Click here For English Version

SPORTS NEWS

June Sports News 2010

ਪੈਰਾਗੂਏ ਕੁਆਰਟਰ ਫਾਈਨਲ ਵਿਚ, ਜਾਪਾਨ ਬਾਹਰ

ਪੈਰਾਗੂਏ ਅਤੇ ਜਾਪਾਨ ਦੇ ਖਿਡਾਰੀ ਪ੍ਰੀਟੋਰੀਆ 'ਚ ਮੈਚ ਖੇਡਦੇ ਹੋਏ, ਪੈਰਾਗੂਏ ਦਾ ਐਡਗਰ ਬਾਰੇਟੋ ਜਿੱਤਣ ਤੋਂ ਬਾਅਦ ਖੁਸ਼ ਹੁੰਦਾ ਹੋਇਆ ਸੱਜੇ

ਪ੍ਰੀਟੋਰੀਆ, 29 ਜੂਨ - ਪ੍ਰੀਟੋਰੀਆ ਦੇ ਲੋਫਟਰਸ ਵਰਸਫੀਲਡ ਸਟੇਡੀਅਮ ਵਿਚ ਵਿਸ਼ਵ ਕੱਪ ਫੁੱਟਬਾਲ ਦੇ ਆਖਰੀ-16 ਦੌਰ ਤਹਿਤ ਪੈਰਾਗੂਏ ਅਤੇ ਜਾਪਾਨ ਦੀਆਂ ਟੀਮਾਂ ਵਿਚਕਾਰ ਮੁਕਾਬਲਾ ਕਰਵਾਇਆ ਗਿਆ। ਇਸ ਵਿਚ ਜਾਪਾਨ ਨੂੰ ਪੈਰਾਗੂਏ ਨੇ ਹਰਾ ਕੇ ਆਪਣੀ ਥਾਂ ਫਾਈਨਲ ਵਿਚ ਪੱਕੀ ਕਰ ਲਈ ਹੈ। ਮੈਚ ਦੇ ਪੂਰੇ ਸਮੇਂ ਦੌਰਾਨ ਦੋਵਾਂ 'ਚੋਂ ਕੋਈ ਵੀ ਟੀਮ ਗੋਲ ਨਾ ਕਰ ਸਕੀ ਅਤੇ ਮੈਚ ਦਾ ਫੈਸਲਾ ਪੈਨਲਟੀ ਸ਼ੂਟ ਆਊਟ ਰਾਹੀ ਕੀਤਾ ਗਿਆ। ਪੈਨਲਟੀ ਰਾਹੀ ਮਿਲੇ ਪੰਜ ਮੌਕਿਆਂ 'ਤੇ ਪੈਰਾਗੂਏ ਦੇ ਖਿਡਾਰੀ ਗੋਲ ਕਰਨ 'ਚ ਸਫਲ ਰਹੇ ਜਦੋਂਕਿ ਜਾਪਾਨ ਨੇ ਇਕ ਮੌਕਾ ਗੁਆ ਲਿਆ ਅਤੇ ਇਹ ਮੈਚ ਹਾਰ ਜਾਣ ਤੋਂ ਬਾਅਦ ਜਾਪਾਨ ਦੀ ਟੀਮ ਵਿਸ਼ਵ ਕੱਪ 'ਚੋਂ ਬਾਹਰ ਹੋ ਗਈ।

ਬ੍ਰਾਜ਼ੀਲ ਨੇ ਚਿੱਲੀ ਨੂੰ ਕੀਤਾ ਚਿੱਤ

ਜੌਹਾਨਸਬਰਗ, 29 ਜੂਨ - ਵਿਸ਼ਵ ਕੱਪ ਫੁੱਟਬਾਲ 'ਚ ਬ੍ਰਾਜ਼ੀਲ ਦੀ ਟੀਮ ਨੇ ਚਿੱਲੀ ਨੂੰ 3-0 ਨਾਲ ਹਰਾ ਦਿੱਤਾ। ਬ੍ਰਾਜ਼ੀਲ ਦੇ ਰੋਬਿਨ੍ਹੋ ਨੂੰ 'ਮੈਨ ਆਫ ਦਿ ਮੈਚ' ਐਲਾਨਿਆ ਗਿਆ।

ਸਪੇਨ ਨੇ ਪੁਰਤਗਾਲ ਨੂੰ ਦਰੜਿਆ

ਕੇਪਟਾਊਨ, 29 ਜੂਨ - ਵਿਸ਼ਵ ਕੱਪ ਫੁੱਟਬਾਲ ਕੇਪਟਾਊਨ ਦੇ ਗਰੀਨ ਪੁਆਇੰਟ ਸਟੇਡੀਅਮ ਵਿਚ ਕਰਵਾਇਆ ਗਿਆ। ਜਿਸ ਵਿਚ ਸਪੇਨ ਅਤੇ ਪੁਰਤਗਾਲ ਦੀਆਂ ਟੀਮਾਂ ਵਿਚਕਾਰ ਮੁਕਾਬਲਾ ਹੋਇਆ। ਇਸ ਵਿਚ ਸਪੇਨ ਨੇ ਪੁਰਤਗਾਲ ਨੂੰ 1-0 ਨਾਲ ਹਰਾ ਦਿੱਤਾ। 'ਮੈਨ ਆਫ ਦਿ ਮੈਚ' ਸਪੇਨ ਦੇ ਖਿਡਾਰੀ ਐਕਸਾਵੀ ਨੂੰ ਐਲਾਨਿਆ ਗਿਆ।

ਹਾਕੀ ਇੰਡੀਆ ਦੀ ਚੋਣ 28 ਨੂੰ

ਨਵੀਂ ਦਿੱਲੀ, 29 ਜੂਨ - ਹਾਕੀ ਇੰਡੀਆ ਦੀ ਪ੍ਰਧਾਨ ਵਿੱਦਿਆ ਸਟੋਕਸ ਨੇ ਦੱਸਿਆ ਕਿ ਹਾਕੀ ਇੰਡੀਆ ਦੀਆਂ ਚੋਣਾਂ 28 ਜੁਲਾਈ ਨੂੰ ਭਾਰਤ ਸਰਕਾਰ ਅਤੇ ਖੇਡ ਮੰਤਰਾਲੇ ਦੀ ਰੇਖ ਦੇਖ 'ਚ ਕਰਵਾਈਆਂ ਜਾ ਰਹੀਆਂ ਹਨ।

ਵਿਸ਼ਵ ਕੱਪ ਫੁੱਟਬਾਲ ਦੇ ਕੁਆਰਟਰ ਫਾਈਨਲ 'ਚ ਪਹੁੰਚੀਆਂ ਟੀਮਾਂ

ਜੋਹਾਨਸਬਰਗ, 29 ਜੂਨ - ਵਿਸ਼ਵ ਕੱਪ ਫੁੱਟਬਾਲ ਵਿਚ ਹੁਣ ਤੱਕ 6 ਟੀਮਾਂ ਆਪਣੀ ਜਗ੍ਹਾ ਕੁਆਰਟਰ ਫਾਈਨਲ ਵਿਚ ਬਣਾ ਚੁੱਕੀਆਂ ਹਨ। ਇਨ੍ਹਾਂ ਟੀਮਾਂ 'ਚ ਉਰੂਗਵੇ, ਘਾਨਾ, ਜਰਮਨੀ, ਅਰਜਨਟੀਨਾ, ਨੀਦਰਲੈਂਡ ਅਤੇ ਬ੍ਰਾਜ਼ੀਲ ਹਨ। ਵਿਸ਼ਵ ਕੱਪ 'ਚ ਕੁਆਰਟਰ ਫਾਈਨਲ ਦਾ ਪਹਿਲਾ ਮੁਕਾਬਲਾ 2 ਜੁਲਾਈ ਨੂੰ ਬ੍ਰਾਜ਼ੀਲ ਅਤੇ ਨੀਦਰਲੈਂਡ 'ਚ ਖੇਡਿਆ ਜਾਵੇਗਾ। 3 ਜੁਲਾਈ ਨੂੰ ਦੂਸਰੇ ਮੁਕਾਬਲੇ 'ਚ ਉਰੂਗਵੇ ਅਤੇ ਘਾਨਾ ਦੀਆਂ ਟੀਮਾਂ ਆਹਮਣੇ-ਸਾਹਮਣੇ ਹੋਣਗੀਆ ਜਦੋਂਕਿ ਇਸੇ ਦਿਨ ਅਰਜਨਟੀਨਾ ਅਤੇ ਜਰਮਨੀ ਵੀ ਸੈਮੀਫਾਈਨਲ 'ਚ ਪਹੁੰਚਣ ਲਈ ਮੁਕਾਬਲਾ ਕਰਨਗੀਆਂ।

ਨੀਦਰਲੈਂਡ ਕੁਆਰਟਰ ਫਾਈਨਲ 'ਚ

ਡਰਬਨ 'ਚ ਨੀਦਰਲੈਂਡ ਦਾ ਅਰਜੇਨ ਰੋਬੇਨ ਅਤੇ ਸਲੋਵਾਕੀਆ ਦਾ ਮਾਰੇਕ ਹਮਸਿਕ ਖੇਡਦੇ ਦਿੱਸ ਰਹੇ ਹਨ

ਡਰਬਨ, 28 ਜੂਨ - ਵਿਸ਼ਵ ਕੱਪ ਫੁੱਟਬਾਲ ਜੋ ਕਿ ਡਰਬਨ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਵਿਚ ਯੂਰਪੀਅਨ ਪਾਵਰਹਾਊਸ ਨੀਦਰਲੈਂਡ ਨੇ ਆਖਰੀ-16 ਦੇ ਦੌਰ ਵਿਚ ਸਲੋਵਾਕੀਆ ਨੂੰ 2-1 ਨਾਲ ਹਰਾਇਆ। ਇਸ ਨਾਲ ਨੀਦਰਲੈਂਡ ਕੁਆਰਟਰ ਫਾਈਨਲ 'ਚ ਪਹੁੰਚ ਗਿਆ ਹੈ ਅਤੇ ਸਲੋਵਾਕੀਆ ਦੀ ਟੀਮ ਦਾ ਸਫਰ ਖਤਮ ਹੋ ਗਿਆ ਹੈ। ਸਲੋਵਾਕੀਆ ਦੇ ਲਈ ਇੰਜਰੀ ਟਾਈਮ ਦੌਰਾਨ ਆਖਰੀ ਮਿੰਟ (90+3) 'ਚ ਇਕ ਮਾਤਰ ਗੋਲ ਕਰਨ ਵਾਲੇ ਰਾਬਰਟ ਵਿਟਟੇਕ ਨੇ ਵਿਸ਼ਵ ਕੱਪ 'ਚ ਆਪਣਾ ਚੌਥਾ ਗੋਲ ਕੀਤਾ। ਨੀਦਰਲੈਂਡ ਦੀ ਟੀਮ ਇਸ ਵਿਸ਼ਵ ਕੱਪ 'ਚ ਹੁਣ ਤੱਕ ਅਜੇਤੂ ਹੈ। ਉਸ ਨੇ ਗਰੁੱਪ ਪੱਧਰ 'ਤੇ ਆਪਣੇ ਤਿੰਨ ਮੈਚ ਜਿੱਤੇ ਹਨ। ਨੀਦਰਲੈਂਡ ਵਿਸ਼ਵ ਕੱਪ ਦੇ ਆਖਰੀ-8 ਦੌਰ 'ਚ ਪਹੁੰਚ ਗਿਆ ਅਤੇ ਸਲੋਵਾਕੀਆ ਵਿਸ਼ਵ ਕੱਪ 'ਚੋਂ ਬਾਹਰ ਹੋ ਗਿਆ। ਨੀਦਰਲੈਂਡ ਦੀ ਟੀਮ ਨੂੰ ਵਿਸ਼ਵ 'ਚ ਚੌਥਾ ਦਰਜਾ ਪ੍ਰਾਪਤ ਹੈ ਜਦੋਂਕਿ ਸਲੋਵਾਕੀਆ 34ਵਾਂ ਦਰਜਾ ਪ੍ਰਾਪਤ ਟੀਮ ਹੈ।

ਜਰਮਨੀ ਕੁਆਰਟਰ ਫਾਈਨਲ 'ਚ

ਬਲੋਮਫੋਂਟੇਨ, 28 ਜੂਨ - ਵਿਸ਼ਵ ਕੱਪ ਫੁੱਟਬਾਲ ਫ੍ਰੀ ਸਟੇਟ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਵਿਚ ਜਰਮਨੀ ਦੀ ਟੀਮ ਨੇ ਆਖਰੀ-16 ਦੇ ਮੁਕਾਬਲੇ ਵਿਚ ਇੰਗਲੈਂਡ ਨੂੰ 4-1 ਨਾਲ ਹਰਾ ਦਿੱਤਾ। ਜਰਮਨੀ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ ਹੈ ਅਤੇ ਇੰਗਲੈਂਡ ਦੀ ਟੀਮ ਨੂੰ ਬਾਹਰ ਦਾ ਰਸਤਾ ਦੇਖਣਾ ਪਿਆ।

ਅਰਜਨਟੀਨਾ ਦੀ ਟੀਮ ਜੇਤੂ

ਜੋਹਾਨਸਬਰਗ, 28 ਜੂਨ - ਵਿਸ਼ਵ ਫੀਫਾ ਕੱਪ ਜੋ ਕਿ ਜੋਹਾਨਸਬਰਗ ਵਿਚ ਚੱਲ ਰਿਹਾ ਹੈ। ਇਸ ਦੌਰਾਨ ਅਰਜਨਟੀਨਾ ਤੇ ਮੈਕਸੀਕੋ ਦੀ ਟੀਮ ਵਿਚਕਾਰ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਅਰਜਨਟੀਨਾ ਦੀ ਟੀਮ ਨੇ ਮੈਚ ਦੇ ਸ਼ੁਰੂ ਵਿਚ ਹੀ ਗੋਲ ਦਾਗ ਦਿੱਤਾ। ਇਸ ਉਪਰੰਤ 32ਵੇਂ ਮਿੰਟ ਵਿਚ ਹਿਗਏਨ ਨੇ ਦੂਜਾ ਗੋਲ ਕਰਕੇ ਮੈਚ ਵਿਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਅਤੇ 51ਵੇਂ ਮਿੰਟ 'ਤੇ ਅਰਜਨਟੀਨਾ ਦੇ ਖਿਡਾਰੀ ਨੇ ਕਾਫ਼ੀ ਦੂਰ ਤੋਂ ਗੋਲ ਕਰਕੇ ਟੀਮ ਨੂੰ ਤਿੰਨ ਗੋਲਾਂ ਨਾਲ ਬੜ੍ਹਤ ਦਿਵਾ ਦਿੱਤੀ। ਇਸ ਪ੍ਰਕਾਰ ਅਰਜਨਟੀਨਾ ਨੇ ਵਿਰੋਧੀ ਟੀਮ ਮੈਕਸੀਕੋ ਨੂੰ ਵੱਡੀ ਚੁਣੌਤੀ ਦੇ ਦਿੱਤੀ। ਅਰਜਨਟੀਨਾ ਦੀ ਟੀਮ ਦੇ ਖਿਡਾਰੀਆਂ ਵਿਚ ਲਾਇਨੇਲ ਮੈਸੀ, ਐਂਜਲ ਡੀ ਮਾਰੀਆ, ਗੋਂਜਾਲੋ ਹਿਗੇਨ, ਕਾਰਲੋਸ ਟੀਵੇਜ਼, ਮੈਕਸੀਮੀਲਾਨੋ ਰੁਡਰੀਗੇਜ, ਜੇਵੀਅਰ ਮਾਸਚੀਰਾਨੋ, ਸੀਰਜੀਓ ਰੋਮੇਰੋ, ਨਿਕੋਲਸ ਓਟਾਮੈਡੀ, ਮਾਰਟੀਨ ਡੈਮੀਚੈਲਿਸ, ਨਿਕੋਲਸ ਓਟੈਮੇਂਦੀ, ਮਾਰਟਿਨ ਡੈਮੀਚਿਲਸ, ਨਿਕੋਲਸ ਬੁਰਡੀਸੋ ਤੇ ਸਰਜੀਓ ਐਗੂਰੋ ਸ਼ਾਮਿਲ ਸਨ। ਮੈਚ ਦੇ ਆਖਰੀ ਦੌਰ ਵਿਚ ਮੈਕਸੀਕੋ ਟੀਮ ਦੇ ਖਿਡਾਰੀਆਂ ਨੇ ਰੱਖਿਆਤਮਕ ਯੋਜਨਾ ਮਜ਼ਬੂਤ ਕਰਦਿਆਂ ਕਾਫ਼ੀ ਸੰਖਰਸ਼ ਕੀਤਾ ਤੇ ਆਖ਼ਿਰ ਮੈਕਸੀਕੋ ਨੇ ਇਕ ਗੋਲ ਦਾਗ਼ ਕੇ ਮੈਚ ਨੂੰ 3-1 ਦੀ ਸਥਿਤੀ ਵਿਚ ਲੈ ਆਂਦਾ।

ਭਾਰਤੀ ਮਹਿਲਾ ਟੀਮ ਨੇ ਆਇਰਲੈਂਡ ਨੂੰ ਦਰੜਿਆ

ਨਵੀਂ ਦਿੱਲੀ, 28 ਜੂਨ - ਜਰਮਨੀ ਦੇ ਐਸਸੇਨ ਵਿਚ ਚਾਰ ਦੇਸ਼ਾਂ ਦਾ ਟੂਰਨਾਮੈਂਟ ਚੱਲ ਰਿਹਾ ਹੈ। ਇਸ ਟੂਰਨਾਮੈਂਟ ਵਿਚ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਸੁਰਿੰਦਰ ਕੌਰ ਨੇ ਤਿੰਨ ਗੋਲਾਂ ਨਾਲ ਆਇਰਲੈਂਡ ਦੀ ਟੀਮ ਨੂੰ 6-0 ਨਾਲ ਹਰਾ ਕੇ ਤੀਜਾ ਦਰਜਾ ਪ੍ਰਾਪਤ ਕਰ ਲਿਆ ਹੈ। ਭਾਰਤ ਦੀ ਟੂਰਨਾਮੈਂਟ 'ਚ ਇਹ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾ ਭਾਰਤ ਨੇ ਇਕ ਮੈਚ ਡਰਾਅ ਖੇਡਿਆ ਜਦੋਂਕਿ ਇਕ ਮੈਚ 'ਚ ਉਸ ਨੂੰ ਹਾਰ ਮਿਲੀ। ਭਾਰਤ ਚਾਰ ਅੰਕ ਪ੍ਰਾਪਤ ਕਰਕੇ ਤੀਸਰੇ ਸਥਾਨ 'ਤੇ ਰਿਹਾ। ਆਸਟ੍ਰੇਲੀਆ ਨੇ ਰਾਊਡ ਰੋਬਿਨ ਆਧਾਰ 'ਤੇ ਖੇਡਿਆ ਟੂਰਨਾਮੈਂਟ 7 ਅੰਕਾਂ ਦੇ ਨਾਲ ਖਿਤਾਬ ਜਿੱਤਿਆ ਜਦੋਂਕਿ ਜਰਮਨੀ ਪੰਜ ਅੰਕ ਲੈ ਕੇ ਦੂਸਰੇ ਸਥਾਨ 'ਤੇ ਰਿਹਾ।

ਰੰਧਾਵਾ ਮਸੰਦਾਂ ਦਾ ਕਬੱਡੀ ਟੂਰਨਾਮੈਂਟ ਸਮਾਪਤ

ਕਿਸ਼ਨਗੜ੍ਹ, 28 ਜੂਨ -ਕਿਸ਼ਨਗੜ੍ਹ ਦੇ ਨੇੜਲੇ ਪਿੰਡ ਰੰਧਾਵਾ ਮਸੰਦਾਂ 'ਚ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਕਬੱਡੀ ਟੂਰਨਾਮੈਂਟ ਦੇ ਫਾਈਨਲ ਮੁਕਾਬਲਿਆਂ ਵਿਚ ਓਪਨ ਪਿੰਡ ਪੱਧਰ ਵਿਚ ਮਾੜੀ ਮੁਸਤਫਾ ਨੇ ਰੰਧਾਵਾ ਮਸੰਦਾਂ ਨੂੰ, 63 ਕਿੱਲੋ ਪਿੰਡ ਪੱਧਰ ਵਿਚ ਮਾਲੜੀ ਨੇ ਭੰਡਾਲ ਦੋਨਾ ਨੂੰ ਅਤੇ 42 ਕਿੱਲੋ ਪਿੰਡ ਪੱਧਰ ਵਿਚ ਭੇਖਾ ਨੇ ਲਿੱਤਰਾਂ ਨੂੰ ਹਰਾ ਕੇ ਟਰਾਫੀਆਂ 'ਤੇ ਕਬਜ਼ਾ ਕੀਤਾ।

ਉਰੂਗਵੇ ਆਖਰੀ -8 'ਚ

ਜਿੱਤਣ ਕਰਕੇ ਉਰੂਗਵੇ ਦੇ ਖਿਡਾਰੀ ਖੁਸ਼ ਹੁੰਦੇ ਹੋਏ

ਪੋਰਟ ਐਲਿਜ਼ਬੈਥ, 27 ਜੂਨ - ਨੈਲਸਨ ਮੰਡੇਲਾ ਸਟੇਡੀਅਮ ਵਿਚ ਵਿਸ਼ਵ ਕੱਪ ਫੁੱਟਬਾਲ ਦੇ ਨਾਕ ਆਊਟ ਦੌਰ ਦੇ ਪਹਿਲੇ ਮੁਕਾਬਲੇ 'ਚ ਉਰੂਗਵੇ ਦੀ ਟੀਮ ਨੇਦੱਖਣੀ ਕੋਰੀਆ ਨੂੰ 2-1 ਨਾਲ ਹਰਾਇਆ। ਇਸ ਨਾਲ ਉਰੂਗਵੇ ਦੀ ਟੀਮ ਨੇ ਆਖਰੀ-8 'ਚ ਆਪਣੀ ਜਗ੍ਹਾ ਬਣਾ ਲਈ ਹੈ ਅਤੇ ਦੱਖਣੀ ਕੋਰੀਆ ਦੀ ਟੀਮ ਵਿਸ਼ਵ ਕੱਪ 'ਚੋਂ ਬਾਹਰ ਹੋ ਗਈ ਹੈ। ਉਰੂਗਵੇ ਦੀ ਟੀਮ ਗਰੁੱਪ-ਏ 'ਚ ਮੋਹਰੀ ਰਹੀ ਸੀ ਜਦੋਂਕਿ ਦੱਖਣੀ ਕੋਰੀਆ ਦੀ ਟੀਮ ਇਸ ਦੌਰ 'ਚ ਗਰੁੱਪ-ਬੀ ਵਿਚ ਦੂਸਰੇ ਸਥਾਨ 'ਤੇ ਸੀ।

ਜਰਮਨੀ ਕੁਆਰਟਰ ਫਾਈਨਲ 'ਚ

ਬਲੋਮਫੋਂਟੇਨ, 27 ਜੂਨ - ਬਲੋਮਫੋਂਟੇਨ ਦੇ ਫ੍ਰੀ-ਸਟੇਟ ਸਟੇਡੀਅਮ ਵਿਚ ਜਰਮਨੀ ਦੀ ਫੁੱਟਬਾਲ ਟੀਮ ਨੇ ਵਿਸ਼ਵ ਕੱਪ ਫੁੱਟਬਾਲ ਦੇ ਆਖਰੀ-16 ਦੇ ਮੁਕਾਬਲੇ ਵਿਚ ਇੰਗਲੈਂਡ ਨੂੰ 4-1 ਨਾਲ ਹਰਾਇਆ। ਇਸ ਜਿੱਤ ਨਾਲ ਜਰਮਨੀ ਕੁਆਰਟਰ ਫਾਈਨਲ 'ਚ ਪਹੁੰਚ ਗਿਆ ਹੈ ਅਤੇ ਇੰਗਲੈਂਡ ਦੀ ਟੀਮ ਨੂੰ ਹਾਰਨ ਕਰਕੇ ਮੈਚ ਤੋਂ ਬਾਹਰ ਹੋਣਾ ਪਿਆ।

ਅਰਜਨਟੀਨਾ ਦੀ ਟੀਮ ਜੇਤੂ

ਜੋਹਾਨਸਬਰਗ, 27 ਜੂਨ - ਜੋਹਾਨਸਬਰਗ ਵਿਚ ਵਿਸ਼ਵ ਫੀਫਾ ਕੱਪ ਚੱਲ ਰਿਹਾ ਹੈ। ਅਰਜਨਟੀਨਾ ਤੇ ਮੈਕਸੀਕੋ ਵਿਚਕਾਰ ਹੋਏ ਮੈਚ ਵਿਚ ਅਰਜਨਟੀਨਾ ਦੀ ਟੀਮ ਨੇ ਮੈਕਸੀਕੋ ਨੂੰ 3-1 ਨਾਲ ਹਰਾਇਆ। ਅਰਜਨਟੀਨਾ ਦੀ ਟੀਮ ਦੇ ਖਿਡਾਰੀਆਂ ਵਿਚ ਲਾਇਨੇਲ ਮੈਸੀ, ਐਂਜਲ ਡੀ ਮਾਰੀਆ, ਗੋਂਜਾਲੋ ਹਿਗੇਨ, ਕਾਰਲੋਸ ਟੀਵੇਜ਼, ਮੈਕਸੀਮੀਲਾਨੋ ਰੁਡਰੀਗੇਜ, ਜੇਵੀਅਰ ਮਾਸਚੀਰਾਨੋ, ਸੀਰਜੀਓ ਰੋਮੇਰੋ, ਨਿਕੋਲਸ ਓਟਾਮੈਡੀ, ਮਾਰਟੀਨ ਡੈਮੀਚੈਲਿਸ, ਨਿਕੋਲਸ ਓਟੈਮੇਂਦੀ, ਮਾਰਟਿਨ ਡੈਮੀਚਿਲਸ, ਨਿਕੋਲਸ ਬੁਰਡੀਸੋ ਤੇ ਸਰਜੀਓ ਐਗੂਰੋ ਸ਼ਾਮਿਲ ਸਨ।

