Click here For English Version

SPORTS NEWS

May Sports News 2009

ਕੌਮਾਂਤਰੀ ਕਬੱਡੀ ਖਿਡਾਰੀ ਸੁਰਖਪੁਰੀਏ ਦੀ ਬੱਲੇ ਬੱਲੇ

ਜਲੰਧਰ, 31 ਮਈ - ਕੌਮਾਂਤਰੀ ਕਬੱਡੀ ਖਿਡਾਰੀ ਦੁੱਲਾ ਸੁਰਖਪੁਰੀਏ ਦਾ ਇਕ ਨੂੰ ਇਕ ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਦੁੱਲਾ ਸੁਰਖਪੁਰੀਏ ਦਾ ਸਨਮਾਨ ਉਸ ਦੀ ਪੰਜਾਬ ਦੀ ਮਾਂ ਖੇਡ ਕਬੱਡੀ ਵਿਚ ਪਾਏ ਯੋਗਦਾਨ ਲਈ ਕੀਤਾ ਹੈ। ਇਸ ਮੌਕੇ ਜਸਵੰਤ ਸਿੰਘ ਗਾਖਲ ਚੇਅਰਮੈਨ ਬਲਾਕ ਸੰਮਤੀ, ਤੇਜਵੰਤ ਹੁੰਦਲ, ਜੀਤਾ ਮੌੜ, ਮੱਖਣ ਧਾਲੀਵਾਲ, ਅਰਨਦੀਪ ਸਿੰਘ ਡਾਇਰੈਕਟਰ ਗੋਲਡਜ਼ ਜਿੰਮ, ਨੱਥਾ ਸਿੰਘ ਗਾਖਲ, ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ, ਗੁਰਦੀਪ ਸਿੰਘ ਦੀਪੂ, ਜਸਵਿੰਦਰ ਸਿੰਘ, ਗੁਰਜੀਤ ਸਿੰਘ, ਸੁਖਵਿੰਦਰ ਸਿੰਘ, ਲੰਬੜ, ਹਰਜਿੰਦਰ ਜ਼ਿੰਦਾ, ਅਵਤਾਰ ਸਿੰਘ ਤੇ ਸੰਤਾ ਸਿੰਘ ਹਾਜ਼ਰ ਸਨ।

ਸੀਨੀਅਰ ਟੱਚ ਰਗਬੀ ਕੌਮੀ ਚੈਂਪੀਅਨਸ਼ਿਪ ਦੋਵੇਂ ਵਰਗਾਂ 'ਚ ਦਿੱਲੀ ਦੀ ਝੰਡੀ

ਪਟਿਆਲਾ, 31 ਮਈ - ਦਿੱਲੀ ਦੇ ਗੱਭਰੂਆਂ ਤੇ ਮੁਟਿਆਰਾਂ ਨੇ ਪੰਜਵੀਂ ਸੀਨੀਅਰ ਟੱਚ ਰਗਬੀ ਕੌਮੀ ਚੈਂਪੀਅਨਸ਼ਿਪ ਦੇ ਦੋਨਾਂ ਵਰਗਾਂ 'ਚ ਖਿਡਾਰੀ ਜਿੱਤਾਂ ਹਾਸਿਲ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ। ਪੁਰਸ਼ ਵਰਗ 'ਚ ਦਿੱਲੀ ਦੇ ਰਾਜੇਸ਼ ਕੁਮਾਰ ਤੇ ਮਹਿਲਾ ਵਰਗ 'ਚ ਪੰਜਾਬ ਦੀ ਇੰਦਰਜੀਤ ਕੌਰ ਨੂੰ ਸਰਬੋਤਮ ਖਿਡਾਰਨ ਚੁਣਿਆ ਗਿਆ। ਪੁਰਸ਼ ਵਰਗ ਦੇ ਫਾਈਨਲ 'ਚ ਦਿੱਲੀ ਨੇ ਰਾਜਸਥਾਨ ਨੂੰ 5-2 ਨਾਲ ਹਰਾ ਕੇ ਚੈਂਪੀਅਨਸ਼ਿਪ ਬਣਨ ਦਾ ਮਾਣ ਪ੍ਰਾਪਤ ਕੀਤਾ। ਉਤਰਾਖੰਡ ਨੇ ਛੱਤੀਸਗੜ੍ਹ ਨੂੰ 5-3 ਨਾਲ ਹਰਾ ਕੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਪਹਿਲਾ ਹੋਏ ਸੈਮੀਫਾਈਨਲ ਮੁਕਾਬਲਿਆਂ 'ਚ ਦਿੱਲੀ ਨੇ ਛਤੀਸਗੜ੍ਹ ਨੂੰ 4-1 ਨਾਲ ਤੇ ਰਾਜਸਥਾਨ ਨੇ ਉਤਰਾਂਚਲ ਨੂੰ 8-2 ਨਾਲ ਹਰਾ ਕੇ ਫਾਈਨਲ 'ਚ ਥਾਂ ਬਣਾਈ। ਮਹਿਲਾ ਵਰਗ 'ਚ ਦਿੱਲੀ ਨੇ ਪੰਜਾਬ ਨੂੰ 2-0 ਨਾਲ ਹਰਾ ਕੇ ਖਿਤਾਬ ਜਿੱਤਿਆ। ਉਧਰ ਹਰਿਆਣਾ ਨੇ ਉੱਤਰ ਪ੍ਰਦੇਸ਼ ਨੂੰ 2-0 ਨਾਲ ਹਰਾ ਕੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਪਹਿਲਾਂ ਹੋਏ ਸੈਮੀਫਾਈਨਲ ਮੁਕਾਬਲਿਆਂ 'ਚ ਦਿੱਲੀ ਨੇ ਹਰਿਆਣਾ ਨੂੰ 3-2 ਤੇ ਪੰਜਾਬ ਨੇ ਉਤਰ ਪ੍ਰਦੇਸ਼ ਨੂੰ 2-0 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ।

14ਵੀਂ ਜੂਨੀਅਰ ਪੰਜਾਬ ਸਟੇਟ ਸਾਫਟਬਾਲ ਚੈਂਪੀਅਨਸ਼ਿਪ 'ਚ ਮੁੰਡਿਆਂ 'ਚ ਲੁਧਿਆਣਾ ਤੇ ਕੁੜੀਆਂ 'ਚ ਗੁਰਦਾਸਪੁਰ ਮੋਹਰੀ

ਲੁਧਿਆਣਾ, 31 ਮਈ - 14ਵੀਂ ਜੂਨੀਅਰ ਪੰਜਾਬ ਸਟੇਟ ਸਾਫਟਬਾਲ ਚੈਂਪੀਅਨਸ਼ਿਪ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ 'ਚ ਮੁੰਡਿਆਂ ਦੇ ਵਰਗ ਵਿਚ ਲੁਧਿਆਣਾ ਨੇ ਅਤੇ ਕੁੜੀਆਂ ਦੇ ਵਰਗ ਵਿਚ ਗੁਰਦਾਸਪੁਰ ਨੇ ਖ਼ਿਤਾਬੀ ਜਿੱਤਾਂ ਹਾਸਿਲ ਕੀਤੀਆਂ। ਇਸ 'ਚ ਮੁੰਡਿਆਂ ਦੇ ਵਰਗ ਵਿਚ ਲੁਧਿਆਣਾ ਨੇ ਅੰਮ੍ਰਿਤਸਰ ਨੂੰ 6.3 ਨਾਲ ਹਰਾਇਆ। ਇਸ ਤੋਂ ਪਹਿਲਾਂ ਤੀਸਰੇ ਸਥਾਨ ਲਈ ਖੇਡੇ ਗਏ ਮੈਚ ਵਿਚ ਜਲੰਧਰ ਨੇ ਮੋਗਾ ਨੂੰ 4.3 ਨਾਲ ਹਰਾਇਆ ਹੈ। ਲੜਕੀਆਂ ਦੇ ਫਾਈਨਲ ਮੁਕਾਬਲੇ ਵਿਚ ਗੁਰਦਾਸਪੁਰ ਨੇ ਜਲੰਧਰ ਨੂੰ ਇਕਤਰਫਾ ਮੈਚ 'ਚ 9.0 ਨਾਲ ਕਰਾਰੀ ਹਾਰ ਦਿੰਦਿਆਂ ਖ਼ਿਤਾਬੀ ਜਿੱਤ ਹਾਸਿਲ ਕੀਤੀ। ਜਦਕਿ ਸੰਗਰੂਰ ਨੇ ਤਰਨਤਾਰਨ ਨੂੰ 9.0 ਨਾਲ ਹਰਾ ਕੇ ਤੀਸਰਾ ਸਥਾਨ ਹਾਸਿਲ ਕੀਤਾ।

ਫੈਡਰੇਸ਼ਨ ਕੱਪ ਲਈ ਚੋਣ ਟਰਾਇਲ 7 ਨੂੰ

ਜਲੰਧਰ, 31 ਮਈ - ਐਥਲੈਟਿਕਸ ਦਾ ਫੈਡਰੇਸ਼ਨ ਕੱਪ ਜੋ 24 ਤੋਂ 27 ਜੂਨ ਤੱਕ ਕਰਵਾਇਆ ਜਾ ਰਿਹਾ ਹੈ, ਵਿਚ ਹਿੱਸਾ ਲੈਣ ਲਈ ਵਾਲੀ ਸੀਨੀਅਰ ਓਪਨ ਪੰਜਾਬ ਐਥਲੈਟਿਕਸ ਲੜਕੇ ਤੇ ਲੜਕੀਆਂ ਦੀ ਟੀਮ ਦੇ ਚੋਣ ਟਰਾਇਲ 7 ਜੂਨ ਨੂੰ ਸਪੋਰਟਸ ਸਕੂਲ ਜਲੰਧਰ ਦੇ ਖੇਡ ਮੈਦਾਨ ਵਿਚ ਸਵੇਰੇ 9 ਵਜੇ ਕਰਵਾਏ ਜਾ ਰਹੇ ਹਨ। ਇਨ੍ਹਾਂ ਚੋਣ ਟਰਾਇਲਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਐਥਲੈਟਿਕਸ ਕੋਚ ਪਰਮਜੀਤ ਸਿੰਘ ਪੰਮੀ ਭਾਅ ਕੋਲ ਸਮੇਂ ਸਿਰ ਰਿਪੋਰਟ ਕਰਨ।

ਟਵੈਂਟੀ-20ਵਿਸ਼ਵ ਕ੍ਰਿਕਟ ਕੱਪ ਟੂਰਨਾਮੈਂਟ ਦੇ ਸੁਰੱਖਿਆ ਪ੍ਰਬੰਧਾਂ 'ਤੇ ਖਰਚੇ ਜਾਣਗੇ 200 ਕਰੋੜ ਰੁਪਏ

ਲੰਦਨ, 31 ਮਈ - ਟਵੰਟੀ 20 ਵਿਸ਼ਵ ਕ੍ਰਿਕਟ ਕੱਪ ਟੂਰਨਾਮੈਂਟ ਜੋ ਕਿ 5 ਜੂਨ ਨੂੰ ਖੇਡਿਆ ਜਾ ਰਿਹਾ ਹੈ। ਇਸ ਲਈ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਟੂਰਨਾਮੈਂਟ ਨੂੰ ਅੱਤਵਾਦੀ ਹਮਲਿਆਂ ਤੋਂ ਬਚਾਉਣ ਲਈ ਲਗਭਗ 200 ਕਰੋੜ ਰੁਪਏ ਖਰਚਣ ਦਾ ਵਾਅਦਾ ਕੀਤਾ ਹੈ। ਇਕ ਖੇਡ ਵੈਬਸਾਈਟ ਨੇ ਟੂਰਨਾਮੈਂਟ ਦੇ ਨਿਰਦੇਸ਼ਕ ਸਟੀਵ ਅਲਵਰਦੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਲਾਹੌਰ ਅਤੇ ਮੁੰਬਈ 'ਤੇ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਉਨ੍ਹਾਂ ਲਈ ਸੁਰੱਖਿਆ ਦਾ ਮਾਮਲਾ ਵੱਡੇ ਪੱਧਰ 'ਤੇ ਉੱਭਰਕੇ ਸਾਹਮਣੇ ਆਇਆ ਹੈ। ਇਸ ਸਬੰਧੀ ਉਹ ਕਿਸੇ ਵੀ ਪ੍ਰਕਾਰ ਦਾ ਖ਼ਤਰਾ ਮੁੱਲ ਨਹੀਂ ਲੈ ਸਕਦੇ। ਜਿਸ ਕਾਰਨ ਸੁਰੱਖਿਆ ਬਜਟ ਨੂੰ ਕਈ ਗੁਣਾ ਵਧਾਇਆ ਗਿਆ ਹੈ। ਅਲਵਰਦੀ ਨੇ ਦੱਸਿਆ ਕਿ ਬਰਤਾਨੀਆ ਦੀ ਫੌਜ਼ ਅਤੇ ਕਮਾਂਡੋ ਜਵਾਨਾਂ ਦੀਆਂ ਸੇਵਾਵਾਂ ਤੋਂ ਇਲਾਵਾ ਪ੍ਰਾਈਵੇਟ ਜਾਸੂਸਾਂ ਦੀ ਵੀ ਮਦਦ ਲਈ ਜਾਵੇਗੀ। ਲਾਰਡਜ਼ ਸਮੇਤ ਸਾਰੇ ਕ੍ਰਿਕਟ ਮੈਦਾਨਾਂ 'ਤੇ ਖੋਜੀ ਕੁੱਤੇ ਤੈਨਾਤ ਕੀਤੇ ਜਾਣਗੇ। ਟੂਰਨਾਮੈਂਟ ਪ੍ਰਬੰਧਕਾਂ ਨੇ ਅਲੱਗ ਤੌਰ 'ਤੇ 1000 ਸਵੈਸੇਵਕਾਂ ਨੂੰ ਵੀ ਵਿਸ਼ੇਸ਼ ਸਿਖਲਾਈ ਦਿੱਤੀ ਹੈ।

