Click here For English Version

SPORTS NEWS

January Sports News 2010

63ਵਾਂ ਆਲ ਇੰਡੀਆ ਕਲਗੀਧਰ ਖੇਡ ਮੇਲਾ ਸਮਾਪਤ

ਜਗਰਾਉਂ, 31 ਜਨਵਰੀ - ਆਲ ਇੰਡੀਆ 63ਵਾਂ ਕਲਗੀਧਰ ਕਮਾਲਪੁਰਾ ਖੇਡ ਮੇਲਾ ਕਲਗੀਧਰ ਸਟੇਡੀਅਮ 'ਚ ਕਰਵਾਇਆ ਗਿਆ। ਇਸ ਖੇਡ ਮੇਲੇ ਦੇ ਆਖ਼ਰੀ ਦਿਨ ਹੋਏ ਕਬੱਡੀ ਆਲ ਓਪਨ ਦੇ ਮੁਕਾਬਲੇ 'ਚ ਦਸਮੇਸ਼ ਕਲੱਬ ਨਕੋਦਰ ਨੇ ਪਹਿਲਾ ਅਤੇ ਡੀ.ਏ.ਵੀ. ਕਲੱਬ ਜਲੰਧਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹਾਕੀ ਆਲ ਓਪਨ ਦੇ ਮੁਕਾਬਲੇ 'ਚ ਫਰੈਂਡਜ਼ ਸਪੋਰਟਸ ਕਲੱਬ ਟੀਮ ਪਹਿਲੇ ਅਤੇ ਤਖਾਣਵੱਧ ਟੀਮ ਦੂਸਰੇ ਅਤੇ ਫੁੱਟਬਾਲ ਦੇ ਮੁਕਾਬਲੇ 'ਚ ਪਿੰਡ ਈਸੜੂ ਦੀ ਟੀਮ ਪਹਿਲੇ ਅਤੇ ਚੰਡੀਗੜ੍ਹ ਟੀਮ ਦੂਸਰੇ ਸਥਾਨ 'ਤੇ ਰਹੀ। ਕਬੱਡੀ ਪਿੰਡ ਵਾਰ ਓਪਨ ਦੇ ਮੁਕਾਬਲੇ 'ਚ ਅੱਚਰਵਾਲ ਪਹਿਲੇ ਅਤੇ ਜਨੇਤਪੁਰਾ ਦੂਸਰੇ ਸਥਾਨ 'ਤੇ ਰਹੀ।

ਚੌਥਾ ਕਬੱਡੀ ਕੱਪ 4 ਫਰਵਰੀ ਤੋਂ

ਕੁੱਪ ਕਲਾਂ, 31 ਜਨਵਰੀ - ਚੌਥਾ ਕਬੱਡੀ ਕੱਪ 4-5 ਫਰਵਰੀ ਨੂੰ ਪਿੰਡ ਜੰਡਾਲੀ ਖੁਰਦ ਦੇ ਖੇਡ ਮੈਦਾਨ 'ਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਅਧੀਨ ਖੇਡਣ ਵਾਲੀਆਂ ਅੱਠ ਕਬੱਡੀ ਅਕੈਡਮੀਆਂ ਦੇ ਦਿਲਚਸਪ ਮੁਕਾਬਲੇ ਹੋਣਗੇ। 4 ਫਰਵਰੀ ਨੂੰ 60 ਤੇ 70 ਕਿਲੋ ਵਜ਼ਨੀ ਕਬੱਡੀ ਦੇ ਮੁਕਾਬਲੇ ਹੋਣਗੇ ਅਤੇ 5 ਫਰਵਰੀ ਦੇ ਦਿਨ ਅਕੈਡਮੀਆਂ ਦੇ ਭੇੜ ਹੋਣਗੇ। ਅਕੈਡਮੀਆਂ ਦੀ ਜੇਤੂ ਕਬੱਡੀ ਟੀਮ ਨੂੰ ਪਹਿਲਾ 51 ਹਜ਼ਾਰ ਰੁਪਏ ਦਾ ਇਨਾਮ ਬਲਵਿੰਦਰ ਸਿੰਘ ਯੂ.ਐਸ.ਏ ਦੇ ਪਰਿਵਾਰ ਵਲੋਂ ਦਿੱਤਾ ਜਾਵੇਗਾ ਅਤੇ ਉਪ ਜੇਤੂ ਨੂੰ 41 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।

ਇਥੋਪੀਆ ਦੇ ਮਸ਼ਰੇਸ਼ਾ ਤੇ ਬੋਨੀਫੇਸ ਅੱਵਲ

ਚੰਡੀਗੜ੍ਹ, 31 ਜਨਵਰੀ - ਪਹਿਲੀ ਮੈਰਾਥਨ ਦੌੜ ਚੰਡੀਗੜ੍ਹ 'ਚ ਕਰਵਾਈ ਗਈ। ਇਸ ਦੌੜ ਵਿਚ 3 ਹਜ਼ਾਰ ਲੋਕ ਦੌੜੇ। ਇਸ ਮੈਰਾਥਨ ਦੌੜ ਵਿਚ ਸ਼ਹਿਰ ਦੇ ਲੋਕਾਂ ਤੋਂ ਇਲਾਵਾ ਕੀਨੀਆ, ਇਥੋਪੀਆ, ਇੰਗਲੈਂਡ, ਪੋਲੈਂਡ ਅਤੇ ਜਰਮਨੀ ਦੇ ਤੇਜ਼ ਦੌੜਾਕ ਸ਼ਾਮਲ ਹੋਏ। ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਅਤੇ ਹਾਸਰਸ ਕਲਾਕਾਰ ਜਸਪਾਲ ਭੱਟੀ ਵੀ ਦੌੜ 'ਚ ਸ਼ਾਮਿਲ ਹੋਏ। ਰਾਕ ਗਾਰਡਨ ਵਿਖੇ ਕ੍ਰਿਕਟ ਖਿਡਾਰੀ ਦਿਨੇਸ਼ ਮੋਂਗੀਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ 'ਚ ਫਲਾਇੰਗ ਸਿੱਖ ਮਿਲਖਾ ਸਿੰਘ ਨੇ ਪੂਰੀ ਮੈਰਾਥਨ ਦੌੜ ਨੂੰ ਰਵਾਨਾ ਕੀਤਾ। ਦੌੜ ਵਿਚ ਇਥੋਪੀਆ ਦੇ ਦੌੜਾਕ ਮਸ਼ਰੇਸ਼ਾ ਨੇ 2 ਮਿੰਟ 10 ਸਕਿੰਟ ਤੇ 51 ਮਿਲੀ ਸਕਿੰਟਾਂ 'ਚ ਦੌੜ ਪੂਰੀ ਕਰਕੇ ਨਾ ਸਿਰਫ਼ ਪਹਿਲਾ ਸਥਾਨ ਹਾਸਲ ਕੀਤਾ, ਬਲਕਿ ਰਿਕਾਰਡ ਵੀ ਕਾਇਮ ਕਰ ਦਿੱਤਾ। ਇਸ ਤੋਂ ਪਹਿਲਾਂ ਮੁੰਬਈ ਵਿਖੇ ਹੋਈ ਮੈਰਾਥਨ ਦੌੜ ਵਿਚ ਇਕ ਦੌੜਾਕ ਨੇ 2 ਮਿੰਟ 12 ਸਕਿੰਟ ਅਤੇ 34 ਮਿਲੀ ਸਕਿੰਟਾਂ 'ਚ ਦੌੜ ਪੂਰੀ ਕਰਕੇ ਰਿਕਾਰਡ ਕਾਇਮ ਕੀਤਾ ਸੀ। ਵਿਦੇਸ਼ੀ ਦੌੜਾਕ ਰੋਨਾਲਡ ਨੇ ਦੂਜਾ ਅਤੇ ਭਾਰਤੀ ਦੌੜਾਕ ਅਸ਼ੀਸ਼ ਚੌਹਾਨ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਹਾਫ ਮੈਰਾਥਨ ਦੌੜ ਨੂੰ ਗ੍ਰਹਿ ਸਕੱਤਰ ਰਾਮ ਨਿਵਾਸ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌੜ ਵਿਚ ਵੀ ਇਥੋਪੀਆ ਦੇ ਬੋਨੀਫੇਸ ਵੈਂਮਬੂਆ, ਤੇਸ਼ਫਾਈ ਅਤੇ ਭਾਰਤੀ ਦੌੜਾਕ ਪ੍ਰਮੋਦ ਕੁਮਾਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ 5 ਕਿਲੋਮੀਟਰ ਲੰਮੀ ਡਰੀਮ ਰਨ ਦੌੜ 'ਚ ਕੁੱਲ 3 ਹਜ਼ਾਰ ਲੋਕ ਦੌੜੇ।

ਪੰਜਾਬ ਫੁੱਟਬਾਲ ਚੈਂਪੀਅਨਸ਼ਿਪ 10 ਤੋਂ

ਪਟਿਆਲਾ, 31 ਜਨਵਰੀ - 10 ਤੋਂ 15 ਫਰਵਰੀ ਤੱਕ ਪਟਿਆਲਾ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ (ਪੋਲੋ ਮੈਦਾਨ) ਵਿਖੇ 62ਵੀਂ ਪੰਜਾਬ ਸਟੇਟ ਸੀਨੀਅਰ ਫੁੱਟਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਟੂਰਨਾਮੈਂਟ 'ਚ 19 ਜ਼ਿਲ੍ਹਿਆਂ ਦੀਆਂ ਟੀਮਾਂ ਹਿੱਸਾ ਲੈਣਗੀਆਂ।

ਲੜਕੀਆਂ ਦਾ ਕਬੱਡੀ ਕੱਪ ਪਟਿਆਲਾ 'ਚ 6 ਤੋਂ

ਪਟਿਆਲਾ, 31 ਜਨਵਰੀ - 6-7 ਫਰਵਰੀ ਨੂੰ ਡੀ. ਸੀ. ਡਬਲਿਊ. ਸਟੇਡੀਅਮ ਵਿਖੇ ਕਬੱਡੀ ਕੱਪ ਪਟਿਆਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿਚ 8 ਅਕੈਡਮੀਆਂ ਦੇ ਦਿਲਕਸ਼ ਮੁਕਾਬਲਿਆਂ ਤੋਂ ਇਲਾਵਾ ਪਹਿਲੇ ਦਿਨ ਲੜਕੀਆਂ ਦੇ ਵੀ ਖੁੱਲ੍ਹੇ ਕਬੱਡੀ ਮੁਕਾਬਲੇ ਹੋਣਗੇ। ਲੜਕਿਆਂ ਦੀ ਕੱਪ ਜੇਤੂ ਟੀਮ ਨੂੰ ਇਕ ਲੱਖ ਇਕ ਹਜ਼ਾਰ ਰੁਪਏ ਦਾ ਨਕਦ ਇਨਾਮ ਸ੍ਰੀ ਅਮਰੀਕ ਸਿੰਘ ਪੰਧੇਰ ਤੇ ਸਾਥੀਆਂ ਵੱਲੋਂ ਦਿੱਤਾ ਜਾਵੇਗਾ। ਪਹਿਲੇ ਦਿਨ ਇਕ ਪਿੰਡ ਓਪਨ ਦੇ ਕਬੱਡੀ ਮੁਕਾਬਲੇ ਹੋਣਗੇ।

ਜੇ. ਸੀ. ਟੀ. ਬਨਾਮ ਏਅਰ ਇੰਡੀਆ ਮੁੰਬਈ ਮੁਕਾਬਲਾ 3 ਨੂੰ

ਲੁਧਿਆਣਾ, 31 ਜਨਵਰੀ - ਕੌਮੀ ਫੁੱਟਬਾਲ ਲੀਗ 'ਚ ਜੇ. ਸੀ. ਟੀ. ਫੁੱਟਬਾਲ ਕਲੱਬ ਫਗਵਾੜਾ ਦਾ ਅਗਲਾ ਮੈਚ ਜੋ 2 ਫਰਵਰੀ ਨੂੰ ਹੋਣਾ ਸੀ, ਹੁਣ 3 ਫਰਵਰੀ ਨੂੰ ਏਅਰ ਇੰਡੀਆ ਮੁੰਬਈ ਨਾਲ ਹੋਵੇਗਾ। ਇਹ ਮੁਕਾਬਲਾ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਠੀਕ 2 ਵਜੇ ਸ਼ੁਰੂ ਹੋਵੇਗਾ।

10ਵਾਂ ਸਾਲਾਨਾ ਖੇਡ ਮੇਲਾ ਸ਼ੁਰੂ

ਰਾਏਕੋਟ, 31 ਜਨਵਰੀ - 10ਵਾਂ ਤਿੰਨ ਰੋਜ਼ਾ ਪੇਂਡੂ ਸਾਲਾਨਾ ਖੇਡ ਮੇਲਾ ਪਿੰਡ ਬੁਰਜ ਹਰੀ 'ਚ ਕਰਵਾਇਆ ਜਾ ਰਿਹਾ ਹੈ। ਉਦਘਾਟਨੀ ਹਾਕੀ ਮੈਚ ਮੇਜ਼ਬਾਨ ਬੁਰਜ ਹਰੀ ਸਿੰਘ ਅਤੇ ਜੱਸੋਵਾਲ ਕੁਲਾਰ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜਿਸ 'ਚ ਬੁਰਜ ਹਰੀ ਸਿੰਘ 5-0 ਦੇ ਫਰਕ ਨਾਲ ਜੇਤੂ ਰਿਹਾ। ਅਗਲੇ ਦੋ ਦਿਨਾਂ ਵਿਚ ਕਬੱਡੀ 50, 57, 75 ਕਿਲੋ ਓਪਨ ਅਤੇ ਹਾਕੀ ਪਿੰਡ ਵਾਰ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ।

ਫੁੱਟਬਾਲ ਟੂਰਨਾਮੈਂਟ 'ਚ ਤਲਵੰਡੀ ਮੱਲੀਆਂ ਦੀ ਝੰਡੀ

ਹਠੂਰ, 30 ਜਨਵਰੀ - ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਪਿੰਡ ਲੰਮਾ 'ਚ ਕਰਵਾਇਆ ਗਿਆ। ਇਸ ਫੁੱਟਬਾਲ ਟੂਰਨਾਮੈਂਟ 'ਚ ਕੁੱਲ 30 ਟੀਮਾਂ ਨੇ ਹਿੱਸਾ ਲਿਆ, ਜਿਸ ਵਿਚੋਂ ਤਲਵੰਡੀ ਮੱਲੀਆਂ ਦੀ ਟੀਮ ਪਹਿਲੇ ਅਤੇ ਸ਼ੇਰਪੁਰ ਕਲਾਂ ਦੀ ਟੀਮ ਦੂਸਰੇ ਸਥਾਨ 'ਤੇ ਰਹੀ, ਜਦਕਿ ਟੂਰਨਾਮੈਂਟ 'ਚੋਂ ਵਧੀਆ ਖਿਡਾਰੀ ਬਿੱਟਾ ਤਲਵੰਡੀ ਮੱਲੀਆਂ ਨੂੰ ਚੁਣਿਆ ਗਿਆ।

6ਵਾਂ ਗੋਲਡ ਕਬੱਡੀ ਕੱਪ 23 ਨੂੰ

ਕਪੂਰਥਲਾ, 30 ਜਨਵਰੀ - 6ਵਾਂ ਗੋਲਡ ਕਬੱਡੀ ਕੱਪ ਗੁਰੂ ਨਾਨਕ ਸਟੇਡੀਅਮ ਕਪੂਰਥਲਾ 'ਚ 23 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿੱਚ 8 ਕਬੱਡੀ ਦੀਆਂ ਟੀਮਾਂ ਭਾਗ ਲੈਣਗੀਆਂ। ਕਬੱਡੀ ਕੱਪ ਮੌਕੇ ਸ਼ਾਮ ਨੂੰ ਗਾਇਕ ਬੱਬੂ ਮਾਨ ਦਾ ਖੁੱਲ੍ਹਾ ਅਖਾੜਾ ਲੱਗੇਗਾ।

ਪਿੰਡ ਰੋੜੀਆਂ ਦਾ ਪੇਂਡੂ ਖੇਡ ਮੇਲਾ 10 ਤੋਂ

ਮਲੌਦ, 29 ਜਨਵਰੀ - 10 ਤੋਂ 12 ਫਰਵਰੀ ਤੱਕ ਸ਼ਾਨਦਾਰ ਪੇਂਡੂ ਖੇਡ ਮੇਲਾ ਯੂਥ ਸੋਮਲ ਸਪੋਰਟਸ ਕਲੱਬ ਮਲੌਦ ਰੋੜੀਆਂ ਵੱਲੋਂ ਕਰਵਾਇਆ ਜਾ ਰਿਹਾ ਹੈ। 10 ਫਰਵਰੀ ਨੂੰ ਬੈਲ ਗੱਡੀਆਂ ਦੀਆਂ ਦੌੜਾਂ, 11 ਫਰਵਰੀ ਨੂੰ 60 ਕਿਲੋ ਤੇ 70 ਕਿਲੋ ਦੇ ਕਬੱਡੀ ਦੇ ਮੁਕਾਬਲੇ ਹੋਣਗੇ ਅਤੇ 12 ਸਾਲ ਤੱਕ ਦੇ ਬੱਚਿਆਂ ਤੇ 60 ਸਾਲ ਦੇ ਬਜ਼ੁਰਗਾਂ ਦੀਆਂ ਦੌੜਾਂ ਅਤੇ 12 ਫਰਵਰੀ ਨੂੰ ਓਪਨ ਕਬੱਡੀ ਤੇ ਅਕੈਡਮੀਆਂ ਦੇ ਮੈਚ ਹੋਣਗੇ।

ਇੰਡੋ ਕੈਨੇਡੀਅਨ ਕਬੱਡੀ ਕੱਪ

ਬਠਿੰਡਾ, 29 ਜਨਵਰੀ - ਬਠਿੰਡਾ ਦੇ ਖੇਡ ਸਟੇਡੀਅਮ 'ਚ ਇੰਡੋ-ਕੈਨੇਡੀਅਨ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਪੰਜਾਬ ਦੀਆਂ ਅੱਠ ਅੰਤਰਰਾਸ਼ਟਰੀ ਅਕੈਡਮੀਆਂ ਦੇ ਭੇੜ 31 ਜਨਵਰੀ ਨੂੰ ਹੋਣਗੇ। ਕੱਪ ਵਿਚ 40 ਸਾਲਾ ਗੱਭਰੂਆਂ ਦੀ ਕਬੱਡੀ ਦਾ ਅਤੇ ਪੰਜਾਬ-ਹਰਿਆਣਾ ਦੀਆਂ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਖੇਡਿਆ ਜਾਵੇਗਾ। ਪਹਿਲਾ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਸੈਫ ਖੇਡਾਂ 'ਚ ਭਾਰਤੀ ਹਾਕੀ ਟੀਮ ਦੀ ਮੁਹਿੰਮ ਸ਼ੁਰੂ

ਪਟਿਆਲਾ, 29 ਜਨਵਰੀ - ਸੈਫ ਖੇਡਾਂ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਭਾਰਤੀ ਹਾਕੀ ਟੀਮ ਆਪਣੀ ਮੁਹਿੰਮ 30 ਜਨਵਰੀ ਤੋਂ ਸ਼ੁਰੂ ਕਰੇਗੀ। ਭਾਰਤੀ ਟੀਮ ਦਾ ਪਹਿਲਾ ਮੈਚ ਨੇਪਾਲ ਨਾਲ ਹੋਵੇਗਾ। ਇਸ ਤੋਂ ਇਲਾਵਾ 31 ਜਨਵਰੀ ਨੂੰ ਸ੍ਰੀਲੰਕਾ ਨਾਲ ਅਤੇ 3 ਫਰਵਰੀ ਨੂੰ ਭਾਰਤੀ ਟੀਮ ਪਾਕਿਸਤਾਨ ਨਾਲ ਖੇਡੇਗੀ।

ਢੁੱਡੀਕੇ ਦਾ 55ਵਾਂ ਖੇਡ ਮੇਲਾ ਸਮਾਪਤ

ਅਜੀਤਵਾਲ, 28 ਜਨਵਰੀ - ਢੁੱਡੀਕੇ 'ਚ 55ਵਾਂ ਖੇਡ ਮੇਲਾ ਕਰਵਾਇਆ ਗਿਆ। ਇਸ ਖੇਡ ਮੇਲੇ ਦੇ ਦੂਜੇ ਤੇ ਤੀਜੇ ਦਿਨ ਹਾਕੀ, ਬੈਲਗੱਡੀਆਂ ਦੀਆਂ ਦੌੜਾਂ, ਕਬੱਡੀ ਪਿੰਡ ਵਾਰ, ਓਪਨ ਦੇ ਮੁਕਾਬਲੇ ਕਰਵਾਏ ਗਏ। ਬੈਲਗੱਡੀਆਂ ਦੀਆਂ ਦੌੜਾਂ ਵਿਚ ਤੇਜਾ ਸਿੰਘ ਜਲਾਲਦੀਵਾਲ ਤੇ ਮੇਜਰ ਸਿੰਘ ਢੁੱਡੀਕੇ ਦੀਆਂ ਗੱਡੀਆਂ ਕ੍ਰਮਵਾਰ ਪਹਿਲੇ, ਦੂਸਰੇ ਸਥਾਨ 'ਤੇ ਰਹੀਆਂ। ਹਾਕੀ ਪਿੰਡ ਵਾਰ ਮੁਕਾਬਲੇ 'ਚ ਸੈਮੀਫਾਈਨਲ ਦੌਰਾਨ ਢੁੱਡੀਕੇ ਨੇ ਘੋਲੀਆ ਨੂੰ 1-0 ਨਾਲ, ਧੂੜਕੋਟ ਨੇ ਛੱਜਾਵਾਲ ਨੂੰ 1-0 ਨਾਲ, ਕਬੱਡੀ ਪਿੰਡ ਵਾਰ ਓਪਨ 'ਚ ਘੋਲੀਆ ਕਲਾਂ, ਨੱਥੋਕੇ, ਫੇਰੂਰਾਈ, ਤਖਤੂਪੁਰਾ, ਗਗੜਾ, ਸਾਫੂਵਾਲਾ, ਢੁੱਡੀਕੇ, ਕਿਸ਼ਨਪੁਰਾ ਕੁਆਰਟਰ ਫਾਈਨਲ 'ਚ ਪਹੁੰਚੇ। ਇਸ ਸਮੇਂ ਮੁੱਖ ਪ੍ਰਬੰਧਕ ਜਗਤਾਰ ਸਿੰਘ ਧਾਲੀਵਾਲ, ਜਗਜੀਤ ਸਿੰਘ, ਰਾਣਾ ਪ੍ਰਧਾਨ, ਲਖਵੀਰ ਸਿੰਘ ਗਿੱਲ ਤੇ ਨਛੱਤਰ ਸਿੰਘ ਗਿੱਲ ਸਰਪ੍ਰਸਤ, ਸਤਪਾਲ ਗਰੋਵਰ, ਅਜੀਤ ਸਿੰਘ ਸਰਾਂ, ਰਣਜੀਤ ਸਿੰਘ ਧੰਨਾ, ਨਛੱਤਰ ਸਿੰਘ ਛੱਤੀ, ਨਿਰਮਲ ਰਾਜੂ, ਬਲਰਾਜ ਬੱਲੂ, ਗੁਰਪ੍ਰੀਤ ਸਿੰਘ ਪਟਨਾ, ਅਮਨਦੀਪ ਬੱਬੀ, ਜਸਦੀਪ ਗੈਰੀ, ਹਰਜੀਤ ਸਿੰਘ ਫੌਜੀ, ਜੀਤਾ ਹੇਰ, ਪ੍ਰੋ: ਹਰਪਾਲ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ 'ਤੇ ਖਿਡਾਰੀ ਲਿਖਾਰੀ ਪ੍ਰੋ. ਸਰਵਣ ਸਿੰਘ ਅਤੇ ਦੇਸ਼ ਵਿਦੇਸ਼ ਵਿਚ ਆਪਣੀਆਂ ਰਿਪੋਰਟਾਂ ਅਤੇ ਫੋਟੋ ਕਲਾਕ੍ਰਿਤਾਂ ਨਾਲ ਯੋਗਦਾਨ ਪਾ ਰਹੇ ਪ੍ਰੋ. ਕੰਵਲਜੀਤ ਸਿੰਘ ਢੁੱਡੀਕੇ ਨੂੰ ਸਲਾਨਾ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।

ਲੁਧਿਆਣਾ 'ਚ ਡੋਪ ਟੈਸਟ 1-2 ਫਰਵਰੀ ਨੂੰ

ਲੰਦਨ, 28 ਜਨਵਰੀ - ਲੁਧਿਆਣਾ 'ਚ ਇੰਗਲੈਂਡ ਕਬੱਡੀ ਫੈਡਰੇਸ਼ਨ ਵੱਲੋਂ 1-2 ਫਰਵਰੀ ਨੂੰ ਡੋਪ ਟੈਸਟ ਕਰਵਾਏ ਜਾ ਰਹੇ ਹਨ। ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਸਤਿੰਦਰ ਸਿੰਘ ਗੋਲਡੀ ਨੇ ਦੱਸਿਆ ਕਿ ਇੰਗਲੈਂਡ ਆਉਣ ਵਾਲੇ ਖਿਡਾਰੀਆਂ ਦਾ ਡਰੱਗ ਟੈਸਟ ਇੰਗਲੈਂਡ ਦੇ ਟੂਰਨਾਮੈਂਟਾਂ ਦੌਰਾਨ ਵੀ ਹੋਵੇਗਾ ਲੇਕਿਨ ਇਹ ਟੈਸਟ ਖਿਡਾਰੀਆਂ ਵੱਲੋਂ ਪੰਜਾਬ ਤੋਂ ਕਰਵਾਉਣਾ ਵੀ ਜ਼ਰੂਰੀ ਹੈ, ਇਸ ਸਬੰਧੀ ਅਮਰੀਕ ਸਿੰਘ ਘੁੱਦਾ ਅਤੇ ਮੇਜਰ ਗਾਖਲ ਵਿਸ਼ੇਸ਼ ਤੌਰ 'ਤੇ ਪੰਜਾਬ ਵਿਚ ਹਾਜ਼ਰ ਹੋਣਗੇ ਅਤੇ ਇਸ ਨਾਲ ਹੀ ਸ: ਸੁਰਜਨ ਸਿੰਘ ਚੱਠਾ ਅਤੇ ਟੋਨੀ ਆਦਿ ਨੂੰ ਮਿਲ ਕੇ ਖਿਡਾਰੀ ਟੈਸਟ ਕਰਵਾ ਸਕਦੇ ਹਨ ਅਤੇ ਇੰਗਲੈਂਡ ਤੋਂ ਪੰਜਾਬ ਖੇਡਣ ਗਏ ਖਿਡਾਰੀਆਂ ਨੂੰ ਵੀ ਇਹ ਟੈਸਟ ਟੂਰਨਾਮੈਂਟਾਂ ਤੋਂ ਪਹਿਲਾਂ ਕਰਵਾਉਣੇ ਜ਼ਰੂਰੀ ਹਨ।

63ਵਾਂ ਆਲ ਇੰਡੀਆ ਕਲਗੀਧਰ ਖੇਡ ਮੇਲਾ

ਜਗਰਾਉਂ, 28 ਜਨਵਰੀ - 63ਵਾਂ ਕਲਗੀਧਰ ਖੇਡ ਮੇਲਾ ਕਲਗੀਧਰ ਸਟੇਡੀਅਮ ਕਮਾਲਪੁਰਾ 'ਚ ਚੱਲ ਰਿਹਾ ਹੈ। ਇਸ ਖੇਡ ਮੇਲੇ ਦੇ ਦੂਜੇ ਦਿਨ ਆਲ ਓਪਨ ਹਾਕੀ, ਫੁੱਟਬਾਲ ਅਤੇ ਕਬੱਡੀ ਦੇ ਫਸਵੇਂ ਮੁਕਾਬਲੇ ਹੋਏ। ਹਾਕੀ ਦੇ ਮੁਕਾਬਲਿਆਂ 'ਚ ਹਾਂਸ ਕਲਾਂ ਦੀ ਟੀਮ ਨੇ ਪਟਿਆਲਾ ਨੂੰ, ਕਮਾਲਪੁਰਾ ਦੀ ਟੀਮ ਨੇ ਜਲੰਧਰ ਨੂੰ, ਡਾਲਾ ਨੇ ਸੁਧਾਰ ਨੂੰ ਅਤੇ ਫੁੱਟਬਾਲ 'ਚ ਕਮਾਲਪੁਰਾ ਨੇ ਲਤਾਲਾ ਨੂੰ ਅਤੇ ਹਲਵਾਰਾ ਨੇ ਕੋਕਰੀ ਨੂੰ ਹਰਾਇਆ। ਰੱਸਾਕਸੀ ਦੇ ਮੁਕਾਬਲਿਆਂ 'ਚ ਉਭਾਵਾਲ ਨੇ ਪਹਿਲਾ, ਚਹੇੜੂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅਖੀਰਲੇ ਦਿਨ ਕਬੱਡੀ ਆਲ ਓਪਨ ਦੇ ਮੁਕਾਬਲਿਆਂ 'ਚ ਪੰਜਾਬ ਦੀਆਂ ਨਾਮਵਰ ਅਕੈਡਮੀਆਂ ਭਿੜਨਗੀਆਂ।

ਦੁਲੇਅ ਦੀਆਂ ਪੇਂਡੂ ਖੇਡਾਂ 29 ਨੂੰ

ਡੇਹਲੋਂ, 27 ਜਨਵਰੀ - 29-30 ਜਨਵਰੀ ਨੂੰ ਪੇਂਡੂ ਖੇਡਾਂ ਡੇਹਲੋਂ ਦੇ ਨੇੜਲੇ ਗੁਰਦੁਆਰਾ ਫਲਾਹੀ ਸਾਹਿਬ ਪਿੰਡ ਦੁਲੇਅ 'ਚ ਕਰਵਾਈਆਂ ਜਾ ਰਹੀਆਂ ਹਨ। ਇਸ ਖੇਡ ਮੇਲੇ 'ਚ 29 ਜਨਵਰੀ ਨੂੰ ਖੀਰੇ ਦੁੱਗੇ ਬੈਲ ਗੱਡੀਆਂ ਦੀਆਂ ਦੌੜਾਂ, ਕਬੱਡੀ 57 ਕਿਲੋ ਅਤੇ ਕਬੱਡੀ 70 ਕਿਲੋ ਦੇ ਮੈਚ ਹੋਣਗੇ ਜਦਕਿ ਆਖਰੀ ਦਿਨ 30 ਜਨਵਰੀ ਨੂੰ ਵੱਡੇ ਬਲਦਾਂ ਦੀਆਂ ਦੌੜਾਂ ਕਬੱਡੀ ਇਕ ਪਿੰਡ ਓਪਨ ਅਤੇ ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ।

7ਵਾਂ ਹਰਪ੍ਰੀਤ ਯਾਦਗਾਰੀ ਕਬੱਡੀ ਕੱਪ 12 ਤੋਂ

ਫ਼ਤਹਿਗੜ੍ਹ ਸਾਹਿਬ, 27 ਜਨਵਰੀ - 12 ਤੋਂ 14 ਫਰਵਰੀ ਤੱਕ 7ਵਾਂ ਹਰਪ੍ਰੀਤ ਯਾਦਗਾਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਕਬੱਡੀ 35, 40, 45, 50, 60, 70 ਕਿਲੋ ਅਤੇ ਇਕ ਪਿੰਡ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ। ਇਕ ਪਿੰਡ ਓਪਨ ਦੀ ਜੇਤੂ ਟੀਮ ਨੂੰ ਸ੍ਰੀ ਪਿਆਰਾ ਸਿੰਘ ਅਤੇ ਜਗਤਾਰ ਸਿੰਘ ਕੈਨੇਡਾ ਵੱਲੋਂ 41 ਹਜ਼ਾਰ ਅਤੇ ਦੂਸਰਾ ਸਥਾਨ ਲੈਣ ਵਾਲੀ ਨੂੰ 31 ਹਜ਼ਾਰ ਰੁਪਏ ਦੀ ਨਕਦ ਰਾਸੀ ਅਤੇ ਕਲੱਬ ਵੱਲੋਂ ਯਾਦਗਾਰੀ ਕੱਪ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰਾ੍ਹਂ 70 ਕਿਲੋ ਦੀ ਜੇਤੂ ਟੀਮ ਨੂੰ 20 ਹਜ਼ਾਰ ਅਤੇ ਉਪ ਜੇਤੂ ਟੀਮ ਨੂੰ 15 ਹਜ਼ਾਰ ਰੁਪਏ ਦੀ ਰਾਸ਼ੀ ਜਤਿੰਦਰਦੀਪ ਸਿੰਘ ਦੀਪੀ ਹਾਂਗਕਾਂਗ ਵੱਲੋਂ ਦਿੱਤਾ ਜਾਵੇਗਾ।

ਪਿੰਡ ਬੱਧਨੀ ਖੁਰਦ ਦੀ ਟੀਮ ਜੇਤੂ

ਜਗਰਾਉਂ, 27 ਜਨਵਰੀ - ਤਿੰਨ ਰੋਜ਼ਾ ਖੇਡ ਮੇਲਾ ਪਿੰਡ ਰਾਮਗੜ੍ਹ ਭੁੱਲਰ 'ਚ ਸੰਤ ਬਾਬਾ ਮੱਘਰ ਸਿੰਘ ਜੀ ਦੀ ਯਾਦ ਵਿਚ ਕਰਵਾਇਆ ਗਿਆ। ਇਸ ਖੇਡ ਮੇਲੇ ਦੇ ਅਖੀਰਲੇ ਦਿਨ ਕਬੱਡੀ ਓਪਨ ਦੇ ਮੁਕਾਬਲਿਆਂ 'ਚ ਪੰਜਾਬ ਦੀਆਂ ਨਾਮਵਾਰ ਕਬੱਡੀ ਟੀਮਾਂ ਦੇ ਭੇੜ ਹੋਏ ਅਤੇ ਫਾਈਨਲ ਮੁਕਾਬਲੇ 'ਚ ਪਿੰਡ ਬੱਧਨੀ ਖੁਰਦ ਟੀਮ ਪਹਿਲੇ ਸਥਾਨ 'ਤੇ ਰਹੀ, ਜਦੋਂਕਿ ਜੰਡੀ ਦੀ ਟੀਮ ਦੂਸਰੇ ਸਥਾਨ 'ਤੇ ਰਹੀ। ਬਾਬਾ ਰਣਜੀਤ ਸਿੰਘ ਲੀਲਾਂ ਵਾਲਿਆਂ ਨੇ ਕਲੱਬ ਨੂੰ 51 ਸੌ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ।

ਸਲੌਦੀ ਦੀਆਂ ਖੇਡਾਂ 5 ਤੋਂ 8 ਤੱਕ

ਖੰਨਾ, 27 ਜਨਵਰੀ - 5 ਤੋਂ 8 ਫਰਵਰੀ ਤੱਕ ਪਿੰਡ ਸਲੌਦੀ ਦੇ ਬਾਬਾ ਸਿੱਧ ਗਰਾਊਂਡ 'ਚ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਚ ਕਬੱਡੀ 32, 37, 47, 57, 70 ਕਿਲੋ ਕਬੱਡੀ, ਫੁੱਟਬਾਲ 60 ਕਿਲੋ ਤੇ ਫੁੱਟਬਾਲ ਕਲੱਬ ਆਲ ਓਪਨ, ਦਸਤਾਰ ਮੁਕਾਬਲੇ, ਵੇਟ ਲਿਫਟਿੰਗ, ਸ਼ਾਟਪੁੱਟ ਕੁੱਤਿਆਂ ਦੀਆਂ ਦੌੜਾਂ ਤੇ ਰੱਸਾ ਕੱਸੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।

6ਵਾਂ ਯੂ. ਕੇ. ਕਬੱਡੀ ਕੱਪ 13 ਤੋਂ

ਜਗਰਾਉਂ, 27 ਜਨਵਰੀ - 13-14 ਫਰਵਰੀ ਨੂੰ 6ਵਾਂ ਯੂ.ਕੇ. ਕਬੱਡੀ ਕੱਪ ਜਗਰਾਉਂ ਦੀ ਜੀ.ਐਚ.ਜੀ. ਅਕੈਡਮੀ ਦੇ ਖੇਡ ਮੈਦਾਨ 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ 'ਚ 13 ਫਰਵਰੀ ਨੂੰ ਪਿੰਡ ਵਾਰ ਓਪਨ ਤੇ 14 ਫਰਵਰੀ ਨੂੰ ਕਬੱਡੀ ਅਕੈਡਮੀਆਂ ਦੇ ਜ਼ਬਰਦਸਤ ਮੁਕਾਬਲਿਆਂ ਦੇ ਨਾਲ ਬਾਸਕਿਟਬਾਲ ਦੇ ਮੁਕਾਬਲੇ ਵੀ ਕਰਵਾਏ ਜਾਣਗੇ। 40 ਸਾਲਾਂ ਨੌਜਵਾਨਾਂ ਦਾ ਕਬੱਡੀ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ।

24ਵੀਆਂ ਮਾਡਰਨ ਮਿੰਨੀ ਪੇਂਡੂ ਉਲੰਪਿਕ ਖੇਡਾਂ ਸਮਾਪਤ

ਲੁਧਿਆਣਾ, 25 ਜਨਵਰੀ - ਪਿੰਡ ਜਰਖੜ ਦੇ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ 'ਚ 24ਵੀਆਂ ਮਾਡਰਨ ਮਿੰਨੀ ਪੇਂਡੂ ਉਲੰਪਿਕ ਖੇਡਾਂ ਕਰਵਾਈਆਂ ਗਈਆਂ। ਖੇਡਾਂ ਦੇ ਹਾਕੀ ਦੇ ਏਵਨ ਸਾਈਕਲ ਮਾਤਾ ਸਾਹਿਬ ਕੌਰ ਗੋਲਡ ਕੱਪ ਹਾਕੀ ਮੁਕਾਬਲੇ ਦੇ ਫਾਈਨਲ ਮੁਕਾਬਲੇ ਵਿਚ ਪੀ. ਏ. ਯੂ ਇਲੈਵਨ ਨੇ ਜਰਖੜ ਅਕੈਡਮੀ ਨੂੰ ਹਰਾ ਕੇ ਜੇਤੂ ਸਾਈਕਲਾਂ 'ਤੇ ਹੱਕ ਜਮਾਇਆ। ਹਾਕੀ ਲੜਕੀਆਂ ਵਿਚ ਹਰਿਆਣਾ ਇਲੈਵਨ ਨੇ ਜਰਖੜ ਇਲੈਵਨ ਨੂੰ 3-0 ਨਾਲ ਹਰਾਇਆ। ਕਬੱਡੀ ਅਕੈਡਮੀਆਂ ਵਿਚ ਬਾਬਾ ਫਰੀਦ ਅਕੈਡਮੀ ਨੇ ਅਲੰਕਾਰ ਟੋਨੀ ਅਕੈਡਮੀ ਕੁੱਬੇ ਨੂੰ ਹਰਾਇਆ, ਕਬੱਡੀ ਇਕ ਪਿੰਡ ਓਪਨ ਵਿਚ ਢੋਡੇ ਨੇ ਚੂਹੜਚੱਕ ਨੂੰ ਹਰਾ ਕੇ ਧਰਮ ਸਿੰਘ ਜਰਖੜ ਕਬੱਡੀ ਕੱਪ 'ਤੇ ਕਬਜ਼ਾ ਕੀਤਾ। ਹਾਕੀ ਅੰਡਰ 14 ਸਾਲ ਵਿਚ ਜਰਖੜ ਅਕੈਡਮੀ ਨੇ ਦੋਰਾਹਾ ਅਕੈਡਮੀ ਨੂੰ 4-2 ਨਾਲ ਹਰਾ ਕੇ ਜਗਤਾਰ ਯਾਦਗਾਰੀ ਕੱਪ ਜਿੱਤਿਆ, ਵਾਲੀਬਾਲ ਲੜਕੀਆਂ ਦੇ ਫਾਈਨਲ ਵਿਚ ਤਰਨਤਾਰਨ ਨੇ ਲੁਧਿਆਣਾ ਨੂੰ 2-0 ਨਾਲ, ਮੁੰਡਿਆਂ ਵਿਚ ਜਲੰਧਰ ਨੇ ਫਿਰੋਜਪੁਰ ਰੇਲਵੇ ਨੂੰ 3-1 ਨਾਲ ਹਰਾਇਆ। ਹੈਂਡਬਾਲ ਮੁੰਡਿਆਂ ਵਿਚ ਲੁਧਿਆਣਾ ਨੇ ਪਟਿਆਲਾ ਨੂੰ ਹਰਾ ਕੇ ਬਾਬਾ ਸੁਰਜਨ ਸਿੰਘ ਕੱਪ, ਕੁੜੀਆਂ ਵਿਚ ਲੁਧਿਆਣਾ ਨੇ ਰੋਪੜ ਨੂੰ ਹਰਾ ਕੇ ਸਰਪੰਚ ਮੇਜਰ ਸਿੰਘ ਕੱਪ ਜਿੱਤਿਆ, ਬਾਸਕਿਟਬਾਲ ਮੁੰਡਿਆਂ ਵਿਚ ਮਾਨਸਾ ਨੇ ਲੁਧਿਆਣਾ ਨੁੂੰ 45-34 ਨਾਲ ਹਰਾ ਕੇ ਬੈਂਕ ਆਫ ਇੰਡੀਆ ਕੱਪ, ਕੁੜੀਆਂ ਵਿਚ ਲੁਧਿਆਣਾ ਨੇ ਕਪੂਰਥਲਾ ਨੂੰ 44-40 ਨਾਲ ਹਰਾ ਕੇ ਬੀਬੀ ਸੁਰਜੀਤ ਕੌਰ ਬਾਸਕਿਟਬਾਲ ਕੱਪ ਜਿੱਤਿਆ। ਟੂਰਨਾਂਮੈਂਟ ਦੀ ਸਮਾਪਤੀ ਤੋਂ ਬਾਅਦ ਲੋਕ ਗਾਇਕ ਹਰਭਜਨ ਮਾਨ ਨੇ ਲੋਕ ਗੀਤਾਂ ਨਾਲ ਗਾਇਕੀ ਦਾ ਲੰਬਾ ਸਮਾਂ ਰੰਗ ਬੰਨਿਆ। ਇਨਾਮਾਂ ਦੀ ਵੰਡ ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਨੇ ਕੀਤੀ। ਉਨ੍ਹਾਂ ਪੰਜਾਬ ਸਰਕਾਰ ਦੀ ਤਰਫੋਂ ਜਰਖੜ ਵਿਖੇ ਸਪੋਰਟਸ ਅਕੈਡਮੀ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ ਅਤੇ ਹਲਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਅਤੇ ਮਨਪ੍ਰੀਤ ਸਿੰਘ ਇਆਲੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਅਖਤਿਆਰੀ ਕੋਟੇ ਵਿਚੋਂ 10 ਲੱਖ ਰੁਪਏ ਦੇ ਚੈੱਕ ਜਰਖੜ ਸਟੇਡੀਅਮ ਦੇ ਵਿਕਾਸ ਵਾਸਤੇ ਦਿੱਤਾ।

