Click here For English Version

SPORTS NEWS

February Sports News 2011

ਪੰਜਾਬ ਦੇ ਜੂਡੋ ਖਿਡਾਰੀਆਂ ਦੀ ਝੰਡੀ

ਜਲੰਧਰ, 28 ਫਰਵਰੀ - ਰਾਂਚੀ (ਝਾਰਖੰਡ) 'ਚ 34ਵੀਆਂ ਕੌਮੀ ਖੇਡਾਂ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ 'ਚ ਮਰਦਾਂ ਦੀ ਜੂਡੋ ਟੀਮ ਦਾ ਦਬਦਬਾ ਕਾਇਮ ਰਿਹਾ। ਪੰਜਾਬ ਦੀ ਮਰਦਾਂ ਦੀ ਜੂਡੋ ਟੀਮ ਨੇ 3 ਸੋਨੇ ਦੇ ਤਗਮੇ, 2 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤ ਕੇ ਪਹਿਲਾ ਸਥਾਨ ਹਾਸਿਲ ਕੀਤਾ। ਔਰਤਾਂ ਦਾ ਵਰਗ ਵਿਚ 3 ਤਗਮੇ ਕਾਂਸੀ ਦੇ ਜਿੱਤੇ, ਨਵਜੋਤ ਚੰਨਾ, ਯਸ਼ਪਾਲ ਸੋਲਕੀ, ਪਵਨ ਕੁਮਾਰ ਤੇ (ਗੋਲਡ) ਜਤਿੰਦਰ ਪਾਲ ਸਿੰਘ, ਸਾਹਿਬ ਪਠਾਨਿਆ ਸਿਲਵਰ ਭੁਪਿੰਦਰ ਸਿੰਘ, ਰਕੇਸ਼ ਕੁਮਾਰ, ਸਤਿੰਦਰ ਪਾਲ ਸਿੰਘ ਨੇ ਕਾਂਸੀ ਦੇ ਤਗਮੇ ਜਿੱਤੇ। ਔਰਤਾਂ ਦੇ ਵਰਗ 'ਚ ਸੋਨਮ, ਰਸ਼ਮ ਰਾਜਵਿੰਦਰ ਕੌਰ ਨੇ ਕਾਂਸੇ ਦੇ ਮੈਡਲ ਜਿੱਤੇ।

ਮਿਸਟਰ ਪੰਜਾਬ ਦਾ ਖਿਤਾਬ ਰੋਹਿਤ ਟਾਂਕ ਦੇ ਨਾਮ

ਜਲੰਧਰ, 28 ਫਰਵਰੀ - ਮਲੇਰਕੋਟਲਾ ਵਿਖੇ 37ਵੀਂ ਮਿਸਟਰ ਪੰਜਾਬ ਸੀਨੀਅਰ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿਚ ਮਿਸਟਰ ਰੋਹਿਤ ਟਾਂਕ ਅੰਮ੍ਰਿਤਸਰ ਨੂੰ 'ਮਿਸਟਰ ਪੰਜਾਬ 2011' ਦਾ ਖਿਤਾਬ ਮਿਲਿਆ। ਇਸ ਸਮੇਂ 145 ਬਾਡੀ ਬਿਲਡਰਾਂ ਨੇ ਭਾਗ ਲਿਆ। ਇਸ ਸਮੇਂ ਮੁਕਾਬਲਿਆਂ ਵਿਚ 55 ਕਿਲੋ 'ਤੇ ਜਿੰਮੀ ਲੋਮਸ ਪਹਿਲੇ, ਰਾਜੂ ਦੂਜੇ, ਸੂਰੀਆ ਬਹਾਦੁਰ ਤੀਜੇ, ਰਣਜੀਤ ਸਿੰਘ ਚੌਥੇ ਤੇ ਜਸਵਿੰਦਰ ਸਿੰਘ ਪੰਜਵੇਂ ਸਥਾਨ 'ਤੇ ਰਹੇ। 65 ਕਿਲੋ ਵਜ਼ਨ 'ਚ ਜੈ ਸਿੰਘ ਪਹਿਲੇ, ਸੋਨੂੰ ਸਿੰਘ ਦੂਜੇ, ਅਜੈ ਕੁਮਾਰ ਤੀਜੇ, ਜਸਵਿੰਦਰ ਸਿੰਘ ਚੌਥੇ ਤੇ ਗੁਰਮਿੰਦਰ ਸਿੰਘ ਪੰਜਵੇਂ ਸਥਾਨ 'ਤੇ ਰਹੇ। 70 ਕਿਲੋ ਵਜ਼ਨ 'ਚ ਵਿਸ਼ਾਲ ਕੁਮਾਰ ਪਹਿਲੇ, ਬਿਹਾਰੀ ਲਾਲ ਦੂਜੇ, ਪਵਨ ਕੁਮਾਰ ਤੀਜੇ, ਨਿਸ਼ਾਤ ਚੌਥੇ ਤੇ ਵਰਿੰਦਰ ਸ਼ਰਮਾ ਪੰਜਵੇਂ ਸਥਾਨ 'ਤੇ ਰਹੇ। ਵਜ਼ਨ 75 ਕਿਲੋ 'ਚ ਪਰਵੇਸ਼ ਕੁਮਾਰ ਪਹਿਲੇ, ਜਸਪ੍ਰੀਤ ਚੀਮਾ ਦੂਜੇ, ਸੰਦੀਪ ਤੀਜੇ, ਹਰਪਾਲ ਸਿੰਘ ਚੌਥੇ, ਸ਼ਸ਼ੀ ਪੰਜਵੇਂ ਸਥਾਨ 'ਤੇ ਰਹੇ। 80 ਕਿਲੋ ਵਜ਼ਨ 'ਚ ਜਗਤ ਕਿਸ਼ੋਰੀ ਪਹਿਲੇ, ਨਰਿੰਦਰ ਕੁਮਾਰ ਦੂਜੇ, ਬਿਕਰਮਜੀਤ ਤੀਜੇ, ਦਲਜੀਤ ਚੌਥੇ ਅਤੇ ਗੁਰਪ੍ਰੀਤ ਪੰਜਵੇਂ ਸਥਾਨ 'ਤੇ ਰਹੇ। 85 ਕਿਲੋ ਵਜਨ 'ਚ ਸੋਮ ਰਾਜ ਪਹਿਲੇ, ਹਰਪ੍ਰੀਤ ਸਿੰਘ ਦੂਜੇ, ਸਤਵਿੰਦਰ ਸਿੰਘ ਤੀਜੇ, ਕਪਿਲ ਹਾਂਡਾ ਚੌਥੇ ਤੇ ਹਰਕਰਨਦੀਪ ਪੰਜਵੇਂ ਸਥਾਨ 'ਤੇ ਰਹੇ। ਵਜ਼ਨ 90 ਕਿਲੋ ਰੋਹਿਤ ਟਾਂਕ ਪਹਿਲੇ, ਸੁਰਿੰਦਰ ਦੂਜੇ ਸਥਾਨ 'ਤੇ ਰਹੇ। 100 ਕਿਲੋ ਵਜ਼ਨ 'ਚ ਨਰਿੰਦਰ ਸਿੰਘ ਪਹਿਲੇ, ਉਂਕਾਰ ਸਿੰਘ ਦੂਜੇ ਸਥਾਨ 'ਤੇ ਰਹੇ। ਦੂਸਰੇ 100 ਕਿਲੋ ਵਜ਼ਨ 'ਚ ਚਰਨ ਮੋਹਨ ਪਹਿਲੇ, ਪਵਨ ਕੁਮਾਰ ਜਲੰਧਰ ਦੂਜੇ ਸਥਾਨ 'ਤੇ ਰਹੇ।

ਪਿੰਡ ਸਿੱਧਵਾਂ ਖੁਰਦ ਦਾ ਟੂਰਨਾਮੈਂਟ ਸਮਾਪਤ

ਚੌਂਕੀਮਾਨ, 28 ਫਰਵਰੀ - ਪਿੰਡ ਸਿੱਧਵਾਂ ਖੁਰਦ ਦੇ 8ਵੇਂ ਟੂਰਨਾਮੈਂਟ ਦੇ ਅਖੀਰਲੇ ਦਿਨ ਕਬੱਡੀ ਓਪਨ 'ਚ ਧੌਲਾ ਦੀ ਟੀਮ ਨੇ ਪਹਿਲਾ ਅਤੇ ਸਿੱਧਵਾਂ ਕਲਾਂ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ 37 ਕਿਲੋ 'ਚ ਇੰਦਰਗੜ੍ਹ ਨੇ ਪਹਿਲਾ ਅਤੇ ਭਿੰਡਰ ਕਲਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਕਬੱਡੀ 52 ਕਿਲੋ 'ਚ ਜਲਾਲਾਬਾਦ ਨੇ ਪਹਿਲਾ ਅਤੇ ਕੋਕਰੀ ਬੁੱਟਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਕਬੱਡੀ 70 ਕਿਲੋ 'ਚ ਦੇਹੜਕਾ ਨੇ ਪਹਿਲਾ ਅਤੇ ਸੁਧਾਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸ਼ੂਟਿੰਗ 'ਚ ਖੰਜਰਵਾਲ ਨੇ ਪਹਿਲਾ, ਕੈਲਪੁਰ ਨੇ ਦੂਸਰਾ, ਮਲਕ ਨੇ ਤੀਸਰਾ ਅਤੇ ਬਰਸਾਲ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਤਾਸ਼ ਸੀਪ 'ਚ ਬਰਸਾਲ ਨੇ ਪਹਿਲਾ ਅਤੇ ਸਿੱਧਵਾਂ ਖੁਰਦ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਰੱਸਾਕੱਸੀ 'ਚ ਬੁਰਜ ਦੋਨਾ ਨੇ ਪਹਿਲਾ ਅਤੇ ਚੂਹੜਚੱਕ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਚੇਅਰਮੈਨ ਇਯਾਲੀ ਨੇ 11 ਹਜ਼ਾਰ ਰੁਪਏ ਆਪਣੇ ਨਿੱਜੀ ਖਾਤੇ 'ਚੋਂ ਕਲੱਬ ਨੂੰ ਦਿੱਤੇ। ਇਸ ਸਮੇਂ ਐਸ.ਆਰ. ਕਲੇਰ ਏ.ਡੀ.ਸੀ. ਲੁਧਿਆਣਾ ਨੇ ਪਿੰਡ ਦੀ ਪੰਚਾਇਤ ਨੂੰ 1 ਲੱਖ ਦਾ ਚੈੱਕ ਭੇਟ ਕੀਤਾ।

ਬੁਰਜ ਹਰੀ ਸਿੰਘ ਦਾ ਕਬੱਡੀ ਟੂਰਨਾਮੈਂਟ ਸ਼ੁਰੂ

ਰਾਏਕੋਟ, 28 ਫਰਵਰੀ - ਦੂਜਾ ਕਬੱਡੀ ਕੱਪ ਬੁਰਜ ਹਰੀ ਵੱਲੋਂ ਕਰਵਾਇਆ ਜਾ ਰਿਹਾ ਹੈ। ਕਬੱਡੀ 52 ਕਿਲੋ ਦੇ ਦਿਲ ਖਿੱਚਵੇਂ ਮੁਕਾਬਲਿਆਂ 'ਚ ਜੋਧਪੁਰ ਚੀਮਾ ਨੇ ਪਹਿਲਾ ਅਤੇ ਲੋਹਟਬੱਦੀ ਨੇ ਦੂਜਾ, ਕਬੱਡੀ 72 ਕਿਲੋ ਵਰਗ 'ਚ ਲੋਹਟਬੱਦੀ, ਗਾਗੇਵਾਲ, ਦੇਹੜਕੇ ਨੇ ਅਗਲੇ ਗੇੜ 'ਚ ਪ੍ਰਵੇਸ਼ ਕੀਤਾ। 1 ਮਾਰਚ ਨੂੰ ਓਪਨ ਕਬੱਡੀ ਦੇ ਮੁਕਾਬਲੇ ਹੋਣਗੇ।

ਜੋਧਾਂ ਦਾ ਪੰਜਵਾਂ ਖੇਡ ਮੇਲਾ 8 ਤੋਂ

ਜੋਧਾਂ, 28 ਫਰਵਰੀ - 5ਵਾਂ ਸਵ: ਜੈਲਦਾਰ ਬਾਬਾ ਅਜੈਬ ਸਿੰਘ ਯਾਦਗਾਰੀ ਖੇਡ ਮੇਲਾ ਅਤੇ ਸਵ: ਨੈਬ ਸਿੰਘ ਗਰੇਵਾਲ ਕਬੱਡੀ ਕੱਪ 8 ਤੋਂ 10 ਮਾਰਚ ਤੱਕ ਪਿੰਡ ਜੋਧਾਂ ਵਿਖੇ ਕਰਵਾਇਆ ਜਾ ਰਿਹਾ ਹੈ। 8 ਮਾਰਚ ਨੂੰ ਬੈਲ ਗੱਡੀਆਂ ਦੀਆਂ ਦੌੜਾਂ ਤੋਂ ਇਲਾਵਾ ਕਬੱਡੀ 65 ਕਿਲੋ ਦੇ ਮੁਕਾਬਲੇ ਹੋਣਗੇ, ਮਿਤੀ 9 ਮਾਰਚ ਨੂੰ ਕਬੱਡੀ ਇਕ ਪਿੰਡ ਓਪਨ, ਘੋੜੇ ਤੇ ਖੱਚਰ ਰੇਹੜਿਆਂ ਦੀਆਂ ਦੌੜਾਂ, ਮਿਤੀ 10 ਮਾਰਚ ਨੂੰ ਪੰਜਾਬ ਦੀਆਂ ਅੱਠ ਅਕੈਡਮੀਆਂ ਦੇ ਦਿਲਚਸਪ ਕਬੱਡੀ ਦੇ ਮੁਕਾਬਲੇ ਹੋਣਗੇ। ਜੇਤੂ ਟੀਮ ਨੂੰ ਪਹਿਲਾ ਇਨਾਮ ਇਕ ਲੱਖ ਰੁਪਏ ਅਤੇ ਉਪ ਜੇਤੂ ਨੂੰ 75 ਹਜ਼ਾਰ ਰੁਪਏ ਦਿੱਤਾ ਜਾਵੇਗਾ।

ਫੇਰੂਮਾਨ ਵਿਖੇ ਕਬੱਡੀ ਕੱਪ ਸਮਾਪਤ

ਰਈਆ, 28 ਫਰਵਰੀ - ਬਾਬਾ ਸ੍ਰੀ ਚੰਦਰ ਦੋ ਰੋਜ਼ਾ ਕਬੱਡੀ ਕੱਪ ਪਿੰਡ ਫੇਰੂਮਾਨ 'ਚ ਕਰਵਾਇਆ ਗਿਆ। ਫਾਈਨਲ ਮੁਕਾਬਲਿਆਂ ਦੌਰਾਨ ਪਿੰਡ ਪੱਧਰ ਓਪਨ ਵਿਚ ਫੇਰੂਮਾਨ ਦੀ ਟੀਮ ਨੇ ਘੁੰਮਾਣ ਨੂੰ ਅਤੇ ਕਲੱਬਾਂ ਦੇ ਬਾਬਾ ਸ੍ਰੀ ਚੰਦਰ ਸਪੋਰਟਸ ਕਲੱਬ ਫੇਰੂਮਾਨ ਨੇ ਨਾਨਕਸਰ ਕਲੱਬ ਗੁਰਦਾਸਪੁਰ ਨੂੂੰ ਹਰਾਇਆ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਲੱਲ੍ਹੀਆਂ, ਸੁੱਖੀ ਲਖਣਕੇ ਪੱਡੇ ਨੂੰ ਕਰਮਵਾਰ 11-11 ਹਜ਼ਾਰ ਰੁਪਏ ਅਤੇ ਹਰਜਿੰਦਰ ਸਿੰਘ ਜਿੰਦਾ ਨੂੰ 5100 ਰੁਪਏ ਨਕਦ ਦੇ ਕੇ ਸਨਮਾਨਿਤ ਕੀਤਾ ਗਿਆ।

2 ਦਿਨਾ ਖੇਡ ਮੇਲਾ ਸਮਾਪਤ

ਪਾਤੜਾਂ, 28 ਫਰਵਰੀ - ਕਾਮਾਗਾਟਾ ਮਾਰੂ ਜਹਾਜ਼ ਦੇ ਸ਼ਹੀਦਾਂ ਨੂੰ ਸਮਰਪਿਤ ਚੌਥਾ ਖੇਡ ਮੇਲਾ ਕਰਵਾਇਆ ਗਿਆ। ਇਸ ਮੌਕੇ ਕਬੱਡੀ ਦੇ ਜੌਹਰ ਕਬੱਡੀ ਓਪਨ ਵਿਚ ਭਰੂਰ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕਰ ਕੇ 51000 ਦਾ ਪਹਿਲਾ ਸਥਾਨ ਹਾਸਿਲ ਕੀਤਾ। ਖੇਡ ਮੇਲੇ ਦੇ ਮੁੱਖ ਪ੍ਰਬੰਧਕ ਮਨਿੰਦਰ ਸਿੰਘ ਸੰਧੂ ਤੋਂ ਇਲਾਵਾ ਅਜੈਬ ਸਿੰਘ ਨੇ ਸਟੇਜ ਸਕੱਤਰ ਦੀ ਡਿਊਟੀ ਬਾਖ਼ੂਬੀ ਨਿਭਾਈ।

ਕਬੱਡੀ ਓਪਨ 'ਚ ਪਿੰਡ ਖੋਸਾ ਕੋਟਲਾ ਅੱਵਲ

ਕੋਟ ਈਸੇ ਖਾਂ, 28 ਫਰਵਰੀ - 9ਵਾਂ ਕਬੱਡੀ ਕੱਪ ਸ਼ਹੀਦ ਗੁਰਦਰਸ਼ਨ ਸਿੰਘ ਸਪੋਰਟਸ ਕਲੱਬ ਖੋਸਾ ਕੋਟਲਾ ਵੱਲੋਂ ਕਰਵਾਇਆ ਗਿਆ। ਕਬੱਡੀ ਓਪਨ ਦਾ ਪਹਿਲਾ ਇਨਾਮ ਪਿੰਡ ਖੋਸਾ ਕੋਟਲਾ ਦੇ ਗੱਭਰੂਆਂ ਨੇ ਇੰਦਰਗੜ੍ਹ ਦੇ ਗਭਰੇਟਾਂ ਨੂੰ ਹਰਾ ਕੇ ਪ੍ਰਾਪਤ ਕੀਤਾ। 70 ਕਿੱਲੋ ਕਬੱਡੀ ਵਿਚ ਰੱਜੀਵਾਲਾ ਨੇ ਪਹਿਲਾ, ਬੱਧਨੀ ਖੁਰਦ ਨੇ ਦੂਸਰਾ, 62 ਕਿੱਲੋ ਵਿਚ ਖੋਸਾ ਕੋਟਲਾ ਨੇ ਪਹਿਲਾ ਅਤੇ ਕਾਲੇਕੇ ਨੇ ਦੂਸਰਾ, 53 ਕਿੱਲੋ ਵਿਚ ਖੋਸਾ ਪਾਂਡੋ ਨੇ ਪਹਿਲਾ ਅਤੇ ਸਿੰਘਾਂਵਾਲਾ ਨੇ ਦੂਸਰਾ ਤੇ ਕਬੱਡੀ 40 ਕਿੱਲੋ ਵਿਚ ਇੰਦਰਗੜ੍ਹ ਨੇ ਪਹਿਲਾ ਅਤੇ ਖੋਸਾ ਕੋਟਲਾ ਨੇ ਦੂਸਰਾ ਸਥਾਨ ਹਾਸਲ ਕੀਤਾ। ਕਬੱਡੀ ਓਪਨ ਵਿਚ ਨਿਰਭੈ ਖੋਸਾ ਕੋਟਲਾ ਬੈਸਟ ਰੇਡਰ ਅਤੇ ਮਨਪ੍ਰੀਤ ਡਾਲਾ ਬੈਸਟ ਜਾਫਭੀ, ਕਬੱਡੀ 70 ਕਿੱਲੋ ਵਿਚ ਗੋਲੂ ਬੈਸਟ ਰੇਡਰ ਅਤੇ ਜੰਟਾ ਬੈਸਟ ਜਾਫੀ, ਕਬੱਡੀ 62 ਕਿੱਲ ਵਿਚ ਗੁਰਬਾਜ ਬੈਸਟ ਰੇਡਰ ਚੁਣੇ ਗਏ।

ਰਕਬਾ ਓਪਨ ਕਬੱਡੀ ਮੁਕਾਬਲੇ 'ਚ ਜੋਧਾਂ ਟੀਮ ਜੇਤੂ ਬਣੀ

ਮੁੱਲਾਂਪੁਰ ਦਾਖਾ, 28 ਫਰਵਰੀ - ਕਬੱਡੀ ਟੂਰਨਾਮੈਂਟ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਰਕਬਾ ਵਿਖੇ ਕਰਵਾਇਆ ਜਾ ਰਿਹਾ ਹੈ। ਕਬੱਡੀ ਓਪਨ ਪਿੰਡ ਵਾਰ ਫਾਈਨਲ ਮੁਕਾਬਲਾ 12-16 ਅੰਕਾਂ ਦੇ ਫ਼ਰਕ ਨਾਲ ਜੋਧਾਂ ਕਬੱਡੀ ਟੀਮ ਨੇ ਰਕਬਾ ਓਪਨ ਕਬੱਡੀ ਟੀਮ ਨੂੰ ਹਰਾ ਕੇ 51 ਹਜ਼ਾਰ ਦਾ ਨਗਦ ਇਨਾਮ ਜਿੱਤਿਆ। 70 ਕਿਲੋ ਵਜ਼ਨੀ ਮੁਕਾਬਲੇ 'ਚ ਰਕਬਾ ਕਬੱਡੀ ਟੀਮ ਕੋਟਕਰੋੜ ਟੀਮ ਨੂੰ ਹਰਾ ਕੇ ਜੇਤੂ ਰਹੀ। ਵੈਟਰਨ ਕਬੱਡੀ ਟੀਮਾਂ ਵਿਚਕਾਰ ਸ਼ੋਅ ਮੈਚ ਕਬੱਡੀ ਮੁਕਾਬਲਾ ਸੰਗਰੂਰ ਟੀਮ ਲੁਧਿਆਣਾ ਨੂੰ ਹਰਾ ਕੇ ਜਿੱਤਿਆ। ਰੇਬੀਆਂ ਦੌੜ ਘੋੜੀਆਂ ਦੇ ਜੇਤੂ ਮਾਲਕ ਨੂੰ ਦੀਸ਼ਾ ਜਗਦੀਸ਼ ਸਿੰਘ ਪੰਡੋਰੀ, ਬੱਲ ਜੋਗਿੰਦਰ ਸਿੰਘ ਵੱਲੋਂ ਮੋਟਰਸਾਈਕਲ ਅਤੇ ਸਪੱਟਾ ਦੌੜ ਘੋੜੀ ਦੇ ਜੇਤੂ ਮਾਲਕ ਨੂੰ ਮਾ: ਮਨਮੋਹਣ ਸਿੰਘ ਪੰਡੋਰੀ ਯੂ.ਐਸ.ਏ. ਵੱਲੋਂ ਮੋਟਰਸਾਈਕਲ ਇਨਾਮ ਵਜੋਂ ਦਿੱਤਾ।

ਹਾਕੀ ਓਪਨ 'ਚ ਕੁੱਕੜ ਪਿੰਡ ਦਾ ਕੇਸਰੀ ਕਲੱਬ ਜੇਤੂ

ਜਲੰਧਰ, 27 ਫਰਵਰੀ - 28ਵਾਂ ਸੰਤ ਬਾਬਾ ਗੁਰਬਖਸ਼ ਸਿੰਘ ਯਾਦਗਾਰੀ ਖੇਡ ਮੇਲਾ ਕੁੱਕੜ ਪਿੰਡ ਵੱਲੋਂ ਕਰਵਾਇਆ ਗਿਆ। ਮੇਲੇ 'ਚ ਹਾਕੀ ਓਪਨ ਦਾ ਜੇਤੂ ਖਿਤਾਬ ਮੇਜ਼ਬਾਨ ਕੁੱਕੜ ਪਿੰਡ ਦੇ ਕੇਸਰੀ ਕਲੱਬ ਨੇ ਫਲੈਸ਼ ਕਲੱਬ ਨੂੰ ਹਰਾ ਕੇ ਜਿੱਤਿਆ। ਇਸੇ ਤਰ੍ਹਾਂ 19 ਸਾਲ ਦੇ ਮੁਕਾਬਲੇ ਵਿਚ ਗੋਬਿੰਦ ਸਪੋਰਟਸ ਕਲੱਬ ਕੁੱਕੜ ਪਿੰਡ ਨੇ ਕੁੱਕੜ ਪਿੰਡ-ਬੀ ਨੂੰ ਅਤੇ 14 ਸਾਲ 'ਚ ਕੁੱਕੜ ਪਿੰਡ ਦੀ ਟੀਮ ਨੇ ਹੀ ਜੰਡਿਆਲਾ ਨੂੰ ਹਰਾਇਆ। ਕਬੱਡੀ ਆਲ ਓਪਨ 'ਚ ਸਰਹਾਲੀ ਨੇ ਟਾਂਡਾ ਦੀ ਟੀਮ ਨੂੰ ਹਰਾ ਕੇ ਜੇਤੂ ਟਰਾਫੀ ਹਾਸਿਲ ਕੀਤੀ। ਇਸ ਮੌਕੇ ਕਰਵਾਈਆਂ ਗਈਆਂ ਬਲਦ ਹਲਟ ਦੌੜਾਂ 'ਚ 40 ਜੋੜੀਆਂ ਨੇ ਭਾਗ ਲਿਆ।

ਆਦਮਪੁਰ ਦਾ ਤੀਸਰਾ ਕਬੱਡੀ ਟੂਰਨਾਮੈਂਟ ਸਮਾਪਤ

ਆਦਮਪੁਰ, 27 ਫਰਵਰੀ - ਤੀਜਾ ਕਬੱਡੀ ਟੂਰਨਾਮੈਂਟ ਪਿੰਡ ਉਦੇਸੀਆਂ 'ਚ ਕਰਵਾਇਆ ਗਿਆ। ਇਸ ਦੌਰਾਨ ਓਪਨ ਕਲੱਬ ਵਿਚ ਹਰੀਪੁਰ ਨੇ ਅਰਜਨਵਾਲ ਨੂੰ ਹਰਾ ਕੇ ਜਿੱਤਿਆ। ਇਸੇ ਤਰ੍ਹਾਂ ਪਿੰਡ ਪੱਧਰ ਓਪਨ ਵਿਚ ਲੱਖਣ ਕੇ ਪੱਡੇ ਨੇ ਚਮਿਆਰਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਪਹਿਲਾਂ ਪਹਿਲੇ ਦਿਨ 55 ਕਿਲੋ ਵਿਚ ਬਿਗਲਾ, ਹਰੀਪੁਰ, ਦੂਹੜੇ, ਤਲਵੰਡੀ ਜੇਤੂ ਰਹੇ ਅਤੇ 70 ਕਿਲੋ ਵਿਚ ਬੰਗਾ, ਜੰਡੂਸਿੰਘਾ, ਸੰਤ ਸਤਪਾਲ ਸਿੰਘ ਸਪੋਰਟਸ ਕਲੱਬ ਹਰੀਪੁਰ ਨੇ ਜਿੱਤ ਦਰਜ ਕੀਤੀ।

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਚਮਕੀ

ਮਿਆਣੀ, 27 ਫਰਵਰੀ - ਪਿੰਡ ਮਿਆਣੀ 'ਚ ਪਹਿਲਾ ਬਾਵਾ ਨਰਿੰਜਨ ਸਿੰਘ ਮਿਆਣੀ ਤੇ ਸੰਤੋਖ ਸਿੰਘ ਤੋਖੀ (ਐਟਮ ਬੰਬ) ਯਾਦਗਾਰੀ ਕਬੱਡੀ ਤੇ ਸੱਭਿਆਚਾਰ ਖੇਡ ਮੇਲਾ ਕਰਵਾਇਆ ਗਿਆ। ਪੰਜਾਬ ਦੀਆਂ ਚੋਟੀ ਦੀਆਂ 8 ਕਬੱਡੀ ਅਕੈਡਮੀਆਂ ਦੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਫਾਈਨਲ ਮੈਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਸੁਲਤਾਨਪੁਰ ਲੋਧੀ ਨੇ ਆਲਮਵਾਲ ਅਕੈਡਮੀ ਮੋਮਾ ਦੀ ਟੀਮ ਨੂੰ ਹਰਾ ਕੇ ਪਹਿਲਾ ਇਕ ਲੱਖ ਰੁਪਏ ਦਾ ਇਨਾਮ ਜਿੱਤਿਆ। ਦੂਜੇ ਥਾਂ 'ਤੇ 71 ਹਜ਼ਾਰ ਦਾ ਆਲਮਵਾਲ ਮੋਮਾ ਨੇ ਜਿੱਤਿਆ। ਲੜਕੀਆਂ ਦੇ ਸ਼ੋਅ ਮੈਚ 'ਚ ਪੰਜਾਬ ਦੀਆਂ ਮੁਟਿਆਰਾਂ ਨੇ ਅਮਰੀਕਾ ਦੀਆਂ ਗੋਰੀਆਂ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।

8ਵਾਂ ਹਰਪ੍ਰੀਤ ਯਾਦਗਾਰੀ ਕਬੱਡੀ ਕੱਪ ਸਮਾਪਤ

ਫ਼ਤਹਿਗੜ੍ਹ ਸਾਹਿਬ, 27 ਫਰਵਰੀ - 8ਵਾਂ ਹਰਪ੍ਰੀਤ ਯਾਦਗਾਰੀ ਪਿੰਡ ਸਲਾਣਾ ਕਬੱਡੀ ਕੱਪ ਬਾਬਾ ਮਾੜੂ ਦਾਸ ਜੀ ਮੈਮੋਰੀਅਲ ਯੂਥ ਸਪੋਰਟਸ ਅਤੇ ਕਲਚਰਲ ਕਲੱਬ (ਰਜਿ:) ਸਲਾਣਾ ਵੱਲੋਂ ਕਰਵਾਇਆ ਗਿਆ। ਖੇਡਾਂ ਦੇ ਮੁਕਾਬਲਿਆਂ ਦੌਰਾਨ 100 ਮੀਟਰ ਦੌੜ ਵਿਚੋਂ ਅਜੈ ਟੰਡਨ ਨੇ ਪਹਿਲਾ ਅਤੇ ਸ਼ਿੰਗਾਰਾ ਸਿੰਘ ਨੇ ਦੂਜਾ, 200 ਮੀਟਰ ਦੌੜ ਵਿਚ ਅਜੈ ਟੰਡਨ ਨੇ ਪਹਿਲਾ ਅਤੇ ਜਸਮੇਲ ਸਿੰਘ ਨੇ ਦੂਜਾ, 400 ਮੀਟਰ ਦੌੜ ਵਿਚ ਸ਼ਿੰਗਾਰਾ ਸਿੰਘ ਨੇ ਪਹਿਲਾ ਅਤੇ ਅਜੈ ਟੰਡਨ ਨੇ ਦੂਜਾ, 800 ਮੀਟਰ ਦੌੜ ਵਿਚ ਧਰਮਿੰਦਰ ਕੁਮਾਰ ਨੇ ਪਹਿਲਾ ਅਤੇ ਪਵਨਦੀਪ ਸਿੰਘ ਨੇ ਦੂਜਾ ਅਤੇ 1600 ਮੀਟਰ ਦੌੜ ਵਿਚ ਪਵਨਜੀਤ ਸਿੰਘ ਖੰਨਾ ਨੇ ਪਹਿਲਾ ਅਤੇ ਗੁਰਮੀਤ ਸਿੰਘ ਗੋਹ ਨੇ ਦੂਜਾ ਸਥਾਨ ਹਾਸਲ ਕੀਤਾ। ਬਜ਼ੁਰਗਾ ਦੀ ਦੋੜ ਵਿਚ ਮੁਖਤਿਆਰ ਸਿੰਘ ਨੇ ਪਹਿਲਾ, ਗੁਰਮੀਤ ਸਿੰਘ ਨੇ ਦੂਜਾ ਅਤੇ ਦਲਬਾਰਾ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ 60 ਕਿੱਲੋ ਦੇ ਮੁਕਾਬਲਿਆਂ ਵਿਚ ਪੰਜਰੁੱਖਾ ਦੀ ਟੀਮ ਨੇ ਪਹਿਲਾ ਅਤੇ ਢੰਡੋਰੀ ਦੀ ਟੀਮ ਨੇ ਦੂਜਾ ਜਦੋਂ ਕਿ 70 ਕਿੱਲੋ ਵਿਚ ਬਾਬਾ ਮਾੜੂ ਦਾਸ ਕਲੱਬ ਨੇ ਪਹਿਲਾ ਅਤੇ ਸਲਾਣਾ ਦੁੱਲਾ ਸਿੰਘ ਵਾਲਾ ਨੇ ਦੂਜਾ ਸਥਾਨ ਹਾਸਲ ਕੀਤਾ ਜਿਨ੍ਹਾਂ ਨੂੰ ਕ੍ਰਮਵਾਰ 20 ਅਤੇ 15 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਜਤਿੰਦਰਦੀਪ ਸਿੰਘ ਕੈਨੇਡਾ ਵੱਲੋਂ ਸਵਰਗੀ ਹਰਪ੍ਰੀਤ ਦੀ ਯਾਦ ਵਿਚ ਦਿੱਤੀ ਗਈ ਜਦੋਂ ਕਿ ਇੱਕ ਪਿੰਡ ਓਪਨ ਵਿਚ ਮਾਣਕੀ ਦੀ ਟੀਮ ਨੇ ਪਹਿਲਾ ਅਤੇ ਮੰਡੀਆ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਇਨ੍ਹਾਂ ਟੀਮਾਂ ਵਿਚਕਾਰ ਹੋਏ ਸਖ਼ਤ ਮੁਕਾਬਲੇ ਵਿਚ ਸਿਰਫ਼ ਡੇਢ ਅੰਕਾਂ ਦੇ ਫ਼ਰਕ ਨਾਲ ਹਾਰ-ਜਿੱਤ ਦਾ ਫ਼ੈਸਲਾ ਹੋਇਆ। ਇਨ੍ਹਾਂ ਦੋਵੇਂ ਟੀਮਾਂ ਨੂੰ ਸ: ਪਿਆਰਾ ਸਿੰਘ ਕੈਨੇਡਾ ਵੱਲੋਂ ਆਪਣੇ ਪਿਤਾ ਸਵਰਗੀ ਕਰਤਾਰ ਸਿੰਘ ਦੀ ਯਾਦ ਵਿਚ ਕ੍ਰਮਵਾਰ 41 ਅਤੇ 31 ਹਜ਼ਾਰ ਦਾ ਨਕਦ ਇਨਾਮ ਦਿੱਤਾ ਗਿਆ।

ਨਹਿਰੂ ਯੁਵਾ ਕੇਂਦਰ ਦਾ ਖੇਡ ਮੇਲਾ ਸਮਾਪਤ

ਲੁਧਿਆਣਾ, 27 ਫਰਵਰੀ - ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਪਿੰਡ ਜਰਖੜ ਵਿਖੇ ਨਹਿਰੂ ਯੁਵਾ ਕੇਂਦਰ ਵੱਲੋਂ ਖੇਡ ਮੇਲਾ ਕਰਵਾਇਆ ਗਿਆ। ਇਸ ਦੌਰਾਨ ਖੇਡੇ ਗਏ ਹਾਕੀ ਮੁਕਾਬਲਿਆਂ ਵਿਚ ਜਰਖੜ ਅਕੈਡਮੀ ਨੇ ਜਗਤਾਰ ਇਲੈਵਨ ਨੂੰ 5-2 ਨਾਲ ਮਾਤ ਦੇ ਕੇ ਖਿਤਾਬੀ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾ ਖੇਡੇ ਗਏ ਸੈਮੀਫਾਈਨਲ ਮੈਚਾਂ ਵਿੱਚ ਜਰਖੜ ਅਕੈਡਮੀ ਨੇ ਸਰਪੰਚ ਮੇਜਰ ਸਿੰਘ ਇਲੈਵਨ ਨੂੰ 5-1 ਨਾਲ, ਜਗਤਾਰ ਇਲੈਵਨ ਨੇ ਤਾਜ਼ ਰਿਜੋਰਟ ਸਰੀਂਹ ਨੂੰ 7-5 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। 100 ਅਤੇ 200 ਮੀਟਰ ਦੌੜ ਵਿਚ ਲੜਕੀਆਂ ਦੇ ਵਰਗ ਵਿਚ ਗਗਨਦੀਪ ਕੌਰ ਨੇ ਪਹਿਲਾ, ਸੰਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਮੁੰਡਿਆਂ ਵਿੱਚ ਹਰਪਾਲ ਸਿੰਘ ਬਿੱਲੂ ਨੇ ਪਹਿਲਾ ਸਥਾਨ, ਗੁਰਵਿੰਦਰ ਸਿੰਘ ਨੇ ਦੂਜਾ ਸਥਾਨ, 200 ਮੀਟਰ ਦੌੜ 'ਚ ਸੁਰਿੰਦਰਪਾਲ ਸਿੰਘ ਮੋਨੀ ਨੇ ਪਹਿਲਾ ਸਥਾਨ, ਅਮਰਿੰਦਰ ਸਿੰਘ ਮਨੀ ਨੇ ਦੂਸਰਾ ਸਥਾਨ, 400 ਮੀਟਰ ਦੌੜ ਵਿਚ, ਸਤਿਗੁਰੂ ਸਿੰਘ ਨੇ ਪਹਿਲਾ ਸਥਾਨ, ਜਸਵਿੰਦਰ ਸਿੰਘ ਨੇ ਦੂਸਰਾ, ਸੰਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਕੁਸ਼ਤੀਆਂ ਦੇ ਮੁਕਾਬਲੇ ਵਿੱਚ ਦਵਿੰਦਰ ਮੰਡੋਰ ਨੇ ਆਲਮ ਨਾਰੰਗਵਾਲ ਨੂੰ 11-1 ਨਾਲ, ਲੱਡੂ ਨਾਰੰਗਵਾਲ ਨੇ ਕਾਲੂ ਜਰਖੜ ਨੂੰ 8-2 ਨਾਲ, ਹਨੀ ਨਾਰੰਗਵਾਲ ਨੇ ਲਵਲੀ ਮੰਡੋਰ ਨੂੰ 7-2 ਨਾਲ, ਸ਼ੰਭੂ ਨਾਰੰਗਵਾਲ ਨੇ ਤੇਜ਼ੀ ਮੰਡੋਰ ਨੂੰ 2-1 ਨਾਲ, ਜਦਕਿ ਝੰਡੀ ਦੀਆਂ ਕੁਸ਼ਤੀਆਂ ਵਿੱਚ ਗੁਰਪ੍ਰੀਤ ਸਿੰਘ ਨੇ ਵਿੱਕੀ ਨਾਰੰਗਵਾਲ ਨੂੰ ਹਰਾਇਆ।

ਪਿੰਡ ਬੱਸੀਆਂ ਦਾ ਦੂਸਰਾ ਕਬੱਡੀ ਕੱਪ 11 ਨੂੰ

ਰਾਏਕੋਟ, 27 ਫਰਵਰੀ - ਦੂਜਾ ਕਬੱਡੀ ਕੱਪ 7 ਤੋਂ 11 ਮਾਰਚ ਤੱਕ ਪਿੰਡ ਬੱਸੀਆਂ ਵਿਖੇ ਕਰਵਾਇਆ ਜਾ ਰਿਹਾ ਹੈ। 7 ਮਾਰਚ ਨੂੰ ਵੱਡੇ ਬਲਦਾਂ, 8 ਮਾਰਚ ਨੂੰ ਛੋਟੇ ਬਲਦਾਂ, 9 ਮਾਰਚ ਨੂੰ ਕੁੱਤਿਆ ਦੀਆਂ ਦੌੜਾਂ, 40 ਤੇ 55 ਕਿਲੋ ਕਬੱਡੀ ਅਤੇ 10 ਮਾਰਚ ਨੂੰ ਕਬੱਡੀ 70 ਕਿਲੋ, 11 ਮਾਰਚ ਨੂੰ 8 ਕਬੱਡੀ ਅਕੈਡਮੀਆਂ ਦੇ ਮੈਚ ਕਰਵਾਏ ਜਾਣਗੇ।

ਘੱਗੇ ਦਾ ਕਬੱਡੀ ਦਾ ਮਹਾਂਕੁੰਭ ਸਮਾਪਤ

ਘੱਗਾ, 27 ਫਰਵਰੀ - ਦੋ ਰੋਜ਼ਾ ਚੌਥਾ ਅੰਤਰ ਰਾਸ਼ਟਰੀ ਕਬੱਡੀ ਕੱਪ ਅਤੇ ਸੱਭਿਆਚਾਰਕ ਮੇਲਾ ਘੱਗੇ 'ਚ ਕਰਵਾਇਆ ਗਿਆ। ਕਬੱਡੀ 52 ਕਿਲੋ ਭਾਰ ਵਰਗ ਵਿਚ ਘੱਗਾ ਨੇ ਪਹਿਲਾ ਸਥਾਨ ਅਤੇ ਅਤਾਲਾਂ ਨੇ ਦੂਜਾ ਸਥਾਨ ਜਿੱਤਿਆ। ਕਬੱਡੀ ਇੱਕ ਪਿੰਡ ਓਪਨ ਵਿਚ ਦਿੜ੍ਹਬਾ ਦੇ ਗੱਭਰੂਆਂ ਨੇ ਘੱਗਾ ਨੂੰ ਪਛਾੜ ਕੇ ਪਹਿਲੇ ਸਥਾਨ 'ਤੇ ਕਬਜ਼ਾ ਕੀਤਾ। ਕਬੱਡੀ 40 ਸਾਲਾ ਕਬੱਡੀ ਵਿਚ ਲੁਧਿਆਣਾ ਦੀ ਟੀਮ ਨੇ ਗਦੜਿਆਣੀ (ਸੰਗਰੂਰ) ਦੀ ਟੀਮ ਨੂੰ ਹਰਾਇਆ। ਹਰਿਆਣਾ ਅਤੇ ਪੰਜਾਬ ਦੀਆਂ ਕੁੜੀਆਂ ਵਿਚਕਾਰ ਹੋਏ ਕਬੱਡੀ ਦੇ ਸ਼ੋਅ ਵਿਚ ਹਰਿਆਣਾ ਦੀਆਂ ਕੁੜੀਆਂ ਨੇ ਬਾਜ਼ੀ ਮਾਰੀ। ਪੰਜਾਬ ਦੀਆਂ ਚੋਟੀ ਦੀਆਂ ਕਬੱਡੀ ਅਕੈਡਮੀਆਂ ਵਿਚਕਾਰ ਹੋਏ ਸਖ਼ਤ ਮੁਕਾਬਲਿਆਂ ਵਿਚ ਰਾੜਾ ਸਾਹਿਬ ਨੇ ਪੱਤੋਂ ਹੀਰਾ ਨੂੰ ਹਰਾ ਕੇ ਇੱਕ ਲੱਖ ਦੇ ਇਨਾਮ ਉੱਤੇ ਕਬਜ਼ਾ ਕੀਤਾ।

ਮੇਲਾ ਜੋਧਿਆਂ ਦਾ 2 ਤੋਂ

ਬਾਬਾ ਬਕਾਲਾ ਸਾਹਿਬ, 27 ਫਰਵਰੀ - 2 ਤੋਂ 4 ਮਾਰਚ ਤੱਕ ਪਿੰਡ ਜੋਧੇ ਵਿਖੇ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। 2 ਮਾਰਚ ਨੂੰ ਕਬੱਡੀ 48 ਕਿਲੋ, 65 ਕਿਲੋ ਅਤੇ 3 ਮਾਰਚ ਨੂੰ 6 ਕਲੱਬਾਂ ਦੇ ਮੈਚ ਹੋਣਗੇ। 3 ਮਾਰਚ ਨੂੰ ਕੁੱਤਿਆਂ ਦੀਆਂ ਟਰੈਕ ਦੌੜਾਂ ਅਤੇ 4 ਮਾਰਚ ਨੂੰ ਕਬੱਡੀ ਚੈਂਪੀਅਨਸ਼ਿਪ ਆਲ ਇੰਡੀਆ, ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ ਭਾਗ ਲੈਣਗੀਆਂ।

ਪੰਜਾਬੀ 'ਵਰਸਿਟੀ ਦੀ ਸਰਦਾਰੀ

ਪਟਿਆਲਾ, 27 ਫਰਵਰੀ - ਕੁੱਲ ਹਿੰਦ ਅੰਤਰ 'ਵਰਸਿਟੀ ਸਰਕਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਕਰਵਾਈ ਗਈ। ਪਹਿਲੀ 51 ਹਜ਼ਾਰ ਨਕਦ ਇਨਾਮੀ ਰਾਸ਼ੀ ਵਾਲੀ ਕੁੱਲ ਹਿੰਦ ਅੰਤਰ 'ਵਰਸਿਟੀ ਸਰਕਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਮੇਜ਼ਬਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਹਰਾ ਕੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਦੌਰਾਨ ਚੁਣੇ ਗਏ ਸਰਵੋਤਮ ਜਾਫੀਆਂ ਤੇ ਰੇਡਰਾਂ ਨੂੰ 11-11 ਸੌ ਰੁਪਏ ਦੇ ਨਕਦ ਇਨਾਮ ਦਿੱਤੇ। ਦੂਸਰੇ ਸਥਾਨ 'ਤੇ ਰਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਮ ਨੂੰ 31 ਹਜ਼ਾਰ ਰੁਪਏ ਅਤੇ ਤੀਸਰੇ ਸਥਾਨ 'ਤੇ ਰਹੀ ਕੁਰੂਕਸ਼ੇਤਰ ਯੂਨੀਵਰਸਿਟੀ ਨੂੰ 21 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਇਨਾਮ ਵਜੋਂ ਪ੍ਰਦਾਨ ਕੀਤੀ ਗਈ। ਇਸ ਦੇ ਨਾਲ ਹੀ ਪ੍ਰੋ. ਸੁਰਜੀਤ ਸ਼ਰਮਾ ਬਠਿੰਡਾ ਨੇ ਜੇਤੂ ਟੀਮ ਦੇ ਖਿਡਾਰੀ ਗਗਨਦੀਪ ਸਿੰਘ ਤੇ ਦਲਜਿੰਦਰ ਸੈਣੀ ਨੂੰ 11-11 ਕਿੱਲੋਗਰਾਮ ਦੇਸੀ ਘੀ ਨਾਲ ਸਨਮਾਨਿਤ ਕੀਤਾ।

ਮੌੜ ਨੌਆਬਾਦ ਦਾ ਕਬੱਡੀ ਟੂਰਨਾਮੈਂਟ ਸ਼ੁਰੂ

ਠੱਠੀ ਭਾਈ, 27 ਫਰਵਰੀ - ਪਿੰਡ ਮੌੜ ਨੌਆਬਾਦ (ਮੋਗਾ) ਵਿਖੇ ਤਿੰਨ ਦਿਨਾਂ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ 58 ਕਿਲੋ, 44 ਕਿਲੋ ਅਤੇ 36 ਕਿਲੋ ਭਾਰ ਵਰਗ ਦੇ ਮੁਕਾਬਲੇ ਸ਼ੁਰੂ ਕਰਵਾਏ।

ਦਾਨਗੜ੍ਹ ਦੇ ਖੇਡ ਮੇਲੇ 'ਚ ਸ਼ਹਿਣਾ ਦੀ ਟੀਮ ਚਮਕੀ

ਧਨੌਲਾ, 27 ਫਰਵਰੀ - 7ਵਾਂ ਕਬੱਡੀ ਟੂਰਨਾਮੈਂਟ ਸ਼ੇਰੇ ਪੰਜਾਬ ਯੂਥ ਕਲੱਬ ਦਾਨਗੜ੍ਹ ਵੱਲੋਂ ਕਰਵਾਇਆ ਗਿਆ। 35 ਕਿਲੋ ਵਿਚੋਂ ਬਖ਼ਤਮਗੜ੍ਹ ਦੀ ਟੀਮ ਅਤੇ ਸੇਖੋਂ ਦੀ ਟੀਮ ਅਤੇ 42 ਕਿਲੋ ਵਰਗ ਵਿਚ ਨੈਣੇਵਾਲ ਅਤੇ ਉਪਲੀ, 52 ਕਿਲੋ ਵਰਗ ਵਿਚੋਂ ਜੋਧਪੁਰ ਅਤੇ ਫਰਵਾਹੀ ਨੇ ਕਰਮਵਾਰ ਪਹਿਲਾ, ਦੂਜਾ ਸਥਾਨ ਹਾਸਲ ਕੀਤਾ ਜਦਕਿ 70ਕਿਲੋ ਨੈਸ਼ਨਲ ਸਟਾਈਲ ਵਿਚੋਂ ਸੰਤਪੁਰਾ ਰਾਜਸਥਾਨ ਪਹਿਲੇ ਅਤੇ ਸਤੌਜ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ 62 ਕਿਲੋ ਵਿਚੋਂ ਘਰਾਚੋਂ ਅਤੇ ਸੇਖਾ ਦੀ ਟੀਮ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਇਕ ਪਿੰਡ ਓਪਨ ਵਿਚੋਂ ਸ਼ਹਿਣਾ ਬਾਜ਼ੀ ਮਾਰ ਗਈ ਅਤੇ ਗੁਰਮਾ ਦੀ ਟੀਮ ਨੂੰ ਦੂਜੇ ਸਥਾਨ ਤੇ ਸਬ ਕਰਨਾ ਪਿਆ। ਇਸ ਟੂਰਨਾਮੈਂਟ ਵਿਚ ਵੇਟ ਲਿਫ਼ਟਰ ਸਿੰਦਾ ਖਾਂ ਨੇ 125 ਕਿੱਲੋ ਵੇਟ ਚੁੱਕੇ ਵਾਹ ਵਾਹ ਖੱਟੀ। ਪਰਮਜੀਤ ਸਿੰਘ ਬਟੂਹਾ ਨੇ ਟਰੈਕਟਰ ਉਪਰੋਂ ਦੀ ਲੰਘਾ ਕੇ ਨਾਮਣਾ ਖੱਟਿਆ। ਉਚੇਚੇ ਤੌਰ ਤੇ ਸ਼ਾਮਲ ਕਮੇਡੀ ਕਲਾਕਾਰ ਕੁਲਵਿੰਦਰ ਸਿੰਘ ਨੇ ਅਨੋਖੇ ਟੋਟਕੇ ਸੁਣਾ ਕੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਈਆਂ।

ਤਿੰਨ ਰੋਜ਼ਾ ਟੂਰਨਾਮੈਂਟ ਇੱਬਣ 'ਚ 4 ਤੋਂ

ਕਪੂਰਥਲਾ, 26 ਫਰਵਰੀ - ਸਾਲਾਨਾ ਸੁਖਵਿੰਦਰ ਸਿੰਘ ਹੈਪੀ ਯਾਦਗਾਰੀ ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ 4 ਤੋਂ 6 ਮਾਰਚ ਨੂੰ ਪਿੰਡ ਇੱਬਣ 'ਚ ਕਰਵਾਇਆ ਜਾ ਰਿਹਾ ਹੈ। ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਤੇ ਉਪ ਜੇਤੂ ਨੂੰ 41 ਹਜ਼ਾਰ ਰੁਪਏ, 62 ਕਿੱਲੋ ਭਾਰ ਵਿਚ ਜੇਤੂ ਟੀਮ ਨੂੰ 11 ਹਜ਼ਾਰ ਰੁਪਏ ਤੇ ਉਪ ਜੇਤੂ 7500 ਰੁਪਏ, 56 ਕਿੱਲੋ ਭਾਰ ਵਰਗ ਵਿਚ ਜੇਤੂ ਟੀਮ ਨੂੰ 7 ਹਜ਼ਾਰ ਰੁਪਏ ਤੇ ਉਪ ਜੇਤੂ ਨੂੰ ਚਾਰ ਹਜ਼ਾਰ ਰੁਪਏ, 48 ਕਿੱਲੋ ਭਾਰ ਦੇ ਮੁਕਾਬਲੇ ਵਿਚ ਜੇਤੂ ਟੀਮ ਨੂੰ ਚਾਰ ਹਜ਼ਾਰ ਰੁਪਏ ਤੇ ਉਪ ਜੇਤੂ ਨੂੰ ਤਿੰਨ ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ।

18ਵਾਂ ਨਹਿਰੂ ਚੈਂਪੀਅਨ ਕਾਲਜ ਹਾਕੀ ਟੂਰਨਾਮੈਂਟ

ਜਲੰਧਰ, 26 ਫਰਵਰੀ - 18ਵਾਂ ਨਹਿਰੂ ਚੈਂਪੀਅਨ ਕਾਲਜ ਹਾਕੀ ਟੂਰਨਾਮੈਂਟ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਵਿਚ ਸ੍ਰੀ ਗੁਰੂ ਹਰਿ ਸਿੰਘ ਕਾਲਜ ਸਿਰਸਾ ਨੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੂੰ 3-0 ਦੇ ਫਰਕ ਨਾਲ ਹਰਾ ਦਿੱਤਾ। ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਜਸਜੀਤ ਸਿੰਘ ਕੁਲਾਰ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ। ਜੇਤੂ ਟੀਮ ਨੂੰ 96000 ਰੁਪਏ, ਉਪ ਜੇਤੂ ਨੂੰ 64000 ਰੁਪਏ ਅਤੇ ਤੀਸਰੇ ਸਥਾਨ ਵਾਲੀ ਟੀਮ ਨੂੰ 32000 ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਜੇਤੂ ਟੀਮ ਦੇ ਕੋਚ ਨੂੰ 8000 ਰੁਪਏ, ਉਪ ਜੇਤੂ ਕੋਚ ਨੂੰ 5000 ਰੁਪਏ ਅਤੇ ਤੀਜੇ ਸਥਾਨ ਵਾਲੇ ਕੋਚ ਨੂੰ 32000 ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਤੀਸਰੇ ਸਥਾਨ ਲਈ ਮੈਚ ਦੌਰਾਨ ਜਵਾਹਰ ਲਾਲ ਨਹਿਰੂ ਪੀਜੀ ਕਾਲਜ ਭੋਪਾਲ ਨੇ ਡੀਏਵੀ ਕਾਲਜ ਜਲੰਧਰ ਨੂੰ 5-2 ਗੋਲਾਂ ਨਾਲ ਹਰਾਇਆ।

ਡਡਵਿੰਡੀ ਦਾ ਪਹਿਲਾ ਕਬੱਡੀ ਟੂਰਨਾਮੈਂਟ 6 ਤੋਂ

ਜਲੰਧਰ, 26 ਫਰਵਰੀ - ਸਾਲਾਨਾ ਪਹਿਲਾ ਕਬੱਡੀ ਕੱਪ 6-7 ਮਾਰਚ ਨੂੰ ਡਡਵਿੰਡੀ ਵਿਖੇ ਸ਼ਹੀਦ ਨਰਿੰਦਰ ਪਾਲ ਸਿੰਘ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ। 6 ਮਾਰਚ ਨੂੰ ਫੁੱਟਬਾਲ ਦੇ ਮੈਚ ਪਿੰਡ ਪੱਧਰ 66 ਕਿਲੋ ਤੇ 58 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਓਪਨ ਵਰਗ ਵਿਚ 6 ਅਕੈਡਮੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਬਾਸਕਿਟਬਾਲ ਲੜਕੀਆਂ ਦਾ ਇਕ ਸ਼ੋਅ ਮੈਚ ਜਲੰਧਰ ਤੇ ਕਪੂਰਥਲਾ ਦੀਆਂ ਟੀਮਾਂ ਦਰਮਿਆਨ ਖੇਡਿਆ ਜਾਵੇਗਾ। 7 ਮਾਰਚ ਨੂੰ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ।

34ਵੀਆਂ ਰਾਸ਼ਟਰੀ ਖੇਡਾਂ ਸਮਾਪਤ

ਰਾਂਚੀ, 26 ਫਰਵਰੀ - 34ਵੀਆਂ ਰਾਸ਼ਟਰੀ ਖੇਡਾਂ 2011 ਜੋ ਕਿ ਰਾਂਚੀ (ਝਾਰਖੰਡ) ਦੇ ਬਿਰਸਾ ਮੁੰਡਾ ਅਥਲੈਟਿਕਸ ਸਟੇਡੀਅਮ 'ਚ ਕਰਵਾਈਆਂ ਗਈਆਂ। ਕੇਰਲਾ ਵਿਖੇ ਸਾਲ 2012 ਦੀਆਂ 35ਵੀਆਂ ਰਾਸ਼ਟਰੀ ਖੇਡਾਂ ਕਰਵਾਈਆਂ ਜਾਣਗੀਆਂ। ਇਨ੍ਹਾਂ ਖੇਡਾਂ 'ਚ ਸਰਵਿਸਿਜ਼ ਨੇ 70 ਸੋਨ, 50 ਚਾਂਦੀ ਅਤੇ 48 ਕਾਂਸੀ ਦੇ ਤਗਮਿਆਂ ਨਾਲ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤੋਂ ਪਹਿਲਾਂ ਸਰਵਿਸਿਜ਼ ਸਪੋਰਟਸ ਕੰਟਰੋਲ ਬੋਰਡ ਦੀ ਟੀਮ ਨੂੰ 70 ਸੋਨ, 50 ਚਾਂਦੀ ਅਤੇ 42 ਕਾਂਸੀ ਦੇ ਤਗਮੇ ਜਿੱਤਣ ਕਰਕੇ ਰਾਜਾ ਭਲਿੰਦਰ ਸਿੰਘ ਟਰਾਫੀ ਨਾਲ ਅਤੇ ਮਨੀਪੁਰ ਨੂੰ 48 ਸੋਨ, 37 ਚਾਂਦੀ ਅਤੇ 33 ਕਾਂਸੀ ਦੇ ਤਗਮਿਆਂ ਨਾਲ ਬੈਸਟ ਸਟੇਟ ਅਵਾਰਡ ਨਾਲ ਅਤੇ ਦੂਜੇ ਸਥਾਨ ਲਈ ਸਨਮਾਨਤ ਕੀਤਾ ਗਿਆ। ਹਰਿਆਣਾ ਨੂੰ 42 ਸੋਨ ਤਗਮਿਆਂ ਨਾਲ ਤੀਜਾ, ਮਹਾਰਾਸ਼ਟਰ ਨੂੰ 41 ਸੋਨ ਤਗਮਿਆਂ ਨਾਲ ਚੌਥਾ ਅਤੇ ਦਿੱਲੀ ਨੇ 32 ਸੋਨ ਤਗਮਿਆਂ ਨਾਲ ਛੇਵਾਂ ਸਥਾਨ ਹਾਸਿਲ ਕੀਤਾ। ਦਿੱਲੀ ਦੀ 16 ਸੋਨ ਤਗਮੇ ਜਿੱਤਣ ਵਾਲੀ ਤੈਰਾਕ ਰਿਚਾ ਮਿਸ਼ਰਾ ਨੂੰ ਬੈਸਟ ਫੀਮੇਲ ਖਿਡਾਰਨ ਦਾ ਅਵਾਰਡ ਅਤੇ ਮਹਾਰਾਸ਼ਟਰ ਦੇ ਤੈਰਾਕ ਵੀਰਧਵਲ ਖਡੇ ਨੂੰ 12 ਸੋਨ ਤਗਮੇ ਜਿੱਤਣ 'ਤੇ ਬੈਸਟ ਮੇਲ ਖਿਡਾਰੀ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।

21ਵਾਂ ਸ: ਹਰਬੰਸ ਸਿੰਘ ਪੁਰੇਵਾਲ ਯਾਦਗਾਰੀ ਖੇਡ ਮੇਲਾ ਸਮਾਪਤ

ਮੁਕੰਦਪੁਰ, 26 ਫਰਵਰੀ - 21ਵੇਂ ਸ. ਹਰਬੰਸ ਸਿੰਘ ਪੁਰੇਵਾਲ ਯਾਦਗਾਰੀ ਖੇਡ ਮੇਲੇ ਦੇ ਆਖਰੀ ਦਿਨ ਤਿੰਨ ਸੋਨ ਤਗਮੇ ਜੇਤੂ ਜੂਨੀਅਰ ਵੇਟਲਿਫ਼ਟਰ ਅਮਨਦੀਪ ਕੌਰ ਨੂੰ ਮਾਤਾ ਸੁਰਜੀਤ ਕੌਰ ਪੁਰੇਵਾਲ ਯਾਦਗਾਰੀ ਐਵਾਰਡ ਨਾਲ ਪੰਝੀ ਹਜ਼ਾਰ ਰੁਪਏ ਨਗਦ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਕਬੱਡੀ ਕੱਪ ਦਾ ਪਹਿਲਾ ਇਕ ਲੱਖ ਇਕਵੰਜ਼ਾ ਹਜ਼ਾਰ ਰੁਪਏ ਦਾ ਇਨਾਮ ਅਜ਼ਾਦ ਕਬੱਡੀ ਕਲੱਬ ਮੁਠੱਡਾ ਅਤੇ ਦੂਸਰਾ ਇਕ ਲੱਖ ਰੁਪਏ ਦਾ ਇਨਾਮ ਉਪ ਜੇਤੂ ਟੀਮ ਦਸ਼ਮੇਸ਼ ਕਬੱਡੀ ਕਲੱਬ ਨਕੋਦਰ ਨੇ ਜਿੱਤਿਆ। ਪੰਜਾਬ ਕੇਸਰੀ ਹਕੀਮਪੁਰ ਭਾਰ ਵਰਗ 85-120 ਕਿਲੋਗ੍ਰਾਮ ਦਾ ਮੁਕਾਬਲੇ ਦੌਰਾਨ ਜਾਰਜੀਆ ਦੇਸ਼ ਦੇ ਨਿੱਪੂ ਰਾਜੇ ਨੇ ਨਾਈਜੀਰੀਆ ਦੇ ਸਿਨਵੀ ਗੋਲਟੇਕ ਨੂੰ ਹਰਾ ਕੇ ਪਹਿਲਾ ਖਿਤਾਬੀ ਇਨਾਮ ਜਿੱਤਿਆ। ਪੰਜਾਬ ਕੁਮਾਰ ਦਾ ਪਹਿਲਾ ਇਨਾਮ ਅਕਾਸ਼ਦੀਪ ਤਰਨਤਾਰਨ, ਦੂਸਰਾ ਇਨਾਮ ਪ੍ਰਦੀਪ, ਸ਼ਾਨੇ ਪੰਜਾਬ ਦਾ ਪਹਿਲਾ ਇਨਾਮ ਜਰਕੋਮੀ ਖੀਵ ਜਾਰਜੀਆ, ਦੂਸਰਾ ਮਨੋਜ਼ ਖੰਨਾ ਨੇ ਜਿੱਤਿਆ। 1500 ਮੀਟਰ ਦੌੜ (ਲੜਕੀਆਂ) ਦਾ ਪਹਿਲਾ ਇਨਾਮ ਮਨਜੀਤ ਕੌਰ, ਦੂਸਰਾ ਇਨਾਮ ਗਗਨਦੀਪ ਕੌਰ ਜਲੰਧਰ ਤੀਸਰਾ ਇਨਾਮ ਗੁਰਪ੍ਰੀਤ ਜਲੰਧਰ ਨੇ ਜਿੱਤਿਆ। ਲੰਬੀ ਛਾਲ (ਲੜਕੇ) ਗੁਰਜੰਟ ਸਿੰਘ ਜਲੰਧਰ ਨੇ ਪਹਿਲਾ, ਰਣਜੀਤ ਸਿੰਘ ਫਿਰੋਜ਼ਪੁਰ ਨੇ ਦੂਸਰਾ, ਬਿੱਕਰਮ ਸਿੰਘ ਲੁਧਿਆਣਾ ਨੇ ਤੀਸਰਾ, ਲੰਬੀ ਛਾਲ ਲੜਕੀਆਂ ਵਿਚੋਂ ਪਹਿਲਾ ਬਲਵੀਰ ਕੌਰ ਜਲੰਧਰ ਨੇ 1500 ਮੀਟਰ ਦੌੜ (ਲੜਕੇ) ਵਿਚੋਂ ਪਹਿਲਾ ਕੁਲਦੀਪ ਸਿੰਘ, ਗੋਲਾ ਸੁੱਟਣ (ਲੜਕੇ) ਵਿਚੋਂ ਪਹਿਲਾ ਗੁਰਵੰਤ ਸਿੰਘ ਪਟਿਆਲਾ, 100 ਮੀਟਰ (ਲੜਕੀਆਂ) ਮਨਦੀਪ ਕੌਰ ਲੁਧਿਆਣਾ, 100 ਮੀਟਰ (ਲੜਕੇ) ਅਜੈ ਟੰਡਨ ਖੰਨਾ ਨੇ ਪਹਿਲਾ ਇਨਾਮ ਜਿੱਤਿਆ। ਮੇਲਾ ਮੁੱਖ ਪ੍ਰਬੰਧਕ ਸ. ਗੁਰਜੀਤ ਸਿੰਘ ਪੁਰੇਵਾਲ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ।

