|
ਡੱਲੇ ਦੇ ਖੇਡ ਮੇਲੇ ਦੀ ਓਪਨ ਕਬੱਡੀ 'ਚ ਜੰਡੀ ਦੀ ਝੰਡੀ
ਜਗਰਾਉਂ/ਹਠੂਰ, 28 ਫਰਵਰੀ - ਓਪਨ ਕਬੱਡੀ ਟੂਰਨਾਮੈਂਟ ਸ੍ਰੀ ਗੁਰੂ ਨਾਨਕ ਦੇਵ ਜੀ ਯੁਵਕ ਸੇਵਾਵਾਂ ਕਲੱਬ ਡੱਲਾ ਵੱਲੋਂ ਪ੍ਰਵਾਸੀ ਪੰਜਾਬੀਆਂ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ 'ਚ ਡੱਲੇ ਅਤੇ ਜੰਡੀ ਦੀਆਂ ਟੀਮਾਂ ਪੁੱਜੀਆਂ। ਜੰਡੀ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਬੱਦੋਵਾਲ ਖੇਡ ਮੇਲਾ 'ਚ ਆਓ ਤੇ ਮੋਬਾਈਲ ਲੈ ਕੇ ਜਾਓ
ਇਯਾਲੀ/ਥਰੀਕੇ, 28 ਫਰਵਰੀ - ਤਿੰਨ ਮਾਰਚ ਨੂੰ ਪਹਿਲਾ ਇਕ ਰੋਜ਼ਾ ਖੇਡ ਮੇਲਾ ਸਵ: ਗੁਰਬਖਸ਼ ਸਿੰਘ ਸਟੇਡੀਅਮ ਬੱਦੋਵਾਲ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਸਵੇਰ 9 ਤੋਂ 11 ਵਜੇ ਤੱਕ ਪਹੁੰਚਣ ਵਾਲੇ ਦਰਸ਼ਕਾਂ ਨੂੰ ਕੂਪਨ ਸਕੀਮ ਰਾਹੀਂ ਨੋਕੀਆ ਕੰਪਨੀ ਦੇ ਕਲਰ ਸਕਰੀਨ ਸੱਤ ਮੋਬਾਈਲ ਕੱਢੇ ਜਾਣਗੇ। ਇਸ ਖੇਡ ਮੇਲੇ 'ਚ ਕਬੱਡੀ ਆਲ ਓਪਨ ਇਕ ਪਿੰਡ ਤੇ ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਕਬੱਡੀ ਓਪਨ ਦੀ ਜੇਤੂ ਟੀਮ ਨੂੰ 51 ਹਜ਼ਾਰ ਤੇ ਉਪ ਜੇਤੂ ਟੀਮ ਨੂੰ 41 ਹਜ਼ਾਰ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।
ਘੁੰਗਰਾਲੀ ਰਾਜਪੂਤਾਂ ਦਾ ਖੇਡ ਮੇਲਾ
ਖੰਨਾ, 28 ਫਰਵਰੀ - ਸਵ: ਮਾਤਾ ਕਰਤਾਰ ਕੌਰ ਅੰਤਰਰਾਸ਼ਟਰੀ ਕਬੱਡੀ ਕੱਪ ਸਿੰਘ ਸਪੋਰਟਸ ਯੁਵਕ ਸੇਵਾਵਾਂ ਕਲੱਬ ਘੁੰਗਰਾਲੀ ਰਾਜਪੂਤਾਂ ਵੱਲੋਂ ਚੱਲ ਰਿਹਾ ਹੈ। ਆਖਰੀ ਦਿਨ ਚੋਟੀ ਦੇ ਕਬੱਡੀ ਖਿਡਾਰੀਆਂ ਦੇ ਭੇੜ ਹੋਣਗੇ। ਇਸ ਖੇਡ ਮੇਲੇ 'ਚ ਡੀ. ਏ. ਵੀ. ਕੈਲੇਫੋਰਨੀਆਂ ਅਕੈਡਮੀ ਜਲੰਧਰ, ਗਿੱਲ ਸਪੋਰਟਸ ਕਲੱਬ ਜਰਗੜੀ, ਬੱਛੋਵਾਲ ਕਬੱਡੀ ਅਕੈਡਮੀ, ਦਿੜਬਾ ਕਬੱਡੀ ਕਲੱਬ, ਚਮਕੌਰ ਸਾਹਿਬ ਕਲੱਬ, ਕੋਟਲੀ ਥਾਨ ਸਿੰਘ ਕਲੱਬ, ਗੁਰੂ ਨਾਨਕ ਕਲੱਬ ਅਤੇ ਪੰਜਾਬ ਰਾਜ ਬਿਜਲੀ ਬੋਰਡ ਦੇ ਖਿਡਾਰੀ ਸ਼ਾਮਿਲ ਹੋਣਗੇ।
ਮਲੌਦ ਰੋੜੀਆਂ ਦਾ ਖੇਡ ਮੇਲਾ ਸਮਾਪਤ
ਮਲੌਦ, 28 ਫਰਵਰੀ - ਸਵ: ਮਲਕੀਤ ਸਿੰਘ ਬਿੱਲਾ ਯਾਦਗਾਰੀ 3 ਦਿਨਾਂ ਖੇਡ ਮੇਲਾ ਮਲੌਦ ਰੋੜੀਆਂ ਵਿਖੇ ਕਰਵਾਇਆ ਗਿਆ। ਇਸ ਖੇਡ ਮੇਲੇ 'ਚ ਕੁੱਤਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਬਚਿੱਤਰ ਸਿੰਘ ਡੇਹਲੋਂ ਤੇ ਚਰਨ ਗਿੱਲ ਦੀ ਗੱਡੀ ਪਹਿਲੇ ਤੇ ਦੂਜੇ ਸਥਾਨ 'ਤੇ ਰਹੀਆਂ ਤੀਜੇ ਦਿਨ ਕਬੱਡੀ 70 ਕਿਲੋ ਵਿਚ ਬਾਲੇਵਾਲ ਫਸਟ, ਰੌਣੀ ਸੈਕਿੰਡ ਰਹੇ ਅਤੇ ਇਕ ਪਿੰਡ ਓਪਨ ਵਿਚ ਜਰਗੜੀ ਫਸਟ ਅਤੇ ਬੇਰਖੁਰਦ ਸੈਕਿੰਡ ਰਹੇ। ਜਿਸ ਦਾ ਇਨਾਮ ਰਾਜਵੀਰ ਸਿੰਘ ਯੂ. ਕੇ. ਨੇ ਦਿੱਤਾ। ਕਬੱਡੀ ਖਿਡਾਰੀ ਬਾਜੀ ਜੰਡ ਨੂੰ ਭਗਵੰਤ ਆਲਮਗੀਰ ਵੱਲੋਂ ਮੋਟਰ ਸਾਈਕਲ ਦੇ ਕੇ ਸਨਮਾਨਿਆ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਵਿੰਦਰ ਰੱਬੋਂ, ਕਿਰਪਾਲ ਘੋਲ, ਗੁਰਪ੍ਰੀਤ ਬੇਰ, ਮਨਜੀਤ ਸਿਹੌੜਾ ਨੂੰ ਸਨਮਾਨਿਤ ਕੀਤਾ ਗਿਆ।
ਸਵ. ਮਾਤਾ ਕਰਤਾਰ ਕੌਰ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ ਸ਼ੁਰੂ
ਖੰਨਾ, 27 ਫਰਵਰੀ - ਸਵ: ਮਾਤਾ ਕਰਤਾਰ ਕੌਰ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ ਸਿੰਘ ਸਪੋਰਟਸ ਯੁਵਕ ਸੇਵਾਵਾਂ ਕਲੱਬ ਅਤੇ ਗ੍ਰਾਮ ਪੰਚਾਇਤ ਘੁੰਗਰਾਲੀ ਰਾਜਪੂਤਾਂ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਦਾ ਉਦਘਾਟਨ ਕਾਂਗਰਸੀ ਆਗੂ ਸ: ਰੁਪਿੰਦਰ ਸਿੰਘ ਰਾਜਾ ਗਿੱਲ ਅਤੇ ਸਰਪ੍ਰਸਤ ਸ: ਤੇਜਿੰਦਰ ਸਿੰਘ ਭਾਮੀਆ ਕੈਨੇਡਾ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਖੇਡ ਮੇਲੇ ਵਿਚ 28 ਫਰਵਰੀ ਨੂੰ ਕੁੱਤਿਆਂ ਦੀ ਦੌੜ, ਸਾਈਕਲ ਦੌੜ, ਦੋਧੀਆਂ ਦੀ ਦੌੜ, ਰਿਕਸ਼ਾ ਦੌੜ, ਲੋਡ ਤੇ ਅਨਲੋਡ ਅਤੇ ਇਕ ਮਾਰਚ ਨੂੰ ਅਥਲੈਟਿਕਸ, ਕਬੱਡੀ ਆਲ ਓਪਨ ਦੇ ਮੁਕਾਬਲੇ ਹੋਣਗੇ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੋਗੀ ਜਰਗੜੀ ਅਤੇ ਅੰਮ੍ਰਿਤਪਾਲ ਮੱਤਾ ਦੇ ਸਨਮਾਨ ਦੇ ਨਾਲ ਅੰਮ੍ਰਿਤਧਾਰੀ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਦੀਪ ਢਿੱਲੋਂ ਅਤੇ ਬੀਬਾ ਜਸਮੀਨ ਜੱਸੀ ਗਾਇਕੀ ਦਾ ਖੁੱਲ੍ਹਾ ਅਖਾੜਾ ਲੱਗੇਗਾ
5ਵਾਂ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ
ਸੈਲਾ ਖੁਰਦ, 27 ਫਰਵਰੀ - 5ਵਾਂ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਪਿੰਡ ਪੱਦੀ ਸੂਰਾ ਸਿੰਘ (ਹੁਸ਼ਿਆਰਪੁਰ) ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ 'ਚ ਕਰਵਾਇਆ ਜਾ ਰਿਹਾ ਹੈ। ਪਿੰਡ ਪੱਧਰ ਦੇ ਮੈਚ ਮਿਤੀ 28 ਫਰਵਰੀ ਨੂੰ ਅਤੇ ਓਪਨ ਕਲੱਬ ਦੇ ਮੈਚ 1 ਮਾਰਚ ਨੂੰ ਹੋਣਗੇ। ਪ੍ਰਵਾਸੀ ਭਾਰਤੀ ਸੁਰਿੰਦਰ ਸਿੰਘ ਹੀਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੇ ਆਲ ਓਪਨ ਕਲੱਬ ਜੇਤੂ ਟੀਮ ਨੂੰ ਪਹਿਲਾ ਇਨਾਮ 45000/- ਅਤੇ ਦੂਜੇ ਸਥਾਨ ਨੂੰ 30000 ਰੁਪਏ ਹੋਵੇਗਾ। ਓਪਨ ਪਿੰਡ ਪੱਧਰ ਜੇਤੂ ਟੀਮ ਨੂੰ ਪਹਿਲਾ ਇਨਾਮ 15000 ਅਤੇ ਦੂਜੇ ਸਥਾਨ ਨੂੰ 10000 ਦਿੱਤਾ ਜਾਵੇਗਾ।
ਕਬੱਡੀ ਟੂਰਨਾਮੈਂਟ 'ਚ ਸਤਲਾਣੀ ਅਕੈਡਮੀ ਦੀ ਬੱਲੇ ਬੱਲੇ
ਅਟਾਰੀ ਸਰਹੱਦ, 27 ਫਰਵਰੀ - ਪੰਜਵਾਂ ਕਬੱਡੀ ਟੂਰਨਾਮੈਂਟ ਗੁ: ਸਤਲਾਣੀ ਸਾਹਿਬ ਹੁਸ਼ਿਆਰ ਨਗਰ ਵਿਖੇ ਕਰਵਾਇਆ ਗਿਆ। ਫਾਈਨਲ ਮੈਚ ਵਿਚ ਕਬੱਡੀ ਅਕੈਡਮੀ ਸਤਲਾਣੀ ਸਾਹਿਬ ਨੇ ਪਟਿਆਲਾ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਕਬੱਡੀ ਟੂਰਨਾਮੈਂਟ ਤੇ ਕਬਜ਼ਾ ਕੀਤਾ।
ਵਿਸ਼ਵ ਕਬੱਡੀ ਫੈਡਰੇਸ਼ਨ ਬਣਾਉਣ ਲਈ 12 ਮੈਂਬਰੀ ਕਮੇਟੀ ਦੀ ਚੋਣ
ਜਲੰਧਰ, 27 ਫਰਵਰੀ - ਵਿਸ਼ਵ ਕਬੱਡੀ ਫੈਡਰੇਸ਼ਨ ਬਣਾਉਣ ਲਈ ਫਗਵਾੜਾ ਵਿਖੇ ਗੁਰਜੀਤ ਸਿੰਘ ਪੁਰੇਵਾਲ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ ਜਿਸ ਵਿਚ ਵੱਖ-ਵੱਖ ਦੇਸ਼ਾਂ ਦੀਆਂ ਕਬੱਡੀ ਫੈਡਰੇਸ਼ਨਾਂ ਦੇ ਅਹੁਦੇਦਾਰ ਸ਼ਾਮਿਲ ਹੋਏ। ਇਸ ਬੈਠਕ ਵਿਚ ਸਰਬ-ਸੰਮਤੀ ਨਾਲ ਵਿਸ਼ਵ ਕਬੱਡੀ ਫੈਡਰੇਸ਼ਨ ਬਣਾਉਣ ਲਈ 12 ਮੈਂਬਰੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਇਸ ਦੇ ਸੰਵਿਧਾਨ ਤੇ ਚੋਣ ਸਬੰਧੀ ਕੰਮ ਕਰੇਗੀ ਅਤੇ ਇਸ ਦੀ ਅਗਲੀ ਬੈਠਕ 18 ਅਪ੍ਰੈਲ 2009 ਨੂੰ ਇਟਲੀ ਵਿਖੇ ਹੋਵੇਗੀ ਜਿਸ ਵਿਚ ਹੇਠ ਲਿਖੇ ਫੈਡਰੇਸ਼ਨ ਦੇ ਮੈਂਬਰ ਤੇ ਅਹੁਦੇਦਾਰ ਹਿੱਸਾ ਲੈਣਗੇ। ਜਿਨ੍ਹਾਂ ਵਿਚ ਲਹਿੰਬਰ ਸਿੰਘ ਲੱਧੜ, ਬਹਾਦਰ ਸਿੰਘ ਸ਼ੇਰਗਿੱਲ ਯੂ. ਕੇ., ਸੁਰਜਨ ਸਿੰਘ ਚੱਠਾ ਤੇ ਸੁਖਮੰਦਰ ਸਿੰਘ ਬਰਾੜ, (ਨਾਰਥ ਇੰਡੀਆ ਕਬੱਡੀ ਫੈਡਰੇਸ਼ਨ), ਸੁਰਿੰਦਰ ਪਾਲ ਟੋਨੀ ਤੇ ਮੱਖਣ ਚੜਿਕ, ਨਰਿੰਦਰ ਸਿੰਘ ਚਾਹਲ, ਦਰਸ਼ਨ ਸਿੰਘ ਗਿੱਲ ਉਟਾਂਰੀਓ, ਰਣਜੀਤ ਸਿੰਘ ਦਾਰਾ ਮੁਠੱਡਾ ਤੇ ਸਨਦੀਪ ਸਿੰਘ ਪਵਾਰ, ਅਨਿਲ ਸ਼ਰਮਾ ਤੇ ਸੰਤੋਖ ਸਿੰਘ (ਇਟਲੀ)। ਇਸ ਕਮੇਟੀ ਦਾ ਕਨਵੀਨਰ ਬਹਾਦੁਰ ਸਿੰਘ ਸ਼ੇਰਗਿੱਲ ਨੂੰ ਨਿਯੁਕਤ ਕੀਤਾ ਹੈ।
ਪੰਜਾਬੀ 'ਵਰਸਿਟੀ ਪਟਿਆਲਾ ਦੀ 11ਵੀਂ ਵਾਰ ਓਵਰ ਆਲ ਚੈਂਪੀਅਨ 'ਚ ਝੰਡੀ
ਲੁਧਿਆਣਾ, 27 ਫਰਵਰੀ - ਆਲ ਇੰਡੀਆ ਅੰਤਰ ਯੂਨੀਵਰਸਿਟੀ ਸਾਈਕਲਿੰਗ ਚੈਂਪੀਅਨਸ਼ਿਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਈਕਲਿੰਗ ਵੈਲੋਡਰੰਮ ਵਿਖੇ ਕਰਵਾਈ ਗਈ। ਇਸ ਦੇ ਆਖਰੀ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮਰਦਾਂ ਦੇ ਵਰਗ ਵਿਚ 52 ਅੰਕ ਹਾਸਲ ਕਰਕੇ ਅਤੇ ਇਸਤਰੀਆਂ ਦੇ ਵਰਗ ਵਿਚ 23 ਅੰਕ ਹਾਸਲ ਕਰਕੇ ਲਗਾਤਾਰ 11ਵੀਂ ਵਾਰ ਜੇਤੂ ਰਹਿੰਦਿਆਂ ਓਵਰ ਆਲ ਚੈਂਪੀਅਨ 'ਤੇ ਕਬਜ਼ਾ ਕੀਤਾ ਜਦਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਮਰਦਾਂ ਦੇ ਵਰਗ ਵਿਚ 35 ਅੰਕ ਹਾਸਲ ਕਰਕੇ ਅਤੇ ਇਸਤਰੀਆਂ ਵਿਚ 20 ਅੰਕ ਹਾਸਲ ਕਰਕੇ ਦੂਸਰਾ ਸਥਾਨ, ਬੀਕਾਨੇਰ ਯੂਨੀਵਰਸਿਟੀ ਨੇ ਮਰਦਾਂ ਦੇ ਵਰਗ ਵਿਚ 10 ਅੰਕ ਹਾਸਲ ਕਰਕੇ ਤੀਸਰਾ ਅਤੇ ਕੇਰਲਾ ਨੇ ਲੜਕੀਆਂ ਵਿਚ 19 ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ। 3000 ਹਜ਼ਾਰ ਮੀਟਰ ਪਰਸੂਟ ਇਸਤਰੀਆਂ ਦੇ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸੋਨ ਤਮਗਾ, ਜਦਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਚਾਂਦੀ ਦਾ ਅਤੇ ਕੇਰਲਾ ਯੂਨੀਵਰਸਿਟੀ ਨੇ ਕਾਂਸੀ ਦਾ ਤਮਗਾ ਜਿੱਤਿਆ। 4000 ਮੀਟਰ ਪਰਸੂਟ ਮਰਦਾਂ ਦੇ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸੋਨ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਚਾਂਦੀ ਅਤੇ ਬੀਕਾਨੇਰ ਯੂਨੀਵਰਸਿਟੀ ਨੇ ਕਾਂਸੀ। ਇਕ ਹਜ਼ਾਰ ਸਪਰੈਂਟ ਮਰਦਾਂ ਦੇ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸੋਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਚਾਂਦੀ, ਪਟਿਆਲਾ ਨੇ ਕਾਂਸੀ ਦਾ ਤਮਗਾ ਜਿੱਤਿਆ। 20 ਕਿਲੋਮੀਟਰ ਪੁਆਇੰਟ ਰੇਸ ਵਿਚ ਰਾਮ ਸਰੂਪ ਸਿੰਘ ਬੀਕਾਨੇਰ ਨੇ 47 ਅੰਕਾਂ ਨਾਲ ਸੋਨ ਤਮਗਾ, ਅਤੇ ਗੁਰਸ਼ਰਨ ਸਿੰਘ ਅਤੇ ਜਸਬੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਮਗਾ ਜਿੱਤਿਆ। ਉਲੰਪਿਕ ਸਪਰੈਂਟ ਮਰਦਾਂ ਦੀ ਦੌੜ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸੋਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਚਾਂਦੀ ਅਤੇ ਕੇਰਲਾ ਯੂਨੀਵਰਸਿਟੀ ਨੇ ਇਸ ਵਰਗ ਵਿਚ ਕਾਂਸੀ ਦਾ ਤਮਗਾ ਜਿੱਤਿਆ।
ਬੋਪੰਨਾ ਅਤੇ ਜਰਕੋ ਨਈਮਨਿਨ ਦੀ ਜੋੜੀ ਕੁਆਰਟਰ ਫਾਈਨਲ 'ਚ
ਮਿਆਮੀ, 27 ਫਰਵਰੀ - ਇੰਟਰਨੈਸ਼ਨਲ ਟੈਨਿਸ ਚੈਂਪੀਅਨਸ਼ਿਪ 'ਚ ਭਾਰਤ ਦੇ ਰੋਹਨ ਬੋਪੰਨਾ ਅਤੇ ਜਰਕੋ ਨਈਮਨਿਨ ਦੀ ਜੋੜੀ ਨੇ ਪਾਲ ਕਪਡੇਵਿਲੇ ਅਤੇ ਇਵਜਨੀ ਕੋਰੋਲੇਵ ਦੀ ਜੋੜੀ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਡੇਲਰੇਅ ਬੀਚ ਇੰਟਰਨੈਸ਼ਨਲ ਟੈਨਿਸ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਗੇੜ 'ਚ ਪ੍ਰਵੇਸ਼ ਕਰ ਲਿਆ ਹੈ। ਭਾਰਤ ਅਤੇ ਫਿਨਲੈਂਡ ਦੀ ਜੋੜੀ ਨੇ ਇਹ ਮੁਕਾਬਲਾ 6-4, 7-5 ਅੰਕਾਂ ਨਾਲ ਜਿੱਤਿਆ। ਕੁਆਰਟਰ ਫਾਈਨਲ 'ਚ ਇਸ ਜੋੜੀ ਦਾ ਮੁਕਾਬਲਾ ਚੌਥਾ ਦਰਜਾ ਪ੍ਰਾਪਤ ਅਮਰੀਕਾ ਦੇ ਏਰਿਕ ਬੁਟੋਰਕ ਅਤੇ ਬਰਾਜ਼ੀਲ ਦੇ ਬਰੂਨੋ ਸੋਰੇਸ ਦੀ ਜੋੜੀ ਨਾਲ ਹੋਵੇਗਾ।
ਖੇਡਾਂ ਖਡੂਰ ਸਾਹਿਬ ਦੀਆਂ 4 ਤੋਂ
ਖਡੂਰ ਸਾਹਿਬ, 27 ਫਰਵਰੀ - ਖਡੂਰ ਸਾਹਿਬ ਦੇ ਖੇਡ ਸਟੇਡੀਅਮ 'ਚ 4 ਤੋਂ 7 ਮਾਰਚ ਤੱਕ ਖੇਡਾਂ ਖਡੂਰ ਸਾਹਿਬ ਦੀਆਂ ਕਰਵਾਈਆਂ ਜਾ ਰਹੀਆਂ ਹਨ। ਇਹ ਖੇਡਾਂ ਸ੍ਰੀ ਗੁਰੂ ਅੰਗਦ ਦੇਵ ਸਪੋਰਟਸ, ਵਿਕਾਸ ਅਤੇ ਸੱਭਿਆਚਾਰਕ ਕਲੱਬ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਹਨ।
ਭਾਰਤ ਮੱਲ ਸਮਰਾਟ ਕੁਸ਼ਤੀ ਮੁਕਾਬਲੇ
ਜਲੰਧਰ, 27 ਫਰਵਰੀ - ਭਾਰਤ ਮੱਲ ਸਮਰਾਟ ਕੁਸ਼ਤੀ ਮੁਕਾਬਲੇ 28 ਫਰਵਰੀ ਤੋਂ 1 ਮਾਰਚ ਤੱਕ ਜਲੰਧਰ ਵਿਖੇ ਆਲ ਇੰਡੀਆ ਹੋਲਾ ਮੁਹੱਲਾ ਰੈਸਲਿੰਗ ਟੂਰਨਾਮੈਂਟ ਕਮੇਟੀ ਵੱਲੋਂ ਕਰਵਾਏ ਜਾ ਰਹੇ ਹਨ। ਇਸ ਭਾਰਤ ਮੱਲ ਸਮਰਾਟ ਨੂੰ (90 ਕਿਲੋ ਤੋਂ ਉਪਰ) ਲਈ 51000 ਰੁਪਏ ਤੇ ਗੁਰਜ ਦਿੱਤਾ ਜਾਵੇਗਾ। ਦੂਜੇ ਨੂੰ 31000 ਰੁਪਏ, ਤੀਸਰੇ ਨੂੰ 21000 ਰੁਪਏ ਅਤੇ ਚੌਥੇ ਦਰਜੇ ਤੇ ਰਹਿਣ ਵਾਲੇ ਨੂੰ 11000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਸ਼ੇਰ-ਏ-ਹਿੰਦ (90 ਕਿਲੋ), ਅਫਤਾਬ-ਏ-ਹਿੰਦ (80 ਕਿਲੋ), ਸਿਤਾਰ-ਏ-ਹਿੰਦ (80 ਕਿਲੋ), ਸ਼ਾਨ-ਏ-ਹਿੰਦ (60 ਕਿਲੋ) ਅਤੇ ਪੰਜਾਬ ਦੇ ਜੰਮਪਲ ਪਹਿਲਵਾਨਾਂ ਲਈ ਬਾਲ ਕੇਸਰੀ (45 ਕਿਲੋ) ਖਿਤਾਬ ਦੇ ਮੁਕਾਬਲੇ ਕਰਵਾਏ ਜਾਣਗੇ।
ਕਾਲਖ ਖੇਡ ਮੇਲਾ
ਅਹਿਮਦ ਗੜ੍ਹ, 27 ਫਰਵਰੀ - ਸਵ: ਸ: ਹਰਦੇਵ ਸਿੰਘ ਗਿੱਲ ਨੂੰ ਸਮਰਪਿਤ ਪੰਜਵਾਂ ਪੇਂਡੂ ਖੇਡ ਮੇਲਾ ਪਿੰਡ ਕਾਲਖ ਵਿਖੇ ਚੱਲ ਰਿਹਾ ਹੈ। ਇਸ ਖੇਡ ਮੇਲੇ ਦੇ ਦੂਜੇ ਦਿਨ ਬੈਲ ਗੱਡੀਆਂ ਦੀਆਂ ਦੌੜਾਂ, ਦੇਸੀ ਘੋੜਿਆਂ ਦੀਆਂ ਦੌੜਾਂ, ਵਾਲੀਬਾਲ ਸ਼ੂਟਿੰਗ, ਕਬੱਡੀ 70 ਕਿਲੋ ਦੇ ਮੁਕਾਬਲੇ ਕਰਵਾਏ ਗਏ। 28 ਫਰਵਰੀ ਨੂੰ ਅੱਠ ਅਕੈਡਮੀਆਂ ਕਬੱਡੀ ਦੇ ਮੈਚਾਂ ਤੋਂ ਇਲਾਵਾ ਫਾਈਨਲ ਮੁਕਾਬਲੇ ਹੋਣਗੇ। ਫਾਈਨਲ ਮੁਕਾਬਲਿਆਂ ਵਿਚ ਕਬੱਡੀ 37 ਕਿਲੋ ਵਿਚ ਪਹਿਲਾ ਸਥਾਨ ਧੂਰਕੋਟ ਅਤੇ ਦੂਸਰੇ ਸਥਾਨ 'ਤੇ ਬੁਟਾਹਰੀ ਰਹੇ। ਕਬੱਡੀ 57 ਕਿਲੋ 'ਚ ਚੀਮਾ ਜੋਧਪੁਰ ਨੇ ਮਹੇਰਨਾਂ ਕਲਾਂ ਨੂੰ ਹਰਾਇਆ। ਬੈਲ ਗੱਡੀਆਂ ਦੇ ਮੁਕਾਬਲਿਆਂ 'ਚ ਭੁਪਿੰਦਰ ਸਿੰਘ ਰਾਮਗੜ੍ਹ ਨੇ ਪਹਿਲਾ, ਸਵਰਨਜੀਤ ਸਿੰਘ ਮੰਜਾਲੀ ਦੂਸਰੇ, ਅਮਨਜੋਤ ਸਿੰਘ ਫੱਲੇਵਾਲ ਤੀਸਰੇ ਅਤੇ ਗੁਰਜੀਤ ਸਿੰਘ ਆਲਮਗੀਰ ਚੌਥੇ ਸਥਾਨ 'ਤੇ ਰਹੇ।
ਰੱਤੋਵਾਲ ਪੇਂਡੂ ਟੂਰਨਾਮੈਂਟ 4 ਤੋਂ
ਗੁਰੂਸਰ ਸੁਧਾਰ/ਮੁੱਲਾਂਪੁਰ ਦਾਖਾਂ, 27 ਫਰਵਰੀ - ਪਿੰਡ ਰੱਤੋਵਾਲ ਵਿਖੇ 4 ਤੋਂ 6 ਮਾਰਚ ਤੱਕ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਖੇਡ ਮੇਲਾ ਡੇਰਾ ਬਾਬਾ ਗੁਰਮੁਖ ਨੂੰ ਸਮਰਪਿਤ ਹੈ। ਇਸ ਟੂਰਨਾਮੈਂਟ 'ਚ ਫੁੱਟਬਾਲ ਓਪਨ ਅਤੇ ਕਬੱਡੀ ਵਜ਼ਨੀ 70 ਕਿਲੋ ਮੁਕਾਬਲੇ ਕਰਵਾਏ ਜਾਣਗੇ। ਫੁੱਟਬਾਲ, ਕਬੱਡੀ ਦੀਆਂ ਜੇਤੂ ਟੀਮਾਂ ਨੂੰ ਨਕਦ ਇਨਾਮ ਹੋਵੇਗਾ। ਰੱਤੋਵਾਲ ਖੇਡ ਮੇਲੇ ਦਾ ਉਦਘਾਟਨ ਸਾਬਕਾ ਸਰਪੰਚ ਮਹਿੰਦਰ ਸਿੰਘ ਚਹਿਲ ਅਤੇ ਇਨਾਮਾਂ ਦੀ ਵੰਡ ਸਰਪੰਚ ਬਲਵੀਰ ਕੌਰ, ਸਮੁੱਚੇ ਗ੍ਰਾਮ ਪੰਚਾਇਤ ਮੈਂਬਰਾਂ ਵੱਲੋਂ ਸਾਂਝੇ ਰੂਪ 'ਚ ਕੀਤੀ ਜਾਵੇਗੀ।
ਚਰਚਿਲ ਬ੍ਰਦਰਜ਼ ਗੋਆ ਅੱਗੇ
ਲੁਧਿਆਣਾ, 26 ਫਰਵਰੀ - ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 26 ਫਰਵਰੀ ਨੂੰ ਦੁਪਹਿਰ 3 ਵਜੇ 13ਵੀਂ ਓ. ਐਨ. ਜੀ. ਸੀ. ਰਾਸ਼ਟਰੀ ਫੁੱਟਬਾਲ ਲੀਗ ਦੇ 17ਵੇਂ ਗੇੜ ਦੇ ਇਕ ਅਹਿਮ ਮੁਕਾਬਲੇ ਕਰਵਾਏ ਗਏ। ਜਿਸ ਵਿਚ ਚਰਚਿਲ ਬ੍ਰਦਰਜ਼ ਗੋਆ ਦੀ ਟੀਮ ਨੇ ਜੇ. ਸੀ. ਟੀ. ਨੂੰ 2-1 ਦੇ ਫਰਕ ਨਾਲ ਹਰਾ ਦਿੱਤਾ। ਘਰੇਲੂ ਮੈਦਾਨ ਅੰਦਰ ਜੇ. ਸੀ. ਟੀ. ਦੀ ਇਹ ਲਗਾਤਾਰ ਤੀਜੀ ਹਾਰ ਹੈ। ਜੇ.ਸੀ.ਟੀ. ਦਾ ਅਗਲਾ ਮੈਚ ਇਸੇ ਸਟੇਡੀਅਮ 'ਚ 7 ਮਾਰਚ ਨੂੰ ਏਅਰ ਇੰਡੀਆ ਮੁੰਬਈ ਨਾਲ ਹੋਵੇਗਾ।
11ਵਾਂ ਅੰਤਰਰਾਸ਼ਟਰੀ ਕਬੱਡੀ ਗੋਲਡ ਕੱਪ
ਕਪੂਰਥਲਾ/ਭੰਡਾਲ ਬੇਟ, 26 ਫਰਵਰੀ - ਤਿੰਨ ਰੋਜ਼ਾ 11ਵਾਂ ਅੰਤਰਰਾਸ਼ਟਰੀ ਕਬੱਡੀ ਗੋਲਡ ਕੱਪ 27 ਫਰਵਰੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਭੰਡਾਲ ਬੇਟ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦਾ ਉਦਘਾਟਨ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਬੀਬੀ ਜਗੀਰ ਕੌਰ ਕਰਨਗੇ ਜਦਕਿ ਇਨਾਮਾਂ ਦੀ ਵੰਡ 1 ਮਾਰਚ ਨੂੰ ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਵੱਲੋਂ ਕੀਤੀ ਜਾਵੇਗੀ। ਸ: ਭੰਡਾਲ ਨੇ ਦੱਸਿਆ ਕਿ 6 ਅੰਤਰਰਾਸ਼ਟਰੀ ਕਲੱਬਾਂ ਦੇ ਦਿਲ ਖਿਚਵੇਂ ਮੈਚ ਹੋਣਗੇ , ਜਿਸ ਦਾ ਪਹਿਲਾ ਇਨਾਮ ਇਕ ਲੱਖ ਰੁਪਏ ਤੇ ਦੂਸਰਾ 75 ਹਜ਼ਾਰ ਰੁਪਏ ਹੋਵੇਗਾ।
ਪੰਜਾਬ ਪੱਧਰੀ ਕਬੱਡੀ ਮੁਕਾਬਲੇ 1 ਮਾਰਚ ਨੂੰ
ਗੁਰਦਾਸਪੁਰ, 26 ਫਰਵਰੀ - ਕਬੱਡੀ ਗੋਲਡ ਕੱਪ ਪਿੰਡ ਜ਼ਫਰਵਾਲ ਵਿਖੇ 1 ਮਾਰਚ ਤੋਂ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਗੋਲਡ ਕੱਪ ਦੌਰਾਨ ਪੰਜਾਬ ਦੀਆਂ ਪ੍ਰਸਿੱਧ 6 ਕਬੱਡੀ ਅਕੈਡਮੀਆਂ ਦੇ ਨਾਮਵਰ ਖਿਡਾਰੀ ਸ਼ਾਮਿਲ ਹੋਣਗੇ। ਪਹਿਲੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਗੋਲਡ ਕੱਪ ਤੋਂ ਇਲਾਵਾ 75 ਹਜ਼ਾਰ ਰੁਪਏ ਨਕਦ ਅਤੇ ਦੂਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 50 ਹਜ਼ਾਰ ਰੁਪਏ ਇਨਾਮ ਤੋਂ ਇਲਾਵਾ ਭਾਗ ਲੈਣ ਵਾਲੀਆਂ ਬਾਕੀ ਟੀਮਾਂ ਨੂੰ 20-20 ਹਜ਼ਾਰ ਰੁਪਏ ਨਕਦ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਰੱਸਾ ਕੱਸ਼ੀ ਮੁਕਾਬਲੇ ਵੀ ਕਰਵਾਏ ਜਾਣਗੇ ਜਿਨ੍ਹਾਂ ਵਿਚ ਜੇਤੂ ਰਹਿਣ ਵਾਲੀ ਟੀਮ ਨੂੰ 10 ਹਜ਼ਾਰ ਰੁਪਏ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 7 ਹਜ਼ਾਰ ਰੁਪਏ ਨਕਦ ਦਿੱਤੇ ਜਾਣਗੇ।
ਬਾਵਾ ਸਿੰਘ ਜੌਹਲ ਗੋਲਡ ਕਬੱਡੀ ਕੱਪ 27 ਫਰਵਰੀ ਨੂੰ
ਨਕੋਦਰ, 25 ਫਰਵਰੀ - ਬਾਵਾ ਸਿੰਘ ਜੌਹਲ ਗੋਲਡ ਕਬੱਡੀ ਕੱਪ ਅਕਾਲ ਸਟੇਡੀਅਮ, ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ 27 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦਾ ਉਦਘਾਟਨ ਸ: ਸੁਖਬੀਰ ਸਿੰਘ ਸੰਦਲ (ਸ਼ੂਗਰ ਮਿੱਲ ਫਗਵਾੜਾ) ਸਵੇਰੇ 10 ਵਜੇ ਕਰਨਗੇ। ਇਸ ਕੱਪ ਵਿਚ ਪਹਿਲਾ ਇਨਾਮ 1 ਲੱਖ ਰੁਪਏ ਨਕਦ, ਦੂਜਾ ਇਨਾਮ 70 ਹਜ਼ਾਰ ਰੁਪਏ ਦਿੱਤਾ ਜਾਵੇਗਾ।
ਮੇਲਾ ਜੋਧਿਆਂ ਦਾ ਤੇ ਚੌਥਾ ਕਬੱਡੀ ਗੋਲਡ ਕੱਪ 1 ਮਾਰਚ ਤੋਂ
ਬਾਬਾ ਬਕਾਲਾ, 25 ਫਰਵਰੀ - ਬਾਬਾ ਬਕਾਲਾ ਉਪ-ਮੰਡਲ ਦੇ ਪਿੰਡ ਜੋਧੇ ਵਿਖੇ ਧੰਨ-ਧੰਨ 108 ਬ੍ਰਹਮ ਗਿਆਨੀ ਬਾਬਾ ਗੋਪਾਲ ਦਾਸ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਅਤੇ ਚੌਥਾ ਕਬੱਡੀ ਗੋਲਡ ਕੱਪ 1 ਤੋਂ 3 ਮਾਰਚ ਨੂੰ ਤੱਕ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਚ 1 ਮਾਰਚ ਨੂੰ 60, 70 ਕਿਲੋ ਦੇ ਸਾਰੇ ਮੈਚ ਹੋਣਗੇ, 2 ਮਾਰਚ ਨੂੰ ਕੁੱਤਿਆਂ ਦੀਆਂ ਟਰੈਕ ਦੌੜਾਂ ਹੋਣਗੀਆਂ ਅਤੇ ਓਪਨ ਮੈਚ ਕਬੱਡੀ ਹੋਣਗੇ। 3 ਮਾਰਚ ਨੂੰ ਗੋਲਡ ਕਬੱਡੀ ਕੱਪ ਹੋਵੇਗਾ, ਜਿਸ ਵਿਚ ਪਹਿਲਾ ਇਨਾਮ ਇਕ ਲੱਖ ਇੱਕੀ ਹਜ਼ਾਰ ਰੁਪਏ ਅਤੇ ਦੂਸਰਾ ਇਨਾਮ ਇਕ ਲੱਖ ਇਕ ਹਜ਼ਾਰ ਰੁਪਏ ਹੋਵੇਗਾ।
ਬੱਦੋਵਾਲ ਵਿਖੇ ਕਬੱਡੀ ਕੱਪ 3 ਮਾਰਚ ਨੂੰ
ਲੁਧਿਆਣਾ, 25 ਫਰਵਰੀ - ਕਬੱਡੀ ਇੱਕ ਪਿੰਡ ਆਲ ਓਪਨ ਕਬੱਡੀ ਕੱਪ 3 ਮਾਰਚ ਨੂੰ ਬੱਦੋਵਾਲ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਇੱਕ ਪਿੰਡ ਓਪਨ ਟੀਮਾਂ ਦਾ ਹੋਵੇਗਾ। ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਤੇ ਉਪ ਜੇਤੂ ਟੀਮ ਨੂੰ 41 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਆ ਜਾਵੇਗਾ। ਇਸ ਟੂਰਨਾਮੈਂਟ 'ਚ ਸਿਰਫ਼ 10 ਟੀਮਾਂ ਨੂੰ ਐਂਟਰੀ ਦਿੱਤੀ ਜਾਵੇਗੀ।
ਇੰਡੀਅਨ ਪ੍ਰੀਮੀਅਰ ਲੀਗ ਦਾ ਪਹਿਲਾ ਮੈਚ 10 ਅਪ੍ਰੈਲ ਨੂੰ
ਨਵੀਂ ਦਿੱਲੀ, 25 ਫਰਵਰੀ - 10 ਅਪ੍ਰੈਲ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੀ ਦੂਜੀ ਲੜੀ ਤਹਿਤ ਪਹਿਲਾ ਮੈਚ ਰਾਜਸਥਾਨ ਰਾਇਲਜ਼ ਤੇ ਦਿੱਲੀ ਡੇਅਰਡੇਵਲਜ਼ ਟੀਮਾਂ ਦੇ ਵਿਚਕਾਰ ਹੋਵੇਗਾ। ਇਸ ਮੈਚ 'ਚ ਰਾਜਸਥਾਨ ਦੀ ਟੀਮ ਦਿੱਲੀ ਦੀ ਮੇਜ਼ਬਾਨੀ ਕਰੇਗੀ। ਇਸ ਟੂਰਨਾਮੈਂਟ ਦੇ ਦੋਵੇਂ ਸੈਮੀਫਾਈਨਲ ਮੁਕਾਬਲੇ ਚੇਨਈ ਦੇ ਚੇਪਕ ਸਟੇਡੀਅਮ 'ਚ 21-22 ਮਈ ਨੂੰ ਖੇਡੇ ਜਾਣਗੇ ਤੇ ਖ਼ਿਤਾਬੀ ਮੈਚ 24 ਮਈ ਨੂੰ ਮੁੰਬਈ 'ਚ ਹੋਵੇਗਾ। ਇਸ ਟੂਰਨਾਮੈਂਟ ਦੇ ਦਿਨ ਵੇਲੇ ਖੇਡੇ ਜਾਣ ਵਾਲੇ ਸਾਰੇ ਮੈਚ ਸ਼ਾਮ 4 ਵਜੇ ਤੋਂ 7 ਵਜੇ ਤੱਕ ਖੇਡੇ ਜਾਣਗੇ ਜਦੋਂ ਕਿ ਰਾਤ ਦੇ ਮੈਚ ਰਾਤ 8 ਵਜੇ ਤੋਂ 11 ਵਜੇ ਤੱਕ ਖੇਡੇ ਜਾਣਗੇ।