ਚੋਣ ਟ੍ਰਾਇਲ 28 ਤੋਂ

ਜਲੰਧਰ, 25 ਜਨਵਰੀ - ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਚੋਣ ਟ੍ਰਾਇਲ ਅਥਲੈਟਿਕਸ, ਜੂਡੋ, ਹੈਂਡਬਾਲ, ਵਾਲੀਬਾਲ, ਵੇਟ ਲਿਫਟਿੰਗ ਰੈਜ਼ੀਡੈਂਸੀਅਲ ਤੇ ਨਾਨ-ਰੈਜ਼ੀਡੈਂਸੀਅਲ ਲੜਕੇ ਵਰਗ ਲਈ ਇਸ ਤੋਂ ਇਲਾਵਾ ਜੂਡੋ ਤੇ ਵਾਲੀਬਾਲ ਨਾਨ-ਰੈਜ਼ੀਡੈਂਸੀਅਲ ਲੜਕੀਆਂ ਲਈ ਚੋਣ ਟ੍ਰਾਇਲ 28 ਤੋਂ 30 ਜਨਵਰੀ ਤੱਕ ਟ੍ਰੇਨਿੰਗ ਸੈਂਟਰ ਮਲਟੀਪਰਪਜ਼ ਸਪੋਰਟਸ ਕੰਪਲੈਕਸ ਵਿਖੇ ਕਰਵਾਏ ਜਾ ਰਹੇ ਹਨ। 14 ਤੋਂ 18 ਸਾਲ ਉਮਰ ਦੇ ਖਿਡਾਰੀ ਜਿਨ੍ਹਾਂ ਨੇ ਨੈਸ਼ਨਲ ਜਾਂ ਰਾਜ ਪੱਧਰ 'ਤੇ ਪੁਜ਼ੀਸ਼ਨ ਹਾਸਲ ਕੀਤੀ ਹੈ, ਹਿੱਸਾ ਲੈ ਸਕਦੇ ਹਨ।

ਫੁੱਟਬਾਲ ਲੀਗ ਦਾ ਮੈਚ 28 ਨੂੰ

ਜਲੰਧਰ, 25 ਜਨਵਰੀ - 28 ਜਨਵਰੀ ਨੂੰ ਆਈ ਫੁੱਟਬਾਲ ਲੀਗ ਦਾ ਮੈਚ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਹ ਮੈਚ ਜੇ. ਸੀ. ਟੀ. ਬਨਾਮ ਸਪੋਰਟਿੰਗ ਕਲੱਬ ਗੋਆ ਦਰਮਿਆਨ ਸ਼ਾਮ 2 ਵਜੇ ਖੇਡਿਆ ਜਾਵੇਗਾ।

55ਵਾਂ ਚਾਰ ਦਿਨਾ ਖੇਡ ਮੇਲਾ

ਅਜੀਤਵਾਲ, 25 ਜਨਵਰੀ - 55ਵਾਂ ਚਾਰ ਦਿਨਾ ਖੇਡ ਮੇਲਾ ਮੇਲਾ ਕਮੇਟੀ ਵੱਲੋਂ ਨਗਰ ਪੰਚਾਇਤ, ਪ੍ਰਵਾਸੀ ਭਾਰਤੀ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ਼ੁਰੂ ਹੋ ਗਿਆ ਹੈ। ਇਸ ਖੇਡ ਮੇਲੇ ਦੌਰਾਨ ਹਾਕੀ ਦੇ ਪਹਿਲੇ ਮੁਕਾਬਲੇ ਵਿਚ ਦੇਸ਼ ਭਗਤ ਸਪੋਰਟਸ ਕਲੱਬ ਢੁੱਡੀਕੇ ਨੇ ਬੱਧਨੀ ਕਲਾਂ ਦੀ ਪਿੰਡ ਵਾਰ ਓਪਨ 'ਚ 7-0 ਨਾਲ ਦਰੜਿਆ। ਲੋਪੋ ਨੇ ਢੁੱਡੀਕੇ ਬੀ ਟੀਮ ਨੂੰ 3-1 ਨਾਲ, ਤਖਾਣਵੱਧ ਨੇ ਰੂਮੀ ਨੂੰ 3-0 ਨਾਲ ਤੇ ਘੋਲੀਏ ਨੇ ਢੋਲਣ ਨੂੰ 2-0 ਨਾਲ ਹਰਾਇਆ। ਇਸ ਸਮੇਂ ਕੁੱਲ 20 ਟੀਮਾਂ ਪਹੁੰਚੀਆਂ।

ਕਬੱਡੀ ਮੁਕਾਬਲਿਆਂ 'ਚ ਗੁਰਦਿੱਤਪੁਰਾ ਜੇਤੂ

ਚੌਂਕੀਮਾਨ, 24 ਜਨਵਰੀ - ਚਾਰ ਦਿਨਾਂ ਖੇਡ ਮੇਲਾ ਪਿੰਡ ਮੰਡਿਆਣੀ 'ਚ ਬ੍ਰਹਮ ਗਿਆਨੀ ਬਾਬਾ ਮਿੱਤ ਸਿੰਘ ਨਿਹੰਗ (ਹਜੂਰ ਸਾਹਿਬ ਵਾਲਿਆਂ) ਦੀ ਯਾਦ 'ਚ ਕਰਵਾਇਆ ਗਿਆ। ਇਸ ਖੇਡ ਮੇਲੇ 'ਚ ਦੇਸੀ ਘੋੜੀਆਂ ਦੀ ਦੌੜ ਦੇ ਮੁਕਾਬਲੇ 'ਚ ਪਹਿਲੇ ਸਥਾਨ 'ਤੇ ਧਨਵੰਤ ਸਿੰਘ ਦੀ ਘੋੜੀ, ਦੂਸਰੇ ਸਥਾਨ 'ਤੇ ਜੈਲਾ ਪੰਜੋਰ ਦੀ ਘੋੜੀ ਤੀਸਰੇ ਸਥਾਨ 'ਤੇ ਜੈਲਦਾਰ ਹਰਦੇਵ ਸਿੰਘ ਦੀ ਘੋੜੀ ਰਹੀ। ਬਲਦਾਂ ਦੀਆਂ ਦੌੜਾਂ 'ਚ ਪਹਿਲੇ ਸਥਾਨ 'ਤੇ ਤਾਜਪੁਰੀਏ ਅਮਨਦੀਪ ਦੀ ਜੋੜੀ, ਦੂਸਰੇ ਸਥਾਨ 'ਤੇ ਸਿਮਰਨਜੋਤ ਸਿੰਘ ਬੱਸੀਆਂ ਦੇ ਬਲਦਾਂ ਦੀ ਜੋੜੀ ਅਤੇ ਤੀਜਾ ਸਥਾਨ ਕਾਲਾ ਧੂਰਕੋਟ ਦੇ ਬਲਦਾਂ ਨੇ ਪ੍ਰਾਪਤ ਕੀਤਾ। ਕੁੱਤਿਆਂ ਦੀ ਦੌੜ ਦਾ ਦਿਲਕਸ਼ ਮੁਕਾਬਲਾ ਅੰਮ੍ਰਿਤ ਪ੍ਰਾਪਟੀ ਡੀਲਰ ਦੇ ਕੁੱਤੇ ਜੌਨਸਰ ਨੇ ਦੂਸਰਾ ਸਥਾਨ ਨੌਬਰ ਗਰੁੱਪ ਦੇ ਕੁੱਤੇ ਅਪਾਚੀ ਰੇਡਰ ਨੇ ਅਤੇ ਤੀਸਰਾ ਸਥਾਨ ਰਵਿੰਦਰ ਸਿੰਘ ਚੋਹਲਾ ਸਾਹਿਬ ਦੇ ਕੁੱਤੇ ਬਲੈਕ ਪਾਵਰ ਨੇ ਪ੍ਰਾਪਤ ਕੀਤਾ। ਕਬੱਡੀ 42 ਕਿਲੋ ਦਾ ਮੁਕਾਬਲਾ ਗੁਰਦਿੱਤਪੁਰਾ ਦੀ ਟੀਮ ਨੇ ਧਨੇਰ ਨੂੰ ਹਰਾ ਕੇ, 70 ਕਿਲੋ ਦਾ ਮੁਕਾਬਲਾ ਅੱਚਰਵਾਲ ਨੇ ਦਾਖਾ ਨੂੰ ਹਰਾ ਕੇ ਜਿੱਤਿਆ। ਕਬੱਡੀ ਓਪਨ ਦੇ ਫਸਵੇਂ ਮੁਕਾਬਲੇ 'ਚੋਂ ਮੇਜ਼ਬਾਨ ਮੰਡਿਆਣੀ ਨੂੰ ਹਰਾ ਕੇ ਭਿੰਡਰ ਕਲਾਂ (ਮੋਗਾ) ਦੀ ਟੀਮ ਜੇਤੂ ਰਹੀ। ਖੇਡ ਮੇਲੇ ਦੇ ਓਪਨ 'ਚ ਬੈਸਟ ਜਾਫੀ ਭਿੰਦਾ ਮਲਕ, ਬੈਸਟ ਰੇਡਰ ਕੇਵਲ ਸੁਖਾਣਾ ਨੂੰ 5100 ਰੁਪਏ ਇਨਾਮ ਦੇ ਕੇ ਸਨਮਾਨਿਤ ਕੀਤਾ।

ਭਾਰਤੀ ਹਾਕੀ ਨੂੰ ਬਰਬਾਦ ਕਰਨ 'ਚ ਕਲਮਾਡੀ ਜ਼ਿੰਮੇਵਾਰ

ਜਲੰਧਰ, 24 ਜਨਵਰੀ - ਹਾਕੀ ਇੰਡੀਆ ਦੇ ਪ੍ਰਧਾਨਗੀ ਦੇ ਅਹੁਦੇ 'ਤੇ ਅਸਿੱਧੇ ਢੰਗ ਨਾਲ ਕਬਜ਼ਾ ਕਰਨ ਵਾਲੇ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕਲਮਾਡੀ 'ਤੇ ਨਿਸ਼ਾਨਾ ਦਾਗਦਿਆਂ ਪੰਜਾਬੀ ਹਾਕੀ ਦੇ ਜਨਰਲ ਸਕੱਤਰ ਪਦਮਸ੍ਰੀ ਪ੍ਰਗਟ ਸਿੰਘ ਨੇ ਕਿਹਾ ਕਿ ਕਲਮਾਡੀ ਭਾਰਤੀ ਹਾਕੀ ਨੂੰ ਬਰਬਾਦ ਕਰਨ 'ਤੇ ਤੁਲਿਆ ਹੋਇਆ ਹੈ ਤੇ ਇਸ ਦੀ ਹਾਕੀ ਪ੍ਰਤੀ ਸੋਚ ਸਹੀ ਨਹੀਂ ਹੈ ਤੇ ਇਹ ਲਾਲਚੀ ਕਿਸਮ ਦਾ ਇਨਸਾਨ ਹੈ। ਸ: ਪ੍ਰਗਟ ਸਿੰਘ ਨੇ ਦੋਸ਼ ਲਗਾਇਆ ਕਿ ਹਾਕੀ ਇੰਡੀਆ ਵਿਚ ਜੋ ਨਿੱਤ ਨਵੇਂ ਕਾਰਨਾਮੇ ਵਾਪਰ ਰਹੇ ਹਨ, ਇਹ ਸਭ ਕਲਮਾਡੀ ਦੀ ਦੇਣ ਹਨ। ਇਸ ਨੇ ਜਾਣ ਬੁੱਝ ਕੇ ਹਾਕੀ ਪੰਜਾਬ ਨੂੰ ਮਾਨਤਾ ਨਹੀਂ ਸੀ ਦਿੱਤੀ ਤੇ ਹਾਕੀ ਇੰਡੀਆ ਦੀਆਂ ਚੋਣਾਂ ਵੀ ਆਨੇ-ਬਹਾਨੇ ਨਾਲ ਅੱਗੇ ਪਾਉਣ ਲਈ ਸਾਜ਼ਿਸ਼ਾਂ ਰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਤਾਂ ਕੇ. ਪੀ. ਐਸ. ਗਿੱਲ ਦੇ ਵੇਲੇ ਹਾਕੀ ਚੰਗੀ ਤਰ੍ਹਾਂ ਨਾਲ ਕੰਮ ਕਰ ਰਹੀ ਸੀ ਅਤੇ ਮੈਂ ਇਸ ਕਰਕੇ ਚੁੱਪ ਸੀ ਕਿ ਹਾਕੀ ਵਿਸ਼ਵ ਕੱਪ ਸਿਰ 'ਤੇ ਹੈ ਤੇ ਸਾਰੇ ਮਿਲ ਕੇ ਇਸ ਨੂੰ ਸਫਲ ਬਣਾਉਣ ਲਈ ਕਦਮ ਵਧਾਵਾਂਗੇ ਪਰ ਕਲਮਾਡੀ ਵਰਗੇ ਲੋਕਾਂ ਨੇ ਨਾ ਹੀ ਹਾਕੀ ਤੇ ਨਾ ਹੀ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਤੇ ਹਮੇਸ਼ਾ ਆਪਣੇ ਫ਼ਾਇਦੇ ਦੀ ਗੱਲ ਕੀਤੀ। ਇਸ ਵੇਲੇ ਅਸਲ ਮੁੱਦਾ ਹੈ ਹਾਕੀ ਵਿਸ਼ਵ ਕੱਪ ਦੀ ਸਪਾਂਸਰਸ਼ਿਪ ਦਾ। ਕਲਮਾਡੀ ਨੇ ਇਸ ਸਪਾਂਸਰਸ਼ਿਪ ਤੇ ਬੀਜਿੰਗ ਉਲੰਪਿਕ ਖੇਡਾਂ ਦੇ 2008 ਦੇ ਵਿਚ ਚੀਨ ਦੀ ਰਾਜਧਾਨੀ ਬੀਜਿੰਗ ਵਿਖੇ ਆਈ ਐਚ ਐਫ ਨਾਲ ਇਕ ਸਮਝੌਤਾ ਕਰਕੇ ਟਿਕਾ ਦਿੱਤਾ ਸੀ ਹੁਣ ਜੇ ਹਾਕੀ ਇੰਡੀਆ ਦੀ ਚੋਣ ਨਹੀਂ ਹੁੰਦੀ ਤਾਂ ਸਾਰੀ ਸਪਾਂਸਰਸ਼ਿਪ ਭਾਰਤੀ ਉਲੰਪਿਕ ਐਸੋਸੀਏਸ਼ਨ ਨੂੰ ਜਾਵੇਗੀ ਤੇ ਮੌਜੂਦਾ ਐਡਹਾਕ ਕਮੇਟੀ ਕਲਮਾਡੀ ਦੇ ਕੰਟਰੋਲ ਹੇਠ ਹੈ। ਇਸ ਲਈ ਕਲਮਾਡੀ ਚਾਹੁੰਦਾ ਹੈ। ਇਸ ਸਾਰੀ ਸਪਾਂਸਰਸ਼ਿਪ 'ਤੇ ਕਬਜ਼ਾ ਕੀਤਾ ਜਾਵੇ ਤੇ ਹਾਕੀ ਇੰਡੀਆ ਦੀਆਂ ਚੋਣਾਂ ਕਿਸੇ ਨਾ ਕਿਸੇ ਬਹਾਨੇ ਅੱਗੇ ਪਾਈਆਂ ਜਾਣ। ਪਰ ਜਿਸ ਤਰੀਕੇ ਨਾਲ ਅੱਜ ਪ੍ਰਗਟ ਸਿੰਘ ਨੇ ਕਲਮਾਡੀ ਵਿਰੁੱਧ ਬਗਾਵਤੀ ਝੰਡਾ ਚੁੱਕਿਆ ਹੈ, ਬਾਕੀ ਰਾਜਾਂ ਦੇ ਅਹੁਦੇਦਾਰਾਂ ਤੇ ਹਾਕੀ ਉਲੰਪੀਅਨਾਂ ਨੂੰ ਵੀ ਇਸ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਭਾਰਤੀ ਹਾਕੀ ਬਚਾਈ ਜਾ ਸਕੇ।

ਭਾਰਤੀ ਹਾਕੀ ਟੀਮ ਦੀ ਚੋਣ

ਪਟਿਆਲਾ/ਜਲੰਧਰ, 24 ਜਨਵਰੀ - 11ਵੀਆਂ ਦੱਖਣੀ ਏਸ਼ੀਆਈ ਖੇਡਾਂ 29 ਜਨਵਰੀ ਤੋਂ 9 ਫਰਵਰੀ ਤੱਕ ਢਾਕਾ (ਬੰਗਲਾ ਦੇਸ਼) 'ਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਏਸ਼ੀਆਈ ਖੇਡਾਂ 'ਚ ਹਿੱਸਾ ਲੈਣ ਲਈ ਭਾਰਤੀ ਹਾਕੀ ਟੀਮ ਦੀ ਚੋਣ ਕਰ ਦਿੱਤੀ ਗਈ ਹੈ। ਅਠਾਰਾਂ ਮੈਂਬਰੀ ਇਸ ਟੀਮ 'ਚ ਪੰਜਾਬੀ ਪੁੱਤਰ ਹਰਜੀਤ ਸਿੰਘ ਦੀ ਚੋਣ ਗੋਲਕੀਪਰ ਵਜੋਂ ਹੋਈ ਹੈ। ਇਹ ਟੀਮ 30 ਜਨਵਰੀ ਨੂੰ ਨੇਪਾਲ, 31 ਜਨਵਰੀ ਨੂੰ ਸ੍ਰੀਲੰਕਾ, 3 ਫਰਵਰੀ ਨੂੰ ਪਾਕਿਸਤਾਨ ਅਤੇ 5 ਫਰਵਰੀ ਨੂੰ ਬੰਗਲਾਦੇਸ਼ ਖਿਲਾਫ਼ ਖੇਡੇਗੀ। ਸ੍ਰੀ ਕਲੈਰੇਂਸ ਲੋਬੋ ਟੀਮ ਦੇ ਮੁੱਖ ਕੋਚ, ਸ: ਗੁਰਦੀਪ ਸਿੰਘ ਕੋਚ, ਕਰਨਲ ਬਲਵੀਰ ਸਿੰਘ ਮੈਨੇਜਰ ਤੇ ਨੌਸ਼ਾਦ ਅਹਿਮਦ ਟਰੇਨਰ ਵਜੋਂ ਇਸ ਟੀਮ ਨਾਲ ਜਾਣਗੇ।

ਹਿੰਮਤਪੁਰਾ ਦੀ ਸਰਦਾਰੀ

ਬਿਲਾਸਪੁਰ, 22 ਜਨਵਰੀ - ਸ਼ਹੀਦ ਬਾਬਾ ਦੀਪ ਸਿੰਘ ਯਾਦਗਾਰੀ ਕਬੱਡੀ ਕੱਪ ਅਕਾਲੀ ਕਰਤਾਰ ਸਿੰਘ ਯਾਦਗਾਰੀ ਸਟੇਡੀਅਮ 'ਚ ਕਰਵਾਇਆ ਗਿਆ। ਜਿਸ ਦੌਰਾਨ ਓਪਨ ਮੁਕਾਬਲਿਆਂ ਵਿਚ ਹਿੰਮਤਪੁਰਾ ਦੀ ਟੀਮ ਨੇ ਬੈਂਸ ਦੀ ਟੀਮ ਨੂੰ ਹਰਾ ਕੇ ਬਾਜੀ ਮਾਰੀ। 70 ਕਿੱਲੋ ਵਿਚ ਰਾਮਾਂ ਫਸਟ, ਬਰਨਾਲਾ ਸੈਕਿੰਡ, 58 ਕਿੱਲੋ ਵਿਚ ਹਿੰਮਤਪੁਰਾ ਫਸਟ, ਢਿੱਲਵਾਂ ਸੈਕਿੰਡ, 40 ਕਿੱਲੋ ਵਿਚ ਭਾਗੀਕੇ ਫਸਟ, ਮੌੜ ਸੈਕਿੰਡ, 40 ਸਾਲਾ ਮੈਚ ਵਿਚ ਸੰਗਰੂਰ ਫਸਟ ਅਤੇ ਲੁਧਿਆਣਾ ਸੈਕਿੰਡ, ਸੀਪ ਮੁਕਾਬਲੇ ਵਿਚ ਕੁੱਸਾ ਦੇ ਕਾਲਾ ਅਤੇ ਰਾਜਾ ਨੇ ਪਹਿਲਾ, ਬਿਲਾਸਪੁਰ ਦੇ ਨੈਬਾ ਅਤੇ ਸੇਤੂ ਨੇ ਦੂਸਰਾ ਸਥਾਨ ਹਾਸਲ ਕੀਤਾ।

10ਵਾਂ ਸਾਲਾਨਾ ਖੇਡ ਮੇਲਾ 31 ਤੋਂ

ਰਾਏਕੋਟ, 22 ਜਨਵਰੀ - 10ਵਾਂ ਸਾਲਾਨਾ ਖੇਡ ਮੇਲਾ 31 ਜਨਵਰੀ ਤੋਂ 2 ਫਰਵਰੀ ਤੱਕ ਬੁਰਜ ਹਰੀ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੌਰਾਨ ਹਾਕੀ ਪਿੰਡ ਵਾਰ, ਕਬੱਡੀ ਓਪਨ, ਕਬੱਡੀ 75 ਕਿਲੋ, 57 ਕਿਲੋ, 50 ਕਿਲੋ ਅਤੇ 32 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ।

6ਵਾਂ ਕਬੱਡੀ ਟੂਰਨਾਮੈਂਟ 2 ਫਰਵਰੀ ਤੋਂ

ਕਪੂਰਥਲਾ, 22 ਜਨਵਰੀ - 6ਵਾਂ ਕਬੱਡੀ ਟੂਰਨਾਮੈਂਟ 2 ਫਰਵਰੀ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਟੂਰਨਾਮੈਂਟ ਦਾ ਪਹਿਲਾ ਇਨਾਮ 2 ਲੱਖ 31 ਹਜ਼ਾਰ ਰੁਪਏ ਦਾ ਹੋਵੇਗਾ, ਜੋ ਕਿ ਪੈਰਿਸ ਫਰੈਂਡਸ ਸਪੋਰਟਸ ਕਲੱਬ ਫਰਾਂਸ ਵੱਲੋਂ ਦਿੱਤਾ ਜਾਵੇਗਾ। 2 ਲੱਖ 1 ਹਜ਼ਾਰ ਰੁਪਏ ਦਾ ਦੂਸਰਾ ਇਨਾਮ ਅਮਰੀਕਾ ਐਂਡ ਗੋਲਡ ਜਿੰਮ ਜਲੰਧਰ ਵੱਲੋਂ ਜਦਕਿ ਭਾਗ ਲੈਣ ਵਾਲੀਆਂ ਟੀਮਾਂ ਲਈ 1 ਲੱਖ 60 ਹਜ਼ਾਰ ਰੁਪਏ ਦਾ ਇਨਾਮ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਯੂ. ਕੇ. ਅਤੇ ਯੂਨਾਈਟਿਡ ਕਲੱਬ ਕੈਨੇਡਾ ਵੱਲੋਂ ਦਿੱਤਾ ਜਾਵੇਗਾ। ਟੂਰਨਾਮੈਂਟ ਦੌਰਾਨ ਖੇਡ ਪ੍ਰੇਮੀਆਂ ਦੇ ਮੰਨੋਰੰਜਨ ਲਈ ਪ੍ਰਸਿੱਧ ਲੋਕ ਗਾਇਕ ਗੁਰਦਾਸ ਮਾਨ ਦਾ ਖੁੱਲ੍ਹਾ ਅਖਾੜਾ ਵੀ ਲੱਗੇਗਾ ਤੇ ਪ੍ਰਸਿੱਧ ਅਦਾਕਾਰ ਗੁੱਗੂ ਗਿੱਲ ਵੀ ਦਰਸ਼ਕਾਂ ਦੇ ਰੂਬਰੂ ਹੋਣਗੇ।

ਪਿੰਡ ਕੱਦੋਂ ਦਾ ਕਬੱਡੀ ਖੇਡ ਮੇਲਾ

ਦੋਰਾਹਾ, 22 ਜਨਵਰੀ - ਤਿੰਨ ਰੋਜ਼ਾ ਕਬੱਡੀ ਕੱਪ ਪਿੰਡ ਕੱਦੋਂ 'ਚ ਚੱਲ ਰਿਹਾ ਹੈ। ਇਸ ਦੇ ਦੂਜੇ ਦਿਨ ਕਬੱਡੀ ਦੇ ਵੱਖ ਵੱਖ ਵਰਗਾਂ ਦੇ ਦਿਲਚਸਪ ਮੁਕਾਬਲੇ ਕਰਵਾਏ ਗਏ। ਕਬੱਡੀ ਕੱਪ ਦੌਰਾਨ ਕਰਵਾਏ ਕਬੱਡੀ 47 ਕਿਲੋ ਵਰਗ 'ਚ ਕਟਾਹਰੀ ਦੀ ਟੀਮ ਜੇਤੂ ਅਤੇ ਘੁਲਾਲ ਉਪ ਜੇਤੂ ਰਹੀ। ਕਬੱਡੀ 60 ਕਿਲੋ ਵਰਗ ਲਗਪਗ 20 ਟੀਮਾਂ ਨੇ ਹਿੱਸਾ ਲਿਆ। ਜਿਸ ਵਿਚ ਫਾਈਨਲ ਮੈਚ ਬੁਆਣੀ ਅਤੇ ਕੱਦੋਂ ਦੀਆਂ ਟੀਮਾਂ ਵਿਚਕਾਰ ਹੋਇਆ। ਕੱਦੋਂ ਦੀ ਟੀਮ ਜੇਤੂ ਰਹੀ। ਕਬੱਡੀ 70 ਕਿਲੋ ਵਰਗ 'ਚ 26 ਟੀਮਾਂ ਦੇ ਮੈਚ ਕਰਵਾਏ ਗਏ। ਜਿਸ ਦੀਵਾਨੇ ਤੇ ਲਲਤੋਂ, ਰਾਮਪੁਰਾ ਫੂਲ ਤੇ ਜੱਸੋਵਾਲ ਕੁਲਾਰ, ਸੀਹਾਂਦੌਦ ਤੇ ਲਤਾਲਾ ਆਦਿ ਟੀਮਾਂ ਵਿਚ ਜ਼ਬਰਦਸਤ ਮੁਕਾਬਲੇ ਦੇਖਣ ਨੂੰ ਮਿਲੇ। 23 ਜਨਵਰੀ ਨੂੰ ਨੂੰ ਨਾਮਵਰ ਕਬੱਡੀ ਅਕੈਡਮੀਆਂ ਦੇ ਮੈਚ ਕਰਵਾਏ ਜਾਣਗੇ।

27ਵਾਂ ਖੇਡ ਮੇਲਾ 15 ਤੋਂ

ਜਲੰਧਰ, 22 ਜਨਵਰੀ - 15 ਤੋਂ 18 ਫਰਵਰੀ ਤੱਕ ਦੁਆਬੇ ਦੇ ਪ੍ਰਸਿੱਧ ਪਿੰਡ ਰੁੜਕਾਂ ਕਲਾਂ 'ਚ 27ਵਾਂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। 15 ਫਰਵਰੀ ਨੂੰ ਕੇਵਲ ਸਿੰਘ ਤੇ ਰਵਿੰਦਰ ਸਿੰਘ ਯਾਦਗਾਰੀ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। ਕਬੱਡੀ ਵਿਚ 52, 62 ਪਿੰਡ ਪੱਧਰ ਤੇ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ 18 ਫਰਵਰੀ ਨੂੰ ਅਮਰੀਕਾ ਤੇ ਭਾਰਤ ਦੀਆਂ ਕਬੱਡੀ ਟੀਮਾਂ ਦੇ ਮੈਚ ਕਰਵਾਏ ਜਾਣਗੇ। ਪ੍ਰਮੋਦ ਦਾਸ ਗੁਪਤਾ ਯਾਦਗਾਰੀ ਫੁੱਟਬਾਲ ਟਰਾਫੀ ਲਈ ਪੰਜਾਬ ਦੀਆਂ ਨਾਮਵਰ ਫੁੱਟਬਾਲ ਕਲੱਬਾਂ ਹਿੱਸਾ ਲੈਣਗੀਆਂ। ਸ਼ਹੀਦ ਸੰਤੋਖ ਸਿੰਘ ਮੰਗੂ ਯਾਦਗਾਰੀ ਅਥਲੈਟਿਕਸ ਮੁਕਾਬਲੇ 18 ਫਰਵਰੀ ਨੂੰ ਕਰਵਾਏ ਜਾਣਗੇ।

ਚਾਰ ਰੋਜ਼ਾ ਮਹਿਰਾਜ ਕਬੱਡੀ ਕੱਪ 30 ਤੋਂ

ਮਹਿਰਾਜ, 21 ਜਨਵਰੀ - ਚਾਰ ਰੋਜ਼ਾ ਮਹਿਰਾਜ ਕਬੱਡੀ ਕੱਪ 30 ਜਨਵਰੀ ਤੋਂ 2 ਫਰਵਰੀ ਤੱਕ ਮਹਿਰਾਜ ਅੰਦਰ ਮਹਾਰਾਜਾ ਯਾਦਵਿੰਦਰਾ ਖੇਡ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਸ ਵਿਚ 8 ਅੰਤਰਰਾਸ਼ਟਰੀ ਅਕੈਡਮੀਆਂ ਨਾਰਥ ਇੰਡੀਆ ਮਹਿਰਾਜ ਕਬੱਡੀ ਕੱਪ ਦਾ ਸ਼ਿੰਗਾਰ ਹੋਣਗੀਆਂ। ਅੰਤਰਰਾਸ਼ਟਰੀ ਖਿਡਾਰੀ ਖਰਾਜੀ ਪਿੱਥੋ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ। ਕੱਪ ਦੌਰਾਨ ਕਬੱਡੀ 35, 43, 50, 58, 65, 75 ਕਿਲੋ, ਫੁੱਟਬਾਲ, ਕੁੱਤਿਆਂ ਦੀਆਂ ਟਰੈਕ ਦੌੜਾਂ ਤੇ ਕੁੜੀਆਂ ਦੇ ਕਬੱਡੀ ਮੈਚ ਵੀ ਕਰਵਾਏ ਜਾਣਗੇ।

ਹਰਜੀਤ ਕਲੱਬ ਬਾਜਾਖਾਨਾ ਤੇ ਮਾਣੂੰਕੇ ਦੀ ਝੰਡੀ

ਬਾਘਾ ਪੁਰਾਣਾ, 21 ਜਨਵਰੀ - ਦੂਜਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਪਿੰਡ ਚੰਨੂਵਾਲਾ 'ਚ ਕਰਵਾਇਆ ਗਿਆ। ਪਹਿਲਾ ਮੈਚ ਕੇਸਾਧਾਰੀ ਬੱਚਿਆਂ ਵਿਚਕਾਰ ਹੋਇਆ। ਜਿਸ ਵਿਚ ਪਹਿਲਾ ਇਨਾਮ 3 ਹਜ਼ਾਰ ਰੁਪਏ ਭਿੰਡਰ ਅਤੇ ਦੂਸਰਾ ਇਨਾਮ 2 ਹਜ਼ਾਰ ਰੁਪਏ ਵੈਰੋਕੇ ਦੀ ਕਬੱਡੀ ਟੀਮ ਨੇ ਪ੍ਰਾਪਤ ਕੀਤਾ। ਓਪਨ ਵਿਚ ਨੰਗਲ ਫਸਟ ਅਤੇ ਘਣੀਆਂ ਦੀ ਟੀਮ ਸੈਕਿੰਡ ਰਹੀ। ਕਬੱਡੀ ਓਪਨ ਵਿਚ 41 ਹਜ਼ਾਰ ਦਾ ਪਹਿਲਾ ਇਨਾਮ ਮਾਣੂੰਕੇ ਗਿੱਲ ਅਤੇ 31 ਹਜ਼ਾਰ ਰੁਪਏ ਦਾ ਦੂਸਰਾ ਇਨਾਮ ਮਾਹਲਾ ਕਲਾਂ ਨੇ ਜਿੱਤਿਆ। ਅਕੈਡਮੀਆਂ ਦੇ ਮੈਚ ਵਿਚ ਹਰਜੀਤ ਕਬੱਡੀ ਕਲੱਬ ਬਾਜਾਖਾਨਾ ਪਹਿਲੇ ਅਤੇ ਅੰਬੀ ਹਠੂਰ ਕਲੱਬ ਮੋਗਾ ਦੂਸਰੇ ਸਥਾਨ 'ਤੇ ਰਹੇ। ਲੜਕੀਆਂ ਦੇ ਸ਼ੋਅ ਮੈਚ ਵਿਚ ਪਹਿਲਾ ਸਥਾਨ ਜਗਤਪੁਰਾ ਨੇ 10 ਹਜ਼ਾਰ ਰੁਪਏ ਜਿੱਤਿਆ ਅਤੇ ਦੂਸਰਾ ਇਨਾਮ ਅੰਮ੍ਰਿਤਸਰ ਨੇ 5 ਹਜ਼ਾਰ ਰੁਪਏ ਜਿੱਤਿਆ।

ਦੋ ਰੋਜ਼ਾ ਪੇਂਡੂ ਖੇਡ ਮੇਲਾ 4 ਤੋਂ

ਮਸਤੂਆਣਾ ਸਾਹਿਬ, 21 ਜਨਵਰੀ - ਦੋ ਰੋਜ਼ਾ ਕਬੱਡੀ ਕੱਪ 4-5 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਰਸੂਲਪੁਰ ਮੱਲਾਂ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ 52,58,65,70 ਕਿਲੋ ਵਜ਼ਨੀ ਟੀਮਾਂ ਦੇ ਮੁਕਾਬਲੇ ਕਰਵਾਏ ਜਾਣ ਤੋਂ ਇਲਾਵਾ ਇਕ ਪਿੰਡ ਓਪਨ ਦੇ ਜ਼ੌਹਰ ਵੇਖਣ ਨੂੰ ਮਿਲਣਗੇ। ਇਸ ਖੇਡ ਮੇਲੇ ਵਿਜ ਜੇਤੂ ਟੀਮਾਂ ਦਾ ਕ੍ਰਮਵਾਰ ਪਹਿਲਾ 31 ਹਜ਼ਾਰ, ਦੂਸਰਾ ਪੰਝੀ ਹਜ਼ਾਰ ਰੁਪਏ ਇਨਾਮ ਹੋਵੇਗਾ।

ਹਾਕੀ ਖਿਡਾਰਨਾਂ ਦੇ ਬਾਗੀ ਤੇਵਰ

ਜਲੰਧਰ, 21 ਜਨਵਰੀ - ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦੀ ਬਗਾਵਤ ਤੋਂ ਬਾਅਦ ਹੁਣ ਮਹਿਲਾ ਹਾਕੀ ਖਿਡਾਰੀਆਂ ਨੇ ਵੀ ਬਗਾਵਤ ਦਾ ਰਸਤਾ ਫੜ ਲਿਆ ਹੈ। ਭੁਪਾਲ ਵਿਖੇ ਚੱਲ ਰਹੇ ਭਾਰਤੀ ਖੇਡ ਅਥਾਰਟੀ ਦੇ ਟ੍ਰੇਨਿੰਗ ਸੈਂਟਰ ਵਿਖੇ ਪ੍ਰੈਕਟਿਸ ਕੈਂਪ ਵਿਖੇ ਹਿੱਸਾ ਲੈ ਰਹੀਆਂ ਮਹਿਲਾ ਹਾਕੀ ਖਿਡਾਰਨਾਂ ਨੇ ਕੈਂਪ ਤਾਂ ਨਹੀਂ ਛੱਡਿਆ ਪਰ ਇਸ ਦੇ ਉਲਟ ਕਾਲੀ ਪੱਟੀ ਬੰਨ੍ਹ ਕੇ ਅਭਿਆਸ ਕਰਨਾ ਵੀਰਵਾਰ ਤੋਂ ਸ਼ੁਰੂ ਕਰ ਦਿੱਤਾ ਹੈ। ਮਹਿਲਾ ਹਾਕੀ ਖਿਡਾਰੀਆਂ ਦਾ ਦੋਸ਼ ਹੈ ਕਿ ਪੁਰਸ਼ ਤੇ ਮਹਿਲਾ ਹਾਕੀ ਖਿਡਾਰੀਆਂ ਨਾਲ ਹਾਕੀ ਇੰਡੀਆ ਵਿਤਕਰਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੜਤਾਲ ਕਰਨ ਵਾਲੇ ਪੁਰਸ਼ ਹਾਕੀ ਖਿਡਾਰੀਆਂ ਨੂੰ ਤਨਖਾਹ ਤੇ ਬਕਾਇਆ ਰਾਸ਼ੀ ਦਾ ਭੁਗਤਾਨ ਕਰ ਦਿੱਤਾ ਗਿਆ ਹੈ ਲੇਕਿਨ ਜਦੋਂ ਮਹਿਲਾਵਾਂ ਦੀ ਵਾਰੀ ਆਈ ਤਾਂ ਹਾਕੀ ਇੰਡੀਆ ਨੇ ਫਿਰ ਤੋਂ ਆਪਣੀ ਮਾੜੀ ਖਸਤਾ ਹਾਲਤ ਦਾ ਦੁਖੜਾ ਰੋਣਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਟੀਮ ਦੀ ਕਪਤਾਨ ਸੁਰਿੰਦਰ ਕੌਰ ਨੇ ਕਿਹਾ ਕਿ ਹਾਕੀ ਇੰਡੀਆ ਸਾਨੂੰ ਬਕਾਇਆ ਰਾਸ਼ੀ ਨਹੀਂ ਦੇ ਰਹੀ ਹੈ, ਇਸ ਲਈ ਕਈ ਗ਼ਰੀਬ ਖਿਡਾਰੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਕਾਰਨ ਅਸੀਂ ਕਾਲੀ ਪੱਟੀ ਬੰਨ੍ਹ ਕੇ ਵਿਰੋਧ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਖਾਤਾ ਵੀ ਖੋਲ੍ਹ ਲਿਆ ਹੈ, ਪਰ ਇਸ ਵਿਚ ਕੋਈ ਵੀ ਪੈਸਾ ਜਮ੍ਹਾਂ ਨਹੀਂ ਕਰਵਾਇਆ ਗਿਆ। ਯਾਦ ਰਹੇ ਕਿ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੱਧਰ 'ਤੇ ਰਾਸ਼ਟਰ ਮੰਡਲ ਖੇਡਾਂ ਦੀ ਤਿਆਰੀ ਸਬੰਧੀ ਕੋਚਿੰਗ ਕੈਂਪ ਭੁਪਾਲ ਵਿਖੇ 39 ਖਿਡਾਰੀਆਂ ਦਾ ਚੱਲ ਰਿਹਾ ਹੈ, ਜਿਥੇ ਇਨ੍ਹਾਂ ਨੇ ਵਿਰੋਧ ਜਤਾਉਣ ਲਈ ਕਾਲੀ ਪੱਟੀ ਬੰਨ੍ਹ ਕੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਹੈ। ਜਦੋਂ ਇਸ ਵਿਰੋਧ ਦਾ ਦਿੱਲੀ ਵਿਖੇ ਹਾਕੀ ਇੰਡੀਆ ਦੇ ਅਹੁਦੇਦਾਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਟੀਮ ਦੇ ਹਰੇਕ ਖਿਡਾਰੀ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਤੁਰੰਤ ਦੇਣ ਦਾ ਐਲਾਨ ਕੀਤਾ, ਪਰ ਇਸ ਦੇ ਸਬੰਧ ਵਿਚ ਹਾਕੀ ਟੀਮ ਦੀ ਖਿਡਾਰਨ ਦੀਪਿਕਾ ਮੂਰਤੀ ਨੇ ਕਿਹਾ ਕਿ ਜਿੰਨਾ ਸਾਡਾ ਹੱਕ ਬਣਦਾ ਹੈ, ਉਸ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ। ਇਸ ਸਬੰਧੀ ਟੀਮ ਦੇ ਬਾਕੀ ਮੈਂਬਰਾਂ ਨੇ ਵੀ ਇਕਜੁਟਤਾ ਪ੍ਰਗਟ ਕੀਤੀ ਹੈ।

