Click here For English Version

SPORTS NEWS

September Sports News 2009

ਕੈਨੇਡਾ-ਅਮਰੀਕਾ ਮੱਖਣ ਯਾਦਗਾਰੀ ਕਬੱਡੀ ਕੱਪ 21 ਦਸੰਬਰ ਤੋਂ

ਮੁੱਲਾਂਪੁਰ ਦਾਖਾ, 30 ਸਤੰਬਰ - ਅੰਤਰਰਾਸ਼ਟਰੀ ਕੈਨੇਡਾ-ਅਮਰੀਕਾ ਕਬੱਡੀ ਕੱਪ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ 20-21 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਿਚ ਕਬੱਡੀ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਲੁਧਿਆਣਾ ਗੁਰੂ ਨਾਨਕ ਸਟੇਡੀਅਮ ਅੰਦਰ ਕਬੱਡੀ ਦੇ ਨਾਲ ਹਰ ਵਰ੍ਹੇ ਵਾਂਗ ਗੁਰਦਾਸ ਮਾਨ ਦਾ ਮੁਫ਼ਤ ਖੁੱਲ੍ਹਾ ਅਖਾੜਾ ਕਬੱਡੀ ਖਿਡਾਰੀ, ਕਬੱਡੀ ਪ੍ਰਸੰਸਕਾਂ, ਪ੍ਰਬੰਧਕਾਂ ਦਾ ਮਨੋਰੰਜਨ ਕਰੇਗਾ। ਇਥੇ ਵਰਨਣਯੋਗ ਹੈ ਕਿ ਕੱਪ ਦੇ ਮੁੱਖ ਪ੍ਰਬੰਧਕ ਇੰਦਰਜੀਤ ਸਿੰਘ ਮੁੱਲਾਂਪੁਰ ਦੇ ਉਪਰਾਲੇ ਨਾਲ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਐਡਮਿੰਟਨ (ਕੈਨੇਡਾ) ਅੰਦਰ ਨੁਮਾਇਸ਼ੀ ਖੇਡ ਵਜੋਂ ਸ਼ਾਮਿਲ ਹੋਣ ਦਾ ਮਾਣ ਮਿਲਿਆ ਹੈ।

ਅੰਤਰ ਕਾਲਜ ਬਾਸਕਿਟਬਾਲ ਮੁਕਾਬਲੇ

ਫ਼ਰੀਦਕੋਟ, 30 ਸਤੰਬਰ - ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਅੰਤਰ ਕਾਲਜ ਬਾਸਕਿਟਬਾਲ ਟੂਰਨਾਮੈਂਟ ਸਰਕਾਰੀ ਬਰਜਿੰਦਰ ਕਾਲਜ ਫ਼ਰੀਦਕੋਟ ਵਿਖੇ ਨਹਿਰੂ ਸਟੇਡੀਅਮ ਵਿਚ ਚੱਲ ਰਿਹਾ ਹੈ। ਇਹ ਟੂਰਨਾਮੈਂਟ 1 ਅਕਤੂਬਰ ਤੱਕ ਚੱਲੇਗਾ। ਇਸ ਟੂਰਨਾਮੈਂਟ ਦਾ ਉਦਘਾਟਨ ਸ: ਕੁਮੰਦਰ ਸਿੰਘ ਬਰਾੜ ਪ੍ਰਧਾਨ ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਫ਼ਰੀਦਕੋਟ ਨੇ ਕੀਤਾ। ਇਸ ਟੂਰਨਾਮੈਂਟ ਵਿਚ ਲੜਕੀਆਂ ਦੀਆਂ ਟੀਮਾਂ ਐਸ. ਕੇ. ਆਰ. ਭਾਗੂਮਾਜਰਾ, ਸਰੀਰਕ ਸਿੱਖਿਆ ਕਾਲਜ ਪਟਿਆਲਾ, ਸਰਕਾਰੀ ਰਜਿੰਦਰਾ ਕਾਲਜ ਬਠਿੰਡਾ, ਐਸ. ਬੀ. ਐਸ. ਕਾਲਜ ਕੋਟਕਪੂਰਾ ਅਤੇ ਲੜਕਿਆਂ ਦੀਆਂ ਸਰਕਾਰੀ ਬਰਜਿੰਦਰ ਕਾਲਜ ਫ਼ਰੀਦਕੋਟ, ਸਰਕਾਰੀ ਮਹਿੰਦਰਾ ਕਾਲਜ ਪਟਿਆਲਾ, ਪੰਜਾਬ ਯੂਨੀਵਰਸਿਟੀ ਕੈਂਪਸ ਪਟਿਆਲਾ, ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੀਆਂ ਟੀਮਾਂ ਆਪਣਾ ਜੌਹਰ ਦਿਖਾਉਣਗੀਆਂ।

55ਵੀਂਆਂ ਪੰਜਾਬ ਪੱਧਰੀ ਬੇਸਬਾਲ ਸਕੂਲ ਖੇਡਾਂ ਸ਼ੁਰੂ

ਕੋਟ ਈਸੇ ਖਾਂ, 30 ਸਤੰਬਰ - 1-5 ਅਕਤੂਬਰ ਤੱਕ 55ਵੀਂ ਪੰਜਾਬ ਪੱਧਰੀ ਬੇਸਬਾਲ (ਲੜਕੇ-ਲੜਕੀਆਂ) ਸਕੂਲ ਖੇਡਾਂ ਕੋਟ ਈਸੇ ਖਾਂ ਦੇ ਸਕੂਲਾਂ ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਦਾ ਉਦਘਾਟਨ 1 ਅਕਤੂਬਰ ਵੀਰਵਾਰ ਨੂੰ ਸਾਬਕਾ ਸਿੱਖਿਆ ਮੰਤਰੀ ਪੰਜਾਬ ਜਥੇਦਾਰ ਤੋਤਾ ਸਿੰਘ ਕੋਟ ਈਸੇ ਖਾਂ ਦੇ ਸ੍ਰੀ ਹੇਮਕੁੰਟ ਸਕੂਲ ਦੀਆਂ (ਦਾਤੇਵਾਲ ਰੋਡ) ਗਰਾਊਂਡਾਂ ਵਿਖੇ ਸਵੇਰੇ 11 ਵਜੇ ਕਰਨਗੇ।

ਆਲ ਇੰਡੀਆ ਸਾਈ ਵਾਲੀਬਾਲ ਚੈਂਪੀਅਨਸ਼ਿਪ 'ਚ ਸੈਂਟਰਲ ਜ਼ੋਨ ਲਖਨਊ ਅਵੱਲ

ਮਸਤੂਆਣਾ ਸਾਹਿਬ, 28 ਸਤੰਬਰ - ਆਲ ਇੰਡੀਆ ਸਾਈ ਵਾਲੀਬਾਲ ਚੈਂਪੀਅਨਸ਼ਿਪ ਮਸਤੂਆਣਾ ਸਾਹਿਬ ਦੇ ਸੰਤ ਅਤਰ ਸਿੰਘ ਯਾਦਗਾਰੀ ਸਟੇਡੀਅਮ ਵਿਖੇ ਕਰਵਾਈ ਗਈ। ਇਸ ਵਿਚ ਵਾਲੀਬਾਲ ਦੇ ਫਸਵੇਂ ਸੈਮੀਫਾਈਨਲ ਮੁਕਾਬਲਿਆਂ 'ਚ ਨਾਰਥ ਜ਼ੋਨ ਸੋਨੀਪਤ ਨੇ ਨਾਰਥ ਜੋਨ ਬਲਿਊ ਚੰਡੀਗੜ੍ਹ ਨੂੰ ਅਤੇ ਸੈਂਟਰਲ ਜ਼ੋਨ ਲਖਨਊ ਦੀ ਟੀਮ ਨੇ ਨਾਰਥ ਜ਼ੋਨ ਰੈਡ ਚੰਡੀਗੜ੍ਹ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਸੈਂਟਰਲ ਜ਼ੋਨ ਲਖਨਊ ਅਤੇ ਨਾਰਥ ਜ਼ੋਨ ਸੋਨੀਪਤ ਦੀਆਂ ਟੀਮਾਂ ਦੇ ਹੋਏ ਫਾਈਨਲ ਮੁਕਾਬਲੇ 'ਚ ਹੋਏ ਤਿੰਨ ਸੈਟਾਂ ਵਿਚ 28-26, 25-18, 29-27 ਨਾਲ ਹਰਾ ਕੇ ਸੈਂਟਰਲ ਜ਼ੋਨ ਲਖਨਊ ਨੇ ਚੈਪੀਅਨਸ਼ਿਪ ਪ੍ਰਾਪਤ ਕੀਤੀ ਜਦੋਂ ਕਿ ਨਾਰਥ ਜ਼ੋਨ ਸੋਨੀਪਤ ਅਤੇ ਨਾਰਥ ਜ਼ੋਨ ਚੰਡੀਗੜ੍ਹ (ਸਾਈ ਸੈਂਟਰ ਮਸਤੂਆਣਾ ਸਾਹਿਬ) ਦੀਆਂ ਟੀਮਾਂ ਨੇ ਕ੍ਰਮਵਾਰ ਦੂਜਾ, ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਟੀਮਾਂ 'ਚੋਂ ਸੈਂਟਰਲ ਜ਼ੋਨ ਲਖਨਊ ਦੇ ਸੋਨੀ ਅਤੇ ਨਾਰਥ ਜ਼ੋਨ ਚੰਡੀਗੜ੍ਹ ਸਾਈ ਸੈਂਟਰ (ਮਸਤੂਆਣਾ) ਦੇ ਮਲਕੀਤ ਸਿੰਘ ਨੂੰ ਸਰਬੋਤਮ ਖਿਡਾਰੀ ਦਾ ਖਿਤਾਬ ਦਿੱਤਾ ਗਿਆ।

ਕੌਮੀ ਸਬ-ਜੂਨੀਅਰ ਰੱਸਾਕਸ਼ੀ ਲਈ ਚੁਣੀ ਗਈ ਪੰਜਾਬ ਦੀ ਟੀਮ

ਫਗਵਾੜਾ, 30 ਸਤੰਬਰ - ਗਿਆਰਵੀਂ ਸਬ ਜੂਨੀਅਰ ਕੌਮੀ ਰੱਸਾਕਸ਼ੀ ਲੜਕੀਆਂ ਦੀ ਚੈਂਪੀਅਨਸ਼ਿਪ ਰਾਜਸਥਾਨ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਦਾ ਐਲਾਨ ਕੀਤਾ ਗਿਆ। ਟੀਮ ਦੀ ਕਪਤਾਨ ਪ੍ਰਿਅੰਕਾ, ਕੋਚ ਐਚ. ਐਮ. ਬਿਲਗਾ ਅਤੇ ਮੈਨੇਜਰ ਸ੍ਰੀਮਤੀ ਪੂਨਮ ਕਾਂਤ ਨੂੰ ਬਣਾਇਆ ਗਿਆ ਹੈ। ਚੁਣੀ ਟੀਮ ਵਿਚ ਬਲਜੀਤ, ਨਵਨੀਤ, ਹਿਮਾਨੀ, ਪ੍ਰਭਲੀਨ, ਗੁਰਪ੍ਰੀਤ, ਦਿਵਿਆਨੀ, ਮੇਘਾ ਅਤੇ ਸਿਮਰਨ ਸ਼ਾਮਿਲ ਹਨ।

26ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 'ਚ ਪਹਿਲੇ ਦਰਜੇ ਵਾਲੇ ਨੂੰ 2.50 ਲੱਖ ਦਾ ਇਨਾਮ

ਜਲੰਧਰ, 30 ਸਤੰਬਰ - 26ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੀ ਮੁੱਖ ਸਪਾਂਸਰ ਅੰਤਰਰਾਸ਼ਟਰੀ ਪੱਧਰ ਦੀ ਪ੍ਰਸਿੱਧ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਹੋਵੇਗੀ। ਇੰਡੀਅਨ ਆਇਲ ਪਿਛਲੇ 20 ਸਾਲਾਂ ਤੋਂ ਸੁਰਜੀਤ ਹਾਕੀ ਟੂਰਨਾਮੈਂਟ ਨੂੰ ਸਪਾਂਸਰ ਕਰਦੀ ਆ ਰਹੀ ਹੈ। ਇੰਡੀਅਨ ਆਇਲ ਕੰਪਨੀ ਦੇ ਜਨਰਲ ਮੈਨੇਜਰ ਆਰ. ਕੇ. ਅਰੋੜਾ, ਡੀ. ਜੀ. ਐਮ. ਗੁਰਮੀਤ ਸਿੰਘ, ਬੀ. ਐਸ. ਕੈਂਥ ਅਤੇ ਏ. ਕੇ. ਸਿੰਘ ਦੇ ਬਿਹਤਰੀਨ ਸਹਿਯੋਗ ਸਦਕਾ ਇਹ ਸੰਭਵ ਹੋਇਆ ਹੈ। ਸਬ ਕਮੇਟੀ ਜਿਸ ਵਿਚ ਪਦਮਸ੍ਰੀ ਪ੍ਰਗਟ ਸਿੰਘ, ਸ੍ਰੀਮਤੀ ਸਰੋਜਨੀ ਸ਼ਾਰਦਾ ਪੀ. ਸੀ. ਐਸ., ਇਕਬਾਲ ਸਿੰਘ ਸੰਧੂ ਪੀ. ਸੀ. ਐਸ., ਬੀ. ਐਸ. ਮੱਕੜ, ਲਖਵਿੰਦਰ ਪਾਲ ਖਹਿਰਾ ਅਤੇ ਅਮਰੀਕ ਸਿੰਘ ਪਵਾਰ ਦੀ ਰਿਪੋਰਟ ਦੇ ਆਧਾਰ 'ਤੇ ਇਨਾਮੀ ਰਾਸ਼ੀ ਵਿਚ ਵਾਧਾ ਕੀਤਾ ਗਿਆ ਹੈ। ਹੁਣ ਇਸ ਟੂਰਨਾਮੈਂਟ ਦੀ ਜੇਤੂ ਟੀਮ ਨੂੰ 2.50 ਲੱਖ ਰੁਪਏ ਅਤੇ ਉਪ ਜੇਤੂ ਨੂੰ 1.50 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ, ਜੋ ਕਿ ਅਮੋਲਕ ਸਿੰਘ ਗਾਖਲ ਐਮ. ਡੀ. ਗੋਲਡ ਜਿਮ ਅਤੇ ਨਵਦੀਪ ਸਿੰਘ ਬਦੇਸਾ ਯੂ. ਕੇ. ਵੱਲੋਂ ਸਪਾਂਸਰ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਟੂਰਨਾਮੈਂਟ ਦੇ ਵਧੀਆ ਖਿਡਾਰੀ ਨੂੰ 25000/- ਰੁਪਏ ਦਾ ਨਕਦ ਇਨਾਮ, ਮਹਿੰਦਰ ਸਿੰਘ ਟੁੱਟ ਦੀ ਯਾਦ ਵਿਚ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਟੂਰਨਾਮੈਂਟ ਜੋ ਕਿ 23 ਤੋਂ 30 ਅਕਤੂਬਰ ਨੂੰ ਹੋਣ ਜਾ ਰਿਹਾ ਸੀ, ਪੰਜਾਬ ਖੇਡ ਵਿਭਾਗ ਵੱਲੋਂ ਲਗਾਈ ਜਾ ਰਹੀ 2.50 ਕਰੋੜ ਰੁਪਏ ਦੀ ਨਵੀਂ ਐਸਟਰੋਟਰਫ ਸਬੰਧੀ ਕੁਝ ਤਕਨੀਕੀ ਕਾਰਨਾਂ ਕਰਕੇ ਦੇਰੀ ਹੋਣ ਕਾਰਨ ਟੂਰਨਾਮੈਂਟ ਨੂੰ ਇਕ ਹਫਤੇ ਲਈ ਅੱਗੇ ਕਰ ਦਿੱਤਾ ਗਿਆ ਹੈ ਅਤੇ ਨਵੀਆਂ ਤਰੀਕਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।

ਪੰਜਾਬ ਕਬੱਡੀ ਲੀਗ ਤੇ ਵਿਸ਼ਵ ਕੱਪ ਲਈ ਹੋਵੇਗਾ ਡੋਪ ਟੈਸਟ

ਪਟਿਆਲਾ, 30 ਸਤੰਬਰ - ਪੰਜਾਬ ਖੇਡਾਂ ਦੇ ਨਿਰਦੇਸ਼ਕ ਸ. ਪ੍ਰਗਟ ਸਿੰਘ ਨੇ ਕਿਹਾ, ਪੰਜਾਬ ਕਬੱਡੀ ਲੀਗ ਤੇ ਵਿਸ਼ਵ ਕੱਪ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਡੋਪ ਟੈਸਟ ਕਰਵਾਇਆ ਜਾਵੇਗਾ। ਉਨ੍ਹਾਂ ਇਥੇ ਇਕ ਵਿਭਾਗੀ ਦੌਰੇ ਦੌਰਾਨ ਕੀਤਾ। ਸ: ਪ੍ਰਗਟ ਸਿੰਘ ਨੇ ਦੱਸਿਆ ਕਿ ਇਸੇ ਵਰ੍ਹੇ ਪਹਿਲੀ ਪੰਜਾਬ ਪੱਧਰ ਦੀ ਕਬੱਡੀ ਲੀਗ ਕਰਵਾਈ ਜਾ ਰਹੀ ਹੈ, ਜਿਸ ਵਿਚ ਚੋਟੀ ਦੇ ਖਿਡਾਰੀਆਂ 'ਤੇ ਆਧਾਰਿਤ 8 ਟੀਮਾਂ ਹਿੱਸਾ ਲੈਣਗੀਆਂ। ਇਸ ਤੋਂ ਬਾਅਦ ਅਗਲੇ ਵਰ੍ਹੇ ਫਰਵਰੀ ਮਹੀਨੇ 'ਚ ਵਿਸ਼ਵ ਕੱਪ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਦੁਨੀਆ ਦੀਆਂ ਚੋਟੀ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਮੌਕੇ ਵਧੀਕ ਸਕੱਤਰ ਖੇਡਾਂ ਸ: ਦਲਜੀਤ ਸਿੰਘ, ਬ੍ਰਿਗੇਡੀਅਰ ਲਾਭ ਸਿੰਘ, ਅਰਜੁਨ ਐਵਾਰਡੀ ਜੈਪਾਲ ਸਿੰਘ, ਦਰੋਣਾਚਾਰੀਆ ਐਵਾਰਡੀ ਸੁਖਚੈਨ ਸਿੰਘ ਚੀਮਾ, ਜ਼ਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਜਸਵੀਰ ਪਾਲ ਕੌਰ ਬਰਾੜ, ਅਰਜੁਨ ਐਵਾਰਡੀ ਪਰਮਜੀਤ ਸ਼ਰਮਾ, ਸੀਨੀਅਰ ਕੋਚ ਹਰਪ੍ਰੀਤ ਸਿੰਘ ਸਿੱਧੂ ਤੇ ਕੌਮਾਂਤਰੀ ਕਬੱਡੀ ਖਿਡਾਰੀ ਗੁਰਦੀਪ ਸਿੰਘ ਬਿੱਟੀ ਘੱਗਾ ਵੀ ਮੌਜੂਦ ਸਨ।

ਰਾਸ਼ਟਰੀ ਫੁੱਟਬਾਲ ਲੀਗ 1 ਅਕਤੂਬਰ ਤੋਂ

ਲੁਧਿਆਣਾ, 29 ਸਤੰਬਰ - ਰਾਸ਼ਟਰੀ ਫੁੱਟਬਾਲ ਲੀਗ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਜਿਸ ਵਿਚ ਦੇਸ਼ ਦੀਆਂ ਉਘੀਆਂ 14 ਟੀਮਾਂ ਹਿੱਸਾ ਲੈ ਰਹੀਆਂ ਹਨ, ਵਿਚ ਹਰ ਟੀਮ ਇਕ ਮੈਚ ਆਪਣੇ ਘਰੇਲੂ ਮੈਦਾਨ ਵਿਚ ਅਤੇ ਦੂਸਰਾ ਮੈਚ ਵਿਰੋਧੀ ਟੀਮ ਦੇ ਮੈਦਾਨ ਵਿਚ ਖੇਡੇਗੀ। ਉੱਤਰੀ ਭਾਰਤ ਵੱਲੋਂ ਇਕੋ ਇਕ ਖੇਡ ਰਹੀ ਟੀਮ ਜੇ ਸੀ. ਟੀ. ਨੇ ਪਹਿਲਾਂ ਦੀ ਤਰ੍ਹਾਂ ਆਪਣਾ ਘਰੇਲੂ ਮੈਦਾਨ ਗੁਰੂ ਨਾਨਕ ਸਟੇਡੀਅਮ ਨੂੰ ਰੱਖਿਆ ਹੈ। ਰਾਸ਼ਟਰੀ ਫੁੱਟਬਾਲ ਲੀਗ ਦੇ 13 ਮੈਚ ਲੁਧਿਆਣਾ ਵਿਖੇ ਖੇਡੇ ਜਾਣਗੇ। ਇਸ ਕੌਮੀ ਲੀਗ ਦਾ ਉਦਘਾਟਨੀ ਮੈਚ ਮਹਿੰਦਰਾ ਯੂਨਾਈਟਡ ਅਤੇ ਚਰਚਿਲ ਬ੍ਰਦਰਜ਼ ਗੋਆ ਵਿਚਕਾਰ ਮੁੰਬਈ ਵਿਖੇ ਪਹਿਲੀ ਅਕਤੂਬਰ ਨੂੰ ਖੇਡਿਆ ਜਾਵੇਗਾ, ਜਦਕਿ ਜੇ. ਸੀ. ਟੀ. ਆਪਣਾ ਪਹਿਲਾ ਮੈਚ 4 ਅਕਤੂਬਰ ਨੂੰ ਸ਼ਿਲਾਂਗ ਲਿਜਾਂਗ ਫੁੱਟਬਾਲ ਕਲੱਬ ਵਿਰੁੱਧ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡੇਗੀ। ਇਹ ਮੈਚ ਸ਼ਾਮ 3 ਵਜੇ ਹੋਵੇਗਾ। ਕੌਮੀ ਲੀਗ ਵਿਚ ਪਿਛਲੇ ਸਾਲ ਦੀ ਚੈਂਪੀਅਨ ਮੋਹਨ ਬਗਾਨ ਤੋਂ ਇਲਾਵਾ ਈਸਟ ਬੰਗਾਲ ਕੋਲਕਾਤਾ, ਚਿਰਾਗ ਯੂਨਾਈਟਡ, ਮਹਿੰਦਰਾ ਯੂਨਾਈਟਡ ਮੁੰਬਈ, ਮੁੰਬਈ ਫੁੱਟਬਾਲ ਕਲੱਬ, ਏਅਰ ਇੰਡੀਆ ਮੁੰਬਈ, ਵੀਵਾ ਕੇਰਲਾ, ਸਪੋਰਟਿੰਗ ਕਲੱਬ ਡੀ ਗੋਆ, ਚਰਚਿਲ ਬ੍ਰਦਰਜ਼ ਗੋਆ, ਸਲਗਾਉਂਕਰ ਗੋਆ, ਡੈਂਪੋ ਗੋਆ, ਪੂਨਾ ਫੁੱਟਬਾਲ ਕਲੱਬ, ਜੇ. ਸੀ. ਟੀ. ਹਿੱਸਾ ਲੈ ਰਹੀਆਂ ਹਨ। ਇਹ ਪਹਿਲਾ ਮੌਕਾ ਹੈ, ਜਦੋਂ ਟੀਮਾਂ ਦੀ ਗਿਣਤੀ 12 ਤੋਂ ਵਧਾ ਕੇ 14 ਕੀਤੀ ਗਈ ਹੈ। ਚੈਂਪੀਅਨ ਟੀਮ ਨੂੰ 50 ਲੱਖ ਰੁਪਏ, ਉਪ ਜੇਤੂ ਟੀਮ ਨੂੰ 28 ਲੱਖ ਰੁਪਏ ਦੀ ਨਕਦ ਰਾਸ਼ੀ ਮਿਲੇਗੀ।

6ਵੀਂ ਸਬ ਜੂਨੀਅਰ ਰਾਸ਼ਟਰੀ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦੀ ਕਪਤਾਨ ਵੀਰਪਾਲ ਕੌਰ

ਜਲੰਧਰ, 29 ਸਤੰਬਰ - 6ਵੀਂ ਸਬ ਜੂਨੀਅਰ ਰਾਸ਼ਟਰੀ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਜੋ ਕਿ ਉਤਰਾਖੰਡ ਦੇ ਸ਼ਹਿਰ ਹਲਦਵਾਨੀ ਵਿਖੇ ਕਰਵਾਈ ਜਾ ਰਹੀ ਹੈ। ਪੰਜਾਬ ਟੀਮ ਦਾ ਪਹਿਲਾ ਮੈਚ ਬਿਹਾਰ ਤੇ ਦੂਜਾ ਮੈਚ ਤਾਮਿਲਨਾਡੂ ਨਾਲ ਹੋਵੇਗਾ। ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀ ਪੰਜਾਬ ਸਬ ਜੂਨੀਅਰ ਮਹਿਲਾ ਫੁੱਟਬਾਲ ਟੀਮ ਦੀ ਕਪਤਾਨ ਕੌਮਾਂਤਰੀ ਫੁੱਟਬਾਲ ਖਿਡਾਰਨ ਵੀਰਪਾਲ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਬ ਜੂਨੀਅਰ ਮਹਿਲਾ ਫੁੱਟਬਾਲ ਟੀਮ ਦਾ ਕੋਚਿੰਗ ਕੈਂਪ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਵਿਖੇ ਰਾਜਵਿੰਦਰ ਦਾਸ ਦੀ ਦੇਖ-ਰੇਖ ਹੇਠ ਲਗਾਇਆ ਗਿਆ ਸੀ, ਜਿਸ ਵਿਚ ਹੇਠ ਲਿਖੀਆਂ ਖਿਡਾਰਨਾਂ ਦੀ ਪੰਜਾਬ ਟੀਮ ਲਈ ਚੋਣ ਕੀਤੀ ਗਈ ਹੈ। ਟੀਮ ਦੇ ਵਿਚ ਰਵਿੰਦਰ ਕੌਰ, ਰੁਪਿੰਦਰ ਕੌਰ, ਗਗਨਦੀਪ ਕੌਰ, ਸਿਮਰਨ ਸ਼ਰਮਾ, ਸੁਖਮਨਦੀਪ, ਬਲਵੀਰ ਕੌਰ, ਗੁਰਵਿੰਦਰ ਕੌਰ, ਕਿਰਨਜੀਤ ਕੌਰ, ਮਨਪ੍ਰੀਤ ਕੌਰ, ਨਿਰੰਜਨ ਕੌਰ, ਬਲਜਿੰਦਰ ਕੌਰ, ਰਾਜਵੀਰ ਕੌਰ, ਗਗਨਦੀਪ ਕੌਰ, ਅੱਕੀ ਕੌਰ ਦੀ ਚੋਣ ਕੀਤੀ ਗਈ ਹੈ। ਸ੍ਰੀ ਚਿਰੰਜੀ ਲਾਲ ਨੂੰ ਟੀਮ ਦਾ ਕੋਚ ਤੇ ਕੰਵਲਜੀਤ ਕੌਰ ਨੂੰ ਪੰਜਾਬ ਟੀਮ ਦਾ ਮੈਨੇਜਰ ਨਿਯੁਕਤ ਕੀਤਾ ਗਿਆ ਹੈ।

ਕਬੱਡੀ ਕੱਪ ਟੂਰਨਾਮੈਂਟ 4 ਦਸੰਬਰ ਤੋਂ

ਮੁਕੰਦਪੁਰ, 29 ਸਤੰਬਰ - ਸਾਲਾਨਾ ਕਬੱਡੀ ਕੱਪ ਟੂਰਨਾਮੈਂਟ 4 ਤੋਂ 6 ਦਸੰਬਰ ਤੱਕ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਜਿ. ਸਰਹਾਲ ਮੁੰਡੀ ਵੱਲੋਂ ਕਰਵਾਇਆ ਜਾ ਰਿਹਾ ਹੈ।

ਫੁੱਟਬਾਲ ਲੀਗ ਦੇ ਮੈਚ 4 ਅਕਤੂਬਰ ਤੋਂ

ਜਲੰਧਰ, 29 ਸਤੰਬਰ - ਫੁੱਟਬਾਲ ਲੀਗ ਦੇ ਮੈਚ 4 ਅਕਤੂਬਰ ਤੋਂ ਕਰਵਾਏ ਜਾ ਰਹੇ ਹਨ। ਓ.ਐਨ. ਜੀ . ਸੀ. ਆਈ. ਫੁੱਟਬਾਲ ਲੀਗ ਦਾ ਪਹਿਲਾ ਮੈਚ 4 ਅਕਤੂਬਰ ਨੂੰ ਜੇਸੀਟੀ ਬਨਾਮ ਸ਼ਿਲਾਂਗ ਫੁੱਟਬਾਲ ਕਲੱਬ ਨਾਲ ਦੂਜਾ ਮੈਚ 23 ਅਕਤੂਬਰ ਨੂੰ ਜੇਸੀਟੀ ਬਨਾਮ ਚਰਚਲ ਬ੍ਰਦਰਜ਼ ਗੋਆ ਦਰਮਿਆਨ, ਤੀਜਾ ਮੈਚ 28 ਅਕਤੂਬਰ ਨੂੰ ਜੇਸੀਟੀ ਬਨਾਮ ਡੇਂਪੂ ਸਪੋਰਟਸ ਕਲੱਬ ਗੋਆ ਦਰਮਿਆਨ, ਚੌਥਾ 31 ਅਕਤੂਬਰ ਨੂੰ ਜੇਸੀਟੀ ਬਨਾਮ ਮਹਿੰਦਰਾ ਯੂਨਾਈਟਿਡ ਫੁੱਟਬਾਲ ਕਲੱਬ ਮੁੰਬਈ ਦਰਮਿਆਨ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਸ਼ਾਮ 3 ਵਜੇ ਸਾਰੇ ਮੈਚ ਖੇਡ ਜਾਣਗੇ।

54ਵੀਂ ਸੀਨੀਅਰ ਰਾਸ਼ਟਰੀ ਕੁਸ਼ਤੀ ਪ੍ਰਤੀਯੋਗਤਾ 8 ਅਕਤੂਬਰ ਤੋਂ

ਜਲੰਧਰ, 29 ਸਤੰਬਰ - ਭੋਪਾਲ 'ਚ 8 ਤੋਂ 11 ਅਕਤੂਬਰ ਤੱਕ 54ਵੀਂ ਸੀਨੀਅਰ ਰਾਸ਼ਟਰੀ ਕੁਸ਼ਤੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਵਿਚ ਭਾਗ ਲੈਣ ਵਾਲੀ ਪੰਜਾਬ ਦੀ ਫ੍ਰੀ ਸਟਾਈਲ, ਗ੍ਰੀਕੋਰੋਮਨ ਅਤੇ ਲੜਕੀਆਂ ਦੀਆਂ ਟੀਮਾਂ ਦੀ ਚੋਣ ਪੀ. ਏ. ਪੀ. ਵਿਖੇ ਕੀਤੀ ਗਈ ਜਿਸ ਵਿਚ ਹੇਠ ਲਿਖੇ ਪਹਿਲਵਾਨ ਚੁਣੇ ਗਏ। ਫ੍ਰੀ ਸਟਾਈਲ: ਸੁਨੀਲ ਦੱਤ, ਹਰਦੀਪ, ਸੁਖਚੈਣਜੀਤ, ਹਰਦੀਪ ਕੁਮਾਰ, ਰਾਸਵੀਰ, ਸੂਰਜਵੀਰ ਅਤੇ ਪਲਵਿੰਦਰ ਚੀਮਾ ਕੋਚ: ਸ੍ਰੀ ਜੀ. ਐਸ. ਸੰਘਾ, ਸ੍ਰੀ ਰਮਨ ਕੁਮਾਰ ਤੇ ਗ੍ਰੀਕੋਰੋਮਨ ਵਰਗ 'ਚ ਹਰੀ ਕ੍ਰਿਸ਼ਨ, ਗੁਰਵਿੰਦਰ ਸਿੰਘ, ਰਣਬੀਰ ਸਿੰਘ, ਅਸਨਦੀਪ, ਸਿਕੰਦਰ, ਹਰਦੀਪ, ਅਜ਼ਾਦ ਸਿੰਘ ਕੋਚ: ਸ੍ਰੀ ਹਰਗੋਬਿੰਦ ਸਿੰਘ, ਸ੍ਰੀ ਮਨਦੀਪ ਕੁਮਾਰ ਤੇ ਲੜਕੀਆਂ ਦੇ ਵਰਗ 'ਚ ਮੂਰਤੀ ਦੇਵੀ, ਪੂਨਮ, ਰਾਜਵਿੰਦਰ, ਪਰਮਜੀਤ, ਨਵਜੋਤ, ਸੁਖਪਾਲ, ਗੁਰਸ਼ਰਨਪ੍ਰੀਤ ਕੋਚ: ਸ੍ਰੀ ਸ਼ਾਮ ਲਾਲ ਅਤੇ ਸ੍ਰੀ ਗੁਰਿੰਦਰਜੀਤ ਸਿੰਘ ਦੀ ਚੋਣ ਕੀਤੀ ਗਈ ਹੈ।

ਪੰਜਾਬ ਤੀਰ ਅੰਦਾਜ਼ੀ ਟੀਮ ਦੀ ਚੋਣ 3 ਅਕਤੂਬਰ ਤੋਂ

ਪਟਿਆਲਾ, 29 ਸਤੰਬਰ - ਕੌਮੀ ਖੇਡਾਂ ਲਈ ਰਾਜ ਦੀ ਟੀਮ ਚੁਣਨ ਲਈ ਟਰਾਇਲ 3 ਤੇ 4 ਅਕਤੂਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਰੱਖੇ ਹਨ। ਇਨ੍ਹਾਂ ਟਰਾਇਲਾਂ ਦੌਰਾਨ ਕੌਮੀ ਖੇਡਾਂ ਲਈ ਕੰਪਾਊਂਡ ਈਵੈਂਟ ਨਾਲ ਪੁਰਸ਼ ਤੇ ਮਹਿਲਾ ਟੀਮਾਂ ਦੀ ਚੋਣ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਲਈ ਵੀ ਪੰਜਾਬ ਦੀ ਟੀਮ ਦੀ ਚੋਣ ਕੀਤੀ ਜਾਵੇਗੀ। ਇਹ ਟਰਾਇਲ ਤਿੰਨ ਅਕਤੂਬਰ ਨੂੰ ਸਵੇਰੇ 8 ਵਜੇ ਸ਼ੁਰੂ ਹੋਣਗੇ।

ਦੋ ਰੋਜ਼ਾ ਕਬੱਡੀ ਕੱਪ 3 ਅਕਤੂਬਰ ਤੋਂ

ਅਮਰਗੜ੍ਹ, 29 ਸਤੰਬਰ - ਦੋ ਰੋਜ਼ਾ ਕਬੱਡੀ ਕੱਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਦੇ ਖੇਡ ਮੈਦਾਨ 'ਚ 3-4 ਅਕਤੂਬਰ ਤੋਂ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਕਬੱਡੀ ਵਜ਼ਨੀ 55-60 ਕਿਲੋ ਅਤੇ ਤਾਸ਼ ਸੀਪ, ਟਰਾਲੀ ਬੈਕ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਖੇਡ ਕੱਪ ਦੇ ਦੂਸਰੇ ਦਿਨ 4 ਅਕਤੂਬਰ ਨੂੰ ਕਬੱਡੀ 70 ਕਿਲੋ ਅਤੇ ਇਕ ਪਿੰਡ ਓਪਨ ਦੇ ਮੁਕਾਬਲੇ ਹੋਣਗੇ। ਇਕ ਪਿੰਡ ਓਪਨ ਕਬੱਡੀ ਦਾ ਪਹਿਲਾ ਇਨਾਮ 31000 ਅਤੇ ਦੂਸਰਾ 21 ਹਜ਼ਾਰ ਰੁਪਏ ਹੋਵੇਗਾ।

ਨਾਰਥ ਜ਼ੋਨ ਸਕੇਟਿੰਗ ਚੈਂਪੀਅਨਸ਼ਿਪ 'ਚ ਕਰਨਬੀਰ ਦੀ ਝੰਡੀ

ਜਲੰਧਰ, 29 ਸਤੰਬਰ - ਅੰਮ੍ਰਿਤਸਰ ਦੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ 'ਚ ਸੀ ਬੀ ਐਸ ਈ ਨਾਰਥ ਜ਼ੋਨ ਸਕੇਟਿੰਗ ਚੈਂਪੀਅਨਪਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਏਪੀਜੇ ਸਕੂਲ ਜਲੰਧਰ ਦੇ ਖਿਡਾਰੀ ਕਰਨਬੀਰ ਨੇ ਅੰਡਰ 8 ਵਰਗ ਵਿਚ ਹਿੱਸਾ ਲੈਂਦਿਆਂ ਚਾਂਦੀ ਦਾ ਤਗਮਾ ਜਿੱਤਿਆ। ਇਸ ਚੈਂਪੀਅਨਸ਼ਿਪ ਵਿਚ ਦਿੱਲੀ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਦੇ 1200 ਖਿਡਾਰੀਆਂ ਨੇ ਹਿੱਸਾ ਲਿਆ

ਮੁਠੱਡਾ ਕਬੱਡੀ ਕੱਪ 13 ਫਰਵਰੀ ਤੋਂ

ਜਲੰਧਰ, 28 ਸਤੰਬਰ - ਮੁਠੱਡਾ ਕਬੱਡੀ ਕੱਪ 13-14 ਫਰਵਰੀ 2010 ਨੂੰ ਫਲੌਰ ਤੇ ਗੁਰਾਇਆ ਕਸਬੇ ਤੋਂ 9 ਕਿਲੋਮੀਟਰ ਦੂਰ ਸਥਿਤ ਸਤਿਗੁਰੂ ਪ੍ਰਤਾਪ ਸਿੰਘ ਸਟੇਡੀਅਮ ਪਿੰਡ ਮੁਠੱਡਾ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ।

ਸ਼ੂਟਿੰਗ ਚੈਂਪੀਅਨਸ਼ਿਪ 'ਚ ਅਮਰਜੀਤ ਸਿੰਘ ਦਾ ਸੋਨ ਤਗਮੇ 'ਤੇ ਕਬਜ਼ਾ

ਜਲੰਧਰ, 28 ਸਤੰਬਰ - ਪਿਛਲੇ ਦਿਨੀਂ ਸ਼ੂਟਿੰਗ ਚੈਂਪੀਅਨਸ਼ਿਪ ਪੀ.ਏ.ਪੀ.ਸ਼ੂਟਿੰਗ ਰੇਂਜ ਵਿਖੇ ਕਰਵਾਈ ਗਈ। ਜਿਸ ਵਿਚ ਅਮਰਜੀਤ ਸਿੰਘ ਪੁੱਤਰ ਸ੍ਰੀ ਜਗਦੀਸ਼ ਸਿੰਘ ਵਾਸੀ ਹਰਬੰਸ ਨਗਰ ਜਲੰਧਰ ਨੇ ਸੋਨੇ ਦਾ ਤਗਮਾ ਜਿੱਤਿਆ ਹੈ। ਜ਼ਿਕਰਯੋਗ ਹੈ ਕਿ ਅਮਰਜੀਤ ਸਿੰਘ ਨੇ ਸਰੀਰਕ ਤੌਰ 'ਤੇ ਅਪਾਹਿਜ ਹੋਣ ਦੇ ਬਾਵਜੂਦ ਏਅਰ ਪਿਸਟਲ ਸ਼ੂਟਿੰਗ ਮੁਕਾਬਲੇ ਵਿੱਚ ਉਕਤ ਇਨਾਮ ਪ੍ਰਾਪਤ ਕੀਤਾ ਹੈ।

ਸੀਨੀਅਰ ਪੰਜਾਬ ਮਹਿਲਾ ਕ੍ਰਿਕਟ ਚੈਂਪੀਅਨਸ਼ਿਪ ਸਮਾਪਤ

ਜਲੰਧਰ, 28 ਸਤੰਬਰ - ਬਰਲਟਨ ਪਾਰਕ ਜਲੰਧਰ ਦੇ ਕ੍ਰਿਕਟ ਮੈਦਾਨ ਵਿਚ ਸੀਨੀਅਰ ਪੰਜਾਬ ਮਹਿਲਾ ਕ੍ਰਿਕਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਕਰਵਾਇਆ ਗਿਆ। ਇਸ ਵਿਚ ਜ਼ਿਲ੍ਹਾ ਜਲੰਧਰ ਨੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਜਲੰਧਰ ਦੀ ਮਹਿਲਾ ਕ੍ਰਿਕਟ ਟੀਮ ਨੇ ਪਹਿਲਾਂ ਖੇਡਦਿਆਂ 50 ਓਵਰਾਂ ਦੇ ਵਿਚ 192 ਦੌੜਾਂ ਬਣਾਈਆਂ ਇਸ ਦੇ ਜਵਾਬ ਵਿਚ ਜ਼ਿਲ੍ਹਾ ਅੰਮ੍ਰਿਤਸਰ ਦੀ ਟੀਮ ਨੇ 50 ਓਵਰਾਂ ਵਿਚ ਸਿਰਫ 117 ਦੌੜਾਂ ਹੀ ਬਣਾਈਆਂ ਤੇ ਜ਼ਿਲ੍ਹਾ ਜਲੰਧਰ ਨੇ ਇਸ ਮੈਚ ਵਿਚ ਜਿੱਤ ਹਾਸਲ ਕਰਕੇ ਅੰਤਰ ਜ਼ਿਲ੍ਹਾ ਮਹਿਲਾ ਕ੍ਰਿਕਟ ਚੈਂਪੀਅਨਸ਼ਿਪ ਦੇ ਜੇਤੂ ਖ਼ਿਤਾਬ 'ਤੇ ਕਬਜ਼ਾ ਕੀਤਾ।

ਮਲਕ ਦਾ 14ਵਾਂ ਖੇਡ ਮੇਲਾ 27 ਨਵੰਬਰ ਤੋਂ

ਚੌਂਕੀਮਾਨ, 28 ਸਤੰਬਰ - 14ਵਾਂ ਪੇਂਡੂ ਖੇਡ ਮੇਲਾ 27 ਤੋਂ 29 ਨਵੰਬਰ ਤੱਕ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:) ਵੱਲੋਂ ਪਿੰਡ ਮਲਕ (ਲੁਧਿਆਣਾ) 'ਚ ਕਰਵਾਇਆ ਜਾ ਰਿਹਾ ਹੈ।

ਕਬੱਡੀ ਟੂਰਨਾਮੈਂਟ 'ਚ ਪਿੰਦਾ ਜੇਤੂ

ਮੁੱਲਾਂਪੁਰ ਦਾਖਾ, 28 ਸਤੰਬਰ - ਕਨੇਡਾ 'ਚ ਕਬੱਡੀ ਟੂਰਨਾਮੈਂਟ ਪ੍ਰਿੰਸ ਜੌਰਜ ਕਬੱਡੀ ਕਲੱਬ ਵੱਲੋਂ ਕਰਵਾਇਆ ਗਿਆ। ਇਸ ਵਿਚ ਮਾਲਵਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਢੱਟ ਦੇ ਜੰਮਪਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਿੰਦਾ ਪਰਮਿੰਦਰ ਸਿੰਘ ਢੱਟ ਵੱਲੋਂ ਜਿਥੇ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾਈ, ਉਥੇ ਮਾਪਿਆਂ ਦੇ ਨਾਲ ਜੌਰਜ ਕਲੱਬ ਪ੍ਰਧਾਨ ਜਤਿੰਦਰ ਸਿੰਘ ਦੇ ਮਾਣ ਵਿਚ ਵਾਧਾ ਕੀਤਾ। ਕੈਨੇਡਾ ਅੰਦਰ 3 ਮਹੀਨੇ ਕਬੱਡੀ ਦੇ ਜੌਹਰ ਦਿਖਾਉਣ ਤੋਂ ਬਾਅਦ ਪਿੰਡ ਢੱਟ ਪਰਤੇ ਪਿੰਦੇ ਦਾ ਗ੍ਰਾਮ ਪੰਚਾਇਤ ਅਤੇ ਹੋਰਨਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

ਆਲ ਇੰਡੀਆ ਸਾਈ ਵਾਲੀਬਾਲ ਟੂਰਨਾਮੈਂਟ

ਮਸਤੂਆਣਾ ਸਾਹਿਬ, 28 ਸਤੰਬਰ - ਆਲ ਇੰਡੀਆ ਸਾਈ ਵਾਲੀਬਾਲ ਚੈਂਪੀਅਨਸ਼ਿਪ ਮਸਤੂਆਣਾ ਸਾਹਿਬ ਦੇ ਸੰਤ ਅਤਰ ਸਿੰਘ ਯਾਦਗਾਰੀ ਸਟੇਡੀਅਮ ਵਿਖੇ ਕਰਵਾਈ ਗਈ। ਇਸ ਮੌਕੇ ਹੋਏ ਵਾਲੀਬਾਲ ਦੇ ਫਸਵੇਂ ਮੁਕਾਬਲਿਆਂ 'ਚੋਂ ਨਾਰਥ ਜੋਨ ਸੋਨੀਪਤ ਨੇ ਨੋਰਥ ਜੋਨ ਚੰਡੀਗੜ੍ਹ ਰੈਡ ਨੂੰ ਚਾਰ ਸੈੱਟਾਂ ਵਿਚ 23-25, 39,37, 25-22, 25-23 ਨਾਲ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਈਸਟ ਜੋਨ ਕਲੱਕਤਾ ਨੇ ਆਰਮੀ ਬੋਆਇਜ਼ ਕੰਪਨੀ ਨੂੰ 17-25, 25-18, 25-21 ਅਤੇ 25-21 ਸਕੋਰ ਨਾਲ ਹਰਾਇਆ। ਉਧਰ ਸਾਊਥ ਜੋਨ ਬੰਗਲੌਰ ਨੇ ਵੈਸਟ ਜੋਨ ਗਾਂਧੀ ਨਗਰ ਨੂੰ ਪੰਜ ਸੈੱਟਾਂ ਵਿਚ 23-25, 25-19, 22-25, 25-23 ਅਤੇ 15-07, ਸੈਂਟਰਲ ਜੋਨ ਲਖਨਊ ਨੇ ਨਾਰਥ ਜੋਨ ਬਲਿਊ ਨੂੰ ਤਿੰਨ ਸੈੱਟਾਂ ਵਿਚ 25-23, 25-18 ਅਤੇ 25-15 ਨਾਲ, ਨਾਰਥ ਜੋਨ ਏ ਚੰਡੀਗੜ੍ਹ ਨੇ ਈਸਟ ਜੋਨ ਕਲੱਕਤਾ ਨੂੰ ਚਾਰੇ ਸੈਟਾਂ ਵਿਚ 25-6, 25-17, 23-25 ਅਤੇ 25-21 ਨਾਲ ਅਤੇ ਨਾਰਥ ਜੋਨ ਸੋਨੀਪਤ ਨੇ ਵੈਸਟ ਜੋਨ ਗਾਂਧੀ ਨਗਰ ਨੂੰ ਤਿੰਨੇ ਸੈਟਾਂ ਵਿਚ 25-15, 25-17 ਅਤੇ 25-18 ਨਾਲ ਹਰਾਇਆ।

