Click here For English Version

SPORTS NEWS

August Sports News 2009

ਸੁਖਬੀਰ ਸਿੰਘ ਬਾਦਲ ਹਾਕੀ ਪੰਜਾਬ ਦੇ ਪ੍ਰਧਾਨ ਬਣੇ

ਜਲੰਧਰ/ਅਜੀਤ ਨਗਰ, 31 ਅਗਸਤ - ਪੰਜਾਬ ਹਾਕੀ ਐਸੋਸੀਏਸ਼ਨ ਪੰਜਾਬ ਮਹਿਲਾ ਹਾਕੀ ਐਸੋਸੀਏਸ਼ਨ ਤੇ ਪੈਪਸੂ ਹਾਕੀ ਐਸੋਸੀਏਸ਼ਨ, ਨੇ ਇਕ ਸਾਂਝੇ ਮੰਚ ਤੇ ਇਕੱਠਿਆਂ ਹੋ ਕੇ ਸਰਬਸੰਮਤੀ ਨਾਲ ਪੰਜਾਬ ਦੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਨਵੀਂ ਬਣੀ 'ਹਾਕੀ ਪੰਜਾਬ' ਦਾ ਪ੍ਰਧਾਨ ਨਾਮਜਦ ਕੀਤਾ ਗਿਆ ਹੈ। ਇਸ ਸਬੰਧੀ ਹਾਕੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਇਕ ਵਿਸ਼ੇਸ਼ ਬੈਠਕ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਜਿੱਥੇ ਇਹ ਚੋਣ ਕੀਤੀ ਗਈ। ਇਸ ਮੌਕੇ 'ਤੇ ਪੈਪਸੂ ਹਾਕੀ ਐਸੋਸੀਏਸ਼ਨ ਦੇ ਅਹੁਦੇਦਾਰ ਮਨਮੋਹਨ ਸਿੰਘ ਨੇ ਸੁਖਬੀਰ ਸਿੰਘ ਬਾਦਲ ਦਾ ਨਾਂਅ ਪ੍ਰਧਾਨਗੀ ਲਈ ਪੇਸ਼ ਕੀਤਾ ਤੇ ਅਰਜਨ ਐਵਾਰਡੀ ਸੁਰਿੰਦਰ ਸਿੰਘ ਸੋਢੀ ਨੇ ਇਸ ਦੀ ਤਾਈਦ ਕੀਤੀ। ਇਸ ਚੋਣ ਤੋਂ ਬਾਅਦ ਸਾਰੀ ਹਾਕੀ ਪੰਜਾਬ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ ਤੇ ਹੁਣ ਸਾਰੇ ਅਹੁਦੇਦਾਰਾਂ ਨੂੰ ਕਿਹਾ ਗਿਆ ਹੈ ਕਿ ਇਕ ਹਫਤੇ ਦੇ ਅੰਦਰ-ਅੰਦਰ ਆਪਣੀਆਂ ਤਜ਼ਵੀਜਾਂ ਤਿਆਰ ਕਰਕੇ ਦੇਣ ਤੇ ਇਸ ਤੋਂ ਬਾਅਦ ਇਸ ਦਾ ਨਵਾਂ ਸੰਵਿਧਾਨ ਬਣਾਇਆ ਜਾਵੇਗਾ ਤੇ ਫਿਰ ਸਾਰੇ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਸਾਰੀ ਪੰਜਾਬ ਦੀ ਬਾਡੀ ਦੀ ਚੋਣ ਹੋਵੇਗੀ। ਸੁਖਬੀਰ ਸਿੰਘ ਬਾਦਲ ਦੀ ਇਸ ਚੋਣ ਤੋਂ ਬਾਅਦ ਪੰਜਾਬ ਹਾਕੀ ਦਾ ਸਾਰਾ ਦ੍ਰਿਸ਼ ਹੀ ਬਦਲ ਗਿਆ ਹੈ। ਜਿਥੇ ਪਹਿਲਾਂ ਕਈ ਅਹੁਦੇਦਾਰ ਮੰਗ ਕਰ ਰਹੇ ਸਨ ਕੀ ਹਾਕੀ ਨੂੰ ਪੰਜਾਬ ਪੁਲਿਸ ਦੇ ਕਬਜ਼ੇ ਤੋਂ ਮੁਕਤ ਕੀਤਾ ਜਾਵੇ ਹੁਣ ਇਸ ਕਬਜੇ ਤੋਂ ਮੁਕਤ ਹੋ ਗਈ ਹੈ। ਹੁਣ ਸੁਖਬੀਰ ਸਿੰਘ ਬਾਦਲ ਦੇ ਰੂਪ ਵਿਚ ਇਸ ਨਵੀਂ ਹਾਕੀ ਪੰਜਾਬ ਨੂੰ ਚਲਾਉਣ ਦੀ ਜ਼ਿੰਮੇਵਾਰੀ ਸੌਂਪੀ ਹੋ ਗਈ ਹੈ ਜੋ ਕਿ ਇਸ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਉਣ ਵਿਚ ਕਾਮਯਾਬ ਹੋਣਗੇ, ਪਰ ਅਜੇ ਵੀ ਇਕ ਅਹਿਮ ਅਹੁਦਾ ਜੋ ਜਨਰਲ ਸਕੱਤਰ ਦਾ ਹੈ ਇਸ ਦੇ ਲਈ ਰੱਸਾਕਸੀ ਸ਼ੁਰੂ ਹੋ ਗਈ ਹੈ ਜਿਸ ਦੇ ਲਈ ਕਈ ਦੌੜ ਦੇ ਵਿਚ ਹਨ ਪਰ ਦੇਖੋ ਸੁਖਬੀਰ ਬਾਦਲ ਇਸ ਅਹੁਦੇ ਤੇ ਕਿਸ ਨੂੰ ਬਿਰਾਜਮਾਨ ਕਰਦੇ ਹਨ। ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ।

13ਵੀਆਂ ਵਿਸ਼ਵ ਪੁਲੀਸ ਖੇਡਾਂ ਤੇ ਫਾਇਰ ਗੇਮਜ਼ 'ਚ ਪੰਜਾਬ ਪੁਲੀਸ ਦੀ ਝੰਡੀ

ਜਲੰਧਰ, 31 ਅਗਸਤ - 13ਵੀਆਂ ਵਿਸ਼ਵ ਪੁਲੀਸ ਖੇਡਾਂ ਤੇ ਫਾਇਰ ਗੇਮਜ਼ 2009 ਜੋ ਕਿ ਕੈਨੇਡਾ ਦੇ ਸ਼ਹਿਰ ਵੈਨਕੂਵਰ 'ਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਪੰਜਾਬ ਪੁਲੀਸ ਦੇ ਖਿਡਾਰੀਆਂ ਨੇ 26 ਸੋਨੇ ਦੇ ਤੇ 17 ਚਾਂਦੀ ਦੇ ਤੇ 9 ਕਾਂਸੀ ਦੇ ਤਗਮੇ ਜਿੱਤੇ। ਜਿਨ੍ਹਾਂ ਦਾ ਵਿਸ਼ੇਸ਼ ਸਨਮਾਨ ਪੀ. ਏ. ਪੀ. ਗੋਲਫ ਕਲੱਬ ਜਲੰਧਰ ਕੈਂਟ ਵਿਖੇ ਏ. ਡੀ. ਜੀ. ਪੀ. ਸ੍ਰੀ ਐਚ. ਆਰ. ਚੱਢਾ ਨੇ ਕੀਤਾ। ਜੋ ਕਿ ਖੇਡਾਂ ਵਿਚ ਚੀਫ਼ ਡੀ ਮਿਸ਼ਨ ਵਜੋਂ ਗਏ ਸਨ। 2 ਸੋਨੇ ਤੇ 2 ਕਾਂਸੀ ਦੇ ਤਗਮੇ ਜਿੱਤੇ।

ਆਲ ਇੰਡੀਆ ਮਹਾਤਮਾ ਹੰਸ ਰਾਜ ਕ੍ਰਿਕਟ ਪ੍ਰਤੀਯੋਗਤਾ ਸਮਾਪਤ

ਜਲੰਧਰ, 31 ਅਗਸਤ - ਆਲ ਇੰਡੀਆ ਮਹਾਤਮਾ ਹੰਸ ਰਾਜ ਕ੍ਰਿਕਟ ਪ੍ਰਤੀਯੋਗਤਾ ਦੇ ਮੁਕਾਬਲੇ ਜਲੰਧਰ 'ਚ ਕਰਵਾਏ ਗਏ। ਜਿਸ ਵਿਚ ਸਿਧਾਰਥ ਤੇ ਪਰਾਗ ਦੀ ਬਦੌਲਤ ਸਾਈਂਦਾਸ ਸਕੂਲ ਜਲੰਧਰ ਨੇ ਅੰਮ੍ਰਿਤਸਰ ਨੂੰ 4 ਵਿਕਟਾਂ ਨਾਲ ਹਰਾ ਕੇ ਜੇਤੂ ਖਿਤਾਬ 'ਤੇ ਕਬਜ਼ਾ ਕੀਤਾ। ਇਸ ਮੈਚ ਵਿਚ ਅੰਮ੍ਰਿਤਸਰ ਨੇ ਨਿਰਧਾਰਿਤ ਓਵਰਾਂ ਵਿਚ 107 ਦੌੜਾਂ ਬਣਾਈਆਂ। ਇਸ ਵਿਚ ਪਰਾਗ ਨੇ ਵਧੀਆ ਗੇਂਦਬਾਜ਼ੀ ਕਰਦਿਆਂ 15 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਇਸ ਦੇ ਜਵਾਬ ਵਿਚ 108 ਦੌੜਾਂ ਦਾ ਟੀਚਾ ਹਾਸਲ ਕਰਦਿਆਂ ਸਿਧਾਰਥ ਸ਼ਰਮਾ ਨੇ 32 ਗੇਂਦਾਂ 'ਤੇ 3 ਛੱਕੇ ਤੇ 4 ਚੌਕੇ ਮਾਰ ਕੇ 56 ਦੌੜਾਂ ਦਾ ਯੋਗਦਾਨ ਪਾ ਕੇ ਇਸ ਮੈਚ 'ਚ ਜਿੱਤ ਹਾਸਲ ਕੀਤੀ।

ਹੈਦਰਾਬਾਦ ਮਾਨਸੂਨ ਰੇਸ 2 ਸਤੰਬਰ ਨੂੰ

ਹੈਦਰਾਬਾਦ, 31 ਅਗਸਤ - ਹੈਦਰਾਬਾਦ 'ਚ ਮਾਨਸੂਨ ਰੇਸ ਚੱਲ ਰਹੀ ਸੀ। ਜੋ ਕਿ 13ਵੇਂ ਦਿਨ ਭਾਰੀ ਮੀਂਹ ਕਾਰਨ ਰੱਦ ਕਰ ਦਿੱਤੀ ਗਈ ਹੈ। ਉਹ ਹੁਣ 2 ਸਤੰਬਰ ਨੂੰ ਹੋਵੇਗੀ। ਸ਼ਹਿਰ ਵਿਚ ਹੋਈ ਭਾਰੀ ਬਰਸਾਤ ਕਾਰਨ ਰੇਸ ਲਈ ਬਣਾਏ ਗਏ ਟ੍ਰੈਕ ਮਾੜੀ ਹਾਲਤ ਵਿਚ ਪਹੁੰਚ ਗਏ ਸਨ।

 ਢੱਟ ਖੇਡ ਮੇਲਾ 19 ਤੋਂ

ਮੁੱਲਾਂਪੁਰ ਦਾਖਾ, 30 ਅਗਸਤ - ਢੱਟ ਖੇਡ ਮੇਲਾ 19-20 ਸਤੰਬਰ ਨੂੰ ਆਜ਼ਾਦ ਸਪੋਰਟਸ ਕਲੱਬ ਪਿੰਡ ਢੱਟ ਵੱਲੋਂ ਕਰਵਾਇਆ ਜਾ ਰਿਹਾ ਹੈ। 2 ਰੋਜ਼ਾ ਟੁਰਨਾਮੈਂਟ ਸਮੇਂ ਕਬੱਡੀ ਵਜਨੀ 40 ਕਿਲੋ ਭਾਰ, ਕਬੱਡੀ ਓਪਨ ਪਿੰਡ ਵਾਰ ਦੇ ਨਾਲ ਵੱਡੇ-ਛੋਟੇ ਬਲਦਾਂ ਦੀਆਂ ਦੌੜਾਂ ਦੇ ਜੇਤੂ ਮਾਲਕਾਂ ਨੂੰ ਨਕਦ ਇਨਾਮ ਦਿੱਤਾ ਜਾਵੇਗਾ।

ਕਿਰਲਗੜ੍ਹ ਦੀ ਛਿੰਜ 'ਚ ਕੰਵਲਜੀਤ ਡੂਮਛੇੜੀ ਦੀ ਝੰਡੀ

ਅਟਾਰੀ ਸਰਹੱਦ, 30 ਅਗਸਤ - ਪਿੰਡ ਕਿਰਲਗਡ ਦੀ ਛਿੰਝ 'ਚ ਪੰਜਾਬ ਭਰ ਤੋਂ ਆਏ ਪਹਿਲਵਾਨਾਂ ਦੇ ਦੰਗਲ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਛਿੰਝ 'ਚ ਕਰਵਾਈਆਂ ਗਈਆਂ ਕਰੀਬ 30 ਕੁਸ਼ਤੀਆਂ 'ਚ ਪੰਜਾਬ ਭਰ ਤੋਂ ਆਏ ਪਹਿਲਵਾਨਾਂ ਨੇ ਆਪਣੇ ਜੌਹਰ ਵਿਖਾਏ। ਪਿੰਡ ਕਿਰਲਗਡ ਦੀ ਛਿੰਝ ਦੀ ਪਹਿਲੀ ਕੁਸ਼ਤੀ ਪੱਟਕੇ ਦੀ ਰੁਮਾਲੀ ਪੰਜਾਬ ਦੇ ਨਾਮਵਰ ਪਹਿਲਵਾਨ ਕੰਵਲਜੀਤ ਸਿੰਘ ਡੂਮਛੇੜੀ ਨੇ ਨਾਮਵਰ ਪਹਿਲਵਾਨ ਸੋਨੀ ਸਹੇੜਾ ਨੂੰ 11 ਮਿੰਟਾਂ 'ਚ ਹਰਾ ਕੇ 75 ਹਜ਼ਾਰ ਰੁਪਏ ਜਿੱਤੇ। ਇਸ ਦੌਰਾਨ ਦੂਸਰੇ ਸਥਾਨ ਵਾਲੀ ਕੁਸ਼ਤੀ 'ਚ ਪਹਿਲਵਾਨ ਪੰਮਾ ਡੇਹਰਾ ਬਾਬਾ ਨਾਨਕ ਤੇ ਬੱਬੂ ਸੇਰੋਂ ਦੋਵੇਂ ਪਹਿਲਵਾਨ ਬਰਾਬਰ 'ਤੇ ਰਹੇ।

ਗਰੈਂਡ ਪਿਕਸ ਗੋਲਡ ਮੁਕਾਬਲੇ 'ਚ ਗੱਟਾ ਅਤੇ ਦੀਜੂ ਜੇਤੂ

ਨਵੀਂ ਦਿੱਲੀ, 30 ਅਗਸਤ - ਚੀਨ ਦੇ ਤਾਈਪਾਈ ਸ਼ਹਿਰ 'ਚ ਗਰੈਂਡ ਪਿਕਸ ਗੋਲਡ ਮੁਕਾਬਲੇ ਕਰਵਾਏ ਗਏ। ਜਿਸ ਦੌਰਾਨ ਬੈਡਮਿੰਟਨ ਵਿਚ ਭਾਰਤ ਦੀ ਜਵਾਲਾ ਗੱਟਾ ਅਤੇ ਵੀ. ਦੀਜੂ ਨੇ ਮਿਕਸਡ ਡਬਲਸ ਵਰਗ ਦੇ ਫਾਈਨਲ 'ਚ ਇੰਡੋਨੇਸ਼ੀਆ ਦੇ ਹੈਂਦਰਾ ਅਪਿਰਦਾ ਗੁਨਾਵਾਨ ਅਤੇ ਵੀਟਾ ਮਾਰੀਸਾ ਨੂੰ ਹਰਾ ਕੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ। ਵਿਸ਼ਵ ਵਿਚ 7ਵਾਂ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਇਹ ਮੈਚ 24-22, 21-18 ਨਾਲ ਜਿੱਤਿਆ।

7ਵਾਂ ਆਲ ਇੰਡੀਆ ਮਹਾਰਾਜਾ ਰਣਜੀਤ ਸਿੰਘ ਜੂਨੀਅਰ ਹਾਕੀ ਗੋਲਡ ਕੱਪ 4 ਅਕਤੂਬਰ ਤੋਂ

ਜਲੰਧਰ, 30 ਅਗਸਤ - 7ਵਾਂ ਆਲ ਇੰਡੀਆ ਜੂਨੀਅਰ ਹਾਕੀ ਗੋਲਡ ਕੱਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਸਟੋਟਰਫ ਗਰਾਊਂਡ ਵਿਚ 4 ਅਕਤੂਬਰ ਤੋਂ 9 ਅਕਤੂਬਰ ਤੱਕ ਕਰਵਾਇਆ ਜਾਵੇਗਾ। ਇਸ ਟੂਰਨਾਮੈਂਟ ਵਿਚ ਭਾਰਤ ਦੀਆਂ ਹਾਕੀ ਅਕੈਡਮੀਆਂ ਦੀਆਂ ਟੀਮਾਂ ਤੋਂ ਇਲਾਵਾ ਪਾਕਿਸਤਾਨ, ਬੰਗਲਾ ਦੇਸ਼, ਸ੍ਰੀਲੰਕਾ ਦੀਆਂ ਅਕੈਡਮੀਆਂ ਭਾਗ ਲੈਣਗੀਆਂ। ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 31,000 ਅਤੇ ਦੂਜੇ ਨੰਬਰ 'ਤੇ 21,000 ਨਗਦ ਇਨਾਮ ਦਿੱਤਾ ਜਾਵੇਗਾ। ਟੂਰਨਾਮੈਂਟ ਵਿਚ ਲੜਕੀਆਂ ਦੇ ਮੁਕਾਬਲੇ ਹੋਣਗੇ, ਜਿਸ ਵਿਚ ਪਹਿਲੇ ਸਥਾਨ ਵਾਲੀ ਟੀਮ ਨੂੰ 21,000 ਤੇ ਦੂਜੇ ਸਥਾਨ ਵਾਲੀ ਟੀਮਾਂ ਨੂੰ 11,000 ਨਗਦ ਦਿੱਤੇ ਜਾਣਗੇ। ਇਸ ਤੋਂ ਇਲਾਵਾ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਕਈ ਹੋਰ ਨਗਦ ਇਨਾਮ ਦਿੱਤੇ ਜਾਣਗੇ।

56ਵੀਂ ਬਾਕਸਿੰਗ ਚੈਂਪੀਅਨਸ਼ਿਪ 24 ਸਤੰਬਰ ਤੋਂ

ਫਗਵਾੜਾ, 30 ਅਗਸਤ - 56ਵੀਂ ਪੰਜਾਬ ਐਥਲੀਟ ਮੇਨ ਬਾਕਸਿੰਗ ਚੈਂਪੀਅਨਸ਼ਿਪ 24-27 ਸਤੰਬਰ ਤੱਕ ਫਗਵਾੜਾ ਤਹਿਸੀਲ ਦੇ ਪਿੰਡ ਦੁੱਗਾਂ ਦੇ ਸਰਕਾਰੀ ਸਕੂਲ ਵਿਖੇ ਕਰਵਾਈ ਜਾ ਰਹੀ ਹੈ।

ਸਾਈ ਟੀਮ ਧਿਆਨ ਚੰਦ ਹਾਕੀ ਟੂਰਨਾਮੈਂਟ

ਮਦੀਕੇਰੀ, 30 ਅਗਸਤ - ਆਲ ਇੰਡੀਆ ਧਿਆਨ ਚੰਦ ਇਨਵੀਟੇਸ਼ਨ ਹਾਕੀ ਟੂਰਨਾਮੈਂਟ ਮੈਸੂਰ ਵਿਖੇ ਚੱਲ ਰਿਹਾ ਹੈ। ਇਸ ਵਿਚ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਮਦੀਕੇਰੀ ਦੀ ਟੀਮ ਕੇਰਲਾ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕਰ ਗਈ ਹੈ। ਕਪਤਾਨ ਸੀ. ਐਨ. ਸਾਰੂਥੀ ਦੀ ਅਗਵਾਈ ਹੇਠ ਸਾਈ ਦੀ ਟੀਮ 3-0 ਨਾਲ ਜੇਤੂ ਰਹੀ।

ਖਿਜ਼ਰਾਬਾਦ ਦੀ ਛਿੰਝ 13 ਸਤੰਬਰ ਨੂੰ

ਕੁਰਾਲੀ, 30 ਅਗਸਤ - 13 ਸਤੰਬਰ ਨੂੰ ਮੁਹਾਲੀ ਜ਼ਿਲ੍ਹੇ ਦੇ ਪਿੰਡ ਖਿਜ਼ਰਾਬਦ ਦੀ ਇਤਿਹਾਸਕ ਛਿੰਝ ਕਰਵਾਈ ਜਾ ਰਹੀ ਹੈ। ਇਸ ਛਿੰਝ 'ਚ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰਨਾਂ ਰਾਜਾਂ ਤੋਂ ਵੀ ਚੋਟੀ ਦੇ ਪਹਿਲਵਾਨ ਸ਼ਿਰਕਤ ਕਰਨਗੇ।

ਮੈਰੀਕਾਮ, ਵਿਜੇਂਦਰ ਤੇ ਸੁਸ਼ੀਲ ਨੂੰ ਰਾਜੀਵ ਗਾਂਧੀ ਖੇਡ ਰਤਨ ਐਵਾਰਡ

ਨਵੀਂ ਦਿੱਲੀ, 29 ਅਗਸਤ - ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਸਪੋਰਟਸ ਐਂਡ ਐਡਵੈਂਚਰ ਐਵਾਰਡ ਰਾਸ਼ਟਰਪਤੀ ਭਵਨ ਵਿਖੇ ਕਰਵਾਏ ਇਕ ਸਮਾਗਮ ਦੌਰਾਨ ਪ੍ਰਦਾਨ ਕੀਤੇ। ਇਸ ਵਾਰ ਦਾ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਖੇਡ ਜਗਤ ਦੀਆਂ ਤਿੰਨ ਸ਼ਖਸੀਅਤਾਂ ਨੂੰ ਪ੍ਰਦਾਨ ਕੀਤਾ ਗਿਆ, ਜਿਨ੍ਹਾਂ ਵਿਚ ਮੁੱਕੇਬਾਜ਼ੀ ਦੀ ਐਮ. ਸੀ. ਮੇਰੀਕੋਮ, ਸ੍ਰੀ ਵਿਜੇਂਦਰ (ਮੁੱਕੇਬਾਜ਼ੀ) ਅਤੇ ਸੁਸ਼ੀਲ ਕੁਮਾਰ (ਕੁਸ਼ਤੀ) ਸ਼ਾਮਿਲ ਹਨ। ਦਰੋਣਾਚਾਰੀਆ ਐਵਾਰਡ-ਪੁਲੇਲਾ ਗੋਪੀ ਚੰਦ (ਬੈਡਮਿੰਟਨ), ਜਯਦੇਵ ਬਿਸ਼ਟ (ਮੁੱਕੇਬਾਜ਼ੀ), ਬਲਦੇਵ ਸਿੰਘ (ਹਾਕੀ) ਤੇ ਸ੍ਰੀ ਸਤਪਾਲ (ਕੁਸ਼ਤੀ) ਨੂੰ ਅਤੇ ਅਰਜਨ ਪੁਰਸਕਾਰਾਂ ਮੰਗਲ ਸਿੰਘ (ਤੀਰ ਅੰਦਾਜ਼ੀ), ਕੁਮਾਰੀ ਸਿਨੀਮੋਲ (ਐਥਲੈਟਿਕਸ), ਕੁਮਾਰੀ ਸਾਈਨਾ ਨੇਹਵਾਲ (ਬੈਡਮਿੰਟਨ), ਕੁਮਾਰ ਤੈਸ਼੍ਰਮ ਸਰਿਤਾ ਦੇਵੀ (ਮੁੱਕੇਬਾਜ਼ੀ), ਤਾਨੀਆ ਸਚਦੇਵ (ਸ਼ਤਰੰਜ), ਗੌਤਮ ਗੰਭੀਰ (ਕ੍ਰਿਕਟ), ਸ੍ਰੀ ਇਗਨੇਸ ਟ੍ਰਿਕੀ (ਹਾਕੀ), ਸੁਰਿੰਦਰ ਕੌਰ (ਹਾਕੀ), ਸ੍ਰੀ ਪੰਕਜ (ਕਬੱਡੀ), ਸ੍ਰੀ ਸਤੀਸ਼ ਜੋਸ਼ੀ (ਰੋ ਈਂਗ), ਰੀਜਨ ਸੋਢੀ (ਨਿਸ਼ਾਨੇਬਾਜ਼ੀ), ਕੁਮਾਰੀ ਪੌਲੋਮੀ (ਟੇਬਲ ਟੈਨਿਸ), ਯੋਗੇਸ਼ਵਰ ਦੱਤ ਕੁਸ਼ਤੀ, ਗਿਰਧਾਰੀ ਲਾਲ (ਯਾਟਿੰਗ) ਅਤੇ ਕੁਮਾਰੀ ਡੀ ਪਰਮਾਰ ਨੂੰ ਪ੍ਰਦਾਨ ਕੀਤਾ ਗਿਆ। ਇਸ ਤਰ੍ਹਾਂ ਪੰਜਾਬ ਦੇ ਮਹਾਨ ਐਥਲੀਟ ਏਸ਼ੀਅਨ ਖੇਡਾਂ ਵਿਚ ਕਾਂਸੀ ਪਦਕ ਜੇਤੂ ਸ੍ਰੀ ਈਸ਼ਰ ਸਿੰਘ ਦਿਉਲ ਨੇ ਸਤਵੀਰ ਸਿੰਘ ਦਹੀਆ ਨੂੰ ਧਿਆਨ ਚੰਦ ਪੁਰਸਕਾਰ ਨਾਲ ਨਿਵਾਜਿਆ ਗਿਆ। ਇਸ ਵਾਰ ਦਾ ਤੇਨਜਿੰਗ ਨੌਰਗੇ ਰਾਸ਼ਟਰੀ ਸਾਹਸ ਪੁਰਸਕਾਰ 2008 ਮੇਜਰ ਐਚ. ਪੀ. ਐਸ. ਆਹਲੂਵਾਲੀਆ ਤੋਂ ਇਲਾਵਾ ਕੁਮਾਰੀ ਚੈਤੰਨਯ ਦਾਤਲਾ, ਸ੍ਰੀ ਰਮਾਕਾਂਤ ਤੇ ਬਚਿਨਪੱਲੀ ਨੂੰ ਪ੍ਰਦਾਨ ਕੀਤਾ ਗਿਆ। ਜਦਕਿ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ ਇਸ ਵਾਰ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਵੀ. ਸੀ. ਡਾ: ਜਸਪਾਲ ਸਿੰਘ ਨੇ ਹਾਸਿਲ ਕੀਤੀ। ਵਰਨਣਯੋਗ ਹੈ ਕਿ ਇਸ ਵਾਰ ਦਾ ਰਾਸ਼ਟਰੀ ਖੇਲ ਪ੍ਰੋਤਸਾਹਨ ਐਵਾਰਡ ਰੇਲਵੇ ਸਪੋਰਟਸ ਬੋਰਡ ਲਈ ਰੇਲਵੇ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੂੰ ਪ੍ਰਦਾਨ ਕੀਤਾ ਗਿਆ। ਜਦਕਿ ਦੋ ਵੱਖ-ਵੱਖ ਖੇਤਰਾਂ ਵਿਚ ਟਾਟਾ ਸਟੀਲ ਲਿਮਟਿਡ ਨੂੰ ਵੀ ਰਾਸ਼ਟਰੀ ਖੇਡ ਪ੍ਰੋਤਸਾਹਨ ਐਵਾਰਡ 2009 ਨਾਲ ਨਿਵਾਜਿਆ ਗਿਆ।

ਪੰਜਾਬ ਪੱਧਰੀ ਕੁਸ਼ਤੀ ਚੈਪੀਅਨਸ਼ਿਪ 'ਚ ਮੋਹਾਲੀ ਜ਼ਿਲ੍ਹਾ ਮੋਹਰੀ

ਗੁਰਦਾਸਪੁਰ, 29 ਅਗਸਤ - ਪੰਜਾਬ ਪੱਧਰੀ ਕੁਸ਼ਤੀ ਚੈਂਪੀਅਨਸ਼ਿਪ ਜੋ ਕਿ ਗੁਰਦਾਸਪੁਰ ਦੇ ਮਸ਼ਹੂਰ ਪਿੰਡ ਬੱਬੇਹਾਲੀ ਵਿਖੇ ਚੱਲ ਰਹੀ ਹੈ। ਇਸ ਦੇ ਦੂਜੇ ਦਿਨ ਮੋਹਾਲੀ ਜ਼ਿਲ੍ਹੇ ਨੇ 53 ਅੰਕ ਪ੍ਰਾਪਤ ਕਰਕੇ ਓਵਰ ਆਲ ਚੈਂਪੀਅਨ ਹੋਣ ਦਾ ਖਿਤਾਬ ਪ੍ਰਾਪਤ ਕੀਤਾ ਜਦੋਂਕਿ ਅੰਮ੍ਰਿਤਸਰ ਜ਼ਿਲ੍ਹਾ 50 ਅੰਕ ਪ੍ਰਾਪਤ ਕਰਕੇ ਦੂਸਰੇ ਸਥਾਨ 'ਤੇ ਰਿਹਾ। ਇਸ ਸਟੇਟ ਚੈਂਪੀਅਨਸ਼ਿਪ 'ਚ 120 ਕਿਲੋ ਭਾਰ ਵਰਗ 'ਚ ਜਲੰਧਰ ਦਾ ਪਹਿਲਵਾਨ ਮਾਨਵ ਖੁੱਲਰ ਪਹਿਲੇ, ਅੰਮ੍ਰਿਤਸਰ ਦਾ ਰਣਧੀਰ ਸਿੰਘ ਦੂਜੇ, ਗੁਰਦਾਸਪੁਰ ਦਾ ਲਖਵਿੰਦਰ ਸਿੰਘ ਤੇ ਤਰਨਤਾਰਨ ਦਾ ਅੰਗਰੇਜ ਸਿੰਘ ਤੀਸਰੇ ਸਥਾਨ 'ਤੇ ਰਹੇ। 96 ਕਿਲੋ ਵਰਗ 'ਚ ਸੂਰਜਵੀਰ ਕਪੂਰਥਲਾ ਪਹਿਲੇ, ਹਰਦੀਪ ਸਿੰਘ ਮੋਹਾਲੀ ਦੂਜੇ, ਰਣਧੀਰ ਸਿੰਘ ਫਰੀਦਕੋਟ ਤੇ ਪਰਮਵੀਰ ਸੱਲ ਲੁਧਿਆਣਾ ਤੀਸਰੇ ਸਥਾਨ 'ਤੇ ਰਹੇ। 84 ਕਿਲੋ ਵਰਗ 'ਚ ਸ਼ਗਨਦੀਪ ਸਿੰਘ ਕਪੂਰਥਲਾ ਨੇ ਪਹਿਲਾ, ਕਮਲਜੋਤ ਸਿੰਘ ਲੁਧਿਆਣਾ ਨੇ ਦੂਜਾ, ਨਵਾਬ ਹੁਸੈਨ ਹੁਸ਼ਿਆਰਪੁਰ ਤੇ ਹਰਜਿੰਦਰ ਸਿੰਘ ਰੋਪੜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਚੈਂਪੀਅਨਸ਼ਿਪ ਦੇ 74 ਕਿਲੋ ਭਾਰ ਵਰਗ ਵਿਚ ਕਪੂਰਥਲਾ ਦੇ ਅਜੇ ਕੁਮਾਰ ਨੇ ਪਹਿਲਾ, ਅੰਮ੍ਰਿਤਸਰ ਦੇ ਸਨੀ ਭੋਪਾਲ ਨੇ ਦੂਸਰਾ, ਪ੍ਰਭਪਾਲ ਸਿੰਘ ਮੋਹਾਲੀ ਤੇ ਫਰੀਦਕੋਟ ਦੇ ਮਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 66 ਕਿਲੋ ਗ੍ਰਾਮ ਵਰਗ 'ਚ ਮੋਹਾਲੀ ਦੇ ਰਿੰਕੂ ਨੇ ਪਹਿਲਾ, ਨਵਾਂਸ਼ਹਿਰ ਦੇ ਹਰਪ੍ਰੀਤ ਨੇ ਦੂਜਾ, ਜਲੰਧਰ ਦੇ ਅਮਨਦੀਪ ਕੁਮਾਰ ਤੇ ਲੁਧਿਆਣਾ ਦੇ ਵਿਸ਼ਾਲ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 60 ਕਿਲੋਗ੍ਰਾਮ ਵਰਗ 'ਚ ਮੋਹਾਲੀ ਦੇ ਸੋਨੂੰ ਬੁੱਧਵਾਲ ਨੇ ਪਹਿਲਾ, ਅੰਮ੍ਰਿਤਸਰ ਦੇ ਕਰਨ ਕੁਮਾਰ ਨੇ ਦੂਜਾ, ਜਲੰਧਰ ਦੇ ਅਜਮੇਰ ਸਿੰਘ ਤੇ ਪਟਿਆਲਾ ਦੇ ਅਬਦੁਲ ਸਿਤਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 55 ਕਿਲੋਗ੍ਰਾਮ 'ਚ ਅੰਮ੍ਰਿਤਸਰ ਦੇ ਹਰੀਸ਼ ਕੁਮਾਰ ਨੇ ਪਹਿਲਾ, ਫਰੀਦਕੋਟ ਦੇ ਬੁੱਧ ਸਿੰਘ ਨੇ ਦੂਜਾ, ਕਪੂਰਥਲਾ ਦੇ ਮਨਦੀਪ ਕੁਮਾਰ ਤੇ ਮੋਹਾਲੀ ਦੇ ਰਜੇਸ਼ ਕੁਮਾਰ ਯਾਦਵ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸ. ਬੱਬੇਹਾਲੀ ਨੇ ਛਿੰਝ ਕਮੇਟੀ ਨੂੰ ਆਪਣੇ ਵੱਲੋਂ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸ. ਮਜੀਠੀਆ ਨੇ ਇਸ ਮੌਕੇ ਛਿੰਝ ਕਮੇਟੀ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਵਿਧਾਇਕ ਬੱਬੇਹਾਲੀ ਨੇ ਦੱਸਿਆ ਕਿ ਮੇਲੇ ਦੇ ਤੀਸਰੇ ਦਿਨ ਪੰਜਾਬ ਦੇ ਮਸ਼ਹੂਰ ਗਾਇਕ ਦਿਲਜੀਤ, ਰਜਿੰਦਰ ਸਰਗਮ ਤੇ ਬੰਟੀ ਫੁੱਲ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।

ਹਾਕੀ ਕੋਚ ਬਲਦੇਵ ਸਿੰਘ ਨੂੰ ਮਿਲਿਆ ਦ੍ਰੋਣਾਚਾਰੀਆ ਐਵਾਰਡ

ਰਾਸ਼ਟਰੀ ਖੇਡ ਐਵਾਰਡਾਂ ਦੌਰਾਨ ਦ੍ਰੋਣਾਚਾਰੀਆ ਐਵਾਰਡ ਭਾਰਤੀ ਹਾਕੀ ਕੋਚਿੰਗ ਦੇ ਚਮਕਦੇ ਸਿਤਾਰੇ ਸ. ਬਲਦੇਵ ਸਿੰਘ ਸ਼ਾਹਬਾਦ ਮਾਰਕੰਡਾ ਨੂੰ ਸ੍ਰੀ ਧਿਆਨ ਚੰਦ ਦੇ ਜਨਮ ਦਿਨ ਮੌਕੇ 'ਤੇ ਦਿੱਤਾ ਗਿਆ। ਬਲਦੇਵ ਸਿੰਘ, ਜੋ ਇਸ ਵੇਲੇ ਹਰਿਆਣਾ ਖੇਡ ਵਿਭਾਗ ਵਿਚ ਡਿਪਟੀ ਡਾਇਰੈਕਟਰ ਹਨ, ਨੇ 1981 ਤੋਂ ਆਪਣਾ ਕੋਚਿੰਗ ਕੈਰੀਅਰ ਸ਼ੁਰੂ ਕਰਕੇ ਮੁਲਕ ਨੂੰ ਇੰਨੇ ਹਾਕੀ ਸਟਾਰ ਖਿਡਾਰੀ ਅਤੇ ਖਿਡਾਰਨਾਂ ਦਿੱਤੇ ਹਨ ਕਿ ਦੂਸਰਾ ਕੋਈ ਕੋਚ ਉਸ ਦੇ ਨੇੜੇ ਵੀ ਨਹੀਂ ਢੁਕਦਾ। ਬਲਦੇਵ ਸਿੰਘ ਲੁਧਿਆਣਾ ਦਾ ਜੰਮਪਲ ਹੈ ਅਤੇ ਹਾਕੀ ਦਾ ਕੌਮੀ ਪੱਧਰ ਦਾ ਖਿਡਾਰੀ ਰਿਹਾ ਹੈ। ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤੀ ਨਾਮਧਾਰੀ ਹਾਕੀ ਟੀਮ ਤੋਂ ਕੀਤੀ। ਉਸ ਤੋਂ ਬਾਅਦ ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ 'ਚ ਲੜਕੀਆਂ ਨੂੰ ਹਾਕੀ ਦੀ ਕੋਚਿੰਗ ਦੇਣੀ ਸ਼ੁਰੂ ਕੀਤੀ। ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਤੋਂ ਬਲਦੇਵ ਸਿੰਘ ਦੀ ਟ੍ਰੇਨੀ ਭਾਰਤੀ ਟੀਮ ਦੇ ਮੌਜੂਦਾ ਕਪਤਾਨ ਸੁਰਿੰਦਰ ਕੌਰ, ਸਾਬਕਾ ਕਪਤਾਨ ਸੰਦੀਪ ਕੌਰ, ਸੁਮਨ ਬਾਲਾ, ਕਿਰਨਜੀਤ ਕੌਰ, ਗੁਰਪ੍ਰੀਤ ਕੌਰ, ਜਸਜੀਤ ਕੌਰ ਸਮੇਤ 27 ਖਿਡਾਰਨਾਂ ਨੇ ਵੱਖ-ਵੱਖ ਸਮੇਂ 'ਤੇ ਮਹਿਲਾ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ। ਇਸ ਤੋਂ ਇਲਾਵਾ ਰੇਲਵੇ ਵਿਚ ਸੌ ਦੇ ਕਰੀਬ ਬਲਦੇਵ ਸਿੰਘ ਦੀਆਂ ਸਿਖਿਅਤ ਖਿਡਾਰਨਾਂ ਨੇ ਕੌਮੀ ਪੱਧਰ 'ਤੇ ਆਪਣੀ ਪਹਿਚਾਣ ਬਣਾਈ। ਨਾਮਧਾਰੀ ਹਾਕੀ ਇਲੈਵਨ ਵੀ ਬਲਦੇਵ ਸਿੰਘ ਦੀ ਹੀ ਦੇਣ ਹੈ। ਇਸ ਤੋਂ ਇਲਾਵਾਂ ਮਰਦਾਂ ਦੇ ਹਾਕੀ ਖੇਤਰ ਵਿਚ ਬਲਦੇਵ ਸਿੰਘ ਨੇ ਉਲੰਪੀਅਨ ਹਰਦੇਵ ਸਿੰਘ, ਬਲਜੀਤ ਸਿੰਘ ਸੈਣੀ, ਸੰਜੀਵ ਕੁਮਾਰ, ਭਾਰਤੀ ਟੀਮ ਦੇ ਮੌਜੂਦਾ ਕਪਤਾਨ ਸੰਦੀਪ ਸਿੰਘ, ਸਰਦਾਰਾ ਸਿੰਘ, ਦੀਦਾਰ ਸਿੰਘ ਸੀਨੀਅਰ, ਦੀਦਾਰ ਸਿੰਘ ਜੂਨੀਅਰ, ਉਲੰਪੀਅਨ ਹਰਪਾਲ ਸਿੰਘ ਸਮੇਤ ਇਕ ਦਰਜਨ ਤੋਂ ਵੱਧ ਸਟਾਰ ਖਿਡਾਰੀ ਪੈਦਾ ਕੀਤੇ। ਪਿਛਲੇ ਇਕ ਦਹਾਕੇ ਵਿਚ ਬਲਦੇਵ ਸਿੰਘ ਮਰਦਾਂ ਦੀ ਭਾਰਤੀ ਹਾਕੀ ਟੀਮ ਦੇ ਕੋਚ ਵੀ ਬਣੇ। ਉਨ੍ਹਾਂ ਦੀ ਰਹਿਨੁਮਾਈ ਹੇਠ ਭਾਰਤ ਨੇ ਸਾਲ 2003 ਵਿਚ ਸਿਡਨੀ ਡਬਲ ਲੀਗ ਹਾਕੀ ਟੂਰਨਾਮੈਂਟ, ਪੈਨਾਸੋਨਿਕ ਕੱਪ ਜਰਮਨ, ਐਫਰੋ ਏਸ਼ੀਅਨ ਖੇਡਾਂ ਸਮੇਤ ਕਈ ਨਾਮੀਂ ਟੂਰਨਾਮੈਂਟ ਜਿੱਤੇ। ਹਰਿਆਣਾ ਸਰਕਾਰ ਨੇ ਬਲਦੇਵ ਸਿੰਘ ਨੂੰ ਡਿਪਟੀ ਡਾਇਰੈਕਟਰ ਸਪੋਰਟਸ, 10 ਲੱਖ ਰੁਪਏ ਦਾ ਨਕਦ ਇਨਾਮ,ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਨੂੰ ਨਵੀਂ ਐਸਟੋਟਰਫ਼ ਅਤੇ ਹੋਰ ਮਾਣ ਸਤਿਕਾਰ ਦਿੱਤਾ ਹੈ।

ਪੰਜਾਬ ਖੇਡ ਵਿਭਾਗ ਦੇ ਨਿਰਦੇਸ਼ਕ ਪਦਮ ਸ੍ਰੀ ਪ੍ਰਗਟ ਸਿੰਘ ਨੂੰ ਇਕ ਸਾਲ ਹੋਰ ਸੇਵਾ ਕਰਨ ਦਾ ਮਿਲਿਆ ਮੌਕਾ

