Click here For English Version

SPORTS NEWS

October Sports News 2010

ਆਰ. ਸੀ. ਐਫ. ਕਪੂਰਥਲਾ ਜੇਤੂ

ਲੁਧਿਆਣਾ, 29 ਅਕਤੂਬਰ - 15ਵਾਂ ਆਲ ਇੰਡੀਆ ਮਹਿੰਦਰ ਪ੍ਰਤਾਪ ਗਰੇਵਾਲ ਮਹਿਲਾ ਹਾਕੀ ਟੂਰਨਾਮੈਂਟ ਪਦਮਸ੍ਰੀ ਪ੍ਰਿਥੀਪਾਲ ਹਾਕੀ ਸਟੇਡੀਅਮ ਪੀ.ਏ.ਯੂ. 'ਚ ਚੱਲ ਰਿਹਾ ਹੈ। ਇਸ ਟੂਰਨਾਮੈਂਟ ਵਿਚ ਆਰ. ਸੀ. ਐਫ. ਕਪੂਰਥਲਾ ਨੇ ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਹਰਿਆਣਾ 1-0 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ, ਜਦਕਿ ਵੈਸਟਰਨ ਸੈਂਟਰ ਰੇਲਵੇ ਜਬਲਪੁਰ ਨੇ ਚੰਡੀਗੜ੍ਹ ਅਕੈਡਮੀ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ 'ਤੇ ਚੈਂਪੀਅਨ ਟੀਮ ਨੂੰ 51 ਹਜ਼ਾਰ ਰੁਪਏ ਅਤੇ ਉਪ ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਅਤੇ ਮਹਿੰਦਰ ਗਰੇਵਾਲ ਯਾਦਗਾਰੀ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਰੇਲ ਕੋਚ ਫੈਕਟਰੀ ਦੀ ਅਨੁਰਾਧਾ ਦੇਵੀ ਨੂੰ ਸਰਬੋਤਮ ਖਿਡਾਰਣ ਵਜੋਂ 10 ਹਜ਼ਾਰ ਰੁਪਏ ਨਾਲ, ਅਤੇ ਹਰਿਆਣਾ ਦੀ ਰਮਨਦੀਪ ਕੌਰ ਨੂੰ ਸਰਬੋਤਮ ਸਕੋਰਰ ਵਜੋਂ 5 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ।

ਕਬੱਡੀ 'ਚ ਪਟਿਆਲਾ ਤੇ ਵਾਲੀਬਾਲ 'ਚ ਅਜੀਤਵਾਲ ਦੀਆਂ ਕੁੜੀਆਂ ਅੱਵਲ

ਪਟਿਆਲਾ, 29 ਅਕਤੂਬਰ - ਪਟਿਆਲਾ 'ਚ ਪੰਜਾਬ ਅੰਤਰ ਬਹੁਤਕਨੀਕੀ ਕਾਲਜ ਦੀਆਂ ਖੇਡਾਂ ਦੇ ਕਬੱਡੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਕਬੱਡੀ ਮੁਕਾਬਲਿਆਂ 'ਚ ਮੇਜ਼ਬਾਨ ਸਰਕਾਰੀ ਬਹੁਤਕਨੀਕੀ ਦੀ ਕਾਲਜ ਲੜਕੀਆਂ ਪਟਿਆਲਾ ਤੇ ਵਾਲੀਬਾਲ 'ਚ ਲਾਲਾ ਲਾਜਪਤ ਰਾਏ ਬਹੁਤਕਨੀਕੀ ਕਾਲਜ ਅਜੀਤਵਾਲ ਨੇ ਪਹਿਲਾ ਸਥਾਨ ਹਾਸਲ ਕਰਨ ਦਾ ਮਾਣ ਪ੍ਰਾਪਤ ਕੀਤਾ। ਫਾਈਨਲ ਮੁਕਾਬਲੇ 'ਚ ਮੇਜ਼ਬਾਨ ਪਟਿਆਲਾ ਕਾਲਜ ਦੀ ਟੀਮ ਨੇ ਅੰਮ੍ਰਿਤਪਾਲ, ਹਰਪ੍ਰੀਤ ਤੇ ਮਨਪ੍ਰੀਤ ਕੌਰ ਦੀ ਸ਼ਾਨਦਾਰ ਖੇਡ ਸਦਕਾ ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਨੂੰ 67-11 ਦੇ ਵੱਡੇ ਅੰਤਰ ਨਾਲ ਹਰਾ ਕੇ ਲਗਾਤਾਰ ਤੀਸਰੀ ਵਾਰ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਅੰਮ੍ਰਿਤਸਰ ਦੀ ਟੀਮ ਨੇ ਜਲੰਧਰ ਨੂੰ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ। ਵਾਲੀਬਾਲ 'ਚ ਲਾਲਾ ਲਾਜਪਤ ਰਾਏ ਬਹੁਤਕਨੀਕੀ ਕਾਲਜ ਅਜੀਤਵਾਲ ਨੇ ਮੇਜ਼ਬਾਨ ਪਟਿਆਲਾ ਦੀ ਟੀਮ ਨੂੰ ਹਰਾ ਕੇ ਅੱਵਲ ਰਹਿਣ ਦਾ ਮਾਣ ਪ੍ਰਾਪਤ ਕੀਤਾ। ਲੁਧਿਆਣਾ ਨੇ ਮਾਲਵਾ ਬਹੁਤਕਨੀਕੀ ਕਾਲਜ ਫਰੀਦਕੋਟ ਨੂੰ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ। ਕਬੱਡੀ 'ਚ ਪਟਿਆਲਵੀ ਖਿਡਾਰਨ ਅੰਮ੍ਰਿਤਪਾਲ ਕੌਰ ਨੇ ਲਗਾਤਾਰ ਤੀਸਰੇ ਵਰ੍ਹੇ ਸਰਬੋਤਮ ਖਿਡਾਰਨ ਦਾ ਖਿਤਾਬ ਜਿੱਤਿਆ।

ਪੰਜਾਬ ਰਾਜ ਅੰਤਰ ਬਹੁਤਕਨੀਕੀ ਕਾਲਜ ਬੈਡਮਿੰਟਨ ਖੇਡਾਂ ਸਮਾਪਤ

ਬਠਿੰਡਾ, 29 ਅਕਤੂਬਰ - ਬਠਿੰਡਾ ਦੇ ਸਰਕਾਰੀ ਬਹੁਤਕਨੀਕੀ ਕਾਲਜ ਦੇ ਇਨਡੋਰ ਹਾਲ 'ਚ ਪੰਜਾਬ ਰਾਜ ਅੰਤਰ ਬਹੁਤਕਨੀਕੀ ਕਾਲਜਾਂ ਦੀਆਂ ਬੈਡਮਿੰਟਨ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦੇ ਦੋ ਲੀਗ ਮੈਚਾਂ ਵਿਚ ਲੁਧਿਆਣਾ ਤੇ ਅਜੀਤਵਾਲ ਖਿਲਾਫ਼ ਕੋਈ ਵੀ ਸੈੱਟ ਨਾ ਗਵਾਉਣ ਵਾਲੀ ਪੰਡਤ ਜਗਤ ਰਾਮ ਸਰਕਾਰੀ ਬਹੁਤਕਨੀਕੀ ਕਾਲਜ ਹੁਸ਼ਿਆਰਪੁਰ ਦੀ ਟੀਮ ਨੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਜਦਕਿ ਆਦੇਸ਼ ਬਹੁਤਕਨੀਕੀ ਕਾਲਜ ਮੁਕਤਸਰ ਦੀ ਟੀਮ ਦੂਸਰੇ ਸਥਾਨ 'ਤੇ ਰਹੀ ਹੈ। ਲੀਗ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮੁਕਤਸਰ ਦੇ ਖਿਡਾਰੀ ਸੁਰਜੀਤ ਕੁਮਾਰ, ਹੁਸ਼ਿਆਰਪੁਰ ਦੇ ਮਨਦੀਪ ਕੁਮਾਰ ਤੇ ਲੁਧਿਆਣਾ ਦੇ ਅਰਸ਼ਦੀਪ ਸਿੰਘ ਨੂੰ ਸਰਬੋਤਮ ਖਿਡਾਰੀ ਐਲਾਨ ਕੇ ਰੰਗੀਨ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ।

ਪੰਜਾਬ ਰਾਜ ਅੰਤਰ ਬਹੁਤਕਨੀਕੀ ਕਾਲਜਾਂ ਦੀਆਂ ਬੈਡਮਿੰਟਨ ਖੇਡਾਂ ਸ਼ੁਰੂ

ਬਠਿੰਡਾ, 28 ਅਕਤੂਬਰ - ਪੰਜਾਬ ਰਾਜ ਅੰਤਰ ਬਹੁਤਕਨੀਕੀ ਕਾਲਜਾਂ ਦੀਆਂ ਫਾਈਨਲ ਬੈਡਮਿੰਟਨ ਖੇਡਾਂ ਬਠਿੰਡਾ ਦੇ ਸਰਕਾਰੀ ਬਹੁਤਕਨੀਕੀ ਕਾਲਜ ਦੇ ਇਨਡੋਰ ਹਾਲ ਵਿਚ ਕਰਵਾਈਆਂ ਜਾ ਰਹੀਆਂ ਹਨ। ਇਹ ਖੇਡਾਂ ਦੋ ਦਿਨ ਚੱਲਣਗੀਆਂ। ਇਨ੍ਹਾਂ ਖੇਡਾਂ ਵਿਚ ਚਾਰੇ ਜ਼ੋਨਾਂ ਦੀਆਂ ਜੇਤੂ ਟੀਮਾਂ ਸ਼ਾਮਿਲ ਹੋ ਰਹੀਆਂ ਹਨ। ਬੈਡਮਿੰਟਨ ਖੇਡਾਂ ਵਿਚ ਹਰ ਜ਼ੋਨ ਦੀ ਜੇਤੂ ਟੀਮ ਦੂਸਰੀਆਂ ਟੀਮਾਂ ਨਾਲ ਇਕ-ਇਕ ਵਾਰ ਖੇਡੇਗੀ। ਪਹਿਲੇ ਦਿਨ ਦੇ ਖੇਡੇ ਲੀਗ ਮੈਚ ਵਿਚ ਪੰਡਿਤ ਜਗਤ ਰਾਮ ਸਰਕਾਰੀ ਬਹੁਤਕਨੀਕੀ ਕਾਲਜ ਹੁਸ਼ਿਆਰਪੁਰ ਨੇ ਐਲ. ਐਲ. ਆਰ. ਐਮ. ਬਹੁਤਕਨੀਕੀ ਕਾਲਜ ਅਜੀਤਵਾਲ (ਮੋਗਾ) ਨੂੰ 3-0 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਜਦਕਿ ਅਜੀਤਵਾਲ ਕਾਲਜ ਆਪਣੇ ਅਗਲੇ ਮੈਚ ਵਿਚ ਗੁਰੂ ਨਾਨਕ ਦੇਵ ਬਹੁਤਕਨੀਕੀ ਕਾਲਜ ਲੁਧਿਆਣਾ ਤੋਂ 3-0 ਨਾਲ ਹਾਰ ਗਿਆ। ਇਕ ਹੋਰ ਮੁਕਾਬਲੇ ਵਿਚ ਆਦੇਸ਼ ਬਹੁਤਕਨੀਕੀ ਕਾਲਜ ਮੁਕਤਸਰ ਨੇ ਗੁਰੂ ਨਾਨਕ ਦੇਵ ਬਹੁਤਕਨੀਕੀ ਕਾਲਜ ਲੁਧਿਆਣਾ ਨੂੰ 3-1 ਨਾਲ ਹਰਾਇਆ।

ਪੰਜਾਬੀ ਯੂਨੀਵਰਸਿਟੀ ਦੀਆਂ ਕੁੜੀਆਂ ਬਣੀਆਂ ਚੈਂਪੀਅਨ

ਪਟਿਆਲਾ, 28 ਅਕਤੂਬਰ - ਕੁੱਲ ਹਿੰਦ ਅੰਤਰ 'ਵਰਸਿਟੀ ਸਾਈਕਲਿੰਗ ਚੈਂਪੀਅਨਸ਼ਿਪ ਵਿਚ ਪੰਜਾਬੀ ਯੂਨੀਵਰਸਿਟੀ ਦੀਆਂ ਕੁੜੀਆਂ ਨੇ ਜੇਤੂ ਅਤੇ ਮੁੰਡਿਆਂ ਨੇ ਉਪ ਜੇਤੂ ਹੋਣ ਦਾ ਮਾਣ ਹਾਸਲ ਕੀਤਾ। ਲੜਕੀਆਂ ਦੇ ਵਰਗ 'ਚ ਪੰਜਾਬੀ 'ਵਰਸਿਟੀ ਪਹਿਲੇ, ਗੁਰੂ ਨਾਨਕ ਦੇਵ 'ਵਰਸਿਟੀ ਦੂਸਰੇ ਤੇ ਕੇਰਲਾ 'ਵਰਸਿਟੀ ਤੀਸਰੇ ਸਥਾਨ 'ਤੇ ਰਹੀ, ਜਦੋਂਕਿ ਲੜਕਿਆਂ ਦੇ ਵਰਗ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹਿਲੇ, ਪੰਜਾਬੀ 'ਵਰਸਿਟੀ ਦੂਸਰੇ ਤੇ ਕੇਰਲਾ 'ਵਰਸਿਟੀ ਤੀਸਰੇ ਸਥਾਨ 'ਤੇ ਰਹੀ। 500 ਮੀਟਰ ਟਾਈਮ ਟਰਾਇਲ ਮੁਕਾਬਲੇ 'ਚ ਗੁਰਪ੍ਰੀਤ ਕੌਰ, ਉਲੰਪਿਕ ਟੀਮ ਸਪਹਿੰਟ 'ਚ ਰੇਖਾ ਰਾਣੀ, ਸੰਦੀਪ ਕੌਰ ਤੇ ਗੁਰਪ੍ਰੀਤ ਕੌਰ ਨੇ, ਤਿੰਨ ਕਿਲੋਮੀਟਰ ਟੀਮ ਪ੍ਰਸੂਟ 'ਚ ਗੁਰਪ੍ਰੀਤ ਕੌਰ, ਸੰਦੀਪ ਕੌਰ, ਮਮਤਾ ਰਾਣੀ, ਰੇਖਾ ਰਾਣੀ ਤੇ ਪੁਸ਼ਪਿੰਦਰ ਕੌਰ ਨੇ ਨਵੇਂ ਕੁਲਹਿੰਦ ਅੰਤਰ 'ਵਰਸਿਟੀ ਰਿਕਾਰਡ ਸਿਰਜੇ। ਪੰਜਾਬੀ 'ਵਰਸਿਟੀ ਦੀ ਗੁਰਪ੍ਰੀਤ ਕੌਰ ਨੇ ਚਾਰ ਸੋਨ, 1 ਚਾਂਦੀ ਤੇ 2 ਕਾਂਸੀ, ਸੰਦੀਪ ਕੌਰ ਨੇ ਸੋਨ, ਚਾਂਦੀ ਤੇ ਕਾਂਸੀ ਦੇ ਦੋ-ਦੋ, ਮਮਤਾ ਰਾਣੀ ਨੇ 2 ਸੋਨ, 1 ਚਾਂਦੀ ਤੇ 1 ਕਾਂਸੀ, ਰੇਖਾ ਰਾਣੀ ਨੇ 2 ਸੋਨ, 1 ਚਾਂਦੀ ਤੇ 1 ਕਾਂਸੀ ਦਾ ਤਗਮਾ ਜਿੱਤਿਆ। ਲੜਕਿਆਂ ਦੇ ਵਰਗ 'ਚ ਨਰਪਿੰਦਰਜੀਤ ਕੌਰ ਨੇ ਦੋ ਸੋਨ, 4 ਚਾਂਦੀ, ਸਰਪ੍ਰੀਤ ਸਿੰਘ ਨੇ 4 ਚਾਂਦੀ, ਸੁਖਵਿੰਦਰ ਸਿੰਘ ਨੇ ਤਿੰਨ ਚਾਂਦੀ ਤੇ 2 ਕਾਂਸੀ, ਜਸਵੀਰ ਸਿੰਘ ਨੇ ਦੋ ਚਾਂਦਸੀ, ਮਨੀਤਪਾਲ ਸਿੰਘ ਨੇ 2 ਚਾਂਦੀ ਅਤੇ ਕਰਨਵੀਰ ਸਿੰਘ ਨੇ 1 ਕਾਂਸੀ ਦਾ ਤਗਮਾ ਜਿੱਤਿਆ।

ਪੰਜਾਬ ਰਾਜ ਪੇਂਡੂ ਖੇਡਾਂ ਸ਼ੁਰੂ

ਫ਼ਿਰੋਜ਼ਪੁਰ, 28 ਅਕਤੂਬਰ - ਪੰਜਾਬ ਰਾਜ ਪੇਂਡੂ ਖੇਡਾਂ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਚੱਲ ਰਹੀਆਂ ਹਨ। ਇਨ੍ਹਾਂ ਵਿਚ 16 ਸਾਲ ਤੋਂ ਘੱਟ ਉਮਰ ਦੇ ਲੜਕੇ ਸ਼ਾਮਿਲ ਕੀਤੇ ਗਏ ਹਨ। ਰਾਜ ਭਰ 'ਚੋਂ 2600 ਦੇ ਕਰੀਬ ਖਿਡਾਰੀ ਇਨ੍ਹਾਂ ਖੇਡਾਂ 'ਚ ਹਿੱਸਾ ਲੈ ਰਹੇ ਹਨ। ਖੇਡਾਂ ਦੇ ਪਹਿਲੇ ਦਿਨ ਕਪੂਰਥਲਾ ਦੇ ਰਣਜੀਤ ਕੁਮਾਰ ਨੇ 1500 ਮੀ: ਦੌੜ 'ਚ ਸੋਨੇ ਦਾ ਤਗਮਾ ਜਿੱਤਿਆ। ਗੁਰਦਾਸਪੁਰ ਦੇ ਲਵਜੋਤ ਸਿੰਘ ਦੂਸਰਾ ਅਤੇ ਮੋਹਾਲੀ ਦੇ ਵਿਵੇਕ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਗੋਲਾ ਸੁੱਟਣ ਮੁਕਾਬਲਿਆਂ 'ਚ ਲੁਧਿਆਣਾ ਦੇ ਸਿਮਰਦੀਪ ਸਿੰਘ 10.69 ਮੀ: ਗੋਲਾ ਸੁੱਟ ਕੇ ਸੋਨੇ ਦਾ ਤਗਮਾ ਜਿੱਤਿਆ, ਫਿਰੋਜ਼ਪੁਰ ਦੇ ਪ੍ਰੇਮ ਜੋਤ ਸਿੰਘ ਨੇ ਦੂਸਰਾ ਤੇ ਗੁਰਦਾਸਪੁਰ ਦੇ ਸਰਬਜੋਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਹੈਂਡਬਾਲ ਦੇ ਪਹਿਲੇ ਗੇੜ ਵਿਚ ਫ਼ਿਰੋਜਪੁਰ ਨੇ ਸੰਗਰੂਰ ਨੂੰ 18-14 ਨਾਲ, ਫ਼ਰੀਦਕੋਟ ਨੇ ਫ਼ਤਿਹਗੜ੍ਹ ਨੂੰ 19-05 ਨਾਲ, ਹੁਸ਼ਿਆਰਪੁਰ ਨੇ ਬਠਿੰਡਾ ਨੂੰ 20-14 ਅਤੇ ਮੁਕਤਸਰ ਨੇ ਮੋਹਾਲੀ ਨੂੰ 20-07 ਅੰਕਾਂ ਨਾਲ ਹਰਾਇਆ। ਵਾਲੀਵਾਲ ਦੇ ਪਹਿਲੇ ਗੇੜ ਵਿਚ ਤਰਨਤਾਰਨ ਨੇ ਬਠਿੰਡਾ ਨੂੰ 2-0 ਨਾਲ ਅਤੇ ਮਾਨਸਾ ਨੇ ਰੋਪੜ ਨੂੰ 2-1 ਨਾਲ, ਹਾਕੀ ਵਿਚ ਮੁਕਤਸਰ ਨੇ ਪਟਿਆਲਾ ਨੂੰ 4-2 ਨਾਲ, ਬਾਸਕਿਟਬਾਲ ਵਿਚ ਸੰਗਰੂਰ ਨੇ ਫ਼ਤਿਹਗੜ੍ਹ ਸਾਹਿਬ ਨੂੰ 38-10 ਅਤੇ ਲੁਧਿਆਣਾ ਨੇ ਕਪੂਰਥਲਾ ਨੂੰ 37-32 ਨਾਲ ਹਰਾਇਆ। ਕਬੱਡੀ ਦੇ ਪਹਿਲੇ ਗੇੜ ਵਿਚ ਮੁਕਤਸਰ ਨੇ ਨਵਾਂ ਸਹਿਰ ਨੂੰ 51-24, ਕਪੂਰਥਲਾ ਨੇ ਮਾਨਸਾ ਨੂੰ 38-17 ਅਤੇ ਫ਼ਰੀਦਕੋਟ ਨੇ ਮੋਗਾ ਨੂੰ 60-36 ਨਾਲ ਹਰਾਇਆ। ਖੋ-ਖੋ ਵਿਚ ਬਠਿੰਡਾ ਨੇ ਰੋਪੜ ਨੂੰ 13-1 ਨਾਲ ਅਤੇ ਪਟਿਆਲਾ ਨੇ ਫ਼ਤਿਹਗੜ੍ਹ ਸਾਹਿਬ ਨੂੰ ਅਤੇ ਨਵਾਂ ਸ਼ਹਿਰ ਨੇ ਫ਼ਰੀਦਕੋਟ ਨੂੰ 24-4 ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ।

11ਵਾਂ ਆਲ ਇੰਡੀਆ ਗੋਲਡ ਕੱਪ ਫੁੱਟਬਾਲ ਟੂਰਨਾਮੈਂਟ

ਜਲੰਧਰ, 28 ਅਕਤੂਬਰ - ਕੋਕਰਾਝਾਰ (ਆਸਾਮ) 'ਚ 11ਵਾਂ ਆਲ ਇੰਡੀਆ ਗੋਲਡ ਕੱਪ ਫੁੱਟਬਾਲ ਟੂਰਨਾਮੈਂਟ ਚੱਲ ਰਿਹਾ ਹੈ। ਇਸ ਦੇ ਕੁਆਰਟਰ ਫਾਈਨਲ ਮੈਚ ਵਿਚ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਫੁੱਟਬਾਲ ਟੀਮ ਨੇ ਗਲੋਬਲ ਫੁੱਟਬਾਲ ਕਲੱਬ ਕੋਕਰਾਝਾਰ ਦੀ ਟੀਮ ਨੂੰ ਇਕ ਤਰਫਾ ਮੈਚ 7-0 ਦੇ ਗੋਲਾਂ ਦੇ ਫਰਕ ਨਾਲ ਹਰਾ ਕੇ ਸੈਮੀ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ।

ਫਾਈਨਲ ਮੁਕਾਬਲਾ ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਅਤੇ ਰੇਲ ਕੋਚ ਫੈਕਟਰੀ 'ਚ

ਲੁਧਿਆਣਾ, 28 ਅਕਤੂਬਰ - 5ਵਾਂ ਆਲ ਇੰਡੀਆ ਮਹਿੰਦਰ ਪ੍ਰਤਾਪ ਗਰੇਵਾਲ ਮਹਿਲਾ ਹਾਕੀ ਟੂਰਨਾਮੈਂਟ ਪਦਮਸ੍ਰੀ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀ.ਏ.ਯੂ. ਵਿਖੇ ਚੱਲ ਰਿਹਾ ਹੈ। ਇਸ ਦਾ ਸੈਮੀਫਾਈਨਲ ਮੈਚ ਇਸ ਦਾ ਫਾਈਨਲ ਮੁਕਾਬਲਾ ਅੱਜ ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਹਰਿਆਣਾ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਵਿਚਕਾਰ ਖੇਡਿਆ ਜਾਵੇਗਾ। ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਨੇ ਚੰਡੀਗੜ੍ਹ ਅਕੈਡਮੀ ਨੂੰ ਨਿਰਧਾਰਿਤ ਸਮੇਂ ਵਿੱਚ 2-2 ਦੀ ਬਰਾਬਰੀ ਤੋਂ ਬਾਅਦ ਪੈਨਾਲਟੀ ਸਟਰੋਕਾਂ 'ਚ 4-3 ਨਾਲ ਹਰਾਇਆ। ਦੂਜੇ ਸੈਮੀਫਾਈਨਲ ਮੈਚ 'ਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਵੈਸਟਨ ਸੈਂਟਰ ਰੇਲਵੇ ਜਬਲਪੁਰ ਨੂੰ 3-1 ਨਾਲ ਹਰਾਇਆ।

ਕਬੱਡੀ ਅਤੇ ਵਾਲੀਬਾਲ 'ਚ ਪਟਿਆਲਾ ਤੇ ਲੁਧਿਆਣਾ ਦੀ ਚੜ੍ਹਤ

ਪਟਿਆਲਾ, 28 ਅਕਤੂਬਰ - ਪੰਜਾਬ ਅੰਤਰ ਬਹੁਤਕਨੀਕੀ ਕਾਲਜ ਦੀਆਂ ਖੇਡਾਂ ਜੋ ਕਿ ਪਟਿਆਲਾ 'ਚ ਕਰਵਾਈਆਂ ਗਈਆਂ।
ਅੱਜ ਸ਼ੁਰੂ ਹੋਏ ਦੋ ਦਿਨਾਂ ਪੰਜਾਬ ਅੰਤਰ ਬਹੁਤਕਨੀਕੀ ਕਾਲਜ ਖੇਡ ਮੁਕਾਬਲਿਆਂ ਦੇ ਪਹਿਲੇ ਦਿਨ ਕਬੱਡੀ ਤੇ ਵਾਲੀਬਾਲ 'ਚ ਮੇਜ਼ਬਾਨ ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਤੇ ਲੁਧਿਆਣਾ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਰਾਹੀਂ ਫਾਈਨਲ ਵੱਲ ਕਦਮ ਵਧਾਏ। ਪ੍ਰਿੰ: ਗੁਰਚਰਨ ਸਿੰਘ ਦੀ ਅਗਵਾਈ 'ਚ ਹੋ ਰਹੇ ਇਨ੍ਹਾਂ ਮੁਕਾਬਲਿਆਂ 'ਚ ਰਾਜ ਦੇ ਨਾਮਵਰ ਬਹੁਤਕਨੀਕੀ ਕਾਲਜ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਅੱਜ ਹੋਏ ਕਬੱਡੀ ਮੁਕਾਬਲਿਆਂ ਦੇ ਸੈਮੀਫਾਈਨਲ ਮੁਕਾਬਲਿਆਂ 'ਚ ਸ: ਗੁਰਬਖਸ਼ੀਸ਼ ਸਿੰਘ ਦੀ ਅਗਵਾਈ ਵਾਲੀ ਪਟਿਆਲਾ ਦੀ ਟੀਮ ਨੇ ਬਹੁਤਕਨੀਕੀ ਕਾਲਜ ਅੰਮ੍ਰਿਤਸਰ ਦੀ ਟੀਮ ਨੂੰ 37-3 ਨਾਲ ਅਤੇ ਐਸ. ਆਰ. ਐਸ. ਬਹੁਤਕਨੀਕੀ ਕਾਲਜ ਲੁਧਿਆਣਾ ਨੇ ਜਲੰਧਰ ਨੂੰ 57-41 ਨਾਲ ਹਰਾ ਕੇ ਫਾਈਨਲ 'ਚ ਥਾਂ ਬਣਾਈ। ਇਸ ਤੋਂ ਪਹਿਲਾ ਨਾਕ ਆਊਟ ਦੌਰ 'ਚ ਪਟਿਆਲਾ ਨੇ ਜਲੰਧਰ ਨੂੰ 63-7, ਲੁਧਿਆਣਾ ਨੇ ਅੰਮ੍ਰਿਤਸਰ ਨੂੰ 43-41 ਨਾਲ ਹਰਾ ਕੇ ਆਖਰੀ ਚਾਰ 'ਚ ਥਾਂ ਬਣਾਈ। ਵਾਲੀਬਾਲ ਮੁਕਾਬਲਿਆਂ 'ਚ ਪਟਿਆਲਾ ਦੀ ਟੀਮ ਨੇ ਲਾਲਾ ਲਾਜਪਤ ਰਾਏ ਕਾਲਜ ਅਜੀਤਵਾਲ ਨੂੰ ਅਤੇ ਐਸ. ਆਰ. ਐਸ. ਕਾਲਜ ਲੁਧਿਆਣਾ ਨੇ ਮਾਲਵਾ ਬਹੁਤਕਨੀਕੀ ਕਾਲਜ ਫ਼ਰੀਦਕੋਟ ਨੂੰ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ।

ਬਿਰੜਵਾਲ ਦਾ ਕੁਸ਼ਤੀ ਦੰਗਲ 31 ਨੂੰ

ਪਟਿਆਲਾ, 28 ਅਕਤੂਬਰ - ਕੁਸ਼ਤੀ ਦੰਗਲ 31 ਅਕਤੂਬਰ ਨੂੰ ਪਟਿਆਲਾ ਦੇ ਨੇੜਲੇ ਪਿੰਡ ਬਿਰੜਵਾਲ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੰਗਲ 'ਚ ਸਭ ਤੋਂ ਵੱਡੀ 51 ਹਜ਼ਾਰ ਰੁਪਏ ਦੀ ਝੰਡੀ ਰੱਖੀ ਗਈ ਹੈ।

22ਵਾਂ ਕਬੱਡੀ ਟੂਰਨਾਮੈਂਟ 5 ਤੋਂ

ਐਮਾ ਮਾਂਗਟ, 28 ਅਕਤੂਬਰ - ਸੂਬਾ ਪੱਧਰੀ 22ਵਾਂ ਕਬੱਡੀ ਟੂਰਨਾਮੈਂਟ 5 ਨਵੰਬਰ ਤੋਂ 7 ਨਵੰਬਰ ਨੂੰ ਦਸਮੇਸ਼ ਸਪੋਰਟਸ ਕਲੱਬ ਗੁਰੂ ਤੇਗ ਬਹਾਦਰ ਕਾਲੋਨੀ ਟਾਂਡਾ ਰਾਮ ਸਹਾਏ ਬਲਾਕ ਮੁਕੇਰੀਆਂ 'ਚ ਕਰਵਾਇਆ ਜਾ ਰਿਹਾ ਹੈ। ਇਸ ਵਿਸ਼ਾਲ ਟੂਰਨਾਮੈਂਟ 'ਚ ਪੰਜਾਬ ਭਰ ਤੋਂ ਕਬੱਡੀ ਦੀਆਂ ਟੀਮਾਂ ਹਿੱਸਾ ਲੈਣਗੀਆਂ ਤੇ ਜੇਤੂ ਓਪਨ ਟੀਮ ਨੂੰ 41000 ਤੇ ਦੂਸਰੇ ਨੰਬਰ ਦੀ ਟੀਮ ਨੂੰ 25000 ਰੁਪਏ ਇਨਾਮ ਦੇ ਤੌਰ 'ਤੇ ਦਿੱਤੇ ਜਾਣਗੇ।

ਸਪੋਰਟਸ ਵਿੰਗ ਨਹਿਰੂ ਗਾਰਡਨ ਬਣਿਆ ਪੰਜਾਬ ਚੈਂਪੀਅਨ

ਲੁਧਿਆਣਾ, 27 ਅਕਤੂਬਰ - ਲੁਧਿਆਣਾ 'ਚ 56ਵੀਆਂ ਪੰਜਾਬ ਸਕੂਲ ਖੇਡਾਂ ਦੇ ਹਾਕੀ ਅੰਡਰ 17 ਸਾਲ ਲੜਕੀਆਂ ਤੇ ਹਾਕੀ ਅੰਡਰ-19 ਸਾਲ ਲੜਕੇ ਤੇ ਲੜਕੀਆਂ ਦੇ ਵਰਗਾਂ ਦੇ ਮੁਕਾਬਲੇ ਕਰਵਾਏ ਗਏ। ਹਾਕੀ ਅੰਡਰ 17 ਸਾਲ ਲੜਕੀਆਂ ਦੇ ਵਰਗ ਵਿਚੋਂ ਸਪੋਰਟਸ ਵਿੰਗ ਨਹਿਰੂ ਗਾਰਡਨ ਜਲੰਧਰ ਨੇ ਸੁਪਰ ਲੀਗ ਮੁਕਾਬਲੇ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਪੰਜਾਬ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਵਰਗ ਵਿਚੋਂ ਨਹਿਰੂ ਗਾਰਡਨ ਜਲੰਧਰ ਨੇ 7 ਅੰਕ ਲੈ ਕੇ ਪਹਿਲਾ, ਕੈਰੋਂ ਵਿੰਗ ਨੇ 5 ਅੰਕ ਲੈ ਕੇ ਦੂਜਾ ਤੇ ਬਾਦਲ ਵਿੰਗ ਨੇ 3 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਹਾਕੀ ਅੰਡਰ-19 ਸਾਲ ਲੜਕੀਆਂ ਦੇ ਵਰਗ ਵਿਚੋਂ ਤਰਨਤਾਰਨ ਜ਼ਿਲ੍ਹੇ ਨੇ ਪਹਿਲਾ, ਲੁਧਿਆਣਾ ਵਿੰਗ ਨੇ ਦੂਜਾ ਤੇ ਸਪੋਰਟਸ ਵਿੰਗ ਨਹਿਰੂ ਗਾਰਡਨ ਜਲੰਧਰ ਨੇ ਤੀਜਾ ਸਥਾਨ ਤੇ ਜ਼ਿਲ੍ਹਾ ਹੁਸ਼ਿਆਰਪੁਰ ਨੇ ਚੌਥਾ ਸਥਾਨ ਹਾਸਲ ਕੀਤਾ। ਹਾਕੀ ਅੰਡਰ-19 ਸਾਲ ਲੜਕੇ ਵਰਗ ਵਿਚੋਂ ਕਿਲ੍ਹਾ ਰਾਏਪੁਰ ਵਿੰਗ ਨੇ ਪਹਿਲਾ, ਸੰਗਰੂਰ ਨੇ ਦੂਜਾ ਤੇ ਮੋਗਾ ਨੇ ਤੀਜਾ ਸਥਾਨ ਹਾਸਲ ਕੀਤਾ।

20 ਜ਼ਿਲ੍ਹਿਆਂ ਦੇ 500 ਖਿਡਾਰੀ ਰੁਕਣਗੇ 14 ਸਕੂਲਾਂ 'ਚ

ਬਠਿੰਡਾ, 27 ਅਕਤੂਬਰ - ਤਿੰਨ ਰੋਜ਼ਾ 56ਵੀਂਆਂ ਪੰਜਾਬ ਸਕੂਲ ਤਾਇਕਵਾਂਡੋ ਖੇਡਾਂ ਜੋ ਕਿ ਬਠਿੰਡਾ 'ਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਖਿਡਾਰੀ-ਖਿਡਾਰਨਾਂ ਲਈ ਜ਼ਿਲ੍ਹਾ ਸਿੱਖਿਆ ਵਿਭਾਗ ਦੀ ਤਰਫ਼ੋਂ ਰਿਹਾਇਸ਼ ਦੇ ਪ੍ਰਬੰਧ ਨਿਸ਼ਚਿਤ ਕਰ ਲਏ ਗਏ ਹਨ ਅਤੇ 20 ਜ਼ਿਲ੍ਹਿਆਂ ਦੇ 500 ਖਿਡਾਰੀਆਂ ਨੂੰ ਸ਼ਹਿਰ ਦੇ 14 ਸਕੂਲਾਂ ਵਿਚ ਠਹਿਰਾਇਆ ਜਾਵੇਗਾ। ਹਰ ਸਕੂਲ ਵਿਚ ਤਿੰਨ ਜ਼ਿਲ੍ਹਿਆਂ ਦੇ ਖਿਡਾਰੀ ਰਹਿਣਗੇ ਅਤੇ ਲੜਕੀਆਂ ਦੀਆਂ ਟੀਮਾਂ ਲਈ ਵੱਖਰੇ ਸਕੂਲਾਂ ਦਾ ਪ੍ਰਬੰਧ ਕੀਤਾ ਗਿਆ ਹੈ। ਲੜਕੀਆਂ ਦੀਆਂ ਟੀਮਾਂ ਨਾਲ ਮਹਿਲਾ ਅਧਿਆਪਕਾ ਦਾ ਹੋਣਾ ਲਾਜ਼ਮੀ ਹੈ। ਮੁਹਾਲੀ, ਰੋਪੜ ਤੇ ਲੁਧਿਆਣਾ ਦੀਆਂ ਲੜਕੀਆਂ ਦੀਆਂ ਟੀਮਾਂ ਲਈ ਸਤਲੁਜ ਪਬਲਿਕ ਸਕੂਲ, ਪਟਿਆਲਾ, ਮੁਕਤਸਰ ਤੇ ਫਿਰੋਜ਼ਪੁਰ ਲਈ ਐਮ. ਐਸ. ਡੀ. ਪਬਲਿਕ ਸਕੂਲ, ਸ਼ਹੀਦ ਭਗਤ ਸਿੰਘ ਨਗਰ ਤੇ ਮੋਗਾ ਲਈ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਅੰਮ੍ਰਿਤਸਰ, ਬਰਨਾਲਾ ਤੇ ਮਾਨਸਾ ਲਈ ਆਰੀਆ (ਗਰਲਜ਼) ਸਕੂਲ, ਹੁਸ਼ਿਆਰਪੁਰ, ਬਠਿੰਡਾ ਤੇ ਤਰਨਤਾਰਨ ਲਈ ਗੁਰੂ ਕਾਂਸ਼ੀ ਪਬਲਿਕ ਸਕੂਲ, ਸੰਗਰੂਰ, ਕਪੂਰਥਲਾ ਤੇ ਫਰੀਦਕੋਟ ਲਈ ਐਸ. ਐਸ. ਡੀ. ਕੇ. ਐਮ. ਵੀ. ਸਕੂਲ ਅਤੇ ਗੁਰਦਾਸਪੁਰ, ਜਲੰਧਰ ਤੇ ਫਤਹਿਗੜ੍ਹ ਲਈ ਆਰੀਆ ਮਾਡਲ ਸਕੂਲ ਅਤੇ ਲੜਕਿਆਂ ਦੀਆਂ ਮੋਹਾਲੀ, ਫਰੀਦਕੋਟ ਤੇ ਸੰਗਰੂਰ ਦੀਆਂ ਟੀਮਾਂ ਲਈ ਐਮ. ਐਚ. ਆਰ. ਪਬਲਿਕ ਸਕੂਲ, ਲੁਧਿਆਣਾ, ਰੋਪੜ ਤੇ ਸ਼ਹੀਦ ਭਗਤ ਸਿੰਘ ਨਗਰ ਲਈ ਸਦੇਸ਼ ਰਾਜ ਸਕੂਲ, ਤਰਨਤਾਰਨ ਮਾਨਸਾ ਤੇ ਫਿਰੋਜ਼ਪੁਰ ਲਈ ਗੁਰੂ ਨਾਨਕ ਸਕੂਲ ਸਿਵਲ ਲਾਈਨ ਕਾਲੋਨੀ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ ਤੇ ਫਤਹਿਗੜ੍ਹ ਸਾਹਿਬ ਲਈ ਐਸ. ਐਸ. ਡੀ. ਸਰਕਾਰੀ ਸੈਕੰਡਰੀ ਸਕੂਲ, ਹੁਸ਼ਿਆਰਪੁਰ ਤੇ ਅੰਮ੍ਰਿਤਸਰ ਲਈ ਦਸਮੇਸ਼ ਪਬਲਿਕ ਸਰਕਾਰੀ ਸੈਕੰਡਰੀ ਸਕੂਲ, ਕਪੂਰਥਲਾ, ਗੁਰਦਾਸਪੁਰ ਤੇ ਜਲੰਧਰ ਲਈ ਖਾਲਸਾ ਸ: ਸ: ਸਕੂਲ ਅਤੇ ਮੋਗਾ, ਪਟਿਆਲਾ ਤੇ ਬਠਿੰਡਾ ਲਈ ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਰਹਿਣਗੀਆਂ। ਟੀਮਾਂ ਲਈ ਆਪਣੇ ਜ਼ਿਲ੍ਹੇ ਦਾ ਝੰਡਾ ਹੋਣਾ ਜ਼ਰੂਰੀ ਹੈ।