ਸਾਈ ਉੱਤਰੀ ਜ਼ੋਨ ਦੀ ਟੀਮ ਉਪ-ਜੇਤੂ

ਲੁਧਿਆਣਾ, 27 ਸਤੰਬਰ - ਆਲ ਇੰਡੀਆ ਅੰਤਰ ਜ਼ੋਨਲ ਬਾਸਕਟਬਾਲ ਟੂਰਨਾਮੈਂਟ ਰਾਜਨੰਦਰਾਓ (ਛੱਤੀਸਗੜ੍ਹ) 'ਚ ਕਰਵਾਇਆ ਗਿਆ। ਇਸ ਵਿਚ ਉੱਤਰੀ ਜ਼ੋਨ
(ਚੰਡੀਗੜ੍ਹ) ਦੀ ਟੀਮ ਉਪ ਜੇਤੂ ਰਹਿ ਕੇ ਪਰਤੀ ਹੈ। ਇਸ ਟੀਮ ਵਿਚ ਸਾਈ ਲੁਧਿਆਣਾ ਦੇ ਰਿਚਰਡਜ਼ ਜੁਆਏ, ਆਰਜ਼ੂ, ਪ੍ਰਭਜੋਤ ਸਿੰਘ, ਦੇਵ ਮਹਿਰਾ, ਨਿਰਮਲ ਸਿੰਘ, ਰੋਹਿਤ ਕੁਮਾਰ ਅਤੇ ਅਮਨਦੀਪ ਸਿੰਘ, ਜੰਮੂ ਕੇਂਦਰ ਦੇ ਰਣਬੀਰ ਸਿੰਘ, ਸ਼ੁਭਮ ਸ਼ਰਮਾ, ਵਾਸੂਦੇਵ ਸ਼ਰਮਾ, ਸਹਿਵਾਗ ਸ਼ਰਮਾ ਅਤੇ ਸਚਿਨ ਢੀਂਗਰਾ ਸ਼ਾਮਲ ਸਨ। ਲੀਗ ਮੈਚਾਂ ਵਿਚ ਉੱਤਰੀ ਜ਼ੋਨ ਦੀ ਟੀਮ ਨੇ ਪਿਛਲੇ ਸਾਲ ਦੀ ਜੇਤੂ ਦੱਖਣੀ ਜ਼ੋਨ ਨੂੰ ਹਰਾਇਆ। ਸੈਮੀਫਾਈਨਲ ਵਿਚ ਉੱਤਰੀ ਜ਼ੋਨ ਨੇ ਸੋਨੀਪਤ ਜ਼ੋਨ ਨੂੰ ਹਰਾਇਆ। ਫਾਈਨਲ ਮੈਚ ਵਿਚ ਉੱਤਰੀ ਜ਼ੋਨ ਦੀ ਟੀਮ ਕੇਂਦਰੀ ਜ਼ੋਨ ਭੋਲਾ ਕੋਲੋਂ 46-53 ਦੇ ਫਰਕ ਨਾਲ ਹਾਰ ਗਈ। ਸਾਈ ਕੋਚ ਦਵਿੰਦਰਪਾਲ ਸਿੰਘ ਉੱਤਰੀ ਜ਼ੋਨ ਦੀ ਟੀਮ ਦੇ ਕੋਚ ਸਨ।

ਖਿਡਾਰੀਆਂ ਦੇ ਟਰਾਇਲ ਬਠਿੰਡਾ 'ਚ 11 ਅਕਤੂਬਰ ਨੂੰ

ਚੀਮਾ ਮੰਡੀ, 27 ਸਤੰਬਰ - ਕਬੱਡੀ ਖਿਡਾਰੀਆਂ ਦੀ ਚੋਣ ਲਈ 11 ਅਕਤੂਬਰ ਨੂੰ ਸਰਕਾਰੀ ਰਜਿੰਦਰ ਕਾਲਜ ਬਠਿੰਡਾ ਵਿਖੇ ਹਰਜੀਤ ਬਾਜਾਖਾਨਾ ਕਲੱਬ ਵਲੋਂ ਟਰਾਇਲ ਰੱਖੇ ਗਏ ਹਨ। ਇਸ ਵਿਚ ਕਬੱਡੀ ਖਿਡਾਰੀ ਦਾ ਭਾਰ 70 ਕਿਲੋਗਰਾਮ ਤੋਂ ਘੱਟ ਨਹੀਂ ਹੋਣਾ ਚਾਹੀਦਾ ਤੇ ਕਲੱਬ ਦੀ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਉਨ੍ਹਾਂ ਪੰਜਾਬ ਦੇ ਉਭਰਦੇ ਕਬੱਡੀ ਖਿਡਾਰੀਆਂ ਨੂੰ ਅਪੀਲ ਕੀਤੀ ਕਿ 11 ਅਕਤੂਬਰ ਨੂੰ ਦੁਪਹਿਰ 2:00 ਵਜੇ ਰਜਿੰਦਰ ਕਾਲਜ ਬਠਿੰਡਾ ਦੇ ਸਟੇਡੀਅਮ ਟਰਾਇਲ ਦੇਣ ਲਈ ਪਹੁੰਚਣ।

ਆਲ ਇੰਡੀਆ ਮਹਾਤਮਾ ਹੰਸਰਾਜ ਟੂਰਨਾਮੈਂਟ 'ਚ ਓਵਰਆਲ ਟਰਾਫ਼ੀ 'ਤੇ ਜਲੰਧਰ ਦਾ ਕਬਜ਼ਾ

ਬਠਿੰਡਾ, 27 ਸਤੰਬਰ - ਆਲ ਇੰਡੀਆ ਮਹਾਤਮਾ ਹੰਸਰਾਜ ਟੂਰਨਾਮੈਂਟ (ਪੰਜਾਬ ਜ਼ੋਨ) ਬਠਿੰਡਾ ਦੀ ਖੇਡ ਸਟੇਡੀਅਮ ਵਿਚ ਡੀ.ਏ.ਵੀ. ਸਕੂਲਾਂ ਦੇ ਮੁਕਾਬਲੇ ਕਰਵਾਏ ਗਏ।ਇਸ ਟੂਰਨਾਮੈਂਟ (ਪੰਜਾਬ ਜ਼ੋਨ) ਦੀ ਓਵਰਆਲ ਟਰਾਫ਼ੀ ਡੀ. ਏ. ਵੀ. ਸਕੂਲ ਜਲੰਧਰ ਨੇ 46 ਅੰਕਾਂ ਨਾਲ ਜਿੱਤ ਲਈ ਹੈ, ਜਦਕਿ ਮੇਜ਼ਬਾਨ ਡੀ. ਏ. ਵੀ. ਸਕੂਲ ਬਠਿੰਡਾ 26 ਅੰਕਾਂ ਨਾਲ ਦੂਸਰੇ ਸਥਾਨ 'ਤੇ ਰਿਹਾ ਹੈ। ਟੂਰਨਾਮੈਂਟ ਦੇ ਆਖਰੀ ਦਿਨ ਕਰਵਾਈ ਗਈ 100 ਮੀਟਰ ਦੌੜ ਵਿਚ ਡੀ. ਏ. ਵੀ. ਸਕੂਲ ਬਿਲਗਾ ਦੇ ਸੰਦੀਪ ਅਤੇ ਡੀ. ਏ. ਵੀ. ਲਾਰੈਂਸ ਰੋਡ, ਅੰਮ੍ਰਿਤਸਰ ਦੀ ਬਹਾਰ ਚੱਡਾ ਨੇ ਅੱਗੇ ਰਹਿੰਦਿਆਂ ਸਭ ਤੋਂ ਤੇਜ਼ ਦੌੜਾਕ ਹੋਣ ਦਾ ਮਾਣ ਪ੍ਰਾਪਤ ਕਰਿਆ ਹੈ, ਜਦਕਿ ਲੜਕਿਆਂ ਵਿਚੋਂ ਉਤਮ ਸ਼ਰਮਾ ਡੀ. ਏ. ਵੀ. ਸਕੂਲ ਪਠਾਨਕੋਟ ਤੇ ਗੁਰਜਿੰਦਰ ਸਿੰਘ ਡੀ. ਏ. ਵੀ. ਸਕੂਲ ਦਸੂਹਾ ਅਤੇ ਲੜਕੀਆਂ ਵਿਚੋਂ ਮਨਦੀਪ ਕੌਰ ਡੀ. ਏ. ਵੀ. ਸਕੂਲ ਬਠਿੰਡਾ ਤੇ ਕਿਰਨਦੀਪ ਕੌਰ ਡੀ. ਏ. ਵੀ. ਸਕੂਲ ਤਲਵੰਡੀ ਭਾਈ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਲੜਕਿਆਂ ਦੀ 200 ਮੀਟਰ ਦੌੜ ਦਾ ਪਹਿਲਾਂ ਸਥਾਨ ਕਰਨਦੀਪ ਪੁਲਿਸ ਡੀ.ਏ.ਵੀ. ਸਕੂਲ ਜਲੰਧਰ ਦੇ ਹਿੱਸੇ ਆਇਆ ਹੈ ਜਦਕਿ ਰੁਪਿੰਦਰ ਸਿੰਘ ਬਠਿੰਡਾ ਅਤੇ ਕੰਬਰਦੀਪ ਡੀ. ਏ. ਵੀ. ਸਕੂਲ ਨਾਭਾ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ ਹਨ। ਲੜਕਿਆਂ ਦੇ ਟ੍ਰਿਪਲ ਜੰਪ ਵਿਚ ਪ੍ਰਿਤਪਾਲ ਸਿੰਘ ਡੀ. ਏ. ਵੀ. ਸਕੂਲ ਜਲੰਧਰ ਪਹਿਲੇ, ਅਭਿਨਾਸ਼ ਡੀ. ਏ. ਵੀ. ਜਲੰਧਰ ਦੂਜੇ ਅਤੇ ਅਕਾਸ਼ਦੀਪ ਸਿੰਘ ਡੀ. ਏ. ਵੀ. ਸਕੂਲ ਨਾਭਾ ਨੇ ਤੀਜੇ ਸਥਾਨ 'ਤੇ ਰਿਹਾ ਜਦਕਿ ਲੜਕੀਆਂ ਵਿਚੋਂ ਰਮਨਦੀਪ ਕੌਰ ਬਠਿੰਡਾ ਪਹਿਲੇ, ਕਰਮਪ੍ਰੀਤ ਕੌਰ ਤਲਵੰਡੀ ਭਾਈ ਦੂਜੇ ਅਤੇ ਸ਼ਰਨਜੀਤ ਕੌਰ ਫਾਜ਼ਿਲਕਾ ਤੀਜੇ ਸਥਾਨ 'ਤੇ ਰਹੀਆਂ। ਲੜਕਿਆਂ ਦੀ ਰਿਲੇਅ ਰੇਸ 4×400 ਵਿਚ ਡੀ. ਏ. ਵੀ. ਜਲੰਧਰ, ਬਠਿੰਡਾ ਅਤੇ ਡੀ. ਏ. ਵੀ. ਬਿਲਗਾ ਅਤੇ ਲੜਕੀਆਂ ਵਿਚੋਂ ਬਠਿੰਡਾ, ਨਾਭਾ ਅਤੇ ਦਸੂਹਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਡਿਸਕਸ ਥਰੋ ਵਿਚ ਮਨਵੀਰ ਸਿੰਘ ਨਾਭਾ, ਅਰਮਿੰਦਰ ਤਲਵੰਡੀ ਭਾਈ ਅਤੇ ਬਲਰਾਜ ਭਿੱਖੀਵਿੰਗ (ਤਰਨਤਾਰਨ), ਲੜਕੀਆਂ ਵਿਚੋਂ ਕੇਤਕੀ ਡੀ. ਏ. ਵੀ. ਲਾਰੈਂਸ ਰੋਡ ਅੰਮ੍ਰਿਤਸਰ, ਸ਼ਰਨਜੀਤ ਅਟਾਰੀ ਅਤੇ ਹਰਮਨਕੀਰਤ ਨਾਭਾ, ਲੜਕਿਆਂ ਦੀ 1500 ਮੀਟਰ ਦੌੜ ਵਿਚ ਸੰਦੀਪ ਸਿੰਘ ਬਿਲਗਾ, ਦਿਲਪ੍ਰੀਤ ਬਠਿੰਡਾ ਅਤੇ ਲਵਪ੍ਰੀਤ ਬਠਿੰਡਾ, ਲੜਕੀਆਂ ਵਿਚੋਂ ਸੁਜਾਤਾ ਬਠਿੰਡਾ, ਸਵੀਤਾ ਬਠਿੰਡਾ ਅਤੇ ਜਸਲੀਨ ਤਲਵੰਡੀ ਭਾਈ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਿਆ ਹੈ।

39ਵੀਂ ਐਸ.ਐਨ.ਵੋਹਰਾ ਤੇ ਆਲ ਇੰਡੀਆ ਗੁਰਮੀਤ ਯਾਦਗਾਰੀ ਚੈਂਪੀਅਨਸ਼ਿਪ 'ਚ ਬੀ. ਪੀ. ਸੀ. ਐਲ. ਦੀ ਟੀਮ ਦੀ ਝੰਡੀ

ਚੰਡੀਗੜ੍ਹ, 27 ਸਤੰਬਰ - 9 ਰੋਜ਼ਾ 39ਵੀਂ ਐਸ. ਐਨ. ਵੋਹਰਾ ਤੇ ਆਲ ਇੰਡੀਆ ਗੁਰਮੀਤ ਯਾਦਗਾਰੀ ਚੈਂਪੀਅਨਸ਼ਿਪ ਵਿਚ ਬੀ. ਪੀ. ਸੀ. ਐਲ. ਦੀ ਟੀਮ ਨੇ ਚੈਂਪੀਅਨ ਹੋਣ ਦਾ ਮਾਣ ਹਾਸਲ ਕਰ ਲਿਆ। ਚੰਡੀਗੜ੍ਹ ਦੇ ਖੂਬਸੂਰਤ ਹਾਕੀ ਸਟੇਡੀਅਮ ਸੈਕਟਰ-42 ਦੇ ਐਸਟਰੋਟਰਫ ਮੈਦਾਨ 'ਤੇ ਖੇਡੇ ਗਏ ਫਾਈਨਲ ਮੁਕਾਬਲੇ 'ਚ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ.ਪੀ.ਸੀ.ਐਲ.) ਦੀ ਟੀਮ ਨੇ ਆਰਮੀ ਇਲੈਵਨ ਦੀ ਟੀਮ ਨੂੰ 4-0 ਗੋਲਾਂ ਦੇ ਫ਼ਰਕ 'ਚ ਹਰਾ ਕੇ 39ਵੀਂ ਆਲ ਇੰਡੀਆ ਗੁਰਮੀਤ ਹਾਕੀ ਚੈਂਪੀਅਨਸ਼ਿਪ ਦੇ ਕੈਂਪ 'ਤੇ ਜਿੱਥੇ ਕਬਜ਼ਾ ਜਮਾਇਆ, ਉਥੇ 75,000/- ਦੀ ਨਕਦ ਰਾਸ਼ੀ ਵੀ ਇਨਾਮ ਵਜੋਂ ਹਾਸਲ ਕੀਤੀ। ਆਰਮੀ ਇਲੈਵਨ ਦੀ ਟੀਮ ਨੇ ਇਸ ਚੈਂਪੀਅਨਸ਼ਿਪ 'ਚ ਦੂਜਾ ਸਥਾਨ ਹਾਸਲ ਕਰਦਿਆਂ 50,000/- ਰੁਪਏ ਦੀ ਰਾਸ਼ੀ ਤੱਕ ਹੀ ਸਬਰ ਕਰਨਾ ਪਿਆ। ਚੰਡੀਗੜ੍ਹ ਹਾਕੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਪੰਜਾਬ ਏ. ਡੀ. ਜੀ. ਪੀ. ਸ੍ਰੀ ਚੰਦਰ ਸ਼ੇਖਰ ਨੇ ਜੇਤੂਆਂ ਤੇ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ, ਜਦਕਿ ਚੰਡੀਗੜ੍ਹ ਪੁਲਿਸ ਏ. ਡੀ. ਜੀ. ਪੀ. ਸ੍ਰੀ ਐਸ. ਕੇ. ਜੈਨ ਨੇ ਸੰਸਥਾ ਦਾ ਸੋਵੀਨਾਰ ਰਿਲੀਜ਼ ਕੀਤੇ ਜਾਣ ਦੀਆਂ ਰਸਮਾਂ ਅਦਾ ਕੀਤੀਆਂ। ਇਸ ਚੈਂਪੀਅਨਸ਼ਿਪ 'ਚ ਵਧੀਆ ਫਾਰਵਰਡ ਦੇ ਤੌਰ 'ਤੇ ਗਨੇਸ਼ ਪਾਟਿਲ ਨੂੰ ਐਲਾਨਿਆ ਗਿਆ, ਜਦਕਿ ਬੈਸਟ ਫੁੱਲਬੈਕ ਦਾ ਖਿਤਾਬ ਆਰਮੀ ਇਲੈਵਨ ਸੀ. ਐਸ. ਖਾਲਕੋ ਦੇ ਹਿੱਸੇ ਆਇਆ। ਬੈਸਟ ਹਾਫ ਬੈਕ ਦਾ ਖਿਤਾਬ ਗੁਰਪ੍ਰੀਤ (ਬੀ. ਪੀ. ਸੀ. ਐਲ.) ਨੂੰ ਦਿੱਤਾ ਗਿਆ, ਜਦਕਿ ਵਧੀਆ ਗੋਲਕੀਪਰ ਵਜੋਂ ਕੋਟਾਪਾ ਏ. ਸੀ. (ਬੀ. ਪੀ. ਸੀ. ਐਲ.) ਨੂੰ ਐਲਾਨਿਆ ਗਿਆ। ਸਾਫ-ਸੁਥਰੀ ਤੇ ਵਿਵਾਹਰਕ ਟੀਮ ਲਈ ਚੰਡੀਗੜ੍ਹ ਹਾਕੀ ਅਕੈਡਮੀ ਨੂੰ ਐਲਾਨਿਆ ਗਿਆ।
 

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਨੇ ਜਿੱਤੀ ਕਰਾਸ ਕੰਟਰੀ ਚੈਂਪੀਅਨਸ਼ਿਪ

ਲੁਧਿਆਣਾ, 27 ਸਤੰਬਰ - ਪੰਜਾਬ ਟੈਕਨੀਕਲ ਯੂਨੀਵਰਸਿਟੀ ਅੰਤਰ-ਕਾਲਜ ਕਰਾਸ ਕੰਟਰੀ ਚੈਂਪੀਅਨਸ਼ਿਪ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ (ਗਿੱਲ ਪਾਰਕ) ਦੀ ਕਰਾਸ ਕੰਟਰੀ ਟੀਮ ਨੇ ਜਿੱਤੀ। ਜਲੰਧਰ ਦੇ ਡੀ. ਏ. ਵੀ. ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿਚ ਹੋਈ ਇਸ ਚੈਂਪੀਅਨਸ਼ਿਪ ਵਿਚ ਇਸ ਕਾਲਜ ਦੀਆਂ ਕੁੜੀਆਂ ਦੀ ਟੀਮ ਨੇ ਓਵਰਆਲ ਟਰਾਫ਼ੀ ਜਿੱਤੀ ਜਦਕਿ ਮੁੰਡਿਆਂ ਦੀ ਟੀਮ ਦੂਜੇ ਸਥਾਨ ਉਪਰ ਰਹੀ। ਕੁੜੀਆਂ ਦੇ ਵਰਗ ਦੀ ਸਮੁੱਚੀ ਟਰਾਫੀ ਜਿੱਤਣ ਤੋਂ ਇਲਾਵਾ ਕਾਲਜ ਦੀ ਅਥਲੀਟ ਹਰਜੋਤ ਕੌਰ ਗਿੱਲ ਨੇ ਵਿਅਕਤੀਗਤ ਤੌਰ 'ਤੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸੁਖਪ੍ਰੀਤ ਕੌਰ ਤੀਜੇ ਸਥਾਨ 'ਤੇ ਰਹੀ। ਇਸ ਕਾਲਜ ਦੀਆਂ ਕਰਮਜੀਤ ਕੌਰ, ਸ਼ਿਖਾ ਸੁਗੰਧੀ, ਦਲਜੀਤ ਕੌਰ ਅਤੇ ਰਾਜਵਿੰਦਰ ਕੌਰ ਦੀ ਕਾਰਗੁਜ਼ਾਰੀ ਵੀ ਚੰਗੀ ਰਹੀ। ਮੁੰਡਿਆਂ ਦੇ ਵਰਗ ਵਿਚ ਗੁਰੂ ਨਾਨਕ ਕਾਲਜ ਦੀ ਟੀਮ ਭਾਵੇਂ ਓਵਰਆਲ ਦੂਜੇ ਸਥਾਨ ਉਪਰ ਰਹੀ, ਪਰ ਇਸ ਕਾਲਜ ਦੇ ਅਮਿਤ ਕੁਮਾਰ ਚੌਧਰੀ ਨੇ 12.5 ਕਿਲੋਮੀਟਰ ਲੰਮੀ ਦੌੜ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਕਾਲਜ ਦੇ ਅਥਲੀਟਾਂ ਅਨੁਰਾਗ ਚੌਧਰੀ, ਹਰਸਿਮਰਤਜੀਤ ਸਿੰਘ, ਹਰਪ੍ਰੀਤ ਸਿੰਘ, ਸਤਵਿੰਦਰ ਪਾਲ ਸਿੰਘ, ਸੰਦੀਪ ਯਾਦਵ, ਪਰਵਿੰਦਰ ਕੁਮਾਰ, ਗੁਣਦੀਪ ਕੁਮਾਰ ਅਤੇ ਨੀਰਜ ਕੁਮਾਰ ਨੇ ਵੀ ਚੰਗੀ ਕਾਰਗੁਜ਼ਾਰੀ ਦਿਖਾਈ।

ਏਸ਼ੀਅਨ ਸ਼ੂਟਿੰਗ ਮੁਕਾਬਲੇ 'ਚ ਰੋਜੰਨ ਸੋਢੀ ਜੇਤੂ

ਫ਼ਿਰੋਜ਼ਪੁਰ, 26 ਸਤੰਬਰ - ਏਸ਼ੀਅਨ ਸ਼ੂਟਿੰਗ ਮੁਕਾਬਲੇ ਕਜ਼ਾਕਿਸਤਾਨ ਵਿਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਪਿੰਡ ਸੋਢੀਨਗਰ (ਫ਼ਿਰੋਜ਼ਪੁਰ) ਦੇ ਕੌਮਾਂਤਰੀ ਸ਼ੂਟਰ ਰੋਜੰਨ ਸੋਢੀ ਨੇ ਡਬਲ ਟਰੈਪ ਵਿਚ ਦੋ ਸੋਨ ਤਗਮੇ ਜਿੱਤੇ ਹਨ। ਪਹਿਲਾ ਸੋਨ ਤਗਮੇ ਉਸ ਨੇ ਵੱਖਰੇ ਤੌਰ 'ਤੇ 190 ਸਕੋਰ ਕਰਕੇ ਜਿੱਤਿਆ ਤੇ ਦੂਸਰਾ ਗੋਲਡ ਮੈਡਲ ਭਾਰਤੀ ਟੀਮ ਈਵੈਂਟ ਵਿਚ ਜਿੱਤਿਆ।

ਪੀ. ਟੀ. ਯੂ. ਇੰਟਰ ਕਾਲਜ ਕਰਾਸ ਕੰਟਰੀ ਚੈਂਪੀਅਨਸ਼ਿਪ ਸਮਾਪਤ

ਜਲੰਧਰ, 26 ਸਤੰਬਰ - ਡੇਵੀਏਟ ਜਲੰਧਰ 'ਚ ਪੀ. ਟੀ. ਯੂ. ਇੰਟਰ ਕਾਲਜ ਕਰਾਸ ਕੰਟਰੀ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੇ ਵਰਗ ਵਿਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਦੌਰਾਨ ਲੜਕੇ ਵਰਗ ਵਿਚ ਡੇਵੀਏਟ ਜਲੰਧਰ ਨੇ ਪਹਿਲਾ ਤੇ ਜੀ. ਐਨ. ਈ. ਲੁਧਿਆਣਾ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਵਰਗ ਵਿਚੋਂ ਜੀ. ਐਨ. ਈ. ਲੁਧਿਆਣਾ ਨੇ ਪਹਿਲਾ ਤੇ ਡੀਵੀਏਟ ਜਲੰਧਰ ਨੇ ਦੂਜਾ ਸਥਾਨ ਹਾਸਲ ਕੀਤਾ।

 ਆਲ ਇੰਡੀਆ ਮਹਾਤਮਾ ਹੰਸ ਰਾਜ ਆਰੀਆ ਟੂਰਨਾਮੈਂਟ

ਬਠਿੰਡਾ, 25 ਸਤੰਬਰ - ਆਲ ਇੰਡੀਆ ਮਹਾਤਮਾ ਹੰਸ ਰਾਜ ਆਰੀਆ ਟੂਰਨਾਮੈਂਟ ਬਠਿੰਡਾ ਦੇ ਖੇਡ ਸਟੇਡੀਅਮ ਤੇ ਹੋਰ ਸਕੂਲਾਂ ਦੇ ਖੇਡ ਮੈਦਾਨਾਂ 'ਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੌਰਾਨ ਲੜਕੀਆਂ ਅਤੇ ਲੜਕਿਆਂ ਦੇ ਬੈਡਮਿੰਟਨ, ਫੁੱਟਬਾਲ, ਹਾਕੀ, ਕਬੱਡੀ, ਯੋਗਾ, ਬਾਸਕਿਟਬਾਲ, ਵਾਲੀਬਾਲ ਦੇ ਮੁਕਾਬਲੇ ਹੋਏ। ਬੈਡਮਿੰਟਨ ਲੜਕਿਆਂ ਦੇ ਮੁਕਾਬਲਿਆਂ ਵਿਚ ਡੀ. ਏ. ਵੀ. ਮਲੇਰਕੋਟਲਾ ਨੇ ਪਹਿਲਾ ਤੇ ਡੀ. ਏ. ਵੀ. ਜਲੰਧਰ ਨੇ ਦੂਜਾ ਸਥਾਨ ਹਾਸਿਲ ਕੀਤਾ। ਬੈਡਮਿੰਟਨ ਲੜਕੀਆਂ ਦੇ ਮੁਕਾਬਲਿਆਂ 'ਚ ਡੀ. ਏ. ਵੀ. ਖੰਨਾ ਨੇ ਪਹਿਲਾ ਤੇ ਡੀ. ਏ. ਵੀ. ਜਲਾਲਾਬਾਦ ਦੀਆਂ ਖਿਡਾਰਨਾਂ ਨੇ ਦੂਸਰਾ ਸਥਾਨ ਹਾਸਿਲ ਕੀਤਾ। ਹੈਂਡਬਾਲ ਲੜਕੀਆਂ ਦੇ ਮੁਕਾਬਲਿਆਂ ਵਿਚ ਡੀ. ਏ. ਵੀ. ਲੁਧਿਆਣਾ ਦੀਆਂ ਖਿਡਾਰਨਾਂ ਨੇ ਬਠਿੰਡਾ ਦੇ ਡੀ. ਏ. ਵੀ. ਸਕੂਲ ਦੀਆਂ ਖਿਡਾਰਨਾਂ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਿਲ ਕੀਤਾ ਤੇ ਬਠਿੰਡਾ ਦੀਆਂ ਖਿਡਾਰਨਾਂ ਨੂੰ ਦੂਜੇ ਸਥਾਨ 'ਤੇ ਸਬਰ ਕਰਨਾ ਪਿਆ। ਹੈਂਡਬਾਲ ਲੜਕਿਆਂ ਦੇ ਮੁਕਾਬਲੇ 'ਚ ਪੁਲਿਸ ਡੀ. ਏ. ਵੀ. ਜਲੰਧਰ ਦੇ ਖਿਡਾਰੀ ਲੜਕਿਆਂ ਨੇ ਪਹਿਲਾ ਤੇ ਡੀ. ਏ. ਵੀ. ਲੁਧਿਆਣਾ ਦੇ ਖਿਡਾਰੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ ਦੇ ਫਾਈਨਲ ਮੁਕਾਬਲਿਆਂ ਵਿਚ ਡੀ. ਏ. ਵੀ. ਬਠਿੰਡਾ ਨੇ ਪਹਿਲਾ ਤੇ ਡੀ. ਏ. ਵੀ. ਮਲੋਟ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਜਿਮਨਾਸਟਿਕ ਦੇ ਮੁਕਾਬਲਿਆਂ ਵਿਚ ਡੀ. ਏ. ਵੀ. ਬਠਿੰਡਾ ਨੇ ਪਹਿਲਾ ਸਥਾਨ ਤੇ ਪੁਲਿਸ ਡੀ. ਏ. ਵੀ. ਜਲੰਧਰ ਨੇ ਦੂਜਾ ਸਥਾਨ ਹਾਸਿਲ ਕੀਤਾ। ਹਾਲੇ ਫੁੱਟਬਾਲ ਤੇ ਹਾਕੀ ਦੇ ਮੁਕਾਬਲਿਆਂ ਦੇ ਨਤੀਜੇ ਨਹੀਂ ਸਨ ਆਏ। 26 ਸਤੰਬਰ ਨੂੰ ਖੋ ਖੋ, ਜੂਡੋ ਅਤੇ ਅਥਲੈਟਿਕਸ ਦੇ ਮੁਕਾਬਲੇ ਹੋਣਗੇ।

ਰਮੇਸ਼ ਕੁਮਾਰ ਹੁਣ ਰਾਸ਼ਟਰਮੰਡਲ ਖੇਡਾਂ 2012 ਲਈ ਤਿਆਰ

ਨਵੀਂ ਦਿੱਲੀ, 25 ਸਤੰਬਰ - ਭਾਰਤੀ ਪਹਿਲਵਾਨ ਰਮੇਸ਼ ਕੁਮਾਰ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਹ ਤਗਮਾ 42 ਸਾਲ ਤੋਂ ਬਾਅਦ ਆਪਣੇ ਦੇਸ਼ ਨੂੰ ਨਸੀਬ ਹੋਇਆ ਹੈ। ਹੁਣ ਇਸ ਦੀਆਂ ਨਿਗਾਹਾਂ ਅਗਲੇ ਸਾਲ ਹੋਣ ਵਾਲੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ ਅਤੇ 2012 ਦੇ ਲੰਦਨ ਉਲੰਪਿਕ 'ਚ ਤਗਮਾ ਜਿੱਤਣ 'ਤੇ ਹਨ। ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ 2005 ਦੇ ਜੇਤੂ ਰਮੇਸ਼ ਨੇ ਵਤਨ ਵਾਪਸ ਪਰਤਣ ਤੋਂ ਬਾਅਦ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਵਿਸ਼ਵ ਚੈਂਪੀਅਨਸ਼ਿਪ ਲਈ ਮਿਹਨਤ ਕਰ ਰਿਹਾ ਸੀ ਅਤੇ ਇਸ ਦਾ ਨਤੀਜਾ ਉਨ੍ਹਾਂ ਨੂੰ ਹੁਣ ਜਾ ਕੇ ਮਿਲਿਆ ਹੈ। ਅਰਜੁਨ ਪੁਰਸਕਾਰ ਜੇਤੂ ਰਮੇਸ਼ ਨੇ ਇਸ ਤਗਮੇ ਦੀ ਅਹਿਮੀਅਤ ਬਾਰੇ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਹੈ ਕਿ ਉਸ ਨੂੰ ਹੋਰ ਬਿਹਤਰ ਕਰਨ ਦੀ ਪ੍ਰੇਰਣਾ ਮਿਲੀ ਹੈ। ਇਹ ਪੁੱਛੇ ਜਾਣ 'ਤੇ ਕਿ ਇੰਨੇ ਹੁਨਰਮੰਦ ਪਹਿਲਵਾਨ ਹੋਣ ਦੇ ਬਾਵਜੂਦ ਭਾਰਤ ਨੂੰ ਪਿਛਲੇ ਕੁਝ ਅਰਸੇ 'ਚ ਸਿਰਫ ਬੀਜਿੰਗ ਉਲੰਪਿਕ ਅਤੇ ਵਿਸ਼ਵ ਕੁਸ਼ਤੀ 'ਚ ਕਾਂਸੀ ਹੀ ਕਿਉਂ ਮਿਲ ਸਕਿਆ, ਰਮੇਸ਼ ਨੇ ਕਿਹਾ ਕਿ ਇਸ ਦਾ ਕਾਰਨ ਸਹੂਲਤਾਂ ਦੀ ਕਮੀ ਹੈ। ਜੇਕਰ ਉਨ੍ਹਾਂ ਨੂੰ ਕ੍ਰਿਕਟ ਜਿੰਨੀਆਂ ਸਹੂਲਤਾਂ ਮਿਲਣ ਅਤੇ ਉਸੇ ਤਰ੍ਹਾਂ ਦੇ ਪ੍ਰਾਯੋਜਕ ਮਿਲਣ ਤਾਂ ਭਾਰਤ ਦੇ ਪਹਿਲਵਾਨ ਉਲੰਪਿਕ ਅਤੇ ਵਿਸ਼ਵ ਕੁਸ਼ਤੀ 'ਚ ਤਹਿਲਕਾ ਮਚਾ ਸਕਦੇ ਹਨ। ਜ਼ਿਕਰਯੋਗ ਹੈ ਕਿ ਰਮੇਸ਼ ਨੇ ਡੈਨਮਾਰਕ ਦੇ ਹੇਰਨਿੰਗ 'ਚ ਕੁਸ਼ਤੀ ਚੈਂਪੀਅਨਸ਼ਿਪ ਦੇ 74 ਕਿਲੋ ਫ੍ਰੀਸਟਾਈਲ ਵਰਗ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਮੋਲਡੋਵਾ ਦੇ ਅਲੈਗਜੈਂਡਰ ਬਰਕਾ ਨੂੰ ਤਕਨੀਕੀ ਅੰਕਾਂ ਦੇ ਆਧਾਰ 'ਤੇ ਹਰਾਇਆ।

ਸਵੱਦੀ ਕਲਾਂ ਕਬੱਡੀ ਖੇਡ ਮੇਲਾ

ਸਵੱਦੀ ਕਲਾਂ, 25 ਸਤੰਬਰ - ਤਿੰਨ ਰੋਜ਼ਾ ਕਬੱਡੀ ਖੇਡ ਮੇਲਾ ਸਵੱਦੀ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) 'ਚ ਚੱਲ ਰਿਹਾ ਹੈ। ਇਸ ਖੇਡ ਮੇਲੇ ਦੇ ਉਦਘਾਟਨੀ ਮੈਚ ਕਬੱਡੀ 47 ਕਿਲੋ ਵਿਚ ਸਵੱਦੀ ਕਲਾਂ ਏ ਅਤੇ ਸਵੱਦੀ ਕਲਾਂ ਬੀ ਵਿਚਕਾਰ ਕਰਵਾਇਆ ਗਿਆ। ਅੱਜ ਕਬੱਡੀ 70 ਕਿਲੋ ਭਾਰ ਵਰਗ ਦੇ ਦਿਲਖਿੱਚਵੇਂ ਮੁਕਾਬਲੇ ਹੋਣਗੇ।

ਪੰਜਾਬ ਰਾਜ ਸਕੂਲ ਖੇਡਾਂ 30 ਸਤੰਬਰ ਤੋਂ

ਫ਼ਰੀਦਕੋਟ, 25 ਸਤੰਬਰ - ਪੰਜਾਬ ਰਾਜ ਸਕੂਲ ਖੇਡਾਂ ਦੇ ਸਮੇਂ 'ਚ ਕੁਝ ਬਦਲਾਅ ਕੀਤਾ ਗਿਆ ਹੈ। ਹੁਣ ਇਹ ਖੇਡਾਂ 'ਚ ਟੇਬਲ ਟੈਨਿਸ 14, 17, 19 ਸਾਲ ਉਮਰ ਵਰਗ ਦੇ ਮੁਕਾਬਲੇ 30 ਸਤੰਬਰ 09 ਤੋਂ 4 ਅਕਤੂਬਰ ਤੱਕ ਰੋਪੜ ਵਿਖੇ ਹੋਣਗੇ। ਫੁੱਟਬਾਲ 14 ਸਾਲ ਲੜਕੀਆਂ 1 ਅਕਤੂਬਰ ਤੋਂ 5 ਅਕਤੂਬਰ ਤੱਕ ਲੁਧਿਆਣਾ। ਫੁੱਟਬਾਲ 14 ਸਾਲ ਲੜਕੇ 1 ਅਕਤੂਬਰ ਤੋਂ 5 ਅਕਤੂਬਰ ਤੱਕ ਪਟਿਆਲਾ ਸਾਫ਼ਟ ਬਾਲ ਅਤੇ ਫੈਨਸਿੰਗ 14, 17 ਅਤੇ 19 ਲੜਕੇ ਲੜਕੀਆਂ 30 ਸਤੰਬਰ ਤੋਂ 4 ਅਕਤੂਬਰ ਅੰਮ੍ਰਿਤਸਰ, ਖੋ-ਖੋ 14 ਅਤੇ 17 ਸਾਲ ਲੜਕੇ-ਲੜਕੀਆਂ 30 ਸਤੰਬਰ ਤੋਂ 4 ਅਕਤੂਬਰ ਤੱਕ ਫ਼ਤਿਹਗੜ੍ਹ ਸਾਹਿਬ, ਖੋ-ਖੋ 19 ਸਾਲ ਲੜਕੇ ਅਤੇ ਲੜਕੀਆਂ, ਤਾਇਕਵਾਡੋ 14, 17 ਅਤੇ 19 ਸਾਲ ਲੜਕੇ ਲੜਕੀਆਂ 5 ਅਕਤੂਬਰ ਤੋਂ 9 ਅਕਤੂਬਰ ਤੱਕ ਬਠਿੰਡਾ, ਬੇਸਬਾਲ 14, 17, 19 ਸਾਲ 1 ਅਕਤੂਬਰ ਤੋਂ 5 ਅਕਤੂਬਰ ਤੱਕ ਬਠਿੰਡਾ ਵਿਖੇ ਅਤੇ ਜਮਨਾਸਟਿਕ 14, 17 ਅਤੇ 19 ਸਾਲ ਲੜਕੇ ਲੜਕੀਆਂ 8 ਅਕਤੂਬਰ ਤੋਂ 12 ਅਕਤੂਬਰ ਤੱਕ ਖੇਡ ਮੁਕਾਬਲੇ ਜਲੰਧਰ ਵਿਖੇ ਹੋਣਗੇ।

85ਵੀਂ ਓਪਨ ਪੰਜਾਬ ਐਥਲੈਟਿਕਸ ਚੈਂਪੀਅਨਸ਼ਿਪ ਸਮਾਪਤ

ਜਲੰਧਰ, 25 ਸਤੰਬਰ - 85ਵੀਂ ਓਪਨ ਪੰਜਾਬ ਐਥਲੈਟਿਕਸ ਚੈਂਪੀਅਨਸ਼ਿਪ ਮਸਤੂਆਣਾ ਸਾਹਿਬ ਵਿਖੇ ਕਰਵਾਈ ਗਈ। ਜਿਸ ਵਿਚ ਪੰਜਾਬ ਭਰ ਤੋਂ ਹਜ਼ਾਰਾਂ ਖਿਡਾਰੀਆਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਚੈਂਪੀਅਨਸ਼ਿਪ ਵਿਚ ਸਭ ਤੋਂ ਤੇਜ਼ ਦੌੜਾਕ ਲੜਕਿਆਂ 'ਚ (100 ਮੀਟਰ) ਲੁਧਿਆਣਾ ਦਾ ਯਸ਼ ਰਾਜ ਅਤੇ ਲੜਕੀਆਂ 'ਚ ਸੰਗਰੂਰ ਦੀ ਹਰਪਾਲ ਕੌਰ ਪਹਿਲੇ ਸਥਾਨ 'ਤੇ ਰਹੀ। ਇਸ ਦੌਰਾਨ ਮਰਦਾਂ ਵਿਚ ਬੀ.ਐਸ.ਐਫ. ਜੇਤੂ, ਔਰਤਾਂ 'ਚ ਪੰਜਾਬ ਪੁਲਿਸ, ਲੜਕੇ (ਅੰਡਰ-20) ਸਾਲ 'ਚ ਜਲੰਧ੍ਰ ਅਤੇ ਲੜਕੀਆਂ 'ਚ ਸੰਗਰੂਰ ਪਹਿਲੇ ਸਥਾਨ 'ਤੇ ਰਿਹਾ। ਇਸ ਚੈਂਪੀਅਨਸ਼ਿਪ ਵਿਚ ਓਵਰ ਆਲ ਚੈਂਪੀਅਨ ਸੰਗਰੂਰ ਰਿਹਾ। ਦੋ ਦਿਨਾ ਇਸ ਚੈਂਪੀਅਨਸ਼ਿਪ ਵਿਚ ਓਵਰ ਆਲ ਚੈਂਪੀਅਨ ਸੰਗਰੂਰ ਰਿਹਾ। ਦੋ ਦਿਨਾਂ ਇਸ ਚੈਂਪੀਅਨਸ਼ਿਪ ਦੌਰਾਨ ਖਿਡਾਰੀਆਂ ਨੂੰ ਰਿਹਾਇਸ਼ ਤੇ ਫ੍ਰੀ ਖੁਰਾਕ ਜ਼ਿਲ੍ਹਾ ਸੰਗਰੂਰ ਐਸੋ: ਵੱਲੋਂ ਮੁਹੱਈਆ ਕਰਵਾਈ ਗਈ।

ਮੁਲਕ ਦਾ ਨੰਬਰ ਇਕ ਮੋਟਰ ਚਾਲਕ ਖੁਸ਼ਵੰਤ ਰੰਧਾਵਾ

ਪਟਿਆਲਾ, 25 ਸਤੰਬਰ - ਖੁਸ਼ਵੰਤ ਸਿੰਘ ਰੰਧਾਵਾ ਜੋ ਕਿ ਸ਼ਾਹੀ ਸ਼ਹਿਰ ਪਟਿਆਲਾ ਦਾ ਨੌਜਵਾਨ ਮੋਟਰ ਕਾਰ ਚਾਲਕ ਹੈ। ਇਸ ਇਕ ਵਾਰ ਫਿਰ ਦੇਸ਼ ਦਾ ਨੰਬਰ ਇਕ ਚਾਲਕ ਬਣਿਆ। ਉਸ ਨੇ ਇਹ ਮੁਕਾਮ ਕੋਲਕਾਤਾ ਰੈਲੀ ਜਿੱਤ ਕੇ ਹਾਸਿਲ ਕੀਤਾ ਹੈ। 2008 'ਚ ਪਰਿਵਾਰਿਕ ਰੁਝੇਵਿਆਂ ਕਾਰਨ ਕੌਮੀ ਮੁਕਾਬਲਿਆਂ 'ਚ ਹਿੱਸਾ ਨਾ ਲੈ ਸਕਣ ਤੋਂ ਬਾਅਦ ਇਕ ਵਾਰ ਫਿਰ 2009 'ਚ ਹੋਈਆਂ ਹੁਣ ਤੱਕ ਤਿੰਨ ਰੈਲੀਆਂ 'ਚੋਂ ਇਕ 'ਚ ਪਹਿਲਾ ਤੇ ਦੋ 'ਚ ਦੂਜਾ ਸਥਾਨ ਹਾਸਲ ਕਰਕੇ ਖੁਸ਼ਵੰਤ ਸਿੰਘ ਅੱਵਲ ਨੰਬਰ 'ਤੇ ਪਹੁੰਚ ਗਿਆ ਹੈ। ਖੁਸ਼ਵੰਤ ਰੰਧਾਵਾ ਇਸ ਵੇਲੇ 40 ਅੰਕਾਂ ਨਾਲ ਦੇਸ਼ ਦਾ ਨੰਬਰ ਇਕ ਚਾਲਕ ਬਣਿਆ ਹੋਇਆ ਹੈ। ਦਿੱਲੀ ਦਾ ਸੰਦੀਪ ਸ਼ਰਮਾ 32 ਅੰਕਾਂ ਨਾਲ ਦੂਸਰੇ, ਅਨਿਲ ਵਾਡੀਆ ਦਿੱਲੀ ਤੇ ਸੰਜੇ ਅਗਰਵਾਲ 12-12 ਅੰਕਾਂ ਨਾਲ ਤੀਸਰੇ ਸਥਾਨ 'ਤੇ ਡਟੇ ਹੋਏ ਹਨ। ਖੁਸ਼ਵੰਤ ਰੰਧਾਵਾ ਨੇ ਕੋਲਕਾਤਾ ਵਿਖੇ ਪਿਛਲੇ ਹਫ਼ਤੇ ਹੋਈ ਰੈਲੀ 'ਚ ਆਪਣੀ ਜਿਪਸੀ ਰਾਹੀਂ ਪੰਜਾਬ ਨਾਈਟਸ ਟੀਮ ਦੇ ਬੈਨਰ ਹੇਠ ਹਿੱਸਾ ਲਿਆ। ਉਸ ਨੇ ਦੋ ਦਿਨਾ 525 ਕਿਲੋਮੀਟਰ ਰੈਲੀ ਟੀਮ ਥੰਡਰਬੋਲਟ ਨੂੰ ਪਛਾੜ ਕੇ ਜਿੱਤੀ। ਉਸ ਨੇ ਇਹ ਦੂਰੀ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਤੋਂ 1 ਮਿੰਟ 38 ਸਕਿੰਟ ਪਹਿਲਾਂ ਪੂਰੀ ਕਰਕੇ ਖਿਤਾਬੀ ਜਿੱਤ ਹਾਸਿਲ ਕੀਤੀ।

ਆਲ ਇੰਡੀਆ ਮਹਾਤਮਾ ਹੰਸ ਰਾਜ ਆਰੀਆ ਟੂਰਨਾਮੈਂਟ

ਬਠਿੰਡਾ, 24 ਸਤੰਬਰ - ਤਿੰਨ ਰੋਜ਼ਾ ਆਲ ਇੰਡੀਆ ਮਹਾਤਮਾ ਹੰਸ ਰਾਜ ਆਰੀਆ ਟੂਰਨਾਮੈਂਟ ਬਠਿੰਡਾ ਦੇ ਖੇਡ ਸਟੇਡੀਅਮ 'ਚ ਚੱਲ ਰਿਹਾ ਹੈ। ਇਸ ਟੂਰਨਾਮੈਂਟ ਦੇ ਉਦਘਾਟਨ ਮੈਚ ਡੀ.ਏ.ਵੀ. ਸਕੂਲ ਜਲੰਧਰ ਅਤੇ ਡੀ.ਏ.ਵੀ. ਸਕੂਲ ਅੰਮ੍ਰਿਤਸਰ ਦੀਆਂ ਹਾਕੀ ਟੀਮਾਂ ਵਿਚਾਲੇ ਮੈਚ ਖੇਡਿਆ ਗਿਆ ਜਿਸ ਵਿਚ ਜਲੰਧਰ 2-0 ਨਾਲ ਜੇਤੂ ਰਿਹਾ ਜਦਕਿ ਕਬੱਡੀ ਵਿਚ ਡੀ.ਏ.ਵੀ. ਸਕੂਲ ਬਠਿੰਡਾ ਨੇ ਡੀ.ਏ.ਵੀ. ਪੁਲਿਸ ਪਬਲਿਕ ਸਕੂਲ ਜਲੰਧਰ ਨੂੰ 54-37 ਦੇ ਫਰਕ ਨਾਲ ਹਰਾਇਆ। ਲੜਕਿਆਂ ਦੇ ਹੈਂਡਬਾਲ ਮੁਕਾਬਲਿਆਂ ਵਿਚ ਡੀ.ਏ.ਵੀ. ਸਕੂਲ ਜੈਤੋ ਨੇ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਨੂੰ 8-5 ਨਾਲ, ਡੀ.ਏ.ਵੀ. ਸਕੂਲ ਲੁਧਿਆਣਾ ਨੇ ਡੀ.ਏ.ਵੀ. ਸਕੂਲ ਜੈਤੋ ਨੂੰ 21-18 ਅਤੇ ਡੀ.ਏ.ਵੀ. ਸਕੂਲ ਜਲੰਧਰ ਨੇ ਡੀ.ਏ.ਵੀ. ਸਕੂਲ ਭਿੱਖੀਵਿੰਡ (ਤਰਨਤਾਰਨ) ਨੂੰ 18-10 ਨਾਲ ਹਰਾਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ। ਲੜਕੀਆਂ ਦੇ ਹੈਂਡਬਾਲ ਮੁਕਾਬਲਿਆਂ ਵਿਚ ਡੀ.ਏ.ਵੀ. ਸਕੂਲ ਲੁਧਿਆਣਾ ਨੇ ਡੀ.ਏ.ਵੀ. ਸਕੂਲ ਭਿੱਖੀਵਿੰਡ ਨੂੰ 12-3 ਨਾਲ ਹਰਾਕੇ ਫਾਈਨਲ ਵਿਚ ਜਗਾ ਬਣਾਈ ਹੈ।

