Click here For English Version

SPORTS NEWS

April Sports News 2010

ਖੇਡ ਵਿਭਾਗ ਦੇ ਹਾਲਾਤ 'ਪੱਲੇ ਨਹੀਂ ਧੇਲਾ ਕਰਦੀ ਫਿਰਦੀ ਮੇਲਾ ਮੇਲਾ' ਵਾਲੇ

ਲੁਧਿਆਣਾ, 28 ਅਪ੍ਰੈਲ - ਪੰਜਾਬ ਸਰਕਾਰ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪਿਛੇ ਜਿਹੇ ਕਰਵਾਏ ਗਏ ਵਿਸ਼ਵ ਕਬੱਡੀ ਕੱਪ 'ਤੇ ਲਗਭਗ 7 ਕਰੋੜ ਰੁਪਏ ਦਾ ਖਰਚਾ ਕਰ ਦਿੱਤਾ ਹੈ। ਹੁਣ ਉਹ ਕਬੱਡੀ ਖਿਡਾਰੀਆਂ ਨੂੰ ਨੌਕਰੀਆਂ ਦੇਣ, ਵਿਸ਼ਵ ਕਬੱਡੀ ਲੀਗ, ਅੰਤਰਰਾਸ਼ਟਰੀ ਪੰਜਾਬ ਹਾਕੀ ਕੱਪ ਕਰਵਾਉਣ, ਅੰਤਰਰਾਸ਼ਟਰੀ ਪੱਧਰ ਦੇ 8 ਖੇਡ ਸਟੇਡੀਅਮ ਬਣਾਉਣ ਅਤੇ ਨਵੀਂ ਖੇਡ ਨੀਤੀ ਵਿਚ ਖਿਡਾਰੀਆਂ ਨੂੰ ਲੱਖਾਂ-ਕਰੋੜਾਂ ਦੀਆਂ ਸਹੂਲਤਾਂ ਦੇ ਐਲਾਨ ਕੀਤੇ ਗਏ, ਪਰੰਤੂ ਅਸਲੀਅਤ ਕੁਝ ਹੋਰ ਹੀ ਹੈ। ਪਿਛਲੇ ਸਾਲ ਪੰਜਾਬ ਸਰਕਾਰ ਨੇ ਸਕੂਲਾਂ-ਕਾਲਜਾਂ ਦੇ ਖੇਡ ਵਿੰਗਾਂ ਵਾਸਤੇ 5 ਕਰੋੜ ਰੁਪਏ ਜਾਰੀ ਕੀਤੇ ਸਨ। ਇਹ ਵਿੰਗ ਮਈ ਮਹੀਨੇ ਸ਼ੁਰੂ ਹੋ ਗਏ ਸਨ, ਪਰ 5 ਕਰੋੜ ਖਰਚਣ ਦੇ ਬਾਵਜੂਦ ਪੰਜਾਬ ਖੇਡ ਵਿਭਾਗ ਦੀਆਂ ਅਜੇ ਪਿਛਲੇ ਸਾਲ ਦੀਆਂ ਸਵਾ ਕਰੋੜ ਦੀਆਂ ਦੇਣਦਾਰੀਆਂ ਹਨ, ਇਸ ਦਾ ਮਤਲਬ 2009-10 ਵਿਚ ਸਵਾ ਛੇ ਕਰੋੜ ਵਿਚ ਮੁਸ਼ਕਲ ਨਾਲ ਹੀ ਕੰਮ ਹੋਇਆ, ਪਰ ਇਸ ਵਾਰ ਖੇਡ ਵਿੰਗਾਂ ਵਾਸਤੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਸਿਰਫ਼ 4 ਕਰੋੜ ਹੀ ਜਾਰੀ ਕੀਤੇ ਹਨ ਸਵਾ ਕਰੋੜ ਦੀਆਂ ਦੇਣਦਾਰੀਆਂ ਤੋਂ ਬਾਅਦ ਬਾਕੀ ਖੇਡ ਵਿਭਾਗ ਕੋਲ 2 ਕਰੋੜ 75 ਲੱਖ ਹੀ ਸਾਲ 2010-11 ਲਈ ਬਚਣਗੇ। ਦੂਸਰੇ ਪਾਸੇ ਰਾਜਨੀਤਿਕ ਦਬਾਅ ਕਾਰਨ ਖੇਡ ਵਿੰਗਾਂ ਦੀਆਂ ਸੀਟਾਂ ਵਿਚ ਵਾਧਾ ਕਰਨਾ ਵੀ ਖੇਡ ਵਿਭਾਗ ਦੀ ਮਜ਼ਬੂਰੀ ਬਣ ਰਹੀ ਹੈ। ਇਸ ਤੋਂ ਇਲਾਵਾ ਕਈ ਵੱਡੀਆਂ ਸੰਸਥਾਵਾਂ ਜਿਵੇਂ ਰੁੜਕਾ ਫੁੱਟਬਾਲ ਅਕੈਡਮੀ ਵਾਸਤੇ 20 ਲੱਖ ਰੁਪਏ ਦੀ ਗ੍ਰਾਂਟ ਅਤੇ ਜਰਖੜ ਅਕੈਡਮੀ ਵਾਸਤੇ 40 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵਿੱਤ ਮੰਤਰੀ ਸ: ਬਾਦਲ ਨੇ ਐਲਾਨ ਕੀਤਾ ਹੈ। ਇਹ ਗ੍ਰਾਂਟਾਂ ਖੇਡ ਵਿਭਾਗ ਨੂੰ ਦੇਣ ਬਾਰੇ ਜ਼ੋਰ ਪਾਇਆ ਜਾ ਰਿਹਾ ਹੈ। ਪਰੰਤੂ ਪੰਜਾਬ ਖੇਡ ਵਿਭਾਗ ਦੇ ਇਸ ਸਾਲ ਹਾਲਾਤ ਇਹ ਬਣ ਗਏ ਹਨ ਕਿ 'ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ', ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਟੇਟ ਐਵਾਰਡ, ਜੋ ਸਾਲ 2005 ਤੋਂ ਬਾਅਦ ਕਿਸੇ ਵੀ ਖਿਡਾਰੀ ਨੂੰ ਨਹੀਂ ਦਿੱਤਾ ਗਿਆ, ਉਸਦੇ ਵਾਸਤੇ ਵੀ ਪੰਜਾਬ ਖੇਡ ਵਿਭਾਗ ਨੇ 2005 ਤੋਂ 2008 ਤੱਕ ਦੀਆਂ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਤੋਂ ਅਰਜ਼ੀਆਂ ਮੰਗੀਆਂ ਹਨ, ਪਰ ਇਨ੍ਹਾਂ ਐਵਾਰਡਾਂ ਦਾ ਪੈਸਾ ਖੇਡ ਵਿਭਾਗ ਕਿੱਥੋਂ ਲਿਆਵੇਗਾ। ਇਹ ਵੀ ਇਕ ਸੋਚਣ ਦੀ ਗੱਲ ਹੈ। ਐਵਾਰਡ ਦਾ ਕੰਮ ਤਾਂ ਫੇਰ ਪਿਛਲੇ ਸਾਲਾਂ ਦੀ ਤਰ੍ਹਾਂ ਖਟਾਈ ਵਿਚ ਪੈ ਜਾਵੇਗਾ, ਪਰ ਖੇਡ ਵਿੰਗ ਨੂੰ ਲਗਾਤਾਰ ਚਾਲੂ ਰੱਖਣ ਲਈ ਪੰਜਾਬ ਖੇਡ ਵਿਭਾਗ ਨੇ ਹੁਣ ਪੈਸਾ ਘੱਟ ਹੋਣ ਕਾਰਨ ਮਈ-ਜੂਨ ਮਹੀਨੇ ਦਾ ਸਮਾਂ ਵਿੰਗਾਂ ਵਿਚੋਂ ਸਮਾਪਤ ਹੀ ਕਰ ਦਿੱਤਾ ਹੈ ਹੁਣ ਇਹ ਖੇਡ ਵਿੰਗ 1 ਜੁਲਾਈ 2010 ਤੋਂ ਸ਼ੁਰੂ ਹੋਣਗੇ, ਜਦ ਕਿ ਖਿਡਾਰੀਆਂ ਦੀ ਸਰੀਰ ਦੀ ਚਰਬੀ ਨੂੰ ਘੱਟ ਕਰਨ ਲਈ ਮਈ-ਜੂਨ ਮਹੀਨੇ ਨੂੰ ਅਹਿਮ ਮੰਨਿਆ ਜਾਂਦਾ ਹੈ। ਹਰ ਖਿਡਾਰੀ ਦਾ ਫਿਟਨੈੱਸ ਪੱਧਰ ਮਈ-ਜੂਨ ਮਹੀਨੇ ਹੀ ਉਭਰ ਕੇ ਸਾਹਮਣੇ ਆਉਂਦਾ ਹੈ। ਇਨ੍ਹਾਂ ਮਹੀਨਿਆਂ ਵਿਚ ਵਿਖਾਈ ਕਾਰਗੁਜ਼ਾਰੀ ਦਾ ਵਧੀਆ ਨਤੀਜਾ ਅਗਸਤ-ਸਤੰਬਰ ਮਹੀਨੇ ਮਿਲਦਾ ਹੈ। ਫੇਰ ਮਈ-ਜੂਨ ਮਹੀਨੇ ਗਰਮ ਰੁੱਤ ਦੀਆਂ ਛੁੱਟੀਆਂ ਹੋਣ ਕਾਰਨ ਖਿਡਾਰੀਆਂ ਅਤੇ ਕੋਚਾਂ ਦਾ ਸਾਰਾ ਧਿਆਨ ਖੇਡਾਂ 'ਤੇ ਕੇਂਦਰਿਤ ਹੁੰਦਾ ਹੈ, ਪਰ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਪੰਜਾਬ ਖੇਡ ਵਿਭਾਗ ਦੀਆਂ ਮਜ਼ਬੂਰੀਆਂ ਇਸ ਸਾਲ ਖਿਡਾਰੀਆਂ ਦੇ ਖੇਡ ਕੈਰੀਅਰ ਦਾ ਸੱਤਿਆਨਾਸ ਕਰ ਦੇਣਗੀਆਂ। ਪੰਜਾਬ ਵਿਚ ਚੱਲ ਰਹੇ ਵੱਖ-ਵੱਖ ਕੋਚਿੰਗ ਸੈਂਟਰ, ਖੇਡ ਵਿੰਗ ਅਤੇ ਅਕੈਡਮੀਆਂ ਲਈ ਵੀ ਇਹ ਂਿੲਕ ਵੱਡੀ ਸਮੱਸਿਆ ਹੋਵੇਗੀ ਕਿ ਪੈਸਾ ਨਾ ਆਉਣ ਕਾਰਨ ਆਪਣੇ ਟਰੇਨੀ ਖਿਡਾਰੀਆਂ ਨੂੰ ਰੋਟੀ-ਪਾਣੀ ਕਿਥੋਂ ਦੇਣਗੇ। ਇਸ ਤੋਂ ਇਲਾਵਾ ਸਕੂਲੀ ਟੂਰਨਾਮੈਂਟ ਵੀ ਜੁਲਾਈ ਦੇ ਸ਼ੁਰੂ ਵਿਚ ਹੀ ਹੋ ਜਾਂਦੇ ਹਨ, ਜਦਕਿ ਸਿੱਖਿਆ ਵਿਭਾਗ ਵੱਲੋਂ ਆਪਣੇ ਖੇਡ ਵਿੰਗ ਮਈ ਮਹੀਨੇ ਦੇ ਅੰਤ ਵਿਚ ਸ਼ੁਰੂ ਕਰਨ ਦੀ ਸੰਭਾਵਨਾ ਹੈ। ਜੇਕਰ ਸਿੱਖਿਆ ਵਿਭਾਗ ਨੇ ਵਿੰਗ ਸ਼ੁਰੂ ਕਰਨ ਵਿਚ ਪਹਿਲਾਂ ਬਾਜ਼ੀ ਮਾਰ ਦਿੱਤੀ ਤਾਂ ਹੋ ਸਕਦਾ ਹੈ ਖੇਡ ਵਿਭਾਗਾਂ ਦੇ ਵਿੰਗਾਂ ਦਾ ਖੇਡ ਹੁਨਰ ਸਿੱਖਿਆ ਵਿਭਾਗ ਦੇ ਵਿੰਗਾਂ ਨਾਲੋਂ ਹੇਠਾਂ ਚਲਾ ਜਾਵੇ, ਕਿਉਂਕਿ ਸਿੱਖਿਆ ਵਿਭਾਗ ਦੇ ਵਿੰਗਾਂ ਦੇ ਟਰਾਇਲ ਅਜੇ ਬਾਕੀ ਹਨ।

ਮਹਿਲਾ ਹਾਕੀ 'ਚ ਉੜੀਸਾ ਨੇ ਉੱਤਰ ਪ੍ਰਦੇਸ਼ ਨੂੰ ਕੀਤਾ ਚਿੱਤ

ਭੁਪਾਲ, 28 ਅਪ੍ਰੈਲ - ਐਸ਼ਬਾਗ ਸਟੇਡੀਅਮ 'ਚ ਮਹਿਲਾ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਉੜੀਸਾ ਨੇ ਅਖਿਲ ਭਾਰਤੀ ਮਹਿਲਾ ਹਾਕੀ ਟੂਰਨਾਮੈਂਟ ਵਿਚ ਉੱਤਰ ਪ੍ਰਦੇਸ਼ ਨੂੰ 7-4 ਨਾਲ ਹਰਾਇਆ ਜਦਕਿ ਮੱਧ ਪ੍ਰਦੇਸ਼ ਅਤੇ ਸ਼ਾਹਬਾਦ ਅਕਾਦਮੀ ਵਿਚਾਲੇ ਖੇਡਿਆ ਗਿਆ ਮੈਚ 1-1 ਨਾਲ ਬਰਾਬਰੀ 'ਤੇ ਸਮਾਪਤ ਹੋਇਆ। ਇਸ ਟੂਰਨਾਮੈਂਟ ਦਾ ਪਹਿਲਾ ਮੈਚ ਮੱਧ ਪ੍ਰਦੇਸ਼ ਅਤੇ ਸ਼ਾਹਬਾਦ ਅਕਾਦਮੀ ਵਿਚਾਲੇ ਬਰਾਬਰੀ 'ਤੇ ਰਿਹਾ। ਦੂਸਰੇ ਮੈਚ ਵਿਚ ਉੜੀਸਾ ਵੱਲੋਂ ਪੂਨਮ ਬਾਰਨਾ ਨੇ ਤਿੰਨ, ਅਨੂਪਾ ਬਾਰਲਾ ਨੇ ਦੋ ਅਤੇ ਵਿਨੀਤਾ ਦੇ ਦੋ ਗੋਲਾਂ ਦੀ ਮਦਦ ਨਾਲ ਉੜੀਸਾ ਨੇ 7-4 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ।

ਕੌਮੀ ਫੈਡਰੇਸ਼ਨ ਕੱਪ 1 ਮਈ ਤੋਂ

ਪਟਿਆਲਾ, 28 ਅਪ੍ਰੈਲ - ਕੌਮੀ ਫੈਡਰੇਸ਼ਨ ਕੱਪ 1 ਤੋਂ 4 ਮਈ ਤੱਕ ਰਾਂਚੀ 'ਚ ਕਰਵਾਇਆ ਜਾ ਰਿਹਾ ਹੈ। ਇਸ ਨਾਲ ਭਾਰਤੀ ਐਥਲੈਟਿਕਸ ਸੀਜ਼ਨ ਦੀ ਸ਼ੁਰੂਆਤ ਹੋਵੇਗੀ। ਇਸ ਕੱਪ 'ਚ ਜਿਥੇ ਦੇਸ਼ ਦੇ ਕਈ ਉਭਰਦੇ ਅਥਲੀਟ ਹਿੱਸਾ ਲੈਣਗੇ, ਉਥੇ ਕੁਝ ਚੋਟੀ ਦੇ ਅਥਲੀਟ ਵਿਦੇਸ਼ਾਂ 'ਚ ਕੈਂਪਾਂ 'ਚ ਰੁੱਝੇ ਹੋਣ ਕਾਰਨ ਹਿੱਸਾ ਨਹੀਂ ਲੈ ਸਕਣਗੇ, ਜਿਨ੍ਹਾਂ ਵਿਚ ਪ੍ਰਮੁੱਖ ਤੌਰ 'ਤੇ 4×400 ਮੀਟਰ ਮਹਿਲਾ ਰੀਲੇਅ ਟੀਮ ਤੇ ਸੁਟਾਵੇ ਸ਼ਾਮਲ ਹਨ। ਇਸ ਫੈਡਰੇਸ਼ਨ ਕੱਪ 'ਚ 4×400 ਮੀਟਰ ਰੀਲੇਅ ਟੀਮ ਦੀਆਂ ਮੈਂਬਰਾਂ ਮਨਜੀਤ ਕੌਰ, ਮਨਦੀਪ ਕੌਰ, ਚਿੱਤਰਾ ਤੇ ਪ੍ਰਿਯੰਕਾ ਆਦਿ ਯੂਕਰੇਨ 'ਚ ਸਿਖਲਾਈ ਸਬੰਧੀ ਜਾਣ ਕਰਕੇ ਹਿੱਸਾ ਨਹੀਂ ਲੈ ਸਕਣਗੀਆਂ। ਇਸਦੇ ਨਾਲ ਹੀ ਚੋਟੀ ਦਾ ਸੁਟਾਵਾ ਓਮ ਪ੍ਰਕਾਸ਼ ਤੇ ਕ੍ਰਿਸ਼ਨਾ ਪੂਨੀਆ ਅਮਰੀਕਾ 'ਚ ਸਿਖਲਾਈ ਕੈਂਪ 'ਚ ਸ਼ਾਮਿਲ ਹਨ, ਜਿਸ ਕਾਰਨ ਉਹ ਵੀ ਫੈਡਰੇਸ਼ਨ ਕੱਪ 'ਚ ਹਿੱਸਾ ਨਹੀਂ ਲੈ ਸਕਣਗੇ। ਹਾਲ ਹੀ ਵਿਚ ਥਾਈਲੈਂਡ ਤੋਂ ਸਿਖਲਾਈ ਲੈ ਕੇ ਪਰਤਿਆ ਤੀਹਰੀ ਛਾਲ ਵਾਲਾ ਅਮਰਜੀਤ ਸਿੰਘ ਤੇ ਲੰਬੀ ਛਾਲ ਵਾਲਾ ਮਹਾਂ ਸਿੰਘ ਵੀ ਫੈਡਰੇਸ਼ਨ ਕੱਪ 'ਚ ਹਿੱਸਾ ਨਹੀਂ ਲੈ ਸਕੇਗਾ। ਕੁਝ ਅਥਲੀਟ ਇਸ ਸੀਜ਼ਨ ਦੀ ਸ਼ੁਰੂਆਤ 15 ਤੋਂ 18 ਮਈ ਤੱਕ ਕੋਚੀਨ ਵਿਖੇ ਹੋਣ ਵਾਲੀ ਓਪਨ ਨੈਸ਼ਨਲ ਨਾਲ ਕਰਨਗੇ। 1, 5 ਤੇ 9 ਜੂਨ ਨੂੰ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਹੋਣ ਵਾਲੀ ਏਸ਼ੀਅਨ ਗ੍ਰਾਂ ਪ੍ਰੀ ਮੀਟਸ ਰਾਹੀਂ ਭਾਰਤੀ ਐਥਲੀਟ ਕੌਮਾਂਤਰੀ ਸੀਜ਼ਨ ਦੀ ਸ਼ੁਰੂਆਤ ਕਰਨਗੇ।

ਵਿਸ਼ਵ ਕਬੱਡੀ ਕੱਪ
ਈਰਾਨੀ ਅਤੇ ਪਾਕਿਸਤਾਨੀ ਖਿਡਾਰੀ ਵੀ ਡੋਪ ਟੈਸਟ 'ਚ ਪਾਏ ਦੋਸ਼

ਲੁਧਿਆਣਾ, 26 ਅਪ੍ਰੈਲ - ਵਿਸ਼ਵ ਕਬੱਡੀ ਕੱਪ ਦੌਰਾਨ ਵੱਖ ਵੱਖ ਦੇਸ਼ਾਂ ਦੇ 85 ਖਿਡਾਰੀਆਂ ਦਾ ਡੋਪ ਟੈਸਟ ਕੀਤਾ ਗਿਆ ਸੀ। ਇਨ੍ਹਾਂ ਖਿਡਾਰੀਆਂ 'ਚੋਂ 9 ਖਿਡਾਰੀਆਂ ਦਾ ਡੋਪ ਟੈਸਟ ਪਾਜ਼ੇਟਿਵ ਸੀ। ਇਨ੍ਹਾਂ ਵਿਚ ਈਰਾਨ ਦੇ 2, ਪਾਕਿਸਤਾਨ ਦਾ 1, ਇਟਲੀ ਦੇ 2, ਕੈਨੇਡਾ, ਅਮਰੀਕਾ ਅਤੇ ਸਪੇਨ ਦੇ 1-1 ਖਿਡਾਰੀ ਡੋਪ ਟੈਸਟ ਦੀ ਲਪੇਟ ਵਿਚ ਆਏ ਹਨ। ਆਸਟ੍ਰੇਲੀਆ ਟੀਮ ਦਾ ਕੋਈ ਵੀ ਖਿਡਾਰੀ ਡੋਪ ਟੈਸਟ ਵਿਚ ਨਹੀਂ ਆਇਆ ਹੈ। ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਸ: ਪਰਗਟ ਸਿੰਘ ਨੇ ਆਖਿਆ ਹੈ ਕਿ ਵਿਸ਼ਵ ਕਬੱਡੀ ਕੱਪ ਦੌਰਾਨ ਭਾਰਤ ਦੇ 51 ਖਿਡਾਰੀਆਂ ਦਾ ਡੋਪ ਟੈਸਟ ਕੀਤਾ ਗਿਆ, ਜਿਨ੍ਹਾਂ ਵਿਚੋਂ 20 ਖਿਡਾਰੀ ਡੋਪ ਟੈਸਟ ਦੀ ਲਪੇਟ ਵਿਚ ਆਏ, ਭਾਰਤੀ ਕਬੱਡੀ ਫੈਡਰੇਸ਼ਨ ਨੂੰ ਇਨ੍ਹਾਂ 20 ਖਿਡਾਰੀਆਂ ਤੇ ਪਾਬੰਦੀ ਲਾਉਣ ਬਾਰੇ ਪੰਜਾਬ ਸਰਕਾਰ ਦੀ ਤਰਫੋ ਲਿਖਿਆ ਗਿਆ ਹੈ, ਜਦ ਕਿ ਜੋ 9 ਖਿਡਾਰੀ ਦੂਸਰੇ ਮੁਲਕਾਂ ਦੇ ਡੋਪ ਟੈਸਟ ਦੀ ਲਪੇਟ ਵਿਚ ਆਏ ਹਨ, ਉਨ੍ਹਾਂ ਸਬੰਧੀ ਉਥੋਂ ਦੀਆਂ ਕਬੱਡੀ ਫੈਡਰੇਸ਼ਨਾਂ ਨੂੰ ਲਿਖਤੀ ਰੂਪ ਵਿਚ ਭੇਜਿਆ ਜਾਵੇਗਾ ਕਿ ਇਨ੍ਹਾਂ ਖਿਡਾਰੀਆਂ 'ਤੇ 2 ਸਾਲ ਦੀ ਪਾਬੰਦੀ ਲਗਾਈ ਜਾਵੇ। ਡੋਪ ਟੈਸਟ ਵਿਚ ਫਸੇ ਇਨ੍ਹਾਂ ਖਿਡਾਰੀਆਂ ਨੂੰ ਅਗਲੇ ਸਾਲ ਵਿਸ਼ਵ ਕਬੱਡੀ ਕੱਪ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸ: ਪਰਗਟ ਸਿੰਘ ਨੇ ਆਖਿਆ ਕਿ ਡੋਪ ਟੈਸਟ ਦੀ ਲਪੇਟ ਵਿਚ ਆਏ 9 ਖਿਡਾਰੀਆਂ ਦੇ ਨਾਮਾਂ ਦੀ ਸੂਚੀ ਜਲਦੀ ਹੀ ਜਾਰੀ ਕਰ ਦਿੱਤੀ ਜਾਵੇਗੀ। ਵਿਸ਼ਵ ਕਬੱਡੀ ਕੱਪ ਦੌਰਾਨ ਖਿਡਾਰੀਆਂ ਨੂੰ ਦਿੱਤੇ ਗਏ ਨਕਦੀ ਇਨਾਮਾਂ ਦੀ ਵਾਪਸੀ ਬਾਰੇ ਉਥੋਂ ਦੀਆਂ ਕਬੱਡੀ ਫੈਡਰੇਸ਼ਨਾਂ ਹੀ ਫ਼ੈਸਲਾ ਲੈਣਗੀਆਂ।

ਗੋਲਫ ਟੂਰਨਾਮੈਂਟ 'ਚ ਜੇ.ਪੀ.ਵਿਰਦੀ ਆਈ.ਪੀ.ਐਸ. ਅਵੱਲ

ਜਲੰਧਰ, 26 ਅਪ੍ਰੈਲ - ਸੰਤ ਪ੍ਰੇਮ ਸਿੰਘ ਮੈਮੋਰੀਅਲ ਯਾਦਗਾਰੀ ਗੋਲਫ ਟੂਰਨਾਮੈਂਟ ਪੀ.ਏ.ਪੀ. ਕੈਂਪਸ ਜਲੰਧਰ ਕੈਂਟ 'ਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਸੀਨੀਅਰ ਵਰਗ ਵਿਚੋਂ ਜੇ. ਪੀ. ਵਿਰਦੀ ਆਈ. ਪੀ. ਐਸ. ਨੇ ਪਹਿਲਾ ਸਥਾਨ, ਬੀ. ਐਸ. ਕਲਸੀ ਨੇ ਦੂਜਾ ਅਤੇ ਅਮਰੀਕ ਸਿਘ ਐਸ. ਪੀ. ਨੇ ਤੀਜਾ ਸਥਾਨ ਹਾਸਲ ਕੀਤਾ। ਲਾਂਗਐਸਟ ਡਰਾਈਵ ਵਿਚੋਂ ਤੇਜਾ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਨੀਅਰਐਸਟ ਟੂਪਿਲ ਮੁਕਾਬਲੇ ਵਿਚੋਂ ਅਮਰੀਕ ਸਿੰਘ ਨੇ ਪਹਿਲਾ ਤੇ ਅਰਵਿੰਦਰ ਸਿੰਘ ਬੱਬੀ ਨੇ ਦੂਜਾ ਸਥਾਨ ਹਾਸਲ ਕੀਤਾ। ਸਬ-ਜੂਨੀਅਰ ਵਰਗ ਵਿਚੋਂ ਜੋਰਾਵਰ ਸਿੰਘ ਨੇ ਪਹਿਲਾ, ਸੁਮਾਲ ਪਾਲ ਨੇ ਦੂਜਾ, ਮਨਦੀਪ ਸਿੰਘ ਨੇ ਤੀਜਾ, ਸੱਤਿਆਜੀਤ ਸਿੰਘ ਨੇ ਚੌਥਾ, ਨਤੀਸ਼ ਡਾਂਗ ਨੇ ਪੰਜਵਾਂ ਅਤੇ ਮਹਿਤਾਬ ਸਿੰਘ ਨੇ ਛੇਵਾਂ ਸਥਾਨ ਹਾਸਲ ਕੀਤਾ। ਜੂਨੀਅਰ ਵਰਗ ਵਿਚੋਂ ਸਾਰਥਿਕ ਕੋਹਲੀ ਨੇ ਪਹਿਲਾ, ਖੁਸ਼ਮਨਰਾਜ ਸਿੰਘ ਨੇ ਦੂਜਾ ਤੇ ਕੇਲਿਨ ਓਹਰੀ ਨੇ ਤੀਜਾ ਸਥਾਨ ਹਾਸਲ ਕੀਤਾ।

ਓਪਨ ਟੈਨਿਸ ਟੂਰਨਾਮੈਂਟ 29 ਤੋਂ

ਜਲੰਧਰ, 26 ਅਪ੍ਰੈਲ - 29 ਅਪ੍ਰੈਲ ਤੋਂ 2 ਮਈ ਤੱਕ ਟੈਨਿਸ ਸੈਂਟਰ ਬਰਲਟਨ ਪਾਰਕ 'ਚ ਦੂਜਾ ਸ਼ਹੀਦ ਕੈਪਟਨ ਮਨਦੀਪ ਸਿੰਘ ਹੈਰੀ ਮੈਮੋਰੀਅਲ ਓਪਨ ਟੈਨਿਸ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਖਿਡਾਰੀ ਹਿੱਸਾ ਲੈ ਰਹੇ ਹਨ। ਇਹ ਟੂਰਨਾਮੈਂਟ ਪ੍ਰਾਈਜ਼-ਮਨੀ ਕਰਵਾਇਆ ਜਾ ਰਿਹਾ ਹੈ ਜਿਸ ਵਿਚੋਂ ਅਲੱਗ-ਏਜ ਗਰੁੱਪ ਲੜਕੇ ਅੰਡਰ-12, 14, 16 ਮਰਦਾਂ ਦੇ ਸਿੰਗਲ ਅਤੇ ਡਬਲਸ ਮੁਕਾਬਲੇ ਤੋਂ ਇਲਾਵਾ ਲੜਕੀਆਂ ਅੰਡਰ-12, 14 ਅਤੇ ਇਸਤਰੀਆਂ ਦਾ ਸਿੰਗਲ ਮੁਕਾਬਲਾ ਵੀ ਹੋਵੇਗਾ। ਐਂਟਰੀਆਂ ਭੇਜਣ ਦੀ ਆਖਰੀ ਮਿਤੀ 28 ਅਪ੍ਰੈਲ ਸਮਾਂ 2.00 ਵਜੇ ਬਾਅਦ ਦੁਪਹਿਰ ਤੱਕ ਹੋਵੇਗੀ। ਐਂਟਰੀਆਂ ਲਈ ਸੰਪਰਕ ਸ੍ਰੀ ਗਰੀਬ ਦਾਸ ਟੈਨਿਸ ਕੋਚ ਟੈਨਿਸ ਸੈਂਟਰ ਬਰਲਟਨ ਪਾਰਕ ਤੇ ਸ੍ਰੀ ਰਮਨ ਕੁਮਾਰ ਨਾਲ ਕੀਤਾ ਜਾ ਸਕਦਾ ਹੈ।

ਪੰਜਾਬ ਦੇ ਖੇਡ ਵਿੰਗਾਂ ਲਈ ਮਿਲਣਗੇ 4 ਕਰੋੜ ਦੇ ਗੱਫੇ

ਪਟਿਆਲਾ, 26 ਅਪ੍ਰੈਲ - ਖੇਡ ਵਿਭਾਗ ਪੰਜਾਬ ਦੇ ਨਿਰਦੇਸ਼ਕ ਸ: ਪ੍ਰਗਟ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਕੂਲਾਂ ਤੇ ਕਾਲਜਾਂ 'ਚ ਚਲਾਏ ਜਾਣ ਵਾਲੇ ਖੇਡ ਵਿੰਗਾਂ 'ਤੇ ਸੈਸ਼ਨ 2010-11 ਦੌਰਾਨ ਪੰਜਾਬ ਸਰਕਾਰ ਵੱਲੋਂ ਤਕਰੀਬਨ 4 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੰਗਾਂ ਦੇ ਸੁਚਾਰੂ ਸੰਚਾਲਨ ਸਬੰਧੀ ਵਿਭਾਗ ਦੀਆਂ ਯੋਜਨਾਵਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਚੁੱਕੀਆਂ ਹਨ। ਰਾਜ ਦੇ ਸਕੂਲਾਂ ਤੇ ਕਾਲਜ 'ਚ ਇਸ ਸੈਸ਼ਨ ਦੇ ਖੇਡ ਵਿੰਗ 1 ਜੁਲਾਈ ਤੋਂ ਸ਼ੁਰੂ ਕੀਤੇ ਜਾਣਗੇ। ਜਿਨ੍ਹਾਂ ਲਈ ਸਕੂਲਾਂ ਦੇ ਵਿੰਗਾਂ ਲਈ ਟਰਾਇਲ ਹੋ ਚੁੱਕੇ ਹਨ ਅਤੇ ਕਾਲਜਾਂ ਦੇ ਵਿੰਗਾਂ ਲਈ ਖਿਡਾਰੀਆਂ ਦੀ ਚੋਣ ਵੀ ਇਮਤਿਹਾਨਾਂ ਦੀ ਪ੍ਰਕਿਰਿਆ ਨੇਪਰੇ ਚੜ੍ਹਨ ਤੋਂ ਬਾਅਦ ਰਾਜ ਦੀਆਂ ਯੂਨੀਵਰਸਿਟੀਆਂ ਦੇ ਖੇਡ ਪ੍ਰਬੰਧਕਾਂ ਨਾਲ ਸਲਾਹ ਮਸ਼ਵਰਾ ਲੈ ਕੇ ਜਲਦ ਹੀ ਟਰਾਇਲ ਰੱਖੇ ਜਾਣਗੇ। ਰਾਜ 'ਚ ਖੇਡਾਂ ਨੂੰ ਹੇਠਲੇ ਪੱਧਰ ਤੋਂ ਉਪਰ ਚੁੱਕਣ ਲਈ ਸਕੂਲਾਂ ਦੇ ਵਿੰਗਾਂ ਤੇ ਲਗਭਗ 80 ਪ੍ਰਤੀਸ਼ਤ ਤੇ ਕਾਲਜਾਂ ਦੇ ਵਿੰਗਾਂ 'ਤੇ 20 ਪ੍ਰਤੀਸ਼ਤ ਰਾਸ਼ੀ ਖਰਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਰਾਜ ਦੇ ਵੱਖ-ਵੱਖ ਖੇਡ ਵਿੰਗਾਂ 'ਚ ਦਾਖਲ ਰਿਹਾਇਸ਼ੀ ਯੋਜਨਾ ਵਾਲੇ ਖਿਡਾਰੀਆਂ ਨੂੰ 120 ਰੁਪਏ ਰੋਜ਼ਾਨਾ ਖੁਰਾਕੀ ਭੱਤਾ ਅਤੇ ਗੈਰ-ਰਿਹਾਇਸ਼ੀ ਯੋਜਨਾ ਵਾਲੇ ਖਿਡਾਰੀਆਂ ਨੂੰ 60 ਰੁਪਏ ਰੋਜ਼ਾਨਾ ਖੁਰਾਕੀ ਭੱਤਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਸਪੀਡ ਫੰਡ ਅਕੈਡਮੀ ਸਕੀਮ ਵਾਲੇ ਖਿਡਾਰੀਆਂ ਨੂੰ 120 ਰੁਪਏ ਰੋਜ਼ਾਨਾ ਖੁਰਾਕੀ ਭੱਤੇ ਤੋਂ ਇਲਾਵਾ ਹੋਰ ਵੀ ਵਾਧੂ ਭੱਤੇ ਦਿੱਤੇ ਜਾਂਦੇ ਹਨ। ਪਿਛਲੇ ਖੇਡ ਸੈਸ਼ਨ ਦੌਰਾਨ ਖੇਡ ਵਿੰਗਾਂ ਲਈ ਪੰਜਾਬ ਸਰਕਾਰ ਨੇ ਪੰਜ ਕਰੋੜ ਰੁਪਏ ਦਾ ਬਜਟ ਰੱਖਿਆ ਸੀ।