ਅਮਰੀਕਾ ਤੇ ਘਾਨਾ ਬਰਾਬਰ

ਰਸਟਨਬਰਗ, 27 ਜੂਨ - ਫੀਫਾ ਵਿਸ਼ਵ ਕੱਪ ਰਸਟਨਬਰਗ ਦੇ ਬੈਫੋਕੈਂਗ ਸਟੇਡੀਅਮ ਵਿਚ ਚੱਲ ਰਿਹਾ ਹੈ ਇਸ ਦੇ ਸੁਪਰ-16 ਦੇ ਮੁਕਾਬਲੇ ਅਮਰੀਕਾ ਅਤੇ ਘਾਨਾ ਵਿਚਕਾਰ ਕਰਵਾਏ ਗਏ। ਜਿਸ ਵਿਚ ਘਾਨਾ ਦੇ ਕੈਵਿਨ-ਪ੍ਰਿੰਸ ਬੋਟਿੰਗ ਨੇ ਅਮਰੀਕਾ ਖਿਲਾਫ਼ ਗੋਲ ਕੀਤਾ ਜਿਸ ਨਾਲ ਘਾਨਾ ਦੀ ਟੀਮ ਦੇ ਖਿਡਾਰੀਆਂ ਵਿਚ ਉਤਸ਼ਾਹ ਵੱਧ ਗਿਆ ਜੋ ਅੰਤ ਤੱਕ ਜਾਰੀ ਰਿਹਾ ਅਤੇ ਘਾਨਾ ਦੇ ਖਿਡਾਰੀਆਂ ਨੇ ਅਮਰੀਕੀਆਂ ਨੂੰ ਨੇੜੇ ਨਹੀਂ ਲੱਗਣ ਦਿੱਤਾ ਪਰ ਅਮਰੀਕਾ ਨੇ ਵੀ ਗੋਲ ਕਰਕੇ ਮੈਚ ਬਰਾਬਰੀ 'ਤੇ ਲੈ ਆਂਦਾ। ਘਾਨਾ ਦੀ ਟੀਮ ਵਿਚ ਅਸਮੋਆਹ ਗੇਆਨ, ਹਨਸ ਅਦੂ ਸਰਪੇਈ, ਜੋਨਾਥਨ ਮੇਨਸਾਹ, ਗੋਲਕੀਪਰ ਰਿਚਰਡ ਕਿੰਗਸਨ ਸ਼ਾਮਿਲ ਸਨ ਜਦਕਿ ਅਮਰੀਕਾ ਦੀ ਟੀਮ ਵਿਚ ਕਲਿੰਟ ਡੈਪਸੀ, ਗੋਲਕੀਪਰ ਟਿਮ ਹੋਵਾਰਡ, ਜੇਜੇ ਅਲਟੀਡੋਰੇ, ਰਿਕਾਰਡੋ ਕਲਾਰਕ, ਕਲੈਂਰਸ ਗੁੱਡਸਨ, ਸਟੀਵ ਚੇਰੂਨਡੋਲੋ ਆਦਿ ਖਿਡਾਰੀ ਸ਼ਾਮਿਲ ਹਨ।

ਸਲੋਵਾਕੀਆ ਅਤੇ ਪੈਰਾਗੂਏ ਦੀ ਸਰਦਾਰੀ

ਜੋਹਾਨਸਬਰਗ, ਪਾਲੋਕਵੇਨ, 25 ਜੂਨ - ਵਿਸ਼ਵ ਕੱਪ ਫੁੱਟਬਾਲ ਐਲਿਸ ਪਾਰਕ ਸਟੇਡੀਅਮ 'ਚ ਕਰਵਾਇਆ ਗਿਆ। ਇਸ ਵਿਚ ਸਲੋਵਾਕੀਆ ਨੇ ਇਟਲੀ ਨੂੰ 3-2 ਨਾਲ ਹਰਾਇਆ। ਇਸ ਨਾਲ ਇਟਲੀ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਇਸ ਇਤਿਹਾਸਕ ਜਿੱਤ ਨੇ ਸਲੋਵਾਕੀਆ ਨੂੰ ਅਗਲੇ ਦੌਰ 'ਚ ਪੁਹੰਚਾ ਦਿੱਤਾ ਹੈ। ਦੋਵਾਂ ਟੀਮਾਂ 'ਚ ਹੋਏ ਦਿਲਚਸਪ ਮੁਕਾਬਲੇ ਦੌਰਾਨ ਸਲੋਵਾਕੀਆ ਵੱਲੋਂ ਦੋ ਗੋਲ ਕਰਨ ਵਾਲੇ ਫਾਰਵਰਡ ਖਿਡਾਰੀ ਰਾਬਰਟ ਵਿਟਟੇਕ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ ਹੈ। ਗਰੁੱਪ ਐਫ ਸਲੋਵਾਕੀਆ ਦੇ ਨਾਲ-ਨਾਲ ਪੈਰਾਗੂਏ ਦੀ ਟੀਮ ਵੀ ਆਖਰੀ 16 'ਚ ਪਹੁੰਚਣ ਵਿਚ ਸਫਲ ਹੋਈ।
ਗਰੁੱਪ ਐਫ ਦੇ ਤਹਿਤ ਪਾਲੋਕਵੇਨ ਦੇ ਪੀਟਰ ਮੋਬਾਕਾ ਸਟੇਡੀਅਮ ਵਿਚ ਦੱਖਣੀ ਅਮਰੀਕੀ ਦੇਸ਼ ਪੈਰਾਗੂਏ ਦੀ ਰਾਸ਼ਟਰੀ ਫੁੱਟਬਾਲ ਟੀਮ ਵਿਸ਼ਵ ਕੱਪ ਦੇ ਆਖਰੀ-16 ਦੌਰ 'ਚ ਪਹੁੰਚ ਗਈ ਹੈ। ਨਿਊਜ਼ੀਲੈਂਡ ਨਾਲ ਹੋਏ ਮੁਕਾਬਲੇ ਦੌਰਾਨ ਦੋਵੇਂ ਟੀਮਾਂ 'ਚੋਂ ਕੋਈ ਵੀ ਗੋਲ ਨਾ ਕਰ ਸਕਿਆ। ਆਪਣੇ ਗਰੁੱਪ 'ਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀ ਟੀਮ ਨਾਲ ਡਰਾਅ ਖੇਡਣ ਦੇ ਬਾਵਜੂਦ ਨਿਊਜ਼ੀਲੈਂਡ ਦੀ ਟੀਮ ਨੂੰ ਬਾਹਰ ਦਾ ਰਸਤਾ ਦੇਖਣਾ ਪਿਆ।

ਬ੍ਰਾਜ਼ੀਲ ਅਤੇ ਪੁਰਤਗਾਲ ਮੋਹਰੀ

ਡਰਬਨ, 25 ਜੂਨ - ਵਿਸ਼ਵ ਕੱਪ ਫੁੱਟਬਾਲ ਦੌਰਾਨ ਡਰਬਨ ਦੇ ਸਟੇਡੀਅਮ ਵਿਖੇ ਗਰੁੱਪ-ਜੀ ਦੇ ਮੁਕਾਬਲੇ ਵਿਚ ਪੁਰਤਗਾਲ ਦੀ ਟੀਮ ਨੇ ਬ੍ਰਾਜ਼ੀਲ ਜੋ ਕਿ ਪੰਜ ਵਾਰ ਚੈਂਪੀਅਨ ਬਣ ਚੁੱਕਾ ਹੈ ਅਤੇ ਜਿਸ ਦਾ ਕਪਤਾਨ ਮੈਨ ਆਫ਼ ਦਾ ਮੈਚ ਸਟ੍ਰਾਈਕਰ ਕ੍ਰਿਸਟਿਆਨੋ ਰੋਨਾਲਡੋ ਹੈ, ਨੂੰ 0-0 ਦੀ ਬਰਾਬਰੀ 'ਤੇ ਰੋਕ ਦਿੱਤਾ। ਬ੍ਰਾਜ਼ੀਲ ਦੀ ਟੀਮ ਨੇ ਆਪਣੇ ਦੋ ਸ਼ੁਰੂਆਤੀ ਮੈਚ ਜਿੱਤ ਕੇ ਪਹਿਲਾ ਹੀ ਆਖਰੀ-16 ਦੇ ਲਈ ਸਥਾਨ ਸੁਰੱਖਿਅਤ ਕਰ ਲਿਆ ਸੀ। ਅਗਲੇ ਦੌਰ 'ਚ ਜਾਣ ਲਈ ਪੁਰਤਗਾਲ ਨੇ ਇਹ ਮੈਚ ਜਿੱਤਣਾ ਜਾਂ ਡਰਾਅ ਕਰਨਾ ਸੀ ਅਤੇ ਬਰਾਬਰੀ ਦੇ ਇਸ ਮੁਕਾਬਲੇ ਦੇ ਬਾਵਜੂਦ ਪੁਰਤਗਾਲ ਨੇ ਆਖਰੀ-16 'ਚ ਜਗ੍ਹਾ ਬਣਾ ਲਈ ਹੈ।
ਆਈਵਰੀ ਕੋਸਟ ਵੀ ਬਾਹਰ - ਮੋਮਬੇਲਾ ਸਟੇਡੀਅਮ ਵਿਚ ਗਰੁੱਪ-ਜੀ ਦੇ ਮੁਕਾਬਲੇ ਤਹਿਤ ਆਈਵਰੀ ਕੋਸਟ ਦੀ ਟੀਮ ਨੇ ਉਤਰੀ ਕੋਰੀਆ ਨੂੰ 3-0 ਨਾਲ ਹਰਾ ਦਿੱਤਾ ਪਰ ਇਸ ਦੇ ਬਾਵਜੂਦ ਵੀ ਉਹ ਆਖਰੀ 16 ਵਿਚ ਆਪਣੀ ਜਗ੍ਹਾ ਨਾ ਬਣਾ ਸਕੀ। ਆਖਰੀ 16 'ਚ ਪਹੁੰਚਣ ਲਈ ਉਸ ਨੂੰ ਉਤਰੀ ਕੋਰੀਆ ਨੂੰ 9-0 ਨਾਲ ਹਰਾਉਣ ਦੀ ਲੋੜ ਸੀ। ਜਿਸ ਨਾਲ ਉਤਰੀ ਕੋਰੀਆ ਵੀ ਵਿਸ਼ਵ ਕੱਪ 'ਚੋਂ ਬਾਹਰ ਹੋ ਗਈ। ਆਈਵਰੀ ਕੋਸਟ ਦੇ ਕਪਤਾਨ ਦਿਦਿਰ ਦ੍ਰੋਗਬਾ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ।

ਸਪੇਨ ਅਤੇ ਚਿਲੀ ਸੁਪਰ-16 'ਚ

ਪ੍ਰੀਟੋਰੀਅਸ, 25 ਜੂਨ - ਫੀਫਾ ਵਿਸ਼ਵ ਕੱਪ ਫਲੋਮਫੋਂਟੇਨ ਵਿਖੇ ਸਵਿਟਜ਼ਰਲੈਂਡ ਅਤੇ ਹਾਂਡੂਰਸ ਵਿਚਾਲੇ ਖੇਡਿਆ ਗਿਆ। ਜਿਸ ਵਿਚ ਗਰੁੱਪ ਐਚ ਦੇ ਮੁਕਾਬਲੇ 'ਚ ਸਪੇਨ ਨੇ ਚਿਲੀ ਨੂੰ 2-1 ਨਾਲ ਹਰਾਇਆ। ਜ਼ਿਕਰਯੋਗ ਹੈ ਕਿ ਸਪੇਨ ਇਤ ਚਿਲੀ ਸੁਪਰ-16 ਵਿਚ ਪੁੱਜ ਗਏ ਹਨ। ਜਿਸ ਵਿਚ ਮੈਚ ਦੌਰਾਨ ਦੋਵੇਂ ਟੀਮਾਂ ਕੋਈ ਵੀ ਗੋਲ ਨਾ ਕਰ ਸਕੀਆਂ।

 ਵਿਸ਼ਵ ਕੱਪ ਫੁੱਟਬਾਲ
ਸਲੋਵਾਕੀਆ ਅਤੇ ਪੈਰਾਗੂਏ ਆਖਰੀ 16 'ਚ

ਸਲੋਕੀਆ ਅਤੇ ਇਟਲੀ ਵਿਚਾਲੇ ਮੁਕਾਬਲੇ ਦੌਰਾਨ ਬਾਲ ਲਈ ਭਿੜਦੇ ਹੋਏ ਖਿਡਾਰੀ ਜੋਹਾਨਸਬਰਗ ਵਿਖੇ (ਸੱਜੇ) ਨਿਊਜ਼ੀਲੈਂਡ ਅਤੇ ਪੈਰਾਗੂਏ ਦੀ ਟੀਮ ਵਿਚਾਲੇ ਹੋ ਰਿਹਾ ਮੈਚ ਪਾਲੋਕਵੇਨ 'ਚ

ਜੋਹਾਨਸਬਰਗ, ਪਾਲੋਕਵੇਨ, 24 ਜੂਨ - ਵਿਸ਼ਵ ਕੱਪ ਫੁੱਟਬਾਲ ਜੋਹਾਨਸਬਰਗ ਦੇ ਐਲਿਸ ਪਾਰਕ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਵਿਚ ਸਲੋਵਾਕੀਆ ਨੇ ਗਰੁੱਪ ਐਫ ਦੇ ਇਕ ਮੁਕਾਬਲੇ ਵਿਚ ਇਟਲੀ ਨੂੰ 3-2 ਨਾਲ ਹਰਾ ਦਿੱਤਾ ਹੈ। ਇਸ ਨਾਲ ਮੌਜੂਦਾ ਚੈਂਪੀਅਨ ਇਟਲੀ ਇਸ ਕੱਪ ਤੋਂ ਬਾਹਰ ਹੋ ਗਿਆ ਹੈ। ਦੋਵਾਂ ਟੀਮਾਂ 'ਚ ਹੋਏ ਦਿਲਚਸਪ ਮੁਕਾਬਲੇ ਦੌਰਾਨ ਸਲੋਵਾਕੀਆ ਵੱਲੋਂ ਦੋ ਗੋਲ ਕਰਨ ਵਾਲੇ ਫਾਰਵਰਡ ਖਿਡਾਰੀ ਰਾਬਰਟ ਵਿਟਟੇਕ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ ਹੈ। ਗਰੁੱਪ ਐਫ ਸਲੋਵਾਕੀਆ ਦੇ ਨਾਲ-ਨਾਲ ਪੈਰਾਗੂਏ ਦੀ ਟੀਮ ਵੀ ਆਖਰੀ 16 'ਚ ਪਹੁੰਚਣ ਵਿਚ ਸਫਲ ਹੋਈ।
ਪਾਲੋਕਵੇਨ ਦੇ ਪੀਟਰ ਮੋਬਾਕਾ ਸਟੇਡੀਅਮ ਵਿਚ ਗਰੁੱਪ ਐਫ ਦੇ ਤਹਿਤ ਦੱਖਣੀ ਅਮਰੀਕੀ ਦੇਸ਼ ਪੈਰਾਗੂਏ ਦੀ ਰਾਸ਼ਟਰੀ ਫੁੱਟਬਾਲ ਟੀਮ ਅਤੇ ਨਿਊਜ਼ੀਲੈਂਡ ਦੀ ਟੀਮ ਵਿਚਾਲੇ ਮੁਕਾਬਲਾ ਕਰਵਾਇਆ ਗਿਆ। ਇਸ ਵਿਚ ਪੈਰਾਗੂਏ ਦੀ ਰਾਸ਼ਟਰੀ ਫੁੱਟਬਾਲ ਟੀਮ ਆਖਰੀ 16 ਦੌਰ 'ਚ ਪਹੁੰਚ ਗਈ ਹੈ। ਆਪਣੇ ਗਰੁੱਪ 'ਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀ ਟੀਮ ਨਾਲ ਡਰਾਅ ਖੇਡਣ ਦੇ ਬਾਵਜੂਦ ਨਿਊਜ਼ੀਲੈਂਡ ਦੀ ਟੀਮ ਨੂੰ ਬਾਹਰ ਦਾ ਰਸਤਾ ਦੇਖਣਾ ਪਿਆ। ਪੈਰਾਗੂਏ ਦੇ ਖਿਡਾਰੀ ਰਾਕਵੇ ਸਾਂਤਾ ਨੂੰ ਉਸਦੇ ਸ਼ਾਨਦਾਰ ਖੇਡ ਪ੍ਰਦਰਸ਼ਨ ਦੇ ਲਈ ਮੈਨ ਆਫ਼ ਦਾ ਮੈਚ ਚੁਣਿਆ ਗਿਆ।

ਜਰਮਨੀ ਅਤੇ ਆਸਟ੍ਰੇਲੀਆ ਜੇਤੂ

ਜੋਹਾਨਸਬਰਗ/ ਨੇਲਸਪ੍ਰਟ, 24 ਜੂਨ - ਵਿਸ਼ਵ ਕੱਪ ਫੁੱਟਬਾਲ ਦੇ ਦੋ ਮੁਕਾਬਲਿਆਂ ਵਿਚ ਜਰਮਨੀ ਨੇ ਘਾਨਾ ਦੀ ਟੀਮ ਨੂੰ ਇਕ ਗੋਲ ਨਾਲ ਅਤੇ ਆਸਟ੍ਰੇਲੀਆ ਨੇ ਸਰਬੀਆ ਦੀ ਟੀਮ ਨੂੰ 2-1 ਨਾਲ ਹਰਾਇਆ। ਆਸਟ੍ਰੇਲੀਆ ਦੇ ਟਿਮ ਕਾਹਿੱਲ ਨੂੰ 'ਮੈਨ ਆਫ ਦਿ ਮੈਚ' ਚੁਣਿਆ ਗਿਆ।

ਫੀਫਾ ਵਿਸ਼ਵ ਕੱਪ
ਇੰਗਲੈਂਡ ਤੇ ਅਮਰੀਕਾ ਪਹੁੰਚੇ ਆਖ਼ਰੀ 16 'ਚ

ਪੋਰਟ ਐਲਿਜ਼ਬੈਥ (ਦੱਖਣੀ ਅਫ਼ਰੀਕਾ) 'ਚ ਇੰਗਲੈਂਡ ਅਤੇ ਸਲੋਵੇਨੀਆ ਦੇ ਖਿਡਾਰੀ ਖੇਡਦੇ ਹੋਏ, (ਸੱਜੇ) ਅਮਰੀਕਾ ਅਤੇ ਅਲਜੀਰੀਆ ਵਿਚਕਾਰ ਪ੍ਰੀਟੋਰੀਆ ਵਿਖੇ ਹੋ ਰਿਹਾ ਮੈਚ

ਪੋਰਟ ਐਲਿਜ਼ਬੈਥ/ਪ੍ਰੀਟੋਰੀਆ (ਦੱਖਣੀ ਅਫਰੀਕਾ), 23 ਜੂਨ - ਫੀਫਾ ਵਿਸ਼ਵ ਕੱਪ ਪੋਰਟ ਐਲਿਜ਼ਬੈਥ (ਦੱਖਣੀ ਅਫਰੀਕਾ) 'ਚ ਚੱਲ ਰਿਹਾ ਹੈ। ਇਸ ਵਿਚ ਇੰਗਲੈਂਡ ਅਤੇ ਅਮਰੀਕਾ ਆਖ਼ਰੀ 16 ਵਿਚ ਪਹੁੰਚ ਗਏ ਹਨ। ਇੰਗਲੈਂਡ ਨੇ 19ਵੇਂ ਫੀਫਾ ਵਿਸ਼ਵ ਕੱਪ 'ਚ ਗਰੁੱਪ-ਸੀ ਦੇ ਆਪਣੇ ਆਖ਼ਰੀ ਲੀਗ ਮੁਕਾਬਲੇ 'ਚ ਸਲੋਵੇਨੀਆ ਨੂੰ 1-0 ਨਾਲ ਹਰਾ ਕੇ ਨਾਕਆਊਟ ਗੇੜ 'ਚ ਪ੍ਰਵੇਸ਼ ਕਰ ਲਿਆ। ਪਿਛਲੇ ਦੋ ਮੈਚਾਂ ਵਿਚ ਦੋ ਕੇਵਲ ਦੋ ਅੰਕ ਹਾਸਲ ਕਰਨ ਵਾਲੇ ਇੰਗਲੈਂਡ ਨੇ ਆਖ਼ਰੀ ਮੈਚ ਜਿੱਤ ਕੇ ਆਪਣੀ ਲਾਜ ਬਚਾਈ। ਦੂਜੇ ਪਾਸੇ ਪ੍ਰੀਟੋਰੀਆ 'ਚ ਹੋਏ ਇਸੇ ਗਰੁੱਪ ਦੇ ਇਕ ਹੋਰ ਮੁਕਾਬਲੇ 'ਚ ਅਮਰੀਕਾ ਨੇ ਅਲਜੀਰੀਆ ਨੂੰ 1-0 ਨਾਲ ਹਰਾ ਕੇ ਅਗਲੇ ਗੇੜ ਵਿਚ ਜਗ੍ਹਾ ਬਣਾ ਲਈ।

ਅਰਜਨਟੀਨਾ ਜੇਤੂ, ਨਾਈਜੀਰੀਆ ਤੇ ਦੱਖਣੀ ਕੋਰੀਆ ਰਹੇ ਬਰਾਬਰ

ਪਾਲੋਕਵੇਨ/ ਡਰਬਨ, 23 ਜੂਨ - ਅਰਜਨਟੀਨਾ ਨੇ ਯੂਨਾਨ ਨੂੰ ਵਿਸ਼ਵ ਕੱਪ ਫੁੱਟਬਾਲ ਦੇ ਦੋ ਅਹਿਮ ਮੈਚਾਂ ਵਿਚ 2-0 ਨਾਲ ਹਰਾ ਦਿੱਤਾ ਹੈ ਜਦਕਿ ਨਾਈਜੀਰੀਆ ਤੇ ਦੱਖਣੀ ਕੋਰੀਆ ਦੀਆਂ ਟੀਮਾਂ 2-2 ਗੋਲਾਂ ਨਾਲ ਬਰਾਬਰ ਰਹੀਆਂ।

7ਵਾਂ ਕਬੱਡੀ ਟੂਰਨਾਮੈਂਟ ਸ਼ੁਰੂ

ਕਿਸ਼ਨਗੜ੍ਹ, 23 ਜੂਨ -7ਵਾਂ ਕਬੱਡੀ ਟੂਰਨਾਮੈਂਟ 24 ਜੂਨ ਨੂੰ ਕਿਸ਼ਨਗੜ੍ਹ ਦੇ ਨੇੜਲੇ ਪਿੰਡ ਰੰਧਾਵਾ-ਮਸੰਦਾ ਵਿਖੇ ਕਰਵਾਇਆ ਜਾ ਰਿਹਾ ਹੈ। 26 ਜੂਨ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿਚ ਪਿੰਡ ਪੱਧਰ ਓਪਨ, 63 ਕਿਲੋ, 42 ਕਿਲੋ ਵਰਗ ਦੇ ਕਬੱਡੀ ਮੈਚ ਹੋਣਗੇ। 24 ਜੂਨ ਨੂੰ ਹਲਟ ਦੌੜਾਂ ਦੁਪਹਿਰ 12 ਵਜੇ ਕਰਵਾਈਆਂ ਜਾਣਗੀਆਂ।

ਪੰਜਾਬ ਦੇ ਸਕੂਲਾਂ ਦੇ ਜ਼ੋਨ ਤੇ ਜ਼ਿਲ੍ਹਾ ਪੱਧਰੀ ਮੁਕਾਬਲੇ 26 ਜੁਲਾਈ ਤੋਂ

ਜਲੰਧਰ, 23 ਜੂਨ - ਪੰਜਾਬ ਭਰ ਵਿਚ ਸਾਰੇ ਜ਼ੋਨਾਂ ਦੇ ਜ਼ੋਨ ਪੱਧਰੀ ਖੇਡ ਮੁਕਾਬਲੇ 26 ਤੋਂ 29 ਜੁਲਾਈ ਤੱਕ ਅਤੇ ਜ਼ਿਲ੍ਹਾ ਪੱਧਰ ਦੇ ਖੇਡ ਮੁਕਾਬਲੇ 28 ਤੋਂ 31 ਅਗਸਤ ਤੱਕ ਕਰਵਾਏ ਜਾ ਰਹੇ ਹਨ। ਇਸ ਮੁਕਾਬਲੇ ਵੱਖ ਵੱਖ ਖੇਡਾਂ ਦੇ ਅੰਡਰ 14, 17, 19 ਦੇ ਲੜਕੇ ਤੇ ਲੜਕੀਆਂ ਵਿਚਕਾਰ ਕਰਵਾਏ ਜਾਣਗੇ। ਸਟੇਟ ਪੱਧਰ ਦੇ ਖੇਡ ਮੁਕਾਬਲਿਆਂ ਦੇ ਸਥਾਨ ਸਬੰਧੀ ਵੇਰਵੇ ਮੁਕਾਬਲੇ ਤੋਂ ਇਕ ਹਫਤਾ ਪਹਿਲੇ ਦੇ ਦਿੱਤੇ ਜਾਣਗੇ। ਇਹ ਫੈਸਲਾ ਸਮੇਂ ਪ੍ਰੀਖਿਆਵਾਂ ਨੂੰ ਸੋਚ ਵਿਚਾਰ ਕਰਕੇ ਕੀਤਾ ਗਿਆ ਹੈ। ਪ੍ਰਾਇਮਰੀ ਸਕੂਲ ਖੇਡਾਂ ਅੰਡਰ 11 ਸਾਲ ਉਮਰ ਗੁੱਟ ਲੜਕੇ ਤੇ ਲੜਕੀਆਂ ਦੇ ਵਰਗ ਵਿਚ ਕਰਵਾਈਆਂ ਜਾ ਰਹੀਆਂ ਹਨ ਅਤੇ ਇਸ ਵਿਚ ਅਥਲੈਟਿਕਸ, ਕਬੱਡੀ, ਖੋ-ਖੋ, ਜਿਮਨਾਸਟਿਕ ਲੜਕੇ ਤੇ ਲੜਕੀਆਂ, ਕੁਸ਼ਤੀਆਂ ਕੇਵਲ ਲੜਕੇ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਵੱਖ-ਵੱਖ ਪੱਧਰ ਦੇ ਖੇਡ ਮੁਕਾਬਲੇ ਜਿਵੇਂ ਸੈਂਟਰ ਪੱਧਰ ਦੇ ਖੇਡ ਮੁਕਾਬਲੇ 17 ਤੋਂ 18 ਸਤੰਬਰ 2010 ਨੂੰ ਇਸ ਦਾ ਸਥਾਨ ਸੰਬੰਧਿਤ ਹੈੱਡ ਟੀਚਰ ਨਿਸ਼ਚਤ ਕਰੇਗਾ। ਬਲਾਕ ਪੱਧਰ ਦੇ ਮੁਕਾਬਲੇ 24 ਤੋਂ 25 ਸਤੰਬਰ, 2010 ਤੱਕ ਜਿਸ ਦਾ ਸਥਾਨ ਸੰਬੰਧਿਤ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਨਿਸ਼ਚਿਤ ਕਰੇਗਾ। ਜ਼ਿਲ੍ਹਾ ਪੱਧਰ ਦੇ ਮੁਕਾਬਲੇ 11-12 ਅਕਤੂਬਰ 2010 ਤੱਕ ਕਰਵਾਏ ਜਾਣਗੇ ਜਿਸ ਦਾ ਸਥਾਨ ਸੰਬੰਧਿਤ ਜ਼ਿਲ੍ਹਾ ਸਿੱਖਿਆ ਅਫਸਰ ਨਿਸ਼ਚਿਤ ਕਰੇਗਾ ਤੇ ਇਸ ਤੋਂ ਇਲਾਵਾ ਰਾਜ ਪੱਧਰ ਦੇ ਮੁਕਾਬਲੇ 8-9 ਨਵੰਬਰ 2010 ਤੱਕ ਕਰਵਾਏ ਜਾਣਗੇ ਜਿਸ ਨੂੰ ਡੀ. ਪੀ. ਆਈ. ਐਲੀਮੈਂਟਰੀ ਸਿੱਖਿਆ ਪੰਜਾਬ ਵੱਲੋਂ ਸਥਾਨ ਦੀ ਤਜਵੀਜ਼ ਪ੍ਰਾਪਤ ਹੋਣ ਤੇ ਸਮਰੱਥ ਅਧਿਕਾਰੀ ਵੱਲੋਂ ਪ੍ਰਵਾਨਗੀ ਉਪਰੰਤ ਸੂਚਿਤ ਕਰੇਗਾ।

