਲ ਕਾਵਿਯਾ ਮੁਥਾਨਾ ਤੇ ਸਹਾਨਾ ਕੁਮਾਰੀ ਦੋਵੇਂ ਕਰਨਾਟਕ,
ਹੈਪਟਥਲਨ ਪ੍ਰੋਮਿਲਾ ਆਯੱਪਾ ਕਰਨਾਟਕ, ਸੁਸ਼ਮਿਤਾ ਸਿੰਘ ਰਾਏ ਪੱਛਮੀ ਬੰਗਾਲ
ਤੇ ਨਵਪ੍ਰੀਤ ਕੌਰ ਪੰਜਾਬ ਸ਼ਾਮਿਲ ਹਨ।
ਰਾਸ਼ਟਰ
ਮੰਡਲ ਖੇਡਾਂ ਲਈ ਚੁਣੀ ਗਈ 10 ਮੈਂਬਰੀ ਭਾਰਤੀ ਬੈਡਮਿੰਟਨ ਟੀਮ
ਨਵੀਂ ਦਿੱਲੀ, 2 ਸਤੰਬਰ - ਰਾਸ਼ਟਰ ਮੰਡਲ ਖੇਡਾਂ ਜੋ ਕਿ ਦਿੱਲੀ
ਵਿਖੇ ਅਕਤੂਬਰ 'ਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਲਈ 10 ਮੈਂਬਰੀ
ਭਾਰਤੀ ਬੈਡਮਿੰਟਨ ਟੀਮ ਦੀ ਚੋਣ ਕਰ ਲਈ ਗਈ ਹੈ। ਬੈਡਮਿੰਟਨ 'ਚ ਮਹਿਲਾ ਵਰਗ
ਦੇ ਸਿੰਗਲਜ਼ ਮੁਕਾਬਲੇ ਵਿਚ ਭਾਰਤ ਦਾ ਸਾਰਾ ਦਾਰੋਮਦਾਰ ਸਾਇਨਾ ਨੇਹਵਾਲ 'ਤੇ
ਰਹੇਗਾ, ਜਦੋਂਕਿ ਪੁਰਸ਼ਾਂ ਦੇ ਸਿੰਗਲਜ਼ ਵਰਗ 'ਚ ਚੇਤਨ ਆਨੰਦ ਇਸ ਮੋਰਚੇ ਨੂੰ
ਸੰਭਾਲੇਗਾ। ਸਾਇਨਾ ਵਿਸ਼ਵ ਦੀ ਨੰਬਰ ਦੋ ਖਿਡਾਰਨ ਹੈ ਜਦੋਂਕਿ ਚੇਤਨ ਆਨੰਦ
17ਵੇਂ ਸਥਾਨ 'ਤੇ ਹੈ। ਬੈਡਮਿੰਟਨ ਮੁਕਾਬਲਿਆਂ 'ਚ ਕੁੱਲ 18 ਸੋਨ ਤਗਮੇਂ
ਦਾਅ 'ਤੇ ਰਹਿਣਗੇ। ਭਾਰਤ ਦੀ ਕੋਸ਼ਿਸ਼ ਵੱਧ ਤੋਂ ਵੱਧ ਤਗਮੇਂ ਜਿੱਤਣ ਦੀ
ਹੋਵੇਗੀ। ਜਵਾਲਾ ਗੁੱਟਾ ਅਤੇ ਵੀ. ਦੀਜੂ ਦੀ ਜੋੜੀ ਮਿਕਸਡ ਡਬਲਜ਼ 'ਚ ਵਿਸ਼ਵ
ਦੀ 13ਵਾਂ ਦਰਜਾ ਪ੍ਰਾਪਤ ਜੋੜੀ ਹੈ। ਰੁਪੇਸ਼ ਕੁਮਾਰ ਅਤੇ ਸੇਨਾਵੇ ਥਾਮਸ ਦੀ
ਪੁਰਸ਼ ਡਬਲਜ਼ ਜੋੜੀ ਵਿਸ਼ਵ ਦੀ 16ਵਾਂ ਦਰਜਾ ਪ੍ਰਾਪਤ ਜੋੜੀ ਹੈ। ਟੀਮ 'ਚ (ਮਹਿਲਾ
ਖਿਡਾਰੀ) ਸਾਇਨਾ ਨੇਹਵਾਲ, ਅਦਿੱਤੀ ਮੁਤਾਤਕਰ, ਜਵਾਲਾ ਗੁੱਟਾ, ਅਸ਼ਵਨੀ