ਕੁਲ ਹਿੰਦ ਅੰਤਰ 'ਵਰਸਿਟੀ ਖੇਡ ਮੁਕਾਬਲਿਆਂ 'ਚ ਹੁਣ 28 ਸਾਲ ਦੇ ਖਿਡਾਰੀ ਵੀ ਖੇਡ ਸਕਣਗੇ

ਪਟਿਆਲਾ, 25 ਅਪ੍ਰੈਲ - ਪਹਿਲਾਂ ਕੁਲ ਹਿੰਦ ਅੰਤਰ 'ਵਰਸਿਟੀ ਖੇਡ ਮੁਕਾਬਲਿਆਂ 'ਚ 25 ਸਾਲ ਦੇ ਖਿਡਾਰੀ ਦੇ ਹਿੱਸਾ ਲੈ ਸਕਦੇ ਸਨ ਪਰ ਹੁਣ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀ ਨੇ ਫੈਸਲਾ ਕੀਤਾ ਹੈ ਕਿ ਹੁਣ ਇਹ ਉਮਰ ਵਧਾ ਕੇ 28 ਸਾਲ ਤੱਕ ਕਰ ਦਿੱਤੀ ਗਈ ਹੈ। ਇਹ ਫ਼ੈਸਲਾ ਇੰਟਰਨੈਸ਼ਨਲ ਯੂਨੀਵਰਸਿਟੀਜ਼ ਸਪੋਰਟਸ ਫੈਡਰੇਸ਼ਨ ਦੇ ਨਿਯਮਾਂ ਦੀ ਰੌਸ਼ਨੀ ਵਿਚ ਲਿਆ ਗਿਆ ਹੈ। ਇਸ ਦੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਦੇ ਇਨ੍ਹਾਂ ਮੁਕਾਬਲਿਆਂ 'ਚ ਹਿੱਸਾ ਲੈਣ ਬਾਰੇ ਫ਼ੈਸਲਾ ਅਜੇ ਏ.ਆਈ.ਯੂ. ਦੇ ਵਿਚਾਰ ਅਧੀਨ ਹੈ। ਇਸ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਸੈਸ਼ਨ 2010-11 ਤੋਂ ਕੁਲ ਹਿੰਦ ਅੰਤਰ 'ਵਰਸਿਟੀ ਖੇਡ ਮੁਕਾਬਲਿਆਂ 'ਚ 28 ਸਾਲ ਤੱਕ ਉਮਰ ਦੇ ਖਿਡਾਰੀ ਹਿੱਸਾ ਲੈ ਸਕਣਗੇ ਅਤੇ ਕੁਲ 9 ਸਾਲ ਇਨ੍ਹਾਂ ਮੁਕਾਬਲਿਆਂ 'ਚ ਭਾਗ ਲੈ ਸਕਣਗੇ। ਇਸ ਨਵੇਂ ਫ਼ੈਸਲੇ ਤਹਿਤ ਹੁਣ ਖਿਡਾਰੀ ਅੰਡਰ ਗ੍ਰੈਜੂਏਟ ਜਮਾਤਾਂ 'ਚ ਵੱਧ ਤੋਂ ਵੱਧ 5 ਸਾਲ ਅਤੇ ਪੋਸਟ ਗ੍ਰੈਜੂਏਟ ਜਮਾਤਾਂ 'ਚ 4 ਸਾਲ ਅੰਤਰ 'ਵਰਸਿਟੀ ਮੁਕਾਬਲਿਆਂ 'ਚ ਹਿੱਸਾ ਲੈ ਸਕਣਗੇ। ਜਦੋਂ ਕਿ ਇਸ ਤੋਂ ਪਹਿਲਾ ਨਿਰਧਾਰਿਤ ਵੱਧ ਤੋਂ ਵੱਧ ਉਮਰ ਹੱਦ 25 ਸਾਲ ਤਹਿਤ ਖਿਡਾਰੀ ਕੁੱਲ 7 ਸਾਲ ਵਿਦਿਆਰਥੀ ਜੀਵਨ ਦੌਰਾਨ ਇਨ੍ਹਾਂ ਖੇਡ ਮੁਕਾਬਲਿਆਂ 'ਚ ਹਿੱਸਾ ਲੈ ਸਕਦੇ ਸਨ। ਜਿਸ ਅਨੁਸਾਰ ਉਹ ਗ੍ਰੈਜੂਏਟ ਜਮਾਤਾਂ 'ਚ 4 ਅਤੇ ਪੋਸਟ ਗ੍ਰੈਜੂਏਟ ਜਮਾਤਾਂ 'ਚ 3 ਸਾਲ ਖੇਡ ਸਕਦੇ ਸਨ। ਏ.ਆਈ.ਯੂ. ਵੱਲੋਂ ਇਹ ਨਵਾਂ ਨਿਯਮ ਇੰਟਰਨੈਸ਼ਨਲ ਯੂਨੀਵਰਸਿਟੀ ਸਪੋਰਟਸ ਫੈਡਰੇਸ਼ਨ ਦੇ ਨਿਯਮਾਂ ਨੂੰ ਧਿਆਨ 'ਚ ਰੱਖ ਕੇ ਲਿਆ ਹੈ ਕਿਉਂਕਿ ਅੰਤਰਰਾਸ਼ਟਰੀ ਯੂਨੀਵਰਸਿਟੀ ਮੁਕਾਬਲਿਆਂ 'ਚ ਉਮਰ ਹੱਦ ਭਾਰਤ ਨਾਲੋਂ ਵਧੇਰੇ ਹੋਣ ਕਰਕੇ ਮਾਨਸਿਕ ਤੌਰ 'ਤੇ ਹੀ ਪਛੜ ਜਾਂਦੇ ਸਨ। ਤਿੰਨ ਸਾਲ ਦੀ ਸਮਾਂ ਸੀਮਾ ਵਧਾਉਣ ਨਾਲ ਹੁਣ ਭਾਰਤੀ ਖਿਡਾਰੀ ਵੀ ਦੁਨੀਆ ਦੀਆਂ ਹੋਰਨਾਂ 'ਵਰਸਿਟੀਆਂ ਦੇ ਖਿਡਾਰੀਆਂ ਦੇ ਬਰਾਬਰ ਦੇ ਹੋ ਕੇ ਹਿੱਸਾ ਲੈਣ ਦੇ ਯੋਗ ਹੋ ਜਾਣਗੇ। ਇਸ ਨਵੇਂ ਬਣਾਏ ਨਿਯਮ 'ਚ ਏ.ਆਈ.ਯੂ. ਨੇ ਕਿਧਰੇ ਵੀ ਇਹ ਵੇਰਵਾ ਨਹੀਂ ਦਿੱਤਾ ਕਿ ਇਕ ਖਿਡਾਰੀ ਇਕ ਜਮਾਤ 'ਚ ਕਿੰਨੇ ਸਾਲ ਖੇਡ ਸਕਦਾ ਹੈ, ਜਦੋਂ ਕਿ ਪਹਿਲਾਂ ਇਹ ਸੀਮਾ ਵੱਧ ਤੋਂ ਵੱਧ ਦੋ ਸਾਲ ਦੀ ਸੀ। ਜੇਕਰ ਜਮਾਤ ਸਬੰਧੀ ਸਮਾਂ ਸੀਮਾ ਨਿਸ਼ਚਤ ਨਾ ਕੀਤੀ ਗਈ ਤਾਂ ਬਹੁਤ ਸਾਰੇ ਖਿਡਾਰੀ ਇਕ ਜਮਾਤ 'ਚ ਹੀ ਲੰਮਾ ਸਮਾਂ ਖੇਡਦੇ ਰਹਿਣਗੇ ਅਤੇ ਉਹ ਅਕਾਦਮਿਕ ਪੱਖ ਵੱਲ ਬਿਲਕੁਲ ਧਿਆਨ ਨਹੀਂ ਦੇਣਗੇ। ਪੁਰਾਣੇ ਦੋ ਸਾਲਾਂ ਦੇ ਨਿਯਮ ਮੁਤਾਬਿਕ ਖਿਡਾਰੀ ਖੇਡਣ ਦੇ ਨਾਲ-ਨਾਲ ਜਮਾਤ ਪਾਸ ਕਰਨਲਈ ਵੀ ਫਿਕਰਮੰਦ ਰਹਿੰਦੇ ਸਨ। ਏ. ਆਈ. ਯੂ. ਵੱਲੋਂ ਸਰਕਾਰੀ ਨੌਕਰੀ ਕਰਨ ਵਾਲੇ ਖਿਡਾਰੀਆਂ ਵੱਲੋਂ ਛੁੱਟੀ ਲੈ ਕੇ ਪੜ੍ਹਨ ਦੌਰਾਨ ਅੰਤਰ 'ਵਰਸਿਟੀ ਮੁਕਾਬਲਿਆਂ 'ਚ ਹਿੱਸਾ ਲੈਣ ਸਬੰਧੀ ਫ਼ੈਸਲਾ ਵੀ ਵਿਚਾਰ ਅਧੀਨ ਹੈ।

ਜ਼ੋਨਲ ਖੇਡਾਂ 'ਚ ਆਈ. ਟੀ. ਆਈ. ਤਲਵਾੜਾ ਅੱਵਲ

ਤਲਵਾੜਾ, 25 ਅਪ੍ਰੈਲ - ਜ਼ੋਨਲ ਖੇਡਾਂ ਆਈ.ਟੀ.ਆਈ.ਹੁਸ਼ਿਆਰਪੁਰ 'ਚ ਕਰਵਾਈਆਂ ਗਈਆਂ। ਜਿਨ੍ਹਾਂ ਖੇਡਾਂ ਵਿਚ ਪੂਜਾ ਰਾਣੀ ਨੇ ਬਾਸਕਟਬਾਲ, ਵਾਲੀਬਾਲ (ਲੜਕੀਆਂ) ਤੇ ਬੈਡਮਿੰਟਨ -1 'ਚ ਅੱਵਲ ਦਰਜਾ ਪ੍ਰਾਪਤ ਕੀਤਾ। ਦੌੜ 100 ਮੀਟਰ ਜਤਿੰਦਰ ਸਿੰਘ (ਦੂਜਾ ਸਥਾਨ), 200 ਮੀਟਰ ਰਾਜ ਕੁਮਾਰ ਨੇ ਤੀਸਰਾ, 400 ਮੀਟਰ (ਜਤਿੰਦਰ ਸਿੰਘ ਨੇ ਦੂਜਾ ਸਥਾਨ, 800 ਮੀਟਰ ਕਰਤਾਰ ਸਿੰਘ ਨੇ ਪਹਿਲਾ ਸਥਾਨ, 800 ਮੀਟਰ ਵਿਪਨ ਸਿੰਘ ਨੇ ਦੂਜਾ, 1500 ਮੀਟਰ ਵਿਪਨ ਸਿੰਘ ਨੇ ਪਹਿਲਾ ਤੇ 5000 ਮੀਟਰ 'ਚ ਵਿਪਨ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੀਆਂ ਦੌੜਾਂ-100 ਮੀਟਰ 'ਚ ਬੰਦਨਾ ਨੇ ਤੀਜਾ ਸਥਾਨ, 400 ਮੀਟਰ ਦੌੜ 'ਚ ਰੀਤੂ ਨੇ ਪਹਿਲਾ, 400 ਮੀਟਰ ਸੁਰਿੰਦਰ ਕੌਰ ਨੇ ਦੂਜਾ, 800 ਮੀਟਰ ਰੀਤੂ ਨੇ ਤੀਜਾ, 1500 ਮੀਟਰ ਰੀਤੂ ਨੇ ਤੀਜਾ, 3000 ਮੀਟਰ ਰੀਤੂ ਨੇ ਦੂਜਾ, ਜੋਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਲੜਕਿਆਂ 'ਚੋਂ ਜਤਿੰਦਰ ਸਿੰਘ ਨੇ ਦੂਜਾ, ਜੈਵਲਿੰਗ ਥ੍ਰੋ ਤਜਿੰਦਰ ਸਿੰਘ ਨੇ ਤੀਜਾ, ਡਿਸਕਰ ਥ੍ਰੋ ਪਵਨਦੀਪ ਕੌਰ ਨੇ ਪਹਿਲਾ, ਲੰਬੀ ਛਾਲ ਬੰਦਨਾ ਨੇ ਤੀਜਾ, ਸ਼ਾਟਪੁੱਟ (ਗੋਲਾ) ਪੂਜਾ ਰਾਣੀ ਨੇ ਦੂਸਰਾ, ਪੂਨਮ ਨੇ ਤੀਜਾ, ਜੈਵਲਿੰਗ ਪਵਨਦੀਪ ਕੌਰ ਨੇ ਤੀਜਾ, ਰਿਲੇਅ ਦੌੜ (100×4) ਮੀਟਰ ਬੰਦਨਾ, ਰੀਤੂ, ਕਿਰਨ, ਮੰਜੂ ਦੀ ਟੀਮ ਨੇ ਤੀਜਾ ਸਥਾਨ, ਬੈਡਮਿੰਟਨ ਸਿੰਗਲ ਰਾਹੁਲ ਕੁਮਾਰ (ਦੂਸਰਾ ਸਥਾਨ), ਬੈਡਮਿੰਟਨ ਡਬਲ ਰਾਹੁਲ, ਅਜੇ ਕੁਮਾਰ ਨੇ ਦੂਜਾ, ਬੈਡਮਿੰਟਨ ਡਬਲ (ਲੜਕੀਆਂ) ਪੂਜਾ ਰਾਣੀ, ਪਵਨਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਉਦਯੋਗਿਕ ਸਿਖਲਾਈ ਸੰਸਥਾ ਤਲਵਾੜਾ ਦਾ ਨਾਂਅ ਉੱਚਾ ਕੀਤਾ।

ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀ

ਜਲੰਧਰ, 24 ਅਪ੍ਰੈਲ - ਇੰਦਰਾ ਗਾਂਧੀ ਇੰਡੋਰ ਸਟੇਡੀਅਮ ਨਵੀਂ ਦਿੱਲੀ 'ਚ 12 ਤੋਂ 16 ਮਈ ਤੱਕ ਸੀਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਵਿਚ ਉਲੰਪਿਕ ਖੇਡਾਂ ਵਿਚ ਕਾਂਸੀ ਦਾ ਤਗਮਾ ਜੇਤੂ ਸੁਸ਼ੀਲ ਕੁਮਾਰ ਭਾਰਤੀ ਟੀਮ ਦੀ ਅਗਵਾਈ ਕਰੇਗਾ। ਟੀਮ ਦੀ ਚੋਣ ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਚੋਣ ਕਮੇਟੀ ਨੇ ਕੀਤੀ ਜਿਸ ਵਿਚ 14 ਪਹਿਲਵਾਨਾਂ ਨੂੰ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਸਾਲ ਨਵੀਂ ਦਿੱਲੀ ਵਿਖੇ ਹੋਣ ਜਾ ਰਹੀ ਰਾਸ਼ਟਰ ਮੰਡਲ ਖੇਡਾਂ ਲਈ ਸੱਤ ਮਹਿਲਾ ਪਹਿਲਵਾਨਾਂ ਦੀ ਚੋਣ ਐਤਵਾਰ ਨੂੰ ਐਨ. ਆਈ. ਐਸ. ਪਟਿਆਲਾ ਵਿਖੇ ਕੀਤੀ ਜਾਵੇਗੀ। ਫ੍ਰੀ ਸਟਾਈਲ ਟੀਮ ਦੇ ਵਿਚ ਸੁਨੀਲ ਕੁਮਾਰ, ਰਾਹੁਲ ਆਵਰੇ 55 ਕਿਲੋ, ਰਾਹੁਲ ਮਾਨ 60 ਕਿਲੋ, ਨਰ ਸਿੰਘ, ਪੰਚਮ ਯਾਦਵ 74 ਕਿਲੋ, ਅਨੁਜ ਕੁਮਾਰ 84 ਕਿਲੋ, ਮੌਸਮ ਖੱਤਰੀ 96 ਕਿਲੋ, ਰਾਜੀਵ ਤੋਮਰ 120 ਕਿਲੋ। ਗ੍ਰੀਕੋਰੋਮਨ ਵਰਗ ਵਿਚ ਰਜਿੰਦਰ ਕੁਮਾਰ 55 ਕਿਲੋ, ਰਵਿੰਦਰ ਸਿੰਘ 60 ਕਿਲੋ, ਸੁਨੀਲ ਕੁਮਾਰ ਰਾਣਾ 66 ਕਿਲੋ, ਸੰਜੇ 74 ਕਿਲੋ, ਮਨੋਜ ਕੁਮਾਰ 84 ਕਿਲੋ, ਮਨੋਜ ਕੁਮਾਰ 84 ਕਿਲੋ, ਅਸ਼ੋਕ ਕੁਮਾਰ 96 ਕਿਲੋ ਤੇ ਧਰਮਿੰਦਰ ਦਲਾਲ 120 ਕਿਲੋ ਦੀ ਚੋਣ ਕੀਤੀ ਗਈ ਹੈ।

ਕੌਮਾਂਤਰੀ ਤਲਵਾਰਬਾਜ਼ੀ 'ਚ ਸ਼ਾਮਿਲ ਹੋਣ ਵਾਲੇ ਭਾਰਤੀ ਖਿਡਾਰੀ

ਪਟਿਆਲਾ, 23 ਅਪ੍ਰੈਲ - ਕੌਮਾਂਤਰੀ ਤਲਵਾਰਬਾਜ਼ੀ ਚੈਂਪੀਅਨਸ਼ਿਪ ਥਾਈਲੈਂਡ ਦੇ ਪਤਾਇਆ ਸ਼ਹਿਰ 'ਚ 23 ਤੋਂ 28 ਅਪ੍ਰੈਲ ਤੱਕ ਕਰਵਾਈ ਜਾ ਰਹੀ ਹੈ। ਇਸ ਤਲਵਾਰਬਾਜ਼ੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦੀ ਚੋਣ ਕਰ ਲਈ ਗਈ ਹੈ। ਇਸ ਟੀਮ 'ਚ 12 ਪੁਰਸ਼ ਤੇ 12 ਔਰਤ ਖਿਡਾਰੀ ਸ਼ਾਮਿਲ ਹਨ ਤੇ 7 ਕੋਚ ਤੇ ਪ੍ਰਬੰਧਕ ਵੀ ਇਸ ਟੀਮ ਨਾਲ ਜਾ ਰਹੇ ਹਨ। ਪੁਰਸ਼ ਵਰਗ ਦੀ ਫੋਇਲ ਟੀਮ 'ਚ ਰਾਜੇਸ਼ੋਰ ਸਿੰਘ ਮਨੀਪੁਰ, ਵਿਜੇ ਕੁਮਾਰ ਸੈਨਾ, ਸੋਵਰਾਜ ਸਿੰਘ ਮਨੀਪੁਰ, ਤੁਕਰਾਮ ਆਂਧਰਾ ਪ੍ਰਦੇਸ਼, ਇੱਪੀ ਟੀਮ 'ਚ ਜੈਯੰਤਾ ਸਿੰਘ ਮਨੀਪੁਰ, ਅਜਿੰਕਾ ਦੁਦਾਰੇ ਮਹਾਰਾਸ਼ਟਰ, ਸੰਦੀਪ ਕੁਮਾਰ ਸੈਨਾ ਤੇ ਧਰਮੇਂਦਰ ਸਿੰਘ ਸੈਨਾ, ਸੈਬਰ ਟੀਮ 'ਚ ਸੂਰੈਦਰੋ ਸਿੰਘ ਸੈਨਾ, ਵਿਕਰਮ ਜਮਵਾਲ ਸੈਨਾ, ਨੋਤੁਮ ਪੰਜਾਬ ਤੇ ਕੇ.ਪੀ. ਗਿਸ਼ੋਨਿਧੀ ਤਾਮਿਲਨਾਡੂ ਸ਼ਾਮਿਲ ਹਨ। ਮਹਿਲਾ ਵਰਗ ਦੀ ਫੋਇਲ ਟੀਮ 'ਚ ਡਬਲਿਯੂ ਰੋਜ਼ੀ ਦੇਵੀ ਮਨੀਪੁਰ, ਅਥੀਰਾ ਆਰ.ਕੇਰਲਾ, ਉਸ਼ਾ ਰਾਣੀ ਦੇਵੀ ਮਨੀਪੁਰ, ਬਿੰਦੂ ਦੇਵੀ ਮਨੀਪੁਰ, ਇੱਪੀ ਟੀਮ 'ਚ ਦਿਲਨਾ ਕੇਰਲਾ, ਕਬਿਤਾ ਦੇਵੀ ਅਸਾਮ, ਰੀਓਰਿਤਾ ਦੇਵੀ ਸੈਨਾ, ਅਮਬਿਲੀ ਕੇਰਲਾ, ਸੈਬਰ ਟੀਮ 'ਚ ਭਵਾਨੀ ਦੇਵੀ ਕੇਰਲਾ, ਰੀਸ਼ਾ ਪੁਥੁਸੇਰੀ ਕੇਰਲਾ, ਡਿਆਨਾ ਦੇਵੀ ਮਨੀਪੁਰ ਤੇ ਮੇਘਾ ਰਚਨ ਕੇਰਲਾ ਸ਼ਾਮਲ ਹਨ। ਇਸ ਟੀਮ ਨਾਲ ਸ੍ਰੀ ਅਰੁਨ ਕੁਮਾਰ ਵਿਜੇ ਡੈਲੀਗੇਸ਼ਨ ਮੁਖੀ, ਬੀਬੀ ਮਾਰੀਆ ਐਂਟੋਨੀਆ ਪੈਰੇਜ ਕੋਚ, ਲਲਿਤ ਕੁਮਾਰ ਕੋਚ, ਸਾਗਰ ਲਾਗੂ ਕੋਚ, ਨਿਤਿਨ ਬਾਂਸਲ, ਫਿਜ਼ੀਓਥਰੈਪਿਸਟ, ਡਾ: ਅਮਿਤ ਤਿਆਗੀ, ਸ੍ਰੀਮਤੀ ਵਰਸ਼ਾ ਤੇ ਸੁਰੰਜੇ ਸਿੰਘ ਆਰਮਰ ਵਜੋਂ ਜਾਣਗੇ।

ਸਰਕਲ ਸਟਾਈਲ ਕਬੱਡੀ
ਖਿਡਾਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਬੇਲੋੜਾ ਸਮਝਿਆ

ਲੁਧਿਆਣਾ, 23 ਅਪ੍ਰੈਲ - 1978 ਤੋਂ ਲੈ ਕੇ 1997 ਤੱਕ ਲਗਾਤਾਰ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਸਟੇਟ ਐਵਾਰਡ ਦਿੱਤਾ ਜਾਂਦਾ ਰਿਹਾ। ਇਹ ਐਵਾਰਡ 1978 ਵਿਚ ਉਸ ਵੇਲੇ ਦੀ ਅਕਾਲੀ ਦਲ ਦੀ ਸਰਕਾਰ ਦੇ ਖੇਡ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਸ਼ੁਰੂ ਕੀਤਾ ਸੀ। ਪਹਿਲਾਂ-ਪਹਿਲ ਇਸ ਦੀ ਇਨਾਮੀ ਰਾਸ਼ੀ 10 ਹਜ਼ਾਰ, ਫਿਰ 21 ਹਜ਼ਾਰ, ਸਾਲ 2005 ਵਿਚ ਕਾਂਗਰਸ ਸਰਕਾਰ ਨੇ ਇਕ ਲੱਖ ਰੁਪਏ ਕਰ ਦਿੱਤੀ ਸੀ ਤੇ ਹੁਣ ਇਨਾਮੀ ਰਾਸ਼ੀ ਸਰਕਾਰ ਨੇ 2 ਲੱਖ ਰੁਪਏ ਕਰ ਦਿੱਤੀ ਹੈ। ਸਾਲ 2005 ਵਿਚ ਜਦੋਂ ਵੱਖ-ਵੱਖ ਖੇਡਾਂ ਵਿਚ ਖਿਡਾਰੀਆਂ ਨੂੰ ਇਹ ਐਵਾਰਡ ਦਿੱਤਾ ਸੀ ਤਾਂ ਕਬੱਡੀ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਖਿਡਾਰੀਆਂ ਨੇ ਰੌਲਾ ਪਾਇਆ ਸੀ ਕਿ ਇਹ ਐਵਾਰਡ ਸਰਕਲ ਸਟਾਈਲ ਕਬੱਡੀ ਦੇ ਖਿਡਾਰੀਆਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਹੈ। ਹਾਲਾਂ ਕਿ ਸਰਕਾਰ ਦੇ ਨਿਯਮਾਂ, ਸਿਧਾਂਤਾਂ ਮੁਤਾਬਿਕ ਇਹ ਐਵਾਰਡ ਕਬੱਡੀ ਖਿਡਾਰੀਆਂ ਨੂੰ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਇਸ ਐਵਾਰਡ ਦੀ ਚੋਣ ਮੌਕੇ ਉਲੰਪਿਕ ਖੇਡਾਂ, ਰਾਸ਼ਟਰ ਮੰਡਲ ਖੇਡਾਂ, ਏਸ਼ੀਆਈ ਖੇਡਾਂ ਅਤੇ ਰਾਸ਼ਟਰੀ ਚੈਂਪੀਅਨਸ਼ਿਪ ਦੀਆਂ ਪ੍ਰਾਪਤੀਆਂ ਦੇ ਨੰਬਰ ਜੋੜੇ ਜਾਂਦੇ ਹਨ, ਫਿਰ ਇਹ ਐਵਾਰਡ ਪ੍ਰਾਪਤੀਆਂ ਦੇ ਆਧਾਰ 'ਤੇ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ। ਸਰਕਲ ਸਟਾਈਲ ਕਬੱਡੀ ਉਲੰਪਿਕ, ਰਾਸ਼ਟਰ ਮੰਡਲ ਅਤੇ ਏਸ਼ੀਆਈ ਖੇਡਾਂ ਦਾ ਹਿੱਸਾ ਨਹੀਂ ਹੈ, ਨਾ ਹੀ ਕੋਈ ਇਸ ਤਰ੍ਹਾਂ ਦੀ ਕੋਈ ਹੋਰ ਅੰਤਰਰਾਸ਼ਟਰੀ ਪੱਧਰ ਦੀ ਕਬੱਡੀ ਚੈਂਪੀਅਨਸ਼ਿਪ ਹੁੰਦੀ ਹੈ ਜਿਸ ਤੋਂ ਖਿਡਾਰੀਆਂ ਦਾ ਲੇਖਾ-ਜੋਖਾ ਹੋ ਸਕੇ, ਪਰ ਫਿਰ ਵੀ ਪੰਜਾਬੀਆਂ ਦੀ ਇਹ ਚਹੇਤੀ ਅਤੇ ਚਰਚਿਤ ਖੇਡ ਹੋਣ ਨਾਤੇ ਅਤੇ ਖਿਡਾਰੀਆਂ ਵੱਲੋਂ ਵਾਰ-ਵਾਰ ਐਵਾਰਡਾਂ ਦੀ ਮੰਗ ਕਰਨ 'ਤੇ ਪੰਜਾਬ ਸਰਕਾਰ ਨੇ ਸ਼ਲਾਘਾਯੋਗ ਕਦਮ ਚੁੱਕਿਆ ਸੀ ਕਿ ਦੂਸਰੀਆਂ ਖੇਡਾਂ ਵਾਂਗ ਮਹਾਰਾਜਾ ਰਣਜੀਤ ਸਿੰਘ ਐਵਾਰਡ ਸਰਕਲ ਸਟਾਈਲ ਕਬੱਡੀ ਖਿਡਾਰੀਆਂ ਨੂੰ ਦਿੱਤਾ ਜਾਵੇਗਾ। ਪੰਜਾਬ ਸਰਕਾਰ ਨੇ ਪਿਛਲੇ ਸਾਲ 2005 ਤੋਂ ਲੈ ਕੇ 2008 ਤੱਕ ਦੀਆਂ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਦੇ ਵੱਖ-ਵੱਖ ਖੇਡਾਂ ਦੇ ਵੇਰਵੇ ਮੰਗੇ ਸਨ ਜਿਸ ਵਿਚ ਦੂਸਰੀਆਂ ਖੇਡਾਂ ਜਿਵੇਂ ਐਥਲੈਟਿਕਸ, ਫੁੱਟਬਾਲ, ਹਾਕੀ, ਵਾਲੀਬਾਲ, ਬਾਸਕਟਬਾਲ, ਜਿਮਨਾਸਟਿਕ ਆਦਿ 28 ਦੇ ਕਰੀਬ ਖੇਡਾਂ ਦੇ 250 ਦੇ ਕਰੀਬ ਖਿਡਾਰੀਆਂ ਨੇ ਇਸ ਐਵਾਰਡ ਲਈ ਆਪਣੀਆਂ ਖੇਡ ਪ੍ਰਾਪਤੀਆਂ ਦੇ ਵੇਰਵੇ ਅਪਲਾਈ ਕੀਤੇ। ਦੂਸਰੇ ਪਾਸੇ ਕਬੱਡੀ, ਜਿਸ ਵਿਚ ਬੇਇਨਸਾਫ਼ੀ ਦਾ ਵੱਡਾ ਰੌਲਾ ਪਾਇਆ ਜਾ ਰਿਹਾ ਸੀ, ਦੇ ਖਿਡਾਰੀਆਂ ਨੇ ਇਹ ਐਵਾਰਡ ਲੈਣਾ ਮੁਨਾਸਿਬ ਹੀ ਨਹੀਂ ਸਮਝਿਆ ਅਤੇ ਕਿਸੇ ਖਿਡਾਰੀ ਨੇ ਅਪਲਾਈ ਹੀ ਨਹੀਂ ਕੀਤਾ, ਸਿਰਫ਼ ਨੈਸ਼ਨਲ ਸਟਾਈਲ ਕਬੱਡੀ ਦੇ ਏਸ਼ੀਅਨ ਖੇਡਾਂ 'ਚੋਂ ਸੋਨ ਤਗਮਾ ਜੇਤੂ ਮਨਪ੍ਰੀਤ ਸਿੰਘ ਮਾਨਾ ਅਤੇ ਕੁਝ ਇਕ ਖਿਡਾਰੀਆਂ ਨੇ ਐਵਾਰਡ ਲਈ ਅਪਲਾਈ ਜ਼ਰੂਰ ਕੀਤਾ, ਜਿਨ੍ਹਾਂ ਵਿਚੋਂ ਹੋ ਸਕਦਾ ਹੈ ਮਾਨਾ ਨੂੰ ਇਸ ਐਵਾਰਡ ਦੇ ਯੋਗ ਸਮਝਿਆ ਜਾਵੇ।

