Click here For English Version

SPORTS NEWS

August Sports News 2010

ਰਾਸ਼ਟਰ ਮੰਡਲ ਖੇਡਾਂ ਲਈ ਚੁਣੀ ਗਈ ਮਹਿਲਾ ਹਾਕੀ ਟੀਮ

ਨਵੀਂ ਦਿੱਲੀ, 30 ਅਗਸਤ - ਰਾਸ਼ਟਰ ਮੰਡਲ ਖੇਡਾਂ ਜੋ ਕਿ 3 ਤੋਂ 14 ਕਤੂਬਰ ਤੱਕ ਦਿੱਲੀ 'ਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਲਈ 16 ਮੈਂਬਰੀ ਮਹਿਲਾ ਹਾਕੀ ਟੀਮ ਚੁਣੀ ਗਈ ਹੈ। ਇਸ ਟੀਮ ਵਿਚ ਬਿਨੀਤਾ ਟੋਪੋ, ਸੁਭੱਦਰਾ ਪ੍ਰਧਾਨ, ਜੁਆਏਦੀਪ ਕੌਰ (ਡਿਫੈਂਡਰ), ਅਸ਼ੁਨਤਾ ਲਾਕਰਾ, ਕਿਰਨਦੀਪ ਕੌਰ, ਮੁਕਤਾ ਪ੍ਰਵਾ ਬਾਰਲਾ, ਦੀਪਿਕਾ ਠਾਕੁਰ, ਰਿਤੂ ਰਾਣੀ (ਮਿਡਫੀਲਡਰ), ਸੁਰਿੰਦਰ ਕੌਰ (ਕਪਤਾਨ), ਸਾਬਾ ਅੰਜੁਮ, ਰਾਣੀ, ਜਸਜੀਤ ਕੌਰ ਹਾਂਡਾ, ਥੋਕਚਮ ਚੰਚਨ ਦੇਵੀ, ਪੂਨਮ ਰਾਣੀ (ਫਾਰਵਰਡ) ਅਤੇ ਦੀਪਿਕਾ ਮੂਰਤੀ, ਏਟੀਮਾਰਪੂ ਰਜਨੀ (ਗੋਲਕੀਪਰ) ਨੂੰ ਸ਼ਾਮਿਲ ਕੀਤਾ ਗਿਆ ਹੈ।

ਪਿੰਡ ਝੋਕ ਹਰੀਹਰ ਦਾ ਪੇਂਡੂ ਖੇਡ ਮੇਲਾ 5 ਤੋਂ

ਫ਼ਿਰੋਜ਼ਪੁਰ, 30 ਅਗਸਤ - ਪੇਂਡੂ ਖੇਡ ਮੇਲਾ 5-6 ਸਤੰਬਰ ਨੂੰ ਪਿੰਡ ਝੋਕ ਹਰੀ ਹਰ 'ਚ ਕਰਵਾਇਆ ਜਾ ਰਿਹਾ ਹੈ। 5 ਸਤੰਬਰ ਨੂੰ 32 ਕਿਲੋ ਅਤੇ 45 ਕਿਲੋ ਵਜਨ ਵਾਲੀ ਕਬੱਡੀ ਦੇ ਮੁਕਾਬਲੇ ਅਤੇ ਲੜਕੀਆਂ ਦੀ ਕਬੱਡੀ ਮੁਕਾਬਲੇ ਹੋਣਗੇ। 6 ਸਤੰਬਰ ਨੂੰ 58 ਕਿਲੋ ਕਬੱਡੀ, ਆਲ ਓਪਨ ਕਬੱਡੀ, 40 ਸਾਲਾਂ ਕਬੱਡੀ ਸ਼ੋਅ ਮੈਚ, ਮੋਟੋ ਬੰਦਿਆਂ ਦੀ ਕਬੱਡੀ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸਰਪੰਚਾਂ ਦੀ ਦੌੜ, ਬਜ਼ੁਰਗ 60 ਸਾਲਾਂ ਅਤੇ 70 ਸਾਲਾਂ ਦੀ 100 ਅਤੇ 200 ਮੀਟਰ ਦੌੜ, ਨੌਜਵਾਨਾਂ ਦੀਆਂ 100, 400, 800 ਅਤੇ 3000 ਮੀਟਰ ਦੌੜਾਂ, ਗੋਲਾ ਸੁੱਟਣ ਮੁਕਾਬਲੇ, ਬੱਚਿਆਂ (22 ਕਿਲੋ ਤੇ 26 ਕਿਲੋ) ਅਤੇ ਬਜ਼ੁਰਗਾਂ ਦੀ ਸਾਈਕਲ ਦੌੜ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਬਜ਼ੁਰਗਾਂ ਵੱਲੋਂ ਕੁੱਕੜ ਫੜ੍ਹਣਾ ਵਿਸ਼ੇਸ਼ ਖੇਡ ਹੋਵੇਗੀ ਅਤੇ ਮਨੋਰੰਜਨ ਸ਼ੋਅ ਵਜੋਂ ਮੋਟਰਸਾਈਕਲ ਅਤੇ ਕਾਰ ਤੇ ਲੜਕੇ-ਲੜਕੀਆਂ ਕਲਾਂ ਦੇ ਜੌਹਰ ਦਿਖਾਉਣਗੇ। 6 ਸਤੰਬਰ ਨੂੰ ਰੱਸਾ-ਕੱਸੀ ਮੁਕਾਬਲੇ ਵੀ ਕਰਵਾਏ ਜਾਣਗੇ।

56ਵੀਆਂ ਪੰਜਾਬ ਸਕੂਲ ਖੇਡਾਂ

ਫ਼ਰੀਦਕੋਟ, 30 ਅਗਸਤ - 56ਵੀਆਂ ਪੰਜਾਬ ਰਾਜ ਸਕੂਲ ਖੇਡਾਂ ਫ਼ਰੀਦਕੋਟ ਦੇ ਦਸਮੇਸ਼ ਪਬਲਿਕ ਸਕੂਲ 'ਚ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਪਹਿਲੇ ਦਿਨ ਵੱਖ-ਵੱਖ ਮੈਚਾਂ ਦੌਰਾਨ 19 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਮੁਕਾਬਲਿਆਂ 'ਚ ਜਲੰਧਰ ਨੇ ਹੁਸ਼ਿਆਰਪੁਰ ਨੂੰ, ਮੋਗਾ ਨੇ ਬਠਿੰਡਾ ਨੂੰ, ਮੁਕਤਸਰ ਨੇ ਗੁਰਦਾਸਪੁਰ ਨੂੰ ਹਰਾਇਆ। ਲੜਕਿਆਂ ਦੇ ਮੈਚਾਂ 'ਚ ਸੰਗਰੂਰ ਨੇ ਰੋਪੜ ਨੂੰ, ਨਵਾਂ ਸ਼ਹਿਰ ਨੇ ਕਪੂਰਥਲਾ ਨੂੰ, ਮਸਤੂਆਣਾ ਵਿੰਗ ਨੇ ਅੰਮ੍ਰਿਤਸਰ ਨੂੰ, ਮੋਗਾ ਨੇ ਹਰਿਆਣਾ ਵਿੰਗ ਨੂੰ, ਮੁਕਤਸਰ ਨੇ ਮਾਨਸਾ ਨੂੰ, ਲੁਧਿਆਣਾ ਨੇ ਫ਼ਿਰੋਜ਼ਪੁਰ ਨੂੰ ਹਰਾਇਆ।

ਨੈਟਬਾਲ 'ਚ ਦੂਜੇ ਦਿਨ ਮਾਝੇ ਦੀਆਂ ਖਿਡਾਰਨਾਂ ਅੱਵਲ

ਬਠਿੰਡਾ - ਬਠਿੰਡਾ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ 'ਚ ਨੈਟਬਾਲ ਖੇਡਾਂ ਦੇ ਦੂਜੇ ਦਿਨ ਮਾਝੇ ਦੀਆਂ ਖਿਡਾਰਨਾਂ ਨੇ ਮਾਲਵੇ ਦੀਆਂ ਖਿਡਾਰਨਾਂ ਨੂੰ ਹਰਾਇਆ। ਲੜਕੀਆਂ ਦੇ ਹੋਏ ਲੀਗ ਮੁਕਾਬਲੇ ਵਿਚ ਸ੍ਰੀ ਮੁਕਤਸਰ ਸਾਹਿਬ ਨੇ ਫਰੀਦਕੋਟ ਨੂੰ 13-3, ਅੰਮ੍ਰਿਤਸਰ ਨੇ ਜਲੰਧਰ ਨੂੰ 10-6 ਤੇ ਸੰਗਰੂਰ ਨੇ ਗੁਰਦਾਸਪੁਰ ਨੂੰ 14-0 ਨਾਲ ਹਰਾਇਆ ਜਦਕਿ ਆਪਣੇ ਦੂਸਰੇ ਮੈਚ ਵਿਚ ਅੰਮ੍ਰਿਤਸਰ ਨੇ ਸ੍ਰੀ ਮੁਕਤਸਰ ਸਾਹਿਬ ਨੂੰ 13-5 ਅਤੇ ਤਰਨਤਾਰਨ ਨੇ ਸੰਗਰੂਰ ਨੂੰ 7-6 ਦੇ ਨਜ਼ਦੀਕੀ ਫਰਕ ਨਾਲ ਹਰਾ ਕੇ ਕੁਆਟਰ ਫਾਈਨਲ ਵਿਚ ਜਗ੍ਹਾ ਬਣਾਈ ਹੈ। ਲੜਕਿਆਂ ਦੇ ਵਰਗ ਵਿਚ ਬਠਿੰਡਾ ਨੇ ਫਰੀਦਕੋਟ ਤੇ ਜਲੰਧਰ ਨੂੰ, ਮਾਨਸਾ ਨੇ ਫਿਰੋਜ਼ਪੁਰ ਨੂੰ, ਸ੍ਰੀ ਮੁਕਤਸਰ ਸਾਹਿਬ ਨੇ ਲੁਧਿਆਣਾ ਤੇ ਪਟਿਆਲਾ ਨੂੰ, ਤਰਨਤਾਰਨ ਨੇ ਸੰਗਰੂਰ ਨੂੰ, ਜਲੰਧਰ ਨੇ ਮੋਗਾ ਨੂੰ, ਸੰਗਰੂਰ ਨੇ ਅੰਮ੍ਰਿਤਸਰ ਨੂੰ, ਗੁਰਦਾਸਪੁਰ ਨੇ ਮਾਨਸਾ ਨੂੰ, ਬਰਨਾਲਾ ਨੇ ਲੁਧਿਆਣਾ ਤੇ ਪਟਿਆਲਾ ਨੂੰ ਅਤੇ ਫਰੀਦਕੋਟ ਨੇ ਮੋਗਾ ਦੀ ਟੀਮ ਨੂੰ ਹਰਾ ਕੇ ਕੁਆਟਰ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ ਹੈ।

ਬੈਡਮਿੰਟਨ ਮੁਕਾਬਲੇ ਦੂਜੇ ਦਿਨ ਵੀ ਰਹੇ ਵਧੀਆ

ਬੁਢਲਾਡਾ -ਬੈਡਮਿੰਟਨ ਮੁਕਾਬਲੇ ਜੋ ਕਿ ਬੁਢਲਾਡਾ ਦੇ ਮਨੂੰ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ 'ਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੇ ਦੂਜੇ ਦਿਨ ਦੇ ਕੁੱਲ 90 ਮੈਚਾਂ ਵਿਚੋਂ ਹੋਏ 50 ਮੈਚਾਂ ਦੇ ਮੁਕਾਬਲਿਆਂ ਵਿਚ ਅੰਡਰ 17 ਸਾਲ ਲੜਕਿਆਂ ਵਿਚ ਮਾਨਸਾ ਨੇ ਤਰਨਤਾਰਨ, ਰੋਪੜ ਨੇ ਐਸ. ਏ. ਐਸ. ਨਗਰ, ਸੰਗਰੂਰ ਨੇ ਫਤਹਿਗੜ੍ਹ ਸਾਹਿਬ, ਅੰਮ੍ਰਿਤਸਰ ਨੇ ਬਠਿੰਡਾ ਨੂੰ ਮਾਤ ਦਿੱਤੀ। ਅੰਡਰ 19 ਸਾਲ ਲੜਕਿਆਂ ਵਿਚ ਪਟਿਆਲਾ ਨੇ ਜਲੰਧਰ, ਰੋਪੜ ਨੇ ਫਰੀਦਕੋਟ, ਅੰਮ੍ਰਿਤਸਰ ਨੇ ਮੋਗਾ ਅਤੇ ਲੁਧਿਆਣਾ ਨੇ ਐਸ. ਏ. ਐਸ. ਨਗਰ ਨੂੰ ਹਰਾਇਆ। ਅੰਡਰ 14 ਸਾਲ ਲੜਕਿਆਂ ਵਿਚ ਫਿਰੋਜ਼ਪੁਰ ਨੇ ਸ਼ਹੀਦ ਭਗਤ ਸਿੰਘ ਨਗਰ, ਸੰਗਰੂਰ ਨੇ ਤਰਨਤਾਰਨ, ਫਿਰੋਜ਼ਪੁਰ ਨੇ ਪਟਿਆਲਾ, ਇਸੇ ਤਰ੍ਹਾਂ ਅੰਡਰ 14 ਸਾਲ ਲੜਕੀਆਂ ਦੇ ਮੁਕਾਬਲੇ 'ਚੋਂ ਫਿਰੋਜ਼ਪੁਰ ਨੇ ਸੰਗਰੂਰ, ਰੋਪੜ ਨੇ ਗੁਰਦਾਸਪੁਰ, ਪਟਿਆਲਾ ਨੇ ਕਪੂਰਥਲਾ, ਲੁਧਿਆਣਾ ਨੇ ਮਾਨਸਾ, ਅੰਡਰ 17 ਸਾਲ ਲੜਕੀਆਂ ਵਿਚ ਮਾਨਸਾ ਨੇ ਬਰਨਾਲਾ, ਸੰਗਰੂਰ ਨੇ ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ ਨੇ ਅੰਮ੍ਰਿਤਸਰ, ਜਲੰਧਰ ਨੇ ਫਿਰੋਜ਼ਪੁਰ, ਅੰਡਰ 19 ਲੜਕੀਆਂ ਦੇ ਮੁਕਾਬਲੇ ਵਿਚ ਸੰਗਰੂਰ ਨੇ ਫਤਹਿਗੜ੍ਹ ਸਾਹਿਬ, ਜਲੰਧਰ ਨੇ ਰੋਪੜ, ਲੁਧਿਅਣਾ ਨੇ ਸ਼ਹੀਦ ਭਗਤ ਸਿੰਘ ਨਗਰ ਅਤੇ ਫਿਰੋਜ਼ਪੁਰ ਨੇ ਮੁਕਤਸਰ ਸਾਹਿਬ ਦੀਆਂ ਖਿਡਾਰਨਾਂ ਨੂੰ ਹਰਾਇਆ।

ਥਰੋਅ ਬਾਲ ਮੁਕਾਬਲਿਆਂ 'ਚ ਮੁਕਤਸਰ ਨੇ ਮਾਰੀ ਬਾਜ਼

ਸ੍ਰੀ ਮੁਕਤਸਰ ਸਾਹਿਬ - ਮੁਕਤਸਰ ਸਾਹਿਬ ਦੇ ਖਾਲਸਾ ਸੈਕੰਡਰੀ ਸਕੂਲ 'ਚ ਥਰੋਅ ਬਾਲ ਅਧੀਨ -19 ਲੜਕੇ ਅਤੇ ਲੜਕੀਆਂ ਦੇ ਮੈਚਾਂ ਵਿਚ ਲੜਕਿਆਂ 'ਚੋਂ ਤਰਨਤਾਰਨ ਨੇ ਗੁਰਦਾਸਪੁਰ ਨੂੰ, ਮੁਕਤਸਰ ਨੇ ਫ਼ਰੀਦਕੋਟ ਨੂੰ, ਫ਼ਿਰੋਜ਼ਪੁਰ ਨੇ ਮੁਹਾਲੀ ਨੂੰ, ਮੁਕਤਸਰ ਨੇ ਮਾਨਸਾ ਨੂੰ, ਮੁਕਤਸਰ ਨੇ ਪਟਿਆਲੇ ਨੂੰ, ਮੋਗਾ ਨੇ ਬਠਿੰਡਾ ਨੂੰ, ਕਪੂਰਥਲਾ ਨੇ ਸੰਗਰੂਰ ਨੂੰ ਅਤੇ ਜਲੰਧਰ ਨੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਹਰਾ ਕੇ ਜਿੱਤਾਂ ਦਰਜ ਕੀਤੀਆਂ। ਲੜਕੀਆਂ ਦੇ ਮੁਕਾਬਲਿਆਂ ਵਿਚ ਤਰਨਤਾਰਨ ਨੇ ਮੁਹਾਲੀ ਨੂੰ, ਪਟਿਆਲਾ ਨੇ ਬਰਨਾਲਾ ਨੂੰ, ਲੁਧਿਆਣਾ ਨੇ ਬਠਿੰਡਾ ਨੂੰ, ਕਪੂਰਥਲਾ ਨੇ ਫ਼ਰੀਦਕੋਟ ਨੂੰ, ਜਲੰਧਰ ਨੇ ਫ਼ਿਰੋਜ਼ਪੁਰ ਨੂੰ ਹਰਾ ਕੇ, ਕਪੂਰਥਲਾ ਨੇ ਸੰਗਰੂਰ ਨੂੰ ਅਤੇ ਅੰਮ੍ਰਿਤਸਰ ਨੇ ਫ਼ਿਰੋਜ਼ਪੁਰ ਨੂੰ ਹਰਾ ਕੇ ਜਿੱਤ ਹਾਸਲ ਕੀਤੀ।

ਪੰਜਾਬ ਰੋਇੰਗ ਚੈਂਪੀਅਨਸ਼ਿਪ ਸਮਾਪਤ

ਚੰਡੀਗੜ੍ਹ, 30 ਅਗਸਤ - ਚੰਡੀਗੜ੍ਹ ਦੀ ਸੁਖਨਾ ਝੀਲ ਵਿਖੇ ਪੰਜਾਬ ਰੋਇੰਗ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਦੇ ਲੜਕਿਆਂ ਦੇ ਵਰਗ ਦੇ ਸਿੰਗਲ ਸਕੱਲ ਮੁਕਾਬਲੇ 'ਚ ਗੁਰਿੰਦਰ ਸਿੰਘ ਲੁਧਿਆਣਾ ਪਹਿਲੇ, ਮਨਜੋਤ ਸਿੰਘ ਦੂਸਰੇ ਤੇ ਮਨਪ੍ਰੀਤ ਸਿੰਘ ਤੀਸਰੇ, ਡਬਲ ਸਕੱਲ 'ਚ ਅਸ਼ੀਸ਼ ਤੇ ਰਮਣੀਕ ਸਿੰਘ ਦੀ ਜੋੜੀ ਪਹਿਲੇ ਅਤੇ ਧਰਮਿੰਦਰ ਸਿੰਘ ਤੇ ਸੰਦੀਪ ਸਿੰਘ ਦੀ ਜੋੜੀ ਦੂਸਰੇ, ਫੌਰ ਸਕੱਲ 'ਚ ਪ੍ਰਦੀਪ ਸਿੰਘ ਰੂਪ ਦਾਸ, ਸਤਨਾਮ ਸਿੰਘ ਤੇ ਕਰਮਜੀਤ ਸਿੰਘ ਦੀ ਟੀਮ ਪਹਿਲੇ, ਗੁਰਪ੍ਰੀਤ ਸਿੰਘ, ਨਵਜੋਤ ਸਿੰਘ, ਗੁਰਪ੍ਰੀਤ ਸਿੰਘ ਤੇ ਕੁਲਬੀਰ ਸਿੰਘ ਦੀ ਟੀਮ ਦੂਸਰੇ ਤੇ ਅਕਾਸ਼ਦੀਪ ਸਿੰਘ, ਸੁਖਵਿੰਦਰ ਸਿੰਘ, ਨਵਦੀਪ ਸਿੰਘ ਤੇ ਰਵਿੰਦਰ ਸਿੰਘ ਦੀ ਟੀਮ ਤੀਸਰੇ ਸਥਾਨ 'ਤੇ ਰਹੀ। ਲੜਕੀਆਂ ਦੇ ਸਿੰਗਲ ਸਕੱਲ ਮੁਕਾਬਲੇ 'ਚ ਮਨਦੀਪ ਕੌਰ ਪਹਿਲੇ, ਸਰਬਜੀਤ ਕੌਰ ਦੂਸਰੇ ਤੇ ਪਰਮਜੀਤ ਕੌਰ ਤੀਸਰੇ, ਡਬਲ ਸਕੱਲ 'ਚ ਸਰਬਜੀਤ ਕੌਰ ਤੇ ਫਿਜ਼ਾ ਚੌਪੜਾ ਪਹਿਲੇ, ਮਨਦੀਪ ਕੌਰ ਤੇ ਸੰਦੀਪ ਕੌਰ ਦੂਸਰੇ ਸਥਾਨ 'ਤੇ ਰਹੀਆਂ।