ਹਾਕੀ ਖਿਡਾਰੀਆਂ ਦਾ ਵਿਸ਼ੇਸ਼ ਕੈਂਪ ਰੂਮੀ 'ਚ

ਜਗਰਾਉਂ, 30 ਮਈ - ਫਰੈਂਡਜ਼ ਸਪੋਰਟਸ ਕਲੱਬ ਰੂਮੀ ਵੱਲੋਂ ਹਾਕੀ ਦਾ ਇਕ ਵਿਸ਼ੇਸ਼ ਕੈਂਪ ਲਾਇਆ ਜਾ ਰਿਹਾ ਹੈ। ਇਸ ਕੈਂਪ ਦੌਰਾਨ ਹਾਕੀ ਦੇ ਅੰਡਰ 14, 17 ਅਤੇ 19 ਸਾਲ ਦੇ ਖਿਡਾਰੀਆਂ ਨੂੰ ਅਭਿਆਸ ਕਰਵਾਇਆ ਜਾਵੇਗਾ। ਸਰਕਾਰੀ ਪੱਧਰ 'ਤੇ ਵੀ ਇਸ ਪਿੰਡ 'ਚ 14 ਸਾਲ ਦੇ ਬੱਚਿਆਂ ਦਾ ਸੰਤੋਖ ਸਿੰਘ ਯਾਦਗਾਰੀ ਹਾਕੀ ਵਿੰਗ ਚੱਲ ਰਿਹਾ ਹੈ। ਜਿਸ ਨੂੰ ਪ੍ਰਵਾਸੀ ਪੰਜਾਬੀ ਸੋਹਣ ਸਿੰਘ ਅਤੇ ਮੋਹਣ ਸਿੰਘ ਵੱਲੋਂ ਵੀ ਸਹਾਇਤਾ ਦਿੱਤੀ ਜਾ ਰਹੀ ਹੈ।

63ਵੀਂ ਰਾਸ਼ਟਰੀ ਸੰਤੋਸ਼ ਫੁੱਟਬਾਲ ਟਰਾਫ਼ੀ 'ਚ ਸ਼ਾਮਿਲ ਹੋਣ ਵਾਲੇ ਪੰਜਾਬੀ ਖਿਡਾਰੀ

ਲੁਧਿਆਣਾ, ਜਲੰਧਰ, 28 ਮਈ - ਚੇਨਈ ਵਿਖੇ 63ਵੀਂ ਰਾਸ਼ਟਰੀ ਸੰਤੋਸ਼ ਫੁੱਟਬਾਲ ਟਰਾਫ਼ੀ ਕਰਵਾਈ ਜਾ ਰਹੀ ਹੈ। ਇਸ ਦੇ ਲਈ ਪੰਜਾਬ ਫੁੱਟਬਾਲ ਐਸੋਸੀਏਸ਼ਨ ਨੇ ਪੰਜਾਬ ਟੀਮ ਦਾ ਐਲਾਨ ਕੀਤਾ ਹੈ। ਪੰਜਾਬ ਟੀਮ ਜੋ ਲਗਾਤਾਰ ਦੋ ਵਰ੍ਹੇ ਤੋਂ ਕੌਮੀ ਚੈਂਪੀਅਨ ਬਣਦੀ ਆ ਰਹੀ ਹੈ ਇਸ ਵਰ੍ਹੇ ਵੀ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਹੈ। ਪੰਜਾਬ ਟੀਮ ਨੂੰ ਚੈਂਪੀਅਨ ਹੋਣ ਕਾਰਨ ਕੁਆਟਰ ਫਾਈਨਲ ਟੀਮ ਵਿਚ ਸਿੱਧਾ ਦਾਖਲਾ ਦਿੱਤਾ ਗਿਆ ਹੈ। ਪੰਜਾਬ ਨੂੰ ਪੂਲ ਏ ਵਿਚ ਬੰਗਾਲ ਅਤੇ ਦੋ ਹੋਰਨਾਂ ਟੀਮਾਂ ਨਾਲ ਸਾਹਮਣਾ ਕਰਨਾ ਪਵੇਗਾ। ਇਸ ਵਰ੍ਹੇ ਪੰਜਾਬ ਟੀਮ ਦੀ ਕਪਤਾਨੀ ਜੇ. ਸੀ. ਟੀ. ਦੇ ਫੁੱਲਬੈਕ ਅਨਵਰ ਨੂੰ ਸੌਂਪੀ ਗਈ ਹੈ। ਪੰਜਾਬ ਟੀਮ ਦੇ ਮੈਂਬਰਾਂ ਦੇ ਨਾਮ ਇਸ ਤਰ੍ਹਾਂ ਹਨ।
ਗੋਲਕੀਪਰ: ਕਿਰਨਜੀਤ ਸਿੰਘ (ਜੇ. ਸੀ. ਟੀ ਫਗਵਾੜਾ), ਰਮਨਜੀਤ ਸਿੰਘ (ਪੰਜਾਬ ਪੁਲਿਸ), ਕੁਲਵੰਤ ਸਿੰਘ (ਜੇ. ਸੀ. ਟੀ. ਅਕੈਡਮੀ)।
ਫੁੱਲ ਬੈਕ : ਅਨਵਰ (ਕਪਤਾਨ) ਸਰਬਜੀਤ ਸਿੰਘ, ਅਮਨਦੀਪ ਸਿੰਘ, ਚੰਦਨਦੀਪ ਸਿੰਘ (ਸਾਰੇ ਜੇ. ਸੀ. ਟੀ ਤੋਂ) ਰਵਿੰਦਰ ਸਿੰਘ ਏਅਰ ਇੰਡੀਆ, ਰਕੇਸ਼ ਮਸੀਹ (ਮੋਹਨ ਬਗਾਨ ਕੋਲਕਾਤਾ)
ਮਿਡ ਫੀਲਡਰ : ਬਲਜੀਤ ਸਿੰਘ, ਜਗਪ੍ਰੀਤ ਸਿੰਘ, ਰਣਦੀਪ ਸਿੰਘ, ਹਰਦੀਪ ਸਿੰਘ (ਜੇ. ਸੀ. ਟੀ. ਤੋਂ) ਪੀ. ਐਚ. ਬੁਆਏ ਸਿੰਘ (ਬੀ. ਐਸ. ਐਫ) ਸੰਦੀਪ ਸਿੰਘ ਬਿਜਲੀ ਬੋਰਡ।
ਫਾਰਵਰਡਜ਼: ਬਲਵੰਤ ਸਿੰਘ ਜੇ. ਸੀ. ਟੀ, ਪੰਕਜ ਸੂਰਾ ਰੇਲ ਕੋਚ ਫੈਕਟਰੀ, ਰੋਹਿਤ ਅਤੇ ਅਮਨਦੀਪ ਸਿੰਘ (ਪੰਜਾਬ ਪੁਲਿਸ ਤੋਂ) ਹਰਪ੍ਰੀਤ ਸਿੰਘ ਬੀ. ਐਸ. ਐਫ਼ ਤੋਂ, ਟੀਮ ਦੇ ਕੋਚ ਜਗੀਰ ਸਿੰਘ, ਮੈਨੇਜਰ ਹਰਜਿੰਦਰ ਸਿੰਘ ਜੇ. ਸੀ. ਟੀ. ਹੋਣਗੇ।

ਭਾਰਤੀ ਮਹਿਲਾ ਹਾਕੀ ਟੀਮ ਦੱਖਣੀ ਅਫ਼ਰੀਕਾ ਗਈ

ਬੰਗਲੌਰ, 28 ਮਈ - ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਜੋ ਕਿ 2 ਜੂਨ ਤੋਂ ਦੱਖਣੀ ਅਫ਼ਰੀਕਾ 'ਚ ਕਰਵਾਏ ਜਾ ਰਹੇ ਹਨ। ਇਸ 'ਚ ਹਿੱਸਾ ਲੈਣ ਲਈ ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਮੁੰਬਈ ਤੋਂ ਡਰਬਨ (ਦੱਖਣੀ ਅਫਰੀਕਾ) ਲਈ ਗਈ ਹੈ। ਇਸ ਟੀਮ 'ਚ ਚਾਰ ਸੀਨੀਅਰ ਖਿਡਾਰਨਾਂ ਜ਼ਖ਼ਮੀ ਹੋਣ ਕਾਰਨ ਸ਼ਾਮਿਲ ਨਹੀਂ ਹਨ। ਕੋਚ ਐੱਮ. ਕੇ. ਕੌਸ਼ਿਕ ਦੀ ਅਗਵਾਈ 'ਚ 18 ਮੈਂਬਰੀ ਟੀਮ ਗਈ। ਇਸ ਟੂਰਨਾਮੈਂਟ 'ਚ ਭਾਰਤ ਤੋਂ ਇਲਾਵਾ ਦੱਖਣੀ ਅਫਰੀਕਾ, ਆਸਟਰੇਲੀਆ ਅਤੇ ਅਰਜਨਟੀਨਾ ਦੀਆਂ ਟੀਮਾਂ ਵੀ ਭਾਗ ਲੈ ਰਹੀਆਂ ਹਨ। ਇਸ ਟੀਮ 'ਚ ਮਰਿਤਾ ਟਿਰਕੇ, ਸਵਿਤਾ, ਇਤੀ ਸ੍ਰੀਵਾਸਤਵ, ਪ੍ਰੀਤੀ ਕਿਰੂ, ਸੰਦੀਪ ਕੌਰ, ਰੋਸਾਲੀਨ ਰਾਲਟੇ, ਟੀ. ਐੱਚ. ਰਣਜੀਤਾ, ਮਨੋਰਮਾ ਦੇਵੀ, ਕਿਰਨਦੀਪ ਕੌਰ, ਕਿਰਨ ਦਹੀਆ, ਸੁਰਿੰਦਰ ਕੌਰ, ਸਬਾ ਅੰਜੁਮ, ਚੰਚਲ ਦੇਵੀ, ਰਜੁਤਾ ਮਿਊਲਿਕ, ਵੰਦਨਾ ਕਟਾਰੀਆ, ਵਰਟਿਕਾ ਸਿੰਘ, ਰਾਣੀ ਦੇਵੀ, ਰਿਤੂ ਰਾਣੀ ਅਤੇ ਕੋਚ ਐੱਮ. ਕੇ ਕੌਸ਼ਿਕ, ਸਹਾਇਕ ਕੋਚ ਸੰਦੀਪ ਸੋਮੇਸ਼, ਵੀਡੀਓਕਾਰ ਨਲਿਨੀ ਅਤੇ ਫਿਜਿਓ ਵਿਕਾਸ ਧਵਨ ਸ਼ਾਮਿਲ ਹਨ।

ਕਬੱਡੀ ਫੈਡਰੇਸ਼ਨ ਦਾ ਗਠਨ

ਆਕਲੈਂਡ, 28 ਮਈ - ਨਿਊਜ਼ੀਲੈਂਡ ਵਿਚ ਕਬੱਡੀ ਫੈਡਰੇਸ਼ਨ ਦੀ ਸਥਾਪਨਾ ਕੀਤੀ ਗਈ। ਗੁਰਦੁਆਰਾ ਸ੍ਰੀ ਕਲਗੀਧਰ ਟਾਕਾਨੀਨੀ ਲਾਇਬ੍ਰੇਰੀ ਹਾਲ 'ਚ ਅੱਠ ਕਬੱਡੀ ਕਲੱਬਾਂ ਸ਼ਾਮਲ ਹੋਈਆਂ। ਸ. ਦਲਜੀਤ ਸਿੰਘ ਜੇ. ਪੀ. ਨੇ ਇਸ ਮੀਟਿੰਗ ਦੀ ਅਗਵਾਈ ਕੀਤੀ ਅਤੇ ਅੱਠ ਮੈਂਬਰੀ ਐਗਜ਼ੈਗਟਿਵ ਕਮੇਟੀ ਚੁਣੀ। ਸ. ਵਰਿੰਦਰ ਸਿੰਘ ਬਰੇਲੀ ਨੂੰ ਅਡਵਾਈਜ਼ਰ ਚੁਣਿਆ ਗਿਆ ਜਦਕਿ ਸ. ਦਲਜੀਤ ਸਿੰਘ ਨੂੰ ਤਾਲਮੇਲ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ। ਸਾਰੇ ਕਲੱਬਾਂ 'ਚੋਂ ਜਿੱਥੇ ਤਿੰਨ-ਤਿੰਨ ਮੈਂਬਰ ਸ਼ਾਮਿਲ ਹੋਏ ਉਥੇ ਕਲਗੀਧਰ ਸਪੋਰਟਸ ਕਲੱਬ ਤੋਂ ਤੀਰਥ ਸਿੰਘ ਅਟਵਾਲ, ਵਾਇਕਾਟੋ ਸਪੋਰਟਸ ਕਲੱਬ ਤੋਂ ਜਗਦੀਪ ਸਿੰਘ ਬਿੱਲਾ, ਵਾਈਟਰੋਜ਼ ਸਪੋਰਟਸ ਕਲੱਬ ਤੋਂ ਰਣਵੀਰ ਸਿੰਘ ਲਾਲੀ, ਖਾਲਸਾ ਸਪੋਰਟਸ ਕਲੱਬ ਹੇਸਟਿੰਗ ਤੋਂ ਬੂਟਾ ਸਿੰਘ, ਦੁਆਬਾ ਸਪੋਰਟਸ ਕਲੱਬ ਤੋਂ ਇੰਦਰਜੀਤ ਸਿੰਘ ਕਾਲਕਟ, ਦਸ਼ਮੇਸ਼ ਸਪੋਰਟਸ ਕਲੱਬ ਟੀ-ਪੁੱਕੀ ਤੋਂ ਦਰਸ਼ਨ ਸਿੰਘ ਨਿੱਜਰ, ਸਿੱਖ ਸਪੋਰਟਸ ਕਲੱਬ ਟੌਰੰਗਾ ਤੋਂ ਅਵਤਾਰ ਸਿੰਘ ਤਾਰੀ, ਮਾਲਵਾ ਸਪੋਰਟਸ ਕਲੱਬ ਤੋਂ ਹਰਬੰਸ ਸਿੰਘ ਬੰਸੀ ਨੂੰ ਕਮੇਟੀ ਮੈਂਬਰ ਚੁਣਿਆ ਗਿਆ।