ਨਿੰਮਾ ਯਾਦਗਾਰੀ ਕਬੱਡੀ ਕੱਪ 13 ਤੋਂ

ਡੇਹਲੋਂ, 20 ਜਨਵਰੀ - ਨਿਰਮਲ ਨਿੰਮਾ ਯਾਦਗਾਰੀ ਕਬੱਡੀ ਕੱਪ 13 ਫਰਵਰੀ ਨੂੰ ਡੇਹਲੋਂ ਦੇ ਨੇੜਲੇ ਪਿੰਡ ਕਾਲਖ ਜ਼ਿਲ੍ਹਾ ਲੁਧਿਆਣਾ 'ਚ ਕਰਵਾਇਆ ਜਾ ਰਿਹਾ ਹੈ। ਕਬੱਡੀ ਕੱਪ ਦਾ ਪਹਿਲਾ ਇਨਾਮ 2 ਲੱਖ 11 ਹਜ਼ਾਰ ਦਾ ਹੋਵੇਗਾ, ਜਦਕਿ ਉਪ ਜੇਤੂ ਟੀਮ ਨੂੰ 1 ਲੱਖ 51 ਹਜ਼ਾਰ ਦੀ ਨਕਦ ਰਾਸ਼ੀ ਮਿਲੇਗੀ। ਦਰਸ਼ਕਾਂ ਨੂੰ 8 ਚੋਟੀ ਦੀਆਂ ਨਾਮਵਰ ਅਕੈਡਮੀਆਂ ਦੇ ਮੈਚ ਦੇਖਣ ਨੂੰ ਮਿਲਣਗੇ।

ਕੌਮੀ ਬਾਸਕਿਟਬਾਲ ਟੂਰਨਾਮੈਂਟ 'ਚ ਪੰਜਾਬੀਆਂ ਦੀ ਸਰਦਾਰੀ

ਕੋਟਕਪੂਰਾ, 20 ਜਨਵਰੀ - ਕੌਮੀ ਬਾਸਕਟਬਾਲ ਟੂਰਨਾਮੈਂਟ ਜੋ ਕਿ ਆਂਧਰਾ ਪ੍ਰਦੇਸ਼ ਦੇ ਰਾਮਾਚੰਦਰਾਪੁਰਮ 'ਚ ਕਰਵਾਈ ਗਈ। ਇਸ ਵਿਚ ਪੰਜਾਬ ਦੀ ਸਕੂਲੀ ਮੁੰਡਿਆਂ ਦੀ 19 ਸਾਲ ਤੋਂ ਘੱਟ ਟੀਮ ਨੇ ਦੂਜਾ ਦਰਜਾ ਪ੍ਰਾਪਤ ਕਰਕੇ ਚਾਂਦੀ ਦਾ ਤਗ਼ਮਾ ਜਿੱਤਿਆ। ਇਹ ਟੀਮ ਕੋਟਕਪੂਰੇ ਦੇ ਸਪੋਰਟਸ ਵਿੰਗ ਵਿਚ ਏ.ਈ.ਓ. ਗੁਰਮਨਦੀਪ ਸਿੰਘ ਬਰਾੜ ਅਤੇ ਸੰਗਰੂਰ ਦੇ ਕੋਚ ਪ੍ਰਿਤਪਾਲ ਸਿੰਘ ਦੀ ਕੁਸ਼ਲ ਸਿਖਲਾਈ ਅਧੀਨ ਤਿਆਰ ਕੀਤੀ ਗਈ ਸੀ। ਟੀਮ ਦੇ ਚਾਰ ਖਿਡਾਰੀ ਰਣਬੀਰ ਸਿੰਘ, ਸੰਦੀਪ ਸਿੰਘ, ਕੰਵਲਦੀਪ ਸਿੰਘ ਅਤੇ ਸੁਖਜੀਤ ਸਿੰਘ ਨੂੰ ਦੱਖਣੀ ਰੇਲਵੇ ਦੇ ਅਧਿਕਾਰੀਆਂ ਨੇ ਉੱਥੇ ਹੀ ਦਰਜਾ ਤਿੰਨ ਦੀ ਨੌਕਰੀ ਦੇ ਦਿੱਤੀ। ਇਸ ਟੀਮ ਦਾ ਖਿਡਾਰੀ ਰਣਬੀਰ ੰਿਸੰਘ ਆਪਣੇ ਸੱਤ ਫ਼ੁੱਟੇ ਕੱਦ ਕਾਰਨ ਅਜਿਹੀ ਖਿੱਚ ਦਾ ਕੇਂਦਰ ਬਣਿਆ ਜਿਸਨੇ ਇਕੱਲੇ ਨੇ 116 ਅੰਕ ਲੈ ਕੇ ਪੰਜਾਬ ਦਾ ਨਾਂਅ ਉੱਚਾ ਕੀਤਾ। ਰਣਬੀਰ (ਜਲੰਧਰ) ਦੇ 116 ਅੰਕਾਂ ਤੋਂ ਇਲਾਵਾ ਸੰਦੀਪ (ਕੋਟਕਪੂਰਾ) ਦੇ 94, ਕੰਵਲਦੀਪ (ਗੁਰਦਾਸਪੁਰ) ਦੇ 75, ਸੁਖਜੀਤ ਦੇ (ਕੋਟਕਪੂਰਾ) 71, ਹਰਦੇਵ (ਕੋਟਕਪੂਰਾ) ਦੇ 58, ਚੰਦਨ ਰਿਸ਼ੀ (ਪਟਿਆਲਾ) ਦੇ 39, ਆਲਮ ਬਰਾੜ (ਲੁਧਿਆਣਾ) ਦੇ 33, ਗੁਰਪ੍ਰੀਤ ਰਿਆੜ (ਪਟਿਆਲਾ) ਦੇ 36, ਐਰੀਦਮਨ (ਅੰਮ੍ਰਿਤਸਰ) ਦੇ 34, ਆਰਜ਼ੂ (ਲੁਧਿਆਣਾ) ਦੇ 35, ਗੌਰਵਗੀਤ (ਅੰਮ੍ਰਿਤਸਰ) ਦੇ 31 ਅਤੇ ਕਰਨ (ਗੁਰਦਾਸਪੁਰ) ਵੱਲੋਂ ਹਾਸਲ ਕੀਤੇ ਗਏ 23 ਅੰਕ ਹਾਸਲ ਕੀਤੇ। ਟੀਮ 'ਚੋਂ ਚਾਰ ਖਿਡਾਰੀ ਇੰਡੀਆ ਕੈਂਪ ਲਈ ਚੁਣੇ ਗਏ।

ਈਸੇਵਾਲ ਕਬੱਡੀ ਕੱਪ 7 ਤੋਂ

ਮੁੱਲਾਂਪੁਰ ਦਾਖਾ, 20 ਜਨਵਰੀ - ਕਬੱਡੀ ਟੂਰਨਾਮੈਂਟ ਜੋ ਕਿ 7 ਤੋਂ 9 ਫਰਵਰੀ ਤੱਕ ਪਿੰਡ ਈਸੇਵਾਲ, ਲੁਧਿਆਣਾ 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਸਮੇਂ ਕਬੱਡੀ ਵਜਨੀ 42, 52, 60, 70 ਕਿਲੋ ਦੇ ਨਾਲ ਕਬੱਡੀ ਓਪਨ ਪਿੰਡ ਵਾਰ ਦੀ ਜੇਤੂ ਟੀਮ ਨੂੰ 51 ਹਜ਼ਾਰ, ਉਪ ਜੇਤੂ ਨੂੰ 31 ਹਜ਼ਾਰ ਨਕਦ ਇਨਾਮ ਦਿੱਤਾ ਜਾਵੇਗਾ।

24ਵੀਆਂ ਕੋਕਾ ਕੋਲਾ ਮਾਡਰਨ ਮਿੰਨੀ ਉਲੰਪਿਕ ਖੇਡਾਂ 22 ਮਾਰਚ ਤੋਂ

ਲੁਧਿਆਣਾ, 20 ਜਨਵਰੀ - 24ਵੀਆਂ ਕੋਕਾ ਕੋਲਾ ਮਾਡਰਨ ਮਿੰਨੀ ਪੇਂਡੂ ਉਲੰਪਿਕ ਖੇਡਾਂ ਜੋ ਕਿ ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਦੀ ਸਰਪ੍ਰਸਤੀ ਹੇਠ 22 ਤੋਂ 25 ਮਾਰਚ ਤੱਕ ਮਾਤਾ ਸਾਹਿਬ ਕੌਰ ਸਟੇਡੀਅਮ ਜਰਖੜ 'ਚ ਕਰਵਾਈਆਂ ਜਾ ਰਹੀਆਂ ਹਨ। ਇਸ ਵਾਰ ਵੱਖ-ਵੱਖ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਏਵਨ ਸਾਈਕਲ ਕੰਪਨੀ ਵੱਲੋਂ 40 ਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ। ਮਾਤਾ ਸਾਹਿਬ ਕੌਰ ਗੋਲਡ ਕੱਪ ਹਾਕੀ ਮੁਕਾਬਲਾ ਏਵਨ ਸਾਈਕਲ ਕੰਪਨੀ ਵੱਲੋਂ ਸਪਾਂਸਰ ਹੋਵੇਗਾ, ਜਦ ਕਿ ਕੋਕਾ ਕੋਲਾ ਕੰਪਨੀ ਵੱਲੋਂ ਵੀ ਜਰਖੜ ਖੇਡਾਂ ਦੀ ਸਫ਼ਲਤਾ ਲਈ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਨ੍ਹਾਂ ਖੇਡਾਂ 'ਚ ਹਾਕੀ ਤੋਂ ਇਲਾਵਾ ਕਬੱਡੀ ਇਕ ਪਿੰਡ ਓਪਨ, ਕਬੱਡੀ ਆਲ ਓਪਨ, ਬਾਸਕਟਬਾਲ, ਬਾਲੀਬਾਲ, ਹੈਂਡਬਾਲ ਸਟੇਟ ਚੈਂਪੀਅਨਸ਼ਿਪ ਤੋਂ ਇਲਾਵਾ ਪਾਕਿਸਤਾਨ ਦੀਆਂ ਕਬੱਡੀ ਅਤੇ ਕੁਸ਼ਤੀ ਟੀਮਾਂ ਦੇ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੋਣਗੇ। 25 ਜਨਵਰੀ ਨੂੰ ਲੋਕ ਗਾਇਕ ਹਰਭਜਨ ਮਾਨ ਦਾ ਖੁੱਲ੍ਹਾ ਅਖਾੜਾ ਲੱਗੇਗਾ।

ਦੁਗਾਲ ਕਲਾਂ ਦਾ ਕਬੱਡੀ ਕੱਪ ਸ਼ੁਰੂ

ਪਟਿਆਲਾ, 20 ਜਨਵਰੀ - ਪਹਿਲਾ ਕਬੱਡੀ ਕੱਪ 21 ਜਨਵਰੀ ਨੂੰ ਪਟਿਆਲਾ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਦੁਗਾਲ ਕਲਾਂ (ਪਾਤੜਾਂ) 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਚੋਟੀ ਦੀਆਂ ਅਕੈਡਮੀਆਂ ਦੀਆਂ ਟੀਮਾਂ ਕੱਪ ਜਿੱਤਣ ਲਈ ਭਿੜਨਗੀਆਂ। ਇਸ ਟੂਰਨਾਮੈਂਟ ਵਿਚ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ ਟੀਮਾਂ 1 ਲੱਖ ਰੁਪਏ ਦੀ ਨਕਦ ਰਾਸ਼ੀ ਵਾਲਾ ਕੱਪ ਜਿੱਤਣ ਲਈ ਜੁਝਣਗੀਆਂ। ਇਸ ਕੱਪ 'ਚ ਦੂਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ। ਇਸ ਮੌਕੇ 'ਤੇ ਕੌਮਾਂਤਰੀ ਖਿਡਾਰੀ ਗੁਰਮੇਲ ਸਿੰਘ ਜੋਗੀ ਦੇਧਨਾ ਨੂੰ ਬੁਲੇਟ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ।

6ਵਾਂ ਸਰਬ ਭਾਰਤੀ ਬਲਵੰਤ ਸਿੰਘ ਕਪੂਰ ਯਾਦਗਾਰੀ ਹਾਕੀ ਟੂਰਨਾਮੈਂਟ

ਜਲੰਧਰ, 20 ਜਨਵਰੀ - 6ਵਾਂ ਸਰਬ ਭਾਰਤੀ ਬਲਵੰਤ ਸਿੰਘ ਕਪੂਰ ਯਾਦਗਾਰੀ ਹਾਕੀ ਟੂਰਨਾਮੈਂਟ 21 ਜਨਵਰੀ ਤੋਂ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ। ਪਹਿਲੇ ਲੀਗ ਮੈਚ ਵਿਚੋਂ ਵਿਰਸਾ ਮੁੰਡਾ ਵਿਦਿਆ ਪੀਠ ਰੁੜਕੇਲਾ ਤੇ ਡੀਵਾਈਨ ਵੈੱਲ ਸੀਨੀਅਰ ਸੈ. ਸਕੂਲ ਬਟਾਲਾ ਦੀਆਂ ਟੀਮਾਂ 1-1 ਗੋਲ ਨਾਲ ਬਰਾਬਰ ਰਹੀਆਂ। ਦੂਜਾ ਮੈਚ ਬੁਆਏ ਸਪੋਰਟਸ ਕੰਪਨੀ ਬੀ. ਆਰ. ਸੀ. ਦਾਨਾਪੁਰ ਤੇ ਸਨਵੇਅ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਦਰਮਿਆਨ ਖੇਡਿਆ ਗਿਆ। ਜਿਸ ਵਿਚ 2-1 ਨਾਲ ਰੁੜਕੇਲਾ ਨੇ ਜਿੱਤ ਦਰਜ ਕੀਤੀ। ਤੀਜਾ ਮੈਚ ਬਰਾਈਟ ਸਕਾਲਰ ਸੀ. ਸੈ. ਸਕੂਲ ਸੋਨੀਪਤ ਤੇ ਬਾਬਾ ਗੁਰਮੁਖ ਸਿੰਘ ਉੱਤਮ ਸਿੰਘ ਸਕੂਲ ਖਡੂਰ ਸਾਹਿਬ ਦਰਮਿਆਨ ਖੇਡਿਆ ਗਿਆ ਜਿਸ ਵਿਚੋਂ ਸੋਨੀਪਤ ਨੇ ਖਡੂਰ ਸਾਹਿਬ ਤੇ 3-1 ਨਾਲ ਜਿੱਤ ਦਰਜ ਕੀਤੀ। 21 ਜਨਵਰੀ ਨੂੰ ਪਹਿਲਾ ਲੀਗ ਮੈਚ ਸਵੇਰੇ 10 ਵਜੇ ਸਪਰਿੰਗ ਡੇਲਜ ਸਕੂਲ ਬਨਾਮ ਬਰਾਈਟ ਸਕਾਲਰ ਸਕੂਲ ਦਰਮਿਆਨ ਖੇਡਿਆ ਜਾਵੇਗਾ। ਦੂਜਾ ਮੈਚ 12 ਵਜੇ ਪਹਿਲਾ ਕੁਆਟਰ ਫਾਈਨਲ ਮੈਚ ਸੀਨੀਅਰ ਮਾਡਲ ਸਕੂਲ ਜਲੰਧਰ ਬਨਾਮ ਡੀਵਾਈਨ ਪਬਲਿਕ ਸਕੂਲ ਬਟਾਲਾ ਦਰਮਿਆਨ ਤੇ ਤੀਜਾ ਮੈਚ ਦੂਜਾ ਕੁਆਟਰ ਫਾਈਨਲ ਵਿਰਸਾਮੁੰਡਾ ਸੀ. ਸੈ. ਸਕੂਲ ਬਨਾਮ ਬੁਆਏ ਸਪੋਰਟਸ ਕੰਪਨੀ ਫੈਜ਼ਾਬਾਦ ਦਰਮਿਆਨ ਖੇਡਿਆ ਜਾਵੇਗਾ।

 37ਵਾਂ ਤਿੰਨ ਰੋਜ਼ਾ ਗੁੱਜਰਵਾਲ ਖੇਡ ਮੇਲਾ 26 ਤੋਂ

ਜੋਧਾਂ, 20 ਜਨਵਰੀ - 37ਵਾਂ ਤਿੰਨ ਰੋਜ਼ਾ ਗੁੱਜਰਵਾਲ ਖੇਡ ਮੇਲਾ 26 ਤੋਂ 28 ਜਨਵਰੀ ਤੱਕ ਸ੍ਰੀ ਹਰਗੋਬਿੰਦ ਸਾਹਿਬ ਸਟੇਡੀਅਮ ਗੁੱਜਰਵਾਲ 'ਚ ਕਰਵਾਇਆ ਜਾ ਰਿਹਾ ਹੈ। ਪਹਿਲੇ ਦਿਨ ਬੈਲ ਗੱਡੀਆਂ ਦੀਆਂ ਦੌੜਾਂ ਤੋਂ ਇਲਾਵਾ ਵੱਖ ਵੱਖ ਵਰਗਾਂ ਦੀ ਕਬੱਡੀ, ਫੁੱਟਬਾਲ ਤੇ ਬਾਸਕਿਟਬਾਲ ਦੇ ਮੈਚ ਹੋਣਗੇ। 27 ਜਨਵਰੀ ਨੂੰ ਕਬੱਡੀ ਇਕ ਪਿੰਡ ਓਪਨ, ਟਰੈਕਟਰਾਂ ਦੀਆਂ ਦੌੜ ਹੋਰ ਖੇਡਾਂ ਹੋਣਗੀਆਂ। 28 ਜਨਵਰੀ ਨੂੰ ਕਬੱਡੀ ਓਪਨ ਦੇ ਫਾਈਨਲ ਮੁਕਾਬਲੇ ਹੋਣਗੇ। ਜੇਤੂ ਰਹੀ ਬੈਲ ਗੱਡੀ ਦੇ ਮਾਲਕ ਨੂੰ ਇਨਾਮ ਵਜੋਂ ਮੋਟਰਸਾਈਕਲ ਦਿੱਤਾ ਜਾਵੇਗਾ।

ਰਾਸ਼ਟਰੀ ਪੇਂਡੂ ਖੇਡਾਂ ਸਮਾਪਤ

ਅਨੰਦਪੁਰ ਸਾਹਿਬ, 20 ਜਨਵਰੀ - ਦੂਜੀਆਂ ਰਾਸ਼ਟਰੀ ਪੇਂਡੂ ਖੇਡਾਂ ਅਨੰਦਪੁਰ ਸਾਹਿਬ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਪੰਜਾਬ ਨੇ 5 ਸੋਨੇ ਤੇ ਇਕ ਕਾਂਸੀ ਤਗਮੇ ਜਿੱਤ ਕੇ 27 ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਹਰਿਆਣਾ ਨੇ ਸੋਨੇ ਦੇ ਦੋ, ਚਾਂਦੀ ਦੇ ਦੋ, ਆਂਧਰਾ ਪ੍ਰਦੇਸ਼ ਨੇ ਤਿੰਨ ਚਾਂਦੀ ਤੇ ਦੋ ਕਾਂਸੀ ਦੇ ਤਗਮੇ ਜਿੱਤੇ। ਮਾਰਚ ਪਾਸਟ ਲਈ ਸਿੱਕਮ ਨੇ ਪਹਿਲਾ ਤੇ ਛਤੀਸਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਮਾਗਮ ਦੌਰਾਨ ਗਿੱਧਾ ਤੇ ਭੰਗੜਾ ਤੇ ਗੱਤਕੇ ਦੇ ਜੌਹਰ ਵੀ ਵਿਖਾਏ ਗਏ। ਅਖੀਰੀ ਦਿਨ ਹੋਏ ਫਸਵੇਂ ਮੁਕਾਬਲੇ ਵਿਚ ਹਰਿਆਣੇ ਦੀ ਟੀਮ ਨੂੰ ਤਿੰਨ ਅੰਕਾਂ ਦੇ ਅੰਤਰ ਨਾਲ ਹਰਾ ਕੇ ਦਿੱਲੀ ਦੀਆਂ ਕੁੜੀਆਂ ਨੇ ਕਬੱਡੀ ਦੀ ਰਾਸ਼ਟਰੀ ਪੱਧਰ 'ਤੇ ਜਿੱਤ ਦਰਜ ਕੀਤੀ। ਚੌਥੇ ਦਿਨ ਹੋਏ ਵੱਖ-ਵੱਖ ਖੇਡਾਂ ਦੇ ਫਸਵੇਂ ਮੁਕਾਬਲਿਆਂ ਵਿਚ ਮੇਜ਼ਬਾਨ ਪੰਜਾਬ ਦੀ ਹੀ ਚੜ੍ਹਤ ਰਹੀ। ਖੋ-ਖੋ ਦੇ ਮੁਕਾਬਲਿਆਂ ਵਿਚ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰਤਿਮ ਕਬੱਡੀ ਪੁਰਸ਼ ਫਸਵੇਂ ਮੁਕਾਬਲੇ ਵਿਚ ਪੰਜਾਬ ਨੇ ਦਿੱਲੀ ਨੂੰ 26-15 ਦੇ ਫਰਕ ਨਾਲ ਹਰਾ ਕੇ ਸੋਨ ਤਗਮੇ 'ਤੇ ਕਬਜ਼ਾ ਕੀਤਾ ਜਦੋਂ ਕਿ ਦਿੱਲੀ ਨੂੰ ਚਾਂਦੀ ਤੇ ਹਰਿਆਣਾ ਨੂੰ ਕਾਂਸੀ ਦਾ ਤਗਮਾ ਮਿਲਿਆ।

ਤੀਰ ਅੰਦਾਜ਼ੀ 'ਚ ਮਹਾਰਾਸ਼ਟਰ ਦੀ ਬੱਲੇ ਬੱਲੇ

ਅਨੰਦਪੁਰ ਸਾਹਿਬ, 19 ਜਨਵਰੀ - ਚਾਰ ਰੋਜ਼ਾ ਦੂਜੀਆਂ ਰਾਸ਼ਟਰੀ ਪੇਂਡੂ ਖੇਡਾਂ ਜੋ ਕਿ ਅਨੰਦਪੁਰ ਸਾਹਿਬ 'ਚ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਤੀਜੇ ਦਿਨ ਤੀਰ ਅੰਦਾਜ਼ੀ ਮੁਕਾਬਲੇ ਵਿਚ ਮਹਾਰਾਸ਼ਟਰ ਨੇ ਆਪਣਾ ਦਬਦਬਾ ਕਾਇਮ ਰੱਖਦੇ ਹੋਏ 1745 ਅੰਕ ਲੈ ਕੇ ਸੋਨ ਤਗਮਾ ਜਿੱਤਿਆ, ਜਦੋਂ ਕਿ ਆਂਧਰਾ ਪ੍ਰਦੇਸ਼ ਨੇ ਦੂਸਰਾ ਤੇ ਮਨੀਪੁਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਵਾਲੀਬਾਲ 'ਚ ਲੜਕਿਆਂ ਦੇ ਕੁਆਟਰ ਫਾਈਨਲ ਮੈਚਾਂ ਵਿਚ ਕਰਨਾਟਕਾ ਨੇ ਉੱਤਰ ਪ੍ਰਦੇਸ਼ ਨੂੰ, ਹਰਿਆਣਾ ਨੇ ਦਿੱਲੀ ਨੂੰ, ਪੰਜਾਬ ਨੇ ਆਂਧਰਾ ਪ੍ਰਦੇਸ਼ ਨੂੰ ਅਤੇ ਕੇਰਲਾ ਨੇ ਤਾਮਿਲਨਾਡੂ ਨੂੰ ਹਰਾਇਆ। ਲੜਕੀਆਂ ਦੇ ਖੋ-ਖੋ ਦੇ ਲੀਗ ਮੈਚਾਂ ਵਿਚ ਮਹਾਰਾਸ਼ਟਰ ਨੇ ਰਾਜਸਥਾਨ ਨੂੰ 9-2 ਨਾਲ ਹਰਾਇਆ ਜਦਕਿ ਮਨੀਪੁਰ ਅਤੇ ਦਿੱਲੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਮੈਚ 6-6 ਅੰਕਾਂ ਨਾਲ ਬਰਾਬਰ ਰਿਹਾ। ਲੜਕਿਆਂ ਦੇ ਖੋ-ਖੋ ਲੀਗ ਮੈਚਾਂ ਵਿਚ ਆਂਧਰਾ ਪ੍ਰਦੇਸ਼ ਨੇ ਮਨੀਪੁਰ ਨੂੰ 16-3 ਅਤੇ ਰਾਜਸਥਾਨ ਨੇ ਉਤਰਾਖੰਡ ਨੂੰ 10-5 ਨਾਲ ਹਰਾਇਆ। ਵਾਲੀਬਾਲ ਵਿਚ ਲੜਕੀਆਂ ਦੇ ਕੁਆਟਰ ਫਾਈਨਲ ਮੈਚਾਂ ਵਿਚ ਪੰਜਾਬ ਨੇ ਆਂਧਰਾ ਪ੍ਰਦੇਸ਼ ਨੂੰ 3-0 (25-8, 25-10, 25-14) ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।

ਤਿੰਨ ਰੋਜਾ ਪੇਂਡੂ ਖੇਡ ਮੇਲਾ 1 ਤੋਂ

ਹੰਬੜਾਂ, 19 ਜਨਵਰੀ - ਤਿੰਨ ਰੋਜ਼ਾ ਪੇਂਡੂ ਖੇਡ ਮੇਲਾ 1 ਤੋਂ 3 ਫਰਵਰੀ ਤੱਕ ਹੰਬੜਾਂ ਦੇ ਸਕੂਲ ਦੀ ਵਿਸ਼ਾਲ ਗਰਾਊਂਡ 'ਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ ਕੱਬਡੀ ਉੱਪਨ ਤੇ ਕੱਬਡੀ ਵਰਗ 'ਚ 60, 52,47, 42 ਕਿਲੋਗਰਾਮ, ਵਾਲੀਵਾਲ ਸ਼ੂਟਿੰਗ, ਫੁੱਟਬਾਲ ਉਪਨ, ਦੌੜਾਂ ਅਤੇ ਹੋਰ ਖੇਡਾਂ ਹੋਣਗੀਆਂ।

ਉਦੋਨੰਗਲ 'ਚ ਖੇਡ ਮੇਲਾ 25 ਫਰਵਰੀ ਤੋਂ

ਬਾਬਾ ਬਕਾਲਾ, 19 ਜਨਵਰੀ - 25 ਤੋਂ 28 ਫਰਵਰੀ ਤੱਕ ਭਿੰਡਰ ਸਟੇਡੀਅਮ ਉਦੋਨੰਗਲ 'ਚ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿਚ 25 ਤੋਂ 27 ਫਰਵਰੀ ਨੂੰ ਹਾਕੀ, ਫੁੱਟਬਾਲ, ਕਬੱਡੀ ਟੂਰਨਾਮੈਂਟ ਹੋਵੇਗਾ, ਜਦਕਿ 28 ਫਰਵਰੀ ਨੂੰ ਕਬੱਡੀ ਕੱਪ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ, ਪੰਜਾਬ ਦੀਆਂ ਮਸ਼ਹੂਰ ਕਬੱਡੀ ਅਕੈਡਮੀਆਂ ਦੇ ਭੇੜ ਹੋਣਗੇ ਅਤੇ ਸ਼ਾਮ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

ਕਬੱਡੀ ਕੱਪ 8 ਤੋਂ

ਬਨੂੜ, 19 ਜਨਵਰੀ - ਦੂਜਾ ਕਬੱਡੀ ਕੱਪ 8 ਤੋਂ 10 ਫਰਵਰੀ ਤੱਕ ਬਨੂੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਖੇਡ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਦਾ ਪਹਿਲਾ ਤੇ ਦੂਜਾ ਇਨਾਮ ਕ੍ਰਮਵਾਰ 81,000 ਤੇ 71,000 ਰੁਪਏ ਰੱਖਿਆ ਗਿਆ ਹੈ।

ਹਰਜੀਤ ਬਾਜਾਖਾਨਾ ਦਾ 12ਵਾਂ ਕਬੱਡੀ ਟੂਰਨਾਮੈਂਟ 1 ਤੋਂ

ਬਾਜਾਖਾਨਾ, 18 ਜਨਵਰੀ - 1 ਤੋਂ 3 ਫਰਵਰੀ ਤੱਕ ਹਰਜੀਤ ਸਪੋਰਟਸ ਸਟੇਡੀਅਮ ਬਾਜਾਖਾਨਾ 'ਚ 12ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ ਅਮਰੀਕਾ, ਇੰਗਲੈਂਡ, ਕੈਨੇਡਾ ਅਤੇ ਜਰਮਨੀ ਆਦਿ ਦੇਸ਼ਾਂ ਦੀਆਂ ਅੰਤਰਰਾਸ਼ਟਰੀ ਕਬੱਡੀ ਕਲੱਬਾਂ ਤੋਂ ਇਲਾਵਾ ਪਾਕਿਸਤਾਨ ਦੀ ਟੀਮ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇਗੀ।

ਸੀਨੀਅਰ ਪੰਜਾਬ ਹੈਂਡਬਾਲ ਚੈਂਪੀਅਨਸ਼ਿਪ 23 ਤੋਂ

ਲੁਧਿਆਣਾ, 18 ਜਨਵਰੀ - ਜਰਖੜ ਦੇ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ 'ਚ ਸੀਨੀਅਰ ਪੰਜਾਬ ਹੈਂਡਬਾਲ ਚੈਂਪੀਅਨਸ਼ਿਪ 23 ਤੋਂ 25 ਜਨਵਰੀ ਤੱਕ ਕਰਵਾਈ ਜਾ ਰਹੀ ਹੈ। ਇਸ ਰਾਜ ਪੱਧਰੀ ਚੈਂਪੀਅਨਸ਼ਿਪ ਵਿਚ ਵੱਖ-ਵੱਖ ਰਾਜਾਂ ਦੀਆਂ 35 ਦੇ ਕਰੀਬ ਟੀਮਾਂ ਹਿੱਸਾ ਲੈਣਗੀਆਂ।

ਰਾਸ਼ਟਰੀ ਪੇਂਡੂ ਖੇਡਾਂ ਦਾ ਦੂਜਾ ਦਿਨ

ਅਨੰਦਪੁਰ ਸਾਹਿਬ, 18 ਜਨਵਰੀ - ਦੂਜੀਆਂ ਰਾਸ਼ਟਰੀ ਪੇਂਡੂ ਖੇਡਾਂ ਅਨੰਦਪੁਰ ਸਾਹਿਬ 'ਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਖੇਡ ਸਟੇਡੀਅਮ ਵਿਚ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਦੂਜੇ ਦਿਨ ਸ੍ਰੀ ਦਸਮੇਸ਼ ਮਾਰਸ਼ਲ ਅਕੈਡਮੀ ਵਿਖੇ ਹੋਈ ਤੀਰਅੰਦਾਜ਼ੀ 50 ਮੀ: ਵਿਚ ਮਹਾਰਾਸ਼ਟਰ ਦੇ ਧਨੰਜੈ ਪ੍ਰਦੀਪ ਸੂਤਰ ਨੇ ਸੋਨ, ਐਮ. ਪ੍ਰਸੰਨ ਕੁਮਾਰ ਨੇ ਚਾਂਦੀ ਅਤੇ ਆਧਰਾਂ ਪ੍ਰਦੇਸ਼ ਦੇ ਸ੍ਰੀ ਬਾਕਸੂ ਨੇ ਤਾਂਬੇ ਦਾ ਤਗਮਾ ਜਿੱਤਿਆ। ਕਬੱਡੀ (ਕੁੜੀਆਂ) ਦੇ ਲੀਗ ਮੈਚਾਂ ਵਿਚ ਆਧਰਾਂ ਪ੍ਰਦੇਸ਼ ਨੇ ਮਨੀਪੁਰ, ਹਰਿਆਣਾ ਨੇ ਕਰਨਾਟਕਾ, ਮੱਧ ਪ੍ਰਦੇਸ਼ ਨੇ ਉਤਰਾਂਖੰਡ, ਰਾਜਸਥਾਨ ਨੇ ਤਾਮਿਲਨਾਡੂ, ਉੱਤਰ ਪ੍ਰਦੇਸ਼ ਨੇ ਬਿਹਾਰ, ਪੰਜਾਬ ਨੇ ਗੁਜਰਾਤ, ਆਧਰਾਂ ਪ੍ਰਦੇਸ਼ ਨੇ ਛਤੀਸ਼ਗੜ, ਤ੍ਰਿਪੁਰਾ ਨੇ ਸਿੱਕਮ, ਦਿੱਲੀ ਨੇ ਪੱਛਮੀ ਬੰਗਾਲ, ਮਹਾਰਾਸ਼ਟਰ ਨੇ ਉੱਤਰ ਪ੍ਰਦੇਸ਼, ਉੜੀਸਾ ਨੇ ਛਤੀਸ਼ਗੜ੍ਹ, ਹਿਮਾਚਲ ਪ੍ਰਦੇਸ਼ ਨੇ ਪੱਛਮੀ ਬੰਗਾਲ, ਕੇਰਲਾ ਨੇ ਉੜੀਸਾ, ਹਰਿਆਣਾ ਨੇ ਬਿਹਾਰ, ਮੱਧ ਪ੍ਰਦੇਸ਼ ਨੇ ਹਿਮਾਚਲ ਪ੍ਰਦੇਸ਼, ਤਾਮਿਲਨਾਡੂ ਨੇ ਗੁਜਰਾਤ, ਛਤੀਸ਼ਗੜ ਨੇ ਮਨੀਪੁਰ, ਕਰਨਾਟਕ ਨੇ ਬਿਹਾਰ, ਹਿਮਾਚਲ ਪ੍ਰਦੇਸ਼ ਨੇ ਉਤਰਾਖੰਡ, ਰਾਜਸਥਾਨ ਨੇ ਸਿੱਕਮ, ਆਧਰਾਂ ਪ੍ਰਦੇਸ਼ ਨੇ ਕੇਰਲਾ, ਹਰਿਆਣਾ ਨੇ ਮਹਾਂਰਾਸ਼ਟਰ, ਦਿੱਲੀ ਨੇ ਮੱਧ ਪ੍ਰਦੇਸ਼, ਪੰਜਾਬ ਨੇ ਤ੍ਰਿਪੁਰਾ, ਆਂਧਰਾ ਪ੍ਰਦੇਸ਼ ਨੇ ਉੜੀਸਾ ਨੂੰ ਹਰਾਇਆ। ਕਬੱਡੀ (ਲੜਕੇ) ਲੀਗ ਮੈਚਾਂ ਵਿਚ ਹਰਿਆਣਾ ਨੇ ਮਨੀਪੁਰ, ਦਿੱਲੀ ਨੇ ਉਤਰਾਖੰਡ, ਕਰਨਾਟਕ ਨੇ ਮੱਧ ਪ੍ਰਦੇਸ਼, ਪੰਜਾਬ ਨੇ ਰਾਜਸਥਾਨ, ਕੇਰਲਾ ਨੇ ਉੜੀਸਾ, ਮਹਾਂਰਾਸ਼ਟਰ ਨੇ ਤਾਮਿਲਨਾਡੂ, ਉੱਤਰ ਪ੍ਰਦੇਸ਼ ਨੇ ਆਂਧਰਾ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਨੇ ਸਿੱਕਮ, ਉੜੀਸਾ ਨੇ ਤ੍ਰਿਪੁਰਾ, ਬਿਹਾਰ ਨੇ ਗੁਜਰਾਤ, ਹਰਿਆਣਾ ਨੇ ਕੇਰਲਾ, ਦਿੱਲੀ ਨੇ ਤਾਮਿਲਨਾਡੂ, ਉਤਰ ਪ੍ਰਦੇਸ਼ ਨੇ ਮੱਧ ਪ੍ਰਦੇਸ਼, ਰਾਜਸਥਾਨ ਨੇ ਬਿਹਾਰ, ਹਰਿਆਣਾ ਨੇ ਤ੍ਰਿਪੁਰਾ, ਦਿੱਲੀ ਨੇ ਪੱਛਮੀ ਬੰਗਾਲ, ਕਰਨਾਟਕ ਨੇ ਉੱਤਰ ਪ੍ਰਦੇਸ਼, ਪੰਜਾਬ ਨੇ ਹਿਮਾਚਲ ਪ੍ਰਦੇਸ਼, ਕੇਰਲਾ ਨੇ ਮਨੀਪੁਰ, ਤਾਮਿਲਨਾਡੂ ਨੇ ਉੱਤਰਖੰਡ ਨੂੰ ਹਰਾਇਆ ਜਦੋਂ ਕਿ ਪੱਛਮੀ ਬੰਗਾਲ ਤੇ ਮਹਾਂਰਾਸ਼ਟਰ ਬਰਾਬਰ ਰਹੇ ਅਤੇ ਛੱਤੀਸ਼ਗੜ੍ਹ ਦੇ ਮੈਚ ਛੱਡਣ ਕਰਕੇ ਆਧਰਾਂ ਪ੍ਰਦੇਸ਼ ਜੇਤੂ ਰਿਹਾ। ਮੁੱਕੇਬਾਜ਼ੀ ਲੜਕੀਆਂ ਦੇ ਕੁਆਟਰ ਫਾਈਨਲ ਦੇ 46 ਕਿ: ਗ੍ਰ: ਵਿਚ ਹਰਿਆਣਾ ਦੀ ਆਰਤੀ ਬਾਮਲਾ ਨੇ ਮਿਜੋਰਮ ਦੀ ਬੀ. ਨਲੈਨਸ਼ੂੰਗੀ ਨੂੰ, ਆਧਰਾਂ ਪ੍ਰਦੇਸ਼ ਦੀ ਜੇ. ਦੀਪਤੀ ਨੇ ਉੱਤਰਾਖੰਡ ਦੀ ਨੇਹਾ ਸਿੰਘ ਨੂੰ। 48 ਕਿ: ਗ੍ਰ: ਵਿਚ ਆਂਧਰਾ ਪ੍ਰਦੇਸ਼ ਦੀ ਨਿਖਤ ਜਰੀਨ ਨੇ ਮਨੀਪੁਰ ਦੀ ਮੋਨਿਕਾ ਨੂੰ ਹਰਿਆਣਾ ਦੀ ਸਰੋਜ ਨੇ ਅਨੂ ਲਿੰਬੂ ਨੂੰ ਹਰਾਇਆ। 50 ਕਿ: ਗ੍ਰ: ਵਿਚ ਮਨੀਪੁਰ ਦੀ ਪੂਰਨਿਮਾ ਦੇਵੀ ਨੇ ਜੇ. ਸਾਰਾ ਆਧਰਾਂ ਪ੍ਰਦੇਸ਼ ਅਤੇ ਹਰਿਆਣਾ ਦੀ ਨੀਲਮ ਸੈਣੀ ਨੇ ਸਿੱਕਮ ਦੀ ਮੀਰਾ ਰਾਇ ਨੂੰ। 50 ਕਿ: ਗ੍ਰ: ਵਿਚ ਹਰਿਆਣਾ ਦੀ ਰੇਖਾ ਨੇ ਮਨੀਪੁਰ ਦੀ ਥੰਗੇਬੀ ਚਾਨੂੰ, ਉਤਰਾਖੰਡ ਦੀ ਸੰਧਯਾ ਥਾਪਾ ਨੇ ਸਿੱਕਮ ਦੀ ਸੋਨੀਆ ਤਮਾਂਗ ਨੂੰ। 57 ਕਿ: ਗ੍ਰ: ਵਿਚ ਹਰਿਆਣਾ ਦੀ ਪੂਨਮ ਨੇ ਉਤਰਾਖੰਡ ਦੀ ਰਸਮੀ ਅਧਿਕਾਰੀ ਨੂੰ। ਮੁਕੇਬਾਜ਼ੀ ਲੜਕੇ ਕੁਆਰਟਰ ਫਾਈਨਲ ਦੇ 46 ਕਿ: ਗ੍ਰਾਂ ਵਿਚ ਸਿੱਕਮ ਦੇ ਮੋਹਨ ਕੁਮਾਰ ਨੇ ਮਨੀਪੁਰ ਦੇ ਡਬਲਿਊ ਕਿਸ਼ਲ ਨੂੰ। 48 ਕਿ: ਗ੍ਰ: ਵਿਚ ਹਰਿਆਣਾ ਦੇ ਸਤੀਸ਼ ਨੇ ਮਿਜ਼ੋਰਮ ਦੇ ਲਲਵਿਨ ਕੀਮਾ, ਹਿਮਾਚਲ ਪ੍ਰਦੇਸ਼ ਦੇ ਗੁਲਸ਼ਨ ਕੁਮਾਰ ਨੇ ਮਨੀਪੁਰ ਦੇ ਮੀਕਸਲ ਮੂਤਮ, ਉਤਰਾਖੰਡ ਦੇ ਗੋਵਿੰਦ ਤਿਵਾਰੀ ਨੇ ਸਿੱਕਮ ਦੇ ਸਮੀ ਲਿਬੂੰ ਨੂੰ। 50 ਕਿ: ਗ੍ਰ: ਵਿਚ ਆਧਰਾਂ ਪ੍ਰਦੇਸ਼ ਦੇ ਐਮ. ਰਾਮਕ੍ਰਿਸ਼ਨ ਨੇ ਹਰਿਆਣਾ ਦੇ ਮਹੇਸ਼ ਕੁਮਾਰ, ਮਿਜ਼ੋਰਮ ਦੇ ਐਫ. ਲਲੈਪਿਆ ਨੇ ਉਤਰਾਖੰਡ ਦੇ ਪੰਕਜ ਪਾਂਡੇ ਨੂੰ। 52 ਕਿ: ਗ੍ਰ: ਵਿਚ ਆਧਰਾ ਪ੍ਰਦੇਸ਼ ਦੇ ਮੁਹੰਮਦ ਹੁਸਮਾ ਦੇਲਿਨ ਨੇ ਮਿਜ਼ੋਰਮ ਦੇ ਲਾਲ ਚੌਨਮਾਵੀਆ, ਹਰਿਆਣਾ ਦੇ ਰੋਹਿਤ ਨੇ ਹਿਮਾਚਲ ਪ੍ਰਦੇਸ਼ ਦੇ ਅਜੈ ਨਾਰਟਾ, ਮਨੀਪੁਰ ਦੇ ਐਲ. ਵਿਦਿਯਾਨੰਦਾ ਨੇ ਸਿੱਕਮ ਦੇ ਪੁਰਨਾ ਕਰਲਿੰਬ, 54 ਕਿ: ਗ੍ਰ: ਵਿਚ ਹਰਿਆਣਾ ਦੇ ਸੰਦੀਪ ਨੇ ਸਿੱਕਮ ਦੇ ਸੋਹੋਹਾਜ ਲਿੰਬੂ, ਆਧਰਾਂ ਪ੍ਰਦੇਸ਼ ਦੇ ਯੂ. ਸਾਈਨਾਥ ਨੇ ਉਤਰਾਖੰਡ ਦੇ ਜਤਿੰਦਰ ਸਿੰਘ ਨੂੰ, 57 ਕਿ: ਗ੍ਰ: ਵਿਚ ਹਰਿਆਣਾ ਦੇ ਅਜੈ ਕੁਮਾਰ ਨੇ ਸਿੱਕਮ ਦੇ ਲੈਕਸੀ ਲਾਂਗ ਲਿੰਬੂ, 60 ਕਿ: ਗ੍ਰ: ਵਿਚ ਸਿੱਕਮ ਦੇ ਨੀਮਾ ਬੂਟੀਆ ਨੇ ਹਿਮਾਚਲ ਪ੍ਰਦੇਸ਼ ਦੇ ਅਜੈ ਸਿੰਘ ਜਦੋਂ ਕਿ ਹਰਿਆਣਾ ਦੇ ਕ੍ਰਾਂਤੀਨੀਰ ਨੇ ਮਨੀਪੁਰ ਦੇ ਐਲ. ਜੈਕਸਨ ਸਿੰਘ ਨੂੰ ਹਰਾਇਆ। ਖੋ-ਖੋ ਲੜਕੀਆਂ ਲੀਗ ਮੈਚਾਂ ਵਿਚ ਬਿਹਾਰ ਨੇ ਮਨੀਪੁਰ, ਪੰਜਾਬ ਨੇ ਉੜੀਸਾ, ਪੱਛਮੀ ਬੰਗਾਲ ਨੇ ਸਿੱਕਮ, ਪੰਜਾਬ ਨੇ ਤਾਮਿਲਨਾਡੂ, ਆਂਧਰਾ ਪ੍ਰਦੇਸ਼ ਨੇ ਤ੍ਰੀਪੁਰਾ, ਮਹਾਰਾਸ਼ਟਰ ਨੇ ਦਿੱਲੀ, ਕਰਨਾਟਕ ਨੇ ਉਤਰਾਖੰਡ, ਉੜੀਸਾ ਬਰਾਬਰ ਛੱਤੀਸਗੜ੍ਹ, ਗੁਜਰਾਤ ਨੇ ਮੱਧ ਪ੍ਰਦੇਸ਼, ਕੇਰਲਾ ਨੇ ਸਿੱਕਮ, ਬਿਹਾਰ ਨੇ ਰਾਜਸਥਾਨ, ਪੱਛਮੀ ਬੰਗਾਲ ਨੇ ਕੇਰਲਾ ਅਤੇ ਤਾਮਿਲਨਾਡੂ ਨੇ ਉੜੀਸਾ ਨੂੰ। ਖੋ-ਖੋ ਲੜਕਿਆਂ ਵਿਚ ਤਾਮਿਲਨਾਡੂ ਨੇ ਬਿਹਾਰ, ਮੱਧ ਪ੍ਰਦੇਸ਼ ਨੇ ਸਿੱਕਮ, ਕੇਰਲਾ ਨੇ ਉੜੀਸਾ, ਗੁਜਰਾਤ ਨੇ ਦਿੱਲੀ, ਉਤਰਾਖੰਡ ਨੇ ਮਨੀਪੁਰ, ਕਰਨਾਟਕ ਨੇ ਪੱਛਮੀ ਬੰਗਾਲ, ਪੰਜਾਬ ਨੇ ਤਾਮਿਲਨਾਡੂ, ਆਂਧਰਾ ਪ੍ਰਦੇਸ਼ ਨੇ ਉਤਰਾਖੰਡ, ਮਹਾਰਾਸ਼ਟਰ ਨੇ ਸਿੱਕਮ, ਬਿਹਾਰ ਨੇ ਤ੍ਰੀਪੁਰਾ, ਕਰਨਾਟਕਾ ਨੇ ਉੜੀਸਾ, ਮੱਧ ਪ੍ਰਦੇਸ਼ ਨੇ ਗੁਜਰਾਤ, ਕਰਨਾਟਕ ਨੇ ਪੱਛਮੀ ਬੰਗਾਲ, ਪੰਜਾਬ ਨੇ ਬਿਹਾਰ, ਮਨੀਪੁਰ ਨੇ ਛੱਤੀਸਗੜ੍ਹ, ਮੱਧ ਪ੍ਰਦੇਸ਼ ਨੇ ਦਿੱਲੀ ਅਤੇ ਤਾਮਿਲਨਾਡੂ ਨੇ ਤ੍ਰਿਪੁਰਾ ਨੂੰ ਹਰਾਇਆ। ਵਾਲੀਬਾਲ ਲੜਕੀਆਂ ਦੇ ਲੀਗ ਮੈਚ ਵਿਚ ਆਂਧਰਾ ਪ੍ਰਦੇਸ਼ ਨੇ ਬਿਹਾਰ, ਉੱਤਰ ਪ੍ਰਦੇਸ਼ ਨੇ ਦਿੱਲੀ, ਮਿਜ਼ੋਰਮ ਨੇ ਸਿੱਕਮ, ਗੁਜਰਾਤ ਨੇ ਛਤੀਸਗੜ੍ਹ, ਪੰਜਾਬ ਨੇ ਮੱਧ ਪ੍ਰਦੇਸ਼, ਕਰਨਾਟਕ ਨੇ ਉੱਤਰ ਪ੍ਰਦੇਸ਼, ਦਿੱਲੀ ਨੇ ਤੀ੍ਰਪੁਰਾ, ਮਨੀਪੁਰ ਨੇ ਰਾਜਸਥਾਨ, ਹਰਿਆਣਾ ਨੇ ਛੱਤੀਸਗੜ੍ਹ, ਆਂਧਰਾ ਪ੍ਰਦੇਸ਼ ਨੇ ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼ ਨੇ ਦਿੱਲੀ, ਤਾਮਿਲਨਾਡੂ ਨੇ ਰਾਜਸਥਾਨ ਅਤੇ ਬਿਹਾਰ ਨੇ ਪੱਛਮੀ ਬੰਗਾਲ ਨੂੰ। ਵਾਲੀਬਾਲ ਲੜਕਿਆਂ ਵਿਚ ਉੱਤਰ ਪ੍ਰਦੇਸ਼ ਨੇ ਪੱਛਮੀ ਬੰਗਾਲ, ਛਤੀਸਗੜ੍ਹ ਨੇ ਸਿੱਕਮ, ਰਾਜਸਥਾਨ ਨੇ ਤ੍ਰਿਪੁਰਾ, ਦਿੱਲੀ ਨੇ ਮਹਾਰਾਸ਼ਟਰ, ਪੰਜਾਬ ਨੇ ਉੱਤਰ ਪ੍ਰਦੇਸ਼, ਹਰਿਆਣਾ ਨੇ ਛਤੀਸਗੜ੍ਹ, ਕੇਰਲਾ ਨੇ ਉੜੀਸਾ, ਮਹਾਰਾਸ਼ਟਰ ਨੇ ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਨੇ ਹਿਮਾਚਲ ਪ੍ਰਦੇਸ਼, ਮਿਜ਼ੋਰਮ ਨੇ ਮੱਧ ਪ੍ਰਦੇਸ਼, ਬਿਹਾਰ ਨੇ ਪੱਛਮੀ ਬੰਗਾਲ, ਮਨੀਪੁਰ ਨੇ ਸਿੱਕਮ, ਕਰਨਾਟਕ ਨੇ ਰਾਜਸਥਾਨ ਅਤੇ ਤਾਮਿਲਨਾਡੂ ਨੇ ਮਹਾਰਾਸ਼ਟਰ ਨੂੰ ਹਰਾਇਆ।