ਜੇ.ਸੀ.ਟੀ. ਅਕੈਡਮੀ ਫਗਵਾੜਾ ਅੱਗੇ
ਪਟਿਆਲਾ, 25 ਫਰਵਰੀ - ਪਹਿਲਾ ਆਲ ਇੰਡੀਆ ਜਥੇਦਾਰ ਮੋਹਨ ਸਿੰਘ ਤੁੜ ਯਾਦਗਾਰੀ ਫੁੱਟਬਾਲ ਮੈਚ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਚਲ ਰਿਹਾ ਹੈ। ਇਸ ਟੂਰਨਾਮੈਂਟ ਦੇ ਦੂਸਰੇ ਦਿਨ ਜੇ. ਸੀ. ਟੀ. ਅਕੈਡਮੀ ਫਗਵਾੜਾ ਨੇ ਸਟਾਰ ਇੰਪੈਕਟ ਮਾਲੇਰਕੋਟਲਾ ਦੀ ਟੀਮ ਨੂੰ ਤੇ ਖਾਲਸਾ ਕਾਲਜ ਮਾਹਲਪੁਰ ਨੇ ਸਿੱਖ ਨੈਸ਼ਨਲ ਕਾਲਜ ਬੰਗਾ ਨੂੰ ਹਰਾ ਕੇ ਆਖਰੀ ਚਾਰ 'ਚ ਥਾਂ ਬਣਾਉਣ 'ਚ ਸਫਲਤਾ ਹਾਸਿਲ ਕੀਤੀ। ਜਦੋਂ ਕਿ ਦਲਬੀਰ ਫੁੱਟਬਾਲ ਅਕੈਡਮੀ ਤੇ ਖਾਲਸਾ ਕਾਲਜ ਜਲੰਧਰ ਪਹਿਲਾਂ ਹੀ ਆਖਰੀ ਚਾਰ 'ਚ ਥਾਂ ਬਣਾ ਚੁੱਕੇ ਹਨ। ਸੈਮੀਫਾਈਨਲ ਵਿਚ ਦਲਬੀਰ ਅਕੈਡਮੀ ਦਾ ਮੁਕਾਬਲਾ ਖਾਲਸਾ ਕਾਲਜ ਜਲੰਧਰ ਅਤੇ ਖਾਲਸਾ ਕਾਲਜ ਮਾਹਲ ਪੁਰ ਦਾ ਮੁਕਾਬਲਾ ਜੇ. ਸੀ. ਟੀ. ਅਕੈਡਮੀ ਫਗਵਾੜਾ ਨਾਲ ਹੋਵੇਗਾ।
13ਵੀਂ ਓ.ਐਨ.ਜੀ.ਸੀ.ਰਾਸ਼ਟਰੀ ਫੁੱਟਬਾਲ ਲੀਗ
ਲੁਧਿਆਣਾ, 25 ਫਰਵਰੀ - ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 26 ਫਰਵਰੀ ਨੂੰ ਦੁਪਹਿਰ 3 ਵਜੇ 13ਵੀਂ ਓ. ਐਨ. ਜੀ. ਸੀ. ਰਾਸ਼ਟਰੀ ਫੁੱਟਬਾਲ ਲੀਗ ਦੇ 17ਵੇਂ ਗੇੜ ਦੇ ਇਕ ਅਹਿਮ ਮੁਕਾਬਲੇ 'ਚ ਜੇ. ਸੀ. ਟੀ. ਦਾ ਮੁਕਾਬਲਾ ਚਰਚਿਲ ਬ੍ਰਦਰਜ਼ ਗੋਆ ਨਾਲ ਹੋਵੇਗਾ। ਰਾਸ਼ਟਰੀ ਫੁੱਟਬਾਲ ਲੀਗ 'ਚ ਚਰਚਿਲ ਬ੍ਰਦਰਜ਼ ਗੋਆ 16 ਮੈਚਾਂ ਬਾਅਦ 30 ਅੰਕਾਂ ਨਾਲ ਤੀਸਰੇ ਸਥਾਨ 'ਤੇ ਚੱਲ ਰਹੀ ਹੈ ਜਦਕਿ ਜੇ. ਸੀ. ਟੀ. ਫਗਵਾੜਾ 17 ਅੰਕਾਂ ਨਾਲ 10ਵੇਂ ਸਥਾਨ 'ਤੇ ਚੱਲ ਰਹੀ ਹੈ। ਰਾਸ਼ਟਰੀ ਫੁੱਟਬਾਲ ਲੀਗ 'ਚ ਸਪੋਰਟਿੰਗ ਕਲੱਬ ਦੀ ਗੋਆ 34 ਅੰਕਾਂ ਨਾਲ ਪਹਿਲੇ ਸਥਾਨ 'ਤੇ, ਮੋਹਨ ਬਗਾਨ ਕੋਲਕਾਤਾ 33 ਅੰਕਾਂ ਨਾਲ ਦੂਸਰੇ ਸਥਾਨ 'ਤੇ ਚੱਲ ਰਹੀ ਹੈ ਜਦਕਿ ਚਰਚਿਲ ਬ੍ਰਦਰਜ਼ ਗੋਆ ਤੀਸਰੇ ਸਥਾਨ 'ਤੇ ਚੱਲ ਰਹੀ ਹੈ।
ਖੇਡਾਂ ਮੌ ਸਾਹਿਬ ਦੀਆਂ 27 ਫਰਵਰੀ ਤੋਂ
ਜਲੰਧਰ, 25 ਫਰਵਰੀ - ਮੌ ਸਾਹਿਬ ਦਾ ਖੇਡ ਮੇਲਾ 27 ਫਰਵਰੀ ਤੋਂ 1 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਇਹ ਖੇਡਾਂ ਸਵ: ਸ: ਗੁਰਦੀਪ ਸਿੰਘ ਭੁੱਲਰ ਹਲਕਾ ਵਿਧਾਇਕ ਨੂਰ ਮਹਿਲ ਦੀ ਯਾਦ ਨੂੰ ਸਮਰਪਿਤ ਹਨ। ਇਸ ਖੇਡ ਮੇਲੇ 'ਚ 40 ਕਿਲੋ ਤੇ 57 ਕਿਲੋ ਭਾਰ ਦੇ ਕਬੱਡੀ ਮੁਕਾਬਲੇ ਪਹਿਲੇ ਦਿਨ ਕਰਵਾਏ ਜਾਣਗੇ, ਆਲ ਓਪਨ ਕਬੱਡੀ ਮੁਕਾਬਲੇ 1 ਮਾਰਚ ਨੂੰ ਕਰਵਾਏ ਜਾਣਗੇ।ੁੰਜਿਸ ਦਾ ਪਹਿਲਾ ਇਨਾਮ 51000 ਰੁਪਏ ਅਤੇ ਦੂਜਾ ਇਨਾਮ 41000 ਹਜ਼ਾਰ ਰੁਪਏ ਹੋਵੇਗਾ। ਇਸ ਮੌਕੇ ਗੁਜਰਾਤ ਵਿਖੇ ਹੋਈਆਂ ਰਾਸ਼ਟਰੀ ਖੇਡਾਂ ਵਿਚੋਂ ਰਿਕਾਰਡ ਤੋੜ ਕੇ ਗੋਲਡ ਮੈਡਲ ਲਿਆਉਣ ਵਾਲੇ ਅਥਲੀਟ ਕਰਮਜੀਤ ਸਿੰਘ ਮੀਆਂ ਵਾਲ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਨਾਮਵਰ ਗੀਤਕਾਰ ਸੱਤੀ ਖੋਖੇਵਾਲੀਆ ਨੂੰ ਗੋਲਡ ਮੈਡਲ ਨਾਲ ਕਲੱਬ ਵੱਲੋਂ ਸਨਮਾਨਿਤ ਕੀਤਾ ਜਾਵੇਗਾ। 28 ਫਰਵਰੀ ਨੂੰ 65 ਕਿਲੋ ਭਾਰ ਦੇ ਆਲ ਓਪਨ ਮੁਕਾਬਲੇ ਹੋਣਗੇ।
ਬੁਰਜ ਹਰੀ ਸਿੰਘ ਦਾ 9ਵਾਂ ਖੇਡ ਮੇਲਾ
ਰਾਏਕੋਟ, 25 ਫਰਵਰੀ - ਮਨਜੀਤ ਸਿੰਘ ਔਲਖ ਤੇ ਸਵ: ਅਜੈਬ ਸਿੰਘ ਦੀ ਯਾਦ ਨੂੰ ਸਮਰਪਿਤ 9ਵਾਂ ਪੇਂਡੂ ਖੇਡ ਮੇਲਾ ਬੁਰਜ ਹਰੀ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਕਬੱਡੀ ਓਪਨ ਦੇ ਮੁਕਾਬਲਿਆਂ 'ਚ ਜਨੇਤਪੁਰਾ ਤੇ ਲੋਹ ਗੜ੍ਹ ਦੀਆਂ ਟੀਮਾਂ ਦੋਵੇਂ ਸਾਂਝੇ ਤੌਰ 'ਤੇ ਜੇਤੂ ਰਹੀਆਂ ਜਦਕਿ ਟਰਾਫ਼ੀ 'ਤੇ ਕਬਜ਼ਾ ਟਾਸ ਰਾਹੀਂ ਜਨੇਤਪੁਰਾ ਦੀ ਝੋਲੀ ਪਿਆ। ਇਸ ਤੋਂ ਇਲਾਵਾ ਕਬੱਡੀ 75 ਕਿਲੋ 'ਚ ਝੋਰੜਾਂ ਦੀ ਟੀਮ ਪਹਿਲੇ ਤੇ ਬੁਰਜ ਹਰੀ ਸਿੰਘ ਦੀ ਟੀਮ ਦੂਸਰੇ ਸਥਾਨ 'ਤੇ ਰਹੀ। ਕਬੱਡੀ 57 ਕਿਲੋ 'ਚ ਕੁਰੜ ਦੀ ਟੀਮ ਪਹਿਲੇ ਤੇ ਝੋਰੜਾਂ ਦੀ ਟੀਮ ਦੂਜੇ ਸਥਾਨ 'ਤੇ ਰਹੀ। ਹਾਕੀ ਦੇ ਮੁਕਾਬਲਿਆਂ 'ਚ ਰੂਮੀ ਦੀ ਟੀਮ ਨੇ ਮੇਜ਼ਬਾਨ ਬੁਰਜ ਹਰੀ ਸਿੰਘ ਦੀ ਟੀਮ ਨੂੰ ਹਰਾ ਕੇ ਟਰਾਫ਼ੀ 'ਤੇ ਕਬਜ਼ਾ ਕੀਤਾ।
ਅੰਤਰ 'ਵਰਸਿਟੀ ਸਾਈਕਲਿੰਗ ਚੈਂਪੀਅਨਸ਼ਿਪ ਸ਼ੁਰੂ
ਲੁਧਿਆਣਾ, 25 ਫਰਵਰੀ - ਪੀ. ਏ. ਯੂ. ਦੇ ਸਾਈਕਲਿੰਗ ਵੈਲੋਡਰੰਮ ਵਿਖੇ ਆਲ ਇੰਡੀਆ ਅੰਤਰ ਯੂਨੀਵਰਸਿਟੀ ਸਾਈਕਲਿੰਗ ਚੈਂਪੀਅਨਸ਼ਿਪ ਸ਼ੁਰੂ ਹੋ ਗਈ ਹੈ। ਇਹ ਚੈਂਪੀਅਨਸ਼ਿਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਰਵਾਈ ਜਾ ਰਹੀ ਹੈ ਜਿਸ ਵਿਚ ਦੇਸ਼ ਭਰ 'ਚੋਂ 21 ਯੂਨੀਵਰਸਿਟੀਆਂ ਦੇ ਸਾਈਕਲਿਸਟ ਹਿੱਸਾ ਲੈ ਰਹੇ ਹਨ। ਇਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ 100 ਮੀਟਰ ਟਾਈਮ ਟਰਾਇਲ 'ਚ ਪੰਜਾਬ 'ਵਰਸਿਟੀ ਦੇ ਗੁਰਭਾਜ ਸਿੰਘ ਨੇ 1:11:863 ਸੈਕਿੰਡ ਦੇ ਸਮੇਂ ਨਾਲ ਸੋਨ ਤਮਗਾ ਜਿੱਤਿਆ ਜਦਕਿ ਜਗਦੀਪ ਸਿੰਘ ਨੇ ਦੂਸਰਾ ਸਥਾਨ, ਕਿਰਨਇੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਤੀਸਰਾ ਸਥਾਨ ਹਾਸਲ ਕੀਤਾ। 1500 ਮੀਟਰ ਟਾਈਮ ਟਰਾਈਲ ਲੜਕੀਆਂ 'ਚ ਪੰਜਾਬ 'ਵਰਸਿਟੀ ਨੇ 2:07:970 ਸੈਕਿੰਡ ਦੇ ਸਮੇਂ ਨਾਲ ਸੋਨ ਤਮਗਾ ਜਿੱਤਿਆ। ਕੇਰਲਾ ਤੇ ਪੰਜਾਬੀ 'ਵਰਸਿਟੀ ਪਟਿਆਲਾ ਨੇ ਕ੍ਰਮਵਾਰ ਚਾਂਦੀ ਦਾ ਤੇ ਕਾਂਸੀ ਦਾ ਤਮਗਾ ਜਿੱਤਿਆ। 1500 ਮੀਟਰ ਟੀਮ ਟਾਈਮ ਟਰਾਇਲ 'ਚ ਪੰਜਾਬੀ 'ਵਰਸਿਟੀ ਪਟਿਆਲਾ ਨੇ 1:47:700 ਸੈਕਿੰਡ ਦੇ ਸਮੇਂ ਨਾਲ ਸੋਨ ਤਮਗਾ ਜਿੱਤਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਦੂਸਰਾ ਬੀਕਾਨੇਰ 'ਵਰਸਿਟੀ ਨੇ ਤੀਸਰਾ ਸਥਾਨ ਹਾਸਲ ਕੀਤਾ। 500 ਮੀਟਰ ਟਾਈਮ ਟਰਾਇਲ ਕੁੜੀਆਂ 'ਚ ਐਮ ਮੋਹਨ ਯੂਨੀਵਰਸਿਟੀ ਕੇਰਲਾ ਨੇ 41:319 ਸੈਕਿੰਡ ਦੇ ਸਮੇਂ ਨਾਲ ਸੋਨ ਤਮਗਾ ਜਿੱਤਿਆ, ਰਾਜਵਿੰਦਰ ਕੌਰ ਪੰਜਾਬੀ 'ਵਰਸਿਟੀ ਪਟਿਆਲਾ ਨੇ ਦੂਸਰਾ, ਅੰਮ੍ਰਿਤਪਾਲ ਕੌਰ ਪੰਜਾਬ 'ਵਰਸਿਟੀ ਚੰਡੀਗੜ੍ਹ ਨੇ ਤੀਸਰਾ ਸਥਾਨ ਹਾਸਲ ਕੀਤਾ।
ਮੰਡੀ 'ਚ ਅੱਠ ਅੰਤਰਰਾਸ਼ਟਰੀ ਕਬੱਡੀ ਅਕੈਡਮੀਆਂ ਭਿੜਨਗੀਆਂ
ਜਲੰਧਰ , 24 ਫਰਵਰੀ - ਦੋ ਦਿਨਾਂ ਕਬੱਡੀ ਟੂਰਨਾਂਮੈਂਟ ਜਲੰਧਰ ਦੇ ਨੇੜਲੇ ਪਿੰਡ ਮੰਡੀ ਵਿਖੇ ਐਨ ਆਰ ਆਈ ਸਪੋਰਟਸ ਕਲੱਬ ਮੰਡੀ ਵਲੋਂ ਕਰਵਾਏ ਜਾ ਰਹੇ ਹਨ। ਪਹਿਲੇ ਦਿਨ ਹੋਏ ਫਾਈਨਲ ਮੁਕਾਬਲਿਆਂ ਦੌਰਾਨ 48 ਕਿਲੋਗ੍ਰਾਮ ਭਾਰ ਵਰਗ ਵਿਚ ਮੰਡੀ ਨੂੰ ਅਕਲਪੁਰ ਨੇ ਹਰਾਇਆ। 60 ਕਿਲੋਗ੍ਰਾਮ ਭਾਰ ਵਰਗ ਦੇ ਕਬੱਡੀ ਮੁਕਾਬਲੇ ਵਿਚ ਤਾਹਰਪੁਰ ਨੇ ਮੰਡੀ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰੱਸਾਕਸ਼ੀ ਦੇ ਫਾਈਨਲ ਮੁਕਾਬਲੇ ਵਿਚ ਚਹੇੜੂ ਦੇ ਗੱਭਰੂਆਂ ਨੇ ਸਰੀਂਹ ਨੂੰ ਹਰਾ ਕੇ ਪਹਿਲਾ ਇਨਾਮ ਹਾਸਲ ਕੀਤਾ। 25 ਫਰਵਰੀ ਨੂੰ 8 ਅੰਤਰਰਾਸ਼ਟਰੀ ਕਬੱਡੀ ਕਲੱਬਾਂ ਦੇ ਫਸਵੇਂ ਭੇੜ ਹੋਣਗੇ।
ਚੌਥਾ ਯਾਦਗਾਰੀ ਕਬੱਡੀ ਟੂਰਨਾਮੈਂਟ 9 ਤੋਂ
ਜਲੰਧਰ, 24 ਫਰਵਰੀ - ਚੌਥਾ ਯਾਦਗਾਰੀ ਕਬੱਡੀ ਟੂਰਨਾਮੈਂਟ ਕਲਾਨੌਰ ਵਿਖੇ 9 ਤੋਂ 10 ਮਾਰਚ ਤੱਕ ਸੰਤ ਮਹਿਲ ਸਿੰਘ ਮੁੱਖ ਸੇਵਾਦਾਰ ਦੀ ਸਰਪ੍ਰਸਤੀ ਹੇਠ ਬਾਬਾ ਕਾਰ ਜੀ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿਚ 9 ਮਾਰਚ ਨੂੰ ਕੁਸ਼ਤੀਆਂ ਦੇ ਮੁਕਾਬਲੇ ਤੇ 10 ਮਾਰਚ ਨੂੰ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ। ਜੇਤੂ ਟੀਮ ਨੂੰ ਪਹਿਲਾ ਇਨਾਮ ਇਕ ਲੱਖ ਰੁਪਏ ਦਾ ਲਖਵਿੰਦਰ ਸਿੰਘ ਰੰਧਾਵਾ ਯੂ. ਐਸ. ਏ. ਵੱਲੋਂ ਤੇ ਦੂਜਾ ਇਨਾਮ 75 ਹਜ਼ਾਰ ਰੁਪਏ ਗੋਪਾਲ ਸਿੰਘ ਯੂ. ਐਸ. ਏ. ਵੱਲੋਂ ਦਿੱਤਾ ਜਾਵੇਗਾ। ਇਸ ਟੂਰਨਾਮੈਂਟ 'ਚ ਕੁਸ਼ਤੀਆਂ 'ਚ ਸੱਦਾ ਪੱਤਰ ਵਾਲੇ ਪਹਿਲਵਾਨ ਹੀ ਹਿੱਸਾ ਲੈ ਸਕਦੇ ਹਨ।
ਲਾਂਬੜਾ ਦਾ ਪੇਂਡੂ ਖੇਡ ਮੇਲਾ
ਲਾਂਬੜਾ, 24 ਫਰਵਰੀ - ਲਾਂਬੜਾ ਦਾ ਪੇਂਡੂ ਖੇਡ ਮੇਲਾ 27 ਫਰਵਰੀ ਤੋਂ 1 ਮਾਰਚ ਤੱਕ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸਪੋਰਟਸ ਕਲੱਬ ਐਨ. ਆਰ. ਆਈ. ਵਿੰਗ ਲਾਂਬੜਾ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਪੇਂਡੂ ਖੇਡ ਮੇਲੇ ਦੌਰਾਨ 8 ਅੰਤਰਰਾਸ਼ਟਰੀ ਕਲੱਬ ਦੇ ਅੰਤਰਰਾਸ਼ਟਰੀ ਖਿਡਾਰੀ ਆਪਣੀ ਕਬੱਡੀ ਦੀ ਖੇਡ ਦੇ ਜੌਹਰ ਦਿਖਾਉਣਗੇ। ਮੇਲੇ ਦੌਰਾਨ ਪੰਜਾਬ ਦੀ ਪੇਂਡੂ ਵਿਰਾਸਤ ਨਾਲ ਸੰਬੰਧਿਤ ਬਲਦਾਂ ਦੀਆਂ ਹਲਟ ਦੌੜਾਂ ਜੋ ਕਿ ਅੱਠ ਮਿੰਟ ਦੀ ਹੋਵੇਗੀ, ਦਰਸ਼ਕਾਂ ਨੂੰ ਮੇਲੇ ਪ੍ਰਤੀ ਆਕਰਸ਼ਨ ਕਰਨਗੀਆਂ। ਜਿਸ ਲਈ ਖੇਡ ਮੈਦਾਨ ਦੇ ਇਕ ਖੂੰਝੇ ਵਿਚ ਖੂਹ ਤਿਆਰ ਕੀਤਾ ਗਿਆ ਹੈ। ਖੇਡ ਮੇਲੇ ਦੌਰਾਨ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਲਈ 65 ਕਿਲੋ ਪਿੰਡ ਪੱਧਰ ਦੀ ਕਬੱਡੀ ਦੇ ਵਿਸ਼ੇਸ਼ ਮੁਕਾਬਲੇ ਕਰਵਾਏ ਜਾ ਰਹੇ ਹਨ। ਓਪਨ ਦੇ ਮੁਕਾਬਲਿਆਂ ਦੌਰਾਨ ਤਿੰਨ ਖਿਡਾਰੀ ਬਾਹਰੋਂ ਦੌਰਾਨ ਪੰਜਾਬ ਦੇ ਗੱਭਰੂ ਆਪਣੀ ਸੁਚੱਜੀ ਖੇਡ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਕੇ ਖਿਤਾਬ ਜਿੱਤਣਗੇ। ਕਲੱਬਾਂ ਦੇ ਜੇਤੂਆਂ ਨੂੰ ਇਕ ਲੱਖ ਰੁਪਏ ਨਕਦ ਇਨਾਮ, ਪਿੰਡ ਪੋਪਰ, ਓਪਨ ਦੀ ਜੇਤੂ ਨੂੰ 51 ਹਜ਼ਾਰ ਰੁਪਏ ਅਤੇ 65 ਕਿਲੋ ਪਿੰਡ ਪੱਧਰ ਦੀ ਜੇਤੂ ਟੀਮ ਨੂੰ 15 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ।
ਪਿੰਡ ਕਾਲਖ ਦੀਆਂ ਖੇਡਾਂ 26 ਤੋਂ
ਅਹਿਮਦਗੜ੍ਹ, 24 ਫਰਵਰੀ - ਸਵਰਗੀ ਸਰਪੰਚ ਹਰਦੇਵ ਸਿੰਘ ਕਾਲਖ ਨੂੰ ਸਮਰਪਿਤ ਪੰਜਵਾਂ ਪੇਂਡੂ ਖੇਡ ਮੇਲਾ ਪਿੰਡ ਕਾਲਖ ਵਿਖੇ 26 ਤੋਂ 28 ਫਰਵਰੀ ਤੱਕ ਕਰਵਾਇਆ ਜਾਵੇਗਾ। ਇਸ ਖੇਡ ਮੇਲੇ ਦਾ ਉਦਘਾਟਨ ਜਗਪਾਲ ਸਿੰਘ ਖੰਗੂੜਾ ਕਰਨਗੇ ਅਤੇ ਇਨਾਮਾਂ ਦੀ ਵੰਡ ਬੀਬੀ ਰਾਜਿੰਦਰ ਕੌਰ ਭੱਠਲ ਕਰਨਗੇ।
ਬੇਗੋਵਾਲ ਕਬੱਡੀ ਕੱਪ 'ਤੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਦਾ ਕਬਜ਼ਾ
ਬੇਗੋਵਾਲ, 24 ਫਰਵਰੀ - 9ਵਾਂ ਕੌਮਾਂਤਰੀ ਕਬੱਡੀ ਕੱਪ ਅਤੇ ਸਭਿਆਚਾਰਕ ਮੇਲਾ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਪੋਰਟਸ ਐਂਡ ਕਲਚਰਲ ਕਲੱਬ (ਰਜਿ:) ਬੇਗੋਵਾਲ ਵੱਲੋਂ ਕਰਵਾਇਆ ਗਿਆ। ਇਸ ਵਿਚ ਇਕ ਪਿੰਡ ਓਪਨ ਵਰਗ ਵਿਚ ਇਬਰਾਹੀਮਵਾਲ ਨੇ ਬੇਗੋਵਾਲ ਨੂੰ ਅਤੇ ਕਲੱਬਾਂ ਦੇ ਭੇੜ ਵਿਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਕੈਲੀਫੋਰਨੀਆ ਨੇ ਗੁਰੂ ਨਾਨਕ ਕਬੱਡੀ ਕਲੱਬ ਨਕੋਦਰ ਨੂੰ ਹਰਾ ਕੇ ਕਬੱਡੀ ਕੱਪ ਅਤੇ 1 ਲੱਖ ਰੁਪਏ ਦਾ ਨਕਦ ਇਨਾਮ ਜਿੱਤਿਆ। ਉਪ-ਜੇਤੂ ਟੀਮ ਨੂੰ 75000 ਦਾ ਨਕਦ ਇਨਾਮ ਦਿੱਤਾ ਗਿਆ। ਪਹਿਲਾ ਇਨਾਮ ਸ਼ੇਰੇ ਪੰਜਾਬ ਕਬੱਡੀ ਕਲੱਬ ਬੈਲਜ਼ੀਅਮ ਦੇ ਕੁਲਵਿੰਦਰ ਸਿੰਘ ਮਿੰਟਾ ਬੇਗੋਵਾਲ ਅਤੇ ਗੁਰਦਾਵਰ ਸਿੰਘ ਗਾਬਾ ਵੱਲੋਂ ਅਤੇ ਦੂਸਰਾ ਹਮਿਲਟਨ ਪੰਜਾਬੀ ਸਪੋਰਟਸ ਕਲੱਬ ਕੈਨੇਡਾ ਦੇ ਤਜਿੰਦਰ ਸਿੰਘ ਪਿੰਕਾ ਅਤੇ ਚਰਨਜੀਤ ਸਿੰਘ ਚੰਨੀ ਵੱਲੋਂ ਜਾਰੀ ਕੀਤੇ ਗਏ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਬੀਬੀ ਜਗੀਰ ਕੌਰ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ। ਖੇਡ ਮੇਲੇ ਦੀ ਸਮਾਪਤੀ 'ਤੇ ਫਿਲਮੀ ਅਦਾਕਾਰ ਅਤੇ ਗਾਇਕ ਹਰਭਜਨ ਮਾਨ ਨੇ ਆਪਣੀ ਬੁਲੰਦ ਆਵਾਜ਼ ਨਾਲ ਦੇਰ ਰਾਤ ਤੱਕ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਮਾਂ ਖੇਡ ਕਬੱਡੀ ਦੀ ਬਿਹਤਰੀ ਲਈ ਹੋਏ ਫੈਸਲੇ
ਜਲੰਧਰ, 24 ਫਰਵਰੀ - ਮਾਂ ਖੇਡ ਕਬੱਡੀ ਦੀ ਤਰੱਕੀ ਲਈ ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ, ਪੰਜਾਬ ਕਬੱਡੀ ਅਕੈਡਮੀ, ਕਲੱਬ ਐਸੀਏਸ਼ਨ ਤੇ ਹੋਰ ਮੁਲਕਾਂ ਦੇ ਕਬੱਡੀ ਪ੍ਰਮੋਟਰਾਂ ਤੇ ਕਬੱਡੀ ਕਲੱਬਾਂ ਦੇ ਅਹੁਦੇਦਾਰਾਂ ਦੀ ਬੈਠਕ ਐਨ. ਆਰ. ਆਈਜ਼ ਸਭਾ ਜਲੰਧਰ ਵਿਖੇ ਸੁਰਜਨ ਸਿੰਘ ਚੱਠਾ ਦੀ ਸਰਪ੍ਰਸਤੀ ਹੇਠ ਹੋਈ। ਸ: ਬਲਵੀਰ ਸਿੰਘ ਬਿੱਟੂ ਨੇ ਦੱਸਿਆ ਕਿ ਇਸ ਮੌਕੇ ਕਬੱਡੀ ਦੀ ਬਿਹਤਰੀ ਲਈ ਫੈਸਲਾ ਕੀਤਾ ਗਿਆ ਕਿ ਜੋ ਵੀ ਖਿਡਾਰੀ ਕਿਸੇ ਵੀ ਟੂਰਨਾਮੈਂਟ ਦੌਰਾਨ ਨਸ਼ਾ ਕਰਦਾ ਫੜਿਆ ਗਿਆ ਉਸ 'ਤੇ ਇਕ ਮਾਰਚ 2009 ਤੋਂ 30 ਸਤੰਬਰ 2010 ਤੱਕ ਇਕ ਸਾਲ ਦੀ ਪਾਬੰਦੀ ਹੋਰ ਲਗਾਈ ਜਾਵੇਗੀ। ਇਸ ਤੋਂ ਇਲਾਵਾ ਅਗਲੇ ਫੈਸਲੇ ਵਿਚ ਜਿਹੜਾ ਵੀ ਕਬੱਡੀ ਖਿਡਾਰੀ ਪਹਿਲਾਂ ਕਲੱਬ ਨਾਲ ਇਕਰਾਰਨਾਮੇ ਹੋਏ ਇਸ ਦੀ ਸੂਚਨਾ ਖੇਡ ਕਲੱਬ ਦੇ ਕੋਚ, ਮੈਨੇਜਰ ਤੇ ਪ੍ਰਧਾਨ ਨੂੰ ਦਿੱਤੀ ਜਾਵੇ ਤੇ ਇਸ ਦੀ ਮਨਜ਼ੂਰੀ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਤੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਤੋਂ ਲਈ ਜਾਵੇ। ਇਸ ਤੋਂ ਇਲਾਵਾ ਜੋ ਵੀ ਕਬੱਡੀ ਖਿਡਾਰੀ ਦੇਸ਼ ਜਾਂ ਵਿਦੇਸ਼ 'ਚ ਖੇਡਣ ਜਾਵੇਗਾ ਉਹ ਖਿਡਾਰੀ ਆਪਣੇ ਕਲੱਬ ਰਾਹੀਂ ਪੰਜਾਬ ਕਬੱਡੀ ਕਲੱਬ ਤੇ ਅਕੈਡਮੀ ਐਸੋਸੀਏਸ਼ਨ ਤੇ ਨਾਰਥ ਇੰਡੀਆ ਸਰਕਲ ਸਟਾਈਲ ਫੈਡਰੇਸ਼ਨ ਤੋਂ ਕੋਈ ਇਤਰਾਜ਼ ਨਹੀਂ ਹੋਣ ਦਾ ਸਰਟੀਫਿਕੇਟ ਲੈ ਕੇ ਖੇਡਣਯੋਗ ਹੋਵੇਗਾ। ਇਸ ਮੌਕੇ ਸ: ਚੱਠਾ ਨੇ ਦੱਸਿਆ ਕਿ ਅਗਲੀ ਬੈਠਕ 27 ਫਰਵਰੀ ਨੂੰ ਗੁਪਤਾ ਪੈਲੇਸ ਫਗਵਾੜਾ ਵਿਖੇ ਸਵੇਰੇ 10 ਵਜੇ ਬੁਲਾਈ ਗਈ ਹੈ।
ਅੰਤਰਰਾਸ਼ਟਰੀ ਕੁਲਥਮ ਖੇਡ ਮੇਲਾ 27 ਫਰਵਰੀ ਤੋਂ
ਅੰਤਰਰਾਸ਼ਟਰੀ ਕੁਲਥਮ ਖੇਡ ਮੇਲਾ ਪਿੰਡ ਕੁਲਥਮ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ, ਸਮੂਹ ਨਗਰ ਨਿਵਾਸੀ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। 27 ਫਰਵਰੀ ਨੂੰ 56 ਤੇ 65 ਕਿਲੋ ਭਾਰ ਦੇ ਕਬੱਡੀ ਮੈਚ ਅਤੇ 90 ਤੇ 110 ਕਿਲੋ ਭਾਰ ਦੀਆਂ ਨਾਕ ਆਊਟ ਵਿਧੀ ਨਾਲ ਕੁਸ਼ਤੀਆਂ ਹੋਣਗੀਆਂ। 56 ਕਿਲੋ ਕਬੱਡੀ ਟੀਮ ਨੂੰ ਪਹਿਲਾ ਇਨਾਮ 5000 ਤੇ 4000 ਹੋਵੇਗਾ। 65 ਕਿਲੋ ਕਬੱਡੀ ਟੀਮ ਨੂੰ ਪਹਿਲਾ ਇਨਾਮ 7000 ਤੇ 6000 ਹੋਵੇਗਾ। 28 ਫਰਵਰੀ ਨੂੰ ਹਲਟ, ਐਥਲੈਟਿਕ ਤੇ ਰੱਸ਼ਾਕੱਸ਼ੀ ਮੁਕਾਬਲੇ ਹੋਣਗੇ। 1 ਮਾਰਚ ਨੂੰ ਅੱਠ ਅੰਤਰਰਾਸ਼ਟਰੀ ਕਬੱਡੀ ਕਲੱਬਾਂ ਦੇ ਨਾਕ ਆਊਟ ਵਿਧੀ ਨਾਲ ਮੈਚ ਹੋਣਗੇ। ਵਧੇਰੇ ਜਾਣਕਾਰੀ ਲਈ 98155-04950, 98148-44000, 98559-44300 ਮੋਬਾਈਲ ਨੰਬਰਾਂ 'ਤੇ ਸੰਪਰਕ ਕਰੋ।
ਸਾਲਾਨਾ ਅੰਤਰਰਾਸ਼ਟਰੀ ਪੇਂਡੂ ਖੇਡ ਮੇਲਾ 27 ਤੋਂ
ਮੇਹਲੀ, 24 ਫਰਵਰੀ - ਸਾਲਾਨਾ ਅੰਤਰਰਾਸ਼ਟਰੀ ਪੇਂਡੂ ਖੇਡ ਮੇਲਾ ਡੀ. ਬੀ. ਐਮ. ਹਾਈ ਸਕੂਲ ਪਿੰਡ ਕੁਲਥਮ (ਸ਼ਹੀਦ ਭਗਤ ਸਿੰਘ ਨਗਰ) ਦੇ ਮੈਦਾਨ 'ਚ 27 ਫਰਵਰੀ ਤੋਂ 1 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਪਹਿਲੇ ਦਿਨ 65 ਤੇ 56 ਕਿਲੋ ਭਾਰਤ ਵਰਗ ਦੇ ਕਬੱਡੀ ਮੈਚ ਅਤੇ 90 ਤੇ 110 ਕਿਲੋ ਭਾਰ ਵਰਗ ਦੀਆਂ ਨਾਕ ਆਊਟ ਵਿਧੀ ਨਾਲ ਕੁਸ਼ਤੀਆਂ ਹੋਣਗੀਆਂ। ਦੂਜੇ ਦਿਨ ਹਲਟ ਦੌੜਾਂ, ਅਥਲੈਟਿਕਸ ਲੜਕੇ ਤੇ ਰੱਸਾਕਸ਼ੀ ਦੇ ਆਲ ਓਪਨ ਮੁਕਾਬਲੇ ਹੋਣਗੇ। ਅੰਤਿਮ ਦਿਨ ਅੱਠ ਅੰਤਰਰਾਸ਼ਟਰੀ ਕਬੱਡੀ ਕਲੱਬਾਂ ਦੇ ਮੈਚ ਹੋਣਗੇ।
ਕਬੱਡੀ ਗੋਲਡ ਕੱਪ 27 ਤੋਂ
ਜਲੰਧਰ, 24 ਫਰਵਰੀ - 11ਵਾਂ ਗੁਰੂ ਤੇਗ ਬਹਾਦੁਰ ਕੌਮਾਂਤਰੀ ਕਬੱਡੀ ਗੋਲਡ ਕੱਪ 27 ਫਰਵਰੀ ਤੋਂ 1 ਮਾਰਚ ਤੱਕ ਗੁਰੂ ਤੇਗ ਬਹਾਦੁਰ ਸਟੇਡੀਅਮ, ਭੰਡਾਲ ਬੇਟ 'ਚ ਕਰਵਾਇਆ ਜਾ ਰਿਹਾ ਹੇ। ਇਸ ਕਬੱਡੀ ਕੱਪ 'ਚ ਪਹਿਲੇ ਦੋ ਸਥਾਨਾਂ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 51 ਹਜ਼ਾਰ ਤੇ 41 ਹਜ਼ਾਰ ਰੁਪਏ ਮਿਲਣਗੇ ਜਦਕਿ ਗੋਲਡ ਕੱਪ ਦੀ ਜੇਤੂ ਟੀਮ ਨੂੰ ਇਕ ਲੱਖ ਅਤੇ ਉਪ-ਜੇਤੂ ਨੂੰ 75 ਹਜ਼ਾਰ ਰੁਪਏ ਮਿਲਣਗੇ।
ਕਬੱਡੀ 'ਚ ਫਤਿਹਗੜ੍ਹ ਸਿਬੀਆ, ਦੋਲੋਂ ਕਲਾਂ ਦੀਆਂ ਟੀਮਾਂ ਦੀ ਚੜ੍ਹਤ
ਲੁਧਿਆਣਾ, 22 ਫਰਵਰੀ -14ਵੀਆਂ ਸਾਲਾਨਾ ਪੇਂਡੂ ਖੇਡਾਂ ਯੁਵਕ ਸੇਵਾਵਾਂ ਸਪੋਰਟਸ ਕਲੱਬ ਲਲਤੋਂ ਕਲਾਂ ਵੱਲੋਂ ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਦੀ ਸਰਪ੍ਰਸਤੀ ਹੇਠ ਕਰਵਾਈਆਂ ਗਈਆਂ। ਜਿਸ ਵਿਚ ਕਬੱਡੀ 52 ਕਿਲੋ ਦੇ ਫਾਈਨਲ ਵਿਚ ਫਤਿਹਗੜ੍ਹ ਸਿਬੀਆ ਨੇ ਰੱਬੋ ਨੂੰ ਹਰਾਇਆ। ਕਬੱਡੀ 51 ਕਿਲੋ ਦੇ ਫਾਈਨਲ ਵਿਚ ਦੋਲੋਂ ਕਲਾਂ ਨੇ ਲਲਤੋਂ ਕਲਾਂ ਨੂੰ ਦਰੜਿਆ। ਕਬੱਡੀ 70 ਕਿਲੋ ਵਿਚ ਲਲਤੋਂ ਨੇ ਸੁਨੇਤ ਨੂੰ, ਚੌਕੀ ਨੇ ਦੋਲੋਂ ਨੂੰ, ਦੋਲੋਂ ਏ ਨੇ ਪਮਾਲ ਨੂੰ ਹਰਾਇਆ। ਕੁੱਤਿਆਂ ਦੀਆਂ ਦੌੜਾਂ ਵਿਚ ਇੰਦਰ ਪਾਲ ਧਾਲੀਵਾਲ ਦਾ ਕੁੱਤਾ ਫਾਈਟਰ ਪਹਿਲੇ ਸਥਾਨ 'ਤੇ, ਅਜੈ ਕਰਨ ਉਮੈਦਪੁਰ ਦਾ ਕੁੱਤਾ ਜੋਕਰ ਦੂਸਰੇ ਸਥਾਨ 'ਤੇ, ਜੋਹਲ ਬ੍ਰਦਰਜ਼ ਮੰਡਿਆਣੀ ਦਾ ਕੁੱਤਾ ਕਿੰਗ ਤੀਸਰੇ। ਵਾਲੀਬਾਲ ਵਿਚ ਸੋਹੀਆ ਨੇ ਵਲੀਪੁਰ ਨੂੰ, ਜੋਧਾਂ ਨੂੰ ਬਾਰਨਹਾੜੇ ਨੂੰ, ਖੰਜਰਵਾਲ ਨੇ ਹਰਕੀਰਤਗੜ੍ਹ ਨੂੰ ਹਰਾਇਆ।
ਮਨਪ੍ਰੀਤ ਨੇ ਜਿੱਤਿਆ ਚਾਂਦੀ ਦਾ ਤਮਗਾ
ਸੁਨਾਮ, 22 ਫਰਵਰੀ - ਸਬ ਜੂਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਉਤਰ ਪ੍ਰਦੇਸ਼ ਦੇ ਸ਼ਹਿਰ ਲਖਨਾਊ ਵਿਖੇ ਕਰਵਾਈ ਗਈ। ਜਿਸ ਵਿਚ ਸੁਨਾਮ ਦੀ ਖਿਡਾਰਨ ਮਨਪ੍ਰੀਤ ਕੌਰ ਨੇ ਚਾਂਦੀ ਦਾ ਤਮਗਾ ਹਾਸਲ ਕਰਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਇਸ ਖਿਡਾਰਨ ਵੱਲੋਂ ਸੂਬਾ ਪੱਧਰੀ ਖੇਡਾਂ ਵਿਚ ਅੱਠ ਸੋਨ, ਇਕ ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਵੀ ਪ੍ਰਾਪਤ ਕੀਤਾ ਜਾ ਚੁੱਕਾ ਹੈ।
ਕੌਮੀ ਫੈਡਰੇਸ਼ਨ ਕੱਪ ਲਈ ਪੰਜਾਬ ਦੇ ਮੁੱਕੇਬਾਜ਼ਾਂ ਦੀ ਚੋਣ
ਪਟਿਆਲਾ, 22 ਫਰਵਰੀ - ਕੌਮੀ ਮੁੱਕੇਬਾਜ਼ੀ ਫੈਡਰੇਸ਼ਨ ਕੱਪ ਜੋ ਕਿ ਆਂਧਰਾ ਪ੍ਰਦੇਸ਼ ਦੇ ਸ਼ਹਿਰ ਵਿਜਯ ਨਗਰਮ ਵਿਖੇ 25 ਤੋਂ 28 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ। ਇਸ ਫੈਡਰੇਸ਼ਨ ਕੱਪ 'ਚ ਦੇਸ਼ ਦੀਆਂ ਚੋਟੀ ਦੀਆਂ 8 ਟੀਮਾਂ ਹਿੱਸਾ ਸ਼ਾਮਿਲ ਹੋ ਰਹੀਆਂ ਹਨ।ਜਿਨ੍ਹਾਂ ਵਿਚ ਪੰਜਾਬ, ਰੇਲਵੇ, ਆਲ ਇੰਡੀਆ ਪੁਲਿਸ, ਹਰਿਆਣਾ, ਸੈਨਾ, ਮੇਘਾਲਿਆ, ਦਿੱਲੀ, ਝਾਰਖੰਡ ਤੇ ਆਂਧਰਾ ਪ੍ਰਦੇਸ਼ ਦੀਆਂ ਟੀਮਾਂ ਸ਼ਾਮਿਲ ਹਨ। ਫੈਡਰੇਸ਼ਨ ਕੱਪ 'ਚ ਵਿਜੇ ਕੁਮਾਰ ਲਾਈਟ ਫਲਾਈਵੇਟ, ਮਨੋਜ ਕੁਮਾਰ ਫਲਾਈਵੇਟ, ਪਵਨ ਸ਼ਰਮਾ ਬੈਟਮ ਵੇਟ ਤਿੰਨੇਂ ਐਸ.ਟੀ.ਸੀ. ਮਸਤੂਆਣਾ ਤੋਂ, ਸੁਰਿੰਦਰ ਸਿੰਘ ਫੈਦਰ ਵੇਟ ਤੇ ਨਰਿੰਦਰ ਸਿੰਘ ਲਾਈਟਵੇਟ ਦੋਨੋਂ ਖੰਨਾ ਤੋਂ, ਰਾਕੇਸ਼ ਕੁਮਾਰ ਲਾਈਟ ਵੈਲਟਰ, ਗੁਰ ਜਸਵਿੰਦਰ ਸਿੰਘ ਲਾਈਟ ਹੈਵੀ ਤੇ ਜਸਵਿੰਦਰ ਸਿੰਘ ਸੁਪਰ ਹੈਵੀ ਤਿੰਨੇਂ ਪੀ.ਏ.ਪੀ. ਜਲੰਧਰ ਤੋਂ, ਸੁਖਰਾਜ ਸਿੰਘ ਅੰਮ੍ਰਿਤਸਰ ਵੈਲਟਰ ਵੇਟ, ਜਤਿੰਦਰ ਸਿੰਘ ਪਟਿਆਲਾ ਮਿਡਲ ਵੇਟ ਤੇ ਲਵਦੀਪ ਹੁਸ਼ਿਆਰਪੁਰ ਹੈਵੀ ਵੇਟ 'ਚ ਪੰਜਾਬ ਦੀ ਨੁਮਾਇੰਦਗੀ ਕਰਨਗੇ। ਸ੍ਰੀ ਬਲਵੀਰ ਸਿੰਘ ਸਾਈ ਕੋਚ ਮਸਤੂਆਣਾ ਤੇ ਖੇਮ ਚੰਦ ਜਲੰਧਰ ਬਤੌਰ ਕੋਚ ਟੀਮ ਨਾਲ ਗਏ ਹਨ।
ਦਾਖਾ ਕਬੱਡੀ ਕੱਪ 'ਚ ਚੂਹੜਚੱਕ ਦੀ ਬੱਲੇ ਬੱਲੇ