ਮਹਿਲਾ ਹਾਕੀ ਵਿਸ਼ਵ ਕੱਪ 'ਚ ਕੋਰੀਆ, ਇੰਗਲੈਂਡ ਅਤੇ ਅਰਜਨਟੀਨ ਮੋਹਰੀ

ਰੋਜਾਰੀਓ, 30 ਅਗਸਤ - ਮਹਿਲਾ ਹਾਕੀ ਵਿਸ਼ਵ ਕੱਪ 'ਚ ਦੱਖਣੀ ਕੋਰੀਆ, ਇੰਗਲੈਂਡ ਅਤੇ ਮੇਜ਼ਬਾਨ ਟੀਮ ਨੇ ਜਿੱਤ ਦੀ ਸ਼ੁਰੂਆਤ ਕੀਤੀ ਹੈ। ਪਹਿਲੇ ਦਿਨ ਦੱਖਣੀ ਕੋਰੀਆ ਨੇ ਪੂਲ-ਬੀ ਦੇ ਮੁਕਾਬਲੇ 'ਚ ਚੀਨ ਨੂੰ 2-1 ਨਾਲ ਹਰਾਇਆ ਉਥੇ ਇੰਗਲੈਂਡ ਨੇ ਸਪੇਨ ਨੂੰ 3-2 ਨਾਲ ਹਰਾਇਆ। ਦਿਨ ਦੇ ਤੀਸਰੇ ਅਤੇ ਆਖਰੀ ਮੁਕਾਬਲੇ 'ਚ ਮੇਜ਼ਬਾਨ ਅਰਜਨਟੀਨਾ ਨੇ ਦੱਖਣੀ ਅਫਰੀਕਾ ਨੂੰ 5-2 ਦੇ ਵੱਡੇ ਫਰਕ ਨਾਲ ਹਰਾਇਆ।

ਐਨ. ਬੀ. ਏ. ਮਹਿੰਦਰਾ ਚੈਲੇਜ ਬਾਸਕਿਟਬਾਲ ਲੀਗ

ਲੁਧਿਆਣਾ, 29 ਅਗਸਤ - ਐਨ.ਬੀ.ਏ. ਮਹਿੰਦਰਾ ਚੈਲੇਜ ਬਾਸਕਿਟਬਾਲ ਲੀਗ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਚੱਲ ਰਹੀ ਹੈ। ਇਸ ਲੀਗ ਦੇ 7ਵੇਂ ਗੇੜ ਦੇ ਮੈਚਾਂ ਵਿਚ ਮੁੰਡਿਆਂ ਦੇ ਵਰਗ ਵਿਚ ਜਿਥੇ ਅੰਮ੍ਰਿਤਸਰ ਬਾਸਕਿਟਬਾਲ ਕਲੱਬ, ਲੁਧਿਆਣਾ ਅਕੈਡਮੀ, ਸੰਗਰੂਰ ਨੇ ਜੇਤੂ ਸਿਲਸਿਲਾ ਜਾਰੀ ਰੱਖਿਆ, ਉਥੇ ਕੁੜੀਆਂ ਵਿਚ ਕਪੂਰਥਲਾ, ਸਰਕਾਰੀ ਕਾਲਜ ਲੁਧਿਆਣਾ ਅਤੇ ਅੰਮ੍ਰਿਤਸਰ ਬਾਸਕਿਟਬਾਲ ਕਲੱਬ ਦੀਆਂ ਟੀਮਾਂ ਜੇਤੂ ਰਹੀਆਂ। ਮੁੰਡਿਆਂ ਦੇ ਵਰਗ ਵਿਚ ਅੰਮ੍ਰਿਤਸਰ ਬਾਸਕਿਟਬਾਲ ਕਲੱਬ ਨੇ ਗੁਰੂ ਗੋਬਿੰਦ ਸਿੰਘ ਕਲੱਬ ਮੋਗਾ ਨੂੰ 65-47 ਨਾਲ, ਲੁਧਿਆਣਾ ਬਾਸਕਿਟਬਾਲ ਅਕੈਡਤੀ ਨੇ ਸ਼ਹੀਦ ਭਗਤ ਸਿੰਘ ਕਲੱਬ ਕੋਟਕਪੂਰਾ ਨੂੰ 89-88 ਨਾਲ, ਸੰਗਰੂਰ ਅਕੈਡਮੀ ਨੇ ਅਰਜਨਾ ਐਵਾਰਡੀ ਗੁਰਦਿਆਲ ਸਿੰਘ ਗੁੜੇ ਕਲੱਬ ਨੂੰ 56-43 ਨਾਲ ਹਰਾਇਆ। ਲੜਕੀਆਂ ਦੇ ਵਰਗ ਵਿਚ ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਸਰਕਾਰੀ ਕਾਲਜ ਕਲੱਬ ਲੁਧਿਆਣਾ ਨੂੰ 37-10 ਨਾਲ, ਸਰਕਾਰੀ ਕਾਲਜ ਲੁਧਿਆਣਾ ਨੇ ਸੰਗਰੂਰ ਨੂੰ 62-34 ਨਾਲ, ਅੰਮ੍ਰਿਤਸਰ ਕਲੱਬ ਨੇ ਬੀ. ਬੀ. ਨੇ ਡੀ. ਏ. ਵੀ. ਕਾਲਜ ਨੂੰ 53-21 ਨਾਲ ਹਰਾਇਆ। ਲੜਕੀਆਂ ਦੇ ਯੂਥ ਵਰਗ ਵਿਚ ਹਿੰਦੂ ਪੁੱਤਰੀ ਪਾਠਸ਼ਾਲਾ ਕਪੂਰਥਲਾ ਨੇ ਕਿਚਲੂ ਨਗਰ ਲੁਧਿਆਣਾ ਨੂੰ 40-20 ਨਾਲ ਹਰਾਇਆ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 21ਵੀਂ ਵਾਰ ਜਿੱਤੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ

ਅੰਮ੍ਰਿਤਸਰ, 26 ਅਗਸਤ - ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 38 ਸਾਲਾਂ ਦੇ ਖੇਡ ਜੀਵਨ ਦੌਰਾਨ 21ਵੀਂ ਵਾਰ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਨੂੰ ਜਿੱਤਣ ਦਾ ਮਾਣ ਹਾਸਲ ਕਰ ਲਿਆ ਹੈ। ਇਹ ਪੁਰਸਕਾਰ ਦੇਸ਼ ਦਾ ਖੇਡਾਂ ਦਾ ਸਰਵਉਚ ਵੱਕਾਰੀ ਪੁਰਸਕਾਰ ਹੈ। ਯੂਨੀਵਰਸਿਟੀ ਇਸ ਸਮੇਂ ਦੌਰਾਨ ਇਸ ਟਰਾਫੀ ਦੀ 12 ਵਾਰ ਆਲ ਇੰਡੀਆ ਉਪ ਜੇਤੂ ਵੀ ਰਹੀ ਅਤੇ 2 ਵਾਰ ਤੀਸਰਾ ਸਥਾਨ ਹਾਸਲ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਸ ਸਾਲ (2009-10) ਪੁਰਸ਼ਾਂ ਅਤੇ ਇਸਤਰੀਆਂ ਦੇ ਆਲ ਇੰਡੀਆ ਅੰਤਰ ਯੂਨੀਵਰਸਿਟੀ ਟੂਰਨਾਮੈਂਟਾਂ 'ਚੋਂ ਕੁੱਲ 32 ਪੁਜੀਸ਼ਨਾਂ ਪ੍ਰਾਪਤ ਕੀਤੀਆਂ ਹਨ।

ਪੰਜਾਬ ਸਕੂਲ ਖੇਡਾਂ ਦੇ ਤੈਰਾਕੀ ਮੁਕਾਬਲੇ 15 ਅਕਤੂਬਰ ਤੋਂ

ਜਲੰਧਰ, 25 ਅਗਸਤ - ਪੰਜਾਬ ਸਕੂਲ ਖੇਡਾਂ ਦੇ ਤੈਰਾਕੀ ਤੇ ਵਾਟਰਪੋਲੋ ਮੁਕਾਬਲੇ ਜੋ ਕਿ ਪਹਿਲਾਂ 29 ਅਗਸਤ ਤੋਂ 2 ਸਤੰਬਰ ਤੱਕ ਹੋਣੇ ਸਨ ਉਹ ਹੁਣ 15 ਤੋਂ 19 ਅਕਤੂਬਰ ਤੱਕ ਸੰਗਰੂਰ ਵਿਖੇ ਕਰਵਾਏ ਜਾਣਗੇ। ਇਹ ਤਬਦੀਲੀ ਕੁਝ ਤਕਨੀਕੀ ਕਾਰਨਾਂ ਕਰਕੇ ਕੀਤੀ ਗਈ ਹੈ।

ਰਾਸ਼ਟਰ ਮੰਡਲ 'ਚ ਸ਼ਾਮਿਲ ਹੋਣ ਵਾਲੀ ਭਾਰਤੀ ਸਕੂਐਸ਼ ਟੀਮ

ਚੇਨਈ, 23 ਅਗਸਤ - ਰਾਸ਼ਟਰ ਮੰਡਲ ਖੇਡਾਂ ਲਈ ਭਾਰਤੀ ਸਕੂਐਸ਼ ਟੀਮ ਦੀ ਚੋਣ ਕਰ ਦਿੱਤੀ ਗਈ ਹੈ। ਇਸ ਵਿਚ ਭਾਰਤੀ ਟੀਮ ਦੇ ਕੁੱਲ 10 ਖਿਡਾਰੀ ਅਤੇ 4 ਅਧਿਕਾਰੀ ਸ਼ਾਮਿਲ ਹਨ। ਰਾਸ਼ਟਰ ਮੰਡਲ ਖੇਡਾਂ ਦੌਰਾਨ ਸਕੂਐਸ਼ ਦੇ ਤਿੰਨ ਵਰਗਾਂ ਸਿੰਗਲਜ਼ (ਪੁਰਸ਼ ਅਤੇ ਮਹਿਲਾ), ਡਬਲਜ਼ (ਪੁਰਸ਼ ਅਤੇ ਮਹਿਲਾ) ਅਤੇ ਮਿਕਸਡ ਡਬਲਜ਼ 'ਚ ਮੁਕਾਬਲੇ ਕਰਵਾਏ ਜਾਣਗੇ। ਭਾਰਤੀ ਟੀਮ 'ਚ ਪੁਰਸ਼ ਖਿਡਾਰੀ ਸੌਰਵ ਘੋਸ਼ਾਲ, ਸਿਧਾਂਰਥ ਸੁਚਦੇ, ਹਰਿੰਦਰਪਾਲ ਸਿੰਘ ਸੰਧੂ, ਸੰਦੀਪ ਜਾਂਗਰਾ ਅਤੇ ਗੌਰਵ ਨਾਂਦਰਾਜੋਗ, ਮਹਿਲਾ ਖਿਡਾਰੀ ਜੋਸ਼ਨਾ ਚੇਨਪਾ, ਦੀਪਿਕਾ ਪਾਲਕੀਕਲ, ਅਨਾਕਾ ਅਲਾਨਕਾਮੋਨੀ, ਅਨਵੇਸ਼ਾ ਰੈਡੀ ਅਤੇ ਸੁਰਭੀ ਮਿਸ਼ਰਾ ਅਤੇ ਅਧਿਕਾਰੀਆਂ 'ਚ ਐਸ. ਸਿੰਗਾਰਾਵੇਲੂ, ਸਾਇਰਸ ਪੋਂਚਾ, ਭਾਸ਼ਕਰ ਬਾਲਾਮੁਰੁਗਨ ਅਤੇ ਗੌਤਮ ਦਾਸ ਸ਼ਾਮਿਲ ਹਨ।

ਭਾਰਤ-ਪਾਕਿ ਕਬੱਡੀ ਮੈਚਾਂ ਲਈ ਭਾਰਤੀ ਟੀਮ ਦੀ ਚੋਣ 25 ਨੂੰ

ਪਟਿਆਲਾ, 22 ਅਗਸਤ - ਸਤੰਬਰ ਮਹੀਨੇ 'ਚ ਭਾਰਤ-ਪਾਕਿਸਤਾਨ ਕਬੱਡੀ ਮੈਚਾਂ ਦੀ ਲੜੀ ਸ਼ੁਰੂ ਹੋ ਰਹੀ ਹੈ। ਇਸ ਲਈ ਭਾਰਤੀ ਟੀਮ ਦੀ ਚੋਣ 25 ਅਗਸਤ ਨੂੰ ਚੰਡੀਗੜ੍ਹ ਦੇ 41 ਸੈਕਟਰ ਵਿਖੇ ਸਥਿਤੀ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਸਵੇਰੇ 11 ਵਜੇ ਕੀਤੀ ਜਾਵੇਗੀ। ਕੌਮੀ ਟੀਮ ਦੀ ਚੋਣ ਉਪਰੰਤ ਜ਼ੀਰਕਪੁਰ ਵਿਖੇ ਲੜੀ ਸ਼ੁਰੂ ਹੋਣ ਤੱਕ ਕੈਂਪ ਲਗਾਇਆ ਜਾਵੇਗਾ।

ਪੰਜਾਬ ਰੋਇੰਗ ਚੈਂਪੀਅਨਸ਼ਿਪ 27 ਤੋਂ 29 ਤੱਕ

ਪਟਿਆਲਾ, 22 ਅਗਸਤ - ਚੰਡੀਗੜ੍ਹ ਸੁਖਨਾ ਝੀਲ ਵਿਖੇ 27 ਤੋਂ 9 ਅਗਸਤ ਤੱਕ ਪੰਜਾਬ ਰੋਇੰਗ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਦੌਰਾਨ ਕੌਮੀ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਦੀ ਚੋਣ ਵੀ ਕੀਤੀ ਜਾਵੇਗੀ।

ਐਨ.ਬੀ.ਏ. ਮਹਿੰਦਰਾ ਚੈਲੇਜ਼ ਬਾਸਕਿਟਬਾਲ ਲੀਗ

ਲੁਧਿਆਣਾ, 21 ਅਗਸਤ - ਹਫ਼ਤਾਵਾਰੀ ਐਨ.ਬੀ.ਏ. ਮਹਿੰਦਰਾ ਚੈਲੇਜ਼ ਬਾਸਕਿਟਬਾਲ ਲੀਗ ਜੋ ਕਿ ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ ਚਲ ਰਹੀ ਹੈ। ਇਸ ਲੀਗ ਦੇ ਪੰਜਵੇਂ ਗੇੜ ਦੇ ਮੈਚਾਂ ਵਿਚ ਮੁੰਡਿਆਂ ਦੇ ਵਰਗ ਵਿਚ ਡੀ. ਏ. ਵੀ. ਅੰਮ੍ਰਿਤਸਰ, ਖੰਨਾ, ਲੁਧਿਆਣਾ,ਸੰਗਰੂਰ ਨੇ ਕੁੜੀਆਂ ਵਿਚ ਲੁਧਿਆਣਾ ਤੇ ਦਾਖਾ ਨੇ ਵੱਡੀਆਂ ਜਿੱਤਾਂ ਹਾਸਿਲ ਕੀਤੀਆਂ। ਮੁੰਡਿਆਂ ਵਿਚ ਡੀ. ਏ. ਵੀ. ਪਬਲਿਕ ਸਕੂਲ ਅੰਮ੍ਰਿਤਸਰ ਨੇ ਪੋਲੋ ਸੈਂਟਰ ਪਟਿਆਲਾ ਨੂੰ 65-37 ਨਾਲ, ਏ. ਸੀ. ਈ. ਕਲੱਬ ਖੰਨਾ ਨੇ ਕੁੰਦਨ ਵਿਦਿਆ ਮੰਦਿਰ ਸਕੂਲ ਲੁਧਿਆਣਾ ਨੂੰ 54-37 ਨਾਲ, ਸਾਈਂ ਸੈਂਟਰ ਪਟਿਆਲਾ ਨੇ ਰਾਜਾ ਪੋਰਸ ਕਲੱਬ ਗਿੱਦੜਬਾਹਾ ਨੂੰ 60-53 ਨਾਲ, ਚੰਡੀਗਡ੍ਹ ਸੈਕਟਰ 18 ਨੇ ਗਰੀਨ ਲੈਂਡ ਸਕੂਲ ਲੁਧਿਆਣਾ ਨੂੰ 63-15 ਨਾਲ, ਜਿੰਮ ਖਾਨਾ ਕਲੱਬ ਲੁਧਿਆਣਾ ਨੇ ਬੀ. ਸੀ. ਐਮ. ਚੰਡੀਗੜ੍ਹ ਰੋਡ ਨੂੰ 54-32 ਨਾਲ, ਸਪਰਿੰਗ ਡੇਲ ਅੰਮ੍ਰਿਤਸਰ ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅੰਮ੍ਰਿਤਸਰ ਨੂੰ 41-15 ਨਾਲ, ਸੰਗਰੂਰ ਯੂਥ ਕਲੱਬ ਨੇ ਡੀ. ਪੀ. ਐਸ. ਲੁਧਿਆਣਾ ਨੂੰ 46-15 ਕੋਟਕਪੁਰਾ ਨੇ ਐਮ. ਜੀ. ਐਮ. ਸਕੂਲ ਦੁੱਗਰੀ ਨੂੰ 54-16 ਨਾਲ, ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਲੁਧਿਆਣਾ ਨੇ ਕਿਚਲੂ ਨਗਰ ਸਕੂਲ ਲੁਧਿਆਣਾ ਨੂੰ 23-15 ਨਾਲ ਹਰਾਇਆ। ਕੁੜੀਆਂ ਦੇ ਵਰਗ ਵਿਚ ਖਾਲਸਾ ਸਕੂਲ ਲੁਧਿਆਣਾ ਨੇ ਸ਼ਹੀਦ ਮੇਜਰ ਕੁਲਦੀਪ ਸਿੰਘ ਸੂਜਾਪੁਰ ਕਲੱਬ ਨੂੰ 34-18 ਨਾਲ, ਜੀ. ਟੀ. ਬੀ ਸਕੂਲ ਦਾਖਾ ਨੇ ਬੀ. ਵੀ. ਐਮ. ਸਕੂਲ ਲੁਧਿਆਣਾ ਨੂੰ 50-15 ਨਾਲ, ਪੋਲੋ ਸੈਂਟਰ ਪਟਿਆਲਾ ਨੇ ਜਿੰਮ ਖਾਨਾ ਕਲੱਬ ਲੁਧਿਆਣਾ ਨੂੰ 35-21 ਨਾਲ ਹਰਾਇਆ। ਭਲਕੇ 22 ਅਗਸਤ ਨੂੰ ਐਨ. ਬੀ. ਏ. ਲੀਗ ਦੇ 18 ਮੈਚ ਖੇਡੇ ਜਾਣਗੇ।

ਭਾਰਤ ਪਾਕਿਸਤਾਨ ਕਬੱਡੀ ਟੈਸਟ ਮੈਚਾਂ ਦੀ ਲੜੀ 5 ਤੋਂ

ਪਟਿਆਲਾ, 21 ਅਗਸਤ - ਭਾਰਤ ਪਾਕਿਸਤਾਨ ਕਬੱਡੀ ਟੈਸਟ ਮੈਚਾਂ ਦੀ ਲੜੀ 5 ਤੋਂ 30 ਸਤੰਬਰ ਤੱਕ ਦੇਸ਼ ਦੇ ਵੱਖ ਵੱਖ ਸ਼ਹਿਰਾਂ 'ਚ ਕਰਵਾਈ ਜਾ ਰਹੀ ਹੈ। ਹੈ। ਇਸ ਟੀਮ 'ਚ 22 ਖਿਡਾਰੀ ਤੇ ਪ੍ਰਬੰਧਕ ਸ਼ਾਮਿਲ ਹੋਣਗੇ। ਹਰੇਕ ਮੈਚ ਦੌਰਾਨ ਜੇਤੂ ਟੀਮ ਨੂੰ 75 ਹਜ਼ਾਰ ਤੇ ਉਪ ਜੇਤੂ ਟੀਮ ਨੂੰ 50 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਮੈਚ ਦਿੱਲੀ, ਹਰਿਆਣਾ, ਪੰਜਾਬ, ਹਿਮਾਚਲ ਤੇ ਚੰਡੀਗੜ੍ਹ ਵਿਖੇ ਹੋਣ ਵਾਲੀ ਲੜੀ ਤਹਿਤ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੁਹਾਲੀ, ਸਮਰਾਲਾ ਤੇ ਮੋਗਾ ਵਿਖੇ ਕਰਵਾਏ ਜਾਣਗੇ। ਭਾਰਤੀ ਟੀਮ ਦੀ ਚੋਣ 24 ਅਗਸਤ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਵੇਗੀ ਅਤੇ ਟੀਮ ਦਾ ਕੈਂਪ ਜ਼ੀਰਕਪੁਰ ਵਿਖੇ ਵਧੀਆ ਕੋਚਾਂ ਦੀ ਦੇਖ-ਰੇਖ 'ਚ ਲਗਾਇਆ ਜਾਵੇਗਾ।

ਭਾਰਤੀ ਮਹਿਲਾ ਹਾਕੀ ਟੀਮ ਅਰਜਨਟੀਨਾ ਲਈ ਰਵਾਨਾ

ਪਟਿਆਲਾ, 20 ਅਗਸਤ - ਵਿਸ਼ਵ ਕੱਪ ਹਾਕੀ ਟੂਰਨਾਮੈਂਟ ਜੋ ਕਿ ਅਰਜਨਟੀਨਾ 'ਚ 29 ਅਗਸਤ ਤੋਂ ਕਰਵਾਇਆ ਜਾ ਰਿਹਾ ਹੈ। ਇਸ ਵਿਸ਼ਵ ਕੱਪ ਲਈ ਪਟਿਆਲਾ ਤੋਂ ਐਨ.ਆਈ.ਐਸ. 18 ਮੈਂਬਰੀ ਟੀਮ ਅਤੇ 8 ਪ੍ਰਬੰਧਕ ਰਵਾਨਾ ਹੋ ਗਏ ਹਨ। ਟੀਮ ਦੇ ਪੂਲ 'ਚ ਵਿਸ਼ਵ ਦੀਆਂ ਚੋਟੀ ਦੀਆਂ ਚਾਰ ਟੀਮਾਂ 'ਚ ਸ਼ਾਮਿਲ ਤਿੰਨ ਟੀਮਾਂ ਆਸਟ੍ਰੇਲੀਆ, ਜਰਮਨੀ ਤੇ ਹਾਲੈਂਡ ਸ਼ਾਮਿਲ ਹਨ। ਭਾਰਤੀ ਮਹਿਲਾ ਹਾਕੀ ਟੀਮ ਦਾ ਮੁਕਾਬਲਾ ਇਨ੍ਹਾਂ ਟੀਮਾਂ ਨਾਲ ਹੀ ਕਰਵਾਇਆ ਜਾਵੇਗਾ। ਇਨ੍ਹਾਂ ਨਾਲ ਹੀ ਪਹਿਲੇ ਤਿੰਨ ਮੈਚ ਖੇਡਣੇ ਹਨ।

