Click here For English Version

SPORTS NEWS

September Sports News 2010

ਰੂਮੀ 'ਚ ਹਾਕੀ, ਕਬੱਡੀ ਕੱਪ 25 ਨਵੰਬਰ ਤੋਂ

ਜਗਰਾਉਂ, 29 ਸਤੰਬਰ - 25 ਤੋਂ 28 ਨਵੰਬਰ ਤੱਕ ਹਾਕੀ, ਕਬੱਡੀ ਕੱਪ ਰੂਮੀ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਚ ਕਬੱਡੀ ਆਲ ਓਪਨ ਹਾਕੀ ਪਿੰਡ ਵਾਰ, ਕਬੱਡੀ ਓਪਨ, ਕਬੱਡੀ 52 ਕਿਲੋ ਤੇ ਕਬੱਡੀ 60 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ।

ਸੀ. ਬੀ. ਐਸ. ਈ. ਨਾਰਥ ਜ਼ੋਨ ਤੈਰਾਕੀ ਚੈਂਪੀਅਨਸ਼ਿਪ

ਜਲੰਧਰ, 29 ਸਤੰਬਰ - ਸੀ.ਟੀ.ਪਬਲਿਕ ਸਕੂਲ ਜਲੰਧਰ ਵਿਖੇ ਸੀ.ਬੀ.ਐਸ.ਈ. ਨਾਰਥ ਜ਼ੋਨ ਤੈਰਾਕੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਪੰਜਾਬ, ਹਰਿਆਣਾ, ਦਿੱਲੀ ਦੇ ਸਕੂਲ ਸ਼ਾਮਿਲ ਹੋ ਰਹੇ ਹਨ। ਇਸ ਚੈਂਪੀਅਨਸ਼ਿਪ ਵਿਚੋਂ ਓਵਰਆਲ ਟਰਾਫੀ 'ਤੇ ਕਬਜ਼ਾ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਨੇ ਕੀਤਾ ਤੇ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕੇ ਵਰਗ ਦੇ ਅੰਡਰ 12 ਸਾਲ ਵਿਚੋਂ ਕਨਾਲ ਨੇ ਪਹਿਲਾ, ਤੇ ਲੜਕੀਆਂ ਦੇ ਵਰਗ ਵਿਚੋਂ ਤਮੰਨਾ ਜਿੰਦਲ ਨੇ ਪਹਿਲਾ, ਅੰਡਰ 14 ਸਾਲ ਵਿਚੋਂ ਸਾਹਿਲ ਕਪੂਰ ਨੇ ਪਹਿਲਾ ਤੇ ਸ਼ਿਵਾਨੀ ਕਟਾਰੀਆ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 16 ਸਾਲ ਵਰਗ ਵਿਚੋਂ ਹਰਰੂਪ ਸਿੰਘ ਤੇ ਕੰਵਲਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 19 ਸਾਲ ਵਰਗ ਵਿਚੋਂ ਅਮਨ ਘਈ ਤੇ ਸ਼ਰਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।

21ਵਾਂ ਉਲੰਪੀਅਨ ਪ੍ਰਿਥੀਪਾਲ ਸਿੰਘ ਮੈਮੋਰੀਅਲ ਪਨ ਟੇਬਲ ਟੈਨਿਸ ਟੂਰਨਾਮੈਂਟ ਸਮਾਪਤ

ਲੁਧਿਆਣਾ, 29 ਸਤੰਬਰ - ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ 'ਚ 21ਵਾਂ ਕੌਮੀ ਉਲੰਪੀਅਨ ਪ੍ਰਿਥੀਪਾਲ ਸਿੰਘ ਮੈਮੋਰੀਅਲ ਪਨ ਟੇਬਲ ਟੈਨਿਸ ਟੂਰਨਾਮੈਂਟ ਕਰਵਾਇਆ ਗਿਆ। ਜਿਸ ਦੇ ਆਖਰੀ ਦਿਨ ਲੜਕੀਆਂ ਵਿਚ ਗੁਰੂ ਨਾਨਕ ਖਾਲਸਾ ਕਾਲਜ ਦੀ ਨਿਰਦੋਸ਼ ਅਤੇ ਮੁੰਡਿਆਂ 'ਚ ਮਨਪ੍ਰੀਤ ਸਿੰਘ ਸਰਬੋਤਮ ਖਿਡਾਰੀ ਬਣੇ। ਇਸ ਚੈਪੀਅਨਸ਼ਿਪ 'ਚ ਲੜਕੀਆਂ ਦੇ ਸਿੰਗਲਜ਼ ਵਰਗ ਵਿਚ ਨਿਰਦੋਸ਼ ਖਾਲਸਾ ਕਾਲਜ ਨੇ ਕਰਿਤਕਾ ਅਲਪਾਇਨ ਇਟਰਨੈਸ਼ਨਲ ਸਕੂਲ ਲੁਧਿਆਣਾ ਨੂੰ 11-8, 9-11, 11-7, 11-4 ਨਾਲ ਹਰਾ ਕੇ ਲੜਕੀਆਂ ਦਾ ਖਿਤਾਬ ਜਿੱਤਿਆ। ਜਦਕਿ ਮੁੰਡਿਆਂ 'ਚ ਮਨਪ੍ਰੀਤ ਸਿੰਘ ਨੇ ਧਰਮਿੰਦਰ ਸਿੰਘ ਨੂੰ 11-3, 11-9, ਅਤੇ 13-11 ਨਾਲ ਮਾਤ ਦਿੱਤੀ। ਦਰਸ਼ਨ ਅਕੈਡਮੀ ਦੇ ਹਰਨੂਰ ਸਿੰਘ ਨੇ ਆਪਣਾ ਦੂਸਰਾ ਖ਼ਿਤਾਬ ਜਿੱਤਦਿਆਂ ਲੜਕਿਆਂ ਦੇ ਸਿੰਗਲਜ਼ ਵਰਗ ਵਿਚ ਪਿਛਲੇ ਚੈਂਪੀਅਨ ਸੰਦੀਪ ਸਿੰਘ ਨੂੰ ਪੰਜ ਸੈੱਟਾਂ ਵਿਚ 11-8, 7-11, 9-11, 12-10 ਅਤੇ 11-8 ਨਾਲ ਹਰਾਇਆ। ਜਦਕਿ ਜੂਨੀਅਰ ਵਰਗ ਦੇ ਸਿੰਗਲਜ਼ ਮੁਕਾਬਲੇ ਵਿਚ ਅਲਪਾਇਨ ਇੰਟਰਨੈਸ਼ਨਲ ਸਕੂਲ ਦੇ ਭਾਵੁਕ ਨੇ ਮਨਪ੍ਰੀਤ ਸਿੰਘ ਨੂੰ ਹਰਾ ਕੇ ਖਿਤਾਬੀ ਜਿੱਤ ਪ੍ਰਾਪਤ ਕੀਤੀ ਅਤੇ ਕੁੜੀਆਂ ਦੇ ਵਰਗ ਵਿਚ ਦਰੀਤੀ ਨੇ ਕਰਿਤਕਾ ਨੂੰ ਪੰਜ ਸੈੱਟਾਂ ਵਿਚ ਮਾਤ ਦੇ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਤੋਂ ਇਲਾਵਾ ਸੀਨੀਅਰ ਵਰਗ ਦੇ ਸਿੰਗਲਜ਼ ਵਰਗ ਵਿਚ ਹਰਪ੍ਰੀਤ ਸਿੰਘ ਨੇ ਅਨਿਲ ਕੁਮਾਰ 11-5,9-11,11-8, 7-11, 11-9 ਨਾਲ ਮਾਤ ਦਿੱਤੀ। ਸੀਨੀਅਰ ਵਰਗ ਦੇ ਡਬਲ ਮੁਕਾਬਲੇ ਵਿਚ ਧਰਮਿੰਦਰ ਅਤੇ ਗੌਰਵ ਸ਼ਰਮਾ ਦੀ ਜੋੜੀ ਨੇ ਸਮੀਰ ਅਤੇ ਸਪੀਕਾ ਦੀ ਜੋੜੀ ਨੂੰ 11-7, 8-11, 11-9 ਅਤੇ 11-15 ਨਾਲ ਮਾਤ ਦਿੱਤੀ।

ਦਰਸ਼ਨ ਸਿੰਘ ਨੇ ਜਿੱਤਿਆ ਭਾਰਤ ਲਈ ਸੋਨ ਤਗਮਾ

ਖਰੜ, 29 ਸਤੰਬਰ - 26-27 ਸਤੰਬਰ ਨੂੰ ਅੰਤਰਰਾਸ਼ਟਰੀ ਰੱਸਾਕਸ਼ੀ ਚੈਂਪੀਅਨਸ਼ਿਪ ਤਿਰੂਵਨੰਤਪੁਰਮ (ਕੇਰਲ) 'ਚ ਕਰਵਾਈ ਗਈ। ਉਸ ਵਿਚ ਭਾਰਤੀ ਰੱਸਾਕਸ਼ੀ ਟੀਮ ਦੇ ਪੀ.ਐਸ.ਈ.ਬੀ. ਪਟਿਆਲਾ ਦੇ ਖਿਡਾਰੀ ਸ : ਦਰਸ਼ਨ ਸਿੰਘ ਨੇ ਸ੍ਰੀਲੰਕਾ ਦੀ ਟੀਮ ਨੂੰ ਫਾਈਨਲ ਮੁਕਾਬਲੇ ਵਿਚ 2-0 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਇਸ ਟੀਮ ਵਿਚ 7 ਖਿਡਾਰੀ ਪੀ. ਐਸ. ਈ. ਬੀ. ਪਟਿਆਲਾ ਦੇ ਅਤੇ ਇੱਕ ਖਿਡਾਰੀ ਮਾਤਾ ਗੁਜਰੀ ਕਾਲਜ ਸ੍ਰੀ ਫ਼ਤਹਿਗੜ੍ਹ ਸਾਹਿਬ ਦਾ ਸੀ।

ਰਾਸ਼ਟਰ-ਮੰਡਲ ਖੇਡਾਂ 'ਚ ਸ਼ਾਮਿਲ ਹੋਣ ਲਈ ਪਹੁੰਚੇ 850 ਖਿਡਾਰੀ

ਨਵੀਂ ਦਿੱਲੀ, 28 ਸਤੰਬਰ - ਰਾਸ਼ਟਰ-ਮੰਡਲ ਖੇਡਾਂ ਜੋ ਕਿ ਨਵੀਂ ਦਿੱਲੀ 'ਚ 4 ਅਕਤੂਬਰ ਤੋਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ 'ਚ ਹਿੱਸਾ ਲੈਣ ਲਈ ਲਗਭਗ 850 ਵਿਦੇਸ਼ੀ ਖਿਡਾਰੀ ਅਤੇ ਅਧਿਕਾਰੀ ਦਿੱਲੀ 'ਚ ਪਹੁੰਚ ਗਏ ਹਨ। ਪਹੁੰਚਣ ਵਾਲਿਆਂ ਵਿਚ 93 ਮੈਂਬਰੀ ਮਲੇਸ਼ੀਆਈ ਦਲ ਸਭ ਤੋਂ ਵੱਡਾ ਸੀ, ਜਿਸ ਵਿਚ ਤੀਰਅੰਦਾਜ਼ੀ, ਤੈਰਾਕੀ, ਸਾਈਕਲਿੰਗ, ਜਿਮਨਾਸਟਿਕ, ਬੈਡਮਿੰਟਨ ਅਤੇ ਭਾਰ ਤੋਲਨ ਦੇ ਕਈ ਖਿਡਾਰੀ ਸ਼ਾਮਿਲ ਹਨ। ਮਲੇਸ਼ੀਆ ਤੋਂ ਇਲਾਵਾ 87 ਮੈਂਬਰੀ ਜਮਾਇਕਾ ਦਾ ਦਲ ਵੀ ਪਹੁੰਚਿਆ ਜੋ ਨਿਸ਼ਾਨੇਬਾਜ਼ੀ, ਸਾਈਕਲਿੰਗ, ਨੈੱਟਬਾਲ ਅਤੇ ਐਥਲੈਟਿਕਸ ਵਿਚ ਭਾਗ ਲਵੇਗਾ। ਇਨ੍ਹਾਂ ਤੋਂ ਇਲਾਵਾ ਉਤਰੀ ਆਇਰਲੈਂਡ ਦੇ 83, ਸਮੋਆ ਦੇ 57, ਨਿਊਜ਼ੀਲੈਂਡ ਦੇ 52, ਗਰਨਸੀ ਦੇ 55, ਕੁੱਕਸ ਦੀਪ ਦੇ 49 ਅਤੇ ਆਸਟ੍ਰੇਲੀਆ ਦੇ 48 ਮੈਂਬਰ ਰਾਜਧਾਨੀ ਪਹੁੰਚੇ। ਪਹੁੰਚਣ ਵਾਲਿਆਂ ਵਿਚ ਜ਼ਾਂਬੀਆ, ਬੋਤਸਵਾਨਾ, ਇੰਗਲੈਂਡ, ਕੈਨੇਡਾ, ਵੇਲਸ, ਕੀਨੀਆ, ਟੋਂਗਾ, ਤੁਵਾਲੂ, ਸਿੰਗਾਪੁਰ, ਫਾਕਲੈਂਡ ਆਈਲੈਂਡ, ਸੇਂਟ ਹੈਲੇਨਾ, ਬ੍ਰਿਟਿਸ਼ ਵਰਜਿਨ ਆਈਲੈਂਡ, ਸੇਂਟ ਵਿੰਸੈਂਟ ਤੇ ਦੱਖਣੀ ਗ੍ਰੇਨਾਈਡੀਸ, ਬਹਰਾਮ ਅਤੇ ਨੀਊਈ ਆਈਲੈਂਡ ਦੇ ਖਿਡਾਰੀ ਅਤੇ ਅਧਿਕਾਰੀ ਸ਼ਾਮਿਲ ਹਨ।

ਲਾਂਗੜੀਆਂ ਕਬੱਡੀ ਕੱਪ 5-6 ਨੂੰ

ਕੁੱਪਕਲਾਂ, 27 ਸਤੰਬਰ - ਲਾਂਗੜੀਆਂ ਕਬੱਡੀ ਕੱਪ 5-6 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। 5 ਅਕਤੂਬਰ ਨੂੰ ਤਾਸ ਸ਼ੀਪ, ਕਬੱਡੀ 60 ਤੋਂ 70 ਕਿੱਲੋ ਵਜ਼ਨੀ ਅਤੇ ਲੜਕੀਆਂ ਤੇ ਲੜਕਿਆਂ ਦੇ ਐਥਲੈਟਿਕਸ ਮੁਕਾਬਲੇ ਕਰਵਾਏ ਜਾਣਗੇ। 6 ਅਕਤੂਬਰ ਨੂੰ ਕਬੱਡੀ ਇਕ ਪਿੰਡ ਓਪਨ ਦੇ ਫਸਵੇਂ ਮੁਕਾਬਲੇ ਕਰਵਾਏ ਜਾਣਗੇ ਅਤੇ ਕਬੱਡੀ ਕੱਪ ਦੀ ਜੇਤੂ ਟੀਮ ਨੂੰ 31 ਹਜ਼ਾਰ ਤੇ ਉਪ- ਜੇਤੂ ਟੀਮ ਨੂੰ 25 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਇਸੇ ਦਿਨ ਹੀ ਲੜਕੀਆਂ ਦੀ ਕਬੱਡੀ ਦਾ ਪ੍ਰਦਰਸ਼ਨੀ ਮੈਚ ਵੀ ਕਰਵਾਇਆ ਜਾਵੇਗਾ।

ਐਨ.ਬੀ.ਏ. ਮਹਿੰਦਰਾ ਚੈਲੇਜ ਬਾਸਕਿਟਬਾਲ ਲੀਗ ਸਮਾਪਤ

ਲੁਧਿਆਣਾ, 27 ਸਤੰਬਰ - ਐਨ.ਬੀ.ਏ. ਮਹਿੰਦਰਾ ਚੈਲੇਜ ਬਾਸਕਿਟਬਾਲ ਲੀਗ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਕਰਵਾਈ ਗਈ। ਇਸ ਲੀਗ ਦੇ ਆਖਰੀ ਗੇੜ ਦੇ ਮੈਚਾਂ ਦੌਰਾਨ ਕੁੜੀਆਂ 'ਚ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਅੰਮ੍ਰਿਤਸਰ, ਮੁੰਡਿਆਂ ਵਿਚ ਪੁਲਿਸ ਡੀ. ਏ. ਵੀ. ਸਕੂਲ ਅੰਮ੍ਰਿਤਸਰ, ਸੀਨੀਅਰ ਵਰਗ ਕੁੜੀਆਂ 'ਚ ਹਿੰਦੂ ਕੰਨਿਆ ਕਾਲਜ ਕਪੂਰਥਲਾ, ਮੁੰਡਿਆਂ ਵਿਚ ਸਰਕਾਰੀ ਕਾਲਜ ਲੁਧਿਆਣਾ ਚੈਂਪੀਅਨ ਬਣੇ। ਆਖਰੀ ਦਿਨ ਚੈਂਪੀਅਨਸ਼ਿਪ ਮੁਕਾਬਲਿਆਂ ਵਿਚ ਯੂਥ ਵਰਗ ਮੁੰਡਿਆਂ ਵਿਚ ਡੀ. ਏ. ਵੀ. ਪੁਲਿਸ ਪਬਲਿਕ ਸਕੂਲ ਅੰਮ੍ਰਿਤਸਰ ਨੇ ਨਵ ਭਾਰਤੀ ਪਬਲਿਕ ਸਕੂਲ ਲੁਧਿਆਣਾ ਨੂੰ 61-49 ਨਾਲ ਹਰਾਇਆ, ਕੁੜੀਆਂ ਦੇ ਜੂਨੀਅਰ ਵਰਗ 'ਚ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਅੰਮ੍ਰਿਤਸਰ ਨੇ ਡੀ. ਏ. ਵੀ. ਸਪੋਰਟਸ ਵਿੰਗ ਗੁਰਦਾਸਪੁਰ ਨੂੰ 53-27 ਨਾਲ ਹਰਾਇਆ। ਸੀਨੀਅਰ ਵਰਗ ਕੁੜੀਆਂ ਵਿਚ ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਸਰਕਾਰੀ ਕਾਲਜ ਲੁਧਿਆਣਾ ਨੂੰ 54-42 ਨਾਲ, ਜਦਕਿ ਮੁੰਡਿਆਂ ਦੇ ਵਰਗ ਵਿਚ ਐਸ. ਸੀ. ਡੀ. ਸਰਕਾਰੀ ਕਾਲਜ ਲੁਧਿਆਣਾ ਨੇ ਅੰਮ੍ਰਿਤਸਰ ਬਾਸਕਿਟਬਾਲ ਕਲੱਬ ਨੂੰ 74-48 ਨਾਲ ਹਰਾਇਆ। ਸੀਨੀਅਰ ਵਰਗ ਕੁੜੀਆਂ ਆਲ ਸਟਾਰ ਟੀਮਾਂ ਵਿਚ ਬਲੈਕ ਇਲੈਵਨ ਨੇ ਰੈੱਡ ਇਲੈਵਨ ਨੂੰ 51-27 ਨਾਲ, ਮੁੰਡਿਆਂ ਦੇ ਵਰਗ ਵਿਚ ਸਟਾਰ ਟੀਮਾਂ ਵਿਚ ਰੈੱਡ ਇਲੈਵਨ ਨੇ ਬਲੈਕ ਇਲੈਵਨ ਨੂੰ 73-59 ਨਾਲ ਮਾਤ ਦਿੱਤੀ। ਜੂਨੀਅਰ ਵਰਗ ਵਿਚ ਮੁੰਡਿਆਂ ਅਤੇ ਕੁੜੀਆਂ ਦੇ ਵਰਗ ਵਿਚ ਰੈੱਡ ਇਲੈਵਨ ਸਟਾਰ ਨੇ ਬਲੈਕ ਇਲੈਵਨ ਨੂੰ ਕ੍ਰਮਵਾਰ 53-32 ਅਤੇ 64-55 ਅੰਕਾਂ ਨਾਲ ਮਾਤ ਦਿੱਤੀ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਭਾਰਤੀ ਬਾਸਕਿਟਬਾਲ ਸੰਘ ਦੇ ਪ੍ਰਧਾਨ ਰਾਜਦੀਪ ਸਿੰਘ ਗਿੱਲ, ਈਸ਼ਰ ਸਿੰਘ ਕਮਿਸ਼ਨਰ ਲੁਧਿਆਣਾ ਅਤੇ ਮਨਪ੍ਰੀਤ ਸਿੰਘ ਇਯਾਲੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਨੇ ਕੀਤੀ। ਇਸ ਮੌਕੇ ਅਮਰੀਕ ਸਿੰਘ ਆਲੀਵਾਲ ਸਾਬਕਾ ਮੈਂਬਰ ਲੋਕ ਸਭਾ, ਸ੍ਰੀ ਪ੍ਰਵੀਨ ਬਾਂਸਲ, ਯੁਰਿੰਦਰ ਸਿੰਘ ਹੇਅਰ ਸਹਾਇਕ ਪੁਲਿਸ ਕਮਿਸ਼ਨਰ, ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ ਐਸ. ਪੀ. ਟ੍ਰੈਫ਼ਿਕ ਪੁਲਿਸ, ਇਕਬਾਲ ਸਿੰਘ ਗਰੇਵਾਲ ਐਸ. ਪੀ., ਪ੍ਰੋ: ਕੰਵਲਜੀਤ ਸਿੰਘ ਢੁੱਡੀਕੇ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਨਵੀਨ ਕੁਮਾਰ ਯਾਦਵ ਨੇ ਜਿੱਤਿਆ ਸੋਨ ਤਗਮਾ

ਬਠਿੰਡਾ, 27 ਸਤੰਬਰ - ਪੰਜ ਰੋਜ਼ਾ ਕੇ .ਵੀ.ਐਸ. ਰਾਸ਼ਟਰੀ ਐਥਲੈਟਿਕਸ ਚੈਂਪੀਅਨਸ਼ਿਪ ਬੰਗਲੌਰ 'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਕੇ. ਵੀ. ਨੰਬਰ-1 ਬਠਿੰਡਾ ਕੈਂਟ ਦੇ ਐਥਲੀਟ ਨਵੀਨ ਕੁਮਾਰ ਯਾਦਵ ਨੇ ਸੀਨੀਅਰ ਵਰਗ ਦੀ 1500 ਮੀਟਰ ਦੌੜ ਜਿੱਤੀ ਅਤੇ ਨਵੀਨ ਨੇ 4.14 ਮਿੰਟ ਵਿਚ ਦੌੜ ਪੂਰੀ ਕਰਕੇ ਪਹਿਲਾਂ ਸਥਾਨ ਪ੍ਰਾਪਤ ਕਰਦਿਆਂ ਕੇ. ਵੀ. ਐਸ. ਕਲੱਸਟਰ ਚੰਡੀਗੜ੍ਹ ਲਈ ਸੋਨੇ ਦਾ ਤਗਮਾ ਜਿੱਤਿਆ ਹੈ। ਨਵੀਨ ਕੁਮਾਰ ਨੇ 3000 ਮੀਟਰ ਦੌੜ ਵਿਚ ਵੀ ਕਾਂਸੀ ਦਾ ਤਗਮਾ ਚੰਡੀਗੜ੍ਹ ਦੀ ਝੋਲੀ ਪਾਇਆ ਹੈ। ਇਸ ਤੋਂ ਇਲਾਵਾ ਬਠਿੰਡਾ ਕੈਂਟ ਸਕੂਲ ਦੇ ਐਥਲੀਟ ਜੈ ਸਿੰਘ ਨੇ ਅੰਡਰ 14 ਸਾਲਾਂ ਵਰਗ ਦੀ 400 ਮੀਟਰ ਦੌੜ ਵਿਚ ਸੋਨੇ ਦਾ, 200 ਮੀਟਰ ਤੇ ਲੰਬੀ ਛਾਲ ਵਿਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਕੇ. ਵੀ. ਐਸ. ਕਲੱਸਟਰ ਚੰਡੀਗੜ੍ਹ ਦੇ 50 ਐਥਲੀਟਾਂ ਵਿਚ ਕੇ. ਵੀ. ਐਸ. ਨੰਬਰ-1 ਬਠਿੰਡਾ ਕੈਂਟ ਦੇ 5 ਐਥਲੀਟ ਸ਼ਾਮਿਲ ਹਨ। ਜਿੰਨ੍ਹਾਂ ਵਿਚੋਂ 2 ਐਥਲੀਟਾਂ ਨੇ ਰਾਸ਼ਟਰੀ ਪੱਧਰ 'ਤੇ ਬਠਿੰਡਾ ਜ਼ਿਲ੍ਹੇ ਦਾ ਮਾਣ ਵਧਾਇਆ ਹੈ।

ਪੰਜਾਬ ਕਬੱਡੀ ਚੈਂਪੀਅਨਸ਼ਿਪ 1 ਤੋਂ

ਬਠਿੰਡਾ, 27 ਸਤੰਬਰ - 57ਵੀਂ ਪੰਜਾਬ ਕਬੱਡੀ ਚੈਂਪੀਅਨਸ਼ਿਪ (ਸਰਕਲ ਤੇ ਨੈਸ਼ਨਲ ਸਟਾਈਲ) 1 ਅਕਤੂਬਰ ਤੋਂ ਸਰਹਾਲੀ (ਤਰਨਤਾਰਨ) 'ਚ ਕਰਵਾਈ ਜਾ ਰਹੀ ਹੈ। ਇਹ ਚੈਂਪੀਅਨਸ਼ਿਪ ਸੀਨੀਅਰ ਵਰਗ ਦੇ ਲੜਕੇ ਲੜਕੀਆਂ 'ਚ ਕਰਵਾਈ ਜਾਵੇਗੀ। ਚੈਪੀਅਨਸ਼ਿਪ ਵਿਚ ਭਾਗ ਲੈਣ ਵਾਲੇ ਖਿਡਾਰੀ-ਖਿਡਾਰਨਾਂ ਸਬੰਧਿਤ ਜ਼ਿਲ੍ਹੇ ਦੇ ਵਸਨੀਕ ਹੋਣੇ ਚਾਹੀਦੇ ਹਨ। ਚੈਂਪੀਅਨਸ਼ਿਪ ਵਿਚ ਉਨ੍ਹਾਂ ਖਿਡਾਰੀਆਂ ਨੂੰ ਖੇਡਣ ਦੀ ਇਜ਼ਾਜ਼ਤ ਨਹੀਂ ਹੋਵੇਗੀ, ਜਿਹੜੇ ਖਿਡਾਰੀ ਵਿਸ਼ਵ ਕਬੱਡੀ ਕੱਪ ਅਤੇ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ ਚੈਂਪੀਅਨਸ਼ਿਪ ਦੌਰਾਨ ਲਏ ਡੋਪ ਟੈਸਟਾਂ ਵਿਚ ਦੋਸ਼ੀ ਪਾਏ ਗਏ ਹਨ। ਚੈਂਪੀਅਨਸ਼ਿਪ ਵਿਚ ਵਧੀਆ ਖੇਡ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ-ਖਿਡਾਰਨਾਂ ਦੀ ਚੋਣ ਪੰਜਾਬ ਦੀ ਟੀਮ ਲਈ ਕੀਤੀ ਜਾਵੇਗੀ, ਜੋ ਕਿ ਸੀਨੀਅਰ ਰਾਸ਼ਟਰੀ ਕਬੱਡੀ ਚੈਪੀਅਨਸ਼ਿਪ ਵਿਚ ਭਾਗ ਲੈਣਗੇ। ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ਵਿਚ ਭਾਗ ਲੈਣ ਵਾਲੀਆਂ ਲੜਕੀਆਂ ਦਾ ਭਾਰ 70 ਕਿਲੋ ਅਤੇ ਲੜਕਿਆਂ ਦਾ 80 ਕਿਲੋ ਤੋਂ ਵੱਧ ਨਹੀਂ ਹੋਣਾ ਚਾਹੀਦਾ।

ਸਵੱਦੀ ਕਲਾਂ 'ਚ ਕਬੱਡੀ ਟੂਰਨਾਮੈਂਟ ਸ਼ੁਰੂ

ਮੁੱਲਾਂਪੁਰ ਦਾਖਾ, 23 ਸਤੰਬਰ - ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ਪਿੰਡ ਸਵੱਡੀ ਕਲਾਂ (ਜਗਰਾਉਂ) 'ਚ ਸ਼ੁਰੂ ਹੋ ਰਿਹਾ ਹੈ। 24 ਸਤੰਬਰ ਨੂੰ ਕਬੱਡੀ 57-62 ਕਿਲੋ ਭਾਰ ਮੁਕਾਬਲਾ, 25 ਸਤੰਬਰ ਨੂੰ ਕਬੱਡੀ 70 ਕਿਲੋ ਅਤੇ 26 ਸਤੰਬਰ ਨੂੰ ਕਬੱਡੀ 70 ਕਿਲੋ ਦਾ ਫਾਈਨਲ ਅਤੇ ਕਬੱਡੀ ਓਪਨ ਪਿੰਡ ਵਾਰ ਦਰਸ਼ਕਾਂ ਦੀ ਖਿੱਚ ਹੋਵੇਗੀ। ਹਰ ਕਬੱਡੀ ਮੁਕਾਬਲੇ ਵਿਚ ਪ੍ਰਬੰਧਕਾਂ ਵੱਲੋਂ 2 ਖਿਡਾਰੀ ਬਾਹਰੋਂ ਖੇਡਣ ਦੀ ਆਗਿਆ ਹੋਵੇਗੀ। ਕਬੱਡੀ ਓਪਨ ਟੀਮਾਂ ਦੀ ਐਂਟਰੀ ਸਵੇਰੇ 11 ਵਜੇ ਤੱਕ 200 ਰੁਪਏ ਅਤੇ 11 ਤੋਂ 12 ਵਜੇ ਤੱਕ 500 ਰੁਪਏ ਹੋਵੇਗੀ। ਕਬੱਡੀ ਓਪਨ ਦੇ ਵਧੀਆ ਜਾਫ਼ੀ-ਧਾਵੀ ਦਾ 7100-7100 ਰੁਪਏ ਯਾਦਗਾਰੀ ਟਰਾਫ਼ੀ ਨਾਲ ਸਨਮਾਨ ਹੋਵੇਗਾ। ਜੇਤੂ ਟੀਮ ਨੂੰ 31 ਹਜ਼ਾਰ, ਉਪ ਜੇਤੂ ਲਈ 21 ਹਜ਼ਾਰ ਨਗਦ ਇਨਾਮ ਦਿੱਤਾ ਜਾਵੇਗਾ।