ਹਾਕੀ ਸੁਪਰ ਲੀਗ 'ਚ ਪਹੁੰਚੇ ਸੰਗਰੂਰ ਤੇ ਜਲੰਧਰ

ਸੰਗਰੂਰ, 27 ਅਕਤੂਬਰ - ਸੰਗਰੂਰ ਦੇ ਸਰਕਾਰੀ ਰਣਬੀਰ ਕਾਲਜ ਵਿਚ ਪੰਜਾਬ ਸਕੂਲ ਖੇਡਾਂ ਦੇ ਹਾਕੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਹਾਕੀ ਮੁਕਾਬਲਿਆਂ ਦੌਰਾਨ ਸੁਪਰ ਲੀਗ ਵਿਚ ਪਹੁੰਚੀਆਂ ਚਾਰ ਟੀਮਾਂ ਦੇ ਦੋ ਦਿਨਾਂ ਮੁਕਾਬਲਿਆਂ ਦੌਰਾਨ ਹਾਕੀ ਅਕੈਡਮੀ ਸੰਗਰੂਰ ਨੇ ਪਹਿਲਾ, ਸਪੋਰਟਸ ਸਕੂਲ ਜਲੰਧਰ ਨੇ ਦੂਜਾ ਅਤੇ ਖਡੂਰ ਸਾਹਿਬ ਅਕੈਡਮੀ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ।

ਪੰਜਾਬ ਸਕੂਲ ਖੇਡਾਂ
ਕਬੱਡੀ 'ਚ ਫਿਰੋਜ਼ਪੁਰ ਅਤੇ ਮਾਨਸਾ ਜੇਤੂ

ਪਟਿਆਲਾ, 27 ਅਕਤੂਬਰ - ਪੰਜਾਬ ਸਕੂਲ ਖੇਡਾਂ ਦੇ ਅੰਡਰ-17 ਕਬੱਡੀ ਮੁਕਾਬਲੇ ਪਟਿਆਲਾ ਦੇ ਸਰਕਾਰੀ ਮਲਟੀਪਰਪਜ਼ ਸੈਕੰਡਰੀ ਸਕੂਲ 'ਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੇ ਲੜਕੀਆਂ ਦੇ ਵਰਗ ਵਿਚ ਫਿਰੋਜ਼ਪੁਰ ਤੇ ਲੜਕਿਆਂ ਦੇ ਵਰਗ ਵਿਚ ਮਾਨਸਾ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਇਹਨਾਂ ਮੁਕਾਬਲਿਆਂ 'ਚ ਲੜਕੇ ਤੇ ਲੜਕੀਆਂ ਦੀਆਂ 23-23 ਟੀਮਾਂ ਨੇ ਹਿੱਸਾ ਲਿਆ। ਲੜਕੀਆਂ ਦੇ ਵਰਗ 'ਚ ਕੋਚ ਰਣਜੀਤ ਸਿੰਘ, ਗੁਰਜੀਤ ਕੌਰ ਤੇ ਮਨਦੀਪ ਕੌਰ ਦੀ ਸਿਖਲਾਈ ਯਾਫਤਾ ਫਿਰੋਜ਼ਪੁਰ ਜ਼ਿਲ੍ਹੇ ਦੀ ਟੀਮ ਨੇ ਪੰਜਾਬ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਰੋਪੜ ਦੀ ਟੀਮ ਦੂਸਰੇ, ਪਟਿਆਲਾ ਦੀ ਟੀਮ ਤੀਸਰੇ ਤੇ ਹੁਸ਼ਿਆਰਪੁਰ ਦੀ ਟੀਮ ਚੌਥੇ ਸਥਾਨ 'ਤੇ ਰਹੀ। ਲੜਕਿਆਂ ਦੇ ਵਰਗ 'ਚ ਮਾਨਸਾ ਪਹਿਲੇ, ਪਟਿਆਲਾ ਦੂਸਰੇ ਤੇ ਫਿਰੋਜ਼ਪੁਰ ਤੀਸਰੇ ਸਥਾਨ 'ਤੇ ਰਿਹਾ।

ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਪੱਛਮੀ ਸੈਂਟਰਲ ਰੇਲਵੇ ਜਬਲਪੁਰ ਸੈਮੀਫਾਈਨਲ 'ਚ

ਲੁਧਿਆਣਾ, 26 ਅਕਤੂਬਰ - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 'ਚ ਆਲ ਇੰਡੀਆ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਮਹਿਲਾ ਹਾਕੀ ਟੂਰਨਾਮੈਂਟ ਚੱਲ ਰਿਹਾ ਹੈ। ਇਸ ਟੂਰਨਾਮੈਂਟ ਦੇ ਦੂਜੇ ਦਿਨ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਪੱਛਮੀ ਸੈਂਟਰਲ ਰੇਲਵੇ ਜਬਲਪੁਰ ਨੇ ਜਿੱਤਾਂ ਹਾਸਲ ਕਰਕੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਖੇਡੇ ਗਏ ਪਹਿਲੇ ਮੈਚ ਵਿਚ ਪੱਛਮੀ ਸੈਂਟਰਲ ਰੇਲਵੇ ਜਬਲਪੁਰ ਨੇ ਐਮ. ਪੀ. ਅਕੈਡਮੀ ਗਵਾਲੀਅਰ ਨੂੰ ਕਰੜੇ ਸੰਘਰਸ਼ ਬਾਅਦ 2-1 ਨਾਲ ਮਾਤ ਦਿੱਤੀ, ਜਦਕਿ ਦੂਸਰੇ ਮੈਚ ਵਿਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਉਤਰ ਪੂਰਬ ਰੇਲਵੇ ਗੋਰਖਪੁਰ ਨੂੰ ਇਕਤਰਫਾ ਕਰਦਿਆਂ 5-0 ਨਾਲ ਹਰਾ ਕੇ ਆਖਰੀ ਚਾਰਾਂ ਵਿਚ ਆਪਣੀ ਜਗ੍ਹਾ ਪੱਕੀ ਕੀਤੀ।

ਚਣਕੋਈਆਂ ਖੁਰਦ ਦਾ ਖੇਡ ਮੇਲਾ ਸ਼ੁਰੂ

ਦੋਰਾਹਾ, 26 ਅਕਤੂਬਰ - 27 ਤੋਂ 29 ਅਕਤੂਬਰ ਤੱਕ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਚਣਕੋਈਆਂ ਖੁਰਦ 'ਚ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। 27 ਅਕਤੂਬਰ ਨੂੰ ਕਬੱਡੀ 35 ਅਤੇ 45 ਕਿਲੋ ਵਰਗ ਅਤੇ ਬੈਲ ਗੱਡੀਆਂ ਦੀਆਂ ਦੌੜਾਂ, 28 ਅਕਤੂਬਰ ਨੂੰ 52 ਕਿਲੋ, 57 ਕਿਲੋ ਅਤੇ ਤਾਸ਼ ਸੀਪ ਦੇ ਮੁਕਾਬਲਿਆਂ ਤੋਂ ਇਲਾਵਾ ਬਜ਼ੁਰਗਾਂ ਦੀਆਂ ਦੌੜਾਂਤੇ ਆਖਰੀ ਦਿਨ ਕਬੱਡੀ 65 ਅਤੇ ਇਕ ਪਿੰਡ ਓਪਨ ਦੇ ਮੁਕਾਬਲੇ ਹੋਣਗੇ।
 

56ਵੀਆਂ ਪੰਜਾਬ ਸਕੂਲ ਖੇਡਾਂ
ਤੈਰਾਕੀ 'ਚ ਓਵਰਆਲ ਚੈਂਪੀਅਨਸ਼ਿਪ ਸੰਗਰੂਰ ਦੇ ਨਾਮ

ਸੰਗਰੂਰ, 26 ਅਕਤੂਬਰ - 56ਵੀਆਂ ਪੰਜਾਬ ਸਕੂਲ ਖੇਡਾਂ ਦੇ ਤੈਰਾਕੀ ਮੁਕਾਬਲਿਆਂ 'ਚ ਸੰਗਰੂਰ ਨੇ ਓਵਰ ਆਲ ਚੈਂਪੀਅਨਸ਼ਿਪ ਆਪਣੇ ਨਾਮ ਕਰ ਲਈ ਹੈ। ਲੜਕੀਆਂ ਦੇ ਅੰਡਰ 19 ਸਾਲ ਮੁਕਾਬਲਿਆਂ ਵਿਚ ਸੰਗਰੂਰ 59 ਅੰਕ ਲੈ ਕੇ ਚੈਂਪੀਅਨ ਰਿਹਾ ਜਦੋਂ ਕਿ ਲੁਧਿਆਣਾ 46 ਅੰਕ ਲਏ। ਇਸੇ ਤਰ੍ਹਾਂ 17 ਸਾਲਾ ਲੜਕੀਆਂ ਵਿਚ ਸੰਗਰੂਰ 56, ਰੋਪੜ 49, ਅੰਡਰ 14 ਸਾਲ ਲੜਕੀਆਂ ਵਿਚ ਪਟਿਆਲਾ 60 ਅਤੇ ਲੁਧਿਆਣਾ 49, ਅੰਡਰ 19 ਸਾਲ ਲੜਕਿਆਂ ਵਿਚ ਜਲੰਧਰ 74, ਸੰਗਰੂਰ 61, ਅੰਡਰ 17 ਸਾਲ ਲੜਕਿਆਂ ਵਿਚ ਸੰਗਰੂਰ 85, ਅੰਮ੍ਰਿਤਸਰ 37 ਅਤੇ ਅੰਡਰ 14 ਸਾਲ ਲੜਕਿਆਂ ਵਿਚ ਲੁਧਿਆਣਾ ਨੇ 48 ਅਤੇ ਅੰਮ੍ਰਿਤਸਰ ਨੇ 40 ਅੰਕ ਹਾਸਲ ਕੀਤੇ। ਹਾਕੀ ਦੇ ਮੁਕਾਬਲਿਆਂ ਵਿਚ ਸਪੋਰਟਸ ਸਕੂਲ ਜਲੰਧਰ ਨੇ ਕਿਲਾ ਰਾਏਪੁਰ ਅਕੈਡਮੀ ਨੂੰ 3-1, ਸੰਗਰੂਰ ਅਕੈਡਮੀ ਨੇ ਤਰਨਤਾਰਨ ਨੂੰ 2-1, ਸੰਗਰੂਰ ਅਕੈਡਮੀ ਨੇ ਸਪੋਰਟਸ ਸਕੂਲ ਜਲੰਧਰ ਨੂੰ 2-1, ਤਰਨਾਤਾਰਨ ਨੇ ਕਿਲਾ ਰਾਏਪੁਰ ਅਕੈਡਮੀ ਨੂੰ 2-1 ਨਾਲ ਹਰਾਇਆ।

ਪੰਜਾਬ ਸਕੂਲ ਤਾਇਕਵਾਂਡੋ ਖੇਡਾਂ 30 ਤੋਂ

ਬਠਿੰਡਾ, 26 ਅਕਤੂਬਰ - ਬਠਿੰਡਾ 'ਚ 30 ਅਕਤੂਬਰ ਤੋਂ 56ਵੀਆਂ ਪੰਜਾਬ ਸਕੂਲ ਤਾਇਕਵਾਂਡੋ ਖੇਡਾਂ ਖੇਡ ਸਟੇਡੀਅਮ ਇਨਡੋਰ ਹਾਲ ਵਿਚ ਕਰਵਾਈਆਂ ਜਾ ਰਹੀਆਂ ਹਨ। ਅੰਡਰ 14, 17, 19 ਸਾਲਾਂ ਲੜਕੇ/ ਲੜਕੀਆਂ ਦੀਆਂ ਤਿੰਨ ਰੋਜ਼ਾ ਤਾਇਕਵਾਂਡੋਂ ਖੇਡਾਂ ਦੀ ਸ਼ੁਰੂਆਤ ਐਮ. ਐਸ. ਡੀ. ਸਕੂਲ ਤੋਂ ਹੋਵੇਗੀ। ਖੇਡਾਂ ਵਿਚ 20 ਜ਼ਿਲ੍ਹਿਆਂ ਦੇ ਤਕਰੀਬਨ 500 ਖਿਡਾਰੀ ਭਾਗ ਲੈਣਗੇ।

ਪੰਜਾਬ ਸਕੂਲਜ਼ ਅੰਤਰ ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ

ਲੁਧਿਆਣਾ, 26 ਅਕਤੂਬਰ - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪੰਜਾਬ ਸਕੂਲਜ਼ ਅੰਤਰ ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ ਅੰਡਰ 19 ਸਾਲ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਚੌਥੇ ਦਿਨ ਸੁਪਰ ਲੀਗ ਦੇ ਮੈਚਾਂ ਵਿਚ ਨਹਿਰੂ ਗਾਰਡਨ ਜਲੰਧਰ ਨੇ ਬਾਦਲ ਵਿੰਗ ਨੂੰ 2-1 ਨਾਲ ਹਰਾ ਦਿੱਤਾ, ਜਦਕਿ ਇਸ ਤੋਂ ਨਹਿਰੂ ਗਾਰਡਨ ਵਿੰਗ ਨੇ ਸਵੇਰ ਦੇ ਸੈਸ਼ਨ ਵਿਚ ਜ਼ਿਲ੍ਹਾ ਮੋਗਾ ਨੂੰ 6-1 ਨਾਲ ਕਰਾਰੀ ਮਾਤ ਦਿੱਤੀ ਹੈ। ਦੂਸਰੇ ਮੈਚਾਂ ਵਿਚ ਕੈਰੋ ਵਿੰਗ ਨੂੰ ਬਾਦਲ ਵਿੰਗ ਨਾਲ 1-1 ਦੀ ਬਰਾਬਰੀ 'ਤੇ ਹੀ ਸਬਰ ਕਰਨਾ ਪਿਆ। ਕੈਰੋਂ ਵਿੰਗ ਨੇ ਆਪਣੇ ਦੂਸਰੇ ਮੈਚ ਵਿਚ ਮੋਗਾ ਨੂੰ 3-0 ਨਾਲ ਹਰਾਇਆ।

ਪੰਜਾਬ ਸਕੂਲ ਖੇਡਾਂ
ਪਟਿਆਲਾ, ਰੋਪੜ, ਹੁਸ਼ਿਆਰਪੁਰ, ਮਾਨਸਾ, ਸੰਗਰੂਰ ਤੇ ਫਿਰੋਜ਼ਪੁਰ ਮੋਹਰੀ

ਪਟਿਆਲਾ, 26 ਅਕਤੂਬਰ - ਪਟਿਆਲਾ ਦੇ ਸਰਕਾਰੀ ਮਲਟੀਪਰਪਜ਼ ਸਕੂਲ ਵਿਖੇ ਪੰਜਾਬ ਸਕੂਲ ਖੇਡਾਂ ਦੇ ਅੰਡਰ-17 ਕਬੱਡੀ ਮੁਕਾਬਲਿਆਂ 'ਚ ਲੜਕਿਆਂ ਦੇ ਵਰਗ 'ਚ ਪਟਿਆਲਾ, ਫਿਰੋਜ਼ਪੁਰ, ਮਾਨਸਾ ਤੇ ਸੰਗਰੂਰ ਦੀਆਂ ਅਤੇ ਲੜਕੀਆਂ ਦੇ ਵਰਗ 'ਚ ਪਟਿਆਲਾ, ਰੋਪੜ, ਫਿਰੋਜ਼ਪੁਰ ਤੇ ਹੁਸ਼ਿਆਰਪੁਰ ਦੀਆਂ ਟੀਮਾਂ ਨੇ ਆਖਰੀ ਚਾਰ ਵਾਲੇ ਖਿਤਾਬੀ ਦੌਰ 'ਚ ਪੁੱਜਣ ਦਾ ਮਾਣ ਪ੍ਰਾਪਤ ਕਰ ਲਿਆ ਹੈ। ਖੇਡੇ ਗਏ ਪਹਿਲੇ ਕੁਆਰਟਰ ਫਾਈਨਲ ਮੈਚ 'ਚ ਪਟਿਆਲਾ ਨੇ ਸੰਗਰੂਰ ਨੂੰ 38-22 ਅੰਕਾਂ ਨਾਲ ਹਰਾ ਕੇ ਆਖਰੀ ਚਾਰ 'ਚ ਥਾਂ ਬਣਾਈ, ਰੋਪੜ ਨੇ ਮਾਨਸਾ ਨੂੰ 26-7 ਨਾਲ, ਹੁਸ਼ਿਆਰਪੁਰ ਨੇ ਅੰਮ੍ਰਿਤਸਰ ਨੂੰ 19-17 ਅਤੇ ਫਿਰੋਜ਼ਪੁਰ ਨੇ ਬਠਿੰਡਾ ਨੂੰ 27-21 ਨਾਲ ਹਰਾ ਕੇ ਆਖਰੀ ਚਾਰ 'ਚ ਥਾਂ ਬਣਾਈ। ਲੜਕਿਆਂ ਦੇ ਵਰਗ 'ਚ ਪਟਿਆਲਾ ਨੇ ਤਰਨਤਾਰਨ ਨੂੰ 45-21 ਨਾਲ, ਫਿਰੋਜ਼ਪੁਰ ਨੇ ਕਪੂਰਥਲਾ ਨੂੰ 30-10, ਮਾਨਸਾ ਨੇ ਜਲੰਧਰ ਨੂੰ 33-11 ਨਾਲ ਹਰਾ ਕੇ ਆਖਰੀ ਚਾਰ 'ਚ ਥਾਂ ਬਣਾਈ। ਆਖਰੀ ਕੁਆਰਟਰ ਫਾਈਨਲ 'ਚ ਸੰਗਰੂਰ ਤੇ ਅੰਮ੍ਰਿਤਸਰ ਫਸਵੇਂ ਮੁਕਾਬਲੇ 'ਚ ਪੂਰੇ ਸਮੇਂ ਦੌਰਾਨ 13-13 ਨਾਲ ਬਰਾਬਰ ਰਹੇ ਅਤੇ ਫੈਸਲਾਕੁੰਨ 5-5 ਰੇਡਾਂ ਦੌਰਾਨ ਸੰਗਰੂਰ ਦੀ ਟੀਮ 8-4 ਨਾਲ ਜਿੱਤ ਕੇ ਆਖਰੀ ਚਾਰ 'ਚ ਪੁੱਜੀ।

ਅੰਬੀ ਹਠੂਰ ਕਲੱਬ ਅੱਵਲ

ਪਟਿਆਲਾ, 26 ਅਕਤੂਬਰ - ਪਟਿਆਲਾ ਜ਼ਿਲ੍ਹੇ ਦੇ ਪਿੰਡ ਕਰਹਾਲੀ ਸਾਹਿਬ ਵਿਖੇ ਪਾਲ ਭਲਵਾਨ ਤੇ ਕੁਲਵੰਤ ਭਲਵਾਨ ਯਾਦਗਾਰੀ ਓਪਨ ਕਬੱਡੀ ਕੱਪ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿਚ ਅੰਬੀ ਹਠੂਰ ਕਲੱਬ ਨੇ ਭਗਤਾ ਭਾਈਕਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਇਸ ਟੂਰਨਾਮੈਂਟ 'ਚ 210 ਦੇ ਕਰੀਬ ਚੋਟੀ ਦੀਆਂ ਵੱਖ-ਵੱਖ ਭਾਰ ਵਰਗਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦੇ 70 ਕਿਲੋ ਵਜ਼ਨ 'ਚ ਕਕਰਾਲਾ ਭਾਈਕਾ ਪਹਿਲੇ ਤੇ ਸ਼ੇਰੋਂ ਦੂਸਰੇ, 62 ਕਿਲੋ 'ਚ ਭੁਟਾਲ ਕਲਾਂ ਪਹਿਲੇ ਤੇ ਘਰਾਚੋਂ ਦੂਸਰੇ, 52 ਕਿਲੋ 'ਚ ਭੁੱਲਣ ਪਹਿਲੇ ਤੇ ਜੋਧਪੁਰ ਚੀਮਾ ਦੂਸਰੇ, 47 ਕਿਲੋ 'ਚ ਮਰਦਾਂਹੇੜੀ ਪਹਿਲੇ ਤੇ ਮਵੀ ਕਲਾਂ ਦੂਸਰੇ, 42 ਕਿਲੋ 'ਚ ਗੱਜੂਮਾਜਰਾ ਪਹਿਲੇ ਤੇ ਸਨੌਰੀ ਦੂਸਰੇ, 37 ਕਿਲੋ ਭੇਖਾ ਪਹਿਲੇ ਤੇ ਕਰਹਾਲੀ ਹਾਈ ਸਕੂਲ ਦੂਸਰੇ, 32 ਕਿਲੋ 'ਚ ਸ਼ਾਨੀਪੁਰ ਪਹਿਲੇ ਤੇ ਲੇਲ ਖੁਰਦ ਦੂਸਰੇ ਸਥਾਨ 'ਤੇ ਰਿਹਾ।

ਅੰਤਰ 'ਵਰਸਿਟੀ ਕਬੱਡੀ ਮੁਕਾਬਲੇ 'ਤੇ ਪੰਜਾਬੀ ਯੂਨੀਵਰਸਿਟੀ ਦੀਆਂ ਮੁਟਿਆਰਾਂ ਦਾ ਕਬਜ਼ਾ

ਪਟਿਆਲਾ, 25 ਅਕਤੂਬਰ - ਅੰਤਰ 'ਵਰਸਿਟੀ ਕਬੱਡੀ ਮੁਕਾਬਲੇ ਜੋ ਕਿ ਪਟਿਆਲਾ 'ਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮਹਿਲਾ ਟੀਮ ਨੇ ਉਤਰ ਪੂਰਬ ਜ਼ੋਨ 'ਚ ਉਪ ਜੇਤੂ ਬਣ ਕੇ ਕੁੱਲਹਿੰਦ ਅੰਤਰ ਵਰਸਿਟੀ ਮੁਕਾਬਲਿਆਂ 'ਚ ਸ਼ਾਮਿਲ ਹੋਣ ਦਾ ਹੱਕ ਹਾਸਲ ਕਰ ਲਿਆ ਹੈ। ਇਨ੍ਹਾਂ ਮੁਕਾਬਲਿਆਂ 'ਚ ਮੇਰਠ ਯੂਨੀਵਰਸਿਟੀ ਪਹਿਲੇ, ਪੰਜਾਬੀ ਯੂਨੀਵਰਸਿਟੀ ਦੂਸਰੇ, ਕੁਰੂਕਸ਼ੇਤਰ ਯੂਨੀਵਰਸਿਟੀ ਤੀਸਰੇ ਅਤੇ ਹਿਮਾਚਲ ਯੂਨੀਵਰਸਿਟੀ ਨੇ ਚੌਥੇ ਸਥਾਨ 'ਤੇ ਰਹਿ ਕੇ ਕੁੱਲ ਹਿੰਦ ਅੰਤਰ ਵਰਸਿਟੀ ਮੁਕਾਬਲਿਆਂ 'ਚ ਖੇਡਣ ਦਾ ਹੱਕ ਪ੍ਰਾਪਤ ਕੀਤਾ। ਜਦੋਂਕਿ ਪੰਜਾਬ ਦੀਆਂ ਦੋ ਹੋਰ ਸਿਰਕੱਢ ਯੂਨੀਵਰਸਿਟੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਕ ਆਊਟ ਦੌਰ 'ਚੋਂ ਹੀ ਬਾਹਰ ਹੋ ਗਈਆਂ। ਪੰਜਾਬੀ 'ਵਰਸਿਟੀ ਦੀ ਟੀਮ ਨੇ ਬਰੇਲੀ, ਕਲਿਆਣੀ, ਬਿਲਾਸਪੁਰ, ਕੋਲਕਾਤਾ, ਪੰਜਾਬ, ਹਿਮਾਚਲ 'ਵਰਸਿਟੀ ਨੂੰ ਹਰਾ ਕੇ ਉਪ ਜੇਤੂ ਰਹਿਣ ਦਾ ਮਾਣ ਪ੍ਰਾਪਤ ਕੀਤਾ। ਜਦੋਂਕਿ ਕੁਰੂਕਸ਼ੇਤਰ ਵਰਸਿਟੀ ਨਾਲ ਬਰਾਬਰ ਰਹੀ ਅਤੇ ਅੰਤਰ ਵਰਸਿਟੀ ਤੋਂ ਆਖਰੀ ਮੁਕਾਬਲੇ 'ਚ ਹਾਰਨ ਕਰਕੇ ਦੋਇਮ ਰਹੀ। ਪੰਜਾਬੀ 'ਵਰਸਿਟੀ ਦੀ ਟੀਮ 'ਚ ਮੁਖਤਿਆਰ ਕੌਰ (ਕਪਤਾਨ), ਕੁਲਵੰਤ ਕੌਰ, ਪ੍ਰੀਤ ਕੌਰ, ਮਨਦੀਪ ਕੌਰ, ਅਮਨਦੀਪ ਕੌਰ, ਅਰਚਨਾ ਰਾਵਤ, ਨਿਸ਼ਾ ਰਾਵਤ, ਸਤਵੀਰ ਕੌਰ, ਮਨਦੀਪ ਕੌਰ, ਰਾਜਵਿੰਦਰ ਕੌਰ, ਜਸਵੀਰ ਕੌਰ ਤੇ ਰਮਨਦੀਪ ਕੌਰ ਸ਼ਾਮਿਲ ਸਨ।

ਪੰਜਾਬ ਸਕੂਲ ਖੇਡਾਂ
ਕਬੱਡੀ 'ਚ ਮਾਨਸਾ, ਪਟਿਆਲਾ, ਫਿਰੋਜ਼ਪੁਰ ਤੇ ਸੰਗਰੂਰ ਅੱਗੇ

ਪਟਿਆਲਾ, 25 ਅਕਤੂਬਰ - ਪਟਿਆਲਾ ਦੇ ਸਰਕਾਰੀ ਮਲਟੀਪਰਪਜ਼ ਸੈਕੰਡਰੀ ਸਕੂਲ 'ਚ ਪੰਜਾਬ ਸਕੂਲ ਖੇਡਾਂ ਦੇ ਕਬੱਡੀ ਅੰਡਰ-17 ਮੁਕਾਬਲਿਆਂ ਦੇ ਤੀਜੇ ਦਿਨ ਲੀਗ ਮੈਚਾਂ ਦੀ ਸਮਾਪਤੀ ਤੋਂ ਬਾਅਦ ਲੜਕਿਆਂ ਦੇ ਵਰਗ 'ਚ ਪਟਿਆਲਾ, ਮਾਨਸਾ, ਕਪੂਰਥਲਾ ਵਿੰਗ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਜਲੰਧਰ ਤੇ ਸੰਗਰੂਰ ਨੇ ਕੁਆਰਟਰ ਫਾਈਨਲ 'ਚ ਥਾਂ ਬਣਾ ਲਈ ਹੈ। ਲੜਕੀਆਂ ਦੇ ਵਰਗ 'ਚ ਮਾਨਸਾ, ਪਟਿਆਲਾ, ਰੋਪੜ, ਅੰਮ੍ਰਿਤਸਰ, ਹੁਸ਼ਿਆਰਪੁਰ, ਸੰਗਰੂਰ, ਫਿਰੋਜ਼ਪੁਰ ਤੇ ਬਠਿੰਡਾ ਦੀਆਂ ਟੀਮਾਂ ਨੇ ਆਖਰੀ ਅੱਠ 'ਚ ਥਾਂ ਬਣਾਈ।

ਹੀਰਾ ਲਾਲ ਬਣਿਆ ਮਿਸਟਰ ਏਸ਼ੀਆ

ਜਲੰਧਰ, 25 ਅਕਤੂਬਰ - 44ਵੀਂ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜੋ ਕਿ ਬਹਿਰੀਨ ਦੇ ਮਨਾਮਾ ਸ਼ਹਿਰ 'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਕਪੂਰਥਲਾ ਵਾਸੀ ਪੰਜਾਬ ਪੁਲਿਸ ਦੇ ਜਵਾਨ ਹੀਰਾ ਲਾਲ ਨੇ 65 ਕਿਲੋ ਵਰਗ ਵਿਚ ਸੋਨ ਤਗਮਾ ਜਿੱਤ ਕੇ 'ਮਿਸਟਰ ਏਸ਼ੀਆ 2010' ਹੋਣ ਦਾ ਮਾਣ ਹਾਸਲ ਕੀਤਾ ਹੈ। ਇਸੇ ਤਰ੍ਹਾਂ ਬਹਿਰੀਨ ਵਿਚ ਹੀ ਹੋਈ ਜੂਨੀਅਰ ਏਸ਼ੀਆਈ ਚੈਂਪੀਅਨਸ਼ਿਪ ਵਿਚ ਅੰਮ੍ਰਿਤਸਰ ਦੇ ਰੋਹਿਤ ਟਾਂਕ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ।

ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ 27 ਤੋਂ

ਸ਼ਾਮਚੁਰਾਸੀ, 25 ਅਕਤੂਬਰ - ਬਾਬਾ ਭਾਈ ਮਾਹੀ ਅਤੇ ਬਾਬਾ ਜੀਵਨ ਸਿੰਘ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ 27 ਤੋ 29 ਅਕਤੂਬਰ ਤੱਕ ਹਲਕਾ ਸ਼ਾਮਚੁਰਾਸੀ ਦੇ ਪਿੰਡ ਬਡਾਲਾ ਮਾਹੀ 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਟੂਰਨਾਮੈਂਟ ਵਿਚ ਓਪਨ ਕਲੱਬ (ਸਿਰਫ ਸੱਦੀਆਂ ਹੋਈਆਂ ਟੀਮਾਂ), ਓਪਨ ਪਿੰਡ ਪੱਧਰ, 65 ਕਿਲੋ ਕਲੱਬ, 55 ਕਿਲੋ ਕਲੱਬ ਅਤੇ 38 ਕਿਲੋ ਕਲੱਬ ਦੀਆਂ ਟੀਮਾਂ ਦੇ ਮੈਚ ਕਰਵਾਏ ਜਾਣਗੇ ਅਤੇ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ ਕ੍ਰਮਵਾਰ 21000-15000, 9000-6000, 5000-4000, 4000-3000 ਅਤੇ 2500-1500 ਰੁਪਏ ਦੀ ਨਕਦ ਰਾਸ਼ੀ ਅਤੇ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਬੱਡੀ ਖਿਡਾਰੀ ਕੁਲਪ੍ਰੀਤ ਅਤੇ ਸੁਖਜਿੰਦਰ (ਸ਼ਿੰਦਰ) ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। 38 ਅਤੇ 55 ਕਿਲੋ ਵਰਗ ਦੀਆਂ ਟੀਮਾਂ ਦੇ ਮੈਚ 27 ਅਕਤੂਬਰ, 65 ਕਿਲੋ ਵਰਗ ਅਤੇ ਓਪਨ ਪਿੰਡ ਪੱਧਰ ਦੇ ਮੈਚ 28 ਅਕਤੂਬਰ ਅਤੇ ਓਪਨ ਕਲੱਬਾਂ (ਸਿਰਫ ਸੱਦੀਆਂ ਹੋਈਆਂ ਕਲੱਬਾਂ) ਦੇ ਮੈਚ 29 ਅਕਤੂਬਰ ਨੂੰ ਕਰਵਾਏ ਜਾਣਗੇ।

ਆਲ ਇੰਡੀਆ ਮਹਿੰਦਰ ਪ੍ਰਤਾਪ ਗਰੇਵਾਲ ਮਹਿਲਾ ਹਾਕੀ ਟੂਰਨਾਮੈਂਟ

ਲੁਧਿਆਣਾ, 25 ਅਕਤੂਬਰ - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 'ਚ ਆਲ ਇੰਡੀਆ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਮਹਿਲਾ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਵਿਚ ਮੁਲਕ ਦੀਆਂ ਉੱਘੀਆਂ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਉਦਘਾਟਨੀ ਮੈਚ ਵਿਚ ਉੱਤਰ ਪੂਰਬ ਰੇਲਵੇ ਗੋਰਖਪੁਰ ਨੇ ਲੁਧਿਆਣਾ ਇਲੈਵਨ ਨੂੰ 5-0 ਨਾਲ ਹਰਾਇਆ। ਦੂਜੇ ਮੈਚ ਵਿਚ ਸੈਂਟਰਲ ਰੇਲਵੇ ਮੁੰਬਈ ਨੇ ਆਈ. ਐਮ. ਏ. ਜਲੰਧਰ ਨੂੰ 6-0 ਨਾਲ ਮਾਤ ਦਿੱਤੀ।

ਪੰਜਾਬ ਸਕੂਲਜ਼ ਅੰਤਰ ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ

ਲੁਧਿਆਣਾ, 25 ਅਕਤੂਬਰ - ਪੰਜਾਬ ਸਕੂਲਜ਼ ਅੰਤਰ ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ ਜੋ ਕਿ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਚੱਲ ਰਹੀ ਹੈ। ਪੰਜਾਬ ਸਕੂਲਜ਼ ਅੰਤਰ ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ ਅੰਡਰ 19 ਸਾਲ ਦੇ ਤੀਜੇ ਦਿਨ ਕੁਆਟਰ ਫਾਈਨਲ ਮੈਚਾਂ ਵਿਚ ਨਹਿਰੂ ਗਾਰਡਨ ਜਲੰਧਰ ਨੇ ਮੁਕਤਸਰ ਨੂੰ 6-0 ਨਾਲ ਕਰਾਰੀ ਮਾਤ ਦੇ ਕੇ ਆਖਰੀ ਚਾਰਾਂ ਵਿਚ ਆਪਣੀ ਦਾਖਲਾ ਪੱਕਾ ਕੀਤਾ। ਇਸ ਤੋਂ ਇਲਾਵਾ ਕੈਰੋ ਵਿੰਗ ਨੇ ਲੁਧਿਆਣਾ ਨੂੰ 3-0 ਨਾਲ, ਬਾਦਲ ਵਿੰਗ ਨੇ ਐਸ ਟੀ ਸੀ ਪਟਿਆਲਾ ਨੂੰ 2-0 ਨਾਲ ਅਤੇ ਮੋਗਾ ਨੇ ਜਲੰਧਰ ਨੂੰ 1-0 ਨਾਲ ਹਰਾ ਕੇ ਸੁਪਰ ਲੀਗ ਵਿਚ ਦਾਖਲਾ ਪਾਇਆ।

ਤੈਰਾਕੀ 'ਚ ਲੁਧਿਆਣਾ ਅਤੇ ਹਾਕੀ 'ਚ ਸੰਗਰੂਰ ਮੋਹਰੀ

ਸੰਗਰੂਰ, 25 ਅਕਤੂਬਰ - ਪੰਜਾਬ ਸਕੂਲ ਖੇਡਾਂ ਵਿਚ ਤੈਰਾਕੀ ਦੇ ਮੁਕਾਬਲਿਆਂ ਵਿਚ ਲੁਧਿਆਣਾ ਦੇ ਤੈਰਾਕਾਂ (ਕੁੜੀਆਂ ਮੁੰਡੇ) ਦੀ ਬੱਲੇ ਬੱਲੇ ਹੋਈ। ਜਦੋਂ ਕਿ ਹਾਕੀ ਵਿਚ ਸੰਗਰੂਰ ਅਕੈਡਮੀ ਨੇ ਬਰਨਾਲਾ ਨੂੰ 10-0 ਨੂੰ ਹਰਾ ਕੇ ਵਾਹ-ਵਾਹ ਖੱਟੀ। ਮੁਕਾਬਲੇ ਇਸ ਤਰ੍ਹਾਂ ਰਹੇ: ਅੰਡਰ 17 ਸਾਲ ਹਾਕੀ ਮੁਕਾਬਲਿਆਂ ਵਿਚ ਕਿਲਾ ਰਾਏਪੁਰ ਅਕੈਡਮੀ ਨੇ ਸੰਗਰੂਰ ਨੂੰ 3-1 ਨਾਲ, ਸੰਗਰੂਰ ਅਕੈਡਮੀ ਨੇ ਬਰਨਾਲੇ ਨੂੰ 10-0 ਨਾਲ, ਸਪੋਰਟਸ ਸਕੂਲ ਜਲੰਧਰ ਨੇ ਜਲੰਧਰ ਜ਼ਿਲ੍ਹੇ ਨੂੰ 3-0 ਨਾਲ, ਅੰਮ੍ਰਿਤਸਰ ਅਕੈਡਮੀ ਨੇ ਤਰਨਤਾਰਨ ਨੂੰ 1-0, ਸਪੋਰਟਸ ਸਕੂਲ ਜਲੰਧਰ ਨੇ ਸੰਗਰੂਰ ਜ਼ਿਲ੍ਹੇ ਨੂੰ 5-0 ਨਾਲ, ਸੰਗਰੂਰ ਅਕੈਡਮੀ ਨੇ ਸਪਰਿੰਗ ਡੇਲਜ਼ ਅਕੈਡਮੀ ਅੰਮ੍ਰਿਤਸਰ ਨੂੰ 2-0 ਨਾਲ, ਤਰਨਤਾਰਨ ਨੇ ਬਰਨਾਲਾ ਨੂੰ 5-0 ਅਤੇ ਕਿਲਾ ਰਾਏਪੁਰ ਅਕੈਡਮੀ ਨੇ ਜਲੰਧਰ ਜ਼ਿਲ੍ਹੇ ਨੂੰ 2-0 ਨਾਲ ਹਰਾਇਆ। ਵਾਟਰ ਪੋਲੋ ਦੇ ਪਹਿਲੇ ਸੈਮੀਫਾਈਨਲ ਵਿਚ ਜਲੰਧਰ ਨੇ ਸੰਗਰੂਰ ਨੂੰ 3-1 ਨਾਲ ਅਤੇ ਦੂਸਰੇ ਸੈਮੀਫਾਈਨਲ ਵਿਚ ਅੰਮ੍ਰਿਤਸਰ ਨੇ ਲੁਧਿਆਣਾ ਨੂੰ 4-3 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਅੰਡਰ 14 ਸਾਲ 50 ਮੀਟਰ ਫਰੀਸਟਾਇਲ ਮੁੰਡਿਆਂ ਦੇ ਮੁਕਾਬਲਿਆਂ ਵਿਚ ਦੇਸ਼ਦੀਪ ਘਈ, ਮਾਨਵਦੀਪ ਲੁਧਿਆਣਾ, ਲਵੀਸ਼ ਮਦਾਨ ਸੰਗਰੂਰ ਅਤੇ ਕੁੜੀਆਂ ਵਿਚ ਈਸ਼ਪ੍ਰੀਤ ਲੁਧਿਆਣਾ, ਤਾਜ ਦੀਕਸ਼ਿਤ ਪਟਿਆਲਾ, ਵਰਿੰਦਰ ਕੌਰ ਜਲੰਧਰ। ਅੰਡਰ 14 ਸਾਲ 100 ਮੀਟਰ ਵਟਰ ਫਲਾਈ ਮੁੰਡਿਆਂ ਵਿਚ ਸੁਖਮਨ ਲੁਧਿਆਣਾ, ਈਸ਼ਵਾਨ ਪ੍ਰੀਤ ਅੰਮ੍ਰਿਤਸਰ, ਅਕਾਸ਼ਦੀਪ ਪਟਿਆਲਾ ਅਤੇ ਕੁੜੀਆਂ ਵਿਚ ਤਮੰਨਾ ਲੁਧਿਆਣਾ, ਅੰਚਲ ਜੋਸ਼ੀ ਜਲੰਧਰ ਅਤੇ ਤੁਲੀਪ ਪਟਿਆਲਾ, ਅੰਡਰ 17 ਸਾਲ 100 ਮੀਟਰ ਵਟਰ ਫਲਾਈ ਮੁੰਡਿਆਂ ਦੇ ਮੁਕਾਬਲੇ ਵਿਚ ਜਗਵਿੰਦਰ ਸਿੰਘ ਪਟਿਆਲਾ, ਜਗਜੀਤ ਸਿੰਘ ਸੰਗਰੂਰ, ਅਨਮੋਲਦੀਪ ਅੰਮ੍ਰਿਤਸਰ ਅਤੇ ਕੁੜੀਆਂ ਵਿਚ ਕੰਵਲਪ੍ਰੀਤ ਕੌਰ ਲੁਧਿਆਣਾ, ਤੇਜਮੀਨ ਸੰਗਰੂਰ, ਹੀਨਾ ਗੁਰਦਾਸਪੁਰ, ਅੰਡਰ 19 ਸਾਲ 100 ਮੀਟਰ ਬਟਰ ਫਲਾਈ ਮੁੰਡਿਆਂ ਵਿਚ ਕਰਨ ਬਰਾੜ ਫਰੀਦਕੋਟ, ਸੰਜੇ ਜਲੰਧਰ, ਗਗਨ ਸ਼ਰਮਾ ਜਲੰਧਰ ਅਤੇ ਕੁੜੀਆਂ ਵਿਚ ਅਰਮਾਨ ਕੌਰ ਲੁਧਿਆਣਾ, ਰਜਨੀ ਗੁਰਦਾਸਪੁਰ, ਸਾਰੀਨ ਕੰਗ, ਅੰਡਰ 14 ਸਾਲ 100 ਮੀਟਰ ਫਰੀ ਸਟਾਇਲ ਮੁੰਡਿਆਂ ਵਿਚ ਨਸੀਬ ਢਿੱਲੋਂ ਅੰਮ੍ਰਿਤਸਰ, ਅਨਿਭਵ ਫਿਰੋਜ਼ਪੁਰ, ਮੁਨੀਸ਼ ਕੁਮਾਰ ਜਲੰਧਰ ਅਤੇ ਕੁੜੀਆਂ ਵਿਚ ਜਸਮੀਨ ਪਟਿਆਲਾ, ਸਲੀਨਾ ਪਟਿਆਲ ਅਤੇ ਵਰਿੰਦਰ ਕੌਰ ਜਲੰਧਰ, ਅੰਡਰ 17 ਸਾਲ 800 ਮੀਟਰ ਫਰੀ ਸਟਾਇਲ ਮੁੰਡਿਆਂ ਵਿਚ ਗੁਲਮਹਿਕ ਸੰਗਰੂਰ, ਪਰਮਦੀਪ ਪਟਿਆਲਾ, ਰਾਜਾ ਰੂਪ ਫਿਰੋਜ਼ਪੁਰ, ਅੰਡਰ 17 ਸਾਲ ਕੁੜੀਆਂ ਦੇ 400 ਮੀਟਰ ਫਰੀ ਸਟਾਇਲ ਮੁਕਾਬਲੇ ਵਿਚ ਕਾਜਲ ਸੈਣੀ ਸੰਗਰੂਰ, ਸ਼ਿਵਾਂਗੀ ਜਲੰਧਰ, ਪਰਾਗਿਆ ਜਲੰਧਰ, ਅੰਡਰ 19 ਸਾਲ 1500 ਮੀਟਰ ਫਰੀ ਸਟਾਇਲ ਮੁੰਡਿਆਂ ਵਿਚ ਦਮਨਦੀਪ ਸਿੰਘ ਸੰਗਰੂਰ, ਅਜੀਤ ਜਲੰਧਰ, ਦਾਨਿਸ਼ ਵਾਲੀਆ ਪਟਿਆਲਾ ਅਤੇ ਇਸੇ ਗਰੁੱਪ ਵਿਚ 800 ਮੀਟਰ ਕੁੜੀਆਂ ਵਿਚ ਗਾਰਗੀ ਅੰਮ੍ਰਿਤਸਰ, ਆਦਿਤੀ ਜਲੰਧਰ ਅਤੇ ਜੂਲੀ ਅੰਮ੍ਰਿਤਸਰ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹੇ।