ਵਿਸ਼ਵ ਕੱਪ 12 ਫਰਵਰੀ ਤੋਂ

ਦੁਬਈ, 20 ਅਗਸਤ - ਵਿਸ਼ਵ ਕੱਪ ਦੇ 12 ਤੋਂ 18 ਫਰਵਰੀ ਦੇ ਵਿਚਕਾਰ ਕੁੱਲ 14 ਮੈਚ ਖੇਡੇ ਜਾਣਗੇ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਸਾਲ 2011 'ਚ ਭਾਰਤ, ਬੰਗਲਾਦੇਸ਼ ਅਤੇ ਸ੍ਰੀਲੰਕਾ 'ਚ ਹੋਣ ਵਾਲੇ ਵਿਸ਼ਵ ਕੱਪ (50 ਓਵਰ) ਦੇ ਤਿਆਰੀ ਮੈਚਾਂ ਦਾ ਐਲਾਨ ਕਰ ਦਿੱਤਾ ਹੈ। ਇਹ ਮੁਕਾਬਲੇ ਬੰਗਲੋਰ, ਚੇਨਈ, ਨਾਗਪੁਰ (ਭਾਰਤ), ਚਟਗਾਂਵ, ਢਾਕਾ (ਬੰਗਲਾਦੇਸ਼), ਕੋਲੰਬੋ, ਪੇਲਲੇਕਲੇ (ਸ੍ਰੀਲੰਕਾ) 'ਚ ਖੇਡੇ ਜਾਣਗੇ। ਸਾਲ 2011 ਵਿਸ਼ਵ ਕੱਪ 'ਚ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਸਮੇਤ ਕੁੱਲ 14 ਟੀਮਾਂ ਹਿੱਸਾ ਲੈਣਗੀਆਂ। 12 ਫਰਵਰੀ ਤੋਂ ਖੇਡੇ ਜਾਣ ਵਾਲੇ ਮੈਚਾਂ ਦਾ ਵੇਰਵਾ ਇਸ ਪ੍ਰਕਾਰ ਹੈ। 12 ਫਰਵਰੀ ਨੂੰ ਨਿਊਜ਼ੀਲੈਂਡ ਬਨਾਮ ਆਇਰਲੈਂਡ (ਨਾਗਪੁਰ), ਜ਼ਿੰਬਾਬਵੇ ਬਨਾਮ ਦੱਖਣੀ ਅਫਰੀਕਾ (ਚੇਨਈ), ਵੈਸਟ ਇੰਡੀਜ਼ ਬਨਾਮ ਕੀਨੀਆ (ਕੋਲੰਬੋ), ਸ੍ਰੀਲੰਕਾ ਬਨਾਮ ਨੀਦਰਲੈਂਡ (ਪੇਲਲੇਕਲੇ), ਬੰਗਲਾਦੇਸ਼ ਬਨਾਮ ਕੈਨੇਡਾ (ਚਟਗਾਂਵ), 13 ਫਰਵਰੀ ਨੂੰ ਭਾਰਤ ਬਨਾਮ ਆਸਟ੍ਰੇਲੀਆ (ਬੰਗਲੋਰ), 15 ਫਰਵਰੀ ਨੂੰ ਆਸਟ੍ਰੇਲੀਆ ਬਨਾਮ ਦੱਖਣੀ ਅਫਰੀਕਾ (ਬੰਗਲੋਰ), ਆਇਰਲੈਂਡ ਬਨਾਮ ਜ਼ਿੰਬਾਬਵੇ (ਨਾਗਪੁਰ), ਕੀਨੀਆ ਬਨਾਮ ਨੀਡਰਲੈਂਡ (ਪੇਲਲੇਕਲੇ), ਬੰਗਲਾਦੇਸ਼ ਬਨਾਮ ਪਾਕਿਸਤਾਨ (ਢਾਕਾ), 16 ਫਰਵਰੀ ਨੂੰ ਭਾਰਤ ਬਨਾਮ ਨਿਊਜ਼ੀਲੈਂਡ (ਚੇਨਈ), ਸ੍ਰੀਲੰਕਾ ਬਨਾਮ ਵੈਸਟ ਇੰਡੀਜ਼ (ਕੋਲੰਬੋ), ਇੰਗਲੈਂਡ ਬਨਾਮ ਕੈਨੇਡਾ (ਢਾਕਾ) ਅਤੇ 18 ਫਰਵਰੀ ਨੂੰ ਪਾਕਿਸਤਾਨ ਬਨਾਮ ਇੰਗਲੈਂਡ (ਢਾਕਾ) 'ਚ ਮੈਚ ਖੇਡਿਆ ਜਾਵੇਗਾ।

61ਵੀਂ ਪੰਜਾਬ ਜੂਨੀਅਰ ਬਾਸਕਿਟਬਾਲ ਚੈਂਪੀਅਨਸ਼ਿਪ ਦਾ ਫਾਈਨਲ ਅੱਜ

ਲੁਧਿਆਣਾ, 19 ਅਗਸਤ - ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ 61ਵੀਂ ਪੰਜਾਬ ਜੂਨੀਅਰ ਬਾਸਕਿਟਬਾਲ ਚੈਂਪੀਅਨਸ਼ਿਪ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਤੀਜੇ ਦਿਨ ਮੁੰਡਿਆਂ ਦੇ ਵਰਗ ਵਿਚ ਅੰਮ੍ਰਿਤਸਰ, ਲੁਧਿਆਣਾ, ਗੁਰਦਾਸਪੁਰ, ਲੁਧਿਆਣਾ ਅਕੈਡਮੀ ਨੇ ਆਪੋ-ਆਪਣੇ ਮੈਚ ਜਿੱਤ ਕੇ ਸੁਪਰ ਲੀਗ ਲਈ ਕੁਆਲੀਫਾਈ ਕੀਤਾ, ਜਦਕਿ ਕੁੜੀਆਂ ਦੇ ਵਰਗ ਵਿਚ ਜਲੰਧਰ, ਗੁਰਦਾਸਪੁਰ, ਲੁਧਿਆਣਾ, ਕਪੂਰਥਲਾ ਨੇ ਸੁਪਰਲੀਗ ਵਿਚ ਦਾਖਲਾ ਪਾਇਆ। ਕੁਆਟਰ ਫਾਈਨਲ ਮੈਚਾਂ ਵਿਚ ਲੁਧਿਆਣਾ ਨੇ ਬਠਿੰਡਾ ਨੂੰ, ਲੁਧਿਆਣਾ ਅਕੈਡਮੀ ਨੇ ਮੋਗਾ ਨੂੰ, ਗੁਰਦਾਸਪੁਰ ਨੇ ਜਲੰਧਰ ਨੂੰ, ਅੰਮ੍ਰਿਤਸਰ ਨੇ ਮਾਨਸਾ ਨੂੰ ਹਰਾਇਆ, ਜਦਕਿ ਸੁਪਰ ਲੀਗ ਦੇ ਪਹਿਲੇ ਗੇੜ ਦੇ ਮੈਚਾਂ ਵਿਚ ਲੁਧਿਆਣਾ ਅਕੈਡਮੀ ਨੇ ਗੁਰਦਾਸਪੁਰ ਨੂੰ 38-18 ਨਾਲ ਲੁਧਿਆਣਾ ਨੇ ਅੰਮ੍ਰਿਤਸਰ ਨੂੰ 55-45 ਅੰਕਾਂ ਨਾਲ ਹਰਾਇਆ। ਕੁੜੀਆਂ ਦੇ ਵਰਗ ਵਿਚ ਜਲੰਧਰ ਨੇ ਅੰਮ੍ਰਿਤਸਰ ਨੂੰ, ਗੁਰਦਾਸਪੁਰ ਨੇ ਸੰਗਰੂਰ ਨੂੰ, ਲੁਧਿਆਣਾ ਨੇ ਮਾਨਸਾ ਨੂੰ, ਕਪੂਰਥਲਾ ਨੇ ਪਟਿਆਲਾ ਨੂੰ ਹਰਾਇਆ। ਸੁਪਰਲੀਗ ਵਿਚ ਜਲੰਧਰ ਨੇ ਗੁਰਦਾਸਪੁਰ ਨੂੰ 78-52 ਨਾਲ, ਲੁਧਿਆਣਾ ਨੇ ਕਪੂਰਥਲਾ ਨੂੰ 41-38 ਅੰਕਾਂ ਨਾਲ ਹਰਾਇਆ। ਇਸ ਚੈਂਪੀਅਨਸ਼ਿਪ ਦਾ ਫਾਈਨਲ ਅੱਜ ਖੇਡਿਆ ਜਾਵੇਗਾ।

ਭਾਰਤੀ ਮਹਿਲਾ ਹਾਕੀ ਟੀਮ ਨੂੰ ਮਿਲੀ ਪ੍ਰਵਾਨਗੀ

ਪਟਿਆਲਾ, 19 ਅਗਸਤ - ਮਹਿਲਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ 29 ਅਗਸਤ ਨੂੰ ਅਰਜਨਟੀਨਾ 'ਚ ਖੇਡਿਆ ਜਾ ਰਿਹਾ ਹੈ। ਕਾਫੀ ਜੱਦੋਜਹਿਦ ਤੋਂ ਬਾਅਦ ਭਾਰਤੀ ਕੌਮੀ ਟੀਮ ਨੂੰ ਕੇਂਦਰੀ ਖੇਡ ਮੰਤਰਾਲੇ ਨੇ ਵਿਸ਼ਵ ਕੱਪ 'ਚ ਖੇਡਣ ਦਾ ਮੌਕਾ ਦੇ ਦਿੱਤਾ ਹੈ। ਕੇਂਦਰੀ ਖੇਡ ਮੰਤਰਾਲੇ ਵੱਲੋਂ 18 ਖਿਡਾਰਨਾਂ, ਕੋਚ ਇੰਚਾਰਜ ਸੰਦੀਪ ਸੋਮੇਸ਼, ਕੋਚ ਸੰਦੀਪ ਕੌਰ, ਪ੍ਰੀਤਮ ਠਾਕੁਰ, ਗੋਲ ਕੀਪਿੰਗ ਕੋਚ ਖਾਲਿਦ ਮੋਦੀ, ਮੈਨੈਜਰ ਰੂਪਾ ਸੈਣੀ, ਡਾ: ਵਿਮਲਾ ਭਾਟੀਆ, ਫਿਜੀਓਥਰੈਪਿਸਟ ਅੰਕਿਤਾ ਟੰਡਨ ਤੇ ਵੀਡੀਓ ਵਿਸਲੇਸ਼ਕ ਨਲਿਨੀ ਸਮੇਤ ਕੁੱਲ 26 ਮੈਂਬਰੀ ਦਲ ਨੂੰ ਵਿਸ਼ਵ ਕੱਪ 'ਚ ਜਾਣ ਦੀ ਪ੍ਰਵਾਨਗੀ ਦਿੱਤੀ ਹੈ।

ਪੰਜ ਦੋਸਤਾਨਾ ਮੈਚ 'ਚ ਭਾਰਤੀ ਫੁੱਟਬਾਲ ਟੀਮ ਸ਼ਾਮਿਲ

ਨਵੀਂ ਦਿੱਲੀ, 18 ਅਗਸਤ - ਭਾਰਤੀ ਫੁੱਟਬਾਲ ਟੀਮ ਅੰਤਰਰਾਸ਼ਟਰੀ ਟੀਮਾਂ ਨਾਲ ਸਤੰਬਰ ਮਹੀਨੇ 'ਚ ਅੰਬੇਡਕਰ ਸਟੇਡੀਅਮ ਵਿਖੇ ਪੰਜ ਦੋਸਤਾਨਾ ਮੈਚ ਖੇਡੇਗੀ। ਇਸ 'ਚ ਇਸ ਸਾਲ ਦੱਖਣੀ ਅਫਰੀਕਾ 'ਚ ਹੋਏ ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲਾ ਉੱਤਰੀ ਕੋਰੀਆ ਵੀ ਸ਼ਾਮਿਲ ਹੈ। ਅਗਲੇ ਸਾਲ ਦੋਹਾ 'ਚ ਹੋਣ ਵਾਲੇ ਏਸ਼ੀਆਈ ਕੱਪ ਦੀਆਂ ਤਿਆਰੀਆਂ ਦੇ ਸਬੰਧ 'ਚ ਭਾਰਤੀ ਟੀਮ ਅਜੇ ਪੁਰਤਗਾਲ 'ਚ ਹੈ। ਉਹ 8 ਸਤੰਬਰ ਨੂੰ ਪਹਿਲਾ ਮੈਚ ਥਾਈਲੈਂਡ ਨਾਲ ਖੇਡੇਗਾ। ਭਾਰਤ ਇਸ ਦੇ ਬਾਅਦ 14 ਸਤੰਬਰ ਨੂੰ ਹੀ ਅੰਬੇਡਕਰ ਸਟੇਡੀਅਮ 'ਚ ਉੱਤਰ ਕੋਰੀਆ ਨਾਲ ਭਿੜੇਗਾ। ਸਰਬ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐਫ. ਐਫ.) ਦੇ ਸੂਤਰਾਂ ਅਨੁਸਾਰ ਭਾਰਤ 18 ਸਤੰਬਰ ਨੂੰ ਨਾਮਬੀਆ ਅਤੇ ਇਸ ਦੇ ਬਾਅਦ 22 ਅਤੇ 25 ਸਤੰਬਰ ਨੂੰ ਤੁਰਕਮੇਨੀਸਤਾਨ ਨਾਲ ਭਿੜੇਗਾ। ਭਾਰਤ ਅਜੇ ਵਿਸ਼ਵ ਫੁੱਟਬਾਲ ਦਰਜਾਬੰਦੀ 'ਚ 138ਵੇਂ ਸਥਾਨ 'ਤੇ ਹੈ।

ਝਨੇਰ ਦਾ ਪੇਂਡੂ ਖੇਡ ਮੇਲਾ 20 ਤੋਂ

ਕੁੱਪ ਕਲਾਂ, 18 ਅਗਸਤ - ਪਿੰਡ ਝਨੇਰ 'ਚ 20-21 ਅਗਸਤ ਨੂੰ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕਬੱਡੀ 45 ਕਿਲੋ, 70 ਕਿਲੋ ਤੇ ਇਕ ਪਿੰਡ ਓਪਨ ਦੇ ਦਿਲਚਸਪ ਮੁਕਾਬਲੇ ਕਰਵਾਏ ਜਾਣਗੇ। ਕਬੱਡੀ ਦੀਆਂ ਜੇਤੂ ਟੀਮਾਂ ਨੂੰ ਨਕਦ ਇਨਾਮ ਦਿੱਤੇ ਜਾਣਗੇ।

ਉੱਤਰੀ ਜ਼ੋਨ ਐਥਲੈਟਿਕਸ ਚੈਂਪੀਅਨਸ਼ਿਪ 21 ਤੋਂ

ਜਲੰਧਰ, 18 ਅਗਸਤ - 21 ਤੋਂ 23 ਅਗਸਤ ਤੱਕ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਲੜਕੇ ਤੇ ਲੜਕੀਆਂ ਦੇ ਵਰਗ ਦੀ ਉਤਰੀ ਜ਼ੋਨ ਐਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਪੰਜਾਬ ਦੀਆਂ ਟੀਮਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਮਹਿਲਾ ਹਾਕੀ ਟੀਮ ਨੂੰ ਅਰਜਨਟੀਨਾ 'ਚ ਖੇਡਣ ਲਈ ਮਿਲੀ ਇਜਾਜ਼ਤ

ਨਵੀਂ ਦਿੱਲੀ, 17 ਅਗਸਤ - ਭਾਰਤੀ ਮਹਿਲਾ ਹਾਕੀ ਟੀਮ ਨੂੰ ਸੁਪਰੀਮ ਕੋਰਟ ਨੇ ਅਰਜਨਟੀਨਾ 'ਚ ਖੇਡਣ ਦੀ ਆਗਿਆ ਦੇ ਦਿੱਤੀ ਹੈ। ਇਹ ਟੀਮ 21 ਅਗਸਤ ਨੂੰ ਅਰਜਨਟੀਨਾ ਰਵਾਨਾ ਹੋਵੇਗੀ। ਵਿਸ਼ਵ ਕੱਪ 26 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਦੇਖਦਿਆਂ ਹੋਇਆਂ ਕਿ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਸਿਰਫ ਹਾਕੀ ਇੰਡੀਆ ਦੁਆਰਾ ਮਾਨਤਾ ਪ੍ਰਾਪਤ ਟੀਮ ਨੂੰ ਹੀ ਵਿਸ਼ਵ ਕੱਪ ਖੇਡਣ ਦੀ ਆਗਿਆ ਦੇਣ ਦੀ ਗੱਲ ਕਹੀ ਹੈ, ਭਾਰਤੀ ਟੀਮ ਨੂੰ ਅਰਜਨਟੀਨਾ ਭੇਜਣ ਦੀ ਫਿਲਹਾਲ ਅਸਥਾਈ ਵਿਵਸਥਾ ਕੀਤੀ ਜਾ ਰਹੀ ਹੈ।

ਵਿਸ਼ਵ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੀ ਭਾਰਤੀ ਮਹਿਲਾ ਮੁੱਕੇਬਾਜ਼ੀ ਟੀਮ

ਪਟਿਆਲਾ, 17 ਅਗਸਤ - ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਜੋ ਕਿ 9 ਤੋਂ 19 ਸਤੰਬਰ ਤੱਕ ਬਾਰਬੇਡਾਸ ਦੇ ਸ਼ਹਿਰ ਬ੍ਰਿਜਟਾਊਨ 'ਚ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ 10 ਮੈਂਬਰੀ ਭਾਰਤੀ ਟੀਮ ਦੀ ਚੋਣ ਕੀਤੀ ਗਈ ਹੈ। ਇਸ ਚੈਂਪੀਅਨਸ਼ਿਪ 'ਚ 75 ਦੇਸ਼ਾਂ ਦੀਆਂ 306 ਮੁੱਕੇਬਾਜ਼ ਹਿੱਸਾ ਲੈਣਗੀਆਂ। ਇਕ ਚੈਂਪੀਅਨਸ਼ਿਪ 'ਚ ਪਿਛਲੀ ਚੈਂਪੀਅਨਸ਼ਿਪ ਦੇ 13 ਭਾਰ ਵਰਗਾਂ ਦੀ ਬਜਾਏ 10 ਭਾਰ ਵਰਗ ਰੱਖੇ ਗਏ ਹਨ। ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਐਮ.ਸੀ. ਮੈਰੀਕਾਮ ਮਨੀਪੁਰ 48 ਕਿਲੋ 'ਚ, ਐਲ. ਸਰਿਤਾ ਦੇਵੀ ਮਨੀਪੁਰ 51 ਕਿਲੋ 'ਚ, ਪ੍ਰਿਯੰਕਾ ਚੌਧਰੀ ਉਤਰਾਖੰਡ 54 ਕਿਲੋ 'ਚ, ਪਵਿੱਤਰਾ ਹਰਿਆਣਾ 57 ਕਿਲੋ 'ਚ, ਨੀਤੂ ਚਾਹਲ ਹਰਿਆਣਾ 60 ਕਿਲੋ 'ਚ, ਪ੍ਰਤਿਭਾ ਜਾਖੜਾ ਚੰਡੀਗੜ੍ਹ 64 ਕਿਲੋ, ਕਵਿਤਾ ਗੋਇਤ ਦਿੱਲੀ 69 ਕਿਲੋ, ਅਵਸਥੀ ਮੋਲ ਰੇਲਵੇ 75 ਕਿਲੋ, ਲਕਸ਼ਮੀ ਪਾਦਿਆ ਮਨੀਪੁਰ, ਕਵਿਤਾ ਚਾਹਲ ਹਰਿਆਣਾ +81 ਕਿਲੋ ਵਰਗ 'ਚ ਦੇਸ਼ ਦੀ ਨੂਮਾਇੰਦਗੀ ਕਰਨਗੀਆਂ।

ਕਬੱਡੀ ਟੀਮਾਂ ਵਿਚਾਲੇ ਮੈਚ 12 ਨੂੰ

ਲੁਧਿਆਣਾ, 17 ਅਗਸਤ - ਪਾਕਿਸਤਾਨ ਦੀ ਕਬੱਡੀ ਟੀਮ ਸਤੰਬਰ ਮਹੀਨੇ 'ਚ ਭਾਰਤ ਦਾ ਦੌਰਾ ਕਰ ਰਹੀ ਹੈ, ਜਿਸ ਦੌਰਾਨ ਪਾਕਿਸਤਾਨ ਦੀ ਸਰਕਲ ਸਟਾਈਲ ਕਬੱਡੀ ਟੀਮ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਵੱਖ-ਵੱਖ ਥਾਵਾਂ 'ਤੇ 15 ਦੇ ਕਰੀਬ ਮੈਚ ਖੇਡੇਗੀ। ਭਾਰਤ-ਪਾਕਿਸਤਾਨ ਦੋਸਤਾਨਾ ਮੈਚਾਂ ਦੀ ਲੜੀ ਦਾ ਇਕ ਮੈਚ 12 ਸਤੰਬਰ ਨੂੰ ਪਿੰਡ ਧਾਂਦਰਾ ਲੁਧਿਆਣਾ ਵਿਖੇ ਖੇਡਿਆ ਜਾਵੇਗਾ। ਭਾਰਤ ਪਾਕਿਸਤਾਨ ਕਬੱਡੀ ਮੈਚ ਤੋਂ ਇਲਾਵਾ ਚਾਰ ਕਬੱਡੀ ਅਕੈਡਮੀਆਂ ਦੇ ਮੈਚ ਵੀ ਪਿੰਡ ਧਾਂਦਰਾ ਵਿਖੇ ਖੇਡੇ ਜਾਣਗੇ।