ਫਰਾਂਸ ਅਤੇ ਮੈਕਸੀਕੋ ਹਾਰੇ

ਦੱਖਣੀ ਅਫਰੀਕਾ ਦਾ ਬੋਂਗਾਨੀ ਖੁਮਾਲੋਂ ਗੋਲ ਕਰਨ ਪਿੱਛੋਂ ਖੁਸ਼ ਹੁੰਦਾ ਹੋਇਆ।

ਬਲੋਮਫੋਂਟੇਨ, 22 ਜੂਨ - ਬਲੋਮਫੋਂਟੇਨ ਦੇ ਫ੍ਰੀ ਸਟੇਟ ਸਟੇਡੀਅਮ ਵਿਚ ਦੱਖਣੀ ਅਫਰੀਕਾ ਨੇ ਫਰਾਂਸ ਨੂੰ 2-1 ਨਾਲ ਹਰਾਇਆ। ਇਸ ਜਿੱਤ ਦੇ ਬਾਵਜੂਦ ਦੱਖਣੀ ਅਫਰੀਕੀ ਟੀਮ ਅਗਲੇ ਦੌਰ 'ਚ ਜਗ੍ਹਾ ਨਹੀਂ ਬਣਾ ਸਕੀ ਕਿਉਂਕਿ ਇਸੇ ਦਿਨ ਰਸਟੇਨਬਰਗ 'ਚ ਖੇਡੇ ਗਏ ਇਸੇ ਗਰੁੱਪ ਦੇ ਇਕ ਦੂਸਰੇ ਮੁਕਾਬਲੇ 'ਚ ਉਰੂਗਵੇ ਦੇ ਹੱਥੋਂ 0-1 ਨਾਲ ਹਾਰ ਕੇ ਵੀ ਮੈਕਸੀਕੋ ਦੀ ਟੀਮ ਵਧੀਆ ਗੋਲ ਅੰਤਰ ਦੇ ਲਿਹਾਜ ਨਾਲ ਪ੍ਰੀ-ਕੁਆਟਰਫਾਈਨਲ ਵਿਚ ਪਹੁੰਚਣ 'ਚ ਸਫਲ ਰਹੀ। ਇਸ ਲਈ ਫਰਾਂਸ ਦੀ ਟੀਮ ਨੂੰ ਚੌਥਾ ਦਰਜਾ ਪ੍ਰਾਪਤ ਹੋਇਆ। ਫਰਾਂਸ ਦੀ ਟੀਮ ਨੂੰ ਆਪਣੇ ਪਹਿਲੇ ਗਰੁੱਪ ਮੁਕਾਬਲੇ 'ਚ ਉਰੂਗਵੇ ਦੇ ਨਾਲ ਡਰਾਅ ਖੇਡਣਾ ਪਿਆ ਸੀ ਜਦੋਂਕਿ ਦੂਸਰੇ ਮੁਕਾਬਲੇ 'ਚ ਉਸ ਨੂੰ ਮੈਕਸੀਕੋ ਨੇ 2-0 ਨਾਲ ਹਾਰ ਦਿੱਤੀ ਸੀ। ਦੱਖਣੀ ਅਫਰੀਕਾ ਦੀ ਟੀਮ ਨੇ ਆਪਣੇ ਪਹਿਲੇ ਮੁਕਾਬਲੇ 'ਚ ਮੈਕਸੀਕੋ ਨੂੰ 1-1 ਦੀ ਬਰਾਬਰੀ 'ਤੇ ਰੋਕਣ 'ਚ ਸਫਲਤਾ ਪ੍ਰਾਪਤ ਕੀਤੀ ਸੀ ਪਰ ਦੂਸਰੇ ਮੁਕਾਬਲੇ 'ਚ ਉਰੂਗਵੇ ਨੇ ਉਸ ਨੂੰ 3-0 ਨਾਲ ਹਰਾ ਦਿੱਤਾ ਸੀ।
ਉਰੂਗਵੇ ਨੇ ਮੈਕਸੀਕੋ ਨੂੰ 1-0 ਨਾਲ ਹਰਾਇਆ- ਰਸਟੇਨਬਰਗ - ਉਰੂਗਵੇ ਦੇ ਰਾਇਲ ਬੋਫੋਕੇਂਗ ਸਟੇਡੀਅਮ ਵਿਚ ਦੱਖਣੀ ਅਮਰੀਕੀ ਦੇਸ਼ ਉਰੂਗਵੇ ਨੇ ਗਰੁੱਪ ਏ ਦੇ ਮੁਕਾਬਲੇ ਵਿਚ ਮੈਕਸੀਕੋ ਨੂੰ 1-0 ਨਾਲ ਹਰਇਆ। ਹਾਰ ਦੇ ਬਾਵਜੂਦ ਮੈਕਸੀਕੋ ਦੀ ਟੀਮ ਆਖਰੀ-16 'ਚ ਪਹੁੰਚਣ ਵਿਚ ਸਫਲ ਰਹੀ ਕਿਉਂਕਿ ਬਲੋਮਫੋਂਟੇਨ 'ਚ ਖੇਡੇ ਗਏ ਗਰੁੱਪ-ਏ ਦੇ ਦੂਸਰੇ ਮੁਕਾਬਲੇ 'ਚ ਫਰਾਂਸ ਨੂੰ 2-1 ਨਾਲ ਹਰਾਉਣ ਦੇ ਬਾਵਜੂਦ ਮੇਜ਼ਬਾਨ ਟੀਮ ਆਖਰੀ-16 ਦੀ ਦੌੜ 'ਚੋਂ ਬਾਹਰ ਹੋ ਗਈ। ਮੈਕਸੀਕੋ ਦੀ ਟੀਮ ਗੋਲ ਅੰਤਰ ਦੇ ਲਿਹਾਜ ਨਾਲ ਅਗਲੇ ਦੌਰ 'ਚ ਜਗ੍ਹਾ ਬਣਾਉਣ 'ਚ ਸਫਲ ਰਹੀ। ਉਰੂਗਵੇ ਨੇ ਤਿੰਨ ਮੈਚਾਂ 'ਚ 7 ਅੰਕ ਪ੍ਰਾਪਤ ਕੀਤੇ ਜਦੋਂਕਿ ਮੈਕਸੀਕੋ ਅਤੇ ਦੱਖਣੀ ਅਫਰੀਕਾ ਦੇ ਚਾਰ-ਚਾਰ ਅੰਕ ਹਨ। ਇਸ ਗਰੁੱਪ ਦੀ ਆਖ਼ਰੀ ਟੀਮ ਫਰਾਂਸ ਵਿਸ਼ਵ ਕੱਪ 'ਚੋਂ ਬਾਹਰ ਹੋ ਗਈ ਹੈ।

ਸਪੇਨ ਨੇ ਹਾਂਡੂਰਸ ਨੂੰ ਦਰੜਿਆ

ਜੋਹਾਨਸਬਰਗ, - ਵਿਸ਼ਵ ਫੁੱਟਬਾਲ ਕੱਪ ਦਾ 32ਵਾਂ ਮੈਚ ਗਰੁੱਪ ਐਚ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਹ ਟੀਮਾਂ ਸਪੇਨ ਤੇ ਹਾਂਡੂਰਸ ਸਨ। ਜਿਸ ਵਿਚ ਸਪੇਨ ਨੇ ਹਾਂਡੂਰਸ ਨੂੰ 2 ਗੋਲਾਂ ਨਾਲ ਹਰਾਇਆ। ਮੈਨ ਆਫ ਦਿ ਮੈਚ ਸਪੇਨ ਦੇ ਖਿਡਾਰੀ ਡੇਵਿਡ ਵਿੱਲਾ ਨੂੰ ਐਲਾਨਿਆ ਗਿਆ।

ਅਰਜਨਟੀਮਾ ਨੇ ਯੂਨਾਨ ਨੂੰ ਕੀਤਾ ਚਿੱਤ

ਪਾਲੋਕਵੇਨ/ ਡਰਬਨ, 22 ਜੂਨ - ਵਿਸ਼ਵ ਕੱਪ ਫੁੱਟਬਾਲ ਦੇ ਦੋ ਅਹਿਮ ਮੈਚਾਂ ਵਿਚ ਅਰਜਨਟੀਨਾ ਨੇ ਯੂਨਾਨ ਨੂੰ 2-1 ਨਾਲ ਹਰਾ ਦਿੱਤਾ ਅਤੇ ਨਾਈਜੀਰੀਆ ਤੇ ਦੱਖਣੀ ਕੋਰੀਆਂ ਦੀਆਂ ਟੀਮਾਂ 2-2 ਗੋਲਾਂ ਨਾਲ ਬਰਾਬਰ ਰਹੀਆਂ।

ਪੁਰਤਗਾਲ ਨੇ ਉੱਤਰ ਕੋਰੀਆ ਨੂੰ ਕੀਤਾ ਚਿੱਤ


 

ਕੇਪਟਾਊਨ 'ਚ ਗਰੁੱਪ ਜੀ ਦੇ ਅਹਿਮ ਮੁਕਾਬਲੇ ਸਮੇਂ ਪੁਰਤਗਾਲ ਅਤੇ ਉਤਰੀ ਕੋਰੀਆ ਦੇ ਖਿਡਾਰੀ ਭਿੜਦੇ ਹੋਏ ਅਤੇ ਸੱਜੇ ਪਾਸੇ ਪੁਰਤਗਾਲ ਦੇ ਖਿਡਾਰੀ ਖੁਸ਼ ਹੁੰਦੇ ਹੋਏ

ਕੇਪਟਾਊਨ, 21 ਜੂਨ - ਵਿਸ਼ਵ ਕੱਪ ਫੁੱਟਬਾਲ ਕੇਪਟਾਊਨ ਦੇ ਗਰੀਨ ਪੁਆਇੰਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਵਿਚ ਗਰੁੱਪ-ਜੀ ਦੇ ਅਹਿਮ ਮੁਕਾਬਲੇ 'ਚ ਪੁਰਤਗਾਲ ਨੇ ਉੱਤਰ ਕੋਰੀਆ ਨੂੰ 7-0 ਨਾਲ ਕਰਾਰੀ ਹਾਰ ਦਿੱਤੀ। ਇਸ ਵਿਸ਼ਵ ਕੱਪ 'ਚ ਪੁਰਤਗਾਲ ਦੀ ਹੀ ਨਹੀਂ ਬਲਕਿ ਕਿਸੇ ਵੀ ਟੀਮ ਦੀ ਇਹ ਸਭ ਤੋਂ ਵੱਡੀ ਜਿੱਤੀ ਹੈ। ਇਸ ਜਿੱਤ ਨਾਲ ਪੁਰਤਗਾਲ ਦੀ ਟੀਮ ਨੇ ਆਪਣੇ ਕੁੱਲ ਅੰਕਾਂ ਦੀ ਗਿਣਤੀ ਚਾਰ ਕਰ ਲਈ ਹੈ। ਉਸ ਨੇ ਆਪਣੇ ਪਹਿਲੇ ਮੁਕਾਬਲੇ 'ਚ ਆਈਵਰੀ ਕੋਸਟ ਨਾਲ 1-1 ਨਾਲ ਡਰਾਅ ਖੇਡਿਆ ਸੀ। ਦੂਸਰੇ ਪਾਸੇ 44 ਸਾਲ ਬਾਅਦ ਪਹਿਲੀ ਵਾਰ ਵਿਸ਼ਵ ਕੱਪ 'ਚ ਖੇਡ ਰਹੀ ਉੱਤਰ ਕੋਰੀਆ ਦੀ ਟੀਮ ਨੂੰ ਲਗਾਤਾਰ ਦੂਸਰੀ ਵਾਰ ਹਾਰ ਮਿਲੀ ਹੈ। ਉਸ ਨੂੰ ਆਪਣੇ ਪਹਿਲੇ ਮੁਕਾਬਲੇ 'ਚ ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਕੋਲੋਂ 1-2 ਨਾਲ ਹਾਰ ਮਿਲੀ ਸੀ।

ਨਿਊਜ਼ੀਲੈਂਡ ਅਤੇ ਇਟਲੀ ਬਰਾਬਰ

ਨੇਲਸਪਰੁਇਟ, -ਨੇਲਸਪਰੁਇਟ ਵਿਖੇ ਮਬੋਮਬੇਲਾ ਸਟੇਡੀਅਮ 'ਚ ਗਰੁੱਪ-ਐਫ ਦੇ ਮੁਕਾਬਲੇ ਲਈ ਵਿਸ਼ਵ ਚੈਂਪੀਅਨ ਇਟਲੀ ਨੂੰ ਲਗਾਤਾਰ ਦੂਜੀ ਵਾਰ ਡਰਾਅ ਖੇਡਣਾ ਪਿਆ। ਇਸ ਮੁਕਾਬਲੇ 'ਚ ਨਿਊਜ਼ੀਲੈਂਡ ਨੇ ਉਸ ਨੂੰ 1-1 ਦੀ ਬਰਾਬਰੀ 'ਤੇ ਰੋਕ ਦਿੱਤਾ। ਇਟਲੀ ਨੂੰ ਆਪਣੇ ਪਹਿਲੇ ਗਰੁੱਪ ਮੁਕਾਬਲੇ 'ਚ ਦੱਖਣੀ ਅਮਰੀਕੀ ਦੇਸ਼ ਪੈਰਾਗੂਏ ਦੇ ਖ਼ਿਲਾਫ਼ ਵੀ ਡਰਾਅ ਖੇਡਣਾ ਪਿਆ ਸੀ। ਇਟਲੀ ਦੇ ਖ਼ਿਲਾਫ਼ ਨਿਊਜ਼ੀਲੈਂਡ ਦਾ ਡਰਾਅ ਖੇਡਣਾ ਇਕ ਲਿਹਾਜ਼ ਨਾਲ ਵੱਡੀ ਸਫਲਤਾ ਹੈ ਪਰ ਉਸ ਨੂੰ ਆਪਣੇ ਪਹਿਲੇ ਮੁਕਾਬਲੇ 'ਚ ਸਲੋਵਾਕੀਆ ਦੇ ਖ਼ਿਲਾਫ਼ ਡਰਾਅ ਖੇਡਣ 'ਤੇ ਮਜ਼ਬੂਰ ਹੋਣਾ ਪਿਆ ਸੀ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਨੇ ਦੋ-ਦੋ ਮੈਚਾਂ ਤੋਂ ਦੋ-ਦੋ ਅੰਕ ਪ੍ਰਾਪਤ ਕੀਤੇ ਹਨ।

ਬ੍ਰਾਜ਼ੀਲ ਜੇਤੂ

ਜੋਹਾਨਸਬਰਗ, 21 ਜੂਨ - ਵਿਸ਼ਵ ਕੱਪ ਫੁੱਟਬਾਲ ਦਾ 29ਵਾਂ ਮੈਚ ਗਰੁੱਪ-ਜੀ ਦੀਆਂ ਟੀਮਾਂ ਵਿਚਾਲੇ ਕਰਵਾਇਆ ਗਿਆ। ਇਹ ਟੀਮਾਂ ਬ੍ਰਾਜ਼ੀਲ ਤੇ ਆਈਵਰੀ ਕੋਸਟ ਹਨ। ਇਸ ਵਿਚ ਬ੍ਰਾਜ਼ੀਲ ਨੇ ਆਈਵਰੀ ਕੋਸਟ ਨੂੰ 3 ਦੇ ਮੁਕਾਬਲੇ ਇਕ ਗੋਲ ਨਾਲ ਹਰਾ ਦਿੱਤਾ।

ਸਪੇਨ ਨੇ ਹਾਂਡੂਰਸ ਨੂੰ ਦਰੜਿਆ

ਜੋਹਾਨਸਬਰਗ, 21 ਜੂਨ - ਜੋਹਾਨਸਬਰਗ ਦਾ 32ਵਾਂ ਮੈਚ ਗਰੂੱਪ ਐਚ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਟੀਮਾ ਸਪੇਨ ਤੇ ਹਾਂਡੂਰਸ ਹਨ। ਜਿਸ ਵਿਚ ਸਪੇਨ ਨੇ ਹਾਂਡੂਰਸ ਨੂੰ 2 ਗੋਲਾਂ ਨਾਲ ਹਰਾ ਦਿੱਤਾ।

ਭਾਰਤੀ ਮਹਿਲਾ ਹਾਕੀ ਟੀਮ ਟੈਸਟ ਲੜੀ 'ਚ ਜੇਤੂ

ਵੈਨਕੂਵਰ, 21 ਜੂਨ - ਵੈਨਕੂਵਰ ਦੇ ਯੂ.ਬੀ.ਸੀ.ਰਾਈਟ ਫੀਲਡ 'ਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਕੈਨੇਡਾ ਵਿਚਕਾਰ ਚੌਥਾ ਅਤੇ ਆਖ਼ਰੀ ਟੈਸਟ ਕਰਵਾਇਆ ਗਿਆ। ਜਿਸ ਵਿਚ ਕੈਨੇਡਾ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ 2-2 ਦੀ ਬਰਾਬਰੀ 'ਤੇ ਰੋਕਿਆ। ਭਾਰਤੀ ਟੀਮ ਹੁਣ ਇਥੋਂ ਜਰਮਨੀ ਜਾਵੇਗੀ, ਜਿੱਥੇ ਉਸ ਨੇ ਏਸਨ 'ਚ 25 ਤੋਂ 27 ਜੂਨ ਤੱਕ ਚਾਰ ਦੇਸ਼ਾਂ ਦੇ ਟੂਰਨਾਮੈਂਟ 'ਚ ਹਿੱਸਾ ਲੈਣਾ ਹੈ। ਟੂਰਨਾਮੈਂਟ 'ਚ ਮੇਜ਼ਬਾਨ ਜਰਮਨੀ, ਆਸਟ੍ਰੇਲੀਆ ਅਤੇ ਅਈਸਲੈਂਡ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹੈ।

ਮੰਗਲੀ ਨੀਚੀ ਵਾਲੀਬਾਲ ਕੱਪ ਸਮਾਪਤ

ਲੁਧਿਆਣਾ, 21 ਜੂਨ - ਵਾਲੀਬਾਲ ਕੱਪ ਜੋ ਕਿ ਮੰਗਲੀ ਨੀਚੀ 'ਚ ਕਰਵਾਇਆ ਗਿਆ। ਇਸ ਦੇ ਆਲ ਓਪਨ ਦਿਨ ਰਾਤ ਦੇ ਟੂਰਨਾਮੈਂਟ ਵਿਚ 16 ਟੀਮਾਂ ਨੇ ਹਿੱਸਾ ਲਿਆ। ਫਾਈਨਲ ਮੁਕਾਬਲੇ ਵਿਚ ਫਰੀਦਕੋਟ ਨੇ ਚੰਨਣ ਖੇੜਾ ਨੂੰ ਹਰਾ ਕੇ ਖਿਤਾਬੀ ਜਿੱਤ ਪ੍ਰਾਪਤ ਕੀਤਾ, ਜਦਕਿ ਗੰਗਾਨਗਰ ਰਾਜਸਥਾਨ ਦੀ ਟੀਮ ਨੇ ਹਰਿਆਣਾ ਨੂੰ ਹਰਾ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।

56ਵਾਂ ਕਬੱਡੀ ਅਤੇ ਵਾਲੀਬਾਲ ਟੂਰਨਾਮੈਂਟ 23 ਤੋਂ

ਜਲੰਧਰ, 21 ਜੂਨ - ਬਾਬਾ ਦਾਸਾ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਅਤੇ 56ਵਾਂ ਕਬੱਡੀ ਅਤੇ ਵਾਲੀਬਾਲ ਟੂਰਨਾਮੈਂਟ 23 ਤੋਂ 27 ਜੂਨ ਤੱਕ ਪਿੰਡ ਸਲੇਮਪੁਰ ਮਸੰਦਾਂ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਚ ਕਬੱਡੀ ਓਪਨ ਪਿੰਡ, 65 ਕਿਲੋ, 57 ਕਿਲੋ, 52 ਕਿਲੋ, 47 ਕਿਲੋ ਤੇ 42 ਕਿਲੋ ਤੋਂ ਇਲਾਵਾ ਵਾਲੀਬਾਲ ਓਪਨ ਪਿੰਡ ਪੱਧਰ ਤੇ 65 ਕਿਲੋ ਦੇ ਮੁਕਾਬਲਿਆਂ ਤੋਂ ਇਲਾਵਾ ਕੁਸ਼ਤੀਆਂ ਵੀ ਕਰਵਾਈਆਂ ਜਾਣਗੀਆਂ। ਹਲਟ ਦੌੜਾਂ 23 ਜੂਨ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਕਰਵਾਈਆਂ ਜਾਣਗੀਆਂ ਤੇ ਕਬੂਤਰਾਂ ਦੀ ਬਾਜੀ 23 ਜੂਨ ਸਵੇਰੇ ਸਾਢੇ 7 ਵਜੇ ਕਰਵਾਈ ਜਾਵੇਗੀ।

ਵਿਸ਼ਵ ਕੱਪ ਫੁੱਟਬਾਲ
ਪੈਰਾਗੂਏ ਜੇਤੂ

ਬਲੋਮਫੋਂਟੇਨ 'ਚ ਵਿਸ਼ਵ ਕੱਪ ਫੁੱਟਬਾਲ ਦੌਰਾਨ ਸਲੋਵਾਕੀਆ ਅਤੇ ਪੈਰਾਗੂਏ ਦੇ ਖਿਡਾਰੀ ਜੋ ਕਿ ਗੇਂਦ ਲਈ ਭਿੜਦੇ ਦਿੱਸ ਰਹੇ ਹਨ

ਬਲੋਮਫੋਂਟੇਨ, 20 ਜੂਨ - ਵਿਸ਼ਵ ਕੱਪ ਫੁੱਟਬਾਲ ਜੋ ਕਿ ਬਲੋਮਫੋਂਟੇਨ ਦੇ ਫ੍ਰੀ ਸਟੇਟ ਸਟੇਡੀਅਮ ਵਿਚ ਕਰਵਾਇਆ ਗਿਆ। ਜਿਸ ਵਿਚ ਗਰੁੱਪ-ਐਫ ਦੇ ਅਹਿਮ ਮੁਕਾਬਲੇ 'ਚ ਪੈਰਾਗੂਏ ਨੇ ਸਲੋਵਾਕੀਆ ਨੂੰ 2-0 ਨਾਲ ਹਰਾਇਆ। ਦੱਖਣੀ ਅਮਰੀਕੀ ਦੇਸ਼ ਪੈਰਾਗੂਏ ਨੇ ਜਿੱਤ ਪ੍ਰਾਪਤ ਕਰਕੇ ਵਿਸ਼ਵ ਕੱਪ 'ਚ ਪਹਿਲੀ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਪੈਰਾਗੂਏ ਦੀ ਟੀਮ ਗਰੁੱਪ-ਐਫ 'ਚ ਸਿਖ਼ਰ 'ਤੇ ਪਹੁੰਚ ਗਈ ਹੈ। ਪਹਿਲੀ ਵਾਰ ਵਿਸ਼ਵ ਕੱਪ 'ਚ ਹਿੱਸਾ ਲੈ ਰਹੀ ਸਲੋਵਾਕੀਆ ਨੇ 15 ਜੂਨ ਨੂੰ ਖੇਡੇ ਗਏ ਆਪਣੇ ਪਹਿਲੇ ਮੁਕਾਬਲੇ 'ਚ ਨਿਊਜ਼ੀਲੈਂਡ ਨੂੰ 1-1 ਦੀ ਬਰਾਬਰੀ 'ਤੇ ਰੋਕਿਆ ਸੀ। ਦੂਸਰੇ ਪਾਸੇ ਦੱਖਣੀ ਅਮਰੀਕੀ ਦੇਸ਼ ਪੈਰਾਗੂਏ ਨੇ 14 ਜੂਨ ਨੂੰ ਖੇਡੇ ਆਪਣੇ ਪਹਿਲੇ ਮੈਚ 'ਚ ਮੌਜੂਦਾ ਵਿਸ਼ਵ ਚੈਂਪੀਅਨ ਇਟਲੀ ਨੂੰ 1-1 ਦੀ ਬਰਾਬਰੀ 'ਤੇ ਰੋਕ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

ਘਾਨਾ ਆਸਟਰੇਲੀਆ ਦੋਵੇਂ ਜੇਤੂ

ਰਸਟੇਨਬਰਗ (ਦੱਖਣੀ ਅਫਰੀਕਾ), - ਵਿਸ਼ਵ ਕੱਪ ਫੁੱਟਬਾਲ ਜੋ ਕਿ ਰਸਟੇਨਬਰਗ 'ਚ ਕਰਵਾਇਆ ਗਿਆ। ਇਸ ਵਿਚ ਹੋਏ ਮੁਕਾਬਲੇ ਵਿਚ ਗਰੁੱਪ ਡੀ ਦੇ ਘਾਨਾ ਅਤੇ ਆਸਟਰੇਲੀਆ ਦਰਮਿਆਨ ਖੇਡਿਆ ਗਿਆ ਇਕ ਮੁਕਾਬਲਾ ਬਿਨਾ ਕਿਸੇ ਮੁਕਾਬਲੇ ਦੇ ਬਰਾਬਰ ਰਿਹਾ। ਜਦਕਿ ਡਰਬਨ ਵਿਖੇ ਖੇਡੇ ਗਏ ਇਕ ਹੋਰ ਮੁਕਾਬਲੇ 'ਚ ਹਾਲੈਂਡ ਨੇ ਜਾਪਾਨ ਨੂੰ 1-0 ਗੋਲ ਦੇ ਫਰਕ ਨਾਲ ਹਰਾ ਕੇ ਕੁਆਰਟਰ ਫਾਈਨਲ ਗੇੜ 'ਚ ਦਾਖਲੇ ਲਈ ਕਦਮ ਅੱਗੇ ਵਧਾਏ।