ਸ਼ੰਕਰ ਦਾ ਛਿੰਝ ਮੇਲਾ ਸਮਾਪਤ

ਜਲੰਧਰ/ਨਕੋਦਰ, 24 ਅਕਤੂਬਰ -22-23 ਅਕਤੂਬਰ ਨੂੰ ਜਲੰਧਰ ਦੇ ਨਜ਼ਦੀਕੀ ਪਿੰਡ ਸ਼ੰਕਰ ਵਿਖੇ ਛਿੰਝ ਮੇਲਾ ਕਰਵਾਇਆ ਗਿਆ। ਇਸ ਛਿੰਝ ਮੇਲੇ ਵਿਚ ਪਟਕੇ ਦੀ ਕੁਸ਼ਤੀ ਲਈ ਪਹਿਲਵਾਨ ਮੌਸਮ ਖਤਰੀ ਦਿੱਲੀ ਅਤੇ ਪਹਿਲਵਾਨ ਲੱਡੂ ਡੂਮਛੇੜੀ ਵਿਚਕਾਰ ਫਸਵੀਂ ਟਕੱਰ ਹੋਈ। ਅੰਤ ਵਿਚ ਕਸ਼ਤੀ ਬਰਾਬਰੀ ਤੇ ਸਮਾਪਤ ਹੋਈ ਅਤੇ ਦੋਵਾਂ ਪਹਿਲਵਾਨਾਂ ਨੂੰ 5 ਤੋਲੇ ਸੋਨਾ ਅਤੇ 1 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਦੂਜੀ ਕੁਸ਼ਤੀ ਸੋਨੂੰ ਦਿੱਲੀ ਅਤੇ ਗੁਰਦੇਵ ਮਲਿਕਪੁਰ ਵਿਚਾਲੇ ਹੋਈ ਜੋ ਬਰਾਬਰੀ 'ਤੇ ਸਮਾਪਤ ਹੋਈ। ਦੋਵਾਂ ਪਹਿਲਵਾਨਾਂ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਤੀਜੀ ਕੁਸ਼ਤੀ ਵਿਚ ਕਿਸ਼ਨ ਪਹਿਲਵਾਨ ਨੇ ਪੰਮਾ ਪਹਿਲਵਾਨ ਡੇਰਾ ਬਾਬਾ ਨਾਨਕ ਨੂੰ ਹਰਾ ਕੇ 1 ਲੱਖ ਰੁਪਏ ਦਾ ਇਨਾਮ ਹਾਸਲ ਕੀਤਾ।

ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ

ਡੇਹਲੋਂ, 24 ਅਕਤੂਬਰ - ਪਿੰਡ ਕਿਲ੍ਹਾ ਰਾਏਪੁਰ 'ਚ ਰਾਜ ਪੱਧਰੀ (ਅੰਡਰ 19 ਲੜਕੇ) ਹਾਕੀ ਚੈਪੀਅਨਸ਼ਿਪ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈ ਜਾ ਰਹੀ ਹੈ। ਮੈਚ 27 ਅਕਤੂਬਰ ਤੱਕ ਚੱਲਣਗੇ। ਇਨ੍ਹਾਂ ਮੈਚਾਂ 'ਚ ਗੁਰਦਾਸਪੁਰ ਨੇ ਜਲੰਧਰ ਨੂੰ 4-1 ਨਾਲ, ਸਪੋਰਟਸ ਸਕੂਲ ਜਲੰਧਰ ਨੇ ਸਪਰਿੰਗਡੇਲ ਅਕੈਡਮੀ ਅੰਮ੍ਰਿਤਸਰ ਨੂੰ 2-1 ਨਾਲ, ਮੋਗਾ ਨੇ ਫਿਰੋਜ਼ਪੁਰ ਨੂੰ 6-0 ਨਾਲ, ਜਲੰਧਰ ਨੇ ਤਰਨਤਾਰਨ ਨੂੰ 5-2 ਨਾਲ, ਹੁਸ਼ਿਆਰਪੁਰ ਨੇ ਬਠਿੰਡਾ ਨੂੰ 2-0 ਨਾਲ ਹਰਾ ਕੇ ਜੇਤੂ ਹੋਣ ਦਾ ਮਾਣ ਹਾਸਲ ਕੀਤਾ ਜਦਕਿ ਮੁਕਤਸਰ ਅਤੇ ਗੁਰਦਾਸਪੁਰ ਵਿਚਕਾਰ ਹੋਏ ਮੁਕਾਬਲੇ ਦੌਰਾਨ ਦੋਵੇਂ ਟੀਮਾਂ ਦੇ ਬਰਾਬਰੀ 'ਤੇ ਰਹਿਣ ਕਾਰਨ ਟਾਸ ਦੁਆਰਾ ਗੁਰਦਾਸਪੁਰ ਦੀ ਜਿੱਤ ਹੋਈ।

ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲਾ ਜੇਤੂ

ਰਈਆ, 24 ਅਕਤੂਬਰ - ਪਿੰਡ ਮੀਆਂਵਿੰਡ ਵਿਖੇ ਦੇਵਗਨ ਜਠੇਰਿਆਂ ਅਤੇ ਸ੍ਰੀ ਜਗਦੀਸ਼ ਰਾਏ ਦੇਵਗਨ ਦੀ ਯਾਦ ਵਿਚ ਕਬੱਡੀ ਖੇਡ ਮੇਲਾ ਕਰਵਾਇਆ ਗਿਆ। ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਨੂੰ 26 ਅੰਕਾਂ ਦੇ ਮੁਕਾਬਲੇ 37 ਅੰਕ ਹਾਸਲ ਕਰਕੇ ਹਰਾਇਆ। ਪਿੰਡ ਪੱਧਰ ਦੇ ਵੜੈਚ ਸਪੋਰਟਸ ਕਲੱਬ ਤੇ ਬੂਲੇਨੰਗਲ ਦੀ ਟੀਮ ਦਰਮਿਆਨ ਹੋਏ ਮੈਚ ਵਿਚ ਵੜੈਚ ਦੀ ਟੀਮ ਜੇਤੂ ਰਹੀ।

ਦੋਲੇ ਨੰਗਲ ਦਾ ਕਬੱਡੀ ਟੂਰਨਾਮੈਂਟ ਨਵੰਬਰ ਦੇ ਪਹਿਲੇ ਹਫ਼ਤੇ

ਜਲੰਧਰ, 24 ਅਕਤੂਬਰ - ਸਾਲਾਨਾ ਕਬੱਡੀ ਟੂਰਨਾਮੈਂਟ ਨਵੰਬਰ ਦੇ ਪਹਿਲੇ ਹਫ਼ਤੇ ਮਾਝੇ ਦੇ ਇਤਿਹਾਸਕ ਪਿੰਡ ਦੋਲੇ ਨੰਗਲ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਮਨਜੀਤ ਪੱਪੂ ਵੱਲੋਂ ਦਰਸ਼ਕਾਂ ਤੇ ਖਿਡਾਰੀਆਂ ਦਾ ਮਨੋਰੰਜਨ ਕੀਤਾ ਜਾਵੇਗਾ।

ਪੰਜਾਬ ਸਕੂਲ ਖੇਡਾਂ
ਕਬੱਡੀ 'ਚ ਕੁਆਰਟਰ ਫਾਈਨਲ 'ਚ ਪਹੁੰਚੀਆਂ ਪਟਿਆਲਾ, ਫਿਰੋਜ਼ਪੁਰ, ਸੰਗਰੂਰ ਤੇ ਰੋਪੜ ਦੀਆਂ ਟੀਮਾਂ

ਪਟਿਆਲਾ, 24 ਅਕਤੂਬਰ - ਪੰਜਾਬ ਸਕੂਲ ਖੇਡਾਂ ਜਿਨ੍ਹਾਂ ਦੇ ਕਬੱਡੀ ਮੁਕਾਬਲੇ ਪਟਿਆਲਾ ਸ਼ਹਿਰ ਦੇ ਸਰਕਾਰੀ ਮਲਟੀਪਰਪਜ਼ ਸੈਕੰਡਰੀ ਸਕੂਲ 'ਚ ਕਰਵਾਏ ਗਏ। ਇਨ੍ਹਾਂ ਖੇਡਾਂ ਦੇ ਅੰਡਰ-17 ਲੜਕਿਆਂ ਤੇ ਲੜਕੀਆਂ ਦੇ ਕਬੱਡੀ ਮੁਕਾਬਲਿਆਂ ਦੇ ਦੂਜੇ ਦਿਨ ਪਟਿਆਲਾ, ਫਿਰੋਜ਼ਪੁਰ, ਸੰਗਰੂਰ ਤੇ ਰੋਪੜ ਦੀਆਂ ਟੀਮਾਂ ਨੇ ਜਿੱਤਾਂ ਹਾਸਲ ਕਰਕੇ ਕੁਆਰਟਰ-ਫਾਈਨਲ 'ਚ ਥਾਂ ਬਣਾ ਲਈ ਹੈ। ਇਨ੍ਹਾਂ ਮੁਕਾਬਿਲਆਂ 'ਚ ਲੜਕਿਆਂ ਦੇ ਵਰਗ 'ਚ ਪਟਿਆਲਾ ਤੇ ਲੜਕੀਆਂ ਦੇ ਵਰਗ 'ਚ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਟੀਮਾਂ ਨੇ ਵੀ ਪੂਲ 'ਚ ਆਪਣੀ ਅਜੇਤੂ ਮੁਹਿੰਮ ਜਾਰੀ ਰੱਖੀ। ਲੜਕੀਆਂ ਦੇ ਵਰਗ 'ਚ ਕੋਚ ਰਣਜੀਤ ਸਿੰਘ ਦੀ ਸਿਖਲਾਈ ਯਾਫ਼ਤਾ ਫਿਰੋਜ਼ਪੁਰ ਜ਼ਿਲ੍ਹੇ ਦੀ ਟੀਮ ਨੇ ਮਨਪ੍ਰੀਤ ਕੌਰ, ਅਮਨਦੀਪ ਕੌਰ, ਮਨਜੀਤ ਕੌਰ ਤੇ ਰਣਜੀਤ ਕੌਰ ਦੀ ਸ਼ਾਨਦਾਰ ਖੇਡ ਸਦਕਾ ਮੋਗਾ, ਗੁਰਦਾਸਪੁਰ ਤੇ ਨਵਾਂ ਸ਼ਹਿਰ ਖਿਲਾਫ਼ ਵੱਡੀਆਂ ਜਿੱਤਾਂ ਦਰਜ ਕਰਕੇ ਆਪਣੀ ਅਜੇਤੂ ਮੁਹਿੰਮ ਜਾਰੀ ਰੱਖੀ। ਇਸ ਵਰਗ 'ਚ ਅੰਮ੍ਰਿਤਸਰ ਨੇ ਗੁਰਦਾਸਪੁਰ ਨੂੰ 60-9, ਲੁਧਿਆਣਾ ਨੇ ਜਲੰਧਰ ਨੂੰ 55-38, ਬਠਿੰਡਾ ਨੇ ਫਰੀਦਕੋਟ ਨੂੰ 45-4 , ਮੋਗਾ ਨੇ ਗੁਰਦਾਸਪੁਰ ਨੂੰ 55-12, ਹੁਸ਼ਿਆਰਪੁਰ ਨੇ ਜਲੰਧਰ ਨੂੰ 55-18, ਫਿਰੋਜ਼ਪੁਰ ਨੇ ਗੁਰਦਾਸਪੁਰ ਨੂੰ 42-2, ਸੰਗਰੂਰ ਨੇ ਕਪੂਰਥਲਾ ਨੂੰ, ਪਟਿਆਲਾ ਨੇ ਫ਼ਤਹਿਗੜ੍ਹ ਸਾਹਿਬ, ਰੋਪੜ ਨੇ ਮੁਹਾਲੀ ਤੇ ਮੁਕਤਸਰ ਨੇ ਬਰਨਾਲਾ ਨੂੰ ਹਰਾਇਆ। ਮੋਗਾ ਨੇ ਨਵਾਂ ਸ਼ਹਿਰ ਖਿਲਾਫ਼ ਅਤੇ ਫਿਰੋਜ਼ਪੁਰ ਨੇ ਵੀ ਨਵਾਂ ਸ਼ਹਿਰ ਖਿਲਾਫ਼ ਵਾਕਓਵਰ ਰਾਹੀਂ ਜਿੱਤਾਂ ਪ੍ਰਾਪਤ ਕੀਤੀਆਂ। ਲੜਕਿਆਂ ਦੇ ਵਰਗ 'ਚ ਕੋਚ ਰਣਜੀਤ ਸਿੰਘ ਦੀ ਸਿਖਲਾਈ ਯਾਫ਼ਤਾ ਪਟਿਆਲਾ ਜ਼ਿਲ੍ਹੇ ਦੀ ਟੀਮ ਨੇ ਫ਼ਤਹਿਗੜ੍ਹ ਸਹਿਬ, ਮੋਹਾਲੀ ਤੇ ਬਰਨਾਲਾ ਖਿਲਾਫ਼ ਲਗਾਤਾਰ ਤਿੰਨ ਜਿੱਤਾਂ ਪ੍ਰਾਪਤ ਕਰਕੇ ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ। ਇਸ ਦੇ ਨਾਲ ਹੀ ਮਾਨਸਾ ਨੇ ਮੋਗਾ ਨੂੰ 52-13, ਅੰਮ੍ਰਿਤਸਰ ਨੇ ਗੁਰਦਾਸਪੁਰ ਨੂੰ 43-16, ਬਠਿੰਡਾ ਨੇ ਕਪੂਰਥਲਾ ਨੂੰ 46-23, ਜਲੰਧਰ ਨੇ ਹੁਸ਼ਿਆਰਪੁਰ ਨੂੰ 38-3, ਜਲੰਧਰ ਨੇ ਗੁਰਦਾਸਪੁਰ ਨੂੰ 58-16, ਪਟਿਆਲਾ ਨੇ ਬਰਨਾਲਾ ਨੂੰ 75-25, ਬਰਨਾਲਾ ਨੇ ਫ਼ਤਹਿਗੜ੍ਹ ਸਾਹਿਬ ਨੂੰ 47-40, ਫਿਰੋਜ਼ਪੁਰ ਨੇ ਗੁਰਦਾਸਪੁਰ ਨੂੰ 46-2, ਕਪੂਰਥਲਾ ਵਿੰਗ ਨੇ ਮੋਹਾਲੀ ਨੂੰ 58-46, ਰੋਪੜ ਨੇ ਫਰੀਦਕੋਟ ਨੂੰ 54-17, ਤਰਨਤਾਰਨ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ 51-19 ਨਾਲ ਹਰਾਇਆ। ਇਸ ਤੋਂ ਇਲਾਵਾ ਮੋਗਾ ਤੇ ਸੰਗਰੂਰ ਨੇ ਛੱਜਲਵੱਡੀ ਖਿਲਾਫ਼, ਲੁਧਿਆਣਾ ਨੂੰ ਅੰਮ੍ਰਿਤਸਰ ਖਿਲਾਫ਼ ਵਾਕ ਓਵਰ ਰਾਹੀਂ ਜਿੱਤ ਮਿਲੀ।ਪਹਿਲੇ ਦਿਨ ਪਟਿਆਲਾ, ਬਠਿੰਡਾ ਤੇ ਹੁਸ਼ਿਆਰਪੁਰ ਦੀਆਂ ਟੀਮਾਂ ਨੇ ਜਿੱਤਾਂ ਹਾਸਲ ਕੀਤੀਆਂ। ਲੜਕਿਆਂ ਦੇ ਵਰਗ 'ਚ ਮੇਜ਼ਬਾਨ ਪਟਿਆਲਾ ਜ਼ਿਲ੍ਹੇ ਦੀ ਟੀਮ ਨੇ ਅਵਤਾਰ ਸਿੰਘ ਤੇ ਮਨਜੀਤ ਸਿੰਘ ਦੀ ਸ਼ਾਨਦਾਰ ਖੇਡ ਸਦਕਾ ਫ਼ਤਹਿਗੜ੍ਹ ਸਾਹਿਬ ਨੂੰ 95-11, ਮੁਕਤਸਰ ਨੇ ਰੋਪੜ ਨੂੰ 72-44, ਕਪੂਰਥਲਾ ਵਿੰਗ ਨੇ ਬਰਨਾਲਾ ਨੂੰ 71-36, ਫਿਰੋਜ਼ਪੁਰ ਨੇ ਨਵਾਂ ਸ਼ਹਿਰ ਨੂੰ 54-10, ਬਠਿੰਡਾ ਨੇ ਮੋਗਾ ਨੂੰ 47-15, ਸੰਗਰੂਰ ਨੇ ਕਪੂਰਥਲਾ ਨੂੰ 45-25, ਅੰਮ੍ਰਿਤਸਰ ਨੇ ਜਲੰਧਰ ਨੂੰ 54-23 ਨਾਲ ਹਰਾ ਕੇ ਵਧੀਆ ਸ਼ੁਰੂਆਤ ਕੀਤੀ। ਗੁਰਦਾਸਪੁਰ ਨੂੰ ਅੰਮ੍ਰਿਤਸਰ ਵਿੰਗ ਖਿਲਾਫ਼ ਅਤੇ ਮਾਨਸਾ ਨੂੰ ਛੱਜਲਵੱਡੀ ਖਿਲਾਫ ਵਾਕ ਓਵਰ ਰਾਹੀਂ ਜਿੱਤ ਪ੍ਰਾਪਤ ਹੋਈ। ਉਧਰ ਲੜਕੀਆਂ ਦੇ ਵਰਗ 'ਚ ਹੁਸ਼ਿਆਰਪੁਰ ਨੇ ਫਰੀਦਕੋਟ ਨੂੰ 110-28, ਫਿਰੋਜ਼ਪੁਰ ਨੇ ਸੰਗਰੂਰ ਨੂੰ 85-16, ਬਠਿੰਡਾ ਨੇ ਲੁਧਿਆਣਾ ਨੂੰ 105-20, ਰੋਪੜ ਨੇ ਤਰਨਤਾਰਨ ਨੂੰ 46-19, ਮਾਨਸਾ ਨੇ ਫ਼ਤਹਿਗੜ੍ਹ ਸਾਹਿਬ ਨੂੰ 46-40, ਮੁਹਾਲੀ ਨੇ ਕਪੂਰਥਲਾ ਨੂੰ 40-29, ਪਟਿਆਲਾ ਨੇ ਬਰਨਾਲਾ ਨੂੰ 42-5 ਅਤੇ ਸੰਗਰੂਰ ਨੇ ਮੋਹਾਲੀ ਨੂੰ 45-27 ਅੰਕਾਂ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਅੰਮ੍ਰਿਤਸਰ ਜ਼ਿਲ੍ਹੇ ਦੀ ਟੀਮ ਨੂੰ ਸ਼ਹੀਦ ਭਗਤ ਸਿੰਘ ਨਗਰ ਖਿਲਾਫ਼ ਵਾਕ ਓਵਰ ਰਾਹੀਂ ਜਿੱਤ ਮਿਲੀ।

ਪੰਜਾਬ ਸਕੂਲ ਅੰਤਰ ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ

ਲੁਧਿਆਣਾ, 24 ਅਕਤੂਬਰ - ਲੁਧਿਆਣਾ ਅਤੇ ਕਿਲ੍ਹਾ ਰਾਏਪੁਰ ਵਿਚ ਪੰਜਾਬ ਸਕੂਲਜ਼ ਅੰਡਰ 19 ਸਾਲ ਅੰਤਰ ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਲੁਧਿਆਣਾ ਦੇ ਸੀ: ਸੈ: ਭਾਰਤ ਨਗਰ ਸਕੂਲ ਵਿਚ ਖੇਡਾਂ ਦਾ ਉਦਘਾਟਨ ਰਪਿੰਦਰ ਸਿੰਘ ਰਵੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕੀਤਾ। ਇਸ ਚੈਂਪੀਅਨਸ਼ਿਪ ਵਿਚ ਕੁੜੀਆਂ ਦੇ ਵਰਗ ਵਿਚ ਨਹਿਰੂ ਵਿੰਗ ਜਲੰਧਰ, ਕੈਰੋਂ ਵਿੰਗ, ਬਾਦਲ ਵਿੰਗ, ਮੋਗਾ, ਲੁਧਿਆਣਾ, ਮੁਕਤਸਰ, ਐਸ ਟੀ ਸੀ ਪਟਿਆਲਾ ਨੇ ਆਪੋ-ਆਪਣੇ ਪੂਲਾਂ 'ਚ ਸਰਬੋਤਮ ਰਹਿੰਦਿਆਂ ਕੁਆਰਟਰ ਫਾਈਨਲ 'ਚ ਦਾਖਲਾ ਪਾਇਆ। ਲੀਗ ਦੌਰ ਦੇ ਖੇਡੇ ਗਏ ਮੈਚਾਂ ਵਿਚ ਨਹਿਰੂ ਵਿੰਗ ਜਲੰਧਰ ਨੇ ਅੰਮ੍ਰਿਤਸਰ ਨੂੰ 5-0 ਨਾਲ, ਬਰਨਾਲਾ ਨੇ ਮਾਨਸਾ ਨੂੰ 5-0, ਮੋਗਾ ਨੇ ਫਿਰੋਜ਼ਪੁਰ ਨੂੰ 3-0, ਐਸ ਟੀ ਸੀ ਪਟਿਆਲਾ ਨੇ ਬਠਿੰਡਾ ਨੂੰ 5-0, ਲੁਧਿਆਣਾ ਵਿੰਗ ਨੇ ਮਾਨਸਾ ਨੂੰ 4-0, ਕੈਰੋ ਵਿੰਗ ਨੇ ਕਪੂਰਥਲਾ ਨੂੰ 5-0, ਫਰੀਦਕੋਟ ਨੇ ਮੋਗਾ ਨੂੰ 5-0 ਨਾਲ ਹਰਾਇਆ ਜਦਕਿ ਰੋਪੜ ਅਤੇ ਬਠਿੰਡਾ ਗੋਲ ਰਹਿਤ ਬਰਾਬਰੀ ਤੇ ਰਹੇ। ਭਲਕੇ ਕੁਆਰਟਰ ਫਾਈਨਲ ਮੁਕਾਬਲੇ 'ਚ ਕੈਰੋਂ ਵਿੰਗ ਦਾ ਜਲੰਧਰ ਨਾਲ, ਨਹਿਰੂ ਗਾਰਡਨ ਵਿੰਗ ਦਾ ਬਾਦਲ ਵਿੰਗ ਨਾਲ, ਮੋਗਾ ਦਾ ਲੁਧਿਆਣਾ ਨਾਲ, ਮੁਕਤਸਰ ਦਾ ਪਟਿਆਲਾ ਨਾਲ ਮੁਕਾਬਲਾ ਹੋਵੇਗਾ। ਮੁੰਡਿਆਂ ਦੇ ਵਰਗ ਵਿਚ ਅੰਮ੍ਰਿਤਸਰ ਨੇ ਜਰਖੜ ਅਕੈਡਮੀ ਨੂੰ 3-1 ਨਾਲ ਹਰਾ ਕੇ ਵੱਡਾ ਉਲਟ ਫੇਰ ਕੀਤਾ।

ਹਾਕੀ 'ਚ ਤਰਨਤਾਰਨ ਮੋਹਰੀ

ਸੰਗਰੂਰ, 24 ਅਕਤੂਬਰ - 56ਵੀਆਂ ਪੰਜਾਬ ਸਕੂਲ ਖੇਡਾਂ ਜੋ ਕਿ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ 'ਚ 27 ਅਕਤੂਬਰ ਤੱਕ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚੋਂ ਜ਼ਿਲ੍ਹਾ ਸੰਗਰੂਰ ਦੇ ਹਿੱਸੇ ਆਈਆਂ ਦੋ ਖੇਡਾਂ ਤੈਰਾਕੀ ਅਤੇ ਹਾਕੀ ਵਿਚ ਖਿਡਾਰੀਆਂ ਨੇ ਖੂਬ ਜ਼ੋਰ ਅਜਮਾਇਸ਼ ਕੀਤੀ। ਇਨ੍ਹਾਂ ਖੇਡਾਂ ਵਿਚ 14, 17, 19 ਸਾਲ ਵਰਗ ਦੇ ਲੜਕੇ-ਲੜਕੀਆਂ ਤੈਰਾਕੀ, ਵਾਟਰ-ਪੋਲੋ ਅਤੇ 17 ਸਾਲ ਤੱਕ ਦੇ ਲੜਕਿਆਂ ਦੇ ਹਾਕੀ ਮੁਕਾਬਲੇ ਕਰਵਾਏ ਜਾ ਰਹੇ ਹਨ। ਹਾਕੀ ਮੁਕਾਬਲਿਆਂ ਵਿਚ 19 ਜ਼ਿਲ੍ਹਿਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ ਜਦਕਿ ਤੈਰਾਕੀ ਵਿਚ ਪੰਜ ਜ਼ਿਲ੍ਹਿਆਂ ਦੀਆਂ ਟੀਮਾਂ ਸ਼ਾਮਲ ਹਨ। ਇਨ੍ਹਾਂ ਖੇਡਾਂ ਦੌਰਾਨ ਹਾਕੀ ਵਿਚ ਤਰਨਤਾਰਨ ਦੇ ਖਿਡਾਰੀਆਂ ਨੇ ਮੁਕਤਸਰ ਨੂੰ 10 ਦੇ ਮੁਕਾਬਲੇ 0 ਗੋਲਾਂ ਨਾਲ ਮਾਤ ਦਿੱਤੀ ਜਦੋਂ ਕਿ ਸਪੋਰਟਸ ਸਕੂਲ ਜਲੰਧਰ ਨੇ ਜਰਖੜ ਵਿੰਗ ਨੂੰ 5-0 ਨਾਲ, ਸੰਗਰੂਰ ਨੇ ਮਾਨਸਾ ਨੂੰ 9-0, ਲੁਧਿਆਣਾ ਨੇ ਫਿਰੋਜ਼ਪੁਰ ਨੂੰ 1-0, ਬਰਨਾਲਾ ਨੇ ਰੋਪੜ ਨੂੰ 3-1 ਨਾਲ ਹਰਾਇਆ। ਉਧਰ ਤੈਰਾਕੀ ਮੁਕਾਬਲਿਆਂ ਵਿਚ 200 ਮੀਟਰ ਮੁੰਡਿਆਂ ਵਿਚ ਮਨਮੀਤ ਲੁਧਿਆਣਾ, ਧਨਵੰਤ ਸਿੰਘ ਸੰਗਰੂਰ, ਕੌਂਸਲ ਮਹਿਲਾ ਅੰਮ੍ਰਿਤਸਰ ਅਤੇ ਕੁੜੀਆਂ ਵਿਚ ਪੁਖਰਾਜ ਗਿੱਲ ਲੁਧਿਆਣਾ, ਪ੍ਰਮਿਤੀ ਗੁਰਦਾਸਪੁਰ, ਨੰਦਨੀ ਦੇਵੜਾ ਫਿਰੋਜ਼ਪੁਰ ਕਰਮਵਾਰ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ। ਅੰਡਰ 17 ਸਾਲ ਮੁੰਡਿਆਂ ਦੇ 200 ਮੀਟਰ ਮੁਕਾਬਲਿਆਂ ਵਿਚ ਹਰਰੂਪ ਸਿੰਘ ਸੰਗਰੂਰ, ਹਰਨਿਮਰਤ ਸੰਗਰੂਰ, ਅਨਮੋਲ ਕੰਗ ਲੁਧਿਆਣਾ ਅਤੇ ਕੁੜੀਆਂ ਵਿਚ ਅਲੀਸ਼ਾ ਸ਼ਰਮਾਂ ਪਟਿਆਲਾ, ਪੋਮੀ ਮੋਦਗਿਲ ਰੋਪੜ, ਜਸਮੀਨ ਕੌਰ ਸੰਗਰੂਰ ਕਰਮਵਾਰ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹੇ। ਅੰਡਰ 19 ਸਾਲ ਵਿਚ ਗਗਨਦੀਪ ਸਿੰਘ ਅੰਮ੍ਰਿਤਸਰ, ਜਗਦੀਸ਼ ਸਿੰਘ ਲੁਧਿਆਣਾ, ਸੁਖਵਿੰਦਰ ਸਿੰਘ ਸੰਗਰੂਰ ਅਤੇ ਕੁੜੀਆਂ ਵਿਚ ਅਰੁਸ਼ੀ ਗੁਪਤਾ, ਵਿਭਾਸ਼ ਕਸ਼ਯਪ ਦੋਹੇ ਲੁਧਿਆਣਾ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਲ ਕੀਤਾ।

27ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ
ਇੰਡੀਅਨ ਆਇਲ ਬਣਿਆ ਚੈਂਪੀਅਨ

ਜਲੰਧਰ, 23 ਅਕਤੂਬਰ - 27ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਜੋ ਕਿ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਇੰਡੀਅਨ ਆਇਲ ਮੁੰਬਈ ਨੇ ਏਅਰ ਇੰਡੀਆ ਮੁੰਬਈ ਨੂੰ ਟਾਈ ਬਰੇਕਰ ਰਾਹੀਂ 6-5 ਨਾਲ ਹਰਾ ਦਿੱਤਾ। ਫਾਈਨਲ ਮੁਕਾਬਲੇ ਵਿਚ ਦੋਵੇਂ ਟੀਮਾਂ ਨਿਰਧਾਰਤ ਸਮੇਂ ਦੌਰਾਨ 2-2 ਦੀ ਬਰਾਬਰੀ 'ਤੇ ਰਹੀਆਂ। ਟਾਈ ਬਰੇਕਰ ਰਾਹੀਂ ਇੰਡੀਅਨ ਆਇਲ ਵੱਲੋਂ 4 ਅਤੇ ਏਅਰ ਇੰਡੀਆ ਵੱਲੋਂ 3 ਗੋਲ ਕੀਤੇ ਗਏ। ਫਾਈਨਲ ਮੈਚ ਤੋਂ ਪਹਿਲਾ ਪ੍ਰਸਿੱਧ ਪੰਜਾਬੀ ਗਾਇਕ ਨਛੱਤਰ ਗਿੱਲ ਅਤੇ ਬਲਰਾਜ ਨੇ ਆਪਣੇ ਪੰਜਾਬੀ ਗਾਣੇ ਨਾਲ ਦਰਸ਼ਕਾਂ ਦਾ ਮਨ ਮੋਹਿਆ। ਇਸ ਮੌਕੇ ਕਲਰਸ ਚੈਨਲ 'ਤੇ ਦੂਜੇ ਰਨਰਅੱਪ ਰਹੇ ਬੀਰ ਖਾਲਸਾ ਗਰੁੱਪ ਨੇ ਆਪਣੇ ਗੱਤਕੇ ਦੇ ਜ਼ੌਹਰ ਦਿਖਾਏ। ਇਸ ਦੇ ਨਾਲ ਹੀ ਐਚ. ਐਮ. ਵੀ. ਕਾਲਜ ਦੀਆਂ ਮੁਟਿਆਰਾ ਨੇ ਆਪਣੇ ਸ਼ਾਨਦਾਰ ਗਿੱਧੇ ਨਾਲ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕੀਤਾ।

56ਵੀਂਆਂ ਪੰਜਾਬ ਸਕੂਲ ਖੇਡਾਂ
ਏਸ਼ੀਆਈ ਖੇਡਾਂ ਲਈ ਚੁਣੀ ਗਈ ਭਾਰਤੀ ਅੱਠ ਮੈਂਬਰੀ ਜੂਡੋ ਟੀਮ

ਨਵੀਂ ਦਿੱਲੀ, 23 ਅਕਤੂਬਰ - ਏਸ਼ੀਆਈ ਖੇਡਾਂ ਜੋ ਕਿ ਗਵਾਂਗਝੂ 'ਚ 12 ਤੋਂ 27 ਨਵੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਲਈ ਭਾਰਤ ਦੀ ਅੱਠ ਮੈਂਬਰੀ ਟੀਮ ਦੀ ਚੋਣ ਕਰ ਲਈ ਗਈ ਹੈ। ਟੀਮ ਵਿਚ ਪੁਰਸ਼ ਵਰਗ ਵਿਚ ਨਵਜੋਤ, ਸੰਜੂ ਸਿੰਘ, ਰਾਮਾਸ਼੍ਰੇਅ ਯਾਦਵ ਅਤੇ ਸਾਹਿਲ ਪਠਾਨੀਆ ਸ਼ਾਮਿਲ ਹਨ ਜਦਕਿ ਮਹਿਲਾ ਵਰਗ ਵਿਚ ਕੇ. ਐਚ. ਟੋਂਬੀ ਦੇਵੀ, ਟੀ. ਐਚ. ਕਲਪਨਾ ਦੇਵੀ, ਏ. ਅਨੀਤਾ ਚਾਨੂੰ ਅਤੇ ਗਰਿਮਾ ਚੌਧਰੀ ਸ਼ਾਮਿਲ ਕੀਤਾ ਗਿਆ ਹੈ।

ਏਅਰ ਇੰਡੀਆ ਅਤੇ ਇੰਡੀਅਨ ਆਇਲ ਫਾਈਨਲ 'ਚ

ਜਲੰਧਰ, 22 ਅਕਤੂਬਰ - 27ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਚੱਲ ਰਿਹਾ ਹੈ। ਇਸ ਟੂਰਨਾਮੈਂਟ ਵਿਚ ਏਅਰ ਇੰਡੀਆ ਮੁੰਬਈ ਨੇ ਓ.ਐਨ.ਜੀ.ਸੀ. ਦਿੱਲੀ ਨੂੰ ਹਰਾ ਕੇ ਫਾਈਨਲ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ। ਪਹਿਲੇ ਸੈਮੀਫਾਈਨਲ ਵਿਚ ਓ. ਐਨ. ਜੀ. ਸੀ. ਅਤੇ ਏਅਰ ਇੰਡੀਆ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਦੂਜੇ ਸੈਮੀਫਾਇਨਲ ਵਿਚ ਇੰਡੀਅਨ ਅਇਲ ਨੇ ਭਾਰਤੀ ਰੇਲਵੇ ਨੂੰ 5-2 ਨਾਲ ਹਰਾ ਕੇ ਫਾਈਨਲ 'ਚ ਦਾਖਲਾ ਪਾਇਆ। ਫਾਈਨਲ ਮੁਕਾਬਲਾ ਸਨਿੱਚਰਵਾਰ ਸ਼ਾਮ 6 ਵਜੇ ਖੇਡਿਆ ਜਾਵੇਗਾ।