ਕੁੱਲ ਹਿੰਦ ਅੰਤਰ 'ਵਰਸਿਟੀ ਕਬੱਡੀ ਚੈਂਪੀਅਨਸ਼ਿਪ

ਪਟਿਆਲਾ, 26 ਫਰਵਰੀ - ਕੁੱਲ ਹਿੰਦ ਅੰਤਰ 'ਵਰਸਿਟੀ ਸਰਕਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ਦੇ ਦੂਜੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਫਾਈਨਲ 'ਚ ਆਪਣੀ ਥਾਂ ਬਣਾਈ। ਪਹਿਲੇ ਸੈਮੀ ਫਾਈਨਲ ਮੈਚ ਵਿਚ ਪੰਜਾਬੀ ਯੂਨੀਵਰਸਿਟੀ ਨੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਨੂੰ 34-10 ਨਾਲ ਹਰਾਇਆ। ਦੂਸਰੇ ਸੈਮੀਫਾਈਨਲ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਨੂੰ 47-19 ਦੇ ਵੱਡੇ ਅੰਤਰ ਨਾਲ ਹਰਾਇਆ।

ਕਬੱਡੀ ਓਪਨ 'ਚ ਪਿੰਡ ਭਲੂਰ ਦੀ ਟੀਮ ਜੇਤੂ

ਸਮਾਲਸਰ, 26 ਫਰਵਰੀ - ਪਿੰਡ ਠੱਠੀ ਭਾਈ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਯਾਦਗਾਰੀ ਕਬੱਡੀ ਟੂਰਨਾਮੈਂਟ ਕਮੇਟੀ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਸਮੇਂ ਕਬੱਡੀ 33 ਕਿੱਲੋਵਰਗ ਵਿਚ ਘੋਲੀਆ ਦੀ ਟੀਮ ਨੇ ਪਹਿਲਾ, ਵਾਂਦਰ ਡੋਡ ਨੇ ਦੂਸਰਾ, 46 ਕਿੱਲੋ ਵਿਚ ਮਾਣੂੰਕੇ ਸੰਧੂਆਂ ਨੇ ਪਹਿਲਾ, ਠੱਠੀ ਭਾਈ ਨੇ ਦੂਜਾ, 70 ਕਿੱਲੋ ਵਿਚ ਵਾਂਦਰ ਡੋਡ ਦੀ ਟੀਮ ਨੇ ਪਹਿਲਾ ਅਤੇ ਮੇਜਬਾਨ ਠੱਠੀ ਭਾਈ ਦੀ ਟੀਮ ਨੇ ਦੂਸਰਾ, ਕਬੱਡੀ ਓਪਨ ਵਿਚ ਪਿੰਡ ਭਲੂਰ ਦੀ ਟੀਮ ਨੇ ਪਹਿਲਾ ਅਤੇ ਬਰਗਾੜੀ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ।

ਪਿੰਡ ਸੋਹੀਆਂ ਦਾ ਖੇਡ ਮੇਲਾ ਸਮਾਪਤ

ਚੌਂਕੀਮਾਨ, 26 ਫਰਵਰੀ - 6ਵਾਂ ਟੂਰਨਾਮੈਂਟ ਪਿੰਡ ਸੋਹੀਆਂ 'ਚ ਕਰਵਾਇਆ ਗਿਆ। ਕਬੱਡੀ ਓਪਨ ਵਿਚ ਸੋਹੀਆਂ ਟੀਮ ਨੇ ਪਹਿਲਾ ਅਤੇ ਮੀਨੀਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ 70 ਕਿਲੋ ਵਿਚ ਦੇਹੜਕਾ ਨੇ ਪਹਿਲਾ ਅਤੇ ਕੋਟਕਰੋੜ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ 60 ਕਿਲੋ ਵਿਚ ਸੋਹੀਆਂ ਨੇ ਪਹਿਲਾ ਅਤੇ ਕਾਉਂਕੇ ਕਲਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ 35 ਕਿਲੋ ਵਿਚ ਕਨੇਚ ਨੇ ਪਹਿਲਾ ਅਤੇ ਭਾਗੀਕੇ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਵਾਲੀਬਾਲ ਸ਼ੂਟਿੰਗ ਵਿਚ ਖੰਜਰਵਾਲ ਨੇ ਪਹਿਲਾ ਅਤੇ ਬੁਜ਼ਰਗ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।

ਖੇਡਾਂ ਖਡੂਰ ਸਾਹਿਬ ਦੀਆਂ 3 ਤੋਂ

ਖਡੂਰ ਸਾਹਿਬ, 26 ਫਰਵਰੀ - ਖੇਡਾਂ ਖਡੂਰ ਸਾਹਿਬ ਦੀਆਂ 3 ਤੋਂ 6 ਮਾਰਚ ਤੱਕ ਕਰਵਾਈਆਂ ਜਾ ਰਹੀਆਂ ਹਨ। ਚਾਰ ਰੋਜ਼ਾ ਖੇਡ ਮੇਲੇ ਵਿਚ ਵਾਲੀਵਾਲ ਓਪਨ ਕਬੱਡੀ 55 ਓਪਨ, ਕਬੱਡੀ 65 ਓਪਨ, ਕਬੱਡੀ ਕਲੱਬਾਂ, ਫੁਟਬਾਲ ਓਪਨ, ਕੁੱਤਿਆਂ ਦੀਆਂ ਦੌੜਾਂ, ਲੰਮੇ ਵਾਲਾਂ ਦੇ ਮੁਕਾਬਲੇ, ਸੁੰਦਰ ਪੱਗਾਂ ਦੇ ਮੁਕਾਬਲੇ, ਗਤਕਾ ਤੇ ਨੇਜ਼ੇਬਾਜ਼ੀ, ਮੋਟਰ ਸਾਈਕਲ ਸ਼ੋਅ, ਰੱਸਾਕਸ਼ੀ ਮੁਕਾਬਲੇ, ਕਬੱਡੀ ਅਕੈਡਮੀਆਂ ਦੇ ਮੁਕਾਬਲੇ ਹੋ ਰਹੇ ਹਨ। ਸ਼ਾਮ ਸਮੇਂ ਗਿੱਪੀ ਗਰੇਵਾਲ ਤੇ ਸ਼ੈਰੀ ਮਾਨ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।

ਪੰਜਗਰਾਈਂ ਕਲਾਂ ਦਾ ਖੇਡ ਮੇਲਾ ਸਮਾਪਤ
 

ਪੰਜਗਰਾਈਂ ਕਲਾਂ, 25 ਫਰਵਰੀ - ਤਿੰਨ ਰੋਜ਼ਾ ਖੇਡ ਮੇਲਾ ਪੰਜਗਰਾਈਂ ਕਲਾਂ ਦੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਖੇਡ ਮੇਲੇ ਦੇ ਪਹਿਲੇ ਦਿਨ ਕਬੱਡੀ 55 ਕਿੱਲੋ ਦੇ ਮੁਕਾਬਲਿਆਂ ਵਿਚ ਮੌੜ ਨਾਭਾ ਦੀ ਟੀਮ ਨੇ ਪਹਿਲਾ ਅਤੇ ਸਿੰਘਾਂ ਵਾਲੇ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਰੱਸਾਕਸ਼ੀ ਦੇ ਮੁਕਾਬਲਿਆਂ ਵਿਚ ਬੁਰਜ ਦੁਨਾ ਦੀ ਟੀਮ ਨੇ ਪਹਿਲਾ ਅਤੇ ਜਲੰਧਰ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਬਾਵਰੀਆ ਸਮਾਜ ਦੀਆਂ ਅਕੈਡਮੀਆਂ ਦੇ ਸ਼ੋਅ ਮੈਚ ਵਿਚ ਮਹਾਂਰਾਣਾ ਪ੍ਰਤਾਪ ਸਿੰਘ ਕਲੱਬ ਪੰਜਗਰਾਈਂ ਨੇ ਪਹਿਲਾ ਅਤੇ ਬਾਬਾ ਗੁਸਾਈਂ ਕਲੱਬ ਪੱਤੋ ਹੀਰਾ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਸ਼ੋਅ ਮੈਚ ਵਿਚ ਫ਼ਰੀਦਕੋਟ ਦੀਆਂ ਲੜਕੀਆਂ ਨੇ ਮਾਨਸਾ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਮਾਝਾ ਅਤੇ ਮਾਲਵਾ ਕਲੱਬ ਦੇ ਸ਼ੋਅ ਮੈਚ ਵਿਚ ਮਾਲਵਾ ਕਲੱਬ ਜੇਤੂ ਰਿਹਾ। ਕਬੱਡੀ 62 ਕਿੱਲੋ ਦੇ ਮੁਕਾਬਲਿਆਂ ਵਿਚ ਪੱਤੋ ਦੀ ਟੀਮ ਨੇ ਪਹਿਲਾ ਅਤੇ ਮੱਝੂ ਕੇ ਪਿੰਡ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ 70 ਕਿੱਲੋ ਵਿਚ ਪੰਜਗਰਾਈਂ ਕਲਾਂ ਦੀ ਟੀਮ ਨੇ ਪਹਿਲਾ ਅਤੇ ਕੋਟ-ਕਰੋੜ ਦੀ ਟੀਮ ਦੂਜਾ ਸਥਾਨ ਹਾਸਲ ਕੀਤਾ। ਕਬੱਡੀ ਪਿੰਡ ਵਾਰ ਓਪਨ ਦੇ ਮੁਕਾਬਲਿਆਂ ਵਿਚ ਜਨੇਤਪੁਰੇ ਦੀ ਟੀਮ ਨੇ ਪਿੰਡ ਲੰਡਿਆਂ ਦੀ ਟੀਮ ਨੂੰ ਹਰਾ ਕੇ ਦੂਜਾ ਸਥਾਨ ਹਾਸਲ ਕੀਤਾ। ਵਾਲੀਬਾਲ ਦੇ ਮੁਕਾਬਲਿਆਂ ਵਿਚ ਪੰਜਗਰਾਈਂ ਦੀ ਟੀਮ ਨੇ ਪਹਿਲਾ ਅਤੇ ਪਿੰਡ ਰੋਡੇ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ ਓਪਨ ਦੇ ਮੁਕਾਬਲਿਆਂ ਵਿਚੋਂ ਚੁਣੇ ਗਏ ਸਭ ਤੋਂ ਵਧੀਆ ਧਾਵੀ ਸਤਿਨਾਮ ਡੱਗੋ ਰੋਮਾਣਾ ਅਤੇ ਵਧੀਆ ਜਾਫੀ ਅਮਰੂ ਜਨੇਤਪੁਰਾ ਨੂੰ ਰੰਗਦਾਰ ਟੈਲਵਿਜ਼ਨਾਂ ਨਾਲ ਸਨਮਾਨਿਤ ਕੀਤਾ ਗਿਆ। ਇਨਾਮ ਤਕਸੀਮ ਕਰਨ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹੁੰਚੇ।

ਕਬੱਡੀ 65 ਕਿਲੋ 'ਚ ਗਾਖਲਾਂ ਜੇਤੂ

ਜਲੰਧਰ, 25 ਫਰਵਰੀ - 28ਵਾਂ ਸੰਤ ਬਾਬਾ ਗੁਰਬਖਸ਼ ਸਿੰਘ ਯਾਦਗਾਰੀ ਖੇਡ ਮੇਲਾ ਗੋਬਿੰਦ ਸਪੋਰਟਸ ਕਲੱਬ ਕੁੱਕੜ ਪਿੰਡ ਵੱਲੋਂ ਕਰਵਾਇਆ ਗਿਆ। ਇਸ ਦੌਰਾਨ ਕਬੱਡੀ 65 ਕਿਲੋ ਦਾ ਫਾਈਨਲ ਮੁਕਾਬਲਾ ਗਾਖਲਾਂ ਨੇ ਧੰਨਾ ਕਲੱਬ ਫਰੀਦਕੋਟ ਨੂੰ ਹਰਾ ਕੇ ਜਿੱਤਿਆ। ਇਸ ਤਰ੍ਹਾਂ ਕੁੱਤਿਆਂ ਦੀਆਂ ਦੌੜਾਂ 'ਚ ਪਹਿਲਾ ਇਨਾਮ ਜਸਪਾਲ ਸਿੰਘ ਕੁੱਕੜ ਪਿੰਡ ਦੇ ਕੁੱਤੇ ਹੀਰੋ ਨੂੰ ਮਿਲਿਆ, ਅਮਰੀਕ ਸਿੰਘ ਕੁੱਕੜ ਪਿੰਡ ਦਾ ਕੁੱਤਾ ਰੇਂਜਰ ਦੂਸਰੇ ਨੰਬਰ 'ਤੇ, ਪੱਦੀ ਬ੍ਰਾਦਰਜ਼ ਦਾ ਕੁੱਤਾ ਬਿੰਦਾ ਸਟਾਰ ਤੀਸਰੇ ਨੰਬਰ 'ਤੇ ਰਿਹਾ। ਹਾਕੀ ਓਪਨ ਦੇ ਮੁਕਾਬਲੇ 'ਚ ਕੇਸਰੀ ਕਲੱਬ ਕੁੱਕੜ ਪਿੰਡ ਨੇ ਜੰਡਿਆਲਾ ਨੂੰ 3-0 ਨਾਲ ਤੇ ਫਲੈਸ਼ ਕਲੱਬ ਨੇ ਕੁੱਕੜ ਪਿੰਡ ਨੂੰ 2-0 ਨਾਲ ਹਰਾਇਆ। 26 ਤਰੀਕ ਨੂੰ ਹਾਕੀ ਓਪਨ ਤੇ ਬਲਦ ਹਲਟ ਦੌੜਾਂ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ।

21ਵਾਂ ਹਰਬੰਸ ਸਿੰਘ ਪੁਰੇਵਾਲ ਖੇਡ ਮੇਲਾ

ਮੁਕੰਦਪੁਰ, 25 ਫਰਵਰੀ - 21ਵਾਂ ਪੁਰੇਵਾਲ ਖੇਡ ਮੇਲਾ ਸਵ: ਨਰੰਜਣ ਸਿੰਘ ਯਾਦਗਾਰੀ ਖੇਡ ਸਟੇਡੀਅਮ ਜਗਤਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਖੇਡ ਮੇਲਾ ਹਰਬੰਸ ਸਿੰਘ ਪੁਰੇਵਾਲ ਦੀ ਯਾਦ ਨੂੰ ਸਮਰਪਿਤ ਹੈ। ਪੰਜਾਬ ਕਬੱਡੀ ਐਸੋਸ਼ੀਏਸ਼ਨ ਦੀ ਸ਼੍ਰੀ ਗੁਰੂ ਹਰਗੋਬਿੰਦ ਕਲੱਬ ਹੁਸ਼ਿਆਰਪੁਰ ਨੇ ਪੰਜਾਬ ਕਬੱਡੀ ਅਕੈਡਮੀਜ਼ ਐਸੋਸ਼ੀਏਸ਼ਨ ਦੀ ਅਲੰਕਾਰ ਟੋਨੀ ਕਲੱਬ ਕੁੱਬੇ ਨੂੰ ਹਰਾ ਕੇ ਪਹਿਲਾ ਪੁਰੇਵਾਲ ਅੰਤਰ-ਰਾਸ਼ਟਰੀ ਕਬੱਡੀ ਕਲੱਬ ਜਿੱਤਿਆ। ਦੂਸਰਾ ਪੁਰੇਵਾਲ ਅੰਤਰ-ਰਾਸ਼ਟਰੀ ਕਬੱਡੀ ਕਲੱਬ ਅੰਬੀ ਹਠੂਰ ਕਬੱਡੀ ਕਲੱਬ ਮੋਗਾ ਨੂੰ ਹਰਾ ਕੇ ਪੰਜਾਬ ਕਬੱਡੀ ਅਕੈਡਮੀਜ਼ ਐਸੋਸ਼ੀਏਸ਼ਨ ਦੀ ਸੰਤ ਈਸ਼ਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ ਨੇ ਜਿੱਤਿਆ। ਦੋਨਾਂ ਜੇਤੂਆਂ ਨੇ ਇਕ-ਇਕ ਲੱਖ ਅਤੇ ਇਕਵੰਜਾ ਇੰਕਵੰਜਾ ਹਜਾਰ ਦਾ ਪਹਿਲਾ ਇਨਾਮ ਹਾਸਲ ਕੀਤਾ। 26 ਫ਼ਰਵਰੀ ਨੂੰ ਤੀਸਰਾ ਕਬੱਡੀ ਕੱਪ ਹੋਏਗਾ। ਕੁਸ਼ਤੀਆਂ ਦੇ ਪੰਜਾਬ ਕੇਸਰੀ ਭਾਰ +85 ਦੇ ਦੂਸਰੇ ਗੇੜ ਵਿਚ ਜਾਰਜੀਆ ਦੇ ਨਿੱਕੂਰੇਡਜ਼ ਨੇ ਅੰਕਿਤ ਸ਼ਾਹਕੋਟ ਨੂੰ, ਪਰਮਜੀਤ ਖੰਨਾ ਨੇ ਗੁਰਪਿਆਰ ਪਟਿਆਲਾ ਨੂੰ ਅਤੇ ਜਾਰਜੀਆ ਦੇ ਮਰਗੰਗੀ ਸ਼ਿਵਾਨੀ ਨੇ ਕਮਲਜੀਤ ਡੂੰਮਛੇੜੀ ਨੂੰ ਹਰਾਇਆ। ਪੰਜਾਬ ਕੁਮਾਰ +70 ਵਿਚ ਪਟਿਆਲਾ ਦੇ ਵਿਜੇਂਦਰ ਨੇ ਕਰਮਵੀਰ ਸ਼ਰਮਾ ਨੂੰ ਅਤੇ ਅੰਕਿਤ ਪੂੰਨੀਆ ਨੇ ਮਨਵੀਰ ਨਕੋਦਰ ਨੂੰ ਹਾਰ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ। ਸ਼ਾਨ-ਏ-ਪੰਜਾਬ ਖਿਤਾਬ ਵਿਚ ਜਾਰਜੀਆ ਦੇ ਜ਼ਰਗੋਮੀ ਚੀਫ਼ ਨੇ ਪਟਿਆਲਾ ਦੇ ਪ੍ਰਗਟ ਨੂੰ, ਜਲੰਧਰ ਦੇ ਅਨੁਪ ਸਿੰਘ ਨੇ ਮੁਹੰਮਦ ਨੂੰ ਅਤੇ ਸ਼ੇਰ ਖੰਨਾ ਨੇ ਗੁਰਦਾਸਪੁਰ ਦੇ ਰਿੰਕੂ ਨੂੰ ਹਰਾਇਆ। 96 ਸਾਲਾ ਬਜੁਰਗ ਦੌੜਾਕ ਦਲੀਪ ਸਿੰਘ ਨੇ ਪ੍ਰਸਿੱਧ ਦੌੜਾਕ ਫ਼ੌਜਾ ਸਿੰਘ ਨੂੰ ਚੈਲੰਜ ਕਰਦਿਆਂ ਟਰੈਕ 'ਤੇ ਦੌੜ ਲਾਈ।

ਪਿੰਡ ਸਿੱਧਵਾਂ ਖੁਰਦ ਦਾ ਟੂਰਨਾਮੈਂਟ

ਚੌਂਕੀਮਾਨ, 25 ਫਰਵਰੀ - ਪਿੰਡ ਸਿੱਧਵਾਂ ਖੁਰਦ ਟੂਰਨਾਮੈਂਟ ਦੇ ਦੂਜੇ ਦਿਨ ਕਬੱਡੀ 37 ਕਿਲੋ ਵਿਚ ਇੰਦਰਗੜ੍ਹ ਨੇ ਪਹਿਲਾ ਅਤੇ ਭਿੰਡਰ ਕਲਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਕਬੱਡੀ 52 ਕਿਲੋ ਵਿਚ ਜਲਾਲਾਬਾਦ ਨੇ ਪਹਿਲਾ ਅਤੇ ਕੋਕਰੀ ਬੁੱਟਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸ਼ੂਟਿੰਗ ਵਿਚ ਖੰਜਰਵਾਲ ਨੇ ਪਹਿਲਾ, ਕੈਲਪੁਰ ਨੇ ਦੂਸਰਾ ਅਤੇ ਮਲਕ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਤਾਸ਼ ਸੀਪ ਵਿਚ ਬਰਸਾਲ ਨੇ ਪਹਿਲਾ ਅਤੇ ਸਿੱਧਵਾਂ ਖੁਰਦ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਰੱਸਾਕੱਸੀ ਵਿਚ ਬੁਰਜ ਦੋਨਾਂ ਨੇ ਪਹਿਲਾ ਅਤੇ ਚੂਹੜ ਚੱਕ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ ਦੀ ਕੁਮੈਂਟਰੀ ਤਾਰਾ ਕਿਸ਼ਨਪੁਰਾ ਨੇ ਬਹੁਤ ਵਧੀਆ ਢੰਗ ਨਾਲ ਕੀਤੀ।

ਪਿੰਡ ਫੁੱਲਾਂਵਾਲ ਦੀਆਂ ਖੇਡਾਂ 28 ਤੋਂ

ਲੁਧਿਆਣਾ, 25 ਫਰਵਰੀ - ਸਾਲਾਨਾ ਪੇਂਡੂ ਖੇਡ ਮੇਲਾ 28 ਫਰਵਰੀ ਤੋਂ 1 ਮਾਰਚ ਤੱਕ ਪਿੰਡ ਫੁੱਲਾਂਵਾਲ ਦੇ ਖੇਡ ਮੈਦਾਨਾਂ 'ਚ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਖੇਡਾਂ ਵਿੱਚ ਕਬੱਡੀ ਇਕ ਪਿੰਡ ਓਪਨ, ਕਬੱਡੀ 70 ਕਿਲੋ, ਵਾਲੀਬਾਲ, ਕਬੱਡੀ ਸ਼ੋਅ ਮੈਚ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਕਬੱਡੀ ਇਕ ਪਿੰਡ ਓਪਨ ਦੀ ਜੇਤੂ ਟੀਮ ਨੂੰ 51 ਹਜ਼ਾਰ, ਉਪ ਜੇਤੂ ਨੂੰ 31 ਹਜ਼ਾਰ ਰੁਪਏ, ਕਬੱਡੀ 70 ਕਿਲੋ ਦੀ ਜੇਤੂ ਟੀਮ ਨੂੰ 21 ਹਜ਼ਾਰ, ਉਪ ਜੇਤੂ ਨੂੰ 11 ਹਜ਼ਾਰ ਰੁਪਏ, ਵਾਲੀਬਾਲ ਦੀ ਜੇਤੂ ਟੀਮ ਨੂੰ 11 ਹਜ਼ਾਰ, ਉਪ ਜੇਤੂ ਨੂੰ 6 ਹਜ਼ਾਰ ਨਾਲ ਸਨਮਾਨਿਆ ਜਾਵੇਗਾ। ਉਦਘਾਟਨ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਕਰਨਗੇ, ਜਦਕਿ ਇਨਾਮਾਂ ਦੀ ਵੰਡ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ ਕਰਨਗੇ।

ਕੌਮੀ ਖੇਡਾਂ 'ਚ ਪੰਜਾਬ ਦੀ ਜੂਡੋ 'ਚ ਬੱਲੇ-ਬੱਲੇ

ਜਲੰਧਰ, - ਝਾਰਖੰਡ 'ਚ 34ਵੀਆਂ ਰਾਸ਼ਟਰੀ ਖੇਡਾਂ ਦੌਰਾਨ ਪੰਜਾਬ ਦੀ ਮਰਦਾਂ ਦੀ ਜੂਡੋ ਟੀਮ ਨੇ 3 ਸੋਨ ਤਗਮੇ, 2 ਚਾਂਦੀ ਤੇ 3 ਕਾਂਸੀ ਦੇ ਤਗਮੇ ਜਿੱਤ ਕੇ ਓਵਰਆਲ ਚੈਂਪੀਅਨਸ਼ਿਪ 'ਤੇ ਕਬਜ਼ਾ ਕੀਤਾ। ਲੜਕੀਆਂ ਦੀ ਜੂਡੋ ਟੀਮ ਨੇ ਵੀ 3 ਕਾਂਸੀ ਦੇ ਤਗਮੇ ਜਿੱਤ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ। ਪੰਜਾਬ ਜੂਡੋ ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਜੂਡੋ ਹੁਣ ਪੰਜਾਬੀਆਂ ਲਈ ਜਾਪਾਨੀ ਖੇਡ ਨਹੀਂ ਹੈ।

- ਪੰਜਾਬਣ ਮੁੱਕੇਬਾਜ਼ਾਂ ਨੇ ਜਿੱਤੇ ਤਿੰਨ ਤਗਮੇ

ਪਟਿਆਲਾ, - ਰਾਂਚੀ ਵਿਖੇ ਚੱਲ ਰਹੀਆਂ ਕੌਮੀ ਖੇਡਾਂ 'ਚ ਕੋਚ ਲਕਸ਼ਮੀ ਗੁਰਦਾਸਪੁਰ ਦੀ ਅਗਵਾਈ 'ਚ ਹਿੱਸਾ ਲੈਣ ਗਈ ਪੰਜਾਬ ਦੀ ਮਹਿਲਾ ਮੁੱਕੇਬਾਜ਼ੀ ਟੀਮ 'ਚ ਸ਼ਾਮਲ ਤਿੰਨ ਖਿਡਾਰਨਾਂ ਅਮਨਪ੍ਰੀਤ ਕੌਰ ਮਾਨਸਾ, ਮੋਨਿਕਾ ਸੌਣ ਅਤੇ ਗੁਰਪ੍ਰੀਤ ਕੌਰ ਨੇ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਮੋਨਿਕਾ ਸੌਣ ਨੇ 60 ਕਿਲੋਗ੍ਰਾਮ ਵਰਗ 'ਚ ਚਾਂਦੀ, ਅਮਨਪ੍ਰੀਤ ਕੌਰ ਨੇ 75 ਕਿਲੋ ਵਰਗ 'ਚ ਕਾਂਸੀ ਤੇ ਗੁਰਪ੍ਰੀਤ ਕੌਰ ਨੇ 81 ਕਿਲੋ ਵਰਗ 'ਚ ਕਾਂਸੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਉਧਰ ਮਹਿਲਾਵਾਂ ਦੇ ਕੁਸ਼ਤੀ ਮੁਕਾਬਲਿਆਂ 'ਚ ਤਰਨਤਾਰਨ ਜ਼ਿਲ੍ਹੇ ਦੀ ਜੰਮਪਲ ਨਵਜੋਤ ਕੌਰ ਨੇ 64 ਕਿਲੋ ਵਰਗ 'ਚ ਚਾਂਦੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ।

ਕੁੱਲ ਹਿੰਦ ਅੰਤਰ 'ਵਰਸਿਟੀ ਕਬੱਡੀ ਚੈਂਪੀਅਨਸ਼ਿਪ ਸ਼ੁਰੂ

ਪਟਿਆਲਾ, 25 ਫਰਵਰੀ - ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਪਹਿਲੀ ਕੁੱਲ ਹਿੰਦ ਅੰਤਰ 'ਵਰਸਿਟੀ ਸਰਕਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਦੇ ਪਹਿਲੇ ਮੈਚ ਵਿਚ ਪੰਜਾਬੀ ਯੂਨੀਵਰਸਿਟੀ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਨੂੰ 45-30 ਨਾਲ ਅਤੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਨੇ ਲਵਲੀ ਯੂਨੀਵਰਸਿਟੀ ਜਲੰਧਰ ਨੂੰ ਇਕ ਪਾਸੜ ਮੈਚ ਵਿਚ 47-17 ਨਾਲ ਹਰਾਇਆ।

ਮਲ੍ਹੀਪੁਰ ਦਾ ਕਬੱਡੀ ਅਤੇ ਫ਼ੁੱਟਬਾਲ ਖੇਡ ਮੇਲਾ 4 ਤੋਂ

ਦੋਰਾਹਾ, 25 ਫਰਵਰੀ - ਕਬੱਡੀ ਅਤੇ ਫ਼ੁੱਟਬਾਲ ਖੇਡ ਮੇਲਾ 4 ਤੋਂ 6 ਮਾਰਚ ਤੱਕ ਪਿੰਡ ਮਲ੍ਹੀਪੁਰ 'ਚ ਕਰਵਾਇਆ ਜਾ ਰਿਹਾ ਹੈ। ਪਹਿਲੇ ਦਿਨ 4 ਮਾਰਚ ਨੂੰ ਫ਼ੁੱਟਬਾਲ ਦੇ ਮੈਚਾਂ ਤੋਂ ਇਲਾਵਾ ਕਬੱਡੀ 32 ਕਿਲੋ ਅਤੇ 42 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ। ਦੂਸਰੇ ਦਿਨ 5 ਮਾਰਚ ਨੂੰ ਕਬੱਡੀ 70 ਕਿਲੋ ਦੇ ਮੈਚ ਹੋਣਗੇ, ਜਦਕਿ ਆਖਰੀ ਦਿਨ 6 ਮਾਰਚ ਨੂੰ ਕਬੱਡੀ ਇੱਕ ਪਿੰਡ ਓਪਨ ਲਈ ਉੱਚਕੋਟੀ ਦੀਆਂ ਟੀਮਾਂ ਹਿੱਸਾ ਲੈਣਗੀਆਂ।

ਪਿੰਡ ਖੋਸਾ ਕੋਟਲਾ ਦਾ ਕਬੱਡੀ ਕੱਪ ਸ਼ੁਰੂ

ਕੋਟ ਈਸੇ ਖਾਂ, 25 ਫਰਵਰੀ - ਤਿੰਨ ਦਿਨਾਂ ਕਬੱਡੀ ਕੱਪ ਪਿੰਡ ਖੋਸਾ ਕੋਟਲਾ ਦੀਆਂ ਗਰਾਊਂਡਾਂ ਵਿਚ ਸ਼ੁਰੂ ਹੋ ਗਿਆ। ਉਦਘਾਟਨੀ ਮੈਚ 40 ਕਿੱਲੋ ਵਰਗ ਦੀਆਂ ਟੀਮਾਂ ਪਿੰਡ ਜਨੇਰ ਅਤੇ ਪਿੰਡ ਬਲਖੰਡੀ ਵਿਚ ਹੋਇਆ ਜਿਸ ਵਿਚ ਬਲਖੰਡੀ ਪਿੰਡ ਦੀ ਟੀਮ ਜੇਤੂ ਰਹੀ। 53 ਕਿੱਲੋ ਵਰਗ ਦੇ ਮੈਚ ਵੀ ਹੋ ਗਏ। ਅੱਜ 26 ਫਰਵਰੀ ਨੂੰ ਕਬੱਡੀ 62, 70 ਕਿੱਲੋ ਦੇ ਮੈਚ ਹੋਣਗੇ। ਕਬੱਡੀ ਓਪਨ ਦੇ ਮੁਕਾਬਲੇ 27 ਫਰਵਰੀ ਦਿਨ ਐਤਵਾਰ ਨੂੰ ਹੋਣਗੇ।

ਮਾਰਸ਼ਲ ਯਾਦਗਾਰੀ ਕਬੱਡੀ ਟੂਰਨਾਮੈਂਟ ਪਹਿਲੀ ਨੂੰ

ਅਨੰਦਪੁਰ, 25 ਫਰਵਰੀ - ਮਾਰਸ਼ਲ ਯਾਦਗਾਰੀ ਕਬੱਡੀ ਟੂਰਨਾਮੈਂਟ 1 ਮਾਰਚ ਤੋਂ ਸਰਕਾਰੀ ਹਾਈ ਸਕੂਲ ਗਰਦਲੇ ਦੇ ਮੈਦਾਨ ਵਿਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਸਕੂਲ ਪੱਧਰ ਅਤੇ ਪ੍ਰਮੁੱਖ ਕਬੱਡੀ ਕਲੱਬਾਂ ਦੇ ਮੁਕਾਬਲੇ ਕਰਵਾਏ ਜਾਣਗੇ। ਜੇਤੂ ਟੀਮ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਟੂਰਨਾਮੈਂਟ ਦੀ ਸਮਾਪਤੀ ਮੌਕੇ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ।

ਦਸ਼ਮੇਸ਼ ਕਲੱਬ ਨਕੋਦਰ ਪਹੁੰਚਿਆ ਅੱਵਲ ਦਰਜੇ 'ਤੇ

ਕਪੂਰਥਲਾ, 24 ਫਰਵਰੀ -7ਵਾਂ ਗੋਲਡ ਕਬੱਡੀ ਕੱਪ ਗੁਰੂ ਨਾਨਕ ਸਟੇਡੀਅਮ ਕਪੂਰਥਲਾ 'ਚ ਕਰਵਾਇਆ ਗਿਆ। ਇਸ ਕਬੱਡੀ ਕੱਪ 'ਤੇ ਦਸ਼ਮੇਸ਼ ਕਲੱਬ ਨਕੋਦਰ ਦੀ ਟੀਮ ਨੇ ਕਬਜ਼ਾ ਕਰਕੇ 2 ਲੱਖ 51 ਹਜ਼ਾਰ ਰੁਪਏ ਦਾ ਨਕਦ ਇਨਾਮ ਜਿੱਤਿਆ। ਜਦਕਿ ਆਜ਼ਾਦ ਕਲੱਬ ਮੁਠੱਡਾ ਦੀ ਟੀਮ ਦੂਜੇ ਸਥਾਨ 'ਤੇ ਰਹੀ, ਇਸ ਟੀਮ ਨੂੰ 2 ਲੱਖ 11 ਹਜ਼ਾਰ ਰੁਪਏ ਦੇ ਨਗਦ ਇਨਾਮ ਨਾਲ ਨਿਵਾਜਿਆ ਗਿਆ। ਕੁਲਜੀਤ ਸਿੰਘ ਮਲਸੀਆਂ ਨੂੰ ਬੈਸਟ ਧਾਵੀ ਤੇ ਮੰਗੀ ਬੱਗਾ ਪਿੰਡ ਨੂੰ ਬੈਸਟ ਜਾਫੀ ਐਲਾਨਿਆ ਗਿਆ। ਇਨ੍ਹਾਂ ਦੋਵਾਂ ਕਬੱਡੀ ਖਿਡਾਰੀਆਂ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸੇ ਦੌਰਾਨ ਹੀ ਐਮ.ਐਚ.ਵਨ ਚੈਨਲ ਦੇ ਉਭਰਦੇ ਕਲਾਕਾਰ ਜਾਨਹੀਰ ਨੂੰ ਬਲਜੀਤ ਸਿੰਘ ਬੱਲੀ ਵਿਰਕ ਵੱਲੋਂ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ।

ਪਿੰਡ ਸੁਨੇਤ ਦੀਆਂ ਖੇਡਾਂ 3 ਤੋਂ

ਲੁਧਿਆਣਾ, 24 ਫਰਵਰੀ - 3-4 ਮਾਰਚ ਨੂੰ ਦੋ ਰੋਜ਼ਾ ਖੇਡਾਂ ਜੀ. ਐਸ. ਮੈਮੋਰੀਅਲ ਸਕੂਲ ਗਰਾਊਂਡ, ਲੋਧੀ ਕਲੱਬ ਰੋਡ, ਨੇੜੇ ਸਿਟੀ ਸੈਂਟਰ ਵਿਖੇ ਕਰਵਾਇਆ ਜਾ ਰਹੀਆਂ ਹਨ। ਕਬੱਡੀ ਇਕ ਪਿੰਡ ਓਪਨ ਦੀ ਜੇਤੂ ਟੀਮ ਨੂੰ 51 ਹਜ਼ਾਰ ਤੇ ਫਸਟ ਰਨਰ ਅੱਪ ਨੂੰ 31000 ਦਾ ਨਗਦ ਇਨਾਮ ਤੇ ਟਰਾਫੀ ਭੇਂਟ ਕਰਕੇ ਸਨਮਾਨਿਤ ਕੀਤਾ ਜਾਵੇਗਾ। 70 ਕਿਲੋ ਕਬੱਡੀ ਮੁਕਾਬਲਿਆਂ ਚੋਂ ਬਾਜੀ ਮਾਰਨ ਵਾਲੀ ਟੀਮ ਨੂੰ 21 ਤੇ ਦੂਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 11 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ। ਖੇਡ ਮੇਲੇ ਦੌਰਾਨ 3 ਮਾਰਚ ਨੂੰ ਤਾਸ਼ ਸੀਪ ਦੇ ਮੁਕਾਬਲੇ ਵੀ ਕਰਵਾਏ ਜਾਣਗੇ।

ਅੰਬੀ ਹਠੂਰ ਇੰਟਰਨੈਸ਼ਲ ਅਕੈਡਮੀ ਬਣੀ ਚੈਂਪੀਅਨ

ਇਯਾਲੀ/ਥਰੀਕੇ, 24 ਫਰਵਰੀ - ਬੱਦੋਵਾਲ ਕਬੱਡੀ ਕੱਪ ਸੂਬੇਦਾਰ ਗੁਰਬਖਸ਼ ਸਿੰਘ ਸਟੇਡੀਅਮ 'ਚ ਕਰਵਾਇਆ ਗਿਆ। ਕਬੱਡੀ ਦੇ ਮਹਾਂ ਕੁੰਭ ਦੌਰਾਨ ਪੰਜਾਬ ਕਬੱਡੀ ਅਕੈਡਮੀ ਅਸ਼ੋਸੀਏਸਨ ਦੀਆਂ ਅੱਠ ਟੀਮਾਂ ਦੇ ਰੋਚਕ ਮੁਕਾਬਲਿਆ ਦੌਰਾਨ ਅੰਬੀ ਹਠੂਰ ਕਲੱਬ ਇੰਟਰਨੈਸ਼ਲ ਕਬੱਡੀ ਅਕੈਡਮੀ ਨੇ ਜੇਤੂ ਬਣਦਿਆਂ ਮਿਲਵੰਤ ਸਿੰਘ ਠੇਕੇਦਾਰ ਵੱਲੋਂ ਦਿੱਤਾ ਗਿਆ ਇੱਕ ਲੱਖ ਦਾ ਨਕਦ ਇਨਾਮ ਹਾਸਿਲ ਕੀਤਾ, ਜਦ ਕਿ ਉਪ ਜੇਤੂ ਬਣੀ ਹਰਜੀਤ ਤਲਵਾਰ ਫਰੈਡਜ਼ ਅਕੈਡਮੀ ਨੂੰ 75 ਹਜ਼ਾਰ ਦਾ ਨਕਦ ਇਨਾਮ ਪ੍ਰਦੀਪ ਸਿੰਘ ਅਮਰੀਕਾ ਵੱਲੋਂ ਦਿੱਤਾ ਗਿਆ। ਕਬੱਡੀ ਓਪਨ ਦੇ ਮੁਕਾਬਲਿਆ ਦੌਰਾਨ ਰਸੂਲਪੁਰ ਦੀ ਟੀਮ ਨੂੰ ਪਹਿਲਾ ਇਨਾਮ, ਜਦ ਕਿ ਉਪ ਜੇਤੂ ਬਣੀ ਬੇਰ ਖੁਰਦ ਦੀ ਟੀਮ ਨੂੰ 75 ਹਜ਼ਾਰ ਦਾ ਦੂਸਰਾ ਇਨਾਮ ਦਿੱਤਾ ਗਿਆ। ਕਬੱਡੀ 70 ਕਿਲੋ ਪਹਿਲੇ ਸਥਾਨ 'ਤੇ ਬੱਦੋਵਾਲ ਦੀ ਟੀਮ ਤੇ ਦੂਸਰੇ ਸਥਾਨ 'ਤੇ ਰਹੀ। ਕਬੱਡੀ ਅਕੈਡਮੀਆਂ ਦੇ ਮੁਕਾਬਲਿਆ ਦੌਰਾਨ ਚੁਣੇ ਗਏ ਸਰਬੋਤਮ ਜਾਫੀ ਏਕਮ ਹਠੂਰ ਤੇ ਬੈਸਟ ਰੇਡਰ ਬੀਤਾ ਖੋਸਾ ਰਣਧੀਰ ਨੂੰ ਨੈਨੋ ਕਾਰਾਂ ਦੀ ਚਾਬੀ ਦੇਣ ਦੀ ਰਸਮ ਚੇਅਰਮੈਨ ਸ: ਮਨਪ੍ਰੀਤ ਸਿੰਘ ਇਯਾਲੀ ਵੱਲੋਂ ਨਿਭਾਈ ਗਈ, ਜਦਕਿ ਕਲੱਬ ਵੱਲੋਂ ਮੈਂਬਰ ਪੰਚਾਇਤ ਕੁਲਦੀਪ ਸਿੰਘ ਨੂੰ ਏ ਸਟਾਰ ਕਾਰ ਨਾਲ ਸਨਮਾਨਿਤ ਕੀਤਾ ਗਿਆ, ਜਿਸ ਦੀਆਂ ਚਾਬੀਆਂ ਕਿਸਾਨ ਮੋਰਚਾ ਕਾਂਗਰਸ ਦੇ ਚੇਅਰਮੈਨ ਸੋਨੀ ਗਿੱਲ ਵੱਲੋਂ ਦਿੱਤੀ ਗਈ। ਸੰਤ ਬਲਵੀਰ ਸਿੰਘ ਸੀਚੇਵਾਲ ਤੇ ਐਸ ਪੀ ਸ: ਭੁਪਿੰਦਰ ਸਿੰਘ ਜਗਰਾਉਂ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।

ਪਿੰਡ ਸੋਹੀਆਂ ਖੇਡ ਮੇਲਾ

ਚੌਂਕੀਮਾਨ, 24 ਫਰਵਰੀ - 6ਵਾਂ ਟੂਰਨਾਮੈਂਟ ਪਿੰਡ ਸੋਹੀਆਂ ਵੱਲੋਂ ਕਰਵਾਇਆ ਗਿਆ। ਇਸ ਖੇਡ ਮੇਲੇ ਦੇ ਦੂਜੇ ਦਿਨ ਬੈਲ ਗੱਡੀਆਂ ਦੀਆਂ ਦੌੜਾਂ ਵਿਚ ਬਚਿੱਤਰ ਸਿੰਘ ਦੀ ਬੈਲ ਗੱਡੀ ਨੇ ਪਹਿਲਾ, ਭੋਲਾ ਸਿੰਘ ਜੋਧਾਂ ਦੀ ਬੈਲ ਗੱਡੀ ਨੇ ਦੂਸਰਾ ਅਤੇ ਕੇਵਲ ਸਿੰਘ ਗੁੱਜਰਵਾਲ ਦੀ ਬੈਲ ਗੱਡੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਬਿਨਾਂ ਕਬੱਡੀ 35 ਕਿਲੋ, 60 ਕਿਲੋ ਅਤੇ ਟਰਾਲੀ ਬੈਕ ਦੇ ਮੁਕਾਬਲੇ ਕਰਵਾਏ ਗਏ।

ਰਾਸ਼ਟਰੀ ਖੇਡਾਂ : ਪੰਜਾਬ ਦੇ ਤਿੰਨ ਮੁੱਕੇਬਾਜ਼ਾਂ ਦੀ ਬੱਲੇ ਬੱਲੇ

ਰਾਂਚੀ/ਪਟਿਆਲਾ/ਲੁਧਿਆਣਾ/ਜਲੰਧਰ, 24 ਫਰਵਰੀ - ਝਾਰਖੰਡ ਦੇ ਸ਼ਹਿਰ ਰਾਂਚੀ 'ਚ ਚੱਲ ਰਹੀਆਂ ਕੌਮੀ ਖੇਡਾਂ ਦੇ ਮੁੱਕੇਬਾਜ਼ੀ ਮੁਕਾਬਲਿਆਂ ਵਿਚ ਪੰਜਾਬ ਦੇ ਅਮਨਦੀਪ ਸਿੰਘ ਸੰਗਰੂਰ ਤੇ ਪਰਮਿੰਦਰ ਸਿੰਘ ਪੱਪੂ ਜੱਸੋਵਾਲ (ਪਟਿਆਲਾ) ਨੇ ਚਾਂਦੀ ਅਤੇ ਕੁਲਦੀਪ ਸਿੰਘ ਸ਼ਾਦੀਪੁਰ (ਪਟਿਆਲਾ) ਨੇ ਕਾਂਸੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਸੀਨੀਅਰ ਕੋਚ ਹਰਪ੍ਰੀਤ ਸਿੰਘ ਤੇ ਹਰਜੀਤ ਸਿੰਘ ਧੂਰੀ ਨੇ ਦੱਸਿਆ ਕਿ 49 ਕਿਲੋ ਵਰਗ ਵਿਚ ਕਾਮਨਵੈਲਥ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਅਮਨਦੀਪ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ। ਉਸ ਨੂੰ ਫਾਈਨਲ ਵਿਚ ਕੌਮਾਂਤਰੀ ਮੁੱਕੇਬਾਜ਼ ਨਨਾਓ ਸਿੰਘ ਤੋਂ ਹਾਰ ਦਾ ਮੂਹ ਦੇਖਣਾ ਪਿਆ। ਇਸੇ ਤਰ੍ਹਾਂ ਪਰਮਿੰਦਰ ਸਿੰਘ ਨੇ 81 ਕਿਲੋ ਵਰਗ 'ਚ ਚਾਂਦੀ ਦਾ ਤਗਮਾ ਜਿੱਤਿਆ। ਉਸ ਨੂੰ ਦਿੱਲੀ ਦੇ ਮੁੱਕੇਬਾਜ਼ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਬੀਤੀ ਸ਼ਾਮ ਸੈਮੀਫਾਈਨਲ ਵਿਚ ਸੈਨਾ ਦੇ ਜੈ ਪਾਠਕ ਤੋਂ ਹਾਰਨ ਵਾਲੇ ਕੁਲਦੀਪ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ। ਹਰਿਆਣਾ ਦੇ ਮੁੱਕੇਬਾਜ਼ਾਂ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਪੰਜ ਸੋਨ ਤਗਮੇ ਜਿੱਤੇ। ਜਦਕਿ ਝਾਰਖੰਡ ਨੂੰ ਮੁੱਕੇਬਾਜ਼ੀ 'ਚ 4 ਸੋਨ ਤਗਮੇ ਪ੍ਰਾਪਤ ਹੋਏ। ਹਰਿਆਣਾ ਵੱਲੋਂ ਮਰਦਾਂ ਦੇ ਵੱਖ-ਵੱਖ ਵਰਗਾਂ 'ਚ ਸੁਨੀਲ ਕੁਮਾਰ, ਸੰਦੀਪ, ਅਰੁਣ ਕੁਮਾਰ ਅਤੇ ਦਿਲਬਾਗ ਸਿੰਘ ਨੇ ਸੋਨ ਤਗਮਾ ਜਿੱਤਿਆ।

ਪੰਜਾਬ ਬਾਸਕਿਟਬਾਲ 'ਚ ਬਣਿਆ ਚੈਂਪੀਅਨ

ਪੰਜਾਬ ਨੇ ਬਾਸਕਿਟਬਾਲ ਵਿੱਚ ਮਰਦਾਂ ਦੇ ਗਰੁੱਪ ਵਿੱਚ ਮੁੜ ਆਪਣੀ ਸਰਦਾਰੀ ਦਰਸਾਉਂਦਿਆਂ ਉਤਰਾਖੰਡ ਨੂੰ 97-57 ਨਾਲ ਹਰਾਉਂਦਿਆ 11 ਸਾਲ ਬਾਅਦ ਖਿਤਾਬੀ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾ ਪੰਜਾਬ ਨੇ 2001 ਦੀਆਂ ਕੌਮੀ ਖੇਡਾਂ 'ਚ ਲੁਧਿਆਣਾ ਵਿਖੇ, ਅਤੇ 1997 'ਚ ਬੰਗਲੌਰ ਵਿਖੇ ਕੌਮੀ ਖੇਡਾਂ ਦਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ। ਪੰਜਾਬ ਟੀਮ ਨੇ ਸੈਮੀਫਾਈਨਲ ਵਿੱਚ ਤਾਮਿਲਨਾਡੂ ਨੂੰ 67-59 ਨਾਲ, ਜਦਕਿ ਲੀਗ ਮੈਚਾਂ ਵਿੱਚ ਸਰਵਿਸਿਜ਼ ਨੂੰ
71-62 ਨਾਲ, ਆਂਧਰਾ ਪ੍ਰਦੇਸ਼ ਨੂੰ 112-140 ਨਾਲ, ਝਾਰਖੰਡ ਨੂੰ 80-47 ਨਾਲ ਹਰਾ ਕੇ ਫਾਈਨਲ 'ਚ ਪੁੱਜਣ ਦਾ ਸਫਰ ਤੈਅ ਕੀਤਾ।

18ਵਾਂ ਨਹਿਰੂ ਚੈਂਪੀਅਨ ਕਾਲਜ ਹਾਕੀ ਟੂਰਨਾਮੈਂਟ

ਜਲੰਧਰ, 23 ਫਰਵਰੀ - 18ਵਾਂ ਨਹਿਰੂ ਚੈਂਪੀਅਨ ਕਾਲਜ ਹਾਕੀ ਟੂਰਨਾਮੈਂਟ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ 'ਚ ਚੱਲ ਰਿਹਾ ਹੈ। ਇਸ ਦੇ ਸੈਮੀਫਾਈਨਲ ਮੁਕਾਬਲੇ 'ਚ ਲ਼ਾਇਲਪੁਰ ਖਾਲਸਾ ਕਾਲਜ ਜਲੰਧਰ ਅਤੇ ਜਵਾਹਰ ਲਾਲ ਨਹਿਰੂ ਪੀ ਜੀ ਕਾਲਜ ਭੂਪਾਲ ਦੀਆਂ ਟੀਮਾਂ ਪਹੁੰਚ ਗਈਆਂ ਹਨ। ਇਸ ਟੂਰਨਾਮੈਂਟ ਦੇ ਪਹਿਲੇ ਕੁਆਟਰ ਫਾਈਨਲ ਵਿਚ ਜਵਾਹਰ ਲਾਲ ਨਹਿਰੂ ਕਾਹਲ ਭੂਪਾਲ ਨੇ ਅਲ-ਅਮੀਨ ਕਾਲਜ ਬੰਗਲੌਰ ਨੂੰ 3-1 ਦੇ ਫਰਕ ਨਾਲ ਹਰਾਇਆ। ਦੂਜੇ ਕੁਆਟਰ ਫਾਈਨਲ ਵਿਚ ਲਾਇਲਾਪੁਰ ਖਾਲਸਾ ਕਾਲਜ ਜਲੰਧਰ ਨੇ ਦੇਸ਼ ਭਗਤ ਕਾਲਜ ਧੂਰੀ ਨੂੰ 4-2 ਦੇ ਫਰਕ ਨਾਲ ਹਰਾਇਆ। ਜਲੰਧਰ ਵੱਲੋਂ ਜਸਜੀਤ ਸਿੰਘ ਕੁਲਾਰ ਨੇ ਦੋ, ਜਸਪ੍ਰੀਤ ਸਿੰਘ ਅਤੇ ਗੁਰਜੀਤ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਜਦਕਿ ਧੂਰੀ ਵੱਲੋਂ ਦੋਵੇਂ ਗੋਲ ਗੁਰਪ੍ਰਤਾਪ ਸਿੰਘ ਨੇ ਕੀਤੇ। ਦੂਜੇ ਦੋਵੇਂ ਕੁਆਟਰ ਫਾਈਨਲ ਵੀਰਵਾਰ ਨੂੰ ਖੇਡੇ ਜਾਣਗੇ।

ਖੰਨਾ ਕਬੱਡੀ ਕੱਪ ਸ਼ਹੀਦ ਬਚਨ ਸਿੰਘ ਕਲੱਬ ਦਿੜ੍ਹਬਾ ਨੇ ਫੁੰਡਿਆ

ਖੰਨਾ, 23 ਫਰਵਰੀ - ਖੰਨਾ ਕਬੱਡੀ ਖੇਡ ਮੇਲੇ 'ਚ ਉੱਤਰੀ ਭਾਰਤ ਦੀ ਕਬੱਡੀ ਫੈਡਰੇਸ਼ਨ ਦੀਆਂ ਅੱਠ ਚੋਟੀ ਦੀਆਂ ਟੀਮਾਂ ਨੇ ਹਿੱਸਾ ਲਿਆ। ਫਾਈਨਲ ਮੁਕਾਬਲੇ ਵਿਚ ਸ਼ਹੀਦ ਬਚਨ ਸਿੰਘ ਕਲੱਬ ਦਿੜ੍ਹਬਾ ਨੇ ਗੁਰੂ ਨਾਨਕ ਕਲੱਬ ਨਕੋਦਰ ਨੂੰ ਹਰਾ ਕੇ ਸਵਾ ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਜਦਕਿ ਉਪ ਜੇਤੂ ਟੀਮ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਪਹਿਲੇ ਗੇੜ ਦੇ ਮੁਕਾਬਲੇ ਵਿਚ ਬੀ. ਸੀ. ਕਲੱਬ ਸਮਰਾਲਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਕਲੱਬ ਕੋਟਲੀ ਥਾਨ ਸਿੰਘ ਨੂੰ, ਬਾਬਾ ਸੀਹਾਂ ਸਿੰਘ ਗਿੱਲ ਝੱਲੀ ਕਲੱਬ ਸਿਧਸਰ ਨੇ ਖੰਗੂੜਾ ਅਕੈਡਮੀ ਲਤਾਲਾ ਨੂੰ, ਸ਼ਹੀਦ ਬਚਨ ਸਿੰਘ ਕਲੱਬ ਦਿੜਬਾ ਨੇ ਮਾਲਵਾ ਕਲੱਬ ਸਮਰਾਲਾ ਨੂੰ ਅਤੇ ਗੁਰੂ ਨਾਨਕ ਕਲੱਬ ਨਕੋਦਰ ਨੇ ਦਸ਼ਮੇਸ਼ ਕਲੱਬ ਨਕੋਦਰ ਨੂੰ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਸਰਪੰਚ ਰੁਪਿੰਦਰ ਸਿੰਘ ਗਾਂਧੀ ਯਾਦਗਾਰੀ ਖੰਨਾ ਕਬੱਡੀ ਕੱਪ ਵਿਚ ਪ੍ਰਸਿੱਧ ਗਾਇਕ ਜੈਜੀ . ਬੀ. ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਖੰਨਾ ਕਬੱਡੀ ਕੱਪ ਲਈ ਕੁਮੈਂਟਰੀ ਡਾ: ਦਰਸ਼ਨ ਵੜੀ, ਗੁਰਪ੍ਰੀਤ ਸਿੰਘ ਬੇਰਕਲਾਂ, ਹਰਜੋਧ ਸਿੰਘ ਸਿਹੌੜਾ ਅਤੇ ਬੱਬੂ ਖੰਨਾ ਨੇ ਕੀਤੀ।

ਭੈਰੋਮੁੰਨਾ ਵਿਖੇ ਵਾਲੀਬਾਲ ਟੂਰਨਾਮੈਂਟ 26 ਨੂੰ

ਜਲੰਧਰ, 23 ਫਰਵਰੀ - ਪਿੰਡ ਭੈਰੋਮੁੰਨਾ ਜਿਲ੍ਹਾ ਲੁਧਿਆਣਾ ਵਿਖੇ ਵਾਲੀਵਾਲ ਟੂਰਨਾਮੈਂਟ 26 ਫਰਵਰੀ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਜੇਤੂ ਟੀਮ ਨੂੰ ਪਹਿਲਾ ਇਨਾਮ 11 ਹਜ਼ਾਰ ਰੁਪਏ, ਜਦਕਿ ਉਪ ਜੇਤੂ ਨੂੰ 71 ਸੌ ਰੁਪਏ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਤੀਜਾ ਇਨਾਮ 5100 ਤੇ ਚੌਥਾ 3100 ਰੁਪਏ ਦਿੱਤਾ ਜਾਵੇਗਾ।

ਪੁਰਸ਼ਾਂ ਦੀ ਹਾਕੀ ਦੇ ਫਾਈਨਲ 'ਚ ਪਹੁੰਚਿਆ ਪੰਜਾਬ

ਰਾਂਚੀ, 23 ਫਰਵਰੀ - 34ਵੀਆਂ ਕੌਮੀ ਖੇਡਾਂ ਝਾਰਖੰਡ 'ਚ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਦੇ 11ਵੇਂ ਦਿਨ ਵੀ ਸੈਨਾ ਦੇ ਖਿਡਾਰੀਆਂ ਨੇ 5 ਸੋਨ ਤਮਗੇ ਫੁੰਡੇ ਅਤੇ ਉਹ 55 ਸੋਨੇ, 37 ਚਾਂਦੀ ਅਤੇ 26 ਕਾਂਸੀ ਦੇ ਤਮਗਿਆਂ ਨਾਲ ਤਮਗਾ ਸੂਚੀ 'ਚ ਪਹਿਲੇ ਸਥਾਨ 'ਤੇ ਹੈ। ਮਨੀਪੁਰ 39 ਸੋਨੇ, 27 ਚਾਂਦੀ ਏਤੋ 26 ਕਾਂਸੀ ਦੇ ਤਮਗਿਆਂ ਨਾਲ ਦੂਸਰੇ ਜਦ ਕਿ ਮਹਾਰਾਸ਼ਟਰ 37 ਸੋਨੇ, 40 ਚਾਂਦੀ ਅਤੇ 41 ਕਾਂਸੀ ਦੇ ਤਮਗਿਆਂ ਨਾਲ ਤੀਸਰੇ ਸਥਾਨ 'ਤੇ ਬਰਕਰਾਰ ਹੈ। ਅੱਜ ਭਾਰ ਤੋਲਨ ਮੁਕਾਬਲੇ 'ਚ ਕੇ. ਰਵੀ ਕੁਮਾਰ ਨੇ 69 ਕਿਲੋ ਗ੍ਰਾਮ ਵਰਗ 'ਚ ਸੋਨੇ ਦਾ ਤਗਮਾ ਹਾਸਲ ਕੀਤਾ, ਟੈਨਿਸ ਪੁਰਸ਼ਾਂ ਦੇ ਵਰਗ 'ਚ ਮਹਾਰਾਸ਼ਟਰ ਦੇ ਕਰਨ ਰਸਤੋਗੀ ਅਤੇ ਔਰਤਾਂ ਦੇ ਵਰਗ 'ਚ ਦਿੱਲੀ ਦੀ ਰਿਤਿਕਾ ਬੱਤਰਾ ਨੇ ਸੋਨ ਤਗਮਾ ਹਾਸਲ ਕੀਤਾ। ਪੰਜਾਬ ਦੀ ਹਾਕੀ ਟੀਮ ਫਾਈਨਲ 'ਚ : ਇਸੇ ਦੌਰਾਨ ਪੰਜਾਬ ਦੇ ਮਰਦਾਂ ਦੀ ਹਾਕੀ ਟੀਮ ਸੈਮੀਫਾਈਨਲ 'ਚ ਸੈਨਾ ਦੀ ਟੀਮ ਨੂੰ 3-2 ਨਾਲ ਹਰਾ ਕੇ ਫਾਈਨਲ 'ਚ ਦਾਖਲ ਹੋ ਗਈ। ਜਦ ਕਿ ਝਾਰਖੰਡ ਅਤੇ ਮਹਾਰਾਸ਼ਟਰ ਦਰਮਿਆਨ ਖੇਡੇ ਗਏ ਦੂਜੇ ਸੈਮੀਫਾਈਨਲ 'ਚ ਦਰਸ਼ਕਾਂ ਦੀ ਹੁੱਲੜਬਾਜੀ ਕਾਰਨ ਮੈਚ ਅੱਧ ਵਿਚਾਲੇ ਹੀ ਰੋਕਣਾ ਪਿਆ। ਔਰਤਾਂ ਦੀ ਹਾਕੀ 'ਚ ਝਾਰਖੰਡ ਨੇ ਮੱਧ ਪ੍ਰਦੇਸ਼ ਨੂੰ 3-1 ਅਤੇ ਹਰਿਆਣਾ ਨੇ ਉੜੀਸਾ ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਨੈਸ਼ਨਲ ਖੇਡਾਂ ਵਿਚ ਪੰਜਾਬ ਦੇ ਖਿਡਾਰੀਆਂ ਨੇ ਜੂਡੋ ਮੁਕਾਬਲੇ ਵਿਚ 2 ਸੋਨ ਤਗਮੇ ਤੇ ਇਕ ਚਾਂਦੀ ਦਾ ਤਗਮਾ ਹਾਸਲ ਕਰਕੇ ਪੰਜਾਬ ਦਾ ਦਬਦਬਾ ਕਾਇਮ ਰੱਖਿਆ। ਜੂਡੋ ਦੇ 90 ਕਿਲੋ ਭਾਰ ਵਰਗ ਵਿਚ ਪੰਜਾਬ ਦੇ ਯਸ਼ਪਾਲ ਸੋਲੰਕੀ ਨੇ ਸੋਨ ਤਗਮਾ, ਰਾਜਪਾਲ ਟੋਕਸ ਦਿੱਲੀ ਨੇ ਚਾਂਦੀ ਤੇ ਸਨਮਾ ਸਰਵਸਿਜ਼ ਤੇ ਜਸਵਿੰਦਰ ਚੰਡੀਗੜ੍ਹ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। 100 ਕਿਲੋ ਭਾਰ ਵਰਗ ਵਿਚ ਪੰਜਾਬ ਦੇ ਪਵਨ ਕੁਮਾਰ ਨੇ ਸੋਨ ਤਗਮਾ, ਸਪੰਦਰ ਟੋਕਸ ਦਿੱਲੀ ਨੇ ਚਾਂਦੀ ਤੇ ਕਰਮਵੀਰ ਹਰਿਆਣਾ ਤੇ ਗੁਰਸਾਹਬ ਸਿੰਘ ਸਰਵਸਿਜ਼ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ, +100 ਕਿਲੋ ਭਾਰ ਵਰਗ ਵਿਚ ਪੰਜਾਬ ਦੇ ਜਤਿੰਦਰ ਪਾਲ ਸਿੰਘ ਨੇ ਚਾਂਦੀ ਦਾ ਤਗਮਾ, ਵਿਨੋਦ ਦਿੱਲੀ ਨੇ ਸੋਨ ਤਗਮਾ ਤੇ ਝਾਰਖੰਡ ਦੇ ਵਿਕਾਸ ਸੋਲੰਕੀ ਤੇ ਅਨਿਲ ਹਰਿਆਣਾ ਨੇ ਕਾਂਸੀ ਦੇ ਤਗਮੇ ਹਾਸਲ ਕੀਤੇ। ਸਾਈਕਲਿੰਗ ਦੇ ਵਿਅਕਤੀਗਤ 42 ਕਿਲੋ ਦੇ ਮੁਕਾਬਲੇ ਵਿਚ ਸਰਵਸਿਜ਼ ਦੇ ਸੋਮਵੀਰ ਸਿੰਘ ਨੇ 55-52 ਮਿੰਟ ਨਾਲ ਸੋਨ ਤਗਮਾ, ਹਰਪ੍ਰੀਤ ਸਿੰਘ ਪੰਜਾਬ ਨੇ 57.10 ਮਿੰਟ ਨਾਲ ਚਾਂਦੀ ਦਾ ਤਗਮਾ ਤੇ ਹਰਿਆਣਾ ਦੇ ਪੰਕਜ ਕੁਮਾਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।