ਕੌਮੀ ਫੈਡਰੇਸ਼ਨ ਕੱਪ 'ਚ ਸ਼ਾਮਿਲ ਹੋਣ ਵਾਲੀ ਪੰਜਾਬ ਟੀਮ

ਪਟਿਆਲਾ, 22 ਅਪ੍ਰੈਲ - ਕੌਮੀ ਮੁੱਕੇਬਾਜ਼ੀ ਫੈਡਰੇਸ਼ਨ ਕੱਪ 25 ਤੋਂ 28 ਅਪ੍ਰੈਲ ਤੱਕ ਆਂਧਰਾ ਪ੍ਰਦੇਸ਼ ਦੇ ਸ਼ਹਿਰ ਵਾਰੰਗਲ 'ਚ ਕਰਵਾਇਆ ਜਾ ਰਿਹਾ ਹੈ। ਇਸ ਟੀਮ ਦੇ ਲਾਈਟ ਫਲਾਈਵੇਟ ਵਰਗ 'ਚ ਪੰਕਜ ਸੈਣੀ ਜਲੰਧਰ, ਫਲਾਈਵੇਟ 'ਚ ਧੀਰਜ ਕੁਮਾਰ ਪਟਿਆਲਾ, ਬੈਟਮ ਵੇਟ 'ਚ ਕਮਲਜੀਤ ਸਿੰਘ ਪਟਿਆਲਾ, ਲਾਈਟ ਵੇਟ 'ਚ ਅੰਗਰੇਜ਼ ਸਿੰਘ ਪਟਿਆਲਾ, ਲਾਈਟ ਵੈਲਟਰ ਬਘੇਲ ਸਿੰਘ ਲੁਧਿਆਣਾ, ਮਿਡਲ ਵੇਟ 'ਚ ਜਤਿੰਦਰ ਸਿੰਘ ਪਟਿਆਲਾ, ਲਾਈਟ ਹੈਵੀ ਵੇਟ ਵਰਿੰਦਰ ਸਿੰਘ ਪਟਿਆਲਾ, ਹੈਵੀਵੇਟ ਸੁਖਜੀਤ ਸਿੰਘ ਪਟਿਆਲਾ ਤੇ ਸ਼ਨੀ ਸੰਗਰੂਰ ਸੁਪਰ ਹੈਵੀਵੇਟ ਪੰਜਾਬ ਦੀ ਫੈਡਰੇਸ਼ਨ ਕੱਪ 'ਚ ਪ੍ਰਤੀਨਿਧਤਾ ਕਰਨਗੇ। ਇਸ ਟੀਮ ਨਾਲ ਕੋਚ ਵਜੋਂ ਹਰਦੀਪ ਸਿੰਘ ਬਠਿੰਡਾ ਤੇ ਲਾਭ ਸਿੰਘ ਲੁਧਿਆਣਾ ਗਏ ਹਨ।

ਜੂਨੀਅਰ ਏਸ਼ੀਅਨ ਜੂਡੋ ਚੈਂਪੀਅਨ ਲਈ ਚੁਣੇ ਗਏ ਤਿੰਨ ਪੰਜਾਬੀ

ਜਲੰਧਰ, 22 ਅਪ੍ਰੈਲ - ਥਾਈਲੈਂਡ 'ਚ 29 ਅਪ੍ਰੈਲ ਤੋਂ 4 ਮਈ ਤੱਕ ਜੂਨੀਅਰ ਏਸ਼ੀਆ ਜੂਡੋ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਦੀ ਤਿਆਰੀ ਲਈ ਭਾਰਤੀ ਜੂਡੋ ਟੀਮ ਦਾ ਕੋਚਿੰਗ ਕੈਂਪ ਔਰੰਗਾਬਾਦ ਵਿਖੇ ਲੱਗਾ ਸੀ, ਜਿੱਥੇ ਫਾਈਨਲ ਚੋਣ ਤੋਂ ਬਾਅਦ ਭਾਰਤੀ ਟੀਮ ਲਈ ਗੁਰਦਾਸਪੁਰ ਦੇ ਅਵਤਾਰ ਸਿੰਘ ਤੇ ਜਲੰਧਰ ਦੇ ਦਵਿੰਦਰ ਕੁਮਾਰ ਤੇ ਹੈਪੀ ਦੀ ਚੋਣ ਕੀਤੀ ਗਈ ਹੈ। ਟੀਮ 27 ਅਪ੍ਰੈਲ ਨੂੰ ਥਾਈਲੈਂਡ ਰਵਾਨਾ ਹੋਵੇਗੀ।

ਲਾਡ ਸਿੰਘ ਬਣਿਆ ਆਸਟਰੇਲੀਆ ਵੇਟ ਲਿਫਟਰ ਚੈਂਪੀਅਨ

ਡੇਹਰੀਵਾਲ, 22 ਅਪ੍ਰੈਲ - ਭਾਰ ਤੋਲਕ ਚੈਂਪੀਅਨਸ਼ਿਪ ਆਸਟਰੇਲੀਆ ਦੇ ਮੈਲਬੌਰਨ ਸ਼ਹਿਰ 'ਚ ਕਰਵਾਈ ਗਈ। ਜਿਸ ਵਿਚ ਪੰਜਾਬ ਦੇ ਜੰਮਪਲ ਲਾਡ ਸਿੰਘ ਨੇ 155 ਕਿਲੋਗ੍ਰਾਮ ਦੀ ਸਨੈਚ ਅਤੇ 170 ਕਿਲੋ ਭਾਰ ਵਰਗ ਦੀ ਜਰਕ ਲਾ ਕੇ 325 ਕਿਲੋਗ੍ਰਾਮ ਭਾਰ ਚੁੱਕਣ ਦਾ ਰਿਕਾਰਡ ਕਾਇਮ ਕੀਤਾ ਹੈ। ਇਹ ਪਹਿਲੀ ਵਾਰ ਹੈ ਕਿ ਭਾਰਤ ਦਾ ਭਾਰ ਤੋਲਕ 'ਆਸਟਰੇਲੀਆ ਵੇਟ ਲਿਫਟਰ ਚੈਂਪੀਅਨ' ਬਣਿਆ ਹੈ। ਜ਼ਿਕਰਯੋਗ ਹੈ ਕਿ ਲਾਡ ਸਿੰਘ ਦਾ ਆਪਣਾ ਭਾਰ 105 ਕਿਲੋ ਹੈ ਅਤੇ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਡੇਹਰੀਵਾਲ ਦਰੋਗਾ ਦਾ ਵਸਨੀਕ ਹੈ ਅਤੇ ਉਹ ਪਿਛਲੇ ਸਾਲ ਭਾਰਤ ਵਿਚ ਉੜੀਸਾ ਵਿਖੇ ਹੋਈਆਂ ਖੇਡਾਂ ਵਿਚ ਵੀ ਵੇਟ ਲਿਫਟਿੰਗ ਮੁਕਾਬਲੇ 'ਚੋਂ ਇਕ ਸੋਨੇ ਅਤੇ ਦੋ ਚਾਂਦੀ ਦੇ ਤਮਗੇ ਲੈ ਕੇ ਰਿਕਾਰਡ ਕਾਇਮ ਕਰ ਚੁੱਕਾ ਹੈ।

29ਵੀਂ ਕੌਮੀ ਸ਼ੂਟਿੰਗ ਬਾਲ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੇ ਪੰਜਾਬੀ ਖਿਡਾਰੀ

ਜਲੰਧਰ, 21 ਅਪ੍ਰੈਲ - ਮਹੜਾਓ (ਗੋਆ) 'ਚ 25 ਤੋਂ 28 ਅਪ੍ਰੈਲ ਤੱਕ 29ਵੀਂ ਰਾਸ਼ਟਰੀ ਸ਼ੂਟਿੰਗ ਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਜਿਸ ਵਿਚ ਵੱਖ ਵੱਖ ਰਾਜਾਂ ਤੋਂ 1500 ਲੜਕੇ ਅਤੇ ਲੜਕੀਆਂ ਸ਼ਾਮਿਲ ਹੋ ਰਹੇ ਹਨ। ਪੰਜਾਬ ਦੇ ਪ੍ਰਧਾਨ ਸ: ਮਨਤਾਰ ਸਿੰਘ ਬਰਾੜ ਨੇ ਪੰਜਾਬ ਦੀਆਂ ਟੀਮਾਂ ਦੀ ਫਾਈਨਲ ਚੋਣ ਕੀਤੀ। ਸੀਨੀ: ਲੜਕਿਆਂ ਵਿਚੋਂ ਪੰਜਾਬ ਦੀ ਟੀਮ ਦੇ ਕੈਪਟਨ ਬਲਰਾਜ ਸਿੰਘ, ਵਿਕਰਮਜੀਤ ਸਿੰਘ ਵਿੱਕੀ ਵਾਈਸ ਕੈਪਟਨ, ਵਿਜੇ ਕੁਮਾਰ, ਅਮਨਪ੍ਰੀਤ ਸਿੰਘ, ਬਲਰਾਜ ਸ਼ਰਮਾ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਕਮਲ ਸਿੰਘ ਅਤੇ ਜੂਨੀਅਰ ਵਿੰਗ ਦੇ ਕੈਪਟਨ ਸੁਖਦੀਪ ਸਿੰਘ ਬਿੱਲਾ, ਅਮਨਪ੍ਰੀਤ ਸਿੰਘ, ਤਰਲੋਕ ਸਿੰਘ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਦੀ ਚੋਣ ਕੀਤੀ ਗਈ। ਇਨ੍ਹਾਂ ਟੀਮਾਂ ਦਾ ਕੋਚਿੰਗ ਕੈਂਪ ਕੋਟਕਪੂਰਾ ਵਿਖੇ ਲਗਾਇਆ ਗਿਆ ਸੀ। ਪੰਜਾਬ ਦੀਆਂ ਨੈਸ਼ਨਲ ਜਾਣ ਵਾਲੀਆਂ ਟੀਮਾਂ ਨੂੰ ਸਪਾਰਟਨ ਸਪੋਰਟਸ ਜਲੰਧਰ ਨੇ ਕਿੱਟਾਂ ਅਤੇ ਬਾਲ ਸਪੌਂਸਰ ਕੀਤੇ ਹਨ।

ਅਮਨਦੀਪ ਕੌਰ ਨੇ ਚਮਕਾਇਆ ਪੰਜਾਬ ਦਾ ਨਾਮ

ਪਟਿਆਲਾ, 21 ਅਪ੍ਰੈਲ - ਐਨ.ਆਈ.ਐਸ. ਪਟਿਆਲਾ 'ਚ ਚੌਥੀ ਨੈਸ਼ਨਲ ਓਪਨ ਡਰਾਉਟਸ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿਚ ਦੇਸ਼ ਭਰ ਤੋਂ 12 ਟੀਮਾਂ ਸ਼ਾਮਿਲ ਹੋਈਆਂ। ਜਿਨ੍ਹਾਂ 'ਚ ਲਗਭਗ 40 ਖਿਡਾਰੀਆਂ ਨੇ ਹਿੱਸਾ ਲਿਆ। ਇਸ ਚੈਂਪੀਅਨਸ਼ਿਪ ਵਿਚ ਐਮਚਿਓਰ ਵਰਗ ਦੇ ਜੇਤੂਆਂ ਨੂੰ ਟਰਾਫ਼ੀਆਂ ਅਤੇ ਸਰਟੀਫਿਕੇਟ ਦਿੱਤੇ ਗਏ। ਐਮਚਿਓਰ ਵਰਗ 'ਚ ਕੁਮਾਰੀ ਅਮਨਦੀਪ ਪੰਜਾਬ ਪਹਿਲੇ, ਕੁਮਾਰੀ ਆਸਥਾ ਚੰਡੀਗੜ੍ਹ ਦੂਸਰੇ ਅਤੇ ਕੁਮਾਰੀ ਸ਼ਬਨਮ ਪੰਜਾਬ ਤੀਸਰੇ ਸਥਾਨ 'ਤੇ ਰਹੀ। ਪ੍ਰੋਫੈਸ਼ਨਲ ਵਰਗ 'ਚ ਕੁਮਾਰੀ ਪਰਵਾਨ ਸੋਹੀ ਚੰਡੀਗੜ੍ਹ ਪਹਿਲੇ, ਦੂਸਰੇ ਸਥਾਨ 'ਤੇ ਕੁਮਾਰੀ ਸੁਹਾਨੀ ਹਰਿਆਣਾ ਅਤੇ ਤੀਸਰੇ ਸਥਾਨ 'ਤੇ ਕੁਮਾਰੀ ਐਲਿਜ਼ਾਬੈਥ ਮਿਜ਼ੋਰਮ ਰਹੀ। ਇਸ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ 'ਯੁਵਾ ਉਲੰਪੀਅਡ' 2010 ਦੇ ਵਿਸ਼ਵ ਚੈਂਪੀਅਨਸ਼ਿਪ ਲਈ ਜੁਲਾਈ ਦੇ ਮਹੀਨੇ ਲਿਜਾਇਆ ਜਾਵੇਗਾ।

ਆਲ ਇੰਡੀਆ ਫੁੱਟਬਾਲ ਜੂਨੀਅਰ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ ਪੰਜਾਬ

ਲੁਧਿਆਣਾ, 21 ਅਪ੍ਰੈਲ - ਭਾਰਤੀ ਫੁੱਟਬਾਲ ਫੈਡਰੇਸ਼ਨ ਨੇ ਆਈ ਲੀਗ ਫੁੱਟਬਾਲ ਵਿਚ ਹਿੱਸਾ ਲੈ ਰਹੀਆਂ ਵੱਖ-ਵੱਖ ਫੁੱਟਬਾਲ ਕਲੱਬਾਂ ਅਤੇ ਟੀਮਾਂ ਲਈ ਆਲ ਇੰਡੀਆ ਅੰਡਰ 19 ਸਾਲ ਟੂਰਨਾਮੈਂਟ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਵਿਚ ਆਈ ਲੀਗ ਵਿਚ ਹਿੱਸਾ ਲੈ ਰਹੀਆਂ ਟੀਮਾਂ ਦੇ ਜੂਨੀਅਰ ਵਰਗ ਦੀਆਂ ਟੀਮਾ ਖੇਡਣਗੀਆਂ। ਇਸ ਟੂਰਨਾਮੈਂਟ ਨੂੰ ਤਿੰਨ ਜ਼ੋਨਾ ਵਿਚ ਵੰਡਿਆ ਗਿਆ ਹੈ। ਇਕ ਜ਼ੋਨ ਦੀ ਮੇਜ਼ਬਾਨੀ ਪੰਜਾਬ ਨੂੰ ਸੌਂਪੀ ਗਈ ਹੈ। ਇਹ ਜ਼ੋਨਲ ਟੂਰਨਾਮੈਂਟ 8 ਤੋਂ 17 ਮਈ ਤੱਕ ਗੁਰੂ ਨਾਨਕ ਕਾਲਜ ਫਗਵਾੜਾ ਵਿਖੇ ਹੋਵੇਗਾ। ਇਸ ਟੂਰਨਾਮੈਂਟ ਵਿਚ ਏਅਰ ਇੰਡੀਆ ਮੁੰਬਈ, ਬੰਬਈ ਫੁੱਟਬਾਲ ਕਲੱਬ, ਊਨਾ ਫੁੱਟਬਾਲ ਕਲੱਬ, ਮਹਿੰਦਰਾ ਯੂਨਾਈਟਿਡ ਮੁੰਬਈ ਅਤੇ ਮੇਜ਼ਬਾਨ ਜੇ. ਸੀ. ਟੀ. ਅਕੈਡਮੀ ਦੀਆਂ ਟੀਮਾਂ ਹਿੱਸਾ ਲੈਣਗੀਆਂ।

ਜੇ. ਸੀ. ਟੀ. ਨੇ ਚਿਰਾਗ ਯੂਨਾਈਟਿਡ ਕੋਲਕਾਤਾ ਨੂੰ ਕੀਤਾ ਚਿੱਤ

ਲੁਧਿਆਣਾ, 21 ਅਪ੍ਰੈਲ - ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਕੌਮੀ ਆਈ ਫੁੱਟਬਾਲ ਲੀਗ ਕਰਵਾਈ ਜਾ ਰਹੀ ਹੈ। ਇਸ ਲੀਗ ਦੇ 22ਵੇਂ ਗੇੜ ਵਿਚ ਇਕ ਅਹਿਮ ਮੁਕਾਬਲੇ ਵਿਚ ਜੇ. ਸੀ. ਟੀ ਫੁੱਟਬਾਲ ਕਲੱਬ ਫਗਵਾੜਾ ਨੇ ਚਿਰਾਗ ਯੂਨਾਈਟਿਡ ਕੋਲਕਾਤਾ ਨੂੰ 1-0 ਨਾਲ ਹਰਾ ਕੇ ਨਾ ਸਿਰਫ ਆਪਣੇ ਜੇਤੂ ਕਦਮ ਅੱਗੇ ਵਧਾਏ ਸਗੋਂ ਕੌਮੀ ਲੀਗ ਵਿਚ ਆਪਣੀ ਹੋਂਦ ਨੂੰ ਮਜ਼ਬੂਤ ਕੀਤਾ। ਇਸ ਜਿੱਤ ਨਾਲ ਜੇ. ਸੀ. ਟੀ. ਕੁਲ 28 ਅੰਕਾਂ ਨਾਲ ਅੰਕ ਸੂਚੀ ਵਿਚ ਛੇਵੇਂ ਸਥਾਨ 'ਤੇ ਪਹੁੰਚ ਗਈ ਹੈ। ਜੇ. ਸੀ. ਟੀ. ਦੇ ਐਨ ਹੈਨਰੀ ਨੂੰ 'ਮੈਨ ਆਫ ਦ ਮੈਚ' ਵਜੋਂ 5 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ। ਜੇ. ਸੀ. ਟੀ. ਦਾ ਅਗਲਾ ਮੁਕਾਬਲਾ 29 ਅਪ੍ਰੈਲ ਨੂੰ ਮੁੰਬਈ ਵਿਖੇ ਏਅਰ ਇੰਡੀਆ ਨਾਲ, ਤਿੰਨ ਮਈ ਨੂੰ ਪੂਨੇ ਵਿਖੇ ਫੁੱਟਬਾਲ ਕਲੱਬ ਊਨਾ ਨਾਲ ਅਤੇ 9 ਮਈ ਈਸਟ ਬੰਗਾਲ ਕੋਲਕਾਤਾ ਲੁਧਿਆਣਾ ਨਾਲ ਹੋਵੇਗਾ।

40 ਮੁੱਕੇਬਾਜ਼ ਲੈ ਰਹੇ ਨੇ ਵਿਦੇਸ਼ੀ ਕੋਚਾਂ ਤੋਂ ਸਿਖਲਾਈ

ਪਟਿਆਲਾ, 21 ਅਪ੍ਰੈਲ - ਪਟਿਆਲਾ ਵਿਖੇ ਸਰਕਾਰੀ ਮਲਟੀਪਰਪਜ਼ ਸੈਕੰਡਰੀ ਸਕੂਲ (ਲੜਕੇ) ਦੇ ਮੁੱਕਬਾਜ਼ੀ ਕੇਂਦਰ 'ਚ ਇਟਲੀ ਦੇ ਨਾਮਵਰ ਕੋਚ ਫੈਬਰੀਜਿਓ ਪੈਤਰੀਨੇ ਤੇ ਇੰਗਲੈਂਡ ਦੇ ਜੂਲੀਆ ਮੈਕਸਵੈਲ ਤੋਂ ਪੰਜਾਬ ਦੇ ਚੋਟੀ ਦੇ 40 ਮੁੱਕੇਬਾਜ਼ੀ ਅਤੇ ਕੋਚ ਸਿਖਲਾਈ ਲੈ ਰਹੇ ਹਨ। ਖੇਡ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਲਗਾਤਾਰ ਤੀਜੇ ਸਾਲ ਉਪਰੋਕਤ ਦੋਨੋਂ ਕੋਚਾਂ ਨੂੰ ਪੰਜਾਬ ਦੇ ਮੁੱਕੇਬਾਜ਼ਾਂ ਨੂੰ ਸਿਖਲਾਈ ਦੇਣ ਲਈ ਬੁਲਾਇਆ ਗਿਆ ਹੈ, ਜਿਸਦੇ ਚੰਗੇ ਨਤੀਜੇ ਆ ਰਹੇ ਹਨ।

ਬਾਡੀ ਬਿਲਡਿੰਗ ਮੁਕਾਬਲੇ 25 ਨੂੰ

ਜਲੰਧਰ, 20 ਅਪ੍ਰੈਲ - 25 ਅਪ੍ਰੈਲ ਨੂੰ ਸੀਨੀਅਰ ਮਿਸਟਰ ਪੰਜਾਬ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕੁੰਦਲ ਲਾਲ ਧਰਮਸ਼ਾਲਾ ਨਜ਼ਦੀਕ ਮੋਤੀ ਸਿਨੇਮਾ ਲਾਲ ਬਾਜ਼ਾਰ ਮਲੇਰਕੋਟਲਾ 'ਚ ਕਰਵਾਈ ਜਾ ਰਹੀ ਹੈ। ਇਸ ਵਿਚ ਚੈਂਪੀਅਨ ਅਤੇ ਚੈਂਪੀਅਨ ਐਵਾਰਡ ਰੰਗਦਾਰ ਟੀ. ਵੀ. ਦਿੱਤਾ ਜਾ ਰਿਹਾ ਹੈ।

ਕੌਮੀ ਫੁੱਟਬਾਲ ਆਈ ਲੀਗ

ਲੁਧਿਆਣਾ, 20 ਅਪ੍ਰੈਲ - ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ ਕੌਮੀ ਫੁੱਟਬਾਲ ਆਈ ਲੀਗ ਚੱਲ ਰਹੀ ਹੈ। ਇਸ ਵਿਚ ਜੇ. ਸੀ. ਟੀ. ਫੁੱਟਬਾਲ ਕਲੱਬ ਦਾ ਮੁਕਾਬਲਾ ਚਿਰਾਗ ਯੂਨਾਈਟਿਡ ਕੋਲਕਾਤਾ ਨਾਲ ਹੋ ਰਿਹਾ ਹੈ। ਇਹ ਮੈਚ ਸ਼ਾਮ 4.30 ਵਜੇ ਸ਼ੁਰੂ ਹੋਵੇਗਾ। ਆਈ ਫੁੱਟਬਾਲ ਲੀਗ ਵਿਚ ਚਿਰਾਗ ਯੂਨਾਈਟਿਡ ਕੋਲਕਾਤਾ 31 ਅੰਕਾਂ ਨਾਲ ਲੀਗ ਵਿਚ ਚੌਥੇ ਸਥਾਨ 'ਤੇ ਹੈ ਜਦਕਿ ਜੇ. ਸੀ. ਟੀ. 25 ਅੰਕਾਂ ਨਾਲ ਸੱਤਵੇਂ ਸਥਾਨ 'ਤੇ ਹੈ। ਦੋਹਾਂ ਟੀਮਾਂ ਨੇ 21-21 ਮੈਚ ਖੇਡੇ ਹਨ ਭਾਵੇਂ ਖਿਤਾਬੀ ਦੌੜ ਵਿਚ ਦੋਵੇਂ ਟੀਮਾਂ ਬਾਹਰ ਹਨ ਪਰ ਕੌਮੀ ਲੀਗ ਵਿਚ ਆਪਣੀ ਹੋਂਦ ਨੂੰ ਜਤਾਉਣ ਲਈ ਦੋਵੇਂ ਟੀਮਾਂ ਜ਼ਰੂਰ ਜੂਝਣਗੀਆਂ। ਸਪੋਰਟਿੰਗ ਕਲੱਬ ਗੋਆ, ਜੋ ਆਖਰੀ ਸਥਾਨ ਤੇ ਚੱਲ ਰਹੀ ਹੈ, ਉਸਦੇ ਵੀ 20 ਅੰਕ ਹਨ। ਹੇਠਲੇ ਸਥਾਨ ਵਾਲੀਆਂ ਟੀਮਾਂ ਦੀ ਇਕ ਜਿੱਤ ਅਤੇ ਜੇ. ਸੀ. ਟੀ. ਦੀ ਇਕ ਹਾਰ ਲੀਗ ਵਿਚ ਕਾਫੀ ਉਲਟ ਫੇਰ ਕਰ ਸਕਦੀ ਹੈ। ਆਈ ਲੀਗ ਵਿਚ ਡੈਂਪੋ ਗੋਆ 41 ਅੰਕਾਂ ਨਾਲ ਪਹਿਲੇ ਸਥਾਨ 'ਤੇ, ਮਹਿੰਦਰਾ ਯੂਨਾਈਟਿਡ ਮੁੰਬਈ 37 ਅੰਕਾਂ ਨਾਲ ਦੂਸਰੇ ਸਥਾਨ ਤੇ ਚੱਲ ਰਹੀ ਹੈ। ਜੇ. ਸੀ. ਟੀ. ਦਾ ਅਗਲਾ ਮੈਚ 29 ਅਪ੍ਰੈਲ ਨੂੰ ਇੰਡੀਆ ਨਾਲ ਹੋਵੇਗਾ ਜਦਕਿ ਲੀਗ ਦੇ ਆਖਰੀ ਗੇੜ ਦੇ ਮੈਚ ਮਈ ਦੇ ਦੂਸਰੇ ਹਫ਼ਤੇ ਖੇਡੇ ਜਾਣਗੇ। ਲੁਧਿਆਣਾ ਵਿਖੇ ਜੇ. ਸੀ. ਟੀ. ਦਾ ਆਖਰੀ ਮੈਚ 9 ਮਈ ਈਸਟ ਬੰਗਾਲ ਕੋਲਕਾਤਾ ਨਾਲ ਹੋਵੇਗਾ।

'ਮਾਕਾ' ਟਰਾਫ਼ੀ ਜਿੱਤਣ ਵੇਲੇ ਹੀ ਦਿੱਤੀ ਜਾਵੇ

ਪਟਿਆਲਾ, 20 ਅਪ੍ਰੈਲ - ਕੇਂਦਰੀ ਖੇਡ ਮੰਤਰਾਲੇ ਨੇ ਇਹ ਫੈਸਲਾ ਕੀਤਾ ਹੈ ਕਿ ਕੁਲ ਹਿੰਦ ਅੰਤਰ ਵਰਸਿਟੀ ਖੇਡ ਮੁਕਾਬਲਿਆਂ 'ਚ ਅੱਵਲ ਰਹਿਣ ਵਾਲੀ ਯੂਨੀਵਰਸਿਟੀ ਨੂੰ ਹਰ ਸਾਲ ਦਿੱਤੀ ਜਾਣ ਵਾਲੀ ਮੌਲਾਨਾ ਅਬੁਲ ਕਲਾਮ ਅਜ਼ਾਦ (ਮਾਕਾ) ਟਰਾਫ਼ੀ ਉਸੇ ਸਾਲ ਦੌਰਾਨ ਹੀ ਪ੍ਰਦਾਨ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਇਕ ਸਾਲ ਪੱਛੜ ਕੇ 'ਮਾਕਾ' ਟਰਾਫੀ ਖੇਡਾਂ ਦੇ ਖੇਤਰ 'ਚ ਦੇਸ਼ ਦੀ ਸਰਬੋਤਮ ਯੂਨੀਵਰਸਿਟੀ ਨੂੰ ਰਾਸ਼ਟਰਪਤੀ ਵੱਲੋਂ ਹਰ ਸਾਲ ਖੇਡ ਦਿਵਸ ਮੌਕੇ 29 ਅਗਸਤ ਨੂੰ ਪ੍ਰਦਾਨ ਕੀਤੀ ਜਾਂਦੀ ਸੀ। ਲੰਬੇ ਅਰਸੇ ਤੋਂ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵੱਲੋਂ ਹਰ ਸਾਲ ਉਸੇ ਸਾਲ ਨਾਲ ਸਬੰਧਤ ਖੇਡ ਪ੍ਰਾਪਤੀਆਂ ਦੇ ਆਧਾਰ 'ਤੇ 'ਮਾਕਾ' ਟਰਾਫ਼ੀ ਪ੍ਰਦਾਨ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਕੁਝ 'ਵਰਸਿਟੀਆਂ ਦੇ ਖੇਡ ਪ੍ਰਬੰਧਕਾਂ ਦਾ ਤਰਕ ਸੀ ਕਿ ਜਦੋਂ ਟਰਾਫੀ ਇਕ ਸਾਲ ਪੱਛੜ ਕੇ ਦਿੱਤੀ ਜਾਂਦੀ ਹੈ ਤਾਂ ਜੇਤੂ 'ਵਰਸਿਟੀ ਦੇ ਬਹੁਤ ਸਾਰੇ ਖਿਡਾਰੀ ਹੋਰਨਾਂ ਸੰਸਥਾਵਾਂ 'ਚ ਚਲੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਜਿੱਤ ਦੇ ਜਸ਼ਨ ਮਨਾਉਣ ਦਾ ਮੌਕਾ ਨਹੀਂ ਮਿਲਦਾ ਸੀ ਅਤੇ ਪ੍ਰਬੰਧਕੀ ਕਾਰਜਾਂ 'ਚ ਵੀ ਸਬੰਧਤ 'ਵਰਸਿਟੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਤੱਕ ਸੈਸ਼ਨ 2007-08 ਦੀਆਂ ਖੇਡ ਪ੍ਰਾਪਤੀਆਂ 'ਤੇ ਆਧਾਰਿਤ 'ਮਾਕਾ' ਟਰਾਫੀ ਵੱਖ-ਵੱਖ 'ਵਰਸਿਟੀਆਂ ਨੂੰ ਪਿਛਲੇ ਵਰ੍ਹੇ ਤੱਕ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ ਇਸ ਸੈਸ਼ਨ 'ਚ ਇਹ ਟਰਾਫੀ ਪੰਜਾਬੀ 'ਵਰਸਿਟੀ ਨੇ ਲਗਾਤਾਰ ਦੂਸਰੀ ਵਾਰ ਜਿੱਤੀ ਸੀ। ਇਸ ਵਰ੍ਹੇ ਜੇਕਰ ਨਵੇਂ ਨਿਯਮਾਂ ਅਨੁਸਾਰ ਟਰਾਫੀ ਪ੍ਰਦਾਨ ਕੀਤੀ ਗਈ ਤਾਂ ਸੈਸ਼ਨ 2008-09 ਅਤੇ 2009-10 ਦੀਆਂ ਖੇਡ ਪ੍ਰਾਪਤੀਆਂ ਦੇ ਆਧਾਰ 'ਤੇ ਦੋ ਸੈਸ਼ਨਾਂ ਦੀਆਂ ਟਰਾਫੀਆਂ ਦੇਸ਼ ਦੀਆਂ ਸਰਬੋਤਮ ਰਹਿਣ ਵਾਲੀਆਂ 'ਵਰਸਿਟੀਆਂ ਨੂੰ ਪ੍ਰਦਾਨ ਕੀਤੀਆਂ ਜਾਣੀਆਂ ਬਣਦੀਆਂ ਹਨ। ਸੈਸ਼ਨ 2008-09 'ਚ ਪੰਜਾਬੀ 'ਵਰਸਿਟੀ ਲਗਾਤਾਰ ਤੀਸਰੀ ਵਾਰ ਟਰਾਫੀ ਜਿੱਤਣ ਦੀ ਤਕੜੀ ਦਾਅਵੇਦਾਰ ਮੰਨੀ ਜਾਂਦੀ ਹੈ ਅਤੇ ਸੈਸ਼ਨ 2009-10 ਦੌਰਾਨ ਪੰਜਾਬੀ ਤੇ ਗੁਰੂ ਨਾਨਕ ਦੇਵ 'ਵਰਸਿਟੀ ਅੰਮ੍ਰਿਤਸਰ ਦੌਰਾਨ ਫਸਵੀਂ ਟੱਕਰ ਦੇਖਣ ਨੂੰ ਮਿਲੀ ਹੈ। ਇਹ ਤਾਂ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ਪਤਾ ਚੱਲੇਗਾ ਕਿ 'ਮਾਕਾ' ਟਰਾਫੀ ਕਿਸ ਦੀ ਝੋਲੀ ਪੈਂਦੀ ਹੈ।

ਵਿਸ਼ਵ ਕਬੱਡੀ ਕੱਪ ਜੇਤੂ ਭਾਰਤੀ ਟੀਮ ਦਾ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨ

ਦਸੂਹਾ, 19 ਅਪ੍ਰੈਲ - ਵਿਸ਼ਵ ਕਬੱਡੀ ਕੱਪ ਜੋ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਕਰਵਾਇਆ ਗਿਆ ਸੀ। ਫੋਕਲ ਪੁਆਇੰਟ ਜੌਹਲ-ਧੁੱਗਾ ਕਲਾਂ 'ਚ ਇਸ ਵਿਸ਼ਵ ਕਬੱਡੀ ਕੱਪ 'ਚੋਂ ਆਏ ਭਾਰਤੀ ਟੀਮ ਦੇ ਜੇਤੂ ਖਿਡਾਰੀਆਂ ਨੂੰ ਸਨਮਾਨ ਕਰਨ ਲਈ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਭਾਰਤੀ ਕਬੱਡੀ ਟੀਮ ਦੇ ਖਿਡਾਰੀ ਕੈਪਟਨ ਮੰਗਤ ਸਿੰਘ ਮੰਗੀ ਜਲੰਧਰ, ਹਰਵਿੰਦਰਜੀਤ ਸਿੰਘ ਦੁੱਲਾ ਕਪੂਰਥਲਾ, ਸੰਦੀਪ ਸਿੰਘ ਸੁਰਖਪੁਰ, ਹਰਦੀਪ ਸਿੰਘ ਢਿੱਲੋਂ ਪੰਡੋਰੀ ਲੱਧਾ ਸਿੰਘ, ਸੁੱਖਾ ਭੰਡਾਲ ਕਪੂਰਥਲਾ, ਮਹਿੰਦਰ ਸਿੰਘ ਸੁਰਖਪੁਰ ਕਬੱਡੀ ਕੋਚ, ਇਟਲੀ ਕਬੱਡੀ ਟੀਮ ਦੇ ਖਿਡਾਰੀ ਦਲਜੀਤ ਸਿੰਘ ਲੰਬੜ, ਚਰਨਾ ਡੱਫਰ, ਮਨਪ੍ਰੀਤ ਲੰਬੜ ਡੱਫਰ, ਪ੍ਰਗਟ ਸਿੰਘ ਡਾਇਰੈਕਟਰ ਪੰਜਾਬ ਸਪੋਰਟਸ ਵਿਭਾਗ ਨੂੰ ਸੋਨੇ ਦੀਆਂ ਮੁੰਦਰੀਆਂ ਸ਼ਾਲ, ਮੋਮੈਂਟੋ ਆਦਿ ਨਾਲ ਜਥੇਦਾਰ ਧੁੱਗਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਘੇ ਗਾਇਕ ਸੁਖਵਿੰਦਰ ਸੁੱਖੀ ਨੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ।

ਜੇ. ਸੀ. ਟੀ. ਅਤੇ ਚਿਰਾਗ ਯੂਨਾਈਟਿਡ ਕੋਲਕਾਤਾ ਵਿਚਕਾਰ ਟਕੱਰ

ਲੁਧਿਆਣਾ, 19 ਅਪ੍ਰੈਲ - ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਕੌਮੀ ਫੁੱਟਬਾਲ ਲੀਗ ਕਰਵਾਈ ਜਾ ਰਹੀ ਹੈ। ਇਸ ਫੁੱਟਬਾਲ ਲੀਗ ਦੇ 22ਵੇਂ ਗੇੜ ਵਿਚ ਜੇ. ਸੀ. ਟੀ. ਫੁੱਟਬਾਲ ਕਲੱਬ ਫਗਵਾੜਾ ਅਤੇ ਚਿਰਾਗ ਯੂਨਾਈਟਿਡ ਕੋਲਕਾਤਾ ਵਿਚਕਾਰ ਮੁਕਾਬਲਾ 21 ਅਪ੍ਰੈਲ ਨੂੰ 4:30 ਵਜੇ ਇਸੇ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ।

ਬਾਬਾ ਉੱਤਮ ਸਿੰਘ ਹਾਕੀ ਅਕੈਡਮੀ ਦੇ ਚੋਣ ਟ੍ਰਾਇਲ 24 ਨੂੰ

ਜਲੰਧਰ, 19 ਅਪ੍ਰੈਲ - ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ 'ਚ 24 ਅਪ੍ਰੈਲ ਨੂੰ ਸਵੇਰੇ 8 ਵਜੇ ਬਾਬਾ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ ਖਡੂਰ ਸਾਹਿਬ ਦੇ ਚੋਣ ਟ੍ਰਾਇਲ (ਅੰਡਰ 14 ਸਾਲ ਲੜਕੇ) ਕਰਵਾਏ ਜਾ ਰਹੇਹਨ। ਇਨ੍ਹਾਂ ਚੋਣ ਟ੍ਰਾਇਲਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਆਪਣੇ ਨਾਲ ਜਨਮ ਮਿਤੀ ਦਾ ਅਸਲੀ ਸਰਟੀਫਿਕੇਟ, 2 ਪਾਸਪੋਰਟ ਸਾਈਜ਼ ਤਸਵੀਰਾਂ ਲੈ ਕੇ ਚੋਣ ਕਮੇਟੀ ਦੇ ਕੋਲ ਹਾਜ਼ਰ ਹੋਣ। ਚੋਣ ਕਮੇਟੀ ਦੇ ਵਿਚ ਉਲੰਪੀਅਨ ਬਲਦੇਵ ਸਿੰਘ, ਉਲੰਪੀਅਨ ਬਲਵੀਰ ਸਿੰਘ ਤੇ ਹਾਕੀ ਕੋਚ ਸੰਤੋਖ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ

ਕੌਮੀ ਤੀਰ ਅੰਦਾਜ਼ੀ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੇ ਪੰਜਾਬੀ ਖਿਡਾਰੀ

ਪਟਿਆਲਾ, 19 ਅਪ੍ਰੈਲ - ਕੌਮੀ ਤੀਰ ਅੰਦਾਜ਼ੀ ਚੈਂਪੀਅਨਸ਼ਿਪ 23 ਤੋਂ 28 ਅਪ੍ਰੈਲ ਤੱਕ ਦਿਸਪੁਰ (ਗੁਹਾਟੀ) 'ਚ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਪੰਜਾਰ ਦੀ ਟੀਮ ਚੁਣ ਲਈ ਗਈ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਲਗਾਏ ਕੈਂਪ ਦੌਰਾਨ 8-8 ਮੈਂਬਰਾਂ ਵਾਲੀਆਂ ਪੁਰਸ਼ ਤੇ ਮਹਿਲਾ ਟੀਮਾਂ ਦੀ ਚੋਣ ਕੀਤੀ ਗਈ। ਪੰਜਾਬ ਤੀਰ ਅੰਦਾਜ਼ੀ ਐਸੋਸੀਏਸ਼ਨ ਵੱਲੋਂ ਇਹ ਟੀਮ ਭਲਕੇ ਰਵਾਨਾ ਕੀਤੀ ਜਾਵੇਗੀ। ਇਸ ਟੀਮ ਦੇ ਮਹਿਲਾ ਵਰਗ ਦੀ ਕੰਪਾਊਂਡ ਟੀਮ 'ਚ ਗਗਨਦੀਪ ਕੌਰ, ਸੁਨੀਤਾ ਰਾਣੀ, ਗਗਨਜੋਤ ਕੌਰ ਤਿੰਨੇ ਪੰਜਾਬੀ ਯੂਨੀਵਰਸਿਟੀ ਤੋਂ, ਰਿਕਰਵ ਟੀਮ 'ਚ ਨੀਸ਼ਾ ਤੋਮਰ, ਮਮਤਾ ਨਾਗੀ, ਅਮਨਦੀਪ ਕੌਰ ਤੇ ਜੈਸਮੀਨ ਸਾਰੀਆਂ ਪੰਜਾਬੀ 'ਵਰਸਿਟੀ ਸ਼ਾਮਲ ਹਨ। ਪੁਰਸ਼ ਵਰਗ ਦੀ ਕੰਪਾਊਂਡ ਟੀਮ 'ਚ ਅਮਰਿੰਦਰ ਸਿੰਘ, ਅਮਨਦੀਪ ਕੰਬੋਜ, ਨਿਕੇਤਨ ਸੇਠੀ ਤੇ ਗੁਰਲਾਲ ਸਿੰਘ ਸਾਰੇ ਪੰਜਾਬੀ ਵਰਸਿਟੀ ਤੋਂ, ਰਿਕਰਵ ਟੀਮ 'ਚ ਹਿੰਮਤ ਸਿੰਘ, ਪੰਜਾਬੀ ਵਰਸਿਟੀ ਤੋਂ, ਅਨੁਰਾਗ, ਕਮਲ, ਫਰਹਾਨ ਤੇ ਅਚਿਨ ਤਿੰਨੇ ਐਨ.ਆਈ.ਐਸ. ਪਟਿਆਲਾ ਸ਼ਾਮਲ ਹਨ।

ਰਾਸ਼ਟਰੀ ਫੁੱਟਬਾਲ ਲੀਗ 'ਚ ਜੇ. ਸੀ. ਟੀ. ਦੀ ਬੱਲੇ ਬੱਲੇ

ਲੁਧਿਆਣਾ, 17 ਅਪ੍ਰੈਲ - ਰਾਸ਼ਟਰੀ ਫੁੱਟਬਾਲ ਲੀਗ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਚੱਲ ਰਹੀ ਹੈ। ਇਸ ਲੀਗ ਦੇ 21ਵੇਂ ਗੇੜ ਦੇ ਮੁਕਾਬਲੇ ਵਿਚ ਜੇ.ਸੀ.ਟੀ. ਫੁੱਟਬਾਲ ਕਲੱਬ ਫਗਵਾੜਾ ਨੇ ਵੀਵਾ ਕੇਰਲ ਨੂੰ 5-1 ਨਾਲ ਹਰਾਇਆ। ਇਸ ਜਿੱਤ ਨਾਲ ਜੇ. ਸੀ. ਟੀ. 25 ਅੰਕਾਂ ਨਾਲ ਅੰਕ ਸੂਚੀ ਵਿਚ 7ਵੇਂ ਸਥਾਨ 'ਤੇ ਅਤੇ ਵੀਵਾ ਕੇਰਲ ਵੀ ਇੰਨੇ ਹੀ ਅੰਕਾਂ ਨਾਲ ਅੱਠਵੇਂ ਸਥਾਨ 'ਤੇ ਪਹੁੰਚ ਗਈਆਂ ਹਨ। ਜੇ. ਸੀ. ਟੀ. ਦੇ ਐਨ ਹੈਨਰੀ ਨੂੰ 'ਮੈਨ ਆਫ਼ ਦ ਮੈਚ' ਵਜੋਂ 5 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ। ਜੇ. ਸੀ. ਟੀ. ਦਾ ਅਗਲਾ ਮੈਚ 21 ਅਪ੍ਰੈਲ ਨੂੰ ਚਿਰਾਗ ਯੂਨਾਈਟਿਡ ਕੋਲਕਾਤਾ ਨਾਲ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 4:30 ਵਜੇ ਹੋਵੇਗਾ।

ਪੰਜਾਬ ਐਥਲੈਟਿਕਸ ਟੀਮ ਦੇ ਚੋਣ ਟ੍ਰਾਇਲ 2 ਨੂੰ

ਜਲੰਧਰ, 17 ਅਪ੍ਰੈਲ - ਆਂਧਰਾ ਪ੍ਰਦੇਸ਼ ਵਿਚ ਜੂਨੀਅਰ ਫੈਡਰੇਸ਼ਨ ਕੱਪ 27-28 ਮਈ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਿਚ ਹਿੱਸਾ ਲੈਣ ਵਾਲੀ ਪੰਜਾਬ ਐਥਲੈਟਿਕਸ ਟੀਮ ਦੇ ਚੋਣ ਟ੍ਰਾਇਲ 2 ਮਈ ਨੂੰ ਸਵੇਰੇ 9 ਵਜੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਹਨ।

ਕੌਮੀ ਫੁੱਟਬਾਲ ਲੀਗ
ਜੇ. ਸੀ. ਟੀ. ਤੇ ਵੀਵਾ ਕੇਰਲਾ ਵਿਚਕਾਰ ਟਕੱਰ

ਲੁਧਿਆਣਾ, 16 ਅਪ੍ਰੈਲ - 17 ਅਪ੍ਰੈਲ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ ਕੌਮੀ ਫੁੱਟਬਾਲ ਲੀਗ ਕਰਵਾਈ ਜਾ ਰਹੀ ਹੈ। ਇਸ ਵਿਚ ਜੇ. ਸੀ. ਟੀ. 20ਵੇਂ ਗੇੜ ਦੇ ਇਕ ਅਹਿਮ ਮੁਕਾਬਲੇ ਵਿਚ ਵੀਵਾ ਕੇਰਲਾ ਵਿਰੁੱਧ ਖੇਡੇਗੀ। ਇਹ ਮੈਚ ਠੀਕ 4.30 ਵਜੇ ਸ਼ੁਰੂ ਹੋਵੇਗਾ। ਵੀਵਾ ਕੇਰਲਾ ਵਾਲੇ ਮੈਚ ਤੋਂ ਬਾਅਦ ਜੇ. ਸੀ. ਟੀ. ਦਾ ਅਗਲਾ ਮੈਚ 21 ਅਪ੍ਰੈਲ ਨੂੰ ਚਿਰਾਗ ਯੂਨਾਈਟਿਡ ਕੋਲਕਾਤਾ ਵਿਰੁੱਧ ਹੋਵੇਗਾ ਫਿਰ 11 ਮਈ ਨੂੰ ਮੁੰਬਈ ਫੁੱਟਬਾਲ ਕਲੱਬ ਵਿਰੁੱਧ ਜੇ. ਸੀ. ਟੀ. ਦਾ ਮੈਚ ਹੋਵੇਗਾ। ਕੌਮੀ ਫੁੱਟਬਾਲ ਲੀਗ ਵਿਚ ਜੇ. ਸੀ. ਟੀ. ਨੂੰ ਲਗਾਤਾਰ ਤਿੰਨ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ। ਜੇ. ਸੀ. ਟੀ. ਦੀ ਟੀਮ ਇਸ ਵੇਲੇ 20 ਮੈਚਾਂ ਬਾਅਦ 22 ਅੰਕ ਹਨ, ਕੌਮੀ ਲੀਗ ਵਿਚ 10ਵੇਂ ਸਥਾਨ ਤੇ ਚੱਲ ਰਹੀ ਹੈ। ਜਦਕਿ ਵੀਵਾ ਕੇਰਲਾ 25 ਅੰਕਾਂ ਨਾਲ ਕੌਮੀ ਲੀਗ ਵਿਚ ਸੱਤਵੇਂ ਸਥਾਨ 'ਤੇ ਚੱਲ ਰਹੀ ਹੈ। ਜੇ. ਸੀ. ਟੀ. ਦੇ ਤਿੰਨ ਮੈਚ ਘਰੇਲੂ ਮੈਦਾਨ ਦੇ ਅਤੇ ਤਿੰਨ ਮੈਚ ਵਿਰੋਧੀ ਟੀਮਾਂ ਦੇ ਮੈਦਾਨ ਵਿਚ ਹੋਣੇ ਬਾਕੀ ਹਨ।

ਵਿਸ਼ਵ ਕਬੱਡੀ ਕੱਪ ਜੇਤੂ ਭਾਰਤੀ ਕਬੱਡੀ ਟੀਮ ਨੂੰ ਮਿਲ ਰਹੀਆਂ ਹਨ ਵਧਾਈਆਂ ਹੀ ਵਧਾਈਆਂ

ਜਲੰਧਰ, 15 ਅਪ੍ਰੈਲ - ਵਿਸ਼ਵ ਕਬੱਡੀ ਕੱਪ ਜੇਤੂ ਭਾਰਤੀ ਕਬੱਡੀ ਟੀਮ ਦੇ ਮੈਂਬਰਾਂ ਨੂੰ ਸਾਂਸਦ ਦੇ ਬਜਟ ਸੈਸ਼ਨ ਦੇ ਦੂਸਰੇ ਗੇੜ ਦੇ ਪਹਿਲੇ ਦਿਨ ਲੋਕ ਸਭਾ ਨੇ ਵਧਾਈ ਦਿੱਤੀ। ਯਾਦ ਰਹੇ ਵਿਸ਼ਵ ਕਬੱਡੀ ਕੱਪ ਪੰਜਾਬ ਸਰਕਾਰ ਵੱਲੋਂ ਸਫਲਤਾਪੂਰਬਕ ਕਰਵਾਇਆ ਗਿਆ, ਜਿਸ ਦੇ ਫਾਈਨਲ ਮੈਚ ਵਿਚੋਂ ਭਾਰਤ ਦੀ ਟੀਮ ਨੇ ਪਾਕਿਸਤਾਨ ਦੀ ਕਬੱਡੀ ਟੀਮ ਨੂੰ 58-24 ਅੰਕਾਂ ਨਾਲ ਹਰਾ ਕੇ ਇਸ ਵਿਸ਼ਵ ਕੱਪ ਦੇ ਜੇਤੂ ਖਿਤਾਬ 'ਤੇ ਕਬਜ਼ਾ ਕਰਕੇ ਇਕ ਕਰੋੜ ਰੁਪਏ ਦਾ ਇਨਾਮ ਹਾਸਲ ਕੀਤਾ। ਦੂਜੇ ਪਾਸੇ ਭਾਰਤ ਦੇ ਖੇਡ ਮੰਤਰੀ ਡਾ. ਮਨਮਨੋਹਰ ਸਿੰਘ ਗਿੱਲ ਨੇ ਜੇਤੂ ਭਾਰਤੀ ਟੀਮ ਨੂੰ ਜਿੱਤ 'ਤੇ ਆਪਣੇ ਦਫਤਰ ਵਿਖੇ ਬੁਲਾ ਕੇ ਵਧਾਈ ਦਿੱਤੀ ਤੇ ਟੀਮ ਦੇ ਸਾਰੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ 'ਤੇ ਡਾਇਰੈਕਟਰ ਸਪੋਰਟਸ ਪਦਮਸ੍ਰੀ ਪ੍ਰਗਟ ਸਿੰਘ ਵੀ ਹਾਜ਼ਰ ਸਨ। ਇਸ ਮੌਕੇ 'ਤੇ ਡਾ. ਗਿੱਲ ਨੇ ਟੀਮ ਦੇ ਖਿਡਾਰੀਆਂ ਨੂੰ ਕਿਹਾ ਕਿ 'ਮੈਂ ਕਬੱਡੀ ਦੀ ਤਰੱਕੀ ਲਈ ਹਰ ਸੰਭਵ ਯਤਨ ਕਰਾਂਗਾ ਤੇ ਇਸ ਦੇ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਕਬੱਡੀ ਖੇਡ ਨੂੰ ਬਹੁਤ ਪਿਆਰ ਕਰਦਾ ਹਾਂ, ਇਸ ਮੌਕੇ 'ਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਮੱਲ੍ਹੀ, ਕੋਚ ਬਲਵੀਰ ਸਿੰਘ ਬਿੱਟੂ, ਹਰਪ੍ਰੀਤ ਬਾਬਾ ਤੇ ਭਾਰਤੀ ਟੀਮ ਦੇ 14 ਮੈਂਬਰ ਹਾਜ਼ਰ ਸਨ।

ਫੁੱਟਬਾਲ ਵਿਸ਼ਵ ਕੱਪ 11 ਜੂਨ ਨੂੰ, ਟਿਕਟਾਂ ਦੀ ਸਿੱਧੀ ਵਿਕਰੀ ਸ਼ੁਰੂ

ਜੋਹਨਸਬਰਗ, 15 ਅਪ੍ਰੈਲ - ਵਿਸ਼ਵ ਕੱਪ 11 ਜੂਨ ਨੂੰ ਜੋਹਨਸਬਰਗ 'ਚ ਕਰਵਾਇਆ ਜਾ ਰਿਹਾ ਹੈ। ਦੱਖਣੀ ਅਫਰੀਕਾ 'ਚ ਇਸ ਸਾਲ ਹੋਣ ਵਾਲੇ ਫੁੱਟਬਾਲ ਵਿਸ਼ਵ ਕੱਪ ਦੀਆਂ ਟਿਕਟਾਂ ਦੀ ਸਿੱਧੀ ਵਿਕਰੀ ਸ਼ੁਰੂ ਹੋ ਗਈ ਹੈ। ਬੁੱਧਵਾਰ ਨੂੰ ਵਿਕਰੀ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਟਿਕਟ ਖਿੜਕੀਆਂ 'ਤੇ ਹਜ਼ਾਰਾਂ ਫੁੱਟਬਾਲ ਪ੍ਰੇਮੀਆਂ ਦੀਆਂ ਲਾਈਨਾਂ ਲੱਗ ਗਈਆਂ ਸਨ। ਪਰ ਇਸ ਦੇ ਬਾਵਜੂਦ 5 ਲੱਖ ਟਿਕਟਾਂ ਦੀ ਅਜੇ ਵੀ ਵਿਕਰੀ ਹੋਣੀ ਬਾਕੀ ਹੈ। ਇਸ 'ਚ ਫਾਈਨਲ ਸਣੇ ਸਾਰੇ 64 ਮੁਕਾਬਲਿਆਂ ਦੀਆਂ ਟਿਕਟਾਂ ਸ਼ਾਮਿਲ ਹਨ। ਵਿਸ਼ਵ ਕੱਪ ਲਈ ਹੁਣ ਤੱਕ 22 ਲੱਖ ਟਿਕਟਾਂ ਦੀ ਵਿਕਰੀ ਹੋ ਚੁੱਕੀ ਹੈ। ਜਿਨ੍ਹਾਂ 'ਚੋਂ 10 ਲੱਖ ਟਿਕਟਾਂ ਦੱਖਣੀ ਅਫਰੀਕਾ ਦੇ ਫੁੱਟਬਾਲ ਪ੍ਰੇਮੀਆਂ ਨੇ ਖਰੀਦੀਆਂ ਹਨ। ਫੁੱਟਬਾਲ ਦੀ ਸਰਬਉੱਚ ਸੰਸਥਾ ਫੀਫਾ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਦੱਖਣੀ ਅਫਰੀਕਾ ਦੇ ਫੁੱਟਬਾਲ ਪ੍ਰੇਮੀਆਂ ਦਾ ਵਿਸ਼ਵ ਕੱਪ ਪ੍ਰਤੀ ਲਗਾਅ ਅਤੇ ਪਿਆਰ ਇਸੇ ਤਰ੍ਹਾਂ ਬਰਕਰਾਰ ਰਹੇਗਾ।

ਪਲਵਿੰਦਰ ਚੀਮਾ 8ਵੀਂ ਵਾਰ ਬਣਿਆ ਚੈਂਪੀਅਨ

ਲੁਧਿਆਣਾ, 14 ਅਪ੍ਰੈਲ - ਪੂਨਾ 'ਚ 58ਵੇਂ ਆਲ ਇੰਡੀਆ ਪੁਲੀਸ ਕੁਸ਼ਤੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗ਼ਮਾ ਜੇਤੂ ਅਤੇ ਏਸ਼ੀਅਨ ਖੇਡਾਂ ਦੇ ਕਾਂਸ਼ੀ ਤਗ਼ਮਾ ਜੇਤੂ ਪਹਿਲਵਾਨ ਪਲਵਿੰਦਰ ਚੀਮਾ ਨੇ 120 ਕਿੱਲੋਗ੍ਰਾਮ ਵਰਗ ਵਿਚ ਸੁਰਿੰਦਰ ਨਾੜ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਪਲਵਿੰਦਰ ਚੀਮਾ ਨੇ ਲਗਾਤਾਰ 8ਵੀਂ ਵਾਰ ਆਲ ਇੰਡੀਆ ਪੁਲਿਸ ਕੁਸ਼ਤੀ ਮੁਕਾਬਲੇ ਵਿਚ ਆਪਣੀ ਚੈਂਪੀਅਨ ਜਿੱਤ ਨੂੰ ਬਰਕਰਾਰ ਰੱਖਿਆ। ਪਹਿਲਵਾਨ ਚੀਮਾ ਨੇ ਸੀ. ਆਰ. ਪੀ. ਐਫ਼. ਦੇ ਵਿਜੈ ਪਾਲ ਅਤੇ ਕੁਆਟਰ ਫਾਈਨਲ ਵਿਚ ਹਰਿਆਣਾ ਪੁਲਿਸ ਦੇ ਨਵੀਨ ਕੁਮਾਰ ਨੂੰ ਹਰਾਇਆ।

ਵਿਸ਼ਵ ਕਬੱਡੀ ਕੱਪ 'ਚੋਂ ਜੇਤੂ ਭਾਰਤੀ ਟੀਮ ਦਾ ਸਨਮਾਨ ਨਵੀਂ ਦਿੱਲੀ 'ਚ

ਜਲੰਧਰ, 14 ਅਪ੍ਰੈਲ - 15 ਅਪ੍ਰੈਲ ਨੂੰ ਨਵੀਂ ਦਿੱਲੀ ਵਿਖੇ ਕੇਂਦਰੀ ਖੇਡ ਮੰਤਰੀ ਡਾ: ਮਨੋਹਰ ਸਿੰਘ ਗਿੱਲ ਦੇ ਦਫ਼ਤਰ ਵਿਖੇ ਪਹਿਲੇ ਵਿਸ਼ਵ ਕਬੱਡੀ ਕੱਪ 'ਚੋਂ ਜੇਤੂ ਭਾਰਤੀ ਕਬੱਡੀ ਟੀਮ ਦੇ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ। ਇਹ ਵਿਸ਼ਵ ਕਬੱਡੀ ਕੱਪ ਪੰਜਾਬ ਸਰਕਾਰ ਵੱਲੋਂ ਕਰਵਾਇਟਾ ਗਿਆ ਸੀ। ਇਸ ਟੀਮ ਦੇ ਨਾਲ ਪਦਮਸ੍ਰੀ ਪ੍ਰਗਟ ਸਿੰਘ ਡਾਇਰੈਕਟਰ ਸਪੋਰਟਸ ਪੰਜਾਬ ਵੀ ਵਿਸ਼ੇਸ਼ ਤੌਰ 'ਤੇ ਜਾਣਗੇ।

ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਦੇਖੀ ਗਈ ਕੋਚਾਂ ਦੀ ਘਾਟ

ਸ੍ਰੀ ਮੁਕਤਸਰ ਸਾਹਿਬ, 14 ਅਪ੍ਰੈਲ - ਵੱਖ ਵੱਖ ਖੇਡਾਂ ਨਾਲ ਸਬੰਧਿਤ ਕੋਚਾਂ ਦੀ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿਚ ਵੱਡੀ ਘਾਟ ਦੇਖੀ ਗਈ ਹੈ। ਪਤਾ ਲੱਗਾ ਹੈ ਕਿ 1982 ਤੋਂ ਬਾਅਦ ਕੋਚਾਂ ਦੀ ਰੈਗੂਲਰ ਭਰਤੀ ਨਹੀਂ ਕੀਤੀ ਗਈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਭਰ ਵਿਚ ਇਸ ਵੇਲੇ ਰੈਗੂਲਰ ਕੋਚਾਂ ਦੀ ਗਿਣਤੀ 50 ਤੋਂ ਵੀ ਘੱਟ ਹੈ ਤੇ ਇਨ੍ਹਾਂ ਵਿਚੋਂ ਕਈ ਸੇਵਾਮੁਕਤ ਹੋਣ ਵਾਲੇ ਹਨ। ਸਾਲ 2008 ਵਿਚ ਪੰਜਾਬ ਸਰਕਾਰ ਨੇ ਠੇਕੇ 'ਤੇ ਕੋਚਾਂ ਦੀ ਭਰਤੀ ਕੀਤੀ ਸੀ ਤੇ ਉਨ੍ਹਾਂ ਨੂੰ ਉੱਕਾ-ਪੁੱਕਾ ਸਿਰਫ਼ 10 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾ ਰਹੀ ਹੈ, ਜਦਕਿ ਇਨ੍ਹਾਂ ਦੀ ਯੋਗਤਾ ਬਹੁਤ ਉੱਚੀ ਹੈ। ਇਸ ਦੇ ਮੁਕਾਬਲੇ ਸਰਕਾਰੀ ਸਕੂਲਾਂ ਵਿਚ ਪੀ. ਟੀ. ਮਾਸਟਰ ਲੱਗੇ ਅਧਿਆਪਕਾਂ ਦੀ ਤਨਖ਼ਾਹ ਲਗਪਗ 25-30 ਹਜ਼ਾਰ ਰੁਪਏ ਹੈ, ਜਦਕਿ ਇਨ੍ਹਾਂ ਨੇ +2 ਤੋਂ ਬਾਅਦ ਸੀ. ਪੀ. ਐਡ. ਦਾ ਕੋਰਸ ਕੀਤਾ ਹੈ। ਦੂਜੇ ਪਾਸੇ ਠੇਕੇ 'ਤੇ ਭਰਤੀ ਕੀਤੇ ਗਏ ਕੋਚ ਉੱਚੀ ਯੋਗਤਾ ਵਾਲੇ ਐਨ. ਆਈ. ਐਸ. ਕੁਆਲੀਫਾਈਡ ਹਨ। ਇਨ੍ਹਾਂ ਕੋਚਾਂ ਦੀ ਗਿਣਤੀ 70 ਦੇ ਲੱਗਭਗ ਹੈ। ਜੋ ਜਾਣਕਾਰੀ ਮਿਲੀ ਹੈ, ਉਸ ਅਨੁਸਾਰ ਪੰਜਾਬ ਵਿਚ ਇਕ ਹਜ਼ਾਰ ਕੋਚਾਂ ਦੀ ਲੋੜ ਹੈ। ਪਤਾ ਲੱਗਾ ਹੈ ਕਿ ਸਾਲ 2013 ਵਿਚ ਖੇਡ ਵਿਭਾਗ ਪੰਜਾਬ ਵਿਚ ਰੈਗੂਲਰ ਤੌਰ 'ਤੇ ਨੌਕਰੀ ਕਰ ਰਹੇ ਲਗਭਗ ਸਾਰੇ ਹੀ ਕੋਚਾਂ ਦੀਆਂ ਅਸਾਮੀਆਂ ਖਾਲੀ ਹੋ ਜਾਣਗੀਆਂ।

ਭਾਰਤ ਦਾ ਇਕ ਕਰੋੜ 'ਤੇ ਪਾਕਿਸਤਾਨ ਦਾ 51 ਲੱਖ ਦੀ ਰਾਸ਼ੀ 'ਤੇ ਕਬਜ਼ਾ

ਭਾਰਤ ਦੀ ਟੀਮ ਬਣੀ ਵਿਸ਼ਵ ਕਬੱਡੀ ਕੱਪ ਦੀ ਚੈਂਪੀਅਨ ਇਸ ਟੀਮ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਟਰਾਫੀ ਦਿੰਦੇ ਹੋਏ