ਐਨ. ਬੀ. ਏ. ਮਹਿੰਦਰਾ ਚੈਲੰਜ ਬਾਸਕਿਟਬਾਲ ਲੀਗ

ਲੁਧਿਆਣਾ, 14 ਅਗਸਤ - ਐਨ.ਬੀ.ਏ. ਮਹਿੰਦਰਾ ਚੈਲੰਜ ਬਾਸਕਿਟਬਾਲ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਚੱਲ ਰਹੀ ਹੈ। ਇਸ ਲੀਗ ਦੇ ਤੀਜੇ ਗੇੜ ਦੇ ਮੈਚਾਂ ਵਿਚ ਕੁੜੀਆਂ ਦੇ ਵਰਗ ਵਿਚ ਜਰਖੜ ਅਕੈਡਮੀ, ਅੰਮ੍ਰਿਤਸਰ, ਗਿੱਦੜਬਾਹਾ ਅਤੇ ਮੁੰਡਿਆਂ ਦੇ ਵਰਗ ਪੀ. ਏ. ਯੂ. ਲੁਧਿਆਣਾ, ਚੰਡੀਗੜ੍ਹ ਅਤੇ ਪੁਲਿਸ ਡੀ. ਏ. ਵੀ. ਸਕੂਲ ਅੰਮ੍ਰਿਤਸਰ ਦੀਆਂ ਟੀਮਾਂ ਜੇਤੂ ਬਣੀਆਂ। ਜੂਨੀਅਰ ਵਰਗ ਲੜਕੀਆਂ ਵਿਚ ਜਰਖੜ ਅਕੈਡਮੀ ਨੇ ਬੀ. ਸੀ. ਐਮ. ਸੀ: ਸੈ: ਸਕੂਲ ਦੁਗਰੀ ਨੂੰ 27-7 ਨਾਲ ਹਰਾਇਆ। ਦੂਜੇ ਮੈਚ 'ਚ ਮਾਲ ਰੋਡ ਅੰਮ੍ਰਿਤਸਰ ਨੇ ਪੋਲੋ ਸੈਂਟਰ ਪਟਿਆਲਾ ਨੂੰ 23-8 ਨਾਲ ਮਾਤ ਦਿੱਤੀ। ਤੀਜੇ ਮੈਚ ਵਿਚ ਰਾਜਾ ਪੋਰਸ ਕਲੱਬ ਗਿੱਦੜਬਾਹਾ ਨੇ ਜਿੰਮ ਖਾਨਾ ਕਲੱਬ ਲੁਧਿਆਣਾ ਨੂੰ 25-10 ਨਾਲ ਹਰਾਇਆ, ਚੌਥੇ ਮੈਚ ਵਿਚ ਪੀ. ਏ. ਯੂ. ਸੀ: ਸੈ: ਸਕੂਲ ਲੁਧਿਆਣਾ ਨੇ ਜੀ. ਟੀ. ਬੀ. ਦਾਖਾ ਨੂੰ 22-15 ਨਾਲ ਹਰਾਇਆ। ਮੁੰਡਿਆਂ ਦੇ ਵਰਗ ਵਿਚ ਨਵ-ਭਾਰਤੀ ਸਕੂਲ ਲੁਧਿਆਣਾ ਨੇ ਗੁਰਦਿਆਲ ਸਿੰਘ ਬਾਸਕਟਬਾਲ ਅਕੈਡਮੀ ਗੁੜੇ ਨੂੰ 48-13 ਨਾਲ ਮਾਤ ਦਿੱਤੀ। ਜਦਕਿ ਨਿਊ ਪਬਲਿਕ ਸਕੂਲ ਚੰਡੀਗੜ੍ਹ ਨੇ ਡੀ. ਏ. ਵੀ. ਪਬਲਿਕ ਸਕੂਲ ਲੁਧਿਆਣਾ ਨੂੰ 28-10 ਨਾਲ, ਏ. ਸੀ. ਕਲੱਬ ਖੰਨਾ ਨੇ ਪਬਲਿਕ ਸਕੂਲ ਦੋਰਾਹਾ ਨੂੰ 34-18 ਨਾਲ, ਪੀ. ਏ. ਯੂ. ਸੀ: ਸੈ: ਸਕੂਲ ਲੁਧਿਆਣਾ ਨੇ ਗੁਰੂ ਨਾਨਕ ਕਲੱਬ ਲੁਧਿਆਣਾ ਨੂੰ 29-21 ਨਾਲ, ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਅੰਮ੍ਰਿਤਸਰ ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅੰਮ੍ਰਿਤਸਰ ਨੂੰ 40-25 ਨਾਲ, ਸਪਰਿੰਗ ਡੇਲ ਅੰਮ੍ਰਿਤਸਰ ਨੇ ਪੋਲੋ ਸੈਂਟਰ ਪਟਿਆਲਾ ਨੂੰ 26-24 ਨਾਲ, ਕੁੰਦਨ ਵਿੱਦਿਆ ਮੰਦਰ ਸਕੂਲ ਨੇ ਇਨਡਿਵਿਜ਼ੂਲ ਕਲੱਬ ਨੂੰ 35-18 ਨਾਲ ਹਰਾਇਆ।

61ਵੀਂ ਪੰਜਾਬ ਜੂਨੀਅਰ ਬਾਸਕਿਟਬਾਲ ਚੈਂਪੀਅਨਸ਼ਿਪ ਸ਼ੁਰੂ

ਲੁਧਿਆਣਾ, 14 ਅਗਸਤ - 17 ਤੋਂ 20 ਅਗਸਤ ਤੱਕ ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ 61ਵੀਂ ਪੰਜਾਬ ਜੂਨੀਅਰ ਬਾਸਕਟਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੀਆਂ ਮੁੰਡੇ ਤੇ ਕੁੜੀਆਂ ਦੀਆਂ 35 ਦੇ ਕਰੀਬ ਟੀਮਾਂ ਹਿੱਸਾ ਲੈਣਗੀਆਂ। ਇਸ ਰਾਜ ਪੱਧਰੀ ਚੈਂਪੀਅਨਸ਼ਿਪ ਵਿਚ 1 ਜਨਵਰੀ 1992 ਤੋਂ ਬਾਅਦ ਜਨਮੇ ਖਿਡਾਰੀ ਹਿੱਸਾ ਲੈਣ ਦੇ ਯੋਗ ਹੋਣਗੇ। ਇਸ ਚੈਂਪੀਅਨਸ਼ਿਪ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਪੰਜਾਬ ਦੀਆਂ ਮੁੰਡੇ ਅਤੇ ਕੁੜੀਆਂ ਦੀਆਂ ਟੀਮਾਂ ਦੀ ਚੋਣ ਹੋਵੇਗੀ। ਜੋ ਬੰਬਈ ਵਿਖੇ 24 ਤੋਂ 31 ਅਕਤੂਬਰ ਤੱਕ ਹੋਣ ਵਾਲੀ 61ਵੀਂ ਕੌਮੀ ਜੂਨੀਅਰ ਬਾਸਕਟਬਾਲ ਚੈਂਪੀਅਨਸ਼ਿਪ 'ਚ ਹਿੱਸਾ ਲੈਣਗੀਆਂ। ਰਾਜ ਪੱਧਰੀ ਚੈਂਪੀਅਨਸ਼ਿਪ ਵਾਸਤੇ ਲੁਧਿਆਣਾ ਟੀਮਾਂ ਦੀ ਚੋਣ 16 ਅਗਸਤ ਨੂੰ ਹੋਵੇਗੀ।

ਮਹਿਲਾ ਵਿਸ਼ਵ ਕੱਪ ਹਾਕੀ 29 ਅਗਸਤ ਤੋਂ

ਲੁਧਿਆਣਾ, 14 ਅਗਸਤ - ਅਰਜਨਟੀਨਾ ਦੇ ਸ਼ਹਿਰ ਰਸਾਰੀਓ ਵਿਖੇ 29 ਅਗਸਤ ਤੋਂ 11 ਸਤੰਬਰ ਤੱਕ ਮਹਿਲਾ ਵਿਸ਼ਵ ਕੱਪ ਹਾਕੀ ਕਰਵਾਈ ਜਾ ਰਹੀ ਹੈ।ਇਸ ਵਿਚ ਭਾਰਤ ਦਾ ਮੁਢਲਾ ਮੈਚ ਹਾਲੈਂਡ ਨਾਲ ਰੱਖਿਆ ਹੈ, ਜਦਕਿ ਟੂਰਨਾਮੈਂਟ ਦਾ ਉਦਘਾਟਨੀ ਮੈਚ ਚੀਨ ਅਤੇ ਕੋਰੀਆ ਵਿਚਕਾਰ ਖੇਡਿਆ ਜਾਵੇਗਾ। ਵਿਸ਼ਵ ਕੱਪ ਹਾਕੀ ਮੁਕਾਬਲੇ ਵਿੱਚ ਦੁਨੀਆ ਦੀਆਂ ਚੋਟੀ ਦੀਆਂ 12 ਟੀਮਾਂ ਹਿੱਸਾ ਲੈਣਗੀਆਂ। ਭਾਰਤ ਨੂੰ ਪੂਲ ਏ ਵਿੱਚ ਵਿਸ਼ਵ ਚੈਂਪੀਅਨ ਹਾਲੈਂਡ, ਜਰਮਨੀ, ਆਸਟ੍ਰੇਲੀਆ, ਜਾਪਾਨ ਅਤੇ ਨਿਊਜ਼ੀਲੈਂਡ ਨਾਲ ਖੇਡਣਾ ਪਵੇਗਾ, ਜਦਕਿ ਅਰਜਨਟੀਨਾ, ਚੀਨ, ਸਪੇਨ, ਇੰਗਲੈਂਡ, ਕੋਰੀਆ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਨੂੰ ਪੂਲ ਬੀ ਵਿੱਚ ਰੱਖਿਆ ਗਿਆ ਹੈ। ਵਿਸ਼ਵ ਕੱਪ ਦੌਰਾਨ 38 ਮੈਚ ਖੇਡੇ ਜਾਣਗੇ। ਹਰ ਪੂਲ 'ਚੋਂ ਦੋ ਸਰਵੋਤਮ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ।
ਵਿਸ਼ਵ ਕੱਪ ਹਾਕੀ ਦੇ ਮੈਚਾਂ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ :
29 ਅਗਸਤ ਪੂਲ ਬੀ ਚੀਨ ਬਨਾਮ ਕੋਰੀਆ, ਸਪੇਨ ਬਨਾਮ ਇੰਗਲੈਂਡ, ਅਰਜਨਟੀਨਾ ਬਨਾਮ ਦੱਖਣੀ ਅਫਰੀਕਾ।
30 ਅਗਸਤ ਪੂਲ ਏ ਹਾਲੈਂਡ ਬਨਾਮ ਭਾਰਤ, ਨਿਊਜ਼ੀਲੈਂਡ ਬਨਾਮ ਜਰਮਨੀ, ਆਸਟ੍ਰੇਲੀਆ ਬਨਾਮ ਜਪਾਨ।
31 ਅਗਸਤ ਪੂਲ ਬੀ ਚੀਨ ਬਨਾਮ ਇੰਗਲੈਂਡ, ਦੱਖਣੀ ਅਫਰੀਕਾ ਬਨਾਮ ਸਪੇਨ, ਅਰਜਨਟੀਨਾ ਬਨਾਮ ਕੋਰੀਆ।
1 ਸਤੰਬਰ ਪੂਲ ਏ ਭਾਰਤ ਬਨਾਮ ਆਸਟ੍ਰੇਲੀਆ, ਹਾਲੈਂਡ ਬਨਾਮ ਨਿਊਜ਼ੀਲੈਂਡ, ਜਰਮਨੀ ਬਨਾਮ ਜਾਪਾਨ।
2 ਸਤੰਬਰ ਪੂਲ ਬੀ ਚੀਨ ਬਨਾਮ ਦੱਖਣੀ ਅਫਰੀਕਾ, ਇੰਗਲੈਂਡ ਬਨਾਮ ਕੋਰੀਆ, ਸਪੇਨ ਬਨਾਮ ਅਰਜਨਟੀਨਾ।
3 ਸਤੰਬਰ ਪੂਲ ਏ ਭਾਰਤ ਬਨਾਮ ਜਰਮਨੀ, ਆਸਟ੍ਰੇਲੀਆ ਬਨਾਮ ਹਾਲੈਂਡ, ਜਪਾਨ ਬਨਾਮ ਨਿਊਜ਼ੀਲੈਂਡ।
4 ਸਤੰਬਰ ਪੂਲ ਬੀ ਇੰਗਲੈਂਡ ਬਨਾਮ ਦੱਖਣੀ ਅਫਰੀਕਾ, ਕੋਰੀਆ ਬਨਾਮ ਸਪੇਨ, ਚੀਨ ਬਨਾਮ ਅਰਜਨਟੀਨਾ।
5 ਸਤੰਬਰ ਪੂਲ ਏ ਭਾਰਤ ਬਨਾਮ ਜਾਪਾਨ, ਜਰਮਨੀ ਬਨਾਮ ਹਾਲੈਂਡ, ਨਿਊਜ਼ੀਲੈਂਡ ਬਨਾਮ ਆਸਟ੍ਰੇਲੀਆ।
6 ਸਤੰਬਰ ਪੂਲ ਬੀ ਸਪੇਨ ਬਨਾਮ ਚੀਨ, ਕੋਰੀਆ ਬਨਾਮ ਦੱਖਣੀ ਅਫਰੀਕਾ, ਅਰਜਨਟੀਨਾ ਬਨਾਮ ਇੰਗਲੈਂਡ।
7 ਸਤੰਬਰ ਪੂਲ ਏ ਭਾਰਤ ਬਨਾਮ ਨਿਊਜ਼ੀਲੈਂਡ, ਹਾਲੈਂਡ ਬਨਾਮ ਜਪਾਨ, ਆਸਟ੍ਰੇਲੀਆ ਬਨਾਮ ਜਰਮਨੀ।
ਸੈਮੀਫਾਈਨਲ ਮੈਚ 9 ਸਤੰਬਰ ਨੂੰ ਅਤੇ ਫਾਈਨਲ ਮੁਕਾਬਲਾ 11 ਸਤੰਬਰ ਨੂੰ ਖੇਡਿਆ ਜਾਵੇਗਾ। ਇਸ ਸਾਰੇ ਲੀਗ ਮੈਚ ਅਰਜਨਟੀਨਾ ਦੇ ਸਮੇਂ ਅਨੁਸਾਰ ਦੁਪਹਿਰ 2.30 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 9 ਵਜੇ ਤੱਕ ਹੋਣਗੇ।

23ਵੇਂ ਪੰਜਾਬ ਪੱਧਰੀ ਖੇਡ ਮੁਕਾਬਲੇ

ਬਰਨਾਲਾ, 13 ਅਗਸਤ - ਸ਼ਿਸੂ ਵਾਟਿਕਾ ਵਿਖੇ ਪੰਜਾਬ ਪੱਧਰੀ 23ਵੇਂ ਖੇਡ ਮੁਕਾਬਲੇ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਿਰ 'ਚ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ 'ਚ ਪੰਜਾਬ ਭਰ ਤੋਂ ਲਗਭਗ 650 ਖਿਡਾਰੀ ਸ਼ਾਮਿਲ ਹੋਏ।

ਐਨ. ਬੀ. ਏ. ਮਹਿੰਦਰਾ ਬਾਸਕਿਟਬਾਲ ਲੀਗ

ਲੁਧਿਆਣਾ, 13 ਅਗਸਤ - ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਜ਼ੋਨਲ ਪੱਧਰ ਬਾਸਕਿਟਬਾਲ ਲੀਗ ਚੱਲ ਰਹੀ ਹੈ। ਇਸ ਲੀਗ ਦੇ 18 ਮੈਚ ਅੱਜ ਹੋਣੇ ਹਨ। 7 ਮੈਚ ਕੁੜੀਆਂ ਦੇ ਅਤੇ 11 ਮੈਚ ਮੁੰਡਿਆਂ ਦੇ ਜੂਨੀਅਰ ਵਰਗ ਦੇ ਹੋਣਗੇ। ਕੁੜੀਆਂ ਦੇ ਵਰਗ ਦਾ ਪਹਿਲਾ ਮੈਚ ਸੇਕਰਡ ਹਾਰਟ ਭਾਈ ਰਣਧੀਰ ਸਿੰਘ ਨਗਰ ਸਕੂਲ ਅਤੇ ਸ਼ਹੀਦ ਮੇਜਰ ਕੁਲਦੀਪ ਸਿੰਘ ਕਲੱਬ ਸੂਜਾਪੁਰ ਵਿਚਕਾਰ, ਦੂਜਾ ਮੈਚ ਜਰਖੜ ਅਕੈਡਮੀ ਅਤੇ ਬੀ. ਸੀ. ਐਮ. ਸਕੂਲ ਦੁੱਗਰੀ ਮੈਚ 11 ਵਜੇ, ਤੀਜਾ ਮੈਚ ਰਾਜਾ ਪੋਰਸ ਕਲੱਬ ਗਿੱਦੜਬਾਹਾ ਅਤੇ ਪੀ. ਏ. ਯੂ. ਵਿਚਕਾਰ 12 ਵਜੇ, ਚੌਥਾ ਮੈਚ ਪੋਲੋ ਸੈਂਟਰ ਪਟਿਆਲਾ ਬਨਾਮ ਮਾਲ ਰੋਡ ਅੰਮ੍ਰਿਤਸਰ, ਪੰਜਵਾਂ ਮੈਚ ਜਿੰਮਖਾਨਾ ਕਲੱਬ ਲੁਧਿਆਣਾ ਅਤੇ ਜੀ. ਟੀ. ਬੀ. ਦਾਖਾ, ਛੇਵਾਂ ਮੈਚ ਬੀ. ਵੀ. ਐਮ ਕਿਚਲੂ ਨਗਰ ਬਰਾਮ ਸ਼ਾਸ਼ਤਰੀ ਨਗਰ ਵਿਚਕਾਰ 4 ਵਜੇ, ਸੱਤਵਾਂ ਮੈਚ ਗੁਰੂ ਨਾਨਕ ਪਬਲਿਕ ਸਕੂਲ ਲੁਧਿਆਣਾ ਬਨਾਮ ਬੀ. ਸੀ. ਐਮ. ਚੰਡੀਗੜ੍ਹ ਵਿਚਕਾਰ 5 ਵਜੇ ਖੇਡਿਆ ਜਾਵੇਗਾ। ਮੁੰਡਿਆਂ ਦੇ ਵਰਗ 'ਚ ਬਾਸਕਿਟਬਾਲ ਕੋਰਟ 2 ਵਿਚ ਨਵ ਭਾਰਤ ਸਕੂਲ ਤੇ ਗੁਰਦਿਆਲ ਸਿੰਘ ਸਪੋਰਟਸ ਕਲੱਬ ਗੁੜੇ ਵਿਚਕਾਰ 10 ਵਜੇ, ਦੋਰਾਹਾ ਬਨਾਮ ਖੰਨਾ 11 ਵਜੇ, ਸ਼ਹੀਦ ਮੇਜਰ ਕੁਲਦੀਪ ਸਿੰਘ ਸੂਜਾਪੁਰ ਬਨਾਮ ਬੀ. ਸੀ. ਐਮ. ਸ਼ਾਸ਼ਤਰੀ ਨਗਰ 12 ਵਜੇ, ਰਾਜਾ ਪੋਰਸ ਗਿੱਦੜਬਾਹਾ ਬਨਾਮ ਡੀ. ਪੀ. ਐਸ ਲੁਧਿਆਣਾ 2 ਵਜੇ, ਬੀ. ਵੀ. ਐਮ. ਕਿਚਲੂ ਨਗਰ ਬਨਾਮ ਡੀ. ਏ. ਵੀ. ਪੱਖੋਵਾਲ ਰੋਡ 3 ਵਜੇ ਖੇਡਿਆ ਜਾਵੇਗਾ, ਜਦ ਕਿ ਇੰਡੋਰ ਸਟੇਡੀਅਮ ਵਿਚ ਮੁੰਡਿਆਂ ਦੇ ਵਰਗ ਵਿਚ ਗੁਰੂ ਨਾਨਕ ਸਕੂਲ ਬਨਾਮ ਪੀ. ਏ. ਯੂ. 10 ਵਜੇ, ਡੀ. ਏ. ਵੀ. ਭਾਈ ਰਣਧੀਰ ਸਿੰਘ ਨਗਰ ਬਨਾਮ ਨਿਊ ਪਬਲਿਕ ਸਕੂਲ ਚੰਡੀਗੜ੍ਹ 11 ਵਜੇ, ਪੋਲੋ ਸੈਂਟਰ ਪਟਿਆਲਾ ਬਨਾਮ ਸਪਰਿੰਗ ਡੇਲ ਅੰਮ੍ਰਿਤਸਰ 12 ਵਜੇ, ਡੀ. ਏ. ਵੀ. ਅੰਮ੍ਰਿਤਸਰ ਬਨਾਮ ਗੁਰੂ ਹਰਕ੍ਰਿਸ਼ਨ ਅੰਮ੍ਰਿਤਸਰ 1 ਵਜੇ, ਸਪੋਰਟਸ ਵਿੰਗ ਪਟਿਆਲਾ ਬਨਾਮ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਫਿਲੌਰ ਵਿਚਕਾਰ 2 ਵਜੇ, ਬੀ. ਸੀ. ਐਮ. ਚੰਡੀਗੜ੍ਹ ਰੋਡ ਬਨਾਮ ਗਰੀਨ ਲੈਂਡ ਸਕੂਲ ਲੁਧਿਆਣਾ ਵਿਚਕਾਰ 3 ਵਜੇ ਖੇਡਿਆ ਜਾਵੇਗਾ।