ਜਲੰਧਰ, 27 ਅਗਸਤ - ਪੰਜਾਬ ਸਰਕਾਰ ਨੇ ਪੰਜਾਬ ਖੇਡ ਵਿਭਾਗ ਦੇ ਨਿਰਦੇਸ਼ਕ ਪਦਮ ਸ਼੍ਰੀ ਪ੍ਰਗਟ ਸਿੰਘ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਇਕ ਸਾਲ ਹੋਰ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਯਾਦ ਰਹੇ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਖੇਡ ਵਿਭਾਗ ਨੂੰ ਬੁਲੰਦੀਆਂ 'ਤੇ ਲਿਜਾਣ ਵਿਚ ਮੌਜ਼ੂਦਾ ਨਿਰਦੇਸ਼ਕ ਪ੍ਰਗਟ ਸਿੰਘ ਦੀ ਅਹਿਮ ਭੂਮਿਕਾ ਹੈ। ਇਨ੍ਹਾਂ ਨੇ ਪੰਜਾਬ ਖੇਡ ਵਿਭਾਗ ਦੇ ਬਜਟ ਨੂੰ 9 ਕਰੋੜ ਤੋਂ 25 ਕਰੋੜ ਤੱਕ ਪਹੁੰਚਾਇਆ ਹੈ। ਪਿਛਲੇ ਸਾਲ 169 ਕੋਚਾਂ ਦੀ ਠੇਕੇ 'ਤੇ ਭਰਤੀ ਕੀਤੀ ਤੇ ਇਸ ਤੋਂ ਇਲਾਵਾ ਪੰਜਾਬ ਦੇ ਖੇਡ ਵਿਭਾਗ ਨੂੰ ਮੁੜ ਤੋਂ ਸੁਰਜੀਤ ਕੀਤਾ ਤੇ ਇਸ ਵੇਲੇ ਇਨ੍ਹਾਂ ਖੇਡ ਵਿੰਗਾਂ ਵਿਚ 5 ਹਜ਼ਾਰ ਦੇ ਕਰੀਬ ਖਿਡਾਰੀ ਅਭਿਆਸ ਕਰ ਰਹੇ ਹਨ। ਇਨ੍ਹਾਂ ਦੇ ਯਤਨਾਂ ਸਦਕਾ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਹਾਕੀ ਦੇ ਐਸਟਰੋਟਰਫ ਮੈਦਾਨ ਬਣਾਏ ਜਾ ਰਹੇ ਹਨ ਤੇ ਕਈ ਵਿਦੇਸ਼ੀ ਕੋਚਾਂ ਨੂੰ ਪੰਜਾਬ ਲਿਆ ਕੇ ਪੰਜਾਬ ਖੇਡ ਵਿਭਾਗ ਦੇ ਕੋਚਾਂ ਨੂੰ ਨਵੀਆਂ ਤਕਨੀਕਾਂ ਨਾਲ ਸਿਖਲਾਈ ਦਿਵਾਈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੇ ਕੀਤੇ ਗਏ ਸੇਵਾ ਕਾਲ ਵਿਚ ਵਾਧੇ ਦਾ ਉਲੰਪੀਅਨ ਵਰਿੰਦਰ ਸਿੰਘ, ਉਲੰਪੀਅਨ ਸੰਜੀਵ ਕੁਮਾਰ, ਉਲੰਪੀਅਨ ਬਲਜੀਤ ਸਿੰਘ ਸੈਣੀ, ਉਲੰਪੀਅਨ ਬਲਜੀਤ ਸਿੰਘ ਢਿੱਲੋ, ਅਰਜੁਨ ਐਵਾਰਡੀ ਬਲਵੀਰ ਸਿੰਘ, ਉਲੰਪੀਅਨ ਹਰਪ੍ਰੀਤ ਸਿੰਘ, ਉਲੰਪੀਅਨ ਰਮਨਦੀਪ ਸਿੰਘ ਗਰੇਵਾਲ, ਉਲੰਪੀਅਨ ਮੁਖਬੈਨ ਸਿੰਘ, ਸਾਈ ਹਾਕੀ ਕੋਚ ਬਲਜੀਤ ਕੌਰ, ਸਾਈ ਹਾਕੀ ਕੋਚ ਮੋਹਨ ਸਿੰਘ, ਸਾਈ ਹਾਕੀ ਕੋਚ ਝਿਲਮਨ ਸਿੰਘ ਮਾਨ, ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਇਕਬਾਲ ਸਿੰਘ ਸੰਧੂ, ਸੁਰਿੰਦਰ ਭਾਪਾ ਤੇ ਹੋਰਨਾਂ ਨੇ ਸਵਾਗਤ ਕੀਤਾ ਹੈ।

ਪੰਜਾਬ ਦੀਆਂ 1233 ਪੰਚਾਇਤਾਂ ਨੂੰ 1.26 ਕਰੋੜ ਦਾ ਖੇਡਾਂ ਦਾ ਸਾਮਾਨ ਮਿਲੇਗਾ

ਜਲੰਧਰ, 27 ਅਗਸਤ - 29 ਅਗਸਤ ਨੂੰ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ 'ਤੇ ਰਾਸ਼ਟਰੀ ਖੇਡ ਵੇਲੇ ਪੰਜਾਬ ਦੀਆਂ 1233 ਪੰਚਾਇਤਾਂ ਨੂੰ ਇਕ ਕਰੋੜ 26 ਲੱਖ ਰੁਪਏ ਦਾ ਖੇਡਾਂ ਦਾ ਸਾਮਾਨ ਦਿੱਤਾ ਜਾਵੇਗਾ। ਇਹ ਜਾਣਕਾਰੀ ਪੰਜਾਬ ਦੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਇਹ ਖੇਡਾਂ ਦਾ ਸਾਮਾਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਚੱਲਣਗੇ ਅਤੇ ਹਰ ਬਲਾਕ ਟੂਰਨਾਮੈਂਟਾਂ ਦੇ ਸਮਾਪਤੀ ਮੌਕੇ 'ਤੇ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ 14 ਬਲਾਕਾਂ ਦੀ ਪੰਚਾਇਤ ਯੁਵਾ ਕਰੀੜਾ 'ਤੇ ਖੁੱਲ੍ਹੇ ਅਭਿਆਨ ਤਹਿਤ ਚੋਣ ਕੀਤੀ ਗਈ ਹੈ। ਇਸ ਯੋਜਨਾ ਤਹਿਤ ਹਰ ਪਿੰਡ ਨੂੰ ਇਕ ਲੱਖ ਰੁਪਏ ਤੇ ਹਰ ਬਲਾਕ ਨੂੰ 5 ਲੱਖ ਰੁਪਏ ਦੀ ਖੇਡਾਂ ਦੀ ਗ੍ਰਾਂਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 10 ਤੋਂ 20 ਹਜ਼ਾਰ ਰੁਪਏ ਖੇਡਾਂ ਦਾ ਸਮਾਨ ਖਰੀਦਣ ਲਈ ਗ੍ਰਾਂਟ ਤੇ 24 ਹਜ਼ਾਰ ਰੁਪਏ ਅਪਰੇਸ਼ਨਲ ਗ੍ਰਾਂਟ ਦਿੱਤੀ ਜਾਵੇਗੀ। ਸ: ਬਾਦਲ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਦੀਆਂ 82 ਪੰਚਾਇਤਾਂ, ਬਠਿੰਡਾ ਜ਼ਿਲ੍ਹੇ ਦੀਆਂ 32, ਬਰਨਾਲਾ ਦੀਆਂ 17, ਫਰੀਦਕੋਟ ਦੀਆਂ 12, ਫਿਰੋਜ਼ਪੁਰ ਦੀਆਂ 73, ਫਤਹਿਗੜ੍ਹ ਸਾਹਿਬ ਦੀਆਂ 47, ਹੁਸ਼ਿਆਰਪੁਰ ਦੀਆਂ 125, ਗੁਰਦਾਸਪੁਰ ਦੀਆਂ 162, ਜਲੰਧਰ ਦੀਆਂ 109, ਕਪੂਰਥਲਾ ਦੀਆਂ 49, ਲੁਧਿਆਣੇ ਦੀਆਂ 107, ਮੋਗਾ ਦੀਆਂ 50, ਮੁਕਤਸਰ ਦੀਆਂ 26, ਮਾਨਸਾ ਦੀਆਂ 25, ਮੋਹਾਲੀ ਦੀਆਂ 32, ਸ਼ਹੀਦ ਭਗਤ ਸਿੰਘ ਨਗਰ ਦੀਆਂ 43, ਪਟਿਆਲਾ ਦੀਆਂ 85, ਰੋਪੜ ਦੀਆਂ 49, ਸੰਗਰੂਰ ਦੀਆਂ 55 ਤੇ ਤਰਨ ਤਾਰਨ ਦੀਆਂ 53 ਪੰਚਾਇਤਾਂ ਨੂੰ ਖੇਡਾਂ ਦਾ ਸਮਾਨ ਵੰਡਿਆ ਜਾਵੇਗਾ।

ਪੈਰਿਸ ਖੇਡ ਮੇਲਾ ਸਮਾਪਤ

ਫਰੈੱਕਫਰਟ, 26 ਅਗਸਤ - ਪੈਰਿਸ ਦੇ ਉਪ ਨਗਰ ਬੌਬੀਨੀ ਵਿਖੇ ਨਗਰ ਕੌਂਸਲ ਦੇ ਸਟੇਡੀਅਮ 'ਚ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅੱਠਵਾਂ ਕਬੱਡੀ ਤੇ ਸੱਭਿਆਚਾਰਕ ਖੇਡ ਮੇਲਾ ਕਰਵਾਇਆ ਗਿਆ। ਇਸ ਖੇਡ ਮੇਲੇ ਦੇ ਪਹਿਲੇ ਦਿਨ ਫੁੱਟਬਾਲ ਦੇ ਮੈਚ ਤੇ ਚਾਰ ਸਾਲ ਤੋਂ ਲੈ ਕੇ ਬਾਰਾਂ ਸਾਲ ਦੀ ਉਮਰ ਦੇ ਬੱਚਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਦੂਜੇ ਦਿਨ ਕਬੱਡੀ ਖੇਡ ਮੇਲੇ ਦਾ ਆਰੰਭ ਗਿਆਨੀ ਰਛਪਾਲ ਸਿੰਘ ਵੱਲੋਂ ਅਰਦਾਸ ਨਾਲ ਕੀਤਾ ਗਿਆ। ਭਾਈ ਰਘਬੀਰ ਸਿੰਘ ਕੁਹਾੜ ਨੇ ਖੇਡ ਮੇਲੇ ਦੇ ਨਿਯਮਾਂ ਬਾਰੇ ਆਪਣੇ ਵਿਚਾਰ ਰੱਖੇ। ਪਹਿਲਾ 70 ਕਿੱਲੋ ਵਜ਼ਨੀ ਟੀਮਾਂ ਦਾ ਭੇੜ ਮੇਜ਼ਬਾਨ ਸਪੋਰਟਸ ਕਲੱਬ ਫਰਾਂਸ ਤੇ ਸਪੇਨ ਦਾ ਹੋਇਆ। ਸਪੇਨ 7 ਅੰਕਾਂ ਨਾਲ ਜੇਤੂ ਰਿਹਾ। ਦੂਜੇ 70 ਕਿੱਲੋ ਵਜ਼ਨੀ ਮੁਕਾਬਲੇ 'ਚ ਬੈਲਜੀਅਮ ਨੇ ਹਾਲੈਂਡ ਨੂੰ 8 ਅੰਕਾਂ ਨਾਲ ਹਾਰ ਦਿੱਤੀ। ਫਿਰ ਓਪਨ ਕਬੱਡੀ ਦੇ ਮੁਕਾਬਲਿਆਂ ਦੀ ਲੜੀ ਦੀ ਸ਼ੁਰੂਆਤ ਜਰਮਨੀ ਤੇ ਹਾਲੈਂਡ ਦੀਆਂ ਟੀਮਾਂ ਦੇ ਜੁੜੇ ਦਸਤ-ਪੰਜਿਆਂ ਨੇ ਕੀਤੀ। ਦੋਵਾਂ ਪਾਸਿਆਂ ਦੇ ਖਿਡਾਰੀਆਂ ਨੇ ਖੇਡ ਮੈਦਾਨ ਨੂੰ ਖੂਬ ਗਰਮਾਇਆ ਤੇ ਹਾਲੈਂਡ ਨੇ 42 ਤੇ ਜਰਮਨ ਨੇ 17 ਅੰਕ ਪ੍ਰਾਪਤ ਕੀਤੇ। ਦੂਸਰੇ ਮੁਕਾਬਲੇ 'ਚ ਬੈਲਜੀਅਮ ਨੇ ਇਟਲੀ ਨੂੰ ਹਰਾਇਆ। ਤੀਸਰਾ ਮੁਕਾਬਲਾ ਸਪੇਨ ਤੇ ਡੈਨਹਾਗ-ਹਾਲੈਂਡ ਵਿਚਕਾਰ ਹੋਇਆ ਤੇ ਸਪੇਨ ਨੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਚੌਥੇ ਮੁਕਾਬਲੇ 'ਚ ਫਰਾਂਸ ਨੇ ਸਪੇਨ (ਜਰੋਨਾ) ਦੀ ਟੀਮ ਨੂੰ 31 ਤੇ 13 ਅੰਕਾਂ ਦੇ ਫਰਕ ਨਾਲ ਹਰਾਇਆ। ਸਾਨ੍ਹਾਂ ਵਾਂਗ ਭਿੜ ਰਹੇ ਖਿਡਾਰੀਆਂ ਬਾਰੇ ਯੂਰਪ ਦੇ ਪ੍ਰਸਿੱਧ ਕੁਮੈਂਟੇਟਰ ਭਿੰਦਾ ਮੁਠੱਡਾਵਾਲੇ ਨੇ ਕਮਾਲ ਦੀ ਕਮੈਂਟਰੀ ਕੀਤੀ। ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਖੇਡ ਮੈਦਾਨ 'ਚ ਵਾਰਿਸ ਪੰਜਾਬ ਦੇ, ਸ਼ਾਨ ਪੰਜਾਬ ਦੀ ਤੇ ਦੇਸੀ ਕਰਿਊ ਦੀਆਂ ਭੰਗੜਾ ਟੋਲੀਆਂ ਢੋਲ ਦੇ ਢਮੱਕੇ ਨਾਲ ਆਪਣੀ ਕਲਾ ਦੇ ਜੌਹਰ ਵਿਖਾਏ। ਜਿਉਂ ਹੀ ਭੰਗੜਾ ਟੋਲੀਆਂ ਮੈਦਾਨ 'ਚੋਂ ਬਾਹਰ ਹੋਈਆਂ ਤਾਂ 70 ਕਿੱਲੋ ਵਜ਼ਨੀ ਕਬੱਡੀ ਟੀਮਾਂ ਫਾਈਨਲ ਗੇੜ ਦੀ ਖੇਡ ਲਈ ਮੈਦਾਨ 'ਚ ਕੁੱਦੀਆਂ। ਇਸ ਮੁਕਾਬਲੇ 'ਚ ਸਪੇਨ ਨੇ ਬੈਲਜੀਅਮ ਨੂੰ ਹਾਰ ਦਿੱਤੀ। ਓਪਨ ਕਬੱਡੀ ਦੇ ਪਹਿਲੇ ਸੈਮੀਫਾਈਨਲ 'ਚ ਹਾਲੈਂਡ ਫਰਾਂਸ ਨੂੰ ਹਰਾ ਕੇ ਫਾਈਨਲ 'ਚ ਪਹੁੰਚਿਆ। ਓਪਨ ਕਬੱਡੀ ਦਾ ਦੂਜਾ ਸੈਮੀਫਾਈਨਲ ਮੁਕਾਬਲਾ ਬੈਲਜੀਅਮ ਤੇ ਸਪੇਨ (ਬਾਰਸੀਲੋਨਾ) ਵਿਚਾਲੇ ਹੋਇਆ, ਬੈਲਜੀਅਮ ਕਾਫੀ ਫਰਕ ਨਾਲ ਜਿੱਤਿਆ। ਫਾਈਨਲ 'ਚ ਹਾਲੈਂਡ ਤੇ ਬੈਲਜੀਅਮ ਦੇ ਗੱਭਰੂ ਮੈਦਾਨ 'ਚ ਨਿੱਤਰੇ, ਹਾਲੈਂਡ ਦੇ ਖਿਡਾਰੀ ਬੈਲਜੀਅਮ ਦੇ ਖਿਡਾਰੀਆਂ 'ਤੇ ਅਖੀਰ 'ਚ ਭਾਰੂ ਹੋ ਗਏ। ਹਾਲੈਂਡ ਨੇ 28 ਅੰਕ ਤੇ ਬੈਲਜੀਅਮ ਨੇ 16 ਅੰਕ ਪ੍ਰਾਪਤ ਕੀਤੇ ਤੇ 2009 ਦਾ ਕੱਪ ਜਿੱਤ ਲਿਆ। ਹਾਲੈਂਡ ਦੀ ਜੇਤੂ ਟੀਮ ਨੂੰ ਅਜੀਤ ਸਿੰਘ, ਤੇਜਿੰਦਰ ਸਿੰਘ ਜੋਸਨ ਪਰਿਵਾਰ ਵੱਲੋਂ ਪਹਿਲਾਂ ਇਨਾਮ 3100 ਯੂਰੋ ਦਾ ਦਿੱਤਾ ਗਿਆ। ਦੂਜਾ ਇਨਾਮ ਪਰਮਜੀਤ ਸਿੰਘ, ਪਲਵਿੰਦਰ ਸਿੰਘ ਸੰਧੂ ਭੱਕੂਵਾਲ ਵੱਲੋਂ 2500 ਯੂਰੋ ਦਾ ਬੈਲਜੀਅਮ ਦੀ ਟੀਮ ਨੂੰ ਦਿੱਤਾ ਗਿਆ। ਇਸ ਤਰ੍ਹਾਂ ਹੀ ਰਛਪਾਲ ਸਿੰਘ ਵੱਲੋਂ ਹਾਲੈਂਡ ਦੀ ਟੀਮ ਨੂੰ 60 ਕਿੱਲੋ ਤੇ ਬੈਲਜੀਅਮ ਦੀ ਟੀਮ ਨੂੰ 40 ਕਿੱਲੋ ਬਦਾਮ ਇਨਾਮ ਵਜੋਂ ਦਿੱਤੇ ਗਏ।

16ਵਾਂ ਆਲ ਇੰਡੀਆ ਕ੍ਰਿਕਟ ਟੂਰਨਾਮੈਂਟ 17 ਤੋਂ

ਅਜੀਤ ਨਗਰ, 26 ਅਗਸਤ - 17 ਸਤੰਬਰ ਤੋਂ 30 ਸਤੰਬਰ ਤੱਕ 16ਵਾਂ ਆਲ ਇੰਡੀਆ ਜੇ ਪੀ ਅਤਰੇ ਕ੍ਰਿਕਟ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਸੋਲਾਂ ਟੀਮਾਂ ਹਿੱਸਾ ਲੈਣਗੀਆਂ। ਇਹ ਟੂਰਨਾਮੈਟ ਪੀ. ਸੀ. ਏ , ਸੈਕਟਰ 16 ਸਟੇਡੀਅਮ ਚੰਡੀਗੜ੍ਹ, ਸੈਕਟਰ 3 ਸਟੇਡੀਅਮ ਚੰਡੀਗੜ੍ਹ, ਪੰਚਕੂਲਾ, ਡੀ. ਏ. ਵੀ ਸਕੂਲ ਸੈਕਟਰ 8 ਅਤੇ ਸਰਕਾਰੀ ਸਕੂਲ ਸੈਕਟਰ 26 ਚੰਡੀਗੜ੍ਹ ਦੇ ਮੈਦਾਨ ਵਿਚ ਖੇਡਿਆ ਜਾਵੇਗਾ।

ਸਲਮਾਨ ਖਾਨ ਆਈ. ਪੀ. ਐੱਲ. 'ਚ ਟੀਮ ਖਰੀਦਣ ਦਾ ਚਾਹਵਾਨ

ਮੁੰਬਈ, 26 ਅਗਸਤ - ਬਾਲੀਵੁੱਡ ਦਾ ਸਫਲ ਅਭਿਨੇਤਾ ਸਲਮਾਨ ਖਾਨ ਫਿਲਮੀ ਦੁਨੀਆ 'ਚ ਆਪਣੀ ਝੰਡੀ ਕਰਾਉਣ ਤੋਂ ਬਾਅਦ ਹੁਣ ਇੰਡੀਅਨ ਪ੍ਰੀਮੀਅਰ ਲੀਗ ਕ੍ਰਿਕਟ ਟੂਰਨਾਮੈਂਟ ਦਾ ਹਿੱਸਾ ਬਣਨਾ ਚਾਹੁੰਦਾ ਹੈ। ਸਲਮਾਨ ਨੇ ਸਾਲ 2011 'ਚ ਹੋਣ ਵਾਲੇ ਆਈ. ਪੀ. ਐੱਲ. ਟੂਰਨਾਮੈਂਟ ਲਈ ਇਕ ਟੀਮ ਖਰੀਦਣ ਦੀ ਇੱਛਾ ਜ਼ਾਹਿਰ ਕੀਤੀ ਹੈ। ਇਸ ਮਕਸਦ ਲਈ ਸਲਮਾਨ ਖਾਨ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਚੇਅਰਮੈਨ ਅਤੇ ਕਮਿਸ਼ਨਰ ਲਲਿਤ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਸਾਲ 2011 ਦੇ ਟੂਰਨਾਮੈਂਟ ਲਈ ਟੀਮ ਖਰੀਦਣ ਲਈ ਨਿਯਮਾਂ ਦੀ ਜਾਣਕਾਰੀ ਲਈ। ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ 'ਚ ਹੁਣ 8 ਦੀ ਬਜਾਏ 10 ਟੀਮਾਂ ਭਾਗ ਲੈ ਸਕਦੀਆਂ ਹਨ। ਮੋਦੀ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਇਹ ਉਨ੍ਹਾਂ ਦੀ ਸਦਭਾਵਨਾ ਵਾਲੀ ਮੀਟਿੰਗ ਸੀ ਅਤੇ ਇਸ 'ਚ ਉਨ੍ਹਾਂ ਨੇ ਪਿਛਲੇ ਕੁਝ ਮਹੀਨਿਆਂ ਦੀਆਂ ਆਈ. ਪੀ. ਐੱਲ. ਦੀਆਂ ਗਤੀਵਿਧੀਆਂ 'ਤੇ ਚਰਚਾ ਕੀਤੀ। ਮੋਦੀ ਨੇ ਕਿਹਾ ਕਿ ਹਾਲੇ ਕੁਝ ਵਾਧੂ ਦੱਸਣ 'ਚ ਤੇਜ਼ੀ ਹੋਵੇਗੀ ਪਰ ਸਲਮਾਨ ਟੀਮ ਖਰੀਦਣ ਲਈ ਪੂਰੀ ਤਰ੍ਹਾਂ ਦਿਲਚਸਪੀ ਲੈ ਰਹੇ ਹਨ। ਜਦ ਮੋਦੀ ਨੂੰ ਪੁੱਛਿਆ ਗਿਆ ਕਿ ਸਲਮਾਨ ਨਵੀਂ ਟੀਮ ਬਣਾਉਣਾ ਚਾਹੁੰਦਾ ਹੈ ਜਾਂ ਕੋਈ ਪੁਰਾਣੀ ਟੀਮ ਹੀ ਖਰੀਦਣਾ ਚਾਹੁੰਦਾ ਹੈ ਤਾਂ ਮੋਦੀ ਨੇ ਕਿਹਾ ਕਿ ਨਹੀਂ ਉਹ ਤਾਂ ਨਵੀਂ ਟੀਮ ਹੀ ਬਣਾਏਗਾ। 2011 'ਚ ਜੋ ਦੋ ਨਵੀਂਆਂ ਟੀਮਾਂ ਪੇਸ਼ ਕੀਤੀਆਂ ਜਾਣਗੀਆਂ, ਉਨ੍ਹਾਂ ਲਈ ਕਈ ਪਾਰਟੀਆਂ ਇਛੁੱਕ ਹਨ। ਜਿਨ੍ਹਾਂ 'ਚ ਕਈ ਪ੍ਰਸਿੱਧ ਫਿਲਮੀ ਹਸਤੀਆਂ ਵੀ ਸ਼ਾਮਿਲ ਹਨ। ਗੌਰਤਲਬ ਹੈ ਕਿ ਆਈ. ਪੀ. ਐੱਲ. 'ਚ ਬਾਲੀਵੁੱਡ ਦੇ ਅਦਾਕਾਰਾਂ ਸ਼ਾਹਰੁਖ ਖਾਨ ਅਤੇ ਜੂਹੀ ਚਾਵਲਾ ਕੋਲ ਕੋਲਕਾਤਾ ਨਾਈਟ ਰਾਈਡਰਜ਼ ਟੀਮ, ਪ੍ਰਿਟੀ ਜ਼ਿੰਟਾ ਕੋਲ ਕਿੰਗਜ਼ ਇਲੈਵਨ ਪੰਜਾਬ ਟੀਮ ਅਤੇ ਸ਼ਿਲਪਾ ਸ਼ੈਟੀ ਕੋਲ ਰਾਜਸਥਾਨ ਰਾਇਲਜ਼ ਟੀਮ ਦੀ ਮਾਲਕੀ ਹੈ।

ਜੂਨੀਅਰ ਕਬੱਡੀ ਰਾਜ ਚੈਂਪੀਅਨਸ਼ਿਪ ਨੈਸ਼ਨਲ ਅਤੇ ਸਰਕਲ ਸਟਾਈਲ 2 ਅਕਤੂਬਰ ਤੋਂ

ਰਾਮਪੁਰਾ ਫੂਲ, 24 ਅਗਸਤ - ਲੜਕੇ ਅਤੇ ਲੜਕੀਆਂ ਦੀ ਜੂਨੀਅਰ ਕਬੱਡੀ ਰਾਜ ਚੈਂਪੀਅਨਸ਼ਿਪ ਨੈਸ਼ਨਲ ਅਤੇ ਸਰਕਲ ਸਟਾਈਲ 2 ਤੋਂ 4 ਅਕਤੂਬਰ ਤੱਕ ਪਿੰਡ ਜੇਠੂਕੇ ਵਿਖੇ ਕਰਵਾਈ ਜਾਵੇਗੀ। ਜ਼ਿਲ੍ਹਾ ਕਬੱਡੀ ਚੈਂਪੀਅਨਸ਼ਿਪ ਲੜਕੇ ਅਤੇ ਲੜਕੀਆਂ (ਜੂਨੀਅਰ) ਨੈਸ਼ਨਲ ਅਤੇ ਸਰਕਲ ਸਟਾਈਲ 26 ਅਤੇ 27 ਸਤੰਬਰ ਨੂੰ ਬੀਬੀ ਵਾਲਾ ਵਿਖੇ ਕਰਵਾਈ ਜਾਵੇਗੀ। ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਲੜਕੇ ਅਤੇ ਲੜਕੀਆਂ ਨੈਸ਼ਨਲ ਸਟਾਈਲ ਜੋ 1 ਤੋਂ 4 ਅਕਤੂਬਰ ਤੱਕ ਪਟਨਾ ਵਿਖੇ ਹੋ ਰਹੀ ਹੈ, ਲਈ ਟੀਮ ਦੀ ਚੋਣ 30 ਅਗਸਤ ਨੂੰ ਫਰੀਦਕੋਟ ਵਿਖੇ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਸਬ ਜੂਨੀਅਰ ਖਿਡਾਰੀ ਦਾ ਜਨਮ 1 ਜਨਵਰੀ 1994 ਤੋਂ ਬਾਅਦ ਹੋਣਾ ਚਾਹਦਾ ਹੈ ਅਤੇ ਵਜ਼ਨ 50 ਕਿਲੋ ਤੱਕ ਹੋਣਾ ਚਾਹੀਦਾ ਹੈ।

ਏਸ਼ੀਅਨ ਚੈਂਪੀਅਨਸ਼ਿਪ 'ਚ ਤੀਜੀ ਵਾਰ ਮਨਜੀਤ ਕੌਰ ਦੀ ਬੱਲੇ ਬੱਲੇ

ਸੰਗਰੂਰ, 24 ਅਗਸਤ - ਚੰਡੀਗੜ੍ਹ ਵਿਚ ਹੋਈ ਏਸ਼ੀਅਨ ਬੈਂਚ ਪ੍ਰੈਸ ਚੈਂਪੀਅਨਸ਼ਿਪ ਵਿਚ ਮਨਜੀਤ ਕੌਰ ਨੇ ਤੀਜੀ ਵਾਰ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ 12 ਤੋਂ 17 ਅਗਸਤ ਤੱਕ ਚੰਡੀਗੜ੍ਹ ਵਿਚ ਹੀ ਹੋਈ ਸੀਨੀਅਰ ਨੈਸ਼ਨਲ ਚੈਪੀਅਨਸ਼ਿਪ ਵਿਚ ਬੈਂਚ ਪ੍ਰੈਸ ਵਿਚ ਸੋਨ, ਸਕੈਟ ਅਤੇ ਡੈਡ ਲਿਫਟ ਵਿਚ ਦੋ ਚਾਂਦੀ ਅਤੇ ਓਵਰ ਆਲ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ। ਵਰਨਣਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਘਾਬਦਾਂ ਦੀ ਮਨਜੀਤ ਕੌਰ ਇਸ ਤੋਂ ਪਹਿਲਾਂ ਮਈ 2008 ਵਿਚ ਉਜਬੇਕਿਸਤਾਨ ਵਿਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਦੌਰਾਨ ਵੀ ਸੋਨ ਤਗਮਾ ਹਾਸਲ ਕਰ ਚੁੱਕੀ ਹੈ। ਮਨਜੀਤ ਕੌਰ ਸੰਗਰੂਰ ਦੇ ਅਕਾਲ ਡਿਗਰੀ ਕਾਲਜ ਆਫ ਫਿਜੀਕਲ ਐਜੂਕੇਸ਼ਨ ਮਸਤੂਆਣਾ ਵਿਚ ਡੀ.ਪੀ ਐਡ ਦੀ ਵਿਦਿਆਰਥਣ ਹੈ। ਇਸ ਨੇ ਦੱਸਿਆ ਕਿ ਉਸ ਦੇ ਘਰ ਦੇ ਇਧਰੋਂ ਉਧਰੋਂ ਮੰਗ ਕੇ 10 ਲੱਖ ਰੁਪਇਆ ਖਰਚ ਚੁੱਕੇ ਹਨ।

ਪੰਜਾਬ ਰਾਜ ਅੰਡਰ 15 ਸਾਲ ਫੁੱਟਬਾਲ ਲੀਗ

ਜਲੰਧਰ, 23 ਅਗਸਤ - ਕਾਲਾ ਅਫ਼ਗਾਨਾ ਵਿਖੇ ਪੰਜਾਬ ਰਾਜ ਅੰਡਰ 15 ਸਾਲ ਗਗਨ ਰੂਟ ਫੁੱਟਬਾਲ ਲੀਗ ਕਰਵਾਈ ਜਾ ਰਹੀ ਹੈ। ਇਸ ਫੁੱਟਬਾਲ ਲੀਗ ਵਿਚ ਗੁਰੂ ਨਾਨਕ ਫੁੱਟਬਾਲ ਅਕੈਡਮੀ ਬਿਲਗਾ ਨੇ ਮੌਜੀ ਫੁੱਟਬਾਲ ਅਕੈਡਮੀ ਕਾਲਾ ਅਫਗਾਨ ਨੂੰ 1-0 ਨਾਲ ਹਰਾਇਆ। ਦੂਜੇ ਮੈਚ ਵਿਚੋਂ ਸੰਤ ਬਾਬਾ ਹਜ਼ਾਰਾ ਸਿੰਘ ਫੁੱਟਬਾਲ ਅਕੈਡਮੀ ਨਿੱਕੇ ਘੁੰਮਣ ਨੇ ਖਾਲਸਾ ਹਾਈ ਸਕੂਲ ਬੱਢੋਂ ਨੂੰ 6-0 ਨਾਲ ਹਰਾਇਆ। ਤੀਜੇ ਮੈਚ ਵਿਚੋਂ ਕੁਲਜੀਤ ਫੁੱਟਬਾਲ ਅਕੈਡਮੀ ਨੇ ਗੁਰੂ ਨਾਨਕ ਅਕੈਡਮੀ ਬਿਲਗਾ ਨੂੰ 2-0 ਨਾਲ ਹਰਾਇਆ।

ਪੰਜਾਬ ਯੂਥ ਵੇਟ ਲਿਫਟਿੰਗ 'ਚ ਸ਼ਾਮਿਲ ਹੋਣ ਵਾਲੇ ਖਿਡਾਰੀ, ਜੂਨੀਅਰ ਅਤੇ ਸਬ ਜੂਨੀਅਰ ਦੋਵਾਂ ਟੀਮਾਂ ਦਾ ਐਲਾਨ

ਭਰਤਗੜ੍ਹ, 23 ਅਗਸਤ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰਤਗੜ੍ਹ (ਰੂਪਨਗਰ) ਵਿਖੇ ਪੰਜਾਬ ਯੂਥ ਵੇਟ ਲਿਫਟਿੰਗ ਚੈਂਪੀਅਨਸ਼ਿਪ ਲਈ ਪੰਜਾਬ ਯੂਥ ਵੇਟ ਲਿਫਟਿੰਗ ਟੀਮ ਦੇ ਲੜਕੇ ਲੜਕੀਆਂ ਦੀ ਚੋਣ ਕੀਤੀ ਗਈ। ਜਿਨ੍ਹਾਂ 'ਚ ਜੂਨੀਅਰ ਲੜਕਿਆਂ ਦੀ ਟੀਮ 'ਚ ਸੁਖਵਿੰਦਰ ਨਵਾਂਸ਼ਹਿਰ, ਧਰਮ ਸਿੰਘ ਕਪੂਰਥਲਾ, ਰਵਿੰਦਰ ਕੁਮਾਰ ਰੂਪਨਗਰ, ਕੁਲਵੀਰ ਸਿੰਘ ਲੁਧਿਆਣਾ, ਕਰਨਵੀਰ ਸਿੰਘ ਕਪੂਰਥਲਾ, ਪਰਮਪਾਲ ਸਿੰਘ, ਅਮੋਲਕ ਸਿੰਘ ਅੰਮ੍ਰਿਤਸਰ, ਨਵਨੀਤ ਸਿੰਘ ਕਪੂਰਥਲਾ, ਜੂਨੀਅਰ ਲੜਕੀਆਂ ਵਿਚ ਪਰਮਜੀਤ ਕੌਰ, ਦਿਲਜੀਤ ਕੌਰ, ਮਨਪ੍ਰੀਤ ਕੌਰ, ਪ੍ਰਵੀਨ ਕੌਰ, ਰਮਨਦੀਪ ਕੌਰ ਜਲੰਧਰ, ਰਾਜਵਿੰਦਰ ਕੌਰ ਪਟਿਆਲਾ ਤੇ ਬਲਵੀਰ ਕੌਰ ਸੰਗਰੂਰ ਦੇ ਨਾਂਅ ਸ਼ਾਮਿਲ ਹਨ। ਇਸ ਤੋਂ ਇਲਾਵਾ ਸਬ ਜੂਨੀਅਰ ਲੜਕਿਆਂ 'ਚ ਸੈਨਪਾਲ ਅਜੀਤ ਨਗਰ, ਸਿਮਰਨਜੀਤ ਸਿੰਘ, ਰਵਿੰਦਰ ਕੁਮਾਰ ਰੂਪਨਗਰ, ਵਿਕਾਸ ਠਾਕੁਰ ਲੁਧਿਆਣਾ, ਕਿਰਨਦੀਪ ਸਿੰਘ ਅੰਮ੍ਰਿਤਸਰ, ਗੁਰਵਿੰਦਰ ਸਿੰਘ ਸੰਗਰੂਰ, ਹਰਜੋਤ ਸਿੰਘ ਲੁਧਿਆਣਾ ਤੇ ਸਬ ਜੂਨੀਅਰ ਲੜਕੀਆਂ 'ਚ ਪ੍ਰਵੀਨ ਕੌਰ, ਮਨਪ੍ਰੀਤ ਕੌਰ, ਦਵਿੰਦਰ ਕੌਰ ਲੁਧਿਆਣਾ, ਹਰਕਿਰਤ ਕੌਰ ਅਜੀਤ ਨਗਰ, ਦਵਿੰਦਰ ਕੌਰ, ਦਲਜੀਤ ਕੌਰ ਜਲੰਧਰ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਸਾਰੇ ਖਿਡਾਰੀ ਮੱਧ ਪ੍ਰਦੇਸ਼ ਵਿਖੇ ਹੋ ਰਹੇ ਮੁਕਾਬਲੇ ਜੋ ਕਿ 13 ਸਤੰਬਰ ਤੋਂ 15 ਸਤੰਬਰ ਤੱਕ ਤੇ 17 ਸਤੰਬਰ ਤੋਂ 20 ਸਤੰਬਰ ਤੱਕ ਕਰਵਾਏ ਜਾ ਰਹੇ ਹਨ, ਵਿਚ ਸ਼ਾਮਿਲ ਹੋਣਗੇ।

23ਵੀਂ ਪੰਜਾਬ ਰਾਜ ਸੁਪਰ ਫੁੱਟਬਾਲ ਲੀਗ 'ਚ ਬਿਜਲੀ ਬੋਰਡ ਦੀ ਸਰਦਾਰੀ

ਜਲੰਧਰ, 23 ਅਗਸਤ - ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ 23ਵੀਂ ਪੰਜਾਬ ਰਾਜ ਸੁਪਰ ਫੁਟਬਾਲ ਲੀਗ ਦੇ ਮੁਕਾਬਲੇ ਕਰਵਾਏ ਗਏ। ਇਹ ਲੀਗ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਕਰਵਾਈ ਗਈ, ਜਿਸ ਵਿਚ ਪੰਜਾਬ ਦੀਆਂ 6 ਚੋਟੀ ਦੀਆਂ ਫੁੱਟਬਾਲ ਟੀਮਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿਚ ਪੰਜਾਬ ਪੁਲਿਸ, ਜੇ ਸੀ ਟੀ ਅਕੈਡਮੀ, ਪੰਜਾਬ ਰਾਜ ਬਿਜਲੀ ਬੋਰਡ, ਬੀ.ਐਸ.ਐਫ., ਰੇਲ ਕੋਚ ਫੈਕਟਰੀ ਕਪੂਰਥਲਾ ਤੇ ਹਰਭਜਨ ਸਪੋਰਟਸ ਅਕੈਡਮੀ ਸ਼ਾਮਿਲ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਰਜੁਨ ਐਵਾਰਡੀ ਇੰਦਰ ਸਿੰਘ ਨੇ ਦੱਸਿਆ ਕਿ ਇਸ ਲੀਗ 'ਤੇ ਪੰਜਾਬ ਰਾਜ ਬਿਜਲੀ ਬੋਰਡ ਨੇ ਬੇਹਤਰ ਅੰਕਾਂ ਦੇ ਆਧਾਰ 'ਤੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਜਦਕਿ ਪੰਜਾਬ ਪੁਲਿਸ ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਇਸ ਦੇ ਅੰਕ ਵੀ ਬਿਜਲੀ ਬੋਰਡ ਦੇ ਬਰਾਬਰ ਸਨ। ਇਹ ਲੀਗ ਬਹੁਤ ਹੀ ਸਫਲ ਸਾਬਿਤ ਹੋਈ ਇਸੇ ਕਾਰਨ ਹੀ ਹੁਣ ਐਸੋਸੀਏਸ਼ਨ ਵੱਲੋਂ ਗਗਨ ਰੂਟ ਲੈਵਲ ਤੋਂ ਅੰਡਰ 15 ਸਾਲ ਫੁੱਟਬਾਲ ਲੀਗ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿਚ 6 ਅਕੈਡਮੀਆਂ ਹਿੱਸਾ ਲੈ ਰਹੀਆਂ ਹਨ।
ਲੜੀ ਟੀਮਾਂ ਦਾ ਮੈਚ ਮੈਚ ਮੈਚ ਮੈਚ ਗੋਲ ਗੋਲ ਫਰਕ ਅੰਕ
ਨੰ: ਵੇਰਵਾ ਖੇਡੇ ਜਿੱਤੇ ਡਰਾਅ ਹਾਰੇ ਕੀਤੇ ਖਾਧੇ
1. ਪੰਜਾਬ ਰਾਜ ਬਿਜਲੀ ਬੋਰਡ ਹੁਸ਼ਿਆਰਪੁਰ 5 3 1 1 9 3 +6 10
2. ਪੰਜਾਬ ਪੁਲਿਸ ਜਲੰਧਰ 5 3 1 1 11 6 +5 10
3. ਬੀ ਐਸ ਐਫ ਜਲੰਧਰ 5 2 2 1 6 5 +1 8
4. ਜੇ ਸੀ ਟੀ ਅਕੈਡਮੀ ਫਗਵਾੜਾ 5 2 2 1 6 8 -2 8
5. ਰੇਲ ਕੋਚ ਫੈਕਟਰੀ ਕਪੂਰਥਲਾ 5 1 2 2 3 3 - 5
6. ਹਰਭਜਨ ਸਪੋਰਟਸ ਅਕੈਡਮੀ 5 - - 5 2 12 -10 0

ਚੀਨ ਦੀ ਬੇਈ ਐਕਸੋਈ ਪਹਿਲੀ ਮਹਿਲਾ ਮੈਰਾਥਨ ਵਿਸ਼ਵ ਚੈਂਪੀਅਨ ਬਣੀ

ਬਰਲਿਨ, 23 ਅਗਸਤ - ਮਹਿਲਾ ਮੈਰੇਥਨ ਵਿਸ਼ਵ ਚੈਂਪਖਅਨਸ਼ਿਪ ਜੋ ਕਿ ਬਰਲਿਨ ਵਿਖੇ ਕਰਵਾਈ ਗਈ। ਇਸ ਵਿਚ ਚੀਨ ਦੀ ਬੇਈ ਐਕਸੋਈ ਸੋਨ ਨੇ ਤਗਮਾ ਜਿੱਤ ਕੇ ਚੀਨ ਦੀ ਪਹਿਲੀ ਮੈਰਾਥਨ ਵਿਸ਼ਵ ਚੈਂਪੀਅਨ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। 20 ਸਾਲ ਬੇਈ ਐਕਸੋਈ ਨੇ ਉਕਤ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਲੰਬੀ ਦੌੜ ਦਾ ਮੁਕਾਬਲਾ ਦੋ ਘੰਟੇ, 25 ਮਿੰਟ ਅਤੇ 15 ਸੈਕਿੰਟ ਦੇ ਰਿਕਾਰਡ ਨਾਲ ਜਿੱਤਿਆ। ਉਸਨੇ ਉਕਤ ਮੁਕਾਬਲੇ ਦੌਰਾਨ ਜਪਾਨ ਦੀ ਯੋਸ਼ਿਮੀ ਓਯਾਕੀ ਅਤੇ ਇਥੋਪੀਆ ਦੀ ਐਸੀਲੀਫਿਕ ਮਰਜੀਆ ਨੂੰ ਪਛਾੜ ਕੇ ਜਿੱਤਿਆ। ਰੂਸ ਦੀ ਨਾਇਲਈਾ ਯੁਲਾਮਾਨੋਵਾ ਨੇ 30 ਕਿੱਲੋਮੀਟਰ 'ਤੇ ਚਾਰ ਦੌੜਾਕਾਂ ਦੇ ਮੁਕਾਬਲੇ 'ਚ ਆਪਣੀ ਲੀਡ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦੀ ਲੀਡ ਬਰਕਰਾਰ ਨਾ ਰਹਿ ਸਕੀ ਅਤੇ ਉਹ ਜ਼ਲਦੀ ਹੀ ਮੁੜ ਪੱਛੜ ਗਈ। ਦੌੜ ਦੇ ਆਖਰੀ ਤਿੰਨ ਕਿੱਲੋਮੀਟਰ 'ਚ ਬੇ ਅਤੇ ਓਯਾਕੀ ਨੇ ਦਮ ਤੋੜ ਕੋਸ਼ਿਸ਼ ਕੀਤੀ ਅਤੇ ਬੇਈ ਕਸੋਈ ਨੇ ਪਹਿਲਾਂ ਜੇਤੂ ਰੇਖਾ ਨੂੰ ਚੁੰਮਿਆਂ।

ਤੀਜਾ ਬੂਸਟ ਅੰਤਰ ਸਕੂਲ ਕ੍ਰਿਕਟ ਟੂਰਨਾਮੈਂਟ

ਅਜੀਤ ਨਗਰ, 22 ਅਗਸਤ - 5 ਸਤੰਬਰ ਤੋਂ ਤੀਜਾ ਬੂਸਟ ਅੰਤਰ ਸਕੂਲ ਕ੍ਰਿਕਟ ਟੂਰਨਾਮੈਂਟ (ਲੜਕੇ) ਅੰਡਰ -16 ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸ਼ੁਰੂ ਹੋ ਰਿਹਾ ਹੈ। ਇਹ ਟੂਰਨਾਮੈਂਟ ਪਹਿਲਾਂ ਜ਼ਿਲ੍ਹੇ ਪੱਧਰ 'ਤੇ ਖੇਡਿਆ ਜਾਵੇਗਾ। ਹਰੇਕ ਜ਼ਿਲ੍ਹੇ ਦੀਆਂ 8-8 ਟੀਮਾਂ ਵਿਚਕਾਰ ਮੈਚ ਖੇਡੇ ਜਾਣਗੇ। ਟੂਰਨਾਮੈਂਟ ਲਈ ਪੰਜਾਬ ਨੂੰ ਦੋ ਹੁਸ਼ਿਆਰਪੁਰ ਅਤੇ ਬਠਿੰਡਾ ਜ਼ੋਨਾਂ ਵਿਚ ਵੰਡਿਆ ਗਿਆ ਹੈ। ਦੋਨੇਂ ਜ਼ੋਨਾਂ ਦੀਆਂ ਜੇਤੂ ਟੀਮਾਂ ਦਾ ਫਾਈਨਲ ਮੈਚ 12 ਤੋਂ 17 ਸਤੰਬਰ ਤੱਕ ਪੀ.ਸੀ.ਏ. ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਵੇਗਾ। ਟੂਰਨਾਮੈਂਟ ਵਿੱਚ ਪੰਜਾਬ ਦੇ ਮੁਹਾਲੀ, ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ ਅਤੇ ਚੰਡੀਗੜ੍ਹ ਨਾਲ ਸਬੰਧਿਤ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨਾਂ ਦੇ ਖਿਡਾਰੀ ਭਾਗ ਲੈਣਗੇ। ਇਸੇ ਤਰ੍ਹਾਂ ਝਾਰਖੰਡ, ਬੜੌਦਾ, ਹੈਦਰਾਬਾਦ, ਰਾਜਸਥਾਨ, ਦਿੱਲੀ ਅਤੇ ਮੁੰਬਈ ਅਤੇ ਪੰਜਾਬ ਦੀਆਂ ਜੇਤੂ ਟੀਮਾਂ ਵਿਚਕਾਰ ਨੈਸ਼ਨਲ ਪੱਧਰ ਦੀ ਚੈਂਪੀਅਨਸ਼ਿਪ ਕਰਵਾਈ ਜਾਵੇਗੀ। ਨੈਸ਼ਨਲ ਪੱਧਰ ਦੀ ਚੈਂਪੀਅਨਸ਼ਿਪ ਲਈ ਖਿਡਾਰੀਆਂ ਦੇ ਸਿਖਲਾਈ ਕੈਂਪ ਵੀ ਲਗਾਏ ਜਾਣਗੇ।