ਸਮਰ ਕੋਚਿੰਗ ਕੈਂਪ ਦੇ ਚੋਣ ਟ੍ਰਾਇਲ 2 ਨੂੰ

ਜਲੰਧਰ, 28 ਮਈ - ਪੰਜਾਬ ਦੇ ਖਿਡਾਰੀਆਂ ਦੇ ਸਮਰ ਕੋਚਿੰਗ ਕੈਂਪ ਜੋ ਸੁੰਦਰਨਗਰ ਵਿਖੇ 5 ਜੂਨ ਤੋਂ ਲਗਾਏ ਜਾ ਰਹੇ ਹਨ, ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਚੋਣ ਟ੍ਰਾਇਲ ਹੁਣ 2 ਜੂਨ ਨੂੰ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਹਨ। ਇਹ ਚੋਣ ਟ੍ਰਾਇਲ ਪਹਿਲਾਂ 27 ਮਈ ਨੂੰ ਕਰਵਾਏ ਜਾਣੇ ਸਨ ਪਰ ਪੰਜਾਬ ਦੇ ਵਿਚ ਅਣਸੁਖਾਵੇ ਹਾਲਾਤ ਕਰਕੇ ਉਨ੍ਹਾਂ ਨੂੰ ਮੁਲਤਵੀ ਕਰਕੇ 2 ਜੂਨ ਨੂੰ ਕੀਤਾ ਗਿਆ ਹੈ। ਚੋਣ ਕਮੇਟੀਆਂ ਤੇ ਸਥਾਨ ਪਹਿਲਾਂ ਵਾਲੇ ਹੀ ਹੋਣਗੇ ਤੇ ਖਿਡਾਰੀ 2 ਜੂਨ ਨੂੰ ਰਿਪੋਰਟ ਕਰਨ।

ਤਿੰਨ ਰੋਜ਼ਾ ਹਾਕੀ ਚੈਂਪੀਅਨਸ਼ਿਪ ਸ਼ੁਰੂ

ਛੇਹਰਟਾ, 28 ਮਈ - ਤਿੰਨ ਰੋਜ਼ਾ ਰਾਜ ਪੱਧਰੀ ਹਾਕੀ ਚੈਂਪੀਅਨਸ਼ਿਪ ਲੜਕੇ (ਅੰਡਰ-14, ਅੰਡਰ-17 ਤੇ ਅੰਡਰ-19), ਲੜਕੀਆਂ (ਓਪਨ) ਮਿਤੀ 29 ਮਈ ਤੋਂ 31 ਮਈ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨਾਂ ਵਿਚ ਕਰਵਾਈ ਜਾ ਰਹੀ ਹੈ।

ਇਟਲੀ ਵਿਖੇ ਕਬੱਡੀ ਕੱਪ 7 ਨੂੰ

ਜਲੰਧਰ, 28 ਮਈ - ਪਹਿਲਾ ਕਬੱਡੀ ਕੱਪ ਇਟਲੀ ਵਿਖੇ 7 ਜੂਨ ਨੂੰ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ (ਬੈਰਗਾਮੋ) ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ 'ਚ ਇਟਲੀ ਦੀਆਂ ਦਸ ਚੋਟੀ ਦੀਆਂ ਟੀਮਾਂ ਹਿੱਸਾ ਲੈਣਗੀਆਂ। ਕਬੱਡੀ ਕੱਪ ਦਾ ਪਹਿਲਾ ਇਨਾਮ ਇੱਕੀ ਸੌ ਯੂਰੋ ਹੋਵੇਗਾ। ਇਸ ਕਬੱਡੀ ਕੱਪ ਦੌਰਾਨ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ।

ਕੌਮੀ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ 2 ਤੋਂ

ਪਟਿਆਲਾ, 27 ਮਈ - ਕੌਮੀ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ ਜੋ ਕਿ ਕੋਇੰਬਟੂਰ ਵਿਖੇ 2 ਤੋਂ 7 ਜੂਨ ਤੱਕ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਪੰਜਾਬ ਦੀ 11 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ ਵਿਚ ਸ਼ਾਮਲ 48 ਕਿਲੋ ਵਰਗ ਜਗਦੀਪ ਕੁਮਾਰ ਜਲੰਧਰ, 51 ਕਿਲੋ ਦੀਪਕ ਜਲੰਧਰ, 54 ਦੀਪਕ ਬੈਂਸ ਜਲੰਧਰ, 57 ਕਿਲੋ ਗਗਨਦੀਪ ਕੁਮਾਰ ਪਟਿਆਲਾ, 60 ਕਿਲੋ ਵਿੱਕੀ ਸਿੰਘ ਅੰਮ੍ਰਿਤਸਰ, 64 ਅਜੈਬੀਰ ਪਟਿਆਲਾ, 69 ਸੁਖਵਿੰਦਰ ਸਿੰਘ ਐਸ.ਟੀ.ਸੀ. ਮਸਤੂਆਣਾ, 75 ਕਿਲੋ ਜਗਰੂਪ ਸਿੰਘ ਅੰਮ੍ਰਿਤਸਰ, 81 ਹਰਪ੍ਰੀਤ ਸਿੰਘ ਅੰਮ੍ਰਿਤਸਰ, 91 ਕਿਲੋ ਵਰਿੰਦਰ ਸਿੰਘ ਐਸ.ਟੀ.ਸੀ. ਮਸਤੂਆਣਾ, +91 ਮਨਜੀਤ ਸਿੰਘ ਐਸ.ਟੀ.ਸੀ. ਮਸਤੂਆਣਾ ਕੌਮੀ ਚੈਂਪੀਅਨਸ਼ਿਪ 'ਚ ਪੰਜਾਬ ਦੀ ਨੁਮਾਇੰਦਗੀ ਕਰਨਗੇ। ਇਸ ਟੀਮ ਨਾਲ ਕੋਚ ਵਜੋਂ ਰਾਜ ਕੁਮਾਰ ਐਸ.ਟੀ.ਸੀ. ਮਸਤੂਆਣਾ, ਦੀਦਾਰ ਸਿੰਘ ਮਾਨਸਾ, ਅਖਿਲ ਕੁਮਾਰ ਤਰਨਤਾਰਨ ਅਤੇ ਰੈਫਰੀ ਵਜੋਂ ਸ੍ਰੀ ਸੰਤੋਸ਼ ਦੱਤਾ ਜਾਣਗੇ।

ਯਾਦਵ ਦੀ ਬੱਲੇ ਬੱਲੇ

ਪਟਿਆਲਾ, 27 ਮਈ - ਐਨ. ਆਈ. ਐਸ. ਪਟਿਆਲਾ ਵਿਖੇ ਚੱਲਦੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਜੂਡੋ ਕੇਂਦਰ ਦੇ ਸਿਖਿਆਰਥੀ ਰਾਮ ਆਸਰੇ ਯਾਦਵ ਨੇ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ।

ਜੂਡੋ 'ਚ ਕੌਮੀ ਪੱਧਰ 'ਤੇ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਦਾ ਸਵਾਗਤ

ਬਠਿੰਡਾ, 27 ਮਈ - ਨੈਸ਼ਨਲ ਖੇਡਾਂ ਦੇ ਜੂਡੋ ਮੁਕਾਬਲੇ ਪਿਛਲੇ ਸਾਲ ਕਰਵਾਏ ਗਏ ਸਨ। ਇਨ੍ਹਾਂ ਮੁਕਾਬਲਿਆਂ ਵਿਚ ਬਠਿੰਡਾ ਜ਼ਿਲ੍ਹੇ ਦਾ ਨਾਮ ਸੂਬੇ ਭਰ 'ਚ ਰੌਸ਼ਨ ਹੋਇਆ। ਇਸ 'ਚ ਜਿੱਤਣ ਵਾਲੇ ਇਕ ਖਿਡਾਰਨ ਸਮੇਤ 8 ਖਿਡਾਰੀਆਂ ਦਾ ਅਸ਼ੀਸ਼ ਚੌਧਰੀ ਐਸ. ਐਸ. ਪੀ. ਬਠਿੰਡਾ ਨੇ ਖੇਡ ਕਿੱਟਾਂ ਨਾਲ ਸਨਮਾਨ ਕੀਤਾ। ਇਨ੍ਹਾਂ ਨੈਸ਼ਨਲ ਖੇਡਾਂ ਦੇ ਜੂਡੋ ਮੁਕਾਬਲਿਆਂ ਦੇ 44 ਕਿੱਲੋ ਭਾਰ ਵਰਗ 'ਚ ਸੋਨੇ ਦਾ ਮੈਡਲ ਜਿੱਤਣ ਵਾਲੇ ਸੁਕਸਮ ਸਿੰਗਲਾ, ਓਪਨ ਵਰਗ 'ਚ ਚਾਂਦੀ ਦਾ ਮੈਡਲ ਜਿੱਤਣ ਵਾਲੇ ਅਰੁਣਦੀਪ ਸਿੰਘ, 65 ਕਿੱਲੋ ਭਾਰ 'ਚ ਚਾਂਦੀ ਦਾ ਮੈਡਲ ਪ੍ਰਾਪਤ ਕਰਨ ਵਾਲੇ ਹਰਪ੍ਰੀਤ ਸਿੰਘ, 60 ਕਿੱਲੋ 'ਚੋਂ ਕਾਂਸੀ ਦਾ ਮੈਡਲ ਜਿੱਤਣ ਵਾਲੇ ਪਰਨਦੀਪ ਸਿੰਘ, 35 ਤੇ 40 ਕਿੱਲੋ ਵਰਗ ਵਿਚ ਚਾਂਦੀ ਦਾ ਮੈਡਲ ਲੈਣ ਵਾਲੇ ਹਰਸ਼ਦੀਪ ਤੇ ਸਾਹਿਲ ਅਤੇ 32 ਕਿੱਲੋ ਵਿਚੋਂ ਕਾਂਸੀ ਦਾ ਮੈਡਲ ਪ੍ਰਾਪਤ ਕਰਨ ਵਾਲੀ ਖਿਡਾਰਨ ਲਵਪ੍ਰੀਤ ਕੌਰ ਦਾ ਨਾਂ ਸ਼ਾਮਿਲ ਹੈ।

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁੱਗੂ ਭੁਪਿੰਦਰ ਸਿੰਘ ਦੀ ਮੌਤ

ਮੁੱਲਾਂਪੁਰ ਦਾਖਾ, 25 ਮਈ - ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁੱਗੂ ਭੁਪਿੰਦਰ ਸਿੰਘ ਬੱਦੋਵਾਲ ਦੀ ਇਕ ਸੜਕ ਦੁਰਘਟਨਾ 'ਚ ਗੰਭੀਰ ਜ਼ਖਮੀ ਹੋਣ ਨਾਲ ਮੌਤ ਹੋ ਗਈ। ਇਸ ਨਾਲ ਜਿਥੇ ਗੱਗੂ ਦੀ ਮੌਤ ਨਾਲ ਦਲੀਪ ਸਿੰਘ ਦਾ ਪਰਿਵਾਰ ਝੰਜੋੜਿਆਂ ਗਿਆ, ਉਥੇ ਬੱਦੋਵਾਲ ਸਪੋਰਟਸ ਕਲੱਬ ਅਹੁਦੇਦਾਰਾਂ ਨੂੰ ਆਪਣੇ ਸਾਥੀ ਦੇ ਸਿਖਰ ਦੁਪਹਿਰ ਤੁਰ ਜਾਣ ਬਾਅਦ ਅਥਾਹ ਸਦਮਾ ਪੁੱਜਾ। ਰਾਜੂ ਬੱਦੋਵਾਲ ਅਨੁਸਾਰ ਮ੍ਰਿਤਕ ਗੁੱਗੂ ਦੀ ਅੰਤਿਮ ਅਰਦਾਸ 31 ਮਈ ਸ਼ਨੀਚਰਵਾਰ ਪਿੰਡ ਬੱਦੋਵਾਲ ਵਿਖੇ ਹੋਵੇਗੀ।

ਚਣਕੋਈਆਂ ਖੁਰਦ ਦੇ ਕਬੱਡੀ ਖੇਡ ਮੇਲੇ 'ਚ ਘਲੋਟੀ ਦੀ ਬੱਲੇ ਬੱਲੇ

ਦੋਰਾਹਾ, 25 ਮਈ - ਸ. ਸੁਖਦੇਵ ਸਿੰਘ ਚੱਕਰ ਦੀ ਯਾਦ ਵਿਚ ਤਿੰਨ ਰੋਜ਼ਾ ਖੇਡ ਮੇਲਾ ਚਣਕੋਈਆਂ ਖੁਰਦ ਵਿਖੇ ਕਰਵਾਇਆ ਗਿਆ। ਇਸ 'ਚ ਕਬੱਡੀ 37 ਕਿਲੋ ਦੇ ਮੁਕਾਬਲਿਆਂ ਵਿਚੋਂ ਚੁਣਕੋਈਆਂ ਖੁਰਦ ਤੇ ਮੋਹਨਪੁਰ ਦੀ ਟੀਮ ਕ੍ਰਮਵਾਰ ਜੇਤੂ ਤੇ ਉਪ ਜੇਤੂ ਰਹੀ। ਕਬੱਡੀ 48 ਕਿਲੋ ਵਰਗ 'ਚ ਰਾਣਵਾ ਨੇ ਪਹਿਲਾ ਤੇ ਭਾਦਸੋਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 57 ਕਿਲੋ ਦੇ ਮੁਕਾਬਲਿਆਂ ਵਿਚੋਂ ਬੁਆਣੀ ਦੀ ਟੀਮ ਜੇਤੂ ਤੇ ਢੱਟ ਉਪ ਜੇਤੂ ਰਹੀ ਜਦਕਿ 70 ਕਿਲੋ ਦੇ ਮੁਕਾਬਲਿਆਂ ਵਿਚੋਂ ਘਲੋਟੀ ਦੀ ਟੀਮ ਨੇ ਪਹਿਲਾ ਤੇ ਝਮੇੜੀ ਨੇ ਦੂਜਾ ਸਥਾਨ ਹਾਸਿਲ ਕੀਤਾ। ਕਬੱਡੀ ਇਕ ਪਿੰਡ ਓਪਨ ਦੌਰਾਨ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ, ਜਿਸ ਦੌਰਾਨ ਘਲੋਟੀ ਦੇ ਖਿਡਾਰੀਆਂ ਨੇ ਲਸਾੜਾ ਦੀ ਟੀਮ ਨੂੰ ਚਿੱਤ ਕੀਤਾ।