37ਵੀਂ ਮਿਸਟਰ ਪੰਜਾਬ ਬਾਡੀ ਬਿਲਡਿੰਗ ਚੈਂਪੀਅਨਸ਼ਿਪ 27 ਨੂੰ

ਜਲੰਧਰ, 23 ਫਰਵਰੀ - 37ਵੀਂ ਮਿਸਟਰ ਪੰਜਾਬ ਬਾਡੀ ਬਿਲਡਿੰਗ ਚੈਂਪੀਅਨਸ਼ਿਪ 27 ਫਰਵਰੀ ਨੂੰ ਸਵੇਰੇ 10 ਵਜੇ ਅਰੂਸਾ ਰਿਜ਼ੋਰਟ ਮਾਲੇਰਕੋਟਲਾ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ 8 ਤੋਂ 10 ਅਪ੍ਰੈਲ ਤੱਕ 51 ਮਿਸਟਰ ਇੰਡੀਆ ਨੈਸ਼ਨਲ ਬਾਡੀ ਬਿਲਡਿੰਗ ਚੈਂਪੀਅਨਸ਼ਿਪ 'ਤੇ 13 ਮਾਰਚ ਨੂੰ ਕੋਟਾ (ਰਾਜਸਥਾਨ) ਵਿਖੇ ਹੋਣ ਵਾਲੀ ਨਾਰਥ ਇੰਡੀਆ ਜੂਨੀਅਰ ਤੇ ਸੀਨੀਅਰ ਹੈਂਡੀਕੈਪਡ ਤੇ ਮਾਸਟਰ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਵਾਲੀ ਪੰਜਾਬ ਟੀਮ ਦੀ ਚੋਣ ਕੀਤੀ ਜਾਵੇਗੀ।

ਬੈਡਮਿੰਟਨ ਅਤੇ ਸਾਈਕਲਿੰਗ 'ਚ ਪੰਜਾਬੀਆਂ ਦੀ ਬੱਲੇ ਬੱਲੇ

ਰਾਂਚੀ, 22 ਫਰਵਰੀ - ਰਾਸ਼ਟਰੀ ਕੌਮੀ ਖੇਡਾਂ ਜੋ ਕਿ ਝਾਰਖੰਡ 'ਚ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਫਾਈਨਲ ਮੁਕਾਬਲੇ 'ਚ ਪੰਜਾਬ ਦੀ ਮੁੰਡਿਆਂ ਦੀ ਟੀਮ ਨੇ ਉੱਤਰਾਖੰਡ ਦੀ ਟੀਮ ਨੂੰ 97-57 ਅੰਕਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਕਾਂਸੀ ਦਾ ਤਗਮਾ ਸਰਵਿਸਿਜ਼ ਦੀ ਟੀਮ ਨੂੰ ਪ੍ਰਾਪਤ ਹੋਇਆ। ਔਰਤਾਂ ਦੇ ਵਰਗ ਦਾ ਸੋਨ ਤਮਗਾ ਤਾਮਿਲਨਾਡੂ ਨੇ ਛੱਤੀਸਗੜ੍ਹ ਨੂੰ 79-48 ਅੰਕਾਂ ਨਾਲ ਹਰਾ ਕੇ ਜਿੱਤਿਆ। ਜਦਕਿ ਕਾਂਸੀ ਦਾ ਤਗਮਾ ਦਿੱਲੀ ਹਾਸਿਲ ਕਰਨ 'ਚ ਕਾਮਯਾਬ ਰਿਹਾ। ਮਰਦਾਂ ਦੇ 56 ਕਿਲੋ ਗ੍ਰਾਮ ਭਾਰਤੋਲਨ ਮੁਕਾਬਲੇ 'ਚ ਸਰਵਿਸਿਜ਼ ਨੇ ਸੋਨ, ਮਹਾਰਾਸ਼ਟਰ ਨੇ ਚਾਂਦੀ ਅਤੇ ਤਾਮਿਲਨਾਡੂ ਨੇ ਕਾਂਸੀ ਦਾ ਤਗਮਾ ਜਿੱਤਿਆ। ਗੱਤਕੇਬਾਜ਼ੀ ਦੇ ਹੋਏ ਮੁਕਾਬਲਿਆਂ 'ਚ ਮਨੀਪੁਰ ਨੇ ਸੋਨ ਅਤੇ ਚਾਂਦੀ, ਪੰਜਾਬ ਅਤੇ ਆਸਾਮ ਨੇ ਕਾਂਸੀ ਦੇ ਤਗਮੇ ਜਿੱਤੇ। ਮਰਦਾਂ ਦੀ ਫੋਆਈਲ ਟੀਮ ਵਰਗ 'ਚ ਸਰਵਿਸਿਜ਼ ਨੇ ਸੋਨ, ਮਨੀਪੁਰ ਨੇ ਚਾਂਦੀ ਅਤੇ ਤਾਮਿਲਨਾਡੂ ਅਤੇ ਚੰਡੀਗੜ੍ਹ ਨੇ ਕਾਂਸੀ ਦੇ ਤਗਮੇ ਜਿੱਤੇ। ਇਸ ਤੋਂ ਪਹਿਲੇ ਦਿਨ ਟਰੈਕ ਸਾਈਕਲਿੰਗ ਮੁਕਾਬਲਿਆਂ 'ਚ ਪੰਜਾਬ ਦੇ ਗੱਭਰੂਆਂ ਨੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ, ਜਦੋਂਕਿ ਮਹਿਲਾ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਪੰਜਾਬ ਦੇ ਗੱਭਰੂਆਂ ਨੇ 3 ਸੋਨ, 4 ਚਾਂਦੀ ਤੇ 4 ਕਾਂਸੀ ਦੇ ਤਗਮੇ ਜਿੱਤ ਕੇ 43 ਅੰਕਾਂ ਨਾਲ ਪਹਿਲਾ, ਸੈਨਾ ਨੇ 39 ਅੰਕਾਂ ਨਾਲ ਦੂਸਰਾ ਤੇ ਮਨੀਪੁਰ ਨੇ 10 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ। ਮਹਿਲਾ ਵਰਗ 'ਚ ਮਨੀਪੁਰ ਨੇ 43 ਅੰਕਾਂ ਨਾਲ ਪਹਿਲਾ, ਕੇਰਲਾ ਨੇ 37 ਅੰਕਾਂ ਨਾਲ ਦੂਸਰਾ ਤੇ ਪੰਜਾਬ ਨੇ 17 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ। ਪੁਰਸ਼ ਵਰਗ 'ਚ ਗੁਰਬਾਜ ਸਿੰਘ ਨੇ ਕੈਰੇਨ ਰੇਸ 'ਚ ਸੋਨ, 1500 ਮੀਟਰ ਟੀਮ ਟਰਾਇਲ ਮੁਕਾਬਲੇ 'ਚ ਹਿੱਤਰਾਜ ਸਿੰਘ, ਗੁਰਬਾਜ ਸਿੰਘ, ਅੰਮ੍ਰਿਤ ਸਿੰਘ ਤੇ ਗੁਰਪ੍ਰੀਤ ਸਿੰਘ 'ਤੇ ਅਧਾਰਿਤ ਟੀਮ ਨੇ ਸੋਨ, ਟੀਮ ਸਪਰਿਟ ਮੁਕਾਬਲੇ 'ਚ ਹਿੱਤਰਾਜ ਸਿੰਘ ਅੰਮ੍ਰਿਤ ਸਿੰਘ ਤੇ ਗੁਰਬਾਜ ਸਿੰਘ 'ਤੇ ਅਧਾਰਿਤ ਟੀਮ ਨੇ ਪੰਜਾਬ ਲਈ ਸੋਨ ਤਗਮਾ ਜਿੱਤਿਆ। ਚਾਰ ਕਿਲੋਮੀਟਰ ਪ੍ਰਸੂਟ ਮੁਕਾਬਲੇ 'ਚ ਹਰਪ੍ਰੀਤ ਸਿੰਘ ਨੇ ਅਤੇ ਟਾਈਮ ਟਰਾਇਲ ਮੁਕਾਬਲੇ 'ਚ ਅਮਨਦੀਪ ਸਿੰਘ ਨੇ ਚਾਂਦੀ ਦੇ ਤਗਮੇ ਜਿੱਤੇ। ਮਹਿਲਾ ਵਰਗ 'ਚ ਗੁਰਪ੍ਰੀਤ ਕੌਰ ਨੇ ਪੰਜਾਬ ਲਈ ਪੁਆਇੰਟ ਤੇ ਸਟਰੈਚ ਰੇਸ 'ਚ ਸੋਨ ਤਗਮੇ ਜਿੱਤੇ। ਰੇਖਾ ਰਾਣੀ ਨੇ ਤਿੰਨ ਕਿਲੋਮੀਟਰ ਪ੍ਰਸੂਟ 'ਚ ਕਾਂਸੀ ਦਾ ਤਗਮਾ ਜਿੱਤਿਆ। ਤਿੰਨੇ ਟੀਮ ਦੌੜਾਂ 'ਚ ਪੰਜਾਬ ਦੀਆਂ ਮੁਟਿਆਰਾਂ ਨੇ ਕਾਂਸੀ ਦੇ ਤਗਮੇ ਜਿੱਤੇ।

ਸੋਨੀਪਤ ਅਤੇ ਧੂਰੀ ਦੀਆਂ ਟੀਮਾਂ ਕੁਆਰਟਰ ਫਾਈਨਲ 'ਚ

ਜਲੰਧਰ, 22 ਫਰਵਰੀ - 18ਵਾਂ ਨਹਿਰੂ ਚੈਂਪੀਅਨ ਕਾਲਜ ਹਾਕੀ ਟੂਰਨਾਮੈਂਟ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ 'ਚ ਚੱਲ ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਸੀ. ਆਰ. ਏ. ਸੋਨੀਪਤ ਅਤੇ ਦੇਸ਼ ਭਗਤ ਕਾਲਜ ਧੂਰੀ ਦੀਆਂ ਟੀਮਾਂ ਕੁਆਰਟਰ ਫਾਈਨਲ 'ਚ ਪਹੁੰਚ ਗਈਆਂ। ਟੂਰਨਾਮੈਂਟ ਦੇ ਆਖਰੀ ਲੀਗ ਮੈਚਾਂ 'ਚ ਸੀ. ਆਰ. ਏ. ਕਾਲਜ ਸੋਨੀਪਤ ਨੇ ਮਿਊਂਸਪਲ ਕਾਲਜ ਰੁੜਕੇਲਾ ਨੂੰ 4-2 ਫਰਕ ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਸਥਾਨ ਬਣਾਇਆ। ਦੂਜੇ ਮੈਚ 'ਚ ਦੇਸ਼ ਭਗਤ ਕਾਲਜ ਧੂਰੀ ਨੇ ਐਸ. ਕੇ. ਪੁਵਾਲ ਕਾਲਜ ਨਾਗਪੁਰ ਨੂੰ 7-1 ਦੇ ਫਰਕ ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਤੀਜੇ ਮੈਚ 'ਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ ਨੰਦਾ ਆਰਟਸ ਐਂਡ ਸਾਇੰਸ ਕਾਲਜ ਇਰੋਡ (ਚੇਨਈ) ਨੂੰ 7-0 ਨਾਲ ਹਰਾ ਕੇ ਲੀਗ ਮੈਚਾਂ 'ਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ।

ਪੰਜਾਬ ਰਾਜ ਸੀਨੀਅਰ ਓਪਨ ਗਤਕਾ ਚੈਂਪੀਅਨਸ਼ਿਪ 5 ਤੋਂ

ਚੰਡੀਗੜ੍ਹ, 22 ਫਰਵਰੀ - ਪੰਜਾਬ ਰਾਜ ਸੀਨੀਅਰ ਓਪਨ ਗਤਕਾ ਚੈਂਪੀਅਨਸ਼ਿਪ 5 ਅਤੇ 6 ਮਾਰਚ ਨੂੰ ਦੁਸਹਿਰਾ ਗਰਾਊਂਡ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਕਰਵਾਈ ਜਾ ਰਹੀ ਹੈ। ਇਹ ਪਹਿਲੀ ਦੋ ਰੋਜ਼ਾ ਰਾਜ ਪੱਧਰੀ ਗਤਕਾ ਚੈਂਪੀਅਨਸ਼ਿਪ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਇਸ ਉਪਰੰਤ ਅਪ੍ਰੈਲ ਵਿਚ ਫੈਡਰੇਸ਼ਨ ਵੱਲੋਂ ਪਹਿਲੀ ਤਿੰਨ ਰੋਜ਼ਾ ਜੂਨੀਅਰ ਅਤੇ ਸੀਨੀਅਰ ਰਾਸ਼ਟਰੀ ਗਤਕਾ ਓਪਨ ਚੈਂਪੀਅਨਸ਼ਿਪ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਜ਼ਿਲ੍ਹਾ ਸੰਗਰੂਰ ਵਿਖੇ ਆਯੋਜਿਤ ਕੀਤੀ ਜਾਵੇਗੀ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚੋਂ ਲੜਕੇ ਤੇ ਲੜਕੀਆਂ ਦੀਆਂ ਸੀਨੀਅਰ ਗੱਤਕਾ ਟੀਮਾਂ (ਉਮਰ ਵਰਗ 19 ਸਾਲ, 21 ਸਾਲ, 25 ਸਾਲ) ਭਾਗ ਲੈਣਗੀਆਂ।

ਪੰਡੋਰੀ 'ਚ ਟੂਰਨਾਮੈਂਟ 26 ਤੋਂ

ਮੁੱਲਾਂਪੁਰ ਦਾਖਾ, 22 ਫਰਵਰੀ - 66ਵਾਂ ਪੇਂਡੂ ਖੇਡ ਮੇਲਾ 26 ਤੋਂ 28 ਫਰਵਰੀ ਤੱਕ ਪਿੰਡ ਪੰਡੋਰੀ 'ਚ ਕਰਵਾਇਆ ਜਾ ਰਿਹਾ ਹੈ। ਕਬੱਡੀ 45, 55, 60 ਤੇ 70 ਕਿਲੋ ਦੇ ਨਾਲ ਓਪਨ ਕਬੱਡੀ, ਫੁੱਟਬਾਲ, ਵਾਲੀਬਾਲ ਸ਼ੂਟਿੰਗ, ਕੁੱਤਿਆਂ ਦੀ ਦੌੜ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੋਵੇਗੀ।

ਲੱਖਾ 'ਚ ਕਬੱਡੀ ਟੂਰਨਾਮੈਂਟ ਸ਼ੁਰੂ

ਹਠੂਰ, 22 ਫਰਵਰੀ - ਪੀਰ ਬਾਬਾ ਇਮਾਮ ਸ਼ਾਹ ਦੀ ਯਾਦ ਵਿਚ ਪਿੰਡ ਲੱਖਾ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਪਹਿਲੇ ਦਿਨ 35 ਤੇ 62 ਕਿੱਲੋ ਵਰਗ ਦੇ ਖਿਡਾਰੀਆਂ ਦੇ ਮੁਕਾਬਲਿਆਂ ਨਾਲ ਟੂਰਨਾਮੈਂਟ ਦਾ ਆਗਾਜ ਹੋਇਆ। 22 ਫਰਵਰੀ ਨੂੰ 70 ਕਿੱਲੋ ਦੇ ਮੁਕਾਬਲੇ ਹੋਣਗੇ। ਪਹਿਲੇ ਦਿਨ ਵਿਧਾਇਕ ਈਸ਼ਰ ਸਿੰਘ ਮੇਹਰਵਾਨ ਮੁੱਖ- ਮਹਿਮਾਨ ਵਜੋਂ ਪੁੱਜੇ ।

ਹਾਕੀ 'ਚ ਪਿੰਡ ਢੁੱਡੀਕੇ ਅਤੇ ਕਬੱਡੀ ਓਪਨ 'ਚ ਬੱਸੀਆਂ ਜੇਤੂ

ਜਗਰਾਉਂ, 22 ਫਰਵਰੀ - ਜਗਰਾਉਂ ਦੇ ਨੇੜਲੇ ਪਿੰਡ ਢੋਲਣ 'ਚ ਖੇਡਾਂ ਕਰਵਾਈਆਂ ਗਈਆਂ। ਹਾਕੀ ਪਿੰਡ ਵਾਰ 'ਚ ਪਿੰਡ ਢੁੱਡੀਕੇ ਦੀ ਟੀਮ ਨੇ ਪਹਿਲਾ, ਪਿੰਡ ਬੁੱਟਰ ਦੀ ਟੀਮ ਨੇ ਦੂਜਾ, ਪਿੰਡ ਰੂਮੀ ਦੀ ਟੀਮ ਨੇ ਤੀਜਾ ਅਤੇ ਪਿੰਡ ਬਾਰਦੇ ਕੇ ਦੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਕਬੱਡੀ ਓਪਨ 'ਚ ਪਿੰਡ ਬੱਸੀਆਂ ਦੀ ਟੀਮ ਨੇ ਪਹਿਲਾ ਅਤੇ ਪਿੰਡ ਕਾਉਂਕੇ ਕਲਾਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਬੱਦੋਵਾਲ ਕਬੱਡੀ ਕੱਪ

ਇਯਾਲੀ/ ਥਰੀਕੇ, 22 ਫਰਵਰੀ - ਬੱਦੋਵਾਲ ਕਬੱਡੀ ਕੱਪ ਜੋ ਕਿ ਸੂਬੇਦਾਰ ਗੁਰਬਖਸ ਸਿੰਘ ਸਟੇਡੀਅਮ ਵਿਖੇ ਚੱਲ ਰਿਹਾ ਹੈ। ਇਸ ਕਬੱਡੀ ਕੱਪ ਦੇ ਦੂਜੇ ਦਿਨ ਕਬੱਡੀ ਓਪਨ ਦੇ ਹੋਏ ਪਹਿਲੇ ਗੇੜ ਦੇ ਮੁਕਾਬਲਿਆਂ ਵਿੱਚ ਮਲਸੀਹਾਂ ਦੇ ਗੱਭਰੂਆਂ ਨੇ ਸਵੱਦੀ ਨੂੰ ਹਿਸੋਵਾਲ ਨੇ ਹਸਨਪੁਰ ਨੂੰ ਤੇ ਬੱਦੋਵਾਲ ਨੇ ਬੈਂਸ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। 23 ਫਰਵਰੀ ਨੂੰ ਪੰਜਾਬ ਕਬੱਡੀ ਅਕੈਡਮੀ ਐਸੋਸੀਏਸਨ ਦੀਆਂ ਅੱਠ ਟੀਮਾ ਦੇ ਮੁਕਾਬਲੇ ਦਰਸ਼ਕਾਂ ਦੀ ਖਿੱਚ ਦਾ ਕੇਦਰ ਹੋਣਗੇ। ਅਕੈਡਮੀਆਂ ਦੇ ਬੈਸਟ ਜਾਫੀ ਤੇ ਬੈਸਟ ਧਾਵੀ ਨੂੰ ਨੈਨੋ ਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ, ਜਦ ਕਿ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਤੇ ਐਸ ਪੀ ਜਗਰਾਉ ਭੁਪਿੰਦਰ ਸਿੰਘ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

ਡੀ.ਏ.ਵੀ. ਕਾਲਜ ਜਲੰਧਰ, ਸ੍ਰੀ ਗੁਰੂ ਹਰਿ ਸਿੰਘ ਕਾਲਜ ਸਿਰਸਾ ਕੁਆਰਟਰ ਫਾਈਨਲ 'ਚ

ਜਲੰਧਰ, 21 ਫਰਵਰੀ - 18ਵਾਂ ਨਹਿਰੂ ਚੈਂਪੀਅਨ ਕਾਲਜ ਹਾਕੀ ਟੂਰਨਾਮੈਂਟ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚੱਲ ਰਿਹਾ ਹੈ। ਡੀ.ਏ.ਵੀ. ਕਾਲਜ ਜਲੰਧਰ ਅਤੇ ਸ੍ਰੀ ਗੁਰੂ ਹਰਿ ਸਿੰਘ ਕਾਲਜ ਸਿਰਸਾ ਦੀਆਂ ਟੀਮਾਂ ਇਸ ਦੇ ਕੁਆਰਟਰ ਫਾਈਨਲ 'ਚ ਪਹੁੰਚ ਗਈਆਂ ਹਨ। ਇਸ ਟੂਰਨਾਂਮੈਂਟ ਦੇ ਲੀਗ ਦੌਰ ਤੇ ਤਿੰਨ ਮੈਚ ਖੇਡੇ ਗਏ। ਪਹਿਲੇ ਮੈਚ ਵਿੱਚ ਡੀ.ਏ.ਵੀ. ਕਾਲਜ ਜਲੰਧਰ ਨੇ ਐਸ. ਕੇ. ਪੁਰਵਾਲ ਕਾਲਜ ਨਾਗਪੁਰ ਨੂੰ 8-0 ਨਾਲ ਰੋਲ੍ਹਿਆ। ਡੀ.ਏ.ਵੀ. ਕਾਲਜ ਨੇ ਲੀਗ ਦੌਰ ਵਿੱਚ ਦੋ ਜਿੱਤਾਂ ਹਾਸਲ ਕਰਕੇ 6 ਅੰਕਾਂ ਨਾਲ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਦੂਜੇ ਮੈਚ ਵਿੱਚ ਜਾਮੀਆ ਮਿਲੀਆ ਇਸਲਾਮੀਆ ਦਿੱਲੀ ਨੇ ਨੰਦਾ ਆਰਟਸ ਐਂਡ ਸਾਇੰਸ ਕਾਲਜ ਇਰੋਡ (ਚੇਨਈ) ਨੂੰ 9-0 ਦੇ ਵੱਡੇ ਫਰਕ ਨਾਲ ਮਾਤ ਦਿੱਤੀ। ਤੀਜੇ ਮੈਚ ਵਿੱਚ ਸ੍ਰੀ ਗੁਰੂ ਹਰਿ ਸਿੰਘ ਕਾਲਜ ਸਿਰਸਾ ਨੇ ਲੋਇਲਾ ਕਾਲਜ ਚੇਨਈ ਨੂੰ 6-0 ਦੇ ਫਰਕ ਨਾਲ ਹਰਾ ਕੇ ਲੀਗ ਦੌਰ ਵਿੱਚ ਦੂਜੀ ਜਿੱਤ ਹਾਸਲ ਕਰਦੇ ਹੋਏ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਵਿਜੋਲਾ ਦਾ ਕਬੱਡੀ ਟੂਰਨਾਮੈਂਟ 27 ਤੋਂ

ਸੁਭਾਨਪੁਰ, 21 ਫਰਵਰੀ - ਤੀਜਾ ਬਾਬਾ ਵਰਿਆਮ ਸਿੰਘ ਕਬੱਡੀ ਟੂਰਨਾਮੈਂਟ 27-28 ਫਰਵਰੀ ਨੂੰ ਬਾਬਾ ਵਰਿਆਮ ਸਿੰਘ ਸਪੋਰਟਸ ਕਲੱਬ ਵਿਜੋਲਾ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਕਬੱਡੀ 30, 48, 63 ਕਿਲੋਂ ਅਤੇ ਓਪਨ ਪਿੰਡ ਪੱਧਰ ਦੇ ਮੁਕਾਬਲੇ ਕਰਵਾਏ ਜਾਣਗੇ।

ਜੇ. ਸੀ. ਟੀ. ਅਤੇ ਡੈਪੋ ਸਪੋਰਟਸ ਕਲੱਬ ਗੋਆ ਵਿਚਕਾਰ ਹੋਣ ਵਾਲਾ ਮੈਚ ਹੋਵੇਗਾ ਗੁੜਗਾਓਂ 'ਚ

ਲੁਧਿਆਣਾ, 21 ਫਰਵਰੀ - ਕੌਮੀ ਫੁੱਟਬਾਲ ਲੀਗ ਜੋ ਮੁਲਕ ਦੇ ਵੱਖ-ਵੱਖ ਸ਼ਹਿਰਾਂ ਵਿਚ ਚੱਲ ਰਹੀ ਹੈ ਇਸ ਲੀਗ ਵਿਚ ਹਿੱਸਾ ਲੈ ਰਹੀਆਂ 14 ਟੀਮਾਂ ਹਰ ਟੀਮ ਦੇ ਵਿਰੁੱਧ ਇਕ ਮੈਚ ਆਪਣੇ ਘਰੇਲੂ ਮੈਦਾਨ ਅਤੇ ਇਕ ਮੈਚ ਵਿਰੋਧੀ ਟੀਮ ਦੇ ਮੈਦਾਨ 'ਚ ਖੇਡ ਰਹੀ ਹੈ। ਪੰਜਾਬ ਫੁੱਟਬਾਲ ਸੰਘ ਦੇ ਸਕੱਤਰ ਇੰਦਰ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 27 ਫਰਵਰੀ ਨੂੰ ਜੇ. ਸੀ. ਟੀ. ਦਾ ਮੈਚ ਜੋਡੈਪੋ ਸਪੋਰਟਸ ਕਲੱਬ ਗੋਆ ਨਾਲ ਹੋਣਾ ਸੀ, ਉਹ ਸ਼ਹੀਦ ਭਗਤ ਸਿੰਘ ਖੇਡਾਂ ਹੋਣ ਕਾਰਣ ਲੁਧਿਆਣਾ ਤੋਂ ਤਬਦੀਲ ਕਰ ਦਿੱਤਾ ਗਿਆ ਹੈ, ਇਹ ਮੈਚ ਹੁਣ 25 ਫਰਵਰੀ ਨੂੰ ਗੁੜਗਾਂਓ ਵਿਖੇ ਖੇਡਿਆ ਜਾਵੇਗਾ ਜਦਕਿ 4 ਮਾਰਚ ਨੂੰ ਚਿਰਾਗ ਯੂਨਾਈਟਿਡ ਕੋਲਕਾਤਾ ਨਾਲ ਜੇ. ਸੀ. ਟੀ. ਦਾ ਹੋਣ ਵਾਲਾ ਮੈਚ 15 ਮਈ ਨੂੰ ਲੁਧਿਆਣਾ ਵਿਖੇ ਇਹ ਮੈਚ ਵੀ ਰਾਜ ਪੱਧਰੀ ਖੇਡਾਂ ਕਾਰਣ ਤਬਦੀਲ ਹੋਇਆ ਹੈ। ਇਸ ਤੋਂ ਇਲਾਵਾ ਜੇ. ਸੀ. ਟੀ. ਦਾ ਅਗਲਾ ਘਰੇਲੂ ਮੈਚ 9 ਅਪ੍ਰੈਲ ਨੂੰ ਮਹਿੰਦਰਾ ਫੁੱਟਬਾਲ ਕਲੱਬ ਮੁੰਬਈ ਨਾਲ, 24 ਅਪ੍ਰੈਲ ਨੂੰ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਇਲੈਵਨ ਨਿਊ ਦਿੱਲੀ ਨਾਲ ਅਤੇ 1 ਮਈ ਨੂੰ ਪੂਨਾ ਫੁੱਟਬਾਲ ਕਲੱਬ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਣਗੇ। ਕੌਮੀ ਫੁੱਟਬਾਲ ਲੀਗ 'ਚ ਜੇ ਸੀ ਟੀ ਇਸ ਵੇਲੇ 11ਵੇਂ ਸਥਾਨ ਤੇ ਚੱਲ ਰਹੀ ਹੈ, ਇਸ ਮਹੀਨੇ ਦੌਰਾਨ ਬਾਹਰ ਖੇਡੇ ਗਏ 6 ਮੈਚਾਂ ਵਿੱਚੋਂ ਉਸਨੇ ਤਿੰਨ ਹਾਰੇ ਅਤੇ ਤਿੰਨ ਬਰਾਬਰ ਖੇਡੇ ਹਨ।

ਅੰਤਰਰਾਸ਼ਟਰੀ ਕਬੱਡੀ ਕੱਪ 'ਤੇ ਧੂੜਾਂ ਅੰਬਰੀਂ ਕਾਬਜ਼

ਫਿਲੌਰ\/ਅੱਪਰਾ, 21 ਫਰਵਰੀ - ਦੋ ਦਿਨਾਂ 10ਵਾਂ ਅੰਤਰਰਾਸ਼ਟਰੀ ਕਬੱਡੀ ਕੱਪ ਪਿੰਡ ਮੰਡੀ ਵਿਖੇ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿਚ ਧੂੜਾਂ ਅੰਬਰੀਂ ਨੇ ਪਹਿਲਾ ਦਰਜਾ ਪ੍ਰਾਪਤ ਕੀਤਾ। ਪਿੰਡ ਪੱਧਰ ਓਪਨ ਮੁਕਾਬਲਿਆਂ ਵਿਚ ਮੰਡੀ ਨੇ ਚੱਕ ਦੇਸ ਰਾਜ ਨੂੰ ਹਰਾਇਆ ਤੇ ਅੰਤਰਰਾਸ਼ਟਰੀ ਕਬੱਡੀ ਕੱਪ ਦੌਰਾਨ ਦਸਮੇਸ਼ ਕਬੱਡੀ ਨਕੋਦਰ ਅਤੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਅਕੈਡਮੀ ਨਾਰਵੇ (ਕਪੂਰਥਲਾ) ਦੀਆਂ ਟੀਮਾਂ ਫਾਈਨਲ ਵਿਚ ਪਹੁੰਚੀਆਂ। ਨਕੋਦਰ ਨੇ ਨਾਰਵੇ ਨੂੰ ਹਰਾ ਕੇ 1 ਲੱਖ 1 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਜਿੱਤਿਆ। ਦਰਸ਼ਕਾਂ ਨੇ ਕੁਲਜੀਤ ਮਲਸੀਆਂ ਸੰਦੀਪ ਨੰਗਲ ਅੰਬੀਆਂ ਦੀ ਕਲਾਤਮਿਕ ਖੇਡ ਦਾ ਅਨੰਦ ਮਾਣਿਆ।

ਰਾਸ਼ਟਰੀ ਖੇਡਾਂ 'ਚ ਪੰਜਾਬੀ ਅਥਲੀਟ ਚਮਕੇ

ਰਾਂਚੀ, 21 ਫਰਵਰੀ - 34ਵੀਆਂ ਰਾਸ਼ਟਰੀ ਖੇਡਾਂ ਜੋ ਕਿ ਰਾਂਚੀ 'ਚ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਦੌਰਾਨ ਪੰਜਾਬ ਦੇ ਅਥਲੀਟਾਂ ਨੇ ਆਪਣਾ ਰੰਗ ਦਿਖਾਉਂਦਿਆਂ ਪੰਜ ਸੋਨ ਤਗਮੇ ਜਿੱਤੇ, ਜਦਕਿ ਝਾਰਖੰਡ, ਸਰਵਿਸਿਜ਼, ਆਂਧਰਾ ਪ੍ਰਦੇਸ ਅਤੇ ਰਾਜਸਥਾਨ ਨੂੰ 1-1 ਸੋਨ ਤਗਮੇ ਨਾਲ ਸਬਰ ਕਰਨਾ ਪਿਆ। ਸਰਵਿਸਿਜ਼ ਨੇ ਸਭ ਤੋਂ ਵਧੇਰੇ ਸੋਨ ਤਗਮੇ ਜਿੱਤਣ ਨਾਲ ਤਗਮਾ ਸੂਚੀ 'ਚ ਪਹਿਲਾ ਸਥਾਨ ਹਾਸਿਲ ਕਰ ਲਿਆ ਹੈ। ਸਰਵਿਸਿਜ਼ ਕੋਲ 42 ਸੋਨ, 33 ਚਾਂਦੀ ਅਤੇ 26 ਕਾਂਸੀ ਦੇ ਤਗਮੇ ਹਨ। ਮਹਾਰਾਸ਼ਟਰ ਦੂਜੇ ਅਤੇ ਮਨੀਪੁਰ ਤੀਜੇ ਸਥਾਨ 'ਤੇ ਹੈ। ਦਿੱਲੀ ਚੌਥੇ ਸਥਾਨ 'ਤੇ ਹੈ। ਮਰਦਾਂ ਦੀ 400 ਮੀਟਰ ਅੜਿੱਕਾ ਦੌੜ 'ਚ ਪੰਜਾਬ ਦੇ ਕੁਲਦੀਪ ਸਿੰਘ ਅਤੇ ਸਤਿੰਦਰ ਸਿੰਘ ਨੇ ਕ੍ਰਮਵਾਰ ਸੋਨ ਅਤੇ ਕਾਂਸੀ ਦਾ ਤਗਮਾ ਜਿੱਤਿਆ ਜਦਕਿ ਜੋਸਫ ਜੀ ਅਬਰਾਹਮ ਨੂੰ ਚਾਂਦੀ ਦਾ ਤਗਮਾ ਪ੍ਰਾਪਤ ਹੋਇਆ। ਔਰਤਾਂ ਦੇ ਇਸੇ ਵਰਗ 'ਚ ਕੇਰਲਾ ਦੀ ਆਰ. ਇਲਾਵਾਰਸੀ ਨੇ ਸੋਨ ਤੇ ਅਨੂ ਆਰ ਨੇ ਚਾਂਦੀ ਅਤੇ ਝਾਰਖੰਡ ਦੀ ਸੋਨੀਆ ਨੇ ਕਾਂਸੀ ਦਾ ਤਗਮਾ ਜਿੱਤਿਆ। ਮਰਦਾਂ ਦੀ 1500 ਮੀਟਰ ਦੌੜ 'ਚ ਸਰਵਿਸਿਜ਼ ਦੇ ਕਰਨ ਸਿੰਘ ਨੇ ਸੋਨ, ਉਤਰਾਖੰਡ ਦੇ ਆਰ. ਰੌਤੇਲਾ ਨੇ ਚਾਂਦੀ ਅਤੇ ਕੇਰਲਾ ਦੇ ਸਾਜੀ ਜੋਸਫ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ। ਔਰਤਾਂ ਦੇ ਵਰਗ 'ਚ ਪੰਜਾਬ ਦੀ ਓ. ਪੀ. ਜੈਸ਼ਾ ਨੇ ਸੋਨ, ਹਰਿਆਣਾ ਦੀ ਸੁਸ਼ਮਾ ਦੇਵੀ ਨੇ ਚਾਂਦੀ ਅਤੇ ਝਾਰਖੰਡ ਦੀ ਝੁੰਮਾ ਖਾਤੂਨ ਨੇ ਕਾਂਸੀ ਦਾ ਤਮਗਾ ਜਿੱਤਿਆ। ਡਿਸਕਸ ਥਰੋਅ 'ਚ ਰਾਜਸਥਾਨ ਦੇ ਵਿਕਾਸ ਪੂਨੀਆ ਨੇ ਸੋਨ, ਪੰਜਾਬ ਦੇ ਕ੍ਰਿਪਾਲ ਸਿੰਘ ਨੇ ਚਾਂਦੀ ਅਤੇ ਉੱਤਰ ਪ੍ਰਦੇਸ਼ ਦੇ ਅੰਸ਼ੂ ਰਾਏ ਨੇ ਕਾਂਸੀ ਦਾ ਤਗਮਾ ਜਿੱਤਿਆ। ਔਰਤਾਂ ਦੇ ਵਰਗ 'ਚ ਪੰਜਾਬ ਦੀ ਹਰਬੰਤ ਕੌਰ ਨੇ ਸੋਨ, ਹਰਿਆਣਾ ਦੀ ਰਿੰਕੂ ਸਾਂਗਵਾਨ ਨੇ ਚਾਂਦੀ ਅਤੇ ਪੰਜਾਬ ਦੀ ਹੀ ਬਲਜੀਤ ਕੌਰ ਨੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਮਰਦਾਂ ਦੀ ਉੱਚੀ ਛਾਲ 'ਚ ਝਾਰਖੰਡ ਦੇ ਹਰੀਸ਼ੰਕਰ ਨੇ ਸੋਨ, ਸਰਵਿਸਿਜ਼ ਦੇ ਜਿਤਿਨ ਸੀ ਥਾਮਸ ਨੇ ਚਾਂਦੀ ਅਤੇ ਤਾਮਿਲਨਾਡੂ ਦੇ ਬੇਨੇਡਿਕਟ ਸਟਾਰਲੇ ਨੇ ਕਾਂਸੀ ਦਾ ਤਗਮਾ ਜਿੱਤਿਆ। ਮਰਦਾਂ ਦੀ ਤੀਹਰੀ ਛਾਲ 'ਚ ਪੰਜਾਬ ਦੇ ਅਪਿੰਦਰ ਸਿੰਘ ਨੇ ਸੋਨ, ਝਾਰਖੰਡ ਦੇ ਅਮਰਜੀਤ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ। ਛੱਤੀਸਗੜ੍ਹ ਨੇ ਸ਼ੂਟਿੰਗ 'ਚ ਦੋ ਸੋਨ ਤਗਮੇ ਜਿੱਤੇ। ਪੀ. ਪੀ. ਐੱਸ. ਗੁਰੋਂ ਨੇ ਛੱਤੀਸਗੜ੍ਹ ਲਈ ਵਿਅਕਤੀਗਤ ਸਕੀਟ ਮੁਕਾਬਲੇ 'ਚ ਸੋਨ, ਸਰਵਿਸਿਜ਼ ਦੇ ਐਲਨ ਡੇਨੀਅਲ ਨੇ ਚਾਂਦੀ ਅਤੇ ਛੱਤੀਸਗੜ੍ਹ ਦੇ ਹੀ ਬਾਬਾ ਬੇਦੀ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ। ਮਰਦਾਂ ਦੇ ਬਾਸਕਿਟਬਾਲ ਮੈਚਾਂ 'ਚ ਪੰਜਾਬ ਨੇ ਤਾਮਿਲਨਾਡੂ ਨੂੰ 67-59 ਅੰਕਾਂ ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਪਾਇਆ। ਮਰਦਾਂ ਦੇ ਕੁਸ਼ਤੀ ਦੇ 49 ਕਿਲੋਗ੍ਰਾਮ ਵਰਗ ਦੇ ਮੁਕਾਬਲਿਆਂ 'ਚ ਪੰਜਾਬ ਦੇ ਅਮਨਦੀਪ ਸਿੰਘ, ਤ੍ਰਿਪੁਰਾ ਦੇ ਸੰਦੀਪ, ਮਨੀਪੁਰ ਦੇ ਨਨਾਓ ਸਿੰਘ ਅਤੇ ਸਰਵਿਸਿਜ਼ ਦੇ ਸੰਜੇ ਕੋਟਲੇ ਨੇ ਸੈਮੀਫਾਈਨਲ ਗੇੜ 'ਚ ਪ੍ਰਵੇਸ਼ ਪਾਇਆ।

ਡੱਲੇ ਦੀਆਂ ਖੇਡਾਂ 26 ਤੋਂ

ਜਗਰਾਉਂ, 21 ਫਰਵਰੀ - 5ਵਾਂ ਦੋ ਰੋਜ਼ਾ ਖੇਡ ਮੇਲਾ ਪਿੰਡ ਡੱਲਾ ਵਿਖੇ 26 ਫਰਵਰੀ ਤੋਂ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ 'ਚ ਕਬੱਡੀ 40, 54, 60 ਅਤੇ 68 ਕਿਲੋ ਦੇ ਮੁਕਾਬਲਿਆਂ ਤੋਂ ਇਲਾਵਾ ਦੇਸੀ ਘੋੜੀਆਂ ਦੀ ਦੌੜ, ਟਰਾਲੀ ਬੈਕ, ਰੱਸਾਕੱਸੀ, ਤਾਸ਼ ਸੀਪ, 18 ਸਾਲ ਤੋਂ ਛੋਟੇ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ।

ਮੀਰੀ ਪੀਰੀ ਕਬੱਡੀ ਕੱਪ 'ਚ ਲੁਧਿਆਣਾ ਜੇਤੂ

ਮਹਿਰਾਜ (ਰਾਮਪੁਰਾ ਫੂਲ), 21 ਫਰਵਰੀ - ਪਿੰਡ ਮਹਿਰਾਜ 'ਚ ਮੀਰੀ ਪੀਰੀ ਕਬੱਡੀ ਕੱਪ ਕਰਵਾਇਆ ਗਿਆ। ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਲਈ ਬਠਿੰਡਾ ਵਿਚ ਖੇਡਾਂ ਦਾ ਸਕੂਲ ਖੋਲਿਆ ਜਾ ਰਿਹਾ ਹੈ। ਸ: ਬਾਦਲ ਪਿੰਡ ਮਹਿਰਾਜ ਵਿਖੇ ਮੀਰੀ ਪੀਰੀ ਕਬੱਡੀ ਕੱਪ ਮਹਿਰਾਜ ਦੇ ਸਮਾਪਨ ਸਮਾਰੋਹ ਵਿਚ ਇਨਾਮ ਤਕਸੀਮ ਕਰਨ ਲਈ ਪੁੱਜੇ ਸਨ। ਕੱਪ ਲਈ 8 ਅਕੈਡਮੀਆਂ ਦੇ ਮੈਚ ਕਰਵਾਏ ਗਏ। ਫਾਈਨਲ ਮੁਕਾਬਲੇ ਵਿਚ ਟੋਨੀ ਅਲੰਕਾਰ ਕੁੱਬੇ ਅਕੈਡਮੀ ਲੁਧਿਆਣਾ ਅਤੇ ਦਾਤੇਵਾਲ ਅਕੈਡਮੀ ਮਾਨਸਾ ਦੇ ਖਿਡਾਰੀਆਂ ਦਰਮਿਆਨ ਕਬੱਡੀ ਦਾ ਗਹਗਿੱਚ ਮੁਕਾਬਲਾ ਹੋਇਆ। ਲੁਧਿਆਣਾ ਦੀ ਟੀਮ ਨੇ ਮਾਨਸਾ ਨੂੰ ਹਰਾ ਕੇ ਮੀਰੀ ਕਬੱਡੀ ਕੱਪ 'ਤੇ ਕਬਜ਼ਾ ਕੀਤਾ। ਕਬੱਡੀ 37, 52, 60 ਤੇ 70 ਕਿੱਲੋ ਅਤੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ਵਿਚ ਮੀਰੀ ਪੀਰੀ ਮਹਿਰਾਜ ਨੇ ਕ੍ਰਮਵਾਰ ਗੁੰਮਟਸਰ, ਕੁੱਤੀਵਾਲ, ਰਾਮਪੁਰਾ, ਪਿਥੋ ਅਤੇ ਕੋਟਲਾ ਕਲਾਂ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਫੁੱਟਬਾਲ ਵਿਚ ਨੰਗਲ ਨੇ ਸਹਿਣਾ ਨੂੰ, ਵਾਲੀਬਾਲ ਸ਼ੂਟਿੰਗ 'ਚ ਨੱਥੂਵਾਲ ਨੇ ਭੂੰਦੜ ਨੂੰ ਹਰਾਇਆ। ਓਪਨ ਕਬੱਡੀ ਦੇ ਮੁਕਾਬਲਿਆਂ ਵਿਚ ਹਠੂਰ, ਪਿਥੋ ਅਤੇ ਜੋਧਪੁਰ ਦੀਆਂ ਟੀਮਾਂ ਨੂੰ ਸੰਯੁਕਤ ਰੂਪ ਵਿਚ ਜੇਤੂ ਐਲਾਨਿਆ ਗਿਆ।

ਦੂਸਰਾ ਕਬੱਡੀ ਟੂਰਨਾਮੈਂਟ 25 ਤੋਂ

ਅਮਰਗੜ੍ਹ, 21 ਫਰਵਰੀ - ਦੂਜਾ ਕਬੱਡੀ ਟੂਰਨਾਮੈਂਟ 25 ਤੋਂ 27 ਫਰਵਰੀ ਤੱਕ ਮੇਜਰ ਹਰਦੇਵ ਸਿੰਘ ਗਰੇਵਾਲ ਵੈਲਫੇਅਰ ਐਂਡ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਗੁਆਰਾ ਵੱਲੋਂ ਕਰਵਾਇਆ ਜਾ ਰਿਹਾ ਹੈ। 25 ਫਰਵਰੀ ਨੂੰ ਕਬੱਡੀ 35 ਕਿਲੋ, 50 ਕਿਲੋ ਤਾਸ਼ ਸ਼ੀਪ ਦੇ ਮੁਕਾਬਲੇ ਕਰਵਾਏ ਜਾਣਗੇ। 26 ਫਰਵਰੀ ਨੂੰ ਕਬੱਡੀ 60 ਕਿਲੋ, 70 ਕਿਲੋ ਦੇ ਮੁਕਾਬਲੇ ਹੋਣਗੇ। 27 ਫ਼ਰਵਰੀ ਨੂੰ ਕਬੱਡੀ ਇਕ ਪਿੰਡ ਓਪਨ ਦੇ ਮੁਕਾਬਲੇ ਹੋਣਗੇ। ਇਕ ਪਿੰਡ ਓਪਨ ਦਾ ਪਹਿਲਾ ਇਨਾਮ 51000, ਦੂਸਰਾ 31000 ਅਤੇ ਤੀਸਰਾ 11000 ਦਾ ਹੋਵੇਗਾ। ਬੇਸਟ ਰੇਡਰ ਤੇ ਬੈਸਟ ਜਾਫ਼ੀ ਨੂੰ 5100-5100 ਦਾ ਸਪੈਸ਼ਲ ਇਨਾਮ ਦਿੱਤਾ ਜਾਵੇਗਾ। ਪਹਿਲਾ ਇਨਾਮ 51000 ਰੁਪਏ ਗੁਰਸ਼ਰਨਦੀਪ ਸਿੰਘ ਗਰੇਵਾਲ ਐਸ.ਪੀ.ਡੀ. ਰੋਪੜ ਵੱਲੋਂ ਦਿੱਤਾ ਜਾਵੇਗਾ।

ਦਹੇੜੂ ਜੇਤੂ ਤੇ ਮਹਿਮਾ ਸਿੰਘ ਵਾਲਾ ਉਪ ਜੇਤੂ

ਅਹਿਮਦਗੜ੍ਹ/ਕੁੱਪ ਕਲਾਂ, 21 ਫਰਵਰੀ - ਤਿੰਨ ਦਿਨਾ ਦੂਸਰਾ ਫੁੱਟਬਾਲ ਟੂਰਨਾਮੈਂਟ ਆਨੰਦ ਈਸ਼ਰ ਪਬਲਿਕ ਸਕੂਲ ਦੇ ਖੇਡ ਮੈਦਾਨ ਅੰਦਰ ਕਰਵਾਇਆ ਗਿਆ। ਫਾਈਨਲ ਮੁਕਾਬਲਾ ਦਹੇੜੂ ਅਤੇ ਮਹਿਮਾ ਸਿੰਘ ਵਾਲਾ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚੋਂ ਦਹੇੜੂ ਦੀ ਟੀਮ ਜੇਤੂ ਰਹੀ ਤੇ 21 ਹਜ਼ਾਰ ਰੁਪਏ ਦਾ ਨਕਦ ਇਨਾਮ ਪ੍ਰਾਪਤ ਕੀਤਾ। ਮਹਿਮਾ ਸਿੰਘ ਵਾਲਾ ਦੀ ਟੀਮ ਨੂੰ 17 ਹਜ਼ਾਰ ਰੁਪਏ ਦਿੱਤਾ ਗਿਆ। ਕੁਮੈਂਟਰੀ ਅਜੀਤਪਾਲ ਸਿੰਘ ਰੌਕੀ ਚੀਮਾ ਨੇ ਕੀਤੀ।

ਤੀਜੇ ਕਬੱਡੀ ਕੱਪ 'ਤੇ ਅੰਮ੍ਰਿਤਸਰ ਦਾ ਕਬਜਾ

ਫ਼ਤਹਿਗੜ੍ਹ ਸਾਹਿਬ, 20 ਫਰਵਰੀ - ਤੀਜਾ ਕਬੱਡੀ ਕੱਪ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿਚ ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਅਕੈਡਮੀ ਅੰਮ੍ਰਿਤਸਰ ਦੀ ਟੀਮ ਨੇ ਫ਼ਤਹਿਗੜ੍ਹ ਸਾਹਿਬ ਸਪੋਰਟਸ ਅਕੈਡਮੀ ਮਾਧੋਪੁਰ ਦੀ ਟੀਮ ਨੂੰ ਹਰਾ ਕੇ ਜਿੱਤ ਲਿਆ। ਉਦਘਾਟਨ ਜ਼ਿਲ੍ਹਾ ਪੁਲਿਸ ਮੁਖੀ ਫ਼ਤਹਿਗੜ੍ਹ ਸਾਹਿਬ ਸ: ਰਣਬੀਰ ਸਿੰਘ ਖੱਟੜਾ ਨੇ ਕੀਤਾ, ਜਦੋਂ ਕਿ ਇਨਾਮ ਵੰਡਣ ਦੀ ਰਸਮ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਸ਼੍ਰੀ ਯਸ਼ਵੀਰ ਮਹਾਜਨ ਨੇ ਅਦਾ ਕੀਤੀ।

7ਵਾਂ ਯੂ.ਕੇ ਗੋਲਡ ਕਬੱਡੀ ਕੱਪ ਅੰਬੀ ਕਲੱਬ ਹਠੂਰ ਦੇ ਨਾਮ

ਜਗਰਾਉਂ, 20 ਫਰਵਰੀ - 7ਵਾਂ ਯੂ.ਕੇ. ਗੋਲਡ ਕਬੱਡੀ ਕੱਪ ਜਗਰਾਉਂ ਦੇ ਜੀ.ਐਚ.ਜੀ. ਐਕਡਮੀ (ਕੋਠੇ ਬੱਗੂ) ਵਿਖੇ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿਚ ਅੰਬੀ ਕਲੱਬ ਹਠੂਰ ਨੇ ਪਹਿਲਾ ਦਰਜਾ ਅਤੇ ਹਰਜੀਤ ਕਲੱਬ ਜਗਰਾਉਂ ਨੇ ਦੂਜਾ ਦਰਜਾ ਹਾਸਲ ਕੀਤਾ। ਅੰਬੀ ਹਠੂਰ ਕਲੱਬ ਟੀਮ ਨੂੰ ਇਕ ਲੱਖ ਰੁਪਏ ਦਾ ਨਗ਼ਦ ਇਨਾਮ ਤੇ ਹਰਜੀਤ ਕਲੱਬ ਜਗਰਾਉਂ ਟੀਮ ਨੂੰ 75 ਹਜ਼ਾਰ ਰੁਪਏ ਦਾ ਨਗ਼ਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪਿੰਡ ਵਾਰ ਕਬੱਡੀ ਦੇ ਮੁਕਾਬਲਿਆਂ 'ਚ ਜਨੇਤਪੁਰਾ ਦੀ ਟੀਮ ਨੂੰ ਪਹਿਲਾ ਸਥਾਨ ਪ੍ਰਾਪਤ ਕਰਨ 'ਤੇ 31 ਹਜ਼ਾਰ ਰੁਪਏ ਤੇ ਗਿੱਦੜਵਿੰਡੀ ਦੀ ਟੀਮ ਨੂੰ ਦੂਜਾ ਸਥਾਨ ਪ੍ਰਾਪਤ ਕਰਨ 'ਤੇ 25 ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਕੋਟ ਕਲਾਂ ਦਾ ਕਬੱਡੀ ਟੂਰਨਾਮੈਂਟ 4 ਤੋਂ

ਜਲੰਧਰ, 19 ਫਰਵਰੀ - ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਪਿੰਡ ਕੋਟ ਕਲਾਂ ਜੀ. ਟੀ. ਰੋਡ ਵਲੋਂ ਤੀਸਰਾ ਸਾਲਾਨਾ ਕਬੱਡੀ ਟੂਰਨਾਮੈਂਟ 4 ਤੋਂ 6 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਉਦਘਾਟਨ 4 ਮਾਰਚ ਨੂੰ ਸਵੇਰੇ 11 ਵਜੇ ਡਾਇਰੈਕਟਰ ਸਪੋਰਟਸ ਸ. ਪ੍ਰਗਟ ਸਿੰਘ ਕਰਨਗੇ ਤੇ 5 ਮਾਰਚ ਨੂੰ ਐਸ. ਪੀ. ਸ. ਸੱਜਣ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ 6 ਮਾਰਚ ਨੂੰ ਇਨਾਮਾਂ ਦੀ ਵੰਡ ਪਦਮ ਸ੍ਰੀ ਕਰਤਾਰ ਸਿੰਘ ਅਰਜਨਾ ਐਵਾਰਡੀ ਵਲੋਂ ਕੀਤੀ ਜਾਵੇਗੀ। ਕਬੱਡੀ ਓਪਨ (ਕਲੱਬ) ਦੀ ਜੇਤੂ ਟੀਮ ਨੂੰ 50 ਹਜ਼ਾਰ ਤੇ ਦੂਸਰੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 30 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਇਨਾਮਾਂ ਤੋਂ ਇਲਾਵਾ ਦਿਲਖਿੱਚਵੀਆਂ ਟਰਾਫੀਆਂ ਵੀ ਦਿੱਤੀਆਂ ਜਾਣਗੀਆਂ। ਇਸੇ ਤਰ੍ਹਾਂ ਓਪਨ ਕਲੱਬ (70 ਕਿਲੋ), ਪਿੰਡ ਪੱਧਰੀ 62 ਕਿਲੋ, 50 ਕਿਲੋ ਤੇ 36 ਕਿਲੋ ਭਾਰ ਦੇ ਮੁਕਾਬਲਿਆਂ ਦੇ ਜੇਤੂਆਂ ਨੂੰ ਵੀ ਨਕਦ ਰਾਸ਼ੀ ਇਨਾਮ ਦਿੱਤੇ ਜਾਣਗੇ। ਟੂਰਨਾਮੈਂਟ 'ਚ ਲੜਕੀਆਂ ਦੇ ਕਬੱਡੀ ਮੈਚ ਤੋਂ ਇਲਾਵਾ ਦੌੜਾਂ ਅਤੇ 6 ਮਾਰਚ ਨੂੰ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ।

ਸ਼ੇਰੇ ਪੰਜਾਬ ਕਲੱਬ ਨੇ ਜਿੱਤਿਆ ਇਕ ਲੱਖ ਦਾ ਇਨਾਮ

ਸੁਲਤਾਨਪੁਰ ਲੋਧੀ, 19 ਫਰਵਰੀ - 10ਵਾਂ ਗੋਲਡ ਕਬੱਡੀ ਕੱਪ ਤੇ ਵਾਲੀਬਾਲ ਟੂਰਨਾਮੈਂਟ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਗਿਆ। ਫਾਈਨਲ ਮੈਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਸੁਲਤਾਨਪੁਰ ਲੋਧੀ ਅਤੇ ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਬਰਨਾਲਾ ਦੀ ਟੀਮ ਦਰਮਿਆਨ ਹੋਇਆ, ਜਿਸ ਵਿਚ ਸ਼ੇਰੇ ਪੰਜਾਬ ਕਲੱਬ ਦੀ ਟੀਮ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਕਬੱਡੀ ਗੋਲਡ ਕੱਪ ਉਪਰ ਕਬਜ਼ਾ ਕੀਤਾ ਅਤੇ ਇਕ ਲੱਖ ਰੁਪਏ ਦਾ ਇਨਾਮ ਹਾਸਲ ਕੀਤਾ ਅਤੇ ਬਰਨਾਲਾ ਦੀ ਟੀਮ ਨੂੰ 75 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਉਘੇ ਗਾਇਕ ਅਮਰਿੰਦਰ ਗਿੱਲ ਵੱਲੋਂ ਲਗਾਏ ਖੁੱਲ੍ਹੇ ਅਖਾੜੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਦਰਸ਼ਕਾਂ ਨੇ ਗੀਤਾਂ ਦਾ ਖੂਬ ਆਨੰਦ ਮਾਣਿਆ।

ਨਹਿਰੂ ਚੈਂਪੀਅਨਸ਼ਿਪ ਕਾਲਜ ਹਾਕੀ ਟੂਰਨਾਮੈਂਟ ਸ਼ੁਰੂ

ਜਲੰਧਰ, 19 ਫਰਵਰੀ - ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਕਰਵਾਏ ਜਾ ਰਹੇ ਨਹਿਰੂ ਚੈਂਪੀਅਨ ਕਾਲਜ ਹਾਕੀ ਟੂਰਨਾਮੈਂਟ ਦੇ ਉਦਘਾਟਨੀ ਦਿਨ ਡੀ. ਏ. ਵੀ. ਕਾਲਜ ਜਲੰਧਰ, ਅਲ ਅਮੀਨ ਕਾਲਜ ਬੰਗਲੌਰ ਤੇ ਸ੍ਰੀ ਗੁਰੂ ਹਰੀ ਸਿੰਘ ਕਾਲਜ ਸਿਰਸਾ ਨੇ ਆਪੋ-ਆਪਣੇ ਲੀਗ ਮੈਚ ਜਿੱਤ ਕੇ ਜੇਤੂ ਸ਼ੁਰੂਆਤ ਕੀਤੀ। ਇਸ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਡਾ: ਦਲਜੀਤ ਸਿੰਘ ਚੀਮਾ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੇ ਕੀਤਾ। ਉਦਘਾਟਨੀ ਮੈਚ ਵਿਚ ਡੀ. ਏ. ਵੀ. ਕਾਲਜ ਜਲੰਧਰ ਨੇ ਦੇਸ਼ ਭਗਤ ਕਾਲਜ ਬਰੜਵਾਲ (ਧੂਰੀ) ਨੂੰ 3-2 ਨਾਲ ਹਰਾਇਆ। ਦੂਜੇ ਮੈਚ ਵਿਚ ਆਲ ਅਮੀਨ ਕਾਲਜ ਬੰਗਲੌਰ ਨੇ ਸੀ. ਆਰ. ਏ. ਕਾਲਜ ਸੋਨੀਪਤ ਨੂੰ 4-2 ਨਾਲ ਹਰਾਇਆ। ਤੀਜੇ ਮੈਚ ਵਿਚ ਸ੍ਰੀ ਗੁਰੂ ਹਰੀ ਸਿੰਘ ਕਾਲਜ ਸਿਰਸਾ ਨੇ ਜਵਾਹਰ ਲਾਲ ਨਹਿਰੂ ਕਾਲਜ ਭੋਪਾਲ ਨੂੰ 7-1 ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ।

ਜੂਨੀਅਰ ਮਹਿਲਾ ਵਿਸ਼ਵ ਟੂਰਨਾਮੈਂਟਾਂ ਲਈ ਚੁਣੇ ਗਏ ਭਾਰਤੀ

ਨਵੀਂ ਦਿੱਲੀ, 19 ਫਰਵਰੀ - ਮਹਿਲਾ ਵਿਸ਼ਵ ਚੈਂਪੀਅਨਸ਼ਿਪ ਜੋ ਕਿ 21 ਅਪ੍ਰੈਲ ਤੋਂ 1 ਮਈ ਤੱਕ ਤੁਰਕੀ 'ਚ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਭਾਰਤ ਦੇ 16 ਜੂਨੀਅਰ ਅਤੇ ਨੌਜਵਾਨ ਮੁੱਕੇਬਾਜ਼ਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਯੁਵਾ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਲਈ ਟੀਮ 'ਚ ਐੱਸ. ਸੂਰਜਬਾਲਾ ਦੇਵੀ, ਸੰਸਾਰੀ ਬ੍ਰਹਮਾ, ਪਵਿਲਾਵੋ ਬਾਸੂਮਤੀ, ਅੰਜਲੀ ਮਚਾਹਰੀ, ਪੂਨਮ ਚਹਿਲ, ਮਿਨੂ ਬਾਸੂਮਤੀ, ਹਿਨਾ ਟੋਕਸ ਅਤੇ ਅਲਾਰੀ ਬੋਰਡ ਨੂੰ ਸ਼ਾਮਿਲ ਕੀਤਾ ਗਿਆ ਹੈ। ਜੂਨੀਅਰ ਵਿਸ਼ਵ ਕੱਪ ਲਈ ਟੀਮ 'ਚ ਲਾਂਲੇਕਵਲੀ, ਐੱਚ. ਚੰਚਨ ਦੇਵੀ, ਨਿਖਤ ਜਰੀਨ, ਲਾਲਫਾਕਜੂਅਲੀ, ਪਿੰਕੀ ਕਚਾਰੀ, ਨੀਰਜ ਬਾਲਾ, ਐੱਸ. ਮਾਰਾਥਾਮਾ ਅਤੇ ਲਕਸ਼ਮੀ ਵਾ ਨੂੰ ਸ਼ਾਮਿਲ ਕੀਤਾ ਗਿਆ ਹੈ।