ਪਿੰਡ ਤੂਤ ਦਾ ਓਪਨ ਕਬੱਡੀ ਟੂਰਨਾਮੈਂਟ ਸ਼ੁਰੂ

ਫ਼ਿਰੋਜ਼ਪੁਰ, 22 ਅਗਸਤ - ਓਪਨ ਕਬੱਡੀ ਟੂਰਨਾਮੈਂਟ ਪਿੰਡ ਤੂਤ ਵਿਖੇ 23 ਅਗਸਤ ਤੋਂ 26 ਅਗਸਤ ਤੱਕ ਕਰਵਾਇਆ ਜਾ ਰਿਹਾ ਹੈ। ਇਸ ਵਿਚ 27 ਅਤੇ 42 ਕਿਲੋ ਕਬੱਡੀ ਦੇ ਮੁਕਾਬਲੇ ਕਰਾਏ ਜਾਣਗੇ। 24 ਅਗਸਤ ਨੂੰ 50 ਕਿਲੋ ਅਤੇ 60 ਕਿਲੋ ਵਜਨ ਦੇ ਮੈਚ ਹੋਣਗੇ। 25 ਅਗਸਤ ਨੂੰ ਓਪਨ ਕਬੱਡੀ ਪਿੰਡ ਵਾਰ ਦੇ ਮੈਚ ਹੋਣਗੇ।

 ਓਪਨ ਕਬੱਡੀ ਵਿਚ ਕਰੋਮੋਨਾ ਪਾਰਮਾ ਅਤੇ 70 ਕਿਲੋ ਵਿਚ ਬੈਰਗਾਮੋ ਦੀ ਝੰਡੀ

ਅਨਕੋਨਾ (ਇਟਲੀ) 21 ਅਗਸਤ - ਵਿਸ਼ਾਲ ਪੇਂਡੂ ਖੇਡ ਮੇਲਾ ਇੰਡੀਅਨ ਸਪੋਰਟਸ ਕਬੱਡੀ ਕਲੱਬ ਮਾਰਕੇ ਵੱਲੋਂ ਮੋਂਤੇਕੋਸਾਰੋ ਵਿਖੇ ਕਰਵਾਇਆ ਗਿਆ। ਇਸ ਖੇਡ ਮੇਲੇ ਵਿਚ ਓਪਨ ਕਬੱਡੀ ਦੀਆਂ ਅੱਠ, 70 ਕਿੱਲੋ ਦੀਆਂ ਛੇ ਅਤੇ ਰੱਸਾਕਸ਼ੀ ਦੀਆਂ 7 ਟੀਮਾਂ ਸ਼ਾਮਿਲ ਹੋਈਆਂ। ਓਪਨ ਕਬੱਡੀ ਦੇ ਪਹਿਲੇ ਦੌਰ ਦੇ ਮੈਚਾਂ ਉਪਰੰਤ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਬੈਰਗਾਮੋ, ਇੰਡੀਅਨ ਸਪੋਰਟਸ ਕਬੱਡੀ ਕਲੱਬ, ਮਾਰਕੇ, ਇੰਡੀਅਨ ਇਟਾਲੀਅਨ ਸਪੋਰਟਸ ਕਲੱਬੀ, ਕਰੋਮੋਨਾ ਪਾਰਮਾ ਅਤੇ ਮਹਾਰਾਜਾ ਸਪੋਰਟਸ ਕਲੱਬ, ਸਬੋਧੀਆ ਦੀਆਂ ਟੀਮਾਂ ਨੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਸੈਮੀਫਾਈਨਲ ਮੁਕਾਬਲਿਆਂ ਵਿਚ ਕਰੋਮੋਨਾ ਪਾਰਮਾ ਨੇ ਬੈਰਗਾਮੋ ਨੂੰ ਅਤੇ ਸਬੋਧੀਆ ਨੇ ਮਾਰਕੇ ਦੀਆਂ ਟੀਮਾਂ ਨੂੰ ਹਰਾਇਆ। ਓਪਨ ਕਬੱਡੀ ਦੇ ਫਾਈਨਲ ਮੁਕਾਬਲੇ ਵਿਚ ਇੰਡੀਅਨ ਇਟਾਲੀਅਨ ਸਪੋਰਟਸ ਕਲੱਬ, ਕਰੋਮੋਨਾ ਪਾਰਮਾ ਅਤੇ ਮਹਾਂਰਾਜਾ ਸਪੋਰਟਸ ਕਲੱਬ, ਸਬੋਧੀਆ ਦੋ ਸਾਨ੍ਹਾਂ ਵਰਗੇ ਖਿਡਾਰੀਆਂ ਦੇ ਆਪਸੀ ਭੇੜ ਹੋਏ। ਕਰੋਮੋਨਾ ਪਾਰਮਾ ਦੇ ਸੀਰਾ ਜਰਗੜੀ, ਮਨੂੰ ਘਲੋਟੀ, ਹੈਪੀ ਡਡਹੇੜੀ, ਚਰਨਾ ਡੱਫਰ, ਬੱਬੂ ਸੈਦੋਵਾਲ, ਨੀਲਾ ਸੈਦੋਕੀ ਅਤੇ ਸਬੋਧੀਆ ਦੇ ਭੇਜਾ ਭਾਮ, ਭਜਨ ਗਡਾਨੀ, ਮਨ ਅੰਮ੍ਰਿਤਸਰ, ਪੱਡਾ, ਸੋਨਾ ਦੁਸਾਰਨਾ ਵਰਗੇ ਗੱਭਰੂਆਂ ਦੀਆਂ ਕੌਡੀਆਂ ਦਾ ਮੁੱਲ ਗਰਾਊਂਡ ਵਿਚ ਪਿਆ। ਕਰੋਮੋਨਾ ਦੋ ਧਾਵੀ ਸ਼ੀਰਾ ਜਰਗੜੀ ਨੂੰ ਰੋਕਣਾ ਫਿਰ ਮੁਸ਼ਕਿਲ ਹੋਇਆ। ਭਾਰਤ ਤੋਂ ਇਟਲੀ ਪਹੁੰਚੇ ਨਵੇਂ ਧਾਵੀ ਭਜਨ ਗਡਾਨੀ ਕੁਝ ਖਾਸ ਨਾ ਕਰ ਸਕੇ ਅਤੇ ਇਕ ਹੀ ਮੈਚ ਵਿਚ ਉਸ ਨੂੰ ਤਿਨ ਜੱਫੇ ਲੱਗੇ, ਜੋ ਕਿ ਸਬੋਧੀਆ ਦੀ ਹਾਰ ਦਾ ਕਾਰਨ ਬਣੇ। ਕਰੋਮੋਨਾ ਪਾਰਮਾ ਨੇ ਮੈਚ ਜਿੱਤ ਕੇ ਕੱਪ ਤੇ ਕਬਜ਼ਾ ਕੀਤਾ। ਖੇਡ ਮੇਲੇ ਦੇ ਬੈਸਟ ਰੇਡਰ ਸ਼ੀਰਾ ਜਰਗੜੀ ਅਤੇ ਬੈਸਟ ਜਾਫੀ ਮਨੂੰ ਘਲੋਟੀ ਘੋਸ਼ਿਤ ਕੀਤੇ ਗਏ। ਜੇਤੂ ਟੀਮਾਂ ਨੂੰ ਟਰਾਫੀਆਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ 70 ਕਿਲੋ ਵਰਗ ਦਾ ਪਹਿਲਾ ਮੈਚ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ, ਬੈਰਗਾਮੋ ਅਤੇ ਉਂਕਾਰ ਸਾਈਂ ਸਪੋਰਟਸ ਕਲੱਬ, ਨੈਤੂਨੋ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿਚ ਬੈਰਗਾਮੋ ਜੇਤੂ ਰਹੀ, ਉਪਰੰਤ ਇੰਡੀਅਨ ਇਟਾਲੀਅਨ ਸਪੋਰਟਸ ਕਲੱਬ, ਕਰੋਮੋਨਾ ਪਾਰਮਾ ਨੇ ਮਾਰਕੇ ਦੀ ਟੀਮ ਨੂੰ ਅਤੇ ਮਹਾਰਾਜਾ ਸਪੋਰਟਸ ਕਲੱਬ, ਸਬੋਧੀਆ ਨੇ ਫਾਬਰੀਆਨੋ ਦੀ ਟੀਮ ਨੂੰ ਹਰਾ ਕੇ ਸੈਮੀ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ ਤਰ੍ਹਾਂ 70 ਕਿਲੋ ਵਰਗ ਵਿਚ ਬੈਰਗਾਮੋ ਦੀ ਟੀਮ ਨੇ ਕਰੋਮੋਨਾ ਪਾਰਮਾ ਨੂੰ ਹਰਾ ਕੇ ਫਾਈਨਲ ਸਬੋਧੀਆ ਨਾਲ ਖੇਡਿਆ, ਜਿਸ ਵਿਚ ਬੈਰਗਾਮੋ ਨੇ ਇਸ ਸਾਲ ਦੇ ਖੇਡ ਸੀਜ਼ਨ ਦੌਰਾਨ ਪੰਜਵੀਂ ਜਿੱਤ ਹਾਸਿਲ ਕੀਤੀ। ਰੱਸਾਕੱਸ਼ੀ ਦਾ ਫਾਈਨਲ ਇਕ ਵਾਰ ਫਿਰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਵੀਆਦਾਨਾ ਦਾ ਬੈਰਗਾਮੋ ਨਾਲ ਹੋਇਆ, ਜਿਸ ਵਿਚ ਵੀਆਦਾਨਾ ਨੇ ਲਗਾਤਾਰ ਛੇਵੀਂ ਵਾਰ ਜਿੱਤ ਕੇ ਜੇਤੂ ਮੁਹਿਮ ਜਾਰੀ ਰੱਖੀ।

ਕੌਮੀ ਪੱਧਰ ਦੀ ਸਪੈਸ਼ਲ ਉਲੰਪਿਕ 6 ਨਵੰਬਰ ਤੋਂ

ਜਲੰਧਰ, 21 ਅਗਸਤ - 14ਵੀਂ ਸਪੈਸ਼ਲ ਉਲੰਪਿਕ 6 ਤੋਂ 8 ਨਵੰਬਰ ਤੱਕ ਜਲੰਧਰ ਵਿਖੇ ਕਰਵਾਈ ਜਾ ਰਹੀ ਹੈ। ਜਿਸ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਯੂ.ਪੀ., ਹਰਿਆਣਾ, ਰਾਜਸਥਾਨ, ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਪੰਜਾਬ ਨਿਪਾਲ ਅਤੇ ਪਾਕਿਸਤਾਨ ਤੋਂ ਵੀ ਮੰਦਬੁੱਧੀ ਬੱਚਿਆਂ ਦੀਆਂ ਟੀਮਾਂ ਇਸ ਸਪੈਸ਼ਲ ਉਲੰਪਿਕ ਵਿਚ ਹਿੱਸਾ ਲੈਣਗੀਆਂ। ਇਸ ਸਪੈਸ਼ਲ ਉਲੰਪਿਕ ਵਿਚ ਮੰਦਬੁੱਧੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚੇ ਲੜਕੇ ਅਤੇ ਲੜਕੀਆਂ ਦੋਵੇਂ ਹਿੱਸਾ ਲੈ ਸਕਣਗੇ। ਇਸ ਸਪੈਸ਼ਪਲ ਉਲੰਪਿਕ ਵਿਚ 600 ਮੰਦਬੁੱਧੀ ਖਿਡਾਰੀ ਹਿੱਸਾ ਲੈਣਗੇ ਅਤੇ 400 ਉਨ੍ਹਾਂ ਦੇ ਨਾਲ ਆਏ ਹੋਏ ਅਟੈਂਡੰਟ ਅਤੇ ਕੋਚ ਇਸ ਉਲੰਪਿਕ ਵਿਚ ਸ਼ਾਮਿਲ ਹੋਣਗੇ। ਪ੍ਰਸ਼ਾਸਨ ਵੱਲੋਂ ਲਗਭਗ 1100 ਖਿਡਾਰੀਆਂ ਅਤੇ ਉਨ੍ਹਾਂ ਦੇ ਸਹਿਯੋਗੀ ਤੇ ਕੋਚਾਂ ਦੀ ਰਿਹਾਇਸ਼ ਅਤੇ ਖਾਣੇ ਆਦਿ ਦੇ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ।

ਪੰਜਾਬ ਰਾਜ ਅੰਡਰ 15 ਸਾਲ ਫੁੱਟਬਾਲ ਲੀਗ 'ਚ ਰੁੜਕਾ ਕਲਾਂ ਫੁੱਟਬਾਲ ਅਕੈਡਮੀ ਚਮਕੀ

ਜਲੰਧਰ, 21 ਅਗਸਤ - ਕਾਲਾ ਅਫਗਾਨਾ ਗੁਰਦਾਸਪੁਰ ਵਿਖੇ ਪੰਜਾਬ ਰਾਜ ਅੰਡਰ 15 ਸਾਲ ਫੁੱਟਬਾਲ ਲੀਗ ਕਰਵਾਈ ਗਈ। ਇਸ ਫੁੱਟਬਾਲ ਲੀਗ ਵਿਚੋਂ ਰੁੜਕਾ ਕਲਾਂ ਫੁੱਟਬਾਲ ਅਕੈਡਮੀ ਨੇ ਕੁਲਜੀਤ ਸਪੋਰਟਸ ਅਕੈਡਮੀ ਨੂੰ 2-0 ਨਾਲ ਹਰਾਇਆ।

ਦਲਜੀਤ ਦੀ ਟੀਮ ਜੇਤੂ

ਖੰਨਾ, 21 ਅਗਸਤ - ਏਸ਼ੀਅਨ ਬਾਡੀ ਬਿਲਡਿੰਗ ਐਂਡ ਫਿਟਨੈਸ ਐਸੋਸੀਏਸ਼ਨ ਵੱਲੋਂ ਥਾਈਲੈਂਡ ਦੇ ਪਤਾਯਾ ਸ਼ਹਿਰ ਵਿਖੇ ਚੈਂਪੀਅਨਸ਼ਿਪ ਕਰਵਾਈ ਗਏ। ਇਸ ਵਿਚ ਖੰਨਾ ਸ਼ਹਿਰ ਦੇ ਬਾਡੀ ਬਿਲਡਰ ਦਲਜੀਤ ਸਿੰਘ ਦੀ ਅਗਵਾਈ ਹੇਠ ਖਿਡਾਰੀਆਂ ਨੇ ਚਾਰ ਤਗਮੇ ਜਿੱਤ ਕੇ ਪੂਰੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। ਕਪਤਾਨ ਦਲਜੀਤ ਸਿੰਘ ਨੇ ਵੀ ਦੋ ਤਗਮੇ ਹਾਸਲ ਕੀਤੇ। ਇਸ ਚੈਂਪੀਅਨਸ਼ਿਪ ਵਿਚ ਕੁਲ 9 ਤਰ੍ਹਾਂ ਦੀਆਂ ਗਤੀਵਿਧੀਆਂ ਰੱਖੀਆਂ ਗਈਆਂ, ਜਿਨ੍ਹਾਂ ਵਿਚੋਂ ਦਲਜੀਤ ਸਿੰਘ ਨੇ ਪੁਰਸ਼ਾਂ ਦੀ ਫਿਟਨੈਸ ਚੈਂਪੀਅਨਸ਼ਿਪ ਵਿਚ ਕਾਂਸੀ ਅਤੇ ਕਲਾਸਿਕ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਮੈਡਲ ਹਾਸਲ ਕੀਤਾ। ਇਸ ਤੋਂ ਇਲਾਵਾ ਜੂਨੀਅਰ ਵਰਗ ਵਿਚ ਚੰਦਰਾਜੀਤ ਨੇ 65 ਕਿਲੋ ਵਿਚ ਅਤੇ ਰਾਵਣ ਨੇ 70 ਕਿਲੋ ਵਿਚ ਚਾਂਦੀ ਦਾ ਤਮਗਾ ਹਾਸਲ ਕਰਨ ਵਿਚ ਕਾਮਯਾਬੀ ਹਾਸਿਲ ਕੀਤੀ।

ਅੜੈਚਾਂ ਕਬੱਡੀ ਮੇਲਾ 28 ਤੋਂ

ਦੋਰਾਹਾ, 20 ਅਗਸਤ - ਕਬੱਡੀ ਟੂਰਨਾਮੈਂਟ 28 ਤੋਂ 30 ਅਗਸਤ ਤੱਕ ਪਿੰਡ ਅੜੈਚਾਂ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਵਿਚ ਕਬੱਡੀ 32, 37, 42, 52, 60 ਅਤੇ 70 ਕਿਲੋ (ਇਕ ਖਿਡਾਰੀ ਬਾਹਰਲਾ) ਅਤੇ ਇਕ ਪਿੰਡ ਓਪਨ ਕਲੱਬ (ਦੋ ਖਿਡਾਰੀ ਬਾਹਰਲੇ), ਤਾਸ਼ ਸਵੀਪ ਅਤੇ 60 ਸਾਲ ਤੋਂ ਉਪਰ ਬਜ਼ੁਰਗਾਂ ਦੀ ਦੌੜ ਕਰਵਾਉਣ ਦਾ ਫੈਸਲਾ ਹੋਇਆ ਹੈ, ਜਿਸ ਵਿਚ ਇਕ ਪਿੰਡ ਓਪਨ ਦੇ ਪਹਿਲੇ ਦੋ ਇਨਾਮ 25 ਹਜ਼ਾਰ ਅਤੇ 20 ਹਜ਼ਾਰ ਨਕਦ ਦਿੱਤੇ ਜਾਣਗੇ।

ਨਵੀਂ ਦਰਜਾਬੰਦੀ ਮੁਤਾਬਕ ਵੀਜੇਂਦਰ ਦੂਸਰੇ ਨੰਬਰ 'ਤੇ

ਪਟਿਆਲਾ, 20 ਅਗਸਤ - ਵਿਸ਼ਵ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਜਾਰੀ ਕੀਤੀ ਗਈ ਨਵੀਂ ਦਰਜਾਬੰਦੀ ਮੁਤਾਬਕ ਬੀਜਿੰਗ ਉਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲਾ ਭਾਰਤੀ ਮੁੱਕੇਬਾਜ਼ ਵੀਜੇਂਦਰ ਕੁਮਾਰ ਆਪਣੇ ਭਾਰ ਵਰਗ 75 ਕਿਲੋਗ੍ਰਾਮ ਵਿਚ ਨੰ: 2 'ਤੇ ਪੁੱਜ ਗਿਆ ਹੈ। ਇਹ ਪ੍ਰਾਪਤੀ ਕਰਨ ਵਾਲਾ ਉਹ ਭਾਰਤ ਦਾ ਪਹਿਲਾ ਮੁੱਕੇਬਾਜ਼ ਹੈ। ਇਸ ਤੋਂ ਪਹਿਲਾ 1994 ਦੇ ਆਸ ਪਾਸ ਕੁਝ ਭਾਰਤੀ ਮੁੱਕੇਬਾਜ਼ ਚੌਥੇ ਸਥਾਨ ਤੱਕ ਪਹੁੰਚੇ ਸਨ। ਇਸ ਤੋਂ ਇਲਾਵਾ 4 ਹੋਰ ਭਾਰਤੀ ਮੁੱਕੇਬਾਜ਼ ਪਹਿਲੇ 10 ਸਥਾਨਾਂ ਵਿਚ ਸ਼ਾਮਿਲ ਹੋਣ ਵਿਚ ਕਾਮਯਾਬ ਹੋਏ ਹਨ। ਆਇਬਾ ਵੱਲੋਂ ਜਾਰੀ ਰੈਂਕਿੰਗ ਮੁਤਾਬਕ 75 ਕਿਲੋ ਭਾਰ ਵਰਗ ਵਿਚ ਕਿਊਬਾ ਦਾ ਮੁੱਕੇਬਾਜ਼ ਕੋਰੀਅਨ ਵੈਕਸ 2500 ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ ਤੇ ਵੀਜੇਂਦਰ 1708 ਅੰਕਾਂ ਨਾਲ ਦੂਜੇ ਸਥਾਨ ਤੇ ਵੈਂਜੂਆਲਾ ਦਾ ਬੀ.ਪੀ. ਅਲਫਾਂਸੋ 1300 ਅੰਕਾਂ ਨਾਲ ਤੀਸਰੇ ਸਥਾਨ 'ਤੇ ਹੈ। 48 ਕਿਲੋਗ੍ਰਾਮ ਭਾਰ ਵਰਗ ਵਿਚ ਭਾਰਤ ਦਾ ਨਨਾਊ ਸਿੰਘ 1400 ਅੰਕਾਂ ਨਾਲ 5ਵੇਂ ਨੰਬਰ 'ਤੇ ਹੈ। ਇਸ ਵਰਗ ਵਿਚ ਉਲੰਪੀਕ ਚੈਂਪੀਅਨ ਚੀਨ ਦਾ ਸੀ ਜੈਡ ਸ਼ੀਮਿੰਗ 2500 ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ, 51 ਕਿਲੋ ਭਾਰ ਵਰਗ ਵਿਚ ਏਸ਼ੀਅਨ ਚੈਂਪੀਅਨ ਭਾਰਤੀ ਮੁੱਕੇਬਾਜ਼ ਸਰੰਜੇ ਸਿੰਘ 14ਵੇਂ ਸਥਾਨ 'ਤੇ ਹੈ। ਉਲੰਪੀਅਨ ਜਤਿੰਦਰ ਕੁਮਾਰ 57 ਕਿਲੋ ਭਾਰ ਵਰਗ 'ਚ 13ਵੇਂ ਸਥਾਨ 'ਤੇ ਹੈ। ਇਸੇ ਤਰ੍ਹਾਂ ਇਕ ਹੋਰ ਉਲੰਪੀਅਨ ਅਖਿਲ ਕੁਮਾਰ 9ਵੇਂ ਸਥਾਨ 'ਤੇ ਹੈ। ਇਸ ਨਵੀਂ ਪ੍ਰਾਪਤੀ ਮੌਕੇ ਵੀਜੇਂਦਰ ਨੇ ਕਿਹਾ ਕਿ ਉਹ ਭਵਿੱਖ ਵਿਚ ਆਪਣੇ ਵਜ਼ਨ 'ਚ ਅੱਵਲ ਨੰਬਰ 'ਤੇ ਪੁੱਜਣ ਦਾ ਯਤਨ ਕਰਨਗੇ।

ਗੋਲਫਰ ਗਗਨਜੀਤ ਭੁੱਲਰ ਦਾ ਮਰਸੀਡੀਜ਼ ਕਾਰ ਨਾਲ ਸਨਮਾਨ

ਜਲੰਧਰ, 20 ਅਗਸਤ -ਗੋਲਫ ਵਿਚ ਅੰਤਰਰਾਸ਼ਟਰੀ ਪ੍ਰਾਪਤੀਆਂ ਨੂੰ ਮੁੱਖ ਰੱਖਦੇ ਹੋਏ ਪ੍ਰਸਿੱਧ ਹਰਭਜਨ ਸਿੰਘ ਭੁੱਲਰ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਦੇ ਨਿਰਮਾਤਾ ਨੇ ਨਵੇਂ ਮਾਡਲ ਦੀ ਮਰਸੀਡੀਜ਼ ਕਾਰ ਦੀ ਚਾਬੀ ਸਨਮਾਨ ਦੇ ਤੌਰ 'ਤੇ ਭੇਂਟ ਕੀਤੀ ਹੈ, ਜਿਸ ਦੀ ਕੀਮਤ ਲਗਭਗ 40.00 ਲੱਖ ਰੁਪਏ ਹੈ। ਪਿੰਡ ਕੰਡੀਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਿਤਾ ਹਰਭਜਨ ਸਿੰਘ ਭੁੱਲਰ ਅਤੇ ਮਾਤਾ ਸਰਬਜੀਤ ਕੌਰ ਦੇ ਘਰ ਵਿਚ ਜਨਮੇ ਗਗਨਜੀਤ ਸਿੰਘ ਭੁੱਲਰ ਨੂੰ ਇਸ ਛੋਟੀ ਉਮਰ ਵਿਚ ਹੀ ਮਰਸੀਡੀਜ਼ ਕੰਪਨੀ ਨੇ ਆਪਣਾ ਬਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਮਰਸੀਡੀਜ ਕਾਰ ਕੰਪਨੀ ਦੇ ਸੀ.ਈ.ਓ. ਡਾ: ਅਲਵਰ (ਮਰਸੀਡੀਜ਼ ਇੰਡੀਆ ਦੇ ਹੈੱਡ) ਨੇ ਆਖਿਆ ਕਿ ਭੁੱਲਰ ਗੋਲਫ ਗੇਮ ਦੇ ਅਸਮਾਨ ਵਿਚ ਇਕ ਚਮਕਦਾ ਹੋਇਆ ਸਿਤਾਰਾ ਹੈ, ਜਿਸ ਨੂੰ ਇਹ ਸਨਮਾਨ ਭੇਟ ਕਰਕੇ ਸਾਨੂੰ ਬਹੁਤ ਮਾਣ ਅਤੇ ਖੁਸ਼ੀ ਪ੍ਰਾਪਤ ਹੋਈ ਹੈ।ਗਗਨ ਨੇ ਸਨਮਾਨ ਬਾਰੇ ਆਖਿਆ ਕਿ ਮੈਨੂੰ ਵੀ ਬਹੁਤ ਖੁਸ਼ੀ ਹੈ ਕਿ ਮੇਰੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ, ਮਰਸੀਡੀਜ਼ ਕਾਰ ਕੰਪਨੀ ਨੇ ਮੇਰਾ ਸਨਮਾਨ ਕੀਤਾ ਹੈ। ਮੈਂ ਅਗਾਂਹ ਵੀ ਖੇਡ ਪ੍ਰੇਮੀਆਂ ਅਤੇ ਮਰਸੀਡੀਜ਼ ਕਾਰ ਕੰਪਨੀ, ਜਿਨ੍ਹਾਂ ਨੇ ਮੈਨੂੰ ਮਾਣ ਦਿੱਤਾ ਹੈ, ਨੂੰ ਨਿਰਾਸ਼ ਨਹੀਂ ਕਰਾਂਗਾ ਅਤੇ ਆਪਣੀਆਂ ਖੇਡ ਪ੍ਰਾਪਤੀਆਂ ਵਿਚ ਹੋਰ ਵਾਧਾ ਕਰਾਂਗਾ।

ਪੰਜਵੇਂ ਡੈਨਮਾਰਕ ਖੇਡ ਮੇਲੇ 'ਚ ਸ਼ੇਰੇ ਪੰਜਾਬ ਕਲੱਬ ਨਾਰਵੇ ਵਾਲੇ ਕਬੱਡੀ ਕੱਪ ਦੀ ਝੰਡੀ

ਓਸਲੋ-ਨਾਰਵੇ, 19 ਅਗਸਤ - ਡੈਨਮਾਰਕ ਖੇਡ ਮੇਲਾ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਕਰਵਾਇਆ ਗਿਆ। ਇਸ ਖੇਡ ਮੇਲੇ ਵਿਚ ਬੱਚੇ-ਬੱਚੀਆਂ ਦੀਆਂ ਖੇਡਾਂ, ਜਿਵੇਂ ਕਿ ਦੌੜਾਂ, ਫੁੱਟਬਾਲ ਮੈਚ, ਰੱਸਾ-ਕੱਸ਼ੀ ਅਤੇ ਬੱਚਿਆਂ ਦੀ ਕਬੱਡੀ ਤੋਂ ਇਲਾਵਾ ਖੇਡ ਕਬੱਡੀ ਦੇਖਣਯੋਗ ਸੀ। ਖੇਡ ਸਮਾਰੋਹ ਦੇ ਪਹਿਲੇ ਦਿਨ ਆਏ ਹੋਏ ਕਲੱਬਾਂ ਵਿਚਕਾਰ ਵਾਲੀਬਾਲ ਦੇ ਸ਼ੁਰੂਆਤੀ ਮੈਚ ਹੋਏ। ਬੱਚਿਆਂ ਦੀਆਂ ਖੇਡਾਂ ਤੋਂ ਇਲਾਵਾ, ਲੜਕੀਆਂ ਅਤੇ ਔਰਤਾਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ। ਪਹਿਲੇ ਦਿਨ ਦੇ ਨਤੀਜਿਆਂ ਤੋਂ ਬਾਅਦ ਵਾਲੀਬਾਲ ਦੇ ਮੈਚ ਜਾਰੀ ਰਹੇ। ਇਸ ਵਾਰ ਸਮੈਸ਼ਿੰਗ (ਵਾਲੀਬਾਲ) 'ਚ ਨਾਰਵੇ ਤੋਂ ਦੇਸੀ ਵਾਈਕਿੰਗ ਜੇਤੂ ਅਤੇ ਆਜ਼ਾਦ ਕਲੱਬ ਨਾਰਵੇ ਦੂਸਰੇ ਨੰਬਰ 'ਤੇ ਰਿਹਾ। ਸ਼ੂਟਿੰਗ (ਵਾਲੀਬਾਲ) ਦਾ ਫਾਈਨਲ ਮੁਕਾਬਲਾ ਸਮੇਂ ਦੀ ਘਾਟ ਕਾਰਨ ਨਾ ਹੋ ਸਕਿਆ ਅਤੇ ਕਲੱਬਾਂ ਦੀ ਆਪਸੀ ਰਜ਼ਾਮੰਦੀ ਨਾਲ ਫੈਸਲਾ ਕਰਕੇ ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਪਹਿਲੇ ਅਤੇ ਨਾਰਵੇ ਤੋਂ ਦਸ਼ਮੇਸ਼ ਕਲੱਬ ਦੂਸਰੇ ਨੰਬਰ 'ਤੇ ਰਿਹਾ। ਇਸ ਖੇਡ ਮੇਲੇ 'ਚ ਨਾਰਵੇ ਤੋਂ ਆਜ਼ਾਦ ਸਪੋਰਟਸ ਕਲੱਬ, ਅਣਖੀਲਾ ਪੰਜਾਬ ਕਲੱਬ, ਦੇਸੀ ਵਾਈਕਿੰਗ ਕਲੱਬ, ਸ਼ੇਰੇ ਪੰਜਾਬ ਕਲੱਬ, ਸ਼ਹੀਦ ਬਾਬਾ ਦੀਪ ਸਿੰਘ ਕਲੱਬ (ਪੱਡਾ ਕਲੱਬ), ਓਸਲੋ ਇੰਡੀਅਨ ਕਲੱਬ, ਦਸ਼ਮੇਸ਼ ਕਲੱਬ ਸ਼ਾਮਿਲ ਹੋਏ। ਦੂਸਰੇ ਪਾਸੇ ਡੈਨਮਾਰਕ ਤੋਂ ਇੰਡੀਅਨ ਸਪੋਰਟਸ ਕਲੱਬ ਦੀ ਏ ਅਤੇ ਬੀ ਟੀਮ, ਐਲ ਟੀ ਕਲੱਬ, ਜੋਸ਼ੀਲੇ ਕਲੱਬ ਅਤੇ ਬਾਇਉ-ਟੈੱਕ ਕਲੱਬ ਆਦਿ ਨੇ ਭਾਗ ਲਿਆ। ਖੇਡ ਮੇਲੇ ਦੇ ਦੂਸਰੇ ਦਿਨ ਤਕਰੀਬਨ 2 ਕੁ ਵਜੇ ਪੰਜਾਬੀ ਦੀ ਹਰਮਨ ਪਿਆਰੀ ਖੇਡ ਕਬੱਡੀ ਦਾ ਪਹਿਲਾ ਮੈਚ ਨਾਰਵੇ ਦੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਅਤੇ ਡੈਨਮਾਰਕ ਤੋਂ ਇੰਡੀਅਨ ਸਪੋਰਟਸ ਕਲੱਬ ਦੀ ਕਬੱਡੀ ਟੀਮ ਵਿਚਕਾਰ ਹੋਇਆ। ਇਸ ਮੈਚ ਦੀ ਜਿੱਤ ਦਾ ਸਿਹਰਾ ਡੈਨਮਾਰਕ ਦੀ ਟੀਮ ਗਲ ਪਿਆ। ਕਬੱਡੀ ਦਾ ਫਾਈਨਲ ਮੈਚ ਨਾਰਵੇ ਤੇ ਸ਼ੇਰੇ ਪੰਜਾਬ ਕਬੱਡੀ ਕਲੱਬ ਅਤੇ ਇੰਡੀਅਨ ਸਪੋਰਟਸ ਕਲੱਬ ਵਿਚਕਾਰ ਹੋਇਆ ਪਰ ਇਸ ਵਾਰ ਵੀ ਨਾਰਵੇ ਵਾਲੇ ਡੈਨਮਾਰਕ 'ਚ ਬਾਜ਼ੀ ਮਾਰ ਗਏ ਅਤੇ ਸ਼ੇਰੇ ਪੰਜਾਬ ਕਲੱਬ ਨਾਰਵੇ ਕਬੱਡੀ ਕੱਪ ਦੇ ਹੱਕਦਾਰ ਬਣੇ। ਸ਼ੇਰੇ ਪੰਜਾਬ ਨਾਰਵੇ ਵੱਲੋਂ ਸੋਨੀ ਚੱਕਰ, ਦਵਿੰਦਰ ਜੌਹਲ (ਕਪੂਰ ਕਾਠਾਰ), ਰਿੰਕਾ ਗਰੇਵਾਲ, ਰਿੰਕੂ, ਰਾਜਾ, ਗੋਰਾ, ਰਣਜੀਤ ਸਿੰਘ, ਗੁਰਮੁੱਖ ਹਰਮਨ, ਬਲਵਿੰਦਰ ਸਿੱਧੂ (ਐਤੀਆਣਾ) ਸੋਨੂੰ, ਹਰਪਾਲ ਸਿੰਘ ਬੀੜਿੰਗ ਆਦਿ ਨੇ ਹਿੱਸਾ ਲਿਆ। ਖੇਡ ਮੇਲੇ ਦੇ ਆਖਿਰ ਵਿਚ *ਹੀਰ ਆਫ ਡੈਨਮਾਰਕ* ਦੇ ਨਾਮ ਨਾਲ ਜਾਣੀ ਜਾਂਦੀ ਅਨੀਤਾ ਲਿਆਇਕੇ ਨੇ ਪੰਜਾਬੀਆਂ ਨੂੰ ਖੂਬ ਨਚਾਇਆ। ਡੈਨਮਾਰਕ ਤੋਂ ਹੀ ਪੰਜਾਬੀ ਗਾਇਕ ਮਨਜੀਤ ਕੁਮਾਰ ਨੇ ਵੀ ਪ੍ਰੋਗਰਾਮ ਦੌਰਾਨ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ। ਖੇਡ ਮੇਲੇ ਦੇ ਆਖਿਰ ਵਿਚ ਕਲੱਬ ਵੱਲੋਂ ਜੇਤੂ ਬੱਚੇ, ਬੱਚੀਆਂ ਅਤੇ ਜੇਟੂ ਟੀਮਾਂ ਨੂੰ ਆਕਰਸ਼ਕ ਇਨਾਮ ਦੇ ਕੇ ਸਨਮਾਨਿਆ ਗਿਆ।

ਵੁਸੂ ਚੈਂਪੀਅਨਸ਼ਿਪ ਬਠਿੰਡਾ ਵਿਖੇ 21 ਅਗਸਤ ਤੋਂ

ਬਠਿੰਡਾ, 19 ਅਗਸਤ - ਚੌਥੀ ਇਨਵੀਟੇਸ਼ਨਲ ਪੰਜਾਬ ਸਟੇਟ ਵੁਸੂ ਚੈਂਪੀਅਨਸ਼ਿਪ 21 ਤੋਂ 23 ਅਗਸਤ ਤੱਕ ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਪੂਰੇ ਪੰਜਾਬ ਭਰ ਦੇ ਜ਼ਿਲ੍ਹਿਆਂ ਤੋਂ 700 ਦੇ ਲਗਪਗ ਖਿਡਾਰੀ ਲੜਕੇ/ਲੜਕੀਆਂ ਪਹੁੰਚ ਰਹੇ ਹਨ। ਇਸ ਸਟੇਟ ਚੈਂਪੀਅਨਸ਼ਿਪ ਵਿਚ ਤਿੰਨ ਕੈਟਾਗਿਰੀਆਂ ਸਬ ਜੂਨੀਅਰ, ਜੂਨੀਅਰ ਤੇ ਸੀਨੀਅਰ ਲੜਕੇ ਤੇ ਲੜਕੀਆਂ ਦੇ ਮੁਕਾਬਲੇ ਹੋਣਗੇ। ਇਸ ਚੈਂਪੀਅਨਸ਼ਿਪ ਵਿਚ ਜੂਨੀਅਰ ਕੈਟਾਗਿਰੀ (14-17) ਦੇ ਖਿਡਾਰੀਆਂ ਦੀ ਨੈਸ਼ਨਲ ਜੂਨੀਅਰ ਵੁਸੂ ਚੈਂਪੀਅਨਸ਼ਿਪ ਲਈ ਪੰਜਾਬ ਵੁਸੂ ਟੀਮ ਦੀ ਚੋਣ ਕੀਤੀ ਜਾਵੇਗੀ।

ਪੰਜਾਬ ਦੇ 233 ਪਿੰਡਾਂ ਨੂੰ ਖੇਡਾਂ ਲਈ ਮਿਲੀ ਗ੍ਰਾਂਟ

ਜਲੰਧਰ, 19 ਅਗਸਤ - ਜਲੰਧਰ 'ਚ ਭਾਰਤ ਸਰਕਾਰ ਦੇ ਖੇਡ ਵਿਭਾਗ ਤੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਵਿਖੇ ਤਾਇਨਾਤ ਅੰਡਰ ਸੈਕਟਰੀ ਸ. ਗੁਰਚਰਨ ਸਿੰਘ ਨੇ ਕੇਂਦਰ ਸਰਕਾਰ ਦੀਆਂ ਸਕੀਮਾਂ ਪਾਇਕਾ ਦੇ ਤਹਿਤ ਵੱਖ ਵੱਖ ਖੇਡ ਸੈਂਟਰਾਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ 233 ਪਿੰਡਾਂ ਨੂੰ ਉਤਸ਼ਾਹਿਤ ਕਰਨ ਲਈ ਇਕ ਲੱਖ ਰੁਪਏ ਦੀ ਗ੍ਰਾਂਟ ਤੇ 14 ਬਲਾਕਾਂ ਨੂੰ ਪੰਜ ਪੰਜ ਲੱਖ ਦੀ ਗ੍ਰਾਂਟ ਦਿੱਤੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸਕੀਮਾਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪਿੰਡਾਂ ਵਿਚ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਆਉਣ ਵਾਲੇ ਸਮੇਂ ਦੇ ਵਿਚ ਪਿੰਡਾਂ ਦੇ ਵਿਚ ਖੇਡਾਂ ਨੂੰ ਕਾਫੀ ਉਤਸ਼ਾਹ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਜੇ ਸਹੀ ਤਰੀਕੇ ਨਾਲ ਸਰਕਾਰ ਤੇ ਖੇਡ ਵਿਭਾਗ ਇਨ੍ਹਾਂ ਖੇਡ ਸਕੀਮਾਂ ਨੂੰ ਲਾਗੂ ਕਰੇ ਤਾਂ ਭਾਰਤ ਦੇ ਖੇਡ ਨਕਸ਼ੇ ਦੇ ਵਿਚ ਕਾਫੀ ਤਬਦੀਲੀ ਆਵੇਗੀ।

ਸਿਆਟਲ ਦਾ ਖੇਡ ਅਤੇ ਸੱਭਿਆਚਾਰਕ ਮੇਲਾ

ਸਿਆਟਲ, 18 ਅਗਸਤ -ਸਿਆਟਲ ਦੇ ਸਟਰ ਫਾਇਰ ਸਪੋਰਟਸ ਅਥਲੈਟਿਕਸ ਕੰਪਲੈਕਸ 'ਚ ਖੇਡ ਅਤੇ ਸਭਿਆਚਾਰਕ ਮੇਲਾ ਕਰਵਾਇਆ ਗਿਆ। ਜਿਸ ਵਿਚ ਅਮਰੀਕਾ ਤੇ ਕੈਨੇਡਾ ਦੇ ਜੰਮਪਲ ਨੌਜਵਾਨਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਹਜ਼ਾਰਾਂ ਦੀ ਗਿਣਤੀ 'ਚ ਮੌਜੂਦ ਦਰਸ਼ਕਾਂ ਵਲੋਂ ਜਿੱਥੇ ਮੇਲੇ 'ਚ ਪਹਿਲਵਾਨਾਂ, ਦੌੜਾਕਾਂ, ਵਾਲੀਬਾਲ, ਫੁੱਟਬਾਲ ਅਤੇ ਕਬੱਡੀ ਖਿਡਾਰੀਆਂ ਦੀ ਭਰਪੂਰ ਪ੍ਰਸੰਸਾ ਕੀਤੀ ਗਈ, ਉਥੇ ਗਿੱਧੇ-ਭੰਗੜੇ ਨੇ ਵੀ ਰੰਗਾ-ਰੰਗ ਮਾਹੌਲ ਸਿਰਜਿਆ। ਇਸ ਮੌਕੇ ਸ਼ੇਰੇ ਪੰਜਾਬ ਰੇਡੀਓ ਦੇ ਨਿਊਜ਼ ਡਾਇਰੈਕਟਰ ਅਤੇ ਸੀਨੀਅਰ ਪੱਤਰਕਾਰ ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ ਨੂੰ ਸਨਮਾਨਿਤ ਕੀਤਾ ਗਿਆ। ਸਿਆਟਲ ਦੀ ਮੇਅਰ ਸੂਜ਼ਨ ਕੁੱਕ ਨੇ ਪੰਜਾਬੀ ਭਾਈਚਾਰੇ ਨੂੰ ਸ਼ਹਿਰ ਦੇ ਵਿਕਾਸ ਲਈ ਪਾਏ ਯੋਗਦਾਨ ਵਾਸਤੇ ਵਧਾਈ ਦਿੱਤੀ। ਕਬੱਡੀ ਦੇ ਮੈਚਾਂ 'ਚ ਫਾਈਨਲ ਮੁਕਾਬਲਾ ਕੈਨੇਡਾ ਦੇ ਕਬੱਡੀ ਖਿਡਾਰੀਆਂ ਨੇ ਜਿੱਤਿਆ, ਜਦਕਿ ਘੋਲਾਂ 'ਚ ਗੁਰੂ ਗੋਬਿੰਦ ਸਿੰਘ ਕੁਸ਼ਤੀ ਅਖਾੜੇ, ਖਾਲਸਾ ਰੈਸਲਿੰਗ ਕਲੱਬ ਤੇ ਗੁਰੂ ਹਰਗੋਬਿੰਦ ਰੈਸਲਿੰਗ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਾਲੀਬਾਲ ਮੁਕਾਬਲਿਆਂ ਵਿੱਚ ਰੋਮਾਨੀਆ ਅਤੇ ਫੁੱਟਬਾਲ 'ਚ ਇਥੋਪੀਆ ਦੀ ਟੀਮ ਜੇਤੂ ਰਹੀ। ਇਸ ਮੌਕੇ 'ਤੇ ਉੱਘੇ ਵਿਦਵਾਨ ਡਾ. ਸਵਰਾਜ ਸਿੰਘ, ਗੁਰਮੀਤ ਸਿੰਘ ਬਾਕਸਰ, ਕੁਲਜੀਤਾ ਮਲਸੀਹਾਂ, ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ, ਸੰਤੋਖ ਸਿੰਘ ਮੰਡੇਰ, ਗੁਰਜਤਿੰਦਰ ਸਿੰਘ ਰੰਧਾਵਾ, ਅਵਾਜ਼ ਰੇਡੀਓ ਦੇ ਅਜਿੰਦਰ ਸਿੰਘ ਅਤੇ ਏਸ਼ੀਆ ਟੀ. ਵੀ. ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ।