ਲੁਧਿਆਣਾ, 12 ਅਪ੍ਰੈਲ - ਵਿਸ਼ਵ ਕਬੱਡੀ ਕੱਪ ਲੁਧਿਆਣੇ ਦੇ ਗੁਰੂ ਨਾਨਕ ਸਟੇਡੀਅਮ 'ਚ ਕਰਵਾਇਆ ਗਿਆ। ਇਸ ਵਿਚ ਭਾਰਤ ਨੇ ਮਾਣਮੱਤੀ ਜਿੱਤ ਹਾਸਿਲ ਕਰਦਿਆਂ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਇਕਤਰਫ਼ਾ ਮੁਕਾਬਲੇ ਵਿਚ 58-24 ਨਾਲ ਹਰਾ ਕੇ ਵਿਸ਼ਵ ਕੱਪ ਦਾ ਪਲੇਠਾ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ ਹੈ। ਅੱਧੇ ਸਮੇਂ ਤੱਕ ਭਾਰਤੀ ਖਿਡਾਰੀ 26-12 ਨਾਲ ਅੱਗੇ ਸਨ। ਭਾਰਤ ਵੱਲੋਂ ਧਾਵੀ ਹਰਵਿੰਦਰ ਸਿੰਘ ਦੁੱਲਾ ਸੁਰਖਪੁਰ, ਲਾਡੀ ਓਟਾਲਾ, ਸੰਦੀਪ ਸੁਰਖਪੁਰ, ਸੁਖਬੀਰ ਸਰਾਵਾਂ, ਗੁਲਜ਼ਾਰੀ ਮੁਣਕ ਨੇ ਆਪਣੇ ਕਬੱਡੀ ਹੁਨਰ ਨਾਲ ਦਰਸ਼ਕਾਂ ਦੇ ਮਨ ਮੋਹ ਲਏ, ਜਦ ਕਿ ਜਾਫ਼ੀਆਂ ਵਿਚੋਂ ਕਪਤਾਨ ਮੰਗਤ ਸਿੰਘ ਮੰਗੀ, ਸੋਖਾ ਭੰਡਾਲ ਦੋਨਾ, ਬਿੱਟੂ ਦਗਾਲ, ਜਗਸ਼ੀਰ ਪਿਥੋ ਨੇ ਦਰਸ਼ਕਾਂ ਦੇ ਅਸ਼-ਅਸ਼ ਕਰਵਾਈ। ਦੂਸਰੇ ਪਾਸੇ ਭਾਵੇਂ ਪਾਕਿਸਤਾਨ ਦੇ ਖਿਡਾਰੀ ਚੈਂਪੀਅਨ ਬਨਣ ਦੀ ਲੜਾਈ ਤਾਂ ਹਾਰ ਗਏ, ਪਰ ਖਿਡਾਰੀਆਂ ਦੇ ਜੁੱਸੇ ਅਤੇ ਜੂਝਾਰੂਪਣ ਨੇ ਲੋਕਾਂ ਨੂੰ ਮੈਚ ਦੇ ਅੰਤ ਤੱਕ ਕੀਲੀ ਰੱਖਿਆ। ਪਾਕਿਸਤਾਨ ਵੱਲੋਂ ਇਮਤਿਆਜ਼ ਆਲਮ, ਇਰਫ਼ਾਨ ਮਾਨਾ ਲੁਧਿਆਣੀਆ, ਅਖ਼ਤਰ ਪਠਾਨ, ਬਿੱਲਾ, ਜੰਜੂਆ, ਕਾਸ਼ਫ਼ ਪਠਾਨ, ਮੁਹੰਮਦ ਮਨਸਾ, ਖਲੀਲ ਦੇ ਖੇਡ ਹੁਨਰ ਦਾ ਜਾਦੂ ਕੋਈ ਵੱਡਾ ਕ੍ਰਿਸ਼ਮਾ ਨਾ ਦਿਖਾ ਸਕਿਆ, ਜਦ ਕਿ ਜਾਫੀ ਜਾਸਰ ਜਾਵੇਦ ਹਾਥੀ, ਬਾਬਰ ਗੁੱਜਰ ਵੀ ਕੋਈ ਖਾਸ ਜੱਫ਼ੇ ਨਾ ਲਾ ਸਕੇ। ਨਰਿੰਦਰ ਬਿੱਟੂ, ਸ਼ੀਰਾ ਪਿਥੋ ਜਾਂ ਬੱਗੇ ਪਿੰਡੀਆਂ ਮੰਗੀ ਕਿਸੇ ਵੇਲੇ ਝਪਟ ਮਾਰ ਦਿੰਦੇ ਸਨ। ਭਾਰਤੀ ਟੀਮ ਨੂੰ ਇਸ ਜਿੱਤ ਬਦਲੇ ਇਕ ਕਰੋੜ ਦਾ ਮਾਇਆ ਦਾ ਗੱਫ਼ਾ ਅਤੇ ਚਮਕਦੀ ਵਿਸ਼ਵ ਕਬੱਡੀ ਕੱਪ ਟਰਾਫ਼ੀ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨੇ ਭੇਟ ਕੀਤੀ। ਇਸ ਮੌਕੇ ਭਾਰਤ ਦੇ ਕਪਤਾਨ ਮਾਂਗਟ ਸਿੰਘ ਮੰਗੀ ਨੂੰ ਵਧੀਆ ਜਾਫੀ ਵਜੋਂ ਅਤੇ ਕੈਨੇਡਾ ਦੇ ਕੁਲਜੀਤ ਨੂੰ ਵਧੀਆ ਧਾਵੀ ਵਜੋਂ ਇਕ-ਇਕ ਟਰੈਕਟਰ ਦੇ ਕੇ ਸਨਮਾਨਿਤ ਕੀਤਾ ਗਿਆ, ਜਦ ਕਿ ਪਾਕਿਸਤਾਨੀ ਟੀਮ ਨੇ 51 ਲੱਖ ਦੀ ਇਨਾਮੀ ਰਾਸ਼ੀ ਤੇ ਆਪਣਾ ਹੱਕ ਜਤਾਇਆ। ਅੱਜ ਦੇ ਮੈਚਾਂ ਦੌਰਾਨ ਕਈ ਵਾਦ-ਵਿਵਾਦ ਵਾਲੇ ਅੰਕਾਂ ਦਾ ਫੈਸਲਾ ਜਿਊਰੀ ਆਫ਼ ਅਪੀਲ ਜਿਸ ਵਿਚ ਪਾਕਿਸਤਾਨ ਦੇ ਮੁਹੰਮਦ ਸਰਵਰ, ਦਰਸ਼ਨ ਗਿੱਲ, ਸੇਵਾ ਸਿੰਘ ਫਰੀਦਕੋਟ ਨੇ ਕੀਤਾ। ਇਸ ਮੌਕੇ 'ਤੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਜੇਤੂ ਭਾਰਤੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਮਿਲਣਗੀਆਂ। ਉਨ੍ਹਾਂ ਆਖਿਆ ਕਿ ਇਨ੍ਹਾਂ ਖਿਡਾਰੀਆਂ ਦੇ ਨੌਕਰੀਆਂ ਦਾ ਕੇਸ 15 ਅਪ੍ਰੈਲ ਨੂੰ ਵਿਧਾਨ ਸਭਾ ਵਿਚ ਪਾਸ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾ ਕੈਨੇਡਾ ਨੇ ਇਟਲੀ ਨੂੰ ਹਰਾ ਕੇ ਵਿਸ਼ਵ ਕਬੱਡੀ ਕੱਪ ਵਿਚ ਤੀਸਰਾ ਸਥਾਨ ਹਾਸਿਲ ਕੀਤਾ, ਇਸ ਜਿੱਤ ਬਦਲੇ ਕੈਨੇਡਾ ਨੂੰ 25 ਲੱਖ, ਜਦ ਕਿ ਇਟਲੀ ਨੂੰ 10 ਲੱਖ ਰੁਪਏ ਦਾ ਇਨਾਮ ਮਿਲਿਆ। ਕੈਨੇਡਾ ਵੱਲੋਂ ਕੁਲਜੀਤ ਮਲਸੀਆ, ਜੱਗਾ ਆਲੋਵਾਲ, ਕੁਲਦੀਪ ਬਦਨੀ, ਟੈਰੀ ਪੂਰੇਵਾਲ ਅਤੇ ਜਾਫ਼ੀਆਂ ਵਿਚੋਂ ਬਲਜੀਤ ਸੈਦੋਕੇ, ਟਿੱਪਾ ਸੁਰਖਪੁਰ, ਹਰਦੀਪ ਤਾਊ, ਸੋਨੀ ਸਨੇਤ, ਪੱਪੀ ਖਹਿਰਾ ਨੇ ਵਧੀਆਂ ਖੇਡ ਵਿਖਾਈ, ਜਦ ਕਿ ਇਟਲੀ ਵੱਲੋਂ ਕਮਲਜੀਤ ਕਾਲਾ, ਬਲਜੀਤ ਲੰਬੜ, ਜੱਸਾ, ਜਾਫ਼ੀਆਂ ਵਿਚੋਂ ਮਨਪ੍ਰੀਤ, ਜਸਪਾਲ ਜੱਸਾ, ਜਗਦੀਪ ਲਾਲੀ, ਤਰਲੋਕ ਸਿੰਘ ਭਾਵੇਂ ਕੁਝ ਹੱਦ ਤੱਕ ਵਧੀਆਂ ਖੇਡੇ, ਪਰ ਉਹ ਆਪਣੀ ਟੀਮ ਦੀ ਹਾਰ ਨੂੰ ਰੋਕ ਨਾ ਸਕੇ। ਕੈਨੇਡਾ ਨੇ ਇਟਲੀ ਨੂੰ 69-25 ਅੰਕਾਂ ਨਾਲ ਹਰਾਇਆ। ਅੱਧੇ ਸਮੇਂ ਤੱਕ ਕੈਨੇਡੀਅਨ ਖਿਡਾਰੀ 34-10 ਅੰਕਾਂ ਨਾਲ ਅੱਗੇ ਸਨ। ਕੈਨੇਡਾ ਵੱਲੋਂ ਕੁਲਜੀਤ ਮਲਸੀਆ ਨੇ 17, ਕੁਲਦੀਪ ਬਧਨੀ ਨੇ 12 ਰੇਡਾਂ ਪਾਈਆਂ ਤੇ ਸਾਰੇ ਅੰਕ ਹਾਸਿਲ ਕੀਤੇ। ਜਦ ਕਿ ਕੈਨੇਡਾ ਵੱਲੋਂ ਸੰਦੀਪ ਗੁਰਦਾਸਪੁਰ ਨੇ 7, ਹਰਦੀਪ ਤਾਊ ਨੇ 6 ਜੱਫ਼ੇ ਲਾਏ।

ਡੋਪ ਟੈਸਟਾਂ ਸਬੰਧੀ 16 ਖਿਡਾਰੀਆਂ ਨੂੰ ਨੋਟਿਸ ਜਾਰੀ

ਜਲੰਧਰ, 12 ਅਪ੍ਰੈਲ - ਕੇਂਦਰੀ ਖੇਡ ਮੰਤਰੀ ਸ: ਮਨੋਹਰ ਸਿੰਘ ਗਿੱਲ ਵੱਲੋਂ ਖ਼ੇਡਾਂ ਵਿਚੋਂ ਨਸ਼ਿਆਂ ਨੂੰ ਲਾਂਭੇ ਕਰਨ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਵਿਸ਼ਵ ਕਬੱਡੀ ਕੱਪ ਤੋਂ ਪਹਿਲਾਂ ਖਿਡਾਰੀਆਂ ਦੇ 'ਟਰਾਇਲ' ਮੌਕੇ ਹੀ ਕਰਵਾਏ ਗਏ 'ਐਂਟੀ ਡੋਪਿੰਗ ਟੈਸਟ' ਦੇ ਨਤੀਜਿਆਂ ਵਿਚ 'ਪਾਜ਼ੇਟਿਵ' ਪਾਏ ਗਏ 16 ਕਬੱਡੀ ਖਿਡਾਰੀਆਂ ਨੂੰ 'ਨੈਸ਼ਨਲ ਐਂਟੀ ਡੋਪਿੰਗ ਏਜੰਸੀ' (ਨਾਡਾ) ਵੱਲੋਂ ਨੋਟਿਸ ਜਾਰੀ ਕੀਤੇ ਗਏ ਹਨ। ਵਿਸ਼ਵ ਕਬੱਡੀ ਕੱਪ ਦੇ ਟਰਾਇਲ ਸਮੇਂ 49 ਖਿਡਾਰੀਆਂ ਦੇ ਨਮੂਨੇ ਲਏ ਗਏ ਸਨ ਅਤੇ ਉਨ੍ਹਾਂ ਵਿਚੋਂ 16 'ਪਾਜ਼ੇਟਿਵ' ਪਾਏ ਗਏ ਹਨ। ਉਕਤ 16 ਖਿਡਾਰੀਆਂ ਦੇ ਕੇਸ 'ਨਾਡਾ' ਦੇ ਅਨੁਸ਼ਾਸਨੀ ਪੈਨਲ ਨੂੰ ਸੌਂਪ ਦਿੱਤੇ ਗਏ ਹਨ। ਇਸ ਪੈਨਲ ਦੀ ਅਗਵਾਈ ਜ਼ਿਲ੍ਹਾ ਜੱਜ ਪੱਧਰ ਦਾ ਇਕ ਅਧਿਕਾਰੀ ਕਰੇਗਾ ਅਤੇ ਪੈਨਲ ਵਿਚ ਉਘੇ ਖਿਡਾਰੀ ਅਤੇ ਡਾਕਟਰ ਸ਼ਾਮਿਲ ਹੋਣਗੇ। ਵਿਸ਼ਵ ਕਬੱਡੀ ਕੱਪ ਦੇ ਆਯੋਜਨ ਦੌਰਾਨ ਵੀ 'ਨਾਡਾ' ਨੇ ਖਿਡਾਰੀਆਂ ਦੇ ਟੈਸਟ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਅਤੇ ਇਸ ਦੌਰਾਨ ਪਿਸ਼ਾਬ ਦੇ 61 ਅਤੇ ਖੂਨ ਦੇ 22 ਨਮੂਨੇ ਲਏ ਗਏ। 61 ਨਮੂਨਿਆਂ ਵਿਚੋਂ 28 ਦੇ ਨਤੀਜੇ ਹੁਣ ਤਕ ਪ੍ਰਾਪਤ ਹੋਏ ਹਨ ਅਤੇ ਇਨ੍ਹਾਂ ਵਿਚੋਂ 18 ਪੱਕੇ ਤੌਰ 'ਤੇ 'ਨੈਗੇਟਿਵ' ਐਲਾਨੇ ਗਏ ਹਨ ਜਦਕਿ ਬਾਕੀ ਨਮੂਨਿਆਂ ਦਾ ਮੁੜ-ਨਿਰੀਖਣ ਹੋ ਰਿਹਾ ਹੈ। ਬਾਕੀ 10 ਦੇ ਨਤੀਜੇ ਸ਼ਾਮ ਤਕ ਪ੍ਰਾਪਤ ਹੋ ਜਾਣ ਦੀ ਉਮੀਦ ਹੈ। ਖੂਨ ਦੇ ਸਾਰੇ 22 ਨਮੂਨੇ 'ਨੈਗੇਟਿਵ' ਪਾਏ ਗਏ ਹਨ। ਭਾਰਤ ਵਿਚ ਇਹ ਪਹਿਲੀ ਵਾਰ ਹੈ ਕਿ ਖੂਨ ਦੇ ਨਮੂਨਿਆਂ ਰਾਹੀਂ ਖਿਡਾਰੀਆਂ ਦਾ ਨਸ਼ਿਆਂ ਬਾਰੇ ਟੈਸਟ ਹੋ ਰਿਹਾ ਹੈ। ਪਿਸ਼ਾਬ ਦੇ ਟੈਸਟ ਰਾਹੀਂ ਕਈ ਵਾਰ ਨਸ਼ੇ ਪਕੜ ਵਿਚ ਨਹੀਂ ਆਉਂਦੇ ਪਰ ਖੂਨ ਦੇ ਟੈਸਟ ਕੀਤਿਆਂ ਨਸ਼ੇ ਦਾ ਸਪੱਸ਼ਟ ਤੌਰ 'ਤੇ ਪਤਾ ਲੱਗ ਜਾਂਦਾ ਹੈ।

 ਵਿਸ਼ਵ ਕਬੱਡੀ ਕੱਪ ਦਾ ਫਾਈਨਲ ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ

ਲੁਧਿਆਣਾ, 11 ਅਪ੍ਰੈਲ - ਵਿਸ਼ਵ ਕੱਪ ਕਬੱਡੀ ਦਾ ਫਾਈਨਲ ਮੁਕਾਬਲਾ ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ ਫਲੱਡ ਲਾਈਟਾਂ ਦੀ ਰੌਸ਼ਨੀ 'ਚ ਕਰਵਾਇਆ ਜਾ ਰਿਹਾ ਹੈ। ਉਸ ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਫਸਵੀਂ ਟੱਕਰ ਹੋਣ ਦੇ ਆਸਾਰ ਹਨ। ਭਾਰਤ ਅਤੇ ਪਾਕਿਸਤਾਨ ਵਿਚਕਾਰ ਭਾਵੇਂ ਕਿਸੇ ਵੀ ਖੇਡ ਦਾ ਮੁਕਾਬਲਾ ਹੋਵੇ, ਉਹ ਖੇਡ ਪ੍ਰੇਮੀਆਂ ਲਈ ਇਕ ਗਜ਼ਬ ਦਾ ਨਜ਼ਾਰਾ ਹੀ ਹੁੰਦਾ ਹੈ। ਵਿਸ਼ਵ ਕੱਪ ਕਬੱਡੀ ਵਿਚ ਭਾਰਤੀ ਟੀਮ ਪੂਲ 'ਏ' ਵਿਚ ਆਪਣੀਆਂ ਵਿਰੋਧੀ ਟੀਮਾਂ ਅਮਰੀਕਾ, ਆਸਟ੍ਰੇਲੀਆ, ਈਰਾਨ ਅਤੇ ਇਟਲੀ ਨੂੰ ਹਰਾ ਕੇ ਸਿਖ਼ਰ 'ਤੇ ਰਹੀ ਹੈ। ਸੈਮੀਫਾਈਨਲ ਵਿਚ ਭਾਰਤ ਨੇ ਕੈਨੇਡਾ ਨੂੰ 51-37 ਨਾਲ ਹਰਾ ਕੇ ਆਪਣੇ ਚੈਂਪੀਅਨ ਬਣਨ ਦੇ ਇਰਾਦੇ ਦਰਸਾ ਦਿੱਤੇ ਹਨ। ਦੂਸਰੇ ਪਾਸੇ ਪੂਲ 'ਬੀ' ਵਿਚ ਪਾਕਿਸਤਾਨ ਨੇ ਕੈਨੇਡਾ, ਸਪੇਨ ਅਤੇ ਇੰਗਲੈਂਡ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਸੈਮੀਫਾਈਨਲ ਵਿਚ ਪਾਕਿਸਤਾਨ ਨੇ ਇਟਲੀ ਨੂੰ ਬੁਰੀ ਤਰ੍ਹਾਂ ਦਰੜਿਆ ਹੈ। ਭਾਰਤੀ ਟੀਮ ਦੀਆਂ ਵੱਡੀਆਂ ਆਸਾਂ ਕਪਤਾਨ ਮੰਗਤ ਸਿੰਘ, ਹਰਵਿੰਦਰ ਸਿੰਘ ਦੁੱਲਾ ਸੁਰਖਪੁਰ, ਗੁਲਜ਼ਾਰ ਮੂਣਕ, ਸੰਦੀਪ ਸੁਰਖਪੁਰ, ਸੁਖਬੀਰ ਸਰਾਵਾਂ, ਨਿੱਕਾ ਜਰਗੜੀ, ਹਰਦੀਪ ਢਿੱਲੋਂ, ਕਾਕਾ ਕਾਹਰੀ ਸਾਰਹੀ, ਲਾਡੀ ਓਟਾਲਾ 'ਤੇ ਰਹਿਣਗੀਆਂ, ਜਦ ਕਿ ਪਾਕਿਸਤਾਨ ਦੀਆਂ ਨਜ਼ਰਾਂ ਮੁਸ਼ੱਰਫ਼ ਜੰਜੂਆ, ਇਮਤਿਆਜ਼ ਆਲਮ, ਬਾਬਰ ਗੁੱਜਰ, ਅਖ਼ਤਰ ਪਠਾਨ ਵਰਗੇ ਨਾਮੀ ਖਿਡਾਰੀਆਂ 'ਤੇ ਰਹਿਣਗੀਆਂ, ਪਰ ਇਹ ਸਮਾਂ ਦੱਸੇਗਾ ਕਿ ਪਲੇਠੇ ਵਿਸ਼ਵ ਕੱਪ ਦਾ ਚੈਂਪੀਅਨ ਕੌਣ ਬਣਦਾ ਹੈ। ਇਸ ਮੌਕੇ 'ਤੇ ਨਾਰਥ ਜ਼ੋਨ ਕਲਚਰ ਸੈਂਟਰ ਵੱਲੋਂ 32 ਮਿੰਟ ਦਾ 14 ਰਾਜਾਂ ਦਾ ਇਕ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ੍ਰੀ ਏ. ਆਰ. ਰਹਿਮਾਨ ਐਂਡ ਵੰਦੇ ਮਾਤਰਮ ਵੱਲੋਂ ਮੈਡਲੇ ਸ਼ੋਅ ਪੇਸ਼ ਕੀਤਾ ਜਾਵੇਗਾ। ਬਾਲੀਵੁੱਡ ਦੇ ਉਘੇ ਪਿੱਠਵਰਤੀ ਗਾਇਕ ਸੁਖਵਿੰਦਰ ਸਿੰਘ ਅਤੇ ਡੌਲੀ ਗੁਲੇਰੀਆ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਸ: ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਜਿਥੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜਣਗੇ ਉਥੇ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ। ਇਸ ਮੌਕੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਚੌਟਾਲਾ ਅਤੇ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਵਿਸ਼ੇਸ਼ ਤੌਰ 'ਤੇ ਪੁੱਜਣਗੇ। ਜ਼ਿਲ੍ਹਾ ਕਮਿਸ਼ਨਰ ਸ੍ਰੀ ਈਸ਼ਵਰ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਸਟੇਡੀਅਮ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੰਜਾਬ ਦੇ ਖੇਡ ਵਿਭਾਗ ਦੇ ਡਾਇਰੈਕਟਰ ਸ: ਪਰਗਟ ਸਿੰਘ ਨੇ ਦੱਸਿਆ ਕਿ ਤੀਸਰੇ ਸਥਾਨ ਵਾਲਾ ਮੈਚ ਕੈਨੇਡਾ ਅਤੇ ਇਟਲੀ ਵਿਚਕਾਰ 5 ਵਜੇ ਸ਼ੁਰੂ ਹੋਵੇਗਾ, ਜਦ ਕਿ ਫਾਈਨਲ ਭਾਰਤ ਅਤੇ ਪਾਕਿਸਤਾਨ ਵਿਚਕਾਰ 8:30 ਵਜੇ ਖੇਡਿਆ ਜਾਵੇਗਾ। ਸ੍ਰੀ ਰਾਹੁਲ ਤਿਵਾੜੀ ਡੀ ਸੀ ਲੁਧਿਆਣਾ ਨੇ ਦੱਸਿਆ ਕਿ ਦਰਸ਼ਕਾਂ ਦੀ ਐਂਟਰੀ ਲਈ 9 ਗੇਟ ਬਣਾਏ ਗਏ ਹਨ।

ਕੌਮੀ ਫੁੱਟਬਾਲ ਲੀਗ
ਜੇ. ਸੀ. ਟੀ. ਦਾ ਅਗਲਾ ਮੈਚ 17 ਨੂੰ

ਲੁਧਿਆਣਾ, 10 ਅਪ੍ਰੈਲ - ਕੌਮੀ ਫੁੱਟਬਾਲ ਲੀਗ ਦਾ ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ ਜੇ.ਸੀ.ਟੀ. ਦਾ ਅਗਲਾ ਮੈਚ ਵੀਵਾ ਕੇਰਲ ਨਾਲ 17 ਅਪ੍ਰੈਲ ਨੂੰ ਹੋਵੇਗਾ। ਉਨ੍ਹਾਂ ਤੋਂ ਬਾਅਦ ਜੇ. ਸੀ. ਟੀ. ਦਾ ਮੈਚ 21 ਅਪ੍ਰੈਲ ਨੂੰ ਚਿਰਾਗ ਯੂਨਾਈਟਿਡ ਕੋਲਕਾਤਾ ਵਿਰੁੱਧ ਹੋਵੇਗਾ ਫੇਰ 11 ਮਈ ਨੂੰ ਮੁੰਬਈ ਫੁੱਟਬਾਲ ਕਲੱਬ ਵਿਰੁੱਧ ਜੇ. ਸੀ. ਟੀ. ਦਾ ਮੈਚ ਹੋਵੇਗਾ। ਇਹ ਸਾਰੇ ਮੈਚ ਸ਼ਾਮ 4:30 ਵਜੇ ਸ਼ੁਰੂ ਹੋਇਆ ਕਰਨਗੇ। ਕੌਮੀ ਫੁੱਟਬਾਲ ਲੀਗ 'ਚ ਜੇ. ਸੀ. ਟੀ. ਨੂੰ ਲਗਾਤਾਰ ਤਿੰਨ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ। ਜੇ. ਸੀ. ਟੀ. ਦੀ ਟੀਮ ਦੇ ਇਸ ਵੇਲੇ 20 ਮੈਚਾਂ ਬਾਅਦ 22 ਅੰਕ ਹਨ ਤੇ ਉਹ ਕੌਮੀ ਲੀਗ ਵਿਚ 9ਵੇਂ ਸਥਾਨ 'ਤੇ ਚੱਲ ਰਹੀ ਹੈ।

ਵਿਸ਼ਵ ਕਬੱਡੀ ਕੱਪ
ਮੇਜ਼ਬਾਨ ਭਾਰਤ ਦਾ ਕੈਨੇਡਾ ਤੇ ਪਾਕਿਸਤਾਨ ਦਾ ਇਟਲੀ ਨਾਲ ਮੁਕਾਬਲਾ

ਜਲੰਧਰ, 9 ਅਪ੍ਰੈਲ - ਵਿਸ਼ਵ ਕਬੱਡੀ ਕੱਪ ਪੰਜਾਬ 'ਚ ਵੱਖ ਵੱਖ ਥਾਵਾਂ 'ਤੇ ਕਰਵਾਇਆ ਜਾ ਰਿਹਾ ਹੈ। ਇਸ ਵਿਸ਼ਵ ਕੱਪ ਦੇ ਲੀਗ ਮੈਚ ਖਤਮ ਹੋ ਗਏ ਹਨ ਤੇ ਪੂਲ-ਬੀ ਵਿਚੋਂ ਪਾਕਿਸਤਾਨ ਨੇ ਪਹਿਲਾ ਤੇ ਕੈਨੇਡਾ ਨੇ ਦੂਜਾ ਤੇ ਪੂਲ-ਏ ਦੇ ਵਿਚੋਂ ਭਾਰਤ ਨੇ ਪਹਿਲਾ ਤੇ ਇਟਲੀ ਨੇ ਦੂਜਾ ਸਥਾਨ ਹਾਸਲ ਕਰਕੇ ਇਸ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਵਿਚ ਦਾਖਲ ਹੋਣ ਦਾ ਮਾਣ ਹਾਸਲ ਕੀਤਾ ਹੈ। ਵੈਸੇ ਤਾਂ ਪਾਕਿਸਤਾਨ ਨੇ ਆਪਣੇ ਤਿੰਨ ਮੈਚ ਜਿੱਤੇ ਹਨ, ਭਾਰਤ ਨੇ 4 ਮੈਚ, ਜਿੱਤ ਕੇ ਤੇ ਕੈਨੇਡਾ ਨੇ 2 ਮੈਚ ਜਿੱਤ ਕੇ ਸੈਮੀਫਾਈਨਲ ਵਿਚ ਥਾਂ ਬਣਾਈ ਹੈ ਪਰ ਇਟਲੀ ਦੀ ਟੀਮ ਇਕ ਬੜਾ ਉਲਟ ਫੇਰ ਕਰਕੇ ਅਮਰੀਕਾ ਦੀ ਟੀਮ ਨੂੰ ਹਰਾਇਆ। ਇਟਲੀ ਦੀ ਟੀਮ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ। ਇਸ ਟੀਮ ਦੇ ਵਿਚ ਧਾਵੀ ਕਪਤਾਨ ਕਾਲਾ ਮੀਆਂਵਿੰਡ, ਚੰਨਾ ਖੀਰਾਂਵਾਲੀ ਦਲਜੀਤ ਲੰਬੜ ਡੱਫਰ, ਅਮਨ ਬੱਧਨੀ, ਬਲਵਿੰਦਰ ਸਿੰਘ ਸੀਚੇਵਾਲ, ਜੱਸਾ ਜਲਾਦੀਵਾਲ ਤੇ ਮੇਜਰ ਸੁਹਾਣਾ ਸ਼ਾਮਿਲ ਹਨ ਤੇ ਜਾਫੀ ਵਜੋਂ ਉਪ-ਕਪਤਾਨ ਜਿੰਦਰ ਮਾਗੇਕੀ, ਚਰਨਾ ਡੱਫਰ, ਮਨਪ੍ਰੀਤ, ਜੀਤ ਬਰਗੜੀ, ਗੁਰਦਿਆਲ ਢੇਰੀ, ਦੀਪ ਗੜ੍ਹੀ ਬਖਸ਼ਾ ਸ਼ਾਮਿਲ ਹਨ। ਪਾਕਿਸਤਾਨੀ ਟੀਮ ਦੇ ਵਿਚ ਧਾਵੀ ਅਖ਼ਤਰ ਪਠਾਨ, ਇਮਤਿਆਜ਼ ਆਲਮ, ਬੱਬਰ, ਗੁੱਜਰ, ਮੁਹੰਮਦ ਇਰਫਾਨ, ਕਾਸਫ ਰਿਆਜ ਤਕੜੇ ਹਨ ਤੇ ਜਾਫੀ ਮੁਹੰਮਦ ਕਾਸਫ ਖਾਨ, ਮੁਸ਼ੱਰਫ ਜੰਜੂਆ, ਜਾਫ਼ਰ ਬੇਗ (ਹਾਥੀ) ਅੰਤਰ ਸਹਿਜ਼ਾਦ ਸ਼ਾਮਿਲ ਹਨ ਤੇ ਇਹ ਇਸ ਵੇਲੇ ਫਾਈਨਲ ਵਿਚ ਪੁੱਜਣ ਦੀ ਮਜ਼ਬੂਤ ਦਾਅਵੇਦਾਰ ਹੈ। ਭਾਰਤ ਦੀ ਟੀਮ 'ਚ ਧਾਵੀ ਦੁੱਲਾ ਸੁਰਖਪੁਰੀਆ, ਉਪ ਕਪਤਾਨ ਸੰਦੀਪ ਸੁਰਖਪੁਰੀਆ, ਗੁਲਜ਼ਾਰੀ ਮੂਣਕ, ਸੁਖਵੀਰ ਸਰਾਵਾਂ, ਕਾਕਾ ਕਾਹਰੀਸਾਹਰੀ, ਨਿੱਕਾ ਜਰਗੜੀ, ਲਾਡੀ ਉਟਾਲਾਂ ਸ਼ਾਮਿਲ ਹਨ ਪਰ ਇਨ੍ਹਾਂ ਦੀ ਰਣਨੀਤੀ ਮੌਕੇ 'ਤੇ ਹੀ ਪਤਾ ਲੱਗੇਗੀ। ਇਸ ਤੋਂ ਇਲਾਵਾ ਇਸ ਟੀਮ ਦੇ ਵਿਚ ਜਾਫੀ ਮੰਗਤ ਮੰਗੀ ਕਪਤਾਨ ਬੱਗਾ ਪਿੰਡ, ਸੁਖ ਭੰਡਾਲ, ਬਿੱਟੂ ਦੁਗਾਲ, ਖੁਸ਼ੀ ਦਿੜ੍ਹਬਾ, ਸ਼ੀਰਾ ਪਿੱਥੋ, ਕਰਨੀ ਬਡਵਾਲ, ਹਰਦੀਪ ਢਿੱਲੋਂ ਸ਼ਾਮਿਲ ਹਨ। ਕੈਨੇਡਾ ਦੀ ਟੀਮ ਨੇ ਇਸ ਵਿਸ਼ਵ ਕੱਪ ਦੇ ਫਾਈਨਲ ਵਿਚ ਪੁੱਜਣ ਲਈ ਨਵਾਂ ਧਾਵੀ ਬਾਬਾ ਜਲਾਲਦੀਵਾਲ ਤੇ ਜਾਫੀ ਹਰਦੀਪ ਸਿੰਘ ਤਾਉ ਤੋਗਾਵਾਲ ਇਸ ਟੀਮ ਦੇ ਵਿਚ ਸ਼ਾਮਿਲ ਕੀਤੇ ਹਨ। ਦੇਖੋ ਇਹ ਟੀਮ ਲਈ ਕੋਈ ਨਵੀਂ ਰਣਨੀਤੀ ਘੜਦੇ ਹਨ, ਕੈਨੇਡਾ ਦੀ ਟੀਮ ਦੇ ਵਿਚ ਧਾਵੀ ਕੁਲਜੀਤ ਮਲਸੀਆ ਜੋ ਕਿਸੇ ਵੇਲੇ ਵੀ ਮੈਚ ਦਾ ਰੁਖ ਪਲਟ ਸਕਦਾ ਹੈ, ਕਪਤਾਨ ਕਿੰਦਾ ਬਿਹਾਰੀਪੁਰ, ਦੀਪਾ ਬੱਧਨੀ, ਬਾਬਾ ਜਲਾਲਦੀਵਾਲ ਟੈਰੀ ਪੁਰੇਵਾਲ, ਤੇ ਜੱਗਾ ਆਲੋਵਾਲ ਢੇਰੀਆਂ, ਮੌਜੂਦ ਹਨ ਤੇ ਜਾਫੀ ਸੋਨੀ ਸੁਨੇਤ ਉਪ ਕਪਤਾਨ, ਬਲਜੀਤ ਸੈਦੋਕੇ, ਕੀਪਾ ਸੁਰਖਪੁਰ, ਸੰਦੀਪ ਗੁਰਦਾਸਪੁਰ, ਪੱਪੀ ਖਹਿਰਾ, ਅਮਨ ਕੰਡੀ, ਜਿੰਦਰ ਬੋਪਾਰਾਏ ਤੇ ਭੂਰਾ ਘੜੂੰਆਂ ਸ਼ਾਮਿਲ ਹਨ ਪਰ ਜਿਸ ਤਰੀਕੇ ਨਾਲ ਭਾਰਤ ਤੇ ਪਾਕਿਸਤਾਨੀ ਟੀਮ ਦੀ ਇਸ ਵੇਲੇ ਦੀ ਪਰਫਾਰਮੈਂਸ ਚੱਲ ਰਹੀ ਹੈ।

