|
|
55ਵੇਂ ਢੁੱਡੀਕੇ ਖੇਡ ਮੇਲੇ ਦੀਆਂ ਰੌਣਕਾਂ ਪੰਜਾਬ ਦੇ ਸਭ ਤੋਂ ਪੁਰਾਣੇ ਮੇਲਿਆਂ ਵਿਚੋਂ ਇਕ ਮਾਲਵੇ ਦੇ ਮਸ਼ਹੂਰ ਪਿੰਡ ਢੁੱਡੀਕੇ ਦਾ 55ਵਾਂ ਖੇਡ ਮੇਲਾ ਪਿੰਡ ਦੇ ਕਾਲਜ ਦੇ ਸਟੇਡੀਅਮ ਵਿਚ ਹੋਇਆ। 26 ਤੋਂ 28 ਜਨਵਰੀ ਤੱਕ ਹਰ ਸਾਲ ਹੁੰਦੇ ਇਸ ਖੇਡ ਮੇਲੇ ਦਾ ਆਖਰੀ ਦਿਨ ਲਾਲਾ ਲਾਜਪਤ ਰਾਏ ਨੂੰ ਸਮਰਪਿਤ ਹੁੰਦਾ ਹੈ। ਇਨ੍ਹਾਂ ਖੇਡਾਂ ਦੀ ਖਾਸੀਅਤ ਇਹ ਹੈ ਕਿ ਇਸ ਮੇਲੇ ਸਦਕਾ ਨਾਲ ਦੇ ਕਈ ਪਿੰਡਾਂ ਦੀਆਂ ਪਿੰਡ ਵਾਰ ਹਾਕੀ ਦੀਆਂ ਟੀਮਾਂ ਵੀ ਬਣਦੀਆਂ ਹਨ। ਮੁਕਾਬਲਾ ਪਿੰਡ ਵਾਰ ਹਾਕੀ ਦਾ ਹੁੰਦਾ ਹੈ। ਇਸ ਵਾਰ ਦੇ ਖੇਡ ਮੇਲੇ ਵਿਚ ਵੀ ਹਾਕੀ, ਪਿੰਡ ਵਾਰ ਕਬੱਡੀ, ਅਕੈਡਮੀਆਂ ਦੀ ਕਬੱਡੀ, ਰੱਸਾਕਸ਼ੀ, ਬੈਲਗੱਡੀਆਂ ਦੀਆਂ ਦੌੜਾਂ ਅਤੇ ਵਿਦਿਆਰਥੀਆਂ ਵਿਚ ਸਭਿਆਚਾਰਕ ਮੁਕਾਬਲੇ ਕਰਵਾਏ ਗਏ। ਪਿੰਡ ਦੇ ਬਹੁਤੇ ਟੱਬਰਾਂ ਦਾ ਕੋਈ ਨਾ ਕੋਈ ਲੜ ਸਿਰਾ ਵਿਦੇਸ਼ ਨਾਲ ਜੁੜਿਆ ਹੈ ਅਤੇ ਹਰ ਵਰ੍ਹੇ ਇਸ ਖੇਡ ਮੇਲੇ ਦੇ ਦਿਨਾਂ ਨੂੰ ਮੁੱਖ ਰੱਖਦਿਆਂ ਬਾਹਰੋਂ ਕਾਫੀ ਗਿਣਤੀ ਵਿਚ ਐਨ. ਆਰ. ਆਈਜ਼ ਆਪਣੇ ਪਰਿਵਾਰਾਂ ਸਣੇ ਵਿਸ਼ੇਸ਼ ਤੌਰ 'ਤੇ ਇਕੱਠੇ ਹੁੰਦੇ ਹਨ। ਇਸ ਵਾਰ ਵੀ ਵੈਨਕੂਵਰ ਤੋਂ ਸ. ਖੁਸ਼ਹਾਲ ਸਿੰਘ ਦੇ ਪਰਿਵਾਰ ਦੇ ਬਲਵਿੰਦਰ ਬਿੰਦੀ, ਅਮਰੀਕਾ ਤੋਂ ਜਗਜੀਤ ਸਿੰਘ ਰਾਣਾ, ਨਛੱਤਰ ਸਿੰਘ ਕਨੇਡੀਅਨ, ਨਾਰਥ ਵੈਸਟ ਇੰਜਨੀਅਰਿੰਗ ਕਾਲਜ ਦੇ ਡਾਇਰਕੈਟਰ ਲਖਵੀਰ ਸਿੰਘ, ਡਾ. ਗੁਰਚਰਨ ਸਿੰਘ ਅਮਰੀਕਾ, ਅਜੀਤ ਸਿੰਘ ਸਰਾਂ ਕਨੇਡਾ, ਨਿਰਮਲ ਸਿੰਘ ਕਨੇਡਾ, ਗੁਰਮੇਲ ਨਾਰੰਗ, ਗੁਰਦੇਵ ਸਿੰਘ ਕਨੇਡੀਅਨ ਤੇ ਕਈ ਹੋਰ ਪੇਂਡੂ ਪਹੁੰਚੇ ਹੋਏ ਸਨ ਅਤੇ ਵਤਨ ਦੀ ਨਿੱਘੀ ਧੁੱਪ ਦਾ ਆਨੰਦ ਕਬੱਡੀ ਦੇ ਮੈਚਾਂ ਦਾ ਪੜੇਥਣ ਲਾ ਲਾ ਕੇ ਮਾਣ ਰਹੇ ਦਿਸੇ।