ਪੰਜਾਬ ਕੁਸ਼ਤੀ ਚੈਂਪੀਅਨਸ਼ਿਪ 'ਚ ਫ਼ਰੀਦਕੋਟ ਮੋਹਰੀ

ਫ਼ਰੀਦਕੋਟ, 24 ਸਤੰਬਰ - ਚੌਥੀ ਸੀਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਗਰੀਕੋ ਰੋਮਨ ਸਟਾਈਲ ਬਾਬਾ ਫਰੀਦ ਕੁਸ਼ਤੀ ਕੌਸ਼ਲ ਫ਼ਰੀਦਕੋਟ ਵੱਲੋਂ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਫ਼ਰੀਦਕੋਟ ਨੇ 21 ਪੁਆਇੰਟ ਹਾਸਲ ਕਰਕੇ ਪਹਿਲਾ ਸਥਾਨ ਅਤੇ ਜਲੰਧਰ ਨੇ 18 ਪੁਆਇੰਟ ਹਾਸਲ ਕਰਕੇ ਦੂਜਾ ਸਥਾਨ ਅਤੇ ਮੁਹਾਲੀ ਨੇ 10 ਪੁਆਇੰਟ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਇਸ ਚੈਂਪੀਅਨਸਿਪ ਵਿਚ ਸ਼ਾਨੇ ਏ ਪੰਜਾਬ ਦਾ ਟਾਈਟਲ ਜਸਪ੍ਰੀਤ ਕੌਰ, ਸ਼ਿਤਾਰਾ ਏ ਪੰਜਾਬ ਦਾ ਟਾਈਟਲ ਵੀਰਪਾਲ ਕੌਰ ਅਤੇ ਪੰਜਾਬ ਕੁਮਾਰੀ ਦਾ ਟਾਈਟਲ ਨਵਜੋਤ ਕੌਰ ਤਰਨਤਾਰਨ ਨੇ ਜਿੱਤਿਆ। ਲੜਕਿਆਂ ਪਹਿਲਵਾਨਾਂ ਦੇ ਮੁਕਾਬਲਿਆਂ ਵਿਚੋ ਤਾਰੇ ਏ ਡਵੀਜਨ ਰਾਜਵਿੰਦਰ ਸਿੰਘ, ਸ਼ਾਨੇ ਏ ਡਵੀਜਨ ਸੁਖਚੈਨ ਸਿੰਘ, ਡਵੀਜਨ ਏ ਕੁਮਾਰ ਮਨਪ੍ਰੀਤ ਸਿੰਘ ਨੇ ਟਾਈਟਲ ਜਿੱਤਿਆ। ਸੀਨੀਅਰ ਲੜਕੇ ਪੰਜਾਬ ਚੈਂਪੀਅਨਸਿਪ ਵਿਚ 55 ਕਿਲੋ ਭਾਰ ਵਰਗ 'ਚ ਸੋਨੂੰ ਮੋਹਾਲੀ ਪਹਿਲੇ ਅਤੇ ਮਨਹੋਰ ਸਿੰਘ ਫ਼ਰੀਦਕੋਟ ਦੂਜੇ, 60 ਕਿਲੋ ਭਾਰ ਵਰਗ ਵਿਚੋ ਹਰੀ ਕ੍ਰਿਸ਼ਨ ਨੇ ਪਹਿਲਾ ਅਤੇ ਸ਼ਲੀਮ ਜਲੰਧਰ ਨੇ ਦੂਜਾ 66 ਕਿਲੋ ਵਿਚੋ ਉਮ ਪ੍ਰਕਾਸ ਫਸਟ ਅਤੇ ਅਕਾਸ਼ ਵਰਮਾਂ ਸੈਕਿੰਡ, 74 ਕਿਲ ਵਿਚੋ ਗੁਰਪ੍ਰੀਤ ਸਿੰਘ ਮੁਕਤਸਰ ਫਸਟ ਅਤੇ ਪਵਨ ਕੁਮਾਰ ਜਲੰਧਰ ਸੈਕਿੰਡ, 84 ਕਿਲੋ ਕੁਲਵੰਤ ਰਾਏ ਫ਼ਰੀਦਕੋਟ ਫਸਟ ਅਤੇ ਸਗਨਦੀਪ ਸਿੰਘ ਕਪੂਰਥਲਾ ਸੈਕਿੰਡ, 96 ਕਿਲੋ ਰਣਧੀਰ ਧੀਰਾ ਫ਼ਰੀਦਕੋਟ ਫ਼ਸਟ ਅਤੇ ਹਰਦੀਪ ਸਿੰਘ ਮੋਹਾਲੀ ਸੈਕਿੰਡ, 120 ਕਿਲੋ ਭਾਰ ਵਰਗ ਵਿਚੋ ਮਾਨਵ ਕੁਲਾਰ ਫ਼ਸਟ ਅਤੇ ਲਖਵਿੰਦਰ ਸਿੰਘ ਸੈਕਿੰਡ ਰਹੇ।

ਬੈਲ ਗੱਡੀਆਂ ਦੇ ਦੌੜ ਮੁਕਾਬਲੇ 29 ਸਤੰਬਰ ਨੂੰ

ਮੁੱਲਾਂਪੁਰ ਦਾਖਾ, 24 ਸਤੰਬਰ - ਪਿੰਡ ਕੈਲਪੁਰ ਨੇੜੇ ਦਾਖਾ (ਲੁਧਿਆਣਾ) ਅੰਦਰ ਖੀਰੇ-ਦੁੱਗੇ ਛੋਟੇ ਬਲਦਾਂ ਦੀਆਂ ਦੌੜਾਂ 29 ਸਤੰਬਰ ਮੰਗਲਵਾਰ ਸਵੇਰੇ 11 ਵਜੇ ਆਰੰਭ ਕਰਵਾਈਆਂ ਜਾਣਗੀਆਂ।

ਸਵੱਦੀ ਕਲਾਂ ਦਾ ਕਬੱਡੀ ਖੇਡ ਮੇਲਾ ਸ਼ੁਰੂ

ਸਵੱਦੀ ਕਲਾਂ, 24 ਸਤੰਬਰ - ਦੂਜਾ ਕਬੱਡੀ ਖੇਡ ਮੇਲਾ 25 ਸਤੰਬਰ ਤੋਂ ਸਵੱਦੀ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) 'ਚ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਖੇਡ ਮੇਲਾ ਬਾਬਾ ਚਰਨ ਦਾਸ ਜੀ ਝਿੜ੍ਹੀ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਹੋਵੇਗਾ। ਇਸ ਤਿੰਨ ਰੋਜ਼ਾ ਕਬੱਡੀ ਖੇਡ ਮੇਲੇ ਦੇ ਪਹਿਲੇ ਦਿਨ ਕਬੱਡੀ 47 ਕਿਲੋ, 62 ਕਿਲੋ ਭਾਰ ਵਰਗ, 26 ਸਤੰਬਰ ਕਬੱਡੀ 70 ਕਿਲੋ ਭਾਰ ਵਰਗ ਅਤੇ 27 ਸਤੰਬਰ ਨੂੰ ਕਬੱਡੀ ਓਪਨ ਦੇ ਰੌਚਕ ਮੁਕਾਬਲੇ ਹੋਣਗੇ। ਕਬੱਡੀ ਓਪਨ ਦੇ ਬੈਸਟ ਧਾਵੀ ਤੇ ਬੈਸਟ ਜਾਫੀ ਨੂੰ ਮਾ: ਹਰੀ ਸਿੰਘ ਅਮਰੀਕਾ ਵੱਲੋਂ ਸਵਾ-ਸਵਾ ਤੋਲੇ ਸੋਨ ਤਮਗਿਆਂ ਨਾਲ ਸਨਮਾਨਿਤ ਕੀਤਾ ਜਾਵੇਗਾ।

ਬਾਸਕਿਟਬਾਲ ਗੋਲਡ ਕੱਪ 'ਤੇ ਬਠਿੰਡਾ ਕਾਬਜ਼

ਫ਼ਰੀਦਕੋਟ, 24 ਸਤੰਬਰ - ਬਾਬਾ ਫਰੀਦ ਖੇਡ ਮੇਲਾ ਬਾਬਾ ਫ਼ਰੀਦ ਬਾਸਕਿਟਬਾਲ ਕਲੱਬ ਵੱਲੋਂ ਕਰਵਾਇਆ ਗਿਆ। ਇਸ ਖੇਡ ਮੇਲਾ ਦੇ ਫ਼ਾਈਨਲ ਮੈਚ ਗੁਰਦਾਸਪੁਰ ਅਤੇ ਬਠਿੰਡਾ ਵਿਚਕਾਰ ਹੋਇਆ। ਜਿਸ ਵਿਚ ਬਠਿੰਡਾ ਟੀਮ 73.61 ਅੰਕਾਂ ਨਾਲ ਗੋਲਡ ਕੱਪ 'ਤੇ ਕਬਜ਼ਾ ਕਰਨ ਵਿਚ ਸਫ਼ਲ ਰਹੀ। ਇਸ ਟੂਰਨਾਮੈਂਟ ਵਿਚ ਸਰਵੋਤਮ ਖਿਡਾਰੀ ਐਲਾਨੇ ਗਏ ਸ਼ਵੀਰ ਸਿੰਘ ਵੱਡਾ ਜਲੰਧਰ ਨੂੰ ਗਾਂਧੀ ਸਾਈਕਲ ਸਟੋਰ ਵੱਲੋਂ ਇਕ ਸਾਈਕਲ ਇਨਾਮ ਵਿਚ ਦਿੱਤਾ ਗਿਆ।

ਮੱਲ੍ਹੀ ਯਾਦਗਾਰੀ ਬਾਸਕਿਟਬਾਲ ਲੀਗ ਟੂਰਨਾਮੈਂਟ 13 ਤੋਂ

ਸਵੱਦੀ ਕਲਾਂ, 23 ਸਤੰਬਰ - ਚੌਥਾ ਮੱਲ੍ਹੀ ਯਾਦਗਾਰੀ ਬਾਸਕਿਟਬਾਲ ਟੂਰਨਾਮੈਂਟ 13-16 ਅਕਤੂਬਰ ਤੱਕ ਪਿੰਡ ਗੁੜੇ (ਲੁਧਿਆਣਾ) 'ਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਵੱਖ-ਵੱਖ ਮੈਚ ਸ਼ਾਮ 3 ਵਜੇ ਤੋਂ ਰਾਤ 11 ਵਜੇ ਤੱਕ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਹੋਣਗੇ।

54ਵੀਂ ਸੀਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ 8 ਅਕਤੂਬਰ ਤੋਂ

ਜਲੰਧਰ, 23 ਸਤੰਬਰ - ਭੋਪਾਲ 'ਚ 8 ਤੋਂ 11 ਅਕਤੂਬਰ ਤੱਕ 54ਵੀਂ ਸੀਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਜਿਸ ਲਈ ਪੰਜਾਬ ਦੀ ਕੁਸ਼ਤੀ ਟੀਮ ਦੇ ਚੋਣ ਟਰਾਈਲ 25 ਸਤੰਬਰ ਨੂੰ 10 ਵਜੇ ਪੀ.ਏ.ਪੀ. ਇੰਡੋਰ ਸਟੇਡੀਅਮ ਵਿਚ ਲਏ ਜਾਣਗੇ। ਲੜਕਿਆਂ ਵਿਚ ਫ੍ਰੀ ਸਟਾਈਲ ਅਤੇ ਗ੍ਰੀਕੋ ਰੋਮਨ ਅਤੇ ਲੜਕੀਆਂ ਵਿਚ ਫ੍ਰੀ ਸਟਾਈਲ ਦੇ ਟਰਾਇਲ ਲਏ ਜਾਣਗੇ। ਚੁਣੇ ਗਏ ਪਹਿਲਵਾਨਾਂ ਦਾ ਕੋਚਿੰਗ ਕੈਂਪ ਲਗਾਇਆ ਜਾਵੇਗਾ ਅਤੇ ਪਹਿਲਵਾਨਾਂ ਦਾ ਕੋਚਿੰਗ ਕੈਂਪ ਲਗਾਇਆ ਜਾਵੇਗਾ ਅਤੇ ਪਹਿਲਵਾਨਾਂ ਨੂੰ ਟਰਾਇਲਾਂ ਵਾਸਤੇ 2 ਕਿਲੋ ਵਜ਼ਨ ਦੀ ਰਿਆਇਤ ਦਿੱਤੀ ਗਈ ਹੈ।

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਰਮੇਸ਼ ਕੁਮਾਰ ਦੀ ਝੰਡੀ

ਜਲੰਧਰ, 23 ਸਤੰਬਰ - ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਜੋ ਕਿ ਡੈਨਮਾਰਕ ਵਿਖੇ ਕਰਵਾਈ ਗਈ। ਇਸ ਦੌਰਾਨ 74 ਕਿਲੋਗ੍ਰਾਮ ਭਾਰ ਵਰਗ ਵਿਚ ਪਹਿਲਵਾਨ ਰਮੇਸ਼ ਕੁਮਾਰ ਨੇ ਕਾਂਸੀ ਦਾ ਤਗਮਾ ਜਿੱਤ ਲਿਆ। ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਪੁਰਸ਼ ਵਰਗ ਵਿਚ ਇਹ ਭਾਰਤ ਵੱਲੋਂ ਜਿੱਤਿਆ ਹੁਣ ਤੱਕ ਦਾ ਸਿਰਫ ਤੀਸਰਾ ਤਗਮਾ ਹੈ। ਪੂਰੇ 32 ਸਾਲ ਬਾਅਦ ਕਿਸੇ ਭਾਰਤ ਪਹਿਲਵਾਨ ਨੇ ਇਹ ਕਮਾਲ ਕੀਤਾ ਹੈ।

ਨਾਰਥ ਜ਼ੋਨ ਸੀਨੀਅਰ ਤੇ ਜੂਨੀਅਰ ਤਾਈਕਵਾਂਡੋ ਚੈਂਪੀਅਨਸ਼ਿਪ ਮੁਲਤਵੀ

ਜਲੰਧਰ, 22 ਸਤੰਬਰ - 25 ਤੋਂ 27 ਸਤੰਬਰ ਤੱਕ ਕਰਵਾਈ ਜਾਣ ਵਾਲੀ ਨਾਰਥ ਜ਼ੋਨ ਜੂਨੀਅਰ ਤੇ ਸੀਨੀਅਰ ਵਰਗ ਦੇ ਲੜਕੇ ਤੇ ਲੜਕੀਆਂ ਦੇ ਵਰਗ ਦੀ ਚੈਂਪੀਅਨਸ਼ਿਪ ਹੁਣ ਅਣਮਿੱਥੇ ਸਮੇਂ ਲਈ ਪੰਜਾਬ ਤਾਈਕਵਾਂਡੋ ਐਸੋਸੀਏਸ਼ਨ ਵੱਲੋਂ ਮੁਲਤਵੀ ਕੀਤੀ ਜਾਂਦੀ ਹੈ।

ਸੀ.ਬੀ.ਐਸ.ਈ. ਨਾਰਥ ਜ਼ੋਨ ਜੂਡੋ ਚੈਂਪੀਅਨਸ਼ਿਪ

ਜਲੰਧਰ, 22 ਸਤੰਬਰ - ਸੀ.ਬੀ.ਐਸ.ਈ. ਨਾਰਥ ਜ਼ੋਨ ਜੂਡੋ ਚੈਂਪੀਅਨਸ਼ਿਪ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਜਲੰਧਰ ਕੈਂਟ ਵਿਖੇ ਚੱਲ ਰਹੀ ਹੈ। ਇਸ ਦਾ ਉਦਘਾਟਨ ਮੁੱਖ ਮਹਿਮਾਨ ਸ੍ਰੀ ਪੀ.ਐਸ. ਗਿੱਲ ਆਈ.ਜੀ. ਨੇ ਕੀਤਾ। ਇਸ ਚੈਂਪੀਅਨਸ਼ਿਪ ਵਿਚ 40 ਸਕੂਲਾਂ ਦੇ 360 ਦੇ ਕਰੀਬ ਖਿਡਾਰੀ ਪੰਜਾਬ ਤੇ ਹਰਿਆਣਾ ਤੋਂ ਹਿੱਸਾ ਲੈ ਰਹੇ ਹਨ। ਚੇਨਈ ਵਿਖੇ ਏਸ਼ੀਆ ਬਾਸਕਿਟਬਾਲ ਚੈਂਪੀਅਨਸ਼ਿਪ ਦੌਰਾਨ ਜਾਪਾਨ ਖਿਲਾਫ ਖੇਡਦੀ ਹੋਈ ਇਕ ਭਾਰਤੀ ਖਿਡਾਰਨ।

ਕਬੱਡੀ ਖਿਡਾਰੀਆਂ ਨੂੰ ਵੀ ਹੁਣ ਮਿਲੇਗਾ ਮਹਾਰਾਜਾ ਰਣਜੀਤ ਸਿੰਘ ਸਟੇਟ ਐਵਾਰਡ

ਲੁਧਿਆਣਾ, 22 ਸਤੰਬਰ - ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸਕੱਤਰ ਗੁਰਦੀਪ ਸਿੰਘ ਮੱਲ੍ਹੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਲ ਸਟਾਈਲ ਕਬੱਡੀ ਨੂੰ ਮਾਨਤਾ ਦਿੱਤੇ ਜਾਣ ਤੋਂ ਬਾਅਦ ਜੋ ਖਿਡਾਰੀ ਜ਼ਿਲ੍ਹਾ, ਰਾਜ ਅਤੇ ਕੌਮੀ ਕਬੱਡੀ ਚੈਂਪੀਅਨਸ਼ਿਪ ਵਿਚ ਖੇਡਣਗੇ, ਉਨ੍ਹਾਂ ਦੀਆਂ ਇਨ੍ਹਾਂ ਚੈਂਪੀਅਨਸ਼ਿਪ ਵਿਚ ਕੀਤੀਆਂ ਪ੍ਰਾਪਤੀਆਂ ਦੇ ਅਧਾਰ 'ਤੇ ਉਨ੍ਹਾਂ ਨੂੰ ਇਹ ਰਾਜ ਪੱਧਰੀ ਐਵਾਰਡ ਮਿਲੇਗਾ। ਉਨ੍ਹਾਂ ਆਖਿਆ ਕਿ ਪੰਜਾਬ ਕਬੱਡੀ ਐਸੋਸੀਏਸ਼ਨ ਜਲਦੀ ਹੀ ਕੌਮਾਂਤਰੀ ਪੱਧਰ ਦੀ ਕਬੱਡੀ ਚੈਂਪੀਅਨਸ਼ਿਪ ਕਰਵਾਏਗੀ ਜਿਸ ਨਾਲ ਸਰਕਲ ਸਟਾਈਲ ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਮਿਲ ਜਾਵੇਗੀ।

ਕਬੱਡੀ ਟੂਰਨਾਮੈਂਟ 28 ਤੋਂ

ਬਿਲਾਸਪੁਰ, 22 ਸਤੰਬਰ - ਚੌਥਾ ਕਬੱਡੀ ਟੂਰਨਾਮੈਂਟ 28 ਤੋਂ 30 ਸਤੰਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਧੂੜਕੋਟ ਰਣਸੀਂਹ (ਮੋਗਾ) 'ਚ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਸ਼ਹੀਦ ਕਪੂਰ ਸਿੰਘ ਅਤੇ ਸ਼ਹੀਦ ਬਲਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਸਵਰਗਵਾਸੀ ਅਜਮੇਰ ਸਿੰਘ ਧਾਲੀਵਾਲ ਯੂ.ਕੇ. ਮਾਲਿਕ ਵਿਕਰਾਜ ਪੈਲੇਸ ਨਿਹਾਲ ਸਿੰਘ ਵਾਲਾ ਦੀ ਯਾਦ ਵਿਚ ਹੋਵੇਗਾ। ਇਸ ਵਿਚ ਕਬੱਡੀ ਓਪਨ (ਦੋ ਖਿਡਾਰੀ ਬਾਹਰੋਂ), ਕਬੱਡੀ 70 ਕਿੱਲੋ (ਇਕ ਖਿਡਾਰੀ ਬਾਹਰੋਂ), ਕਬੱਡੀ 60 ਅਤੇ 38 ਕਿਲੋ ਵਜ਼ਨ ਦੇ ਮੁਕਾਬਲੇ ਕਰਵਾਏ ਜਾਣਗੇ। ਕਬੱਡੀ ਓਪਨ ਦੇ ਬਿਸਟ ਰੇਡਰ ਅਤੇ ਜਾਫ਼ੀ ਨੂੰ ਰੰਗਦਾਰ ਟੀ.ਵੀ., 70 ਕਿਲੋ ਦੇ ਬੈਸਟ ਰੇਡਰ ਅਤੇ ਜਾਫ਼ੀ ਨੂੰ ਡੀ.ਵੀ.ਡੀ. ਪਲੇਅਰ ਨਾਲ ਸਨਮਾਨਿਤ ਕੀਤਾ ਜਾਵੇਗਾ।

15ਵਾਂ ਬਾਬਾ ਫ਼ਰੀਦ ਬਾਸਕਿਟਬਾਲ ਟੂਰਨਾਮੈਂਟ

ਫ਼ਰੀਦਕੋਟ, 22 ਸਤੰਬਰ - ਫ਼ਰੀਦਕੋਟ ਵਿਖੇ ਨਹਿਰੂ ਸਟੇਡੀਅਮ 'ਚ 15ਵਾਂ ਬਾਬਾ ਫ਼ਰੀਦ ਬਾਸਕਿਟਬਾਲ ਟੂਰਨਾਮੈਂਟ ਚੱਲ ਰਿਹਾ ਹੈ। ਇਸ ਟੂਰਨਾਮੈਂਟ ਵਿਚ ਪਹਿਲਾ ਮੈਚ ਚਤਕਾਰਾ ਇੰਸਟੀਚਿਊਟ ਅਤੇ ਬਠਿੰਡਾ ਦਰਮਿਆਨ ਹੋਇਆ। ਇਹ ਮੈਚ ਬਠਿੰਡਾ ਨੇ 70-60 ਅੰਕਾਂ ਨਾਲ ਜਿੱਤਿਆ। ਦੂਸਰਾ ਮੈਚ ਫ਼ਰੀਦਕੋਟ ਅਤੇ ਜਲੰਧਰ ਦੀਆਂ ਟੀਮਾਂ ਵਿਚਕਾਰ ਹੋਇਆ ਅਤੇ ਬੜੇ ਫ਼ਸਵੇਂ ਮੁਕਾਬਲੇ ਤੋਂ ਬਾਅਦ ਇਹ ਮੈਚ ਜਲੰਧਰ ਨੇ 55-54 ਅੰਕਾਂ ਨਾਲ ਜਿੱਤ ਲਿਆ। ਇਸ ਮੈਚ ਦੇ ਮੁੱਖ ਮਹਿਮਾਨ ਠੇਕੇਦਾਰ ਤਰਸੇਮ ਕੁਮਾਰ ਗਰੋਵਰ ਸਨ। ਤੀਸਰਾ ਮੈਚ ਜੰਮੂ ਅਤੇ ਗੁਰਦਾਸਪੁਰ ਦੀਆਂ ਟੀਮਾਂ ਵਿਚਕਾਰ ਹੋਇਆ। ਗੁਰਦਾਸਪੁਰ ਨੇ ਇਹ ਮੈਚ 55-42 ਅੰਕਾਂ ਨਾਲ ਜਿੱਤ ਲਿਆ। ਚੌਥਾ ਮੈਚ ਬਰਨਾਲਾ ਪੁਲਿਸ ਅਤੇ ਮੋਗਾ ਦੀਆਂ ਟੀਮਾਂ ਵਿਚਕਾਰ ਹੋਇਆ।

ਸਕੂਲਾਂ ਦੀਆਂ ਰਾਜ ਪੱਧਰੀ ਚੈਂਪੀਅਨਸ਼ਿਪਾਂ ਦੇ ਪ੍ਰੋਗਰਾਮਾਂ 'ਚ ਤਬਦੀਲੀ

ਲੁਧਿਆਣਾ, 22 ਸਤੰਬਰ - ਅੰਤਰ ਜ਼ਿਲਾ ਸਕੂਲ ਖੇਡ ਮੁਕਾਬਲਿਆਂ ਦੀਆਂ ਵੱਖ-ਵੱਖ ਖੇਡ ਚੈਂਪੀਅਨਸ਼ਿਪਾਂ ਜੋ ਕਿ ਅਕਤੂਬਰ ਮਹੀਨੇ 'ਚ ਕਰਵਾਈਆਂ ਜਾ ਰਹੀਆਂ ਸਨ। ਉਹ ਹੁਣ ਨਵੇਂ ਪ੍ਰੋਗਰਾਮਾਂ ਤਹਿਤ ਅੰਡਰ 14, 17, 19 ਮੁੰਡਿਆਂ ਤੇ ਕੁੜੀਆਂ ਦੀ ਟੇਬਲ ਟੈਨਿਸ ਚੈਂਪੀਅਨਸ਼ਿਪ 30 ਸਤੰਬਰ ਤੋਂ 4 ਅਕਤੂਬਰ ਤੱਕ ਹੋਵੇਗੀ, ਜਦ ਕਿ ਅੰਡਰ 14 ਸਾਲ ਕੁੜੀਆਂ ਦੇ ਰਾਜ ਪੱਧਰੀ ਫੁੱਟਬਾਲ ਮੁਕਾਬਲੇ 1 ਤੋਂ 5 ਅਕਤੂਬਰ ਤੱਕ ਲੁਧਿਆਣਾ ਵਿਖੇ ਅਤੇ ਮੁੰਡਿਆਂ ਦੇ ਫੁੱਟਬਾਲ ਮੁਕਾਬਲੇ 1 ਤੋਂ 5 ਅਕਤੂਬਰ ਤੱਕ ਫਤਿਹਗੜ੍ਹ ਸਾਹਿਬ ਵਿਖੇ ਹੋਣਗੇ। ਸਾਫਟਬਾਲ ਮੁਕਾਬਲੇ ਅੰਡਰ 14, 17, 19 ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ 30 ਸਤੰਬਰ ਤੋਂ 4 ਅਕਤੂਬਰ ਤੱਕ ਫਤਿਹਗੜ੍ਹ ਸਾਹਿਬ ਵਿਖੇ ਹੋਣਗੇ, ਜਦ ਕਿ ਖੋ-ਖੋ ਅੰਡਰ 14 ਤੇ 17 ਸਾਲ ਮੁੰਡੇ ਅਤੇ ਕੁੜੀਆਂ 30 ਸਤੰਬਰ ਤੋਂ 4 ਅਕਤੂਬਰ ਤੱਕ ਫਤਿਹਗੜ੍ਹ ਸਾਹਿਬ ਵਿਖੇ ਹੋਣਗੇ। ਖੋ-ਖੋ ਅੰਡਰ 19 ਸਾਲ ਮੁੰਡੇ ਅਤੇ ਕੁੜੀਆਂ 5 ਤੋਂ 9 ਅਕਤੂਬਰ ਤੱਕ ਬਠਿੰਡਾ ਵਿਖੇ ਹੋਣਗੇ, ਬੇਸਬਾਲ ਅੰਡਰ 14, 17, 19 ਮੁੰਡੇ ਅਤੇ ਕੁੜੀਆਂ 5 ਤੋਂ 9 ਅਕਤੂਬਰ ਤੱਕ ਅੰਮ੍ਰਿਤਸਰ ਵਿਖੇ ਹੋਣਗੇ, ਫੁੱਟਬਾਲ 19 ਸਾਲ ਮੁੰਡੇ 8 ਤੋਂ 12 ਅਕਤੂਬਰ ਪਟਿਆਲਾ ਵਿਖੇ ਹੋਣਗੇ, ਫੁੱਟਬਾਲ 19 ਸਾਲ ਕੁੜੀਆਂ ਨੇ 8 ਤੋਂ 12 ਅਕਤੂਬਰ ਤੱਕ ਲੁਧਿਆਣਾ ਵਿਖੇ ਕਰਵਾਈ ਜਾਵੇਗੀ। ਤੈਰਾਕੀ ਅੰਡਰ 14 ਸਾਲ ਮੁੰਡੇ ਅਤੇ ਕੁੜੀਆਂ 12 ਅਤੇ 13 ਅਕਤੂਬਰ ਨੂੰ ਰੋਪੜ ਵਿਖੇ ਤੈਰਾਕੀ ਅਤੇ ਵਾਟਰ ਪੋਲੋ ਅੰਡਰ 17 ਅਤੇ 19 ਸਾਲ, ਮੁੰਡੇ ਅਤੇ ਕੁੜੀਆਂ 14 ਤੋਂ 16 ਅਕਤੂਬਰ ਤੱਕ ਰੋਪੜ ਵਿਖੇ ਹੋਵੇਗੀ।

ਪੰਜਾਬੀਆਂ ਦੀਆਂ 16 ਕਬੱਡੀ ਅਕੈਡਮੀਆਂ ਨੂੰ ਮਾਨਤਾ

ਲੁਧਿਆਣਾ, 22 ਸਤੰਬਰ - ਪਹਿਲਾ ਕਬੱਡੀ ਟੂਰਨਾਮੈਂਟ ਜੋ ਕਿ ਬਾਬਾ ਫਰੀਦ ਮੇਲੇ 'ਤੇ ਫਰੀਦਕੋਟ 'ਚ ਕਰਵਾਇਆ ਗਿਆ। ਇਸ ਟੂਰਨਾਮੈਂਟ ਤੋਂ ਬਾਅਦ ਪੰਜਾਬ ਵਿਚ 16 ਅਕੈਡਮੀਆਂ ਨੂੰ ਮਾਨਤਾ ਦੇ ਦਿੱਤੀ ਹੈ ਜੋ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਨਿਯਮਾਂ ਅਤੇ ਸਿਧਾਂਤਾ ਹੇਠ ਵੱਖ-ਵੱਖ ਟੂਰਨਾਮੈਂਟ ਖੇਡਣਗੀਆਂ। ਇਸ ਕਬੱਡੀ ਸੀਜ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ 32 ਦੇ ਕਰੀਬ ਕਬੱਡੀ ਅਕੈਡਮੀਆਂ ਪੰਜਾਬ ਕਬੱਡੀ ਐਸੋਸੀਏਸ਼ਨ ਨਾਲ ਜੁੜਣਗੀਆਂ। ਜਿਹੜੀਆਂ ਕਬੱਡੀ ਅਕੈਡਮੀਆਂ ਨੂੰ ਮਾਨਤਾ ਦਿੱਤੀ ਗਈ ਹੈ ਉਨ੍ਹਾਂ ਵਿਚ ਗੁਰੂ ਹਰਗੋਬਿੰਦ ਕਬੱਡੀ ਅਕੈਡਮੀ ਹੁਸ਼ਿਆਰਪੁਰ, ਭਾਈ ਮਾਨ ਸਿੰਘ ਕਬੱਡੀ ਅਕੈਡਮੀ ਵੜਿੰਗ ਮੁਕਤਸਰ, ਯੂ. ਕੇ. ਕਬੱਡੀ ਅਕੈਡਮੀ ਬਠਿੰਡਾ, ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਆਲੋਵਾਲ ਮੋਗਾ, ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਬਰਨਾਲਾ, ਦਾਤੇਵਾਲ ਕਬੱਡੀ ਅਕੈਡਮੀ ਮਾਨਸਾ, ਮਾਧੋਪੁਰ ਕਬੱਡੀ ਅਕੈਡਮੀ ਫਤਿਹਗੜ੍ਹ ਸਾਹਿਬ, ਬਾਬਾ ਫਰੀਦ ਕਬੱਡੀ ਅਕੈਡਮੀ ਫਰੀਦਕੋਟ, ਨਾਰਵੇ ਸਪੋਰਟਸ ਕਲੱਬ ਕਪੂਰਥਲਾ, ਗੁਰੂ ਨਾਨਕ ਸਪੋਰਟਸ ਕਬੱਡੀ ਅਕੈਡਮੀ ਸੁਲਤਾਨਪੁਰ, ਗੁਰੂ ਰਾਮਦਾਸ ਕਬੱਡੀ ਅਕੈਡਮੀ ਅੰਮ੍ਰਿਤਸਰ, ਪੰਜਾਬ ਰਾਜ ਬਿਜਲੀ ਬੋਰਡ ਪਟਿਆਲਾ, ਕਬੱਡੀ ਅਕੈਡਮੀ ਬੰਧਨੀ ਮੋਗਾ, ਅਲੰਕਾਰ ਟੋਨੀ ਕਬੱਡੀ ਅਕੈਡਮੀ ਕੁੱਬੇ, ਗੁਰੂ ਨਾਨਕ ਕਬੱਡੀ ਅਕੈਡਮੀ ਨਕੋਦਰ, ਅਤੇ ਗੁਰਦਾਸਪੁਰ ਕਬੱਡੀ ਅਕੈਡਮੀ ਸ਼ਾਮਿਲ ਹਨ। ਜੂਨੀਅਰ ਕਬੱਡੀ ਚੈਂਪੀਅਨਸ਼ਿਪ ਅਗਲੇ ਮਹੀਨੇ 9 ਤੋਂ 11 ਅਕਤੂਬਰ ਤੱਕ ਪਿੰਡ ਜੈਠੁਕਾ ਜ਼ਿਲ੍ਹਾ ਬਠਿੰਡਾ ਵਿਖੇ ਹੋਵੇਗੀ, ਜਦ ਕਿ ਸੀਨੀਅਰ ਕਬੱਡੀ ਚੈਂਪੀਅਨਸ਼ਿਪ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ 1 ਤੋਂ 3 ਨਵੰਬਰ ਤੱਕ ਹੋਵੇਗੀ। ਸੀਨੀਅਰ ਰਾਸ਼ਟਰੀ ਕਬੱਡੀ ਚੈਂਪੀਅਨਸ਼ਿਪ ਵੀ ਨਵੰਬਰ ਮਹੀਨੇ ਲੁਧਿਆਣਾ ਵਿਖੇ ਕਰਵਾਈ ਜਾਵੇਗੀ।

ਮਾਤਾ ਚੰਨਣ ਕੌਰ ਧਨੋਆ ਪੰਜਾਬ ਸਪੋਰਟਸ ਚੈਂਪੀਅਨਸ਼ਿਪ 28 ਨਵੰਬਰ ਨੂੰ

ਜਲੰਧਰ, 22 ਸਤੰਬਰ - ਪੰਜਾਬ ਸਪੋਰਟਸ ਚੈਂਪੀਅਨਸ਼ਿਪ 28-29 ਨਵੰਬਰ ਨੂੰ ਗੁਰਦੁਆਰਾ ਬਾਬਾ ਲੋਧੀਆਣਾ ਸਾਹਿਬ ਦੇ ਮਾਤਾ ਚੰਨਣ ਕੌਰ ਧਨੋਆ ਖੇਡ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ। ਇਹ ਚੈਂਪੀਅਨਸ਼ਿਪ ਹਰ ਸਾਲ ਦੀ ਤਰ੍ਹਾਂ ਉੱਘੇ ਖੇਡ ਪ੍ਰਮੋਟਰ ਸ੍ਰੀ ਹਰਜਿੰਦਰ ਸਿੰਘ ਧਨੋਆ ਵਲੋਂ ਆਪਣੀ ਮਾਤਾ ਚੰਨਣ ਕੌਰ ਧਨੋਆ ਦੀ ਯਾਦ ਵਿੱਚ ਕਰਵਾਈ ਜਾਵੇਗੀ। ਇਸ ਚੈਂਪੀਅਨਸ਼ਿਪ ਵਿਚ ਸਰਕਲ ਸਟਾਈਲ ਕਬੱਡੀ, ਨੈਸ਼ਨਲ ਸਟਾਈਲ ਕਬੱਡੀ, ਬਾਡੀ ਬਿਲਡਿੰਗ, ਭਾਰ ਤੋਲਣ, ਕੁੱਤਿਆਂ ਦੀਆਂ ਦੌੜਾਂ ਅਤੇ ਹਲਟ ਦੋੜਾਂ ਕਰਵਾਈਆਂ ਜਾਣਗੀਆਂ।

ਟੇਬਲ ਟੈਨਿਸ ਮੁਕਾਬਲਿਆਂ 'ਚ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਲਾਂਡਰਾਂ ਜੇਤੂ

ਅਜੀਤ ਨਗਰ, 22 ਸਤੰਬਰ - ਅੰਤਰ ਕਾਲਜ ਟੇਬਲ ਟੈਨਿਸ ਮੁਕਾਬਲੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵਲੋਂ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ ਲਗਾਤਾਰ ਚੌਥੀ ਵਾਰ ਓਵਰ ਆਲ ਚੈਂਪੀਅਨਸ਼ਿਪ ਟਰਾਫੀ ਜਿੱਤ ਕੇ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਲਾਂਡਰਾਂ ਨੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਇਨ੍ਹਾਂ ਦੋ ਦਿਨਾਂ ਮੁਕਾਬਲਿਆਂ 'ਚ ਪੰਜਾਬ ਭਰ ਦੇ ਤਕਨੀਕੀ ਕਾਲਜਾਂ ਤੋਂ ਲੜਕਿਆਂ ਦੀਆਂ 40 ਤੇ ਲੜਕੀਆਂ ਦੀਆਂ 15 ਟੀਮਾਂ ਨੇ ਭਾਗ ਲਿਆ। ਸਖਤ ਮੁਕਾਬਲੇ 'ਚ ਲਾਂਡਰਾਂ ਕਾਲਜ ਦੀ ਟੀਮ ਨੇ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਮੁਕਾਬਲੇ 'ਚ ਰਾਮਗੜ੍ਹੀਆ ਇੰਜੀਨੀਅਰਿੰਗ ਕਾਲਜ ਫਗਵਾੜਾ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਹਿਗੜ੍ਹ ਸਾਹਿਬ ਤੇ ਰਿਆਤ ਇੰਜੀਨੀਅਰਿੰਗ ਕਾਲਜ ਰੇਲ ਮਾਜਰਾ ਨੂੰ ਹਰਾ ਕੇ ਫਾਈਨਲ ਮੈਚ 'ਚ ਡੀ.ਏ.ਵੀ. ਜਲੰਧਰ ਨਾਲ ਮੁਕਾਬਲਾ ਕਰਦਿਆਂ ਜਿੱਤ ਪ੍ਰਾਪਤ ਕੀਤੀ। ਲੜਕਿਆਂ ਦੇ ਫਾਈਨਲ ਮੁਕਾਬਲੇ ਲਾਂਡਰਾਂ ਕਾਲਜ ਦੀ ਟੀਮ ਦੇ ਕੈਪਟਨ ਬਲਵੀਰ ਸਿੰਘ ਦੀ ਅਗਵਾਈ 'ਚ ਦੀਪਕ ਸਿੰਘ, ਅਭੈ ਸਰੋਤਰਾ, ਪਰਮੋਦ ਕੁਮਾਰ ਤੇ ਮਨਦੀਪ ਕੁਮਾਰ ਨੇ ਇਹ ਇਤਿਹਾਸਕ ਜਿੱਤ ਪ੍ਰਾਪਤ ਕੀਤੀ। ਜਦੋਂ ਕਿ ਇਸੇ ਸੰਸਥਾ ਦੀ ਲੜਕੀਆਂ ਦੀ ਟੀਮ ਸ਼ਾਨਦਾਰ ਪ੍ਰਦਰਸ਼ਨ ਕਰਕੇ ਤੀਜੇ ਸਥਾਨ 'ਤੇ ਰਹੀ।

ਬਾਬਾ ਫ਼ਰੀਦ ਗੋਲਡ ਕੱਪ ਹਾਕੀ ਚੈਂਪੀਅਨਸ਼ਿਪ

ਫ਼ਰੀਦਕੋਟ, 21 ਸਤੰਬਰ - ਭਾਰਤ ਦੀਆਂ ਚਾਰ ਹਾਕੀ ਟੀਮਾਂ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਚੈਂਪੀਅਨਸ਼ਿਪ ਦੇ ਸੈਮੀਫ਼ਾਈਨਲ ਵਿਚ ਪਹੁੰਚ ਗਈਆਂ ਹਨ। ਇਸ ਹਾਕੀ ਟੂਰਨਾਮੈਂਟ ਵਿਚ ਸੀ. ਆਈ. ਐਸ. ਐਫ਼, ਬੰਗਾਲ ਇੰਜੀਨੀਅਰਿੰਗ ਰੁੜਕੀ, ਸੀ. ਆਰ. ਪੀ. ਐਫ. ਅਤੇ ਈ. ਐਮ. ਈ. ਦੀਆਂ ਹਾਕੀ ਟੀਮਾਂ ਨੇ ਜਿੱਤ ਹਾਸਲ ਕਰਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।

ਪੰਜਾਬ ਸਕੂਲ ਖੇਡਾਂ 'ਚ ਪਟਿਆਲਾ ਅਤੇ ਫਿਰੋਜ਼ਪੁਰ ਜੇਤੂ

ਮਾਨਸਾ, 21 ਸਤੰਬਰ - ਪੰਜਾਬ ਸਕੂਲ ਖੇਡਾਂ ਦੇ ਕਬੱਡੀ ਮੈਚਾਂ ਅੰਡਰ-14 ਸਾਲ ਵਿਚ ਲੜਕਿਆਂ ਵਿਚੋਂ ਪਟਿਆਲਾ ਅਤੇ ਲੜਕੀਆਂ ਵਿਚੋਂ ਫਿਰੋਜ਼ਪੁਰ ਜ਼ਿਲ੍ਹੇ ਦੀ ਟੀਮ ਜੇਤੂ ਰਹੀ। ਲੜਕਿਆਂ ਵਿਚੋਂ ਦੂਸਰੇ ਨੰਬਰ 'ਤੇ ਮਾਨਸਾ ਅਤੇ ਤੀਜੇ ਨੰਬਰ 'ਤੇ ਬਠਿੰਡਾ ਜਦਕਿ ਲੜਕੀਆਂ ਵਿਚੋਂ ਦੂਸਰੇ ਨੰਬਰ ਪਟਿਆਲਾ ਤੇ ਤੀਸਰੇ ਨੰਬਰ 'ਤੇ ਰੋਪੜ ਰਿਹਾ।

17ਵੇਂ ਬਾਬਾ ਫ਼ਰੀਦ ਫੁੱਟਬਾਲ ਟੂਰਨਾਮੈਂਟ 'ਚ ਫੁੱਟਬਾਲ ਕਲੱਬ ਡਾਂਗੋ ਦੀ ਝੰਡੀ

ਫ਼ਰੀਦਕੋਟ, 21 ਸਤੰਬਰ - 17ਵੇਂ ਬਾਬਾ ਫਰੀਦ ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਮੈਚ ਖ਼ਾਲਸਾ ਕਲੱਬ ਅੰਮ੍ਰਿਤਸਰ ਅਤੇ ਫ਼ੁੱਟਬਾਲ ਕਲੱਬ ਡਾਂਗੋ (ਲੁਧਿਆਣਾ) ਦੀਆਂ ਟੀਮਾਂ ਵਿਚਕਾਰ ਹੋਇਆ। ਇਸ ਫ਼ਾਈਨਲ ਮੈਚ 'ਚ ਡਾਂਗੋ ਦੀ ਟੀਮ 3-1 ਨਾਲ ਜੇਤੂ ਰਹੀ। ਡਾਂਗੋ ਦੀ ਟੀਮ ਦਾ ਖਿਡਾਰੀ ਬੂਟਾ ਸਿੰਘ ਟੂਰਨਾਮੈਂਟ ਦਾ ਸਰਬੋਤਮ ਖਿਡਾਰੀ ਐਲਾਨਿਆ ਗਿਆ।

41ਵੀਂ ਓਪਨ ਪੰਜਾਬ ਯੂਥ ਬਾਕਸਿੰਗ ਚੈਂਪੀਅਨਸ਼ਿਪ ਸਮਾਪਤ

ਸੁਨਾਮ, 21 ਸਤੰਬਰ - 41ਵੀਂ ਓਪਨ ਪੰਜਾਬ ਯੂਥ ਬਾਕਸਿੰਗ ਚੈਂਪੀਅਨਸ਼ਿਪ ਸੁਨਾਮ ਦੀ ਸ਼ਿਵ ਨਿਕੇਤਨ ਧਰਮਸ਼ਾਲਾ 'ਚ ਕਰਵਾਈ ਗਈ। ਇਸ ਯੂਥ ਬਾਕਸਿੰਗ ਚੈਂਪੀਅਨਸ਼ਿਪ ਵਿਚ ਪਟਿਆਲਾ ਜ਼ਿਲ੍ਹੇ ਦੇ ਖਿਡਾਰੀਆਂ ਨੇ ਫਾਈਨਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਓਵਰਆਲ ਚੈਂਪੀਅਨਸ਼ਿਪ ਟਰਾਫੀ ਜਿੱਤੀ। ਇਸ ਦੇ ਫਾਈਨਲ ਮੁਕਾਬਲਿਆਂ ਵਿਚ ਬਲਜਿੰਦਰ ਸਿੰਘ ਪਟਿਆਲਾ ਨੇ ਗੁਰਸ਼ਰਨ ਸਿੰਘ ਸੰਗਰੂਰ ਨੂੰ ਹਰਾ ਕੇ ਗੋਲਡ ਮੈਡਲ, ਸੰਦੀਪ ਕੁਮਾਰ ਮੁਕਤਸਰ ਨੇ ਪੰਕਜ ਸੈਣੀ ਸੰਗਰੂਰ ਨੂੰ ਹਰਾ ਕੇ ਗੋਲਡ ਮੈਡਲ, ਪਰਾਸ ਬੱਤਰਾ ਫਤਹਿਗੜ੍ਹ ਸਾਹਿਬ ਨੇ ਖੁਸ਼ਦੀਪ ਕੁਮਾਰ ਲੁਧਿਆਣਾ ਨੂੰ ਹਰਾ ਕੇ ਗੋਲਡ ਮੈਡਲ ਮਨਿੰਦਰ ਸਿੰਘ ਲੁਧਿਆਣਾ ਨੇ ਵਿੱਕੀ ਸਿੰਘ ਅੰਮ੍ਰਿਤਸਰ ਨੂੰ ਹਰਾ ਕੇ ਗੋਲਡ ਮੈਡਲ, ਮਨਦੀਪ ਸਿੰਘ ਅੰਮ੍ਰਿਤਸਰ ਨੇ ਗਗਨਦੀਪ ਕੁਮਾਰ ਪਟਿਆਲਾ ਨੂੰ ਹਰਾ ਕੇ ਗੋਲਡ ਮੈਡਲ, ਰਵਿੰਦਰ ਸਿੰਘ ਸੰਗਰੂਰ ਨੇ ਅਜੈ ਵੀਰ ਪਟਿਆਲਾ ਨੂੰ ਹਰਾ ਕੇ ਗੋਲਡ ਮੈਡਲ, ਸੁਖਵਿੰਦਰ ਸਿੰਘ ਨੇ ਮਨਵਿੰਦਰ ਸਿੰਘ ਨੂੰ ਹਰਾ ਕੇ ਗੋਲਡ ਮੈਡਲ, ਜਸਬੀਰ ਸਿੰਘ ਐਸ. ਟੀ. ਸੀ. ਐਮ. ਨੇ ਜਗਰੂਪ ਸਿੰਘ ਅੰਮ੍ਰਿਤਸਰ ਨੂੰ ਹਰਾ ਕੇ ਗੋਲਡ ਮੈਡਲ, ਲਵਪ੍ਰੀਤ ਸਿੰਘ ਪਟਿਆਲਾ ਨੇ ਹਰਪ੍ਰੀਤ ਸਿੰਘ ਸੰਗਰੂਰ ਨੂੰ ਹਰਾ ਕੇ ਗੋਲਡ ਮੈਡਲ, ਮਨਪ੍ਰੀਤ ਸਿੰਘ ਸੰਧੂ ਸੰਗਰੂਰ ਨੇ ਕੰਵਰਪ੍ਰੀਤ ਸਿੰਘ ਪਟਿਆਲਾ ਨੂੰ ਹਰਾ ਕੇ ਗੋਲਡ ਮੈਡਲ, ਮਨਜੀਤ ਸਿੰਘ ਪਟਿਆਲਾ ਨੇ ਵਿਕਰਮਜੀਤ ਸਿੰਘ ਜਲੰਧਰ ਨੂੰ ਹਰਾ ਕੇ ਗੋਲਡ ਮੈਡਲ ਹਾਸਲ ਕੀਤੇ।

ਕਬੱਡੀ ਟੂਰਨਾਮੈਂਟ 'ਚ ਹੁਸ਼ਿਆਰਪੁਰ ਦੀ ਬੱਲੇ ਬੱਲੇ

ਫ਼ਰੀਦਕੋਟ, 21 ਸਤੰਬਰ - ਕਬੱਡੀ ਅਕੈਡਮੀਆਂ ਦਾ ਪਲੇਠਾ ਟੂਰਨਾਮੈਂਟ ਨਹਿਰੂ ਸਟੇਡੀਅਮ, ਫ਼ਰੀਦਕੋਟ 'ਚ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਬਾਬਾ ਫ਼ਰੀਦ ਕਲੱਬ, ਫ਼ਰੀਦਕੋਟ, ਸ੍ਰੀ ਹਰਗੋਬਿੰਦ ਸਾਹਿਬ ਅਕੈਡਮੀ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ, ਬਰਨਾਲ਼ਾ, ਬਾਬਾ ਈਸ਼ਰ ਸਿੰਘ ਅਕੈਡਮੀ, ਮੋਗਾ, ਸ਼ਹਿਨਸ਼ਾਹ ਯੂ.ਕੇ. ਕਬੱਡੀ ਕਲੱਬ, ਬਠਿੰਡਾ, ਭਾਈ ਮਹਾਂ ਸਿੰਘ ਕਬੱਡੀ ਕਲੱਬ, ਮੁਕਤਸਰ, ਦਸਮੇਸ਼ ਕਬੱਡੀ ਕਲੱਬ, ਮਾਨਸਾ ਅਤੇ ਫ਼ਤਹਿਗੜ੍ਹ ਸਾਹਿਬ ਸਪੋਰਟਸ ਅਕੈਡਮੀ, ਫ਼ਤਹਿਗੜ੍ਹ ਸਾਹਿਬ ਨੇ ਹਿੱਸਾ ਲਿਆ। ਟੂਰਨਾਮੈਂਟ ਦਾ ਫ਼ਾਈਨਲ ਮੈਚ ਹੁਸ਼ਿਆਰਪੁਰ ਅਤੇ ਮੁਕਤਸਰ ਦੀਆਂ ਕਬੱਡੀ ਅਕੈਡਮੀਆਂ ਦਰਮਿਆਨ ਹੋਇਆ ਜਿਸ ਵਿਚ ਹੁਸ਼ਿਆਰਪੁਰ ਅਕੈਡਮੀ ਜੇਤੂ ਅਤੇ ਮੁਕਤਸਰ ਅਕੈਡਮੀ ਉਪ-ਜੇਤੂ ਰਹੀ। ਮਹਿਰਾਵਲ ਖੇਵਾ ਜੀ ਟਰੱਸਟ ਦੀ ਚੇਅਰਪਰਸਨ ਮਹਾਰਾਣੀ ਦੀਪਇੰਦਰ ਕੌਰ ਨੇ ਜੇਤੂ ਟੀਮ ਨੂੰ 51 ਹਜ਼ਾਰ ਅਤੇ ਉਪ ਜੇਤੂ ਨੂੰ 41 ਹਜ਼ਾਰ ਰੁਪਏ ਦੇ ਇਨਾਮ ਦਿੱਤੇ। ਲੜਕੀਆਂ ਦਾ ਸ਼ੋਅ ਮੈਚ ਅਤੇ ਕੇਸਾਧਾਰੀ ਕਬੱਡੀ ਖਿਡਾਰੀਆਂ ਦੇ ਮੁਕਾਬਲੇ ਵੀ ਕਰਵਾਏ ਗਏ।