ਵਿਸ਼ਵ ਕਬੱਡੀ ਕੱਪ ਦੇ ਸੈਮੀਫਾਈਨਲ ਬਠਿੰਡਾ 'ਚ

ਬਠਿੰਡਾ, 9 ਅਪ੍ਰੈਲ - ਵਿਸ਼ਵ ਕਬੱਡੀ ਕੱਪ ਦੇ ਸੈਮੀਫਾਈਲ ਬਠਿੰਡਾ 'ਚ ਕਰਵਾਏ ਜਾ ਰਹੇ ਹਨ। ਇਨ੍ਹਾਂ ਦੋਵਾਂ ਸੈਮੀਫਾਈਨਲ ਮੈਚਾਂ ਨੂੰ ਵੇਖਣ ਲਈ ਫਰੀਦਕੋਟ, ਮੁਕਤਸਰ, ਮਾਨਸਾ, ਬਰਨਾਲਾ, ਫ਼ਿਰੋਜ਼ਪੁਰ ਜ਼ਿਲ੍ਹਿਆਂ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਤੋਂ ਵੱਡੀ ਗਿਣਤੀ 'ਚ ਕਬੱਡੀ ਪ੍ਰੇਮੀ ਪੁੱਜ ਰਹੇ ਹਨ। 10 ਅਪ੍ਰੈਲ ਨੂੰ ਇਕ ਵਜੇ ਸਿੱਖ ਬੱਚਿਆਂ ਦੀਆਂ ਕਬੱਡੀ ਟੀਮਾਂ ਦਾ ਪ੍ਰਦਰਸ਼ਨੀ ਮੈਚ ਹੋਵੇਗਾ, ਉਥੇ ਠੀਕ 2 ਵਜੇ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਅਤੇ ਠੀਕ ਤਿੰਨ ਵਜੇ ਪਾਕਿਸਤਾਨ ਅਤੇ ਇਟਲੀ ਦੀਆਂ ਟੀਮਾਂ ਵਿਚਕਾਰ ਪਹਿਲਾ ਸੈਮੀਫਾਈਨਲ ਮੈਚ ਹੋਵੇਗਾ। ਦੂਜਾ ਸੈਮੀਫਾਈਨਲ ਮੁਕਾਬਲਾ ਪਹਿਲੇ ਮੈਚ ਤੋਂ ਤੁਰੰਤ ਪਿੱਛੋਂ ਭਾਰਤ ਅਤੇ ਕੈਨੇਡਾ ਦੀਆਂ ਟੀਮਾਂ ਵਿਚਕਾਰ ਖੇਡਿਆ ਜਾਵੇਗਾ। ਦੋਹਾਂ ਸੈਮੀਫਾਈਨਲ ਮੈਚਾਂ ਦੀਆਂ ਜੇਤੂ ਟੀਮਾਂ ਦਾ ਫਾਈਨਲ ਮੁਕਾਬਲਾ 12 ਅਪ੍ਰੈਲ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਫਲੱਡ ਲਾਈਟਾਂ ਵਿਚ ਖੇਡਿਆ ਜਾਵੇਗਾ।

ਕਬੱਡੀ ਅਕੈਡਮੀ ਘਰਿਆਲਾ ਦੇ ਟਰਾਇਲ 11 ਨੂੰ

ਹਰੀਕੇ ਪੱਤਣ, 9 ਅਪ੍ਰੈਲ - 11 ਅਪ੍ਰੈਲ ਨੂੰ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਅਕੈਡਮੀ ਘਰਿਆਲਾ ਦੇ ਟਰਾਇਲ ਕਰਵਾਏ ਜਾ ਰਹੇ ਹਨ। ਇਸ ਟਰਾਇਲ ਵਾਸਤੇ ਖਿਡਾਰੀ ਦੀ ਉਮਰ ਘੱਟ ਤੋਂ ਘੱਟ 17 ਸਾਲ ਅਤੇ ਭਾਰ 70 ਕਿਲੋ ਹੋਣਾ ਲਾਜ਼ਮੀ ਹੈ ਅਤੇ ਟਰਾਇਲ ਦੇਣ ਦੇ ਚਾਹਵਾਨ ਖਿਡਾਰੀਆਂ ਨੂੰ 11 ਅਪ੍ਰੈਲ 10 ਵਜੇ ਘਰਿਆਲਾ ਅਕੈਡਮੀ ਵਿਖੇ ਪਹੁੰਚਣ।

ਪੰਜਾਬ ਸਬ ਜੂਨੀਅਰ ਨੈਸ਼ਨਲ ਥ੍ਰੋਬਾਲ ਲਈ ਚੁਣੇ ਗਏ ਖਿਡਾਰੀ

ਜਲੰਧਰ, 9 ਅਪ੍ਰੈਲ - 16 ਤੋਂ 18 ਅਪ੍ਰੈਲ ਤੱਕ ਗੋਆ 'ਚ ਲੜਕੇ ਤੇ ਲੜਕੀਆਂ ਦੇ ਵਰਗਾਂ ਦੀ ਸਬ-ਜੂਨੀਅਰ ਨੈਸ਼ਨਲ ਥ੍ਰੋਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਵਿਚ ਹਿੱਸਾ ਲੈਣ ਵਾਲੀ ਪੰਜਾਬ ਸਬ ਜੂਨੀਅਰ ਲੜਕੇ ਵਰਗ ਦੀ ਟੀਮ 'ਚ ਵਿਚ ਸੁਖਚੈਨ, ਨਰਿੰਦਰ, ਬਲਵਿੰਦਰ (ਮੁਕਤਸਰ), ਹਰਪ੍ਰੀਤ, ਲਵਪ੍ਰੀਤ, ਅੰਮ੍ਰਿਤਪਾਲ, ਗੁਰਪ੍ਰੀਤ ਤੇ ਲਵਪ੍ਰੀਤ (ਗੁਰਦਾਸਪੁਰ), ਜਗਰੂਪ, ਜੋਬਨਜੀਤ (ਤਰਨ ਤਾਰਨ), ਸੰਨੀ ਅੰਮ੍ਰਿਤਸਰ ਦੀ ਚੋਣ ਕੀਤੀ ਗਈ ਹੈ। ਲੜਕੀਆਂ ਦੇ ਵਰਗ 'ਚ ਪ੍ਰਨੀਤ ਕੌਰ (ਜਲੰਧਰ), ਗੁਰਪ੍ਰੀਤ, ਕਿਰਨਦੀਪ, ਰਾਜਪ੍ਰੀਤ (ਕਪੂਰਥਲਾ), ਸ਼ਮਾ, ਭਾਵਨਾ ਤੇ ਸੁਨੈਨਾ, ਅਮਨਪ੍ਰੀਤ, ਮਨਦੀਪ, ਸਨਦੀਪ, ਰੰਜਨਾ ਤੇ ਰਾਜਵਿੰਦਰ ਅੰਮ੍ਰਿਤਸਰ ਦੀ ਚੋਣ ਕੀਤੀ ਗਈ ਹੈ। ਇਸ ਟੀਮ ਨਾਲ ਰਣਜੀਤ ਸਿੰਘ, ਨਿਰਮਲ ਸਿੰਘ, ਕੁਮਾਰੀ ਮੀਨੂੰ, ਕਮਲਦੀਪ ਤੇ ਸੁਦਰਸ਼ਨ ਆਨੰਦ ਬਤੌਰ ਆਫੀਸ਼ਲ ਜਾਣਗੇ। ਇਸ ਟੀਮ ਨੂੰ ਖੇਡ ਕਿੱਟਾਂ ਸਪਾਂਸਰ ਜਸਵੀਰ ਸਿੰਘ ਸੰਧੂ ਤੇ ਵਿੱਕੀ ਦਿਓਲ ਨੇ ਕੀਤੀਆਂ ਹਨ।

ਤਿੰਨ ਰੋਜ਼ਾ ਰਾਜ ਪੱਧਰੀ ਬਾਸਕਿਟ ਬਾਲ ਟੂਰਨਾਮੈਂਟ

ਕਪੂਰਥਲਾ, 9 ਅਪ੍ਰੈਲ - ਤਿੰਨ ਰੋਜ਼ਾ ਰਾਜ ਪੱਧਰੀ ਟੂਰਨਾਮੈਂਟ ਦਬੂਲੀਆਂ ਦੇ ਖੇਡ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ। ਇਸ ਦੇ ਉਦਘਾਟਨੀ ਮੈਚ ਵਿਚ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਟੀਮ ਨੇ ਲੁਧਿਆਣਾ ਬਾਸਕਿਟ ਬਾਲ ਅਕੈਡਮੀ ਨੂੰ ਹਰਾਇਆ। ਇਸ ਤੋਂ ਪਹਿਲਾਂ ਪੀ.ਏ.ਪੀ. ਜਲੰਧਰ ਨੇ 29 ਦੇ ਮੁਕਾਬਲੇ ਬਲਕਾਰ ਸਿੰਘ ਚੀਮਾ ਸਪੋਰਟਸ ਕਲੱਬ ਕਪੂਰਥਲਾ 59 ਅੰਕਾਂ ਨਾਲ ਪਛਾੜਕੇ ਮੈਚ ਜਿੱਤਿਆ, ਜਦਕਿ ਜਲੰਧਰ ਤੇ ਕਪੂਰਥਲਾ ਦੀਆਂ ਲੜਕੀਆਂ ਵਿਚਕਾਰ ਹੋਏ ਮੈਚ ਵਿਚ ਜਲੰਧਰ ਦੀਆਂ ਲੜਕੀਆਂ ਦੀ ਟੀਮ ਨੇ 27 ਦੇ ਮੁਕਾਬਲੇ 39 ਅੰਕ ਪ੍ਰਾਪਤ ਕਰਕੇ ਕਪੂਰਥਲਾ ਨੂੰ ਹਰਾਇਆ।

 ਵਿਸ਼ਵ ਕਬੱਡੀ ਕੱਪ
ਇਟਲੀ ਨੇ ਅਮਰੀਕਾ ਅਤੇ ਆਸਟ੍ਰੇਲੀਆ ਨੇ ਈਰਾਨ ਨੂੰ ਲਾਇਆ ਥੱਲੇ

ਅੰਮ੍ਰਿਤਸਰ ਵਿਖੇ ਕਬੱਡੀ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦੇ ਹੋਏ ਉਪ ਮੁੱਖ  ਮੰਤਰੀ ਸ: ਸੁਖਬੀਰ ਸਿੰਘ ਬਾਦਲ। ਉਨ੍ਹਾਂ ਨਾਲ ਸ: ਰਣਜੀਤ ਸਿੰਘ ਬ੍ਰਹਮਪੁਰਾ, ਡਾ:ਰਤਨ ਸਿੰਘ ਅਜਨਾਲਾ, ਜਥੇ: ਗੁਲਜ਼ਾਰ ਸਿੰਘ ਰਣੀਕੇ ਤੇ ਹੋਰ (ਸੱਜੇ) ਆਸਟ੍ਰੇਲੀਆ ਅਤੇ ਈਰਾਨ ਦੀ ਟੀਮ ਦੇ ਖਿਡਾਰੀ ਆਪਸ 'ਚ ਭਿੜਦੇ ਹੋਏ।

ਅੰਮ੍ਰਿਤਸਰ, 8 ਅਪ੍ਰੈਲ - ਵਿਸ਼ਵ ਕਬੱਡੀ ਕੱਪ ਦੇ ਛੇਵੇਂ ਦਿਨ ਦੇ ਮੁਕਾਬਲੇ ਗੁਰੂ ਨਗਰੀ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ 'ਚ ਕਰਵਾਏ ਗਏ। ਇਨ੍ਹਾਂ ਕਬੱਡੀ ਮੁਕਾਬਲਿਆਂ 'ਚ ਆਸਟ੍ਰੇਲੀਆ ਨੇ ਈਰਾਨ ਨੂੰ, ਇਟਲੀ ਨੇ ਅਮਰੀਕਾ ਨੂੰ ਅਤੇ ਪਾਕਿਸਤਾਨ ਨੇ ਇੰਗਲੈਂਡ ਨੂੰ ਹਰਾਇਆ। ਇਸ ਟੂਰਨਾਮੈਂਟ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਕਿਹਾ ਕਿ ਪੰਜਾਬ ਦੇ ਪਿੰਡਾਂ ਤੱਕ ਸੀਮਤ ਕਬੱਡੀ ਨੂੰ ਕੌਮਾਂਤਰੀ ਨਕਸ਼ੇ 'ਤੇ ਲਿਆਉਣ ਲਈ ਅਕਾਲੀ-ਭਾਜਪਾ ਸਰਕਾਰ ਹਰ ਸੰਭਵ ਯਤਨ ਕਰੇਗੀ। ਸਰਕਾਰ ਦੇ ਸਾਰੇ ਸਬੰਧਿਤ ਵਿਭਾਗਾਂ ਨੂੰ ਖੇਡ ਕੋਟੇ ਦੀਆਂ ਅਸਾਮੀਆਂ 6 ਮਹੀਨੇ ਦੇ ਅੰਦਰ ਭਰਨ ਦੇ ਹੁਕਮ ਜਾਰੀ ਕੀਤੇ ਹਨ। ਰਾਜ ਦੇ 6 ਖੇਡ ਸਟੇਡੀਅਮਾਂ ਨੂੰ ਕੌਮਾਂਤਰੀ ਪੱਧਰ ਦੇ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਬੱਡੀ ਨੂੰ ਏਸ਼ੀਆ ਤੇ ਉਲੰਪਿਕ ਵਿਚ ਲੈ ਕੇ ਜਾਵਾਂਗੇ। ਪਹਿਲਾ ਮੈਚ ਈਰਾਨ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਦਰਮਿਆਨ ਹੋਇਆ। ਜਿਸ ਵਿਚ ਆਸਟ੍ਰੇਲੀਆ ਨੇ ਈਰਾਨ ਨੂੰ 26 ਦੇ ਮੁਕਾਬਲੇ 57 ਅੰਕਾਂ ਦੇ ਫਰਕ ਨਾਲ ਹਰਾਇਆ। ਉਪਰੰਤ ਇਟਲੀ ਨੇ ਅਮਰੀਕਾ ਨੂੰ ਬਹੁਤ ਹੀ ਫ਼ਸਵੇਂ ਮੈਚ 'ਚ 43 ਦੇ ਮੁਕਾਬਲੇ 45 ਅੰਕਾਂ ਨਾਲ ਪਛਾੜਿਆ। ਤੀਸਰੇ ਤੇ ਅੰਤਿਮ ਮੈਚ 'ਚ ਪਾਕਿਸਤਾਨ ਨੇ ਇੰਗਲੈਂਡ ਨੂੰ 23 ਦੇ ਮੁਕਾਬਲੇ 50 ਅੰਕਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਤੇ ਪਾਕਿਸਤਾਨ ਸੈਮੀਫਾਈਨਲ 'ਚ ਪੁੱਜ ਗਿਆ। ਜਿਸ ਦਾ ਸੈਮੀ ਫਾਈਨਲ ਮੁਕਾਬਲਾ 10 ਅਪ੍ਰੈਲ ਨੂੰ ਬਠਿੰਡਾ ਵਿਖੇ ਇਟਲੀ ਦੀ ਟੀਮ ਨਾਲ ਹੋਵੇਗਾ।

ਕਬੱਡੀ ਕੱਪ 'ਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਹਾਲਤ

ਪਟਿਆਲਾ, 8 ਅਪ੍ਰੈਲ - ਵਿਸ਼ਵ ਕਬੱਡੀ ਕੱਪ ਜੋ ਕਿ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਦੇ ਛੇਵੇਂ ਦਿਨ ਹੋਏ ਲੀਗ ਦੌਰ ਦੇ ਮੈਚਾਂ ਤੋਂ ਬਾਅਦ ਵੱਖ-ਵੱਖ ਟੀਮਾਂ ਦੀ ਸਥਿਤੀ ਹੇਠ ਲਿਖੇ ਅਨੁਸਾਰ ਹੈ। ਪੂਲ ਏ ਦੀ ਸਥਿਤੀ 'ਚ ਭਾਰਤ ਨੇ 4 ਚਾਰੋਂ ਮੈਚ ਜਿੱਤ ਕੇ 8 ਅੰਕ, ਅਮਰੀਕਾ ਨੇ 2 ਮੈਚ ਜਿੱਤ ਕੇ 4 ਅੰਕ, ਆਸਟਰੇਲੀਆ ਨੇ 1 ਮੈਚ ਜਿੱਤ ਕੇ 2 ਅੰਕ, ਇਟਲੀ ਨੇ 3 ਮੈਚ ਜਿੱਤ ਕੇ 6 ਅੰਕ ਪ੍ਰਾਪਤ ਕੀਤੇ ਹਨ ਅਤੇ ਈਰਾਨ ਨੇ ਚਾਰੋ ਮੈਂਚ ਹੀ ਹਾਰੇ। ਪੂਲ ਬੀ ਵਿਚ ਪਾਕਿਸਤਾਨ ਨੇ 3 ਮੈਚ ਖੇਡੇ ਤੇ ਤਿੰਨੋਂ ਮੈਚ ਜਿੱਤ ਕੇ 6 ਅੰਕ, ਕੈਨੇਡਾ ਨੇ 3 ਮੈਚ ਜਿੱਤ ਕੇ 4 ਅੰਕ, ਇੰਗਲੈਂਡ ਨੇ 1 ਮੈਚ ਜਿੱਤ ਕੇ 2 ਅੰਕ ਪ੍ਰਾਪਤ ਕੀਤੇ ਹਨ। ਸਪੇਨ ਨੇ 3 ਤਿੰਨੋਂ ਮੈਚ ਹਾਰੇ ਹਨ।

ਵਿਸ਼ਵ ਕਬੱਡੀ ਕੱਪ 'ਚ ਭਾਰਤ ਮੋਹਰੀ
ਇਟਲੀ ਨੇ ਆਸਟਰੇਲੀਆ ਅਤੇ ਕੈਨੇਡਾ ਨੇ ਇੰਗਲੈਂਡ ਨੂੰ ਕੀਤਾ ਚਿੱਤ

ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਸਰਕਾਰੀ ਕਾਲਜ ਗੁਰਦਾਸਪੁਰ ਖੇਡ ਸਟੇਡੀਅਮ ਵਿਚ ਕਬੱਡੀ ਖਿਡਾਰੀਆਂ ਨਾਲ ਮੁਲਾਕਾਤ ਦੌਰਾਨ। ਨਾਲ ਹਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਨਿਰਮਲ ਸਿੰਘ ਕਾਹਲੋਂ। ਨਾਲ ਦੀ ਤਸਵੀਰ ਵਿਚ ਇਕ ਕਬੱਡੀ ਮੈਚ ਦੀ ਝਲਕ।

ਗੁਰਦਾਸਪੁਰ, 7 ਅਪ੍ਰੈਲ - ਵਿਸ਼ਵ ਕਬੱਡੀ ਕੱਪ ਪੰਜਵੇਂ ਦਿਨ ਗੁਰਦਾਸਪੁਰ ਵਿਖੇ ਸਰਕਾਰੀ ਕਾਲਜ ਦੇ ਖੇਡ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਦਿਨ ਕਰਵਾਏ ਗਏ ਮੈਚਾਂ ਵਿਚ ਇਟਲੀ ਅਤੇ ਆਸਟਰੇਲੀਆ, ਈਰਾਨ ਅਤੇ ਭਾਰਤ ਤੋਂ ਇਲਾਵਾ ਇੰਗਲੈਂਡ ਅਤੇ ਕੈਨੇਡਾ ਦਰਮਿਆਨ ਕਬੱਡੀ ਦੇ ਮੈਚਾਂ ਹੋਏ। ਭਾਰਤ ਦੀ ਟੀਮ ਨੇ ਆਪਣੀ ਜਿੱਤ ਨੂੰ ਬਰਕਰਾਰ ਰੱਖਦਿਆਂ ਇਕ ਤਰਫਾ ਮੈਚ ਵਿਚ ਈਰਾਨ ਨੂੰ 62-28 ਅੰਕਾਂ ਦੇ ਫਰਕ ਨਾਲ ਪਛਾੜਿਆ। ਇਥੇ ਜ਼ਿਕਰਯੋਗ ਹੈ ਕਿ ਭਾਰਤ ਦੀ ਕਬੱਡੀ ਦੀ ਟੀਮ ਇਸ ਤੋਂ ਪਹਿਲਾਂ ਹੋਏ ਮੈਚਾਂ ਵਿਚ ਅਮਰੀਕਾ, ਇਟਲੀ ਅਤੇ ਆਸਟਰੇਲੀਆ ਨੂੰ ਪਛਾੜ ਚੁੱਕੀ ਹੈ। ਇਟਲੀ ਅਤੇ ਆਸਟਰੇਲੀਆ ਦੀਆਂ ਟੀਮਾਂ ਦਰਮਿਆਨ ਬਹੁਤ ਹੀ ਫਸਵਾਂ ਮੁਕਾਬਲਾ ਹੋਇਆ ਅਤੇ ਸਖਤ ਸੰਘਰਸ਼ ਦੇ ਬਾਅਦ ਇਟਲੀ ਨੇ ਆਸਟਰੇਲੀਆ ਨੂੰ 47-43 ਅੰਕਾਂ ਦੇ ਫਰਕ ਨਾਲ ਮਾਤ ਦਿੱਤੀ। ਤੀਸਰੇ ਮੈਚ ਵਿਚ ਕੈਨੇਡਾ ਦੀ ਟੀਮ ਨੇ ਇੰਗਲੈਡ ਨੂੰ 49-29 ਅੰਕਾਂ ਦੇ ਫਰਕ ਨਾਲ ਪਛਾੜਿਆ। ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਉਸ ਸਮੇਂ ਇਥੇ ਪੁੱਜੇ ਜਦੋਂ ਕੈਨੇਡਾ ਅਤੇ ਇੰਗਲੈਂਡ ਦਰਮਿਆਨ ਤੀਸਰਾ ਮੈਚ ਚੱਲ ਰਿਹਾ ਸੀ। ਉਨ੍ਹਾਂ ਨੇ ਟੀਮਾਂ ਵਿਚ ਸ਼ਾਮਿਲ ਕਬੱਡੀ ਖਿਡਾਰੀਆਂ ਨਾਲ ਜਾਣ-ਪਛਾਣ ਕਰਨ ਤੋਂ ਬਾਅਦ ਖੇਡ ਪ੍ਰੇਮੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਜਲਦੀ ਹੀ ਪੰਜਾਬ ਦੇ 8 ਸ਼ਹਿਰਾਂ ਦੇ ਖੇਡ ਸਟੇਡੀਅਮਾਂ ਨੂੰ ਅਪਗ੍ਰੇਡ ਕਰਕੇ ਉਥੇ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਬੱਡੀ ਦੇ ਇਸ ਟੂਰਨਾਮੈਂਟ ਨਾਲ ਕਬੱਡੀ ਖੇਡ ਨੂੰ ਦੁਨੀਆ ਦੇ ਨਕਸ਼ੇ 'ਤੇ ਲਿਆਉਣ ਦਾ ਲਿਆ ਗਿਆ ਸੁਪਨਾ ਸਫਲਤਾ ਪੂਰਵਕ ਸਾਕਾਰ ਹੋ ਰਿਹਾ ਹੈ। ਆਰੰਭ ਵਿਚ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਹਾਸਰਸ ਕਲਾਕਾਰ ਭਗਵੰਤ ਮਾਨ ਤੋਂ ਇਲਾਵਾ ਮਾਸਟਰ ਸਲੀਮ ਅਤੇ ਹੋਰ ਗਾਇਕਾਂ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।

ਵਿਸ਼ਵ ਕਬੱਡੀ ਕੱਪ
ਭਾਰਤ ਦਾ ਨਾਮ ਗਰੁੱਪ 'ਏ' ਵਿਚ

ਹੁਸ਼ਿਆਰਪੁਰ 'ਚ ਵਿਸ਼ਵ ਕਬੱਡੀ ਕੱਪ ਦੇ ਦੂਜੇ ਮੈਚ ਦੀ ਜੇਤੂ ਪਾਕਿਸਤਾਨ ਦੀ ਕਬੱਡੀ ਟੀਮ ਨਾਲ ਸ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ। ਉਨ੍ਹਾਂ ਨਾਲ ਸ: ਜਨਮੇਜਾ ਸਿੰਘ ਸੇਖੋਂ, ਬੀਬੀ ਮਹਿੰਦਰ ਕੌਰ ਜੋਸ਼, ਸ: ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਹੋਰ

ਭਾਰਤ-ਆਸਟਰੇਲੀਆ ਵਿਚਕਾਰ ਹੋਏ ਮੈਚ ਦੌਰਾਨ ਭਾਰਤੀ ਧਾਵੀ ਆਸਟਰੇਲੀਆ ਦੇ ਜਾਫੀ ਨੂੰ ਮੋਢਿਆਂ 'ਤੇ
ਚੁੱਕ ਕੇ ਹੰਦਿਆਂ ਤੱਕ ਲਿਜਾਂਦਾ ਹੋਇਆ।

ਹੁਸ਼ਿਆਰਪੁਰ, 6 ਅਪ੍ਰੈਲ - ਵਿਸ਼ਵ ਕਬੱਡੀ ਕੱਪ ਚੌਥੇ ਦਿਨ ਆਊਟ ਡੋਰ ਸਟੇਡੀਅਮ ਹੁਸ਼ਿਆਰਪੁਰ ਵਿਚ ਕਰਵਾਇਆ ਗਿਆ। ਇਸ ਦਿਨ ਤਿੰਨ ਮੈਚ ਖੇਡੇ ਗਏ ਅਤੇ ਵੱਖ-ਵੱਖ ਟੀਮਾਂ ਦੇ ਧਾਵੀਆਂ ਅਤੇ ਜਾਫੀਆਂ ਨੇ ਆਪਣੇ ਜ਼ਬਰਦਸਤ ਜ਼ੋਹਰ ਦਿਖਾਏ। ਇਨ੍ਹਾਂ ਮੈਚਾਂ ਦੌਰਾਨ ਜਿਥੇ ਭਾਰਤ ਨੇ ਆਪਣਾ ਮੈਚ ਜਿੱਤ ਕੇ ਗਰੁੱਪ 'ਏ' ਵਿਚ ਪਹਿਲਾ ਸਥਾਨ ਕਾਇਮ ਰੱਖਿਆ ਉਥੇ ਪਾਕਿਸਤਾਨ ਦੀ ਟੀਮ ਵੀ ਆਪਣਾ ਲਗਾਤਾਰ ਦੂਸਰਾ ਮੈਚ ਜਿੱਤਣ ਵਿਚ ਕਾਮਯਾਬ ਰਹੀ। ਪਹਿਲੇ ਮੈਚ ਦੌਰਾਨ ਪੂਲ ਏ ਵਿਚ ਅਮਰੀਕਾ ਦੀ ਟੀਮ ਦਾ ਮੁਕਾਬਲਾ ਈਰਾਨ ਨਾਲ ਹੋਇਆ ਜਿਸ ਵਿਚ ਅਮਰੀਕਾ ਦੇ ਧਾਵੀਆਂ ਅਤੇ ਜਾਫੀਆਂ ਵੱਲੋਂ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦਿਆਂ ਈਰਾਨ ਦੀ ਟੀਮ ਨੂੰ 62 ਦੇ ਮੁਕਾਬਲੇ 24 ਅੰਕਾਂ ਨਾਲ ਕਰਾਰੀ ਮਾਤ ਦਿੱਤੀ। ਅਮਰੀਕਾ ਦੀ ਟੀਮ ਵੱਲੋਂ ਖੇਡ ਸ਼ੁਰੂ ਹੁੰਦਿਆਂ ਹੀ ਆਪਣਾ ਦਬਦਬਾ ਕਾਇਮ ਕਰ ਲਿਆ ਗਿਆ ਅਤੇ ਪਹਿਲੇ ਅੱਧ ਤੱਕ ਟੀਮ 14 ਦੇ ਮੁਕਾਬਲੇ 31 ਅੰਕਾਂ ਨਾਲ ਅੱਗੇ ਹੋ ਗਈ ਸੀ ਅਤੇ ਅੰਤ ਵਿਚ ਜਿੱਤ ਦਾ ਫਾਸਲਾ 24 ਅੰਕਾਂ ਦੇ ਮੁਕਾਬਲੇ 62 ਅੰਕ ਹੋ ਗਿਆ। ਅਮਰੀਕਾ ਵੱਲੋਂ ਜਿਥੇ ਬਲਜੀਤ ਸਿੰਘ ਮੱਲ੍ਹਣ ਨੇ 11 ਰੇਡਾਂ ਵਿਚ 11 ਅੰਕ ਪ੍ਰਾਪਤ ਕਰਕੇ ਪੂਰੀ ਵਾਹ-ਵਾਹ ਖੱਟੀ ਉਥੇ ਜਾਫੀ ਮੀਕ ਸਿਆਟਲ ਨੇ 6 ਜੱਫੇ ਲਗਾ ਕੇ ਦਰਸ਼ਕਾਂ ਨੂੰ ਕੀਲ ਲਿਆ। ਦੂਜੇ ਮੈਚ ਵਿਚ ਪਾਕਿਸਤਾਨ ਦੀ ਟੀਮ ਨੇ ਸਪੇਨ ਨੂੰ 61 ਦੇ ਮੁਕਾਬਲੇ 32 ਅੰਕਾਂ ਨਾਲ ਪਟਖਣੀ ਦੇ ਕੇ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ। ਪਾਕਿਸਤਾਨ ਦਾ ਰੇਡਰ ਯੂਸਫ਼ ਚੀਮਾ 14 ਰੇਡਾਂ ਵਿਚੋਂ 13 ਅੰਕ ਪ੍ਰਾਪਤ ਕਰਕੇ ਸਰਬੋਤਮ ਧਾਵੀ ਅਤੇ ਪਾਕਿਸਤਾਨ ਦਾ ਹੀ ਖ਼ਲੀਲ ਅਹਿਮਦ 8 ਵਿਚੋਂ 6 ਕਾਮਯਾਬ ਜੱਫੇ ਲਗਾ ਕੇ ਮੈਚ ਦਾ ਸਰਬੋਤਮ ਜਾਫੀ ਰਿਹਾ। ਭਾਰਤ-ਆਸਟਰੇਲੀਆ ਮੈਚ ਦੀ ਸ਼ੁਰੂਆਤ ਬਹੁਤ ਫਸਵੇਂ ਢੰਗ ਨਾਲ ਹੋਈ ਅਤੇ ਇਕ ਸਮੇਂ ਦੋਵੇਂ ਟੀਮਾਂ 11-11 ਅੰਕਾਂ ਨਾਲ ਬਰਾਬਰੀ 'ਤੇ ਚੱਲ ਰਹੀਆਂ ਸਨ ਪਰੰਤੂ ਜਿਉਂ-ਜਿਉਂ ਮੈਚ ਅੱਗੇ ਵਧਦਾ ਗਿਆ, ਭਾਰਤ ਮੈਚ 'ਤੇ ਆਪਣੀ ਪਕੜ ਮਜ਼ਬੂਤ ਕਰਦਾ ਗਿਆ ਅਤੇ ਅੰਤ ਵਿਚ ਭਾਰਤ ਨੇ ਆਸਟਰੇਲੀਆ ਨੂੰ 58 ਦੇ ਮੁਕਾਬਲੇ 29 ਅੰਕਾਂ ਨਾਲ ਕਰਾਰੀ ਹਾਰ ਦੇ ਕੇ ਪੂਲ ਏ ਵਿਚ ਤਿੰਨੋਂ ਮੈਚ ਜਿੱਤ ਕੇ 6 ਅੰਕ ਪ੍ਰਾਪਤ ਕਰਕੇ ਆਪਣੀ ਸਰਦਾਰੀ ਕਾਇਮ ਕਰ ਲਈ। ਭਾਰਤ ਵੱਲੋਂ ਧਾਵੀ ਸੰਦੀਪ ਸੁਰਖਪੁਰ ਨੇ 9 ਰੇਡਾਂ ਵਿਚ 9 ਅੰਕ ਪ੍ਰਾਪਤ ਕੀਤੇ ਅਤੇ ਆਸਟਰੇਲੀਆ ਦਾ ਕੋਈ ਵੀ ਜਾਫੀ ਉਸ ਦਾ ਰਾਹ ਨਾ ਰੋਕ ਸਕਿਆ। ਭਾਰਤੀ ਜਾਫੀ ਬਿੱਟੂ ਧੁਗਾਲ ਪੰਜ ਜੱਫੇ ਲਗਾ ਕੇ ਮੈਚ ਦਾ ਸਰਬੋਤਮ ਜਾਫੀ ਰਿਹਾ। ਇਸ ਕਬੱਡੀ ਕੱਪ ਦੌਰਾਨ ਆਪਣੀ ਵਿੱਲਖਣ ਕੁਮੈਂਟਰੀ ਸਦਕਾ ਭਗਵੰਤ ਮਾਨ , ਪ੍ਰਿੰਸੀਪਲ ਸਰਵਣ ਸਿੰਘ, ਪ੍ਰੋ. ਮੱਖਣ ਸਿੰਘ ਹਕੀਮਪੁਰ ਅਤੇ ਸੁਖਬੀਰ ਸਿੰਘ ਚੌਹਾਨ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।