ਆਲ ਇੰਡੀਆ ਮਹਾਰਾਜਾ ਰਣਜੀਤ ਸਿੰਘ ਜੂਨੀਅਰ ਹਾਕੀ ਟੂਰਨਾਮੈਂਟ 10 ਤੋਂ

ਜਲੰਧਰ, 23 ਸਤੰਬਰ - 8ਵਾਂ ਓ.ਐਨ.ਜੀ.ਸੀ.ਆਲ ਇੰਡੀਆ ਮਹਾਰਾਜਾ ਰਣਜੀਤ ਸਿੰਘ ਜੂਨੀਅਰ ਹਾਕੀ ਟੂਰਨਾਮੈਂਟ 10 ਤੋਂ 15 ਅਕਤੂਬਰ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਪਾਕਿਸਤਾਨ ਦੀ ਤਨਵੀਰ ਡਾਰ ਹਾਕੀ ਅਕੈਡਮੀ ਲਾਹੌਰ, ਮੁਹੰਮਦਨ ਸਪੋਰਟਸ ਕਲੱਬ ਲਾਹੌਰ, ਪੀ. ਐਨ. ਬੀ. ਦਿੱਲੀ, ਲਖਨਊ ਹੋਸਟਲ, ਸਾਈ ਪਟਿਆਲਾ, ਚੰਡੀਗੜ੍ਹ ਅਕੈਡਮੀ ਸੁਰਜੀਤ ਹਾਕੀ ਅਕੈਡਮੀ ਜਲੰਧਰ, ਸਪੋਰਟਸ ਸਕੂਲ ਜਲੰਧਰ, ਕਿਲ੍ਹਾ ਰਾਏਪੁਰ, ਜਰਖੜ ਅਕੈਡਮੀ ਲੁਧਿਆਣਾ, ਓ. ਐਨ. ਜੀ. ਸੀ. ਇਲੈਵਨ ਤੇ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਲੜਕਿਆਂ ਦੇ ਵਰਗ ਵਿਚ ਭਾਗ ਲੈਣਗੀਆਂ ਜਦੋਂ ਕਿ ਲੜਕੀਆਂ ਦੀਆਂ ਟੀਮਾਂ ਦੇ ਵਿਚ ਆਰ. ਸੀ. ਐਫ. ਕਪੂਰਥਲਾ, ਐਚ. ਐਮ. ਵੀ. ਜਲੰਧਰ, ਪੰਜਾਬ ਵਿਮੈਨ ਹਾਕੀ ਕਲੱਬ ਲਾਹੌਰ, ਖਾਲਸਾ ਕਾਲਜ ਅੰਮ੍ਰਿਤਸਰ ਕੈਰੋਂ ਵਿੰਗ, ਖਡੂਰ ਸਾਹਿਬ ਕਾਲਜ, ਨਹਿਰੂ ਗਾਰਡਨ ਜਲੰਧਰ ਤੇ ਬੀ. ਬੀ. ਕੇ. ਡੀ. ਏ. ਵੀ. ਅੰਮ੍ਰਿਤਸਰ ਦੀਆਂ ਟੀਮਾਂ ਭਾਗ ਲੈਣਗੀਆਂ। ਲੜਕਿਆਂ ਦੀ ਜੇਤੂ ਤੇ ਉਪ ਜੇਤੂ ਨੂੰ 71,000/-ਰੁਪਏ ਦਾ ਨਕਦ ਇਨਾਮ ਤੇ ਲੜਕੀਆਂ ਦੇ ਵਰਗ ਵਿਚ ਜੇਤੂ ਨੂੰ 31,000/-ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਹਰ ਇਕ ਮੈਚ ਦੇ ਵਿਚੋਂ ਵਧੀਆ ਖਿਡਾਰੀ ਦੀ ਚੋਣ ਕਰਕੇ ਕੰਪੋਜਿਟ ਹਾਕੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

32ਵਾਂ ਕੌਮੀ ਫੈਡਰੇਸ਼ਨ ਫੁੱਟਬਾਲ ਕੱਪ

ਲੁਧਿਆਣਾ, 23 ਸਤੰਬਰ - 32ਵੇਂ ਕੌਮੀ ਫੈਡਰੇਸ਼ਨ ਫੁੱਟਬਾਲ ਕੱਪ ਦੇ ਦੂਸਰੇ ਗੇੜ ਦੇ ਮੈਚਾਂ 'ਚ ਡੈਪੋਂ ਸਪੋਰਟਸ ਕਲੱਬ ਗੋਆ ਨੇ ਇੰਡੀਅਨ ਇਲੈਵਨ ਨੂੰ 2-0 ਨਾਲ ਹਰਾਇਆ, ਦੂਸਰੇ ਮੈਚ ਵਿਚ ਮੇਜ਼ਬਾਨ ਜੇ. ਸੀ. ਟੀ. ਫੁੱਟਬਾਲ ਕਲੱਬ ਫਗਵਾੜਾ ਨੂੰ ਓ. ਐਨ. ਜੀ. ਸੀ. ਦਿੱਲੀ ਨਾਲ 1-2 ਗੋਲਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ। ਫੈਡਰੇਸ਼ਨ ਕੱਪ ਦੇ ਆਖਰੀ ਗੇੜ ਦੇ ਮੈਚ 25 ਸਤੰਬਰ ਨੂੰ ਹੋਣਗੇ, ਜਿਸ ਵਿਚ ਪਹਿਲਾ ਮੈਚ ਓ. ਐਨ. ਜੀ. ਸੀ. ਬਨਾਮ ਇੰਡੀਅਨ ਇਲੈਵਨ ਵਿਚਕਾਰ 2 ਵਜੇ, ਦੂਸਰਾ ਮੈਚ ਡੈਪੋਂ ਸਪੋਰਟਸ ਕਲੱਬ ਗੋਆ ਬਨਾਮ ਜੇ. ਸੀ. ਟੀ. ਫਗਵਾੜਾ ਵਿਚਕਾਰ ਸ਼ਾਮ 4 ਵਜੇ ਖੇਡਿਆ ਜਾਵੇਗਾ।

19ਵਾਂ ਗੋਲਡ ਕੱਪ ਕਬੱਡੀ ਖੇਡ ਮੇਲਾ 2 ਤੋਂ

ਸਵੱਦੀ ਕਲਾਂ, 23 ਸਤੰਬਰ -19ਵਾਂ ਗੋਲਡ ਕੱਪ ਕਬੱਡੀ ਖੇਡ ਮੇਲਾ 2 ਤੋਂ 4 ਅਕਤੂਬਰ ਤੱਕ ਪਿੰਡ ਤਲਵੰਡੀ ਖੁਰਦ ਦੇ ਖੁੱਲ੍ਹੇ ਖੇਡ ਮੈਦਾਨ 'ਚ ਕਰਵਾਇਆ ਜਾ ਰਿਹਾ ਹੈ। ਖੇਡ ਮੇਲੇ ਦੇ ਪਹਿਲੇ ਦਿਨ 2 ਅਕਤੂਬਰ ਨੂੰ ਕਬੱਡੀ 35 ਕਿਲੋ ਭਾਰ ਵਰਗ ਤੇ ਕਬੱਡੀ 52 ਕਿਲੋ ਭਾਰ ਵਰਗ ਦੇ ਮੁਕਾਬਲੇ ਹੋਣਗੇ। ਦੂਸਰੇ ਦਿਨ 3 ਅਕਤੂਬਰ ਕਬੱਡੀ 70 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ, ਜਦਕਿ ਖੇਡ ਮੇਲੇ ਦੇ ਅੰਤਿਮ ਦਿਨ 4 ਅਕਤੂਬਰ ਨੂੰ ਕਬੱਡੀ ਓਪਨ ਦੇ ਦਿਲਕਸ਼ ਮੁਕਾਬਲੇ ਦੇਖਣਯੋਗ ਹੋਣਗੇ।

ਸੀਨੀਅਰ ਪੰਜਾਬ ਬੈਡਮਿੰਟਨ ਚੈਂਪੀਅਨਸ਼ਿਪ 7 ਤੋਂ

ਜਲੰਧਰ, 23 ਸਤੰਬਰ - 7 ਤੋਂ 10 ਅਕਤੂਬਰ ਤੱਕ ਹੰਸ ਰਾਜ ਸਟੇਡੀਅਮ ਜਲੰਧਰ 'ਚ ਮਰਦ ਤੇ ਔਰਤਾਂ ਦੇ ਵਰਗ ਵਿਚ ਸੀਨੀਅਰ ਪੰਜਾਬ ਬੈਡਮਿੰਟਨ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਹ ਚੈਂਪੀਅਨਸ਼ਿਪ 25 ਤੋਂ 27 ਅਕਤੂਬਰ ਤੱਕ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਊਨਾ ਵਿਖੇ ਕਰਵਾਈ ਜਾ ਰਹੀ ਹੈ। ਨਾਰਥ ਜ਼ੋਨ ਵਿਚ ਇੰਟਰ ਸਟੇਟ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਪੰਜਾਬ ਟੀਮ ਦੀ ਚੋਣ ਕੀਤੀ ਜਾਵੇਗੀ।

ਟੇਬਲ ਟੈਨਿਸ ਟੂਰਨਾਮੈਂਟ 25 ਤੋਂ 27 ਤੱਕ

ਲੁਧਿਆਣਾ, 22 ਸਤੰਬਰ - ਪੰਜਾਬ ਖੇਤੀਬਾੜੀ ਲੁਧਿਆਣਾ ਵਿਖੇ 25 ਤੋਂ 27 ਸਤੰਬਰ ਤੱਕ 21ਵਾਂ ਕੌਮੀ ਪੱਧਰ ਦਾ ਆਲ ਓਪਨ ਦਾ ਟੇਬਲ ਟੈਨਿਸ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਪਦਮਸ੍ਰੀ ਹਾਕੀ ਉਲੰਪੀਅਨ ਪ੍ਰਿਥੀਪਾਲ ਸਿੰਘ ਨੂੰ ਸਮਰਪਿਤ ਹੋਵੇਗਾ। ਇਸ ਟੂਰਨਾਮੈਂਟ ਵਿਚ ਕੈਡਿਟ, ਸਬ-ਜੂਨੀਅਰ, ਜੂਨੀਅਰ, ਯੂਥ, ਯੂਥ ਵਰਗ ਦੇ ਮੁੰਡੇ ਤੇ ਕੁੜੀਆਂ ਦੇ ਸਿੰਗਲ ਅਤੇ ਡਬਲਜ਼ ਮੁਕਾਬਲੇ ਹੋਣਗੇ। ਇਸ ਟੂਰਨਾਮੈਂਟ ਵਿਚ ਦੇਸ਼ ਭਰ 'ਚੋਂ 200 ਦੇ ਕਰੀਬ ਖਿਡਾਰੀ ਹਿੱਸਾ ਲੈਣਗੇ। ਇਸ ਟੂਰਨਾਮੈਂਟ ਦੇ 400 ਦੇ ਕਰੀਬ ਮੈਚ ਖੇਡੇ ਜਾਣਗੇ। ਟੂਰਨਾਮੈਂਟ ਭਾਰਤੀ ਟੇਬਲ ਟੈਨਿਸ ਦੇ ਨਿਯਮਾਂ ਅਤੇ ਸਿਧਾਂਤਾਂ ਅਨੁਸਾਰ ਕਰਵਾਇਆ ਜਾਵੇਗਾ। ਖਿਡਾਰੀਆਂ ਦੀ ਐਂਟਰੀ 23 ਸਤੰਬਰ ਤੱਕ ਹੋਵੇਗੀ ਅਤੇ ਟੂਰਨਾਮੈਂਟ ਦੇ ਡਰਾਅ 24 ਸਤੰਬਰ ਨੂੰ ਕੱਢੇ ਜਾਣਗੇ।

ਬਾਸਕਿਟਬਾਲ ਚੈਂਪੀਅਨਸ਼ਿਪ 'ਚ ਗੌਰਮਿੰਟ ਕਾਲਜ ਲੁਧਿਆਣਾ ਅੱਵਲ

ਲੁਧਿਆਣਾ, 22 ਸਤੰਬਰ - ਅੰਤਰ ਕਾਲਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਾਸਕਿਟਬਾਲ ਚੈਂਪੀਅਨ 'ਚ ਗੌਰਮਿੰਟ ਕਾਲਜ ਫਾਰ ਵੂਮੈਨ ਲੁਧਿਆਣਾ ਨੇ ਅੱਵਲ ਦਰਜਾ ਪ੍ਰਾਪਤ ਕਰ ਲਿਆ ਹੈ। ਗੌਰਮਿੰਟ ਕਾਲਜ ਲੁਧਿਆਣਾ ਨੇ ਆਪਣੇ ਮੁੱਢਲੇ ਮੈਚ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ 61-34 ਨਾਲ ਹਰਾਇਆ, ਜਦਕਿ ਸੁਪਰ ਲੀਗ ਦੇ ਮੈਚਾਂ ਵਿਚ ਗੌਰਮਿੰਟ ਕਾਲਜ ਨੇ ਸਰਕਾਰੀ ਕਾਲਜ ਸੈਕਟਰ 11 ਚੰਡੀਗੜ੍ਹ ਨੂੰ 69-19 ਨਾਲ, ਖਾਲਸਾ ਕਾਲਜ ਲੁਧਿਆਣਾ ਨੂੰ 54-23 ਨਾਲ ਅਤੇ ਗੌਰਮਿੰਟ ਕਾਲਜ ਚੰਡੀਗੜ੍ਹ ਨੂੰ 37-12 ਨਾਲ ਹਰਾ ਕੇ ਆਪਣਾ ਜੇਤੂ ਮੋਰਚਾ ਫ਼ਤਹਿ ਕੀਤਾ। ਗੌਰਮਿੰਟ ਕਾਲਜ ਦੀ ਹਰਪ੍ਰੀਤ ਕੌਰ, ਸੁਖਜਿੰਦਰ ਕੌਰ, ਜਸਬੀਰ ਕੌਰ, ਦੀਪਾਲੀ, ਮਿਸ ਇੰਦੂ ਨੇ ਜਿਥੇ ਪੂਰੇ ਟੂਰਨਾਮੈਂਟ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਈ, ਉਥੇ ਇਹ ਖਿਡਾਰਨਾਂ ਅੰਤਰ ਯੂਨੀਵਰਸਿਟੀ ਮੁਕਾਬਲੇ ਜੋ ਭੂਵਨੇਸ਼ਵਰ ਰਾਜਸਥਾਨ ਵਿਖੇ ਹੋਣੇ ਹਨ, ਉਸ ਵਾਸਤੇ ਚੁਣੀਆਂ ਗਈਆਂ। ਇਸ ਚੈਂਪੀਅਨਸ਼ਿਪ ਵਿਚ ਖਾਲਸਾ ਕਾਲਜ ਨੇ ਦੂਜਾ ਸਥਾਨ ਅਤੇ ਗੌਰਮਿੰਟ ਕਾਲਜ ਸੈਕਟਰ 11 ਚੰਡੀਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

32ਵਾਂ ਫੈਡਰੇਸ਼ਨ ਫੁੱਟਬਾਲ ਕੱਪ

ਲੁਧਿਆਣਾ, 22 ਸਤੰਬਰ - ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ 32ਵਾਂ ਕੌਮੀ ਫੈਡਰੇਸ਼ਨ ਕੱਪ ਫੁੱਟਬਾਲ ਟੂਰਨਾਮੈਂਟ ਚੱਲ ਰਿਹਾ ਹੈ। ਇਸ ਟੂਰਨਾਮੈਂਟ ਵਿਚ ਮੇਜ਼ਬਾਨ ਜੇ. ਸੀ. ਟੀ ਅਤੇ ਓ. ਐਨ. ਜੀ. ਸੀ. ਦਿੱਲੀ ਵਿਚਕਾਰ ਫੈਸਲਾਕੁੰਨ ਮੈਚ 23 ਸਤੰਬਰ ਨੂੰ ਸ਼ਾਮ 4 ਵਜੇ ਕਰਵਾਇਆ ਜਾਵੇਗਾ। ਫੈਡਰੇਸ਼ਨ ਕੱਪ ਫੁੱਟਬਾਲ ਵਿਚ ਦੋਵੇਂ ਟੀਮਾਂ ਆਪਣਾ ਮੁੱਢਲਾ ਮੈਚ ਹਾਰ ਚੁੱਕੀਆਂ ਹਨ। ਜੇ. ਸੀ. ਟੀ ਨੂੰ ਇੰਡੀਅਨ ਇਲੈਵਨ ਹੱਥੋਂ ਜਦਕਿ ਓ. ਐਨ. ਜੀ. ਸੀ ਨੂੰ ਡੈਪੋ ਸਪੋਰਟਸ ਗੋਆ ਹੱਥੋਂ ਹਾਰ ਨਸੀਬ ਹੋਈ ਹੈ। ਜੋ ਟੀਮ ਭਲਕੇ ਮੁਕਾਬਲਾ ਜਿੱਤੇਗੀ ਉਹ ਅਗਲੇ ਗੇੜ ਵਿਚ ਆਪਣੀ ਹੋਂਦ ਨੂੰ ਜਿਤਾਵੇਗੀ। ਦੂਜਾ ਮੈਚ ਡੈਪੋ ਸਪੋਰਟਸ ਕਲੱਬ ਗੋਆ ਅਤੇ ਇੰਡੀਅਨ ਇਲੈਵਨ ਵਿਚਕਾਰ ਦੁਪਹਿਰ ਦੋ ਵਜੇ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਦੀ ਚੈਂਪੀਅਨ ਟੀਮ ਕਟਕ ਵਿਖੇ ਹੋਣ ਵਾਲੇ ਵਿਸ਼ਵ ਕੱਪ ਦੀ ਸੈਮੀਫਾਈਨਲ ਲੀਗ ਲਈ ਕੁਆਲੀਫਾਈ ਕਰੇਗੀ।

18ਵੇਂ ਬਾਬਾ ਫ਼ਰੀਦ ਫੁੱਟਬਾਲ ਟੂਰਨਾਮੈਂਟ 'ਤੇ ਫਰੀਦਕੋਟ ਦੀ ਟੀਮ ਕਾਬਜ

ਫ਼ਰੀਦਕੋਟ, 21 ਸਤੰਬਰ - 18ਵਾਂ ਬਾਬਾ ਫ਼ਰੀਦ ਫੁੱਟਬਾਲ ਟੂਰਨਾਮੈਂਟ ਫਰੀਦਕੋਟ 'ਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦਾ ਫ਼ਾਈਨਲ ਮੈਚ ਮਹਿਣਾ ਫ਼ੁੱਟਬਾਲ ਕਲੱਬ ਮੋਗਾ ਅਤੇ ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਫ਼ਰੀਦਕੋਟ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਫ਼ਰੀਦਕੋਟ ਤੇ ਮਹਿਣਾ ਕਲੱਬ ਮੋਗਾ ਮਿੱਥੇ ਸਮੇਂ ਤੱਕ 1-1 ਗੋਲ਼ ਨਾਲ਼ ਬਰਾਬਰ ਰਹੇ ਫ਼ਿਰ ਦਿੱਤੇ ਗਏ ਪੈਨਲਟੀ ਸਟਰੋਕਾਂ ਰਾਹੀਂ ਮੈਚ ਦਾ ਫ਼ੈਸਲਾ ਕੀਤਾ ਜਿਸ ਵਿਚ ਬਾਬਾ ਫ਼ਰੀਦ ਕਲੱਬ ਫ਼ਰੀਦਕੋਟ ਨੇ ਮਹਿਣਾ ਕਲੱਬ ਮੋਗਾ ਨੂੰ 5-3 ਨਾਲ਼ ਹਰਾ ਕੇ 18ਵਾਂ ਫ਼ੁੱਟਬਾਲ ਕੱਪ ਜਿੱਤਿਆ।

ਕੌਮੀ ਫੈਡਰੇਸ਼ਨ ਕੱਪ ਫੁੱਟਬਾਲ

ਲੁਧਿਆਣਾ, 21 ਸਤੰਬਰ - ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ 32ਵਾਂ ਕੌਮੀ ਫੈਡਰੇਸ਼ਨ ਕੱਪ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਦੇ ਪਹਿਲੇ ਦਿਨ ਡੈਂਪੋ ਸਪੋਰਟਸ ਕਲੱਬ ਗੋਆ ਅਤੇ ਇੰਡੀਅਨ ਇਲੈਵਨ ਨੇ ਆਪੋ-ਆਪਣੇ ਮੈਚ ਜਿੱਤ ਕੇ ਜੇਤੂ ਸ਼ੁਰੂਆਤ ਕੀਤੀ। ਉਦਘਾਟਨੀ ਮੈਚ ਵਿਚ ਇੰਡੀਅਨ ਇਲੈਵਨ ਨੇ ਮੇਜ਼ਬਾਨ ਜੇ. ਸੀ. ਟੀ. ਨੂੰ 1-0 ਨਾਲ ਹਰਾਇਆ ਜਦਕਿ ਦੂਸਰੇ ਮੈਚ ਵਿਚ ਡੈਂਪੋ ਸਪੋਰਟਸ ਕਲੱਬ ਗੋਆ ਨੇ ਓ. ਐਨ. ਜੀ. ਸੀ. ਦਿੱਲੀ ਨੂੰ 5-2 ਨਾਲ ਹਰਾਇਆ।

32ਵਾਂ ਕੌਮੀ ਫੈਡਰੇਸ਼ਨ ਕੱਪ ਫੁੱਟਬਾਲ ਟੂਰਨਾਮੈਂਟ

ਲੁਧਿਆਣਾ, 20 ਸਤੰਬਰ - ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ 32ਵਾਂ ਕੌਮੀ ਫੈਡਰੇਸ਼ਨ ਕੱਪ ਫੁੱਟਬਾਲ ਟੂਰਨਾਮੈਂਟ 21 ਸਤੰਬਰ ਤੋਂ ਕਰਵਾਇਆ ਜਾ ਰਿਹਾ ਹੈ। ਭਾਵੇਂ ਟੂਰਨਾਮੈਂਟ ਦੀ ਸ਼ੁਰੂਆਤ ਡੈਂਪੋ ਸਪੋਰਟਸ ਕਲੱਬ ਗੋਆ ਅਤੇ ਓ. ਐਨ. ਸੀ. ਜੀ. ਦਿੱਲੀ ਦੇ ਮੈਚ ਨਾਲ ਦੁਪਹਿਰ ਦੋ ਵਜੇ ਹੋਵੇਗੀ, ਪਰ ਟੂਰਨਾਮੈਂਟ ਦਾ ਉਦਘਾਟਨੀ ਮੈਚ ਮੇਜ਼ਬਾਨ ਜੇ. ਸੀ. ਟੀ. ਅਤੇ ਇੰਡੀਅਨ ਇਲੈਵਨ ਦੇ ਵਿਚਕਾਰ ਸ਼ਾਮ ਚਾਰ ਵਜੇ ਖੇਡਿਆ ਜਾਵੇਗਾ। ਕੌਮੀ ਫੁੱਟਬਾਲ ਲੀਗ ਦੇ ਸਾਰੇ ਮੈਚ ਇਸੇ ਸਟੇਡੀਅਮ ਵਿਚ ਹੋਣਗੇ। ਜੇ. ਸੀ. ਟੀ. ਕੋਲ ਤਿੰਨ ਵਿਦੇਸ਼ ਮੂਲ ਦੇ ਖਿਡਾਰੀ ਹਨ ਜਿਨ੍ਹਾਂ ਵਿਚ ਲੀਬੀਆ ਤੋਂ ਕਰੀਮ, ਨਾਈਜੀਰੀਆ ਤੋਂ ਡੈਨੀਅਲ ਅਤੇ ਕੇ. ਕੇ., ਦਰਸ਼ਕਾ ਦੇ ਮੁੱਖ ਖਿੱਚ ਦਾ ਕੇਂਦਰ ਹੋਣਗੇ। ਇਸ ਤੋਂ ਇਲਾਵਾ ਕਪਤਾਨ ਬਲਵੰਤ ਸਿੰਘ ਅੰਤਰਰਾਸ਼ਟਰੀ ਖਿਡਾਰੀ ਦਲਜੀਤ ਸਿੰਘ, ਬਲਦੀਪ,ਅਮਨਦੀਪ ਸਿੰਘ, ਚਿਰਾਗ ਯੂਨਾਈਟਿਡ ਤੋਂ ਆਏ ਰਾਹੁਲ, ਅਤੇ ਸਿਵਾਨਾ ਮਿਜ਼ੋਰਮ, ਤੇ ਵੱਡੀਆਂ ਜੇਤੂ ਆਸਾ ਰਹਿਣਗੀਆਂ।

ਈਰਾਨ ਦੀ ਵਾਹ ਵਾਹ

ਕੋਲਕਾਤਾ, 20 ਸਤੰਬਰ - ਸੀਨੀਅਰ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ ਕੋਲਕਾਤਾ ਦੇ ਨੇਤਾ ਜੀ ਇੰਡੋਰ ਸਟੇਡੀਅਮ ਵਿਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿਚ ਈਰਾਨ ਨੇ ਭਾਰਤ ਨੂੰ ਹਰਾ ਕੇ ਜੇਤੂ ਖਿਤਾਬ 'ਤੇ ਕਬਜ਼ਾ ਕੀਤਾ। ਇਸ ਖਿਤਾਬੀ ਮੁਕਾਬਲੇ 'ਚ ਈਰਾਨ ਨੇ ਭਾਰਤ ਨੂੰ 25-19, 25-22, 29-27 ਨਾਲ ਮਾਤ ਦਿੱਤੀ। ਇਸ ਚੈਂਪੀਅਨਸ਼ਿਪ 'ਚ ਚਾਰ ਦੇਸ਼ਾਂ ਭਾਰਤ, ਪਾਕਿਸਤਾਨ, ਈਰਾਨ ਅਤੇ ਕਜ਼ਾਕਿਸਤਾਨ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ।

ਪਾਕਿਸਤਾਨੀ ਨੈਸ਼ਨਲ ਸਰਕਲ ਕਬੱਡੀ ਟੀਮ ਭਾਰਤ ਆਈ

ਅਟਾਰੀ ਸਰਹੱਦ, 20 ਸਤੰਬਰ - ਹਿੰਦ-ਪਾਕਿ ਦੋਸਤੀ ਸਰਕਲ ਕਬੱਡੀ ਮੈਚਾਂ ਵਿਚ ਸ਼ਿਰਕਤ ਕਰਨ ਲਈ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਦੀ ਕੌਮੀ ਸਰਕਲ ਕਬੱਡੀ ਟੀਮ ਭਾਰਤ ਪਹੁੰਚ ਗਈ ਹੈ। ਇਹ ਮੁਕਾਬਲੇ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਹੋ ਰਹੇ ਹਨ। ਪਹਿਲਾਂ ਮੈਚ ਅਮਲੋਹ ਫ਼ਤਹਿਗੜ੍ਹ ਸਾਹਿਬ ਵਿਖੇ ਅਤੇ ਉਪਰੰਤ ਲੁਧਿਆਣਾ ਦੇ ਪਿੰਡ ਧਾਦਰਾਂ ਤੋਂ ਇਲਾਵਾ ਹਰਿਆਣਾ, ਚੰਡੀਗੜ੍ਹ, ਹਿਮਾਚਲ ਵਿਖੇ ਸਰਕਲ ਕਬੱਡੀ ਟੀਮਾਂ ਦਰਮਿਆਨ ਮੈਂਚ ਹੋਣਗੇ। ਭਾਰਤ ਅੰਦਰ ਸ਼ਿਰਕਤ ਕਰਨ ਪੁੱਜੀ ਪਾਕਿਸਤਾਨੀ ਕੌਮੀ ਕਬੱਡੀ ਟੀਮ ਅਤੇ ਭਾਰਤ ਦੀ ਕੌਮੀ ਟੀਮ ਦੇ ਖਿਡਾਰੀਆਂ ਲਈ ਪੰਜਾਬ ਤੋਂ ਇਲਾਵਾਂ ਹੋਰ ਰਾਜਾਂ 'ਚ ਹੋ ਰਹੇ ਮੈਚਾਂ ਲਈ ਚੰਗੇ ਪ੍ਰਬੰਧ ਕਰਨ ਦੇ ਨਾਲ ਹਰੇਕ ਮੈਚ ਵਿਚ ਜੇਤੂ ਟੀਮ ਨੂੰ ਇਕ ਲੱਖ ਰੁਪਏ ਤੇ ਦੂਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 75000 ਰੁਪਏ ਨਗਦ ਇਨਾਮ ਵਜੋਂ ਦਿੱਤੇ ਜਾਣਗੇ।

ਅਮਰੀਕਾ 'ਚ ਕਬੱਡੀ ਟੂਰਨਾਮੈਂਟ 25 ਨੂੰ

ਬਨੂੜ, 20 ਸਤੰਬਰ - 25 ਸਤੰਬਰ ਨੂੰ ਕੈਲੇਫੋਰਨੀਆਂ ਦੀ ਹੈਂਵਡ ਯੂਨੀਵਰਸਿਟੀ 'ਚ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਇੰਗਲੈਂਡ, ਭਾਰਤ, ਪਾਕਿਸਤਾਨ, ਕੈਨੇਡਾ, ਇਟਲੀ ਆਦਿ ਦੀਆਂ ਟੀਮਾਂ ਦੇ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਇਸ ਕਬੱਡੀ ਕੱਪ 'ਤੇ 50 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ।

18ਵਾਂ ਬਾਬਾ ਫ਼ਰੀਦ ਫੁੱਟਬਾਲ ਟੂਰਨਾਮੈਂਟ

ਫ਼ਰੀਦਕੋਟ, 20 ਸਤੰਬਰ - 18ਵੇਂ ਬਾਬਾ ਫ਼ਰੀਦ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਕੁਆਟਰ ਫਾਈਨਲ ਅਤੇ ਸੈਮੀਫਾਈਨਲ ਮੁਕਾਬਲੇ ਕਰਵਾਏ ਗਏ। ਜਿਸ ਵਿਚ ਪਹਿਲਾ ਕੁਆਟਰ ਫਾਈਨਲ ਮੈਚ ਡੀ. ਏ. ਵੀ. ਕਾਲਜ ਜਲੰਧਰ ਅਤੇ ਬਾਬਾ ਫ਼ਰੀਦ ਕਲੱਬ ਵਿਚਕਾਰ ਖੇਡਿਆ ਗਿਆ ਅਤੇ ਡੀ. ਏ. ਵੀ. ਕਾਲਜ ਜਲੰਧਰ ਦੀ ਟੀਮ 2-1 ਦੇ ਫ਼ਰਕ ਨਾਲ ਜਿੱਤ ਕੇ ਸੈਮੀਫਾਈਨਲ 'ਚ ਪੁੱਜੀ। ਦੂਜਾ ਕੁਆਟਰ ਫਾਈਨਲ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਮਹਿਣਾ ਫੁੱਟਬਾਲ ਕਲੱਬ ਮੋਗਾ 'ਚ ਖੇਡਿਆ ਗਿਆ, ਜਿਸ 'ਚ ਮੋਗੇ ਦੀ ਟੀਮ ਨੇ ਅੰਮ੍ਰਿਤਸਰ ਦੀ ਟੀਮ ਨੂੰ 3-2 ਦੇ ਫ਼ਰਕ ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਪਹਿਲੇ ਸੈਮੀਫਾਈਨਲ ਮੈਚ 'ਚ ਬਾਬਾ ਫ਼ਰੀਦ ਫੁੱਟਬਾਲ ਕਲੱਬ ਨੇ ਸੁਰਮੁਖ ਕਲੱਬ ਬਠਿੰਡਾ ਨੂੰ 1-0 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ।
             ਉਦਘਾਟਨੀ ਮੈਚ ਫੁੱਟਬਾਲ ਅਕੈਦਮੀ ਸਿਰਸਾ ਤੇ ਫੁੱਟਬਾਲ ਕਲੱਬ ਮੋਗਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਵਿਚ ਮੋਗਾ ਦੀ ਟੀਮ 4-0 ਗੋਲਾਂ ਨਾਲ ਜੇਤੂ ਰਹੀ ਹੈ। ਦੂਜਾ ਮੈਚ ਸਿਟੀ ਕਲੱਬ ਅਬੋਹਰ ਤੇ ਬਾਬਾ ਫਰੀਦ ਫੁੱਟਬਾਲ ਕਲੱਬ ਫ਼ਰੀਦਕੋਟ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਹ ਮੈਚ ਪੂਰਾ ਸਮਾਂ ਗੋਲ ਰਹਿਤ ਬਰਾਬਰੀ 'ਤੇ ਰਿਹਾ। ਅਖੀਰ ਵਿਚ ਪਲੈਨਟੀ ਕਿੱਕਾ ਰਾਹੀਂ ਬਾਬਾ ਫਰੀਦ ਫੁੱਟਬਾਲ ਅਕੈਦਮੀ ਫ਼ਰੀਦਕੋਟ ਦੀ ਟੀਮ 3-2 ਗੋਲਾਂ ਨਾਲ ਜੇਤੂ ਰਹੀ। ਇਸ ਮੌਕੇ ਤੀਜਾ ਮੈਚ ਫੁੱਟਬਾਲ ਕਲੱਬ ਮੁਕਤਸਰ ਤੇ ਸਰਮੁੱਖ ਕਲੱਬ ਬਠਿੰਡਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।
ਆਲ ਇੰਡੀਆ ਗੋਲਡ ਕੱਪ ਹਾਕੀ ਟੂਰਨਾਮੈਂਟ