ਵਿਦਿਆ ਸਟੋਕ ਹਾਕੀ ਇੰਡੀਆ ਦੀ ਬਣੀ ਪ੍ਰਧਾਨ

ਨਵੀਂ ਦਿੱਲੀ, 18 ਜਨਵਰੀ - ਹਾਕੀ ਇੰਡੀਆ ਦੀ ਉਪ ਪ੍ਰਧਾਨ ਵਿਦਿਆ ਸਟੋਕ ਨੂੰ ਅਗਲੀ ਚੋਣ ਤੱਕ ਨਿਯੁਕਤ ਕਰ ਦਿੱਤਾ ਗਿਆ ਹੈ ਕਿਉਂਕਿ ਹਾਕੀ ਇੰਡੀਆ ਦੇ ਪ੍ਰਧਾਨ ਏ.ਕੇ.ਮੱਟੂ ਦਾ ਅਹੁੱਦੇ ਤੋਂ ਦਿੱਤਾ ਅਸਤੀਫਾ ਮਨਜੂਰ ਕਰ ਲਿਆ ਗਿਆ ਹੈ। ਸਟੋਕ ਇਸ ਅਹੁਦੇ 'ਤੇ 7 ਫਰਵਰੀ ਤੱਕ ਰਹਿਣਗੇ ਕਿਉਂਕਿ ਪ੍ਰਧਾਨਗੀ ਲਈ ਚੋਣ 7 ਫਰਵਰੀ ਨੂੰ ਹੋਣ ਵਾਲੀ ਹੈ। ਇਸ ਤੋਂ ਇਲਾਵਾ ਮੱਟੂ ਵੱਲੋਂ ਰਾਸ਼ਟਰਮੰਡਲ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਖਜ਼ਾਨਚੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਵੀ ਪ੍ਰਵਾਨ ਕਰ ਲਿਆ ਗਿਆ ਹੈ। ਜਿਸ ਦੀ ਜਗ੍ਹਾ 'ਤੇ ਆਲ ਇੰਡੀਆ ਟੈਨਿਸ ਐਸੋਸੀਏਸ਼ਨ ਦੇ ਸਕੱਤਰ ਜਨਰਲ ਅਨਿਲ ਖੰਨਾ ਨੂੰ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੱਟੂ ਨੇ ਬੀਤੇ ਦਿਨੀਂ ਲੱਗੇ ਗੰਭੀਰ ਦੋਸ਼ਾਂ ਦੇ ਚੱਲਦਿਆਂ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਸਨ। ਉਨ੍ਹਾਂ ਨੂੰ ਭਾਰਤੀ ਉਲੰਪਿਕ ਸੰਘ ਦੇ ਪ੍ਰਧਾਨ ਸੁਰੇਸ਼ ਕਲਮਾਡੀ ਨੇ ਵੀ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ ਸੀ ਪਰ ਮੱਟੂ ਨੇ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

ਦੂਸਰੀਆਂ ਰਾਸ਼ਟਰੀ ਖੇਡਾਂ ਸ਼ੁਰੂ

ਅਨੰਦਪੁਰ ਸਾਹਿਬ, 17 ਜਨਵਰੀ - ਦੂਜੀਆਂ ਰਾਸ਼ਟਰੀ ਪੇਂਡੂ ਖੇਡਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਦਾਨ ਵਿਚ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਦਾ ਉਦਘਾਟਨ ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਜਥੇ: ਅਜੀਤ ਸਿੰਘ ਕੋਹਾੜ ਨੇ 24 ਰਾਜਾਂ ਤੋਂ ਆਏ 2100 ਖਿਡਾਰੀਆਂ ਅਤੇ 400 ਅਧਿਕਾਰੀਆਂ ਨੂੰ ਸੰਬੋਧਨ ਕਰਦੇ ਕੀਤਾ। ਰਣਜੀਤ ਸਿੰਘ ਬਲਦੀ ਮਿਸ਼ਾਲ ਲੈ ਕੇ ਸਟੇਜ ਤੱਕ ਪੁੱਜੇ।

ਕਲਸੀਆ 'ਚ ਖੇਡ ਮੇਲਾ 8 ਤੋਂ

ਰਾਏਕੋਟ, 17 ਜਨਵਰੀ - 8 ਤੋਂ 10 ਫਰਵਰੀ ਤੱਕ ਪਿੰਡ ਕਲਸੀਆ 'ਚ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕਬੱਡੀ 42, 52, 60 ਕਿਲੋ, ਕਬੱਡੀ ਓਪਨ, ਗੱਡੀਆਂ ਦੀਆ ਦੌੜਾਂ, ਵਾਲੀਬਾਲ ਸ਼ੂਟਿੰਗ ਅਤੇ ਤਾਸ਼-ਸੀਪ ਦੇ ਮੁਕਾਬਲੇ ਹੋਣਗੇ।

ਭਾਰਤ-ਪਾਕਿ ਕੁਸ਼ਤੀ ਦੰਗਲ 24 ਨੂੰ

ਪਟਿਆਲਾ, 17 ਜਨਵਰੀ - 24 ਜਨਵਰੀ ਨੂੰ ਪਿੰਡ ਮੰਡੌੜ ਦੇ ਸਰਕਾਰੀ ਹਾਈ ਸਕੂਲ 'ਚ ਸਲਾਨਾ ਕੁਸ਼ਤੀ ਦੰਗਲ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਵਾਰ ਭਾਰਤ ਦੇ ਨਾਲ ਨਾਲ ਪਾਕਿਸਤਾਨ ਦੇ ਪਹਿਲਵਾਨ ਵੀ ਹਿੱਸਾ ਲੈਣਗੇ। ਇਹ ਕੁਸ਼ਤੀਆਂ ਇੰਡੀਅਨ ਸਟਾਇਲ ਰੈਸਲਿੰਗ ਐਸੋਸੀਏਸ਼ਨ ਦੀ ਪੰਜਾਬ ਇਕਾਈ ਦੇ ਸਹਿਯੋਗ ਨਾਲ ਅਤੇ ਸ: ਕਰਤਾਰ ਸਿੰਘ ਜਨਰਲ ਸਕੱਤਰ ਭਾਰਤੀ ਕੁਸ਼ਤੀ ਐਸੋਸੀਏਸ਼ਨ ਦੀ ਸਰਪ੍ਰਸਤੀ ਵਿਚ ਕਰਵਾਈਆਂ ਜਾ ਰਹੀਆਂ ਹਨ।

ਗੋਲਡ ਕਬੱਡੀ ਕੱਪ 19 ਤੋਂ

ਨੱਥੂਵਾਲਾ ਗਰਬੀ, 16 ਜਨਵਰੀ - 19-20 ਜਨਵਰੀ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਚੰਨੂਵਾਲਾ 'ਚ ਗੋਲਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੌਰਾਨ 8 ਉਚ ਕੋਟੀ ਦੀਆਂ ਅਕੈਡਮੀਆਂ ਦੇ ਮੁਕਾਬਲੇ ਖਿੱਚ ਦਾ ਕੇਂਦਰ ਹੋਣਗੇ। ਜੇਤੂ ਅਕੈਡਮੀ ਨੂੰ ਪਹਿਲਾ ਇਨਾਮ 1 ਲੱਖ ਰੁਪਏ ਬਿੱਟੂ ਬੁੱਧ ਸਿੰਘ ਵਾਲਾ ਅਤੇ ਜੋਰਾ ਬਰਾੜ ਨੱਥੂਵਾਲਾ ਗਰਬੀ ਵੱਲੋਂ ਦਿੱਤਾ ਜਾਵੇਗਾ ਜਦੋਂ ਕਿ ਦੂਸਰਾ ਇਨਾਮ 75 ਹਜ਼ਾਰ ਰੁਪਏ ਨਿਰਮਲ ਸਿੰਘ ਨੰਬਰਦਾਰ ਅਤੇ ਜਸਵੀਰ ਸਿੰਘ ਕੈਨੇਡਾ ਵੱਲੋਂ ਦਿੱਤਾ ਜਾਵੇਗਾ।

55ਵਾਂ ਚਾਰ ਦਿਨਾ ਖੇਡ ਮੇਲਾ 25 ਤੋਂ

ਅਜੀਤਵਾਲ, 16 ਜਨਵਰੀ - 55ਵਾਂ ਚਾਰ ਦਿਨਾ ਖੇਡ ਮੇਲਾ 25 ਤੋਂ 28 ਜਨਵਰੀ ਤੱਕ ਗ਼ਦਰੀਆਂ ਦੇ ਨਗਰ ਢੁੱਡੀਕੇ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੌਰਾਨ 25 ਜਨਵਰੀ ਨੂੰ ਹਾਕੀ ਦੇ ਮੈਚਾਂ ਦਾ ਉਦਘਾਟਨ ਹੋਵੇਗਾ। 26 ਨੂੰ ਸਰਪੰਚ ਬਲਜਿੰਦਰ ਕੌਰ ਧਾਲੀਵਾਲ ਤਿਰੰਗਾ ਝੰਡਾ ਲਹਿਰਾਉਣਗੇ। 27 ਨੂੰ ਕਬੱਡੀ ਪਿੰਡ ਵਾਰ ਓਪਨ ਕਬੱਡੀ ਦੇ ਮੈਚ ਹੋਣਗੇ। 28 ਜਨਵਰੀ ਨੂੰ ਨੌਰਥ ਜ਼ੋਨ ਕਬੱਡੀ ਅੱਠ ਅਕੈਡਮੀਆਂ ਦੇ ਮੁਕਾਬਲੇ ਹੋਣਗੇ। ਅਕੈਡਮੀਆਂ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਨੇ ਕਿਹਾ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਲੱਲੀਆਂ, ਗੁਰਲਾਲ, ਕੁਲਜੀਤ ਮਲਸੀਆਂ, ਮੰਗਾ ਮਿੱਠਾਪੁਰੀਆ, ਕਾਲਾ ਤੂਫਾਨ, ਜਿੰਦਰ ਖਾਨੋਵਾਲੀਆ, ਰੱਬੋ, ਸੁੱਖੀ ਲੱਖਣਕੇ, ਗਾਮਾ, ਗਿੰਦੂ, ਸਿਕੰਦਰ ਕਾਂਝਲੀ, ਤਾਊ, ਗੰਗੂ ਹਿੰਮਤਪੁਰੀਆ ਢੁੱਡੀਕੇ ਨਾ ਖੇਡੇ ਜਾਂ ਕੋਈ ਬਹਾਨੇਬਾਜ਼ੀ ਕੀਤੀ ਤਾਂ 20-20 ਹਜ਼ਾਰ ਜੁਰਮਾਨੇ ਕੀਤੇ ਜਾਣਗੇ।

6ਵਾਂ ਕਬੱਡੀ ਗੋਲਡ ਕੱਪ 2 ਨੂੰ

ਕਪੂਰਥਲਾ, 15 ਜਨਵਰੀ - 6ਵਾਂ ਕਬੱਡੀ ਗੋਲਡ ਕੱਪ 2 ਫਰਵਰੀ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਦੌਰਾਨ ਚੋਟੀ ਦੀਆਂ 8 ਕਬੱਡੀ ਟੀਮਾਂ ਦੇ ਭੇੜ ਹੋਣਗੇ ਅਤੇ ਜੇਤੂ ਟੀਮ ਨੂੰ 2 ਲੱਖ 31 ਹਜ਼ਾਰ ਰੁਪਏ ਦਾ ਨਗਦ ਇਨਾਮ ਅਤੇ ਉਪ ਜੇਤੂ ਟੀਮ ਨੂੰ 2 ਲੱਖ 1 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਤੀਰਅੰਦਾਜ਼ੀ ਦੀ ਓਵਰਆਲ ਚੈਂਪੀਅਨ ਬਣੀ ਪੰਜਾਬੀ ਯੂਨੀਵਰਸਿਟੀ

ਪਟਿਆਲਾ, 15 ਜਨਵਰੀ - ਸਰਬ ਭਾਰਤੀ ਅੰਤਰ ਯੂਨੀਵਰਸਿਟੀ ਤੀਰਅੰਦਾਜ਼ੀ ਚੈਂਪੀਅਨਸ਼ਿਪ ਉਦੈਪੁਰ (ਰਾਜਸਥਾਨ) 'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਪੰਜਾਬੀ ਯੂਨੀਵਰਸਿਟੀ ਨੇ ਦੋਵੇਂ ਵਰਗਾਂ ਪੁਰਸ਼ ਅਤੇ ਔਰਤ ਦੀਆਂ ਟੀਮਾਂ ਨੇ ਓਵਰਆਲ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਸਮੁੱਚੇ ਖੇਡ ਵਿਭਾਗ, ਯੂਨੀਵਰਸਿਟੀ ਕੋਚ, ਯੂਨੀਵਰਸਿਟੀ ਮੁਲਾਜ਼ਮਾਂ ਅਤੇ ਖੇਡ ਪ੍ਰੇਮੀਆਂ ਵੱਲੋਂ ਦੋਹਾਂ ਟੀਮਾਂ ਦੇ ਯੂਨੀਵਰਸਿਟੀ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਜਿੱਤ ਦਾ ਸਿਹਰਾ ਸ. ਜੀਵਨਜੋਤ ਸਿੰਘ ਤੇਜਾ ਆਰਚਰੀ ਕੋਚ ਨੂੰ ਜਾਂਦਾ ਹੈ।

ਪੰਜਾਬ ਪੱਧਰੀ ਕਰਾਸ ਕੰਟਰੀ ਚੈਂਪੀਅਨਸ਼ਿਪ ਸਮਾਪਤ

ਟਾਂਡਾ ਉੜਮੁੜ, 15 ਜਨਵਰੀ - ਸੰਗਰੂਰ 'ਚ ਪੰਜਾਬ ਪੱਧਰੀ ਕਰਾਸ ਕੰਟਰੀ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਉੜਮੁੜ ਦੇ ਵਿਦਿਆਰਥੀਆਂ ਨੇ ਸੋਨੇ ਦਾ ਤਗਮਾ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਪ੍ਰਿੰਸੀਪਲ ਐਨ. ਐਨ. ਸੈਣੀ ਨੇ ਦਸਿਆ ਕਿ ਉਹਨਾਂ ਦੇ ਸਕੂਲ ਦੇ ਵਿਦਿਆਰਥੀ ਜੋਤੀ ਸੈਣੀ, ਜਸਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪ੍ਰਦੀਪ ਸਿੰਘ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਲੋਂ ਪੰਜਾਬ ਪੱਧਰੀ ਇਸ ਚੈਂਪੀਅਨਸ਼ਿਪ ਵਿਚ ਭਾਗ ਲਿਆ ਸੀ। ਜਿਸ ਵਿਚ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਗਮਾ ਜਿੱਤਿਆ ਅਤੇ ਜਸਪ੍ਰੀਤ ਸਿੰਘ ਨੇ 8 ਕਿਲੋਮੀਟਰ ਵਿਚ ਤੀਜਾ ਸਥਾਨ ਹਾਸਲ ਕੀਤਾ।

81ਵਾਂ ਦਸਮੇਸ਼ ਖੇਡ ਮੇਲਾ 23 ਤੋਂ

ਪੱਖੋਵਾਲ ਜੋਧਾਂ, 15 ਜਨਵਰੀ - 81ਵਾਂ ਦਸਮੇਸ਼ ਖੇਡ ਮੇਲਾ 23 ਤੋਂ 25 ਜਨਵਰੀ ਤੱਕ ਪੱਖੋਵਾਲ ਜੋਧਾਂ ਦੇ ਲਾਗਲੇ ਪਿੰਡ ਫੱਲੇਵਾਲ 'ਚ ਕਰਵਾਇਆ ਜਾ ਰਿਹਾ ਹੈ।
81ਵੇਂ ਦਸਮੇਸ਼ ਖੇਡ ਮੇਲੇ ਦਾ ਮੁੱਖ ਆਕਰਸ਼ਣ ਕਬੱਡੀ ਅਕੈਡਮੀਆਂ ਦੀ ਜੇਤੂ ਟੀਮ ਨੂੰ 71000 ਰੁਪਏ ਅਤੇ ਉਪ ਜੇਤੂ ਨੂੰ 61000 ਰੁਪਏ ਤੇ ਯਾਦਗਾਰੀ ਕੱਪ ਨਾਲ ਨਿਵਾਜਿਆ ਜਾਵੇਗਾ। ਇਸ ਤੋਂ ਇਲਾਵਾ ਕਬੱਡੀ 42, 52, 57 ਅਤੇ 65 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਅਥਲੈਟਿਕਸ ਵਿਚ 100 ਮੀਟਰ, 200 ਮੀਟਰ ਅਤੇ 400 ਮੀਟਰ ਵਰਗਾਂ 'ਚ ਪੰਜਾਬ 'ਚੋਂ ਚੋਟੀ ਦੇ ਐਥਲੀਟ ਜਿੱਤ ਲਈ ਧੂੜਾਂ ਪੁੱਟਣਗੇ। 81ਵੇਂ ਦਸਮੇਸ਼ ਖੇਡ ਮੇਲੇ 'ਚ ਕਲੱਬ ਨੇ ਇਸ ਵਾਰ ਵੀ 70 ਸਾਲ ਉਮਰ ਵਰਗ ਦੇ ਬਜ਼ੁਰਗ (ਵੈਟਰਨ) ਐਥਲੀਟਾਂ ਅਤੇ ਛੋਟੇ ਬੱਚਿਆਂ ਦੀਆਂ ਦੌੜਾਂ ਦੇ ਮੁਕਾਬਲੇ ਦੀ ਰਵਾਇਤ ਜਾਰੀ ਰੱਖਦਿਆਂ ਇਸ ਵਾਰ ਵੀ ਕਰਵਾਉਣ ਦਾ ਐਲਾਨ ਕੀਤਾ।

ਬੁਟਾਹਰੀ ਕਬੱਡੀ ਕੱਪ 9 ਤੋਂ

ਅਹਿਮਦਗੜ੍ਹ/ਡੇਹਲੋਂ, 15 ਜਨਵਰੀ - ਦੂਜਾ ਕਬੱਡੀ ਕੱਪ 9 ਤੋਂ 11 ਫਰਵਰੀ ਨੂੰ ਬੁਟਾਹਰੀ 'ਚ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਫੁੱਟਬਾਲ ਇਕ ਪਿੰਡ ਓਪਨ ਅਤੇ ਕਬੱਡੀ ਲੜਕੀਆਂ ਦੇ ਮੈਚ ਵੀ ਹੋਣਗੇ। ਜਿਸ ਅਨੁਸਾਰ ਕਬੱਡੀ ਜੇਤੂ ਨੂੰ 1 ਲੱਖ ਅਤੇ ਉਪ ਜੇਤੂ ਨੂੰ 71 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਕਬੱਡੀ ਟੂਰਨਾਮੈਂਟ 'ਚ ਉਤਰੀ ਭਾਰਤ ਫੈਡਰੇਸ਼ਨ ਦੀਆਂ 8 ਅਕੈਡਮੀਆਂ ਦੇ ਮੁਕਾਬਲੇ ਹੋਣਗੇ। ਪਹਿਲਾ 1 ਲੱਖ ਰੁਪਏ ਦਾ ਇਨਾਮ, ਸਵਰਗੀ ਸ: ਕਮਿੱਕਰ ਸਿੰਘ ਸਾਬਕਾ ਸਰਪੰਚ ਬੁਟਾਹਰੀ ਦੇ ਪਰਿਵਾਰ ਵੱਲੋਂ ਹੋਵੇਗਾ। ਟੂਰਨਾਮੈਂਟ ਦੌਰਾਨ 10 ਫਰਵਰੀ ਨੂੰ ਉੱਘੇ ਗਾਇਕ ਬਲਕਾਰ ਸਿੱਧੂ ਅਤੇ 11 ਫਰਵਰੀ ਨੂੰ ਬੱਬੂ ਮਾਨ ਦਾ ਅਖਾੜਾ ਲੱਗੇਗਾ।

ਨੱਥੋਵਾਲ ਦਾ ਤਿੰਨ ਰੋਜ਼ਾ ਖੇਡ ਮੇਲਾ ਸ਼ੁਰੂ

ਰਾਏਕੋਟ, 15 ਜਨਵਰੀ - ਤਿੰਨ ਰੋਜ਼ਾ ਪੇਂਡੂ ਖੇਡ ਮੇਲਾ ਪਿੰਡ ਨੱਥੋਵਾਲ 'ਚ ਚੱਲ ਰਿਹਾ ਹੈ। ਜਿਸ ਦਾ ਉਦਘਾਟਨ ਬੂਟਾ ਸਿੰਘ ਸਿਵੀਆ ਸੀਨੀਅਰ ਯੂਥ ਕਾਂਗਰਸੀ ਆਗੂ ਨੇ ਕੀਤਾ। ਇਸ ਸਮੇਂ ਹਾਕੀ ਅਤੇ ਕਬੱਡੀ ਦੇ ਲੀਗ ਮੈਚ ਹੋਏ। ਹਾਕੀ ਮੁਕਾਬਲੇ 'ਚ ਗੁਰੂਸਰ ਸੁਧਾਰ ਨੇ ਹਾਂਸ ਕਲਾਂ ਨੂੰ 3-2 ਨਾਲ, ਜਦਕਿ ਕਬੱਡੀ 60 ਕਿਲੋ ਵਰਗ 'ਚ ਨੱਥੋਵਾਲ ਨੇ ਰਾਏਕੋਟ, ਬਾਬਾ ਮਾਨ ਸਿੰਘ ਕਲੱਬ ਕੋਹੜ ਸਿੰਘ ਵਾਲੇ ਨੇ ਬਿੰਜਲ, ਸੰਧੂ ਖੁਰਦ ਨੇ ਗਾਗੇਵਾਲ ਨੂੰ, ਕਾਉਂਕੇ ਨੇ ਰਣਸੀਹ ਖੁਰਦ ਨੂੰ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ। ਕੁੱਤਿਆਂ ਦੀਆਂ ਦੌੜਾਂ 'ਚ ਅਮ੍ਰਿਤ ਪ੍ਰਾਪਰਟੀ ਡੀਲਰ ਦੀ ਕੁੱਤੀ ਸ਼ੈਰੀ ਪਹਿਲੇ ਨੰਬਰ 'ਤੇ, ਸਲਮਾਨ ਖਾਨ ਮਲੇਰਕੋਟਲਾ ਦਾ ਕੁੱਤਾ ਰੈਂਬੋ ਦੂਜੇ ਸਥਾਨ 'ਤੇ, ਅਮਰਜੀਤ ਸਿੰਘ ਤਲਵਾੜਾ ਦਾ ਕੁੱਤਾ ਸ਼ੂਗਰ ਲਾਲ ਤੀਜੇ ਸਥਾਨ 'ਤੇ, ਗੁਰਮੀਤ ਸਿੰਘ ਦਾ ਕੁੱਤਾ ਜੂਨੀਅਰ ਫਾਈਟਰ ਚੌਥੇ ਸਥਾਨ 'ਤੇ ਅਤੇ ਗੁਰਜੀਤ ਸਿੰਘ ਦਾ ਕੁੱਤਾ ਧਨੋਆ ਬੁਆਏ 5ਵੇਂ ਨੰਬਰ 'ਤੇ ਰਿਹਾ। ਇਸ ਟੂਰਨਾਮੈਂਟ ਦੌਰਾਨ ਰੈਫਰੀ ਦੀ ਸੇਵਾ ਭਿੰਦਰ ਚੱਢਾ, ਰਣਜੀਤ ਸਿੰਘ ਬੋਪਾਰਾਏ ਖੁਰਦ ਨੇ ਕੀਤੀ, ਜਦ ਕਿ ਮੈਚਾਂ ਦੀ ਕੁਮੈਂਟਰੀ ਬਿੱਟੂ ਚੱਕ ਭਾਈਕਾ ਨੇ ਪੰਜਾਬੀ ਟੋਟਕਿਆ ਰਾਹੀਂ ਕਰਕੇ ਖੂਬ ਰੰਗ ਬੰਨ੍ਹਿਆ।

ਰਣਜੀ ਟਰਾਫੀ 'ਤੇ ਮੁੰਬਈ ਦਾ 39ਵੀਂ ਵਾਰ ਕਬਜ਼ਾ

ਮਸੂਰੀ, 14 ਜਨਵਰੀ - ਮੁੰਬਈ ਦੀ ਟੀਮ ਨੇ ਕਰਨਾਟਕ ਨੂੰ 6 ਦੌੜਾਂ ਨਾਲ ਹਰਾ ਕੇ ਰਣਜੀ ਟਰਾਫੀ 'ਤੇ ਕਬਜ਼ਾ ਕਰ ਲਿਆ ਹੈ। ਮੁੰਬਈ ਨੇ 39ਵੀਂ ਵਾਰ ਇਸ ਖਿਤਾਬ ਨੂੰ ਜਿੱਤਿਆ ਹੈ। ਇਸੇ ਤਰ੍ਹਾਂ ਕਰਨਾਟਕ ਦੀ ਟੀਮ 1998-99 ਤੋਂ ਬਾਅਦ ਪਹਿਲੀ ਵਾਰ ਇਸ ਖਿਤਾਬ 'ਤੇ ਕਬਜ਼ਾ ਕਰਨ ਤੋਂ ਵਾਂਝੀ ਰਹਿ ਗਈ ਹੈ। ਕਰਨਾਟਕ ਨੂੰ ਜਿੱਤਣ ਲਈ 338 ਦੌੜਾਂ ਦੀ ਜ਼ਰੂਰਤ ਸੀ ਪਰ ਟੀਮ ਦੇ ਸਾਰੇ ਬੱਲੇਬਾਜ਼ 331 ਦੌੜਾਂ ਬਣਾ ਕੇ ਹੀ ਆਊਟ ਹੋ ਗਏ। ਮੁੰਬਈ ਨੇ ਆਪਣੀ ਪਹਿਲੀ ਪਾਰੀ 'ਚ 233 ਦੌੜਾਂ ਬਣਾਈਆਂ ਸਨ, ਜਦੋਂਕਿ ਕਰਨਾਟਕ ਦੀ ਟੀਮ ਪਹਿਲੀ ਪਾਰੀ 'ਚ ਕੇਵਲ 130 ਦੌੜਾਂ ਹੀ ਬਣਾ ਸਕੀ ਸੀ। ਦੂਸਰੀ ਪਾਰੀ 'ਚ ਮੁੰਬਈ ਨੇ 234 ਦੌੜਾਂ ਬਣਾ ਕੇ ਕਰਨਾਟਕ ਸਾਹਮਣੇ 238 ਦੌੜਾਂ ਦਾ ਟੀਚਾ ਰੱਖਿਆ ਸੀ। ਮੁੰਬਈ ਦੀ ਟੀਮ ਵੱਲੋਂ ਦੂਸਰੀ ਪਾਰੀ 'ਚ ਅਜੀਤ ਅਗਰਕਰ ਨੇ ਪੰਜ ਵਿਕਟ ਲਏ।

17ਵਾਂ ਕਬੱਡੀ ਕੱਪ ਸ਼ੁਰੂ

ਬਠਿੰਡਾ/ਚਾਉਕੇ, 14 ਜਨਵਰੀ - 17ਵੇਂ ਕਬੱਡੀ ਕੱਪ ਦਾ ਪਿੰਡ ਚਾਉਕੇ 'ਚ ਸ. ਸੁਖਬੀਰ ਸਿੰਘ ਬਾਦਲ ਉਪ ਮੰਤਰੀ ਪੰਜਾਬ ਨੇ ਉਦਘਾਟਨ ਕੀਤਾ। ਸ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਅੱਜ ਪਿੰਡ ਚਾਉਕੇ ਵਿਖੇ 17ਵੇਂ ਕਬੱਡੀ ਕੱਪ ਮੁਕਾਬਲਿਆਂ ਦਾ ਉਦਘਾਟਨ ਕੀਤਾ। ਉਪਰੰਤ ਸ: ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਲਦੀ ਹੀ ਨਵੀਂ ਖੇਡ ਨੀਤੀ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਰਚ ਮਹੀਨੇ 'ਚ ਸਰਕਾਰ ਵੱਲੋਂ ਵਿਸ਼ਵ ਕਬੱਡੀ ਕੱਪ ਰਾਜ ਵਿਚ ਕਰਵਾਇਆ ਜਾਵੇਗਾ। ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ ਇਕ ਕਰੋੜ ਰੁਪਏ, ਦੂਜੇ ਨੰਬਰ ਦੀ ਟੀਮ ਨੂੰ 51 ਲੱਖ ਅਤੇ ਤੀਸਰੇ ਨੰਬਰ ਦੀ ਟੀਮ ਨੂੰ 25 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।

ਕਬੱਡੀ ਕੱਪ ਪਟਿਆਲਾ 6 ਨੂੰ

ਪਟਿਆਲਾ, 14 ਜਨਵਰੀ - ਕਬੱਡੀ ਕੱਪ ਪਟਿਆਲਾ ਡੀ.ਐਮ.ਡਬਲਿਊ. ਸਟੇਡੀਅਮ 'ਚ 6-7 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਹ ਮਾਲਵੇ ਦੇ ਚੋਟੀ ਦੇ ਕਬੱਡੀ ਟੂਰਨਾਮੈਂਟਾਂ 'ਚ ਸ਼ਾਮਿਲ ਕਬੱਡੀ ਕੱਪ ਹੈ।

ਵਿਸ਼ਵ ਕਬੱਡੀ ਕੱਪ 22 ਤੋਂ

ਹੁਸ਼ਿਆਰਪੁਰ, 14 ਜਨਵਰੀ - 6ਵਾਂ ਵਰਲਡ ਕਬੱਡੀ ਕੱਪ ਅਤੇ 34ਵਾਂ ਸਲਾਨਾ ਪੇਂਡੂ ਖੇਡ ਮੇਲਾ 22 ਤੋਂ 28 ਜਨਵਰੀ ਤੱਕ ਪਿੰਡ ਫੁਗਲਾਣਾ 'ਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਚਾਰ ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। 21 ਜਨਵਰੀ ਨੂੰ ਐਂਟਰੀਆਂ ਲਈਆਂ ਜਾਣਗੀਆਂ।