ਪੂਨਪਾ, ਅਪਰਨਾ ਬਾਲਨ ਅਤੇ (ਪੁਰਸ਼ ਖਿਡਾਰੀ) ਚੇਤਨ ਆਨੰਦ, ਪੀ. ਕਸ਼ਅਪ,
ਸੇਨਾਵੇ ਥਾਮਸ, ਰੁਪੇਸ਼ ਕੁਮਾਰ ਅਤੇ ਵੀ. ਦੀਜੂ ਨੂੰ ਸ਼ਾਮਿਲ ਕੀਤਾ ਗਿਆ ਹੈ।
ਟੀਮ 'ਚ ਕੋਚ ਪੀ. ਗੋਪੀਚੰਦ, ਅਤੀਕ ਜੌਹਰੀ, ਪੀ. ਯੂ. ਭਾਸਕਰ ਬਾਬੂ,
ਵਿਜੇਦੀਪ ਸਿੰਘ, ਅਰਚਨਾ ਦੀਓਦਹਰ ਅਤੇ ਮੈਨੇਜ਼ਰ ਪ੍ਰਦੀਪ ਗੰਧਹੇ ਹਨ।
ਮਹਿਲਾ ਹਾਕੀ ਵਿਸ਼ਵ ਕੱਪ
ਰੋਸਾਰੀਓ (ਅਰਜਨਟੀਨਾ), 2 ਸਤੰਬਰ - ਮਹਿਲਾ ਹਾਕੀ ਵਿਸ਼ਵ ਕੱਪ ਜੋ
ਕਿ ਰੋਸਾਰੀਓ 'ਚ ਚੱਲ ਰਿਹਾ ਹੈ। ਰਾਣੀ ਰਾਮਪਾਲ ਦੇ ਦੋ ਗੋਲਾਂ ਦੇ ਬਾਵਜੂਦ
ਭਾਰਤ ਨੂੰ ਮਹਿਲਾ ਹਾਕੀ ਵਿਸ਼ਵ ਕੱਪ ਦੇ ਪੂਲ-ਏ ਦੇ ਮੈਚ 'ਚ ਆਸਟ੍ਰੇਲੀਆ ਦੇ
ਹੱਥੋਂ ਲਗਾਤਾਰ ਦੂਸਰੀ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ ਦੀ ਟੀਮ
ਨੇ ਭਾਰਤ ਨੂੰ 6-3 ਨਾਲ ਮਾਤ ਦਿੱਤੀ। ਟੀਮ ਸ਼ੁੱਕਰਵਾਰ ਨੂੰ ਪੂਲ ਦੇ ਅਗਲੇ
ਮੈਚ 'ਚ ਜਰਮਨੀ ਦੇ ਨਾਲ ਭਿੜੇਗੀ, ਜਦੋਂਕਿ ਆਸਟ੍ਰੇਲੀਆ ਦਾ ਸਾਹਮਣਾ
ਨੀਦਰਲੈਂਡ ਨਾਲ ਹੋਵੇਗਾ। ਭਾਰਤ ਨੂੰ ਪਹਿਲੇ ਮੈਚ 'ਚ ਪਿਛਲੇ ਚੈਂਪੀਅਨ
ਨੀਦਰਲੈਂਡ ਕੋਲੋਂ 1-7 ਨਾਲ ਹਾਰ ਮਿਲੀ ਸੀ। ਹੋਰ ਮੈਚਾਂ 'ਚ ਨੀਦਰਲੈਂਡ ਨੇ
ਨਿਊਜ਼ੀਲੈਂਡ ਨੂੰ 7-3 ਨਾਲ ਜਦੋਂਕਿ ਜਰਮਨੀ ਨੇ ਜਾਪਾਨ ਨੂੰ 2-1 ਨਾਲ
ਹਰਾਇਆ।
56ਵੀਆਂ ਪੰਜਾਬ ਰਾਜ ਸਕੂਲ ਖੇਡਾਂ
ਦੇ ਬੈਡਮਿੰਟਨ ਮੁਕਾਬਲੇ ਸਮਾਪਤ
ਬੁਢਲਾਡਾ, 2 ਸਤੰਬਰ - ਬੁਢਲਾਡਾ 'ਚ ਪੰਜ ਰੋਜ਼ਾ 56ਵੀਆਂ ਪੰਜਾਬ
ਰਾਜ ਸਕੂਲ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ
ਵਿਚ 20 ਜ਼ਿਲ੍ਹਿਆਂ ਦੇ ਲਗਭਗ 600 ਖਿਡਾਰੀਆਂ ਨੇ ਅੰਡਰ 14, 17 ਅਤੇ 19
ਸਾਲ ਵਰਗ ਵਿੱਚ ਭਾਗ ਲਿਆ। ਜਲੰਧਰ ਦੇ ਖਿਡਾਰੀ ਓਵਰਆਲ ਟਰਾਫੀ 'ਤੇ ਕਬਜ਼ਾ
ਕਰਨ ਵਿੱਚ ਕਾਮਯਾਬ ਰਹੇ। ਮੁਕਾਬਲਿਆਂ ਦੌਰਾਨ ਜਿਥੇ ਜਲੰਧਰ ਨੇ ਵਧੀਆ ਖੇਡ
ਦਾ ਮੁਜ਼ਾਹਰਾ ਕੀਤਾ ਉਥੇ ਸੰਗਰੂਰ ਜ਼ਿਲ੍ਹੇ ਦੇ ਖਿਡਾਰੀ ਵੀ ਖੇਡ ਦੌਰਾਨ ਛਾਏ
ਰਹੇ। ਮੁਕਾਬਲਿਆਂ ਦੇ ਅਖੀਰਲੇ ਦਿਨ ਅੰਡਰ 19 ਲੜਕੀਆਂ ਦੇ ਮੁਕਾਬਲੇ ਵਿੱਚ
ਜਲੰਧਰ, ਸੰਗਰੂਰ ਅਤੇ ਲੁਧਿਆਣਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ, ਅੰਡਰ
19 ਸਾਲ ਲੜਕੇ ਦੌਰਾਨ ਸੰਗਰੂਰ, ਰੋਪੜ ਅਤੇ ਗੁਰਦਾਸਪੁਰ ਪਹਿਲੇ, ਦੂਜੇ ਅਤੇ
ਤੀਜੇ, ਅੰਡਰ 17 ਸਾਲ ਲੜਕੇ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਪਹਿਲੇ,
ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਅੰਡਰ 17 ਸਾਲ ਲੜਕੀਆਂ ਦੇ ਰੋਪੜ,
ਜਲੰਧਰ, ਸੰਗਰੂਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ, ਅੰਡਰ 14 ਸਾਲ
ਲੜਕੀਆਂ 'ਚ ਲੁਧਿਆਣਾ, ਜਲੰਧਰ ਅਤੇ ਭਗਤ ਸਿੰਘ ਨਗਰ ਕ੍ਰਮਵਾਰ ਪਹਿਲੇ ਦੂਜੇ
ਅਤ ਤੀਜੇ ਸਥਾਨ 'ਤੇ ਰਹੇ।
ਪਿੰਡ ਉੱਚਾ ਦਾ ਪਹਿਲਾ ਕਬੱਡੀ
ਟੂਰਨਾਮੈਂਟ 4 ਨੂੰ
ਜਲੰਧਰ, 1 ਸਤੰਬਰ - ਡੇਰਾ ਸੰਤ ਮੰਗਲ ਦਾਸ ਪਿੰਡ ਉਚਾ ਦਾ ਪਹਿਲਾ
ਕਬੱਡੀ ਟੂਰਨਾਮੈਂਟ 4 ਤੋਂ 6 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ। ਜਿਸ ਵਿਚ