ਸੀਨੀਅਰ ਪੰਜਾਬ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੇ ਮੁੱਕੇਬਾਜ਼

ਪਟਿਆਲਾ, 18 ਅਗਸਤ - ਸੀਨੀਅਰ ਪੰਜਾਬ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 8 ਤੋਂ 10 ਸਤੰਬਰ ਤੱਕ ਗੁਰਦਾਸਪੁਰ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਰਾਜ ਪੱਧਰੀ ਚੈਂਪੀਅਨਸ਼ਿਪਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੜਕੀਆਂ ਦੀ ਸਬ ਜੂਨੀਅਰ ਤੇ ਜੂਨੀਅਰ ਚੈਂਪੀਅਨਸ਼ਿਪ ਵੀ ਸਾਂਝੇ ਤੌਰ 'ਤੇ ਪਟਿਆਲਾ 'ਚ ਹੀ ਕਰਵਾਈ ਜਾ ਰਹੀ ਹੈ। ਲੜਕਿਆਂ ਦੀ ਜੂਨੀਅਰ ਚੈਂਪੀਅਨਸ਼ਿਪ 18 ਤੋਂ 20 ਸਤੰਬਰ ਤੱਕ ਸੁਨਾਮ ਜ਼ਿਲ੍ਹਾ ਸੰਗਰੂਰ ਵਿਖੇ ਕਰਵਾਈ ਜਾ ਰਹੀ ਹੈ। ਪੁਰਸ਼ਾਂ ਦੀ ਸੀਨੀਅਰ ਸਟੇਟ ਚੈਂਪੀਅਨਸ਼ਿਪ 24 ਤੋਂ 27 ਸਤੰਬਰ ਤੱਕ ਪਿੰਡ ਦੁੱਗਾਂ ਨੇੜੇ ਫਗਵਾੜਾ ਵਿਖੇ ਕਰਵਾਈ ਜਾ ਰਹੀ ਹੈ।

ਸ਼ੋਅ 'ਤੇਰੇ ਮੇਰੇ ਬੀਚ ਮੇਂ' 'ਚ ਉਲੰਪੀਅਨ ਵਜਿੰਦਰ ਨਜ਼ਰ ਆਵੇਗਾ

ਪਟਿਆਲਾ, 18 ਅਗਸਤ - ਬੀਜਿੰਗ ਉਲੰਪਿਕ 'ਚੋਂ ਕਾਂਸੀ ਦਾ ਤਗਮਾ ਜਿੱਤਣ ਵਾਲਾ ਵਜਿੰਦਰ ਆਉਣ ਵਾਲੇ ਦਿਨਾਂ 'ਚ ਸਟਾਰ ਪਲੱਸ ਚੈਨਲ 'ਤੇ 23 ਅਗਸਤ ਨੂੰ ਸ਼ੁਰੂ ਹੋਣ ਵਾਲੇ ਸ਼ੋਅ 'ਤੇਰੇ ਮੇਰੇ ਬੀਚ ਮੇਂ' ਰਾਹੀਂ ਆਪਣੇ ਚਾਹੁੰਣ ਵਾਲਿਆਂ ਦੇ ਰੂ-ਬਰੂ ਹੋਵੇਗਾ। ਹੁਣੇ ਜਿਹੇ ਇਸ ਲੜੀਵਾਰ ਦੀ ਮੁੰਬਈ ਵਿਖੇ ਸ਼ੂਟਿੰਗ ਕਰਦੇ ਪਟਿਆਲਾ 'ਚ ਐਨ.ਆਈ.ਐਸ. ਵਿਖੇ ਪਰਤੇ ਵਜਿੰਦਰ ਨੇ ਦੱਸਿਆ ਕਿ ਇਸ ਲੜੀਵਾਰ ਦੀ ਮੇਜ਼ਬਾਨ ਉੱਘੀ ਫਿਲਮ ਨਿਰਦੇਸ਼ਕਾ ਫਰਹਾ ਖਾਨ ਹੈ। ਮੁਲਾਕਾਤ ਆਧਾਰਤ ਇਸ ਪ੍ਰੋਗਰਾਮ 'ਚ ਹਾਸੇ ਠੱਠੇ ਦੀਆਂ ਫੁਹਾਰਾਂ ਵੀ ਦੇਖਣ ਨੂੰ ਮਿਲਣਗੀਆਂ। ਇਸ ਪ੍ਰੋਗਰਾਮ 'ਚ ਵਜਿੰਦਰ ਤੋਂ ਇਲਾਵਾ ਬਾਲੀਵੁੱਡ ਦੇ ਨਾਮਵਰ ਅਦਾਕਾਰ ਸ਼ਾਹਿਦ ਕਪੂਰ, ਸਲਮਾਨ ਖਾਨ, ਪ੍ਰਿਯੰਕਾ ਚੋਪੜਾ, ਵਿਵੇਕ ਉਬਰਾਏ, ਸ਼ਿਲਪਾ ਸੈਟੀ ਤੇ ਬਿਪਾਸ਼ਾ ਬਾਸੂ ਆਦਿ ਵੀ ਦਿਖਾਈ ਦੇਣਗੇ। ਵਜਿੰਦਰ ਨੇ ਦੱਸਿਆ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਮੁੱਕੇਬਾਜ਼ੀ ਦੀ ਬਦੌਲਤ ਉਸ ਨੂੰ ਵੀ ਦੇਸ਼ ਦੇ ਵੱਡੇ ਸਿਤਾਰਿਆਂ ਵਾਂਗ ਹੀ ਸਤਿਕਾਰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਵਜਿੰਦਰ ਪੈਪਸੀ ਦਾ ਬ੍ਰਾਂਡ ਅੰਬੈਸਡਰ ਬਣ ਚੁੱਕਿਆ ਹੈ। ਕੁਝ ਸਮਾਂ ਪਹਿਲਾਂ ਸੋਨੀ ਟੀ.ਵੀ. ਦੇ ਚਰਚਿਤ ਸ਼ੋਅ 'ਦਸ ਕਾ ਦਮ' 'ਚ ਸਲਮਾਨ ਖਾਨ ਦੀ ਮੇਜ਼ਬਾਨੀ 'ਚ ਮਲਿਕਾ ਸ਼ੇਰਾਵਤ ਨਾਲ ਆਪਣੀ ਅਦਾਕਾਰੀ ਦੇ ਜ਼ੌਹਰ ਦਿਖਾ ਚੁੱਕਿਆ ਹੈ। ਵਜਿੰਦਰ ਦਾ ਕਹਿਣਾ ਹੈ ਕਿ ਉਸ ਨੂੰ ਕਈ ਪਾਸਿਆਂ ਤੋਂ ਅਜਿਹੇ ਕੰਮਾਂ ਲਈ ਸੱਦੇ ਆ ਰਹੇ ਹਨ ਪਰ ਉਹ ਪਹਿਲ ਮੁੱਕੇਬਾਜ਼ੀ ਨੂੰ ਦੇ ਰਿਹਾ ਹੈ। ਜਦੋਂ ਉਸ ਨੂੰ ਅਭਿਆਸ ਕਰਨ ਤੋਂ ਵਿਹਲ ਮਿਲਦੀ ਹੈ ਤਾਂ ਉਹ ਹੋਰਨਾਂ ਗਤੀਵਿਧੀਆਂ 'ਚ ਹਿੱਸਾ ਲੈਂਦਾ ਹੈ।

ਡਾ: ਹਮਦਰਦ ਯਾਦਗਾਰੀ ਕਬੱਡੀ ਕਲੱਬ ਦੀ ਸਰਦਾਰੀ

ਝਿੰਗੜਾਂ, 18 ਅਗਸਤ - ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪੰਜਾਬ ਯੁਵਾ ਕਲੱਬ ਤੇ ਖੇਡ ਅਭਿਆਨ ਸਕੀਮ ਤਹਿਤ ਬਲਾਕ ਬੰਗਾ ਦੇ ਖੇਡ ਮੁਕਾਬਲੇ ਕਰਵਾਏ ਗਏ। ਇਸ ਮੌਕੇ ਹੋਏ ਕਬੱਡੀ ਮੁਕਾਬਲਿਆਂ ਵਿਚ 'ਡਾ: ਸਾਧੂ ਸਿੰਘ ਹਮਦਰਦ' ਯਾਦਗਾਰੀ ਕਬੱਡੀ ਕਲੱਬ ਪੱਦੀ ਮੱਟ ਵਾਲੀ ਨੂੰ ਵਧੀਆ ਪ੍ਰਦਰਸ਼ਨ ਕਰਨ ਉਪਰੰਤ ਚੌਧਰੀ ਮੋਹਣ ਲਾਲ ਵਿਧਾਇਕ ਹਲਕਾ ਬੰਗਾ ਵਲੋਂ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਟੀਮ ਨੇ ਭਰੋਮਜਾਰਾ ਦੀ ਟੀਮ ਨੂੰ 22 ਅਤੇ ਸੰਧਵਾਂ ਫਰਾਲਾ ਦੀ ਟੀਮ 21 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਚੌਧਰੀ ਮੋਹਣ ਲਾਲ ਨੇ ਕਿਹਾ ਕਿ ਇਸ ਕਲੱਬ ਦੇ ਨੌਜਵਾਨਾਂ ਵੱਲੋਂ ਖੇਡ ਮੈਦਾਨ 'ਚ ਕੀਤਾ ਪ੍ਰਦਰਸ਼ਨ ਬਹੁਤ ਹੀ ਸ਼ਲਾਘਾਯੋਗ ਸੀ ਇਸ ਲਈ ਸਮੁੱਚਾ 'ਹਮਦਰਦ' ਕਬੱਡੀ ਕਲੱਬ ਵਧਾਈ ਦਾ ਪਾਤਰ ਹੈ।

ਸਿੱਧਸਰ ਸਾਹਿਬ ਕਬੱਡੀ ਕੱਪ ਸ਼ੁਰੂ

ਪਾਇਲ, 18 ਅਗਸਤ - 19 ਅਗਸਤ ਤੋਂ ਬਾਬਾ ਸ਼ੀਹਾਂ ਸਿੰਘ ਗਿੱਲ ਝੱਲੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਜਿਸ ਵਿਚ 19 ਅਗਸਤ ਨੂੰ ਕਬੱਡੀ 60 ਕਿੱਲੋ, 70 ਕਿੱਲੋ ਅਤੇ 20 ਅਗਸਤ ਨੂੰ ਇਕ ਪਿੰਡ ਓਪਨ ਦੇ ਮੁਕਾਬਲੇ ਹੋਣਗੇ। ਖੇਡ ਮੇਲੇ ਦਾ ਉਦਘਾਟਨ ਸੰਤ ਏਕਮ ਸਿੰਘ ਕਰਨਗੇ।

ਪਿੰਡ ਕੈਲਪੁਰ (ਨੇੜੇ ਮੁੱਲਾਂਪੁਰ) 'ਚ ਬੈਲ ਗੱਡੀਆਂ ਦੀਆਂ ਦੌੜਾਂ 21 ਨੂੰ

ਮੁੱਲਾਂਪੁਰ ਦਾਖਾ, 18 ਅਗਸਤ - ਬੈਲ ਗੱਡੀਆਂ (ਛੋਟੇ ਵੱਛੇ) ਦੌੜਾਂ ਦੇ ਮੁਕਾਬਲੇ 21 ਅਗਸਤ ਨੂੰ ਸ਼ਨੀਵਾਰ ਦੁਪਿਹਰ 1 ਵਜੇ ਪਿੰਡ ਕੈਲਪੁਰ (ਨੇੜੇ ਮੁੱਲਾਂਪੁਰ) ਵਿਖੇ ਕਰਵਾਏ ਜਾਣਗੇ।

ਅੰਤਰ ਬਲਾਕ (ਜ਼ਿਲ੍ਹਾ ਪੱਧਰੀ) ਖੇਡ ਮੁਕਾਬਲੇ 27 ਤੋਂ

ਪਟਿਆਲਾ, 17 ਅਗਸਤ - ਅੰਤਰ ਬਲਾਕ (ਜ਼ਿਲ੍ਹਾ ਪੱਧਰੀ) ਖੇਡ ਮੁਕਾਬਲੇ 27 ਤੋਂ 29 ਅਗਸਤ ਤੱਕ ਖੇਡ ਵਿਭਾਗ ਪੰਜਾਬ ਵੱਲੋਂ ਕਰਵਾਏ ਜਾ ਰਹੇ ਹਨ। ਇਹਨਾਂ ਅੰਤਰ ਬਲਾਕ ਮੁਕਾਬਲਿਆਂ ਵਿਚ ਜਿਹੜਾ ਬਲਾਕ ਓਵਰਆਲ ਚੈਂਪੀਅਨ ਬਣੇਗਾ ਉਸਨੂੰ 40 ਹਜ਼ਾਰ ਰੁਪਏ, ਦੂਜੇ ਸਥਾਨ ਲਈ 24 ਹਜ਼ਾਰ ਰੁਪਏ ਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਬਲਾਕ ਨੂੰ 8 ਹਜ਼ਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਵਿਚੋਂ ਪਹਿਲੇ ਨੂੰ 20, ਦੂਜੇ ਨੂੰ 12 ਤੇ ਤੀਜੇ ਸਥਾਨ ਲਈ 4-4 ਹਜ਼ਾਰ ਰੁਪਏ ਦੇ ਨਗਦ ਪੁਰਸਕਾਰ ਦਿੱਤੇ ਜਾ ਰਹੇ ਹਨ। ਬਲਾਕ ਪੱਧਰੀ ਤੇ ਅੰਤਰ ਬਲਾਕ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ 29 ਅਗਸਤ ਨੂੰ ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਦਿੱਤੇ ਜਾਣਗੇ। ਇਹਨਾਂ ਅੰਤਰ ਬਲਾਕ ਮੁਕਾਬਲਿਆਂ ਵਿਚ ਉਹ ਟੀਮਾਂ ਸ਼ਾਮਿਲ ਹੋਣਗੀਆਂ ਜੋ ਬਲਾਕ ਪੱਧਰ 'ਤੇ ਜੇਤੂ ਰਹੀਆਂ ਹਨ। ਇਹਨਾਂ ਅੰਤਰ ਬਲਾਕ ਮੁਕਾਬਲਿਆਂ ਵਿਚ ਅਥਲੈਟਿਕਸ, ਖੋ-ਖੋ, ਬਾਸਕਟਬਾਲ, ਕਬੱਡੀ, ਕੁਸ਼ਤੀ, ਹੈਂਡਬਾਲ, ਹਾਕੀ, ਵੇਟ ਲਿਫਟਿੰਗ ਤੇ ਵਾਲੀਬਾਲ ਮੁਕਾਬਲੇ ਲੜਕੇ ਤੇ ਲੜਕੀਆਂ ਦੇ ਵਰਗ ਲਈ ਹੋਣਗੇ ਜਦਕਿ ਫੁੱਟਬਾਲ ਮੁਕਾਬਲੇ ਕੇਵਲ ਲੜਕਿਆਂ ਦੇ ਵਰਗ ਲਈ ਹੋਣਗੇ। ਸਾਰੇ ਮੁਕਾਬਲੇ ਅੰਡਰ 18 ਉਮਰ ਵਰਗ ਦੇ ਹੋਣਗੇ। ਇਸਦੇ ਨਾਲ ਹੀ ਖੇਡ ਵਿਭਾਗ ਨੇ ਜ਼ਿਲ੍ਹੇ ਦੇ 85 ਪਿੰਡਾਂ ਦੇ ਖੇਡ ਕਲੱਬਾਂ ਵਾਸਤੇ 10-10 ਹਜ਼ਾਰ ਰੁਪਏ ਦਾ ਸਮਾਨ ਦੇਣ ਦੀ ਯੋਜਨਾ ਉਲੀਕੀ ਹੈ ਜਿਸ ਤਹਿਤ ਇਹ ਸਮਾਨ 29 ਅਗਸਤ ਨੂੰ ਹੀ ਵੰਡਿਆ ਜਾਵੇਗਾ। ਲੜਕੀਆਂ ਦੇ ਵਰਗ ਦੇ ਇਹ ਮੁਕਾਬਲੇ ਤਲਵੰਡੀ ਸਾਬੋ ਵਿਖੇ ਅਤੇ ਅਤੇ ਲੜਕਿਆਂ ਦੇ ਵਰਗ ਦੇ ਮੁਕਾਬਲੇ ਫਤਹਿਗੜ੍ਹ ਸਾਹਿਬ ਵਿਖੇ ਹੋਣਗੇ।

ਦੂਜਾ ਕਬੱਡੀ ਖੇਡ ਮੇਲਾ ਸਵੱਦੀ ਕਲਾਂ ਵੱਲੋਂ 25 ਸਤੰਬਰ ਤੋਂ

ਸਵੱਦੀ ਕਲਾਂ, 17 ਅਗਸਤ - ਦੂਜਾ ਕਬੱਡੀ ਖੇਡ ਮੇਲਾ 25 ਤੋਂ 27 ਸਤੰਬਰ ਤੱਕ ਸਵੱਦੀ ਕਲਾਂ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਚ 25 ਸਤੰਬਰ ਨੂੰ ਕਬੱਡੀ 47 ਕਿਲੋ ਅਤੇ 62 ਕਿਲੋ ਭਾਰ ਵਰਗ ਦੇ ਮੁਕਾਬਲੇ ਹੋਣਗੇ। ਦੂਸਰੇ ਦਿਨ 26 ਸਤੰਬਰ ਨੂੰ ਕਬੱਡੀ 70 ਕਿਲੋ ਭਾਰ ਵਰਗ ਦੇ ਮੁਕਾਬਲੇ ਅਤੇ ਅੰਤਿਮ ਦਿਨ 27 ਸਤੰਬਰ ਨੂੰ ਕਬੱਡੀ ਓਪਨ ਦੇ ਰੌਚਕ ਮੁਕਾਬਲੇ ਹੋਣਗੇ। ਕਬੱਡੀ ਓਪਨ ਵਿਚ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਹਨ। ਓਪਨ ਕਬੱਡੀ ਵਿਚੋਂ ਬੈਸਟ ਜਾਫੀ ਤੇ ਬੈਸਟ ਧਾਵੀ ਚੁਣੇ ਜਾਣ 'ਤੇ ਖਿਡਾਰੀਆਂ ਨੂੰ ਪ੍ਰਵਾਸੀ ਭਾਰਤੀ ਹਰੀ ਸਿੰਘ ਤੂਰ ਯੂ. ਐਸ. ਏ. ਵੱਲੋਂ ਸਵਾ ਤੋਲੇ ਦੇ ਸੋਨੇ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਜਾਵੇਗਾ।

ਜੂਨੀਅਰ ਪੰਜਾਬ ਵੇਟ ਲਿਫਟਿੰਗ ਚੈਂਪੀਅਨਸ਼ਿਪ 'ਚ ਕਪੂਰਥਲਾ ਤੇ ਜਲੰਧਰ ਦੀ ਝੰਡੀ

ਜਲੰਧਰ/ਫਗਵਾੜਾ, 17 ਅਗਸਤ - ਜੂਨੀਅਰ ਪੰਜਾਬ ਵੇਟ ਲਿਫਟਿੰਗ ਚੈਂਪੀਅਨਸ਼ਿਪ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ 48 ਕਿਲੋ ਲੜਕੀਆਂ ਵਰਗ ਵਿਚ ਪਰਮਜੀਤ ਕੌਰ ਜਲੰਧਰ ਨੇ ਪਹਿਲਾ, ਮਨਦੀਪ ਕੌਰ ਲੁਧਿਆਣਾ ਨੇ ਦੂਜਾ, ਹਰਕੀਰਤ ਕੌਰ ਮੁਹਾਲੀ ਨੇ ਤੀਜਾ। 53 ਕਿਲੋ ਵਰਗ ਵਿਚ ਬਲਬੀਰ ਕੌਰ ਸੰਗਰੂਰ ਪਹਿਲਾ, ਮੀਨਾ ਕੁਮਾਰੀ ਜਲੰਧਰ ਦੂਜਾ, ਨੇਹਾ ਗੁਪਤਾ ਕਪੂਰਥਲਾ ਨੇ ਤੀਜਾ, 58 ਕਿਲੋ 'ਚ ਪ੍ਰਵੀਨ ਜਲੰਧਰ ਨੇ ਪਹਿਲਾ ਜਸਬੀਰ ਕੌਰ ਪਟਿਆਲਾ ਦੂਜਾ, ਸਿਮਰਨਜੀਤ ਕੌਰ ਕਪੂਰਥਲਾ ਨੇ ਤੀਜਾ। 63 ਕਿਲੋ ਰਮਨਦੀਪ ਕੌਰ ਜਲੰਧਰ ਨੇ ਪਹਿਲਾ, ਪ੍ਰਮਿੰਦਰ ਕੌਰ ਸ਼ਹੀਦ ਭਗਤ ਸਿੰਘ ਨਗਰ ਨੇ ਦੂਜਾ, ਰਾਜਵਿੰਦਰ ਕੌਰ ਕਪੂਰਥਲਾ ਨੇ ਤੀਜਾ। 69 ਕਿਲੋ 'ਚ ਰਾਜਵਿੰਦਰ ਕੌਰ ਪਟਿਆਲਾ ਨੇ ਪਹਿਲਾ ਦਵਿੰਦਰ ਕੌਰ ਜਲੰਧਰ ਨੇ ਦੂਜਾ, ਨਵਦੀਪ ਕੌਰ ਲੁਧਿਆਣਾ ਨੇ ਤੀਜਾ। 75 ਕਿਲੋ ਵਰਗ 'ਚ ਦਲਜੀਤ ਕੌਰ ਜਲੰਧਰ ਨੇ ਪਹਿਲਾ, ਅੰਨੂ ਬਾਲਾ ਲੁਧਿਆਣਾ ਨੇ ਦੂਜਾ, ਸੁਮਨਦੀਪ ਕੌਰ ਲੁਧਿਆਣਾ ਨੇ ਤੀਜਾ। +75 ਕਿਲੋ 'ਚ ਮਨਪ੍ਰੀਤ ਕੌਰ ਜਲੰਧਰ ਨੇ ਪਹਿਲਾ, ਇੰਦਰਦੀਪ ਕੌਰ ਮੁਹਾਲੀ ਨੇ ਦੂਜਾ, ਨਰਿੰਦਰ ਕੌਰ ਲੁਧਿਆਣਾ ਨੇ ਤੀਜਾ। 56 ਕਿਲੋ ਲੜਕੇ ਸੁਖਵਿੰਦਰ ਸਿੰਘ ਐਸ. ਬੀ. ਐਸ. ਨਗਰ ਨੇ ਪਹਿਲਾ, ਜਤਿੰਦਰ ਸਿੰਘ ਕਪੂਰਥਲਾ ਦੂਜਾ, ਹੀਰਾ ਸਿੰਘ ਅੰਮ੍ਰਿਤਸਰ ਤੀਜਾ। 62 ਕਿਲੋ 'ਚ ਧਰਮ ਸਿੰਘ ਕਪੂਰਥਲਾ ਪਹਿਲਾ, ਸਿਮਰਜੀਤ ਸਿੰਘ ਰੋਪੜ ਨੇ ਦੂਜਾ, ਅਮਰੀਕ ਸਿੰਘ ਰੋਪੜ ਤੀਜਾ। 69 ਕਿਲੋ 'ਚ ਰਵਿੰਦਰ ਕੁਮਾਰ ਰੋਪੜ ਨੇ ਪਹਿਲਾ, ਜਗਮੀਤ ਸਿੰਘ ਸੰਗਰੂਰ ਦੂਜਾ, ਗੁਰਵਿੰਦਰ ਸਿੰਘ ਸੰਗਰੂਰ ਤੀਜਾ। 77 ਕਿਲੋ 'ਚ ਕੁਲਬੀਰ ਸਿੰਘ ਲੁਧਿਆਣਾ ਨੇ ਪਹਿਲਾ, ਜਗਫੁਲ ਸਿੰਘ ਰੋਪੜ ਦੂਜਾ, ਇੰਦਰਪ੍ਰੀਤ ਸਿੰਘ ਕਪੂਰਥਲਾ ਨੇ ਤੀਜਾ। 85 ਕਿਲੋ 'ਚ ਕਰਨਬੀਰ ਸਿੰਘ ਕਪੂਰਥਲਾ ਪਹਿਲਾ, ਸਰਨਦੀਪ ਸਿੰਘ ਕਪੂਰਥਲਾ ਦੂਜਾ, ਲਵਪ੍ਰੀਤ ਸਿੰਘ ਲੁਧਿਆਣਾ ਨੇ ਤੀਜਾ। 94 ਕਿਲੋ 'ਚ ਨਵਨੀਤ ਸਿੰਘ ਕਪੂਰਥਲਾ ਨੇ ਪਹਿਲਾ, ਤਰਨਜੀਤ ਸਿੰਘ ਕਪੂਰਥਲਾ ਨੇ ਦੂਜਾ, ਗੁਰਜੀਤ ਸਿੰਘ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। 105 ਕਿਲੋ 'ਚ ਪਰਮਪਾਲ ਸਿੰਘ ਅੰਮ੍ਰਿਤਸਰ ਨੇ ਪਹਿਲਾ, ਗੁਰਵਿੰਦਰ ਸਿੰਘ ਕਪੂਰਥਲਾ ਨੇ ਦੂਜਾ, ਹਰਜੋਤ ਸਿੰਘ ਲੁਧਿਆਣਾ ਨੇ ਤੀਜਾ। +105 ਕਿਲੋ 'ਚ ਅਮੋਲਕ ਸਿੰਘ ਅੰਮ੍ਰਿਤਸਰ ਨੇ ਪਹਿਲਾ, ਅਮਨਪ੍ਰੀਤ ਸਿੰਘ ਲੁਧਿਆਣਾ ਨੇ ਦੂਜਾ, ਦਵਿੰਦਰ ਸਿੰਘ ਕਪੂਰਥਲਾ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੀ ਓਵਰਆਲ ਚੈਂਪੀਅਨਸ਼ਿਪ 'ਚ ਜਲੰਧਰ ਨੇ 268 ਅੰਕ ਲੈ ਕੇ ਕਬਜ਼ਾ ਕੀਤਾ। ਲੁਧਿਆਣਾ ਨੇ 160 ਅੰਕ ਲੈ ਕੇ ਦੂਜਾ ਅਤੇ 156 ਅੰਕ ਲੈ ਕੇ ਮੁਹਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਵਰਗ 'ਚ ਓਵਰਆਲ ਚੈਂਪੀਅਨਸ਼ਿਪ 'ਤੇ ਜ਼ਿਲ੍ਹਾ ਕਪੂਰਥਲਾ ਨੇ 282 ਅੰਕ ਲੈ ਕੇ ਪਹਿਲਾ ਸਥਾਨ, ਜ਼ਿਲ੍ਹਾ ਅੰਮ੍ਰਿਤਸਰ ਨੇ 154 ਅੰਕ ਲੈ ਕੇ ਦੂਜਾ ਤੇ ਰੋਪੜ ਨੇ 141 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ।

ਇਰਾਨ ਭਾਰਤ ਨੈਸ਼ਨਲ ਤੇ ਸਰਕਲ ਸਟਾਈਲ ਕਬੱਡੀ ਮੈਚ 18 ਸਤੰਬਰ ਤੋਂ

ਬਠਿੰਡਾ, 17 ਅਗਸਤ - 18 ਸਤੰਬਰ ਤੋਂ 22 ਤੱਕ ਇਰਾਨ- ਭਾਰਤ ਨੈਸ਼ਨਲ ਤੇ ਸਰਕਲ ਸਟਾਈਲ ਕਬੱਡੀ ਮੈਚ ਪੰਜਾਬ ਵਿਚ ਕਰਵਾਏ ਜਾਣਗੇ। ਇਰਾਨ ਤੇ ਭਾਰਤ ਦੀਆਂ ਟੀਮਾਂ ਦੇ ਤਿੰਨ ਮੈਚ ਸਤੰਬਰ ਮਹੀਨੇ ਕਰਵਾਏ ਜਾ ਰਹੇ ਹਨ। ਜਿਸ ਵਿਚ ਪਹਿਲਾ ਮੈਚ 19 ਸਤੰਬਰ ਨੂੰ ਬਠਿੰਡਾ, 20 ਸਤੰਬਰ ਨੂੰ ਲੁਧਿਆਣਾ ਅਤੇ ਤੀਜਾ ਮੈਚ 22 ਸਤੰਬਰ ਨੂੰ ਫਰੀਦਕੋਟ ਵਿਖੇ ਕਰਵਾਇਆ ਜਾਵੇਗਾ। ਭਾਰਤ ਵੱਲੋਂ ਖੇਡਣ ਵਾਲੀ ਟੀਮ ਦੀ ਚੋਣ ਲਈ ਟਰਾਇਲ 11 ਸਤੰਬਰ ਨੂੰ ਗੁਰੂ ਨਾਨਕ ਕਾਲਜ ਮੋਗਾ ਵਿਖੇ ਸਵੇਰੇ 10 ਵਜੇ ਕਰਵਾਏ ਜਾਣਗੇ। ਚੁਣੀ ਗਈ ਟੀਮ ਇਟਲੀ ਅਤੇ ਪਾਕਿਸਤਾਨ ਵਿਖੇ ਹੋਣ ਵਾਲੇ ਮੈਚ ਵੀ ਖੇਡੇਗੀ। 'ਕਬੱਡੀ ਕੌਮਾਂਤਰੀ ਕੱਪ' ਜਿਸ ਦਾ ਪਹਿਲਾ ਇਨਾਮ ਇਕ ਕਰੋੜ, ਦੂਜਾ ਇਨਾਮ 51 ਲੱਖ ਅਤੇ ਤੀਜਾ ਇਨਾਮ 25 ਲੱਖ ਦਾ ਹੋਵੇਗਾ। ਪੰਜਾਬ ਸਰਕਾਰ ਨਾਲ ਸਲਾਹ ਮਸ਼ਵਰਾ ਕਰਕੇ ਇਸ ਸਾਲ ਨਵੰਬਰ ਦੇ ਅਖੀਰ ਵਿਚ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਸਟੇਟ ਕਬੱਡੀ ਸੀਨੀਅਰ ਤੇ ਜੂਨੀਅਰ ਚੈਂਪੀਅਨਸ਼ਿਪ ਨੈਸ਼ਨਲ ਤੇ ਸਰਕਲ ਸਟਾਈਲ ਲੜਕੇ ਲੜਕੀਆਂ ਅਕਤੂਬਰ ਤੇ ਨਵੰਬਰ ਮਹੀਨੇ ਦੌਰਾਨ ਕਰਵਾਈ ਜਾਵੇਗੀ। ਜੂਨੀਅਰ ਚੈਂਪੀਅਨਸ਼ਿਪ 23 ਤੋਂ 25 ਅਕਤੂਬਰ ਤੱਕ ਬਠਿੰਡਾ ਵਿਖੇ ਅਤੇ ਸੀਨੀਅਰ ਚੈਂਪੀਅਨਸ਼ਿਪ 20 ਤੋਂ 22 ਨਵੰਬਰ ਤੱਕ ਲੁਧਿਆਣਾ ਵਿਖੇ ਹੋਵੇਗੀ। ਅਕੈਡਮੀਆਂ ਦੇ ਮੈਚਾਂ ਦੀ ਸ਼ੁਰੂਆਤ ਸਤੰਬਰ 'ਚ ਬਾਬਾ ਫਰੀਦ ਮੇਲਾ ਫਰੀਦਕੋਟ ਤੋਂ ਕੀਤੀ ਜਾਵੇਗੀ। ਜਿਹੜੀਆਂ ਅਕੈਡਮੀਆਂ ਪੰਜਾਬ ਕਬੱਡੀ ਐਸੋਸੀਏਸ਼ਨ ਨਾਲ ਸਬੰਧਿਤ ਹੋਣਾ ਚਾਹੁੰਦੀਆਂ ਹਨ, ਉਹ 15 ਸਤੰਬਰ ਤੱਕ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਸਕੱਤਰਾਂ ਨਾਲ ਸੰਪਰਕ ਕਰਕੇ ਰਜਿਸਟਰਡ ਹੋ ਸਕਦੀਆਂ ਹਨ।

ਭਾਰਤੀ ਕ੍ਰਿਕਟ ਬੋਰਡ ਦਾ ਸਾਲਾਨਾ ਆਮ ਇਜਲਾਸ 24 ਸਤੰਬਰ ਨੂੰ

ਮੁੰਬਈ, 17 ਅਗਸਤ - ਮੁੰਬਈ ਵਿਖੇ 24 ਸਤੰਬਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ 80ਵਾਂ ਸਾਲਾਨਾ ਆਮ ਇਜਲਾਸ ਕਰਵਾਇਆ ਜਾ ਰਿਹਾ ਹੈ। ਬੋਰਡ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਇਜਲਾਸ ਦੌਰਾਨ ਕੋਈ ਚੋਣ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੈ। ਜਾਣਕਾਰੀ ਅਨੁਸਾਰ ਬੋਰਡ ਦੇ ਅਗਲੇ ਪ੍ਰਧਾਨ ਦੀ ਚੋਣ ਅਗਲੇ ਸਾਲ ਦੇ ਆਮ ਇਜਲਾਸ 'ਚ ਕੀਤੀ ਜਾਵੇਗੀ। ਮੌਜੂਦਾ ਪ੍ਰਧਾਨ ਸਸ਼ਾਂਕ ਮਨੋਹਰ ਦੀ ਪ੍ਰਧਾਨਗੀ ਸਤੰਬਰ 2011 ਤੱਕ ਹੈ।

 ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ਦਾ ਐਲਾਨ

ਚੇਨਈ, 16 ਅਗਸਤ - ਚੈਂਪੀਅਨਜ਼ ਟਰਾਫੀ ਅਤੇ ਸ੍ਰੀਲੰਕਾ ਦੌਰੇ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ। ਟੀਮ 'ਚ ਲਗਭਗ ਦੋ ਸਾਲ ਬਾਅਦ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਦੀ ਵਾਪਸੀ ਹੋਈ ਹੈ। ਇਸ ਤੋਂ ਇਲਾਵਾ ਸਚਿਨ ਤੇਂਦੁਲਕਰ ਨੇ ਵੀ ਛੇ ਮਹੀਨੇ ਬਾਅਦ ਇਕ ਦਿਨਾ ਟੀਮ 'ਚ ਵਾਪਸੀ ਕੀਤੀ ਹੈ। ਸਥਾਨਕ ਕ੍ਰਿਕਟ ਸਟੇਡੀਅਮ ਵਿਖੇ ਹੋਈ ਚੋਣ ਕਮੇਟੀ ਦੀ ਮੀਟਿੰਗ ਇਸ ਟੀਮ ਦੀ ਚੋਣ ਕੀਤੀ ਗਈ। ਟੀਮ 'ਚ 8 ਬੱਲੇਬਾਜ਼, ਚਾਰ ਤੇਂਜ ਗੇਂਦਬਾਜ਼, ਦੋ ਫਿਰਕੀ ਗੇਂਦਬਾਜ਼ ਅਤੇ ਇਕ ਹਰਫਨਮੌਲਾ ਖਿਡਾਰੀ ਯੂਸਫ ਪਠਾਨ ਨੂੰ ਸ਼ਾਮਿਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ 8 ਸਤੰਬਰ ਤੋਂ 14 ਸਤੰਬਰ ਤੱਕ ਤਿਕੋਣੀ ਲੜੀ ਲਈ ਸ੍ਰੀਲੰਕਾ ਦਾ ਦੌਰਾ ਕਰਨਾ ਹੈ ਜਦਕਿ 22 ਸਤੰਬਰ ਤੋਂ 5 ਅਕਤੂਬਰ ਤੱਕ ਚੈਂਪੀਅਨਜ਼ ਟਰਾਫੀ 'ਚ ਭਾਗ ਲੈਣਾ ਹੈ। ਚੁਣੀ ਗਈ 'ਚ ਦੀਵਾਰ ਦੇ ਨਾਮ ਨਾਲ ਮਸ਼ਹੂਰ ਦ੍ਰਾਵਿੜ ਨੇ ਲੰਮੇ ਸਮੇਂ ਬਾਅਦ ਇਕ ਦਿਨਾ ਟੀਮ 'ਚ ਵਾਪਸੀ ਕੀਤੀ ਹੈ। ਉਸਨੇ 2007 'ਚ ਆਖਰੀ ਵਾਰ ਕੋਈ ਅੰਤਰਰਾਸ਼ਟਰੀ ਇਕ ਦਿਨਾ ਮੈਚ ਖੇਡਿਆ ਸੀ। ਦ੍ਰਾਵਿੜ ਦੀ ਵਾਪਸੀ ਨਾਲ ਟੀਮ ਦੇ ਮੱਧਕ੍ਰਮ 'ਚ ਮਜਬੂਤੀ ਆਉਣ ਦੀ ਉਮੀਦ ਹੈ। ਚੁਣੀ ਗਈ ਟੀਮ ਇਸ ਪ੍ਰਕਾਰ ਹੈ-ਮਹਿੰਦਰ ਸਿੰਘ ਧੋਨੀ (ਕਪਤਾਨ), ਯੁਵਰਾਜ ਸਿੰਘ (ਉੱਪ-ਕਪਤਾਨ), ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਗੌਤਮ ਗੰਭੀਰ, ਸੁਰੇਸ਼ ਰੈਨਾ, ਦਿਨੇਸ਼ ਕਾਰਤਿਕ, ਯੂਸਫ਼ ਪਠਾਨ, ਅਸ਼ੀਸ਼ ਨੇਹਰਾ, ਇਸ਼ਾਂਤ ਸ਼ਰਮਾ, ਪ੍ਰਵੀਨ ਕੁਮਾਰ, ਆਰ. ਪੀ. ਸਿੰਘ, ਹਰਭਜਨ ਸਿੰਘ, ਅਮਿਤ ਮਿਸ਼ਰਾ ਅਤੇ ਅਭਿਸ਼ੇਕ ਨਾਇਰ।

ਦੋਸਾਂਝ ਕਲਾਂ ਵਿਖੇ ਖੇਡ ਮੇਲਾ ਸ਼ੁਰੂ

ਜਲੰਧਰ, 16 ਅਗਸਤ - ਬਲਾਕ ਪੱਧਰ ਦਾ ਟੂਰਨਾਮੈਂਟ ਗੁਰੂ ਹਰਿ ਰਾਇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਜਾਰਿਹਾ ਹੈ। ਹੋਇਆ। ਪਹਿਲੇ ਦਿਨ ਦੇ ਨਤੀਜੇ ਇਸ ਪ੍ਰਕਾਰ ਰਹੇ। ਇਸ ਵਿਚ ਦੁਸਾਂਝ ਕਲਾਂ ਦੀ ਲੜਕੀਆਂ ਦੀ ਟੀਮ ਨੇ ਲੇਹਲ ਕਲਾਂ ਅਤੇ ਸਰਹਾਲ ਮੁੰਡੀ ਨੇ ਲਾਦੀਆਂ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਕਬੱਡੀ ਵਿਚ ਦੁਸਾਂਝ ਕਲਾਂ ਨੇ ਸਰਹਾਲ ਮੁੰਡੀ ਨੂੰ ਹਰਾਇਆ। ਵਾਲੀਬਾਲ ਵਿਚ ਵਿਰਕਾਂ ਨੇ ਲਾਂਧੜਾ ਨੂੰ ਹਰਾਇਆ। ਭਾਰ ਤੋਲਨ ਵਿਚ 77 ਕਿਲੋ ਵਰਗ ਸੁਖਦੀਪ ਸਿੰਘ ਬੜਾ ਪਿੰਡ ਪਹਿਲਾ ਅਤੇ ਅਮਰਦੀਪ ਸਿੰਘ ਸੈਕਿੰਡ, 94 ਵਰਗ ਵਿਚ ਨਵਦੀਪ ਸਿੰਘ ਬੜਾ ਪਿੰਡ ਫਸਟ ਅਤੇ ਪ੍ਰਦੀਪ ਸਿੰਘ ਸੈਕਿੰਡ, 50 ਕਿਲੋ ਵਿਚ ਜਸਕਰਨ ਸਿੰਘ ਫਸਟ ਤੇ ਗਗਨਦੀਪ ਸਿੰਘ ਸੈਕਿੰਡ, 56 ਕਿਲੋ ਵਿਚ ਨਵਪ੍ਰੀਤ ਸਿੰਘ ਫਸਟ, 62 ਕਿਲੋ ਵਿਚ ਫਿਰੋਜ਼ ਖਾਨ ਫਸਟ, ਕੁਲਵੀਰ ਸੈਕਿੰਡ, 69 ਕਿਲੋ ਵਿਚ ਮਨਪ੍ਰੀਤ ਫਸਟ ਓਵਰਆਲ ਬੜਾ ਪਿੰਡ ਦੀ ਝੰਡ ਰਹੀ। ਖੋ-ਖੋ ਦੇ ਨਤੀਜੇ ਇਸ ਪ੍ਰਕਾਰ ਰਹੇ। ਲੜਕੇ ਵਰਗ ਵਿਚ ਚੱਕ ਦੇਸ ਰਾਜ ਨੇ ਪੱਦੀ ਜਗੀਰ ਨੂੰ 5 ਦੇ ਮੁਕਾਬਲੇ 9 ਅੰਕਾਂ ਨਾਲ ਹਰਾਇਆ। ਨਗਰ ਨੇ ਸਪੋਰਟਸ ਕਲੱਬ ਗੁੜਾ ਨੂੰ 5 ਦੇ ਮੁਕਾਬਲੇ 6 ਅੰਕਾਂ ਨਾਲ ਹਰਾਇਆ। ਲੜਕੀਆਂ ਦੇ ਵਰਗ ਵਿਚ ਸਪੋਰਟਸ ਕਲੱਬ ਗੁੜਾ ਨੇ ਚੀਮਾ ਖੁਰਦ ਨੂੰ ਅਤੇ ਪੱਦੀ ਜਗੀਰ ਨੂੰ ਚੱਕ ਦੇਸ ਰਾਜ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ ਮੁਕਾਬਲੇ 'ਚ 6 ਮੈਂਬਰੀ ਭਾਰਤੀ ਟੀਮ ਨੇ ਆਲ ਸਟਾਰਜ਼ ਟੀਮ ਨੂੰ 4 ਦੌੜਾਂ ਨਾਲ ਹਰਾਇਆ। ਜ਼ਿਕਰਯੋਗ ਹੈ ਕਿ ਇਹ ਮੁਕਾਬਲਾ ਆਜ਼ਾਦੀ ਦਿਵਸ ਸੰਬੰਧੀ ਇੰਡੀਅਨ ਸਪੋਰਟਸ ਟੂਰਿਜ਼ਮ ਕੰਪਨੀ ਬਿਉਂਡ ਬਾਊਂਡਰੀਜ਼ ਨੇ ਸਪਾਂਸਰ ਕੀਤਾ ਸੀ ਅਤੇ ਇਹ 11333 ਫੁੱਟ ਉੱਚਾਈ 'ਤੇ ਜੁੰਗ ਫਰੂ ਪਹਾੜੀ 'ਤੇ ਖੇਡਿਆ ਗਿਆ।