ਬਾਸਕਿਟਬਾਲ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੀਆਂ ਪੰਜਾਬ ਟੀਮਾਂ

ਲੁਧਿਆਣਾ, 14 ਜਨਵਰੀ - ਇੰਦੌਰ 'ਚ 17 ਤੋਂ 24 ਜਨਵਰੀ ਤੱਕ 60ਵੀਂ ਕੌਮੀ ਜੂਨੀਅਰ ਬਾਸਕਿਟਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਿਹਾ ਹੈ। ਇਸ ਲਈ ਪੰਜਾਬ ਦੀ ਮੁੰਡਿਆਂ ਦੀ ਟੀਮ ਦੀ ਕਪਤਾਨੀ ਰਾਜਨ ਸ਼ਰਮਾ ਅਤੇ ਕੁੜੀਆਂ ਵਿਚ ਜਗਰੂਪ ਕੌਰ ਅੰਮ੍ਰਿਤਸਰ ਟੀਮ ਦੀ ਅਗਵਾਈ ਕਰੇਗੀ। ਦੋਹਾਂ ਟੀਮਾਂ ਦੇ ਖਿਡਾਰੀਆਂ ਦੇ ਨਾਮ ਇਸ ਤਰ੍ਹਾਂ ਹਨ। ਮੁੰਡਿਆਂ ਦੀ ਟੀਮ 'ਚ ਰਾਜਨ ਸ਼ਰਮਾ, ਕਪਤਾਨ ਅੰਮ੍ਰਿਤਪਾਲ ਸਿੰਘ, ਜਸਕਰਨ ਸਿੰਘ, ਕੋਮਲਪ੍ਰੀਤ ਸਿੰਘ, ਸੰਦੀਪ ਸਿੰਘ, ਅਮਨਜੋਤ ਸਿੰਘ, ਪਰਮਿੰਦਰ ਸਿੰਘ (ਸਾਰੇ ਲੁਧਿਆਣਾ ਬਾਸਕਿਟਬਾਲ ਅਕੈਡਮੀ), ਗੁਰੂ ਇਕਬਾਲ ਸਿੰਘ ਜਲੰਧਰ, ਅਕਾਸ਼ ਗਿੱਲ ਲੁਧਿਆਣਾ, ਵਿਕਰਮਜੀਤ ਸਿੰਘ ਬਠਿੰਡਾ, ਸ਼ਬਦ ਰੇਲ ਕੋਚ ਫੈਕਟਰੀ ਕਪੂਰਥਲਾ, ਸੁਨੀਲ ਬਜਾਲ ਫਿਰੋਜ਼ਪੁਰ, ਜਿੰਮੀ ਜੁਆਏ ਲੁਧਿਆਣਾ ਬਾਸਕਟਬਾਲ ਅਕੈਡਮੀ, ਟੀਮ ਦੇ ਕੋਚ ਡਾ: ਸੁਬਰਾਮਨੀਅਮ ਹੋਣਗੇ। ਕੁੜੀਆਂ 'ਚ ਜਗਰੂਪ ਕੌਰ ਅੰਮ੍ਰਿਤਸਰ ਕਪਤਾਨ, ਮਨਜੀਤ ਕੌਰ, ਮਮਤਾ ਅੰਮ੍ਰਿਤਸਰ, ਅਮਨਪ੍ਰੀਤ ਗੁਰਦਾਸਪੁਰ, ਕੁਲਵਿੰਦਰ ਕੌਰ ਗੁਰਦਾਸਪੁਰ, ਗੌਰੀ ਕਪੂਰਥਲਾ, ਜਸਦੀਪ ਕੌਰ, ਦੀਪਾਲੀ, ਇੰਦੂ, ਸੰਧਿਆ (ਸਾਰੀਆਂ ਲੁਧਿਆਣਾ), ਹਰਪ੍ਰੀਤ, ਕਾਜ਼ਮ ਜਲੰਧਰ ਤੋਂ, ਟੀਮ ਦੇ ਕੋਚ ਹਰਜਿੰਦਰ ਸਿੰਘ ਹੋਣਗੇ।

12ਵਾਂ ਹਰਜੀਤ ਕਬੱਡੀ ਟੂਰਨਾਮੈਂਟ 3 ਫਰਵਰੀ ਨੂੰ

ਬਾਜਾਖਾਨਾ, 13 ਜਨਵਰੀ - 12ਵਾਂ ਹਰਜੀਤ ਕਬੱਡੀ ਟੂਰਨਾਮੈਂਟ ਬਾਜਾਖਾਨਾ 3 ਫਰਵਰੀ ਨੂੰ ਹਰਜੀਤ ਯਾਦਗਾਰੀ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਵੱਖ-ਵੱਖ ਦੇਸ਼ਾਂ ਦੀਆਂ ਕਬੱਡੀ ਟੀਮਾਂ ਪਹੁੰਚਣਗੀਆਂ। 3 ਫ਼ਰਵਰੀ ਨੂੰ ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹੁੰਚਣਗੇ।

ਫੁੱਟਬਾਲ ਟੂਰਨਾਮੈਂਟ 21 ਜਨਵਰੀ ਤੋਂ

ਜਲੰਧਰ, 13 ਜਨਵਰੀ - ਕਸਬਾ ਮਾਹਿਲਪੁਰ ਨੇੜਲੇ ਪਿੰਡ ਗੋਂਦਪੁਰ 'ਚ ਫੁੱਟਬਾਲ ਟੂਰਨਾਮੈਂਟ 21 ਤੋਂ 28 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ। ਇਸ ਦੇ ਤਹਿਤ ਫੁੱਟਬਾਲ ਓਪਨ ਤੇ 52 ਕਿੱਲੋ ਤੋਂ ਇਲਾਵਾ ਇਕ ਵਿਸ਼ੇਸ਼ ਐਥਲੈਟਿਕ ਮੀਟ ਵੀ ਕਰਵਾਈ ਜਾਵੇਗੀ ਜਿਸ ਵਿਚ 14-17 ਸਾਲ ਦੇ ਮੁੰਡੇ ਤੇ ਕੁੜੀਆਂ ਭਾਗ ਲੈਣਗੇ। ਉਪਰੋਕਤ ਟੂਰਨਾਮੈਂਟ ਦੀ ਟਾਈਮਾਂ ਤੇ ਟੀਮਾਂ ਦੇ ਨਾਂਅ ਦਰਜ ਕਰਨ ਲਈ 20 ਜਨਵਰੀ ਸਰਕਾਰੀ ਹਾਈ ਸਕੂਲ ਗੋਂਦਪੁਰ ਵਿਖੇ ਵਿਸ਼ੇਸ਼ ਦਫਤਰ ਖੋਲ੍ਹਿਆ ਜਾ ਰਿਹਾ ਹੈ।

ਪਹਿਲਾ ਸ੍ਰੀ ਗੁਰੂ ਗੋਬਿੰਦ ਸਿੰਘ ਕਬੱਡੀ ਕੱਪ ਸਮਾਪਤ

ਰਾਏਕੋਟ, 13 ਜਨਵਰੀ - ਪਹਿਲਾ ਸ੍ਰੀ ਗੁਰੂ ਗੋਬਿੰਦ ਸਿੰਘ ਕਬੱਡੀ ਕੱਪ ਦਸਮੇਸ਼ ਟੂਰਨਾਮੈਂਟ ਕਮੇਟੀ ਰਾਏਕੋਟ ਵੱਲੋਂ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿਚ ਭਾਗ ਲੈ ਰਹੀਆਂ ਅੱਠ ਅੰਤਰਰਾਸ਼ਟਰੀ ਕਬੱਡੀ ਅਕੈਡਮੀਆਂ ਵਿਚ ਅੱਜ ਜਬਰਦਸਤ ਮੁਕਾਬਲੇ ਦੇਖਣ ਨੂੰ ਮਿਲੇ। ਫਾਈਨਲ ਵਿਚ ਮੁਕਾਬਲਾ ਪੱਤੋ ਹੀਰਾ ਸਿੰਘ ਕਲੱਬ ਅਤੇ ਅੰਬੀ ਕਲੱਬ ਮੋਗਾ ਦੇ ਚੋਬਰਾਂ ਦਰਮਿਆਨ ਹੋਇਆ, ਜਿਸ ਵਿਚ ਬਾਜ਼ੀ ਪੱਤੋ ਹੀਰਾ ਸਿੰਘ ਕਲੱਬ ਦੇ ਚੋਬਰਾਂ ਨੇ ਮਾਰੀ। ਇਸ ਤੋਂ ਇਲਾਵਾ ਅੱਜ ਕਬੱਡੀ ਓਪਨ, ਵਾਲੀਬਾਲ ਸ਼ੂਟਿੰਗ, ਹਾਕੀ, ਫੁੱਟਬਾਲ ਦੇ ਰਹਿੰਦੇ ਸੈਮੀਫਾਈਨਲ ਤੇ ਫਾਈਨਲ ਮੈਚ ਕਰਵਾਏ ਗਏ। ਹਾਕੀ ਪਿੰਡ ਵਾਰ ਓਪਨ ਦੇ ਹੋਏ ਮੁਕਾਬਲਿਆਂ ਵਿਚ ਰੂਮੀ ਦੀ ਟੀਮ ਨੇ ਅਕਾਲਗੜ੍ਹ ਦੀ ਟੀਮ ਨੂੰ ਹਰਾ ਕੇ ਲਗਾਤਾਰ ਤੀਜੇ ਸਾਲ ਫਾਈਨਲ ਮੁਕਾਬਲਾ ਜਿੱਤਿਆ ਅਤੇ ਚਾਂਦੀ ਦੇ ਕੱਪ 'ਤੇ ਕਬਜ਼ਾ ਕੀਤਾ। ਕਬੱਡੀ ਓਪਨ ਪਿੰਡ ਵਾਰ ਦੇ ਫਾਈਨਲ ਮੁਕਾਬਲੇ ਵਿਚ ਬੁਰਜ ਹਰੀ ਸਿੰਘ ਨੇ ਹਠੂਰ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਫੁੱਟਬਾਲ ਵਿਚ ਸਰਾਭਾ ਦੀ ਟੀਮ ਨੇ ਕਮਾਲਪੁਰਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ, ਵਾਲੀਬਾਲ ਸ਼ੂਟਿੰਗ 'ਚ ਮੁਕਾਬਲਿਆਂ ਵਿਚ ਸਹਿਬਾਜਪੁਰਾ ਦੀ ਟੀਮ ਪਹਿਲੇ ਅਤੇ ਰੂਪਾਹੇੜੀ ਦੀ ਟੀਮ ਦੂਜੇ ਸਥਾਨ 'ਤੇ ਰਹੀ। ਉੱਘੇ ਜਾਫੀ ਗੋਲਡੀ ਕੂੰਮ ਕਲਾਂ ਨੂੰ ਬੁਲੇਟ ਮੋਟਰ ਸਾਈਕਲ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।

ਸ੍ਰੀ ਗੁਰੂ ਨਾਨਕ ਕਬੱਡੀ ਕੱਪ ਫੁੱਲਾਂਵਾਲ 21 ਤੋਂ

ਲੁਧਿਆਣਾ, 13 ਜਨਵਰੀ - 21-22 ਜਨਵਰੀ ਨੂੰ ਸ਼ਹੀਦ ਕਰਨੈਲ ਸਿੰਘ ਨਗਰ ਪੱਖੋਵਾਲ ਰੋਡ ਵਿਖੇ ਦੂਜਾ ਸ੍ਰੀ ਗੁਰੂ ਨਾਨਕ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ 8 ਟੀਮਾਂ 22 ਜਨਵਰੀ ਨੂੰ ਖੇਡਣਗੀਆਂ। ਇਸ ਕਬੱਡੀ ਕੱਪ ਮੌਕੇ 6 ਚੋਣਵੇਂ ਖਿਡਾਰੀਆਂ ਨੂੰ 6 ਬੁਲਟ ਦਿੱਤੇ ਜਾਣਗੇ। 21 ਜਨਵਰੀ ਨੂੰ 52 ਕਿੱਲੋ ਅਤੇ 70 ਕਿੱਲੋ ਦੀਆਂ ਟੀਮਾਂ ਖੇਡਣਗੀਆਂ।

ਆਲ ਇੰਡੀਆ ਇੰਟਰ 'ਵਰਸਿਟੀ ਸਾਫਟਬਾਲ ਚੈਂਪੀਅਨਸ਼ਿਪ ਮੁਕਾਬਲੇ 17 ਤੋਂ

ਅੰਮ੍ਰਿਤਸਰ, 13 ਜਨਵਰੀ - 17 ਤੋਂ 23 ਫਰਵਰੀ ਤੱਕ ਯੂਨੀਵਰਸਿਟੀ ਦੇ ਖੇਡ ਮੈਦਾਨ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਲ ਇੰਡੀਆ ਇੰਟਰ 'ਵਰਸਿਟੀ ਸਾਫਟਬਾਲ (ਇਸਤਰੀ ਤੇ ਪੁਰਸ਼) ਚੈਂਪੀਅਨਸ਼ਿਪ ਕਰਵਾਈ ਜਾਵੇਗੀ। ਇਸ ਵਿਚ ਵੱਖ-ਵੱਖ ਯੂਨੀਵਰਸਿਟੀਆਂ ਤੋਂ 48 ਟੀਮਾਂ ਭਾਗ ਲੈ ਰਹੀਆਂ ਹਨ। ਇਸ ਚੈਂਪੀਅਨਸ਼ਿਪ ਦਾ ਸਮਾਪਤੀ ਸਮਾਰੋਹ 23 ਫਰਵਰੀ ਨੂੰ ਹੋਵੇਗਾ।

ਪਿੰਡ ਬੁੱਟਰ ਵਿਖੇ ਖੇਡ ਮੇਲਾ 2 ਤੋਂ

ਜਲੰਧਰ, 13 ਜਨਵਰੀ - 2-4 ਫਰਵਰੀ ਨੂੰ ਪਿੰਡ ਬੁੱਟਰ (ਜ਼ਿਲ੍ਹਾ ਜਲੰਧਰ) ਵਿਖੇ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੇ ਪਹਿਲੇ ਦੋ ਦਿਨ ਇਲਾਕੇ ਦੇ ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਹਿੱਸਾ ਅਤੇ ਖੇਡ ਮੇਲੇ ਦੇ ਅੰਤਿਮ ਦਿਨ ਨਾਮਵਰ ਕਲੱਬਾਂ ਵੱਲੋਂ ਆਪਣੀਆਂ-ਆਪਣੀਆਂ ਖੇਡਾਂ ਦੇ ਜੌਹਰ ਦਿਖਾਏ ਜਾਣਗੇ। ਪਿੰਡ ਮੇਲੇ ਵਿਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ ਸ਼ਾਮਿਲ ਹੋਣਗੀਆਂ।

ਮਲਕ-ਮੰਡਿਆਣੀ-ਬਰਸਾਲ-ਹਾਂਸ ਕਲਾਂ ਦੇ ਖੇਡ ਮੇਲੇ

ਚੌਕੀਮਾਨ, 13 ਜਨਵਰੀ - 15 ਤੋਂ 17 ਜਨਵਰੀ ਤੱਕ ਪਿੰਡ ਮਲਕ 'ਚ ਤਿੰਨ ਦਿਨਾ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਚ ਹਾਕੀ ਪਿੰਡ ਵਾਰ 15 ਜਨਵਰੀ, ਕਬੱਡੀ 70 ਕਿਲੋਂ 32 ਟੀਮਾਂ 16 ਜਨਵਰੀ ਤੇ ਕਬੱਡੀ ਓਪਨ 32 ਟੀਮਾਂ ਦੇ ਮੁਕਾਬਲੇ 17 ਜਨਵਰੀ ਨੂੰ ਹੋਣਗੇ। ਮੰਡਿਆਣੀ ਵਿਖੇ ਬ੍ਰਹਮ ਗਿਆਨੀ ਬਾਬਾ ਮਿੱਤ ਸਿੰਘ ਜੀ ਯਾਦਗਾਰੀ ਤਿੰਨ ਦਿਨਾ ਖੇਡ ਮੇਲਾ 21 ਜਨਵਰੀ ਤੋਂ 23 ਜਨਵਰੀ ਤੱਕ ਹੋਵੇਗਾ। 21 ਜਨਵਰੀ ਨੂੰ ਬਲਦਾਂ ਤੇ ਦੇਸੀ ਘੋੜੀਆਂ ਦੀ ਦੌੜ, 22 ਜਨਵਰੀ ਨੂੰ ਕਬੱਡੀ 42 ਕਿਲੋ ਤੇ 70 ਕਿਲੋ ਦੇ ਨਾਲ ਕੁੱਤਿਆਂ ਦੀ ਦੌੜ, 23 ਜਨਵਰੀ ਨੂੰ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ। ਬਰਸਾਲ ਵਿਖੇ ਯੂਨਾਈਟਿਡ ਸਪੋਰਟਸ ਅਤੇ ਕਲਚਰਲ ਕਲੱਬ ਬਰਸਾਲ (ਲੁਧਿਆਣਾ) ਵੱਲੋਂ 31 ਜਨਵਰੀ ਨੂੰ ਤਾਸ਼ ਸੀਪ, ਵਾਲੀਬਾਲ ਦੇ ਮੁਕਾਬਲੇ, 1 ਫਰਵਰੀ ਨੂੰ ਛੋਟੇ ਬਲਦਾਂ ਦੀ ਦੌੜ, ਪਹਿਲਾ ਇਨਾਮ 21 ਹਜ਼ਾਰ, 2 ਫਰਵਰੀ ਨੂੰ ਕਬੱਡੀ ਓਪਨ ਪਿੰਡ ਵਾਰ ਪਹਿਲਾ ਇਨਾਮ 51000 ਰੁਪਏ। ਸ਼ਹੀਦ ਉੱਤਮ ਸਿੰਘ ਹਾਂਸ ਯਾਦਗਾਰੀ ਖੇਡ ਮੇਲਾ ਪਿੰਡ ਹਾਂਸ ਕਲਾਂ (ਲੁਧਿਆਣਾ) 21 ਜਨਵਰੀ ਤੋਂ 24 ਜਨਵਰੀ ਤੱਕ ਹੋਵੇਗਾ। ਇਸ ਖੇਡ ਮੇਲੇ 'ਚ ਰਾਸ਼ਟਰੀ ਖੇਡ ਹਾਕੀ, ਕਬੱਡੀ 52, 57, 70 ਕਿਲੋ ਤੋਂ ਇਲਾਵਾ ਕਿਸਾਨਾਂ ਦੀ ਖੇਡ ਟਰਾਲੀ ਬੈਕ ਲਗਾਉਣ ਦੇ ਮੁਕਾਬਲੇ ਹੋਣਗੇ।

ਚਾਰ ਰੋਜ਼ਾ ਟੂਰਨਾਮੈਂਟ 14 ਨੂੰ

ਕੁੱਪ ਕਲਾਂ, 12 ਜਨਵਰੀ - 14 ਤੋਂ 16 ਜਨਵਰੀ ਤੱਕ ਫਲੌਂਡ ਕਲਾਂ ਵੱਲੋਂ ਚਾਰ ਰੋਜ਼ਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਵਾਲੀਬਾਲ, ਕੁੱਤਿਆਂ ਦੀਆਂ ਦੌੜਾਂ, ਫੁੱਟਬਾਲ ਤੇ ਕਬੱਡੀ ਦੇ ਫਸਵੇਂ ਮੁਕਾਬਲੇ ਹੋਣਗੇ।

ਸੰਤ ਮਹਿੰਦਰ ਸਿੰਘ ਯਾਦਗਾਰੀ ਕਬੱਡੀ ਕੱਪ 27 ਤੋਂ

ਜੌੜੇਪੁਲ ਜਰਗ, 12 ਜਨਵਰੀ - ਸੰਤ ਮਹਿੰਦਰ ਸਿੰਘ ਯਾਦਗਾਰੀ ਕਬੱਡੀ ਕੱਪ 27 ਤੋਂ 29 ਜਨਵਰੀ ਤੱਕ ਪਿੰਡ ਜਰਗ 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਪੰਜਾਬ ਦੀਆਂ 8 ਚੋਟੀ ਦੀਆਂ ਅਕੈਡਮੀਆਂ ਦੇ ਖਿਡਾਰੀ ਭਿੜਨਗੇ।

ਬੱਦੋਵਾਲ ਕਬੱਡੀ ਕੱਪ 15 ਫਰਵਰੀ ਤੋਂ

ਮੁੱਲਾਂਪੁਰ ਦਾਖਾ, 12 ਜਨਵਰੀ - 15 ਤੋਂ 17 ਫਰਵਰੀ ਤੱਕ ਪਿੰਡ ਬੱਦੋਵਾਲ (ਲੁਧਿਆਣਾ) 'ਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। 15 ਫਰਵਰੀ ਘੋੜਿਆਂ, ਕੁੱਤਿਆਂ ਦੀ ਦੌੜਾਂ ਦੇ ਨਾਲ ਦੂਸਰੇ ਦਿਨ ਕਬੱਡੀ ਓਪਨ ਪਿੰਡ ਵਾਰ ਅਤੇ 17 ਫਰਵਰੀ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਨਿਯਮਾਂ ਅਨੁਸਾਰ ਕਬੱਡੀ ਅਕੈਡਮੀ ਦਰਸ਼ਕਾਂ ਦੀ ਖਿੱਚ ਹੋਣਗੇ। ਜੇਤੂ ਟੀਮਾਂ ਨੂੰ ਨਗਦ ਇਨਾਮ ਨਾਲ ਬੱਦੋਵਾਲ ਕਬੱਡੀ ਕੱਪ ਦੇ ਬੈਸਟ ਜਾਫ਼ੀ ਤੇ ਧਾਵੀ ਦਾ ਮੋਟਰਸਾਈਕਲਾਂ ਨਾਲ ਸਨਮਾਨ ਹੋਵੇਗਾ।

ਸ਼ਹੀਦ ਨਿਸ਼ਾਨ ਸਿੰਘ ਕਬੱਡੀ ਕੱਪ 19 ਫਰਵਰੀ ਤੋਂ

ਘੱਗਾ, 12 ਜਨਵਰੀ - ਤੀਜਾ ਕਬੱਡੀ ਕੱਪ 19-20 ਫਰਵਰੀ ਨੂੰ ਘੱਗਾ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਖਾਲਸ ਇਕ ਪਿੰਡ ਓਪਨ, 70 ਕਿਲੋ ਭਾਰ ਵਰਗ ਦੇ ਮੈਚਾਂ ਤੋਂ ਇਲਾਵਾ ਹਰਿਆਣਾ ਅਤੇ ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਦੇ ਖਿਡਾਰੀ ਮੁੰਡੇ ਅਤੇ ਕੁੜੀਆਂ ਦੇ ਮੈਚ ਵੀ ਕਰਵਾਏ ਜਾਣਗੇ।

ਤਨਵੀਰ ਨੇ ਕੀਤਾ ਪੰਜਾਬ ਦਾ ਨਾਮ ਰੌਸ਼ਨ

ਮਾਨਾਂਵਾਲਾ, 12 ਜਨਵਰੀ - 55ਵੀਂ ਨੈਸ਼ਨਲ ਸਕੂਲ ਗੇਮਜ਼ ਰੋਲਰ ਸਕੈਟਿੰਗ ਚੈਂਪੀਅਨਸ਼ਿਪ ਦਿੱਲੀ 'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਇਕ ਸੋਨੇ ਦਾ ਤੇ ਇਕ ਕਾਂਸੇ ਦਾ ਤਗਮਾ ਜਿੱਤ ਕੇ ਤਨਵੀਰ ਸਿੰਘ ਮਿਨਹਾਸ ਨੇ ਪੰਜਾਬ ਤੇ ਖਾਸਕਰ ਅੰਮ੍ਰਿਤਸਰ ਦਾ ਨਾਂਅ ਪੂਰੇ ਹਿੰਦੁਸਤਾਨ 'ਚ ਰੋਸ਼ਨ ਕੀਤਾ ਹੈ। ਅੰਮ੍ਰਿਤਸਰ ਦੇ ਵਸਨੀਕ ਡਾ: ਮੋਹਣ ਸਿੰਘ ਮਿਨਹਾਸ ਤੇ ਡਾ: ਹਰਜਿੰਦਰ ਪਾਲ ਕੌਰ ਦੇ ਲਾਡਲੇ ਤਨਵੀਰ ਸਿੰਘ ਨੇ 55ਵੀਂ ਨੈਸ਼ਨਲ ਸਕੂਲ ਗੇਮਜ਼ ਰੋਲਰ ਸਕੈਟਿੰਗ ਚੈਪੀਅਨਸ਼ਿਪ ਅੰਡਰ-19 ਦੇ ਰੋਲਰ ਸਕੈਟਿੰਗ ਸਪੀਡ ਮੁਕਾਬਲੇ ਵਿਚ ਸੋਨੇ ਦਾ ਤਗਮਾ ਜਿੱਤਿਆ ਅਤੇ ਰੋਡ ਰੇਸ ਵਿਚ ਤਾਂਬੇ ਦਾ ਤਗਮਾ ਜਿੱਤ ਕੇ ਇਤਿਹਾਸ ਸਿਰਜਿਆ ਹੈ।

ਆਖਰ 'ਹਾਕੀ ਪੰਜਾਬ' ਨੂੰ ਮਿਲੀ ਮਾਨਤਾ

ਲੁਧਿਆਣਾ, ਜਲੰਧਰ, 11 ਜਨਵਰੀ - ਪਿਛਲੇ 10 ਦਿਨ ਦੀ ਮਿਹਨਤ ਤੋਂ ਬਾਅਦ ਆਖਰ 'ਹਾਕੀ ਪੰਜਾਬ' ਨੇ 'ਹਾਕੀ ਇੰਡੀਆ' ਕੋਲੋਂ ਮਾਨਤਾ ਹਾਸਲ ਕਰਨ ਦਾ ਮੋਰਚਾ ਫਤਿਹ ਕਰ ਹੀ ਲਿਆ ਹੈ। ਜ਼ਿਕਰਯੋਗ ਹੈ ਕਿ ਹਾਕੀ ਪੰਜਾਬ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਅਤੇ ਜਨਰਲ ਸਕੱਤਰ ਪ੍ਰਗਟ ਸਿੰਘ ਨੇ ਹਾਕੀ ਪੰਜਾਬ ਲਈ ਮਾਨਤਾ ਦਿਵਾਉਣ ਲਈ ਸੰਘਰਸ਼ ਵਿੱਢਿਆ ਹੋਇਆ ਸੀ। ਭਾਂਵੇਂ ਪੰਜਾਬ ਦੀਆਂ ਹਾਕੀ ਦੇ ਖੇਤਰ ਵਿਚ ਬੈਠੀਆਂ ਕੁਝ ਕਾਲੀਆਂ ਭੇਡਾਂ ਨੇ ਹਾਕੀ ਪੰਜਾਬ ਨੂੰ ਮਾਨਤਾ ਦਿਵਾਉਣ ਵਿਚ ਕਾਫ਼ੀ ਹੱਦ ਤੱਕ ਰੁਕਾਵਟ ਪਾਈ, ਜਿਸਦਾ ਆਸਰਾ ਹਾਕੀ ਇੰਡੀਆ ਦੇ ਅਹੁਦੇਦਾਰਾਂ ਨੇ ਲਿਆ ਸੀ, ਪਰ ਅਖੀਰ ਪੰਜਾਬ ਹਾਕੀ ਦੇ ਆਹੁਦੇਦਾਰਾਂ ਵੱਲੋਂ ਲੜੀ ਗਈ ਸੱਚ ਦੀ ਲੜਾਈ ਦੀ ਜਿੱਤ ਹੋਈ ਅਤੇ ਹਾਕੀ ਇੰਡੀਆ ਦੇ ਅਹੁਦੇਦਾਰਾਂ ਨੂੰ ਹਾਕੀ ਪੰਜਾਬ ਅੱਗੇ ਝੁਕਣਾ ਪਿਆ ਅਤੇ ਉਸ ਨੂੰ ਮਾਨਤਾ ਦੇਣੀ ਪਈ। ਇਸ ਜਿੱਤ ਨਾਲ ਨਾ ਸਿਰਫ਼ ਹਾਕੀ ਪੰਜਾਬ ਬੁਲੰਦੀਆਂ ਵੱਲ ਨੂੰ ਵਧੇਗੀ ਸਗੋਂ ਹਾਕੀ ਇੰਡੀਆ 'ਤੇ ਵੀ ਪੰਜਾਬ ਦੀ ਸਰਦਾਰੀ ਬਣਨ ਦੇ ਆਸਾਰ ਬਣ ਗਏ ਹਨ। ਕਿਉਂਕਿ ਕਈ ਰਾਜਾਂ ਦੀਆਂ ਇਕਾਈਆਂ ਅਤੇ ਸਹਾਰਾ ਗਰੁੱਪ ਸ: ਸੁਖਬੀਰ ਸਿੰਘ ਬਾਦਲ ਜੇਕਰ ਇਹ ਹਾਕੀ ਇੰਡੀਆ ਦੀ ਚੋਣ ਲੜਦੇ ਹਨ ਤਾਂ ਉਹ ਖੁੱਲ੍ਹ ਕੇ ਹਮਾਇਤ ਕਰਨ ਨੂੰ ਤਿਆਰ ਹਨ।

ਪੰਜਾਬ ਪੱਧਰੀ ਤਿੰਨ ਰੋਜ਼ਾ ਨੈੱਟਬਾਲ ਮੁਕਾਬਲੇ 15 ਤੋਂ

ਹਰਚੋਵਾਲ, 11 ਜਨਵਰੀ - 15 ਤੋਂ 17 ਜਨਵਰੀ ਤੱਕ ਗੁਰੂ ਰਾਮ ਦਾਸ ਅਕੈਡਮੀ ਔਜਲਾ (ਗੁਰਦਾਸਪੁਰ) ਦੇ ਖੇਡ ਮੈਦਾਨ ਵਿਚ ਤਿੰਨ ਰੋਜ਼ਾ ਪੰਜਾਬ ਪੱਧਰੀ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਅੰਡਰ 16 ਸਾਲ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚੋਂ ਲਗਭਗ ਇਕ ਹਜ਼ਾਰ ਦੇ ਕਰੀਬ ਖਿਡਾਰੀਆਂ ਦੇ ਭਾਗ ਲੈਣ ਦੀ ਉਮੀਦ ਹੈ।

37ਵਾਂ ਚਾਰ ਰੋਜ਼ਾ ਅੰਤਰਰਾਸ਼ਟਰੀ ਕਬੱਡੀ ਕੱਪ ਸਮਾਪਤ

ਦਿੜ੍ਹਬਾ ਮੰਡੀ, 11 ਜਨਵਰੀ - ਦਿੜ੍ਹਬਾ ਮੰਡੀ ਵੱਲੋਂ 37ਵਾਂ ਚਾਰ ਰੋਜ਼ਾ ਅੰਤਰਰਾਸ਼ਟਰੀ ਕਬੱਡੀ ਕੱਪ ਕਰਵਾਇਆ ਗਿਆ। ਇਸ ਮੌਕੇ ਸ਼ਹੀਦ ਬਚਨ ਸਿੰਘ ਸਪੋਰਟਸ ਅਕੈਡਮੀ ਦਿੜ੍ਹਬਾ ਦੇ ਚਾਰ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਨੂੰ ਬੋਲਟ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ।

ਪਹਿਲਾ ਗੋਲਡ ਕਬੱਡੀ ਕੱਪ ਅਤੇ ਕੁਸ਼ਤੀ ਮੁਕਾਬਲੇ

ਮੁਕਤਸਰ, 11 ਜਨਵਰੀ - ਭਾਈ ਮਹਾਂ ਸਿੰਘ ਪਹਿਲਾ ਗੋਲਡ ਕਬੱਡੀ ਕੱਪ ਅਤੇ ਕੁਸ਼ਤੀਆਂ ਦੇ ਮੁਕਾਬਲੇ ਗੁਰੂ ਨਾਨਕ ਕਾਲਜ ਮੁਕਤਸਰ ਵਿਖੇ ਚੱਲ ਰਹੇ ਹਨ। ਇਸ ਕਬੱਡੀ ਟੂਰਨਾਮੈਂਟ ਵਿਚ ਪੰਜਾਬ ਤੋਂ ਅੱਠ ਟੀਮਾਂ ਨੇ ਭਾਗ ਲਿਆ ਅਤੇ ਕੁਸ਼ਤੀ ਦੰਗਲ ਵਿਚ ਪਾਕਿਸਤਾਨ ਦੇ ਇਨਾਮੀ ਪਹਿਲਵਾਨ ਸ਼ਾਮਿਲ ਹੋਏ। ਕੁਸ਼ਤੀਆਂ ਦੇ ਮੁਕਾਬਲੇ ਇਸ ਪ੍ਰਕਾਰ ਰਹੇ ਸੁਖਮੰਦਰ ਸਿੰਘ ਫ਼ਰੀਦਕੋਟ ਨੇ ਜੋਗਿੰਦਰ ਸਿੰਘ ਪੰਜਾਬ ਪੁਲਿਸ ਨੂੰ ਹਰਾਇਆ, ਸੁਖਚੈਨ ਸਿੰਘ ਮੁਕਤਸਰ ਨੇ ਹਰਭਜਨ ਲਾਲ ਫ਼ਿਰੋਜ਼ਪੁਰ, ਮਨਦੀਪ ਸਿੰਘ ਫ਼ਰੀਦਕੋਟ ਨੇ ਜਗਦੀਪ ਸਿੰਘ ਪੰਜਾਬ ਪੁਲਿਸ ਨੂੰ, ਮੁਹੰਮਦ ਅਮਿਰ ਪਾਕਿਸਤਾਨ ਹਰੀ ਕ੍ਰਿਸ਼ਨ ਭਾਰਤ ਨੂੰ, ਵਸੀਮ ਬਾਰੀ ਪਾਕਿਸਤਾਨ ਨੇ ਦਿਨੇਸ ਕੁਮਾਰ ਨੂੰ, ਹਰਦੀਪ ਸਿੰਘ ਭਾਰਤ ਨੇ ਫਰਹਾਨ ਬੱਬਰ ਪਾਕਿਸਤਾਨ ਨੂੰ, ਮੁਹੰਮਦ ਸੋਇਬ ਪਾਕਿਸਤਾਨ ਨੇ ਕੁਲਵੰਤ ਰਾਏ ਭਾਰਤ ਨੂੰ ਹਰਾਇਆ, ਜਦਕਿ ਔਰਤਾਂ ਦੇ ਕੁਸ਼ਤੀ ਮੁਕਾਬਲਿਆਂ ਵਿਚ ਜਸਪ੍ਰੀਤ ਕੌਰ ਅਤੇ ਵੀਰਪਾਲ ਕੌਰ ਦੋਨੋ ਫ਼ਰੀਦਕੋਟ ਨੇ ਅਮਨਜੀਤ ਕੌਰ ਅਤੇ ਮਨਦੀਪ ਕੌਰ ਦੋਨੋ ਫ਼ਿਰੋਜ਼ਪੁਰ ਨੂੰ ਹਰਾਇਆ।

ਹਾਕੀ ਇੰਡੀਆ ਦੀ ਚੋਣ 7 ਫਰਵਰੀ ਨੂੰ

ਨਵੀਂ ਦਿੱਲੀ, 11 ਜਨਵਰੀ - 'ਹਾਕੀ ਇੰਡੀਆ' ਦੀ ਚੋਣ ਆਗਾਮੀ 7 ਫਰਵਰੀ ਨੂੰ ਕਰਵਾਈ ਜਾਵੇਗੀ। 'ਹਾਕੀ ਪੰਜਾਬ' ਸਮੇਤ ਹੋਰ ਫੈਡਰੇਸ਼ਨਾਂ ਨੂੰ ਮਾਨਤਾ ਸਬੰਧੀ ਮੀਟਿੰਗ ਦੌਰਾਨ ਇਹ ਐਲਾਨ ਕੀਤਾ ਗਿਆ। 'ਹਾਕੀ ਇੰਡੀਆ' ਦੇ ਪ੍ਰਧਾਨ ਅਸ਼ੋਕ ਕੁਮਾਰ ਮੱਟੂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਆਬਜ਼ਰਵਰ ਐੱਸ. ਕੇ. ਮਹਿੰਦੀਰੱਤਾ 2 ਤੋਂ 6 ਫਰਵਰੀ ਤੱਕ ਰੁਝੇਵਿਆਂ 'ਚ ਰਹਿਣਗੇ। ਜਿਸ ਕਾਰਨ ਇਹ ਚੋਣ ਹੁਣ 7 ਫਰਵਰੀ ਨੂੰ ਕਰਵਾਈ ਜਾਵੇਗੀ।

ਪੰਜਾਬ ਰਾਜ ਕਰਾਸ ਕੰਟਰੀ ਚੈਂਪੀਅਨਸ਼ਿਪ 'ਚ ਕਪੂਰਥਲਾ ਮੋਹਰੀ

ਸੰਗਰੂਰ, 11 ਜਨਵਰੀ - 43ਵੀਂ ਪੰਜਾਬ ਰਾਜ ਕਰਾਸ ਕੰਟਰੀ (ਰੋਡ ਰੇਸ) ਚੈਂਪੀਅਨਸ਼ਿਪ ਪਿੰਡ ਮੰਗਵਾਲ 'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਜਾਬ ਪੁਲਿਸ, ਬਿਜਲੀ ਬੋਰਡ, ਬੀ.ਐਸ.ਐਫ ਤੇ ਰੇਲਵੇ ਕੋਚ ਫੈਕਟਰੀ ਕਪੂਰਥਲਾ ਤੋਂ ਇਲਾਵਾ 400 ਮੁੰਡੇ ਕੁੜੀਆਂ ਐਥਲੀਟਾਂ ਨੇ ਭਾਗ ਲਿਆ। ਨਤੀਜੇ 12 ਕਿਲੋਮੀਟਰ ਮਰਦ ਵਿਚ ਰੇਲਵੇ ਕੋਚ ਫੈਕਟਰੀ ਕਪੂਰਥਲਾ ਦੇ ਜੋਗਿੰਦਰ ਸਿੰਘ, ਪ੍ਰਵੀਨ ਕੁਮਾਰ, ਜਤਿੰਦਰ ਪਾਲ ਸਿੰਘ, ਰਵਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਦੂਸਰਾ ਸਥਾਨ ਟਾਰਜਨ ਕੁਮਾਰ, ਰਾਕੇਸ਼ ਕੁਮਾਰ, ਅਵਤਾਰ ਸਿੰਘ, ਜਗਵੰਤ ਸਿੰਘ ਨੇ ਪ੍ਰਾਪਤ ਕੀਤਾ। 8 ਕਿਲੋਮੀਟਰ 20 ਸਾਲ ਮੁੰਡਿਆਂ ਵਿਚ ਤਿਰਲੋਚਨ ਸਿੰਘ, ਅਵਤਾਰ ਸਿੰਘ, ਰਮਨਦੀਪ ਕੁਮਾਰ, ਬਲਰਾਜ ਸਿੰਘ ਸੰਰਗੂਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕੀਆਂ (20 ਸਾਲ) 6 ਕਿਲੋਮੀਟਰ ਦੀ ਦੌੜ ਵਿਚ ਨਵਜੋਤ ਕੌਰ ਹੁਸ਼ਿਆਰਪੁਰ ਨੇ ਪਹਿਲਾ, ਰਚਨਾ ਹੁਸ਼ਿਆਰਪੁਰ ਨੇ ਦੂਸਰਾ ਅਤੇ ਹਰਪ੍ਰੀਤ ਕੌਰ ਪਟਿਆਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 18 ਸਾਲ ਲੜਕੀਆਂ 4 ਕਿਲੋਮੀਟਰ ਵਿਚ ਸਜਾਤਾ ਯਾਦਵ ਬਠਿੰਡਾ ਨੇ ਪਹਿਲਾ, ਨਿਸ਼ਾ ਯਾਦਵ ਬਠਿੰਡਾ ਨੇ ਦੂਸਰਾ, ਨਵਨੀਤ ਕੌਰ ਸੰਗਰੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 18 ਸਾਲ ਲੜਕਿਆਂ ਦੇ 6 ਕਿਲੋਮੀਟਰ ਵਿਚ ਧਰਮਿੰਦਰ ਸਿੰਘ ਜਲੰਧਰ ਨੇ ਪਹਿਲਾ, ਸੁਖਦੇਵ ਸਿੰਘ ਫਿਰੋਜ਼ਪੁਰ ਨੇ ਦੂਸਰਾ, ਪਲਵਿੰਦਰ ਸਿੰਘ ਗੁਰਦਾਸਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਓਵਰ ਆਲ ਟਰਾਫੀ ਸੰਗਰੂਰ ਨੇ ਪ੍ਰਾਪਤ ਕੀਤੀ।