ਸੀ. ਆਰ. ਪੀ. ਐੱਫ., ਇੰਡੀਅਨ ਏਅਰ ਫੋਰਸ ਅਤੇ ਈ. ਐੱਮ. ਈ. ਦੀਆਂ ਟੀਮਾਂ ਜੇਤੂ

ਫ਼ਰੀਦਕੋਟ, 20 ਸਤੰਬਰ - 19ਵਾਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਫ਼ਰੀਦਕੋਟ ਵਿਚ ਚੱਲ ਰਿਹਾ ਹੈ। ਇਸ ਹਾਕੀ ਟੂਰਨਾਮੈਂਟ ਦੇ ਦੂਸਰੇ ਦਿਨ ਹੋਏ ਮੁਕਾਬਲਿਆਂ ਵਿਚ ਸੀ. ਆਰ. ਪੀ. ਐੱਫ., ਇੰਡੀਅਨ ਏਅਰਫੋਰਸ ਅਤੇ ਈ. ਐੱਮ. ਈ. ਦੀਆਂ ਟੀਮਾਂ ਜੇਤੂ ਰਹੀਆਂ। ਪਹਿਲੇ ਮੈਚ ਵਿਚ ਸੀ. ਆਰ. ਪੀ. ਐੱਫ. ਨੇ ਪੰਜਾਬ ਰਾਜ ਬਿਜਲੀ ਬੋਰਡ ਨੂੰ 2-1 ਗੋਲਾਂ ਦੇ ਫਰਕ ਨਾਲ ਅਤੇ ਦੂਸਰੇ ਮੈਚ ਵਿਚ ਇੰਡੀਅਨ ਏਅਰ ਫੋਰਸ ਦੀ ਟੀਮ ਨੇ ਇਕ ਪਾਸੜ ਮੈਚ ਵਿਚ ਜਰਖੜ ਅਕੈਡਮੀ ਨੂੰ 3-0 ਗੋਲਾਂ ਦੇ ਫਰਕ ਨਾਲ ਹਰਾਇਆ। ਤੀਸਰਾ ਮੈਚ ਈ. ਐੱਮ. ਈ. ਅਤੇ ਬਾਬਾ ਫ਼ਰੀਦ ਹਾਕੀ ਕਲੱਬ ਦਰਮਿਆਨ ਹੋਇਆ ਜਿਸ ਵਿਚ ਈ. ਐੱਮ. ਈ. 5-1 ਗੋਲਾਂ ਦੇ ਫਰਕ ਨਾਲ ਜੇਤੂ ਰਹੀ। ਪਹਿਲਾ ਮੈਚ ਲੜਕੀਆਂ ਦੀ ਟੀਮ ਖਡੂਰ ਸਾਹਿਬ ਅਤੇ ਬਠਿੰਡਾ ਵਿਚਕਾਰ, ਦੂਸਰਾ ਲੜਕਿਆਂ ਦਾ ਨਾਰਥ ਵੈਸਟ ਇੰਸਟੀਚਿਊਟ ਢੁੱਡੀਕੇ ਅਤੇ ਬੀ. ਐੱਸ. ਐੱਫ. ਵਿਚ, ਤੀਸਰਾ ਮੈਚ ਲੜਕੀਆਂ ਸਪੋਰਟਸ ਅਥਾਰਿਟੀ ਆਫ਼ ਇੰਡੀਆ ਚੰਡੀਗੜ੍ਹ ਦਾ ਹਾਕੀ ਅਕੈਡਮੀ ਅੰਮ੍ਰਿਤਸਰ ਅਤੇ ਚੌਥਾ ਮੈਚ ਲੜਕੇ ਸੀ. ਆਰ. ਪੀ. ਐੱਫ. ਦਿੱਲੀ ਦਾ ਸਿਗਨਲ ਜਲੰਧਰ ਨਾਲ ਹੋਵੇਗਾ।

ਅੰਤਰ ਜ਼ਿਲ੍ਹਾ ਕਬੱਡੀ ਕੱਪ 'ਚ ਸੰਗਰੂਰ ਦੀ ਝੰਡੀ

ਪਟਿਆਲਾ, 19 ਸਤੰਬਰ - ਪਹਿਲਾ ਅੰਤਰ ਜ਼ਿਲ੍ਹਾ ਕਬੱਡੀ ਕੱਪ ਸੰਗਰੂਰ ਜ਼ਿਲ੍ਹੇ ਦੇ ਗੱਭਰੂਆਂ ਨੇ ਲੁਧਿਆਣਾ ਜ਼ਿਲ੍ਹੇ ਨੂੰ ਹਰਾ ਕੇ ਜਿੱਤਿਆ। ਹੈਪੀ ਬਿਜਲੀ ਬੋਰਡ ਨੂੰ ਸਰਵੋਤਮ ਰੇਡਰ ਅਤੇ ਰਣੀਆ ਦਿੜ੍ਹਬਾ ਨੂੰ ਸਰਵੋਤਮ ਜਾਫੀ ਚੁਣਿਆ ਗਿਆ। ਫਸਵੇਂ ਫਾਈਨਲ ਮੁਕਾਬਲੇ 'ਚ ਕੌਮਾਂਤਰੀ ਖਿਡਾਰੀਆਂ ਨਾਲ ਸਜੀ ਸੰਗਰੂਰ ਜ਼ਿਲ੍ਹੇ ਦੀ ਟੀਮ ਨੇ ਲੁਧਿਆਣਾ ਨੂੰ 31-22 ਅੰਕਾਂ ਨਾਲ ਹਰਾ ਕੇ ਇਕ ਲੱਖ ਰੁਪਏ ਦਾ ਇਨਾਮ ਜਿੱਤਿਆ ਜਦੋਂ ਕਿ ਲੁਧਿਆਣਾ ਜ਼ਿਲ੍ਹੇ ਦੀ ਟੀਮ ਨੇ 51 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਸੈਮੀਫਾਈਨਲ ਮੁਕਾਬਲੇ 'ਚ ਲੁਧਿਆਣਾ ਨੇ ਬਠਿੰਡਾ ਨੂੰ 41-27 ਅਤੇ ਸੰਗਰੂਰ ਨੇ ਪਟਿਆਲਾ ਨੂੰ 46-35 ਨਾਲ ਹਰਾਇਆ। ਇਸ ਤੋਂ ਪਹਿਲਾਂ ਲੜਕੀਆਂ ਦੇ ਪ੍ਰਦਰਸ਼ਨੀ ਮੈਚ 'ਚ ਮਾਈ ਭਾਗੋ ਅਕੈਡਮੀ ਜਗਤਪੁਰਾ ਨੇ ਨਵਾਂ ਸ਼ਹਿਰ ਦੀ ਟੀਮ ਨੂੰ 34-4 ਦੇ ਵੱਡੇ ਅੰਤਰ ਨਾਲ ਹਰਾਇਆ।

ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਗਰਲਜ਼ ਕਾਲਜ ਅੱਵਲ

ਪਟਿਆਲਾ, 19 ਸਤੰਬਰ - ਅੰਤਰ ਕਾਲਜ ਕਬੱਡੀ ਚੈਂਪੀਅਨਸ਼ਿਪ 'ਚ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਗਰਲਜ਼ ਕਾਲਜ ਨੇ ਅੱਵਲ ਦਰਜਾ ਹਾਸਲ ਕੀਤਾ। ਜਦੋਂ ਕਿ ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਦੀ ਟੀਮ ਦੂਸਰੇ ਸਥਾਨ 'ਤੇ ਰਹੀ। ਸੁਪਰ ਲੀਗ ਮੈਚਾਂ ਤਹਿਤ ਬਾਬਾ ਜੋਰਾਵਰ ਸਿੰਘ ਫ਼ਤਹਿ ਸਿੰਘ ਕਾਲਜ ਮੋਰਿੰਡਾ ਦੀ ਕੋਚ ਸੁਰਿੰਦਰ ਸਿੰਘ ਤੇ ਹਰਬੰਸ ਕੌਰ ਦੀ ਸਿਖਲਾਈ ਯਾਫ਼ਤਾ ਟੀਮ ਨੇ ਮਨਜੀਤ ਕੌਰ ਬੋਰਾ, ਬਲਜਿੰਦਰ ਛੀਨਾ, ਅਰਚਨਾ, ਨਿਸ਼ਾ, ਅਮਨਦੀਪ ਕੌਰ, ਸਤਵੀਰ ਕੌਰ ਤੇ ਰਮਨਦੀਪ ਕੌਰ ਦੀ ਸ਼ਾਨਦਾਰ ਖੇਡ ਸਦਮਾ ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਨੂੰ ਫਸਵੇਂ ਮੁਕਾਬਲੇ 24-20 ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਇਸ ਤੋਂ ਪਹਿਲਾ ਚੈਂਪੀਅਨ ਟੀਮ ਨੇ ਸਰਕਾਰੀ ਸਰੀਰਿਕ ਸਿੱਖਿਆ ਕਾਲਜ ਪਟਿਆਲਾ ਨੂੰ 64-0 ਅਤੇ ਗੁਰੂ ਤੇਗ ਬਹਾਦਰ ਕਾਲਜ ਆਨੰਦਪੁਰ ਸਾਹਿਬ ਨੂੰ 58-29 ਨਾਲ ਹਰਾਇਆ। ਦੂਸਰੇ ਸਥਾਨ 'ਤੇ ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਦੀ ਟੀਮ ਰਹੀ, ਤੀਸਰੇ ਸਥਾਨ 'ਤੇ ਗੁਰੂ ਤੇਗ ਬਹਾਦਰ ਕਾਲਜ ਆਨੰਦਪੁਰ ਸਾਹਿਬ ਅਤੇ ਸਰਕਾਰੀ ਸਰੀਰਿਕ ਕਾਲਜ ਚੌਥੇ ਸਥਾਨ 'ਤੇ ਰਿਹਾ।

ਸਿਹਾਲਾ ਦਾ ਸਾਲਾਨਾ ਛਿੰਝ ਮੇਲਾ ਸਮਾਪਤ

ਸਮਰਾਲਾ, 19 ਸਤੰਬਰ - ਪਿੰਡ ਸਿਹਾਲਾ 'ਚ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਇਸ ਛਿੰਝ ਮੇਲੇ 'ਚ ਝੰਡੀ ਦੀ ਕੁਸ਼ਤੀ ਲਈ ਮਨਜੀਤ ਮਲਕਪੁਰ ਤੇ ਰਾਜੂ ਮੁਸ਼ਕਾਬਾਦ ਦਾ ਲਗਾਤਾਰ 40 ਮਿੰਟ ਰੋਚਕ ਮੁਕਾਬਲਾ ਚੱਲਿਆ। ਅਖੀਰ ਦੋਵਾਂ ਪਹਿਲਵਾਨਾਂ ਨੂੰ ਬਰਾਬਰੀ ਦੀ ਜਿੱਤ ਦੇਣ ਦਾ ਐਲਾਨ ਕਰ ਦਿੱਤਾ ਗਿਆ। ਬਾਕੀ ਦੇ ਕੁਸ਼ਤੀ ਮੁਕਾਬਲਿਆਂ ਵਿਚ ਰਾਜਿੰਦਰਪਾਲ ਢਿੱਲਵਾਂ ਨੇ ਬੁੱਲਾ ਮਲਕਪੁਰ ਨੂੰ ਹਰਾਇਆ। ਰਣਵੀਰ ਉਟਾਲ਼ਾਂ ਨੇ ਹੀਰਾ ਚਮਕੌਰ ਸਾਹਿਬ ਨੂੰ ਹਰਾਇਆ। ਦੋ ਨੰਬਰ ਕੁਸ਼ਤੀ ਭਾਰੂ ਮਲਕਪੁਰ ਤੇ ਸੋਮਵੀਰ ਖੰਨਾ ਬਰਾਬਰੀ 'ਤੇ ਰਹੇ। ਤਿੰਨ ਨੰਬਰ ਕੁਸ਼ਤੀ 'ਚ ਜੀਤ ਕੁੱਲੇਵਾਲ ਨੇ ਬਾਰਾ ਖਮਾਣੋਂ ਨੂੰ ਚਿੱਤ ਕੀਤਾ।

ਪੰਜਾਬ ਤਕਨੀਕੀ ਯੂਨੀਵਰਸਿਟੀ ਅੰਤਰ ਕਾਲਜ ਤੈਰਾਕੀ ਮੁਕਾਬਲੇ

ਲੁਧਿਆਣਾ, 18 ਸਤੰਬਰ - ਗੁਰੂ ਨਾਨਕ ਦੇਵ ਇੰਜ: ਕਾਲਜ ਗਿੱਲ ਪਾਰਕ ਲੁਧਿਆਣਾ 'ਚ ਪੰਜਾਬ ਤਕਨੀਕੀ ਯੂਨੀਵਰਸਿਟੀ ਅੰਤਰ ਕਾਲਜ ਤੈਰਾਕੀ ਮੁਕਾਬਲੇ ਕਰਵਾਏ ਗਏ। ਜਿਸ ਵਿਚ ਗੁਰੂ ਨਾਨਕ ਕਾਲਜ ਇੰਜ: ਲੁਧਿਆਣਾ ਨੇ ਮੁੰਡਿਆਂ ਦੇ ਵਰਗ ਵਿਚ ਓਵਰਆਲ ਚੈਂਪੀਅਨਸ਼ਿਪ ਟਰਾਫੀ ਜਿੱਤੀ, ਜਦਕਿ ਕੁੜੀਆਂ ਦੇ ਆਰ. ਆਈ. ਐਮ. ਟੀ. ਕਾਲਜ ਮੰਡੀ ਗੋਬਿੰਦਗੜ੍ਹ ਸਰਵੋਤਮ ਰਿਹਾ। ਮੁੰਡਿਆਂ ਦੇ ਵਰਗ ਵਿਚ ਏ. ਸੀ. ਈ. ਟੀ. ਕਾਲਜ ਅੰਮ੍ਰਿਤਸਰ ਦਾ ਪ੍ਰਭਸਿਮਰਨ ਸਰਵੋਤਮ ਤੈਰਾਕ ਅਤੇ ਗੋਬਿੰਦਗੜ੍ਹ ਦੀ ਮਨਜੋਤ ਕੌਰ ਸਿੱਧੂ ਵਧੀਆ ਤੈਰਾਕ ਚੁਣੀ ਗਈ। ਜਿਨ੍ਹਾਂ ਵਿਚ 100 ਮੀਟਰ ਬੈਕ ਸਟਰੋਕ ਵਿੱਚ ਏ. ਸੀ. ਈ. ਟੀ. ਕਾਲਜ ਅੰਮ੍ਰਿਤਸਰ ਦੇ ਪ੍ਰਭਸਿਮਰਨ ਨੇ ਪਹਿਲਾ ਸਥਾਨ, ਲੁਧਿਆਣਾ ਦੇ ਪ੍ਰਭਜੋਤ ਨੇ ਦੂਜਾ, ਰਾਜਪੁਰਾ ਦੇ ਚੰਦਰ ਕਮਲ ਨੇ ਤੀਜਾ, 800 ਮੀਟਰ ਫਰੀ ਸਟਾਇਲ ਮੁਕਾਬਲੇ ਵਿਚ ਲੁਧਿਆਣਾ ਦੇ ਜਗਬੀਰ ਸਿੰਘ ਨੇ ਪਹਿਲਾ, ਹੁਸ਼ਿਆਰਪੁਰ ਦੇ ਅੰਕਿਤ ਸ਼ਰਮਾ ਨੇ ਦੂਜਾ, ਲੁਧਿਆਣਾ ਦੇ ਜਗਤਾਰ ਸਿੰਘ ਨੇ ਤੀਜਾ ਸਥਾਨ, 400 ਮੀਟਰ ਆਈ. ਐਮ. ਮੁਕਾਬਲੇ ਵਿਚ ਫਤਿਹਗੜ ਸਾਹਿਬ ਦੇ ਇੰਦਰਪ੍ਰੀਤ ਸਿੰਘ ਨੇ ਪਹਿਲਾ ਸਥਾਨ, ਲੁਧਿਆਣਾ ਦੇ ਅੰਕਿਤ ਸ਼ਰਮਾ ਨੇ ਦੂਜਾ, ਜਲੰਧਰ ਦੇ ਜਿਵੇਸ਼ ਨੇ ਤੀਜਾ ਸਥਾਨ, 200 ਮੀਟਰ ਫਰੀ ਸਟਾਇਲ ਵਿਚ ਅੰਮ੍ਰਿਤਸਰ ਦੇ ਪ੍ਰਭਸਿਮਰਨ ਨੇ ਪਹਿਲਾ, ਲੁਧਿਆਣਾ ਦੇ ਜਗਬੀਰ ਸਿੰਘ ਨੇ ਦੂਜਾ, ਮੋਹਾਲੀ ਦੇ ਅਮਨਪ੍ਰੀਤ ਸਿੰਘ ਨੇ ਤੀਜਾ, 400*100 ਰਿਲੇਅ ਦੌੜ ਵਿਚ ਜੀ. ਐਨ. ਈ. ਕਾਲਜ ਲੁਧਿਆਣਾ ਦੇ ਤੈਰਾਕਾਂ ਨੇ ਪਹਿਲਾ ਸਥਾਨ, ਬਾਬਾ ਬੰਦਾ ਸਿੰਘ ਬਹਾਦਰ ਇੰਜ: ਕਾਲਜ ਫ਼ਤਹਿਗੜ੍ਹ ਸਾਹਿਬ ਦੇ ਤੈਰਾਕਾਂ ਨੇ ਦੂਜਾ ਅਤੇ ਜਲੰਧਰ ਤੈਰਾਕਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਵਰਗ ਵਿਚ 50 ਮੀਟਰ ਫਰੀ ਸਟਾਇਲ ਮੁਕਾਬਲੇ ਵਿਚ ਮਨਜੋਤ ਕੌਰ ਸਿੱਧੂ ਆਰ. ਆਈ. ਐਮ. ਟੀ. ਕਾਲਜ ਮੰਡੀ ਗੋਬਿੰਦਗੜ੍ਹ ਨੇ ਪਹਿਲਾ ਸਥਾਨ, ਕਰਿਤਕਾ ਚੌਹਾਨ ਰਾਜਪੁਰਾ ਨੇ ਦੂਜਾ, ਦੀਪਸ਼ਿਖਾ ਮੋਹਾਲੀ ਨੇ ਤੀਜਾ, 100 ਮੀਟਰ ਦੌੜ ਅਤੇ 50 ਮੀਟਰ ਫਰੀ ਸਟਾਇਲ ਵਿੱਚ ਗੋਬਿੰਦਗੜ੍ਹ ਦੀ ਮਨਜੋਤ ਕੌਰ ਸਿੱਧੂ ਨੇ ਪਹਿਲਾ ਸਥਾਨ, ਰਾਜਪੁਰਾ ਦੀ ਕਰਿਤਕਾ ਚੌਹਾਨ ਨੇ ਦੂਜਾ, ਜਲੰਧਰ ਦੀ ਚਰਿਨੀਜੀਵ ਨੇ ਕ੍ਰਮਵਾਰ ਦੂਜਾ ਸਥਾਨ ਹਾਸਲ ਕੀਤਾ।

ਸਰਕਾਰੀ ਕਾਲਜ ਲੁਧਿਆਣਾ ਜੇਤੂ

ਲੁਧਿਆਣਾ, 18 ਸਤੰਬਰ - ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਐਨ. ਬੀ. ਏ. ਮਹਿੰਦਰਾ ਚੈਲੇਜ਼ ਬਾਸਕਿਟਬਾਲ ਲੀਗ ਚੱਲ ਰਹੀ ਹੈ। ਇਸ ਲੀਗ ਦੇ 13ਵੇਂ ਗੇੜ ਦੇ ਮੈਚਾਂ ਵਿਚ ਸਰਕਾਰੀ ਕਾਲਜ ਲੁਧਿਆਣਾ ਦੇ ਮੁੰਡਿਆਂ ਅਤੇ ਕੁੜੀਆਂ ਦੇ ਵਰਗ ਵਿਚ ਚੜ੍ਹਤ ਰਹੀ। ਖੇਡੇ ਗਏ ਮੈਚਾਂ ਵਿਚ ਐਸ. ਸੀ. ਡੀ. ਸਰਕਾਰੀ ਕਾਲਜ ਲੁਧਿਆਣਾ ਨੇ ਅੰਮ੍ਰਿਤਸਰ ਬਾਸਕਿਟਬਾਲ ਕਲੱਬ ਨੂੰ ਮੁੰਡਿਆਂ ਦੇ ਵਰਗ ਵਿਚ 56-37 ਨਾਲ ਹਰਾਇਆ। ਜਦਕਿ ਕੁੜੀਆਂ ਦੇ ਵਰਗ ਵਿਚ ਸਰਕਾਰੀ ਕਾਲਜ ਲੁਧਿਆਣਾ ਨੇ ਅੰਮ੍ਰਿਤਸਰ ਅਕੈਡਮੀ ਨੂੰ 39-20 ਨਾਲ, ਮਾਤ ਦਿੱਤੀ। ਜੇਤੂ ਟੀਮ ਵਲੋਂ ਮਨਮੀਤ ਕੌਰ ਨੇ 12 ਅੰਕਾਂ ਦਾ ਜੇਤੂ ਯੋਗਦਾਨ ਦਿੱਤਾ। ਦੂਜੇ ਮੈਚ ਵਿਚ ਗੌਰਮਿੰਟ ਕਾਲਜ ਕਲੱਬ ਨੇ ਸੰਗਰੂਰ ਨੂੰ 44-37 ਨਾਲ ਹਰਾਇਆ। ਜੇਤੂ ਟੀਮ ਵਲੋਂ ਸਮਨਪ੍ਰੀਤ ਅਤੇ ਰਮਨ ਨੇ 10-10 ਅੰਕਾਂ ਦਾ ਯੋਗਦਾਨ ਦਿੱਤਾ। ਪਿਛਲੇ ਮੈਚ ਵਿਚ ਬੀ. ਬੀ. ਕੇ. ਡੀ. ਏ. ਵੀ. ਕਾਲਜ ਨੇ ਪੋਲੋ ਸੈਂਟਰ ਪਟਿਆਲਾ ਨੂੰ 23-13 ਨਾਲ ਹਰਾਇਆ। ਜਲੰਧਰ ਹੂਪਰ ਨੇ ਜਿੰਮਖਾਨਾ ਕਲੱਬ ਨੂੰ 40-32 ਨਾਲ ਮਾਤ ਦਿੱਤੀ। ਮੁੰਡਿਆਂ ਦੇ ਵਰਗ ਵਿਚ ਲੁਧਿਆਣਾ ਬਾਸਕਿਟਬਾਲ ਅਕੈਡਮੀ ਨੇ ਸਪੋਰਟਸ ਕਲੱਬ ਚੰਡੀਗੜ੍ਹ ਨੂੰ 52-42 ਨਾਲ, ਕੋਟਕਪੁਰਾ ਨੇ ਗੁਰੂ ਗੋਬਿੰਦ ਸਿੰਘ ਕਲੱਬ ਨੂੰ 39-34 ਨਾਲ ਹਰਾਇਆ। ਪੀ. ਏ. ਯੂ. ਕਲੱਬ ਲੁਧਿਆਣਾ ਨੇ ਆਰਮੀ ਇਲੈਵਨ ਨੂੰ 45-37 ਨਾਲ ਮਾਤ ਦਿੱਤੀ।

32ਵਾਂ ਕੌਮੀ ਫੈਡਰੇਸ਼ਨ ਫੁੱਟਬਾਲ ਕੱਪ 21 ਤੋਂ

ਲੁਧਿਆਣਾ, 17 ਸਤੰਬਰ - ਭਾਰਤੀ ਫੁੱਟਬਾਲ ਫੈਡਰੇਸ਼ਨ ਨੇ ਕੌਮੀ ਫੈਡਰੇਸ਼ਨ ਫੁੱਟਬਾਲ ਕੱਪ ਨੂੰ ਚਾਰ ਹਿੱਸਿਆਂ ਵਿਚ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਕੱਪ ਵਿਚ ਹਿੱਸਾ ਲੈ ਰਹੀਆਂ 16 ਟੀਮਾਂ ਨੂੰ 4 ਜ਼ੋਨਾਂ 'ਚ ਵੰਡਿਆ ਗਿਆ ਹੈ। ਫੈਡਰੇਸ਼ਨ ਕੱਪ ਦਾ ਪਹਿਲਾ ਭਾਗ ਗੋਆ ਵਿਖੇ, ਦੂਸਰਾ ਲੁਧਿਆਣਾ ਵਿਖੇ, ਤੀਸਰਾ ਅਤੇ ਚੌਥਾ ਕੱਟਕ ਵਿਖੇ, ਜਦਕਿ ਸੈਮੀਫਾਈਨਲ ਅਤੇ ਫਾਈਨਲ ਮੈਚ ਵੀ ਕੱਟਕ ਵਿਖੇ ਖੇਡੇ ਜਾਣਗੇ। 32ਵੇਂ ਕੌਮੀ ਫੈਡਰੇਸ਼ਨ ਫੁੱਟਬਾਲ ਕੱਪ ਦਾ ਪਹਿਲਾ ਭਾਗ ਜੋ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 21 ਤੋਂ 25 ਸਤੰਬਰ ਤੱਕ ਖੇਡਿਆ ਜਾਵੇਗਾ, ਇਸ ਵਿਚ ਚਾਰ ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ ਟੀਮਾਂ ਵਿਚ ਇੰਡੀਅਨ ਇਲੈਵਨ, ਡੈਂਪੋ ਸਪੋਰਟਸ ਕਲੱਬ ਗੋਆ, ਓ. ਐਨ. ਜੀ. ਸੀ. ਦੇਹਰਾਦੂਨ ਅਤੇ ਮੇਜ਼ਬਾਨ ਜੇ. ਸੀ. ਟੀ. ਫੁੱਟਬਾਲ ਕਲੱਬ ਫਗਵਾੜਾ ਦੀਆਂ ਟੀਮਾਂ ਹਿੱਸਾ ਲੈਣਗੀਆਂ। ਟੂਰਨਾਮੈਂਟ ਦਾ ਉਦਘਾਟਨੀ ਮੈਚ 21 ਸਤੰਬਰ ਮੇਜ਼ਬਾਨ ਜੇ. ਸੀ. ਟੀ. ਅਤੇ ਇੰਡੀਅਨ ਇਲੈਵਨ ਵਿਚਕਾਰ ਸ਼ਾਮ 4 ਵਜੇ ਖੇਡਿਆ ਜਾਵੇਗਾ। 21 ਸਤੰਬਰ ਨੂੰ ਓ. ਐਨ. ਜੀ. ਸੀ. ਬਨਾਮ ਡੈਂਪੋ ਸਪੋਰਟਸ ਕਲੱਬ ਗੋਆ 'ਚ ਦੁਪਹਿਰ 2 ਵਜੇ, ਜੇ. ਸੀ. ਟੀ. ਬਨਾਮ ਇੰਡੀਅਨ ਇਲੈਵਨ 'ਚ ਸ਼ਾਮ 4 ਵਜੇ ਮੈਚ ਖੇਡਿਆ ਜਾਵੇਗਾ। 23 ਸਤੰਬਰ ਨੂੰ ਇੰਡੀਅਨ ਇਲੈਵਨ ਬਨਾਮ ਡੈਂਪੋ ਸਪੋਰਟਸ ਕਲੱਬ ਗੋਆ 'ਚ ਦੁਪਹਿਰ 2 ਵਜੇ, ਜੇ. ਸੀ. ਟੀ. ਬਨਾਮ ਓ. ਐਨ. ਜੀ. ਸੀ. 'ਚ ਸ਼ਾਮ 4 ਵਜੇ, 25 ਨੂੰ ਇੰਡੀਅਨ ਇਲੈਵਨ ਬਨਾਮ ਓ. ਐਨ ਜੀ. ਸੀ. 'ਚ ਦੁਪਹਿਰ 2 ਵਜੇ ਅਤੇ ਜੇ. ਸੀ. ਟੀ. ਬਨਾਮ ਡੈਂਪੋ ਸਪੋਰਟਸ ਕਲੱਬ ਗੋਆ 'ਚ ਸ਼ਾਮ 4 ਵਜੇ ਮੈਚ ਖੇਡਿਆ ਜਾਵੇਗਾ।