ਵਿਸ਼ਵ ਹਾਕੀ ਕੱਪ ਮੁਕਾਬਲਾ 12 ਮਾਰਚ ਤੋਂ 25 ਅਪ੍ਰੈਲ ਤੱਕ

ਜਲੰਧਰ, 16 ਅਗਸਤ - ਵਿਸ਼ਵ ਹਾਕੀ ਕੱਪ 7 ਤੋਂ 20 ਮਾਰਚ 2009 ਤੱਕ ਕਰਵਾਇਆ ਜਾਣਾ ਸੀ ਪਰ ਹੁਣ 12 ਮਾਰਚ ਤੋਂ 25 ਅਪ੍ਰੈਲ ਤੱਕ ਕਰਵਾਇਆ ਜਾ ਰਿਹਾ ਹੈ। ਜੈਂਟਲਮੈਨਾਂ ਦੀ ਖੇਡ ਕ੍ਰਿਕਟ ਨੇ ਹਮੇਸ਼ਾ ਹੀ ਵਿਸ਼ਵ ਦੀਆਂ ਬਾਕੀ ਖੇਡਾਂ ਨੂੰ ਆਪਣੇ ਤੋਂ ਹੇਠਾਂ ਸਮਝਿਆ ਹੈ। ਵਿਸ਼ਵ ਹਾਕੀ ਕੱਪ 7 ਤੋਂ 20 ਮਾਰਚ 2009 ਤੱਕ ਕਰਵਾਇਆ ਜਾਣਾ ਸੀ ਪਰ 12 ਮਾਰਚ ਤੋਂ 25 ਅਪ੍ਰੈਲ ਤੱਕ ਕਰਵਾਏ ਜਾ ਰਹੇ ਆਈ ਪੀ ਐਲ 3 ਦੇ ਮੈਚ ਕਾਰਨ, ਕੌਮਾਂਤਰੀ ਹਾਕੀ ਫੈਡਰੇਸ਼ਨ ਨੇ ਇਸ ਵਿਸ਼ਵ ਹਾਕੀ ਕੱਪ ਨੂੰ ਇਕ ਹਫ਼ਤਾ ਪਹਿਲੇ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤਬਦੀਲੀ ਦਾ ਸੰਕੇਤ ਹਾਕੀ ਇੰਡੀਆ ਦੇ ਪ੍ਰਧਾਨ ਏ. ਕੇ. ਮੱਟੂ ਨੇ ਵੀ ਦਿੱਤਾ, ਕਿਉਂਕਿ 13 ਮਾਰਚ ਨੂੰ ਆਈ ਪੀ ਐਲ ਦੇ ਦੋ ਮੈਚ ਕਰਵਾਏ ਜਾ ਸਕਦੇ ਹਨ। ਹਾਕੀ ਉਲੰਪੀਅਨ ਨੇ ਫੈਡਰੇਸ਼ਨ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਇਕ ਘਰੇਲੂ ਟੂਰਨਾਮੈਂਟ ਹੈ ਤੇ ਇਸ ਦੇ ਮੁਕਾਬਲੇ ਵਿਸ਼ਵ ਹਾਕੀ ਕੱਪ ਉਲੰਪਿਕ ਖੇਡਾਂ ਤੋਂ ਬਾਅਦ ਸਭ ਤੋਂ ਵੱਡਾ ਟੂਰਨਾਮੈਂਟ ਹੈ। ਇਸ ਦੇ ਸ਼ਡਿਊਲ ਵਿਚ ਕਿਸੇ ਦਬਾਅ ਦੇ ਵਿਚ ਆ ਕੇ ਤਬਦੀਲੀ ਕਰਨਾ ਬਹੁਤ ਹੀ ਗ਼ਲਤ ਹੈ, ਕਿਉਂਕਿ ਵਿਸ਼ਵ ਹਾਕੀ ਕੱਪ ਦੀਆਂ ਤਰੀਕਾਂ ਦਾ ਐਲਾਨ ਹੀ ਕਰ ਦਿੱਤਾ ਗਿਆ ਸੀ, ਲੇਕਿਨ ਇਸ ਕਰਕੇ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਤਰੀਕਾਂ ਨੂੰ ਅੱਗੇ ਪਾਉਣਾ ਚਾਹੀਦਾ ਸੀ ਨਾ ਕਿ ਹਾਕੀ ਕੱਪ ਦੀਆਂ ਤਰੀਕਾਂ 'ਚ ਤਬਦੀਲੀ ਕਰਨੀ ਚਾਹੀਦੀ ਸੀ।

ਬੈਡਮਿੰਟਨ ਚੈਂਪੀਅਨਸ਼ਿਪ ਸਮਾਪਤ

ਜਲੰਧਰ, 16 ਅਗਸਤ - ਬੈਡਮਿੰਟਨ ਚੈਂਪੀਅਨਸ਼ਿਪ ਜੋ ਕਿ ਜਲੰਧਰ ਦੇ ਹੰਸ ਰਾਜ ਸਟੇਡੀਅਮ 'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਮਰਦਾਂ ਦੇ ਸਿੰਗਲ ਵਰਗ 'ਚ ਨਵਦੀਪ ਸਿੰਘ ਨੇ ਪਹਿਲਾ, ਉਪਿੰਦਰਪਾਲ ਸਿੰਘ ਨੇ ਦੂਜਾ, ਅੰਡਰ 19 ਸਾਲ ਵਿਚੋਂ ਅਭਿਨਵ ਨੇ ਪਹਿਲਾ ਤੋ ਮੋਹਿਤ ਨੇ ਦੂਜਾ, ਅੰਡਰ 16 ਸਾਲ ਵਿਚੋਂ ਅਦਿੱਤਿਆ ਚੋਪੜਾ ਨੇ ਪਹਿਲਾ ਤੇ ਗੁਰਨੀਤ ਸਿੰਘ ਨੇ ਦੂਜਾ, ਅੰਡਰ 13 ਸਾਲ ਵਿਚੋਂ ਅਨੁਰਾਗ ਨੇ ਪਹਿਲਾ ਤੇ ਜਸਰਾਜ ਭਾਟੀਆ ਨੇ ਦੂਜਾ ਅੰਡਰ 10 ਸਾਲ ਵਰਗ ਵਿਚੋਂ ਅਨੁਭਵ ਵਰਮਾ ਨੇ ਪਹਿਲਾ ਤੇ ਸੋਮਿਨ ਨੇ ਦੂਜਾ ਸਥਾਨ ਹਾਸਿਲ ਕੀਤਾ। ਔਰਤਾਂ ਦੇ ਸਿੰਗਲ ਵਰਗ ਵਿਚੋਂ ਸ਼ਹਿਨਾਜ ਖਾਨ ਨੇ ਪਹਿਲਾ ਤੇ ਜਸਪ੍ਰੀਤ ਕੌਰ ਨੇ ਦੂਜਾ। ਅੰਡਰ 19 ਸਾਲ ਵਰਗ ਵਿਚੋਂ ਜਸਪ੍ਰੀਤ ਨੇ ਪਹਿਲਾ ਤੇ ਰੁਪਿੰਦਰ ਨੇ ਦੂਜਾ। ਅੰਡਰ 16 ਸਾਲ ਵਰਗ ਵਿਚੋਂ ਐਸ਼ਵਰਿਆ ਕਪੂਰ ਨੇ ਪਹਿਲਾ, ਸੁਮੇਧਾ ਅਗਰਵਾਲ ਨੇ ਦੂਜਾ, ਅੰਡਰ 13 ਸਾਲ ਵਰਗ ਵਿਚੋਂ ਤੁਸਤੀ ਗੁਪਤਾ ਨੇ ਪਹਿਲਾ ਤੇ ਇਸਤਾ ੁਬਾਹਰੀ ਨੇ ਦੂਜਾ। ਅੰਡਰ 10 ਸਾਲ ਵਰਗ ਵਿਚੋਂ ਗੁਰਪ੍ਰਿਆ ਪਸਰੀਚਾ ਨੇ ਪਹਿਲਾ ਤੇ ਹਪਨੀਤ ਨੇ ਦੂਜਾ ਸਥਾਨ ਹਾਸਿਲ ਕੀਤਾ। ਵੈਟਰਨ ਸਿੰਗਲ ਵਿਚੋਂ ਰਾਮ ਲਖਨ ਨੇ ਪਹਿਲਾ ਤੇ ਉਪਕਾਰ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ।

ਬੀ.ਐਸ.ਐਫ. 2-1 ਨਾਲ ਜੇਤੂ

ਜਲੰਧਰ, 16 ਅਗਸਤ - ਪੰਜਾਬ ਸੁਪਰ ਫੁੱਟਬਾਲ ਲੀਗ ਜੋ ਕਿ ਮਾਹਿਲਪੁਰ ਵਿਖੇ ਚੱਲ ਰਹੀ ਹੈ। ਖੇਡੇ ਗਏ ਮੈਚ ਵਿਚੋਂ ਬੀ.ਐਸ.ਐਫ ਨੇ ਹਰਭਜਨ ਸਪੋਰਟਸ ਕਲੱਬ ਮਾਹਿਲਪੁਰ ਨੂੰ 2-1 ਨਾਲ ਹਰਾ ਕੇ ਜਿੱਤ ਹਾਸਿਲ ਕੀਤੀ। ਜੇਤੂ ਟੀਮ ਵੱਲੋਂ ਪਹਿਲਾ ਗੋਲ 27ਵੇਂ ਮਿੰਟ 'ਚ ਸੰਤੋਸ਼ ਸੇਠੀ ਨੇ ਤੇ ਦੂਜਾ ਗੋਲ 83ਵੇਂ ਮਿੰਟ 'ਚ ਸੰਤੋਸ਼ ਨੇ ਕੀਤਾ। ਜਦਕਿ ਇਸ ਦੇ ਜਵਾਬ ਵਿਚ ਮਾਹਿਲਪੁਰ ਦੀ ਟੀਮ ਨੇ ਇਕਮਾਤਰ ਗੋਲ 89ਵੇਂ ਮਿੰਟ 'ਚ ਬਰਜਿੰਦਰ ਸਿੰਘ ਨੇ ਕੀਤਾ।

ਚੰਡੀਗੜ੍ਹ ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਝਾਰਖੰਡ ਦੇ ਮੁੰਡੇ ਤੇ ਕੇਰਲਾ ਦੀਆਂ ਕੁੜੀਆਂ ਦੀ ਸਰਦਾਰੀ

ਚੰਡੀਗੜ੍ਹ, 16 ਅਗਸਤ - ਛੇ ਰੋਜ਼ਾ ਚੰਡੀਗੜ੍ਹ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਦੇ ਮੁਕਾਬਲੇ ਸੈਕਟਰ-42 'ਚ ਪੈਂਦੇ ਸਪੋਰਟਸ ਕੰਪਲੈਕਸ ਵਿਚ ਕਰਵਾਏ ਗਏ। ਇਸ ਦੇ ਪੰਜਵੇਂ ਦਿਨ ਝਾਰਖੰਡ ਦੇ ਲੜਕਿਆਂ ਅਤੇ ਕੇਰਲਾ ਦੀਆਂ ਲੜਕੀਆਂ ਦੀ ਝੰਡੀ ਰਹੀ। 16 ਅਗਸਤ ਨੂੰ ਹੋਏ ਮੁਕਾਬਲਿਆਂ 'ਚ ਉਨ੍ਹਾਂ ਵਿਚ 75 ਕਿਲੋ ਭਾਰ (ਲੜਕੀਆਂ) ਵਿਚ ਪਹਿਲਾ ਸਥਾਨ ਕੇਰਲਾ, ਦੂਜਾ ਸਥਾਨ ਤਾਮਿਲਨਾਡੂ ਅਤੇ ਤੀਜਾ ਸਥਾਨ ਮਹਾਰਾਸ਼ਟਰ ਨੂੰ ਮਿਲਿਆ, ਜਦਕਿ 90 ਕਿਲੋ ਭਾਰ (ਲੜਕੀਆਂ) ਵਿਚ ਕੇਰਲ ਦੂਜੇ ਸਥਾਨ 'ਤੇ ਰਿਹਾ, ਮਹਾਰਾਸ਼ਟਰ ਤੀਜੇ ਸਥਾਨ 'ਤੇ ਅਤੇ ਪਹਿਲਾ ਸਥਾਨ ਪੱਛਮੀ ਬੰਗਾਲ ਨੂੰ ਮਿਲਿਆ। ਇਸੇ ਤਰ੍ਹਾਂ 100 ਕਿਲੋ ਭਾਰ ਲੜਕਿਆਂ ਵਿਚ ਪਹਿਲਾ ਸਥਾਨ ਝਾਰਖੰਡ ਨੂੰ, ਦੂਜਾ ਸਥਾਨ ਮੱਧ ਪ੍ਰਦੇਸ਼ ਨੂੰ ਅਤੇ ਤੀਜਾ ਸਥਾਨ ਕੇਰਲਾ ਨੇ ਜਿੱਤਿਆ ਅਤੇ 90 ਕਿਲੋ ਭਾਰ ਵਰਗ ਵਿਚ ਝਾਰਖੰਡ ਨੂੰ ਦੂਜਾ ਸਥਾਨ, ਹਰਿਆਣਾ ਨੂੰ ਤੀਜਾ ਸਥਾਨ ਅਤੇ ਪਹਿਲੇ ਸਥਾਨ 'ਤੇ ਪੱਛਮੀ ਬੰਗਾਲ ਰਿਹਾ। 90 ਕਿਲੋ ਓਪਨ ਵਿਚ ਵੀ ਝਾਰਖੰਡ ਤੀਜੇ ਸਥਾਨ ਦੀ ਬਾਜੀ ਮਾਰ ਗਿਆ, ਜਦਕਿ ਦੂਜੇ ਸਥਾਨ 'ਤੇ ਪੱਛਮੀ ਬੰਗਾਲ ਅਤੇ ਪਹਿਲੇ ਸਥਾਨ 'ਤੇ ਆਰ.ਐਸ.ਪੀ.ਬੀ. ਦੇ ਗੁਰਦੀਪ ਸਿੰਘ ਰਹੇ।

ਗੋਲਫਰ ਗਗਨਜੀਤ ਸਿੰਘ ਭੁੱਲਰ ਨੂੰ ਮਿਲਿਆ ਸਟੇਟ ਐਵਾਰਡ

ਫ਼ਿਰੋਜ਼ਪੁਰ, 15 ਅਗਸਤ - 63ਵੇਂ ਸੁਤੰਤਰਤਾ ਦਿਵਸ ਮੌਕੇ ਗੋਲਫ ਖੇਡ ਦੇ ਖੇਤਰ 'ਚ ਕੌਮਾਂਤਰੀ ਪੱਧਰ 'ਤੇ ਪ੍ਰਾਪਤੀਆਂ ਕਰਨ ਵਾਲੇ ਗਗਨਜੀਤ ਸਿੰਘ ਭੁੱਲਰ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਪ੍ਰੰਤੂ ਉਹ ਬਾਹਰ ਗਏ ਹੋਣ ਕਾਰਨ ਉਨ੍ਹਾਂ ਦਾ ਸਨਮਾਨ ਉਨ੍ਹਾਂ ਦੇ ਪਿਤਾ ਸ੍ਰੀ ਐਚ.ਐਸ. ਭੁੱਲਰ ਨੇ ਪ੍ਰਾਪਤ ਕੀਤਾ। ਗਗਨਜੀਤ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੰਡੀਲਾ ਵਿਖੇ ਸ੍ਰੀ ਐਚ.ਐਸ. ਭੁੱਲਰ ਦੇ ਗ੍ਰਹਿ ਵਿਖੇ ਹੋਇਆ। ਉਸ ਨੂੰ ਗੋਲਫ ਦੀ ਗੁੜਤੀ ਪਰਿਵਾਰ ਵਿਚੋਂ ਹੀ ਮਿਲੀ, ਜਦੋਂ ਉਹ ਚਾਰ ਸਾਲ ਦਾ ਸੀ ਤਾਂ ਆਪਣੇ ਪਿਤਾ ਪਾਸੋਂ ਗੋਲਫ ਦੇ ਗੁਰ ਸਿੱਖਣ ਲੱਗਾ। ਇੰਡੋਨੇਸ਼ੀਆ ਜੁਲਾਈ 2009 ਵਿਚੋਂ ਗੋਲਡ ਮੈਡਲਿਸਟ, ਬਰੁਨੇਈ ਓਪਨ ਗੋਲਡ ਕੱਪ ਸਿੰਘਾਪੁਰ 2009 ਵਿਚੋਂ ਸਿਲਵਰ ਮੈਡਲ, ਵਰਲਡ ਜੂਨੀਅਰ ਮਾਸਟਰ, ਚੈਂਪੀਅਨਸ਼ਿਪ ਥਾਈਲੈਂਡ 2005 ਵਿਚੋਂ ਗੋਲਡ ਮੈਡਲ, ਏਸ਼ੀਅਨ ਗੇਮਜ, ਦੋਹਾ (ਕਤਰ) 2006 ਵਿਚੋਂ ਸਿਲਵਰ ਮੈੜਲ ਗਗਨਜੀਤ ਸਿੰਘ ਨੇ ਪ੍ਰਾਪਤ ਕੀਤੇ ਹਨ। ਗਗਨਜੀਤ ਸਿੰਘ ਭੁੱਲਰ ਦੀਆਂ ਪ੍ਰਾਪਤੀਆਂ 'ਤੇ ਪੰਜਾਬ ਸਰਕਾਰ ਵੱਲੋਂ ਉਸ ਨੂੰ 63ਵੀਂ ਆਜ਼ਾਦੀ ਦਿਵਸ ਉਪਰ ਸਟੇਟ ਐਵਾਰਡ ਦੇ ਪ੍ਰਮਾਣ ਪੱਤਰ ਅਤੇ 11000 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਆ ਹੈ।

ਡਰੱਗ ਟੈਸਟ ਕਰਕੇ ਬੈਨ ਕੀਤੇ ਖਿਡਾਰੀ ਹੁਣ ਖੇਡ ਸਕਦੇ ਹਨ

ਜਲੰਧਰ, 15 ਅਗਸਤ -ਜਿਹੜੇ ਕਬੱਡੀ ਖਿਡਾਰੀ ਯੂਕੇ, ਕੈਨੇਡਾ ਵਿਖੇ ਡਰੱਗ ਟੈਸਟ ਕਰਕੇ ਬੈਨ ਕੀਤੇ ਗਏ ਸਨ, ਉਹ ਖਿਡਾਰੀ 15 ਅਗਸਤ ਤੋਂ ਭਾਰਤ ਦੇ ਵਿਚ ਕਬੱਡੀ ਮੈਚ ਖੇਡ ਸਕਣਗੇ ਤੇ ਇਸ ਤੋਂ ਇਲਾਵਾ ਇਨ੍ਹਾਂ ਨੂੰ ਵਿਦੇਸ਼ਾਂ ਵਿਚ ਖੇਡਣ ਲਈ ਪੰਜਾਬ ਕਬੱਡੀ ਐਂਡ ਕਲੱਬ ਐਸੋਸੀਏਸ਼ਨ ਤੇ ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਦੇ ਅਹੁਦੇਦਾਰਾਂ ਤੋਂ ਇਜਾਜ਼ਤ ਲੈਣੀ ਪਵੇਗੀ।

ਸਾਲਾਨਾ ਜੋੜ ਮੇਲਾ ਤੇ ਕਬੱਡੀ ਕੱਪ 19-20 ਅਗਸਤ ਨੂੰ

ਪਾਇਲ, 15 ਅਗਸਤ - ਸਾਲਾਨਾ ਜੋੜ ਮੇਲਾ ਤੇ ਕਬੱਡੀ ਕੱਪ ਬਾਬਾ ਸ਼ੀਹਾਂ ਸਿੰਘ ਗਿੱਲ ਝੱਲੀ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਿੱਧਸਰ ਸਾਹਿਬ ਵਿਖੇ 19-20 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਇਸ ਦਿਨ ਗਿੱਲ ਝੱਲੀ ਗੋਤਰ ਦੇ 32 ਪਿੰਡਾਂ ਦੇ ਲੋਕ ਆਪਣੇ ਸ਼ਹੀਦ ਬਾਬਾ ਸਿੰਘ ਗਿੱਲ ਝੱਲੀ ਦੇ ਪਵਿੱਤਰ ਅਸਥਾਨ ਨੂੰ ਨਤਮਸਤਕ ਕਰਨਗੇ। 21 ਅਗਸਤ ਨੂੰ ਇਲਾਕੇ ਦੇ ਸਹਿਯੋਗ ਅਤੇ ਵਿਦੇਸ਼ੀ ਪੰਜਾਬੀ ਭਾਈਚਾਰੇ ਦੇ ਸਹਿਯੋਗ ਸਦਕਾ ਦੀਵਾਨ ਹਾਲ ਦਾ ਨੀਂਹ ਪੱਥਰ ਰੱਖਿਆ ਜਾਵੇਗਾ।

ਸਿਆਟਲ ਦਾ ਅੰਤਰਰਾਸ਼ਟਰੀ ਖੇਡ ਮੇਲਾ

ਬੋਸਟਨ, 15 ਅਗਸਤ - ਅੰਤਰਰਾਸ਼ਟਰੀ ਪੱਧਰੀ ਖੇਡ ਮੇਲਾ 16 ਅਗਸਤ ਨੂੰ ਫਾਈਰ ਸਟਾਰ ਸਪੋਰਟਸ ਸਟੇਡੀਅਮ ਸਿਆਟਲ (ਨਾਰਥ ਅਮਰੀਕਾ) 'ਚ ਕਰਵਾਇਆ ਗਿਆ। ਇਸ ਵਾਰ ਇਸ ਖੇਡ ਮੇਲੇ ਵਿਚ ਕਬੱਡੀ ਤੋਂ ਇਲਾਵਾ ਫੁੱਟਬਾਲ, ਵਾਲੀਬਾਲ ਅਤੇ ਲੋਕਲ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਫੁੱਟਬਾਲ ਵਾਸਤੇ 6 ਟੀਮਾਂ ਜਿਸ ਵਿਚ ਅਮਰੀਕਾ, ਕੈਨੇਡਾ, ਮੈਕਸੀਕੋ, ਫ਼ਿਜੀ, ਰੋਮਾਨੀਆ ਤੇ ਭਾਰਤ ਹਿੱਸਾ ਲੈਣਗੇ, ਜਦਕਿ ਕਬੱਡੀ ਵਾਸਤੇ ਭਾਰਤ, ਅਮਰੀਕਾ ਅਤੇ ਕੈਨੇਡਾ ਦੀਆਂ ਟੀਮਾਂ ਹਿੱਸਾ ਲੈਣਗੀਆਂ, ਵਾਲੀਬਾਲ ਵਾਸਤੇ ਪਾਕਿਸਤਾਨ, ਰੂਸ, ਅਮਰੀਕਾ, ਕੈਨੇਡਾ, ਰੋਮਾਨੀਆ ਖੇਡਣਗੇ। ਟੂਰਨਾਮੈਂਟ ਦੌਰਾਨ ਲੋਕ ਗਾਇਕਾ ਮਿਸ ਪੂਜਾ, ਹਰਪਾਲ ਪ੍ਰੀਤ, ਰਾਏ ਜੁਝਾਰ, ਬੁੱਕਣ ਜੱਟ, ਸੁਖਵੰਤ ਸੁੱਖੀ, ਰਣਜੀਤ ਤੇਜ਼ੀ ਦਰਸ਼ਕਾਂ ਦਾ ਮਨੋਰਜਨ ਕਰਨਗੇ, ਜਦਕਿ ਟੂਰਨਾਮੈਂਟ ਦਾ ਉਦਘਾਟਨ ਅਮਰੀਕਾ ਦੇ ਉੱਘੇ ਵਪਾਰੀ ਡੇਵਿਡ ਮਲਿਕ ਕਰਨਗੇ। ਇਹ ਖੇਡ ਮੇਲਾ ਸਾਬਕਾ ਕਬੱਡੀ ਸਟਾਰ ਨਾਇਬ ਸਿੰਘ ਗਰੇਵਾਲ ਦੀ ਯਾਦ ਨੂੰ ਸਮਰਪਿਤ ਹੋਵੇਗਾ।

ਤਲਵੰਡੀ ਖੁਰਦ ਗੋਲਡ ਕਬੱਡੀ ਕੱਪ ਸ਼ੁਰੂ

ਸਵੱਦੀ ਕਲਾਂ, 12 ਅਗਸਤ - 12ਵਾਂ ਗੋਲਡ ਕਬੱਡੀ ਕੱਪ ਪਿੰਡ ਤਲਵੰਡੀ ਖੁਰਦ ਦੇ ਖੁੱਲ੍ਹੇ ਮੈਦਾਨਾਂ ਵਿਚ ਸ਼ੁਰੂ ਹੋ ਗਿਆ ਹੈ। ਇਹ ਕਬੱਡੀ ਕੱਪ ਭੂਰੀ ਵਾਲੇ ਸੰਪਰਦਾਇ ਦੇ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ 25ਵੀਂ ਬਰਸੀ ਨੂੰ ਸਮਰਪਿਤ ਹੈ। ਇਹ 12 ਤੋਂ 14 ਅਗਸਤ ਤੱਕ ਚਲੇਗਾ। ਇਸ ਦੇ ਪਹਿਲੇ ਦਿਨ ਕਬੱਡੀ 42 ਕਿਲੋ ਵਿਚ ਕੁਲ 50 ਟੀਮਾਂ ਦਾਖਲ ਹੋਈਆਂ, ਜਦਕਿ ਕਬੱਡੀ 57 ਕਿਲੋ ਭਾਰ ਵਰਗ ਵਿਚ ਕੁਲ 90 ਟੀਮਾਂ ਦਾਖਲ ਹੋਈਆਂ। ਉਦਘਾਟਨੀ ਮੈਚ ਕਬੱਡੀ 42 ਕਿਲੋ ਭਾਰ ਵਰਗ ਵਿਚ ਤਲਵੰਡੀ ਖੁਰਦ ਏ ਅਤੇ ਧੋਥੜ, ਕਬੱਡੀ 57 ਕਿਲੋ ਭਾਰ ਵਰਗ ਲਈ ਝਨੇਰ ਅਤੇ ਹਿੰਮਤਪੁਰਾ ਵਿਚਕਾਰ ਕਰਵਾਏ ਗਏ।

ਕੌਮੀ ਜੂਨੀਅਰ ਕ੍ਰਿਕਟ ਟੀਮ ਦੇ ਕੈਂਪ 'ਚ ਸ਼ਾਮਿਲ ਹੋਣ ਵਾਲੇ ਪੰਜਾਬੀ ਖਿਡਾਰੀ

ਪਟਿਆਲਾ, 12 ਅਗਸਤ - ਕੌਮੀ ਜੂਨੀਅਰ ਕ੍ਰਿਕਟ ਟੀਮ (ਅੰਡਰ-19) ਜੋ ਕਿ 17 ਅਗਸਤ ਨੂੰ ਕਰਵਾਈ ਜਾ ਰਹੀ ਹੈ। ਇਸ ਦਾ ਕੈਂਪ ਜੋ ਕਿ ਨੈਸ਼ਨਲ ਕ੍ਰਿਕਟ ਅਕੈਡਮੀ ਵਿਖੇ ਲਗਾਇਆ ਜਾ ਰਿਹਾ ਹੈ, ਉਸ ਦੇ ਲਈ ਪੰਜਾਬ ਦੇ ਪੰਜ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਜਿਨ੍ਹਾਂ ਵਿਚ ਪਟਿਆਲਾ ਦੇ ਤਿੰਨ ਚੰਡੀਗੜ੍ਹ ਤੇ ਜਲੰਧਰ ਦਾ ਇਕ-ਇਕ ਖਿਡਾਰੀ ਸ਼ਾਮਿਲ ਹਨ। ਇਸ ਦੇ ਨਾਲ ਹੀ ਪਟਿਆਲਵੀ ਕੋਚ ਮੁਨੀਸ਼ ਬਾਲੀ ਨੂੰ ਇਕ ਵਾਰ ਫਿਰ ਜੂਨੀਅਰ ਟੀਮ ਨੂੰ ਸਿਖਲਾਈ ਦੇਣ ਲਈ ਚੁਣਿਆ ਗਿਆ ਹੈ। ਕੋਚ ਮੁਨੀਸ਼ ਬਾਲੀ ਇਸ ਤੋਂ ਪਹਿਲਾ ਵੀ ਤਿੰਨ ਵਾਰ ਕੌਮੀ ਟੀਮ ਦਾ ਕੋਚ ਰਹਿ ਚੁੱਕਿਆ ਹੈ।

ਸਿਆਟਲ ਦਾ ਅੰਤਰਰਾਸ਼ਟਰੀ ਖੇਡ ਮੇਲਾ 16 ਅਗਸਤ ਨੂੰ

ਬੋਸਟਨ, 12 ਅਗਸਤ - ਅੰਤਰਰਾਸ਼ਟਰੀ ਪੱਧਰੀ ਖੇਡ ਮੇਲਾ 16 ਅਗਸਤ ਨੂੰ ਫਾਈਰ ਸਟਾਰ ਸਪੋਰਟਸ ਸਟੇਡੀਅਮ ਸਿਆਟਲ (ਨਾਰਥ ਅਮਰੀਕਾ) ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਵਾਰ ਇਸ ਖੇਡ ਮੇਲੇ ਵਿਚ ਕਬੱਡੀ ਤੋਂ ਇਲਾਵਾ ਫੁੱਟਬਾਲ, ਵਾਲੀਬਾਲ ਅਤੇ ਸਥਾਨਕ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ।

ਕਜ਼ਾਕ ਪ੍ਰਬੰਧਕਾਂ ਵੱਲੋਂ ਕੀਤੀ ਢਿੱਲਮੱਠ ਕਾਰਨ ਭਾਰਤੀ ਮੁੱਕੇਬਾਜ਼ੀ ਟੀਮ ਦਾ ਦੌਰਾ ਰੱਦ

ਪਟਿਆਲਾ, 11 ਅਗਸਤ - ਇਟਲੀ 'ਚ 10 ਅਗਸਤ ਨੂੰ ਵਿਸ਼ਵ ਮੁੱਕੇਬਾਜ਼ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਦੇ ਲਈ ਭਾਰਤੀ ਮੁੱਕੇਬਾਜ਼ੀ ਟੀਮ ਕਜ਼ਾਕਿਸਤਾਨ ਜਾਣਾ ਸੀ ਪਰ ਹੁਣ ਇਹ ਦੌਰਾ ਰੱਦ ਹੋ ਗਿਆ ਹੈ। ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਦੇ ਜਨਰਲ ਸਕੱਤਰ ਸ੍ਰੀ ਮੁਰਲੀਧਰਨ ਗਜਾ ਨੇ ਦੱਸਿਆ ਕਿ ਕਜ਼ਾਕਿਸਤਾਨ ਦੇ ਪ੍ਰਬੰਧਕਾਂ ਵੱਲੋਂ ਸਮੇਂ ਸਿਰ ਪੱਤਰ ਵਿਹਾਰ ਨਾ ਕਰਨ ਕਰਕੇ ਇਹ ਨੌਬਤ ਆਈ ਹੈ। ਉਨ੍ਹਾਂ ਦੱਸਿਆ ਕਿ ਕਜ਼ਾਕ ਪ੍ਰਬੰਧਕਾਂ ਵੱਲੋਂ ਕੀਤੀ ਢਿੱਲਮੱਠ ਕਾਰਨ ਸਾਡੇ ਮੁੱਕੇਬਾਜ਼ਾਂ ਦਾ ਸਮੇਂ ਸਿਰ ਵੀਜ਼ਾ ਨਹੀਂ ਲੱਗਿਆ, ਜਿਸ ਕਾਰਨ ਸਾਡੇ ਮੁੱਕੇਬਾਜ਼ ਇਸ ਟੂਰਨਾਮੈਂਟ ਤੇ ਸਿਖਲਾਈ ਅਭਿਆਨ ਤੋਂ ਖੁੰਝ ਗਏ। ਉਨ੍ਹਾਂ ਕਿਹਾ ਕਿ ਇਸ ਦੌਰੇ ਦੌਰਾਨ ਭਾਰਤੀ ਮੁੱਕੇਬਾਜ਼ ਨੇ ਕਜ਼ਾਕ ਮੁੱਕੇਬਾਜ਼ਾਂ ਨਾਲ ਅਭਿਆਸ ਕਰਨਾ ਸੀ ਅਤੇ ਫਿਰ ਮੁਕਾਬਲਿਆਂ 'ਚ ਹਿੱਸਾ ਲੈਣਾ ਸੀ, ਜਿਸ ਨਾਲ ਸਾਡੇ ਮੁੱਕੇਬਾਜ਼ਾਂ ਨੂੰ ਵਿਸ਼ਵ ਚੈਂਪੀਅਨਸ਼ਿਪ 'ਚ ਬਹੁਤ ਫਾਇਦਾ ਹੋਣਾ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਭਾਰਤੀ ਟੀਮ ਦਾ ਇੰਗਲੈਂਡ ਦੌਰਾ ਵੀ ਐਨ ਵਕਤ 'ਤੇ ਰੱਦ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਵੇਲੇ ਉਨ੍ਹਾਂ ਦਾ ਇਕੋ ਇਕ ਨਿਸ਼ਾਨਾ ਵਿਸ਼ਵ ਚੈਂਪੀਅਨਸ਼ਿਪ ਹੀ ਹੈ। ਉਸ ਤੋਂ ਪਹਿਲਾਂ ਹੁਣ ਭਾਰਤੀ ਟੀਮ ਕੋਈ ਵਿਦੇਸ਼ੀ ਦੌਰਾ ਨਹੀਂ ਕਰੇਗੀ। ਮੁੱਕੇਬਾਜ਼ ਕੈਂਪ 'ਚ ਹੀ ਪੂਰਾ ਜੰਮ ਕੇ ਅਭਿਆਸ ਕਰਨਗੇ।

ਰਾਹੁਲ ਅਵਾਰੇ ਨੇ ਚਾਂਦੀ ਦਾ ਅਤੇ ਨਵਜੋਤ ਕੌਰ ਨੇ ਕਾਂਸੀ ਦਾ ਤਗਮਾ ਜਿੱਤਿਆ

ਪਟਿਆਲਾ, 11 ਅਗਸਤ - ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਤੁਰਕੀ ਦੇ ਸ਼ਹਿਰ ਅੰਕਾਰਾ ਵਿਖੇ ਕਰਵਾਈ ਗਈ। ਇਸ ਕੁਸ਼ਤੀ ਚੈਂਪੀਅਨਸ਼ਿਪ ਦੇ ਫਰੀ ਸਟਾਈਲ ਵਰਗ 'ਚ ਭਾਰਤੀ ਪਹਿਲਵਾਨ ਰਾਹੁਲ ਅਵਾਰੇ ਨੇ 55 ਕਿਲੋ ਭਾਰ ਵਰਗ 'ਚ ਚਾਂਦੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਭਾਰਤ ਲਈ ਉਲੰਪਿਕ ਖੇਡਾਂ 'ਚ ਪਹਿਲੀ ਵਾਰ ਵਿਅਕਤੀਗਤ ਤੌਰ 'ਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਸ੍ਰੀ ਕੇ. ਡੀ. ਯਾਦਵ ਦੇ ਰਾਜ ਮਹਾਰਾਸ਼ਟਰ ਨਾਲ ਸਬੰਧਤ ਰਾਹੁਲ ਅਵਾਰੇ ਇਸ ਚੈਂਪੀਅਨਸ਼ਿਪ 'ਚ ਤਗਮਾ ਜਿੱਤਣ ਵਾਲਾ ਇਕਲੌਤਾ ਪੁਰਸ਼ ਪਹਿਲਵਾਨ ਹੈ। ਉਸ ਤੋਂ ਇਲਾਵਾ ਭਾਵੇਂ ਕੁਝ ਪਹਿਲਵਾਨਾਂ ਨੇ ਚੰਗੀ ਕਾਰਗੁਜ਼ਾਰੀ ਦਿਖਾਈ ਪਰ ਗ੍ਰੀਕੋ ਰੋਮਨ ਤੇ ਫਰੀ ਸਟਾਈਲ ਦੋਵਾਂ ਵਰਗਾਂ 'ਚ ਹੋਰ ਕੋਈ ਵੀ ਪਹਿਲਵਾਨ ਤਗਮੇ ਦੇ ਨੇੜੇ ਨਹੀਂ ਢੁਕ ਸਕਿਆ। ਉਧਰ ਮਹਿਲਾ ਵਰਗ 'ਚ ਪੰਜਾਬਣ ਮੁਟਿਆਰ ਨਵਜੋਤ ਕੌਰ ਨੇ ਫਰੀ ਸਟਾਈਲ ਵਰਗ 'ਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦੇ ਮਾਣ 'ਚ ਵਾਧਾ ਕੀਤਾ ਹੈ।

ਪੰਜਾਬ ਕੁਸ਼ਤੀ ਚੈਂਪੀਅਨਸ਼ਿਪ 28 ਤੋਂ

ਪਟਿਆਲਾ, 11 ਅਗਸਤ - ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬੱਬੇਹਾਲੀ 'ਚ ਸੀਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ 28-29 ਅਗਸਤ ਨੂੰ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ 'ਚ ਸਿਰਫ ਫਰੀ ਸਟਾਈਲ ਵਰਗ ਦੇ ਮੁਕਾਬਲੇ ਹੋਣਗੇ।

ਵਿਸ਼ਵ ਪੁਲੀਸ ਖੇਡਾਂ 'ਚ ਗੁਰਦਾਸਪੁਰ ਦਾ ਜਤਿੰਦਰ ਪਾਲ ਸਿੰਘ ਜੇਤੂ

ਜਲੰਧਰ, 11 ਅਗਸਤ - ਵਿਸ਼ਵ ਪੁਲੀਸ ਖੇਡਾਂ ਕੈਨੇਡਾ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਗੁਰਦਾਸਪੁਰ ਸ਼ਹਿਰ ਦੇ ਨੌਜਵਾਨ ਜੂਡੋ ਖਿਡਾਰੀ ਜਤਿੰਦਰ ਪਾਲ ਸਿੰਘ ਨੇ ਕਾਂਸੀ ਦਾ ਤਗਮਾ ਜਿੱਤ ਕਿ ਜਿੱਥੇ ਆਪਣੇ ਪੁਲਿਸ ਮਹਿਕਮੇ ਦਾ ਨਾਮ ਰੌਸ਼ਨ ਕੀਤਾ ਹੈ। ਉਥੇ ਗੁਰਦਾਸਪੁਰ ਜੂਡੋ ਕੋਚਿੰਗ ਸੈਂਟਰ ਦੇ ਨਾਂਅ ਨੂੰ ਚਾਰ ਚੰਨ ਲਾਏ ਹਨ। ਉਂਕਾਰ ਨਗਰ ਮੁਹੱਲੇ ਦੇ ਵਾਸੀ ਸ: ਜਗੀਰ ਸਿੰਘ ਪਹਿਲਵਾਨ ਦਾ ਇਹ ਹੋਣਹਾਰ ਦੁਲਾਰਾ ਅੱਜ ਕੱਲ੍ਹ ਸਪੋਰਟਸ ਸੈਂਟਰ ਜਲੰਧਰ ਵਿਖੇ ਤਾਇਨਾਤ ਹੈ। ਜਤਿੰਦਰ ਪਾਲ ਜੋਤੀ ਨੇ ਪਹਿਲਾਂ ਵੀ ਅੰਤਰਰਾਸ਼ਟਰੀ ਪੱਧਰ ਦੇ ਜੂਡੋ ਮੁਕਾਬਲਿਆਂ ਵਿਚ ਭਾਗ ਲੈ ਕੇ ਕਈ ਮੈਡਲ ਜਿੱਤੇ ਹਨ। ਉਸ ਨੇ ਏਸ਼ੀਅਨ ਕਰਾਸ ਜੂਡੋ ਚੈਂਪੀਅਨਸ਼ਿਪ ਵਿਚ ਮੈਡਲ ਜਿੱਤਿਆ ਸੀ।

21ਵੀਂ ਨਾਰਥ ਜ਼ੋਨ ਐਥਲੈਟਿਕਸ ਚੈਂਪੀਅਨਸ਼ਿਪ 'ਚ ਜਗਨੰਦਨੀ ਦਾ ਸੋਨ ਤਗਮੇ 'ਤੇ ਕਬਜ਼ਾ

ਬਠਿੰਡਾ, 11 ਅਗਸਤ - 21ਵੀਂ ਨਾਰਥ ਜ਼ੋਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਜੋ ਕਿ 2 ਅਗਸਤ ਨੂੰ ਦੇਹਰਾਦੂਨ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ 'ਚ ਬਠਿੰਡਾ ਦੀ ਖਿਡਾਰਨ ਜਗਨੰਦਨੀ ਨੇ 14 ਸਾਲ ਵਰਗ ਵਿਚ ਸੋਨੇ ਦਾ ਤਮਗਾ ਹੀ ਨਹੀਂ ਜਿੱਤਿਆ ਸਗੋਂ ਸੌ ਮੀਟਰ ਫਰਾਟਾ ਦੌੜ ਨੂੰ 14.71 ਸਕਿੰਟ ਵਿਚ ਪੂਰੀ ਕਰਕੇ ਇਕ ਨਵਾਂ ਰਿਕਾਰਡ ਵੀ ਕਾਇਮ ਕੀਤਾ ਹੈ। ਜਗਨੰਦਨੀ ਪੁੱਤਰ ਜੰਗਬਹਾਦਰ ਵਾਸੀ ਭਾਈ ਮਤੀਦਾਸ ਨਗਰ ਬਠਿੰਡਾ ਆਰਮੀ ਸਕੂਲ ਵਿਚ 7 ਜਮਾਤ ਦੀ ਵਿਦਿਆਰਥਣ ਹੈ। ਉਸ ਨੂੰ ਦੋ ਸਾਲਾਂ ਤੋਂ ਅਮਰੀਕ ਸਿੰਘ ਕੋਚ ਅਮੀਸ਼ਨ ਡਿੱਪੂ ਬਠਿੰਡਾ ਕੈਂਟ ਸਿਖਲਾਈ ਦੇ ਰਹੇ ਹਨ।

ਹੀਰੋ ਹਾਂਡਾ ਵਿਸ਼ਵ ਕੱਪ ਹਾਕੀ ਮੁਕਾਬਲੇ 7-20 ਮਾਰਚ ਦੀ ਥਾਂ 28 ਫਰਵਰੀ ਤੋਂ 13 ਮਾਰਚ ਤੱਕ

ਬੋਸਟਨ, 11 ਅਗਸਤ - ਕੌਮਾਂਤਰੀ ਹਾਕੀ ਸੰਘ ਦੇ ਮੀਡੀਆ ਕੋਆਰਡੀਨੇਟਰ ਅਰਜੈਨ ਰਾਉਸਨ ਨੇ ਦੱਸਿਆ ਕਿ ਹੀਰੋ ਹਾਂਡਾ ਵਿਸ਼ਵ ਕੱਪ ਹਾਕੀ ਮੁਕਾਬਲੇ ਜੋ ਕਿ 7 ਤੋਂ 20 ਮਾਰਚ ਤੱਕ ਭਾਰਤੀ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਕਰਵਾਏ ਜਾਣੇ ਸਨ ਉਹ ਹੁਣ ਅਗਲੇ ਵਰ੍ਹੇ 28 ਫਰਵਰੀ ਤੋਂ 13 ਮਾਰਚ ਤੱਕ ਨਵੀਂ ਦਿੱਲੀ ਦੇ ਨਹਿਰੂ ਸਟੇਡੀਅਮ ਵਿਖੇ ਕਰਵਾਏ ਜਾਣਗੇ। ਇਹ ਹਾਕੀ ਮੁਕਾਬਲੇ ਐਫ. ਆਈ. ਐਚ. ਵਲੋਂ ਕਰਵਾਏ ਜਾਣਗੇ। ਇਸ ਟੂਰਨਾਮੈਂਟ ਵਿਚ ਦੁਨੀਆ ਦੀਆਂ 12 ਨਾਮੀਂ ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ ਵਿਚ ਦੱਖਣੀ ਕੋਰੀਆ, ਦੱਖਣੀ ਅਫਰੀਕਾ, ਕੈਨੇਡਾ ਅਤੇ ਮੇਜ਼ਬਾਨ ਭਾਰਤ ਦੀ ਐਂਟਰੀ ਨਿਸ਼ਚਿਤ ਹੈ, ਜਦਕਿ ਬਾਕੀ 8 ਟੀਮਾਂ ਕੁਆਲੀਫਾਈ ਗੇੜ ਵਿਚੋਂ ਜੇਤੂ ਹੋ ਕੇ ਵਿਸ਼ਵ ਕੱਪ ਖੇਡਣ ਯੋਗ ਹੋਣਗੀਆਂ।

ਪਿੰਡ ਇਬਰਾਹੀਮਵਾਲ ਦੇ ਕੁਸ਼ਤੀ ਮੁਕਾਬਲੇ ਸਮਾਪਤ

ਨਡਾਲਾ, 9 ਅਗਸਤ - ਪਿੰਡ ਇਬਰਾਹੀਮਵਾਲ ਬੱਸ ਅੱਡੇ 'ਤੇ ਪਾਰਕ ਵਿਚ ਸ. ਧਿਆਨ ਸਿੰਘ ਵੱਲੋਂ ਕੁਸ਼ਤੀ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਰਵਾਇਤੀ ਪੇਂਡੂ ਖੇਡਾਂ ਤੋਂ ਬਿਨਾਂ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਅਖਾੜਿਆਂ ਦੇ ਪਹਿਲਵਾਨਾਂ ਦੇ ਫਸਵੇਂ ਭੇੜ ਹੋਏ ਤੇ ਅੰਤ ਪੰਮਾ ਡੇਰਾ ਬਾਬਾ ਨਾਨਕ ਤੇ ਬਿੱਕੀ ਬਿਸ਼ਨ ਪੁਰੀਆ ਵਿਚਕਾਰ ਪਟਕਾ ਜਿੱਤਣ ਲਈ ਭੇੜ ਹੋਇਆ। ਪੂਰਾ ਜ਼ੋਰ ਲਾ ਕੇ ਦੋਵੇਂ ਬਰਾਬਰ ਰਹੇ। ਦੋਹਾਂ ਨੂੰ 2 ਪਟਕੇ ਤੇ ਬਰਾਬਰ ਨਕਦ ਇਨਾਮ ਦਿੱਤਾ ਗਿਆ। ਇਸ ਤੇ ਦੂਸਰੇ ਨੰਬਰ ਲਈ ਗਿੰਦਰ ਮਾਛੀਵਾੜਾ ਨੇ ਬੁੱਧ ਸਿੰਘ ਨੂੰ ਤੀਜੇ ਅਤੇ ਤੀਜੇ ਨੰਬਰ ਲਈ ਕਮਲ ਹੁਸ਼ਿਆਰਪੁਰ ਤੇ ਹੈਪੀ ਹੁਸ਼ਿਆਰਪੁਰ ਵੀ ਬਰਾਬਰ ਰਹੇ। ਇਨ੍ਹਾਂ ਨੂੰ ਵੀ ਕ੍ਰਮਵਾਰ ਨਕਦ ਇਨਾਮ ਦਿੱਤੇ ਗਏ। ਕੁਮੈਂਟਰੀ ਦੀ ਸੇਵਾ ਮਧੂ ਕੁਸ਼ਤੀ ਕੋਚ ਫਗਵਾੜਾ ਤੇ ਕੁਲਵੰਤ ਸਿੰਘ ਮੌਜੀ ਨੇ ਨਿਭਾਈ।