ਕਬੱਡੀ ਟੂਰਨਾਮੈਂਟ 'ਚ ਟਪਿਆਲਾ ਦੀ ਝੰਡੀ

ਅਟਾਰੀ ਸਰਹੱਦ, 25 ਮਈ - 7ਵਾਂ ਕਬੱਡੀ ਟੂਰਨਾਮੈਂਟ ਗੁਰਦੁਆਰਾ ਸਤਲਾਣੀ ਸਾਹਿਬ ਵਿਖੇ ਕਰਵਾਇਆ ਗਿਆ। ਇਸ ਦੇ ਫਾਈਨਲ ਮੁਕਾਬਲੇ ਚ ਪਿੰਡ ਟਪਿਆਲਾ ਦੀ ਟੀਮ ਨੇ ਗੁ: ਸਤਲਾਣੀ ਸਾਹਿਬ ਦੀ ਕਬੱਡੀ ਟੀਮ ਨੂੰ ਇਕ ਅੰਕ ਨਾਲ ਹਰਾ ਕੇ ਟੂਰਨਾਮੈਟ ਚ ਜਿੱਤ ਪ੍ਰਾਪਤ ਕੀਤੀ।

ਏਸ਼ੀਅਨ ਚੈਂਪੀਅਨਸ਼ਿਪ 'ਚ ਪੰਜਾਬੀਆਂ ਦੀ ਚੜ੍ਹਤ

ਪਟਿਆਲਾ, 25 ਮਈ - ਏਸ਼ੀਅਨ ਗ੍ਰਾ: ਪ੍ਰੀ: ਤੀਰ ਅੰਦਾਜ਼ੀ ਚੈਂਪੀਅਨਸ਼ਿਪ ਜੋ ਕਿ 19 ਤੋਂ 23 ਮਈ ਤੱਕ ਇਰਾਨ ਦੇ ਸ਼ਹਿਰ ਤਹਿਰਾਨ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ 'ਚ ਪੰਜਾਬੀ ਯੂਨੀਵਰਸਿਟੀ ਦੇ ਦੋ ਤੀਰ ਅੰਦਾਜ਼ਾਂ ਨੇ ਇਕ ਸੋਨ ਤੇ ਇਕ ਚਾਂਦੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ 'ਵਰਸਿਟੀ ਦੇ ਤੀਰ ਅੰਦਾਜ਼ ਕਪਿਲ ਨੇ ਰਿਕਰਵ ਟੀਮ ਮੁਕਾਬਲੇ 'ਚ ਸੋਨ ਅਤੇ ਅਮਰਿੰਦਰ ਸਿੰਘ ਨੇ ਕੰਪਾਉਂਡ ਟੀਮ ਮੁਕਾਬਲੇ 'ਚ ਚਾਂਦੀ ਦਾ ਤਗਮਾ ਜਿੱਤਣ ਦਾ ਮਾਣ ਹਾਸਿਲ ਕੀਤਾ। ਇਨ੍ਹਾਂ 'ਚੋਂ ਅਮਰਿੰਦਰ ਸਿੰਘ ਦਾ ਪੰਜਾਬੀ 'ਵਰਸਿਟੀ ਵਿਖੇ ਪੁੱਜਣ 'ਤੇ ਖੇਡ ਵਿਭਾਗ ਦੇ ਨਿਰਦੇਸ਼ਕ ਡਾ: ਰਾਜ ਕੁਮਾਰ ਸ਼ਰਮਾ ਦੀ ਅਗਵਾਈ 'ਚ ਕੋਚਾਂ ਤੇ ਵਿਭਾਗ ਦੇ ਮੁਲਾਜ਼ਮਾਂ ਨੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ 'ਤੇ ਇਨ੍ਹਾਂ ਦੋਨਾਂ ਖਿਡਾਰੀਆਂ ਦੇ ਕੋਚ ਸ੍ਰੀ ਜੀਵਨਜੋਤ ਸਿੰਘ ਤੇਜਾ ਨੂੰ ਵੀ ਸਨਮਾਨਿਤ ਕੀਤਾ ਗਿਆ। ਅਮਰਿੰਦਰ ਸਿੰਘ ਮੁਕਤਸਰ ਜ਼ਿਲ੍ਹੇ ਦੇ ਪਿੰਡ ਛੱਤੇਆਣਾ ਦਾ ਜੰਮਪਲ ਹੈ ਅਤੇ ਮਾਲਵਾ ਕਾਲਜ ਬਠਿੰਡਾ ਦਾ ਵਿਦਿਆਰਥੀ ਹੈ। ਉਸ ਨੇ ਕੰਪਾਊਂਡ ਟੀਮ ਮੁਕਾਬਲੇ 'ਚ ਚਾਂਦੀ ਦਾ ਤਗਮਾ ਜਿੱਤਿਆ। ਉਸ ਤੋਂ ਇਲਾਵਾ ਐਨ. ਹਰੀਦਾਸ ਤੇ ਚਿੰਗ ਲਿਨ ਵੀ ਕੌਮੀ ਟੀਮ 'ਚ ਸ਼ਾਮਿਲ ਸਨ। ਜਿਥੇ ਉਸ ਨੇ ਇਕ ਸੋਨ ਤੇ 2 ਚਾਂਦੀ ਦੇ ਤਗਮੇ ਜਿੱਤੇ ਸਨ। ਅਮਰਿੰਦਰ ਪੰਜਾਬ ਦਾ ਏਸ਼ੀਅਨ ਪੱਧਰ 'ਤੇ ਖੇਡਣ ਵਾਲਾ ਤੇ ਤਗਮਾ ਜਿੱਤਣ ਵਾਲਾ ਪਲੇਠਾ ਤੀਰ ਅੰਦਾਜ਼ ਹੈ। ਕਪਿਲ ਅਕਾਲ ਸਰੀਰਿਕ ਸਿੱਖਿਆ ਕਾਲਜ ਮਸਤੂਆਣਾ ਦਾ ਵਿਦਿਆਰਥੀ ਹੈ। ਉਸ ਨੇ ਰਿਕਰਵ ਟੀਮ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ ਹੈ।

ਪੰਜਾਬ ਸਟੇਟ ਚੈਂਪੀਅਨਸ਼ਿਪ 6 ਜੂਨ ਤੋਂ

ਬਰਨਾਲਾ, 25 ਮਈ - ਸਬ-ਜੂਨੀਅਰ ਤੇ ਜੂਨੀਅਰ ਸਾਫਟਬਾਲ ਪੰਜਾਬ ਸਟੇਟ ਚੈਂਪੀਅਨਸ਼ਿਪ ਸਥਾਨਕ ਕਾਲਾ ਮਾਹਿਰ ਸਟੇਡੀਅਮ ਵਿਖੇ 6 ਜੂਨ ਤੋਂ 7 ਜੂਨ ਤੱਕ ਕਰਵਾਈ ਜਾ ਰਹੀ ਹੈ। ਇਸ ਰਾਜ ਪੱਧਰੀ ਜੂਨੀਅਰ ਸਬ-ਜੂਨੀਅਰ ਚੈਂਪੀਅਨਸ਼ਿਪ 'ਚ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਮੁੰਡੇ-ਕੁੜੀਆਂ ਟੀਮਾਂ ਸ਼ਾਮਿਲ ਹੋਣਗੀਆਂ।

ਕੋਟਲੀਥਾਨ ਸਿੰਘ ਦਾ 23ਵਾਂ ਸਾਲਾਨਾ ਕਬੱਡੀ ਟੂਰਨਾਮੈਂਟ 28 ਤੋਂ

ਜਲੰਧਰ, 24 ਮਈ - ਪਿੰਡ ਕੋਟਲੀਥਾਨ ਵਿਖੇ 28 ਤੋਂ 30 ਮਈ ਤੱਕ ਸ਼ਹੀਦ ਬਾਬਾ ਦਿਆਲ ਸਿੰਘ ਯਾਦਗਾਰੀ 23ਵਾਂ ਸਾਲਾਨਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ ਕਬੱਡੀ 48 ਕਿਲੋ ਅਤੇ 42 ਕਿਲੋ ਭਾਰ ਦੇ ਮੁਕਾਬਲੇ 28 ਨੂੰ, ਕਬੱਡੀ 58 ਕਿਲੋ ਅਤੇ 65 ਕਿਲੋ ਭਾਰ ਵਰਗ ਦੇ ਮੁਕਾਬਲੇ 29 ਮਈ ਨੂੰ ਅਤੇ ਕਬੱਡੀ ਓਪਨ ਕਲੱਬ ਦੇ ਮੁਕਾਬਲੇ 30 ਮਈ ਨੂੰ ਕਰਵਾਏ ਜਾਣਗੇ। ਹਰਿਆਣਾ ਅਤੇ ਪੰਜਾਬ ਦੀਆਂ ਲੜਕੀਆਂ ਦਾ ਕਬੱਡੀ ਮੈਚ ਵੀ 30 ਮਈ ਨੂੰ ਹੀ ਕਰਵਾਇਆ ਜਾਵੇਗਾ। 30 ਮਈ ਨੂੰ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਸ. ਜਗਬੀਰ ਸਿੰਘ ਬਰਾੜ ਕਰਨਗੇ।

ਖੇਡ ਵਿਭਾਗ ਵੱਲੋਂ ਮਿਲੇਗੀ ਰਾਜ ਦੇ 1233 ਪਿੰਡਾਂ ਨੂੰ 10-10 ਹਜ਼ਾਰ ਦੀ ਖੇਡ ਸਮੱਗਰੀ

ਪਟਿਆਲਾ, 24 ਮਈ - ਖੇਡ ਵਿਭਾਗ ਪੰਜਾਬ ਵੱਲੋਂ ਰਾਜ ਦੇ ਪਿੰਡਾਂ 'ਚ ਖੇਡ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਵੱਖ-ਵੱਖ ਜ਼ਿਲ੍ਹਿਆਂ ਦੇ 1233 ਪਿੰਡਾਂ ਨੂੰ 10-10 ਹਜ਼ਾਰ ਰੁਪਏ ਦੀ ਖੇਡ ਸਮੱਗਰੀ ਵੰਡੀ ਜਾਵੇਗੀ। ਵਿਭਾਗ ਦੀ ਹਾਲ ਹੀ ਵਿਚ ਹੋਈ ਉੱਚ ਪੱਧਰੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਹੈ। ਇਹ ਸਮਾਨ ਉਨ੍ਹਾਂ ਪਿੰਡਾਂ ਨੂੰ ਦਿੱਤਾ ਜਾਣਾ ਹੈ ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਪਾਇਦਾ ਯੋਜਨਾ ਅਧੀਨ ਚੁਣਿਆ ਗਿਆ ਸੀ। ਜ਼ਿਕਰਯੋਗ ਹੈ ਕਿ ਰਾਜ ਦੇ ਹਰੇਕ ਜ਼ਿਲ੍ਹੇ 'ਚ ਹਰ ਸਾਲ 10 ਪ੍ਰਤੀਸ਼ਤ ਪਿੰਡਾਂ ਨੂੰ ਯੋਜਨਾਬੱਧ ਤਰੀਕੇ ਨਾਲ 1-1 ਲੱਖ ਰੁਪਏ ਦੀ ਰਾਸ਼ੀ ਖੇਡ ਕਾਰਜਾਂ ਲਈ ਦਿੱਤੀ ਜਾਣੀ ਹੈ ਜਿਸ ਵਿਚੋਂ 50-50 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਕੁਝ ਸਮਾਂ ਪਹਿਲਾਂ ਰਾਜ ਦੇ 10 ਪ੍ਰਤੀਸ਼ਤ ਪਿੰਡਾਂ ਨੂੰ ਦਿੱਤੀ ਜਾ ਚੁੱਕੀ ਹੈ। ਇਸ ਤਰ੍ਹਾਂ ਪੂਰੇ ਦਸ ਸਾਲਾਂ 'ਚ ਰਾਜ ਦੇ ਸਾਰੇ ਪਿੰਡ ਪਾਇਦਾ ਯੋਜਨਾ ਤਹਿਤ ਕਵਰ ਕੀਤੇ ਜਾਣਗੇ। ਇਸ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ ਉਪਰੋਕਤ 10 ਪ੍ਰਤੀਸ਼ਤ ਪਿੰਡਾਂ ਨੂੰ 10-10 ਹਜ਼ਾਰ ਰੁਪਏ ਦਾ ਖੇਡ ਦਾ ਸਮਾਨ ਵਿਭਾਗ ਵੱਲੋਂ ਦਿੱਤਾ ਜਾਣਾ ਹੈ।