ਕਬੱਡੀ ਓਪਨ ਤੇ ਕਬੱਡੀ 70 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ।
ਪਹਿਲੇ ਤੇ ਦੂਸਰੇ ਨੰਬਰ 'ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 51 ਹਜ਼ਾਰ,
41 ਹਜ਼ਾਰ ਅਤੇ 30 ਹਜ਼ਾਰ ਤੇ 25 ਹਜ਼ਾਰ ਰੁਪਏ ਦੇ ਨਕਦ ਇਨਾਮਾਂ ਤੋਂ ਇਲਾਵਾ
ਟਰਾਫੀਆਂ ਵੀ ਦਿੱਤੀਆਂ ਜਾਣਗੀਆਂ।
56ਵੀਆਂ ਪੰਜਾਬ ਸਕੂਲ ਖੇਡਾਂ ਦੇ
ਨੈੱਟਬਾਲ ਮੁਕਾਬਲੇ ਸਮਾਪਤ
ਬਠਿੰਡਾ, 1 ਸਤੰਬਰ - 56ਵੀਂ ਪੰਜਾਬ ਸਕੂਲ ਖੇਡਾਂ ਨੈਟਬਾਲ ਅੰਡਰ
19 ਜੋ ਕਿ ਬਠਿੰਡਾ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਬਠਿੰਡਾ
ਦੇ ਲੜਕੇ ਅਤੇ ਲੜਕੀਆਂ ਦਾ ਕਬਜ਼ਾ ਰਿਹਾ। ਲੜਕਿਆਂ ਵਿਚ ਬਠਿੰਡਾ ਦੀ ਟੀਮ
ਪਹਿਲੇ, ਤਰਨਤਾਰਨ ਦੀ ਟੀਮ ਦੂਜੇ ਅਤੇ ਬਰਨਾਲਾ ਦੀ ਟੀਮ ਤੀਜੇ ਸਥਾਨ 'ਤੇ
ਰਹੀ। ਲੜਕੀਆਂ ਦੇ ਮੁਕਾਬਲਿਆਂ ਵਿਚ ਵੀ ਬਠਿੰਡਾ ਦੀ ਟੀਮ ਪਹਿਲੇ, ਬਰਨਾਲਾ
ਦੀ ਟੀਮ ਦੂਜੇ ਅਤੇ ਅੰਮ੍ਰਿਤਸਰ ਦੀ ਟੀਮ ਤੀਜੇ ਸਥਾਨ 'ਤੇ ਰਹੀ। ਰਾਸ਼ਟਰੀ
ਪੱਧਰ 'ਤੇ ਖੇਡਣ ਵਾਲੀਆਂ ਟੀਮਾਂ ਲਈ 20 ਲੜਕੇ ਅਤੇ 21 ਲੜਕੀਆਂ ਦੀ ਚੋਣ
ਕਰ ਲਈ ਗਈ ਹੈ। ਰਾਸ਼ਟਰੀ ਪੱਧਰ ਦੀਆਂ ਖੇਡਾਂ ਤੋਂ 20 ਦਿਨ ਪਹਿਲਾਂ 15 ਦਿਨਾਂ
ਦਾ ਕੈਂਪ ਲਗਾ ਕੇ ਉਕਤ ਖਿਡਾਰੀਆਂ 'ਚੋਂ 12 ਲੜਕੇ ਅਤੇ 12 ਲੜਕੀਆਂ ਦੀ
ਚੋਣ ਕੀਤੀ ਜਾਵੇਗੀ।
56ਵੀਆਂ ਪੰਜਾਬ ਰਾਜ ਸਕੂਲ ਖੇਡਾਂ
ਦੇ ਵਾਲੀਵਾਲ ਸਮੈਸ਼ਿੰਗ ਮੁਕਾਬਲੇ