ਪੰਡੋਰੀ 'ਚ ਟੂਰਨਾਮੈਂਟ 26 ਤੋਂ

ਮੁੱਲਾਂਪੁਰ ਦਾਖ਼ਾ, 19 ਫਰਵਰੀ - 66ਵਾਂ ਪੇਂਡੂ ਟੂਰਨਾਮੈਂਟ 26 ਤੋਂ 28 ਫਰਵਰੀ ਤੱਕ ਪਿੰਡ ਪੰਡੋਰੀ 'ਚ ਕਰਵਾਇਆ ਜਾ ਰਿਹਾ ਹੈ। 26 ਫਰਵਰੀ ਨੂੰ ਵਾਲੀਬਾਲ ਸ਼ੂਟਿੰਗ, ਫੁੱਟਬਾਲ ਵਜ਼ਨੀ 60 ਕਿਲੋ, ਕਬੱਡੀ 45-60-50 ਕਿਲੋ ਭਾਰ ਦੇ ਨਾਲ ਕੁੱਤਿਆਂ ਦੀ ਦੌੜ, 27 ਫਰਵਰੀ ਫੁੱਟਬਾਲ ਓਪਨ ਪਿੰਡ ਵਾਰ, ਕਬੱਡੀ 70 ਕਿਲੋ ਭਾਰ ਤੇ 28 ਫਰਵਰੀ ਕਬੱਡੀ ਓਪਨ ਪਿੰਡ ਵਾਰ ਦਰਸ਼ਕਾਂ ਦੀ ਖਿੱਚ ਤੇ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਮੁਕਾਬਲਾ 27 ਫਰਵਰੀ ਨੂੰ ਹੋਵੇਗਾ।

ਰਾਸ਼ਟਰੀ ਖੇਡਾਂ 'ਚ ਮਹਾਰਾਸ਼ਟਰ ਮੋਹਰੀ

ਰਾਂਚੀ, 19 ਫਰਵਰੀ - 34ਵੀਆਂ ਰਾਸ਼ਟਰੀ ਖੇਡਾਂ ਜੋ ਕਿ ਝਾਰਖੰਡ 'ਚ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਸੱਤਵੇਂ ਦਿਨ ਤੱਕ 30 ਸੋਨ ਸਮੇਤ ਕੁੱਲ 88 ਤਗਮਿਆਂ ਨਾਲ ਪਹਿਲਾ ਸਥਾਨ ਹੋਰ ਪਕੇਰਾ ਕਰ ਲਿਆ ਹੈ। ਮਹਾਰਾਸ਼ਟਰ ਦੇ ਖਾਤੇ 'ਚ ਹੁਣ ਤੱਕ 30 ਸੋਨ, 31 ਚਾਂਦੀ ਅਤੇ 27 ਕਾਂਸੀ ਦੇ ਤਗਮੇ ਆਏ ਹਨ। ਜਦਕਿ ਦੂਜੇ ਸਥਾਨ 'ਤੇ ਸੈਨਾ ਨੇ ਹੁਣ ਤੱਕ 25 ਸੋਨ, 21 ਚਾਂਦੀ ਅਤੇ 19 ਕਾਂਸੀ ਦੇ ਤਗਮੇ ਜਿੱਤੇ ਹਨ। ਮਨੀਪੁਰ ਨੇ ਇਕ ਵਾਰ ਫੇਰ ਦਿੱਲੀ ਨੂੰ ਪਿੱਛੇ ਛੱਡ ਕੇ ਤੀਜਾ ਸਥਾਨ ਹਾਸਿਲ ਕਰ ਲਿਆ ਹੈ। ਮਨੀਪੁਰ ਨੇ 24 ਸੋਨ, 11 ਚਾਂਦੀ ਅਤੇ 15 ਕਾਂਸੀ ਦੇ ਤਗਮੇ ਹਾਸਿਲ ਕੀਤੇ ਹਨ। ਦਿੱਲੀ 23 ਸੋਨ, 14 ਚਾਂਦੀ ਅਤੇ 16 ਕਾਂਸੀ ਦੇ ਤਗਮਿਆਂ ਨਾਲ ਚੌਥੇ ਸਥਾਨ 'ਤੇ ਖਿਸਕ ਗਿਆ ਹੈ। ਤਗਮਾ ਸੂਚੀ 'ਚ ਮੱਧ ਪ੍ਰਦੇਸ਼ ਪੰਜਵੇਂ, ਹਰਿਆਣਾ ਛੇਵੇਂ, ਕਰਨਾਟਕ ਸੱਤਵੇਂ ਅਤੇ ਉੱਤਰ ਪ੍ਰਦੇਸ਼ ਅੱਠਵੇਂ ਸਥਾਨ 'ਤੇ ਹੈ। ਕਰਵਾਏ ਗਏ ਮੁਕਾਬਲਿਆਂ 'ਚ ਸਰਵਿਸਿਜ਼ ਨੇ 50 ਮੀਟਰ ਰਾਈਫਲ ਸ਼ੂਟਿੰਗ ਦੇ ਟੀਮ ਵਰਗ 'ਚ ਸੋਨ ਤਗਮਾ ਜਿੱਤਿਆ, ਜਦਕਿ ਉਤਰ ਪ੍ਰਦੇਸ਼ ਨੂੰ ਚਾਂਦੀ ਅਤੇ ਮਹਾਰਾਸ਼ਟਰ ਨੂੰ ਕਾਂਸੀ ਦਾ ਤਗਮਾ ਮਿਲਿਆ। ਇਸ ਤੋਂ ਇਲਾਵਾ ਆਰਟਿਸਟਿਕ ਜਿਮਨਾਸਟਿਕ 'ਚ ਸਰਵਿਸਿਜ਼ ਨੂੰ ਸੋਨ, ਉੱਤਰ ਪ੍ਰਦੇਸ਼ ਨੂੰ ਚਾਂਦੀ ਅਤੇ ਆਂਧਰਾ ਪ੍ਰਦੇਸ਼ ਨੂੰ ਕਾਂਸੀ ਦਾ ਤਗਮਾ ਪ੍ਰਾਪਤ ਹੋਇਆ। ਦਿੱਲੀ ਦੀ ਤੈਰਾਕ, ਜਿਸ ਨੇ ਕਿ ਹੁਣ ਤੱਕ 11 ਸੋਨ ਤਗਮੇ ਜਿੱਤੇ ਹਨ, ਅੱਜ 100 ਮੀਟਰ ਫ੍ਰੀਸਟਾਈਲ ਵਰਗ 'ਚ ਸੋਨ ਤਗਮਾ ਜਿੱਤਣ ਤੋਂ ਖੁੰਝ ਗਈ। ਇਸ ਵਰਗ ਦਾ ਸੋਨ ਤਗਮਾ ਗੋਆ ਦੀ ਤਲਾਸ਼ਾ ਪ੍ਰਭੂ ਨੇ, ਚਾਂਦੀ ਦਾ ਰਿਚਾ ਨੇ ਅਤੇ ਕਾਂਸੀ ਦਾ ਤਗਮਾ ਮਹਾਰਾਸ਼ਟਰ ਦੀ ਆਰਤੀ ਘੋਰਪੜੇ ਨੇ ਪ੍ਰਾਪਤ ਕੀਤਾ। 100 ਮੀਟਰ ਬੈਕਸਟਰੋਕ 'ਚ ਵੀ ਰਿਚਾ ਨੂੰ ਚਾਂਦੀ ਦਾ ਤਗਮਾ ਪ੍ਰਾਪਤ ਹੋਇਆ। ਮਰਦਾਂ ਦੇ 100 ਮੀਟਰ ਬਰੈਸਟ ਸਟਰੋਕ ਵਰਗ ਦਾ ਸੋਨ ਤਗਮਾ ਸੰਦੀਪ ਬੇਜਵਾਲ ਨੇ, ਚਾਂਦੀ ਦਾ ਹਰਿਆਣਾ ਦੇ ਪੁਨੀਤ ਰਾਣਾ ਨੇ ਅਤੇ ਕਾਂਸੀ ਦਾ ਪੰਜਾਬ ਦੇ ਜਸ਼ਨਦੀਪ ਸਿੰਘ ਨੇ ਜਿੱਤਿਆ।

ਗੋਂਦਵਾਲ ਦਾ ਪੇਂਡੂ ਖੇਡ ਮੇਲਾ ਸ਼ੁਰੂ

ਰਾਏਕੋਟ, 18 ਫਰਵਰੀ - 11ਵਾਂ ਪੇਂਡੂ ਖੇਡ ਮੇਲਾ ਪਿੰਡ ਗੋਂਦਵਾਲ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦਾ ਉਦਘਾਟਨ ਦਰਸ਼ਨ ਸਿੰਘ ਸਿੱਧੂ (ਭਰਾ ਸੱਜਣ ਸਿੰਘ ਸਿੱਧੂ ਕੈਨੇਡੀਅਨ ਸੇਵਾ ਮੁਕਤ ਵਿੰਗ ਕਮਾਂਡਰ) ਨੇ ਕੀਤਾ। ਇਸ ਮੌਕੇ ਸਰਕਾਰੀ ਮਿਡਲ ਸਕੂਲ ਅਤੇ ਪ੍ਰਾਇਮਰੀ ਸਕੂਲ ਗੋਂਦਵਾਲ ਦੀਆਂ ਲੜਕੀਆਂ ਨੇ ਆਏ ਮਹਿਮਾਨਾਂ ਨੂੰ ਮਾਰਚ ਪਾਸਟ ਦੀ ਸਲਾਮੀ ਦਿੱਤੀ, ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਕਬੱਡੀ 54 ਕਿਲੋ ਵਰਗ 'ਚ 36 ਟੀਮਾਂ ਨੇ ਸ਼ਮੂਲੀਅਤ ਕੀਤੀ, ਜਿੰਨਾਂ ਦੇ ਲੀਗ ਮੈਚ ਕਰਵਾਏ ਗਏ।

ਸ਼ਹੀਦ ਭਗਤ ਸਿੰਘ ਰਾਜ ਪੱਧਰੀ ਖੇਡਾਂ 'ਚ ਰੱਸਾਕੱਸੀ ਵੀ ਸ਼ਾਮਿਲ

ਲੁਧਿਆਣਾ, 18 ਫਰਵਰੀ - ਪੰਜਾਬ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਵੱਡੀ ਇਨਾਮੀ ਰਾਸ਼ੀ ਵਾਲਾ ਰਾਜ ਪੱਧਰੀ ਖੇਡ ਮੇਲਾ 28 ਫਰਵਰੀ ਤੋਂ 6 ਮਾਰਚ ਤੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਖੇਡਾਂ ਵਿਚ ਹੁਣ 11 ਖੇਡਾਂ ਦੇ ਮੁਕਾਬਲੇ ਹੋਣਗੇ। ਇਕ ਹੋਰ ਨਵੀਂ ਖੇਡ ਰੱਸਾਕੱਸੀ ਨੂੰ ਖੇਡਾਂ ਵਿਚ ਸ਼ਾਮਿਲ ਕੀਤਾ ਗਿਆ ਹੈ। ਉਦਘਾਟਨੀ ਸਮਾਰੋਹ 28 ਫਰਵਰੀ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਵੇਗਾ। ਫਿਲਮੀ ਕਲਾਕਾਰ ਅਕਸ਼ੈ ਕੁਮਾਰ ਅਤੇ ਹੋਰ ਪੰਜਾਬੀ ਕਲਾਕਾਰ ਉਦਘਾਟਨੀ ਸਮਾਰੋਹ ਦਾ ਵਧੀਆ ਰੰਗ ਬੰਨਣਗੇ। ਲੁਧਿਆਣਾ ਵਿਖੇ ਕੁੱਲ 11 ਖੇਡਾਂ ਵਿਚੋਂ 5 ਖੇਡਾਂ ਦੇ ਮੁਕਾਬਲੇ ਹੋਣਗੇ। ਜਿਨ੍ਹਾਂ ਵਿਚ ਐਥਲੈਟਿਕਸ, ਫੁੱਟਬਾਲ, ਬਾਸਕਿਟਬਾਲ ਅਤੇ ਰੱਸਾਕੱਸੀ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਤੇ ਸਰਕਲ ਸਟਾਇਲ ਕਬੱਡੀ ਦੇ ਮੁਕਾਬਲੇ ਪੀ.ਏ.ਯੂ ਲੁਧਿਆਣਾ ਹੋਣਗੇ। ਵਾਲੀਵਾਲ, ਬਾਕਸਿੰਗ ਅਤੇ ਵੇਟ ਲਿਫਟਿੰਗ ਮੁਕਾਬਲੇ ਪਟਿਆਲਾ ਵਿਖੇ, ਸ਼ੂਟਿੰਗ ਮੋਹਾਲੀ ਵਿਖੇ ਅਤੇ ਹਾਕੀ ਮੁਕਾਬਲੇ ਜਲੰਧਰ ਵਿਖੇ ਹੋਣਗੇ।

ਭਰੋਵਾਲ ਕਲਾਂ ਦੀਆਂ ਖੇਡਾਂ 27 ਤੋਂ

ਭੂੰਦੜੀ, 18 ਫਰਵਰੀ - ਕਬੱਡੀ ਟੂਰਨਾਮੈਂਟ 27 ਫਰਵਰੀ ਤੋਂ 1 ਮਾਰਚ ਤੱਕ ਪਿੰਡ ਭਰੋਵਾਲ ਕਲਾਂ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ।

34ਵੀਆਂ ਰਾਸ਼ਟਰੀ ਖੇਡਾਂ

ਰਾਂਚੀ, 18 ਫਰਵਰੀ - 34ਵੀਆਂ ਰਾਸ਼ਟਰੀ ਖੇਡਾਂ ਜੋ ਕਿ ਝਾਰਖੰਡ 'ਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਦਿੱਲੀ ਦੀ ਤੈਰਾਕ ਰਿਚਾ ਮਿਸ਼ਰਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਹੁਣ ਤੱਕ ਕੁੱਲ 11 ਸੋਨ, ਦੋ ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ ਹੈ। ਰਿਚਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦਿੱਲੀ ਨੇ ਤਗਮਾ ਸੂਚੀ 'ਚ ਤੀਜਾ ਸਥਾਨ ਹਾਸਿਲ ਕਰ ਲਿਆ ਹੈ, ਜਦਕਿ ਮਹਾਰਾਸ਼ਟਰ ਪਹਿਲੇ ਸਥਾਨ 'ਤੇ ਬਰਕਰਾਰ ਹੈ। ਛੇਵੇਂ ਦਿਨ ਮਹਾਰਾਸ਼ਟਰ, ਸੈਨਾ ਅਤੇ ਮਨੀਪੁਰ ਦਰਮਿਆਨ ਤਗਮਾ ਸੂਚੀ 'ਚ ਇਕ ਦੂਜੇ ਨੂੰ ਠਿੱਬੀ ਮਾਰਨ ਦੀਆਂ ਕੋਸ਼ਿਸ਼ਾਂ ਚੱਲਦੀਆਂ ਰਹੀਆਂ। ਪਰ ਇਸ ਜੰਗ 'ਚ ਮਹਾਰਾਸ਼ਟਰ ਬਾਜ਼ੀ ਮਾਰ ਗਿਆ। ਮਹਾਰਾਸ਼ਟਰ ਦੇ ਖਾਤੇ 'ਚ ਇਸ ਵੇਲੇ 24 ਸੋਨ, 28 ਚਾਂਦੀ ਅਤੇ 25 ਕਾਂਸੀ ਦੇ ਸਮੇਤ ਕੁੱਲ 77 ਤਗਮੇ ਹਨ। ਜਦਕਿ ਸੈਨਾ ਕੋਲ 22 ਸੋਨ, 19 ਚਾਂਦੀ ਅਤੇ 18 ਕਾਂਸੀ ਦੇ ਤਗਮਿਆਂ ਸਮੇਤ ਕੁੱਲ 59 ਤਗਮੇ ਹਨ।

ਹੁਸ਼ਿਆਰਪੁਰ ਅਕੈਡਮੀ ਦੀ ਝੰਡੀ

ਬੇਗੋਵਾਲ, 18 ਫਰਵਰੀ - ਦੋ ਰੋਜ਼ਾ ਕਬੱਡੀ ਟੂਰਨਾਮੈਂਟ ਤੇ ਸੱਭਿਆਚਾਰਕ ਮੇਲਾ ਬੇਗੋਵਾਲ 'ਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਦੂਸਰੇ ਦਿਨ 8 ਕਲੱਬਾਂ ਦੇ ਫਸਵੇਂ ਮੈਂਚ ਹੋਏ, ਜਿਨ੍ਹਾਂ 'ਚ ਟੋਨੀ ਕਬੱਡੀ ਕਲੱਬ ਲੁਧਿਆਣਾ ਨੂੰ ਗੁਰੂ ਹਰਗੋਬਿੰਦ ਕਬੱਡੀ ਅਕੈਡਮੀ ਹੁਸ਼ਿਆਰਪੁਰ ਨੇ ਇਕ ਫਸਵੇਂ ਮੁਕਾਬਲੇ 'ਚ ਹਰਾ ਕੇ ਟੂਰਨਾਮੈਂਟ ਆਪਣੇ ਨਾਂਅ 'ਤੇ ਕੀਤਾ। ਇਸ ਤਰ੍ਹਾਂ ਪਿੰਡ ਓਪਨ 'ਚ ਬੇਗੋਵਾਲ ਜੇਤੂ ਰਿਹਾ ਜਦਕਿ ਲੱਖਣ ਕੇ ਪੱਡਾ ਰਨਰਅਪ ਰਿਹਾ।

ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲਾ

ਮੋਗਾ, 17 ਫਰਵਰੀ - ਸਾਬਕਾ ਵਿਧਾਇਕ ਸ਼ਹੀਦ ਨਛੱਤਰ ਸਿੰਘ ਗਿੱਲ ਦੀ ਯਾਦ ਵਿਚ ਮੋਗਾ ਟਾਊਨ ਹਾਲ ਕਲੱਬ ਵਿਖੇ ਅੰਤਰਰਾਸ਼ਟਰੀ ਨਛੱਤਰ ਸਿੰਘ ਗਿੱਲ ਮੈਮੋਰੀਅਲ ਅੰਤਰਰਾਸ਼ਟਰੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਨਾਏਜੀਰੀਆ, ਜਾਰਜੀਆ, ਇਰਾਕ ਤੇ ਭਾਰਤ ਦੀਆਂ ਔਰਤਾਂ ਅਤੇ ਮਰਦਾਂ ਦੀਆਂ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਰੈਸਲਿੰਗ ਟੂਰਨਾਮੈਂਟ ਦਾ ਉਦਘਾਟਨ ਪੰਜਾਬ ਦੇ ਡੀ.ਜੀ.ਪੀ. ਪਰਮਦੀਪ ਸਿੰਘ ਗਿੱਲ ਨੇ ਕੀਤਾ। ਜਦੋਂ ਕਿ ਇਨਾਮਾਂ ਦੀ ਵੰਡ ਰਾਜਦੀਪ ਸਿੰਘ ਗਿੱਲ ਸਾਬਕਾ ਡੀ.ਜੀ.ਪੀ. ਵੱਲੋਂ ਕੀਤੀ ਗਈ। ਟੂਰਨਾਮੈਂਟ ਦਾ ਮੁਕਾਬਲਾ ਨਾਈਜੀਰੀਆ ਦੀ ਪਹਿਲਵਾਨ ਲੋਵੀਕਾ ਤੇ ਭਾਰਤ ਦੀ ਮਨਦੀਪ ਕੌਰ ਵਿਚਕਾਰ ਹੋਇਆ। ਜਿਸ ਨੂੰ ਮਨਦੀਪ ਕੌਰ ਨੇ ਦੂਸਰੇ ਰਾਊਡ ਵਿਚ ਜਿੱਤ ਲਿਆ। ਜਦੋਂ ਕਿ ਮਰਦਾਂ ਦੇ ਮੁਕਾਬਲੇ ਵਿਚ ਓਪਕੀਰੀ ਅਗਲੋ ਨਾਈਜੀਰੀਆ ਤੇ ਹਰਦੀਪ ਕੁਮਾਰ ਪੰਜਾਬ ਵਿਚਕਾਰ ਮੁਕਾਬਲਾ ਹੋਇਆ ਜਿਸ ਵਿਚ ਹਰਦੀਪ ਕੁਮਾਰ ਜੇਤੂ ਰਿਹਾ। ਇਨ੍ਹਾਂ ਕੁਸ਼ਤੀ ਮੁਕਾਬਲਿਆਂ ਵਿਚ ਬਲੇਸਿੰਗ ਓਬੋਰ ਡੁਡੂ ਨਾਈਜੀਰੀਆ ਤੇ ਕੌਮਾਂਤਰੀ ਰੈਸਲਰ ਨਵਜੋਤ ਕੌਰ ਵਿਚਕਾਰ ਹੋਇਆ। ਜਿਸ ਵਿਚ ਨਵਜੋਤ ਕਰ ਜੇਤੂ ਰਹੀ। ਛੇਵਾਂ ਮੁਕਾਬਲਾ ਰੋਜ਼ਾ ਸਲੇਹੀ ਇਰਾਨ ਅਤੇ ਅਕਾਸ਼ ਖੁੱਲਰ ਪੰਜਾਬ ਵਿਚਕਾਰ ਹੋਇਆ ਅਤੇ ਅਕਾਸ਼ ਖੁੱਲਰ ਜੇਤੂ ਰਿਹਾ। ਟੂਰਨਾਮੈਂਟ ਵਿਚ ਵੱਖ ਵੱਖ ਭਾਰ ਦੇ 33 ਦੇ ਕਰੀਬ ਔਰਤਾਂ ਅਤੇ ਮਰਦਾਂ ਨੇ ਰੈਸਲਰਾਂ ਰਾਹੀਂ ਆਪਣੀ ਤਾਕਤ ਨਾਲ ਜ਼ੋਰ ਅਜਮਾਈ ਕੀਤੀ।

ਸ਼ਹੀਦ ਕਰਤਾਰ ਸਿੰਘ ਸਰਾਭਾ ਕਬੱਡੀ ਕੱਪ 20 ਤੋਂ

ਬਠਿੰਡਾ, 17 ਫਰਵਰੀ - ਪਹਿਲਾ ਸ਼ਹੀਦ ਕਰਤਾਰ ਸਿੰਘ ਸਰਾਭਾ ਕਬੱਡੀ ਕੱਪ ਬਠਿੰਡਾ ਦੇ ਖੇਡ ਸਟੇਡੀਅਮ ਵਿਚ 20 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਿਚ ਕੱਪ 'ਤੇ ਅੱਠ ਅਕੈਡਮੀਆਂ ਦੇ ਮੈਚਾਂ ਤੋਂ ਇਲਾਵਾ ਇਕ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਹੋਵੇਗਾ ਅਤੇ ਸ਼ਾਮ ਨੂੰ ਵੀਰ ਦਵਿੰਦਰ ਤੇ ਬੀਬੀ ਹੀਰ ਸਤਿੰਦਰ ਅਤੇ ਸ਼ਿੰਦਾ ਸ਼ੌਂਕੀ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

ਮਣੀਪੁਰ ਦੇ ਨਾਮ 13 ਸੋਨ ਤਗਮੇ

ਰਾਂਚੀ, 16 ਫਰਵਰੀ - 34ਵੀਆਂ ਰਾਸ਼ਟਰੀ ਖੇਡਾਂ ਝਾਰਖੰਡ 'ਚ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਮਣੀਪੁਰ ਨੇ ਤੀਜੇ ਦਿਨ ਪਹਿਲਾ ਦਰਜਾ ਪ੍ਰਾਪਤ ਕਰ ਲਿਆ ਹੈ। ਮਣੀਪੁਰ ਦੇ ਨਾਂਅ 13 ਸੋਨ, 7 ਚਾਂਦੀ ਅਤੇ 11 ਕਾਂਸੀ ਦੇ ਤਗਮੇ ਹਨ। ਦੂਸਰੇ ਦਿਨ ਦੀ ਸਮਾਪਤੀ 'ਤੇ ਪਹਿਲੇ ਸਥਾਨ 'ਤੇ ਰਿਹਾ ਮੱਧ ਪ੍ਰਦੇਸ਼ ਹੁਣ ਦੂਸਰੇ ਸਥਾਨ 'ਤੇ ਖਿਸਕ ਗਿਆ ਹੈ। ਉਸ ਦੇ ਖਾਤੇ 'ਚ 11 ਸੋਨ, 9 ਚਾਂਦੀ ਅਤੇ 16 ਕਾਂਸੀ ਦੇ ਤਗਮੇ ਹਨ। ਸੈਨਾ ਨੇ ਤੀਸਰੇ ਦਿਨ ਆਪਣੇ ਸਥਾਨ 'ਚ ਸੁਧਾਰ ਕਰਦਿਆਂ ਤੀਸਰਾ ਸਥਾਨ ਹਾਸਲ ਕਰ ਲਿਆ ਹੈ। ਉਸ ਕੋਲ 8 ਸੋਨ, 7 ਚਾਂਦੀ ਅਤੇ ਇੰਨੇ ਹੀ ਕਾਂਸੀ ਦੇ ਤਗਮੇ ਹਨ। ਦੂਜੇ ਪਾਸੇ ਦਿੱਲੀ ਚੌਥੇ ਸਥਾਨ 'ਤੇ ਹੈ। ਉਸ ਦੇ ਖਾਤੇ 'ਚ 6 ਸੋਨ, 3 ਚਾਂਦੀ ਅਤੇ 4 ਕਾਂਸੀ ਦੇ ਤਗਮੇ ਹਨ। ਇਨ੍ਹਾਂ ਵਿਚ ਚਾਰ ਸੋਨ ਤਗਮੇ ਤੈਰਾਕ ਰਿਚਾ ਮਿਸ਼ਰਾ ਨੇ ਜਿੱਤੇ ਹਨ। ਰਿਚਾ ਨੇ ਪਹਿਲੇ ਦਿਨ ਦੋ ਅਤੇ ਦੂਸਰੇ ਦਿਨ ਵੀ ਦੋ ਸੋਨ ਤਗਮੇ ਜਿੱਤੇ।

ਇਕ ਲੱਖ ਦਾ ਇਨਾਮ ਮੀਰੀ-ਪੀਰੀ ਕਲੱਬ ਦੇ ਨਾਮ

ਲਾਂਬੜਾ/ਜਲੰਧਰ,16 ਫਰਵਰੀ - 6ਵਾਂ ਪੇਂਡੂ ਖੇਡ ਮੇਲਾ ਲਾਂਬੜਾ ਦੇ ਖੇਡ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਖੇਡ ਮੇਲੇ ਦੇ ਆਖਰੀ ਦਿਨ ਅੱਠ ਅੰਤਰਰਾਸ਼ਟਰੀ ਕਬੱਡੀ ਕਲੱਬਾਂ ਦੇ ਮੈਚ ਹੋਏ, ਜਿਨ੍ਹਾਂ 'ਚੋਂ ਮੀਰੀ-ਪੀਰੀ ਕਬੱਡੀ ਕਲੱਬ ਅਮਰੀਕਾ ਤੇ ਅੰਬੀ ਹਠੂਰ ਮੋਗਾ ਫਾਈਨਲ 'ਚ ਪਹੁੰਚੀਆਂ, ਜਿਸ 'ਚੋਂ ਮੀਰੀ-ਪੀਰੀ ਕਬੱਡੀ ਕਲੱਬ ਨੇ ਜਿੱਤ ਹਾਸਲ ਕਰਕੇ ਇਕ ਲੱਖ ਦੇ ਪਹਿਲੇ ਇਨਾਮ 'ਤੇ ਕਬਜ਼ਾ ਕੀਤਾ, ਜਦਕਿ ਅੰਬੀ ਹਠੂਰ ਦੀ ਝੋਲੀ 70 ਹਜ਼ਾਰ ਰੁਪਏ ਦਾ ਇਨਾਮ ਪਿਆ। ਇਸੇ ਤਰ੍ਹਾਂ ਓਪਨ ਪਿੰਡ ਪੱਧਰ ਮੁਕਾਬਲੇ 'ਚ ਬਲ੍ਹੇਰਖਾਨਪੁਰ ਨੇ ਮਤੋਈ ਪਿੰਡ ਦੀ ਟੀਮ ਨੂੰ ਹਰਾ ਕੇ 51 ਹਜ਼ਾਰ ਦਾ ਪਹਿਲਾ ਇਨਾਮ ਜਿੱਤਿਆ ਤੇ 70 ਕਿਲੋ ਭਾਰ ਵਰਗ ਵਿਚ ਲਾਂਬੜਾ ਦੀ ਟੀਮ ਨੇ ਲੱਲੀਆਂ ਖੁਰਦ ਦੀ ਟੀਮ ਨੂੰ ਚਿੱਤ ਕੀਤਾ। ਕਲੱਬ ਵੱਲੋਂ ਕਬੱਡੀ ਦੇ ਪ੍ਰਸਿੱਧ ਤਿੰਨ ਖਿਡਾਰੀਆਂ ਦਾ ਸਕਾਰਪੀਓ, ਸਫਾਰੀ ਆਦਿ ਗੱਡੀਆਂ ਨਾਲ ਸਨਮਾਨ ਕੀਤਾ ਗਿਆ, ਜਦਕਿ ਹਰਭਜਨ ਮਾਨ ਤੇ ਵਿਜੈ ਧੰਮੀ ਨੂੰ ਗੋਲਡ ਮੈਡਲ ਪਹਿਨਾਇਆ ਗਿਆ। ਆਖਰ 'ਚ ਹਰਭਜਨ ਮਾਨ ਤੇ ਵਿਜੇ ਧੰਮੀ ਨੇ ਖੁੱਲ੍ਹਾ ਅਖਾੜਾ ਲਾ ਕੇ ਖੇਡ ਪ੍ਰੇਮੀਆਂ ਦਾ ਦਿਲ ਜਿੱਤਿਆ।

ਬੇਗੋਵਾਲ ਦਾ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਸ਼ੁਰੂ

ਬੇਗੋਵਾਲ, 16 ਫਰਵਰੀ - 11ਵਾਂ ਸਾਲਾਨਾ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਬੇਗੋਵਾਲ 'ਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ। ਪਹਿਲੇ ਦਿਨ ਓਪਨ ਦੇ ਫਸਵੇਂ ਮੈਚ ਹੋਏ ਜਿਸ 'ਚ ਬੱਲਪੁਰੀਆ, ਬੇਗੋਵਾਲ, ਲੱਖਣ ਕੇ ਪੱਡਾ, ਬੇਗਮਪੁਰ ਤੇ ਜਡਿਆਲਾ ਜੇਤੂ ਰਹੀਆਂ ਤੇ ਜਿੰਨ੍ਹਾਂ ਦਾ ਫਾਇਨਲ ਮੁਕਾਬਲਾ ਹੋਵੇਗਾ। ਆਖੀਰਲੇ ਦਿਨ ਵੱਡੀਆ ਕਲੱਬਾਂ ਦਾ ਭੇੜ ਹੋਵੇਗਾ ਤੇ ਇਨਾਮਾਂ ਦੀ ਵੰਡ ਬੀਬੀ ਜਗੀਰ ਕੌਰ, ਸਿੰਕਦਰ ਸਿੰਘ ਮੂਲਕਾ ਤੇ ਮਨਜੀਤ ਸਿੰਘ ਦਸੂਹਾ ਸਾਂਝੇ ਤੌਰ 'ਤੇ ਕਰਨਗੇ ਤੇ ਸ਼ਾਮ ਵੇਲੇ ਸੱਭਿਆਚਾਰਕ ਮੇਲਾ ਹੋਵੇਗਾ, ਜਿਸ 'ਚ ਮੰਗੀ ਮਾਹਲ ਅਪਾਣੀ ਗਾਇਕੀ ਦੇ ਜੌਹਰ ਦਿਖਾਉਣਗੇ।

ਮਹਿਰਾਜ ਮੀਰੀ ਪੀਰੀ ਚਾਰ ਰੋਜ਼ਾ ਕਬੱਡੀ ਕੱਪ ਸ਼ੁਰੂ

ਮਹਿਰਾਜ, 16 ਫਰਵਰੀ - ਮਹਿਰਾਜ ਦੇ ਖੇਡ ਸਟੇਡੀਅਮ 'ਚ ਚਾਰ ਰੋਜ਼ਾ ਮੀਰੀ ਪੀਰੀ ਕਬੱਡੀ ਕੱਪ ਚੱਲ ਰਿਹਾ ਹੈ। ਇਸ ਦਾ ਉਦਘਾਟਨ ਉੱਘੇ ਖੇਡ ਪ੍ਰਮੋਟਰ ਬਲਜੀਤ ਸਿੰਘ ਰਿੰਕੀ ਸਿੱਧੂ, ਕਲੱਬ ਦੇ ਚੇਅਰਮੈਨ ਅਵਤਾਰ ਸਿੰਘ ਯੂ. ਐਸ. ਏ., ਸਮੂਹ ਕਮੇਟੀ ਮੈਂਬਰ, ਕਲੱਬ ਮੈਂਬਰ ਤੇ ਪਤਵੰਤਿਆਂ ਨੇ ਸਾਂਝੇ ਰੂਪ ਵਿਚ ਕੀਤਾ। 18 ਫਰਵਰੀ ਨੂੰ ਓਪਨ ਕਬੱਡੀ ਦੇ ਪਿੰਡ-ਪਿੰਡ ਦੇ ਮੁਕਾਬਲਿਆਂ 'ਚੋਂ ਵਧੀਆ ਰੇਡਰ ਅਤੇ ਜਾਫ਼ੀ ਨੂੰ ਮੋਟਰ ਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। 19 ਫਰਵਰੀ ਨੂੰ ਪੰਜਾਬ ਦੀਆਂ ਅੱਠ ਸਿਰਮੌਰ ਅਕੈਡਮੀਆਂ ਦੇ ਫਸਵੇਂ ਮੁਕਾਬਲੇ ਦਰਸ਼ਕਾਂ ਨੂੰ ਵੇਖਣ ਲਈ ਮਿਲਣਗੇ। 37 ਕਿਲੋ ਭਾਰ ਵਰਗ, ਫੁੱਟਬਾਲ, ਵਾਲੀਬਾਲ, ਸ਼ੂਟਿੰਗ ਤੇ ਕੁੱਤਿਆਂ ਦੀਆਂ ਦੌੜਾਂ ਦੇ ਸਖ਼ਤ ਮੁਕਾਬਲੇ ਚੱਲ ਰਹੇ ਸਨ।

ਮੀਰੀ ਪੀਰੀ ਕਲੱਬ ਕਪੂਰਥਲਾ ਦੀ ਬੱਲੇ ਬੱਲੇ

ਬਟਾਲਾ, 16 ਫਰਵਰੀ - ਪਹਿਲਾ ਕਬੱਡੀ ਕੱਪ ਪਿੰਡ ਮਲਕਪੁਰ 'ਚ ਬ੍ਰਹਮ ਗਿਆਨੀ ਸੰਤ ਹਜ਼ਾਰਾ ਸਿੰਘ ਨਿੱਕੇ ਘੁੰਮਣ ਤੇ ਉਨ੍ਹਾਂ ਦੇ ਅਨਿਨ ਸੇਵਕ ਸੰਤ ਬਾਪੂ ਸੰਪੂਰਨ ਸਿੰਘ ਮਲਕਪੁਰ ਵਾਲਿਆਂ ਦੀ ਯਾਦ ਵਿਚ ਕਰਵਾਇਆ ਗਿਆ। ਜਿਸ ਵਿਚ ਵਿਸ਼ਵ ਕੱਪ ਜੇਤੂ ਭਾਰਤੀ ਕਬੱਡੀ ਟੀਮ ਦੇ ਸ਼ਾਮਿਲ ਕੁਝ ਖਿਡਾਰੀਆਂ ਵਾਲੀਆਂ ਟੀਮਾਂ ਨੇ ਭਾਗ ਲਿਆ। ਪੰਜਾਬ ਤੇ ਹਰਿਆਣਾ ਦੀਆਂ ਲੜਕੀਆਂ ਦਰਮਿਆਨ ਹੋਏ ਗਹਿਗੱਚ ਮੁਕਾਬਲੇ 'ਚ ਪੰਜਾਬ ਦੀਆਂ ਮੁਟਿਆਰਾਂ ਜੇਤੂ ਰਹੀਆਂ। ਮੀਰੀ-ਪੀਰੀ ਕਬੱਡੀ ਕਲੱਬ ਕਪੂਰਥਲਾ ਤੇ ਅੰਬੀ ਹਠੂਰ ਕਲੱਬ ਮੋਗਾ ਦਰਮਿਆਨ ਹੋਏ ਦਿਲਖਿਚਵੇਂ ਮੈਚ ਵਿਚ ਮੀਰੀ-ਪੀਰੀ ਕਲੱਬ ਕਪੂਰਥਲਾ 21 ਦੇ ਮੁਕਾਬਲੇ 42 ਅੰਕਾਂ ਨਾਲ ਜੇਤੂ ਰਹੀ। ਇਸ ਮੌਕੇ ਚੁਣੇ ਸਰਬੋਤਮ ਖਿਡਾਰੀਆਂ ਤੇ ਜੇਤੂ ਟੀਮਾਂ ਨੂੰ ਬਾਬਾ ਬੁੱਧ ਸਿੰਘ ਨਿੱਕੇ ਘੁੰਮਣ, ਬਾਬਾ ਸਰਵਨ ਸਿੰਘ ਮਲਕਪੁਰ ਤੇ ਬਾਬਾ ਸੁਖਵਿੰਦਰ ਸਿੰਘ ਨੇ ਸਨਮਾਨਿਤ ਕੀਤਾ।

ਰਮੀਦੀ ਵਿਖੇ ਕਬੱਡੀ ਟੂਰਨਾਮੈਂਟ 21 ਨੂੰ

ਸੁਭਾਨਪੁਰ, 16 ਫਰਵਰੀ - ਪਿੰਡ ਰਮੀਦੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਮੈਦਾਨ 'ਚ 50ਵਾਂ ਕਬੱਡੀ ਟੂਰਨਾਮੈਂਟ 21 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ 'ਚ ਕਬੱਡੀ ਓਪਨ, 63 ਕਿਲੋਗ੍ਰਾਮ, 45 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਟੂਰਨਾਮੈਂਟ 'ਚ ਬਜ਼ੁਰਗਾਂ ਦਾ ਕਬੱਡੀ ਮੈਚ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ। ਉਕਤ ਕਬੱਡੀ ਟੂਰਨਾਮੈਂਟ ਲਈ ਐਂਟਰੀਆਂ 20 ਫਰਵਰੀ ਤੱਕ ਲਈਅ ਜਾਣਗੀਆਂ।

ਗੋਲਡ ਕਬੱਡੀ ਕੱਪ 24 ਨੂੰ

ਜਲੰਧਰ, 16 ਫਰਵਰੀ - ਗੋਲਡ ਕਬੱਡੀ ਕੱਪ 24 ਫਰਵਰੀ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ 'ਚ ਕਰਵਾਇਆ ਜਾ ਰਿਹਾ ਹੈ। ਇਸ ਕੱਪ ਵਿਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ ਭਾਗ ਲੈਣਗੀਆਂ। ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 2 ਲੱਖ 51 ਹਜ਼ਾਰ ਰੁਪਏ ਅਤੇ ਦੂਜੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ 2 ਲੱਖ 11 ਹਜ਼ਾਰ ਰੁਪਏ ਦਿੱਤੇ ਜਾਣਗੇ। ਹਰੇਕ ਭਾਗ ਲੈਣ ਵਾਲੀ ਟੀਮ ਨੂੰ 25 ਹਜ਼ਾਰ ਰੁਪਏ ਦਿੱਤੇ ਜਾਣਗੇ। ਸਰਬੋਤਮ ਧਾਵੀ ਅਤੇ ਜਾਫੀ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ।

53ਵਾਂ ਸਾਲਾਨਾ ਸ਼ਹੀਦ-ਏ-ਆਜ਼ਮ ਬਾਬੂ ਲਾਭ ਸਿੰਘ ਮੈਮੋਰੀਅਲ ਆਲ ਇੰਡੀਆ ਗੋਲਡ ਕੱਪ 19 ਤੋਂ

ਲਸਾੜਾ/ਉੜਾਪੜ, 16 ਫਰਵਰੀ - 53ਵਾਂ ਸ਼ਹੀਦ-ਏ-ਆਜ਼ਮ ਬਾਬੂ ਲਾਭ ਸਿੰਘ ਮੈਮੋਰੀਅਲ ਆਲ ਇੰਡੀਆ ਗੋਲਡ ਕੱਪ ਖੇਡ ਮੇਲਾ ਪਿੰਡ ਲਸਾੜਾ (ਜਲੰਧਰ) ਦੇ ਖੇਡ ਸਟੇਡੀਅਮ ਵਿਖੇ 19 ਫਰਵਰੀ ਤੋਂ ਕਰਵਾਇਆ ਜਾ ਰਿਹਾ ਹੈ। ਇਸ ਵਾਰ ਹਾਕੀ ਨੂੰ ਉਤਸ਼ਾਹਿਤ ਕਰਨ ਲਈ ਪਹਿਲੇ ਇਨਾਮ ਦੀ ਰਾਸ਼ੀ ਇਕਤਾਲੀ ਹਜ਼ਾਰ ਤੇ ਉਪ-ਜੇਤੂ ਲਈ ਪੱਚੀ ਹਜ਼ਾਰ, ਕਬੱਡੀ ਅਕੈਡਮੀਆਂ ਜੇਤੂ ਨੂੰ ਕਹੱਤਰ ਹਜ਼ਾਰ ਤੇ ਉਪ-ਜੇਤੂ ਨੂੰ ਇਕਵੰਜਾ ਹਜ਼ਾਰ ਰੁਪਏ, ਲੜਕੇ ਆਲ ਓਪਨ ਫੁੱਟਬਾਲ ਜੇਤੂ ਨੂੰ ਇਕਤਾਲੀ ਹਜ਼ਾਰ ਤੇ ਉਪ-ਜੇਤੂ ਦੀ ਪੱਚੀ ਹਜ਼ਾਰ ਰੁਪਏ, ਇਸੇ ਤਰ੍ਹਾਂ ਕਬੱਡੀ ਸੈਮੀ ਫਾਈਨਲ ਵਿਚ ਹਾਰਨ ਵਾਲੀਆਂ ਦੋਵੇਂ ਟੀਮਾਂ ਨੂੰ ਪੈਂਤੀ-ਪੈਂਤੀ ਹਜ਼ਾਰ ਰੁਪਏ ਤੇ ਕੁਆਰਟਰ ਫਾਈਨਲ ਵਿਚ ਹਾਰਨ ਵਾਲੀਆਂ ਚਾਰੇ ਟੀਮਾਂ ਨੂੰ ਪੱਚੀ-ਪੱਚੀ ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਵਿਸ਼ੇਸ਼ ਤੌਰ 'ਤੇ ਪਰਮਿੰਦਰ ਡੂਮਛੇੜੀ ਤੇ ਸ਼ੰਮੀ ਫਗਵਾੜਾ ਵਿਚਕਾਰ ਇਨਾਮੀ ਕੁਸ਼ਤੀ ਮੁਕਾਬਲਾ ਵੀ ਹੋਵੇਗਾ।

ਫੁੱਟਬਾਲ ਟਰਾਫੀ ਤੇ ਬੀ. ਐਸ. ਐਫ. ਜਲੰਧਰ ਦਾ ਕਬਜ਼ਾ

ਗੁਰਾਇਆ, 15 ਫਰਵਰੀ - 28ਵਾਂ ਬਾਬਾ ਬਚਿੰਤ ਸਿੰਘ ਕਿੰਗ ਆਫ ਰੁੜਕਾ ਕਬੱਡੀ ਕੱਪ ਅਤੇ ਪ੍ਰਮੋਦ ਦਾਸ ਗੁਪਤਾ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਵੱਲੋਂ ਕਰਵਾਇਆ ਗਿਆ। ਫੁੱਟਬਾਲ ਟਰਾਫੀ ਤੇ ਬੀ. ਐਸ. ਐਫ. ਜਲੰਧਰ ਨੇ ਹਰਭਜਨ ਸਪੋਰਟਿੰਗ ਕਲੱਬ ਮਾਹਿਲਪੁਰ ਨੂੰ ਹਰਾ ਕੇ ਆਪਣੀ ਝੋਲੀ 'ਚ ਪਾਈ। ਕਬੱਡੀ ਕੱਪ 'ਚ ਅਕੈਡਮੀਆਂ ਦੇ ਭੇੜ 'ਚ ਟੋਨੀ ਸਪੋਰਟਸ ਕਲੱਬ ਕਾਲਖ ਜੇਤੂ ਰਹੀ ਅਤੇ ਦਸਮੇਸ਼ ਸਪੋਰਟਸ ਕਲੱਬ ਕਪੂਰਥਲਾ ਉਪ ਜੇਤੂ ਰਹੀ। ਕਬੱਡੀ 45 ਕਿਲੋ 'ਚ ਰੁੜਕਾ ਕਲਾਂ, 55 ਕਿਲੋ 'ਚ ਮੱਲ੍ਹਾ ਬੇਦੀਆਂ, 70 ਕਿਲੋ 'ਚ ਰੁੜਕਾ ਏ ਜੇਤੂ ਰਹੀ। 100 ਮੀ. ਅਤੇ 400 ਮੀ. ਦੀ ਦੌੜ 'ਚ ਸੁਖਵਿੰਦਰ ਸਿੰਘ ਜੇਤੂ ਰਿਹਾ। ਰੋਮਾਚਿਕ ਸ਼ੋਅ ਮੈਚ 'ਚ ਬੇਅ-ਏਰੀਆ ਸਪੋਰਟਸ ਕਲੱਬ ਨੇ ਪੰਜਾਬ ਦੇ ਨਾਮਵਰ ਚੋਣਵੇਂ ਖਿਡਾਰੀਆਂ ਨੂੰ ਚਿੱਤ ਕਰ ਦਿੱਤਾ।

ਬੰਡਾਲਾ ਮੰਜਕੀ 'ਚ ਟੂਰਨਾਮੈਂਟ 21 ਤੋਂ

ਗੁਰਾਇਆ, 15 ਫਰਵਰੀ - 21 ਤੋਂ 24 ਫਰਵਰੀ ਤੱਕ ਸ: ਹਾਕਮ ਸਿੰਘ ਬਾਸੀ ਦੀ ਯਾਦ 'ਚ 12ਵਾਂ ਖੇਡ ਮੇਲਾ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਬੰਡਾਲਾ 'ਚ ਕਰਵਾਇਆ ਜਾ ਰਿਹਾ ਹੈ। 21 ਤੋਂ 23 ਤੱਕ ਫੁੱਟਬਾਲ ਮੁਕਾਬਲੇ ਹੋਣਗੇ, 24 ਨੂੰ ਕਬੱਡੀ ਕੱਪ ਲਈ ਅਕੈਡਮੀਆਂ ਦੇ ਭੇੜ ਕਰਵਾਏ ਜਾਣਗੇ। ਦਰਸ਼ਕਾਂ ਦੇ ਮਨੋਰੰਜਨ ਲਈ ਸੱਭਿਆਚਾਰਕ ਪ੍ਰੋਗਰਾਮ, ਹਲਟ ਦੌੜਾਂ ਅਤੇ ਕੁੱਤਿਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ।

ਕਬੱਡੀ ਕੱਪ 'ਚ ਦਿੜ੍ਹਬਾ ਅਕੈਡਮੀ ਅੱਵਲ

ਸਮਰਾਲਾ, 15 ਫ਼ਰਵਰੀ - ਮਾਲਵਾ ਕਾਲਜ ਬੌਂਦਲੀ ਦੇ ਖੇਡ ਸਟੇਡੀਅਮ ਵਿਚ ਕਰਵਾਏ ਗਏ ਖੇਡ ਮੇਲੇ ਦੇ ਆਖ਼ਰੀ ਦਿਨ ਬਚਨ ਸਿੰਘ ਕਬੱਡੀ ਅਕੈਡਮੀ ਦਿੜ੍ਹਬਾ ਨੇ ਡੀ.ਏ.ਵੀ. ਜਲੰਧਰ ਨੂੰ ਹਰਾ ਕੇ ਕਬੱਡੀ ਕੱਪ 'ਤੇ ਕਬਜ਼ਾ ਕੀਤਾ। ਕਬੱਡੀ ਤੋਂ ਇਲਾਵਾ ਬੈਲ ਗੱਡੀਆਂ ਦੇ ਹੀਟਸ ਮੁਕਾਬਲਿਆਂ ਵਿਚ ਸੁਖਵਿੰਦਰ ਸਿੰਘ ਦਿੱਤੂਪੁਰ ਜੱਟਾਂ ਦੀ ਜੋੜੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਮੋਟਰਸਾਈਕਲ ਜਿੱਤਿਆ। ਸਾਈਕਲ ਦੌੜ ਦੇ ਮੁਕਾਬਲਿਆਂ ਵਿਚ ਮੇਵਾ ਸਿੰਘ ਸ਼ਾਹਪੁਰ ਨੇ ਪਹਿਲਾ, ਕੁਲਦੀਪ ਸਿੰਘ ਮਾਜਰਾ ਨੇ ਦੂਜਾ ਅਤੇ ਸ਼ੰਕਰ ਸਿੰਘ ਖੰਨਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸ਼ਮੈਸਿੰਗ ਦੇ ਮੁਕਾਬਲਿਆਂ ਵਿਚ ਅੰਮ੍ਰਿਤਸਰ ਨੇ ਪਹਿਲਾ ਤੇ ਫ਼ਰੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 5 ਹਜ਼ਾਰ ਮੀਟਰ ਲੜਕਿਆਂ ਦੀ ਦੌੜ ਵਿਚ ਮਨਪ੍ਰੀਤ ਸਿੰਘ ਜਲੰਧਰ ਨੇ ਪਹਿਲਾ, ਸਵਰਾਜ ਮੁਹੰਮਦ ਰੋਪੜ ਨੇ ਦੂਜਾ ਅਤੇ ਸਤਨਾਮ ਸਿੰਘ ਰੋਪੜ ਨੇ ਤੀਜਾ ਸਥਾਨ ਹਾਸਿਲ ਕੀਤਾ। 3 ਹਜ਼ਾਰ ਮੀਟਰ ਲੜਕੀਆਂ ਦੇ ਮੁਕਾਬਲੇ ਵਿਚ ਕੁਲਵਿੰਦਰ ਕੌਰ ਲੁਧਿਆਣਾ ਨੇ ਪਹਿਲਾ, ਹਰਪ੍ਰੀਤ ਕੌਰ ਤੱਖਰਾਂ ਨੇ ਦੂਜਾ ਅਤੇ ਅਮਨਦੀਪ ਕੌਰ ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਪੰਜਗਰਾਈਂ ਕਲਾਂ ਦਾ ਖੇਡ ਮੇਲਾ 22 ਤੋਂ

ਪੰਜਗਰਾਈਂ ਕਲਾਂ, 14 ਫਰਵਰੀ - ਤਿੰਨ ਰੋਜ਼ਾ ਖੇਡ ਮੇਲਾ 22 ਫਰਵਰੀ ਨੂੰ ਪੰਜਗਰਾਈਂ ਕਲਾ ਦੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ। ਕਬੱਡੀ ਓਪਨ, 70 ਕਿੱਲੋ, 62 ਕਿੱਲੋ, 55 ਕਿੱਲੋ, ਰੱਸਾਕਸ਼ੀ, ਵਾਲੀਬਾਲ ਤੇ ਲੜਕੀਆਂ ਦੀਆਂ ਖੇਡਾਂ ਤੋਂ ਇਲਾਵਾ ਅਕੈਡਮੀਆਂ ਦੇ ਸ਼ੋਅ ਮੈਚ ਵੀ ਕਰਵਾਏ ਜਾਣਗੇ।

9 ਸੋਨ ਤਗਮਿਆਂ ਨਾਲ ਮੱਧ ਪ੍ਰਦੇਸ਼ ਅੱਵਲ

ਰਾਂਚੀ, 14 ਫਰਵਰੀ - 34ਵੀਆਂ ਰਾਸ਼ਟਰੀ ਖੇਡਾਂ ਜੋ ਕਿ ਝਾਰਖੰਡ 'ਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ 'ਚ ਮੱਧ ਪ੍ਰਦੇਸ਼ ਨੇ ਮੁਕਾਬਲਿਆਂ ਦੇ ਦੂਜੇ ਦਿਨ ਤੱਕ 9 ਸੋਨ ਸਮੇਤ 24 ਤਗਮਿਆਂ ਨਾਲ ਸਿਖ਼ਰਲਾ ਸਥਾਨ ਮੱਲਿਆ ਹੋਇਆ ਹੈ। ਫੌਜ ਨੇ 4 ਸੋਨ ਤਗਮਿਆਂ ਸਹਿਤ ਹੁਣ ਤੱਕ ਆਪਣੀ ਝੋਲੀ 'ਚ 134 ਤਗਮੇ ਪਾਏ ਹੋਏ ਹਨ। ਮਨੀਪੁਰ ਨੇ ਕੁੱਲ 14 ਜਿੱਤੇ ਹਨ ਅਤੇ ਉਸਦੀ ਤੀਜਾ ਸਥਾਨ ਹੈ। ਤਗਮਾ ਸੂਚੀ 'ਚ ਮਹਾਰਾਸ਼ਟਰ ਚੌਥੇ ਸਥਾਨ 'ਤੇ ਹੈ ਅਤੇ ਉਸਨੇ ਹਾਲੇ ਤੱਕ 13 ਤਗਮੇ ਜਿੱਤੇ ਹਨ, ਜਿਨ੍ਹਾਂ 'ਚ 3 ਸੋਨ ਤਗਮੇ ਸ਼ਾਮਿਲ ਹਨ। ਮੇਜ਼ਬਾਨ ਝਾਰਖੰਡ ਤਿੰਨ ਸੋਨ ਅਤੇ ਕੁੱਲ 10 ਤਗਮਿਆਂ ਨਾਲ ਪੰਜਵੇਂ ਸਥਾਨ 'ਤੇ ਹੈ। ਮੱਧ ਪ੍ਰਦੇਸ਼ ਵੱਲੋਂ ਵਿਕਾਸ ਸ਼ਰਮਾ ਨੇ ਕਰਾਟੇ, ਦੇਵਾਂਗ ਅਤੇ ਸੋਮੋਜੀਤ ਨੇ ਵੁਸ਼ੂ, ਅਰਜੁਨ ਸਿੰਘ ਰਾਵਤ ਨੇ ਤਾਈਕਵਾਂਡੋ, ਸਾਵਿੱਤਰੀ ਝਰੀਆ ਅਤੇ ਸਬਾ ਖਾਨ ਨੇ ਕਰਾਟੇ ਦੇ ਮੁਕਾਬਲਿਆਂ 'ਚ ਸੋਨ ਤਗਮੇ ਹਾਸਿਲ ਕੀਤੇ। ਮਹਾਰਾਸ਼ਟਰ ਦੇ ਵੀਰਧਵਲ ਖੜੇ ਅਤੇ ਦਿੱਲੀ ਦੇ ਤਿਰਚਾ ਮਿਸ਼ਰਾ ਨੇ ਤੈਰਾਕੀ ਮੁਕਾਬਲੇ 'ਚ ਹੁਣ ਤੱਕ 2-2 ਸੋਨ ਤਗਮੇ ਹਾਸਿਲ ਕੀਤੇ ਹਨ। ਏਸ਼ੀਆਈ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਵੀਰਧਵਲ ਨੇ ਇਕ ਕਾਂਸੀ ਦਾ ਤਗਮਾ ਜਿੱਤਿਆ। ਮੱਧ ਪ੍ਰਦੇਸ਼ ਦੀ ਰਿਚਾ ਮਿਸ਼ਰਾ ਨੇ ਜਿੱਤੇ ਸੋਨ ਤਗਮਿਆਂ ਨਾਲ ਆਪਣੇ ਸੋਨ ਤਗਮਿਆਂ ਦੀ ਗਿਣਤੀ 4 ਕਰ ਲਈ ਹੈ। ਤੈਰਾਕ ਸੰਦੀਪ ਸੇਜਵਾਲ, ਅਰਜੁਨ ਸਿੰਘ ਰਾਵਤ ਅਤੇ ਸ਼ਾਲੂ ਰਾਇਕਵਾੜ ਨੇ ਵੀ ਅੱਜ ਇਕ-ਇਕ ਸੋਨ ਤਗਮਾ ਜਿੱਤਿਆ। ਰਿਚਾ ਨੇ ਤੈਰਾਕੀ ਦੇ 800 ਮੀਟਰ ਫਰੀਸਟਾਈਲ ਮੁਕਾਬਲੇ 'ਚ 9,24,45 ਮਿੰਟ ਦਾ ਸਮਾਂ ਕੱਢ ਕੇ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕਰ ਦਿੱਤਾ। ਜਦਕਿ ਪਹਿਲਾਂ ਇਹ ਰਿਕਾਰਡ ਸੁਰਬੀ ਤਿਪਰੇ (9,25,30) ਦੇ ਨਾਮ ਸੀ। ਪੰਜਾਬ ਦੇ ਜਸ਼ਨਦੀਪ ਸਿੰਘ ਨੇ 200 ਮੀਟਰ ਬੈਕਸਟਰੋਕ ਵਰਗ ਦੇ ਮੁਕਾਬਲੇ 'ਚ 2,28,28 ਦਾ ਸਮਾਂ ਕੱਢ ਕੇ ਕਾਂਸੀ ਦਾ ਤਗਮਾ ਹਾਸਿਲ ਕੀਤਾ।

ਕਬੱਡੀ 55 ਕਿਲੋ ਵਰਗ 'ਚ ਪਿੰਡ ਕੈਰੇ ਜੇਤੂ

ਸਮਾਲਸਰ, 14 ਫਰਵਰੀ - ਚੌਥਾ ਕਬੱਡੀ ਕੱਪ ਖਾਲਸਾ ਸਟੇਡੀਅਮ ਪਿੰਡ ਰੋਡੇ (ਮੋਗਾ) 'ਚ ਕਰਵਾਇਆ ਗਿਆ। ਇਹ ਕਬੱਡੀ ਕੱਪ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਦਿਵਸ ਦੀ ਖੁਸ਼ੀ 'ਚ ਕਰਵਾਇਆ ਗਿਆ। ਟੂਰਨਾਮੈਂਟ ਦੌਰਾਨ 55 ਕਿਲੋ ਵਰਗ ਵਿਚ ਪਿੰਡ ਕੈਰੇ (ਸੰਗਰੂਰ) ਨੇ ਪਹਿਲਾ ਅਤੇ ਰਣੀਕੇ (ਤਰਨ ਤਾਰਨ) ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ ਓਪਨ ਦੇ ਹੋਏ ਜਬਰਦਸਤ ਮੁਕਾਬਲਿਆਂ ਵਿਚ ਹਰਜੀਤ ਫਰੈਂਡਜ਼ ਕਲੱਬ ਪੱਤੋ ਹੀਰਾ ਸਿੰਘ ਨੇ ਅੰਬੀ ਹਠੂਰ ਕਲੱਬ ਮੋਗਾ ਨੂੰ ਹਰਾ ਕੇ ਇਕ ਲੱਖ ਰੁਪਏ ਅਤੇ ਕਬੱਡੀ ਕੱਪ 'ਤੇ ਕਬਜ਼ਾ ਕੀਤਾ। ਬੈਸਟ ਰੇਡਰ ਲਵਪ੍ਰੀਤ ਨੀਨਾ ਡਰੋਲੀ ਭਾਈ ਰਿਹਾ। ਜਦੋਂ ਕਿ ਬੈਸਟ ਸਟਾਪਰ ਜੰਟਾ ਲੰਡੇ ਐਲਾਨਿਆ ਗਿਆ। ਇਸ ਸਮੇਂ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜੀਵਨ ਅਤੇ ਉਨ੍ਹਾਂ ਦੀ ਸਿੱਖ ਪੰਥ ਨੂੰ ਦੇਣ 'ਤੇ ਚਾਨਣਾ ਪਾਇਆ। ਇਸ ਸਮੇਂ ਜੱਥੇਦਾਰ ਤੋਤਾ ਸਿੰਘ ਸਾਬਕਾ ਸਿੱਖਿਆ ਮੰਤਰੀ ਨੇ ਵੀ ਸੰਬੋਧਨ ਕੀਤਾ।

ਪਹਿਲਾ ਵਿਸ਼ਵ ਗਤਕਾ ਕੱਪ 21 ਅਗਸਤ ਤੋਂ

ਜਲੰਧਰ ਛਾਉਣੀ, 14 ਫਰਵਰੀ - ਪਹਿਲਾ ਵਿਸ਼ਵ ਗਤਕਾ ਕੱਪ 20-21 ਅਗਸਤ ਨੂੰ ਜਲੰਧਰ 'ਚ ਕਰਵਾਇਆ ਜਾ ਰਿਹਾ ਹੈ। ਇਹ ਕੱਪ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਜਾਣਾ ਸੀ, ਪ੍ਰੰਤੂ ਕੁਝ ਕਾਰਨਾਂ ਕਰਕੇ ਇਸ ਨੂੰ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਵਿਸ਼ਵ ਗਤਕਾ ਕੱਪ 'ਚ ਯੂ.ਕੇ, ਅਮਰੀਕਾ, ਅਸਟਰੇਲੀਆ, ਨਿਊਜ਼ੀਲੈਂਡ ਅਤੇ ਭਾਰਤ ਸਮੇਤ ਹੋਰ ਕਈ ਦੇਸ਼ਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ ਤੇ ਭਾਰਤ ਦੀ ਟੀਮ ਦੇ ਟ੍ਰਾਇਲ ਵੀ ਚਲ ਰਹੇ ਹਨ। ਇਹ ਟ੍ਰਾਇਲ ਸ: ਸੁਰਿੰਦਰ ਸਿੰਘ ਭਾਟੀਆ ਵੱਲੋਂ ਦਿੱਲੀ, ਮੁੰਬਈ ਅਤੇ ਹੋਰ ਵੱਖ-ਵੱਖ ਰਾਜਾਂ 'ਚ ਜਾ ਕੇ ਲਏ ਜਾ ਰਹੇ ਹਨ ਤੇ ਚੋਣ ਕੀਤੇ ਖਿਡਾਰੀਆਂ ਨਾਲ ਹੀ ਭਾਰਤ ਦੀ ਟੀਮ ਤਿਆਰ ਕੀਤੀ ਜਾਵੇਗੀ।

ਬਿਲਗਾ ਵਿਖੇ ਕਬੱਡੀ ਕੱਪ 19 ਤੋਂ

ਬਿਲਗਾ, 14 ਫਰਵਰੀ - ਦੂਜਾ ਕਬੱਡੀ ਕੱਪ 19-20 ਫਰਵਰੀ ਨੂੰ ਬਿਲਗਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਦੌਰਾਨ ਕਬੱਡੀ 50 ਕਿਲੋ, ਆਲ ਓਪਨ, ਕੁੜੀਆਂ ਦੀ ਕਬੱਡੀ ਦੇ ਮੁਕਾਬਲੇ ਹੋਣਗੇ, 8 ਕਲੱਬਾਂ ਵਿਚਕਾਰ ਫਸਵੇਂ ਮੁਕਾਬਲੇ ਅਤੇ ਕੁਤਿਆਂ ਦੀਆਂ ਟਰੈਕ ਦੌੜਾਂ (ਇੰਡੀਅਨ) ਕਰਵਾਈਆਂ ਜਾਣਗੀਆਂ। ਉਦਘਾਟਨ ਐਨ. ਆਰ. ਆਈ ਮਨਜੀਤ ਸਿੰਘ, ਇਨਾਮਾਂ ਦੀ ਵੰਡ ਕਮਲਜੀਤ ਸਿੰਘ ਹੇਅਰ ਪ੍ਰਧਾਨ ਐਨ. ਆਰ. ਆਈ ਸਭਾ ਪੰਜਾਬ ਕਰਨਗੇ।