ਭਾਰਤੀ ਮਹਿਲਾ ਹਾਕੀ ਟੀਮ ਦਾ ਕੈਂਪ ਸ਼ੁਰੂ

ਪਟਿਆਲਾ, 11 ਅਗਸਤ - ਮਹਿਲਾ ਹਾਕੀ ਵਿਸ਼ਵ ਕੱਪ ਜੋ ਕਿ 29 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਲਈ 32 ਖਿਡਾਰਨਾਂ ਚੁਣੀਆਂ ਗਈਆਂ ਸਨ। ਉਨ੍ਹਾਂ ਵਿਚੋਂ 28 ਖਿਡਾਰਨਾਂ ਨੇ ਪਟਿਆਲਾ ਦੇ ਐਨ.ਆਈ.ਐਸ. ਵਿਖੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਸ਼ਵ ਕੱਪ ਲਈ ਕੌਮੀ ਟੀਮ ਦੀ ਚੋਣ 13 ਅਗਸਤ ਨੂੰ ਪਟਿਆਲਾ 'ਚ ਹੀ ਟਰਾਇਲਾਂ ਦੌਰਾਨ ਕੀਤੀ ਜਾਵੇਗੀ। ਕੈਂਪ 21 ਅਗਸਤ ਤੱਕ ਚੱਲੇਗਾ। ਇਸ ਕੈਂਪ 'ਚ ਸਵਿਤਾ ਹਰਿਆਣਾ, ਯੋਗਿਤਾ ਪੰਜਾਬ, ਦੀਪਿਕਾ ਗੁਜਰਾਤ, ਮਰਿਤਾ ਝਾਰਖੰਡ, ਸਨਿਤੀ ਉੜੀਸਾ ਤੇ ਰਜਨੀ ਆਂਧਰਾ ਸਾਰੀਆਂ ਗੋਲਕੀਪਰ, ਵਿਨੀਤਾ ਟੋਪੋ ਉੜੀਸਾ, ਜੋਇਦੀਪ ਹਰਿਆਣਾ, ਸਭੱਦਰਾ ਪ੍ਰਧਾਨ ਉੜੀਸਾ, ਸੁਰਿੰਦਰ ਕੌਰ ਹਰਿਆਣਾ, ਮਮਤਾ ਖਰਬ ਹਰਿਆਣਾ, ਸਾਬਾ ਅੰਜੁਮ ਛੱਤੀਸਗੜ੍ਹ, ਰਾਣੀ ਹਰਿਆਣਾ, ਪੂਨਮ ਹਰਿਆਦਾ, ਸੌਦਰੀਯ ਆਂਧਰਾ, ਰੋਜਲ ਲਾਲਟੇ ਮਿਜ਼ੋਰਮ, ਰੋਚਿਲ ਡੁੰਮ-ਡੁੰਮ ਉੜੀਸਾ, ਮੁਕਤਾ ਬਾਹਲਾ ਉੜੀਸਾ, ਮੋਨਿਕਾ ਹਰਿਆਣਾ, ਸੁਨੀਤਾ ਉੜੀਸਾ, ਟੀ.ਐਚ. ਰਣਜੀਤਾ ਮਨੀਪੁਰ, ਪ੍ਰੀਤੀ ਕੀਰੋ ਝਾਰਖੰਡ, ਰਿਤੂ ਰਾਣੀ ਹਰਿਆਣਾ, ਜਸਪ੍ਰੀਤ ਕੌਰ ਹਰਿਆਣਾ, ਦੀਪਿਕਾ ਠਾਕੁਰ ਹਰਿਆਣਾ ਤੇ ਚੁਨ-ਚੁਨ ਮਨੀਪੁਰ ਸ਼ਾਮਿਲ ਹੋ ਗਈਆਂ ਹਨ।

 ਐਸ. ਜੀ. ਜੀ. ਐਸ. ਕਾਲਜ ਅੱਵਲ

ਚੰਡੀਗੜ੍ਹ, 11 ਅਗਸਤ - ਪੰਜਾਬ ਯੂਨੀਵਰਸਿਟੀ ਅੰਤਰ ਕਾਲਜ ਟੇਬਲ ਟੈਨਿਸ (ਲੜਕੀਆਂ) ਚੈਂਪੀਅਨਸ਼ਿਪ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਹਾਲ ਵਿਚ ਕਰਵਾਈ ਗਈ। ਜਿਸ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵੂਮੈਨ ਸੈਕਟਰ-26 ਚੰਡੀਗੜ੍ਹ ਦੀਆਂ ਖਿਡਾਰਨਾਂ ਨੇ ਜਿੱਤ ਹਾਸਲ ਕੀਤੀ ਹੈ। ਲੜਕੀਆਂ ਦੇ ਵਰਗ 'ਚ ਹੋਏ ਫਾਈਨਲ ਮੁਕਾਬਲੇ 'ਚ ਜੀ. ਜੀ. ਐਸ. ਕਾਲਜ ਦੀ ਟੀਮ ਨੇ ਆਪਣੀ ਵਿਰੋਧੀ ਟੀਮ ਜੀ. ਜੀ. ਡੀ. ਐਸ. ਡੀ. ਕਾਲਜ ਸੈਕਟਰ-32 ਦੀ ਟੀਮ 3-1 ਦੇ ਫ਼ਰਕ 'ਚ ਹਰਾ ਕੇ ਚੈਂਪੀਅਨ ਹੋਣ ਦਾ ਮਾਣ ਪ੍ਰਾਪਤ ਕੀਤਾ। ਪਹਿਲੇ ਮੁਕਾਬਲੇ 'ਚ ਭਾਵਨਾ ਸਰੀਨ (ਜੀ. ਜੀ. ਐਸ. ਕਾਲਜ) ਅਤੇ ਐਸ. ਡੀ. ਕਾਲਜ ਦੀ ਸਾਧਿਕਾ ਦੇ ਦਰਮਿਆਨ ਖੇਡਿਆ ਗਿਆ। ਜਿਸ 'ਚ ਭਾਵਨਾ ਸਰੀਨ ਨੇ ਸਾਧਿਕਾ ਨੂੰ 11-5, 11-5 ਤੇ 11-8 ਦੇ ਫ਼ਰਕ 'ਚ ਪਛਾੜ ਕੇ ਜਿੱਤ ਦਰਜ ਕੀਤੀ। ਦੂਜੇ ਮੁਕਾਬਲੇ 'ਚ ਨਾਦੀਆ ਸੈਣੀ (ਜੀ. ਜੀ. ਐਸ. ਕਾਲਜ) ਨੇ ਐਸ. ਡੀ. ਕਾਲਜ ਦੀ ਛਵੀ ਨੂੰ 11-2, 11-3 ਅਤੇ 11-1 ਦੇ ਫ਼ਰਕ ਨਾਲ। ਤੀਜੇ ਮੁਕਾਬਲੇ 'ਚ ਐਸ. ਡੀ. ਕਾਲਜ ਦੀ ਅਨਦਿੱਤਾ ਜੇਤੂ ਹੋ ਨਿਬੜੀ, ਪਰ ਆਖਰੀ ਮੁਕਾਬਲੇ ਦੇ ਦੌਰ 'ਚ ਨਾਟਿਆ ਸੈਣੀ ਨੇ ਐਸ. ਡੀ. ਕਾਲਜ ਦੀ ਸਾਧਿਕਾ ਤੇ 11-9, 11-7 ਤੇ 11-9 ਨਾਲ ਜਿੱਤ ਦਰਜ ਕਰਦਿਆਂ ਆਪਣੀ ਟੀਮ ਨੂੰ 3-1 ਅੰਕਾਂ ਦੇ ਫ਼ਰਕ 'ਚ ਜਿੱਤ ਪੱਕੀ ਕਰ ਦਿੱਤੀ।

ਸਿਲਵਰ ਜੁਬਲੀ ਗੋਲਡ ਕੱਪ ਤੇ ਕਬੱਡੀ ਟੂਰਨਾਮੈਂਟ 13 ਤੋਂ

ਕਪੂਰਥਲਾ, 10 ਅਗਸਤ - ਸਿਲਵਰ ਜੁਬਲੀ ਗੋਲਡ ਕੱਪ ਤੇ ਕਬੱਡੀ ਟੂਰਨਾਮੈਂਟ 13 ਤੋਂ 16 ਅਗਸਤ ਤੱਕ ਪਿੰਡ ਭੇਟਾਂ ਦੇ ਖੇਡ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ। ਖੇਡ ਮੇਲੇ ਦੌਰਾਨ ਕਬੱਡੀ ਪੰਜਾਬ ਸਟਾਈਲ ਨਿਰੋਲ ਪਿੰਡ ਪੱਧਰ 40 ਕਿਲੋ, 50 ਕਿਲੋ, 60 ਕਿਲੋ, 67 ਕਿਲੋਗ੍ਰਾਮ ਤੇ ਓਪਨ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਕਬੱਡੀ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 1 ਲੱਖ ਰੁਪਏ, ਦੂਜਾ 51 ਹਜ਼ਾਰ, ਤੀਜਾ 15 ਹਜ਼ਾਰ ਤੇ ਚੌਥਾ 10 ਹਜ਼ਾਰ ਰੁਪਏ ਦਾ ਹੋਵੇਗਾ। ਇਸ ਸਬੰਧੀ ਭਾਗ ਲੈਣ ਵਾਲੀਆਂ ਟੀਮਾਂ ਪਿੰਡ ਭੇਟਾਂ ਵਿਚ ਬਾਬਾ ਪੁਰਾਣੀ ਬੇਰੀ ਵਾਲਾ ਜੀ ਦੇ ਸਥਾਨ 'ਤੇ 12 ਅਗਸਤ ਸਵੇਰੇ 10:00 ਵਜੇ ਤੱਕ ਐਂਟਰੀ ਕਰਵਾ ਸਕਦੀਆਂ ਹਨ ਤੇ ਓਪਨ ਦੀਆਂ ਐਂਟਰੀਆਂ 14 ਅਗਸਤ ਸਵੇਰੇ 10:00 ਵਜੇ ਤੱਕ ਹੀ ਲਈਆਂ ਜਾ ਰਹੀਆਂ ਹਨ। 16 ਅਗਸਤ ਸ਼ਾਮ 4:00 ਵਜੇ ਪ੍ਰਸਿੱਧ ਗਾਇਕ ਜੋੜੀ ਬਲਕਾਰ ਅਣਖੀਲਾ ਤੇ ਬੀਬਾ ਮਨਜਿੰਦਰ ਗੁਲਸ਼ਨ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਤੋਂ ਇਲਾਵਾ ਖੇਡ ਮੇਲੇ ਦਾ ਉਦਘਾਟਨ 13 ਅਗਸਤ ਨੂੰ 9:00 ਵਜੇ, ਦੂਜੇ ਦਿਨ ਥਿੰਦ ਆਈ ਹਸਪਤਾਲ ਵੱਲੋਂ ਮੁਫ਼ਤ ਕੈਂਪ ਅਤੇ ਤੀਜੇ ਦਿਨ ਇਨਾਮ ਵੰਡ ਸਮਾਗਮ ਕਰਵਾਏ ਜਾਣਗੇ।

ਆਈ.ਐਚ.ਐਫ. ਨੇ ਹਾਕੀ ਦੇ ਕੁਝ ਨਿਯਮ ਬਦਲੇ

ਜਲੰਧਰ, 10 ਅਗਸਤ - ਆਈ.ਐਚ.ਐਫ. ਨੇ ਕੁਝ ਨਵੇਂ ਨਿਯਮ ਬਣਾਏ ਹਨ ਜਿਨ੍ਹਾਂ ਤਹਿਤ ਫਰੀ ਹਿੱਟ ਦੇ ਥਾਂ (ਨਿਯਮ 13.3) ਤੇ ਕੁਝ ਤਬਦੀਲੀਆਂ ਦੇ ਨਾਲ (3.1 ਡੀ.) ਨੂੰ ਲੈ ਕੇ ਸਾਲ 2009 ਦੇ ਵਿਚ ਸ਼ੁਰੂ ਕੀਤਾ ਜ਼ਰੂਰੀ ਤਜਰਬੇ ਦਾ ਨਿਯਮ ਹੁਣ ਪੂਰਾ ਨਿਯਮ ਬਣ ਚੁੱਕਾ ਹੈ। ਨਿਯਮ 31.3 ਡੀ. ਦੇ ਵਿਚ ਡਿਫੈਂਸ ਸਰਕਲ ਦੇ ਅੰਦਰ ਫਰੀ ਹਿੱਟ ਦਿੱਤੀ ਜਾਂਦੀ ਹੈ, ਜੋ ਸਰਕਲ ਦੇ ਤੇ ਬੈਕ ਲਾਈਨ ਤੋਂ 15 ਮੀਟਰ ਤੱਕ ਕਿਤੇ ਵੀ ਲਿਆ ਜਾ ਸਕਦਾ ਹੈ। ਲੇਕਿਨ ਹੁਣ ਸਰਕਲ ਦੇ ਵਿਚ ਕਿਤੇ ਵੀ ਫਰੀ ਹਿੱਟ ਲਈ ਜਾਣ ਦੇ ਵਿਕਲਪ (ਬਦਲਵੇਂ ਰੂਪ) ਨੂੰ ਹਟਾ ਦਿੱਤਾ ਗਿਆ ਹੈ। ਖਾਸ ਰਾਏ ਇਹ ਹੈ ਕਿ ਇਹ ਨਿਯਮ 13.2 ਪਹਿਲੇ ਜ਼ਰੂਰੀ ਤਜਰਬੇ ਦਾ ਸੀ, ਜੋ ਫਰੀ ਹਿੱਟ ਤੇ ਸੈਂਟਰ ਤੋਂ ਪਾਸ ਲੈਣ 'ਤੇ ਮੈਦਾਨ ਤੋਂ ਬਾਹਰ ਜਾਣ ਤੋਂ ਬਾਅਦ ਗੇਂਦ ਨੂੰ ਫਿਰ ਤੋਂ ਖੇਡ ਦੇ ਵਿਚ ਸ਼ਾਮਿਲ ਕਰਨ ਨਾਲ ਸਬੰਧਿਤ ਸੀ। ਇਹ ਨਿਯਮ ਵੀ 1 ਜਨਵਰੀ 2011 ਵਿਚ ਪੂਰਨ ਨਿਯਮ ਬਣ ਜਾਵੇਗਾ। ਨਿਯਮ 13.3 ਐਚ ਦੇ ਵਿਚ ਵੀ ਸੁਧਾਰ ਕੀਤਾ ਗਿਆ ਹੈ, ਜਿਸ ਦੇ ਅੰਤਰਗਤ ਹੁਣ ਜੋ ਹਮਲਾ ਕਰਨ ਵਾਲੀ ਟੀਮ ਦਾ ਕੋਈ ਵੀ ਖਿਡਾਰੀ ਮਨਜ਼ੂਰੀ ਮਿਲਣ ਤੋਂ ਪਹਿਲਾਂ ਸਰਕਲ ਵਿਚ ਪੁੱਜ ਜਾਂਦਾ ਹੈ ਤਾਂ ਪੈਨਲਟੀ ਕਾਰਨਰ ਦੁਬਾਰਾ ਲਿਆ ਜਾਵੇਗਾ। ਲੇਕਿਨ ਜੇ ਹਮਲਾ ਕਰਨ ਵਾਲੀ ਟੀਮ ਦੇ ਖਿਡਾਰੀ ਲਗਾਤਾਰ ਐਸਾ ਕਰਦੇ ਹਨ ਤਾਂ ਵਿਰੋਧੀ ਟੀਮ ਨੂੰ ਫਰੀ ਹਿੱਟ ਦੇ ਦਿੱਤੀ ਜਾਵੇਗੀ। ਪੁਰਾਣੇ ਨਿਯਮ ਦੇ ਅਨਸਾਰ ਪੈਨਾਲਟੀ ਕਾਰਨਰ ਲੈਣ ਤੱਕ ਕੋਈ ਵੀ ਪੁਸ਼ ਜਾਂ ਹਿੱਟ ਕਰਨੇ ਵਾਲੇ ਖਿਡਾਰੀ ਤੋਂ ਇਲਾਵਾ ਕਿਸੀ ਵੀ ਹੋਰ ਖਿਡਾਰੀ ਨੂੰ ਸਰਕਲ ਦੇ ਵਿਚ ਪ੍ਰਵੇਸ਼ ਕਰਨ ਦੀ ਇਜਾਜ਼ਤ ਨਹੀਂ ਸੀ। ਨਿਯਮ 13.9 ਏ ਦੇ ਅਨੁਸਾਰ ਪੈਨਲਟੀ ਸਟਰੋਕ ਜੇ ਛੋਟੀ ਸੀਟੀ ਬਜਾਉਣ ਤੋਂ ਪਹਿਲਾ ਦਿੱਤਾ ਜਾਂਦਾ ਹੈ ਤੇ ਗੋਲ ਹੋ ਜਾਂਦਾ ਹੈ ਤਾਂ ਉਸ ਨੂੰ ਦੁਬਾਰਾ ਹਿੱਟ ਲੈਣ ਲਈ ਕਿਹਾ ਜਾਂਦਾ ਸੀ, ਪਰ ਹੁਣ ਮੌਜੂਦਾ ਨਿਯਮ ਦੇ ਅਨੁਸਾਰ ਪੈਨਲਟੀ ਸਟਰੋਕ ਲੈਂਦੇ ਸਮੇਂ ਜੇ ਕੋਈ ਉਲੰਘਣਾ ਹੁੰਦੀ ਹੈ ਤਾਂ ਵਿਰੋਧੀ ਟੀਮ ਨੂੰ ਫਰੀ ਹਿੱਟ ਦੇ ਦਿੱਤੀ ਜਾਂਦੀ ਹੈ। ਆਈ. ਐਚ. ਐਫ. ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ਇਹ ਤਬਦੀਲੀਆਂ ਤਕਨੀਕੀ ਰੂਪ ਦੇ ਵਿਚ ਅੰਤਰਰਾਸ਼ਟਰੀ ਟੂਰਨਾਮੈਂਟ ਦੇ ਵਿਚ 1 ਜਨਵਰੀ 2011 ਤੱਕ ਅਮਲ ਦੇ ਵਿਚ ਆਉਣਗੀਆਂ, ਜਦਕਿ ਇਸ ਤਰੀਕ ਤੱਕ ਖੇਡੇ ਜਾਣ ਵਾਲੇ ਸਾਰੇ ਅੰਤਰਰਾਸ਼ਟਰੀ ਮੈਚ 2009 ਦੇ ਨਿਯਮਾਂ ਅਨੁਸਾਰ ਖੇਡੇ ਜਾਣਗੇ।

ਚੈਂਪੀਅਨਜ਼ ਟਰਾਫੀ 11ਵੀਂ ਵਾਰ ਆਸਟਰੇਲੀਆ ਦੇ ਨਾਮ

ਮੌਂਸਨਗਲਾਬਾਖ, 9 ਅਗਸਤ - 11ਵੀਂ ਵਾਰ ਹਾਕੀ ਚੈਂਪੀਅਨਜ਼ ਟਰਾਫੀ 'ਤੇ ਆਸਟਰੇਲੀਆ ਨੇ ਇੰਗਲੈਂਡ ਨੂੰ 4-0 ਨਾਲ ਹਰਾ ਕੇ ਕਬਜ਼ਾ ਕੀਤਾ ਹੈ। ਦੂਸਰੇ ਪਾਸੇ ਇੰਗਲੈਂਡ ਉਪ ਜੇਤੂ ਬਣ ਕੇ ਵੀ ਜਸ਼ਨ ਮਨਾ ਰਿਹਾ ਹੈ, ਕਿਉਂਕਿ ਇਸ ਤੋਂ ਪਹਿਲਾਂ ਉਹ ਕਦੇ ਪੰਜਵੇਂ ਸਥਾਨ ਤੋਂ ਅੱਗੇ ਨਹੀਂ ਵਧਿਆ ਸੀ। ਇਕ ਹੋਰ ਮੈਚ 'ਚ ਹਾਲੈਂਡ ਨੇ ਜਰਮਨੀ ਨੂੰ 4-1 ਨਾਲ ਹਰਾਕੇ ਕਾਂਸੀ ਦਾ ਤਗਮਾ ਜਿੱਤ ਲਿਆ। ਇਸ ਟੂਰਨਾਮੈਂਟ 'ਚ ਖਾਸ ਗੱਲ ਇਹ ਰਹੀ ਹੈ ਕਿ ਆਸਟਰੇਲੀਆ ਨੇ ਆਪਣੇ ਸਾਰੇ ਛੇ ਮੈਚ ਹੀ ਜਿੱਤੇ। ਇਸ ਤੋਂ ਇਲਾਵਾ ਆਸਟਰੇਲੀਆ ਨੇ ਫਾਈਨਲ ਮੈਚ 'ਚ ਪਹਿਲੇ 15 ਮਿੰਟਾਂ ਦੌਰਾਨ ਹੀ ਤਿੰਨ ਗੋਲ ਦਾਗ ਦਿੱਤੇ। ਇਸ ਟੂਰਨਾਮੈਂਟ 'ਚ ਆਸਟਰੇਲੀਆ ਨੇ ਚੈਂਪੀਅਨਜ਼ ਟਰਾਫੀ 'ਚ ਵੱਧ ਗੋਲ ਕਰਨ ਦੇ ਰਿਕਾਰਡ ਦੀ ਬਰਾਬਰੀ ਵੀ ਕੀਤੀ, ਜੋ ਇਸ ਤੋਂ ਪਹਿਲਾਂ ਜਰਮਨੀ ਦੇ ਨਾਂਅ ਸੀ। ਦੂਸਰੀ ਤਰਫ਼ ਜਰਮਨੀ ਮਾਨਸਿਕ ਅਤੇ ਸਰੀਰਕ ਥਕਾਵਟ ਕਾਰਨ ਹਾਲੈਂਡ ਤੋਂ ਹਾਰ ਗਿਆ। ਇਕ ਹੋਰ ਮੈਚ 'ਚ ਨਿਊਜੀਲੈਂਡ ਸਪੇਨ ਦੇ ਹੱਥੋਂ 3-2 ਨਾਲ ਹਾਰ ਕੇ ਆਖਰੀ ਸਥਾਨ 'ਤੇ ਚਲਾ ਗਿਆ।