ਮੁੱਲਾਂਪੁਰ ਦਾਖਾ, 22 ਫਰਵਰੀ - ਆਲ ਓਪਨ ਕਬੱਡੀ ਕੱਪ ਗ੍ਰਾਮ ਪੰਚਾਇਤ, ਸਰਪੰਚ ਜਤਿੰਦਰ ਸਿੰਘ ਦਾਖਾ ਵੱਲੋਂ ਮੁੱਲਾਂਪੁਰ ਦਾਖਾ ਵਿਖੇ ਕਰਵਾਇਆ ਗਿਆ। ਜਿਸ ਵਿਚ ਸ਼ਹੀਦ ਬਾਬਾ ਨੱਥੂ ਜੀ ਸਪੋਰਟਸ ਕਲੱਬ ਦਾਖਾ ਪ੍ਰਧਾਨ, ਮੈਂਬਰਾਂ ਦੀ ਨਜ਼ਰਸਾਨੀ ਹੇਠ ਪਹਿਲੇ ਰਾਊਡ ਮੁਕਾਬਲੇ ਵਿਚ ਚੂਹੜਚੱਕ ਟੀਮ ਨੇ 12 ਦੇ ਮੁਕਾਬਲੇ 19 ਅੰਕ ਲੈ ਕੇ ਜੰਡੀ ਨੂੰ ਹਰਾਇਆ, ਬਾਬਾ ਨੱਥੂ ਜੀ ਕਬੱਡੀ ਅਕੈਡਮੀ 17-27 ਅੰਕਾਂ ਦੇ ਨਾਲ ਜਾਂਗਪੁਰ ਟੀਮ ਨੂੰ ਹਰਾ ਕੇ ਜਿੱਤ ਵੱਲ ਵਧੀ, ਸਿੱਧਵਾਂ ਬੇਟ ਟੀਮ ਨੇ ਮਲਕ ਟੀਮ ਨੂੰ ਹਰਾਇਆ ਅਤੇ ਰਸੂਲਪੁਰ ਟੀਮ ਖਿਡਾਰੀ 19-22 ਅੰਕ ਦੇ ਫਰਕ ਨਾਲ ਦਾਖਾ ਟੀਮ ਨੂੰ ਪਛਾੜਿਆ। ਦਾਖਾ ਕਬੱਡੀ ਕੱਪ ਦਾ ਪਹਿਲਾ ਸੈਮੀਫਾਈਨਲ ਆਰੰਭ ਕਰਵਾਉਣ ਲਈ ਜਗਪਾਲ ਸਿੰਘ ਖੰਗੂੜਾ, ਮੈਂਬਰ ਬਲਾਕ ਸੰਮਤੀ ਗੁਰਜੀਤ ਸਿੰਘ ਬਿੱਟੂ, ਬਲਵੰਤ ਸਿੰਘ ਧਨੋਆ, ਯਾਦਵਿੰਦਰ ਸਿੰਘ ਸੇਖੋਂ, ਧਨਵੰਤ ਸਿੰਘ ਮੱਲੇਵਾਲਾ ਉਚੇਚੇ ਪਹੁੰਚੇ। 17-22 ਅੰਕਾਂ ਦੇ ਫਰਕ ਨਾਲ ਚੂਹੜਚੱਕ ਕਬੱਡੀ ਟੀਮ ਦਾਖਾ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ ਕੀਤਾ। ਦੂਸਰੇ ਸੈਮੀਫਾਈਨਲ ਮੁਕਾਬਲੇ ਵਿਚ ਰਸੂਲਪੁਰ ਕਬੱਡੀ ਟੀਮ ਨੇ ਸਿੱਧਵਾਂ ਬੇਟ ਨੂੰ ਹਰਾਇਆ। ਇਸ ਦੇ ਫਾਈਨਲ ਮੁਕਾਬਲੇ ਵਿਚ 17-23 ਅੰਕ ਦੇ ਫਰਕ ਨਾਲ ਚੂਹੜਚੱਕ ਦੀ ਕਬੱਡੀ ਟੀਮ ਵੱਲੋਂ ਰਸੂਲਪੁਰ ਨੂੰ ਹਰਾ ਕੇ ਪਹਿਲਾ ਇਨਾਮ ਜਿੱਤਿਆ। ਜੇਤੂ ਟੀਮ ਨੂੰ 51 ਹਜ਼ਾਰ, ਉਪ ਜੇਤੂ ਨੂੰ 41 ਹਜ਼ਾਰ ਯਾਦਗਾਰੀ ਟਰਾਫੀ ਨਾਲ ਸਨਮਾਨਿਆ ਗਿਆ।
ਪਿੰਡ ਚੀਮਨਾ 'ਚ ਟੂਰਨਾਮੈਂਟ 6 ਤੋਂ
ਜਗਰਾਉਂ, 22 ਫਰਵਰੀ - ਪਿੰਡ ਚੀਮਨਾ 'ਚ ਸੰਤ ਰਾਮ ਜੀ ਐਨ. ਆਰ. ਆਈ. ਕਲੱਬ ਚੀਮਨਾ ਵੱਲੋਂ ਗ੍ਰਾਮ ਪੰਚਾਇਤ ਪ੍ਰਵਾਸੀ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 6 ਤੋਂ 8 ਮਾਰਚ ਤੱਕ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਕਬੱਡੀ 48 ਕਿਲੋ, 57 ਕਿਲੋ, 60 ਕਿਲੋ ਅਤੇ ਕਬੱਡੀ ਓਪਨ ਪਿੰਡ ਵਾਰ ਅਤੇ ਕੁੱਤਿਆਂ ਦੀਆਂ ਦੌੜਾਂ ਕਰਵਾਈਆਂ ਜਾ ਰਹੀਆਂ ਹਨ।
ਅੰਤਰਰਾਸ਼ਟਰੀ ਕਬੱਡੀ ਕੱਪ ਬੌਂਦਲੀ 28 ਨੂੰ
ਸਮਰਾਲਾ 22 ਫਰਵਰੀ - ਅੰਤਰਰਾਸ਼ਟਰੀ ਕਬੱਡੀ ਕੱਪ ਸ਼ਹੀਦ ਭਗਤ ਸਿੰਘ ਸਪੋਰਟਸ ਅਕੈਡਮੀ ਕਮ ਕਲੱਬ ਮਾਲਵਾ ਕਾਲਜ ਬੌਂਦਲੀ ਵਲੋਂ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਦੇ ਸਹਿਯੋਗ ਨਾਲ 28 ਫ਼ਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਅੰਤਰਰਾਸ਼ਟਰੀ ਬੌਂਦਲੀ ਕਬੱਡੀ ਕੱਪ ਵਿੱਚ ਪੰਜਾਬ ਦੀਆਂ ਅੱਠ ਨਾਮਵਰ ਕਬੱਡੀ ਅਕੈਡਮੀਆਂ ਦੇ ਮੁਕਾਬਲੇ ਹੋਣਗੇ।
19ਵਾਂ ਪੁਰੇਵਾਲ ਖੇਡ ਮੇਲਾ ਹਕੀਮਪੁਰ ਸਮਾਪਤ
ਮੁਕੰਦਪੁਰ, 22 ਫਰਵਰੀ - ਸਵ: ਹਰਬੰਸ ਸਿੰਘ ਪੁਰੇਵਾਲ ਅਤੇ ਮਾਤਾ ਸੁਰਜੀਤ ਕੌਰ ਪੁਰੇਵਾਲ ਯਾਦਗਾਰੀ 19ਵਾਂ ਪੁਰੇਵਾਲ ਖੇਡ ਮੇਲਾ ਜਗਤਪੁਰ ਦੇ ਸਵ: ਨਰੰਜਣ ਸਿੰਘ ਯਾਦਗਾਰੀ ਪੇਂਡੂ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ। ਜਿਸ ਵਿਚ 800 ਮੀਟਰ ਦੌੜ ਮੁਕਾਬਲਿਆਂ ਵਿਚ ਸੋਨੀ ਸਮਰਾਲਾ ਨੇ ਪਹਿਲਾ, ਕੁਲਦੀਪ ਜਲੰਧਰ ਨੇ ਦੂਜਾ ਅਤੇ ਅਨਿਲ ਕੁਮਾਰ ਸ਼ਹੀਦ ਭਗਤ ਸਿੰਘ ਨਗਰ ਨੇ ਤੀਜਾ ਸਥਾਨ ਹਾਸਲ ਕੀਤਾ। 100 ਮੀਟਰ ਦੌੜ ਵਿਚ ਸ਼ਮਸ਼ੇਰ ਪ੍ਰਤਾਪ ਸਿੰਘ ਨੇ ਪਹਿਲਾ, ਅਮਨਦੀਪ ਸਿੰਘ ਨੇ ਦੂਜਾ ਅਤੇ ਚੰਡੀਗੜ੍ਹ ਦੇ ਬਲਦੇਵ ਸਿੰਘ ਨੇ ਤੀਜਾ। ਲੰਬੀ ਛਾਲ ਮੁਕਾਬਲੇ ਵਿਚ ਸ਼ਮਸ਼ੇਰ ਪ੍ਰਤਾਪ ਸਿੰਘ ਨੇ ਪਹਿਲਾ, ਗੁਰਜੰਟ ਸਿੰਘ ਜਲੰਧਰ ਨੇ ਦੂਸਰਾ ਅਤੇ ਜਲੰਧਰ ਦੇ ਹੀ ਪ੍ਰਵਿੰਦਰ ਸਿੰਘ ਨੇ ਤੀਜਾ। ਸ਼ਾਟ-ਪੁੱਟ ਮੁਕਾਬਲੇ ਦੌਰਾਨ ਗੁਰਪ੍ਰੀਤ ਸਿੰਘ ਕਾਲਖ ਨੇ ਪਹਿਲਾ, ਪਟਿਆਲਾ ਦੇ ਗੁਰਬੰਤ ਸਿੰਘ ਨੇ ਦੂਜਾ ਅਤੇ ਸ਼ਮਸ਼ੇਰ ਪ੍ਰਤਾਪ ਸਿੰਘ ਨੇ ਤੀਜਾ। ਬੈਲ ਗੱਡੀਆਂ ਦੀਆਂ ਦੌੜਾਂ ਵਿਚ ਗੁਰਬਿੰਦਰ ਸਿੰਘ ਹਿਆਲਾ ਅਤੇ ਜੰਗ ਸਿੰਘ ਸੋਲਖੀਆਂ ਦੇ ਬਲਦਾਂ ਨੇ ਪਹਿਲਾ ਇਨਾਮ ਸਾਂਝੇ ਰੂਪ ਵਿਚ ਜਿੱਤਿਆ। ਜਗਰੂਪ ਸਿੰਘ ਜਰਗੜੀ, ਜੰਗ ਸਿੰਘ ਸੋਲਖੀਆਂ ਨੇ ਤੀਜਾ, ਨਾਇਬ ਸਿੰਘ ਕਲਸੀਆਂ ਨੇ ਚੌਥਾ ਸਥਾਨ ਹਾਸਲ ਕੀਤਾ। ਕੁਸ਼ਤੀ ਮੁਕਾਬਲਿਆਂ ਦੇ ਆਫਤਾਬ-ਏ-ਹਿੰਦ ਦਾ ਖਿਤਾਬ ਦਿੱਲੀ ਦੇ ਸੁਮੀਤ ਨੇ ਖੰਨਾ ਦੇ ਵਿਜੇ ਨੂੰ ਹਰਾ ਕੇ ਜਿੱਤਿਆ। ਜਦਕਿ ਸੋਮਲ ਸਿੰਘ ਖੰਨਾ ਤੀਜੇ ਅਤੇ ਜੈ ਭਗਵਾਨ ਚੌਥੇ ਸਥਾਨ 'ਤੇ ਰਹੇ। ਮਹਾਂਭਾਰਤ ਕੇਸਰੀ ਖਿਤਾਬ ਮੌਸਮ ਸੋਨੀਪਤ ਨੇ ਕ੍ਰਿਸ਼ਨ ਕੁਮਾਰ ਖੰਨਾ ਨੂੰ ਹਰਾ ਕੇ ਜਿੱਤਿਆ। ਸ਼ੇਰ-ਏ-ਹਿੰਦ (86 ਕਿਲੋ) ਦਾ ਖਿਤਾਬ ਨਰੇਸ਼ ਖੰਨਾ ਨੇ ਹਰਦੀਪ ਰਾਏਪੁਰ ਡੱਬਾ ਨੂੰ ਹਰਾ ਕੇ ਹਾਸਲ ਕੀਤਾ। ਕਬੱਡੀ ਦਾ ਪਹਿਲਾ ਅੰਤਰਰਾਸ਼ਟਰੀ ਕੱਪ ਅੰਬੀ ਹਠੂਰ ਕਲੱਬ ਮੋਗਾ ਨੇ ਦਸ਼ਮੇਸ਼ ਕਲੱਬ ਕਾਲਖ ਨੂੰ ਹਰਾ ਕੇ 1 ਲੱਖ 51 ਹਜ਼ਾਰ ਰੁਪਏ ਦਾ ਨਕਦ ਇਨਾਮ ਹਾਸਲ ਕੀਤਾ। ਦੂਸਰਾ ਅੰਤਰਰਾਸ਼ਟਰੀ ਕਬੱਡੀ ਕੱਪ ਦਸ਼ਮੇਸ਼ ਕਲੱਬ ਨਕੋਦਰ ਤੇ ਬਾਬਾ ਦੀਪ ਸਿੰਘ ਕਲੱਬ ਨੌਰਵੇ ਵਿਚਕਾਰ ਹੋਇਆ। ਜਿਸ ਵਿਚ ਦਸ਼ਮੇਸ਼ ਕਲੱਬ ਨਕੋਦਰ ਨੇ ਜੇਤੂ ਰਹਿ ਕੇ 1 ਲੱਖ 51 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਰੱਸਾਕਸ਼ੀ ਦਾ ਮੁਕਾਬਲਾ ਚਹੇੜੂ ਨੇ ਸਰੀਂਹ ਨੂੰ ਹਰਾ ਕੇ ਜਿੱਤਿਆ। ਇਸ ਮੌਕੇ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ ਦੀ ਪੁਸਤਕ 'ਹਸੰਦਿਆਂ ਖੇਲੇਦਿਆਂ' ਡਾ ਦਲਜੀਤ ਸਿੰਘ ਚੀਮਾ ਨੇ ਰਿਲੀਜ਼ ਕੀਤੀ।
ਹਮਦਰਦ ਯਾਦਗਾਰੀ ਪੰਜਾਬ ਸਰਕਲ ਕਬੱਡੀ ਪੇਂਡੂ ਚੈਂਪੀਅਨਸ਼ਿਪ 28 ਤੋਂ
ਪਟਿਆਲਾ, 21 ਫਰਵਰੀ - ਪੇਂਡੂ ਸਪੋਰਟਸ ਸਟੇਡੀਅਮ ਘੱਗਾ ਵਿਖੇ ਡਾ: ਸਾਧੂ ਸਿੰਘ ਹਮਦਰਦ ਯਾਦਗਾਰੀ ਪਹਿਲੀ ਪੰਜਾਬ ਸਰਕਲ ਕਬੱਡੀ ਪੇਂਡੂ ਚੈਂਪੀਅਨਸ਼ਿਪ 28 ਫਰਵਰੀ ਤੋਂ 1 ਮਾਰਚ ਤੱਕ ਕਰਵਾਈ ਜਾ ਰਹੀ ਹੈ। ਇਸ ਮੌਕੇ ਮੇਜ਼ਬਾਨ ਸੇਠ ਟੋਡਰਮੱਲ ਸਪੋਰਟਸ ਕਲੱਬ ਵੱਲੋਂ ਖੇਡਾਂ ਤੇ ਕਲਾ ਦੇ ਖੇਤਰ ਵਿਚ ਜੁੜੀਆਂ ਦੋ-ਦੋ ਕੌਮਾਂਤਰੀ ਸ਼ਖਸੀਅਤਾਂ ਦਾ ਡਾ: ਸਾਧੂ ਸਿੰਘ ਹਮਦਰਦ ਐਵਾਰਡ ਨਾਲ ਸਨਮਾਨ ਕੀਤਾ ਜਾਵੇਗਾ। ਇਸ ਚੈਂਪੀਅਨਸ਼ਿਪ ਦੌਰਾਨ ਬੀਜਿੰਗ ਉਲੰਪਿਕ 'ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਭਾਰਤੀ ਪਹਿਲਵਾਨਾਂ ਦੀ ਟੀਮ ਦੇ ਮੁੱਖ ਕੋਚ ਸ੍ਰੀ ਪੀ.ਆਰ. ਸੌਂਧੀ, ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਸੰਦੀਪ ਕੌਰ ਅਤੇ ਪੰਜਾਬੀ ਟੈਲੀ ਫਿਲਮਾਂ ਦੇ ਬੇਤਾਜ਼ ਬਾਦਸ਼ਾਹ ਗੁਰਚੇਤ ਚਿੱਤਰਕਾਰ ਤੇ ਉਸਦੇ ਸਾਥੀ ਗੁਰਦੀਪ ਕਕਰਾਲਾ ਦਾ ਡਾ: ਸਾਧੂ ਸਿੰਘ ਹਮਦਰਦ ਖੇਡ ਰਤਨ ਐਵਾਰਡ ਨਾਲ ਸਨਮਾਨ ਕੀਤਾ ਜਾਵੇਗਾ। ਚੈਂਪੀਅਨਸ਼ਿਪ 'ਚ ਖਿਤਾਬ ਜਿੱਤਣ ਵਾਲੀ ਪੁਰਸ਼ ਟੀਮ ਨੂੰ 41 ਹਜ਼ਾਰ ਰੁਪਏ ਤੇ ਉਪ ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਮਹਿਲਾ ਵਰਗ ਦੀ ਜੇਤੂ ਟੀਮ ਨੂੰ 10 ਹਜ਼ਾਰ ਤੇ ਉਪ ਜੇਤੂ ਟੀਮ ਨੂੰ 7 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਸਵ: ਮਾਤਾ ਕਰਤਾਰ ਕੌਰ ਕਬੱਡੀ ਮਹਾਂਕੁੰਭ 27 ਤੋਂ
ਖੰਨਾ, 21 ਫਰਵਰੀ - ਸਵ: ਮਾਤਾ ਕਰਤਾਰ ਕੌਰ ਦੀ ਯਾਦ ਵਿਚ ਅੰਤਰਰਾਸ਼ਟਰੀ ਕਬੱਡੀ ਕੱਪ 27 ਫਰਵਰੀ ਤੋਂ 1 ਮਾਰਚ ਨੂੰ ਤੱਕ ਘੁੰਗਰਾਲੀ ਰਾਜਪੂਤਾਂ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਕਬੱਡੀ ਆਲ ਓਪਨ (ਐਂਟਰ ਕੀਤੀਆਂ 8 ਟੀਮਾਂ ਖਿਡਾਈਆਂ ਜਾਣਗੀਆਂ), ਫੁੱਟਬਾਲ ਕਲੱਬ ਇਕ ਪਿੰਡ, ਐਥਲੈਟਿਕਸ ਲੜਕੇ, ਕੁੱਤਿਆਂ ਦੀ ਦੌੜ, ਕਬੂਤਰਬਾਜੀ, ਤਾਸ਼ ਸੀਪ, ਸਾਈਕਲ ਦੌੜ, ਰਿਕਸ਼ਾ ਦੌੜਾਂ, ਦੋਧੀਆਂ ਦੀ ਦੌੜ, ਅਨਲੋਡ ਅਤੇ ਲੋਡ ਖੇਡਾਂ ਦੇ ਮੁਕਾਬਲੇ ਹੋਣਗੇ। ਗਾਇਕ ਜੋੜੀ ਦੀਪ ਢਿੱਲੋਂ ਅਤੇ ਜਸਮੀਨ ਜੱਸੀ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੋਗੀ ਜਰਗੜੀ ਅਤੇ ਅਮ੍ਰਿਤਪਾਲ ਸਿੰਘ ਮੱਤਾ ਦਾ ਵਿਸ਼ੇਸ਼ ਸਨਮਾਨ ਹੋਵੇਗਾ।
ਭਾਰਤੀ ਪਹਿਲਵਾਨਾਂ ਦੀ ਬੱਲੇ ਬੱਲੇ
ਪਟਿਆਲਾ, 20 ਫਰਵਰੀ - ਭਾਰਤੀ ਪਹਿਲਵਾਨਾਂ ਨੇ ਅਮਰੀਕਾ ਤੇ ਕਿਊਬਾ 'ਚ ਹੋਏ ਕੌਮਾਂਤਰੀ ਕੁਸ਼ਤੀ ਟੂਰਨਾਮੈਂਟ 'ਚ 17 ਤਗਮੇ ਜਿੱਤ ਕੇ ਆਪਣੇ ਦੇਸ਼ ਦਾ ਮਾਣ ਵਧਾਇਆ ਹੈ। ਜਿਨ੍ਹਾਂ ਵਿਚ 4 ਸੋਨ, 5 ਚਾਂਦੀ ਤੇ 8 ਕਾਂਸੀ ਦੇ ਤਗਮੇ ਸ਼ਾਮਿਲ ਹਨ। ਇਨ੍ਹਾਂ ਤਗ'ਮਾ ਜੇਤੂ ਪਹਿਲਵਾਨਾਂ 'ਚ ਪੁਰਸ਼ ਤੇ ਮਹਿਲਾ ਖਿਡਾਰੀ ਸ਼ਾਮਿਲ ਹਨ। ਮਹਿਲਾ ਪਹਿਲਵਾਨਾਂ ਨੇ ਦੋ ਸੋਨ ਤੇ 4 ਚਾਂਦੀ, ਪੁਰਸ਼ ਪਹਿਲਵਾਨ ਨੇ 2 ਸੋਨ 1 ਚਾਂਦੀ ਤੇ 8 ਕਾਂਸੀ ਦੇ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਕਿਊਬਾ ਦੇ ਸ਼ਹਿਰ ਹਵਾਨਾ 'ਚ ਹੋਏ ਕੌਮਾਂਤਰੀ ਟੂਰਨਾਮੈਂਟ ਦੇ ਫਰੀ ਸਟਾਈਲ ਵਰਗ 'ਚ ਵਿਨੋਦ ਕੁਮਾਰ 55 ਕਿਲੋ ਨੇ ਸੋਨ, ਹਰਦੀਪ ਸਿੰਘ 69 ਕਿਲੋ 'ਚ ਸੋਨ, ਯੋਗਿੰਦਰ ਸਿੰਘ ਨੇ 120 ਕਿਲੋ 'ਚ ਚਾਂਦੀ, ਪ੍ਰਦੀਪ ਕੁਮਾਰ 66 ਕਿਲੋ, ਨਰੇਸ਼ ਕੁਮਾਰ 84 ਕਿਲੋ ਤੇ ਅਨਿਲ ਮਾਨ 96 ਕਿਲੋ ਨੇ ਕਾਂਸੀ ਦੇ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਗਰੀਕੋ ਰੋਮਨ ਵਰਗ 'ਚ ਸਤੀਸ਼ ਕੁਮਾਰ ਨੇ 66 ਕਿਲੋ ਤੇ ਯੋਗਿੰਦਰ ਸਿੰਘ ਨੇ 55 ਕਿਲੋ ਵਰਗ 'ਚ ਕਾਂਸੀ ਦੇ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸੇ ਟੂਰਨਾਮੈਂਟ ਦੇ ਮਹਿਲਾ ਵਰਗ 'ਚ ਪ੍ਰਿਯੰਕਾ 98 ਕਿਲੋ ਨੇ ਸੋਲ, ਕਮਲੇਸ਼ 55 ਕਿਲੋ ਨੇ ਸੋਨ, ਰਚਨਾ 51 ਕਿਲੋ, ਗੀਤਾ 63 ਕਿਲੋ ਸ਼ਰਨਪ੍ਰੀਤ ਕੌਰ 72 ਕਿਲੋ ਤੇ ਜੋਤੀ 67 ਕਿਲੋ ਨੇ ਚਾਂਦੀ ਦੇ ਤਗਮੇ ਜਿੱਤੇ। ਅਮਰੀਕਾ 'ਚ ਹੋਏ ਸੁਲਜ਼ ਕੱਪ 'ਚ ਉਲੰਪੀਅਨ ਯੋਗੇਸ਼ਵਰ ਦੱਤ 60 ਕਿਲੋ, ਰਾਜੀਵ ਤੋਮਰ +120 ਕਿਲੋ ਨੇ ਫਰੀ ਸਟਾਈਲ 'ਚ ਕਾਂਸੀ ਦੇ ਤਗਮੇ ਜਿੱਤੇ। ਗ੍ਰੀਕੋ ਰੋਮਨ ਵਰਗ 'ਚ ਅਰਵਿੰਦਰ ਸਿੰਘ 60 ਕਿਲੋ ਨੇ ਕਾਂਸੀ ਦਾ ਤਗਮਾ ਜਿੱਤਿਆ। ਮਹਿਲਾ ਵਰਗ 'ਚ ਮੋਨਿਕਾ, ਕਮਲ ਸੈਨ, ਸੁਮਨ ਕੁੰਡੂ ਤੇ ਗੀਤਿਕਾ ਨੇ ਵੀ ਕੁਆਰਟਰ ਫਾਈਨਲ 'ਚ ਪੁੱਜਣ ਦਾ ਮਾਣ ਪ੍ਰਾਪਤ ਕੀਤਾ ਹੈ।
ਭਾਰਤੀ ਤੀਰਅੰਦਾਜ਼ਾਂ ਦੀ ਏਸ਼ੀਅਨ ਗਰੈਂਡ ਪ੍ਰਿਕਸ 'ਚ ਝੰਡੀ
ਬੈਂਕਾਕ, 20 ਫਰਵਰੀ - ਏਸ਼ੀਅਨ ਗਰੈਂਡ ਪ੍ਰਿਕਸ ਚੈਂਪੀਅਨਸ਼ਿਪ ਬੈਂਕਾਕ 'ਚ ਕਰਵਾਈ ਗਈ। ਜਿਸ ਦੇ ਦੂਜੇ ਦਿਨ ਵੀ ਭਾਰਤੀ ਤੀਰਅੰਦਾਜ਼ਾਂ ਦੀ ਝੰਡੀ ਰਹੀ। ਭਾਰਤ ਦੇ ਰਾਹੁਲ ਬੈਨਰਜੀ, ਅਤੰਨੂ ਦਾਸ ਅਤੇ ਹੇਮੰਤਾ ਬਸੂਮਤਰੀ ਨੇ ਮੁੰਡਿਆਂ ਦੇ ਰਿਕਰਵ ਵਰਗ 'ਚ ਸੋਨ ਤਗਮਾ ਜਿੱਤਣ ਦੇ ਨਾਲ ਅੱਜ ਕੁੱਲ 10 ਤਗਮੇ ਪ੍ਰਾਪਤ ਕੀਤੇ। ਜਿਸ ਨਾਲ ਭਾਰਤ ਕੋਲ ਤਗਮਿਆਂ ਦੀ ਗਿਣਤੀ 15 ਹੋ ਗਈ ਹੈ। ਇੰਨ੍ਹਾਂ 15 ਤਗਮਿਆਂ 'ਚ ਪੰਜ ਸੋਨ, ਤਿੰਨ ਚਾਂਦੀ ਅਤੇ ਸੱਤ ਕਾਂਸੀ ਦੇ ਤਗਮੇ ਸ਼ਾਮਿਲ ਹਨ। ਪਹਿਲੇ ਦਿਨ ਭਾਰਤ ਨੇ ਇਕ ਸੋਨ, ਇਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ ਸਨ। ਔਰਤਾਂ ਦੇ ਰਿਕਰਵ ਟੀਮ ਵਰਗ 'ਚ ਭਾਰਤ ਦੀਆਂ ਰੇਨੂ ਮੁੰਡਾ, ਝਾਨੂ ਹੰਦਸਾ ਅਤੇ ਨਮਿਤਾ ਯਾਦਵ ਨੇ ਵੀ ਸੋਨ ਤਗਮਾ ਜਿੱਤਿਆ ਜਦਕਿ ਬਾਕੀ ਦੋ ਸੋਨ ਤਗਮੇ ਔਰਤਾਂ ਦੇ ਕੰਪਾਉਂਡ ਵਰਗ 'ਚ ਅਤੇ ਇਕ ਅਤੰਨੂ ਦਾਸ ਨੇ ਮਰਦਾਂ ਦੇ ਵਿਅਕਤੀਗਤ ਰਿਕਰਵ ਵਰਗ 'ਚ ਜਿੱਤਿਆ। ਪਹਿਲੇ ਦਿਨ ਭਾਰਤੀ ਤੀਰਅੰਦਾਜ਼ਾਂ ਨੇ ਇਕ ਸੋਨ, ਇਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤਣ 'ਚ ਸਫਲਤਾ ਹਾਸਿਲ ਕੀਤੀ। ਭਾਰਤੀ ਔਰਤਾਂ ਦੀ ਟੀਮ ਜਿਸ 'ਚ ਵੀ. ਪ੍ਰਨੀਤਾ, ਰਿਮਲ ਬਿਰੂਲੀ ਅਤੇ ਦੀਪਿਕਾ ਸਨ, ਨੇ ਰੀਕਰਵ ਵਰਗ 'ਚ ਸੋਨ ਤਗਮਾ ਜਿੱਤਿਆ। ਜਦਕਿ ਕਜ਼ਾਕਿਸਤਾਨ ਅਤੇ ਜਾਪਾਨ ਨੂੰ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗਮਾ ਪ੍ਰਾਪਤ ਹੋਇਆ। ਰੀਕਰਵ ਵਰਗ ਦੇ ਵਿਅਕਤੀਗਤ ਮੁਕਾਬਲਿਆਂ 'ਚ ਪ੍ਰਨੀਤਾ ਅਤੇ ਰਿਮਲ ਨੇ ਕਰਮਵਾਰ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤ ਕੇ ਭਾਰਤੀ ਤਗਮਿਆਂ ਦੀ ਗਿਣਤੀ ਵਧਾ ਦਿੱਤੀ। ਮਰਦਾਂ ਦੇ ਟੀਮ ਕੰਪਾਂਊਂਡ ਵਰਗ 'ਚ ਭਾਰਤ ਦੇ ਅਰਜੁਨ ਰਾਓ, ਸੰਜੇ ਸਵਾਂਸੀ ਅਤੇ ਅਭੈਉਦਿਆ ਸ੍ਰੀਨੇਤ ਨੇ ਕਾਂਸੀ ਦਾ ਜਿਤਿਆ। ਵਿਅਕਤੀਗਤ ਮੁਕਾਬਲੇ 'ਚ ਰਾਓ ਨੇ ਇਕ ਹੋਰ ਕਾਂਸੀ ਦਾ ਤਗਮਾ ਭਾਰਤ ਦੀ ਝੋਲੀ ਪਾਇਆ। ਇਸ ਚੈਂਪੀਅਨਸ਼ਿਪ 'ਚ ਭਾਰਤ ਸਮੇਤ 20 ਦੇਸ਼ਾਂ ਦੇ 140 ਤੀਰਅੰਦਾਜ਼ ਭਾਗ ਲੈ ਰਹੇ ਹਨ।
ਸਾਹਨੇਵਾਲ ਦੀਆਂ ਮਿੰਨੀ ਪੇਂਡੂ ਉਲੰਪਿਕ ਖੇਡਾਂ ਸਮਾਪਤ
ਲੁਧਿਆਣਾ/ਸਾਹਨੇਵਾਲ, 20 ਫਰਵਰੀ - ਸਾਹਨੇਵਾਲ 'ਚ ਪੇਂਡੂ ਮਿੰਨੀ ਉਲੰਪਿਕ ਖੇਡਾਂ ਕਰਵਾਈਆਂ ਗਈਆਂ। ਜਿਸ ਦੇ ਫਾਈਨਲ ਮੁਕਾਬਲਿਆਂ ਵਿਚ ਹਾਕੀ ਵਿਚ ਹਰਿਆਣਾ ਇਲੈਵਨ ਨੇ ਸਾਹਨੇਵਾਲ ਕਲੱਬ ਨੂੰ 3-2 ਨਾਲ ਹਰਾ ਦੇ ਖਿਤਾਬੀ ਜਿੱਤ ਹਾਸਲ ਕੀਤੀ। ਕਬੱਡੀ 60 ਕਿਲੋ ਵਿਚ ਬਾਠ ਨੇ ਝਮੇੜੀ ਨੂੰ 23-21 ਨਾਲ ਹਰਾਇਆ। ਕਬੱਡੀ ਨੈਸ਼ਨਲ ਸਟਾਇਲ ਲੜਕਿਆਂ ਵਿਚ ਪਵਾਂ ਨੇ ਬਿਲਗਾ ਨੂੰ ਹਰਾਇਆ। ਕਬੱਡੀ 70 ਕਿਲੋ ਵਿਚ ਝਮੇੜੀ ਨੇ ਬੁਆਣੀ ਨੂੰ ਹਰਾਇਆ। ਫੁੱਟਬਾਲ ਵਿਚ ਜੱਸੋਵਾਲ ਨੇ ਰਾਮਗੜ੍ਹ ਨੂੰ 2-1 ਨਾਲ ਹਾਰ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਕਬੱਡੀ ਲੜਕੀਆਂ ਵਿਚ ਪੰਜਾਬ ਨੇ ਹਰਿਆਣਾ ਨੂੰ ਜਿੱਤਿਆ। ਕਬੱਡੀ ਆਲ ਓਪਨ ਵਿਚ ਸਾਹਨੇਵਾਲ ਨੇ ਜਲਾਲਦੀ ਵਾਲ ਨੂੰ ਹਰਾਇਆ। ਫਾਈਨਲ ਸਮਾਰੋਹ 'ਤੇ ਜਥੇਦਾਰ ਹੀਰਾ ਸਿੰਘ ਗਾਬੜੀਆ ਕੈਬਨਿਟ ਮੰਤਰੀ ਪੰਜਾਬ ਅਤੇ ਮਾਸਟਰ ਮੋਹਨ ਲਾਲ ਟਰਾਂਸਪੋਰਟ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਪੁੱਜੇ। ਲੋਕ ਗਾਇਕ ਕਮਲ ਹੀਰ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਨੂੰ ਝੂਮਣ ਲਾਇਆ।
ਚੌਂਕੀਮਾਨ ਕਬੱਡੀ ਟੂਰਨਾਮੈਂਟ 'ਤੇ ਦੌਧਰ (ਮੋਗਾ) ਦੀ ਟੀਮ ਦਾ ਕਬਜ਼ਾ
ਚੌਂਕੀਮਾਨ, 20 ਫਰਵਰੀ - ਪਿੰਡ ਚੌਂਕੀਮਾਨ 'ਚ ਤਿੰਨ ਦਿਨਾਂ ਕਬੱਡੀ ਟੂਰਨਾਮੈਂਟ ਤੇ ਸਭਿਆਚਾਰਕ ਮੇਲਾ ਕਰਵਾਇਆ ਗਿਆ। ਜਿਸ 'ਚ ਕਬੱਡੀ 70 ਕਿਲੋ ਵਰਗ ਦਾ ਮੁਕਾਬਲਾ ਸੰਗਤਪੁਰਾ (ਢੈਪਈ) ਨੇ ਮੇਜ਼ਬਾਨ ਚੌਂਕੀਮਾਨ ਦੀ ਟੀਮ ਨੂੰ ਹਰਾ ਕੇ ਜਿੱਤਿਆ। ਕਬੱਡੀ ਓਪਨ ਦੇ ਅੰਤਿਮ ਗੇੜ ਦੇ ਮੁਕਾਬਲੇ 'ਚ ਦੌਧਰ (ਮੋਗਾ) ਤੇ ਜੰਡੀ (ਲੁਧਿਆਣਾ) ਦੀਆਂ ਟੀਮਾਂ ਪਹੁੰਚੀਆਂ। ਜਿਸ 'ਚ ਦੌਧਰ ਦੀ ਟੀਮ ਜੇਤੂ ਰਹੀ। ਬੀਬੀ ਸੁਖਜੀਤ ਕੌਰ ਤੇ ਮੁਹੰਮਦ ਸਦੀਕ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਸੀ. ਟੀ. ਹਾਫ ਮੈਰਾਥਨ ਰੱਦ
ਜਲੰਧਰ, 19 ਫਰਵਰੀ - ਸੀ. ਟੀ. ਸੰਸਥਾਵਾਂ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਜਿਹੜੀ 22 ਫਰਵਰੀ ਨੂੰ ਤੀਜੀ ਸੀ.ਟੀ.ਹਾਫ ਮੈਰਾਥਨ ਦੌੜ ਕਰਵਾਈ ਜਾ ਰਹੀ ਸੀ। ਉਹ ਇਕ ਸੜਕ ਹਾਦਸੇ 'ਚ ਸੀ. ਟੀ. ਸੰਸਥਾ ਦੇ ਦੋ ਵਿਦਿਆਰਥੀਆਂ ਦੀ ਮੌਤ ਹੋਣ ਕਾਰਨ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਰਾਸ਼ਟਰ ਮੰਡਲ ਖੇਡਾਂ ਲਈ ਵੈਬਸਾਈਟ ਲਾਂਚ
ਨਵੀਂ ਦਿੱਲੀ, 19 ਫਰਵਰੀ - ਭਾਰਤ ਦੇ ਕੇਂਦਰੀ ਖੇਡ ਮੰਤਰੀ ਸ. ਮਨੋਹਰ ਸਿੰਘ ਗਿੱਲ ਬਿਜਨਸ ਕਲੱਬ ਇੰਡੀਆ ਵਿਖੇ ਰਾਸ਼ਟਰ ਮੰਡਲ ਖੇਡਾਂ2010 ਸਬੰਧੀ ਵੈਬਸਾਈਟ ਲਾਂਚ ਕਰਨ ਲਈ ਸਮਾਗਮ 'ਚ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਖੇਡਾਂ ਦੀ ਮੇਜ਼ਬਾਨੀ ਲਈ ਲੋੜੀਂਦਾ ਬੁਨਿਆਦੀ ਢਾਂਚਾ ਅਗਲੇ ਸਾਲ ਦੇ ਮਾਰਚ ਮਹੀਨੇ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਈਕਲਿੰਗ ਅਤੇ ਸ਼ੂਟਿੰਗ ਸਟੇਡੀਅਮਾਂ ਦਾ ਕੰਮ ਥੋੜ੍ਹੀ ਦੇਰੀ ਨਾਲ ਸ਼ੁਰੂ ਹੋਇਆ ਹੈ ਜਿਸ ਕਾਰਨ ਇਸ ਕੰਮ 'ਚ ਕੁਝ ਦੇਰੀ ਹੋ ਸਕਦੀ ਹੈ ਪਰ ਹੱਥੋ-ਹੱਥ ਇਹ ਸਾਰੇ ਕੰਮ ਵੀ ਜਲਦੀ ਨਿਪਟਾ ਲਏ ਜਾਣਗੇ। ਭਾਰਤੀ ਉਲੰਪਿਕ ਸੰਘ ਦੇ ਪ੍ਰਧਾਨ ਸੁਰੇਸ਼ ਕਲਮਾਡੀ ਨੇ ਉਮੀਦ ਜਤਾਈ ਕਿ ਸਾਰੇ ਵਿਕਾਸ ਕਾਰਜ ਦਸੰਬਰ ਮਹੀਨੇ ਤੱਕ ਨਿਪਟਾ ਲਏ ਜਾਣਗੇ।
ਚੁਣੀ ਗਈ ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਗਈ
ਮੁੰਬਈ, 19 ਫਰਵਰੀ - ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਭਾਰਤੀ ਕ੍ਰਿਕਟ ਟੀਮ 19 ਫਰਵਰੀ ਨੂੰ ਸਵੇਰੇ 47 ਦਿਨਾ ਦੇ ਨਿਊਜ਼ੀਲੈਂਡ ਦੌਰੇ ਲਈ ਤੁਰ ਗਈ ਹੈ। ਇਸ ਦੌਰੇ ਦੌਰਾਨ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਦਰਮਿਆਨ ਦੋ ਟਵੈਂਟੀ-20, ਪੰਜ ਇਕ ਦਿਨਾ ਅਤੇ ਤਿੰਨ ਟੈਸਟ ਮੈਚ ਖੇਡੇ ਜਾਣੇ ਹਨ। ਨਿਊਜ਼ੀਲੈਂਡ ਦੌਰੇ ਲਈ ਚੁਣੀ ਗਈ ਭਾਰਤੀ ਟੀਮ ਵਿਚ ਮਹਿੰਦਰ ਸਿੰਘ ਧੋਨੀ (ਕਪਤਾਨ), ਵਰਿੰਦਰ ਸਹਿਵਾਗ, ਗੌਤਮ ਗੰਭੀਰ, ਯੁਵਰਾਜ ਸਿੰਘ, ਯੂਸਫ਼ ਪਠਾਨ, ਰੋਹਿਤ ਸ਼ਰਮਾ, ਹਰਭਜਨ ਸਿੰਘ, ਇਸ਼ਾਂਤ ਸ਼ਰਮਾ, ਸੁਰੇਸ਼ ਰੈਨਾ, ਇਰਫਾਨ ਪਠਾਨ, ਜ਼ਹੀਰ ਖਾਨ, ਰਵਿੰਦਰ ਜਡੇਜਾ, ਮੁਨਾਫ਼ ਪਟੇਲ, ਪ੍ਰਗਿਆਨ ਓਝਾ, ਪ੍ਰਵੀਨ ਕੁਮਾਰ, ਦਿਨੇਸ਼ ਕਾਰਤਿਕ ਅਤੇ ਸਚਿਨ ਤੇਂਦੁਲਕਰ ਸ਼ਾਮਿਲ ਹਨ।
ਜੀਦਾ ਦਾ ਦੂਜਾ ਆਲ ਓਪਨ ਕਬੱਡੀ ਕੱਪ
ਬਾਜਾਖਾਨਾ, 18 ਫਰਵਰੀ - ਦੂਜਾ ਆਲ ਓਪਨ ਕਬੱਡੀ ਕੱਪ ਜੀਦਾ ਵਿਖੇ ਚੱਲ ਰਿਹਾ ਹੈ। ਇਸ ਕਬੱਡੀ ਕੱਪ ਦੇ ਦੂਸਰੇ ਦਿਨ ਕਬੱਡੀ ਦੇ 36 ਕਿੱਲੋ ਵਰਗ 'ਚ ਪਿੰਡ ਜੀਦਾ ਅਤੇ ਰਾਮ ਨਿਵਾਸ ਦੀ ਟੀਮ ਦੇ ਫਸਵੇਂ ਮੁਕਾਬਲੇ ਵਿਚ ਪਿੰਡ ਰਾਮ ਨਿਵਾਸ ਦੀ ਟੀਮ 7 ਅੰਕ ਲੈ ਕੇ ਦੂਜੇ ਸਥਾਨ 'ਤੇ ਰਹੀ ਅਤੇ ਪਿੰਡ ਜੀਦਾ ਦੀ ਟੀਮ 17 ਅੰਕ ਲੈ ਕੇ ਜੇਤੂ ਰਹੀ। 41 ਕਿੱਲੋ ਵਰਗ ਵਿਚ ਜੀਦਾ 'ਏ' ਨੇ ਪਹਿਲਾ ਅਤੇ ਜੀਦਾ 'ਬੀ' ਨੇ ਦੂਜਾ ਸਥਾਨ ਹਾਸਲ ਕਰਕੇ 3 ਹਜ਼ਾਰ ਰੁਪਏ ਦਾ ਇਨਾਮ ਹਾਸਲ ਕੀਤਾ। ਕਬੱਡੀ 50 ਕਿੱਲੋ ਅਤੇ 65 ਕਿੱਲੋ ਵਰਗ ਦੇ ਫਾਈਨਲ ਮੈਚ ਕੱਲ੍ਹ ਨੂੰ ਕਰਵਾਏ ਜਾਣਗੇ। ਕੁੜੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ। 19 ਫਰਵਰੀ ਨੂੰ ਆਲ ਓਪਨ ਕਬੱਡੀ ਦੇ ਮੈਚ ਕਰਵਾਏ ਜਾਣਗੇ।
6ਵੇਂ ਗੋਲਡ ਕਬੱਡੀ ਕੱਪ 'ਤੇ ਮੀਰੀ-ਪੀਰੀ ਕਲੱਬ ਅਮਰੀਕਾ ਦਾ ਕਬਜ਼ਾ
ਢਿਲਵਾਂ, 18 ਫਰਵਰੀ - 6ਵਾਂ ਗੋਲਡ ਕਬੱਡੀ ਕੱਪ ਧਾਲੀਵਾਲ ਬੇਟ ਵਿਖੇ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿਚ ਮੀਰੀ-ਪੀਰੀ ਸਪੋਰਟਸ ਕਲੱਬ ਅਮਰੀਕਾ ਦੀ ਚੜ੍ਹਤ ਰਹੀ। ਅਕੈਡਮੀਆਂ ਦੇ ਫਾਈਨਲ ਮੈਚ ਵਿਚ ਮੀਰੀ-ਪੀਰੀ ਸਪੋਰਟਸ ਕਲੱਬ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਲੱਬ ਕਪੂਰਥਲਾ ਨੂੰ ਹਰਾਇਆ। ਖੇਡ ਮੇਲੇ ਦਾ ਓਪਨ ਫਾਈਨਲ ਪਰਸਰਾਮਪੁਰ ਦੀ ਟੀਮ ਨੇ ਜਿੱਤਿਆ, ਜਦੋਂ ਕਿ ਧਾਲੀਵਾਲ ਬੇਟ ਦੀ ਟੀਮ ਦੂਸਰੇ ਸਥਾਨ 'ਤੇ ਰਹੀ। ਲੜਕੀਆਂ ਦੀ ਕਬੱਡੀ ਦੇ ਸ਼ੋਅ ਮੈਚ ਵਿਚ ਸਕੰਡੀ ਨੇਵੀਆ ਕਬੱਡੀ ਅਕੈਡਮੀ ਨਾਰਵੇ ਦੀ ਟੀਮ ਮਾਨਾਂਵਾਲਾ ਕਬੱਡੀ ਅਕੈਡਮੀ ਅੰਮ੍ਰਿਤਸਰ ਨੂੰ ਹਰਾ ਕੇ ਜੇਤੂ ਰਹੀ। ਕਬੱਡੀ ਦੇ 70 ਕਿਲੋ ਵਰਗ ਵਿਚ ਧਾਲੀਵਾਲ ਬੇਟ ਪਹਿਲੇ, ਸੈਦੋਵਾਲ ਦੂਸਰੇ, 60 ਕਿਲੋ ਵਰਗ ਵਿਚ ਚਮਿਆਰਾ ਟੀਮ ਪਹਿਲੇ ਅਤੇ ਧਾਲੀਵਾਲ ਬੇਟ ਦੂਸਰੇ ਅਤੇ 56 ਕਿਲੋ ਮੁਕਾਬਲੇ ਵਿਚ ਧਾਲੀਵਾਲ ਬੇਟ ਪਹਿਲੇ ਅਤੇ ਮਟੋਲਡਾ (ਬਠਿੰਡਾ) ਟੀਮਾਂ ਦੂਜੇ ਸਥਾਨ 'ਤੇ ਰਹੀਆਂ। ਖੇਡ ਮੇਲੇ ਦੌਰਾਨ ਲੱਕੀ ਕਪੂਨ ਡਰਾਅ ਰਾਹੀਂ ਦਰਸ਼ਕਾਂ ਨੂੰ ਪੰਜ ਸਾਈਕਲ, ਦੋ ਟੀ ਵੀ, ਇਕ ਵਾਸ਼ਿੰਗ ਮਸ਼ੀਨ ਅਤੇ ਇਕ ਮੋਬਾਈਲ ਇਨਾਮ ਵਜੋਂ ਦਿੱਤੇ ਗਏ। ਪ੍ਰਬੰਧਕ ਕਮੇਟੀ ਵੱਲੋਂ ਖਿਡਾਰੀਆਂ, ਸਹਿਯੋਗੀਆਂ ਅਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕਬੱਡੀ ਮੈਚਾਂ ਦੀ ਕੁਮੈਂਟਰੀ ਪ੍ਰਸਿੱਧ ਕੁਮੈਂਟੇਟਰ ਸ੍ਰੀ ਮੱਖਣ ਅਲੀ ਅਤੇ ਰੁਪਿੰਦਰ ਜਲਾਲ ਨੇ ਕੀਤੀ।
ਬੇਗੋਵਾਲ ਕਬੱਡੀ ਕੱਪ 22 ਫਰਵਰੀ ਤੋਂ