61ਵੀਂ ਰਾਸ਼ਟਰੀ ਸੰਤੋਸ਼ ਟਰਾਫੀ ਫੁੱਟਬਾਲ ਚੈਂਪੀਅਨਸ਼ਿਪ 24 ਤੋਂ

ਲੁਧਿਆਣਾ, 21 ਮਈ - ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿਖੇ 61ਵੀਂ ਰਾਸ਼ਟਰੀ ਸੰਤੋਸ਼ ਟਰਾਫੀ ਫੁੱਟਬਾਲ ਚੈਂਪੀਅਨਸ਼ਿਪ 24 ਮਈ ਤੋਂ 14 ਜੂਨ ਤੱਕ ਕਰਵਾਈ ਜਾਵੇਗੀ। ਇਸ ਚੈਂਪੀਅਨਸ਼ਿਪ ਵਿਚ ਵੱਖ-ਵੱਖ ਰਾਜਾਂ ਦੀਆਂ 31 ਟੀਮਾਂ ਹਿੱਸਾ ਲੈ ਰਹੀਆਂ ਹਨ। ਪਿਛਲੇ ਦੋ ਸਾਲਾਂ ਤੋਂ ਲਗਾਤਾਰ ਚੈਂਪੀਅਨ ਬਣਦੇ ਆ ਰਹੇ ਪੰਜਾਬ, ਸਰਵਿਸਿਜ਼, ਕਰਨਾਟਕ ਅਤੇ ਬੰਗਾਲ ਨੂੰ ਸਿੱਧਾ ਕੁਆਰਟਰ ਫਾਈਨਲ ਲੀਗ ਵਿਚ ਦਾਖਲਾ ਦਿੱਤਾ ਗਿਆ ਹੈ ਜਦਕਿ ਬਾਕੀ ਦੀਆਂ 27 ਟੀਮਾਂ ਨੂੰ ਵੱਖ-ਵੱਖ 8 ਗਰੁੱਪਾਂ ਵਿਚ ਵੰਡ ਕੇ ਲੀਗ ਦੌਰ ਵਿਚ ਖੇਡਾਇਆ ਜਾਵੇਗਾ। ਇਸ ਲੀਗ ਦੌਰ ਦਾ ਪਹਿਲਾ ਅਤੇ ਦੂਜਾ ਕਲੱਸਟਰ 24 ਤੋਂ 29 ਮਈ ਤੱਕ ਕੋਇੰਬਟੂਰ ਵਿਖੇ ਤੀਜਾ ਅਤੇ ਚੌਥਾ ਟਰੀਚਪਲੀ, ਪੰਜਵਾਂ ਅਤੇ ਛੇਵਾਂ ਤੀਰੂਵੈਲੂਰ ਅਤੇ ਸੱਤਵਾਂ ਅਤੇ ਅੱਠਵਾਂ ਕਲੱਸਟਰ ਚੇਨਈ ਵਿਖੇ ਖੇਡਿਆਂ ਜਾਵੇਗਾ। ਪੰਜਾਬ ਅਤੇ ਬੰਗਾਲ ਨੂੰ ਪੂਲ ਏ ਵਿਚ ਰੱਖਿਆ ਗਿਆ ਹੈ, ਜਦਕਿ ਕਰਨਾਟਕ ਅਤੇ ਸਰਵਿਸਿਜ਼ ਨੂੰ ਪੂਲ ਬੀ ਵਿਚ ਰੱਖਿਆ ਹੈ। ਹਰ ਪੂਲ ਵਿਚ ਦੋ ਟੀਮਾਂ ਹੇਠਾਂ ਤੋਂ ਜਿੱਤ ਕੇ ਕੁਆਲੀਫਾਈ ਕਰਨਗੀਆਂ। ਕੁਆਰਟਰ ਫਾਈਨਲ ਲੀਗ ਦੇ ਮੁਕਾਬਲੇ 2 ਤੋਂ 7 ਜੂਨ ਤੱਕ ਅਤੇ ਸੈਮੀਫਾਈਨਲ 10 ਅਤੇ 11 ਜੂਨ ਨੂੰ ਫਾਈਨਲ ਮੁਕਾਬਲਾ 14 ਜੂਨ ਨੂੰ ਖੇਡਿਆ ਜਾਵੇਗਾ। ਪੰਜਾਬ ਫੁੱਟਬਾਲ ਟੀਮ ਜਿਸ ਦਾ ਕੋਚਿੰਗ ਕੈਂਪ ਫਗਵਾੜਾ ਵਿਖੇ ਲੱਗਿਆ ਹੈ, ਦਾ ਐਲਾਨ 28 ਮਈ ਨੂੰ ਕੀਤਾ ਜਾਵੇਗਾ, 29 ਮਈ ਨੂੰ ਟੀਮ ਚੇਨਈ ਨੂੰ ਰਵਾਨਾ ਹੋਵੇਗੀ ਅਤੇ 2 ਮਈ ਨੂੰ ਆਪਣਾ ਮੁੱਢਲਾ ਮੈਚ ਖੇਡੇਗੀ।

ਚਣਕੋਈਆਂ ਖੁਰਦ ਦਾ ਖੇਡ ਮੇਲਾ ਸ਼ੁਰੂ

ਦੋਰਾਹਾ, 21 ਮਈ - ਤਿੰਨ ਰੋਜ਼ਾ ਖੇਡ ਮੇਲਾ ਪਿੰਡ ਚਣਕੋਈਆਂ ਖੁਰਦ ਵਿਖੇ 22 ਤੋਂ 24 ਮਈ ਤਕ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਕ੍ਰਿਕਟ, ਕਬੱਡੀ, ਬੈਲ ਗੱਡੀਆਂ ਤੇ ਕਬੂਤਰਾਂ ਦੀ ਬਾਜ਼ੀ ਤੋਂ ਇਲਾਵਾ ਬਜ਼ੁਰਗਾਂ ਦੀ ਦੌੜ ਵਿਸ਼ੇਸ਼ ਤੌਰ 'ਤੇ ਕਰਵਾਈ ਜਾਵੇਗੀ।

ਭਾਰਤੀ ਹਾਕੀ ਟੀਮ ਪਹੁੰਚੀ 12 ਵੇਂ ਸਥਾਨ 'ਤੇ

ਪਟਿਆਲਾ/ਲੁਧਿਆਣਾ, 21 ਮਈ - ਕਿਸੇ ਸਮੇਂ ਵਿਸ਼ਵ ਹਾਕੀ ਦੀ ਸਰਦਾਰ ਮੰਨੀ ਜਾਂਦੀ ਭਾਰਤੀ ਹਾਕੀ ਟੀਮ ਪਿਛਲੇ ਦਿਨੀਂ ਹੋਏ ਏਸ਼ੀਆ ਕੱਪ ਦੇ ਸੈਮੀਫਾਈਨਲ 'ਚ ਨਾ ਪੁੱਜਣ ਕਾਰਨ ਵਿਸ਼ਵ ਦਰਜਾਬੰਦੀ 'ਚ 12ਵੇਂ ਸਥਾਨ 'ਤੇ ਖਿਸਕ ਗਈ ਹੈ। ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ਜਾਰੀ ਕੀਤੀ ਗਈ ਨਵੀਂ ਦਰਜਾਬੰਦੀ ਮੁਤਾਬਕ ਜਰਮਨੀ 2530 ਅੰਕਾਂ ਨਾਲ ਅੱਵਲ ਦਰਜੇ 'ਤੇ ਕਾਬਜ਼ ਹੈ। ਆਸਟਰੇਲੀਆ 2365 ਅੰਕਾਂ ਨਾਲ ਦੂਸਰੇ, ਸਪੇਨ 2295 ਅੰਕਾਂ ਨਾਲ ਤੀਸਰੇ ਤੇ ਹਾਲੈਂਡ 2158 ਅੰਕਾਂ ਨਾਲ ਚੌਥੇ ਸਥਾਨ 'ਤੇ ਡਟਿਆ ਹੋਇਆ ਹੈ। ਪਿਛਲੇ ਦਿਨੀਂ ਹੋਏ ਏਸ਼ੀਆ ਕੱਪ 'ਚ ਖਿਤਾਬ ਜਿੱਤਣ ਵਾਲੀ ਦੱਖਣੀ ਕੋਰੀਆ ਦੀ ਟੀਮ ਪੰਜਵੇਂ 'ਤੇ ਇਸ ਟੂਰਨਾਮੈਂਟ 'ਚ ਉਪ ਜੇਤੂ ਰਹੀ ਪਾਕਿਸਤਾਨ ਦੀ ਟੀਮ ਛੇਵੇਂ ਸਥਾਨ 'ਤੇ ਪੁੱਜ ਗਈ ਹੈ। ਭਾਰਤੀ ਟੀਮ 12ਵੇਂ ਸਥਾਨ 'ਤੇ ਪੁੱਜ ਗਈ ਹੈ। ਇਸ ਦਰਜਾਬੰਦੀ 'ਚ ਸੁਧਾਰ ਕਰਨ ਲਈ ਭਾਰਤੀ ਟੀਮ ਨੂੰ 7 ਮਹੀਨੇ ਇੰਤਜ਼ਾਰ ਕਰਨਾ ਪਵੇਗਾ। ਕਿਉਂਕਿ ਦਸੰਬਰ ਮਹੀਨੇ 'ਚ ਅਰਜਨਟੀਨਾ ਵਿਖੇ ਚੈਂਪੀਅਨਜ਼ ਚੈਂਲੇਜ਼ ਕੱਪ ਹੋਣਾ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਕੋਈ ਵੀ ਕੌਮਾਂਤਰੀ ਟੂਰਨਾਮੈਂਟ ਨਹੀਂ ਖੇਡਣਾ ਸਿਰਫ ਯੂਰਪੀ ਟੀਮਾਂ ਖਿਲਾਫ਼ ਕੁਝ ਟੈਸਟ ਮੈਚ ਖੇਡਣੇ ਹਨ। ਜਿਨ੍ਹਾਂ ਦੇ ਵਿਸ਼ਵ ਦਰਜਾਬੰਦੀ 'ਚ ਅੰਕ ਨਹੀਂ ਜੁੜਦੇ। ਭਾਰਤੀ ਟੀਮ ਨੂੰ 6 ਤੋਂ 13 ਦਸੰਬਰ ਤੱਕ ਹੋਣ ਵਾਲੇ ਚੈਂਪੀਅਨਜ਼ ਚੈਂਲੇਜ਼ ਕੱਪ 'ਚ ਅਰਜਨਟੀਨਾ, ਬੈਲਜੀਅਮ, ਕੈਨੇਡਾ, ਚੀਨ, ਨਿਊਜ਼ੀਲੈਂਡ, ਪਾਕਿਸਤਾਨ ਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਨਾਲ ਲੋਹਾ ਲੈਣਾ ਪਵੇਗਾ।

ਸੁਰਸਿੰਘ ਦਾ ਖੇਡ ਮੇਲਾ 24 ਨੂੰ

ਜਲੰਧਰ, 21 ਮਈ - ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਨੂੰ ਸਰਮਪਿਤ ਸਾਲਾਨਾ ਜੋੜ ਮੇਲਾ ਪਿੰਡ ਸੁਰਸਿੰਘ 24 ਮਈ ਨੂੰ ਕਰਵਾਇਆ ਜਾ ਰਿਹਾ ਹੈ। 22 ਮਈ ਨੂੰ ਪਿੰਡ ਸੁਰਸਿੰਘ ਵਿਖੇ ਨਗਰ ਕੀਰਤਨ ਕੱਢਿਆ ਜਾਵੇਗਾ ਅਤੇ 24 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਦੁਪਹਿਰ 2 ਵਜੇ ਬਾਬਾ ਦਇਆ ਸਿੰਘ ਜੀ ਖੇਡ ਮੇਲੇ ਦਾ ਰਸਮੀ ਉਦਘਾਟਨ ਕਰਨਗੇ। ਜਿਸ ਵਿਚ ਨਾਮੀ ਪਹਿਲਵਾਨਾਂ ਦੀਆਂ ਕੁਸ਼ਤੀਆਂ, ਅੰਮ੍ਰਿਤਸਰ ਅਤੇ ਤਰਨ ਤਾਰਨ ਦੀਆਂ ਟੀਮਾਂ ਦਾ ਕਬੱਡੀ ਮੈਚ, ਘੋੜ-ਸਵਾਰੀ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਨੇਜੇ-ਬਾਜ਼ੀ ਦਾ ਪ੍ਰਦਰਸ਼ਨ ਕਰਨਗੀਆਂ।

ਪੰਜਾਬ ਐਂਡ ਸਿੰਧ ਬੈਂਕ ਦਾ ਸਪੋਰਟਸ ਸੈੱਲ ਦਾ ਉਦਘਾਟਨ

ਜਲੰਧਰ, 21 ਮਈ - ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਕੈਂਪਸ ਵਿਚ ਪੰਜਾਬ ਐਂਡ ਸਿੰਧ ਬੈਂਕ ਦੇ ਸਪੋਰਟਸ ਸੈਲ ਦਾ ਉਦਘਾਟਨ ਸਰਦਾਰਨੀ ਬਲਵੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਨੇ ਕੀਤਾ। ਇਸ ਮੌਕੇ ਉਲੰਪੀਅਨ ਰਜਿੰਦਰ ਸਿੰਘ ਨੇ ਰਸਮੀ ਤੌਰ 'ਤੇ ਜਨਰਲ ਸਕੱਤਰ ਦਾ ਅਹੁਦਾ ਸੰਭਾਲਿਆ। ਉਨ੍ਹਾਂ ਨੇ ਦੱਸਿਆ ਇਹ ਸਪੋਰਟਸ ਸੈੱਲ ਪਹਿਲਾ ਦਿੱਲੀ ਵਿਖੇ ਸਥਾਪਿਤ ਸੀ ਤੇ ਹੁਣ ਇਸ ਨੂੰ ਜਲੰਧਰ ਵਿਖੇ ਸ਼ਿਫਟ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਐਂਡ ਸਿੰਧ ਬੈਂਕ ਦੇ ਸਪੋਰਟਸ ਸੈੱਲ ਦੇ ਪ੍ਰਧਾਨ ਜ਼ੋਨਲ ਮੈਨੇਜਰ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਸੈੱਲ ਦੇ ਜਲੰਧਰ ਵਿਖੇ ਸਥਾਪਿਤ ਹੋਣ ਨਾਲ ਖਿਡਾਰੀਆਂ ਨੂੰ ਕਾਫੀ ਫਾਇਦਾ ਹੋਵੇਗਾ ਤੇ ਸਿੰਧ ਬੈਂਕ ਦੀ ਸਪੋਰਟਸ ਹੋਰ ਉਤਸ਼ਾਹਿਤ ਹੋਵੇਗੀ।