ਰਾਸ਼ਟਰਮੰਡਲ ਖੇਡਾਂ 'ਚ ਸ਼ਾਮਿਲ ਹੋਣ ਵਾਲੇ ਭਾਰਤੀ ਕੁਸ਼ਤੀ ਖਿਡਾਰੀ

ਜਲੰਧਰ, 9 ਅਗਸਤ - ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਕੁਸ਼ਤੀ ਟੀਮ ਦੀ ਚੋਣ ਕਰ ਲਈ ਗਈ ਹੈ। ਉਲੰਪਿਕ ਖੇਡਾਂ ਵਿਚ ਕਾਂਸੀ ਦਾ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਤੋਂ ਇਲਾਵਾ ਰਾਜੀਵ ਤੋਮਰ ਤੇ ਯੁਗੇਸ਼ਵਰ ਦੱਤ ਨੂੰ ਗ੍ਰੀਕੋ ਰੋਮਨ ਕੁਸ਼ਤੀ ਟੀਮ ਲਈ ਚੁਣਿਆ ਗਿਆ ਹੈ। ਸੱਤ ਵਰਗਾਂ ਵਿਚ 14 ਪਹਿਲਵਾਨਾਂ ਦੀ ਚੋਣ ਕੀਤੀ ਗਈ। 66 ਕਿੱਲੋ ਭਾਰ ਵਿਚ ਸੁਸ਼ੀਲ ਕੁਮਾਰ ਨੂੰ ਕੋਈ ਖਾਸ ਚੁਣੋਤੀ ਨਹੀਂ ਮਿਲੀ। ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚੋਂ ਕਾਂਸੀ ਦਾ ਤਗਮਾ ਜੇਤੂ ਪਹਿਲਵਾਨ ਰਮੇਸ਼ ਕੁਮਾਰ ਦੀ ਇਸ ਟੀਮ ਵਿਚ ਚੋਣ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਪਤਾ ਨਹੀਂ ਕਿਸ ਕਾਰਨ ਉਹ ਟੀਮ ਵਿਚ ਥਾਂ ਨਹੀਂ ਬਣਾ ਸਕਿਆ।

ਰਾਸ਼ਟਰਮੰਡਲ ਖੇਡਾਂ 'ਚ ਲਈ ਚੁਣੀ ਭਾਰਤੀ ਮਹਿਲਾ ਕੁਸ਼ਤੀ ਟੀਮ

ਪਟਿਆਲਾ, 9 ਅਗਸਤ - ਪਟਿਆਲਾ 'ਚ ਐਨ.ਆਈ.ਐਸ. ਵਿਖੇ ਭਾਰਤੀ ਮਹਿਲਾ ਕੁਸ਼ਤੀ ਟੀਮ ਦੀ ਰਾਸ਼ਟਰਮੰਡਲ ਖੇਡਾਂ ਲਈ ਚੋਣ ਕੀਤੀ ਗਈ ਹੈ। ਇਸ ਟੀਮ 'ਚ ਨਿਰਮਲਾ ਦੇਵੀ ਹਰਿਆਣਾ 48 ਕਿਲੋ, ਹਰਿਆਣਾ ਦੀ ਬਬੀਤਾ ਕੁਮਾਰੀ, ਗੀਤਾ ਰਾਣੀ ਹਰਿਆਣਾ 55 ਕਿਲੋ, ਅਲਕਾ ਤੋਮਰ ਉਤਰ ਪ੍ਰਦੇਸ਼ 59 ਕਿਲੋ, ਏਸ਼ੀਅਨ ਚੈਂਪੀਅਨ ਸੁਮਨ ਕੁੰਡੂ ਹਰਿਆਣਾ 63 ਕਿਲੋ, ਅਨੀਤਾ ਹਰਿਆਣਾ 67 ਕਿਲੋ, ਗੁਰਸ਼ਰਨ ਕੌਰ ਪੰਜਾਬ 75 ਕਿਲੋ ਵਰਗ 'ਚ ਚੁਣੀ ਗਈ। ਟੀਮ ਦੀ ਵਾਗਡੋਰ ਮੁੱਖ ਕੋਚ ਪੀ.ਆਰ. ਸੌਂਧੀ, ਕੋਚ ਕਮਲ ਸੈਨ ਤੇ ਮੋਨਿਕਾ, ਫਿਜ਼ੀਓਥਰੈਪਿਸਟ ਪੈਰੀਵਿੰਕਲ ਕੌਰ ਨੂੰ ਸੌਂਪੀ ਗਈ ਹੈ।

ਤੇਜਸਵਿਨੀ ਸਾਵੰਤ ਨੇ ਭਾਰਤ ਦਾ ਨਾਮ ਕੀਤਾ ਰੌਸ਼ਨ

ਬੰਗਲੌਰ, 9 ਅਗਸਤ - ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਜੋ ਕਿ ਜਰਮਨ ਦੇ ਸ਼ਹਿਰ ਮਿਊਨਿਖ ਵਿਖੇ ਕਰਵਾਈ ਗਈ। ਜਿਸ ਚੈਂਪੀਅਨਸ਼ਿਪ ਦੌਰਾਨ 50 ਮੀਟਰ ਰਾਇਫਲ ਮੁਕਾਬਲੇ 'ਚ ਸੋਨੇ ਦਾ ਤਗਮਾ ਜਿੱਤ ਕੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕਰਨ ਵਾਲੀ ਤੇਜਸਵਿਨੀ ਸਾਵੰਤ ਭਾਰਤ ਪਹੁੰਚ ਗਈ ਹੈ। ਭਾਰਤ ਪਹੁੰਚਣ 'ਤੇ ਉਸ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਹ 100 ਨਿਸ਼ਾਨੇ ਲਗਾ ਕੇ ਵਿਸ਼ਵ ਰਿਕਾਰਡ ਬਣਾ ਸਕਦੀ ਸੀ, ਪਰ ਆਖਰੀ ਨਿਸ਼ਾਨੇ 'ਤੇ ਭਾਵੁਕ ਹੋ ਗਈ। ਹੁਣ ਉਸਨੇ 99 ਨਿਸ਼ਾਨੇ ਲਗਾ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਹੈ। ਇਸ ਤੋਂ ਪਹਿਲਾਂ ਭਾਰਤ 'ਚ ਗਗਨ ਨਾਰੰਗ, ਸੁਮਾ ਸ਼ੀਰੁਰ, ਆਰ. ਐਸ. ਸੋਢੀ ਅਤੇ ਏ. ਨੋਰੀਆ ਇਸ ਰਿਕਾਰਡ ਦੀ ਬਰਾਬਰੀ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਤੇਜਸਵਿਨੀ ਸੰਨ 2006 ਦੀ ਮੈਲਬੌਰਨ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗਮਾ ਜਿੱਤ ਚੁੱਕੀ ਹੈ।

ਤੀਰਅੰਦਾਜ਼ੀ ਵਿਸ਼ਵ ਕੱਪ 'ਚ ਭਾਰਤੀ 6ਵੇਂ ਦਰਜੇ 'ਤੇ

ਕੋਲਕਾਤਾ, 8 ਅਗਸਤ - ਅਮਰੀਕਾ ਵਿਚ ਚੱਲ ਰਹੇ ਤੀਰਅੰਦਾਜ਼ੀ ਕੱਪ ਦੇ ਤੀਜੇ ਦੌਰ ਦੇ ਫਾਈਨਲ ਮੁਕਾਬਲੇ ਵਿਚ ਭਾਰਤੀ ਮਹਿਲਾ ਟੀਮ ਪਹੁੰਚ ਗਈ ਹੈ। ਜਿਸ ਟੀਮ ਵਿਚ ਡੋਲਾ ਬੈਨਰਜ਼ੀ, ਐਲ. ਬੋਂਬਾਇਲਾ ਦੇਵੀ ਅਤੇ ਦੀਪਿਕਾ ਮਹਤੋ ਸ਼ਾਮਿਲ ਹਨ। ਭਾਰਤ ਦਾ ਸਾਹਮਣਾ ਹੁਣ ਕੋਰੀਆ ਨਾਲ ਹੋਵੇਗਾ। ਮਿਲੀ ਸੂਚਨਾ ਅਨੁਸਾਰ 6ਵਾਂ ਦਰਜਾ ਪ੍ਰਾਪਤ ਭਾਰਤੀ ਟੀਮ ਨੇ ਪਹਿਲੇ ਦੌਰ 'ਚ ਜਾਰਜੀਆ ਨੂੰ 220-201 ਅੰਕਾਂ ਨਾਲ ਹਰਾਇਆ। ਕੁਆਰਟਰ ਫਾਈਨਲ 'ਚ ਸਪੇਨ ਨੂੰ 218-182 ਨਾਲ ਮਾਤ ਦਿੱਤੀ ਅਤੇ ਸੈਮੀਫਾਈਨਲ 'ਚ ਚੀਨ ਨੂੰ 215-206 ਨਾਲ ਮਾਤ ਦਿੱਤੀ। ਹਾਲਾਂਕਿ ਪੁਰਸ਼ਾਂ ਦੀ ਟੀਮ ਕੁਆਰਟਰ ਫਾਈਨਲ 'ਚ ਇਟਲੀ ਤੋਂ ਹਾਰ ਗਈ। ਤਰੁਣਦੀਪ ਰਾਏ, ਮੰਗਲ ਸਿੰਘ ਚਾਮਪੀਆ ਅਤੇ ਕਪਿਲ ਦੀ ਟੀਮ ਨੇ ਕੋਲੰਬੀਆ ਨੂੰ ਪਹਿਲੇ ਦੌਰ 'ਚ 215-213 ਨਾਲ ਹਰਾਇਆ ਸੀ, ਜਦੋਂਕਿ ਇਟਲੀ ਦੇ ਹੱਥੋਂ 216-219 ਨਾਲ ਹਾਰ ਗਏ।

ਰੀਲੇਅ ਦੌੜ ਅਤੇ ਛਾਲਾਂ 'ਚ ਪੰਜਾਬੀ ਚਮਕੇ

ਪਟਿਆਲਾ, 7 ਅਗਸਤ - 50ਵੀਂ ਰਾਸ਼ਟਰੀ ਐਥਲੈਟਿਕ ਮੀਟ ਪਟਿਆਲਾ ਵਿਚ ਚੱਲ ਰਹੀ ਹੈ। ਇਸ ਮੀਟ ਦੇ ਤੀਜੇ ਦਿਨ ਪੰਜਾਬੀ ਗੱਭਰੂਆਂ ਨੇ 2 ਸੋਨ ਤਗਮੇ ਜਿੱਤੇ ਹਨ। ਸੰਗਰੂਰ ਜ਼ਿਲ੍ਹੇ ਦੇ ਪਿੰਡ ਚੱਠੇ ਨਕਟੇ ਦੇ ਮਹਾਂ ਸਿੰਘ ਨੇ ਲੰਬੀ ਛਾਲ ਮੁਕਾਬਲੇ 'ਚ, ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚਾਵਰ ਦੇ ਅਮਰਜੀਤ ਸਿੰਘ ਨੇ ਤੀਹਰੀ ਛਾਲ ਅਤੇ ਅਮਨਦੀਪ ਸੁਨਾਮ, ਮੇਵਾ ਸਿੰਘ ਸੁਨਾਮ, ਭਗਵੰਤ ਸਿੰਘ ਜਲੰਧਰ ਤੇ ਮਨਿੰਦਰ ਸਿੰਘ ਖੰਨਾ 'ਤੇ ਆਧਾਰਿਤ ਪੰਜਾਬ ਦੀ ਰੀਲੇਅ ਟੀਮ ਨੇ ਸੋਨ ਤਗਮੇ ਜਿੱਤੇ। ਲੰਬੀ ਛਾਲ ਮੁਕਾਬਲੇ 'ਚ ਮਹਾਂ ਸਿੰਘ ਨੇ 7.74 ਮੀਟਰ ਛਾਲ ਲਗਾ ਕੇ ਸੋਨ, ਤਾਮਿਲਨਾਡੂ ਦੇ ਬੀ. ਅਜਰਹੂਦੀਨ ਨੇ 7.64 ਮੀਟਰ ਛਾਲ ਲਗਾ ਕੇ ਚਾਂਦੀ ਅਤੇ ਤਾਮਿਲਨਾਡੂ ਦੇ ਬੀ. ਕੁਮਾਰ ਨੇ 7.59 ਮੀਟਰ ਛਾਲ ਨਾਲ ਕਾਂਸੀ ਦਾ ਤਗਮਾ ਜਿੱਤਿਆ। ਪੁਰਸ਼ਾਂ ਦੀ ਰੀਲੇਅ ਦੌੜ 'ਚ ਪੰਜਾਬ ਨੇ ਪਹਿਲਾ, ਕੇਰਲਾ ਨੇ ਦੂਸਰਾ ਅਤੇ ਜੰਮੂ ਕਸ਼ਮੀਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮਹਿਲਾਵਾਂ ਦੇ ਉੱਚੀ ਛਾਲ ਮੁਕਾਬਲੇ 'ਚ ਕਰਨਾਟਕ ਦੀ ਕਾਵਿਆ ਮੁਥੱਨਾ ਨੇ ਸੋਨ, ਪੱਛਮੀ ਬੰਗਾਲ ਦੀ ਮਲਿਕਾ ਮੰਡਲ ਨੇ ਚਾਂਦੀ ਅਤੇ ਕਰਨਾਟਕ ਦੀ ਸਹਾਨਾ ਕੁਮਾਰੀ ਨੇ ਕਾਂਸੀ ਦਾ ਤਗਮਾ ਜਿੱਤਿਆ। ਮਹਿਲਾਵਾਂ ਦੀ 100 ਮੀਟਰ ਅੜਿੱਕਾ ਦੌੜ 'ਚ ਤਾਮਿਲਨਾਡੂ ਦੀ ਜੀ ਗਾਇਤਰੀ ਨੇ ਸੋਨ, ਝਾਰਖੰਡ ਦੀ ਅੰਚੂ ਐਮ. ਐਨ. ਨੇ ਚਾਂਦੀ ਤੇ ਉੜੀਸਾ ਦੀ ਅਨੁਰਾਧਾ ਬਿਸਵਾਲ ਨੇ ਕਾਂਸੀ, ਪੁਰਸ਼ਾਂ ਦੇ 20 ਕਿਲੋਮੀਟਰ ਪੈਦਲ ਚਾਲ ਮੁਕਾਬਲੇ 'ਚ ਮੱਧ ਪ੍ਰਦੇਸ਼ ਦੇ ਕੇ. ਸਮੰਦਰੂ ਨੇ ਸੋਨ, ਇਸੇ ਰਾਜ ਦੇ ਮਨੀ ਰਾਮ ਪਟੇਲ ਨੇ ਚਾਂਦੀ ਅਤੇ ਛੱਤੀਸਗੜ੍ਹ ਦੇ ਅਸ਼ੋਕ ਕੁਮਾਰ ਨੇ ਕਾਂਸੀ ਦਾ ਤਗਮਾ ਜਿੱਤਿਆ। ਜੰਮੂ ਕਸ਼ਮੀਰ ਦੀ ਰਿਲੇਅ ਟੀਮ ਨੇ ਆਖਰਕਾਰ 4×100 ਮੀਟਰ ਦੌੜ 'ਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੇ ਦ੍ਰਿੜ ਇਰਾਦਿਆਂ ਦਾ ਸਬੂਤ ਦਿੱਤਾ। ਮੁੰਬਈ ਦੇ ਵਸਨੀਕ ਤੇ ਮਹਾਰਾਸ਼ਟਰ ਦੀ ਪ੍ਰਤੀਨਿਧਤਾ ਕਰਨ ਵਾਲੇ ਟੀ. ਸਿਧਾਰਥ ਨੇ 110 ਮੀਟਰ ਅੜਿੱਕਾ ਦੌੜ 13.81 ਸੈਕਿੰਡ 'ਚ ਪੂਰੀ ਕਰਕੇ ਨਵਾਂ ਕੌਮੀ ਰਿਕਾਰਡ ਸਿਰਜਿਆ ਹੈ। ਬੀ. ਕਾਮ. ਭਾਗ ਦੂਜਾ ਦੇ ਵਿਦਿਆਰਥੀ 19 ਸਾਲਾਂ ਸਿਧਾਰਥ ਨੇ ਸੈਨਾ ਦੇ ਕ੍ਰਿਸ਼ਨ ਮੋਹਨ ਦਾ 13.96 ਸੈਕਿੰਡ ਦਾ 2008 'ਚ ਬਣਾਇਆ ਰਿਕਾਰਡ ਤੋੜਿਆ। ਸਿਧਾਰਥ ਦਾ ਇਹ ਤੀਸਰਾ ਸੀਨੀਅਰ ਕੌਮੀ ਟੂਰਨਾਮੈਂਟ ਸੀ। ਇਸ ਤੋਂ ਪਹਿਲਾਂ ਰਾਂਚੀ ਵਿਖੇ ਇੰਡੀਅਨ ਗ੍ਰਾ. ਪ੍ਰੀ. ਮੀਟ 'ਚ ਉਸ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਮੁਕਾਬਲੇ 'ਚ ਤਾਮਿਲਨਾਡੂ ਦਾ ਪੀ. ਮੁਥੁਸਵਾਮੀ ਦੂਸਰੇ ਅਤੇ ਪੰਜਾਬ ਦਾ ਅਮਨਦੀਪ ਸਿੰਘ ਤੀਸਰੇ ਸਥਾਨ 'ਤੇ ਰਿਹਾ।

50ਵੀਂ ਰਾਸ਼ਟਰੀ ਐਥਲੈਟਿਕ ਮੀਟ 'ਚ ਸਤੀ ਗੀਤਾ ਅਤੇ ਬੀ.ਨਾਗਰਾਜ ਅੱਵਲ

ਪਟਿਆਲਾ, 6 ਅਗਸਤ - 50ਵੀਂ ਰਾਸ਼ਟਰੀ ਐਥਲੈਟਿਕ ਮੀਟ ਪਟਿਆਲਾ ਦੇ ਐਨ.ਆਈ.ਐਸ. 'ਚ ਕਰਵਾਈ ਗਈ। ਜਿਸ ਵਿਚ ਸਭ ਤੋਂ ਤੇਜ਼ ਦੌੜਾਕ ਆਂਧਰਾ ਪ੍ਰਦੇਸ਼ ਦੀ ਸਤੀ ਗੀਤਾ ਅਤੇ ਕਰਨਾਟਕ ਦੇ ਬੀ. ਨਾਗਰਾਜ ਨੂੰ ਚੁਣਿਆ ਗਿਆ ਹੈ। ਇਸ ਮੀਟ 'ਚ ਪੰਜਾਬ ਦੇ ਜੰਮਪਲ ਅਮਰਜੀਤ ਸਿੰਘ ਨੇ ਤੀਹਰੀ ਛਾਲ ਮੁਕਾਬਲੇ 'ਚ ਸੋਨ ਤਗਮਾ ਜਿੱਤਿਆ। ਪੈਦਲ ਚਾਲ ਮੁਕਾਬਲਿਆਂ 'ਚ ਅੱਜ ਸਵੇਰੇ ਚੰਡੀਗੜ੍ਹ ਦੀ ਐਲ. ਸ਼ਾਰਦਾ ਦੇਵੀ ਨੇ ਸੋਨ, ਮਹਾਰਾਸ਼ਟਰ ਦੀ ਸੁਪਰੀਆ ਅਦਕ ਨੇ ਚਾਂਦੀ ਅਤੇ ਮੱਧ ਪ੍ਰਦੇਸ਼ ਦੀ ਰੰਜਨਾ ਸੁਪਨ ਨੇ ਕਾਂਸੀ ਦਾ ਤਗਮਾ ਜਿੱਤਿਆ। ਬੀਤੀ ਸ਼ਾਮ ਹੋਏ ਮਹਿਲਾ ਵਰਗ ਦੇ 100 ਮੀਟਰ ਮੁਕਾਬਲੇ 'ਚ ਆਂਧਰਾ ਪ੍ਰਦੇਸ਼ ਦੀ ਸਤੀ ਗੀਤਾ ਨੇ ਵੱਡਾ ਉਲਟਫੇਰ ਕਰਦਿਆਂ ਦੇਸ਼ ਦੀ ਅੱਵਲ ਨੰਬਰ ਦੌੜਾਕ ਐਚ. ਐਮ. ਜਯੋਤੀ (ਕਰਨਾਟਕ) ਨੂੰ ਹਰਾ ਕੇ ਦੇਸ਼ ਦੀ ਸਭ ਤੋਂ ਤੇਜ਼ ਦੌੜਾਕ ਬਣਨ ਦਾ ਮਾਣ ਪ੍ਰਾਪਤ ਕੀਤਾ। ਸਤੀ ਨੇ ਇਹ ਦੌੜ 11.80 ਸੈਕਿੰਡ 'ਚ, ਜਯੋਤੀ ਨੇ 11.84 ਸੈਕਿੰਡ 'ਚ ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲਾ ਕੇਰਲਾ ਦੀ ਪੀ. ਕੇ. ਪ੍ਰਿਯਾ ਨੇ 12.01 ਸੈਕਿੰਡ 'ਚ ਪੂਰੀ ਕੀਤੀ। ਪੁਰਸ਼ਾਂ ਦੇ 100 ਮੀਟਰ ਮੁਕਾਬਲੇ 'ਚ ਕਰਨਾਟਕ ਦੇ ਬੀ. ਨਾਗਰਾਜ ਅਤੇ ਮਹਾਰਾਸ਼ਟਰ ਦੇ ਕ੍ਰਿਸ਼ਨਾ ਰਾਣੇ ਨੇ 10.55 ਸੈਕਿੰਡ 'ਚ ਦੌੜ ਪੂਰੀ ਕੀਤੀ, ਪਰ ਫੋਟੋ ਫਨਿਸ਼ 'ਚ 'ਚ ਬੀ. ਨਾਗਰਾਜ ਬਾਜ਼ੀ ਮਾਰ ਗਿਆ। ਇਸ ਦੌੜ 'ਚ ਤਾਮਿਲਨਾਡੂ ਦਾ ਹੇਮੰਤ ਕਿਰੂਲਕਰ ਤੀਸਰੇ ਸਥਾਨ 'ਤੇ ਰਿਹਾ। ਤੀਹਰੀ ਛਾਲ ਮੁਕਾਬਲੇ 'ਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਜੰਮਪਲ ਤੇ ਝਾਰਖੰਡ ਦੀ ਪ੍ਰਤੀਨਿਧਤਾ ਕਰਨ ਵਾਲੇ ਅਮਰਜੀਤ ਸਿੰਘ 15.87 ਮੀਟਰ ਛਾਲ ਲਗਾ ਕੇ ਚੈਂਪੀਅਨ ਬਣਿਆ। ਪੰਜਾਬ ਦੇ ਅਰਪਿੰਦਰ ਸਿੰਘ ਨੇ 15.82 ਮੀਟਰ ਛਾਲ ਨਾਲ ਦੂਸਰਾ ਅਤੇ ਉੱਤਰ ਪ੍ਰਦੇਸ਼ ਦੇ ਸੌਰਭ ਸਿੰਘ ਨੇ 15.77 ਮੀਟਰ ਨਾਲ ਕਾਂਸੀ ਦਾ ਤਗਮਾ ਜਿੱਤਿਆ। ਪੁਰਸ਼ਾਂ ਦੀ 5000 ਮੀਟਰ ਦੌੜ 'ਚ ਹਰਿਆਣਾ ਦੇ ਸੁਨੀਲ ਸਿੰਘ ਨੇ ਸੋਨ, ਮੱਧ ਪ੍ਰਦੇਸ਼ ਦੇ ਸੰਦੀਪ ਬਾਥਮ ਨੇ ਚਾਂਦੀ ਅਤੇ ਮਹਾਰਾਸ਼ਟਰ ਦੇ ਕਾਸ਼ੀ ਨਾਥ ਅਸਵਾਲੇ ਨੇ ਕਾਂਸੀ ਦਾ ਤਗਮਾ ਜਿੱਤਿਆ।