ਪੰਜਾਬ ਰਾਜ ਮਹਿਲਾ ਖੇਡਾਂ ਸਮਾਪਤ

ਪਟਿਆਲਾ, 22 ਅਕਤੂਬਰ - ਪੰਜਾਬ ਰਾਜ ਮਹਿਲਾ ਖੇਡਾਂ ਪਟਿਆਲਾ ਦੇ ਰਾਜਾ ਭਲਿੰਦਰਾ ਸਿੰਘ ਸਪੋਰਟਸ ਸਟੇਡੀਅਮ, ਪੋਲੋ ਗਰਾਊਂਡ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਜਲੰਧਰ ਦੀਆਂ ਮੁਟਿਆਰਾਂ ਨੇ 25 ਅੰਕ ਲੈ ਕੇ ਓਵਰ ਆਲ ਟਰਾਫੀ 'ਤੇ ਆਪਣਾ ਕਬਜ਼ਾ ਕੀਤਾ ਜਦੋਂਕਿ 21 ਅੰਕਾਂ ਨਾਲ ਸੰਗਰੂਰ ਨੇ ਦੂਜਾ ਤੇ 17 ਅੰਕਾਂ ਨਾਲ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਖੇਡਾਂ ਦੇ ਆਖਰੀ ਮੁਕਾਬਲੇ ਵਿਚ ਰਾਏਕੋਟ ਦੀ ਨੂੰਹ ਨਵਜੋਤ ਕੌਰ ਨੇ 100 ਮੀਟਰ ਦੌੜ ਜਿੱਤ ਕੇ ਰਾਜ ਦੀ ਸਭ ਤੋਂ ਤੇਜ਼ ਦੌੜਾਕ ਹੋਣ ਦਾ ਮਾਣ ਪ੍ਰਾਪਤ ਕੀਤਾ। ਉਂਝ ਕੋਚ ਬਲਜਿੰਦਰ ਸਿੰਘ ਕੈਰੋਂ ਦੀ ਸ਼ਗਿਰਦ ਭੁਪਿੰਦਰ ਕੌਰ ਨੇ 2 ਸੋਨ, 1 ਚਾਂਦੀ ਅਤੇ 1 ਕਾਂਸੀ ਦੇ ਤਗਮੇ ਵਿਚ ਹਿੱਸੇਦਾਰੀ ਪਾਈ ਅਤੇ ਨਵਪ੍ਰੀਤ ਕੌਰ ਭਾਈ ਰੂਪਾ ਨੇ ਵਿਅਕਤੀਗਤ ਰੂਪ 'ਚ 2 ਸੋਨ ਤਗਮੇ ਜਿੱਤੇ। ਬੈਡਮਿੰਟਨ ਦੇ ਫਾਈਨਲ ਮੁਕਾਬਲੇ ਵਿਚ ਪਿਛਲੇ ਸਾਲ ਦੂਜੇ ਸਥਾਨ 'ਤੇ ਰਹਿਣ ਵਾਲੇ ਜ਼ਿਲ੍ਹਾ ਸੰਗਰੂਰ ਨੇ ਜਲੰਧਰ ਨੂੰ ਇਕ ਪਾਸੜ ਮੈਚ ਵਿਚ 2-0 ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ। ਸੰਗਰੂਰ ਦੀ ਦਮਨਪ੍ਰੀਤ ਕੌਰ ਨੇ ਪਹਿਲੇ ਸਿੰਗਲ ਵਿਚ ਜਲੰਧਰ ਦੀ ਸਾਹਨਾਜ ਖਾਨ ਨੂੰ 21-9, 21-12 ਨਾਲ ਹਰਾਇਆ, ਜਦਕਿ ਡਬਲਜ਼ ਵਿਚ ਦਮਨਪ੍ਰੀਤ ਨੇ ਮਰੀਅਮ ਨਾਲ ਮਿਲ ਕੇ ਜਲੰਧਰ ਦੀ ਰਾਜਪ੍ਰੀਤ ਅਤੇ ਜਸਪ੍ਰੀਤ ਕੌਰ ਨੂੰ 15-21, 21-13, 21-15 ਨਾਲ ਹਰਾ ਕੇ ਇਹ ਫਾਈਨਲ ਮੁਕਾਬਲਾ ਜਿੱਤਿਆ। ਲੁਧਿਆਣਾ ਤੇ ਨਵਾਂ ਸ਼ਹਿਰ ਦੀਆਂ ਟੀਮਾਂ ਸਾਂਝੇ ਤੌਰ 'ਤੇ ਤੀਸਰੇ ਸਥਾਨ 'ਤੇ ਰਹੀਆਂ। ਲਾਅਨ ਟੈਨਿਸ ਵਿਚ ਮੇਜ਼ਬਾਨ ਪਟਿਆਲਾ ਨੇ ਜਲੰਧਰ ਨੂੰ 2-0 ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਰੋਪੜ ਨੇ ਅੰਮ੍ਰਿਤਸਰ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਬਾਸਕਿਟਬਾਲ ਦੇ ਫਾਈਨਲ ਮੁਕਾਬਲੇ ਵਿਚ ਅੰਮ੍ਰਿਤਸਰ ਨੇ ਲੁਧਿਆਣਾ ਨੂੰ 42-27 ਅੰਕਾਂ ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ, ਜਦਕਿ ਜਲੰਧਰ ਨੇ ਤੀਸਰੇ ਅਤੇ ਚੌਥੇ ਸਥਾਨ ਲਈ ਕਪੂਰਥਲਾ ਨੂੰ 41-17 ਅੰਕਾਂ ਨਾਲ ਹਰਾਇਆ। ਜਿਮਨਾਸਟਿਕਸ ਦੇ ਬੈਲੇਂਸਿੰਗ ਬੀਮ ਵਿਚ ਗੁਰਦਾਸਪੁਰ ਦੀ ਨਗਿੰਦਰ ਨੇ 11.31 ਅੰਕ ਜਿੱਤ ਕਿ ਸੋਨੇ ਦਾ, ਪਟਿਆਲਾ ਦੀ ਸੰਗੀਤਾ ਨੇ 10.40 ਨਾਲ ਚਾਂਦੀ ਦਾ ਅਤੇ ਗੁਰਦਾਸਪੁਰ ਦੀ ਮੋਨਿਕਾ ਨੇ 10.30 ਅੰਕ ਪ੍ਰਾਪਤ ਕਰਕੇ ਕਾਂਸੀ ਦਾ ਤਗਮਾ ਜਿੱਤਿਆ। ਫਲੋਰ ਐਕਰਸਾਈਜ਼ ਵਿਚ ਗੁਰਦਾਸਪੁਰ ਦੀਆਂ ਮੋਨਿਕਾ ਅਤੇ ਰੋਹੀਕਾ ਨੇ ਸੋਨੇ ਤੇ ਚਾਂਦੀ ਦਾ ਤਗਮਾ ਜਿੱਤਿਆ ਜਿਨ੍ਹਾਂ ਨੇ ਕ੍ਰਮਵਾਰ 11.50 ਅਤੇ 11.00 ਅੰਕ ਪ੍ਰਾਪਤ ਕੀਤੇ ਜਦਕਿ ਪਟਿਆਲਾ ਦੀ ਸੰਗੀਤਾ ਨੇ 10.95 ਅੰਕ ਜਿੱਤ ਕੇ ਕਾਂਸੀ ਦਾ ਤਗਮਾ ਹਾਸਲ ਕੀਤਾ। ਖੋ-ਖੋ ਵਿਚ ਸੰਗਰੂਰ ਨੇ ਜਲੰਧਰ ਨੂੰ ਪੰਜ ਅੰਕਾਂ (7-4, 10-8) ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਲੁਧਿਆਣਾ ਨੇ ਪਟਿਆਲਾ ਨੂੰ ਪੰਜ ਅੰਕਾਂ (9-4, 8-8) ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਟੇਬਲ ਟੈਨਿਸ ਵਿਚ ਜਲੰਧਰ ਦੀਆਂ ਖਿਡਾਰਨਾਂ ਨੂੰ ਅੰਮ੍ਰਿਤਸਰ ਨੂੰ ਹਰਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ ਜਿਨ੍ਹਾਂ ਨੇ ਇਹ ਮੁਕਾਬਲਾ ਦੋ ਦੇ ਮੁਕਾਬਲੇ ਤਿੰਨ ਸੈੱਟਾਂ ਨਾਲ ਜਿੱਤਿਆ। ਰੋਪੜ ਦਾ ਤੀਸਰਾ ਸਥਾਨ ਰਿਹਾ ਜਿਸ ਨੇ ਲੁਧਿਆਣਾ 3-0 ਨਾਲ ਹਰਾਇਆ। ਵਾਲੀਬਾਲ ਦੇ ਫਾਈਨਲ ਮੁਕਾਬਲੇ ਵਿਚ ਸੰਗਰੂਰ ਨੇ ਮੁਹਾਲੀ ਨੂੰ 3-1 ਨਾਲ ਹਰਾਇਆ ਜਦੋਂਕਿ ਤੀਸਰੇ ਅਤੇ ਚੌਥੇ ਸਥਾਨ ਲਈ ਮੈਚ ਕਾਫੀ ਸੰਘਰਸ਼ਪੂਰਨ ਰਿਹਾ, ਜਿਸ ਵਿਚ ਲੁਧਿਆਣਾ ਨੇ ਜਲੰਧਰ ਨੂੰ 3-2 ਨਾਲ ਹਰਾ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਦੌੜ ਵਿਚ ਲੁਧਿਆਣਾ ਦੀ ਨਵਜੋਤ ਕੌਰ ਨੇ ਆਪਣੇ ਆਪ ਨੂੰ ਰਾਜ ਦੀ ਸਭ ਤੋਂ ਵੱਧ ਤੇਜ਼ ਦੌੜਾਕ ਸਾਬਤ ਕਰਦੇ ਹੋਏ 12.54 ਸਕਿੰਟਾਂ ਵਿਚ ਸੋਨੇ ਦਾ ਤਗਮਾ ਜਿੱਤਿਆ। ਜਲੰਧਰ ਦੀ ਦੀਪਤੀ ਨੇ ਇਹ ਦੌੜ 12.68 ਸਕਿੰਟਾਂ ਵਿਚ ਪੂਰੀ ਕਰਕੇ ਚਾਂਦੀ ਦਾ ਅਤੇ ਸੰਗਰੂਰ ਦੀ ਹਰਪਾਲ ਕੌਰ ਨੇ 12.86 ਸਕਿੰਟਾਂ ਵਿਚ ਦੌੜ ਕੇ ਕਾਂਸੇ ਦਾ ਤਗਮਾ ਹਾਸਲ ਕੀਤਾ। ਹਾਕੀ ਦੇ ਇਕਤਰਫਾ ਫਾਈਨਲ ਮੈਚ ਵਿਚ ਕਪੂਰਥਲਾ ਨੇ ਤਰਨਤਾਰਨ ਨੂੰ ਇਕ ਦੇ ਮੁਕਾਬਲੇ ਅੱਠ ਗੋਲਾਂ ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ ਜਦਕਿ ਮੇਜ਼ਬਾਨ ਪਟਿਆਲਾ ਨੇ ਅੰਮ੍ਰਿਤਸਰ ਨੂੰ 3-0 ਗੋਲਾਂ ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ।

ਬੀ. ਐਸ. ਐਫ. ਇੰਟਰ ਫਰੰਟੀਅਰ ਖੇਡਾਂ

ਜਲੰਧਰ 22 ਅਕਤੂਬਰ - ਬੀ.ਐਸ.ਐਫ.ਸਟੇਡੀਅਮ ਜਲੰਧਰ ਕੈਂਟ ਵਿਚ ਇੰਟਰ ਫਰੰਟੀਅਰ ਖੇਡ ਮੁਕਾਬਲੇ ਚੱਲ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਭਾਰ ਤੋਲਣ ਦੇ 62 ਕਿਲੋ ਵਰਗ ਵਿਚੋਂ ਪੰਜਾਬ ਦੇ ਨੀਰਜ ਕੁਮਾਰ ਨੇ ਪਹਿਲਾ, ਵਿਜੈ ਕੁਮਾਰ ਨੇ ਦੂਜਾ, ਬੀ ਅਸ਼ੋਕਰਨ ਨੇ ਤੀਜਾ ਸਥਾਨ ਹਾਸਲ ਕੀਤਾ। 69 ਕਿਲੋ ਵਰਗ ਵਿਚੋਂ ਰੌਬਿਨ ਲਾਂਬਾ ਨੇ ਪਹਿਲਾ, ਐਲ. ਰਵੀ ਨੇ ਦੂਜਾ, ਐਮ. ਆਰ. ਮੰਗਮ ਨੇ ਤੀਜਾ ਸਥਾਨ ਹਾਸਲ ਕੀਤਾ। ਵਾਲੀਬਾਲ ਮੁਕਾਬਲੇ ਵਿਚੋਂ ਤ੍ਰਿਪੁਰਾ ਨੇ ਕਸ਼ਮੀਰ ਫਰੰਟੀਅਰ ਨੂੰ 3-1 ਨਾਲ, ਗੁਜਰਾਤ ਨੇ ਐਮ ਐਂਡ ਸੀ ਨੂੰ 3-0 ਨਾਲ, ਤ੍ਰਿਪੁਰਾ ਨੇ ਪੰਜਾਬ ਨੂੰ 3-0 ਨਾਲ, ਗੁਜਰਾਤ ਨੇ ਜੰਮੂ ਨੂੰ 3-0 ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਬਾਸਕਿਟਬਾਲ ਮੁਕਾਬਲੇ ਵਿਚ ਨਾਰਥ ਬੰਗਾਲ ਨੇ ਤ੍ਰਿਪੁਰਾ ਨੂੰ 60-41 ਨਾਲ, ਸਾਊਥ ਬੰਗਾਲ ਨੇ ਕਸ਼ਮੀਰ ਨੂੰ 55-15 ਨਾਲ, ਗੁਜਰਾਤ ਨੇ ਨਾਰਥ ਬੰਗਾਲ ਨੂੰ 60-51 ਨਾਲ ਤੇ ਸਾਊਥ ਬੰਗਾਲ ਨੇ ਜੰਮੂ ਨੂੰ 72-66 ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ।

ਕਬੱਡੀ ਕੌਮੀ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੀ ਟੀਮ ਚੁਣੀ ਜਾਵੇਗੀ 4 ਨੂੰ

ਰਾਮਪੁਰਾ ਫੂਲ, 21 ਅਕਤੂਬਰ - 1 ਤੋਂ 5 ਦਸੰਬਰ ਤੱਕ ਭਿਲਈ ਛਤੀਸ਼ਗੜ੍ਹ 'ਚ ਕਬੱਡੀ ਜੂਨੀਅਰ ਕੌਮੀ ਚੈਂਪੀਅਨਸ਼ਿਪ ਲੜਕੇ ਅਤੇ ਲੜਕੀਆਂ ਕਰਵਾਈ ਜਾ ਰਹੀ ਹੈ। ਇਸ ਕੌਮੀ ਚੈਂਪੀਅਨਸ਼ਿਪ ਲਈ ਜੂਨੀਅਰ ਕਬੱਡੀ (ਨੈਸ਼ਨਲ) ਪੰਜਾਬ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਦੀ ਚੋਣ ਕਰਨ ਲਈ 4 ਨਵੰਬਰ ਨੂੰ ਨਹਿਰੂ ਸਟੇਡੀਅਮ ਫ਼ਰੀਦਕੋਟ ਦੇ ਕਬੱਡੀ ਗਰਾਂਊਡ ਵਿਚ ਟਰਾਇਲ ਲਏ ਜਾ ਰਹੇ ਹਨ। ਇਨ੍ਹਾਂ ਟੂਰਨਾਮੈਂਟਾਂ ਵਿਚ 1 ਜਨਵਰੀ 1991 ਨੂੰ ਜਾਂ ਇਸ ਤੋਂ ਬਾਅਦ ਜਨਮੇ ਖਿਡਾਰੀ ਭਾਗ ਲੈ ਸਕਦੇ ਹਨ। ਲੜਕਿਆਂ ਦਾ ਭਾਰ 65 ਕਿਲੋ ਤੱਕ ਅਤੇ ਲੜਕੀਆਂ ਦਾ ਭਾਰ 60 ਕਿਲੋ ਤੱਕ ਦੇ ਟਰਾਇਲ ਲਏ ਜਾਣਗੇ। ਮਹਾਂਰਾਸ਼ਟਰ ਵਿਚ ਸਕੂਲ ਪੱਧਰ ਦੇ ਨੈਸ਼ਨਲ ਜੂਨੀਅਰ ਮੁਕਾਬਲੇ ਹੋ ਰਹੇ ਹਨ। ਜਿਸ ਕਾਰਨ ਡੇਰਾ ਬਾਬਾ ਨਾਨਕ ਵਿਖੇ 28, 29 ਅਤੇ 30 ਅਕਤੂਬਰ ਨੂੰ ਰੱਖੀ ਗਈ ਜੂਨੀਅਰ ਪੰਜਾਬ ਚੈਂਪੀਅਨਸ਼ਿਪ ਮੁਲਤਵੀ ਕਰ ਦਿੱਤੀ ਹੈ।

ਪੰਜਾਬ ਫੁੱਟਬਾਲ ਲੀਗ ਡਵੀਜ਼ਨ -2 ਸਮਾਪਤ

ਪਟਿਆਲਾ, 21 ਅਕਤੂਬਰ - ਪੰਜਾਬ ਫੁੱਟਬਾਲ ਲੀਗ ਡਵੀਜ਼ਨ-2 ਪਟਿਆਲਾ 'ਚ ਕਰਵਾਈ ਗਈ। ਇਸ ਲੀਗ ਵਿਚ ਸੰਤ ਬਾਬਾ ਹਰੀ ਸਿੰਘ ਫੁੱਟਬਾਲ ਕਲੱਬ ਮਾਹਿਲਪੁਰ ਨੇ ਪੰਜਾਬ ਫੁੱਟਬਾਲ ਡਵੀਜ਼ਨ-2 ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਜਦੋਂਕਿ ਦਲਬੀਰ ਫੁੱਟਬਾਲ ਅਕੈਡਮੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਪ ਜੇਤੂ ਰਹਿਣ ਦਾ ਮਾਣ ਪ੍ਰਾਪਤ ਕੀਤਾ ਹੈ। ਯੂਥ ਫੁੱਟਬਾਲ ਕਲੱਬ ਰੁੜਕਾ ਨੇ ਤੀਸਰਾ ਅਤੇ ਜੀ. ਐਚ. ਜੀ. ਖਾਲਸਾ ਕਾਲਜ ਸੁਧਾਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ 'ਤੇ ਹੋਏ ਲੀਗ ਦੇ ਆਖਰੀ ਮੈਚ 'ਚ ਦਲਬੀਰ ਅਕੈਡਮੀ ਨੇ ਫੁੱਟਬਾਲ ਕਲੱਬ ਬੰਗਾ ਨੂੰ 2-1 ਨਾਲ ਹਰਾਇਆ। ਇਸ ਲੀਗ 'ਚ ਚੈਂਪੀਅਨ ਟੀਮ ਨੇ 8 'ਚੋਂ ਪੰਜ ਮੈਚ ਜਿੱਤੇ ਅਤੇ ਤਿੰਨ ਬਰਾਬਰੀ 'ਤੇ ਖੇਡੇ ਜਦੋਂ ਕਿ ਦਲਬੀਰ ਅਕੈਡਮੀ ਦੀ ਟੀਮ ਨੇ ਅੱਠਾਂ 'ਚੋਂ 5 ਮੈਚ ਜਿੱਤੇ ਦੋ ਬਰਾਬਰੀ 'ਤੇ ਖੇਡੇ ਤੇ ਇਕ ਹਾਰਿਆ। ਇਹ ਦੋਵੇਂ ਟੀਮਾਂ ਹੁਣ ਪੰਜਾਬ ਫੁੱਟਬਾਲ ਲੀਗ 'ਚ ਥਾਂ ਬਣਾਉਣ ਲਈ ਖੇਡਣਗੀਆਂ।

ਪੰਜਾਬ ਰਾਜ ਮਹਿਲਾ ਖੇਡਾਂ

ਪਟਿਆਲਾ, 21 ਅਕਤੂਬਰ - ਪੰਜਾਬ ਰਾਜ ਮਹਿਲਾ ਖੇਡਾਂ ਜੋ ਕਿ ਪਟਿਆਲਾ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਤੀਜੇ ਦਿਨ ਕਬੱਡੀ 'ਚ ਜਲੰਧਰ, ਬਾਸਕਿਟਬਾਲ 'ਚ ਅੰਮ੍ਰਿਤਸਰ ਤੇ ਹੈਂਡਬਾਲ 'ਚ ਲੁਧਿਆਣਾ ਨੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਇਨ੍ਹਾਂ ਖੇਡਾਂ ਦੇ ਕਬੱਡੀ ਦੇ ਫਾਈਨਲ ਮੁਕਾਬਲੇ ਕੋਚ ਪਲਵਿੰਦਰ ਕੌਰ ਦੀ ਸਿਖਲਾਈ ਯਾਫ਼ਤਾ ਜਲੰਧਰ ਦੀ ਟੀਮ ਨੇ ਸੰਗਰੂਰ ਨੂੰ 21-6 ਅੰਕਾਂ ਦੇ ਫਰਕ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਜਦੋਂ ਕਿ ਲੁਧਿਆਣਾ ਤੇ ਬਠਿੰਡਾ ਸਾਂਝੇ ਤੌਰ 'ਤੇ ਤੀਸਰੇ ਸਥਾਨ 'ਤੇ ਰਹੇ। ਹੈਂਡਬਾਲ ਦੇ ਫਸਵੇਂ ਫਾਈਨਲ ਮੁਕਾਬਲੇ 'ਚ ਕੋਚ ਜਸਵੀਰ ਕੌਰ ਦੀ ਸਿਖਲਾਈ ਯਾਫ਼ਤਾ ਲੁਧਿਆਣਾ ਦੀ ਟੀਮ ਨੇ ਕੋਚ ਸਰੂਪ ਸਿੰਘ ਗਿੱਲ ਕੈਰੋਂ ਦੀ ਨਵੀਂ ਨਕੋਰ ਤਰਨਤਾਰਨ ਜ਼ਿਲ੍ਹੇ ਦੀ ਟੀਮ ਨੂੰ 20-19 ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਰੋਪੜ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਬਾਸਕਿਟਬਾਲ 'ਚ ਅੰਮ੍ਰਿਤਸਰ ਨੇ ਲੁਧਿਆਣਾ ਨੂੰ 40-31 ਨਾਲ ਹਰਾ ਕੇ ਜੇਤੂ ਰਹਿਣ ਦਾ ਮਾਣ ਹਾਸਿਲ ਕੀਤਾ ਜਦੋਂ ਕਿ ਜਲੰਧਰ ਤੀਸਰੇ ਸਥਾਨ 'ਤੇ ਰਿਹਾ। ਖੋ-ਖੋ ਦੇ ਸੈਮੀਫਾਈਨਲ ਵਿੱਚ ਸੰਗਰੂਰ ਨੇ ਲੁਧਿਆਣਾ ਨੂੰ 6 ਅੰਕ ਅਤੇ ਇੱਕ ਪਾਰੀ ਨਾਲ ਹਰਾਇਆ, ਜਦੋਂ ਕਿ ਜਲੰਧਰ ਨੇ ਮੇਜ਼ਬਾਨ ਪਟਿਆਲਾ ਨੂੰ 10 ਅੰਕਾਂ ਨਾਲ ਮਾਤ ਦਿੱਤੀ। ਜਿਮਨਾਸਟਿਕ ਦੇ ਬੋਲਟਿੰਗ ਟੇਬਲ ਈਵੈਂਟ ਵਿੱਚ ਗੁਰਦਾਸਪੁਰ ਦੀ ਰੋਹੀਕਾ ਨੇ 11.15, ਗੁਰਦਾਸਪੁਰ ਦੀ ਹੀ ਮੋਨਿਕਾ ਨੇ 9.80 ਅਤੇ ਪਟਿਆਲਾ ਦੀ ਸੀਨਾ ਨੇ 9.60 ਅੰਕ ਪ੍ਰਾਪਤ ਕਰਦੇ ਹੋਏ ਕ੍ਰਮਵਾਰ ਸੋਨ, ਚਾਂਦੀ, ਕਾਂਸੀ ਦਾ ਤਗਮਾ ਜਿੱਤਿਆ। ਬੈਡਮਿੰਟਨ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਜਲੰਧਰ ਨੇ ਲੁਧਿਆਣ ਨੂੰ 2-0 ਅਤੇ ਸੰਗਰੂਰ ਨੇ ਨਵਾਂ ਸ਼ਹਿਰ ਨੂੰ 2-0 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਅਥਲੈਟਿਕ ਦੇ ਲੰਬੀ ਛਾਲ ਦੇ ਫਾਈਨਲ ਮੁਕਾਬਲੇ ਵਿਚ ਸੰਗਰੂਰ ਦੀ ਕੁਲਵਿੰਦਰ ਕੌਰ ਨੇ ਪਹਿਲਾ, ਜਲੰਧਰ ਦੀ ਬਲਵੀਰ ਕੌਰ ਨੇ ਦੂਜਾ ਤੇ ਰੋਪੜ ਦੀ ਅਮਰ ਕੌਰ ਨੇ ਤੀਜਾ,100 ਮੀਟਰ ਹਰਡਲ 'ਚ ਜਲੰਧਰ ਦੀ ਅਰਵਿੰਦਾ ਨੇ ਪਹਿਲਾ, ਗੁਰਦਾਸਪੁਰ ਦੀ ਸੁਮਨਦੀਪ ਕੌਰ ਨੇ ਦੂਸਰਾ ਅਤੇ ਜਲੰਧਰ ਦੀ ਅੰਜੂ ਰਾਣੀ ਨੇ ਤੀਸਰਾ, 4×400 ਮੀਟਰ ਰਿਲੇਅ ਦੇ ਫਾਈਨਲ ਮੁਕਾਬਲੇ ਵਿੱਚ ਹੁਸ਼ਿਆਰਪੁਰ ਨੇ ਪਹਿਲਾ, ਜਲੰਧਰ ਨੇ ਦੂਸਰਾ ਅਤੇ ਬਠਿੰਡਾ ਨੇ ਤੀਸਰਾ, ਗੋਲਾ ਸੁੱਟਣ 'ਚ ਪਟਿਆਲਾ ਦੀ ਪਤਵੰਤ ਕੌਰ ਨੇ ਪਹਿਲਾ, ਜਲੰਧਰ ਦੀ ਨਰਿੰਦਰ ਕੌਰ ਨੇ ਦੂਸਰਾ ਅਤੇ ਮੁਹਾਲੀ ਦੀ ਮਨਜੀਤ ਕੌਰ ਨੇ ਤੀਸਰਾ, ਜੈਵਲਿਨ ਥਰੋ 'ਚ ਜਲੰਧਰ ਦੀ ਰੁਪਿੰਦਰ ਕੌਰ ਨੇ ਪਹਿਲਾ, ਤਰਨਤਾਰਨ ਦੀ ਹਰਮਨਪ੍ਰੀਤ ਕੌਰ ਨੇ ਦੂਸਰਾ ਅਤੇ ਜਲੰਧਰ ਦੀ ਕਸ਼ਮੀਰ ਕੌਰ ਨੇ ਤੀਸਰਾ, 400 ਮੀਟਰ ਹਰਡਲਜ ਵਿੱਚ ਜਲੰਧਰ ਦੀ ਭੁਪਿੰਦਰ ਕੌਰ ਅਤੇ ਅੰਜੂ ਰਾਣੀ ਨੇ ਪਹਿਲਾ ਤੇ ਦੂਸਰਾ ਅਤੇ ਬਠਿੰਡਾ ਦੀ ਜਸਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਏਸ਼ੀਆਈ ਖੇਡਾਂ ਵਿਚ ਸ਼ਾਮਿਲ ਹੋਣ ਵਾਲੇ 10 ਖਿਡਾਰੀ

ਨਵੀਂ ਦਿੱਲੀ, 21 ਅਕਤੂਬਰ - ਏਸ਼ੀਆਈ ਖੇਡਾਂ ਜੋ ਕਿ 12 ਨਵੰਬਰ ਨੂੰ ਚੀਨ ਦੇ ਸ਼ਹਿਰ ਗੁਆਂਗਝੋਓ 'ਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਭਾਰਤੀ ਟੇਬਲ ਟੈਨਿਸ ਮਹਾਸੰਘ ਨੇ ਚੁਣੀ ਗਈ 10 ਮੈਂਬਰੀ ਟੀਮ ਵਿਚ ਸਾਨਿਲ ਸ਼ੈਟੀ ਨੂੰ ਵੀ ਸ਼ਾਮਿਲ ਕੀਤਾ ਹੈ। ਸਾਨਿਲ ਰੱਖਿਆਤਮਕ ਖਿਡਾਰੀ ਅਭਿਸ਼ੇਕ ਰਵੀਚੰਦਰ ਦਾ ਦਰਜਾ ਲਵੇਗਾ। ਵਿਸ਼ਵ 'ਚ 40ਵਾਂ ਸਥਾਨ ਪ੍ਰਾਪਤ ਪੁਰਸ਼ ਖਿਡਾਰੀ ਸ਼ਰਤ ਕਮਲ ਪੁਰਸ਼ ਟੀਮ ਦੀ ਅਗਵਾਈ ਕਰੇਗਾ ਜਦੋਂਕਿ ਮਹਿਲਾ ਟੀਮ ਦੀ ਕਮਾਨ ਮਾਉਮਾ ਦਾਸ ਨੂੰ ਸੌਂਪੀ ਗਈ ਹੈ। ਏਸ਼ੀਆਈ ਖੇਡਾਂ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੇ ਪਟਿਆਲਾ ਵਿਖੇ 10 ਰੋਜ਼ਾ ਕੈਂਪ 'ਚ ਹਿੱਸਾ ਲੈਣਾ ਹੈ ਅਤੇ ਭਾਰਤੀ ਟੀਮ 1 ਨਵੰਬਰ ਨੂੰ ਚੀਨ ਲਈ ਰਵਾਨਾ ਹੋਵੇਗੀ। ਟੀਮ ਦੇ ਪੁਰਸ਼ ਖਿਡਾਰੀਆਂ 'ਚ ਸ਼ਰਤ ਕਮਲ, ਸੋਮਦੀਪ ਰਾਏ, ਅਮਰਰਾਜ ਐਂਥਨੀ, ਸੁਭਾਜੀਤ ਸਾਹਾ, ਸਾਨਿਲ ਸ਼ੈਟੀ ਅਤੇ ਖਿਡਾਰਨਾਂ 'ਚ ਮਾਉਮਾ ਦਾਸ, ਪਾਉਲਮੀ ਘਟਕ, ਸ਼ਾਮਿਨੀ ਕੁਮਾਰਸੈਨ, ਮਧੁਰਿਕਾ ਪਾਟਕਰ ਅਤੇ ਮਮਤਾ ਪ੍ਰਭੂ ਸ਼ਾਮਿਲ ਹਨ।

ਸਰਾਭਾ ਯਾਦਗਾਰੀ ਗੋਲਡ ਕੱਪ ਮੁਕਾਬਲੇ 12 ਤੋਂ 16 ਨਵੰਬਰ ਤੱਕ

ਪੱਖੋਵਾਲ/ਸਰਾਭਾ, 21 ਅਕਤੂਬਰ - ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਮੌਕੇ 63ਵਾਂ ਫੁੱਟਬਾਲ ਆਲ ਓਪਨ, ਹਾਕੀ ਆਲ ਓਪਨ ਗੋਲਡ ਕੱਪ, ਕਬੱਡੀ ਗੋਲਡ ਕੱਪ ਕਰਵਾਇਆ ਜਾ ਰਿਹਾ ਹੈ। 31 ਅਕਤੂਬਰ ਨੂੰ ਖੀਰੇ-ਦੁੱਗੇ ਤੇ 1 ਨਵੰਬਰ ਨੂੰ ਬਲਦਾਂ ਦੀਆਂ ਦੌੜਾਂ ਤੋਂ ਇਲਾਵਾ ਕੁੱਤਿਆਂ ਦੀਆਂ ਟਰੈਕ ਦੌੜਾਂ ਦੇ ਮੁਕਾਬਲੇ ਕਰਵਾਏ ਜਾਣਗੇ। ਜਦਕਿ ਫੁੱਟਬਾਲ ਆਲ ਓਪਨ, ਹਾਕੀ, ਆਲ ਓਪਨ ਗੋਲਡ ਕੱਪ ਦੇ ਮੁਕਾਬਲੇ 12 ਤੋਂ 16 ਨਵੰਬਰ ਤੱਕ ਕਰਵਾਏ ਜਾਣਗੇ। ਖੇਡ ਮੇਲੇ ਦੇ ਆਖਰੀ ਦਿਨ 16 ਨਵੰਬਰ ਨੂੰ ਇਨਾਮਾਂ ਦੀ ਵੰਡ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਕਰਨਗੇ, ਜਦਕਿ ਇਸ ਇਸੇ ਦਿਨ ਕਲੱਬ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ।

ਕੈਨੇਡਾ-ਅਮਰੀਕਾ ਕਬੱਡੀ ਕੱਪ 2 ਜਨਵਰੀ ਨੂੰ

ਮੁੱਲਾਂਪੁਰ ਦਾਖਾ, 21 ਅਕਤੂਬਰ - 2 ਜਨਵਰੀ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ ਕੈਨੇਡਾ-ਅਮਰੀਕਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀਆਂ 8 ਕਬੱਡੀ ਟੀਮਾਂ ਸ਼ਾਮਿਲ ਹੋ ਰਹੀਆਂ ਹਨ। ਉੱਚ ਕੋਟੀ ਕਬੱਡੀ ਐਕਡਮੀਆਂ ਦੀਆਂ ਟੀਮਾਂ ਵਿਚਕਾਰ ਮੁਕਾਬਲੇ ਦੇ ਨਾਲ ਪੰਜਾਬੀ ਗਾਇਕੀ, ਖੁੱਲ੍ਹੇ ਅਖਾੜੇ ਦੇ ਬਾਬਾ ਬੋਹੜ ਗੁਰਦਾਸ ਮਾਨ ਖਿਡਾਰੀ, ਖੇਡ ਪ੍ਰੇਮੀਆਂ ਦੇ ਨਾਲ ਪ੍ਰਬੰਧਕਾਂ ਦਾ ਮਨੋਰੰਜਨ ਕਰਨਗੇ। ਯੂਨੀਵਰਸਿਟੀ ਪੱਧਰ ਉਪਰ ਨਾਮਣਾਂ ਖੱਟ ਚੁੱਕੀਆਂ ਗਿੱਧੇ, ਭੰਗੜੇ ਦੀਆਂ ਟੀਮਾਂ ਉਦਘਾਂਟਨੀ ਰਸਮਾਂ ਨੂੰ ਚਾਰ ਚੰਨ ਲਾਉਣਗੀਆਂ ਠੀਕ 10 ਵਜੇ ਹੋਣ ਵਾਲੇ ਮਾਰਚ-ਪਾਸਟ ਸਮੇਂ ਹਿੱਸਾ ਲੈਣ ਵਾਲੀ ਹਰ ਕਬੱਡੀ ਟੀਮ ਦਾ ਪਹੁੰਚਣਾ ਲਾਜਮੀ ਹੈ। ਐਨ. ਆਰ. ਆਈ. ਦਰਸਕਾਂ ਅਤੇ ਔਰਤਾਂ ਬੱਚਿਆਂ ਲਈ ਵਿਸ਼ੇਸ਼ ਬਲਾਕ ਰਾਖਵੇਂ ਹੋਣਗੇ।

ਬੀ. ਐਸ. ਐਫ. ਇੰਟਰ ਫਰੰਟੀਅਰ ਖੇਡ ਮੁਕਾਬਲੇ

ਲੰਧਰ, 21 ਅਕਤੂਬਰ - 20 ਤੋਂ 23 ਅਕਤੂਬਰ ਤੱਕ ਬੀ ਸਟੇਡੀਅਮ ਜਲੰਧਰ ਕੈਂਟ 'ਚ ਬੀ.ਐਸ.ਐਫ. ਇੰਟਰ ਫਰੰਟੀਅਰ ਖੇਡ ਮੁਕਾਬਲੇ ਬਾਸਕਿਟਬਾਲ, ਵਾਲੀਬਾਲ, ਜਿਮਨਾਸਟਿਕ ਤੇ ਭਾਰ ਤੋਲਣ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹਨਾਂ ਖੇਡਾਂ ਵਿਚ 10 ਬੀ. ਐਸ. ਐਫ. ਫਰੰਟੀਅਰ ਹਿੱਸਾ ਲੈ ਰਹੇ ਹਨ।

ਪਿੰਡ ਪਵਾਂ ਖਾਕਟ ਦੀਆਂ ਖੇਡਾਂ ਸ਼ੁਰੂ

ਲੁਧਿਆਣਾ, 21 ਅਕਤੂਬਰ - ਦੂਜਾ ਖੇਡ ਮੇਲਾ 22 ਤੋਂ 24 ਅਕਤੂਬਰ ਤੱਕ ਸਪੋਰਟਸ ਕਲੱਬ ਪਵਾਂ ਖਾਕਟ ਵੱਲੋਂ ਕਰਵਾਇਆ ਜਾ ਰਿਹਾ ਹੈ। 22 ਅਕਤੂਬਰ ਨੂੰ ਕਬੱਡੀ 35, 40, 50 ਕਿਲੋ, ਤਾਸ਼ ਸ਼ੀਪ ਅਤੇ ਗੋਲਾ ਸੁੱਟਣ ਦੇ ਮੁਕਾਬਲੇ ਹੋਣਗੇ। ਜਦਕਿ 23 ਅਕਤੂਬਰ ਨੂੰ ਘੋੜੇ-ਘੋੜੀਆਂ ਦੀਆਂ ਅਤੇ ਬੈਲਗੱਡੀਆਂ ਸਾਂਝੀਆਂ ਦੌੜਾਂ, ਕਬੱਡੀ 62-72 ਕਿਲੋ ਦੇ ਮੁਕਾਬਲੇ, ਜਦਕਿ ਆਖਰੀ ਦਿਨ 24 ਅਕਤੂਬਰ ਕਬੱਡੀ ਇੱਕ ਪਿੰਡ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ। ਕਬੱਡੀ ਇਕ ਪਿੰਡ ਓਪਨ ਦੀ ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਅਤੇ ਉਪ ਜੇਤੂ ਟੀਮ 25 ਹਜ਼ਾਰ ਰੁਪਏ ਦਾ ਨਕਦ ਇਨਾਮ ਮਿਲੇਗਾ। 24 ਅਕਤੂਬਰ ਨੂੰ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ।

ਓ. ਐਨ. ਜੀ. ਸੀ. ਦਿੱਲੀ ਅਤੇ ਭਾਰਤੀ ਰੇਲਵੇ ਸੈਮੀਫਾਈਨਲ 'ਚ

ਜਲੰਧਰ, 21 ਅਕਤੂਬਰ - 27ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਚੱਲ ਰਿਹਾ ਹੈ। ਇਸ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਵਿਚ ਓ. ਐਨ. ਜੀ. ਸੀ. ਦਿੱਲੀ ਦਾ ਮੁਕਾਬਲਾ ਏਅਰ ਇੰਡੀਆ ਨਾਲ ਅਤੇ ਦੂਜੇ ਸੈਮੀਫਾਈਨਲ ਵਿਚ ਇੰਡੀਅਨ ਆਇਲ ਦਾ ਮੁਕਾਬਲਾ ਭਾਰਤੀ ਰੇਲਵੇ ਨਾਲ ਹੋਵੇਗਾ। ਇਸ ਟੂਰਨਾਮੈਂਟ ਦੇ 6ਵੇਂ ਦਿਨ ਦੇ ਪਹਿਲੇ ਮੈਚ ਵਿਚ ਓ. ਐਨ. ਜੀ. ਸੀ. ਦਿੱਲੀ ਨੇ ਭਾਰਤ ਪੈਟਰੋਲੀਅਮ ਮੁੰਬਈ ਨੂੰ 2-1 ਦੇ ਫਰਕ ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਦੂਜੇ ਮੈਚ ਵਿੱਚ ਭਾਰਤੀ ਰੇਲਵੇ ਨੇ ਇਕ ਪਾਸੜ ਮੈਚ ਵਿੱਚ ਜਾਵੇਦ ਹਾਕੀ ਕਲੱਬ ਗੋਜਰਾ (ਪਾਕਿਸਤਾਨ) ਨੂੰ 8-1 ਦੇ ਫਰਕ ਨਾਲ ਹਰਾਇਆ। ਭਾਰਤੀ ਰੇਲਵੇ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਅੰਕ 4-4 ਬਰਾਬਰ ਰਹੇ ਪਰ ਗੋਲ ਅੋਸਤ ਦੇ ਆਧਾਰ 'ਤੇ ਭਾਰਤੀ ਰੇਲਵੇ ਸੈਮੀਫਾਈਨਲ ਵਿੱਚ ਪਹੁੰਚੀ। ਇਸ ਟੂਰਨਾਮੈਂਟ ਦੇ ਦੋਵੇਂ ਸੈਮੀਫਾਈਨਲ ਮੈਚਾਂ ਦਾ ਸਿੱਧਾ ਪ੍ਰਸਾਰਣ ਸ਼ੁੱਕਰਵਾਰ ਸ਼ਾਮ 5:੪੫ ਤੋਂ ਪੀ. ਟੀ. ਸੀ. ਚੱਕ ਦੇ ਚੈਨਲ 'ਤੇ ਕੀਤਾ ਜਾਵੇਗਾ।

ਏਅਰ ਇੰਡੀਆ ਅਤੇ ਪੰਜਾਬ ਐਂਡ ਸਿੰਧ ਬੈਂਕ ਜੇਤੂ

ਜਲੰਧਰ, 20 ਅਕਤੂਬਰ - 27ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚੱਲ ਰਿਹਾ ਹੈ। ਇਸ ਟੂਰਨਾਮੈਂਟ ਦੇ ਪੰਜਵੇਂ ਦਿਨ ਏਅਰ ਇੰਡੀਆ ਮੁੰਬਈ ਨੇ ਆਰਮੀ ਇਲੈਵਨ ਨੂੰ 3-2 ਦੇ ਹਰਾ ਦਿੱਤਾ। ਦੂਜੇ ਮੈਚ ਵਿਚ ਪੰਜਾਬ ਐਂਡ ਸਿੰਧ ਬੈਂਕ ਨੇ ਜਾਵੇਦ ਹਾਕੀ ਕਲੱਬ ਗੋਜ਼ਰਾ (ਪਾਕਿਸਤਾਨ) ਨੂੰ 3-0 ਨਾਲ ਹਰਾਇਆ।