12ਵਾਂ ਗੋਲਡ ਕਬੱਡੀ ਕੱਪ 12 ਤੋਂ

ਸਵੱਦੀ ਕਲਾਂ, 9 ਅਗਸਤ - 12ਵਾਂ ਗੋਲਡ ਕਬੱਡੀ ਕੱਪ ਜ਼ਿਲ੍ਹੇ ਦੇ ਸਿਰਕੱਢ ਪਿੰਡ ਤਲਵੰਡੀ ਖੁਰਦ 'ਚ 12 ਤੋਂ 14 ਅਗਸਤ ਤੱਕ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਖੇਡ ਮੇਲਾ ਸਵਾਮੀ ਗੰਗਾ ਨੰਦ ਜੀ ਭੂਰੀ ਵਾਲਿਆਂ ਦੀ 25ਵੀਂ ਬਰਸੀ ਨੂੰ ਸਮਰਪਿਤ ਹੋਵੇਗਾ।

ਭਾਰਤੀ ਮਹਿਲਾ ਮੁੱਕੇਬਾਜ਼ੀ ਲੈਸਰਾਮ ਸਰਿਤਾ ਦੇਵੀ ਜੇਤੂ

ਨਵੀਂ ਦਿੱਲੀ, 9 ਅਗਸਤ - ਵਿਸ਼ਵ ਪੁਲਿਸ ਐਂਡ ਫਾਇਰ ਖੇਡਾਂ ਜੋ ਕਿ ਕੈਨੇਡਾ ਦੇ ਸ਼ਹਿਰ ਬ੍ਰਿਟਿਸ਼ ਕੋਲੰਬੀਆ ਵਿਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ 'ਚ ਭਾਰਤ ਦੀ ਮਹਿਲਾ ਮੁੱਕੇਬਾਜ਼ ਲੈਸਰਾਮ ਸਰਿਤਾ ਦੇਵੀ ਨੇ ਸੋਨ ਤਗਮਾ ਹਾਸਲ ਕੀਤਾ। ਸਰਿਤਾ ਦੇਵੀ ਨੇ 57 ਕਿਲੋਗ੍ਰਾਮ ਭਾਰ ਵਰਗ ਵਿਚ ਕੈਨੇਡਾ ਦੀ ਮੁੱਕੇਬਾਜ਼ ਵੈਬ ਹੈਲੇ ਨੂੰ ਹਰਾਇਆ। ਸਰਿਤਾ ਇਸ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਵਾਲੀ ਇਕੋ-ਇਕ ਭਾਰਤੀ ਮੁੱਕੇਬਾਜ਼ ਹੈ। ਉਹ ਮਣੀਪੁਰ ਪੁਲਿਸ 'ਚ ਨਿਰੀਖਕ ਦੇ ਅਹੁਦੇ 'ਤੇ ਤਾਇਨਾਤ ਹੈ।

ਮਾਕਾ ਟਰਾਫੀ ਦੀ ਦਾਅਵੇਦਾਰੀ 'ਚ ਸ਼ਾਮਿਲ ਹੋਣ ਵਾਲੀਆਂ 11 ਚੋਟੀ ਦੀਆਂ ਯੂਨੀਵਰਸਿਟੀਆਂ

ਪਟਿਆਲਾ, 9 ਅਗਸਤ - ਖੇਡਾਂ ਦੇ ਖੇਤਰ 'ਚ ਜਿਹੜੀ ਯੂਨੀਵਰਸਿਟੀ ਸਾਲ 'ਚ ਦੇਸ਼ ਭਰ 'ਚੋਂ ਅੱਵਲ ਰਹਿੰਦੀ ਹੈ, ਉਸ ਨੂੰ ਵੱਕਾਰੀ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫ਼ੀ ਦਿੱਤੀ ਜਾਂਦੀ ਹੈ। ਇਸ ਟਰਾਫ਼ੀ 2007-08 ਨੂੰ ਜਿੱਤਣ ਲਈ ਦੇਸ਼ ਦੀਆਂ ਚੋਟੀ ਦੀਆਂ 11 ਯੂਨੀਵਰਸਿਟੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ, ਜਿਨ੍ਹਾਂ 'ਚੋਂ ਜੇਤੂ 'ਵਰਸਿਟੀ ਦਾ ਫੈਸਲਾ ਇਸੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਇਸ ਵਾਰ ਮਾਕਾ ਟਰਾਫੀ ਦੀ ਦਾਅਵੇਦਾਰੀ ਲਈ ਕੇਂਦਰੀ ਖੇਡ ਮੰਤਰਾਲੇ ਦੇ ਨਵੇਂ ਨਿਯਮਾਂ ਅਨੁਸਾਰ ਖੁੱਲ੍ਹੇ ਰੂਪ ਵਿਚ ਸਭ ਯੂਨੀਵਰਸਿਟੀਆਂ ਨੇ ਆਪੋ-ਆਪਣਾ ਲੇਖਾ-ਜੋਖਾ ਪੇਸ਼ ਕੀਤਾ। ਵੱਖ-ਵੱਖ 'ਵਰਸਿਟੀਆਂ ਦੁਆਰਾ ਆਪਣੀਆਂ ਕੌਮਾਂਤਰੀ, ਕੌਮੀ ਤੇ ਕੁਲ ਹਿੰਦ ਅੰਤਰ 'ਵਰਸਿਟੀ ਮੁਕਾਬਲਿਆਂ 'ਚ ਕੀਤੀਆਂ ਪ੍ਰਾਪਤੀਆਂ 'ਤੇ ਆਧਾਰਿਤ ਮਾਕਾ ਟਰਾਫੀ ਲਈ ਜੋ ਵੇਰਵੇ ਪੇਸ਼ ਕੀਤੇ ਜਾਂਦੇ ਹਨ, ਉਨ੍ਹਾਂ ਦੀ ਚਾਰ ਮੈਂਬਰੀ ਕਮੇਟੀ ਜਾਂਚ-ਪੜਤਾਲ ਕਰਦੀ ਹੈ। ਜਿਸ ਵਿਚ ਭਾਰਤੀ ਖੇਡ ਮੰਤਰਾਲੇ ਦੇ ਨੁਮਾਇੰਦੇ ਸ੍ਰੀ ਸੀ. ਚਿਨੱਪਾ, ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਨੁਮਾਇੰਦੇ ਸ੍ਰੀ ਐਸ. ਐਸ. ਰਾਇ, ਐਸੋਸੀਏਸ਼ਨ ਆਫ਼ ਇੰਡੀਆ ਯੂਨੀਵਰਸਿਟੀਜ਼ ਦੇ ਪ੍ਰਤੀਨਿਧ ਵਜੋਂ ਸਕੱਤਰ ਜਨਰਲ ਡਾ: ਵੀਨਾ ਸ਼ਾਹ ਅਤੇ ਭਾਰਤੀ ਖੇਡ ਜਥੇਬੰਦੀਆਂ ਦੇ ਨੁਮਾਇੰਦੇ ਏ.ਐਸ.ਵੀ. ਪ੍ਰਸ਼ਾਦ 'ਤੇ ਆਧਾਰਿਤ ਕਮੇਟੀ ਅੱਗੇ ਦੇਸ਼ ਦੀਆਂ ਨਾਮਵਰ ਯੂਨੀਵਰਸਿਟੀਆਂ ਦੇ ਖੇਡ ਪ੍ਰਬੰਧਕਾਂ ਨੇ ਆਪੋ ਆਪਣੀ ਦਾਅਵੇਦਾਰ ਖੁੱਲ੍ਹੇ ਰੂਪ ਵਿਚ ਪੇਸ਼ ਕੀਤੀ। 2007-08 ਦੀ ਮਾਕਾ ਟਰਾਫੀ ਲਈ ਜਿਨ੍ਹਾਂ ਯੂਨੀਵਰਸਿਟੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਉਨ੍ਹਾਂ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ, ਐਮ.ਡੀ. ਯੂਨੀਵਰਸਿਟੀ ਰੋਹਤਕ, ਦਿੱਲੀ ਯੂਨੀਵਰਸਿਟੀ, ਕੁਰੂਕਸ਼ੇਤਰ 'ਵਰਸਿਟੀ, ਮੁੰਬਈ 'ਵਰਸਿਟੀ, ਕਾਲੀਕਟ ਯੂਨੀਵਰਸਿਟੀ, ਕੋਲਕਾਤਾ ਯੂਨੀਵਰਸਿਟੀ ਤੇ ਮਦਰਾਸ ਯੂਨੀਵਰਸਿਟੀ ਚੇਨਈ ਨੇ ਮਾਕਾ ਟਰਾਫੀ 'ਤੇ ਆਪੋ ਆਪਣਾ ਹੱਕ ਜਿਤਾਇਆ। ਇਸ ਵਾਰ ਮੁੱਖ ਰੂਪ ਵਿਚ ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਵਰਸਿਟੀ ਪੰਜਾਬ ਯੂਨੀਵਰਸਿਟੀ, ਦਿੱਲੀ ਵਰਸਿਟੀ ਤੇ ਕੁਰੂਕਸ਼ੇਤਰ ਵਰਸਿਟੀ ਦਰਮਿਆਨ ਮੁਕਾਬਲਾ ਹੈ। ਜਦੋਂ ਕਿ ਪਿਛਲੀ ਵਾਰ ਇਹ ਟਰਾਫੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜਿੱਤੀ ਸੀ।

ਖੇਡ ਐਸੋਸੀਏਸ਼ਨ ਦੀ ਕਾਰਗੁਜ਼ਾਰੀ ਦੀ ਗਰੇਡਿੰਗ ਅਤੇ ਬਣਦਾ ਸਨਮਾਨ ਮਿਲਣਾ ਜ਼ਰੂਰੀ

ਜਲੰਧਰ, 9 ਅਗਸਤ - ਪਦਮਸ੍ਰੀ ਪ੍ਰਗਟ ਸਿੰਘ ਡਾਇਰੈਕਟਰ ਸਪੋਰਟਸ ਪੰਜਾਬ ਨੇ ਪੁਲਿਸ ਅਕੈਡਮੀ ਫਿਲੌਰ ਵਿਖੇ ਖਿਡਾਰੀਆਂ ਦੇ ਇਕ ਸਮਾਗਮ ਵਿਚ ਕਿਹਾ ਰਾਜ ਦੇ ਵਿਚ ਕੰਮ ਕਰ ਰਹੀਆਂ ਖੇਡ ਐਸੋਸੀਏਸ਼ਨਾਂ ਦੀ ਉਨ੍ਹਾਂ ਦੀ ਕੰਮ ਦੇ ਆਧਾਰ 'ਤੇ ਗਰੇਡਿੰਗ ਹੋਣੀ ਚਾਹੀਦੀ ਹੈ ਤੇ ਵਧੀਆ ਕੰਮ ਕਰਨ ਵਾਲੀ ਐਸੋਸੀਏਸ਼ਨ ਨੂੰ ਬਣਦਾ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਵਿਚ 15 ਜਾਂ 16 ਖੇਡਾਂ ਹੀ ਸਹੀ ਤਰੀਕੇ ਨਾਲ ਚੱਲ ਸਕਦੀਆਂ ਹਨ ਤੇ ਇਨ੍ਹਾਂ ਦਾ ਸਹੀ ਢਾਂਚਾ ਤਿਆਰ ਕਰਕੇ ਇਨ੍ਹਾਂ ਨੂੰ ਪ੍ਰਫੁੱਲਿਤ ਕਰਨਾ ਚਾਹੀਦਾ ਹੈ ਪਰ ਇਸ ਵੇਲੇ 33 ਦੇ ਕਰੀਬ ਖੇਡਾਂ ਰਜਿਸਟਰਡ ਹਨ ਪਰ ਕਈ ਐਸੀਆਂ ਖੇਡਾਂ ਹਨ ਜਿਨ੍ਹਾਂ ਦਾ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ। ਉਨ੍ਹਾਂ ਕਿਹਾ ਕਿ ਮੈਨੂੰ ਵੀ ਪਤਾ ਨਹੀਂ ਕਿ ਕੋਰਫ ਬਾਲ ਕਿਵੇਂ ਖੇਡੀ ਜਾਂਦੀ ਹੈ ਪਰ ਇਹ ਖੇਡ ਐਸੋਸੀਏਸ਼ਨਾਂ ਵੀ ਆਪਣਾ ਹੱਕ ਮੰਗਦੀਆਂ ਹਨ ਜੇ ਪੰਜਾਬ ਦਾ ਖੇਡਾਂ ਦੇ ਖੇਤਰ ਵਿਚ ਸੁਧਾਰ ਕਰਨਾ ਹੈ ਤਾਂ ਸਹੀ ਖੇਡਾਂ ਚੁਣ ਕੇ ਇਸ ਦੀ ਸਹੀ ਸੰਭਾਲ ਕਰੀਏ ਤਾਂ ਹੀ ਸਹੀ ਨਤੀਜੇ ਆ ਸਕਦੇ ਹਨ। ਉਨ੍ਹਾਂ ਨੇ ਸਿੱਖਿਆ ਵਿਭਾਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਕੋਲ 6500 ਦੇ ਕਰੀਬ ਸਰੀਰਕ ਸਿੱਖਿਆ ਅਧਿਆਪਕ ਹਨ ਜੇ ਇਹ ਇਕ-ਇਕ ਟੀਮ ਵੀ ਬਣਾਉਣ ਤਾਂ ਰਾਜ ਦੇ ਵਿਚ 6500 ਟੀਮਾਂ ਬਣ ਸਕਦੀਆਂ ਹਨ ਜਿਸ ਨਾਲ ਪੰਜਾਬ ਵਿਚ ਸਹੀ ਟੈਲੇਂਟ ਬਾਹਰ ਆ ਸਕਦਾ ਹੈ। ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਹਰ ਸਾਲ 35 ਕਰੋੜ ਰੁਪਏ ਖੇਡਾਂ ਦੇ ਨਾਮ 'ਤੇ ਬਰਬਾਦ ਕਰਕੇ ਚਲੇ ਜਾਂਦੇ ਹਨ ਜੋ ਇਹ ਆਪਣੇ ਪਿੰਡ ਵਿਚ ਇਕ-ਇਕ ਖੇਡ ਅਕੈਡਮੀ ਸਥਾਪਿਤ ਕਰਨ ਤਾਂ ਸਾਡੇ ਰਾਜ ਦੀ ਖੇਡਾਂ ਦੇ ਖੇਤਰ ਵਿਚ ਨੁਹਾਰ ਬਦਲ ਸਕਦੀ ਹੈ। ਉਨ੍ਹਾਂ ਨੇ ਮੌਜੂਦਾ ਗਰੇਡੇਸ਼ਨ ਸਿਸਟਮ ਦੀ ਗੱਲ ਕਰਦਿਆਂ ਕਿਹਾ ਕਿ ਇਸ ਦਾ ਲਾਭ ਸਿਰਫ ਖੇਡ ਕੋਟੇ ਵਿਚ ਡਾਕਟਰੀ ਤੇ ਇੰਜੀਨੀਅਰਿੰਗ ਵਿਚ ਦਾਖਲੇ ਲਈ ਹੀ ਕੀਤਾ ਜਾਂਦਾ ਹੈ। ਇਸ ਤੋਂ ਵੱਧ ਇਸ ਦਾ ਕੋਈ ਲਾਭ ਨਜ਼ਰ ਨਹੀਂ ਆਉਂਦਾ। ਉਨ੍ਹਾਂ ਨੇ ਪੰਜਾਬ ਖੇਡ ਵਿਕਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਮੈਂ ਚਾਰਜ ਸੰਭਾਲਿਆ ਸੀ ਤਾਂ ਉਸ ਵੇਲੇ ਖੇਡ ਵਿਭਾਗ ਦਾ ਬਜਟ 9 ਲੱਖ ਦੇ ਕਰੀਬ ਸੀ ਤੇ ਇਸ ਵਿਚ ਅੱਠ ਲੱਖ ਰੁਪਏ ਤਨਖਾਹਾਂ ਦਾ ਨਿਕਲ ਜਾਂਦਾ ਸੀ ਤੇ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਇਹ ਵਿਭਾਗ ਕਿਸ ਤਰ੍ਹਾਂ ਨਾਲ ਖੇਡਾਂ ਦਾ ਵਿਕਾਸ ਕਰਦਾ ਸੀ। ਇਸ ਵੇਲੇ ਖੇਡ ਵਿੰਗ ਦੇ ਵਿਚ 3800 ਦੇ ਕਰੀਬ ਖਿਡਾਰੀ ਸਿਖਲਾਈ ਲੈ ਰਹੇ ਹਨ ਅਤੇ ਵਿਭਾਗ ਦੇ ਖੇਡ ਬਜਟ ਵਿਚ ਵੀ ਕਾਫੀ ਵਾਧਾ ਹੋ ਚੁੱਕਾ ਹੈ ਤੇ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਯੋਜਨਾਵਾਂ ਉਲੀਕੀਆਂ ਗਈਆਂ ਹਨ।

ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ

ਜਲੰਧਰ, 8 ਅਗਸਤ - ਪੰਜਾਬ ਪੁਲੀਸ ਅਕੈਡਮੀ ਫਲੌਰ ਦੇ ਕਾਨਫਰੰਸ ਹਾਲ 'ਚ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਾਸ਼ਟਰੀ ਖੇਡ ਮੁਕਾਬਲਿਆਂ ਵਿਚੋਂ ਜੇਤੂ ਪੰਜਾਬ ਦੇ ਖਿਡਾਰੀਆਂ ਤੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਤੋਂ ਇਲਾਵਾ ਖੇਡਾਂ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਖਿਡਾਰੀਆਂ, ਕੋਚਾਂ ਤੇ ਖੇਡ ਜਗਤ ਨਾਲ ਜੁੜੀਆਂ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ: ਰਾਜਦੀਪ ਸਿੰਘ ਗਿੱਲ ਡੀ.ਜੀ.ਪੀ. ਤੇ ਪ੍ਰਧਾਨ ਭਾਰਤੀ ਬਾਸਕਿਟਬਾਲ ਫੈੱਡਰੇਸ਼ਨ ਤੇ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਨੇ ਖਿਡਾਰੀਆਂ ਨੂੰ ਉਨ੍ਹਾਂ ਦੇ ਬਣਦੇ ਯੋਗ ਸਨਮਾਨ ਦੇ ਕੇ ਮਾਣ ਵਧਾਇਆ। ਇਸ ਮੌਕੇ ਉਨ੍ਹਾਂ ਨੇ ਪੰਜਾਬ ਜੂਨੀਅਰ ਬਾਸਕਿਟਬਾਲ ਲੜਕੇ ਵਰਗ ਦੀ 2008 ਦੀਆਂ ਜੂਨੀਅਰ ਨੈਸ਼ਨਲ ਖੇਡਾਂ ਵਿਚੋਂ ਕਾਂਸੀ ਦਾ ਤਗਮਾ ਜੇਤੂ ਟੀਮ, ਪੰਜਾਬ ਯੂਥ ਲੜਕੀਆਂ ਦੀਆਂ ਨੈਸ਼ਨਲ ਖੇਡਾਂ ਵਿਚ ਚਾਂਦੀ ਦਾ ਤਗਮਾ ਜੇਤੂ ਟੀਮ, ਸਬ ਜੂਨੀਅਰ ਨੈਸ਼ਨਲ ਖੇਡਾਂ ਵਿਚ ਸੋਨੇ ਦਾ ਤਗਮਾ ਜਿੱਤਣ ਵਾਲੀ ਲੜਕੇ ਵਰਗ ਦੀ ਟੀਮ ਦੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਈਸ਼ਰ ਸਿੰਘ ਦਿਉਲ (ਐਥਲੈਟਿਕਸ) ਧਿਆਨ ਚੰਦ ਐਵਾਰਡ ਜੇਤੂ, ਸ: ਬਲਵੀਰ ਸਿੰਘ ਜੂਨੀਅਰ (ਹਾਕੀ) ਪਦਮ ਸ੍ਰੀ ਤੇ ਅਰਜੁਨ ਐਵਾਰਡ ਜੇਤੂ, ਪ੍ਰੇਮਾ ਸੈਣੀ (ਹਾਕੀ) ਮਹਾਰਾਜਾ ਰਣਜੀਤ ਸਿੰਘ ਐਵਾਰਡ ਜੇਤੂ, ਬਲਦੇਵ ਸਿੰਘ (ਹਾਕੀ) ਦਰੋਣਾਚਾਰੀਆ ਐਵਾਰਡੀ, ਜਸਵੰਤ ਸਿੰਘ ਚੀਮਾ ਕੌਮਾਂਤਰੀ ਵਾਲੀਬਾਲ ਖਿਡਾਰੀ, ਮਨਜੀਤ ਸਿੰਘ ਪੈਂਥਰ (ਜ਼ਿਮਨਾਸਟਿਕ) ਮਹਾਰਾਜਾ ਰਣਜੀਤ ਸਿੰਘ ਐਵਾਰਡੀ, ਪਰਮਿੰਦਰ ਸਿੰਘ ਸੀਨੀਅਰ (ਫੁੱਟਬਾਲ) ਮਹਾਰਾਜਾ ਰਣਜੀਤ ਸਿੰਘ ਐਵਾਰਡੀ, ਪਹਿਲਵਾਨ ਗਰੁਮੁਖ ਸਿੰਘ ਮਹਾਰਾਜਾ ਰਣਜੀਤ ਸਿੰਘ ਐਵਾਰਡੀ, ਪਹਿਲਵਾਨ ਸਿਕੰਦਰ ਸਿੰਘ ਅਖਾੜਾ ਆਲਮਗੀਰ, ਹਰਪ੍ਰੀਤ ਸਿੰਘ ਮੁੱਕੇਬਾਜ਼ੀ ਕੋਚ ਨੂੰ ਵਿਸ਼ੇਸ਼ ਤੌਰ 'ਤੇ ਖੇਡਾਂ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ 'ਤੇ ਸਨਮਾਨਿਤ ਕੀਤਾ ਗਿਆ।

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਨਵਜੋਤ ਕੌਰ ਦੀ ਝੰਡੀ

ਪਟਿਆਲਾ, 7 ਅਗਸਤ - ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਜੋ ਕਿ ਤੁਰਕੀ ਦੇ ਸ਼ਹਿਰ ਅੰਕਾਰਾ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਖਿਡਾਰਣ ਨਵਜੋਤ ਕੌਰ ਨੇ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਨਵਜੋਤ ਸਿੰਘ ਨੇ ਪਿਛਲੇ ਦਿਨੀਂ ਮਨੀਲਾ 'ਚ ਹੋਈ ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ 'ਚ ਵੀ ਸੋਨ ਤਗਮਾ ਜਿੱਤਿਆ ਸੀ। ਉਹ ਵਿਸ਼ਵ ਚੈਂਪੀਅਨਸ਼ਿਪ ਤਗਮਾ ਜਿੱਤਣ ਵਾਲੀ ਪਹਿਲੀ ਪੰਜਾਬਣ ਤੇ ਚੌਥੀ ਭਾਰਤੀ ਖਿਡਾਰਨ ਬਣ ਗਈ ਹੈ। 57 ਕਿਲੋ ਭਾਰ ਵਰਗ ਦੀ ਇਸ ਖਿਡਾਰਣ ਦੇ ਤਗਮਾ ਜਿੱਤਣ ਨਾਲ ਭਾਰਤੀ ਕੁਸ਼ਤੀ ਖੇਮੇ ਵਿਚ ਇਕ ਵਾਰ ਫਿਰ ਖੁਸ਼ੀ ਦੀ ਲਹਿਰ ਦੌੜ ਗਈ ਹੈ। ਨਵਜੋਤ ਕੌਰ ਤੋਂ ਪਹਿਲਾਂ ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਬਬੀਤਾ ਨੇ 2007 'ਚ ਚਾਂਦੀ ਤੇ ਪ੍ਰਿਅੰਕਾ ਨੇ 2008 ਵਿਚ ਕਾਂਸੀ ਦੇ, ਸੀਨੀਅਰ ਵਿਸ਼ਵ ਚੈਂਪੀਅਨਸ਼ਪ ਵਿਚ ਅਲਕਾ ਤੋਮਰ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਖੁਸ਼ੀ ਵਿਚ ਹੋਰ ਵਾਅਦਾ ਕਰਦਿਆਂ ਐਨ. ਆਰ. ਆਈ. ਸਪੋਰਟਸ ਕਲੱਬ ਦੇ ਮੁੱਖ ਸੇਵਾਦਾਰ ਗੁਰਿੰਦਰਜੀਤ ਸਿੰਘ ਗੁਰਾਇਆ ਦੀ ਪ੍ਰੇਰਣਾ ਸਦਕਾ ਕਲੱਬ ਦੀ ਯੂਰਪ ਇਕਾਈ ਦੇ ਪ੍ਰਧਾਨ ਸ੍ਰੀ ਜਸਵਿੰਦਰ ਸਿੰਘ ਕਾਹਲੋਂ ਤੇ ਮੀਤ ਪ੍ਰਧਾਨ ਗੋਬਿੰਦਰਜੀਤ ਸਿੰਘ ਗਾਮਾ ਨੇ ਇਸ ਹੋਣਹਾਰ ਖਿਡਾਰਣ ਨੂੰ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਸ ਦੀ ਵਿਸ਼ੇਸ਼ ਟ੍ਰੇਨਿੰਗ ਦਾ ਖਰਚਾ ਵੀ ਉਕਤ ਅਹੁਦੇਦਾਰ ਹੀ ਚੁੱਕਣਗੇ।

ਸਾਇਨਾ ਨੇਹਵਾਲ ਦਾ 20 ਲੱਖ ਰੁਪਏ ਨਾਲ ਸਨਮਾਨ

ਹੈਦਰਾਬਾਦ, 7 ਅਗਸਤ - ਇੰਡੋਨੇਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ 'ਚ ਸਾਇਨਾ ਨੇਹਵਾਲ ਨੇ ਵੱਕਾਰੀ ਅਰਜੁਨ ਅਤੇ ਦ੍ਰੋਣਾਚਾਰੀਆ ਪੁਰਸਕਾਰ ਹਾਸਲ ਕੀਤਾ। ਇਸ ਲਈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਵਾਈ ਐਸ ਰਾਜਸ਼ੇਖਰ ਰੈਡੀ ਨੇ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੂੰ ਹੈਦਰਾਬਾਦ 'ਚ 20 ਲੱਖ ਰੁਪਏ ਦਾ ਪੁਰਸਕਾਰ ਦਿੱਤਾ। ਸਾਇਨਾ ਨੇ ਰਾਜ ਵਿਧਾਨ ਸਭਾ 'ਚ ਆਪਣੇ ਕੋਚ ਪੁਲੇਲਾ ਗੋਪੀਚੰਦ ਨਾਲ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਸ੍ਰੀ ਰੈਡੀ ਨੇ ਇਸ ਸਾਲ ਵੱਕਾਰੀ ਅਰਜੁਨ ਅਤੇ ਦ੍ਰੋਣਾਚਾਰੀਆ ਪੁਰਸਕਾਰ ਜਿੱਤਣ ਲਈ ਸਾਇਨਾ ਅਤੇ ਗੋਪੀਚੰਦ ਨੂੰ ਵਧਾਈ ਦਿੱਤੀ। ਆਂਧਰਾ ਪ੍ਰਦੇਸ਼ ਸਰਕਾਰ ਨੇ ਇਸ ਤੋਂ ਪਹਿਲਾਂ ਹਾਲ ਹੀ 'ਚ ਇੰਡੋਨੇਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ ਜਿੱਤਣ ਲਈ ਸਾਇਲਾ ਨੂੰ ਪੁਰਸਕਾਰ ਦੇਣ ਦਾ ਐਨਾਨ ਕੀਤਾ ਸੀ ਅਤੇ ਮੁੱਖ ਮੰਤਰੀ ਨੇ ਇਸ ਖਿਡਾਰਨ ਨੂੰ ਚੈੱਕ ਸੌਂਪਿਆ। ਕੋਚ ਅਤੇ ਖਿਡਾਰਨ ਦੀ ਇਸ ਜੋੜੀ ਦੀ ਤਾਰੀਫ਼ ਕਰਦਿਆਂ ਸ੍ਰੀ ਰੈਡੀ ਨੇ ਉਮੀਦ ਜਤਾਈ ਕਿ ਇਹ ਮੁਲਕ ਅਤੇ ਰਾਜ ਨੂੰ ਕਈ ਸਨਮਾਨ ਦਿਵਾਉਣਗੇ।

ਪੰਜਾਬ ਸੁਪਰ ਫੁੱਟਬਾਲ ਲੀਗ 'ਚ ਪੰਜਾਬ ਪੁਲਿਸ ਤੇ ਜੇ.ਸੀ.ਟੀ. ਅਕੈਡਮੀ ਬਰਾਬਰ

ਜਲੰਧਰ, 7 ਅਗਸਤ - ਪੰਜਾਬ ਸੁਪਰ ਫੁੱਟਬਾਲ ਲੀਗ ਜੋ ਕਿ ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਹੈ। ਇਸ ਦਾ ਮੈਚ ਪੀ.ਏ.ਪੀ. ਕੈਂਪਸ ਜਲੰਧਰ ਕੈਂਟ ਵਿਖੇ ਖੇਡਿਆ ਗਿਆ ਜਿਸ ਵਿਚ ਪੰਜਾਬ ਪੁਲਿਸ ਤੋਂ ਜੇ.ਸੀ.ਟੀ ਅਕੈਡਮੀ ਦੀਆਂ ਟੀਮਾਂ 2-2 ਗੋਲ 'ਤੇ ਬਰਾਬਰ ਰਹੀਆਂ।

ਭਾਰਤੀ ਕ੍ਰਿਕਟ ਟੀਮ ਦੀ ਚੋਣ 9 ਅਗਸਤ ਨੂੰ

ਮੁੰਬਈ, 7 ਅਗਸਤ - ਸ੍ਰੀ ਲੰਕਾ 'ਚ ਖੇਡੀ ਜਾਣ ਵਾਲੀ ਤਿਕੋਣੀ ਇਕ ਦਿਨਾ ਲੜੀ ਅਤੇ ਦੱਖਣੀ ਅਫ਼ਰੀਕਾ 'ਚ ਖੇਡੀ ਜਾਣ ਵਾਲੀ ਚੈਂਪੀਅਨਸ ਟਰਾਫ਼ੀ ਜੋ ਕਿ ਸਤੰਬਰ 'ਚ ਕਰਵਾਈ ਜਾ ਰਹੀ ਹੈ। ਇਸ ਲਈ ਭਾਰਤੀ ਕ੍ਰਿਕਟ ਟੀਮ ਦੀ ਚੋਣ 9 ਅਗਸਤ ਨੂੰ ਹੋਵੇਗੀ। ਤਿਕੋਣੀ ਲੜੀ 8 ਤੋਂ 14 ਸਤੰਬਰ ਤੱਕ ਹੋਣੀ ਹੈ। ਇਸ ਵਿਚ ਭਾਰਤ, ਸ੍ਰੀਲੰਕਾ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਸ਼ਿਰਕਤ ਕਰਨਗੀਆਂ। ਇਸ ਤੋਂ ਬਾਅਦ ਭਾਰਤੀ ਟੀਮ ਚੈਂਪੀਅਨਸ ਟਰਾਫੀ ਲਈ ਦੱਖਣੀ ਅਫ਼ਰੀਕਾ ਰਵਾਨਾ ਹੋ ਜਾਵੇਗੀ। ਚੈਂਪੀਅਨਸ ਟਰਾਫ਼ੀ 22 ਸਤੰਬਰ ਤੋਂ ਸ਼ੁਰੂ ਹੋਵੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਐਨ. ਸ੍ਰੀਨਿਵਾਸਨ ਅਨੁਸਾਰ ਟੀਮ ਦੀ ਚੋਣ ਚੇਨਈ ਦੇ ਚਿਦੰਬਰਮ ਸਟੇਡੀਅਮ 'ਚ ਹੋਵੇਗੀ ਜਦਕਿ ਬੀ ਸੀ ਸੀ ਆਈ ਦੀ ਕਾਰਜਕਾਰਨੀ ਵੀਰਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਬੈਠਕ ਕਰੇਗੀ।

ਹਾਕੀ ਵਿਸ਼ਵ ਕੱਪ 28 ਫਰਵਰੀ ਤੋਂ 13 ਮਾਰਚ ਤੱਕ

ਚੇਨਈ, 7 ਅਗਸਤ - ਹਾਕੀ ਵਿਸ਼ਵ ਕੱਪ ਜੋ ਕਿ ਅਗਲੇ ਸਾਲ ਨਵੀਂ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਲਈ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਵੱਲੋਂ ਹੁਣ ਇਹ ਕੱਪ ਨਿਰਧਾਰਿਤ ਕੀਤੇ ਸਮੇਂ ਤੋਂ ਇਕ ਹਫ਼ਤਾ ਪਹਿਲਾਂ ਸ਼ੁਰੂ ਕਰਵਾਇਆ ਜਾਵੇਗਾ। ਇਹ 28 ਫਰਵਰੀ ਤੋਂ 13 ਮਾਰਚ ਤੱਕ ਕਰਵਾਇਆ ਜਾਵੇਗਾ। ਅਗਲੇ ਸਾਲ ਹੋਣ ਵਾਲੇ ਆਈ. ਪੀ. ਐਲ-3 ਦੀਆਂ ਤਰੀਕਾਂ ਇਸ ਨਾਲ ਟਕਰਾਉਣ ਦੇ ਮੱਦੇਨਜ਼ਰ ਇਹ ਫ਼ੈਸਲਾ ਕੀਤਾ ਗਿਆ ਹੈ।

ਏਸ਼ੀਅਨ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤੀ ਟੀਮਾਂ ਦੀ ਸਰਦਾਰੀ

ਪਟਿਆਲਾ, 6 ਅਗਸਤ - ਏਸ਼ੀਅਨ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ (ਅੰਡਰ-17) ਪੁਣੇ ਦੇ ਬਾਲਵਾੜੀ ਸਟੇਡੀਅਮ ਵਿਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਭਾਰਤੀ ਪਹਿਲਵਾਨਾਂ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਫਰੀ ਸਟਾਈਲ ਕੁਸ਼ਤੀ ਦੇ ਦੋਨਾਂ ਵਰਗਾਂ 'ਚ ਭਾਰਤੀ ਟੀਮਾਂ ਅੱਵਲ ਰਹੀਆਂ ਅਤੇ ਲੜਕਿਆਂ ਦੇ ਗ੍ਰੀਕੋ ਰੋਮਨ ਵਰਗ 'ਚ ਇਰਾਨ ਚੈਂਪੀਅਨ ਰਿਹਾ। ਇਸ ਚੈਂਪੀਅਨਸ਼ਿਪ 'ਚ ਏਸ਼ੀਆ ਦੇ ਚੋਟੀ ਦੇ 13 ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ। ਲੜਕੀਆਂ ਦੇ ਫਰੀ ਸਟਾਈਲ ਵਰਗ 'ਚ ਭਾਰਤ 86 ਅੰਕਾਂ ਨਾਲ ਪਹਿਲੇ, ਜਪਾਨ 78 ਅੰਕਾਂ ਨਾਲ ਦੂਸਰੇ ਤੇ ਕਜਾਕਿਸਤਾਨ 61 ਅੰਕਾਂ ਨਾਲ ਤੀਸਰੇ ਸਥਾਨ 'ਤੇ ਰਿਹਾ। ਇਸ ਵਰਗ 'ਚ ਭਾਰਤ ਦੀ ਸੰਜੂ ਜਾਖੜ ਨੇ 38 ਕਿਲੋ ਵਰਗ 'ਚ ਸੋਨ, ਰਿਤੂ ਨੇ 40 ਕਿਲੋ ਵਰਗ 'ਚ ਸੋਨ, ਵਿਨੇਸ਼ ਨੇ 43 ਕਿਲੋ ਵਰਗ 'ਚ ਸੋਨ, 46 ਕਿਲੋ 'ਚ ਸੀਮਾ ਨੇ ਕਾਂਸੀ, 49 ਕਿਲੋ 'ਚ ਪ੍ਰਿਯੰਕਾ ਨੇ ਸੋਨ, 52 ਕਿਲੋ 'ਚ ਰਿਤੂ ਮਲਿਕ ਨੇ ਚਾਂਦੀ, 56 ਕਿਲੋ 'ਚ ਪੂਜਾ ਢਾਂਡੇ ਨੇ ਕਾਂਸੀ ਤੇ 60 ਕਿਲੋ 'ਚ ਸਾਕਸ਼ੀ ਨੇ ਕਾਂਸੀ ਦਾ ਤਗਮਾ ਜਿੱਤਿਆ, ਰਿਤੂ, ਵਿਨੇਸ਼ ਤੇ ਪ੍ਰਿਯੰਕਾ ਦਾ ਸਬੰਧ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਨਾਲ ਹੈ ਅਤੇ ਤਿੰਨੇ ਸਕੀਆਂ ਭੈਣਾਂ ਹਨ। ਲੜਕਿਆਂ ਦੇ ਫਰੀ ਸਟਾਈਲ ਵਰਗ 'ਚ ਭਾਰਤੀ ਗਭਰੇਟਾਂ ਨੇ 89 ਅੰਕਾਂ ਨਾਲ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਇਰਾਨ ਨੇ 65 ਅੰਕਾਂ ਨਾਲ ਦੂਸਰਾ ਤੇ ਕਜਾਕਿਸਤਾਨ ਨੇ 65 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ। ਇਰਾਨ ਤੇ ਕਜਾਕ ਦੇ ਅੰਕ ਬਰਾਬਰ ਸਨ ਪਰ ਵੱਧ ਸੋਨ ਤਗਮੇ ਜਿੱਤਣ ਕਾਰਨ ਇਰਾਨ ਕਜਾਕ ਨੂੰ ਪਛਾੜ ਕੇ ਦੂਸਰੇ ਸਥਾਨ 'ਤੇ ਰਿਹਾ। ਇਸ ਵਰਗ 'ਚ ਭਾਰਤ ਦੇ ਉਤਮ ਮਾਗਦਮ ਨੇ 42 ਕਿਲੋ 'ਚ ਚਾਂਦੀ, 50 ਕਿਲੋ 'ਚ ਦੀਪਕ ਨੇ ਸੋਨ, 54 ਕਿਲੋ 'ਚ ਹਰਫੂਲ ਨੇ ਸੋਨ, 58 ਕਿਲੋ 'ਚ ਅਨਿਲ ਨੇ ਸੋਨ, 63 ਕਿਲੋ 'ਚ ਸੰਦੀਪ ਨੇ ਚਾਂਦੀ, 69 ਕਿਲੋ 'ਚ ਸੁਮੀਤ ਨੇ ਸੋਨ, 85 ਕਿਲੋ 'ਚ ਸੋਮਵੀਰ ਨੇ ਕਾਂਸੀ ਤੇ 100 ਕਿਲੋ 'ਚ ਸਤਿੰਦਰ ਨੇ ਚਾਂਦੀ ਦਾ ਤਗਮਾ ਜਿੱਤਿਆ। ਲੜਕਿਆਂ ਦੀ ਗ੍ਰੀਕੋ ਰੋਮਨ ਵਰਗ 'ਚ ਇਰਾਨ 83 ਅੰਕਾਂ ਨਾਲ ਪਹਿਲੇ, ਉਜਬੇਕਿਸਤਾਨ 80 ਅੰਕਾਂ ਨਾਲ ਦੂਸਰੇ ਤੇ ਕਜਾਕਿਸਤਾਨ 78 ਅੰਕਾਂ ਨਾਲ ਤੀਸਰੇ ਸਥਾਨ 'ਤੇ ਰਿਹਾ। ਇਸ ਵਰਗ 'ਚ ਭਾਰਤ ਦੇ ਸੰਤੋਸ਼ ਯਾਦਵ ਨੇ 46 ਕਿਲੋ 'ਚ, 50 ਕਿਲੋ 'ਚ ਸੰਦੀਪ ਨੇ, 85 ਕਿਲੋ 'ਚ ਹਰਪ੍ਰੀਤ ਨੇ ਅਤੇ 100 ਕਿਲੋ 'ਚ ਮਹੇਸ਼ ਮੋਹਲ ਨੇ ਚਾਂਦੀ ਦੇ ਤਗਮੇ ਜਿੱਤੇ।

ਅੰਤਰਰਾਸ਼ਟਰੀ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 10 ਤੋਂ 16 ਅਗਸਤ ਤੱਕ

ਲੁਧਿਆਣਾ, 6 ਅਗਸਤ - ਹੈਦਰਾਬਾਦ 'ਚ 10 ਤੋਂ 16 ਅਗਸਤ ਤੱਕ ਅੰਤਰਰਾਸ਼ਟਰੀ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੈਡਮਿੰਟਨ ਕੋਚ ਸ. ਚਰਨਜੀਤ ਸਿੰਘ ਇਸ ਦੇ ਤਕਨੀਕੀ ਅਧਿਕਾਰੀ ਹੋਣਗੇ। ਪੰਜਾਬ ਵਿਚੋਂ ਇਹ ਸਨਮਾਨ ਹਾਸਲ ਕਰਨ ਵਾਲੇ ਉਹ ਇਕੋ ਇਕ ਬੈਡਮਿੰਟਨ ਕੋਚ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਪ੍ਰਿਤਪਾਲ ਸਿੰਘ ਲੁਬਾਣਾ ਅਤੇ ਡਿਪਟੀ ਡਾਇਰੈਕਟਰ ਖੇਡਾਂ ਸ: ਰਮਨਦੀਪ ਸਿੰਘ ਨੇ ਚਰਨਜੀਤ ਸਿੰਘ ਦੀ ਇਸ ਪ੍ਰਾਪਤੀ 'ਤੇ ਮੁਬਾਰਕਬਾਦ ਦਿੱਤੀ।