'ਹਾਕੀ ਇੰਡੀਆ' ਵੱਲੋਂ ਖਿਡਾਰੀਆਂ ਨੂੰ ਅਲਟੀਮੇਟਮ

ਨਵੀਂ ਦਿੱਲੀ, 11 ਜਨਵਰੀ - ਬਕਾਇਆ ਮਿਹਨਤਾਨਿਆਂ ਦੀ ਮੰਗ ਨੂੰ ਲੈ ਕੇ ਬਗਾਵਤ 'ਤੇ ਉੱਤਰੇ ਭਾਰਤੀ ਹਾਕੀ ਖਿਡਾਰੀਆਂ ਨੇ 'ਹਾਕੀ ਇੰਡੀਆ' ਵੱਲੋਂ ਮਿਲੇ ਭਰੋਸੇ 'ਤੇ ਯਕੀਨ ਨਾ ਕਰਦਿਆਂ ਸਿਖਲਾਈ ਕੈਂਪ ਦਾ ਬਾਈਕਾਟ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ ਜਦਕਿ ਖਿਡਾਰੀਆਂ ਦੇ ਇਸ ਐਲਾਨ ਤੋਂ ਗੁੱਸੇ 'ਚ ਆਏ 'ਹਾਕੀ ਇੰਡੀਆ' ਦੇ ਮੁੱਖੀ ਏ. ਕੇ. ਮੱਟੂ ਨੇ ਬਗਾਵਤ ਕਰਨ ਵਾਲੇ ਖਿਡਾਰੀਆਂ ਨੂੰ ਮੁਅੱਤਲੀ ਦੀ ਧਮਕੀ ਦਿੰਦਿਆਂ ਕੈਂਪ 'ਚ ਕੱਲ੍ਹ ਸ਼ਾਮ ਤੱਕ ਸ਼ਾਮਿਲ ਹੋਣ ਲਈ ਅਲਟੀਮੇਟਮ ਦਿੱਤਾ ਹੈ। ਬੀਤੇ ਦਿਨੀਂ ਸੀਨੀਅਰ ਖਿਡਾਰੀਆਂ ਵੱਲੋਂ ਨਵੀਂ ਦਿੱਲੀ ਵਿਖੇ 'ਹਾਕੀ ਇੰਡੀਆ' ਦੇ ਪ੍ਰਬੰਧਕਾਂ ਨਾਲ ਕੀਤੀ ਗੱਲਬਾਤ 'ਤੇ ਨਾਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਐਲਾਨ ਕੀਤਾ ਕਿ ਉਹ ਆਪਣੇ ਬਕਾਇਆਂ ਦੀ ਅਦਾਇਗੀ ਤੱਕ ਸਿਖਲਾਈ ਕੈਂਪ 'ਚ ਨਹੀਂ ਵੜਨਗੇ। ਇਸ ਦੇ ਨਾਲ ਹੀ ਮੱਟੂ ਨੇ ਐਲਾਨ ਕੀਤਾ ਕਿ ਬਗਾਵਤ ਕਰਨ ਵਾਲੇ ਖਿਡਾਰੀ ਬਖ਼ਸੇ ਨਹੀਂ ਜਾਣਗੇ ਅਗਰ ਉਨ੍ਹਾਂ ਨੇ ਕੈਂਪ 'ਚ ਸ਼ਮੂਲੀਅਤ ਨਾ ਕੀਤੀ ਤਾਂ ਉਨ੍ਹਾਂ ਨੂੰ ਭਾਰਤੀ ਕੈਂਪ 'ਚੋਂ ਮੁਅੱਤਲ ਵੀ ਕੀਤਾ ਜਾ ਸਕਦਾ ਹੈ। ਮੱਟੂ ਨੇ ਕਿਹਾ ਕਿ ਅਗਰ ਉਹ ਚਾਹੇ ਤਾਂ ਅੱਜ ਹੀ ਸਾਰੇ ਬਾਗੀ ਖਿਡਾਰੀਆਂ ਨੂੰ ਮੁਅੱਤਲ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਪਤਾ ਹੈ ਕਿ ਖਿਡਾਰੀਆਂ ਨੂੰ ਕੋਈ ਗਲਤ ਸਲਾਹਾਂ ਦੇ ਰਿਹਾ ਹੈ। ਜਿਸ ਕਾਰਨ ਉਹ ਇਹ ਕਦਮ ਹਾਲੇ ਨਹੀਂ ਚੁੱਕਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖਿਡਾਰੀਆਂ ਨੂੰ ਆਪਣੀ ਮੁਸ਼ਕਿਲ ਬਾਰੇ ਦੱਸ ਦਿੱਤਾ ਸੀ ਕਿ ਸਾਡੇ ਕੋਲ ਕੋਈ ਵੀ ਸਪਾਂਸਰ ਨਹੀਂ ਹੈ ਜਿਉਂ ਹੀ ਕੋਈ ਸਪਾਂਸਰ ਮਿਲ ਜਾਂਦਾ ਹੈ ਤਾਂ ਉਹ ਖਿਡਾਰੀਆਂ ਦੇ ਬਕਾਏ ਅਦਾ ਕਰ ਦੇਣਗੇ। ਖਿਡਾਰੀਆਂ ਨੇ ਪੂਰਾ ਦਿਨ ਕੈਂਪ ਦਾ ਬਾਈਕਾਟ ਜਾਰੀ ਰੱਖਿਆ ਜਿਸ ਕਾਰਨ ਹਾਕੀ ਇੰਡੀਆ ਨੂੰ ਖਿਡਾਰੀਆਂ ਨਾਲ ਗੱਲਬਾਤ ਕਰਨ ਲਈ ਆਪਣਾ ਨੁਮਾਇੰਦਾ ਇਕਰਾਮ ਖਾਨ ਪੂਨੇ ਲਈ ਰਵਾਨਾ ਕਰਨਾ ਪਿਆ। ਪੂਨਾ ਵਿਖੇ ਪੁੱਜਣ 'ਤੇ ਇਕਰਾਮ ਖਾਨ ਨੇ ਕਿਹਾ ਕਿ ਖਿਡਾਰੀ 'ਹਾਕੀ ਇੰਡੀਆ' ਨੂੰ ਬਲੈਕਮੇਲ ਕਰ ਰਹੇ ਹਨ। ਉਨ੍ਹਾਂ ਉਮੀਦ ਜਤਾਈ ਕਿ ਮੌਜੂਦਾ ਵਿਵਾਦ ਗੱਲਬਾਤ ਰਾਹੀਂ ਹੱਲ ਕਰ ਲਿਆ ਜਾਵੇਗਾ।

ਸ਼ਹੀਦ ਬਾਬਾ ਦੀਪ ਸਿੰਘ ਕਲੱਬ ਨਾਰਵੇ ਦੀ ਸਰਦਾਰੀ

ਦਿੜ੍ਹਬਾ ਮੰਡੀ, 10 ਜਨਵਰੀ - 37ਵਾਂ ਸ਼ਹੀਦ ਬਚਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ ਦਿੜ੍ਹਬਾ ਮੰਡੀ ਵੱਲੋਂ ਕਰਵਾਇਆ ਗਿਆ। ਕਬੱਡੀ ਕੱਪ ਦਾ ਪਹਿਲਾ ਇਨਾਮ ਜਿੱਤਣ ਲਈ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਦੋ ਦਰਜਨ ਕਬੱਡੀ ਅਕੈਡਮੀਆਂ ਦਰਮਿਆਨ ਮੁਕਾਬਲੇ ਕਰਵਾਏ ਗਏ। ਉਨ੍ਹਾਂ ਵਿਚੋਂ ਸ਼ਹੀਦ ਬਚਨ ਸਿੰਘ ਸਪੋਰਟਸ ਅਕੈਡਮੀ ਦਿੜ੍ਹਬਾ ਅਤੇ ਸਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਫਾਈਨਲ 'ਚ ਪੁੱਜੀਆਂ। ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਡੇਢ ਲੱਖ ਰੁਪਏ ਅਤੇ ਸ਼ਹੀਦ ਬਚਨ ਸਿੰਘ ਸਪੋਰਟਸ ਅਕੈਡਮੀ ਦਿੜ੍ਹਬਾ ਨੇ ਦੂਸਰਾ ਸਥਾਨ ਹਾਸਿਲ ਕਰਕੇ ਇਕ ਲੱਖ ਰੁਪਏ ਦਾ ਨਕਦ ਇਨਾਮ ਜਿੱਤਿਆ। ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਦੀਆਂ ਟੀਮਾਂ ਅਤੇ ਹਰਿਆਣਾ ਦੀਆਂ ਟੀਮਾਂ ਵਿਚ ਵੀ ਜਬਰਦਸਤ ਮੁਕਾਬਲੇ ਕਰਵਾਏ ਗਏ ਜਿਸ ਵਿਚ ਹਰਿਆਣਾ ਸੋਨੀਪਤ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ ਹਰਾ ਕੇ 51 ਹਜ਼ਾਰ ਦਾ ਪਹਿਲਾ ਇਨਾਮ ਪ੍ਰਾਪਤ ਕੀਤਾ ਅਤੇ ਗੁਰਦਾਸਪੁਰ ਨੂੰ 41 ਹਜ਼ਾਰ ਦਾ ਦੂਸਰਾ ਇਨਾਮ ਦਿੱਤਾ ਗਿਆ। ਲੜਕੀਆਂ ਦੇ ਸ਼ੋਅ ਮੈਚ ਦੌਰਾਨ ਜੀਂਦ ਨੇ ਪਹਿਲਾ ਅਤੇ ਨਾਰਵੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਢੇਰੀ ਵਾਲੀ ਕਬੱਡੀ ਵਿਚ ਅੰਮ੍ਰਿਤਸਰ ਨੇ ਪਹਿਲਾ ਅਤੇ ਗੁਰਦਾਸਪੁਰ ਨੇ ਦੂਜੀ ਪੁਜੀਸ਼ਨ ਪ੍ਰਾਪਤ ਕੀਤੀ। ਅੰਤਰਰਾਸ਼ਟਰੀ ਕਬੱਡੀ ਕੱਪ ਦੌਰਾਨ ਸ਼ਹੀਦ ਬਚਨ ਸਿੰਘ ਸਪੋਰਟਸ ਅਕੈਡਮੀ ਦਿੜ੍ਹਬਾ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਾਜ ਝੋਟ, ਕਾਲਾ ਸਨੇਤ, ਸਤੀਸ਼ ਖਟਕੜ ਅਤੇ ਮੌੜ ਕਕਰਾਲਾ ਨੂੰ ਬੋਲਟ ਮੋਟਰਸਾਇਕਲਾਂ ਨਾਲ ਸਨਮਾਨਿਤ ਕੀਤਾ ਗਿਆ।

ਮੀਰੀ-ਪੀਰੀ ਕਬੱਡੀ ਕੱਪ ਸਮਾਪਤ

ਮਹਿਰਾਜ, 10 ਜਨਵਰੀ - 4 ਰੋਜ਼ਾ ਮੀਰੀ ਪੀਰੀ ਕਬੱਡੀ ਕੱਪ ਮਹਿਰਾਜ ਦੇ ਖੇਡ ਸਟੇਡੀਅਮ 'ਚ ਕਰਵਾਇਆ ਗਿਆ। ਕਬੱਡੀ ਕੱਪ ਦੌਰਾਨ ਕਬੱਡੀ 70 ਕਿਲੋ 'ਚ ਮੀਰੀ-ਪੀਰੀ ਕਲੱਬ ਮਹਿਰਾਜ ਨੇ ਪਹਿਲਾ ਤੇ ਪਿੱਥੋ ਨੇ ਦੂਜਾ ਸਥਾਨ ਲਿਆ। ਕਬੱਡੀ ਓਪਨ ਵਿਚ ਭਾਈਰੂਪਾ ਪਹਿਲੇ ਤੇ ਮੀਰੀ ਪੀਰੀ ਕਲੱਬ ਮਹਿਰਾਜ ਨੂੰ ਦੂਜਾ ਸਥਾਨ ਹਾਸਲ ਹੋਇਆ। ਮੀਰੀ ਪੀਰੀ ਕਬੱਡੀ ਕੱਪ ਨੂੰ ਜਿੱਤਣ ਲਈ ਅੰਤਰਰਾਸ਼ਟਰੀ 8 ਅਕੈਡਮੀਆਂ ਦੇ ਸਿੰਗ ਫਸਵੇਂ ਮੁਕਾਬਲੇ ਦਰਸ਼ਕਾਂ ਨੂੰ ਵੇਖਣ ਨੂੰ ਮਿਲੇ ਜਿਨ੍ਹਾਂ 'ਚ ਨਿਰਵੈਰ ਖਾਲਸਾ ਅਕੈਡਮੀ ਪਟਿਆਲਾ ਨੇ ਕਬੱਡੀ ਕੱਪ ਨੂੰ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ ਜਦੋਂਕਿ ਦੂਜੇ ਇਨਾਮ ਦੀ ਹੱਕਦਾਰ ਭਗਵਾਨ ਅਕੈਡਮੀ ਫਰਵਾਹੀ ਬਣੀ। ਅੰਤਰਰਾਸ਼ਟਰੀ ਖਿਡਾਰੀ ਸੀਰਾ ਪਿੱਥੋ ਨੂੰ ਬੁਲਟ ਮੋਟਰਸਾਈਕਲ ਨਾਲ ਨਿਵਾਜਿਆ ਗਿਆ ਤੇ ਪੱਤਰਕਾਰ ਜਗਰੂਪ ਸਿੰਘ ਜਰਖੜ ਤੇ ਉੱਘੇ ਆਲੂ ਉਤਪਾਦਕ ਹਰਚਰਨ ਸਿੰਘ ਢਿੱਲੋਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਸ: ਹੀਰਾ ਸਿੰਘ ਗਾਬੜੀਆ ਕੈਬਨਿਟ ਮੰਤਰੀ ਪਹੁੰਚੇ।

24ਵੀਆਂ ਮਾਡਰਨ ਮਿੰਨੀ ਪੇਂਡੂ ਉਲੰਪਿਕ ਖੇਡਾਂ 22 ਤੋਂ

ਲੁਧਿਆਣਾ, 10 ਜਨਵਰੀ - 24ਵੀਆਂ ਮਾਡਰਨ ਮਿੰਨੀ ਪੇਂਡੂ ਉਲੰਪਿਕ ਖੇਡਾਂ 22 ਤੋਂ 25 ਜਨਵਰੀ ਤੱਕ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ 'ਚ ਕਰਵਾਈਆਂ ਜਾ ਰਹੀਆਂ ਹਨ। ਖੇਡਾਂ ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਦੀ ਸਰਪ੍ਰਸਤੀ ਹੇਠ ਕਰਵਾਈਆਂ ਜਾਣਗੀਆਂ। ਇਨ੍ਹਾਂ ਖੇਡਾਂ ਦਾ ਇਸ ਵਾਰ ਫਾਸਟਵੇਅ ਚੈਨਲ ਤੋਂ ਸਿੱਧਾ ਪ੍ਰਸਾਰਣ ਹੋਵੇਗਾ। ਇਸ ਤੋਂ ਇਲਾਵਾ 24 ਜਨਵਰੀ ਨੂੰ ਜੈਜ਼ੀ-ਬੀ ਅਤੇ 25 ਜਨਵਰੀ ਨੂੰ ਜਿੱਥੇ ਲੋਕ ਗਾਇਕ ਹਰਭਜਨ ਮਾਨ ਦਾ ਖੁੱਲ੍ਹਾ ਅਖਾੜਾ ਦਰਸ਼ਕਾਂ ਲਈ ਮੁੱਖ ਖਿੱਚ ਦਾ ਕੇਂਦਰ ਹੋਵੇਗਾ, ਉਥੇ ਪਾਕਿਸਤਾਨ ਦੀਆਂ ਕਬੱਡੀ ਅਤੇ ਕੁਸ਼ਤੀ ਟੀਮਾਂ ਵੀ ਖੇਡ ਪ੍ਰੇਮੀਆਂ ਲਈ ਇਕ ਵੱਖਰਾ ਆਕਰਸ਼ਨ ਪੈਦਾ ਕਰਨਗੀਆਂ। ਇਨ੍ਹਾਂ ਖੇਡਾਂ ਵਿਚ ਹਾਕੀ ਸੀਨੀਅਰ ਤੇ ਇਸਤਰੀਆਂ, ਐਸਟਰੋਟਰਫ਼ ਹਾਕੀ ਸਿਕਸ ਏ ਸਾਈਡ ਅੰਡਰ 14 ਸਾਲ ਬੱਚਿਆਂ ਦੇ ਮੁਕਾਬਲੇ, ਕਬੱਡੀ ਆਲ ਓਪਨ ਅਕੈਡਮੀਆਂ, ਕਬੱਡੀ ਇਕ ਪਿੰਡ ਓਪਨ, ਕੁਸ਼ਤੀਆਂ, ਹੈਂਡਬਾਲ, ਵਾਲੀਬਾਲ, ਬਾਸਕਿਟਬਾਲ, ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੋਣਗੇ। ਉਦਘਾਟਨੀ ਸਮਾਰੋਹ 23 ਜਨਵਰੀ ਨੂੰ ਹੋਵੇਗਾ। ਇਸ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਮਾਤਾ ਸਾਹਿਬ ਕੌਰ ਗੋਲਡ ਕੱਪ ਹਾਕੀ ਮੁਕਾਬਲਾ ਏਵਨ ਸਾਈਕਲ ਕੰਪਨੀ ਵੱਲੋਂ ਸਪਾਂਸਰ ਹੋਵੇਗਾ। ਫਾਈਨਲ ਸਮਾਰੋਹ 'ਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਸੰਦੀਪ ਸਿੰਘ ਨੂੰ ਉਲੰਪੀਅਨ ਸੁਰਜੀਤ ਸਿੰਘ ਐਵਾਰਡ, ਅਰਜਨਾ ਐਵਾਰਡੀ ਸੁਰਿੰਦਰ ਕੌਰ ਨੂੰ ਪ੍ਰਿਥੀਪਾਲ ਸਿੰਘ ਐਵਾਰਡ, ਲੋਕ ਗਾਇਕ ਕੁਲਦੀਪ ਮਾਣਕ ਨੂੰ ਸਭਿਆਚਾਰਕ ਐਵਾਰਡ, ਰੁਪਿੰਦਰ ਸਿੰਘ ਰਵੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਅਮਰਜੀਤ ਗਰੇਵਾਲ ਖੇਡ ਪ੍ਰਮੋਟਰ ਐਵਾਰਡ ਨਾਲ ਸਨਮਾਨਿਆ ਜਾਵੇਗਾ।

ਚੌਥਾ ਗੋਲਡ ਕਬੱਡੀ ਕੱਪ

ਮੋਗਾ, 10 ਜਨਵਰੀ - ਚੌਥਾ ਗੋਲਡ ਕਬੱਡੀ ਕੱਪ ਪਿੰਡ ਲੰਢੇਕੇ (ਮੋਗਾ) 'ਚ ਚੱਲ ਰਿਹਾ ਹੈ। ਇਸ ਕਬੱਡੀ ਕੱਪ ਦੇ ਦੂਜੇ ਦਿਨ ਕਬੱਡੀ ਰੇਡਰ ਸੁਖਵੀਰ ਸਰਾਵਾਂ ਨੂੰ ਬਲੈਰੋ ਗੱਡੀ ਦੀਆਂ ਚਾਬੀਆਂ ਟਹਿਲ ਸਿੰਘ ਸਿੱਧੂ, ਮੇਜਰ ਭਲੂਰ ਤੇ ਧੀਰਾ ਲੰਢੇਕੇ, ਹਰਵਿੰਦਰ ਫਤਿਹਗੜ੍ਹ ਦੇ ਪਰਿਵਾਰ ਵੱਲੋਂ ਦੇ ਕੇ ਸਨਮਾਨਿਤ ਕੀਤਾ। ਖੇਡੇ ਗਏ ਕਬੱਡੀ ਦੇ ਸੈਮੀਫਾਈਨਲ ਵਿਚ ਹਰਜੀਤ ਫਰੈਂਡਜ਼ ਪੱਤੋ ਹੀਰਾ ਸਿੰਘ ਨੇ ਹਰਜੀਤ ਤਲਵਾੜ ਕਲੱਬ ਜਗਰਾਉਂ ਨੂੰ 36-28 ਦੇ ਫਰਕ ਨਾਲ ਹਰਾਇਆ। ਹਰਜੀਤ ਫਰੈਂਡਜ਼ ਕਲੱਬ ਪੱਤੋ ਤੇ ਸੰਤ ਬਾਬਾ ਈਸ਼ਰ ਸਿੰਘ ਕਲੱਬ ਰਾੜਾ ਸਾਹਿਬ ਫਾਈਨਲ ਵਿਚ ਪ੍ਰਵੇਸ਼ ਕਰ ਗਈਆਂ। ਪਿੰਡ ਵਾਰ ਕਬੱਡੀ ਕੱਪ ਰਸੂਲਪੁਰ ਨੇ ਸਾਫੂਵਾਲਾ ਨੂੰ 2 ਅੰਕਾਂ ਦੇ ਫਰਕ ਨਾਲ ਹਰਾ ਕੇ ਕੱਪ 'ਤੇ ਕਬਜ਼ਾ ਜਮਾਇਆ। ਕਬੱਡੀ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਬੂ ਜਲਾਲ, ਬਿੱਲੀ ਭਲੂਰ, ਨਿਰਭੈ ਸਿੰਘ, ਗੁਰਪਿਆਰ ਸਿੰਘ ਕਲੇਰ, ਸੋਨੀ ਧੂੜਕੋਟ, ਗੁਰਪ੍ਰੀਤ ਸਿੰਘ ਭਲੂਰ, ਵਿੱਕੀ ਢੁੱਡੀ, ਸੀਲੂ ਨੂੰ ਮੋਟਰ ਸਾਇਕਲ ਦਾਨੀ ਸੱਜਣਾਂ ਵੱਲੋਂ ਮੇਜਰ ਭਲੂਰ ਤੇ ਦੀਲਾ ਧੂੜਕੋਟ, ਗੁਰਪ੍ਰੀਤ ਭੁੱਟੋ ਨੂੰ ਚਾਬੀਆਂ ਸੌਂਪੀਆਂ।

ਕਬੱਡੀ ਟੂਰਨਾਮੈਂਟ 25 ਤੋਂ

ਮੁੱਲਾਂਪੁਰ-ਦਾਖਾ, 10 ਜਨਵਰੀ - ਕਬੱਡੀ ਕੱਪ 25 ਜਨਵਰੀ ਨੂੰ ਮੰਡੀ ਮੁੱਲਾਂਪੁਰ ਦੀ ਆਜ਼ਾਦ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਮੰਡੀ ਮੁੱਲਾਂਪੁਰ ਗੁਰਮਤਿ ਭਵਨ ਸਾਹਮਣੇ ਅਕੈਡਮੀ ਦੀ ਥਾਂ ਪਿੰਡ ਵਾਰ ਕਬੱਡੀ ਕਲੱਬਾਂ ਦੇ ਮੁਕਾਬਲੇ ਕਰਵਾਏ ਜਾਣਗੇ। ਪਿੰਡ ਵਾਰ ਕਬੱਡੀ ਮੁਕਾਬਲਿਆਂ ਦੀ ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਅਤੇ ਉਪ-ਜੇਤੂ ਨੂੰ 41 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ।

ਪਿੰਡ ਢੁੱਡੀਕੇ ਦਾ 55ਵਾਂ ਖੇਡ ਮੇਲਾ 25 ਤੋਂ

ਅਜੀਤਵਾਲ, 10 ਜਨਵਰੀ - ਪਿੰਡ ਢੁੱਡੀਕੇ 'ਚ 55ਵਾਂ ਖੇਡ ਮੇਲਾ 25 ਤੋਂ 28 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ। ਇਹ ਖੇਡ ਮੇਲਾ ਲਾਲਾ ਲਾਜਪਤ ਰਾਏ ਦੀ ਯਾਦ 'ਚ ਕਰਵਾਇਆ ਜਾਵੇਗਾ। 25 ਜਨਵਰੀ ਤੋਂ ਪਿੰਡ ਵਾਰ ਹਾਕੀ ਦੇ ਮੁਕਾਬਲੇ ਸ਼ੁਰੂ ਹੋਣਗੇ, 26 ਨੂੰ ਬੱਚਿਆਂ ਦਾ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ, 27 ਨੂੰ ਮੁੱਖ ਮਹਿਮਾਨ ਪੰਜਾਬ ਨੈਸ਼ਨਲ ਬੈਂਕ ਦੇ ਜਨਰਲ ਮੈਨੇਜਰ ਹੋਣਗੇ, 27 ਨੂੰ ਪਿੰਡ ਵਾਰ ਓਪਨ ਕਬੱਡੀ ਮੁਕਾਬਲੇ ਵੀ ਹੋਣਗੇ। 28 ਨੂੰ ਨੌਰਥ ਫੈਡਰੇਸ਼ਨ ਦੀਆਂ ਅੱਠ ਅਕੈਡਮੀਆਂ ਭੜਨਗੀਆਂ।

ਪਿੰਡ ਬੁਰਜਹਰੀ ਦਾ ਕਬੱਡੀ ਕੱਪ ਸ਼ੁਰੂ

ਜੋਗਾ, 10 ਜਨਵਰੀ - ਤਿੰਨ ਰੋਜ਼ਾ ਕਬੱਡੀ ਕੱਪ ਪਿੰਡ ਬੁਰਜਹਰੀ ਵਿਖੇ ਚੱਲ ਰਿਹਾ ਹੈ। ਰਸਮੀ ਉਦਘਾਟਨ ਇਫਕੋ ਦੇ ਡਾਇਰੈਕਟਰ ਬਲਵਿੰਦਰ ਸਿੰਘ ਨਕਈ ਨੇ ਕਰਨ ਮੌਕੇ ਕਲੱਬ ਨੂੰ 25 ਹਜਾਰ ਰੁਪਏ ਦਾ ਚੈੱਕ ਵੀ ਭੇਟ ਕੀਤਾ। ਪਹਿਲੇ ਦਿਨ ਦੇ ਮੁਕਾਬਲਿਆਂ 'ਚ 33 ਕਿਲੋਗ੍ਰਾਮ ਵਿੱਚ ਬੁਰਜ ਹਰੀ ਨੇ ਪਹਿਲਾ, ਪੂਹਲਾ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 38 ਕਿਲੋ ਵਰਗ 'ਚ ਭਾਈ ਰੂਪਾ ਦੇ ਚੋਬਰਾਂ ਨੇ ਜੀਦਾ ਦੇ ਗੱਭਰੂਆਂ ਨੂੰ ਹਰਾਇਆ। ਵਾਲੀਬਾਲ ਸਮੈਸਿੰਗ ਵਿੱਚ ਪਿੰਡ ਗੰਗਾ ਦੀ ਟੀਮ ਨੇ ਪਹਿਲਾ, ਝੰਡੂਕੇ ਦੀ ਟੀਮ ਨੇ ਦੂਸਰਾ, ਕਬੱਡੀ 54 ਕਿਲੋ 'ਚ ਜਵਾਹਰਕੇ ਨੇ ਪਹਿਲਾ ਅਤੇ ਤਾਮਕੋਟ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।

ਕਬੱਡੀ ਟੂਰਨਾਮੈਂਟ 15 ਤੋਂ

ਮੱਲ੍ਹੀਆਂ ਕਲਾਂ, 10 ਜਨਵਰੀ - 30ਵਾਂ ਕਬੱਡੀ ਟੂਰਨਾਮੈਂਟ 15 ਤੋਂ 17 ਜਨਵਰੀ ਤੱਕ ਨਜ਼ਦੀਕੀ ਪਿੰਡ ਰਸੂਲਪੁਰ ਕਲਾਂ (ਜਲੰਧਰ) ਵਿਖੇ ਕਰਵਾਇਆ ਜਾ ਰਿਹਾ ਹੈ। ਕਬੱਡੀ ਓਪਨ ਨਿਰੋਲ ਪਿੰਡ ਪੱਧਰ, ਕਬੱਡੀ 60 ਕਿਲੋ, ਕਬੱਡੀ 56 ਕਿਲੋ, ਕਬੱਡੀ 53 ਕਿਲੋ, ਕਬੱਡੀ 54 ਕਿਲੋ, ਕਬੱਡੀ 45 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਜਿਸ ਵਿਚ ਕਬੱਡੀ ਓਪਨ ਪਿੰਡ ਪੱਧਰ ਨੂੰ ਪਹਿਲਾ ਇਨਾਮ 22000 ਰੁਪਏ, ਦੂਸਰਾ ਇਨਾਮ 16000 ਰੁਪਏ, 60 ਕਿਲੋ ਕਬੱਡੀ ਪਹਿਲਾ ਇਨਾਮ ਅੱਠ ਹਜ਼ਾਰ ਰੁਪਏ, ਦੂਸਰਾ ਇਨਾਮ ਸੱਤ ਹਜ਼ਾਰ ਰੁਪਏ, 56 ਕਿਲੋ ਭਾਰ ਵਿਚ ਪਹਿਲਾ ਇਨਾਮ ਤਿੰਨ ਹਜ਼ਾਰ, ਦੂਸਰਾ ਇਨਾਮ 2500 ਰੁਪਏ, ਕਬੱਡੀ 53 ਕਿਲੋ ਭਾਰ ਵਿਚ ਪਹਿਲਾ ਦੋ ਹਜ਼ਾਰ ਰੁਪਏ, ਦੂਸਰਾ ਇਨਾਮ 1500 ਰੁਪਏ, ਕਬੱਡੀ 45 ਕਿਲੋ ਭਾਰ 'ਚ ਪਹਿਲਾ ਇਨਾਮ 1500 ਰੁਪਏ, ਦੂਸਰਾ ਇਨਾਮ ਇਕ ਹਜ਼ਾਰ ਦਿੱਤੇ ਜਾਣਗੇ। 45 ਕਿਲੋ ਤੇ 53 ਕਿਲੋ ਭਾਰ ਵਰਗ ਦੇ ਮੁਕਾਬਲੇ 15 ਜਨਵਰੀ ਨੂੰ ਕਰਵਾਏ ਜਾਣਗੇ। ਕਬੱਡੀ 56 ਕਿਲੋ ਤੇ ਕਬੱਡੀ 60 ਕਿਲੋ ਭਾਰ ਵਰਗ ਦੇ ਮੁਕਾਬਲੇ 16 ਜਨਵਰੀ ਨੂੰ ਕਰਵਾਏ ਜਾਣਗੇ, ਕਬੱਡੀ ਓਪਨ ਨਿਰੋਲ ਪਿੰਡ ਪੱਧਰ ਦੇ ਮੁਕਾਬਲੇ 17 ਜਨਵਰੀ ਨੂੰ ਸਵੇਰੇ 9 ਵਜੇ ਕਰਵਾਏ ਜਾਣਗੇ ਤੇ ਆਖਰੀ ਦਿਨ 17 ਜਨਵਰੀ ਨੂੰ ਮੁੱਖ ਮਹਿਮਾਨ ਤੇ ਇਨਾਮਾਂ ਦੀ ਵੰਡ ਜਥੇਦਾਰ ਅਜੀਤ ਸਿੰਘ ਕੋਹਾੜ ਮਾਲ ਤੇ ਮੁੜ-ਵਸੇਬਾ ਮੰਤਰੀ ਪੰਜਾਬ ਸ਼ਾਮ 4 ਵਜੇ ਕਰਨਗੇ। ਪ੍ਰਵਾਸੀ ਭਾਰਤੀ ਸਤਨਾਮ ਸਿੰਘ ਕੈਨੇਡਾ ਨੇ ਹੋਰ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਕਬੱਡੀ ਦੀਆਂ ਚੋਟੀਆਂ ਦੀਆਂ ਅਕੈਡਮੀਆਂ ਦੇ ਖਿਡਾਰੀ ਪਹੁੰਚ ਰਹੇ ਹਨ।

ਨਵਪ੍ਰੀਤ ਕੌਰ ਨੇ ਜਿੱਤੇ 12 ਸੋਨ ਤਮਗੇ

ਸੰਗਰੂਰ, 9 ਜਨਵਰੀ - ਰੋਲਰ ਸਕੇਟਿੰਗ ਦੇ ਰਾਸ਼ਟਰ ਪੱਧਰੀ ਮੁਕਾਬਲਿਆਂ ਵਿਚ ਸੰਗਰੂਰ ਦੀ ਨਵਪ੍ਰੀਤ ਕੌਰ ਨੇ ਪੰਦਰਾਂ ਸਾਲਾਂ ਦੀ ਉਮਰ ਵਿਚ 12 ਮੈਡਲ ਜਿੱਤ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਕੁੜੀਆਂ ਵੀ ਹਰ ਮੈਦਾਨ ਫਤਹਿ ਕਰਨ ਜਾਣਦੀਆਂ ਹਨ। ਸੰਗਰੂਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਦਸਵੀਂ ਜਮਾਤ ਵਿਚ ਪੜਦੀ ਨਵਪ੍ਰੀਤ ਕੌਰ ਦੇ ਕੋਚ ਰਮੇਸ਼ ਕੁਮਾਰ ਮੁਤਾਬਕ ਨਵਪੀ੍ਰਤ ਕੌਰ ਚਾਰ ਘੰਟਿਆਂ ਤੋਂ ਵੱਧ ਸਮੇਂ ਤੱਕ ਅਭਿਆਸ ਕਰਦੀ ਹੈ। ਦਿੱਲੀ ਵਿਖੇ ਹੋਈਆਂ ਨੈਸ਼ਨਲ ਸਕੂਲ ਰੋਲਰ ਸਕੇਟਿੰਗ ਮੁਕਾਬਲਿਆਂ ਵਿਚ ਨਵਪ੍ਰੀਤ ਕੌਰ ਇਕ ਸੋਨੇ ਅਤੇ ਇਕ ਕਾਂਸੀ ਦਾ ਤਮਗਾ ਜਿੱਤ ਕੇ ਪਰਤੀ ਹੈ। ਇਸੇ ਤਰ੍ਹਾਂ 22ਵੀਂ, 23ਵੀਂ ਅਤੇ 24ਵੀਆਂ ਰਾਸ਼ਟਰੀ ਖੇਡਾਂ, ਜੋ ਕੋਲਕਾਤਾ ਅਤੇ ਵਿਸਾਖਾਪਟਨਮ ਵਿਖੇ ਹੋਈਆਂ, ਵਿਚੋਂ 2 ਸੋਨੇ 2 ਕਾਂਸੀ ਦੇ ਤਮਗੇ ਜਿੱਤੇ 25ਵੀਂ ਓਪਨ ਨੈਸ਼ਨਲ ਵਿਚੋਂ 2 ਸੋਨੇ ਦੇ ਅਤੇ 52ਵੀਂ, 53ਵੀਂ ਅਤੇ 54ਵੀਂ ਰਾਸ਼ਟਰੀ ਸਕੂਲ ਖੇਡਾਂ ਵਿਚ ਕਾਂਸੀ ਦੇ ਤਮਗੇ ਜਿੱਤ ਕੇ ਪੰਜਾਬ ਦਾ ਮਾਣ ਵਧਾ ਚੁੱਕੀ ਹੈ।

ਕਬੱਡੀ ਕੱਪ ਪਿੰਡ ਚਾਉਕੇ 'ਚ 14 ਤੋਂ

ਚਾਉਕੇ, 9 ਜਨਵਰੀ - ਵਿਸ਼ਾਲ ਕਬੱਡੀ ਕੱਪ 14 ਤੋਂ 16 ਜਨਵਰੀ ਤੱਕ ਪਿੰਡ ਚਾਉਕੇ ਦੇ ਖੇਡ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਖੇਡ ਮੇਲੇ ਵਿਚ ਕਬੱਡੀ ਓਪਨ, 70 ਕਿਲੋ, 60 ਕਿਲੋ, ਵਾਲੀਬਾਲ ਸ਼ੂਟਿੰਗ, ਰੱਸਾ-ਕਸੀ, ਕੁੱਤਿਆਂ ਦੀਆਂ ਦੌੜਾਂ ਅਤੇ ਤਾਸ਼ ਸੀਪ ਦੇ ਮੁਕਾਬਲੇ ਕਰਵਾਏ ਜਾਣਗੇ। ਖੇਡ ਮੇਲੇ ਦੇ ਅੰਤਿਮ ਦਿਨ ਦਾ ਉਦਘਾਟਨ ਇਫ਼ਕੋ ਦੇ ਵਾਈਸ ਚੇਅਰਮੈਨ ਸ: ਬਲਵਿੰਦਰ ਸਿੰਘ ਨਕੱਈ ਕਰਨਗੇ। 14 ਜਨਵਰੀ ਨੂੰ ਗਾਇਕ ਬਲਕਾਰ ਸਿੱਧੂ ਦਾ ਖੁੱਲ੍ਹਾ ਅਖਾੜਾ ਹੋਵੇਗਾ। 16 ਜਨਵਰੀ ਨੂੰ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਕਰਨਗੇ ਅਤੇ ਪ੍ਰਧਾਨਗੀ ਪੰਜਾਬ ਦੇ ਚੀਫ਼ ਪਾਰਲੀਮਾਨੀ ਸਕੱਤਰ (ਸਹਿਕਾਰਤਾ) ਸ: ਜਗਦੀਪ ਸਿੰਘ ਨਕੱਈ ਕਰਨਗੇ।

ਸਹੌਲੀ ਪੇਂਡੂ ਖੇਡ ਮੇਲਾ 21 ਤੋਂ

ਮੁੱਲਾਂਪੁਰ-ਦਾਖਾ, 9 ਜਨਵਰੀ - 21 ਤੋਂ 24 ਜਨਵਰੀ ਤੱਕ ਪਿੰਡ ਸਹੌਲੀ 'ਚ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਫੁੱਟਬਾਲ ਵਜ਼ਨੀ 58 ਕਿਲੋ, ਫੁੱਟਵਾਰ ਓਪਨ ਪਿੰਡ ਵਾਰ, ਕਬੱਡੀ 57 ਕਿਲੋ ਵਜ਼ਨੀ, ਕਬੱਡੀ ਓਪਨ ਪਿੰਡ ਵਾਰ ਮੁਕਾਬਲੇ ਹੋਣਗੇ।\

ਮਾਲਵਾ ਯੂਨਾਈਟਿਡ ਅਕੈਡਮੀ ਅੱਵਲ

ਮੋਗਾ, 8 ਜਨਵਰੀ - ਘੱਲ ਕਲਾਂ (ਮੋਗਾ) 'ਚ ਤਿੰਨ ਰੋਜ਼ਾਂ 74ਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਕਬੱਡੀ ਕੱਪ ਕਰਵਾਇਆ ਗਿਆ। ਹੋਏ ਮੁਕਾਬਲਿਆਂ ਵਿਚ ਮਾਲਵਾ ਯੂਨਾਈਟਿਡ ਕਲੱਬ ਘੱਲ ਕਲਾਂ ਨੇ 51 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਜਦੋਂ ਕਿ ਦੂਸਰਾ ਇਨਾਮ ਬਾਬਾ ਫਰੀਦ ਕਲੱਬ ਫਰੀਦਕੋਟ ਦੀ ਝੋਲੀ ਪਿਆ। ਕਬੱਡੀ 35 ਕਿੱਲੋ ਵਿਚ ਘੱਲ ਕਲਾਂ ਨੇ ਪਹਿਲਾ, ਸੰਘੇੜਾ ਨੇ ਦੂਸਰਾ। 40 ਕਿੱਲੋ ਵਿਚ ਭਿੰਡਰ ਕਲਾਂ ਨੇ ਪਹਿਲਾ ਘੱਲ ਕਲਾਂ ਨੇ ਦੂਸਰਾ। ਕਬੱਡੀ 62 ਕਿੱਲੋ ਵਿਚ ਪਹਿਲਾ ਸਥਾਨ ਘਰਾਚੋ ਅਤੇ ਦੂਸਰਾ ਡਰੋਲੀ ਭਾਈ। 70 ਕਿੱਲੋ ਵਿਚ ਪਹਿਲਾ ਸਥਾਨ ਭਲੂਰ, ਦੂਜਾ ਸਥਾਨ ਘੱਲ ਕਲਾਂ ਨੇ ਹਾਸਿਲ ਕੀਤਾ। ਅਕੈਡਮੀਆਂ ਦੇ ਹੋਏ ਫਸਵੇਂ ਮੁਕਾਬਲੇ ਵਿਚ ਪਹਿਲਾ ਇਨਾਮ ਅਕੈਡਮੀ ਸੁਖਦੇਵ ਸਿੰਘ ਬਰਾੜ ਚੰਨੂਵਾਲਾ ਕੈਨੇਡਾ ਨੇ ਦਿੱਤਾ।

ਬਾਬਾ ਨਾਮਦੇਵ ਜੀ ਘੁਮਾਣ 32ਵਾਂ ਖੇਡ ਮੇਲਾ 14 ਤੋਂ

ਸ੍ਰੀ ਹਰਗੋਬਿੰਦਪੁਰ/ਘੁਮਾਣ, 8 ਜਨਵਰੀ - ਬਾਬਾ ਨਾਮਦੇਵ ਜੀ ਘੁਮਾਣ 32ਵਾਂ ਸਾਲਾਨਾ ਅੰਤਰਰਾਸ਼ਟਰੀ ਖੇਡ ਮੇਲਾ 14 ਤੋਂ 16 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਕਬੱਡੀ, ਵਾਲੀਬਾਲ, ਹਾਕੀ, ਰੱਸਾਕਸ਼ੀ ਆਦਿ ਮੁਕਾਬਲੇ ਕਰਵਾਏ ਜਾਣਗੇ। ਕਬੱਡੀ ਮੈਚ 60 ਕਿਲੋ, 70 ਕਿਲੋ ਅਤੇ ਕੁੜੀਆਂ ਦਾ ਸ਼ੋਅ ਮੈਚ ਹੋਵੇਗਾ। 60 ਸਾਲ ਦੇ ਬਜ਼ੁਰਗਾਂ ਦੀ 200 ਮੀਟਰ ਦੌੜ ਹੋਵੇਗੀ। ਮੀਤ ਪ੍ਰਧਾਨ ਨੇ ਕਿਹਾ ਇਸ ਵਾਰੀ ਖੇਡ ਪ੍ਰੇਮੀਆਂ ਲਈ ਸਟੇਡੀਅਮ ਵਿਚ ਖਾਸ ਪ੍ਰਬੰਧ ਕੀਤਾ ਗਿਆ ਹੈ।

ਖੇਡ ਮੇਲਾ 4 ਫਰਵਰੀ ਤੋਂ

ਹਠੂਰ, 8 ਜਨਵਰੀ - 4 ਫਰਵਰੀ ਤੋਂ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਰਸੂਲਪੁਰ ਵੱਲੋਂ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਚ ਕਬੱਡੀ ਓਪਨ ਪਿੰਡ ਵਾਰ, 70 ਕਿਲੋ ਅਤੇ 58 ਕਿਲੋ ਤੋਂ ਇਲਾਵਾ ਬੱਚਿਆਂ ਦੇ ਕਬੱਡੀ ਮੁਕਾਬਲੇ ਵੀ ਕਰਵਾਏ ਜਾਣਗੇ।