ਫ਼ਰੀਦਕੋਟ - 56ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦਸਮੇਸ਼ ਪਬਲਿਕ
ਸਕੂਲ ਫ਼ਰੀਦਕੋਟ ਵਿਖੇ ਚੱਲ ਰਹੀਆਂ ਹਨ। 19 ਸਾਲ ਤੋਂ ਘੱਟ ਉਮਰ ਦੇ ਲੜਕੇ
ਅਤੇ ਲੜਕੀਆਂ ਦੇ ਵਾਲੀਵਾਲ ਸਮੈਸ਼ਿੰਗ ਦੇ ਮੁਕਾਬਲਿਆਂ 'ਚ ਖੰਨਾ ਵਿੰਗ ਨੇ
ਤਰਨਤਾਰਨ ਦੀ ਟੀਮ ਨੂੰ ਹਰਾਇਆ। ਲੜਕਿਆਂ ਦੇ ਦੂਸਰੇ ਮੈਚ ਵਿਚ ਮਸਤੂਆਣਾ
ਵਿੰਗ ਨੇ ਫ਼ਰੀਦਕੋਟ ਨੂੰ, ਤੀਜੇ ਮੈਚ ਮਸਤੂਆਣਾ ਨੇ ਤਰਨਤਾਰਨ ਨੂੰ ਹਰਾਇਆ।
ਲੜਕੀਆਂ ਦੇ ਪਹਿਲੇ ਸੰਘਰਸ਼ਪੂਰਨ ਮੈਚ 'ਚ ਮੁਕਤਸਰ ਨੇ ਲੁਧਿਆਣਾ ਨੂੰ, ਦੂਜੇ
ਮੈਚ 'ਚ ਜਲੰਧਰ ਨੇ ਰੋਪੜ ਨੂੰ ਅਤੇ ਤੀਜੇ ਮੈਚ 'ਚ ਲੁਧਿਆਣਾ ਨੇ ਜਲੰਧਰ
ਨੂੰ ਹਰਾਇਆ।
ਪਿੰਡ ਬੱਬੇਹਾਲੀ ਦਾ ਛਿੰਝ ਅਤੇ
ਸੱਭਿਆਚਾਰਕ ਖੇਡ ਮੇਲਾ ਸਮਾਪਤ
ਗੁਰਦਾਸਪੁਰ, 31 ਅਗਸਤ - ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਸਿੱਧ
ਇਤਿਹਾਸਿਕ ਪਿੰਡ ਬੱਬੇਹਾਲੀ ਵਿਖੇ ਸਵ. ਮਹਿੰਦਰ ਸਿੰਘ ਬੱਬੇਹਾਲੀ ਖੇਡ
ਸਟੇਡੀਅਮ ਵਿਚ ਚਾਰ ਰੋਜ਼ਾ ਛਿੰਝ ਤੇ ਸੱਭਿਆਚਾਰਕ ਖੇਡ ਮੇਲਾ ਕਰਵਾਇਆ ਗਿਆ।
ਇਸ ਖੇਡ ਮੇਲੇ ਵਿਚ ਲਗਭਗ 200 ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ।
ਇਸ ਤੋਂ ਇਲਾਵਾ ਹੋਰ ਰਵਾਇਤੀ ਖੇਡਾਂ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ
ਬਣੀਆਂ ਰਹੀਆਂ। ਕੁਸ਼ਤੀ ਮੁਕਾਬਲਿਆਂ ਵਿਚ ਬਾਬਾ ਘਨ੍ਹਈਆ ਲਾਲ ਅਕੈਡਮੀ
ਹੁਸ਼ਿਆਰਪੁਰ ਦੇ ਪਹਿਲਵਾਨ ਨਵਾਬ ਨੇ ਗੜ੍ਹਸ਼ੰਕਰ ਦੇ ਪਹਿਲਵਾਨ ਅਮਨਦੀਪ ਬਾਈ