ਬਿਲਾਸਪੁਰ ਦਾ ਕਬੱਡੀ ਕੱਪ ਸਮਾਪਤ

ਨਿਹਾਲ ਸਿੰਘ ਵਾਲਾ, 14 ਫਰਵਰੀ - ਸ਼ਹੀਦ ਬਾਬਾ ਦੀਪ ਸਿੰਘ ਯਾਦਗਾਰੀ ਕਬੱਡੀ ਕੱਪ ਅਕਾਲੀ ਕਰਤਾਰ ਸਿੰਘ ਯਾਦਗਾਰੀ ਸਟੇਡੀਅਮ ਵਿਚ ਕਰਵਾਇਆ ਗਿਆ। ਕਬੱਡੀ ਓਪਨ ਧੂਰਕੋਟ ਰਣਸੀਂਹ ਦੀ ਟੀਮ ਨੇ ਸੈਦੋਕੇ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। 45 ਕਿਲੋ ਵਜ਼ਨ ਵਿਚ ਪੇਦਨੀ ਕਲਾਂ ਨੇ ਬੀੜ ਰਾਊਕੇ, 60 ਕਿਲੋ ਵਿਚ ਹਿੰਮਤਪੁਰਾ ਨੇ ਦੀਪਗੜ੍ਹ, 70 ਕਿਲੋ 'ਚ ਰਾਊਕੇ ਕਲਾਂ ਨੇ ਦੀਨਾਂ ਸਾਹਿਬ ਦੀ ਟੀਮ ਨੂੰ ਹਰਾ ਕੇ ਪਹਿਲੇ ਸਥਾਨ ਪ੍ਰਾਪਤ ਕੀਤੇ। ਸ਼ੀਪ ਮੁਕਾਬਲਿਆਂ ਵਿਚ ਪਿੰਡ ਕੁੱਸਾ ਦੇ ਘੋਨ ਅਤੇ ਕਾਲਾ ਪਹਿਲੇ ਸਥਾਨ ਨੇ ਰਹੇ ਜਦਕਿ ਜਗਸੀਰ ਸਿੰਘ ਅਤੇ ਰਾਜੂ ਬਾਘਾਪੁਰਾਣਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਬੈਸਟ ਧਾਵੀ ਸੋਨੀ ਅਤੇ ਬੈਸਟ ਜਾਫੀ ਗੋਪੀ ਅਤੇ ਸੋਨੀ ਨੂੰ ਰੰਗਦਾਰ ਟੀ.ਵੀ ਨਾਲ ਸਨਮਾਨਿਤ ਕੀਤਾ ਗਿਆ। ਅਮਨਾ ਲੋਪੋ ਅਤੇ ਬਿੱਟੂ ਸੈਦੋਕੇ ਵੱਲੋਂ ਬਾਖੂਬੀ ਕੁਮੈਂਟਰੀ ਕੀਤੀ ਗਈ।

ਖੰਨਾ ਕਬੱਡੀ ਕੱਪ 23 ਨੂੰ

ਖੰਨਾ, 14 ਫਰਵਰੀ - ਸਵ: ਸਰਪੰਚ ਰੁਪਿੰਦਰ ਸਿੰਘ ਗਾਂਧੀ ਰਸੂਲੜਾ ਦੀ ਯਾਦ ਵਿਚ ਕਬੱਡੀ ਕੱਪ 23 ਫਰਵਰੀ ਨੂੰ ਏ.ਐਸ. ਕਾਲਜ ਦੇ ਖੇਡ ਮੈਦਾਨ ਵਿਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਨਾਰਥ ਇੰਡੀਆ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਪਹਿਲੇ ਸਵਾ ਲੱਖ ਅਤੇ ਦੂਜੇ 1 ਲੱਖ ਰੁਪਏ ਦੇ ਇਨਾਮਾਂ ਲਈ ਭਿੜਨਗੀਆਂ। ਦਰਸ਼ਕਾਂ ਅਤੇ ਖਿਡਾਰੀਆਂ ਦਾ ਮੰਨੋਰੰਜਨ ਜੈਜ਼ੀ ਬੀ. ਵੱਲੋਂ ਕੀਤਾ ਜਾਵੇਗਾ।

ਤੱਖਰ ਦੀ ਯਾਦ ਵਿਚ ਕੁਸ਼ਤੀ ਮੁਕਾਬਲੇ

ਜਲੰਧਰ, 13 ਫਰਵਰੀ - ਬਸਤੀ ਬਾਵਾ ਖੇਲ ਵਾਰਡ ਨੰ: 41 ਵਿਚ ਇਲਾਕੇ ਦੇ ਕੌਂਸਲਰ ਸਵ: ਸ: ਹਰਭਜਨ ਸਿੰਘ ਤੱਖਰ ਯਾਦਗਾਰੀ ਕਲੱਬ ਵੱਲੋਂ ਤੀਜਾ ਛਿੰਝ ਮੇਲਾ ਕਰਵਾਇਆ ਗਿਆ। ਪਟਕੇ ਦੀ ਕੁਸ਼ਤੀ ਤੀਰਥ ਫਗਵਾੜਾ ਨੇ ਮੀਨੂੰ ਪੀ. ਏ. ਪੀ. ਨੂੰ ਚਿੱਤ ਕੀਤਾ।

ਮਹਿਲਾ ਹਾਕੀ ਚੈਂਪੀਅਨਜ਼ ਚੈਲੇਂਜਰ ਕੱਪ

ਪਟਿਆਲਾ, 13 ਫਰਵਰੀ - ਆਇਰਲੈਂਡ ਦੇ ਸ਼ਹਿਰ ਡਬਲਿਸ ਵਿਖੇ ਹੋਣ ਵਾਲੇ ਮਹਿਲਾ ਹਾਕੀ ਦੇ ਚੈਂਪੀਅਨਜ਼ ਚੈਲੇਂਜਰ ਕੱਪ 'ਚ ਭਾਰਤ ਨੂੰ ਸਪੇਨ ਤੇ ਆਇਰਲੈਂਡ ਵਰਗੀਆਂ ਤਾਕਤਵਰ ਟੀਮਾਂ ਨਾਲ ਟੱਕਰ ਲੈਣੀ ਪਵੇਗੀ। ਕੌਮਾਂਤਰੀ ਹਾਕੀ ਸੰਘ ਵੱਲੋਂ ਜਾਰੀ ਵੇਰਵਿਆਂ ਅਨੁਸਾਰ 18 ਤੋਂ 26 ਜੂਨ ਤੱਕ ਹੋਣ ਵਾਲੇ ਇਸ ਟੂਰਨਾਮੈਂਟ 'ਚ ਕੁੱਲ 8 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਨੂੰ ਦੋ ਪੂਲਾਂ 'ਚ ਵੰਡਿਆ ਗਿਆ ਹੈ। 'ਏ' ਪੂਲ 'ਚ ਦੱਖਣੀ ਅਫਰੀਕਾ, ਜਾਪਾਨ, ਸਕਾਟਲੈਂਡ ਤੇ ਅਮਰੀਕਾ, ਪੂਲ 'ਬੀ' 'ਚ ਸਪੇਨ, ਅਜ਼ਰਬਾਈਜਾਨ, ਭਾਰਤ ਤੇ ਮੇਜ਼ਬਾਨ ਆਇਰਲੈਂਡ ਦੀਆਂ ਟੀਮਾਂ ਨੂੰ ਰੱਖਿਆ ਗਿਆ ਹੈ। ਦੋਨਾਂ ਪੂਲਾਂ ਦੀਆ ਟੀਮਾਂ ਲੀਗ ਮੁਕਾਬਲੇ ਖੇਡਣ ਉਪਰੰਤ ਨਾਕ ਆਊਟ ਦੌਰ 'ਚ ਕੁਆਰਟਰ ਫਾਈਨਲ ਖੇਡਣਗੀਆਂ। ਇਨ੍ਹਾਂ ਮੁਕਾਬਲਿਆਂ ਦੀਆਂ ਜੇਤੂ ਚਾਰ ਟੀਮਾਂ ਸੈਮੀਫਾਈਨਲ 'ਚ ਪੁੱਜਣਗੀਆਂ ਅਤੇ ਹਾਰਨ ਵਾਲੀਆਂ ਟੀਮਾਂ 5 ਤੋਂ 8 ਸਥਾਨ ਲਈ ਖੇਡਣਗੀਆਂ। ਇਹ ਟੂਰਨਾਮੈਂਟ ਪਿਛਲੀ ਵਾਰ ਨਿਊਜ਼ੀਲੈਂਡ ਨੇ ਜਿੱਤਿਆ ਸੀ।

50ਵਾਂ ਗੋਲਡਨ ਜੁਬਲੀ ਕਬੱਡੀ ਟੂਰਨਾਮੈਂਟ 23 ਤੋਂ

ਮੱਲ੍ਹੀਆਂ ਕਲਾਂ, 13 ਫਰਵਰੀ - 50ਵਾਂ ਗੋਲਡਨ ਜੁਬਲੀ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਨਜ਼ਦੀਕੀ ਪਿੰਡ ਚਿੱਟੀ (ਜਲੰਧਰ) ਵਿਖੇ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਤੇ ਸੰਤ ਹੀਰਾ ਦਾਸ ਦੀ ਯਾਦ 'ਚ 23 ਤੋਂ 25 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਬੱਡੀ ਓਪਨ ਪਿੰਡ ਪੱਧਰ, ਜਿਸ 'ਚ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਹਨ, ਜਿਸ 'ਚ ਕਬੱਡੀ 61 ਕਿਲੋ ਪਿੰਡ ਪੱਧਰ, ਕਬੱਡੀ 55 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ, ਆਖਰੀ ਦਿਨ 25 ਫਰਵਰੀ ਨੂੰ ਕਬੱਡੀ 70 ਕਿਲੋ ਕਬੱਡੀ ਦਾ ਸ਼ੋਅ ਮੈਚ ਦੁਆਬਾ ਤੇ ਮਾਲਵਾ, ਕਬੱਡੀ ਓਪਨ 'ਚ ਦਸ਼ਮੇਸ਼ ਸਪੋਰਟਸ ਕਲੱਬ ਕਪੂਰਥਲਾ ਤੇ ਮਾਨੂਪੁਰ ਅਕੈਡਮੀ ਲੁਧਿਆਣਾ ਦੇ ਵਿਚਕਾਰ ਸ਼ੋਅ ਮੈਚ ਕਰਵਾਇਆ ਜਾਵੇਗਾ।

ਸਮਰਾਲਾ ਖੇਡ ਮੇਲੇ ਦੇ ਦੂਸਰੇ ਦਿਨ ਹੋਏ ਰੌਚਕ ਮੁਕਾਬਲੇ

ਸਮਰਾਲਾ, 13 ਫ਼ਰਵਰੀ - ਮਾਲਵਾ ਕਾਲਜ ਬੌਂਦਲੀ ਦੇ ਖੇਡ ਸਟੇਡੀਅਮ ਵਿਚ ਤਿੰਨ ਰੋਜ਼ਾ ਖੇਡ ਮੇਲੇ ਦੇ ਦੂਸਰੇ ਦਿਨ ਵੱਖ-ਵੱਖ ਖੇਡਾਂ ਦੇ ਰੌਚਕ ਮੁਕਾਬਲੇ ਵੇਖਣ ਨੂੰ ਮਿਲੇ। ਕਬੱਡੀ ਇੱਕ ਪਿੰਡ ਦੇ ਹੋਏ ਮੁੱਢਲੇ ਮੁਕਾਬਲਿਆਂ ਵਿਚ ਬਾਲਿਓਂ ਦੀ ਟੀਮ ਨੇ ਘਰਖਣਾ ਨੂੰ, ਹੇਡੋਂ ਦੀ ਟੀਮ ਨੇ ਘੱਗਾ ਨੂੰ, ਉਟਾਲ਼ਾਂ ਨੇ ਮਾਣਕੀ ਨੂੰ ਅਤੇ ਬਿਲਾਸਪੁਰ ਦੀ ਟੀਮ ਨੂੰ ਭੂਮਸੀ ਨੂੰ ਹਰਾ ਕੇ ਫ਼ਾਈਨਲ ਵੱਲ ਵਧਣ ਲਈ ਰਾਹ ਪੱਧਰਾ ਕਰ ਲਿਆ ਹੈ। 14 ਫ਼ਰਵਰੀ ਨੂੰ ਕਬੱਡੀ ਕੱਪ ਲਈ ਵਿਸ਼ਵ ਪ੍ਰਸਿੱਧ ਅੱਠ ਕਬੱਡੀ ਅਕੈਡਮੀਆਂ ਵਿਚ ਰੌਚਕ ਮੁਕਾਬਲੇ ਵੇਖਣ ਨੂੰ ਮਿਲਣਗੇ।

ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲੇ ਮੋਗਾ ਵਿਖੇ 16 ਨੂੰ

ਜਲੰਧਰ, 13 ਫਰਵਰੀ - ਸ: ਨਛੱਤਰ ਸਿੰਘ ਗਿੱਲ ਯਾਦਗਾਰੀ ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲੇ 16 ਫਰਵਰੀ ਨੂੰ ਟਾਊਨ ਹਾਲ ਮੋਗਾ ਵਿਖੇ ਕਰਵਾਏ ਜਾ ਰਹੇ ਹਨ। ਇਸ ਟੂਰਨਾਮੈਂਟ 'ਚ ਨਾਈਜੀਰੀਆ, ਜੋਰਜੀਆ, ਪਾਕਿਸਤਾਨ ਅਤੇ ਭਾਰਤ ਦੇ ਲੜਕੇ-ਲੜਕੀਆਂ ਪਹਿਲਵਾਨ ਆਪਣੇ ਜੌਹਰ ਵਿਖਾਉਣਗੇ। ਇਸ ਟੂਰਨਾਮੈਂਟ ਦਾ ਉਦਘਾਟਨ 12 ਵਜੇ ਸ: ਪਰਮਦੀਪ ਸਿੰਘ ਗਿੱਲ ਆਈ. ਪੀ. ਐਸ. ਡੀ. ਜੀ. ਪੀ. ਪੰਜਾਬ ਕਰਨਗੇ ਅਤੇ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਸਾਬਕਾ ਡੀ. ਜੀ. ਪੀ. ਪੰਜਾਬ ਸ: ਰਾਜਦੀਪ ਸਿੰਘ ਗਿੱਲ ਕਰਨਗੇ।

ਜੱਲੂਪੁਰੇ ਖੈੜਾ ਦਾ ਖੇਡ ਮੇਲਾ ਸਮਾਪਤ

ਰਈਆ, 13 ਫਰਵਰੀ - ਜੱਲੂਪੁਰ ਖੈੜਾ 'ਚ ਧੰਨ-ਧੰਨ ਬਾਬਾ ਕਾਲਾ ਮਹਿਰ ਜੀ ਨੂੰ ਸਮਰਪਿਤ ਦੋ ਰੋਜ਼ਾ ਖੇਡ ਮੇਲਾ ਕਰਵਾਇਆ ਗਿਆ। ਇਸ ਦੋ ਰੋਜ਼ਾ ਖੇਡ ਮੇਲੇ ਦੌਰਾਨ ਕਬੱਡੀ ਦੇ ਫਾਈਨਲ ਮੁਕਾਬਲਿਆਂ 74 ਕਿਲੋਗ੍ਰਾਮ ਕਬੱਡੀ ਦੇ ਮੁਕਾਬਲੇ ਵਿਚ ਜੱਲੂਪੁਰ ਖੈੜਾ ਨੇ ਸੁਰਖਪੁਰ ਨੂੰ ਹਰਾ ਕੇ ਜਿੱਤ ਆਪਣੀ ਝੋਲੀ ਪਵਾਈ। ਓਪਨ ਇਕ ਪਿੰਡ ਦੇ ਮੈਚ ਵਿਚ ਜੱਲੂਪੁਰ ਖੈੜਾ ਨੇ ਸ਼ਿਕਾਰ ਮਾਛੀਆਂ ਨੂੰ ਚਿਤ ਕੀਤਾ। ਕਲੱਬਾਂ ਦੇ ਮੁਕਾਬਲਿਆਂ ਵਿਚ ਬਾਬਾ ਹੰਦਾਲ ਕਲੱਬ ਬੋਪਾਰਾਏ ਨੇ ਬੜੇ ਹੀ ਗਹਿਗੱਚ ਮੁਕਾਬਲੇ ਮੌਕੇ ਗੁਰੂ ਨਾਨਕ ਦੇਵ ਸਪੋਰਟਸ ਕਲੱਬ ਨਕੋਦਰ ਨੂੰ 23-20 ਅੰਦਾਂ ਦੇ ਫਰਕ ਨਾਲ ਹਰਾ ਕੇ ਟਰਾਫ਼ੀ ਨੂੰ ਚੁੰਮਿਆਂ। ਜੇਤੂਆਂ ਨੂੰ ਇਨਾਮਾਂ ਦੀ ਵੰਡ ਟੂਰਨਾਮੈਂਟ ਕਮੇਟੀ ਅਤੇ ਪ੍ਰਵਾਸੀ ਭਾਰਤੀਆਂ ਨੇ ਸਾਂਝੇ ਤੌਰ 'ਤੇ ਕੀਤੀ।

ਕਬੱਡੀ ਕੱਪ ਫਰਵਾਹੀ 'ਚ 1 ਮਾਰਚ ਤੋਂ

ਬਰਨਾਲਾ, 13 ਫਰਵਰੀ - 1-2 ਮਾਰਚ ਤੱਕ ਬਾਬਾ ਥੰਮ੍ਹਣ ਸਿੰਘ ਦੀ ਯਾਦ ਨੂੰ ਸਮਰਪਿਤ ਕਬੱਡੀ ਕੱਪ ਫਰਵਾਹੀ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਕਬੱਡੀ ਓਪਨ ਤੇ 70 ਕਿਲੋ ਕਰਵਾਏ ਜਾਣਗੇ। ਪਹਿਲਾ ਇਨਾਮ 71 ਹਜ਼ਾਰ, ਦੂਜਾ 59 ਹਜ਼ਾਰ ਰੱਖਿਆ ਹੈ। ਸਰਬੋਤਮ ਜਾਫ਼ੀ ਤੇ ਧਾਵੀ ਨੂੰ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ।

ਤੀਸਰਾ ਗੋਲਡ ਕਬੱਡੀ ਕੱਪ 28 ਤੋਂ

ਦਸੂਹਾ, 13 ਫਰਵਰੀ - 26 ਤੋਂ 28 ਫਰਵਰੀ ਤੱਕ ਤੀਜਾ ਗੋਲਡ ਕਬੱਡੀ ਕੱਪ ਫੋਕਲ ਪੁਆਇੰਟ ਜੌਹਲ-ਧੁੱਗਾ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਪਹਿਲਾ ਇਨਾਮ ਇਕ ਲੱਖ ਰੁਪਏ ਦਿੱਤਾ ਜਾਵੇਗਾ। ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦੌਰਾਨ ਪੰਜਾਬ ਦੀਆਂ ਦਰਜਨ ਦੇ ਲਗਭਗ ਵੱਖ-ਵੱਖ ਕਲੱਬਾਂ ਅਤੇ ਅਕੈਡਮੀਆਂ ਦੀਆਂ ਟੀਮਾਂ ਭਾਗ ਲੈਣਗੀਆਂ।

ਲੜਕਿਆਂ ਦੇ ਵਰਗ 'ਚ ਗੁਰਦਾਸਪੁਰ ਚੈਂਪੀਅਨ

ਜਲੰਧਰ, 13 ਫਰਵਰੀ - 32ਵੀਂ ਪੰਜਾਬ ਜੂਡੋ ਚੈਂਪੀਅਨਸ਼ਿਪ ਸਬ ਜੂਨੀਅਰ ਲੜਕੇ-ਲੜਕੀਆਂ ਜੋ ਸਰਕਾਰੀ ਮਾਡਲ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿਖੇ ਕਰਵਾਈ ਜਾ ਰਹੀ ਹੈ। ਜਿਸ ਵਿਚ ਪੰਜਾਬ ਭਰ ਤੋਂ 350 ਜੂਡੋਕਾ ਭਾਗ ਲੈ ਰਹੇ ਸਨ। ਚੈਂਪੀਅਨਸ਼ਿਪ ਦੇ ਨਤੀਜਿਆਂ 'ਚ ਲੜਕੇ-ਜ਼ਿਲ੍ਹਾ ਗੁਰਦਾਸਪੁਰ ਜੇਤੂ, ਜਲੰਧਰ ਉਪ ਜੇਤੂ ਅਤੇ ਬਠਿੰਡਾ ਤੀਜੇ ਸਥਾਨ 'ਤੇ ਰਿਹਾ। ਲੜਕੀਆਂ ਵਿਚ-ਜ਼ਿਲ੍ਹਾ ਤਰਨ ਤਾਰਨ ਜੇਤੂ, ਹੁਸ਼ਿਆਰਪੁਰ ਉਪ ਜੇਤੂ ਅਤੇ ਜਲੰਧਰ ਤੀਸਰੇ ਸਥਾਨ 'ਤੇ ਰਿਹਾ।

ਸੁਖਬੀਰ ਸਿੰਘ ਬਾਦਲ ਨੇ ਕੀਤੀ ਇਨਾਮਾਂ ਦੀ ਵੰਡ

ਜਲੰਧਰ, 12 ਫਰਵਰੀ -ਦੂਜਾ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਕੁਸ਼ਤੀ ਟੂਰਨਾਮੈਂਟ ਪੀ ਏ ਪੀ ਦੇ ਐਮ.ਐਸ. ਭੁੱਲਰ ਇੰਨਡੋਰ ਸਟੇਡੀਅਮ 'ਚ ਚੱਲ ਰਿਹਾ ਹੈ। ਇਸ ਟੂਰਨਾਮੈਂਟ 'ਚ ਮੇਜਬਾਨ ਭਾਰਤ ਦੇ ਪਹਿਲਵਾਨਾਂ ਨੇ ਮਰਦਾਂ ਦੇ ਵਰਗ 'ਚ 67 ਅੰਕ ਅਤੇ ਔਰਤਾਂ ਦੇ ਵਰਗ 'ਚੋਂ 66 ਅੰਕ ਲੈ ਕੇ ਸਮੁੱਚੀ ਚੈਪੀਅਨਸ਼ਿਪ 'ਤੇ ਕਬਜ਼ਾ ਕਰ ਲਿਆ। ਇਸ ਮੌਕੇ 'ਤੇ ਇਨਾਮਾਂ ਦੀ ਵੰਡ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕੀਤੀ। 28 ਫਰਵਰੀ ਨੂੰ ਪੰਜਾਬ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਜਿਸ ਵਿੱਚ 11 ਖੇਡ ਮੁਕਾਬਲੇ ਕਰਵਾਏ ਜਾਣਗੇ। 55 ਕਿੱਲੋ ਫ੍ਰੀ ਸਟਾਈਲ ਔਰਤਾਂ ਦੇ ਫਾਈਨਲ ਮੁਕਾਬਲੇ 'ਚ ਜਪਾਨ ਦੀ ਹਰੂਕਾ ਹਰੀਨੋ ਸੋਨ ਤਮਗਾ ਜਿੱਤਿਆ, ਭਾਰਤ ਦੀ ਕਮਲੇਸ਼ ਰਾਣੀ ਨੂੰ ਚਾਂਦੀ ਤੇ ਭਾਰਤ ਦੀ ਗਾਰਗੀ ਨੂੰ ਕਾਂਸੀ ਦਾ ਤਮਗਾ ਮਿਲਿਆ। ਔਰਤਾਂ ਦੇ 59 ਕਿੱਲੋ ਫ੍ਰੀ ਸਟਾਈਲ ਵਰਗ 'ਚ ਭਾਰਤ ਦੀ ਸ਼ਾਕਸ਼ੀ ਮਲਿਕ ਨੇ ਸੋਨ ਤਮਗਾ, ਅਮਰੀਕਾ ਦੀ ਐਸ਼ਲੀ ਹਡਸਨ ਨੇ ਚਾਂਦੀ ਅਤੇ ਭਾਰਤ ਦੀ ਪ੍ਰੋਮਿਲਾ ਨੇ ਕਾਂਸੀ ਦਾ ਤਮਗਾ ਹਾਸਿਲ ਕੀਤਾ। ਮਰਦਾਂ ਦੇ 66 ਕਿੱਲੋ ਭਾਰ ਵਰਗ 'ਚ ਭਾਰਤ ਦੇ ਪ੍ਰਵੀਨ ਰਾਨਾ ਨੇ ਸੋਨ ਤਮਗਾ, ਅਮਿਤ ਨੇ ਚਾਂਦੀ ਅਤੇ ਰਾਹੁਲ ਮਾਨ ਨੇ ਕਾਂਸੀ ਦਾ ਤਮਗਾ ਹਾਸਿਲ ਕੀਤਾ । 72 ਕਿੱਲੋ ਅੋਰਤਾਂ ਦੇ ਫ੍ਰੀ ਸਟਾਈਲ ਭਾਰ ਵਰਗ ਵਿੱਚ ਭਾਰਤ ਦੀ ਗੁਰਸ਼ਰਨਪ੍ਰੀਤ ਪ੍ਰੀਤ ਕੋਰ ਨੇ ਸੋਨ ਤਮਗਾ, ਨਾਈਜੀਰੀਆ ਦੀ ਇਚਨਾਕੋ ਨੇ ਚਾਂਦੀ ਤੇ ਭਾਰਤ ਦੀ ਆਂਸੂਤੋਮਰ ਨੇ ਕਾਂਸੀ ਦਾ ਤਮਗਾ ਹਾਸਿਲ ਕੀਤਾ। ਮਰਦਾਂ ਦੇ 120 ਕਿੱਲੋ ਭਾਰ ਵਰਗ ਜਾਰਜੀਆ ਦੇ ਪਹਿਲਵਾਨ ਐਮ. ਜੋਰਜ਼ ਨੇ ਸੋਨ ਤਮਗਾ, ਭਾਰਤ ਦੇ ਗੁਰਦੇਵ ਨੇ ਚਾਂਦੀ ਅਤੇ ਭਾਰਤ ਦੇ ਸੁਰਿੰਦਰ ਨਾਦ ਨੇ ਕਾਂਸੀ ਦਾ ਤਮਗਾ ਹਾਸਿਲ ਕੀਤਾ। ਗਾਇਕ ਮੰਗੀ ਮਾਹਲ ਅਤੇ ਲਹਿੰਬਰ ਹੁਸੈਨਪੁਰੀ ਨੇ ਆਪਣੇ ਗੀਤਾਂ ਨਾਲ ਦੇਸ਼ ਵਿਦੇਸ਼ ਦੇ ਖਿਡਾਰੀਆਂ ਦਾ ਪੰਜਾਬੀ ਗੀਤਾਂ ਨਾਲ ਮੰਨੋਰੰਜਨ ਕੀਤਾ।

34 ਵੀਆਂ ਕੌਮੀ ਖੇਡਾਂ ਸ਼ੁਰੂ

ਰਾਂਚੀ, 12 ਫਰਵਰੀ - 34ਵੀਆਂ ਕੌਮੀ ਖੇਡਾਂ ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਖੇਡਾਂ 'ਚ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ 'ਚ ਤਮਗਾ ਜੇਤੂ ਖਿਡਾਰੀਆਂ ਸਮੇਤ ਕਰੀਬ 8500 ਖਿਡਾਰੀ ਭਾਗ ਲੈ ਰਹੇ ਹਨ। ਸ਼ਹਿਰ ਦੇ ਬਾਹਰਵਾਰ ਹੋਤਵਾਰ ਵਿਖੇ 325 ਏਕੜ 'ਚ ਬਣੇ ਖੇਡ ਪਿੰਡ ਵਿਖੇ ਹੋਏ ਉਦਘਾਟਨੀ ਸਮਾਰੋਹ ਮੌਕੇ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਰਾਂਚੀ ਤੋਂ ਇਲਾਵਾ ਧਨਬਾਦ ਅਤੇ ਜਮਸ਼ੇਦਪੁਰ ਵਿਖੇ ਵੀ ਕਈ ਖੇਡ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਵੱਖ ਰਾਜਾਂ ਦੇ ਖੇਡ ਦਲਾਂ ਵੱਲੋਂ ਮਾਰਚ ਪਾਸਟ ਵੀ ਕੀਤਾ ਗਿਆ। 34 ਵੀਆਂ ਕੌਮੀ ਖੇਡਾਂ ਦੀ ਸਮਾਪਤੀ 27 ਫਰਵਰੀ ਨੂੰ ਹੋਵੇਗੀ।\

10ਵਾਂ ਗੋਲਡ ਕਬੱਡੀ ਕੱਪ 18 ਨੂੰ

ਸੁਲਤਾਨਪੁਰ ਲੋਧੀ, 12 ਫਰਵਰੀ - 10ਵਾਂ ਗੋਲਡ ਕਬੱਡੀ ਕੱਪ ਤੇ ਵਾਲੀਵਾਲ ਟੂਰਨਾਮੈਂਟ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ 18-19 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਕਬੱਡੀ ਟੂਰਨਾਮੈਂਟ ਵਿਚ 8 ਨਾਮਵਰ ਕਬੱਡੀ ਕਲੱਬਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਜੇਤੂ ਟੀਮ ਨੂੰ ਇਕ ਲੱਖ ਰੁਪਏ ਤੇ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। 18 ਫਰਵਰੀ ਨੂੰ ਵਾਲੀਵਾਲ ਟੂਰਨਮੈਂਟ ਦਾ ਉਦਘਾਟਨ ਸੰਤ ਜਗਜੀਤ ਸਿੰਘ ਹਰਖੋਵਾਲ ਕਰਨਗੇ। ਇਸ ਮੌਕੇ ਉਘੇ ਗਾਇਕ ਅਮਰਿੰਦਰ ਗਿੱਲ ਦਾ ਖੁੱਲਾ ਅਖਾੜਾ ਸ਼ਾਮ ਤਿੰਨ ਵਜੇ ਲੱਗੇਗਾ।

ਮੀਆਂਵਿੰਡ ਦਾ ਖੇਡ ਮੇਲਾ 15 ਤੋਂ

ਖਡੂਰ ਸਾਹਿਬ 12 ਫਰਵਰੀ - 15 ਤੋਂ 17 ਫਰਵਰੀ ਤੱਕ ਪਿੰਡ ਮੀਆਂਵਿੰਡ 'ਚ ਸਵ: ਮਾਸਟਰ ਮਹਿੰਦਰ ਸਿੰਘ ਯਾਦਗਾਰੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕਬੱਡੀ 55 ਕਿਲੋ ਪਿੰਡ-ਪਿੰਡ, ਕਬੱਡੀ 65 ਕਿਲੋ ਪਿੰਡ-ਪਿੰਡ, ਵਾਲੀਬਾਲ ਪਿੰਡ-ਪਿੰਡ, ਅੰਤਰਰਾਸ਼ਟਰੀ ਪਹਿਲਵਾਨਾਂ ਦੇ ਕੁਸ਼ਤੀ ਮੁਕਾਬਲੇ, ਕਲੱਬਾਂ ਅਤੇ ਅਕੈਡਮੀਆਂ ਦੇ ਕਬੱਡੀ ਮੈਚ ਤੋਂ ਇਲਾਵਾ ਲੜਕੀਆਂ ਅਤੇ ਬਜ਼ੁਰਗਾਂ ਦੇ ਕਬੱਡੀ ਦੇ ਸ਼ੋਅ ਮੈਚ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਜਿਮਨਾਸਟਿਕ ਅਤੇ ਮੋਟਰ ਸਾਈਕਲਾਂ ਦੇ ਕਰਤੱਬ ਸ਼ੋਅ ਹੋਣਗੇ। 16 ਫਰਵਰੀ ਨੂੰ ਦਰਸ਼ਕਾਂ ਲਈ ਖੁੱਲ੍ਹਾ ਪੰਜਾਬੀ ਗੀਤਾਂ ਦਾ ਅਖਾੜਾ ਲੱਗੇਗਾ ਜਿਸ ਵਿਚ ਬੂਟਾ ਮੁਹੰਮਦ, ਰਣਜੀਤ ਮਣੀ, ਸ਼ੇਰਾ ਬੋਹੜਾਂਵਾਲੀਆ, ਸੋਨੂੰ ਸਿੰਘ, ਬੀਬਾ ਸਿਮਰਨ ਅਤੇ ਹਾਸਰਸ ਕਲਾਕਾਰ ਭੋਟੂ ਸ਼ਾਹ-ਕਾਕੇ ਸ਼ਾਹ ਭਾਗ ਲੈ ਰਹੇ ਹਨ। ਜੇਤੂ ਖਿਡਾਰੀਆਂ ਨੂੰ ਲੱਖਾਂ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।

ਸਮਰਾਲੇ 'ਚ ਖੇਡਾਂ ਸ਼ੁਰੂ

ਸਮਰਾਲਾ, 12 ਫ਼ਰਵਰੀ - ਤਿੰਨ ਰੋਜ਼ਾ ਪੇਂਡੂ ਖੇਡ ਮੇਲਾ ਮਾਲਵਾ ਕਾਲਜ ਦੇ ਖੇਡ ਸਟੇਡੀਅਮ ਵਿਚ ਚੱਲ ਰਿਹਾ ਹੈ। ਇਸ ਖੇਡ ਮੇਲੇ ਦੌਰਾਨ ਬੈਲ ਗੱਡੀਆਂ ਦੀਆਂ ਦੌੜਾਂ ਵਿਚ ਪੱਪੂ ਭੋਂਪੁਰ ਦੀ ਬੈਲ ਗੱਡੀ ਨੇ ਪਹਿਲਾ, ਰਜਿੰਦਰ ਪਾਲ ਮੁਡਿਆਣਾ ਨੇ ਦੂਜਾ ਅਤੇ ਜਸ਼ਨੁਰ ਬਰਵਾਲਾ ਦੀ ਗੱਡੀ ਨੇ ਤੀਜਾ ਸਥਾਨ ਹਾਸਲ ਕੀਤਾ, ਜਦਕਿ ਘੋੜਿਆਂ ਦੇ ਹੋਏ ਦੌੜ ਮੁਕਾਬਲੇ ਵਿਚ ਹਰਸ਼ ਵਡਾਲੀ ਦਾ ਘੋੜਾ ਪਹਿਲੇ, ਜੱਗੀ ਮੋਹਨ ਮਾਜਰਾ ਦਾ ਦੂਜੇ ਅਤੇ ਰਜਿੰਦਰ ਸਿੰਘ ਹੁਸੈਨਪੁਰ ਦਾ ਘੋੜਾ ਤੀਜੇ ਸਥਾਨ 'ਤੇ ਰਿਹਾ। ਕੁੱਤਿਆਂ ਦੀਆਂ ਦੌੜਾਂ ਵਿਚ ਦਰਸ਼ਨ ਸਿੰਘ ਮਾਣਕੀ ਦਾ ਕੁੱਤਾ ਫਾਸਟ ਐਕਸਪ੍ਰੈੱਸ ਪਹਿਲੇ, ਵਰਿੰਦਰ ਸਿੰਘ ਮਾਵੀ ਦਾ ਕੁੱਤਾ ਗਰੇਟ ਜੈੱਕ ਦੂਜੇ ਤੇ ਮੇਜਰ ਸਿੰਘ ਨਾਗਰਾ ਦਾ ਕੁੱਤਾ ਕਿੰਗ ਕਾਂਗ ਤੀਜੇ ਸਥਾਨ 'ਤੇ ਰਿਹਾ।

ਈਸੇਵਾਲ ਕਬੱਡੀ ਕੱਪ 'ਚ ਬੱਧਨੀ ਖੁਰਦ ਟੀਮ ਚਮਕੀ

ਮੁੱਲਾਂਪੁਰ ਦਾਖਾ, 12 ਫਰਵਰੀ - ਈਸੇਵਾਲ ਕਬੱਡੀ ਕੱਪ 'ਚ ਵਜ਼ਨੀ ਕਬੱਡੀ 60 ਕਿਲੋ ਭਾਰ ਮੁਕਾਬਲੇ ਵਿਚ 13-17 ਅੰਕਾਂ ਦੇ ਫ਼ਰਕ ਨਾਲ ਜਸਪਾਲ ਬਾਂਗਰ ਕਬੱਡੀ ਟੀਮ ਈਸੇਵਾਲ ਨੂੰ ਹਰਾ ਕੇ ਪਹਿਲਾ ਇਨਾਮ ਜਿੱਤਿਆ। ਕਬੱਡੀ 70 ਕਿਲੋ ਵਜ਼ਨੀ ਮੁਕਾਬਲੇ ਵਿਚ ਮਹਿਰਾਜ ਕਬੱਡੀ ਟੀਮ ਜੇਤੂ ਅਤੇ ਮੇਜ਼ਬਾਨ ਈਸੇਵਾਲ ਕਬੱਡੀ ਟੀਮ ਉਪ ਜੇਤੂ ਬਣੀ। ਬੱਧਨੀ ਖੁਰਦ ਦੀ ਟੀਮ ਨੇ ਜਨੇਤਪੁਰਾ ਨੂੰ ਹਰਾ ਕੇ ਓਪਨ ਕਬੱਡੀ ਕੱਪ ਆਪਣੇ ਨਾਂ ਕੀਤਾ। ਜਨੇਤਪੁਰਾ ਟੀਮ ਦਾ ਅਮਰੂ ਸਰਵੋਤਮ ਜਾਫ਼ੀ ਅਤੇ ਬੱਧਨੀ ਕਬੱਡੀ ਟੀਮ ਦਾ ਕੁਲਦੀਪ ਸਿੰਘ ਕੀਪਾ ਸਰਵੋਤਮ ਧਾਵੀ ਐਲਾਨੇ ਗਏ।

ਸ਼ਹੀਦੀ ਜੋੜ ਮੇਲਾ ਅਤੇ ਕਬੱਡੀ ਟੂਰਨਾਮੈਂਟ 19 ਤੋਂ

ਆਦਮਪੁਰ, 12 ਫਰਵਰੀ - 19 ਤੋਂ 21 ਫਰਵਰੀ ਤੱਕ ਸਾਲਾਨਾ ਸ਼ਹੀਦੀ ਜੋੜ ਮੇਲਾ ਅਤੇ ਕਬੱਡੀ ਟੂਰਨਾਮੈਂਟ ਪਿੰਡ ਖੋਜਕੀਪੁਰ, ਨੰਗਲ ਸਾਲਾਲਾ ਵਿਖੇ ਕਰਵਾਇਆ ਜਾ ਰਿਹਾ ਹੈ। 20 ਫਰਵਰੀ ਨੂੰ ਸ਼ਾਮ ਤਿੰਨ ਵਜੇ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਹੋਵੇਗਾ। ਟੂਰਨਾਮੈਂਟ ਦਾ ਉਦਘਾਟਨ ਮਲਕੀਤ ਸਿੰਘ ਦੌਲਤਪੁਰ ਕਰਨਗੇ ਜਦ ਕਿ ਇਨਾਮਾਂ ਦੀ ਵੰਡ ਸੰਤ ਹਰਦੇਵ ਸਿੰਘ ਅਤੇ ਚੇਅਰਮੈਨ ਪਵਨ ਕੁਮਾਰ ਟੀਨੂੰ ਸਾਂਝੇ ਤੌਰ 'ਤੇ ਕਰਨਗੇ, 21 ਫਰਵਰੀ ਨੂੰ ਜੋੜ ਮੇਲਾ ਗੁਰਦੁਆਰਾ ਸ਼ਹੀਦ ਗੰਜ ਵਿਖੇ ਮਨਾਇਆ ਜਾਵੇਗਾ।

ਅੰਤਰਰਾਸ਼ਟਰੀ ਕਬੱਡੀ ਕੱਪ ਪਿੰਡ ਔਲਖ ਵਿਖੇ 26 ਨੂੰ

ਬਟਾਲਾ, 12 ਫਰਵਰੀ - 26 ਫਰਵਰੀ ਨੂੰ ਇੰਟਰਨੈਸ਼ਨਲ ਕਬੱਡੀ ਕੱਪ ਪਿੰਡ ਔਲਖ 'ਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਲੜਕਿਆਂ 'ਚ ਪਹਿਲਾ ਇਨਾਮ 1 ਲੱਖ ਰੁਪਏ, ਦੂਜਾ ਇਨਾਮ 75 ਹਜ਼ਾਰ ਰੁਪਏ ਦਿੱਤਾ ਜਾਵੇਗਾ। ਲੜਕੀਆਂ ਦੇ ਕਬੱਡੀ ਮੈਚ ਵਿਚ ਪਹਿਲਾ ਇਨਾਮ 35 ਹਜ਼ਾਰ ਤੇ ਦੂਸਰਾ 31 ਹਜ਼ਾਰ ਰੁਪਏ ਹੋਵੇਗਾ। ਸੁਪਰ ਹਿੱਟ ਕਲਾਕਾਰ ਹਰਜੀਤ ਹਰਮਨ ਤੇ ਰੇਸ਼ਮ ਅਨਮੋਲ ਸਮੇਤ ਹੋਰ ਕਲਾਕਾਰ ਖੁੱਲ੍ਹਾ ਅਖਾੜਾ ਲਗਾਉਣਗੇ।

ਚੌਥਾ ਅੰਤਰਰਾਸ਼ਟਰੀ ਕਬੱਡੀ ਕੱਪ ਸ਼ੁਰੂ

ਸਮਾਲਸਰ, 11 ਫਰਵਰੀ - ਚੌਥਾ ਅੰਤਰਰਾਸ਼ਟਰੀ ਕਬੱਡੀ ਕੱਪ ਖਾਲਸਾ ਸਟੇਡੀਅਮ ਪਿੰਡ ਰੋਡ ਵਿਖੇ ਹੋ ਰਿਹਾ ਹੈ। ਇਹ ਕਬੱਡੀ ਕੱਪ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਦਿਵਸ ਨੂੰ ਸਮਰਪਿਤ ਹੈ। ਇਸ ਟੂਰਨਾਮੈਂਟ ਦੇ ਉਦਘਾਟਨ ਮੌਕੇ 55 ਕਿੱਲੋ ਭਾਰ ਵਰਗ ਦਾ ਪਹਿਲਾ ਮੈਚ ਸਾਹੋਕੇ ਤੇ ਚੂਹੜਚੱਕ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਕਬੱਡੀ 55 ਕਿੱਲੋ ਵਿਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਦੇ ਕੇਸਾਧਾਰੀ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਅਤੇ ਨਕਦ ਇਨਾਮਾਂ ਨਾਲ ਸਨਮਾਨਤ ਕੀਤਾ ਗਿਆ। ਬਿੰਦਰ ਮਿਸ਼ਰੀਵਾਲਾ, ਨਿਰਮਲ ਲੰਗੇਆਣਾ, ਬਲਦੇਵ ਚੋਟੀਆਂ ਆਦਿ ਨੇ ਕੁਮੈਂਟਰੀ ਕੀਤੀ।

ਦੂਜਾ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਕੁਸ਼ਤੀ ਟੂਰਨਾਮੈਂਟ

ਜਲੰਧਰ, 11 ਫਰਵਰੀ - ਦੂਜਾ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਕੁਸ਼ਤੀ ਟੂਰਨਾਮੈਂਟ ਪੀ. ਏ. ਪੀ. ਦੇ ਐਮ. ਐਸ. ਭੁੱਲਰ ਇਨਡੋਰ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਕੁਸ਼ਤੀ ਟੂਰਨਾਮੈਂਟ ਦੇ ਦੂਜੇ ਦਿਨ ਵੀ ਭਾਰਤੀ ਪਹਿਲਵਾਨਾਂ ਦਾ ਦਬਦਬਾ ਕਾਇਮ ਰਿਹਾ ਤੇ ਇਨ੍ਹਾਂ ਨੇ 3 ਸੋਨ ਤਗਮੇ, 2 ਚਾਂਦੀ ਅਤੇ 5 ਕਾਂਸੀ ਦੇ ਤਗਮੇ ਹਾਸਿਲ ਕੀਤੇ। ਅੱਜ ਹੋਏ 60 ਕਿਲੋ ਭਾਰ (ਫ੍ਰੀ ਸਟਾਈਲ) ਵਰਗ ਵਿਚ ਭਾਰਤ ਦੇ ਰਜਨੀਸ਼ ਨੇ ਸੋਨ ਤਗਮਾ ਹਾਸਿਲ ਕੀਤਾ। ਕੈਨੇਡਾ ਦੇ ਪਹਿਲਵਾਨ ਥੌਮਸ ਨੇ ਚਾਂਦੀ ਦਾ ਅਤੇ ਭਾਰਤ ਦੇ ਪਹਿਲਵਾਨ ਮਨਿੰਦਰ ਸਿੰਘ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ। 63 ਕਿਲੋ ਔਰਤਾਂ ਦੇ ਵਰਗ ਵਿਚ ਭਾਰਤ ਦੀ ਮਹਿਲਾ ਪਹਿਲਵਾਨ ਅਨੀਤਾ ਨੇ ਸੋਨ ਤਗਮਾ, ਨਾਇਜੀਰੀਆ ਦੀ ਉਬਰੋਡੁਡੂ ਨੇ ਚਾਂਦੀ ਦਾ ਅਤੇ ਭਾਰਤ ਦੀ ਰਜਨੀ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ। ਮਰਦਾਂ ਦੇ 74 ਕਿਲੋ ਭਾਰ ਵਰਗ ਵਿਚ ਕੈਨੇਡਾ ਦੇ ਕਲੋਪਸ ਨਕੂਬ ਨੇ ਸੋਨ ਤਗਮਾ, ਜਾਪਾਨ ਦੇ ਜੋਸਿਆਕ ਨਾਰਾਬੂ ਨੇ ਚਾਂਦੀ ਦਾ ਅਤੇ ਭਾਰਤ ਦੇ ਦੀਪਕ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ। ਔਰਤਾਂ ਦੇ 52 ਕਿਲੋ ਭਾਰ ਵਰਗ ਵਿਚ ਜਾਪਾਨ ਦੀ ਹੀਰੋਮੀ ਸਾਕੂਰੀ ਨੇ ਸੋਨ ਤਗਮਾ, ਭਾਰਤ ਦੀ ਨੇਹਾ ਰਾਠੀ ਨੇ ਚਾਂਦੀ ਦਾ ਅਤੇ ਭਾਰਤ ਦੀ ਰਚਨਾ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ। 84 ਕਿਲੋ ਮਰਦਾਂ ਦੇ ਭਾਰ ਵਰਗ ਵਿਚ ਭਾਰਤ ਦੇ ਪਵਨ ਕੁਮਾਰ ਨੇ ਸੋਨ ਤਗਮਾ, ਮਨਜੀਤ ਸਿੰਘ ਨੇ ਚਾਂਦੀ ਦਾ ਅਤੇ ਜੋਨੀ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ।

ਰੁੜਕਾ ਕਲਾਂ ਦਾ ਟੂਰਨਾਮੈਂਟ ਸ਼ੁਰੂ

ਗੁਰਾਇਆ, 11 ਫਰਵਰੀ - 28ਵਾਂ ਕਬੱਡੀ ਕੱਪ ਅਤੇ ਪ੍ਰਮੋਦ ਦਾਸ ਗੁਪਤਾ ਯਾਦਗਾਰੀ ਫੁੱਟਬਾਲ ਟਰਾਫੀ ਗੁਰਾਇਆ ਦੇ ਨੇੜਲੇ ਪਿੰਡ ਰੁੜਕਾ ਕਲਾਂ 'ਚ ਕਰਵਾਇਆ ਜਾ ਰਿਹਾ ਹੈ। 11 ਤੋਂ 14 ਫਰਵਰੀ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ 'ਚ ਜਿਥੇ ਨਾਮਵਰ ਫੁੱਟਬਾਲ ਅਕੈਡਮੀਆਂ ਅਤੇ ਕਬੱਡੀ ਅਕੈਡਮੀਆਂ ਦੇ ਭੇੜ ਹੋਣਗੇ ਉਥੇ ਨਾਲ ਹੀ 14 ਤਾਰੀਖ ਨੂੰ ਜੋਨੀ ਗਿੱਲ ਅਤੇ ਤੀਰਥ ਗਾਖਲ ਦੀ ਅਗਵਾਈ 'ਚ ਬੇਅ-ਏਰੀਆ-ਸਪੋਰਟਸ ਕਲੱਬ ਕੈਲੇਫੋਰਨੀਆ ਦੀ ਟੀਮ ਦਾ ਪੰਜਾਬ ਦੀ ਟੀਮ ਨਾਲ ਫਸਵਾਂ ਮੈਚ ਹੋਵੇਗਾ। ਉਦਘਾਟਨੀ ਫੁੱਟਬਾਲ ਮੈਚ 'ਚ ਹਰਭਜਨ ਸਪੋਰਟਿੰਗ ਅਕੈਡਮੀ ਮਾਹਲਪੁਰ ਨੇ ਸੀ. ਆਰ. ਪੀ. ਐਫ. ਜਲੰਧਰ ਨੂੰ 2-1 ਨਾਲ ਹਰਾਇਆ। ਮਰਹੂਮ ਕਾ. ਜੋਗਿੰਦਰ ਸਿੰਘ ਵਧਾਵਾ ਨੂੰ ਸਮਰਪਿਤ ਸ਼ਹੀਦ ਕੇਵਲ ਸਿੰਘ ਤੇ ਸ਼ਹੀਦ ਰਵਿੰਦਰ ਸਿੰਘ ਯਾਦਗਾਰੀ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ ਅਤੇ ਜੇਤੂ ਜੋੜੀ ਨੂੰ ਘਿਉ ਦੇ ਪੀਪੇ ਦੇ ਨਾਲ 7100 ਰੁਪਏ ਇਨਾਮ ਵਜੋਂ ਦਿੱਤੇ ਗਏ।

ਇੰਟਰਨੈਸ਼ਨਲ ਮਾਲਵਾ ਕਬੱਡੀ ਕੱਪ ਨਕੋਦਰ ਨੇ ਚੁੰਮਿਆ

ਮੁੱਲਾਂਪੁਰ ਦਾਖ਼ਾ, 11 ਫਰਵਰੀ - ਇੰਟਰਨੈਸ਼ਨਲ ਮਾਲਵਾ ਕਬੱਡੀ ਕੱਪ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ਖੰਗੂੜਾ ਕਬੱਡੀ ਕਲੱਬ ਲਤਾਲਾ (ਲੁਧਿ:) ਤੇ ਦਸਮੇਸ਼ ਕਬੱਡੀ ਕਲੱਬ ਨਕੋਦਰ ਟੀਮਾਂ ਵਿਚਕਾਰ ਹੋਏ। ਅੰਕਾਂ ਦੇ ਅਧਾਰ ਉਪਰ 17-19 ਦੇ ਫ਼ਰਕ ਨਾਲ ਦਸਮੇਸ਼ ਕਬੱਡੀ ਕਲੱਬ ਨਕੋਦਰ ਨੇ ਪਹਿਲਾ ਸੈਮੀਫਾਈਨਲ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਸ਼ਹੀਦ ਬਚਨ ਸਿੰਘ ਕਬੱਡੀ ਕਲੱਬ ਦਿੜ੍ਹਬਾ ਤੇ ਸ਼ੇਰੇ ਪੰਜਾਬ ਕਬੱਡੀ ਅਕੈਡਮੀ ਕੈਲੇਫੋਰਨੀਆਂ ਜਲੰਧਰ ਟੀਮਾਂ ਵਿਚਕਾਰ ਦੂਜਾ ਸੈਮੀਫਾਈਨਲ ਕਰਵਾਇਆ ਗਿਆ। ਇਹ ਦਿੜ੍ਹਬਾ ਕਬੱਡੀ ਕਲੱਬ ਨੇ ਜਿੱਤਿਆ। ਦਸਮੇਸ਼ ਕਬੱਡੀ ਕਲੱਬ ਨਕੋਦਰ ਨੇ ਦਿੜ੍ਹਬਾ ਕਬੱਡੀ ਕਲੱਬ ਨੂੰ ਹਰਾ ਕੇ ਪਹਿਲਾ ਇਨਾਮ ਜਿੱਤਿਆ। ਕਬੱਡੀ ਓਪਨ ਪਿੰਡ ਵਾਰ ਮੁਕਾਬਲੇ ਵਿਚ ਰਾਣਾ ਕਬੱਡੀ ਕਲੱਬ ਦੌਧਰ ਜੇਤੂ ਤੇ ਕਾਉਂਕੇ ਕਬੱਡੀ ਟੀਮ ਉਪ ਜੇਤੂ ਬਣੀ।

ਕਬੱਡੀ ਕੱਪ 6 ਮਾਰਚ ਨੂੰ

ਅਹਿਮਦਗੜ੍ਹ, 11 ਫਰਵਰੀ - 6 ਮਾਰਚ ਨੂੰ ਆਨੰਦ ਈਸ਼ਰ ਸਕੂਲ ਵਿਖੇ ਕਬੱਡੀ ਕੱਪ ਮਾਲਵਾ ਸਪੋਰਟਸ ਕਬੱਡੀ ਕਲੱਬ ਅਹਿਮਦਗੜ੍ਹ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਦੀ ਜੇਤੂ ਟੀਮ ਨੂੰ 1 ਲੱਖ ਰੁਪਏ ਅਤੇ ਉਪ ਜੇਤੂ ਨੂੰ 75 ਹਜ਼ਾਰ ਰੁਪਏ ਨਕਦ ਦਿੱਤੇ ਜਾਣਗੇ। ਇਸ ਟੂਰਨਾਮੈਂਟ ਵਿਚ ਚੋਟੀ ਦੀਆਂ 8 ਟੀਮਾਂ ਹੀ ਭਾਗ ਲੈਣਗੀਆਂ।

ਸਿਆੜ੍ਹ ਦਾ ਖੇਡ ਟੂਰਨਾਮੈਂਟ 15 ਤੋਂ

ਰਾੜਾ ਸਾਹਿਬ, 11 ਫਰਵਰੀ - 15 ਤੋਂ 19 ਫਰਵਰੀ ਤੱਕ ਪਿੰਡ ਸਿਆੜ੍ਹ ਵਿਖੇ ਸੰਤ ਬਾਬਾ ਮੀਹਾਂ ਸਿੰਘ ਯਾਦਗਾਰੀ ਚੌਥਾ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਵਿਚ ਪਹਿਲੇ ਦਿਨ 15 ਫਰਵਰੀ ਨੂੰ ਬਲਦ ਗੱਡੀਆਂ ਦੀ (ਸਾਂਝੀ) ਦੌੜ ਅਤੇ 17, 18, 19 ਨੂੰ ਕਬੱਡੀ 47, 57, 65, 70 ਕਿਲੋ ਤੇ ਕਬੱਡੀ ਇਕ ਪਿੰਡ ਓਪਨ, ਵਾਲੀਬਾਲ ਸਮੈਸਿੰਗ, ਘੋੜਿਆਂ ਦੀ ਦੌੜ, ਟਰਾਲੀ ਬੈਕ, ਤਾਸ਼ ਸੀਪ, ਰੱਸ਼ਾਕਸ਼ੀ, 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਦੌੜ ਦੇ ਮੁਕਾਬਲੇ ਕਰਵਾਏ ਜਾਣਗੇ। ਕਬੱਡੀ ਇਕ ਪਿੰਡ ਓਪਨ ਦਾ ਪਹਿਲਾ ਇਨਾਮ 71 ਹਜ਼ਾਰ ਰੁਪਏ ਅਤੇ ਦੂਸਰਾ ਇਨਾਮ 41 ਹਜ਼ਾਰ ਰੁਪਏ ਦਿੱਤਾ ਜਾਵੇਗਾ। ਦੋ ਖਿਡਾਰੀ ਬਾਹਰਲੇ ਖੇਡ ਸਕਣਗੇ।

ਬੁਰਜ ਹਰੀ ਸਿੰਘ ਦਾ ਕਬੱਡੀ ਟੂਰਨਾਮੈਂਟ 28 ਤੋਂ

ਰਾਏਕੋਟ, 11 ਫਰਵਰੀ - 28 ਫਰਵਰੀ ਤੋਂ 1 ਮਾਰਚ ਤੱਕ ਬੁਰਜ ਹਰੀ 'ਚ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਕਬੱਡੀ 52 ਕਿਲੋ, 72 ਕਿਲੋ ਅਤੇ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ।

ਰਕਬਾ 'ਚ ਕਬੱਡੀ ਟੂਰਨਾਮੈਂਟ

ਮੁੱਲਾਂਪੁਰ ਦਾਖਾ, 11 ਫਰਵਰੀ - 25 ਤੋਂ 27 ਫਰਵਰੀ ਤੱਕ ਰਕਬਾ 'ਚ ਕਬੱਡੀ ਟੂਰਨਾਮੈਂਟ 96 ਕਰੋੜੀ ਬੁੱਢਾ ਦਲ ਗੁਰਦੁਆਰਾ ਦਮਦਮਾ ਸਾਹਿਬ ਰਕਬਾ ਲੁਧਿਆਣਾ ਦੇ ਮੁੱਖ ਸੇਵਾਦਾਰ ਨਿਹੰਗ ਮੁਖੀ ਬਾਬਾ ਜੋਗਿੰਦਰ ਸਿੰਘ ਵੱਲੋਂ ਕਰਵਾਇਆ ਜਾ ਰਿਹਾ ਹੈ। ਜਿਸ ਵਿਚ 33 ਕਿਲੋ ਤੇ 52 ਕਿਲੋ ਭਾਰ ਕਬੱਡੀ ਮੁਕਾਬਲਾ 25 ਫਰਵਰੀ, ਕਬੱਡੀ 70 ਕਿਲੋ ਵਜ਼ਨੀ 26-27 ਫਰਵਰੀ ਨੂੰ ਕਬੱਡੀ ਓਪਨ ਪਿੰਡ ਵਾਰ ਮੁਕਾਬਲੇ ਹੋਣਗੇ। ਰਕਬਾ ਟੂਰਨਾਮੈਂਟ ਸਮੇਂ ਖੇਡ ਦਾ ਮੁੱਖ ਆਕਰਸ਼ਨ ਘੋੜੀਆਂ ਦੀ ਰੇਬੀਆ ਤੇ ਛਰਪਟ ਦੌੜ 25 ਫਰਵਰੀ ਸ਼ੁਕਰਵਾਰ ਨੂੰ ਹੋਵੇਗੀ। ਛਰਪਟ-ਰੇਬੀਆਂ ਦੇ ਜੇਤੂ ਮਾਲਕਾਂ ਨੂੰ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ।
 

ਦੂਸਰਾ ਸ਼ਹੀਦ ਭਗਤ ਸਿੰਘ ਕੌਮਾਂਤਰੀ ਕੁਸ਼ਤੀ ਟੂਰਨਾਮੈਂਟ ਸ਼ੁਰੂ

ਜਲੰਧਰ, 10 ਫਰਵਰੀ -ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਨੂੰ ਸਮਰਪਿਤ ਦੂਸਰਾ ਸ਼ਹੀਦ ਭਗਤ ਸਿੰਘ ਯਾਦਗਾਰੀ ਕੁਸ਼ਤੀ ਟੂਰਨਾਮੈਂਟ ਜੋ ਪੰਜਾਬ ਕੁਸ਼ਤੀ ਐਸੋਸੀਏਸ਼ਨ ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਹਿਯੋਗ ਨਾਲ ਪੀ. ਏ. ਪੀ. ਕੈਂਪਸ ਜਲੰਧਰ ਵਿਖੇ 10 ਤੋਂ 12 ਫਰਵਰੀ ਤੱਕ ਕਰਵਾਇਆ ਜਾ ਰਿਹਾ। ਅੱਜ ਪੂਰੇ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਇਆ। ਇਸ ਕੌਮਾਂਤਰੀ ਕੁਸ਼ਤੀ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਪੰਜਾਬ ਦੇ ਉੱਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕੀਤਾ। ਅੱਜ ਖੇਡੇ ਗਏ ਦੂਸਰੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਕੁਸ਼ਤੀ ਟੂਰਨਾਮੈਂਟ ਦੇ ਲੜਕੀਆਂ ਦੇ 48 ਕਿਲੋ ਭਾਰ ਵਰਗ ਵਿਚੋਂ ਭਾਰਤ ਦੀ ਨਿਰਮਲਾ ਦੇਵੀ ਨੇ ਸੋਨ ਤਗਮਾ, ਜਾਪਾਨ ਦੀ ਏ. ਸਜ਼ੂਕੀ ਨੇ ਚਾਂਦੀ ਦਾ ਤਗਮਾ ਅਤੇ ਅਮਰੀਕਾ ਦੀ ਨਿਕੋਲ ਵੂਡੀ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। 55 ਕਿਲੋ ਮਰਦਾਂ ਦੇ ਭਾਰ ਵਰਗ ਵਿਚ ਭਾਰਤ ਦੇ ਵਿਨੋਦ ਕੁਮਾਰ ਨੇ ਸੋਨ ਤਗਮਾ, ਨਰਿੰਦਰ (ਭਾਰਤ) ਨੇ ਚਾਂਦੀ ਦਾ ਅਤੇ ਜਾਪਾਨ ਦੇ ਐਫ਼ ਮੋਰਸ਼ਾ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। 96 ਕਿੱਲੋ ਭਾਰ ਵਰਗ ਵਿਚੋਂ ਭਾਰਤ ਦੇ ਮੋਸਮ ਖਤਰੀ ਨੇ ਸੋਨ ਤਗਮਾ, ਅਮਰੀਕਾ ਦੇ ਮਿਕਾਲਕ ਨੇ ਚਾਂਦੀ ਦਾ ਅਤੇ ਜਾਰਜੀਆ ਦੇ ਐਸ. ਲਿਵਾਨ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਦੇਰ ਰਾਤ 67 ਕਿਲੋ ਵਰਗ ਦੇ ਲੜਕੀਆਂ ਦੇ ਹੋਏ ਮੁਕਾਬਲੇ 'ਚ ਜਾਪਾਨ ਦੀ ਤਜੀਦੀ ਦਮੀਕੀ ਨੇ ਸੋਨ, ਨਾਇਜੀਰੀਆ ਦੀ ਹਨਾ ਨੇ ਚਾਂਦੀ ਅਤੇ ਭਾਰਤ ਦੀ ਨਵਜੋਤ ਨੇ ਕਾਂਸੀ ਦਾ ਤਗਮਾ ਜਿੱਤਿਆ। ਇਸ ਤਰ੍ਹਾਂ ਭਾਰਤ ਨੇ ਪਹਿਲੇ ਦਿਨ 3 ਸੋਨ ਤਗਮੇ ਅਤੇ ਇਕ-ਇਕ ਚਾਂਦੀ ਤੇ ਕਾਂਸੀ ਦਾ ਤਗਮਾ ਜਿੱਤਿਆ।