ਐਨ. ਬੀ. ਏ. ਮਹਿੰਦਰਾ ਚੈਂਲੇਜ ਬਾਸਕਿਟਬਾਲ ਲੀਗ

ਲੁਧਿਆਣਾ, 17 ਸਤੰਬਰ - ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਐਨ.ਬੀ.ਏ. ਮਹਿੰਦਰਾ ਚੈਲੇਜ਼ ਬਾਸਕਿਟਬਾਲ ਲੀਗ ਚੱਲ ਰਹੀ ਹੈ। ਇਸ ਦੇ 13ਵੇਂ ਗੇੜ ਦੇ ਮੈਚਾਂ ਵਿਚ ਸਰਕਾਰੀ ਕਾਲਜ ਲੁਧਿਆਣਾ ਦੇ ਮੁੰਡਿਆਂ ਅਤੇ ਕੁੜੀਆਂ ਦੇ ਵਰਗ ਵਿਚ ਚੜ੍ਹਤ ਰਹੀ। ਖੇਡੇ ਗਏ ਮੈਚਾਂ ਵਿਚ ਐਸ. ਸੀ. ਡੀ. ਸਰਕਾਰੀ ਕਾਲਜ ਲੁਧਿਆਣਾ ਨੇ ਅੰਮ੍ਰਿਤਸਰ ਬਾਸਕਿਟਬਾਲ ਕਲੱਬ ਨੂੰ ਮੁੰਡਿਆਂ ਦੇ ਵਰਗ ਵਿਚ 56-37 ਨਾਲ ਹਰਾਇਆ। ਜਦਕਿ ਕੁੜੀਆਂ ਦੇ ਵਰਗ ਵਿਚ ਸਰਕਾਰੀ ਕਾਲਜ ਲੁਧਿਆਣਾ ਨੇ ਅੰਮ੍ਰਿਤਸਰ ਅਕੈਡਮੀ ਨੂੰ 39-20 ਨਾਲ, ਮਾਤ ਦਿੱਤੀ। ਜੇਤੂ ਟੀਮ ਵਲੋਂ ਮਨਮੀਤ ਕੌਰ ਨੇ 12 ਅੰਕਾਂ ਦਾ ਜੇਤੂ ਯੋਗਦਾਨ ਦਿੱਤਾ। ਦੂਜੇ ਮੈਚ ਵਿਚ ਗੌਰਮਿੰਟ ਕਾਲਜ ਕਲੱਬ ਨੇ ਸੰਗਰੂਰ ਨੂੰ 44-37 ਨਾਲ ਹਰਾਇਆ। ਜੇਤੂ ਟੀਮ ਵਲੋਂ ਸਮਨਪ੍ਰੀਤ ਅਤੇ ਰਮਨ ਨੇ 10-10 ਅੰਕਾਂ ਦਾ ਯੋਗਦਾਨ ਦਿੱਤਾ। ਪਿਛਲੇ ਮੈਚ ਵਿਚ ਬੀ. ਬੀ. ਕੇ. ਡੀ. ਏ. ਵੀ. ਕਾਲਜ ਨੇ ਪੋਲੋ ਸੈਂਟਰ ਪਟਿਆਲਾ ਨੂੰ 23-13 ਨਾਲ ਹਰਾਇਆ। ਜਲੰਧਰ ਹੂਪਰ ਨੇ ਜਿੰਮਖਾਨਾ ਕਲੱਬ ਨੂੰ 40-32 ਨਾਲ ਮਾਤ ਦਿੱਤੀ। ਮੁੰਡਿਆਂ ਦੇ ਵਰਗ ਵਿਚ ਲੁਧਿਆਣਾ ਬਾਸਕਿਟਬਾਲ ਅਕੈਡਮੀ ਨੇ ਸਪੋਰਟਸ ਕਲੱਬ ਚੰਡੀਗੜ੍ਹ ਨੂੰ 52-42 ਨਾਲ, ਕੋਟਕਪੁਰਾ ਨੇ ਗੁਰੂ ਗੋਬਿੰਦ ਸਿੰਘ ਕਲੱਬ ਨੂੰ 39-34 ਨਾਲ ਹਰਾਇਆ। ਪੀ. ਏ. ਯੂ. ਕਲੱਬ ਲੁਧਿਆਣਾ ਨੇ ਆਰਮੀ ਇਲੈਵਨ ਨੂੰ 45-37 ਨਾਲ ਮਾਤ ਦਿੱਤੀ।

ਹਾਕੀ ਵੇਖੋ-ਨੈਨੋ ਜਿੱਤੋ

ਜਲੰਧਰ, 17 ਸਤੰਬਰ - 16 ਤੋਂ 23 ਅਕਤੂਬਰ ਤੱਕ 27ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਮੈਚਾਂ ਦੌਰਾਨ ਜਿਥੇ ਜਿੱਤਣ ਵਾਲੀਆਂ ਟੀਮਾਂ ਨੂੰ ਲੱਖਾਂ ਰੁਪਏ ਦੇ ਨਕਦ ਇਨਾਮ ਦਿੱਤੇ ਜਾਣੇ ਹਨ, ਉਥੇ ਹਾਕੀ ਖੇਡ ਪ੍ਰਤੀ ਦਰਸ਼ਕਾਂ ਵਿਚ ਮੋਹ ਵਧਾਉਣ ਲਈ ਇਸ ਵਾਰ ਬਤੌਰ ਇਨਾਮ ਨੈਨੋ ਕਾਰ ਦਿੱਤੀ ਜਾਵੇਗੀ। 'ਹਾਕੀ ਵੇਖੋ-ਨੈਨੋ ਜਿੱਤੋ' ਪ੍ਰੋਗਰਾਮ ਤਹਿਤ ਪੰਜਾਬ ਦੇ ਸਥਾਨਕ ਸਰਕਾਰ, ਉਦਯੋਗ ਅਤੇ ਵਣਜ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਸੁਰਜੀਤ ਹਾਕੀ ਟੂਰਨਾਮੈਂਟ ਦੇ ਦਰਸ਼ਕਾਂ ਨੂੰ ਦਿੱਤੀ ਜਾਣ ਵਾਲੀ ਨੈਨੋ ਕਾਰ ਦੀ ਘੁੰਢ ਚੁਕਾਈ ਦੀ ਰਸਮ 18 ਸਤੰਬਰ ਨੂੰ ਸਵੇਰੇ 9.00 ਵਜੇ ਪੰਜਾਬ ਪ੍ਰੈੱਸ ਕਲੱਬ, ਕਲਾਕ ਟਾਵਰ, ਕੰਪਨੀ ਬਾਗ ਜਲੰਧਰ ਵਿਖੇ ਅਦਾ ਕਰਨਗੇ।

ਭਾਰਤੀ ਮਹਿਲਾ ਹਾਕੀ ਟੀਮ ਫਿਰ ਜੁੜੀ ਅਭਿਆਸ ਲਈ

ਪਟਿਆਲਾ, 17 ਸਤੰਬਰ - ਭਾਰਤੀ ਮਹਿਲਾ ਹਾਕੀ ਟੀਮ ਜੋ ਕਿ ਹੁਣੇ ਜਿਹੇ ਵਿਸ਼ਵ ਕੱਪ ਵਿਚ ਨੌਵੇਂ ਸਥਾਨ 'ਤੇ ਰਹੀ ਹੈ, ਉਸ ਟੀਮ 'ਚੋਂ 32 ਖਿਡਾਰਨਾਂ 'ਚੋਂ 25 ਖਿਡਾਰਨਾਂ ਨੇ ਐਨ.ਆਈ.ਐਸ. ਵਿਖੇ 23 ਸਤੰਬਰ ਤੱਕ ਲੱਗਣ ਵਾਲੇ ਕੈਂਪ ਵਿਚ ਰਾਸ਼ਟਰਮੰਡਲ ਖੇਡਾਂ ਲਈ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕੋਚ ਸੰਦੀਪ ਕੌਰ ਤੇ ਪ੍ਰੀਤਮ ਠਾਕੁਰ ਨੇ ਇਸ ਟੀਮ ਦੀ ਕਮਾਂਡ ਸੰਭਾਲ ਲਈ ਹੈ, ਕਿਉਂਕਿ ਮੁੱਖ ਕੋਚ ਸੰਦੀਪ ਸੁਮੇਸ਼ ਤੇ ਗੋਲ ਕੀਪਿੰਗ ਕੋਚ ਖਾਲਿਦ ਮੋਦੀ ਬੰਗਲੋਰ ਆਪਣੇ ਘਰ ਗਏ ਹਨ। ਹਾਕੀ ਇੰਡੀਆ ਦੇ ਬੈਨਰ ਹੇਠ ਵਿਸ਼ਵ ਕੱਪ 'ਚੋਂ ਹਿੱਸਾ ਲੈ ਕੇ ਪਰਤੀ ਟੀਮ ਦੀ ਕਾਰਗੁਜ਼ਾਰੀ ਬਾਰੇ ਕੋਚ ਸੰਦੀਪ ਕੌਰ ਨੇ ਕਿਹਾ ਕਿ ਟੀਮ ਵਧੀਆ ਖੇਡੀ ਅਤੇ ਇਸ ਨੇ ਆਪਣੀ ਰੈਕਿੰਗ 12ਵੇਂ ਤੋਂ 9ਵੇਂ ਸਥਾਨ 'ਤੇ ਲਿਆਂਦੀ, ਪਰ ਇਸ ਵਿਚ ਹੋਰ ਵੀ ਸੁਧਾਰ ਦੀ ਗੁਜਾਇਸ਼ ਸੀ। ਵਿਸ਼ਵ ਕੱਪ 'ਚ ਸਖ਼ਤ ਮੁਕਾਬਲਿਆਂ ਦੌਰਾਨ ਉਨ੍ਹਾਂ ਨੂੰ ਅਹਿਸਾਸ ਹੋਇਆ ਟੀਮ 'ਚ ਇਕ-ਦੋ ਬਦਲਾਅ ਕਰਨ ਦੀ ਜ਼ਰੂਰਤ ਹੈ, ਪਰ ਅਜੇ ਇਹ ਸੰਭਵ ਨਹੀਂ ਹੈ, ਕਿਉਂਕਿ ਰਾਸ਼ਟਰ ਮੰਡਲ ਖੇਡਾਂ ਲਈ ਟੀਮ ਚੁਣੀ ਜਾ ਚੁੱਕੀ ਹੈ। ਏਸ਼ੀਅਨ ਖੇਡਾਂ ਲਈ ਟੀਮ 'ਚ ਜ਼ਰੂਰ ਕੁਝ ਬਦਲਾਅ ਕਰਨੇ ਪੈਣਗੇ।

ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਘੋੜ ਸਵਾਰੀ ਮੁਕਾਬਲੇ

ਫ਼ਤਹਿਗੜ੍ਹ ਸਾਹਿਬ, 17 ਸਤੰਬਰ - ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਘੋੜ ਸਵਾਰੀ ਮੁਕਾਬਲੇ ਫ਼ਤਹਿਗੜ੍ਹ ਸਾਹਿਬ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਸਟੇਡੀਅਮ ਵਿਚ ਚੱਲ ਰਹੇ ਹਨ। ਇਨ੍ਹਾਂ ਮੁਕਾਬਲਿਆਂ ਦੇ ਤੀਜੇ ਦਿਨ 12 ਸਾਲ ਦੇ ਘੋੜ ਸਵਾਰ ਗੁਰਸੋਭਾ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਤੋਂ ਇਲਾਵਾ ਦਿੱਲੀ ਹੌਰਸ ਸ਼ੋਅ ਵਿਚ ਮੱਲਾਂ ਮਾਰਨ ਵਾਲੇ ਬੱਚੇ ਤੱਜਸ ਢੀਂਗਰਾ, ਆਰਯਾ ਠਾਕੁਰ, ਸਥਵੀ ਅਸਥਾਨਾ ਅਤੇ ਸ਼ੌਰਯਾ ਬਾਲੀ ਵੀ ਫ਼ਤਹਿਗੜ੍ਹ ਸਾਹਿਬ ਵਿਖੇ ਹੋ ਰਹੇ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈ ਰਹੇ ਹਨ। ਦੂਜੇ ਪਾਸੇ ਭਾਰਤ ਦੀ ਟੈਂਟ-ਪੈਗਿੰਗ ਅਤੇ ਸ਼ੋਅ-ਜੰਪਿੰਗ ਟੀਮਾਂ ਦੇ ਕਪਤਾਨ ਮੇਜਰ ਕ੍ਰਿਸ਼ਨ ਯਾਦਵ ਨੇ ਵੀ ਆਪਣੀ ਘੋੜਸਵਾਰੀ ਕਲਾ ਦੇ ਜੌਹਰ ਵਿਖਾਏ। ਇਸ ਮੌਕੇ ਹੋਏ ਮੁਕਾਬਲਿਆਂ ਵਿਚ ਬੱਚਿਆਂ ਦੀ ਸ਼ੋਅ ਜੰਪਿੰਗ (ਨਾਰਮਲ) 'ਚੋਂ ਗੁਰਸੋਭਾ ਸਿੰਘ (ਹੈਰੀਟੇਜ ਇਕੁਐਸਟ੍ਰੀਅਨ ਸਪੋਰਟਸ ਅਕੈਡਮੀ, ਮੋਹਾਲੀ) ਦੇ ਘੋੜੇ 'ਅਰਚਲੀਜ਼' ਨੇ ਪਹਿਲਾ, ਗੁਰਸੋਭਾ ਸਿੰਘ (ਹੈਰੀਟੇਜ ਇਕੁਐਸਟ੍ਰੀਅਨ ਸਪੋਰਟਸ ਅਕੈਡਮੀ, ਮੋਹਾਲੀ) ਦੇ ਘੋੜੇ 'ਬਾਵਲਾ' ਨੇ ਦੂਜਾ, ਹਿਤੇਸ਼ ਖੱਟੜ (ਪੰਜਾਬ ਪਬਲਿਕ ਸਕੂਲ ਨਾਭਾ) ਦੇ ਘੋੜੇ 'ਥੰਡਰ' ਨੇ ਤੀਜਾ ਅਤੇ ਸ਼ਿਵ ਪ੍ਰਤਾਪ ਸਿੰਘ (ਪੰਜਾਬ ਪਬਲਿਕ ਸਕੂਲ ਨਾਭਾ) ਦੇ ਘੋੜਾ 'ਲਕ ਚਿਕ ਲਕ' ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਓਪਨ ਜੰਪਿੰਗ (ਨਾਰਮਲ) ਦੇ ਮੁਕਾਬਲਿਆਂ 'ਚੋਂ ਜਗਮਹਿੰਦਰ ਸਿੰਘ (ਬੀ. ਐਸ. ਐਫ., ਟੀਕਨਪੁਰ) ਦੇ ਘੋੜੇ 'ਸ਼ਿਵਾ' ਨੇ ਪਹਿਲਾ, ਮਹੇਸ਼ ਸਿੰਘ (ਆਰ. ਵੀ. ਸੀ, ਸਹਾਰਨਪੁਰ) ਦੇ ਘੋੜੇ 'ਮੈਜਿਕ' ਨੇ ਦੂਜਾ, ਅੰਗਦ ਸਹਿਲੋਤ (ਓ. ਆਰ. ਏ.) ਦੇ ਘੋੜੇ 'ਲਡਰੋਂ' ਨੇ ਤੀਜਾ ਅਤੇ ਵਿਕਰਮ ਸਿੰਘ (ਪੀ. ਏ. ਪੀ., ਜਲੰਧਰ) ਦੇ ਘੋੜਾ 'ਪ੍ਰਿਥਵੀ' ਨੇ ਚੌਥਾ ਸਥਾਨ ਹਾਸਲ ਕੀਤਾ। ਰਾਸ਼ਟਰੀ ਟੈਂਟ-ਪੈਗਿੰਗ ਮੁਕਾਬਲਿਆਂ (ਵਿਅਕਤੀਗਤ-ਨੇਜ਼ਾਬਾਜ਼ੀ) 'ਚੋਂ ਜਸਵਿੰਦਰ ਸਿੰਘ (ਬੀ. ਐਸ. ਐਫ.) ਦੇ ਘੋੜਾ 'ਕੰਚਨ' ਨੇ ਪਹਿਲਾ, ਨਰ ਸਿੰਘ (ਹਰਿਆਣਾ ਪੁਲਿਸ) ਦੇ ਘੋੜਾ 'ਰਣਜੀਤਾ' ਨੇ ਦੂਜਾ, ਯੰਗਬੀਰ ਸਿੰਘ (ਪੰਜਾਬ ਆਰਮਡ ਪੁਲਿਸ) ਦੇ ਘੋੜਾ 'ਮੇਘਦੂਤ' ਨੇ ਤੀਜਾ ਅਤੇ ਸੁਰੇਸ਼ ਕੁਮਾਰ (ਇੰਡੋ-ਤਿੱਬਤ ਬਾਰਡਰ ਪੁਲਿਸ) ਦੇ ਘੋੜਾ 'ਪ੍ਰਿਓ ਭੰਡਾਵੀ' ਨੇ ਚੌਥਾ ਸਥਾਨ ਅਤੇ ਰਾਸ਼ਟਰੀ ਟੈਂਟ-ਪੈਗਿੰਗ ਮੁਕਾਬਲੇ (ਵਿਅਕਤੀਗਤ-ਤਲਵਾਰਬਾਜ਼ੀ) 'ਚੋਂ ਨਰ ਸਿੰਘ (ਹਰਿਆਣਾ ਪੁਲਿਸ) ਦੇ ਘੋੜਾ 'ਰਣਜੀਤਾ' ਨੇ ਪਹਿਲਾ, ਕ੍ਰਿਸ਼ਨ ਯਾਦਵ (ਨੈਸ਼ਨਲ ਡਿਫੈਂਸ ਅਕੈਡਮੀ) ਦੇ ਘੋੜਾ 'ਤਾਸ਼ਾ' ਨੇ ਦੂਜਾ, ਦਿਨੇਸ਼ ਕੁਮਾਰ (ਹਰਿਆਣਾ ਪੁਲਿਸ) ਦੇ ਘੋੜਾ 'ਅਪੋਲੋ' ਨੇ ਤੀਜਾ ਅਤੇ ਜਸਵਿੰਦਰ ਸਿੰਘ (ਇੰਡੋ-ਤਿੱਬਤ ਬਾਰਡਰ ਪੁਲਿਸ) ਦੇ ਘੋੜਾ 'ਮਯੂਰ' ਨੇ ਚੌਥਾ ਸਥਾਨ ਪ੍ਰਾਪਤ ਕੀਤਾ।

18ਵੀਂ ਜੂਨੀਅਰ ਫੀਬਾ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਰਵਾਨਾ

ਲੁਧਿਆਣਾ, 16 ਸਤੰਬਰ - 22 ਸਤੰਬਰ ਤੋਂ 1 ਅਕਤੂਬਰ ਤੱਕ ਯਮਨ 'ਚ 18ਵੀਂ ਜੂਨੀਅਰ ਫੀਬਾ ਚੈਂਪੀਅਨਸ਼ਿਪ ਅੰਡਰ 18 ਸਾਲ ਕਰਵਾਈ ਜਾ ਰਹੀ ਹੈ। ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ ਇਸ ਚੈਂਪੀਅਨਸ਼ਿਪ ਲਈ ਡੇਢ ਮਹੀਨਾ ਭਾਰਤੀ ਟੀਮ ਦਾ ਸਿਖਲਾਈ ਕੈਂਪ ਲਗਾਇਆ ਗਿਆ ਸੀ। ਪੰਜਾਬ ਬਾਸਕਿਟਬਾਲ ਸੰਘ ਦੇ ਅਹੁਦੇਦਾਰਾਂ ਨੇ ਭਾਰਤੀ ਟੀਮ ਨੂੰ ਇਸ ਚੈਂਪੀਅਨਸ਼ਿਪ ਲਈ ਯਮਨ ਵੱਲ ਰਵਾਨਾ ਕਰ ਦਿੱਤਾ ਹੈ। ਭਾਰਤੀ ਟੀਮ ਬੰਗਲੋਰ ਵਿਖੇ ਸੀਨੀਅਰ ਭਾਰਤੀ ਟੀਮ ਨਾਲ ਇੱਕ ਦੋ ਅਭਿਆਸ ਮੈਚ ਖੇਡੇਗੀ। ਇਸ ਚੁਣੀ ਗਈ ਭਾਰਤੀ ਟੀਮ ਵਿੱਚ ਪੰਜਾਬ ਦੇ 3 ਖਿਡਾਰੀ ਚੁਣੇ ਗਏ ਹਨ। ਜਿਨ੍ਹਾਂ 'ਚ ਰਾਜਨ ਸ਼ਰਮਾ, ਜਸਕਰਨ ਸਿੰਘ ਅਤੇ ਅਮਜੋਤ ਸਿੰਘ ਸ਼ਾਮਿਲ ਹਨ।

ਵਿਸ਼ਵ ਯੂਨੀਵਰਸਿਟੀ ਤੀਰ ਅੰਦਾਜ਼ੀ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੀ ਭਾਰਤੀ ਟੀਮ

ਪਟਿਆਲਾ, 15 ਸਤੰਬਰ - ਵਿਸ਼ਵ ਯੂਨੀਵਰਸਿਟੀ ਤੀਰ ਅੰਦਾਜ਼ੀ ਚੈਂਪੀਅਨਸ਼ਿਪ 23 ਤੋਂ 26 ਸਤੰਬਰ ਤੱਕ ਚੀਨ ਦੇ ਸ਼ਹਿਰ ਸ਼ੰਘਾਈ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਭਾਰਤੀ ਯੂਨੀਵਰਸਿਟੀ ਦੀ 12 ਮੈਂਬਰੀ ਟੀਮ ਦੀ ਚੋਣ ਕੀਤੀ ਗਈ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੱਲ ਰਹੇ ਕੈਂਪ ਦੌਰਾਨ ਟੀਮ ਦੀ ਚੋਣ ਕੀਤੀ ਗਈ। ਇਸ ਟੀਮ ਦੇ ਕੰਪਾਊਂਡ ਵਰਗ 'ਚ ਅਭਿਸ਼ੇਕ ਵਰਮਾ ਦਿੱਲੀ ਯੂਨੀਵਰਸਿਟੀ, ਅਮਰਿੰਦਰ ਸਿੰਘ ਡੱਡੇਆਣਾ ਪੰਜਾਬੀ ਯੂਨੀਵਰਸਿਟੀ ਤੇ ਸੁਖਵੀਰ ਸਿੰਘ ਪੰਜਾਬੀ ਯੂਨੀਵਰਸਿਟੀ, ਲੜਕੀਆਂ ਦੇ ਵਰਗ 'ਚ ਅੰਜਲੀ ਕੁਮਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਸੁਨੀਤਾ ਰਾਣੀ ਤੇ ਗਗਨਜੋਤ ਕੌਰ ਦੋਨੋਂ ਪੰਜਾਬੀ ਯੂਨੀਵਰਸਿਟੀ, ਪੁਰਸ਼ਾਂ ਦੇ ਰਿਕਰਵ 'ਚ ਗੁਰਪ੍ਰਤਾਪ ਸਿੰਘ ਤੇ ਪਰਵਿੰਦਰ ਸਿੰਘ ਦੋਵੇਂ ਪੰਜਾਬੀ ਯੂਨੀਵਰਸਿਟੀ ਤੇ ਹਰਦੀਪ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਲੜਕੀਆਂ ਦੇ ਵਰਗ 'ਚ ਤਾਰਿਕਾ ਰਾਜਸਥਾਨ, ਅਮਨਦੀਪ ਕੌਰ ਤੇ ਨਿਸ਼ਾ ਤੋਮਰ ਪੰਜਾਬੀ ਯੂਨੀਵਰਸਿਟੀ ਸ਼ਾਮਿਲ ਹਨ।

ਪਾਕਿਸਤਾਨੀ ਸੀਨੀਅਰ ਵਾਲੀਬਾਲ ਟੀਮ ਭਾਰਤ ਆਈ

ਅਟਾਰੀ ਸਰਹੱਦ, 15 ਸਤੰਬਰ - ਤੀਜੀ ਏਸ਼ੀਅਨ ਸੈਂਟਰਲ ਵਾਲੀਬਾਲ ਚੈਂਪੀਅਨਸ਼ਿਪ ਪੁਰਸ਼ ਜੋ ਕਿ ਭਾਰਤ 'ਚ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਲਈ ਪਾਕਿਸਤਾਨ ਦੀ ਸੀਨੀਅਰ ਵਾਲੀਬਾਲ ਟੀਮ ਅਟਾਰੀ ਵਾਹਗਾ ਸਰਹੱਦ ਰਸਤੇ ਰਾਹੀਂ ਭਾਰਤ ਆਈ। ਪਾਕਿਸਤਾਨੀ ਸੀਨੀਅਰ ਵਾਲੀਬਾਲ ਟੀਮ ਦੇ ਕਪਤਾਨ ਹਸਨ ਮਜ਼ਹਰ ਹੂਸੈਨ ਅਤੇ ਟੀਮ ਮੈਨੇਜ਼ਰ ਫਾਰੂਕ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠਲੀ ਪਾਕਿਸਤਾਨੀ ਸੀਨੀਅਰ ਵਾਲੀਬਾਲ ਟੀਮ ਦੇ 12 ਖਿਡਾਰੀ ਕਲਕੱਤਾ ਵਿਖੇ 16 ਤੋਂ 20 ਸਤੰਬਰ ਤੱਕ ਹੋਣ ਜਾ ਰਹੀ ਚਾਰ ਦੇਸ਼ਾਂ ਦੀ ਏਸ਼ੀਅਨ ਵਾਲੀਬਾਲ ਚੈਪੀਅਨਸ਼ਿੱਪ ਵਿਚ ਸ਼ਿਰਕਤ ਕਰਨ ਲਈ ਆਏ ਹਨ। ਇਸ ਚੈਂਪੀਅਨਸ਼ਿਪ ਵਿਚ ਭਾਰਤ ਪਾਕਿਸਤਾਨ ਤੋਂ ਇਲਾਵਾ ਉਜਬੇਕਿਸਤਾਨ, ਏਰਾਨ ਦੀਆ ਵਾਲੀਬਾਲ ਟੀਮਾਂ ਸ਼ਿਰਕਤ ਕਰਨਗੀਆ।

ਸਵੱਦੀ ਕਲਾਂ 'ਚ ਕਬੱਡੀ ਟੂਰਨਾਮੈਂਟ 24 ਤੋਂ 26 ਤੱਕ

ਮੁੱਲਾਂਪੁਰ ਦਾਖਾ, 15 ਸਤੰਬਰ - ਸਾਲਾਨਾ ਕਬੱਡੀ ਟੂਰਨਾਮੈਂਟ 24 ਤੋਂ 26 ਸਤੰਬਰ ਤੱਕ ਸਵੱਦੀ ਕਲਾਂ 'ਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕਬੱਡੀ ਓਪਨ ਪਿੰਡ ਵਾਰ, ਕਬੱਡੀ ਵਜ਼ਨੀ 70, 62, 57 ਕਿਲੋ ਭਾਰ ਮੁਕਾਬਲੇ ਦਰਸ਼ਕਾਂ ਦੀ ਖਿੱਚ ਹੋਣਗੇ। ਕਬੱਡੀ ਓਪਨ ਤੋਂ ਲੈ ਕੇ ਹਰ ਕਬੱਡੀ ਮੁਕਾਬਲੇ ਵਿਚ 2 ਖਿਡਾਰੀਆਂ ਨੂੰ ਬਾਹਰੋਂ ਖੇਡਣ ਦੀ ਆਗਿਆ ਹੋਵੇਗੀ। ਕਬੱਡੀ ਓਪਨ ਦੇ ਵਧੀਆ ਜਾਫ਼ੀ, ਧਾਵੀ ਨੂੰ ਕ੍ਰਮਵਾਰ 71-71 ਸੌ ਰੁਪਏ ਵੱਖਰਾ ਇਨਾਮ ਹੋਵੇਗਾ।

ਅੜੈਚਾਂ ਦਾ ਤਿੰਨ ਰੋਜ਼ਾ ਕਬੱਡੀ ਖੇਡ ਮੇਲਾ 17 ਤੋਂ

ਦੋਰਾਹਾ, 15 ਸਤੰਬਰ - ਤਿੰਨ ਰੋਜ਼ਾ ਕਬੱਡੀ ਖੇਡ ਮੇਲਾ 17 ਤੋਂ 19 ਸਤੰਬਰ ਤੱਕ ਪਿੰਡ ਅੜੈਚਾਂ 'ਚ ਕਰਵਾਇਆ ਜਾ ਰਿਹਾ ਹੈ। ਖੇਡ ਮੇਲੇ ਦੇ ਪਹਿਲੇ ਦਿਨ 17 ਸਤੰਬਰ ਨੂੰ ਕਬੱਡੀ 42, 47 ਅਤੇ ਤਾਸ਼ ਸੀਪ ਦੇ ਮੁਕਾਬਲੇ ਕਰਵਾਏ ਜਾਣਗੇ। ਦੂਸਰੇ ਦਿਨ 18 ਸਤੰਬਰ ਨੂੰ ਕਬੱਡੀ 57, 65 ਅਤੇ 75 ਕਿਲੋ ਵਰਗ ਅਤੇ ਆਖਰੀ ਦਿਨ ਕਬੱਡੀ ਇੱਕ ਪਿੰਡ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ।

ਬੀਰਕਲਾਂ 'ਚ ਕਬੱਡੀ ਟੂਰਨਾਮੈਂਟ 27 ਤੋਂ

ਚੀਮਾ ਮੰਡੀ, 15 ਸਤੰਬਰ - 27 ਸਤੰਬਰ ਨੂੰ ਕਬੱਡੀ ਟੂਰਨਾਮੈਂਟ ਪਿੰਡ ਬੀਰਕਲਾਂ 'ਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਪੰਜਾਬ ਭਰ ਦੀਆਂ ਚੋਟੀ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਜਿਸ ਵਿਚ ਓਪਨ ਦੀ ਜੇਤੂ ਟੀਮ ਨੂੰ ਇਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।

ਯੂਨੀਵਰਸਿਟੀ ਦੇ ਭਾਰ ਤੋਲਣ ਮੁਕਾਬਲੇ 4 ਤੋਂ 12 ਅਕਤੂਬਰ ਤੱਕ

ਅੰਮ੍ਰਿਤਸਰ, 14 ਸਤੰਬਰ - ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੰਤਰ-ਕਾਲਜ ਵੇਟ ਲਿਫਟਿੰਗ (ਇਸਤਰੀਆਂ) ਮੁਕਾਬਲੇ 4 ਅਕਤੂਬਰ ਅਤੇ ਪਾਵਰ ਲਿਫਟਿੰਗ (ਇਸਤਰੀਆਂ) ਮੁਕਾਬਲੇ 5 ਅਕਤੂਬਰ ਨੂੰ ਡੀ. ਏ. ਵੀ. ਕਾਲਜ ਦੇ ਸ਼ਾਸਤਰੀ ਨਗਰ ਖੇਡ ਮੈਦਾਨ ਵਿਖੇ ਅੰਮ੍ਰਿਤਸਰ ਵਿਚ ਹੋਣਗੇ ਜਦਕਿ ਇਸੇ ਕਾਲਜ ਵਿਚ ਪੁਰਸ਼ਾਂ ਦੇ ਵੇਟ ਲਿਫਟਿੰਗ ਮੁਕਾਬਲੇ 7 ਅਤੇ 8 ਅਕਤੂਬਰ ਨੂੰ ਅਤੇ ਪਾਵਰ ਲਿਫਟਿੰਗ ਮੁਕਾਬਲੇ 11 ਅਤੇ 12 ਅਕਤੂਬਰ ਨੂੰ ਕਰਵਾਏ ਜਾਣਗੇ।