ਜੇ. ਸੀ. ਟੀ. ਫੁੱਟਬਾਲ ਟੀਮ ਦੇ ਮੈਚਾਂ ਦਾ ਵੇਰਵਾ

ਫਗਵਾੜਾ, 8 ਜਨਵਰੀ - ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ ਓ.ਐਨ.ਜੀ.ਸੀ. ਦੇ ਲੀਗ ਮੈਚ ਕਰਵਾਏ ਜਾ ਰਹੇ ਹਨ। ਜਿਸ ਵਿਚ ਜੇ. ਸੀ. ਟੀ. ਮਿਲ 9 ਜਨਵਰੀ ਨੂੰ ਪੂਨਾ ਐਫ.ਸੀ. ਨਾਲ, 28 ਜਨਵਰੀ ਨੂੰ ਸਪੋਰਟਿੰਗ ਕਲੱਬ ਡੀ ਗੋਆ ਨਾਲ ਅਤੇ 2 ਫਰਵਰੀ ਨੂੰ ਏਅਰ ਇੰਡੀਆ ਮੁੰਬਈ ਨਾਲ ਭਿੜੇਗੀ। ਇਹ ਸਭ ਮੈਚ ਦੁਪਹਿਰ 2.00 ਵਜੇ ਸ਼ੁਰੂ ਹੋਣਗੇ।

37ਵਾਂ ਸ਼ਹੀਦ ਬਚਨ ਸਿੰਘ ਯਾਦਗਾਰੀ ਕਬੱਡੀ ਕੱਪ

ਦਿੜ੍ਹਬਾ ਮੰਡੀ, 8 ਜਨਵਰੀ - 37ਵਾਂ ਸ਼ਹੀਦ ਬਚਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ ਦਿੜ੍ਹਬਾ ਮੰਡੀ 'ਚ ਚੱਲ ਰਿਹਾ ਹੈ। ਇਸ ਦੇ ਦੂਜੇ ਦਿਨ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਸਕੱਤਰ ਜਨਰਲ ਸ: ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਗੁਰਬਚਨ ਸਿੰਘ ਬਚੀ ਏ.ਐਮ ਪੰਜਾਬ ਰਾਜ ਬਿਜਲੀ ਬੋਰਡ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਸ: ਬਾਦਲ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਉਨ੍ਹਾਂ ਨਾਲ ਯਾਦਗਾਰੀ ਤਸਵੀਰ ਵੀ ਖਿਚਵਾਈ। ਕਬੱਡੀ ਕੱਪ ਦੇ ਦੂਸਰੇ ਦਿਨ ਖੇਡ ਪ੍ਰੇਮੀਆਂ ਨਾਲ ਖਚਾ-ਖਚ ਭਰੇ ਸਟੇਡੀਅਮ ਵਿਚ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਦੋ ਦਰਜਨ ਕਬੱਡੀ ਅਕੈਡਮੀਆਂ ਦੇ ਜਬਰਦਸਤ ਫਸਵੇਂ ਮੁਕਾਬਲੇ ਕਰਵਾਏ ਗਏ। ਪਹਿਲਾ ਇਨਾਮ ਡੇਢ ਲੱਖ ਰੁਪਏ ਅਤੇ ਦੂਸਰਾ ਇਨਾਮ ਇਕ ਲੱਖ ਰੁਪਏ ਜਿੱਤ ਕੇ ਕੱਪ ਨੂੰ ਚੁੰਮਣ ਲਈ 9 ਫਰਵਰੀ ਨੂੰ ਸ਼ਹੀਦ ਬਚਨ ਸਿੰਘ ਸਪੋਰਟਸ ਅਕੈਡਮੀ ਦਿੜ੍ਹਬਾ, ਕੋਟਲੀ ਥਾਨ ਸਿੰਘ ਵਾਲਾ, ਬਾਬਾ ਬੁੱਢਾ ਕਲੱਬ ਰਾਮਦਾਸ, ਪੰਜਾਬ ਰਾਜ ਬਿਜਲੀ ਬੋਰਡ, ਬਾਬਾ ਦੀਪ ਸਿੰਘ ਕਲੱਬ ਨਾਰਵੇ, ਕਬੱਡੀ ਕਲੱਬ ਲਿੱਤਰਾ, ਕਬੱਡੀ ਕਲੱਬ ਸਿੱਧਸਰ ਜਰਗੜੀ ਅਤੇ ਗਿੱਲ ਸਪੈਰੋਟਸੀ ਜਰਗੜੀ ਦੀਆਂ ਕਬੱਡੀ ਅਕੈਡਮੀਆਂ ਅੱਡੀ ਚੋਟੀ ਦਾ ਜੋਰ ਲਗਾਉਣ ਗਈਆਂ। 9 ਜਨਵਰੀ ਨੂੰ ਸ਼ਾਮ 4 ਵਜੇ ਬੱਬੂ ਮਾਨ ਦਾ ਖੁੱਲਾ ਅਖਾੜਾ ਲਗਵਾਇਆ ਜਾਵੇਗਾ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਾਮ ਝੋਟ, ਮੌੜ ਕਕਰਾਲਾ, ਕਾਲਾ ਸਨੇਤ ਅਤੇ ਸਤੀਸ਼ ਖਟਕੜ ਨੂੰ ਐਬਸਫੋਰਡ ਕਬੱਡੀ ਕਲੱਬ ਵੈਨਕੂਵਰ ਕੈਨੇਡਾ ਵੱਲੋਂ ਬੋਲਟ ਮੋਟਰਸਾਇਕਲਾਂ ਨਾਲ ਸਨਮਾਨਿਤ ਕੀਤਾ ਜਾਣਾ ਹੈ।

ਸ਼ਹੀਦੀ ਪੇਂਡੂ ਖੇਡ ਮੇਲਾ 15 ਤੋਂ

ਰਾਏਕੋਟ, 8 ਜਨਵਰੀ - 15 ਤੋਂ 17 ਜਨਵਰੀ ਤੱਕ ਸ਼ਹੀਦੀ ਪੇਂਡੂ ਖੇਡ ਮੇਲਾ ਪਿੰਡ ਨੱਥੋਵਾਲ (ਲੁਧਿਆਣਾ) ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੌਰਾਨ ਕਬੱਡੀ 60, 70 ਤੇ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ। ਇਸਦੇ ਨਾਲ ਹੀ ਹਾਕੀ ਦੇ ਪਿੰਡ ਵਾਰ ਮੁਕਾਬਲੇ ਵੀ ਕਰਵਾਏ ਜਾਣਗੇ।

ਮਾਣੂੰਕੇ ਦਾ ਖੇਡ ਮੇਲਾ 17 ਤੋਂ

ਹਠੂਰ, 8 ਜਨਵਰੀ - 39ਵਾਂ ਪੇਂਡੂ ਖੇਡ ਮੇਲਾ ਪਿੰਡ ਮਾਣੂੰਕੇ 'ਚ 17-18 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਹ ਖੇਡ ਮੇਲਾ ਕਾਮਾਗਾਟਾ ਮਾਰੂ ਦੇ ਅਮਰ ਸ਼ਹੀਦ ਬਾਬਾ ਈਸ਼ਰ ਸਿੰਘ ਅਤੇ ਬਾਬਾ ਨਰੈਣ ਸਿੰਘ ਨਾਨਕਸਰ ਵਾਲਿਆਂ ਦੀ ਯਾਦ 'ਚ ਕਰਵਾਇਆ ਜਾਵੇਗਾ। ਇਸ ਖੇਡ ਮੇਲੇ 'ਚ ਫੁੱਟਬਾਲ ਓਪਨ ਪਿੰਡ ਵਾਰ, ਕਬੱਡੀ 40 ਕਿਲੋ, 52 ਕਿਲੋ, 62 ਕਿਲੋ ਅਤੇ ਓਪਨ ਕਬੱਡੀ ਦੇ ਮੁਕਾਬਲਿਆਂ ਤੋਂ ਇਲਾਵਾ 17 ਅਤੇ 18 ਜਨਵਰੀ 2010 ਨੂੰ ਬੈਲ ਗੱਡੀਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ।

ਗੁਰੂ ਗੋਬਿੰਦ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ 2 ਤੋਂ

ਲੁਧਿਆਣਾ, 8 ਜਨਵਰੀ - ਪਦਮ ਸ੍ਰੀ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀ.ਏ.ਯੂ. ਲੁਧਿਆਣਾ 'ਚ 6ਵਾਂ ਆਲ ਇੰਡੀਆ ਗੁਰੂ ਗੋਬਿੰਦ ਸਿੰਘ ਹਾਕੀ ਟੂਰਨਾਮੈਂਟ 2 ਤੋਂ 8 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਦੀ ਸਰਪ੍ਰਸਤੀ ਹੇਠ ਕਰਵਾਇਆ ਜਾਵੇਗਾ। ਇਸ ਕੌਮੀ ਪੱਧਰ ਦੇ ਟੂਰਨਾਮੈਂਟ 'ਚ ਪਾਕਿਸਤਾਨ ਦੀ ਗੋਜਰਾ ਕਲੱਬ ਤੋਂ ਇਲਾਵਾ ਵਰਤਮਾਨ ਚੈਂਪੀਅਨ ਇੰਡੀਅਨ ਆਇਲ ਦਿੱਲੀ, ਏਅਰ ਇੰਡੀਆ ਮੁੰਬਈ, ਨਾਮਧਾਰੀ ਇਲੈਵਨ ਭੈਣੀ ਸਾਹਿਬ, ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ ਦਿੱਲੀ, ਬੀ. ਐਸ. ਐਫ., ਓ. ਐਨ. ਜੀ. ਸੀ. ਦੇਹਰਾਦੂਨ, ਭਾਰਤ ਪੈਟਰੋਲੀਅਮ ਦਿੱਲੀ ਆਦਿ ਹਿੱਸਾ ਲੈਣਗੀਆਂ। ਇਸ ਤੋਂ ਇਲਾਵਾ ਇਸਤਰੀਆਂ ਦੇ ਵਰਗ 'ਚ ਰੇਲਵੇ ਹਰਿਆਣਾ ਇਲੈਵਨ, ਚੰਡੀਗੜ੍ਹ ਇਲੈਵਨ ਪੰਜਾਬ ਆਦਿ ਹਿੱਸਾ ਲੈਣਗੀਆਂ। ਇਹ ਟੂਰਨਾਮੈਂਟ ਲੀਗ-ਕਮ-ਨਾਕਅਉਟ ਪ੍ਰਣਾਲੀ ਦੇ ਆਧਾਰ 'ਤੇ ਖੇਡਿਆ ਜਾਵੇਗਾ।

ਗੋਲਡ ਕਬੱਡੀ ਕੱਪ ਤੇ ਵਾਲੀਬਾਲ ਟੂਰਨਾਮੈਂਟ 9 ਤੋਂ

ਸੁਲਤਾਨਪੁਰ ਲੋਧੀ, 7 ਜਨਵਰੀ - ਗੋਲਡ ਕਬੱਡੀ ਕੱਪ ਤੇ ਵਾਲੀਬਾਲ ਟੂਰਨਾਮੈਂਟ 9 ਜਨਵਰੀ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਸੁਲਤਾਨਪੁਰ ਲੋਧੀ ਕਪੂਰਥਲਾ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੋਵੇਗਾ। ਇਸ ਟੂਰਨਾਮੈਂਟ ਵਿਚ 6 ਨਾਮਵਰ ਕਬੱਡੀ ਕਲੱਬਾਂ ਵਿੱਚ ਪੰਜਾਬ ਦੇ ਪ੍ਰਸਿੱਧ ਕਬੱਡੀ ਖਿਡਾਰੀ ਸ਼ਾਮਿਲ ਹਨ। ਇਸੇ ਤਰ੍ਹਾਂ ਵਾਲੀਵਾਲ ਦੀਆਂ ਉੱਤਰੀ ਭਾਰਤ ਦੀਆਂ ਚਾਰੇ ਵਾਲੀਵਾਲ ਟੀਮਾਂ ਵਿੱਚ ਪੰਜ ਅਰਜਨਾ ਐਵਾਰਡੀ ਖਿਡਾਰੀ ਸ਼ਾਮਿਲ ਹਨ।

ਕੈਨੇਡਾ ਕਬੱਡੀ ਕੱਪ ਹੁਣ 24 ਨੂੰ

ਜਗਰਾਉਂ, 7 ਜਨਵਰੀ - ਕੈਨੇਡਾ ਕਬੱਡੀ ਕੱਪ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਹੁਣ 24 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕੈਨੇਡਾ ਕਬੱਡੀ ਕੱਪ 'ਚ ਜਿਥੇ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਸਿੱਧ ਕਬੱਡੀ ਅਕੈਡਮੀਆਂ ਭਿੜਨਗੀਆਂ, ਉਥੇ ਪ੍ਰਸਿੱਧ ਕਲਾਕਾਰ ਬੱਬੂ ਮਾਨ ਦੀ ਗਾਇਕੀ ਦਾ ਖੁੱਲ੍ਹਾ ਅਖਾੜਾ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੇਗਾ।

ਮੀਰੀ-ਪੀਰੀ ਕਬੱਡੀ ਕੱਪ ਸ਼ੁਰੂ

ਮਹਿਰਾਜ, 7 ਜਨਵਰੀ - ਪਿੰਡ ਮਹਿਰਾਜ 'ਚ ਮੀਰੀ-ਪੀਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਦੇ ਪਹਿਲੇ ਦਿਨ ਕਬੱਡੀ 35 ਕਿਲੋ ਭਾਰ ਵਰਗ ਦੇ ਮੁਕਾਬਲਿਆਂ ਵਿਚੋਂ ਸਮਾਧ ਭਾਈ ਪਹਿਲੇ ਤੇ ਰਾਮਪੁਰਾ ਦੂਧਾਧਾਰੀ ਨੇ ਦੂਜਾ ਸਥਾਨ ਹਾਸਲ ਕੀਤਾ। ਕੁੱਤਿਆਂ ਦੀਆਂ ਦੌੜਾਂ 'ਚ ਕ੍ਰਮਵਾਰ ਬਲਵੰਤ ਸਿੰਘ ਚੁੱਪਕੀਤੀ ਦਾ ਕੁੱਤਾ, ਅਮਰ ਸਿੰਘ ਗੁੰਮਟੀ ਦਾ ਕੁੱਤਾ, ਬੂਟਾ ਸਿੰਘ ਰਾਉਲੀ ਦਾ ਕੁੱਤਾ, ਬਲਵੰਤ ਸਿੰਘ ਘਣੀਆ ਦਾ ਕੁੱਤਾ, ਬੱਬੀ ਸਿੰਘ ਦਿਆਲਪੁਰਾ ਦਾ ਕੁੱਤਾ, ਲੱਕੀ ਸਿੰਘ ਧੰਨੀ ਧਾਲੀਵਾਲ ਦਾ ਕੁੱਤਾ ਤੇ ਕੇਵਲ ਸਿੰਘ ਸੈਦੋਵਾਲ ਦੇ ਕੁੱਤੇ ਨੇ ਜਿੱਤਿਆ। ਇਸ ਤਰ੍ਹਾਂ ਕਬੱਡੀ 45 ਕਿਲੋ ਭਾਰ ਵਰਗ ਦੀਆਂ 33 ਟੀਮਾਂ ਤੇ ਫੁੱਟਬਾਲ ਦੀਆਂ 20 ਟੀਮਾਂ ਦੇ ਮੈਚ ਵੀ ਹੋਏ।

63ਵਾਂ ਕਲਗੀਧਰ ਕਮਾਲਪੁਰਾ ਖੇਡ ਮੇਲਾ 27 ਤੋਂ

ਜਗਰਾਉਂ, 7 ਜਨਵਰੀ - 27 ਤੋਂ 31 ਜਨਵਰੀ ਤੱਕ ਜਗਰਾਉਂ ਤੋਂ ਰਾਏਕੋਟ ਰੋਡ 'ਤੇ ਬਣੇ ਆਲੀਸ਼ਾਨ ਕਲਗੀਧਰ ਸਟੇਡੀਅਮ ਵਿਚ 63ਵਾਂ ਕਲਗੀਧਰ ਕਮਾਲਪੁਰਾ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਤੇ ਖੇਡ ਡਾਇਰੈਕਟਰ ਪ੍ਰਗਟ ਸਿੰਘ ਨੂੰ 'ਸ਼ਾਨ ਪੰਜਾਬ ਦੀ ਐਵਾਰਡ' ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਖੇਡ ਮੇਲੇ ਮੌਕੇ ਕਬੱਡੀ, ਹਾਕੀ, ਫੁੱਟਬਾਲ, ਵਾਲੀਬਾਲ, ਘੋੜਿਆਂ ਦੀ ਦੌੜ ਅਤੇ ਕੁੱਤਿਆਂ ਦੀ ਦੌੜ ਦੇ ਫਸਵੇਂ ਮੁਕਾਬਲੇ ਹੋਣਗੇ।

ਮੁੱਕੇਬਾਜ਼ੀ ਮੁਕਾਬਲਿਆਂ 'ਚ ਸ਼ਾਮਿਲ ਹੋਣ ਵਾਲੇ ਪੰਜਾਬ ਦੇ ਮੁੱਕੇਬਾਜ਼

ਪਟਿਆਲਾ, 7 ਜਨਵਰੀ - ਮੁੰਬਈ 'ਚ 11 ਤੋਂ 16 ਜਨਵਰੀ ਤੱਕ ਅੰਤਰ ਜੋਨ ਮੁੱਕੇਬਾਜ਼ੀ ਸੁਪਰ ਕੱਪ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਮੁਕਾਬਲਿਆਂ ਲਈ ਪੰਜਾਬ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 9 ਤੇ 10 ਜਨਵਰੀ ਨੂੰ ਗੁੜਗਾਉਂ ਵਿਖੇ ਹੋ ਰਹੀ ਉੱਤਰੀ ਜ਼ੋਨ ਮਹਿਲਾ ਮੁੱਕੇਬਾਜ਼ੀ ਦੀ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸੁਪਰ ਕੱਪ ਲਈ ਚੁਣੀ ਗਈ ਪੰਜਾਬ ਦੀ ਟੀਮ 'ਚ ਸਤਿਗੁਰ ਸਿੰਘ ਐਸ.ਟੀ.ਸੀ. ਮਸਤੂਆਣਾ 64 ਕਿਲੋ, ਪਰਮਿੰਦਰ ਸਿੰਘ ਪੀ.ਏ.ਵੀ. 81 ਕਿਲੋ, ਮਨਜੀਤ ਸਿੰਘ ਪਟਿਆਲਾ +91 ਕਿਲੋ, ਧੀਰਜ ਕੁਮਾਰ ਪਟਿਆਲਾ 48 ਕਿਲੋ, ਸੁਨੀਲ ਕੁਮਾਰ ਬਠਿੰਡਾ 51 ਕਿਲੋ, ਦੀਪਕ ਬੈਂਸ ਜਲੰਧਰ 54 ਕਿਲੋ ਤੇ ਕਰਮਪਾਲ ਸਿੰਘ ਪਟਿਆਲਾ 69 ਕਿਲੋ ਸ਼ਾਮਲ ਕੀਤੇ ਗਏ ਹਨ। ਇਸ ਟੀਮ ਨਾਲ ਬਲਕਾਰ ਸਿੰਘ ਜੱਸੋਵਾਲ ਕੋਚ ਵਜੋਂ, ਸ੍ਰੀ ਸੰਤੋਸ਼ ਦੱਤਾ ਰੈਫਰੀ ਵਜੋਂ ਜਾਣਗੇ। ਉਧਰ ਉੱਤਰੀ ਜ਼ੋਨ ਚੈਂਪੀਅਨਸ਼ਿਪ ਲਈ ਚੁਣੀ ਗਈ ਪੰਜਾਬ ਦੀ ਮਹਿਲਾ ਟੀਮ 'ਚ ਗੁਰਹਰਕੀਰਤ ਕੌਰ ਮਾਨਸਾ 46 ਕਿਲੋ, ਪ੍ਰੀਤੀ ਮਹਿਰਾ ਜਲੰਧਰ 54 ਕਿਲੋ, ਅਨੀਤਾ ਰਾਣੀ ਪਟਿਆਲਾ 64 ਕਿਲੋ, ਗੁਰਪ੍ਰੀਤ ਕੌਰ ਪਟਿਆਲਾ 81 ਕਿਲੋ ਤੇ ਰੇਨੂੰ ਬਾਲਾ ਗੁਰਦਾਸਪੁਰ +81 ਕਿਲੋ ਦੀ ਚੋਣ ਕੀਤੀ ਗਈ ਹੈ। ਇਸ ਟੀਮ ਨਾਲ ਗੁਰਪ੍ਰੀਤ ਕੌਰ ਪੰਜਾਬ ਪੁਲਿਸ ਕੋਚ ਵਜੋਂ ਜਾਣਗੇ।

55ਵੀਆਂ ਨੈਸ਼ਨਲ ਸਕੂਲ ਖੇਡਾਂ 'ਚ ਪੰਜਾਬ ਦੀ ਝੰਡੀ

ਜਲੰਧਰ, 6 ਜਨਵਰੀ - ਜੰਮੂ 'ਚ 55ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਟੈਨਿਸ ਬਾਲ ਕ੍ਰਿਕਟ ਚੈਂਪੀਅਨਸ਼ਿਪ ਦੇ ਅੰਡਰ 19 ਸਾਲ ਵਰਗ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੀ ਟੀਮ ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ ਤੇ ਗੋਆ ਦੀ ਟੀਮਾਂ ਨੇ ਸੋਨ ਤਗਮਾ ਹਾਸਿਲ ਕੀਤਾ।

ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਸੈਮੀਫਾਈਨਲ 'ਚ

ਪਟਿਆਲਾ, 6 ਜਨਵਰੀ - ਕੁੱਲ ਹਿੰਦ ਅੰਤਰਵਰਸਿਟੀ ਫੁੱਟਬਾਲ ਚੈਂਪੀਅਨਸ਼ਿਪ ਕੋਇੰਬਟੂਰ (ਕੇਰਲਾ) 'ਚ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਕੇਰਲਾ ਯੂਨੀਵਰਸਿਟੀ ਸੈਮੀਫਾਈਨਲ 'ਚ ਪਹੁੰਚ ਗਈਆਂ ਹਨ। ਕਰਵਾਏ ਗਏ ਮੁਕਾਬਲਿਆਂ ਵਿਚ ਕੋਚ ਦਲਬੀਰ ਸਿੰਘ ਤੇ ਸਹਾਇਕ ਕੋਚ ਬਹਾਦਰ ਸਿੰਘ ਦੀ ਅਗਵਾਈ ਵਾਲੀ ਪੰਜਾਬੀ ਵਰਸਿਟੀ ਦੀ ਟੀਮ ਨੇ ਕੰਨੂਰ ਵਰਸਿਟੀ ਦੀ ਟੀਮ ਨੂੰ 4-0 ਨਾਲ ਹਰਾ ਕੇ ਆਖਰੀ ਚਾਰ ਵਿਚ ਥਾਂ ਬਣਾਈ। ਜੇਤੂ ਟੀਮ ਲਈ ਹਰਪ੍ਰੀਤ ਸਿੰਘ ਨੇ 2, ਸੁਸ਼ੀਲ ਕੁਮਾਰ, ਕਰਮਪ੍ਰੀਤ ਸਿੰਘ ਨੇ 1-1 ਗੋਲ ਕੀਤਾ। ਸੈਮੀਫਾਈਨਲ ਵਿਚ ਪੰਜਾਬੀ ਯੂਨੀਵਰਸਿਟੀ ਦਾ ਪੰਜਾਬ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕੇਰਲਾ ਯੂਨੀਵਰਸਿਟੀ ਨਾਲ ਮੁਕਾਬਲਾ ਹੋਵੇਗਾ।

ਕੌਮੀ ਸਬ ਜੂਨੀਅਰ ਬਾਸਕਟਬਾਲ ਚੈਂਪੀਅਨਸ਼ਿਪ 'ਚ ਸ਼ਾਮਲ ਹੋਣ ਵਾਲੇ ਪੰਜਾਬੀ ਖਿਡਾਰੀ

ਲੁਧਿਆਣਾ, 6 ਜਨਵਰੀ - 7 ਤੋਂ 13 ਜਨਵਰੀ ਤੱਕ ਰਾਜਸਥਾਨ 'ਚ ਕੌਮੀ ਸਬ ਜੂਨੀਅਰ ਬਾਸਕਟਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਪੰਜਾਬ ਦੀਆਂ ਮੁੰਡੇ ਅਤੇ ਕੁੜੀਆਂ ਦੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਮੁੰਡਿਆਂ ਦੇ ਵਰਗ ਵਿਚ ਅਜੀਤ ਸਿੰਘ, ਕੁੜੀਆਂ ਦੇ ਵਰਗ ਵਿਚ ਪ੍ਰਿਯੰਕਾ ਪੰਜਾਬ ਟੀਮਾਂ ਦੀ ਅਗਵਾਈ ਕਰੇਗੀ।

ਰਾਸ਼ਟਰੀ ਫੁੱਟਬਾਲ ਲੀਗ ਦੇ ਤਿੰਨ ਮੈਚ ਲੁਧਿਆਣਾ 'ਚ

ਲੁਧਿਆਣਾ, 6 ਜਨਵਰੀ - ਕੌਮੀ ਫੁੱਟਬਾਲ ਲੀਗ ਦੇ ਤਿੰਨ ਮੈਚ ਭਾਰਤੀ ਫੁੱਟਬਾਲ ਫੈਡਰੇਸ਼ਨ ਨੇ ਲੁਧਿਆਣਾ 'ਚ ਅਲਾਟ ਕੀਤੇ ਹਨ। ਕੌਮੀ ਲੀਗ ਦੇ ਹੁਣ ਤੱਕ 8 ਗੇੜਾ ਦੇ ਮੈਚ ਹੋ ਚੁੱਕੇ ਹਨ। ਨੌਵੇ ਗੇੜ ਦਾ ਪਹਿਲਾ ਮੈਚ 9 ਜਨਵਰੀ ਨੂੰ ਜੇ. ਸੀ. ਟੀ. ਅਤੇ ਪੂਨਾ ਫੁੱਟਬਾਲ ਕਲੱਬ ਵਿਚਕਾਰ ਦੁਪਹਿਰ ਦੋ ਵਜੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਵੇਗਾ। ਜਦਕਿ ਅਗਲੇ ਦੋ ਮੈਚ ਜਿਨ੍ਹਾਂ ਵਿਚ 28 ਜਨਵਰੀ ਨੂੰ ਖੇਡੇ ਜਾਣਗੇ।

ਗੁਰੀ ਕੈਨੇਡਾ ਕਬੱਡੀ ਕੱਪ 'ਚ ਨਕੋਦਰ ਜੇਤੂ

ਸੰਗਰੂਰ, 5 ਜਨਵਰੀ - ਦੂਜਾ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਸੰਗਰੂਰ ਵੱਲੋਂ ਗੁਰੀ ਕੈਨੇਡਾ ਦੀ ਯਾਦ ਵਿਚ ਕਰਵਾਇਆ ਗਿਆ। ਇਸ ਦੇ ਫਾਈਨਲ ਮੈਚ ਵਿਚ ਨਕੋਦਰ ਦੀ ਟੀਮ ਨੇ ਮੈਚ ਜਿੱਤ ਕੇ ਟੂਰਨਾਮੈਂਟ ਆਪਣੇ ਨਾਮ ਕਰ ਲਿਆ ਜਦੋਂ ਕਿ ਨਾਰਵੇ ਦੀ ਟੀਮ ਦੂਸਰੇ ਨੰਬਰ 'ਤੇ ਰਹੀ। ਇਸ ਮੌਕੇ ਖੁਸ਼ੀ ਦਿੜ੍ਹਬਾ ਨੂੰ ਉਸਦੀਆਂ ਪ੍ਰਾਪਤੀਆਂ ਬਦਲੇ ਸਵਿਫਟ ਕਾਰ, ਦਰਸ਼ਨ ਸਿੰਘ ਬਚੀ ਘਰਾਚੋਂ ਨੂੰ ਅਲਟੋ, ਰਾਜੂ ਨੰਗਲ, ਸਤਨਾਮ ਖੇੜੀ, ਕਾਲਾ ਲੁਧਿਆਣਾ ਅਤੇ ਸਤੀਸ਼ ਖਟਕੜ ਕਲਾਂ ਨੂੰ (ਚਾਰਾਂ ਨੂੰ) ਇਨ ਫੀਲਡ ਬੁਲਟ ਮੋਟਰ ਸਾਇਕਲ ਦੇ ਕੇ ਸਨਮਾਨਿਆ।

24ਵੀਆਂ ਮਿੰਨੀ ਉਲੰਪਿਕ ਖੇਡਾਂ 22 ਜਨਵਰੀ ਤੋਂ

ਲੁਧਿਆਣਾ, 5 ਜਨਵਰੀ - 24ਵੀਆਂ ਮਾਡਰਨ ਮਿੰਨੀ ਪੇਂਡੂ ਉਲੰਪਿਕ ਖੇਡਾਂ 22 ਤੋਂ 25 ਜਨਵਰੀ ਤੱਕ ਜਰਖੜ ਦੇ ਖੇਡ ਸਟੇਡੀਅਮ 'ਚ ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਦੀ ਸਰਪ੍ਰਸਤੀ ਹੇਠ ਕਰਵਾਈਆਂ ਜਾ ਰਹੀਆਂ ਹੈ। ਇਨ੍ਹਾਂ ਖੇਡਾਂ ਦੌਰਾਨ 25 ਜਨਵਰੀ ਨੂੰ ਜਿੱਥੇ ਲੋਕ ਗਾਇਕ ਹਰਭਜਨ ਮਾਨ ਦਾ ਖੁੱਲ੍ਹਾ ਅਖਾੜਾ ਦਰਸ਼ਕਾਂ ਲਈ ਮੁੱਖ ਖਿੱਚ ਦਾ ਕੇਂਦਰ ਹੋਵੇਗਾ, ਉਥੇ ਪਾਕਿਸਤਾਨ ਦੀਆਂ ਕਬੱਡੀ ਅਤੇ ਕੁਸ਼ਤੀ ਟੀਮਾਂ ਵੀ ਖੇਡ ਪ੍ਰੇਮੀਆਂ ਲਈ ਇਕ ਵੱਖਰਾ ਆਕਰਸ਼ਨ ਪੈਦਾ ਕਰਨਗੀਆਂ। ਇਨ੍ਹਾਂ ਖੇਡਾਂ 'ਚ ਹਾਕੀ ਸੀਨੀਅਰ 'ਤੇ ਇਸਤਰੀਆਂ, ਐਸਟਰੋਟਰਫ਼ ਹਾਕੀ ਸਿਕਸ ਏ ਸਾਈਡ ਅੰਡਰ 12 ਸਾਲ ਬੱਚਿਆਂ ਦੇ ਮੁਕਾਬਲੇ, ਕਬੱਡੀ ਆਲ ਓਪਨ ਅਕੈਡਮੀਆਂ, ਕਬੱਡੀ ਇਕ ਪਿੰਡ ਓਪਨ, ਕੁਸ਼ਤੀਆਂ, ਹੈਂਡ ਬਾਲ, ਬਾਲੀਬਾਲ, ਬਾਸਕਿਟਬਾਲ, ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੋਣਗੇ। ਖੇਡਾਂ ਉਦਘਾਟਨੀ ਸਮਾਰੋਹ ਜੋ 23 ਜਨਵਰੀ ਨੂੰ ਹੋਵੇਗਾ। ਉਲੰਪੀਅਨ ਅਵਨੀਤ ਕੌਰ ਸਿੱਧੂ ਉਲੰਪੀਕ ਟਾਰਚ ਨੂੰ ਜਗਾਏਗੀ। ਇਸ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਹਾਕੀ ਦਾ ਗੋਲਡ ਕੱਪ ਏਵਨ ਸਾਈਕਲ ਕੰਪਨੀ ਵੱਲੋਂ ਸਪਾਂਸਰ ਹੋਵੇਗਾ। ਹਾਕੀ ਅਤੇ ਬਾਸਕਿਟਬਾਲ ਦੇ ਮੁਕਾਬਲੇ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਕਰਵਾਏ ਜਾਣਗੇ।

ਪੰਜਾਬ ਸਕੂਲ ਖੇਡਾਂ ਦੇ ਮੁੱਕੇਬਾਜ਼ੀ ਮੁਕਾਬਲੇ 17 ਤੋਂ

ਜਲੰਧਰ, 5 ਜਨਵਰੀ - 55ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਅੰਡਰ 14 ਸਾਲ ਮੁੱਕਾਬਾਜ਼ੀ ਦੇ ਮੁਕਾਬਲੇ ਪਹਿਲੀ ਵਾਰ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵੱਲੋਂ ਕਰਵਾਏ ਜਾ ਰਹੇ ਹਨ। ਇਸ ਸਬੰਧੀ ਨੈਸ਼ਨਲ ਪੱਧਰ ਦੇ ਮੁਕਾਬਲੇ 17 ਤੋਂ 20 ਜਨਵਰੀ ਤੱਕ ਅਕੋਲਾ ਮਹਾਰਾਸ਼ਟਰ ਵਿਖੇ ਕਰਵਾਏ ਜਾ ਰਹੇ ਹਨ ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਇਸ ਦੇ ਰਾਜ ਪੱਧਰੀ ਮੁਕਾਬਲੇ 7 ਤੋਂ 9 ਜਨਵਰੀ ਤੱਕ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ ਜਿਸ ਵਿਚ 28, 30, 32, 34, 36, 38, 40, 42, 44, 46, 48 ਤੇ 50 ਕਿੱਲੋ ਵਰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਟੀਮ ਵਿਚ 11 ਮੈਂਬਰ ਸ਼ਾਮਿਲ ਕੀਤੇ ਜਾ ਸਕਦੇ ਹਨ ਤੇ 1-1-1996 ਤੋਂ ਬਾਅਦ ਪੈਦਾ ਹੋਏ ਖਿਡਾਰੀ ਇਸ ਪ੍ਰਤੀਯੋਗਤਾ ਵਿਚ ਹਿੱਸਾ ਲੈ ਸਕਦੇ ਹਨ।

ਹਾਕੀ ਇੰਡੀਆ ਬਨਾਮ ਹਾਕੀ ਪੰਜਾਬ

ਨਵੀਂ ਦਿੱਲੀ, 5 ਜਨਵਰੀ - ਪੰਜਾਬ ਸਮੇਤ ਮੱਧ ਪ੍ਰਦੇਸ਼, ਮੁੰਬਈ, ਕੇਰਲਾ ਅਤੇ ਝਾਰਖੰਡ ਦੇ ਹਾਕੀ ਸੰਘ ਵੀ ਮਾਨਤਾ ਦੀ ਮੰਗ ਕਰ ਰਹੇ ਹਨ। ਉਕਤ ਰਾਜ ਅੰਤ੍ਰਿਮ ਬਾਡੀ ਦੀਆਂ 29 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਮਾਨਤਾ ਲੈਣਾ ਚਾਹੁੰਦੇ ਹਨ। ਭਾਰਤੀ ਹਾਕੀ ਨੇ ਪੰਜਾਬ ਹਾਕੀ ਸੰਘਠਨ ਦੇ ਚੋਣ ਤਰੀਕੇ ਨੂੰ ਲੈ ਕਿ ਮਾਨਤਾ ਦਾ ਕੇਸ ਲਟਕਾਇਆ ਜਾ ਰਿਹਾ ਹੈ। ਹਾਕੀ ਇੰਡੀਆ ਦੇ ਪ੍ਰਧਾਨ ਏ ਕੇ ਮਾਤੂ ਵੱਲੋਂ ਹਾਕੀ ਪੰਜਾਬ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਨੂੰ ਭੇਜੇ ਪੱਤਰ 'ਚ ਕਿਹਾ ਹੈ ਕਿ ਪੰਜਾਬ ਇਕਾਈ ਦੇ ਚੋਣ ਸਬੰਧੀ ਲੋੜੀਂਦੇ ਵੇਰਵੇ ਪੇਸ਼ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਕਾਈ ਦੀ ਚੋਣ ਕਰਨ ਲਈ ਕੀਤੀਆਂ ਗਈਆਂ ਮੀਟਿੰਗਾਂ ਦੀ ਸਮਾਂ ਸਾਰਨੀ ਅਤੇ ਮਾਨਤਾ ਲੈਣ ਲਈ ਮੰਗ ਕਰਦੀਆਂ ਮੀਟਿੰਗਾਂ 'ਚ ਭਾਗ ਲੈਣ ਵਾਲੇ ਮੈਂਬਰਾਂ ਦਾ ਵੇਰਵਾ ਪੇਸ਼ ਕੀਤਾ ਜਾਵੇ।

ਕਬੱਡੀ ਅਤੇ ਵਾਲੀਬਾਲ ਟੂਰਨਾਮੈਂਟ 8 ਤੋਂ

ਬੰਗਾ, 5 ਜਨਵਰੀ - 8-9 ਜਨਵਰੀ ਨੂੰ ਪਿੰਡ ਹੇੜੀਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸੰਤ ਬਾਪੂ ਇੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਕਬੱਡੀ ਅਤੇ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।

ਕੁੱਲ ਹਿੰਦ 'ਵਰਸਿਟੀ ਫੁੱਟਬਾਲ ਚੈਂਪੀਅਨਸ਼ਿਪ

ਪਟਿਆਲਾ, 5 ਜਨਵਰੀ - ਕੋਇੰਬਟੂਰ 'ਚ ਕੁੱਲ ਹਿੰਦ ਅੰਤਰ ਵਰਸਿਟੀ ਫੁੱਟਬਾਲ ਚੈਂਪੀਅਨਸ਼ਿਪ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੁਆਰਟਰ ਫਾਈਨਲ 'ਚ ਖੇਡਣ ਦਾ ਹੱਕ ਪ੍ਰਾਪਤ ਕਰ ਲਿਆ ਹੈ। ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਆਪਣੇ ਤਿੰਨੇ ਪੂਲ ਮੈਚ ਸ਼ਾਨ ਨਾਲ ਜਿੱਤ ਕੇ ਆਖਰੀ ਅੱਠ 'ਚ ਥਾਂ ਬਣਾਈ। ਪੰਜਾਬੀ ਯੂਨੀਵਰਸਿਟੀ ਨੇ ਕੋਲਕਾਤਾ ਵਰਸਿਟੀ ਦੀ ਟੀਮ ਨੂੰ ਪਵਨਦੀਪ ਮੋਗਾ, ਕਰਮਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਦੇ 1-1 ਗੋਲ ਸਦਕਾ 3-0 ਨਾਲ, ਮੇਜ਼ਬਾਨ ਭਾਰਤੀ ਯੂਨੀਵਰਸਿਟੀ ਕੋਇੰਬਟੂਰ ਨੂੰ ਪਵਨਦੀਪ ਸਿੰਘ ਦੇ 2, ਕਰਮਪ੍ਰੀਤ ਤੇ ਸੁਸ਼ੀਲ ਕੁਮਾਰ ਦੇ 1-1 ਸਦਕਾ 4-0 ਨਾਲ ਅਤੇ ਤੀਸਰੇ ਮੈਚ ਵਿਚ ਬਰਕਤਉਲਾ ਯੂਨੀਵਰਸਿਟੀ ਭੁਪਾਲ ਨੂੰ ਪਵਨਦੀਪ ਸਿੰਘ ਦੇ 2 ਤੇ ਪ੍ਰੀਤਜੋਤ ਸਿੰਘ ਦੇ 1 ਗੋਲ ਸਦਕਾ 3-0 ਨਾਲ ਹਰਾ ਕੇ ਜੇਤੂ ਮੁਹਿੰਮ ਜਾਰੀ ਰੱਖੀ। ਉਧਰ ਆਖਰੀ ਪੂਲ ਮੈਚ 'ਚ ਕੇਰਲਾ ਹੱਥੋਂ 1-0 ਨਾਲ ਹਾਰਨ ਦੇ ਬਾਵਜੂਦ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਮ ਆਖਰੀ ਅੱਠ 'ਚ ਪੁੱਜ ਗਈ। ਕੁਆਰਟਰ ਫਾਈਨਲ 'ਚ ਪੰਜਾਬੀ ਯੂਨੀਵਰਸਿਟੀ ਦਾ ਕਨੂਰ ਯੂਨੀਵਰਸਿਟੀ ਨਾਲ, ਕੇਰਲਾ ਯੂਨੀਵਰਸਿਟੀ ਦਾ ਮਿਜ਼ੋਰਮ ਵਰਸਿਟੀ ਨਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਮੁੰਬਈ ਯੂਨੀਵਰਸਿਟੀ ਨਾਲ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਬਰਕਤਉਲਾ ਯੂਨੀਵਰਸਿਟੀ ਭੁਪਾਲ ਨਾਲ ਮੁਕਾਬਲਾ ਹੋਵੇਗਾ। ਇਸ ਟੂਰਨਾਮੈਂਟ 'ਚ ਦੇਸ਼ ਦੀਆਂ ਕੁੱਲ 174 ਵਰਸਿਟੀਆਂ ਹਿੱਸਾ ਲੈ ਰਹੀਆਂ ਹਨ।