ਨੂੰ ਹਰਾ ਕੇ ਮਾਲੀ ਦੀ ਕੁਸ਼ਤੀ ਜਿੱਤ ਲਈ। ਹੋਰ ਕੁਸ਼ਤੀ ਮੁਕਾਬਲਿਆਂ ਵਿਚ
ਸਾਬੂ ਸਿੰਘ ਨੇ ਪਠਾਨਕੋਟ ਦੇ ਪਹਿਲਵਾਨ ਲੱਖਾ ਸਿੰਘ ਨੂੰ ਕੁਲਦੀਪ ਸਿੰਘ
ਭਾਗੋਵਾਲ ਨੇ ਮੰਗਲ ਹੁਸ਼ਿਆਰਪੁਰ ਨੂੰ ਮਾਦੂ ਨੇ ਰੋਹਿਤ ਕੁਮਾਰ ਨੂੰ, ਸੰਦੀਪ
ਕੁਮਾਰ ਨੇ ਰਕੇਸ਼ ਕੁਮਾਰ ਨੂੰ, ਸੋਮ ਨਾਥ ਗੁਰਦਾਸਪੁਰ ਨੇ ਸਾਬੀ ਨੂੰ,
ਮਹਿੰਦਰਪਾਲ ਗੁਰਦਾਸਪੁਰ ਨੇ ਜੀਤੋ ਹਰਦੋਵਾਲ ਨੂੰ ਅਤੇ ਬੱਲਾ ਗੁਰਦਾਸਪੁਰ
ਨੇ ਅਮਨ ਮੁਕੇਰੀਆਂ ਨੂੰ ਚਿੱਤ ਕਰਕੇ ਆਪੋ-ਆਪਣੇ ਵਰਗ ਦੀਆਂ ਕੁਸ਼ਤੀਆਂ ਵਿਚ
ਜੇਤੂ ਹੋਣ ਦਾ ਮਾਣ ਪ੍ਰਾਪਤ ਕੀਤਾ। ਇਸੇ ਹੀ ਤਰ੍ਹਾਂ ਰੱਸਾ ਕੱਸ਼ੀ ਮੁਕਾਬਲੇ
ਵਿਚ ਜਫ਼ਰਵਾਲ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ
ਕੀਤੀ। ਹੋਰ ਪੁਰਾਤਨ ਪੇਂਡੂ ਖੇਡਾਂ ਵਿਚ ਰਘੁਬੀਰ ਸਿੰਘ ਕਪੂਰਥਲਾ ਨੇ ਢਾਈ
ਕੁਇੰਟਲ ਮਿੱਟੀ ਦੀ ਬੋਰੀ ਚੁੱਕ ਕੇ ਵਾਹ-ਵਾਹ ਖੱਟੀ, ਅਨੋਖ ਸਿੰਘ ਕਪੂਰਥਲਾ
ਨੇ ਛਾਤੀ 'ਤੇ ਰੱਖ ਕੇ 6 ਇੱਟਾਂ ਤੋੜੀਆਂ, ਇਕ ਵਿਅਕਤੀ ਨੇ ਗਲੇ ਵਿਚ ਸੂਈ
ਪਾਰ ਕਰ ਕੇ ਉਸ ਨਾਲ 15 ਕਿਲੋ ਭਾਰ ਚੁੱਕਿਆ। ਕਬੱਡੀ ਮੈਚ 'ਚ ਪੰਜਾਬ ਦੀਆਂ
ਲੜਕੀਆਂ ਨੇ ਹਰਿਆਣਾ ਦੀਆਂ ਲੜਕੀਆਂ ਨੂੰ 20 ਦੇ ਮੁਕਾਬਲੇ 30 ਅੰਕਾਂ ਨਾਲ
ਹਰਾ ਕੇ ਜਿੱਤ ਪ੍ਰਾਪਤ ਕੀਤੀ। ਐਥਲੈਟਿਕਸ ਵਿਚ 800 ਮੀਟਰ ਦੀ ਦੌੜ ਵਿਚ
ਦਵਿੰਦਰ ਸਿੰਘ ਪਹਿਲੇ, ਲਵਪ੍ਰੀਤ ਸਿੰਘ ਦੂਸਰੇ ਅਤੇ ਬਖਸ਼ੀਸ਼ ਸਿੰਘ ਤੀਸਰੇ
ਸਥਾਨ 'ਤੇ ਰਿਹਾ। ਜਦ ਕਿ 3 ਹਜ਼ਾਰ ਮੀਟਰ ਮੁਕਾਬਲਿਆਂ ਵਿਚ ਹਰਜੋਸ਼ ਸਿੰਘ