ਨਹਿਰੂ ਕੱਪ ਫੁੱਟਬਾਲ ਟੂਰਨਾਮੈਂਟ 19 ਅਗਸਤ ਤੋਂ

ਜਲੰਧਰ, 6 ਅਗਸਤ - ਨਵੀਂ ਦਿੱਲੀ ਦੇ ਅੰਬੇਡਕਰ ਸਟੇਡੀਅਮ 'ਚ ਆਲ ਇੰਡੀਆ ਫੁੱਟਬਾਲ ਫੈੱਡਰੇਸ਼ਨ ਵੱਲੋਂ ਓ.ਐਨ.ਜੀ.ਸੀ. ਨਹਿਰੂ ਕੱਪ ਫੁੱਟਬਾਲ ਟੂਰਨਾਮੈਂਟ 19 ਅਗਸਤ ਤੋਂ ਕਰਵਾਇਆ ਜਾ ਰਿਹਾ ਹੈ। ਇਸ ਦੀ ਜੇਤੂ ਟੀਮ ਨੂੰ 4 ਲੱਖ ਡਾਲਰ, ਉਪ ਜੇਤੂ ਟੀਮ ਨੂੰ 2 ਲੱਖ ਡਾਲਰ, ਹਰ ਮੈਚ ਵਿਚ ਮੈਨ ਆਫ ਦਾ ਮੈਚ ਚੁਣੇ ਜਾਣ ਵਾਲੇ ਖਿਡਾਰੀ ਨੂੰ ਮੈਚ ਤੋਂ ਬਾਅਦ 300 ਡਾਲਰ ਅਤੇ ਹਰ ਮੈਚ ਜਿੱਤਣ ਤੋਂ ਬਾਅਦ ਜੇਤੂ ਟੀਮ ਨੂੰ 500 ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਇਸ ਦੇ ਸੈਮੀਫਾਈਨਲ ਮੁਕਾਬਲੇ 27 ਤੇ 28 ਅਗਸਤ ਨੂੰ ਕਰਵਾਏ ਜਾਣਗੇ ਤੇ ਫਾਈਨਲ 31 ਅਗਸਤ ਨੂੰ ਖੇਡਿਆ ਜਾਵੇਗਾ ਤੇ ਮੈਚ ਦਾ ਸਮਾਂ ਸ਼ਾਮ 6.30 ਵਜੇ ਹੋਵੇਗਾ। ਗਰੁੱਪ-ਏ ਦੇ ਵਿਚ ਲਿਬਨਾਨ, ਭਾਰਤ ਤੇ ਇਫਲਸਤੀਨ ਨੂੰ ਰੱਖਿਆ ਗਿਆ ਹੈ। ਪੂਲ-ਬੀ ਦੇ ਵਿਚ ਸੀਰੀਆ ਕਿਰਗਿਸਤਾਨ ਤੇ ਭਾਰਤ ਨੂੰ ਰੱਖਿਆ ਗਿਆ ਹੈ।
ਮੈਚਾਂ ਦਾ ਵੇਰਵਾ : 19 ਅਗਸਤ- ਭਾਰਤ ਬਨਾਮ ਫਿਲਸਤੀਨ, 20 ਅਗਸਤ- ਸੀਰੀਆ ਬਨਾਮ ਸ੍ਰੀਲੰਕਾ, 21 ਅਗਸਤ- ਫਿਲਸਤੀਨ ਬਨਾਮ ਲਿਬਨਾਨ, 22 ਅਗਸਤ- ਕਿਰਗਿਸਤਾਨ ਬਨਾਮ ਸ੍ਰੀਲੰਕਾ, 23 ਅਗਸਤ- ਭਾਰਤ ਬਨਾਮ ਲਿਬਨਾਨ, 24 ਅਗਸਤ- ਸੀਰੀਆ ਬਨਾਮ ਕਿਰਗਿਸਤਾਨ, 27 ਅਗਸਤ ਪਹਿਲਾ ਸੈਮੀਫਾਈਨਲ, 28 ਅਗਸਤ ਦੂਜਾ ਸੈਮੀਫਾਈਨਲ, 30 ਅਗਸਤ ਤੀਜੀ ਥਾਂ ਲਈ ਮੁਕਾਬਲਾ, 31 ਅਗਸਤ ਫਾਈਨਲ ਮੁਕਾਬਲਾ।

ਕੌਮਾਂਤਰੀ ਕੁਸ਼ਤੀ ਟੂਰਨਾਮੈਂਟ 30-31 ਅਕਤੂਬਰ ਤੋਂ

ਜਲੰਧਰ, 6 ਅਗਸਤ - ਸ਼ਹੀਦੇ-ਏ-ਆਜ਼ਮ ਸ: ਭਗਤ ਸਿੰਘ ਕੌਮਾਂਤਰੀ ਕੁਸ਼ਤੀ ਟੂਰਨਾਮੈਂਟ 30 ਅਕਤੂਬਰ ਤੋਂ 1 ਨਵੰਬਰ ਤੱਕ ਪੀ.ਏ.ਪੀ. ਕੈਂਪਸ ਜਲੰਧਰ ਕੈਂਟ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਤਿਆਰੀਆਂ ਦਾ ਜਾਇਜਾ ਲੈਣ ਲਈ ਕੌਮਾਂਤਰੀ ਕੁਸ਼ਤੀ ਸੰਸਥਾ ਫੀਲ ਦੇ ਅਬਜ਼ਰਬਰ ਉਜਬੇਕਿਸਤਾਨ ਦੇ ਮਿਗਾਈਲਵ ਨੇ ਪੀ.ਏ.ਪੀ. ਕੈਂਪਸ ਦੇ ਇੰਡੋਰ ਸਟੇਡੀਅਮ ਦਾ ਦੌਰਾ ਕੀਤਾ। ਭਾਰਤੀ ਕੁਸ਼ਤੀ ਫੈੱਡਰੇਸ਼ਨ ਦੇ ਜਨਰਲ ਸਕੱਤਰ ਪਦਮ ਸ੍ਰੀ ਕਰਤਾਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੇ ਵਿਚ ਵਿਸ਼ਵ ਦੇ 10 ਦੇਸ਼ਾਂ ਦੇ 300 ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਇਨ੍ਹਾਂ ਦਾ ਸਾਰਾ ਰਹਿਣ-ਸਹਿਣ ਦਾ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ ਤੇ ਇਸ ਤੋਂ ਇਲਾਵਾ ਵਿਸ਼ਵ ਦੇ ਕਈ ਚੋਟੀ ਦੇ ਪਹਿਲਵਾਨ ਵੀ ਆਉਣਗੇ।

ਕਬੱਡੀ ਚੋਣ ਟ੍ਰਾਇਲ 10 ਨੂੰ

ਫਿਲੌਰ, 6 ਅਗਸਤ - ਬਾਬਾ ਹੰਸਾ ਸਿੰਘ ਕਬੱਡੀ ਅਕੈਡਮੀ ਬੱਛੋਵਾਲ (ਫਿਲੌਰ) ਜਲੰਧਰ ਵੱਲੋਂ ਕਬੱਡੀ ਅਕੈਡਮੀ ਵਾਸਤੇ ਕਬੱਡੀ ਖਿਡਾਰੀਆਂ ਦੀ ਚੋਣ ਲਈ 10 ਅਗਸਤ ਨੂੰ ਸਵੇਰੇ 8 ਵਜੇ ਟਰਾਇਲ ਸ਼ੁਰੂ ਕੀਤੇ ਜਾਣਗੇ। ਇਹ ਟਰਾਇਲ ਅਕੈਡਮੀ ਦੇ ਕੋਚ ਸ. ਗੁਰਪ੍ਰੀਤ ਸਿੰਘ ਧੂਰਕੋਟ, ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਬਿੱਟੂ ਜਸਪਾਲ ਬਾਂਗਰ ਅਤੇ ਸ. ਸੁਖਮੰਦਰ ਸਿੰਘ ਬਰਾੜ ਦੀ ਨਿਗਰਾਨੀ ਹੇਠ ਹੋਣਗੇ। ਚੁਣੇ ਗਏ ਖਿਡਾਰੀਆਂ ਨੂੰ ਖੁਰਾਕ, ਮੈਡੀਕਲ ਅਤੇ ਰਿਹਾਇਸ਼ ਦੀਆਂ ਸਹੂਲਤਾਂ ਮੁਫਤ ਦਿੱਤੀਆਂ ਜਾਣਗੀਆਂ।

ਕੌਮਾਂਤਰੀ ਕੁਸ਼ਤੀ ਟੂਰਨਾਮੈਂਟ 'ਚ ਸ਼ਾਮਿਲ ਹੋਣ ਵਾਲੀ ਭਾਰਤੀ ਟੀਮ

ਪਟਿਆਲਾ, 6 ਅਗਸਤ - 11 ਤੋਂ 16 ਅਗਸਤ ਤੱਕ ਡੈਨਮਾਰਕ 'ਚ ਵਿਸ਼ਵ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਦੀ ਤਿਆਰੀ ਦੇ ਸਿਲਸਿਲੇ 'ਚ ਭਾਰਤੀ ਕੁਸ਼ਤੀ ਟੀਮ ਪੋਲੈਂਡ ਵਿਖੇ ਕੌਮਾਂਤਰੀ ਟੂਰਨਾਮੈਂਟ 'ਚ ਹਿੱਸਾ ਲੈਣ ਜਾ ਰਹੀ ਹੈ। ਇਸ ਟੂਰਨਾਮੈਂਟ 'ਚ 7 ਮੈਂਬਰੀ ਭਾਰਤੀ ਟੀਮ ਕੋਚ ਮੋਨਿਕਾ ਚੌਧਰੀ ਤੇ ਮਹਿੰਦਰ ਸਿੰਘ ਦੀ ਅਗਵਾਈ 'ਚ ਹਿੱਸਾ ਲਵੇਗੀ। ਇਸ ਟੀਮ ਦਾ ਕੈਂਪ ਪਟਿਆਲਾ ਦੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਖੇ ਚੱਲ ਰਿਹਾ ਹੈ। ਇਸ ਟੀਮ 'ਚ ਲਗਭਗ ਸਾਰੀਆਂ ਹੀ ਉਹ ਖਿਡਾਰਨਾਂ ਹਨ ਜੋ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਲੈਣਗੀਆਂ। ਇਸ ਟੀਮ 'ਚ ਪਾਸਪੋਰਟ ਗੁੰਮ ਹੋਣ ਕਾਰਨ ਏਸ਼ੀਅਨ ਚੈਂਪੀਅਨਸ਼ਿਪ ਸਮੇਤ ਕਈ ਟੂਰਨਾਮੈਂਟ 'ਚ ਹਿੱਸਾ ਨਾ ਸਕੀ ਸਕੀ ਬਬੀਤਾ ਵੀ ਸ਼ਾਮਿਲ ਹੈ। ਪੋਲੈਂਡ ਜਾਣ ਵਾਲੀ ਟੀਮ ਵਿਚ ਨਿਰਮਲ 48 ਕਿਲੋ, ਬਬੀਤਾ 51 ਕਿਲੋ, 55 ਕਿਲੋ ਗੀਤਾ, ਅਲਕਾ ਤੋਮਰ 59 ਕਿਲੋ, ਸੁਮਨ ਕੁੰਡੂ 63 ਕਿਲੋ, ਗੀਤਿਕਾ ਜਾਖੜ 67 ਕਿਲੋ ਤੇ 72 ਕਿਲੋ 'ਚ ਗੁਰਸ਼ਰਨਪ੍ਰੀਤ ਕੌਰ ਸ਼ਾਮਿਲ ਹਨ।

ਤਾਇਕਵਾਂਡੋ ਚੈਂਪੀਅਨਸ਼ਿਪ 29 ਅਗਸਤ ਨੂੰ

ਅਜੀਤ ਨਗਰ, 5 ਅਗਸਤ - ਲਾਰੈਂਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੇਜ਼-8 ਮੁਹਾਲੀ 'ਚ ਗਿਆਰਵੀਂ ਪੰਜਾਬ ਸਟੇਟ ਜੂਨੀਅਰ ਤੇ ਸਬ ਜੂਨੀਅਰ ਤਾਇਕਵਾਂਡੋ ਚੈਂਪੀਅਨਸ਼ਿਪ 29-30 ਅਗਸਤ ਤੱਕ ਕਰਵਾਈ ਜਾ ਰਹੀ ਹੈ। ਇਨ੍ਹਾਂ ਮੁਕਾਬਲਿਆਂ 'ਚ ਚੁਣੇ ਹੋਏ ਖਿਡਾਰੀ ਕਾਨ੍ਹਪੁਰ ਵਿਖੇ ਅਕਤੂਬਰ 2009 'ਚ ਹੋ ਰਹੀ 29ਵੀਂ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਭਾਗ ਲੈਣਗੇ।

ਏਸ਼ੀਅਨ ਕੈਡਿਟ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤੀ ਕੁਸ਼ਤੀ ਦੇ ਹਰਪ੍ਰੀਤ ਸਿੰਘ ਦੀ ਬੱਲੇ ਬੱਲੇ

ਜਲੰਧਰ, 5 ਅਗਸਤ - ਪੁਣੇ 'ਚ ਏਸ਼ੀਅਨ ਕੈਡਿਟ ਕੁਸ਼ਤੀ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਚੈਂਪੀਅਨਸ਼ਿਪ 'ਚ ਭਾਰਤੀ ਕੁਸ਼ਤੀ ਟੀਮ ਦੇ ਪਹਿਲਵਾਨ ਹਰਪ੍ਰੀਤ ਸਿੰਘ ਨੇ ਗਰੀਕੋ ਰੋਮਨ ਦੇ 85 ਕਿਲੋ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ। ਹਰਪ੍ਰੀਤ ਸਿੰਘ ਜੋ ਪੰਜਾਬ ਦੇ ਜ਼ਿਲ੍ਹੇ ਸੰਗਰੂਰ ਦੇ ਪਿੰਡ ਕੜੌਲ ਦਾ ਰਹਿਣ ਵਾਲਾ ਹੈ, ਇਸ ਨੇ ਕੁਸ਼ਤੀ ਦੇ ਦਾਅ ਪੇਚ ਫਰੀਦਕੋਟ ਦੇ ਅਖਾੜੇ ਤੋਂ ਸ਼ੁਰੂ ਕੀਤੇ। ਇਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਕਈ ਕੌਮਾਂਤਰੀ ਟੂਰਨਾਮੈਂਟ ਵਿਚ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕਾ ਹੈ ਤੇ ਇਹ ਇਸ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤੀ ਕੁਸ਼ਤੀ ਫੈੱਡਰੇਸ਼ਨ ਵੱਲੋਂ ਪਹਿਲਵਾਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਹਨ ਤੇ ਇਸ ਵਾਰੀ ਸਾਨੂੰ ਵਿਦੇਸ਼ੀ ਕੋਚ ਤੋਂ ਵੀ ਸਿਖਲਾਈ ਲੈਣ ਦਾ ਮੌਕਾ ਮਿਲਿਆ ਜੋ ਸਾਡੇ ਵਾਸਤੇ ਇਕ ਸਿੱਖਣ ਦਾ ਵਧੀਆ ਮੌਕਾ ਸੀ। ਉਸਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕੁਸ਼ਤੀ ਦੇ ਜ਼ਿਆਦਾ ਤੋਂ ਜ਼ਿਆਦਾ ਅਖਾੜੇ ਖੋਲ੍ਹਣੇ ਚਾਹੀਦੇ ਹਨ ਤਾਂ ਕਿ ਕੁਸ਼ਤੀ ਨੂੰ ਦੇਸ਼ ਤੇ ਵਿਦੇਸ਼ ਵਿਚ ਹੋਰ ਪ੍ਰਫੁੱਲਤ ਹੋਣ ਦਾ ਮੌਕਾ ਮਿਲੇ।

ਪੰਜਾਬ ਸੁਪਰ ਫੁੱਟਬਾਲ ਲੀਗ

ਜਲੰਧਰ, 5 ਅਗਸਤ - ਪੰਜਾਬ ਸੁਪਰ ਫੁੱਟਬਾਲ ਲੀਗ ਪੰਜਾਬ ਫੁਟਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਹੈ। ਇਸ ਦਾ ਮੈਚ ਅੱਜ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਖੇਡ ਮੈਦਾਨ ਵਿਚ ਆਰ.ਸੀ.ਐਫ. ਤੇ ਹਰਭਜਨ ਸਪੋਰਟਸ ਕਲੱਬ ਮਾਹਿਲਪੁਰ ਦਰਮਿਆਨ ਸ਼ਾਮ 4.30 ਵਜੇ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਪੰਜਾਬ ਸੁਪਰ ਫੁੱਟਬਾਲ ਲੀਗ ਦਾ ਮੈਚ ਅੱਜ ਬੀ.ਐਸ.ਐਫ. ਦੇ ਸਟੇਡੀਅਮ ਵਿਖੇ ਪੰਜਾਬ ਪੁਲਿਸ ਤੇ ਬੀ.ਐਸ.ਐਫ. ਦੀ ਫੁੱਟਬਾਲ ਟੀਮ ਦਰਮਿਆਨ ਖੇਡਿਆ ਗਿਆ ਜਿਸ ਵਿਚ ਬੀ.ਐਸ.ਐਫ. ਨੇ 3-2 ਨਾਲ ਜਿੱਤ ਦਰਜ ਕੀਤੀ। ਬੀ.ਐਸ.ਐਫ. ਵੱਲੋਂ ਪਹਿਲਾ ਗੋਲ 30ਵੇਂ ਮਿੰਟ 'ਚ ਮਨਦੀਪ ਸਿੰਘ ਨੇ, ਦੂਜਾ ਗੋਲ ਬੰਤਾ ਸਿੰਘ ਨੇ 58ਵੇਂ ਮਿੰਟ ਤੇ ਤੀਜਾ ਗੋਲ ਸੰਤੋਸ਼ ਨੇ 82ਵੇਂ ਮਿੰਟ 'ਚ ਕੀਤਾ। ਜਦਕਿ ਪੰਜਾਬ ਪੁਲਿਸ ਦੀ ਟੀਮ ਵੱਲੋਂ ਪਹਿਲਾ ਗੋਲ ਅਮਨਦੀਪ ਨੇ ਤੀਜੇ ਮਿੰਟ ਤੇ ਦੂਜਾ ਗੋਲ ਸੁਮਨ ਬਾਲੀ ਨੇ 68ਵੇਂ ਮਿੰਟ 'ਚ ਕੀਤਾ।

ਏਅਰ ਫੋਰਸ ਵਾਲੀਬਾਲ ਚੈਂਪੀਅਨਸ਼ਿਪ ਸਮਾਪਤ

ਜਲੰਧਰ, 5 ਅਗਸਤ - ਏਅਰ ਫੋਰਸ ਵਾਲੀਬਾਲ ਚੈਂਪੀਅਨਸ਼ਿਪ ਏਅਰ ਫੋਰਸ ਸਟੇਸ਼ਨ ਆਦਮਪੁਰ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿਚੋਂ ਪੂਰਬੀ ਏਅਰ ਕਮਾਂਡ ਨੇ ਪੱਛਮੀ ਏਅਰ ਕਮਾਂਡ ਨੂੰ 3-2 ਸੈੱਟ (30-28, 20-25, 23-25, 25-23, 15-10) ਨਾਲ ਹਰਾ ਕੇ ਜੇਤੂ ਖਿਤਾਬ 'ਤੇ ਕਬਜ਼ਾ ਕੀਤਾ। ਇਕ ਹੋਰ ਮੈਚ ਵਿਚ ਸਦਰਨ ਏਅਰ ਕਮਾਂਡ ਨੇ ਸਾਊਥ ਵੈਸਟਰਨ ਏਅਰ ਕਮਾਂਡ ਨੂੰ 3-0 ਨਾਲ 25-14, 25-08 ਤੇ 25-22 ਨਾਲ ਹਰਾ ਕੇ ਤੀਜੀ ਥਾਂ ਹਾਸਿਲ ਕੀਤੀ। ਇਸ ਮੌਕੇ 'ਤੇ ਵੈਸਟਰਨ ਏਅਰ ਕਮਾਂਡ ਦੀ ਟੀਮ ਨੂੰ ਸਰਬੋਤਮ ਟੀਮ ਐਲਾਨਿਆ ਗਿਆ ਤੇ ਇਹ ਟੀਮ ਏਅਰ ਫੋਰਸ ਵੱਲੋਂ ਇੰਟਰ ਸਰਵਿਸਿਜ਼ ਚੈਂਪੀਅਨਸ਼ਿਪ ਵਿਚ ਹਿੱਸਾ ਲਵੇਗੀ।

ਵਿਸ਼ਵ ਪੁਲੀਸ ਅਤੇ ਫਾਇਰ ਗੇਮਜ਼ ਸ਼ੁਰੂ

ਜਲੰਧਰ, 4 ਅਗਸਤ - ਜੀ.ਐਮ.ਇੰਡੋਰ ਸਟੇਡੀਅਮ ਵੈਨਕੂਵਰ 'ਚ ਵਿਸ਼ਵ ਪੁਲਿਸ ਅਤੇ ਫਾਇਰ ਗੇਮਜ਼ ਸ਼ੁਰੂ ਹੋ ਗਈਆਂ ਹਨ। ਜਿਥੇ 52 ਦੇਸ਼ਾਂ ਤੋਂ 10 ਹਜ਼ਾਰ ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਵਿਚ ਭਾਰਤੀ ਪੁਲਿਸ ਕੰਟਰੋਲ ਬੋਰਡ 30 ਅਤੇ ਪੰਜਾਬ ਪੁਲਿਸ ਦੇ 20-22 ਖਿਡਾਰੀ ਅਤੇ ਅਧਿਕਾਰੀ ਸ਼ਾਮਿਲ ਹੋਣਗੇ। ਫ੍ਰੀ ਸਟਾਈਲ ਕੁਸ਼ਤੀ ਮੁਕਾਬਲਿਆਂ ਵਿਚ ਭਾਰਤੀ ਪਹਿਲਵਾਨਾਂ ਨੇ ਬਹੁਤ ਵਧੀਆ ਕੁਸ਼ਤੀ ਖੇਡੀ। ਜਿਸ ਵਿਚ ਰਾਕੇਸ਼ ਕੁਮਾਰ ਨੇ 55 ਕਿਲੋ ਵਿਚ ਸੋਨ ਤਗਮਾ, ਕ੍ਰਿਸ਼ਨ ਕੁਮਾਰ 60 ਕਿਲੋ ਵਿਚ ਗੋਲਡ ਮੈਡਲ, ਯੁਧਵੀਰ ਨੇ 120 ਕਿੱਲੋ ਵਿਚ ਸੋਨ, ਬਾਜਿੰਦਰ ਨੇ 66 ਕਿੱਲੋ ਵਿਚ ਸੋਨੇ ਦਾ ਮੈਡਲ ਜਿੱਤਿਆ। ਅਨਿਲ ਕੁਮਾਰ 97 ਕਿਲੋ ਚਾਂਦੀ ਦਾ ਤਮਗਾ ਅਤੇ ਪੰਜਾਬ ਪੁਲਿਸ ਦੇ ਵਿਕਰਾਂਤ ਸ਼ਰਮਾੰ ਨੇ 84 ਕਿਲੋ ਵਿਚ ਚਾਂਦੀ ਦਾ ਤਗਮਾ ਜਿੱਤਿਆ। ਪੰਜਾਬ ਪੁਲਿਸ ਦੇ ਅਮਨਦੀਪ ਸੋਂਧੀ ਨੇ ਕਾਂਸੀ ਦਾ ਤਗਮਾ ਜਿੱਤਿਆ। ਗ੍ਰੀਕੋ ਰੋਮਨ ਸਟਾਈਲ ਵਿਚ ਭਾਰਤ ਨੇ 6 ਸੋਨੇ, 2 ਚਾਂਦੀ ਦੇ ਤਗਮੇ ਜਿੱਤੇ ਜਿਨ੍ਹਾਂ ਵਿਚ ਯੁਧਵੀਰ 120 ਕਿੱਲੋ, ਅਨਿਲ ਕੁਮਾਰ 96 ਕਿਲੋ, ਵਿਕਰਾਂਤ ਸ਼ਰਮਾ 85 ਕਿਲੋ, ਬਾਜਿੰਦਰ ਸਿੰਘ 66 ਕਿਲੋ ਅਤੇ ਰਾਕੇਸ਼ ਕੁਮਾਰ ਨੇ 55 ਕਿਲੋ ਸੋਨੇ ਦਾ ਤਗਮਾ ਜਿੱਤਿਆ ਜਦਕਿ ਅਮਨਦੀਪ ਸੋਂਧੀ 120 ਕਿੱਲੋ, ਕ੍ਰਿਸ਼ਨ ਕੁਮਾਰ ਨੇ 60 ਕਿੱਲੋ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ।

ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਸਮਾਪਤ

ਰੋਮ, 3 ਅਗਸਤ - ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਜੋ ਕਿ ਇਟਲੀ ਦੀ ਰਾਜਧਾਨੀ ਰੋਮ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਅਮਰੀਕੀ ਤੈਰਾਕਾਂ ਨੇ ਸਭ ਤੋਂ ਵੱਧ 10 ਸੋਨ ਤਗਮੇ ਜਿੱਤੇ। ਅਮਰੀਕਾ ਸਭ ਤੋਂ ਵੱਧ 22 ਤਗਮਿਆਂ ਨਾਲ ਅੰਕ ਸੂਚੀ ਵਿਚ ਪਹਿਲੇ ਸਥਾਨ 'ਤੇ ਰਿਹਾ ਜਦਕਿ ਜਰਮਨੀ 9 ਤਗਮਿਆਂ ਨਾਲ ਦੂਸਰੇ ਅਤੇ ਚੀਨ ਤੀਸਰੇ ਸਥਾਨ 'ਤੇ ਰਿਹਾ। ਅੱਠ ਦਿਨ ਚੱਲੀ ਇਹ ਚੈਂਪੀਅਨਸ਼ਿਪ ਐਤਵਾਰ ਨੂੰ ਸਮਾਪਤ ਹੋ ਗਈ।

ਪੰਜਾਬ ਸਕੂਲ ਖੇਡਾਂ ਲਈ ਪੰਜਾਬ ਸਿੱਖਿਆ ਵਿਭਾਗ ਵੱਲੋਂ ਤਰੀਕਾਂ ਦਾ ਐਲਾਨ

ਜਲੰਧਰ/ਲੁਧਿਆਣਾ, 3 ਅਗਸਤ - ਪੰਜਾਬ ਸਕੂਲ ਖੇਡਾਂ 2009-10 ਲਈ ਪੰਜਾਬ ਸਿੱਖਿਆ ਵਿਭਾਗ ਵੱਲੋਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਸਿੱਖਿਆ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਹਰਚਰਨਜੀਤ ਕੌਰ ਬਰਾੜ ਨੇ ਦੱਸਿਆ ਕਿ ਕ੍ਰਿਕਟ ਅੰਡਰ 16 ਸਾਲ ਲੜਕੇ ਸੰਗਰੂਰ ਵਿਖੇ 1 ਤੋਂ 5 ਸਤੰਬਰ ਤੱਕ, ਵਾਲੀਬਾਲ ਅੰਡਰ 19 ਸਾਲ ਲੜਕੇ ਤੇ ਲੜਕੀਆਂ ਹੁਸ਼ਿਆਰਪੁਰ ਵਿਖੇ 7 ਤੋਂ 11 ਸਤੰਬਰ ਤੱਕ, ਵਾਲੀਬਾਲ ਅੰਡਰ 14 ਤੇ 17 ਸਾਲ ਲੜਕੇ ਤੇ ਲੜਕੀਆਂ ਮੁਕਤਸਰ ਵਿਖੇ 1 ਤੋਂ 5 ਅਕਤੂਬਰ ਤੱਕ, ਟੇਬਿਲ ਟੈਨਿਸ ਅੰਡਰ 14, 17, 19 ਸਾਲ ਲੜਕੇ ਤੇ ਲੜਕੀਆਂ ਰੋਪੜ ਵਿਖੇ 1 ਤੋਂ 5 ਅਕਤੂਬਰ ਤੱਕ, ਖੋ-ਖੋ ਅੰਡਰ 19 ਸਾਲ ਲੜਕੇ ਤੇ ਲੜਕੀਆਂ ਬਠਿੰਡਾ ਵਿਖੇ, ਖੋ-ਖੋ ਅੰਡਰ 14 ਤੇ 17 ਸਾਲ ਲੜਕੇ ਤੇ ਲੜਕੀਆਂ ਫਤਹਿਗੜ੍ਹ ਸਾਹਿਬ ਵਿਖੇ 1 ਤੋਂ 5 ਅਕਤੂਬਰ ਤੱਕ ਕਰਵਾਏ ਜਾਣਗੇ। ਤੈਰਾਕੀ ਅੰਡਰ 11, 14, 17 ਤੇ 19 ਸਾਲ ਲੜਕੇ ਤੇ ਲੜਕੀਆਂ ਸੰਗਰੂਰ ਵਿਖੇ, ਵਾਟਰ ਪੋਲੋ ਅੰਡਰ 19 ਸਾਲ ਸੰਗਰੂਰ ਵਿਖੇ, ਤਲਵਾਰਬਾਜ਼ੀ ਅੰਡਰ 14, 17, 19 ਸਾਲ ਲੜਕੇ ਤੇ ਲੜਕੀਆਂ ਅੰਮ੍ਰਿਤਸਰ ਵਿਖੇ, ਜਿਮਨਾਸਟਿਕ ਅੰਡਰ 14, 17, 19 ਸਾਲ ਲੜਕੇ ਤੇ ਲੜਕੀਆਂ ਜਲੰਧਰ ਵਿਖੇ 12 ਤੋਂ 16 ਅਕਤੂਬਰ ਤੱਕ ਕਰਵਾਏ ਜਾਣਗੇ। ਥ੍ਰੋਬਾਲ ਅੰਡਰ 14, 17, 19 ਸਾਲ ਲੜਕੇ ਤੇ ਲੜਕੀਆਂ ਕਪੂਰਥਲਾ ਵਿਖੇ, ਕਬੱਡੀ ਅੰਡਰ 19 ਸਾਲ ਲੜਕੇ ਤੇ ਲੜਕੀਆਂ ਅੰਮ੍ਰਿਤਸਰ ਵਿਖੇ, ਕਬੱਡੀ ਅੰਡਰ 14 ਤੇ 17 ਸਾਲ ਲੜਕੇ ਤੇ ਲੜਕੀਆਂ ਮੋਗਾ ਵਿਖੇ, ਤੀਰਅੰਦਾਜ਼ੀ ਅੰਡਰ 14, 17, 19 ਸਾਲ ਲੜਕੇ ਤੇ ਲੜਕੀਆਂ ਫਿਰੋਜ਼ਪੁਰ ਵਿਖੇ, ਫੁੱਟਬਾਲ ਅੰਡਰ 19 ਸਾਲ ਲੜਕੇ ਤੇ ਲੜਕੀਆਂ ਪਟਿਆਲਾ ਵਿਖੇ, ਫੁੱਟਬਾਲ ਅੰਡਰ 17 ਸਾਲ ਲੜਕੇ ਤੇ ਲੜਕੀਆਂ ਹੁਸ਼ਿਆਰਪੁਰ ਵਿਖੇ, ਫੁੱਟਬਾਲ ਅੰਡਰ 14 ਸਾਲ ਲੜਕੇ ਤੇ ਲੜਕੀਆਂ ਫਤਹਿਗੜ੍ਹ ਸਾਹਿਬ ਵਿਖੇ, ਬੇਸਬਾਲ ਅੰਡਰ 14, 17, 19 ਸਾਲ ਲੜਕੇ ਤੇ ਲੜਕੀਆਂ ਮੋਗਾ ਵਿਖੇ, ਤਾਈਕਵਾਂਡੋ ਅੰਡਰ 14, 17, ਤੇ 19 ਸਾਲ ਲੜਕੇ ਤੇ ਲੜਕੀਆਂ ਬਠਿੰਡਾ ਵਿਖੇ 19 ਤੋਂ 23 ਅਕਤੂਬਰ ਤੱਕ ਕਰਵਾਈਆਂ ਜਾ ਰਹੀਆਂ ਹਨ। ਹਾਕੀ ਅੰਡਰ 19 ਸਾਲ ਲੜਕੇ ਤੇ ਲੜਕੀਆਂ ਲੁਧਿਆਣਾ ਵਿਖੇ, ਹਾਕੀ ਅੰਡਰ 17 ਸਾਲ ਤੇ ਲੜਕੀਆਂ ਜਲੰਧਰ ਵਿਖੇ, ਹਾਕੀ ਅੰਡਰ 14 ਸਾਲ ਲੜਕੇ ਤੇ ਲੜਕੀਆਂ ਮੋਗਾ ਵਿਖੇ, ਚੈੱਸ ਅੰਡਰ 14, 17 ਤੇ 19 ਸਾਲ ਮੋਗਾ ਵਿਖੇ, ਬਾਸਕਿਟਬਾਲ ਅੰਡਰ 19 ਸਾਲ ਲੜਕੇ ਤੇ ਲੜਕੀਆਂ ਕਪੂਰਥਲਾ ਵਿਖੇ, ਬਾਸਕਿਟਬਾਲ ਅੰਡਰ 17 ਸਾਲ ਲੜਕੇ ਤੇ ਲੜਕੀਆਂ ਅੰਮ੍ਰਿਤਸਰ ਵਿਖੇ, ਬਾਸਕਿਟਬਾਲ ਅੰਡਰ 14 ਸਾਲ ਲੜਕੇ ਤੇ ਲੜਕੀਆਂ ਪਟਿਆਲਾ ਵਿਖੇ, ਹੈਂਡਬਾਲ ਅੰਡਰ 19 ਸਾਲ ਲੜਕੇ ਤੇ ਲੜਕੀਆਂ, ਹੈਂਡਬਾਲ ਅੰਡਰ 17 ਸਾਲ ਲੜਕੇ ਤੇ ਲੜਕੀਆਂ ਰੋਪੜ ਵਿਖੇ, ਹੈਂਡਬਾਲ ਅੰਡਰ 14 ਸਾਲ ਲੜਕੇ ਤੇ ਲੜਕੀਆਂ ਸੰਗਰੂਰ ਵਿਖੇ 26 ਤੋਂ 30 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ। ਕਬੱਡੀ ਅੰਡਰ 19 ਸਾਲ ਸਰਕਲ ਸਟਾਈਲ ਕਪੂਰਥਲਾ ਵਿਖੇ 28 ਅਕਤੂਬਰ ਤੋਂ 1 ਨਵੰਬਰ ਤੱਕ ਕਰਵਾਈ ਜਾਵੇਗੀ। ਨੈਂਟਬਾਲ ਅੰਡਰ 14, 17 ਸਾਲ ਲੜਕੇ ਤੇ ਲੜਕੀਆਂ ਬਰਨਾਲਾ ਵਿਖੇ, ਨੈਂਟਬਾਲ ਅੰਡਰ 19 ਸਾਲ ਲੜਕੇ ਤੇ ਲੜਕੀਆਂ ਗੁਰਦਾਸਪੁਰ ਵਿਖੇ, ਰੋਲਰ ਸਕੇਇੰਗ ਅੰਡਰ 11, 14, 17 ਤੇ 19 ਸਾਲ ਲੜਕੇ ਤੇ ਲੜਕੀਆਂ ਪਟਿਆਲਾ ਵਿਖੇ, ਰੋਲਰ ਹਾਕੀ ਅੰਡਰ 19 ਸਾਲ ਲੜਕੇ ਪਟਿਆਲਾ ਵਿਖੇ, ਰੋਡ ਸਾਈਕਲਿੰਗ ਅੰਡਰ 17 ਤੋਂ 19 ਸਾਲ ਲੜਕੇ ਸੰਗਰੂਰ ਵਿਖੇ, ਸਾਈਕਲ ਪੋਲੋ ਅੰਡਰ 19 ਸਾਲ ਲੜਕੇ ਤੇ ਲੜਕੀਆਂ ਪਟਿਆਲਾ ਵਿਖੇ, ਸਾਫਟਬਾਲ ਅੰਡਰ 19 ਸਾਲ ਲੜਕੇ ਤੇ ਲੜਕੀਆਂ ਮੋਗਾ ਵਿਖੇ, ਸਾਫਟਬਾਲ ਅੰਡਰ 14 ਤੇ 17 ਸਾਲ ਲੜਕੇ ਤੇ ਲੜਕੀਆਂ ਜਲੰਧਰ ਵਿਖੇ 3 ਤੋਂ 7 ਨਵੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ। ਕ੍ਰਿਕਟ ਅੰਡਰ 14 ਸਾਲ ਲੜਕੇ, ਨਵਾਂਸ਼ਹਿਰ ਵਿਖੇ ਬਾਕਸਿੰਗ ਅੰਡਰ 17, 19 ਸਾਲ ਲੜਕੇ ਪਟਿਆਲਾ ਵਿਖੇ। ਬੈਡਮਿੰਟਨ ਅੰਡਰ 14, 17, 19 ਸਾਲ ਲੜਕੇ ਤੇ ਲੜਕੀਆਂ ਰੋਪੜ ਵਿਖੇ, ਕਿੱਕ ਬਾਕਸਿੰਗ ਅੰਡਰ 19 ਸਾਲ ਲੜਕੇ ਤੇ ਲੜਕੀਆਂ ਸੰਗਰੂਰ ਵਿਖੇ, ਵੇਟਲਿਫਟਿੰਗ ਅੰਡਰ 17 ਤੋਂ 19 ਸਾਲ ਲੜਕੇ ਤੇ ਲੜਕੀਆਂ ਜਲੰਧਰ ਵਿਖੇ 9 ਤੋਂ 13 ਨਵੰਬਰ ਤੱਕ ਕਰਵਾਈ ਜਾ ਰਹੀ ਹੈ। ਯੋਗਾ ਅੰਡਰ 14, 17 ਤੇ 19 ਸਾਲ ਲੜਕੇ ਤੇ ਲੜਕੀਆਂ ਜਲੰਧਰ ਵਿਖੇ, ਜੂਡੋ ਅੰਡਰ 14, 17 ਤੇ 19 ਸਾਲ ਜਲੰਧਰ ਵਿਖੇ, ਜੂਡੋ ਅੰਡਰ 14, 17 ਤੇ 19 ਸਾਲ ਲੜਕੇ ਤੇ ਲੜਕੀਆਂ ਜਲੰਧਰ ਵਿਖੇ, ਰਾਈਫਲ ਸ਼ੂਟਿੰਗ ਲੜਕੇ ਤੇ ਲੜਕੀਆਂ 17 ਤੇ 19 ਸਾਲ ਮੁਕਤਸਰ ਵਿਖੇ, ਕੁਸ਼ਤੀਆਂ ਅੰਡਰ 14, 17 ਤੇ 19 ਸਾਲ ਲੜਕੇ ਤਰਨਤਾਰਨ ਵਿਖੇ, ਕੁਸ਼ਤੀਆਂ ਅੰਡਰ 19 ਸਾਲ ਲੜਕੀਆਂ ਫਰੀਦਕੋਟ ਵਿਖੇ 16 ਤੋਂ 20 ਨਵੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ। ਲਾਅਨ ਟੈਨਿਸ ਅੰਡਰ 14, 17 ਤੇ 19 ਸਾਲ ਲੜਕੇ ਤੇ ਲੜਕੀਆਂ ਰੋਪੜ ਵਿਖੇ, ਬਾਲ ਬੈਡਮਿੰਟਨ ਅੰਡਰ 19 ਸਾਲ ਲੜਕੇ ਤੇ ਲੜਕੀਆਂ ਮੁਹਾਲੀ ਵਿਖੇ। ਸ਼ੂਟਿੰਗ ਬਾਲ ਅੰਡਰ 19 ਸਾਲ ਲੜਕੇ ਤੇ ਲੜਕੀਆਂ ਮਾਨਸਾ ਵਿਖੇ, ਮਾਰਸ਼ਲ ਆਰਟ ਅੰਡਰ 17 ਤੇ 19 ਸਾਲ ਲੜਕੇ ਤੇ ਲੜਕੀਆਂ ਗੁਰਦਾਸਪੁਰ ਵਿਖੇ। ਕ੍ਰਿਕਟ ਅੰਡਰ 19 ਸਾਲ ਲੜਕੇ ਹੁਸ਼ਿਆਰਪੁਰ ਵਿਖੇ ਕ੍ਰਿਕਟ ਅੰਡਰ 19 ਸਾਲ ਲੜਕੀਆਂ ਅੰਮ੍ਰਿਤਸਰ ਵਿਖੇ 23 ਤੋਂ 27 ਨਵੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ। ਅਥਲੈਟਿਕਸ ਅੰਡਰ 14, 17, 19 ਸਾਲ ਲੜਕੇ ਤੇ ਲੜਕੀਆਂ ਫਿਰੋਜ਼ਪੁਰ ਵਿਖੇ 30 ਨਵੰਬਰ ਤੋਂ 5 ਦਸੰਬਰ ਤੱਕ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਹੇਠ ਲਿਖੀਆਂ ਨਵੀਆਂ ਖੇਡਾਂ ਦੀਆਂ ਤਰੀਕਾਂ ਐਸ. ਜੀ. ਐਫ. ਆਈ. ਦੀਆਂ ਮਿਤੀਆਂ ਤੋਂ ਬਾਅਦ ਆਉਣ 'ਤੇ ਦੱਸੀਆਂ ਜਾਣਗੀਆਂ। ਇਨ੍ਹਾਂ ਵਿਚ ਵੁਸੂ ਅੰਡਰ 19 ਸਾਲ ਲੜਕੇ ਤੇ ਲੜਕੀਆਂ ਬਠਿੰਡਾ ਵਿਖੇ, ਤਾਈਕਵਾਂਡੋ ਅੰਡਰ 19 ਸਾਲ ਲੜਕੇ ਤੇ ਲੜਕੀਆਂ, ਸਕੀਪਿੰਗ ਰੋਪ ਅੰਡਰ 19 ਸਾਲ ਲੜਕੇ ਤੇ ਲੜਕੀਆਂ, ਜੰਪ ਰੋਪ ਅੰਡਰ 19 ਸਾਲ ਲੜਕੇ ਤੇ ਲੜਕੀਆਂ ਸਾਰੀਆਂ ਬਠਿੰਡਾ ਵਿਖੇ, ਰੋਲ ਬਾਲ ਅੰਡਰ 19 ਸਾਲ ਲੜਕੇ ਤੇ ਲੜਕੀਆਂ ਸੰਗਰੂਰ ਵਿਖੇ, ਕਰਾਟੇ ਅੰਡਰ 14, 17 ਤੇ 19 ਸਾਲ ਲੜਕੇ ਤੇ ਲੜਕੀਆਂ ਗੁਰਦਾਸਪੁਰ ਵਿਖੇ ਤੇ ਡਾਜਬਾਲ ਅੰਡਰ 19 ਸਾਲ ਲੜਕੇ ਤੇ ਲੜਕੀਆਂ ਲੁਧਿਆਣਾ ਵਿਖੇ ਨਵੀਆਂ ਮਿਤੀਆਂ ਆਉਣ ਤੋਂ ਬਾਅਦ ਕਰਵਾਈਆਂ ਜਾਣਗੀਆਂ।

ਬੈਂਕ ਆਫ ਵੈਸਟ ਕਲਾਸਿਕ ਟੂਰਨਾਮੈਂਟ 'ਤੇ ਮੈਰੀਅਨ ਬਾਰਤੋਲੀ ਦਾ ਕਬਜ਼ਾ

ਸਟੈਨਫੋਰਡ (ਅਮਰੀਕਾ), 3 ਅਗਸਤ - 'ਬੈਂਕ ਆਫ਼ ਵੈਸਟ ਕਲਾਸਿਕ ਟੈਨਿਸ ਟੂਰਨਾਮੈਂਟ' ਦਾ ਸਿੰਗਲਜ਼ ਖਿਤਾਬ ਫਰਾਂਸ ਦੀ ਖਿਡਾਰਨ ਮੈਰੀਅਨ ਬਾਰਤੋਲੀ ਨੇ ਜਿੱਤ ਲਿਆ। ਖਿਤਾਬੀ ਮੁਕਾਬਲੇ 'ਚ ਉਸ ਨੇ ਇਸ ਸਾਲ ਵਿੰਬਲਡਨ ਦਾ ਫਾਈਨਲ ਖੇਡ ਚੁੱਕੀ ਅਮਰੀਕਾ ਦੀ ਵੀਨਸ ਵਿਲੀਅਮਸ ਨੂੰ 6-2, 5-7, 6-4 ਨਾਲ ਹਰਾਇਆ। ਆਪਣੇ ਪਿਤਾ ਡਾਕਟਰ ਵਾਲਟਰ ਬਾਰਤੋਲੀ ਦੀ ਦੇਖ-ਰੇਖ ਹੇਠ ਅਭਿਆਸ ਕਰਨ ਵਾਲੀ ਬਾਰਤੋਲੀ 2008 ਵਿਚ ਵੀ ਫਾਈਨਲ 'ਚ ਪਹੁੰਚੀ ਸੀ। ਦੂਸਰੇ ਪਾਸੇ 2005 ਤੋਂ ਬਾਅਦ ਪਹਿਲੀ ਵਾਰ ਇਸ ਟੂਰਨਾਮੈਂਟ ਵਿਚ ਖੇਡ ਰਹੀ ਵੀਨਸ ਨੇ ਦੂਸਰੀ ਵਾਰ ਖਿਤਾਬ ਜਿੱਤਣ ਦਾ ਮੌਕਾ ਗਵਾ ਦਿੱਤਾ। ਸੱਤ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਖੇਡ ਚੁੱਕੀ ਵੀਨਸ ਨੇ ਇਥੇ 2002 ਵਿਚ ਖਿਤਾਬ ਜਿੱਤਿਆ ਸੀ।