 ਸਿੱਖਿਆ ਵਿਭਾਗ ਪੰਜਾਬ ਵੱਲੋਂ ਚੁਣੇ ਗਏ 13 ਖੇਡ ਵਿੰਗ ਸ਼ੁਰੂ

ਜਲੰਧਰ, 20 ਮਈ - ਪੰਜਾਬ ਦੇ ਸਕੂਲਾਂ ਵਿਚ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਬੀਬੀ ਉਪਿੰਦਰਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠਾਂ ਪੰਜਾਬ ਦੇ ਵੱਖ-ਵੱਖ 13 ਸਕੂਲਾਂ ਵਿਚ ਖੇਡ ਵਿੰਗ ਸ਼ੁਰੂ ਕੀਤੇ ਗਏ ਹਨ। ਜਿਨ੍ਹਾਂ ਵਿਚ ਸ (ਗ) ਸੀ. ਸੈ. ਸਕੂਲ ਮਾਲ ਰੋਡ ਅੰਮ੍ਰਿਤਸਰ ਵਿਖੇ ਬਾਸਕਿਟਬਾਲ ਅੰਡਰ-14, 17 ਲੜਕੀਆਂ ਦੀਆਂ 24 ਸੀਟਾਂ, ਸ ਸ ਸ ਲੜਕੇ ਗੁਰਦਾਸਪੁਰ ਜੂਡੋ ਅੰਡਰ-14, 17, 19 ਸਾਲ ਲੜਕੇ 30 ਸੀਟਾਂ, ਡੀ. ਏ. ਵੀ. ਸ ਸ ਗੁਰਦਾਸਪੁਰ ਵਿਖੇ ਬਾਸਕਿਟਬਾਲ ਅੰਡਰ-14, 19 ਸਾਲ ਲੜਕੀਆਂ ਤੇ ਨੈਟਬਾਲ ਅੰਡਰ-17 ਸਾਲ ਲੜਕੀਆਂ ਦੀਆਂ 36 ਸੀਟਾਂ, ਖਾਲਸਾ ਸੀ ਸ ਪਾਲਦੀ ਹੁਸ਼ਿਆਰਪੁਰ ਫੁੱਟਬਾਲ ਅੰਡਰ-14, 17 ਸਾਲ ਲੜਕੇ 36 ਸੀਟਾਂ, ਕ ਖਾ ਸ ਸ ਸ ਹਰਿਆਣਾ (ਹੁਸ਼ਿਆਰਪੁਰ) ਵਿਖੇ ਵਾਲੀਬਾਲ ਅੰਡਰ-19 ਸਾਲ ਲੜਕੇ 12 ਸੀਟਾਂ, ਸ ਸ ਸ ਜਿਆਣ ਚੱਬੇਵਾਲ ਹੁਸ਼ਿਆਰਪੁਰ ਫੁੱਟਬਾਲ ਅੰਡਰ-19 ਸਾਲ ਲੜਕੇ 18 ਸੀਟਾਂ, ਸ ਸ ਸ ਲਾਡੋਵਾਲੀ ਰੋਡ ਜਲੰਧਰ ਜੂਡੋ ਅੰਡਰ-14, 17, 19, ਸਾਲ ਲੜਕੇ 30 ਸੀਟਾਂ, ਸ ਗ ਸ ਸ ਘੰਟਾਘਰ ਕਪੂਰਥਲਾ ਬਾਸਕਿਟਬਾਲ ਅੰਡਰ-19 ਸਾਲ ਲੜਕੀਆਂ 12 ਸੀਟਾਂ, ਸ ਸ ਸ ਜਰਖੜ ਲੁਧਿਆਣਾ ਹਾਕੀ ਅੰਡਰ-17, 19 ਸਾਲ ਲੜਕੇ 24 ਸੀਟਾਂ, ਸ ਸ ਸ ਕਿਲਾਰਾਏਪੁਰ ਹਾਕੀ ਅੰਡਰ 17, 19 ਸਾਲ ਲੜਕੇ 32 ਸੀਟਾਂ, ਡੀ. ਏ. ਵੀ. ਸ ਸ ਤਖਤਗੜ੍ਹ ਰੋਪੜ ਖੋ-ਖੋ ਅੰਡਰ-14, 19 ਸਾਲ ਲੜਕੀਆਂ 24 ਸੀਟਾਂ, ਸ ਰਾਜ ਸ ਸ (ਸੰਗਰੂਰ) ਹਾਕੀ ਅੰਡਰ-17, 19, ਸਾਲ ਲੜਕੇ 32 ਸੀਟਾਂ, ਸ ਸ ਸ ਜਵਾਹਰ ਨਗਰ ਲੁਧਿਆਣਾ ਹੈਂਡਬਾਲ 19 ਸਾਲ ਲੜਕੀਆਂ ਤੇ ਹਾਕੀ ਅੰਡਰ-17 ਤੇ 19 ਸਾਲ ਲੜਕੀਆਂ ਦੀਆਂ 16+32 ਸੀਟਾਂ ਸਮੇਤ ਕੁੱਲ 358 ਸੀਟਾਂ ਖੇਡ ਵਿੰਗਾਂ ਲਈ ਅਲਾਟ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਮਰ ਕੋਚਿੰਗ ਕੈਂਪ ਜੋ ਸੁੰਦਰ ਨਗਰ ਹਿਮਾਚਲ ਪ੍ਰਦੇਸ਼ ਵਿਖੇ 5 ਜੂਨ ਤੋਂ 25 ਜੂਨ ਤੱਕ ਲਗਾਏ ਜਾ ਰਹੇ ਹਨ ਜਿਸ ਵਿਚ 370 ਦੇ ਕਰੀਬ ਖਿਡਾਰੀ ਤੇ ਅਫੀਸ਼ਲ ਹਿੱਸਾ ਲੈਣਗੇ। ਇਸ ਕੈਂਪ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਚੋਣ ਹੇਠ ਲਿਖੇ ਸਥਾਨ 'ਤੇ ਕੀਤੀ ਜਾਵੇਗੀ। ਐਥਲੈਟਿਕਸ 17, 19 ਸਾਲ ਲੜਕੇ-ਲੜਕੀਆਂ, ਬਾਸਕਿਟਬਾਲ 17, 19 ਸਾਲ ਲੜਕੇ ਲੜਕੀਆਂ, ਫੁੱਟਬਾਲ ਅੰਡਰ 17, 19 ਸਾਲ ਲੜਕੇ ਵਾਲੀਬਾਲ ਅੰਡਰ 17, 19 ਸਾਲ ਲੜਕੇ ਤੇ ਲੜਕੀਆਂ ਦੇ ਚੋਣ ਟ੍ਰਾਇਲ 27 ਮਈ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੈਂਡਬਾਲ ਅੰਡਰ 17, 19 ਸਾਲ ਲੜਕੇ, ਲੜਕੀਆਂ, ਕਬੱਡੀ ਅੰਡਰ 17, 19 ਸਾਲ ਲੜਕੇ-ਲੜਕੀਆਂ ਸ ਸ ਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 27 ਮਈ ਨੂੰ, ਖੋ-ਖੋ ਅੰਡਰ 17 ਸਾਲ ਲੜਕੇ, ਲੜਕੀਆਂ ਤੇ ਹਾਕੀ ਅੰਡਰ 17 ਸਾਲ ਲੜਕੀਆਂ ਦੇ ਚੋਣ ਟ੍ਰਾਇਲ 27 ਮਈ ਨੂੰ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ (ਗ) ਸ ਸ ਸਕੂਲ ਭਰਤ ਨਗਰ ਲੁਧਿਆਣਾ ਵਿਖੇ ਸਵੇਰੇ 8 ਵਜੇ ਕਰਵਾਏ ਜਾਣਗੇ। ਇਨ੍ਹਾਂ ਚੋਣ ਟ੍ਰਾਇਲਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਆਪਣੀ ਜਨਮ ਮਿਤੀ ਦਾ ਸਬੂਤ ਤੇ ਦੋ ਪਾਸਪੋਰਟ ਸਾਈਜ਼ ਤਸਵੀਰਾਂ ਸਕੂਲ ਮੁਖੀ ਤੋਂ ਤਸਦੀਕ ਕਰਵਾ ਕੇ ਨਾਲ ਲੈ ਕੇ ਆਉਣ।

ਜ਼ਿਲਾ ਅੰਮ੍ਰਿਤਸਰ ਹਾਕੀ ਚੈਂਪੀਅਨਸ਼ਿਪ 29 ਤੋਂ

ਜਲੰਧਰ, 20 ਮਈ - ਜ਼ਿਲ੍ਹਾ ਅੰਮ੍ਰਿਤਸਰ ਹਾਕੀ ਚੈਂਪੀਅਨਸ਼ਿਪ ਲੜਕੇ ਵਰਗ ਦੀ 29 ਤੋਂ 31 ਮਈ ਤੱਕ ਅੰਡਰ 17 ਤੇ 19 ਸਾਲ ਵਰਗ ਦੀ ਖਾਲਸਾ ਸੀ. ਸੈ. ਸਕੂਲ ਅੰਮ੍ਰਿਤਸਰ ਵਿਖੇ ਕਰਵਾਈ ਜਾ ਰਹੀ ਹੈ। ਇਹ ਚੈਂਪੀਅਨਸ਼ਿਪ ਜ਼ਿਲ੍ਹਾ ਅੰਮ੍ਰਿਤਸਰ ਹਾਕੀ ਐਸੋਸੀਏਸ਼ਨ ਵੱਲੋਂ ਕਰਵਾਈ ਜਾਵੇਗੀ।

ਕੋਕਾ ਕੋਲਾ ਕੰਪਨੀ ਭਾਰਤ ਦੇ 50 ਸ਼ਹਿਰਾਂ 'ਚੋਂ ਫੁੱਟਬਾਲ ਖਿਡਾਰੀ ਚੁਣੇਗੀ

ਜੋਹਾਨਸਬਰਗ, 20 ਮਈ - ਠੰਡੇ ਤਿਆਰ ਕਰਨ ਵਾਲੀ ਕੰਪਨੀ ਕੋਕਾ ਕੋਲਾ ਦੇਸ਼ ਭਰ ਦੇ 50 ਸ਼ਹਿਰਾਂ 'ਚੋਂ ਫੁੱਟਬਾਲ 'ਚ ਮਾਹਰ ਖਿਡਾਰੀਆਂ ਦੀ ਭਾਲ ਕਰੇਗੀ। ਪਿੱਛਲੇ ਸਾਲ ਇਸ ਯੋਜਨਾ ਅਧੀਨ 16 ਸਾਲ ਤੱਕ ਦੇ ਪ੍ਰਤੀਯੋਗੀਆਂ ਨੂੰ ਮੌਕਾ ਦਿੱਤਾ ਗਿਆ ਸੀ ਪਰ ਇਸ ਵਾਰ ਇਹ ਉਮਰ ਹੱਦ 18 ਸਾਲ ਤੱਕ ਵਧਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿੱਛਲੇ ਸਾਲ ਭਾਰਤ ਦੇ 8 ਸ਼ਹਿਰਾਂ 'ਚੋਂ ਕਰੀਬ ਤਿੰਨ ਹਜ਼ਾਰ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ, ਜਿਸ ਵਿਚੋਂ 16 ਉਭਰਦੇ ਫੁੱਟਬਾਲ ਖਿਡਾਰੀਆਂ ਦੀ ਚੋਣ ਕੀਤੀ ਗਈ ਸੀ। ਇਸ ਪ੍ਰੋਗਰਾਮ 'ਚ ਭਾਰਤ ਦੇ ਸਭ ਸੂਬਿਆਂ ਅਤੇ ਜ਼ਿਲਿਆਂ ਦੇ ਫੁੱਟਬਾਲ ਸੰਘ ਸ਼ਾਮਿਲ ਹੋਣਗੇ। ਇਹ ਪ੍ਰੋਗਰਾਮ ਅਗਲੇ ਮਹੀਨੇ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਕੰਪਨੀ ਅਜਿਹੇ ਖੇਡ ਪ੍ਰੋਗਰਾਮ ਕਰੀਬ 25 ਦੇਸ਼ਾਂ ਵਿਚ ਚਲਾ ਰਹੀ ਹੈ।

ਐਥਲੈਟਿਕਸ ਦੇ ਤਕਨੀਕੀ ਅਧਿਕਾਰੀਆਂ ਦੇ ਟੈਸਟ ਜੂਨ 'ਚ

ਜਲੰਧਰ, 19 ਮਈ - ਫੈਡਰੇਸ਼ਨ ਸਟੇਟ ਤਕਨੀਕੀ ਅਧਿਕਾਰੀਆਂ ਦੇ ਟੈਸਟ ਜੂਨ ਮਹੀਨੇ ਵਿਚ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਹਨ। ਇਸ ਟੈਸਟ ਵਿਚ ਹਿੱਸਾ ਲੈਣ ਵਾਲਾ ਉਮੀਦਵਾਰ ਗ੍ਰੈਜੂਏਟ ਹੋਣਾ ਚਾਹੀਦਾ ਹੈ ਅਤੇ ਉਮਰ 40 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਪਦਮਸ਼੍ਰੀ ਹਾਕੀ ਉਲੰਪੀਅਨ ਪ੍ਰਿਥੀਪਾਲ ਸਿੰਘ