ਡੈਨਮਾਰਕ ਨੇ ਕੈਮਰੂਨ ਨੂੰ ਕੀਤਾ ਚਿੱਤ

ਪੀ੍ਰਟੋਰੀਆ, 20 ਜੂਨ - ਪ੍ਰੀਟੋਰੀਆ ਦੇ ਸਟੇਡੀਅਮ ਲਾਫਟਸ ਵਰਸਫੈਲਡ 'ਚ ਫੀਫਾ ਵਿਸ਼ਵ ਕੱਪ ਚੱਲ ਰਿਹਾ ਹੈ। ਇਸ ਵਿਸ਼ਵ ਕੱਪ ਦੇ ਗਰੁੱਪ ਈ ਦੇ ਇਕ ਮੈਚ 'ਚ ਡੈਨਮਾਰਕ ਨੇ ਕੈਮਰੂਨ ਨੂੰ 2-1 ਦੇ ਫਰਕ ਨਾਲ ਹਰਾ ਦਿੱਤਾ।

8 ਖਿਡਾਰੀਆਂ ਨੂੰ ਦੇਖਣਾ ਪਿਆ ਲਾਲ ਕਾਰਡ

ਜੋਹਾਨਸਬਰਗ, 20 ਜੂਨ - ਜੋਹਾਨਸਬਰਗ 'ਚ 19 ਜੂਨ ਨੂੰ ਕਰਵਾਏ ਗਏ ਮੁਕਾਬਲਿਆਂ 'ਚ ਕੁੱਲ 8 ਖਿਡਾਰੀਆਂ ਨੂੰ ਲਾਲ ਕਾਰਡ ਦਿਖਾ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਲਾਲ ਕਾਰਡ ਉਰੂਗਵੇ ਦੇ ਖਿਡਾਰੀ ਨਿਕੋਲਸ ਲੋਡੇਰੋ ਨੂੰ 11 ਜੂਨ ਨੂੰ ਫਰਾਂਸ ਦੇ ਨਾਲ ਖੇਡੇ ਗਏ ਮੁਕਾਬਲੇ ਦੌਰਾਨ ਦਿਖਾਇਆ ਗਿਆ ਸੀ। ਇਹ ਮੁਕਾਬਲਾ ਬਰਾਬਰੀ 'ਤੇ ਖਤਮ ਹੋਇਆ ਸੀ। ਇਸ ਦੇ ਬਾਅਦ 13 ਜੂਨ ਨੂੰ ਆਸਟ੍ਰੇਲੀਆ ਦੇ ਖਿਡਾਰੀ ਟਿਮ ਕਾਹਿਲ ਨੂੰ ਜਰਮਨੀ ਦੇ ਖ਼ਿਲਾਫ਼ ਲਾਲ ਕਾਰਡ ਦਿਖਾਇਆ ਗਿਆ ਸੀ। ਜਰਮਨੀ ਨੇ ਇਹ ਮੈਚ 4-0 ਨਾਲ ਜਿੱਤਿਆ ਸੀ। 13 ਜੂਨ ਨੂੰ ਲਾਲ ਕਾਰਡ ਦਿਖਾਏ ਜਾਣ ਦੀ ਇਕ ਹੋਰ ਘਟਨਾ ਵਾਪਰੀ ਸੀ। ਸਰਬੀਆ ਅਤੇ ਘਾਨਾ 'ਚ ਖੇਡੇ ਗਏ ਮੁਕਾਬਲੇ ਦੌਰਾਨ ਸਰਬੀਆ ਦੇ ਖਿਡਾਰੀ ਅਲਕੇਜੇਂਦਰ ਲੁਕੋਵਿਕ ਨੂੰ ਲਾਲ ਕਾਰਡ ਦਿਖਾਇਆ ਗਿਆ ਸੀ। ਇਸੇ ਦਿਨ ਅਲਜੀਰੀਆ ਅਤੇ ਸਲੋਵੇਨੀਆ 'ਚ ਖੇਡੇ ਗਏ ਇਕ ਹੋਰ ਮੁਕਾਬਲੇ ਦੌਰਾਨ ਅਲਜੀਰੀਆ ਦੇ ਖਿਡਾਰੀ ਅਲਅਬਦੇਲਕ ਨੂੰ ਲਾਲ ਕਾਰਡ ਦਿਖਾਏ ਜਾਣ ਕਾਰਨ ਮੈਦਾਨ ਛੱਡਣਾ ਪਿਆ ਸੀ। ਇਸ ਦੇ ਬਾਅਦ ਤਿੰਨ ਦਿਨਾਂ ਤੱਕ ਕਿਸੇ ਖਿਡਾਰੀ ਨੂੰ ਲਾਲ ਕਾਰਡ ਨਹੀਂ ਦਿਖਾਇਆ ਗਿਆ ਪਰ 16 ਜੂਨ ਨੂੰ ਦੱਖਣੀ ਅਫ਼ਰੀਕਾ ਅਤੇ ਉਰੂਗਵੇ 'ਚ ਖੇਡੇ ਗਏ ਮੈਚ ਦੌਰਾਨ ਮੇਜ਼ਬਾਨ ਖਿਡਾਰੀ ਆਈ ਖੁਨੇ ਨੂੰ ਲਾਲ ਕਾਰਡ ਦੇਖਣਾ ਪਿਆ। 17 ਜੂਨ ਨੂੰ ਨਾਈਜੀਰੀਆ ਅਤੇ ਯੂਨਾਨ 'ਚ ਖੇਡੇ ਗਏ ਇਕ ਮੁਕਾਬਲੇ ਦੌਰਾਨ ਵੀ ਨਾਈਜੀਰੀਆ ਦੇ ਖਿਡਾਰੀ ਸਾਨਾ ਕਾਇਤਾ ਨੂੰ ਲਾਲ ਕਾਰਡ ਦਿਖਾਇਆ ਗਿਆ ਸੀ। ਜਰਮਨੀ ਅਤੇ ਸਰਬੀਆ 'ਚ 18 ਜੂਨ ਨੂੰ ਖੇਡੇ ਗਏ ਮੈਚ ਦੌਰਾਨ ਜਰਮਨੀ ਦੇ ਸਟਾਰ ਸਟ੍ਰਾਈਕਰ ਮਾਰਿਸਲਾਵ ਕਲੋਜ ਨੂੰ ਲਾਲ ਕਾਰਡ ਦਿਖਾਇਆ ਗਿਆ ਸੀ। 19 ਜੂਨ ਨੂੰ ਆਸਟ੍ਰੇਲੀਆ ਅਤੇ ਘਾਨਾ 'ਚ ਖੇਡੇ ਗਏ ਮੁਕਾਬਲੇ ਦੌਰਾਨ ਆਸਟ੍ਰੇਲੀਆਈ ਖਿਡਾਰੀ ਹੈਰੀ ਕੇਵੇਲ ਨੂੰ ਲਾਲ ਕਾਰਡ ਦਿਖਾਇਆ ਗਿਆ ਸੀ

ਭਾਰਤ ਨੇ 4-1 ਨਾਲ ਕੈਨੇਡਾ ਨੂੰ ਦਿੱਤੀ ਮਾਤ

ਸਰੀ, 20 ਜੂਨ - ਪੰਜਾਬ ਦੇ ਸ਼ਹਿਰ ਸਰੀ 'ਚ ਹਾਕੀ ਕੱਪ ਚੱਲ ਰਿਹਾ ਹੈ। ਉਸ ਦਾ ਤੀਜਾ ਮੈਚ ਜੋ ਕਿ ਕੈਨੇਡਾ ਅਤੇ ਭਾਰਤ ਵਿਚਕਾਰ ਖੇਡਿਆ ਗਿਆ। ਇਸ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੇ ਕੈਨੇਡਾ ਨੂੰ 4-1 ਨਾਲ ਹਰਾਇਆ। ਚੌਥਾ ਅਤੇ ਆਖਰੀ ਮੈਚ ਸਾਈਮਨ ਫਰੇਚਰ ਯੂਨੀਵਰਸਿਟੀ ਦੇ ਮੈਦਾਨ 'ਚ ਖੇਡਿਆ ਜਾਵੇਗਾ।

ਅਰਜਨਟੀਨਾ ਨੇ ਦੱਖਣੀ ਕੋਰੀਆ ਨੂੰ ਲਾਇਆ ਥੱਲੇ

ਜੋਹਾਨਸਬਰਗ, 17 ਜੂਨ - ਵਿਸ਼ਵ ਕੱਪ ਫੁੱਟਬਾਲ ਜੋਹਾਨਸਬਰਗ ਦੇ ਸਾਕਰ ਸਿਟੀ ਸਟੇਡੀਅਮ ਵਿਚ ਚੱਲ ਰਿਹਾ ਹੈ। ਇਸ ਦੇ ਗਰੁੱਪ-ਬੀ ਦੇ ਖੇਡੇ ਗਏ ਮੈਚ ਵਿਚ ਅਰਜਨਟੀਨਾ ਨੇ ਦੱਖਣੀ ਕੋਰੀਆਂ ਨੂੰ ਹਰਾਇਆ। ਸਟਾਰ ਸਟਰਾਈਕਰ ਗੌਂਜਾਲੋ ਹਿਗੁਏਨ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਅਰਜਨਟੀਨਾ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ। ਇਸ ਜਿੱਤ ਨਾਲ ਅਰਜਨਟੀਨਾ ਗਰੁੱਪ-ਬੀ 'ਚ ਸਿਖਰ 'ਤੇ ਪਹੁੰਚ ਗਿਆ ਹੈ। 12 ਜੂਨ ਨੂੰ ਦੱਖਣੀ ਕੋਰੀਆ ਨੇ ਗਰੀਸ ਨੂੰ 2-0 ਨਾਲ ਅਤੇ ਅਰਜਨਟੀਨਾ ਨੇ ਨਾਈਜ਼ੀਰੀਆ ਨੂੰ 1-0 ਨਾਲ ਹਰਾਇਆ ਸੀ। ਯੂਨਾਨ ਨੇ ਨਾਈਜੀਰੀਆ ਨੂੰ ਹਰਾਇਆ - ਬਲੋਮਫੋਂਟੀਨ, (ਏਜੰਸੀਆਂ) - ਹਾਰ ਨਾਲ ਸ਼ੁਰੂਆਤ ਕਰਨ ਵਾਲੇ ਸਾਬਕਾ ਯੂਰਪੀ ਚੈਂਪੀਅਨ ਯੂਨਾਨ ਨੇ ਗਰੁੱਪ ਬੀ ਦੇ ਪਹਿਲੇ ਦੌਰ 'ਚ ਨਾਈਜੀਰੀਆ ਨੂੰ 2-1 ਨਾਲ ਹਰਾ ਕੇ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ।

ਮੈਕਸੀਕੋ ਨੇ ਫਰਾਂਸ ਨੂੰ ਕੀਤਾ ਚਿੱਤ

ਪਾਲੋਕਵੇਨ, 17 ਜੂਨ - ਵਿਸ਼ਵ ਕੱਪ ਫੁੱਟਬਾਲ ਦੇ 18ਵੇਂ ਮੈਚ 'ਚ ਮੈਕਸੀਕੋ ਦੀ ਟੀਮ ਨੇ ਫਰਾਂਸ ਦੀ ਟੀਮ ਨੂੰ 2-0 ਨਾਲ ਹਰਾਇਆ। ਦੋਵੇਂ ਟੀਮਾਂ ਪੂਰੀ ਚੜ੍ਹਦੀ ਕਲਾਂ 'ਚ ਖੇਡ ਮੈਦਾਨ 'ਤੇ ਉੱਤਰੀਆਂ।

337 ਖਿਡਾਰੀਆਂ ਨੇ ਪੇਸ਼ ਕੀਤੀ ਦਾਅਵੇਦਾਰੀ

ਪਟਿਆਲਾ, 17 ਜੂਨ - ਪਟਿਆਲਾ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ, ਪੰਜਾਬੀ ਯੂਨੀਵਰਸਿਟੀ ਕੈਂਪਸ, ਮਹਿੰਦਰਾ ਕਾਲਜ ਅਤੇ ਡੀ. ਐਮ. ਡਬਲਿਊ ਸਟੇਡੀਅਮ ਵਿਖੇ ਚੋਣ ਟਰਾਇਲ ਕਰਵਾਏ ਗਏ। ਇਨ੍ਹਾਂ ਚੋਣ ਟਰਾਇਲਾਂ ਵਿਚ ਨਵੇਂ ਬਣਾਏ ਜਾਣ ਵਾਲੇ ਖੇਡ ਵਿੰਗਾਂ ਲਈ 337 ਖਿਡਾਰੀਆਂ ਨੇ ਦਾਅਵੇਦਾਰੀ ਪੇਸ਼ ਕੀਤੀ ਹੈ। ਇਨ੍ਹਾਂ ਟਰਾਇਲਾਂ ਦੌਰਾਨ ਚੋਟੀ ਦੇ ਖਿਡਾਰੀਆਂ ਨੇ ਅਥਲੈਟਿਕ, ਬਾਸਕਿਟਬਾਲ, ਮੁੱਕੇਬਾਜ਼ੀ, ਬੈਡਮਿੰਟਨ, ਕਬੱਡੀ, ਹਾਕੀ, ਹੈਂਡਬਾਲ, ਵਾਲੀਬਾਲ, ਭਾਰ ਤੋਲਣ, ਤੈਰਾਕੀ, ਟੇਬਲ ਟੈਨਿਸ, ਕੁਸ਼ਤੀ, ਫੁੱਟਬਾਲ, ਸਾਈਕਲਿੰਗ, ਜੂਡੋ ਤੇ ਜਿਮਨਾਸਟਿਕ ਲਈ ਆਪਣੀ ਸਮਰੱਥਾ ਦਾ ਪ੍ਰਗਟਾਵਾ ਕੀਤਾ। ਪੰਜਾਬੀ ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕ ਡਾ: ਰਾਜ ਕੁਮਾਰ ਸ਼ਰਮਾ ਇਸ ਮੌਕੇ ਉਚੇਚੇ ਤੌਰ 'ਤੇ ਪੁੱਜੇ। ਇਨ੍ਹਾਂ ਟਰਾਇਲਾਂ ਦੌਰਾਨ ਚੁਣੇ ਗਏ ਖਿਡਾਰੀਆਂ ਨੂੰ ਰਿਹਾਇਸ਼ੀ ਵਿੰਗਾਂ ਤਹਿਤ 120 ਰੁਪਏ ਅਤੇ ਡੇ ਸਕਾਲਰ ਖਿਡਾਰੀਆਂ ਨੂੰ ਰੋਜ਼ਾਨਾ ਮਾਣ ਭੱਤਾ ਦਿੱਤਾ ਜਾਵੇਗਾ।

ਟਵੰਟੀ-20 ਚੈਂਪੀਅਨਸ਼ਿਪ ਲੀਗ

ਨਵੀਂ ਦਿੱਲੀ, 17 ਜੂਨ - ਟਵੰਟੀ-20 ਚੈਂਪੀਅਨਸ਼ਿਪ ਲੀਗ ਜੋ ਕਿ ਦੱਖਣੀ ਅਫ਼ਰੀਕਾ 'ਚ ਕਰਵਾਈ ਜਾ ਰਹੀ ਹੈ। ਇਸ ਲਈ ਵੱਖ ਵੱਖ ਥਾਂਵਾਂ ਦਾ ਐਲਾਨ ਕੀਤਾ ਗਿਆ ਹੈ। 10 ਤੋਂ 26 ਸਤੰਬਰ ਤੱਕ ਹੋਣ ਵਾਲੀ ਚੈਂਪੀਅਨਸ ਲੀਗ 'ਚ ਇਸ ਸਾਲ 12 ਦੀ ਜਗ੍ਹਾਂ 10 ਟੀਮਾਂ ਹਿੱਸਾ ਲੈਣਗੀਆ। ਇਸ ਦੇ ਮੈਚ ਜੋਹਾਨਸਬਰਗ, ਪੋਰਟ ਐਲਿਜ਼ਬੈਂਥ, ਡਰਬਨ ਅਤੇ ਸੈਂਚੁਰੀਅਨ 'ਚ ਖੇਡੇ ਜਾਣਗੇ। ਇਸ ਟੂਰਨਾਮੈਂਟ ਦੇ ਮੈਚਾਂ 'ਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ 'ਚ 23 ਮੈਚ ਖੇਡੇ ਜਾਣਗੇ। ਟੂਰਨਾਮੈਂਟ ਸਬੰਧੀ ਐਲਾਨ 28 ਜੂਨ ਨੂੰ ਸਿੰਘਾਪੁਰ 'ਚ ਗਵਰਨਿੰਗ ਕੌਂਸਲ ਦੀ ਮੀਟਿੰਗ ਦੇ ਬਾਅਦ ਕੀਤਾ ਜਾਵੇਗਾ। ਇੰਗਲੈਂਡ ਦੀ ਘਰੇਲੂ ਚੈਂਪੀਅਨਸ਼ਿਪ ਦੀਆਂ ਜੇਤੂ ਅਤੇ ਉਪ ਜੇਤੂ ਟੀਮਾਂ ਇਸ ਸਾਲ ਹਿੱਸਾ ਟੂਰਨਾਮੈਂਟ 'ਚ ਹਿੱਸਾ ਨਹੀਂ ਲੈ ਰਹੀਆਂ ਹਨ। ਜਿਸ ਕਾਰਨ ਦੋ ਟੀਮਾਂ ਘਟ ਗਈਆਂ ਹਨ। 2010 ਦੀ ਚੈਂਪੀਅਨਸ ਲੀਗ ਦੇ ਲਈ ਕੁਆਲੀਫਾਈ ਕਰ ਚੁੱਕੀਆਂ ਟੀਮਾਂ 'ਚ ਚੇਨਈ ਸੁਪਰ ਕਿੰਗਜ਼, ਮੁੰਬਈ ਇੰਡੀਅਨਸ ਅਤੇ ਰਾਇਲ ਚੈਲੇਜ਼ਰਸ ਬੰਗਲੋਰ (ਭਾਰਤ), ਵਿਕਟੋਰੀਅਨ ਬੁਸ਼ਰੇਜ਼ਰਸ ਅਤੇ ਸਾਊਥ ਆਸਟ੍ਰੇਲੀਅਨ ਰੇਡਬੈਕਸ (ਆਸਟ੍ਰੇਲੀਆ), ਵਾਰੀਅਰਸ ਅਤੇ ਹਾਈਵੇਲਡ ਲਾਇਨਸ (ਦੱਖਣੀ ਅਫ਼ਰੀਕਾ), ਸੈਂਟਰਲ ਸਟੈਗਸ (ਨਿਊਜ਼ੀਲੈਂਡ) ਅਤੇ ਵਾਇਬਾ ਇਲੇਵੰਸ (ਸ੍ਰੀਲੰਕਾ) ਆਦਿ ਸ਼ਾਮਿਲ ਹਨ। ਟੂਰਨਾਮੈਂਟ ਦੀ 10ਵੀਂ ਟੀਮ ਵੈਸਟਇੰਡੀਜ਼ ਦੀ ਹੋਵੇਗੀ। ਇਸ ਟੀਮ ਦੇ ਨਾਂਅ ਦਾ ਫੈਸਲਾ ਕੈਰੇਬੀਆਈ ਘਰੇਲੂ ਚੈਂਪੀਅਨਸ਼ਿਪ ਦੀ ਸਮਾਪਤੀ ਦੇ ਨਾਲ ਇਸ ਸਾਲ ਜੁਲਾਈ 'ਚ ਹੋ ਜਾਵੇਗਾ।

ਫੀਫਾ ਵਿਸ਼ਵ ਕੱਪ
ਸਵਿਟਜ਼ਰਲੈਂਡ ਦੀ ਬੱਲੇ ਬੱਲੇ

ਡਰਬਨ ਵਿਖੇ ਸਟੀਫਨ ਗਰਿਚਟਿੰਗ ਸਵਿਟਜ਼ਰਲੈਂਡ ਦੀ ਹੋਈ ਜਿੱਤ ਦਾ ਜਸ਼ਨ ਮਨਾਉਂਦਾ ਹੋਇਆ (ਸੱਜੇ), ਸਪੇਨ ਦੀ ਹੋਈ ਹਾਰ 'ਤੇ ਗ਼ਮ 'ਚ ਡੁੱਬੀ ਇਕ ਪ੍ਰਸ਼ੰਸਕ ਮੁਟਿਆਰ (ਖੱਬੇ) ਨਜ਼ਰ ਆ ਰਹੇ ਹਨ।
 

ਡਰਬਨ, 16 ਜੂਨ - ਫੁੱਟਬਾਲ ਵਿਸ਼ਵ ਕੱਪ ਚੱਲ ਰਿਹਾ ਹੈ। ਇਸ ਫੁੱਟਬਾਲ ਵਿਸ਼ਵ ਕੱਪ ਵਿਚ ਸਵਿਟਜ਼ਰਲੈਂਡ ਨੇ ਸਪੇਨ ਨੂੰ 1-0 ਨਾਲ ਹਰਾ ਦਿੱਤਾ। ਗੈਲਸਨ ਫਰਨਾਂਡਿਸ ਵੱਲੋਂ 52ਵੇਂ ਮਿੰਟ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਸਵਿਟਜ਼ਰਲੈਂਡ ਨੇ ਯੂਰੋ ਚੈਂਪੀਅਨ ਅਤੇ ਵਿਸ਼ਵ ਦੀ ਨੰਬਰ ਦੋ ਟੀਮ ਸਪੇਨ ਨੂੰ ਧੂੜ ਚਟਾ ਦਿੱਤੀ। ਇਹ ਵਿਸ਼ਵ ਕੱਪ ਦੇ ਸ਼ੁਰੂਆਤੀ ਲੀਗ ਮੈਚਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਉਲਟਫੇਰ ਹੈ ਕਿਉਂਕਿ ਯੂਰੋ 2008 ਵਿਚ ਜਿੱਤ ਤੋਂ ਬਾਅਦ ਤੋਂ ਹੀ ਸਪੇਨ ਦੀ ਫਾਰਮ ਨੂੰ ਦੇਖਦਿਆਂ ਉਸ ਨੂੰ ਵਿਸ਼ਵ ਕੱਪ ਦੇ ਪ੍ਰਮੁੱਖ ਦਾਅਵੇਦਾਰਾਂ 'ਚ ਬਰਾਜ਼ੀਲ ਦੇ ਨਾਲ ਦੇਖਿਆ ਜਾ ਰਿਹਾ ਸੀ। ਇਸ ਤਰ੍ਹਾਂ ਸਵਿਟਜ਼ਰਲੈਂਡ ਨੇ ਸਪੇਨ ਦੀ ਲਗਾਤਾਰ 12 ਮੈਚਾਂ ਦੀ ਜਿੱਤ ਦੀ ਮੁਹਿੰਮ ਨੂੰ ਖ਼ਤਮ ਕਰ ਦਿੱਤਾ।

ਨੈਲਸਪਰੁਇਟ 'ਚ ਫੀਫਾ ਵਿਸ਼ਵ ਕੱਪ

ਫੀਫਾ ਵਿਸ਼ਵ ਕੱਪ ਨੈਲਸਪਰੁਇਟ (ਦੱਖਣੀ ਅਫਰੀਕਾ) 'ਚ ਬੋਂਬੇਲਾ ਸਟੇਡੀਅਮ 'ਚ ਗਰੁੱਪ-ਐਚ ਦੇ ਮੁਕਾਬਲੇ 'ਚ ਮੱਘ ਅਮਰੀਕੀ ਮੁਲਕ ਹੋਂਡੂਰਸ ਨੂੰ 1-0 ਨਾਲ ਹਰਾਇਆ। ਅੱਧੇ ਸਮੇਂ ਤੱਕ ਜੇਤੂ ਟੀਮ ਇਸੇ ਅੰਤਰ ਨਾਲ ਅੱਗੇ ਸੀ। ਚਿਲੀ ਲਈ ਮੈਚ ਦਾ ਇਕੋ-ਇਕ ਗੋਲ ਮੈਕਸੀਕੋ ਦੇ ਅਮਰੀਕਾ ਕਲੱਬ ਲਈ ਪੇਸ਼ੇਵਰ ਫੁੱਟਬਾਲ ਖੇਡਣ ਵਾਲੇ ਫਾਰਵਰਡ ਖਿਡਾਰੀ ਜੀਨ ਬਿਊਸੇਜੋਰ ਨੇ 34ਵੇਂ ਮਿੰਟ ਵਿਚ ਕੀਤਾ। ਇਸ ਗੋਲ 'ਚ ਡਿਫੈਂਡਰ ਮੌਰੀਸੀਓ ਇਸਲਾ ਅਤੇ ਮਿਡਫੀਲਡਰ ਜਾਰਜ ਵਾਲਵੀਦੀਆ ਨ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਅੱਧੇ ਸਮੇਂ ਤੱਕ ਦੀ ਖੇਡ ਵਿਚ ਚਿਲੀ ਦੀ ਟੀਮ ਨੇ ਪ੍ਰਭਾਵਸ਼ਾਲੀ ਖੇਡ ਦਿਖਾਈ। ਉਸ ਨੇ 62 ਫੀਸਦੀ ਸਮੇਂ ਤੱਕ ਗੇਂਦ ਨੂੰ ਆਪਣੇ ਕਬਜੇ ਵਿਚ ਰੱਖਿਆ। ਵੈਸੇ ਜ਼ਿਆਦਾ ਹਮਲਾਵਰ ਤੇਵਰ ਦਿਖਾਉਣ ਕਾਰਨ ਚਿਲੀ ਦੇ ਖਿਡਾਰੀਆਂ ਨੂੰ 11 ਮੌਕਿਆਂ 'ਤੇ ਰੈਫਰੀ ਨੇ ਚਿਤਾਵਨੀ ਦਿੱਤੀ। ਇਸ ਮਾਮਲੇ 'ਚ ਹੋਂਡੂਰਸ ਦੇ ਖਿਡਾਰੀਆਂ ਨੂੰ ਕੇਵਲ ਛੇ ਵਾਰ ਚਿਤਾਵਨੀ ਮਿਲੀ। ਚਿਲੀ ਦੇ ਦੋ ਖਿਡਾਰੀਆਂ ਨੂੰ ਫਾਊਲ ਖੇਡ ਦਿਖਾਉਣ ਕਾਰਨ ਪੀਲਾ ਕਾਰਡ ਦਿਖਾਇਆ ਗਿਆ ਜਦਕਿ ਹੋਂਡੂਰਸ ਦੇ ਇਕ ਖਿਡਾਰੀ ਨੂੰ ਹੀ ਇਹ ਕਾਰਡ ਦਿੱਤਾ ਗਿਆ। ਅੱਧੇ ਸਮੇਂ ਤੋਂ ਬਾਅਦ ਹੋਂਡੂਰਸ ਨੇ ਥੋੜਾ ਜ਼ੋਰ ਲਗਾਇਆ ਪਰੰਤੂ ਉਹ ਗੋਲ ਨਹੀਂ ਕਰ ਸਕਿਆ। ਇਸ ਦੌਰਾਨ ਚਿਲੀ ਦੇ ਖਿਡਾਰੀਆਂ ਨੇ ਵੀ ਗੋਲ ਕਰਨ ਦੇ ਕਈ ਵਧੀਆ ਮੌਕੇ ਗਵਾਏ। ਚਿਲੀ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ 'ਚ ਹੋਂਡੂਰਸ ਦੇ ਗੋਲਕੀਪਰ ਨੋਏਲ ਵਾਲਾਦਾਰੇਸ ਦੀ ਅਹਿਮ ਭੂਮਿਕਾ ਰਹੀ। ਵਿਸ਼ਵ ਫੁੱਟਬਾਲ ਕੱਪ ਦੇ 17ਵੇਂ ਮੈਚ 'ਚ ਗਰੁੱਪ 'ਏ' ਦੀਆਂ ਟੀਮਾਂ ਦੱਖਣੀ ਅਫਰੀਕਾ ਤੇ ਉਰੂਗਵੇ ਵਿਚਾਲੇ ਕਾਂਟੇਦਾਰ ਮੈਚ ਹੋਇਆ ਜਿਸ ਵਿਚ ਉਰੂਗਵੇ ਨੇ ਦੱਖਣੀ ਅਫਰੀਕਾ ਨੂੰ 3 ਗੋਲਾਂ ਨਾਲ ਹਰਾ ਦਿੱਤਾ। ਇਸ ਤੋਂ ਪਹਿਲੇ ਦਿਨ ਰਸਟਨਬਰਗ ਦੇ ਰਾਇਲ ਬੋਫੋਕੇਂਗ ਸਟੇਡੀਅਮ ਵਿਚ ਯੂਰਪੀ ਦੇਸ਼ ਸਲੋਵਾਕੀਆ ਅਤੇ ਨਿਊਜ਼ੀਲੈਂਡ ਵਿਚਕਾਰ ਮੁਕਾਬਲਾ ਕਰਵਾਇਆ ਗਿਆ। ਇਸ ਵਿਚ ਗਰੁੱਪ ਐਫ ਦੇ ਮੁਕਾਬਲੇ 'ਚ 1-1 ਨਾਲ ਮੈਚ ਬਰਾਬਰ ਰਿਹਾ।