ਬੇਗੋਵਾਲ, 18 ਫਰਵਰੀ - 9ਵਾਂ ਕਬੱਡੀ ਕੱਪ ਅਤੇ ਸਭਿਆਚਾਰਕ ਮੇਲਾ 22-23 ਫਰਵਰੀ ਨੂੰ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਬੇਗੋਵਾਲ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਚ 3 ਵਧੀਆ ਖਿਡਾਰੀਆਂ ਨੂੰ ਨਵੇਂ ਮੋਟਰ ਸਾਈਕਲ ਦਿੱਤੇ ਜਾਣਗੇ। ਇਨ੍ਹਾਂ ਵਿਚ 1 ਖਿਡਾਰੀ ਪੁਰਾਣਾ ਅਤੇ 2 ਨਵੇਂ ਹੋ ਸਕਦੇ ਹਨ। ਇਸ ਟੂਰਨਾਮੈਂਟ ਵਿਚ ਪਹਿਲੇ ਦਿਨ ਇਕ ਪਿੰਡ ਓਪਨ ਅਤੇ ਦੂਸਰੇ ਦਿਨ ਪ੍ਰਸਿੱਧ ਕਲੱਬਾਂ ਦੇ ਭੇੜ ਹੋਣਗੇ। ਪਹਿਲਾ ਇਨਾਮ 1 ਲੱਖ ਰੁਪਏ ਪੰਜਾਬ ਸਪੋਰਟਸ ਕਲੱਬ ਬੈਲਜੀਅਮ ਵੱਲੋਂ ਦਿੱਤਾ ਜਾਵੇਗਾ।
ਲੱਖਣ ਕੇ ਪੱਡਾ 'ਚ 54ਵਾਂ ਕਬੱਡੀ ਕੱਪ 20 ਫਰਵਰੀ ਨੂੰ
ਨਡਾਲਾ, 18 ਫਰਵਰੀ - 54ਵਾਂ ਕਬੱਡੀ ਕੱਪ 20 ਫਰਵਰੀ ਨੂੰ ਪਿੰਡ ਲੱਖਣ ਕੇ ਪੱਡਾ (ਕਪੂਰਥਲਾ) ਵਿਚ ਪਿੰਡ ਵਾਸੀਆਂ, ਪ੍ਰਵਾਸੀ ਵੀਰਾਂ ਅਤੇ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ 8 ਵੱਡੀਆਂ ਕਲੱਬਾਂ ਦੇ ਭੇੜ ਅਤੇ ਮਾਝਾ ਦੁਆਬਾ ਲੜਕੀਆਂ ਦਾ ਸ਼ੋਅ ਮੈਚ ਵੀ ਹੋਵੇਗਾ। ਸਮਾਪਤੀ 'ਤੇ ਪ੍ਰਸਿੱਧ ਪੌਪ ਗਾਇਕ ਜੈਜ਼ੀ ਬੈਂਸ ਦਾ ਖੁੱਲ੍ਹਾ ਅਖਾੜਾ ਲੱਗੇਗਾ। ਕਲੱਬ ਲਈ ਪਹਿਲਾ ਇਨਾਮ 71000 ਰੁਪਏ ਅਤੇ ਦੂਸਰਾ 51000 ਰੁਪਏ ਦਿੱਤਾ ਜਾਵੇਗਾ।
ਜੌਹਲ-ਧੁੱਗਾ ਕਲਾਂ ਕਬੱਡੀ ਕੱਪ ਸਮਾਪਤ
ਗੜ੍ਹਦੀਵਾਲਾ, 18 ਫਰਵਰੀ - ਪਹਿਲਾ ਗੋਲਡ ਕਬੱਡੀ ਕੱਪ ਜੌਹਲ ਧੁੱਗਾ ਕਲਾਂ 'ਚ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜਾ ਦੀ ਯਾਦ ਵਿਚ ਕਰਵਾਇਆ ਗਿਆ। ਇਸ ਕਬੱਡੀ ਕੱਪ ਦੀ ਜੇਤੂ ਟੀਮ ਨੂੰ ਪ੍ਰਿੰ: ਤਰਸੇਮ ਸਿੰਘ ਧੁੱਗਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ 1 ਲੱਖ ਰੁਪਏ ਅਤੇ ਉਪ ਜੇਤੂ ਨੂੰ ਅਕਾਲੀ ਦਲ ਸਰਕਲ ਦਸੂਹਾ ਦੇ ਪ੍ਰਧਾਨ ਜਗਮੋਹਨ ਸਿੰਘ ਬੱਬੂ ਵੱਲੋਂ 75 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਪ੍ਰਬੰਧਕਾਂ ਵੱਲੋਂ ਇਸ ਮੌਕੇ ਕਬੱਡੀ ਖਿਡਾਰੀ ਸੰਤੋਖ ਸਿੰਘ ਤੋਖੀ, ਵੈਟਰਨ ਅਥਲੀਟ ਸੁਰਿੰਦਰ ਕੌਰ ਗੋਲਡ ਮੈਡਲਿਸਟ ਅਤੇ ਵੇਟ ਲਿਫਟਰ ਅਮਨਦੀਪ ਸਿੰਘ ਜੌਹਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਆ। ਅਕੈਡਮੀਆਂ ਦੇ ਹੋਏ ਫਾਈਨਲ ਮੁਕਾਬਲੇ ਦੌਰਾਨ ਨਾਰਵੇ ਕਲੱਬ ਨੇ ਕੋਟਲੀ ਥਾਨ ਸਿੰਘ ਅਕੈਡਮੀ ਨੂੰ ਹਰਾ ਕੇ ਕਬੱਡੀ ਕੱਪ 'ਤੇ ਕਬਜ਼ਾ ਕੀਤਾ ਅਤੇ ਪਿੰਡ ਪੱਧਰ ਓਪਨ ਮੁਕਾਬਲੇ 'ਚ ਡੱਫਰ ਨੇ ਜੌਹਲਾਂ ਨੂੰ ਹਰਾ ਕੇ 21 ਹਜ਼ਾਰ ਤੇ ਟ੍ਰਾਫੀ ਜਿੱਤੀ। ਇਸ ਮੌਕੇ ਲੜਕੀਆਂ ਅਤੇ 40 ਸਾਲ ਤੋਂ ਉਪਰ ਉਮਰ ਦੇ ਬਜ਼ੁਰਗਾਂ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ।
ਸਾਹਨੇਵਾਲ ਮਿੰਨੀ ਪੇਂਡੂ ਉਲੰਪਿਕ ਖੇਡਾਂ
ਲੁਧਿਆਣਾ/ਸਾਹਨੇਵਾਲ, 18 ਫਰਵਰੀ - ਸਾਹਨੇਵਾਲ ਦੀਆਂ ਪੇਂਡੂ ਮਿੰਨੀ ਉਲੰਪਿਕ ਖੇਡਾਂ ਦੇ ਪਹਿਲੇ ਦਿਨ ਦੇ ਮੁਕਾਬਲੇ ਵਿਚ ਫੁੱਟਬਾਲ ਵਿਚ ਸਾਹਨੇਵਾਲ ਨੇ ਗਿੱਲ ਨੂੰ 2-0 ਨਾਲ ਹਰਾਇਆ ਜਦਕਿ ਕਬੱਡੀ ਵਿਚ ਘੁਡਾਣੀ ਨੇ ਸਾਹਨੇਵਾਲ ਨੂੰ, ਨੱਤ ਨੇ ਰੱਬੋ ਨੂੰ, ਲੁਹਾਰਾ ਨੇ ਸਾਹਨੇਵਾਲ ਬੀ ਨੂੰ, ਡੇਰਾ ਬਾਬਾ ਰੱਬੋ ਨੇ ਰਾਮ ਗੜ੍ਹ ਨੂੰ ਹਰਾਇਆ। ਖੱਚਰ ਰੇਹੜਾ ਦੌੜਾਂ ਵਿਚ ਸਰੂਪ ਸਿੰਘ ਪੱਖੋਵਾਲ ਨੇ ਪਹਿਲਾ ਸਥਾਨ, ਕੇਹਰ ਸਿੰਘ ਜੋਧਾਂ ਨੇ ਦੂਸਰਾ, ਕਾਲਾ ਬਘੌਰ ਨੇ ਤੀਸਰਾ ਹਾਸਲ ਕੀਤਾ। ਖੇਡਾਂ ਦੇ ਫਾਈਨਲ ਸਮਾਰੋਹ 'ਤੇ ਕਬੱਡੀ ਸਟਾਰ ਤੇਜੀ ਨਿਜ਼ਾਮ ਪੁਰ ਨੂੰ ਸਲੋਹ ਕਬੱਡੀ ਕਲੱਬ ਇੰਗਲੈਂਡ ਵੱਲੋਂ ਮੋਟਰ-ਸਾਈਕਲ ਦੇ ਕੇ ਸਨਮਾਨਿਆ ਜਾਵੇਗਾ। ਖੇਡਾਂ ਦੇ ਆਖਰੀ ਦਿਨ ਜਥੇਦਾਰ ਹੀਰਾ ਸਿੰਘ ਗਾਬੜੀਆ ਕੈਬਨਿਟ ਮੰਤਰੀ, ਸ਼ਰਨਜੀਤ ਸਿੰਘ ਢਿੱਲੋਂ ਮੈਂਬਰ ਲੋਕ ਸਭਾ, ਅਜਮੇਰ ਸਿੰਘ ਲੱਖੋਵਾਲ ਜੇਤੂਆਂ ਨੂੰ ਮੁੱਖ ਮਹਿਮਾਨ ਵਜੋਂ ਇਨਾਮ ਵੰਡਣਗੇ। 20 ਫਰਵਰੀ ਨੂੰ ਲੋਕ ਗਾਇਕ ਕਮਲ ਹੀਰ ਦਾ ਖੁੱਲ੍ਹਾ ਅਖਾੜਾ ਵੀ ਲੱਗੇਗਾ। ਸਾਹਨੇਵਾਲ ਖੇਡਾਂ ਨੂੰ ਕੌਮਾਂਤਰੀ ਪੱਧਰ ਦਾ ਮੁਕਾਮ ਦਿਵਾਉਣ ਲਈ ਪ੍ਰਬੰਧਕਾਂ ਵੱਲੋਂ ਐਨ. ਆਰ. ਆਈ. ਬੋਰਡ ਦਾ ਗਠਨ ਕੀਤਾ ਗਿਆ, ਜਿਸ ਵਿਚ ਸਾਬਕਾ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸਤਿੰਦਰ ਸਿੰਘ ਗੋਲਡੀ ਯੂ ਕੇ ਨੂੰ ਬੋਰਡ ਦਾ ਚੇਅਰਮੈਨ, ਭੁਪਿੰਦਰ ਸਿੰਘ ਬਿੰਦੀ ਨੂੰ ਵਾਈਸ ਚੇਅਰਮੈਨ, ਜੁਗਰਾਜ ਸਿੰਘ ਢਿੱਲੋਂ ਨੂੰ ਉਪ ਪ੍ਰਧਾਨ, ਰਣਜੀਤ ਸਿੰਘ ਰਾਣਾ ਯੂ. ਐਸ. ਏ, ਗੁਰਜੀਤ ਸਿੰਘ ਨਿੰਮਵਾਲਾ ਯੂ. ਐਸ. ਏ ਨੂੰ ਮੀਤ ਪ੍ਰਧਾਨ, ਚਰਨਜੀਤ ਸਿੰਘ ਯੂ. ਐਸ ਏ. ਨੂੰ ਖ਼ਜ਼ਾਨਚੀ, ਬਲਜੀਤ ਸਿੰਘ ਨੂੰ ਸੈਕਟਰੀ, ਗੁਰਜੀਤ ਸਿੰਘ ਬੀਟਾ ਨੂੰ ਸਕੱਤਰ, ਇਸ ਤੋਂ ਇਲਾਵਾ ਨਿਰਮਲ ਸਿੰਘ ਰੰਧਾਵਾ ਕੈਨੇਡਾ ਨੂੰ ਜੁਆਇੰਟ ਸਕੱਤਰ ਬਣਾਇਆ ਗਿਆ, ਜਦਕਿ ਐਡਵਾਈਜ਼ਰੀ ਕਮੇਟੀ ਵਿਚ ਧਰਮਜੀਤ ਸਿੰਘ ਯੂ. ਐਸ. ਏ ਅਤੇ ਬਿੰਦੀ ਯੂ. ਐਸ. ਏ ਨੂੰ ਲਿਆ ਗਿਆ। ਅਗਲੇ ਵਰ੍ਹੇ ਸਾਹਨੇਵਾਲ ਵਿਖੇ ਹੋਣ ਵਾਲੀਆਂ ਮਿੰਨੀ ਉਲੰਪਿਕ ਖੇਡਾਂ ਵਿਚ ਹਾਕੀ ਅਤੇ ਕਬੱਡੀ ਦੀਆਂ ਬਾਹਰਲੇ ਮੁਲਕਾਂ ਦੀਆਂ ਟੀਮਾਂ ਵੀ ਸ਼ਾਮਿਲ ਹੋਣਗੀਆਂ।
ਰਾਸ਼ਟਰੀ ਫੁੱਟਬਾਲ ਲੀਗ
ਲੁਧਿਆਣਾ, ਜਲੰਧਰ 18 ਫਰਵਰੀ - ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 13ਵੀਂ ਓ ਐਨ ਜੀ ਸੀ ਰਾਸ਼ਟਰੀ ਫੁੱਟਬਾਲ ਲੀਗ ਦੇ 16 ਗੇੜ ਦੇ ਮੁਕਾਬਲੇ ਵਿਚ ਜੇ ਸੀ ਟੀ ਫੁੱਟਬਾਲ ਕਲੱਬ ਦਾ ਆਪਣੇ ਘਰੇਲੂ ਮੈਦਾਨ ਦਾ ਮੈਚ 21 ਫਰਵਰੀ ਨੂੰ ਚਿਰਾਗ ਯੂਨਾਈਟਿਡ ਕੋਲਕਾਤਾ ਵਿਰੁੱਧ ਹੋਵੇਗਾ। ਇਹ ਮੈਚ ਬਾਅਦ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਰਾਸ਼ਟਰੀ ਫੁੱਟਬਾਲ ਲੀਗ ਵਿਚ ਜੇ ਸੀ ਟੀ ਹੁਣ ਤੱਕ 16 ਮੈਚਾਂ ਬਾਅਦ ਕੁਲ 17 ਅੰਕਾਂ ਨਾਲ ਨੌਵੇਂ ਸਥਾਨ 'ਤੇ ਹੈ, ਜਦਕਿ ਚਿਰਾਗ ਯੂਨਾਈਟਿਡ 16 ਅੰਕਾਂ ਨਾਲ ਦਸਵੇਂ ਸਥਾਨ 'ਤੇ ਹੈ। ਜੇ. ਸੀ. ਟੀ. ਦੇ ਘਰੇਲੂ ਮੈਦਾਨ ਦੇ 6 ਮੈਚ ਅਜੇ ਬਾਕੀ ਹਨ। 26 ਫਰਵਰੀ ਨੂੰ ਜੇ ਸੀ ਟੀ ਦਾ ਅਗਲਾ ਮੈਚ ਚਰਚਲ ਬ੍ਰਦਰਜ਼ ਗੋਆ ਵਿਰੁੱਧ ਲੁਧਿਆਣਾ ਵਿਖੇ ਹੋਵੇਗਾ। ਰਾਸ਼ਟਰੀ ਲੀਗ ਵਿਚ ਸਾਬਕਾ ਚੈਂਪੀਅਨ ਮੋਹਨ ਬਗਾਨ 33 ਅੰਕਾਂ ਨਾਲ ਪਹਿਲੇ ਸਥਾਨ 'ਤੇ, ਸਪੋਰਟਿੰਗ ਕਲੱਬ ਦਿ ਗੋਆ 31 ਅੰਕਾਂ ਨਾਲ ਦੂਸਰੇ ਸਥਾਨ 'ਤੇ ਚੱਲ ਰਹੀ ਹੈ।
ਜਲੰਧਰ ਦੇ ਅਸ਼ੋਕ ਕੁਮਾਰ ਪਤਾਰਾ ਦੀ ਬੱਲੇ ਬੱਲੇ
ਆਕਲੈਂਡ, 18 ਫਰਵਰੀ - ਨਿਊਜ਼ੀਲੈਂਡ ਦੇ ਵੈਂਗਾਨੂਈ ਖੇਤਰ ਵਿਚ ਪਿਛਲੇ ਦਿਨੀਂ ਹੋਈਆਂ ਮਾਸਟਰ ਖੇਡਾਂ ਕਰਵਾਈਆਂ ਗਈਆਂ ਸਨ। ਇਨ੍ਹਾਂ ਖੇਡਾਂ ਵਿਚ ਜਿਥੇ ਅਵਤਾਰ ਸਿੰਘ ਦਿਹਾਣਾ ਨੇ 5 ਕਿਲੋਮੀਟਰ ਦੌੜ ਵਿਚ ਸੋਨ ਤਗਮਾ ਜਿੱਤਿਆ ਹੈ, ਉਥੇ ਜਲੰਧਰ ਲਾਗੇ ਪਿੰਡ ਪਤਾਰਾ ਤੋਂ ਖੇਡਾਂ ਵਿਚ ਭਾਗ ਲੈਣ ਪਹੁੰਚੇ ਸ੍ਰੀ ਅਸ਼ੋਕ ਕੁਮਾਰ ਨੇ ਲੰਬੀ ਛਾਲ, ਜੈਵਲਿਨ ਥ੍ਰੋਅ ਅਤੇ ਸ਼ਾਟ-ਪੁੱਟ ਵਿਚ ਤਿੰਨ ਸੋਨ ਤਗਮੇ ਜਿੱਤ ਕੇ ਗੋਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਪੂਨਮ ਸ਼ਰਮਾ ਨੇ ਵੀ 100 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤ ਲਿਆ ਹੈ। ਇਨ੍ਹਾਂ ਦੇ ਸਨਮਾਨ ਵਿਚ ਨਿਊਜ਼ੀਲੈਂਡ ਸਿੱਖ ਸੁਸਾਇਟੀ ਅਤੇ ਸੁਪਰੀਮ ਸਿੱਖ ਕੌਂਸਲ ਵੱਲੋਂ ਉਨ੍ਹਾਂ ਨੂੰ ਡਿਨਰ ਪਾਰਟੀ ਦਿੱਤੀ ਗਈ। ਸਨਮਾਨ ਵਜੋਂ ਸ੍ਰੀ ਅਸ਼ੋਕ ਕੁਮਾਰ ਨੂੰ ਇਕ ਟਰਾਫ਼ੀ ਅਤੇ 500 ਡਾਲਰ ਹੌਸਲਾ-ਅਫ਼ਜ਼ਾਈ ਵਜੋਂ ਦਿੱਤੇ ਗਏ।
ਚੌਕੀ ਮਾਨ ਦਾ 6ਵਾਂ ਖੇਡ ਮੇਲਾ
ਚੌਕੀਮਾਨ, 18 ਫਰਵਰੀ - ਪਿੰਡ ਚੌਕੀਮਾਨ 'ਚ ਚੱਲ ਰਹੇ ਛੇਵੇਂ ਖੇਡ ਮੇਲੇ ਦੇ ਦੂਜੇ ਦਿਨ ਹੋਏ ਮੁਕਾਬਲੇ 'ਚ 47 ਕਿਲੋ ਵਰਗ ਦੀ ਟਰਾਫ਼ੀ ਤਲਵੰਡੀ ਕਲਾਂ ਨੇ ਸਿਧਵਾਂ ਕਲਾਂ ਨੂੰ ਹਰਾ ਕੇ ਜਿੱਤੀ। ਕਬੱਡੀ 57 ਕਿਲੋ ਦਾ ਮੁਕਾਬਲਾ ਭਿੰਡਰ ਕਲਾਂ ਨੇ ਢੱਟ ਨੂੰ ਹਰਾ ਕੇ ਜਿੱਤਿਆ।
ਪਿੰਡ ਲਿੱਦੜ ਵਿਖੇ ਕਬੱਡੀ ਕੱਪ 22 ਤੋਂ
ਬਿਆਸ, 18 ਫਰਵਰੀ - ਬਾਬਾ ਬੀਰ ਸਿੰਘ ਦੀ ਯਾਦ ਨੂੰ ਸਮਰਪਿਤ ਪਿੰਡ ਲਿੱਦੜ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕਬੱਡੀ ਕੱਪ ਤੇ ਪੇਂਡੂ ਖੇਡ ਮੇਲਾ 22 ਤੋਂ 24 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਕਬੱਡੀ ਆਲ ਓਪਨ, ਕਬੱਡੀ 64 ਕਿਲੋ ਤੇ ਕਬੱਡੀ 60 ਕਿਲੋ ਦੇ ਮੈਚ ਕਰਵਾਏ ਜਾਣਗੇ। 24 ਫਰਵਰੀ ਨੂੰ ਕਲੱਬਾਂ ਦੇ ਮੈਚ ਤੇ ਲੜਕੀਆਂ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ। ਇਨਾਮਾਂ ਦੀ ਵੰਡ 24 ਫਰਵਰੀ ਨੂੰ ਰਾਣਾ ਗੁਰਜੀਤ ਸਿੰਘ ਐਮ. ਪੀ. ਤੇ ਸ: ਜਸਬੀਰ ਸਿੰਘ ਡਿੰਪਾ ਸਾਬਕਾ ਵਿਧਾਇਕ ਬਿਆਸ ਕਰਨਗੇ।
ਬੀਜਿੰਗ ਉਲੰਪਿਕ ਖੇਡਾਂ ਦੇ ਤਗਮਾ ਜੇਤੂਆਂ ਦਾ ਸਨਮਾਨ
ਜਲੰਧਰ, 18 ਫਰਵਰੀ - ਬੀਜਿੰਗ ਉਲੰਪਿਕ 2008 ਦੇ ਮੈਡਲ ਜੇਤੂਆਂ, ਕੋਚ ਅਤੇ ਮੈਨੇਜਰ ਅਤੇ 13ਵੀਂ ਵੈਟਰਨ ਵਿਸ਼ਵ ਚੈਂਪੀਅਨ ਸ੍ਰੀ ਕਰਤਾਰ ਸਿੰਘ ਪਹਿਲਵਾਨ ਨੂੰ ਅੰਤਰਰਾਸ਼ਟਰੀ ਕੁਸ਼ਤੀ ਸੰਸਥਾ ਅਤੇ ਪੰਜਾਬ ਕੁਸ਼ਤੀ ਸੰਸਥਾ ਵੱਲੋਂ ਸਨਮਾਨਿਤ ਕਰਨ ਲਈ ਪੀ.ਏ.ਪੀ. ਗੋਲਫ ਕਲੱਬ ਜਲੰਧਰ ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਅਭਿਨਵ ਬਿੰਦਰਾ ਸੋਨ ਤਗਮਾ-ਸ਼ੂਟਿੰਗ ਅਤੇ ਸੁਸ਼ੀਲ ਕੁਮਾਰ ਕਾਂਸੀ ਤਗਮਾ-ਕੁਸ਼ਤੀ ਨਹੀਂ ਪਹੁੰਚ ਸਕੇ ਪ੍ਰੰਤੂ ਮੁੱਕੇਬਾਜ਼ੀ ਵਿਚ ਕਾਂਸ਼ੀ ਤਗਮਾ ਜੇਤੂ ਵਿਜੇਂਦਰ ਕੁਮਾਰ ਅਤੇ ਉਸ ਦੇ ਦਰੋਣਾਚਾਰੀਆ ਕੋਚ ਗੁਰਬਖਸ਼ ਸਿੰਘ, ਭਾਰਤੀ ਕੁਸ਼ਤੀ ਟੀਮ ਦੇ ਕੋਚ ਸ੍ਰੀ ਪੀ.ਆਰ. ਸੋਂਧੀ ਅਤੇ ਮੈਨੇਜਰ ਪਦਮ ਸ੍ਰੀ ਕਰਤਾਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਪ੍ਰਧਾਨ ਪਦਮ ਸ੍ਰੀ ਕਰਤਾਰ ਸਿੰਘ ਨੇ ਜਲੰਧਰ ਵਿਚ 30-31 ਅਕਤੂਬਰ ਤੇ 1 ਨਵੰਬਰ ਨੂੰ ਅੰਤਰਰਾਸ਼ਟਰੀ ਪੱਧਰ ਦਾ ਪਹਿਲਾ ਸ਼ਹੀਦ ਭਗਤ ਸਿੰਘ ਮੈਮੋਰੀਅਲ ਅੰਤਰਰਾਸ਼ਟਰੀ ਕੁਸ਼ਤੀ ਟੂਰਨਾਮੈਂਟ ਕਰਾਉਣ ਦੀ ਜਾਣਕਾਰੀ ਦਿੱਤੀ।
ਬੱਦੋਵਾਲ ਕਬੱਡੀ ਕੱਪ ਸਮਾਪਤ
ਮੁੱਲਾਂ ਪੁਰ ਦਾਖਾਂ, 17 ਫਰਵਰੀ - 6ਵਾਂ ਬਦੋਵਾਲ ਕਬੱਡੀ ਕੱਪ ਚੱਲ ਰਿਹਾ ਹੈ। ਇਸ ਵਿਚ ਕਬੱਡੀ ਓਪਨ ਸਮੇਂ ਸਵ: ਦਲੀਪ ਸਿੰਘ ਸਪੋਰਟਸ ਕਲੱਬ ਬੱਦੋਵਾਲ, ਕਾਕਾ ਕਬੱਡੀ ਕਲੱਬ ਫਿਲੌਰ, ਤਲਵਾਰਾ ਕਲੱਬ ਦੌਧਰ ਦੀਆਂ ਟੀਮਾਂ ਸੈਮੀਫਾਈਨਲ ਪਹੁੰਚੀਆਂ। ਕਾਕਾ ਕਬੱਡੀ ਅਕੈਡਮੀ, ਫਿਲੌਰ ਨੇ 26-54 ਅੰਕਾਂ ਦੇ ਫਰਕ ਨਾਲ ਚਾਂਗਲੀ ਨੂੰ ਹਰਾਇਆ। ਬੱਦੋਵਾਲ ਕਬੱਡੀ ਟੀਮ 22 ਦੇ ਮੁਕਾਬਲੇ 27 ਅੰਕ ਲੈ ਕੇ ਗੜਪਾਣਾ ਟੀਮ ਨੂੰ ਹਰਾਇਆ। ਦਲੀਪ ਸਿੰਘ ਸਪੋਰਟਸ ਕਲੱਬ ਬੱਦੋਵਾਲ ਅਤੇ ਕਾਕਾ ਕਬੱਡੀ ਕਲੱਬ ਫਿਲੌਰ ਵਿਚ ਫਾਈਨਲ ਮੁਕਾਬਲਾ ਹੋਇਆ। ਜਿਸ 'ਚ 17-19 ਅੰਕਾਂ ਦੇ ਫਰਕ ਨਾਲ ਪਹਿਲੇ ਅੱਧ ਤੱਕ ਬੱਦੋਵਾਲ ਕਬੱਡੀ ਟੀਮ ਅੱਗੇ ਰਹੀ। ਆਖਿਰ 17-27 ਅੰਕਾਂ ਦੇ ਫਰਕ ਨਾਲ ਦਲੀਪ ਸਿੰਘ ਸਪੋਰਟਸ ਕਲੱਬ ਜੇਤੂ ਅਤੇ ਕਾਕਾ ਕਬੱਡੀ ਅਕੈਡਮੀ ਫਿਲੌਰ ਉਪ ਜੇਤੂ ਰਹੀ। ਕਬੱਡੀ 70 ਕਿਲੋ ਭਾਰ ਮੁਕਾਬਲਾ ਕਾਉਂਕੇ ਟੀਮ ਨੇ 17-22 ਅੰਕਾਂ ਨਾਲ ਬੈਂਸ ਟੀਮ ਨੂੰ ਹਰਾ ਕੇ ਜਿੱਤਿਆ। ਪੱਪੂ ਚੂਹੜ ਚੱਕ ਬੈੱਸਟ ਜਾਫੀ ਅਤੇ ਜੱਸਾ ਸਿੱਧਵਾਂ ਬੈਸਟ ਧਾਵੀ ਬਣ ਕੇ ਕਾਰਾਂ ਦੇ ਹੱਕਦਾਰ ਬਣੇ ਅਤੇ ਪੂਰੇ ਖੇਡ ਮੇਲੇ ਦਾ ਬੈੱਸਟ ਇਨਾਮ ਪਰਮਜੀਤ ਸਿੰਘ ਪੰਮਾ ਮਿਹਰਬਾਨ ਨੂੰ ਮੋਟਰ ਸਾਈਕਲ ਦਿੱਤਾ ਗਿਆ। ਜੇਤੂ ਟੀਮ ਨੂੰ ਇਕ ਲੱਖ, ਉਪ ਜੇਤੂ ਟੀਮ ਨੂੰ 75 ਹਜ਼ਾਰ ਦੇ ਨਾਲ ਬੈੱਸਟ ਧਾਵੀ, ਜਾਫੀ ਨੂੰ ਕਾਰਾਂ ਦੇਣ ਲਈ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ, ਮਨਪ੍ਰੀਤ ਸਿੰਘ ਇਯਾਲੀ, ਮਨਦੀਪ ਸਿੰਘ ਹਸਨ ਪੁਰ ਪਹੁੰਚੇ।
ਦੂਜੇ ਆਲ ਓਪਨ ਕਬੱਡੀ ਕੱਪ ਸ਼ੁਰੂ
ਬਾਜਾ ਖਾਨਾ, 17 ਫਰਵਰੀ - ਦੂਜੇ ਆਲ ਓਪਨ ਕਬੱਡੀ ਕੱਪ ਦਾ ਉਦਘਾਟਨ ਅਵਤਾਰ ਸਿੰਘ ਸਮਾਧ ਭਾਈ ਅਤੇ ਕਾਰਜਕਾਰੀ ਪ੍ਰਬੰਧਕ ਪਰਲਜ਼ ਸਿਟੀ ਬਠਿੰਡਾ ਨੇ ਕੀਤਾ। ਇਸ ਵਿਚ ਕਰਵਾਏ ਗਏ ਮੁਕਾਬਲਿਆਂ 'ਚ ਕਬੱਡੀ 36 ਕਿਲੋ ਭਾਰ ਵਰਗ ਦੇ ਹੋਏ ਮੈਚਾਂ ਵਿਚ 19 ਟੀਮਾਂ ਸ਼ਾਮਿਲ ਹੋਈਆਂ ਅਤੇ 41 ਕਿੱਲੋ ਭਾਰ ਵਰਗ 12 ਟੀਮਾਂ ਨਾ ਭਾਗ ਲਿਆ। ਮੈਚ ਦੀ ਕੁਮੈਂਟਰੀ ਅਮਨਦੀਪ ਸਿੰਘ ਦਬੜ੍ਹੀਖਾਨਾ ਨੇ ਕੀਤੀ। ਬੈੱਸਟ ਰੇਡਰ ਅਤੇ ਜਾਫੀ ਨੂੰ ਸੋਨੇ ਦੀਆਂ ਮੁੰਦਰੀਆਂ ਪਾਈਆਂ ਜਾਣਗੀਆਂ। ਇਸ ਟੂਰਨਾਮੈਂਟ 'ਚ ਆਲ ਓਪਨ ਕਬੱਡੀ ਦੇ ਮੈਚਾਂ ਤੋਂ ਇਲਾਵਾ ਕੁੜੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ ਅਤੇ 18 ਫਰਵਰੀ ਨੂੰ 50 ਕਿਲੋ ਵਰਗ, 19 ਫਰਵਰੀ ਨੂੰ ਆਲ ਓਪਨ ਕਬੱਡੀ ਦੇ ਮੈਚ ਕਰਵਾਏ ਜਾਣਗੇ। ਜੇਤੂ ਟੀਮ ਨੂੰ ਪਹਿਲਾ ਇਨਾਮ 1 ਲੱਖ ਰੁਪਏ ਅਤੇ ਦੂਜਾ ਇਨਾਮ 71 ਹਜ਼ਾਰ ਰੁਪਏ ਦਿੱਤਾ ਜਾਵੇਗਾ।
ਪੰਡੋਰੀ ਕਬੱਡੀ ਟੂਰਨਾਮੈਂਟ 26 ਤੋਂ
ਮੁੱਲਾਂ ਪੁਰ ਦਾਖਾਂ, 17 ਫਰਵਰੀ - ਆਲ ਓਪਨ ਕਬੱਡੀ ਟੂਰਨਾਮੈਂਟ 26 ਤੋਂ 28 ਫਰਵਰੀ ਤੱਕ ਪਿੰਡ ਪੰਡੋਰੀ ਨੇੜੇ ਮੰਡੀ ਮੁੱਲਾਂ ਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਪਿੰਡ ਪੰਡੋਰੀ ਖੇਡ ਮੇਲੇ ਸਮੇਂ ਕਬੱਡੀ ਵਜਨੀ 50 ਕਿਲੋ, ਕਬੱਡੀ ਓਪਨ ਪਿੰਡ ਵਾਰ ਜਿਸ ਵਿਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਣਗੇ। ਫੁੱਟਬਾਲ ਓਪਨ ਅਤੇ ਘੋੜਿਆਂ ਦੀ ਸਪੱਟਾਂ, ਰੇਵੀਆਂ ਦੌੜ ਦਰਸ਼ਕਾਂ ਦੀ ਖਿੱਚ ਹੋਵੇਗੀ।
ਵਿਸ਼ਵ ਕ੍ਰਿਕਟ ਕੱਪ 2011 ਦਾ ਫਾਈਨਲ ਦਿੱਲੀ 'ਚ
ਨਵੀਂ ਦਿੱਲੀ, 17 ਫਰਵਰੀ - ਅੰਤਰ ਰਾਸ਼ਟਰੀ ਕ੍ਰਿਕਟ ਕੌਸ਼ਲ ਨੇ ਵਿਸ਼ਵ ਕ੍ਰਿਕਟ ਕੱਪ 2011 ਦਾ ਫਾਈਨਲ ਮੈਚ ਦਿੱਲੀ 'ਚ ਕਰਵਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਜਦ ਕਿ ਇਸ ਕੱਪ ਦਾ ਉਦਘਾਟਨੀ ਮੈਚ 19 ਫਰਵਰੀ ਨੂੰ ਬੰਗਲਾ ਦੇਸ਼ ਵਿਖੇ ਖੇਡਿਆ ਜਾਵੇਗਾ। ਦਿੱਲੀ ਵਿਖੇ ਹੋਣ ਵਾਲਾ ਮੈਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਉਸਾਰੇ ਜਾਣ ਵਾਲੇ ਨਵੇਂ ਸਟੇਡੀਅਮ 'ਚ ਕਰਵਾਇਆ ਜਾਵੇਗਾ। ਭਾਰਤ 'ਚ ਇਸ ਕੱਪ ਦੇ ਅੱਠ ਥਾਂਵਾਂ 'ਤੇ ਕੁੱਲ 22 ਮੈਚ ਖੇਡੇ ਜਾਣਗੇ। ਅੰਤਰ ਰਾਸ਼ਟਰੀ ਕ੍ਰਿਕਟ ਕੌਸ਼ਲ ਦੇ ਮੁੱਖ ਅਧਿਕਾਰੀ ਹਾਰੂਨ ਲੋਰਗਟ ਨੇ ਨਵੀਂ ਦਿੱਲੀ ਵਿਖੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ, ਪਾਕਿਸਤਾਨ ਕ੍ਰਿਕਟ ਬੋਰਡ, ਸ੍ਰੀਲੰਕਾ ਕ੍ਰਿਕਟ ਅਤੇ ਬੰਗਲਾ ਦੇਸ਼ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਵਿਚ ਕਿਹਾ ਕਿ ਪਾਕਿਸਤਾਨ ਅਤੇ ਸ੍ਰੀਲੰਕਾ 'ਚ ਇਸ ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ਹੋਣਗੇ। ਪਾਕਿਸਤਾਨ 'ਚ ਚਾਰ ਥਾਂਵਾਂ 'ਤੇ 16 ਮੈਚ, ਸ੍ਰੀਲੰਕਾ 'ਚ 2 ਸਟੇਡੀਅਮਾਂ 'ਚ 9 ਮੈਚ ਅਤੇ ਬੰਗਲਾਦੇਸ਼ ਦੇ ਇਕ ਸ਼ਹਿਰ 'ਚ ਹੀ 6 ਮੈਚ ਖੇਡੇ ਜਾਣਗੇ। ਉਨ੍ਹਾਂ ਕਿਹਾ ਕਿ ਭਾਵੇਂ ਇਸ ਸਮਾਂ ਸਾਰਣੀ 'ਚ ਬਦਲਾਅ ਦਾ ਕੋਈ ਅਸਾਰ ਨਹੀਂ ਹੈ, ਪਰ ਫਿਰ ਵੀ ਮੈਂਬਰ ਦੇਸ਼ ਮੈਚਾਂ ਵਾਲੀਆਂ ਥਾਂਵਾਂ ਦਾ ਬਦਲ ਲੱਭ ਕੇ ਰੱਖਣ। ਉਨ੍ਹਾਂ ਕਿਹਾ ਕਿ ਮੈਚਾਂ ਲਈ ਚੁਣੇ ਗਏ 15 ਸਥਾਨਾਂ ਵਿਚੋਂ 8 ਭਾਰਤ 'ਚ, ਚਾਰ ਪਾਕਿਸਤਾਨ 'ਚ, 2 ਸ੍ਰੀਲੰਕਾ 'ਚ ਅਤੇ ਇਕ ਬੰਗਲਾਦੇਸ਼ 'ਚ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ ਦੇ ਚੇਅਰਮੈਨ ਲਲਿਤ ਮੋਦੀ ਨਾਲ ਆਈ ਪੀ ਐਲ 'ਚ ਏ ਸੀ ਐਸ ਯੂ ਦੇ ਨਿਗਰਾਨ ਤਾਇਨਾਤ ਕਰਨ ਬਾਰੇ ਵਿਚਾਰ ਕਰ ਰਹੇ ਹਨ।
ਚੌਂਕੀ ਮਾਨ ਦਾ 6ਵਾਂ ਖੇਡ ਮੇਲਾ ਆਰੰਭ
ਚੌਂਕੀ ਮਾਨ, 17 ਫਰਵਰੀ - 6ਵਾਂ ਕਬੱਡੀ ਟੂਰਨਾਮੈਂਟ, ਨਗਰ ਪੰਚਾਇਤ, ਨਗਰ ਨਿਵਾਸੀ ਅਤੇ ਐਨ. ਆਰ. ਆਈ. ਪਰਿਵਾਰਾਂ ਦੇ ਸਹਿਯੋਗ ਨਾਲ ਚੌਂਕੀ ਮਾਨ (ਲੁਧਿਆਣਾ) ਦੇ ਖੇਡ ਸਟੇਡੀਅਮ ਵਿਚ ਹੋ ਰਿਹਾ ਹੈ। ਇਸ ਟੂਰਨਾਮੈਂਟ ਦੇ ਪਹਿਲੇ ਦਿਨ ਹੋਏ ਮੁਕਾਬਲਿਆਂ 'ਚ ਕਬੱਡੀ 40 ਕਿਲੋ, 46 ਕਿਲੋ ਦੇ ਨਾਲ ਅਥਲੈਟਿਕ ਦੇ ਮੁਕਾਬਲੇ ਕਰਵਾਏ ਗਏ।
19ਵਾਂ ਸੰਤ ਸੁੰਦਰ ਸਿੰਘ ਯਾਦਗਾਰੀ ਖੇਡ ਮੇਲਾ ਸ਼ੁਰੂ
ਗੁਰੂ ਸਰ ਸੁਧਾਰ, 17 ਫਰਵਰੀ - 19ਵਾਂ ਸੰਤ ਸੁੰਦਰ ਸਿੰਘ ਯਾਦਗਾਰੀ ਖੇਡ ਮੇਲਾ ਪਿੰਡ ਬੋਪਾਰਾਏ ਕਲਾਂ ਵਿਖੇ ਆਰੰਭ ਹੋ ਗਿਆ ਹੈ। ਇਸ ਖੇਡ ਮੇਲੇ 'ਚ ਬੈਲ ਗੱਡੀਆਂ ਦੀਆਂ ਦੌੜਾਂ ਦਾ ਉਦਘਾਟਨ ਸੰਤ ਗਿਆਨੀ ਭੁਪਿੰਦਰ ਸਿੰਘ, ਜਥੇਦਾਰ ਜੋਗਿੰਦਰ ਸਿੰਘ ਪ੍ਰਧਾਨ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਨੇ ਕੀਤਾ। ਇਸ ਖੇਡ ਮੇਲੇ ਵਿਚ ਬੈਲ ਗੱਡੀਆਂ ਦੀਆਂ ਦੌੜਾਂ ਦੌਰਾਨ 78 ਬੈਲ ਜੋੜੀਆਂ ਨੂੰ ਚਾਬਕਾਂ ਨੇ ਮੈਦਾਨ ਵਿਚ ਉਤਾਰਿਆ, ਜਿਸ ਵਿਚ ਕਾਲਾ ਸਿੰਘ ਢੱਟ ਦੀ ਬੈਲ ਜੋੜੀ ਨੇ ਧੂੜਾਂ ਪੁੱਟ ਦਿਆ ਸਭ ਤੋਂ ਘੱਟ ਸਮਾਂ ਕੱਢ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਬੈਲ ਗੱਡੀਆਂ ਦੀਆਂ ਦੌੜਾਂ ਵਿਚ ਕਾਲਾ ਢੱਟ ਦੀ ਬੈਲ ਜੋੜੀ ਨੇ ਦੂਸਰਾ, ਬਲਵਿੰਦਰ ਰਾਜਗੜ੍ਹ ਦੀ ਜੋੜੀ ਨੇ ਤੀਸਰਾ ਇਨਾਮ ਜਿੱਤ ਲਿਆ। ਪਹਿਲੀਆਂ 20 ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੈਲ ਜੋੜੀਆਂ ਦੇ ਮਾਲਕਾਂ ਨੂੰ ਚੰਗੇ ਨਕਦ ਇਨਾਮਾਂ ਤੋਂ ਇਲਾਵਾ ਬਲਦਾਂ ਨੂੰ ਝੁੱਲ ਅਤੇ ਹੋਰ ਸਮਗਰੀ ਦਿੱਤੀ ਗਈ।
ਸੀ. ਟੀ. ਹਾਫ ਮੈਰਾਥਨ ਦੌੜ ਲਈ ਸੁਖਬੀਰ ਬਾਦਲ ਬਹੁਤ ਉਤਸ਼ਾਹਿਤ
ਜਲੰਧਰ, 17 ਫਰਵਰੀ - 22 ਫਰਵਰੀ ਨੂੰ ਸੀ. ਟੀ. ਗਰੁੱਪ ਵੱਲੋਂ ਤੀਸਰੀ ਸੀ. ਟੀ. ਹਾਫ ਮੈਰਾਥਨ ਦੌੜ ਕਰਵਾਈ ਜਾ ਰਹੀ ਹੈ। ਇਸ ਦੌੜ ਸਬੰਧੀ ਪੰਜਾਬ ਦੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੀ. ਟੀ. ਸੰਸਥਾ ਵੱਲੋਂ ਇਸ ਕਾਰਜ ਨੂੰ ਕਰਨ ਦੀ ਪਹਿਲ ਤੋਂ ਮੈਂ ਬਹੁਤ ਹੀ ਉਤਸ਼ਾਹਿਤ ਹਾਂ ਅਤੇ ਇਹ ਦੌੜ ਨਸ਼ਾਬੰਦੀ ਦਾ ਸੁਨੇਹਾ ਦੇਵੇਗੀ ਅਤੇ ਨੌਜਵਾਨਾਂ 'ਚ ਇਕ ਨਵੀਂ ਚੇਤਨਾ ਪੈਦਾ ਕਰੇਗੀ। ਇਸ ਦੌੜ ਵਿਚ ਹਿੱਸਾ ਲੈਣ ਲਈ ਸੀ. ਟੀ. ਮਕਸੂਦਾਂ ਕੈਂਪਸ, ਸੀ. ਟੀ. ਸ਼ਾਹਪੁਰ ਕੈਂਪਸ ਤੋਂ ਇਲਾਵਾ ਕਾਰਪੋਰੇਟ ਦਫ਼ਤਰ ਵਿਖੇ ਹਰ ਰੁਪਏ ਜਮ੍ਹਾਂ ਕਰਵਾ ਕੇ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਵਧੇਰੇ ਜਾਣਕਾਰੀ ਲਈ 99140-04901 ਤੇ 98147-43766 ਨੰਬਰਾਂ 'ਤੇ ਸੰਪਰਕ ਕਰੋ।
ਸਾਹਨੇਵਾਲ ਦੀ ਮਿੰਨੀ ਪੇਂਡੂ ਉਲੰਪਿਕ ਸ਼ੁਰੂ
ਲੁਧਿਆਣਾ/ਸਾਹਨੇਵਾਲ, 17 ਫਰਵਰੀ - ਮਾਲਵੇ ਦੀਆਂ ਪ੍ਰਸਿੱਧ ਸਾਹਨੇਵਾਲ ਦੀਆਂ ਪੇਂਡੂ ਮਿੰਨੀ ਉਲੰਪਿਕ ਖੇਡਾਂ ਦਾ ਉਦਘਾਟਨ ਮਲਕੀਤ ਸਿੰਘ ਯੂ. ਕੇ., ਗੁਰਦੇਵ ਸਿੰਘ ਸੰਧੂ, ਬਾਬਾ ਜਗਰੂਪ ਸਿੰਘ ਸਾਹਨੇਵਾਲ ਨੇ ਕੀਤਾ। ਇਸ ਦੇ ਪਹਿਲੇ ਦਿਨ ਹੋਏ ਮੁਕਾਬਲਿਆਂ 'ਚ ਖੱਚਰ ਰੇਹੜਾ ਦੌੜਾਂ ਵਿਚ ਸਰੂਪ ਸਿੰਘ ਪੱਖੋਵਾਲ ਨੇ ਪਹਿਲਾ ਸਥਾਨ, ਕੇਹਰ ਸਿੰਘ ਜੋਧਾਂ ਨੇ ਦੂਸਰਾ, ਕਾਲਾ ਬਘੌਰ ਨੇ ਤੀਸਰਾ, ਸਰੂਪ ਸਿੰਘ ਸਾਹਨੇਵਾਲ ਨੇ ਚੌਥਾ, ਸਤਪਾਲ ਸਿੰਘ ਧਾਂਦਰਾ ਨੇ ਪੰਜਵਾਂ, ਜਿੰਦਰ ਸਿੰਘ ਜੋਧਾਂ ਨੇ ਛੇਵਾਂ ਸਥਾਨ ਹਾਸਲ ਕੀਤਾ। ਖੇਡਾਂ ਦਾ ਰਸਮੀ ਉਦਘਾਟਨ ਭਲਕੇ 18 ਫਰਵਰੀ ਨੂੰ ਅਤੇ ਬੈਲ ਗੱਡੀਆਂ ਦੀਆਂ ਦੌੜਾਂ ਦਾ ਉਦਘਾਟਨ ਗੁਰਜੀਤ ਸਿੰਘ ਸੰਧੂ ਯੂ. ਐਸ. ਏ. ਵਾਲੇ ਕਰਨਗੇ। ਇਸ ਮੌਕੇ 'ਤੇ ਕਬੱਡੀ 52 ਕਿਲੋ, 57, 60 ਕਿਲੋ, ਫੁੱਟਬਾਲ, ਹਾਕੀ ਅਤੇ ਬੈਲ ਗੱਡੀਆਂ ਦੀਆਂ ਦੌੜਾਂ ਦੇ ਮੁਕਾਬਲਿਆਂ ਨਾਲ ਖੇਡਾਂ ਦੀ ਸ਼ੁਰੂਆਤ ਹੋਵੇਗੀ।
ਵਿਸ਼ਵ ਰੇਲਵੇ ਐਥਲੈਟਿਕ ਮੀਟ 'ਚ ਭਾਰਤੀ ਗੱਭਰੂਆਂ ਦੀ ਚੜ੍ਹਤ