ਪੰਜਾਬ ਟੀਮ ਦੇ ਟਰਾਇਲ 24 ਨੂੰ

ਲੁਧਿਆਣਾ, 20 ਅਕਤੂਬਰ - ਔਰੰਗਾਬਾਦ ਮਹਾਰਾਸ਼ਟਰ 'ਚ 28 ਤੋਂ 31 ਅਕਤੂਬਰ ਤੱਕ 44ਵੀਂ ਸੀਨੀਅਰ ਰਾਸ਼ਟਰੀ ਇੰਡੀਅਨ ਸਟਾਇਲ ਕੁਸ਼ਤੀ ਚੈਂਪੀਅਨਸ਼ਿਪ ਅਤੇ ਹਿੰਦ ਕੇਸਰੀ ਖਿਤਾਬ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਲਈ ਪੰਜਾਬ ਦੀ ਟੀਮ ਦੇ ਚੋਣ ਟਰਾਇਲ 24 ਅਕਤੂਬਰ ਦਿਨ ਸ਼ਨੀਵਾਰ ਨੂੰ ਅਖਾੜਾ ਆਲਮਗੀਰ ਵਿਖੇ ਸਵੇਰੇ 10 ਵਜੇ ਲਏ ਜਾਣਗੇ। ਚੁਣੀ ਗਈ ਪੰਜਾਬ ਦੀ ਟੀਮ 26 ਅਕਤੂਬਰ ਨੂੰ ਮਹਾਂਰਾਸ਼ਟਰ ਲਈ ਰਵਾਨਾ ਹੋਵੇਗੀ।

36ਵੀਆਂ ਪੰਜਾਬ ਰਾਜ ਮਹਿਲਾ ਖੇਡਾਂ

ਪਟਿਆਲਾ, 19 ਅਕਤੂਬਰ - 36ਵੀਆਂ ਪੰਜਾਬ ਰਾਜ ਮਹਿਲਾ ਖੇਡਾਂ ਪਟਿਆਲਾ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ (ਪੋਲੋ ਗਰਾਊਂਡ) ਵਿਚ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਖੇਡਾਂ ਦਾ ਉਦਘਾਟਨ ਪੰਜਾਬ ਦੀ ਮੁੱਖ ਪਾਰਲੀਮਾਨੀ ਸਕੱਤਰ (ਸਿੱਖਿਆ) ਸ੍ਰੀਮਤੀ ਮਹਿੰਦਰ ਕੌਰ ਜੋਸ਼ ਨੇ ਕੀਤਾ। ਇਨ੍ਹਾਂ ਖੇਡਾਂ ਦੇ ਪਹਿਲੇ ਦਿਨ ਹੁਸ਼ਿਆਰਪੁਰ ਦੀ ਲਖਵੀਰ ਕੌਰ ਨੇ 800 ਮੀਟਰ ਦੌੜ 2:17.31 ਸਕਿੰਟਾਂ ਵਿਚ ਪੂਰੀ ਕਰਕੇ ਸੋਨੇ ਦਾ ਤਗਮਾ ਜਿੱਤਿਆ। ਲਖਵੀਰ ਕੌਰ ਪਿੰਡ ਰੂਪੋਵਾਲ ਰਮਦਾਸਪੁਰ ਦੀ ਵਸਨੀਕ ਹੈ ਅਤੇ ਪੰਜਾਬ ਪੁਲਿਸ ਦੀ ਮੁਲਾਜ਼ਮ ਹੈ। ਕੋਚ ਕੁਲਵੰਤ ਸਿੰਘ ਦੀ ਸ਼ਗਿਰਦ ਇਸ ਖਿਡਾਰਨ ਨੇ ਇਨ੍ਹਾਂ ਖੇਡਾਂ ਦਾ ਪਹਿਲਾ ਸੋਨ ਤਗਮਾ ਜਿੱਤਿਆ। ਹੁਸ਼ਿਆਰਪੁਰ ਦੀ ਹੀ ਇਕਬਾਲ ਕੌਰ ਨੇ ਇਹ ਦੌੜ 2:17.99 ਸਕਿੰਟ ਅਤੇ ਬਠਿੰਡਾ ਦੀ ਸੁਖਜੀਤ ਕੌਰ ਨੇ 2:18.36 ਸਕਿੰਟਾਂ ਵਿੱਚ ਪੂਰੀ ਕਰਕੇ ਕ੍ਰਮਵਾਰ ਚਾਂਦੀ ਅਤੇ ਕਾਂਸੇ ਦਾ ਤਗਮਾ ਜਿੱਤਿਆ। ਡਿਸਕਸ ਥਰੋਅ ਵਿਚ ਕਪੂਰਥਲਾ ਦੀ ਅਮਨਪ੍ਰੀਤ ਕੌਰ 45.5 ਮੀਟਰ ਡਿਸਕਸ ਸੁੱਟ ਕੇ ਸੋਨੇ ਦਾ ਤਗਮਾ ਜਿੱਤਿਆ। ਜਲੰਧਰ ਦੀ ਬਲਜੀਤ ਕੌਰ ਅਤੇ ਅੰਮ੍ਰਿਤਸਰ ਦੀ ਨਵਜੀਤ ਕੌਰ ਨੇ ਕ੍ਰਮਵਾਰ 44.8 ਅਤੇ 38.45 ਮੀਟਰੀ ਥਰੋਅ ਸੁੱਟ ਕੇ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤਿਆ। ਕਬੱਡੀ ਦੇ ਪ੍ਰੀ-ਕੁਆਰਟਰ ਫਾਈਨਲ ਮੈਚਾਂ ਵਿਚ ਜਲੰਧਰ ਨੇ ਮਾਨਸਾ ਨੂੰ 28, ਸੰਗਰੂਰ ਨੇ ਨਵਾਂਸਹਿਰ ਨੂੰ 17, ਕਪੂਰਥਲਾ ਨੇ ਪਟਿਆਲਾ ਨੂੰ 9, ਲੁਧਿਆਣਾ ਨੇ ਬਰਨਾਲਾ ਨੂੰ 16, ਫਿਰੋਜ਼ਪੁਰ ਨੇ ਮੋਗਾ ਨੂੰ 31, ਫਰੀਦਕੋਟ ਨੇ ਗੁਰਦਾਸਪੁਰ ਨੂੰ 18, ਬਠਿੰਡਾ ਨੇ ਮੁਹਾਲੀ ਨੂੰ 28 ਅਤੇ ਹੁਸ਼ਿਆਰਪੁਰ ਨੇ ਤਰਨਤਾਰਨ ਨੂੰ 41 ਅੰਕਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ।

ਸੈਮੀਫਾਈਨਲ 'ਚ ਪਹੁੰਚੀ ਇੰਡੀਅਨ ਆਇਲ ਮੁੰਬਈ

ਜਲੰਧਰ 19 ਅਕਤੂਬਰ - ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ 27ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਚੱਲ ਰਿਹਾ ਹੈ। ਇਸ ਟੂਰਨਾਮੈਂਟ ਵਿਚ ਇੰਡੀਅਨ ਆਇਲ ਮੁੰਬਈ ਨੇ ਬੀ ਐਸ ਐਫ ਜਲੰਧਰ ਨੂੰ 5-1 ਦੇ ਵੱਡੇ ਫਰਕ ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਦੂਜੇ ਮੈਚ ਵਿਚ ਏਅਰ ਇੰਡੀਆ ਨੇ ਏਅਰ ਏਸ਼ੀਆ ਮਲੇਸ਼ੀਆ ਨੂੰ 7-2 ਦੇ ਫਰਕ ਨਾਲ ਹਰਾਇਆ।

ਸ਼ਹੀਦ ਭਗਤ ਸਿੰਘ ਕਬੱਡੀ ਕੱਪ 2 ਤੋਂ

ਮੁਕੰਦਪੁਰ, 19 ਅਕਤੂਬਰ - ਸ਼ਹੀਦ ਭਗਤ ਸਿੰਘ ਕਬੱਡੀ ਕੱਪ ਟੂਰਨਾਮੈਂਟ 2 ਤੋਂ 4 ਦਸੰਬਰ ਤੱਕ ਸਰਹਾਲ ਮੰਡੀ (ਜਲੰਧਰ) 'ਚ ਕਰਵਾਇਆ ਜਾ ਰਿਹਾ ਹੈ। ਕਬੱਡੀ ਦੇ ਵੱਖ-ਵੱਖ ਭਾਰ ਵਰਗਾਂ ਤੋਂ ਬਿਨ੍ਹਾਂ ਕਲੱਬਾਂ ਦੇ ਆਲ ਓਪਨ ਮੈਚ ਵੀ ਕਰਵਾਏ ਜਾਣਗੇ। ਇਸ ਟੂਰਨਾਮੈਂਟ 'ਚ ਐਥਲੈਟਿਕਸ, ਹਲਟੀ ਦੌੜਾਂ ਅਤੇ ਕੁੱਤਿਆਂ ਦੀਆਂ ਦੌੜਾ ਵੀ ਕਰਵਾਈ ਜਾਣਗੀਆਂ।

ਪੰਜਾਬ ਫੁੱਟਬਾਲ ਲੀਗ ਦਾ ਫ਼ੈਸਲਾਕੁਨ ਮੈਚ 20 ਨੂੰ

ਪਟਿਆਲਾ, 19 ਅਕਤੂਬਰ - ਪਟਿਆਲਾ ਦੇ ਰਾਜਾ ਭਾਲਿੰਦਰ ਸਿੰਘ ਸਪੋਰਟਸ ਕੰਪਲੈਕਸ 'ਚ 20 ਅਕਤੂਬਰ ਨੂੰ 3 ਵਜੇ ਪੰਜਾਬ ਫੁੱਟਬਾਲ ਲੀਗ ਸੈਕਿੰਡ ਡਵੀਜ਼ਨ ਦਾ ਆਖਰੀ ਤੇ ਫ਼ੈਸਲਾਕੁੰਨ ਮੈਚ ਕਰਵਾਇਆ ਜਾ ਰਿਹਾ ਹੈ। ਇਹ ਮੈਚ ਦਲਬੀਰ ਫੁੱਟਬਾਲ ਅਕੈਡਮੀ ਤੇ ਫੁੱਟਬਾਲ ਕਲੱਬ ਬੰਗਾ ਵਿਚਕਾਰ ਕਰਵਾਇਆ ਜਾਵੇਗਾ।

27ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ

ਜਲੰਧਰ, 18 ਅਕਤੂਬਰ - ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ 27ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਚੱਲ ਰਿਹਾ ਹੈ। ਇਸ ਵਿਚ ਓ.ਐਨ.ਜੀ.ਸੀ. ਦਿੱਲੀ ਨੇ ਪੰਜਾਬ ਪੁਲੀਸ ਨੂੰ 5-3 ਨਾਲ ਹਰਾ ਦਿੱਤਾ ਅਤੇ 3 ਅੰਕ ਪ੍ਰਾਪਤ ਕੀਤੇ ਜਿਸ ਕਰਕੇ ਪੰਜਾਬ ਪੁਲੀਸ ਨੂੰ ਸੈਮੀਫਾਈਨਲ 'ਚੋਂ ਬਾਹਰ ਹੋਣਾ ਪਿਆ। ਇਸ ਟੂਰਨਾਮੈਂਟ ਦੇ ਤੀਸਰੇ ਦਿਨ ਕੁਆਰਟਰ ਫਾਈਨਲ ਲੀਗ ਦੌਰ ਦੇ 2 ਮੈਚ ਖੇਡੇ ਗਏ। ਦੂਸਰੇ ਮੈਚ ਵਿਚ ਇੰਡੀਅਨ ਆਇਲ ਨੇ ਨਾਮਧਾਰੀ ਇਲੈਵਨ ਨੂੰ 5-2 ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ ਅਤੇ ਨਾਮਧਾਰੀ ਇਲੈਵਨ ਨੂੰ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਕਰ ਦਿੱਤਾ। ਟੂਰਨਾਮੈਂਟ ਦੇ ਦੂਜੇ ਦਿਨ ਭਾਰਤ ਪੈਟਰੋਲੀਅਮ ਨੇ ਪੰਜਾਬ ਪੁਲਿਸ ਨੂੰ 3-2 ਨਾਲ ਅਤੇ ਆਰਮੀ ਇਲੈਵਨ ਨੇ ਏਅਰ ਏਸ਼ੀਆ ਮਲੇਸ਼ੀਆ ਨੂੰ 2-1 ਨਾਲ ਹਰਾਇਆ। ਦੂਜੇ ਮੈਚ ਵਿਚ ਆਰਮੀ ਇਲੈਵਨ ਦਿੱਲੀ ਅਤੇ ਏਅਰ ਏਸ਼ੀਆ ਮਲੇਸ਼ੀਆ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।

16ਵੀਆਂ ਏਸ਼ੀਆਈ ਖੇਡਾਂ 12 ਨਵੰਬਰ ਤੋਂ

ਗੁਆਂਗਝੋਊ (ਚੀਨ), 18 ਅਕਤੂਬਰ -16ਵੀਆਂ ਏਸ਼ੀਆਈ ਖੇਡਾਂ 12 ਨਵੰਬਰ ਨੂੰ ਚੀਨ ਦੇ ਸ਼ਹਿਰ ਗੁਆਂਗਝੋਊ 'ਚ ਸ਼ੁਰੂ ਹੋ ਰਹੀਆਂ ਹਨ। ਇਨ੍ਹਾਂ ਖੇਡਾਂ ਦੌਰਾਨ ਕੁਲ 3989 ਤਗਮੇ ਦਿੱਤੇ ਜਾਣੇਗ। 27 ਨਵੰਬਰ ਤੱਕ ਚੱਲਣ ਵਾਲੀਆਂ ਏਸ਼ੀਆਈ ਖੇਡਾਂ ਦੌਰਾਨ 42 ਥਾਵਾਂ 'ਤੇ ਕੁਲ 476 ਜੇਤੂ ਸਮਾਰੋਹ ਕਰਵਾਏ ਜਾਣੇ ਹਨ ਅਤੇ ਇਨ੍ਹਾਂ ਦੌਰਾਨ ਹੀ ਇਨ੍ਹਾਂ ਤਗਮਿਆਂ ਦੀ ਲੋੜ ਹੋਵੇਗੀ। ਕੁਝ ਇਕ ਮੁਕਾਬਲਿਆਂ ਵਿਚ ਟਾਈ ਦੀ ਸਥਿਤੀ ਨੂੰ ਦੇਖਦਿਆਂ ਪ੍ਰਬੰਧਕਾਂ ਨੇ ਕੁਲ ਤਗਮਿਆਂ ਦੇ 10 ਫੀਸਦੀ ਵਾਧੂ ਤਗਮੇ ਤਿਆਰ ਕੀਤੇ ਹਨ। ਇਨ੍ਹਾਂ ਤਗਮਿਆਂ ਨੂੰ ਫਿਲਹਾਲ ਇਕ ਸਰਕਾਰੀ ਲਾਕਰ ਵਿਚ ਰੱਖਿਆ ਗਿਆ ਹੈ

ਇੰਡੋ-ਨਿਪਾਲ ਕਰਾਟੇ ਚੈਂਪੀਅਨਸ਼ਿਪ 'ਚ ਪੰਜਾਬੀਆਂ ਨੇ 13 ਤਗਮੇ ਫੁੰਡੇ

ਬਠਿੰਡਾ, 18 ਅਕਤੂਬਰ - ਇੰਡੋ ਨਿਪਾਲ ਕਰਾਟੇ ਚੈਂਪੀਅਨਸ਼ਿਪ ਰਾਂਚੀ (ਝਾਰਖੰਡ) ਦੇ ਗਣਪਤ ਰਾਏ ਇਨਡੋਰ ਸਟੇਡੀਅਮ ਖੇਡ ਪਿੰਡ ਵਿਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ 13 ਤਗਮੇ ਪੰਜਾਬ ਖਿਡਾਰੀਆਂ ਨੇ ਜਿੱਤੇ। ਚੈਂਪੀਅਨਸ਼ਿਪ ਵਿਚ ਭਾਰਤ-ਨਿਪਾਲ ਦੇ ਤਕਰੀਬਨ 245 ਖਿਡਾਰੀਆਂ ਨੇ ਭਾਗ ਲਿਆ, ਜਿਨ੍ਹਾਂ ਵਿਚ ਪੰਜਾਬ ਦੀ ਤਰਫ਼ੋਂ ਜੂਨੀਅਰ, ਸਬ ਜੂਨੀਅਰ ਤੇ ਸੀਨੀਅਰ ਵਰਗ ਦੇ 23 ਖਿਡਾਰੀ ਚੈਂਪੀਅਨਸ਼ਿਪ ਵਿਚ ਸ਼ਾਮਿਲ ਹੋਏ ਜਿਨ੍ਹਾਂ ਵਿਚੋਂ 7 ਖਿਡਾਰੀਆਂ ਨੇ ਸੋਨੇ, 4 ਨੇ ਚਾਂਦੀ ਅਤੇ 2 ਨੇ ਕਾਂਸੀ ਦੇ ਤਗਮੇ ਫੁੰਡੇ। ਪੰਜਾਬ ਲਈ ਜੂਨੀਅਰ ਵਰਗ ਦੇ 55-60 ਕਿਲੋ ਭਾਰ ਵਰਗ ਵਿਚ ਸੋਨੇ ਦਾ ਤਗਮਾ ਜਿੱਤਣ ਵਾਲੇ ਬਠਿੰਡਾ ਦੇ ਪਰਮਿੰਦਰ ਸਿੰਘ, ਸੀਨੀਅਰ ਵਰਗ ਵਿਚ ਜਸਵਿੰਦਰ ਸਿੰਘ ਤੇ ਕਰਨ ਸਿੰਘ ਸਮੇਤ ਸਾਰੇ ਤਗਮਾ ਜੇਤੂ 13 ਖਿਡਾਰੀਆਂ ਦੀ ਚੋਣ ਭਾਰਤੀ ਟੀਮ ਦੇ ਕੈਂਪ ਲਈ ਕੀਤੀ ਗਈ ਹੈ ਜਿਨ੍ਹਾਂ ਵਿਚੋਂ ਕੁਝ ਖਿਡਾਰੀਆਂ ਦੀ ਚੋਣ ਦਸੰਬਰ ਦੇ ਪਹਿਲੇ ਹਫ਼ਤੇ ਦਸਰਥ ਸਟੇਡੀਅਮ (ਨਿਪਾਲ) ਵਿਖੇ ਹੋਣ ਵਾਲੀ ਸਾਊਥ ਏਸ਼ੀਆ ਕਰਾਟੇ ਚੈਂਪੀਅਨਸ਼ਿਪ ਲਈ ਕੀਤੀ ਜਾਵੇਗੀ। ਹਰਿਆਣਾ ਦੇ ਛੋਰਿਆਂ ਨੇ 12 ਸੋਨ ਤਗਮਿਆਂ ਨਾਲ ਓਵਰ ਆਲ ਚੈਂਪੀਅਨਸ਼ਿਪ ਜਿੱਤੀ ਹੈ, ਜਦਕਿ ਲਹੌਰੀਆਂ (ਰਾਂਚੀ) ਦੀ ਟੀਮ ਦੂਸਰੇ ਸਥਾਨ 'ਤੇ ਰਹੀ ਹੈ। ਉੱਤਰ ਭਾਰਤ ਦੇ ਪੰਜਾਬ, ਹਰਿਆਣਾ ਤੇ ਰਾਜਸਥਾਨ ਰਾਜਾਂ ਦੀਆਂ ਟੀਮਾਂ ਨੇ ਚੈਪੀਅਨਸ਼ਿਪ ਨਾਰਥ ਇੰਡੀਆ ਕਰਾਟੇ ਐਸੋਸੀਏਸ਼ਨ ਦੇ ਮੁਖੀ ਅਬਦੁਲ ਮਾਜਿਦ ਜਾਖਲ ਦੀ ਅਗਵਾਈ ਵਿਚ ਭਾਗ ਲਿਆ।

7ਵਾਂ ਆਲ ਇੰਡੀਆ ਗੁਰੂ ਗੋਬਿੰਦ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ 30 ਤੋਂ

ਲੁਧਿਆਣਾ, 18 ਅਕਤੂਬਰ - 30 ਅਕਤੂਬਰ ਤੋਂ 5 ਨਵੰਬਰ ਤੱਕ ਪਦਮ ਸ੍ਰੀ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਲੁਧਿਆਣਾ ਵਿਖੇ 7ਵਾਂ ਆਲ ਇੰਡੀਆ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਸਰਵ ਭਾਰਤੀ ਹਾਕੀ ਟੂਰਨਾਮੈਂਟ ਵਿਚ ਮੁਲਕ ਦੀਆਂ ਮੁੰਡੇ ਅਤੇ ਕੁੜੀਆਂ ਦੀਆਂ ਸੀਨੀਅਰ ਵਰਗ ਦੀਆਂ 12 ਟੀਮਾਂ ਹਿੱਸਾ ਲੈਣਗੀਆਂ, ਇਨ੍ਹਾਂ ਵਿਚ ਮੁੰਡਿਆਂ ਦੇ ਵਰਗ ਵਿਚ ਸਾਬਕਾ ਚੈਂਪੀਅਨ ਇੰਡੀਅਨ ਆਇਲ ਦਿੱਲੀ, ਪੰਜਾਬ ਐਂਡ ਸਿੰਧ ਬੈਂਕ ਜਲੰਧਰ, ਆਰਮੀ ਇਲੈਵਨ ਦਿੱਲੀ, ਓ ਐਨ ਜੀ ਸੀ ਦੇਹਰਾਦੂਨ, ਪੰਜਾਬ ਨੈਸ਼ਨਲ ਬੈਂਕ ਦਿੱਲੀ, ਪੰਜਾਬ ਪੁਲਿਸ ਜਲੰਧਰ, ਬੀ ਐਸ ਐਫ ਜਲੰਧਰ, ਇੰਡੀਅਨ ਓਵਰਸੀਜ਼ ਬੈਂਕ, ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਕੁੜੀਆਂ ਦੇ ਵਰਗ ਵਿਚ ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਹਰਿਆਣਾ, ਸੈਂਟਰ ਰੇਲਵੇ ਦਿੱਲੀ, ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਚੰਡੀਗੜ ਇਲੈਵਨ ਦੀਆਂ ਟੀਮਾਂ ਹਿੱਸਾ ਲੈਣਗੀਆਂ, ਜਦਕਿ ਅੰਡਰ 17 ਸਾਲ ਜੂਨੀਅਰ ਵਰਗ ਵਿਚ ਮਾਲਵਾ ਅਕੈਡਮੀ ਲੁਧਿਆਣਾ, ਗਰੇਵਾਲ ਅਕੈਡਮੀ ਕਿਲ੍ਹਾ ਰਾਏਪੁਰ, ਜਰਖੜ ਅਕੈਡਮੀ, ਸੁਧਾਰ ਅਕੈਡਮੀ ਨੂੰ ਰੱਖਿਆ ਗਿਆ ਹੈ। ਸੀਨੀਅਰ ਵਰਗ ਦੀ ਚੈਂਪੀਅਨ ਟੀਮ ਨੂੰ 1 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ 71 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਅਤੇ ਗੁਰੂ ਗੋਬਿੰਦ ਸਿੰਘ ਟਰਾਫੀ ਨਾਲ ਨਵਾਜਿਆ ਜਾਵੇਗਾ। ਇਹ ਟੂਰਨਾਮੈਂਟ ਲੀਗ ਕਮ ਨਾਕਆਊਟ ਦੀ ਪ੍ਰਣਾਲੀ ਦੇ ਆਧਾਰ 'ਤੇ ਖੇਡਿਆ ਜਾਵੇਗਾ। ਐਸੋਸੀਏਸ਼ਨ ਵੱਲੋਂ ਪੰਜ ਉਭਰਦੇ ਅਜਿਹੇ ਖਿਡਾਰੀ ਚੁਣੇ ਜਾਣਗੇ ਅਤੇ ਉਨ੍ਹਾਂ ਨੂੰ ਸਲਾਨਾ ਸਕੋਲਰਸ਼ਿਪ ਦਿੱਤੀ ਜਾਵੇਗੀ ਤਾਂ ਜੋ ਲੁਧਿਆਣਾ ਜ਼ਿਲ੍ਹੇ ਵਿਚੋਂ ਉਲੰਪੀਅਨ ਪੱਧਰ ਦੇ ਖਿਡਾਰੀ ਪੈਦਾ ਹੋ ਸਕਣ।

ਜੱਸਾ ਯਾਦਗਾਰੀ ਕਬੱਡੀ ਕੱਪ 9 ਦਸੰਬਰ ਤੋਂ

ਕੁੱਪ ਕਲਾਂ, 18 ਅਕਤੂਬਰ - ਜੱਸਾ ਯਾਦਗਾਰੀ ਕਬੱਡੀ ਕੱਪ 9 ਤੋਂ 11 ਦਸੰਬਰ ਤੱਕ ਖੇਡ ਸਟੇਡੀਅਮ ਮੰਡੀਆਂ 'ਚ ਕਰਵਾਇਆ ਜਾ ਰਿਹਾ ਹੈ। ਕਬੱਡੀ ਕੱਪ ਦੀਆਂ ਜੇਤੂ ਟੀਮਾਂ ਨੂੰ ਲੱਖਾਂ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।

27ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਸ਼ੁਰੂ

ਜਲੰਧਰ, 15 ਅਕਤੂਬਰ - ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ 27ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਅੱਜ ਸ਼ਾਮ 6.00 ਵਜੇ ਪੰਜਾਬ ਦੇ ਮਾਲ ਮੰਤਰੀ ਜਥੇ: ਅਜੀਤ ਸਿੰਘ ਕੋਹਾੜ ਵੱਲੋਂ ਉਦਘਾਟਨ ਨਾਲ ਸ਼ੁਰੂ ਹੋਵੇਗਾ। 3 ਵਿਦੇਸ਼ੀ ਟੀਮਾਂ ਜਾਵੇਦ ਹਾਕੀ ਕਲੱਬ, ਗੋਜਰਾ (ਪਾਕਿਸਤਾਨ) ਉਲੰਪੀਅਨ ਆਸਿਫ਼ ਬਾਜਵਾ ਹਾਕੀ ਕਲੱਬ ਸਿਆਲਕੋਟ (ਪਾਕਿਸਤਾਨ) ਅਤੇ ਏਅਰ ਏਸ਼ੀਆ, ਮਲੇਸ਼ੀਆ ਦੀਆਂ ਟੀਮਾਂ ਟੂਰਨਾਮੈਂਟ ਦਾ ਮੁੱਖ ਆਕਰਸ਼ਨ ਹੋਣਗੀਆਂ। ਇਹ ਟੂਰਨਾਮੈਂਟ ਨਾਕ ਆਊਟ-ਕਮ-ਲੀਗ ਦੇ ਆਧਾਰ 'ਤੇ ਖੇਡਿਆ ਜਾਵੇਗਾ। ਦਰਸ਼ਕਾਂ ਲਈ ਕੱਢੇ ਜਾ ਰਹੇ ਲੱਕੀ ਕੂਪਨ ਡਰਾਅ ਵਿਚ ਨੈਨੋ ਕਾਰ ਰੱਖੀ ਗਈ ਹੈ, ਜਿਸ ਦਾ ਡਰਾਅ 23 ਅਕਤੂਬਰ ਨੂੰ ਫਾਈਨਲ ਮੈਚ ਤੋਂ ਬਾਅਦ ਕੱਢਿਆ ਜਾਵੇਗਾ। ਸਾਰੇ ਮੈਚ ਫਲੱਡ ਲਾਈਟਾਂ ਵਿਚ ਹੋਣਗੇ। ਟੀਮਾਂ ਨੂੰ ਚਾਰ ਪੂਲਾਂ ਵਿਚ ਵੰਡਿਆ ਜਾਵੇਗਾ। ਹਰ ਇਕ ਪੂਲ ਦੀ ਜੇਤੂ ਟੀਮ ਸੈਮੀਫਾਈਨਲ ਵਿਚ ਪ੍ਰਵੇਸ਼ ਕਰੇਗੀ। ਨਾਮਧਾਰੀ ਇਲੈਵਨ ਸਿਰਸਾ, ਪੰਜਾਬ ਪੁਲਿਸ, ਬੀ. ਐਸ. ਐਫ਼. ਅਤੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੂੰ ਨਾਕ ਆਊਟ ਦੌਰ ਵਿਚ ਰੱਖਿਆ ਜਾਵੇਗਾ। ਜਦਕਿ ਬਾਕੀ 10 ਟੀਮਾਂ ਨੂੰ ਸਿੱਧਾ ਕੁਆਟਰ ਫਾਈਨਲ ਲੀਗ ਵਿਚ ਪ੍ਰਵੇਸ਼ ਕੀਤਾ ਗਿਆ ਹੈ। ਉਦਘਾਟਨੀ ਮੈਚ 5.45 ਵਜੇ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਅਤੇ ਇੰਡੀਅਨ ਰੇਲਵੇ ਦਰਮਿਆਨ ਖੇਡਿਆ ਜਾਵੇਗਾ ਜਦ ਕਿ ਇਸ ਤੋਂ ਪਹਿਲਾਂ ਸਵੇਰੇ 11 ਵਜੇ ਪੰਜਾਬ ਪੁਲਿਸ ਬਨਾਮ ਪੰਜਾਬ ਨੈਸ਼ਨਲ ਬੈਂਕ ਅਤੇ ਬਾਅਦ ਦੁਪਹਿਰ 4 ਵਜੇ ਬੀ. ਐਸ. ਐਫ. ਬਨਾਮ ਨਾਮਧਾਰੀ ਇਲੈਵਨ ਮੈਚ ਖੇਡੇ ਜਾਣਗੇ। ਟੂਰਨਾਮੈਂਟ ਦੀ ਜੇਤੂ ਟੀਮ ਨੂੰ 2 ਲੱਖ 50 ਹਜ਼ਾਰ ਰੁਪਏ ਦਾ ਇਨਾਮ ਗੋਲਡਸ ਜਿਮ ਵੱਲੋਂ ਅਤੇ ਉਪ-ਜੇਤੂ ਟੀਮ ਨੂੰ 1 ਲੱਖ 50 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਸੁਰਜੀਤ ਅਕੈਡਮੀ ਜਲੰਧਰ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਜੇਤੂ

ਅੰਮ੍ਰਿਤਸਰ, 15 ਅਕਤੂਬਰ - 8ਵਾਂ ਓ.ਐਨ.ਜੀ.ਸੀ.ਆਲ ਇੰਡੀਆ ਮਹਾਰਾਜਾ ਰਣਜੀਤ ਸਿੰਘ ਜੂਨੀਅਰ ਗੋਲਡ ਹਾਕੀ ਕੱਪ ਚੱਲ ਰਿਹਾ ਹੈ। ਇਸ ਟੂਰਨਾਮੈਂਟ ਦੇ ਫਾਈਨਲ ਵਿਚ ਸੁਰਜੀਤ ਅਕੈਡਮੀ ਜਲੰਧਰ ਨੇ 2-1 ਨਾਲ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਅੰਮ੍ਰਿਤਸਰ ਨੂੰ ਹਰਾ ਦਿੱਤਾ। ਜੇਤੂ ਰਹੀ ਸੁਰਜੀਤ ਅਕੈਡਮੀ ਜਲੰਧਰ ਨੂੰ 41 ਹਜ਼ਾਰ ਰੁਪਏ, ਕੋਚ ਨੂੰ 6 ਹਜ਼ਾਰ ਰੁਪਏ ਅਤੇ ਉਪ ਜੇਤੂ ਰਹੀ ਟੀਮ ਨੂੰ 21 ਹਜ਼ਾਰ, ਕੋਚ ਨੂੰ 3 ਹਜ਼ਾਰ ਨਕਦ ਇਨਾਮ ਦਿੱਤੇ ਗਏ। ਮੈਨ ਆਫ਼ ਦਾ ਟੂਰਨਾਮੈਂਟ ਰਮਨਦੀਪ ਸਿੰਘ (ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਅੰਮ੍ਰਿਤਸਰ) ਨੂੰ ਪਲਾਟੀਨਾ ਮੋਟਰ ਸਾਈਕਲ ਦਿੱਤਾ ਗਿਆ। ਲੜਕੀਆਂ ਦੇ ਫਾਈਨਲ ਵਿਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ 2-0 ਨਾਲ ਤਰਨ ਤਾਰਨ ਨੂੰ ਹਰਾਇਆ। ਜੇਤੂ ਰਹੀ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 15 ਹਜ਼ਾਰ ਰੁਪਏ, ਕੋਚ ਨੂੰ 3 ਹਜ਼ਾਰ ਰੁਪਏ ਅਤੇ ਉਪ ਜੇਤੂ ਟੀਮ ਤਰਨ ਤਾਰਨ ਨੂੰ 10 ਹਜ਼ਾਰ ਰੁਪਏ, ਕੋਚ ਨੂੰ 2 ਹਜ਼ਾਰ ਰੁਪਏ ਨਕਦ ਇਨਾਮ ਦਿੱਤੇ ਗਏ।

ਰਾਸ਼ਟਰਮੰਡਲ ਖੇਡਾਂ ਸਮਾਪਤ

ਨਵੀਂ ਦਿੱਲੀ, 14 ਅਕਤੂਬਰ - 19ਵੀਆਂ ਰਾਸ਼ਟਰ ਮੰਡਲ ਖੇਡਾਂ ਜੋ ਕਿ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ 3 ਤੋਂ 14 ਅਕਤੂਬਰ ਤੱਕ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ 71 ਦੇਸ਼ਾਂ ਦੇ ਖਿਡਾਰੀ ਸ਼ਾਮਿਲ ਹੋਏ। ਮੇਜ਼ਵਾਨ ਦੇਸ਼ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਮੁੱਖ ਮਹਿਮਾਨ ਵਜੋਂ ਅਤੇ ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅੰਨਸਾਰੀ ਸਮਾਗਮ ਦੀ ਪ੍ਰਧਾਨਗੀ ਕਰਨ ਲਈ ਪੁੱਜੇ। ਸਮਾਪਤੀ ਸਮਾਰੋਹ ਰਾਸ਼ਟਰੀ ਗੀਤ 'ਜਨ ਗਨ ਮਨ' ਨਾਲ ਸ਼ੁਰੂ ਹੋਇਆ। ਇਸ ਉਪਰੰਤ ਆਤਿਸ਼ਬਾਜ਼ੀ ਦੀ ਗੂੰਜ 'ਚ 'ਅਗਨੀ' ਬੈਨਰ ਹੇਠ ਭਾਰਤ ਦੇ ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਨੇ ਆਪੋ-ਆਪਣੇ ਰਵਾਇਤੀ ਮਾਰਸ਼ਲ ਆਰਟਸ ਦੀ ਸਗੀਤਕ ਧੁਨਾਂ 'ਤੇ ਰੰਗ-ਬਿਰੰਗੀਆਂ ਰੌਸ਼ਨੀਆਂ 'ਚ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ। ਫਿਰ ਭਾਰਤੀ ਸੈਨਾਵਾਂ ਦੇ ਮਾਰਸ਼ਲ ਬੈਂਡ ਦੇ ਸੰਗੀਤ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ ਨੂੰ ਗੂੰਜਣ ਲਗਾ ਦਿੱਤਾ। ਫਿਰ ਸਜੇ ਹੋਏ ਆਟੋ ਰਿਕਸ਼ਾ 'ਚ ਚੜ੍ਹ ਕੇ ਵਿਦਾਇਗੀ ਲੈਣ ਦੇ ਅੰਦਾਜ਼ 'ਚ ਰਾਸ਼ਟਰ ਮੰਡਲ ਖੇਡਾਂ 2010 ਦਾ ਲੋਗੋ 'ਸ਼ੇਰਾ' ਸਵਾਰ ਹੋ ਕੇ ਆਇਆ, ਉਸ ਦੇ ਨਾਲ ਹੀ ਬਾਲੀਵੁੱਡ ਦੇ ਨਾਮਵਰ ਗਾਇਕ ਸ਼ਾਨ ਨੇ 'ਓਹ ਸ਼ੇਰਾ ਗੁੱਡ ਬਾਏ' ਗੀਤ ਰਾਹੀਂ ਸ਼ੇਰਾ ਨੂੰ ਵਿਦਾਇਗੀ ਦੇਣ ਦੇ ਅੰਦਾਜ਼ 'ਚ ਪੇਸ਼ ਕੀਤਾ। ਇਸ ਉਪਰੰਤ ਦਿੱਲੀ ਦੇ ਉਪ ਰਾਜਪਾਲ ਸ੍ਰੀ ਤੇਜਿੰਦਰ ਖੰਨਾ ਤੇ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਰਾਸ਼ਟਰ ਮੰਡਲ ਖੇਡਾਂ 2014 ਦੇ ਮੇਜਬਾਨ ਦੇਸ਼ ਸਕਾਟਲੈਂਡ ਦੇ ਗਲਾਸਗੋ ਸ਼ਹਿਰ ਦੇ ਪ੍ਰਬੰਧਕਾਂ ਨੂੰ ਖੇਡਾਂ ਦਾ ਝੰਡਾ ਤੇ ਬੈਟਨ ਸੌਂਪੀ। ਇਸ ਉਪਰੰਤ ਬਾਲੀਵੁੱਡ ਦੇ ਗਾਇਕ ਕੈਲਾਸ਼ ਖੇਰ, ਕਲਾਸੀਕਲ ਗਾਇਕਾ ਕਿਲ੍ਹਾ ਖਾਨ ਦੀਆਂ ਸੰਗੀਤਕ ਪੇਸ਼ਕਾਰੀਆਂ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਦੀਆਂ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ। ਲੇਜਰ ਸ਼ੋਆਂ ਤੇ ਆਤਿਸਬਾਜ਼ੀ ਨੇ ਸਮਾਗਮ ਨੂੰ ਸਿਖਰ 'ਤੇ ਪਹੁੰਚਾ ਦਿੱਤਾ।