'ਵਾਡਾ' ਮਾਮਲੇ 'ਤੇ ਡਾ. ਮਨੋਹਰ ਸਿੰਘ ਗਿੱਲ ਅਤੇ ਕ੍ਰਿਕਟ ਬੋਰਡ ਆਹਮੋ-ਸਾਹਮਣੇ

ਨਵੀਂ ਦਿੱਲੀ, 3 ਅਗਸਤ - ਵਿਸ਼ਵ ਡੋਪਿੰਗ ਵਿਰੋਧੀ ਏਜੰਸੀ (ਵਾਡਾ) ਦੇ ਇਕ ਵਿਵਾਦਤ ਨਿਯਮ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.)
ਅਤੇ ਖੇਡ ਮੰਤਰੀ ਡਾ. ਮਨੋਹਰ ਸਿੰਘ ਗਿੱਲ ਆਹਮੋ-ਸਾਹਮਣੇ ਆ ਗਏ ਹਨ। ਇਕ ਹੰਗਾਮੀ ਬੈਠਕ ਵਿਚ ਬੀ. ਸੀ. ਸੀ. ਆਈ. ਨੇ ਭਾਰਤੀ ਖਿਡਾਰੀਆਂ ਨਾਲ
ਸਹਿਮਤੀ ਜਤਾਉਂਦੇ ਹੋਏ 'ਵਾਡਾ' ਦੇ ਨਵੇਂ ਨਿਯਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਮੈਚ ਤੋਂ ਇਲਾਵਾ ਬਾਕੀ ਸਮੇਂ 'ਚ ਡੋਪ
ਟੈਸਟ ਲਈ ਖਿਡਾਰੀਆਂ ਨੂੰ ਦੱਸਣਾ ਪਵੇਗਾ ਕਿ ਉਹ ਕਿਥੇ ਹਨ। ਬੀ. ਸੀ.. ਸੀ. ਆਈ. ਨੇ ਇਸ ਨੂੰ ਖਿਡਾਰੀਆਂ ਦੇ ਨਿੱਜੀ ਜੀਵਨ ਵਿਚ ਦਖ਼ਲ ਦੱਸਿਆ ਸੀ ਪਰੰਤੂ ਖੇਡ ਮੰਤਰੀ ਦਾ ਕਹਿਣਾ ਹੈ ਕਿ ਇਹ ਗੱਲ ਸਹੀ ਨਹੀਂ ਹੈ। ਇਥੇ ਰਾਜਾਂ ਦੇ ਖੇਡ ਮੰਤਰੀਆਂ ਦੇ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਡਾ. ਗਿੱਲ ਨੇ ਕਿਹਾ, 'ਅਸੀਂ ਵਾਡਾ ਦੇ ਜਾਂਚ ਨਿਯਮਾਂ ਨੂੰ ਸਵੀਕਾਰ ਕੀਤਾ ਹੈ ਅਤੇ ਇਸ ਦਾ ਪਾਲਣ ਵੀ ਕਰਦੇ ਹਾਂ। ਖਿਡਾਰੀਆਂ ਨੂੰ ਇਸ ਮਾਮਲੇ 'ਚ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਇਹ ਕਿਸੇ ਦੀ ਜ਼ਿੰਦਗੀ 'ਚ ਝਾਕਣ ਵਰਗੀ ਕੋਈ ਗੱਲ ਨਹੀਂ ਹੈ।' ਖੇਡ ਮੰਤਰੀ ਨੇ ਇਸ ਗੱਲ 'ਤੇ ਹੈਰਾਨੀ ਜਤਾਈ ਕਿ ਕ੍ਰਿਕਟਰ ਇਸ ਨਾਲ ਅਸਹਿਮਤ ਹਨ। ਉਨ੍ਹਾਂ ਕਿਹਾ ਕਿ ਦੁਨੀਆ ਦੇ ਕਈ ਚੋਟੀ ਦੇ ਖਿਡਾਰੀ ਅਤੇ ਖੇਡ ਫੈਡਰੇਸ਼ਨਾਂ ਵਾਡਾ ਨਿਯਮਾਂ ਦਾ ਪਾਲਣ ਕਰਦੀਆਂ ਹਨ। ਜ਼ਿਕਰਯੋਗ ਹੈ ਕਿ ਬੀ. ਸੀ. ਸੀ. ਆਈ. ਦੀ ਬੈਠਕ ਵਿਚ
ਪ੍ਰਧਾਨ ਸ਼ਸ਼ਾਂਕ ਮਨੋਹਰ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਸੀ ਬੋਰਡ ਨੂੰ ਵਾਡਾ ਦੇ ਨਿਯਮਾਂ ਨਾਲ ਕੋਈ ਇਤਰਾਜ਼ ਨਹੀਂ ਬਲਕਿ ਇਸ ਦੀ ਇਹ ਗੱਲ ਸਹੀ ਨਹੀਂ ਹੈ ਕਿ ਖਿਡਾਰੀਆਂ ਨੂੰ ਇਹ ਦੱਸਣਾ ਹੋਵੇਗਾ ਕਿ ਉਹ ਕਿਥੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਖਿਡਾਰੀਆਂ ਦੀ ਸੁਰੱਖਿਆ ਨੂੰ ਖ਼ਤਰਾ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਸੀ ਕਿ ਇਹ ਖਿਡਾਰੀਆਂ ਦੀ ਨਿੱਜੀ ਜ਼ਿੰਦਗੀ 'ਚ ਦਖਲਅੰਦਾਜ਼ੀ ਹੈ ਅਤੇ ਭਾਰਤੀ ਸੰਵਿਧਾਨ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ। ਦੂਜੇ ਪਾਸੇ ਖੇਡ ਮੰਤਰੀ ਦਾ ਕਹਿਣਾ ਹੈ ਕਿ ਵਾਡਾ ਬਹੁਤ ਵਧੀਆ ਕੰਮ ਕਰ ਰਿਹਾ ਹੈ ਅਤੇ ਡੋਪ ਤੋਂ ਰਹਿਤ ਦੁਨੀਆ ਲਈ ਸਭ ਨੂੰ ਇਸ ਦਾ ਸਮਰਥਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਨਿਯਮ ਕਿਸੇ ਦੀ ਜ਼ਿੰਦਗੀ 'ਚ ਦਖਲਅੰਦਾਜ਼ੀ ਨਹੀਂ ਹੈ।

6ਵਾਂ ਬੀ.ਡੀ.ਓ. ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲਾ ਸ਼ੁਰੂ

ਲੁਧਿਆਣਾ, 2 ਅਗਸਤ  - ਅਮਰੀਕਾ ਦੇ ਸ਼ਹਿਰ ਬੋਸਟਨ ਵਿਖੇ 3 ਅਗਸਤ ਤੋਂ 6ਵਾਂ ਬੀ. ਡੀ. ਓ. ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ। 14 ਦਿਨ ਚੱਲਣ ਵਾਲੇ ਇਸ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ 16 ਅਗਸਤ ਨੂੰ ਹੋਵੇਗਾ। ਇਸ ਟੂਰਨਾਮੈਂਟ ਵਿਚ ਦੁਨੀਆਂ ਦੀਆਂ ਕੁੱਲ 16 ਟੀਮਾਂ ਭਾਗ ਲੈਣਗੀਆਂ। ਜਿਨ੍ਹਾਂ ਨੂੰ ਵੱਖ-ਵੱਖ 4 ਪੂਲਾਂ ਵਿਚ ਵੰਡਿਆ ਜਾਵੇਗਾ। ਹਰ ਪੂਲ ਵਿਚੋਂ ਪਹਿਲੇ 2 ਸਰਵੋਤਮ ਸਥਾਨ ਹਾਸਿਲ ਕਰਨ ਵਾਲੀਆਂ ਟੀਮਾਂ ਸੁਪਰ ਲੀਗ ਲਈ ਕੁਆਲੀਫਾਈ ਕਰਨਗੀਆਂ। ਜਦਕਿ ਸੁਪਰ ਲੀਗ ਵਿਚ ਜੇਤੂ ਅਤੇ ਉਪ ਜੇਤੂ ਟੀਮਾਂ ਸੈਮੀਫਾਈਨਲ ਖੇਡਣ ਦੇ ਯੋਗ ਹੋਣਗੀਆਂ। ਮੁੱਢਲੇ ਦੌਰ ਵਿਚ ਹਰ ਪੂਲ ਵਿਚੋਂ ਤੀਸਰਾ ਅਤੇ ਚੌਥਾ ਸਥਾਨ ਕਰਨ ਵਾਲੀਆਂ ਟੀਮਾਂ 9ਵੇਂ ਤੋਂ 16ਵੇਂ ਸਥਾਨ ਹਾਸਿਲ ਕਰਨ ਲਈ ਵਰਗੀਕਰਨ ਮੈਚ ਖੇਡਣਗੀਆਂ। ਵਿਸ਼ਵ ਕੱਪ ਵਿਚ ਭਾਰਤ ਨੂੰ ਪੂਲ 'ਡੀ' ਵਿਚ ਮੇਜ਼ਬਾਨ ਅਮਰੀਕਾ, ਆਸਟਰੇਲੀਆ ਅਤੇ ਬੇਲਾਰੂਸ ਦੇ ਨਾਲ ਰੱਖਿਆ ਗਿਆ ਹੈ। ਜੂਨੀਅਰ ਵਿਸ਼ਵ ਕੱਪ ਹਾਕੀ ਦਾ ਉਦਘਾਟਨੀ ਮੈਚ ਸਵੇਰ ਦੇ ਸੈਸ਼ਨ ਦੌਰਾਨ ਅੱਜ 3 ਅਗਸਤ ਨੂੰ ਜਰਮਨੀ ਅਤੇ ਅਰਜਨਟੀਨਾ ਵਿਚਕਾਰ ਖੇਡਿਆ ਜਾਵੇਗਾ। ਭਾਰਤੀ ਟੀਮ ਇਸੇ ਦਿਨ ਆਪਣਾ ਮੁੱਢਲਾ ਮੈਚ ਵਿਸ਼ਵ ਕੱਪ ਦੀ ਮੁੱਖ ਦਾਅਵੇਦਾਰ ਆਸਟਰੇਲੀਆ ਵਿਰੁੱਧ ਖੇਡੇਗੀ। 3 ਤੋਂ 6 ਅਗਸਤ ਤੱਕ ਲੀਗ ਦੌਰ ਦੇ ਮੈਚ ਹੋਣਗੇ, ਜਦਕਿ 7 ਅਗਸਤ ਨੂੰ ਆਰਾਮ ਦਾ ਦਿਨ ਹੋਵੇਗਾ ਅਤੇ 8 ਤੋਂ ਲੈ ਕੇ 12 ਅਗਸਤ ਤੱਕ ਸੁਪਰ ਲੀਗ ਦੌਰ ਦੇ ਮੈਚ ਹੋਣਗੇ ਤੇ ਸੈਮੀਫਾਈਨਲ ਮੁਕਾਬਲੇ 14 ਅਗਸਤ ਨੂੰ ਅਤੇ ਫਾਈਨਲ ਮੁਕਾਬਲਾ 16 ਅਗਸਤ ਨੂੰ ਖੇਡਿਆ ਜਾਵੇਗਾ। ਜੂਨੀਅਰ ਵਿਸ਼ਵ ਕੱਪ ਦੀਆਂ ਵੱਖ-ਵੱਖ 4 ਪੂਲਾਂ ਵਿਚ ਟੀਮਾਂ ਦੀ ਵੰਡ ਇਸ ਤਰ੍ਹਾਂ ਕੀਤੀ ਗਈ ਹੈ।

23ਵੀਂ ਪੰਜਾਬ ਰਾਜ ਸੁਪਰ ਫੁੱਟਬਾਲ ਲੀਗ

ਜਲੰਧਰ, 2 ਅਗਸਤ - 23ਵੀਂ ਪੰਜਾਬ ਰਾਜ ਫੁੱਟਬਾਲ ਲੀਗ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਕਰਵਾਈ ਜਾ ਰਹੀ ਹੈ। ਫਗਵਾੜਾ ਵਿਖੇ ਖੇਡੇ ਗਏ ਮੈਚ ਵਿਚ ਪੰਜਾਬ ਰਾਜ ਬਿਜਲੀ ਬੋਰਡ ਦੀ ਟੀਮ ਨੇ ਜੇ. ਸੀ. ਟੀ. ਅਕੈਡਮੀ ਫਗਵਾੜਾ ਨੂੰ 5-1 ਨਾਲ ਹਰਾਇਆ। ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਖੇਡੇ ਗਏ ਮੈਚ ਵਿਚੋਂ ਆਰ. ਸੀ. ਐਫ. ਤੇ ਬੀ. ਐਸ. ਐਫ. ਜਲੰਧਰ ਦੀਆਂ ਟੀਮਾਂ 1-1 ਗੋਲ ਨਾਲ ਬਰਾਬਰ ਰਹੀਆਂ। ਮਾਹਿਲਪੁਰ ਵਿਖੇ ਖੇਡੇ ਗਏ ਮੈਚ ਵਿਚ ਪੰਜਾਬ ਪੁਲਿਸ ਨੇ ਹਰਭਜਨ ਸਪੋਰਟਸ ਕਲੱਬ ਨੂੰ 4-0 ਨਾਲ ਹਰਾਇਆ। ਦੂਜੇ ਦਿਨ ਹੁਸ਼ਿਆਰਪੁਰ ਦੇ ਬਿਜਲੀ ਬੋਰਡ ਦੇ ਖੇਡ ਮੈਦਾਨ ਵਿਚ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਪੰਜਾਬ ਰਾਜ ਬਿਜਲੀ ਬੋਰਡ ਨੇ ਹਰਭਜਨ ਸਪੋਰਟਸ ਕਲੱਬ ਮਾਹਿਲਪੁਰ ਨੂੰ 2-0 ਨਾਲ ਹਰਾਇਆ। ਬਿਜਲੀ ਬੋਰਡ ਵੱਲੋਂ ਦੋਵੇਂ ਜੇਤੂ ਗੋਲ ਹਰਦੀਪ ਸਿੰਘ ਨੇ 21ਵੇਂ ਤੇ 70ਵੇਂ ਮਿੰਟ 'ਚ ਕੀਤੇ। ਅੱਜ ਅਗਲਾ ਮੈਚ ਗੁਰੂ ਨਾਨਕ ਕਾਲਜ ਫਗਵਾੜਾ ਦੇ ਖੇਡ ਮੈਦਾਨ ਵਿਚ ਜੇ ਸੀ ਟੀ ਅਕੈਡਮੀ ਤੇ ਰੇਲ ਕੋਚ ਫੈਕਟਰੀ ਦਰਿਮਆਨ ਖੇਡਿਆ ਜਾਵੇਗਾ।

ਸਿਆਟਲ ਦਾ ਖੇਡ ਮੇਲਾ 16 ਅਗਸਤ ਤੋਂ

ਲੁਧਿਆਣਾ, 2 ਅਗਸਤ - 16 ਅਗਸਤ ਨੂੰ ਫਾਈਰ ਸਟਾਰ ਸਪੋਰਟਸ ਸਟੇਡੀਅਮ ਸਿਆਟਲ (ਨਾਰਥ ਅਮਰੀਕਾ) ਵਿਖੇ ਅੰਤਰਰਾਸ਼ਟਰੀ ਪੱਧਰੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਵਾਰ ਇਸ ਖੇਡ ਮੇਲੇ ਵਿਚ ਕਬੱਡੀ ਤੋਂ ਇਲਾਵਾ ਫੁੱਟਬਾਲ, ਕੁਸ਼ਤੀਆਂ, ਵਾਲੀਬਾਲ ਅਤੇ ਲੋਕਲ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਫੁੱਟਬਾਲ ਵਾਸਤੇ 6 ਟੀਮਾਂ ਜਿਸ ਵਿਚ ਅਮਰੀਕਾ, ਕੈਨੇਡਾ, ਮੈਕਸੀਕੋ, ਫ਼ਿਜੀ, ਰੋਮਾਨੀਆ, ਭਾਰਤ ਹਿੱਸਾ ਲੈਣਗੇ, ਜਦ ਕਿ ਕਬੱਡੀ ਅਤੇ ਕੁਸ਼ਤੀਆਂ ਵਾਸਤੇ ਭਾਰਤ, ਅਮਰੀਕਾ ਅਤੇ ਕੈਨੇਡਾ ਦੀਆਂ ਟੀਮਾਂ ਹਿੱਸਾ ਲੈਣਗੀਆਂ, ਵਾਲੀਬਾਲ ਵਾਸਤੇ ਪਾਕਿਸਤਾਨ, ਰੂਸ, ਅਮਰੀਕਾ, ਕੈਨੇਡਾ, ਰੋਮਾਨੀਆ ਖੇਡਣਗੇ। ਇਹ ਟੂਰਨਾਮੈਂਟ ਨਾਕ ਆਊਟ ਪ੍ਰਣਾਲੀ ਦੇ ਆਧਾਰ ਤੇ ਹੋਵੇਗਾ। ਟੂਰਨਾਮੈਂਟ ਦੌਰਾਨ ਲੋਕ ਗਾਇਕਾ ਮਿਸ ਪੂਜਾ, ਹਰਪਾਲ ਪ੍ਰੀਤ, ਰਾਏ ਜੁਝਾਰ, ਬੁੱਕਨ ਜੱਟ, ਸੁਖਵੰਤ ਸੁੱਖੀ, ਰਣਜੀਤ ਤੇਜ਼ੀ ਦਰਸ਼ਕਾਂ ਦਾ ਮੰਨੋਰਜਨ ਕਰਨਗੇ। ਇਸ ਮੌਕੇ 'ਤੇ ਕੈਨੇਡੀਅਨ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਵਿਧਾਇਕ ਜਗਰੂਪ ਸਿੰਘ ਬਰਾੜ, ਲੇਖਕ ਗੁਰਵਿੰਦਰ ਸਿੰਘ ਧਾਲੀਵਾਲ, ਕਬੱਡੀ ਸਟਾਰ ਕੁਲਜੀਤ ਮਲਸੀਆ, ਉਘੇ ਲੇਖਕ ਕਰਨੈਲ ਸਿੰਘ ਕੈਲ, ਡਾ: ਦਰਸ਼ਨ ਬੜ੍ਹੀ ਦਾ ਉਚੇਚੇ ਤੌਰ 'ਤੇ ਸਨਮਾਨ ਕੀਤਾ ਜਾਵੇਗਾ।

12ਵਾਂ ਗੋਲਡ ਕੱਪ ਕਬੱਡੀ ਖੇਡ ਮੇਲਾ 12 ਤੋਂ

ਸਵੱਦੀ ਕਲਾਂ, 2 ਅਗਸਤ - ਲੁਧਿਆਣਾ ਜ਼ਿਲ੍ਹੇ ਦੇ ਨਾਮਵਰ ਪਿੰਡ ਤਲਵੰਡੀ ਖੁਰਦ ਦੇ ਖੁੱਲ੍ਹੇ ਖੇਡ ਮੈਦਾਨਾਂ ਵਿਚ 12 ਤੋਂ 14 ਅਗਸਤ ਤੱਕ 12ਵਾਂ ਗੋਲਡ ਕੱਪ ਕਬੱਡੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਖੇਡ ਮੇਲਾ ਭੂਰੇ ਵਾਲੇ ਸੰਪ੍ਰਦਾਇ ਦੇ ਬ੍ਰਹਮਲੀਨ ਸਵਾਮੀ ਗੰਗਾ ਨੰਦ ਜੀ ਦੀ 25ਵੀਂ ਬਰਸੀ ਨੂੰ ਸਮਰਪਿਤ ਹੈ। 12 ਅਗਸਤ ਨੂੰ ਕਬੱਡੀ 42, 57 ਕਿਲੋ ਭਾਰ ਵਰਗ, ਜਦਕਿ 13 ਅਗਸਤ ਨੂੰ ਕਬੱਡੀ 70 ਕਿਲੋ ਭਾਰ ਵਰਗ ਦੇ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਖੇਡ ਮੇਲੇ ਦੇ ਅੰਤਿਮ ਦਿਨ 14 ਅਗਸਤ ਨੂੰ ਆਲ ਓਪਨ ਕਬੱਡੀ ਦੇ ਰੌਚਕ ਮੁਕਾਬਲੇ ਹੌਣਗੇ, ਜੋ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ।

ਗਗਨਜੀਤ ਭੁੱਲਰ ਦੀ ਬੱਲੇ ਬੱਲੇ

ਜਲੰਧਰ, 2 ਅਗਸਤ - ਬਰੁਨੇਈ ਓਪਨ ਗੋਲਫ ਕੱਪ 'ਚ ਆਰ.ਸੀ.ਐਫ. ਕਪੂਰਥਲਾ ਦੇ ਗੋਲਫ ਕਲੱਬ ਹੋਣਹਾਰ ਹੀਰੇ ਗਗਨਜੀਤ ਭੁੱਲਰ ਨੇ ਦੂਸਰਾ ਦਰਜਾ ਪ੍ਰਾਪਤ ਕਰਕੇ ਇਕ ਵਾਰ ਫਿਰ ਪੰਜਾਬ ਅਤੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਸੰਘਰਸ਼ਮਈ ਟੂਰਨਾਮੈਂਟ ਵਿਚ ਆਸਟ੍ਰੇਲੀਆ ਦੇ ਗੋਲਫਰ ਡੈਰਨ ਬੈੱਕ ਦੇ ਬਰਾਬਰ ਦੇ ਸਕੋਰ (ਅੰਡਰ 13) ਪ੍ਰਾਪਤ ਕਰਕੇ, ਟਾਈ ਪੈਣ ਉਪਰੰਤ ਭੁੱਲਰ ਨੂੰ ਦੂਸਰਾ ਸਥਾਨ ਪ੍ਰਾਪਤ ਹੋਇਆ। ਇਸ ਤੋਂ ਪਹਿਲਾਂ ਗਗਨਜੀਤ ਭੁੱਲਰ ਨੇ ਇੰਡੋਨੇਸ਼ੀਅਨ ਪ੍ਰੈਜੀਡੈਂਟ ਇਨਵੀਟੇਸ਼ਨਲ ਏਸ਼ੀਅਨ ਗੋਲਫ ਕੱਪ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।

ਏਅਰ ਫੋਰਸ ਵਾਲੀਬਾਲ ਚੈਂਪੀਅਨਸ਼ਿਪ 'ਚ ਦੱਖਣੀ ਏਅਰ ਕਮਾਨ ਅੱਗੇ

ਜਲੰਧਰ, 2 ਅਗਸਤ - ਏਅਰ ਫੋਰਸ ਵਾਲੀਬਾਲ ਚੈਂਪੀਅਨਸ਼ਿਪ 2 ਅਗਸਤ ਨੂੰ ਏਅਰ ਫੋਰਸ ਸਟੇਸ਼ਨ ਆਦਮਪੁਰ ਵਿਖੇ ਸ਼ੁਰੂ ਹੋਈ। ਇਸ ਏਅਰ ਫੋਰਸ ਵਾਲੀਬਾਲ ਚੈਂਪੀਅਨਸ਼ਿਪ ਦੇ ਦੂਜੇ ਦਿਨ ਪੱਛਮੀ ਏਅਰ ਕਮਾਨ ਨੇ ਏਅਰ ਫੋਰਸ ਸਟੇਸ਼ਨ ਆਦਮਪੁਰ ਨੂੰ 25-23, 25-16, 25-18 ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਦੂਜੇ ਮੈਚ ਵਿਚੋਂ ਦੱਖਣੀ ਏਅਰ ਕਮਾਨ ਨੇ ਸੈਂਟਰਲ ਏਅਰ ਕਮਾਨ ਨੂੰ 25-20, 25-23, 12-25 ਤੇ 30-28 ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਤੀਜੇ ਮੈਚ ਵਿਚੋਂ ਮੇਨਟੀਨੈਂਸ ਏਅਰ ਕਮਾਨ ਨੇ ਦੱਖਣ ਪੱਛਮੀ ਏਅਰ ਕਮਾਨ ਨੂੰ 3-1 ਨਾਲ ਹਰਾਇਆ। ਅਗਲੇ ਮੈਚ ਵਿਚ ਟਰੇਨਿੰਗ ਏਅਰ ਕਮਾਨ ਨੇ ਪੂਰਬੀ ਏਅਰ ਕਮਾਨ ਨੂੰ 25-19, 28-30, 27-25, 22-25 ਤੇ 13-15 ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ।

ਜੂਨੀਅਰ ਪੱਧਰ ਦੇ ਖੇਡ ਮੁਕਾਬਲੇ 6 ਤੋਂ

ਲੁਧਿਆਣਾ, 1 ਅਗਸਤ - ਮੰਡੌਰ ਰੈਸਲਿੰਗ ਅਕੈਡਮੀ ਵੱਲੋਂ ਜੂਨੀਅਰ ਪੱਧਰ ਦੇ ਅੰਡਰ 18 ਸਾਲ ਦੇ ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ 6-7 ਅਗਸਤ ਨੂੰ ਸਰਕਾਰੀ ਹਾਈ ਸਕੂਲ ਮੰਡੌਰ ਵਿਖੇ ਕਰਵਾਏ ਜਾ ਰਹੇ ਹਨ। ਇਨ੍ਹਾਂ ਖੇਡਾਂ ਵਿਚ ਕੁਸ਼ਤੀਆਂ, ਕਬੱਡੀ, ਐਥਲੈਟਿਕਸ, ਖੋ-ਖੋ ਅਤੇ ਵਾਲੀਬਾਲ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਹ ਮੁਕਾਬਲੇ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਪੰਚਾਇਤ ਯੁਵਾ ਕਰੀੜਾ ਖੇਡ ਅਭਿਆਨ 2009-10 ਤਹਿਤ ਹੋਣਗੇ। ਇਨ੍ਹਾਂ ਖੇਡਾਂ ਦਾ ਉਦਘਾਟਨ ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਦੇ ਚੇਅਰਮੈਨ ਪਰਮਜੀਤ ਸਿੰਘ ਖਟੜਾ ਅਤੇ ਜਸਵਿੰਦਰ ਕੌਰ ਬਰਾੜ ਜ਼ਿਲ੍ਹਾ ਖੇਡ ਅਫ਼ਸਰ ਕਰਨਗੇ।

ਮਹਾਰਾਜਾ ਰਣਜੀਤ ਸਿੰਘ ਟਰਾਫ਼ੀ ਲਈ ਚੁਣੇ ਗਏ ਖਿਡਾਰੀ

ਜਲੰਧਰ, 1 ਅਗਸਤ - ਜਲੰਧਰ ਦੇ ਐਫ.ਸੀ.ਸੋਂਧੀ ਦੇ ਖੇਡ ਮੈਦਾਨ 'ਚ ਬਰਨਾਲਾ ਵਿਖੇ ਹੋ ਰਹੀ ਮਹਾਰਾਜਾ ਰਣਜੀਤ ਸਿੰਘ ਟਰਾਫ਼ੀ ਲਈ ਅੰਡਰ-25 ਜ਼ਿਲ੍ਹਾ ਜਲੰਧਰ ਟੀ-20 ਟੀਮ ਲਈ ਚੋਣ ਟਰਾਇਲ ਕਰਵਾਏ ਗਏ। ਸਾਰੇ ਸੰਭਾਵੀ ਖਿਡਾਰੀਆਂ ਦਾ ਦੋ ਦਿਨਾ ਕੈਂਪ ਪਹਿਲੀ ਅਤੇ ਦੋ ਅਗਸਤ ਨੂੰ ਐਫ. ਸੀ. ਸੋਂਧੀ ਦੇ ਮੈਦਾਨ ਵਿਚ ਲਗਾਇਆ ਜਾ ਰਿਹਾ ਹੈ। ਇਨ੍ਹਾਂ ਸਾਰੇ ਖਿਡਾਰੀਆਂ ਨੂੰ ਬਾਅਦ ਦੁਪਹਿਰ ਤਿੰਨ ਵਜੇ ਮੈਦਾਨ ਵਿਚ ਹਾਜ਼ਰ ਹੋਣ ਲਈ ਕਿਹਾ ਗਿਆ। ਚੁਣੇ ਗਏ ਖਿਡਾਰੀਆਂ ਵਿਚ ਰਜੇਸ਼ ਸ਼ਰਮਾ, ਪ੍ਰਨਯ ਸ਼ਾਰਦਾ, ਡਾਇਮੰਡ ਭੰਡਾਰੀ, ਪਰਾਗ ਸ਼ਰਮਾ, ਸੰਨੀ, ਰਵੀ ਸ਼ਰਮਾ, ਅਮਨਜੋਤ, ਪ੍ਰਦੀਪ, ਸੁਮਿਤ, ਰਮਨ, ਬਿੰਨੀ, ਕੁਨਾਲ ਰਾਜਦਾਨ, ਮਨਿੰਦਰ ਸ਼ੁਭਮ, ਪਾਰਸ ਕਪੂਰ, ਗੁਰਬਖਸ਼, ਜਗਪ੍ਰੀਤ, ਅਮਨਦੀਪ, ਮਨਵੀਰ ਸਿੰਘ, ਸੁਸ਼ੀਲ, ਚੇਤਨ ਜੋਸ਼ੀ, ਬਲਵਿੰਦਰ, ਇੰਦਰਬੀਰ ਸਿੰਘ ਅਤੇ ਮਹਿੰਦਰ ਪਾਲ। ਕੈਂਪ ਉਪਰੰਤ ਜ਼ਿਲ੍ਹਾ ਜਲੰਧਰ ਦੀ ਟੀਮ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਰਜੇਸ਼, ਜਸਪਾਲ ਸਿੰਘ, ਜਤਿੰਦਰ ਪਾਲ ਸਿੰਘ, ਜਵਾਹਰ ਅਤੇ ਗੌਰਵ ਅਹੂਜਾ ਮੌਜੂਦ ਸਨ।

ਧਰੁਵ ਪਾਂਡਵ ਕਾਨਫਰੰਸ ਹਾਲ 'ਚ ਪੀ.ਸੀ.ਏ. ਦੀ ਮੀਟਿੰਗ ਅੱਜ

ਅਜੀਤ ਨਗਰ, 31 ਜੁਲਾਈ - ਧਰੁਵ ਪਾਂਡਵ ਕਾਨਫਰੰਸ ਹਾਲ ਪੀ.ਸੀ.ਏ. ਕ੍ਰਿਕਟ ਸਟੇਡੀਅਮ ਮੁਹਾਲੀ ਵਿਖੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਮੀਟਿੰਗ ਅੱਜ 11 ਵਜੇ ਹੋਵੇਗੀ। ਇਸ ਮੀਟਿੰਗ ਵਿੱਚ ਰਣਜੀ ਟਰਾਫੀ ਲਈ ਸਾਲ 2009-10 ਵਿੱਚ ਹੋਣ ਵਾਲੇ ਕ੍ਰਿਕਟ ਮੈਚਾਂ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ। ਰਣਜੀ ਟਰਾਫੀ ਦੇ ਹੋਣ ਵਾਲੇ ਮੈਚਾਂ ਵਿੱਚ 3 ਤੋਂ 6 ਨਵੰਬਰ ਤੱਕ ਪੰਜਾਬ ਅਤੇ ਮੁੰਬਈ, 10 ਤੋਂ 13 ਨੰਵਬਰ ਤੱਕ ਪੰਜਾਬ ਅਤੇ ਹੈਦਰਾਬਾਦ, 17 ਤੋਂ 20 ਨਵੰਬਰ ਤੱਕ ਪੰਜਾਬ ਅਤੇ ਤਾਮਿਲਨਾਡੂ, 24 ਤੋਂ 27 ਨਵੰਬਰ ਤੱਕ ਪੰਜਾਬ ਅਤੇ ਗੁਜਰਾਤ, 1 ਤੋਂ 4 ਦਸੰਬਰ ਤੱਕ ਪੰਜਾਬ ਅਤੇ ਹਿਮਾਚਲ ਪ੍ਰਦੇਸ, 8 ਤੋਂ 11 ਦਸੰਬਰ ਤੱਕ ਪੰਜਾਬ ਅਤੇ ਉੜੀਸਾ ਵਿਚਕਾਰ ਮੈਚ ਖੇਡੇ ਜਾਣਗੇ। ਉਨ੍ਹਾ ਦੱਸਿਆ ਕਿ 2 ਅਕਤੂਬਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਣ ਵਾਲੇ ਮੈਚ ਦੀਆਂ ਤਿਆਰੀਆਂ ਬਾਰੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ।

ਅਕਾਸ਼ਦੀਪ ਨੂੰ ਮਿਲੀ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ

ਲਹਿਰਾਗਾਗਾ, 31 ਜੁਲਾਈ - ਅੰਤਰ ਰਾਸ਼ਟਰੀ ਚੈਪੀਅਨਸ਼ਿਪ ਜੋ ਕਿ ਸਾਲ 2008 'ਚ ਨੇਪਾਲ ਵਿਖੇ ਕਰਵਾਈ ਗਈ ਸੀ। ਇਸ ਚੈਂਪੀਅਨਸ਼ਿਪ ਵਿਚ ਲਹਿਰਾਗਾਗਾ ਦੇ ਰਹਿਣ ਵਾਲੇ ਸੀਬਾ ਪਬਲਿਕ ਸਕੂਲ ਦੇ ਵਿਦਿਆਰਥੀ ਅਕਾਸ਼ਦੀਪ ਸਿੰਘ ਨੇ ਸੋਨ ਤਗਮਾ ਪ੍ਰਾਪਤ ਕੀਤਾ ਸੀ। ਇਸ ਲਈ ਪੰਜਾਬ ਸਰਕਾਰ ਨੇ ਉਸ ਨੂੰ 50 ਹਜ਼ਾਰ ਰੁਪਏ ਦਾ ਚੈਕ ਸਹਾਇਤਾ ਵਜੋਂ ਭੇਜਿਆ ਹੈ। ਉਕਤ ਵਿਦਿਆਰਥੀ ਵੁਸ਼ੂ ਦਾ ਖਿਡਾਰੀ ਹੈ। ਇਸ ਦੀ ਪ੍ਰਾਪਤੀ ਤੋਂ ਖੁਸ਼ ਹੋ ਕੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਲਹਿਰਾਗਾਗਾ ਫੇਰੀ ਦੌਰਾਨ ਅਕਾਸ਼ਦੀਪ ਸਿੰਘ ਦਾ ਸਨਮਾਨ ਕਰਦੇ ਹੋਏ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਅਕਾਲੀ ਦਲ ਦੇ ਸਕੱਤਰ ਜਨਰਲ ਸ: ਸੁਖਦੇਵ ਸਿੰਘ ਢੀਂਡਸਾ ਦੇ ਯਤਨਾਂ ਸਦਕਾ ਇਹ ਚੈੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਅਤੇ ਕੌਂਸਲਰ ਦਵਿੰਦਰ ਨੀਟੂ ਰਾਹੀਂ ਬੱਚੇ ਨੂੰ ਮਿਲਿਆ।

ਸਿੱਧਸਰ ਸਾਹਿਬ ਕਬੱਡੀ ਕੱਪ 19 ਤੋਂ

ਪਾਇਲ, 31 ਜੁਲਾਈ - ਸਿੱਧਸਰ ਸਾਹਿਬ ਦੇ ਕਾਲਜ ਗਰਾਊਂਡ 'ਚ 19-20 ਅਗਸਤ ਨੂੰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਕਲੱਬ ਵੱਲੋਂ ਕਬੱਡੀ ਖਿਡਾਰੀ ਬਿੱਟੂ ਜਸਪਾਲ ਬਾਂਗਰ ਤੇ ਵਾਲੀਬਾਲ ਖਿਡਾਰੀ ਸੈਕਟਰੀ ਜਗਤਾਰ ਸਿੰਘ ਸਿਹੌੜਾ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਖੇਡ ਮੇਲੇ 'ਚ 19 ਅਗਸਤ ਨੂੰ 70 ਕਿਲੋ ਦੇ ਮੁਕਾਬਲੇ ਹੋਣਗੇ ਤੇ 20 ਅਗਸਤ ਨੂੰ ਇਕ ਪਿੰਡ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ।

ਹਰਿਆਣਾ ਨੇ ਖੇਡ ਐਵਾਰਡਾਂ 'ਚ ਪੰਜਾਬ ਨੂੰ ਕੀਤਾ ਮਾਤ

ਜਲੰਧਰ, 31 ਜੁਲਾਈ - ਹਰਿਆਣਾ ਪਹਿਲਾਂ ਖੇਡਾਂ ਦੇ ਖੇਤਰ ਵਿਚ ਪੰਜਾਬ ਨਾਲੋਂ ਅੱਗੇ ਸੀ ਪਰ ਹੁਣ ਐਵਾਰਡਾਂ ਵਿਚ ਵੀ ਅੱਗੇ ਪਹੁੰਚ ਗਿਆ ਹੈ। ਕਦੇ ਪੰਜਾਬ ਦੀ ਇਨ੍ਹਾਂ ਐਵਾਰਡਾਂ ਵਿਚ ਤੂਤੀ ਬੋਲਦੀ ਸੀ ਤੇ ਕਈ-ਕਈ ਐਵਾਰਡ ਪੰਜਾਬੀ ਹਾਸਿਲ ਕਰਦੇ ਸਨ ਪਰ ਇਸ ਵਾਰੀ ਇਕ ਅਰਜੁਨ ਐਵਾਰਡ ਤੇ ਇਕ ਧਿਆਨ ਚੰਦ ਐਵਾਰਡ ਨਾਲ ਹੀ ਸਬਰ ਕਰਨਾ ਪਿਆ ਹੈ। ਇਸ ਵਾਰੀ ਹਰਿਆਣਾ ਨੇ ਮੁੱਕੇਬਾਜ਼ੀ ਵਿਚ ਵਿਜੇਂਦਰ ਨੇ ਖੇਲ ਰਤਨ ਐਵਾਰਡ, ਹਾਕੀ ਦੇ ਕੋਚ ਬਲਦੇਵ ਸਿੰਘ ਨੇ ਦਰੋਣਾਚਾਰੀਆ ਐਵਾਰਡ, ਹਾਕੀ ਖਿਡਾਰਨ ਸੁਰਿੰਦਰ ਕੌਰ ਨੂੰ ਅਰਜੁਨ ਐਵਾਰਡ ਤੇ ਸਾਇਨਾ ਨੇਹਵਾਲ ਬੈਡਮਿੰਟਨ ਦੀ ਖਿਡਾਰਣ ਦਾ ਪਿਛੋਕੜ ਵੀ ਹਰਿਆਣਾ ਨਾਲ ਹੈ, ਇਸ ਨੇ ਵੀ ਅਰਜੁਨ ਐਵਾਰਡ ਹਾਸਿਲ ਕੀਤਾ ਹੈ ਪਰ ਜੇ ਅਸੀਂ ਪੰਜਾਬ ਦੀ ਕਾਰਗੁਜਾਰੀ 'ਤੇ ਨਜ਼ਰ ਮਾਰੀਏ ਤੇ ਨਿਸ਼ਾਨੇਬਾਜ਼ੀ 'ਚ ਰੰਜਨ ਸੋਢੀ ਨੇ ਅਰਜੁਨਾ ਐਵਾਰਡ ਤੇ ਈਸ਼ਰ ਸਿੰਘ ਦਿਓਲ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਧਿਆਨ ਚੰਦ ਐਵਾਰਡ ਹੀ ਹਾਸਿਲ ਹੋਇਆ ਹੈ। ਇਸ ਤੋਂ ਪਹਿਲਾਂ ਹਰਿਆਣਾ ਨੇ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਵੀ ਵੰਡਣ ਵਿਚ ਪਹਿਲ ਕੀਤੀ ਹੈ ਤੇ ਚੋਟੀ ਦੇ ਖਿਡਾਰੀਆਂ ਨੂੰ ਜਿੱਤ ਦੇ ਨਾਲ-ਨਾਲ ਨਗਦ ਇਨਾਮ ਦੇ ਕੇ ਨਵੀਂ ਪਿਰਤ ਪਾਈ ਹੈ ਪਰ ਇਸ ਦੇ ਉਲਟ ਪੰਜਾਬ ਸਰਕਾਰ ਨੇ ਸਾਲ 2007-08 ਤੇ 2008-09 ਲਈ ਖਿਡਾਰੀਆਂ ਤੋਂ ਅਰਜ਼ੀਆਂ ਮੰਗੀਆਂ ਹਨ ਕਿ ਇਨ੍ਹਾਂ ਨੂੰ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਪਰ ਸਰਕਾਰ ਕੋਲ ਇਨ੍ਹਾਂ ਨੂੰ ਇਨਾਮ ਦੇਣ ਦੀ ਵਿਹਲ ਨਹੀਂ ਮਿਲੀ। ਕਈਸਾਲਾਂ ਤੋਂ ਘੁੰਮਣਘੇਰੀ ਵਿਚ ਫਸੀ ਪੰਜਾਬ ਦੀ ਖੇਡ ਨੀਤੀ ਵੀ ਬਾਹਰ ਨਹੀਂ ਆਈ ਜੇ ਅਜਿਹਾ ਹਾਲ ਪੰਜਾਬ ਦੀਆਂ ਖੇਡਾਂ ਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਖੇਡਾਂ ਵਿਚ ਬੁਰੀ ਤਰ੍ਹਾਂ ਨਾਲ ਪਛੜ ਜਾਵੇਗਾ ਜਿਸ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ।

ਏਸ਼ੀਅਨ ਚੈਂਪੀਅਨ ਨਵਜੋਤ ਕੌਰ ਦਾ 51 ਸੌ ਰੁਪਏ ਨਾਲ ਸਨਮਾਨ

ਪਟਿਆਲਾ, 31 ਜੁਲਾਈ - ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਪਿਛਲੇ ਦਿਨੀਂ ਕਰਵਾਈ ਗਈ। ਜਿਸ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਖਿਡਾਰਣ ਨਵਜੋਤ ਕੌਰ ਨੇ ਸੋਨ ਤਗਮਾ ਜਿੱਤਿਆ ਸੀ। ਇਸ ਪ੍ਰਾਪਤੀ ਦਾ ਮੁੱਲ ਆਖਿਰਕਾਰ ਐਨ.ਆਰ.ਆਈ. ਸਪੋਰਟਸ ਕਲੱਬ ਨੇ ਪਾਉਣ ਦੀ ਪਹਿਲਕਦਮੀ ਕੀਤੀ ਹੈ। ਇਸ ਕਲੱਬ ਵੱਲੋਂ ਅੱਜ ਅਰਬਨ ਅਸਟੇਟ ਵਿਖੇ ਕੌਮਾਂਤਰੀ ਫੁੱਟਬਾਲ ਖਿਡਾਰਨ ਜਗਦੀਪ ਕੌਰ ਬੁਟਾਹਰੀ ਨੂੰ ਸਪਾਂਸਰਸ਼ਿਪ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ। ਕਲੱਬ ਦੇ ਮੁੱਖ ਸੇਵਾਦਾਰ ਗੁਰਿੰਦਰਜੀਤ ਸਿੰਘ ਗੁਰਾਇਆ ਕੈਨੇਡਾ ਦੀ ਪ੍ਰਧਾਨਗੀ 'ਚ ਹੋਏ ਸਮਾਗਮ 'ਚ ਉਚੇਚੇ ਤੌਰ 'ਤੇ ਕਲੱਬ ਦੀ ਯੂਰਪ ਇਕਾਈ ਦੇ ਪ੍ਰਧਾਨ ਸ੍ਰੀ ਜਸਵਿੰਦਰ ਸਿੰਘ ਕਾਹਲੋਂ ਪੁੱਜੇ। ਉਨ੍ਹਾਂ ਇਸ ਮੌਕੇ ਸ: ਕਾਹਲੋਂ ਵੱਲੋਂ ਭੇਂਟ ਕੀਤੀ 51 ਸੌ ਰੁਪਏ ਦੀ ਰਾਸ਼ੀ ਨਾਲ ਨਵਜੋਤ ਕੌਰ ਦਾ ਸਨਮਾਨ ਕੀਤਾ ਅਤੇ ਜਲਦ ਹੀ ਸਪਾਂਸਰਸ਼ਿਪ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਜਗਦੀਪ ਕੌਰ ਫੁੱਟਬਾਲਰ ਨੂੰ ਸ: ਕੁਲਦੀਪ ਸਿੰਘ ਸਹੋਤਾ, ਸਕਾਈ ਕਿਚਨ ਕੈਬਨਿਟ ਬਰੈਮਪਟਨ ਕੈਨੇਡਾ ਵੱਲੋਂ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਸਪਾਂਸਰਸ਼ਿਪ ਦੇਣੀ ਆਰੰਭ ਕੀਤੀ ਅਤੇ ਪਹਿਲੀ ਕਿਸ਼ਤ ਵਜੋਂ ਪੰਜ ਹਜ਼ਾਰ ਰੁਪਏ ਭੇਂਟ ਕੀਤੇ। ਉਨ੍ਹਾਂ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ ਲਈ ਚੁਣੇ ਗਏ ਪੰਜਾਬੀ ਮੁੱਕੇਬਾਜ਼ ਮਨਪ੍ਰੀਤ ਸਿੰਘ, ਰਾਸ਼ਟਰਮੰਡਲ ਖੇਡਾਂ ਦੇ ਕੋਰ ਗਰੁੱਪ 'ਚ ਸ਼ਾਮਿਲ ਮੁੱਕੇਬਾਜ਼ ਰਾਮ ਸਿੰਘ ਨੈਣਾਂਕੌਂਤ ਤੇ ਅਮਨਦੀਪ ਸਿੰਘ ਸੰਗਰੂਰ ਨੂੰ ਵੀ ਜਲਦ ਹੀ ਸਪਾਂਸਰ ਕਰ ਦਿੱਤਾ ਜਾਵੇਗਾ।

Click here to read PREVIOUS Monthly News