ਸ਼ਰਤ ਕਮਲ ਨੇ 50 ਖਿਡਾਰੀਆਂ 'ਚੋਂ ਕੀਤਾ ਟਾਪ

ਨਵੀਂ ਦਿੱਲੀ, 6 ਅਗਸਤ - ਸ਼ਰਤ ਕਮਲ ਅੰਤਰਰਾਸ਼ਟਰੀ ਟੇਬਲ ਟੈਨਿਸ ਮਹਾਸੰਘ ਵੱਲੋਂ ਭਾਰਤੀ ਅਚੰਤ ਸ਼ਰਤ ਕਮਲ ਨੂੰ ਦੁਨੀਆ ਦੇ ਚੋਟੀ ਦੇ 50 ਖਿਡਾਰੀਆਂ 'ਚੋਂ ਸਭ ਤੋਂ ਪਹਿਲਾ ਦਰਜਾ ਮਿਲਿਆ ਹੈ। ਇਹ ਟੇਬਲ ਟੈਨਿਸ 'ਚ 46ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇਹ ਇਸ ਸਾਲ ਫਰਵਰੀ 'ਚ 70ਵੇਂ ਸਥਾਨ 'ਤੇ ਸੀ। ਮਾਰਚ 'ਚ ਉਹ ਆਪਣੇ ਖੇਡ ਜੀਵਨ ਦੇ ਸਭ ਤੋਂ ਉੱਚ ਦਰਜੇ 55ਵੇਂ ਸਥਾਨ 'ਤੇ ਪੁਹੰਚਿਆ ਸੀ। ਅਪ੍ਰੈਲ-ਮਈ 'ਚ ਉਹ 70ਵੇਂ ਅਤੇ ਜੂਨ 'ਚ 90ਵੇਂ ਸਥਾਨ 'ਤੇ ਪਹੁੰਚ ਗਿਆ ਸੀ। ਜੁਲਾਈ 'ਚ ਉਸ ਨੇ ਆਪਣੀ ਦਰਜਾਬੰਦੀ 'ਚ ਸੁਧਾਰ ਕੀਤਾ ਅਤੇ 76ਵੇਂ ਸਥਾਨ 'ਤੇ ਪਹੁੰਚ ਗਿਆ। ਹੁਣ ਵਿਸ਼ਵ ਦਰਜਾਬੰਦੀ 'ਚ 46ਵਾਂ ਸਥਾਨ ਪ੍ਰਾਪਤ ਕਰਕੇ ਉਸ ਨੇ ਨਵਾਂ ਭਾਰਤੀ ਇਤਿਹਾਸ ਬਣਾਇਆ ਹੈ।

ਸਰਕਾਰ ਵੱਲੋਂ ਰਾਸ਼ਟਰੀ ਖੇਡ ਪੁਰਸਕਾਰਾਂ ਦਾ ਐਲਾਨ

ਨਵੀਂ ਦਿੱਲੀ, 5 ਅਗਸਤ - ਰਾਸ਼ਟਰੀ ਖੇਡ ਪੁਰਸਕਾਰਾਂ ਦਾ ਐਲਾਨ ਕਰਦੇ ਹੋਏ ਸਰਕਾਰ ਨੇ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੂੰ ਦੇਸ਼ ਦਾ ਸਰਵੋਤਮ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਅਤੇ 15 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦਿੱਤਾ ਹੈ। ਤਿੰਨ ਨੂੰ ਧਿਆਨਚੰਦ ਪੁਰਸਕਾਰ ਅਤੇ ਪੰਜ ਕੋਚਾਂ ਨੂੰ ਦ੍ਰੋਣਾਚਾਰੀਆ ਪੁਰਸਕਾਰ ਅਤੇ ਚਾਰ ਖੇਡ ਸੰਸਥਾਵਾਂ ਨੂੰ ਪਹਿਲੀ ਵਾਰ ਸ਼ੁਰੂ ਕੀਤੇ ਗਏ ਰਾਸ਼ਟਰੀ ਖੇਡ ਹੌਸਲਾ ਵਧਾਊ ਪੁਰਸਕਾਰ ਦਿੱਤਾ ਗਿਆ ਹੈ। ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ ਸਾਢੇ ਸੱਤ ਲੱਖ ਰੁਪਏ ਅਤੇ ਅਰਜੁਨ, ਧਿਆਨਚੰਦ ਅਤੇ ਦ੍ਰੋਣਾਚਾਰੀਆ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਹੋਰ ਸਨਮਾਨ ਦੇ ਨਾਲ ਪੰਜ-ਪੰਜ ਲੱਖ ਰੁਪਏ ਨਗਦ ਦਿੱਤੇ ਜਾਂਦੇ ਹਨ। ਰਾਸ਼ਟਰੀ ਖੇਡ ਹੌਸਲਾ ਵਧਾਊ ਪੁਰਸਕਾਰ ਪ੍ਰਾਪਤ ਕਰਨ ਵਾਲੀ ਸੰਸਥਾ ਨੂੰ ਟਰਾਫੀ ਅਤੇ ਸਨਮਾਨ ਪੱਤਰ ਦਿੱਤਾ ਜਾਂਦਾ ਹੈ। ਰਾਸ਼ਟਰਪਤੀ ਪ੍ਰਤਿਭਾ ਪਾਟਿਲ 29 ਅਗਸਤ ਨੂੰ ਰਾਸ਼ਟਰਪਤੀ ਭਵਨ 'ਚ ਕਰਵਾਏ ਜਾਣ ਵਾਲੇ ਸਮਾਗਮ ਮੌਕੇ ਇਹ ਪੁਰਸਕਾਰ ਪ੍ਰਦਾਨ ਕਰਨਗੇ। ਪੁਰਸਕਾਰ ਪ੍ਰਾਪਤ ਕਰਨ ਵਾਲੇ ਖਿਡਾਰੀ-ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ-ਸਾਇਨਾ ਨੇਹਵਾਲ (ਬੈਡਮਿੰਟਨ), ਅਰਜੁਨ ਪੁਰਸਕਾਰ-ਜੋਸਫ ਇਬਰਾਹੀਮ ਅਤੇ ਕ੍ਰਿਸ਼ਨਾ ਪੂਨੀਆ (ਐਥਲੈਟਿਕਸ), ਦਿਨੇਸ਼ ਕੁਮਾਰ (ਮੁੱਕੇਬਾਜ਼ੀ), ਪਰਿਮਾਰਜਨ ਨੇਗੀ (ਸ਼ਤਰੰਜ਼), ਝੂਲਨ ਗੋਸਵਾਮੀ (ਮਹਿਲਾ ਕ੍ਰਿਕਟ), ਦੀਪਕ ਕੁਮਾਰ ਮੰਡਲ (ਫੁੱਟਬਾਲ), ਸੰਦੀਪ ਸਿੰਘ (ਹਾਕੀ), ਜਸਜੀਤ ਕੌਰ ਹਾਂਡਾ (ਹਾਕੀ), ਦਿਨੇਸ਼ ਕੁਮਾਰ (ਕਬੱਡੀ), ਸੰਜੀਵ ਰਾਜਪੂਤ (ਨਿਸ਼ਾਨੇਬਾਜ਼ੀ), ਰੇਹਨਾ ਪੋਂਚਾ (ਤੈਰਾਕੀ), ਕਪਿਲ ਦੇਵ ਕੇਜੇ (ਵਾਲੀਵਾਲ), ਰਾਜੀਵ ਤੋਮਰ (ਕੁਸ਼ਤੀ), ਰਾਜੇਸ਼ ਚੌਧਰੀ (ਸੇਲਿਗ), ਜਗਸੀਰ ਸਿੰਘ (ਪੈਰਾਲੰਪਿਗ ਐਥਲੈਟਿਕਸ), ਕੁਲਦੀਪ ਸਿੰਘ (ਕੁਸ਼ਤੀ), ਅਨੀਤਾ ਚਾਨੂ (ਭਾਰਤੋਲਕ)। ਦ੍ਰੋਣਾਚਾਰੀਆ ਪੁਰਸਕਾਰ -ਏ. ਕੇ. ਕੁਟੀ (ਐਥਲੈਟਿਕਸ), ਸੁਭਾਸ਼ ਬੀ ਅਗਰਵਾਲ (ਬਿਲੀਅਰਡਸ ਐਂਡ ਸਨੂਕਰ), ਐਲ ਇਬੋਮਚਾ ਸਿੰਘ (ਮੁੱਕੇਬਾਜ਼ੀ), ਅਜੇ ਕੁਮਾਰ ਬਾਂਸਲ (ਹਾਕੀ), ਕੈਪਟਨ ਚਾਂਦਰੂਪ (ਕੁਸ਼ਤੀ)। ਖੇਡ ਹੌਸਲਾ ਵਧਾਊ ਪੁਰਸਕਾਰ-ਸੈਨਾ ਖੇਡ ਕੰਟਰੋਲ ਬੋਰਡ ਨੂੰ ਦੋ ਵਰਗਾਂ 'ਚ ਪੁਰਸਕਾਰ ਦਿੱਤਾ ਗਿਆ ਹੈ, ਜਦੋਂਕਿ ਦੋ ਹੋਰ ਵਰਗਾਂ 'ਚ ਟਾਟਾ ਸਟੀਲ ਲਿਮਟਿਡ ਅਤੇ ਖੇਡ ਅਤੇ ਯੁਵਾ ਵਿਭਾਗ (ਮੱਧ ਪ੍ਰਦੇਸ਼) ਨੂੰ ਪੁਰਸਕਾਰ ਦਿੱਤਾ ਗਿਆ ਹੈ।

ਵਿਦਿਆ ਸਟੋਕਸ ਦਾ ਅਸਲੀ ਇਮਤਿਹਾਨ ਹੁਣ ਸ਼ੁਰੂ

ਜਲੰਧਰ, 5 ਅਗਸਤ - ਹਾਕੀ ਇੰਡੀਆ ਦੀ ਚੋਣ ਵਿਚ ਪ੍ਰਗਟ ਸਿੰਘ ਨੂੰ ਵਿਦਿਆ ਸਟੋਕਸ ਨੇ 41-21 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕਰ ਲਈ ਹੈ। ਇਸ ਨਾਲ ਹਾਕੀ ਖਿਡਾਰੀ ਤੇ ਓਲੰਪੀਅਨ ਕਾਫੀ ਉਦਾਸ ਹਨ। ਪਰ ਭਾਵੇਂ ਵਿਦਿਆ ਸਟੋਕਸ ਹਾਕੀ ਇੰਡੀਆ ਦੀ ਪ੍ਰਧਾਨ ਬਣ ਗਈ ਹੈ ਪਰ ਉਨ੍ਹਾਂ ਦਾ ਅਸਲੀ ਇਮਤਿਹਾਨ ਹੁਣ ਸ਼ੁਰੂ ਹੋਣਾ ਹੈ। ਜੇਕਰ ਕੇਂਦਰ ਸਰਕਾਰ ਨੇ 70 ਸਾਲ ਦੀ ਉਮਰ ਦਾ ਜ਼ਾਬਤਾ ਸਖਤੀ ਨਾਲ ਲਾਗੂ ਕਰ ਦਿੱਤਾ ਤਾਂ ਇਸ ਦਾ ਕੀ ਬਣੂ। ਜੇ ਇਨ੍ਹਾਂ ਦੀ ਸਰਕਾਰੀ ਗਰਾਂਟ ਸਬੰਧੀ ਦਿੱਤੇ ਹਲਫੀਆ ਬਿਆਨ ਨੂੰ ਮੰਨ ਲਈਏ ਤਾਂ ਹਾਕੀ ਇੰਡੀਆ ਬਿਨਾਂ ਪੈਸੇ ਤੋਂ ਕਿਵੇਂ ਕੰਮ ਕਰੇਗਾ। ਦੇਸ਼ ਦੇ ਵਿਚ ਇਸ ਸਬੰਧੀ ਅਜੇ ਵੀ ਹਾਕੀ ਇੰਡੀਆ ਨੇ ਕੋਈ ਯੋਜਨਾ ਨਹੀਂ ਐਲਾਨੀ ਇਸ ਤੋਂ ਇਲਾਵਾ ਅਜੇ ਵੀ ਕੇ. ਪੀ. ਐਸ. ਗਿੱਲ ਦੀ ਭਾਰਤੀ ਹਾਕੀ ਫੈਡਰੇਸ਼ਨ ਦਾ ਕੇਸ ਹਾਈ ਕੋਰਟ ਦੇ ਵਿਚ ਚੱਲ ਰਿਹਾ ਹੈ ਅਤੇ ਉਸ ਦਾ ਨਿਪਟਾਰਾ ਅਜੇ ਨਹੀਂ ਹੋਇਆ ਤਾਂ ਜਿਸ ਤਰੀਕੇ ਨਾਲ ਕੇ. ਪੀ. ਐਸ. ਗਿੱਲ ਨੇ ਏਸ਼ੀਅਨ ਖੇਡਾਂ ਲਈ ਭਾਰਤੀ ਹਾਕੀ ਟੀਮ ਦੀ ਚੋਣ ਦਾ ਐਲਾਨ ਕੀਤਾ ਹੈ ਤਾਂ ਕੀ ਵਿਦਿਆ ਸਟੋਕਸ ਉਸ ਦੇ ਮੁਕਾਬਲੇ ਸਖਤੀ ਨਾਲ ਲੜ ਸਕੇਗੀ ਅਤੇ ਆਪਣੀ ਟੀਮ ਚੁਣ ਕੇ ਵਿਦੇਸ਼ਾਂ ਵਿਚ ਭੇਜੇਗੀ। ਹੁਣ ਵੇਖਣਾ ਹੈ ਕਿ ਕੌਮਾਂਤਰੀ ਹਾਕੀ ਫੈਡਰੇਸ਼ਨ ਇਸ ਸਬੰਧੀ ਕੀ ਫੈਸਲਾ ਲਵੇਗੀ। ਫਿਲਹਾਲ ਨਵੀਂ ਚੁਣੀ ਗਈ ਪ੍ਰਧਾਨ ਲਈ ਤੇ ਸਕੱਤਰ ਨਰਿੰਦਰ ਬੱਤਰੇ ਲਈ ਆਉਣ ਵਾਲਾ ਸਮਾਂ ਸੌਖਾ ਨਹੀਂ ਹੋਵੇਗਾ।

ਕੌਣ ਹੋਵੇਗਾ ਜੇਤੂ ਪ੍ਰਗਟ ਸਿੰਘ ਜਾਂ ਵਿਦਿਆ ਸਟੋਕਸ

ਜਲੰਧਰ, 4 ਅਗਸਤ - ਹਾਕੀ ਇੰਡੀਆ ਦੀ ਚੋਣ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਦਿੱਲੀ ਦੇ ਲਲਿਤ ਹੋਟਲ 'ਚ ਕਰਵਾਈ ਜਾ ਰਹੀ ਹੈ। ਇਸ ਚੋਣ ਵਿਚ ਸ਼ਾਮਿਲ ਹੋਣ ਲਈ ਰਾਜਾਂ ਦੇ ਅਹੁੱਦੇਦਾਰ ਦਿੱਲੀ ਪਹੁੰਚ ਗਏ ਹਨ। 9.30 ਵਜੇ ਪਹਿਲਾਂ ਹਾਕੀ ਇੰਡੀਆ ਦੀ ਜਨਰਲ ਹਾਊਸ ਦੀ ਬੈਠਕ ਹੋਵੇਗੀ, ਜਿਸ ਵਿਚ ਚੋਣ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ ਤੇ ਇਸ ਬੈਠਕ ਤੋਂ ਬਾਅਦ ਹਾਕੀ ਇੰਡੀਆ ਦੀ ਪਹਿਲੀ ਚੋਣ ਦੀ ਸਹੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਜੇ ਹਾਕੀ ਇੰਡੀਆ ਦੀ ਚੋਣ ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਪ੍ਰਧਾਨਗੀ ਦੇ ਅਹੁਦੇ ਲਈ ਮੁੱਖ ਮੁਕਾਬਲਾ ਪੰਜਾਬ ਹਾਕੀ ਦੇ ਸਕੱਤਰ ਪਦਮਸ੍ਰੀ ਪ੍ਰਗਟ ਸਿੰਘ ਤੇ ਹਾਕੀ ਇੰਡੀਆ ਦੀ ਮੌਜੂਦਾ ਪ੍ਰਧਾਨ ਤੇ ਇਕ ਸਿਆਸਤਦਾਨ ਸ੍ਰੀਮਤੀ ਵਿਦਿਆ ਸਟੋਕਸ ਦਰਮਿਆਨ ਹੈ। ਦੋਵੇਂ ਉਮੀਦਵਾਰ ਇਸ ਚੋਣ ਲਈ ਸਿਰ ਧੜ ਦੀ ਬਾਜ਼ੀ ਲਾ ਕੇ ਖੜ੍ਹੇ ਹੋਏ ਹਨ ਤੇ ਇਹ ਸ਼ਾਇਦ ਪਹਿਲਾ ਮੌਕਾ ਹੋਵੇਗਾ ਜਦੋਂ ਇਸ ਤਰ੍ਹਾਂ ਨਾਲ ਖੁੱਲ੍ਹ ਕੇ ਉਮੀਦਵਾਰ ਮੈਦਾਨ ਵਿਚ ਨਿੱਤਰੇ ਹਨ। ਇਸ ਤੋਂ ਪਹਿਲਾਂ ਤਾਂ ਚੋਣ ਰਸਮੀ ਗੱਲ ਸੀ ਤੇ ਉਮੀਦਵਾਰ ਅੰਦਰਖਾਤੇ ਤਹਿ ਕਰ ਲਏ ਜਾਂਦੇ ਸਨ ਪਰ ਇਸ ਵਾਰੀ ਸਥਿਤੀ ਬਿਲਕੁੱਲ ਉਲਟ ਹੈ ਕਿਉਂਕਿ ਇਸ ਵਾਰੀ ਵੋਟਰਾਂ ਦਾ ਵੀ ਪੂਰਾ-ਪੂਰਾ ਮੁੱਲ ਪਿਆ ਹੈ ਕਿਉਂਕਿ ਇਸ ਚੋਣ ਲਈ 27 ਰਾਜਾਂ ਤੇ 4 ਅਦਾਰਿਆਂ ਦੀਆਂ ਕੁੱਲ 62 ਵੋਟਾਂ ਹਨ। ਜਿੱਥੇ ਵਿਦਿਆ ਸਟੋਕਸ ਹਰ ਹੀਲਾ ਵਰਤ ਕੇ ਇਸ ਚੋਣ ਵਿਚ ਕਾਮਯਾਬ ਹੋਣਾ ਚਾਹੁੰਦੀ ਹੈ ਉਥੇ ਪ੍ਰਗਟ ਸਿੰਘ ਹਾਕੀ ਦੇ ਵਿਕਾਸ ਤੇ ਇਸ ਦੇ ਭਲੇ ਲਈ ਜ਼ਮੀਰ ਦੀ ਆਵਾਜ਼ 'ਤੇ ਵੋਟ ਪਾਉਣ ਲਈ ਅਪੀਲ ਕਰ ਰਿਹਾ ਹੈ। ਦੇਖੋ ਹਾਕੀ ਇੰਡੀਆ ਤੇ ਭਾਰਤੀ ਹਾਕੀ ਦੇ ਭਵਿੱਖ ਬਾਰੇ 5 ਅਗਸਤ ਨੂੰ ਹਾਕੀ ਦੇ ਰਖਵਾਲੇ ਕੀ ਤੈਅ ਕਰਦੇ ਹਨ। ਇਹ ਤਾਂ ਇਸ ਦਾ ਨਤੀਜਾ ਐਲਾਨਣ ਤੋਂ ਬਾਅਦ ਹੀ ਪਤਾ ਲੱਗੇਗਾ।