ਚਾਰ ਰੋਜ਼ਾ ਗੋਲਡ ਕਬੱਡੀ ਕੱਪ ਟੂਰਨਾਮੈਂਟ ਸਮਾਪਤ

ਬੱਧਨੀ ਕਲਾਂ, 10 ਫਰਵਰੀ -ਪ੍ਰਵਾਸੀ ਭਾਰਤੀ ਵੀਰਾਂ, ਸ਼ਹੀਦ ਬਾਬਾ ਦੀਪ ਸਿੰਘ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਕਸਬਾ ਬੱਧਨੀ ਕਲਾਂ ਵਿਖੇ ਚਾਰ ਰੋਜ਼ਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਟੂਰਨਾਮੈਂਟ ਅਮਿੱਟ ਪੈੜਾਂ ਛੱਡਦੇ ਹੋਏ ਸਮਾਪਤ ਹੋ ਗਿਆ। ਇਸ ਟੂਰਨਾਮੈਂਟ ਵਿਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਸੂਬਾ ਪ੍ਰਧਾਨ ਯੂਥ ਕਾਂਗਰਸ ਅਤੇ ਬਰਜਿੰਦਰ ਸਿੰਘ ਬਰਾੜ ਪ੍ਰਧਾਨ ਨਗਰ ਕੌਂਸਲ ਮੋਗਾ ਮੁੱਖ ਮਹਿਮਾਨ ਵਜੋਂ ਪਹੁੰਚੇ। ਫਾਈਨਲ ਮੁਕਾਬਲੇ ਵਿਚ ਅੰਬੀ ਹਠੂਰ ਕਲੱਬ ਮੋਗਾ ਨੇ ਹਰਜੀਤ ਤਲਵਾੜ ਕਲੱਬ ਜਗਰਾਓਂ ਨੂੰ ਹਰਾ ਕੇ ਇਕ ਲੱਖ ਰੁਪਏ ਨਕਦ ਅਤੇ ਕਬੱਡੀ ਕੱਪ 'ਤੇ ਕਬਜ਼ਾ ਕੀਤਾ। 40 ਕਿਲੋ 'ਚ ਬੱਧਨੀ ਕਲਾਂ ਨੇ ਇੰਦਗੜ ਦੀ ਟੀਮ ਨੂੰ ਹਰਾ ਕੇ ਪਹਿਲਾ ਇਨਾਮ, 45 ਕਿੱਲੋ ਕਬੱਡੀ 'ਚ ਬੱਧਨੀ ਕਲਾਂ ਨੇ ਲੋਪੋ ਨੂੰ ਹਰਾ ਕੇ ਪਹਿਲਾ ਇਨਾਮ, ਹਾਕੀ 55 ਕਿੱਲੋ 'ਚ ਬੱਧਨੀ ਕਲਾਂ ਨੇ ਲੋਪੋਂ ਨੂੰ ਹਰਾ ਕੇ ਪਹਿਲਾ ਇਨਾਮ, ਫੁੱਟਬਾਲ 'ਚ ਬੁੱਟਰ ਕਲਾਂ ਨੇ ਬੱਧਨੀ ਕਲਾਂ ਨੂੰ ਹਰਾ ਕੇ ਪਹਿਲਾ ਇਨਾਮ 'ਤੇ ਕਬਜ਼ਾ ਕੀਤਾ। ਬੈਸਟ ਜਾਫ਼ੀ ਸੀਰਾ ਮੱਲੇਆਣਾ ਤੇ ਬੈਸਟ ਰੇਡਰ ਸੋਨੀ ਸਵੱਦੀ ਨੂੰ ਐਲਾਨਿਆ ਗਿਆ। ਸਾਧੂ ਸਿੰਘ ਬਾਰੜ ਡੀ.ਪੀ.ਆਈ. ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ।

ਦਸ਼ਮੇਸ਼ ਕਲੱਬ ਨਕੋਦਰ ਨੇ ਜਿੱਤਿਆ ਗੋਲਡ ਕੱਪ ਤੇ 71 ਹਜ਼ਾਰ

ਕਪੂਰਥਲਾ, 10 ਫਰਵਰੀ -ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਸੋਸ਼ਲ ਵੈੱਲਫੇਅਰ ਕਲੱਬ ਰਜਿ: ਖੋਜੇਵਾਲਾ ਵੱਲੋਂ ਸ੍ਰੀ ਗੁਰੂ ਹਰਿਗੋਬਿੰਦ ਸਟੇਡੀਅਮ ਖੋਜੇਵਾਲਾ ਵਿਚ ਕਰਵਾਏ ਗਏ ਇਕ ਰੋਜ਼ਾ ਪਹਿਲੇ ਗੋਲਡ ਕਬੱਡੀ ਕੱਪ ਵਿਚ ਦਸ਼ਮੇਸ਼ ਕਲੱਬ ਨਕੋਦਰ ਨੇ ਜੇਤੂ ਰਹਿ ਕੇ ਗੋਲਡ ਕਬੱਡੀ ਕੱਪ ਤੇ 71 ਹਜ਼ਾਰ ਰੁਪਏ ਦਾ ਨਗਦ ਇਨਾਮ ਜਿੱਤਿਆ। ਜਦਕਿ ਆਜ਼ਾਦ ਸਪੋਰਟਸ ਕਲੱਬ ਮੁਠੱਡਾ ਕਲਾਂ ਨੇ ਦੂਜੇ ਸਥਾਨ 'ਤੇ ਰਹਿ ਕੇ 51 ਹਜ਼ਾਰ ਰੁਪਏ ਦਾ ਇਨਾਮ ਹਾਸਲ ਕੀਤਾ। ਕਲੱਬ ਚੇਅਰਮੈਨ ਸ: ਰਣਜੀਤ ਸਿੰਘ ਖੋਜੇਵਾਲ ਤੇ ਪ੍ਰਧਾਨ ਸ: ਸਰਬਜੀਤ ਸਿੰਘ ਦਿਓਲ ਦੀ ਅਗਵਾਈ ਵਿਚ ਕਰਵਾਏ ਗਏ ਪਹਿਲੇ ਗੋਲਡ ਕਬੱਡੀ ਕੱਪ ਦਾ ਉਦਘਾਟਨ ਸ: ਸੁਖਮਿੰਦਰ ਸਿੰਘ ਮਾਨ ਐਸ.ਐਸ.ਪੀ. ਕਪੂਰਥਲਾ ਤੇ ਬਾਪੂ ਮਾਨ ਸਿੰਘ ਦੁਬਈ ਵਾਲਿਆਂ ਨੇ ਕੀਤਾ। ਇਨਾਮਾਂ ਦੀ ਵੰਡ ਡਾ: ਉਪਿੰਦਰਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਨੇ ਕੀਤੀ। ਉਨ੍ਹਾਂ ਅਖਤਿਆਰੀ ਫੰਡ ਵਿੱਚੋਂ ਕਲੱਬ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਮਨੋਰੰਜਨ ਕਾਲੀਆ ਦੇ ਰਾਜਸੀ ਸਕੱਤਰ ਸ੍ਰੀ ਜ਼ਿੰਮੀ ਕਾਲੀਆ ਨੇ ਵੀ ਕਲੱਬ ਨੂੰ ਇਕ ਲੱਖ ਰੁਪਏ ਦਿੱਤੇ। ਪਿੰਡ ਪੱਧਰ ਓਪਨ ਕਲੱਬ ਦੇ ਮੁਕਾਬਲੇ ਵਿਚ ਪਹਿਲਾ ਇਨਾਮ 25 ਹਜ਼ਾਰ ਰੁਪਏ ਸ਼ਹੀਦ ਭਗਤ ਸਿੰਘ ਕਲੱਬ ਖੋਜੇਵਾਲ ਤੇ ਦੂਜੇ ਇਨਾਮ 17 ਹਜ਼ਾਰ ਰੁਪਏ ਪੱਤੜ ਕਲਾਂ ਸਪੋਰਟਸ ਕਲੱਬ ਨੇ ਜਿੱਤਿਆ। 52 ਕਿੱਲੋ ਕਬੱਡੀ ਭਾਰ ਦੇ ਮੁਕਾਬਲੇ ਵਿਚ ਵਡਾਲਾਂ ਕਲਾਂ ਨੇ ਪਹਿਲਾ ਤੇ ਖੋਜੇਵਾਲਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ ਕੱਪ ਦਾ ਪਹਿਲਾ ਇਨਾਮ ਜੱਸ ਔਜਲਾ ਤੇ ਦੂਜਾ ਇਨਾਮ ਜੱਗਾ ਹਾਲੈਂਡ ਨੇ ਦਿੱਤਾ।

ਢੰਡੋਵਾਲ ਦਾ ਸਾਲਾਨਾ ਕਬੱਡੀ ਕੱਪ ਕੱਲ੍ਹ ਤੋਂ

ਸ਼ਾਹਕੋਟ, 10 ਫਰਵਰੀ -ਢੰਡੋਵਾਲ ਵੈਲਫੇਅਰ ਆਰਗੇਨਾਈਜ਼ੇਸ਼ਨ (ਰਜਿ:) ਯੂ. ਕੇ. ਵੱਲੋਂ ਸਾਲਾਨਾ ਕਬੱਡੀ ਕੱਪ 12-13 ਫਰਵਰੀ ਤੱਕ ਪਿੰਡ ਢੰਡੋਵਾਲ ਦੇ ਖੇਡ ਮੈਦਾਨ 'ਚ ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਚੱਠਾ, ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ (ਵੈਲਫੇਅਰ ਢੰਡੋਵਾਲ) ਨੇ ਦੱਸਿਆ ਕਿ ਪਹਿਲੇ ਦਿਨ ਦਾ ਉਦਘਾਟਨ ਬਾਬਾ ਪਰਮਜੀਤ ਸਿੰਘ ਬਧੇਸ਼ਾ ਕਰਨਗੇ। ਪਹਿਲੇ ਦਿਨ ਕਬੱਡੀ ਓਪਨ, 70 ਕਿੱਲੋ ਅਤੇ 55 ਕਿੱਲੋ ਭਾਰ ਵਰਗ ਦੇ ਮੁਕਾਬਲੇ ਹੋਣਗੇ। ਕਲੱਬ ਪੱਧਰੀ ਮੈਚਾਂ ਦੇ ਸਭ ਤੋਂ ਬਿਹਤਰ ਜਾਫੀ ਤੇ ਧਾਵੀ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

ਇੰਦਰਜੀਤ ਸਿੰਘ ਬੰਡਾਲਾ ਯਾਦਗਾਰੀ ਖੇਡ ਮੇਲਾ 18 ਤੋਂ

ਬੰਡਾਲਾ, 10 ਫਰਵਰੀ -ਸਵ. ਆੜਤੀ ਇੰਦਰਜੀਤ ਸਿੰਘ ਬੰਡਾਲਾ ਦੀ ਯਾਦ ਨੂੰ ਸਮਰਪਿਤ ਪੇਂਡੂ ਖੇਡ ਮੇਲਾ ਕਾਰਗਿਲ ਦੇ ਸ਼ਹੀਦ ਜਸਬੀਰ ਸਿੰਘ ਅਤੇ ਸੁਖਬੀਰ ਸਿੰਘ ਸਟੇਡੀਅਮ ਬੰਡਾਲਾ ਵਿਖੇ 18 ਤੋਂ 20 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ। ਪ੍ਰੈਸ ਨੂੰ ਇਹ ਜਾਣਕਾਰੀ ਦਿੰਦੇ ਮੇਲਾ ਪ੍ਰਬੰਧਕ ਜੁਝਾਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ 'ਚ ਫੁੱਟਬਾਲ ਅਤੇ ਕਬੱਡੀ ਇਕ ਪਿੰਡ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿਚੋਂ ਪਹਿਲੇ ਸਥਾਨ 'ਤੇ ਆਉਣ ਵਾਲੀਆਂ ਟੀਮਾਂ ਨੂੰ 13 ਹਜ਼ਾਰ ਰੁਪਏ ਅਤੇ ਦੂਸਰੇ ਸਥਾਨ 'ਤੇ ਆਉਣ ਵਾਲੀਆਂ ਟੀਮਾਂ ਨੂੰ 10 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ।

ਚੰਨੂਵਾਲਾ ਦੇ ਤੀਸਰੇ ਅੰਤਰਰਾਸ਼ਟਰੀ ਕਬੱਡੀ ਕੱਪ 'ਚੋਂ ਪਿੰਡ ਲੰਡੇ ਦੀ ਟੀਮ ਜੇਤੂ

ਬਾਘਾ ਪੁਰਾਣਾ, 10 ਫਰਵਰੀ - ਤੀਜਾ ਅੰਤਰਰਾਸ਼ਟਰੀ ਕਬੱਡੀ ਕੱਪ ਪਿੰਡ ਚੰਨੂਵਾਲਾ ਦੇ ਸਰਕਾਰੀ ਹਾਈ ਸਕੂਲ ਦੀਆਂ ਗਰਾਊਂਡਾ ਵਿਚ ਕਰਵਾਇਆ ਗਿਆ। ਦੋ ਦਿਨ ਹੋਏ ਗਹਿਗੱਚ ਮੁਕਾਬਲਿਆਂ ਤੋਂ ਬਾਅਦ 'ਚ ਆਖਰੀ ਦਿਨ ਹੋਏ ਫਾਇਨਲ ਮੁਕਾਬਲੇ ਦੌਰਾਨ ਕਬੱਡੀ 70 ਕਿਲੋ ਦੀਆਂ 48 ਟੀਮਾਂ ਵਿਚੋਂ ਪਹਿਲਾ ਸਥਾਨ ਰਾਉਕੇ ਤੇ ਦੂਸਰਾ ਪੱਖੀ, ਕਬੱਡੀ ਓਪਨ ਦੀਆਂ 48 ਟੀਮਾਂ ਵਿਚੋਂ ਪਹਿਲਾ ਸਥਾਨ ਲੰਡੇ, ਦੂਸਰਾ ਧੂੜਕੋਟ ਦੀ ਟੀਮ ਨੇ ਪ੍ਰਾਪਤ ਕੀਤਾ। ਜਦ ਕਿ ਦੀਪਾ ਲੰਡੇ ਬੈਸਟ ਜਾਫੀ ਤੇ ਭੀਮਾਂ ਮਾਣੂੰਕੇ ਬੈਸਟ ਰੇਡਰ ਚੁਣੇ ਗਏ। ਜੇਤੂ ਟੀਮਾਂ ਲਈ 70 ਕਿਲੋ ਕਬੱਡੀ ਦਾ ਪਹਿਲਾ ਇਨਾਮ 25000, ਦੂਸਰਾ 2000 ਰੁਪਏ, ਕਬੱਡੀ ਓਪਨ ਦਾ ਪਹਿਲਾ ਇਨਾਮ 51000, ਦੂਸਰਾ 41000 ਰੁਪਏ ਤੇ ਕੱਪ, ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਰੰਗਦਾਰ ਟੀ.ਵੀ. ਦਿੱਤੇ ਗਏ। ਬਾਬਾ ਨਛੱਤਰ ਸਿੰਘ ਨੇ ਕਲੱਬ ਨੂੰ 5100 ਰੁਪਏ ਦਿੱਤੇ।

17ਵਾਂ ਕਬੱਡੀ ਕੱਪ ਕੋਟਫੱਤਾ 'ਚ

ਬਠਿੰਡਾ, 10 ਫਰਵਰੀ - 17ਵਾਂ ਕਬੱਡੀ ਕੱਪ 15 ਫਰਵਰੀ ਨੂੰ ਖੇਡ ਸਟੇਡੀਅਮ ਕੋਟਫੱਤਾ (ਬਠਿੰਡਾ) ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਪੰਜਾਬ ਦੀਆਂ ਨਾਮਵਰ ਅੱਠ ਅਕੈਡਮੀਆਂ ਦੇ ਭੇੜ ਹੋਣਗੇ, ਜੋ ਕਿ ਤਕਰੀਬਨ 3 ਲੱਖ ਦੇ ਇਨਾਮਾਂ ਲਈ ਜੱਦੋ ਜਹਿਦ ਕਰਨਗੀਆਂ। ਕਬੱਡੀ ਕੱਪ ਦੇ ਸਰਵੋਤਮ ਖਿਡਾਰੀਆਂ ਨੂੰ ਰੰਗਦਾਰ ਟੈਲੀਵਿਜ਼ਨਾਂ ਨਾਲ ਸਨਮਾਨਿਮ ਕੀਤਾ ਜਾਵੇਗਾ। ਕਬੱਡੀ ਕੱਪ ਦੇ ਪਹਿਲੇ ਦੋ ਦਿਨ 13-14 ਫਰਵਰੀ ਨੂੰ ਕਬੱਡੀ 50, 55, 60 ਤੇ 70 ਕਿਲੋ ਭਾਰ ਵਰਗ ਦੇ ਮੁਕਾਬਲੇ ਹੋਣਗੇ।

ਈਸੇਵਾਲ ਕਬੱਡੀ ਕੱਪ ਸ਼ੁਰੂ

ਮੁੱਲਾਂਪੁਰ ਦਾਖਾ, 10 ਫਰਵਰੀ - ਤਿੰਨ ਰੋਜ਼ਾ ਕਬੱਡੀ ਕੱਪ ਈਸੇਵਾਲ 'ਚ ਚੱਲ ਰਿਹਾ ਹੈ। ਕਬੱਡੀ 52 ਕਿਲੋ ਉਦਘਾਟਨੀ ਮੈਚ 'ਚ ਮੇਜ਼ਬਾਨ ਈਸੇਵਾਲ, ਮਲਕ ਜੇਤੂ ਬਣੇ। ਕਬੱਡੀ 42 ਕਿਲੋ ਭਾਰ ਮੁਕਾਬਲੇ ਵਿਚ ਗਠਾਲਾ ਪਿੰਡ, ਸੁਧਾਰ ਟੀਮ ਨੇ ਦੂਜੇ ਰਾਊਂਡ ਵਿਚ ਪ੍ਰਵੇਸ਼ ਕੀਤਾ। 11 ਫਰਵਰੀ ਨੂੰ ਕਬੱਡੀ 60 ਕਿਲੋ ਤੇ 70 ਕਿਲੋ ਵਜ਼ਨੀ ਮੁਕਾਬਲੇ ਦਾ ਆਰੰਭ ਮੇਹਰ ਸਿੰਘ ਸੇਖੋਂ ਮੇਰਨ ਵਾਲੇ, ਕੁਲਦੀਪ ਸਿੰਘ ਰਾਜੂ ਜਿਊਲਰਜ਼, ਸੰਮਤੀ ਮੈਂਬਰ ਕੁਲਦੀਪ ਸਿੰਘ ਖ਼ਾਲਸਾ, ਗੁਰਦਿਆਲ ਸਿੰਘ ਕਰਵਾਉਣਗੇ। ਆਖ਼ਰੀ ਦਿਨ 12 ਫਰਵਰੀ ਕਬੱਡੀ ਓਪਨ ਪਿੰਡ ਵਾਰ ਮੁਕਾਬਲੇ ਹੋਣਗੇ। ਕਬੱਡੀ ਓਪਨ ਦੇ ਸਰਵੋਤਮ ਜਾਫ਼ੀ ਤੇ ਧਾਵੀ ਮੋਟਰਸਾਈਕਲਾਂ ਨਾਲ ਸਨਮਾਨਤ ਕੀਤੇ ਜਾਣਗੇ।

ਸਰਾਭਾ ਤੇ ਕੋਟ ਕਰੋੜ ਜੇਤੂ

ਮੁੱਲਾਂਪੁਰ ਦਾਖਾ, 10 ਫਰਵਰੀ - ਯੂਥ ਵੈਲਫੇਅਰ ਸਪੋਰਟਸ ਕਲੱਬ ਪਿੰਡ ਜਾਂਗਪੁਰ (ਲੁਧਿਆਣਾ) ਵੱਲੋਂ ਖੇਡ ਮੇਲਾ ਕਰਵਾਇਆ ਗਿਆ। ਇਸ ਖੇਡ ਮੇਲੇ ਵਿਚ ਕਬੱਡੀ 70 ਕਿਲੋ 'ਚ ਕੋਟ ਕਰੋੜ ਦੀ ਟੀਮ ਅਤੇ ਜੰਡ ਟੀਮ ਵਿਚਕਾਰ ਕਬੱਡੀ 70 ਕਿਲੋ ਫਾਈਨਲ ਮੁਕਾਬਲੇ ਵਿਚ ਕੋਟ ਕਰੋੜ ਟੀਮ ਜੇਤੂ ਬਣੀ। ਬੈਲ ਗੱਡੀਆਂ ਦੀ ਦੌੜ ਮੁਕਾਬਲੇ ਵਿਚ ਸੁੱਖਾ ਨਾਗਰਾ ਦੀ ਜੋੜੀ ਨੇ ਪਹਿਲਾ ਅਤੇ ਸੁਖਦੇਵ ਸਿੰਘ ਹਿਮਾਝੂਪੁਰਾ ਅਤੇ ਕੇਵਲ ਸਿੰਘ ਗੁੱਜਰਵਾਲ ਦੀ ਜੋੜੀ ਤੀਜੇ ਸਥਾਨ 'ਤੇ ਰਹੀ। ਫੁੱਟਬਾਲ ਮੁਕਾਬਲੇ ਵਿਚ ਸਰਾਭਾ ਟੀਮ ਜੇਤੂ, ਜਾਂਗਪੁਰੀਏ ਉਪ ਜੇਤੂ ਰਹੇ। ਕਬੱਡੀ ਓਪਨ ਪਹਿਲੇ ਰਾਊਂਡ ਵਿਚ ਦੌਧਰ ਟੀਮ ਭਰੋਵਾਲ ਨੂੰ ਹਰਾ ਕੇ ਜੇਤੂ ਬਣੀ, ਅੱਚਰਵਾਲ ਕਬੱਡੀ ਟੀਮ ਕਲਸੀਆਂ ਨੂੰ ਹਰਾ ਕੇ ਦੂਸਰੇ ਰਾਊਂਡ ਵਿਚ ਪ੍ਰਵੇਸ਼ ਕੀਤਾ।

ਲੋਹਟਬੱਦੀ ਖੇਡ ਮੇਲਾ 19 ਤੋਂ

ਲੋਹਟਬੱਦੀ, 10 ਫਰਵਰੀ - 11ਵਾਂ ਤਿੰਨ ਦਿਨਾਂ ਖੇਡ ਮੇਲਾ ਲੋਹਟਬੱਦੀ 'ਚ 19 ਤੋਂ 21 ਫਰਵਰੀ ਤੱਕ ਮਹਾਨ ਤਪਸੱਵੀ ਸੰਤ ਬਾਬਾ ਚੰਨਣ ਸਿੰਘ, ਸੰਤ ਬਾਬਾ ਸੁੰਦਰ ਸਿੰਘ, ਸ਼ਹੀਦ ਸੂਬੇਦਾਰ ਮਲਕੀਤ ਸਿੰਘ ਮਹਾਂਵੀਰ ਚੱਕਰ ਵਿਜੇਤਾ, ਸ਼ਹੀਦ ਮਾਨ ਸਿੰਘ ਅਤੇ ਕਬੱਡੀ ਖਿਡਾਰੀ ਸੁਖਤੇਜ਼ ਸਿੰਘ ਦੀ ਯਾਦ 'ਚ ਕਰਵਾਇਆ ਜਾ ਰਿਹਾ ਹੈ। 19 ਫਰਵਰੀ ਨੂੰ ਕਬੱਡੀ 32 ਕਿਲੋ, 37 ਕਿਲੋ ਤੇ 46 ਕਿਲੋ ਅਤੇ ਵਾਲੀਬਾਲ ਦੇ ਮੁਕਾਬਲੇ ਹੋਣਗੇ। ਮਿਤੀ 20 ਫਰਵਰੀ ਨੂੰ ਕਬੱਡੀ 53 ਕਿਲੋ, 57 ਕਿਲੋ ਤੇ 70 ਕਿਲੋ ਦੇ ਦਿਲਕਸ਼ ਮੁਕਾਬਲੇ ਹੋਣਗੇ। ਅੰਤਿਮ ਦਿਨ 21 ਫਰਵਰੀ ਨੂੰ ਕਬੱਡੀ 70 ਕਿਲੋ ਅਤੇ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ।

ਦੂਜੇ ਸ਼ਹੀਦ ਭਗਤ ਸਿੰਘ ਕੁਸ਼ਤੀ ਟੂਰਨਾਮੈਂਟ ਦੀ ਮਸ਼ਾਲ ਖਟਕੜ ਕਲਾਂ ਤੋਂ ਜਲੰਧਰ ਪੁੱਜੀ

ਜਲੰਧਰ, 9 ਫਰਵਰੀ - 9 ਤੋਂ 12 ਫਰਵਰੀ ਤੱਕ ਪੀ.ਏ.ਪੀ.ਕੈਂਪਸ ਜਲੰਧਰ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਮਰਪਿਤ ਦੂਜੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਖੇਡਾਂ ਦੀ ਮਸ਼ਾਲ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਇਕ ਵੱਡੇ ਕਾਫਲੇ ਦੇ ਰੂਪ ਵਿਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਫ਼ਿਲਮ ਸਟਾਰ ਧਰਮਿੰਦਰ, ਰਾਜ ਗਾਇਕ ਹੰਸ ਰਾਜ ਹੰਸ, ਪਦਮਸ੍ਰੀ ਕਰਤਾਰ ਸਿੰਘ ਅਤੇ ਕੰਵਰਜੀਤ ਸਿੰਘ ਸੰਧੂ ਨੇ ਪੂਰੇ ਸਨਮਾਨਾਂ ਨਾਲ ਲਿਆਂਦੀ। ਇਸ ਮੌਕੇ 'ਤੇ ਇਸ ਮਸ਼ਾਲ ਦਾ ਜਲੰਧਰ ਪੁੱਜਣ 'ਤੇ ਖੇਡ ਪ੍ਰੇਮੀਆਂ ਨੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਨਿਹੰਗ ਸਿੰਘਾਂ ਨੇ ਗਤਕੇ ਦੇ ਜੌਹਰ ਵਿਖਾਏ। ਇਸ ਮੌਕੇ 'ਤੇ ਡਾ: ਵਰਿਆਮ ਸਿੰਘ ਸੰਧੂ ਨੇ ਫ਼ਿਲਮ ਸਟਾਰ ਧਰਮਿੰਦਰ ਦਾ ਪੰਜਾਬ ਦੀ ਧਰਤੀ 'ਤੇ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਪੂਰੀ ਦੁਨੀਆ ਵਿਚ ਪੰਜਾਬੀਆਂ ਦੀ ਪਛਾਣ ਬਣਾਈ ਹੈ। ਇਸ ਮੌਕੇ 'ਤੇ ਖਿਡਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਜ ਗਾਇਕ ਹੰਸ ਰਾਜ ਹੰਸ ਨੇ ਧਰਮਿੰਦਰ ਨੂੰ ਯੂਸਫ਼ ਦੇ ਖਿਤਾਬ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਧਰਮਿੰਦਰ ਭਾਅ ਜੀ ਅਸਲੀ ਪੰਜਾਬੀ ਤੇ ਖੱਬੀ ਖਾਨ ਵਜੋਂ ਜਾਣੇ ਜਾਂਦੇ ਹਨ ਤੇ ਇਨ੍ਹਾਂ ਨੇ ਐਸਾ ਡੱਕਾ ਮਾਰਿਆ ਹੈ ਕਿ ਇਨ੍ਹਾਂ ਨੇ 'ਯਮਲਾ, ਪਗਲਾ, ਦੀਵਾਨਾ' ਫ਼ਿਲਮ ਬਣਾ ਕੇ ਕਮਾਲ ਕੀਤਾ ਤੇ ਅੱਜ ਪੂਰੀ ਦੁਨੀਆ ਇਨ੍ਹਾਂ ਵੱਲ ਵੇਖਦੀ ਹੈ। ਇਸ ਮੌਕੇ 'ਤੇ ਹੰਸ ਰਾਜ ਹੰਸ ਨੇ ਪਦਮਸ੍ਰੀ ਕਰਤਾਰ ਸਿੰਘ ਦਾ ਵੀ ਧੰਨਵਾਦ ਕੀਤਾ। ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦਿਆਂ ਫ਼ਿਲਮ ਸਟਾਰ ਧਰਮਿੰਦਰ ਨੇ ਕਿਹਾ ਕਿ ਮੈਨੂੰ ਪੰਜਾਬ ਆ ਕੇ ਬੇਬੇ ਦੀ ਬੁੱਕਲ ਜਿੰਨਾ ਨਿੱਘ ਮਿਲਿਆ।

ਸਲੌਦੀ ਦੇ ਕਬੱਡੀ ਕੱਪ 'ਤੇ ਹਠੂਰ ਕਾਬਜ

ਖੰਨਾ, 9 ਫਰਵਰੀ - ਪਿੰਡ ਸਲੌਦੀ ਸਿੰਘਾਂ 'ਚ ਕਬੱਡੀ ਕੱਪ ਕਰਵਾਇਆ ਗਿਆ। ਇਹ ਕਬੱਡੀ ਕੱਪ ਸ਼ਹੀਦ ਬਾਬਾ ਆਲੀ ਸਿੰਘ, ਬਾਬਾ ਮਾਲੀ ਸਿੰਘ ਅਤੇ ਬੰਦਾ ਸਿੰਘ ਬਹਾਦਰ ਦੇ ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ਹੈ। ਜਿਸ ਵਿਚ ਕਬੱਡੀ 37 ਕਿਲੋ 'ਚ ਕਨੇਚ ਫਸਟ, ਧਮੋਟ ਦੀ ਟੀਮ ਦੂਜੇ ਸਥਾਨ 'ਤੇ ਰਹੀ। 37 ਕਿਲੋ ਵਿਚ ਸੈਂਟਰ ਜੇਲ੍ਹ ਕਰਮਚਾਰੀਆਂ ਦੇ ਬੱਚੇ ਕ੍ਰਮਵਾਰ ਪਹਿਲੇ, ਦੂਜੇ ਸਥਾਨ 'ਤੇ ਰਹੇ। 47 ਕਿਲੋ 'ਚ ਕਾਉਂਕੇ ਕਲਾਂ, 57 ਕਿਲੋ 'ਚ ਬਖਸ਼ੀਵਾਲਾ ਤੇ 70 ਕਿਲੋ ਵਿਚ ਦੀਵਾਲਾ ਦੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਫਸਵੇਂ ਮੁਕਾਬਲੇ 'ਚ ਹਠੂਰ ਦੀ ਟੀਮ ਨੇ 71000 ਦਾ ਕਬੱਡੀ ਕੱਪ ਚੁੰਮਿਆ। ਜਲਾਲਦੀਵਾਲ ਦੀ ਟੀਮ ਨੂੰ 41000 ਰੁਪਏ ਨਕਦ ਦਿੱਤੇ ਗਏ। ਫੁੱਟਬਾਲ 60 ਕਿਲੋ ਵਿਚੋਂ ਮਹਿੰਦੀਪੁਰ ਪਹਿਲੇ ਅਤੇ ਭੁਮੱਦੀ ਦੂਜੇ ਸਥਾਨ 'ਤੇ ਰਹੀ। ਫੁੱਟਬਾਲ ਕਲੱਬ ਆਲ ਓਪਨ 'ਚ ਸਲੌਦੀ ਜੇਤੂ ਰਹੀ। ਰੱਸਾਕਸ਼ੀ ਦੇ ਮੁਕਾਬਲਿਆਂ ਵਿਚ ਸ਼ੰਕਰ ਦੀ ਟੀਮ ਜੇਤੂ ਰਹੀ। ਕੁੱਤਿਆਂ ਦੀਆਂ ਦੌੜਾਂ ਵਿਚੋਂ ਗੁਰਪ੍ਰੀਤ ਸਿੰਘ ਕੈਨੇਡਾ ਦਾ ਕੁੱਤਾ ਪਹਿਲੇ ਨੰਬਰ 'ਤੇ ਆਇਆ।

ਫੁੱਟਬਾਲ ਟੂਰਨਾਮੈਂਟ 18 ਤੋਂ

ਕੁੱਪ ਕਲਾਂ, 9 ਫਰਵਰੀ - 18 ਤੋਂ 20 ਫਰਵਰੀ ਤੱਕ ਤਿੰਨ ਦਿਨਾ ਦੂਜਾ ਫੁੱਟਬਾਲ ਟੂਰਨਾਮੈਂਟ ਆਨੰਦ ਈਸ਼ਰ ਸਕੂਲ ਛਪਾਰ ਰੋਡ ਦੀ ਗਰਾਊਂਡ 'ਚ ਕਰਵਾਇਆ ਗਿਆ। ਟੂਰਨਾਮੈਂਟ ਦੀ ਜੇਤੂ ਟੀਮ ਨੂੰ 21 ਹਜ਼ਾਰ ਰੁਪਏ ਤੇ ਉਪ-ਜੇਤੂ ਟੀਮ ਨੂੰ 17 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਟੂਰਨਾਮੈਂਟ ਦੌਰਾਨ ਇਕ ਪਿੰਡ ਓਪਨ ਦੇ ਮੈਚ ਕਰਵਾਏ ਜਾਣਗੇ।

ਜਟਾਣਾਂ ਉੱਚਾ ਦਾ ਖੇਡ ਮੇਲਾ ਸਮਾਪਤ

ਖਮਾਣੋਂ, 9 ਫਰਵਰੀ - ਕਬੱਡੀਵੱਲੋਤੂਰ ਯਾਦਗਾਰੀ ਪੰਚਾਇਤੀ ਮਾਲਵਾ ਯੁਵਕ ਕਲੱਬ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਪਿੰਡ ਜਟਾਣਾਂ ਉੱਚਾ ਵੱਲੋਂ ਸ: ਬਘੇਲ ਸਿੰਘ ਤੂਰ ਯਾਦਗਾਰੀ ਪੰਚਾਇਤੀ ਰਾਜ ਖੇਡ ਸਟੇਡੀਅਮ 'ਚ ਕਰਵਾਇਆ ਖੇਡ ਮੇਲਾ ਸਮਾਪਤ ਹੋ ਗਿਆ। ਮੇਲੇ ਦਾ ਉਦਘਾਟਨ ਬਾਬਾ ਸਰਬਜੀਤ ਸਿੰਘ ਭੱਲਾ ਬਰਵਾਲੀ ਵਾਲਿਆਂ ਅਤੇ ਮਾਤਾ ਸੁਖਵਿੰਦਰ ਕੌਰ ਕੈਨੇਡਾ ਸੁਪਤਨੀ ਸਵ. ਬਘੇਲ ਸਿੰਘ ਤੂਰ ਕੈਨੇਡਾ ਨੇ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆ ਤੂਰ ਫਾਇਨਾਂਸ ਸਮਰਾਲਾ ਦੇ ਮੈਨੇਜਰ ਤਰਸੇਮ ਸਿੰਘ ਪਨੇਸਰ ਅਤੇ ਜਸਵੀਰ ਸਿੰਘ ਤੂਰ ਨੇ ਦੱਸਿਆ ਕਿ ਕਬੱਡੀ 32 ਕਿਲੋ ਵਿਚ ਚਹਿਲਾਂ ਨੇ ਕੋਟਗੰਗੂ ਰਾਏ ਨੂੰ, 37 'ਚ ਚਹਿਲਾਂ ਨੇ ਕਨੈਚ ਨੂੰ, 47 'ਚ ਟੂਸੇ ਬਾਬਾ ਸਮਾਧ ਨੇ ਫਰੌਰ ਸਕੂਲ ਨੂੰ, 57 ਕਿਲੋ 'ਚ ਖੀਰਨੀਆਂ ਨੇ ਜਰਗੜੀ ਨੂੰ ਅਤੇ 65 ਕਿਲੋ 'ਚ ਗੜੀ ਤਰਖਾਣਾਂ ਨੇ ਗੜ੍ਹੀ ਨੂੰ ਹਰਾਇਆ। ਕਬੱਡੀ ਕਲੱਬ ਇਕ ਪਿੰਡ ਵਿਚ ਘਲੋਟੀ ਨੇ ਦਿਲਚਸਪ ਮੈਚ ਵਿਚ ਗੜੀ ਤਰਖਾਣਾਂ ਨੂੰ ਚਿੱਤ ਕੀਤਾ। ਅਕੈਡਮੀ ਸ਼ੋਅ ਮੈਚ ਵਿਚ ਮਾਲਵਾ ਕਾਲਜ ਬੌਂਦਲੀ ਸਮਰਾਲਾ ਨੇ ਚਮਕੌਰ ਸਾਹਿਬ ਅਕੈਡਮੀ ਨੂੰ ਹਰਾਇਆ। ਵਾਲੀਬਾਲ ਸਮੈਸ਼ਿੰਗ ਵਿਚ ਹਵਾਰਾ ਕਲਾਂ ਨੇ ਕਕਰਾਲਾ-ਏ ਨੂੰ ਹਰਾਇਆ। ਫੁੱਟਬਾਲ ਵਿਚ ਅਲੂਣਾ ਪੱਲਾ ਨੇ ਕੰਮਾ ਘੁਰਾਲਾ ਨੂੰ ਹਰਾਇਆ। ਬੈਲ ਗੱਡੀਆਂ (ਖੀਰੇ ਦੁੱਗੇ) ਦੀਆਂ ਦੌੜਾਂ ਵਿਚ ਭੋਲਾ ਧੌਲ ਮਾਜਰਾ ਪਹਿਲੇ, ਹਰਬੰਸ ਸਿੰਘ ਜਟਾਣਾਂ ਉਚਾ ਦੂਜੇ ਅਤੇ ਠੋਲੀ ਧੌਲਮਾਜਰਾ ਤੀਸਰੇ ਸਥਾਨ ਉਤੇ ਰਹੇ। ਵੱਡੇ ਬਲਦਾਂ ਵਿਚ ਬਿੱਟੂ ਕੂੰਮਕਲਾਂ ਨੇ ਪਹਿਲਾ, ਬਚਨ ਢੰਡਾਰੀ ਨੇ ਦੂਜਾ ਅਤੇ ਹਰਬੰਸ ਸਿੰਘ ਜਟਾਣਾਂ ਉੱਚਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਦੂਸਰਾ ਪਰਲਜ਼ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਕੁਸ਼ਤੀ ਟੂਰਨਾਮੈਂਟ ਸ਼ੁਰੂ

ਨਵੀਂ ਦਿੱਲੀ, 8 ਫਰਵਰੀ - 9 ਤੋਂ 12 ਫਰਵਰੀ ਤੱਕ ਐਮ.ਐਸ.ਭੁੱਲਰ ਇਨਡੋਰ ਸਟੇਡੀਅਮ ਜਲੰਧਰ 'ਚ ਦੂਜਾ ਪਰਲਜ਼ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਕੁਸ਼ਤੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੀ ਮਸ਼ਾਲ ਸ਼ਹੀਦ ਭਗਤ ਸਿੰਘ ਦੇ ਆਪਣੇ ਪਿੰਡ ਖਟਕੜ ਕਲਾਂ ਤੋਂ ਚੱਲੇਗੀ। ਮਸ਼ਾਲ ਪ੍ਰੋਗਰਾਮ ਦੇ ਮੁੱਖ ਮਹਿਮਾਨ ਬਾਲੀਵੁੱਡ ਦੇ ਫ਼ਿਲਮ ਸਟਾਰ ਧਰਮਿੰਦਰ ਹੋਣਗੇ। ਇਹ ਰਸਮ 9 ਫਰਵਰੀ ਨੂੰ ਸਵੇਰੇ 10 ਵਜੇ ਹੋਵੇਗੀ। ਖਟਕੜ ਕਲਾਂ ਵਿਚ ਜਾਣੀਆਂ-ਮਾਨੀਆਂ ਹਸਤੀਆਂ ਨਾਲ ਗੁਰਦਾਸ ਮਾਨ, ਹੰਸ ਰਾਜ ਹੰਸ, ਪ੍ਰੀਤੀ ਸਪਰੂ, ਨਵਜੋਤ ਸਿੰਘ ਸਿੱਧੂ ਅਤੇ ਪਰਮਿੰਦਰ ਸਿੰਘ ਢੀਂਡਸਾ (ਚੇਅਰ ਪ੍ਰਬੰਧਕੀ ਕਮੇਟੀ) ਇਹ ਮਸ਼ਾਲ ਖਟਕੜ ਕਲਾਂ ਤੋਂ ਜਲੰਧਰ ਲੈ ਕੇ ਆਉਣਗੇ। ਜਲੰਧਰ ਵਿਖੇ ਰਾਕੇਸ਼ ਰਾਠੌਰ ਮੇਅਰ ਇਸ ਮਸ਼ਾਲ ਨੂੰ ਪ੍ਰਾਪਤ ਕਰਨਗੇ। ਟੂਰਨਾਮੈਂਟ ਦੀ ਕੁੱਲ ਇਨਾਮ ਰਾਸ਼ੀ 30 ਲੱਖ ਰੁਪਏ ਰੱਖੀ ਗਈ ਹੈ। ਭਾਰਤ ਵੱਲੋਂ 4 ਟੀਮਾਂ ਫਰੀ ਸਟਾਇਲ (ਆਦਮੀ ਤੇ ਔਰਤਾਂ) ਹੋਣਗੀਆਂ ਅਤੇ ਇਕ ਟੀਮ ਮੇਜ਼ਬਾਨ ਸੂਬੇ ਪੰਜਾਬ ਦੀ ਹੋਵੇਗੀ। ਟੂਰਨਾਮੈਂਟ ਦਾ ਉਦਘਾਟਨ 10 ਫਰਵਰੀ ਨੂੰ 10.30 ਵਜੇ ਸਵੇਰੇ ਪੰਜਾਬ ਦੇ ਉੱਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਕਰਨਗੇ।

ਜੱਲੂਪੁਰ ਖੈੜਾ ਦੀਆਂ ਖੇਡਾਂ 11 ਤੋਂ

ਰਈਆ, 8 ਫਰਵਰੀ - 11-12 ਫਰਵਰੀ ਨੂੰ ਪਿੰਡ ਜੱਲੂਪੁਰ ਖੈੜਾ ਵਿਖੇ ਬਾਬਾ ਕਾਲਾ ਮਹਿਰ ਜੀ ਦੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਦੋ ਰੋਜ਼ਾ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। 11 ਫਰਵਰੀ ਨੂੰ ਕਬੱਡੀ ਦੇ ਓਪਨ ਦੇ ਪਿੰਡ ਪੱਧਰ ਦੇ ਮੈਚ ਕਰਵਾਏ ਜਾਣਗੇ। 12 ਫਰਵਰੀ ਨੂੰ ਪੰਜਾਬ ਦੀਆਂ 8 ਮਸ਼ਹੂਰ ਅਕੈਡਮੀਆਂ ਦੇ ਕਬੱਡੀ ਦੇ ਮੈਚ ਕਰਵਾਏ ਜਾਣਗੇ ਜਿਸ ਵਿਚ ਜੇਤੂ ਆਉਣ ਵਾਲੀ ਟੀਮ ਨੂੰ 25 ਹਜ਼ਾਰ ਰੁਪਏ ਅਤੇ ਉਪ ਜੇਤੂ ਰਹਿਣ ਵਾਲੀ ਟੀਮ ਨੂੰ 20 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ।

29ਵਾਂ ਮੁਠੱਡਾ ਕਲਾਂ ਦਾ ਖੇਡ ਮੇਲਾ 10 ਤੋਂ

ਗੁਰਾਇਆ, 8 ਫਰਵਰੀ - 10 ਤੋਂ 12 ਫਰਵਰੀ ਤੱਕ ਪਿੰਡ ਮੁਠੱਡਾ ਕਲਾਂ ਦਾ 29ਵਾਂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ 9ਵਾਂ ਅੰਤਰਰਾਸ਼ਟਰੀ ਕਬੱਡੀ ਕੱਪ 12 ਫਰਵਰੀ ਨੂੰ ਆਜ਼ਾਦ ਕਬੱਡੀ ਕਲੱਬ ਅਤੇ ਗਰਾਮ ਪੰਚਾਇਤ ਮੁਠੱਡਾ ਵਲ਼ੋਂ ਕਰਵਾਇਆ ਜਾ ਰਿਹਾ ਹੈ। ਜੇਤੂ ਟੀਮ ਨੂੰ 1,25,000 ਰੁਪਏ ਦਾ ਇਨਾਮ ਹੋਵੇਗਾ, ਦੂਸਰੀ ਟੀਮ ਨੂੰ 75 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ। ਪਿੰਡ ਪੱਧਰ ਓਪਨ, ਪਿੰਡ ਪੱਧਰ 70 ਕਿਲੋ, ਪਿੰਡ ਪੱਧਰ 62 ਅਤੇ 47 ਕਿੱਲੋ ਦੇ ਕਬੱਡੀ ਮੁਕਾਬਲਿਆਂ ਤੋਂ ਇਲਾਵਾ 8 ਅਕੈਡਮੀਆਂ ਦੇ ਮੈਚ ਹੋਣਗੇ। 12 ਫਰਵਰੀ ਸ਼ਾਮ ਜੈਜ਼ੀ.ਬੀ. ਦਾ ਖੁੱਲ੍ਹਾ ਅਖਾੜਾ ਲੱਗੇਗਾ।

ਈਸੇਵਾਲ ਕਬੱਡੀ ਕੱਪ 10 ਤੋਂ

ਮੁੱਲਾਂਪੁਰ ਦਾਖਾ, 8 ਫਰਵਰੀ - 10 ਤੋਂ 12 ਫਰਵਰੀ ਤੱਕ ਈਸੇਵਾਲ ਲੁਧਿਆਣਾ ਵੱਲੋਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਕਬੱਡੀ ਕੱਪ ਓਪਨ ਇਕ ਪਿੰਡ ਮੁਕਾਬਲੇ ਦੇ ਸਰਬੋਤਮ ਜਾਫੀ-ਧਾਵੀ ਦਾ ਮੋਟਰਸਾਈਕਲਾਂ ਨਾਲ ਸਨਮਾਨ ਅਤੇ ਜੇਤੂ ਟੀਮ ਨੂੰ 41 ਹਜ਼ਾਰ, ਉੱਪ ਜੇਤੂ ਲਈ 25 ਹਜ਼ਾਰ ਦੇ ਨਾਲ 70 ਕਿਲੋ ਭਾਰ ਮੁਕਾਬਲਾ ਜੇਤੂ ਟੀਮ ਲਈ ਯਾਦਗਾਰੀ ਟਰਾਫੀ 21 ਹਜ਼ਾਰ ਦਾ ਨਕਦ ਇਨਾਮ ਦਿੱਤਾ ਜਾ ਰਿਹਾ ਹੈ। 10 ਫਰਵਰੀ ਕਬੱਡੀ 42-52 ਕਿਲੋ ਵਜਨੀ ਅਤੇ 11 ਫਰਵਰੀ ਕਬੱਡੀ 60-70 ਕਿਲੋ ਭਾਰ ਮੁਕਾਬਲਾ, 12 ਫਰਵਰੀ ਨੂੰ ਇਕ ਪਿੰਡ ਓਪਨ ਕਬੱਡੀ ਹੋਵੇਗੀ।

ਮੀਰੀ ਪੀਰੀ ਕਬੱਡੀ ਕੱਪ 18 ਤੋਂ

ਜਲੰਧਰ, 8 ਫਰਵਰੀ - 18-19 ਫਰਵਰੀ ਨੂੰ ਰਾਮਪੁਰਾ ਫੂਲ ਨੇੜਲੇ ਪਿੰਡ ਮਹਿਰਾਜ 'ਚ ਮੀਰੀ ਪੀਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਜਿਥੇ ਕਬੱਡੀ ਸਟਾਰ ਨਿਰਵੈਰ ਘੌਨੀ ਗਣੀਵਾਲਾ ਨੂੰ ਸਿਫਿਟ ਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਉਥੇ ਕਬੱਡੀ ਕੂਮੈਂਟੇਟਰ ਰੁਪਿੰਦਰ ਜਲਾਲ ਨੂੰ ਬੁਲਟ ਮੋਟਰਸਾਈਕਲ ਨਾਲ ਨਿਵਾਜਿਆ ਜਾਵੇਗਾ। ਇਸ ਤੋਂ ਇਲਾਵਾ ਕਬੱਡੀ ਖਿਡਾਰੀਆਂ ਜਿਵੇਂ ਲੱਖੂ ਭੁੱਚੋ, ਲਾਡੀ ਰਾਮਪੁਰਾ, ਖਰਾਜ਼ੀ ਪਿੱਥੋਂ, ਗੁਰਮੀਤ ਮੰਡੀ ਕਲਾਂ, ਪੀ. ਟੀ. ਖਿੜਕੀਆਂ ਵਾਲਾ ਤੇ ਹੈਪੀ ਮਹਿਰਾਜ ਤੋਂ ਇਲਾਵਾ ਇਸ ਕੱਪ ਦੇ ਬੈਸਟ ਰੇਡਰ ਤੇ ਜਾਫੀ ਨੂੰ ਵੀ ਸਪਲੈਂਡਰ ਮੋਟਰਸਾਈਕਲਾਂ ਨਾਲ ਵਿਸ਼ੇਸ਼ ਸਨਮਾਨਿਤ ਕੀਤਾ ਜਾਵੇਗਾ।

ਦਸਮੇਸ਼ ਕਲੱਬ ਨਕੋਦਰ ਜੇਤੂ

ਦਿੜ੍ਹਬਾ ਮੰਡੀ, 7 ਫਰਵਰੀ - 38ਵਾਂ ਸ਼ਹੀਦ ਬਚਨ ਸਿੰਘ ਕਬੱਡੀ ਕੱਪ ਦਿੜ੍ਹਬਾ ਮੰਡੀ 'ਚ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਜੇਤੂ ਟੀਮ ਨੂੰ 2 ਕਰੋੜ, ਉਪ ਜੇਤੂ ਟੀਮ ਨੂੰ 1 ਕਰੋੜ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 50 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਕੱਪ ਨੂੰ ਜਿੱਤਣ ਦਾ ਮਾਣ ਦਸਮੇਸ਼ ਕਲੱਬ ਨਕੋਦਰ ਨੇ ਸ਼ਹੀਦ ਬਚਨ ਸਿੰਘ ਕਬੱਡੀ ਅਕੈਡਮੀ ਦਿੜਬਾ ਨੂੰ ਹਰਾ ਕੇ ਪ੍ਰਾਪਤ ਕੀਤਾ। ਲੜਕੀਆਂ ਦਾ ਕਬੱਡੀ ਕੱਪ ਮਾਈ ਭਾਗੋ ਅਕੈਡਮੀ ਨਵਾਂ ਸ਼ਹਿਰ ਨੇ ਸਵੈਨ ਕਬੱਡੀ ਅਕੈਡਮੀ ਨੂੰ ਹਰਾ ਕੇ ਜਿੱਤਿਆ। ਕੋਚ ਗੁਰਮੇਲ ਸਿੰਘ ਦਿੜਬਾ ਦਾ ਸਵਿਫਟ ਕਾਰ ਅਤੇ ਸਤਪਾਲ ਖਡਿਆਲ ਕੁਮੈਂਟੇਟਰ ਦਾ ਮੋਟਰ ਸਾਈਕਲ ਨਾਲ ਸਨਮਾਨ ਕੀਤਾ ਗਿਆ।

ਕਬੱਡੀ ਓਪਨ 'ਚ ਬੋਪਾਰਾਏ ਖੁਰਦ ਅੱਵਲ

ਗੁਰੂਸਰ ਸੁਧਾਰ, 7 ਫਰਵਰੀ - 37ਵਾਂ ਪੇਂਡੂ ਖੇਡ ਮੇਲਾ ਗੁਰੂਸਰ ਸੁਧਾਰ ਦੇ ਹਰਗੋਬਿੰਦ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ। ਕਬੱਡੀ ਓਪਨ 'ਚ ਬੋਪਾਰਾਏ ਖੁਰਦ ਨੇ ਪਹਿਲਾ ਜਦਕਿ ਚੂਹੜਚੱਕ ਨੇ ਦੂਜਾ, ਕਬੱਡੀ 70 ਕਿੱਲੋ 'ਚ ਮੇਜ਼ਬਾਨ ਦੀ ਟੀਮ ਨੇ ਜੰਡ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹਾਕੀ ਆਲ ਓਪਨ ਦੇ ਫਾਈਨਲ ਮੁਕਾਬਲੇ ਅੰਦਰ ਮੇਜ਼ਬਾਨ ਸੁਧਾਰ ਦੀ ਟੀਮ ਨੇ ਰੂਮੀ ਦੀ ਟੀਮ ਨੂੰ 3-0 'ਤੇ ਹਰਾ ਕੇ ਵਕਾਰੀ ਗੋਲਡ ਕੱਪ ਜਿੱਤ ਕੇ ਇਨਾਮ ਜਿੱਤ ਲਿਆ, ਜਦਕਿ ਫੁੱਟਬਾਲ ਪਿੰਡ ਵਾਰ ਫੁੱਟਬਾਲ ਮੁਕਾਬਲਿਆਂ 'ਚ ਡਾਂਗੋਂ ਦੀ ਟੀਮ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਬਿਲਾਸਪੁਰ ਦੀ ਟੀਮ ਨੂੰ ਹਰਾ ਕੇ ਵਕਾਰੀ ਇਨਾਮ ਜਿੱਤ ਲਿਆ। ਸਪੋਰਟਸ ਕਲੱਬ ਵੱਲੋਂ ਹਰ ਖੇਡ ਵਿਚੋਂ ਇਕ-ਇਕ ਚੰਗਾ ਖਿਡਾਰੀ ਚੁਣ ਕੇ ਸਨਮਾਨਤ ਕੀਤਾ ਜਿਵੇਂ ਮਹੇਰਨੇ ਦਾ ਪ੍ਰਦੀਪ ਸਿੰਘ ਬੈਸਟ ਰੇਡਰ ਨੂੰ ਸਾਈਕਲ, ਚਕਰ ਦੇ ਬੀਰੀ ਨੂੰ ਘਿਉ ਅਤੇ ਸੂਜਾਪੁਰ ਰਾਜੇ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਤ ਕੀਤਾ ਗਿਆ।

ਘੁੰਮਣਾਂ ਕਬੱਡੀ ਕੱਪ 10 ਤੋਂ

ਜਲੰਧਰ, 7 ਫਰਵਰੀ - 10-11 ਫਰਵਰੀ ਨੂੰ ਛੇਵਾਂ ਸਾਲਾਨਾ ਕਬੱਡੀ ਕੱਪ ਫਗਵਾੜਾ ਨੇੜਲੇ ਪਿੰਡ ਘੁੰਮਣਾਂ 'ਚ ਸਕੂਲ ਦੀ ਗਰਾਊਂਡ 'ਚ ਸਥਿਤ ਗੁਰਦੁਆਰਾ ਸ਼ਹੀਦ ਸਿੰਘਾਂ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ। 10 ਫਰਵਰੀ ਨੂੰ ਕਬੱਡੀ ਕੱਪ ਦਾ ਉਦਘਾਟਨ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਤੇ ਜਸਵੀਰ ਸਿੰਘ ਰਾਏ ਡੀ. ਐਸ. ਪੀ. ਬੰਗਾ ਵੱਲੋਂ ਕੀਤਾ ਜਾਵੇਗਾ। ਇਸ ਦਿਨ ਕਬੱਡੀ ਭਾਰ ਵਰਗ 45 ਕਿਲੋ, 60 ਕਿਲੋ ਤੇ 70 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ। ਦੂਜੇ ਦਿਨ 11 ਫਰਵਰੀ ਨੂੰ ਚੋਟੀ ਦੀਆਂ ਅੱਠ ਕਬੱਡੀ ਅਕੈਡਮੀਆਂ ਦੇ ਮੁਕਾਬਲੇ ਕਰਵਾਏ ਹਨ।

ਕਬੱਡੀ ਓਪਨ 'ਚ ਬੱਸੀਆਂ ਜੇਤੂ

ਮੁੱਲਾਂਪੁਰ ਦਾਖਾ, 7 ਫਰਵਰੀ - ਦਸਮੇਸ਼ ਸਪੋਰਟਸ ਅਤੇ ਵੈਲਫ਼ੇਅਰ ਕਲੱਬ ਪਿੰਡ ਦਾਖਾ ਲੁਧਿਆਣਾ ਵੱਲੋਂ ਕਰਵਾਏ ਟੂਰਨਾਮੈਂਟ 'ਚ ਕਬੱਡੀ ਓਪਨ ਪਿੰਡ ਵਾਰ ਮੁਕਾਬਲਿਆਂ ਵਿਚ ਬੱਸੀਆਂ ਦੀ ਟੀਮ ਜੇਤੂ ਅਤੇ ਗਗੜਾ ਦੀ ਉਪ- ਜੇਤੂ ਰਹੀ। ਫੁੱਟਬਾਲ ਮੁਕਾਬਲਿਆਂ ਵਿਚ ਪਿੰਡ ਮੁੱਲਾਂਪੁਰ ਦੀ ਟੀਮ ਨੇ ਪਹਿਲਾ ਇਨਾਮ ਹਾਸਲ ਕਰਕੇ ਆਪਣੀ ਜੇਤੂ ਪਾਰੀ ਬਰਕਰਾਰ ਰੱਖੀ। ਕਬੱਡੀ ਓਪਨ ਅੰਕਾਂ ਦੇ ਅਧਾਰ 'ਤੇ ਪ੍ਰਬੰਧਕਾਂ ਵੱਲੋਂ ਕਬੱਡੀ ਰੇਡਰ ਮਹੀਂਪਾਲ ਗਿੱਲ ਮੁੱਲਾਂਪੁਰ ਸਰਵੋਤਮ ਧਾਵੀ ਅਤੇ ਸੰਜੀਵ ਬੱਸੀਆਂ ਜਾਫੀ ਚੁਣਿਆ ਗਿਆ। ਹਾਕੀ ਦੇ ਫਾਈਨਲ ਮੁਕਾਬਲੇ ਵਿਚ ਢੁੱਡੀਕੇ ਟੀਮ 2-3 ਗੋਲ ਦੇ ਫ਼ਰਕ ਨਾਲ ਰੂਮੀ ਨੂੰ ਹਰਾ ਕੇ ਜੇਤੂ ਬਣੀ। ਕਬੱਡੀ ਵਜ਼ਨੀ 70 ਕਿੱਲੋ ਭਾਰ ਮੁਕਾਬਲੇ ਵਿਚ ਦਾਖਾ ਕਬੱਡੀ ਟੀਮ ਜੇਤੂ ਅਤੇ ਰਕਬਾ ਟੀਮ ਉਪ- ਜੇਤੂ ਬਣੀ।

ਖੇਡਾਂ ਦਾਦੂਵਾਲ ਦੀਆਂ 11 ਤੋਂ

ਜਲੰਧਰ, 7 ਫਰਵਰੀ - 11 ਤੋਂ 13 ਫਰਵਰੀ ਤੱਕ ਦਾਦੂਵਾਲ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। 11 ਫਰਵਰੀ ਕੁੱਤਿਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। ਇਸ ਦਾ ਪਹਿਲਾ ਇਨਾਮ 10 ਹਜ਼ਾਰ, ਦੂਜਾ 8 ਹਜ਼ਾਰ ਤੇ ਤੀਜਾ ਇਨਾਮ 6 ਹਜ਼ਾਰ ਰੁਪਏ ਦਿੱਤਾ ਜਾਵੇਗਾ। ਬੰਤ ਨਿੱਝਰ ਨੇ ਦੱਸਿਆ ਕਿ ਇਸ ਦੇ ਵਿਚ ਸਿਰਫ ਭਾਰਤੀ ਕੁੱਤੇ ਹੀ ਹਿੱਸਾ ਲੈ ਸਕਦੇ ਹਨ। 12 ਤੇ 13 ਫਰਵਰੀ ਨੂੰ ਓਪਨ ਕਬੱਡੀ ਤੇ ਪਿੰਡ ਪੱਧਰ ਦੇ ਕਬੱਡੀ ਮੈਚ ਕਰਵਾਏ ਜਾਣਗੇ।

ਮੀਰੀ ਪੀਰੀ ਕਬੱਡੀ ਕੱਪ 11 ਤੋਂ

ਸਮਾਲਸਰ, 7 ਫਰਵਰੀ - 11-12 ਫਰਵਰੀ ਨੂੰ ਚੌਥਾ ਕਬੱਡੀ ਕੱਪ ਖਾਲਸਾ ਸਟੇਡੀਅਮ ਪਿੰਡ ਰੋਡੇ (ਮੋਗਾ) ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ ਹੋਵੇਗਾ। ਟੂਰਨਾਮੈਂਟ ਦਾ ਉਦਘਾਟਨ ਸੰਤ ਬਾਬਾ ਪ੍ਰਤਾਪ ਸਿੰਘ ਲੰਗੇਆਣਾ ਵਾਲੇ, ਸੰਤ ਬਾਬਾ ਸੁਰਜੀਤ ਸਿੰਘ ਸੋਧੀ ਲਧਾਈਕੇ ਵਾਲੇ ਅਤੇ ਕੈਪਟਨ ਹਰਚਰਨ ਸਿੰਘ ਰੋਡੇ (ਭਰਾ ਸੰਤ ਜਰਨੈਲ ਸਿੰਘ ਖਾਲਸਾ) ਕਰਨਗੇ। ਇਸ ਤੋਂ ਬਾਅਦ 55 ਕਿਲੋ ਕਬੱਡੀ ਦੇ ਮੈਚ ਸ਼ੁਰੂ ਹੋਣਗੇ ਅਤੇ ਦਸਤਾਰਬੰਦੀ ਦੇ ਮੁਕਾਬਲੇ ਹੋਣਗੇ। 12 ਫਰਵਰੀ ਸਨਿਚਰਵਾਰ ਨੂੰ ਅੱਠ ਕਬੱਡੀ ਅਕੈਡਮੀਆਂ ਦੇ ਮੈਚ ਹੋਣਗੇ। ਪਹਿਲੇ ਤੇ ਦੂਜੇ ਸਥਾਨ 'ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 1 ਲੱਖ ਤੇ 75 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਦਿਨ ਹੀ ਕੇਸਧਾਰੀ ਖਾਲਸਾ ਅਕੈਡਮੀ ਦਾ ਸ਼ੋਅ ਮੈਚ ਵੀ ਹੋਵੇਗਾ।