ਸੰਗਰੂਰ, ਫਿਰੋਜ਼ਪੁਰ, ਕੈਰੋਂ ਵਿੰਗ (ਤਰਨਤਾਰਨ) ਅਤੇ ਫਤਹਿਗੜ੍ਹ ਸਾਹਿਬ ਕੁਆਰਟਰ ਫਾਈਨਲ 'ਚ

ਸੰਗਰੂਰ, 20 ਸਤੰਬਰ - 55ਵੀਂ ਪੰਜਾਬ ਰਾਜ ਸਕੂਲਜ਼ ਹੈਂਡਬਾਲ (ਅੰਡਰ-14) ਪ੍ਰਤੀਯੋਗਤਾ ਦੇ ਮੁਕਾਬਲੇ ਹੋ ਰਹੇ ਹਨ। ਸੁਪਰਲੀਗ ਅਧਾਰ 'ਤੇ ਹੋ ਰਹੀ ਇਸ ਚੈਂਪੀਅਨਸ਼ਿਪ ਵਿਚ ਕੁਆਰਟਰ ਫਾਈਨਲ ਕਲੀਅਰ ਕਰਨ ਵਿਚ ਸੰਗਰੂਰ, ਫਿਰੋਜ਼ਪੁਰ, ਕੈਰੋਂ ਵਿੰਗ (ਤਰਨਤਾਰਨ) ਅਤੇ ਫਤਹਿਗੜ੍ਹ ਸਾਹਿਬ ਲੜਕੀਆਂ ਦੇ ਗਰੁੱਪ ਵਿਚ ਅਤੇ ਲੜਕਿਆਂ ਦੇ ਗਰੁੱਪ ਵਿਚ ਪਟਿਆਲਾ, ਰੋਪੜ, ਸੰਗਰੂਰ ਅਤੇ ਮੁਕਤਸਰ ਕਾਮਯਾਬ ਰਹੇ। ਅੱਜ ਦੇ ਮੁਕਾਬਲਿਆਂ ਵਿਚ ਸੰਗਰੂਰ ਨੇ ਫਿਰੋਜ਼ਪੁਰ ਨੂੰ 3 ਦੇ ਮੁਕਾਬਲੇ 9 ਗੋਲਾਂ ਨਾਲ, ਕੈਰੋਂਵਿੰਗ ਨੇ ਫਤਹਿਗੜ੍ਹ ਸਾਹਿਬ ਨੂੰ 10 ਦੇ ਮੁਕਾਬਲੇ 20 ਗੋਲਾਂ ਨਾਲ ਲੜਕੀਆਂ ਦੇ ਵਰਗ ਵਿਚ ਹਰਾਇਆ। ਲੜਕੀਆਂ ਦੇ ਗਰੁੱਪ ਵਿਚ ਸੰਗਰੂਰ ਨੇ ਮੁਕਤਸਰ ਨੂੰ 11 ਦੇ ਮੁਕਾਬਲੇ 23 ਗੋਲਾਂ ਨਾਲ ਤੇ ਪਟਿਆਲਾ ਨੇ ਰੋਪੜ ਨੂੰ 2 ਗੋਲਾਂ ਦੇ ਮੁਕਾਬਲੇ 14 ਗੋਲਾਂ ਨਾਲ ਹਰਾ ਕੇ ਜਿੱਤਾਂ ਪ੍ਰਾਪਤ ਕੀਤੀਆਂ। ਦੁਪਹਿਰ ਤੋਂ ਬਾਅਦ ਹੋਏ ਸੁਪਰਲੀਗ ਮੈਚਾਂ ਵਿਚ ਕੈਰੋਂਵਿੰਗ ਦੀਆਂ ਲੜਕੀਆਂ ਨੇ ਫਿਰੋਜ਼ਪੁਰ ਨੂੰ 2 ਦੇ ਮੁਕਾਬਲੇ 11 ਗੋਲਾਂ ਨਾਲ ਹਰਾ ਦਿੱਤਾ। ਲੜਕਿਆਂ ਦੇ ਗਰੁੱਪ ਵਿਚ ਸੰਗਰੂਰ ਨੇ ਰੋਪੜ ਨੂੰ 6 ਦੇ ਮੁਕਾਬਲੇ 16 ਗੋਲਾਂ ਨਾਲ ਮਾਤ ਦਿੱਤੀ।

ਡੀ. ਐਲ. ਐਫ. ਮਾਸਟਰਜ਼ ਗੋਲਫ ਕੱਪ 'ਤੇ ਗਗਨਜੀਤ ਭੁੱਲਰ ਦਾ ਕਬਜ਼ਾ

ਜਲੰਧਰ, 20 ਸਤੰਬਰ - 80.00 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲਾ ਡੀ.ਐਲ.ਐਫ.ਮਾਸਟਰਜ਼ ਗੋਲਫ ਟੂਰਨਾਮੈਂਟ ਜੋ ਕਿ ਗੋਲਫ ਐਂਡ ਕੰਟਰੀ ਕਲੱਬ ਗੁੜਗਾਓਂ ਵਿਖੇ ਖੇਡਿਆ ਗਿਆ। ਇਸ ਗੋਲਫ ਟੂਰਨਾਮੈਂਟ 'ਚ ਪਿੰਡ ਕੰਡੀਲਾ ਜ਼ਿਲ੍ਹਾ ਗੁਰਦਾਸਪੁਰ ਅਤੇ ਆਰ. ਸੀ. ਐਫ. ਗੋਲਫ ਕਲੱਬ ਕਪੂਰਥਲਾ ਦੇ ਗਗਨਜੀਤ ਭੁੱਲਰ ਨੇ ਅੰਤਰਰਾਸ਼ਟਰੀ ਪ੍ਰਾਪਤੀਆਂ ਨੂੰ ਜਾਰੀ ਰੱਖਦੇ ਹੋਏ ਡੀ.ਐਲ.ਐਫ. ਮਾਸਟਰਜ਼ ਗੋਲਫ ਕੱਪ ਜਿੱਤਿਆ। ਪਿਛਲੇ ਦੋ ਸਾਲਾਂ ਦੇ ਜੇਤੂ ਜੋਤੀ ਰੰਧਾਵਾ ਨੂੰ ਪਛਾੜਦੇ ਹੋਏ ਅੰਡਰ 15 ਦੇ ਸਕੋਰ ਨਾਲ ਭੁੱਲਰ ਜੇਤੂ ਰਿਹਾ। ਇਸ ਜਿੱਤ ਨਾਲ ਉਸ ਨੇ 12.50 ਲੱਖ ਰੁਪਏ ਦਾ ਨਕਦ ਇਨਾਮ ਪ੍ਰਾਪਤ ਕੀਤਾ। ਅਨਿਰਬਾਨ ਲਹਿਰੀ ਅਤੇ ਅਸ਼ੋਕ ਕੁਮਾਰ ਕ੍ਰਮਵਾਰ ਅੰਡਰ 10 ਸਕੋਰ ਅਤੇ ਅੰਡਰ 9 ਸਕੋਰ ਪ੍ਰਾਪਤ ਕਰਕੇ ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹੇ। ਪਿਛਲੇ ਦੋ ਸਾਲਾਂ ਦੇ ਜੇਤੂ ਰੰਧਾਵਾ ਅੰਡਰ 8 ਸਕੋਰ ਪ੍ਰਾਪਤ ਕਰਕੇ ਚੌਥੇ ਸਥਾਨ 'ਤੇ ਰਹੇ। ਇਸ ਤੋਂ ਪਹਿਲਾਂ ਗਗਨਜੀਤ ਭੁੱਲਰ ਨੇ ਏਸ਼ੀਅਨ ਗੇਮਜ਼ ਵਿਚ ਵੀ ਭਾਰਤ ਵੱਲੋਂ ਸਿਲਵਰ ਮੈਡਲ, ਇੰਡੋਨੇਸ਼ੀਅਨ ਪ੍ਰੈਜ਼ੀਡੈਂਟ ਇਨਵੀਟੇਸ਼ਨਲ ਏਸ਼ੀਅਨ ਗੋਲਫ ਕੱਪ ਵਿਚ ਪਹਿਲਾ, ਬਰੁਨਈ ਓਪਨ ਅਤੇ ਮਕਾਓ ਓਪਨ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ।

ਕੌਮੀ ਰੇਸਬਾਲ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੀ ਪੰਜਾਬ ਦੀ ਟੀਮ

ਧੂਰੀ, 20 ਸਤੰਬਰ - ਕੌਮੀ ਰੇਸਬਾਲ ਚੈਂਪੀਅਨਸ਼ਿਪ ਜੋ ਕਿ 1 ਅਕਤੂਬਰ ਤੋਂ 4 ਨਵੰਬਰ ਤੱਕ ਦੁਰਗ ਛੱਤੀਸਗੜ੍ਹ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਧੂਰੀ ਦੇ ਮਾਡਰਨ ਸੈਕੂਲਰ ਪਬਲਿਕ ਸਕੂਲ ਵਿਖੇ ਚੁਣੀ ਗਈ। ਇਸ ਵਿਚ ਪੰਜਾਬ ਤੋਂ ਸ਼ਾਮਿਲ ਹੋਣ ਵਾਲੇ ਖਿਡਾਰੀ ਲੜਕਿਆਂ ਦੀ ਟੀਮ 'ਚ ਚਿਰਾਗ ਧੀਮਾਨ, ਦਲਵਿੰਦਰ ਸਿੰਘ ਦੋਵੇਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਹਰਸਿਮਰਨ ਸਿੰਘ ਹੁਸ਼ਿਆਰਪੁਰ, ਜਗਸੀਰ ਸਿੰਘ ਤੇ ਗੁਰਮੀਤ ਸਿੰਘ ਦੋਵੇਂ ਮਾਡਰਨ ਸੈਕੂਲਰ ਧੂਰੀ, ਜਤਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਕੈਂਬਰੇਜ ਸਕੂਲ ਧੂਰੀ, ਰਾਜਬਲਿੰਦਰ ਸਿੰਘ ਤੇ ਲੋਕੇਸ਼ ਮਿੱਤਲ ਡੀ.ਏ.ਵੀ. ਸੁਨਾਮ, ਹਰਿੰਦਰ ਸਿੰਘ ਤੇ ਜਸ਼ਨਦੀਪ ਸਿੰਘ ਹੈਰੀਟੇਜ਼ ਭਵਾਨੀਗੜ੍ਹ, ਤਨਵੀਰ ਸਿੰਘ, ਲਵਜਿੰਦਰ ਸਿੰਘ, ਮਨਮਹਿਕਜੋਤ ਸਿੰਘ, ਗੁਰਪ੍ਰੀਤ ਸਿੰਘ, ਨਿਖੀਲ, ਪ੍ਰਭਲੀਨ ਤੇ ਵਿਸ਼ਵਾਸ ਸਾਰੇ ਵਸੰਤ ਵੈਲੀ ਪਬਲਿਕ ਸਕੂਲ ਲੱਡਾ ਅਤੇ ਲੜਕੀਆਂ ਦੀ ਟੀਮ 'ਚ ਕਮਿੰਦਰਜੋਤ ਕੌਰ, ਜੁਗਨਵੀਰ ਕੌਰ, ਸ਼ੁਭਪ੍ਰੀਤ, ਲਵਪ੍ਰੀਤ ਤੇ ਚੰਦਰਜੋਤ ਸਾਰੀਆਂ ਵਸੰਤ ਵੈਲੀ ਸਕੂਲ, ਸਿਮਰਨਜੋਤ ਤੇ ਫਿਰੋਜਾ ਮਾਡਰਨ ਸੈਕੂਲਰ, ਸੈਫਾਲੀ ਤੇ ਗਗਨ ਡੀ. ਏ. ਵੀ. ਸੁਨਾਮ ਅਤੇ ਨੀਲੂ, ਤਾਨੀਆ, ਸਿਮਰਨ ਤੇ ਪਾਹੁਲ ਮੋਦੀ ਸਾਰੀਆਂ ਹੈਰੀਟੇਜ਼ ਭਵਾਨੀਗੜ੍ਹ ਦੀ ਚੋਣ ਕੀਤੀ ਗਈ।

17ਵਾਂ ਬਾਬਾ ਫ਼ਰੀਦ ਫ਼ੁੱਟਬਾਲ ਟੂਰਨਾਮੈਂਟ

ਫ਼ਰੀਦਕੋਟ, 20 ਸਤੰਬਰ - 17ਵਾਂ ਬਾਬਾ ਫ਼ਰੀਦ ਫ਼ੁੱਟਬਾਲ ਟੂਰਨਾਮੈਂਟ ਚੱਲ ਰਿਹਾ ਹੈ। ਜਿਸ ਦੇ ਪਹਿਲੇ ਸੈਮੀਫ਼ਾਈਨਲ ਮੈਚ ਵਿਚ ਖ਼ਾਲਸਾ ਕਲੱਬ ਅੰਮ੍ਰਿਤਸਰ ਦੀ ਟੀਮ ਨੇ ਸਰਮੁੱਖ ਕਲੱਬ, ਬਠਿੰਡਾ ਦੀ ਟੀਮ ਸਖ਼ਤ ਮੁਕਾਬਲੇ ਵਿਚ 3-2 ਗੋਲ਼ਾਂ ਨਾਲ ਹਰਾ ਕੇ ਫ਼ਾਈਨਲ ਵਿਚ ਪ੍ਰਵੇਸ਼ ਕੀਤਾ। ਦੂਜਾ ਸੈਮੀਫ਼ਾਈਨਲ ਮੈਚ ਫ਼ੁੱਟਬਾਲ ਕਲੱਬ ਡਾਂਗੋ (ਲੁਧਿਆਣਾ) ਅਤੇ ਗੁਰੂ ਤੇਗ ਬਹਾਦਰ ਫ਼ੁੱਟਬਾਲ ਕਲੱਬ ਮੋਗਾ ਦੇ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿਚ ਫ਼ੁੱਟਬਾਲ ਕਲੱਬ ਡਾਂਗੋ ਦੀ ਟੀਮ 2-0 ਗੋਲ਼ਾਂ ਨਾਲ ਜਿੱਤ ਕੇ ਫ਼ਾਈਨਲ ਵਿਚ ਪ੍ਰਵੇਸ਼ ਕਰ ਗਈ।

ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ

ਫ਼ਰੀਦਕੋਟ, 20 ਸਤੰਬਰ - ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਦੇ ਦੂਸਰੇ ਦਿਨ ਸੀ. ਆਈ. ਐਸ. ਐਫ. ਅਤੇ ਇੰਡੀਅਨ ਏਅਰ ਫੋਰਸ 2-0, ਸੀ. ਆਰ. ਪੀ. ਐਫ. ਅਤੇ ਆਈ. ਟੀ. ਬੀ. ਪੀ. 3-0 ਅਤੇ ਈ. ਐਮ. ਈ. ਅਤੇ ਪੰਜਾਬ ਐਂਡ ਸਿੰਧ ਬੈਂਕ 6-5 ਨਾਲ ਜੇਤੂ ਰਹੀ। ਇਨ੍ਹਾਂ ਮੁਕਾਬਲਿਆਂ ਤੋਂ ਬਾਅਦ ਹੁਣ ਸੀ. ਆਈ. ਐਸ. ਐਫ., ਸੀ. ਆਰ. ਪੀ. ਐਫ., ਈ. ਐਮ. ਈ. ਬਾਬਾ ਫ਼ਰੀਦ ਹਾਕੀ ਕਲੱਬ, ਬੰਗਾਲ ਇੰਜੀਨੀਅਰਿੰਗ ਗਰੁੱਪ, ਬੀ. ਐਸ. ਐਫ., ਸਿਗਨਲਜ਼ ਸਮੇਤ ਅੱਠ ਟੀਮਾਂ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਗਈਆਂ ਹਨ।

ਚੌਥਾ ਕਬੱਡੀ ਕੱਪ 4 ਦਸੰਬਰ ਤੋਂ

ਜਗਰਾਉਂ, 20 ਸਤੰਬਰ - ਚੌਥਾ ਕਬੱਡੀ ਕੱਪ 4-5 ਦਸੰਬਰ ਨੂੰ ਜਗਰਾਉਂ ਦੀ ਪਸ਼ੂ ਮੰਡੀ 'ਚ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਪ੍ਰਵਾਸੀ ਪੰਜਾਬੀ ਜਗਦੇਵ ਸਿੰਘ ਉੱਪਲ ਕੋਠੇ ਪੋਨੇ ਦੀ ਯਾਦ 'ਚ ਕਰਵਾਇਆ ਜਾ ਰਿਹਾ। 4 ਦਸੰਬਰ ਨੂੰ ਕਬੱਡੀ ਓਪਨ ਪਿੰਡ ਵਾਰ ਅਤੇ 5 ਦਸੰਬਰ ਕਬੱਡੀ ਓਪਨ ਪਿੰਡ ਵਾਰ ਅਤੇ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਹਨ, ਦੇ ਮੁਕਾਬਲੇ ਕਰਵਾਏ ਜਾਣਗੇ।

ਟਵੰਟੀ-20 ਕ੍ਰਿਕਟ ਦਾ ਮਹਾਂ ਕੁੰਭ ਜੈਤੋ 'ਚ

ਜੈਤੋ, 20 ਸਤੰਬਰ - ਜੈਤੋ 'ਚ 'ਸ਼ਹੀਦ-ਏ-ਆਜ਼ਮ ਭਗਤ ਸਿੰਘ ਸੀਨੀਅਰ ਟਵੰਟੀ-20 ਪੰਜਾਬ ਸਟੇਟ ਅੰਤਰ ਜ਼ਿਲ੍ਹਾ ਕ੍ਰਿਕਟ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਦਾ ਪ੍ਰਦਰਸ਼ਨ 21 ਤੋਂ 30 ਅਕਤੂਬਰ ਤੱਕ ਜੈਤੋ ਦੇ ਖੇਡ ਸਟੇਡੀਅਮ ਵਿਚ ਹੋਵੇਗਾ। ਇਸ ਸਟੇਟ ਚੈਂਪੀਅਨਸ਼ਿਪ ਵਿਚ 20 ਜ਼ਿਲ੍ਹਿਆਂ, 2 ਜ਼ਿਲ੍ਹਾ ਮਾਨਤਾ ਪ੍ਰਾਪਤ ਐਸੋਸੀਏਸ਼ਨਾਂ ਅਤੇ ਚੰਡੀਗੜ੍ਹ ਦੀ ਟੀਮ ਸਮੇਤ ਕੁਲ 23 ਕ੍ਰਿਕਟ ਟੀਮਾਂ ਸ਼ਾਮਿਲ ਹੋਣਗੀਆਂ।

ਸੀ. ਬੀ. ਐਸ. ਈ. ਹੈਂਡਬਾਲ ਚੈਂਪੀਅਨਸ਼ਿਪ

ਫ਼ਿਰੋਜ਼ਪੁਰ, 19 ਸਤੰਬਰ - ਸੀ.ਬੀ.ਐਸ. ਈ. ਉਤਰ ਖੇਤੀ ਦੂਜੀ ਹੈਂਡਬਾਲ ਚੈਂਪੀਅਨਸ਼ਿਪ ਜੋ ਕਿ ਗੁਰੂ ਰਾਮ ਦਾਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸ਼ਾਹਦੀਨ ਵਾਲਾ ਫ਼ਿਰੋਜ਼ਪੁਰ ਵਿਖੇ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਦਿੱਲੀ ਦੇ 78 ਸਕੂਲਾਂ ਦੇ 1150 ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਚੈਂਪੀਅਨਸ਼ਿਪ ਵਿਚ ਅੰਡਰ-14 ਸਾਲਾਂ ਅਤੇ 19 ਸਾਲ ਖਿਡਾਰੀਆਂ ਦੇ ਮੈਚ ਕਰਵਾਏ ਜਾਣਗੇ। ਇਸ ਦੇ ਪਹਿਲੇ ਦਿਨ ਐਮ. ਜੀ. ਐਨ. ਪਬਲਿਕ ਸਕੂਲ ਲੁਧਿਆਣਾ ਨੇ ਡੀ. ਏ. ਵੀ. ਪਬਲਿਕ ਸਕੂਲ ਸੈਕਟਰ 49 ਫਰੀਦਾਬਾਦ ਨੂੰ ਹਰਾਇਆ। ਐਮ. ਡੀ. ਐਨ. ਪਬਲਿਕ ਸਕੂਲ ਹਰਿਆਣਾ ਨੇ ਸੇਂਟ ਜ਼ੇਵੀਅਰ ਸਕੂਲ ਬਠਿੰਡਾ ਨੇ ਜੀ. ਐਨ. ਡੀ. ਡੀ. ਏ. ਵੀ. ਭਿੱਖੀਵਿੰਡ ਨੂੰ, ਸੇਂਟ ਸੋਫੀਆ ਪਬਲਿਕ ਸਕੂਲ ਹਿਸਾਰ ਨੇ ਐਮ. ਡੀ. ਐਮ. ਜਲੰਧਰ ਨੂੰ ਹਰਾਇਆ।

25ਵਾਂ ਬਾਬਾ ਫ਼ਰੀਦ ਕੁਸ਼ਤੀ ਦੰਗਲ ਅਤੇ ਚੌਥੀ ਸੀਨੀਅਰ ਪੰਜਾਬ ਚੈਂਪੀਅਨਸ਼ਿਪ 20 ਤੋਂ

ਫ਼ਰੀਦਕੋਟ, 18 ਸਤੰਬਰ - ਸਰਕਾਰੀ ਬਰਜਿੰਦਰ ਕਾਲਜ ਫ਼ਰੀਦਕੋਟ ਵਿਖੇ 20-22 ਸਤੰਬਰ ਤੱਕ 25ਵਾਂ ਬਾਬਾ ਫ਼ਰੀਦ ਕੁਸ਼ਤੀ ਦੰਗਲ ਅਤੇ ਚੌਥੀ ਸੀਨੀਅਰ ਪੰਜਾਬ ਚੈਂਪੀਅਨਸ਼ਿਪ (ਗਰੀਕੋ-ਰੋਮਨ ਸਟਾਈਲ) ਕਰਵਾਈ ਜਾ ਰਹੀ ਹੈ। ਇਹ ਦੰਗਲ ਅਤੇ ਕੁਸ਼ਤੀ ਚੈਂਪੀਅਨਸ਼ਿਪ ਸੰਤ ਬਾਬਾ ਰਾਮ ਸਿੰਘ ਜੀ ਗਿਆਰਵੀ ਵਾਲੇ ਪਿੰਡ ਦੌਧਰ ਜ਼ਿਲ੍ਹਾ ਮੋਗਾ ਦੀ ਯਾਦ ਨੂੰ ਸਮਰਪਿਤ ਹੋਵੇਗੀ। ਇਸ ਮੇਲੇ ਵਿਚ 300 ਦੇ ਕਰੀਬ ਉੱਚ ਕੋਟੀ ਦੇ ਪਹਿਲਵਾਨ ਹਿੱਸਾ ਲੈ ਰਹੇ ਹਨ। ਜੇਤੂ ਪਹਿਲਵਾਨਾਂ ਨੂੰ ਬਦਾਮਾਂ ਦੀਆ ਗਿਰੀਆਂ ਦੀਆਂ ਥੈਲੀਆਂ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

55ਵੀਆਂ ਪੰਜਾਬ ਸਕੂਲ ਖੇਡਾਂ ਦੇ ਦੂਜੇ ਦਿਨ ਮਾਨਸਾ ਜ਼ਿਲ੍ਹੇ ਦੇ ਖਿਡਾਰੀ ਜੇਤੂ

ਮਾਨਸਾ, 18 ਸਤੰਬਰ - 55ਵੀਆਂ ਪੰਜਾਬ ਸਕੂਲ ਖੇਡਾਂ ਚੱਲ ਰਹੀਆਂ ਹਨ। ਇਸ ਦੇ ਦੂਜੇ ਦਿਨ ਕਬੱਡੀ ਅੰਡਰ 14 ਸਾਲ ਲੜਕੇ/ਲੜਕੀਆਂ ਦੇ ਦਾ ਉਦਘਾਟਨ ਕੇਸਰ ਸਿੰਘ ਧਲੇਵਾ ਸੀਨੀਅਰ ਐਡਵੋਕੇਟ ਮਾਨਸਾ ਨੇ ਕੀਤਾ। ਲੜਕਿਆਂ ਦੇ ਪਹਿਲੇ ਮੈਚ ਵਿਚ ਮਾਨਸਾ ਨੇ ਲੁਧਿਆਣਾ ਨੂੰ 99-22, ਦੂਸਰੇ ਮੈਚ ਵਿਚ ਮਾਨਸਾ ਨੇ ਮੁਹਾਲੀ ਨੂੰ 34-11 ਦੇ ਫਰਕ ਨਾਲ ਹਰਾ ਕੇ ਆਪਣੀ ਸਰਦਾਰੀ ਨੂੰ ਕਾਇਮ ਰੱਖਿਆ। ਇਸੇ ਤਰ੍ਹਾਂ ਲੜਕੀਆਂ ਦੇ ਮੈਚ ਵਿਚ ਮਾਨਸਾ ਨੇ ਫਰੀਦਕੋਟ ਨੂੰ 69-52 ਨਾਲ ਮਾਤ ਦੇ ਕੇ ਬਾਜ਼ੀ ਮਾਰੀ। ਲੜਕਿਆਂ ਦੇ ਮੈਚ 'ਚ ਪਟਿਆਲਾ ਨੇ ਸੰਗਰੂਰ ਨੂੰ 69-22, ਫਿਰੋਜ਼ਪੁਰ ਨੇ ਮੁਹਾਲੀ ਨੂੰ 48-14 ਨਾਲ ਹਰਾਇਆ। ਲੜਕੀਆਂ ਦੇ ਮੈਚ ਵਿੱਚ ਕਪੂਰਥਲਾ ਨੇ ਮੋਗਾ ਨੂੰ 60-19, ਪਟਿਆਲਾ ਨੇ ਜਲੰਧਰ ਨੂੰ 65-42, ਰੋਪੜ ਨੇ ਬਠਿੰਡਾ ਨੂੰ 59-35, ਫਰੀਦਕੋਟ ਨੇ ਨਵਾਂ ਸ਼ਹਿਰ ਨੂੰ 59-23, ਫਿਰੋਜ਼ਪੁਰ ਨੇ ਕਪੂਰਥਲਾ ਨੂੰ 65-23 ਦੇ ਵੱਡੇ ਫਰਕ ਨਾਲ ਪਛਾੜ ਦਿੱਤਾ। ਇਸੇ ਤਰ੍ਹਾਂ ਫਰੀਦਕੋਟ, ਫਿਰੋਜ਼ਪੁਰ, ਪਟਿਆਲਾ ਮੁਕਾਬਲੇ ਦੀਆਂ ਟੀਮਾਂ ਨਾ ਆਉਣ ਕਰਕੇ ਵਾਕ ਓਵਰ ਨਾਲ ਜੇਤੂ ਰਹੇ।

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 21 ਤੋਂ

ਪਟਿਆਲਾ, 18 ਸਤੰਬਰ - ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਡੈਨਮਾਰਕ ਦੇ ਸ਼ਹਿਰ ਹੈਰਨਿੰਗ ਵਿਖੇ 21 ਤੋਂ 27 ਸਤੰਬਰ ਤੱਕ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੀਆਂ ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਅੱਜ 19 ਸਤੰਬਰ ਨੂੰ ਰਵਾਨਾ ਹੋਣਗੀਆਂ। ਇਸ ਚੈਂਪੀਅਨਸ਼ਿਪ ਦੇ ਫਰੀ ਸਟਾਈਲ ਪੁਰਸ਼ ਵਰਗ 'ਚ 6, ਗ੍ਰੀਕੋ ਰੋਮਨ ਵਰਗ 'ਚ ਪੰਜ ਤੇ ਮਹਿਲਾਵਾਂ ਦੇ ਫਰੀ ਸਟਾਈਲ ਵਰਗ 'ਚ 6 ਖਿਡਾਰਨਾਂ ਜ਼ੋਰ ਅਜ਼ਮਾਈ ਕਰਨਗੀਆਂ। ਪੁਰਸ਼ਾਂ ਦੇ ਫਰੀ ਸਟਾਈਲ ਵਰਗ 'ਚ ਬਲਰਾਜ ਸਿੰਘ 55 ਕਿਲੋ, ਹਰਦੀਪ ਸਿੰਘ 60 ਕਿਲੋ, ਸੁਸ਼ੀਲ ਕੁਮਾਰ 66 ਕਿਲੋ, ਰਮੇਸ਼ ਕੁਮਾਰ 74 ਕਿਲੋ, ਅਨਿਲ ਮਾਨ 96 ਕਿਲੋ ਤੇ ਜੋਗਿੰਦਰ ਕੁਮਾਰ 120 ਕਿਲੋਗ੍ਰਾਮ 'ਚ ਦੇਸ਼ ਦੀ ਪ੍ਰਤੀਨਿਧਤਾ ਕਰਨਗੇ। ਗ੍ਰੀਕੋ ਰੋਮਨ ਵਰਗ 'ਚ ਰਾਜੇਂਦਰ ਕੁਮਾਰ 55 ਕਿਲੋ, ਰਵਿੰਦਰ ਸਿੰਘ 60 ਕਿਲੋ, ਸੁਨੀਲ ਕੁਮਾਰ 66 ਕਿਲੋ, ਅਨਿਲ ਕੁਮਾਰ 96 ਕਿਲੋ ਅਤੇ ਧਰਮੇਂਦਰ ਦਲਾਲ 120 ਕਿਲੋ 'ਚ ਦੇਸ਼ ਦਾ ਝੰਡਾ ਬਰਦਾਰ ਹੋਵੇਗਾ। ਪੁਰਸ਼ ਟੀਮ ਦਾ ਸਿਖਲਾਈ ਕੈਂਪ ਸੋਨੀਪਤ ਵਿਖੇ ਅਤੇ ਮਹਿਲਾ ਟੀਮ ਦਾ ਕੈਂਪ ਐਨ.ਆਈ.ਐਸ. ਪਟਿਆਲਾ ਵਿਖੇ ਲਗਾਇਆ ਗਿਆ ਸੀ। ਮਹਿਲਾ ਟੀਮ 'ਚ ਨਿਰਮਲਾ ਦੇਵੀ 48 ਕਿਲੋ, ਬਬੀਤਾ 51 ਕਿਲੋ, ਗੀਤਾ 55 ਕਿਲੋ, ਅਲਕਾ ਤੋਮਰ 59 ਕਿਲੋ, ਗੀਤਿਕਾ ਜਾਖੜ 67 ਕਿਲੋ ਅਤੇ ਗੁਰਸ਼ਰਨਪ੍ਰੀਤ ਕੌਰ 72 ਕਿਲੋ ਸ਼ਾਮਲ ਹਨ।

ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਸ਼ੁਰੂ

ਫ਼ਰੀਦਕੋਟ, 18 ਸਤੰਬਰ - ਸਰਕਾਰੀ ਬਰਜਿੰਦਰ ਕਾਲਜ ਫ਼ਰੀਦਕੋਟ ਵਿਖੇ 18ਵਾਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ 19 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਪੰਜ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਵਿਚ 12 ਰਾਸ਼ਟਰੀ ਪੱਧਰ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਸ ਟੂਰਨਾਮੈਂਟ ਵਿਚ ਬੀ. ਐਸ. ਐਫ. ਜਲੰਧਰ, ਈ. ਐਮ. ਈ. ਜਲੰਧਰ, ਸਿਗਨਲ ਜਲੰਧਰ, ਪੰਜਾਬ ਐਂਡ ਸਿੰਧ ਬੈਂਕ, ਆਈ. ਟੀ. ਬੀ. ਪੀ. ਦਿੱਲੀ, ਸੀ. ਆਰ. ਈ. ਐਫ. ਦਿੱਲੀ, ਸੀ. ਆਈ. ਐਸ. ਐਫ. ਚੰਡੀਗੜ੍ਹ, ਆਈ. ਏ. ਐਫ. ਦਿੱਲੀ, ਪੰਜਾਬ ਰਾਜ ਬਿਜਲੀ ਬੋਰਡ ਪਟਿਆਲਾ, ਬਾਬਾ ਫ਼ਰੀਦ ਹਾਕੀ ਕਲੱਬ, ਬੀ. ਈ. ਜੀ. ਰੁੜਕੀ ਅਤੇ ਰੇਲ ਕੋਚ ਫੈਕਟਰੀ ਪਟਿਆਲਾ ਦੀਆਂ ਟੀਮਾਂ ਸ਼ਾਮਿਲ ਹਨ। ਇਸ ਟੂਰਨਾਮੈਂਟ ਦਾ ਸ਼ੁਭ ਅਰੰਭ 19 ਸਤੰਬਰ ਨੂੰ ਸ਼ਾਮ 4 ਵਜੇ ਡਿਪਟੀ ਕਮਿਸ਼ਨਰ ਵੀ. ਕੇ. ਮੀਣਾ ਚੇਅਰਮੈਨ ਫ਼ਰੀਦਕੋਟ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ ਕਰਨਗੇ। ਸੈਮੀਫਾਈਨਲ ਮੈਚ ਦੀ ਪ੍ਰਧਾਨਗੀ ਮੈਂਬਰ ਪਾਰਲੀਮੈਂਟ ਪਰਮਜੀਤ ਕੌਰ ਗੁਲਸ਼ਨ ਅਤੇ ਇਨਾਮਾਂ ਦੀ ਵੰਡ 23 ਸਤੰਬਰ ਨੂੰ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਰਨਗੇ।

ਕਬੱਡੀ ਓਪਨ 'ਚ ਸ਼ਕੂਰ ਦੀ ਟੀਮ ਜੇਤੂ

ਫਿਰੋਜ਼ਸ਼ਾਹ, 17 ਸਤੰਬਰ - ਕਬੱਡੀ ਟੂਰਨਾਮੈਂਟ ਬਾਬਾ ਸ਼ਾਹ ਸ਼ਕੂਰ ਨੌਜਵਾਨ ਭਲਾਈ ਸਭਾ ਸ਼ਕੂਰ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਟੂਰਨਾਮੈਂਟ ਦੌਰਾਨ ਕਬੱਡੀ ਓਪਨ ਦਾ ਖਿਤਾਬ ਸ਼ਕੂਰ ਦੀ ਟੀਮ ਨੇ ਅੰਤਰਰਾਸ਼ਟਰੀ ਟੀਮ ਹਠੂਰ ਨੂੰ ਹਰਾ ਕੇ ਜਿੱਤਿਆ। ਇਸੇ ਦੌਰਾਨ ਵਿਦੇਸ਼ਾਂ ਵਿਚ ਕਬੱਡੀ ਦੀ ਧਾਂਕ ਜਮਾ ਚੁੱਕੇ ਪਿੰਡ ਸਰਾਵਾਂ ਦੇ ਸਕੇ ਭਾਈ ਸੁਖਬੀਰ ਸਰਾਵਾਂ ਅਤੇ ਸੇਵਕ ਸਰਾਵਾਂ ਦਾ ਸਨਮਾਨ ਕੀਤਾ ਗਿਆ। ਸਟੇਟ ਐਵਾਰਡੀ ਕਬੱਡੀ ਕੋਚ ਸਾਧੂ ਸਿੰਘ ਬਰਾੜ ਨੂੰ ਸਰਪੰਚ ਬਾਜ਼ ਸਿੰਘ ਅਤੇ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ 'ਮਾਣ ਪੰਜਾਬ ਦਾ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੂਰੇ ਟੂਰਨਾਮੈਂਟ ਦੌਰਾਨ ਦਰਸ਼ਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਲਾਡੀ ਹਸਨ ਭੱਟੀ ਨੂੰ ਬੈਸਟ ਰੇਡਰ ਅਤੇ ਝਿੰਮਾ ਢੁੱਡੀ ਨੂੰ ਬੈਸਟ ਸਟਾਪਰ ਐਨਾਨਿਆ ਗਿਆ ਅਤੇ ਦੋਨਾਂ ਨੂੰ ਰੰਗਦਾਰ ਟੈਲੀਵਿਜਨ ਦੇ ਕੇ ਸਨਮਾਨਿਤ ਕੀਤਾ ਗਿਆ।

57ਵੀਂ ਆਲ ਰੇਲਵੇ ਬੈਡਮਿੰਟਨ ਮੀਟ 19 ਸਤੰਬਰ ਤੋਂ

ਕੋਲਕਾਤਾ, 17 ਸਤੰਬਰ -ਸਿਆਲਦਾ ਦੇ ਪੀ.ਐਲ.ਰਾਏ ਇੰਡੋਰ ਸਟੇਡੀਅਮ 'ਚ 57ਵੀਂ ਆਲ ਰੇਲਵੇ ਬੈਡਮਿੰਟਨ ਚੈਂਪੀਅਨਸ਼ਿਪ 19 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। 6 ਦਿਨ ਚੱਲਣ ਵਾਲੀ ਇਸ ਚੈਂਪੀਅਨਸ਼ਿਪ 'ਚ 21 ਰੇਲਵੇ ਟੀਮਾਂ ਦੇ 250 ਖਿਡਾਰੀ ਭਾਗ ਲੈ ਰਹੇ ਹਨ।

ਅਗਾਮੀ ਆਈ.ਸੀ.ਸੀ.ਚੈਂਪੀਅਨਜ਼ ਟਰਾਫੀ 22 ਸਤੰਬਰ ਤੋਂ

ਚੰਡੀਗੜ੍ਹ, 17 ਸਤੰਬਰ - ਅਗਾਮੀ ਆਈ.ਸੀ.ਸੀ.ਚੈਂਪੀਅਨਜ਼ ਟਰਾਫੀ ਜੋ ਕਿ ਦੱਖਣੀ ਅਫ਼ਰੀਕਾ ਵਿਚ 22 ਸਤੰਬਰ ਤੋਂ 5 ਅਕਤੂਬਰ ਤੱਕ ਕਰਵਾਈ ਜਾ ਰਹੀ ਹੈ। ਈ.ਐਸ.ਪੀ.ਐਨ. ਸਟਾਰ ਸਪੋਰਟਸ ਨੇ ਐਲਾਨ ਕੀਤਾ ਹੈ ਕਿ ਇਸ ਚੈਂਪੀਅਨਜ਼ ਟਰਾਫੀ ਨੂੰ ਵਿਸ਼ਵ ਦੇ 183 ਦੇਸ਼ਾਂ ਵਿਚ ਦੇਖਿਆ ਜਾ ਸਕੇਗਾ। ਇਸ ਟੂਰਨਾਮੈਂਟ ਦੇ ਸਾਰੇ 15 ਮੈਚਾਂ ਦਾ ਸਿੱਧਾ ਪ੍ਰਸਾਰਣ ਈ.ਐਸ.ਪੀ.ਐਨ. ਅਤੇ ਸਟਾਰ ਕ੍ਰਿਕਟ ਉਤੇ ਹੋਵੇਗਾ।

ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ 'ਚ ਸ਼ੂਟਿੰਗ ਰੇਂਜ ਸਥਾਪਤ

ਪਟਿਆਲਾ, 17 ਸਤੰਬਰ - ਖੇਡਾਂ ਦੇ ਖੇਤਰ ਵਿਚ ਦੇਸ਼ ਦੀ ਸਰਵਉਤਮ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਜਿੱਤ ਕੇ ਦੇਸ਼ ਦੇ ਖੇਡ ਨਕਸ਼ੇ 'ਤੇ ਨਿਵੇਕਲੀ ਥਾਂ ਬਣਾਉਣ ਵਾਲੀ ਪੰਜਾਬੀ ਯੂਨੀਵਰਸਿਟੀ ਨੇ ਅੱਜ ਕੌਮਾਂਤਰੀ ਪੱਧਰ ਦੀ ਸ਼ੂਟਿੰਗ ਰੇਂਜ ਸਥਾਪਤ ਕਰਕੇ ਇਕ ਨਵਾਂ ਉਪਰਾਲਾ ਕੀਤਾ ਹੈ। ਲਗਭਗ ਦੋ ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਸ ਰੇਂਜ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਯੂਨੀਵਰਸਿਟੀ ਕੈਂਪਸ ਵਿਖੇ ਕੀਤਾ। ਇਸ ਮੌਕੇ ਡਾ. ਜਸਪਾਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵਿਖੇ ਖੇਡਾਂ ਦੀ ਬਿਹਤਰੀ ਲਈ ਦੋ ਵੱਡੇ ਪ੍ਰੋਜੈਕਟਾਂ ਸਬੰਧੀ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਇਨ੍ਹਾਂ ਪ੍ਰੋਜੈਕਟਾਂ ਵਿੱਚੋਂ ਇੱਕ ਵੱਡਾ ਪ੍ਰੋਜੈਕਟ ਮਲਟੀਪਰਪਰਜ਼ ਇੰਡੋਰ ਹਾਲ ਇਸੇ ਸੈਸ਼ਨ ਦੌਰਾਨ ਪੂਰਾ ਕਰ ਲਿਆ ਜਾਵੇਗਾ। ਨਵੀਂ ਬਣਾਈ ਗਈ ਸ਼ੂਟਿੰਗ ਰੇਂਜ ਬਾਰੇ 'ਵਰਸਿਟੀ ਦੇ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਰੇਂਜ ਵਿਚ 10 ਇਲੈਕਟ੍ਰਾਨਿਕ ਪੁਲੀਆਂ ਖਿਡਾਰੀਆਂ ਦੀ ਪ੍ਰੈਕਟਿਸ ਲਈ ਲਾਈਆਂ ਗਈਆਂ ਹਨ। ਬਹੁਤ ਘੱਟ ਪੈਸੇ ਖਰਚ ਕਰਕੇ ਯੂਨੀਵਰਸਿਟੀ ਦੇ ਮਲਟੀਪਰਪਜ਼ ਹਾਲ ਵਿਖੇ ਹੀ ਉੱਚ ਦਰਜੇ ਦੀ ਇਹ ਸ਼ੂਟਿੰਗ ਰੇਂਜ ਬਣਾਈ ਗਈ ਹੈ। ਡਾ. ਸ਼ਰਮਾ ਨੇ ਦੱਸਿਆ ਕਿ ਸ਼ੂਟਿੰਗ ਦੇ ਖਿਡਾਰੀ ਹਰ ਰੋਜ ਕੋਚ ਦੀ ਨਿਗਰਾਨੀ ਹੇਠ ਸਵੇਰੇ 9 ਵਜੇ ਤੋਂ ਸ਼ਾਮੀਂ 4 ਵਜੇ ਤੱਕ ਇਥੇ ਅਭਿਆਸ ਕਰ ਸਕਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯੂਨੀਵਰਸਿਟੀ ਵਿਖੇ 2 ਟੈਨਿਸ ਕਲੇਅ ਕੋਰਟ ਬਣਾ ਕੇ ਟੈਨਿਸ ਅਕੈਡਮੀ ਵੀ ਇਸੇ ਸੈਸ਼ਨ ਵਿਚ ਸ਼ੁਰੂ ਕੀਤੀ ਗਈ ਹੈ।

ਐਰੋਬਿਕ ਮੁਕਾਬਲਿਆਂ 'ਤੇ ਥਲ ਸੈਨਾ ਦਾ ਕਬਜ਼ਾ

ਪਟਿਆਲਾ, 17 ਸਤੰਬਰ - ਅੰਤਰ ਸੈਨਾ ਕੌਮੀ ਜਿਮਨਾਸਟਿਕ ਦੇ ਮੁਕਾਬਲੇ ਇਥੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਦੇ ਮੇਜਰ ਤੇਜਿੰਦਰਪਾਲ ਸਿੰਘ ਸੋਹਲ ਇੰਡੋਰ ਹਾਲ 'ਚ ਕਰਵਾਏ ਜਾ ਰਹੇ ਹਨ। ਐਰੋਬਿਕਸ ਮੁਕਾਬਲਿਆਂ 'ਚ ਥਲ ਸੈਨਾ ਦੇ ਖਿਡਾਰੀਆਂ ਦੀ ਚੜ੍ਹਤ ਰਹੀ। ਇਸ ਚੈਂਪੀਅਨਸ਼ਿਪ ਵਿਅਕਤੀਗਤ ਮੁਕਾਬਲਿਆਂ 'ਚ ਪੀ. ਦੇਬਨਾਥ ਚੈਂਪੀਅਨ ਬਣਿਆ। ਥਲ ਸੈਨਾ ਦਾ ਪੀ.ਦੇਬਨਾਥ 17.95 ਅੰਕਾਂ ਨਾਲ ਪਹਿਲੇ, ਟੀ.ਜੋਧਾ ਸਿੰਘ 17.75 ਅੰਕਾਂ ਨਾਲ ਦੂਸਰੇ ਤੇ ਕਮਲ ਪ੍ਰਸਾਦ 17 ਅੰਕਾਂ ਨਾਲ ਤੀਸਰੇ ਸਥਾਨ 'ਤੇ ਰਿਹਾ। ਐਰੋਬਿਕ ਦੇ ਟਰੀਓ ਵਰਗ 'ਚ ਥਲ ਸੈਨਾ-1 ਟੀਮ ਪਹਿਲੇ, ਥਲ ਸੈਨਾ-2 ਦੂਸਰੇ ਤੇ ਭਾਰਤੀ ਜਲ ਸੈਨਾ ਤੀਸਰੇ ਸਥਾਨ 'ਤੇ ਰਹੀ। ਗਰੁੱਪ ਐਰੋਬਿਕਸ 'ਚ ਥਲ ਸੈਨਾ-1 ਪਹਿਲੇ ਤੇ ਭਾਰਤੀ ਹਵਾਈ ਸੈਨਾ ਦੂਸਰੇ, ਐਰੋਬੇਟਿਕ (ਪੇਅਰ) ਮੁਕਾਬਲੇ 'ਚ ਵੀ ਥਲ ਸੈਨਾ ਦੀ ਸਰਦਾਰੀ ਰਹੀ। ਐਕਰੋਬੈਟਿਕ ਦੇ ਗਰੁੱਪ ਮੁਕਾਬਲਿਆਂ 'ਚ ਥਲ ਸੈਨਾ ਰੈਡ ਪਹਿਲੇ, ਥਲ ਸੈਨਾ ਗ੍ਰੀਨ ਦੂਸਰੇ ਤੇ ਭਾਰਤੀ ਜਲ ਸੈਨਾ ਤੀਸਰੇ ਸਥਾਨ 'ਤੇ ਰਹੀ। ਟੇਬਲਿੰਗ ਮੁਕਾਬਲਿਆਂ 'ਚ ਏ ਅਜਗਰ ਥਲ ਸੈਨਾ ਰੈਡ ਪਹਿਲੇ, ਐਸ. ਮੰਡਲ ਥਲ ਸੈਨਾ ਦੂਸਰੇ ਤੇ ਜਕੀਰੂਦੀਨ ਭਾਰਤੀ ਹਵਾਈ ਸੈਨਾ, ਐਲ. ਸਿੰਘ ਤੀਸਰੇ ਸਥਾਨ 'ਤੇ ਰਿਹਾ। ਟਰੈਮਪੋਲਾਈਨ 'ਚ ਐ.ਸਿੰਘ ਪਹਿਲੇ, ਕੇ. ਪਾਟਿਲ ਦੂਸਰੇ ਤੇ ਬਿਨੋਏ ਚਾਂਦ ਤੀਸਰੇ (ਸਾਰੇ ਥਲ ਸੈਨਾ) ਸਥਾਨ 'ਤੇ ਰਿਹਾ।