ਪਟਿਆਲਾ, 16 ਫਰਵਰੀ - ਵਿਸ਼ਵ ਰੇਲਵੇ ਐਥਲੈਟਿਕਸ ਚੈਂਪੀਅਨਸ਼ਿਪ ਪੂਣੇ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ਦੇ ਪੁਰਸ਼ ਵਰਗ 'ਚ ਭਾਰਤੀ ਗੱਭਰੂਆਂ ਨੇ ਅਤੇ ਰੂਸ ਦੀਆਂ ਮਹਿਲਾਵਾਂ ਨੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਮੀਟ 'ਚ ਦੁਨੀਆ ਦੇ ਚੋਟੀ ਦੇ ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਮੇਜ਼ਬਾਨ ਭਾਰਤ, ਰੂਸ, ਨਾਰਵੇ, ਪੋਲੈਂਡ, ਹਾਲੈਂਡ, ਫਰਾਂਸ ਤੇ ਸਵਿਟਜ਼ਰਲੈਂਡ ਵਰਗੇ ਦੇਸ਼ ਸ਼ਾਮਿਲ ਸਨ। ਇਸ ਮੀਟ ਦੇ ਥਰੋਅ ਮੁਕਾਬਲਿਆਂ 'ਚ ਪੁਰਸ਼ ਵਰਗ 'ਚ ਭਾਰਤ 207 ਅੰਕਾਂ ਨਾਲ ਪਹਿਲੇ, ਰੂਸ 170 ਅੰਕਾਂ ਨਾਲ ਦੂਸਰੇ, ਮਹਿਲਾ ਵਰਗ 'ਚ ਰੂਸ 128 ਅੰਕਾਂ ਨਾਲ ਪਹਿਲੇ ਅਤੇ ਭਾਰਤ 121 ਅੰਕਾਂ ਨਾਲ ਦੂਸਰੇ ਸਥਾਨ 'ਤੇ ਰਿਹਾ। ਭਾਰਤ ਲਈ ਪੁਰਸ ਵਰਗ ਦੇ ਲੰਬੀ ਛਾਲ ਮੁਕਾਬਲੇ 'ਚ ਮਹਾਂ ਸਿੰਘ ਪੰਜਾਬ ਨੇ 7.62 ਛਾਲ ਲਗਾ ਕੇ ਸੋਨ, ਅਮਰਜੀਤ ਸਿੰਘ ਨੇ 16.6 ਮੀਟਰ ਤੀਹਰੀ ਛਾਲ ਲਗਾ ਕੇ ਸੋਨ, 400 ਮੀਟਰ ਦੌੜ 'ਚ ਵਿਪਨ ਮੈਥੀਉ ਨੇ ਸੋਨ, 800 ਤੇ 1500 ਮੀਟਰ ਦੌੜ 'ਚ ਸੰਜੋਸ਼ ਜੋਸਫ ਨੇ ਸੋਨ, 5000 ਮੀਟਰ ਦੌੜ 'ਚ ਰਵਿੰਦਰ ਨੇ ਸੋਨ, 10 ਹਜ਼ਾਰ ਮੀਟਰ ਦੌੜ 'ਚ ਸੰਦੀਪ ਕੁਮਾਰ ਨੇ ਸੋਨ, ਜੈਵਲਿਨ ਥਰੋਆਂ 'ਚ ਅਨਿਲ ਕੁਮਾਰ ਨੇ ਸੋਨ, 4×400 ਮੀਟਰ ਰੀਲੇਅ 'ਚ ਭਾਰਤੀ ਟੀਮ ਨੇ ਸੋਨ (ਰਾਜੀਵ ਕੁਮਾਰ, ਵਿਪਨ ਮੈਥੀਊ, ਸੰਜੋਸ਼ ਜੋਸਫ ਤੇ ਨੀਰਜ ਤਨਵਰ) ਨੇ ਤਗਮੇ ਜਿੱਤੇ। ਮਹਿਲਾਵਾਂ ਦੇ ਵਰਗ 'ਚ ਭਾਰਤ ਲਈ 800 ਮੀਟਰ ਤੇ 3000 ਮੀਟਰ ਦੌੜ 'ਚ ਸੁਸ਼ਮਾ ਦੇਵੀ ਨੇ ਸੋਨ, ਲੰਬੀ ਛਾਲ 'ਚ ਪ੍ਰਜੇਸ਼ਵਾ ਐਮ.ਏ. ਨੇ ਸੋਨ, ਡਿਸਕਸ ਸੁੱਟਣ 'ਚ ਕ੍ਰਿਸ਼ਨਾ ਪੂਨੀਆ ਨੇ ਸੋਨ, 4×400ਮੀਟਰ ਰੀਲੇਅ 'ਚ ਨਮਿਤਾ ਸਮਾਲ, ਸੁਸ਼ਮਾ ਦੇਵੀ, ਪ੍ਰਿਯੰਕਾ ਪਰਮਾਰ ਤੇ ਨਿਧੀ ਸਿੰਘ 'ਤੇ ਅਧਾਰਿਤ ਟੀਮ ਨੇ ਸੋਨ ਤੇ ਇਸੇ ਟੀਮ ਨੇ 4×400 ਮੀਟਰ ਦੌੜ 'ਚ ਚਾਂਦੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ।
7ਵੇਂ ਅੰਮ੍ਰਿਤਸਰ ਗੋਲਡ ਕਬੱਡੀ ਕੱਪ 'ਚ ਮੀਰੀ-ਪੀਰੀ ਕਲੱਬ ਅਮਰੀਕਾ ਦੀ ਝੰਡੀ
ਜਲੰਧਰ, 16 ਫਰਵਰੀ - 7ਵਾਂ ਅੰਮ੍ਰਿਤਸਰ ਗੋਲਡ ਕਬੱਡੀ ਕੱਪ ਅੰਮ੍ਰਿਤਸਰ ਸਪੋਰਟਸ ਕਲੱਬ ਵੱਲੋਂ ਪਿੰਡ ਬੋਪਾਰਾਏ ਨੇੜੇ ਮਹਿਤਾ ਚੌਕ (ਅੰਮ੍ਰਿਤਸਰ) ਵਿਖੇ ਕਰਵਾਇਆ ਗਿਆ। ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਇਸ ਕਬੱਡੀ ਕੱਪ 'ਤੇ ਮੀਰੀ-ਪੀਰੀ ਕਬੱਡੀ ਕਲੱਬ (ਅਮਰੀਕਾ) ਕਾਬਜ਼ ਹੋਇਆ ਅਤੇ ਦੂਜਾ ਪਝੱਤਰ ਹਜ਼ਾਰ ਦਾ ਇਨਾਮ ਡੀ. ਏ. ਵੀ. ਮਾਲਵਾ ਕਬੱਡੀ ਕਲੱਬ ਬਠਿੰਡਾ ਦੇ ਹਿੱਸੇ ਆਇਆ। ਇਸ ਕਬੱਡੀ ਕੱਪ ਦਾ ਉਦਘਾਟਨ ਪੰਜਾਬ ਦੇ ਐਡਵੋਕੇਟ ਜਨਰਲ ਸ: ਹਰਦੇਵ ਸਿੰਘ ਮੱਤੇ ਵਾਲ ਨੇ ਕੀਤਾ। ਇਸ ਮੌਕੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਬੱਡੀ ਖੇਡ ਨੂੰ ਪ੍ਰਫੁੱਲਿਤ ਕਰਨ ਅਤੇ ਬਣਦਾ ਮਾਣ-ਸਤਿਕਾਰ ਦਿਵਾਉਣ ਲਈ ਪੰਜਾਬ ਸਰਕਾਰ ਹਰ ਸੰਭਵ ਯਤਨ ਕਰੇਗੀ। ਇਸ ਕਬੱਡੀ ਕੱਪ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਸੁੱਖਾ ਭੰਡਾਲ (ਕਪੂਰਥਲੀਆ), ਮਿੰਦੂ ਤੇ ਸੰਦੀਪ ਗੁਰਦਾਸਪੁਰੀਆ ਨੂੰ ਬੁਲਟ ਮੋਟਰ-ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ।
13ਵਾਂ ਥਿਆੜਾ ਯਾਦਗਾਰੀ ਅੰਤਰ ਰਾਸ਼ਟਰੀ ਕਬੱਡੀ ਕੱਪ 19 ਤੋਂ
ਜਲੰਧਰ, 16 ਫਰਵਰੀ - 13ਵਾਂ ਥਿਆੜਾ ਯਾਦਗਾਰੀ ਅੰਤਰ ਰਾਸ਼ਟਰੀ ਕਬੱਡੀ ਕੱਪ ਮਿਤੀ 19 ਤੋਂ 21 ਫਰਵਰੀ ਤੱਕ ਪਿੰਡ ਲਾਂਦੜਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਪਹੁੰਚੇ ਦਰਸ਼ਕ ਗੁੱਟ ਘੜੀਆ, ਮੋਬਾਈਲ ਫੋਨ ਅਤੇ ਸਾਈਕਲ ਲੱਕੀ ਡਰਾਅ ਰਾਹੀਂ ਜਿੱਤ ਸਕਦੇ ਹਨ। ਮੇਲੇ ਦੇ ਆਖਰੀ ਦਿਨ ਪੰਜਾਬ ਦਾ ਨਾਮਵਰ ਲੋਕ ਗਾਇਕ ਗੁਰ ਕ੍ਰਿਪਾਲ ਸੂਰਾਪੁਰੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ। ਇਸ ਕੱਪ ਵਿਚ 48 ਕਿਲੋ, 55 ਕਿਲੋ, 60 ਕਿਲੋ ਤੇ 70 ਕਿਲੋ ਭਾਰ ਵਾਲੇ ਮੁਕਾਬਲੇ ਹੋਣਗੇ। ਆਖਰੀ ਦਿਨ ਚੋਟੀ ਦੀਆਂ ਅੱਠ ਆਲ ਓਪਨ ਟੀਮਾਂ ਤੋਂ ਇਲਾਵਾ ਲੜਕੀਆਂ ਦਾ ਸ਼ੋਅ ਵੀ ਹੋਵੇਗਾ।
ਬੱਦੋਵਾਲ ਕਬੱਡੀ ਕੱਪ
ਮੁੱਲਾਂ ਪੁਰ ਦਾਖਾਂ/ਇਯਾਲੀ/ਥਰੀਕੇ, 16 ਫਰਵਰੀ - ਬੱਦੋਵਾਲ ਕਬੱਡੀ ਕੱਪ ਦਲੀਪ ਸਿੰਘ ਸਪੋਰਟਸ ਕਲੱਬ ਵੱਲੋਂ ਗ੍ਰਾਮ ਪੰਚਾਇਤ, ਐਨ. ਆਰ. ਆਈ. ਸਹਿਯੋਗ ਨਾਲ ਚੱਲ ਰਿਹਾ ਹੈ। ਇਸ ਕਬੱਡੀ ਕੱਪ ਦੇ ਦੂਜੇ ਦਿਨ ਕਬੱਡੀ ਓਪਨ ਅਕੈਡਮੀਜ਼ ਮੁਕਾਬਲੇ ਦੇ ਪਹਿਲੇ ਗੇੜ ਵਿਚ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀਆਂ 16 ਟੀਮਾਂ ਸ਼ਾਮਿਲ ਹੋਈਆਂ। ਇਸ 'ਚ ਕਰਵਾਏ ਗਏ ਘੋੜ ਦੌੜ ਮੁਕਾਬਲਿਆਂ 'ਚ ਜਸਪ੍ਰੀਤ ਸਿੰਘ ਭੈਣੀ ਅਰੋੜਾ ਦਾ ਘੋੜਾ ਜੇਤੂ ਅਤੇ ਕਰਨਬੀਰ ਸਿੰਘ ਕੰਗ ਦਾ ਘੋੜਾ ਉਪ ਜੇਤੂ ਬਣਿਆ, ਕੁੱਤਿਆਂ ਦੀ ਦੌੜ ਵਿਚ ਅੰਮ੍ਰਿਤਪਾਲ ਪ੍ਰਾਪਰਟੀ ਡੀਲਰ ਦੀ ਕੁੱਤੀ ਜੇਤੂ ਅਤੇ ਸਰਪੰਚ ਹਰਜਿੰਦਰ ਸਿੰਘ ਦਾ ਕੁੱਤਾ ਉਪ ਜੇਤੂ ਰਿਹਾ। ਕਬੱਡੀ 52 ਕਿਲੋ ਵਿਚ 22-25 ਅੰਕਾਂ ਦੇ ਫਰਕ ਨਾਲ ਰੱਬੋ ਜੇਤੂ ਤੇ ਬੱਦੋਵਾਲੀਏ ਉਪ ਜੇਤੂ ਰਹੇ। 47 ਕਿਲੋ ਵਿਚ ਲੌਂਗੋਵਾਲ ਜੇਤੂ ਅਤੇ ਉਪ ਜੇਤੂ ਮੁਸਕਾਬਾਦ ਰਿਹਾ। 17 ਫਰਵਰੀ ਕਬੱਡੀ ਅਕੈਡਮੀਜ਼ ਪ੍ਰੋਫੈਸ਼ਨਲ ਦੇ ਫਾਈਨਲ ਹੋਣਗੇ। ਬੱਦੋਵਾਲ ਕੱਪ ਦੀ ਜੇਤੂ ਟੀਮ ਨੂੰ ਇਕ ਲੱਖ ਰੁਪਏ, ਉਪ ਜੇਤੂ ਲਈ 71 ਹਜ਼ਾਰ ਅਤੇ ਬੈੱਸਟ ਜਾਫੀ ਧਾਵੀ ਕਾਰਾਂ ਨਾਲ ਸਨਮਾਨਿਤ ਹੋਣਗੇ।
ਨਵਤੇਜ ਸਿੰਘ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਬਣਿਆ ਪਹਿਲਾ ਸਿੱਖ ਹਾਕੀ ਰੈਫ਼ਰੀ
ਲੁਧਿਆਣਾ, 16 ਫਰਵਰੀ - ਆਸਟ੍ਰੇਲੀਆ ਨਾਲ ਭਾਰਤ ਦੇ ਦੋ ਟੈਸਟ ਮੈਚ ਅਤੇ ਨਿਊਜ਼ੀਲੈਂਡ ਵਿਰੁੱਧ 21 ਫਰਵਰੀ ਤੋਂ 1 ਮਾਰਚ ਤੱਕ ਹੋਣ ਵਾਲੇ ਚਾਰ ਮੈਚਾਂ ਦੀ ਟੈਸਟ ਲੜੀ ਵਿਚ ਨਵਤੇਜ ਸਿੰਘ ਤੇਜਾ ਨੂੰ ਕੌਮਾਂਤਰੀ ਹਾਕੀ ਸੰਘ ਨੇ ਰੈਫ਼ਰੀ ਵਜੋਂ ਚੁਣਿਆ ਗਿਆ ਹੈ। ਪੰਜਾਬ ਦਾ ਜੰਮਪਲ ਨਵਤੇਜ ਸਿੰਘ ਤੇਜਾ ਜੋ ਪੰਜਾਬ ਪੁਲਿਸ ਦਾ ਸਾਬਕਾ ਖਿਡਾਰੀ ਅਤੇ ਅੰਪਾਇਰ ਹੈ। ਇਹ ਕੁਝ ਮਹੀਨੇ ਪਹਿਲਾਂ ਹੀ ਆਸਟ੍ਰੇਲੀਆ ਵਿਖੇ ਪੱਕੇ ਤੌਰ 'ਤੇ ਵਸਿਆ ਹੈ। ਨਵਤੇਜ ਸਿੰਘ ਤੇਜਾ ਜਿਸ ਨੇ ਪਿਛਲੇ ਆਪਣੇ ਪੰਜ ਸਾਲ ਦੇ ਕੈਰੀਅਰ ਦੌਰਾਨ ਭਾਰਤ ਵਿਚ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ ਅਨੇਕਾਂ ਮੈਚ ਖਿਡਾਏ ਹਨ, ਨੇ ਪਿਛਲੇ ਸਾਲ ਸੁਲਤਾਨ ਅਜਨਾਲ ਸ਼ਾਹ ਹਾਕੀ ਕੱਪ ਅਤੇ ਸਿੰਘਾਪੁਰ ਵਿਖੇ ਹੋਏ 6 ਮੁਲਕਾਂ ਦੇ ਹਾਕੀ ਟੂਰਨਾਮੈਂਟ ਦੌਰਾਨ ਰੈਫ਼ਰੀ ਵਜੋਂ ਭਾਰਤੀ ਦੀ ਨੁਮਾਇੰਦਗੀ ਕੀਤੀ ਸੀ ਪਰ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚ ਇੱਕ ਸਿੱਖ ਰੈਫ਼ਰੀ ਵਜੋਂ ਬਿਸਲ ਕਰਨ ਵਾਲਾ ਨਵਤੇਜ ਸਿੰਘ ਤੇਜਾ ਪਹਿਲਾ ਰੈਫ਼ਰੀ ਬਣਿਆ ਹੈ।
ਸਵਾਮੀ ਸਰੂਪ ਨੰਦ ਖੇਡ ਮੇਲਾ 21 ਤੋਂ
ਘੁਮਾਣ, 16 ਫਰਵਰੀ - ਪਿੰਡ ਮੰਡ ਵਿਖੇ ਸਵਾਮੀ ਸਰੂਪ ਨੰਦ ਖੇਡ ਮੇਲਾ 21-22 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਹ ਖੇਡ ਮੇਲਾ ਸ੍ਰੀ 108 ਬ੍ਰਹਮ ਗਿਆਨੀ ਸਵਾਮੀ ਸਰੂਪਾ ਨੰਦ ਨੂੰ ਸਮਰਪਿਤ ਹੈ। ਇਸ ਵਿਚ ਕਬੱਡੀ ਦੇ ਸ਼ੋਅ ਮੈਚ ਗੁਰੂ ਨਾਨਕ ਅਕੈਡਮੀ ਬਟਾਲਾ, ਸ਼ੇਰੇ ਪੰਜਾਬ ਕਲੱਬ ਜਲੰਧਰ, ਬਾਬਾ ਹੁੰਦਾਲ ਕਲੱਬ ਕਪੂਰਥਲਾ ਤੇ ਬਾਬਾ ਨਾਮਦੇਵ ਕਲੱਬ ਘੁਮਾਣ ਵਿਚਕਾਰ ਖੇਡੇ ਜਾਣਗੇ। ਇਸ ਤੋਂ ਇਲਾਵਾ 60 ਸਾਲ ਦੇ ਬਜ਼ੁਰਗਾਂ ਦੀਆਂ ਦੌੜਾਂ ਤੇ ਰੱਸਾਕਸ਼ੀ ਦੇ ਮੈਚ ਵੀ ਕਰਵਾਏ ਜਾਣਗੇ। ਕਬੱਡੀ ਦਾ ਪਹਿਲਾ ਇਨਾਮ 28,000 ਰੁਪਏ ਤੇ ਦੂਜਾ ਇਨਾਮ 23000 ਰੁਪਏ ਹੋਵੇਗਾ।
ਸਪੈਸ਼ਲ ਉਲੰਪਿਕਸ 'ਚ ਭਾਰਤ ਦੀ ਬੱਲੇ ਬੱਲੇ
ਨਵੀਂ ਦਿੱਲੀ, 16 ਫਰਵਰੀ - ਸਪੈਸ਼ਲ ਉਲੰਪਿਕਸ ਇਦੋਹੋ (ਅਮਰੀਕਾ) ਵਿਖੇ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਭਾਰਤੀਆਂ ਖਿਡਾਰੀਆਂ ਨੇ 7 ਸੋਨ, 6 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤ ਕੇ ਆਪਣੀ ਚੜ੍ਹਤ ਬਣਾ ਲਈ ਹੈ। ਭਾਰਤ ਦੀ ਮੇਘਾ ਨੇ ਐਲਪਾਈਨ ਸਕਾਈਇੰਗ 'ਚ 3 ਸੋਨ, ਪਿੰਕੀ ਸੁਨੀਲ ਨੇ ਸਨੋ ਸ਼ੋਇੰਗ, ਪਾਰਸ ਭਾਟੀਆ ਤੇ ਨਿਨਾਦ ਪ੍ਰਭਾਕਰ ਨੇ ਸਨੋ ਬੋਰਡਿੰਗ 'ਚ ਜਿੱਤ ਪ੍ਰਾਪਤ ਕੀਤੀ। ਟੀਮ ਵਰਗ 'ਚ ਭਾਰਤ ਨੇ ਮਰਦਾਂ ਦੀ ਫਲੋਰ ਹਾਕੀ 'ਚ ਸੋਨ ਤਗਮਾ ਜਦਕਿ ਮਹਿਲਾਵਾਂ 'ਚ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਸਾਹਵਿੰਦਰ ਸਿੰਘ ਨੇ ਐਲਪਾਈਨ ਸਕਾਈਇੰਗ 'ਚ ਚਾਂਦੀ, ਰੁਚਿਕਾ ਸ਼ਾਹ ਅਤੇ ਰਿਜ਼ਵਾਨ ਨੇ ਸਨੋ ਸੋਇੰਗ 'ਚ ਚਾਂਦੀ, ਬ੍ਰਿਜੇਸ਼ ਅਤੇ ਕੌਸ਼ਲ ਨੇ ਸਨੋ ਬੋਰਡਿੰਗ 'ਚ ਚਾਂਦੀ, ਰੀਨਾ ਐਲਪਾਈਨ ਸਕੀਇੰਗ 'ਚ ਕਾਂਸੀ ਅਤੇ ਰਜਿੰਦਰ ਨੇ ਕਾਂਸੀ ਦਾ ਤਗਮਾ ਜਿੱਤਿਆ।
ਮੋਰੈਸਮੋ ਨੇ ਪੈਰਿਸ ਓਪਨ ਖ਼ਿਤਾਬ 'ਤੇ ਕੀਤਾ ਕਬਜ਼ਾ
ਪੈਰਿਸ, 16 ਫਰਵਰੀ - ਵਿਸ਼ਵ ਦੀ ਸਾਬਕਾ ਅੱਵਲ ਦਰਜਾ ਪ੍ਰਾਪਤ ਮਹਿਲਾ ਟੈਨਿਸ ਖਿਡਾਰਨ ਫਰਾਂਸ ਦੀ ਏਮਲੀ ਮੋਰੈਸਮੋ ਨੇ ਪੈਰਿਸ ਓਪਨ ਟੈਨਿਸ ਟੂਰਨਾਮੈਂਟ ਦਾ ਸਿੰਗਲਜ਼ ਖ਼ਿਤਾਬ ਜਿੱਤ ਲਿਆ ਹੈ। ਮੋਰੈਸਮੋ ਨੇ ਉਲੰਪਿਕ ਚੈਂਪੀਅਨ ਰੂਸ ਦੀ ਏਲਿਨਾ ਦੇਮੇਂਤੀਏਵਾ ਨੂੰ 7-6, 2-6, 6-4 ਅੰਕਾਂ ਨਾਲ ਹਰਾਇਆ। ਮੋਰੈਸਮੋ ਨੇ ਇਸ ਖ਼ਿਤਾਬ 'ਤੇ ਤੀਜੀ ਵਾਰ ਕਬਜ਼ਾ ਕੀਤਾ ਹੈ। ਸਾਲ 2004 'ਚ ਅੱਵਲ ਦਰਜੇ 'ਤੇ ਰਹੀ ਮੋਰੈਸਮੋ ਹੁਣ 24ਵੇਂ ਦਰਜੇ ਤੱਕ ਤਿਲਕ ਚੁੱਕੀ ਹੈ।
ਆਈ ਏ ਏ ਐਫ ਇੰਡੋਰ ਐਥਲੈਟਿਕਸ 'ਚ ਓਮ ਪ੍ਰਕਾਸ਼ ਸਿੰਘ ਦੀ ਝੰਡੀ
ਵਲੇਂਸੀਆ (ਸਪੇਨ), 15 ਫਰਵਰੀ - ਵਲੇਂਸੀਆ ਵਿਖੇ ਆਈ ਏ ਏ ਐਫ ਇੰਡੋਰ ਐਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਭਾਰਤ ਦੇ ਓਮ ਪ੍ਰਕਾਸ਼ ਸਿੰਘ ਨੇ ਇੰਡੋਰ 'ਚ 19.01 ਮੀਟਰ ਦੀ ਦੂਰੀ 'ਤੇ ਗੋਲਾ ਸੁੱਟ ਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਏਸ਼ੀਅਨ ਇੰਡੋਰ ਚੈਂਪੀਅਨਸ਼ਿਪ ਚਾਂਦੀ ਦਾ ਤਗਮਾ ਜਿੱਤਣ ਵਾਲੇ ਓਮ ਪ੍ਰਕਾਸ਼ ਦੀ ਪਹਿਲੀ ਥ੍ਰੋਅ ਹੀ 19 ਮੀਟਰ ਤੋਂ ਵੱਧ ਰਹੀ ਜਦਕਿ ਉਸਦੀਆਂ ਚਾਰ ਥ੍ਰੋਆਂ ਫਾਊਲ ਰਹੀਆਂ। ਚੈਂਪੀਅਨਸ਼ਿਪ 'ਚ ਵਿਸ਼ਵ ਇੰਡੋਰ ਚੈਂਪੀਅਨ ਕ੍ਰਿਸਟੇਨ ਕਾਂਟਵੈਲ (20.95 ਮੀ) ਨੇ ਇਕ ਵਾਰ ਫੇਰ ਪੋਲੈਂਡ ਦੇ ਉਲੰਪਿਕ ਚੈਂਪੀਅਨ ਥੋਮਾਜ਼ ਮਾਜੇਵਸਕੀ (20.30 ਮੀ) ਨੂੰ ਮਾਤ ਦਿੱਤੀ। ਅਮਰੀਕਾ ਦੇ ਗਾਰੈਟ ਜਾਹਸਨ (19.23 ਮੀ) ਤੀਜਾ ਸਥਾਨ ਹਾਸਲ ਕੀਤਾ।
ਕਬੱਡੀ ਤੇ ਰੱਸਾਕਸ਼ੀ ਟੂਰਨਾਮੈਂਟ 18 ਤੋਂ
ਜਲੰਧਰ, 15 ਫਰਵਰੀ - ਦੂਸਰਾ ਕਬੱਡੀ ਅਤੇ ਰੱਸਾਕਸ਼ੀ ਟੂਰਨਾਮੈਂਟ 18-19 ਫਰਵਰੀ ਨੂੰ ਪਿੰਡ ਮਾਲੜੀ ਦੇ ਸਰਕਾਰੀ ਮਿਡਲ ਸਕੂਲ ਵਿਚ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਕਬੱਡੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਮਰਹੂਮ ਅਜੀਤ ਸਿੰਘ ਮਾਲੜੀ ਦੀ ਯਾਦ 'ਚ ਹੋਵੇਗਾ। ਇਸ ਟੂਰਨਾਮੈਂਟ 'ਚ ਕਬੱਡੀ ਓਪਨ 70 ਕਿਲੋ ਭਾਰ ਅਤੇ ਰੱਸਾਕਸ਼ੀ ਓਪਨ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਟੂਰਨਾਮੈਂਟ 'ਚ ਦੁਆਬੇ ਅਤੇ ਮਾਲਵੇ ਦੀਆਂ ਲੜਕੀਆਂ ਦਾ ਕਬੱਡੀ ਦਾ ਸ਼ੋਅ ਮੈਚ ਵੀ ਹੋਵੇਗਾ। ਕਬੱਡੀ ਓਪਨ 'ਚ ਜੇਤੂ ਟੀਮਾਂ ਨੂੰ 51000/- ਰੁਪਏ ਅਤੇ 31000/- ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਕਬੱਡੀ 70 ਕਿਲੋ ਦੀ ਜੇਤੂ ਟੀਮ ਨੂੰ 21000/- ਰੁਪਏ ਅਤੇ ਉਪ ਜੇਤੂ ਨੂੰ 11000/- ਰੁਪਏ ਦਿੱਤੇ ਜਾਣਗੇ। ਰੱਸਾਕਸ਼ੀ ਓਪਨ 'ਚ ਪਹਿਲਾ ਇਨਾਮ 21000/- ਰੁਪਏ ਅਤੇ ਦੂਜਾ ਇਨਾਮ 11000/- ਰੁਪਏ ਦਾ ਹੋਵੇਗਾ।
74ਵਾਂ ਕਿਲ੍ਹਾ ਰਾਏਪੁਰ ਖੇਡ ਮੇਲਾ
ਡੇਹਲੋਂ, 14 ਫਰਵਰੀ - ਕਿਲਾ ਰਾਏਪੁਰ ਦੇ 74ਵੇਂ ਖੇਡ ਮੇਲੇ ਦੇ ਤੀਜੇ ਦਿਨ ਖੇਡ ਮੈਦਾਨ 'ਚ ਪੇਂਡੂ ਰਵਾਇਤੀ ਖੇਡਾਂ ਤੋਂ ਇਲਾਵਾ ਹੋਰ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਗਏ। ਹਾਕੀ ਲੜਕੇ ਅੰਡਰ 17 'ਚ ਕਿਲਾ ਰਾਏਪੁਰ ਅਕੈਡਮੀ ਨੇ ਸੁਰਜੀਤ ਅਕੈਡਮੀ ਜਲੰਧਰ 1-0 ਨਾਲ ਹਰਾਇਆ। ਦੂਸਰੇ ਮੈਚ ਸੁਰਜੀਤ ਅਕੈਡਮੀ ਤੇ ਸੰਗਰੂਰ ਅਕੈਡਮੀ ਬਰਾਬਰ 'ਤੇ ਰਹੇ। ਲੜਕੀਆਂ ਦੇ ਹਾਕੀ ਮੁਕਾਬਲੇ 'ਚ ਸਪੋਰਟਸ ਵਿੰਗ ਭਾਰਤ ਨਗਰ ਲੁਧਿਆਣਾ ਨੇ ਯੂਪੀ ਇਲੈਵਨ ਨੂੰ 4-0 ਨਾਲ ਹਰਾਇਆ। ਭਗਵੰਤ ਮੈਮੋਰੀਅਲ ਹਾਕੀ ਗੋਲਡ ਕੱਪ ਮੁਕਾਬਲੇ ਲਈ ਹਰਿਆਣਾ ਨੇ ਅੰਮ੍ਰਿਤਸਰ ਨੂੰ 5-0, ਕਿਲਾ ਰਾਏਪੁਰ ਨੇ ਅੰਮ੍ਰਿਤਸਰ ਨੂੰ ਹਰਾਇਆ। ਬੈਲ-ਗੱਡੀਆਂ ਦੀਆਂ ਦੌੜਾਂ ਦੇ ਦਿਲਕਸ਼ ਮੁਕਾਬਲੇ ਵੀ ਕਰਵਾਏ ਗਏ। ਕਬੱਡੀ 62 ਕਿਲੋ ਦੇ ਫਾਈਨਲ ਮੁਕਾਬਲੇ ਚੋਂ ਪਿੰਡ ਬਾਠਾਂ ਨੇ ਪਹਿਲਾ ਅਤੇ ਧੂਰਕੋਟ ਨੇ ਦੂਸਰਾ। ਬਾਸਕਟਬਾਲ ਲੜਕੀਆਂ ਦੇ ਮੁਕਾਬਲੇ ਚੋਂ ਲੁਧਿਆਣਾ ਨੇ ਹੁਸ਼ਿਆਰਪੁਰ ਨੂੰ 64-47 ਦੇ ਅੰਕਾਂ ਨਾਲ ਹਰਾਇਆ। ਆਖਰੀ ਦਿਨ ਜੇਤੂਆਂ ਨੂੰ ਇਨਾਮਾਂ ਦੀ ਵੰਡ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਕਰਨਗੇ।
ਦੂਜਾ ਆਲ ਓਪਨ ਕਬੱਡੀ ਕੱਪ 17 ਤੋਂ
ਬਾਜਾਖਾਨਾ, 14 ਫਰਵਰੀ - ਦੂਜਾ ਆਲ ਓਪਨ ਕਬੱਡੀ ਟੂਰਨਾਮੈਂਟ 17 ਤੋਂ 19 ਫਰਵਰੀ ਤੱਕ ਪਿੰਡ ਜੀਦਾ (ਬਠਿੰਡਾ) ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਟੂਰਨਾਮੈਂਟ ਸਵ. ਲਾਲ ਸਿੰਘ ਢਿੱਲੋਂ ਅਤੇ ਸਵ. ਬਲਦੇਵ ਸਿੰਘ ਬਰਾੜ ਦੀ ਮਿੱਠੀ ਯਾਦ ਨੂੰ ਸਮਰਪਿਤ ਹੈ। ਇਸ 'ਚ ਜੇਤੂ ਕਬੱਡੀ ਟੀਮ ਨੂੰ ਟਰਾਫ਼ੀ ਤੋਂ ਇਲਾਵਾ ਪਹਿਲਾ ਇਨਾਮ 1 ਲੱਖ ਰੁਪਏ ਅਤੇ ਦੂਜਾ ਇਨਾਮ 71 ਹਜ਼ਾਰ ਰੁਪਏ ਹੋਵੇਗਾ। ਬੈੱਸਟ ਰੇਡਰ ਅਤੇ ਜਾਫੀ ਨੂੰ ਸੋਨੇ ਦੀਆਂ ਮੁੰਦਰੀਆਂ ਪਾਈਆਂ ਜਾਣਗੀਆਂ। ਆਲ ਓਪਨ ਕਬੱਡੀ ਦੇ ਮੈਚਾਂ ਤੋਂ ਇਲਾਵਾ ਕੁੜੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ 17 ਫਰਵਰੀ ਨੂੰ 36 ਕਿਲੋ ਵਰਗ, 41 ਕਿਲੋ ਵਰਗ ਦੇ ਮੈਚ ਕਰਵਾਏ ਜਾਣਗੇ ਅਤੇ 18 ਫਰਵਰੀ ਨੂੰ 50 ਕਿਲੋ ਵਰਗ, 65 ਕਿਲੋ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ।
ਬਾਬਾ ਉਤਮ ਸਿੰਘ ਯਾਦਗਾਰੀ ਕਬੱਡੀ ਕੱਪ 17 ਤੋਂ
ਬੱਧਨੀ ਕਲਾਂ, 14 ਫਰਵਰੀ - ਬਾਬਾ ਉਤਮ ਸਿੰਘ ਯਾਦਗਾਰੀ ਕਬੱਡੀ ਕੱਪ ਟੂਰਨਾਮੈਂਟ 17 ਤੋਂ 19 ਫਰਵਰੀ ਤੱਕ ਪਿੰਡ ਬੱਧਨੀ ਖੁਰਦ ਵਿਖੇ ਕਰਵਾਇਆ ਜਾਵੇਗਾ। ਇਸ ਤਿੰਨ ਰੋਜ਼ਾ ਬੱਧਨੀ ਖੁਰਦ ਕਬੱਡੀ ਕੱਪ ਵਿਚ ਕਬੱਡੀ ਓਪਨ ਪਿੰਡ ਵਾਰ ਤੋਂ ਇਲਾਵਾ ਕਬੱਡੀ 70 ਕਿੱਲੋ, 60, 52, 45 ਅਤੇ ਕਬੱਡੀ 35 ਕਿੱਲੋ ਦੇ ਮੁਕਾਬਲਿਆਂ ਲਈ ਵੀ ਭਰਵੇਂ ਇਨਾਮ ਦਿੱਤੇ ਜਾਣਗੇ।
ਪਿੰਡ ਸਿੰਘਪੁਰਾ ਮੁੰਨਣ ਦਾ ਖੇਡ ਮੇਲਾ ਸ਼ੁਰੂ
ਕੋਟ ਈਸੇ ਖਾਂ, 14 ਫਰਵਰੀ - ਪਿੰਡ ਸਿੰਘ ਪੁਰਾ ਮੁੰਨਣ ਦਾ ਚੌਥਾ ਖੇਡ ਮੇਲਾ ਚੱਲ ਰਿਹਾ ਹੈ। ਇਸ ਖੇਡ ਮੇਲੇ ਦਾ ਉਦਘਾਟਨ ਬਾਬਾ ਫਤਹਿ ਸਿੰਘ ਜੀ ਖੋਸਿਆਂ ਵਾਲਿਆਂ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਦੇ ਕੌਮੀ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕੀਤਾ। ਇਸ ਖੇਡ ਮੇਲੇ ਦੇ ਆਖਰੀ ਦਿਨ ਇਨਾਮਾਂ ਦੀ ਵੰਡ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ, ਮੁੱਖ ਸੰਸਦੀ ਸਕੱਤਰ ਸੀਤਲ ਸਿੰਘ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਸੁਖਜੀਤ ਸਿੰਘ ਲੋਹ ਗੜ੍ਹ ਕਰਨਗੇ।
ਚੌਂਕੀ ਮਾਨ ਦਾ 6ਵਾਂ ਕਬੱਡੀ ਟੂਰਨਾਮੈਂਟ ਤੇ ਸੱਭਿਆਚਾਰਕ ਖੇਡ ਮੇਲਾ 17 ਫਰਵਰੀ ਨੂੰ
ਚੌਂਕੀਮਾਨ, 14 ਫਰਵਰੀ - 6ਵਾਂ ਕਬੱਡੀ ਟੂਰਨਾਮੈਂਟ ਤੇ ਸੱਭਿਆਚਾਰਕ ਮੇਲਾ 17 ਤੋਂ 19 ਫਰਵਰੀ ਤੱਕ ਪਿੰਡ ਚੌਂਕੀ ਮਾਨ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਚ 17, 18 ਫਰਵਰੀ ਨੂੰ ਕਬੱਡੀ 40, 47, 57 ਤੇ 70 ਕਿਲੋ ਦੇ ਮੁਕਾਬਲਿਆਂ ਦੇ ਨਾਲ ਅਥਲੈਟਿਕਸ ਦੇ ਮੁਕਾਬਲੇ ਵੀ ਕਰਵਾਏ ਜਾਣਗੇ। 19 ਫਰਵਰੀ ਨੂੰ ਕਬੱਡੀ ਓਪਨ ਦੇ ਨਾਲ-ਨਾਲ ਲੋਕ ਗਾਇਕ ਮੁਹੰਮਦ ਸਦੀਕ ਦਾ ਖੁੱਲ੍ਹਾ ਅਖਾੜਾ ਖੇਡ ਮੇਲੇ ਦਾ ਸਿਖਰ ਹੋਵੇਗਾ।
ਆਲਮਗੀਰ ਦੀਆਂ ਖੇਡਾਂ 20 ਤੋਂ
ਲੁਧਿਆਣਾ, 14 ਫਰਵਰੀ - ਭਾਈ ਨਗਾਹੀਆ ਸਿੰਘ ਯਾਦਗਾਰੀ ਆਲਮਗੀਰ ਦੀਆਂ ਸਾਲਾਨਾ ਖੇਡਾਂ 20 ਤੋਂ 22 ਫਰਵਰੀ ਤੱਕ ਖੇਡ ਸਟੇਡੀਅਮ ਆਲਮਗੀਰ ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ 20 ਫਰਵਰੀ ਨੂੰ ਕਬੱਡੀ 52 ਕਿਲੋ, 60 ਅਤੇ 70 ਕਿਲੋ ਦੇ ਮੁਕਾਬਲੇ ਹੋਣਗੇ। ਜਦਕਿ 21 ਫਰਵਰੀ ਨੂੰ ਇਕ ਪਿੰਡ ਓਪਨ ਅਤੇ ਕਬੱਡੀ 37 ਕਿਲੋ ਅਤੇ 42 ਕਿਲੋ ਦੇ ਮੁਕਾਬਲੇ ਖੇਡੇ ਜਾਣਗੇ। 22 ਫਰਵਰੀ ਨੂੰ ਕੁਸ਼ਤੀਆਂ ਦੇ ਮੁਕਾਬਲੇ ਹੋਣਗੇ। ਫਾਈਨਲ ਸਮਾਰੋਹ 'ਤੇ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਮਨਪ੍ਰੀਤ ਸਿੰਘ ਇਯਾਲੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸ਼ਰਨਜੀਤ ਸਿੰਘ ਢਿੱਲੋਂ ਮੈਂਬਰ ਲੋਕ ਸਭਾ, ਬਲਵਿੰਦਰ ਸਿੰਘ ਬੈਂਸ, ਜਗਬੀਰ ਸਿੰਘ ਸੋਖੀ, ਮਾਨ ਸਿੰਘ ਗਰਚਾ, ਦਰਸ਼ਨ ਸਿੰਘ ਸ਼ਿਵਾਲਿਕ ਵਿਧਾਇਕ, ਹਰੀਸ਼ ਬੇਦੀ ਵਿਧਾਇਕ ਆਦਿ ਸ਼ਖਸੀਅਤਾਂ ਮੁੱਖ ਮਹਿਮਾਨ ਵਜੋਂ ਪੁੱਜਣਗੀਆਂ।
ਨਿਊਜ਼ੀਲੈਂਡ ਦੌਰੇ 'ਤੇ ਜਾਣ ਵਾਲੀ ਭਾਰਤੀ ਟੀਮ
ਮੁੰਬਈ, 13 ਫਰਵਰੀ - ਆਗਾਮੀ ਨਿਊਜ਼ੀਲੈਂਡ ਦੌਰੇ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਅੱਜ ਕਰ ਦਿੱਤਾ ਗਿਆ। 25 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਇਸ ਦੌਰੇ ਲਈ ਟੀਮ 'ਚ ਮੱਧਮ ਗਤੀ ਦੇ ਗੇਂਦਬਾਜ਼ ਐੱਲ. ਬਾਲਾਜੀ ਅਤੇ ਦਿਨੇਸ਼ ਕਾਰਤਿਕ (ਵਾਧੂ ਵਿਕਟ ਕੀਪਰ) ਦੀ ਵਾਪਸੀ ਹੋਈ ਹੈ। ਜਦਕਿ ਮੁੰਬਈ ਦੇ ਤੇਜ਼ ਗੇਂਦਬਾਜ਼ ਧਵਲ ਕੁਲਕਰਨੀ ਨੂੰ ਨਵੇਂ ਚਿਹਰੇ ਵਜੋਂ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ। ਟੈਸਟ ਟੀਮ ਵਿਚ ਸ਼ਾਮਿਲ ਹੋਣ ਵਾਲੇ ਖਿਡਾਰੀ ਮਹਿੰਦਰ ਸਿੰਘ ਧੋਨੀ (ਕਪਤਾਨ), ਵਰਿੰਦਰ ਸਹਿਵਾਗ, ਗੌਤਮ ਗੰਭੀਰ, ਰਾਹੁਲ ਦ੍ਰਾਵਿੜ, ਸਚਿਨ ਤੇਂਦੁਲਕਰ, ਵੀ. ਵੀ. ਐੱਸ. ਲਕਸ਼ਮਣ, ਯੁਵਰਾਜ ਸਿੰਘ, ਜ਼ਹੀਰ ਖਾਨ, ਹਰਭਜਨ ਸਿੰਘ, ਇਸ਼ਾਂਤ ਸ਼ਰਮਾ, ਮੁਨਾਫ਼ ਪਟੇਲ, ਅਮਿਤ ਮਿਸ਼ਰਾ, ਦਿਨੇਸ਼ ਕਾਰਤਿਕ, ਐੱਲ. ਬਾਲਾਜੀ, ਧਵਲ ਕੁਲਕਰਨੀ ਅਤੇ ਮੁਰਲੀ ਵਿਜੇ ਹਨ। ਇਕ ਦਿਨਾ ਟੀਮ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਮਹਿੰਦਰ ਸਿੰਘ ਧੋਨੀ (ਕਪਤਾਨ), ਵਰਿੰਦਰ ਸਹਿਵਾਗ, ਗੌਤਮ ਗੰਭੀਰ, ਸਚਿਨ ਤੇਂਦੁਲਕਰ, ਯੁਵਰਾਜ ਸਿੰਘ, ਜ਼ਹੀਰ ਖਾਨ, ਹਰਭਜਨ ਸਿੰਘ, ਇਸ਼ਾਂਤ ਸ਼ਰਮਾ, ਮੁਨਾਫ਼ ਪਟੇਲ, ਦਿਨੇਸ਼ ਕਾਰਤਿਕ, ਸੁਰੇਸ਼ ਰੈਨਾ, ਯੂਸਫ਼ ਪਠਾਨ, ਪ੍ਰਗਿਆਨ ਓਝਾ, ਰੋਹਿਤ ਸ਼ਰਮਾ, ਪ੍ਰਵੀਨ ਕੁਮਾਰ, ਇਰਫਾਨ ਪਠਾਨ ਹਨ। ਟਵੰਟੀ-20 ਟੀਮ ਵਿਚ ਮਹਿੰਦਰ ਸਿੰਘ ਧੋਨੀ (ਕਪਤਾਨ), ਵਰਿੰਦਰ ਸਹਿਵਾਗ, ਗੌਤਮ ਗੰਭੀਰ, ਯੁਵਰਾਜ ਸਿੰਘ, ਜ਼ਹੀਰ ਖਾਨ, ਹਰਭਜਨ ਸਿੰਘ, ਇਸ਼ਾਂਤ ਸ਼ਰਮਾ, ਮੁਨਾਫ਼ ਪਟੇਲ, ਦਿਨੇਸ਼ ਕਾਰਤਿਕ, ਸੁਰੇਸ਼ ਰੈਨਾ, ਯੂਸਫ਼ ਪਟੇਲ, ਪ੍ਰਗਿਆਨ ਓਝਾ, ਰੋਹਿਤ ਸ਼ਰਮਾ, ਪ੍ਰਵੀਨ ਕੁਮਾਰ, ਇਰਫਾਨ ਪਠਾਨ, ਰਵਿੰਦਰ ਜਡੇਜਾ ਸ਼ਾਮਿਲ ਹੋਏ ਹਨ। ਕਪਤਾਨ ਮਹਿੰਦਰ ਸਿੰਘ ਧੋਨੀ, ਕੋਚ ਗੈਰੀ ਕ੍ਰਿਸਟਨ ਦੀ ਮੌਜੂਦਗੀ 'ਚ ਰਾਸ਼ਟਰੀ ਚੋਣ ਕਮੇਟੀ ਦੀ ਬੈਠਕ ਹੋਈ। ਜਿਸ 'ਚ ਟੈਸਟ, ਇਕ ਦਿਨਾ ਅਤੇ ਟਵੈਂਟੀ-20 ਲਈ ਵੱਖਰੀਆਂ-ਵੱਖਰੀਆਂ 16 ਮੈਂਬਰੀ ਟੀਮਾਂ ਦੀ ਚੋਣ ਕੀਤੀ ਗਈ। ਨਿਊਜ਼ੀਲੈਂਡ ਦੌਰੇ ਦੌਰਾਨ ਭਾਰਤੀ ਟੀਮ ਨਿਊਜ਼ੀਲੈਂਡ ਵਿਰੁਧ 5 ਇਕ ਦਿਨਾ, 3 ਟੈਸਟ ਅਤੇ 2 ਟਵੰਟੀ-20 ਮੈਚ ਖੇਡੇਗੀ।