ਮੇਜਰ ਸਿੰਘ ਢੁੱਡੀਕੇ ਦੀ ਗੱਡੀ ਪਹਿਲੇ ਦਰਜੇ 'ਤੇ ਅਜੀਤਵਾਲ, 27 ਜਨਵਰੀ - ਪਿੰਡ ਢੁੱਡੀਕੇ 'ਚ 56ਵਾਂ ਖੇਡ ਮੇਲਾ ਕਰਵਾਇਆ ਗਿਆ। ਇਸ ਦੇ ਤੀਸਰੇ ਦਿਨ ਫੁੱਟਬਾਲ ਦੇ ਮੁਕਾਬਲੇ ਵਿਚ ਕਿਲੀ ਚਾਹਲ ਦੀ ਟੀਮ ਨੇ ਢੁੱਡੀਕੇ ਨੌਰਥ ਵੈਸਟ ਟੀਮ ਨੂੰ 2-0 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਸੈਮੀ ਫਾਈਨਲ ਮੁਕਾਬਲੇ ਦੌਰਾਨ ਢੁੱਡੀਕੇ ਨੇ ਦੌਧਰ ਨੂੰ 1-0 ਨਾਲ, ਕਿਲੀ ਚਾਹਲ ਨੇ ਬਿਲਾਸਪੁਰ ਨੂੰ 2-1 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਹਾਕੀ ਦੇ ਹੋਏ ਸਖਤ ਮੁਕਾਬਲਿਆਂ ਵਿਚ ਲੋਪੋ ਨੇ ਧੂੜਕੋਟ ਨੂੰ 1-0 ਨਾਲ, ਅਕਾਲਸਰ ਨੇ ਹਾਂਸ ਕਲਾਂ ਨੂੰ 3-1 ਨਾਲ, ਢੁੱਡੀਕੇ ਨੇ ਮਲਕ ਨੂੰ 2-0 ਨਾਲ ਹਰਾ ਕੇ ਆਪਣੀਆਂ ਜਿੱਤਾਂ ਦਰਜ ਕੀਤੀਆਂ। ਬੈਲ ਗੱਡੀਆਂ ਦੇ 50 ਦੌੜਾਕਾਂ ਨੇ ਆਪਣੀਆਂ ਗੱਡੀਆਂ ਭਜਾਈਆਂ ਪਰ ਮੇਜਰ ਸਿੰਘ ਢੁੱਡੀਕੇ ਦੀ ਗੱਡੀ ਨੇ ਧੂੜਾਂ ਪੱਟ ਕੇ ਪਹਿਲਾ ਸਥਾਨ ਹਾਸਲ ਕੀਤਾ। ਦੂਸਰੇ ਤੇ ਤੀਸਰੇ ਸਥਾਨ 'ਤੇ ਦਾਰਾ ਸਿੰਘ ਤਲਵੰਡੀ ਅਤੇ ਗਗਨ ਸਿੰਘ ਦੌਧਰ ਦੀ ਗੱਡੀ ਰਹੀ। ਕਬੱਡੀ ਦੇ ਫਸਵੇਂ ਮੁਕਾਬਲੇ ਵਿਚ ਜਗਤਪੁਰ ਨਵਾਂ ਸ਼ਹਿਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।ਇਨਾਮਾਂ ਦੀ ਵੰਡ ਮੰਡੀ ਬੋਰਡ ਦੇ ਚੀਫ ਇੰਜੀਨੀਅਰ ਆਰ.ਐਸ. ਗਿੱਲ ਨੇ ਕੀਤੀ। ਅਖੀਰਲੇ ਦਿਨ ਇਨਾਮਾਂ ਦੀ ਵੰਡ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਕਰਨਗੇ। 