ਪਹਿਲਾ ਕਬੱਡੀ ਟੂਰਨਾਮੈਂਟ 21 ਸਤੰਬਰ ਤੋਂ

ਲੁਧਿਆਣਾ 16 ਸਤੰਬਰ - ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸੀਨੀਅਰ ਮੀਤ ਪ੍ਰਧਾਨ ਪਹਿਲਵਾਨ ਗੁਰਮੇਲ ਸਿੰਘ ਨੇ ਆਖਿਆ ਕਿ ਵਿਦੇਸ਼ਾਂ ਵਿਚ ਕਬੱਡੀ ਖਿਡਾਰੀ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਇਜਾਜ਼ਤ ਨਾਲ ਹੀ ਜਾਣਗੇ। ਕਿਸੇ ਹੋਰ ਫੈਡਰੇਸ਼ਨ ਜਾਂ ਸੰਸਥਾ ਨੂੰ ਅਜਿਹਾ ਕੋਈ ਹੱਕ ਨਹੀਂ ਕਿ ਉਹ ਵਿਦੇਸ਼ਾਂ ਵਿਚ ਭੇਜਣ ਲਈ ਖਿਡਾਰੀਆਂ ਪ੍ਰਤੀ ਆਪਣਾ ਫ਼ੈਸਲਾ ਲਵੇ। ਸ: ਮਲੂਕਾ ਨੇ ਆਖਿਆ ਕਿ ਵਰਲਡ ਕਬੱਡੀ ਲੀਗ ਇਸੇ ਸਾਲ ਦੇ ਅੰਤ ਵਿਚ ਕਰਵਾਈ ਜਾਵੇਗੀ। ਉਨ੍ਹਾਂ ਆਖਿਆ ਕਿ ਕਬੱਡੀ ਐਸੋਸੀਏਸ਼ਨ ਵੱਲੋਂ 40 ਦੇ ਕਰੀਬ ਰਾਸ਼ਟਰੀ ਪੱਧਰ ਦੇ ਕਬੱਡੀ ਟੂਰਨਾਮੈਂਟ ਆਉਣ ਵਾਲੇ ਸੀਜ਼ਨ ਵਿਚ ਕਰਵਾਏ ਜਾਣਗੇ, ਜਿਨ੍ਹਾਂ ਵਿਚ ਪਹਿਲਾ ਕਬੱਡੀ ਟੂਰਨਾਮੈਂਟ 21 ਸਤੰਬਰ ਨੂੰ ਬਾਬਾ ਫਰੀਦ ਮੇਲੇ 'ਤੇ ਕਰਵਾਇਆ ਜਾਵੇਗਾ। ਪਹਿਲਵਾਨ ਗੁਰਮੇਲ ਸਿੰਘ ਨੇ ਆਖਿਆ ਕਿ ਜਿਹੜੇ ਅਕੈਡਮੀਆਂ ਦੇ ਕੋਚ ਜਾਂ ਹੋਰ ਪ੍ਰਬੰਧਕ ਖਿਡਾਰੀਆਂ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕ ਰਹੇ ਹਨ, ਉਨ੍ਹਾਂ ਵਿਰੁੱਧ ਵੀ ਪੰਜਾਬ ਕਬੱਡੀ ਐਸੋਸੀਏਸ਼ਨ ਸ਼ਿਕੰਜਾ ਕੱਸੇਗੀ। ਅਜਿਹੇ ਕੋਚਾਂ ਤੇ ਪ੍ਰਬੰਧਕਾਂ ਵਿਰੁੱਧ ਕਾਨੂੰਨ ਮੁਤਾਬਿਕ ਕੇਸ ਵੀ ਦਰਜ ਕੀਤੇ ਜਾਣਗੇ। ਪੰਜਾਬ ਕਬੱਡੀ ਐਸੋ: ਵਿਦੇਸ਼ਾਂ ਵਿਚ ਵਸਦੇ ਕਬੱਡੀ ਪ੍ਰਤੀ ਸੁਹਿਰਦ ਅਤੇ ਈਮਾਨਦਾਰ ਲੋਕਾਂ ਨੂੰ ਆਪਣੇ ਨਾਲ ਜੋੜੇਗੀ ਅਤੇ ਵੱਖ ਵੱਖ ਮੁਲਕਾਂ ਵਿਚ ਕਬੱਡੀ ਦੇ ਐਨ. ਆਰ. ਆਈ. ਵਿੰਗ ਸਥਾਪਿਤ ਕੀਤੇ ਜਾਣਗੇ।

ਪੰਜਾਬ ਬਾਸਕਿਟਬਾਲ ਲੀਗ ਸ਼ੁਰੂ

ਲੁਧਿਆਣਾ, 16 ਸਤੰਬਰ - ਪੰਜਾਬ ਬਾਸਕਿਟਬਾਲ ਲੀਗ 17 ਸਤੰਬਰ ਤੋਂ ਏ.ਐਸ.ਸਕੂਲ ਖੰਨਾ ਦੇ ਮੈਦਾਨਾਂ 'ਚ ਕਰਵਾਈ ਜਾ ਰਹੀ ਹੈ। ਇਸ ਲੀਗ ਵਿਚ ਮੁੰਡਿਆਂ ਅਤੇ ਕੁੜੀਆਂ ਦੀਆਂ 11 ਟੀਮਾਂ ਹਿੱਸਾ ਲੈ ਰਹੀਆਂ ਹਨ। ਇਹ ਲੀਗ ਤਿੰਨ ਪੜਾਆਂ ਵਿਚ ਖੇਡੀ ਜਾਵੇਗੀ। ਕੁਲ 45 ਮੈਚ ਖੇਡੇ ਜਾਣਗੇ, ਜਿਨ੍ਹਾਂ ਵਿਚ 30 ਮੈਚ ਮਰਦਾਂ ਦੇ ਵਰਗ ਅਤੇ 15 ਮੈਚ ਕੁੜੀਆਂ ਦੇ ਵਰਗ ਵਿਚ ਹੋਣਗੇ। ਮਰਦਾਂ ਦੇ ਵਰਗਾਂ ਵਿਚ ਪੰਜਾਬ ਪੁਲਿਸ ਜਲੰਧਰ, ਬੀ. ਐਸ. ਐਫ. ਜਲੰਧਰ, ਪੰਜਾਬ ਰਾਜ ਬਿਜਲੀ ਬੋਰਡ ਪਟਿਆਲਾ, ਰੇਲ ਕੋਚ ਫੈਕਟਰੀ ਕਪੂਰਥਲਾ, ਬੀ. ਐਮ. ਡਬਲਿਊ. ਪਟਿਆਲਾ ਅਤੇ ਰੈਸਟ ਆਫ਼ ਪੰਜਾਬ ਦੀਆਂ ਟੀਮਾਂ ਜਦਕਿ ਕੁੜੀਆਂ ਵਿਚ ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਲੁਧਿਆਣਾ ਤੇ ਰੈਸਟ ਆਫ਼ ਪੰਜਾਬ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਲੀਗ ਦੇ ਮੈਚ ਸ਼ਾਮ 3 ਵਜੇ ਤੋਂ ਰਾਤ 10 ਵਜੇ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਹੋਣਗੇ। ਇਸ ਲੀਗ ਦਾ ਦੂਸਰਾ ਪੜਾਅ 13 ਤੋਂ 16 ਅਕਤੂਬਰ ਤੱਕ ਅਰਜੁਨ ਐਵਾਰਡੀ ਗੁਰਦਿਆਲ ਸਿੰਘ ਭਾਈਆ ਪਿੰਡ ਗੁੜੇ ਦੇ ਖੇਡ ਸਟੇਡੀਅਮ ਵਿਖੇ ਹੋਵੇਗਾ, ਜਦਕਿ ਲੀਗ ਦਾ ਤੀਸਰਾ ਪੜਾਅ 29 ਅਕਤੂਬਰ ਤੋਂ 1 ਨਵੰਬਰ ਤੱਕ ਪਿੰਡ ਸੂਜਾਪੁਰ ਵਿਖੇ ਸ਼ਹੀਦ ਮੇਜਰ ਕੁਲਦੀਪ ਸਿੰਘ ਹਾਂਸ ਦੀ ਯਾਦ ਵਿਚ ਹੋਵੇਗਾ।

55ਵੀਆਂ ਪੰਜਾਬ ਸਕੂਲ ਖੇਡਾਂ

ਜਲੰਧਰ, 16 ਸਤੰਬਰ - 55ਵੀਆਂ ਪੰਜਾਬ ਸਕੂਲ ਖੇਡਾਂ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਵਾਲੀਬਾਲ ਵਰਗ ਦੇ ਮੁਕਾਬਲੇ ਬੀਤੇ ਦਿਨੀਂ ਹਰਿਆਣਾ, ਹੁਸ਼ਿਆਰਪੁਰ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੇ ਲੜਕੀਆਂ ਦੇ ਅੰਡਰ-19 ਸਾਲ ਵਰਗ ਵਿਚ ਜ਼ਿਲ੍ਹਾ ਜਲੰਧਰ ਦੀ ਲੜਕੀਆਂ ਦੀ ਟੀਮ ਨੇ ਸੁਪਰਲੀਗ ਮੁਕਾਬਲੇ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ। ਜ਼ਿਲ੍ਹਾ ਮੁਕਤਸਰ ਨੇ ਦੂਜਾ ਤੇ ਜ਼ਿਲ੍ਹਾ ਰੋਪੜ ਨੇ ਤੀਜਾ ਸਥਾਨ ਹਾਸਿਲ ਕੀਤਾ।

ਓਲੰਪੀਅਨ ਮਹਿੰਦਰ ਮੁਣਸ਼ੀ ਦੀ ਯਾਦ ਵਿਚ ਹਾਕੀ ਮੈਚ 18 ਸਤੰਬਰ ਨੂੰ

ਜਲੰਧਰ, 16 ਸਤੰਬਰ -18 ਸਤੰਬਰ ਨੂੰ ਸਵੇਰੇ 8 ਵਜੇ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਦੀ ਗਰਾਊਂਡ 'ਚ 1975 ਦੇ ਵਿਸ਼ਵ ਹਾਕੀ ਕੱਪ ਜੇਤੂ ਟੀਮ ਦੇ ਖਿਡਾਰੀ 1976 ਦੀਆਂ ਮਾਂਟਰੀਅਲ ਉਲੰਪਿਕ ਕੈਨੇਡਾ ਦੇ ਟਾਪ ਸਕੌਰਰ ਅਤੇ ਪੈਨਲਟੀ ਸਟਰੋਕ ਮਾਹਿਰ ਉਲੰਪੀਅਨ ਮਹਿੰਦਰ ਮੁਣਸ਼ੀ ਦੀ 32ਵੀਂ ਬਰਸੀ ਮੌਕੇ ਮਹਿੰਦਰ ਮੁਣਸ਼ੀ ਦੀਆਂ ਹਾਕੀ ਅਤੇ ਖੇਡ ਜਗਤ ਵਿਚ ਪਾਈਆਂ ਪੈੜਾਂ ਨੂੰ ਜਿੰਦਾ ਰੱਖਣ ਲਈ ਹਾਕੀ ਮੈਚ ਕਰਵਾਏ ਜਾਣਗੇ। ਇਹ ਹਾਕੀ ਮੈਚ ਓਲੰਪੀਅਨ ਮਹਿੰਦਰ ਮੁਣਸ਼ੀ ਹਾਕੀ ਅਕੈਡਮੀ ਅਤੇ ਸੰਸਾਰਪੁਰ ਹਾਕੀ ਅਕੈਡਮੀ ਵਿਚਾਲੇ ਖੇਡਿਆ ਜਾਵੇਗਾ। ਬਰਸੀ ਦੇ ਸਬੰਧ ਸਿਰਫ ਇਕ ਮੈਚ ਹੀ ਖਿਡਾਇਆ ਜਾਵੇਗਾ ਪਰ ਦਸੰਬਰ ਵਿਚ ਤਿੰਨ ਦਿਨਾ ਹਾਕੀ ਟੂਰਨਾਮੈਂਟ ਜੋ ਓਲੰਪੀਅਨ ਸੁਰਜੀਤ ਯਾਦਗਾਰੀ ਹਾਕੀ ਗਰਾਊਂਡ ਵਿਚ ਕਰਵਾਇਆ ਜਾਵੇਗਾ।

ਪੰਜਾਬ ਸਬ ਜੂਨੀਅਰ ਮਹਿਲਾ ਫੁੱਟਬਾਲ ਟੀਮ ਦੇ ਚੋਣ ਟ੍ਰਾਇਲ 19 ਸਤੰਬਰ ਨੂੰ

ਜਲੰਧਰ, 16 ਸਤੰਬਰ - ਉਤਰਾਖੰਡ ਦੇ ਸ਼ਹਿਰ ਹਲਦਵਾਨੀ 'ਚ ਛੇਵੀਂ ਸਬ ਜੂਨੀਅਰ ਰਾਸ਼ਟਰੀ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਜੋ 27 ਸਤੰਬਰ ਤੋਂ 14 ਅਕਤੂਬਰ ਤੱਕ ਕਰਵਾਹੀ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀ ਪੰਜਾਬ ਸਬ ਜੂਨੀਅਰ ਲੜਕੀਆਂ ਦੀ ਟੀਮ ਦੇ ਚੋਣ ਟ੍ਰਾਇਲ 19 ਸਤੰਬਰ ਨੂੰ ਸਵੇਰੇ 10 ਵਜੇ ਗੁਰੂਸਰ ਸੁਧਾਰ ਦੇ ਜੀ.ਐਚ.ਜੀ. ਕਾਲਜ (ਲੁਧਿਆਣਾ) ਵਿਖੇ ਕਰਵਾਏ ਜਾ ਰਹੇ ਹਨ। ਇਨ੍ਹਾਂ ਚੋਣ ਟ੍ਰਾਇਲ ਵਿਚ ਹਿੱਸਾ ਲੈਣ ਵਾਲੀਆਂ ਖਿਡਾਰਨਾਂ ਦੀ ਉਮਰ 1 ਜਨਵਰੀ 1995 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਤੇ ਇਹ ਆਪਣੀ ਉਮਰ ਦੇ ਸਰਟੀਫਿਕੇਟ ਨਾਲ ਲੈ ਕੇ ਆਉਣ। ਕੈਂਪ ਲਈ ਚੁਣੀਆਂ ਗਈਆਂ ਖਿਡਾਰਨਾਂ ਦਾ ਇਕ ਕੋਚਿੰਗ ਕੈਂਪ ਇਸੇ ਕਾਲਜ ਵਿਚ ਲਗਾਇਆ ਜਾਵੇਗਾ, ਜਿੱਥੋਂ ਪੰਜਾਬ ਟੀਮ ਲਈ ਫਾਈਨਲ ਚੋਣ ਕੀਤੀ ਜਾਵੇਗੀ।

ਸ਼ਹੀਦ ਰਾਜੇਸ਼ ਕੁਮਾਰ ਯਾਦਗਾਰੀ ਖੇਡ ਮੇਲਾ 23 ਤੋਂ

ਕੁਹਾੜਾ, 15 ਸਤੰਬਰ - 23 ਤੋਂ 26 ਸਤੰਬਰ ਤੱਕ ਪਿੰਡ ਜੰਡਿਆਲੀ 'ਚ ਪਿੰਡ ਦੇ ਸ਼ਹੀਦ ਰਾਜੇਸ਼ ਕੁਮਾਰ ਸੀ.ਆਰ.ਪੀ.ਐਫ. ਦੀ ਯਾਦ 'ਚ ਖੇਡ ਮੇਲਾ ਕਰਵਾਇਆ ਜਾਵੇਗਾ। ਇਸ ਖੇਡ ਮੇਲੇ ਦਾ ਉਦਘਾਟਨ ਸ: ਅਜਮੇਰ ਸਿੰਘ ਚੇਅਰਮੈਨ ਮਿਲਕ ਪਲਾਂਟ ਲੁਧਿਆਣਾ ਕਰਨਗੇ ਜਦੋਂ ਕਿ ਇਨਾਮਾਂ ਦੀ ਵੰਡ ਸਮਾਗਮ ਦੇ ਮੁੱਖ ਮਹਿਮਾਨ ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਮੈਂਬਰ ਲੋਕ ਸਭਾ ਕਰਨਗੇ। 58 ਕਿਲੋ ਫ਼ੁੱਟਬਾਲ, ਕਲੱਬ ਫ਼ੁੱਟਬਾਲ ਅਤੇ ਕਬੱਡੀ ਕਲੱਬ (ਇਕ ਪਿੰਡ ਓਪਨ) ਦੇ ਮੁਕਾਬਲੇ ਹੋਣਗੇ ਅਤੇ ਦਿਲ ਖਿੱਚਵੇਂ ਇਨਾਮ ਦਿੱਤੇ ਜਾਣਗੇ।

ਭਾਈ ਨੰਦ ਲਾਲ ਪਬਲਿਕ ਸਕੂਲ ਅਨੰਦਪੁਰ ਸਾਹਿਬ ਦੀ ਤਲਵਾਰਬਾਜ਼ੀ 'ਚ ਬੱਲੇ ਬੱਲੇ

ਅਨੰਦਪੁਰ ਸਾਹਿਬ, 15 ਸਤੰਬਰ - ਭਾਈ ਨੰਦ ਲਾਲ ਪਬਲਿਕ ਸਕੂਲ ਅਨੰਦਪੁਰ ਸਾਹਿਬ ਵਿੱਦਿਆ, ਧਾਰਮਿਕ ਮੁਕਾਬਲਿਆਂ ਵਿਚ ਮੋਹਰੀ ਰਹਿਣ ਦੇ ਨਾਲ-ਨਾਲ ਤਲਵਾਰਬਾਜ਼ੀ ਵਿਚ ਵੀ ਜ਼ਿਲ੍ਹੇ ਪੱਧਰ 'ਤੇ ਪਹਿਲੇ ਨੰਬਰ 'ਤੇ ਆਇਆ ਹੈ। ਇਨ੍ਹਾਂ ਮੁਕਾਬਲਿਆਂ ਵਿਚ ਸ਼ਿਵਾਲਿਕ ਪਬਲਿਕ ਸਕੂਲ, ਸੇਂਟ ਕਾਰਮਲ ਪਬਲਿਕ ਸਕੂਲ ਰੂਪਨਗਰ ਅਤੇ ਸਰਕਾਰੀ ਹਾਈ ਸਕੂਲ ਹਾਫਿਜ਼ਾਬਾਦ ਦੀਆਂ ਟੀਮਾਂ ਸ਼ਾਮਿਲ ਹੋਈਆਂ। ਇਹ ਸ਼੍ਰ੍ਰੋਮਣੀ ਕਮੇਟੀ ਦਾ ਪਹਿਲਾ ਸਕੂਲ ਹੈ, ਜਿਸ ਨੇ ਤਲਵਾਰਬਾਜ਼ੀ ਵਿਚ ਜ਼ਿਲ੍ਹੇ ਭਰ ਵਿਚੋਂ ਪੁਜੀਸ਼ਨ ਹਾਸਲ ਕੀਤੀ ਹੈ। ਅੰਡਰ 14 ਸਾਲ ਲੜਕੇ ਈ.ਪੀ 'ਚ ਸਾਡੇ ਵਿਦਿਆਰਥੀ ਅਕਾਸ਼, ਵੈਬਬ, ਅਭਿਸ਼ੇਕ ਅਤੇ ਮਨਪ੍ਰੀਤ ਸਿੰਘ ਨੇ ਸ਼ਿਵਲਿਕ ਪਬਲਿਕ ਸਕੂਲ ਰੂਪਨਗਰ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਲੜਕੀਆਂ 'ਚ ਸਾਡੀਆਂ ਵਿਦਿਆਰਥਣਾਂ ਰਜਿੰਦਰ ਕੌਰ, ਸ਼ਿਵਾਨੀ, ਰਮਨਦੀਪ ਪਲਵੀ ਨੇ ਸੇਂਟ ਕਾਰਮਲ ਦੀ ਟੀਮ ਨੂੰ ਹਰਾ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ 14 ਸਾਲ ਲੜਕੀਆਂ ਫੁਆਇਲ ਵਿਚ ਸਾਡੇ ਸਕੂਲ ਦੀਆਂ ਵਿਦਿਆਰਥਣਾਂ ਰਮਨਦੀਪ, ਰਜਿੰਦਰ ਕੌਰ, ਹਰਵਿੰਦਰ ਕੌਰ ਤੇ ਸ਼ਿਵਾਨੀ ਨੇ ਦੂਜੀ ਪੁਜੀਸ਼ਨ ਹਾਸਲ ਕੀਤੀ। ਇਸੇ ਤਰਾਂ ਅੰਡਰ 17 ਸਾਲ ਲੜਕੇ ਈ. ਪੀ. ਵਿਚ ਇਸੇ ਸਕੂਲ ਦੇ ਲੜਕਿਆਂ ਰਜਤ ਚੋਪੜਾ, ਅਮਨਦੀਪ ਸਿੰਘ, ਬਿਕਰਮਜੀਤ ਸਿੰਘ ਤੇ ਨਵਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ 19 ਸਾਲ ਲੜਕੇ ਏ. ਪੀ. ਵਿਚ ਵੀ ਇਸੇ ਸਕੂਲ ਦੇ ਵਿਦਿਆਰਥੀਆਂ ਰਜਤ ਚੋਪੜਾ, ਅਮਨਦੀਪ ਸਿੰਘ, ਬਿਕਰਮਜੀਤ ਸਿੰਘ ਤੇ ਨਵਦੀਪ ਸਿੰਘ ਨੇ ਦੂਸਰੀ ਪੁਜੀਸ਼ਨ ਹਾਸਲ ਕੀਤੀ।

55ਵੇਂ ਰਾਜ ਪੱਧਰੀ ਵਾਲੀਬਾਲ ਟੂਰਨਾਮੈਂਟ 'ਚ ਗੁਰੂ ਨਾਨਕ ਕਾਲਜ ਦੀਆਂ ਕੁੜੀਆਂ ਜੇਤੂ

ਮੁਕਤਸਰ, 14 ਸਤੰਬਰ - 55ਵਾਂ ਰਾਜ ਪੱਧਰੀ ਵਾਲੀਬਾਲ ਟੂਰਨਾਮੈਂਟ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਿਆਣਾ ਵਿਖੇ ਕਰਵਾਇਆ ਗਿਆ। ਜਿਸ ਵਿਚ ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਮੁਕਤਸਰ ਦੇ ਕਾਲਜੀਏਟ ਸੀ. ਸੈਕੰ. ਸਕੂਲ ਦੀਆਂ ਖਿਡਾਰਨਾਂ ਨੇ ਲੜਕੀਆਂ ਦੇ ਵਾਲੀਵਾਲ ਟੂਰਨਾਮੈਂਟ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਖੇਡ ਵਿਚ ਧਨੰਤਰ ਅਖਵਾਉਂਦੇ ਸਕੂਲਾਂ ਨੂੰ ਅਚੰਭਿਤ ਕਰ ਦਿੱਤਾ ਹੈ। ਟੀਮ ਦੀਆਂ ਖਿਡਾਰਣਾਂ ਜਸਵੀਰ ਕੌਰ, ਪ੍ਰਵੀਨ ਕੌਰ ਅਤੇ ਮਨਪ੍ਰੀਤ ਕੌਰ ਦੀ ਨਿਪੁੰਨਤਾ ਸਦਕਾ ਉਨ੍ਹਾਂ ਦੀ ਨੈਸ਼ਨਲ ਕੈਂਪ ਲਈ ਚੋਣ ਕੀਤੀ ਗਈ ਹੈ। ਕਾਲਜ ਦੀ ਖੇਡ ਅਧਿਆਪਕਾ ਬੀਬਾ ਸੁਰਿੰਦਰ ਕੌਰ ਬਰਾੜ ਦੀ ਅਗਵਾਈ ਹੇਠ ਨਾਮਵਰ ਟੀਮਾਂ ਨੂੰ ਲਗਾਤਾਰ ਵੱਡੇ ਫਰਕ ਨਾਲ ਪਛਾੜ ਦੇਣ ਸਦਕਾ ਮੁਕਤਸਰ ਦੀ ਇਹ ਟੀਮ ਪੂਰੇ ਟੂਰਨਾਮੈਂਟ ਵਿਚ ਚਰਚਾ ਅਤੇ ਖਿੱਚ ਦਾ ਕੇਂਦਰ ਬਣੀ ਰਹੀ।

31ਵੀਂ ਪੰਜਾਬ ਰਾਜ ਜੂਡੋ ਚੈਪੀਅਨਸ਼ਿਪ ਸਮਾਪਤ

ਅਜੀਤ ਨਗਰ, 14 ਸਤੰਬਰ - 31ਵੀਂ ਪੰਜਾਬ ਰਾਜ ਜੂਡੋ ਚੈਂਪੀਅਨਸ਼ਿਪ ਅਜੀਤ ਨਗਰ ਦੇ ਬੀ.ਐਮ.ਡੀ. ਪਬਲਿਕ ਸਕੂਲ 'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਜੂਨੀਅਰ ਲੜਕਿਆਂ ਦੇ ਮੁਕਬਲਿਆਂ ਵਿਚ ਗੁਰਦਾਸਪੁਰ ਨੇ ਪਹਿਲਾ ਜਦੋਂਕਿ ਲੁਧਿਆਣਾ ਅਤੇ ਬਠਿੰਡਾ ਦੀਆਂ ਟੀਮਾਂ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਸੀਨੀਅਰ ਵਰਗ ਦੇ ਮੁਕਾਬਲੇ ਵਿਚ ਜਲੰਧਰ ਨੇ ਪਹਿਲਾ, ਲਧਿਆਣਾ ਨੇ ਤੀਜਾ ਅਤੇ ਤਰਨਤਾਰਨ ਨੇ ਤੀਜਾ ਸਥਾਨ ਹਾਸਿਲ ਕੀਤਾ। ਮਹਿਲਾਵਾਂ ਵਰਗ ਵਿਚ ਜਲੰਧਰ ਨੇ ਪਹਿਲਾ, ਲੁਧਿਆਣਾ ਨੇ ਦੂਜਾ ਜਦਕਿ ਅੰਮ੍ਰਿਤਸਰ ਨੇ ਤੀਜਾ ਸਥਾਨ ਹਾਸਿਲ ਕੀਤਾ। ਸੀਨੀਅਰ ਲੜਕਿਆਂ ਦੇ ਮੁਕਾਬਲੇ ਵਿਚ ਅੰਮ੍ਰਿਤਸਰ ਨੇ ਪਹਿਲਾ, ਗੁਰਦਾਸਪੁਰ ਤੇ ਪਟਿਆਲਾ ਨੇ ਸਾਂਝੇ ਤੌਰ 'ਤੇ ਦੂਜਾ ਅਤੇ ਜਲੰਧਰ ਨੇ ਤੀਜਾ ਸਥਾਨ ਹਾਸਿਲ ਕੀਤਾ।

ਅੰਤਰ ਕਾਲਜ ਤੈਰਾਕੀ ਚੈਂਪੀਅਨਸ਼ਿਪ ਸ਼ੁਰੂ

ਲੁਧਿਆਣਾ, 14 ਸਤੰਬਰ - ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਸਵੀਮਿੰਗ ਪੂਲ ਵਿਖੇ 15 ਤੇ 16 ਸਤੰਬਰ ਨੂੰ ਪੰਜਾਬ ਤਕਨੀਕੀ ਯੂਨਵਰਸਿਟੀ ਦੇ ਅੰਤਰ ਕਾਲਜ ਤੈਰਾਕੀ ਮੁਕਾਬਲੇ (ਮੁੰਡੇ ਅਤੇ ਕੁੜੀਆਂ) ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਤਕਨੀਕੀ ਯੂਨੀਵਰਸਿਟੀ ਨਾਲ ਸਬੰਧਿਤ 25 ਵੱਖ-ਵੱਖ ਕਾਲਜਾਂ ਦੀਆਂ ਤੈਰਾਕੀ ਟੀਮਾਂ ਹਿੱਸਾ ਲੈਣਗੀਆਂ।

ਹੀਰੋ ਹਾਂਡਾ ਵਿਸ਼ਵ ਕੱਪ ਹਾਕੀ ਮੁਕਾਬਲੇ ਲਈ ਕੁਆਲੀਫਾਈ ਗੇੜ ਦੇ ਟੂਰਨਾਮੈਂਟ 28 ਫਰਵਰੀ ਤੋਂ

ਲੁਧਿਆਣਾ, 14 ਸਤੰਬਰ - ਹੀਰੋ ਹਾਂਡਾ ਵਿਸ਼ਵ ਕੱਪ ਹਾਕੀ ਮੁਕਾਬਲਾ 2010 'ਚ ਨਵੀਂ ਦਿੱਲੀ ਵਿਖੇ ਕਰਵਾਈ ਜਾ ਰਿਹਾ ਹੈ। ਇਨ੍ਹਾਂ ਤਿੰਨੇ ਟੂਰਨਾਮੈਂਟਾਂ ਵਿਚ ਕੁਲ 18 ਟੀਮਾਂ ਹਿੱਸਾ ਲੈਣਗੀਆਂ ਜਿਨ੍ਹਾਂ ਵਿਚੋਂ ਹਰ ਟੂਰਨਾਮੈਂਟ ਦੀ ਚੈਂਪੀਅਨ ਟੀਮ ਨੂੰ ਅਗਲੇ ਵਰ੍ਹੇ ਵਿਸ਼ਵ ਕੱਪ ਵਿਚ ਦਾਖ਼ਲਾ ਮਿਲੇਗਾ। 28 ਫਰਵਰੀ 2010 ਤੋਂ 13 ਮਾਰਚ ਤੱਕ ਹੋਣ ਵਾਲੇ ਵਿਸ਼ਵ ਕੱਪ ਹਾਕੀ ਮੁਕਾਬਲੇ ਵਿਚ ਕੁਲ 12 ਟੀਮਾਂ ਹਿੱਸਾ ਲੈਣਗੀਆਂ ਜਿਨ੍ਹਾਂ ਵਿਚ 9 ਟੀਮਾਂ ਪਹਿਲਾਂ ਹੀ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਵਿਸ਼ਵ ਕੱਪ ਹਾਕੀ ਕੁਆਲੀਫਾਈ ਗੇੜ ਦਾ ਪਹਿਲਾਂ ਮੁਕਾਬਲਾ ਫਰਾਂਸ ਦੇ ਸ਼ਹਿਰ ਲਿਲੀ ਵਿਖੇ 31 ਅਕਤੂਬਰ ਤੋਂ 8 ਨਵੰਬਰ ਤੱਕ ਹੋਵੇਗਾ ਜਿਸ ਵਿਚ ਪਾਕਿਸਤਾਨ, ਜਾਪਾਨ, ਫਰਾਂਸ, ਪੋਲੈਂਡ, ਰੂਸ, ਇਟਲੀ ਦੀਆਂ ਟੀਮਾਂ ਹਿੱਸਾ ਲੈਣਗੀਆਂ। ਦੂਸਰਾ ਕੁਆਲੀਫਾਈ ਗੇੜ ਟੂਰਨਾਮੈਂਟ ਨਿਊਜ਼ੀਲੈਂਡ ਦੇ ਸ਼ਹਿਰ ਇਨਬਰਕਾਰਗਿੱਲ ਵਿਖੇ 7 ਤੋਂ 13 ਨਵੰਬਰ ਤੱਕ ਹੋਵੇਗਾ ਇਸ ਟੂਰਨਾਮੈਂਟ ਵਿਚ ਚੀਨ, ਮਲੇਸ਼ੀਆ, ਆਸਟਰੀਆ, ਸਕਾਟਲੈਂਡ, ਵੇਲਜ਼, ਮੇਜ਼ਬਾਨ, ਨਿਊਜੀਲੈਂਡ ਦੀਆਂ ਟੀਮਾਂ ਹਿੱਸਾ ਲੈਣਗੀਆਂ, ਜਦ ਕਿ ਤੀਸਰਾ ਕੁਆਲੀਫਾਈ ਗੇੜ ਟੂਰਨਾਮੈਂਟ ਅਰਜਨ ਟਾਈਨਾ ਦੇ ਸ਼ਹਿਰ ਕਿਆਊਲਮਿਸ ਵਿਖੇ 14 ਤੋਂ 22 ਨਵੰਬਰ ਤੱਕ ਹੋਵੇਗਾ ਇਸ ਵਿਚ ਅਰਜਨਟੀਨਾ, ਬੈਲਜੀਅਮ, ਆਇਰਲੈਂਡ, ਅਮਰੀਕਾ, ਚੈੱਕ ਗਣਰਾਜ, ਚਿੱਲੀ ਦੀਆਂ ਟੀਮਾਂ ਹਿੱਸਾ ਲੈਣਗੀਆਂ।

ਅੰਤਰ ਜ਼ਿਲ੍ਹਾ ਸਕੂਲ ਖੇਡਾਂ 17 ਸਤੰਬਰ ਤੋਂ

ਜਲੰਧਰ, 14 ਸਤੰਬਰ - ਸਿੱਖਿਆ ਵਿਭਾਗ ਪੰਜਾਬ ਵੱਲੋਂ ਅੰਤਰ ਜ਼ਿਲਾ ਸਕੂਲ ਖੇਡਾਂ ਦੇ ਕੈਲੰਡਰ ਵਿਚ ਤਬਦੀਲੀ ਕਰਕੇ ਪੰਜਾਬ ਸਕੂਲ ਖੇਡਾਂ ਨੂੰ 17 ਸਤੰਬਰ ਤੋਂ ਕਰਵਾਉਣ ਦੇ ਹੁਕਮ ਦਿੱਤੇ ਹਨ ਜਿਸ ਨਾਲ ਪੰਜਾਬ ਦੇ ਸਕੂਲਾਂ ਵਿਚ ਪੜ੍ਹਨ ਵਾਲੇ ਖਿਡਾਰੀ ਇਸ ਵੇਲੇ ਦੁਚਿੱਤੀ ਵਿਚ ਫਸ ਗਏ ਹਨ। ਕਿਉਂਕਿ ਇਕ ਪਾਸੇ 14 ਸਤੰਬਰ ਤੋਂ ਸਕੂਲਾਂ ਦੇ ਵਿਚ ਇਮਤਿਹਾਨ ਸ਼ੁਰੂ ਹੋ ਚੁੱਕੇ ਹਨ ਜੋ 25 ਸਤੰਬਰ ਤੱਕ ਜਾਰੀ ਰਹਿਣਗੇ, ਪਰ ਇਸ ਦੇ ਵਿਚ ਸਭ ਤੋਂ ਵੱਡੀ ਮੁਸ਼ਕਿਲ 9ਵੀਂ ਤੋਂ 11ਵੀਂ ਕਲਾਸ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਆ ਰਹੀ ਹੈ, ਕਿਉਂਕਿ ਇਨ੍ਹਾਂ ਦਾ ਇਸ ਵਾਰੀ ਸਮੈਸਟਰ ਸਿਸਟਮ ਹੈ। ਜੋ ਵਿਦਿਆਰਥੀ ਇਸ ਦੇ ਵਿਚੋਂ ਗ਼ੈਰ ਹਾਜ਼ਰ ਹੋ ਜਾਂਦਾ ਹੈ ਤਾਂ ਉਸ ਦਾ ਭਵਿੱਖ ਖਰਾਬ ਹੋ ਜਾਵੇਗਾ। ਇਨ੍ਹਾਂ ਪ੍ਰੀਖਿਆਵਾਂ ਦੇ ਵਿਚ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਬੱਡੀ, ਨੈਟਬਾਲ, ਹੈਂਡਬਾਲ, ਟੇਬਿਲ ਟੈਨਿਸ, ਖੋ-ਖੋ, ਬੇਸਬਾਲ ਤੇ ਤਾਇਕਵਾਂਡੋ ਦੇ ਮੁਕਾਬਲੇ ਕਰਵਾਏ ਜਾਂਦੇ ਹਨ, ਪਰ ਹੁਣ ਖਿਡਾਰੀ ਵਿਚਾਰੇ ਕੀ ਕਰਨ ਉਹ ਪੜ੍ਹਨ ਜਾਂ ਖੇਡਣ, ਇਸ ਦਾ ਜਵਾਬ ਕਿਸੇ ਦੇ ਕੋਲ ਵੀ ਨਹੀਂ ਹੈ। ਖੇਡ ਅਧਿਆਪਕ ਵੀ ਇਸ ਸਬੰਧੀ ਚੁੱਪ ਧਾਰੀ ਬੈਠੇ ਹਨ ਕੀ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਵਿਚ ਹਿੱਸਾ ਦਿਵਾਇਆ ਜਾਵੇ ਜਾਂ ਇਨ੍ਹਾਂ ਨੂੰ ਪੇਪਰਾਂ ਦੇ ਵਿਚ ਬੈਠਣ ਲਈ ਕਿਹਾ ਜਾਵੇ ਜਦਕਿ ਜੋ ਅੰਡਰ ਜ਼ਿਲ੍ਹਾ ਖੇਡ ਕੈਲੰਡਰ ਵਿਚ ਨੈਸ਼ਨਲ ਸਕੂਲ ਗੇਮਜ਼ ਦੇ ਖੇਡ ਕੈਲੰਡਰ ਕਰਕੇ ਤਬਦੀਲੀ ਆਈ ਹੈ ਤਾਂ ਸਿੱਖਿਆ ਵਿਭਾਗ ਪੰਜਾਬ ਨੂੰ ਇਨ੍ਹਾਂ ਖੇਡਾਂ ਦੇ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਭਵਿੱਖ ਬਾਰੇ ਵੀ ਸੋਚਣਾ ਚਾਹੀਦਾ ਹੈ ਤਾਂ ਜੋ ਇਹ ਖਿਡਾਰੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਹਿੱਸਾ ਲੈ ਸਕਣ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਲਦੀ ਜਾਰੀ ਕਰਨੇ ਚਾਹੀਦੇ ਹਨ। ਸਿੱਖਿਆ ਵਿਭਾਗ ਪੰਜਾਬ ਵੱਲੋਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਸਪੋਰਟਸ ਸ਼ਾਖਾ ਦੇ ਪੱਤਰ ਨੰਬਰ 2.2.2009 ਸਪੋਰਟਸ ਚੰਡੀਗੜ੍ਹ 9.9.09 ਦੇ ਅਨੁਸਾਰ ਹੇਠ ਲਿਖੇ ਅਨੁਸਾਰ ਕੀਤੀ ਗਈ ਹੈ। ਹੁਣ ਇਹ ਖੇਡਾਂ ਨਵੀਆਂ ਮਿਤੀਆਂ ਅਨੁਸਾਰ ਕਰਵਾਈਆਂ ਜਾਣਗੀਆਂ। ਕਬੱਡੀ ਅੰਡਰ 14 ਸਾਲ ਲੜਕੇ ਤੇ ਲੜਕੀਆਂ 17 ਤੋਂ 21 ਸਤੰਬਰ ਤੱਕ ਮਾਨਸਾ ਵਿਖੇ ਨੈੱਟਬਾਲ ਅੰਡਰ 17 ਸਾਲ ਲੜਕੇ 17 ਤੋਂ 21 ਸਤੰਬਰ ਤੱਕ ਬਰਨਾਲਾ, ਨੈੱਟਬਾਲ ਅੰਡਰ 17 ਸਾਲ ਲੜਕੀਆਂ 17 ਤੋਂ 21 ਸਤੰਬਰ ਤਕ ਸੰਗਰੂਰ, ਹੈਂਡਬਾਲ ਅੰਡਰ 14 ਸਾਲ ਲੜਕੇ ਤੇ ਲੜਕੀਆਂ 17 ਤੋਂ 21 ਸਤੰਬਰ ਤੱਕ ਸੰਗਰੂਰ ਵਿਖੇ ਕਰਵਾਏ ਜਾਣਗੇ। ਟੇਬਿਲ ਟੈਨਿਸ ਅੰਡਰ 14,17,19 ਸਾਲ ਲੜਕੇ ਤੇ ਲੜਕੀਆਂ 25 ਤੋਂ 29 ਸਤੰਬਰ ਤੱਕ ਰੋਪੜ ਵਿਖੇ, ਖੋ-ਖੋ ਅੰਡਰ 14, 17 ਸਾਲ ਲੜਕੇ ਤੇ ਲੜਕੀਆਂ 30 ਸਤੰਬਰ ਤੋਂ 4 ਅਕਤੂਬਰ ਤੱਕ ਫਤਹਿਗੜ੍ਹ ਸਾਹਿਬ ਵਿਖੇ, ਖੋ-ਖੋ ਅੰਡਰ 19 ਸਾਲ ਲੜਕੇ ਤੇ ਲੜਕੀਆਂ 25 ਤੋਂ 29 ਸਤੰਬਰ ਤੱਕ ਬਠਿੰਡਾ ਵਿਖੇ, ਬੇਸਬਾਲ ਅੰਡਰ 14,17,19 ਸਾਲ ਲੜਕੇ ਤੇ ਲੜਕੀਆਂ 25 ਤੋਂ 29 ਸਤੰਬਰ ਤੱਕ ਮੋਗਾ ਵਿਖੇ ਤੇ ਤਾਇਕਵਾਂਡੋ ਅੰਡਰ 14,17 ਤੇ 19 ਸਾਲ ਵਰਗ ਦੇ ਮੁਕਾਬਲੇ 25 ਤੋਂ 29 ਸਤੰਬਰ ਤੱਕ ਬਠਿੰਡਾ ਵਿਖੇ ਕਰਵਾਏ ਜਾ ਰਹੇ ਹਨ।

ਤੈਰਾਕੀ ਅਤੇ ਵਾਟਰ ਪੋਲੋ ਚੈਂਪੀਅਨਸ਼ਿਪ

ਸੰਗਰੂਰ, 13 ਸਤੰਬਰ - ਸੰਗਰੂਰ ਦੇ ਵਾਰ ਹੀਰੋ ਸਟੇਡੀਅਮ ਪੂਲ ਵਿਚ 35ਵੀਂ ਪੰਜਾਬ ਸਟੇਟ ਤੈਰਾਕੀ ਅਤੇ ਵਾਟਰ ਪੋਲੋ ਚੈਂਪੀਅਨਸ਼ਿਪ ਕਰਵਾਈ ਗਈ। ਇਸ ਤੋਂ ਪਹਿਲਾਂ ਸ੍ਰੀ ਨੌਨਿਹਾਲ ਸਿੰਘ ਵੱਲੋਂ ਵੱਖ-ਵੱਖ ਵਰਗਾਂ ਵਿਚ ਜੇਤੂ ਖਿਡਾਰੀਆਂ, 50 ਮੀਟਰ (ਮਰਦ) ਰਾਹੁਲ ਧੋਟ ਸੰਗਰੂਰ ਪਹਿਲੇ, ਦਲਵੀਰ ਸਿੰਘ ਪੰਜਾਬ ਪੁਲਿਸ ਦੂਸਰੇ ਅਤੇ ਵਰਿੰਦਜੀਤ ਸਿੰਘ ਸੰਗਰੂਰ ਤੀਸਰੇ ਸਥਾਨ ਉਤੇ ਰਹੇ। 50 ਮੀਟਰ ਬੈਕ ਸਟਰੋਕ ਔਰਤਾਂ ਵਿਚ ਸੁਹਾਨਪ੍ਰੀਤ ਕੌਰ ਲੁਧਿਆਣਾ ਪਹਿਲੇ, ਅਜ਼ਲਪ੍ਰੀਤ ਕੌਰ ਸੰਗਰੂਰ ਦੂਸਰੇ ਅਤੇ ਅਲੀਸ਼ਾ ਪਟਿਆਲਾ ਤੀਜੇ ਸਥਾਨ, 400 ਮੀਟਰ ਫਰੀ ਸਟਾਇਲ (ਮਰਦ) ਜਲੰਧਰ ਪਹਿਲੇ, ਸੰਗਰੂਰ ਦੂਸਰੇ ਅਤੇ ਰੋਪੜ ਤੀਸਰੇ ਸਥਾਨ, 400 ਮੀਟਰ ਫਰੀ ਸਟਾਇਲ (ਔਰਤਾਂ) ਲੁਧਿਆਣਾ ਪਹਿਲੇ, ਸੰਗਰੂਰ ਦੂਸਰੇ ਅਤੇ ਰੋਪੜ ਤੀਸਰੇ, 200 ਮੀਟਰ ਵਿਚ (ਔਰਤ) ਸੰਗਰੂਰ ਪਹਿਲੇ, ਲੁਧਿਆਣਾ ਦੂਸਰੇ ਅਤੇ ਜਲੰਧਰ ਤੀਸਰੇ, 200 ਮੀਟਰ (ਮਰਦ) ਸੰਗਰੂਰ ਪਹਿਲੇ, ਪੰਜਾਬ ਪੁਲਿਸ ਦੂਸਰੇ ਅਤੇ ਸੰਗਰੂਰ ਤੀਸਰੇ ਸਥਾਨ 'ਤੇ ਰਹੇ। 100 ਮੀਟਰ ਬੈਕ ਸਟਰੋਕ (ਔਰਤਾਂ) ਸੁਹਾਨਾਪ੍ਰੀਤ ਕੌਰ ਲੁਧਿਆਣਾ ਪਹਿਲੇ, ਅਜਲਪ੍ਰੀਤ ਕੌਰ ਸੰਗਰੂਰ ਦੂਸਰੇ ਅਤੇ ਨਵਨੀਤ ਕੌਰ ਸੰਗਰੂਰ ਤੀਸਰੇ, 100 ਮੀਟਰ ਬੈਕ ਸਟਰੋਕ (ਮਰਦ) ਰਾਹੁਲ ਧੋਟ ਸੰਗਰੂਰ ਪਹਿਲੇ, ਅਮਰਪਾਲ ਸਿੰਘ ਗਰੇਵਾਲ ਲੁਧਿਆਣਾ ਦੂਸਰੇ ਅਤੇ ਅਭੀਨਵ ਧੋਨਜੀਆ ਅੰਮ੍ਰਿਤਸਰ ਤੀਸਰੇ ਸਥਾਨ 'ਤੇ ਰਹੇ। 100 ਮੀਟਰ ਬਟਰਫਲਾਈ (ਔਰਤਾਂ) ਕਵਲਜੀਤ ਲੁਧਿਆਣਾ ਪਹਿਲੇ, ਅਮਰਪ੍ਰੀਤ ਕੌਰ ਖੰਘੂੜਾ ਲੁਧਿਆਣਾ ਦੂਸਰੇ ਅਤੇ ਰਜਨੀ ਤੀਸਰੇ ਸਥਾਨ 'ਤੇ ਰਹੇ। 100 ਮੀਟਰ ਬਟਰਫਲਾਈ (ਮਰਦ) ਅਮਨ ਘਈ ਜਲੰਧਰ ਪਹਿਲੇ, ਰੋਹਿਤ ਜਾਂਬਾ ਜਲੰਧਰ ਦੂਸਰੇ ਅਤੇ ਕਰਨ ਬਰਾੜ ਫਰੀਦਕੋਟ ਤੀਸਰੇ ਸਥਾਨ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।