ਲੁਧਿਆਣਾ- ਉਲੰਪੀਅਨ ਪ੍ਰਿਥੀਪਾਲ ਸਿੰਘ 20ਵੀਂ ਸਦੀ ਦਾ ਹਾਕੀ ਦਾ ਅਜਿਹਾ ਧਰੂ ਤਾਰਾ ਸੀ ਜਿਸਨੇ ਨਾ ਸਿਰਫ਼ ਹਿੰਦੁਸਤਾਨ ਦੀ ਹਾਕੀ ਨੂੰ ਵਿਸ਼ਵ ਪੱਧਰ 'ਤੇ ਚਮਕਾਇਆ ਸਗੋਂ ਆਪਣੀ ਪਹਿਚਾਣ ਵੀ ਦੁਨੀਆਂ ਦੇ ਦਿੱਗਜ਼ ਖਿਡਾਰੀਆਂ ਵਿਚ ਛੱਡੀ। ਪ੍ਰਿਥੀਪਾਲ ਸਿੰਘ ਨੇ ਆਪਣੀ ਜਿੰਦਗੀ ਦਾ ਸਫ਼ਰ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਸ਼ੁਰੂ ਕੀਤਾ। ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਪ੍ਰਿਥੀਪਾਲ ਦਾ ਪਰਿਵਾਰ ਇੱਧਰ ਆਇਆ ਤਾਂ ਉਸਦਾ ਇਕ ਬਚਪਨ ਦਾ ਦੋਸਤ ਗੁਲਾਮ ਰਸੂਲ ਖਾਨ ਜੋ ਹਾਕੀ ਦਾ ਖਿਡਾਰੀ ਸੀ ਉਸਨੂੰ ਮਿਲਣ ਦੀ ਚਾਹਤ ਨਾਲ ਉਸਨੇ ਹਾਕੀ ਖੇਡਣੀ ਸ਼ੁਰੂ ਕੀਤੀ ਕਿਉਂਕਿ ਪ੍ਰਿਥੀਪਾਲ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਸਦਾ ਦੋਸਤ ਇਕ ਨਾ ਇਕ ਦਿਨ ਪਾਕਿਸਤਾਨੀ ਹਾਕੀ ਟੀਮ ਦਾ ਮੈਂਬਰ ਬਣੇਗਾ, ਕਿਉਂ ਨਾ ਉਹ ਵੀ ਆਪਣੀ ਮਿਹਨਤ ਸਦਕਾ ਭਾਰਤੀ ਹਾਕੀ ਟੀਮ ਦਾ ਮੈਂਬਰ ਬਣੇ। ਪ੍ਰਿਥੀਪਾਲ ਸਿੰਘ ਦੇ ਹਾਕੀ ਹੁਨਰ ਅਤੇ ਉਸਦੀ ਮਿਹਨਤ ਨੇ ਉਸ ਵੇਲੇ ਰੰਗ ਲਿਆਂਦਾ ਜਦੋਂ 1958 ਟੋਕੀਓ ਏਸ਼ੀਆਈ ਖੇਡਾਂ ਮੌਕਾ ਉਸਦੀ ਨਿਯੁਕਤੀ ਭਾਰਤੀ ਹਾਕੀ ਟੀਮ ਲਈ ਹੋਈ। ਪ੍ਰਿਥੀਪਾਲ ਸਿੰਘ 1960 ਰੋਮ, 1964 ਟੋਕੀਓ, 1968 ਮੈਕਸੀਕੋ ਤਿੰਨੇਂ ਉਲੰਪਿਕਾਂ ਵਿਚ ਦੁਨੀਆ ਦਾ ਸਰਵੋਤਮ ਸਕੋਰਰ ਰਿਹਾ। ਉਸਦੀ ਜਿੰਦਗੀ ਦੀ ਤਮੰਨਾ ਉਦੋਂ ਪੂਰੀ ਹੋਈ ਜਦੋਂ 1960 ਰੋਮ ਉਲੰਪਿਕ ਪ੍ਰਿਥੀਪਾਲ ਖੇਡਣ ਗਿਆ ਤਾਂ ਪਾਕਿਸਤਾਨ ਟੀਮ ਵੱਲੋਂ ਉਸਦਾ ਸਾਥੀ ਗੁਲਾਮ ਰਸੂਲ ਖਾਨ ਵੀ ਖੇਡ ਰਿਹਾ ਸੀ। ਕੌਮਾਂਤਰੀ ਹਾਕੀ ਸੰਘ ਨੇ ਪ੍ਰਿਥੀਪਾਲ ਸਿੰਘ ਨੂੰ ਹਾਕੀ ਦੇ ਜਾਦੂਗਰ ਧਿਆਨਚੰਦ ਤੋਂ ਬਾਅਦ ਦੁਨੀਆਂ ਦਾ ਦੂਸਰਾ 20ਵੀਂ ਸਦੀ ਦਾ ਮਹਾਨ ਖਿਡਾਰੀ ਐਲਾਨਿਆ। ਪ੍ਰਿਥੀਪਾਲ ਸਿੰਘ ਦੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਭਾਰਤ ਸਰਕਾਰ ਨੇ ਉਸਨੂੰ ਅਰਜੁਨਾ ਐਵਾਰਡ ਅਤੇ ਪਦਮਸ੍ਰੀ ਐਵਾਰਡ ਨਾਲ ਨਿਵਾਜ਼ਿਆ। ਪ੍ਰਿਥੀਪਾਲ ਸਿੰਘ ਪਹਿਲਾਂ ਪੰਜਾਬ ਪੁਲਿਸ ਦੇ ਵਿਚ ਨੌਕਰੀ ਕੀਤੀ। ਉਸ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਉਹ ਲੰਬਾ ਅਰਸਾ ਡਾਇਰੈਕਟਰ ਸਪੋਰਟਸ ਵੈਲਫੇਅਰ ਅਫ਼ਸਰ ਰਹੇ। 20 ਮਈ 1983 ਨੂੰ ਸਮਾਜ ਦੇ ਕੁਝ ਗਲਤ ਅਨਸਰਾਂ ਨੂੰ ਭਾਵੇਂ ਦੁਨੀਆਂ ਦੇ ਇਸ ਮਹਾਨ ਖਿਡਾਰੀ ਨੂੰ ਪੀ. ਏ. ਯੂ. ਵਿਖੇ ਸ਼ਹੀਦ ਕਰਕੇ ਸਾਡੇ ਕੋਲੋਂ ਸਦਾ ਲਈ ਖੋਹ ਲਿਆ ਪਰ ਹਾਕੀ ਖੇਡ ਪ੍ਰਤੀ ਉਸਦੇ ਪਾਏ ਪੂਰਨਿਆਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ।

ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਮਨੀਲਾ ਲਈ ਭਾਰਤੀ ਜੂਨੀਅਰ ਪਹਿਲਵਾਨਾਂ ਦਾ ਤਿਆਰੀ ਕੈਂਪ ਸ਼ੁਰੂ

ਜਲੰਧਰ, 18 ਮਈ - 32ਵੀਂ ਪੰਜਾਬ ਜੂਨੀਅਰ ਭਾਰਤੀ ਪਹਿਲਵਾਨਾਂ ਦਾ ਤਿਆਰੀ ਲਈ ਕੈਂਪ ਪੀ. ਏ. ਪੀ. ਇੰਡੋਰ ਸਟੇਡੀਅਮ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਕੈਂਪ ਦੌਰਾਨ 8 ਪਹਿਲਵਾਨਾਂ ਨੂੰ ਮਨੀਲਾ ਵਿਖੇ ਹੋ ਰਹੀ ਏਸ਼ੀਅਨ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਦਾ ਮੌਕਾ ਮਿਲੇਗਾ। ਮਨੀਲਾ (ਫਿਲੀਪਨ) ਦੀ ਰਾਜਧਾਨੀ ਵਿਖੇ ਏਸ਼ੀਅਨ ਚੈਂਪੀਅਨਸ਼ਿਪ 12 ਤੋਂ 14 ਜੁਲਾਈ ਤੱਕ ਹੋ ਰਹੀ ਹੈ ਜਿਸ ਵਿਚ ਭਾਰਤ ਦੇ ਨਾਲ-ਨਾਲ ਰੂਸ, ਕੋਰੀਆ, ਈਰਾਨ, ਜਾਪਾਨ, ਪਾਕਿਸਤਾਨ, ਕਜਾਕਿਸਤਾਨ, ਚੀਨ, ਕਿਰਸਿਸਤਾਨ ਅਤੇ ਮਲੇਸ਼ੀਆ ਦੇ ਪਹਿਲਵਾਨ ਹਿੱਸਾ ਲੈਣਗੇ।

ਕੌਮੀ ਫੁੱਟਬਾਲ ਚੈਂਪੀਅਨਸ਼ਿਪ 'ਚ ਪੰਜਾਬ ਦੀ ਬੱਲੇ ਬੱਲੇ

ਜਲੰਧਰ, 18 ਮਈ - ਗੋਆ ਵਿਖੇ ਕੌਮੀ ਫੁੱਟਬਾਲ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿਚ ਪੰਜਾਬ ਦੀ ਅੰਡਰ 21 ਸਾਲ ਫੁੱਟਬਾਲ ਟੀਮ ਨੇ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਦੱਤਾ ਰਾਏ 'ਚ ਟਰਾਫੀ ਜਿੱਤ ਲਈ। ਇਸ ਫਾਈਨਲ ਵਿਚੋਂ ਪੰਜਾਬ ਦੀ ਟੀਮ ਨੇ ਮਿਜ਼ੋਰਮ ਨੂੰ 3-2 ਨਾਲ ਹਰਾ ਕੇ ਜੇਤੂ ਖਿਤਾਬ 'ਤੇ ਕਬਜ਼ਾ ਕੀਤਾ।

ਏਸ਼ੀਅਨ ਗ੍ਰਾ. ਪ੍ਰੀ. ਐਥਲੈਟਿਕ ਮੀਟਸ 23 ਤੋਂ

ਪਟਿਆਲਾ, 17 ਮਈ - ਚੀਨ ਦੇ ਵੱਖ-ਵੱਖ ਸ਼ਹਿਰਾਂ 'ਚ 23, 26 ਅਤੇ 30 ਮਈ ਨੂੰ ਹੋਣ ਵਾਲੀਆਂ ਏਸ਼ੀਅਨ ਗ੍ਰਾ. ਪ੍ਰੀ. ਐਥਲੈਟਿਕ ਮੀਟਸ ਲਈ ਭਾਰਤੀ ਖਿਡਾਰੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਅਥਲੈਟਿਕ ਟੀਮ ਦੇ ਮੁੱਖ ਕੋਚ ਸ: ਬਹਾਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਅਥਲੀਟਾਂ ਦੀ ਚੋਣ ਪਿਛਲੇ ਹਫ਼ਤੇ ਕੋਚੀਨ, ਕੋਇੰਬਟੂਰ ਤੇ ਚੇਨਈ ਵਿਖੇ ਹੋਈਆਂ ਕੌਮੀ ਗ੍ਰਾ. ਪ੍ਰੀ. ਮੀਟਸ ਦੌਰਾਨ ਕੀਤੀ ਗਈ ਹੈ। ਇਸ ਦਲ 'ਚ ਉਲੰਪੀਅਨ ਦੌੜਾਕ ਮਨਦੀਪ ਕੌਰ, ਰਣਜੀਤ ਮਹੇਸ਼ਵਰੀ ਤੀਹਰੀ ਛਾਲ ਤੇ ਗੋਲਾ ਸੁਟਾਵੇ ਨਵਪ੍ਰੀਤ ਸਿੰਘ ਨੂੰ ਫਿੱਟ ਨਾ ਹੋਣ ਕਾਰਨ ਅਤੇ ਉਲੰਪੀਅਨ ਮਨਜੀਤ ਕੌਰ ਨੂੰ ਅਮਰੀਕਾ 'ਚ ਸਿਖਲਾਈ ਲੈਣ ਕਰਕੇ ਸ਼ਾਮਿਲ ਨਹੀਂ ਕੀਤਾ ਗਿਆ। ਇਸ ਦਲ ਦੇ ਪੁਰਸ਼ ਵਰਗ 'ਚ 400 ਮੀਟਰ ਦੌੜ ਵਿਵਿਨ ਮੈਥੀਊਜ ਤੇ ਐਸ.ਕੇ. ਮੁਰਤਜਾ, 4×400 ਮੀਟਰ ਰੀਲੇਅ ਵੀ.ਵੀ. ਵਿਨੀਸ਼, ਅਜੇ ਕੁਮਾਰ, ਵਿਨੈ ਕੁਮਾਰ, ਵਿਵਿਨ ਮੈਥੀਓਜ ਤੇ ਐਸ.ਕੇ. ਮੁਰਤਜਾ, 800 ਮੀਟਰ ਰਾਜੀਵ ਆਰ ਤੇ ਪ੍ਰਕਾਸ਼ ਵਰਮਾ, 3000 ਤੇ 5000 ਮੀਟਰ ਦੌੜ, ਰਵਿੰਦਰ ਸਿੰਘ, ਕਾਂਸੀ ਨਾਥ ਆਸੂਲੇ, ਸੰਦੀਪ ਕੁਮਾਰ, ਸੁਰਿੰਦਰ ਸਿੰਘ ਤੇ ਐਲ੍ਰ ਸਿੰਘ, 110 ਮੀਟਰ ਅੜਿੱਕਾ ਦੌੜ ਕ੍ਰਿਸ਼ਨ ਮੋਹਨ, ਉੱਚੀ ਛਾਲ ਹਰੀ ਸ਼ੰਕਰ ਰਾਏ, ਜਿਤਿਨ ਥਾਮਸ ਨੇ ਵੀ. ਸਟਾਰਲੇ, ਤੀਹਰੀ ਛਾਲ ਅਮਰਜਤੀ ਸਿੰਘ, ਜੈਵਲਿਨ ਥਰੋਅ ਅਨਿਲ ਸਿੰਘ, ਰੋਹਿਤ ਕੁਮਾਰ ਤੇ ਕਾਸ਼ੀ ਨਾਥ, ਗੋਲਾ ਸੁੱਟਣ 'ਚ ਓਮ ਪ੍ਰਕਾਸ਼, ਸਤਿੰਦਰ ਸਿੰਘ, ਸੌਰਵ ਵਿਜ, 4×100 ਮੀਟਰ ਅਬਦੁਲ ਨਜੀਵ ਕਰੈਸ਼ੀ, ਸਮੀਰ ਮੋਹਨ, ਅਰੁਨਜੀਤ ਤੇ ਰਿਤੇਸ਼ ਆਨੰਦ ਸ਼ਾਮਿਲ ਹਨ। ਮਹਿਲਾ ਵਰਗ 'ਚ 800 ਮੀਟਰ ਦੌੜ ਸੁਸ਼ਮਾ ਦੇਵੀ, ਡਿਸਕਸ ਸੁੱਟਣ ਕ੍ਰਿਸ਼ਨਾ ਪੂਨੀਆ, ਹਰਵੰਤ ਕੌਰ ਤੇ ਸੀਮਾ ਅੰਤਿਲ, 4×100 ਮੀਟਰ ਸ਼ਾਰਦਾ ਨਰਾਇਣ, ਐਚ.ਐਮ. ਰੈਡੀ, ਕੇ ਸੋਦਰੀਯ, ਨਿਧੀ ਸਿੰਘ, ਗਾਇਤਰੀ, ਸੁਸ਼ਮਾ ਸਿੰਘ ਰਾਏ, 4×100 ਮੀਟਰ ਕੇ. ਨਿਰਦਲਾ, ਕੇ. ਸੌਦਰੀਯ, ਮਿੰਨੀ ਚੋਸ਼, ਪ੍ਰਿਯੰਕਾ ਪਨਵਾਰ ਤੇ ਪ੍ਰਤਿਭਾ, ਉੱਚੀ ਛਾਲ ਸ਼ਹਾਨੀ ਕੁਮਾਰੀ, ਸੁਸ਼ਮਿਤਾ ਸਿੰਘ ਰਾਏ, ਤੀਹਰੀ ਛਾਲ ਪ੍ਰਿਯੂਸਾ ਐਮ.ਏ. ਤੇ ਗਾਇਤਰੀ ਦੇਸ਼ ਦੀਆਂ ਝੰਡਾ ਬਰਦਾਰ ਹੋਣਗੀਆਂ। ਇਨ੍ਹਾਂ ਸਾਰੇ ਅਥਲੀਟਾਂ ਦਾ ਸਿਖਲਾਈ ਕੈਂਪ ਲੰਬੇ ਅਰਸੇ ਤੋਂ ਇਥੇ ਐਨ.ਆਈ.ਐਸ. ਵਿਖੇ ਲੱਗਿਆ ਹੋਇਆ ਹੈ।