56ਵਾਂ ਲਾਲਾ ਲਾਜਪਤ ਰਾਏ ਖੇਡ ਮੇਲਾ ਸਮਾਪਤ ਅਜੀਤਵਾਲ, 28 ਜਨਵਰੀ - 56ਵਾਂ ਲਾਲਾ ਲਾਜਪਤ ਰਾਏ ਖੇਡ ਮੇਲਾ ਪਿੰਡ ਢੁੱਡੀਕੇ 'ਚ ਕਰਵਾਇਆ ਗਿਆ। ਇਸ ਦੇ ਆਖਰੀ ਦਿਨ ਹੋਏ ਮੁਕਾਬਲਿਆਂ ਵਿਚ ਹਾਕੀ ਪਿੰਡ ਵਾਰ ਓਪਨ ਮਹਿਮਾਨ ਟੀਮ ਢੁੱਡੀਕੇ ਨੇ ਸੁਧਾਰ ਨੂੰ ਹਰਾ ਕੇ ਪਹਿਲਾ ਇਨਾਮ ਤੇ ਕੱਪ ਜਿੱਤਿਆ। ਕਬੱਡੀ ਪਿੰਡ ਵਾਰ ਓਪਨ ਵਿਚ ਚੂਹੜਚੱਕ ਨੇ ਢੁੱਡੀਕੇ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਅੱਠ ਵੱਡੀਆਂ ਅਕੈਡਮੀਆਂ ਵਿਚ ਸ਼ਹੀਦ ਬਚਨ ਸਿੰਘ ਕਲੱਬ ਦਿੜਬਾਕੇ, ਸ਼ਹੀਦ ਬਾਬਾ ਦੀਪ ਸਿੰਘ ਕਲੱਬ ਨਾਰਵੇ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਖਿਡਾਰੀਆਂ ਅਤੇ ਹਜ਼ਾਰਾਂ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਤੋਂ ਲਾਂਭੇ ਹੋ ਕੇ ਨੌਜਵਾਨ ਆਪਣਾ ਜ਼ੋਰ ਖੇਡਾਂ 'ਤੇ ਕੇਂਦਰਿਤ ਕਰਨ ਤਾਂ ਕਿ ਅਸੀਂ ਪੰਜਾਬ ਦਾ ਨਾਂਅ ਖੇਡਾਂ ਵਿਚ ਉੱਚਾ ਕਰ ਸਕੀਏ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਖੇਡਾਂ ਵਿਚ ਵੱਡੀ ਮੰਡੀ ਬਣ ਗਈ ਹੈ। ਹੁਣ ਕਬੱਡੀ, ਹਾਕੀ ਅਤੇ ਹੋਰ ਖੇਡਾਂ ਲੱਖੀਂ, ਕਰੋੜੀ ਹੋ ਗਈਆਂ ਹਨ। ਮੁੱਖ ਪ੍ਰਬੰਧਕ ਜਗਤਾਰ ਸਿੰਘ ਧਾਲੀਵਾਲ ਨੇ ਮੰਗ ਪੱਤਰ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਬਾਦਲ ਨੇ ਪਿੰਡ ਵਿਚ ਆਰ.ਓ. ਸਿਸਟਮ 11 ਲੱਖ ਦਾ ਤੁਰੰਤ ਲਗਾਉਣ ਅਤੇ ਪਿੰਡ ਦੇ ਵਿਕਾਸ ਲਈ 4 ਲੱਖ ਦੇਣ ਦਾ ਐਲਾਨ ਕੀਤਾ ਅਤੇ ਹੋਰ ਮੰਗਾਂ ਤੇ ਗੌਰ ਕਰਨ ਦਾ ਭਰੋਸਾ ਦਿੱਤਾ। ਇਸ ਸਮੇਂ ਨਾਵਲਕਾਰ ਜਸਵੰਤ ਸਿੰਘ ਕੰਵਲ, ਪ੍ਰਧਾਨ ਜਗਜੀਤ ਸਿੰਘ ਰਾਣਾ, ਸਰਪ੍ਰਸਤ ਨਛੱਤਰ ਸਿੰਘ ਗਿੱਲ, ਚੇਅਰਮੈਨ ਲਖਵੀਰ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਅਤੇ ਮੇਲਾ ਕਮੇਟੀ ਨੇ ਬਾਦਲ ਨੂੰ ਸਨਮਾਨਤ ਕੀਤਾ। |