ਜਿਮਨਾਸਟਿਕਸ, ਮਲਖੰਭ ਟੀਮ ਦੀ ਚੋਣ ਲਈ ਮੁਕਾਬਲੇ ਪਹਿਲੀ ਨੂੰ

ਅੰਮ੍ਰਿਤਸਰ, 14 ਸਤੰਬਰ - ਅੰਮ੍ਰਿਤਸਰ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਜਿਮਨਾਸਟਿਕਸ, ਮਲਖੰਭ (ਪੁਰਸ਼ ਤੇ ਇਸਤਰੀਆਂ) ਦੀ ਟੀਮ ਦੀ ਚੋਣ 1 ਅਕਤੂਬਰ ਨੂੰ ਯੂਨੀਵਰਸਿਟੀ ਕੈਂਪਸ ਵਿਖੇ ਸਵੇਰੇ 10 ਵਜੇ ਹੋਵੇਗੀ। ਖਿਡਾਰੀਆਂ ਦਾ ਕੋਚਿੰਗ ਕੈਂਪ ਪਹਿਲੀ ਅਕਤੂਬਰ ਨੂੰ ਸ਼ਾਮ ਤੋਂ ਸ਼ੁਰੂ ਹੋਵੇਗਾ।

ਪਿੰਡ ਭੌਰਲਾ ਦਾ ਤਿੰਨ ਰੋਜ਼ਾ ਟੂਰਨਾਮੈਂਟ 18 ਤੋਂ

ਸਮਰਾਲਾ, 14 ਸਤੰਬਰ - 18 ਸਤੰਬਰ ਨੂੰ 66ਵਾਂ ਤਿੰਨ ਰੋਜ਼ਾ ਖੇਡ ਮੇਲਾ ਪਿੰਡ ਭੌਰਲਾ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਚ ਕਬੱਡੀ 28, 32, 37, 42, 47, 57, 62 ਕਿੱਲੋ ਅਤੇ ਇੱਕ ਪਿੰਡ ਕਲੱਬ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਕਬੂਤਰਾਂ ਦੀ ਉਡਾਣ, ਵਾਲੀਬਾਲ ਦੇ ਮੁਕਾਬਲੇ ਹੋਣਗੇ। ਕਬੱਡੀ ਕਲੱਬ ਦੇ ਪਹਿਲੇ ਸਥਾਨ ਦੀ ਟੀਮ ਨੂੰ 31 ਹਜ਼ਾਰ ਰੁਪਏ ਤੇ ਦੂਜੇ ਸਥਾਨ ਦੀ ਟੀਮ ਨੂੰ 21 ਹਜ਼ਾਰ ਰੁਪਏ ਬੰਤ ਸਿੰਘ ਕੈਨੇਡਾ ਬਗਲੀ ਖ਼ੁਰਦ ਵੱਲੋਂ ਇਨਾਮ ਵਜੋਂ ਦਿੱਤੇ ਜਾਣਗੇ।

ਅੰਮ੍ਰਿਤਸਰ ਦੀਆਂ ਦੋ ਵਿਦਿਆਰਥਣਾਂ ਨੇ ਕੀਤਾ ਪੰਜਾਬ ਦਾ ਨਾਮ ਰੌਸ਼ਨ

ਅੰਮ੍ਰਿਤਸਰ, 13 ਸਤੰਬਰ - ਆਂਧਰਾ ਪ੍ਰਦੇਸ਼ ਦੇ ਸ਼ਹਿਰ ਗੁੰਟੂਰ 'ਚ 22ਵੀਂ ਰਾਸ਼ਟਰੀ ਅੰਤਰ ਜ਼ੋਨ ਐਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ. ਰੋਡ ਅੰਮ੍ਰਿਤਸਰ ਦੀਆਂ ਦੋ ਵਿਦਿਆਰਥਣਾਂ ਨਵਜੀਤ ਕੌਰ ਅਤੇ ਹਰਮਨਦੀਪ ਕੌਰ ਨੇ ਡਿਸਕਟ ਥਰੋਅ ਅਤੇ ਸ਼ਾਟਪੁੱਟ ਮੁਕਾਬਲਿਆਂ ਵਿਚ ਕ੍ਰਮਵਾਰ ਸੋਨੇ ਤੇ ਚਾਂਦੀ ਦੇ ਤਗਮੇ ਜਿੱਤੇ ਹਨ। ਡਿਸਕਸ ਥਰੋਅ ਦੇ (ਅੰਡਰ-16) ਮੁਕਾਬਲੇ ਵਿੱਚ ਨਵਜੀਤ ਕੌਰ ਨੇ 39.65 ਮੀਟਰ ਦੀ ਦੂਰੀ ਦਾ ਥਰੋਅ ਲਗਾ ਕੇ ਸੋਨ ਤਗਮਾ ਜਿੱਤਣ ਦੇ ਨਾਲ ਨਾਲ ਨਵਾਂ ਰਿਕਾਰਡ ਵੀ ਕਾਇਮ ਕੀਤਾ ਹੈ। ਹਰਮਨਦੀਪ ਕੌਰ ਨੇ ਵੀ (ਅੰਡਰ-18) ਦੇ ਸ਼ਾਟ-ਪੁੱਟ ਦੇ ਮੁਕਾਬਲੇ ਵਿੱਚ 10.96 ਮੀਟਰ 'ਤੇ ਨਿਸ਼ਾਨਾ ਲਗਾ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਨਵਜੀਤ ਕੌਰ ਨੇ ਇਸ ਤੋਂ ਪਹਿਲਾਂ ਬੀਤੇ ਮਹੀਨੇ ਅਗਸਤ 'ਚ ਸੰਗਰੂਰ ਵਿਖੇ ਕਰਵਾਈ ਓਪਨ ਪੰਜਾਬ ਐਥਲੈਟਿਕਸ ਮੀਟ-2010 ਵਿੱਚ ਡਿਸਕਸ ਥਰੋਅ ਵਿੱਚ ਪਹਿਲਾ ਸਥਾਨ ਅਤੇ ਹਰਮਨਦੀਪ ਕੌਰ ਨੇ ਸ਼ਾਟ-ਪੁੱਟ ਦੇ ਮੁਕਾਬਲਿਆਂ 'ਚ ਦੂਜਾ ਸਥਾਨ ਹਾਸਲ ਕਰਨ ਤੋਂ ਇਲਾਵਾ ਬੀਤੀ 21 ਅਗਸਤ ਤੋਂ 24 ਅਗਸਤ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ ਓਪਨ ਨਾਰਥ ਜ਼ੋਨ ਐਥਲੈਟਿਕਸ ਮੀਟ ਵਿੱਚ ਵੀ ਨਵਜੀਤ ਕੌਰ ਨੇ ਡਿਸਕਸ ਥਰੋਅ ਵਿੱਚ ਪਹਿਲਾ ਅਤੇ ਸ਼ਾਟ ਪੁਟ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ, ਜਦਕਿ ਹਰਮਨਦੀਪ ਕੌਰ ਨੇ ਸ਼ਾਟ-ਪੁੱਟ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕੀਤਾ।

ਦੇਸ਼ ਦੇ ਪਹਿਲੇ ਪਹਿਲਵਾਨ ਦਾ ਖਿਤਾਬ ਸੁਸ਼ੀਲ ਦੇ ਨਾਮ

ਨਵੀਂ ਦਿੱਲੀ, 13 ਸਤੰਬਰ - ਮਾਸਕੋ 'ਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿਚ ਪਹਿਲਵਾਨ ਸੁਸ਼ੀਲ ਕੁਮਾਰ ਨੇ ਸੋਨ ਤਗਮਾ ਜਿੱਤ ਦੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਉਸ ਨੂੰ ਵਧਾਈ ਦਿੱਤੀ। ਸੁਸ਼ੀਲ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਣ ਵਾਲਾ ਦੇਸ਼ ਦਾ ਪਹਿਲਾ ਪਹਿਲਵਾਨ ਹੈ। ਬੀਜਿੰਗ ਉਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਸੁਸ਼ੀਲ ਨੇ ਰੂਸ ਦੇ ਪਹਿਲਵਾਨ ਗੋਗਾਯੇਵ ਨੂੰ ਹਰਾ ਕੇ 66 ਕਿਲੋਗ੍ਰਾਮ ਵਰਗ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਰੇਲ ਮੰਤਰੀ ਮਮਤਾ ਬੈਨਰਜ਼ੀ ਨੇ ਪਹਿਲਵਾਨ ਸੁਸ਼ੀਲ ਕੁਮਾਰ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਰੇਲ ਮੰਤਰੀ ਨੇ ਸੁਸ਼ੀਲ ਦੀ ਇਸ ਸਫਲਤਾ ਨੂੰ 'ਰੇਲ ਪਰਿਵਾਰ' ਦੀ ਜਿੱਤ ਕਰਾਰ ਦਿੱਤਾ ਕਿਉਂਕਿ ਸੁਸ਼ੀਲ ਕੁਮਾਰ ਭਾਰਤੀ ਰੇਲਵੇ ਦਾ ਮੁਲਾਜ਼ਮ ਹੈ।

ਕੌਮੀ ਜੂਨੀਅਰ ਹਾਕੀ ਚੈਂਪੀਅਨਸ਼ਿਪ 20 ਦੀ ਥਾਂ 25 ਨੂੰ

ਪਟਿਆਲਾ, 13 ਸਤੰਬਰ - ਕੌਮੀ ਜੂਨੀਅਰ ਹਾਕੀ ਚੈਂਪੀਅਨਸ਼ਿਪ (ਪੁਰਸ਼ ਤੇ ਮਹਿਲਾ) ਜੋ ਕਿ 20 ਤੋਂ 30 ਸਤੰਬਰ ਤੱਕ ਕਰਵਾਈ ਜਾਣੀ ਸੀ ਉਹ ਹੁਣ ਇਹ 25 ਸਤੰਬਰ ਤੋਂ 6 ਅਕਤੂਬਰ ਤੱਕ ਪੂਣੇ ਵਿਖੇ ਕਰਵਾਈ ਜਾਵੇਗੀ। ਇਸ ਚੈਂਪੀਅਨਸ਼ਿਪ ਦੌਰਾਨ ਦੋਵੇਂ ਵਰਗਾਂ ਦੀਆਂ ਕੌਮੀ ਟੀਮਾਂ ਲਈ ਸੰਭਾਵਿਤ ਖਿਡਾਰੀਆਂ ਤੇ ਖਿਡਾਰਨਾਂ ਦੀ ਚੋਣ ਵੀ ਕੀਤੀ ਜਾਵੇਗੀ।

ਕਬੱਡੀ ਅਕੈਡਮੀ ਦੇ ਟਰਾਇਲ 15 ਸਤੰਬਰ ਤੋਂ

ਹੁਸ਼ਿਆਰਪੁਰ, 13 ਸਤੰਬਰ - ਜ਼ਿਲ੍ਹਾ ਹੁਸ਼ਿਆਰਪੁਰ ਦੇ ਖੇਡ ਸਟੇਡੀਅਮ ਵਿਚ ਸਵੇਰੇ 10 ਵਜੇ 15 ਸਤੰਬਰ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਬੱਡੀ ਅਕੈਡਮੀ ਹੁਸ਼ਿਆਰਪੁਰ ਦੇ ਖਿਡਾਰੀਆਂ ਦੀ ਚੋਣ ਲਈ ਟਰਾਈਲ ਕਰਵਾਏ ਜਾ ਰਹੇ ਹਨ। ਇਸ ਮੌਕੇ 70 ਕਿਲੋ ਵਰਗ ਅਤੇ ਓਪਨ ਪੱਧਰ ਦੇ ਖਿਡਾਰੀਆਂ ਦੇ ਟਰਾਇਲ ਲਏ ਜਾਣਗੇ।

ਐਨ.ਬੀ.ਏ. ਮਹਿੰਦਰਾ ਚੈਲੇਜ਼ ਬਾਸਕਿਟਬਾਲ ਲੀਗ

ਲੁਧਿਆਣਾ, 13 ਸਤੰਬਰ - ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਐਨ.ਬੀ.ਏ. ਮਹਿੰਦਰਾ ਚੈਲੇਜ਼ ਬਾਸਕਿਟਬਾਲ ਲੀਗ ਚੱਲ ਰਹੀ ਹੈ। ਇਸ ਲੀਗ ਦੇ 12ਵੇਂ ਗੇੜ ਦੇ ਮੈਚਾਂ ਵਿਚ ਮੁੰਡਿਆਂ 'ਚ ਜਲੰਧਰ ਹੂਪਰਜ਼, ਪਟਿਆਲਾ, ਲੁਧਿਆਣਾ ਅਤੇ ਕੁੜੀਆਂ ਵਿਚ ਟੋਰਾਂਟੋ ਅਕੈਡਮੀ ਤੇ ਕਪੂਰਥਲਾ ਜੇਤੂ ਰਹੇ। ਮੈਚਾਂ ਵਿਚ ਮਰਦਾਂ ਵਿਚ ਜਲੰਧਰ ਹੂਪਰ ਨੇ ਗੁਰੂ ਗੋਬਿੰਦ ਸਿੰਘ ਕਲੱਬ ਮੋਗਾ ਨੂੰ 71-47 ਨਾਲ, ਪੋਲੋ ਗਰਾਊਂਡ ਕਲੱਬ ਪਟਿਆਲਾ ਨੇ ਪੀ. ਏ. ਯੂ. ਕਲੱਬ ਲੁਧਿਆਣਾ ਨੂੰ 75-60 ਨਾਲ, ਸਤੀਸ਼ ਚੰਦਰ ਸਰਕਾਰੀ ਕਾਲਜ ਲੁਧਿਆਣਾ ਨੇ ਜਿੰਮਖਾਨਾ ਲੁਧਿਆਣਾ ਨੂੰ 58-57 ਨਾਲ ਹਰਾਇਆ। ਜਦਕਿ ਕੁੜੀਆਂ ਦੇ ਜੂਨੀਅਰ ਵਰਗ ਵਿਚ ਟੋਰਾਂਟੋ ਬਾਸਕਿਟਬਾਲ ਅਕੈਡਮੀ ਜਲੰਧਰ ਨੇ ਪੋਲੋ ਸੈਂਟਰ ਪਟਿਆਲਾ ਨੂੰ 50-27 ਨਾਲ, ਹਿੰਦੂ ਕੰਨਿਆ ਕਾਲਜ ਕਪੂਰਥਾਲਾ ਨੇ ਸਰਕਾਰੀ ਕਾਲਜ ਲੁਧਿਆਣਾ ਨੂੰ 59-38 ਨਾਲ, ਬੀ. ਬੀ. ਕੇ. ਕਾਲਜ ਨੇ ਸੰਗਰੂਰ ਨੂੰ 40-30 ਨਾਲ ਹਰਾਇਆ। ਯੂਥ ਵਰਗ ਮੁੰਡਿਆਂ ਵਿਚ ਨਵ ਭਾਰਤੀ ਸਕੂਲ ਨੇ ਸ਼ਹੀਦ ਮੇਜਰ ਕੁਲਦੀਪ ਸਿੰਘ ਕਲੱਬ ਸੂਜਾਪੁਰ ਨੂੰ 51-32 ਨਾਲ, ਬੀ. ਸੀ. ਐਮ. ਸਕੂਲ ਸ਼ਾਸਤਰੀ ਨਗਰ ਨੇ ਗੁਰਦਿਆਲ ਸਿੰਘ ਗੁੜੇ ਕਲੱਬ ਨੂੰ 25-18 ਨਾਲ, ਸਰਕਾਰੀ ਕਾਲਜ ਲੁਧਿਆਣਾ ਨੇ ਪਬਲਿਕ ਸਕੂਲ ਲੁਧਿਆਣਾ ਨੂੰ 38-25 ਨਾਲ, ਸੰਗਰੂਰ ਕਲੱਬ ਨੇ ਸਰਕਾਰੀ ਕਾਲਜ ਪੀ. ਏ. ਯੂ. ਲੁਧਿ: 38-14 ਨਾਲ, ਕੁੰਦਨ ਵਿੱਦਿਆ ਮੰਦਿਰ ਸਕੂਲ ਲੁਧਿ: ਨੇ ਦੋਰਾਹਾ ਪਬਲਿਕ ਸਕੂਲ ਨੂੰ 45-17 ਨਾਲ, ਡੀ. ਏ. ਵੀ. ਅੰਮ੍ਰਿਤਸਰ ਨੇ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਲੁਧਿ: ਨੂੰ 30-24 ਨਾਲ, ਪੋਲੋ ਸੈਂਟਰ ਪਟਿਆਲਾ ਨੇ ਗੁਰੂ ਹਰਗੋਬਿੰਦ ਸਿੰਘ ਸਕੂਲ ਅੰਮ੍ਰਿਤਸਰ ਨੂੰ 31-23 ਨਾਲ ਹਰਾਇਆ।

ਮਹਿਲਾ ਹਾਕੀ ਵਿਸ਼ਵ ਕੱਪ ਅਰਜਨਟੀਨਾ ਦੇ ਨਾਮ

ਰੋਜ਼ਾਰੀਓ, 12 ਸਤੰਬਰ - ਮਹਿਲਾ ਹਾਕੀ ਵਿਸ਼ਵ ਕੱਪ ਅਰਜਨਟੀਨਾ 'ਚ ਚੱਲ ਰਿਹਾ ਹੈ। ਇਸ ਵਿਚ ਹਾਲੈਂਡ ਅਰਜਨਟੀਨਾ ਹੱਥੋਂ 3-1 ਨਾਲ ਹਾਰ ਗਿਆ ਹੈ। ਅਰਜਨਟੀਨਾ ਇਸ ਤੋਂ ਪਹਿਲਾਂ 2002 'ਚ ਆਸਟ੍ਰੇਲੀਆ ਦੇ ਪਰਥ 'ਚ ਵੀ ਵਿਸ਼ਵ ਕੱਪ ਜਿੱਤਣ ਵਿੱਚ ਸਫਲ ਰਿਹਾ ਸੀ। ਇਹ ਮੈਚ ਅਰਜਨਟੀਨਾ ਦੀ ਸਟਾਰ ਖਿਡਾਰਨ ਲੁਸੀਆਨਾ ਏਮਰ ਦੇ ਲਈ ਵੀ ਖਾਸ ਸੀ ਜੋ ਅਰਜਨਟੀਨਾ ਵੱਲੋਂ 300ਵੀਂ ਵਾਰ ਮੈਦਾਨ 'ਚ ਉਤਰੀ। ਦੂਸਰੇ ਪਾਸੇ ਹਾਲੈਂਡ ਦੀ ਕਪਤਾਨ ਜੇਨੇਕੇ ਸ਼ਾਪਮੈਨ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ। ਕਾਰਲਾ ਰੇਬੇਟੀ ਨੇ ਤੀਸਰੇ ਹੀ ਮਿੰਟ 'ਚ ਅਰਜਨਟੀਨਾ ਨੂੰ ਬੜ੍ਹਤ ਦਿਵਾ ਦਿੱਤੀ ਜਦੋਂਕਿ ਨੋਏਲ ਬਾਰੀਓਨੇਵੂ ਨੇ ਚਾਰ ਮਿੰਟ ਬਾਅਦ ਹੀ ਅਰਜਨਟੀਨਾ ਦੇ ਪਹਿਲੈ ਪੈਨੇਲਟੀ ਕਾਰਨਰ ਨੂੰ ਗੋਲ 'ਚ ਬਦਲ ਕੇ ਟੀਮ ਦੀ ਬੜ੍ਹਤ ਨੂੰ ਦੋਗੁਣਾ ਕਰ ਦਿੱਤਾ।
ਵਿਸ਼ਵ ਕੱਪ 'ਚ ਭਾਰਤ ਦੀ ਟੀਮ 9ਵੇਂ ਸਥਾਨ 'ਤੇ ਰਹੀ ਪਰ ਰਾਮੀ ਰਾਮਪਾਲ ਨੇ 7 ਗੋਲ ਕਰਕੇ ਆਪਣੀ ਪ੍ਰਤਿਭਾ ਨੂੰ ਸਾਬਿਤ ਕੀਤਾ ਹੈ। ਵਿਸ਼ਵ ਕੱਪ 'ਚ ਸਭ ਤੋਂ ਵੱਧ ਗੋਲ ਕਰਨ ਦੀ ਦੌੜ 'ਚ ਰਾਣੀ ਦੂਸਰੇ ਸਥਾਨ 'ਤੇ ਰਹੀ। ਰਾਣੀ ਨੇ 6 ਫੀਲਡ ਗੋਲ ਕੀਤੇ ਜਦੋਂਕਿ ਇਕ ਗੋਲ ਉਸ ਨੇ ਪੈਨੇਲਟੀ ਕਾਰਨਰ ਰਾਹੀ ਕੀਤਾ। ਰਾਣੀ ਰਾਮਪਾਲ ਦੇ ਨਾਂਅ ਵਿਸ਼ਵ ਕੱਪ ਦੇ ਸਭ ਤੋਂ ਵੱਧ ਫੀਲਡ ਗੋਲ ਹਨ। ਹਾਲੈਂਡ ਦੀ ਚੋਟੀ ਦੀ ਖਿਡਾਰਨ ਐਮ. ਪਾਓਮੇਨ ਨੇ ਸਭ ਤੋਂ ਵੱਧ 12 ਗੋਲ ਕੀਤੇ। ਉਸ ਦੇ ਖਾਤੇ 'ਚ 11 ਪੈਨੇਲਟੀ ਕਾਰਨਰ ਗੋਲ ਅਤੇ ਇਕ ਪੈਨੇਲਟੀ ਸਟ੍ਰੋਕ ਗੋਲ ਸ਼ਾਮਿਲ ਹੈ। ਇਸ ਵਿਸ਼ਵ ਕੱਪ 'ਚ ਭਾਰਤ ਨੇ ਕੁੱਲ 10 ਗੋਲ ਕੀਤੇ, ਜਿਨ੍ਹਾਂ 'ਚ 7 ਰਾਣੀ ਰਾਮਪਾਲ ਦੇ ਨਾਂਅ ਦਰਜ ਹਨ। ਨਿਰਾਸ਼ਾਜਨਕ ਗੱਲ ਇਹ ਰਹੀ ਕਿ 6 ਮੈਚਾਂ 'ਚ ਭਾਰਤੀ ਟੀਮ ਦੇ ਖ਼ਿਲਾਫ਼ ਕੁੱਲ 20 ਗੋਲ ਹੋਏ। ਭਾਰਤ ਵੱਲੋਂ ਜਸਜੀਤ ਹਾਂਡਾ, ਸਬਾ ਅੰਜੁਮ ਅਤੇ ਰਿਤੂ ਰਾਣੀ ਨੇ ਵੀ ਇਕ-ਇਕ ਗੋਲ ਕੀਤਾ।

ਅੰਤਰਰਾਸ਼ਟਰੀ ਕਬੱਡੀ ਕੱਪ ਮੁਲਤਵੀ

ਲੁਧਿਆਣਾ, ਇਯਾਲੀ/ਥਰੀਕੇ, 11 ਸਤੰਬਰ - ਅੰਤਰਰਾਸ਼ਟਰੀ ਕਬੱਡੀ ਕੱਪ 12 ਸਤੰਬਰ ਨੂੰ ਲੁਧਿਆਣਾ ਦੇ ਨੇੜਲੇ ਪਿੰਡ ਧਾਂਦਰਾ ਦੀ ਦੁਸਹਿਰਾ ਗਰਾਊਂਡ 'ਚ ਕਰਵਾਇਆ ਜਾ ਰਿਹਾ ਸੀ ਪਰ ਮੀਂਹ ਪੈਣ ਕਰਕੇ ਇਹ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਵਿਚ ਅੰਤਰਰਾਸ਼ਟਰੀ ਪੱਧਰ ਦੀਆਂ 12 ਟੀਮਾਂ ਨੇ ਭਾਗ ਲੈਣਾ ਸੀ, ਜਦੋਂ ਕਿ ਪਾਕਿਸਤਾਨ ਦੀ ਕਬੱਡੀ ਟੀਮ ਨੇ ਵੀ ਉਚੇਚੇ ਤੌਰ 'ਤੇ ਸ਼ਿਰਕਤ ਕਰਨੀ ਸੀ।

ਐਨ.ਬੀ.ਏ. ਮਹਿੰਦਰਾ ਬਾਸਕਿਟਬਾਲ ਲੀਗ

ਲੁਧਿਆਣਾ, 11 ਸਤੰਬਰ - ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਐਨ.ਬੀ.ਏ. ਮਹਿੰਦਰਾ ਬਾਸਕਿਟਬਾਲ ਲੀਗ ਚੱਲ ਰਹੀ ਹੈ। ਇਸ ਦੇ ਦਸਵੇਂ ਗੇੜ ਦੇ ਮੈਚਾਂ ਵਿਚ ਲੜਕੀਆਂ ਦੇ ਵਰਗ ਵਿਚ ਟੋਰਾਂਟੋ ਅਕੈਡਮੀ ਜਲੰਧਰ, ਅੰਮ੍ਰਿਤਸਰ ਕਲੱਬ, ਗੁਰਦਾਸਪੁਰ ਅਤੇ ਸਰਕਾਰੀ ਕਾਲਜ ਲੁਧਿਆਣਾ ਨੇ ਵੱਡੀਆਂ ਜਿੱਤਾਂ ਹਾਸਲ ਕਰਕੇ ਆਪਣੇ ਜੇਤੂ ਕਦਮ ਅੱਗੇ ਵਧਾਏ। ਲੜਕੀਆਂ ਦੇ ਜੂਨੀਅਰ ਵਰਗ ਵਿੱਚ ਟੋਰਾਂਟੋ ਬਾਸਕਿਟਬਾਲ ਅਕੈਡਮੀ ਜਲੰਧਰ ਨੇ ਬੀ. ਬੀ. ਕੇ. ਡੀ. ਏ. ਵੀ ਕਾਲਜ ਜਲੰਧਰ ਨੂੰ 55-15 ਨਾਲ ਮਾਤ ਦਿੱਤੀ। ਜੇਤੂ ਟੀਮ ਵਲੋਂ ਪ੍ਰੀਯਾ ਨੇ 20 ਅੰਕਾਂ ਦਾ ਯੋਗਦਾਨ ਦਿੱਤਾ। ਦੂਜੇ ਮੈਚ ਵਿੱਚ ਅੰਮ੍ਰਿਤਸਰ ਬਾਸਕਿਟਬਾਲ ਕਲੱਬ ਨੇ ਸੰਗਰੂਰ ਨੇ 37-15 ਨਾਲ ਮਾਤ ਦਿੱਤੀ। ਸਰਕਾਰੀ ਕਾਲਜ ਲੁਧਿਆਣਾ ਨੇ ਲੁਧਿਆਣਾ ਕਲੱਬ ਨੂੰ 47-16 ਨਾਲ ਮਾਤ ਦਿੱਤੀ। ਲੜਕੀਆਂ ਦੇ ਸਬ ਜੂਨੀਅਰ ਵਰਗ ਵਿੱਚ ਡੀ. ਏ. ਵੀ. ਸਪੋਰਟਸ ਵਿੰਗ ਗੁਰਦਾਸਪੁਰ ਨੇ ਗੰਡਾ ਸਿੰਘ ਪਬਲਿਕ ਸਕੂਲ ਸੰਗਰੂਰ ਨੂੰ 50-30 ਨਾਲ ਹਰਾਇਆ। ਇੱਕ ਹੋਰ ਮੈਚ ਵਿੱਚ ਮਾਲ ਰੋਡ ਅੰਮ੍ਰਿਤਸਰ ਨੇ ਜਲੰਧਰ ਨੂੰ 40-24 ਨਾਲ ਮਾਤ ਦਿੱਤੀ। ਜੂਨੀਅਰ ਮੁੰਡਿਆਂ ਵਿੱਚ ਪੀ. ਏ. ਯੂ. ਕਲੱਬ ਲੁਧਿਆਣਾ ਨੇ ਜਲੰਧਰ ਹੂਪਰ ਨੂੰ 82-72 ਨਾਲ ਹਰਾਇਆ, ਸਬ ਜੂਨੀਅਰ ਮੁੰਡਿਆਂ ਵਿੱਚ ਬੀ. ਸੀ. ਐਮ. ਸ਼ਾਸਤਰੀ ਨਗਰ ਸਕੂਲ ਲੁਧਿਆਣਾ ਨੇ ਪਬਲਿਕ ਸਕੂਲ ਦੋਰਾਹਾ ਨੂੰ 49-23 ਨਾਲ ਹਰਾਇਆ। ਸਾਈ ਸੈਂਟਰ ਲੁਧਿਆਣਾ ਨੇ ਸੀ. ਸੈ. ਸਕੂਲ ਪੀ. ਏ. ਯੂ. 34-17 ਨਾਲ, ਨਵ ਭਾਰਤੀ ਪਬਲਿਕ ਸਕੂਲ ਲੁਧਿਆਣਾ ਨੇ ਕੁੰਦਨ ਵਿੱਦਿਆ ਮੰਦਿਰ ਸਕੂਲ ਲੁਧਿਆਣਾ ਨੂੰ 58-25 ਨਾਲ ਹਰਾਇਆ।

29ਵਾਂ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਸਮਾਪਤ

ਚੀਮਾ ਮੰਡੀ, 10 ਸਤੰਬਰ - 29ਵਾਂ ਅੰਤਰਰਾਸ਼ਟਰੀ ਦੋ ਦਿਨਾਂ ਕਬੱਡੀ ਟੂਰਨਾਮੈਂਟ ਚੀਮਾ ਮੰਡੀ 'ਚ ਕਰਵਾਇਆ ਗਿਆ। ਇਸ ਕਬੱਡੀ ਮੈਚਾਂ ਦੌਰਾਨ ਓਪਨ ਕਬੱਡੀ ਛੰਨਾਂ ਹਰਿਆਣਾ ਨੇ ਜਿੱਤ ਕੇ ਆਪਣੀ ਸਰਦਾਰੀ ਕਾਇਮ ਕੀਤੀ ਅਤੇ 41000 ਰੁਪਏ ਦਾ ਇਨਾਮ ਪ੍ਰਾਪਤ ਕੀਤਾ ਅਤੇ ਚੀਮਾਂ ਮੰਡੀ ਨੇ ਦੂਸਰੇ ਸਥਾਨ 'ਤੇ ਰਹਿ ਕੇ ਇਕੱਤੀ ਹਜ਼ਾਰ ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਬੱਡੀ 70 ਕਿਲੋ 'ਚੋਂ ਸ਼ੇਰੋਂ ਨੇ ਪਹਿਲਾ ਅਤੇ ਚੀਮਾਂ ਮੰਡੀ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਕ੍ਰਮਵਾਰ 15 ਅਤੇ 12 ਹਜ਼ਾਰ ਰੁਪਏ ਦਾ ਇਨਾਮ ਹਾਸਲ ਕੀਤਾ। ਇਸੇ ਤਰ੍ਹਾਂ 60 ਕਿਲੋ 'ਚੋਂ ਪਹਿਲਾ ਚੀਮਾਂ ਅਤੇ ਸ਼ੇਰੋਂ ਨੇ ਦੂਸਰੇ ਸਥਾਨ 'ਤੇ ਰਹਿ ਕੇ 6000 ਅਤੇ 4000 ਰੁਪਏ ਇਨਾਮ ਵਜੋਂ ਪ੍ਰਾਪਤ ਕੀਤੇ। ਬੈਸਟ ਰੇਡਰ ਤੇ ਬੈਸਟ ਸਟਾਪਰ ਨੂੰ ਵੀ ਘਿਓ ਦੇ ਟੀਨਾ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ।