38 ਸੋਨ ਤਗਮਿਆਂ ਨਾਲ ਭਾਰਤ ਦਾ ਦੂਜੇ ਦਰਜੇ 'ਤੇ ਕਬਜ਼ਾ

ਨਵੀਂ ਦਿੱਲੀ, 14 ਅਕਤੂਬਰ - 19ਵੀਆਂ ਰਾਸ਼ਟਰ ਮੰਡਲ ਖੇਡਾਂ ਜੋ ਕਿ ਦਿੱਲੀ 'ਚ 3 ਤੋਂ 14 ਅਕਤੂਬਰ ਤੱਕ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਭਾਰਤ ਨੇ 38 ਸੋਨ ਤਗਮੇ, 27 ਚਾਂਦੀ ਅਤੇ 36 ਕਾਂਸੀ ਦੇ ਤਗਮੇ ਜਿੱਤੇ। ਭਾਰਤੀ ਖਿਡਾਰੀਆਂ ਨੇ ਕੁੱਲ 101 ਤਗਮੇ ਜਿੱਤ ਕੇ ਤਗਮਾ ਸੂਚੀ 'ਚ ਦੂਜਾ ਦਰਜਾ ਆਪਣੇ ਦੇਸ਼ ਨੂੰ ਹਾਸਲ ਕਰਵਾਇਆ। ਹਾਲਾਂਕਿ ਕੁੱਲ ਤਗਮਿਆਂ ਦੇ ਮਾਮਲੇ 'ਚ ਇੰਗਲੈਂਡ ਭਾਰਤ ਤੋਂ ਅੱਗੇ ਰਿਹਾ ਪਰ ਖੇਡਾਂ ਦੇ ਆਖਰੀ ਦਿਨ ਭਾਰਤ ਨੇ ਦੋ ਸੋਨ ਤਗਮੇ ਜਿੱਤ ਕੇ ਖੇਡਾਂ ਦੇ ਇਤਿਹਾਸ 'ਚ ਹੁਣ ਤੱਕ ਦਾ ਸਰਬੋਤਮ ਪ੍ਰਦਰਸ਼ਨ ਕੀਤਾ ਹੈ। ਇੰਗਲੈਂਡ 37 ਸੋਨ, 59 ਚਾਂਦੀ ਅਤੇ 46 ਕਾਂਸੀ ਦੇ ਤਗਮਿਆਂ ਸਣੇ ਕੁੱਲ 142 ਤਗਮਿਆਂ ਨਾਲ ਤੀਸਰੇ ਸਥਾਨ 'ਤੇ ਰਿਹਾ। ਕੈਨੇਡਾ 26 ਸੋਨ ਤਗਮਿਆਂ ਦੇ ਨਾਲ ਚੌਥੇ ਅਤੇ ਦੱਖਣੀ ਅਫਰੀਕਾ 12 ਸੋਨ ਤਗਮਿਆਂ ਦੇ ਨਾਲ ਪੰਜਵੇ ਸਥਾਨ 'ਤੇ ਰਿਹਾ। ਆਸਟ੍ਰੇਲੀਆ 74 ਸੋਨ, 54 ਚਾਂਦੀ ਅਤੇ 48 ਕਾਂਸੀ ਦੇ ਤਗਮਿਆਂ ਸਣੇ ਕੁੱਲ 176 ਤਗਮਿਆਂ ਨਾਲ ਪਹਿਲੇ ਸਥਾਨ 'ਤੇ ਰਿਹਾ। ਰਾਸ਼ਟਰ ਮੰਡਲ ਖੇਡਾਂ ਦੇ ਆਖਰੀ ਦਿਨ ਬੈਡਮਿੰਟਨ ਦੇ ਮਹਿਲਾ ਸਿੰਗਲਜ਼ ਦੇ ਫਾਈਨਲ ਮੁਕਾਬਲੇ 'ਚ ਸਾਇਨਾ ਨੇਹਵਾਲ ਨੇ ਸੋਨ ਤਗਮਾ ਜਿੱਤਿਆ ਉਥੇ ਡਬਲਜ਼ ਮੁਕਾਬਲੇ 'ਚ ਜਵਾਲਾ ਗੁਟਾ ਅਤੇ ਅਸ਼ਵਨੀ ਦੀ ਜੋੜੀ ਨੇ ਵੀ ਸੋਨ ਤਗਮਾ ਜਿੱਤਿਆ। ਉਥੇ ਹਾਕੀ ਦੇ ਫਾਈਨਲ 'ਚ ਆਸਟ੍ਰੇਲੀਆ ਕੋਲੋਂ ਹਾਰ ਦੇ ਬਾਵਜੂਦ ਭਾਰਤ ਨੂੰ ਚਾਂਦੀ ਦਾ ਤਗਮਾ ਮਿਲਿਆ। ਇਸ ਦੇ ਬਾਅਦ ਟੇਬਲ ਟੈਨਿਸ ਦੇ ਮਹਿਲਾ ਡਬਲਜ਼ 'ਚ ਪਾਲਾਮੀ ਘਟਕ ਅਤ ਮੌਮਾ ਦਾਸ ਨੇ ਅਤੇ ਪੁਰਸ਼ਾਂ ਦੇ ਸਿੰਗਲਜ਼ ਮੁਕਾਬਲੇ 'ਚ ਸ਼ਰਦ ਕਮਲ ਨੇ ਭਾਰਤ ਨੂੰ ਕਾਂਸੀ ਦਾ ਤਗਮਾ ਦਿਵਾਇਆ। ਰਾਸ਼ਟਰ ਮੰਡਲ ਖੇਡਾਂ ਦਾ ਸਿਰਮੌਰ ਆਸਟ੍ਰੇਲੀਆ ਦਿੱਲੀ ਰਾਸ਼ਟਰ ਮੰਡਲ ਖੇਡਾਂ 'ਚ ਵੀ ਸਰਬੋਤਮ ਰਿਹਾ। ਐਥਲੈਟਿਕਸ ਦੇ ਆਖਰੀ ਈਵੈਂਟਸ ਮੈਰਾਥਨ ਦੌੜ ਦੇ ਪੁਰਸ਼ ਤੇ ਮਹਿਲਾ ਵਰਗਾਂ 'ਚ ਕੀਨੀਆ ਦੇ ਐਥਲੀਟਾਂ ਨੇ ਸੋਨ ਤਗਮਾ ਜਿੱਤਿਆ। ਪੁਰਸ਼ ਵਰਗ 'ਚ ਕੀਨੀਆ ਦੇ ਜੌਹਨ ੲਰਿਕੂ ਕੇਲਾਈ ਨੇ 42.195 ਕਿਲੋਮੀਟਰ ਦੀ ਦੂਰੀ 2 ਘੰਟੇ 14 ਮਿੰਟ 35 ਸਕਿੰਟ 'ਚ ਪੂਰੀ ਕਰਕੇ ਸੋਨ, ਆਸਟ੍ਰੇਲੀਆ ਦੇ ਮਾਈਕਲ ਸੈਲੀ ਨੇ ਚਾਂਦੀ ਅਤੇ ਕੀਨੀਆ ਦੇ ਏਅਸ ਟ੍ਰਿਪ ਮਤੂਈ ਨੇ ਕਾਂਸੀ ਦਾ ਤਗਮਾ ਜਿੱਤਿਆ। ਭਾਰਤੀ ਦੌੜਾਕ ਰਾਮ ਸਿੰਘ ਯਾਦਵ ਅੱਠਵੇਂ ਅਤੇ ਬਿਉਮ ਲਿੰਗਖੋਈ 9ਵੇਂ ਸਥਾਨ 'ਤੇ ਰਿਹਾ। ਮਹਿਲਾ ਵਰਗ 'ਚ ਕੀਨੀਆ ਦੀ ਇਰੇਨੀ ਕੌਸਗੀ ਨੇ 2 ਘੰਟੇ, 34 ਮਿੰਟ ਤੇ 32 ਸਕਿੰਟ 'ਚ ਦੌੜ ਜਿੱਤ ਕੇ ਸੋਨ, ਕੀਨੀਆ ਦੀ ਆਈ ਮੁਗਾਕੇ ਨੇ ਚਾਂਦੀ ਤੇ ਆਸਟ੍ਰੇਲੀਆ ਦੀ ਲੀਜ ਬੈਟਮੈਨ ਨੇ ਕਾਂਸੀ ਦਾ ਤਗਮਾ ਚੁੰਮਿਆ। ਵਿਸ਼ਵ ਦੀ ਨੰਬਰ ਇਕ ਆਸਟ੍ਰੇਲੀਆ ਦੀ ਟੀਮ ਨੇ ਭਾਰਤ ਨੂੰ ਇਕਪਾਸੜ ਫਾਈਨਲ ਮੁਕਾਬਲੇ 'ਚ 8-0 ਗੋਲਾਂ ਦੇ ਵੰਡੇ ਅੰਤਰ ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਰਾਸ਼ਟਰ ਮੰਡਲ ਖੇਡਾਂ 'ਚ ਹਾਕੀ ਦਾ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਪੁਰਾਣੇ ਰਿਕਾਰਡ ਮੁਤਾਬਕ ਭਾਰਤੀ ਟੀਮ ਦੀ ਇਹ ਵੱਡੀ ਪ੍ਰਾਪਤੀ ਹੈ। ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਹਰਾ ਕੇ ਕਾਂਸੀ ਦਾ ਤਗਮਾ ਚੁੰਮਿਆ।

ਭਾਰਤ ਨੇ ਹੁਣ ਤੱਕ ਜਿੱਤੇ 36 ਸੋਨ ਤਗਮੇ

ਨਵੀਂ ਦਿੱਲੀ, 13 ਅਕਤੂਬਰ - ਨਵੀਂ ਦਿੱਲੀ 'ਚ ਰਾਸ਼ਟਰ ਮੰਡਲ ਖੇਡਾਂ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਭਾਰਤੀ ਮੁੱਕੇਬਾਜ਼ਾਂ ਅਤੇ ਟੇਬਲ ਟੈਨਿਸ ਖਿਡਾਰੀਆਂ ਨੇ ਹੋਰ ਚਾਰ ਸੋਨ ਤਗਮੇ ਜਿੱਤ ਕੇ ਤਗਮਿਆਂ ਦੀ ਗਿਣਤੀ 36 ਤੱਕ ਪਹੁੰਚਾ ਦਿੱਤੀ ਹੈ। ਭਾਰਤ ਲਈ ਸੁਰੰਜੈ ਕੁਮਾਰ ਅਤੇ ਮਨੋਜ ਕੁਮਾਰ ਤੇ ਪਰਮਜੀਤ ਸਮੋਤਾ ਨੇ ਮੁੱਕੇਬਾਜ਼ੀ ਵਿਚ ਸੋਨ ਤਗਮੇ ਜਿੱਤੇ, ਸੁਰੰਜੈ ਕੁਮਾਰ ਨੂੰ 52 ਕਿਲੋ ਵਰਗ ਵਿਚ ਕੀਨੀਆ ਦੇ ਮੁੱਕੇਬਾਜ਼ ਖਿਲਾਫ਼ ਵਾਕਓਵਰ ਮਿਲਿਆ। ਕੀਨੀਆ ਦਾ ਮੁੱਕੇਬਾਜ਼ ਮੁਕਾਬਲੇ ਲਈ ਹੀ ਨਹੀਂ ਆਇਆ ਜਿਸ ਕਾਰਨ ਸੁਰੰਜੈ ਨੂੰ ਜੇਤੂ ਐਲਾਨ ਦਿੱਤਾ ਗਿਆ। ਦੂਜੇ ਪਾਸੇ 64 ਕਿਲੋ ਵਰਗ ਵਿਚ ਮਨੋਜ ਕੁਮਾਰ ਨੇ ਇੰਗਲੈਂਡ ਦੇ ਬ੍ਰੈਂਡਲੀ ਸਾਂਡਰਸ ਨੂੰ 11-2 ਨਾਲ ਬੁਰੀ ਤਰ੍ਹਾਂ ਹਰਾ ਕੇ ਸੋਨ ਤਗਮੇ 'ਤੇ ਕਬਜ਼ਾ ਕੀਤਾ। ਸੁਪਰ ਹੈਵੀ ਵੇਟ ਵਰਗ ਵਿਚ ਭਾਰਤੀ ਮੁੱਕੇਬਾਜ਼ ਪਰਮਜੀਤ ਸਮੋਤਾ ਨੇ ਤ੍ਰਿਨੀਦਾਦ ਦੇ ਅਬਦੁਲ ਤਾਰਿਕ ਨੂੰ 5-1 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਟੇਬਲ ਟੈਨਿਸ ਖਿਡਾਰੀਆਂ ਸ਼ਰਤ ਕਮਲ ਤੇ ਸੁਭਾਜੀਤ ਦੀ ਜੋੜੀ ਨੇ ਇਤਿਹਾਸ ਰਚਦਿਆਂ ਪਹਿਲੀ ਵਾਰ ਭਾਰਤ ਦੀ ਝੋਲੀ ਸੋਨ ਤਗਮਾ ਪਾਇਆ। ਭਾਰਤ ਦੇ ਨੰਬਰ ਇਕ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਤੇ ਸੁਭਾਜੀਤ ਸਾਹਾ ਦੀ ਜੋੜੀ ਨੇ ਡਬਲਜ਼ ਮੁਕਾਬਲੇ ਵਿਚ ਸਿੰਗਾਪੁਰ ਦੀ ਜੋੜੀ ਨੂੰ 9-11, 12-10, 11-4, 5-11, 11-8 ਨਾਲ ਹਰਾ ਕੇ ਇਹ ਕਮਾਲ ਦਿਖਾਇਆ। ਨਿਸ਼ਾਨੇਬਾਜ਼ੀ ਵਿਚ ਪੰਜਾਬਣ ਮੁਟਿਆਰ ਹਿਨਾ ਸਿੱਧੂ ਨੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਸਮਰੇਸ਼ ਜੰਗ ਨੇ ਕਾਂਸੀ ਦੇ ਤਗਮੇ 'ਤੇ ਕਬਜ਼ਾ ਕੀਤਾ। ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ 10 ਮੀਟਰ ਏਅਰ ਪਿਸਟਲ ਵਰਗ ਵਿਚ ਮਲੇਸ਼ੀਆ ਦੀ ਬਿਬਿਆਂਗ ਚਿਨ ਅਤੇ ਹਿਨਾ ਸਿੱਧੂ ਵਿਚਾਲੇ ਗਹਿਗੱਚ ਮੁਕਾਬਲਾ ਹੋਇਆ। ਬਿਬਿਆਂਗ ਨੇ 481.9 ਅੰਕਾਂ ਨਾਲ ਸੋਨ ਅਤੇ ਹਿਨਾ ਨੇ 481.3 ਅੰਕਾਂ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ ਜਦਕਿ ਆਸਟ੍ਰੇਲੀਆ ਦੀ ਡਾਇਲਾ ਨੂੰ ਕਾਂਸੀ ਦਾ ਤਗਮਾ ਮਿਲਿਆ। ਉਧਰ ਮੈਲਬੌਰਨ ਰਾਸ਼ਟਰ ਮੰਡਲ ਖੇਡਾਂ ਦੇ ਸਰਬੋਤਮ ਖਿਡਾਰੀ ਸਮਰੇਸ਼ ਜੰਗ ਦਾ ਪ੍ਰਦਰਸ਼ਨ ਇਸ ਵਾਰ ਫਿੱਕਾ ਰਿਹਾ। ਸਮਰੇਸ਼ ਨੇ ਆਖਰੀ ਮੁਕਾਬਲੇ 25 ਮੀਟਰ ਸਟੈਂਡਰਡ ਪਿਸਟਲ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ।

16 ਸੋਨ ਤਗਮਿਆਂ ਲਈ ਭਿੜਨਗੇ ਖਿਡਾਰੀ

ਨਵੀਂ ਦਿੱਲੀ, 13 ਅਕਤੂਬਰ - 19ਵੀਆਂ ਰਾਸ਼ਟਰ ਮੰਡਲ ਖੇਡਾਂ ਜੋ ਕਿ ਦਿੱਲੀ ਦੇ ਜਵਾਹਰ ਲਾਲ ਨਹਿਰੂ ਖੇਡ ਸਟੇਡੀਅਮ ਵਿਚ 3 ਅਕਤੂਬਰ ਤੋਂ 14 ਅਕਤੂਬਰ ਤੱਕ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦੇ ਅਖੀਰਲੇ ਦਿਨ ਨਾਮਵਰ ਖਿਡਾਰੀ 16 ਸੋਨ ਤਗਮਿਆਂ ਲਈ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਸ੍ਰੀਫੋਰਟ ਸਪੋਰਟਸ ਕੰਪਲੈਕਸ ਵਿਖੇ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ 'ਚ ਸਵੇਰੇ 6.30 ਵਜੇ ਹੀ ਮੈਚ ਸ਼ੁਰੂ ਹੋ ਜਾਣਗੇ, ਜਿਨ੍ਹਾਂ ਵਿਚ ਸਾਇਨਾ ਨੇਹਵਾਲ ਵਿਅਕਤੀਗਤ, ਜਵਾਲਾ ਗੱਟੂ ਤੇ ਅਸ਼ਵਨੀ ਪਨੱਪਾ ਦੀ ਜੋੜੀ ਮਹਿਲਾ ਡਬਲਜ਼ 'ਚ ਸੋਨ ਤਗਮੇ ਜਿੱਤਣ ਲਈ ਭਾਰਤੀ ਦਾਅਵੇਦਾਰੀ ਪੇਸ਼ ਕਰਨਗੀਆਂ। ਲੈਅਬੱਧ ਜਿਮਨਾਸਟਿਕ 'ਚ ਭਲਕੇ 4 ਤਗਮੇ ਦਾਅ 'ਤੇ ਲੱਗੇ ਹੋਏ ਹਨ, ਜਿਨ੍ਹਾਂ 'ਚ ਭਾਰਤੀ ਚੁਣੌਤੀ ਨਾ ਦੇ ਬਰਾਬਰ ਹੀ ਹੈ। ਟੇਬਲ ਟੈਨਿਸ ਦੇ ਤਿੰਨ ਸੋਨ ਤਗਮਿਆਂ 'ਚੋਂ ਭਾਰਤੀ ਖਿਡਾਰੀ ਦੋ ਤੇ ਆਪਣੀ ਦਾਅਵੇਦਾਰੀ ਪੇਸ਼ ਕਰ ਸਕਦੇ ਹਨ। ਪੁਰਸ਼ ਹਾਕੀ 'ਚ 1 ਸੋਨ ਤਗਮੇ ਲਈ ਭਾਰਤੀ ਗੱਭਰੂ ਆਸਟਰੇਲੀਆ ਨਾਲ ਲੋਹਾ ਲੈਣਗੇ। 14 ਅਕਤੂਬਰ ਨੂੰ ਸਭ ਤੋਂ ਪਹਿਲਾਂ ਸਵੇਰੇ 6.30 ਵਜੇ ਮੈਰਾਥਨ ਦੌੜ, ਸ੍ਰੀ ਫੋਰਟ ਸਟੇਡੀਅਮ 'ਚ 10 ਵਜੇ ਬੈਡਮਿੰਟਨ ਮੁਕਾਬਲੇ, 9.30 ਵਜੇ ਯੁਆਨਾ ਸਪੋਰਟਸ ਕੰਪਲੈਕਸ 'ਚ ਟੇਬਲ ਟੈਨਿਸ ਮੁਕਾਬਲੇ, 11.30 ਵਜੇ ਤਿਆਸਰਾਜ ਸਪੋਰਟਸ ਕੰਪਲੈਕਸ 'ਚ ਨੈਟਬਾਲ, ਸਵੇਰੇ 9 ਵਜੇ ਤੋਂ 2 ਵਜੇ ਤੱਕ ਹਾਕੀ ਮੁਕਾਬਲੇ ਮੇਜਰ ਧਿਆਨ ਚੰਦ ਸਟੇਡੀਅਮ 'ਚ ਅਤੇ ਸਵੇਰੇ 11 ਵਜੇ ਇੰਦਰਾ ਗਾਂਧੀ ਸਪੋਰਟਸ ਕੰਪਲੈਕਸ 'ਚ ਜਿਮਨਾਸਟਿਕ ਮੁਕਾਬਲੇ ਹੋਣਗੇ।

ਭਾਰਤ ਅਤੇ ਆਸਟਰੇਲੀਆ ਵਿਚਾਲੇ ਮੁਕਾਬਲਾ

ਨਵੀਂ ਦਿੱਲੀ, 13 ਅਕਤੂਬਰ - ਰਾਸ਼ਟਰ ਮੰਡਲ ਖੇਡਾਂ ਦੇ ਆਖਰੀ ਦਿਨ ਮਰਦਾਂ ਦੇ ਹਾਕੀ ਵਰਗ ਵਿਚ ਸੋਨ ਤਗਮਾ ਹਾਸਲ ਕਰਨ ਲਈ ਮੇਜਬਾਨ ਭਾਰਤ ਅਤੇ ਆਸਟਰੇਲੀਆ ਵਿਚਕਾਰ ਘਮਸਾਨ ਦਾ ਯੁੱਧ 14 ਅਕਤੂਬਰ ਨੂੰ ਮੇਜਰ ਧਿਆਨਚੰਦ ਨੈਸ਼ਨਲ ਹਾਕੀ ਸਟੇਡੀਅਮ ਵਿਚ ਦੁਪਹਿਰ 11.30 ਵਜੇ ਖੇਡਿਆ ਜਾਵੇਗਾ ਜਦਕਿ ਕਾਂਸੀ ਤਗਮੇ ਲਈ ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਕਾਰ ਮੈਚ 9.30 ਵਜੇ ਖੇਡਿਆ ਜਾਵੇਗਾ। ਰਾਸ਼ਟਰ ਮੰਡਲ ਖੇਡਾਂ ਵਿਚ ਹਾਕੀ ਦਾ ਸਫਰ 1998 ਕੁਆਲਾਲੰਪੁਰ ਰਾਸ਼ਟਰ ਮੰਡਲ ਖੇਡਾਂ ਤੋਂ ਸ਼ੁਰੂ ਹੋਇਆ। ਆਸਟਰੇਲੀਆ ਨੇ ਲਗਾਤਾਰ ਤਿੰਨ ਵਾਰ ਸੋਨ ਤਗਮਾ ਜਿੱਤਿਆ ਜਦਕਿ ਭਾਰਤ ਨੇ ਪਹਿਲੀ ਵਾਰ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ। ਮਾਰਚ ਮਹੀਨੇ ਵਿਸ਼ਵ ਕੱਪ ਦੌਰਾਨ ਆਸਟਰੇਲੀਆ ਨੇ ਭਾਰਤ ਨੂੰ 5-2 ਨਾਲ ਮਾਤ ਦਿੱਤੀ ਫੇਰ ਅਜਲਨ ਸ਼ਾਹ ਕੱਪ ਵਿਚ ਭਾਰਤ ਨੇ ਆਸਟਰੇਲੀਆ ਨੂੰ 4-3 ਨਾਲ ਹਰਾਇਆ ਜਦਕਿ ਰਾਸ਼ਟਰਮੰਡਲ ਖੇਡਾਂ ਦੇ ਲੀਗ ਮੈਚ ਦੌਰਾਨ ਆਸਟਰੇਲੀਆ ਫੇਰ ਭਾਰਤ ਤੋਂ 5-2 ਨਾਲ ਜੇਤੂ ਰਿਹਾ। ਭਾਰਤੀ ਹਾਕੀ ਟੀਮ ਨੇ ਪਿਛਲੇ ਦੋ ਮੈਚਾਂ ਪਾਕਿਸਤਾਨ ਅਤੇ ਇੰਗਲੈਂਡ ਵਿਰੁੱਧ ਬਹੁਤ ਹੀ ਵਧੀਆ ਹਾਕੀ ਦਾ ਮੁਜਾਹਰਾ ਕੀਤਾ ਹੈ। ਪਰ ਜੇਕਰ ਭਾਰਤ ਨੇ ਮੋਰਚਾ ਫਤਹਿ ਕਰਨਾ ਹੈ ਤਾਂ ਪਹਿਲਾਂ ਪਹਿਲੇ 15 ਮਿੰਟ ਆਸਟਰੇਲੀਆ ਨੂੰ ਇਕ ਨੀਤੀ ਤਹਿਤ ਰੋਕਣਾ ਹੋਵੇਗਾ। ਹਾਕੀ ਮੁਕਾਬਲੇ ਦਾ ਹੌਸਲਾ ਵਧਾਉਣ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਉਨ੍ਹਾਂ ਦਾ ਬੇਟਾ ਰਾਹੁਲ ਗਾਂਧੀ ਭਾਰਤ ਤੇ ਪਾਕਿਸਤਾਨ ਵਿਚਾਲੇ ਹਾਕੀ ਮੈਚ ਵੇਖਣ ਪੁੱਜੇ ਸਨ।

8 ਮਿੰਟ ਦੇ ਲੇਜ਼ਰ ਸ਼ੋਅ 'ਤੇ ਖਰਚੇ ਜਾਣਗੇ 1.5 ਕਰੋੜ

ਨਵੀਂ ਦਿੱਲੀ, 13 ਅਕਤੂਬਰ - ਰਾਸ਼ਟਰ ਮੰਡਲ ਖੇਡਾਂ ਦੇ ਸਮਾਪਤੀ ਸਮਾਰੋਹ ਮੌਕੇ ਜਰਮਨ ਦੀ ਨਾਮਵਰ ਕੰਪਨੀ ਵਿਜਕਰਾਫਟ ਇੰਟਰਨੈਸ਼ਨਲ ਵੱਲੋਂ ਜੋ 8 ਮਿੰਟ ਦਾ ਚਕਾਚੌਂਧ ਭਰਿਆ ਲੇਜ਼ਰ ਸ਼ੋਅ ਪੇਸ਼ ਕੀਤਾ ਜਾ ਰਿਹਾ ਹੈ, ਉਸ 'ਤੇ 1.5 ਕਰੋੜ ਰੁਪਏ ਖਰਚੇ ਗਏ ਹਨ। ਤਕਰੀਬਨ 7 ਟਨ ਭਾਰੇ ਉਪਕਰਨਾਂ ਦੀ ਮਦਦ ਨਾਲ ਪੇਸ਼ ਕੀਤੇ ਜਾਣ ਵਾਲੇ ਇਸ ਸ਼ੋਅ ਦੌਰਾਨ 40 ਸਮੋਕ ਮਸ਼ੀਨਾਂ, 10 ਵੱਡੇ ਰੰਗਦਾਰ ਲੇਜ਼ਰ ਤੇ 40 ਬਲੋਅਰ ਵਰਤੇ ਜਾਣਗੇ। ਵਿਸ਼ਵ ਪੱਧਰ ਦੇ ਵੱਡੇ ਸਮਾਗਮਾਂ 'ਚ ਲੇਜ਼ਰ ਸ਼ੋਅ ਦੀਆਂ ਪੇਸ਼ਕਾਰੀਆਂ ਕਰ ਚੁੱਕੀ ਇਹ ਕੰਪਨੀ ਉਸ ਵੇਲੇ ਚਮਦੀ ਸੀ, ਜਦੋਂ ਏਥਨਜ਼ ਉਲੰਪਿਕ 'ਚ ਇਸ ਨੇ ਲੇਜ਼ਰ ਸ਼ੋਅ ਨਾਲ ਸਭ ਨੂੰ ਚਕਾਚੌਂਧ 'ਚ ਪਾ ਦਿੱਤਾ ਸੀ। ਇਸ ਤੋਂ ਇਲਾਵਾ ਫੀਫਾ ਵਿਸ਼ਵ ਕੱਪ ਦੱਖਣੀ ਅਫਰੀਕਾ ਤੇ ਵੈਨਕੂਵਰ 'ਚ ਹੋਈਆਂ ਸ਼ਰਦ ਰੁੱਤ ਉਲੰਪਿਕ ਖੇਡਾਂ 'ਚ ਵੀ ਇਹ ਕੰਪਨੀ ਆਪਣੇ ਜਲਵੇ ਬਿਖੇਰ ਚੁੱਕੀ ਹੈ।

27ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 16 ਤੋਂ 23 ਅਕਤੂਬਰ ਤੱਕ

ਜਲੰਧਰ, 12 ਅਕਤੂਬਰ - ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ ਵਿਚ 16 ਤੋਂ 23 ਅਕਤੂਬਰ ਤੱਕ 27ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਪਾਕਿਸਤਾਨ ਅਤੇ ਮਲੇਸ਼ੀਆ ਦੀਆਂ ਵਿਦੇਸ਼ੀ ਟੀਮਾਂ ਸ਼ਾਮਿਲ ਹੋਣਗੀਆਂ। ਹਰ ਵਾਰ ਦੀ ਤਰ੍ਹਾਂ ਮੋਹਰੀ ਤੇਲ ਕੰਪਨੀ 'ਇੰਡੀਅਨ ਆਇਲ' ਹੀ ਟੂਰਨਾਮੈਂਟ ਦੀ ਮੁੱਖ ਸਪਾਂਸਰ ਹੋਵੇਗੀ ਜਦੋਂ ਕਿ ਅੰਤਰਰਾਸ਼ਟਰੀ ਜਿਮ ਚੇਨ ਗੋਲਡਸ ਜਿਮ ਇਸ
ਟੂਰਨਾਮੈਂਟ ਦਾ ਕੋ-ਸਪਾਂਸਰ ਹੋਵੇਗਾ। ਟੂਰਨਾਮੈਂਟ ਦੀ ਜੇਤੂ ਟੀਮ ਨੂੰ 2.50 ਲੱਖ ਰੁਪਏ ਦਾ ਇਨਾਮ ਅਤੇ ਉਪ ਜੇਤੂ ਟੀਮ ਨੂੰ 1.50 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਸਰਬੋਤਮ ਖਿਡਾਰੀ ਨੂੰ ਮਹਿੰਦਰ ਸਿੰਘ ਟੁੱਟ ਦੀ ਯਾਦ ਵਿਚ 21,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਵਾਰ 'ਹਾਕੀ ਮੈਚ ਦੇਖੋ-ਨੈਨੋ ਕਾਰ ਜਿੱਤੋ' ਦੇ ਪ੍ਰੋਗਰਾਮ ਤਹਿਤ ਟੂਰਨਾਮੈਂਟ ਦੌਰਾਨ ਮੈਚ ਦੇਖਣ ਵਾਲੇ ਹਰੇਕ ਦਰਸ਼ਕ ਨੂੰ ਲਗਾਤਾਰ ਅੱਠ ਦਿਨ ਹਰ ਰੋਜ਼ ਨੈਨੋ ਕਾਰ ਦਾ ਲੱਕੀ ਕੂਪਨ ਐਂਟਰੀ ਗੇਟ ਉੱਪਰ ਦਿੱਤਾ ਜਾਵੇਗਾ।

29 ਸੋਨ ਤਗਮਿਆਂ ਦਾ ਫ਼ੈਸਲਾ

ਨਵੀਂ ਦਿੱਲੀ, 12 ਅਕਤੂਬਰ - ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਰਾਸ਼ਟਰ ਮੰਡਲ ਖੇਡਾਂ ਦੇ ਗਿਆਰਵੇਂ ਦਿਨ 29 ਸੋਨ ਤਗਮਿਆਂ ਦਾ ਫ਼ੈਸਲਾ ਹੋਣਾ ਹੈ, ਜਿਨ੍ਹਾਂ ਵਿਚ ਸਭ ਤੋਂ ਵਧੇਰੇ 10 ਸੋਨ ਤਗਮੇ ਮੁੱਕੇਬਾਜ਼ੀ ਮੁਕਾਬਲੇ 'ਚ ਦਾਅ 'ਤੇ ਲੱਗੇ ਹੋਏ ਹਨ। ਇਨ੍ਹਾਂ ਵਿਚੋਂ ਭਾਰਤ ਦੀ ਤਿੰਨ ਤਗਮਿਆਂ 'ਤੇ ਮਜ਼ਬੂਤ ਦਾਅਵੇਦਾਰੀ ਹੈ। ਭਾਰਤੀ ਮੁੱਕੇਬਾਜ਼ ਸੁਰੰਜੈ ਸਿੰਘ, ਮਨੋਜ ਕੁਮਾਰ ਤੇ ਪਰਮਜੀਤ ਸਮੋਤਾ ਭਲਕੇ ਸੋਨ ਤਗਮੇ ਜਿੱਤਣ ਲਈ ਰਿੰਗ 'ਚ ਉਤਰਣਗੇ। ਇਸ ਤੋਂ ਬਾਅਦ 6 ਸੋਨ ਤਗਮੇ ਨਿਸ਼ਾਨੇਬਾਜ਼ੀ 'ਚ ਦਾਅ 'ਤੇ ਲੱਗੇ ਹੋਏ ਹਨ, ਜਿਨ੍ਹਾਂ 'ਤੇ ਵੀ ਭਾਰਤੀ ਦਾਅਵੇਦਾਰੀ ਮਜ਼ਬੂਤ ਹੈ। ਮੁੱਕੇਬਾਜ਼ੀ ਤੇ ਨਿਸ਼ਾਨੇਬਾਜ਼ੀ ਦੇ ਆਖਰੀ ਦਿਨ ਭਾਰਤੀ ਖਿਡਾਰੀ ਚੰਗੀ ਛਾਪ ਛੱਡਣ ਦੇ ਯਤਨ ਕਰਨਗੇ। ਇਸ ਤੋਂ ਬਾਅਦ ਤੈਰਾਕੀ ਦੇ ਗੋਤਾਖੋਰੀ, ਸਾਈਕਲਿੰਗ ਦੀ ਰੋਡ ਰੇਸ, ਲਾਅਨ ਬਾਲਜ਼ ਦੇ ਤੇ ਤੈਰਾਕੀ 'ਚ 2-2 ਸੋਨ ਤਗਮੇ ਦਾਅ 'ਤੇ ਲੱਗੇ ਹੋਏ ਹਨ, ਜਿਨ੍ਹਾਂ ਲਈ ਭਾਰਤ ਦੀ ਚੁਣੌਤੀ ਲਗਭਗ ਖ਼ਤਮ ਹੈ। ਸਕੁਐਸ਼ ਦੇ ਤਿੰਨ ਸੋਨ ਤਗਮਿਆਂ 'ਚੋਂ ਵੀ ਭਾਰਤ ਨੂੰ ਕੋਈ ਆਸ ਨਹੀਂ। ਇਸ ਤਰ੍ਹਾਂ ਭਲਕੇ ਭਾਰਤੀ ਖਿਡਾਰੀ ਨਿਸ਼ਾਨੇਬਾਜ਼ੀ ਤੇ ਮੁੱਕੇਬਾਜ਼ੀ ਦੇ 9 ਤਗਮਿਆਂ ਲਈ ਜੂਝਣਗੇ।

ਇੰਗਲੈਂਡ ਨੂੰ ਹਰਾ ਕੇ ਭਾਰਤ ਫਾਈਨਲ 'ਚ

ਨਵੀਂ ਦਿੱਲੀ, 12 ਅਕਤੂਬਰ - ਰਾਸ਼ਟਰ ਮੰਡਲ ਖੇਡਾਂ ਦੇ ਸੈਮੀਫਾਈਨਲ ਮੁਕਾਬਲੇ ਵਿਚ ਭਾਰਤ ਨੇ ਇੰਗਲੈਂਡ ਨੂੰ ਟਾਈਬ੍ਰੇਕਰ ਵਿਚ 5-4 ਨਾਲ ਹਰਾ ਕੇ ਫਾਈਨਲ ਵਿਚ ਦਾਖਲਾ ਲੈ ਲਿਆ ਹੈ। ਇਸ ਤੋਂ ਪਹਿਲਾਂ ਪਹਿਲੇ ਸੈਮੀਫਾਈਨਲ 'ਚ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ 6-2 ਨਾਲ ਬੁਰੀ ਤਰ੍ਹਾਂ ਹਰਾ ਦਿੱਤਾ। ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ ਗੋਲਡਨ ਗੋਲਡ ਰਾਹੀਂ 3-2 ਨਾਲ ਹਰਾ ਕੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਹੁਣ ਭਾਰਤ ਦਾ ਆਸਟ੍ਰੇਲੀਆ ਨਾਲ ਫਾਈਨਲ ਮੁਕਾਬਲਾ 14 ਅਕਤੂਬਰ ਨੂੰ ਸਵੇਰੇ 11 ਵਜੇ ਹੋਵੇਗਾ।

ਡਿਸਕਸ ਥਰੋਅ 'ਚ ਭਾਰਤ ਦੇ ਨਾਮ ਤਿੰਨ ਤਗਮੇ

ਨਵੀਂ ਦਿੱਲੀ, 11 ਅਕਤੂਬਰ - ਨਵੀਂ ਦਿੱਲੀ 'ਚ ਰਾਸ਼ਟਰ ਮੰਡਲ ਖੇਡਾਂ ਦੇ ਅੱਠਵੇਂ ਦਿਨ ਸਿਰਫ਼ ਡਿਸਕਸ ਥਰੋਅ 'ਚ ਭਾਰਤੀ ਕੁੜੀਆਂ ਕ੍ਰਿਸ਼ਨਾ ਪੂਨੀਆ, ਹਰਵੰਤ ਕੌਰ ਅਤੇ ਸੀਮਾ ਅੰਤਿਲ ਨੇ ਕ੍ਰਮਵਾਰ ਸੋਨੇ, ਚਾਂਦੀ ਤੇ ਕਾਂਸੀ ਦਾ ਤਗਮਾ ਜਿੱਤਿਆ। ਭਾਰਤ ਨੇ ਮਾਨਚੈਸਟਰ ਖੇਡਾਂ ਦੇ 30 ਸੋਨ ਤਗਮਿਆਂ ਦੇ ਆਪਣੇ ਰਿਕਾਰਡ ਦੀ ਬਰਾਬਰੀ ਕਰ ਲਈ। ਭਾਰਤ ਵੱਲੋਂ ਤੇਜਸਵਿਨੀ ਸਾਵੰਤ ਅਤੇ ਮੀਨਾ ਕੁਮਾਰੀ ਦੀ ਨਿਸ਼ਾਨੇਬਾਜ਼ ਜੋੜੀ ਨੇ 50 ਮੀਟਰ ਰਾਈਫਲ ਪ੍ਰੋਨ ਮੁਕਾਬਲੇ ਵਿਚ ਤੀਜਾ ਦਰਜਾ ਹਾਸਲ ਕਰਕੇ ਕਾਂਸੀ ਦਾ ਤਗਮਾ ਜਿੱਤਿਆ। ਇਹ ਜੋੜੀ ਕੇਵਲ ਇਕ ਅੰਕ ਨਾਲ ਸੋਨੇ ਦਾ ਤਗਮਾ ਜਿੱਤਣ ਤੋਂ ਖੁੰਝ ਗਈ। ਇਸ ਮੁਕਾਬਲੇ 'ਚ ਸੋਨ ਤਗਮਾ ਸਕਾਟਲੈਂਡ ਦੇ ਨਾਂ ਰਿਹਾ ਜਦਕਿ ਇੰਗਲੈਂਡ ਨੂੰ ਚਾਂਦੀ ਦਾ ਤਗਮਾ ਮਿਲਿਆ। ਜਦਕਿ ਭਾਰਤ ਦੇ ਸਟਾਰ ਮੁੱਕੇਬਾਜ਼ ਵਜਿੰਦਰ ਸਿੰਘ ਸਣੇ ਚਾਰ ਮੁੱਕੇਬਾਜ਼ ਸੈਮੀਫਾਈਨਲ ਵਿਚ ਹਾਰ ਗਏ ਅਤੇ ਉਨ੍ਹਾਂ ਨੂੰ ਕਾਂਸੀ ਦੇ ਤਗਮਿਆਂ ਨਾਲ ਹੀ ਸਬਰ ਕਰਨਾ ਪਿਆ। ਉਧਰ ਮੁੱਕੇਬਾਜ਼ ਮਨੋਜ ਕੁਮਾਰ, ਸੁਰੰਜੈ ਸਿੰਘ ਤੇ ਪਰਮਜੀਤ ਸਮੋਟਾ ਨੇ ਫਾਈਨਲ 'ਚ ਪਹੁੰਚ ਕੇ ਭਾਰਤ ਲਈ ਤਗਮੇ ਪੱਕੇ ਕਰ ਦਿੱਤੇ ਹਨ। ਖਿਤਾਬ ਦੀ ਮੁੱਖ ਦਾਅਵੇਦਾਰ ਸਾਇਨਾ ਨੇਹਵਾਲ ਸਮੇਤ ਸਾਰੇ ਭਾਰਤੀ ਬੈਡਮਿੰਟਨ ਖਿਡਾਰੀਆਂ ਨੇ ਵਿਅਕਤੀਗਤ ਮੁਕਾਬਲਿਆਂ ਵਿਚ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ ਹੋਈ ਹੈ , ਪੀ. ਕਸ਼ਿਅਪ ਅਤੇ ਚੇਤਨ ਆਨੰਦ ਸੈਮੀਫਾਈਨਲ ਵਿਚ ਪਹੁੰਚ ਗਏ ਹਨ, ਜਦਕਿ ਬਾਕੀ ਖਿਡਾਰੀ ਕੁਆਰਟਰ ਫਾਈਨਲ 'ਚ ਪਹੁੰਚ ਚੁੱਕੇ ਹਨ। ਚੋਟੀ ਦੀ ਖਿਡਾਰਨ ਸਾਇਨਾ ਨੇਹਵਾਲ ਨੇ ਔਰਤਾਂ ਦੇ ਸਿੰਗਲਜ਼ ਵਿਚ ਉੱਤਰੀ ਆਇਰਲੈਂਡ ਦੀ ਕਾਰੋਲਿਨ ਬਲੈਕ ਨੂੰ 21-0, 21-2 ਨਾਲ ਕਰਾਰੀ ਮਾਤ ਦਿੱਤੀ ਜਦਕਿ ਅਦਿੱਤੀ ਮੁਤਾਦਕਰ ਨੇ ਸਕਾਟਲੈਂਡ ਦੀ ਕ੍ਰਿਸਟੀ ਗਿਲਮਰ ਨੂੰ ਹਰਾਇਆ। ਜਵਾਲਾ ਗੁੱਟਾ ਅਤੇ ਵੀ ਦੀਜੂ ਨੇ ਹਮਵਤਨ ਰੂਪੇਸ਼ ਕੁਮਾਰ ਅਤੇ ਅਸ਼ਵਨੀ ਮੋਨੱਪਾ ਦੀ ਜੋੜੀ ਨੂੰ ਹਰਾਇਆ। ਉਲੰਪੀਅਨ ਅਤੇ ਪਿਛਲੇ ਚੈਂਪੀਅਨ ਅਚੰਤਾ ਸ਼ਰਤ ਕਮਲ ਸਮੇਤ ਤਿੰਨ ਭਾਰਤੀਆਂ ਨੇ ਟੇਬਲ ਟੈਨਿਸ ਦੇ ਪੁਰਸ਼ ਸਿੰਗਲਜ਼ ਵਰਗ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾ ਲਈ ਹੈ ਜਦਕਿ ਵਿਅਕਤੀਗਤ ਮੁਕਾਬਲਿਆਂ 'ਚ ਭਾਰਤ ਦੀਆਂ ਕੁੜੀਆਂ ਦੀ ਚੁਣੌਤੀ ਖ਼ਤਮ ਹੋ ਗਈ। ਸ਼ਰਤ ਤੋਂ ਇਲਾਵਾ ਏ ਅਮਲਰਾਜ ਅਤੇ ਸੌਮਏਦੀਪ ਰਾਏ ਵੀ ਅੰਤਿਮ ਅੱਠਾਂ ਵਿਚ ਪਹੁੰਚ ਗਏ ਹਨ।