ਅੰਤਰਰਾਸ਼ਟਰੀ ਕਬੱਡੀ ਲੀਗ ਚੈਂਪੀਅਨਸ਼ਿਪ

ਸਿਧਾਰਥ ਨਗਰ , 13 ਸਤੰਬਰ - ਅੰਤਰਰਾਸ਼ਟਰੀ ਕਬੱਡੀ ਲੀਗ ਚੈਂਪੀਅਨਸ਼ਿਪ ਸਿਧਾਰਥ ਨਗਰ 'ਚ ਕਰਵਾਈ ਜਾ ਰਹੀ ਹੈ। ਇਸ ਦੇ ਦੂਜੇ ਦਿਨ ਨੈਸ਼ਨਲ ਸਟਾਈਲ, ਕਬੱਡੀ ਦੇ ਪੁਰਸ਼ ਤੇ ਮਹਿਲਾ ਵਰਗਾਂ 'ਚ ਕ੍ਰਮਵਾਰ ਨਿਰਵੈਰ ਖਾਲਸਾ ਸਪੋਰਟਸ ਅਕੈਡਮੀ ਸ਼ੇਖੂਪੁਰ, ਸਕੰਡੇ ਨੇਵੀਆ ਅਕੈਡਮੀ ਨਾਰਵੇ, ਬੀਚ ਕਬੱਡੀ 'ਚ ਇੰਡੀਅਨ ਕਬੱਡੀ ਇਲੈਵਨ ਦੀਆਂ ਟੀਮਾਂ ਨੇ ਫਾਈਨਲ 'ਚ ਬਣਾ ਲਈ ਹੈ। ਉਧਰ ਸਰਕਲ ਕਬੱਡੀ ਦੇ ਯੁਵਕ ਵਰਗ 'ਚ ਵੀ ਨਿਰਵੈਰ ਖਾਲਸਾ ਦੀ ਅੀਮ ਆਖਰੀ ਚਾਰ 'ਚ ਪੁੱਜ ਗਈ ਹੈ। ਸੀਨੀਅਰ ਵਰਗ 'ਚ ਦਿੱਲੀ ਟਾਈਗਰਜ਼ ਦੀ ਟੀਮ ਜੇਤੂ ਰਹੀ। ਸਰਕਲ ਕਬੱਡੀ ਦੇ ਯੁਵਕ ਵਰਗ (ਅੰਡਰ-23) 'ਚ ਗੁਰਦੀਪ ਸਿੰਘ ਬਿੱਟੀ ਘੱਗਾ ਦੀ ਅਗਵਾਈ ਵਾਲੀ ਨਿਰਵੈਰ ਖਾਲਸਾ ਸਪੋਰਟਸ ਅਕੈਡਮੀ ਸ਼ੇਖੂਪੁਰ ਨੇ ਪੰਜਾਬ ਇਲੈਵਨ ਨੂੰ ਫਸਵੇਂ ਮੈਚ 'ਚ 54-31 ਨਾਲ ਅਤੇ ਨਾਈਟ ਰਾਈਡਰ ਨੂੰ 35-23 ਨਾਲ ਹਰਾ ਕੇ ਆਖਰੀ ਚਾਰ 'ਚ ਸਥਾਨ ਬਣਾਇਆ। ਨਿਰਵੈਰ ਖਾਲਸਾ ਦੇ ਖਿਡਾਰੀ ਜੋਬਨਜੀਤ ਸਿੰਘ, ਸੰਦੀਪ ਸਿੰਘ, ਜਗਤਾਰ ਸਿੰਘ ਤੇ ਗੁਰਵਿੰਦਰ ਸਿੰਘ ਨੇ ਸ਼ਾਨਦਾਰ ਰੇਡਾਂ ਨਾਲ ਆਪਣੀ ਟੀਮ ਨੂੰ ਜੇਤੂ ਰਾਹ ਪਾਇਆ। ਇਸ ਟੀਮ ਦੇ ਜਾਫੀ ਤਸਵੀਰ ਸਿੰਘ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ, ਬਲਦੇਵ ਸਿੰਘ ਤੇ ਲਖਵਿੰਦਰ ਸਿੰਘ ਨੇ ਸ਼ਾਨਦਾਰ ਜੱਫੇ ਲਗਾੲੈ। ਸੀਨੀਅਰ ਵਰਗ ਦੇ ਸਰਕਲ ਸਟਾਈਲ ਮੁਕਾਬਲਿਆਂ 'ਚ ਨਿਰਮਲ ਨਿੰਮਾ ਅਕੈਡਮੀ ਨੇ ਦਿੱਲੀ ਟਾਈਗਰਜ਼ ਨੂੰ 33.5-30 ਨਾਲ ਹਰਾਇਆ। ਸ਼ੇਰੇ ਪੰਜਾਬ ਦੀ ਟੀਮ ਨੂੰ ਸਵੀਡਨ ਕਲੱਬ ਖਿਲਾਫ਼ ਵਾਕ ਓਵਰ ਮਿਲਿਆ। ਸਵੇਰ ਵੇਲੇ ਹੋਏ ਮੈਚ 'ਚ ਸੁਰਜੀਤ ਅਕੈਡਮੀ ਨੇ ਸ਼ੇਰੇ ਪੰਜਾਬ ਅਕੈਡਮੀ ਨੂੰ 53-25 ਨਾਲ ਹਰਾਇਆ। ਨੈਸ਼ਨਲ ਸਟਾਈਲ ਯੂਥ ਦੇ ਇਕ ਲੀਗ ਮੈਚ 'ਚ ਨਿਰਵੈਰ ਖਾਲਸਾ ਦੀ ਟੀਮ ਨੂੰ ਨਵਕਿਰਨ ਇਲੈਵਨ ਹੱਥੋਂ 34-25 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਬੀਚ ਕਬੱਡੀ ਦੇ ਪੁਰਸ਼ ਵਰਗ 'ਚ ਆਲ ਇੰਡੀਆ ਕਬੱਡੀ ਨੇ ਨਿਰਵੈਰ ਖਾਲਸਾ ਨੂੰ 32-30 ਨਾਲ ਫਸਵੇਂ ਮੁਕਾਬਲੇ 'ਚ ਹਰਾ ਕੇ ਸੋਨ ਤਗਮਾ ਜਿੱਤਿਆ। ਨੈਸ਼ਨਲ ਸਟਾਈਲ ਦੇ ਪੁਰਸ਼ ਵਰਗ 'ਚ ਨਿਰਵੈਰ ਖਾਲਸਾ ਦੀ ਟੀਮ ਨੇ ਸਨਸ਼ਾਈਨ ਇਲੈਵਨ ਨੇਪਾਲ ਨੂੰ 45-7 ਨਾਲ ਅਤੇ ਇੰਡੀਅਨ ਕਬੱਡੀ ਇਲੈਵਨ ਨੂੰ 54-17 ਨਾਲ ਹਰਾ ਕੇ ਫਾਈਨਲ ਦਾ ਰਸਤਾ ਪੱਧਰਾ ਕੀਤਾ। ਹੋਰਨਾਂ ਮੈਚਾਂ 'ਚ ਸ਼ੇਰੇ ਪੰਜਾਬ ਨੇ ਨਵਕਿਰਨ ਇਲੈਵਨ ਨੂੰ 66-25 ਨਾਲ, ਸ਼ਨਸਾਈਨ ਇਲੈਵਨ ਨੇ ਇੰਡੀਅਨ ਕਬੱਡੀ ਇਲੈਵਨ ਨਾਲ 66-16 ਨਾਲ, ਸ਼ੇਰੇ ਪੰਜਾਬ ਨੇ ਬੀ. ਐਮ. ਈ. ਐਸ. ਨੂੰ 42-20 ਨਾਲ ਹਰਾਇਆ। ਮਹਿਲਾ ਵਰਗ ਦੇ ਬੀਚ ਤੇ ਨੈਸ਼ਨਲ ਕਬੱਡੀ ਮੁਕਾਬਲਿਆਂ 'ਚ ਸਕੰਡੇ ਨੇਵੀਆ ਨਾਰਵੇ ਦੀਆਂ ਟੀਮਾਂ ਫਾਈਨਲ 'ਚ ਪੁੱਜ ਗਈਆਂ। ਇਹ ਟੀਮ ਕੋਚ ਕੁਲਵਿੰਦਰ ਸਿੰਘ ਤੇ ਸ੍ਰੀਮਤੀ ਲਾਡੀ ਦੀ ਅਗਵਾਈ 'ਚ ਖੇਡ ਰਹੀ ਹੈ।

60ਵੀਂ ਪੰਜਾਬ ਸਟੇਟ ਜੂਨੀਅਰ ਬਾਸਕਿਟਬਾਲ

ਲੁਧਿਆਣਾ, 13 ਸਤੰਬਰ - 60ਵੀਂ ਪੰਜਾਬ ਸਟੇਟ ਜੂਨੀਅਰ ਬਾਸਕਿਟਬਾਲ ਚੈਂਪੀਅਨਸ਼ਿਪ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਈ ਗਈ। ਇਸ ਦੇ ਆਖਰੀ ਦਿਨ ਸੁਪਰਲੀਗ ਦੇ ਖੇਡੇ ਗਏ ਮੈਚਾਂ ਵਿਚ ਲੁਧਿਆਣਾ ਅਕੈਡਮੀ ਨੇ ਮੁੰਡਿਆਂ ਦੇ ਵਰਗ ਵਿਚ ਖਿਤਾਬੀ ਜਿੱਤ, ਜਦਕਿ ਕੁੜੀਆਂ ਵਿਚ ਜ਼ਿਲ੍ਹਾ ਲੁਧਿਆਣਾ ਨੇ ਜਿੱਤਾਂ ਹਾਸਲ ਕਰਦਿਆਂ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਮੁੰਡਿਆਂ ਦੇ ਫਾਈਨਲ ਮੁਕਾਬਲੇ ਵਿਚ ਲੁਧਿਆਣਾ ਨੇ ਮੁਕਤਸਰ ਨੂੰ 78-58 ਨਾਲ ਹਰਾਇਆ, ਲੁਧਿਆਣਾ ਵੱਲੋਂ ਅਮਨਜੋਤ ਨੇ 23, ਜਿੰਮੀ ਜੋਇ ਨੇ 14 ਅੰਕਾਂ ਦਾ ਜੇਤੂ ਯੋਗਦਾਨ ਪਾਇਆ। ਮੁਕਤਸਰ ਵੱਲੋਂ ਪਰਮਿੰਦਰ ਸਿੰਘ ਨੇ 20 ਬਾਸਕਟਾਂ ਪਾਈਆਂ। ਗੁਰਦਾਸਪੁਰ ਨੇ ਜ਼ਿਲ੍ਹਾ ਲੁਧਿਆਣਾ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਕੁੜੀਆਂ ਦੇ ਵਰਗ ਵਿਚ ਲੁਧਿਆਣਾ ਨੇ ਵਰਤਮਾਨ ਚੈਂਪੀਅਨ ਗੁਰਦਾਸਪੁਰ ਨੂੰ 73-65 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਫਾਈਨਲ ਸਮਾਰੋਹ 'ਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਰਾਜਦੀਪ ਸਿੰਘ ਗਿੱਲ ਡੀ. ਜੀ. ਪੀ. ਕਮ ਡਾਇਰੈਕਟਰ ਪੰਜਾਬ ਪੁਲਿਸ ਅਕੈਡਮੀ ਫਿਲੌਰ ਨੇ ਕੀਤੀ। ਇਸ ਮੌਕੇ ਸਾਬਕਾ ਹਾਕੀ ਉਲੰਪਿਅਨ ਬਲਬੀਰ ਸਿੰਘ ਰੇਲਵੇ, ਪ੍ਰੋ: ਕੰਵਲਜੀਤ ਸਿੰਘ ਢੁੱਡੀਕੇ, ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ, ਸਾਬਕਾ ਕਪਤਾਨ ਭਾਰਤੀ ਬਾਸਕਿਟਬਾਲ ਟੀਮ ਪਰਮਿੰਦਰ ਸਿੰਘ ਸੀਨੀਅਰ, ਯੁਰਿੰਦਰ ਸਿੰਘ ਹੇਅਰ ਡਿਪਟੀ ਡਾਇਰੈਕਟਰ ਪੰਜਾਬ ਪੁਲਿਸ ਅਕੈਡਮੀ ਫਿਲੌਰ, ਤੇਜਾ ਸਿੰਘ ਧਾਲੀਵਾਲ, ਪ੍ਰੋ: ਰਜਿੰਦਰ ਸਿੰਘ, ਸ੍ਰੀਮਤੀ ਸੁਰਿੰਦਰ ਧੀਰ, ਤਜਿੰਦਰ ਸਿੰਘ ਨੂਰਪੁਰੀ, ਰੁਪਿੰਦਰ ਸਿੰਘ ਰਵੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਇੰਦਰਮੋਹਨ ਸਿੰਘ ਕਾਦੀਆਂ, ਤਰਲੋਚਨ ਸਿੰਘ ਗਰੇਵਾਲ ਲਲਤੋਂ ਕਲਾਂ, ਪਰਮਜੀਤ ਸਿੰਘ ਮੈਂਬਰ ਬਲਾਕ ਸੰਮਤੀ ਫੁੱਲਾਂਵਾਲ, ਸ਼ਰਨਜੀਤ ਸਿੰਘ ਥਰੀਕੇ, ਅਜੈ ਪਾਲ ਸਿੰਘ ਪੂਨੀਆ ਤੋਂ ਇਲਾਵਾ ਖੇਡ ਜਗਤ ਦੀਆਂ ਹੋਰ ਉੱਘੀਆਂ ਹਸਤੀਆਂ ਹਾਜ਼ਰ ਸਨ।

8ਵੀਂ ਪੰਜਾਬ ਰਾਜ ਜੂਨੀਅਰ ਤੇ ਸੀਨੀਅਰ ਮਰਦ ਔਰਤਾਂ ਦੀ ਤਾਇਕਵਾਂਡੋ ਚੈਂਪੀਅਨਸ਼ਿਪ

ਪਟਿਆਲਾ, 13 ਸਤੰਬਰ - ਬਾਰਾਂਦਰੀ ਰਿੰਕ ਹਾਲ 'ਚ 8ਵੀਂ ਪੰਜਾਬ ਰਾਜ ਜੂਨੀਅਰ ਤੇ ਸੀਨੀਅਰ ਮਰਦ-ਔਰਤਾਂ ਦੀ ਤਾਇਕਵਾਂਡੋ ਚੈਂਪੀਅਨਸ਼ਿਪ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ 'ਚ ਸੂਬਾ ਭਰ ਤੋਂ 300 ਦੇ ਕਰੀਬ ਖਿਡਾਰੀ ਇਸ ਚੈਂਪੀਅਨਸ਼ਿਪ ਵਿਚ ਭਾਗ ਲੈ ਰਹੇ ਹਨ। ਸੂਬਾਈ ਤਕਨੀਕੀ ਡਾਇਰੈਕਟਰ ਸ਼ਿਵ ਪ੍ਰਕਾਸ਼ ਸ਼ੁਕਲਾ, ਸੰਯੁਕਤ ਸਕੱਤਰ ਹਰਮੀਤ ਸਿੰਘ ਵਿਸ਼ੇਸ਼ ਰੂਪ ਵਿਚ ਪੁੱਜੇ ਹੋਏ ਸਨ। ਅੰਮ੍ਰਿਤਸਰ ਦੇ ਅਜਮੇਰ ਸਿੰਘ, ਪਟਿਆਲਾ ਦੇ ਪੁਨੀਤ ਰਾਣੇ ਨੇ ਸੀਨੀਅਰ ਵਰਗ 'ਚ ਚਾਂਦੀ ਅਤੇ ਅਮਨਦੀਪ ਕੁਮਾਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਕੁਝ ਵਿਸ਼ੇਸ਼ ਨਤੀਜਿਆਂ ਵਿਚ ਸੀਨੀਅਰ ਵਰਗ 'ਚ 41 ਕਿਲੋਗ੍ਰਾਮ ਤੱਕ ਪਰਮਜੀਤ ਕੌਰ ਫਿਰੋਜ਼ਪੁਰ ਪਹਿਲਾ, ਆਇਸ਼ਾ ਗੁਰਦਾਸਪੁਰ ਦੂਜਾ, ਪ੍ਰਵੀਨ ਅੰਮ੍ਰਿਤਸਰ ਅਤੇ ਅਮਨਜੋਤਬਠਿੰਡਾ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ। 57 ਤੋਂ 62 ਕਿਲੋਗ੍ਰਾਮ ਮੁਕਾਬਲਿਆਂ 'ਚ ਇੰਦੂ ਠਾਕੁਰ ਅੰਮ੍ਰਿਤਸਰ, ਬਿੰਪੀ ਰਾਜ ਫਰੀਦਕੋਟ, ਮਨਦੀਪ ਬਾਜਵਾ ਅਤੇ ਕੁਲਵਿੰਦਰ ਕੌਰ ਗੁਰਦਾਸਪੁਰ ਨੂੰ ਤੀਜਾ ਸਥਾਨ, 53 ਤੋਂ 57 ਕਿਲੋਗ੍ਰਾਮ ਅਮਨਪ੍ਰੀਤ ਗੁਰਦਾਸਪੁਰ ਨੂੰ ਪਹਿਲਾ, ਮੋਨਿਕਾ ਗੁਰਦਾਸਪੁਰ ਨੂੰ ਦੂਜਾ, ਦੀਪਿਕਾ ਅੰਮ੍ਰਿਤਸਰ ਨੂੰ ਤੀਜਾ ਸਥਾਨ ਮਿਲਿਆ, 67 ਤੋਂ 73 ਕਿਲੋਗਾਮ ਵਰਗ 'ਚ ਦੀਪਿਕਾ ਜਲੰਧਰ ਪਹਿਲਾ, ਗੁਰਸੰਤ ਕੌਰ ਜਲੰਧਰ ਦੂਜਾ, ਸੁਨੈਨਾ ਅੰਮ੍ਰਿਤਸਰ ਨੂੰ ਤੀਜਾ ਸਥਾਨ, 73 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ 'ਚ ਰਮਨਦੀਪ ਕੌਰ ਅੰਮ੍ਰਿਤਸਰ ਨੂੰ ਪਹਿਲਾ, ਜੈਸਮੀਨ ਅੰਮ੍ਰਿਤਸਰ ਨੂੰ ਦੂਜਾ, ਮੀਨਾ ਦੀਪ ਕੌਰ ਗੁਰਦਾਸਪਰ ਨੂੰ ਤੀਜਾ ਸਥਾਨ ਮਿਲਿਆ। ਮਰਦਾਂ ਦੇ ਵਰਗ ਵਿਚ 54 ਤੋਂ 58 ਕਿਲੋਗ੍ਰਾਮ ਭਾਰ ਵਰਗ 'ਚ ਅਜਮੇਰ ਸਿੰਘ ਅੰਮ੍ਰਿਤਸਰ ਨੂੰ ਪਹਿਲਾ, ਪੁਨੀਤ ਰਾਣਾ ਪਟਿਆਲਾ ਨੂੰ ਦੂਜਾ, ਲਖਵਿੰਦਰ ਸਿੰਘ ਲੁਧਿਆਣਾ ਅਤੇ ਨਿਤਨ ਗੋਤਰਾ ਜਲੰਧਰ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ, 58 ਤੋਂ 63 ਭਾਰ ਵਰਗ 'ਚ ਹਰਜੀਤ ਸਿੰਘ ਤਰਨਤਾਰਨ ਨੂੰ ਪਹਿਲਾ, ਹਰਮੀਤ ਸਿੰਘ ਜਲੰਧਰ ਨੂੰ ਦੂਜਾ, ਜਗਸੀਰ ਫਰੀਦਕੋਟ ਅਤੇ ਗੁਰਪ੍ਰੀਤ ਕਪੂਰਥਲਾ ਨੂੰ ਤੀਜਾ, 63 ਤੋਂ 68 ਕਿਲੋਗ੍ਰਾਮ ਭਾਰ ਵਗ 'ਚ ਹਰਪਾਲ ਸਿੰਘ ਅੰਮ੍ਰਿਤਸਰ ਨੂੰ ਪਹਿਲਾ, ਅਦਿਤਯ ਬਠਿੰਡਾ ਨੂੰ ਦੂਜਾ, ਰਵੀ ਜਲੰਧਰ ਅਤੇ ਅਮਨਦੀਪ ਕੁਮਾਰ ਪਟਿਆਲਾ ਨੂੰ ਤੀਜਾ ਸਥਾਨ ਮਿਲਿਆ।

ਪੰਜਾਬ ਟੀਮ ਲਈ ਜੂਨੀਅਰ ਹੈਂਡਬਾਲ ਟੀਮ ਦੇ ਚੋਣ ਟਰਾਇਲ

ਲੁਧਿਆਣਾ, 13 ਸਤੰਬਰ - ਲਖਨਊ 'ਚ 30 ਸਤੰਬਰ ਤੋਂ 5 ਅਕਤੂਬਰ ਤੱਕ ਜੂਨੀਅਰ ਰਾਸ਼ਟਰੀ ਹੈਂਡਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਉਸ ਵਾਸਤੇ ਪੰਜਾਬ ਦੀਆਂ ਲੜਕੀਆਂ ਦੀ ਜੂਨੀਅਰ ਹੈਂਡਬਾਲ ਟੀਮ ਦੇ ਚੋਣ ਟਰਾਇਲ 14 ਸਤੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਡ ਮੈਦਾਨਾਂ ਵਿਚ ਹੋ ਰਹੇ ਹਨ। ਇਨ੍ਹਾਂ ਚੋਣ ਟਰਾਇਲਾਂ ਵਿਚ 1 ਜਨਵਰੀ 1990 ਤੋਂ ਬਾਅਦ ਦੇ ਜਨਮੇ ਖਿਡਾਰੀ ਹਿੱਸਾ ਲੈ ਸਕਦੇ ਹਨ। ਭਾਗ ਲੈਣ ਦੇ ਚਾਹਵਾਨ ਖਿਡਾਰੀ ਆਪਣੀ ਉਮਰ ਦਾ ਸਬੂਤ ਲੈ ਕੇ ਪੰਜਾਬ ਹੈਂਡਬਾਲ ਸੰਘ ਦੇ ਸਕੱਤਰ ਬਲਕਾਰ ਸਿੰਘ ਬਰਾੜ ਕੋਲ 14 ਸਤੰਬਰ ਨੂੰ ਸਵੇਰੇ 9 ਵਜੇ ਉਕਤ ਦਿੱਤੇ ਸਥਾਨ 'ਤੇ ਰਿਪੋਰਟ ਕਰ ਸਕਦੇ ਹਨ।

22ਵੀਂ ਪੰਜਾਬ ਸਬ ਜੂਨੀਅਰ ਫੁੱਟਬਾਲ ਲੀਗ

ਜਲੰਧਰ, 11 ਸਤੰਬਰ - 22ਵੀਂ ਪੰਜਾਬ ਸਬ ਜੂਨੀਅਰ ਫੁੱਟਬਾਲ ਲੀਗ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਅਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ। ਇਸ ਦੇ ਪਹਿਲੇ ਮੈਚ ਵਿਚ ਲੁਧਿਆਣਾ ਨੇ ਫਰੀਦਕੋਟ ਨੂੰ 4-0 ਨਾਲ ਹਰਾਇਆ। ਦੂਸਰੇ ਮੈਚ ਵਿਚ ਕਪੂਰਥਲਾ ਨੇ ਮੋਹਾਲੀ ਨੂੰ 2-0 ਨਾਲ ਹਰਾਇਆ। ਤੀਸਰੇ ਮੈਚ ਵਿਚ ਜਲੰਧਰ ਦੀ ਟੀਮ ਨੇ ਜਿਸ ਵਿਚ ਫੁੱਟਬਾਲ ਅਕੈਡਮੀ ਰੁੜਕਾ ਕਲਾਂ ਦੇ ਬੱਚੇ ਖੇਡ ਰਹੇ ਸਨ, ਨੇ ਪਟਿਆਲਾ ਨੂੰ 3-0 ਨਾਲ ਪਛਾੜਿਆ, ਜਿਸ ਵਿਚ ਕਮਲਜੀਤ ਨੇ 9ਵੇਂ ਅਤੇ 26ਵੇਂ ਮਿੰਟ ਵਿਚ ਅਤੇ ਤੀਸਰਾ ਗੋਲ ਰੂਬਲਪ੍ਰੀਤ ਸਿੰਘ ਨੇ ਕੀਤਾ। ਚੌਥੇ ਮੈਚ ਵਿਚ ਗੁਰਦਾਸਪੁਰ ਨੇ ਬਰਨਾਲਾ ਨੂੰ 7-0 ਨਾਲ ਹਰਾਇਆ। 12 ਸਤੰਬਰ ਨੂੰ ਚਾਰ ਕੁਆਰਟਰ ਫਾਈਨਲ ਮੈਚ ਖੇਡੇ ਜਾਣਗੇ, ਜਿਸ ਵਿਚ ਸੰਗਰੂਰ ਬਨਾਮ ਹੁਸ਼ਿਆਰਪੁਰ, ਜਲੰਧਰ ਬਨਾਮ ਗੁਰਦਾਸਪੁਰ, ਨਵਾਂ ਸ਼ਹਿਰ ਬਨਾਮ ਮੁਕਤਸਰ ਅਤੇ ਲੁਧਿਆਣਾ ਬਨਾਮ ਕਪੂਰਥਲਾ ਦੇ ਮੈਚ ਸ਼ਾਮਿਲ ਹਨ।

10ਵਾਂ ਕ੍ਰਿਕਟ ਏਸ਼ੀਆ ਕੱਪ 15 ਤੋਂ 25 ਜੂਨ 2010 ਤੱਕ

ਕੁਆਲਾਲੰਪੁਰ, 11 ਸਤੰਬਰ - 10ਵਾਂ ਕ੍ਰਿਕਟ ਏਸ਼ੀਆ ਕੱਪ 15 ਤੋਂ 25 ਜੂਨ 2010 ਤੱਕ ਕਰਵਾਇਆ ਜਾਵੇਗ। ਟੂਰਨਾਮੈਂਟ ਦੇ ਸਥਾਨ ਦਾ ਫ਼ੈਸਲਾ ਬਾਅਦ ਵਿਚ ਕੀਤਾ ਜਾਵੇਗਾ। ਜਿਸ ਵਿਚ ਬੰਗਲਾਦੇਸ਼, ਭਾਰਤ, ਪਾਕਿਸਤਾਨ ਅਤੇ ਸ੍ਰੀਲੰਕਾ ਵਿਚਾਲੇ ਸੱਤ ਇਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ ਜਾਣਗੇ।

ਬਾਬਾ ਲੋਧੀਆਣਾ ਕਬੱਡੀ ਅਕੈਡਮੀ ਦੇ ਟਰਾਇਲ 13 ਸਤੰਬਰ ਤੋਂ

ਜਲੰਧਰ, 11 ਸਤੰਬਰ - ਮਾਤਾ ਚੰਨਣ ਕੌਰ ਧਨੋਆ ਸਪੋਰਟਸ ਸਟੇਡੀਅਮ ਪਰਸਰਾਮਪੁਰ ਵਿਖੇ ਬਾਬਾ ਲੋਧੀਆਣਾ ਕਬੱਡੀ ਅਕੈਡਮੀ ਦੇ ਟਰਾਇਲ 13 ਸਤੰਬਰ ਨੂੰ ਕਰਵਾਏ ਜਾ ਰਹੇ ਹਨ। ਇਹ ਟਰਾਇਲ ਸਵੇਰੇ 10 ਵਜੇ ਸ਼ੁਰੂ ਹੋਣਗੇ ਤੇ ਇਨ੍ਹਾਂ ਟਰਾਇਲਾਂ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਤੇ ਉਨ੍ਹਾਂ ਦਾ ਵਜ਼ਨ ਵੀ 70 ਕਿਲੋਗ੍ਰਾਮ ਤੋਂ ਉੱਪਰ ਹੋਣਾ ਚਾਹੀਦਾ ਹੈ।
 

ਸਵ: ਉਪਲ ਯਾਦਗਾਰੀ ਟੂਰਨਾਮੈਂਟ 4 ਦਸੰਬਰ ਤੋਂ

ਜਗਰਾਉਂ, 10 ਸਤੰਬਰ - ਚੌਥਾ ਕਬੱਡੀ ਟੂਰਨਾਮੈਂਟ 4-5 ਦਸੰਬਰ ਨੂੰ ਜਗਰਾਉਂ 'ਚ ਕਰਵਾਇਆ ਜਾ ਰਿਹਾ ਹੈ ਜੋ ਕਿ ਸਵ. ਜਗਦੇਵ ਸਿੰਘ ਉਪਲ ਦੀ ਯਾਦ ਨੂੰ ਸਮਰਪਿਤ ਹੋਵੇਗਾ। ਇਸ ਦੋ ਰੋਜ਼ਾ ਟੂਰਨਾਮੈਂਟ 'ਚ 4 ਦਸੰਬਰ 2009 ਨੂੰ ਪਿੰਡ ਵਾਰ ਓਪਨ ਅਤੇ 5 ਦਸੰਬਰ 2009 ਨੂੰ ਓਪਨ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ।

ਸਬ ਜੂਨੀਅਰ ਤੇ ਜੂਨੀਅਰ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੀਆਂ ਪੰਜਾਬ ਟੀਮਾਂ

ਜਲੰਧਰ, 10 ਸਤੰਬਰ - ਦੁਰਗ (ਮੱਧ ਪ੍ਰਦੇਸ਼) 'ਚ 12 ਤੋਂ 21 ਸਤੰਬਰ ਤੱਕ ਸਬ ਜੂਨੀਅਰ ਤੇ ਜੂਨੀਅਰ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੇ ਵਰਗ ਵਿਚਕਾਰ ਕਰਵਾਈ ਜਾਵੇਗੀ। ਇਸ ਚੈਂਪੀਅਨਸ਼ਿਪ ਲਈ ਪੰਜਾਬ ਦੇ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਸਬ ਜੂਨੀਅਰ ਲੜਕੀਆਂ ਦੇ ਵਰਗ ਵਿਚ ਪ੍ਰਵੀਨ ਕੌਰ, ਮਨਪ੍ਰੀਤ ਕੌਰ, ਦਵਿੰਦਰ ਕੌਰ, ਹਰਕੀਰਤ ਕੌਰ, ਦਵਿੰਦਰ ਕੌਰ ਤੇ ਦਲਜੀਤ ਕੌਰ, ਲੜਕੇ ਵਰਗ ਵਿਚ ਮਨੀਪਾਲ, ਸਿਮਰਨਜੀਤ ਸਿੰਘ, ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ ਵਿਕਾਸ, ਹਰਜੋਤ ਸਿੰਘ, ਕਰਮਦੀਪ ਸਿੰਘ ਦੀ ਚੋਣ ਕੀਤੀ ਗਈ। ਮੀਨੂੰ ਡੋਗਰਾ, ਨਾਜਰ ਸਿੰਘ ਤੇ ਸੁਰਿੰਦਰ ਪਾਲ ਨੂੰ ਟੀਮ ਦਾ ਕੋਚ ਤੇ ਹਰਦੀਪ ਸਿੰਘ ਨੂੰ ਮੈਨੇਜਰ ਨਿਯੁਕਤ ਕੀਤਾ ਗਿਆ ਹੈ। ਜੂਨੀਅਰ ਲੜਕੀਆਂ ਦੇ ਵਰਗ ਵਿਚ ਪਰਮਜੀਤ ਕੌਰ, ਬਲਵੀਰ ਕੌਰ, ਪ੍ਰਵੀਨ ਕੌਰ, ਰਮਨਦੀਪ ਕੌਰ, ਰਾਜਵਿੰਦਰ ਕੌਰ, ਦਲਜੀਤ ਤੇ ਮਨਪ੍ਰੀਤ ਕੌਰ ਦੀ ਚੋਣ ਕੀਤੀ ਗਈ ਹੈ। ਲੜਕੇ ਵਰਗ ਵਿਚ ਸੁਖਵਿੰਦਰ ਸਿੰਘ, ਧਰਮ ਸਿੰਘ, ਰਵਿੰਦਰ ਕੁਮਾਰ, ਕੁਲਵੀਰ ਸਿੰਘ, ਕਰਨਬੀਰ ਸਿੰਘ, ਨਵਨੀਤ ਸਿੰਘ, ਪਰਮਪਾਲ ਸਿੰਘ, ਅਮੋਲਕ ਸਿੰਘ ਦੀ ਚੋਣ ਇਸ ਟੀਮ ਲਈ ਕੀਤੀ ਗਈ ਹੈ। ਬਲਦੇਵ ਤੇ ਮੀਨੂੰ ਡੋਗਰਾ ਨੂੰ ਟੀਮ ਦਾ ਕੋਚ ਤੇ ਸੁੱਚਾ ਸਿੰਘ ਢੇਸੀ ਨੂੰ ਮੈਨੇਜਰ ਨਿਯੁਕਤ ਕੀਤਾ ਗਿਆ ਹੈ।

ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ

ਮਿਲਾਨ, 10 ਸਤੰਬਰ - ਇਟਲੀ ਦੇ ਸ਼ਹਿਰ ਮਿਲਾਨ ਵਿਚ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਚੱਲ ਰਹੀ ਹੈ। ਇਸ 'ਚ ਬੀਜਿੰਗ ਉਲੰਪਿਕਿ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲਾ ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਸੈਮੀਫਾਈਲ ਵਿਚ ਪਹੁੰਚ ਗਿਆ ਹੈ। ਇਸ ਮੁਕਾਮ 'ਤੇ ਪਹੁੰਚਣ ਵਾਲੇ ਉਹ ਪਹਿਲੇ ਭਾਰਤੀ ਮੁਕੇਬਾਜ਼ ਹਨ। ਵਿਸ਼ਵ ਦੇ ਨੰਬਰ ਦੋ ਮੁੱਕੇਬਾਜ਼ ਵਿਜੇਂਦਰ ਨੇ ਬੁੱਧਵਾਰ ਨੂੰ ਖੇਡੇ ਗਏ 75 ਕਿਲੋਗ੍ਰਾਮ ਭਾਰ ਵਰਗ ਦੇ ਕੁਆਟਰ ਫਾਈਨਲ ਵਿਚ ਯੁਕਰੇਨ ਦੇ ਮੁੱਕੇਬਾਜ਼ ਸਰਗਈ ਦੇਰੇਨਵਿਆਨਚੇਂਕੋ ਨੂੰ 12-4 ਨਾਲ ਹਰਾਇਆ। ਇਸ ਤੋਂ ਪਹਿਲਾਂ ਵਿਜੇਂਦਰ ਨੇ ਪ੍ਰੀ-ਕੁਆਟਰ ਫਾਈਨਲ ਵਿਚ ਕੈਨੇਡਾ ਦੇ ਮੁੱਕੇਬਾਜ਼ ਸਟੀਵ ਰੋਲਜ ਨੂੰ 4-2 ਨਾਲ ਹਰਾਇਆ ਸੀ। ਵਿਜੇਂਦਰ ਦਾ ਮੁਕਾਬਲਾ ਉਜਬੇਕਿਸਤਾਨ ਦੇ ਮੁੱਕੇਬਾਜ਼ ਅਤੋਵ ਅਬੋਸ ਨਾਲ ਹੋਵੇਗਾ। ਅਬੋਸ ਨੇ ਜਰਮਨੀ ਦੇ ਬੁਗਾ ਕਾਂਸਟੇਨਿਨ ਨੂੰ 4-3 ਨਾਲ ਹਰਾਇਆ ਹੈ। ਇਸੇ ਦੌਰਾਨ ਕੁਆਟਰ ਫਾਈਨਲ ਵਿਚ ਪਹੁੰਚੇ ਇਕ ਹੋਰ ਭਾਰਤੀ ਮੁੱਕੇਬਾਜ਼ ਦਿਨੇਸ਼ ਕੁਮਾਰ ਨੂੰ 81 ਕਿਲੋਗ੍ਰਾਮ ਭਾਰ ਵਰਗ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਰੂਸ ਦੇ ਮੁੱਕੇਬਾਜ਼ ਅਰਥਰ ਬੇਤੇਰਵੀਵ ਨੇ ਸਖਤ ਮੁਕਾਬਲੇ ਵਿਚ 5-3 ਨਾਲ ਹਰਾਇਆ।

ਜੂਨੀਅਰ ਪੰਜਾਬ ਅਥਲੈਟਿਕਸ ਚੈਂਪੀਅਨਸ਼ਿਪ 10 ਅਕਤੂਬਰ ਤੋਂ

ਜਲੰਧਰ, 10 ਸਤੰਬਰ - 85ਵੀਂ ਜੂਨੀਅਰ ਓਪਨ ਪੰਜਾਬ ਐਥਲੈਟਿਕਸ ਚੈਂਪੀਅਨਸ਼ਿਪ 10-11 ਅਕਤੂਬਰ ਨੂੰ ਮਾਹਿਲਪੁਰ ਵਿਖੇ ਕਰਵਾਈ ਜਾ ਰਹੀ ਹੈ।

ਪੰਜਾਬ ਰਾਜ ਸੈਕਿੰਡ ਡਵੀਜ਼ਨ ਫੁੱਟਬਾਲ ਲੀਗ

ਜਲੰਧਰ, 9 ਸਤੰਬਰ - ਪੰਜਾਬ ਰਾਜ ਸੈਕਿੰਡ ਡਵੀਜ਼ਨ ਫੁੱਟਬਾਲ ਲੀਗ ਦਾ ਮੈਚ ਗੁਰੂ ਨਾਨਕ ਕਾਲਜ ਫਗਵਾੜਾ ਵਿਖੇ ਖੇਡਿਆ ਗਿਆ। ਇਸ ਲੀਗ ਦਾ ਮੈਚ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਤੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਦਰਮਿਆਨ ਖੇਡਿਆ ਗਿਆ ਜੋ 1-1 ਗੋਲ 'ਤੇ ਬਰਾਬਰ ਰਿਹਾ।

ਕੌਮਾਂਤਰੀ ਕਬੱਡੀ ਲੀਗ 12 ਤੋਂ

ਪਟਿਆਲਾ, 9 ਸਤੰਬਰ - ਨੇਪਾਲ ਦੇ ਸ਼ਹਿਰ ਲੂਮੀਨੀ ਵਿਖੇ ਪਹਿਲੀ ਪਹਿਲੀ ਕੌਮਾਂਤਰੀ ਕਬੱਡੀ ਲੀਗ 12 ਤੋਂ 15 ਸਤੰਬਰ ਤੱਕ ਕਰਵਾਈ ਜਾ ਰਹੀ ਹੈ। ਜਿਸ ਵਿਚ 25 ਦੇ ਕਰੀਬ ਵੱਖ-ਵੱਖ ਮੁਲਕਾਂ ਦੇ ਕਲੱਬਾਂ ਦੀਆਂ ਟੀਮਾਂ ਸ਼ਾਮਿਲ ਹੋ ਰਹੀਆਂ ਹਨ। ਇਸ ਟੂਰਨਾਮੈਂਟ 'ਚ ਨੈਸ਼ਨਲ ਸਟਾਈਲ ਕਬੱਡੀ ਦੇ ਪੁਰਸ਼ ਤੇ ਮਹਿਲਾ ਵਰਗਾਂ ਦੇ ਸੀਨੀਅਰ ਤੇ ਯੂਥ ਵਰਗਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸਰਕਲ ਤੇ ਬੀਚ ਕਬੱਡੀ ਦੇ ਮੁਕਾਬਲੇ ਵੀ ਪੁਰਸ਼ ਤੇ ਮਹਿਲਾ ਵਰਗਾਂ ਲਈ ਸੀਨੀਅਰ ਤੇ ਯੂਥ ਵਰਗਾਂ ਲਈ ਮੁਕਾਬਲੇ ਹੋਣਗੇ। ਇਨ੍ਹਾਂ ਮੁਕਾਬਲਿਆਂ ਲਈ ਜਿਨ੍ਹਾਂ ਮੁਲਕਾਂ ਦੇ ਕਲੱਬਾਂ ਨੇ ਹਿੱਸਾ ਲੈਣ ਲਈ ਹਾਮੀ ਭਰੀ ਹੈ। ਉਨ੍ਹਾਂ ਵਿਚ ਭਾਰਤ, ਸ੍ਰੀਲੰਕਾ, ਮਲੇਸ਼ੀਆ, ਆਇਰਲੈਂਡ, ਨਾਰਵੇ ਤੇ ਸਵੀਡਨ, ਨੇਪਾਲ, ਬੰਗਲਾ ਦੇਸ਼ ਅਤੇ ਭੂਟਾਨ ਆਦਿ ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।

ਏਅਰ ਫੋਰਸ ਬਾਸਕਿਟਬਾਲ ਚੈਂਪੀਅਨਸ਼ਿਪ

ਜਲੰਧਰ, 9 ਸਤੰਬਰ - ਏਅਰ ਫੋਰਸ ਸਟੇਸ਼ਨ ਆਦਮਪੁਰ ਵਿਖੇ ਏਅਰ ਫੋਰਸ ਬਾਸਕਿਟਬਾਲ ਚੈਂਪੀਅਨਸ਼ਿਪ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਖੇਡੇ ਗਏ ਮੈਚਾਂ ਵਿਚ ਵੈਸਟਰਨ ਏਅਰ ਕਮਾਂਡ ਨੇ ਟ੍ਰੇਨਿੰਗ ਏਅਰ ਕਮਾਂਡ ਨੂੰ 86-66 ਨਾਲ ਹਰਾਇਆ। ਦੂਜੇ ਮੈਚ ਵਿਚੋਂ ਨਾਰਦਰਨ ਏਅਰ ਕਮਾਂਡ ਨੇ ਸੈਂਟਰਲ ਏਅਰ ਕਮਾਂਡ ਨੂੰ 69-56 ਨਾਲ ਹਰਾਇਆ। ਤੀਜੇ ਮੈਚ ਵਿਚੋਂ ਸਾਊਥ ਵੈਸਟਰਨ ਏਅਰ ਕਮਾਂਡ ਨੇ ਏਅਰ ਹੈਡਕਵਾਟਰ ਨੂੰ 104-52 ਨਾਲ ਤੇ ਆਖਰੀ ਮੈਚ ਵਿਚੋਂ ਮੇਨਟੀਨੈਂਸ ਕਮਾਂਡ ਨੇ ਈਸਟਨ ਏਅਰ ਕਮਾਂਡ ਤੇ 74-51 ਨਾਲ ਜਿੱਤ ਹਾਸਿਲ ਕੀਤੀ।

ਜੂਨੀਅਰ ਪੰਜਾਬ ਬਾਸਕਿਟਬਾਲ ਚੈਂਪੀਅਨਸ਼ਿਪ ਸ਼ੁਰੂ

ਜਲੰਧਰ, 9 ਸਤੰਬਰ - ਗੁਰੂ ਨਾਨਕ ਸਟੇਡੀਅਮ 'ਚ 10 ਤੋਂ 13 ਸਤੰਬਰ ਤੱਕ ਜੂਨੀਅਰ ਪੰਜਾਬ ਬਾਸਕਿਟਬਾਲ ਚੈਂਪੀਅਨਸ਼ਿਪ (ਲੜਕੇ ਤੇ ਲੜਕੀਆਂ) ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਸ੍ਰੀ ਸਤਪਾਲ ਗੋਸਾਈਂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਕਰਨਗੇ ਤੇ ਇਨਾਮਾਂ ਦੀ ਵੰਡ ਸ੍ਰੀ ਰਾਜਦੀਪ ਸਿੰਘ ਗਿੱਲ ਡੀ.ਜੀ.ਪੀ., ਪੀ.ਪੀ.ਏ. ਫਿਲੌਰ ਕਰਨਗੇ। ਟੀਮਾਂ ਨੂੰ 4 ਪੂਲਾਂ ਦੇ ਵਿਚ ਵੰਡਿਆ ਗਿਆ ਹੈ । ਪਹਿਲਾ ਮੈਚ ਲੁਧਿਆਣਾ ਅਕੈਡਮੀ ਦਾ ਫਿਰੋਜ਼ਪੁਰ ਨਾਲ, ਫਰੀਦਕੋਟ ਜ਼ਿਲ੍ਹੇ ਦਾ ਲੁਧਿਆਣਾ ਨਾਲ, ਮੁਕਤਸਰ ਦਾ ਜਲੰਧਰ ਨਾਲ, ਸੰਗਰੂਰ ਦਾ ਮਾਨਸਾ ਨਾਲ, ਪਟਿਆਲਾ ਦਾ ਮਾਨਸਾ ਨਾਲ ਫਰੀਦਕੋਟ ਦਾ ਮੁਕਤਸਰ ਨਾਲ ਤੇ ਸੰਗਰੂਰ ਦਾ ਲੁਧਿਆਣਾ ਨਾਲ ਮੁਕਾਬਲਾ ਹੋਵੇਗਾ।

31ਵੀਂ ਪੰਜਾਬ ਜੂਡੋ ਚੈਂਪੀਅਨਸ਼ਿਪ 11 ਸਤੰਬਰ ਤੋਂ

ਅਜੀਤ ਨਗਰ, 9 ਸਤੰਬਰ - 31ਵੀਂ ਪੰਜਾਬ ਜੂਡੋ ਚੈਂਪੀਅਨਸ਼ਿਪ 11-13 ਸਤੰਬਰ ਤੱਕ ਬਾਬਾ ਮੱਲ ਦਾਸ ਪਬਲਿਕ ਸਕੂਲ ਮੁਹਾਲੀ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਜੂਨੀਅਰ ਅਤੇ ਸੀਨੀਅਰ ਲੜਕੇ-ਲੜਕੀਆਂ ਭਾਗ ਲੈਣਗੇ। ਪੰਜਾਬ ਵਿਚੋਂ ਆਉਣ ਵਾਲੀਆਂ ਟੀਮਾਂ 11 ਸਤੰਬਰ ਨੂੰ ਸਵੇਰੇ 10 ਵਜੇ ਜੂਡੋ ਕੋਚ ਵਸ਼ਿਸ਼ਟ ਕੋਲ ਹਾਜ਼ਰੀ ਦੇਣਗੀਆਂ।

ਏਅਰ ਫੋਰਸ ਬਾਸਕਿਟਬਾਲ ਚੈਂਪੀਅਨਸ਼ਿਪ

ਜਲੰਧਰ, 8 ਸਤੰਬਰ - ਏਅਰ ਫੋਰਸ ਬਾਸਕਿਟਬਾਲ ਚੈਂਪੀਅਨਸ਼ਿਪ ਏਅਰ ਫੋਰਸ ਸਟੇਸ਼ਨ ਆਦਮਪੁਰ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ 8 ਟੀਮਾਂ ਹਿੱਸਾ ਲੈ ਰਹੀਆਂ ਹਨ। ਖੇਡੇ ਗਏ ਉਦਘਾਟਨੀ ਮੈਚ ਵਿਚ ਵੈਸਟਰਨ ਏਅਰ ਕਮਾਂਡ ਨੇ ਈਸਟਰਨ ਏਅਰ ਕਮਾਂਡ ਨੂੰ 77-38 ਅੰਕਾਂ ਨਾਲ ਹਰਾਇਆ। ਦੂਜੇ ਮੈਚ ਵਿਚੋਂ ਸੈਂਟਰਲ ਏਅਰ ਕਮਾਂਡ ਨੇ ਏਅਰ ਹੈੱਡਕਵਾਰਟਰ ਨੂੰ 77-51 ਨਾਲ, ਮੈਨਟੀਨੈਂਸ ਏਅਰ ਕਮਾਂਡ ਨੇ ਟ੍ਰੇਨਿੰਗ ਏਅਰ ਕਮਾਂਡ ਨੂੰ 52-40 ਅੰਕਾਂ ਨਾਲ ਤੇ ਸਾਊਥ ਵੈਸਟਰਨ ਏਅਰ ਕਮਾਂਡ ਨੇ ਸਦਰਨ ਏਅਰ ਕਮਾਂਡ ਨੂੰ 73-65 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ।

ਪੰਜਾਬ ਯੂਨੀਵਰਸਿਟੀ ਟੇਬਲ ਟੈਨਿਸ ਚੈਂਪੀਅਨਸ਼ਿਪ ਸਮਾਪਤ

ਚੰਡੀਗੜ੍ਹ, 8 ਸਤੰਬਰ - ਪੰਜਾਬ ਯੂਨੀਵਰਸਿਟੀ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵੁਮੈਨ ਦੀ ਟੀਮ ਨੇ ਚੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਚੈਂਪੀਅਨਸ਼ਿਪ 'ਚ ਜੀ. ਜੀ. ਡੀ. ਐਸ. ਡੀ. ਕਾਲਜ ਚੰਡੀਗੜ੍ਹ ਦੀ ਟੀਮ ਨੂੰ ਦੂਜਾ ਸਥਾਨ ਹਾਸਲ ਹੋਇਆ। ਗੁਰੂ ਨਾਨਕ ਖ਼ਾਲਸਾ ਕਾਲਜ ਫਾਰ ਵੁਮੈਨ ਲੁਧਿਆਣਾ ਦੇ ਟੀਮ ਦੇ ਹਿੱਸੇ ਤੀਜਾ ਸਥਾਨ ਆਇਆ ਜਦਕਿ ਏ. ਐਸ. ਕਾਲਜ ਫਾਰ ਵੁਮੈਨ ਖੰਨਾ ਨੂੰ ਇਸ ਚੈਂਪੀਅਨਸ਼ਿਪ ਵਿਚ ਚੌਥੀ ਥਾਂ ਹਾਸਲ ਹੋਈ।

ਵੀਜ਼ਾ ਨਾ ਮਿਲਣ ਕਾਰਨ ਭਾਰਤੀ ਟੀਮ ਦੇ ਕਬੱਡੀ ਚੋਣ ਟਰਾਇਲ ਰੱਦ

ਬਠਿੰਡਾ, 8 ਸਤੰਬਰ - ਭਾਰਤ-ਈਰਾਨ ਦੀਆਂ ਕਬੱਡੀ ਟੀਮਾਂ ਵਿਚਾਲੇ ਹੋਣ ਵਾਲੀ ਕਬੱਡੀ ਲੜੀ ਰੱਦ ਹੋ ਜਾਣ ਕਾਰਨ 11 ਸਤੰਬਰ ਨੂੰ ਖਿਡਾਰੀਆਂ ਦੇ ਲਏ ਜਾਣ ਵਾਲੇ ਚੋਣ ਟਰਾਇਲ ਰੱਦ ਹੋ ਗਏ ਹਨ। ਇਹ ਚੋਣ ਟਰਾਇਲ ਗੁਰੂ ਨਾਨਕ ਸਟੇਡੀਅਮ ਮੋਗਾ ਵਿਖੇ ਭਾਰਤੀ ਕਬੱਡੀ ਟੀਮ ਵਾਸਤੇ ਰੱਖੇ ਗਏ ਸਨ ਪਰੰਤੂ ਈਰਾਨ ਦੀ ਕਬੱਡੀ ਟੀਮ ਨੂੰ ਸਮੇਂ ਸਿਰ ਵੀਜ਼ਾ ਨਾ ਮਿਲਣ ਕਾਰਨ ਚੋਣ ਟਰਾਇਲ ਰੱਦ ਕਰਨੇ ਪਏ ਹਨ। ਜਦੋਂ ਦੁਬਾਰਾ ਦੋਵੇਂ ਕਬੱਡੀ ਟੀਮਾਂ ਵਿਚਕਾਰ ਮੈਚ ਕਰਵਾਉਣ ਦੀਆਂ ਤਰੀਕਾਂ ਨਿਸ਼ਚਿਤ ਹੋਣਗੀਆਂ, ਉਸ ਸਮੇਂ ਐਸੋਸੀਏਸ਼ਨ ਵੱਲੋਂ ਭਾਰਤੀ ਟੀਮ ਵਿਚ ਖੇਡਣ ਦੇ ਇਛੁੱਕ ਕਬੱਡੀ ਖਿਡਾਰੀਆਂ ਨੂੰ ਚੋਣ ਟਰਾਇਲਾਂ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ।