ਕਿਲ੍ਹਾ ਰਾਏਪੁਰ ਦਾ ਪੇਂਡੂ ਖੇਡ ਮੇਲਾ
ਡੇਹਲੋਂ, 13 ਫਰਵਰੀ - ਕਿਲਾ ਰਾਏ ਪੁਰ ਦਾ ਪੇਂਡੂ ਖੇਡ ਮੇਲਾ ਚੱਲ ਰਿਹਾ ਹੈ। ਦੂਜੇ ਦਿਨ ਇਸ ਖੇਡ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਇਕ ਤੇ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਸ਼ਾਮ ਪੌਣੇ 6 ਵਜੇ ਦੇ ਕਰੀਬ ਝੰਡਾ ਲਹਿਰਾ ਕੇ ਉਦਘਾਟਨ ਕੀਤਾ। ਇਸ ਉਦਘਾਟਨੀ ਸਮਾਰੋਹ ਮੌਕੇ ਤੇ ਸਕੂਲ ਬੱਚਿਆਂ ਵੱਲੋਂ ਗਿੱਧਾ ਭੰਗੜਾ ਪਾਇਆ ਗਿਆ। ਕਈ ਵਿਅਕਤੀਗਤ ਮੁਕਾਬਲੇ ਕਰਵਾਏ ਗਏ। ਬੈਲ ਗੱਡੀਆਂ ਦੀਆਂ ਦੌੜਾਂ ਦੇ ਪਹਿਲੇ ਗੇੜ ਵਿਚ ਬੇਲਾ ਸਿੰਘ ਡੇਹਲੋਂ, ਰਣਜੀਤ ਸਿੰਘ ਆਸੀ ਕਲਾਂ, ਬਲਜਿੰਦਰ ਸਿੰਘ ਕੂਹਲੇਵਾਲ , ਬਲਜਿੰਦਰ ਸਿੰਘ ਡੇਹਲੋਂ, ਝੰਡਾ ਸਿੰਘ ਬੌੜਹਾਈ, ਉਜਾਗਰ ਸਿੰਘ ਨਿਜ਼ਾਮ ਪੁਰ, ਨਿਰਮਲ ਸਿੰਘ ਭੀਖੀ ਅਤੇ ਜਗਦੀਸ਼ ਸਿੰਘ ਦੁਲੇਅ ਦੀਆ ਬੈਲ-ਗੱਡੀਆਂ ਜੇਤੂ ਰਹਿ ਕੇ ਦੂਜੇ ਗੇੜ ਵਿਚ ਪਹੁੰਚ ਗਈਆਂ। ਲੜਕੀਆਂ ਦੇ ਹਾਕੀ ਮੈਚ ਵਿਚ ਸਰਕਾਰੀ ਕਾਲਜ ਲੁਧਿਆਣਾ ਨੇ ਖਾਲਸਾ ਕਾਲਜ ਲੁਧਿਆਣਾ ਨੂੰ 3-1 ਦੇ ਫਰਕ ਨਾਲ ਹਰਾਇਆ। ਲੜਕਿਆਂ ਅੰਡਰ 17 ਦੇ ਇਕ ਮੈਚ ਵਿਚ ਗਰੇਵਾਲ ਅਕਾਦਮੀ ਕਿਲਾ ਰਾਏਪੁਰ ਅਤੇ ਅੰਮ੍ਰਿਤਸਰ ਦੀਆਂ ਟੀਮਾਂ 3-3 ਦੀ ਬਰਾਬਰੀ 'ਤੇ ਰਹੀਆਂ। ਅੰਡਰ 19 ਵਰਗ ਵਿਚ ਸੁਰਜੀਤ ਅਕਾਦਮੀ ਜਲੰਧਰ ਨੇ ਜਰਖੜ ਅਕਾਦਮੀ ਨੂੰ 3-1 ਦੇ ਫਰਕ ਨਾਲ ਹਰਾਇਆ। 400 ਮੀਟਰ ਲੜਕੀਆਂ ਦੌੜ ਵਿਚੋਂ ਹਰਪਾਲ ਕੌਰ ਸੁਨਾਮ ਨੇ ਪਹਿਲਾ, ਰਾਜਵੀਰ ਕੌਰ ਸੁਨਾਮ ਨੇ ਦੂਜਾ ਅਤੇ ਸੁਜਾਤਾ ਯਾਦਵ ਬਠਿੰਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਲੜਕੀਆਂ ਦੀ ਦੌੜ ਵਿਚੋਂ ਹਰਪਾਲ ਕੌਰ ਸੁਨਾਮ ਨੇ ਪਹਿਲਾ, ਨੈਨੀਵਾਲਾ ਨੇ ਦੂਜਾ ਅਤੇ ਰਾਜਵੀਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੀ 100 ਮੀਟਰ ਦੌੜ ਵਿਚੋਂ ਲੁਧਿਆਣਾ ਦੇ ਭਗਵੰਤ ਸਿੰਘ ਨੇ ਪਹਿਲਾ ਅਤੇ ਜੱਸੂ ਨੇ ਦੂਜਾ, 400 ਮੀਟਰ ਦੌੜ ਵਿਚੋਂ ਸਮਰਾਲਾ ਦੇ ਸੋਨੀ ਸਿੰਘ ਨੇ ਪਹਿਲਾ ਅਤੇ ਲੁਧਿਆਣਾ ਦੇ ਇੰਦਰਜੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਬ ਯੂਨੀਅਰ ਵਰਗ ਦੀ 400 ਮੀਟਰ ਦੌੜ ਵਿਚੋਂ ਖੰਨਾ ਦੇ ਧਰਮਿੰਦਰ ਸਿੰਘ ਨੇ ਪਹਿਲਾ, ਅਜਗਰ ਅਲੀ ਨੇ ਦੂਜਾ, 100 ਮੀਟਰ ਦੌੜ ਵਿਚੋਂ ਖੰਨਾ ਦੇ ਅਭਿਜੀਤ ਸਿੰਘ ਨੇ ਪਹਿਲਾ ਅਤੇ ਪ੍ਰਭਜੋਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ।
7ਵਾਂ ਅੰਮ੍ਰਿਤਸਰ ਗੋਲਡ ਕਬੱਡੀ ਕੱਪ 15 ਫਰਵਰੀ ਨੂੰ
ਜਲੰਧਰ, 13 ਫਰਵਰੀ - 7ਵਾਂ ਅੰਮ੍ਰਿਤਸਰ ਗੋਲਡ ਕਬੱਡੀ ਕੱਪ 15 ਫਰਵਰੀ ਨੂੰ ਗੁਰੂ ਹਰਿਗੋਬਿੰਦ ਸਟੇਡੀਅਮ ਮਹਿਤਾ ਚੌਕ, ਬੋਪਾਰਾਏ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ 'ਚ ਚੋਟੀ ਦੀਆਂ ਅੱਠ ਟੀਮਾਂ ਦੇ ਮੈਚ ਕਰਵਾਏ ਜਾਣਗੇ ਅਤੇ ਜੇਤੂ ਟੀਮ ਨੂੰ ਇਕ ਲੱਖ ਤੇ ਉਪ ਜੇਤੂ ਨੂੰ ਪੰਝਤਰ ਹਜ਼ਾਰ ਨਗਦ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁੱਖਾ ਭੰਡਾਲ ਕਪੂਰਥਲੀਆ, ਸੰਦੀਪ ਗੁਰਦਾਸਪੁਰੀਆ ਅਤੇ ਮਿੰਦੂ ਗੁਰਦਾਸਪੁਰੀਆ ਦਾ ਬੁਲਟ ਮੋਟਰ-ਸਾਈਕਲ ਨਾਲ ਸਨਮਾਨ ਕੀਤਾ ਜਾਵੇਗਾ।
ਪੰਜਾਬ ਪੇਂਡੂ ਸਰਕਲ ਕਬੱਡੀ ਚੈਂਪੀਅਨਸ਼ਿਪ 28 ਤੋਂ
ਪਟਿਆਲਾ, 13 ਫਰਵਰੀ - ਡਾ: ਸਾਧੂ ਸਿੰਘ ਹਮਦਰਦ ਯਾਦਗਾਰੀ ਪੰਜਾਬ ਪੇਂਡੂ ਸਰਕਲ ਕਬੱਡੀ ਚੈਂਪੀਅਨਸ਼ਿਪ 28 ਫਰਵਰੀ ਤੋਂ 1 ਮਾਰਚ ਨੂੰ ਸਪੋਰਟਸ ਸਟੇਡੀਅਮ ਘੱਗਾ ਵਿਖੇ ਕਰਵਾਈ ਜਾ ਰਹੀ ਹੈ। ਪਹਿਲੀ ਵਾਰ ਪੰਜਾਬ ਵਿਚ ਅਜਿਹਾ ਟੂਰਨਾਮੈਂਟ ਹੋਣ ਜਾ ਰਿਹਾ ਹੈ, ਜਿਸ ਵਿਚ ਨਿਰੋਲ ਪਿੰਡਾਂ ਦੀਆਂ ਟੀਮਾਂ ਓਪਨ ਮੁਕਾਬਲੇ ਵਿਚ ਹਿੱਸਾ ਲੈਣਗੀਆਂ। ਇਸ ਟੂਰਨਾਮੈਂਟ ਵਿਚ ਪੰਜਾਬ ਦੇ ਸਾਰੇ ਜ਼ਿਲਿਆਂ 'ਚੋਂ ਚੋਟੀ ਦੀਆਂ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਭਾਗ ਲੈਣਗੀਆਂ। ਚੈਂਪੀਅਨਸ਼ਿਪ ਜਿੱਤਣ ਵਾਲੀ ਲੜਕਿਆਂ ਦੀ ਟੀਮ ਨੂੰ 51,000 ਰੁਪਏ ਅਤੇ ਦੂਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 41,000 ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਲੜਕੀਆਂ ਦੇ ਵਰਗ ਵਿਚ ਚੈਂਪੀਅਨ ਰਹਿਣ ਵਾਲੀ ਟੀਮ ਨੂੰ 10,000 ਰੁਪਏ ਤੇ ਉਪ ਜੇਤੂ ਰਹਿਣ ਵਾਲੀ ਟੀਮ ਨੂੰ 7,000 ਰੁਪਏ ਨਗਦ ਇਨਾਮ ਵਜੋਂ ਦਿੱਤੇ ਜਾਣਗੇ।
ਕੱਦੋਂ ਦਾ ਖੇਡ ਮੇਲਾ ਸਮਾਪਤ
ਦੋਰਾਹਾ, 13 ਫਰਵਰੀ - ਬਾਬਾ ਸਿੱਧਸਰ ਯੂਥ ਵਿੰਗ ਸਪੋਰਟਸ ਕਲੱਬ ਪਿੰਡ ਕੱਦੋਂ ਵਿਖੇ ਖੇਡ ਮੇਲਾ ਕਰਵਾਇਆ ਗਿਆ। ਆਖਰੀ ਦਿਨ ਹੋਏ ਮੁਕਾਬਲਿਆਂ ਵਿਚ ਕਬੱਡੀ 62 ਕਿਲੋ ਦੇ ਮੁਕਾਬਲੇ 'ਚ ਹਮੀਦੀ ਦੀ ਟੀਮ ਜੇਤੂ ਤੇ ਬਾਠਾਂ ਉਪ ਜੇਤੂ ਰਹੀ। ਹਾਕੀ ਆਲ ਓਪਨ 'ਚ ਮੁਕੰਦ ਪੁਰ ਨੇ ਪਹਿਲਾ ਅਤੇ ਬੀ. ਐਸ. ਐਫ. ਜਲੰਧਰ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕੈਬਨਿਟ ਮੰਤਰੀ ਸ: ਹੀਰਾ ਸਿੰਘ ਗਾਬੜੀਆ ਮੁੱਖ ਮਹਿਮਾਨ ਵਜੋਂ ਪੁੱਜੇ। ਸਾਬਕਾ ਮੰਤਰੀ ਸ: ਮਹੇਸ਼ਇੰਦਰ ਸਿੰਘ ਗਰੇਵਾਲ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ। ਕਲੱਬ ਵੱਲੋਂ ਪਿੰਡ ਦੇ ਹੋਣਹਾਰ ਖਿਡਾਰੀ ਬਲਤੇਜ ਸਿੰਘ, ਮਨਵੀਰ ਅਤੇ ਕਿਰਨ ਜੀਤ ਕੌਰ ਦਾ ਸਨਮਾਨ ਕੀਤਾ ਗਿਆ।
ਗੁਰੂ ਤੇਗ ਬਹਾਦਰ ਯਾਦਗਾਰੀ ਹਾਕੀ ਟੂਰਨਾਮੈਂਟ ਸ਼ੁਰੂ
ਬਾਬਾ ਬਕਾਲਾ, 13 ਫਰਵਰੀ - ਗੁਰੂ ਤੇਗ ਬਹਾਦਰ ਸਾਹਿਬ ਯਾਦਗਾਰੀ ਹਾਕੀ ਟੂਰਨਾਮੈਂਟ (ਲੜਕੇ ਅਤੇ ਲੜਕੀਆਂ) ਬਾਬਾ ਬਕਾਲਾ ਵਿਖੇ ਮਾਝਾ ਸਪੋਰਟਸ ਹਾਕੀ ਕਲੱਬ (ਰਜਿ:) ਬਾਬਾ ਬਕਾਲਾ ਵੱਲੋਂ ਸ਼ੁਰੂ ਹੋ ਗਿਆ ਹੈ। ਇਸ ਤਿੰਨ ਰੋਜ਼ਾ ਟੂਰਨਾਮੈਂਟ ਦੇ ਉਦਘਾਟਨੀ ਮੈਚ 'ਚ ਖ਼ਾਲਸਾ ਅਕੈਡਮੀ ਨੇ ਮਹਿਤਾ ਅਕੈਡਮੀ ਨੂੰ 3-1 ਦੇ ਗੋਲਾਂ ਦੇ ਫਰਕ ਨਾਲ ਹਰਾਇਆ।
ਪੰਜਵਾਂ ਯੂ. ਕੇ. ਕਬੱਡੀ ਗੋਲਡ ਕੱਪ 16 ਫਰਵਰੀ ਨੂੰ
ਜਗਰਾਓਂ, 12 ਫਰਵਰੀ - ਪੰਜਵਾਂ ਸਾਲਾਨਾ ਯੂ. ਕੇ. ਕਬੱਡੀ ਗੋਲਡ ਕੱਪ 16 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਚ 15 ਫਰਵਰੀ ਨੂੰ ਪਿੰਡ ਵਾਰ ਅਤੇ 16 ਫਰਵਰੀ ਨੂੰ ਅਕੈਡਮੀਆਂ ਦੇ ਓਪਨ ਮੁਕਾਬਲਿਆਂ 'ਚ ਪਹਿਲਾ ਇਨਾਮ ਇਕ ਲੱਖ ਤੇ ਦੂਜਾ 75 ਹਜ਼ਾਰ ਦਿੱਤੇ ਜਾਣ ਤੋਂ ਇਲਾਵਾ ਜਿਥੇ ਪਿੰਡ ਵਾਰ ਪਹਿਲਾ ਇਨਾਮ 25 ਹਜ਼ਾਰ ਰੁਪਏ ਅਤੇ ਦੂਸਰਾ ਇਨਾਮ 20 ਹਜ਼ਾਰ ਰੁਪਏ ਦਿੱਤਾ ਜਾਵੇਗਾ। ਦਰਸ਼ਕਾਂ ਨੂੰ ਮੁਫ਼ਤ 'ਚ ਦਿੱਤੇ ਕੂਪਨਾਂ ਵਿਚੋਂ ਇਕ ਨੂੰ 25 ਹਜ਼ਾਰ ਰੁਪਏ ਦਾ ਇਨਾਮ ਵੀ ਡਰਾਅ ਰਾਹੀਂ ਕੱਢਿਆ ਜਾਵੇਗਾ। ਇਨਾਮਾਂ ਦੀ ਵੰਡ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਕਰਨਗੇ।
ਨਿੰਮਾ ਯਾਦਗਾਰੀ ਕਬੱਡੀ ਕੱਪ ਸਮਾਪਤ
ਡੇਹਲੋਂ/ਅਹਿਮਦ ਗੜ੍ਹ, 12 ਫਰਵਰੀ - ਨਿੰਮਾ ਯਾਦਗਾਰੀ ਕਬੱਡੀ ਕੱਪ ਡੇਹਲੋਂ ਦੇ ਨੇੜੇ ਪਿੰਡ ਕਾਲਖ ਵਿਖੇ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਟੋਨੀ ਕਾਲਖ ਦੀ ਅਗਵਾਈ ਹੇਠ ਨਿੰਮਾ ਇੰਟਰਨੈਸ਼ਨਲ ਐਸੋਸੀਏਸ਼ਨ, ਐਨ. ਆਰ. ਆਈ. ਅਤੇ ਸਮੁੱਚੇ ਨਗਰ ਵੱਲੋਂ ਕਰਵਾਇਆ ਗਿਆ। ਇਸ ਵਿਚ ਕਰਵਾਏ ਗਏ ਮੁਕਾਬਲਿਆਂ ਵਿਚ ਕੁੜੀਆਂ ਦੀ ਕਬੱਡੀ ਦਾ ਸ਼ੋਅ ਮੈਚ ਜਲੰਧਰ ਬਨਾਮ ਸਕੰਡੀ ਕਲੱਬ ਨਾਰਵੇ ਵਿਚਕਾਰ ਅਤੇ ਕਬੱਡੀ ਸ਼ੋਅ ਮੈਚ ਲੜਕੇ ਕਬੱਡੀ ਅਕੈਡਮੀ ਸਮਰਾਲਾ ਤੇ ਅਕੈਡਮੀ ਰੋਪੜ ਵਿਚਕਾਰ ਹੋਇਆ। ਕਬੱਡੀ ਕੱਪ ਦੇ ਫਾਈਨਲ ਮੈਚ ਦੌਰਾਨ ਦਸ਼ਮੇਸ਼ ਕਬੱਡੀ ਅਕੈਡਮੀ ਕਾਲਖ ਨੂੰ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਨੇ ਡੇਢ ਅੰਕ ਦੇ ਫਰਕ ਨਾਲ ਮਾਤ ਦੇ ਕੇ 1 ਲੱਖ 11 ਹਜ਼ਾਰ ਦੇ ਕੱਪ 'ਤੇ ਕਬਜਾ ਕੀਤਾ। ਇਕ ਪਿੰਡ ਓਪਨ 'ਚੋਂ ਵੀ ਕਾਲਖ ਨੇ ਬੱਸੀਆਂ ਨੂੰ 21-19 ਦੇ ਮੁਕਾਬਲੇ ਹਰਾਇਆ।
ਜੌਹਲ-ਧੁੱਗਾ ਕਲਾਂ ਦਾ ਗੋਲਡ ਕਬੱਡੀ ਕੱਪ 17 ਤੋਂ
ਗੜ੍ਹਦੀਵਾਲਾ, 12 ਫਰਵਰੀ - ਪਹਿਲਾ ਗੋਲਡ ਕਬੱਡੀ ਕੱਪ ਫੋਕਲ ਪੁਆਇੰਟ ਜੌਹਲ ਧੁੱਗਾ ਕਲਾਂ ਵਿਖੇ 17-18 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਨੂੰ ਸਮਰਪਿਤ ਹੋਵੇਗਾ। ਇਸ ਕਬੱਡੀ ਕੱਪ ਦੇ ਜੇਤੂ ਨੂੰ ਇਕ ਲੱਖ ਅਤੇ ਉਪ ਜੇਤੂ ਨੂੰ 75 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ। ਇਸ ਕਬੱਡੀ ਕੱਪ ਦਾ ਉਦਘਾਟਨ ਸੰਤ ਸੇਵਾ ਸਿੰਘ ਰਾਮਪੁਰ ਖੇੜਾ, ਸੰਤ ਹਰਦੇਵ ਸਿੰਘ ਤਲਵੰਡੀ ਅਰਾਈਆਂ ਅਤੇ ਸੰਤ ਹਰਚਰਨ ਸਿੰਘ ਖਾਲਸਾ ਸਾਂਝੇ ਤੌਰ 'ਤੇ ਕਰਨਗੇ। ਇਸ ਖੇਡ ਮੇਲੇ ਦੇ ਆਖਰੀ ਦਿਨ ਚੋਟੀ ਦੀਆਂ 8 ਅਕੈਡਮੀਆਂ ਭਿੜਨਗੀਆਂ।
ਕਿਲ੍ਹਾ ਰਾਏਪੁਰ ਦਾ 74ਵਾਂ ਪੇਂਡੂ ਖੇਡ ਮੇਲਾ ਸ਼ੁਰੂ
ਡੇਹਲੋਂ/ਲੁਧਿਆਣਾ, 12 ਫਰਵਰੀ - ਕਿਲ੍ਹਾ ਰਾਏਪੁਰ ਦਾ 74ਵਾਂ ਪੇਂਡੂ ਖੇਡ ਮੇਲਾ ਚੱਲ ਰਿਹਾ ਹੈ। ਇਸ ਖੇਡ ਮੇਲੇ ਦੇ ਪਹਿਲੇ ਦਿਨ ਟਾਈਮ ਨਾਲ ਭੱਜਣ ਵਾਲੀਆਂ ਬੈਲ ਗੱਡੀਆਂ ਦੇ ਮੁਕਾਬਲੇ ਹੋਏ। ਇਸ ਦਾ ਉਦਘਾਟਨ ਐਸੋਸੀਏਸ਼ਨ ਦੇ ਪ੍ਰਧਾਨ ਗੁਰਪਿੰਦਰ ਸਿੰਘ ਗਰੇਵਾਲ ਨੇ ਕੀਤਾ। ਪੰਜਾਬ ਭਰ ਤੋਂ 65 ਬੈਲ ਗੱਡੀਆਂ ਨੇ ਇਸ ਖੇਡ ਮੇਲੇ ਵਿਚ ਭਾਗ ਲਿਆ। ਬਿੱਟੂ ਛਪਾਰ ਦੀ ਬੈਲ-ਗੱਡੀ ਨੇ ਪਹਿਲਾ, ਰਣਜੀਤ ਸਿੰਘ ਆਸੀ ਕਲਾਂ ਦੀ ਬੈਲ-ਗੱਡੀ ਨੇ ਦੂਜਾ, ਗਗਨਪ੍ਰੀਤ ਸਿੰਘ ਲੋਹਗੜ ਦੀ ਬੈਲ-ਗੱਡੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਜੇਤੂਆਂ ਨੂੰ ਇਨਾਮਾਂ ਦੀ ਵੰਡ 13 ਫਰਵਰੀ ਨੂੰ ਕੀਤੀ ਜਾਵੇਗੀ। 13 ਫਰਵਰੀ ਨੂੰ ਕਬੱਡੀ 62 ਕਿਲੋ, ਖੱਚਰ ਰੇਹੜਾ ਦੌੜ, ਸਾਈਕਲ ਦੌੜ, ਹਾਕੀ ਲੜਕੇ, ਮੋਟਰ ਸਾਈਕਲ ਸ਼ੋਅ, ਅਥਲੈਟਿਕਸ ਅਤੇ ਬੈਲ ਗੱਡੀਆਂ ਦੀਆਂ ਹੀਟਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਪਟਿਆਲਾ ਵਿਖੇ ਮਹਿਲਾ ਹੋਸਟਲ ਅਤੇ ਹਾਕੀ ਮੈਦਾਨ ਦਾ ਉਦਘਾਟਨ
ਪਟਿਆਲਾ, 11 ਫਰਵਰੀ - ਕੇਂਦਰੀ ਖੇਡ ਮੰਤਰੀ ਡਾ: ਮਨੋਹਰ ਸਿੰਘ ਗਿੱਲ ਦੇਸ਼ ਦੀ ਮੋਹਰੀ ਖੇਡ ਸੰਸਥਾ ਐਨ.ਆਈ.ਐਸ. ਪਟਿਆਲਾ ਵਿਖੇ ਇਕ ਨਵੇਂ ਐਸਟਰੋਟਰਫ ਵਾਲੇ ਹਾਕੀ ਮੈਦਾਨ ਤੇ ਅਤਿ ਆਧੁਨਿਕ ਸਹੂਲਤਾਂ ਵਾਲੇ ਮਹਿਲਾ ਹੋਸਟਲ ਦਾ ਉਦਘਾਟਨ ਕੀਤਾ। ਡਾ: ਗਿੱਲ ਨੇ 3.93 ਕਰੋੜ ਰੁਪਏ ਦੀ ਲਾਗਤ ਨਾਲ ਬਣੇ 100 ਬੈੱਡਾਂ ਵਾਲੇ ਹੋਸਟਲ ਅਤੇ 3.94 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਐਸਟਰੋਟਰਫ ਹਾਕੀ ਮੈਦਾਨ ਦਾ ਉਦਘਾਟਨ ਕਰਨ ਉਪਰੰਤ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਵੱਖ ਵੱਖ ਭਾਗਾਂ 'ਚ 170 ਕਰੋੜ ਰੁਪਏ ਦੀ ਲਾਗਤ ਨਾਲ ਇਸ ਵੇਲੇ 20 ਹੋਸਟਲ ਉਸਾਰੇ ਜਾ ਰਹੇ ਹਨ। ਇਸ ਤੋਂ ਇਲਾਵਾ 7 ਕਰੋੜ ਰੁਪਏ ਦੀ ਲਾਗਤ ਨਾਲ ਸੱਤਾ ਸੈਂਟਫਿਕ ਕੇਂਦਰ ਵੀ ਤਿਆਰ ਕੀਤੇ ਜਾ ਰਹੇ ਹਨ। ਡਾ: ਗਿੱਲ ਨੇ ਕਿਹਾ ਕਿ 75 ਕਰੋੜ ਰੁਪਏ ਦੀ ਲਾਗਤ ਨਾਲ ਦੇਸ਼ ਭਰ 'ਚ 21 ਐਸਟਰੋਟਰਫ ਵਾਲੇ ਹਾਕੀ ਮੈਦਾਨ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਦੇਸ਼ 'ਚ 20 ਹੋਰ ਛੋਟੇ ਅਕਾਰ ਦੇ ਸਿਖਲਾਈ ਦੇਣ ਹਿੱਤ ਐਸਟਰੋਟਰਫ ਵਾਲੇ ਹਾਕੀ ਮੈਦਾਨ ਬਣਾਏ ਜਾ ਰਹੇ ਹਨ। ਡਾ: ਗਿੱਲ ਨੇ ਕਿਹਾ ਕਿ ਉਨ੍ਹਾਂ ਦਾ ਨਿਸ਼ਾਨਾ ਦੇਸ਼ 'ਚ ਅਜਿਹੇ 50 ਕੇਂਦਰ ਸਥਾਪਤ ਕਰਨ ਦਾ ਟੀਚਾ ਹੈ। ਇਸ ਤੋਂ ਇਲਾਵਾ 17 ਸਿੰਥੈਟਿਕ ਅਥਲੈਟਿਕਸ ਟਰੈਕ ਵੀ ਦੇਸ਼ ਭਰ 'ਚ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 100 ਦੇ ਕਰੀਬ ਨਵੇਂ ਕੋਚਾਂ ਦੀ ਜਲਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਸਮੁੱਚੇ ਖੇਡ ਢਾਂਚੇ ਨੂੰ ਮਿਆਰੀ ਬਣਾਉਣ ਤੇ ਨਵੀਆਂ ਸਹੂਲਤਾਂ ਦੇਣ ਲਈ 100 ਕਰੋੜ ਰੁਪਏ ਹੋਰ ਖਰਚੇ ਜਾਣਗੇ। ਜਿਸ ਨਾਲ ਦੇਸ਼ ਨੂੰ ਅਗਲੇ 20 ਸਾਲਾਂ ਲਈ ਖੇਡਾਂ ਦੇ ਖੇਤਰ 'ਚ ਕਾਫੀ ਸੌਖ ਰਹੇਗੀ। ਕ੍ਰਿਕਟ ਵਾਂਗ ਸਪਾਂਸਰਸ਼ਿਪ ਹਾਸਿਲ ਕਰਨ ਲਈ ਉਹ ਨਿੱਜੀ ਰੂਪ 'ਚ ਵਪਾਰਕ ਘਰਾਣਿਆਂ ਤੱਕ ਪਹੁੰਚ ਰਹੇ ਹਨ। ਉਨ੍ਹਾਂ ਦੇ ਯਤਨਾਂ ਸਦਕਾ ਕ੍ਰਿਕਟ ਬੋਰਡ ਨੇ 25 ਕਰੋੜ ਦਾ ਖੇਡ ਫੰਡ ਹੋਰਨਾਂ ਖੇਡਾਂ ਲਈ ਦਿੱਤਾ ਹੈ ਤੇ 25 ਕਰੋੜ ਰੁਪਏ ਹੋਰ ਜਲਦੀ ਦਿੱਤੇ ਜਾਣਗੇ।
57ਵੀਂ ਆਲ ਇੰਡੀਆ ਪੁਲਿਸ ਐਥਲੈਟਿਕਸ ਮੀਟ 'ਚ ਹਰਦੀਪ ਕੌਰ ਦੀ ਝੰਡੀ
ਲਖਨਊ, 11 ਫਰਵਰੀ - 57ਵੀਂ ਆਲ ਇੰਡੀਆ ਪੁਲਿਸ ਐਥਲੈਟਿਕਸ ਮੀਟ ਲਖਨਊ ਵਿਖੇ ਕਰਵਾਈ ਗਈ। ਜਿਸ 'ਚ ਪੰਜਾਬ ਦੀ ਹਰਦੀਪ ਕੌਰ ਨੇ 57.05 ਮੀਟਰ ਦੀ ਲੰਮੀ ਥਰੋਅ ਸੁੱਟ ਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ। ਇਸ ਤੋਂ ਪਹਿਲਾਂ ਇਹ ਰਿਕਾਰਡ 1999 'ਚ ਫੂਲ ਪੱਟੀ ਨੇ 53.52 ਮੀਟਰ ਦਾ ਬਣਾਇਆ ਸੀ। ਇਸ ਮੁਕਾਬਲੇ 'ਚ ਬਿਹਾਰ ਦੀ ਅਰਚਨਾ ਬਾਰਾ ਨੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਪੰਜਾਬ ਦੇ ਹੀ ਗੁਰਮੀਤ ਸਿੰਘ ਨੇ 20 ਕਿਲੋਮੀਟਰ ਚਾਲ 'ਚ ਸੋਨ ਤਗਮਾ, ਪੰਜਾਬ ਪੁਲਿਸ ਦੇ ਅੰਮ੍ਰਿਤਪਾਲ ਸਿੰਘ ਨੇ ਉੱਚੀ ਛਾਲ 'ਚ ਸੋਨ ਤਗਮਾ, ਪੁਸ਼ਪਿੰਦਰ ਸਿੰਘ ਨੇ ਚਾਂਦੀ ਅਤੇ ਅਜੇ ਰਾਜ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ।
ਮਹਿਮਾ ਸਿੰਘ ਵਾਲਾ ਵਿਖੇ ਫੁੱਟਬਾਲ ਟੂਰਨਾਮੈਂਟ
ਜੋਧਾਂ, 11 ਫਰਵਰੀ - ਪੰਜਵਾਂ ਫੁੱਟਬਾਲ ਟੂਰਨਾਮੈਂਟ ਪਿੰਡ ਮਹਿਮਾ ਸਿੰਘ ਵਾਲਾ (ਲੁਧਿਆਣਾ) ਵਿਖੇ ਕਰਵਾਇਆ ਗਿਆ। ਇਹ ਟੂਰਨਾਮੈਂਟ ਸੰਤ ਬਾਬਾ ਨਾਸਕੇਤ ਫੁੱਟਬਾਲ ਸਟੇਡੀਅਮ ਅਤੇ ਵੈਲਫੇਅਰ ਸੁਸਾਇਟੀ ਰਜਿ: ਵੱਲੋਂ ਪ੍ਰਵਾਸੀ ਵੀਰਾਂ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਵਿਚ ਹੋਏ ਫੁੱਟਬਾਲ ਦੇ ਮੁਕਾਬਲਿਆਂ ਵਿਚ ਨੂਰਪੁਰਾ ਦੀ ਟੀਮ ਨੇ ਡਾਗੋਂ ਦੀ ਟੀਮ ਨੂੰ 2-0 ਗੋਲਾਂ ਨਾਲ ਹਰਾਇਆ, ਇਸੇ ਤਰ੍ਹਾਂ ਸਰਾਭਾ ਨੇ ਅੱਬੂਵਾਲ ਨੇ 2-0 ਗੋਲਾਂ ਨਾਲ, ਨਾਰੰਗਵਾਲ ਦੇ ਭਨੋਹੜ ਨੂੰ 4-1 ਗੋਲਾਂ ਨਾਲ, ਗੁਰਮ ਨੇ ਜੱਸੋਵਾਲ ਨੂੰ 1-0 ਨਾਲ, ਪੱਖੋਵਾਲ ਨੇ 1-0 ਗੋਲਾਂ ਨਾਲ ਗੁੱਜਰ ਵਾਲ ਨੂੰ ਹਰਾ ਕੇ ਆਪਣੇ ਕਦਮ ਜਿੱਤ ਵੱਲ ਵਧਾਏ।
ਉਦੋਨੰਗਲ ਵਿਖੇ ਖੇਡ ਮੇਲਾ 19 ਤੋਂ
ਬਾਬਾ ਬਕਾਲਾ, 11 ਫਰਵਰੀ - ਸਾਲਾਨਾ ਹਾਕੀ ਅਤੇ ਫੁੱਟਬਾਲ ਟੂਰਨਾਮੈਂਟ 19 ਤੋਂ 21 ਫਰਵਰੀ ਤੱਕ ਸ਼ਹੀਦ ਕੈਪਟਨ ਮਨਜਿੰਦਰ ਸਿੰਘ ਭਿੰਡਰ ਯਾਦਗਾਰੀ ਸਟੇਡੀਅਮ ਉਦੋਨੰਗਲ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਉਚ ਕੋਟੀ ਦੀਆਂ ਹਾਕੀ ਅਤੇ ਫੁੱਟਬਾਲ ਦੀਆਂ ਟੀਮਾਂ ਹਿੱਸਾ ਲੈਣਗੀਆਂ। ਪਹਿਲੀ ਵਾਰ ਕਬੱਡੀ ਕੱਪ 22 ਫਰਵਰੀ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਵਿਚ 8 ਚੋਟੀ ਦੀਆਂ ਕਲੱਬਾਂ ਭਾਗ ਲੈਣਗੀਆਂ।
ਭਾਰਤ 'ਚੋਂ ਪੁਨਿੰਦਰ ਨੈਸ਼ਨਲ ਟ੍ਰੈਪ ਸ਼ੂਟਿੰਗ 'ਚ 9ਵੇਂ ਦਰਜੇ 'ਤੇ
ਫ਼ਿਰੋਜ਼ਪੁਰ, 11 ਫਰਵਰੀ - ਜੂਨੀਅਰ ਨੈਸ਼ਨਲ ਟ੍ਰੈਪ ਸ਼ੂਟਿੰਗ ਮੁਕਾਬਲੇ ਭਾਰਤ ਸਰਕਾਰ ਵੱਲੋਂ ਜੈਪੁਰ (ਰਾਜਸਥਾਨ) ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਨਿਸ਼ਾਨੇਬਾਜ਼ ਪੁਨਿੰਦਰ ਸਿੰਘ ਨੇ 125 'ਚੋਂ 91 ਅੰਕ ਪ੍ਰਾਪਤ ਕਰਕ ਪੰਜਾਬ 'ਚੋਂ ਪਹਿਲਾਂ ਅਤੇ ਭਾਰਤ 'ਚੋਂ ਨੌਵਾਂ ਸਥਾਨ ਹਾਸਲ ਕੀਤਾ ਹੈ। ਮੁਕਾਬਲੇ ਵਿਚ ਸਮੁੱਚੇ ਭਾਰਤ 'ਚੋਂ 25 ਨਿਸ਼ਾਨੇਬਾਜ਼ਾਂ ਨੇ ਹਿੱਸਾ ਲਿਆ ਸੀ। ਪੁਨਿੰਦਰ ਸਿੰਘ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ: ਸੁਖਪਾਲ ਸਿੰਘ ਨੰਨੂ ਦੇ ਸਪੁੱਤਰ ਹਨ, ਜਿਸ ਨੇ ਨਿਸ਼ਾਨੇਬਾਜ਼ੀ ਦੀ ਕਲਾ ਫ਼ਿਰੋਜ਼ਪੁਰ ਵਿਚ ਕੋਚ ਸੁਨੀਲ ਕੁਮਾਰ ਤੋਂ ਸਿੱਖੀ ਅਤੇ 2007 ਵਿਚ ਜ਼ਿਲ੍ਹਾ ਪੱਧਰੀ ਗੋਲਡ ਮੈਡਲ ਹਾਸਲ ਕੀਤਾ। 2007 ਅਤੇ 08 ਵਿਚ ਚੰਡੀਗੜ੍ਹ ਵਿਖੇ ਹੋਏ ਰਾਜ ਪੱਧਰੀ ਸ਼ੂਟਿੰਗ ਮੁਕਾਬਲੇ ਵਿਚ ਨਿਸ਼ਾਨਚੀ ਪੁਨਿੰਦਰ ਨੇ ਲਗਾਤਾਰ ਦੋ ਵਾਰ ਗੋਲਡ ਮੈਡਲ ਹਾਸਲ ਕੀਤਾ। ਭਾਰਤ ਸਰਕਾਰ ਵੱਲੋਂ ਨਿਸ਼ਾਨਚੀ ਪੁਨਿੰਦਰ ਨੂੰ ਬਾਹਰਲਾ ਅਸਲਾ ਖਰੀਦਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਜੁਲਾਈ 2009 ਵਿਚ ਪੁਨਿੰਦਰ ਸਿਖਲਾਈ ਲਈ ਇਟਲੀ ਜਾਵੇਗਾ ਅਤੇ ਉਥੋਂ ਦੇ ਸ਼ੂਟਿੰਗ ਕੋਚ ਮਾਰਚੈਲੋ ਤੋਂ ਸ਼ੂਟਿੰਗ ਦੇ ਦਾਅ ਪੇਚ ਸਿੱਖੇਗਾ।
ਕੌਮੀ ਸਾਈਕਲਿੰਗ ਚੈਂਪੀਅਨਸ਼ਿਪ 'ਚ ਅਮਰਜੀਤ ਸਿੰਘ ਦੀ ਬੱਲੇ ਬੱਲੇ
ਅੰਮ੍ਰਿਤਸਰ, 11 ਫਰਵਰੀ - ਕੌਮੀ ਸਾਈਕਲਿੰਗ ਚੈਂਪੀਅਨਸ਼ਿਪ ਬਟਾਲਾ ਵਿਖੇ ਕਰਵਾਈ ਗਈ। ਇਸ ਵਿਚ ਅੰਮ੍ਰਿਤਸਰ ਦੇ ਅਮਰਜੀਤ ਸਿੰਘ (ਅੰਡਰ-16) ਨੇ ਦੋ ਤਗਮੇ (ਚਾਂਦੀ ਤੇ ਕਾਂਸੀ) ਜਿੱਤੇ ਹਨ। ਰੋਜ਼ਾਨਾ 60 ਕਿਲੋਮੀਟਰ ਸਾਈਕਲ ਚਲਾ ਕੇ ਅਭਿਆਸ ਵਿਚ ਜੁਟੇ ਅਮਰਜੀਤ ਸਿੰਘ ਨੇ ਕਿਹਾ ਕਿ ਜੇਕਰ ਅੰਮ੍ਰਿਤਸਰ ਵਿਚ ਵੈਲੋਡਰੰਮ (ਸਾਈਕਲਿੰਗ ਟਰੈਕ) ਹੋਵੇ ਤਾਂ ਉਸ ਸਮੇਤ ਹੋਰ ਖਿਡਾਰੀ ਵੀ ਮੱਲਾਂ ਮਾਰ ਸਕਦੇ ਹਨ ਤੇ 2010 ਵਿਚ ਹੋ ਰਹੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਸੋਨ ਤਗਮਾ ਜਿੱਤਣ ਦੇ ਸਮਰੱਥ ਹੋ ਸਕਦੇ ਹਨ। ਇਸੇ ਸ਼ਹਿਰ ਦੇ ਸਾਈਕਲਿਸਟ ਗੁਰਬਾਜ ਸਿੰਘ ਨੇ ਕਾਂਸੀ ਤੇ ਕੁਲਦੀਪ ਸਿੰਘ ਨੇ ਟੀਮ ਖੇਡਾਂ ਵਿਚ ਸੋਨੇ ਦਾ ਤਗਮਾ ਹਾਸਿਲ ਕੀਤਾ ਹੈ। ਅੰਤਰਰਾਸ਼ਟਰੀ ਪੱਧਰ ਦੇ ਸਾਈਕਲਿਸਟ ਰਹੇ ਤੇ ਅੰਮ੍ਰਿਤਸਰ ਸਾਈਕਲਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਬਾਵਾ ਸਿੰਘ ਨੇ ਪੰਜਾਬ ਦੇ ਖੇਡ ਮੰਤਰੀ ਸ. ਸੁਖਬੀਰ ਸਿੰਘ ਬਾਦਲ ਕੋਲੋਂ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਵਿਚ ਵੈਲੋਡਰੰਮ ਬਣਾਇਆ ਜਾਵੇ।
ਕੁਸ਼ਤੀ ਦੰਗਲ 'ਚ ਸਿਮਰਨਜੀਤ ਚੀਮਾ ਦੀ ਝੰਡੀ
ਸੁਨਾਮ, 11 ਫਰਵਰੀ - ਸੁਨਾਮ ਦੇ ਨੇੜਲੇ ਪਿੰਡ ਖੰਡਿਆਲ ਵਿਖੇ ਇਕ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਮੌਕੇ ਉੱਤੇ ਇਸ ਕੁਸ਼ਤੀ ਦੰਗਲ ਵਿਚ ਧੂਰੀ, ਸੰਗਰੂਰ, ਚੀਮਾ ਢਡਢੋਲਕ ਖੇੜੀ ਅਤੇ ਸਿਰਸਾ ਦੇ ਪਹਿਲਵਾਨਾਂ ਨੇ ਹਿੱਸਾ ਲਿਆ। ਕੁਸ਼ਤੀ ਦੰਗਲ ਵਿਚ ਪਹਿਲੇ ਨੰਬਰ ਦੀ ਹੋਈ ਕੁਸ਼ਤੀ ਵਿਚ ਸਿਮਰਨ ਜੀਤ ਚੀਮਾ ਨੇ ਸ਼ਮਸ਼ੇਰ ਸਿੰਘ ਸਿਰਸਾ ਨੂੰ ਹਰਾਇਆ, ਦੂਸਰੇ ਨੰਬਰ ਦੀ ਕੁਸ਼ਤੀ ਵਿਚ ਲੱਕੀ ਬਠਿੰਡਾ ਨੇ ਗਗਨ ਚੀਮਾ ਨੂੰ ਚਿੱਤ ਕਰਕੇ ਆਪਣੀ ਝੰਡੀ ਬਰਕਾਰ ਰੱਖੀ, ਇਸੇ ਤਰ੍ਹਾਂ ਸੰਨੀ ਚੀਮਾ ਨੇ ਕਾਲਾ ਧੂਰੀ ਨੂੰ ਢਾਹ ਕੇ ਆਪਣੀ ਜਿੱਤ ਦੇ ਝੰਡੇ ਗੱਡੇ। ਇਸ ਤੋਂ ਸੁਖਾ ਸੰਗਰੂਰ ਅਤੇ ਸ਼ੋਂਕੀ ਦੀ ਕੁਸ਼ਤੀ ਬਰਾਬਰ ਰਹੀ। ਇਸ ਸਾਰੇ ਕੁਸ਼ਤੀ ਦੰਗਲ ਵਿਚ ਰੈਫ਼ਰੀ ਦੀ ਸੇਵਾ ਗੋਲੂ ਪਹਿਲਵਾਨ ਚੀਮਾ ਨੇ ਬਖ਼ੂਬੀ ਨਿਭਾਈ।
ਬੱਦੋਵਾਲ ਕਬੱਡੀ ਕੱਪ 'ਤੇ ਅੰਤਰਰਾਸ਼ਟਰੀ ਖਿਡਾਰੀਆਂ ਦਾ ਹੋਵੇਗਾ ਸਨਮਾਨ