21 ਸੋਨ ਤਗਮਿਆਂ ਲਈ ਜੂਝਣਗੇ ਚੋਟੀ ਦੇ ਖਿਡਾਰੀ

ਨਵੀਂ ਦਿੱਲੀ, 11 ਅਕਤੂਬਰ - 12 ਅਕਤੂਬਰ ਯਾਨੀ ਰਾਸ਼ਟਰ ਮੰਡਲ ਖੇਡਾਂ ਦੇ 10ਵੇਂ ਦਿਨ ਚੋਟੀ ਦੇ ਖਿਡਾਰੀ 21 ਸੋਨ ਤਗਮਿਆਂ ਲਈ ਜੂਝਣਗੇ। ਸਭ ਤੋਂ ਵਧੇਰੇ 9 ਸੋਨ ਤਗਮਿਆਂ ਦਾ ਫ਼ੈਸਲਾ ਅਥਲੈਟਿਕਸ 'ਚ ਹੋਵੇਗਾ। ਅਥਲੈਟਿਕਸ 'ਚ ਭਾਰਤੀ ਖਿਡਾਰੀਆਂ ਨੇ ਅਜੇ ਸੋਨ ਤਗਮਾ ਜਿੱਤਣਾ ਹੈ। ਅਥਲੈਟਿਕਸ 'ਚ ਸਾਡੇ ਖਿਡਾਰੀਆਂ ਨੇ ਕਾਂਸੀ ਤੋਂ ਸ਼ੁਰੂ ਹੋ ਕੇ ਚਾਂਦੀ ਤੱਕ ਪਹੁੰਚ ਕਰ ਲਈ ਹੈ ਅਤੇ ਸੁਨਿਹਰੀ ਆਸਾਂ ਵੀ ਪੂਰੀਆਂ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਭਲਕੇ ਨਿਸ਼ਾਨੇਬਾਜ਼ੀ 'ਚ 4 ਸੋਨ ਤਗਮਿਆਂ ਦਾ ਨਿਤਾਰਾ ਹੋਣਾ ਹੈ, ਜਿਨ੍ਹਾਂ ਲਈ ਭਾਰਤੀ ਖਿਡਾਰੀ ਮਜਬੂਤ ਦਾਅਵੇਦਾਰ ਹਨ। ਤੈਰਾਕੀ ਦੇ ਡਾਈਵਿੰਗ ਮੁਕਾਬਲਿਆਂ 'ਚ 3 ਸੋਨ ਤਗਮੇ ਦਾਅ 'ਤੇ ਲੱਗੇ ਹਨ, ਜਿਨ੍ਹਾਂ 'ਤੇ ਭਾਰਤੀਆਂ ਵੱਲੋਂ ਦਾਅਵੇਦਾਰੀ ਬਹੁਤ ਕਮਜ਼ੋਰ ਹੈ। ਭਾਰ ਤੋਲਣ ਦੇ ਪੁਰਸ਼ ਤੇ ਮਹਿਲਾ ਵਰਗਾਂ 'ਚ 1-1 ਸੋਨ ਤਗਮੇ ਦਾ ਫ਼ੈਸਲਾ ਹੋਣਾ ਹੈ, ਜਿਸ ਲਈ ਭਾਰਤੀ ਦਾਅਵੇਦਾਰੀ ਚੰਗੀ ਹੈ। ਟੈਬਲ ਟੈਨਿਸ ਤੇ ਰਿਧਮਿਕ ਜਿਮਨਾਸਟਿਕ 'ਚ 1-1 ਸੋਨ ਤਗਮੇ ਲਈ ਭਾਰਤੀ ਚੁਣੌਤੀ ਲਗਭਗ ਸਮਾਪਤ ਹੋ ਚੁੱਕੀ ਹੈ।

ਭਾਰਤ-ਇੰਗਲੈਂਡ ਤੇ ਆਸਟ੍ਰੇਲੀਆ-ਨਿਊਜ਼ੀਲੈਂਡ ਵਿਚਾਲੇ ਮੁਕਾਬਲਾ

ਨਵੀਂ ਦਿੱਲੀ, 11 ਅਕਤੂਬਰ - ਰਾਸ਼ਟਰ ਮੰਡਲ ਖੇਡਾਂ ਵਿਚ ਭਲਕੇ 12 ਅਕਤੂਬਰ ਨੂੰ ਮਰਦਾਂ ਦੇ ਵਰਗ ਦੇ ਸੈਮੀਫਾਈਨਲ ਮੁਕਾਬਲੇ ਖੇਡੇ ਜਾਣਗੇ ਜਿਸ ਵਿਚ ਪਹਿਲਾ ਸੈਮੀਫਾਈਨਲ ਮੁਕਾਬਲਾ ਵਰਤਮਾਨ ਚੈਂਪੀਅਨ ਵਿਸ਼ਵ ਜੇਤੂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਕਾਰ ਸਵੇਰੇ 11 ਵਜੇ, ਦੂਸਰਾ ਸੈਮੀਫਾਈਨਲ ਮੇਜ਼ਬਾਨ ਭਾਰਤ ਅਤੇ ਇੰਗਲੈਂਡ ਵਿਚਕਾਰ ਸ਼ਾਮ 5.30 ਵਜੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਦਿੱਲੀ ਵਿਖੇ ਖੇਡੇ ਜਾਣਗੇ।
ਭਾਰਤ ਬਨਾਮ ਇੰਗਲੈਂਡ : ਭਾਰਤ ਬਨਾਮ ਇੰਗਲੈਂਡ ਵਿਚਕਾਰ ਮੁਕਾਬਲਾ ਦੋਵਾਂ ਟੀਮਾਂ ਲਈ ਕਰੋ ਜਾਂ ਮਰੋ ਵਾਲਾ ਹੋਵੇਗਾ। ਭਾਰਤੀ ਟੀਮ ਨੇ ਪਾਕਿਸਤਾਨ ਨੂੰ 7-4 ਗੋਲਾਂ ਨਾਲ ਹਰਾਉਣ ਤੋਂ ਬਾਅਦ ਭਾਵੇਂ ਹੌਸਲੇ ਤਾਂ ਕਾਫੀ ਬੁਲੰਦ ਹਨ ਪਰ ਇੰਗਲੈਂਡ ਜਿਸ ਨੇ ਭਾਰਤ ਨੂੰ ਮਾਰਚ ਮਹੀਨੇ ਵਿਸ਼ਵ ਕੱਪ ਦੌਰਾਨ 3-2 ਨਾਲ ਹਰਾਇਆ ਸੀ, ਇਸ ਵਾਰ ਰਾਸ਼ਟਰ ਮੰਡਲ ਖੇਡਾਂ ਦਾ ਚੈਂਪੀਅਨ ਬਣਨ ਦਾ ਪ੍ਰਮੁੱਖ ਦਾਅਵੇਦਾਰ ਹੈ। ਭਾਰਤੀ ਟੀਮ ਦੀ ਜੇਤੂ ਆਸ ਪੈਨੇਲਟੀ ਕਾਰਨਰ ਦੇ ਨਤੀਜੇ ਤੋਂ ਰਹੇਗੀ, ਜੇਕਰ ਸੰਦੀਪ ਸਿੰਘ ਦਾ ਜਾਦੂ ਚੱਲ ਗਿਆ ਤਾਂ ਮੋਰਚਾ ਯਕੀਨੀ ਫਤਹਿ ਹੋਵੇਗਾ। ਇਸ ਤੋਂ ਇਲਾਵਾ ਸਰਦਾਰ ਸਿੰਘ ਨਾਮਧਾਰੀ, ਗੁਰਬਾਜ ਸਿੰਘ, ਸ਼ਵਿੰਦਰ ਸਿੰਘ, ਅਰਜਨ ਹਲੱਪਾ, ਧਰਮਵੀਰ ਸਿੰਘ ਚੰਡੀਗੜ੍ਹ, ਤੁਸ਼ਾਰ ਖੰਡੇਕਰ ਆਦਿ ਨਾਮੀਂ ਖਿਡਾਰੀਆਂ 'ਤੇ ਵੱਡੀਆਂ ਆਸਾਂ ਰਹਿਣਗੀਆਂ। ਦੋਵੇਂ ਟੀਮਾਂ ਦੇ ਜਿੱਤਣ ਦੇ ਬਰਾਬਰ ਦੇ ਮੌਕੇ ਹਨ ਜੋ ਟੀਮ ਮਿਲੇ ਮੌਕਿਆਂ ਦਾ ਫਾਇਦਾ ਉਠਾਏਗੀ ਜਿੱਤ ਉਸ ਨੂੰ ਹੀ ਮਿਲੇਗੀ।
ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ : ਦੂਸਰਾ ਸੈਮੀਫਾਈਨਲ ਮੁਕਾਬਲਾ ਜੋ ਲਗਾਤਾਰ 3 ਵਾਰ ਤੋਂ ਰਾਸ਼ਟਰ ਮੰਡਲ ਖੇਡਾਂ ਦੀ ਚੈਂਪੀਅਨ, ਵਿਸ਼ਵ ਕੱਪ ਜੇਤੂ ਅਤੇ ਦੁਨੀਆ ਦੀ ਨੰਬਰ ਇਕ ਟੀਮ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾਵੇਗਾ ਦੋਵੇਂ ਟੀਮਾਂ ਇਕੋ ਮਹਾਦੀਪ ਉਸਨੀਆ ਦੀਆਂ ਹਨ।

ਹਾਕੀ 'ਚ ਕੁੜੀਆਂ 5ਵੇਂ ਨੰਬਰ 'ਤੇ

ਤਜ਼ਰਬੇਕਾਰ ਫਾਰਵਰਡ ਸਬਾ ਅੰਜੁਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਰਾਸ਼ਟਰ ਮੰਡਲ ਖੇਡਾਂ ਦੇ ਕੁਆਲੀਫਿਕੇਸ਼ਨ ਮੈਚ ਵਿਚ ਕੈਨੇਡਾ ਨੂੰ 3-0 ਨਾਲ ਹਰਾ ਕੇ ਪੰਜਵੇਂ ਸਥਾਨ 'ਤੇ ਰਹੀ।

ਭਾਰਤ ਨੇ 5 ਹੋਰ ਸੋਨ ਤਗਮੇ ਫੁੰਡੇ

ਨਵੀਂ ਦਿੱਲੀ, 10 ਅਕਤੂਬਰ - ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਰਾਸ਼ਟਰ ਮੰਡਲ ਖੇਡਾਂ 'ਚ ਭਾਰਤ ਨੇ ਚਾਰ ਸੋਨ ਤਗਮੇ ਜਿੱਤ ਕੇ ਫਿਰ ਦੂਜਾ ਦਰਜਾ ਪ੍ਰਾਪਤ ਕਰ ਲਿਆ ਹੈ। ਜਿਥੇ ਤੀਰਅੰਦਾਜ਼ ਦੀਪਿਕਾ ਕੁਮਾਰੀ ਅਤੇ ਰਾਹੁਲ ਬੈਨਰਜੀ ਨੇ ਤੀਰ ਪੂਰੇ ਨਿਸ਼ਾਨੇ 'ਤੇ ਲਾ ਕੇ ਸੋਨ ਤਗਮੇ ਫੁੰਡੇ ਉਥੇ ਸਟਾਰ ਨਿਸ਼ਾਨੇਬਾਜ਼  ਹਰਪ੍ਰੀਤ ਸਿੰਘ ਅਤੇ ਵਿਸ਼ਵ ਚੈਂਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਨੇ ਵੀ ਸੋਨ ਤਗਮੇ ਭਾਰਤ ਦੀ ਝੋਲੀ ਪਾਏ। ਟੈਨਿਸ 'ਚ ਭਾਰਤ ਦੇ ਸੋਮਦੇਵ ਦੇਵਬਰਮਨ ਨੇ ਸੋਨੇ ਦਾ ਤਗਮਾ ਜਿੱਤਿਆ। ਇਨ੍ਹਾਂ ਸਫਲਤਾਵਾਂ ਕਰਕੇ ਹੀ ਭਾਰਤ ਦੇ ਸੋਨ ਤਗਮਿਆਂ ਦੀ ਗਿਣਤੀ 29 ਹੋ ਗਈ। ਦੂਜੇ ਪਾਸੇ ਨਿਸ਼ਾਨੇਬਾਜ਼ ਵਿਜੇ ਕੁਮਾਰ, ਡਿਸਕਸ ਥ੍ਰੋਅਰ ਵਿਕਾਸ ਗੋੜਾ, ਮੱਲੀਕਲ ਪ੍ਰਾਜੂਸ਼ਾ ਨੂੰ ਲੰਬੀ ਛਾਲ 'ਚ ਚਾਂਦੀ, ਜਦਕਿ ਪਹਿਲਵਾਨ ਅਨੁਜ ਕੁਮਾਰ, ਮਾਨਵਜੀਤ ਸਿੰਘ ਸੰਧੂ ਤੇ ਪਹਿਲਵਾਨ ਅਨਿਲ ਕੁਮਾਰ, ਤੀਰਅੰਦਾਜ਼ ਡੋਲਾ ਬੈਨਰਜੀ ਅਤੇ ਜੈਅੰਤ ਤਾਲੁਕਦਾਰ, ਟੈਨਿਸ 'ਚ ਸਾਨੀਆ ਤੇ ਰਸ਼ਮੀ ਦੀ ਜੋੜੀ ਨੂੰ ਕਾਂਸੀ ਦੇ ਤਗਮੇ ਮਿਲੇ।
ਤੀਰਅੰਦਾਜ਼ੀ : ਤੀਰਅੰਦਾਜ਼ੀ ਦੇ ਰੀਕਰਵ ਮੁਕਾਬਲੇ 'ਚ ਭਾਰਤ ਦੀ ਦੀਪਿਕਾ ਕੁਮਾਰੀ ਨੇ ਸੋਨੇ ਦਾ ਤਮਗਾ ਹਾਸਲ ਕੀਤਾ। ਇਸੇ ਮੁਕਾਬਲੇ 'ਚ ਭਾਰਤ ਦੀ ਸਟਾਰ ਤੀਰਅੰਦਾਜ਼ ਡੋਲਾ ਬੈਨਰਜੀ ਨੇ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ ਹੈ। ਰਾਂਚੀ 'ਚ ਜਨਮੀ ਅਤੇ ਰਿਕਸ਼ਾ ਚਾਲਕ ਦੀ 17 ਸਾਲਾ ਲੜਕੀ ਦੀਪਿਕਾ ਨੇ 2002 'ਚ ਏਥਨਜ਼ ਉਲੰਪਿਕ 'ਚ ਕਾਂਸੀ ਦਾ ਤਮਗਾ ਜੇਤੂ ਇੰਗਲੈਂਡ ਦੀ ਏਲੀਸਨ ਜੇਮਸ ਵਿਲੀਅਮਸਨ ਨੂੰ 6-0 ਦੇ ਫਰਕ ਨਾਲ ਹਰਾਇਆ। ਝਾਰਖੰਡ ਦੀ ਰਹਿਣ ਵਾਲੀ ਦੀਪਿਕਾ ਨੂੰ ਸੂਬਾ ਸਰਕਾਰ ਵੱਲੋਂ 10 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਡੋਲਾ ਨੇ ਕਾਂਸੀ ਦਾ ਤਮਗਾ ਜਿੱਤਣ ਲਈ ਮਲੇਸ਼ੀਆ ਦੀ ਅਨਬਾਰਾਸੀ ਨੂੰ 6-2 ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਤੀਰਅੰਦਾਜ਼ ਰਾਹੁਲ ਬੈਨਰਜੀ ਨੇ ਫਾਈਨਲ ਵਿਚ ਕੈਨੇਡਾ ਦੇ ਜੇ ਲਿਓਨ ਨੂੰ ਇਕ ਸਖ਼ਤ ਮੁਕਾਬਲੇ ਵਿਚ ਹਰਾ ਕੇ ਸੋਨ ਤਗਮਾ ਹਾਸਲ ਕੀਤਾ।
ਨਿਸ਼ਾਨੇਬਾਜ਼ੀ : ਨਿਸ਼ਾਨੇਬਾਜ਼ ਹਰਪ੍ਰੀਤ ਨੇ 25 ਮੀਟਰ ਸੈਂਟਰ ਫਾਇਰ ਪਿਸਟਲ ਦੇ ਵਿਅਕਤੀਗਤ ਮੁਕਾਬਲੇ 'ਚ 580 ਅੰਕ ਪ੍ਰਾਪਤ ਕਰਕੇ ਸੋਨੇ ਦਾ ਤਮਗਾ ਹਾਸਲ ਕੀਤਾ। ਇਸੇ ਮੁਕਾਬਲੇ 'ਚ ਵਿਜੈ ਕੁਮਾਰ ਨੇ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ। ਆਊਟਡੋਰ ਸ਼ੂਟਿੰਗ ਵਿਚ ਭਾਰਤੀ ਨਿਸ਼ਾਨੇਬਾਜ਼ ਮਾਨਵਜੀਤ ਸਿੰਘ ਸੰਧੂ ਨੇ ਟਾਈ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਹਾਸਲ ਕੀਤਾ।
ਕੁਸ਼ਤੀ ਚੈਂਪੀਅਨਸ਼ਿਪ : ਭਾਰਤ ਦੇ ਵਿਸ਼ਵ ਚੈਂਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਨੇ 66 ਕਿਲੋ ਫਰੀ ਸਟਾਈਲ ਵਰਗ ਵਿਚ ਸੋਨ ਤਗਮਾ ਹਾਸਲ ਕਰ ਕੇ ਕੁਸ਼ਤੀ ਵਿਚ ਭਾਰਤੀ ਸੋਨ ਤਗਮਿਆਂ ਦੀ ਗਿਣਤੀ ਵਿਚ ਵਾਧਾ ਕੀਤਾ। ਫਾਈਨਲ ਮੁਕਾਬਲੇ ਵਿਚ ਸੁਸ਼ੀਲ ਨੇ ਦੱਖਣੀ ਅਫਰੀਕਾ ਦੇ ਪਹਿਲਵਾਨ ਹੇਨਰਿਕ ਬਾਰਨੇਸ ਨੂੰ 6-0 ਨਾਲ ਹਰਾ ਕੇ ਕੁਸ਼ਤੀ ਵਿਚ ਭਾਰਤ ਨੂੰ 10ਵਾਂ ਸੋਨ ਤਗਮਾ ਦਿਵਾਇਆ। ਉਸ ਨੇ ਏਸ਼ੀਅਨ ਚੈਂਪੀਅਨਸ਼ਿਪ, ਵਿਸ਼ਵ ਚੈਂਪੀਅਨਸ਼ਿਪ ਅਤੇ ਰਾਸ਼ਟਰ ਮੰਡਲ ਖੇਡਾਂ ਵਿਚ ਸੋਨ ਤਗਮੇ ਜਿੱਤੇ ਹਨ। 84 ਕਿਲੋ ਤੇ 120 ਕਿਲੋ ਫਰੀ ਸਟਾਈਲ ਵਿਚ ਅਨੁਜ ਕੁਮਾਰ ਤੇ ਜੋਗਿੰਦਰ ਕੁਮਾਰ ਨੇ ਚਾਂਦੀ 120 ਕਿਲੋ ਵਰਗ ਵਿਚ ਅਤੇ ਅਨਿਲ ਕੁਮਾਰ ਨੇ ਕਾਂਸੀ ਦਾ ਤਮਗਾ ਜਿੱਤ ਲਿਆ। ਪਹਿਲਵਾਨ ਅਨੁਜ ਚੌਧਰੀ ਨੂੰ 84 ਕਿਲੋ ਵਰਗ ਵਿਚ ਚਾਂਦੀ ਦਾ ਤਗਮਾ ਮਿਲਿਆ। ਉਹ ਫਾਈਨਲ ਵਿਚ ਪਾਕਿਸਤਾਨ ਦੇ ਪਹਿਲਵਾਨ ਮੁਹੰਮਦ ਇਨਾਮ ਤੋਂ ਹਾਰ ਗਿਆ। 55 ਕਿਲੋ ਫਰੀ ਸਟਾਈਲ ਵਰਗ ਵਿਚ ਪਹਿਲਵਾਨ ਅਨਿਲ ਕੁਮਾਰ ਨੂੰ ਕਾਂਸੀ ਦਾ ਤਗਮਾ ਮਿਲਿਆ।
ਬੈਡਮਿੰਟਨ : ਪੁਰਸ਼ਾਂ ਦੇ ਸਿੰਗਲ ਮੁਕਾਬਲਿਆਂ 'ਚ ਭਾਰਤ ਦੇ ਪੀ. ਕਸ਼ਯਪ ਨੇ ਜਮਾਇਕਾ ਦੇ ਪਾਈਨੇ ਨੂੰ 21-5 ਅਤੇ 21-12 ਨਾਲ, ਮਹਿਲਾ ਵਰਗ 'ਚ ਅਦਿੱਤੀ
ਮੁਤਾਤਕਰ ਨੇ ਸ੍ਰੀਲੰਕਾ ਦੀ ਸਬੋਧਾ ਕੁਮਾਰੀ ਨੂੰ 21-14 ਤੇ 21-7 ਨਾਲ, ਮਿਕਸਡ ਡਬਲਜ਼ 'ਚ ਜਵਾਲਾ ਗੁੱਟਾ ਤੇ ਵੀ. ਦੀਜੂ ਨੇ ਜਮਾਇਕਾ ਦੀ ਹੈਨਰੀ ਗ੍ਰੇਥ ਆਂਦਰੇ ਤੇ ਕ੍ਰਿਸਟਲ ਕਰੋਨ ਫਿਊਜ ਨੂੰ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ।
ਐਥਲੈਟਿਕਸ : ਐਥਲੈਟਕਿਸ ਦੇ ਪੁਰਸ਼ ਡਿਸਕਸ ਥਰੋਅ ਈਵੈਂਟ ਵਿਚ ਭਾਰਤ ਦੇ ਵਿਕਾਸ ਗੌੜਾ ਨੇ ਚਾਂਦੀ ਦਾ ਤਮਗਾ ਜਿੱਤਿਆ। ਇਸ ਦੇ ਨਾਲ ਹੀ ਮਹਿਲਾਵਾਂ ਦੀ ਲੰਬੀ ਛਾਲ ਵਿਚ ਭਾਰਤ ਦੀ ਐਮ. ਪ੍ਰੀਜੂਸ਼ਾ ਨੇ ਚਾਂਦੀ ਦਾ ਤਮਗਾ ਜਿੱਤਿਆ।
ਰਾਸ਼ਟਰਮੰਡਲ ਖੇਡਾਂ ਦੇ 20 ਕਿਲੋਮੀਟਰ ਪੈਦਲ ਚਾਲ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਸ: ਹਰਨੇਕ ਸਿੰਘ ਚਲੈਲਾ ਦੇ ਪੁੱਤਰ ਹਰਮਿੰਦਰ ਸਿੰਘ ਤੇ ਇਨ੍ਹਾਂ ਖੇਡਾਂ 'ਚ ਕਾਂਸੀ ਦਾ ਤਗਮਾ ਪੈਦਾ ਕਰ ਚੁੱਕੇ ਅਮਨਦੀਪ ਸਿੰਘ ਸੰਗਰੂਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਨਿਸ਼ਾਨਾ ਕਾਂਸੀ ਦੇ ਤਗਮਿਆਂ ਨੂੰ ਸੋਨ ਤਗਮਿਆਂ 'ਚ ਬਦਲਣਾ ਹੈ। 24 ਸਾਲਾਂ ਦੇ ਪਹਿਲਵਾਨ ਅਰਜਨ ਸਿੰਘ ਭੁੱਲਰ ਨੇ ਕੁਸ਼ਤੀ ਦੇ 120 ਕਿਲੋ ਵਰਗ ਵਿਚ ਭਾਰਤ ਦੇ ਜੋਗਿੰਦਰ ਕੁਮਾਰ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਹੈ। ਕੈਨੇਡਾ ਦੇ ਇਤਿਹਾਸ ਵਿਚ ਰਾਸ਼ਟਰ ਮੰਡਲ ਖੇਡਾਂ 'ਚ ਤਗਮਾ ਜਿੱਤਣ ਵਾਲਾ ਅਰਜਨ ਸਿੰਘ ਪਹਿਲਾ ਕੈਨੇਡੀਅਨ ਪੰਜਾਬੀ ਬਣ ਗਿਆ ਹੈ। ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿਚ ਪੈਂਦੇ  ਪਿੰਡ ਭੁੱਲਰਾਂ ਤੋਂ ਕੈਨੇਡਾ ਆ ਕੇ ਵਸੇ ਸ: ਅਵਤਾਰ ਸਿੰਘ ਭੁੱਲਰ ਦਾ ਪੁੱਤਰ ਅਰਜਨ ਸਿੰਘ ਇਸ ਤੋਂ ਪਹਿਲਾਂ ਪੈਨ-ਅਮਰੀਕਨ ਚੈਂਪੀਅਨ, ਕੈਨੇਡਾ-ਅਮਰੀਕਾ ਯੂਨੀਵਰਸਿਟੀ ਚੈਂਪੀਅਨ ਅਤੇ ਲਗਾਤਾਰ ਕਈ ਵਾਰ ਕੈਨੇਡਾ ਦਾ ਸਰਬੋਤਮ ਪਹਿਲਵਾਨ ਬਣ ਚੁੱਕਿਆ ਹੈ।
ਮੁੱਕੇਬਾਜ਼ੀ : ਮੁੱਕੇਬਾਜ਼ੀ ਵਿੱਚ ਭਾਰਤ ਦੇ ਵਜਿੰਦਰ ਸਿੰਘ, ਜੈ ਭਗਵਾਨ ਤੇ ਦਿਲਬਾਗ ਸਿੰਘ ਨੇ ਆਪੋ-ਆਪਣੇ ਵਰਗਾਂ ਵਿਚ ਜਿੱਤ ਕੇ ਸੈਮੀਫਾਈਨਲ ਵਿਚ ਦਾਖਲਾ ਪਾ ਲਿਆ। 75 ਕਿਲੋ ਮਿਡਲ ਵੇਟ ਵਿਚ ਵਿਸ਼ਵ ਦੇ ਨੰਬਰ ਇਕ ਮੁੱਕੇਬਾਜ਼ ਵਜਿੰਦਰ ਸਿੰਘ ਨੇ ਵਿਰੋਧੀ ਮੁੱਕੇਬਾਜ਼ ਨੂੰ ਨਾਕ-ਆਊਟ ਹਰਾਉਂਦਿਆ ਸੈਮੀਫਾਈਨਲ ਵਿਚ ਦਾਖਲਾ ਪਾਇਆ। 60 ਕਿਲੋ ਵੈਲਟਰ ਵੇਟ ਵਿਚ ਭਾਰਤ ਦੇ ਦਿਲਬਾਗ ਸਿੰਘ ਨੇ ਬੋਤਸਵਾਨਾ ਦੇ ਮੋਥੀਬਾ ਮੋਇਬੀ ਨੂੰ 11-3 ਅਤੇ 60 ਕਿਲੋ ਲਾਈਟ ਵੈਲਟਰ ਵੇਟ ਵਿਚ ਭਾਰਤ ਦੇ ਜੈ ਭਗਵਾਨ ਨੇ ਨਾਈਜੀਰੀਆ ਦੇ ਵਾਹੀਦ ਸੁਗਬਾਮੂ ਨੂੰ 10-0 ਨਾਲ ਹਰਾ ਕੇ ਕੁਆਰਟਰ ਫਾਈਨਲ ਮੈਚ ਜਿੱਤੇ। 56 ਕਿਲੋ ਬੈਂਟਮ ਵੇਟ ਵਿਚ ਭਾਰਤ ਦਾ ਅਖਿਲ ਕੁਮਾਰ ਫਸਵੇਂ ਮੁਕਾਬਲੇ ਵਿੱਚ ਹਾਰ ਕੇ ਬਾਹਰ ਹੋ ਗਿਆ।
ਟੈਨਿਸ : ਟੈਨਿਸ ਵਿਚ ਭਾਰਤ ਦੇ ਸੋਮਦੇਵ ਦੇਵਬਰਮਨ ਨੇ ਭਾਰਤ ਨੂੰ ਪਹਿਲਾ ਸੋਨ ਤਗਮਾ ਦਿਵਾਇਆ। ਸੋਮਦੇਵ ਨੇ ਫਾਈਨਲ ਵਿਚ ਆਸਟਰੇਲੀਆ ਦੇ ਗਰੈਗ ਜੋਨਜ਼ ਨੂੰ 6-2 ਤੇ 6-4 ਨਾਲ ਹਰਾ ਕੇ ਭਾਰਤ ਨੂੰ ਰਾਸ਼ਟਰ ਮੰਡਲ ਖੇਡਾਂ ਦਾ 29ਵਾਂ ਸੋਨ ਤਮਗਾ ਜਿਤਾਇਆ। ਭਾਰਤੀ ਟੈਨਿਸ ਪਰੀ ਸਾਨੀਆ ਮਿਰਜ਼ਾ ਅਤੇ ਉਸ ਦੀ ਜੋਟੀਦਾਰ ਰਸ਼ਿਮ ਚੱਕਰਵਰਤੀ ਨੇ ਟੈਨਿਸ ਦੇ ਮਹਿਲਾ ਡਬਲਜ਼ 'ਚ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ ਨੇ ਆਪਣੀਆਂ ਹਮਵਤਨਾਂ ਨਿਰੂਪਮਾ ਸੰਜੀਵ ਅਤੇ ਪੂਜਾਸ੍ਰੀ ਵੈਂਕਟੇਸ਼ ਨੂੰ ਲਗਾਤਾਰ ਸੈੱਟਾਂ ਵਿਚ 6-4, 6-2 ਨਾਲ ਹਰਾਇਆ।

ਪਾਕਿ ਨੂੰ ਦਰੜ ਕੇ ਭਾਰਤ ਹਾਕੀ ਦੇ ਸੈਮੀਫਾਈਨਲ 'ਚ

ਨਵੀਂ ਦਿੱਲੀ, 10 ਅਕਤੂਬਰ - ਰਾਸ਼ਟਰਮੰਡਲ ਖੇਡਾਂ ਵਿਚ ਪੁਰਸ਼ ਹਾਕੀ ਮੈਚ ਵਿਚ ਭਾਰਤ ਨੇ ਪਾਕਿਸਤਾਨ ਨੂੰ 7-4 ਨਾਲ ਹਰਾ ਦਿੱਤਾ ਅਤੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਬਣਾ ਲਈ। ਇਸ ਤੋਂ ਪਹਿਲਾਂ ਭਾਰਤ ਨੇ ਸਕਾਟਲੈਂਡ ਨੂੰ 4-0 ਨਾਲ ਹਰਾਇਆ ਸੀ, ਉਥੇ ਪਾਕਿਸਤਾਨ ਆਸਟ੍ਰੇਲੀਆ ਹੱਥੋਂ 0-1 ਨਾਲ ਹਾਰ ਗਿਆ ਸੀ। ਆਸਟ੍ਰੇਲੀਆ, ਕੈਨੇਡਾ ਅਤੇ ਇੰਗਲੈਂਡ ਦੀਆਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਵਿਚ ਪਹੁੰਚ ਚੁੱਕੀਆਂ ਹਨ।

71 ਦੇਸ਼ਾਂ ਦੇ ਖਿਡਾਰੀ ਖੇਡਣਗੇ 29 ਸੋਨ ਤਗਮਿਆਂ ਲਈ

ਨਵੀਂ ਦਿੱਲੀ, 8 ਅਕਤੂਬਰ - ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਰਾਸ਼ਟਰ ਮੰਡਲ ਖੇਡਾਂ ਜਾਰੀ ਹਨ। ਇਨ੍ਹਾਂ ਖੇਡਾਂ ਦੇ ਸੱਤਵੇਂ ਦਿਨ ਯਾਨੀ 9 ਅਕਤੂਬਰ ਨੂੰ 71 ਦੇਸ਼ਾਂ ਦੇ ਖਿਡਾਰੀ 29 ਸੋਨ ਤਗਮਿਆਂ ਲਈ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। 8 ਤਗਮਿਆਂ ਦਾ ਫ਼ੈਸਲਾ ਐਥਲੈਟਿਕਸ 'ਚ ਹੋਵੇਗਾ, ਜਿਸ ਵਿਚ ਭਾਰਤੀ ਖਿਡਾਰੀ ਲੰਬੀ ਛਾਲ, ਡਿਸਕਸ ਸੁੱਟਣ, ਗੋਲਾ ਸੁੱਟਣ ਤੇ ਦੌੜਾਂ 700 ਮੀਟਰ ਅੜਿੱਕਾ ਤੇ 800 ਮੀਟਰ ਤੇ ਜੈਵਲਿਨ ਥਰੋਅ ਦੇ ਮੁਕਾਬਲਿਆਂ 'ਚ ਜ਼ੋਰ ਅਜ਼ਮਾਈ ਕਰਨਗੇ। ਨਿਸ਼ਾਨੇਬਾਜ਼ੀ 'ਚ 4 ਸੋਨ ਤਗਮਿਆਂ ਲਈ ਵੀ ਭਾਰਤੀ ਨਿਸ਼ਾਨਚੀ ਦਾਅਵੇਦਾਰ ਹਨ। ਪੁਰਸ਼ਾਂ ਦੇ ਫਰੀ ਸਟਾਈਲ ਕੁਸ਼ਤੀ ਦੇ ਤਿੰਨ ਸੋਨ ਤਗਮਿਆਂ (60, 74 ਤੇ 96 ਕਿਲੋ ਭਾਰ ਲਈ) ਵੀ ਭਾਰਤੀ ਪਹਿਲਵਾਨ ਤਕੜੇ ਦਾਅਵੇਦਾਰ ਹਨ। ਭਾਰ ਤੋਲਣ ਦੇ ਦੋ ਸੋਨ ਤਗਮਿਆਂ ਲਈ ਵੀ ਭਾਰਤੀ ਪੁਰਸ਼ ਤੇ ਮਹਿਲਾ ਖਿਡਾਰੀ ਦਾਅਵੇਦਾਰੀ ਪੇਸ਼ ਕਰਨਗੇ। ਟੇਬਲ ਟੈਨਿਸ ਦੇ ਟੀਮ ਮੁਕਾਬਲਿਆਂ ਲਈ ਵੀ ਇਕ ਸੋਨ ਤਗਮੇ ਦਾ ਫੈਸਲਾ ਭਲਕੇ ਹੋਵੇਗਾ। ਸੁਕੈਸ਼ ਦੇ ਵਿਅਕਤੀਗਤ ਮੁਕਾਬਲਿਆਂ ਦੇ ਦੋਵਾਂ ਵਰਗਾਂ 'ਚ ਸੋਨ ਤਗਮੇ ਦਾ ਫ਼ੈਸਲਾ ਵੀ ਹੋਵੇਗਾ। ਤੈਰਾਕੀ ਤੈਲਾਬ 'ਚੋਂ ਵੀ 9 ਸੋਨ ਤਗਮੇ ਲੱਭਣ ਲਈ ਵੀ ਚੋਟੀ ਦੇ ਤੈਰਾਕ ਤਾਰੀਆਂ ਲਗਾਉਣਗੇ। ਤੀਰ ਅੰਦਾਜ਼ੀ ਦੇ ਦੋ ਸੋਨ ਤਗਮਿਆਂ ਲਈ ਭਾਰਤੀ ਖਿਡਾਰੀ ਮਜਬੂਤ ਦਾਅਵੇਦਾਰੀ ਪੇਸ਼ ਕਰਨਗੇ। ਲਾਅਨ ਬਾਲਜ਼ 'ਚ ਦੋ ਸੋਨ ਤਗਮਿਆਂ ਦਾ ਫ਼ੈਸਲਾ ਹੋਵੇਗਾ। ਭਾਰਤ ਨੂੰ ਸਭ ਤੋਂ ਵਧੇਰੇ ਆਸ ਨਿਸ਼ਾਨੇਬਾਜ਼ੀ, ਕੁਸ਼ਤੀਆਂ ਤੇ ਭਾਰ ਤੋਲਣ 'ਚ ਹੈ।

ਭਾਰਤੀ ਹਾਕੀ ਟੀਮ ਬਰਾਸਾ ਅਤੇ ਰਾਜਪਾਲ 'ਚ ਪਈ ਦਰਾੜ

ਨਵੀਂ ਦਿੱਲੀ, 8 ਅਕਤੂਬਰ - ਭਾਰਤੀ ਟੀਮ ਨੂੰ ਆਸਟਰੇਲੀਆਂ ਨੇ 5-2 ਨਾਲ ਹਰਾਇਆ। ਇਸ ਹਾਰ ਕਰਕੇ ਭਾਰਤੀ ਟੀਮ ਦੇ ਕੋਚ ਜੋਸ ਬਰਾਸਾ ਨੇ ਬਹਾਨੇ ਬਣਾਉਂਦੇ ਹੋਏ ਕਿਹਾ ਕਿ ਭਾਰਤੀ ਟੀਮ ਆਪਸ ਵਿਚ ਫੁੱਟ ਦਾ ਸ਼ਿਕਾਰ ਹੈ ਪਰ ਜਵਾਬ ਵਿਚ ਕਪਤਾਨ ਰਾਜਪਾਲ ਸਿੰਘ ਨੇ ਕਿਹਾ, 'ਸਾਡੀ ਟੀਮ ਪੂਰੀ ਤਰ੍ਹਾਂ ਇਕਜੁੱਟ ਹੋ ਕੇ ਖੇਡ ਰਹੀ ਹੈ। ਗੁੱਟਬਾਜ਼ੀ ਵਾਲੀਆਂ ਗੱਲਾਂ ਮਨਘੜਤ ਹਨ। ਇਹ ਸਭ ਟੀਮ ਦਾ ਮਨੋਬਲ ਡੇਗਣ ਵਾਲੇ ਵਿਚਾਰ ਹਨ ਅਤੇ ਟੀਮ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਹੈ।' ਇਸ ਤੋਂ ਇਲਾਵਾ ਬਰਾਸਾ ਨੇ ਕਿਹਾ, ''ਭਾਰਤੀ ਟੀਮ ਲਈ ਇਕ ਚੰਗੇ ਮਨੋਚਕਿਤਸਕ ਦੀ ਜ਼ਰੂਰਤ ਹੇ, ਜੋ ਟੀਮ ਦਾ ਮਨੋਬਲ ਉੱਚਾ ਚੁੱਕ ਸਕੇ ਅਤੇ ਹਰੇਕ ਖਿਡਾਰੀ ਨੂੰ ਉਸ ਦੀ ਜ਼ਿੰਮੇਵਾਰੀ ਸਮਝਾ ਸਕੇ।'' ਇਸ ਦੇ ਜਵਾਬ 'ਚ ਰਾਜਪਾਲ ਸਿੰਘ ਨੇ ਕਿਹਾ, ''ਸਾਡੀ ਟੀਮ ਪੂਰੀ ਜ਼ਿੰਮੇਵਾਰੀ ਤੇ ਦਿਆਨਤਦਾਰੀ ਨਾਲ ਖੇਡ ਰਹੀ ਹੈ। ਟੀਮ ਨੂੰ ਕਿਸੇ ਵੀ ਮਨੋਚਕਿਤਸਕ ਦੀ ਜ਼ਰੂਰਤ ਨਹੀਂ ਹੈ। ਇਸ ਵੇਲੇ ਦੁਨੀਆਂ ਦੀ ਕਿਸੇ ਵੀ ਹਾਕੀ ਟੀਮ ਨਾਲ ਕੋਈ ਵੀ ਮਨੋਚਕਿਤਸਕ ਨਹੀਂ ਲੱਗਿਆ ਹੋਇਆ।' ਉਧਰ ਆਪਣੇ ਭਵਿੱਖ ਬਾਰੇ ਜੋਸ ਬਰਾਸਾ ਨੇ ਕਿਹਾ, ''ਮੇਰਾ ਇਕਰਾਰਨਾਮਾ ਏਸ਼ੀਅਨ ਖੇਡਾਂ ਤੱਕ ਹੈ, ਜਿਸ ਨੂੰ ਮੈਂ ਨਿਭਾਵਾਂਗਾ। ਭਾਰਤੀ ਹਾਕੀ ਪ੍ਰਬੰਧਕ ਹੀ ਦੱਸ ਸਕਦੇ ਹਨ ਕਿ ਰਾਸ਼ਟਰ ਮੰਡਲ ਖੇਡਾਂ ਤੋਂ ਬਾਅਦ ਉਸ ਨੂੰ ਪੂਰਾ ਸਮਾਂ ਰੱਖਦੇ ਹਨ ਜਾਂ ਨਹੀਂ ਪਰ ਮੈਂ ਆਪਣਾ ਕਾਰਜਕਾਲ ਵਿਚਕਾਰ ਨਹੀਂ ਛੱਡਾਂਗਾ ਅਤੇ ਨਿਰਧਾਰਿਤ ਸਮਾਂ ਕੰਮ ਕਰਾਂਗਾ।