ਅੰਤਰ ਜ਼ਿਲ੍ਹਾ ਕਬੱਡੀ ਕੱਪ 18 ਤੋਂ

ਪਟਿਆਲਾ, 10 ਸਤੰਬਰ - ਪਲੇਠਾ ਅੰਤਰ ਜ਼ਿਲ੍ਹਾ ਸਰਕਲ ਸਟਾਈਲ ਕਬੱਡੀ ਕੱਪ 18-19 ਸਤੰਬਰ ਨੂੰ ਪੋਲੋ ਮੈਦਾਨ ਪਟਿਆਲਾ 'ਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਹਰੇਕ ਜ਼ਿਲ੍ਹੇ ਦੇ ਚੋਟੀ ਦੇ ਖਿਡਾਰੀਆਂ 'ਤੇ ਆਧਾਰਿਤ ਇਕ ਟੀਮ ਹੀ ਹਿੱਸਾ ਲਵੇਗੀ। ਹਰੇਕ ਖਿਡਾਰੀ ਕੋਲ ਸਬੰਧਿਤ ਜ਼ਿਲ੍ਹੇ ਦੇ ਵਸਨੀਕ ਹੋਣ ਦਾ ਪੱਕਾ ਸਬੂਤ ਦੇਖਿਆ ਜਾਵੇਗਾ। ਇਸ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਇਕ ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਟੂਰਨਾਮੈਂਟ ਦੌਰਾਨ ਚੋਟੀ ਦੇ ਗਾਇਕ ਦਰਸ਼ਕਾਂ ਦਾ ਮਨੋਰੰਜ਼ਨ ਕਰਨਗੇ। ਟੂਰਨਾਮੈਂਟ ਦੇ ਆਖਰੀ ਦਿਨ ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ। ਇਸ ਟੂਰਨਾਮੈਂਟ ਦਾ ਟੀ. ਵੀ. ਚੈਨਲ 'ਤੇ ਸਿੱਧਾ ਪ੍ਰਸਾਰਨ ਵੀ ਕੀਤਾ ਜਾਵੇਗਾ। ਵੱਖ-ਵੱਖ ਟੀਮਾਂ ਪ੍ਰਧਾਨ ਤੇ ਮੀਤ ਪ੍ਰਧਾਨ ਨਾਲ ਸੰਪਰਕ ਕਰਕੇ ਆਪਣੇ ਦਾਖਲੇ ਦੀ ਪੁਸ਼ਟੀ 17 ਸਤੰਬਰ ਤੱਕ ਕਰਵਾ ਸਕਦੀਆਂ ਹਨ।

70 ਕਿਲੋ ਵਰਗ ਕਬੱਡੀ 'ਚ ਜੰਗ ਫਾਰਮਰ ਕਲੱਬ ਅੱਵਲ

ਫਿਲੌਰ, 10 ਸਤੰਬਰ - 63ਵਾਂ ਕਬੱਡੀ ਟੂਰਨਾਮੈਂਟ ਪਿੰਡ ਖਜੂਰਲਾ 'ਚ ਕਰਵਾਇਆ ਜਾ ਰਿਹਾ ਹੈ। 70 ਕਿਲੋ ਵਰਗ ਕਬੱਡੀ ਮੁਕਾਬਲਿਆਂ 'ਚ ਜੰਗ ਫਾਰਮਰ ਕਲੱਬ ਪਹਿਲੇ ਸਥਾਨ 'ਤੇ ਅਤੇ ਨਕੋਦਰ ਕਲੱਬ ਦੂਜੇ ਸਥਾਨ 'ਤੇ ਰਿਹਾ। ਆਲ ਓਪਨ ਕਲੱਬ 'ਚ ਬਾਬਾ ਹੰਸਾ ਸਿੰਘ ਸਪੋਰਟਸ ਕਲੱਬ ਬੱਛੋਵਾਲ ਫਿਲੌਰ ਪਹਿਲੇ ਸਥਾਨ 'ਤੇ ਰਿਹਾ ਅਤੇ ਨਾਨਕਸਰ ਕਲੱਬ ਗੁਰਦਾਸਪੁਰ ਦੂਜੇ ਸਥਾਨ 'ਤੇ ਰਿਹਾ।

ਰਾਸ਼ਟਰ ਮੰਡਲ ਖੇਡਾਂ ਲਈ ਹਾਕੀ ਮੈਚਾਂ ਦਾ ਵੇਰਵਾ

ਲੁਧਿਆਣਾ, 9 ਸਤੰਬਰ - ਨਵੀਂ ਦਿੱਲੀ 'ਚ 3 ਤੋਂ 14 ਅਕਤੂਬਰ ਤੱਕ ਰਾਸ਼ਟਰ ਮੰਡਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਲਈ ਮਰਦਾਂ ਅਤੇ ਇਸਤਰੀਆਂ ਦੇ ਹਾਕੀ ਮੈਚਾਂ ਦੀ ਲੜੀ ਬਾਰੇ ਕੌਮਾਂਤਰੀ ਹਾਕੀ ਸੰਘ ਅਤੇ ਰਾਸ਼ਟਰ ਮੰਡਲ ਗੇਮਜ਼ ਫੈਡਰੇਸ਼ਨ ਨੇ ਤਰੀਕਾਂ ਜਾਰੀ ਕਰ ਦਿੱਤੀਆਂ ਹਨ। ਮੇਜ਼ਬਾਨ ਭਾਰਤ ਦਾ ਮਰਦਾਂ ਦੇ ਵਰਗ ਵਿਚ ਮੁਢਲਾ ਹਾਕੀ ਮੁਕਾਬਲਾ ਮਲੇਸ਼ੀਆ ਨਾਲ ਹੋਵੇਗਾ। ਹਾਕੀ ਮੈਚਾਂ ਦੌਰਾਨ ਭਾਰਤ- ਪਾਕਿਸਤਾਨ ਦਾ ਮੁਕਾਬਲਾ ਦਰਸ਼ਕਾਂ ਲਈ ਮੁੱਖ ਖਿੱਚ ਦਾ ਕੇਂਦਰ ਹੈ, ਦੋਵਾਂ ਰਵਾਇਤੀ ਵਿਰੋਧੀ ਮੁਲਕਾਂ ਵਿਚਕਾਰ ਇਹ ਮੁਕਾਬਲਾ 10 ਅਕਤੂਬਰ ਨੂੰ ਸ਼ਾਮ 7 ਵਜੇ ਹੋਵੇਗਾ। ਭਾਰਤ-ਪਾਕਿਸਤਾਨ ਮੈਚ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ, ਜਦੋਕਿ ਅਜੇ ਫਾਈਨਲ ਮੈਚ ਦੀਆਂ ਟਿਕਟਾਂ ਵਿਕਣੀਆਂ ਬਾਕੀ ਹਨ। ਜਦਕਿ ਇਸਤਰੀਆਂ ਦੇ ਵਰਗ ਵਿਚ ਭਾਰਤੀ ਟੀਮ ਸਕਾਟਲੈਂਡ ਵਿਰੁੱਧ ਆਪਣੀ ਸ਼ੁਰੂਆਤ ਕਰੇਗੀ। ਇਹ ਮੈਚ ਧਿਆਨ ਚੰਦ ਹਾਕੀ ਸਟੇਡੀਅਮ ਵਿਚ ਦੋ ਪਿੱਚਾਂ ਉਪਰ ਹੋਣਗੇ। ਦੋਵਾਂ ਵਰਗਾਂ ਵਿਚ 10-10 ਮੁਲਕਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਮਰਦਾਂ ਦੇ ਵਰਗ ਵਿਚ ਭਾਰਤ ਨੂੰ ਪੂਲ-ਏ ਵਿਚ ਵਿਸ਼ਵ ਚੈਂਪੀਅਨ ਆਸਟ੍ਰੇਲੀਆ, ਪਾਕਿਸਤਾਨ, ਮਲੇਸ਼ੀਆ, ਸਕਾਟਲੈਂਡ ਨਾਲ ਰੱਖਿਆ ਗਿਆ ਹੈ। ਪੂਲ-ਬੀ ਵਿੱਚ ਇੰਗਲੈਂਡ, ਨਿਊਜ਼ੀਲੈਂਡ, ਕੈਨੇਡਾ, ਦੱਖਣੀ ਅਫਰੀਕਾ, ਤਿਰੀਨੀਦਾਦ ਅਤੇ ਟੋਬਾਗੋ ਦੀਆਂ ਟੀਮਾਂ ਖੇਡਣਗੀਆਂ। ਇਸਤਰੀਆਂ ਦੇ ਵਰਗ ਵਿਚ ਪੂਲ-ਏ ਵਿਚ ਆਸਟ੍ਰੇਲੀਆ, ਦੱਖਣੀ ਅਫਰੀਕਾ, ਸਕਾਟਲੈਂਡ, ਤਿਰੀਨੀਦਾਦ, ਟੋਬਾਗੋ ਅਤੇ ਮੇਜ਼ਬਾਨ ਭਾਰਤ ਨੂੰ ਰੱਖਿਆ ਗਿਆ ਹੈ। ਪੂਲ-ਬੀ ਵਿੱਚ ਇੰਗਲੈਂਡ, ਕੈਨੇਡਾ, ਨਿਊਜ਼ੀਲੈਂਡ, ਮਲੇਸ਼ੀਆ, ਵੇਲਜ਼ ਨੂੰ ਰੱਖਿਆ ਹੈ। ਇਸਤਰੀਆਂ ਦੇ ਮੁਕਾਬਲੇ 4 ਅਕਤੂਬਰ ਤੋਂ ਸ਼ੁਰੂ ਹੋਣਗੇ, ਜਦਕਿ ਮਰਦਾਂ ਦੇ ਮੁਕਾਬਲੇ 5 ਅਕਤੂਬਰ ਤੋਂ ਸ਼ੁਰੂ ਹੋਣਗੇ।
ਮਰਦਾਂ ਦਾ ਮੈਚਾਂ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ।
5 ਅਕਤੂਬਰ : ਪਾਕਿਸਤਾਨ ਬਨਾਮ ਸਕਾਟਲੈਂਡ 10.30 ਵਜੇ, ਨਿਊਜ਼ੀਲੈਂਡ ਬਨਾਮ ਤਿਰੀਨੀਦਾਦ ਤੇ ਟੋਬਾਗੋ 2 ਵਜੇ, ਕੈਨੇਡਾ ਬਨਾਮ ਦੱਖਣੀ ਅਫਰੀਕਾ 4.30 ਵਜੇ, ਭਾਰਤ ਬਨਾਮ ਮਲੇਸ਼ੀਆ 7 ਵਜੇ ।
6 ਅਕਤੂਬਰ : ਆਸਟ੍ਰੇਲੀਆ ਬਨਾਮ ਸਕਾਟਲੈਂਡ ਸਵੇਰੇ 8.30 ਵਜੇ, ਇੰਗਲੈਂਡ ਬਨਾਮ ਤਿਰੀਨੀਦਾਦ ਟੋਬਾਗੋ ਸਵੇਰੇ 3.30 ਵਜੇ, ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ 6.30 ਵਜੇ, ਪਾਕਿਸਤਾਨ ਬਨਾਮ ਮਲੇਸ਼ੀਆ 8.30 ਵਜੇ।
7 ਅਕਤੂਬਰ : ਭਾਰਤ ਬਨਾਮ ਆਸਟ੍ਰੇਲੀਆ 4 ਵਜੇ, ਕੈਨੇਡਾ ਬਨਾਮ ਇੰਗਲੈਂਡ 6 ਵਜੇ।
8 ਅਕਤੂਬਰ : ਦੱਖਣੀ ਅਫਰੀਕਾ ਬਨਾਮ ਤਿਰੀਨੀਦਾਦ ਟੋਬਾਗੋ 3.30 ਵਜੇ, ਮਲੇਸ਼ੀਆ ਬਨਾਮ ਸਕਾਟਲੈਂਡ ਰਾਤ 8.30 ਵਜੇ।
9 ਅਕਤੂਬਰ : ਇੰਗਲੈਂਡ ਬਨਾਮ ਨਿਊਜ਼ੀਲੈਂਡ ਸਵੇਰੇ 8.30 ਵਜੇ, ਪਾਕਿਸਤਾਨ ਬਨਾਮ ਆਸਟ੍ਰੇਲੀਆ 10.30 ਵਜੇ, ਤਿਰੀਨੀਦਾਦ ਟੋਬਾਗੋ ਬਨਾਮ ਕੈਨੇਡਾ 4 ਵਜੇ, ਭਾਰਤਬਨਾਮ ਸਕਾਟਲੈਂਡ 7 ਵਜੇ।
10 ਅਕਤੂਬਰ : ਇੰਗਲੈਂਡ ਬਨਾਮ ਦੱਖਣੀ ਅਫਰੀਕਾ 12 ਵਜੇ, ਨਿਊਜ਼ੀਲੈਂਡ ਬਨਾਮ ਕੈਨੇਡਾ 2 ਵਜੇ, ਆਸਟ੍ਰੇਲੀਆ ਬਨਾਮ ਮਲੇਸ਼ੀਆ 4.30 ਵਜੇ, ਪਾਕਿਸਤਾਨ ਬਨਾਮ ਭਾਰਤ 7 ਵਜੇ।
ਸੈਮੀਫਾਈਨਲ ਮੁਕਾਬਲੇ 12 ਅਕਤੂਬਰ ਨੂੰ ਕਰਵਾਏ ਜਾਣਗੇ ਅਤੇ ਫਾਈਨਲ 14 ਅਕਤੂਬਰ ਨੂੰ ਖੇਡਿਆ ਜਾਵੇਗਾ।
ਇਸਤਰੀਆਂ ਦੇ ਮੈਚਾਂ ਦਾ ਵੇਰਵਾ :
4 ਅਕਤੂਬਰ : ਨਿਊਜ਼ੀਲੈਂਡ ਬਨਾਮ ਵੇਲਜ਼ 10.30 ਵਜੇ, ਦੱਖਣੀ ਅਫਰੀਕਾ ਬਨਾਮ ਤਿਰੀਨੀਦਾਦ ਟੋਬਾਗੋ 1 ਵਜੇ, ਕੈਨੇਡਾ ਬਨਾਮ ਮਲੇਸ਼ੀਆ 4 ਵਜੇ, ਭਾਰਤ ਬਨਾਮ ਸਕਾਟਲੈਂਡ ਸ਼ਾਮ 6 ਵਜੇ।
5 ਅਕਤੂਬਰ : ਇੰਗਲੈਂਡ ਬਨਾਮ ਵੇਲਜ਼ ਸਵੇਰੇ 8.30 ਵਜੇ, ਆਸਟ੍ਰੇਲੀਆ ਬਨਾਮ ਤਿਰੀਨੀਦਾਦ ਟੋਬਾਗੋ 1 ਵਜੇ, ਨਿਊਜ਼ੀਲੈਂਡ ਬਨਾਮ ਮਲੇਸ਼ੀਆ 4 ਵਜੇ, ਦੱਖਣੀ
ਅਫਰੀਕਾ ਬਨਾਮ ਸਕਾਟਲੈਂਡ ਰਾਤ 9 ਵਜੇ।
6 ਅਕਤੂਬਰ : ਕੈਨੇਡਾ ਬਨਾਮ ਇੰਗਲੈਂਡ ਸਵੇਰੇ 11 ਵਜੇ, ਭਾਰਤ ਬਨਾਮ ਆਸਟ੍ਰੇਲੀਆ 1.30 ਵਜੇ।
7 ਅਕਤੂਬਰ : ਸਕਾਟਲੈਂਡ ਬਨਾਮ ਤਿਰੀਨੀਦਾਦ ਟੋਬਾਗੋ ਸਵੇਰੇ 11 ਵਜੇ, ਮਲੇਸ਼ੀਆ ਬਨਾਮ ਵੇਲਜ਼ ਦੁਪਹਿਰ 1 ਵਜੇ।
8 ਅਕਤੂਬਰ : ਦੱਖਣੀ ਅਫਰੀਕਾ ਬਨਾਮ ਆਸਟ੍ਰੇਲੀਆ ਸਵੇਰੇ 8.30 ਵਜੇ, ਭਾਰਤ ਬਨਾਮ ਤਿਰੀਨੀਦਾਦ ਟੋਬਾਗੋ ਸਵੇਰੇ 10.30 ਵਜੇ, ਨਿਊਜ਼ੀਲੈਂਡ ਬਨਾਮ ਇੰਗਲੈਂਡ
1.30 ਵਜੇ, ਕੈਨੇਡਾ ਬਨਾਮ ਵੇਲਜ਼ ਸ਼ਾਮ 6.30 ਵਜੇ।
9 ਅਕਤੂਬਰ : ਆਸਟ੍ਰੇਲੀਆ ਬਨਾਮ ਸਕਾਟਲੈਂਡ 1.30 ਵਜੇ, ਇੰਗਲੈਂਡ ਬਨਾਮ ਮਲੇਸ਼ੀਆ 2 ਵਜੇ, ਨਿਊਜ਼ੀਲੈਂਡ ਬਨਾਮ ਕੈਨੇਡਾ 4.30 ਵਜੇ, ਦੱਖਣੀ ਅਫਰੀਕਾ ਬਨਾਮ ਭਾਰਤ ਰਾਤ 9 ਵਜੇ।
ਇਸਤਰੀਆਂ ਦੇ ਸੈਮੀਫਾਈਨਲ ਮੈਚ 11 ਅਕਤੂਬਰ ਨੂੰ ਅਤੇ ਫਾਈਨਲ ਮੈਚ 13 ਅਕਤੂਬਰ ਨੂੰ ਖੇਡਿਆ ਜਾਵੇਗਾ।

27ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ

ਜਲੰਧਰ, 8 ਸਤੰਬਰ - ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ 16 ਤੋਂ 23 ਅਕਤੂਬਰ ਤੱਕ 27ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਮਰਦਾਂ ਦੇ ਵਰਗ ਵਿਚ ਪਿਛਲੇ ਸਾਲ ਦੀ ਜੇਤੂ ਭਾਰਤ ਪੈਟਰੋਲੀਅਮ ਅਤੇ ਉਪ ਜੇਤੂ ਇੰਡੀਅਨ ਆਇਲ ਮੁੰਬਈ, ਇਸ ਤੋਂ ਇਲਾਵਾ ਆਰਮੀ ਇਲੈਵਨ, ਇੰਡੀਅਨ ਰੇਲਵੇ ਦਿੱਲੀ, ਏਅਰ ਇੰਡੀਆ ਮੁੰਬਈ, ਪੰਜਾਬ ਐਂਡ ਸਿੰਧ ਬੈਂਕ ਦਿੱਲੀ, ਪੰਜਾਬ ਪੁਲਿਸ ਜਲੰਧਰ, ਨਾਮਧਾਰੀ ਇਲੈਵਨ, ਸਿਰਸਾ, ਪੰਜਾਬ ਨੈਸ਼ਨਲ ਬੈਂਕ ਦਿੱਲੀ, ਬੀ.ਐਸ.ਐਫ. ਜਲੰਧਰ, ਓ.ਐਨ.ਜੀ.ਸੀ. ਦੇਹਰਾਦੂਨ ਅਤੇ 2 ਵਿਦੇਸ਼ੀ ਟੀਮਾਂ ਜਿਨ੍ਹਾਂ ਵਿਚ ਏਅਰ ਮਲੇਸ਼ੀਆ ਅਤੇ ਜਾਵੇਦ ਹਾਕੀ ਕਲੱਬ ਪਾਕਿਸਤਾਨ ਵੀ ਸ਼ਾਮਿਲ ਹਨ। ਉਦਘਾਟਨੀ ਸਮਾਪਤੀ ਸਮਾਰੋਹ ਮੌਕੇ ਮਾਰਸ਼ਲ ਆਰਟ ਗਤਕਾ ਵੀ ਵਿਸ਼ੇਸ਼ ਤੌਰ 'ਤੇ ਖਿੱਚ ਦਾ ਕੇਂਦਰ ਹੋਵੇਗਾ। ਪੀ.ਟੀ.ਸੀ. ਨਿਊਜ਼ ਅਤੇ ਪੰਜਾਬੀ ਦੇ ਚੈਨਲਾਂ 'ਤੇ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਦਾ ਸਿੱਧਾ ਪ੍ਰਸਾਰਣ ਕਰੇਗਾ ਅਤੇ ਇਸ ਤੋਂ ਇਲਾਵਾ ਹਰ ਰੋਜ਼ ਮੈਚਾਂ ਦਾ ਵਿਸ਼ੇਸ਼ ਪ੍ਰੋਗਰਾਮ ਵੀ ਪ੍ਰਸਾਰਿਤ ਕਰੇਗਾ।

ਮਹਿਲਾ ਹਾਕੀ ਵਿਸ਼ਵ ਕੱਪ

ਰੋਜ਼ਾਰੀਓ (ਅਰਜਨਟੀਨਾ), 8 ਸਤੰਬਰ - ਮਹਿਲਾ ਹਾਕੀ ਵਿਸ਼ਵ ਕੱਪ 'ਚ ਪੂਲ-ਏ ਦੇ ਆਪਣੇ ਪੰਜਵੇ ਮੈਚ 'ਚ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਦੇ ਹੱਥੋਂ 0-3 ਨਾਲ ਹਾਰ ਝੱਲਣੀ ਪਈ। ਖਿਤਾਬੀ ਦੌੜ 'ਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਭਾਰਤੀ ਟੀਮ ਦਾ ਆਖਰੀ ਮੁਕਾਬਲਾ 10 ਸਤੰਬਰ ਨੂੰ ਦੱਖਣੀ ਅਫਰੀਕਾ ਦੇ ਨਾਲ ਹੋਵੇਗਾ। ਪੂਲ-ਏ 'ਚ ਭਾਰਤ ਨੇ ਪੰਚ ਮੈਚਾਂ 'ਚ ਤਿੰਨ ਅੰਕ ਪ੍ਰਾਪਤ ਕੀਤੇ ਹਨ। ਛੇ ਟੀਮਾਂ 'ਚੋਂ ਭਾਰਤੀ ਟੀਮ ਪੰਜਵੇ ਸਥਾਨ 'ਤੇ ਹੈ, ਜਦੋਂਕਿ ਮੌਜੂਦਾ ਚੈਂਪੀਅਨ ਹਾਲੈਂਡ 15 ਅੰਕਾਂ ਦੇ ਨਾਲ ਪਹਿਲੇ ਅਤੇ ਇੰਗਲੈਂਡ ਦੀ ਟੀਮ 12 ਅੰਕਾਂ ਦੇ ਨਾਲ ਦੂਸਰੇ ਸਥਾਨ 'ਤੇ ਹੈ। ਇੰਗਲੈਂਡ ਅਤੇ ਹਾਲੈਂਡ ਦੀਆਂ ਟੀਮਾਂ ਪੂਲ-ਏ 'ਚੋਂ ਸੈਮੀਫਾਈਨਲ 'ਚ ਖੇਡਣ ਦਾ ਹੱਕ ਪ੍ਰਾਪਤ ਕਰ ਚੁੱਕੀਆਂ ਹਨ। ਇਸ ਪੂਲ 'ਚ ਆਸਟ੍ਰੇਲੀਆ ਨੇ 9 ਅੰਕ ਪ੍ਰਾਪਤ ਕੀਤੇ ਹਨ, ਜਦੋਂਕਿ ਨਿਊਜ਼ੀਲੈਂਡ ਦੇ ਚਾਰ ਅੰਕ ਹਨ। ਖੇਡੇ ਗਏ ਇਕ ਹੋਰ ਮੁਕਾਬਲੇ 'ਚ ਹਾਲੈਂਡ ਨੇ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਦਿਆ ਜਾਪਾਨ ਨੂੰ 5-2 ਨਾਲ ਹਰਾਇਆ, ਜਦੋਂਕਿ ਜਰਮਨੀ ਦੀ ਟੀਮ ਨੇ ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਬੱਡੀ ਅਕੈਡਮੀ ਦੇ ਟਰਾਇਲ 11 ਤੋਂ

ਜਲੰਧਰ, 8 ਸਤੰਬਰ -11-12 ਸਤੰਬਰ ਨੂੰ ਸਵੇਰੇ 9.00 ਵਜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਬੱਡੀ ਅਕੈਡਮੀ ਪਿੰਡ ਟਾਂਡੀ, ਡਾਕਖਾਨਾ ਇਬਰਾਹੀਮਵਾਲ, ਜ਼ਿਲ੍ਹਾ ਕਪੂਰਥਲਾ ਦੇ ਟਰਾਇਲ, ਹਾਇਰ ਸੈਕੰਡਰੀ ਸਕੂਲ, ਇਬਰਾਹੀਮਵਾਲ ਦੀ ਗਰਾਊਂਡ ਵਿਚ ਸ਼ੁਰੂ ਹੋਣਗੇ। ਇਸ ਵਿਚ 16 ਸਾਲ ਤੋਂ ਲੈ ਕੇ 20 ਸਾਲ ਦੀ ਉਮਰ ਦੇ ਖਿਡਾਰੀ ਟਰਾਇਲ ਦੇ ਸਕਣ। ਖਿਡਾਰੀ ਆਪਣੀ ਉਮਰ ਦੇ ਸਰਟੀਫਿਕੇਟ ਨਾਲ ਲੈ ਕੇ ਆਉਣਗੇ। ਚੁਣੇ ਗਏ ਖਿਡਾਰੀਆਂ ਨੂੰ ਰਿਹਾਇਸ਼, ਖਾਣ-ਪੀਣ, ਮੈਡੀਕਲ ਸਹੂਲਤਾਂ ਅਤੇ ਕਿੱਟ ਮੁਹੱਈਆ ਕੀਤੀ ਜਾਵੇਗੀ। ਜੇਕਰ ਕੋਈ ਵਧੀਆ ਖਿਡਾਰੀ 20 ਸਾਲ ਦੀ ਉਮਰ ਤੋਂ ਉੱਪਰ ਦਾ ਹੋਵੇਗਾ ਤਾਂ ਉਸ 'ਤੇ ਵੀ ਗੌਰ ਕੀਤਾ ਜਾਵੇਗਾ। ਕੋਈ ਵੀ ਨਸ਼ਾ ਕਰਨ ਵਾਲਾ ਖਿਡਾਰੀ ਟਰਾਇਲ ਨਹੀਂ ਦੇ ਸਕੇਗਾ।

ਭਾਰਤ-ਪਾਕਿ ਕਬੱਡੀ ਮੈਚ ਹਾਲੇ ਰੱਦ

ਸ਼ਿਮਲਾ, 8 ਸਤੰਬਰ - ਭਾਰਤੀ ਦੂਤਘਰ ਵੱਲੋਂ ਪਾਕਿ ਖਿਡਾਰੀਆਂ ਨੂੰ ਵੀਜਾ ਦੇਣ 'ਚ ਕੀਤੀ ਜਾ ਰਹੀ ਦੇਰੀ ਕਰਕੇ 10 ਸਤੰਬਰ ਨੂੰ ਸੁਜਾਨਪੁਰ (ਹਮੀਰਪੁਰ) ਵਿਖੇ ਹੋਣ ਵਾਲੇ ਭਾਰਤ-ਪਾਕਿ ਕਬੱਡੀ ਮੈਚ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਭਾਰਤ-ਪਾਕਿ ਟੀਮਾਂ 'ਚ ਫ਼ਤਹਿਗੜ੍ਹ ਸਾਹਿਬ ਵਿਖੇ 11 ਸਤੰਬਰ ਨੂੰ, ਲੁਧਿਆਣਾ ਵਿਖੇ 12 ਨੂੰ ਅਤੇ 14 ਤੋਂ 22 ਸਤੰਬਰ ਤੱਕ ਹਰਿਆਣਾ 'ਚ ਖੇਡੇ ਜਾਣ ਵਾਲੇ ਮੈਚ ਵੀ ਦੇਰੀ ਕਾਰਨ ਪ੍ਰਭਾਵਿਤ ਹੋਣਗੇ।

ਚੀਨ, ਕੋਰੀਆ ਤੇ ਅਰਜਨਟੀਨਾ ਪਹੁੰਚੇ ਸੈਮੀਫਾਈਨਲ 'ਚ

ਰੋਜਾਰੀਓ, 7 ਸਤੰਬਰ - ਮਹਿਲਾ ਹਾਕੀ ਵਿਸ਼ਵ ਕੱਪ ਅਰਜਨਟੀਨਾ 'ਚ ਚੱਲ ਰਿਹਾ ਹੈ। ਇਸ ਹਾਕੀ ਵਿਸ਼ਵ ਕੱਪ 'ਚ ਚੀਨ, ਦੱਖਣੀ ਕੋਰੀਆ ਤੇ ਮੇਜ਼ਬਾਨ ਟੀਮ ਨੇ ਜਿੱਤ ਹਾਸਲ ਕਰ ਲਈ ਹੈ। ਅਰਜਨਟੀਨਾ ਨੇ ਪੂਲ-ਬੀ ਦੇ ਮੁਕਾਬਲੇ 'ਚ ਜਿਥੇ ਇੰਗਲੈਂਡ ਨੂੰ 2-0 ਨਾਲ ਹਰਾਇਆ ਉਥੇ ਕੋਰੀਆ ਨੇ ਦੱਖਮੀ ਅਫਰੀਕਾ ਨੂੰ 5-3 ਨਾਲ ਤੇ ਚੀਨ ਨੇ ਸਪੇਨ ਨੂੰ 6-0 ਨਾਲ ਹਰਾਇਆ।

ਮਹਿਲਾ ਹਾਕੀ ਵਿਸ਼ਵ ਕੱਪ

ਰੋਜ਼ਾਰੀਓ (ਅਰਜਨਟੀਨਾ), 6 ਸਤੰਬਰ - ਮਹਿਲਾ ਹਾਕੀ ਵਿਸ਼ਵ ਕੱਪ ਅਰਜਨਟੀਨਾ 'ਚ ਚੱਲ ਰਿਹਾ ਹੈ। ਇਸ ਵਿਸ਼ਵ ਕੱਪ 'ਚ ਭਾਰਤੀ ਟੀਮ ਨੇ ਆਖਿਰ ਵਿਚ ਜਾਪਾਨ ਨੂੰ 2-0 ਨਾਲ ਹਰਾਇਆ। ਅੱਧ ਤੱਕ ਭਾਰਤੀ ਟੀਮ 1-0 ਨਾਲ ਅੱਗੇ ਸੀ। ਭਾਰਤ ਨੂੰ ਚੌਥੇ ਮੈਚ 'ਚ ਜਿੱਤ ਪ੍ਰਾਪਤ ਹੋਈ। ਉਸ ਨੂੰ ਆਪਣੇ ਪਹਿਲੇ ਮੈਚ 'ਚ ਹਾਲੈਂਡ ਦੇ ਹੱਥੋਂ 1-7 ਨਾਲ, ਦੂਸਰੇ ਮੈਚ 'ਚ ਆਸਟ੍ਰੇਲੀਆ ਦੇ ਹੱਥੋਂ 3-6 ਨਾਲ ਅਤੇ ਤੀਸਰੇ ਮੁਕਾਬਲੇ 'ਚ ਜਰਮਨੀ ਦੇ ਹੱਥੋਂ 1-4 ਨਾਲ ਹਾਰ ਮਿਲੀ। ਭਾਰਤੀ ਟੀਮ ਇਸ ਜਿੱਤ ਦੇ ਬਾਵਜੂਦ ਖਿਤਾਬੀ ਦੌੜ 'ਚੋਂ ਬਾਹਰ ਹੋ ਚੁੱਕੀ ਹੈ। ਉਸ ਨੇ ਆਪਣਾ ਅਗਲਾ ਮੈਚ ਨਿਊਜ਼ੀਲੈਂਡ ਨਾਲ 7 ਸਤੰਬਰ ਨੂੰ ਖੇਡਣਾ ਹੈ ਅਤੇ ਇਹ ਭਾਰਤ ਦਾ ਆਖਰੀ ਮੈਚ ਹੋਵੇਗਾ। ਖੇਡੇ ਗਏ ਪੂਲ-ਏ ਦੇ ਹੋਰ ਮੁਕਾਬਲਿਆਂ 'ਚ ਹਾਲੈਂਡ ਨੇ ਜਰਮਨੀ ਨੂੰ 2-1 ਨਾਲ ਹਰਾਇਆ ਅਤੇ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ 4-1 ਨਾਲ ਹਰਾਇਆ।