ਮੁੱਲਾਂ ਪੁਰ ਦਾਖਾਂ, 11 ਫਰਵਰੀ - 15 ਫਰਵਰੀ ਤੋਂ ਦਲੀਪ ਸਿੰਘ ਸਪੋਰਟਸ ਕਲੱਬ ਬੱਦੋਵਾਲ (ਲੁਧਿਆਣਾ) ਵੱਲੋਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜਿਥੇ ਕਬੱਡੀ ਦੀਆਂ ਅੰਤਰਰਾਸ਼ਟਰੀ ਟੀਮਾਂ ਲੱਖਾਂ ਰੁਪਏ ਦੇ ਇਨਾਮਾਂ ਲਈ ਭਿੜਨਗੀਆਂ, ਉਥੇ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਬਲਵੀਰ ਸਿੰਘ ਕੈਨੇਡਾ, ਪ੍ਰਧਾਨ ਰਾਜਵਿੰਦਰ ਸਿੰਘ, ਰਾਣਾ ਰਣਜੀਤ ਸਿੰਘ, ਧਰਮਿੰਦਰ ਸਿੰਘ ਕੈਨੇਡਾ, ਉਪ ਪ੍ਰਧਾਨ ਪਰਮਜੀਤ ਸਿੰਘ ਅਤੇ ਖਜ਼ਾਨਚੀ ਦਵਿੰਦਰ ਸਿੰਘ ਵੱਲੋਂ 4 ਨਾਮਵਰ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ। 15 ਫਰਵਰੀ ਨੂੰ ਉਦਘਾਟਨੀ ਰਸਮਾਂ ਉਪਰੰਤ ਕਬੱਡੀ 42, 52, 70 ਕਿਲੋ ਭਾਰ ਮੁਕਾਬਲਿਆਂ ਦੇ ਨਾਲ ਕੁੱਤਿਆਂ ਅਤੇ ਘੋੜਿਆਂ ਦੀ ਦੌੜ ਦਰਸ਼ਕਾਂ ਦੀ ਖਿੱਚ ਹੋਵੇਗੀ, 16-17 ਫਰਵਰੀ ਨੂੰ ਕਬੱਡੀ ਆਲ-ਓਪਨ ਲਈ ਕੁੱਲ 16 ਟੀਮਾਂ ਵਿਚਕਾਰ ਮੁਕਾਬਲਾ ਹੋਵੇਗਾ। ਕਬੱਡੀ ਆਲ ਓਪਨ ਜੇਤੂ ਟੀਮ ਲਈ 1 ਲੱਖ, ਉਪ ਜੇਤੂ ਲਈ 71 ਹਜ਼ਾਰ ਅਤੇ ਵਧੀਆਂ ਜਾਫੀ-ਧਾਵੀ ਕਾਰਾਂ ਨਾਲ ਸਨਮਾਨਿਤ ਕੀਤੇ ਜਾਣਗੇ। ਬੱਦੋਵਾਲ ਕਬੱਡੀ ਕੱਪ ਸਮੇਂ ਵਿਜੀਲੈਸ ਐਸ. ਐਸ. ਪੀ. ਲੁਧਿਆਣਾ ਕੰਵਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਅਰਜਨਾ ਐਵਾਰਡੀ ਐਸ. ਪੀ. ਸੁਖਪਾਲ ਸਿੰਘ ਬਰਾੜ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪੁਲਿਸ ਉਪ ਕਪਤਾਨ ਪ੍ਰਗਟ ਸਿੰਘ, ਡੀ. ਐਸ. ਪੀ. ਪਰਮਜੀਤ ਸਿੰਘ ਪੰਨੂੰ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਲਾਲੀ ਬੁਟਾਹਰੀ ਦਾ ਵਿਸ਼ੇਸ਼ ਸਨਮਾਨ ਹੋਵੇਗਾ।
ਸ੍ਰੀਲੰਕਾ ਕ੍ਰਿਕਟ ਟੀਮ ਨੂੰ ਹੌਲੀ ਗੇਂਦਬਾਜ਼ੀ ਕਰਨ ਦੇ ਦੋਸ਼ 'ਚ ਜੁਰਮਾਨਾ
ਕੋਲੰਬੋ, 11 ਫਰਵਰੀ - ਭਾਰਤ ਤੇ ਸ੍ਰੀਲੰਕਾ ਦਰਮਿਆਨ ਖੇਡੇ ਗਏ ਟਵੰਟੀ-20 ਮੁਕਾਬਲੇ 'ਚ ਧੀਮੀ ਗਤੀ ਨਾਲ ਗੇਂਦਬਾਜ਼ੀ ਕਰਨ ਦੇ ਦੋਸ਼ 'ਚ ਸ੍ਰੀਲੰਕਾ ਦੀ ਟੀਮ ਨੂੰ ਜੁਰਮਾਨਾ ਕੀਤਾ ਗਿਆ ਹੈ। ਸ੍ਰੀਲੰਕਾ ਟੀਮ ਨੇ ਨਿਰਧਾਰਤ ਸਮੇਂ ਅਨੁਸਾਰ ਦੋ ਓਵਰਾਂ ਦਾ ਜਿਆਦਾ ਸਮਾਂ ਲਿਆ। ਇਸ ਦੋਸ਼ 'ਚ ਟੀਮ ਦੇ ਹਰੇਕ ਖਿਡਾਰੀ ਦਾ ਮੈਚ ਫੀਸ ਦਾ 10 ਪ੍ਰਤੀਸ਼ਤ ਅਤੇ ਕਪਤਾਨ ਤਿਲਕਰਤਨੇ ਦਿਲਸ਼ਾਨ 20 ਪ੍ਰਤੀਸ਼ਤ ਹਿੱਸਾ ਕੱਟਿਆ ਗਿਆ।
ਨਿੰਮਾ ਯਾਦਗਾਰੀ ਕਬੱਡੀ ਕੱਪ
ਡੇਹਲੋਂ/ਅਹਿਮਦ ਗੜ੍ਹ, 11 ਫਰਵਰੀ - ਨਿੰਮਾ ਯਾਦਗਾਰੀ ਕਬੱਡੀ ਕੱਪ ਡੇਹਲੋਂ ਦੇ ਨੇੜੇ ਕਾਲਖ ਵਿਖੇ ਚੱਲ ਰਿਹਾ ਹੈ। ਖੇਡ ਮੇਲੇ ਦੇ ਦੂਸਰੇ ਦਿਨ ਕਬੱਡੀ ਦੇ ਦਿਲਕਸ਼ ਮੁਕਾਬਲਿਆਂ ਤੋਂ ਇਲਾਵਾ ਦਸਤਾਰਬੰਦੀ ਮੁਕਾਬਲੇ, ਕੁੱਤਿਆਂ ਦੀਆਂ ਦੌੜਾਂ ਦੇ ਮੁਕਾਬਲੇ ਕਰਵਾਏ ਗਏ। ਖੇਡ ਮੇਲੇ 'ਚ ਹੋਏ ਮੁਕਾਬਲਿਆਂ 'ਚ ਕਬੱਡੀ 70 ਕਿਲੋ 'ਚ ਬੜੂੰਦੀ ਦੀ ਟੀਮ ਨੇ ਕਾਲਖ ਨੂੰ 13-11 ਦੇ ਮੁਕਾਬਲੇ ਹਰਾਇਆ। ਦਸਤਾਰਬੰਦੀ ਮੁਕਾਬਲਿਆਂ ਦੌਰਾਨ 15 ਸਾਲ ਵਰਗ ਵਿਚੋਂ ਲਵਦੀਪ ਗੁੱਜਰ ਵਾਲ ਨੇ ਪਹਿਲਾ, ਹਰਚਰਨ ਸਿੰਘ ਗੁੱਜਰ ਵਾਲ ਨੇ ਦੂਸਰਾ ਤੇ ਜਤਿੰਦਰ ਕਾਲਖ ਨੇ ਤੀਸਰਾ। 18 ਸਾਲ ਦਸਤਾਰਬੰਦੀ ਮੁਕਾਬਲੇ 'ਚੋਂ ਹਰਵਿੰਦਰ ਕਾਲਖ ਨੇ ਪਹਿਲਾ, ਸਤਿੰਦਰ ਮਾਜਰੀ ਨੇ ਦੂਸਰਾ ਅਤੇ ਬਲਜਿੰਦਰ ਸਿੰਘ ਅਜੀਤ ਵਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕੁੱਤਿਆਂ ਦੀਆਂ ਦੌੜਾਂ ਦੇ ਫਾਈਨਲ ਮੁਕਾਬਲੇ ਦੌਰਾਨ ਮਨਵੀਰ ਗੁੱਜਰ ਵਾਲ ਦਾ ਕੁੱਤਾ ਪਹਿਲੇ, ਹਰਜਿੰਦਰ ਸਿੰਘ ਬੱਲੋਵਾਲ ਦਾ ਕੁੱਤਾ ਦੂਸਰੇ ਸਥਾਨ 'ਤੇ ਰਿਹਾ। 12 ਫਰਵਰੀ ਨੂੰ ਕਬੱਡੀ ਖਿਡਾਰੀ ਪ੍ਰਿਤਾ ਮੋਹੀ ਦਾ ਬੁਲਟ ਮੋਟਰ-ਸਾਈਕਲ ਨਾਲ ਵਿਸ਼ੇਸ਼ ਸਨਮਾਨ ਹੋਵੇਗਾ। ਖੇਡਾਂ ਦੇ ਆਖਰੀ ਦਿਨ 1 ਲੱਖ 11 ਹਜ਼ਾਰ ਦੇ ਇਨਾਮ ਵਾਲੇ ਕੱਪ ਨੂੰ ਜਿੱਤਣ ਲਈ 8 ਅਕੈਡਮੀਆਂ ਦੇ ਮੈਚ ਹੋਣਗੇ। ਪਹਿਲੇ ਦਿਨ ਹੋਏ ਕਬੱਡੀ ਮੁਕਾਬਲਿਆਂ ਵਿਚ 70 ਕਿਲੋ ਦੇ ਮੈਚਾਂ ਦੌਰਾਨ ਕਟਾਰੀ ਦੀ ਟੀਮ ਨੇ ਅਕਬਰਪੁਰ ਛੰਨਾ ਨੂੰ, ਕਾਲਖ ਨੇ ਧਲੇਰ ਕਲਾਂ ਨੂੰ ਹਰਾ ਕੇ ਅਗਲੇ ਦੌਰ ਪ੍ਰਵੇਸ਼ ਕੀਤਾ। ਘੋੜਿਆਂ ਦੀਆਂ ਦੌੜਾਂ 'ਚੋਂ ਜਸਪ੍ਰੀਤ ਸਿੰਘ ਭੈਣੀ ਅਰੋੜਾ ਦੀ ਘੋੜੀ ਪਹਿਲੇ ਸਥਾਨ 'ਤੇ, ਲਵਲੀ ਬਸੀਗੁੱਜਰ ਦੀ ਘੋੜੀ ਦੂਸਰੇ 'ਤੇ ਤੇ ਜੈਲਦਾਰ ਹਰਦੇਵ ਸਿੰਘ ਸਰੌਦ ਦੀ ਘੋੜੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਦਕਿ ਬੈਲ ਗੱਡੀਆਂ ਦੀਆਂ ਦੌੜਾਂ 'ਚ 82 ਗੱਡੀਆਂ ਨੇ ਹਿੱਸਾ ਲਿਆ ਜਿਨ੍ਹਾਂ 'ਚੋਂ ਬਚਿੱਤਰ ਸਿੰਘ ਦੀ ਬੈਲ-ਗੱਡੀ ਨੇ ਪਹਿਲਾ, ਵੀਟੋ ਛਪਾਰ ਦੀ ਗੱਡੀ ਨੇ ਦੂਸਰਾ, ਠਾਕਰ ਸਿੰਘ ਭਾਗੀਕੇ ਦੀ ਗੱਡੀ ਨੇ ਤੀਸਰਾ, ਤੇਜਵੀਰ ਸਿੰਘ ਕੋਟ ਆਗਾ ਦੀ ਬੈਲ ਗੱਡੀ ਨੇ ਚੌਥਾ ਜਦਕਿ ਸੁਰਜੀਤ ਸਿੰਘ ਨਥੋਹੇੜੀ ਦੀ ਬੈਲ-ਗੱਡੀ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ।
56 ਸਾਲਾ ਪੰਜਾਬੀ ਦੀ ਨਿਊਜ਼ੀਲੈਂਡ 'ਚ ਬੱਲੇ ਬੱਲੇ
ਆਕਲੈਂਡ 11 ਫਰਵਰੀ - 56 ਸਾਲਾ ਸ. ਅਵਤਾਰ ਸਿੰਘ ਨੇ ਨਿਊਜ਼ੀਲੈਂਡ ਦੇ ਵੈਂਗਾਨੂਈ ਇਲਾਕੇ 'ਚ 30 ਜਨਵਰੀ ਤੋਂ 8 ਫਰਵਰੀ ਤੱਕ ਹੋਈਆਂ 'ਏ. ਸੀ. ਸੀ. ਨਿਊਜ਼ੀਲੈਂਡ ਮਾਸਟਰਜ਼ ਗੇਮਜ਼' 'ਚ 10,000 ਮੀਟਰ ਤੇ 5,000 ਮੀਟਰ ਦੀਆਂ ਦੌੜਾਂ 'ਚ ਭਾਗ ਲਿਆ ਤੇ ਕ੍ਰਮਵਾਰ ਚਾਂਦੀ ਤੇ ਸੋਨੇ ਦਾ ਤਮਗਾ ਜਿੱਤਿਆ। 10 ਕਿਲੋਮੀਟਰ ਦਾ ਸਫ਼ਰ ਸ. ਅਵਤਾਰ ਸਿੰਘ ਨੇ 44 ਮਿੰਟ 14 ਸੈਕਿੰਡ ਜਦ ਕਿ 5 ਕਿਲੋਮੀਟਰ ਦਾ ਸਫ਼ਰ 20 ਮਿੰਟ 37 ਸੈਕਿੰਡ ਵਿਚ ਪੂਰਾ ਕੀਤਾ। ਸ. ਅਵਤਾਰ ਸਿੰਘ ਪਿੰਡ ਦਿਹਾਣਾ, ਨੇੜੇ ਪਾਂਸ਼ਟਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਤੇ ਫ਼ੌਜ 'ਚ ਸੇਵਾਵਾਂ ਨਿਭਾਉਣ ਉਪਰੰਤ ਇਲਾਹਾਬਾਦ ਬੈਂਕ ਫਗਵਾੜਾ ਵਿਖੇ ਦਿਹਾੜੀ ਆਧਾਰ 'ਤੇ ਨੌਕਰੀ ਕਰ ਰਿਹਾ ਹੈ। ਸੰਨ 2000 ਤੋਂ ਲੈ ਕੇ ਹੁਣ ਤੱਕ ਸ. ਅਵਤਾਰ ਸਿੰਘ ਨੇ ਰਾਜ ਪੱਧਰ ਤੇ ਰਾਸ਼ਟਰੀ ਪੱਧਰ ਦੀਆਂ 18 ਦੌੜਾਂ ਦੇ 'ਚ ਹਿੱਸਾ ਲਿਆ ਹੈ। ਇਨ੍ਹਾਂ ਦੌੜਾਂ 'ਚ ਹਰ ਵਾਰ ਪਹਿਲੀ ਜਾਂ ਦੂਜੀ ਥਾਂ 'ਤੇ ਆ ਕੇ ਆਪਣੀ ਮਿਹਨਤ ਉੱਤੇ ਮੋਹਰ ਲਗਵਾਈ ਹੈ। ਪੰਜਾਬ ਦਾ ਇਹ ਸ਼ੇਰ 10 ਤੋਂ 18 ਅਕਤੂਬਰ 2009 ਨੂੰ (ਸਿਡਨੀ) ਆਸਟਰੇਲੀਆ ਵਿਖੇ ਓਲੰਪਿਕ ਤੋਂ ਵੀ ਤਿੰਨ ਗੁਣਾ ਜ਼ਿਆਦਾ ਖਿਡਾਰੀਆਂ ਨਾਲ ਕਰਵਾਈਆਂ ਜਾ ਰਹੀਆਂ ਵੱਖ-ਵੱਖ ਖੇਡਾਂ 'ਚ ਭਾਗ ਲੈਣ ਦੀ ਤਿਆਰੀ ਕਰ ਰਿਹਾ ਹੈ। ਨਿਊਜ਼ੀਲੈਂਡ ਸਿੱਖ ਸੁਸਾਇਟੀ ਔਕਲੈਂਡ ਅਤੇ ਸੁਪਰੀਮ ਸਿੱਖ ਕੌਂਸਲ ਵੱਲੋਂ ਸ. ਅਵਤਾਰ ਸਿੰਘ ਦਾ ਇਕ ਟਰਾਫ਼ੀ ਅਤੇ ਸੰਸਥਾਵਾਂ ਵੱਲੋਂ 1100 ਡਾਲਰ ਹੌਂਸਲਾ ਅਫ਼ਜਾਈ ਦੇ ਕੇ ਸਨਮਾਨ ਕੀਤਾ ਗਿਆ।
ਬੈਡਮਿੰਟਨ ਚੈਂਪੀਅਨਸ਼ਿਪ ਲਈ ਪੰਜਾਬ ਤੋਂ ਹਿੱਸਾ ਲੈਣ ਵਾਲੇ ਖਿਡਾਰੀ
ਜਲੰਧਰ, 10 ਫਰਵਰੀ - ਸੀਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ 12 ਤੋਂ 18 ਫਰਵਰੀ ਤੱਕ ਇੰਦੌਰ ਵਿਖੇ ਕਰਵਾਈ ਜਾ ਰਹੀ ਹੈ। ਇਸ ਵਿਚ ਹਿੱਸਾ ਲੈਣ ਵਾਲੀ ਪੁਰਸ਼ ਵਰਗ ਦੀ ਟੀਮ 'ਚ ਹਰਿੰਦਰ ਸਿੰਘ ਕਪਤਾਨ, ਉਪਿੰਦਰਪਾਲ ਸਿੰਘ, ਸਿਧੋਕ ਬਹਿਲ, ਰਾਜ ਕੁਮਾਰ, ਲਖਵਿੰਦਰ ਸਿੰਘ, ਅਨੰਦ ਤਿਵਾੜੀ, ਨਵਦੀਪ ਸਿੰਘ ਤੇ ਮਹਿਲਾ ਵਰਗ 'ਚ ਦਲਜੀਤ ਕੌਰ, ਦਮਨਪ੍ਰੀਤ ਕੌਰ, ਰਾਜਵਿੰਦਰ ਕੌਰ ਤੇ ਜਸਪ੍ਰੀਤ ਕੌਰ ਦੀ ਚੋਣ ਕੀਤੀ ਗਈ ਹੈ। ਇਸ ਤੋਂ ਇਲਾਵਾ ਲਵਲੀਨ ਕੁਮਾਰ ਤੇ ਹਿਨਾ ਨੂੰ ਮੈਨੇਜਰ ਤੇ ਟੀ ਐਸ ਵਾਲੀਆ ਦੀ ਬਤੌਰ ਕੋਚ ਚੋਣ ਕੀਤੀ ਗਈ ਹੈ।
ਕਬੱਡੀ ਕੱਪ ਪਟਿਆਲਾ 'ਚ ਅਗਲੇ ਜੇਤੂ ਨੂੰ 1 ਲੱਖ ਰੁਪਏ ਦਾ ਇਨਾਮ
ਪਟਿਆਲਾ, 10 ਫਰਵਰੀ - ਕਬੱਡੀ ਕੱਪ ਪਟਿਆਲਾ ਦੇ ਅਗਲੇ ਜੇਤੂ ਨੂੰ ਇਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਵੱਲੋਂ ਇਸ ਟੂਰਨਾਮੈਂਟ ਦੀਆਂ ਟੀਮਾਂ ਦੀ ਸਫਲਤਾ ਤੋਂ ਖੁਸ਼ ਹੋ ਕੇ ਇੰਡੀਆ ਕਿੰਗਜ਼ ਟਰਾਂਸਪੋਰਟ ਕੰਪਨੀ ਗੋਬਿੰਦਗੜ੍ਹ ਦੇ ਮਾਲਕ ਸ: ਅਮਰੀਕ ਸਿੰਘ ਪੰਧੇਰ ਨੇ ਇਸ ਕੱਪ ਦੀ 51 ਹਜ਼ਾਰ ਇਨਾਮੀ ਰਾਸ਼ੀ ਨੂੰ ਦੁੱਗਣਾ ਕਰਨ ਦਾ ਐਲਾਨ ਕੀਤਾ ਹੈ। ਇਸ ਵਾਰ ਵੀ ਕੱਪ ਦੀ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਕ੍ਰਮਵਾਰ 51 ਤੇ 41 ਹਜ਼ਾਰ ਦਾ ਇਨਾਮ ਸ: ਅਮਰੀਕ ਸਿੰਘ ਪੰਧੇਰ ਨੇ ਹੀ ਦਿੱਤਾ ਸੀ।
ਕਬੱਡੀ ਟੂਰਨਾਮੈਂਟ 12 ਤੋਂ
ਬਨੂੜ, 10 ਫਰਵਰੀ - ਪਹਿਲਾ ਕਬੱਡੀ ਟੂਰਨਾਮੈਂਟ ਬਾਬਾ ਸੁੰਦਰ ਸਿੰਘ ਕਲਸੀਆਂ ਲਹਿਰ ਦੇ ਆਗੂ ਦੀ ਯਾਦ 'ਚ 12 ਤੋਂ 14 ਫਰਵਰੀ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਨੂੜ ਦੇ ਖੇਡ ਮੈਦਾਨ 'ਚ ਕਰਵਾਇਆ ਜਾ ਰਿਹਾ ਹੈ। ਜੇਤੂ ਟੀਮਾਂ ਨੂੰ ਪਹਿਲਾ ਇਨਾਮ 81 ਹਜ਼ਾਰ ਰੁਪਏ, ਦੂਜਾ ਇਨਾਮ 71 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ 60 ਸਾਲ ਤੋਂ ਉੱਪਰਲੀ ਉਮਰ ਦੇ ਬਜ਼ੁਰਗਾਂ ਦੀਆਂ ਦੌੜਾਂ, ਪੰਜਾਬ ਤੇ ਹਰਿਆਣਾ ਦੀ ਲੜਕੀਆਂ ਦੀ ਕਬੱਡੀ ਤੋਂ ਇਲਾਵਾ ਬਲਦਾਂ, ਘੋੜਿਆਂ ਦੀਆਂ ਦੌੜਾਂ, ਰੱਸਾਕਸ਼ੀ, ਟਰਾਲੀ ਬੈਕ ਲਾਉਣ ਦੇ ਮੈਚ ਖੇਡੇ ਜਾਣਗੇ।
ਦਲਬੀਰ ਯਾਦਗਾਰੀ ਖੇਡ ਮੇਲਾ 20 ਤੋਂ
ਖੰਨਾ, 10 ਫਰਵਰੀ - ਅਮਰੀਕਾ 'ਚ ਕਾਕਾ ਦਲਬੀਰ ਸਿੰਘ ਦੀ ਯਾਦ 'ਚ ਪਹਿਲਾ ਖੇਡ ਮੇਲਾ 20 ਤੋਂ 22 ਫਰਵਰੀ ਤੱਕ ਦਲਬੀਰ ਸਟੇਡੀਅਮ ਜਸਪਾਲੋਂ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਚ ਕਬੱਡੀ 55, 65, ਕਬੱਡੀ ਇਕ ਪਿੰਡ ਓਪਨ ਤੇ ਹਾਕੀ ਆਲ ਓਪਨ ਦੀ ਜੇਤੂ ਟੀਮ ਨੂੰ ਨਕਦ ਇਨਾਮ ਦਿੱਤੇ ਜਾਣਗੇ।
6ਵੀਂ ਸ਼ਹੀਦ ਬਾਬਾ ਦੀਪ ਸਿੰਘ ਓਪਨ ਐਥਲੈਟਿਕਸ ਮੀਟ 16 ਨੂੰ
ਜਲੰਧਰ, 10 ਫਰਵਰੀ - 6ਵੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਓਪਨ ਐਥਲੈਟਿਕਸ ਮੀਟ 16 ਫਰਵਰੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਕਰਵਾਈ ਜਾ ਰਹੀ ਹੈ। ਇਸ ਐਥਲੈਟਿਕਸ ਮੀਟ ਵਿਚ ਮਰਦ, ਔਰਤਾਂ, ਲੜਕੇ18 ਸਾਲ, ਲੜਕੇ14 ਸਾਲ, ਲੜਕੀਆਂ16 ਸਾਲ ਅਤੇ 11 ਸਾਲ ਤੋਂ ਘੱਟ ਬੱਚਿਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। ਇਨ੍ਹਾਂ ਖੇਡਾਂ ਵਿਚ 45 ਸਾਲ ਤੋਂ ਉਪਰ ਬਜ਼ੁਰਗਾਂ ਦੀਆਂ ਲੰਬੀ ਛਾਲ ਤੇ ਦੌੜਾਂ ਕਰਵਾਈਆਂ ਜਾਣਗੀਆਂ। ਕਲੱਬ ਵੱਲੋਂ ਪੰਜਾਬ ਦੇ ਦੋ ਉਭਰਦੇ ਐਥਲੀਟ ਲੜਕਾ-ਲੜਕੀ ਨੂੰ ਸ: ਭੁਪਿੰਦਰ ਸਿੰਘ ਬਲ ਯੂ. ਐਸ. ਏ. ਵੱਲੋਂ ਆਪਣੇ ਪਿਤਾ ਸਵਰਗੀ ਸ: ਲਖਬੀਰ ਸਿੰਘ ਬਲ ਐਥਲੈਟਿਕਸ ਕੋਚ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਤੀਸਰੀ ਸੀ. ਟੀ. ਹਾਫ ਮੈਰਾਥਨ 22 ਨੂੰ
ਜਲੰਧਰ. 10 ਫਰਵਰੀ - ਤੀਸਰੀ ਸੀ. ਟੀ. ਹਾਫ ਮੈਰਾਥਨ 22 ਫਰਵਰੀ ਨੂੰ ਸੀ. ਟੀ. ਗਰੁੱਪ ਆਫ਼ ਇੰਸਟੀਚਿਊਟ ਵੱਲੋਂ ਕਰਵਾਈ ਜਾ ਰਹੀ ਹੈ। ਇਹ ਸ਼ਾਹ ਪੁਰ ਕੈਂਪਸ ਤੋਂ ਸ਼ੁਰੂ ਹੋ ਕੇ ਸੀ. ਟੀ. ਸੰਸਥਾ ਮਕਸੂਦਾਂ ਵਿਖੇ ਸਮਾਪਤ ਹੋਵੇਗੀ। ਇਸ ਦੌੜ ਰਾਹੀਂ ਇਕੱਠੀ ਕੀਤੀ ਰਾਸ਼ੀ ਪਿੰਗਲਵਾੜੇ, ਰੈੱਡ ਕਰਾਸ ਤੇ ਹੋਰ ਸਵੈ-ਸੇਵੀ ਸੰਸਥਾਵਾਂ ਨੂੰ ਦਾਨ ਵਿਚ ਦਿੱਤੀ ਜਾਵੇਗੀ। ਇਸ ਦੌੜ ਵਿਚ ਉਪ ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ, ਰਾਜ ਗਾਇਕ ਪਦਮਸ੍ਰੀ ਹੰਸ ਰਾਜ ਹੰਸ, ਕ੍ਰਿਕਟਰ ਹਰਭਜਨ ਸਿੰਘ ਤੇ ਹੋਰ ਕਈ ਪ੍ਰਸਿੱਧ ਹਸਤੀਆਂ ਹਿੱਸਾ ਲੈਣਗੀਆਂ। ਇਸ ਦੌੜ ਦੇ ਮਹਿਲਾ ਤੇ ਪੁਰਸ਼ ਵਰਗ ਦੇ ਜੇਤੂਆਂ ਨੂੰ 21 ਹਜ਼ਾਰ ਰੁਪਏ ਤੇ ਉਪ-ਜੇਤੂਆਂ ਨੂੰ 11 ਹਜ਼ਾਰ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਖਿਡਾਰੀਆਂ ਨੂੰ 5100 ਰੁਪਏ ਇਨਾਮ 'ਚ ਦਿੱਤੇ ਜਾਣਗੇ ਤੇ ਇਸ ਤੋਂ ਇਲਾਵਾ ਹੌਸਲਾ ਅਫਜ਼ਾਈ ਇਨਾਮ ਸੱਤ ਖਿਡਾਰੀਆਂ ਨੂੰ ਦਿੱਤੇ ਜਾਣਗੇ ਤੇ ਇਨ੍ਹਾਂ ਨੂੰ 1100 ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਕ ਸੈਲੀਬਰਿਟੀ ਦੌੜ ਵੀ ਆਯੋਜਨ ਕੀਤਾ ਜਾਵੇਗਾ।
ਗੜ੍ਹਪਧਾਣਾ ਦਾ ਕਬੱਡੀ ਖੇਡ ਮੇਲਾ 12 ਨੂੰ
ਔੜ, 10 ਫਰਵਰੀ - 16ਵਾਂ ਸਾਲਾਨਾ ਵਿਸ਼ਾਲ ਕਬੱਡੀ ਖੇਡ ਮੇਲਾ 12 ਫਰਵਰੀ ਨੂੰ ਪਿੰਡ ਗੜ੍ਹਪਧਾਣਾ (ਸ਼ਹੀਦ ਸਿੰਘ ਨਗਰ) ਵਿਖੇ ਕਰਵਾਇਆ ਜਾ ਰਿਹਾ ਹੈ। ਜਿਸਦਾ ਉਦਘਾਟਨ ਸ: ਨਿਰਮਲ ਸਿੰਘ ਥਾਂਦੀ ਯੂ. ਕੇ. ਤੇ ਸ: ਸਤਨਾਮ ਸਿੰਘ ਥਾਂਦੀ ਯੂ. ਕੇ. ਕਰਨਗੇ ਜਦੋਂ ਕਿ ਇਨਾਮਾਂ ਦੀ ਵੰਡ 13 ਫਰਵਰੀ ਨੂੰ ਸ਼ਾਮ 5 ਵਜੇ ਹਲਕਾ ਵਿਧਾਇਕ ਸ: ਜਤਿੰਦਰ ਸਿੰਘ ਕਰੀਹਾ ਕਰਨਗੇ। ਦੋਵੇਂ ਦਿਨ ਕਬੱਡੀ ਆਲ ਓਪਨ ਭਾਰਤ ਮੁਕਤ, ਕਬੱਡੀ ਬੀ ਆਲ ਓਪਨ 60 ਕਿਲੋਗ੍ਰਾਮ ਵਰਗ ਦੇ ਫਸਵੇਂ ਮੁਕਾਬਲੇ ਹੋਣਗੇ ਤੇ ਪਹਿਲਾ ਇਨਾਮ 31 ਹਜ਼ਾਰ ਤੇ ਦੂਜਾ ਇਨਾਮ 25 ਹਜ਼ਾਰ ਰੁਪਏ ਦਿੱਤਾ ਜਾਵੇਗਾ।
ਨਿਊਜ਼ੀਲੈਂਡ ਲਈ ਭਾਰਤੀ ਟੀਮ ਦੀ ਚੋਣ 13 ਫਰਵਰੀ ਨੂੰ
ਮੁੰਬਈ, 9 ਫਰਵਰੀ - 13 ਫਰਵਰੀ ਨੂੰ ਨਿਊਜ਼ੀਲੈਂਡ ਦੌਰੇ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕੀਤਾ ਜਾਵੇਗਾ। ਕ੍ਰਿਕਟ ਬੋਰਡ ਦੇ ਸੂਤਰਾਂ ਅਨੁਸਾਰ ਟੀਮ ਦੀ ਚੋਣ ਤਾਮਿਲਨਾਡੂ ਕ੍ਰਿਕਟ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਕੀਤੀ ਜਾਵੇਗੀ। ਨਿਊਜ਼ੀਲੈਂਡ ਦੌਰੇ ਦੌਰਾਨ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਇਕ ਟਵੈਂਟੀ-20, ਪੰਜ ਇਕ ਰੋਜ਼ਾ ਅਤੇ ਤਿੰਨ ਟੈਸਟ ਮੈਚ ਖੇਡੇ ਜਾਣਗੇ। ਟੈਸਟ ਮੈਚਾਂ ਜੋ ਕਿ 18 ਮਾਰਚ ਤੋਂ 7 ਅਪ੍ਰੈਲ ਤੱਕ ਹੋ ਰਹੇ ਹਨ, ਲਈ ਟੀਮ ਦੀ ਚੋਣ ਬਾਅਦ 'ਚ ਕੀਤੀ ਜਾਵੇਗੀ। ਦੌਰੇ ਦੇ ਪਹਿਲੇ ਭਾਗ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਨਿਰੰਜਣ ਸ਼ਾਹ ਨੂੰ ਟੀਮ ਮੈਨੇਜਰ ਨਿਯੁਕਤ ਕੀਤਾ ਗਿਆ ਹੈ।
6ਵਾਂ ਯਾਦਗਾਰੀ ਸਿੱਧਵਾਂ ਖੁਰਦ ਖੇਡ ਮੇਲਾ ਸ਼ੁਰੂ
ਚੌਂਕੀਮਾਨ, 9 ਫਰਵਰੀ - 6ਵਾਂ ਖੇਡ ਮੇਲਾ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਅਸਥਾਨ 'ਤੇ ਸ਼ੁਰੂ ਹੋ ਗਿਆ ਹੈ। ਇਹ ਖੇਡ ਮੇਲਾ ਭਾਈ ਨਰੈਣ ਸਿੰਘ ਜੀ, ਬੇਬੇ ਰਾਮ ਕੌਰ ਤੇ ਪਦਮ ਸ੍ਰੀ ਬੀਬੀ ਹਰਪ੍ਰਕਾਸ਼ ਕੌਰ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ। ਇਸ ਦਾ ਉਦਘਾਟਨ ਥਾਣਾ ਸਦਰ ਦੇ ਮੁਖੀ ਪ੍ਰੀਤਮ ਸਿੰਘ ਨੇ ਕੀਤਾ। ਇਸ ਸਮੇਂ ਕਰਵਾਏ ਗਏ ਮੁਕਾਬਲਿਆਂ ਵਿਚੋਂ ਪਹਿਲੇ ਗੇੜ 'ਚ ਬੈਲ ਗੱਡੀਆਂ ਦੌੜਾਂ 'ਚ ਪਹਿਲੇ ਸਥਾਨ ਤੇ ਯਾਦਵੀਰ ਸਿੰਘ ਦੀ ਗੱਡੀ, ਦੂਸਰੇ ਸਥਾਨ ਤੇ ਭਿੰਦਾ ਤਲਵੰਡੀ ਕਲਾਂ, ਤੀਸਰੇ ਸਥਾਨ ਤੇ ਭੁੱਖੀ ਜਰਖੜ ਦੀ ਗੱਡੀ ਰਹੀ। 37 ਕਿਲੋ ਵਰਗ ਦੇ ਹੋਏ ਮੁਕਾਬਲੇ ਕੁਲਾਰ ਦੇ ਖਿਡਾਰੀਆਂ ਨੇ ਮੁੱਲਾਂਪੁਰ ਸਕੂਲ ਨੂੰ ਹਰਾ ਕੇ ਜਿੱਤੇ। 47 ਕਿਲੋ ਜੰਡੀ ਨੇ ਪਹਿਲਾ, ਸਿੱਧਵਾਂ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਈਸੇਵਾਲ ਦਾ ਕਬੱਡੀ ਖੇਡ ਮੇਲਾ ਸਮਾਪਤ
ਮੁੱਲਾਂਪੁਰ ਦਾਖਾਂ, 9 ਫਰਵਰੀ - ਪਿੰਡ ਈਸੇਵਾਲ ਵਿਖੇ ਕਬੱਡੀ ਟੂਰਨਾਮੈਂਟ ਦਸਮੇਸ਼ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਕਰਵਾਇਆ ਗਿਆ। ਇਹ ਖੇਡ ਮੇਲਾ ਤਿੰਨ ਦਿਨ ਤੱਕ ਚੱਲਿਆ। ਇਸ ਖੇਡ ਮੇਲੇ 'ਚ ਕਬੱਡੀ ਓਪਨ ਦੇ ਮੁਕਾਬਲੇ 'ਚ ਗਾਗੇਵਾਲ ਦੀ ਟੀਮ ਨੇ ਕਾਉਂਕੇ ਕਲਾਂ ਦੀ ਟੀਮ ਨੂੰ ਹਰਾ ਕੇ ਚੈਂਪੀਅਨ ਟਰਾਫ਼ੀ ਜਿੱਤੀ ਅਤੇ ਵਧੀਆਂ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਦਿੱਤੇ। ਕਬੱਡੀ 57 ਕਿਲੋ ਦੇ ਫਾਈਨਲ ਮੁਕਾਬਲੇ 'ਚ ਰਣੀਕੇ ਦੀ ਟੀਮ ਨੇ ਮੇਜ਼ਬਾਨ ਟੀਮ ਈਸੇਵਾਲ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਕਬੱਡੀ 60 ਕਿਲੋ ਈਸੇਵਾਲ ਦੀ ਟੀਮ ਨੇ ਪਹਿਲਾ ਅਤੇ ਪਿੰਡ ਨੱਤ ਬੁਰਜ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ 70 ਕਿਲੋ ਪਿੰਡ ਬੈਂਸ ਦੀ ਟੀਮ ਨੇ ਪਹਿਲਾ, ਜਦਕਿ ਸਵੱਦੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਦੇਤਵਾਲ ਦਾ ਖੇਡ ਮੇਲਾ ਆਰੰਭ
ਮੁੱਲਾਂਪੁਰ ਦਾਖਾਂ, 9 ਫਰਵਰੀ - ਤੀਜਾ ਖੇਡ ਮੇਲਾ ਪਿੰਡ ਦੇਤਵਾਲ ਵਿਖੇ ਸ਼ੁਰੂ ਹੋ ਗਿਆ ਹੈ। ਜਿਸ ਦਾ ਉਦਘਾਟਨ ਸਾਬਕਾ ਸਰਪੰਚ ਸੌਦਾਗਰ ਸਿੰਘ ਅਤੇ ਸਰਪੰਚ ਲਖਵੀਰ ਸਿੰਘ ਮਾਹਲ ਨੇ ਕੀਤਾ। ਤਿੰਨ ਦਿਨ ਚੱਲਣ ਵਾਲੇ ਇਸ ਖੇਡ ਮੇਲੇ 'ਚ ਕਬੱਡੀ 37 ਕਿਲੋ ਮੁਕਾਬਲੇ ਦਾ ਉਦਘਾਟਨੀ ਮੈਚ ਬਾਬਾ ਜਾਹਰ ਬਲੀ ਕਲੱਬ ਨੇ ਹੰਬੜਾਂ ਦੀ ਟੀਮ ਨੂੰ ਹਰਾ ਕੇ ਜਿੱਤਿਆ ਅਤੇ ਬਾਅਦ 'ਚ ਭੱਟੀਆਂ ਅਤੇ ਹਸਨ ਪੁਰ ਦੀਆਂ ਟੀਮਾਂ ਜੇਤੂ ਰਹੀਆਂ। ਖੇਡ ਮੇਲੇ ਦੇ ਦੂਜੇ ਦਿਨ ਕਬੱਡੀ 67 ਕਿਲੋ, ਕਬੱਡੀ 57 ਕਿਲੋ, ਕਬੱਡੀ 52 ਕਿਲੋ ਆਦਿ ਮੁਕਾਬਲੇ ਹੋਣਗੇ ਅਤੇ 11 ਫਰਵਰੀ ਨੂੰ ਕਬੱਡੀ ਓਪਨ ਦੇ ਮੁਕਾਬਲੇ ਹੋਣਗੇ ਅਤੇ ਇਸ ਮੌਕੇ ਅੰਤਰਰਾਸ਼ਟਰੀ 5 ਕਬੱਡੀ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ।
ਸਤਵਾਂ ਅੰਮ੍ਰਿਤਸਰ ਗੋਲਡ ਕੱਪ 15 ਫਰਵਰੀ ਨੂੰ
ਅੰਮ੍ਰਿਤਸਰ, 9 ਫਰਵਰੀ - ਸਤਵਾਂ ਅੰਮ੍ਰਿਤਸਰ ਗੋਲਡ ਕੱਪ 15 ਫਰਵਰੀ ਦਿਨ ਐਤਵਾਰ ਗੁਰੂ ਹਰਿਗੋਬਿੰਦ ਸਾਹਿਬ ਸਟੇਡੀਅਮ ਮਹਿਤਾ ਚੌਕ, ਪਿੰਡ ਬੋਪਾਰਾਏ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਕੱਪ ਵਿਚ ਪੰਜਾਬ ਦੀਆਂ ਚੋਟੀ ਦੀਆਂ ਅੱਠ ਅਕੈਡਮੀਆਂ ਸ਼ਾਮਿਲ ਹੋ ਰਹੀਆਂ ਹਨ। ਇਸ ਦਾ ਪਹਿਲਾ ਇਨਾਮ ਇਕ ਲੱਖ ਰੁਪਏ, ਦੂਜਾ ਇਨਾਮ 75 ਹਜ਼ਾਰ ਰੁਪਏ ਸੰਤੋਖ ਸਿੰਘ ਸਰਪੰਚ ਬਲੋਵਾਲੀ ਵੱਲੋਂ ਦਿੱਤਾ ਜਾਵੇਗਾ। ਇਸ ਕਬੱਡੀ ਕੱਪ 'ਚ ਮੁੱਖ ਮਹਿਮਾਨ ਸ: ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਹਰਦੇਵ ਸਿੰਘ ਮੱਤੇਵਾਲ ਹੋਣਗੇ।
ਡੱਲੇ ਦਾ ਕਬੱਡੀ ਖੇਡ ਮੇਲੇ
ਜਗਰਾਓਂ, 9 ਫਰਵਰੀ - ਕਬੱਡੀ ਖੇਡ ਮੇਲਾ ਡੱਲੇ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੇ ਪਹਿਲੇ ਦਿਨ ਕਬੱਡੀ ਦੇ ਮੁਕਾਬਲਿਆਂ ਵਿਚ 55 ਕਿਲੋ ਵਰਗ ਵਿਚ ਡੱਲਾ ਦੀ ਟੀਮ, ਚੱਕ ਭਾਈ ਕੇ ਦੀ ਕਬੱਡੀ ਟੀਮ ਨੂੰ ਹਰਾ ਕੇ ਪਹਿਲੇ ਸਥਾਨ ਤੇ ਰਹੀ, 50 ਕਿਲੋ ਵਰਗ ਵਿਚ ਰਾਮ ਗੜ੍ਹ ਸਿਬੀਆਂ ਨੇ ਡੱਲਾ ਨੂੰ ਮਾਤ ਦਿੱਤੀ ਅਤੇ 70 ਕਿਲੋ ਵਰਗ ਵਿਚ ਜਿਥੇ ਡੱਲਾ ਨੇ ਮੱਲਾ ਦੀ ਟੀਮ ਨੂੰ ਹਰਾਇਆ ਉਥੇ ਬਿਲਾਸ ਪੁਰ ਨੇ ਅਖਾੜੇ ਦੀ ਟੀਮ ਨੂੰ ਹਰਾ ਕੇ ਆਪਣੀ ਜਿੱਤ ਦਰਜ ਕੀਤੀ।
ਗੋਲਡ ਕਬੱਡੀ ਕੱਪ 14 ਫਰਵਰੀ ਨੂੰ
ਕਪੂਰਥਲਾ, 9 ਫਰਵਰੀ - 5ਵਾਂ ਗੋਲਡ ਕਬੱਡੀ ਕੱਪ 14 ਫਰਵਰੀ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਗੋਲਡ ਕੱਪ ਦੌਰਾਨ ਸਕਾਰਪੀਓ ਗੱਡੀ ਨਾਲ ਕਲੱਬ ਦੇ ਪ੍ਰਧਾਨ ਤੇਜਿੰਦਰ ਸਿੰਘ ਨਿਝਰ, ਧੀਰਾ ਨਿਝਰ ਅਮਰੀਕਾ, ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ, ਗੁਰਮੀਤ ਦਿੱਲੀ, ਬਲਜੀਤ ਸਿੰਘ ਬੱਲੀ ਵਿਰਕ, ਇੰਦਰਜੀਤ ਸਿੰਘ ਫੁੱਲਾਂ ਵਾਲ, ਦਲਜੀਤ ਸਿੰਘ ਗੋਲਡੀ, ਸੁਖਜੀਵਨ ਸਿੰਘ ਲਾਂਧੜਾ ਅਤੇ ਮਨਦੀਪ ਸਿੰਘ ਲਾਲੀ ਆਦਿ ਸਾਥੀਆਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਚੰਗੀ ਖੇਡ ਦਾ ਮੁਜ਼ਾਹਰਾ ਕਰਨ ਵਾਲੇ 3 ਕਬੱਡੀ ਖਿਡਾਰੀਆਂ ਨੂੰ ਮੋਟਰ-ਸਾਈਕਲਾਂ ਨਾਲ ਸਨਮਾਨਿਆ ਜਾਵੇਗਾ। ਉੱਘੇ ਗਾਇਕ ਬੱਬੂ ਮਾਨ ਸ਼ਾਮ ਨੂੰ ਖੇਡ ਪ੍ਰੇਮੀਆਂ ਦਾ ਮਨੋਰੰਜਨ ਕਰਨਗੇ।
ਮਾਂ ਖੇਡ ਕਬੱਡੀ ਨੂੰ ਮਿਲੀ ਮਾਨਤਾ