ਐਫ. ਆਈ. ਐਚ. 1 ਦਸੰਬਰ ਤੋਂ

ਲੁਧਿਆਣਾ, 7 ਫਰਵਰੀ - ਅੰਤਰਰਾਸ਼ਟਰੀ ਵਕਾਰੀ ਹਾਕੀ ਟੂਰਨਾਮੈਂਟ ਚੈਂਪੀਅਨਜ਼ ਟਰਾਫੀ 1 ਤੋਂ 11 ਦਸੰਬਰ ਤੱਕ ਧਿਆਨ ਚੰਦ ਹਾਕੀ ਸਟੇਡੀਅਮ ਨਵੀਂ ਦਿੱਲੀ 'ਚ ਕਰਵਾਈ ਜਾ ਰਹੀ ਹੈ। ਇਸ ਟੂਰਨਾਮੈਂਟ ਵਿਚ ਵਰਤਮਾਨ ਚੈਂਪੀਅਨ ਆਸਟ੍ਰੇਲੀਆ, ਮੇਜ਼ਬਾਨ ਭਾਰਤ ਤੋਂ ਇਲਾਵਾ ਜਰਮਨੀ, ਹਾਲੈਂਡ, ਇੰਗਲੈਂਡ, ਸਪੇਨ ਦੀਆਂ ਟੀਮਾਂ ਹਿੱਸਾ ਲੈਣਗੀਆਂ। ਜਦਕਿ ਪਾਕਿਸਤਾਨ ਤੇ ਕੋਰੀਆ ਨੂੰ ਵਧੀਆ ਕਾਰਗੁਜ਼ਾਰੀ ਦੇ ਆਧਾਰ ਤੇ ਵਾਈਡ ਕਾਰਡ ਰਾਹੀਂ ਐਂਟਰੀ ਦਿੱਤੀ ਗਈ ਹੈ। ਚੈਂਪੀਅਨਜ਼ ਟਰਾਫੀ ਦੇ ਦੋ ਮਹੀਨੇ ਬਾਅਦ ਹੀ ਫਰਵਰੀ 2012 ਵਿਚ ਉਲੰਪਿਕ ਕੁਆਲੀਫਾਈ ਗੇੜ ਮਰਦਾਂ ਅਤੇ ਇਸਤਰੀਆਂ ਦਾ ਨਵੀਂ ਦਿੱਲੀ ਵਿਖੇ ਹੀ ਖੇਡਿਆ ਜਾਵੇਗਾ, ਜਿਸ ਵਿਚ 12 ਟੀਮਾਂ ਹਿੱਸਾ ਲੈਣਗੀਆਂ। ਇਸ ਤੋਂ ਇਲਾਵਾ 2013 ਵਿਚ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਵੀ ਭਾਰਤ ਨੂੰ ਅਲਾਟ ਕੀਤਾ ਗਿਆ ਹੈ। ਇਸੇ ਵਰ੍ਹੇ ਭਾਰਤ 'ਚ ਹੋਣ ਵਾਲੀ ਵਿਸ਼ਵ ਹਾਕੀ ਲੀਗ ਬਾਰੇ ਅੰਤਿਮ ਫੈਸਲਾ ਐਫ. ਆਈ. ਐਚ. ਦੀ ਅੰਤਰਿਮ ਬੋਰਡ ਦੀ ਮੀਟਿੰਗ ਵਿਚ ਮਾਰਚ ਮਹੀਨੇ ਲਿਆ ਜਾਵੇਗਾ।

ਪੰਜਾਬ ਜੂਡੋ ਚੈਂਪੀਅਨਸ਼ਿਪ 12 ਤੋਂ

ਜਲੰਧਰ, 7 ਫਰਵਰੀ - 32ਵੀਂ ਪੰਜਾਬ ਜੂਡੋ ਚੈਂਪੀਅਨਸ਼ਿਪ ਲੜਕੇ/ਲੜਕੀਆਂ ਜੋ ਕਿ ਸਰਕਾਰੀ ਮਾਡਲ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ 12-13 ਫਰਵਰੀ ਨੂੰ ਹੋ ਰਹੀ ਹੈ। ਉਸ ਵਿਚ ਸਾਰੇ ਜ਼ਿਲ੍ਹੇ ਦੀਆਂ ਟੀਮਾਂ ਭਾਗ ਲੈਣਗੀਆਂ। ਸਾਰੀਆਂ ਟੀਮਾਂ 11 ਫਰਵਰੀ ਨੂੰ ਬਾਅਦ ਦੁਪਹਿਰ ਰਿਪੋਰਟ ਕਰਨਗੀਆਂ। ਟੀਮਾਂ ਦੇ ਭਾਰ ਸ਼ਾਮ ਨੂੰ 5 ਵਜੇ ਕੀਤੇ ਜਾਣਗੇ।

ਖੋਜੇਵਾਲਾ 'ਚ ਪਹਿਲਾ ਗੋਲਡ ਕਬੱਡੀ ਕੱਪ 9 ਨੂੰ

ਕਪੂਰਥਲਾ, 7 ਫਰਵਰੀ - ਪਹਿਲਾ ਗੋਲਡ ਕਬੱਡੀ ਕੱਪ 9 ਫਰਵਰੀ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਟੇਡੀਅਮ ਖੋਜੇਵਾਲਾ ਜਲੰਧਰ-ਕਪੂਰਥਲਾ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ। ਕਬੱਡੀ ਕੱਪ ਵਿਚ ਜੇਤੂ ਟੀਮ ਨੂੰ ਪਹਿਲਾ ਇਨਾਮ 71 ਹਜ਼ਾਰ ਰੁਪਏ, ਉਪ ਜੇਤੂ ਟੀਮ ਨੂੰ ਦੂਜਾ ਇਨਾਮ 51 ਹਜ਼ਾਰ ਰੁਪਏ, ਓਪਨ ਕਲੱਬ 'ਚ ਪਹਿਲਾ ਇਨਾਮ 25 ਹਜ਼ਾਰ ਤੇ ਦੂਜਾ 17 ਹਜ਼ਾਰ ਰੁਪਏ ਤੇ 52 ਕਿੱਲੋ ਕਬੱਡੀ 'ਚ ਪਹਿਲਾ ਇਨਾਮ 7 ਹਜ਼ਾਰ ਤੇ ਦੂਜਾ 5 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।

ਬੱਧਨੀ ਕਲਾਂ ਦਾ ਚਾਰ ਰੋਜ਼ਾ ਟੂਰਨਾਮੈਂਟ

ਬੱਧਨੀ ਕਲਾਂ, 7 ਫਰਵਰੀ - ਬੱਧਨੀ ਕਲਾਂ 'ਚ ਚਾਰ ਰੋਜ਼ਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਚਾਰ ਰੋਜ਼ਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਟੂਰਨਾਮੈਂਟ ਦੇ ਦੂਸਰੇ ਦਿਨ 40 ਕਿਲੋ ਭਾਰ ਕਬੱਡੀ ਵਿਚ ਬੱਧਨੀ ਕਲਾਂ ਤੇ ਇੰਦਗੜ੍ਹ ਤੇ 45 ਕਿਲੋ ਵਿਚ ਬੀੜ ਰਾਉਕੇ ਤੇ ਧੱਲੇਕੇ ਦੀ ਟੀਮ ਨੇ ਫਾਈਨਲ ਵਿਚ ਆਪਣੀ ਜਗ੍ਹਾ ਬਣਾਈ। ਸਟੇਜ ਦੀ ਭੂਮਿਕਾ ਗੁਰਮੇਲ ਸਿੰਘ ਲਿਖਾਰੀ ਤੇ ਕੁਮੈਂਟਰੀ ਦੀ ਭੂਮਿਕਾ ਗੁਰਪਿਆਰ ਸਿੰਘ ਅਤੁਲਾ ਕਲਾਂ ਨੇ ਨਿਭਾਈ। 8 ਫਰਵਰੀ ਨੂੰ ਕਬੱਡੀ 70 ਕਿਲੋ ਤੇ ਹਾਕੀ ਲੜਕੀਆਂ ਦਾ ਸ਼ੋਅ ਮੈਚ, 9 ਫਰਵਰੀ ਨੂੰ ਅਕੈਡਮੀਆਂ ਦੇ ਮੈਚ ਤੇ ਕਬੱਡੀ ਢੇਰੀ ਵਾਲੀ ਦਾ ਸ਼ੋਅ ਮੈਚ ਹੋਵੇਗਾ।

ਹਮਦਰਦ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸਮਾਪਤ

ਬੰਗਾ, 6 ਫਰਵਰੀ - ਪਿੰਡ ਲਧਾਣਾ ਉੱਚਾ 'ਚ ਚੌਥਾ ਹਮਦਰਦ ਯਾਦਗਾਰੀ ਪੰਜ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਜੀਂਦੋਵਾਲ ਦੀ ਟੀਮ ਨੇ ਸੁੱਜੋਂ ਦੀ ਟੀਮ ਨੂੰ 3-0 ਦੇ ਫ਼ਰਕ ਨਾਲ ਕਰਾਰੀ ਹਾਰ ਦਿੰਦਿਆਂ ਹਮਦਰਦ ਯਾਦਗਾਰੀ ਟਰਾਫ਼ੀ 'ਤੇ ਆਪਣਾ ਕਬਜ਼ਾ ਕਰ ਲਿਆ। ਇਹ ਟੂਰਨਾਮੈਂਟ 'ਅਜੀਤ' ਦੇ ਬਾਨੀ ਸੰਪਾਦਕ ਸਵ: ਸਾਧੂ ਸਿੰਘ ਹਮਦਰਦ ਜੀ ਦੀ ਯਾਦ ਵਿਚ ਕਰਵਾਇਆ ਗਿਆ। ਹਮਦਰਦ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਚੌਥੇ ਦਿਨ ਮੋਰਾਂਵਾਲੀ, ਜੀਂਦੋਵਾਲ, ਪੋਸੀ ਅਤੇ ਸੁੱਜੋਂ ਦੀਆਂ ਟੀਮਾਂ ਸੈਮੀਫਾਈਨਲ ਵਿਚ ਪਹੁੰਚੀਆਂ।

ਬੁੱਟਰਾਂ ਦੇ ਗੋਲਡ ਕੱਪ 'ਚ ਅੰਬੀ ਹਠੂਰ ਕਲੱਬ ਚਮਕਿਆ

ਭੋਗਪੁਰ, 6 ਫਰਵਰੀ - 12ਵਾਂ ਗੋਲਡ ਕਬੱਡੀ ਕੱਪ ਪਿੰਡ ਬੁੱਟਰਾਂ ਵਿਖੇ ਕਰਵਾਇਆ ਗਿਆ। ਇਸ ਕਬੱਡੀ ਕੱਪ 'ਤੇ ਅੰਬੀ ਹਠੂਰ ਕਲੱਬ ਮੋਗਾ ਨੇ ਕਬਜ਼ਾ ਕਰਕੇ ਇੱਕ ਲੱਖ ਇਕਵੰਜਾ ਹਜ਼ਾਰ ਰੁਪਏ ਦਾ ਇਨਾਮ ਪ੍ਰਾਪਤ ਕਰ ਲਿਆ ਅਤੇ ਹਰਜੀਤ ਕਲੱਬ ਬਾਜਾਖਾਨਾ ਫਰੀਦਕੋਟ ਨੇ ਦੂਜਾ ਸਥਾਨ 'ਤੇ ਆ ਕੇ ਇੱਕ ਲੱਖ ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਓਪਨ ਪੱਧਰ ਦਾ ਪਹਿਲਾ ਇਨਾਮ ਬੁੱਟਰਾਂ ਨੇ ਭੁਲੱਥ ਨੂੰ ਹਰਾ ਕੇ ਜਿੱਤਿਆ। 60 ਕਿੱਲੋ ਵਰਗ 'ਚ ਸ਼ਕਰਪੁਰ ਨੇ ਬੁੱਟਰਾਂ ਹਰਾਇਆ, 57 ਕਿਲੋ ਬੁੱਟਰਾਂ ਨੇ ਸੈਦੂਪੁਰ ਨੂੰ, 35 ਕਿਲੋ 'ਚ ਸ਼ਕਰਪੁਰ ਨੇ ਬੁੱਟਰਾਂ ਨੂੰ ਹਰਾ ਕੇ ਇਨਾਮ ਪ੍ਰਾਪਤ ਕੀਤਾ।

ਤੀਜਾ ਕਬੱਡੀ ਗੋਲਡ ਕੱਪ 12 ਨੂੰ

ਆਦਮਪੁਰ, 6 ਫਰਵਰੀ - ਪਿੰਡ ਕਾਲਰਾ ਵਿਖੇ ਤੀਸਰਾ ਦੇਸ਼ ਭਗਤ ਸੰਤ ਬਾਬਾ ਵਿਸਾਖਾ ਸਿੰਘ ਕਬੱਡੀ ਗੋਲਡ ਕੱਪ 12 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ 8 ਮਸ਼ਹੂਰ ਕਲੱਬਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਬਜ਼ੁਰਗਾਂ ਦੀਆਂ ਟੀਮਾਂ ਦੇ ਸ਼ੋਅ ਮੈਚ ਤੋਂ ਇਲਾਵਾ 10 ਸਾਲਾ ਬੱਚਿਆਂ ਦੀਆਂ ਅਕੈਡਮੀਆਂ ਵੀ ਹਿੱਸਾ ਲੈਣਗੀਆਂ। ਪਹਿਲੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 51000 ਰੁਪਏ ਅਤੇ ਦੂਸਰੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 41000 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।

ਵਡਾਲਾ ਕਲਾਂ ਵਿਖੇ ਕਬੱਡੀ ਟੂਰਨਾਮੈਂਟ 10 ਤੋਂ

ਕਪੂਰਥਲਾ, 6 ਫਰਵਰੀ - 10 ਤੋਂ 12 ਫਰਵਰੀ ਤੱਕ 22ਵਾਂ ਕਬੱਡੀ ਟੂਰਨਾਮੈਂਟ ਪਿੰਡ ਵਡਾਲਾ ਕਲਾਂ ਨੇੜੇ ਸਾਇੰਸ ਸਿਟੀ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੌਰਾਨ ਵੱਖ-ਵੱਖ ਭਾਰ ਵਰਗ ਤੇ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ। ਜਿਸ ਦੌਰਾਨ ਜੇਤੂ ਟੀਮਾਂ ਨੂੰ ਨਗਦ ਇਨਾਮ ਵੀ ਦਿੱਤੇ ਜਾਣਗੇ।

ਆਜ਼ਾਦ ਕਲੱਬ ਮੁਠੱਡਾ ਦੀ ਬੱਲੇ ਬੱਲੇ

ਪਟਿਆਲਾ, 6 ਫਰਵਰੀ - ਕਬੱਡੀ ਕੱਪ ਪਟਿਆਲਾ ਜੋ ਕਿ ਡੀ.ਐਮ.ਡਬਲਿਯੂ. ਦੇ ਖੂਬਸੂਰਤ ਸਟੇਡੀਅਮ ਵਿਖੇ ਕਰਵਾਇਆ ਗਿਆ। ਇਕ ਲੱਖ ਰੁਪਏ ਦੀ ਨਕਦ ਇਨਾਮੀ ਰਾਸ਼ੀ ਵਾਲੇ ਇਸ ਕੱਪ ਨੂੰ ਚੁੰਮਣ ਦਾ ਮਾਣ ਆਜ਼ਾਦ ਕਲੱਬ ਮੁਠੱਡਾ ਨੇ ਦਸ਼ਮੇਸ਼ ਕਲੱਬ ਨਕੋਦਰ ਨੂੰ ਹਰਾ ਕੇ ਪ੍ਰਾਪਤ ਕੀਤਾ। ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਦੇ ਮੁਕਾਬਲਿਆਂ 'ਚ ਦਸਮੇਸ਼ ਕਲੱਬ ਨਕੋਦਰ ਨੇ ਨਾਰਵੇ ਨੂੰ ਅਤੇ ਅਜ਼ਾਦ ਕਲੱਬ ਮੁਠੱਡਾ ਨੇ ਡੀ.ਏ.ਵੀ. ਕੈਲੇਫੋਰਨੀਆ ਕਲੱਬ ਜਲੰਧਰ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।

ਕਿਲਾ ਰਾਏਪੁਰ ਦੀਆਂ 75ਵੀਆਂ ਮਿੰਨੀ ਉਲੰਪਿਕਸ ਖੇਡਾਂ ਸਮਾਪਤ

ਡੇਹਲੋਂ, 6 ਫਰਵਰੀ - 75ਵੀਆਂ ਮਿੰਨੀ ਪੇਂਡੂ ਉਲੰਪਿਕਸ ਖੇਡਾਂ ਕਿਲ੍ਹਾ ਰਾਏਪੁਰ 'ਚ ਕਰਵਾਈਆਂ ਗਈਆਂ। ਭਗਵੰਤ ਯਾਦਗਾਰੀ ਹਾਕੀ ਕੱਪ ਦੇ ਫਾਈਨਲ 'ਚ ਬੀ. ਐਸ. ਐਫ. ਨੇ ਕਿਲ੍ਹਾ ਰਾਏਪੁਰ ਨੂੰ 8-7 ਗੋਲਾਂ ਦੇ ਫਰਕ ਨਾਲ ਹਰਾ ਕੇ 100 ਤੋਲੇ ਹਾਕੀ ਕੱਪ 'ਤੇ ਕਬਜ਼ਾ ਕੀਤਾ। ਕੁੜੀਆਂ ਦੇ ਹਾਕੀ ਮੁਕਾਬਲੇ ਦੇ ਫਾਈਨਲ 'ਚੋਂ ਸਪੋਰਟਸ ਵਿੰਗ ਕੈਰੋਂ ਨੇ ਸਹਾਰਨਪੁਰ ਯੂ. ਪੀ. ਨੂੰ ਹਰਾ ਕੇ ਜੇਤੂ ਟਰਾਫੀ ਜਿੱਤੀ। ਅੰਡਰ 14 ਸਾਲ ਹਾਕੀ 'ਚੋਂ ਮਾਲਵਾ ਅਕੈਡਮੀ ਲੁਧਿਆਣਾ ਨੇ ਸੁਧਾਰ ਅਕੈਡਮੀ ਨੂੰ 3-2 ਗੋਲਾ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ। ਹਾਕੀ ਅੰਡਰ 17 ਸਾਲ ਲੜਕਿਆਂ ਦੇ ਫਾਈਨਲ ਮੁਕਾਬਲੇ ਦੌਰਾਨ ਮਾਲਵਾ ਅਕੈਡਮੀ ਨੇ ਜਰਖੜ ਅਕੈਡਮੀ ਨੂੰ 8-1 ਗੋਲਾਂ ਦੇ ਫਰਕ ਨਾਲ ਮਾਤ ਦੇ ਕੇ ਜੇਤੂ ਕੱਪ ਜਿੱਤਿਆ। ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਿਹਾ ਕਿ ਆਉਣ ਵਾਲੇ ਵਰਲਡ ਕਬੱਡੀ ਕੱਪ ਜੇਤੂ ਲਈ ਇਨਾਮੀ ਰਾਸ਼ੀ 2 ਕਰੋੜ ਹੋਵੇਗੀ। ਉਨ੍ਹਾਂ ਨੇ ਪਿੰਡ ਕਿਲ੍ਹਾ ਰਾਏਪੁਰ ਆਰ. ਓ. ਸਿਸਟਮ ਲਾਗੂ ਕਰਨਾ ਅਤੇ ਡਿਸਪੈਂਸਰੀ ਦੇਣ ਦਾ ਐਲਾਨ ਕੀਤਾ। 3 ਲੱਖ 75 ਹਜ਼ਾਰ ਰਾਸ਼ੀ ਦੇ ਕਬੱਡੀ ਮੁਕਾਬਲਿਆਂ 'ਚ ਕਬੱਡੀ ਅਕੈਡਮੀਆਂ ਦੇ ਫਾਈਨਲ ਮੈਚ ਦੌਰਾਨ ਅੰਬੀ ਹਠੂਰ ਅਕੈਡਮੀ ਨੇ ਦਸ਼ਮੇਸ਼ ਅਕੈਡਮੀ ਕਾਲਖ ਨੂੰ ਹਰਾ ਕੇ ਜੇਤੂ ਟਰਾਫ਼ੀ 'ਤੇ ਕਬਜ਼ਾ ਕੀਤਾ। ਕਬੱਡੀ 62 ਕਿਲੋ ਦੇ ਫਾਈਨਲ 'ਚੋਂ ਝਨੇੜੀ ਨੇ ਪਹਿਲਾ ਤੇ ਬੁਟਾਹਰੀ ਨੇ ਦੂਸਰਾ ਸਥਾਨ ਹਾਸਿਲ ਕੀਤਾ। ਐਥਲੈਟਿਕਸ ਦੇ ਫਾਈਨਲ ਮੁਕਾਬਲਿਆਂ ਦੌਰਾਨ 5 ਹਜ਼ਾਰ ਮੀਟਰ ਦੌੜ ਲੜਕਿਆਂ 'ਚੋਂ ਸੰਜੇ ਹਰਿਆਣਾ ਨੇ ਪਹਿਲਾ, ਅੰਗਰੇਜ਼ ਪੰਜਾਬ ਪੁਲਿਸ ਨੇ ਦੂਸਰਾ ਜਦੋਂ ਕਿ ਅਮਿਤ ਲੁਧਿਆਣਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਲੜਕਿਆਂ 'ਚੋਂ ਅਮਨਦੀਪ ਪੰਜਾਬ ਪੁਲਿਸ ਨੇ ਪਹਿਲਾ, ਪ੍ਰਵੀਨ ਪੰਜਾਬ ਪੁਲਿਸ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਹਾਈ ਜੰਪ ਲੜਕੀਆਂ ਦੇ ਫਾਈਨਲ 'ਚੋਂ ਕੁਲਵਿੰਦਰ ਕੌਰ ਨੇ ਪਹਿਲਾ, ਕਮਲਜੀਤ ਕੌਰ ਤੇ ਸੰਦੀਪ ਕੌਰ ਨੇ ਦੂਸਰਾ ਅਤੇ ਦਲਬੀਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਬੈਲ ਗੱਡੀਆਂ ਦੀਆਂ ਦੌੜਾਂ ਲਈ 50 ਹਜ਼ਾਰ ਦੀ ਇਨਾਮੀ ਰਾਸ਼ੀ ਫਾਈਨਲ ਹੀਟ ਦੌਰਾਨ ਰਣਧੀਰ ਸਿੰਘ ਈਸਾਪੁਰਾ ਲੰਡਾ ਦੀ ਬੈਲ ਗੱਡੀ ਨੇ ਜਿੱਤੀ, ਮਨਜਿੰਦਰ ਸਿੰਘ ਪੋਹੀੜ ਦੀ ਗੱਡੀ ਨੇ ਦੂਸਰਾ ਮਲਕੀਤ ਸਿੰਘ ਆਸੀ ਕਲਾਂ ਦੀ ਗੱਡੀ ਤੀਸਰਾ ਅਤੇ ਹਨੀ ਕਿਲਾ ਰਾਏਪੁਰ ਦੀ ਗੱਡੀ ਨੇ ਚੌਥਾ ਸਥਾਨ ਪ੍ਰਾਪਤ ਕੀਤਾ।
         ਇਸ ਤੋਂ ਪਹਿਲਾਂ ਖੇਡ ਮੁਕਾਬਲਿਆਂ ਦੌਰਾਨ ਅੰਡਰ 14 ਸਾਲ ਹਾਕੀ 'ਚ ਕਿਲਾ ਰਾਏਪੁਰ ਨੇ ਸੁਧਾਰ ਨੂੰ 10-1 ਅਤੇ ਮਾਲਵਾ ਕਲੱਬ ਨੇ ਜਰਖੜ ਨੂੰ 2-1 ਨਾਲ, ਹਾਕੀ ਅੰਡਰ 17 ਸਾਲ ਲੜਕੇ 'ਚ ਜਰਖੜ ਨੇ ਬਠਿੰਡਾ ਨੂੰ 8-1 ਅਤੇ ਸੁਧਾਰ ਨੇ ਕਿਲਾ ਰਾਏਪੁਰ ਨੂੰ 5-2 ਨਾਲ ਹਰਾਇਆ। 200 ਮੀਟਰ ਲੜਕੀਆਂ ਦੇ ਫਾਈਨਲ ਦੌਰਾਨ ਨਵਜੋਤ ਕੌਰ ਪੰਜਾਬ ਪੁਲਿਸ ਨੇ ਪਹਿਲਾ, ਮਨਦੀਪ ਕੌਰ ਲੁਧਿਆਣਾ ਨੇ ਦੂਸਰਾ ਅਤੇ ਹਰਪਾਲ ਕੌਰ ਸੁਨਾਮ ਨੇ ਤੀਸਰਾ, 200 ਮੀਟਰ ਲੜਕੇ 'ਚ ਓ. ਪੀ. ਜੱਸਾ ਸਿੰਘ ਲੁਧਿਆਣਾ ਲੇ ਪਹਿਲਾ, ਕਮਲਜੀਤ ਸਿੰਘ ਪੰਜਾਬ ਪੁਲਿਸ ਨੇ ਦੂਜਾ ਅਤੇ ਅਨੂਪਮਾ ਸ੍ਰੀਵਾਸ਼ਤਵ ਲਖਨਊਂ ਨੇ ਤੀਸਰਾ, ਲੰਬੀ ਛਾਲ ਲੜਕੀਆਂ 'ਚ ਕੁਲਵਿੰਦਰ ਕੌਰ ਪੰਜਾਬ ਪੁਲਿਸ ਨੇ ਪਹਿਲਾ, ਕੁਲਵਿੰਦਰ ਕੌਰ ਸੰਗਰੂਰ ਨੇ ਦੂਸਰਾ ਅਤੇ ਸਿਕੰਦਰਪਾਲ ਕੌਰ ਪੰਜਾਬ ਪੁਲਿਸ ਨੇ ਤੀਸਰਾ, 400 ਮੀਟਰ ਲੜਕੇ'ਚ ਮਨਜੀਤ ਸਿੰਘ ਚਾਹਲ ਜਲੰਧਰ ਨੇ ਪਹਿਲਾ, ਅਜੇ ਬੀ. ਐਸ. ਐਫ਼. ਨੇ ਦੂਸਰਾ ਅਤੇ ਜਤਿੰਦਰ ਸਿੰਘ ਕਪੂਰਥਲਾ ਨੇ ਤੀਸਰਾ, 1500 ਮੀਟਰ ਫਾਈਨਲ ਦੌਰਾਨ ਲੜਕਿਆਂ 'ਚ ਕੁਲਦੀਪ ਸਿੰਘ ਜਲੰਧਰ ਨੇ ਪਹਿਲਾ, ਸੰਮੀ ਯਾਦਵ ਪਟਿਆਲਾ ਨੇ ਦੂਸਰਾ ਅਤੇ ਸੰਜੇ ਹਰਿਆਣਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ 62 ਕਿਲੋ ਮੁਕਾਬਲੇ ਦੌਰਾਨ ਹੋਏ ਪਹਿਲੇ ਗੇੜ ਦੇ ਮੈਚਾਂ 'ਚ ਬੁਟਾਹਰੀ, ਕਾਲਖ, ਘਰਾਚੋਂ ਟੀਮਾਂ ਵਲੋਂ ਜਿੱਤਾਂ ਦਰਜ ਕੀਤੀਆਂ। ਖੇਡਾਂ ਦੇ ਆਖ਼ਰੀ ਦਿਨ 6 ਫਰਵਰੀ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨਗੇ।

ਬੱਧਨੀ ਕਲਾਂ 'ਚ ਗੋਲਡ ਕਬੱਡੀ ਕੱਪ ਟੂਰਨਾਮੈਂਟ ਸ਼ੁਰੂ

ਬੱਧਨੀ ਕਲਾਂ, 6 ਫਰਵਰੀ - ਚਾਰ ਰੋਜ਼ਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਟੂਰਨਾਮੈਂਟ ਬੱਧਨੀ ਕਲਾਂ ਦੇ ਹਰਜੀਤ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਉਦਘਾਟਨੀ ਮੈਚਾਂ 'ਚ ਕਬੱਡੀ 40 ਕਿਲੋ 'ਚ ਰਾਮੂੰਵਾਲਾ ਹਰਚੋਕੀ ਦੀ ਟੀਮ ਨੇ ਨਿੱਕੀਆਂ ਨਹਿਰਾਂ ਬੱਧਨੀ ਕਲਾਂ ਦੀ ਟੀਮ ਨੂੰ ਹਰਾਇਆ। ਕਬੱਡੀ 45 ਕਿਲੋ ਦਰਬਾਰ ਸਰ ਲੋਪੋ ਦੀ ਟੀਮ ਨੇ ਘੱਲ ਕਲਾਂ ਨੂੰ ਹਰਾਇਆ। ਹਾਕੀ 55 ਕਿਲੋ ਤਰਨ ਤਾਰਨ ਦੀ ਟੀਮ ਨੇ ਭਾਣਾ ਦੀ ਟੀਮ ਨੂੰ ਹਰਾਇਆ। ਫੁੱਟਬਾਲ 'ਚ ਰਣੀਆਂ ਦੀ ਟੀਮ ਨੇ ਧੂੜਕੋਟ ਚੜ੍ਹਤ ਸਿੰਘ ਵਾਲਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਸਟੇਜ ਦੀ ਭੂਮਿਕਾ ਲਾਲ ਸਿੰਘ ਤੇ ਕੁਮੈਂਟਰੀ ਦੀ ਭੂਮਿਕਾ ਮੰਨੂ ਭਦੌੜ ਨੇ ਬਾਖੂਬੀ ਨਿਭਾਈ।

ਗੁਰੂ ਹਰਿਗੋਬਿੰਦ ਸਾਹਿਬ ਕਬੱਡੀ ਕੱਪ ਹੁਸ਼ਿਆਰਪੁਰ ਦੇ ਨਾਮ

ਹੁਸ਼ਿਆਰਪੁਰ, 5 ਫਰਵਰੀ - ਗੁਰੂ ਹਰਿਗੋਬਿੰਦ ਸਾਹਿਬ ਕਬੱਡੀ ਕੱਪ ਰੌਸ਼ਨ ਗਰਾਊਂਡ 'ਚ ਕਰਵਾਇਆ ਗਿਆ। ਕਬੱਡੀ ਦਾ ਫਾਈਨਲ ਮੈਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕਬੱਡੀ ਅਕੈਡਮੀ ਹੁਸ਼ਿਆਰਪੁਰ ਅਤੇ ਅਲੰਕਾਰ ਟੋਨੀ ਕਲੱਬ ਲੁਧਿਆਣਾ 'ਚ ਖੇਡਿਆ ਗਿਆ ਅਤੇ ਹੁਸ਼ਿਆਰਪੁਰ ਦੀ ਟੀਮ ਵੱਡੇ ਫਰਕ ਨਾਲ ਜੇਤੂ ਰਹੀ। ਅਕੈਡਮੀ ਵੱਲੋਂ ਜੇਤੂ ਰਹੀ ਟੀਮ ਨੂੰ 1 ਲੱਖ 21 ਹਜ਼ਾਰ ਰੁਪਏ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 81 ਹਜ਼ਾਰ ਰੁਪਏ ਦੇ ਨਕਦ ਇਨਾਮ ਅਤੇ ਟਰਾਫੀਆਂ ਦਿੱਤੀਆਂ। ਇਸ ਮੌਕੇ 'ਸਰਬੋਤਮ ਜਾਫੀ' ਦਾ ਖਿਤਾਬ ਲੋਗੜ ਚੌਟਾਲਾ ਅਤੇ ਬਾਲਾ ਨੂੰ ਅਤੇ 'ਸਰਬੋਤਮ ਰੇਡਰ' ਦਾ ਖਿਤਾਬ ਗੋਲਡੀ ਹਰਵਾਲ ਅਤੇ ਗੋਰੀ ਮਰਨਾਈਆਂ ਨੂੰ ਦਿੱਤਾ ਗਿਆ। ਇਸ ਮੌਕੇ ਲੋਗੜ ਨੂੰ ਬੁਲਟ ਮੋਟਰ ਸਾਈਕਲ ਵੀ ਦਿੱਤਾ ਗਿਆ।

ਜਟਾਣਾਂ ਉੱਚਾ ਦੀਆਂ ਖੇਡਾਂ ਸ਼ੁਰੂ

ਖਮਾਣੋਂ, 5 ਫਰਵਰੀ - ਜਟਾਣਾਂ ਉੱਚਾ ਦੀਆਂ ਖੇਡਾਂ ਸ: ਬਘੇਲ ਸਿੰਘ ਤੂਰ ਯਾਦਗਾਰੀ ਪੰਚਾਇਤੀ ਰਾਜ ਖੇਡ ਸਟੇਡੀਅਮ ਵਿਚ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਪਹਿਲੇ ਦਿਨ ਕਬੱਡੀ 32, 37, 47 ਕਿਲੋ, ਫੁੱਟਬਾਲ ਕਲੱਬ (ਇਕ ਪਿੰਡ), ਫੁੱਟਬਾਲ 50 ਕਿਲੋ, ਵਾਲੀਵਾਲ ਸਮੈਸ਼ਿੰਗ ਲੜਕੀਆਂ, ਐਥਲੈਟਿਕਸ ਓਪਨ ਲੜਕੇ 100 ਤੋਂ 800 ਮੀਟਰ, ਲੰਬੀ ਛਾਲ, ਉੱਚੀ ਛਾਲ, ਐਥਲੈਟਿਕਸ ਅੰਡਰ 14 ਲੜਕੇ ਤੇ ਲੜਕੀਆਂ 100 ਤੋਂ 800 ਮੀਟਰ ਆਦਿ ਖੇਡਾਂ ਕਰਵਾਈਆਂ ਗਈਆਂ।

ਧਨੌਲਾ ਦਾ ਕਬੱਡੀ ਕੱਪ 11 ਤੋਂ

ਧਨੌਲਾ, 5 ਫਰਵਰੀ -11 ਤੋਂ 13 ਫਰਵਰੀ ਤੱਕ ਧਨੌਲਾ ਦੇ ਮਿਊਂਸਪਲ ਸਟੇਡੀਅਮ (ਪੱਕਾ ਬਾਗ) 'ਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਕਬੱਡੀ ਓਪਨ ਤੋਂ ਇਲਾਵਾ ਕਬੱਡੀ 70 ਕਿਲੋ, ਕਬੱਡੀ 52 ਕਿਲੋ, ਫੁੱਟਬਾਲ (ਇਕ ਪਿੰਡ ਓਪਨ), ਬਾਸਕਿਟਬਾਲ, ਵਾਲੀਬਾਲ (ਸਮੈਸਿੰਗ), ਸਾਈਕਲ ਦੌੜ, ਰਿਕਸ਼ਾ ਦੌੜ ਤੇ ਟਰਾਲੀ ਬੈਕ ਦੇ ਦਿਲਚਸਪ ਮੁਕਾਬਲੇ ਕਰਵਾਏ ਜਾਣਗੇ। ਕਬੱਡੀ ਕੱਪ ਦੀ ਇਨਾਮੀ ਰਾਸ਼ੀ 51000 ਰੱਖੀ ਗਈ ਹੈ।

ਜੱਲੂਪੁਰਾ ਖੈੜਾ ਦਾ ਖੇਡ ਮੇਲਾ ਸ਼ੁਰੂ

ਰਈਆ, 5 ਫਰਵਰੀ - ਚਾਰ ਰੋਜ਼ਾ ਪੇਂਡੂ ਖੇਡ ਮੇਲਾ ਜੱਲੂਪੁਰ ਖੈੜਾ 'ਚ ਚੱਲ ਰਿਹਾ ਹੈ। ਇਸ ਦਾ ਉਦਘਾਟਨੀ 62 ਕਿਲੋ ਗ੍ਰਾਮ ਵਰਗ ਦਾ ਕਬੱਡੀ ਦਾ ਮੈਚ ਜੱਲੂਪੁਰ ਖੈੜਾ ਅਤੇ ਬਾਣੀਆਂ 'ਚ ਕਰਵਾਇਆ ਗਿਆ, ਜਿਸ ਵਿਚ ਜੱਲੂਪੁਰ ਜੇਤੂ ਰਿਹਾ। ਇਸ ਤੋਂ ਇਲਾਵਾ ਅਟਾਰੀ, ਖਾਰਾ ਦੀਆਂ ਟੀਮਾਂ ਦੇ ਮੈਚ ਵਿਚੋਂ ਖਾਰਾ ਦੀ ਟੀਮ ਜੇਤੂ, ਕਰਮੂਵਾਲਾ ਅਤੇ ਖੀਰਾਵਾਲੀ ਦੀਆਂ ਟੀਮਾਂ ਦੇ ਮੈਚ ਵਿਚੋਂ ਖੀਰਾਂਵਾਲੀ ਜੇਤੂ ਰਿਹਾ। 6 ਫਰਵਰੀ ਨੂੰ 74 ਕਿਲੋ ਗ੍ਰਾਮ ਵਰਗ ਦੇ ਕਬੱਡੀ ਮੈਚ, 7 ਨੂੰ ਇਕ ਪਿੰਡ ਓਪਨ ਕਬੱਡੀ ਮੈਚ ਅਤੇ 8 ਫਰਵਰੀ ਨੂੰ ਧਾਰਮਿਕ ਦੀਵਾਨ ਉਪਰੰਤ ਚਾਰ ਮਸ਼ਹੂਰ ਅਕੈਡਮੀਆਂ ਦੇ ਕਬੱਡੀ ਦੇ ਮੈਚ ਕਰਵਾਏ ਜਾਣਗੇ।

ਪੰਜਾਬ ਦੇ ਨਾਮ 4 ਸੋਨ ਤਗਮੇ

ਪਟਿਆਲਾ, 4 ਫਰਵਰੀ - ਕੌਮੀ ਸਾਈਕਲਿੰਗ ਚੈਂਪੀਅਨਸ਼ਿਪ ਪਟਿਆਲਾ 'ਚ ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ 'ਚ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਤੀਜੇ ਦਿਨ ਪੰਜਾਬ ਦੇ ਸਾਈਕਲਿਸਟਾਂ ਨੇ ਟੀਮ ਅਤੇ ਵਿਅਕਤੀਗਤ ਮੁਕਾਬਲਿਆਂ ਵਿਚ 2-2 ਸੋਨ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਕੋਚ ਮਿੱਤਰਪਾਲ ਸਿੰਘ ਦੇ ਸ਼ਗਿਰਦਾਂ ਕੁਮਾਰ ਗੌਰਵ, ਆਗਿਆਪਾਲ ਸਿੰਘ, ਗਗਨਦੀਪ ਸਿੰਘ ਤੇ ਪ੍ਰਹਲਾਦ ਸੋਨੀ 'ਤੇ ਅਧਾਰਿਤ ਟੀਮ ਨੇ ਅੰਡਰ-17, 1500 ਮੀਟਰ ਟਾਈਮ ਟਰਾਇਲ ਮੁਕਾਬਲੇ ਵਿਚ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-19 ਵਰਗ ਦੇ ਇਸੇ ਮੁਕਾਬਲੇ 'ਚ ਸ਼ਾਹਬਾਜ ਸਿੰਘ ਭੰਗੂ, ਨਗਿੰਦਰ ਕੁਮਾਰ, ਰੁਪਾਲ ਸਿੰਘ ਤੇ ਅਮਰਜੀਤ ਸਿੰਘ 'ਤੇ ਅਧਾਰਿਤ ਪੰਜਾਬ ਦੀ ਟੀਮ ਨੇ ਸੋਨ ਤਗਮਾ ਜਿੱਤਿਆ। ਅੰਡਰ-17 ਵਿਅਕਤੀਗਤ ਪ੍ਰਸ਼ੂਟ ਮੁਕਾਬਲੇ ਵਿਚ ਪੰਜਾਬ ਦੇ ਆਗਿਆਪਲ ਸਿੰਘ ਅਤੇ 2000 ਮੀਟਰ ਵਿਅਕਤੀਗਤ ਪ੍ਰਸ਼ੂਟ 'ਚ ਪੰਜਾਬ ਦੀ ਜਸ਼ਨਪ੍ਰੀਤ ਕੌਰ ਨੇ ਸੋਨ ਤਗਮਾ ਜਿੱਤਿਆ, 1500 ਮੀਟਰ ਪੁਰਸ਼ਾਂ ਦੇ ਟਾਈਮ ਟਰਾਇਲ ਮੁਕਾਬਲੇ ਵਿਚ ਪੰਜਾਬ ਦੀ ਸੁਖਵਿੰਦਰ ਸਿੰਘ, ਸਰਪ੍ਰੀਤ ਸਿੰਘ, ਗੁਰਬਾਜ ਸਿੰਘ ਤੇ ਇਤਰਾਜ ਸਿੰਘ 'ਤੇ ਅਧਾਰਿਤ ਟੀਮ ਨੇ ਚਾਂਦੀ, ਇਸੇ ਮੁਕਾਬਲੇ ਦੇ ਮਹਿਲਾ ਵਰਗ 'ਚ ਪੰਜਾਬ ਦੀ ਗੁਰਪ੍ਰੀਤ ਕੌਰ, ਸੰਨਦੀਪ ਕੌਰ, ਰੇਖਾ ਰਾਣੀ ਤੇ ਮਮਤਾ ਕੁਮਾਰੀ 'ਤੇ ਅਧਾਰਿਤ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ, 4000 ਮੀਟਰ ਵਿਅਕਤੀਗਤ ਪ੍ਰਸ਼ੂਟ ਮੁਕਾਬਲੇ 'ਚ ਪੰਜਾਬ ਦੇ ਸਰਪ੍ਰੀਤ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ, 1500 ਮੀਟਰ ਟਾਈਮ ਟਰਾਇਲ ਲੜਕੀਆਂ ਦੇ ਅੰਡਰ-19 ਵਰਗ 'ਚ ਕੇਰਲਾ ਦੀ ਟੀਮ ਪਹਿਲੇ, ਮਹਾਰਾਸ਼ਟਰ ਦੀ ਦੂਸਰੇ ਤੇ ਹਰਿਆਣਾ ਦੀ ਟੀਮ ਤੀਸਰੇ ਸਥਾਨ 'ਤੇ ਰਹੀ, 1500 ਮੀਟਰ ਟਾਈਮ ਟਰਾਇਲ ਅੰਡਰ-17 'ਚ ਪੰਜਾਬ ਦੀ ਟੀਮ ਪਹਿਲੇ, ਹਰਿਆਣਾ ਦੂਸਰੇ ਤੇ ਕੇਰਲਾ ਤੀਸਰੇ ਸਥਾਨ 'ਤੇ ਰਹੀ। ਪੁਰਸ਼ਾਂ ਦੇ 1500 ਮੀਟਰ ਟਾਈਮ ਟਰਾਇਲ ਮੁਕਾਬਲੇ ਵਿਚ ਰੇਲਵੇ ਦੀ ਟੀਮ ਪਹਿਲੇ, ਪੰਜਾਬ ਦੀ ਟੀਮ ਦੂਸਰੇ ਤੇ ਹਰਿਆਣਾ ਦੀ ਟੀਮ ਤੀਸਰੇ ਸਥਾਨ 'ਤੇ ਰਹੀ, 1500 ਮੀਟਰ ਟਾਈਮ ਟਰਾਇਲ ਮੁਕਾਬਲੇ ਵਿਚ ਕੇਰਲਾ ਦੀਆਂ ਮਹਿਲਾਵਾਂ ਪਹਿਲੇ, ਪੰਜਾਬ ਦੀਆਂ ਦੂਸਰੇ ਤੇ ਮਨੀਪੁਰ ਦੀ ਟੀਮ ਤੀਸਰੇ ਸਥਾਨ 'ਤੇ ਰਹੀ। ਇਸੇ ਤਰ੍ਹਾਂ ਲੜਕਿਆਂ ਦੇ ਅੰਡਰ-19 ਟਾਈਮ ਟਰਾਇਲ ਮੁਕਾਬਲੇ ਵਿਚ ਪੰਜਾਬ ਦੀ ਟੀਮ ਪਹਿਲੇ, ਮਹਾਰਾਸ਼ਟਰ ਦੀ ਦੂਸਰੇ ਤੇ ਰਾਜਸਥਾਨ ਦੀ ਟੀਮ ਤੀਸਰੇ ਸਥਾਨ 'ਤੇ ਰਹੀ।

ਏਸ਼ੀਆਈ ਅਤੇ ਰਾਸ਼ਟਰਮੰਡਲ ਦੇ ਜੇਤੂ ਖਿਡਾਰੀਆਂ ਦਾ 7.54 ਕਰੋੜ ਰੁਪਏ ਨਾਲ ਸਨਮਾਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਫਰਵਰੀ - ਸ਼ਿਵਾਲਿਕ ਪਬਲਿਕ ਸਕੂਲ ਦੇ ਆਡੀਟੋਰੀਅਮ 'ਚ ਪੰਜਾਬ ਸਰਕਾਰ ਵੱਲੋਂ ਇਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਰਾਸ਼ਟਰਮੰਡਲ ਖੇਡਾਂ ਅਤੇ ਹੋਰ ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਦਾ ਦੇਸ਼ ਅੰਦਰ ਸਭ ਤੋਂ ਵੱਧ ਇਨਾਮੀ ਰਾਸ਼ੀ ਨਾਲ ਸਨਮਾਨ ਕਰਕੇ ਉਨ੍ਹਾਂ ਨੂੰ ਉਲੰਪਿਕ ਖੇਡਾਂ 2012 ਲਈ ਪ੍ਰੇਰਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅੱਜ 50 ਅਜਿਹੇ ਤਮਗਾ ਜੇਤੂ ਖਿਡਾਰੀਆਂ ਨੂੰ 7.54 ਕਰੋੜ ਰੁਪਏ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਏਸ਼ੀਆਈ ਖੇਡਾਂ ਵਿੱਚ 1 ਸੋਨ ਅਤੇ 1 ਕਾਂਸੀ ਤਮਗੇ ਤੋਂ ਇਲਾਵਾ ਰਾਸ਼ਟਰਮੰਡਲ ਖੇਡਾਂ ਵਿੱਚ 2 ਚਾਂਦੀ ਤਮਗੇ ਜਿੱਤਣ ਵਾਲੇ ਉਘੇ ਨਿਸ਼ਾਨੇਬਾਜ਼ ਰੰਜਨ ਸੋਢੀ ਨੂੰ 94, 99, 333 ਲੱਖ ਰੁਪਏ ਇਨਾਮ ਵਜੋਂ ਮਿਲੇ, ਜਦੋਂ ਕਿ ਲੜਕੀਆਂ ਦੀ 400 ਮੀਟਰ ਰਿਲੇਅ ਦੌੜ ਵਿੱਚ ਭਾਰਤੀ ਟੀਮ ਦਾ ਆਧਾਰ ਮੰਨੀਆਂ ਜਾਂਦੀਆਂ ਮਨਜੀਤ ਕੌਰ ਅਤੇ ਮਨਦੀਪ ਕੌਰ ਨੂੰ ਕ੍ਰਮਵਾਰ 48 ਲੱਖ ਅਤੇ 43.5 ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ। ਇਸ ਤੋਂ ਇਲਾਵਾ ਹੋਰਨਾਂ ਨਿਸ਼ਾਨੇਬਾਜ਼ਾਂ ਮਾਨਵਜੀਤ ਸਿੰਘ ਸੰਧੂ ਨੂੰ 58.66 ਲੱਖ, ਅਭਿਨਵ ਬਿੰਦਰਾ ਨੂੰ 43 ਲੱਖ ਅਤੇ ਹਿਨਾ ਸਿੱਧੂ ਨੂੰ 48.33 ਲੱਖ ਰੁਪਏ ਨਗਦ ਇਨਾਮ ਵਜੋਂ ਹਾਸਿਲ ਹੋਏ ਹਨ। ਸਨਮਾਨਿਤ ਕੀਤੇ ਗਏ ਖਿਡਾਰੀਆਂ ਵਿੱਚ ਸਾਲ 2007-08 ਤੋਂ ਸਾਲ 2009-10 ਦਰਮਿਆਨ ਹੋਈਆਂ ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਹੋਰਨਾਂ ਕੌਮਾਂਤਰੀ ਮੁਕਾਬਲਿਆਂ ਦੇ 50 ਤਮਗਾ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਖਿਡਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਜਿਵੇਂ ਵਰਲਡ ਕੱਪ ਕਬੱਡੀ ਦੇ ਜੇਤੂ ਖਿਡਾਰੀਆਂ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ, ਇਸੇ ਤਰ੍ਹਾਂ ਪੰਜਾਬ ਦੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ 'ਤੇ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਪੰਜਾਬ ਪੁਲਿਸ ਵਿਚ ਉਚ ਅਹੁੱਦਿਆ 'ਤੇ ਤਾਇਨਾਤ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਹਾਕੀ ਦੇ 5 ਕੌਮਾਂਤਰੀ ਸਟੇਡੀਅਮ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿਚੋਂ ਪਹਿਲਾ ਸਟੇਡੀਅਮ ਮੁਹਾਲੀ ਵਿਖੇ 7 ਮਹੀਨਿਆਂ ਦੇ ਅੰਦਰ-ਅੰਦਰ ਤਿਆਰ ਹੋ ਜਾਵੇਗਾ। ਇਸ ਤੋਂ ਇਲਾਵਾ 3 ਸਪੋਰਟਸ ਸਕੂਲ, ਜੋ ਬਠਿੰਡਾ, ਜਲੰਧਰ ਅਤੇ ਮਾਲਵੇ ਦੀ ਧਰਤੀ ਤੇ ਉਸਾਰੇ ਜਾਣਗੇ। ਉਲੰਪਿਕ, ਏਸ਼ੀਆਈ ਅਤੇ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਮੰਤਰੀ ਪ੍ਰੀਸ਼ਦ ਵੱਲੋਂ 10300-34800+5000 ਗ੍ਰੇਡ ਪੇਅ ਦੇ ਸਕੇਲ ਵਿੱਚ ਗਰੁੱਪ ਏ ਅੰਦਰ 10 ਅਸਾਮੀਆਂ ਦੀ ਰਚਨਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਮੌਕੇ ਸ੍ਰੀ ਪੀ.ਐਸ. ਔਜਲਾ, ਸਕੱਤਰ ਖੇਡਾਂ ਨੇ ਦੱਸਿਆ ਕਿ ਨਵੀਂ ਖੇਡ ਨੀਤੀ ਵਿੱਚ ਉਲੰਪਿਕ ਅਤੇ ਵਿਸ਼ਵ ਕੱਪ ਦੇ ਤਮਗਾ ਜੇਤੂਆਂ ਦੀ ਪੈਨਸ਼ਨ 1000 ਰੁਪਏ ਤੋਂ ਵਧਾ ਕੇ 5000 ਰੁਪਏ ਅਤੇ ਏਸ਼ੀਆਈ ਅਤੇ ਰਾਸਟਰ ਮੰਡਲ ਖੇਡਾਂ ਦੇ ਤਮਗਾ ਜੇਤੂਆਂ ਦੀ ਪੈਨਸ਼ਨ 600 ਰੁਪਏ ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਹੈ। ਸ੍ਰੀ ਪ੍ਰਗਟ ਸਿੰਘ, ਡਾਇਰੈਕਟਰ ਖੇਡਾਂ ਨੇ ਦੱਸਿਆ ਕਿ ਨਵੀਂ ਖੇਡ ਨੀਤੀ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਤਹਿਤ ਮਿਲਣ ਵਾਲੀ ਇਨਾਮੀ ਰਾਸ਼ੀ ਨੂੰ 1 ਲੱਖ ਤੋਂ ਵਧਾ ਕੇ 2 ਲੱਖ ਰੁਪਏ ਕਰ ਦਿੱਤਾ ਗਿਆ ਹੈ।

ਦੂਜਾ ਕਬੱਡੀ ਕੱਪ ਨਕੋਦਰ ਦੇ ਨਾਮ

ਨਕੋਦਰ, 4 ਫਰਵਰੀ - ਦੂਜਾ ਕਬੱਡੀ ਕੱਪ ਨਕੋਦਰ ਵਿਖੇ ਨੈਸ਼ਨਲ ਕਾਲਜ ਦੇ ਸਟੇਡੀਅਮ 'ਚ ਕਰਵਾਇਆ ਗਿਆ। ਇਸ ਕਬੱਡੀ ਕੱਪ 'ਚ ਦਸਮੇਸ਼ ਕਲੱਬ ਨਕੋਦਰ ਨੇ ਮੁਠੱਡਾ ਕਲਾਂ ਨੂੰ ਹਰਾ ਕੇ ਇਕ ਲੱਖ ਰੁਪਏ ਨਕਦ ਇਨਾਮ ਤੇ ਗੋਲਡ ਕੱਪ ਉੱਪਰ ਕਬਜ਼ਾ ਕੀਤਾ। ਪਿੰਡ ਪੱਧਰ ਉੱਪਰ 34000 ਰੁਪਏ ਪਹਿਲਾ ਇਨਾਮ ਨਵਾਜੀਪੁਰ ਅਤੇ ਦੂਸਰਾ ਇਨਾਮ 27500 ਰੁਪਏ ਆਲੋਵਾਲ ਨੇ ਜਿੱਤਿਆ। ਉਕਤ ਕਬੱਡੀ ਕੱਪ ਦਾ ਉਦਘਾਟਨ ਸ: ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀਤਾ। ਇਸ ਟੂਰਨਾਮੈਂਟ ਵਿਚ ਹਰਪ੍ਰੀਤ ਸਿੰਘ ਹੈਪੀ ਅਤੇ ਗੁਰਮੀਤ ਸਿੰਘ ਜੀਤ ਨੂੰ ਸ: ਬਹਾਦਰ ਸਿੰਘ ਸ਼ੇਰਗਿੱਲ, ਰਣਜੀਤ ਸਿੰਘ ਤੂਰ ਆਦਿ ਨੇ ਦੋ ਬੁਲਿਟ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ।

ਕਿਲ੍ਹਾ ਰਾਏਪੁਰ ਦੀਆਂ ਮਿੰਨੀ ਪੇਂਡੂ ਉਲੰਪਿਕਸ ਖੇਡਾਂ

ਡੇਹਲੋਂ, 4 ਫਰਵਰੀ - ਮਿੰਨੀ ਪੇਂਡੂ ਉਲੰਪਿਕਸ ਖੇਡਾਂ ਜੋ ਕਿ ਕਿਲ੍ਹਾ ਰਾਏਪੁਰ 'ਚ ਚੱਲ ਰਹੀਆਂ ਹਨ। ਭਗਵੰਤ ਯਾਦਗਾਰੀ ਗੋਲਡ ਕੱਪ ਲਈ ਲੜਕਿਆਂ ਦੇ ਮੈਚਾਂ ਦੌਰਾਨ ਜਰਖੜ ਅਕੈਡਮੀ ਅਤੇ ਕਿਲਾ ਰਾਏਪੁਰ ਨੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ। ਹਾਕੀ ਲੜਕੇ ਅੰਡਰ 14 ਸਾਲ ਸਿਕਸ ਏ ਸਾਈਡ ਜਰਖੜ ਅਕੈਡਮੀ ਅਤੇ ਮਾਲਵਾ ਸਕੂਲ ਲੁਧਿਆਣਾ ਨੇ ਜਿੱਤ ਦਰਜ ਕੀਤੀ। ਹਾਕੀ ਅੰਡਰ 17 ਸਾਲ ਲੜਕੇ ਸਿਕਸ ਏ ਸਾਈਡ ਮੁਕਾਬਲਿਆਂ ਦੌਰਾਨ ਮਾਲਵਾ ਸਕੂਲ ਲੁਧਿਆਣਾ ਨੇ ਅਤੇ ਕਿਲਾ ਰਾਇਪੁਰ ਨੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ। ਜਿਥੇ ਗਿੱਧਾ ਭੰਗੜਾ, ਦੰਦਾਂ ਨਾਲ ਹਲ ਚੁੱਕਣਾ, ਊਠ ਦੌੜ, ਪੰਜ ਮੋਟਰਸਾਇਕਲਾਂ ਉਪਰ 25 ਪੁਲਿਸ ਕਰਮਚਾਰੀਆਂ ਵੱਲੋਂ ਇਕੱਠਿਆਂ ਸਵਾਰੀ, ਪੈਰਾ ਗਲਾਈਡਰ ਸ਼ੋਅ, ਨਿਹੰਗ ਸਿੰਘਾਂ ਵੱਲੋਂ ਘੋੜ ਦੌੜ ਆਦਿ ਖਿੱਚ ਦਾ ਕੇਂਦਰ ਰਹੇ ਉਥੇ ਕਿਲਾ ਰਾਇਪੁਰ ਖੇਡਾਂ 'ਤੇ ਵਿਸ਼ੇਸ਼ ਖਿੱਚ ਦਾ ਕੇਂਦਰ ਬਲਦਾਂ ਦੀਆਂ ਦੌੜਾਂ ਹੀਟਾਂ ਦੌਰਾਨ ਹੋਏ ਪਹਿਲੇ ਗੇੜ ਦੇ ਮੁਕਾਬਲੇ ਦੌਰਾਨ ਪਹਿਲੀ ਹੀਟ 'ਚੋਂ ਤਰਨਜੀਤ ਸਿੰਘ ਕਿਲਾ ਰਾਏਪੁਰ ਨੇ ਪਹਿਲਾ ਅਤੇ ਜੋਤੀ ਧਨੋ ਦੀ ਬੈਲਗੱਡੀ ਨੇ ਦੂਸਰਾ, ਦੂਸਰੀ ਹੀਟ ਦੌਰਾਨ ਹਰਪ੍ਰੀਤ ਲੋਹਗੜ੍ਹ ਦੀ ਗੱਡੀ ਨੇ ਪਹਿਲਾ ਅਤੇ ਬਬਲੂ ਬਦੋਵਾਲ ਦੀ ਗੱਡੀ ਨੇ ਦੂਸਰਾ, ਤੀਸਰੀ ਹੀਟ ਦੌਰਾਨ ਇੰਦਰਵੀਰ ਆਸੀਕਲਾਂ ਦੀ ਗੱਡੀ ਨੇ ਪਹਿਲਾ ਅਤੇ ਸਰਬਜੀਤ ਸਾਂਇਆ ਦੀ ਬੈਲਗੱਡੀ ਨੇ ਦੂਸਰਾ ਚੌਥੀ ਹੀਟ ਦੌਰਾਨ ਰਣਧੀਰ ਸਿੰਘ ਦੀ ਗੱਡੀ ਨੇ ਪਹਿਲ ਅਤੇ ਰਣਬੀਰ ਸਿੰਘ ਗੁੱਜਰਵਾਲ ਦੀ ਬੈਲਗੱਡੀ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਅਗਲੇ ਗੇੜ ਦੇ ਮੁਕਾਬਲਿਆਂ ਲਈ ਜਿੱਤਾਂ ਦਰਜ ਕੀਤੀਆਂ।

ਹਮਦਰਦ ਯਾਦਗਰੀ ਟੂਰਨਾਮੈਂਟ

ਬੰਗਾ, 4 ਫਰਵਰੀ - ਹਮਦਰਦ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਜੋ ਕਿ ਲਧਾਣਾ ਉੱਚਾ ਵਿਖੇ ਚੱਲ ਰਿਹਾ ਹੈ। ਇਸ ਦੇ ਤੀਜੇ ਦਿਨ ਫੁੱਟਬਾਲ ਮੁਕਾਬਲਿਆਂ ਦਾ ਆਰੰਭ ਮੁਕੰਦਪੁਰ ਅਤੇ ਪੋਸੀ ਦਰਮਿਆਨ ਹੋਏ ਮੈਚ ਨਾਲ ਹੋਇਆ। ਜਿਸ ਦੌਰਾਨ ਪੋਸੀ 2-1 ਦੇ ਸਕੋਰ ਨਾਲ ਜੇਤੂ ਰਿਹਾ।

ਜੋਧਾਂ ਵਿਖੇ 16ਵਾਂ ਖੇਡ ਮੇਲਾ 9 ਤੋਂ

ਜੋਧਾਂ, 4 ਫਰਵਰੀ - 16ਵਾਂ ਤਿੰਨ ਰੋਜ਼ਾ ਸ਼ਾਨਦਾਰ ਪੇਂਡੂ ਖੇਡ ਮੇਲਾ 9 ਤੋਂ 11 ਫਰਵਰੀ ਤੱਕ ਜੋਧਾਂ ਦੇ ਰਾਮ ਰਾਏ ਪਬਲਿਕ ਸਕੂਲ ਆਸੀ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ। ਖੇਡ ਮੇਲੇ ਦੇ ਪਹਿਲੇ ਦਿਨ ਬੈਲ ਗੱਡੀਆਂ ਦੀਆਂ ਦੌੜਾਂ ਹੋਣਗੀਆਂ ਅਤੇ ਕਬੱਡੀ 52 ਕਿਲੋ ਭਾਰ ਵਰਗ ਦੇ ਮੁਕਾਬਲੇ ਹੋਣਗੇ। ਮਿਤੀ 10 ਫਰਵਰੀ ਨੂੰ ਕਬੱਡੀ 60, 70 ਕਿਲੋ ਤੋਂ ਇਲਾਵਾ ਵਾਲੀਬਾਲ ਸ਼ੂਟਿੰਗ ਅਤੇ ਖੱਚਰ ਰੇੜ੍ਹਿਆਂ ਦੀਆਂ ਦੌੜਾਂ ਹੋਣਗੀਆਂ। ਆਖਰੀ ਦਿਨ 11 ਫਰਵਰੀ ਨੂੰ ਕਬੱਡੀ ਇਕ ਪਿੰਡ ਓਪਨ ਦੇ ਮੁਕਾਬਲਿਆਂ ਤੋਂ ਬਿਨ੍ਹਾਂ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਅਤੇ ਦਸਮੇਸ਼ ਅਕੈਡਮੀ ਕਾਲਖ ਦਾ ਕਬੱਡੀ ਸ਼ੋਅ ਮੈਚ ਹੋਵੇਗਾ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਰਬੀ ਥਰੀਕੇ, ਸੁਖਜੀਤ ਲਾਲੀ ਅੜੈਚਾਂ, ਗੋਲਡੀ ਕੂੰਮ ਕਲਾਂ, ਗੁਰਸ਼ਰਨ ਬਾਲ੍ਹਾ ਖਾਈ ਅਤੇ ਬਲਜੀਤ ਸੈਦੋਕੇ ਦਾ ਸਨਮਾਨ ਕੀਤਾ ਜਾਵੇਗਾ।

ਲਮੀਨ ਦਾ ਖੇਡ ਅਤੇ ਸੱਭਿਆਚਾਰਕ ਮੇਲਾ 7 ਨੂੰ

ਦਸੂਹਾ, 4 ਫਰਵਰੀ - 7 ਫਰਵਰੀ ਨੂੰ ਪਹਿਲਾ ਖੇਡ ਅਤੇ ਸੱਭਿਆਚਾਰਕ ਮੇਲਾ ਸੀਨੀਅਰ ਸੈਕੰਡਰੀ ਸਕੂਲ ਲਮੀਨ ਵਿਖੇ ਕਰਵਾਇਆ ਜਾ ਰਿਹਾ ਹੈ। ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 31000 ਰੁਪਏ ਅਤੇ ਦੂਜੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 21000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।

ਲੱਖੇ ਦਾ ਟੂਰਨਾਮੈਂਟ 20 ਤੋਂ

ਹਠੁਰ, 4 ਫਰਵਰੀ - 20 ਤੋਂ 23 ਫਰਵਰੀ ਤੱਕ ਬਾਬਾ ਇਮਾਮ ਸ਼ਾਹ ਯਾਦਗਾਰੀ ਤੀਜਾ ਟੂਰਨਾਮੈਂਟ ਪਿੰਡ ਲੱਖਾ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਵਿਚ 20 ਫਰਵਰੀ ਨੂੰ ਬੈਲ ਗੱਡੀਆਂ ਦੀਆਂ ਦੌੜਾਂ ਅਤੇ ਕਬੱਡੀ ਓਪਨ ਪਿੰਡ ਵਾਰ, 70 ਕਿਲੋ, 62 ਕਿਲੋ, 35 ਕਿਲੋ, ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ।