ਮੁੱਖ ਮੰਤਰੀ ਨੇ ਪੁਸਤਕ 'ਕਰੋੜਾਂ ਦੀ ਕਬੱਡੀ' ਕੀਤੀ ਸਪੁਰਦ

ਚੰਡੀਗੜ੍ਹ, 16 ਜੂਨ - ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਪਲੇਠੇ ਵਿਸ਼ਵ ਕਬੱਡੀ ਕੱਪ ਜੋ ਕਿ 3 ਤੋਂ 12 ਅਪ੍ਰੈਲ ਤੱਕ ਕਰਵਾਇਆ ਗਿਆ ਸੀ, ਦੇ ਹਰੇਕ ਪਹਿਲੂ 'ਤੇ ਨਜ਼ਰ ਮਾਰਦਿਆਂ ਚੰਡੀਗੜ੍ਹ 'ਚ ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਸੁਖਵੀਰ ਸਿੰਘ ਗਰੇਵਾਲ ਦੁਆਰਾ ਰਚਿਤ ਪੁਸਤਕ 'ਕਰੋੜਾਂ ਦੀ ਕਬੱਡੀ' ਇਥੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਖੇਡ ਪ੍ਰੇਮੀਆਂ ਤੇ ਸਾਹਿਤ ਰਸੀਆਂ ਦੇ ਰੂ-ਬ-ਰੂ ਕਰਨ ਦੀ ਰਸਮ ਅਦਾ ਕੀਤੀ। ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਦੀ ਦੇਖ-ਰੇਖ ਵਿੱਚ ਹੋਏ ਸਮਾਗਮ ਦੌਰਾਨ ਇਸ ਪੁਸਤਕ ਦੀ ਘੁੰਡ ਚੁਕਾਈ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਪੁਸਤਕ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਇਤਿਹਾਸਕ ਵਿਸ਼ਵ ਕੱਪ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖਣ ਦਾ ਬਹੁਤ ਵੱਡਾ ਉਪਰਾਲਾ ਹੈ।

ਚਾਰ ਮੈਚਾਂ ਦੀ ਹਾਕੀ ਲੜੀ ਦੇ ਪਹਿਲੇ ਮੈਚ 'ਚ ਭਾਰਤੀ ਕੁੜੀਆਂ ਜੇਤੂ

ਸਰੀ, 16 ਜੂਨ - ਭਾਰਤੀ ਮਹਿਲਾ ਹਾਕੀ ਟੀਮ ਨੇ ਕੈਨੇਡਾ ਖਿਲਾਫ਼ ਚਾਰ ਟੈਸਟ ਮੈਚਾਂ ਦੀ ਲੜੀ 'ਚ ਜਿੱਤ ਨਾਲ ਸ਼ੁਰੂਆਤ ਕਰਦਿਆਂ ਮੇਜ਼ਬਾਨ ਨੂੰ ਪਹਿਲੇ ਮੈਚ ਵਿਚ 3-2 ਨਾਲ ਹਰਾ ਦਿੱਤਾ। ਸਰੀ ਦੇ ਤਮਾਨਾਵਿਸ ਪਾਰਕ ਮੈਦਾਨ 'ਚ ਖੇਡੇ ਗਏ ਮੈਚ ਵਿਚ ਭਾਰਤ ਨੇ ਅੱਧੇ ਸਮੇਂ ਤੱਕ 1-0 ਨਾਲ ਬੜ੍ਹਤ ਬਣਾ ਲਈ ਸੀ।

ਖੇਡ ਵਿੰਗਾਂ ਦੇ ਚੋਣ ਟ੍ਰਾਇਲ ਸ਼ੁਰੂ

ਜਲੰਧਰ, 16 ਜੂਨ - ਜਲੰਧਰ ਦੇ ਵੱਖ ਵੱਖ ਸੈਂਟਰਾਂ 'ਚ ਪੰਜਾਬ ਖੇਡ ਵਿਭਾਗ ਵੱਲੋਂ ਗੁਰੂ ਨਾਨਕ ਯੂਨੀਵਰਸਿਟੀ ਦੇ ਅਧੀਨ ਪੈਂਦੇ ਕਾਲਜ ਦੇ ਖੇਡ ਵਿੰਗਾਂ ਦੇ ਚੋਣ ਟਰਾਇਲ ਲੈਣੇ ਸ਼ੁਰੂ ਹੋ ਗਏ ਹਨ। ਲੜਕੀਆਂ ਦੇ ਖੇਡ ਵਿੰਗਾਂ ਦੇ ਚੋਣ ਟਰਾਇਲ ਕਰਵਾਏ ਗਏ ਜਿਨ੍ਹਾਂ ਵਿੱਚ ਅਥਲੈਟਿਕਸ 'ਚ 70, ਬੈਡਮਿੰਟਨ 'ਚ 20, ਬਾਸਕਿਟਬਾਲ 'ਚ 42, ਬਾਕਸਿੰਗਾਂ 'ਚ 32, ਫੁਟਬਾਲ ਵਿਚ 54, ਜਿਮਨਾਸਟਿਕ 'ਚ 20, ਹੈਂਡਬਾਲ 'ਚ 40, ਹਾਕੀ 'ਚ 50, ਜੁੱਡੋ 'ਚ 25, ਕਬੱਡੀ ਵਿਚ 40, ਤੈਰਾਕੀ 'ਚ 15, ਟੇਬਿਲ ਟੈਨਿਸ 'ਚ 15, ਵਾਲੀਬਾਲ 30, ਵੇਟਲਿਫਟਿੰਗ ਚ 20 ਤੇ ਕੁਸ਼ਤੀ ਵਿਚ 15 ਖਿਡਾਰਨਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਦੱਸਿਆ ਕਿ ਕੁਲ 488 ਖਿਡਾਰਨਾਂ ਨੇ ਹਿੱਸਾ ਲਿਆ। ਇਨ੍ਹਾਂ ਖੇਡ ਵਿੰਗਾਂ 'ਚ ਚੁਣੇ ਗਏ ਖਿਡਾਰੀਆਂ ਨੂੰ ਪੰਜਾਬ ਖੇਡ ਵਿਭਾਗ ਵੱਲੋਂ ਮੁਫ਼ਤ ਖੁਰਾਕ, ਖੇਡ ਸਮਾਨ ਤੇ ਰਿਹਾਇਸ਼ ਦਿੱਤੀ ਜਾਵੇਗੀ। ਲੜਕਿਆਂ ਦੇ ਟਰਾਇਲ 17 ਜੂਨ ਨੂੰ ਕਰਵਾਏ ਜਾਣਗੇ।

ਯੂਰਪ ਦੌਰੇ ਲਈ ਚੁਣੀ ਗਈ ਭਾਰਤੀ ਹਾਕੀ ਟੀਮ

ਨਵੀਂ ਦਿੱਲੀ, 16 ਜੂਨ - ਜੁਲਾਈ ਮਹੀਨੇ 'ਚ ਜਰਮਨੀ ਵਿਖੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਹੋ ਰਹੇ ਹਨ। ਇਸ ਟੂਰਨਾਮੈਂਟ 'ਚ ਭਾਰਤ ਤੋਂ ਇਲਾਵਾ ਜਰਮਨੀ, ਜਾਪਾਨ ਤੇ ਹਾਲੈਂਡ ਨੇ ਭਾਗ ਲੈਣਾ ਹੈ। ਇਸ ਤੋਂ ਬਾਅਦ ਟੀਮ ਨੇ ਬੈਲਜੀਅਮ, ਫਰਾਂਸ ਤੇ ਹਾਲੈਂਡ ਨਾਲ ਟੈਸਟ ਲੜੀਆਂ ਵੀ ਖੇਡਣੀਆਂ ਹਨ। ਟੀਮ ਵਿਚ ਕਪਤਾਨ ਰਾਜਪਾਲ ਸਿੰਘ, ਗੋਲਕੀਪਰ ਸ੍ਰੀਜੇਸ਼ ਪੀ.ਆਰ, ਭਾਰਤ ਛੇਤਰੀ, ਸਰਦਾਰ ਸਿੰਘ, ਧਨੰਜੇ ਮਹਾਦੀਕ, ਰੁਪਿੰਦਰ ਪਾਲ ਸਿੰਘ, ਸੰਦੀਪ ਸਿੰਘ , ਅਮਿਤ ਪ੍ਰਭਾਕਰ, ਗੁਰਬਾਜ ਸਿੰਘ, ਰਵੀ ਪਾਲ, ਅਜੀਤੇਸ਼ ਰਾਓ, ਭਾਰਤ ਚਿੰਕਾਰਾ, ਦਿਨੇਸ਼ ਮੁਜਤਾਬਾ, ਵਿਕਾਸ ਪਿੱਲੇ, ਬਿਰੇਂਦਰ ਲਾਕੜਾ (ਜੂਨੀਅਰ) , ਤੁਸ਼ਾਰ ਖਾਡੇਂਕਰ, ਸਰਵਨਜੀਤ ਸਿੰਘ, ਮਨਦੀਪ ਅੰਟਿਲ, ਮੁਹੰਮਦ ਆਮਿਰ ਖਾਨ, ਹਰੀ ਪ੍ਰਸ਼ਾਦ, ਧਰਮਵੀਰ ਸਿੰਘ ਸ਼ਾਮਿਲ ਹਨ।

ਸਲੋਵੇਨੀਆ ਤੇ ਘਾਨਾ ਜੇਤੂ

ਪਲੋਕਵੇਨ ਦੇ ਪੀਟਰ ਮੋਕਾਬਾ ਸਟੇਡੀਅਮ 'ਚ ਨਜ਼ਰ ਆ ਰਿਹਾ ਹੈ ਵਿਸ਼ਵ ਕੱਪ ਫੁੱਟਬਾਲ ਦੇ ਗਰੁੱਪ-ਸੀ ਦੇ ਅਲਜ਼ੀਰੀਆ ਅਤੇ ਸਲੋਵੇਨੀਆ ਦਾ ਮੈਚ। ਸੱਜੇ ਪਾਸੇ ਸਲੋਵੇਨੀਆ ਅਤੇ ਖੱਬੇ ਪਾਸੇ ਖਿਡਾਰੀ ਰਾਬਰਟ ਕੋਰੇਨ ਗੋਲ ਕਰਨ ਤੋਂ ਬਾਅਦ ਖੁਸ਼ ਹੁੰਦਾ ਹੋਇਆ

ਪੋਲੋਕਵੇਨ, 13 ਜੂਨ - ਵਿਸ਼ਵ ਫੁੱਟਬਾਲ ਕੱਪ ਵਿਚ ਕਪਤਾਨ ਰਾਬਰਟ ਕੋਰੇਨ ਵੱਲੋਂ 79ਵੇਂ ਮਿੰਟ 'ਚ ਕੀਤੇ ਗੋਲ ਦੀ ਮਦਦ ਨਾਲ ਸਲੋਵੇਨੀਆ ਨੇ ਗਰੁੱਪ ਸੀ ਦੇ ਮੈਚ 'ਚ ਅਲਜ਼ੀਰੀਆ ਨੂੰ 1-0 ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਸਲੋਵੇਨੀਆ ਦੀ ਟੀਮ ਗਰੁੱਪ ਦੇ ਪਹਿਲੇ ਪਹਿਲੇ ਸਥਾਨ 'ਤੇ ਪੁੱਜ ਗਈ। ਇਸ ਤੋਂ ਪਹਿਲੇ ਦਿਨ ਇਸ ਗਰੁੱਪ 'ਚ ਇੰਗਲੈਂਡ ਅਤੇ ਅਮਰੀਕਾ ਵਿਚਕਾਰ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ 1-1 ਦੀ ਬਰਾਬਰੀ 'ਤੇ ਰਿਹਾ ਸੀ। ਇਹ ਸਲੋਵੇਨੀਆ ਟੀਮ ਦੀ ਵਿਸ਼ਵ ਕੱਪ ਦੇ ਇਤਿਹਾਸ 'ਚ ਪਹਿਲੀ ਜਿੱਤ ਹੈ। ਹੁਣ ਸਲੋਵੇਨੀਆ ਦੀ ਟੀਮ 18 ਜੂਨ ਨੂੰ ਜੋਹਾਨਸਬਰਗ 'ਚ ਅਮਰੀਕਾ ਦੇ ਖ਼ਿਲਾਫ਼ ਉਤਰੇਗੀ। ਅਲਜ਼ੀਰੀਆ ਦੀ ਟੀਮ ਵੀ ਇਸੇ ਦਿਨ ਕੇਪ ਟਾਊਟ 'ਚ ਮਜ਼ਬੂਤ ਮੰਨੀ ਜਾਣ ਵਾਲੀ ਇੰਗਲੈਂਡ ਦੀ ਟੀਮ ਦਾ ਸਾਹਮਣਾ ਕਰੇਗੀ।
ਇਸ ਤੋਂ ਪਹਿਲੇ ਦਿਨ ਪੋਰਟ ਐਲਿਜ਼ਬੈਥ ਦੇ ਨੈਲਸਨ ਮੰਡੇਲਾ ਬੇਅ ਸਟੇਡੀਅਮ 'ਚ ਗਰੀਸ ਅਤੇ ਦੱਖਣੀ ਕੋਰੀਆ 'ਚ ਖੇਡੇ ਗਰੁੱਬ-ਬੀ ਦੇ ਮੈਚ 'ਚ ਦੱਖਣੀ ਕੋਰੀਆ ਨੇ ਯੂਨਾਨ ਨੂੰ 2-0 ਨਾਲ ਹਰਾ ਦਿੱਤਾ। ਅਰਜਨਟੀਨਾ ਅਤੇ ਨਾਈਜੀਰੀਆ 'ਚ ਗਰੁੱਬ ਬੀ ਦਾ ਮੈਚ ਖੇਡਿਆ ਗਿਆ। ਐਲਿਸ ਪਾਰਕ ਸਟੇਡੀਅਮ 'ਚ ਖੇਡੇ ਇਸ ਮੈਚ 'ਚ ਅਰਜਨਟਾਈਨਾ ਨੇ ਨਾਈਜੀਰੀਆ ਨੂੰ 1-0 ਨਾਲ ਹਰਾ ਕੇ ਪੂਰੇ ਤਿੰਨ ਅੰਕ ਪ੍ਰਾਪਤ ਕਰ ਲਏ। ਲੋਫਟਸ ਵਰਸਫੀਲਡ ਸਟੇਡੀਅਮ ਪ੍ਰੀਟੋਰੀਆ 'ਚ ਵਿਸ਼ਵ ਕੱਪ ਫੁੱਟਬਾਲ ਦੇ ਗਰੁੱਪ-ਡੀ ਦਾ ਮੈਚ ਘਾਨਾ ਅਤੇ ਸਰਬੀਆ 'ਚ ਖੇਡਿਆ ਗਿਆ। ਜਿਸ ਦੌਰਾਨ ਘਾਨਾ ਨੇ ਸਰਬੀਆ ਨੂੰ 1-0 ਨਾਲ ਮਾਤ ਦਿੱਤੀ।

ਇੰਗਲੈਂਡ ਅਤੇ ਅਮਰੀਕਾ ਦੋਵੇਂ ਬਰਾਬਰ

ਜੌਹਨਸਬਰਗ, 12 ਜੂਨ - ਫੀਫਾ ਵਿਸ਼ਵ ਕੱਪ ਰਾਇਲ ਬੈਫੋਕਿੰਗ ਸਟੇਡੀਅਮ ਰਸਟਬਰਗ 'ਚ ਕਰਵਾਇਆ ਗਿਆ। ਇਸ ਦੌਰਾਨ ਇੰਗਲੈਂਡ ਅਤੇ ਅਮਰੀਕਾ ਵਿਚਕਾਰ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਦੋਵੇਂ ਬਰਾਬਰ ਰਹੇ।

ਵਿਸ਼ਵ ਫੁੱਟਬਾਲ ਕੱਪ

ਜੌਹਨਸਬਰਗ, 11 ਜੂਨ - ਵਿਸ਼ਵ ਫੁੱਟਬਾਲ ਕੱਪ ਜੌਹਨਸਬਰਗ (ਦੱਖਣੀ ਅਫ਼ਰੀਕਾ) ਦੇ ਸਾਕਰ ਸਿਟੀ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਸ ਦਾ ਉਦਘਾਟਨ 32 ਟੀਮਾਂ 'ਚ ਮੁਕਾਬਲੇ ਦੌਰਾਨ ਹੋਇਆ। ਉਦਘਾਟਨ ਵੇਲੇ ਸਾਕਰ ਸਿਟੀ ਸਟੇਡੀਅਮ ਦੇ ਉਪਰੋਂ ਲੜਾਕੂ ਹਵਾਈ ਜਹਾਜ਼ਾਂ ਨੇ ਕਰਤੱਬ ਦਿਖਾਏ ਅਤੇ ਅਫ਼ਰੀਕਾ ਦਾ ਸਭ ਤੋਂ ਵੱਡਾ ਸਟੇਡੀਅਮ ਰਵਾਇਤੀ ਵੁਵੁਜੇਲਾ ਵਾਜਿਆਂ ਦੀ ਆਵਾਜ਼ ਨਾਲ ਗੂੰਜ਼ਿਆ। ਰੰਗਾਰੰਗ ਸਮਾਗਮ 'ਚ 6 ਅਫ਼ਰੀਕੀ ਦੇਸ਼ਾਂ ਦੇ 1500 ਤੋਂ ਵੱਧ ਕਲਾਕਾਰਾਂ ਨੇ ਗੀਤ ਅਤੇ ਸੰਗੀਤ ਦਾ ਪ੍ਰੋਗਰਾਮ ਪੇਸ਼ ਕੀਤਾ। ਮੇਜ਼ਬਾਨ ਦੱਖਣੀ ਅਫ਼ਰੀਕਾ ਅਥੇ ਮੈਕਸੀਕੋ ਦੇ ਦਰਮਿਆਨ 90 ਹਜ਼ਾਰ ਦਰਸ਼ਕਾਂ ਦੀ ਸਮਰਥਾ ਵਾਲੇ ਸਾਕਰ ਸਿਟੀ ਸਟੇਡੀਅਮ 'ਚ ਗਰੁੱਪ ਏ ਦੇ ਉਦਘਾਟਨ ਮੈਚ ਤੋਂ ਸ਼ੁਰੂ ਹੋਣ ਵਾਲਾ ਇਹ ਮਹਾਂਕੁੰਭ 11 ਜੁਲਾਈ ਨੂੰ ਫਾਈਨਲ ਦੇ ਨਾਲ ਖਤਮ ਹੋਵੇਗਾ। ਪਹਿਲੇ ਦਿਨ ਦੱਖਣੀ ਅਫ਼ਰੀਕਾ-ਮੈਕਸੀਕੋ ਦੇ ਇਲਾਵਾ ਗਰੁੱਪ ਏ 'ਚ ਹੀ ਰੱਖੇ ਗਏ ਫਰਾਂਸ ਅਤੇ ਉਰੂਗਵੇ ਦੇ ਦਰਮਿਆਨ ਮੁਕਾਬਲਾ ਹੋਵੇਗਾ। ਦਰਸ਼ਕਾਂ ਦੀ ਸੁਰੱਖਿਆ ਲਈ ਕੀਤੇ ਸਖ਼ਤ ਪ੍ਰਬੰਧ-ਦੱਖਣੀ ਅਫ਼ਰੀਕਾ 'ਚ ਹੋ ਰਹੇ ਵਿਸ਼ਵ ਫੁੱਟਬਾਲ ਕੱਪ-2010 ਦੇ ਲਈ ਪ੍ਰਬੰਧਕਾਂ ਨੇ ਸਟੇਡੀਅਮ ਦੇ ਅੰਦਰ ਦਾ ਮਾਹੌਲ ਕਾਬੂ ਹੇਠ ਰੱਖਣ ਲਈ ਸੁਰੱਖਿਆ ਦੇ ਲਈ ਸਖ਼ਤ ਪ੍ਰਬੰਧ ਕੀਤੇ ਹਨ। ਇਸ ਦੇ ਲਈ ਪ੍ਰਬੰਧਕਾਂ ਨੇ ਸਟੇਡੀਅਮ ਦੇ ਅੰਦਰ ਪਹੁੰਚਣ ਵਾਲੇ ਦਰਸ਼ਕਾਂ ਲਈ ਕਈ ਅਜਿਹੇ ਨਿਯਮ ਬਣਾਏ ਹਨ, ਜਿਨ੍ਹਾਂ ਨੂੰ ਅਪਣਾਏ ਬਗੈਰ ਸਟੇਡੀਅਮ 'ਚ ਦਾਖਲ ਹੋਣਾ ਜਾਂ ਫਿਰ ਬੈਠੇ ਰਹਿਣਾ ਮੁਸ਼ਕਿਲ ਹੀ ਨਹੀਂ ਅਸੰਭਵ ਹੋਵੇਗਾ। ਦਰਸ਼ਕਾਂ ਨੇ ਸਟੇਡੀਅਮ 'ਚ ਆਪਣੇ ਨਾਲ ਕੀ ਲੈ ਕੇ ਜਾਣਾ ਹੈ ਅਤੇ ਕੀ ਨਹੀਂ, ਇਸ ਦੇ ਲਈ ਬਕਾਇਦਾ ਇਕ ਪੁਸਤਿਕਾਂ ਜਾਰੀ ਕੀਤੀ ਗਈ ਹੈ। ਜਿਸ 'ਚ ਉਨ੍ਹਾਂ ਚੀਜ਼ਾਂ ਦੀ ਸੂਚੀ ਹੈ, ਜਿੰਨ੍ਹਾਂ ਨੂੰ ਸਟੇਡੀਅਮ ਦੇ ਅੰਦਰ ਲੈ ਕੇ ਜਾਣਾ ਮਨ੍ਹਾਂ ਹੈ। ਜਿਸ 'ਚ ਦੱਸਿਆ ਗਿਆ ਹੈ ਕਿ ਮੈਚ ਸ਼ੁਰੂ ਹੋਣ ਤੋਂ ਤਿੰਨ ਘੰਟੇ ਪਹਿਲਾਂ ਸਟੇਡੀਅਮ ਦਰਸ਼ਕਾਂ ਲਈ ਖੋਲ ਦਿੱਤੇ ਜਾਣਗੇ। ਸਟੇਡੀਅਮ ਦੇ ਅੰਦਰ ਸ਼ਰਾਬ, ਕਿਸੇ ਪ੍ਰਕਾਰ ਦਾ ਅਸਲ੍ਹਾ, ਬੋਤਲਾਂ, ਕੱਪ, ਜੱਗ ਜਾਂ ਕੈਨ ਲੈ ਕੇ ਜਾਣ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਇਸ ਦੇ ਇਲਾਵਾ ਰਿਕਾਰਡਿੰਗ ਨਾਲ ਸਬੰਧਿਤ ਕੋਈ ਵੀ ਉਪਕਰਨ ਦਰਸ਼ਕ ਸਟੇਡੀਅਮ ਦੇ ਅੰਦਰ ਨਹੀਂ ਲੈ ਕੇ ਜਾ ਸਕਦੇ। ਪਰ ਕੈਮਰੇ 'ਤੇ ਕੋਈ ਮਨਾਹੀ ਨਹੀਂ ਹੈ। ਨਾਲ ਹੀ ਸਟੇਡੀਅਮ 'ਚ ਨਸਲੀ ਟਿੱਪਣੀ ਵਾਲੀ ਕੋਈ ਵੀ ਵਸਤੂ, ਟੀ-ਸ਼ਰਟ ਜਾਂ ਝੰਡੇ ਲੈ ਕੇ ਜਾਣ ਦੀ ਆਗਿਆ ਨਹੀਂ ਹੈ। ਦਰਸ਼ਕ ਆਪਣੇ ਨਾਲ ਬੈਨਰ ਅਤੇ ਝੰਡੇ ਲੈ ਕੇ ਜਾ ਸਕਦੇ ਹਨ ਪਰ ਉਨ੍ਹਾਂ ਦਾ ਆਕਾਰ 2 ਮੀਟਰ ਗੁਣਾ 1.5 ਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ।

ਵਿਸ਼ਵ ਕੱਪ ਦਾ ਉਦਘਾਟਨੀ ਮੈਚ ਬਰਾਬਰ

ਜੌਹਨਸਬਰਗ, 11 ਜੂਨ - ਜੌਹਨਸਬਰਗ ਦੇ ਸਾਕਰ ਸਿਟੀ ਸਟੇਡੀਅਮ 'ਚ ਵਿਸ਼ਵ ਕੱਪ ਫੁੱਟਬਾਲ ਦਾ ਉਦਘਾਟਨੀ ਮੈਚ ਕਰਵਾਇਆ ਗਿਆ। ਇਹ ਉਦਘਾਟਨੀ ਮੈਚ ਦੱਖਣੀ ਅਫ਼ਰੀਕਾ ਅਤੇ ਮੈਕਸੀਕੋ ਵਿਚਕਾਰ ਹੋਇਆ। ਇਹ ਮੈਚ ਇਕ ਇਕ ਅੰਕ ਨਾਲ ਬਰਾਬਰ ਰਿਹਾ। ਇਸ ਤਰ੍ਹਾਂ ਗਰੁੱਪ-ਏ ਪਹਿਲੇ ਮੁਕਾਬਲੇ 'ਚ ਦੋਵੇਂ ਟੀਮਾਂ ਅੰਕ ਵੰਡਣ 'ਤੇ ਮਜ਼ਬੂਰ ਹੋਈਆਂ। ਮੈਕਸੀਕੋ ਨੂੰ ਹੁਣ ਤੱਕ ਸਭ ਤੋਂ ਵੱਧ ਪੰਜ ਵਾਰ ਉਦਘਾਟਨ ਮੈਚ ਖੇਡਣ ਲਈ ਚੁਣਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਉਦਘਾਟਨ ਮੁਕਾਬਲੇ 'ਚ ਹੁਣ ਤੱਕ ਕਿਸੇ ਵੀ ਮੇਜ਼ਬਾਨ ਦੇਸ਼ ਨੂੰ ਹਾਰ ਨਹੀਂ ਮਿਲੀ ਹੈ।