ਛੇ ਪਹਿਲਵਾਨ ਡੋਪਿੰਗ ਦੇ ਦੋਸ਼ੀ

ਨਵੀਂ ਦਿੱਲੀ, 6 ਸਤੰਬਰ - ਨਾਡਾ ਨੇ ਰਾਸ਼ਟਰ ਮੰਡਲ ਖੇਡਾਂ ਦੇ ਚੋਣ ਟਰਾਇਲ ਲਈ ਪਹਿਲਵਾਨਾਂ ਦੇ ਡੋਪਿੰਗ ਟੈਸਟ ਲਈ ਨਮੂਨੇ ਲਏ ਸਨ। ਜਿਨ੍ਹਾਂ 'ਚ 6 ਪਹਿਲਵਾਨ ਪਾਬੰਦੀਸ਼ੁਦਾ ਦਵਾਈ ਮੀਥਾਈਲਹੈਕਸਾਨੇਮਾਈਨ ਦੇ ਦੋਸ਼ੀ ਪਾਏ ਗਏ ਸਨ। ਜਿਸ ਨੂੰ ਵਿਸ਼ਵ ਡੋਪਿੰਗ ਰੋਧੀ ਏਜੰਸੀ (ਵਾਡਾ) ਨੇ ਇਸੇ ਸਾਲ ਪਾਬੰਦੀਸ਼ੁਦਾ ਦਵਾਈਆਂ ਦੀ ਸੂਚੀ 'ਚ ਸ਼ਾਮਿਲ ਕੀਤਾ ਹੈ। ਇਨ੍ਹਾਂ ਖੇਡਾਂ ਤੋਂ ਪਹਿਲਾਂ ਡੋਪਿੰਗ 'ਚ ਫਸੇ ਰਾਜੀਵ ਤੋਮਰ ਸਣੇ 6 ਪਹਿਲਵਾਨ ਰਾਸ਼ਟਰੀ ਡੋਪਿੰਗ ਰੋਧੀ ਏਜੰਸੀ (ਨਾਡਾ) ਦੇ 'ਬੀ' ਨਮੂਨੇ 'ਚ ਵੀ ਦੋਸ਼ੀ ਪਾਏ ਗਏ ਹਨ। ਵਾਡਾ ਦੇ ਨਿਯਮਾਂ ਅਨੁਸਾਰ ਸਾਰੇ ਪਹਿਲਵਾਨਾਂ ਨੂੰ ਹੁਣ ਨਾਡਾ ਦੀ ਡੋਪਿੰਗ ਰੋਧੀ ਅਨੁਸ਼ਾਸਨ ਕਮੇਟੀ ਦੇ ਅੱਗੇ ਪੇਸ਼ ਹੋਣਾ ਪਵੇਗਾ। ਜੋ ਇਨ੍ਹਾਂ ਦੋਸ਼ੀ ਖਿਡਾਰੀਆਂ ਨੂੰ ਸਜਾ ਦੇਣ ਸਬੰਧੀ ਫੈਸਲਾ ਕਰੇਗੀ। ਇਨ੍ਹਾਂ 'ਚੋਂ ਚਾਰ ਪਹਿਲਵਾਨਾਂ ਰਾਜੀਵ ਤੋਮਰ (120 ਕਿਲੋ0, ਸੁਮਿਤ (74 ਕਿਲੋ), ਮੌਸਮ ਖੱਤਰੀ (96 ਕਿਲੋ) ਅਤੇ ਮਹਿਲਾ ਪਹਿਲਵਾਨ ਗੁਰਸ਼ਰਨਪ੍ਰੀਤ ਕੌਰ (72 ਕਿਲੋ) ਨੂੰ ਰਾਸ਼ਟਰ ਮੰਡਲ ਖੇਡਾਂ ਦੀ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਰਾਹੁਲ ਮਾਨ (60 ਕਿਲੋ) ਅਤੇ ਜੋਗਿੰਦਰ ਸਿੰਘ (120 ਕਿਲੋ) ਬਾਕੀ ਦੇ ਦੋ ਹੋਰ ਪਹਿਲਵਾਨ ਹਨ, ਜੋ ਡੋਪਿੰਗ ਦੇ ਦੋਸ਼ੀ ਪਾਏ ਗਏ ਹਨ। ਪਤਾ ਲੱਗਾ ਹੈ ਕਿ ਐਥਲੀਟ ਸੌਰਵ ਵਿੱਜ ਅਤੇ ਆਕਾਸ਼ ਅੰਤਿਲ ਨੇ ਅਜੇ ਤੱਕ 'ਬੀ' ਨਮੂਨੇ ਲਈ ਨਹੀਂ ਕਿਹਾ ਹੈ।

5ਵੀਆਂ ਰਾਸ਼ਟਰੀ ਪੈਰਾਉਲੰਪਿਕ ਖੇਡਾਂ 9 ਤੋਂ 12 ਤੱਕ

ਪੰਚਕੂਲਾ, 6 ਸਤੰਬਰ - 5ਵੀਆਂ ਰਾਸ਼ਟਰੀ ਪੈਰਾਉਲੰਪਿਕ ਖੇਡਾਂ 9 ਤੋਂ 12 ਸਤੰਬਰ ਤੱਕ ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ਸੈਕਟਰ 3 ਪੰਚਕੂਲਾ 'ਚ ਕਰਵਾਈਆਂ ਜਾ ਰਹੀਆਂ ਹਨ।

ਭਾਰਤ-ਪਾਕਿ ਕਬੱਡੀ ਮੈਚ 12 ਨੂੰ

ਲੁਧਿਆਣਾ, 6 ਸਤੰਬਰ - ਭਾਰਤ ਦੇ ਦੌਰੇ 'ਤੇ ਆਈ ਪਾਕਿਸਤਾਨ ਦੀ ਕਬੱਡੀ ਟੀਮ ਜਿਥੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿਚ 15 ਮੈਚ ਖੇਡੇਗੀ ਉਥੇ ਭਾਰਤ ਅਤੇ ਪਾਕਿਸਤਾਨ ਦੀਆਂ ਕਬੱਡੀ ਟੀਮਾਂ ਵਿਚਕਾਰ ਮੈਚ ਲੁਧਿਆਣਾ ਜ਼ਿਲ੍ਹੇ ਦੇ ਬੁੱਕਲ ਵਿਚ ਵਸਦੇ ਪਿੰਡ ਧਾਂਦਰਾ ਵਿਖੇ ਵੀ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ 12 ਸਤੰਬਰ ਨੂੰ ਧਾਂਦਰਾ ਵਿਖੇ ਹੀ ਅੰਤਰਰਾਸ਼ਟਰੀ ਪੱਧਰ ਦਾ ਕਬੱਡੀ ਮੈਚ ਹੋਵੇਗਾ। ਜਿਸ ਵਿਚ ਉਘੀਆਂ 12 ਅਕੈਡਮੀਆਂ ਹਿੱਸਾ ਲੈਣਗੀਆਂ।

ਬੱਬਰ ਸ਼ਹੀਦ ਯਾਦਗਾਰੀ ਕਬੱਡੀ ਟੂਰਨਾਮੈਂਟ 9 ਤੋਂ

ਸ਼ਾਮਚੁਰਾਸੀ, 6 ਸਤੰਬਰ - ਤਿੰਨ ਰੋਜ਼ਾ ਬੱਬਰ ਸ਼ਹੀਦ ਯਾਦਗਾਰੀ ਕਬੱਡੀ ਟੂਰਨਾਮੈਂਟ 9 ਤੋਂ 11 ਸਤੰਬਰ ਤੱਕ ਸ਼ਾਮਚੁਰਾਸੀ 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਟੂਰਨਾਮੈਂਟ ਵਿਚ ਓਪਨ ਕਲੱਬ ਅਤੇ ਓਪਨ ਪਿੰਡ ਪੱਧਰ ਦੀਆਂ ਪਹਿਲੇ ਅਤੇ ਦੂਸਰੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 31.000-21,000, 15,000-10,000 ਰੁਪਏ ਅਤੇ 62 ਕਿਲੋ ਕਲੱਬ, 54 ਕਿਲੋ ਕਲੱਬ, 45 ਕਿਲੋ ਕਲੱਬ ਅਤੇ 35 ਕਿਲੋ ਕਲੱਬ ਦੀਆਂ ਪਹਿਲੇ ਅਤੇ ਦੂਸਰੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 5,000-4,000, 3,500-2,500, 2,500-1,500 ਅਤੇ 2,000-1,000 ਰੁਪਏ ਦੀ ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਸਾਈਕਲ ਵੀ ਮੁਫ਼ਤ ਭੇਟ ਕੀਤੇ ਜਾਣਗੇ।

ਮਹਿਲਾ ਹਾਕੀ ਵਿਸ਼ਵ ਕੱਪ

ਰੋਜਾਰੀਓ, 5 ਸਤੰਬਰ - ਮਹਿਲਾ ਹਾਕੀ ਵਿਸ਼ਵ ਕੱਪ 'ਚ ਇੰਗਲੈਂਡ ਅਤੇ ਅਰਜਨਟੀਨਾ ਨੇ ਪੂਲ-ਬੀ ਦੇ ਮੈਚ ਜਿੱਤ ਲਏ ਹਨ। ਸਪੇਨ ਨੂੰ ਹਾਲਾਂਕਿ ਦੱਖਣੀ ਕੋਰੀਆ ਦੇ ਨਾਲ ਡਰਾਅ ਖੇਡਣਾ ਪਿਆ। ਇੰਗਲੈਂਡ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਦੱਖਣੀ ਅਫਰੀਕਾ ਨੂੰ 2-1 ਨਾਲ ਹਰਾਇਆ। ਦੂਸਰੇ ਪਾਸੇ ਮੇਜ਼ਬਾਨ ਅਰਜਨਟੀਨਾ ਨੇ ਲਗਾਤਾਰ ਚੌਥੀ ਜਿੱਤ ਦਰਜ ਕਰਦੇ ਹੋਏ ਚੀਨ ਨੂੰ 2-0 ਨਾਲ ਹਰਾਇਆ। ਭਾਰਤੀ ਮਹਿਲਾ ਹਾਕੀ ਟੀਮ ਨੂੰ ਇਸ ਤੋਂ ਪਹਿਲਾਂ ਜਰਮਨੀ ਹੱਥੋਂ 1-4 ਨਾਲ ਮਾਤ ਦੇ ਲਗਾਤਾਰ ਤੀਸਰੀ ਹਾਰ ਝੱਲਣੀ ਪਈ। ਪੂਲ-ਏ 'ਚ ਭਾਰਤ ਦੀ ਲਗਾਤਾਰ ਤੀਸਰੀ ਹਾਰ ਦਾ ਮਤਲਬ ਹੈ ਕਿ ਸੁਰਿੰਦਰ ਕੌਰ ਦੀ ਟੀਮ ਅਜੇ ਵੀ ਆਪਣਾ ਖਾਤਾ ਖੋਲ੍ਹ ਨਹੀਂ ਸਕੀ ਹੈ ਅਤੇ ਖਿਤਾਬ ਦੀ ਦੌੜ 'ਚੋਂ ਲਗਭਗ ਬਾਹਰ ਹੋ ਗਈ ਹੈ। ਜਰਮਨੀ ਹਾਲਾਂਕਿ ਇਸ ਜਿੱਤ ਦੇ ਨਾਲ ਸੈਮੀਫਾਈਨਲ ਦੇ ਹੋਰ ਨੇੜੇ ਪਹੁੰਚ ਗਿਆ ਹੈ, ਜਿਸ ਨੇ ਹੁਣ ਤੱਕ ਆਪਣੇ ਤਿੰਨਾਂ ਪੂਲ ਮੈਚਾਂ 'ਚ ਜਿੱਤ ਪ੍ਰਾਪਤ ਕੀਤੀ ਹੈ।

ਜ਼ਿਲ੍ਹਾ ਪੱਧਰੀ ਸਰਕਲ ਸਟਾਈਲ ਕਬੱਡੀ ਟੂਰਨਾਮੈਂਟ 'ਚ ਤਲਵੰਡੀ ਭਾਈ ਦੀ ਟੀਮ ਜੇਤੂ

ਤਲਵੰਡੀ ਭਾਈ, 5 ਸਤੰਬਰ - ਸਰਕਾਰੀ ਸੈਕੰਡਰੀ ਸਕੂਲ (ਲੜਕੇ) ਤਲਵੰਡੀ ਭਾਈ 'ਚ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਸਕੂਲਾਂ ਦਾ ਸਰਕਲ ਸਟਾਈਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਕਬੱਡੀ ਅੰਡਰ 19 ਦੀਆਂ ਜ਼ਿਲ੍ਹੇ ਦੇ ਪੰਜ ਜ਼ੋਨਾਂ 'ਚ ਜ਼ੀਰਾ, ਫ਼ਿਰੋਜ਼ਪੁਰ, ਜਲਾਲਾਬਾਦ, ਅਬੋਹਰ ਅਤੇ ਫਾਜ਼ਿਲਕਾ ਦੀਆਂ ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਸਰਕਾਰੀ ਸੈਕੰਡਰੀ ਤਲਵੰਡੀ ਭਾਈ (ਜ਼ੀਰਾ ਜ਼ੋਨ) ਅਤੇ ਸਰਕਾਰੀ ਸੈਕੰਡਰੀ ਸਕੂਲ ਸ਼ਕੂਰ (ਫ਼ਿਰੋਜ਼ਪੁਰ ਜ਼ੋਨ) ਦੀਆਂ ਟੀਮਾਂ ਦਰਮਿਆਨ ਹੋਇਆ। ਇਸ ਮੁਕਾਬਲੇ 'ਚ ਤਲਵੰਡੀ ਭਾਈ ਦੀ ਟੀਮ ਜੇਤੂ ਰਹੀ।

ਐਨ. ਬੀ. ਏ. ਮਹਿੰਦਰਾ ਚੈਲੇਂਜ ਬਾਸਕਿਟਬਾਲ ਲੀਗ

ਲੁਧਿਆਣਾ, 5 ਸਤੰਬਰ - ਮਹਿੰਦਰਾ ਬਾਸਕਿਟਬਾਲ ਲੀਗ ਜੋ ਕਿ ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ ਚੱਲ ਰਹੀ ਹੈ। ਇਸ ਲੀਗ ਦੇ 8ਵੇਂ ਗੇੜ ਦੇ ਮੈਚਾਂ ਵਿਚ ਮੁੰਡਿਆਂ ਦੇ ਸੀਨੀਅਰ ਵਰਗ ਵਿਚ ਪੀ. ਏ. ਯੂ. ਕਲੱਬ ਲੁਧਿਆਣਾ ਨੇ ਲੁਧਿਆਣਾ ਬਾਸਕਿਟਬਾਲ ਅਕੈਡਮੀ ਨੂੰ 77-70 ਨਾਲ, ਪੋਲੋ ਗਰਾਊਂਡ ਪਟਿਆਲਾ ਨੇ ਸਿੱਖ ਰੈਜੀਮੈਂਟ ਨੂੰ 64-33 ਨਾਲ ਹਰਾਇਆ, ਜਦਕਿ ਯੂਥ ਵਰਗ ਵਿੱਚ ਗੁਰੂ ਨਾਨਕ ਕਲੱਬ ਲੁਧਿਆਣਾ ਨੇ ਐਮ. ਜੀ. ਐਮ. ਸਕੂਲ ਦੁਗਰੀ ਨੂੰ 34-21 ਨਾਲ, ਕੁੜੀਆਂ ਦੇ ਸੀ: ਵਰਗ ਵਿਚ ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਪੋਲੋ ਸੈਂਟਰ ਪਟਿਆਲਾ ਨੂੰ 62-34 ਨਾਲ ਹਰਾਇਆ। ਜੂਨੀਅਰ ਵਰਗ ਵਿਚ ਜਰਖੜ ਅਕੈਡਮੀ ਨੇ ਸੈਕਰਡ ਹਾਰਟ ਸਕੂਲ ਲੁਧਿਆਣਾ ਅਤੇ ਹਿੰਦੂ ਪੁੱਤਰੀ ਪਾਠਸ਼ਾਲਾ ਕਪੂਰਥਲਾ ਨੇ ਬੀ. ਸੀ. ਐਮ. ਸਕੂਲ ਸ਼ਾਸਤਰੀ ਨਗਰ ਲੁਧਿਆਣਾ ਨੂੰ 39-19 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ।

ਅੜੈਚਾਂ ਦਾ ਕਬੱਡੀ ਖੇਡ ਮੇਲਾ 17 ਤੋਂ

ਦੋਰਾਹਾ, 5 ਸਤੰਬਰ - 17-18 ਸਤੰਬਰ ਨੂੰ ਪਿੰਡ ਅੜੈਚਾਂ 'ਚ ਕਬੱਡੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੌਰਾਨ ਕਬੱਡੀ 42, 47, 57, 65, 75 ਅਤੇ ਇਕ ਪਿੰਡ ਓਪਨ ਵਰਗ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ।

56ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਵਾਲੀਵਾਲ ਸਮੈਸ਼ਿੰਗ ਮੁਕਾਬਲੇ

ਫ਼ਰੀਦਕੋਟ, 4 ਸਤੰਬਰ - 56ਵੀਆਂ ਪੰਜਾਬ ਰਾਜ ਸਕੂਲ ਖੇਡਾਂ ਫ਼ਰੀਦਕੋਟ ਦੇ ਦਸਮੇਸ਼ ਪਬਲਿਕ ਸਕੂਲ 'ਚ ਕਰਵਾਈਆਂ ਗਈਆਂ। ਇਸ ਵਿਚ ਲੜਕਿਆਂ ਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਾਲੀਵਾਲ ਸਮੈਸ਼ਿੰਗ ਲੜਕਿਆਂ 'ਚ ਖੰਨਾ ਵਿੰਗ ਨੇ ਪਹਿਲਾ, ਮਸਤੂਆਣਾ ਵਿੰਗ ਨੇ ਦੂਜਾ ਅਤੇ ਤਰਨਤਾਰਨ ਵਿੰਗ ਨੇ ਤੀਜਾ ਸਥਾਨ ਅਤੇ 19 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਮੁਕਾਬਲੇ 'ਚ ਮੁਕਤਸਰ ਨੇ ਪਹਿਲਾ, ਰੋਪੜ ਨੇ ਦੂਜਾ ਅਤੇ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 8-9 ਨੂੰ

ਚੀਮਾ ਮੰਡੀ, 3 ਸਤੰਬਰ - 29ਵਾਂ ਵਿਸ਼ਾਲ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 8-9 ਸਤੰਬਰ ਨੂੰ ਬਾਬਾ ਭੋਲਾ ਗਿਰ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਕਬੱਡੀ ਓਪਨ ਤੇ 70 ਕਿਲੋ ਕਬੱਡੀ ਦੇ ਮੁਕਾਬਲੇ ਹੀ ਕਰਵਾਏ ਜਾਣਗੇ। 8 ਸਤੰਬਰ ਨੂੰ ਹੀ 70 ਕਿਲੋ ਕਬੱਡੀ ਦੇ ਮੁਕਾਬਲੇ ਹੋਣਗੇ। ਕਬੱਡੀ ਓਪਨ ਜਾਂ 70 ਕਿਲੋ ਕਬੱਡੀ ਵਿਚ ਕੱਚਾ ਚਾਹੇ ਪੱਕਾ ਤਿੰਨ ਖਿਡਾਰੀ ਹੀ ਬਾਹਰੋਂ ਖੇਡ ਸਕਣਗੇ। ਕਬੱਡੀ ਓਪਨ 'ਚੋਂ ਪਹਿਲਾਂ ਸਥਾਨ ਪ੍ਰਾਪਤ ਵਾਲੀ ਟੀਮ ਨੂੰ 41000 ਅਤੇ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 31000 ਰੁਪਏ ਤੇ 70 ਕਿਲੋ ਕਬੱਡੀ ਨੂੰ ਕ੍ਰਮਵਾਰ 15000 ਤੇ 12000 ਇਨਾਮ ਵਜੋਂ ਦਿੱਤੇ ਜਾਣਗੇ।

ਛਿੰਝ (ਕੁਸ਼ਤੀ ਦੰਗਲ) 11-12 ਨੂੰ

ਕੁਰਾਲੀ, 3 ਸਤੰਬਰ -11-12 ਸਤੰਬਰ ਨੂੰ ਪਿੰਡ ਖਿਜ਼ਰਾਬਾਦ ਵਿਖੇ ਛਿੰਝ (ਕੁਸ਼ਤੀ ਦੰਗਲ) ਕਰਵਾਈ ਜਾ ਰਹੀ ਹੈ। ਇਸ ਛਿੰਝ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਰਾਜਸਥਾਨ ਅਤੇ ਯੂ. ਪੀ. ਆਦਿ ਰਾਜਾਂ ਤੋਂ ਚੋਟੀ ਦੇ ਪਹਿਲਵਾਨ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ।

ਰਾਸ਼ਟਰ ਮੰਡਲ ਖੇਡਾਂ 'ਚ ਸ਼ਾਮਿਲ ਹੋਣ ਵਾਲੇ 90 ਭਾਰਤੀ ਐਥਲੀਟ

ਪਟਿਆਲਾ, 3 ਸਤੰਬਰ - ਰਾਸ਼ਟਰ ਮੰਡਲ ਖੇਡਾਂ ਜੋ ਕਿ ਨਵੀਂ ਦਿੱਲੀ ਵਿਖੇ ਅਕਤੂਬਰ ਮਹੀਨੇ 'ਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਭਾਰਤ ਦੇ 90 ਐਥਲੀਟ 45 ਮੁਕਾਬਲਿਆਂ 'ਚ ਸ਼ਾਮਿਲ ਹੋਣਗੇ। ਇਨ੍ਹਾਂ ਵਿਚ 46 ਪੁਰਸ਼ ਤੇ 44 ਮਹਿਲਾ ਐਥਲੀਟ ਸ਼ਾਮਿਲ ਹਨ। ਇਸ ਵਿਚ ਪੰਜਾਬ ਦੇ 3 ਪੁਰਸ਼ ਤੇ 6 ਮਹਿਲਾ ਐਥਲੀਟ ਸ਼ਾਮਿਲ ਹਨ, ਜਦੋਂਕਿ ਇਕ ਪੰਜਾਬੀ ਅਮਰਜੀਤ ਸਿੰਘ ਝਾਰਖੰਡ ਦੀ ਪ੍ਰਤੀਨਿਧਤਾ ਕਰਦਾ ਹੈ। ਰੀਲੇਅ ਦੌੜਾਂ ਲਈ ਚਾਰੇ ਟੀਮਾਂ ਦੀ ਚੋਣ 15 ਸਤੰਬਰ ਤੋਂ ਬਾਅਦ ਕੀਤੀ ਜਾਵੇਗੀ। ਏਸ਼ੀਅਨ ਖੇਡਾਂ ਲਈ ਟੀਮ ਦੀ ਚੋਣ ਰਾਸ਼ਟਰ ਮੰਡਲ ਖੇਡਾਂ ਤੋਂ ਬਾਅਦ ਕੀਤੀ ਜਾਵੇਗੀ। ਪੁਰਸ਼ਾਂ ਦੀ 100 ਮੀਟਰ ਅਤੇ 4×100 ਮੀਟਰ ਰੀਲੇਅ ਲਈ ਅਬਦੁਲ ਨਜੀਬ ਕਰੈਸ਼ੀ ਕੇਰਲਾ, ਬੀ. ਜੀ. ਨਾਗਰਾਜ ਕਰਨਾਟਕ, ਕ੍ਰਿਸ਼ਨ ਕੁਮਾਰ ਰਾਣੇ ਮਹਾਂਰਾਸ਼ਟਰ, ਹੇਮੰਤ ਕਿਰੂਲਕਰ ਤਾਮਿਲਨਾਡੂ, ਰਹਮਤ ਊਲਾ ਮੌਲੀ ਪੱਛਮੀ ਬੰਗਾਲ, ਸ਼ਮੀਰ ਮੂਨ ਕੇਰਲਾ, ਰਿਤੇਸ਼ ਆਨੰਦ ਝਾਰਖੰਡ, ਮਾਨਿਕ ਅੰਦਰਾਜ ਤਾਮਿਲਨਾਡੂ, ਐਸ. ਸੱਤਿਯਾ ਤਾਮਿਲਨਾਡੂ, 200 ਮੀਟਰ ਦੌੜ ਲਈ ਧਰਮਵੀਰ ਹਰਿਆਣਾ, ਅਬਦੁਲ ਨਜੀਬ ਕਰੈਸ਼ੀ ਕੇਰਲਾ, 400 ਮੀਟਰ ਤੇ 4×100 ਮੀਟਰ ਰੀਲੇਅ ਦੌਰਾਨ ਖੂੰਨੀ ਮੁਹੰਮਦ ਕੇਰਲਾ, ਵਿਨੈ ਚੌਧਰੀ ਯੂ. ਪੀ., ਜੇ ਪਰੇਮ ਆਨੰਦ ਤਾਮਿਲਨਾਡੂ, ਹਰਪ੍ਰੀਤ ਸਿੰਘ ਪੰਜਾਬ, ਵੀ. ਬੀ. ਬਿਨੀਸ਼ ਕੇਰਲਾ, ਜਿਹਿਨ ਪਾਲ ਕੇਰਲਾ, ਬਿਬਿਨ ਮੈਥਿਊ ਝਾਰਖੰਡ, ਐਸ. ਕੇ. ਮੁਰਤਜਾ ਪੱਛਮੀ ਬੰਗਾਲ, 800 ਮੀਟਰ ਦੌੜ ਪੰਕਜ ਡਿਮਰੀ ਉਤਰਾਖੰਡ, ਪੀ. ਐਫ ਸਾਗਿਆਰਾਜ ਤਾਮਿਲਨਾਡੂ, ਮਨਜੀਤ ਸਿੰਘ ਪੰਜਾਬ, 1500 ਮੀਟਰ ਦੌੜ ਸੰਦੀਪ ਕਰਨ ਸਿੰਘ ਹਰਿਆਣਾ, ਸੀ ਹਮਜਾ ਕੇਰਲ, 5000 ਮੀਟਰ ਦੌੜ, ਸੁਨੀਲ ਸਿੰਘ ਹਰਿਆਣਾ, ਸੰਦੀਪ ਬਾਥਮ ਮੱਧ ਪ੍ਰਦੇਸ਼, 10 ਹਜ਼ਾਰ ਮੀਟਰ ਸੁਨੀਲ ਸਿੰਘ ਹਰਿਆਣਾ, 110 ਮੀਟਰ ਅੜਿੱਕਾ ਦੌੜਾਂ ਸਿਧਾਰਥ ਥਿਗਾਲਿਆ ਮਹਾਂਰਾਸ਼ਟਰ, 400 ਮੀਟਰ ਅੜਿੱਕਾ ਦੌੜ, ਜੋਸੇਫ ਇਬਰਾਹੀਮ ਕੇਰਲ, 3000 ਮੀਟਰ ਸਟੀਵਲ ਏਲਮ ਸਿੰਘ ਉਤਰਾਖੰਡ, ਰਮਾ ਚੰਦਰਨ ਤਾਮਿਲਨਾਡੂ, ਮੈਰਾਥਨ ਐਲ ਬਿਨਿਗ ਸੈਨਾ, ਗੋਲਾ ਸੁੱਟਣ 'ਚ ਓਮ ਪ੍ਰਕਾਸ਼ ਹਰਿਆਣਾ, ਸੌਰਵ ਵਿੱਜ ਦਿੱਲੀ, ਡਿਸਕੁਸ ਵਿਕਾਸ ਗੌੜਾ, ਜੈਵਲਿਨ ਕਾਸ਼ੀਨਾਥ ਕਰਨਾਟਕ, ਸਮਰੀਤ ਸਿੰਘ ਰਾਜਸਥਾਨ, ਹੈਮਰ ਥਰੋਅ ਚੰਦਰੋਦਯਾ ਨਰਾਇਣ ਯੂ. ਪੀ., ਲੰਬੀ ਛਾਲ ਮਹਾਂ ਸਿੰਘ ਪੰਜਾਬ, ਅੰਕਿਤ ਸ਼ਰਮਾ, ਮੱਧ ਪ੍ਰਦੇਸ਼, ਹਰੀਕ੍ਰਿਸ਼ਨ ਐਮ. ਕੇਰਲ, ਤੀਹਰੀ ਛਾਲ ਰਣਜੀਤ ਮਹੇਸ਼ਵਰੀ ਰੇਲਵੇ, ਅਮਰਜੀਤ ਸਿੰਘ ਝਾਰਖੰਡ, ਉੱਚੀ ਛਾਲ ਨਿਖਿਲ ਚਿਤਰਾਸੂ ਤਾਮਿਲਨਾਡੂ, ਹਰੀ ਸ਼ੰਕਰ ਰਾਏ ਪੱਛਮੀ ਬੰਗਾਲ, ਪੋਲਵਾਲਟ ਗੱਜਨ ਉਪਾਧਿਆਏ ਯੂ.ਪੀ., ਡਕੈਥਲਨ ਭਰਤਿੰਦਰ ਸਿੰਘ ਹਰਿਆਣਾ ਤੇ ਪੀ. ਜੇ. ਵਿਨੋਦ ਕੇਰਲਾ ਸ਼ਾਮਿਲ ਹਨ।
ਮਹਿਲਾ ਵਰਗ ਦੀ 100 ਮੀਟਰ ਤੇ 4×100 ਮੀਟਰ ਰੀਲੇਅ ਦੌੜ ਲਈ ਐਸ. ਗੀਤਾ ਆਂਧਰਾ ਪ੍ਰਦੇਸ਼, ਐਚ. ਜਯੋਤੀ ਕਰਨਾਟਕ, ਪੀ. ਕੇ. ਪ੍ਰਿਯਾ ਕੇਰਲ, ਸਰਵਾਨੀ ਨੰਦਾ ਉੜੀਸਾ, ਰੀਬੀਕਾ ਜੋਸ ਕਰਨਾਟਕ, ਨਿਰੂਪਮਾ ਸੁੰਦਰਾਜ ਕਰਨਾਟਕ, ਅਰਜੀਨਾ ਖਾਤੂਨ, ਪੱਛਮੀ ਬੰਗਾਲ ਸੀ. ਐਚ. ਸ਼ਾਂਤੀ ਆਂਧਰਾ, 200 ਮੀਟਰ ਦੌੜ ਅੱਜ ਜਯੋਤੀ ਕਰਨਾਟਕ, ਐਸ. ਗੀਤਾ ਆਂਧਰਾ, 400 ਮੀਟਰ ਤੇ 4×400 ਮੀਟਰ ਰੀਲੇਅ ਮਨਦੀਪ ਕੌਰ, ਜੋਨ ਮੁਰਮੂ ਉੜੀਸਾ, ਅਸ਼ਵਨੀ ਏ. ਸੀ. ਕਰਨਾਟਕ, ਸਿੰਨੀ ਜੋਸ ਕੇਰਲ, ਟੀ. ਐਸ. ਥਾਮਸ ਕੇਰਲਾ, ਚਿੱਤਰਾ ਕੇ. ਸੋਮਨ ਝਾਰਖੰਡ, ਮਰਿੰਦੁਲਾ ਕੇ. ਆਂਧਰਾ, ਐਮ. ਪੂਵਾਮਾ ਕਰਨਾਟਕ, ਪ੍ਰਿਯੰਕਾ ਪਨਵਰ ਯੂ. ਪੀ., ਮਨਜੀਤ ਕੌਰ ਪੰਜਾਬ, 800 ਮੀਟਰ ਟਿੰਟੂ ਲੂਕਾ ਕੇਰਲਾ, ਸਿੰਨੀਮੋਲ ਪੌਲਸ ਝਾਰਖੰਡ 1500 ਮੀਟਰ ਦੌੜ ਸੁਸਮਾ ਦੇਵੀ ਹਰਿਆਣਾ, ਝੂਮਾ ਖਤੂਨ ਪੱਛਮੀ ਬੰਗਾਲ, ਓ. ਪੀ. ਜੈਸ਼ਾ ਕੇਰਲ, 5000 ਮੀਟਰ ਦੌੜ ਕਵਿਤਾ ਰੌਤ ਮਹਾਂਰਾਸ਼ਟਰ, ਪ੍ਰੀਜਾ ਸ੍ਰੀਧਰਨ ਕੇਰਲ, ਲੈਡਾ ਬਾਬਰ ਮਹਾਂਰਾਸ਼ਟਰ, 10 ਮੀਟਰ ਦੌੜ ਪ੍ਰੀਜਾ ਸ੍ਰੀਧਰਨ ਤੇ ਕਵਿਤਾ ਰੌਤ, 100 ਮੀਟਰ ਅੜਿੱਕਾ ਦੌੜ ਜੀ ਗਾਇਤਰੀ ਤਾਮਿਲਨਾਡੂ, 400 ਮੀਟਰ ਅੜਿੱਕਾ ਦੌੜ ਜੌਨਾ ਮੁਰਮੂ ਤੇ ਅਸ਼ਵਨੀ ਏ. ਸੀ., 3000 ਮੀਟਰ ਦੌੜ ਓ. ਪੀ. ਜੈਸ਼ਾ, ਸਧਾ ਸਿੰਘ ਯੂ. ਪੀ., ਪ੍ਰਿਯੰਕਾ ਪਟੇਲ ਯੂ. ਪੀ., ਮੈਗਥਨ ਸਕੰਨਿਆ ਮਲ ਸਿੰਘ, ਡਿਸਕਸ ਥਰੋਅ ਕ੍ਰਿਸ਼ਨਾ ਪੂਨੀਆ, ਹਰਵੰਤ ਕੌਰ ਪੰਜਾਬ, ਸੀਅ ਐਤਿਲ ਹਰਿਆਣਾ, ਗੋਲਾ ਸੁੱਟਣ ਮਨਪ੍ਰੀਤ ਕੌਰ ਪੰਜਾਬ, ਹੈਮਰ ਥਰੋਅ ਹਰਦੀਪ ਕੌਰ ਪੰਜਾਬ, ਲੰਬੀ ਛਾਲ ਮਿਯੂਖਾ ਜੌਨੀ, ਪ੍ਰਯੂਸਾ ਐਮ ਤੇ ਰੇਸ਼ਮੀ ਬੋਸ ਤਿੰਨੇ ਕੇਰਲ, ਤੀਹਰੀ ਛਾਲ ਜੀ. ਗਾਇਤਰੀ, ਮਿਯੂਖਾ ਜੌਨੀ ਤੇ ਪ੍ਰਯੂਸ਼ਾ, ਉੱਚੀ ਛਾਲ ਕਾਵਿਯਾ ਮੁਥਾਨਾ ਤੇ ਸਹਾਨਾ ਕੁਮਾਰੀ ਦੋਵੇਂ ਕਰਨਾਟਕ, ਹੈਪਟਥਲਨ ਪ੍ਰੋਮਿਲਾ ਆਯੱਪਾ ਕਰਨਾਟਕ, ਸੁਸ਼ਮਿਤਾ ਸਿੰਘ ਰਾਏ ਪੱਛਮੀ ਬੰਗਾਲ ਤੇ ਨਵਪ੍ਰੀਤ ਕੌਰ ਪੰਜਾਬ ਸ਼ਾਮਿਲ ਹਨ।