ਪਿੰਡ ਰਾਣੋਂ ਦਾ ਕਬੱਡੀ ਖੇਡ ਮੇਲਾ ਸਮਾਪਤ

ਦੋਰਾਹਾ, 3 ਫਰਵਰੀ - ਪਿੰਡ ਰਾਣੋਂ 'ਚ ਦੋ ਰੋਜ਼ਾ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿੱਚ ਕਬੱਡੀ ਖਿਡਾਰੀ ਸਰਬੀ ਥਰੀਕੇ ਦਾ ਬੁਲਟ ਮੋਟਰ ਸਾਇਕਲ ਨਾਲ ਵਿਸੇਸ਼ ਸਨਮਾਨ ਕੀਤਾ ਗਿਆ ਤੋਂ ਇਲਾਵਾ ਕਬੱਡੀ ਖਿਡਾਰੀ ਕਾਲਾ ਬੁਆਣੀ, ਨੋਨਾ ਰੌਣੀ ਅਤੇ ਬਿੰਦਰ ਸੀਹਾਂ ਦੌਦ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੇਜਰ ਘੁੰਗਰਾਲੀ ਨੇ 1 ਕੁਇੰਟਲ 45 ਕਿਲੋ ਦੇ ਵੇਲਣੇ ਦੇ ਬਾਲੇ ਕੱਢੇ ਅਤੇ ਮੇਜਰ ਰਾਜਸਥਾਨੀ ਨੇ ਬੁਲਟ ਮੋਟਰ ਸਾਇਕਲ 'ਤੇ ਕਰਤੱਬ ਦਿਖਾਏ।

ਦੂਜਾ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲਾ 9 ਤੋਂ

ਜਲੰਧਰ, 3 ਫਰਵਰੀ - ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਸਮਰਪਿਤ ਦੂਜਾ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲਾ 9 ਤੋਂ 12 ਫਰਵਰੀ ਤੱਕ ਜਲੰਧਰ ਦੇ ਐਮ.ਐਸ. ਭੁੱਲਰ ਸਟੇਡੀਅਮ ਪੀ.ਏ.ਪੀ. 'ਚ ਕਰਵਾਇਆ ਜਾ ਰਿਹਾ ਹੈ। 9 ਫਰਵਰੀ ਨੂੰ ਸਵੇਰੇ 10 ਵਜੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਖੇਡਾਂ ਦੀ ਮਸ਼ਾਲ ਲਿਆਂਦੀ ਜਾਵੇਗੀ, ਜਿਹੜੀ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਸ਼ਾਮ 5 ਵਜੇ ਜਲੰਧਰ ਦੇ ਦੇਸ਼ ਭਗਤ ਯਾਦਗਾਰੀ ਹਾਲ ਵਿਚ ਪਹੁੰਚੇਗੀ। ਸੁਪਰ ਸਟਾਰ ਧਰਮਿੰਦਰ ਤੇ ਹੰਸ ਰਾਜ ਹੰਸ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਉਣਗੇ। ਟੂਰਨਾਮੈਂਟ ਦਾ ਉਦਘਾਟਨ 10 ਫਰਵਰੀ ਨੂੰ ਸਵੇਰੇ 10 ਵਜੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਕਰਨਗੇ। 20 ਦੇਸ਼ਾਂ ਦੇ ਚੋਟੀ ਦੇ 300 ਪਹਿਲਵਾਨ ਵੱਖ-ਵੱਖ ਭਾਰ ਵਰਗਾਂ ਵਿਚ 30 ਲੱਖ ਦੇ ਇਨਾਮਾਂ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਮੈਚਾਂ ਦਾ ਸਿੱਧਾ ਪ੍ਰਸਾਰਨ ਪੀ-7 ਅਤੇ ਪੀ. ਟੀ. ਸੀ. ਚੈਨਲਜ਼ 'ਤੇ ਕੀਤਾ ਜਾਵੇਗਾ।

10ਵਾਂ ਗੋਲਡ ਕਬੱਡੀ ਕੱਪ ਤੇ ਵਾਲੀਬਾਲ ਟੂਰਨਾਮੈਂਟ 18 ਤੋਂ

ਸੁਲਤਾਨਪੁਰ ਲੋਧੀ, 3 ਫਰਵਰੀ - 10ਵਾਂ ਗੋਲਡ ਕਬੱਡੀ ਕੱਪ ਅਤੇ ਵਾਲੀਬਾਲ ਟੂਰਨਾਮੈਂਟ 18-19 ਫਰਵਰੀ ਨੂੰ ਸ੍ਰੀ ਗੁਰੂ ਨਾਨਕ ਦੇਵ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੋ ਰੋਜ਼ਾ ਟੂਰਨਾਮੈਂਟ 'ਚ 8 ਨਾਮਵਰ ਕਬੱਡੀ ਅਕੈਡਮੀਆਂ ਸ਼ਾਮਿਲ ਹੋ ਰਹੀਆਂ ਹਨ ਅਤੇ ਵਾਲੀਬਾਲ ਟੂਰਨਾਮੈਂਟ ਵਿਚ 10 ਟੀਮਾਂ ਭਾਗ ਲੈਣਗੀਆਂ। ਕਬੱਡੀ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ ਇਕ ਲੱਖ ਰੁਪਏ ਅਤੇ ਦੂਜਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਨਗਦ ਇਨਾਮ ਦਿੱਤਾ ਜਾਵੇਗਾ ਅਤੇ ਵਾਲੀਬਾਲ ਦੀ ਪਹਿਲੇ ਸਥਾਨ ਵਾਲੀ ਟੀਮ ਨੂੰ 20 ਹਜ਼ਾਰ ਰੁਪਏ ਅਤੇ ਦੂਜੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 16 ਹਜ਼ਾਰ ਰੁਪਏ ਦਿੱਤੇ ਜਾਣਗੇ। 19 ਫਰਵਰੀ ਨੂੰ ਜੇਤੂ ਟੀਮਾਂ ਨੂੰ ਇਨਾਮ ਵੰਡਣ ਮੌਕੇ ਗਾਇਕ ਅਮਰਿੰਦਰ ਗਿੱਲ ਖੁੱਲ੍ਹੇ ਅਖਾੜੇ ਵਿਚ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

ਸੁਰਜੀਤ ਸਿੰਘ ਔਜਲਾ ਯਾਦਗਾਰੀ ਸਾਲਾਨਾ ਕਬੱਡੀ ਟੂਰਨਾਮੈਂਟ 6 ਨੂੰ

ਨਡਾਲਾ, 3 ਫਰਵਰੀ - ਸੁਰਜੀਤ ਸਿੰਘ ਔਜਲਾ ਯਾਦਗਾਰੀ ਸਾਲਾਨਾ ਕਬੱਡੀ ਟੂਰਨਾਮੈਂਟ ਦਾ 6 ਫਰਵਰੀ ਨੂੰ ਪਿੰਡ ਮੁੱਦੋਵਾਲ ਵਿਖੇ ਕਰਵਾਇਆਜਾ ਰਿਹਾ ਹੈ। ਜੇਤੂ ਟੀਮ ਨੂੰ ਪਹਿਲਾ ਇਨਾਮ 31 ਹਜ਼ਾਰ ਰੁਪਏ ਅਤੇ ਉਪ ਜੇਤੂ ਟੀਮ ਨੂੰ 25 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ ਅਤੇ ਹਰ ਟੀਮ ਨੂੰ 5 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਮਿੰਨੀ ਪੇਂਡੂ ਉਲੰਪਿਕਸ ਕਿਲ੍ਹਾ ਰਾਏਪੁਰ ਸ਼ੁਰੂ

ਡੇਹਲੋਂ, 3 ਫਰਵਰੀ - ਗਰੇਵਾਲ ਸਪੋਰਟਸ ਸਟੇਡੀਅਮ ਕਿਲ੍ਹਾ ਰਾਏਪੁਰ 'ਚ ਮਿੰਨੀ ਪੇਂਡੂ ਉਲੰਪਿਕਸ ਖੇਡਾਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਖੇਡਾਂ ਵਿਚ ਬੈਲ ਗੱਡੀਆਂ ਦੀਆਂ ਦੌੜਾਂ, ਹਾਕੀ ਅੰਡਰ 14 ਸਾਲ ਤੇ 17 ਸਾਲ ਦੇ ਮੁਕਾਬਲਿਆਂ ਨਾਲ ਸ਼ੁਰੂ ਹੋ ਗਈਆਂ ਹਨ। ਬੈਲ ਗੱਡੀਆਂ ਦੀਆਂ ਦੌੜਾਂ 'ਚ ਨਾਹਰ ਸਿੰਘ ਰੁੜਕਾ ਦੀ ਬੈਲ ਗੱਡੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਜੀਤ ਸਿੰਘ ਘੁਡਾਣੀ ਦੀ ਗੱਡੀ ਨੇ ਦੂਸਰਾ ਤੇ ਅਜੀਤ ਸਿੰਘ ਘੁਡਾਣੀ ਦੀ ਗੱਡੀ ਨੇ ਤੀਸਰਾ ਸਥਾਨ ਪ੍ਰਾਪਤ ਕੀਤੇ। ਹਾਕੀ ਅੰਡਰ 14 ਸਾਲ ਮੁਕਾਬਲਿਆਂ ਦੌਰਾਨ ਮਾਲਵਾ ਕਲੱਬ ਅਤੇ ਸੁਧਾਰ ਕਲੱਬ ਨੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ। ਜਦੋਂ ਕਿ ਹਾਕੀ ਅੰਡਰ 17 ਸਾਲ 'ਚੋਂ ਜਰਖੜ ਅਕੈਡਮੀ, ਮਾਲਵਾ ਕਲੱਬ ਅਤੇ ਸੁਧਾਰ ਅਕੈਡਮੀ ਨੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ। 4 ਫਰਵਰੀ ਨੂੰ ਕੈਬਨਿਟ ਮੰਤਰੀ ਸ: ਅਦੇਸ਼ਪ੍ਰਤਾਪ ਸਿੰਘ ਕੈਰੋ ਖੇਡਾਂ ਦਾ ਰਸਮੀ ਉਦਘਾਟਨ ਕਰਨਗੇ। 4 ਫਰਵਰੀ ਨੂੰ ਕਿਲ੍ਹਾ ਰਾਏਪੁਰ ਨਿਵਾਸੀ ਅਤੇ ਤੈਰਾਕ ਅਮਰਪਾਲ ਸਿੰਘ ਗਰੇਵਾਲ ਸਪੁੱਤਰ ਸ: ਗੁਰਮੀਤ ਸਿੰਘ ਗਰੇਵਾਲ ਨੂੰ ਸਨਮਾਨਿਆ ਜਾ ਰਿਹਾ ਹੈ।

ਹਮਦਰਦ ਯਾਦਗਾਰੀ ਫੁੱਟਬਾਲ ਟੂਰਨਾਮੈਂਟ

ਬੰਗਾ, 3 ਫਰਵਰੀ - ਹਮਦਰਦ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਜੋ ਕਿ ਪਿੰਡ ਲਧਾਣਾ ਉੱਚਾ 'ਚ ਚੱਲ ਰਿਹਾ ਹੈ। ਇਸ ਟੂਰਨਾਮੈਂਟ ਦੇ ਦੂਜੇ ਦਿਨ ਪਹਿਲਾ ਮੈਚ ਲਧਾਣਾ ਉੱਚਾ ਅਤੇ ਭਾਰਟਾ ਦੀਆਂ ਦਰਮਿਆਨ ਹੋਇਆ, ਜਿਸ 'ਚੋਂ ਲਧਾਣਾ ਉੱਚਾ ਦੀ ਟੀਮ ਨੇ 4-0 ਦੇ ਫ਼ਰਕ ਨਾਲ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਲਧਾਣਾ ਝਿੱਕਾ ਨੂੰ ਸਕੋਹਪੁਰ, ਮੋਰਾਂਵਾਲੀ ਨੇ ਡਾਨਸੀਵਾਲ ਨੂੰ ਪੱਲੀ ਝਿੱਕੀ ਨੇ ਆਰ.ਡੀ.ਐਸ. ਕਲੱਬ ਲਧਾਣਾ ਉੱਚਾ ਨੂੰ ਰਾਏਪੁਰ ਰਾਈਆਂ ਨੂੰ ਬੈਂਸਾਂ, ਮਾਹਿਲ ਗਹਿਲਾ ਨੇ ਦੁਸਾਂਝ ਖੁਰਦ, ਸੁੱਜੋਂ ਨੇ ਕਾਹਮਾ ਨੂੰ ਹਰਾ ਕੇ ਜਿੱਤ ਦਰਜ਼ ਕੀਤੀ।

ਇਕ ਲੱਖ ਦਾ ਇਨਾਮ ਹਰਜੀਤ ਫ਼ਰੈਂਡਜ਼ ਕਲੱਬ ਪੱਤੋ ਹੀਰਾ ਸਿੰਘ ਦੇ ਨਾਮ

ਬਾਜਾਖਾਨਾ, 3 ਫਰਵਰੀ - ਬਾਜਾਖਾਨਾ 'ਚ 13ਵਾਂ ਹਰਜੀਤ ਯਾਦਗਾਰੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਅੰਤਿਮ ਦਿਨ ਅੰਤਰਰਾਸ਼ਟਰੀ ਕਲੱਬਾਂ ਦੇ ਮੈਚਾਂ ਵਿਚ ਹਰਜੀਤ ਫ਼ਰੈਂਡਜ਼ ਕਲੱਬ ਪੱਤੋ ਹੀਰਾ ਸਿੰਘ ਨੇ ਡੀ. ਏ. ਵੀ. ਬਠਿੰਡਾ ਨੂੰ ਹਰਾ ਕੇ ਇਕ ਲੱਖ ਰੁਪਏ ਦਾ ਪਹਿਲਾ ਇਨਾਮ ਅਤੇ ਕੱਪ ਜਿੱਤਿਆ। ਡੀ. ਏ. ਵੀ. ਬਠਿੰਡਾ ਨੇ 71 ਹਜ਼ਾਰ ਦਾ ਦੂਜਾ ਇਨਾਮ ਪ੍ਰਾਪਤ ਕੀਤਾ। ਇਨਾਮਾਂ ਦੀ ਵੰਡ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਅਮਰਜੀਤ ਸਿੰਘ ਟੁੱਟ, ਅਤਵਾਰ ਸਿੰਘ ਸਮਾਧ ਭਾਈ, ਪਾਲ ਸਹੋਤਾ ਸਪੇਨ, ਬਾਪੂ ਸਹੋਤਾ, ਸਤਿਨਾਮ ਸਿੰਘ ਰੰਧਾਵਾ ਆਦਿ ਨੇ ਕੀਤੀ। ਕੁਮੈਂਟਰੀ ਮੰਚ ਸੰਚਾਲਕ ਜਸਬੀਰ ਜੱਸੀ, ਦਲਜੀਤ ਸਿੰਘ ਰਾਏ ਕੇ ਅਤੇ ਅਮਨਦੀਪ ਸਿੰਘ ਦਬੜ੍ਹੀਖਾਨਾ ਨੇ ਦਿਲਚਸਪ ਤਰੀਕੇ ਨਾਲ ਕੀਤੀ।

ਸਲੌਦੀ ਸਿੰਘਾਂ ਦਾ ਖੇਡ ਮੇਲਾ 5 ਤੋਂ

ਖੰਨਾ,3 ਫਰਵਰੀ - 5 ਤੋਂ 8 ਫਰਵਰੀ ਤੱਕ ਪਿੰਡ ਸਲੌਦੀ ਸਿੰਘਾਂ ਦਾ ਕਬੱਡੀ ਫੁੱਟਬਾਲ ਕੱਪ ਗੁਰਦੁਆਰਾ ਬਾਬਾ ਸਿੱਧ ਸਲੌਦੀ ਦੇ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਖੇਡ ਮੇਲੇ ਵਿਚ 32, 37, 47, 57, 70 ਅਤੇ 60 ਕਿਲੋ ਕਬੱਡੀ ਆਲ ਓਪਨ ਵਰਗ ਮੁਕਾਬਲੇ ਹੋਣਗੇ। ਇਕ ਪਿੰਡ ਓਪਨ ਕਬੱਡੀ ਫਸਟ ਟੀਮ ਨੂੰ 71000, ਦੂਸਰੇ ਨੰਬਰ ਵਾਲੀ ਟੀਮ ਨੂੰ 41000 ਰੁਪਏ ਨਕਦ ਦਿੱਤੇ ਜਾਣਗੇ।

ਮੀਰੀ-ਪੀਰੀ ਕਲੱਬ ਅਮਰੀਕਾ ਅੱਵਲ

ਕਪੂਰਥਲਾ, 2 ਫਰਵਰੀ - 7ਵਾਂ ਕਬੱਡੀ ਗੋਲਡ ਕੱਪ ਗੁਰੂ ਨਾਨਕ ਸਟੇਡੀਅਮ ਕਪੂਰਥਲਾ 'ਚ ਕਰਵਾਇਆ ਗਿਆ। ਇਸ ਕਬੱਡੀ ਗੋਲਡ ਕੱਪ 'ਤੇ ਮੀਰੀ ਪੀਰੀ ਕਲੱਬ ਅਮਰੀਕਾ ਨੇ ਅੰਬੀ ਹਠੂਰ ਕਲੱਬ ਮੋਗਾ ਨੂੰ ਹਰਾ ਕੇ ਕਬਜ਼ਾ ਕੀਤਾ। ਜੇਤੂ ਟੀਮ ਨੂੰ ਪੈਰਿਸ ਫਰੈਂਡਸ ਸਪੋਰਟਸ ਕਲੱਬ ਫਰਾਂਸ ਦੇ ਸਹਿਯੋਗ ਨਾਲ 2 ਲੱਖ 61 ਹਜ਼ਾਰ ਰੁਪਏ ਦਾ ਨਕਦ ਇਨਾਮ ਤੇ ਜੇਤੂ ਟਰਾਫੀ ਦਿੱਤੀ ਗਈ। ਜਦਕਿ ਉਪ ਜੇਤੂ ਅੰਬੀ ਹਠੂਰ ਦੀ ਟੀਮ ਨੂੰ 2 ਲੱਖ 21 ਹਜ਼ਾਰ ਰੁਪਏ ਦਾ ਇਨਾਮ ਮਿਲਿਆ। ਟੂਰਨਾਮੈਂਟ ਦੌਰਾਨ ਅਰਵਿੰਦਰ ਸਿੰਘ ਹਾਂਸ ਕੈਨੇਡਾ ਵੱਲੋਂ ਉਘੇ ਕੁਮੈਂਟੇਟਰ ਮੱਖਣ ਅਲੀ ਨੂੰ ਬੁਲਿਟ ਮੋਟਰ ਸਾਈਕਲ ਦਿੱਤਾ ਗਿਆ।

ਬੁੱਟਰਾਂ ਦਾ 12ਵਾਂ ਗੋਲਡ ਕਬੱਡੀ ਕੱਪ ਸ਼ੁਰੂ

ਭੋਗਪੁਰ, 2 ਫਰਵਰੀ - 12ਵਾਂ ਗੋਲਡ ਕਬੱਡੀ ਕੱਪ ਪਿੰਡ ਬੁੱਟਰਾਂ ਵਿਖੇ ਕਰਵਾਇਆ ਜਾ ਰਿਹਾ ਹੈ। ਜੇਤੂ ਕਲੱਬ ਨੂੰ ਡੇਢ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਉਦਘਾਟਨੀ ਮੈਚ ਵਿਚ 35 ਕਿਲੋ ਭਾਰ ਵਰਗ ਵਿਚ ਪਿੰਡ ਸ਼ਕਰਪੁਰ ਦੀ ਟੀਮ ਨੇ 16 ਅੰਕ ਲੈ ਕੇ ਲੱਖਣ ਕੇ ਪੱਡੇ ਦੀ ਟੀਮ ਨੂੰ ਹਰਾਇਆ।

ਹਮਦਰਦ ਯਾਦਗਾਰੀ ਟੂਰਨਾਮੈਂਟ ਸ਼ੁਰੂ

ਬੰਗਾ, 2 ਫਰਵਰੀ - ਅਜੀਤ ਦੇ ਬਾਨੀ ਸਵ: ਸਾਧੂ ਸਿੰਘ ਹਮਦਰਦ ਦੀ ਯਾਦ ਨੂੰ ਸਮਰਪਿਤ ਚੌਥਾ ਹਮਦਰਦ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਲਧਾਣਾ ਉਚਾ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿਚ ਪੋਸੀ ਦੀ ਟੀਮ ਨੇ ਸੂਰਾਪੁਰ ਨੂੰ ਹਰਾਇਆ। ਇਸੇ ਤਰ੍ਹਾਂ ਸੈਕਿੰਡ ਕਲੱਬ ਲਧਾਣਾ ਉੱਚਾ ਅਤੇ ਫ਼ਤਿਹਪੁਰ, ਨਵਾਂਸ਼ਹਿਰ ਅਤੇ ਮਜਾਰਾ ਡੀਂਗਰੀਆਂ, ਜੀਂਦੋਵਾਲ ਅਤੇ ਭੌਰਾ, ਬਹਿਲਪੁਰ ਅਤੇ ਭੂਤਾਂ ਦੀਆਂ ਟੀਮਾਂ ਦਰਮਿਆਨ ਹੋਏ ਮੈਚ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੇ।

ਇੰਦਣਾਂ ਕਲਾਸਕੇ ਖੇਡ ਮੇਲਾ 5 ਤੋਂ

ਜਲੰਧਰ, 2 ਫਰਵਰੀ - 5-6 ਫਰਵਰੀ ਨੂੰ ਮੁਕੰਦਪੁਰ ਰੋਡ 'ਤੇ ਸਥਿਤ ਪਿੰਡ ਇੰਦਣਾਂ ਕਲਾਸਕੇ ਪਿੰਡ ਦੇ ਖੇਡ ਸਟੇਡੀਅਮ 'ਚ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ 5 ਫਰਵਰੀ ਨੂੰ ਕਬੱਡੀ ਭਾਰ ਵਰਗ 70 ਕਿਲੋ ਤੇ ਵਾਲੀਬਾਲ ਪਿੰਡ ਪੱਧਰ ਮੁਕਾਬਲੇ ਕਰਵਾਏ ਜਾਣਗੇ। ਇਸੇ ਹੀ ਦਿਨ ਪਾਵਰ ਵੇਟ ਲਿਫਟਿੰਗ ਤੇ ਵੇਟ ਲਿਫਟਿੰਗ ਮੁਕਾਬਲੇ ਵੀ ਹੋਣਗੇ। ਇਸੇ ਦਿਨ ਹੀ ਹਾਕੀ ਦਾ ਸ਼ੋਅ ਮੈਚ ਮੇਹਲੀ ਤੇ ਜੰਡਿਆਲੀ ਵਿਚਕਾਰ ਵੀ ਕਰਵਾਇਆ ਜਾਵੇਗਾ। 6 ਫਰਵਰੀ ਨੂੰ ਆਲ ਓਪਨ ਕਬੱਡੀ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਕਬੱਡੀ ਜਗਤ ਦੀਆਂ ਨਾਮਵਰ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।

ਹਰਜੀਤ ਯਾਦਗਾਰੀ ਕਬੱਡੀ ਟੂਰਨਾਮੈਂਟ

ਬਾਜਾਖਾਨਾ, 2 ਫਰਵਰੀ - ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਜੀਤ ਬਰਾੜ ਦੀ ਯਾਦ ਨੂੰ ਸਮਰਪਿਤ 13ਵੇਂ ਕਬੱਡੀ ਟੂਰਨਾਮੈਂਟ ਬਾਜਾਖਾਨਾ 'ਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਦੂਸਰੇ ਦਿਨ ਕਬੱਡੀ ਦੇ ਮੈਚ ਹੋਏ ਜਿਨ੍ਹਾਂ 'ਚ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ ਟੀਮਾਂ ਨੇ ਭਾਗ ਲਿਆ। ਪਹਿਲਾ ਸਥਾਨ ਦਾਤੇਵਾਸ ਅਕੈਡਮੀ ਮਾਨਸਾ ਅਤੇ ਦੂਜਾ ਸਥਾਨ ਬਾਬਾ ਫ਼ਰੀਦ ਅਕੈਡਮੀ ਫ਼ਰੀਦਕੋਟ ਨੇ ਪ੍ਰਾਪਤ ਕੀਤਾ। 3 ਫਰਵਰੀ ਨੂੰ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਵਿਸ਼ੇਸ਼ ਤੌਰ 'ਤੇ ਪਹੁੰਚ ਰਹੀਆਂ ਹਨ। 62 ਕਿਲੋ ਵਰਗ ਦੇ ਫਾਈਨਲ ਮੁਕਾਬਲਿਆਂ ਵਿਚ ਪਿੰਡ ਗੁਰੂਸਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਅੰਬੀ ਹਠੂਰ ਇੰਟਰਨੈਸ਼ਨਲ ਕੈਨੇਡਾ ਕਬੱਡੀ ਕੱਪ 7 ਨੂੰ

ਹਠੂਰ, 2 ਫਰਵਰੀ - ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅੰਬੀ ਹਠੂਰ ਦੀ ਯਾਦ ਨੂੰ ਸਮਰਪਿਤ 6ਵਾਂ ਅੰਬੀ ਹਠੂਰ ਇੰਟਰਨੈਸ਼ਨਲ ਕੈਨੇਡਾ ਕਬੱਡੀ ਕੱਪ 7 ਫਰਵਰੀ ਨੂੰ ਪਿੰਡ ਹਠੂਰ ਵਿਖੇ ਕਰਵਾਇਆ ਜਾ ਰਿਹਾ ਹੈ।

ਜਟਾਣਾਂ ਉੱਚਾ ਦੀਆਂ ਖੇਡਾਂ 4 ਫਰਵਰੀ ਤੋਂ

ਖਮਾਣੋਂ, 2 ਫਰਵਰੀ - 4 ਤੋਂ 6 ਫਰਵਰੀ ਤੱਕ ਜਟਾਣਾਂ ਉੱਚਾ ਦੇ ਖੇਡ ਸਟੇਡੀਅਮ ਵਿਚ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਕਬੱਡੀ, ਫੁੱਟਬਾਲ, ਐਥਲੈਟਿਕਸ, ਖੀਰੇ ਦੁੱਗੇ ਵੱਛੇ ਅਤੇ ਬੈਲ ਗੱਡੀਆਂ ਦੀਆਂ ਦੌੜਾਂ ਆਦਿ ਕਰਵਾਈਆਂ ਜਾਣਗੀਆਂ।

ਨਿਹੰਗ ਸਮਸ਼ੇਰ ਸਿੰਘ ਯਾਦਗਾਰੀ ਖੇਡ ਮੇਲਾ 4 ਤੋਂ

ਗੁਰੂਸਰ ਸੁਧਾਰ, 2 ਫਰਵਰੀ - 37ਵਾਂ ਪੇਂਡੂ ਖੇਡ ਮੇਲਾ 4 ਤੋਂ 6 ਫਰਵਰੀ ਤੱਕ ਗੁਰੂਸਰ ਸੁਧਾਰ ਦੇ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਖੇਡ ਮੇਲਾ ਨਿਹੰਗ ਬਾਬਾ ਸਮਸ਼ੇਰ ਸਿੰਘ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੌਰਾਨ ਹਾਕੀ ਗੋਲਡ ਕੱਪ, ਫੁੱਟਬਾਲ, ਕਬੱਡੀ ਵਜਨੀ, ਕਬੱਡੀ ਓਪਨ ਤੋਂ ਇਲਾਵਾ ਦਸਤਾਰ ਦੇ ਮੁਕਾਬਲੇ ਕਰਵਾਏ ਜਾਣਗੇ।

ਪੰਜਾਬ ਰਾਜ ਖੇਡਾਂ 28 ਤੋਂ

ਪਟਿਆਲਾ, 2 ਫਰਵਰੀ - ਪੰਜਾਬ ਖੇਡਾਂ 28 ਫਰਵਰੀ ਤੋਂ 6 ਮਾਰਚ ਤੱਕ ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਲੁਧਿਆਣਾ, ਪਟਿਆਲਾ, ਜਲੰਧਰ ਤੇ ਮੁਹਾਲੀ ਵਿਖੇ ਕਰਵਾਈਆਂ ਜਾਣਗੀਆਂ। ਇਨ੍ਹਾਂ ਖੇਡਾਂ ਵਿਚ ਪੰਜਾਬ ਸਟਾਇਲ ਕਬੱਡੀ, ਵਾਲੀਬਾਲ, ਮੁੱਕੇਬਾਜ਼ੀ, ਹਾਕੀ, ਕੁਸ਼ਤੀਆਂ, ਭਾਰ ਤੋਲਣ, ਨਿਸ਼ਾਨੇਬਾਜ਼ੀ ਤੇ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਦੇ ਜੇਤੂ ਟੀਮਾਂ ਨੂੰ 9 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ ਅਤੇ ਵਿਅਕਤੀਗਤ ਮੁਕਾਬਲਿਆਂ ਵਿਚ ਇਹ ਰਾਸ਼ੀ ਪ੍ਰਤੀ ਈਵੈਂਟ ਵੰਡ ਕੇ ਦਿੱਤੀ ਜਾਵੇਗੀ। ਇਸੇ ਤਰ੍ਹਾਂ ਦੂਸਰੇ ਤੇ ਤੀਸਰੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਵੀ ਨਕਦ ਇਨਾਮੀ ਰਾਸ਼ੀਆਂ ਪ੍ਰਦਾਨ ਕੀਤੀਆਂ ਜਾਣਗੀਆਂ।

ਗਦਰੀ ਬਾਬਿਆਂ ਦੀ ਯਾਦ ਵਿਚ ਕਬੱਡੀ ਟੂਰਨਾਮੈਂਟ 5 ਨੂੰ

ਕਿਸ਼ਨਗੜ੍ਹ, 1 ਫਰਵਰੀ - ਪਿੰਡ ਸੰਘਵਾਲ ਵਿਖੇ ਸ਼ਹੀਦ ਬੰਤਾ ਸਿੰਘ, ਸ਼ਹੀਦ ਅਰੂੜ ਸਿੰਘ ਸਟੇਡੀਅਮ ਵਿਖੇ ਗਦਰੀ ਬਾਬਿਆਂ ਦੀ ਯਾਦ ਵਿਚ ਕਬੱਡੀ ਟੂਰਨਾਮੈਂਟ 5-6 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਕਬੱਡੀ ਓਪਨ ਕਲੱਬ ਵਿਚ ਜੇਤੂ ਨੂੰ 31000, ਉਪ-ਜੇਤੂ ਨੂੰ 21000, 70 ਕਿਲੋ ਪਿੰਡ ਪੱਧਰ ਜੇਤੂ ਨੂੰ 11000, ਉਪ ਜੇਤੂ ਨੂੰ 8000 ਆਦਿ ਨਕਦ ਇਨਾਮ ਦਿੱਤੇ ਜਾਣਗੇ।

ਬੰਡਾਲਾ ਵਿਚ ਤੀਜਾ ਕਬੱਡੀ ਕੱਪ 5 ਨੂੰ

ਜੰਡਿਆਲਾ ਮੰਜਕੀ, 1 ਫਰਵਰੀ - ਪਿੰਡ ਬੰਡਾਲਾ ਮੰਜਕੀ ਵਿਖੇ ਤੀਸਰਾ ਕਬੱਡੀ ਕੱਪ 5 ਫਰਵਰੀ ਦਿਨ ਸਨਿਚਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਮੌਕੇ ਅੰਤਰਰਾਸ਼ਟਰੀ ਪੱਧਰ ਦੀਆਂ ਅੱਠ ਟੀਮਾਂ ਭਾਗ ਲੈਣਗੀਆਂ। ਲੜਕੀਆਂ ਦੀਆਂ ਕਬੱਡੀ ਟੀਮਾਂ ਤੋਂ ਇਲਾਵਾ ਸੱਠ ਸਾਲਾਂ ਦੇ ਬਜ਼ੁਰਗਾਂ ਅਤੇ ਔਰਤਾਂ ਦੇ ਦੌੜ ਮੁਕਾਬਲੇ ਇਸ ਖੇਡ ਮੇਲੇ ਵਿਚ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਪਹਿਲੇ, ਦੂਜੇ, ਤੀਜੇ ਸਥਾਨ 'ਤੇ ਆਉਣ ਵਾਲੀਆਂ ਕਬੱਡੀ ਟੀਮਾਂ ਨੂੰ ਕ੍ਰਮਵਾਰ 71000, 61000, 51000 ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ।

ਨੈਸ਼ਨਲ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਆਰੰਭ

ਪਟਿਆਲਾ, 1 ਫਰਵਰੀ - 63ਵੀਂ ਸੀਨੀਅਰ, 40ਵੀਂ ਜੂਨੀਅਰ ਅਤੇ 26ਵੀਂ ਸਬ ਜੂਨੀਅਰ ਨੈਸ਼ਨਲ ਟਰੈਕ ਸਾਇਕਲਿੰਗ ਚੈਂਪੀਅਨਸ਼ਿਪ (ਲੜਕੇ/ਲੜਕੀਆਂ) ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਈ ਗਈ। ਇਸ ਵਿਚ ਦੇਸ਼ ਦੇ ਵੱਖ ਵੱਖ ਰਾਜਾਂ ਤੋਂ 20 ਟੀਮਾਂ ਸ਼ਾਮਿਲ ਹੋਈਆਂ। ਇਸ ਚੈਂਪੀਅਨਸ਼ਿਪ ਵਿਚ ਅੰਡੇਮਾਨ ਨਿਕੋਬਾਰ, ਚੰਡੀਗੜ੍ਹ, ਦਿੱਲੀ, ਹਰਿਆਣਾ, ਜੰਮੂ-ਕਸ਼ਮੀਰ, ਕਰਨਾਟਕਾ, ਕੇਰਲਾ, ਮਣੀਪੁਰ, ਮਹਾਂਰਾਸ਼ਟਰ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਸਰਵਸਿਜ਼ ਸਪੋਰਟਸ ਕੰਟਰੋਲ ਬੋਰਡ, ਬੀ.ਐਸ.ਐਨ.ਐਲ., ਰੇਲਵੇ, ਪੰਜਾਬ ਪੁਲਿਸ ਅਤੇ ਪੰਜਾਬ ਦੀਆਂ ਟੀਮਾਂ ਦੇ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਦੇ 354 ਖਿਡਾਰੀ ਭਾਗ ਲੈ ਰਹੇ ਹਨ। ਨਤੀਜਿਆਂ 'ਚ ਅਲੀਮੀਨੇਸ਼ਨ ਰੇਸ (ਲੜਕੇ) ਵਿਚ ਰੇਲਵੇ ਦੇ ਸੀ. ਰਾਜੇਸ਼ ਪਹਿਲੇ ਸਥਾਨ 'ਤੇ ਅਤੇ ਐਸ.ਐਸ.ਸੀ.ਬੀ. ਦੇ ਅਤੁਲ ਕੁਮਾਰ ਦੂਜੇ ਸਥਾਨ 'ਤੇ ਅਤੇ ਰੇਲਵੇ ਦੇ ਸਾਬੂ ਗਿਨੀਗਰ ਤੀਜੇ ਸਥਾਨ 'ਤੇ ਰਹੇ। ਇਸ ਤੋਂ ਇਲਾਵਾ ਹੋਰ ਵੀ ਮੁੱਢਲੇ ਗੇੜਾਂ ਦੇ ਮੁਕਾਬਲੇ ਹੋਏ।

ਕਬੱਡੀ ਕੱਪ 'ਚ ਮੁਠੱਡਾ ਦੇ ਗੱਭਰੂਆਂ ਛਾਏ

ਸਮਰਾਲਾ, 1 ਫ਼ਰਵਰੀ - ਅੰਤਰਰਾਸ਼ਟਰੀ ਕਬੱਡੀ ਕੱਪ ਕੋਟ ਗੰਗੂ ਰਾਏ ਦੇ ਗੁਰਦਿਆਲ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿਚ ਅਜ਼ਾਦ ਕਲੱਬ ਮੁਠੱਡਾ ਨੇ ਕਬੱਡੀ ਕਲੱਬ ਦਿੜ੍ਹਬਾ ਨੂੰ ਹਰਾ ਕੇ ਜਿੱਤ ਲਿਆ। ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ। ਕੁੱਤਿਆਂ ਦੇ ਦੌੜ ਮੁਕਾਬਲੇ ਦੌਰਾਨ ਸਾਬੀ ਕੂਨਰ ਦੇ ਕੁੱਤੇ ਹੀਰੋ ਨੀਲਾ ਨੇ ਪਹਿਲਾ ਸਥਾਨ ਤੇ ਸਾਬੀ ਕੂਨਰ ਦੇ ਵੂਮਰ ਕਾਲਾ ਨੇ ਦੂਜਾ ਸਥਾਨ ਹਾਸਲ ਕੀਤਾ। ਅੰਤਰਰਾਸ਼ਟਰੀ ਖਿਡਾਰੀਆਂ ਸਿੱਪੀ ਖੀਰਾਂਵਾਲਾ, ਨਿੰਦੀ ਬੇਲੜਾ ਅਤੇ ਪੀਟਰ ਨੂੰ ਤਿੰਨ ਬੁਲਿਟ ਮੋਟਰ ਸਾਇਕਲਾਂ ਨਾਲ ਸਨਮਾਨਿਤ ਕੀਤਾ ਗਿਆ।

ਐਤੀਆਣਾ ਖੇਡ ਮੇਲਾ 6 ਤੋਂ

ਗੁਰੂਸਰ ਸੁਧਾਰ, 1 ਫਰਵਰੀ - ਐਤੀਆਣਾ ਖੇਡ ਮੇਲਾ 6 ਤੋਂ 8 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਕਬੱਡੀ ਓਪਨ, 70 ਕਿਲੋ,, 60 ਕਿਲੋ, ਹਾਕੀ ਪਿੰਡ ਵਾਰ, ਵਾਲੀਵਾਲ, ਤਾਸ਼-ਸੀਪ ਆਦਿ ਸ਼ਾਨਦਾਰ ਮੁਕਾਬਲੇ ਕਰਵਾਏ ਜਾਣਗੇ। 8 ਫਰਵਰੀ ਨੂੰ ਲੋਕ ਗਾਇਕ ਕੇ ਦੀਪ ਦਾ ਖੁੱਲਾ ਅਖਾੜਾ ਲੱਗੇਗਾ।

ਠੱਕਰਵਾਲ ਦਾ ਖੇਡ ਮੇਲਾ 25 ਨੂੰ

ਇਯਾਲੀ/ਥਰੀਕੇ, 1 ਫਰਵਰੀ - 25-26 ਫਰਵਰੀ ਨੂੰ ਪਿੰਡ ਠੱਕਰਵਾਲ 'ਚ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਕਬੱਡੀ 70, 57 ਤੇ ਕਬੱਡੀ ਆਲ ਓਪਨ ਦੇ ਮੁਕਾਬਲਿਆਂ ਤੋਂ ਬਗੈਰ ਵਾਲੀਬਾਲ ਸ਼ੂਟਿੰਗ, ਕੁੱਤਿਆਂ ਦੀਆਂ ਦੌੜਾਂ ਅਤੇ ਤਾਸ਼ ਸ਼ੀਪ ਦੇ ਮੁਕਾਬਲੇ ਕਰਵਾਏ ਜਾਣਗੇ।

ਪੰਜਾਬ ਟੇਬਲ ਟੈਨਿਸ ਟੀਮ ਦਾ ਐਲਾਨ

ਜਲੰਧਰ, 1 ਫਰਵਰੀ - ਅਹਿਮਦਾਬਾਦ 'ਚ 72ਵੀਂ ਜੂਨੀਅਰ ਤੇ ਯੂਥ ਨੈਸ਼ਨਲ ਇੰਟਰ ਸਟੇਟ ਟੇਬਲ ਟੈਨਿਸ ਚੈਂਪੀਅਨਸ਼ਿਪ 4 ਤੋਂ 10 ਫਰਵਰੀ ਤੱਕ ਕਰਵਾਈ ਜਾ ਰਹੀ ਹੈ। ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀ ਪੰਜਾਬ ਦੇ ਲੜਕੇ ਤੇ ਲੜਕੀਆਂ ਦੇ ਵਰਗ ਦੀ ਟੀਮ ਚੁਣ ਲਈ ਗਈ ਹੈ। ਜੂਨੀਅਰ ਲੜਕੇ ਵਰਗ ਵਿਚ ਸੁਨੀਲ ਸੀਕਰੀ, ਗੁਰਨੇਸ਼, ਰੋਹਨ, ਵਿਤੇਸ਼ ਕਪੂਰ, ਜੂਨੀਅਰ ਲੜਕੀਆਂ ਦੇ ਵਰਗ ਵਿਚੋਂ ਮਿਸ ਤਨਵੀਨ, ਮਿਸ ਯਾਸ਼ੀ, ਮਿਸ ਸੁਪਰੀਤ, ਮਿਸ ਭਾਰਤੀ, ਯੂਥ ਲੜਕੇ ਵਰਗ ਵਿਚ ਕਾਰਤਿਕ ਡੋਗਰਾ, ਵੇਦੰਤ, ਹਿਤੇਸ਼ ਡੋਗਰਾ, ਸੁਨੀਲ ਸੀਕਰੀ, ਯੂਥ ਲੜਕੀਆਂ ਦੇ ਵਰਗ ਵਿਚੋਂ ਤਨਵੀਨ, ਅਰੁਨਾ, ਨਿਰਦੋਸ਼, ਸੁੰਗਧਾ ਦੀ ਚੋਣ ਕੀਤੀ ਗਈ ਹੈ। ਟੀਮ ਦਾ ਕੋਚ ਅਸ਼ੋਕ ਕੁਮਾਰ ਤੇ ਮੈਨੇਜਰ ਮਦਨ ਲਾਲ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਹੈ।

ਤਿੰਨ ਰੋਜ਼ਾ 8ਵਾਂ ਕਬੱਡੀ ਕੱਪ 17 ਤੋਂ

ਢਿੱਲਵਾਂ, 31 ਜਨਵਰੀ - 8ਵਾਂ ਸਾਲਾਨਾ ਕਬੱਡੀ ਕੱਪ 17 ਤੋਂ 19 ਫਰਵਰੀ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਲੀਵਾਲ ਬੇਟ ਦੇ ਮੈਦਾਨ ਵਿਚ ਕਰਵਾਇਆ ਜਾ ਰਿਹਾ ਹੈ।

ਢੰਡੋਵਾਲ ਕਬੱਡੀ ਕੱਪ 12 ਤੋਂ

ਸ਼ਾਹਕੋਟ, 31 ਜਨਵਰੀ - ਢੰਡੋਵਾਲ ਕਬੱਡੀ ਕੱਪ 12-13 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। 12 ਫਰਵਰੀ ਨੂੰ ਪਿੰਡ ਪੱਧਰ ਦੇ ਓਪਨ, 70 ਕਿਲੋ ਤੇ 55 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਓਪਨ ਵਿਚ ਪਹਿਲੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 31 ਹਜ਼ਾਰ ਤੇ ਦੂਜੇ ਸਥਾਨ ਲਈ 25 ਹਜ਼ਾਰ, 70 ਕਿਲੋ ਭਾਰ ਵਰਗ ਵਿਚ ਜੇਤੂ ਨੂੰ 20 ਹਜ਼ਾਰ ਤੇ ਉਪ ਜੇਤੂ ਨੂੰ 15 ਹਜ਼ਾਰ ਤੇ 55 ਕਿਲੋ ਦੇ ਕਲੱਬ ਮੈਚਾਂ ਵਿਚ ਜੇਤੂ ਨੂੰ 12 ਹਜ਼ਾਰ ਤੇ ਦੂਜੇ ਸਥਾਨ 'ਤੇ ਰਹੀ ਟੀਮ ਨੂੰ 10 ਹਜ਼ਾਰ ਰੁਪਏ ਦਿੱਤੇ ਜਾਣਗੇ। ਕਲੱਬ ਪੱਧਰੀ ਮੈਚ 13 ਫਰਵਰੀ ਨੂੰ ਕਰਵਾਏ ਜਾਣਗੇ, ਜਿਸ ਵਿਚ ਪੰਜਾਬ ਪੱਧਰ ਦੀਆਂ 8 ਕਲੱਬਾਂ ਭਾਗ ਲੈਣਗੀਆਂ। ਜੇਤੂ ਕਲੱਬ ਨੂੰ 1 ਲੱਖ ਰੁਪਏ ਤੇ ਦੂਜਾ ਸਥਾਨ ਆਉਣ ਵਾਲੀ ਕਲੱਬ ਨੂੰ 71 ਹਜ਼ਾਰ ਰੁਪਏ ਦਿੱਤੇ ਜਾਣਗੇ। ਕਲੱਬ ਮੈਚਾਂ ਵਿਚ ਵਧੀਆ ਜਾਫੀ ਤੇ ਧਾਵੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ।

ਬੁਰਜ ਹਰੀ ਸਿੰਘ ਦਾ ਪੇਂਡੂ ਖੇਡ ਮੇਲਾ ਸ਼ੁਰੂ

ਰਾਏਕੋਟ, 31 ਜਨਵਰੀ - 11ਵਾਂ ਸਾਲਾਨਾ ਪੇਂਡੂ ਖੇਡ ਮੇਲਾ ਬੁਰਜ ਹਰੀ ਪਿੰਡ ਦੇ ਖੇਡ ਮੈਦਾਨ ਵਿਚ 31 ਜਨਵਰੀ ਤੋਂ 2 ਫਰਵਰੀ ਤੱਕ ਚੱਲ ਰਿਹਾ ਹੈ। ਉਦਘਾਟਨੀ ਹਾਕੀ ਦਾ ਮੈਚ ਜੱਸੋਵਾਲ ਅਤੇ ਹਾਂਸ ਕਲਾਂ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਇਸ ਤੋਂ ਇਲਾਵਾ ਕਬੱਡੀ 55 ਕਿਲੋ ਅਤੇ 62 ਕਿਲੋ ਭਾਰ ਵਰਗ ਦੇ ਮੁਕਾਬਲੇ ਵੀ ਸ਼ੁਰੂ ਕਰਵਾਏ ਗਏ। ਟੂਰਨਾਮੈਂਟ ਦੌਰਾਨ ਕਬੱਡੀ 70 ਕਿਲੋ, 62 ਕਿਲੋ ਅਤੇ ਹਾਕੀ ਪਿੰਡ ਵਾਰ ਓਪਨ ਦੇ ਮੁਕਾਬਲਿਆਂ ਤੋਂ ਇਲਾਵਾ ਲੜਕਿਆਂ ਦੀਆਂ 100 ਮੀਟਰ ਤੇ 200 ਮੀਟਰ ਦੀਆਂ ਦੌੜਾਂ ਦੇ ਮੁਕਾਬਲੇ ਕਰਵਾਏ ਜਾਣਗੇ।

21ਵਾਂ ਪੁਰੇਵਾਲ ਖੇਡ ਮੇਲਾ ਹਕੀਮਪੁਰ ਵਿਖੇ 25 ਤੋਂ

ਜਲੰਧਰ, 31 ਜਨਵਰੀ - 21ਵਾਂ ਪੁਰੇਵਾਲ ਪੇਂਡੂ ਖੇਡ ਮੇਲਾ 25-26 ਫਰਵਰੀ ਨੂੰ ਜਗਤਪੁਰ ਦੇ ਖੇਡ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ। ਕਬੱਡੀ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ, ਭਾਰਤ ਦੇ ਨਾਮੀ ਪਹਿਲਵਾਨਾਂ ਦੇ ਨਾਲ-ਨਾਲ ਸੰਸਾਰ ਪੱਧਰ ਦੇ ਕੁਸ਼ਤੀ ਪਹਿਲਵਾਨ ਵੀ ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ ਵਿਚ ਭਾਗ ਲੈ ਰਹੇ ਹਨ। ਕੁਸ਼ਤੀ ਦੰਗਲ ਵਿਚ ਪਹਿਲਵਾਨ ਪਾਕਿਸਤਾਨ, ਈਰਾਨ, ਨਾਈਜੀਰੀਆ, ਕੈਨੇਡਾ, ਰੂਸ, ਉਜ਼ਬੇਕਸਤਾਨ, ਕਜ਼ਾਖਸਤਾਨ, ਕੋਰੀਆ, ਜਾਪਾਨ ਤੋਂ ਉਚੇਚਾ ਭਾਗ ਲੈਣ ਲਈ ਹਕੀਮਪੁਰ ਆ ਰਹੇ ਹਨ।

ਸਾਹਨੇਵਾਲ ਦੀਆਂ ਪੇਂਡੂ ਮਿੰਨੀ ਉਲੰਪਿਕ ਖੇਡਾਂ 4 ਤੋਂ

ਲੁਧਿਆਣਾ, 31 ਜਨਵਰੀ - ਸਾਲਾਨਾ ਮਿੰਨੀ ਪੇਂਡੂ ਉਲੰਪਿਕ ਖੇਡਾਂ 4 ਤੋਂ 6 ਫਰਵਰੀ ਤੱਕ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਕਬੱਡੀ ਅਕੈਡਮੀਆਂ, ਜਿਨ੍ਹਾਂ ਵਿਚ ਕਾਲਖ ਅਕੈਡਮੀ, ਸੰਤ ਈਸ਼ਰ ਸਿੰਘ ਅਕੈਡਮੀ ਰਾੜਾ ਸਾਹਿਬ, ਅੰਬੀ ਹਠੂਰ ਅਕੈਡਮੀ ਪੱਤੋ ਹੀਰਾ ਸਿੰਘ, ਮੀਰੀ ਪੀਰੀ ਅਕੈਡਮੀ ਤੋਂ ਇਲਾਵਾ, ਕਬੱਡੀ ਇਕ ਪਿੰਡ ਓਪਨ, ਕਬੱਡੀ 70 ਅਤੇ 58 ਕਿਲੋਗ੍ਰਾਮ, ਕਬੱਡੀ ਨੈਸ਼ਨਲ ਸਟਾਈਲ ਇਕ ਪਿੰਡ, ਫੁੱਟਬਾਲ, ਵਾਲੀਬਾਲ, ਬੈਲਗੱਡੀਆਂ ਦੀਆਂ ਦੌੜਾਂ, ਕੁੱਤਿਆਂ ਦੀਆਂ ਦੌੜਾਂ ਅਤੇ ਬੈਡਮਿੰਟਨ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਬੈਲ ਗੱਡੀਆਂ ਦੇ ਮੁਕਾਲੇ 4 ਫਰਵਰੀ ਨੂੰ ਹੋਣਗੇ, ਜੇਤੂ ਗੱਡੀ ਦੇ ਮਾਲਕ ਨੂੰ ਮੋਟਰ ਸਾਈਕਲ ਇਨਾਮ ਵਜੋਂ ਮਿਲੇਗਾ।

ਭਗਤਾ ਭਾਈਕਾ ਕਬੱਡੀ ਕੱਪ 5 ਤੋਂ

ਭਗਤਾ ਭਾਈਕਾ, 31 ਜਨਵਰੀ - ਦੂਜਾ ਕਬੱਡੀ ਕੱਪ 5-6 ਫਰਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਗਰਾਊਂਡਾਂ 'ਚ ਕਰਵਾਇਆ ਜਾ ਰਿਹਾ ਹੈ। ਅਕੈਡਮੀਆਂ ਨੂੰ 51 ਹਜ਼ਾਰ ਅਤੇ 41 ਹਜ਼ਾਰ, ਕਬੱਡੀ ਓਪਨ (ਪਿੰਡ ਵਾਰ) ਨੂੰ 35 ਹਜ਼ਾਰ ਅਤੇ 25 ਹਜ਼ਾਰ ਦਾ ਪਹਿਲਾ ਅਤੇ ਦੂਜਾ ਇਨਾਮ ਅਤੇ ਯਾਦਗਾਰੀ ਕੱਪ ਦਿੱਤਾ ਜਾਵੇਗਾ। ਲੜਕੀਆਂ ਦੇ ਸ਼ੋਅ ਮੈਚ 5 ਫਰਵਰੀ ਨੂੰ ਹੋਣਗੇ।

ਪਿੰਡ ਭੇਖਾ ਦਾ 5ਵਾਂ ਕਬੱਡੀ ਟੂਰਨਾਮੈਂਟ 4 ਤੋਂ

ਨੱਥੂਵਾਲਾ ਗਰਬੀ, 31 ਜਨਵਰੀ - 5ਵਾਂ ਕਬੱਡੀ ਟੂਰਨਾਮੈਂਟ ਪਿੰਡ ਭੇਖਾ ਦੇ ਖੇਡ ਸਟੇਡੀਅਮ ਵਿਚ 4-5 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਕਬੱਡੀ ਓਪਨ ਦਾ ਪਹਿਲਾ ਇਨਾਮ 25 ਹਜ਼ਾਰ, ਦੂਸਰਾ 20 ਹਜ਼ਾਰ, ਕਬੱਡੀ 70 ਕਿੱਲੋ ਦਾ ਪਹਿਲਾ ਇਨਾਮ 10 ਹਜ਼ਾਰ, ਦੂਸਰਾ 7 ਹਜ਼ਾਰ, 57 ਕਿੱਲੋ ਦਾ ਪਹਿਲਾ ਇਨਾਮ 5 ਹਜ਼ਾਰ, ਦੂਸਰਾ 3 ਹਜ਼ਾਰ, 42 ਕਿੱਲੋ ਦਾ ਪਹਿਲਾ ਇਨਾਮ 3 ਹਜ਼ਾਰ ਅਤੇ ਦੂਸਰਾ ਦੋ ਹਜ਼ਾਰ ਅਤੇ ਯਾਦਗਾਰੀ ਸਨਮਾਨ ਚਿੰਨ੍ਹਾਂ ਨਾਲ ਜੇਤੂ ਟੀਮਾਂ ਨੂੰ ਸਨਮਾਨਿਆ ਜਾਵੇਗਾ।

ਕਬੱਡੀ ਕੱਪ ਓਪਨ 'ਚ ਪੱਤੋ ਹੀਰਾ ਸਿੰਘ ਤੇ ਪਿੰਡ ਵਾਰ ਭਲੂਰ ਜੇਤੂ

ਮੋਗਾ, 31 ਜਨਵਰੀ - 5ਵਾਂ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਲੰਢੇਕੇ (ਮੋਗਾ) 'ਚ ਕਰਵਾਇਆ ਗਿਆ। ਕਬੱਡੀ ਪਿੰਡ ਵਾਰ ਵਿਚ ਭਲੂਰ ਨੇ ਪਹਿਲਾ ਤੇ ਭਿੰਡਰ ਸੈਕਿੰਡ ਰਹੇ। ਉਪਨ ਕਬੱਡੀ ਕੱਪ ਦੇ ਪਹਿਲੇ 1 ਲੱਖ ਤੇ ਦੂਜੇ 75 ਹਜ਼ਾਰ ਦੇ ਇਨਾਮ ਹਾਸਲ ਕਰਨ ਲਈ ਦੇਸ਼ ਦੀਆਂ 8 ਉੱਚ ਕੋਟੀ ਦੀਆਂ ਟੀਮਾਂ ਵਿਚ ਸੈਮੀਫਾਈਨਲ ਮੈਚ ਸੰਤ ਬਾਬਾ ਕਰਮ ਸਿੰਘ ਰਾੜਾ ਸਾਹਿਬ ਕਬੱਡੀ ਟੀਮ ਨੂੰ ਹਰਜੀਤ ਫਰੈਂਡਜ਼ ਕਲੱਬ ਪੱਤੋ ਹੀਰਾ ਸਿੰਘ ਨੇ 34-44 ਦੇ ਫਰਕ ਨਾਲ ਹਰਾਇਆ ਤੇ ਦੂਜੇ ਸੈਮੀ ਫਾਈਨਲ ਮੈਚ ਵਿਚ ਮਾਲਵਾ ਅਕੈਡਮੀ ਮੋਗਾ ਕਬੱਡੀ ਟੀਮ ਨੇ ਹਰਜੀਤ ਤਲਵਾੜ ਕਲੱਬ ਨੂੰ 34-29 ਦੇ ਅੰਕਾਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਫਾਈਨਲ ਮੁਕਾਬਲਾ ਹਰਜੀਤ ਪੱਤੋ ਕਲੱਬ ਤੇ ਮਾਲਵਾ ਕਲੱਬ ਮੋਗਾ ਦੇ ਫਸਦੇ ਤੇ ਕਾਂਟੇਦਾਰ ਟੱਕਰ ਵਿਚ ਪੱਤੋ ਹੀਰਾ ਸਿੰਘ ਫਸਟ ਤੇ ਰਾੜਾ ਸਾਹਿਬ ਸੈਕਿੰਡ ਰਹੇ ਅਤੇ ਜੇਤੂ ਕੱਪ 'ਤੇ ਕਬਜ਼ਾ ਜਮਾਇਆ। ਰੈਫਰੀ ਦੀ ਭੂਮਿਕਾ ਜੀਤਾ ਧੀਰਾ ਅਤੇ ਕੁਮੈਂਟਰੀ ਰੁਪਿੰਦਰ ਜਲਾਲ, ਸੁੱਖਾ ਕੜਿਆਲ ਨੇ ਨਿਭਾਈ।

ਕਮਾਲਪੁਰਾ ਦਾ 64ਵਾਂ ਕਲਗੀਧਰ ਟੂਰਨਾਮੈਂਟ ਸਮਾਪਤ

ਜਗਰਾਉਂ/ਰਾਏਕੋਟ, 31 ਜਨਵਰੀ - ਕਮਾਲਪੁਰਾ 'ਚ 64ਵਾਂ ਕਲਗੀਧਰ ਟੂਰਨਾਮੈਂਟ ਕਬੱਡੀ ਕੱਪ ਕਰਵਾਇਆ ਗਿਆ। ਕਬੱਡੀ ਆਲ ਓਪਨ ਦੇ ਫਾਈਨਲ ਮੁਕਾਬਲੇ 'ਚ ਆਜ਼ਾਦ ਕਲੱਬ ਮੁਠੱਡਾ ਨੂੰ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਕੱਪ ਦੇ ਨਾਲ ਇਕ ਲੱਖ ਰੁਪਏ ਨਗਦ ਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਸ਼ਹੀਦ ਬਾਬਾ ਦੀਪ ਸਿੰਘ ਨਾਰਵੇ ਕਲੱਬ ਨੂੰ 75 ਹਜ਼ਾਰ ਦੇ ਨਗਦ ਇਨਾਮ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਕਬੱਡੀ ਖਿਡਾਰੀ ਸੋਨੂੰ ਨੂੰ ਬੈਸਟ ਰੇਡਰ ਐਲਾਨਿਆ ਗਿਆ। ਹਾਕੀ ਓਪਨ 'ਚ ਬਾਬਾ ਸ਼ੇਖ ਫਰੀਦ ਕਲੱਬ ਜਲੰਧਰ ਨੇ ਪਹਿਲਾ, ਪੰਜਾਬ ਰਾਜ ਬਿਜਲੀ ਬੋਰਡ ਪਟਿਆਲਾ ਦੀ ਟੀਮ ਨੇ ਦੂਜਾ ਤੇ ਯੰਗ ਸਪੋਰਟਸ ਕਲੱਬ ਢੋਲਣ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਆਲ ਓਪਨ ਦੇ ਫਾਈਨਲ 'ਚ ਬੱਡੂਵਾਲ ਦੀ ਟੀਮ ਨੇ ਪਹਿਲਾ, ਤਲਵੰਡੀ ਮੱਲੀਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਕਮਾਲਪੁਰਾ ਦੀ ਟੀਮ ਤੀਜੇ ਨੰਬਰ 'ਤੇ ਰਹੀ। ਕਬੱਡੀ ਪਿੰਡ ਵਾਰ ਓਪਨ ਦੇ ਸ਼ਾਨਦਾਰ ਮੁਕਾਬਲਿਆਂ 'ਚ ਬਾਬਾ ਸ਼ਹੀਦ ਕਲੱਬ ਬੱਸੀਆਂ ਨੂੰ ਪਹਿਲਾਂ ਤੇ ਬੱਸੀਆਂ ਦੀ ਕਲੱਬ ਟੀਮ ਦੂਜੇ ਸਥਾਨ 'ਤੇ ਰਹੀ।

ਚੰਦ ਪੁਰਾਣਾ ਦਾ 5ਵਾਂ ਕਬੱਡੀ ਟੂਰਨਾਮੈਂਟ 7 ਤੋਂ

ਬਾਘਾ ਪੁਰਾਣਾ, 31 ਜਨਵਰੀ - 5ਵਾਂ ਕਬੱਡੀ ਟੂਰਨਾਮੈਂਟ 7-8 ਫਰਵਰੀ ਨੂੰ ਚੰਦ ਪੁਰਾਣਾ ਗੁਰਦੁਆਰਾ ਸਾਹਿਬ ਦੇ ਨੇੜਲੀਆਂ ਗਰਾਊਂਡਾਂ 'ਚ ਕਰਵਾਇਆ ਜਾ ਰਿਹਾ ਹੈ। 7 ਫਰਵਰੀ ਨੂੰ ਸਰਪੰਚਾਂ ਦੀਆਂ ਦੌੜਾਂ ਹੋਣਗੀਆਂ। ਜੇਤੂ ਸਰਪੰਚ ਨੂੰ ਘੋੜਾ ਅਤੇ ਨਗਦ ਇਨਾਮ ਦਿੱਤਾ ਜਾਵੇਗਾ ਅਤੇ 7 ਫਰਵਰੀ ਨੂੰ ਬੁੱਕ ਕੀਤੀਆਂ 70 ਕਿਲੋ ਕਬੱਡੀ ਟੀਮਾਂ ਦੇ ਮੈਚ ਕਰਵਾਏ ਜਾਣਗੇ। ਜੇਤੂ ਟੀਮ ਨੂੰ ਪਹਿਲਾ ਇਨਾਮ 25 ਹਜ਼ਾਰ ਰੁਪਏ ਅਤੇ ਦੂਸਰੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 21 ਹਜ਼ਾਰ ਰੁਪਏ ਦਾ ਇਨਾਮ 8 ਫਰਵਰੀ ਨੂੰ ਪੰਜਾਬ ਐਸੋਸੀਏਸ਼ਨ ਅਕੈਡਮੀਆਂ ਦੇ ਮੈਚ ਕਰਵਾਏ ਜਾਣਗੇ। ਜੇਤੂ ਟੀਮ ਨੂੰ 71 ਹਜ਼ਾਰ ਰੁਪਏ ਅਤੇ ਦੂਸਰੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 61 ਹਜ਼ਾਰ ਰੁਪਏ ਦਾ ਇਨਾਮ ਤੇ ਟਰਾਫੀ ਦਿੱਤੀ ਜਾਵੇਗੀ। ਪ੍ਰਸਿੱਧ ਕਬੱਡੀ ਖਿਡਾਰੀ ਜਿੰਦਰ ਅਰਨੀਵਾਲਾ ਨੂੰ ਹੀਰੋ ਹਾਂਡਾ ਮੋਟਰ ਸਾਈਕਲ ਦੇ ਨਾਲ ਕੁਮੈਂਟੇਟਰ ਰੈਪੀ ਬਰਾੜ ਗੱਜਣਵਾਲਾ ਨੂੰ ਗੱਡੀ ਦੇ ਨਾਲ ਅਤੇ ਸੁੱਖਾ ਕੜਿਆਲ ਕੁਮੈਂਟਰ ਨੂੰ ਕਲਰ ਟੀ.ਵੀ. ਦੇ ਨਾਲ ਸਨਮਾਨ ਕੀਤਾ ਜਾਵੇਗਾ।

Click here to read PREVIOUS Monthly News