43 ਸੋਨ ਤਗਮਿਆਂ ਦਾ ਫੈਸਲਾ

ਨਵੀਂ ਦਿੱਲੀ, 7 ਅਕਤੂਬਰ - ਰਾਸ਼ਟਰ ਮੰਡਲ ਖੇਡਾਂ ਜੋ ਕਿ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਚੱਲ ਰਹੀਅ ਹਨ। ਇਨ੍ਹਾਂ ਖੇਡਾਂ ਲਈ ਅੱਜ ਸਭ ਤੋਂ ਵੱਧ 43 ਸੋਨ ਤਗਮਿਆਂ ਦਾ ਫੈਸਲਾ ਹੋਣਾ ਹੈ। ਪਹਿਲਾਂ 4 ਅਕਤੂਬਰ ਨੂੰ 8 ਸੋਨ ਤਗਮਿਆਂ ਦਾ ਫੈਸਲਾ ਹੋਣਾ ਸੀ ਪਰ ਭਲਕੇ ਸਭ ਤੋਂ ਵੱਧ 11 ਸੋਨ ਤਗਮਿਆਂ ਲਈ ਤੈਰਾਕ ਬਾਰੇ ਪ੍ਰਦਰਸ਼ਨ ਦਿਖਾਉਣਗੇ। ਉਸ ਤੋਂ ਬਾਅਦ ਆਰਟਿਸਟਿਕ ਜਿਮਨਾਸਟਿਕ ਤੇ ਨਿਸ਼ਾਨੇਬਾਜ਼ੀ 'ਚ 5-5 ਸੋਨ ਤਗਮਿਆਂ ਦਾ ਫ਼ੈਸਲਾ ਹੋਵੇਗਾ। ਐਥਲੈਟਿਕਸ 'ਚ 8 ਤਗਮੇ ਦਾਅ 'ਤੇ ਲੱਗੇ ਹਨ। ਮਹਿਲਾ ਕੁਸ਼ਤੀਆਂ ਦੇ ਪਹਿਲੇ ਦਿਨ 3 ਤਗਮਿਆਂ ਦਾ ਨਿਤਾਰਾ ਹੋਵੇਗਾ। ਸਾਈਕਲਿੰਗ ਦੇ ਟਰੈਕ ਮੁਕਾਬਲਿਆਂ 'ਚ ਵੀ ਤਿੰਨ ਸੋਨ ਤਗਮੇ ਦਾਅ 'ਤੇ ਲੱਗੇ ਹਨ। ਇਸ ਤੋਂ ਇਲਾਵਾ ਤੀਰ ਅੰਦਾਜ਼ੀ ਦੇ ਟੀਮ ਮੁਕਾਬਲਿਆਂ ਦੇ ਪੁਰਸ਼ ਤੇ ਮਹਿਲਾ ਵਰਗਾਂ ਦੇ ਫਾਈਨਲ ਮੁਕਾਬਲਿਆਂ 'ਚ ਦੋ ਸੋਨ ਤਗਮਿਆਂ ਦਾ ਫ਼ੈਸਲਾ ਹੋਵੇਗਾ। ਭਾਰ ਤੋਲਣ 'ਚ ਅਤੇ ਸੁਕੈਸ਼ 'ਚ 2-2 ਅਤੇ ਟੇਬਲ ਟੈਨਿਸ ਦੇ ਟੀਮ ਮੁਕਾਬਲਿਆਂ ਦੇ ਸੋਨ ਤਗਮੇ 'ਚ ਵੀ ਭਲਕੇ ਹੀ ਫ਼ੈਸਲਾ ਹੋਵੇਗਾ।

ਰਾਸ਼ਟਰ ਮੰਡਲ ਖੇਡਾਂ 'ਚ ਭਾਰਤ ਨੇ 14 ਸੋਨ ਤਗਮੇ ਜਿੱਤੇ

ਨਵੀਂ ਦਿੱਲੀ, 7 ਅਕਤੂਬਰ - ਦਿੱਲੀ ਦੇ ਜਵਾਹਰ ਲਾਲ ਨਹਿਰੂ ਖੇਡ ਸਟੇਡੀਅਮ ਵਿਚ ਰਾਸ਼ਟਰ ਮੰਡਲ ਖੇਡਾਂ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਭਾਰਤ ਨੇ ਤਿੰਨ ਸੋਨ ਤਗਮੇ ਜਿੱਤ ਕੇ ਸੋਨ ਤਗਮਿਆਂ ਦੀ ਗਿਣਤੀ 14 ਕਰ ਲਈ ਅਤੇ ਕੁੱਲ 34 (14 ਸੋਨ, 11 ਚਾਂਦੀ ਅਤੇ 9 ਕਾਂਸੀ) ਤਗਮਿਆਂ ਦੇ ਨਾਲ ਭਾਰਤ ਤਗਮਾ ਸੂਚੀ 'ਚ ਦੂਸਰੇ ਸਥਾਨ 'ਤੇ ਬਰਕਰਾਰ ਹੈ। ਸ਼ੂਟਿੰਗ ਰੇਂਜ 'ਚ ਵਿਜੈ ਕੁਮਾਰ ਅਤੇ ਗੁਰਪ੍ਰੀਤ ਸਿੰਘ ਦੀ ਜੋੜੀ ਨੇ 25 ਮੀਟਰ ਰੈਪਿਡ ਫਾਇਰ ਪਿਸਟਲ (ਡਬਲਜ਼) ਮੁਕਾਬਲੇ 'ਚ ਸੋਨੇ ਦਾ ਤਗਮਾ ਜਿੱਤਿਆ। ਵਿਜੈ ਨੇ 587 ਅੰਕ ਜਦਕਿ ਉਸ ਦੇ ਜੋੜੀਦਾਰ ਗੁਰਪ੍ਰੀਤ ਸਿੰਘ ਨੇ 575 ਅੰਕ ਪ੍ਰਾਪਤ ਕੀਤੇ। ਇਸ ਤਰ੍ਹਾਂ ਦੋਵੇਂ ਕੁੱਲ 1162 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ 'ਤੇ ਕਾਬਜ਼ ਰਹੇ। ਪੰਜਾਬ ਦੇ ਗੁਰਪ੍ਰੀਤ ਸਿੰਘ ਨੇ ਓਂਕਾਰ ਸਿੰਘ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਈਵੈਂਟ 'ਚ ਦਿਨ ਦਾ ਦੂਜਾ ਸੋਨ ਤਗਮ ਜਿੱਤਿਆ। ਇਸ ਤੋਂ ਇਲਾਵਾ ਮਹਿਲਾ ਕੁਸ਼ਤੀ ਦੇ 55 ਕਿਲੋ ਫਰੀ ਸਟਾਈਲ ਵਿਚ ਭਾਰਤ ਦੀ ਗੀਤਾ ਨੇ ਸੋਨੇ ਦਾ ਅਤੇ 48 ਕਿਲੋ ਫਰੀ ਸਟਾਈਲ ਵਿਚ ਭਾਰਤ ਦੀ ਨਿਰਮਲਾ ਦੇਵੀ ਨੇ ਚਾਂਦੀ ਦਾ ਤਗਮਾ ਜਿੱਤਿਆ। ਤੀਰਅੰਦਾਜ਼ੀ ਦੇ ਪੁਰਸ਼ ਕੰਪਾਊਡ ਵਰਗ ਵਿਚ ਭਾਰਤੀ ਟੀਮ ਫਾਈਨਲ ਵਿਚ ਇੰਗਲੈਂਡ ਤੋਂ ਹਾਰਨ ਕਰਕੇ ਚਾਂਦੀ ਦਾ ਤਗਮਾ ਹੀ ਜਿੱਤ ਸਕੀ। ਭਾਰਤ ਨੂੰ 229-231 ਦੀ ਹਾਰ ਮਿਲੀ। ਮਹਿਲਾ ਵਰਗ ਵਿਚ ਕੰਪਾਊਡ ਟੀਮ ਵਿਚ ਹੀ ਭਾਰਤ ਨੇ ਮਲੇਸ਼ੀਆ ਨੂੰ 223-219 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਇਸ ਟੀਮ ਵਿਚ ਪੰਜਾਬ ਦੀ ਗਗਨਦੀਪ ਕੌਰ ਸ਼ਾਮਿਲ ਸੀ। ਵੇਟਲਿਫਟਿੰਗ ਵਿਚ ਪੁਰਸ਼ਾਂ ਦੇ 77 ਕਿਲੋ ਵਰਗ ਵਿਚ ਸੁਧੀਰ ਕੁਮਾਰ ਨੇ ਕਾਂਸੀ ਦਾ ਤਗਮਾ ਜਿੱਤਿਆ। ਮੁੱਕੇਬਾਜ਼ੀ ਵਿੱਚ ਭਾਰਤ ਦੇ ਦੋ ਮੁੱਕੇਬਾਜ਼ਾਂ ਨੇ ਆਪਣੇ ਦੌਰ ਦੇ ਮੈਚ ਜਿੱਤ ਲਏ। ਅਖਿਲ ਕੁਮਾਰ ਨੇ 56 ਕਿਲੋ ਅਤੇ ਅਮਨਦੀਪ ਸਿੰਘ ਨੇ 46-49 ਕਿਲੋ ਭਾਰ ਵਰਗ ਵਿੱਚ ਆਪਣੇ ਮੈਚ ਜਿੱਤੇ। ਟੈਨਿਸ ਵਿੱਚ ਭਾਰਤ ਦੀ ਸਾਨੀਆ ਮਿਰਜ਼ਾ ਨੇ ਨਿਊਜ਼ੀਲੈਂਡ ਦੀ ਇਰਾਕੋਵਿਕ ਨੂੰ 6-2 ਤੇ 6-3 ਅਤੇ ਭਾਰਤ ਦੇ ਸੋਮਦੇਵ ਦੇਵਬਰਮਨ ਨੇ ਹੀ ਨਿਊਜ਼ੀਲੈਂਡ ਦੇ ਸਟੈਥਹਮ ਨੂੰ 6-3 ਤੇ 6-4 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਸਥਾਨ ਹਾਸਲ ਕੀਤਾ। ਪੁਰਸ਼ ਡਬਲਜ਼ ਵਿੱਚ ਭਾਰਤ ਦੇ ਲਿਏਂਡਰ ਪੇਸ ਤੇ ਮਹੇਸ਼ ਭੂਪਤੀ ਨੇ ਇੰਗਲੈਂਡ ਦੇ ਗੁੱਡਲ ਤੇ ਵਾਰਡ ਦੀ ਜੋੜੀ ਨੂੰ 6-2, 6-7 ਤੇ 7-6 ਨਾਲ ਹਰਾ ਕੇ ਆਖਰੀ ਚਾਰਾਂ ਵਿਚ ਸਥਾਨ ਬਣਾਇਆ।

ਹਾਕੀ ਵਿਚ ਭਾਰਤੀਆਂ ਦੀ ਜਿੱਤ

ਹਾਕੀ ਵਿਚ ਭਾਰਤ ਦੇ ਮੁੰਡਿਆਂ ਨੂੰ ਆਸਟ੍ਰੇਲੀਆ ਨੇ 5-2 ਨਾਲ ਹਰਾ ਕੇ ਆਪਣੀ ਸੈਮੀ ਫਾਈਨਲ ਵਿੱਚ ਸੀਟ ਲਗਭਗ ਪੱਕੀ ਕਰ ਦਿੱਤੀ। ਇਸੇ ਦੌਰਾਨ ਕੈਨੇਡਾ ਤੇ ਇੰਗਲੈਂਡ ਵਿਚਕਾਰ ਪੁਰਸ਼ ਹਾਕੀ ਦਾ ਇਕ ਹੋਰ ਮੁਕਾਬਲਾ 1-1 ਨਾਲ ਬਰਾਬਰੀ 'ਤੇ ਰਿਹਾ।

ਰਾਸ਼ਟਰ ਮੰਡਲ ਖੇਡਾਂ ਦੇ ਦੂਜੇ ਦਿਨ ਭਾਰਤੀਆਂ ਨੇ ਜਿੱਤੇ 5 ਸੋਨ ਤਗਮੇ

ਨਵੀਂ ਦਿੱਲੀ, 5 ਅਕਤੂਬਰ - ਦਿੱਲੀ ਦੇ ਨਹਿਰੂ ਸਟੇਡੀਅਮ 'ਚ ਰਾਸ਼ਟਰ ਮੰਡਲ ਖੇਡਾਂ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਦੂਜੇ ਦਿਨ ਭਾਰਤ ਨੇ ਪੰਜ ਸੋਨ ਤਗਮੇ ਜਿੱਤੇ। ਭਾਰਤ ਹੁਣ ਆਸਟਰੇਲੀਆ ਤੋਂ ਬਾਅਦ ਦੂਜੇ ਦਰਜੇ 'ਤੇ ਪਹੁੰਚ ਗਿਆ ਹੈ। ਨਿਸ਼ਾਨੇਬਾਜ਼ੀ ਵਿਚ ਭਾਰਤ ਨੇ ਦੋ ਸੋਨੇ ਅਤੇ ਦੋ ਚਾਂਦੀ ਦੇ ਤਗਮਿਆਂ 'ਤੇ ਕਬਜ਼ਾ ਕੀਤਾ ਜਦਕਿ ਕੁਸ਼ਤੀ ਵਿਚ ਵੀ ਭਾਰਤ ਨੂੰ ਤਿੰਨ ਸੋਨ ਤਗਮੇ ਮਿਲੇ। ਬੀਜਿੰਗ ਉਲੰਪਿਕ 'ਚ ਦੇਸ਼ ਲਈ ਸੋਨ ਤਗਮਾ ਜਿੱਤਣ ਵਾਲੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਪੇਅਰ (ਜੋੜੇ) ਵਾਲੇ ਮੁਕਾਬਲੇ 'ਚ ਵਿਸ਼ਵ ਰਿਕਾਰਡ ਧਾਰੀ ਗਗਨ ਨਾਰੰਗ ਨਾਲ ਮਿਲ ਕੇ ਦੇਸ਼ ਲਈ 19ਵੀਆਂ ਰਾਸ਼ਟਰ ਮੰਡਲ ਖੇਡਾਂ ਦਾ ਪਹਿਲਾ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਸੋਨ ਤਗਮਾ ਜਿੱਤਣ ਦੇ ਨਾਲ ਹੀ ਅਭਿਨਵ ਤੇ ਨਾਰੰਗ ਨੇ ਮੈਲਬੋਰਨ ਖੇਡਾਂ 2006 'ਚ ਬਣਾਇਆ ਆਪਣਾ ਹੀ 1189 ਅੰਕਾਂ ਦਾ ਰਿਕਾਰਡ ਵੀ ਤੋੜਿਆ। ਉਧਰ ਅਨੀਸਾ ਸਈਅਦ ਤੇ ਸਰਨੋਬਤ ਰਾਹੀ ਨੇ ਮਹਿਲਾ ਵਰਗ 'ਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। ਭਾਰਤੀ ਪਹਿਲਵਾਨਾਂ ਨੇ 'ਚੋਂ ਰਵਿੰਦਰ ਸਿੰਘ, ਸੰਜੇ ਕੁਮਾਰ ਅਤੇ ਅਨਿਲ ਕੁਮਾਰ ਨੇ ਸੋਨ ਤਗਮੇ ਆਪਣੇ ਨਾਂਅ ਕੀਤੇ। 60 ਕਿਲੋ ਗ੍ਰੀਕੋ ਰੋਮਨ ਕੁਸ਼ਤੀ ਮੁਕਾਬਲੇ 'ਚ ਰਵਿੰਦਰ ਸਿੰਘ ਨੇ ਇੰਗਲੈਂਡ ਦੇ ਟੈਰਿਸ ਕ੍ਰਿਸਟੋਫਰ ਨੂੰ 7-0 ਨਾਲ ਬੁਰੀ ਤਰ੍ਹਾਂ ਹਰਾ ਕੇ ਸੋਨ ਤਗਮਾ ਜਿੱਤਿਆ ਜਦਕਿ 74 ਕਿਲੋ ਗ੍ਰੀਕੋ ਰੋਮਨ ਕੁਸ਼ਤੀ ਮੁਕਾਬਲੇ ਵਿਚ ਸੰਜੇ ਕੁਮਾਰ ਨੇ ਦੱਖਣੀ ਅਫਰੀਕਾ ਦੇ ਰਿਚਰਡ ਬ੍ਰਾਇਨ ਨੂੰ ਹਰਾ ਕੇ ਸੋਨ ਤਗਮਾ ਫੁੰਡਿਆ। 96 ਕਿਲੋ ਵਰਗ ਵਿਚ ਭਾਰਤ ਦੇ ਅਨਿਲ ਕੁਮਾਰ ਨੇ ਆਸਟ੍ਰੇਲੀਆ ਦੇ ਹਾਸਸੇਨ ਫਕੀਰੀ ਨੂੰ ਹਰਾ ਕੇ ਕੁਸ਼ਤੀ ਵਿਚ ਤੀਸਰਾ ਸੋਨ ਤਗਮਾ ਭਾਰਤ ਦੀ ਝੋਲੀ ਪਾਇਆ। ਪੁਰਸ਼ਾਂ ਦੇ 50 ਮੀਟਰ ਪਿਸਟਲ ਮੁਕਾਬਲੇ ਵਿਚ ਭਾਰਤ ਦੇ ਓਂਕਾਰ ਸਿੰਘ ਤੇ ਦੀਪਕ ਸ਼ਰਮਾ ਦੀ ਜੋੜੀ ਨੇ 1087 ਨਿਸ਼ਾਨੇ ਲਗਾ ਕੇ ਚਾਂਦੀ ਦਾ ਤਗਮਾ ਚੁੰਮਿਆ। ਔਰਤਾਂ ਦੇ 50 ਮੀਟਰ ਥ੍ਰੀ ਪੁਜ਼ੀਸ਼ਨ ਰਾਈਫਲ ਵਿਚ ਪੇਅਰਸ ਦਾ ਚਾਂਦੀ ਦਾ ਤਗਮਾ ਭਾਰਤ ਦੀ ਤੇਜਸਵਨੀ ਸਾਵੰਤ ਅਤੇ ਲੱਜਾ ਗੋਸਵਾਮੀ ਦੀ ਜੋੜੀ ਨੇ ਜਿੱਤਿਆ। ਕਰਣੀ ਸਿੰਘ ਸ਼ੂਟਿੰਗ ਰੇਂਜ 'ਚ ਸਵੇਰੇ ਹੋਏ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਅਭਿਨਵ ਬਿੰਦਰਾ ਤੇ ਗਗਨ ਨਾਰੰਗ ਨੇ 6 ਦੌਰਾਂ ਵਾਲੇ ਮੁਕਾਬਲੇ 'ਚ 1193 ਅੰਕ ਬਣਾ ਕੇ ਸੋਨ ਤਗਮਾ ਚੁੰਮਣ ਦਾ ਮਾਣ ਪ੍ਰਾਪਤ ਕੀਤਾ। ਇਸ ਮੁਕਾਬਲੇ 'ਚ ਅਭਿਨਵ ਨੇ 600 'ਚੋਂ 595 ਨਿਸ਼ਾਨੇ ਲਗਾਏ, ਜਿਨ੍ਹਾਂ ਵਿਚ ਉਸ ਨੇ ਦੋ ਪੜਾਵਾਂ 'ਚ 100-100 ਅੰਕ ਬਟੋਰੇ। ਉਸ ਦੇ ਸਾਥੀ ਗਗਨ ਨਾਰੰਗ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ 600 'ਚੋਂ 598 ਅੰਕ ਬਣਾਏ, ਜਿਨ੍ਹਾਂ ਵਿਚ ਚਾਰ ਪੜਾਵਾਂ 'ਚ ਉਸ ਨੇ 100-100 ਅੰਕ ਬਣਾਏ ਤੇ ਦੋ 'ਚ 99-99 ਅੰਕ ਬਣਾਏ।
ਤੀਰਅੰਦਾਜ਼ੀ : ਤੀਰਅੰਦਾਜ਼ੀ ਵਿਚ ਭਾਰਤ ਦੀ ਦੀਪਿਕਾ ਕੁਮਾਰੀ, ਡੋਲਾ ਬੈਨਰਜੀ ਅਤੇ ਰਾਹੁਲ ਬੈਨਰਜੀ ਨੇ ਦੂਸਰੇ ਗੇੜ ਵਿਚ ਦਾਖ਼ਲਾ ਪਾ ਲਿਆ ਹੈ।
ਮੁੱਕੇਬਾਜ਼ੀ : ਮੁੱਕੇਬਾਜ਼ੀ ਮੁਕਾਬਲਿਆਂ ਦੇ ਪਹਿਲੇ ਦਿਨ 49 ਕਿਲੋ ਵਰਗ 'ਚ ਪੰਜਾਬੀ ਪੁੱਤਰ ਅਮਨਦੀਪ ਸਿੰਘ ਸੰਗਰੂਰ ਤੇ ਹਰਿਆਣਾ ਦੇ ਮਨੋਜ ਕੁਮਾਰ ਨੇ ਜੇਤੂ ਸ਼ੁਰੂਆਤ ਕੀਤੀ। ਅਮਨਦੀਪ ਨੇ ਰਾਸ਼ਟਰ ਮੰਡਲ ਚੈਂਪੀਅਨਸ਼ਿਪ ਦੇ ਫਾਈਨਲਿਸਟ ਪੀਟਰ ਵਾਓਰੀਨੀਆ ਨੂੰ 6-2 ਨਾਲ ਹਰਾਇਆ ਜਦਕਿ ਮਨੋਜ ਕੁਮਾਰ ਨੇ 64 ਕਿਲੋ ਵਰਗ ਵਿਚ ਸੇਂਟ ਲੂਸੀਆ ਦੇ ਡੇਨੀਅਲ ਲਗਾਓ ਨੂੰ 17-1 ਦੇ ਵੱਡੇ ਫਰਕ ਨਾਲ ਹਰਾਇਆ।
ਬੈਡਮਿੰਟਨ : ਸਾਇਨਾ ਨੇਹਵਾਲ ਦੀ ਅਗਵਾਈ ਵਾਲੀ ਭਾਰਤੀ ਬੈਡਮਿੰਟਨ ਟੀਮ ਨੇ ਇਕ ਪਾਸੜ ਮੁਕਾਬਲੇ ਵਿਚ ਬਾਹਮਾਸ ਨੂੰ 5-0 ਨਾਲ ਹਰਾ ਕੇ ਆਖਰੀ ਅੱਠ ਵਿਚ ਥਾਂ ਬਣਾ ਲਈ।

ਸੋਨ ਤਗਮਾ ਜਿੱਤਣ ਵਾਲੇ ਪਹਿਲਵਾਨਾਂ ਨੂੰ 15-15 ਲੱਖ ਦਾ ਇਨਾਮ

ਚੰਡੀਗੜ੍ਹ, 5 ਅਕਤੂਬਰ - ਦਿੱਲੀ 'ਚ 19ਵੀਆਂ ਰਾਸ਼ਟਰ ਮੰਡਲ ਖੇਡਾਂ ਦੇ ਦੂਜੇ ਦਿਨ ਹਰਿਆਣੇ ਦੇ ਪਹਿਲਵਾਨ ਰਵਿੰਦਰ ਸਿੰਘ, ਸੰਜੇ ਕੁਮਾਰ ਤੇ ਅਨਿਲ ਕੁਮਾਰ ਨੇ ਸੋਨ ਤਗਮਾ ਜਿੱਤਿਆ ਹੈ। ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਰਾਜ ਦੇ ਤਿੰਨੇ ਪਹਿਲਵਾਨਾਂ ਨੂੰ 15-15 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਰਾਸ਼ਟਰ ਮੰਡਲ ਖੇਡਾਂ 'ਚ ਹੋਣ ਵਾਲੇ ਮੁਕਾਬਲੇ

ਨਵੀਂ ਦਿੱਲੀ : 19ਵੀਂ ਰਾਸ਼ਟਰ ਮੰਡਲ ਖੇਡਾਂ ਨਵੀਂ ਦਿੱਲੀ 'ਚ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਵੱਖ-ਵੱਖ ਸਟੇਡੀਅਮ 'ਚ ਹੋਣ ਵਾਲੇ ਖੇਡ ਮੁਕਾਬਲਿਆਂ ਦੀ ਤਫਸੀਲ ਇਸ ਪ੍ਰਕਾਰ ਹੈ :

ਤੈਰਾਕੀ : ਭਲਕੇ 5 ਅਕਤੂਬਰ ਨੂੰ ਮਹਿਲਾਵਾਂ ਦੇ 100 ਮੀਟਰ ਬੈਕ ਸਟਰੋਕ ਤੇ ਫਰੀਸਟਾਈਲ ਮੁਕਾਬਲਿਆਂ ਦੇ ਫਾਈਨਲ ਹੋਣਗੇ। ਪੁਰਸ਼ਾਂ ਦੇ 100 ਮੀਟਰ ਫਰੀਸਟਾਈਲ ਦਾ ਫਾਈਨਲ ਤੇ 50 ਮੀਟਰ ਬਟਰ ਫਲਾਈ ਦਾ ਸੈਮੀਫਾਈਨਲ ਹੋਣਗੇ। ਅੰਗ ਤੈਰਾਕਾਂ ਦੇ ਵੀ 50 ਮੀਟਰ ਫਰੀਸਟਾਈਲ ਮੁਕਾਬਲੇ ਹੋਣਗੇ।
ਸਾਈਕਲਿੰਗ : ਵਿਅਕਤੀਗਤ ਪ੍ਰਸੂਟ ਮੁਕਾਬਲਿਆਂ ਦੇ ਮੁਢਲੇ ਗੇੜ ਤੋਂ ਬਾਅਦ 500 ਮੀਟਰ ਟਾਈਮ ਟਰਾਇਲ (ਮਹਿਲਾ) ਤੇ 100 ਮੀਟਰ ਟਾਈਮ ਟਰਾਇਲ ਪੁਰਸ਼ਾਂ ਦੇ ਫਾਈਨਲ ਮੁਕਾਬਲੇ ਹੋਣਗੇ। ਇਸ ਦੇ ਨਾਲ ਹੀ 40 ਕਿਲੋਮੀਟਰ ਪੁਆਇੰਟ ਰੇਸ ਦਾ ਫਾਈਨਲ ਵੀ ਹਵੇਗਾ।
ਜਿਮਨਾਸਟਿਕ :  ਜਿਮਨਾਸਟਿਕ ਟੀਮ ਮੁਕਾਬਲਿਆਂ ਦੇ ਫਾਈਨਲ ਹੋਣਗੇ।
ਨਿਸ਼ਾਨੇਬਾਜ਼ੀ : 25 ਮੀਟਰ ਏਅਰ ਪਿਸਟਲ ਮਹਿਲਾ ਰਗ ਦੇ ਮੁਢਲੇ ਮੁਕਾਬਲੇ ਹੋਣਗੇ। ਪੇਅਰ 'ਚ 50 ਮੀਟਰ ਏਅਰ ਪਿਸਟਲ ਅਤੇ ਪੇਅਰ 'ਚ ਹੀ 10 ਮੀਟਰ ਏਅਰ ਰਾਈਫਲ ਦੇ ਪੁਰਸ਼ਾਂ ਤੇ ਮਹਿਲਾ ਵਰਗ ਦੇ ਫਾਈਨਲ ਹੋਣਗੇ।
ਭਾਰਤ ਤੋਲਣ : ਪੁਰਸ਼ ਵਰਗ ਦੇ 62 ਕਿਲੋ ਤੇ ਮਹਿਲਾਵਾਂ ਦੇ 53 ਕਿਲੋ ਵਰਗ ਦੇ ਫਾਈਨਲ ਮੁਕਾਬਲੇ ਹੋਣਗੇ।
ਕੁਸ਼ਤੀਆਂ : ਗ੍ਰੀਕੋ ਰੋਮਨ ਪੁਰਸ਼ ਕੁਸ਼ਤੀ ਮੁਕਾਬਿਲਆਂ ਦੇ ਫਾਈਨਲ ਹੋਣਗੇ।

ਭਾਰਤ ਦੀ ਹੋਣਹਾਰ ਖਿਡਾਰਨ ਸਾਇਨਾ ਨੇਹਵਾਲ ਨੇ ਬੈਡਮਿੰਟਨ ਦੇ ਮੁੱਢਲੇ ਗੇੜ 'ਚ ਕੀਨੀਆ ਦੀ ਜੋਸੇਫ ਮਰਸੀ ਨੂੰ ਸਿੱਧੇ ਸੈੱਟਾਂ 'ਚ 21-11 ਤੇ 21-4 ਨਾਲ ਹਰਾ ਕੇ ਵਧੀਆ ਸ਼ੁਰੂਆਤ ਕੀਤੀ। ਇਸ ਮੈਚ 'ਚ ਸਾਇਨਾ ਨੇ ਸ਼ੁਰੂ ਤੋਂ ਹੀ ਦਬਦਬਾ ਬਣਾ ਕੇ ਰੱਖਿਆ ਅਤੇ ਜੋਸਫ ਦੇ ਪੂਰੇ ਮੈਚ ਦੌਰਾਨ ਪੈਰ ਨਾ ਲੱਗਣ ਦਿੱਤੇ। ਮਿਕਸਡ ਡਬਲਜ਼ ਵਿੱਚ ਜਵਾਲਾ ਗੁੱਟਾ ਤੇ ਦੀਜੂ ਦੀ ਭਾਰਤੀ ਜੋੜੀ ਨੇ ਕੀਨੀਆ ਨੂੰ 21-8 ਤੇ 21-5 ਹਰਾਇਆ। ਸਕੁਐਸ਼ ਵਿੱਚ ਭਾਰਤ ਦੇ ਸੌਰਵ ਘੋਸ਼ਾਲ ਤੇ ਜੋਸ਼ਨ ਚਿਨੱਪਾ ਨੂੰ ਜਿੱਤਾ ਮਿਲੀਆ ਜਦੋਂ ਕਿ ਭਾਰਤ ਦੀ ਏ. ਰੈਡੀ, ਦੀਪਿਕਾ ਪਾਲੀਕਲ ਤੇ ਸਿਧਾਰਥ ਐਸ. ਨੂੰ ਹਾਰਾਂ ਮਿਲੀਆਂ।
ਟੇਬਲ ਟੈਨਿਸ : ਮਹਿਲਾ ਟੀਮ ਮੁਕਾਬਲਿਆਂ 'ਚ ਮੌਮਾ ਦਾਸ ਤੇ ਸ਼ਮਿਨੀ ਕੁਮਾਹਨ ਨੇ ਸ੍ਰੀਲੰਕਾ ਖਿਲਾਫ਼ 2-0 ਦੀ ਸ਼ਾਨਦਾਰ ਜਿੱਤ ਦਰਜ ਕਰਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ। ਮੌਮਾ ਦਾਸ ਨੇ ਸ੍ਰੀਲੰਕਾ ਦੀ ਖਿਡਾਰਨ ਆਈ.ਐਮ. ਦਰਸਿੱਕਾ ਨੂੰ 11-4, 11-5 ਤੇ 11-4 ਨਾਲ ਹਰਾਇਆ ਜਦੋਂ ਕਿ ਸ਼ਮਿਨੀ ਕੁਮਾਹਰਨ ਨੇ ਨੁਵਾਨੀ ਨਵੋਦਿਆ ਨੂੰ 11-9, 11-9 ਅਤੇ 11-7 ਨਾਲ ਹਰਾ ਕੇ ਆਪਣੀ ਟੀਮ ਦੀ ਜਿੱਤ ਯਕੀਨੀ ਬਣਾਈ। ਇਨ੍ਹਾਂ ਮੁਕਾਬਲਿਆਂ 'ਚ ਭਾਰਤੀ ਖਿਡਾਰਨਾਂ ਦੂਸਰੀ ਦਰਜਾਬੰਦੀ 'ਤੇ ਹਨ।
ਤੈਰਾਕੀ : ਤੈਰਾਕੀ ਵਿੱਚ ਭਾਰਤ ਸਾਰੇ ਈਵੈਂਟਾਂ ਵਿੱਚ ਹੀ ਹਾਰ ਗਿਆ। 4 ਗੁਣਾਂ 100 ਮੀਟਰ ਪੁਰਸ਼ ਫਰੀ ਸਟਾਈਲ ਰਿਲੇਅ ਵਿੱਚ ਭਾਰਤੀ ਟੀਮ ਫਾਈਨਲ ਵਿਚ ਛੇਵੇਂ ਸਥਾਨ 'ਤੇ ਰਹੀ। ਇਸ ਤੋਂ ਇਲਾਵਾ 200 ਮੀਟਰ ਵਿਅਕਤੀਗਤ ਮੈਡਲੀ ਦੇ ਕੁਆਲੀਫਾਈ ਗੇੜ ਵਿਚ ਪੂਜਾ, ਮਹਿਲਾਵਾਂ ਦੀ 50 ਮੀਟਰ ਬਰੈਸਟ ਸਟਰੋਕ ਵਿਚ ਪੂਰਵਾ, ਪੁਰਸ਼ਾਂ ਦੀ 200 ਮੀਟਰ ਬਟਰ ਫਲਾਈ ਦੇ ਕੁਆਲੀ ਫਾਈ ਗੇੜ ਵਿਚ ਰੇਹਨ ਜਹਾਂਗੀਰ ਤੇ ਤਰੁਣ ਅਤੇ ਪੁਰਸ਼ਾਂ ਦੇ 400 ਮੀਟਰ ਫਰੀ ਸਟਾਈਲ ਵਿੱਚ ਡਿਵਾਸੇ ਨੂੰ ਹਾਰ ਮਿਲੀ।
ਤੀਰਅੰਦਾਜ਼ੀ : ਤੀਰਅੰਦਾਜ਼ੀ ਦੇ ਵਿਅਕਤੀਗਤ ਰਿਕਰਵ ਮੁਕਾਬਲੇ ਵਿਚ ਪੁਰਸ਼ ਵਰਗ ਵਿੱਚ ਭਾਰਚ ਦਾ ਰਾਹੁਲ ਬੈਨਰਜੀ ਤੇ ਜੈਅੰਤਾ ਤਾਲੁਕਦਾਰ ਅਤੇ ਮਹਿਲਾ ਵਰਗ ਵਿਚ ਭਾਰਤ ਦੀ ਦੀਪਿਕਾ ਕੁਮਾਰੀ ਤੇ ਡੋਲਾ ਬੈਨਰਜੀ ਪਹਿਲੇ ਤੇ ਦੂਜੇ ਸਥਾਨ ਉਪਰ ਰਹਿ ਕੇ ਫਾਈਨਲ ਲਈ ਕੁਆਲੀਫਾਈ ਹੋਏ।
ਸਕੁਐਸ਼ 'ਚ ਝਟਕਾ : ਭਾਰਤ ਦੀ 19 ਸਾਲਾ ਦੀਪਿਕਾ ਪੱਲੀਕਲ ਬੁਖਾਰ ਹੋਣ ਕਾਰਨ ਇਨ੍ਹਾਂ ਖੇਡਾਂ 'ਚੋਂ ਬਾਹਰ ਹੋ ਗਈ, ਜਿਸ ਕਾਰਨ ਸਕੁਐਸ਼ 'ਚ ਭਾਰਤ ਦੀਆਂ ਪਲੇਠਾ ਤਗਮਾ ਜਿੱਤਣ ਦੀਆਂ ਆਸਾਂ ਜਾਂਦੀਆਂ ਰਹੀਆਂ। ਦੂਜੇ ਪਾਸੇ ਸੌਰਵ ਘੋਸ਼ਾਲ ਤੇ ਜੋਸ਼ਨ ਚਿਨੱਪਾ ਜਿੱਤ ਗਏ, ਜਦ ਕਿ ਏ. ਰੈਡੀ ਤੇ ਸਿਧਾਰਥ ਐਸ. ਨੂੰ ਹਾਰਾਂ ਮਿਲੀਆਂ।

ਰਾਸ਼ਟਰ ਮੰਡਲ ਖੇਡਾਂ ਦਾ ਉਦਘਾਟਨ ਸਮਾਰੋਹ

ਨਵੀਂ ਦਿੱਲੀ, 3 ਅਕਤੂਬਰ - ਨਵੀਂ ਦਿੱਲੀ 'ਚ 19ਵੀਆਂ ਰਾਸ਼ਟਰ ਮੰਡਲ ਖੇਡਾਂ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਦਾ ਉਦਘਾਟਨ ਪੰਜਾਬੀਆਂ ਦੇ ਲੋਕ ਨਾਚ ਭੰਗੜੇ ਜਿਸ ਵਿਚ 45 ਭੰਗੜਾ ਕਲਾਕਾਰ ਅਤੇ 60 ਢੋਲੀਆਂ ਨਾਲ ਕੀਤਾ ਗਿਆ। ਇਸ ਵੇਲੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਵੱਖ ਵੱਖ ਪਾਸਿਆਂ 'ਤੇ 90 ਜਗ੍ਹਾ 'ਤੇ ਚੈਕ ਪੋਸਟ ਲਗਾਏ ਗਏ। ਇਸ ਵਿਚ ਭਾਰਤ ਦੇ ਮੌਜੂਦ ਸਿਤਾਰਿਆਂ ਨੇ ਵੀ ਹਿੱਸਾ ਲਿਆ। ਜਿਨ੍ਹਾਂ ਵਿਚ ਅਵਿਨਭ ਬਿੰਦਰਾ, ਵਿਜੇਂਦਰ ਸਿੰਘ, ਸਾਇਨਾ ਨੇਹਵਾਲ, ਸੁਸ਼ੀਲ ਕੁਮਾਰ, ਐਸ. ਮੈਰੀਕੌਮ, ਸਮਰੇਸ਼ ਜੰਗ ਸ਼ਾਮਿਲ ਸਨ। ਇਸ ਵਿਚ ਵੱਖ ਵੱਖ ਦੇਸ਼ਾਂ ਦੇ ਖਿਡਾਰੀਆਂ ਨੇ ਅਲੱਗ ਅਲੱਗ ਤਰ੍ਹਾਂ ਦੀ ਪੁਸ਼ਾਕ ਪਾ ਕੇ ਵਧੀਆ ਪ੍ਰਦਰਸ਼ਨ ਕੀਤਾ। ਇਸ ਵੇਲੇ ਸੱਤਰ ਕਰੋੜ ਰੁਪਏ ਦੇ ਗੁਬਾਰੇ ਦਾ ਜਲਵਾ ਦਿਖਾਇਆ ਗਿਆ।

Click here to read PREVIOUS Monthly News