ਜਲੰਧਰ, 9 ਫਰਵਰੀ - ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਪੰਜਾਬ ਸਰਕਾਰ ਵੱਲੋਂ ਮਾਨਤਾ ਦਿੱਤੀ ਗਈ ਹੈ। ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚਾ ਮੰਤਰੀ ਮੰਡਲ ਵਧਾਈ ਦਾ ਪਾਤਰ ਹੈ। ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਨੇ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਕੁਝ ਦਿਨ ਪਹਿਲਾਂ ਕਬੱਡੀ ਫੈਡਰੇਸ਼ਨ ਦਾ ਵਫ਼ਦ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਕਬੱਡੀ ਦੀ ਬਿਹਤਰੀ ਲਈ ਸੱਦੀ ਗਈ ਮੀਟਿੰਗ 'ਚ ਮਿਲਿਆ ਸੀ, ਜਿਸ ਵਿਚ ਕਬੱਡੀ ਫੈਡਰੇਸ਼ਨ ਨੇ ਕਬੱਡੀ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਕਬੱਡੀ ਨੂੰ ਮਾਨਤਾ ਦੇਣ ਲਈ ਪਹਿਲੀ ਮੰਗ ਰੱਖੀ ਸੀ ਜਿਸ ਨੂੰ ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 10 ਤੋਂ 12 ਦਿਨਾਂ ਵਿਚ ਹੀ ਮੰਤਰੀ ਮੰਡਲ ਤੋਂ ਪ੍ਰਵਾਨਗੀ ਦੁਆ ਕੇ ਪੂਰਾ ਕੀਤਾ। ਇਸ ਸ਼ਲਾਘਾਯੋਗ ਫੈਸਲੇ 'ਤੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਪੰਜਾਬ ਸਰਕਾਰ ਦੀ ਰਿਣੀ ਹੈ।
ਪਹਿਲਾ ਵਿਸ਼ਾਲ ਕਬੱਡੀ ਟੂਰਨਾਮੈਂਟ 11 ਫਰਵਰੀ ਤੋਂ
ਅੱਡਾ ਸਰਾਂ, 9 ਫਰਵਰੀ - ਪਹਿਲਾ ਵਿਸ਼ਾਲ ਕਬੱਡੀ ਟੂਰਨਾਮੈਂਟ 11 ਤੋਂ 13 ਫਰਵਰੀ ਤੱਕ ਪਿੰਡ ਮੋਹਕਮ ਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ 12 ਤਰੀਕ ਨੂੰ ਪਿੰਡ ਪੱਧਰ ਦੇ ਓਪਨ ਮੁਕਾਬਲੇ ਕਰਵਾਏ ਜਾਣਗੇ ਜਿਸ ਦਾ ਪਹਿਲਾ ਇਨਾਮ 21 ਹਜ਼ਾਰ ਅਤੇ ਦੂਸਰਾ ਇਨਾਮ 15 ਹਜ਼ਾਰ ਰੁਪਏ ਹੋਵੇਗਾ। 13 ਤਰੀਕ ਨੂੰ ਓਪਨ ਕਲੱਬਾਂ ਦੇ ਹੋਣ ਵਾਲੇ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੀ ਕਲੱਬ ਨੂੰ 31 ਹਜ਼ਾਰ ਅਤੇ ਓਪਨ ਜੇਤੂ ਕਲੱਬ ਨੂੰ 21 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।
ਆਲ ਇੰਡੀਆ ਹੋਲਾ-ਮੁਹੱਲਾ ਕੁਸ਼ਤੀ ਮੁਕਾਬਲੇ 28 ਤੋਂ
ਜਲੰਧਰ, 9 ਫਰਵਰੀ - ਪਠਾਨਕੋਟ ਬਾਈਪਾਸ ਚੌਕ ਜਲੰਧਰ ਵਿਖੇ ਆਲ ਇੰਡੀਆ ਹੋਲਾ-ਮੁਹੱਲਾ ਕੁਸ਼ਤੀ ਮੁਕਾਬਲੇ ਭਾਰਤ ਮੱਲ ਸਮਰਾਟ 28 ਫਰਵਰੀ ਤੋਂ 1 ਮਾਰਚ ਤੱਕ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਹਰਿਆਣਾ, ਦਿੱਲੀ, ਸਮੇਤ ਆਸ-ਪਾਸ ਦੇ ਰਾਜਾਂ ਤੋਂ ਪਹਿਲਵਾਨ ਹਿੱਸਾ ਲੈ ਰਹੇ ਹਨ ਤੇ ਭਾਰਤ ਮੱਲ ਸਮਰਾਟ ਦੇ ਜੇਤੂ ਨੂੰ 51 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।
ਦਲੀਪ ਟਰਾਫ਼ੀ 'ਚ 17ਵੀਂ ਵਾਰ ਪੱਛਮੀ ਜ਼ੋਨ ਦੀ ਝੰਡੀ
ਚੇਨੱਈ, 9 ਫਰਵਰੀ - ਦਿੱਗਜ ਫਿਰਕੀ ਗੇਂਦਬਾਜ਼ ਰੋਮੇਸ਼ ਪੋਵਾਰ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਪੱਛਮੀ ਜ਼ੋਨ ਨੇ ਦੱਖਣੀ ਜ਼ੋਨ ਨੂੰ 274 ਦੌੜਾਂ ਨਾਲ ਹਰਾ ਕੇ 17ਵੀਂ ਵਾਰ ਦਲੀਪ ਟਰਾਫ਼ੀ 'ਤੇ ਕਬਜਾ ਕੀਤਾ। ਜਿੱਤਣ ਲਈ 678 ਦੌੜਾਂ ਦਾ ਟੀਚਾ ਪੂਰਾ ਕਰਨ ਉੱਤਰੀ ਦੱਖਣੀ ਜ਼ੋਨ ਦੀ ਟੀਮ 403 ਦੌੜਾਂ 'ਤੇ ਢੇਰੀ ਢਾਹ ਗਈ। ਪੱਛਮੀ ਜ਼ੋਨ ਦੇ ਫਿਰਕੀ ਗੇਂਦਬਾਜ਼ ਰੋਮੇਸ਼ ਪੋਵਾਰ ਨੇ ਦੂਜੀ ਪਾਰੀ ਦੀਆਂ 7 ਵਿਕਟਾਂ ਸਮੇਤ 10 ਵਿਕਟਾਂ ਝਟਕਾਈਆਂ। ਜਿਸ ਨਾਲ ਦੱਖਣੀ ਜ਼ੋਨ ਦਾ ਲੱਕ ਟੁੱਟ ਗਿਆ। ਦੱਖਣੀ ਜ਼ੋਨ ਵੱਲੋਂ ਮੈਚ ਦੇ ਚੌਥੇ ਦਿਨ 165 ਦੌੜਾਂ ਦੀ ਸਾਂਝੇਦਾਰੀ ਕਰਨ ਵਾਲੇ ਮੁਰਲੀ ਵਿਜੇ (63) ਅਤੇ ਰੌਬਿਨ ਉਥੱਪਾ (94) ਕਪਤਾਨ ਐੱਸ. ਬਦਰੀਨਾਥ (59) ਦੇ ਇਲਾਵਾ ਦਿਨੇਸ਼ ਕਾਰਤਿਕ ਨੇ 75 ਦੌੜਾਂ ਦਾ ਯੋਗਦਾਨ ਪਾਇਆ। ਪੱਛਮੀ ਜ਼ੋਨ ਦੀਆਂ ਪਹਿਲ ਪਾਰੀ ਦੀਆਂ 459 ਦੌੜਾਂ ਦੇ ਜਵਾਬ 'ਚ 199 ਦੌੜਾਂ ਬਣਾਈਆਂ। ਪਹਿਲੀ ਪਾਰੀ 'ਚ 260 ਦੌੜਾਂ ਦੀ ਬੜਤ ਹਾਸਿਲ ਕਰਨ ਵਾਲੇ ਪੱਛਮੀ ਜ਼ੋਨ ਨੇ ਦੂਜੀ ਪਾਰੀ 'ਚ 8 ਵਿਕਟਾਂ ਦੇ ਨੁਕਸਾਨ 'ਤੇ 417 ਦੌੜਾਂ ਨਾਲ ਦੱਖਣੀ ਜ਼ੋਨ ਮੂਹਰੇ 678 ਦੌੜਾਂ ਦਾ ਟੀਚਾ ਰੱਖਿਆ ਸੀ।
ਚੌਥਾ ਅੰਬੀ ਹਠੂਰ ਇੰਟਰਨੈਸ਼ਨਲ ਕੈਨੇਡਾ ਕਬੱਡੀ ਕੱਪ ਸਮਾਪਤ
ਹਠੂਰ, 8 ਫਰਵਰੀ - ਚੌਥਾ ਅੰਬੀ ਹਠੂਰ ਇੰਟਰਨੈਸ਼ਨਲ ਕੈਨੇਡਾ ਕਬੱਡੀ ਕੱਪ ਹਠੂਰ ਵਿਖੇ ਕਰਵਾਇਆ ਗਿਆ। ਇਹ ਕੈਨੇਡਾ ਕਬੱਡੀ ਕੱਪ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਰਹੂਮ ਅੰਬੀ ਹਠੂਰ ਦੀ ਯਾਦ ਨੂੰ ਸਮਰਪਿਤ ਸੀ। ਇਸ ਵਿਚ ਕਰਵਾਏ ਗਏ ਕਬੱਡੀ ਦੇ ਮੁਕਾਬਲਿਆਂ 'ਚੋਂ ਇਕ ਲੱਖ ਦਾ ਇਨਾਮ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਨੇ ਪਹਿਲਾ ਹਾਸਲ ਕੀਤਾ। ਜਦਕਿ ਦੂਸਰੇ ਸਥਾਨ 'ਤੇ ਰਹਿ ਕੇ ਹਰਜੀਤ ਤਲਵਾਰ ਕਲੱਬ ਜਗਰਾਓਂ ਨੇ 75000 ਰੁਪਏ ਦਾ ਇਨਾਮ ਜਿੱਤਿਆ। 40 ਸਾਲਾ ਗੱਭਰੂਆਂ ਦੇ ਮੈਚ ਚੋਂ ਹਠੂਰ ਦੀ ਟੀਮ ਪਹਿਲੇ ਅਤੇ ਲੁਧਿਆਣਾ ਦੀ ਟੀਮ ਦੂਸਰੇ ਸਥਾਨ 'ਤੇ ਰਹੀ। ਲੜਕੀਆਂ ਦੇ ਸ਼ੋਅ ਮੈਚ ਦੌਰਾਨ ਪੰਜਾਬ ਦੀ ਟੀਮ ਪਹਿਲੇ ਅਤੇ ਹਰਿਆਣਾ ਦੀ ਟੀਮ ਦੂਸਰੇ ਸਥਾਨ 'ਤੇ ਰਹੀ। ਸਾਰੇ ਮੁਕਾਬਲਿਆਂ ਚੋਂ ਵੈਸਟ ਸਟਾਪਰ ਬਲਜੀਤ ਸੈਦੋਕੇ ਅਤੇ ਫਾਈਨਲ ਮੈਚ ਚੋਂ ਵਰਿੰਦਰ ਦੌਧਰ ਚੁਣੇ ਗਏ ਜਦਕਿ ਬੈੱਸਟ ਰੇਡਰ ਗੁਰਜੀਤ ਤੂਰ ਨੂੰ ਚੁਣਿਆ ਗਿਆ।
ਮੀਰੀ-ਪੀਰੀ ਕਲੱਬ ਦੀ ਬੱਲੇ ਬੱਲੇ
ਬੱਧਨੀ ਕਲਾਂ, 8 ਫਰਵਰੀ - ਬੱਧਨੀ ਕਲਾਂ ਦੇ ਹਰਜੀਤ ਸਟੇਡੀਅਮ ਵਿਖੇ ਪਹਿਲਾ ਗੋਲਡ ਕਬੱਡੀ ਕੱਪ ਕਰਵਾਇਆ ਗਿਆ। ਇਸ ਗੋਲਡ ਕਬੱਡੀ ਕੱਪ ਵਿਚ ਕਬੱਡੀ ਓਪਨ ਪਿੰਡ ਵਾਰ ਦੇ ਮੁਕਾਬਲਿਆਂ ਵਿਚ ਬੱਧਨੀ ਖੁਰਦ ਨੇ ਪਹਿਲਾ ਅਤੇ ਤਖਤੂਪੁਰਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਕਬੱਡੀ ਕੱਪ ਵਿਚ ਕੁੱਲ 12 ਟੀਮਾਂ ਸ਼ਾਮਿਲ ਹੋਈਆਂ, ਜਿਸ ਵਿਚ ਕਬੱਡੀ ਅਕੈਡਮੀ ਮੀਰੀ-ਪੀਰੀ ਕਲੱਬ ਅਮਰੀਕਾ (ਕਪੂਰਥਲਾ) ਨੇ ਹਰਜੀਤ ਕਲੱਬ ਬਾਜਾਖਾਨਾ ਨੂੰ ਹਰਾ ਕੇ ਗੋਲਡ ਕਬੱਡੀ ਕੱਪ 'ਤੇ ਆਪਣਾ ਕਬਜ਼ਾ ਕੀਤਾ। ਇਸ ਮੌਕੇ ਪੁਰਾਣੇ ਖਿਡਾਰੀ ਯੋਧਾ ਖੋਟੇ ਨੂੰ ਬੌਬ ਸਿੱਧੂ ਵੱਲੋਂ ਬੁਲਟ ਮੋਟਰ-ਸਾਈਕਲ ਅਤੇ ਇਕ ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ। ਲੜਕੀਆਂ ਦਾ ਸ਼ੋਅ ਮੈਚ ਸੁਲਤਾਨਪੁਰ ਲੋਧੀ ਨੇ ਜਿੱਤਿਆ। ਬਿੰਦਰ ਮਨੀਲਾ ਵੱਲੋਂ ਅੰਤਰਰਾਸ਼ਟਰੀ ਖਿਡਾਰੀ ਪ੍ਰਗਟ ਹਿੰਮਤਪੁਰਾ ਅਤੇ ਹੈਪੀ ਰਸੂਲ ਪੁਰ ਨੂੰ ਬੁਲਟ ਮੋਟਰ-ਸਾਈਕਲ ਦੇ ਕੇ ਸਨਮਾਨਿਤ ਕੀਤਾ। ਗੀਤਕਾਰ ਮੰਗਲ ਹਠੂਰ ਨੂੰ ਮਾਣ ਪੰਜਾਬ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ।
ਅਟਾਰੀ ਦੰਗਲ ਮੁਕਾਬਲੇ 10 ਫਰਵਰੀ ਤੋਂ
ਅਟਾਰੀ ਸਰਹੱਦ, 8 ਫਰਵਰੀ - ਸ. ਸ਼ਾਮ ਸਿੰਘ ਅਟਾਰੀ ਵਾਲਿਆਂ ਦੇ ਸ਼ਹੀਦੀ ਦਿਹਾੜੇ 'ਤੇ 10 ਫਰਵਰੀ ਨੂੰ ਸ਼ਾਮ ਸਿੰਘ ਅਟਾਰੀ ਵਾਲਿਆਂ ਦੀ ਸਮਾਧ ਦੇ ਨੇੜੇ ਤਲਾਬ ਵਿਖੇ ਦੰਗਲ (ਕੁਸ਼ਤੀਆਂ) ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿਚ ਨਾਮਵਰ ਪਹਿਲਵਾਨ ਕਰੀਬ 4 ਘੰਟੇ ਆਪਣੀਆਂ ਕੁਸ਼ਤੀਆਂ ਦੇ ਜੌਹਰ ਦਿਖਾਉਣਗੇ।
17ਵਾਂ ਸੁੱਖੀ ਯਾਦਗਾਰੀ ਖੇਡ ਮੇਲਾ
ਨਾਭਾ, 8 ਫਰਵਰੀ - ਅੰਤਰਰਾਸ਼ਟਰੀ 17ਵਾਂ ਸੁੱਖੀ ਯਾਦਗਾਰੀ ਮੇਲਾ ਚੱਲ ਰਿਹਾ ਹੈ। ਇਸ ਖੇਡ ਮੇਲੇ ਦੇ ਅਖੀਰਲੇ ਦਿਨ 62 ਕਿਲੋ ਤੇ ਇਕ ਪਿੰਡ ਓਪਨ ਦੇ ਕਬੱਡੀ ਮੁਕਾਬਲੇ ਕਰਵਾਏ ਗਏ। ਇਸ ਖੇਡ ਮੇਲੇ 'ਚ ਕਬੱਡੀ 62 ਕਿਲੋ: ਪੰਨਵਾਂ ਜੇਤੂ ਤੇ ਝਨੇੜੀ ਉਪ ਜੇਤੂ, ਕਬੱਡੀ (ਲੜਕੀਆਂ) : ਨੈਸ਼ਨਲ ਕਾਲਜ ਚੁਪਕੀ ਜੇਤੂ, ਕੁਰੂਕਸ਼ੇਤਰ (ਹਰਿਆਣਾ) ਉਪ ਜੇਤੂ, ਵਾਲੀਬਾਲ-ਫਤਹਿਪੁਰ ਜੇਤੂ, ਬਾਬਰਪੁਰ ਉਪ ਜੇਤੂ, ਕੁਸ਼ਤੀਆਂ-ਅਖਾੜਾ ਕਰਮਾ ਮੰਡੌੜ ਵੱਡੀ ਝੰਡੀ ਜੇਤੂ ਰਹੇ। ਅਖਾੜਾ ਗੋਲੂ ਬਿਰੜਵਾਲ, ਦੂਜੀ ਝੰਡੀ ਉਪ ਜੇਤੂ ਇਕ ਪਿੰਡ ਓਪਨ ਕਬੱਡੀ, ਗਾਇਕ ਕਲਾਕਾਰਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।
ਹਰਿਆਣਾ ਉਲੰਪਿਕ ਐਸੋਸੀਏਸ਼ਨ ਹੋਈ ਮਾਨਤਾ ਪ੍ਰਾਪਤ
ਚੰਡੀਗੜ੍ਹ, 7 ਫਰਵਰੀ - ਸਰਕਾਰ ਸਮਰਥਕ ਹਰਿਆਣਾ ਉਲੰਪਿਕ ਐਸੋਸੀਏਸ਼ਨ (ਐੱਚ. ਓ. ਏ.) ਨੂੰ ਭਾਰਤੀ ਉਲੰਪਿਕ ਐਸੋਸੀਏਸ਼ਨ (ਆਈ. ਓ. ਏ.) ਨੇ ਮਾਨਤਾ ਦੇ ਦਿੱਤੀ ਹੈ। ਐੱਚ. ਓ. ਏ. ਦੇ ਪ੍ਰਧਾਨ ਸ੍ਰੀ ਵੀ. ਪੀ. ਰਾਠੀ ਨੇ ਕਿਹਾ ਕਿ ਆਈ. ਓ. ਏ. ਦੇ ਜਨਰਲ ਸਕੱਤਰ ਸ੍ਰੀ ਰਣਧੀਰ ਸਿੰਘ ਨੇ ਉਨ੍ਹਾਂ ਨੂੰ ਇਕ ਚਿੱਠੀ ਲਿਖ ਕੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਾਲੀ ਐੱਚ. ਓ. ਏ., ਰਾਂਚੀ ਵਿਚ ਹੋਣ ਵਾਲੀਆਂ 34ਵੀਆਂ ਰਾਸ਼ਟਰੀ ਖੇਡਾਂ ਵਿਚ ਭਾਗ ਲਵੇਗੀ। ਉਨ੍ਹਾਂ ਇਹ ਵੀ ਕਿਹਾ ਕਿ 34ਵੀਆਂ ਰਾਸ਼ਟਰੀ ਖੇਡਾਂ ਵਿਚ ਐੱਚ. ਓ. ਏ. ਨੂੰ ਸੱਦਾ ਦੇਣ ਦਾ ਉਨ੍ਹਾਂ ਦਾ ਫ਼ੈਸਲਾ ਪੰਚਕੂਲਾ ਦੀ ਸਿਵਲ ਅਦਾਲਤ ਕੁਮਾਰੀ ਅੰਸ਼ੂ ਸ਼ੁਕਲਾ ਦੇ 24 ਦਸੰਬਰ 2008 ਨੂੰ ਦਿੱਤੇ ਹੁਕਮਾਂ ਦੇ ਆਧਾਰ 'ਤੇ ਹੈ। ਅਦਾਲਤ ਨੇ ਆਪਣੇ ਆਦੇਸ਼ਾਂ ਵਿਚ ਕਿਹਾ ਹੈ ਕਿ ਸ੍ਰੀ ਰਾਠੀ ਦੀ ਅਗਵਾਈ ਵਾਲੀ ਐੱਚ. ਓ. ਏ. ਨੂੰ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਕਰਨ ਅਤੇ ਉਨ੍ਹਾਂ ਵਿਚ ਭਾਗ ਲੈਣ ਦਾ ਅਧਿਕਾਰ ਹੈ। ਇਸ ਦੇ ਇਲਾਵਾ ਸਰਕਾਰ ਵੱਲੋਂ ਵਾਦੀ ਸੁਸਾਇਟੀ ਦੇ ਪੱਖ ਵਿਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਇਸ ਲਈ ਵਾਦੀ ਸੁਸਾਇਟੀ ਹੀ ਮਾਨਤਾ ਪ੍ਰਾਪਤ ਹਰਿਆਣਾ ਉਲੰਪਿਕ ਐਸੋਸੀਏਸ਼ਨ ਹੈ। ਉਨ੍ਹਾਂ ਦੱਸਿਆ ਕਿ ਸਿਵਲ ਅਦਾਲਤ ਦੇ ਇਨ੍ਹਾਂ ਆਦੇਸ਼ਾਂ ਨੂੰ ਮਹਿੰਦਰ ਸਿੰਘ ਮਲਿਕ ਅਤੇ ਅਭੈ ਸਿੰਘ ਚੌਟਾਲਾ ਵੱਲੋਂ ਸਾਲ 2009 ਵਿਚ ਐਡੀਸ਼ਨਲ ਜ਼ਿਲ੍ਹਾ ਜੱਜ ਦੀ ਅਦਾਲਤ ਵਿਚ ਚੁਣੌਤੀ ਦਿੱਤੀ ਗਈ ਸੀ ਪ੍ਰੰਤੂ ਇਸ ਅਦਾਲਤ ਨੇ 22 ਜਨਵਰੀ 2009 ਨੂੰ ਇਹ ਅਪੀਲ ਰੱਦ ਕਰ ਦਿੱਤੀ ਗਈ ਸੀ।
ਪਿੰਡ ਬੁੱਟਰ ਦੇ ਹਾਕੀ ਖਿਡਾਰੀਆਂ ਦੀ ਝੰਡੀ
ਬੱਧਨੀ ਕਲਾਂ, 7 ਫਰਵਰੀ - ਹਾਕੀ ਦੇ ਪਿੰਡ ਵਾਰ ਟੂਰਨਾਮੈਂਟ ਕਸਬਾ ਬੱਧਨੀ ਕਲਾਂ ਦੇ ਲੜਕਿਆਂ ਦੇ ਸਰਕਾਰੀ ਸਕੂਲ ਦੇ ਖੇਡ ਸਟੇਡੀਅਮ ਵਿਚ ਕਰਵਾਏ ਜਾ ਰਹੇ ਹਨ। ਇਹ ਟੂਰਨਾਮੈਂਟ ਤਿੰਨ ਦਿਨ ਤੋਂ ਚੱਲ ਰਿਹਾ ਹੈ। ਇਸ ਦੌਰਾਨ ਕਰਵਾਏ ਗਏ ਮੁਕਾਬਲਿਆਂ ਵਿਚ ਹਾਕੀ ਦੇ ਪਿੰਡ ਵਾਰ ਟੂਰਨਾਮੈਂਟ ਵਿਚੋਂ ਪਿੰਡ ਬੁੱਟਰ ਦੀ ਹਾਕੀ ਟੀਮ ਦੇ ਖਿਡਾਰੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਬੁੱਟਰ ਦੀ ਟੀਮ ਨੇ ਦੌਧਰ ਪਿੰਡ ਦੀ ਹਾਕੀ ਟੀਮ ਨੂੰ ਹਰਾਇਆ। ਜਦੋਂ ਕਿ ਪਿੰਡ ਰਣੀਆਂ ਅਤੇ ਬੱਧਨੀ ਕਲਾਂ ਦੀਆਂ ਹਾਕੀ ਟੀਮਾਂ ਸਾਂਝੇ ਰੂਪ 'ਚ ਤੀਸਰੇ ਸਥਾਨ 'ਤੇ ਰਹੀਆਂ। ਕਬੱਡੀ ਓਪਨ ਪਿੰਡ ਵਾਰ ਵਿਚ ਪਿੰਡ ਬੱਡੂਵਾਲ ਦੀ ਟੀਮ ਫਸਟ ਅਤੇ ਦੂਸਰੇ ਸਥਾਨ 'ਤੇ ਪਿੰਡ ਮਹਿਣਾ ਦੀ ਟੀਮ ਰਹੀ।
ਮੀਰੀ ਪੀਰੀ ਕਲੱਬ ਦੀ ਹਰਿਗੋਬਿੰਦ ਕਬੱਡੀ ਕੱਪ 'ਚ ਝੰਡੀ
ਬੰਗਾ, 7 ਫਰਵਰੀ - ਨੈਸ਼ਨਲ ਕਾਲਜ ਬੰਗਾ ਦੇ ਖੇਡ ਸਟੇਡੀਅਮ 'ਚ ਸ੍ਰੀ ਗੁਰੂ ਹਰਿਗੋਬਿੰਦ ਕਬੱਡੀ ਕੱਪ ਕਰਵਾਇਆ ਗਿਆ। ਇਸ ਖੇਡ ਮੇਲੇ ਦੌਰਾਨ ਹਰਿਗੋਬਿੰਦ ਕਬੱਡੀ ਕੱਪ ਮੀਰੀ ਪੀਰੀ ਕਲੱਬ ਨੇ ਦਸ਼ਮੇਸ਼ ਕਬੱਡੀ ਕਲੱਬ ਕਪੂਰਥਲਾ ਨੂੰ ਹਰਾ ਕੇ ਜਿੱਤਿਆ। ਇਕ ਲੱਖ ਨਕਦ ਅਤੇ ਟਰਾਫ਼ੀ 'ਤੇ ਕਬਜ਼ਾ ਕੀਤਾ। ਦੂਸਰਾ ਇਨਾਮ 75 ਹਜ਼ਾਰ ਦਸ਼ਮੇਸ਼ ਕਲੱਬ ਦੀ ਝੋਲੀ ਪਿਆ। ਜਲੰਧਰ-ਅੰਮ੍ਰਿਤਸਰ ਦੀਆਂ ਲੜਕੀਆਂ ਦੇ ਕਬੱਡੀ ਮੈਚ 'ਚ ਅੰਮ੍ਰਿਤਸਰ ਦੀ ਟੀਮ ਜੇਤੂ ਰਹੀ।
ਇੰਡੀਅਨ ਪ੍ਰੀਮੀਅਰ ਲੀਗ ਲਈ ਖਿਡਾਰੀਆਂ ਦੀ ਬੋਲੀ
ਗੋਆ, 6 ਫਰਵਰੀ - ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਹੁਣ ਤੱਕ ਦੇ ਸਭ ਤੋਂ ਮਹਿੰਗੇ ਖਿਡਾਰੀ ਇੰਗਲੈਂਡ ਦੇ ਦਿੱਗਜ਼ ਬੱਲੇਬਾਜ਼ ਕੇਵਿਨ ਪੀਟਰਸਨ ਅਤੇ ਹਰਫਨਮੌਲਾ ਖਿਡਾਰੀ ਐਂਡਰੀਉ ਫਲਿੰਟਾਫ਼ ਬਣ ਗਏ ਹਨ। ਇਨ੍ਹਾਂ ਖਿਡਾਰੀਆਂ ਨੂੰ ਵੈਬਸਾਈਟ 'ਕ੍ਰਿਕਇੰਫੋ ਡਾਟ ਕਾਮ' ਦੇ ਮੁਤਾਬਿਕ ਆਈ. ਪੀ. ਐੱਲ. ਦੇ ਦੂਜੇ ਟੂਰਨਾਮੈਂਟ ਲਈ ਸਭ ਤੋਂ ਮਹਿੰਗੀ ਬੋਲੀ ਲਗਾ ਕੇ ਖਰੀਦ ਲਿਆ ਗਿਆ। ਗੋਆ 'ਚ ਲਗਾਈ ਗਈ ਬੋਲੀ ਦੌਰਾਨ ਰਾਇਲ ਚੈਲੰਜਰ ਬੰਗਲੌਰ ਟੀਮ ਨੇ ਕੇਵਿਨ ਪੀਟਰਸਨ ਨੂੰ 15.5 ਲੱਖ ਡਾਲਰ (7.5 ਕਰੋੜ ਰੁਪਏ) ਅਤੇ ਐਂਡਰੀਉ ਫਲਿੰਟਾਫ਼ ਨੂੰ ਚੇਨੱਈ ਸੁਪਰ ਕਿੰਗਜ਼ ਟੀਮ ਨੇ 15.5 ਲੱਖ ਡਾਲਰ (7.5 ਕਰੋੜ ਰੁਪਏ) ਦੀ ਰਾਸ਼ੀ ਨਾਲ ਖਰੀਦ ਲਿਆ। ਇਸ ਤਰ੍ਹਾਂ ਪੀਟਰਸਨ ਅਤੇ ਫਲਿੰਟਾਫ਼ ਨੇ ਪਿਛਲੀ ਬੋਲੀ ਦੇ ਮੁਕਾਬਲੇ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ। ਜਿਸਨੂੰ ਪਿਛਲੇ ਵਰ੍ਹੇ ਚੇਨੱਈ ਸੁਪਰ ਕਿੰਗਜ਼ ਟੀਮ ਨੇ ਸਭ ਤੋਂ ਮਹਿੰਗੀ ਬੋਲੀ (6 ਕਰੋੜ ਰੁਪਏ) ਨਾਲ ਖ਼ਰੀਦਿਆ ਸੀ।
ਤੀਸਰੇ ਦੌਰ 'ਚ ਨਿਲਾਮ ਹੋਏ ਖਿਡਾਰੀਆਂ ਦੀ ਸੂਚੀ ਇਸ ਪ੍ਰਕਾਰ ਹੈ : ਕੇਵਿਨ ਪੀਟਰਸਨ (ਇੰਗਲੈਂਡ), ਰਾਇਲ ਚੈਲੰਜਰਜ਼, 15.5 ਲੱਖ ਡਾਲਰ ਐਂਡਰੀਉ ਫਲਿੰਟਾਫ਼ (ਇੰਗਲੈਂਡ), ਚੇਨੱਈ ਸੁਪਰ ਕਿੰਗਜ਼, 15.5 ਲੱਖ ਡਾਲਰ ਜੀਨ ਪਾਲ ਡੁਮਿਨੀ (ਦੱਖਣੀ ਅਫ਼ਰੀਕਾ), ਮੁੰਬਈ ਇੰਡੀਅਨਜ਼, 9.5 ਲੱਖ ਡਾਲਰ ਟੇਰਨ ਹੇਂਡਰਸਨ (ਦੱਖਣੀ ਅਫ਼ਰੀਕਾ), ਰਾਜਸਥਾਨ ਰਾਇਲਜ਼, 6.5 ਲੱਖ ਡਾਲਰ ਮਸ਼ਰਫੇ ਮੁਰਤਜ਼ਾ (ਬੰਗਲਾਦੇਸ਼), ਕੋਲਕਾਤਾ ਨਾਈਟ ਰਾਈਡਰਜ਼, 6 ਲੱਖ ਡਾਲਰ ਰਵੀ ਬੋਪਾਰਾ (ਇੰਗਲੈਂਡ), ਕਿੰਗਜ਼ ਇਲੈਵਨ ਪੰਜਾਬ, 4.5 ਲੱਖ ਡਾਲਰ ਸ਼ਾਨ ਟੈਟ (ਆਸਟਰੇਲੀਆ), ਰਾਜਸਥਾਨ ਰਾਇਲਜ਼, 3.75 ਲੱਖ ਡਾਲਰ ਪਾਲ ਕਾਲਿੰਗਵੁੱਡ (ਇੰਗਲੈਂਡ), ਦਿੱਲੀ ਡੇਅਰਡੇਵਿਲਜ਼, 2.75 ਲੱਖ ਡਾਲਰ ਓਵੇਸ਼ ਸ਼ਾਹ (ਇੰਗਲੈਂਡ), ਕਿੰਗਜ਼ ਇਲੈਵਨ ਪੰਜਾਬ, 2.75 ਲੱਖ ਡਾਲਰ ਜੇਰੋਮ ਟੇਲਰ (ਵੈਸਟ ਇੰਡੀਜ਼), ਕਿੰਗਜ਼ ਇਲੈਵਨ ਪੰਜਾਬ, 1.5 ਲੱਖ ਡਾਲਰ ਫਿਡੇਲ ਐਡਵਰਡਜ਼ (ਵੈਸਟ ਇੰਡੀਜ਼), ਡੇਕਨ ਚਾਰਜਰਜ਼, 1.5 ਲੱਖ ਡਾਲਰ ਜੇਸੀ ਰਾਈਡਰ (ਨਿਊਜ਼ੀਲੈਂਡ), ਬੰਗਲੌਰ ਰਾਇਲ ਚੈਲੰਜਰਜ, 1.6 ਲੱਖ ਡਾਲਰ ਕੇਲ ਮਿਲਸ (ਨਿਊਜ਼ੀਲੈਂਡ), ਮੁੰਬਈ ਇੰਡੀਅਨਜ਼, 1.5 ਲੱਖ ਡਾਲਰ ਥਿਲਨ ਤੁਸ਼ਾਰਾ (ਸ੍ਰੀਲੰਕਾ), ਚੇਨੱਈ ਸੁਪਰ ਕਿੰਗਜ਼, 1.4 ਲੱਖ ਡਾਲਰ ਡਵੇਨ ਸਮਿਥ (ਵੈਸਟ ਇੰਡੀਜ਼), ਡੇਕਨ ਚਾਰਜਰਜ਼, 1 ਲੱਖ ਡਾਲਰ ਜਾਰਜ ਬੋਲੇ (ਆਸਟਰੇਲੀਆ), ਚੇਨਈ ਸੁਪਰ ਕਿੰਗਜ਼, 50 ਹਜ਼ਾਰ ਡਾਲਰ ਜਿਨ੍ਹਾਂ ਖਿਡਾਰੀਆਂ ਦੀ 6 ਫਰਵਰੀ ਨੂੰ ਬੋਲੀ ਨਾ ਹੋ ਸਕੀ ਉਨ੍ਹਾਂ 'ਚ ਐਸ਼ਵੈਲ ਪ੍ਰਿੰਸ,ਫਿਲ ਜੈਕਸ, ਆਂਦਰੇ ਨੈੱਲ ਅਤੇ ਲਿਊਕ ਰਾਈਟ ਸ਼ਾਮਿਲ ਹਨ।
ਅਮਰੀਕੀ ਤੈਰਾਕ ਮਾਈਕਲ ਫੇਲਪਸ 'ਤੇ 3 ਮਹੀਨੇ ਦੀ ਰੋਕ
ਵਾਸ਼ਿੰਗਟਨ, 6 ਫਰਵਰੀ - ਅਮਰੀਕੀ ਤੈਰਾਕ ਮਾਈਕਲ ਫੇਲਪਸ 'ਤੇ ਗਾਂਜੇ ਦੇ ਵਰਤੋਂ ਕਰਨ ਦੇ ਦੋਸ਼ਾਂ ਤਹਿਤ ਤਿੰਨ ਮਹੀਨੇ ਲਈ ਤੈਰਾਕੀ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਮਾਈਕਲ ਫੇਲਪਸ ਨੇ ਉਲੰਪਿਕ ਇਤਿਹਾਸ 'ਚ ਪਹਿਲੀ ਵਾਰ ਸਭ ਤੋਂ ਵੱਧ ਤਗਮੇ ਜਿੱਤਣ ਦਾ ਮਾਣ ਹਾਸਲ ਕੀਤਾ। ਖ਼ਬਰ ਮੁਤਾਬਿਕ 23 ਸਾਲਾ ਦੇ ਫੇਲਪਸ ਨੂੰ ਕੁਝ ਦਿਨ ਪਹਿਲਾਂ ਦੱਖਣੀ ਕੇਰੋਲਿਨਾ ਯੂਨੀਵਰਸਿਟੀ 'ਚ ਇਕ ਸਮਾਗਮ ਦੌਰਾਨ ਗਾਂਜਾ ਪੀਂਦਿਆਂ ਦੇਖਿਆ ਗਿਆ ਸੀ ਅਤੇ ਇਸ ਦੀਆਂ ਤਸਵੀਰਾਂ ਅਖ਼ਬਾਰਾਂ ਰਸਾਲਿਆਂ 'ਚ ਛਪ ਗਈਆਂ ਸੀ। ਯਾਦ ਰਹੇ ਇਸ ਸਜਾ ਤੋਂ ਪਹਿਲਾਂ ਹੀ ਫੇਲਪਸ ਇਸ ਹਰਕਤ ਲਈ ਮੁਆਫ਼ੀ ਮੰਗ ਚੁੱਕਿਆ ਹੈ। ਉਸਨੇ ਮੰਨਿਆ ਸੀ ਕਿ ਇਹ ਤਸਵੀਰ ਉਸਦੀ ਹੀ ਹੈ ਪਰ ਉਸਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਗਾਂਜਾ ਪੀ ਰਿਹਾ ਸੀ।
ਸੁੱਖੀ ਮੈਮੋਰੀਅਲ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਸ਼ੁਰੂ
ਨਾਭਾ, 6 ਫਰਵਰੀ - ਤਿੰਨ ਰੋਜ਼ਾ 17ਵਾਂ ਅੰਤਰਰਾਸ਼ਟਰੀ ਸੁੱਖੀ ਮੈਮੋਰੀਅਲ ਕਬੱਡੀ ਟੂਰਨਾਮੈਂਟ ਨਾਭਾ ਦੇ ਕਾਲਜ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦਾ ਪਹਿਲੇ ਦਿਨ ਦਾ ਉਦਘਾਟਨ ਸੰਤ ਬਾਬਾ ਨਰਿੰਦਰ ਸਿੰਘ ਗੁਰਦੁਆਰਾ ਸ੍ਰੀ ਸਿਧਸਰ ਸਾਹਿਬ ਅਲਹੌਰਾਂ ਵਾਲਿਆਂ ਨੇ ਕੀਤਾ। ਪਹਿਲੇ ਦਿਨ 47 ਕਿਲੋ, 57 ਕਿਲੋ ਅਤੇ 62 ਕਿਲੋ ਵਜ਼ਨੀ ਕਬੱਡੀ ਦੇ ਮੁਕਾਬਲੇ ਹੋਏ ਜਿਸ ਵਿਚ 47 ਕਿਲੋ ਦੀਆਂ ਅੱਠ, 57 ਕਿਲੋ ਦੀਆਂ 14 ਅਤੇ 62 ਕਿਲੋ ਦੀਆਂ 6 ਟੀਮਾਂ ਸ਼ਾਮਿਲ ਹੋਈਆਂ। ਇਸ ਟੂਰਨਾਮੈਂਟ ਵਿਚ 47 ਕਿਲੋ ਵਜ਼ਨੀ ਕਬੱਡੀ ਵਿਚ ਬਿਰਧਨੋ, ਮਵੀ ਕਲਾਂ ਦੀਆਂ ਟੀਮਾਂ ਜੇਤੂ ਰਹੀਆਂ। 57 ਕਿਲੋ ਵਿਚ ਘਰਾਚੋਂ ਅਤੇ ਲਾਧੜਾ (ਜਲੰਧਰ) ਦੀ ਟੀਮ ਨੇ ਜਿੱਤ ਦਰਜ ਕੀਤੀ। 7 ਫਰਵਰੀ ਤੋਂ ਇਕ ਪਿੰਡ ਓਪਨ ਅਤੇ ਵਜ਼ਨੀ ਕਬੱਡੀ ਦੇ ਫਾਈਨਲ ਮੈਚ ਕਰਵਾਏ ਜਾਣ ਗਏ। ਜੇਤੂ ਟੀਮਾਂ ਨੂੰ ਕ੍ਰਮਵਾਰ ਇਕ ਲੱਖ, 75 ਹਜ਼ਾਰ ਅਤੇ 50 ਹਜ਼ਾਰ ਦੇ ਨਕਦ ਇਨਾਮ ਦਿੱਤੇ ਜਾਣੇ ਹਨ।
ਬੱਛੋਵਾਲ ਦਾ ਖੇਡ ਮੇਲਾ
ਜਲੰਧਰ, 6 ਫਰਵਰੀ - ਪੰਜਵਾਂ ਖੇਡ ਮੇਲਾ 7 ਫਰਵਰੀ ਨੂੰ ਪਿੰਡ ਬੱਛੋਵਾਲ 'ਚ ਕਰਵਾਇਆ ਜਾ ਰਿਹਾ ਹੈ। ਇਸ ਵਿਚ ਪੰਜਾਬ ਦੀਆਂ ਅੱਠ ਆਲ ਓਪਨ ਕਬੱਡੀ ਟੀਮਾਂ ਭਾਗ ਲੈਣਗੀਆਂ। ਇਸ ਖੇਡ ਮੇਲੇ ਦਾ ਪਹਿਲਾ ਇਨਾਮ ਪੱਚੀ ਹਜ਼ਾਰ ਰੁਪਏ, ਦੂਜਾ ਵੀਹ ਹਜ਼ਾਰ ਨਕਦ ਰੁਪਏ ਹੋਵੇਗਾ।
ਪਹਿਲਾ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸਮਾਪਤ
ਕਿਸ਼ਨਗੜ੍ਹ, 6 ਫਰਵਰੀ - ਸਵ: ਹਰਦੀਪ ਸਿੰਘ ਸਹੋਤਾ ਅਤੇ ਸਵ: ਦੀਪਕ ਕੁਮਾਰ ਦੀ ਯਾਦ ਨੂੰ ਸਮਰਪਿਤ ਪਹਿਲਾ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਪਿੰਡ ਜੰਡੂਸਿੰਘਾ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਫਾਈਨਲ ਉਪਨ ਮੁਕਾਬਲੇ ਵਿਚ ਹਜ਼ਾਰਾ ਨੇ ਜੰਡੂਸਿੰਘਾ ਅਤੇ 55 ਕਿਲੋ ਵਿਚ ਧੋਗੜੀ ਨੇ ਜੰਡੂਸਿੰਘਾ ਨੂੰ ਹਰਾਇਆ। ਇਸ ਮੌਕੇ 'ਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪਦਮ ਸ੍ਰੀ ਹੰਸ ਰਾਜ ਹੰਸ ਅਤੇ ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਅਵਿਨਾਸ਼ ਚੰਦਰ ਨੇ ਕੀਤੀ। ਇਸ ਮੌਕੇ 'ਤੇ ਸ੍ਰੀ ਹੰਸ ਨੇ ਕਿਹਾ ਕਿ ਖੇਡ ਮੇਲਿਆਂ ਨਾਲ ਜਿਥੇ ਸਾਡੀ ਭਾਈਚਾਰਕ ਸਾਂਝ ਵਧਦੀ ਹੈ ਉਥੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਜ਼ਰੂਰੀ ਹਨ, ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦੇਣ ਲਈ ਕਿਹਾ।
19ਵਾਂ ਪੁਰੇਵਾਲ ਖੇਡ ਮੇਲਾ ਹਕੀਮ ਪੁਰ ਵਿਖੇ 21 ਤੋਂ
ਜਲੰਧਰ, 6 ਫਰਵਰੀ - ਸਵ: ਹਰਬੰਸ ਸਿੰਘ ਪੁਰੇਵਾਲ ਦੀ ਯਾਦ ਵਿਚ 19ਵਾਂ ਪੁਰੇਵਾਲ ਖੇਡ ਮੇਲਾ 21-22 ਫਰਵਰੀ ਨੂੰ ਪਿੰਡ ਹਕੀਮਪੁਰ ਵਿਖੇ ਅੰਤਰਰਾਸ਼ਟਰੀ ਕਬੱਡੀ ਤੇ ਕੁਸ਼ਤੀ ਖਿਡਾਰੀ ਪੁਰੇਵਾਲ ਭਰਾਵਾਂ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੌਰਾਨ ਕਬੱਡੀ, ਕੁਸ਼ਤੀ, ਹਲਟ ਦੌੜਾਂ, ਕੁੱਤਿਆਂ ਦੀਆਂ ਦੌੜਾਂ, ਰੱਸਾਕਸ਼ੀ, ਅਥਲੈਟਿਕਸ ਤੋਂ ਇਲਾਵਾ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ (ਹਰੀਆਂ ਵੇਲਾਂ) ਘੋੜ ਸਵਾਰੀ, ਗਤਕਾ ਅਤੇ ਨੇਜ਼ੇਬਾਜ਼ੀ ਦੇ ਜੌਹਰ ਦਿਖਾਉਣਗੇ। ਖੇਡਾਂ ਦੀ ਸ਼ੁਰੂਆਤ 21 ਫਰਵਰੀ ਨੂੰ ਐਸ. ਐਸ. ਪੀ. ਸ਼ਸ਼ੀ ਪ੍ਰਭਾ ਦਿਦੇਵੀ ਸ਼ਹੀਦ ਭਗਤ ਸਿੰਘ ਨਗਰ ਕਰਨਗੇ। ਖੇਡਾਂ ਦੀ ਪ੍ਰਧਾਨਗੀ ਸ੍ਰੀ ਨੀਲ ਕੰਠ ਅਵਾੜ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਲੰਗਰ ਕਰਨਗੇ। ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਪੁਰੇਵਾਲ ਅੰਤਰਰਾਸ਼ਟਰੀ ਕਬੱਡੀ ਕੱਪ ਮੁਕਾਬਲਿਆਂ ਦਾ ਪਹਿਲਾ ਇਨਾਮ ਇਕ ਲੱਖ ਇਕਵੰਜਾ ਹਜ਼ਾਰ ਰੁਪਏ ਹੋਵੇਗਾ ਅਤੇ ਦੂਜਾ ਇਨਾਮ ਇਕ ਲੱਖ ਰੁਪਏ ਹੋਵੇਗਾ। ਇਨ੍ਹਾਂ ਮੁਕਾਬਲਿਆਂ ਵਿਚ ਦੋਵਾਂ ਫੈਡਰੇਸ਼ਨਾਂ ਦੀਆਂ ਅੱਠ-ਅੱਠ ਟੀਮਾਂ ਭਾਗ ਲੈਣਗੀਆਂ। &
|