55ਵੀਆਂ ਪੰਜਾਬ ਸਕੂਲ ਖੇਡਾਂ

ਹਰਿਆਣਾ, 8 ਸਤੰਬਰ - 55ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਾਲੀਬਾਲ ਅੰਡਰ 19 ਸਾਲ (ਲੜਕੇ-ਲੜਕੀਆਂ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਦੇ ਦੂਜੇ ਦਿਨ ਅਹਿਮ ਤੇ ਫਸਵੇਂ ਮੈਚ ਵੇਖਣ ਨੂੰ ਮਿਲੇ। ਇਨ੍ਹਾਂ ਮੁਕਾਬਲਿਆਂ ਵਿਚ ਲੜਕੀਆਂ ਵਿਚ ਪਟਿਆਲਾ ਨੇ ਮਾਨਸਾ ਨੂੰ, ਮੁਕਤਸਰ ਨੇ ਅੰਮ੍ਰਿਤਸਰ, ਗੁਰਦਾਸਪੁਰ ਨੇ ਫਰੀਦਕੋਟ ਨੂੰ, ਬਾਦਲ ਵਿੰਗ ਨੇ ਜਲੰਧਰ ਨੂੰ, ਲੁਧਿਆਣਾ ਨੇ ਮੋਗਾ ਨੂੰ ਅਤੇ ਕਪੂਰਥਲਾ ਨੇ ਹੁਸ਼ਿਆਰਪੁਰ ਨੂੰ ਹਰਾਇਆ। ਲੜਕਿਆਂ ਵਿਚ ਮਸਤੂਆਣਾ ਵਿੰਗ ਨੇ ਲੁਧਿਆਣਾ ਨੂੰ ਨਵਾਂਸ਼ਹਿਰ ਨੇ ਬੀੜ ਸਾਹਿਬ ਵਿੰਗ ਨੂੰ, ਖੰਨਾ ਵਿੰਗ ਨੇ ਫਤਿਹਗੜ੍ਹ ਸਾਹਿਬ ਨੂੰ, ਨੂਰਮਹਿਲ ਵਿੰਗ ਨੇ ਜਲੰਧਰ ਨੂੰ, ਮਸਤੂਆਣਾ ਵਿੰਗ ਨੇ ਸਪੋਰਟਸ ਸਕੂਲ ਜਲੰਧਰ ਨੂੰ, ਹਰਿਆਣਾ ਵਿੰਗ ਨੇ ਕਪੂਰਥਲਾ ਨੂੰ, ਸੰਗਰੂਰ ਨੇ ਮੁਕਤਸਰ ਨੂੰ ਅਤੇ ਸਪੋਰਟਸ ਸਕੂਲ ਜਲੰਧਰ ਨੇ ਅੰਮ੍ਰਿਤਸਰ ਨੂੰ ਹਰਾ ਕੇ ਅਗਲੇ ਪੂਲ ਵਿਚ ਪ੍ਰਵੇਸ਼ ਕੀਤਾ।

ਵੈਨਕੂਵਰ ਕਬੱਡੀ ਕਲੱਬ ਦੇ ਪ੍ਰਮੋਟਰ ਸੁੱਖੀ ਬਨਿੰਗ ਇਸ ਦੁਨੀਆ 'ਤੇ ਨਹੀਂ ਰਹੇ

ਜਲੰਧਰ, 8 ਸਤੰਬਰ - ਕਬੱਡੀ ਟੂਰਨਾਮੈਂਟ ਜੋ ਕਿ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਰੀ 'ਚ ਚੱਲ ਰਿਹਾ ਸੀ। ਆਜ਼ਾਦ ਸਪੋਰਟਸ ਕਲੱਬ ਤੇ ਵੈਨਕੂਵਰ ਕਬੱਡੀ ਕਲੱਬ ਦੇ ਚੱਲ ਰਹੇ ਫਸਵੇਂ ਮੈਚ ਵਿਚ ਉਸ ਸਮੇਂ ਸੋਗਮਈ ਲਹਿਰ ਦੌੜ ਗਈ, ਜਦੋਂ ਚਲਦੇ ਮੈਚ ਵਿਚ ਵੈਨਕੂਵਰ ਕਬੱਡੀ ਦੇ ਪ੍ਰਮੁੱਖ ਥੰਮ੍ਹ ਸੁਖਦੇਵ ਸਿੰਘ ਬਨਿੰਗ ਉਰਫ ਸੁਖੀ ਬਨਿੰਗ ਦੀ ਹਿਰਦੇ ਗਤੀ ਰੁਕਣ ਨਾਲ ਅਚਾਨਕ ਮੌਤ ਹੋ ਗਈ। ਕਪੂਰਥਲਾ ਜ਼ਿਲ੍ਹੇ 'ਚ ਪੈਂਦੀ ਤਹਿਸੀਲ ਫਗਵਾੜਾ ਦੇ ਪਿੰਡ ਭਾਣੋਕੀ ਨਾਲ ਸੰਬੰਧ ਰੱਖਣ ਵਾਲੇ ਬਨਿੰਗ ਭਰਾਵਾਂ 'ਚੋਂ ਇਕ ਸੁੱਖੀ ਬਨਿੰਗ ਪਿਛਲੇ ਕਈ ਸਾਲਾਂ ਤੋਂ ਵੈਨਕੂਵਰ ਰਹਿ ਰਹੇ ਸਨ। ਗਿਆਨ ਸਿੰਘ ਬਨਿੰਗ ਤੇ ਸੁੱਖੀ ਬਨਿੰਗ ਪਿਛਲੇ ਕਈ ਸਾਲਾਂ ਤੋਂ ਵੈਨਕੂਵਰ ਕਬੱਡੀ ਦੇ ਪ੍ਰਮੁੱਖ ਮੈਂਬਰਾਂ ਵਿਚ ਸ਼ਾਮਿਲ ਹਨ। ਖੇਡ ਮੈਦਾਨ ਵਿਚ ਸੁੱਖੀ ਬਨਿੰਗ ਦੀ ਹੋਈ ਮੌਤ ਨੇ ਸਭ ਦੇ ਹਿਰਦੇ ਵਲੂੰਧਰ ਦਿੱਤੇ ਤੇ ਚਲਦਾ ਮੈਚ ਪ੍ਰਬੰਧਕਾਂ ਨੇ ਰੱਦ ਕਰ ਦਿੱਤਾ।

26ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 23 ਅਕਤੂਬਰ ਤੋ

ਜਲੰਧਰ, 7 ਸਤੰਬਰ - ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ 'ਚ 26ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 23 ਤੋਂ 30 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ। ਇਸ 'ਚ ਮਰਦਾਂ ਦੇ ਵਰਗ ਵਿਚ ਪਿਛਲੇ ਸਾਲ ਦੀ ਜੇਤੂ ਪੰਜਾਬ ਐਂਡ ਸਿੰਧ ਬੈਂਕ ਅਤੇ ਉਪ-ਜੇਤੂ ਜਾਵੇਦ ਹਾਕੀ ਕਲੱਬ ਪਾਕਿਸਤਾਨ ਦੀਆਂ ਟੀਮਾਂ ਤੋਂ ਇਲਾਵਾ ਏਅਰ ਇੰਡੀਆ ਮੁੰਬਈ, ਭਾਰਤ ਪੈਟਰੋਲੀਅਮ ਮੁੰਬਈ, ਇੰਡੀਅਨ ਆਇਲ ਕਾਰਪੋਰੇਸ਼ਨ ਮੁੰਬਈ, ਪੰਜਾਬ ਪੁਲਿਸ ਜਲੰਧਰ, ਇੰਡੀਅਨ ਏਅਰ ਫੋਰਸ ਦਿੱਲੀ, ਨਾਮਧਾਰੀ ਇਲੈਵਨ ਸਰਸਾ, ਬੀ.ਐਸ.ਐਫ. ਜਲੰਧਰ, ਓ.ਐਨ.ਜੀ.ਸੀ. ਦੇਹਰਾਦੂਨ, ਰੇਲ ਕੋਚ ਫੈਕਟਰੀ ਕਪੂਰਥਲਾ, ਈ.ਐਮ.ਈ. ਜਲੰਧਰ, ਕੋਰ ਆਫ ਸਿਗਨਲ ਜਲੰਧਰ, ਪੰਜਾਬ ਨੈਸ਼ਨਲ ਬੈਂਕ ਦਿੱਲੀ, ਸੀ.ਆਰ.ਪੀ.ਐਫ. ਦਿੱਲੀ ਦੀਆਂ ਟੀਮਾਂ ਭਾਗ ਲੈਣਗੀਆਂ। ਇਨ੍ਹਾਂ ਟੀਮਾਂ ਦੀ ਚੋਣ ਪਦਮ ਸ੍ਰੀ ਪਰਗਟ ਸਿੰਘ, ਲਖਵਿੰਦਰ ਪਾਲ ਸਿੰਘ ਖਹਿਰਾ, ਅਮਰੀਕ ਸਿੰਘ ਪਵਾਰ ਅਤੇ ਇਕਬਾਲ ਸਿੰਘ ਸੰਧੂ ਦੀ ਕਮੇਟੀ ਦੇ ਆਧਾਰ 'ਤੇ ਕੀਤੀ ਗਈ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਸਿੱਧ ਪੀ.ਟੀ.ਸੀ. ਪੰਜਾਬੀ ਚੈਨਲ ਸੈਮੀ ਫਾਈਨਲ ਅਤੇ ਫਾਈਨਲ ਮੈਚਾਂ ਦਾ ਸਿੱਧਾ ਪ੍ਰਸਾਰਣ ਕਰੇਗਾ ਅਤੇ ਇਸ ਤੋਂ ਇਲਾਵਾ ਹਰ ਰੋਜ਼ ਮੈਚਾਂ ਦੀਆਂ ਹਾਈ-ਲਾਈਟਸ ਦਿਖਾਈਆਂ ਜਾਣਗੀਆਂ।

ਰੂਮੀ ਖੇਡ ਮੇਲਾ 27 ਨਵੰਬਰ ਤੋਂ

ਜਗਰਾਉਂ, 7 ਸਤੰਬਰ - 36ਵਾਂ ਸਾਲਾਨਾ ਖੇਡ ਮੇਲਾ 27 ਤੋਂ 30 ਨਵੰਬਰ ਤੱਕ ਪਿੰਡ ਰੂਮੀ ਦੇ ਖੇਡ ਮੈਦਾਨ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਹਾਕੀ ਪਿੰਡ ਵਾਰ, ਕਬੱਡੀ ਓਪਨ, 70 ਕਿਲੋ, 62 ਕਿਲੋ, 57 ਕਿਲੋ, 48 ਕਿਲੋ ਤੋਂ ਇਲਾਵਾ 27 ਨਵੰਬਰ ਨੂੰ ਘੋੜਿਆਂ ਦੀ ਦੌੜ ਵੀ ਕਰਵਾਈ ਜਾਵੇਗੀ।

ਝੋਕ ਹਰੀਹਰ 'ਚ ਪਿੰਡ ਤੂਤ ਦੀ ਕਬੱਡੀ ਜੇਤੂ

ਫ਼ਿਰੋਜ਼ਪੁਰ, 7 ਸਤੰਬਰ - ਝੋਕ ਹਰੀਹਰ 'ਚ ਦੋ ਰੋਜ਼ਾ ਪੇਂਡੂ ਖੇਡ ਮੇਲਾ ਕਰਵਾਇਆ ਗਿਆ। ਇਸ ਖੇਡ ਮੇਲੇ 'ਚ ਆਲ ਓਪਨ ਕਬੱਡੀ ਦੇ ਹੋਏ ਗਹਿਗੱਚ ਮੁਕਾਬਲਿਆਂ 'ਚੋਂ ਵਕੀਲਾਂ ਵਾਲੀ ਕਲੱਬ ਨੇ ਪਿੰਡ ਤੂਤ ਦੇ ਕਬੱਡੀ ਕਲੱਬ ਨੂੰ ਪਛਾੜਦਿਆਂ ਪਹਿਲਾ 20 ਹਜ਼ਾਰ ਰੁਪਏ ਦਾ ਨਗਦ ਇਨਾਮ ਅਤੇ ਟਰਾਫੀ ਕੱਪ ਨੂੰ ਹਾਸਲ ਕੀਤਾ। ਪਿੰਡ ਤੂਤ ਦੀ ਟੀਮ ਉਪ ਜੇਤੂ ਰਹੀ। ਮੈਚਾਂ 'ਚੋਂ ਕੇਸਧਾਰੀ ਕਬੱਡੀ ਖਿਡਾਰੀ ਗੁਰਮੀਤ ਸਿੰਘ, ਚੇਤ ਸਿੰਘ ਵਾਲਾ ਨੂੰ ਸਰਵੋਤਮ ਧਾਵੀ ਅਤੇ ਥਾਣਾ ਚੰਦ ਬਾਜਾ ਨੂੰ ਬੈਸਟ ਜਾਫੀ ਐਲਾਨਿਆ ਗਿਆ। 58 ਕਿਲੋ ਵਰਗ ਦੇ ਕਬੱਡੀ ਮੁਕਾਬਲਿਆਂ 'ਚ ਫੱਕਰ ਝੰਡਾ ਦੀ ਟੀਮ ਫਸਟ ਅਤੇ ਝੋਕ ਹਰੀ ਹਰ ਦੀ ਟੀਮ ਸੈਕੰਡ ਰਹੀ। ਦੂਜੇ ਦਿਨ ਕਰਵਾਏ ਗਏ ਐਥਲੈਟਿਕਸ ਮੁਕਾਬਲਿਆਂ 'ਚ ਬਜੁਰਗਾਂ ਦੀ 100 ਮੀਟਰ ਦੌੜ 'ਚੋਂ ਪੰਜਾਬ ਸਿੰਘ ਉੜਾਗ ਫਸਟ, ਬਖਸ਼ੀਸ਼ ਸਿੰਘ ਚੱਕ ਹਰਾਜ (ਬੈਰਕਾ) ਸੈਕੰਡ, 200 ਮੀਟਰ ਬਜੁਰਗ ਦੌੜ 'ਚ ਬਖਸ਼ੀਸ਼ ਸਿੰਘ ਚੱਕ ਹਰਾਜ ਫਸਟ, ਪੰਜਾਬ ਸਿੰਘ ਉੜਾਗ ਸੈਕੰਡ, 100 ਮੀਟਰ ਨੌਜਵਾਨ ਦੌੜ 'ਚ ਯੁਧਵੀਰ ਸਿੰਘ ਗੁਲਾਮ ਪੱਤਰਾ ਫਸਟ, ਪੁਸ਼ਵਿੰਦਰ ਸਿੰਘ ਆਰ. ਐਸ.ਡੀ. ਕਾਲਜ ਸੈਕੰਡ, 200 ਮੀਟਰ ਦੌੜ 'ਚ ਯੁਧਵੀਰ ਸਿੰਘ ਗੁਲਾਮ ਪੱਤਰਾ ਫਸਟ, ਗੁਰਮੀਤ ਸਿੰਘ ਫਰੀਦਕੋਟ ਸੈਕੰਡ, 800 ਮੀਟਰ ਦੌੜ 'ਚ ਗਰਜੰਟ ਸਿੰਘ ਐਮ.ਐਲ.ਐਮ. ਸਕੂਲ ਫ਼ਿਰੋਜ਼ਪੁਰ ਫਸਟ, ਗੁਰਸਾਹਿਬ ਸਿੰਘ ਆਰ.ਐਸ.ਡੀ. ਸੈਕੰਡ, 300 ਮੀਟਰ ਦੌੜ 'ਚ ਗੁਰਸਾਹਿਬ ਸਿੰਘ ਆਰ.ਐਸ.ਡੀ. ਕਾਲਜ ਫਸਟ, ਨਿਰਮਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸੈਕੰਡ, ਗੋਲਾ ਸੁੱਟਣ ਮੁਕਾਬਲੇ 'ਚ ਈਸ਼ਵਰ ਦਾਸ ਬਜੀਦਪੁਰ ਫਸਟ, ਸੁਖਚੈਨ ਸਿੰਘ ਮੱਲਵਾਲ ਸੈਕੰਡਾ, ਗੋਲਾ ਸੁੱਟਣ ਦੇ ਬਜੁਰਗ ਮੁਕਾਬਲਿਆਂ 'ਚ ਨਛੱਤਰ ਸਿੰਘ ਹਰਾਜ ਸੈਕੰਡ, ਰੱਸਾ ਕੱਸੀ ਮੁਕਾਬਲਿਆਂ ਵਿਚੋਂ ਪਿੰਡ ਖੋਖਰ ਦੇ ਚੋਬਰਾ ਪਹਿਲੇ ਅਤੇ ਝੋਕ ਹਰੀ ਹਰ ਦੇ ਜਵਾਨ ਸੈਕੰਡ ਰਹੇ। ਕਬੱਡੀ ਮੁਕਾਬਲਿਆਂ 'ਚ ਜਗਦੀਪ ਵਾਲੀ, ਤੋਚੀ ਫੱਕਰ ਝੰਡਾ, ਪ੍ਰਗਟ ਹਿੰਮਤਪੁਰਾ, ਗੁਰਵਿੰਦਰ ਗਿਦੀ, ਨਿੱਕਾ ਤੂਤ ਆਦਿ ਕੌਮਾਂਤਰੀ ਖਿਡਾਰਿਆਂ ਦੀ ਕਾਰਗੁਜਾਰੀ ਸ਼ਲਾਘਾਯੋਗ ਸੀ।

ਜੂਨੀਅਰ ਅਤੇ ਸੀਨੀਅਰ ਨੈਸ਼ਨਲ ਅਤੇ ਸਰਕਲ ਸਟਾਈਲ ਜ਼ਿਲ੍ਹਾ ਕਬੱਡੀ ਚੈਂਪੀਅਨਸ਼ਿਪ 26 ਤੋਂ

ਰਾਮਪੁਰਾ ਫੂਲ, 7 ਸਤੰਬਰ - ਲੜਕੇ ਅਤੇ ਲੜਕੀਆਂ ਦੀ ਜੂਨੀਅਰ ਅਤੇ ਸੀਨੀਅਰ ਨੈਸ਼ਨਲ ਅਤੇ ਸਰਕਲ ਸਟਾਈਲ ਜ਼ਿਲ੍ਹਾ ਕਬੱਡੀ ਚੈਪੀਅਨਸ਼ਿਪ 26-27 ਸਤੰਬਰ ਨੂੰ ਬੀਬੀ ਵਾਲਾ ਸਟੇਡੀਅਮ 'ਚ ਕਰਵਾਈ ਜਾਵੇਗੀ। ਇਸ ਚੈਂਪੀਅਨਸ਼ਿਪ ਦੇ ਆਧਾਰ 'ਤੇ 9 ਤੋਂ 11 ਅਕਤੂਬਰ ਤੱਕ ਪਿੰਡ ਜੇਠੂਕੇ ਵਿਖੇ ਹੋਣ ਵਾਲੀ ਰਾਜ ਚੈਂਪੀਅਨਸ਼ਿਪ ਲਈ ਟੀਮਾਂ ਦੀ ਚੋਣ ਵੀ ਕੀਤੀ ਜਾਵੇਗੀ। ਪਹਿਲੇ ਦਿਨ ਸਵੇਰ 11 ਵਜੇ ਲੜਕਿਆਂ ਦੇ ਜੂਨੀਅਰ ਵਰਗ ਦੇ ਸਰਕਲ ਸਟਾਈਲ ਅਤੇ ਸੀਨੀਅਰ ਵਰਗ ਦੇ ਨੈਸ਼ਨ ਸਟਾਈਲ ਮੁਕਾਬਲੇ ਸ਼ੁਰੂ ਕੀਤੇ ਜਾਣਗੇ। ਬਾਕੀ ਮੈਚ 27 ਸਤੰਬਰ ਨੂੰ ਕਰਵਾਏ ਜਾਣਗੇ।

ਪਹਿਲੀ ਬਾਬਾ ਫਰੀਦ ਚੈਂਪੀਅਨਸ਼ਿਪ 21 ਤੋਂ

ਨਕੋਦਰ, 6 ਸਤੰਬਰ - ਪਹਿਲੀ ਬਾਬਾ ਫਰੀਦ ਚੈਂਪੀਅਨਸ਼ਿਪ 21 ਸਤੰਬਰ ਨੂੰ ਫਰੀਦਕੋਟ ਵਿਖੇ ਬਾਬਾ ਜੀ ਦੇ ਮੇਲੇ 'ਤੇ ਕਰਵਾਈ ਜਾਵੇਗੀ। ਤੇ ਉੱਪ-ਜੇਤੂ ਟੀਮ ਨੂੰ 41000 ਰੁਪਏ ਇਨਾਮ ਤੇ ਟਰਾਫੀਆਂ ਦਿੱਤੀਆਂ ਜਾਣਗੀਆਂ ਅਤੇ 22 ਸਤੰਬਰ ਨੂੰ ਭਾਰਤ ਅਤੇ ਈਰਾਨ ਦੀਆਂ ਟੀਮਾਂ ਵਿਚਕਾਰ ਨੈਸ਼ਨਲ ਸਟਾਈਲ ਤੇ ਸਰਕਲ ਕਬੱਡੀ ਦੇ ਮੈਚ ਕਰਵਾਏ ਜਾਣਗੇ। ਉਨ੍ਹਾਂ ਹੋਰ ਕਿਹਾ ਕਿ 23 ਸਤੰਬਰ ਨੂੰ ਦੂਜੀ ਚੈਂਪੀਅਨਸ਼ਿਪ ਮੁਕਤਸਰ ਵਿਖੇ ਹੋਵੇਗੀ ਅਤੇ ਇਨ੍ਹਾਂ ਵਿਚ ਭਾਗ ਲੈਣ ਵਾਲੀਆਂ ਟੀਮਾਂ ਦਾ ਐਲਾਨ ਛੇਤੀ ਕੀਤਾ ਜਾਵੇਗਾ। ਇਨ੍ਹਾਂ ਮੈਚਾਂ ਵਿਚ ਭਾਗ ਲੈਣ ਵਾਲੇ ਖਿਡਾਰੀ ਨਸ਼ਾ ਰਹਿਤ ਹੋਣਗੇ ਅਤੇ ਇਹ ਮੈਚ ਐਮੈਚਿਓਰ ਕਬੱਡੀ ਐਸੋਸੀਏਸ਼ਨ ਵੱਲੋਂ ਜਾਰੀ ਨਿਯਮਾਂ ਅਨੁਸਾਰ ਕਰਾਏ ਜਾਣਗੇ। ਬਾਬਾ ਫਰੀਦ ਮੇਲੇ ਦੀ ਚੈਂਪੀਅਨਸ਼ਿਪ ਵਿਚ ਭਾਈ ਮਹਾਂ ਸਿੰਘ ਕਲੱਬ ਮੁਕਤਸਰ, ਬਾਬਾ ਫਰੀਦ ਕਲੱਬ ਫਰੀਦਕੋਟ, ਮੀਰੀ-ਪੀਰੀ ਕਲੱਬ ਮਹਿਰਾਜ ਬਠਿੰਡਾ, ਭਾਈ ਈਸ਼ਰ ਸਿੰਘ ਅਕੈਡਮੀ ਮੋਗਾ, ਸ਼ਹੀਦ ਭਗਤ ਸਿੰਘ ਅਕੈਡਮੀ ਬਰਨਾਲਾ, ਸ੍ਰੀ ਹਰਗੋਬਿੰਦ ਕਲੱਬ ਹੁਸ਼ਿਆਰਪੁਰ, ਦਸ਼ਮੇਸ਼ ਕਬੱਡੀ ਕਲੱਬ ਮਾਨਸਾ ਅਤੇ ਫਤਿਹਗੜ੍ਹ ਕਬੱਡੀ ਕਲੱਬ ਫਤਿਹਗੜ੍ਹ ਦੀਆਂ ਟੀਮਾਂ ਭਾਗ ਲੈਣਗੀਆਂ।

ਨਿਗਾਹਾ ਪੀਰ ਦੇ ਸਾਲਾਨਾ ਕੁਸ਼ਤੀ ਦੰਗਲ 'ਚ ਪ੍ਰਮਿੰਦਰ ਡੂਮਛੇੜੀ ਦੀ ਬੱਲੇ ਬੱਲੇ

ਔੜ, 6 ਸਤੰਬਰ - ਸਲਾਨਾ ਕੁਸ਼ਤੀ ਦੰਗਲ ਦੇ ਮੁਕਾਬਲੇ ਨਿਗਾਹਾ ਪੀਰ ਚੈਰੀਟੇਬਲ ਟਰੱਸਟ ਗੜ੍ਹੀਅਜੀਤ ਸਿੰਘ ਵਲੋਂ ਸਾਂਈ ਪਿਆਰਾ ਦਾਸ ਦੀ ਸਰਪ੍ਰਸਤੀ ਹੇਠ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਸੰਸਾਰ ਪ੍ਰਸਿੱਧ ਪਹਿਲਵਾਨ ਪ੍ਰਮਿੰਦਰ ਡੂਮਛੇੜੀ ਨੇ ਸੋਨੂੰ ਪਹਿਲਵਾਨ ਨੂੰ ਚਿੱਤ ਕਰਕੇ ਪਟਕੇ ਦਾ ਪਹਿਲਾ ਇਨਾਮ ਬੁਲਟ ਮੋਟਰਸਾਇਕਲ 'ਤੇ ਕਬਜ਼ਾ ਕੀਤਾ। ਕੜਿਆ ਦੀਆਂ ਕੁਸ਼ਤੀਆਂ ਵਿਚ ਲੱਡੂ ਡੂਮਛੇੜੀ ਨੇ ਕਰਮਾ ਮਰੋੜ ਨੂੰ, ਰਾਜੂ ਸਿਰਸਾ ਨੇ ਹਰਜਿੰਦਰ ਹੱਪੋਵਾਲ ਨੂੰ ਤੇ ਮੀਤਾ ਕਾਂਝਲੀ ਨੇ ਕਰਤਾਰ ਡੂਮਛੇੜੀ ਨੂੰ ਹਰਾਇਆ।

55ਵੀਆਂ ਪੰਜਾਬ ਸਕੂਲ ਵਾਲੀਬਾਲ ਖੇਡਾਂ ਸ਼ੁਰੂ

ਹਰਿਆਣਾ (ਹੁਸ਼ਿਆਰਪੁਰ), 6 ਸਤੰਬਰ - ਹੁਸ਼ਿਆਰਪੁਰ ਦੇ ਕਲੱਰ ਖਾਲਸਾ ਸੀਨੀਅਰ ਸੈਕੰਡਰੀ ਹਰਿਆਣਾ 'ਚ 55ਵੀਆਂ ਪੰਜਾਬ ਸਕੂਲ ਖੇਡਾਂ ਵਾਲੀਬਾਲ (ਅੰਡਰ 19 ਸਾਲ ਲੜਕੇ-ਲੜਕੀਆਂ) 7-11 ਸਤੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ। ਇਸ ਟੂਰਨਾਮੈਂਟ 'ਚ ਅੰਡਰ-19 ਸਾਲ ਲੜਕਿਆਂ 'ਚ 20 ਜ਼ਿਲ੍ਹਿਆਂ ਅਤੇ 7 ਵਿੰਗਾਂ ਅਤੇ ਲੜਕੀਆਂ 'ਚ 20 ਜ਼ਿਲ੍ਹਿਆਂ ਤੇ ਇਕ ਵਿੰਗ ਦੀਆਂ ਟੀਮਾਂ ਪਹੁੰਚ ਰਹੀਆਂ ਹਨ, ਜਿਨ੍ਹਾਂ ਦੀ ਰਿਹਾਇਸ਼ ਅਤੇ ਸਾਰੀਆਂ ਗਰਾਊਂਡਾਂ ਦਾ ਪ੍ਰਬੰਧ ਮੁਕੰਮਲ ਕਰ ਲਿਆ ਗਿਆ ਹੈ।

ਕਬੱਡੀ ਟੂਰਨਾਮੈਂਟ 9 ਤੋਂ 11 ਤੱਕ

ਸ਼ਾਮਚੁਰਾਸੀ, 6 ਸਤੰਬਰ - ਕਬੱਡੀ ਟੂਰਨਾਮੈਂਟ 9 ਤੋਂ 11 ਸਤੰਬਰ ਤੱਕ ਬਾਬਾ ਸ਼ਾਮੀ ਸ਼ਾਹ ਦੇ 284ਵੇਂ ਸਲਾਨਾ ਸੰਗੀਤ ਮੇਲੇ 'ਤੇ ਬੱਬਰ ਸ਼ਹੀਦ ਸਪੋਰਟਸ ਕਲੱਬ ਸ਼ਾਮਚੁਰਾਸੀ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਓਪਨ ਕਲੱਬ, ਓਪਨ ਪਿੰਡ ਪੱਧਰ 62,54, 45ਅਤੇ 35 ਕਿਲੋ ਕਲੱਬਾਂ ਦੇ ਮੁਕਾਬਲੇ ਹੋਣਗੇ। ਓਪਨ ਕਲੱਬ ਜੇਤੂ ਟੀਮ ਨੂੰ 25 ਹਜ਼ਾਰ ਦੂਜੇ ਸਥਾਂਨ 'ਤੇ 18 ਹਜ਼ਾਰ ਰੁ: ਨਗਦ ਇਨਾਮ ਤੋਂ ਇਲਾਵਾ ਓਪਨ ਪਿੰਡ ਪੱਧਰ ਨੂੰ ਕਰਮਵਾਰ 10 ਅਤੇ 8 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ।

ਲੜਕੇ ਅਤੇ ਲੜਕੀਆਂ ਦੇ ਮੁੱਕੇਬਾਜ਼ੀ ਮੁਕਾਬਲੇ 13 ਸਤੰਬਰ ਨੂੰ

ਚਮਕੌਰ ਸਾਹਿਬ, 6 ਸਤੰਬਰ - ਲੜਕੇ ਅਤੇ ਲੜਕੀਆਂ ਦੇ ਮੁੱਕੇਬਾਜ਼ੀ ਮੁਕਾਬਲੇ 13 ਸਤੰਬਰ ਸਵੇਰੇ 9 ਵਜੇ ਚਮਕੌਰ ਸਾਹਿਬ ਦੇ ਸਟੇਡੀਅਮ 'ਚ ਕਰਵਾਏ ਜਾਣਗੇ। ਇਹ ਮੁਕਾਬਲੇ ਸ਼ਹੀਦ ਬਾਬਾ ਦੀਪ ਸਿੰਘ ਰੂਰਲ ਸਪੋਰਟਸ ਐਂਡ ਐਜੂਕੇਸ਼ਨਲ ਸੁਸਾਇਟੀ ਵੱਲੋਂ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਵਿਚ ਜੂਨੀਅਰ ਤੇ ਸੀਨੀਅਰ ਵਰਗ ਤੋਂ ਇਲਾਵਾ ਰਾਜ ਤੇ ਕੌਮੀ ਪੱਧਰ ਦੇ ਮੁੱਕੇਬਾਜ਼ ਵੀ ਹਿੱਸਾ ਲੈਣਗੇ।

10 ਪਾਕਿਸਤਾਨੀ ਨਾਮਵਰ ਪਹਿਲਵਾਨ ਭਾਰਤ ਪੁੱਜੇ

ਅਟਾਰੀ ਸਰਹੱਦ, 6 ਸਤੰਬਰ - ਦਿੱਲੀ ਦੇ ਸ਼ਾਲੀਮਾਰ ਬਾਗ 'ਚ ਸਾਲਾਨਾ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਤੋਂ 10 ਨਾਮਵਰ ਪਹਿਲਵਾਨ ਅਟਾਰੀ ਸਰਹੱਦ ਰਸਤੇ ਭਾਰਤ ਪੁੱਜੇ। ਪਹਿਲਵਾਨਾਂ ਦੇ ਵਫ਼ਦ ਦੀ ਅਗਵਾਈ ਕਰ ਰਹੇ ਪਾਕਿਸਤਾਨ ਦੇ ਰੁਸਤਮੇਂ ਹਿੰਦ ਪਹਿਲਵਾਨ ਮੁਹੰਮਦ ਤਾਰੀਕ ਮੀਰਾਂ ਨੇ ਅਟਾਰੀ ਸਰਹੱਦ ਵਿਖੇ ਕਿਹਾ ਕਿ ਉਹ 15 ਦਿਨ ਦੇ ਵੀਜ਼ੇ 'ਤੇ ਦਿੱਲੀ ਵਿਖੇ ਸਥਿਤ ਸ਼ਾਲੀਮਾਰ ਬਾਗ ਦੀਆਂ ਹੋ ਰਹੀਆਂ ਸਾਲਾਨਾ ਕੁਸ਼ਤੀਆਂ ਵਿਚ ਸ਼ਿਰਕਤ ਕਰਨ ਲਈ ਡਾਇਰੈਕਟਰ ਸਪੋਰਟਸ ਪਦਮ ਸ੍ਰੀ ਸਤਿਪਾਲ ਸਿੰਘ ਬੋਹਾਨਾ ਹਰਿਆਣਾ ਦੇ ਸੱਦੇ 'ਤੇ ਭਾਰਤ ਆਏ ਹਨ। ਉਨ੍ਹਾਂ ਕਿਹਾ ਕਿ ਉਹ 15 ਦਿਨ ਦੇ ਭਾਰਤ ਵੀਜ਼ੇ 'ਤੇ ਆਏ ਹਨ ਅਤੇ ਦੋ ਦਿਨ ਦਿੱਲੀ ਵਿਖੇ ਕੁਸ਼ਤੀਆਂ ਮੁਕਾਬਲੇ 'ਚ ਸ਼ਿਰਕਤ ਕਰਨ ਤੋਂ ਬਾਅਦ ਆਪਣੇ ਵਤਨ ਪਾਕਿਸਤਾਨ 8 ਸਤੰਬਰ ਨੂੰ ਪਰਤ ਜਾਣਗੇ। ਉਨ੍ਹਾਂ ਕਿਹਾ ਕਿ ਉਹ ਭਾਰਤ-ਪਾਕਿਸਤਾਨ ਦੇਸ਼ਾਂ ਅੰਦਰ ਇਕ ਵਾਰ ਫਿਰ ਪਹਿਲਾਂ ਦੀ ਤਰ੍ਹਾਂ ਖੇਡਾਂ ਨੂੰ ਪ੍ਰਫੁੱਲਤ ਕਰਨ ਦਾ ਮਕਸਦ ਲੈ ਕੇ ਅਤੇ ਭਾਰਤ-ਪਾਕਿਸਤਾਨ ਦੇਸ਼ਾਂ ਦੇ ਪਹਿਲਵਾਨਾਂ ਦੇ ਆਪਣੀ ਮੇਲ-ਜੋਲ ਨੂੰ ਮਜ਼ਬੂਤ ਕਰਨ ਲਈ ਭਾਰਤ ਆਏ ਹਨ।

ਮੇਲਾ ਸਿੰਘ ਫੁੱਟਬਾਲ ਅਕੈਡਮੀ ਫਗਵਾੜਾ ਅੱਗੇ

ਜਲੰਧਰ, 6 ਸਤੰਬਰ - ਫਗਵਾੜਾ 'ਚ 6ਵੀਂ ਪੰਜਾਬ ਰਾਜ ਸੈਕਿੰਡ ਡਵੀਜ਼ਨ ਫੁੱਟਬਾਲ ਲੀਗ ਸ਼ੁਰੂ ਹੋ ਗਈ ਹੈ। ਇਸ ਲੀਗ ਵਿਚ 6 ਟੀਮਾਂ ਹਿੱਸਾ ਲੈ ਰਹੀਆਂ ਹਨ ਤੇ ਇਸ ਦਾ ਪਹਿਲਾ ਮੈਚ ਗੁਰੂ ਨਾਨਕ ਕਾਲਜ ਫਗਵਾੜਾ ਵਿਖੇ ਹੋਇਆ, ਜਿਸ ਦੇ ਵਿਚ ਮੇਲਾ ਸਿੰਘ ਫੁੱਟਬਾਲ ਅਕੈਡਮੀ ਫਗਵਾੜਾ ਨੇ ਗੁਰਬਚਨ ਸਿੰਘ ਪਰਮਾਰ ਫੁੱਟਬਾਲ ਅਕੈਡਮੀ ਪਾਂਸ਼ਟਾ ਨੂੰ 3-0 ਨਾਲ ਹਰਾ ਕੇ ਜਿੱਤ ਦਰਜ ਕੀਤੀ।

ਕੌਮੀ ਜਿਮਨਾਸਟਿਕ ਚੈਂਪੀਅਨਸ਼ਿਪ 14 ਸਤੰਬਰ ਤੋਂ

ਪਟਿਆਲਾ, 4 ਸਤੰਬਰ - ਪਟਿਆਲਾ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਦੇ ਮੇਜਰ ਤੇਜਿੰਦਰਪਾਲ ਸਿੰਘ ਸੋਹਲ ਇੰਡੋਰ ਹਾਲ ਵਿਖੇ ਭਾਰਤੀ ਸੈਨਾ ਦੇ ਤਿੰਨੇਂ ਵਿੰਗਾਂ ਦੀਆਂ ਟੀਮਾਂ ਦੇ ਜਿਮਨਾਸਟਿਕ ਮੁਕਾਬਲੇ 14 ਤੋਂ 18 ਸਤੰਬਰ ਤੱਕ ਏਅਰ ਫੋਰਸ ਵੱਲੋਂ ਕਰਵਾਏ ਜਾ ਰਹੇ ਹਨ। ਪਹਿਲੀ ਵਾਰ ਸੈਨਾ ਦੀ ਚੈਂਪੀਅਨਸ਼ਿਪ ਸੈਨਾ ਦੇ ਖੇਡ ਕੇਂਦਰਾਂ ਤੋਂ ਬਾਹਰ ਹੋ ਰਹੀ ਹੈ। ਜਿਮਨਾਸਟਿਕ ਪ੍ਰਤੀ ਨਵੀਂ ਪਨੀਰੀ ਨੂੰ ਵਧੇਰੇ ਆਕਰਸ਼ਿਤ ਕਰਨ ਲਈ ਸੈਨਾ ਨੇ ਇਹ ਟੂਰਨਾਮੈਂਟ ਪੰਜਾਬ 'ਚ ਕਰਨ ਨੂੰ ਤਰਜੀਹ ਦਿੱਤੀ ਹੈ। ਇਸ ਚੈਂਪੀਅਨਸ਼ਿਪ 'ਚ ਦੇਸ਼ ਦੇ ਚੋਟੀ ਦੇ ਅਤੇ ਕੌਮਾਂਤਰੀ ਜਿਮਨਾਸਟ ਹਿੱਸਾ ਲੈ ਰਹੇ ਹਨ। ਇਸ ਚੈਂਪੀਅਨਸ਼ਪ 'ਚ ਗੌਰੀ ਜੌਟਲ ਬਾਰ, ਰੋਮਨ ਰਿੰਮਜ, ਵਾਲਟਿੰਗ ਹੌਰਸ, ਪਾਮਲ ਹੋਰਸ, ਫਲੋਰ ਐਸਰਸਾਈਜ਼ ਤੇ ਪੈਰਲਲ ਬਾਰ ਮੁਕਾਬਲੇ ਹੋਣਗੇ। ਇਨ੍ਹਾਂ ਈਵੈਂਟਸ ਦੀ ਦੋ ਵਰਗ ਦੀ ਚੈਂਪੀਅਨਸ਼ਿਪ ਹੋਵੇਗੀ। ਪਹਿਲੀ ਟੀਮ ਤੇ ਦੂਸਰੇ ਵਿਅਕਤੀਗਤ ਵਰਗ ਦੀ ਚੈਂਪੀਅਨਸ਼ਿਪ ਹੋਵੇਗੀ। ਇਸ ਚੈਂਪੀਅਨਸ਼ਪ ਦੌਰਾਨ ਕੌਮੀ ਖੇਡਾਂ ਲਈ ਸੈਲਾ ਦ 9 ਮੈਂਬਰੀ ਟੀਮ ਦੀ ਚੋਣ ਵੀ ਕੀਤੀ ਜਾਵੇਗੀ।

ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ

ਮਿਲਾਨ (ਇਟਲੀ), 4 ਸਤੰਬਰ - ਮਿਲਾਨ ਵਿਖੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਖੇਡੀ ਜਾ ਰਹੀ ਹੈ। ਇਸ ਵਿਚ ਭਾਰਤ ਦੇ ਮਜ਼ਬੂਤ ਮੁੱਕੇਬਾਜ਼ ਨਨਾਓ ਸਿੰਘ ਨੇ ਦੂਜੇ ਗੇੜ 'ਚ ਪ੍ਰਵੇਸ਼ ਪਾ ਲਿਆ ਹੈ। ਨਨਾਓ ਨੇ 48 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ 'ਚ ਅਜ਼ਰਬੇਜਾਨ ਦੇ ਮਾਮਿਸਜਾਦ ਐਲਵਿਨ ਨੂੰ 21-6 ਅੰਕਾਂ ਨਾਲ ਹਰਾਇਆ। ਅਗਲੇ ਗੇੜ 'ਚ ਨਨਾਓ ਦਾ ਮੁਕਾਬਲਾ ਏਸ਼ੀਆਈ ਚੈਂਪੀਅਨ ਥਾਈਲੈਂਡ ਦੇ ਪੋਂਗਪ੍ਰਾਇਉਨ ਕਾਇਓ ਨਾਲ ਹੋਵੇਗਾ। ਜ਼ਿਕਰਯੋਗ ਹੈ ਕਿ ਨਨਾਓ ਅਤੇ ਪੋਂਗਪ੍ਰਾਇਉਨ ਦਾ ਪਹਿਲਾਂ ਵੀ ਏਸ਼ੀਆਈ ਚੈਂਪੀਅਨਸ਼ਿਪ ਦੇ ਫਾਈਨਲ ਗੇੜ 'ਚ ਮੁਕਾਬਲਾ ਹੋਇਆ ਸੀ ਜਿਸ 'ਚ ਨਨਾਓ ਸਿੰਘ ਹਾਰ ਗਿਆ ਸੀ।

ਘਨੁੜਕੀ ਦਾ ਖੇਡ ਮੇਲਾ 11 ਸਤੰਬਰ ਤੋਂ

ਨਾਭਾ, 4 ਸਤੰਬਰ - 11 ਤੋਂ 13 ਸਤੰਬਰ ਤੱਕ ਬਾਬਾ ਤੀਰਥ ਪੁਰੀ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ ਘਨੁੜਕੀ ਦਾ ਸਾਲਾਨਾ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ ਆਲ ਓਪਨ, 65, 57, 52, 47, 42 ਤੇ 37 ਕਿਲੋ ਭਾਰ ਵਰਗ ਦੇ ਕਬੱਡੀ ਮੁਕਾਬਲੇ ਕਰਵਾਏ ਜਾਣਗੇ। ਟੂਰਨਾਮੈਂਟ ਦੇ ਸਰਵੋਤਮ ਖਿਡਾਰੀਆਂ ਨੂੰ ਦੇਸੀ ਘਿਓ ਦਿੱਤਾ ਜਾਵੇਗਾ ਅਤੇ ਜੇਤੂ ਟੀਮਾਂ ਨੂੰ ਨਕਦ ਇਨਾਮ ਦਿੱਤੇ ਜਾਣਗੇ। ਟੂਰਨਾਮੈਂਟ ਦਾ ਉਦਘਾਟਨ ਬਾਬਾ ਸੁਰਜੀਤ ਸਿੰਘ ਘਨੁੜਕੀ ਕਰਨਗੇ।

ਭਾਰਤੀ ਹਾਕੀ ਟੀਮ ਦਾ ਕੈਨੇਡਾ ਦੌਰਾ 3 ਅਕਤੂਬਰ ਤੋਂ

ਜਲੰਧਰ, 4 ਸਤੰਬਰ - ਭਾਰਤੀ ਹਾਕੀ ਟੀਮ ਅਗਲੇ ਸਾਲ ਦਿੱਲੀ ਵਿਖੇ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਦੀਆਂ ਤਿਆਰੀਆਂ ਦੇ ਸਿਲਸਿਲੇ ਦੇ ਤਹਿਤ ਕੈਨੇਡਾ ਵਿਖੇ ਉਸ ਦੇ ਖਿਲਾਫ 6 ਟੈਸਟ ਮੈਚ ਖੇਡਣ ਲਈ ਜਾਵੇਗੀ। ਭਾਰਤੀ ਹਾਕੀ ਟੀਮ ਤਿੰਨ ਤੋਂ 26 ਅਕਤੂਬਰ ਤੱਕ ਕੈਨੇਡਾ ਹਾਕੀ ਟੈਸਟ ਸੀਰੀਜ਼ ਖੇਡਣ ਲਈ ਜਾਵੇਗੀ, ਜਿਸ ਦੇ ਵਿਚ 2 ਟੈਸਟ ਮੈਚ ਵਿਕਟੋਰੀਆ ਤੇ 4 ਵੈਨਕੂਵਰ ਵਿਖੇ ਖੇਡਣਗੇ। ਇਸ ਦੌਰ ਲਈ ਭਾਰਤੀ ਹਾਕੀ ਟੀਮ ਦਾ ਇਕ ਸਿਖਲਾਈ ਕੈਂਪ 7 ਸਤੰਬਰ ਤੋਂ 2 ਅਕਤੂਬਰ ਤੱਕ (ਬਾਲੇਬੇੜੀ) ਪੂਨੇ ਵਿਖੇ ਲਗਾਇਆ ਜਾ ਰਿਹਾ ਹੈ। ਪਿਛਲੇ ਮਹੀਨੇ ਭਾਰਤੀ ਹਾਕੀ ਟੀਮ ਯੂਰਪ ਦੇ ਦੌਰੇ 'ਤੇ ਗਈ ਸੀ ਤੇ ਇਸ ਦੌਰੇ 'ਤੇ ਸਪੇਨ ਦੇ ਕੋਚ ਬਰਾਸਾ ਨੇ ਆਪਣੀ ਰਣਨੀਤੀ ਚਲਾਈ ਸੀ ਤੇ ਇਸ ਲਈ ਉਨ੍ਹਾਂ ਨੂੰ ਅੰਦਾਜ਼ਾ ਹੋ ਗਿਆ ਹੈ ਕਿ ਟੀਮ ਦੇ ਵਿਚ ਕਿੰਨਾ ਕੁ ਦਮ ਹੈ ਤੇ ਇਸ ਦੇ ਵਿਚ ਕਿੰਨੀ ਕੁ ਸੁਧਾਰ ਦੀ ਗੁੰਜਾਇਸ਼ ਹੈ। ਟੈਸਟ ਦਾ ਵੇਰਵਾ ਇਸ ਪ੍ਰਕਾਰ ਹੈ। ਪਹਿਲਾ ਟੈਸਟ 9 ਅਕਤੂਬਰ ਵਿਕਟੋਰੀਆ, ਦੂਜਾ ਟੈਸਟ 11 ਅਕਤੂਬਰ ਵਿਕਟੋਰੀਆ, ਤੀਜਾ ਟੈਸਟ 14 ਅਕਤੂਬਰ ਵੈਨਕੁਵਰ ਚੌਥਾ ਟੈਸਟ 16 ਅਕਤੂਬਰ ਵੈਨਕੂਵਰ ਪੰਜਵਾਂ ਟੈਸਟ 18 ਅਕਤੂਬਰ ਵੈਨਕੂਵਰ ਛੇਵਾਂ ਟੈਸਟ 24 ਅਕਤੂਬਰ ਨੂੰ ਵੈਨਕੂਵਰ ਵਿਖੇ ਖੇਡਿਆ ਜਾਵੇਗਾ।