ਏਸ਼ੀਆ ਕੱਪ ਲਈ ਚੁਣੇ ਗਏ ਬੰਗਲਾਦੇਸ਼ੀ ਖਿਡਾਰੀ

ਢਾਕਾ, 10 ਜੂਨ - ਏਸ਼ੀਆ ਕੱਪ 15 ਤੋਂ 24 ਜੂਨ ਤੱਕ ਸ਼੍ਰੀ ਲੰਕਾ ਦੇ ਸ਼ਹਿਰ ਦਾਮਬੁਲਾ 'ਚ ਖੇਡਿਆ ਜਾ ਰਿਹਾ ਹੈ। ਇਸ ਏਸ਼ੀਆ ਕੱਪ ਲਈ ਬੰਗਲਾਦੇਸ਼ ਦੀ ਰਾਸ਼ਟਰੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਚਾਰ ਦੇਸ਼ਾਂ ਦੇ ਇਸ ਮੁਕਾਬਲੇ ਲਈ ਹਰਫਨਮੌਲਾ ਖਿਡਾਰੀ ਸਕੀਬੁਲ ਹਸਨ ਨੂੰ ਕਪਤਾਨ ਨਿਯੁਕਤ ਕੀਤਾ ਗਿਆ ਹੈ। ਏਸ਼ੀਆ ਕੱਪ 'ਚ ਭਾਰਤ, ਬੰਗਲਾਦੇਸ਼, ਸ੍ਰੀਲੰਕਾ ਅਤੇ ਪਾਕਿਸਤਾਨ ਦੀਆਂ ਟੀਮਾਂ ਹਿੱਸਾ ਲੈ ਰਹੀਆ ਹਨ। ਸਾਰੇ ਦੇਸ਼ਾਂ ਨੇ ਆਪਣੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਮਹਿੰਦਰ ਸਿੰਘ ਧੋਨੀ ਭਾਰਤੀ ਟੀਮ ਦੇ ਕਪਤਾਨ ਹੋਣਗੇ, ਜਦੋਂਕਿ ਕੁਮਾਰ ਸੰਗਾਕਾਰਾ ਨੂੰ ਮੇਜ਼ਬਾਨ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਮਿਲੀ ਹੈ। ਪਾਕਿਸਤਾਨੀ ਟੀਮ ਨਵੇਂ ਕਪਤਾਨ ਸ਼ਾਹਿਦ ਅਫਰੀਦੀ ਦੇ ਨਾਲ ਮੈਦਾਨ 'ਚ ਉਤਰੇਗੀ। ਏਸ਼ੀਆ ਕੱਪ ਦੇ ਲਈ ਬੰਗਲਾਦੇਸ਼ੀ ਟੀਮ 'ਚ ਸਕੀਬੁਲ ਹਸਨ, ਮੁਸ਼ਿਫਕੁਰ ਰਹੀਮ, ਤਮੀਮ ਇਕਬਾਲ, ਇਮਰੂਲ ਕਾਯੇਸ, ਜਹੁਰਲ ਇਸਲਾਮ, ਜੁਨੈਦ ਸਿੱਦੀਕੀ, ਮੁਹੰਮਦ ਅਸ਼ਰਫੁਲ, ਮਹਿਮੂਦਉਲਾਹ, ਮਸ਼ਰਫੇ ਮੁਤਰਜਾ, ਨਈਮ ਇਸਲਾਮ, ਅਬਦੁਰ ਰਜ਼ਾਕ, ਸਈਅਦ ਰਸੇਲ, ਰੁਬੇਲ ਹੁਸੈਨ, ਸੈਫੂਲ ਇਸਲਾਮ ਅਤੇ ਸੁਹਰਾਵਾਦੀ ਸੁਵੋ ਸ਼ਾਮਿਲ ਹਨ। ਸ੍ਰੀਲੰਕਾ ਦੀ ਟੀਮ 'ਚ ਜੈਸੂਰਿਆ ਅਤੇ ਮੈਂਡਿਸ ਸ਼ਾਮਿਲ ਨਹੀਂ-ਕੋਲੰਬੋ, (ਏਜੰਸੀਆਂ)-ਏਸ਼ੀਆ ਕੱਪ ਲਈ ਦਿੱਗਜ ਬੱਲੇਬਾਜ਼ ਸਨਤ ਜੈਸੂਰਿਆ ਅਤੇ ਸਟਾਰ ਸਪਿੱਨਰ ਅਸੰਥਾ ਮੈਂਡਿਸ ਨੂੰ ਸ੍ਰੀਲੰਕਾ ਦੀ ਟੀਮ 'ਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਸਾਬਕਾ ਕਪਤਾਨ ਅਰਵਿੰਦ ਡੀ ਸਿਲਵਾ ਦੀ ਅਗਵਾਈ 'ਚ ਕੰਮ ਕਰ ਰਹੀ ਚੋਣ ਕਮੇਟੀ ਨੇ ਪਹਿਲੀ ਵਾਰ ਕਿਸੇ ਟੀਮ ਦੀ ਚੋਣ ਕੀਤੀ ਹੈ। ਟੀਮ 'ਚ ਕੁਮਾਰ ਸੰਗਾਕਾਰਾ, ਮੁਥਈਆ ਮੁਰਲੀਧਰ, ਮਾਹੇਲਾ ਜੈਵਰਧਨ, ਤਿਲਕਰਤਨੇ ਦਿਲਸ਼ਾਨ, ਓਪੁਲ ਥਰੰਗਾ, ਥਿਲਨ ਸਮਰਵੀਰਾ, ਏਂਜੇਲੋ ਮੈਥਿਊਜ਼, ਫਰਵੇਜ ਮਹਿਰੂਫ, ਕਾਪੁਗੇਦਾਰਾ, ਨੁਵਾਨ ਕੁਲਸੇਕਰਾ, ਚਨਾਕਾ ਵੇਲੇਗੇਦਾਰਾ, ਲਸਿਥ ਮਲਿੰਗਾ, ਸੂਰਜ ਰਾਂਡੀਵ, ਰੰਗਨਾ ਹੇਰਾਥ ਅਤੇ ਥਿਲਿਨਾ ਕੈਂਡੈਮਬੀ ਨੂੰ ਸ਼ਾਮਿਲ ਕੀਤਾ ਗਿਆ ਹੈ।

ਵੱਖ ਵੱਖ ਵਰਗਾਂ 'ਚ ਕੌਮੀ ਹਾਕੀ ਚੈਂਪੀਅਨਸ਼ਿਪ

ਲੁਧਿਆਣਾ, 9 ਜੂਨ - ਭਾਰਤੀ ਹਾਕੀ ਫੈਡਰੇਸ਼ਨ ਵੱਲੋਂ ਵੱਖ ਵੱਖ ਵਰਗਾਂ ਦੀ ਹਾਕੀ ਚੈਂਪੀਅਨਸ਼ਿਪ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਸੀਨੀਅਰ ਹਾਕੀ ਚੈਂਪੀਅਨਸ਼ਿਪ ਜੋ ਕਿ ਜੁਲਾਈ ਮਹੀਨੇ ਭੁਪਾਲ 'ਚ ਕਰਵਾਈ ਜਾ ਰਹੀ ਹੈ, ਅੰਡਰ 20 ਸਾਲ ਜੂਨੀਅਰ ਕੌਮੀ ਚੈਂਪੀਅਨਸ਼ਿਪ ਅਗਸਤ ਮਹੀਨੇ ਹਰਿਆਣੇ 'ਚ, ਅੰਡਰ 17 ਸਾਲ ਦੀ ਕੌਮੀ ਚੈਂਪੀਅਨਸ਼ਿਪ ਸਤੰਬਰ ਵਿਚ ਹੈਦਰਾਬਾਦ ਅਤੇ ਅੰਡਰ 14 ਸਾਲ ਦੀ ਕੌਮੀ ਚੈਂਪੀਅਨਸ਼ਿਪ ਨਵੰਬਰ ਮਹੀਨੇ ਜੈਪੁਰ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।

ਸਰਕਲ ਕਬੱਡੀ ਦੇ ਅੰਪਾਇਰਾਂ ਦਾ ਇਮਤਿਹਾਨ 27 ਨੂੰ

ਪਟਿਆਲਾ, 9 ਜੂਨ - ਫਰੀਦਕੋਟ 'ਚ 27 ਜੂਨ ਨੂੰ ਸਰਕਲ ਸਟਾਈਲ ਕਬੱਡੀ ਲਈ ਰੈਫਰੀਆਂ ਤੇ ਅੰਪਾਇਰਾਂ ਦਾ ਇਮਤਿਹਾਨ ਲਿਆ ਜਾਵੇਗਾ। ਇਹ ਭਾਰਤੀ ਐਮਚਿਉਰ ਕਬੱਡੀ ਫੈਡਰੇਸ਼ਨ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਸਰਕਲ ਦੇ ਨਾਲ-ਨਾਲ ਨੈਸ਼ਨਲ ਸਟਾਈਲ ਕਬੱਡੀ ਲਈ ਵੀ ਅੰਪਾਇਰਾਂ ਤੇ ਰੈਫਰੀਆਂ ਦੀ ਪ੍ਰੀਖਿਆ ਵੀ ਹੋਵੇਗੀ।

ਪਰਸਰਾਮਪੁਰ 'ਚ ਕਬੱਡੀ ਟੂਰਨਾਮੈਂਟ

ਜਲੰਧਰ, 8 ਜੂਨ - 82ਵਾਂ ਸਾਲਾਨਾ ਕਬੱਡੀ ਟੂਰਨਾਮੈਂਟ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਜੋੜ ਮੇਲਾ ਪਿੰਡ ਪਰਸਰਾਮਪੁਰ ਚ ਕਰਵਾਇਆ ਜਾ ਰਿਹਾ ਹੈ। ਕਬੱਡੀ ਟੂਰਨਾਮੈਂਟ 'ਚ 9 ਜੂਨ ਨੂੰ ਕਬੱਡੀ 55 ਕਿਲੋ, 10 ਜੂਨ ਨੂੰ ਕਬੱਡੀ 70 ਕਿਲੋ ਅਤੇ 11 ਜੂਨ ਨੂੰ ਕਬੱਡੀ ਓਪਨ ਪਿੰਡ ਪੱਧਰ ਦੇ ਮੁਕਾਬਲੇ ਕਰਵਾਏ ਜਾਣਗੇ।

ਪੰਜਾਬ ਮੁੱਕੇਬਾਜ਼ੀ ਚੈਂਪੀਅਨਸ਼ਿਪ 11 ਤੋਂ

ਪਟਿਆਲਾ, 8 ਜੂਨ - ਫ਼ਤਹਿਗੜ੍ਹ ਸਾਹਿਬ ਵਿਖੇ 11 ਤੋਂ 13 ਜੂਨ ਤੱਕ ਪੰਜਾਬ ਸੀਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ 'ਚ ਰਾਜ ਦੇ ਸਾਰੇ ਚੋਟੀ ਦੇ ਮੁੱਕੇਬਾਜ਼ ਹਿੱਸਾ ਲੈਣਗੇ।

ਕੌਮੀ ਰੱਸਾਕਸ਼ੀ ਚੈਂਪੀਅਨਸ਼ਿਪ 11 ਤੋਂ

ਪਟਿਆਲਾ, 8 ਜੂਨ - ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ 11 ਤੋਂ 15 ਜੂਨ ਤੱਕ ਕੌਮੀ ਰੱਸਾਕਸ਼ੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। 11 ਜੂਨ ਨੂੰ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੀਆਂ ਟੀਮਾਂ ਦੇ ਭਾਰ ਤੋਲੇ ਜਾਣਗੇ ਅਤੇ 12 ਜੂਨ ਨੂੰ ਚੈਂਪੀਅਨਸ਼ਿਪ ਦਾ ਉਦਘਾਟਨ ਪੰਜਾਬੀ ਵਰਸਿਟੀ ਦੇ ਉਪ ਕੁਲਪਤੀ ਡਾ: ਜਸਪਾਲ ਸਿੰਘ ਕਰਨਗੇ।

ਹਾਕੀ ਸਿਖਲਾਈ ਕੈਂਪ 15 ਤੋਂ

ਲੁਧਿਆਣਾ, 8 ਜੂਨ - ਲੁਧਿਆਣਾ ਦੇ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀ.ਏ.ਯੂ. 'ਚ 15 ਤੋਂ 28 ਜੂਨ ਤੱਕ ਹਾਕੀ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ 'ਚ ਅੰਡਰ-14 ਤੋਂ 18 ਸਾਲ ਉਮਰ ਵਰਗ ਦੇ 32 ਖਿਡਾਰੀ ਸ਼ਾਮਿਲ ਕੀਤੇ ਜਾਣਗੇ। ਜਿੰਨ੍ਹਾਂ ਦੇ ਚੋਣ ਟਰਾਇਲ 12 ਜੂਨ ਨੂੰ ਹੋਣਗੇ। ਸਵੇਰੇ 7 ਵਜੇ ਪੀ. ਏ. ਯੂ. ਹਾਕੀ ਸਟੇਡੀਅਮ ਵਿਖੇ ਲਏ ਜਾਣਗੇ। ਇਸ ਤੋਂ ਬਾਅਦ ਜੁਲਾਈ ਅਤੇ ਅਗਸਤ ਮਹੀਨੇ ਵਿਚ ਸੀਨੀਅਰ ਅਤੇ ਜੂਨੀਅਰ ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ ਕਰਵਾਈ ਜਾਵੇਗੀ।

ਕੌਮੀ ਤਲਵਾਰਬਾਜ਼ੀ ਫੈਡਰੇਸ਼ਨ ਕੱਪ 'ਤੇ ਸੈਨਾ ਦੇ ਗੱਭਰੂ ਅਤੇ ਕੇਰਲ ਦੀਆਂ ਮੁਟਿਆਰਾਂ ਦਾ ਕਬਜ਼ਾ

ਪਟਿਆਲਾ, 7 ਜੂਨ - ਦੂਜਾ ਤਲਵਾਰਬਾਜ਼ੀ ਫੈਡਰੇਸ਼ਨ ਕੱਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਲਟੀਪਰਪਜ਼ ਹਾਲ 'ਚ ਕਰਵਾਇਆ ਜਾ ਰਿਹਾ ਹੈ। ਇਸ ਵਿਚ ਸੈਨਾ ਦੇ ਗੱਭਰੂਆਂ ਤੇ ਮਹਿਲਾ ਵਰਗ 'ਚ ਕੇਰਲਾ ਦੀਆਂ ਮੁਟਿਆਰਾਂ ਨੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਇਸ ਚੈਂਪੀਅਨਸ਼ਿਪ ਵਿਚ ਪੰਜਾਬ ਲਈ ਇਕਲੌਤਾ ਸੋਨ ਤਗਮਾ ਇੱਪੀ ਟੀਮ ਮੁਕਾਬਲੇ 'ਚ ਸਪਨਾ ਦੱਤਾ, ਸ਼ੰਮੀਪ੍ਰੀਤ ਕੌਰ, ਕਰਮਜੀਤ ਕੌਰ ਤੇ ਕੋਮਲਦੀਪ ਕੌਰ 'ਤੇ ਆਧਾਰਿਤ ਟੀਮ ਨੇ ਜਿੱਤਿਆ। ਇਸ ਟੂਰਨਾਮੈਂਟ ਵਿਚ ਪੰਜਾਬ ਨੇ 1 ਸੋਨ, 2 ਚਾਂਦੀ ਤੇ 6 ਕਾਂਸੀ ਦੇ ਤਗਮੇ ਜਿੱਤੇ। ਪੁਰਸ਼ ਵਰਗ ਦੇ ਫੋਇਲ ਟੀਮ ਮੁਕਾਬਲੇ 'ਚ ਮਣੀਪੁਰ ਨੇ ਪਹਿਲਾ, ਸੈਨਾ ਨੇ ਦੂਸਰਾ ਤੇ ਪੰਜਾਬ ਨੇ ਤੀਸਰਾ, ਇੱਪੀ ਟੀਮ ਮੁਕਾਬਲੇ 'ਚ ਸੈਨਾ ਨੇ ਪਹਿਲਾ, ਮਣੀਪੁਰ ਨੇ ਦੂਸਰਾ ਤੇ ਉੱਤਰਾਖੰਡ ਨੇ ਤੀਸਰਾ, ਸੈਬਰ ਟੀਮ ਮੁਕਾਬਲੇ 'ਚ ਸੈਨਾ ਨੇ ਪਹਿਲਾ, ਪੰਜਾਬ ਨੇ ਦੂਸਰਾ ਤੇ ਹਰਿਆਣਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮਹਿਲਾ ਫੋਇਲ ਟੀਮ ਮੁਕਾਬਲਿਆਂ 'ਚ ਮਣੀਪੁਰ ਨੇ ਪਹਿਲਾ, ਕੇਰਲਾ ਨੇ ਦੂਸਰਾ ਤੇ ਪੰਜਾਬ ਨੇ ਤੀਸਰਾ, ਇੱਪੀ ਟੀਮ ਮੁਕਾਬਲੇ 'ਚ ਪੰਜਾਬ ਨੇ ਪਹਿਲਾ, ਕੇਰਲਾ ਨੇ ਦੂਸਰਾ ਤੇ ਮਣੀਪੁਰ ਨੇ ਤੀਸਰਾ, ਸੈਬਰ ਟੀਮ ਮੁਕਾਬਲੇ 'ਚ ਕੇਰਲਾ ਪਹਿਲੇ, ਪੰਜਾਬ ਦੂਸਰੇ ਤੇ ਮਣੀਪੁਰ ਤੀਸਰੇ ਸਥਾਨ 'ਤੇ ਰਿਹਾ। ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਇਸ ਮੌਕੇ ਕਿਹਾ ਕਿ ਪੰਜਾਬ ਨੂੰ ਖੇਡਾਂ ਦੇ ਖੇਤਰ ਵਿਚ ਹੋਰ ਅੱਗੇ ਲਿਜਾਣ ਲਈ ਰਾਜ ਸਰਕਾਰ ਵੱਲੋਂ ਇਹ ਓਪਰਾਲਾ ਕੀਤਾ ਗਿਆ ਹੈ ਕਿ 140 ਨਵੇਂ ਕੋਚ ਹੋਰ ਨਿਯੁਕਤ ਕੀਤੇ ਜਾਣਗੇ। ਖੇਡ ਵਿਭਾਗ ਵੱਲੋਂ 140 ਨਵੇਂ ਪੱਕੇ ਰੱਖੇ ਜਾਣ ਵਾਲੇ ਕੋਚਾਂ ਦੀ ਫਾਈਲ ਉਨ੍ਹਾਂ ਦੇ ਵਿਭਾਗ ਕੋਲ ਪੁੱਜ ਚੁੱਕੀ ਹੈ, ਜਿਸ ਨੂੰ ਆਉਂਦੇ ਕੁਝ ਦਿਨਾਂ ਦੌਰਾਨ ਪਾਸ ਕਰ ਦੇਣ ਦਾ ਵਿਚਾਰ ਹੈ। ਰਾਜ ਵਿਚ ਖੇਡ ਸੱਭਿਆਚਾਰ ਨੂੰ ਹੋਰ ਮਜਬੂਤ ਕਰਨ ਲਈ ਹਰ ਵਰ੍ਹੇ ਖੇਡ ਬਜਟ ਵਿਚ 25 ਫੀਸਦੀ ਦਾ ਵਾਧਾ ਕੀਤਾ ਜਾਂਦਾ ਹੈ ਜੋ ਇਸ ਵਰ੍ਹੇ ਵੀ ਕੀਤਾ ਜਾਵੇਗਾ।

12 ਕਬੱਡੀ ਖਿਡਾਰੀ ਡੋਪਿੰਗ ਟੈਸਟ 'ਚੋਂ ਪਾਸ

ਜਲੰਧਰ, 7 ਜੂਨ - ਨੈਸ਼ਨਲ ਐਂਟੀ ਡੋਪਿੰਗ ਏਜੰਸੀ ਵੱਲੋਂ ਕਬੱਡੀ ਦੇ ਖਿਡਾਰੀਆਂ ਦੇ ਡੋਪਿੰਗ ਟੈਸਟ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਏ ਗਏ ਸਨ। ਇਹ ਸਰਹਿੰਦ ਫ਼ਤਹਿ ਦਿਵਸ ਦੀ ਤ੍ਰੈਸ਼ਤਾਬਦੀ ਮੌਕੇ ਕਰਵਾਏ ਗਏ। ਜਿਸ ਵਿਚ 12 ਖਿਡਾਰੀ 'ਪਾਜ਼ਿਟਿਵ' ਪਾਏ ਗਏ। 123 ਤੋਂ 14 ਮਈ ਤਕ 'ਨੈਸ਼ਨਲ ਐਂਟੀ ਡੋਪਿੰਗ ਏਜੰਸੀ' ਦੀ ਇਕ ਟੀਮ ਨੇ ਫ਼ਤਹਿਗੜ੍ਹ ਸਾਹਿਬ ਵਿਖੇ ਆ ਕੇ 48 ਕਬੱਡੀ ਖਿਡਾਰੀਆਂ ਦੇ 'ਸੈਂਪਲ' ਲਏ ਸਨ ਜਿਨ੍ਹਾਂ 'ਚੋਂ 42 ਦਾ ਨਤੀਜਾ ਪ੍ਰਾਪਤ ਹੋ ਗਿਆ ਹੈ ਜਦਕਿ 12 ਖਿਡਾਰੀਆਂ ਦੇ ਨਤੀਜੇ ਦੀ ਅਜੇ ਉਡੀਕ ਕੀਤੀ ਜਾ ਰਹੀ ਹੈ।

ਐਨ. ਬੀ. ਏ. ਬਾਸਕਟਬਾਲ ਲੀਗ ਲਈ ਟੀਮਾਂ ਅਤੇ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਸ਼ੁਰੂ

ਲੁਧਿਆਣਾ, 7 ਜੂਨ - ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿਚ ਸਬ ਜੂਨੀਅਰ ਅਤੇ ਜੂਨੀਅਰ ਪੱਧਰ ਦੀ ਲੀਗ ਕਰਵਾਈ ਜਾ ਰਹੀ ਹੈ। ਉਸ ਦਾ ਇਕ ਪੜਾਅ 7 ਅਗਸਤ ਤੋਂ 25 ਸਤੰਬਰ ਤੱਕ ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪੰਜਾਬ ਨਾਲ ਸਬੰਧਿਤ 64 ਟੀਮਾਂ ਹਿੱਸਾ ਲੈਣਗੀਆਂ। ਜਿਨ੍ਹਾਂ ਵਿੱਚ ਮੁੰਡੇ ਅਤੇ ਕੁੜੀਆਂ ਦੀਆਂ 32 ਟੀਮਾਂ ਅੰਡਰ 14 ਤੋਂ 18 ਸਾਲ ਉਮਰ ਵਰਗ, ਅਤੇ 32 ਟੀਮਾਂ 18 ਸਾਲ ਤੋਂ ਉਮਰ ਦੇ ਉਪਰਲੇ ਵਰਗ ਦੀਆਂ ਮੁੰਡੇ ਤੇ ਕੁੜੀਆਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਲਈ ਟੀਮਾਂ ਅਤੇ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਜੋ 17 ਜੁਲਾਈ ਤੱਕ ਚੱਲੇਗੀ। ਐਨ. ਬੀ. ਏ. ਉੱਚ ਅਧਿਕਾਰੀ ਅਤੇ ਸਾਬਕਾ ਨਾਮੀ ਖਿਡਾਰੀ ਜੁਲਾਈ ਦੇ ਅੰਤ ਤੱਕ ਲੁਧਿਆਣਾ ਵਿਖੇ ਪੁੱਜਣਗੇ, ਜਿਸ ਦੌਰਾਨ 31 ਜੁਲਾਈ ਨੂੰ ਕੋਚਾਂ, ਰੈਫਰੀਆਂ, ਖਿਡਾਰੀਆਂ ਦਾ ਇੱਕ ਕਲੀਨਿਕ ਲਗਾਇਆ ਜਾਵੇਗਾ। ਜਿਸ ਵਿਚ ਐਨ. ਬੀ. ਏ. ਲੀਗ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਐਨ. ਬੀ. ਏ. ਲੀਗ ਵਿਚ ਪੇਂਡੂ ਖੇਤਰਾਂ ਨਾਲ ਸਬੰਧਿਤ ਖਿਡਾਰੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਫੀਬਾ ਏਸ਼ੀਅਨ ਚੈਂਪੀਅਨਸ਼ਿਪ ਅੰਡਰ 19 ਵਾਸਤੇ ਜੋ ਭਾਰਤੀ ਟੀਮ ਦਾ ਕੋਚਿੰਗ ਕੈਂਪ ਲੁਧਿਆਣਾ ਵਿਖੇ ਲੱਗਿਆ ਹੋਇਆ ਹੈ, 15 ਜੂਨ ਨੂੰ ਸਮਾਪਤ ਹੋਵੇਗਾ। ਇਸ ਕੈਂਪ ਤੋਂ ਬਾਅਦ ਭਾਰਤੀ ਟੀਮ ਦੀ ਅੰਤਿਮ ਚੋਣ ਹੋਵੇਗੀ। ਇਹ ਟੀਮ 22 ਸਤੰਬਰ ਤੋਂ 1 ਅਕਤੂਬਰ ਤੱਕ ਯਮਨ ਵਿਖੇ ਹੋਣ ਵਾਲੀ ਫੀਬਾ ਏਸ਼ੀਅਨ ਚੈਂਪੀਅਨਸ਼ਿਪ ਵਿਚ ਹਿੱਸਾ ਲਵੇਗੀ। ਇਸ ਕੋਚਿੰਗ ਕੈਂਪ ਪੰਜਾਬ ਦੇ ਤਿੰਨ ਖਿਡਾਰੀ ਰਾਜਨ ਸ਼ਰਮਾ, ਜਸਕਰਨ ਸਿੰਘ, ਸਤਨਾਮ ਸਿੰਘ ਸੱਤਾ ਹਿੱਸਾ ਲੈ ਰਹੇ ਹਨ।