'ਮੈਨ ਆਫ ਦ ਮੈਚ' ਦੇ ਖਿਤਾਬ ਵਜੋਂ ਮਿਲਣਗੇ ਮੋਟਰ ਸਾਈਕਲ

ਪਟਿਆਲਾ, 6 ਅਪ੍ਰੈਲ - ਖੇਡ ਨਿਰਦੇਸ਼ਕ ਸ: ਪ੍ਰਗਟ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਚੱਲ ਰਹੇ ਵਿਸ਼ਵ ਕਬੱਡੀ ਕੱਪ ਦੇ ਸੈਮੀਫਾਈਨਲ, ਫਾਈਨਲ, ਤੀਸਰੇ ਤੇ ਚੌਥੇ ਸਥਾਨ ਲਈ ਹੋਣ ਵਾਲੇ ਮੈਚਾਂ ਦੌਰਾਨ ਹੀ 'ਮੈਨ ਆਫ ਦ ਮੈਚ' ਦੇ ਖਿਤਾਬ ਦੇ ਕੇ ਖਿਡਾਰੀਆਂ ਨੂੰ ਨਿਵਾਜਿਆ ਜਾਵੇਗਾ। ਫਾਈਨਲ, ਸੈਮੀਫਾਈਨਲ ਤੇ ਤੀਸਰੇ/ਚੌਥੇ ਸਥਾਨ ਲਈ ਹੋਣ ਵਾਲੇ ਮੈਚਾਂ ਦੌਰਾਨ ਸਰਬੋਤਮ ਕਾਰਗੁਜ਼ਾਰੀ ਦਿਖਾਉਣ ਵਾਲੇ ਖਿਡਾਰੀਆਂ ਨੂੰ 'ਮੈਨ ਆਫ ਦ ਮੈਚ' ਵਜੋਂ ਮੋਟਰ ਸਾਈਕਲ ਇਨਾਮ 'ਚ ਦਿੱਤੇ ਜਾਣਗੇ, ਜਦੋਂ ਕਿ ਟੂਰਨਾਮੈਂਟ ਦੇ ਸਰਬੋਤਮ ਜਾਫੀ ਤੇ ਧਾਵੀ ਨੂੰ ਟਰੈਕਟਰ ਇਨਾਮ ਵਜੋਂ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਾਡੇ ਦੇਸ਼ 'ਚ ਹੁਣ ਤੱਕ ਹੋਏ ਕੌਮਾਂਤਰੀ ਖੇਡ ਮੁਕਾਬਲਿਆਂ 'ਚ ਕ੍ਰਿਕਟ ਨੂੰ ਛੱਡ ਕੇ ਇਸ ਵਿਸ਼ਵ ਕੱਪ 'ਚ ਦਿੱਤੀ ਜਾਣ ਵਾਲੀ ਇਨਾਮੀ ਰਾਸ਼ੀ ਸਭ ਤੋਂ ਵੱਡੀ ਹੈ। ਜ਼ਿਕਰਯੋਗ ਹੈ ਕਿ ਇਸ ਵਿਸ਼ਵ ਕੱਪ 'ਚ 2.16 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਣੀ ਹੈ, ਜਦੋਂ ਕਿ ਦੇਸ਼ 'ਚ ਹੁਣ ਤੱਕ ਹੋਏ ਕੌਮਾਂਤਰੀ ਮੁਕਾਬਲਿਆਂ 'ਚ ਇਹ ਅੰਕੜਾ ਦੋ ਕਰੋੜ ਤੋਂ ਹੇਠਾਂ ਹੀ ਰਿਹਾ ਹੈ।

ਵਿਸ਼ਵ ਕਬੱਡੀ ਕੱਪ ਜਲੰਧਰ ਪਹੁੰਚਿਆ

ਜਲੰਧਰ 'ਚ ਕਰਵਾਏ ਗਏ ਵਿਸ਼ਵ ਕਬੱਡੀ ਕੱਪ ਮੈਚ ਦੀ ਜੇਤੂ ਅਮਰੀਕਾ ਦੀ ਕਬੱਡੀ ਟੀਮ ਨਾਲ ਮੁੱਖ ਮਹਿਮਾਨ ਸ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ, ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਉਨ੍ਹਾਂ ਨਾਲ ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ, ਮੁੱਖ ਪਾਰਲੀਮਾਨੀ ਸਕੱਤਰ ਅਵਿਨਾਸ਼ ਚੰਦਰ, ਸ: ਬਲਜੀਤ ਸਿੰਘ ਨੀਲਾ ਮਹਿਲ ਚੇਅਰਮੈਨ ਨਗਰ ਸੁਧਾਰ ਟਰੱਸਟ, ਵਿਧਾਇਕ ਸਰਬਜੀਤ ਸਿੰਘ ਮੱਕੜ, ਸ: ਸਿਕੰਦਰ ਸਿੰਘ ਮਲੂਕਾ, ਜਿੰਦਰ ਸਿੰਘ ਔਜਲਾ, ਸੁਰਜੀਤ ਸਿੰਘ ਟੁੱਟ ਤੇ ਹੋਰ ਨਜ਼ਰ ਆ ਰਹੇ ਹਨ।

ਜਲੰਧਰ, 5 ਅਪ੍ਰੈਲ - ਵਿਸ਼ਵ ਕਬੱਡੀ ਕੱਪ ਪਟਿਆਲਾ ਤੋਂ ਸੰਗਰੂਰ ਅਤੇ ਹੁਣ ਜਲੰਧਰ ਵਿਖੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਪਹੁੰਚ ਗਿਆ ਹੈ। ਵਿਸ਼ਵ ਕਬੱਡੀ ਕੱਪ ਦਾ ਪਹਿਲਾ ਮੈਚ ਕੈਨੇਡਾ ਤੇ ਸਪੇਨ ਦੀ ਟੀਮ ਵਿਚਾਲੇ ਖੇਡਿਆ ਗਿਆ, ਜਿਸ ਵਿਚ ਕੈਨੇਡਾ ਦੀ ਟੀਮ ਨੇ 66-28 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਅੱਧੇ ਸਮੇਂ ਤੱਕ ਕੈਨੇਡਾ ਦੀ ਟੀਮ 36-9 ਅੰਕਾਂ ਨਾਲ ਅੱਗੇ ਸੀ। ਕੈਨੇਡਾ ਦੀ ਟੀਮ ਦੇ ਸਰਬੋਤਮ ਧਾਵੀ ਟੈਰੀ ਪੁਰੇਵਾਲ ਨੇ 15 ਅੰਕ ਤੇ ਜਾਫੀ ਸੰਦੀਪ ਗੁਰਦਾਸਪੁਰ ਨੇ 5 ਜੱਫੇ ਲਾ ਕੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ ਤੇ ਸਪੇਨ ਦੀ ਟੀਮ ਵੱਲੋਂ ਧਾਵੀ ਪਿੰਦੂ ਸੁਰਖਪੁਰ ਤੇ ਜ਼ਾਫੀ ਮਾਣਾ ਵਡਾਲਾ ਫਾਟਕ ਨੇ ਵਧੀਆ ਖੇਡ ਵਿਖਾਈ। ਦੂਜਾ ਮੈਚ ਅਮਰੀਕਾ ਤੇ ਆਸਟ੍ਰੇਲੀਆ ਟੀਮ ਵਿਚਾਲੇ ਖੇਡਿਆ ਗਿਆ, ਜਿਸ ਵਿਚ ਅਮਰੀਕਾ ਨੇ ਆਸਟ੍ਰੇਲੀਆ 'ਤੇ 47-43 ਅੰਕਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਮੈਚ ਵਿਚ ਬਹੁਤ ਹੀ ਫਸਵੀਂ ਟੱਕਰ ਹੋਈ ਤੇ ਅਮਰੀਕਾ ਵੱਲੋਂ ਜ਼ੋਨੀ ਤੇ ਮੀਕ ਨੇ ਸ਼ਾਨਦਾਰ ਖੇਡ ਵਿਖਾਈ ਤੇ ਆਸਟ੍ਰੇਲੀਆ ਦੀ ਟੀਮ ਵੱਲੋਂ ਕਪਤਾਨ ਰਾਜੀਵ ਪੰਡਿਤ ਨੇ ਦਰਸ਼ਕਾਂ ਨੂੰ ਕੀਲ ਕੇ ਰੱਖਿਆ ਪਰ ਅਮਰੀਕਾ ਦੀ ਟੀਮ ਨੂੰ ਸਟਾਰ ਖਿਡਾਰੀ ਤੀਰਥ ਗਾਖਲ ਦੀ ਬਹੁਤ ਯਾਦ ਆਈ। ਅਮਰੀਕਾ ਦੀ ਟੀਮ ਵੱਲੋਂ ਜ਼ੋਨੀ ਕੈਲੀਫੋਰਨੀਆ ਨੂੰ ਸਰਬੋਤਮ ਧਾਵੀ ਐਲਾਨਿਆਂ ਗਿਆ, ਜਿਸ ਨੇ 14 ਰੇਡਾਂ ਪਾਈਆਂ ਤੇ ਮੀਕ ਸਿਆਟਲ ਨੇ 6 ਜੱਫੇ ਲਾਏ। ਆਸਟ੍ਰੇਲੀਆ ਦੀ ਟੀਮ ਵੱਲੋਂ ਧਾਵੀ ਭੂਰੇ ਨੇ 11 ਅੰਕ ਹਾਸਲ ਕੀਤੇ ਤੇ ਜਾਫੀ ਹਰਿੰਦਰ ਸੇਠੀ ਨੇ 2 ਜੱਫੇ ਲਾਏ। ਤੀਜੇ ਮੈਚ ਵਿਚ ਮੇਜ਼ਬਾਨ ਭਾਰਤ ਦੀ ਕਬੱਡੀ ਟੀਮ ਨੇ ਇਟਲੀ 'ਤੇ ਸ਼ਾਨਦਾਰ 61-29 ਅੰਕਾਂ ਨਾਲ ਜਿੱਤ ਦਰਜ ਕਰਕੇ ਆਪਣੀ ਧਾਂਕ ਕਾਇਮ ਕੀਤੀ। ਭਾਰਤੀ ਟੀਮ ਅੱਧੇ ਸਮੇਂ ਤੱਕ 29-17 ਅੰਕਾਂ ਨਾਲ ਅੱਗੇ ਸੀ। ਭਾਰਤੀ ਟੀਮ ਵੱਲੋਂ ਕਪਤਾਨ ਮੰਗਤ ਮੰਗੀ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਦੁੱਲਾ ਸੁਰਖਪੁਰੀਆ ਤੇ ਗੁਲਜ਼ਾਰੀ ਨੇ ਵੀ ਕਾਫ਼ੀ ਫੁਰਤੀ ਵਿਖਾਈ। ਟੀਮ ਦੀ ਜਿੱਤ ਵਿਚ ਧਾਵੀ ਸੁਖਬੀਰ ਤੇ ਜਾਫ਼ੀ ਸੁੱਖਾ ਭੰਡਾਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਇਟਲੀ ਦੀ ਟੀਮ ਵੱਲੋਂ ਧਾਵੀ ਚੰਨਾ ਖੀਰਾਂਵਾਲੀ ਤੇ ਜਾਫ਼ੀ ਦੀਪ ਗੜ੍ਹੀਬਖਸ਼ਾ ਨੇ ਸ਼ਾਨਦਾਰ ਖੇਡ ਵਿਖਾਈ। ਇਸ ਮੌਕੇ ਤੇ ਟੀਮਾਂ ਨਾਲ ਜਾਣ-ਪਛਾਣ ਬਤੌਰ ਮੁੱਖ ਮਹਿਮਾਨ ਉੱਪ-ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਪੰਜਾਬ ਸ: ਅਜੀਤ ਸਿੰਘ ਕੋਹਾੜ 'ਤੇ ਸਿੱਖਿਆ ਮੰਤਰੀ ਪੰਜਾਬ ਬੀਬੀ ਉਪਿੰਦਰਜੀਤ ਕੌਰ ਨੇ ਕੀਤੀ। ਇਸ ਮੌਕੇ 'ਤੇ ਦਰਸ਼ਕਾਂ ਦੇ ਭਰਵੇਂ ਇਕੱਠ ਨੂੰ ਆਪਣੇ ਸੰਬੋਧਨ ਵਿਚ ਉੱਪ-ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਸ਼ਵ ਕੱਪ ਕਬੱਡੀ ਦਾ ਆਯੋਜਨ ਕਰਕੇ ਮਾਂ ਖੇਡ ਕਬੱਡੀ ਨੂੰ ਵਿਸ਼ਵ ਦੇ ਨਕਸ਼ੇ 'ਤੇ ਲਿਆਉਣ ਦਾ ਉਪਰਾਲਾ ਕੀਤਾ ਹੈ, ਇਸ ਨਾਲ ਕਬੱਡੀ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਹੋਵੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਕਬੱਡੀ ਦੀ ਲੀਗ ਸ਼ੁਰੂ ਕੀਤੀ ਜਾਵੇਗੀ ਤੇ ਇਸ ਨੂੰ ਗਰਮੀਆਂ ਦੇ ਵਿਚ ਯੂਰਪ ਅਤੇ ਸਰਦੀਆਂ 'ਚ ਭਾਰਤ ਵਿਚ ਖੇਡਿਆ ਜਾਇਆ ਕਰੇਗਾ। ਇਸ ਵਿਸ਼ਵ ਕੱਪ ਦੇ ਵਿਚ ਸਾਨੂੰ ਇਕ ਪਲੇਟਫਾਰਮ ਮਿਲਿਆ ਹੈ ਤੇ ਹੁਣ ਅੱਗੇ ਤੋਂ ਕਬੱਡੀ ਦੀ ਹੋਰ ਤਰੱਕੀ ਹੋਵੇਗੀ ਤੇ ਸਕੂਲ ਪੱਧਰ 'ਤੇ ਕਬੱਡੀ ਦੀਆਂ ਅਕੈਡਮੀਆਂ ਖੋਲ੍ਹੀਆਂ ਜਾਣਗੀਆਂ। ਇਸ ਕਬੱਡੀ ਕੱਪ ਦੇ ਮੈਚਾਂ ਦੀ ਲਾਈਵ ਕੁਮੈਂਟਰੀ ਭਗਵੰਤ ਮਾਨ, ਪ੍ਰਿੰਸੀਪਲ ਸਰਵਨ ਸਿੰਘ, ਪ੍ਰੋ. ਦਰਸ਼ਨ ਬੜੀ, ਪ੍ਰੋ: ਮੱਖਣ ਸਿੰਘ ਹਕੀਮਪੁਰ, ਅਰਵਿੰਦਰ ਕੋਛੜ, ਸਤਪਾਲ ਖੁਡਿਆਲ, ਗੁਰਪ੍ਰੀਤ ਸਿੰਘ ਬੇਰਕਲਾਂ ਤੇ ਸੁਰਜੀਤ ਸਿੰਘ ਕਕਰਾਲੀ ਨੇ ਕੀਤੀ। ਦਰਸ਼ਕਾਂ ਦਾ ਮਨੋਰੰਜਨ ਗਾਇਕਾ ਸਤਵਿੰਦਰ ਬਿੱਟੀ ਨੇ ਕੀਤਾ। ਇਸ ਵਿਚ ਲਗਭਗ 80 ਹਜ਼ਾਰ ਦਰਸ਼ਕਾਂ ਦਾ ਇਕੱਠ ਦੇਖਣ ਨੂੰ ਮਿਲਿਆ।

ਕੌਮੀ ਹਾਕੀ ਟੀਮ ਤੋਂ ਪ੍ਰਭਜੋਤ ਸਿੰਘ ਤੇ ਦੀਪਕ ਠਾਕੁਰ ਬਾਹਰ

ਪਟਿਆਲਾ, 5 ਅਪ੍ਰੈਲ - ਸੁਲਤਾਨ ਅਜਲਾਨ ਸ਼ਾਹ ਹਾਕੀ ਕੱਪ ਜੋ ਕਿ 6 ਮਈ ਨੂੰ ਮਲੇਸ਼ੀਆ ਦੀ ਧਰਤੀ 'ਤੇ ਕਰਵਾਇਆ ਜਾ ਰਿਹਾ ਹੈ। ਇਸ ਹਾਕੀ ਕੱਪ ਲਈ ਭਾਰਤੀ ਸੰਭਾਵਿਤ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਇਸ ਚੋਣ ਵਿਚ ਉਘੇ ਖਿਡਾਰੀ ਪ੍ਰਭਜੋਤ ਸਿੰਘ ਤੇ ਦੀਪਕ ਠਾਕੁਰ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਬਲਵਾਡੀ ਸਟੇਡੀਅਮ ਪੁਣੇ ਵਿਖੇ 13 ਅਪ੍ਰੈਲ ਤੋਂ ਲੱਗਣ ਵਾਲੇ ਕੈਂਪ ਲਈ ਸੈਫ ਖੇਡਾਂ 'ਚ ਤੇ ਉਬੇਦਉੱਲਾ ਕੱਪ ਭੁਪਾਲ 'ਚ ਚਮਕੇ ਕੁਝ ਖਿਡਾਰੀ ਵੀ ਚੁਣੇ ਗਏ ਹਨ। ਇਸ ਤੋਂ ਇਲਾਵਾ ਕੁਝ ਸੀਨੀਅਰ ਖਿਡਾਰੀਆਂ ਦੀ ਟੀਮ 'ਚ ਵਾਪਸੀ ਵੀ ਹੋਈ ਹੈ, ਜਿਨ੍ਹਾਂ ਵਿਚ ਪ੍ਰਬੋਧ ਟਿਰਕੀ, ਵੀ.ਐਸ. ਵਿਨੈ, ਵੀ. ਰਘੂਨਾਥ, ਰਵੀਪਾਲ ਸਿੰਘ ਤੇ ਰੋਸ਼ਨ ਸ਼ਾਮਿਲ ਹਨ। ਦੀਪਕ ਤੇ ਪ੍ਰਭਜੋਤ ਨੂੰ ਪਿਛਲੇ ਮਹੀਨੇ ਹੋਏ ਵਿਸ਼ਵ ਕੱਪ 'ਚ ਢਿੱਲੀ ਕਾਰਗੁਜ਼ਾਰੀ ਦਿਖਾਉਣ ਕਰਕੇ ਟੀਮ 'ਚੋਂ ਬਾਹਰ ਰੱਖਣ ਦਾ ਆਧਾਰ ਬਣਾਇਆ ਗਿਆ ਹੈ। ਟੀਮ 'ਚ ਸ਼ਾਮਿਲ ਖਿਡਾਰੀਆਂ 'ਚ ਟੀ. ਖਾਂਡੇਕਰ, ਸ਼ਵਿੰਦਰ ਸਿੰਘ, ਰਾਜਪਾਲ ਸਿੰਘ, ਅਰਜੁਨ ਹਲੱਪਾ, ਰੋਸ਼ਨ ਮਿੰਜ, ਜੀ. ਚੰਦੀ, ਐ. ਪ੍ਰਸ਼ਾਦ, ਐਸ.ਪੀ. ਸੁਨੀਲ, ਬੀ. ਨੋਪੋ, ਭਰਤ ਚਿਕਾਰਾ, ਧਰਮਵੀਰ ਸਿੰਘ, ਐ. ਅੰਤਿਲ, ਮੁਹੰਮਦ ਅਮੀਰ ਖਾਨ, ਡੀ. ਮੁਜਤਬਾ, ਸਰਵਣਜੀਤ ਸਿੰਘ ਸਾਰੇ ਹਮਲਾਵਰ ਪੰਕਤੀ, ਗੁਰਬਾਜ ਸਿੰਘ, ਵਿਕਰਮ ਪਿਲੈ, ਪ੍ਰਬੋਧ ਟਿਰਕੀ, ਸਰਦਾਰ ਸਿੰਘ, ਰਵੀਪਾਲ ਸਿੰਘ, ਵਿਕਾਸ ਪਿਲੈ, ਅਜਿਤੇਸ਼ ਰਾਏ, ਵੀ.ਐਸ. ਵਿਨੈ, ਬਿਮਲ ਲਾਕੜਾ, ਵਿਕਾਸ ਸ਼ਰਮਾ, ਵਰਿੰਦਰਜੀਤ ਸਿੰਘ, ਏ. ਇੱਕਾ, ਰਜੇਸ਼ ਕੁਮਾਰ, ਪ੍ਰੀਤਇੰਦਰ ਸਿੰਘ, ਜੇ. ਕੁਲਾਰ ਤੇ ਵਿਕਾਸ ਚੌਧਰੀ ਸਾਰੇ ਮੱਧ ਪੰਕਤੀ, ਸੰਦੀਪ ਸਿੰਘ, ਵੀ. ਰਘੂਨਾਥ ਡੀ. ਰਾਮ, ਡੀ. ਮਹਾਦੀਕ, ਆਰ.ਪਾਲ ਸਿੰਘ ਏ ਪ੍ਰਭਾਕਰ ਤੇ ਸੁਨੀਲ ਯਾਦਵ ਸਾਰੇ ਰੱਖਿਅਕ ਪੰਕਤੀ, ਐਡਰੀਅਨ ਡੀਸੂਜਾ, ਸ੍ਰੀਜੇਸ਼ ਪੀ. ਆਰ., ਭਰਤ ਛੇਤਰੀ, ਦਿਨੇਸ਼ ਇੱਕਾ, ਜਸਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਸਾਰੇ ਗੋਲਕੀਪਰ ਸ਼ਾਮਿਲ ਹਨ।

ਵਿਸ਼ਵ ਕਬੱਡੀ ਕੱਪ 'ਚ ਇਟਲੀ, ਪਾਕਿਸਤਾਨ ਅਤੇ ਇੰਗਲੈਂਡ ਅੱਗੇ

ਸੰਗਰੂਰ, 4 ਅਪ੍ਰੈਲ - ਵਿਸ਼ਵ ਕਬੱਡੀ ਕੱਪ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਚ ਚੱਲ ਰਿਹਾ ਹੈ। 6 ਦੇਸ਼ਾਂ ਵਿਚਾਲੇ ਵਿਸ਼ਵ ਕਬੱਡੀ ਕੱਪ ਦੇ ਹੋਏ ਮੈਚਾਂ ਦੌਰਾਨ ਇਟਲੀ ਨੇ ਈਰਾਨ, ਪਾਕਿਸਤਾਨ ਨੇ ਕੈਨੇਡਾ ਅਤੇ ਇੰਗਲੈਂਡ ਨੇ ਸਪੇਨ ਨੂੰ ਹਰਾ ਦਿੱਤਾ। ਪਹਿਲੇ ਮੈਚ ਵਿਚ ਇਟਲੀ ਨੇ ਈਰਾਨ ਨੂੰ 63-24 ਅੰਕਾਂ ਨਾਲ ਹਰਾਇਆ। ਮੈਚ ਦਾ ਉਦਘਾਟਨ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਕੀਤਾ। ਦੂਸਰਾ ਮੈਚ ਪਾਕਿਸਤਾਨ ਅਤੇ ਕੈਨੇਡਾ ਵਿਚਾਲੇ ਖੇਡਿਆ ਗਿਆ ਜਿਸ ਵਿਚ ਪਾਕਿਸਤਾਨ ਨੇ 47 ਅੰਕ ਹਾਸਲ ਕਰਕੇ 38 ਅੰਕ ਪ੍ਰਾਪਤ ਕਰਨ ਵਾਲੀ ਕੈਨੈਡਾ ਦੀ ਟੀਮ ਨੂੰ ਹਰਾ ਦਿੱਤਾ। ਇਸ ਮੈਚ ਦਾ ਉਦਘਾਟਨ ਪੰਜਾਬ ਦੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਦੋਵਾਂ ਦੇਸ਼ਾਂ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤਾ। ਆਖ਼ਰੀ ਮੈਚ ਵਿਚ ਇੰਗਲੈਂਡ ਦੀ ਟੀਮ ਨੇ ਸਪੇਨ ਨੂੰ 47-28 ਅੰਕਾਂ ਦੇ ਫਰਕ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਦੀਆਂ ਲੜਕੀਆਂ ਵਿਚਾਲੇ ਹੋਏ ਪ੍ਰਦਰਸ਼ਨੀ ਮੈਚ ਦੌਰਾਨ ਪੰਜਾਬ ਦੀਆਂ ਕੁੜੀਆਂ ਜੇਤੂ ਰਹੀਆਂ। ਲੋਕ ਗਾਇਕਾ ਮਨਪ੍ਰੀਤ ਅਖਤਰ ਅਤੇ ਹਾਸਰਸ ਕਲਾਕਾਰ ਭਗਵੰਤ ਮਾਨ ਨੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ।


ਪਹਿਲੇ ਵਿਸ਼ਵ ਕਬੱਡੀ ਕੱਪ ਦੇ ਪਲੇਠੇ ਮੈਚ ਵਿਚ ਭਾਰਤ ਨੇ ਅਮਰੀਕਾ ਨੂੰ 62-25 ਦੇ ਵੱਡੇ ਫਰਕ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਹੈ। ਇਸ ਮੈਚ ਵਿਚ ਭਾਰਤੀ ਕਪਤਾਨ ਮੰਗਤ ਸਿੰਘ ਮੰਗੀ ਨੇ ਸਭ ਤੋਂ ਵਧੇਰੇ ਜੱਫੇ ਅਤੇ ਸੰਦੀਪ ਸੁਰਖਪੁਰ ਨੇ ਸਭ ਤੋਂ ਵਧੇਰੇ ਰੇਡਾਂ 'ਤੇ ਅੰਕ ਬਟੋਰਨ ਦਾ ਮਾਣ ਹਾਸਲ ਕੀਤਾ।ਪਹਿਲਵਾਨ ਗੁਰਮੇਲ ਸਿੰਘ ਦੀਆਂ ਕਬੱਡੀ ਖੇਡ ਪ੍ਰਤੀ ਸੇਵਾਵਾਂ ਨੂੰ ਵੇਖਦਿਆਂ ਵਿਸ਼ਵ ਕਬੱਡੀ ਕੱਪ ਦਾ ਨਿਗਰਾਨ ਬਣਾਇਆ ਗਿਆ ਹੈ। ਉਹ ਸਾਰੇ ਮੈਚਾਂ ਦੀ ਦੇਖ-ਰੇਖ ਤੋਂ ਬਾਅਦ ਕਬੱਡੀ ਵਿਚ ਹੋਰ ਹੋਣ ਵਾਲੇ ਸੁਧਾਰਾਂ ਦੀ ਰਿਪੋਰਟ ਭਾਰਤੀ ਕਬੱਡੀ ਫੈਡਰੇਸ਼ਨ ਨੂੰ ਵਿਸ਼ਵ ਕੱਪ ਦੀ ਸਮਾਪਤੀ ਤੋਂ ਬਾਅਦ ਦੇਣਗੇ।

ਕਬੱਡੀ ਕੱਪ ਦੀਆਂ ਝਲਕੀਆਂ

ਸੰਗਰੂਰ, 4 ਅਪ੍ਰੈਲ - ਇਥੇ ਵਿਸ਼ਵ ਕਬੱਡੀ ਕੱਪ ਦੇ ਮੈਚਾਂ ਦੌਰਾਨ ਉਸ ਵੇਲੇ ਲੋਕਾਂ ਵਿਚ ਕਾਫ਼ੀ ਘੁਸਰ-ਮੁਸਰ ਹੋਈ ਜਦੋਂ ਹਾਸਰਸ ਕਲਾਕਾਰ ਕੁਮੈਂਟਰੀ ਦੌਰਾਨ ਭਗਵੰਤ ਮਾਨ ਮੰਨੇ-ਪ੍ਰਮੰਨੇ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਦਾ ਨਾਂਅ ਲਗਾਤਾਰ 'ਪ੍ਰਿੰਸੀਪਲ ਸਵਰਨ ਸਿੰਘ' ਹੀ ਬੋਲਦਾ ਰਿਹਾ।
- ਦਰਸ਼ਕਾਂ ਉਤੇ ਕਾਗਜ਼ੀ ਫੁੱਲਾਂ ਦੀ ਵਰਖਾ ਕਰ ਰਿਹਾ ਖਿਡਾਉਣਾ ਜਹਾਜ਼ ਸਟੇਡੀਅਮ ਉਤੇ ਗੇੜੇ ਕੱਢਦਾ-ਕੱਢਦਾ ਅਚਾਨਕ ਪੰਡਾਲ ਦੇ ਲਾਗੇ ਡਿੱਗ ਪਿਆ, ਜਿਸ ਕਾਰਨ ਉਸ ਪਾਸੇ ਬੈਠੇ ਦਰਸ਼ਕਾਂ ਵਿਚ ਹਫੜਾ-ਦਫੜੀ ਫੈਲ ਗਈ। ਪੁਲਿਸ ਕਰਮਚਾਰੀਆਂ ਨੇ ਤੁਰੰਤ ਉਸ ਡਿੱਗੇ ਖਿਡਾਉਣਾ ਜਹਾਜ਼ ਦੇ ਟੁਕੜੇ ਚੁੱਕ ਕੇ ਇਕ ਪਾਸੇ ਕਰ ਦਿੱਤੇ।
- ਪ੍ਰੈੱਸ ਗੈਲਰੀ ਅਤੇ ਵੀ. ਆਈ. ਪੀ ਗੈਲਰੀ ਨੂੰ ਪਰਦਾ ਲਾ ਕੇ ਵੰਡਿਆ ਹੋਇਆ ਸੀ ਜਿਸ ਕਾਰਨ ਪੱਤਰਕਾਰਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਵੀ. ਆਈ. ਪੀ ਗੈਲਰੀ ਵਿਚ ਕੌਣ-ਕੌਣ ਮਹੱਤਵਪੂਰਨ ਵਿਅਕਤੀ ਪਹੁੰਚਿਆ ਹੈ।
- ਇਕ ਮਾਨਸਿਕ ਰੋਗੀ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਨੰਗੇ ਪਿੰਡੇ ਕਬੱਡੀ ਦੀ ਗਰਾਊਂਡ ਵਿਚ ਖਿਡਾਰੀਆਂ ਦੇ ਲਾਗੇ ਪਹੁੰਚ ਗਿਆ ਪਰ ਬਾਅਦ ਵਿਚ ਉਸ ਨੂੰ ਬਾਹਰ ਭੇਜ ਦਿੱਤਾ ਗਿਆ।

ਚੀਮਾ ਮੈਮੋਰੀਅਲ ਰਾਜ ਪੱਧਰੀ ਬਾਸਕਟ ਬਾਲ ਟੂਰਨਾਮੈਂਟ 9 ਤੋਂ

ਕਪੂਰਥਲਾ, 4 ਅਪ੍ਰੈਲ - ਕਪੂਰਥਲਾ ਦੇ ਪਿੰਡ ਦਬੂਲੀਆਂ 'ਚ ਸ: ਬਲਕਾਰ ਸਿੰਘ ਚੀਮਾ ਮੈਮੋਰੀਅਲ ਸਟੇਟ ਬਾਸਕਟ ਬਾਲ ਟੂਰਨਾਮੈਂਟ 9 ਤੋਂ 11 ਅਪ੍ਰੈਲ ਤੱਕ ਕਰਵਾਇਆ ਜਾ ਰਿਹਾ ਹੈ। ਪਹਿਲਾ ਰਾਜ ਪੱਧਰੀ ਬਾਸਕਟ ਬਾਲ ਟੂਰਨਾਮੈਂਟ ਫਲੱਡ ਲਾਈਟਾਂ ਵਿਚ ਖੇਡਿਆ ਜਾਵੇਗਾ ਜਿਸ ਵਿਚ ਪੰਜਾਬ ਪੁਲਿਸ, ਬੀ.ਐਸ.ਐਫ., ਰੇਲ ਕੋਚ ਫੈਕਟਰੀ, ਬੀ.ਸੀ. ਢਲਬਯੂ ਤੋਂ ਇਲਾਵਾ ਮਹਿਲਾ ਵਰਗ 'ਚੋਂ ਕਪੂਰਥਲਾ, ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਦੀਆਂ ਬਾਸਕਟ ਬਾਲ ਦੀਆਂ ਟੀਮਾਂ ਭਾਗ ਲੈਣਗੀਆਂ।

ਭਾਦਰਵਾਜੀਆਂ ਕਬੱਡੀ ਟੂਰਨਾਮੈਂਟ

ਜੰਡਿਆਲਾ ਮੰਜਕੀ, 4 ਅਪ੍ਰੈਲ - ਕਬੱਡੀ ਟੂਰਨਾਮੈਂਟ ਅਤੇ ਸੱਭਿਆਚਾਰਕ ਮੇਲਾ ਕਲਗੀਧਰ ਸਪੋਰਟਸ ਐਂਡ ਵੈਲਫੇਅਰ ਕਲੱਬ ਭਾਰਦਵਾਜੀਆਂ ਵੱਲੋਂ ਕਰਵਾਇਆ ਗਿਆ। ਇਸ ਖੇਡ ਮੇਲੇ ਦੇ ਪਹਿਲੇ ਦਿਨ 22 ਟੀਮਾਂ ਨੇ 65 ਕਿਲੋ ਵਰਗ ਅਤੇ 18 ਟੀਮਾਂ ਨੇ ਕਬੱਡੀ 45 ਕਿਲੋ ਵਰਗ ਵਿਚ ਹਿੱਸਾ ਲਿਆ। 4 ਅਪ੍ਰੈਲ ਨੂੰ ਕਬੱਡੀ ਓਪਨ, ਲੜਕੀਆਂ ਦੀ ਕਬੱਡੀ ਅਤੇ ਅਕੈਡਮੀਆਂ ਦੀ ਕਬੱਡੀ ਦਾ ਸ਼ੋਅ ਮੈਚ ਹੋਵੇਗਾ।