ਪੰਜਾਬ ਬਾਸਕਿਟਬਾਲ ਚੈਂਪੀਅਨਸ਼ਿਪ 10 ਸਤੰਬਰ ਤੋਂ

ਜਲੰਧਰ, 4 ਸਤੰਬਰ - ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 10 ਤੋਂ 13 ਸਤੰਬਰ ਤੱਕ ਜੂਨੀਅਰ ਪੰਜਾਬ ਬਾਸਕਿਟਬਾਲ ਚੈਂਪੀਅਨਸ਼ਿਪ (ਲੜਕੇ ਤੇ ਲੜਕੀਆਂ) ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ 1 ਜਨਵਰੀ 1991 ਤੋਂ ਬਾਅਦ ਪੈਦਾ ਹੋਏ ਖਿਡਾਰੀ ਹਿੱਸਾ ਲੈ ਸਕਦੇ ਹਨ। ਚੈਂਪੀਅਨਸ਼ਿਪ ਵਿਚ ਜੂਨੀਅਰ ਪੰਜਾਬ ਟੀਮ ਦੀ ਚੋਣ ਕੀਤੀ ਜਾਵੇਗੀ। ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਆਪਣੀਆਂ ਐਂਟਰੀਆਂ 7 ਸਤੰਬਰ ਤੱਕ ਜ਼ਰੂਰ ਭੇਜ ਦੇਣ।

ਵਿਸ਼ਵ ਪੁਲੀਸ ਖੇਡਾਂ 'ਚ ਬਲਵਿੰਦਰ ਬਾਜਵਾ ਦਾ ਸੋਨ ਤਗਮੇ 'ਤੇ ਕਬਜ਼ਾ

ਜਲੰਧਰ, 4 ਸਤੰਬਰ - ਬੀਤੇ ਦਿਨੀਂ ਕਨੇਡਾ ਵਿਖੇ ਵਿਸ਼ਵ ਪੁਲਿਸ ਖੇਡਾਂ ਕਰਵਾਈਆਂ ਗਈਆਂ। ਜਿਸ ਵਿਚ ਵਿਚ ਬੀ. ਐਸ. ਐਫ. ਦੇ ਕਮਾਂਡੈਂਟ ਸਪੋਰਟਸ ਬਲਵਿੰਦਰ ਸਿੰਘ ਬਾਜਵਾ ਨੇ ਸ਼ਾਟਪੁਟ ਈਵੈਂਟਸ ਵਿਚੋਂ ਸੋਨ ਤਗਮਾ ਜਿੱਤ ਕੇ ਮਹਿਕਮੇ ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। ਇਨ੍ਹਾਂ ਦਾ ਜਲੰਧਰ ਬੀ.ਐਸ.ਐਫ. ਕੈਂਪਸ ਪੁੱਜਣ 'ਤੇ ਫੁੱਲਾਂ ਦੇ ਹਾਰ ਪਾ ਕੇ ਖਿਡਾਰੀਆਂ ਨੇ ਸ਼ਾਨਦਾਰ ਸਵਾਗਤ ਕੀਤਾ।

ਅਜ਼ਾਦ ਕਬੱਡੀ ਖੇਡ ਮੇਲਾ 19 ਤੋਂ

ਚੌਂਕੀਮਾਨ, 3 ਸਤੰਬਰ - ਦੂਜਾ ਅਜ਼ਾਦ ਕਬੱਡੀ ਖੇਡ ਮੇਲਾ 19-20 ਸਤੰਬਰ ਨੂੰ ਪਿੰਡ ਢੱਟ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਖੇਡ ਮੇਲਾ ਦਮਦਮਾ ਸਾਹਿਬ ਰਕਬਾ ਦੇ ਸਾਬਕਾ ਮੁੱਖ ਸੇਵਾਦਾਰ ਜਥੇਦਾਰ ਬਾਬਾ ਲਹਿਣਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹੈ। 19 ਸਤੰਬਰ ਸਵੇਰੇ 10 ਵਜੇ ਛੋਟੇ ਤੇ ਵੱਡੇ ਬਲਦਾਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। ਪਹਿਲੇ 15 ਸਥਾਨ ਹਾਸਲ ਕਰਨ ਵਾਲੀਆਂ ਜੋੜੀਆਂ ਨੂੰ ਇਨਾਮ ਦਿੱਤੇ ਜਾਣਗੇ। 20 ਸਤੰਬਰ ਨੂੰ ਕਬੱਡੀ 52 ਕਿਲੋ ਤੇ ਕਬੱਡੀ ਓਪਨ ਦੇ ਦਿਲਕਸ਼ ਮੁਕਾਬਲੇ ਟੂਰਨਾਮੈਂਟ ਦਾ ਸਿਖਰ ਹੋਣਗੇ। ਕਬੱਡੀ ਓਪਨ ਦੀ ਪਹਿਲੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 25 ਹਜ਼ਾਰ ਰੁਪਏ ਨਕਦ ਇਨਾਮ ਤੇ ਟਰਾਫੀ, ਦੂਸਰਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 20 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ਿੰਦਰੀ ਫੁੱਲਾਵਾਲ, ਗੋਰਾ ਜਲਾਲਦੀਵਾਲ ਦਾ ਵਿਸ਼ੇਸ਼ ਸਨਮਾਨ ਹੋਵੇਗਾ।

ਪੰਜਾਬ 'ਵਰਸਿਟੀ ਇੰਟਰ ਕਾਲਜ ਟੈਨਿਸ ਟੂਰਨਾਮੈਂਟ (ਲੜਕੀਆਂ) 'ਚ ਡੀ.ਏ.ਵੀ. ਕਾਲਜ ਚੰਡੀਗੜ੍ਹ ਜੇਤੂ

ਚੰਡੀਗੜ੍ਹ, 3 ਸਤੰਬਰ - ਪੰਜਾਬ 'ਵਰਸਿਟੀ ਇੰਟਰ ਕਾਲਜ ਟੈਨਿਸ ਟੂਰਨਾਮੈਂਟ (ਲੜਕੀਆਂ) ਦੇ ਮੁਕਾਬਲਿਆਂ ਵਿਚ ਡੀ. ਏ. ਵੀ. ਕਾਲਜ ਸੈਕਟਰ 10 ਚੰਡੀਗੜ੍ਹ ਨੇ ਮੋਹਰੀ ਹੋਣ ਦਾ ਮਾਣ ਹਾਸਲ ਕੀਤਾ ਹੈ। ਪੰਜਾਬ ਯੂਨੀਵਰਸਿਟੀ ਗਰਾਊਂਡ ਵਿਖੇ ਕਰਾਏ ਇਨ੍ਹਾਂ ਮੁਕਾਬਲਿਆਂ ਦੇ 2009-10 ਦੇ ਸੈਸ਼ਨ 'ਚ ਪੰਜਾਬ ਯੂਨੀਵਰਸਿਟੀ ਕੈਂਪਸ ਦੀ ਟੀਮ ਨੂੰ ਦੂਜਾ ਸਥਾਨ ਅਤੇ ਸਰਕਾਰੀ ਕਾਲਜ ਫਾਰ ਗਰਲਜ਼ ਸੈਕਟਰ 11 ਦੀ ਟੀਮ ਨੂੰ ਤੀਜਾ ਸਥਾਨ ਮਿਲਿਆ ਜਦਕਿ ਏ. ਐਸ. ਕਾਲਜ ਫਾਰ ਵੁਮੈਨ ਖੰਨਾ ਨੂੰ ਇਸ ਮੁਕਾਬਲੇ 'ਚ ਚੌਥਾ ਸਥਾਨ ਮਿਲਿਆ। ਫਾਈਨਲ ਮੈਚ 'ਚ ਡੀ.ਏ. ਵੀ. ਕਾਲਜ ਸੈਕਟਰ-10 ਚੰਡੀਗੜ੍ਹ ਨੇ ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ੍ਹ ਨੂੰ 2-1 ਦੇ ਫਰਕ ਨਾਲ ਹਰਾਇਆ। ਤੀਜੀ ਤੇ ਚੌਥੀ ਪੁਜੀਸ਼ਨ ਲਈ ਸਰਕਾਰੀ ਕਾਲਜ ਫਾਰ ਗਰਲਜ਼ ਸੈਕਟਰ 11 ਚੰਡੀਗੜ੍ਹ ਦੀ ਟੀਮ ਨੇ ਏ. ਐਸ. ਫਾਰ ਵੁਮੈਨ ਖੰਨਾ (ਲੁਧਿਆਣਾ) ਨੂੰ 2-0 ਦੇ ਫਰਕ 'ਚ ਹਾਰ ਦਿੱਤੀ। ਸਿੰਗਲ ਮੁਕਾਬਲੇ 'ਚ ਅਲਪਿਤ ਨੇ ਨੇਹਾ ਨੂੰ 6-1, 6-3 ਨਾਲ ਹਰਾਇਆ ਜਦਕਿ ਡਬਲਜ਼ ਮੁਕਾਬਲੇ 'ਚ ਅਲਪਿਤ ਤੇ ਅਨਾਮਿਕਾ ਨੇ ਨੇਹਾ ਤੇ ਸ਼ਮੀਰ ਨੂੰ 6-3, 7-5 ਦੇ ਫਰਕ ਨਾਲ ਪਛਾੜਿਆ।

ਝੋਕ ਹਰੀਹਰ ਪੇਂਡੂ ਖੇਡ ਮੇਲਾ 5-6 ਨੂੰ

ਫ਼ਿਰੋਜ਼ਪੁਰ, 3 ਸਤੰਬਰ - ਮਾਲਵੇ ਦਾ ਨਾਮਵਰ ਝੋਕ ਹਰੀਹਰ ਪੇਂਡੂ ਖੇਡ ਮੇਲਾ 5-6 ਸਤੰਬਰ ਨੂੰ ਝੋਕ ਹਰੀਹਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਖੇਡ ਮੇਲਾ ਸੰਧੂ ਗੋਤ ਦੇ ਜਠੇਰੇ ਬਾਬਾ ਕਾਲਾ ਮਾਹਿਰ ਨੂੰ ਸਮਰਪਿਤ ਹੋਵੇਗਾ। 5 ਸਤੰਬਰ ਨੂੰ ਪਹਿਲੇ ਦਿਨ 32 ਕਿਲੋ, 42 ਕਿਲੋ ਅਤੇ 58 ਕਿਲੋ ਕਬੱਡੀ ਮੁਕਾਬਲਿਆਂ ਤੋਂ ਇਲਾਵਾ ਲੜਕੀਆਂ ਦੀ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ। 6 ਸਤੰਬਰ ਨੂੰ ਨੌਜਵਾਨ ਦੌੜਾਂ, ਬਜ਼ੁਰਗ ਦੌੜਾਂ, ਗੋਲਾ ਸੁੱਟਣ ਦੇ ਮੁਕਾਬਲੇ, ਮਿੱਟੀ ਦੀ ਬੋਰੀ ਬੋਰੀ ਵਜ਼ਨ ਚੁੱਕਣ ਦੇ ਮੁਕਾਬਲੇ ਅਤੇ ਆਲ ਓਪਨ ਕਬੱਡੀ ਦੇ ਮੈਚ ਕਰਵਾਏ ਜਾਣਗੇ, ਜਿਸ ਵਿਚ ਪਹਿਲਾ ਇਨਾਮ 20 ਹਜ਼ਾਰ ਰੁਪਏ ਅਤੇ ਦੂਜਾ ਇਨਾਮ 14 ਹਜ਼ਾਰ ਰੁਪਏ ਹੋਵੇਗਾ। ਮੇਲੇ ਦੀਆਂ ਰੋਮਾਂਚਕ ਖੇਡਾਂ ਬਜ਼ੁਰਗਾਂ ਵੱਲੋਂ ਕੁੱਕੜ ਫੜਣਾ ਅਤੇ ਮੂੰਹ ਵਿਚ ਚਮਲ ਲੈ ਕੇ ਉਪਰ ਨਿੰਬੂ ਰੱਖ ਦੌੜਨਾ ਹੋਣਗੀਆਂ। ਆਲ ਓਪਲ ਕਬੱਡੀ 'ਚ ਭਾਗ ਲੈਣ ਵਾਲੇ ਗੁਰਸਿੱਖ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ।

ਕਬੱਡੀ ਅਤੇ ਐਥਲੈਟਿਸ ਲਈ ਚੋਣ 9 ਨੂੰ

ਕਪੂਰਥਲਾ, 3 ਸਤੰਬਰ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ, ਜ਼ਿਲ੍ਹਾ ਕਪੂਰਥਲਾ ਵਿਖੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਏ ਜਾ ਰਹੇ ਖੇਡ ਵਿੰਗ ਵਿਚ ਕਬੱਡੀ ਅੰਡਰ 19 ਸਾਲ ਲੜਕੇ, ਕਬੱਡੀ ਅੰਡਰ 17 ਸਾਲ ਲੜਕੇ ਅਤੇ ਅਥਲੈਟਿਕਸ ਅੰਡਰ 19, ਅੰਡਰ 17 ਵਿਚ ਖਾਲੀ ਸੀਟਾਂ ਨੂੰ ਭਰਨ ਲਈ ਚੋਣ ਟਰਾਇਲ 9 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 9.00 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਲਏ ਜਾਣਗੇ। ਚਾਹਵਾਨ ਵਿਦਿਆਰਥੀ/ਖਿਡਾਰੀ ਆਪਣੇ ਸਰਟੀਫਿਕੇਟ ਅਤੇ ਪਾਸਪੋਰਟ ਸਾਈਜ਼ ਫੋਟੋ ਲੈ ਕੇ ਪਹੁੰਚਣ।

ਓਪਨ ਪੰਜਾਬ ਐਥਲੈਟਿਕਸ ਚੈਂਪੀਅਨਸ਼ਿਪ 12 ਤੋਂ

ਜਲੰਧਰ, 3 ਸਤੰਬਰ - 12-13 ਸਤੰਬਰ ਨੂੰ ਮਸਤੂਆਣਾ (ਸੰਗਰੂਰ) ਵਿਖੇ ਓਪਨ ਪੰਜਾਬ ਐਥਲੈਟਿਕਸ ਚੈਂਪੀਅਨਸ਼ਿਪ ਮਰਦਾਂ ਤੇ ਔਰਤਾਂ ਦੇ ਵਰਗ ਤੇ ਅੰਡਰ 20 ਸਾਲ ਵਰਗ ਵਿਚਕਾਰ ਮੁਕਾਬਲੇ ਕਰਵਾਏ ਜਾਣਗੇ। ਇਸ ਸਬੰਧੀ ਕੋਚਾਂ ਦੇ ਮੈਨੇਜਰਾਂ ਦੀ ਇਕ ਵਿਸ਼ੇਸ਼ ਬੈਠਕ 11 ਸਤੰਬਰ ਨੂੰ 4 ਵਜੇ ਐਥਲੈਟਿਕਸ ਟਰੈਕ 'ਤੇ ਹੋਵੇਗੀ ਤੇ ਚੁਣੀ ਗਈ ਟੀਮ ਇਸ ਚੈਂਪੀਅਨਸ਼ਿਪ ਵਿਚ ਇੰਟਰ ਸਟੇਟ ਨੈਸ਼ਨਲ ਚੈਂਪੀਅਨਸ਼ਿਪ ਜੋ 21 ਤੋਂ 24 ਅਕਤੂਬਰ ਤੱਕ ਚੇਨਈ ਵਿਖੇ ਤੇ 21 ਤੋਂ 5 ਦਸੰਬਰ ਤੱਕ ਨੈਸ਼ਨਲ ਖੇਡਾਂ ਰਾਂਚੀ ਵਿਖੇ ਹਿੱਸਾ ਲਵੇਗੀ।

'ਬ੍ਰਾਂਡ ਅੰਬੈਸਡਰ' ਬਣੇ ਸਲਮਾਨ

ਨਵੀਂ ਦਿੱਲੀ, 2 ਸਤੰਬਰ - ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੂੰ ਸਰਬ ਭਾਰਤੀ ਫੁੱਟਬਾਲ ਫੈਡਰੇਸ਼ਨ ਨੇ ਭਾਰਤੀ ਫੁੱਟਬਾਲ ਦਾ ਬਾਂਡ ਅੰਬੈਸਡਰ ਬਣਨ ਲਈ ਤਿਆਰ ਕਰ ਲਿਆ ਹੈ। ਸਲਮਾਨ ਅੰਬੇਦਕਰ ਸਟੇਡੀਅਮ ਵਿਚ ਸੋਮਵਾਰ ਨੂੰ ਸੀਰੀਆ ਵਿਰੁਧ ਖੇਡੇ ਗਏ ਨਹਿਰੂ ਕੱਪ ਫੁੱਟਬਾਲ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ ਦੌਰਾਨ ਭਾਰਤੀ ਟੀਮ ਦੀ ਹੌਂਸਲਾ ਅਫ਼ਜਾਈ ਲਈ ਪੁੱਜੇ ਸਨ। ਸਲਮਾਨ ਨੇ ਭਾਰਤੀ ਫੁੱਟਬਾਲ ਦੇ ਪ੍ਰਚਾਰ ਤੇ ਪ੍ਰਸਾਰ ਲਈ ਮੁਫ਼ਤ ਵਿਚ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ।

ਰਾਸ਼ਟਰੀ ਟੇਬਲ ਸ਼ੌਕਰ ਚੈਂਪੀਅਨਸ਼ਿਪ 'ਚ ਗੁਰਕਰਨ ਸਿੰਘ ਦਾ ਸੋਨ ਤਗਮੇ 'ਤੇ ਕਬਜ਼ਾ

ਝਬਾਲ, 2 ਸਤੰਬਰ - ਪਿਛਲੇ ਦਿਨੀਂ ਰਾਜੀਵ ਗਾਂਧੀ ਮੈਮੋਰੀਅਲ ਨੈਸ਼ਨਲ ਟੇਬਲ ਸ਼ੌਕਰ ਚੈਂਪੀਅਨਸ਼ਿਪ ਮੁਕਾਬਲੇ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਪ੍ਰਵਾਨੋ ਵਿਖੇ ਕਰਵਾਏ ਗਏ। ਇਸ ਵਿਚ ਭਾਗ ਲੈਣ ਵਾਲੇ ਜ਼ਿਲ੍ਹਾ ਤਰਨਤਾਰਨ ਟੇਬਲ ਸ਼ੌਕਰ ਚੈਂਪੀਅਨਸ਼ਿਪ ਦੇ ਖਿਡਾਰੀ ਅੰਡਰ-16 'ਚ ਸ਼ਾਮਿਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬੁੱਢਾ ਜੀ ਬੀੜ ਸਾਹਿਬ ਦੇ ਵਿਦਿਆਰਥੀ ਗੁਰਕਰਨ ਸਿੰਘ ਬਹੋੜੂ ਨੇ ਸੋਨੇ ਦਾ ਤਗਮਾ ਜਿੱਤਿਆ।

ਕਠਾਰ 'ਚ ਕਬੱਡੀ ਟੂਰਨਾਮੈਂਟ 4 ਸਤੰਬਰ ਤੋਂ

ਹੁਸ਼ਿਆਰਪੁਰ, 2 ਸਤੰਬਰ - ਤੀਜਾ ਵਿਸ਼ਾਲ ਕਬੱਡੀ ਟੂਰਨਾਮੈਂਟ 4 ਤੋਂ 6 ਸਤੰਬਰ ਤੱਕ ਪਿੰਡ ਕਠਾਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਵਿਚ ਓਪਨ ਕਲੱਬ ਜੇਤੂ ਨੂੰ 25 ਹਜ਼ਾਰ ਅਤੇ ਦੂਜਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 15 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ।

ਬਾਕਸਿੰਗ ਮੁਕਾਬਲੇ 4 ਤੋਂ

ਸੰਗਰੂਰ, 2 ਸਤੰਬਰ - 4 ਤੋਂ 6 ਸਤੰਬਰ ਤੱਕ ਪੰਜਾਬ ਰਾਜ ਜੂਨੀਅਰ ਅਤੇ ਸਬ ਜੂਨੀਅਰ ਕਿੱਕ ਬਾਕਸਿੰਗ ਮੁਕਾਬਲੇ ਧੂਰੀ ਦੇ ਕੈਂਬਰਿਜ਼ ਸਕੂਲ ਵਿਖੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲੇ ਵਿਚ ਪੰਜਾਬ ਦੇ ਜ਼ਿਲ੍ਹਿਆਂ ਤੋਂ 300 ਦੇ ਕਰੀਬ ਖਿਡਾਰੀ ਹਿੱਸਾ ਲੈਣਗੇ। ਮੁਕਾਬਲੇ 4 ਸਤੰਬਰ ਨੂੰ ਦੁਪਹਿਰ ਬਾਅਦ ਸ਼ੁਰੂ ਹੋਣਗੇ ਅਤੇ ਇਸ ਮੁਕਾਬਲੇ ਦਾ ਉਦਘਾਟਨ ਸ: ਸੁਖਦੇਵ ਸਿੰਘ ਢੀਂਡਸਾ, ਪ੍ਰਧਾਨ ਪੰਜਾਬ ਔਲੰਪਿਕ ਐਸੋਸੀਏਸ਼ਨ ਕਰਨਗੇ। 1 ਅਕਤੂਬਰ ਤੋਂ ਭੁਵਨੇਸ਼ਵਰ ਵਿਖੇ ਹੋਣ ਵਾਲੀ ਰਾਸ਼ਟਰੀ ਚੈਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਪੰਜਾਬ ਦੀ ਟੀਮ ਦੀ ਚੋਣ ਵੀ ਇਸੇ ਮੁਕਾਬਲੇ ਦੌਰਾਨ ਕੀਤੀ ਜਾਵੇਗੀ।

ਕ੍ਰਿਕਟ ਵਿਸ਼ਵ ਕੱਪ 2011 ਉਦਘਾਟਨ ਸਮਾਰੋਹ ਬੰਗਲਾਦੇਸ਼ ਵਿਚ ਹੋਵੇਗਾ

ਮੁੰਬਈ, 2 ਸਤੰਬਰ - ਕ੍ਰਿਕਟ ਵਿਸ਼ਵ ਕੱਪ 2010 ਜੋ ਕਿ ਭਾਰਤ, ਸ੍ਰੀਲੰਕਾ ਅਤੇ ਬੰਗਲਾਦੇਸ਼ ਦੀ ਮੇਜ਼ਬਾਨੀ 'ਚ ਕਰਵਾਇਆ ਜਾ ਰਿਹਾ ਹੈ। ਇਹ ਵਿਸ਼ਵ ਕੱਪ ਦਾ ਉਦਘਾਟਨ ਸਮਾਰੋਹ 17 ਫਰਵਰੀ ਨੂੰ ਬੰਗਲਾਦੇਸ਼ ਵਿਚ ਹੋਵੇਗਾ ਜਦੋਂਕਿ ਪਹਿਲਾ ਮੈਚ 19 ਫਰਵਰੀ ਨੂੰ ਖੇਡਿਆ ਜਾਵੇਗਾ। ਸਾਰੇ ਮੈਚਾਂ ਦੇ ਸਥਾਨ ਅਤੇ ਸਮੇਂ ਦੇ ਵੇਰਵੇ 9 ਨਵੰਬਰ ਨੂੰ ਐਲਾਨੇ ਜਾਣਗੇ।

55ਵੀਂ ਪੰਜਾਬ ਸਕੂਲ ਕ੍ਰਿਕਟ ਚੈਂਪੀਅਨਸ਼ਿਪ

ਸੰਗਰੂਰ, 2 ਸਤੰਬਰ - 55ਵੀਂ ਪੰਜਾਬ ਸਕੂਲ ਕ੍ਰਿਕਟ (ਅੰਡਰ-16) ਲੜਕੇ ਚੈਂਪੀਅਨਸ਼ਿਪ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਅਤੇ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਦੇ ਮੈਦਾਨਾਂ ਵਿਚ ਕਰਵਾਈ ਜਾ ਰਹੀ ਹੈ। ਇਸ ਦੇ ਦੂਸਰੇ ਦਿਨ ਕੁੱਲ ਅੱਠ ਮੈਚ ਖੇਡੇ ਗਏ। ਉਨ੍ਹਾਂ ਮੈਚਾਂ ਦੌਰਾਨ ਅੰਮ੍ਰਿਤਸਰ ਨੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਨੂੰ, ਰੋਪੜ ਨੇ ਫਤਿਹਗੜ੍ਹ ਸਾਹਿਬ ਨੂੰ, ਮੋਹਾਲੀ ਨੇ ਜਲੰਧਰ ਨੂੰ, ਪਟਿਆਲਾ ਨੇ ਮੋਗਾ ਨੂੰ, ਫਿਰੋਜਪੁਰ ਨੇ ਹੁਸ਼ਿਆਰਪੁਰ ਨੂੰ ਕਰਾਰੀ ਹਾਰ ਦਿੱਤੀ।

ਡਰੋਲੀ ਕਲਾਂ ਕਾਲਜ ਜੇਤੂ

ਆਦਮਪੁਰ, 1 ਸਤੰਬਰ - ਅੰਤਰ ਕਾਲਜ ਕਰਾਸ ਕੰਟਰੀ ਚੈਂਪੀਅਨਸ਼ਿਪ ਜੋ ਕਿ ਆਦਮਪੁਰ ਦੇ ਨੇੜਲੇ ਪਿੰਡ ਡਰੋਲੀ ਕਲਾਂ ਵਿਖੇ ਕਰਵਾਈ ਗਈ। ਜਿਸ ਵਿਚ ਗੁਰੂ ਨਾਨਕ ਖਾਲਸਾ ਕਾਲਜ ਦੇ ਲੜਕਿਆਂ ਨੇ ਸਾਲ 2009-10 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਅੰਤਰ ਕਾਲਜ ਕਰਾਸ ਕੰਟਰੀ ਚੈਂਪੀਅਨਸ਼ਿਪ ਜਿੱਤ ਕੇ ਕਾਲਜ ਦਾ ਖੇਡਾਂ ਦੇ ਖੇਤਰ ਵਿਚ ਪੰਜਵੀਂ ਵਾਰ ਨਾਂਅ ਰੌਸ਼ਨ ਕੀਤਾ ਹੈ। ਕਾਲਜ ਨੇ ਪਿਛਲੇ ਦੱਸ ਸਾਲਾਂ ਵਿਚ ਪੰਜ ਵਾਰ ਪਹਿਲਾ, ਦੋ ਵਾਰ ਦੂਸਰਾ ਅਤੇ ਤਿੰਨ ਵਾਰ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਦਾ ਅੰਮ੍ਰਿਤਪਾਲ ਸਿੰਘ ਅੰਤਰ ਯੂਨੀਵਰਸਿਟੀ ਕਰਾਸ ਕੰਟਰੀ ਚੈਂਪੀਅਨਸ਼ਿਪ ਲਈ ਯੂਨੀਵਰਸਿਟੀ ਵੱਲੋਂ ਚੁਣਿਆ ਗਿਆ ਹੈ।

55ਵੀਂ ਪੰਜਾਬ ਸਕੂਲ ਕ੍ਰਿਕਟ ਚੈਂਪੀਅਨਸ਼ਿਪ ਸ਼ੁਰੂ

ਸੰਗਰੂਰ, 1 ਸਤੰਬਰ - 55ਵੀਂਆਂ ਪੰਜਾਬ ਰਾਜ ਸਕੂਲ ਕ੍ਰਿਕਟ (ਲੜਕੇ) ਅੰਡਰ 16 ਗਰੁੱਪ ਖੇਡਾਂ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਸ਼ੁਰੂ ਹੋ ਗਈਆਂ ਹਨ। 55ਵੀਂ ਪੰਜਾਬ ਰਾਜ ਸਕੂਲ ਕ੍ਰਿਕਟ (ਲੜਕੇ) ਅੰਡਰ 16 ਗਰੁੱਪ ਖੇਡਾਂ ਦਾ ਉਦਘਾਟਨ ਜ਼ਿਲਾ ਸਿੱਖਿਆ ਅਫ਼ਸਰ (ਸ) ਸੰਗਰੂਰ ਸ੍ਰੀਮਤੀ ਰਾਜ ਮਹਿੰਦਰ ਕੌਰ ਵਲੋਂ ਕੀਤਾ ਗਿਆ। 5 ਸਤੰਬਰ ਤੱਕ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਭਰ ਦੇ ਖਿਡਾਰੀ ਕੌਮੀ ਮੁਕਾਬਲਿਆਂ ਦੀ ਚੋਣ ਲਈ ਜੂਝਣਗੇ। ਸਟੇਡੀਅਮ ਅਤੇ ਜਨਰਲ ਗੁਰਨਾਮ ਸਿੰਘ ਸਕੂਲ ਵਿਚ ਆਯੋਜਿਤ ਕੀਤੇ ਜਾਣ ਵਾਲੇ ਇਨ੍ਹਾਂ ਮੁਕਾਬਲਿਆਂ ਵਿਚ ਪਹਿਲਾ ਮੁਕਾਬਲਾ ਕਪੂਰਥਲਾ ਅਤੇ ਫਿਰੋਜਪੁਰ ਵਿਚਕਾਰ ਚੱਲ ਰਿਹਾ ਸੀ।

ਨਹਿਰੂ ਫੁੱਟਬਾਲ ਕੱਪ 'ਚ ਭਾਰਤ ਦੀ ਬੱਲੇ ਬੱਲੇ

ਨਵੀਂ ਦਿੱਲੀ, 1 ਸਤੰਬਰ - ਨਹਿਰੂ ਫੁੱਟਬਾਲ ਕੱਪ ਦੇ ਫਾਈਨਲ ਮੈਚ 'ਚ ਭਾਰਤ ਨੇ ਸੀਰੀਆ ਨੂੰ 6-5 ਨਾਲ ਹਰਾ ਦਿੱਤਾ। ਇਸ ਖੁਸ਼ੀ 'ਚ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਨਹਿਰੂ ਫੁਟਬਾਲ ਕੱਪ ਜਿੱਤਣ ਲਈ ਭਾਰਤੀ ਫੁਟਬਾਲ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਇਹ ਜਿੱਤ ਦੇਸ਼ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰੇਗੀ। ਫੁਟਬਾਲ ਟੀਮ ਦੇ ਨਾਮ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਤੁਹਾਡੇ ਸ਼ਾਨਦਾਰ ਪ੍ਰਦਰਸ਼ਨ 'ਤੇ ਸਾਰੇ ਦੇਸ਼ ਨੂੰ ਮਾਣ ਹੈ।

ਹਾਕੀ ਵਿਸ਼ਵ ਕੱਪ - 2010 'ਚ ਸ਼ਾਮਿਲ ਹੋਣ ਵਾਲੀਆਂ 9 ਟੀਮਾਂ ਦੇ ਨਾਮ

ਚੇਨਈ, 1 ਸਤੰਬਰ - ਵਿਸ਼ਵ ਹਾਕੀ ਕੱਪ 2010 ਜੋ ਕਿ ਨਵੀਂ ਦਿੱਲੀ ਵਿਖੇ 23 ਫਰਵਰੀ ਤੋਂ 18 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਇਸ ਵਿਸ਼ਵ ਹਾਕੀ ਕੱਪ ਵਿਚ ਹਿੱਸਾ ਲੈਣ ਵਾਲੀਆਂ ਕੁਲ 12 ਟੀਮਾਂ ਵਿਚੋਂ 9 ਦੇ ਨਾਂਅ ਤੈਅ ਹੋ ਗਏ ਹਨ। ਮੇਜਬਾਨ ਹੋਣ ਕਰਕੇ ਭਾਰਤ ਨੂੰ ਵਿਸ਼ਵ ਕੱਪ ਵਿਚ ਸਿੱਧਾ ਦਾਖਲਾ ਦਿੱਤਾ ਗਿਆ ਹੈ। ਭਾਰਤ ਦਾ ਪ੍ਰਦਰਸ਼ਨ ਹਾਲਾਂਕਿ ਇਸ ਕਾਬਲ ਨਹੀਂ ਰਿਹਾ ਹੈ। 2006 ਵਿਚ ਜਰਮਨੀ ਵਿਚ ਖੇਡੇ ਗਏ ਵਿਸ਼ਵ ਕੱਪ ਦੇ ਪਿੱਛਲੇ ਐਡੀਸ਼ਨ ਵਿਚ ਭਾਰਤੀ ਟੀਮ 11ਵੇਂ ਸਥਾਨ 'ਤੇ ਰਹੀ ਸੀ। ਜਿਨ੍ਹਾਂ ਟੀਮਾਂ ਦੇ ਨਾਂਅ ਤੈਅ ਹੋ ਚੁੱਕੇ ਹਨ ਉਹ ਇਸ ਤਰ੍ਹਾਂ ਹਨ-ਕੈਨੇਡਾ, ਦੱਖਣੀ ਅਫ਼ਰੀਕਾ, ਦੱਖਣੀ ਕੋਰੀਆ, ਆਸਟਰੇਲੀਆ, ਇੰਗਲੈਂਡ,ਜਰਮਨੀ, ਹਾਲੈਂਡ, ਸਪੇਨ ਤੇ ਭਾਰਤ ਹਨ। ਹੋਰ ਤਿੰਨ ਟੀਮਾਂ ਦਾ ਫੈਸਲਾ ਕੁਆਲੀਫਾਇੰਗ ਟੂਰਨਾਮੈਂਟ ਤੋਂ ਬਾਅਦ ਹੋ ਜਾਵੇਗਾ। ਇਹ ਕੁਆਲੀਫਾਇੰਗ ਟੂਰਨਾਮੈਂਟ ਤਿੰਨ ਗੇੜਾਂ ਵਿਚ ਖੇਡਿਆ ਜਾਣਾ ਹੈ। ਪਹਿਲਾ ਗੇੜ ਫਰਾਂਸ ਦੇ ਸ਼ਹਿਰ ਲਿਲੀ ਵਿਚ 31 ਅਕਤੂਬਰ ਤੋਂ 8 ਨਵੰਬਰ ਤੱਕ, ਦੂਜਾ ਨਿਊਜ਼ੀਲੈਂਡ ਵਿਚ 7-15 ਨਵੰਬਰ ਤੱਕ ਜਦਕਿ ਤੀਜਾ ਅਰਜਨਟੀਨਾ ਵਿਚ 4-22ਨਵੰਬਰ ਤੱਕ ਹੋਵੇਗਾ। ਆਖ਼ਰੀ ਤਿੰਨ ਸਥਾਨਾਂ ਲਈ 18 ਟੀਮਾਂ ਵਿਚ ਜੰਗ ਹੋਵੇਗੀ। ਇਸ ਵਿਚ ਪਾਕਿਸਤਾਨ, ਪੋਲੈਂਡ, ਚੀਨ, ਮਲੇਸ਼ੀਆ, ਬੈਲਜੀਅਮ ਅਤੇ ਅਰਜਨਟੀਨਾ ਪ੍ਰਮੁਖ ਹਨ।

ਕੌਮੀ ਖੇਡਾਂ ਲਈ ਕੇਰਲ ਨੂੰ 110 ਕਰੋੜ ਦੀ ਗ੍ਰਾਂਟ ਦਾ ਗੱਫਾ ਜਾਰੀ

ਨਵੀਂ ਦਿੱਲੀ, 1 ਸਤੰਬਰ -35ਵੀਂਆਂ ਕੌਮੀ ਖੇਡਾਂ ਜੋ ਕਿ ਮਈ 2010 'ਚ ਕੇਰਲ ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਸ ਲਈ ਖੇਡ ਅਤੇ ਯੁਵਕ ਮਾਮਲਿਆਂ ਬਾਰੇ ਮੰਤਰਾਲੇ ਨੇ ਕੇਰਲ ਸਰਕਾਰ ਨੂੰ 110 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਹੈ। ਮੰਤਰਾਲੇ ਵੱਲੋਂ ਜਾਰੀ ਕੀਤੀ ਇਹ ਰਾਸ਼ੀ ਖੇਡਾਂ ਦੇ ਮੁਢਲੇ ਢਾਂਚੇ 'ਚ ਸੁਧਾਰ, ਨਵੇਂ ਮੈਦਾਨ ਬਣਾਉਣ ਅਤੇ ਪੁਰਾਣਿਆਂ ਦੀ ਮੁਰੰਮਤ, ਖੇਡਾਂ ਨਾਲ ਸਬੰਧਿਤ ਸਾਜੋ-ਸਮਾਨ ਦੀ ਖ਼ਰੀਦ ਅਤੇ ਕੌਮੀ ਖੇਡਾਂ ਦੇ ਉਦਘਾਟਨੀ ਤੇ ਸਮਾਪਤੀ ਸਮਾਗਮਾਂ ਉਪਰ ਖ਼ਰਚੀ ਜਾਵੇਗੀ। ਇਹ ਖੇਡਾਂ 2010 ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾ ਦੇਸ਼ ਵਿਚ ਹੋਣ ਵਾਲਾ ਘੇਰਲੂ ਸਭ ਤੋਂ ਵੱਡਾ ਖੇਡ ਕੁੰਭ ਹੋਵੇਗਾ। ਇਸ ਟੂਰਨਾਮੈਂਟ ਵਿਚ ਹੀ ਰਾਸ਼ਟਰਮੰਡਲ ਖੇਡਾਂ ਲਈ ਦੇਸ਼ ਦੇ ਖਿਡਾਰੀਆਂ ਅਤੇ ਟੀਮਾਂ ਦੀ ਚੋਣ ਕੀਤੀ ਜਾਵੇਗੀ। ਇਥੇ ਇਹ ਗੱਲ ਵਰਣਨਯੋਗ ਹੈ ਕਿ ਭਾਰਤੀ ਉਲੰਪਿਕ ਐਸੋਸੀਏਸ਼ਨ ਨੇ 35ਵੀਂਆਂ ਕੌਮੀ ਖੇਡਾਂ ਦੀ ਮੇਜਬਾਨੀ ਕੇਰਲ ਨੂੰ ਸੌਂਪੀ ਸੀ। ਕੇਰਲ ਸਰਕਾਰ ਨੇ ਕੇਂਦਰ ਨੂੰ ਇਸ ਲਗਪਗ 600 ਕਰੋੜ ਦੇ ਪ੍ਰਾਜੈਕਟ ਦਾ ਅੱਧਾ ਹਿੱਸਾ ਦੇਣ ਦੀ ਬੇਨਤੀ ਕੀਤੀ ਸੀ।

ਸੁਖਬੀਰ ਸਿੰਘ ਬਾਦਲ ਹਾਕੀ ਪੰਜਾਬ ਦੇ ਪ੍ਰਧਾਨ ਬਣੇ

ਜਲੰਧਰ/ਅਜੀਤ ਨਗਰ, 31 ਅਗਸਤ - ਪੰਜਾਬ ਹਾਕੀ ਐਸੋਸੀਏਸ਼ਨ ਪੰਜਾਬ ਮਹਿਲਾ ਹਾਕੀ ਐਸੋਸੀਏਸ਼ਨ ਤੇ ਪੈਪਸੂ ਹਾਕੀ ਐਸੋਸੀਏਸ਼ਨ, ਨੇ ਇਕ ਸਾਂਝੇ ਮੰਚ ਤੇ ਇਕੱਠਿਆਂ ਹੋ ਕੇ ਸਰਬਸੰਮਤੀ ਨਾਲ ਪੰਜਾਬ ਦੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਨਵੀਂ ਬਣੀ 'ਹਾਕੀ ਪੰਜਾਬ' ਦਾ ਪ੍ਰਧਾਨ ਨਾਮਜਦ ਕੀਤਾ ਗਿਆ ਹੈ। ਇਸ ਸਬੰਧੀ ਹਾਕੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਇਕ ਵਿਸ਼ੇਸ਼ ਬੈਠਕ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਜਿੱਥੇ ਇਹ ਚੋਣ ਕੀਤੀ ਗਈ। ਇਸ ਮੌਕੇ 'ਤੇ ਪੈਪਸੂ ਹਾਕੀ ਐਸੋਸੀਏਸ਼ਨ ਦੇ ਅਹੁਦੇਦਾਰ ਮਨਮੋਹਨ ਸਿੰਘ ਨੇ ਸੁਖਬੀਰ ਸਿੰਘ ਬਾਦਲ ਦਾ ਨਾਂਅ ਪ੍ਰਧਾਨਗੀ ਲਈ ਪੇਸ਼ ਕੀਤਾ ਤੇ ਅਰਜਨ ਐਵਾਰਡੀ ਸੁਰਿੰਦਰ ਸਿੰਘ ਸੋਢੀ ਨੇ ਇਸ ਦੀ ਤਾਈਦ ਕੀਤੀ। ਇਸ ਚੋਣ ਤੋਂ ਬਾਅਦ ਸਾਰੀ ਹਾਕੀ ਪੰਜਾਬ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ ਤੇ ਹੁਣ ਸਾਰੇ ਅਹੁਦੇਦਾਰਾਂ ਨੂੰ ਕਿਹਾ ਗਿਆ ਹੈ ਕਿ ਇਕ ਹਫਤੇ ਦੇ ਅੰਦਰ-ਅੰਦਰ ਆਪਣੀਆਂ ਤਜ਼ਵੀਜਾਂ ਤਿਆਰ ਕਰਕੇ ਦੇਣ ਤੇ ਇਸ ਤੋਂ ਬਾਅਦ ਇਸ ਦਾ ਨਵਾਂ ਸੰਵਿਧਾਨ ਬਣਾਇਆ ਜਾਵੇਗਾ ਤੇ ਫਿਰ ਸਾਰੇ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਸਾਰੀ ਪੰਜਾਬ ਦੀ ਬਾਡੀ ਦੀ ਚੋਣ ਹੋਵੇਗੀ। ਸੁਖਬੀਰ ਸਿੰਘ ਬਾਦਲ ਦੀ ਇਸ ਚੋਣ ਤੋਂ ਬਾਅਦ ਪੰਜਾਬ ਹਾਕੀ ਦਾ ਸਾਰਾ ਦ੍ਰਿਸ਼ ਹੀ ਬਦਲ ਗਿਆ ਹੈ। ਜਿਥੇ ਪਹਿਲਾਂ ਕਈ ਅਹੁਦੇਦਾਰ ਮੰਗ ਕਰ ਰਹੇ ਸਨ ਕੀ ਹਾਕੀ ਨੂੰ ਪੰਜਾਬ ਪੁਲਿਸ ਦੇ ਕਬਜ਼ੇ ਤੋਂ ਮੁਕਤ ਕੀਤਾ ਜਾਵੇ ਹੁਣ ਇਸ ਕਬਜੇ ਤੋਂ ਮੁਕਤ ਹੋ ਗਈ ਹੈ। ਹੁਣ ਸੁਖਬੀਰ ਸਿੰਘ ਬਾਦਲ ਦੇ ਰੂਪ ਵਿਚ ਇਸ ਨਵੀਂ ਹਾਕੀ ਪੰਜਾਬ ਨੂੰ ਚਲਾਉਣ ਦੀ ਜ਼ਿੰਮੇਵਾਰੀ ਸੌਂਪੀ ਹੋ ਗਈ ਹੈ ਜੋ ਕਿ ਇਸ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਉਣ ਵਿਚ ਕਾਮਯਾਬ ਹੋਣਗੇ, ਪਰ ਅਜੇ ਵੀ ਇਕ ਅਹਿਮ ਅਹੁਦਾ ਜੋ ਜਨਰਲ ਸਕੱਤਰ ਦਾ ਹੈ ਇਸ ਦੇ ਲਈ ਰੱਸਾਕਸੀ ਸ਼ੁਰੂ ਹੋ ਗਈ ਹੈ ਜਿਸ ਦੇ ਲਈ ਕਈ ਦੌੜ ਦੇ ਵਿਚ ਹਨ ਪਰ ਦੇਖੋ ਸੁਖਬੀਰ ਬਾਦਲ ਇਸ ਅਹੁਦੇ ਤੇ ਕਿਸ ਨੂੰ ਬਿਰਾਜਮਾਨ ਕਰਦੇ ਹਨ। ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ।

13ਵੀਆਂ ਵਿਸ਼ਵ ਪੁਲੀਸ ਖੇਡਾਂ ਤੇ ਫਾਇਰ ਗੇਮਜ਼ 'ਚ ਪੰਜਾਬ ਪੁਲੀਸ ਦੀ ਝੰਡੀ

ਜਲੰਧਰ, 31 ਅਗਸਤ - 13ਵੀਆਂ ਵਿਸ਼ਵ ਪੁਲੀਸ ਖੇਡਾਂ ਤੇ ਫਾਇਰ ਗੇਮਜ਼ 2009 ਜੋ ਕਿ ਕੈਨੇਡਾ ਦੇ ਸ਼ਹਿਰ ਵੈਨਕੂਵਰ 'ਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਪੰਜਾਬ ਪੁਲੀਸ ਦੇ ਖਿਡਾਰੀਆਂ ਨੇ 26 ਸੋਨੇ ਦੇ ਤੇ 17 ਚਾਂਦੀ ਦੇ ਤੇ 9 ਕਾਂਸੀ ਦੇ ਤਗਮੇ ਜਿੱਤੇ। ਜਿਨ੍ਹਾਂ ਦਾ ਵਿਸ਼ੇਸ਼ ਸਨਮਾਨ ਪੀ. ਏ. ਪੀ. ਗੋਲਫ ਕਲੱਬ ਜਲੰਧਰ ਕੈਂਟ ਵਿਖੇ ਏ. ਡੀ. ਜੀ. ਪੀ. ਸ੍ਰੀ ਐਚ. ਆਰ. ਚੱਢਾ ਨੇ ਕੀਤਾ। ਜੋ ਕਿ ਖੇਡਾਂ ਵਿਚ ਚੀਫ਼ ਡੀ ਮਿਸ਼ਨ ਵਜੋਂ ਗਏ ਸਨ। 2 ਸੋਨੇ ਤੇ 2 ਕਾਂਸੀ ਦੇ ਤਗਮੇ ਜਿੱਤੇ।

ਆਲ ਇੰਡੀਆ ਮਹਾਤਮਾ ਹੰਸ ਰਾਜ ਕ੍ਰਿਕਟ ਪ੍ਰਤੀਯੋਗਤਾ ਸਮਾਪਤ

ਜਲੰਧਰ, 31 ਅਗਸਤ - ਆਲ ਇੰਡੀਆ ਮਹਾਤਮਾ ਹੰਸ ਰਾਜ ਕ੍ਰਿਕਟ ਪ੍ਰਤੀਯੋਗਤਾ ਦੇ ਮੁਕਾਬਲੇ ਜਲੰਧਰ 'ਚ ਕਰਵਾਏ ਗਏ। ਜਿਸ ਵਿਚ ਸਿਧਾਰਥ ਤੇ ਪਰਾਗ ਦੀ ਬਦੌਲਤ ਸਾਈਂਦਾਸ ਸਕੂਲ ਜਲੰਧਰ ਨੇ ਅੰਮ੍ਰਿਤਸਰ ਨੂੰ 4 ਵਿਕਟਾਂ ਨਾਲ ਹਰਾ ਕੇ ਜੇਤੂ ਖਿਤਾਬ 'ਤੇ ਕਬਜ਼ਾ ਕੀਤਾ। ਇਸ ਮੈਚ ਵਿਚ ਅੰਮ੍ਰਿਤਸਰ ਨੇ ਨਿਰਧਾਰਿਤ ਓਵਰਾਂ ਵਿਚ 107 ਦੌੜਾਂ ਬਣਾਈਆਂ। ਇਸ ਵਿਚ ਪਰਾਗ ਨੇ ਵਧੀਆ ਗੇਂਦਬਾਜ਼ੀ ਕਰਦਿਆਂ 15 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਇਸ ਦੇ ਜਵਾਬ ਵਿਚ 108 ਦੌੜਾਂ ਦਾ ਟੀਚਾ ਹਾਸਲ ਕਰਦਿਆਂ ਸਿਧਾਰਥ ਸ਼ਰਮਾ ਨੇ 32 ਗੇਂਦਾਂ 'ਤੇ 3 ਛੱਕੇ ਤੇ 4 ਚੌਕੇ ਮਾਰ ਕੇ 56 ਦੌੜਾਂ ਦਾ ਯੋਗਦਾਨ ਪਾ ਕੇ ਇਸ ਮੈਚ 'ਚ ਜਿੱਤ ਹਾਸਲ ਕੀਤੀ।

ਹੈਦਰਾਬਾਦ ਮਾਨਸੂਨ ਰੇਸ 2 ਸਤੰਬਰ ਨੂੰ

ਹੈਦਰਾਬਾਦ, 31 ਅਗਸਤ - ਹੈਦਰਾਬਾਦ 'ਚ ਮਾਨਸੂਨ ਰੇਸ ਚੱਲ ਰਹੀ ਸੀ। ਜੋ ਕਿ 13ਵੇਂ ਦਿਨ ਭਾਰੀ ਮੀਂਹ ਕਾਰਨ ਰੱਦ ਕਰ ਦਿੱਤੀ ਗਈ ਹੈ। ਉਹ ਹੁਣ 2 ਸਤੰਬਰ ਨੂੰ ਹੋਵੇਗੀ। ਸ਼ਹਿਰ ਵਿਚ ਹੋਈ ਭਾਰੀ ਬਰਸਾਤ ਕਾਰਨ ਰੇਸ ਲਈ ਬਣਾਏ ਗਏ ਟ੍ਰੈਕ ਮਾੜੀ ਹਾਲਤ ਵਿਚ ਪਹੁੰਚ ਗਏ ਸਨ।

Click here to read PREVIOUS Monthly News