ਬੱਬੇਹਾਲੀ ਪਹਿਲੇ, ਹਰਵਿੰਦਰ ਸਿੰਘ ਜਫਰਵਾਲ ਦੂਸਰੇ ਅਤੇ ਜਗਜੀਤ ਸਿੰਘ
ਤੀਸਰੇ ਸਥਾਨ 'ਤੇ ਰਿਹਾ।
ਭੌਰਲਾ ਦਾ ਪੇਂਡੂ ਖੇਡ ਮੇਲਾ
ਬੀਜਾ, 31 ਅਗਸਤ - 65ਵਾਂ ਬਾਬਾ ਲਾਲ ਸਿੰਘ ਯਾਦਗਾਰੀ ਟੂਰਨਾਮੈਂਟ
1 ਤੋਂ 3 ਸਤੰਬਰ ਤੱਕ ਪਿੰਡ ਭੌਰਲਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਖੇਡ
ਮੇਲੇ ਵਿਚ 1 ਸਤੰਬਰ ਨੂੰ 28, 32, 37, 42 ਕਿਲੋ ਕਬੱਡੀ ਦੇ ਮੁਕਾਬਲੇ,
ਕਬੂਤਰਾਂ ਦੀ ਉਡਾਣ, 2 ਸਤੰਬਰ ਨੂੰ ਕਬੱਡੀ 47, 52, 57 ਕਿਲੋ, ਵਾਲੀਬਾਲ
ਸ਼ੂਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ। 3 ਸਤੰਬਰ ਨੂੰ ਕਬੱਡੀ 62 ਕਿਲੋ,
ਕਬੱਡੀ ਇਕ ਪਿੰਡ ਕਲੱਬ, ਐਥਲੈਟਿਕਸ 100, 200, 400 ਮੀਟਰ ਦੇ ਮੁਕਾਬਲੇ
ਕਰਵਾਏ ਜਾਣਗੇ।
ਮਹਿਲਾ ਹਾਕੀ ਵਿਸ਼ਵ ਕੱਪ
ਰੋਸਾਰੀਓ (ਅਰਜਨਟੀਨਾ), 31 ਅਗਸਤ - ਮਹਿਲਾ ਹਾਕੀ ਵਿਸ਼ਵ ਕੱਪ ਜੋ
ਕਿ ਰੋਸਾਰੀਓ (ਅਰਜਨਟੀਨਾ) ਵਿਖੇ ਚੱਲ ਰਿਹਾ ਹੈ। ਇਸ ਵਿਸ਼ਵ ਕੱਪ ਵਿਚ ਭਾਰਤੀ
ਮਹਿਲਾ ਹਾਕੀ ਟੀਮ ਨੂੰ ਅਰਜਨਟੀਨਾ ਨੇ ਪਹਿਲੇ ਮੈਚ ਵਿਚ ਹੀ ਹਰਾ ਦਿੱਤਾ।
ਖੇਡੇ ਗਏ ਪੂਲ-ਏ ਦੇ ਪਹਿਲੇ ਮੁਕਾਬਲੇ ਵਿਚ ਹਾਲੈਂਡ ਨੇ ਭਾਰਤ ਨੂੰ 7-1
ਨਾਲ ਦਰੜ ਦਿੱਤਾ। ਇਸੇ ਦੌਰਾਨ ਖੇਡੇ ਗਏ ਦੋ ਹੋਰਨਾਂ ਮੈਚਾਂ ਵਿਚ ਜਰਮਨੀ
ਨੇ ਨਿਊਜ਼ੀਲੈਂਡ ਨੂੰ 2-0 ਨਾਲ ਹਰਾਇਆ ਜਦਕਿ ਆਸਟਰੇਲੀਆ ਨੇ ਜਾਪਾਨ 'ਤੇ
2-1 ਨਾਲ ਜਿੱਤ ਦਰਜ ਕੀਤੀ। ਭਾਰਤ ਦਾ ਅਗਲਾ ਮੁਕਾਬਲਾ 1 ਸਤੰਬਰ ਨੂੰ
ਆਸਟ੍ਰੇਲੀਆ ਨਾਲ ਹੋਣਾ ਹੈ।
|