ਰਾਸ਼ਟਰ ਮੰਡਲ ਖੇਡਾਂ ਲਈ ਚੁਣੀ ਗਈ 10 ਮੈਂਬਰੀ ਭਾਰਤੀ ਬੈਡਮਿੰਟਨ ਟੀਮ

ਨਵੀਂ ਦਿੱਲੀ, 2 ਸਤੰਬਰ - ਰਾਸ਼ਟਰ ਮੰਡਲ ਖੇਡਾਂ ਜੋ ਕਿ ਦਿੱਲੀ ਵਿਖੇ ਅਕਤੂਬਰ 'ਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਲਈ 10 ਮੈਂਬਰੀ ਭਾਰਤੀ ਬੈਡਮਿੰਟਨ ਟੀਮ ਦੀ ਚੋਣ ਕਰ ਲਈ ਗਈ ਹੈ। ਬੈਡਮਿੰਟਨ 'ਚ ਮਹਿਲਾ ਵਰਗ ਦੇ ਸਿੰਗਲਜ਼ ਮੁਕਾਬਲੇ ਵਿਚ ਭਾਰਤ ਦਾ ਸਾਰਾ ਦਾਰੋਮਦਾਰ ਸਾਇਨਾ ਨੇਹਵਾਲ 'ਤੇ ਰਹੇਗਾ, ਜਦੋਂਕਿ ਪੁਰਸ਼ਾਂ ਦੇ ਸਿੰਗਲਜ਼ ਵਰਗ 'ਚ ਚੇਤਨ ਆਨੰਦ ਇਸ ਮੋਰਚੇ ਨੂੰ ਸੰਭਾਲੇਗਾ। ਸਾਇਨਾ ਵਿਸ਼ਵ ਦੀ ਨੰਬਰ ਦੋ ਖਿਡਾਰਨ ਹੈ ਜਦੋਂਕਿ ਚੇਤਨ ਆਨੰਦ 17ਵੇਂ ਸਥਾਨ 'ਤੇ ਹੈ। ਬੈਡਮਿੰਟਨ ਮੁਕਾਬਲਿਆਂ 'ਚ ਕੁੱਲ 18 ਸੋਨ ਤਗਮੇਂ ਦਾਅ 'ਤੇ ਰਹਿਣਗੇ। ਭਾਰਤ ਦੀ ਕੋਸ਼ਿਸ਼ ਵੱਧ ਤੋਂ ਵੱਧ ਤਗਮੇਂ ਜਿੱਤਣ ਦੀ ਹੋਵੇਗੀ। ਜਵਾਲਾ ਗੁੱਟਾ ਅਤੇ ਵੀ. ਦੀਜੂ ਦੀ ਜੋੜੀ ਮਿਕਸਡ ਡਬਲਜ਼ 'ਚ ਵਿਸ਼ਵ ਦੀ 13ਵਾਂ ਦਰਜਾ ਪ੍ਰਾਪਤ ਜੋੜੀ ਹੈ। ਰੁਪੇਸ਼ ਕੁਮਾਰ ਅਤੇ ਸੇਨਾਵੇ ਥਾਮਸ ਦੀ ਪੁਰਸ਼ ਡਬਲਜ਼ ਜੋੜੀ ਵਿਸ਼ਵ ਦੀ 16ਵਾਂ ਦਰਜਾ ਪ੍ਰਾਪਤ ਜੋੜੀ ਹੈ। ਟੀਮ 'ਚ (ਮਹਿਲਾ ਖਿਡਾਰੀ) ਸਾਇਨਾ ਨੇਹਵਾਲ, ਅਦਿੱਤੀ ਮੁਤਾਤਕਰ, ਜਵਾਲਾ ਗੁੱਟਾ, ਅਸ਼ਵਨੀ ਪੂਨਪਾ, ਅਪਰਨਾ ਬਾਲਨ ਅਤੇ (ਪੁਰਸ਼ ਖਿਡਾਰੀ) ਚੇਤਨ ਆਨੰਦ, ਪੀ. ਕਸ਼ਅਪ, ਸੇਨਾਵੇ ਥਾਮਸ, ਰੁਪੇਸ਼ ਕੁਮਾਰ ਅਤੇ ਵੀ. ਦੀਜੂ ਨੂੰ ਸ਼ਾਮਿਲ ਕੀਤਾ ਗਿਆ ਹੈ। ਟੀਮ 'ਚ ਕੋਚ ਪੀ. ਗੋਪੀਚੰਦ, ਅਤੀਕ ਜੌਹਰੀ, ਪੀ. ਯੂ. ਭਾਸਕਰ ਬਾਬੂ, ਵਿਜੇਦੀਪ ਸਿੰਘ, ਅਰਚਨਾ ਦੀਓਦਹਰ ਅਤੇ ਮੈਨੇਜ਼ਰ ਪ੍ਰਦੀਪ ਗੰਧਹੇ ਹਨ।

ਮਹਿਲਾ ਹਾਕੀ ਵਿਸ਼ਵ ਕੱਪ

ਰੋਸਾਰੀਓ (ਅਰਜਨਟੀਨਾ), 2 ਸਤੰਬਰ - ਮਹਿਲਾ ਹਾਕੀ ਵਿਸ਼ਵ ਕੱਪ ਜੋ ਕਿ ਰੋਸਾਰੀਓ 'ਚ ਚੱਲ ਰਿਹਾ ਹੈ। ਰਾਣੀ ਰਾਮਪਾਲ ਦੇ ਦੋ ਗੋਲਾਂ ਦੇ ਬਾਵਜੂਦ ਭਾਰਤ ਨੂੰ ਮਹਿਲਾ ਹਾਕੀ ਵਿਸ਼ਵ ਕੱਪ ਦੇ ਪੂਲ-ਏ ਦੇ ਮੈਚ 'ਚ ਆਸਟ੍ਰੇਲੀਆ ਦੇ ਹੱਥੋਂ ਲਗਾਤਾਰ ਦੂਸਰੀ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ ਦੀ ਟੀਮ ਨੇ ਭਾਰਤ ਨੂੰ 6-3 ਨਾਲ ਮਾਤ ਦਿੱਤੀ। ਟੀਮ ਸ਼ੁੱਕਰਵਾਰ ਨੂੰ ਪੂਲ ਦੇ ਅਗਲੇ ਮੈਚ 'ਚ ਜਰਮਨੀ ਦੇ ਨਾਲ ਭਿੜੇਗੀ, ਜਦੋਂਕਿ ਆਸਟ੍ਰੇਲੀਆ ਦਾ ਸਾਹਮਣਾ ਨੀਦਰਲੈਂਡ ਨਾਲ ਹੋਵੇਗਾ। ਭਾਰਤ ਨੂੰ ਪਹਿਲੇ ਮੈਚ 'ਚ ਪਿਛਲੇ ਚੈਂਪੀਅਨ ਨੀਦਰਲੈਂਡ ਕੋਲੋਂ 1-7 ਨਾਲ ਹਾਰ ਮਿਲੀ ਸੀ। ਹੋਰ ਮੈਚਾਂ 'ਚ ਨੀਦਰਲੈਂਡ ਨੇ ਨਿਊਜ਼ੀਲੈਂਡ ਨੂੰ 7-3 ਨਾਲ ਜਦੋਂਕਿ ਜਰਮਨੀ ਨੇ ਜਾਪਾਨ ਨੂੰ 2-1 ਨਾਲ ਹਰਾਇਆ।

56ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਸਮਾਪਤ

ਬੁਢਲਾਡਾ, 2 ਸਤੰਬਰ - ਬੁਢਲਾਡਾ 'ਚ ਪੰਜ ਰੋਜ਼ਾ 56ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ 20 ਜ਼ਿਲ੍ਹਿਆਂ ਦੇ ਲਗਭਗ 600 ਖਿਡਾਰੀਆਂ ਨੇ ਅੰਡਰ 14, 17 ਅਤੇ 19 ਸਾਲ ਵਰਗ ਵਿੱਚ ਭਾਗ ਲਿਆ। ਜਲੰਧਰ ਦੇ ਖਿਡਾਰੀ ਓਵਰਆਲ ਟਰਾਫੀ 'ਤੇ ਕਬਜ਼ਾ ਕਰਨ ਵਿੱਚ ਕਾਮਯਾਬ ਰਹੇ। ਮੁਕਾਬਲਿਆਂ ਦੌਰਾਨ ਜਿਥੇ ਜਲੰਧਰ ਨੇ ਵਧੀਆ ਖੇਡ ਦਾ ਮੁਜ਼ਾਹਰਾ ਕੀਤਾ ਉਥੇ ਸੰਗਰੂਰ ਜ਼ਿਲ੍ਹੇ ਦੇ ਖਿਡਾਰੀ ਵੀ ਖੇਡ ਦੌਰਾਨ ਛਾਏ ਰਹੇ। ਮੁਕਾਬਲਿਆਂ ਦੇ ਅਖੀਰਲੇ ਦਿਨ ਅੰਡਰ 19 ਲੜਕੀਆਂ ਦੇ ਮੁਕਾਬਲੇ ਵਿੱਚ ਜਲੰਧਰ, ਸੰਗਰੂਰ ਅਤੇ ਲੁਧਿਆਣਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ, ਅੰਡਰ 19 ਸਾਲ ਲੜਕੇ ਦੌਰਾਨ ਸੰਗਰੂਰ, ਰੋਪੜ ਅਤੇ ਗੁਰਦਾਸਪੁਰ ਪਹਿਲੇ, ਦੂਜੇ ਅਤੇ ਤੀਜੇ, ਅੰਡਰ 17 ਸਾਲ ਲੜਕੇ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਅੰਡਰ 17 ਸਾਲ ਲੜਕੀਆਂ ਦੇ ਰੋਪੜ, ਜਲੰਧਰ, ਸੰਗਰੂਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ, ਅੰਡਰ 14 ਸਾਲ ਲੜਕੀਆਂ 'ਚ ਲੁਧਿਆਣਾ, ਜਲੰਧਰ ਅਤੇ ਭਗਤ ਸਿੰਘ ਨਗਰ ਕ੍ਰਮਵਾਰ ਪਹਿਲੇ ਦੂਜੇ ਅਤ ਤੀਜੇ ਸਥਾਨ 'ਤੇ ਰਹੇ।

ਪਿੰਡ ਉੱਚਾ ਦਾ ਪਹਿਲਾ ਕਬੱਡੀ ਟੂਰਨਾਮੈਂਟ 4 ਨੂੰ

ਜਲੰਧਰ, 1 ਸਤੰਬਰ - ਡੇਰਾ ਸੰਤ ਮੰਗਲ ਦਾਸ ਪਿੰਡ ਉਚਾ ਦਾ ਪਹਿਲਾ ਕਬੱਡੀ ਟੂਰਨਾਮੈਂਟ 4 ਤੋਂ 6 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕਬੱਡੀ ਓਪਨ ਤੇ ਕਬੱਡੀ 70 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਪਹਿਲੇ ਤੇ ਦੂਸਰੇ ਨੰਬਰ 'ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 51 ਹਜ਼ਾਰ, 41 ਹਜ਼ਾਰ ਅਤੇ 30 ਹਜ਼ਾਰ ਤੇ 25 ਹਜ਼ਾਰ ਰੁਪਏ ਦੇ ਨਕਦ ਇਨਾਮਾਂ ਤੋਂ ਇਲਾਵਾ ਟਰਾਫੀਆਂ ਵੀ ਦਿੱਤੀਆਂ ਜਾਣਗੀਆਂ।

56ਵੀਆਂ ਪੰਜਾਬ ਸਕੂਲ ਖੇਡਾਂ ਦੇ ਨੈੱਟਬਾਲ ਮੁਕਾਬਲੇ ਸਮਾਪਤ

ਬਠਿੰਡਾ, 1 ਸਤੰਬਰ - 56ਵੀਂ ਪੰਜਾਬ ਸਕੂਲ ਖੇਡਾਂ ਨੈਟਬਾਲ ਅੰਡਰ 19 ਜੋ ਕਿ ਬਠਿੰਡਾ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਬਠਿੰਡਾ ਦੇ ਲੜਕੇ ਅਤੇ ਲੜਕੀਆਂ ਦਾ ਕਬਜ਼ਾ ਰਿਹਾ। ਲੜਕਿਆਂ ਵਿਚ ਬਠਿੰਡਾ ਦੀ ਟੀਮ ਪਹਿਲੇ, ਤਰਨਤਾਰਨ ਦੀ ਟੀਮ ਦੂਜੇ ਅਤੇ ਬਰਨਾਲਾ ਦੀ ਟੀਮ ਤੀਜੇ ਸਥਾਨ 'ਤੇ ਰਹੀ। ਲੜਕੀਆਂ ਦੇ ਮੁਕਾਬਲਿਆਂ ਵਿਚ ਵੀ ਬਠਿੰਡਾ ਦੀ ਟੀਮ ਪਹਿਲੇ, ਬਰਨਾਲਾ ਦੀ ਟੀਮ ਦੂਜੇ ਅਤੇ ਅੰਮ੍ਰਿਤਸਰ ਦੀ ਟੀਮ ਤੀਜੇ ਸਥਾਨ 'ਤੇ ਰਹੀ। ਰਾਸ਼ਟਰੀ ਪੱਧਰ 'ਤੇ ਖੇਡਣ ਵਾਲੀਆਂ ਟੀਮਾਂ ਲਈ 20 ਲੜਕੇ ਅਤੇ 21 ਲੜਕੀਆਂ ਦੀ ਚੋਣ ਕਰ ਲਈ ਗਈ ਹੈ। ਰਾਸ਼ਟਰੀ ਪੱਧਰ ਦੀਆਂ ਖੇਡਾਂ ਤੋਂ 20 ਦਿਨ ਪਹਿਲਾਂ 15 ਦਿਨਾਂ ਦਾ ਕੈਂਪ ਲਗਾ ਕੇ ਉਕਤ ਖਿਡਾਰੀਆਂ 'ਚੋਂ 12 ਲੜਕੇ ਅਤੇ 12 ਲੜਕੀਆਂ ਦੀ ਚੋਣ ਕੀਤੀ ਜਾਵੇਗੀ।

56ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਵਾਲੀਵਾਲ ਸਮੈਸ਼ਿੰਗ ਮੁਕਾਬਲੇ

ਫ਼ਰੀਦਕੋਟ - 56ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਵਿਖੇ ਚੱਲ ਰਹੀਆਂ ਹਨ। 19 ਸਾਲ ਤੋਂ ਘੱਟ ਉਮਰ ਦੇ ਲੜਕੇ ਅਤੇ ਲੜਕੀਆਂ ਦੇ ਵਾਲੀਵਾਲ ਸਮੈਸ਼ਿੰਗ ਦੇ ਮੁਕਾਬਲਿਆਂ 'ਚ ਖੰਨਾ ਵਿੰਗ ਨੇ ਤਰਨਤਾਰਨ ਦੀ ਟੀਮ ਨੂੰ ਹਰਾਇਆ। ਲੜਕਿਆਂ ਦੇ ਦੂਸਰੇ ਮੈਚ ਵਿਚ ਮਸਤੂਆਣਾ ਵਿੰਗ ਨੇ ਫ਼ਰੀਦਕੋਟ ਨੂੰ, ਤੀਜੇ ਮੈਚ ਮਸਤੂਆਣਾ ਨੇ ਤਰਨਤਾਰਨ ਨੂੰ ਹਰਾਇਆ। ਲੜਕੀਆਂ ਦੇ ਪਹਿਲੇ ਸੰਘਰਸ਼ਪੂਰਨ ਮੈਚ 'ਚ ਮੁਕਤਸਰ ਨੇ ਲੁਧਿਆਣਾ ਨੂੰ, ਦੂਜੇ ਮੈਚ 'ਚ ਜਲੰਧਰ ਨੇ ਰੋਪੜ ਨੂੰ ਅਤੇ ਤੀਜੇ ਮੈਚ 'ਚ ਲੁਧਿਆਣਾ ਨੇ ਜਲੰਧਰ ਨੂੰ ਹਰਾਇਆ।

ਪਿੰਡ ਬੱਬੇਹਾਲੀ ਦਾ ਛਿੰਝ ਅਤੇ ਸੱਭਿਆਚਾਰਕ ਖੇਡ ਮੇਲਾ ਸਮਾਪਤ

ਗੁਰਦਾਸਪੁਰ, 31 ਅਗਸਤ - ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਸਿੱਧ ਇਤਿਹਾਸਿਕ ਪਿੰਡ ਬੱਬੇਹਾਲੀ ਵਿਖੇ ਸਵ. ਮਹਿੰਦਰ ਸਿੰਘ ਬੱਬੇਹਾਲੀ ਖੇਡ ਸਟੇਡੀਅਮ ਵਿਚ ਚਾਰ ਰੋਜ਼ਾ ਛਿੰਝ ਤੇ ਸੱਭਿਆਚਾਰਕ ਖੇਡ ਮੇਲਾ ਕਰਵਾਇਆ ਗਿਆ। ਇਸ ਖੇਡ ਮੇਲੇ ਵਿਚ ਲਗਭਗ 200 ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ। ਇਸ ਤੋਂ ਇਲਾਵਾ ਹੋਰ ਰਵਾਇਤੀ ਖੇਡਾਂ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਕੁਸ਼ਤੀ ਮੁਕਾਬਲਿਆਂ ਵਿਚ ਬਾਬਾ ਘਨ੍ਹਈਆ ਲਾਲ ਅਕੈਡਮੀ ਹੁਸ਼ਿਆਰਪੁਰ ਦੇ ਪਹਿਲਵਾਨ ਨਵਾਬ ਨੇ ਗੜ੍ਹਸ਼ੰਕਰ ਦੇ ਪਹਿਲਵਾਨ ਅਮਨਦੀਪ ਬਾਈ ਨੂੰ ਹਰਾ ਕੇ ਮਾਲੀ ਦੀ ਕੁਸ਼ਤੀ ਜਿੱਤ ਲਈ। ਹੋਰ ਕੁਸ਼ਤੀ ਮੁਕਾਬਲਿਆਂ ਵਿਚ ਸਾਬੂ ਸਿੰਘ ਨੇ ਪਠਾਨਕੋਟ ਦੇ ਪਹਿਲਵਾਨ ਲੱਖਾ ਸਿੰਘ ਨੂੰ ਕੁਲਦੀਪ ਸਿੰਘ ਭਾਗੋਵਾਲ ਨੇ ਮੰਗਲ ਹੁਸ਼ਿਆਰਪੁਰ ਨੂੰ ਮਾਦੂ ਨੇ ਰੋਹਿਤ ਕੁਮਾਰ ਨੂੰ, ਸੰਦੀਪ ਕੁਮਾਰ ਨੇ ਰਕੇਸ਼ ਕੁਮਾਰ ਨੂੰ, ਸੋਮ ਨਾਥ ਗੁਰਦਾਸਪੁਰ ਨੇ ਸਾਬੀ ਨੂੰ, ਮਹਿੰਦਰਪਾਲ ਗੁਰਦਾਸਪੁਰ ਨੇ ਜੀਤੋ ਹਰਦੋਵਾਲ ਨੂੰ ਅਤੇ ਬੱਲਾ ਗੁਰਦਾਸਪੁਰ ਨੇ ਅਮਨ ਮੁਕੇਰੀਆਂ ਨੂੰ ਚਿੱਤ ਕਰਕੇ ਆਪੋ-ਆਪਣੇ ਵਰਗ ਦੀਆਂ ਕੁਸ਼ਤੀਆਂ ਵਿਚ ਜੇਤੂ ਹੋਣ ਦਾ ਮਾਣ ਪ੍ਰਾਪਤ ਕੀਤਾ। ਇਸੇ ਹੀ ਤਰ੍ਹਾਂ ਰੱਸਾ ਕੱਸ਼ੀ ਮੁਕਾਬਲੇ ਵਿਚ ਜਫ਼ਰਵਾਲ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਹੋਰ ਪੁਰਾਤਨ ਪੇਂਡੂ ਖੇਡਾਂ ਵਿਚ ਰਘੁਬੀਰ ਸਿੰਘ ਕਪੂਰਥਲਾ ਨੇ ਢਾਈ ਕੁਇੰਟਲ ਮਿੱਟੀ ਦੀ ਬੋਰੀ ਚੁੱਕ ਕੇ ਵਾਹ-ਵਾਹ ਖੱਟੀ, ਅਨੋਖ ਸਿੰਘ ਕਪੂਰਥਲਾ ਨੇ ਛਾਤੀ 'ਤੇ ਰੱਖ ਕੇ 6 ਇੱਟਾਂ ਤੋੜੀਆਂ, ਇਕ ਵਿਅਕਤੀ ਨੇ ਗਲੇ ਵਿਚ ਸੂਈ ਪਾਰ ਕਰ ਕੇ ਉਸ ਨਾਲ 15 ਕਿਲੋ ਭਾਰ ਚੁੱਕਿਆ। ਕਬੱਡੀ ਮੈਚ 'ਚ ਪੰਜਾਬ ਦੀਆਂ ਲੜਕੀਆਂ ਨੇ ਹਰਿਆਣਾ ਦੀਆਂ ਲੜਕੀਆਂ ਨੂੰ 20 ਦੇ ਮੁਕਾਬਲੇ 30 ਅੰਕਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਐਥਲੈਟਿਕਸ ਵਿਚ 800 ਮੀਟਰ ਦੀ ਦੌੜ ਵਿਚ ਦਵਿੰਦਰ ਸਿੰਘ ਪਹਿਲੇ, ਲਵਪ੍ਰੀਤ ਸਿੰਘ ਦੂਸਰੇ ਅਤੇ ਬਖਸ਼ੀਸ਼ ਸਿੰਘ ਤੀਸਰੇ ਸਥਾਨ 'ਤੇ ਰਿਹਾ। ਜਦ ਕਿ 3 ਹਜ਼ਾਰ ਮੀਟਰ ਮੁਕਾਬਲਿਆਂ ਵਿਚ ਹਰਜੋਸ਼ ਸਿੰਘ ਬੱਬੇਹਾਲੀ ਪਹਿਲੇ, ਹਰਵਿੰਦਰ ਸਿੰਘ ਜਫਰਵਾਲ ਦੂਸਰੇ ਅਤੇ ਜਗਜੀਤ ਸਿੰਘ ਤੀਸਰੇ ਸਥਾਨ 'ਤੇ ਰਿਹਾ।

ਭੌਰਲਾ ਦਾ ਪੇਂਡੂ ਖੇਡ ਮੇਲਾ

ਬੀਜਾ, 31 ਅਗਸਤ - 65ਵਾਂ ਬਾਬਾ ਲਾਲ ਸਿੰਘ ਯਾਦਗਾਰੀ ਟੂਰਨਾਮੈਂਟ 1 ਤੋਂ 3 ਸਤੰਬਰ ਤੱਕ ਪਿੰਡ ਭੌਰਲਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ 1 ਸਤੰਬਰ ਨੂੰ 28, 32, 37, 42 ਕਿਲੋ ਕਬੱਡੀ ਦੇ ਮੁਕਾਬਲੇ, ਕਬੂਤਰਾਂ ਦੀ ਉਡਾਣ, 2 ਸਤੰਬਰ ਨੂੰ ਕਬੱਡੀ 47, 52, 57 ਕਿਲੋ, ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ। 3 ਸਤੰਬਰ ਨੂੰ ਕਬੱਡੀ 62 ਕਿਲੋ, ਕਬੱਡੀ ਇਕ ਪਿੰਡ ਕਲੱਬ, ਐਥਲੈਟਿਕਸ 100, 200, 400 ਮੀਟਰ ਦੇ ਮੁਕਾਬਲੇ ਕਰਵਾਏ ਜਾਣਗੇ।

ਮਹਿਲਾ ਹਾਕੀ ਵਿਸ਼ਵ ਕੱਪ

ਰੋਸਾਰੀਓ (ਅਰਜਨਟੀਨਾ), 31 ਅਗਸਤ - ਮਹਿਲਾ ਹਾਕੀ ਵਿਸ਼ਵ ਕੱਪ ਜੋ ਕਿ ਰੋਸਾਰੀਓ (ਅਰਜਨਟੀਨਾ) ਵਿਖੇ ਚੱਲ ਰਿਹਾ ਹੈ। ਇਸ ਵਿਸ਼ਵ ਕੱਪ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਅਰਜਨਟੀਨਾ ਨੇ ਪਹਿਲੇ ਮੈਚ ਵਿਚ ਹੀ ਹਰਾ ਦਿੱਤਾ। ਖੇਡੇ ਗਏ ਪੂਲ-ਏ ਦੇ ਪਹਿਲੇ ਮੁਕਾਬਲੇ ਵਿਚ ਹਾਲੈਂਡ ਨੇ ਭਾਰਤ ਨੂੰ 7-1 ਨਾਲ ਦਰੜ ਦਿੱਤਾ। ਇਸੇ ਦੌਰਾਨ ਖੇਡੇ ਗਏ ਦੋ ਹੋਰਨਾਂ ਮੈਚਾਂ ਵਿਚ ਜਰਮਨੀ ਨੇ ਨਿਊਜ਼ੀਲੈਂਡ ਨੂੰ 2-0 ਨਾਲ ਹਰਾਇਆ ਜਦਕਿ ਆਸਟਰੇਲੀਆ ਨੇ ਜਾਪਾਨ 'ਤੇ 2-1 ਨਾਲ ਜਿੱਤ ਦਰਜ ਕੀਤੀ। ਭਾਰਤ ਦਾ ਅਗਲਾ ਮੁਕਾਬਲਾ 1 ਸਤੰਬਰ ਨੂੰ ਆਸਟ੍ਰੇਲੀਆ ਨਾਲ ਹੋਣਾ ਹੈ।

Click here to read PREVIOUS Monthly News