ਅੰਤਰ ਰਾਜ ਐਥਲੈਟਿਕ ਮੀਟ ਸ਼ੁਰੂ

ਪਟਿਆਲਾ, 4 ਅਗਸਤ - ਪਟਿਆਲਾ ਦੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ 'ਚ ਅੰਤਰ ਰਾਜ ਐਥਲੈਟਿਕ ਮੀਟ ਕਰਵਾਈ ਜਾ ਰਹੀ ਹੈ। ਇਹ ਮੀਟ 5 ਤੋਂ 8 ਅਗਸਤ ਤੱਕ ਚੱਲੇਗੀ। ਇਸ ਵਿਚ ਦੇਸ਼ ਦੇ ਚੋਟੀ ਦੇ ਐਥਲੀਟ ਸ਼ਾਮਿਲ ਹੋ ਰਹੇ ਹਨ। ਇਸ ਮੀਟ 'ਚ 800 ਦੇ ਕਰੀਬ ਖਿਡਾਰੀ ਹਿੱਸਾ ਲੈਣਗੇ ਅਤੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲਣਗੇ। ਐੱਨ. ਆਈ. ਐੱਸ. ਵਿਖੇ ਨਵੇਂ ਬਣਾਏ ਗਏ ਸਿੰਥੈਟਿਕ ਟਰੈਕ 'ਚ ਇਹ ਪਹਿਲਾ ਮੁਕਾਬਲਾ ਹੋਣ ਜਾ ਰਿਹਾ ਹੈ। ਔਰਤਾਂ ਦੀ 400 ਮੀਟਰ ਦੌੜ 'ਚ ਹਾਲ ਹੀ 'ਚ ਏਸ਼ੀਅਨ ਚੈਂਪੀਅਨ ਬਣੀ ਮਨਦੀਪ ਕੌਰ, ਮਨਜੀਤ ਕੌਰ, ਜੌਨਾ ਮੁਰਗੂ ਤੇ ਮਿੰਨੀ ਜੋਸ਼ ਆਦਿ ਐਥਲੀਟਾਂ 'ਚ ਸਖ਼ਤ ਟੱਕਰ ਦੇਖਣ ਨੂੰ ਮਿਲੇਗੀ। ਇਸ ਤਰ੍ਹਾਂ ਮਹਿਲਾਵਾਂ ਦੇ ਡਿਸਕਸ ਥਰੋਅ ਮੁਕਾਬਲੇ 'ਚ ਹਿੱਸਾ ਲੈਣ, ਇਸ ਵੇਲੇ ਦੇਸ਼ ਦੀ ਅੱਵਲ ਨੰਬਰ ਥਰੋਅਰ ਕ੍ਰਿਸ਼ਨਾ ਪੂਨੀਆ, ਹਰਬੰਤ ਕੌਰ ਤੇ ਸੀਮਾ ਐਂਤਿਲ ਪਹੁੰਚ ਗਈਆਂ ਹਨ। ਇਸੇ ਤਰ੍ਹਾਂ ਪੁਰਸ਼ਾਂ ਦੇ ਗੋਲਾ ਸੁੱਟਣ ਮੁਕਾਬਲੇ 'ਚ ਇਸ ਵਾਰ ਏਸ਼ੀਅਨ ਚੈਂਪੀਅਨ ਓਮ ਪ੍ਰਕਾਸ਼, ਨਵਪ੍ਰੀਤ ਸਿੰਘ ਤੇ ਉਭਰਦੇ ਥਰੋਅਰ ਸੌਰਵ ਵਿਜ 'ਚ ਕਾਂਟੇਦਾਰ ਟੱਕਰ ਹੋਵੇਗੀ। ਪੁਰਸ਼ਾਂ ਦੀ 400 ਮੀਟਰ ਦੌੜ 'ਚ ਐੱਸ. ਕੇ. ਮੁਰਤਜਾ ਬਿਵਨ ਮੈਥੀਓ, ਕੁਨੀ ਮੁਹੰਮਦ, ਕੇ. ਐੱਮ. ਬਿੰਨੂ ਤੇ ਪ੍ਰੇਮਾ ਨੰਦ 'ਚ ਫਸਵੀਂ ਟੱਕਰ ਦੇਖਣ ਨੂੰ ਮਿਲੇਗੀ।

ਹਾਕੀ ਇੰਡੀਆ ਦੀ ਚੋਣ 5 ਨੂੰ

ਜਲੰਧਰ, 2 ਅਗਸਤ - ਸੁਪਰੀਮ ਕੋਰਟ ਵੱਲੋਂ ਆਗਿਆ ਮਿਲਣ ਤੋਂ ਬਾਅਦ ਹਾਕੀ ਇੰਡੀਆ ਦੀ ਚੋਣ 5 ਅਗਸਤ ਨੂੰ ਨਵੀਂ ਦਿੱਲੀ 'ਚ ਕਰਵਾਈ ਜਾ ਰਹੀ ਹੈ। ਇਸ ਚੋਣ ਵਿਚ 27 ਰਾਜਾਂ ਦੇ ਅਹੁਦੇਦਾਰ ਤੇ 4 ਅਦਾਰਿਆਂ ਦੇ ਅਹੁਦੇਦਾਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਕ ਪਾਸੇ ਦੇਸ਼ ਦੀ ਹਾਕੀ ਦੀ ਪ੍ਰਤੀਨਿਧਤਾ ਕਰਨ ਵਾਲੇ ਹਾਕੀ ਦੇ ਉਲੰਪੀਅਨ ਪਦਮਸ੍ਰੀ ਪ੍ਰਗਟ ਸਿੰਘ ਖੇਡ ਮੈਦਾਨ ਤੋਂ ਬਾਅਦ ਇਸ ਦੀ ਪ੍ਰਧਾਨਗੀ ਦੇ ਅੁਹਦੇ ਲਈ ਚੋਣ ਦੰਗਲ ਵਿਚ ਕੁੱਦੇ ਹਨ। ਦੂਜੇ ਪਾਸੇ ਜਿਨ੍ਹਾਂ ਦਾ ਮੁੱਖ ਮੁਕਾਬਲਾ ਭਾਰਤੀ ਮਹਿਲਾ ਹਾਕੀ ਫੈਡਰੇਸ਼ਨ ਦੀ ਪ੍ਰਧਾਨ ਤੇ ਮੌਜੂਦਾ ਹਾਕੀ ਇੰਡੀਆ ਦੀ ਪ੍ਰਧਾਨ ਤੇ ਇਕ ਸਿਆਸਤਦਾਨ ਸ੍ਰੀਮਤੀ ਵਿਦਿਆ ਸਟੋਕਸ ਨਾਲ ਹੋਣ ਜਾ ਰਿਹਾ ਹੈ। ਵਿਦਿਆ ਸਟੋਕਸ ਨੂੰ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕਲਮਾਡੀ ਦੀ ਅਸਿੱਧੇ ਤੌਰ 'ਤੇ ਹਮਾਇਤ ਹਾਸਿਲ ਹੈ ਤੇ ਹਾਕੀ ਇੰਡੀਆ ਦੇ ਸਕੱਤਰ ਨਰਿੰਦਰ ਬੱਤਰਾ ਵੀ ਇਸ ਦੀ ਪੂਰੀ ਹਮਾਇਤ ਕਰ ਰਹੇ ਹਨ। ਪ੍ਰਗਟ ਸਿੰਘ ਜੋ ਕਿ ਇਕ ਨਾਮੀ ਹਾਕੀ ਦਾ ਖਿਡਾਰੀ ਹੈ ਤੇ ਉਨ੍ਹਾਂ ਨੂੰ ਦੇਸ਼ ਦੇ ਹਾਕੀ ਖਿਡਾਰੀਆਂ ਦੀ ਪੂਰੀ ਹਮਾਇਤ ਹੈ ਤੇ ਇਕ ਤਰ੍ਹਾਂ ਨਾਲ ਸਾਰੇ ਦੇਸ਼ ਦੇ ਲੋਕ ਤੇ ਹਾਕੀ ਖੇਡ ਪ੍ਰੇਮੀ ਪ੍ਰਗਟ ਸਿੰਘ ਨੂੰ ਹਾਕੀ ਦੇ ਭਲੇ ਲਈ ਪ੍ਰਧਾਨ ਬਣਨਾ ਦੇਖਣਾ ਚਾਹੁੰਦੇ ਹਨ। ਅੱਗੇ ਦੇਖੋ ਕੀ ਹੁੰਦਾ ਹੈ।

ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਸਪੋਰਟਸ ਪ੍ਰਗਟ ਸਿੰਘ ਅਤੇ ਵਿਦਿਆ ਸਟੋਕਸ ਬਾਰੇ

ਪ੍ਰਗਟ ਸਿੰਘ ਬਾਰੇ - ਪ੍ਰਗਟ ਸਿੰਘ ਦਾ ਜਨਮ 5 ਮਾਰਚ 1965 ਨੂੰ ਜਲੰਧਰ ਦੇ ਨਜ਼ਦੀਕੀ ਪਿੰਡ ਮਿੱਠਾਪੁਰ ਵਿਖੇ ਹੋਇਆ। ਮੁਢਲੀ ਸਿੱਖਿਆ ਇਨ੍ਹਾਂ ਨੇ ਪਿੰਡ ਦੇ ਸਕੂਲ ਤੋਂ ਹਾਸਿਲ ਕੀਤੀ ਤੇ ਗ੍ਰੈਜੂਏਸ਼ਨ ਲਾਇਲਪੁਰ ਖਾਲਸਾ ਕਾਲਜ ਤੋਂ ਹਾਸਿਲ ਕੀਤੀ। ਇਥੋਂ ਹੀ ਇਨ੍ਹਾਂ ਦੀ ਚੋਣ 10 ਦੇਸ਼ਾਂ ਦੇ ਹਾਕੀ ਟੂਰਨਾਮੈਂਟ ਹਾਂਗਕਾਂਗ ਲਈ ਹੋਈ, ਜਿਸ ਤੋਂ ਬਾਅਦ ਪ੍ਰਗਟ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਪ੍ਰਗਟ ਸਿੰਘ ਨੂੰ ਭਾਰਤ ਸਰਕਾਰ ਨੇ 1998 ਵਿਚ ਪਦਮਸ੍ਰੀ ਐਵਾਰਡ, 1996 ਵਿਚ ਰਾਜੀਵ ਗਾਂਧੀ ਐਵਾਰਡ, 1989 ਵਿਚ ਅਰਜੁਨਾ ਐਵਾਰਡ, 1985 ਵਿਚ ਚੰਡੀਗੜ੍ਹ ਸਪੋਰਟਸ ਜਰਨਲਿਸਟ ਐਵਾਰਡ ਤੇ 1989 ਵਿਚ ਦਿੱਲੀ ਸਪੋਰਟਸ ਜਰਨਲਿਸਟ ਐਵਾਰਡ ਨਾਲ ਸਨਮਾਨਿਤ ਕੀਤਾ। ਪ੍ਰਗਟ ਸਿੰਘ ਨੇ 313 ਕੌਮਾਂਤਰੀ ਹਾਕੀ ਦੇ ਮੈਚ ਖੇਡੇ ਜੋ ਕਿ ਇਕ ਵਿਸ਼ਵ ਕਿਰਾਰਡ ਹੈ ਤੇ 168 ਮੈਚਾਂ ਵਿਚ ਕਪਤਾਨੀ ਕੀਤੀ ਇਹ ਵੀ ਇਕ ਵਿਸ਼ਵ ਰਿਕਾਰਡ ਹੈ। ਇਸ ਨੇ 1992 ਦੀ ਬਾਰਸੀਲੋਨਾ ਉਲੰਪਿਕ ਤੇ 1996 ਐਟਲਾਂਟਾ ਉਲੰਪਿਕ ਵਿਚ ਲਗਾਤਾਰ ਦੋ ਵਾਰੀ ਕਪਤਾਨੀ ਕੀਤੀ। ਇਸ ਤੋਂ ਇਲਾਵਾ 1996 ਦੀਆਂ ਉਲੰਪਿਕ ਖੇਡਾਂ ਵਿਚ ਭਾਰਤੀ ਦਲ ਵਲੋਂ ਝੰਡਾ ਬਰਦਾਰ ਰਹੇ। ਪ੍ਰਗਟ ਸਿੰਘ ਨੇ 1988, 1992 ਤੇ 1996 ਦੀਆਂ ਉਲੰਪਿਕ ਖੇਡਾਂ ਵਿਚ ਹਿੱਸਾ ਲਿਆ ਤੇ 1986 ਲੰਡਨ ਤੇ 1990 ਵਿਚ ਪਾਕਿਸਤਾਨ ਵਿਖੇ ਹੋਏ ਵਿਸ਼ਵ ਕੱਪ ਵਿਚ ਹਿੱਸਾ ਲਿਆ, ਇਸ ਨੇ 1985 ਦੀ ਪਰਥ, 1986 ਦੀ ਕਰਾਚੀ, 1989 ਦੀ ਬਰਲਿਨ, 1997 ਦੀ ਮਦਰਾਸ ਵਿਖੇ ਹੋਈ ਚੈਂਪੀਅਨ ਟਰਾਫੀ ਵਿਚ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ। 1986 ਦੀ ਸਿਓਲ, 1996 ਦੀ ਬੀਜਿੰਗ ਏਸ਼ੀਅਨ ਖੇਡਾਂ ਵਿਚ ਹਿੱਸਾ ਲਿਆ। 1985 ਦੇ ਏਸ਼ੀਆ ਕੱਪ ਢਾਕਾ, 1989 ਦਿੱਲੀ ਵਿਖੇ ਹਿੱਸਾ ਲਿਆ। ਇਸ ਤੋਂ ਇਲਾਵਾ 1995 ਦੀਆਂ ਸੈਫ ਖੇਡਾਂ ਮਦਰਾਸ ਤੋਂ ਇਲਾਵਾ 1987 ਵਿਚ ਆਲ ਸਟਾਰ ਏਸ਼ੀਆ ਇਲੈਵਨ ਵਲੋਂ ਅਫਰੀਕਾ, ਏਸ਼ੀਆ ਟੂਰ ਤੇ 1991 ਵਿਚ ਇੰਟਰਕਾਂਟੀਨੈਂਟਲ ਕੱਪ ਵਿਚ ਹਿੱਸਾ ਲਿਆ ਤੇ ਇਸ ਤੋਂ ਇਲਾਵਾ ਹੋਰ ਕਈ ਕੌਮਾਂਤਰੀ ਟੂਰਨਾਮੈਟਾਂ ਵਿਚ ਹਿੱਸਾ ਲਿਆ। ਇਸ ਵੇਲੇ ਪ੍ਰਗਟ ਸਿੰਘ ਪੰਜਾਬ ਖੇਡ ਵਿਭਾਗ ਵਿਚ ਡਾਇਰੈਕਟਰ ਸਪੋਰਟਸ ਪੰਜਾਬ ਦੇ ਅਹੁਦੇ 'ਤੇ ਤਾਇਨਾਤ ਹਨ।
ਵਿਦਿਆ ਸਟੋਕਸ- ਵਿਦਿਆ ਸਟੋਕਸ ਦਾ ਜਨਮ 8 ਦਸੰਬਰ 1927 ਨੂੰ ਕੰਟਗੜ੍ਹ ਜ਼ਿਲ੍ਹਾ ਸ਼ਿਮਲਾ ਵਿਖੇ ਹੋਇਆ। ਇਨ੍ਹਾਂ ਨੇ ਆਪਣੀ ਵਿਦਿਆ ਦਿੱਲੀ ਯੂਨੀਵਰਸਿਟੀ ਤੋਂ ਹਾਸਿਲ ਕੀਤੀ। ਇਨ੍ਹਾਂ ਦਾ ਵਿਆਹ ਲਾਲ ਚੰਦ ਸਟੋਕਸ ਨਾਲ ਹੋਇਆ, ਜੋ ਪੇਸ਼ੇ ਤੋਂ ਬਾਗਬਾਨੀ ਨਾਲ ਸਬੰਧ ਰੱਖਦੇ ਸਨ ਤੇ ਇਕ ਸਮਾਜ ਸੇਵਕ ਵੀ ਸਨ। ਇਨ੍ਹਾਂ ਨੂੰ 1976 ਵਿਚ ਆਲ ਇੰਡੀਆ ਕਾਂਗਰਸ ਕਮੇਟੀ ਲਈ ਨਾਮਜ਼ਦ ਕੀਤਾ ਗਿਆ ਤੇ 1977 ਵਿਚ ਪ੍ਰਦੇਸ਼ ਦੇ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਹੇ, 1980 ਵਿਚ ਇਨ੍ਹਾਂ ਨੂੰ ਲੋਕ ਸਭਾ ਦੀ ਵਿੱਤ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਇਸ ਤੋਂ ਇਲਾਵਾ ਇਨ੍ਹਾਂ ਨੂੰ ਬਤੌਰ ਮਹਿਲਾ ਮੈਂਬਰ ਵਿਦੇਸ਼ਾਂ ਵਿਚ ਵੀ ਜਾਣ ਦਾ ਮੌਕਾ ਮਿਲਿਆ ਤੇ ਇਹ 1984, 1988, 1994 ਤੇ 2003 ਤੱਕ ਆਲ ਇੰਡੀਆ ਮਹਿਲਾ ਹਾਕੀ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਤੇ ਇਸ ਵੇਲੇ ਹਾਕੀ ਇੰਡੀਆ ਦੇ ਬਤੌਰ ਪ੍ਰਧਾਨ ਕੰਮ ਕਰ ਰਹੇ ਹਨ ਤੇ ਇਨ੍ਹਾਂ ਨੂੰ ਵਿਸ਼ਵ ਕੱਪ ਸਪੇਨ ਵਿਖੇ ਵੀ ਭਾਰਤੀ ਮਹਿਲਾ ਹਾਕੀ ਟੀਮ ਨਾਲ ਜਾਣ ਦਾ ਮੌਕਾ ਮਿਲਿਆ ।

ਕੌਮੀ ਐਥਲੈਟਿਕ ਮੀਟ ਦੀ ਚੋਣ 5 ਨੂੰ

ਪਟਿਆਲਾ, 1 ਅਗਸਤ - ਪਟਿਆਲਾ ਦੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਖੇ 5 ਤੋਂ 8 ਅਗਸਤ ਤੱਕ ਰਾਸ਼ਟਰ ਮੰਡਲ ਖੇਡਾਂ 'ਚ ਹਿੱਸਾ ਲੈਣ ਵਾਲੇ ਭਾਰਤੀ ਐਥਲੈਟਿਕ ਦਲ ਦੀ ਚੋਣ ਕੀਤੀ ਜਾ ਰਹੀ ਹੈ। ਇਸ ਮੀਟ 'ਚ ਦੇਸ਼ ਦੇ ਸਾਰੇ ਚੋਟੀ ਦੇ ਖਿਡਾਰੀ ਸ਼ਾਮਿਲ ਹੋਣਗੇ।

ਪਹਿਲਵਾਨ ਕਰਤਾਰ ਸਿੰਘ 14ਵੀਂ ਵਾਰ ਜੇਤੂ

ਜਲੰਧਰ, 1 ਅਗਸਤ - 30 ਜੁਲਾਈ ਤੋਂ 1 ਅਗਸਤ ਤੱਕ ਸਵਿਟਜ਼ਰਲੈਂਡ ਦੇ ਸ਼ਹਿਰ ਡੋਮੀਡੀਡੀਅਰ 'ਚ 19ਵੀਂ ਵੈਟਰਨ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਕਰਵਾਈ ਗਈ। ਇਸ ਵਿਚ ਭਾਰਤ ਦੇ ਪਹਿਲਵਾਨ ਕਰਤਾਰ ਸਿੰਘ ਨੇ ਸੈਮੀਫਾਈਨਲ ਵਿਚ ਰੂਸ ਦੇ ਵਿਸ਼ਵ ਚੈਂਪੀਅਨ ਪਹਿਲਵਾਨ ਦਮਿਤਰੀ ਖਲਬਨਿਕੋਬ ਨੂੰ ਹਰਾ ਕੇ ਫਾਈਨਲ ਵਿਚ ਆਸਟਰੀਆ ਦੇ ਪਹਿਲਵਾਨ ਫਰੈਂਜ ਟੀਸਮੈਨ ਨੂੰ ਪਹਿਲੇ ਰਾਊਂਡ ਵਿਚ 2-0 ਅਤੇ ਦੂਜੇ ਰਾਊਂਡ ਵਿਚ 3-0 ਨਾਲ ਹਰਾ ਕੇ 14ਵੀਂ ਵਾਰ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਿਆ। ਵਰਨਣਯੋਗ ਹੈ ਕਿ ਕਰਤਾਰ ਸਿੰਘ ਪਹਿਲਾਂ ਵੀ 2 ਵਾਰ ਏਸ਼ੀਅਨ ਗੇਮਜ਼ ਵਿਚ ਗੋਲਡ ਅਤੇ ਇਕ ਵਾਰ ਚਾਂਦੀ ਦਾ ਤਗਮਾ ਭਾਰਤ ਲਈ ਜਿੱਤ ਚੁੱਕੇ ਹਨ ਅਤੇ ਤਿੰਨ ਵਾਰ ਉਲੰਪਿਕ ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ ਅਤੇ ਅਨੇਕਾਂ ਵਾਰ ਵਿਦੇਸ਼ਾਂ ਵਿਚ ਮੈਡਲ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ ਅਤੇ ਉਨ੍ਹਾਂ ਦੀ ਇਸ ਖੇਡ ਪ੍ਰਾਪਤੀ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਉਨ੍ਹਾਂ ਦਾ ਪਦਮਸ੍ਰੀ ਅਤੇ ਅਰਜੁਨਾ ਐਵਾਰਡ ਨਾਲ ਸਨਮਾਨਿਤ ਕੀਤਾ। ਕਰਤਾਰ ਸਿੰਘ 1993 ਬੈਚ ਦੇ ਆਈ. ਪੀ. ਐਸ. ਅਧਿਕਾਰੀ ਹਨ ਅਤੇ ਇਸ ਸਮੇਂ ਬਤੌਰ ਡੀ. ਆਈ. ਜੀ. ਸੇਵਾ ਨਿਭਾਅ ਰਹੇ ਹਨ।

Click here to read PREVIOUS Monthly News