5ਵਾਂ ਕਬੱਡੀ ਕੱਪ 18 ਜਨਵਰੀ ਤੋਂ

ਰਾੜਾ ਸਾਹਿਬ, 5 ਜਨਵਰੀ - 5ਵਾਂ ਕਬੱਡੀ ਕੱਪ 18 ਜਨਵਰੀ ਨੂੰ ਰਾੜਾ ਸਾਹਿਬ ਦੇ ਖੇਡ ਸਟੇਡੀਅਮ 'ਚ ਸੰਤ ਈਸ਼ਰ ਸਿੰਘ ਜੀ ਦੀ ਯਾਦ 'ਚ ਕਰਵਾਇਆ ਜਾ ਰਿਹਾ ਹੈ। ਇਸ ਕੱਪ ਵਿਚ ਨਾਮਵਾਰ ਅੱਠ ਕਬੱਡੀ ਅਕੈਡਮੀਆਂ ਦੇ ਖਿਡਾਰੀਆਂ ਦੇ ਭੇੜ ਹੋਣਗੇ ਤੇ 40 ਸਾਲਾਂ ਵੈਟਰਨ ਸ਼ੋਅ ਮੈਚ ਲੁਧਿਆਣਾ ਤੇ ਮੋਗਾ ਵਿਚਕਾਰ ਹੋਵੇਗਾ। ਪਹਿਲਾ ਇਨਾਮ ਇਕ ਲੱਖ ਰੁਪਏ ਤੇ ਦੂਸਰਾ ਇਨਾਮ 75000 ਰੁਪਏ ਦਿੱਤਾ ਜਾਵੇਗਾ।

ਅੰਤਰਰਾਸ਼ਟਰੀ ਕੈਨੇਡਾ ਕਬੱਡੀ ਕੱਪ ਮੁਲਤਵੀ

ਲੁਧਿਆਣਾ, 4 ਜਨਵਰੀ - ਅੰਤਰਰਾਸ਼ਟਰੀ ਕੈਨੇਡਾ ਕਬੱਡੀ ਕੱਪ ਜੋ ਕਿ 7 ਜਨਵਰੀ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ ਕਰਵਾਇਆ ਜਾ ਰਿਹਾ ਸੀ। ਇਸ ਕਬੱਡੀ ਕੱਪ ਅਤੇ ਲੋਕ ਗਾਇਕ ਬੱਬੂ ਮਾਨ ਦਾ ਅਖਾੜਾ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਿਆ ਹੈ ਕਿਉਂਕਿ ਗੁਰੂ ਨਾਨਕ ਸਟੇਡੀਅਮ ਵਿਚ ਪਿਛਲੇ ਇਕ ਹਫ਼ਤੇ ਤੋਂ ਹੋ ਰਹੀ ਫ਼ੌਜੀ ਭਰਤੀ ਕਾਰਨ ਕੈਨੇਡਾ ਕਬੱਡੀ ਕੱਪ ਮੁਲਤਵੀ ਕਰਨਾ ਪਿਆ। ਫ਼ੌਜ ਦੀ ਭਰਤੀ ਜੋ 6 ਜਨਵਰੀ ਤੱਕ ਹੋਣੀ ਸੀ, ਪਰ ਫ਼ੌਜ 'ਚ ਭਰਤੀ ਲਈ ਆਏ ਜਵਾਨਾਂ ਦੀ ਗਿਣਤੀ ਵਧਣ ਕਾਰਨ ਭਰਤੀ ਦਾ ਕੰਮ 8 ਜਨਵਰੀ ਤੱਕ ਚੱਲਣ ਦਾ ਅਨੁਮਾਨ ਹੈ। ਫ਼ੌਜੀ ਅਧਿਕਾਰੀ ਨੇ 7 ਜਨਵਰੀ ਨੂੰ ਸਟੇਡੀਅਮ ਦੇਣ ਤੋਂ ਅਸਮਰਥਾ ਪ੍ਰਗਟਾਈ ਹੈ। ਕੈਨੇਡਾ ਕਬੱਡੀ ਕੱਪ ਹੁਣ ਲੋਹੜੀ ਦੇ ਲਾਗੇ ਕਰਵਾਇਆ ਜਾਵੇਗਾ, ਇਸ ਦੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ। 9 ਜਨਵਰੀ ਨੂੰ ਕੌਮੀ ਫੁੱਟਬਾਲ ਲੀਗ ਵਿਚ ਜੇ. ਸੀ. ਟੀ. ਦਾ ਮੈਚ ਮਿੱਥੇ ਪ੍ਰੋਗਰਾਮ ਅਨੁਸਾਰ ਹੋਵੇਗਾ। ਇਹ ਮੈਚ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਵੇਗਾ।

ਫੁੱਲਾਂਵਾਲ ਕਬੱਡੀ ਕੱਪ 21 ਤੋਂ

ਇਯਾਲੀ/ਥਰੀਕੇ, 4 ਜਨਵਰੀ - ਦੂਜਾ ਦੋ ਰੋਜ਼ਾ ਅੰਤਰਰਾਸ਼ਟਰੀ ਕਬੱਡੀ ਕੱਪ 21-22 ਜਨਵਰੀ ਨੂੰ ਕਰਨੈਲ ਸਿੰਘ ਨਗਰ ਨਜ਼ਦੀਕ ਪਿੰਡ ਫੁੱਲਾਂਵਾਲ 'ਚ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਸਵ: ਖਿਡਾਰੀ ਜਗਪਾਲ ਸਿੰਘ ਬਿੱਟੂ, ਜਗਦੀਪ ਸਿੰਘ ਦੀਪ ਅਤੇ ਹਰਭਜਨ ਸਿੰਘ ਭੱਜੀ ਦੀ ਯਾਦ ਨੂੰ ਸਮਰਪਿਤ ਹੋਵੇਗਾ।

5ਵਾਂ ਨਰਦੀਪ ਯਾਦਗਾਰੀ ਖੇਡ ਮੇਲਾ 7 ਤੋਂ

ਕੁਹਾੜਾ, 4 ਜਨਵਰੀ - 5ਵਾਂ ਨਰਦੀਪ ਯਾਦਗਾਰੀ ਖੇਡ ਮੇਲਾ ਪਿੰਡ ਰਾਮਗੜ੍ਹ (ਨੇੜੇ ਕੁਹਾੜਾ) 'ਚ 7 ਤੋਂ 10 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਸਵ: ਤੇਜਾ ਸਿੰਘ ਮਾਂਗਟ ਯਾਦਗਾਰੀ ਕਬੱਡੀ ਕੱਪ ਵੀ ਹੋਏਗਾ।

28ਵਾਂ ਤਿੰਨ ਰੋਜ਼ਾ ਖੇਡ ਮੇਲਾ 22 ਤੋਂ

ਧਨੌਲਾ, 4 ਜਨਵਰੀ - 28ਵਾਂ ਤਿੰਨ ਰੋਜ਼ਾ ਖੇਡ ਮੇਲਾ 22 ਤੋਂ 24 ਜਨਵਰੀ ਤੱਕ ਧਨੌਲਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ (ਪੱਕਾ ਬਾਗ) 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਚ 22 ਜਨਵਰੀ ਨੂੰ ਕਬੱਡੀ 57 ਕਿਲੋ, 62 ਕਿਲੋ ਦੇ ਫਾਈਨਲ ਮੁਕਾਬਲੇ ਕਰਵਾਏ ਜਾਣਗੇ ਅਤੇ ਬਾਸਕਿਟਬਾਲ (ਰਨਿੰਗ ਟਰਾਫੀ), ਫੁੱਟਬਾਲ, ਵਾਲੀਬਾਲ, ਦੇਸੀ ਸਾਈਕਲ ਅਤੇ ਠੇਲ੍ਹੀ ਰੇਸ ਮੁਕਾਬਲੇ ਕਰਵਾਏ ਜਾਣਗੇ। 23 ਜਨਵਰੀ ਨੂੰ ਇਕ ਪਿੰਡ ਓਪਨ ਕਬੱਡੀ, ਟਰਾਲੀ ਬੈਕ ਮੁਕਾਬਲੇ, ਫੁੱਟਬਾਲ, ਵਾਲੀਬਾਲ, ਬਾਸਕਿਟਬਾਲ ਦੇ ਫਾਈਨਲ ਮੁਕਾਬਲੇ ਕਰਵਾਏ ਜਾਣਗੇ। 24 ਜਨਵਰੀ ਨੂੰ ਅੱਠ ਅੱਤਰ ਰਾਸ਼ਟਰੀ ਕਬੱਡੀ ਅਕੈਡਮੀਆਂ ਜੌਹਰ ਵਿਖਾਉਣਗੀਆਂ। ਬਾਅਦ ਦੁਪਹਿਰ ਤੋਂ ਦੇਰ ਰਾਤ ਤੱਕ ਸੱਭਿਆਚਾਰਕ ਸਮਾਗਮ ਪੇਸ਼ ਕੀਤਾ ਜਾਵੇਗਾ।

ਜਰਗ ਕਬੱਡੀ ਕੱਪ 27 ਤੋਂ

ਜੌੜੇਪੁਲ ਜਰਗ, 4 ਜਨਵਰੀ - ਜਰਗ ਕਬੱਡੀ ਕੱਪ 27 ਤੋਂ 29 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ। 29 ਜਨਵਰੀ ਨੂੰ ਪੰਜਾਬ ਦੀਆਂ 8 ਚੋਟੀ ਦੀਆਂ ਅਕੈਡਮੀਆਂ ਦੇ ਫਸਵੇਂ ਮੁਕਾਬਲੇ ਕਰਵਾਏ ਜਾਣਗੇ।

ਪਵਾਦੜਾ ਖੇਡ ਮੇਲਾ 7 ਤੋਂ

ਜਲੰਧਰ, 4 ਜਨਵਰੀ - 7-9 ਜਨਵਰੀ ਤੱਕ ਫਿਲੌਰ ਤੋਂ ਤਲਵਨ ਰੋਡ 'ਤੇ ਵਸੇ ਪਿੰਡ ਪਵਾਦੜਾ 'ਚ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਪਹਿਲੇ ਦਿਨ ਕਬੱਡੀ ਭਾਰ ਵਰਗ 48 ਕਿੱਲੋ, 60 ਕਿੱਲੋ ਤੇ ਵਾਲੀਬਾਲ ਦੇ ਪਿੰਡ ਪੱਧਰ 'ਤੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ 65 ਕਿੱਲੋ ਪਿੰਡ ਪੱਧਰ ਤੇ 70 ਕਿੱਲੋ ਭਾਰ ਵਰਗ ਕਲੱਬਾਂ ਦੇ ਦਿਲ-ਖੱਚਵੇਂ ਮੁਕਾਬਲੇ ਵੀ ਕਰਵਾਏ ਜਾਣਗੇ। 9 ਜਨਵਰੀ ਦਿਨ ਸਨਿਚਰਵਾਰ ਨੂੰ ਮਾਲਵੇ-ਦੋਆਬੇ ਦਾ ਸ਼ੋਅ ਮੈਚ ਵੀ ਦਰਸ਼ਕ ਅੱਖਾਂ ਤੱਕਣਗੀਆਂ।

ਪਹਿਲਾ ਤਿੰਨ ਰੋਜ਼ਾ ਹਾਕੀ ਟੂਰਨਾਮੈਂਟ 22 ਤੋਂ

ਮੋਗਾ, 3 ਜਨਵਰੀ - 22 ਤੋਂ 24 ਜਨਵਰੀ ਤੱਕ ਖਾਲਸਾ ਸੀਨੀਅਰ ਸੈਕੰਡਰ ਦੇ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ 'ਚ ਪਹਿਲਾ ਤਿੰਨ ਰੋਜ਼ਾ ਰਾਸ਼ਟਰੀ ਮੋਗਾ ਗੋਲਡ ਕੱਪ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ। ਇਸ ਟੂਰਨਾਮੈਂਟ ਵਿਚ ਦੇਸ਼ ਦੀਆਂ ਨਾਮਵਰ 8 ਹਾਕੀ ਟੀਮਾਂ ਪ੍ਰਦਰਸ਼ਨ ਕਰਨਗੀਆਂ। ਜਿੰਨਾਂ ਵਿਚ ਆਰ.ਸੀ.ਐਫ., ਪੰਜਾਬ ਐਂਡ ਸਿੰਧ ਬੈਂਕ, ਬੀ.ਐਸ.ਐਫ. ਜਲੰਧਰ, ਪੰਜਾਬ ਪੁਲਿਸ, ਬਿਜਲੀ ਬੋਰਡ, ਨਾਮਧਾਰੀ ਇਲੈਵਨ, ਈ.ਐਮ.ਈ., ਜੇ.ਸੀ.ਟੀ. ਸ਼ਾਮਿਲ ਹਨ। ਹਾਕੀ ਟੂਰਨਾਮੈਂਟ ਦੌਰਾਨ ਤਿੰਨ ਲੜਕੀਆਂ ਦੇ ਮੈਚ ਵੀ ਹੋਣਗੇ, ਜਿਸ ਵਿਚ ਆਰ.ਸੀ.ਐਫ. ਤੇ ਪੰਜਾਬ ਦੀਆਂ ਯੂਨੀਵਰਸਿਟੀ ਦੀਆਂ ਟੀਮਾਂ ਸ਼ਿਰਕਤ ਕਰਨਗੀਆਂ। ਜੇਤੂ ਹਾਕੀ ਟੀਮ ਨੂੰ ਕ੍ਰਮਵਾਰ 51 ਹਜ਼ਾਰ ਤੇ 31 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।

ਦੇਤਵਾਲ ਖੇਡ ਮੇਲਾ 11 ਫਰਵਰੀ ਤੋਂ

ਇਯਾਲੀ/ਥਰੀਕੇ, 3 ਜਨਵਰੀ - ਤਿੰਨ ਰੋਜ਼ਾ ਟੂਰਨਾਮੈਂਟ ਪਿੰਡ ਦੇਤਵਾਲ (ਲੁਧਿਆਣਾ) ਦੇ ਖੇਡ ਮੈਦਾਨਾਂ 'ਚ 11 ਤੋਂ 13 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ।

ਲੁਧਿਆਣਾ ਬਾਸਕਿਟਬਾਲ ਅਕੈਡਮੀ ਦੇ ਖਿਡਾਰੀਆਂ ਦੀ ਪੂਰੇ ਮੁਲਕ 'ਚ ਸਰਦਾਰੀ

ਲੁਧਿਆਣਾ, 3 ਜਨਵਰੀ - 60ਵੀਂ ਕੌਮੀ ਬਾਸਕਿਟਬਾਲ ਚੈਂਪੀਅਨਸ਼ਿਪ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਲੁਧਿਆਣਾ ਬਾਸਕਿਟਬਾਲ ਖਿਡਾਰੀਆਂ ਦੀ ਕਈ ਰਾਜਾਂ ਦੀਆਂ ਟੀਮਾਂ ਵਿਚ ਤੂਤੀ ਬੋਲ ਰਹੀ ਹੈ। ਪਿਛਲੇ ਇਕ ਦਹਾਕੇ ਤੋਂ ਇਸ ਅਕੈਡਮੀ ਨੇ ਜਿੱਥੇ ਦੋ ਦਰਜਨ ਤੋਂ ਵੱਧ ਖਿਡਾਰੀ ਅਤੇ ਖਿਡਾਰਣਾਂ ਨੇ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ ਹੈ। ਉਥੇ ਕੌਮੀ ਚੈਂਪੀਅਨਸ਼ਿਪ ਦੌਰਾਨ ਕਈ ਟੀਮਾਂ ਵਿਚ ਇਸ ਅਕੈਡਮੀ ਦੇ ਖਿਡਾਰੀ ਆਪਣੇ ਖੇਡ ਹੁਨਰ ਦਾ ਲੋਹਾ ਮੰਨਵਾ ਰਹੇ ਹਨ। ਜਿਸ ਤਰ੍ਹਾਂ ਅੰਤਰਰਾਸ਼ਟਰੀ ਖਿਡਾਰੀ ਸੈਮੂਅਲ ਆਰਫ਼ਨ ਝਾਰਖੰਡ ਅਕੈਡਮੀ ਵੱਲੋਂ, ਕਾਮਮਨੀ, ਅਸਾਮ ਅਕੈਡਮੀ ਵੱਲੋਂ, ਲਖਵੀਰ ਸਿੰਘ ਆਂਧਰਾ ਪ੍ਰਦੇਸ਼ ਵੱਲੋਂ, ਕਿਰਨਜੀਤ ਕੌਰ ਅਤੇ ਯਾਦਵਿੰਦਰ ਸਿੰਘ ਭਾਰਤੀ ਰੇਲਵੇ ਵੱਲੋਂ, ਹਰਜੀਤ ਕੌਰ ਦਿੱਲੀ ਵੱਲੋਂ, ਮੰਦਾਮਸ਼ਰਮ ਆਂਧਰਾ ਪ੍ਰਦੇਸ਼ ਵੱਲੋਂ, ਰਾਧਾ ਪੱਛਮੀ ਬੰਗਾਲ ਵੱਲੋਂ ਇਸ ਕੌਮੀ ਚੈਂਪੀਅਨਸ਼ਿਪ ਵਿਚ ਖੇਡ ਰਹੀਆਂ ਹਨ। ਇਹ ਸਾਰੇ ਖਿਡਾਰੀ ਲੁਧਿਆਣਾ ਬਾਸਕਿਟਬਾਲ ਅਕੈਡਮੀ ਦੇ ਟ੍ਰੇਨੀ ਹਨ। ਇਸ ਤੋਂ ਇਲਾਵਾ ਮੁਲਕ ਦੀ ਹਰ ਵਿਭਾਗੀ ਟੀਮ ਵਿਚ ਲੁਧਿਆਣਾ ਅਕੈਡਮੀ ਦੇ ਖਿਡਾਰੀ ਪੰਜਾਬ ਦਾ ਨਾਮ ਆਪਣੇ ਹੁਨਰ ਨਾਲ ਉੱਚਾ ਕਰ ਰਹੇ ਹਨ।

ਦਸਮੇਸ਼ ਕਲੱਬ ਦੀ ਬੱਲੇ ਬੱਲੇ

ਮੁਕੰਦਪੁਰ, 3 ਜਨਵਰੀ - ਦੋ ਦਿਨਾ ਕਬੱਡੀ ਟੂਰਨਾਮੈਂਟ ਦਾ ਗੋਲਡ ਕੱਪ ਅਤੇ ਇਕ ਲੱਖ ਰੁਪਏ ਦਾ ਪਹਿਲਾ ਇਨਾਮ ਦਸਮੇਸ਼ ਕਲੱਬ ਨਕੋਦਰ ਨੇ ਜਿੱਤਿਆ ਜਦੋਂ ਕਿ ਉਪ-ਜੇਤੂ ਰਹੀ ਡੀ. ਏ. ਵੀ. ਕਲੱਬ ਕੈਲੇਫੋਰਨੀਆ ਜਲੰਧਰ ਦੀ ਟੀਮ ਨੇ ਪਝੱਤਰ ਹਜ਼ਾਰ ਰੁਪਏ ਦਾ ਦੂਸਰਾ ਇਨਾਮ ਜਿੱਤਿਆ। ਆਲ ਓਪਨ ਕਬੱਡੀ ਪਿੰਡ ਪੱਧਰ ਦਾ ਪਹਿਲਾ ਇਨਾਮ ਤਾਹਰਪੁਰ ਦੀ ਟੀਮ ਨੇ ਅਤੇ ਦੂਸਰਾ ਇਨਾਮ ਪਿੰਡ ਸ਼ੇਰਾਂਵਾਲੀ ਦੀ ਟੀਮ ਨੇ ਜਿੱਤਿਆ। 65 ਕਿਲੋਗ੍ਰਾਮ ਭਾਰ ਵਰਗ ਦਾ ਪਹਿਲਾ ਇਨਾਮ ਤਾਹਰਪੁਰ ਦੀ ਟੀਮ ਨੇ ਅਤੇ ਦੂਸਰਾ ਇਨਾਮ ਖੋਜੇਵਾਲ ਦੀ ਟੀਮ ਨੇ ਜਿੱਤਿਆ।

ਦਸਮੇਸ਼ ਕਬੱਡੀ ਕੱਪ 12 ਨੂੰ

ਰਾਏਕੋਟ, 3 ਜਨਵਰੀ - 38ਵਾਂ ਚਾਰ ਰੋਜ਼ਾ ਦਸਮੇਸ਼ ਖੇਡ ਮੇਲਾ ਲਗਾਤਾਰ ਮੀਂਹ ਪੈਣ ਕਰਕੇ ਦੋ ਦਿਨ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇਹ ਕਬੱਡੀ ਕੱਪ 12 ਜਨਵਰੀ ਦਿਨ ਮੰਗਲਵਾਰ ਨੂੰ ਖੇਡਿਆ ਜਾਵੇਗਾ, ਜਿਸ ਵਿਚ ਅੱਠ ਕਬੱਡੀ ਅਕੈਡਮੀਆਂ ਭਾਗ ਲੈਣਗੀਆਂ। ਇਸ ਤੋਂ ਇਲਾਵਾ ਹਾਕੀ, ਫੁੱਟਬਾਲ, ਵਾਲੀਬਾਲ ਸ਼ੂਟਿੰਗ, ਕਬੱਡੀ ਓਪਨ ਦੇ ਫਾਈਨਲ ਅਤੇ ਸੈਮੀਫਾਈਨਲ ਮੈਚ ਨਹੀਂ ਹੋ ਸਕੇ ਹਨ। ਹੁਣ ਇਹ ਮੈਚ ਵੀ 12 ਜਨਵਰੀ ਨੂੰ ਦਸਮੇਸ਼ ਗਰਾਊਂਡ ਵਿਚ ਕਰਵਾਏ ਜਾਣਗੇ।

ਪਿੰਡ ਬਰਸਾਲ ਦਾ ਖੇਡ ਮੇਲਾ 1 ਫਰਵਰੀ ਤੋਂ

ਚੌਂਕੀਮਾਨ, 3 ਜਨਵਰੀ - ਪਿੰਡ ਬਰਸਾਲ (ਲੁਧਿਆਣਾ) 'ਚ 1-2 ਫਰਵਰੀ ਨੂੰ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਿੱਸਾ ਲੈਣਗੇ।

ਤਾਈਕਵਾਂਡੋ ਬੋਰਡ ਆਫ਼ ਇੰਡੀਆ ਦੀ ਰਾਸ਼ਟਰੀ ਟੀਮ 'ਚ ਸ਼ਾਮਲ ਹੋਣ ਵਾਲੇ 30 ਪੰਜਾਬੀ ਖਿਡਾਰੀ

ਮੁਕਤਸਰ, 3 ਜਨਵਰੀ - ਨੇਪਾਲ ਅਤੇ ਭਾਰਤ ਦੇ ਤਾਈਕਵਾਂਡੋ ਮੁਕਾਬਲੇ ਜੋ ਕਿ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਲਈ ਪੰਜਾਬ ਦੇ 30 ਖਿਡਾਰੀ ਤਾਈਕਵਾਂਡੋ ਬੋਰਡ ਆਫ਼ ਇੰਡੀਆ ਦੀ ਰਾਸ਼ਟਰੀ ਟੀਮ ਵਿਚ ਚੁਣੇ ਗਏ ਹਨ। 6 ਜਨਵਰੀ ਤੋਂ 9 ਜਨਵਰੀ ਤੱਕ ਭਾਰਤੀ ਟੀਮ ਨੇਪਾਲ ਦਾ ਦੌਰਾ ਕਰੇਗੀ। ਜਿਸ ਦੌਰਾਨ ਭਾਰਤੀ ਅਤੇ ਨੇਪਾਲੀ ਤਾਈਕਵਾਂਡੋ ਖਿਡਾਰੀ ਪਹਿਲਾਂ 7-8 ਜਨਵਰੀ ਨੂੰ 2 ਰੋਜ਼ਾ ਅੰਤਰ ਰਾਸ਼ਟਰੀ ਤਾਈਕਵਾਂਡੋ ਟਰੇਨਿੰਗ ਕੈਂਪ 2010 ਵਿਚ ਵਿਸ਼ਵ ਪੱਧਰ ਦੀਆਂ ਤਾਈਕਵਾਂਡੋ ਤਕਨੀਕਾਂ ਸਿੱਖਣਗੇ। 9 ਜਨਵਰੀ ਨੂੰ ਦੋਨੇ ਟੀਮਾਂ ਇੰਨਡੋ ਨੇਪਾਲ ਤਾਈਕਵਾਡੋ ਚੈਪੀਅਨਸ਼ਿਪ 2010 ਵਿਚ ਭਾਗ ਲੈਣਗੀਆਂ। ਮੁਕਤਸਰ ਜ਼ਿਲ੍ਹੇ ਦੀਆਂ ਖਿਡਾਰਣਾਂ ਵਿਚੋਂ ਕਮਲਜੀਤ ਕੌਰ, ਮਨਵੀਰ ਕੌਰ, ਕਿਰਨਦੀਪ ਕੌਰ, ਨਸ਼ਦੀਪ ਕੌਰ, ਮਨਪ੍ਰੀਤ ਕੌਰ, ਦਿਲਪ੍ਰੀਤ ਕੌਰ, ਵਿਕਰਮਜੀਤ ਕੌਰ, ਵਿਸ਼ਰਨਜੀਤ ਕੌਰ, ਮਨਪ੍ਰੀਤ ਕੌਰ ਟੀਮ ਵਿਚ ਸ਼ਾਮਿਲ ਹਨ। ਉਥੇ ਹੀ ਖਿਡਾਰੀਆਂ ਵਿਚੋਂ ਇੰਦਰਜੀਤ ਸਿੰਘ ਬਰਾੜ, ਗੁਰਜੇਪਾਲ ਸਿੰਘ, ਰਾਮਪਾਲ ਸਿੰਘ, ਰਜਿੰਦਰ ਕੁਮਾਰ, ਹਿਮਾਨਸੂ ਸ਼ਰਮਾ, ਲਕਸ਼ੇ, ਕੇਤਨ, ਸਿਧਾਂਤ, ਅਜੈ ਕੁਮਾਰ ਟੀਮ ਵਿਚ ਸ਼ਾਮਿਲ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਤੇ ਤਰਨਤਾਰਨ ਦੇ ਮਾਹਿਰ ਸੇਟੀ, ਰਿਸਬ, ਕਨਵਰ, ਕਰਨੈਲ ਸਿੰਘ, ਅਜੈਪਾਲ ਸਿੰਘ, ਨਵਜੋਤ ਸਿੰਘ, ਨੀਤਨ ਸ਼ਰਮਾ, ਕਰਨ ਰਾਜਪੂਤ, ਦੀਪਾਂਸ਼ੂ, ਮੱਟੂ ਅਤੇ ਜਲੰਧਰ ਤੇ ਨਵਾਂਸ਼ਹਿਰ ਦੇ ਰਮਨਇੰਦਰ ਸਿੰਘ, ਰੋਹਿਤ ਪੁਲ, ਵਿਕਰਮ ਸਿੰਘ ਸ਼ਾਮਲ ਹਨ। ਮੁਕਤਸਰ ਦੇ ਸ੍ਰੀ ਸੋਮਦੱਤ ਨੂੰ ਰਾਸ਼ਟਰੀ ਟੀਮ ਵਿਚ ਸਬ-ਜੂਨੀਅਰ ਤੇ ਜੂਨੀਅਰ ਲੜਕਿਆਂ ਲਈ ਕੋਚ ਨਿਯੁਕਤ ਕੀਤਾ ਗਿਆ ਹੈ। ਸੀਨੀਅਰ ਲੜਕਿਆਂ ਲਈ ਨਵਾਂਸ਼ਹਿਰ ਦੇ ਸ੍ਰੀ ਵਿਜੇ ਕੁਮਾਰ ਅਤੇ ਲੜਕੀਆਂ ਲਈ ਅੰਮ੍ਰਿਤਸਰ ਦੇ ਸ੍ਰੀ ਬਲਦੇਵ ਰਾਜ ਨੂੰ ਕੋਚ ਨਿਯੁਕਤ ਕੀਤਾ ਗਿਆ। ਜਿਸ ਤੋਂ ਇਲਾਵਾ ਮੁਕਤਸਰ ਦੇ ਕੁਲਦੀਪ ਸਿੰਘ, ਤੇਜਿੰਦਰ ਕੁਮਾਰ ਅਤੇ ਜਸਵਿੰਦਰ ਸਿੰਘ ਖਾਲਸਾ ਨੂੰ ਟੀਮ ਮੈਨੇਜਰ ਨਿਯੁਕਤ ਕੀਤਾ ਗਿਆ ਹੈ।

ਉੱਤਰ ਪੂਰਬੀ ਜ਼ੋਨ ਅੰਤਰ 'ਵਰਸਿਟੀ ਹੈਂਡਬਾਲ ਚੈਂਪੀਅਨਸ਼ਿਪ 5 ਤੋਂ

ਪਟਿਆਲਾ, 2 ਜਨਵਰੀ - ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ 'ਚ ਉੱਤਰ ਪੂਰਬੀ ਜ਼ੋਨ ਅੰਤਰ 'ਵਰਸਿਟੀ ਹੈਂਡਬਾਲ ਚੈਂਪੀਅਨਸ਼ਿਪ 5 ਤੋਂ 9 ਜਨਵਰੀ ਤੱਕ ਕਰਵਾਈ ਜਾ ਰਹੀ ਹੈ। ਇਸ ਟੂਰਨਾਮੈਂਟ 'ਚ ਪੁਰਸ਼ਾਂ ਦੀਆਂ 42 ਤੇ ਔਰਤਾਂ ਦੀਆਂ 39 ਟੀਮਾਂ ਹਿੱਸਾ ਲੈ ਰਹੀਆਂ ਹਨ।

60ਵੀਂ ਪਰਲਜ਼ ਕੌਮੀ ਸੀਨੀਅਰ ਬਾਸਕਿਟਬਾਲ ਚੈਂਪੀਅਨਸ਼ਿਪ

ਲੁਧਿਆਣਾ, 1 ਜਨਵਰੀ - ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ 60ਵੀਂ ਪਰਲਜ਼ ਕੌਮੀ ਸੀਨੀਅਰ ਬਾਸਕਿਟਬਾਲ ਚੈਂਪੀਅਨਸ਼ਿਪ ਚੱਲ ਰਹੀ ਹੈ। ਇਸ ਦੇ ਕੁਆਰਟਰ ਫਾਈਨਲ ਮੈਚਾਂ ਵਿਚ ਮਰਦਾਂ ਦੇ ਵਰਗ ਵਿਚ ਪੰਜਾਬ, ਰੇਲਵੇ, ਉਤਰਾਖੰਡ ਤੇ ਤਾਮਿਲਨਾਡੂ ਨੇ ਆਪੋ-ਆਪਣੇ ਮੈਚ ਜਿੱਤ ਕੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ, ਜਦਕਿ ਇਸਤਰੀਆਂ ਵਿਚ ਰੇਲਵੇ, ਦਿੱਲੀ, ਕਰਨਾਟਕ ਅਤੇ ਛੱਤੀਸ਼ਗੜ੍ਹ ਨੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਬਣਾਈ। ਸੈਮੀਫਾਈਨਲ ਅਤੇ ਫਾਈਨਲ ਮੈਚਾਂ ਦਾ ਪੀ. ਟੀ. ਵੀ. ਅਤੇ ਫਾਸਟ ਵੇਅ ਤੋਂ ਸਿੱਧਾ ਪ੍ਰਸਾਰਣ ਹੋਵੇਗਾ।

11ਵਾਂ ਗੁਰੂ ਗੋਬਿੰਦ ਸਿੰਘ ਗੋਲਡ ਕਬੱਡੀ ਕੱਪ 27 ਜਨਵਰੀ ਤੋਂ

ਜਲੰਧਰ, 11 ਜਨਵਰੀ - ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ 'ਚ 11ਵਾਂ ਗੁਰੂ ਗੋਬਿੰਦ ਸਿੰਘ ਗੋਲਡ ਕਬੱਡੀ ਕੱਪ 27 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ।

34ਵਾਂ ਲਿਬਰਲਜ਼ ਹਾਕੀ ਟੂਰਨਾਮੈਂਟ

ਨਾਭਾ, 1 ਜਨਵਰੀ - ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਗਰਾਊਂਡ 'ਚ 34ਵਾਂ ਲਿਬਰਲਜ਼ ਸਰਵ ਹਿੰਦ ਹਾਕੀ ਟੂਰਨਾਮੈਂਟ ਕਰਵਾਇਆਾ ਜਾ ਰਿਹਾ ਹੈ। ਸੈਮੀਫਾਈਨਲ ਮੈਚ ਬੀ.ਐਸ.ਐਫ. ਜਲੰਧਰ ਤੇ ਈ.ਐਮ.ਈ. ਨੇ ਜਿੱਤੇ। ਪਹਿਲੇ ਸੈਮੀਫਾਈਨਲ ਮੈਚ ਵਿਚ ਪਿਛਲੇ ਦੋ ਸਾਲਾਂ ਦੀ ਲਗਾਤਾਰ ਚੈਂਪੀਅਨ ਰਹੀ ਬੀ.ਐਸ.ਐਫ. ਜਲੰਧਰ ਦੀ ਟੀਮ ਨੇ ਕੋਰਪਸ ਆਫ ਸਿੰਗਨਲਜ਼ ਜਲੰਧਰ ਦੀ ਟੀਮ ਨੂੰ 4-3 ਗੋਲਾਂ ਨਾਲ ਹਰਾ ਕੇ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ। ਦੂਜਾ ਸੈਮੀਫਾਈਨਲ ਮੈਚ ਪੰਜਾਬ ਪੁਲਿਸ ਜਲੰਧਰ ਤੇ ਈ.ਐਮ.ਈ. ਜਲੰਧਰ ਦਰਮਿਆਨ ਖੇਡਿਆ ਗਿਆ। ਇਸ ਵਿਚ ਈ.ਐਮ.ਈ. ਜਲੰਧਰ ਦੀ ਟੀਮ ਨੇ ਪੰਜਾਬ ਪੁਲਿਸ ਜਲੰਧਰ ਨੂੰ 6-4 ਗੋਲਾਂ ਨਾਲ ਹਰਾਇਆ।

ਰੁਸਤਮੇ ਹਿੰਦ ਦੰਗਲ 'ਚ ਪਹਿਲਵਾਨ ਸੋਨੀ ਦੀ ਝੰਡੀ

ਇਯਾਲੀ/ਥਰੀਕੇ, 1 ਜਨਵਰੀ - ਲੁਧਿਆਣਾ ਦੇ ਪੁੱਡਾ ਗਰਾਊਂਡ ਦੁੱਗਰੀ 'ਚ ਰੁਸਤਮੇ ਹਿੰਦ ਕਲੱਬ ਵੱਲੋਂ ਸਵ: ਪਹਿਲਵਾਨ ਪੂਰਨ ਸਿੰਘ ਦੀ ਯਾਦ ਵਿਚ ਨੂੰ ਚੌਥਾ ਕੁਸ਼ਤੀ ਦੰਗਲ ਕਰਵਾਇਆ ਗਿਆ। ਇਕ ਰੋਜ਼ਾ ਕੁਸ਼ਤੀ ਮੁਕਾਬਲਿਆਂ ਦੌਰਾਨ ਝੰਡੀ ਦੀ ਕੁਸ਼ਤੀ ਰਜਿੰਦਰ ਸਿੰਘ ਸੋਨੀ ਭਾਰਤ ਕੁਮਾਰ ਤੇ ਪਹਿਲਵਾਨ ਗੋਲੂ ਮੁੱਲਾਂਪੁਰ ਗਰੀਬ ਦਾਸ ਵਿਚਕਾਰ ਹੋਈ, ਜਿਸ ਵਿਚ ਸੋਨੀ ਭਾਰਤ ਕੁਮਾਰ ਨੇ ਜੇਤੂ ਬਣਦਿਆਂ ਕਾਂਗਰਸੀ ਆਗੂ ਜਰਨੈਲ ਸਿੰਘ ਮੱਲੀ ਤੇ ਦਵਿੰਦਰ ਸਿੰਘ ਘੁੰਮਣ ਵੱਲੋਂ ਦਿੱਤਾ ਗਿਆ ਇਕ ਲੱਖ ਦਾ ਨਕਦ ਇਨਾਮ ਪ੍ਰਾਪਤ ਕੀਤਾ। ਜਦਕਿ ਸੁਖਬੀਰ ਸਿੰਘ ਹਿੰਦ ਕੇਸਰੀ ਤੇ ਧਰਮ ਸਿੰਘ ਹਰਿਆਣਾ ਕੇਸਰੀ ਦਰਮਿਆਨ ਹੋਈ ਕੁਸ਼ਤੀ ਵਿਚ 51000 ਦਾ ਨਕਦ ਇਨਾਮ ਸੁਖਬੀਰ ਸਿੰਘ ਹਿੰਦ ਕੇਸਰੀ ਨੇ ਹਾਸਿਲ ਕੀਤਾ। ਛੋਟੀਆਂ ਕੁਸ਼ਤੀਆਂ ਦੇ ਮੁਕਾਬਲੇ ਦੌਰਾਨ ਪਹਿਲਵਾਨ ਮੁਹੰਮਦ ਰਫੀਕ ਗੁਜਰ ਤੇ ਗਿੱਲਾ ਪਹਿਲਵਾਨ ਅਖਾੜਾ ਰੌਣੀ ਵਿਚਕਾਰ ਹੋਈਆਂ ਕੁਸ਼ਤੀਆਂ ਬਰਾਬਰ ਰਹੀਆਂ।

ਦੂਜਾ ਵਿਸ਼ਾਲ ਕਬੱਡੀ ਕੱਪ 4 ਜਨਵਰੀ ਤੋਂ

ਸੰਗਰੂਰ, 31 ਦਸੰਬਰ - ਦੂਜਾ ਵਿਸ਼ਾਲ ਕਬੱਡੀ ਕੱਪ 4-5 ਜਨਵਰੀ ਨੂੰ ਵਾਰ ਹੀਰੋਜ਼ ਸਟੇਡੀਅਮ ਸੰਗਰੂਰ 'ਚ ਗੁਰੀ ਕਨੇਡਾ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਪੰਜਾਬ ਦੀਆਂ ਦੋਵੇਂ ਫੈਡਰੇਸ਼ਨਾਂ ਹਿੱਸਾ ਲੈ ਰਹੀਆਂ ਹਨ, ਜਿੰਨ੍ਹਾਂ ਦੇ ਦੋਵਾਂ ਦਿਨਾਂ ਦੇ ਇਨਾਮ ਪਹਿਲਾਂ ਇਕ ਲੱਖ, ਦੂਸਰਾ ਇਨਾਮ ਪਚੱਤਰ ਹਜ਼ਾਰ ਰੁਪਏ ਨਗਦ ਦਿੱਤੇ ਜਾ ਰਹੇ ਹਨ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਖੁਸ਼ੀ ਦੁੱਗਾਂ ਨੂੰ ਸਵਿਫਟ ਕਾਰ, ਦਰਸ਼ਨ ਬਚੀ ਘਰਾਚੋਂ ਨੂੰ ਅਲਟੋ ਕਾਰ ਅਤੇ ਦੋ ਖਿਡਾਰੀਆਂ ਦਾ ਬੁਲਿਟ ਮੋਟਰਸਾਇਕਲ ਨਾਲ ਸਨਮਾਨ ਕੀਤਾ ਜਾਵੇਗਾ।

ਮੀਰੀ-ਪੀਰੀ ਕਬੱਡੀ ਕੱਪ 6 ਜਨਵਰੀ ਤੋਂ

ਮਹਿਰਾਜ, 31 ਦਸੰਬਰ - 6 ਤੋਂ 9 ਜਨਵਰੀ ਤੱਕ ਮਹਿਰਾਜ ਖੇਡ ਸਟੇਡੀਅਮ 'ਚ ਮੀਰੀ-ਪੀਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਅੰਤਰ ਰਾਸ਼ਟਰੀ ਪੱਧਰ ਦੀਆਂ 8 ਅਕੈਡਮੀਆਂ ਭਾਗ ਲੈਣਗੀਆਂ ਅਤੇ ਜੇਤੂ ਟੀਮ ਨੂੰ ਕਲੱਬ ਚੇਅਰਮੈਨ ਹਰਮੰਦਰਜੀਤ ਸਿੰਘ ਸਿੱਧੂ ਵਲੋਂ ਇਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਕਬੱਡੀ ਓਪਨ ਦੇ ਮੈਚ 8 ਜਨਵਰੀ ਨੂੰ ਕਰਵਾਏ ਜਾਣਗੇ ਅਤੇ ਪਹਿਲੀਆਂ 32 ਟੀਮਾਂ ਹੀ ਦਾਖਲ ਕੀਤੀਆਂ ਜਾਣਗੀਆਂ। 6 ਜਨਵਰੀ ਨੂੰ ਕੁੱਤਿਆਂ ਦੀਆਂ ਟਰੈਕ ਦੌੜਾਂ, ਫੁੱਟਬਾਲ, ਕਬੱਡੀ 35, 45, 52 ਕਿਲੋ ਦੇ ਮੁਕਾਬਲੇ ਅਤੇ 9 ਜਨਵਰੀ ਸ਼ਾਮ 4 ਵਜੇ ਗਾਇਕ ਮੁਹੰਮਦ ਸਦੀਕ ਅਤੇ ਬੀਬਾ ਸੁਖਜੀਤ ਕੌਰ ਤੇ ਯੁੱਧਵੀਰ ਮਾਣਕ ਖੁੱਲ੍ਹੇ ਅਖਾੜ੍ਹੇ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

Click here to read PREVIOUS Monthly News