6ਵੀਂ ਸੀਨੀਅਰ ਨੈਸ਼ਨਲ ਟੱਚ ਰਘਬੀ ਚੈਂਪੀਅਨਸ਼ਿਪ ਸਮਾਪਤ

ਬਠਿੰਡਾ, 7 ਜੂਨ - 6ਵੀਂ ਸੀਨੀਅਰ ਨੈਸ਼ਨਲ ਟੱਚ ਰਘਬੀ ਚੈਂਪੀਅਨਸ਼ਿਪ ਊਨਾ (ਹਿਮਾਚਲ ਪ੍ਰਦੇਸ਼) ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲਿਆਂ ਵਿਚ ਪੰਜਾਬ ਦੀਆਂ ਲੜਕੀਆਂ ਨੇ ਹਰਿਆਣਵੀ ਲੜਕੀਆਂ ਨੂੰ 2-0 ਅਤੇ ਰਾਜਸਥਾਨੀ ਲੜਕਿਆਂ ਨੇ ਦਿੱਲੀ ਨੂੰ 5-1 ਗੋਲਾਂ ਦੇ ਫਰਕ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਪੰਜਾਬ ਨੂੰ ਖਿਡਾਰਨ ਇੰਦੂ ਸੰਗਰੂਰ ਤੇ ਰਾਜ ਬਠਿੰਡਾ ਵੱਲੋਂ ਕੀਤੇ ਇਕ-ਇਕ ਗੋਲ ਦੀ ਬਦੌਲਤ ਜਿੱਤ ਨਸੀਬ ਹੋਈ। ਮੇਜ਼ਬਾਨ ਹਿਮਾਚਲ ਪ੍ਰਦੇਸ਼ ਦੀਆਂ ਲੜਕੀਆਂ ਮੱਧ ਪ੍ਰਦੇਸ਼ ਦੀ ਟੀਮ ਨੂੰ ਹਰਾ ਕੇ ਤੀਜੇ ਸਥਾਨ 'ਤੇ ਰਹੀਆਂ ਹਨ ਜਦਕਿ ਪੰਜਾਬ ਦੇ ਲੜਕੇ ਛੱਤੀਸਗੜ੍ਹ ਨੂੰ 3-2 ਗੋਲਾਂ ਦੇ ਫਰਕ ਦੀ ਮਾਤ ਦੇ ਕੇ ਤੀਜੇ ਸਥਾਨ 'ਤੇ ਆਏ ਹਨ। ਇਸ ਚੈਪੀਅਨਸ਼ਿਪ ਵਿਚ ਲੜਕੀਆਂ ਦੀਆਂ 16 ਅਤੇ ਲੜਕਿਆਂ ਦੀਆਂ 24 ਟੀਮਾਂ ਨੇ ਭਾਗ ਲਿਆ।

ਕੌਮੀ ਤਲਵਾਰਬਾਜ਼ੀ ਫੈਡਰੇਸ਼ਨ ਕੱਪ 'ਚ ਪੰਜਾਬੀਆਂ ਦਾ ਦੋ ਕਾਂਸੀ ਤਗਮਿਆਂ 'ਤੇ ਕਬਜ਼ਾ

ਪਟਿਆਲਾ, 6 ਜੂਨ - ਦੂਜਾ ਕੌਮੀ ਤਲਵਾਰਬਾਜ਼ੀ ਫੈਡਰੇਸ਼ਨ ਕੱਪ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਚੱਲ ਰਿਹਾ ਹੈ। ਇਸ ਵਿਚ ਮਣੀਪੁਰ, ਸੈਨਾ ਤੇ ਕੇਰਲਾ ਦੇ ਤਲਵਾਰਬਾਜ਼ਾਂ ਨੇ ਸੋਨ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਪੰਜਾਬ ਦੀਆਂ ਮੁਟਿਆਰਾਂ ਜੈਸਮੀਨ ਅਤੇ ਕੋਮਲਪ੍ਰੀਤ ਕੌਰ ਨੇ ਕਾਂਸੀ ਤੇ ਤਮਗੇ ਜਿੱਤੇ। ਪੁਰਸ਼ ਵਰਗ ਦੇ ਵਿਅਕਤੀਗਤ ਫੋਇਲ ਦੇ ਫਾਈਨਲ ਮੁਕਾਬਲੇ ਵਿਚ ਸੈਨਾ ਦੇ ਵਿਜੈ ਨੇ ਮਣੀਪੁਰ ਦੇ ਸੋਭਰਾਜ ਨੂੰ 15-12 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਇੱਪੀ ਮੁਕਾਬਲੇ ਦੇ ਫਾਈਨਲ ਵਿਚ ਮੱਧਪ੍ਰਦੇਸ਼ ਦੇ ਹਿਮਾਲਯਾ ਨੇ ਸੈਨਾ ਦੇ ਸੰਦੀਪ ਨੂੰ 15-12 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਮਹਿਲਾ ਵਰਗ ਦੇ ਵਿਅਕਤੀਗਤ ਫੋਇਲ ਮੁਕਾਬਲੇ 'ਚ ਮਣੀਪੁਰ ਦੀ ਰੋਜੀ ਦੇਵੀ ਨੇ ਕੇਰਲਾ ਦੀ ਅਥੀਰਾ ਨੂੰ 15-7 ਨਾਲ ਹਰਾਕੇ ਸੋਨ ਤਮਗਾ ਜਿੱਤਿਆ। ਸੈਬਰ ਮੁਕਾਬਲੇ ਵਿਚ ਕੇਰਲਾ ਦੀ ਭਵਾਨੀ ਨੇ ਆਪਣੇ ਹੀ ਰਾਜ ਦੀ ਰੀਸ਼ਾ ਨੂੰ 15-5 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ।

ਪੰਜਾਬ ਮੁੱਕੇਬਾਜ਼ੀ ਚੈਂਪੀਅਨਸ਼ਿਪ ਸਮਾਪਤ

ਜਲੰਧਰ, 6 ਜੂਨ - ਪੰਜਾਬ ਸਬ-ਜੂਨੀਅਰ ਤੇ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਸਵਰਨ ਸਿੰਘ ਸਪੋਰਟਸ ਕੰਪਲੈਕਸ ਜਲੰਧਰ ਛਾਉਣੀ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ਦੇ ਸਬ ਜੂਨੀਅਰ ਵਰਗ ਵਿਚੋਂ ਜ਼ਿਲ੍ਹਾ ਜਲੰਧਰ ਨੇ 30 ਅੰਕ ਹਾਸਿਲ ਕਰਕੇ ਪਹਿਲਾ ਸਥਾਨ, ਜ਼ਿਲ੍ਹਾ ਅੰਮ੍ਰਿਤਸਰ ਨੇ 26 ਅੰਕ ਹਾਸਿਲ ਕਰਕੇ ਦੂਜਾ ਸਥਾਨ ਤੇ ਜ਼ਿਲ੍ਹਾ ਲੁਧਿਆਣਾ ਨੇ 19 ਅੰਕ ਹਾਸਿਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ। ਇਸ ਵਰਗ ਵਿਚੋਂ ਪੰਕਜ ਠਾਕੁਰ ਜਲੰਧਰ ਨੂੰ ਸਰਬੋਤਮ ਮੁੱਕੇਬਾਜ਼ ਤੇ ਮੋਗਾ ਦੇ ਹਰਵੰਤ ਸਿੰਘ ਨੂੰ ਸਰਬੋਤਮ ਲੂਜਰ ਐਲਾਨਿਆ ਗਿਆ। ਜੂਨੀਅਰ ਵਰਗ ਵਿਚੋਂ ਅੰਮ੍ਰਿਤਸਰ ਨੇ 36 ਅੰਕ ਲੈ ਕੇ ਪਹਿਲਾ ਸਥਾਨ, ਜ਼ਿਲ੍ਹਾ ਪਟਿਆਲਾ ਨੇ 28 ਅੰਕ ਲੈ ਕੇ ਦੂਜਾ ਤੇ ਸਾਈ-ਟਰੇਕਿੰਗ ਸੈਂਟਰ ਸੰਗਰੂਰ ਮਸਤੂਆਣਾ ਨੇ 20 ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ। ਇਸ ਵਰਗ ਵਿਚੋਂ ਨਵਜੋਤ ਮੋਗਾ ਨੂੰ ਸਰਬੋਤਮ ਮੁੱਕੇਬਾਜ਼ ਤੇ ਹਨੀ ਜਲੰਧਰ ਨੂੰ ਸਰਬੋਤਮ ਲੂਜਰ ਐਲਾਨਿਆ ਗਿਆ।

ਤਿੰਨ ਰੋਜ਼ਾ ਓਪਨ ਬੈਡਮਿੰਟਨ ਚੈਂਪੀਅਨਸ਼ਿਪ

ਮੋਗਾ, 6 ਜੂਨ - 9ਵੀਂ ਤਿੰਨ ਰੋਜ਼ਾ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਉਲੰਪੀਅਨ ਬਲਬੀਰ ਇਨਡੋਰ ਸਟੇਡੀਅਮ ਨਗਰ ਕੌਂਸਲ ਮੋਗਾ 'ਚ ਕਰਵਾਈ ਜਾ ਰਹੀ ਹੈ। ਇਸ ਟੂਰਨਾਮੈਂਟ ਦਾ ਉਦਘਾਟਨ ਡਿਪਟੀ ਕਮਿਸ਼ਨਰ ਸਤਵੰਤ ਸਿੰਘ ਜੌਹਲ ਨੇ ਕਰਨ ਉਪਰੰਤ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੀਤਾ। ਇਸ ਚੈਂਪੀਅਨਸ਼ਿਪ ਵਿਚ ਖੇਡੇ ਗਏ ਡਬਲ ਓਪਨ ਮੈਚਾਂ ਵਿਚ ਪੰਜਾਬ ਮਸੀਹ ਤੇ ਅੰਸ਼ੂਲ ਗੌਰਵ ਨੇ ਸੁਗਮਦੀਪ ਤੇ ਕਾਕੂ ਨੂੰ 15-6, 15-7 ਦੇ ਫਰਕ ਨਾਲ ਹਰਾਇਆ। ਪ੍ਰਵੇਸ਼ ਬਾਂਸਲ ਤੇ ਗੁੱਲੂ ਨੇ ਅੰਕਿਤ ਗੋਇਲ ਤੇ ਸਤਬੀਰ ਸੂਦ ਨੂੰ ਪਛਾੜਿਆ। ਸਾਗਰ ਤੇ ਕੈਪਟਨ ਨੇ ਵਿਕਾਸਤੇ ਸੋਨੀ ਨੂੰ ਹਰਾਇਆ। ਲੜਕੀਆਂ ਦੇ ਓਪਨ, ਸਿੰਗਲ ਮੁਕਾਬਲੇ ਵਿਚ ਨਰਿੰਦਰ ਕੌਰ ਨੇ ਹਰਪ੍ਰੀਤ ਕੌਰ ਤੇ ਰਿਦਮ ਨੇ ਜਸਪ੍ਰੀਤ ਕੌਰ ਨੂੰ ਹਰਾਇਆ। ਇਸ ਤਿੰਨ ਰੋਜ਼ਾ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਕੁੱਲ 32 ਟੀਮਾਂ ਹਿੱਸਾ ਲੈ ਰਹੀਆਂ ਹਨ। ਰੈਫਰੀ ਦੀ ਭੂਮਿਕਾ ਅੰਸ਼ਲ ਗਰਗ, ਤੇਜਿੰਦਰ, ਅੰਕਿਤ ਗੋਇਲ, ਮਿਸਟਰ ਚਾਵਲਾ, ਰਘੂ ਸੇਠੀ ਨਿਭਾਅ ਰਹੇ ਹਨ।

ਏਸ਼ੀਅਨ ਗ੍ਰਾਂ ਪ੍ਰੀ ਐਥਲੈਟਿਕ ਮੀਟ 'ਚ ਭਾਰਤ ਦਾ ਛੇ ਤਗਮਿਆਂ 'ਤੇ ਕਬਜ਼ਾ

ਪਟਿਆਲਾ, 6 ਜੂਨ - ਦੂਜੀ ਏਸ਼ੀਅਨ ਗ੍ਰਾਂ ਪ੍ਰੀ ਐਥਲੈਟਿਕ ਮੀਟ ਬੰਗਲੌਰ 'ਚ ਕਰਵਾਈ ਗਈ। ਇਸ ਐਥਲੈਟਿਕ ਮੀਟ ਵਿਚ ਭਾਰਤ ਨੇ ਛੇ ਸੋਨੇ ਦੇ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਮੀਟ ਵਿਚ ਭਾਰਤ ਦੇ ਐਸ. ਕੇ. ਮੁਰਤਇਆ ਨੇ 400 ਮੀਟਰ ਦੌੜ, ਰਣਜੀਤ ਮਹੇਸ਼ਵਰੀ ਨੇ ਤੀਹਰੀ ਛਾਲ, ਓਮ ਪ੍ਰਕਾਸ਼ ਨੇ ਗੋਲਾ ਸੁੱਟਣ, ਕ੍ਰਿਸ਼ਨਾ ਪੂਨੀਆਂ ਨੇ ਡਿਸਕਸ ਸੁੱਟਣ, 4×400 ਮੀਟਰ ਪੁਰਸ਼ ਤੇ ਮਹਿਲਾਵਾਂ ਦੀ 4×100 ਮੀਟਰ ਰਿਲੇਅ ਦੌੜਾਂ ਦੇ ਮੁਕਾਬਲੇ ਵਿਚ ਸੋਨ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਇਸ ਮੀਟ ਵਿਚ ਭਾਰਤ ਨੇ ਕੁੱਲ ਪੰਦਰਾਂ ਤਗਮੇ ਜਿੱਤੇ ਜਿਨ੍ਹਾਂ ਵਿਚ 6 ਸੋਨ, 5 ਚਾਂਦੀ ਅਤੇ 4 ਕਾਂਸੀ ਦੇ ਤਗਮੇ ਸ਼ਾਮਿਲ ਹਨ। ਪਿਛਲੇ ਦਿਨੀਂ ਪੂਣੇ ਵਿਖੇ ਹੋਈ ਪਹਿਲੀ ਏਸ਼ੀਅਨ ਮੀਟ ਵਿਚ ਭਾਰਤ ਨੇ 3 ਸੋਨ ਤਗਮੇ ਜਿੱਤੇ ਸਨ।

ਸਾਲਾਨਾ ਇੰਟਰਨੈਸ਼ਨਲ ਕਬੱਡੀ ਕੱਪ 'ਚ ਪੰਜਾਬ ਦੀ ਟੀਮ ਨੂੰ ਕੀਤਾ ਜਾਵੇਗਾ ਸ਼ਾਮਿਲ

ਜਲੰਧਰ, 2 ਜੂਨ - ਸਾਲਾਨਾ ਇੰਟਰਨੈਸ਼ਨਲ ਕਬੱਡੀ ਕੱਪ ਹੇਵਰਡ ਕੈਲੇਫੋਰਨੀਆ ਵਿਖੇ ਸਤੰਬਰ ਮਹੀਨੇ'ਚ ਕਰਵਾਇਆ ਜਾ ਰਿਹਾ ਹੈ। ਡਾਇਰੈਕਟਰ ਸਪੋਰਟਸ ਪਦਮਸ੍ਰੀ ਪ੍ਰਗਟ ਸਿੰਘ ਨੂੰ ਗੋਲਡ ਜਿੰਮ ਕਲੱਬ ਦੇ ਚੇਅਰਮੈਨ ਅਮੋਲਕ ਸਿੰਘ ਗਾਖਲ ਨੇ ਪੰਜਾਬ ਦੀ ਕਬੱਡੀ ਟੀਮ ਨੂੰ ਹਿੱਸਾ ਲੈਣ ਲਈ ਸੱਦਾ ਪੱਤਰ ਦਿੱਤਾ ਹੈ। ਟੂਰਨਾਮੈਂਟ ਵਿਚ ਇੰਗਲੈਂਡ, ਕੈਨੇਡਾ, ਅਮਰੀਕਾ ਤੇ ਪਾਕਿਸਤਾਨ ਦੀਆਂ ਕਬੱਡੀ ਟੀਮਾਂ ਸ਼ਾਮਿਲ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਕਬੱਡੀ ਟੀਮ ਨੂੰ ਸਪਾਂਸਰ ਗੋਲਡਜ਼ ਜਿੰਮ ਜਲੰਧਰ, ਲੁਧਿਆਣਾ ਤੇ ਮੋਹਾਲੀ ਵੱਲੋਂ ਕੀਤਾ ਜਾਵੇਗਾ ਤੇ ਟੀਮ ਦਾ ਸਾਰਾ ਰਹਿਣ-ਸਹਿਣ ਤੇ ਖਰਚਾ ਜਿੰਮ ਵੱਲੋਂ ਕੀਤਾ ਜਾਵੇਗਾ।

ਏਸ਼ੀਅਨ ਗ੍ਰਾਂ ਪ੍ਰੀ ਐਥਲੈਟਿਕ ਮੀਟ 'ਚ ਭਾਰਤ ਦਾ 5 ਤਗਮਿਆਂ 'ਤੇ ਕਬਜ਼ਾ

ਪਟਿਆਲਾ, 2 ਜੂਨ - ਪੁਣੇ 'ਚ ਪਹਿਲੀ ਏਸ਼ੀਅਨ ਗ੍ਰਾਂ ਪ੍ਰੀ ਐਥਲੈਟਿਕ ਮੀਟ ਕਰਵਾਈ ਗਈ। ਇਸ ਐਥਲੈਟਿਕ ਮੀਟ ਵਿਚ ਭਾਰਤ ਨੇ ਤਿੰਨ ਸੋਨ ਅਤੇ 5 ਚਾਂਦੀ ਦੇ ਤਗਮੇ ਜਿੱਤੇ ਹਨ। ਇਸ ਮੀਟ 'ਚ ਭਾਰਤ ਦੇ ਐਸ. ਕੇ. ਮੁਰਤਜਾ, ਰਣਜੀਤ ਮਹੇਸ਼ਵਰੀ ਤੇ ਕ੍ਰਿਸ਼ਨਾ ਪੂਨੀਆ ਨੇ ਸੋਨ ਤਗਮੇ ਜਿੱਤਣ ਦਾ ਮਾਣ ਹਾਸਿਲ ਕੀਤਾ ਜਦੋਂ ਕਿ ਏਸ਼ੀਅਨ ਚੈਂਪੀਅਨ ਓਮ ਪ੍ਰਕਾਸ਼ ਗੋਲਾ ਸੁੱਟਣ 'ਚ ਸਿਰਫ 13 ਮਿਲੀਮੀਟਰ ਦੇ ਫਰਕ ਨਾਲ ਸੋਨ ਤਗਮਾ ਜਿੱਤਣ ਤੋਂ ਖੁੰਝ ਗਿਆ। ਮਹਿਲਾ ਵਰਗ 'ਚ ਡਿਸਕਸ ਥਰੋਅ ਮੁਕਾਬਲਿਆਂ 'ਚ ਤਿੰਨ ਤਗਮਿਆਂ 'ਤੇ ਭਾਰਤੀ ਮੁਟਿਆਰਾਂ ਨੇ ਕਬਜ਼ਾ ਕੀਤਾ। ਪੁਰਸ਼ਾਂ ਦੀ 400 ਮੀਟਰ ਦੌੜ 'ਚ ਭਾਰਤ ਦਾ ਐਸ. ਕੇ. ਮੁਰਤਜਾ ਨੇ 47.64 ਸਕਿੰਟ ਦੇ ਸਮੇਂ ਨਾਲ ਸੋਨ, ਉਸ ਦੇ ਸਾਥੀ ਜੇ. ਪ੍ਰੇਮਾਨੰਦ ਨੇ ਚਾਂਦੀ ਤੇ ਪਪੂਆ ਨਿਊ ਗਿੰਨੀ ਦੇ ਨੈਲਸਨ ਸਟੋਨ ਨੇ ਕਾਂਸੀ, ਤੀਹਰੀ ਛਾਲ 'ਚ ਭਾਰਤ ਦੇ ਰਣਜੀਤ ਮਹੇਸ਼ਵਰੀ ਨੇ 16.84 ਮੀਟਰ ਛਾਲ ਲਗਾ ਕੇ ਸੋਨ, ਚੀਨ ਦੇ ਵੂ ਯੋ ਨੇ ਚਾਂਦੀ ਤੇ ਭਾਰਤ ਦੇ ਅਮਰਜੀਤ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ। ਮਹਿਲਾਵਾਂ ਦੇ ਡਿਸਕਸ ਸੁੱਟਣ ਮੁਕਾਬਲੇ 'ਚ ਭਾਰਤੀ ਮੁਟਿਆਰਾਂ ਦੀ ਸਰਦਾਰੀ ਰਹੀ। ਕ੍ਰਿਸ਼ਨਾ ਪੂਨੀਆ ਨੇ 59.51 ਮੀਟਰ ਥਰੋਅ ਨਾਲ ਸੋਨ, ਸੀਮਾ ਐਂਡਿਨ ਨੇ ਚਾਂਦੀ ਤੇ ਹਰਵੰਤ ਕੌਰ ਨੇ ਕਾਂਸੀ ਦਾ ਤਗਮਾ ਜਿੱਤਿਆ। ਪੁਰਸ਼ਾਂ ਦੀ 800 ਮੀਟਰ ਦੌੜ 'ਚ ਇਰਾਨ ਦੇ ਸਾਜਕ ਮੋਰਾਡੀ ਨੇ ਸੋਨ, ਭਾਰਤ ਦੇ ਐਸ. ਪ੍ਰਕਾਸ਼ ਵਰਮਾ ਨੇ ਚਾਂਦੀ ਤੇ ਪੰਕਜ ਡੀਮਰੀ ਭਾਰਤ ਨੇ ਕਾਂਸੀ, ਗੋਲਾ ਸੁੱਟਣ 'ਚ ਚੀਨ ਦੇ ਝਾਂਗ ਜੁਨ ਨੇ 19.71 ਥਰੋਅ ਨਾਲ ਸੋਨ, ਭਾਰਤ ਦੇ ਓਮ ਪ੍ਰਕਾਸ਼ ਨੇ 19.58 ਮੀਟਰ ਨਾਲ ਚਾਂਦੀ ਅਤੇ ਚੀਨੀ ਤਾਈਪੇ ਦੇ ਚਾਂਗ ਮਿੰਗ ਹਿਉਂਗ ਨੇ ਕਾਂਸੀ, ਮਹਿਲਾਵਾਂ ਦੇ 800 ਮੀਟਰ ਦੌੜ ਮੁਕਾਬਲੇ 'ਚ ਕਜ਼ਾਕਿਸਤਾਨ ਦੀ ਮਰਗਾਰਿਤਾ ਮਸਤਕੋ ਨੇ 2.02.85 ਮਿੰਟ ਦਾ ਸਮਾਂ ਲੈ ਕੇ ਸੋਨ, ਭਾਰਤ ਦੀ ਟਿੰਟੂ ਲੁਕਾ ਨੇ ਚਾਂਦੀ ਤੇ ਉਸ ਦੀ ਸਾਥਣ ਸ਼ੁਸ਼ਮਾ ਦੇਵੀ ਨੇ ਕਾਂਸੀ, ਮਹਿਲਾਵਾਂ ਦੀ 100 ਮੀਟਰ ਦੌੜ 'ਚ ਉਜਬੇਕਿਸਤਾਨ ਦੀ ਗੁਜੇਲ, ਖੂਬੀਵਾ ਨੇ ਸੋਨ, ਪਪੂਆ ਨਿਊ ਗਿੰਨੀ ਦੀ ਟੋਆਵੀਸਿਲ ਨੇ ਚਾਂਦੀ ਤੇ ਭਾਰਤ ਦੀ ਐਚ. ਐਮ. ਜਯੋਤੀ ਨੇ ਕਾਂਸੀ ਦਾ ਤਗਮਾ ਜਿੱਤਿਆ। ਕੁਝ ਭਾਰਤੀ ਐਥਲੀਟ ਥੋੜ੍ਹੇ ਜਿਹੇ ਅੰਤਰ ਨਾਲ ਹੀ ਵੱਖ-ਵੱਖ ਮੁਕਾਬਲਿਆਂ 'ਚ ਚੌਥੇ ਸਥਾਨ 'ਤੇ ਰਹੇ। ਉਨ੍ਹਾਂ ਵਿਚ ਅਬਦੁਲ ਨਜੀਬ ਕਰੈਸ਼ੀ 100 ਮੀਟਰ ਦੌੜ, ਫਰਾਂਸਿਸ ਐਸ.ਜੀ. 800 ਮੀਟਰ ਦੌੜ, ਸੌਰਵ ਵਿਜ ਗੋਲਾ ਸੁੱਟਣ, ਰਤਨਦੀਪ ਕੌਰ 400 ਮੀਟਰ ਦੌੜ, ਉੱਚੀ ਛਾਲ 'ਚ ਸਿਜੀ ਐਨ. ਕੇ., ਪਾਰਵਤੀ ਸੇਠੀ ਡਿਸਕਸ ਥਰੋਅ ਤੇ ਗੋਲਾ ਸੁੱਟਣ 'ਚ ਅਮਨਪ੍ਰੀਤ ਕੌਰ ਸ਼ਾਮਿਲ ਸਨ।

ਟੱਚ ਰਗਬੀ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਪਹੁੰਚੀਆਂ ਪੰਜਾਬ ਦੀਆਂ ਟੀਮਾਂ

ਬਠਿੰਡਾ, 2 ਜੂਨ - 6ਵੀਂ ਸੀਨੀਅਰ ਨੈਸ਼ਨਲ ਟੱਚ ਰਗਬੀ ਚੈਂਪੀਅਨਸ਼ਿਪ ਊਨਾ (ਹਿਮਾਚਲ ਪ੍ਰਦੇਸ਼) 'ਚ 4 ਜੂਨ ਨੂੰ ਕਰਵਾਈ ਜਾ ਰਹੀ ਹੈ। ਇਸ ਲਈ ਮਾਲਵਾ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਤੋਂ ਪੰਜਾਬ ਦੇ ਲੜਕੇ ਲੜਕੀਆਂ ਦੀਆਂ ਟੀਮਾਂ ਗਈਆਂ ਹਨ। ਤਿੰਨ ਦਿਨ ਚੱਲਣ ਵਾਲੀ ਸੀਨੀਅਰ ਨੈਸ਼ਨਲ ਟੱਚ ਰਗਬੀ ਚੈਪੀਂਅਨਸ਼ਿਪ ਵਿਚ ਤਕਰੀਬਨ 25 ਸੂਬਿਆਂ ਦੀਆਂ ਟੀਮਾਂ ਭਾਗ ਲੈਣਗੀਆਂ। ਚੈਂਪੀਅਨਸ਼ਿਪ ਵਿਚ ਪੰਜਾਬ ਦੀ ਤਰਫ਼ੋਂ ਬਠਿੰਡਾ ਜ਼ਿਲ੍ਹੇ ਦੇ 4, ਫਰੀਦਕੋਟ ਦੇ 3, ਮੋਗਾ ਤੇ ਅੰਮ੍ਰਿਤਸਰ ਦੇ 2-2, ਮੁਕਤਸਰ, ਪਟਿਆਲ ਤੇ ਜਲੰਧਰ ਦਾ ਇਕ-ਇਕ ਖਿਡਾਰੀ ਲੜਕਿਆਂ ਦੀ ਟੀਮ ਵਿਚ ਅਤੇ ਬਠਿੰਡਾ ਦੀਆਂ 6, ਪਟਿਆਲਾ, ਅੰਮ੍ਰਿਤਸਰ ਤੇ ਮਾਨਸਾ ਦੀਆਂ 2-2 ਅਤੇ ਮੁਕਤਸਰ ਤੇ ਸੰਗਰੂਰ ਦੀਆਂ ਇਕ-ਇਕ ਖਿਡਾਰਨ ਲੜਕੀਆਂ ਦੀ ਟੀਮ ਵਿਚ ਖੇਡਣਗੀਆਂ। ਲੜਕਿਆਂ ਦੀ 14 ਮੈਂਬਰੀ ਟੀਮ ਕੋਚ ਕੁਲਵੀਰ ਸਿੰਘ ਅਤੇ ਲੜਕੀਆਂ ਦੀ ਕੋਚ ਅਜੀਤਪਾਲ ਸਿੰਘ ਦੀ ਅਗਵਾਈ ਹੇਠ ਚੈਂਪੀਅਨਸ਼ਿਪ ਵਿਚ ਭਾਗ ਲਵੇਗੀ।