ਫੁੱਟਬਾਲ ਟੂਰਨਾਮੈਂਟ 17 ਅਪ੍ਰੈਲ ਤੋਂ

ਰੂਪਨਗਰ, 4 ਅਪ੍ਰੈਲ - ਪਹਿਲਾ 7-ਏ-ਸਾਈਡ ਫੁੱਟਬਾਲ ਟੂਰਨਾਮੈਂਟ 17 ਤੋਂ 20 ਅਪ੍ਰੈਲ ਤੱਕ ਪਾਵਰ ਕਲੋਨੀ ਫੁੱਟਬਾਲ ਕਲੱਬ ਵੱਲੋਂ ਕਰਾਵਇਟਾ ਜਾ ਰਿਹਾ ਹੈ। ਰੂਪਨਗਰ ਜ਼ਿਲ੍ਹੇ ਵਿਚ ਇਹ ਪਹਿਲਾ ਟੂਰਨਾਮੈਂਟ ਹੋਵੇਗਾ ਜੋ ਕਿ ਲਾਈਟਾਂ ਦੀ ਰੌਸ਼ਨੀ ਵਿਚ ਖੇਡਿਆ ਜਾਵੇਗਾ। ਟੂਰਨਾਮੈਂਟ ਵਿਚ ਇਕ ਪਿੰਡ ਓਪਨ ਦੀਆਂ ਟੀਮਾਂ ਭਾਗ ਲੈਣਗੀਆਂ।

ਕੌਮੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੀ ਪੰਜਾਬ ਦੀ ਟੀਮ

ਲੁਧਿਆਣਾ, 4 ਅਪ੍ਰੈਲ - ਪੰਜਾਬ ਦੀ ਬਾਡੀ ਬਿਲਡਿੰਗ ਟੀਮ ਦੀ ਚੋਣ ਲੁਧਿਆਣਾ ਦੇ ਫਲੈਕਸ ਬਾਡੀ ਲਾਈਨਰਜ਼ (ਦੁੱਗਰੀ) ਵਿਚ ਕੀਤੀ ਗਈ। ਟ੍ਰਾਇਲਾਂ ਵਿਚ ਪੰਜਾਬ ਭਰ 'ਚੋਂ 40 ਦੇ ਕਰੀਬ ਬਾਡੀ ਬਿਲਡਰਾਂ ਨੇ ਭਾਗ ਲਿਆ। ਇਹ ਟੀਮ ਹਮੀਰਪੁਰ (ਹਿਮਾਚਲ ਪ੍ਰਦੇਸ਼) ਵਿਚ 8 ਅਪ੍ਰੈਲ ਤੋਂ ਹੋਣ ਵਾਲੀ ਕੌਮੀ ਸੀਨੀਅਰ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿਚ ਭਾਗ ਲਵੇਗੀ। ਟੀਮ: 55 ਕਿਲੋ ਵਰਗ ਵਿਚ ਲੁਧਿਆਣਾ ਦਾ ਅਮਿਤ ਮਹਿਤਾ ਅਤੇ ਗੁਰਦਾਸਪੁਰ ਦਾ ਅਜੈ ਕੁਮਾਰ, 60 ਕਿਲੋ ਵਰਗ ਵਿਚ ਲੁਧਿਆਣਾ ਦਾ ਅਨਿਲ ਕੁਮਾਰ, ਮੁਹਾਲੀ ਦਾ ਗੌਰਵ ਅਗਰਵਾਲ, 65 ਕਿਲੋ ਵਰਗ ਵਿਚ ਫਤਹਿਗੜ੍ਹ ਸਾਹਿਬ ਦੇ ਕਰਮਵੀਰ ਸਿੰਘ ਅਤੇ ਹੇਮ ਰਾਜ, ਲੁਧਿਆਣਾ ਦੇ ਪਰਮਿੰਦਰ ਸਿੰਘ, 70 ਕਿਲੋ ਵਰਗ ਵਿਚ ਅੰਮ੍ਰਿਤਸਰ ਦਾ ਰਮੇਸ਼ ਕੁਮਾਰ, ਜਲੰਧਰ ਦਾ ਵਿਸ਼ਾਲ, 75 ਕਿਲੋ ਵਰਗ ਵਿਚ ਹੁਸ਼ਿਆਰਪੁਰ ਦਾ ਵਿਨੀਤ ਮਰਵਾਹਾ, 80 ਕਿਲੋ ਵਰਗ ਵਿਚ ਲੁਧਿਆਣਾ ਦਾ ਚਰਨਜੀਤ ਸਿੰਘ, ਗੁਰਦਾਸਪੁਰ ਦਾ ਪੰਕਜ ਅਤੇ ਪਟਿਆਲਾ ਦਾ ਸੁਖਨੀਤ ਸਿੰਘ, 85 ਕਿਲੋ ਵਰਗ ਵਿਚ ਅੰਮ੍ਰਿਤਸਰ ਦਾ ਮਨਜਿੰਦਰ ਸਿੰਘ, ਜਲੰਧਰ ਦਾ ਬਲਵਿੰਦਰ ਕੁਮਾਰ ਅਤੇ ਲੁਧਿਆਣਾ ਦਾ ਰਘੂ ਰਾਜ ਸ਼ਰਮਾ, 90 ਕਿਲੋ ਵਰਗ ਵਿਚ ਗੁਰਦਾਸਪੁਰ ਦਾ ਅਨਿਲ ਰਾਜ, +90 ਕਿਲੋ ਵਰਗ ਵਿਚ ਗੁਰਦਾਸਪੁਰ ਦੇ ਰਾਮ ਸਰੂਪ ਨੂੰ ਚੁਣਿਆ ਗਿਆ ਹੈ।

ਵਿਸ਼ਵ ਕੱਪ ਕੱਬਡੀ ਟਰਾਫ਼ੀ ਪਹੁੰਚੀ ਲੁਧਿਆਣੇ 'ਚ

ਲੁਧਿਆਣਾ, 3 ਅਪ੍ਰੈਲ - ਲੁਧਿਆਣਾ ਦੇ ਪਾਰਕ ਪਲਾਜ਼ਾ ਹੋਟਲ 'ਚ ਵਿਸ਼ਵ ਕੱਪ ਕਬੱਡੀ ਟਰਾਫੀ ਲਿਆਂਦੀ ਗਈ। ਇਸ ਮੌਕੇ ਵਿਸ਼ਵ ਕੱਪ ਕਬੱਡੀ ਵਿਚ ਹਿੱਸਾ ਲੈ ਰਹੀਆਂ 9 ਮੁਲਕਾਂ ਦੇ ਕਪਤਾਨਾਂ ਦੀ ਵਿਸ਼ਵ ਕੱਪ ਟਰਾਫ਼ੀ ਨਾਲ ਸਾਂਝੀ ਤਸਵੀਰ ਕਰਵਾਈ।

ਵਿਸ਼ਵ ਕਬੱਡੀ ਕੱਪ ਦਾ ਆਗਾਜ਼ ਅੱਜ

ਪਟਿਆਲਾ, 2 ਅਪ੍ਰੈਲ - ਪਹਿਲਾ ਵਿਸ਼ਵ ਕਬੱਡੀ ਕੱਪ ਦਾ ਆਗਾਜ਼ ਪਟਿਆਲਾ ਦੇ ਇਤਿਹਾਸਕ ਯਾਦਵਿੰਦਰਾ ਸਟੇਡੀਅਮ 'ਚ ਹੋ ਰਿਹਾ ਹੈ। ਇਸ ਦਾ ਉਦਘਾਟਨ ਉੱਪ ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ ਕਰਨਗੇ। ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਹੋ ਰਹੇ ਕਰੀਬ 2.16 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲੇ 'ਵਿਸ਼ਵ ਕਬੱਡੀ ਕੱਪ' ਦੇ 3 ਅਪ੍ਰੈਲ ਨੂੰ ਹੋਣ ਵਾਲੇ ਉਦਘਾਟਨੀ ਸਮਾਰੋਹ ਮੌਕੇ ਸਭ ਤੋਂ ਪਹਿਲਾਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਮਾਰਚ ਪਾਸਟ ਤੋਂ ਸਲਾਮੀ ਲੈਣ ਉਪਰੰਤ ਵਿਸ਼ਵ ਕੱਪ ਦੀ ਸ਼ੁਰੂਆਤ ਦਾ ਰਸਮੀ ਤੌਰ 'ਤੇ ਐਲਾਨ ਕਰਨਗੇ। ਫਿਰ ਖਿਡਾਰੀ ਖੇਡ ਭਾਵਨਾ ਦੀ ਸਹੁੰ ਚੁੱਕਣ ਦੀ ਰਸਮ ਅਦਾ ਕਰਨਗੇ। ਇਸ ਉਪਰੰਤ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਵੱਲੋਂ ਉਘੇ ਕੋਰੀਓਗ੍ਰਾਫ਼ਰ ਕਲਪੇਸ਼ ਦਲਾਲ ਤੇ ਭੋਲਾ ਕਲੈਹਰੀ (ਮਾਨਸਾ) ਦੀ ਅਗਵਾਈ ਵਿਚ 15 ਦੇ ਕਰੀਬ ਰਾਜਾਂ ਦੇ ਲੋਕ ਨਾਚ ਤੇ ਮਾਰਸ਼ਲ ਆਰਟ ਦੀਆਂ ਤਿਆਰੀਆਂ ਜ਼ੋਰਾਂ 'ਤੇ ਕੀਤੀਆਂ ਜਾ ਰਹੀਆਂ ਹਨ। ਆਤਿਸ਼ਬਾਜੀ ਦੇ ਸ਼ੋਅ ਉਪਰੰਤ ਉੱਪ ਮੁੱਖ ਮੰਤਰੀ ਮੈਦਾਨ ਵਿਚ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਨ ਲਈ ਜਾਣਗੇ ਅਤੇ ਇਸ ਉਪਰੰਤ ਕਬੱਡੀ ਮੈਚ ਸ਼ੁਰੂ ਹੋਵੇਗਾ। ਟੂਰਨਾਮੈਂਟ ਵਿਚ ਦੁਨੀਆ ਦੀਆਂ ਚੋਟੀ ਦੀਆਂ 9 ਕਬੱਡੀ ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵਿਚ ਮੇਜ਼ਬਾਨ ਭਾਰਤ, ਪਾਕਿਸਤਾਨ, ਆਸਟਰੇਲੀਆ, ਇਟਲੀ, ਸਪੇਨ, ਕੈਨੇਡਾ, ਇੰਗਲੈਂਡ, ਅਮਰੀਕਾ ਤੇ ਈਰਾਨ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਨਾਰਵੇ ਦੀ ਟੀਮ ਇਸ ਟੂਰਨਾਮੈਂਟ ਵਿਚ ਹਿੱਸਾ ਨਹੀਂ ਲੈ ਰਹੀ, ਜਦੋਂਕਿ ਇਹ ਟੀਮ ਪਹਿਲਾਂ 10 ਟੀਮਾਂ ਵਿਚ ਸ਼ਾਮਿਲ ਸੀ। ਦਰਸ਼ਕਾਂ ਲਈ ਦਾਖ਼ਲਾ ਬਿਲਕੁਲ ਮੁਫ਼ਤ ਹੋਵੇਗਾ।

ਭਾਰਤੀ ਟੀਮ 'ਚ ਸ਼ਾਮਿਲ ਹੋਣ ਵਾਲੇ ਖਿਡਾਰੀ

ਪਟਿਆਲਾ, 2 ਅਪ੍ਰੈਲ - ਵਿਸ਼ਵ ਕਬੱਡੀ ਕੱਪ ਲਈ ਚੁਣੀ ਗਈ ਭਾਰਤੀ ਟੀਮ ਵਿਚ ਸਾਰੇ ਹੀ ਖਿਡਾਰੀ ਪੰਜਾਬ ਨਾਲ ਸਬੰਧਿਤ ਹਨ। ਭਾਵੇਂ ਕਿ ਇਹ ਕੌਮੀ ਟੀਮ ਹੈ ਪਰ ਪੰਜਾਬੀਆਂ ਦਾ ਇਸ ਖੇਡ 'ਚ ਹਮੇਸ਼ਾ ਹੀ ਦਬਾਦਬਾ ਰਿਹਾ ਹੈ, ਜਿਸ ਕਾਰਨ ਵਿਦੇਸ਼ੀ ਟੀਮਾਂ ਵਿਚ ਵੀ ਪੰਜਾਬੀ ਖਿਡਾਰੀਆਂ ਦੀ ਬਹੁਤਾਤ ਹੋਵੇਗੀ। ਭਾਰਤੀ ਟੀਮ ਵਿਚ ਕਪੂਰਥਲਾ ਤੇ ਸੰਗਰੂਰ ਜ਼ਿਲ੍ਹੇ ਦੇ ਖਿਡਾਰੀਆਂ ਦੀ ਵੱਡੀ ਗਿਣਤੀ ਹੈ। ਕਬੱਡੀ ਦੇ ਵੱਡਾ ਨਾਂ ਰੱਖਣ ਵਾਲੇ ਮੋਗਾ ਜ਼ਿਲ੍ਹੇ ਦਾ ਇਕ ਵੀ ਖਿਡਾਰੀ ਇਸ ਟੀਮ ਵਿਚ ਥਾਂ ਨਹੀਂ ਬਣਾ ਸਕਿਆ। ਕੌਮੀ ਟੀਮ ਵਿਚ ਲੁਧਿਆਣਾ, ਸੰਗਰੂਰ ਅਤੇ ਕਪੂਰਥਲਾ ਜ਼ਿਲ੍ਹੇ ਦੇ 3-3 ਖਿਡਾਰੀ ਸ਼ਾਮਲ ਹਨ। ਜਦੋਂਕਿ ਜਲੰਧਰ, ਬਠਿੰਡਾ, ਫਰੀਦਕੋਟ, ਪਟਿਆਲਾ, ਰੋਪੜ ਤੇ ਤਰਨਤਾਰਨ ਜ਼ਿਲ੍ਹੇ ਦਾ 1-1 ਖਿਡਾਰੀ ਸ਼ਾਮਿਲ ਕੀਤਾ ਗਿਆ। ਇਕ ਖਿਡਾਰੀ ਕਰਤਾਰ ਸਿੰਘ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਨਾਲ ਸਬੰਧਿਤ ਹੈ। ਕੌਮੀ ਟੀਮ ਵਿਚ ਚੁਣੇ ਗਏ ਜ਼ਿਆਦਾਤਰ ਖਿਡਾਰੀਆਂ ਦਾ ਸਬੰਧ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਤੇ ਪੰਜਾਬ ਕਬੱਡੀ ਅਕੈਡਮੀ ਫੈਡਰੇਸ਼ਨ ਨਾਲ ਹੈ, ਜਦੋਂਕਿ ਪੰਜਾਬ ਕਬੱਡੀ ਐਸੋਸੀਏਸ਼ਨ ਦਾ ਇਕ ਵੀ ਖਿਡਾਰੀ ਇਸ ਟੀਮ ਵਿਚ ਥਾਂ ਨਹੀਂ ਬਣਾ ਸਕਿਆ। ਕੌਮੀ ਟੀਮ ਵਿਚ ਨੌਰਥ ਇੰਡੀਆ ਫੈਡਰੇਸ਼ਨ ਦੇ 9 ਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ 7 ਖਿਡਾਰੀ ਸ਼ਾਮਿਲ ਹਨ।

ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਦੇ ਚੋਣ ਟ੍ਰਾਇਲ 7 ਤੋਂ

ਜਲੰਧਰ, 2 ਅਪ੍ਰੈਲ - ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਦੇ ਚੋਣ ਟ੍ਰਾਇਲ ਅੰਡਰ 14, 17 ਤੇ 19 ਸਾਲ ਵਰਗ (ਲੜਕੇ) 7 ਤੇ 8 ਅਪ੍ਰੈਲ ਨੂੰ ਸਵੇਰੇ 9 ਵਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਖੇਡ ਮੈਦਾਨਾਂ ਵਿਚ ਕਰਵਾਏ ਜਾ ਰਹੇ ਹਨ।

ਵਿਸ਼ਵ ਕੱਪ ਕਬੱਡੀ 'ਚ ਸ਼ਾਮਿਲ ਹੋਣ ਵਾਲੇ ਭਾਰਤੀ ਖਿਡਾਰੀ

ਲੁਧਿਆਣਾ, 1 ਅਪ੍ਰੈਲ - ਵਿਸ਼ਵ ਕੱਪ ਕਬੱਡੀ ਦੀ ਕਪਤਾਨੀ ਉੱਘਾ ਜਾਫੀ ਮੰਗਤ ਸਿੰਘ ਮੰਗੀ ਕਰੇਗਾ, ਜਦਕਿ ਉਪ ਕਪਤਾਨ ਹਰਵਿੰਦਰ ਸਿੰਘ ਦੁੱਲਾ ਸੁਰਖਪੁਰ ਨੂੰ ਚੁਣਿਆ ਗਿਆ ਹੈ। ਟੂਰਨਾਮੈਂਟ ਦੇ ਤਕਨੀਕੀ ਡਾਇਰੈਕਟਰ ਕੋਚ ਦੇਵੀ ਦਿਆਲ, ਬਲਵੀਰ ਸਿੰਘ ਬਿੱਟੂ, ਹਰਪ੍ਰੀਤ ਸਿੰਘ ਬਾਬਾ, ਗੁਰਦੀਪ ਸਿੰਘ ਮੱਲੀ, ਪ੍ਰਿੰਸੀਪਲ ਸਰਬਣ ਸਿੰਘ ਢੁੱਡੀਕੇ ਦੇ ਚੋਣ ਪੈਨਲ ਨੇ ਖਿਡਾਰੀਆਂ ਦੇ ਅੰਤਿਮ ਪੜਾਅ ਦੇ ਟਰਾਇਲ ਲੈਂਦਿਆਂ ਕੁੱਲ 32 ਖਿਡਾਰੀਆਂ ਵਿਚੋਂ 14 ਖਿਡਾਰੀ ਚੁਣੇ ਗਏ, ਜਦਕਿ 4 ਰਾਖਵੇਂ ਖਿਡਾਰੀ ਰੱਖੇ ਗਏ। ਦੋ ਖਿਡਾਰੀ ਗੁਰਪਿਆਰ ਸਿੰਘ ਅਤੇ ਬਲਵੀਰ ਸਿੰਘ ਡੋਪ ਟੈਸਟ ਦੀ ਲਪੇਟ ਵਿਚ ਆ ਗਏ ਸਨ। ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਪ੍ਰਗਟ ਸਿੰਘ ਅਤੇ ਸਿਕੰਦਰ ਸਿੰਘ ਮਲੂਕਾ ਨੇ ਇਕ ਪ੍ਰੈਸ ਮਿਲਣੀ ਦੌਰਾਨ ਦੱਸਿਆ ਕਿ ਚੁਣੀ ਗਈ ਭਾਰਤੀ ਟੀਮ ਵਿਚ 7 ਧਾਵੀ ਅਤੇ 7 ਜਾਫੀ ਰੱਖੇ ਗਏ ਹਨ। ਟੀਮ ਦੇ ਮੈਂਬਰਾਂ 'ਚ ਮੰਗਤ ਸਿੰਘ ਮੰਗੀ (ਕਪਤਾਨ), ਹਰਵਿੰਦਰ ਸਿੰਘ ਦੁੱਲਾ ਸੁਰਖਪੁਰ, ਬਲਵਿੰਦਰ ਸਿੰਘ ਕਾਕਾ ਕਾਹਰੀ ਸਾਹਰੀ, ਗੁਲਜ਼ਾਰ ਸਿੰਘ ਮੂਣਕ, ਸੰਦੀਪ ਸਿੰਘ ਸੁਰਖਪੁਰ, ਸੁਖਬੀਰ ਸਿੰਘ ਸਰਾਂਵਾ, ਹਰਿੰਦਰ ਸਿੰਘ ਨਿੱਕਾ ਜਰਗੜੀ, ਲਖਵਿੰਦਰ ਸਿੰਘ ਲਾਡੀ ਉਟਾਲਾਂ, ਖੁਸ਼ਦੀਪ ਸਿੰਘ ਦਿੜਬਾ, ਹਰਦੀਪ ਸਿੰਘ ਢਿੱਲੋਂ, ਕਰਮਜੀਤ ਸਿੰਘ ਕਰਮੀ ਬਰੜਵਾਲ, ਸੁੱਖਾ ਭੰਡਾਲ, ਜਗਸੀਰ ਸਿੰਘ ਸੀਰਾ ਪਿੱਥੋ, ਨਰਿੰਦਰ ਰਾਮ ਬਿੱਟੂ ਦਗਾਲ, ਜਦਕਿ ਰਾਖਵੇਂ ਖਿਡਾਰੀਆਂ ਵਿਚ ਰੇਡਰਾਂ 'ਚ ਕਰਤਾਰ ਸਿੰਘ ਹਰਿਆਣਾ, ਹਰਜਿੰਦਰ ਸਿੰਘ ਭੁੱਟੋ, ਜਾਫ਼ੀਆਂ 'ਚ ਅਜੀਤਪਾਲ ਸਿੰਘ ਲਾਲੀ ਬੁਟਾਹਰੀ, ਨਰਪਿੰਦਰ ਸਿੰਘ ਢੱਡਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਮੌਕੇ 'ਤੇ ਕੁਝ ਕਬੱਡੀ ਖਿਡਾਰੀਆਂ ਨੇ ਜਿਨ੍ਹਾਂ ਦੀ ਟੀਮ ਵਿਚ ਚੋਣ ਨਹੀਂ ਹੋ ਸਕੀ ਨੇ ਦੋਸ਼ ਲਗਾਇਆ ਕਿ ਭਾਰਤੀ ਟੀਮ ਦੀ ਚੋਣ ਸਿਆਸੀ ਦਬਾਅ ਹੇਠ ਕੀਤੀ ਗਈ ਹੈ।

ਵਿਸ਼ਵ ਕਬੱਡੀ ਕੱਪ ਦਾ ਉਦਘਾਟਨੀ ਮੈਚ ਭਾਰਤ ਤੇ ਅਮਰੀਕਾ ਵਿਚਾਲੇ

ਲੁਧਿਆਣਾ, 1 ਅਪ੍ਰੈਲ - 3 ਅਪ੍ਰੈਲ ਨੂੰ ਭਾਰਤ ਅਤੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਵਿਸ਼ਵ ਕਬੱਡੀ ਕੱਪ ਦਾ ਉਦਘਾਟਨੀ ਮੈਚ ਕਰਵਾਇਆ ਜਾ ਰਿਹਾ ਹੈ। 9 ਟੀਮਾਂ ਦੇ ਹਰ ਪੂਲ ਵਿਚੋਂ ਦੋ ਦੋ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਸਾਰੇ ਮੈਚਾਂ ਦਾ ਪੀ ਟੀ ਸੀ ਚੈਨਲ ਤੋਂ ਸਿੱਧਾ ਪ੍ਰਸਾਰਨ ਹੋਵੇਗਾ। ਪਟਿਆਲਾ ਵਿਖੇ ਇਕ, ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ, ਸੰਗਰੂਰ ਵਿਖੇ ਤਿੰਨ ਤਿੰਨ ਮੈਚ ਹੋਣਗੇ। ਦੋ ਸੈਮੀਫਾਈਨਲ ਬਠਿੰਡਾ ਵਿਖੇ ਹੋਣਗੇ। ਪਟਿਆਲਾ ਵਿਖੇ ਹੋਣ ਵਾਲਾ ਵਿਸ਼ਵ ਕਬੱਡੀ ਕੱਪ ਦਾ ਉਦਘਾਟਨੀ ਸਮਾਰੋਹ ਬੇਹੱਦ ਲਾਜਵਾਬ ਹੋਵੇਗਾ। ਪਾਕਿਸਤਾਨ ਸਮੇਤ ਸਾਰੀਆਂ ਟੀਮਾਂ ਲੁਧਿਆਣਾ ਵਿਖੇ ਪੁੱਜ ਚੁੱਕੀਆਂ ਹਨ। ਵਿਸ਼ਵ ਕਬੱਡੀ ਕੱਪ ਦੇ ਪੂਲ ਇਸ ਤਰ੍ਹਾਂ ਹੋਣਗੇ।

ਪੰਜਾਬ ਐਥਲੈਟਿਕਸ ਟੀਮ ਦੇ ਚੋਣ ਟ੍ਰਾਇਲ 4 ਨੂੰ

ਜਲੰਧਰ, 1 ਅਪ੍ਰੈਲ - ਪੰਜਾਬ ਐਥਲੈਟਿਕਸ ਟੀਮ ਦੇ ਚੋਣ ਟ੍ਰਾਇਲ ਅੰਡਰ 18 ਸਾਲ ਯੂਥ ਨੈਸ਼ਨਲ, ਸੀਨੀਅਰ ਫੈਡਰੇਸ਼ਨ ਕੱਪ ਓਪਨ ਨੈਸ਼ਨਲ ਲਈ 4 ਅਪ੍ਰੈਲ ਨੂੰ ਸਵੇਰੇ 9 ਵਜੇ ਸਪੋਰਟਸ ਸਕੂਲ ਜਲੰਧਰ ਦੇ ਖੇਡ ਮੈਦਾਨ ਵਿਚ ਕਰਵਾਏ ਜਾ ਰਹੇ ਹਨ।

ਵਿਸ਼ਵ ਕਬੱਡੀ ਕੱਪ 'ਚ ਸ਼ਾਮਿਲ ਹੋਣ ਵਾਲੇ ਕਨੇਡਾ ਖਿਡਾਰੀ

ਜਲੰਧਰ, 1 ਅਪ੍ਰੈਲ - ਵਿਸ਼ਵ ਕਬੱਡੀ ਕੱਪ ਵਿਚ ਸ਼ਾਮਿਲ ਹੋਣ ਵਾਲੇ ਕਨੇਡਾ ਦੇ ਸਟਾਰ ਖਿਡਾਰੀਆਂ ਦੀ ਟੀਮ ਪੰਜਾਬ 'ਚ ਪਹੁੰਚ ਗਈ ਹੈ। ਇਹ ਵਿਸ਼ਵ ਕਬੱਡੀ ਕੱਪ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ। ਟੀਮ ਦੇ ਵਿਚ ਕਿੰਦੂ ਬਿਹਾਰੀਪੁਰੀਆ, ਕਪਤਾਨ, ਕੁਲਜੀਤਾ ਮਲਸੀਆਂ ਉਪ-ਕਪਤਾਨ ਤੇ ਸੰਦੀਪ ਲੱਲ੍ਹੀਆਂ, ਕੀਪਾ ਬੱਧਣੀ, ਬੱਬੂ ਲੱਖਣਕੇ ਪੱਡਾ, ਟੈਰੀ ਪੁਰੇਵਾਲ, ਅਮਨ ਕੁੰਢੀ, ਜੱਗਾ ਆਲੋਵਾਲ, ਸੰਦੀਪ ਗੁਰਦਾਸਪੁਰੀਆ, ਕੀਪਾ ਸੁਰਖਪੁਰ, ਬਲਜੀਤ ਸੈਦੋਕੇ, ਲੱਕੀ ਕੁਰਾਲੀ, ਪੱਪੀ ਖਹਿਰਾ, ਸੋਨੀ ਸੁਨੇਤ ਸ਼ਾਮਿਲ ਹਨ। ਇਸ ਕਬੱਡੀ ਕੱਪ ਨੂੰ ਉਚੇਚੇ ਤੌਰ 'ਤੇ ਕਵਰੇਜ ਕਰਨ ਲਈ ਕੈਨੇਡਾ ਦਾ ਪੰਜਾਬੀ ਮੀਡੀਆ ਵੀ ਪੁੱਜਾ ਹੈ।

ਏਸ਼ੀਆਈ ਕਲੇਅ ਨਿਸ਼ਾਨੇਬਾਜ਼ੀ 'ਚ ਮਾਨਵਜੀਤ ਸਿੰਘ ਸੰਧੂ ਨੇ ਕੀਤਾ ਦੋ ਤਗਮਿਆਂ 'ਤੇ ਕਬਜ਼ਾ

ਨਵੀਂ ਦਿੱਲੀ, 31 ਮਾਰਚ - ਬੈਂਕਾਕ ਵਿਚ ਏਸ਼ੀਆਈ ਕਲੇਅ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਸਾਬਕਾ ਵਿਸ਼ਵ ਚੈਂਪੀਅਨ ਮਾਨਵਜੀਤ ਸਿੰਘ ਸੰਧੂ ਨੇ ਮਨਸ਼ੇਰ ਸਿੰਘ ਅਤੇ ਬੀਰਨੇਦੀਪ ਸਿੰਘ ਨਾਲ ਮਿਲਕੇ ਪੁਰਸ਼ ਟਰੈਪ ਟੀਮ 'ਚ ਸੋਨੇ ਦਾ ਤਗਮਾ ਜਿੱਤਿਆ ਜਦਕਿ ਨਿੱਜੀ ਮੁਕਾਬਲੇ 'ਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਮਾਨਵਜੀਤ ਸਿੰਘ (125 ਵਿਚੋਂ 120), ਮਨਸ਼ੇਰ ਸਿੰਘ 110 ਅਤੇ ਬੀਰੇਨਦੀਪ ਸਿੰਘ ਨੇ 111 (ਕੁੱਲ 375 ਵਿਚੋਂ 341 ਦਾ ਸਕੋਰ) ਬਣਾ ਕੇ ਸੋਨੇ ਦਾ ਤਗਮਾ ਜਿੱਤਿਆ। ਮਾਨਵਜੀਤ ਸਿੰਘ ਨੇ 120 ਅਤੇ 18 ਦੇ ਕੁੱਲ ਸਕੋਰ ਨਾਲ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਉਹ 125 ਵਿਚੋਂ 120 ਦਾ ਸਕੋਰ ਬਣਾ ਕੇ ਕਵਾਈਫਾਈ ਗੇੜ 'ਚ ਕੁਵੈਤ ਦੇ ਨਿਸ਼ਾਨੇਬਾਜ਼ ਦੇ ਬਰਾਬਰ ਰਹੇ, ਪਰ ਫਾਇਨਲ 'ਚ ਕੁਵੈਤ ਦੇ ਨਿਸ਼ਾਨੇਬਾਜ਼ ਨੇ 25 ਵਿਚੋਂ 19 ਸਕੋਰ ਬਣਾ ਕੇ ਸੋਨੇ ਦਾ ਤਗਮਾ ਜਿੱਤ ਲਿਆ। ਇਸ ਤਰਾਂ ਮਾਨਵਜੀਤ ਸਿੰਘ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਮਹਿਲਾ ਟਰੈਪ ਮੁਕਾਬਲੇ ਵਿਚ ਭਾਰਤੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ।

ਵਿਸ਼ਵ ਕਬੱਡੀ ਕੱਪ ਲਈ ਚੁਣੀ ਗਈ ਆਸਟਰੇਲੀਆ ਟੀਮ

ਲੁਧਿਆਣਾ, 31 ਮਾਰਚ - ਵਿਸ਼ਵ ਕਬੱਡੀ ਕੱਪ ਲਈ ਆਸਟਰੇਲੀਆ ਕਬੱਡੀ ਟੀਮ ਦੀ ਚੋਣ ਕਰ ਲਈ ਗਈ ਹੈ। ਆਸਟ੍ਰੇਲੀਆ ਟੀਮ ਵਿਚ ਪੰਜਾਬੀ ਮੂਲ ਦੇ ਖਿਡਾਰੀਆਂ ਦੇ ਬੁਹਤਤਾਤ ਹੈ। ਟੀਮ ਦੇ ਕਪਤਾਨ ਰਾਜੀਵ ਕੁਮਾਰ, ਚੀਫ਼ ਕੋਚ ਬਲਜਿੰਦਰ ਸਿੰਘ ਬਾਸੀ ਅਤੇ ਮੈਨੇਜਰ ਜਗਜੀਤ ਸਿੰਘ ਗੁਰਮ ਅਤੇ ਮੀਡੀਆ ਕੁਆਡੀਨੇਟਰ ਮਨਜੀਤ ਸਿੰਘ ਔਜਲਾ ਹੋਣਗੇ। ਆਸਟ੍ਰੇਲੀਆ ਟੀਮ: ਰਜੀਵ ਕੁਮਾਰ (ਕਪਤਾਨ) ਸੁਖਬੀਰ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਬੂਟਾ ਸਿੰਘ, ਕੁਲਦੀਪ ਸਿੰਘ ਜੂਨੀਅਰ, ਜਗਜੀਤ ਸਿੰਘ ਧਾਲੀਵਾਲ, ਅਮ੍ਰਿਤਪਾਲ ਸਿੰਘ, ਸੁਖਜਿੰਦਰ ਸਿੰਘ, ਰਾਜ ਕੁਮਾਰ, ਹਰਪ੍ਰੀਤ ਸਿੰਘ, ਕਰਨਲ ਸਿੰਘ, ਪਰਮਪਾਲ ਸਿੰਘ ਪ੍ਰਮੁੱਖ ਖਿਡਾਰੀ ਹੋਣਗੇ। ਆਸਟ੍ਰੇਲੀਆ ਟੀਮ 1 ਮਾਰਚ ਨੂੰ ਭਾਰਤ ਪੁੱਜੇਗੀ।

Click here to read PREVIOUS Monthly News