ਐਨ. ਬੀ. ਏ. ਬਾਸਕਿਟਬਾਲ ਲੀਗ 7 ਅਗਸਤ ਤੋਂ ਸ਼ੁਰੂ

ਲੁਧਿਆਣਾ, 2 ਜੂਨ - ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿਚ ਸਬ ਜੂਨੀਅਰ ਅਤੇ ਜੂਨੀਅਰ ਪੱਧਰ ਦੀ ਲੀਗ ਸ਼ੁਰੂ ਕੀਤੀ ਜਾ ਰਹੀ ਹੈ। ਉਸਦਾ ਇਕ ਉਸਦਾ ਇਕ ਪੜਾਅ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 7 ਅਗਸਤ ਤੋਂ 25 ਸਤੰਬਰ ਤੱਕ ਖੇਡਿਆ ਜਾਵੇਗਾ ਜਿਸ ਵਿਚ ਪੰਜਾਬ ਨਾਲ ਸਬੰਧਤ 64 ਟੀਮਾਂ ਹਿੱਸਾ ਲੈਣਗੀਆਂ ਜਿਨ੍ਹਾਂ ਵਿਚ ਮੁੰਡੇ ਅਤੇ ਕੁੜੀਆਂ ਦੀਆਂ 32 ਟੀਮਾਂ ਅੰਡਰ 14 ਤੋਂ 18 ਸਾਲ ਉਮਰ ਵਰਗ, ਅਤੇ 32 ਟੀਮਾਂ 18 ਸਾਲ ਤੋਂ ਉਮਰ ਦੇ ਉਪਰਲੇ ਵਰਗ ਦੀਆਂ ਮੁੰਡੇ ਤੇ ਕੁੜੀਆਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਵੱਖ-ਵੱਖ ਟੀਮਾਂ ਅਤੇ ਖਿਡਾਰੀਆਂ ਦੀ ਰਜਿਸਟ੍ਰੇਸ਼ਨ 17 ਜੁਲਾਈ ਤੱਕ ਹੋਵੇਗੀ। ਵਧੇਰੇ ਜਾਣਕਾਰੀ ਲਈ ਖਿਡਾਰੀ ਅਤੇ ਟੀਮਾਂ ਐਨ ਬੀ ਏ ਡਾਟ ਕਾਮ ਤੋਂ ਦੇਖ ਸਕਦੇ ਹਨ। ਐਨ ਬੀ ਏ ਉਚ ਅਧਿਕਾਰੀ ਅਤੇ ਸਾਬਕਾ ਨਾਮੀ ਖਿਡਾਰੀ ਜੁਲਾਈ ਦੇ ਅੰਤ ਤੱਕ ਲੁਧਿਆਣਾ ਵਿਖੇ ਪੁੱਜਣਗੇ ਜਿਸ ਦੌਰਾਨ 31 ਜੁਲਾਈ ਨੂੰ ਕੋਚਾਂ, ਰੈਫਰੀਆਂ, ਖਿਡਾਰੀਆਂ ਦਾ ਇਕ ਕਲੀਨਿਕ ਲਗਾਇਆ ਜਾਵੇਗਾ ਜਿਸ ਵਿਚ ਐਨ ਬੀ ਏ ਲੀਗ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਐਨ ਬੀ ਏ ਲੀਗ ਵਿਚ ਪੇਂਡੂ ਖੇਤਰਾਂ ਨਾਲ ਸਬੰਧਤ ਖਿਡਾਰੀਆਂ ਨੂੰ ਖੇਡਣ ਦੀ ਤਰਜੀਹ ਦਿੱਤੀ ਜਾਵੇਗੀ। ਫੀਬਾ ਏਸ਼ੀਅਨ ਚੈਂਪੀਅਨਸ਼ਿਪ ਅੰਡਰ 19 ਵਾਸਤੇ ਜੋ ਭਾਰਤੀ ਟੀਮ ਦਾ ਕੋਚਿੰਗ ਕੈਂਪ ਲੁਧਿਆਣਾ ਵਿਖੇ ਲੱਗਿਆ ਹੋਇਆ ਹੈ, 11 ਜੂਨ ਨੂੰ ਸਮਾਪਤ ਹੋਵੇਗਾ। ਇਸ ਕੈਂਪ ਤੋਂ ਬਾਅਦ ਭਾਰਤੀ ਟੀਮ ਦੀ ਅੰਤਿਮ ਚੋਣ ਹੋਵੇਗੀ। ਇਹ ਟੀਮ 22 ਸਤੰਬਰ ਤੋਂ 1 ਅਕਤੂਬਰ ਤੱਕ ਯਮਨ ਵਿਖੇ ਹੋਣ ਵਾਲੀ ਫੀਬਾ ਏਸ਼ੀਅਨ ਚੈਂਪੀਅਨਸ਼ਿਪ ਵਿਚ ਹਿੱਸਾ ਲਵੇਗੀ। ਇਸ ਕੋਚਿੰਗ ਕੈਂਪ ਪੰਜਾਬ ਦੇ ਤਿੰਨ ਖਿਡਾਰੀ ਰਾਜਨ ਸ਼ਰਮਾ, ਜਸਕਰਨ ਸਿੰਘ, ਸਤਨਾਮ ਸਿੰਘ ਸੱਤਾ ਹਿੱਸਾ ਲੈ ਰਹੇ ਹਨ। ਐਨ ਬੀ ਏ ਲੀਗ ਵਾਸਤੇ ਵੱਖ-ਵੱਖ ਪ੍ਰਬੰਧਕੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ।

ਕੌਮੀ ਯੂਥ ਫੈਡਰੇਸ਼ਨ ਕੱਪ 'ਚ ਪੰਜਾਬੀਆਂ ਦੀ ਝੰਡੀ

ਪਟਿਆਲਾ, 2 ਜੂਨ - ਕੌਮੀ ਯੂਥ ਐਥਲੈਟਿਕ ਫੈਡਰੇਸ਼ਨ ਕੱਪ ਵਿਸ਼ਾਖਾਪਟਨਮ 'ਚ ਕਰਵਾਇਆ ਗਿਆ। ਇਸ ਕੱਪ ਵਿਚ ਪੰਜਾਬ ਦੇ ਐਥਲੀਟਾਂ ਨੇ 4 ਸੋਨ ਤਗਮਿਆਂ ਸਮੇਤ 11 ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਮੀਟ 'ਚ ਪੰਜਾਬ ਦੇ ਚੋਣਵੇਂ 16 ਅਥਲੀਟਾਂ ਨੇ ਹਿੱਸਾ ਲਿਆ 'ਚ ਜਿਨ੍ਹਾਂ ਨੇ ਚਾਰ ਸੋਨ, 3 ਚਾਂਦੀ ਤੇ 4 ਕਾਂਸੀ ਦੇ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਇਸ ਮੀਟ ਦੇ ਡਿਸਕਸ ਸੁੱਟਣ ਮੁਕਾਬਲੇ 'ਚ ਪੰਜਾਬੀ ਪੁੱਤਰ ਕ੍ਰਿਪਾਲ ਸਿੰਘ ਅੰਮ੍ਰਿਤਸਰ ਨੇ 58.66 ਮੀਟਰ ਥਰੋਅ ਕਰਕੇ ਨਵਾਂ ਕੌਮੀ ਰਿਕਾਰਡ ਸਿਰਜਿਆ ਹੈ। ਇਸ ਫੈਡਰੇਸ਼ਨ ਕੱਪ 'ਚ ਅਰਵਿੰਦਰ ਸਿੰਘ ਨੇ ਤੀਹਰੀ ਛਾਲ, ਗੁਰਬੰਤ ਸਿੰਘ ਨੇ ਗੋਲਾ ਸੁੱਟਣ ਨਵਜੀਵਨ ਕੌਰ ਨੇ 1500 ਮੀਟਰ ਦੌੜ ਤੇ ਕ੍ਰਿਪਾਲ ਸਿੰਘ ਨੇ ਡਿਸਕਸ ਸੁੱਟਣ 'ਚ ਸੋਨ ਤਗਮੇ ਜਿੱਤੇ। ਇਸ ਵਰ੍ਹੇ ਸਿੰਘਾਪੁਰ ਵਿਖੇ ਹੋਣ ਵਾਲੀ ਯੂਥ ਉਲੰਪਿਕਸ ਲਈ ਪੰਜਾਬ ਦੀ ਖੁਸ਼ਵੀਰ ਕੌਰ ਨੇ ਦੇਸ਼ ਦੀ ਪ੍ਰਤੀਨਿਧਤਾ ਕਰਨ ਦਾ ਹੱਕ ਪ੍ਰਾਪਤ ਕੀਤਾ ਹੈ। ਇਸ ਵਾਰ ਉੱਤਰੀ ਖੇਤਰ ਐਥਲੈਟਿਕ ਮੀਟ ਦੀ ਮੇਜ਼ਬਾਨੀ ਪੰਜਾਬ ਨੂੰ ਮਿਲੀ ਹੈ ਜੋ ਅੰਮ੍ਰਿਤਸਰ ਵਿਖੇ ਹੋਵੇਗੀ। ਇਸ ਤੋਂ ਪਹਿਲਾ 10 ਤੇ 11 ਜੁਲਾਈ ਪੰਜਾਬ ਐਥਲੈਟਿਕ ਚੈਂਪੀਅਨਸ਼ਿਪ ਹੋਵੇਗੀ।

ਸਮਰ ਕੋਚਿੰਗ ਕੈਂਪ ਲਈ ਖੇਡ ਟ੍ਰਾਇਲ 4 ਜੂਨ ਨੂੰ

ਜਲੰਧਰ, 1 ਜੂਨ - 4 ਜੂਨ ਨੂੰ ਸਮਰ ਕੋਚਿੰਗ ਕੈਂਪ ਲਾਇਲਪੁਰ ਖਾਲਸਾ ਕਾਲਜ ਜਲੰਧਰ 'ਚ ਕਰਵਾਇਆ ਜਾ ਰਿਹਾ ਹੈ। ਇਸ ਕੋਚਿੰਗ ਕੈਂਪ ਵਿਚ ਅਥਲੈਟਿਕ, ਹਾਕੀ-ਫੁੱਟਬਾਲ, ਵਾਲੀਬਾਲ, ਹੈਂਡਬਾਲ, ਜੂਡੋ ਅਤੇ ਖੋ-ਖੋ ਦੇ ਟ੍ਰਾਇਲ ਆਯੋਜਿਤ ਕੀਤੇ ਜਾ ਰਹੇ ਹਨ। ਚਾਹਵਾਨ ਖਿਡਾਰੀ 4 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਕਾਲਜ ਖੇਡ ਮੈਦਾਨ ਵਿਚ ਖੇਡ ਵਰਦੀ 'ਚ ਹਾਜ਼ਰ ਹੋਣ। ਟ੍ਰਾਇਲਾਂ ਦੌਰਾਨ ਚੁਣੇ ਗਏ ਖਿਡਾਰੀਆਂ ਦਾ 7 ਜੂਨ ਤੋਂ 12 ਜੂਨ ਤੱਕ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਖਾਣੇ, ਰਿਹਾਇਸ਼ ਅਤੇ ਮਿਆਰੀ ਕੋਚਿੰਗ ਦੀ ਸਹੂਲਤ ਕਾਲਜ ਵੱਲੋਂ ਦਿੱਤੀ ਜਾਵੇਗੀ। ਕੈਂਪ ਦੌਰਾਨ ਚੰਗੀ ਕਾਰ-ਗੁਜਾਰੀ ਵਾਲੇ ਖਿਡਾਰੀਆਂ ਨੂੰ 2010-11 ਦੇ ਸੈਸ਼ਨ ਲਈ ਦਾਖਲਾ ਦਿੱਤਾ ਜਾਵੇਗਾ।

ਕੌਮੀ ਗ੍ਰਾਂ ਪ੍ਰੀ ਐਥਲੈਟਿਕ ਮੀਟ 'ਚ ਰੁਪਿੰਦਰ ਕੌਰ ਨੇ ਪੰਜਾਬ ਦਾ ਨਾਮ ਕੀਤਾ ਰੌਸ਼ਨ

ਪਟਿਆਲਾ, 1 ਜੂਨ - ਪੁਣੇ 'ਚ ਪਹਿਲੀ ਕੌਮੀ ਗ੍ਰਾਂ ਪ੍ਰੀ ਅਥਲੈਟਿਕ ਮੀਟ ਕਰਵਾਈ ਗਈ। ਜਿਸ ਅਥਲੈਟਿਕ ਮੀਟ ਵਿਚ ਪੰਜਾਬ ਦੀ ਰੁਪਿੰਦਰ ਕੌਰ ਨੇ ਜੈਵਲਿਨ ਥਰੋਅ ਮੁਕਾਬਲੇ ਵਿਚ ਸੋਨ ਤਗਮਾ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਖੇਡ ਸੈਸ਼ਨ 'ਚ ਹੋਣ ਵਾਲੀ ਇਹ ਪਹਿਲੀ ਭਾਰਤੀ ਗ੍ਰਾਂ ਪ੍ਰੀ ਅਥਲੈਟਿਕ ਮੀਟ ਹੈ। ਇਸ ਮੀਟ 'ਚ ਕੋਈ ਐਥਲੀਟ ਨਵਾਂ ਰਿਕਾਰਡ ਸਿਰਜਣ 'ਚ ਕਾਮਯਾਬ ਨਹੀਂ ਹੋਇਆ। ਇਸ ਮੀਟ ਦੇ ਮਹਿਲਾ ਵਰਗ 'ਚ ਜੈਵਲਿਨ ਸੁੱਟਣ ਮੁਕਾਬਲੇ 'ਚ ਪੰਜਾਬ ਦੀ ਰੁਪਿੰਦਰ ਕੌਰ ਨੇ 43.18 ਮੀਟਰ ਗੋਲਾ ਸੁੱਟ ਕੇ ਸੋਨ, ਸੀ.ਆਈ.ਐਸ.ਐਫ. ਦੀ ਤੁਲੇਸ਼ਵਰੀ ਪਟੇਲ ਨੇ ਚਾਂਦੀ ਤੇ ਗੁਰਪ੍ਰੀਤ ਕੌਰ ਨੇ ਕਾਂਸੀ ਦਾ ਤਗਮਾ ਜਿੱਤਿਆ। ਦੋ ਸੌ ਮੀਟਰ ਦੌੜ 'ਚ ਐਚ. ਐਮ. ਜਯੋਤੀ ਕਰਨਾਟਕ ਨੇ ਸੋਨ, ਸੀ. ਐਚ. ਸ਼ਾਂਤੀ ਆਂਧਰਾ ਪ੍ਰਦੇਸ਼ ਚਾਂਦੀ ਤੇ ਐਨ. ਸੁਧਾ ਆਂਧਰਾ ਪ੍ਰਦੇਸ਼ ਨੇ ਕਾਂਸੀ, 5000 ਮੀਟਰ ਦੌੜ 'ਚ ਮਨੀਸ਼ਾ ਸਲੇਖਾ ਨੇ ਸੋਨ, ਰੇਸ਼ਮਾ ਪਾਟਿਲ ਨੇ ਚਾਂਦੀ ਤੇ ਪ੍ਰੋਨਿਮਾ ਸ਼ਿੰਦੇ ਨੇ ਕਾਂਸੀ (ਤਿੰਨੇ ਮਹਾਰਾਸ਼ਟਰ ਤੋਂ), ਲੰਬੀ ਛਾਲ 'ਚ ਮਾਯੋਖੀ ਜੌਨੀ ਕੇਰਲਾ ਨੇ ਸੋਨ, ਐਮ. ਏ. ਪ੍ਰਜੂਸ਼ਾ ਰੇਲਵੇ ਨੇ ਚਾਂਦੀ ਤੇ ਰੇਸ਼ਮੀ ਬੋਸ ਨੇ ਕਾਂਸੀ ਦਾ ਤਗਮਾ ਜਿੱਤਿਆ। ਪੁਰਸ਼ਾਂ ਦੀ 200 ਮੀਟਰ ਦੌੜ 'ਚ ਮਨੀ ਕੰਡਾ ਰਾਜ ਝਾਰਖੰਡ ਨੇ ਸੋਨ, ਕ੍ਰਿਸ਼ਨਾ ਕੁਮਾਰ ਰਾਣੇ ਮਹਾਰਾਸ਼ਟਰ ਨੇ ਚਾਂਦੀ ਤੇ ਐਸ. ਸ੍ਰੀ ਨਿਵਾਸ ਆਂਧਰਾ ਪ੍ਰਦੇਸ਼ ਨੇ ਕਾਂਸੀ, 1500 ਮੀਟਰ ਦੌੜ 'ਚ ਘਮੰਡਾ ਰਾਮ ਓ.ਐਨ.ਜੀ.ਸੀ. ਨੇ ਸੋਨ, ਪ੍ਰੰਜਲ ਗੋਗਈ ਮਹਾਰਾਸ਼ਟਰ ਨੇ ਚਾਂਦੀ ਤੇ ਅਰਜੁਨ ਪ੍ਰਧਾਨ ਸੈਨਾ ਨੇ ਕਾਂਸੀ, 400 ਮੀਟਰ ਦੌੜ98 'ਚ ਜੋਸਫ਼ ਇਬਰਾਹੀਮ ਰੇਲਵੇ ਨੇ ਸੋਨ, ਅਵਿਨ ਥਾਮਸ ਰੇਲਵੇ ਨੇ ਚਾਂਦੀ ਤੇ ਟੀ. ਬਾਲਮੁਰਗਨ ਤਾਮਿਲਨਾਡੂ ਨੇ ਕਾਂਸੀ, ਪੋਲ ਵਾਲਟ ਗੰਜਨ ਉਪਾਧਿਆਏ ਨੇ ਸੋਨ, ਵਾਲੀਬਾਲ ਨੇ ਚਾਂਦੀ ਤੇ ਬਿਨੇਸ਼ ਜੈਕਬ ਨੇ ਕਾਂਸੀ, ਡਿਸਕਸ ਥਰੋਅ 'ਚ ਵਿਕਾਸ ਪੂਨੀਆ ਰੇਲਵੇ ਨੇ ਕਾਂਸੀ, ਹੈਮਰ ਸੁੱਟਣ 'ਚ ਸ਼ਿਵ ਕੁਮਾਰ ਉਤਰਾਖੰਡ ਨੇ ਸੋਨ, ਕੌਸ਼ਲ ਸਿੰਘ ਬਿਹਾਰ ਨੇ ਚਾਂਦੀ ਤੇ ਵਿਨੇਂਦਰ ਸਿੰਘ ਸੈਨਾ ਨੇ ਕਾਂਸੀ, ਜੈਵਲਿਨ ਸੁੱਟਣ 'ਚ ਕਾਂਸੀ ਨਾਥ ਸੈਨਾ ਨੇ ਸੋਨ, ਸਮਰਜੀਤ ਸਿੰਘ ਓ.ਐਨ.ਜੀ.ਸੀ. ਨੇ ਚਾਂਦੀ ਤੇ ਵਿਪਿਨ ਕੁਮਾਰ ਯੂ.ਪੀ. ਨੇ ਕਾਂਸੀ ਦਾ ਤਗਮਾ ਜਿੱਤਿਆ।

ਪੰਜਾਬ ਕਬੱਡੀ ਐਸੋਸੀਏਸ਼ਨ ਨੇ ਵਿਦੇਸ਼ਾਂ 'ਚ ਆਪਣੇ ਵਿੰਗ ਬਣਾਉਣ ਦਾ ਕੀਤਾ ਫੈਸਲਾ

ਲੁਧਿਆਣਾ, 1 ਜੂਨ - ਪੰਜਾਬ ਕਬੱਡੀ ਐਸੋਸੀਏਸ਼ਨ ਨੇ ਵਿਦੇਸ਼ਾਂ ਵਿਚ ਆਪਣੇ ਵਿੰਗ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਸਰਕਲ ਸਟਾਈਲ ਕਬੱਡੀ ਨੂੰ ਏਸ਼ੀਆਈ ਖੇਡਾਂ ਵਿਚ ਸ਼ਾਮਿਲ ਕਰਨ ਦੀ ਯੋਜਨਾ ਵੀ ਬਣਾਈ ਹੈ। ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਆਖਿਆ ਕਿ ਪੰਜਾਬ ਕਬੱਡੀ ਐਸੋਸੀਏਸ਼ਨ ਇਕੋ-ਇਕ ਮਾਨਤਾ ਪ੍ਰਾਪਤ ਸੰਸਥਾ ਹੈ, ਜਿਸ ਨੂੰ ਕਬੱਡੀ ਦੇ ਨਿਯਮ, ਸਿਧਾਂਤ ਅਤੇ ਹੋਰ ਤਬਦੀਲੀਆਂ ਕਰਨ ਦਾ ਅਧਿਕਾਰ ਹੈ। ਵਿਸ਼ਵ ਕਬੱਡੀ ਫੈਡਰੇਸ਼ਨ, ਪੰਜਾਬ ਕਬੱਡੀ ਐਸੋਸੀਏਸ਼ਨ ਦੀ ਰਹਿਨੁਮਾਈ ਹੇਠ ਬਣੇਗੀ। ਕੁਝ ਜੁਗਾੜੀ ਲੋਕ ਵਿਸ਼ਵ ਕਬੱਡੀ ਫੈਡਰੇਸ਼ਨ ਬਣਾਉਣ ਦੀਆਂ ਜੋ ਅਫ਼ਵਾਹਾਂ ਅਤੇ ਬਿਆਨਬਾਜ਼ੀ ਕਰ ਰਹੇ ਹਨ ਉਨ੍ਹਾਂ ਦਾ ਕਬੱਡੀ ਖੇਡ ਨਾਲ ਕੋਈ ਸਬੰਧ ਨਹੀਂ ਹੈ, ਵਿਸ਼ਵ ਕਬੱਡੀ ਕੱਪ ਕਰਵਾਉਣ ਦਾ ਸਿਹਰਾ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਜਾਂਦਾ ਹੈ, ਵਿਸ਼ਵ ਕਬੱਡੀ ਫੈਡਰੇਸ਼ਨ ਵੀ ਸੁਖਬੀਰ ਸਿੰਘ ਬਾਦਲ ਦੀ ਹੀ ਸਰਪ੍ਰਸਤੀ ਹੇਠ ਬਣੇਗੀ। ਵਿਸ਼ਵ ਕਬੱਡੀ ਕੱਪ ਵਿਚ ਵਿਦੇਸ਼ੀ ਟੀਮਾਂ ਇਨ੍ਹਾਂ ਵਿੰਗਾਂ ਦੇ ਅਹੁਦੇਦਾਰਾਂ ਦੇ ਸਲਾਹ ਮਸ਼ਵਰੇ ਨਾਲ ਹੀ ਬਨਣਗੀਆਂ। ਉਨ੍ਹਾਂ ਆਖਿਆ ਕਿ ਪੰਜਾਬ ਕਬੱਡੀ ਐਸੋਸੀਏਸ਼ਨ ਅਮਰੀਕਾ, ਕੈਨੇਡਾ, ਆਸਟਰੇਲੀਆ, ਇੰਗਲੈਂਡ, ਇਟਲੀ, ਨਾਰਵੇ, ਦੁਬਈ, ਇਰਾਕ ਆਦਿ ਮੁਲਕਾਂ ਵਿਚ ਆਪਣੀਆਂ ਸ਼ਾਖਾਵਾਂ ਬਣਾਏਗੀ। ਇਨ੍ਹਾਂ ਦੇ ਅਹੁਦੇਦਾਰਾਂ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਲ ਸਟਾਈਲ ਕਬੱਡੀ ਦਾ ਏਸ਼ੀਆ ਕੱਪ ਈਰਾਨ ਵਿਚ ਹੋਵੇਗਾ।

ਦੂਸਰਾ ਫੈਡਰੇਸ਼ਨ ਕੱਪ ਫੈਂਸਿੰਗ ਚੈਂਪੀਅਨਸ਼ਿਪ 5 ਤੋਂ

ਜਲੰਧਰ, 31 ਮਈ - ਦੂਜਾ ਫੈਡਰੇਸ਼ਨ ਕੱਪ ਫੈਂਸਿੰਗ ਚੈਂਪੀਅਨਸ਼ਿਪ ਮਰਦਾਂ ਤੇ ਔਰਤਾਂ ਦੇ ਵਰਗ ਵਿਚ 5 ਤੋਂ 7 ਜੂਨ ਤੱਕ ਮਲਟੀਪਰਪਜ਼ ਇੰਡੋਰ ਹਾਲ ਪੰਜਾਬੀ ਯੂਨੀਵਰਸਿਟੀ ਪਟਿਆ 'ਚ ਕਰਵਾਇਆ ਜਾ ਰਿਹਾ ਹੈ। ਇਸ ਕੱਪ ਵਿਚ 300 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਕੱਪ ਵਿਚ ਸਰਵਿਸਿਜ਼, ਸ਼ਾਸਤਰ ਸੀਮਾ ਬਲ, ਏ ਪੀ, ਆਸਾਮ, ਬਿਹਾਰ, ਚੰਡੀਗੜ੍ਹ, ਦਿੱਲੀ, ਪੰਜਾਬ, ਜੰਮੂ-ਕਸ਼ਮੀਰ, ਰਾਜਸਥਾਨ, ਮਨੀਪੁਰ, ਕਰਨਾਟਕਾ, ਕੇਰਲਾ, ਐਮ. ਪੀ., ਛਤੀਸਗੜ੍ਹ, ਪਾਂਡੀਚਰੀ, ਤਾਮਿਲਨਾਡੂ, ਉੱਤਰਾਖੰਡ, ਮਹਾਰਾਸ਼ਟਰ, ਹਰਿਆਣਾ ਤੇ ਨਾਗਾਲੈਂਡ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।

Click here to read PREVIOUS Monthly News