ਪੰਜਾਬ ਕੁਸ਼ਤੀ ਚੈਂਪੀਅਨਸ਼ਿਪ 25 ਤੋਂ

ਪਟਿਆਲਾ, 17 ਮਈ - ਪੰਜਾਬ ਜੂਨੀਅਰ ਤੇ ਸਬ-ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ 25 ਤੇ 26 ਮਈ ਨੂੰ ਸਰਕਾਰੀ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ (ਮੋਗਾ) ਵਿਖੇ ਕਰਵਾਈ ਜਾ ਰਹੀ ਹੈ। ਜਿਸ ਵਿਚ ਸਾਰੇ ਜ਼ਿਲ੍ਹਿਆਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਦੋ ਦਿਨਾਂ ਚੈਂਪੀਅਨਸ਼ਿਪ 'ਚ ਜੂਨੀਅਰ (ਲੜਕੇ), ਸਬ ਜੂਨੀਅਰ ਤੇ ਜੂਨੀਅਰ (ਲੜਕੀਆਂ) ਦੇ ਮੁਕਾਬਲੇ ਹੋਣਗੇ।

ਭਾਰਤੀ ਮੁੱਕੇਬਾਜ਼ਾਂ ਦਾ ਚਾਰ ਤਮਗਿਆਂ 'ਤੇ ਕਬਜ਼ਾ

ਨਵੀਂ ਦਿੱਲੀ, 14 ਮਈ - ਜੂਨੀਅਰ ਵਿਸ਼ਵ ਚੈਂਪੀਅਨ ਟੀ. ਨਨਾਓ ਸਿੰਘ ਦੇ (48 ਕਿਲੋਗ੍ਰਾਮ) ਸੋਨ ਅਤੇ ਛੋਟੇ ਲਾਲ ਯਾਦਵ (57 ਕਿਲੋਗ੍ਰਾਮ) ਦੇ ਚਾਂਦੀ ਦੇ ਤਗਮੇ ਸਮੇਤ ਭਾਰਤੀ ਮੁੱਕੇਬਾਜ਼ਾਂ ਨੇ ਕਜ਼ਾਖਸਤਾਨ ਦੇ ਅਲਮਾਟੀ 'ਚ ਟਰੇਨਿੰਗ ਕਮ ਚੈਂਪੀਅਨਸ਼ਿਪ 'ਚ ਚਾਰ ਤਗਮੇ ਜਿੱਤੇ। ਨਨਾਓ ਸਿੰਘ ਨੇ ਸਥਾਨਕ ਖਿਡਾਰੀ ਜੁਸੁਪੋਵ ਨੂੰ ਕਰੜੇ ਮੁਕਾਬਲੇ 'ਚ 6-4 ਅੰਕਾਂ ਨਾਲ ਹਰਾਇਆ ਜਦਕਿ ਯਾਦਵ ਨੂੰ ਕਜ਼ਾਖਸਤਾਨ ਦੇ ਹੀ ਸੁਲਕੋਵ ਨੇ 7-1 ਅੰਕਾਂ ਨਾਲ ਪਛਾੜ ਦਿੱਤਾ। ਭਾਰਤ ਨੇ ਇਸ ਪ੍ਰਤੀਯੋਗਤਾ ਲਈ 10 ਮੈਂਬਰੀ ਟੀਮ ਭੇਜੀ ਸੀ। ਜਿਸ 'ਚ ਬੀਜਿੰਗ ਉਲੰਪਿਕ ਦੇ ਕੁਆਰਟਰ ਫਾਈਨਲ ਤੱਕ ਪਹੁੰਚਣ ਵਾਲੇ ਜਤਿੰਦਰ ਕੁਮਾਰ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ। ਜਤਿੰਦਰ ਨੇ ਪ੍ਰਤੀਯੋਗਤਾ ਦੌਰਾਨ 54 ਕਿਲੋਗ੍ਰਾਮ ਬੈਟਮਵੇਟ ਵਰਗ 'ਚ ਆਪਣਾ ਪਹਿਲਾ ਮੁਕਾਬਲਾ ਜਿੱਤਿਆ ਪਰ ਉਹ ਕੁਆਰਟਰ ਫਾਈਨਲ ਮੁਕਾਬਲੇ 'ਚ ਹਾਰ ਗਿਆ। ਪ੍ਰਤੀਯੋਗਤਾ 'ਚ ਸਾਬਕਾ ਕੈਡੇਟ ਅਤੇ ਵਿਸ਼ਵ ਚੈਂਪੀਅਨ ਵਿਪਨ ਕੁਮਾਰ (51 ਕਿਲੋਗ੍ਰਾਮ), ਰਾਕੇਸ਼ ਕਾਲਸ਼ਕਰ (60 ਕਿਲੋਗ੍ਰਾਮ), ਬਲਵਿੰਦਰ ਸਿੰਘ (64 ਕਿਲੋਗ੍ਰਾਮ), ਜਗਤ (75 ਕਿਲੋਗ੍ਰਾਮ) ਅਤੇ ਗੁਰੂ ਲਾਲ (91 ਕਿਲੋਗ੍ਰਾਮ) ਨੇ ਭਾਰਤ ਦੀ ਚੁਣੌਤੀ ਪੇਸ਼ ਕੀਤੀ।

ਚਣਕੋਈਆਂ ਖੁਰਦ ਦਾ ਖੇਡ ਮੇਲਾ 22 ਤੋਂ

ਦੋਰਾਹਾ, 14 ਮਈ - 22 ਤੋਂ 24 ਮਈ ਤੱਕ ਤਿੰਨ ਰੋਜ਼ਾ ਖੇਡ ਮੇਲਾ ਪਿੰਡ ਚਣਕੋਈਆਂ ਖੁਰਦ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਕ੍ਰਿਕਟ, ਕਬੱਡੀ, ਬੈਲ ਗੱਡੀਆਂ ਤੇ ਕਬੂਤਰਾਂ ਦੀ ਬਾਜ਼ੀ ਤੋਂ ਇਲਾਵਾ ਬਜ਼ੁਰਗਾਂ ਦੀ ਦੌੜ ਵਿਸ਼ੇਸ਼ ਤੌਰ 'ਤੇ ਕਰਵਾਈ ਜਾਵੇਗੀ।

ਰਾਸ਼ਟਰ ਮੰਡਲ ਖੇਡਾਂ ਲਈ ਸਾਈਕਲਿਸਟ ਕੋਰ ਗਰੁੱਪ ਦੀ ਚੋਣ

ਪਟਿਆਲਾ, 14 ਮਈ - ਕਾਮਨਵੈਲਥ ਖੇਡਾਂ 2010 ਦੇ ਵੱਖ-ਵੱਖ ਖੇਡ ਮੁਕਾਬਲਿਆਂ ਲਈ ਭਾਰਤੀ ਸਾਈਕਲਿਸਟ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਖੇ ਤਿੰਨ ਦਿਨਾਂ ਟਰਾਇਲਾਂ ਦੌਰਾਨ 50 ਦੇ ਕਰੀਬ ਸਾਈਕਲਿਸਟਾਂ ਚੁਣੇ ਗਏ ਹਨ। ਟਰਾਇਲਾਂ ਦੌਰਾਨ 30 ਦੇ ਕਰੀਬ ਪੁਰਸ਼ ਤੇ 15 ਦੇ ਕਰੀਬ ਮਹਿਲਾ ਸਾਇਕਲਿਸਟਾਂ ਦੀ ਚੋਣ ਕੀਤੀ ਗਈ ਹੈ। ਜਿਨ੍ਹਾਂ ਦਾ ਕੈਂਪ 1 ਜੂਨ ਤੋਂ ਇੱਥੇ ਐਨ.ਆਈ.ਐਸ. ਵਿਖੇ ਹੀ ਲਗਾਇਆ ਜਾਣਾ ਹੈ। ਸਾਈ ਵੱਲੋਂ ਕੁਝ ਨਿਰਧਾਰਿਤ ਕਾਰਵਾਈਆਂ ਕਰਕੇ 1 ਜੂਨ ਤੋਂ ਕੈਂਪ ਸ਼ੁਰੂ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਨ੍ਹਾਂ ਟਰਾਇਲਾਂ ਦੇ ਰੋਡ ਰੇਸ ਮੁਕਾਬਲਿਆਂ 'ਚ 50 ਪੁਰਸ਼ ਤੇ 20 ਮਹਿਲਾ ਸਾਈਕਲਸਿਟਾਂ ਨੇ ਹਿੱਸਾ ਲਿਆ। ਗਿਣਤੀ ਸਾਈਕਲਿੰਗ ਦੀ ਕੌਮੀ ਚੈਂਪੀਅਨਸ਼ਿਪ ਤੋਂ ਵੀ ਜ਼ਿਆਦਾ ਸੀ। ਇਸ ਤੋਂ ਇਲਾਵਾ ਦੇਸ਼ ਭਰ ਦੇ ਸਾਈਕਲਿਸਟ ਨੇ ਫੈਡਰੇਸ਼ਨਾਂ ਵੱਲੋਂ ਟਰਾਇਲਾਂ ਵੇਲੇ ਉਮਰ, ਲਾਈਸੈਂਸ ਤੇ ਹੋਰ ਝੰਜਟਾਂ ਤੋਂ ਭਾਰਮੁਕਤ ਹੋ ਕੇ ਇਨ੍ਹਾਂ ਟਰਾਇਲਾਂ 'ਚ ਹਿੱਸਾ ਲਿਆ ਹੈ।

ਵਾਲੀਬਾਲ ਟੂਰਨਾਮੈਂਟ ਸਨੌਰ ਨੇ ਜਿੱਤਿਆ

ਪਟਿਆਲਾ, 13 ਮਈ - ਪਹਿਲੀ ਵਾਰ ਸਨੌਰ ਸਟੈਡੀਅਮ ਵਿਖੇ ਦੋ ਦਿਨਾਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ 12 ਟੀਮਾਂ ਨੇ ਹਿੱਸਾ ਲਿਆ। ਵਾਲੀਬਾਲ ਦੇ ਫਾਈਨਲ ਮੈਚ ਵਿਚ ਸਨੌਰ ਅਤੇ ਕੌਰਜੀ ਪਿੰਡ ਦੀ ਟੀਮ ਨੇ ਹਿੱਸਾ ਲਿਆ। ਜਿਸ ਵਿਚ ਸਨੌਰ ਨੇ ਕੌਰਜੀ ਵਾਲਾ ਦੀ ਟੀਮ ਨੂੰ ਹਰਾਇਆ। ਬਾਅਦ ਵਿਚ ਕਲੱਬ ਦੇ ਮੈਂਬਰਾਂ ਨੇ ਸਨੌਰ ਟੀਮ ਨੂੰ 3100 ਰੁਪਏ ਅਤੇ ਕੌਰਜੀਵਾਲਾ ਦੀ ਟੀਮ ਨੂੰ 2100 ਰੁਪਏ ਇਨਾਮ ਦਿੱਤਾ ਗਿਆ।

ਪੰਜਾਬੀ 'ਵਰਸਿਟੀ ਦੇ ਫੁੱਟਬਾਲ ਕੈਂਪ ਟਰਾਇਲ

ਪਟਿਆਲਾ, 12 ਮਈ -ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਵਾਰ ਲਗਾਏ ਜਾਣ ਵਾਲੇ ਆਫ਼ ਸੀਜ਼ਨ ਕੈਂਪਾਂ ਤਹਿਤ ਫੁੱਟਬਾਲ ਖਿਡਾਰੀਆਂ ਦੀ ਚੋਣ ਲਈ ਟਰਾਇਲ ਰੱਖੇ ਗਏ ਜਿਨ੍ਹਾਂ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਤੋਂ ਵੀ ਚੋਟੀ ਦੇ 150 ਦੇ ਕਰੀਬ ਫੁੱਟਬਾਲਰਾਂ ਨੇ ਹਿੱਸਾ ਲਿਆ। ਦੋ ਦਿਨ ਚੱਲੇ ਟਰਾਇਲਾਂ ਵਿਚ 37 ਖਿਡਾਰੀਆਂ ਦੀ ਕੈਂਪ ਲਈ ਚੋਣ ਕੀਤੀ ਗਈ ਜਦਕਿ ਕੁਝ ਹੋਰਨਾਂ ਖੇਡਾਂ ਦੇ ਟਰਾਇਲ ਕੁਝ ਦਿਨ ਬਾਅਦ ਵਿਚ ਰੱਖੇ ਗਏ ਹਨ ਪਰ ਫੁੱਟਬਾਲ ਟੀਮ ਦੀ ਤਿਆਰੀ ਯੋਜਨਾ ਤਹਿਤ ਫੁੱਟਬਾਲ ਲਈ ਟਰਾਇਲ ਪਹਿਲਾਂ ਰੱਖੇ ਗਏ ਹਨ। ਇਥੇ ਅੰਡਰ-19, 17 ਤੇ 14 ਉਮਰ ਗੁੱਟ ਦੇ ਖਿਡਾਰੀਆਂ ਨੂੰ ਵੀ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।

ਭਾਰਤ ਏਸ਼ੀਆ ਕੱਪ ਹਾਕੀ 'ਚੋਂ ਬਾਹਰ

ਕੁਆਨਤਾਨ, 12 ਮਈ -ਮੇਜਬਾਨ ਚੀਨ ਨੇ ਇਥੇ ਖੇਡੇ ਜਾ ਰਹੇ 7 ਦੇਸ਼ਾਂ ਦੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਇਕ ਮੈਚ ਵਿਚ ਭਾਰਤੀ ਟੀਮ ਨੂੰ 2-2 ਦੀ ਬਰਾਬਰੀ 'ਤੇ ਰੋਕ ਕੇ ਉਸਦੇ ਸੈਮੀਫਾਈਨਲ 'ਚ ਖੇਡਣ ਦਾ ਸੁਪਨਾ ਚਕਨਾਚੂਰ ਕਰ ਦਿੱਤਾ। ਵਰਤਮਾਨ ਚੈਂਪੀਅਨ ਭਾਰਤੀ ਟੀਮ ਜਿਸ ਨੂੰ ਇਸ ਟੂਰਨਾਮੈਂਟ ਵਿਚ ਪਾਕਿਸਤਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਨੂੰ ਆਖਰੀ ਚਾਰ ਟੀਮਾਂ 'ਚ ਆਪਣੀ ਥਾਂ ਬਣਾਉਣ ਲਈ ਇਸ ਮੈਚ ਵਿਚ ਕਰੋ ਜਾਂ ਮਰੋ ਵਾਲੀ ਸਥਿਤੀ ਸੀ। ਭਾਰਤ ਵੱਲੋਂ ਕਪਤਾਨ ਸੰਦੀਪ ਸਿੰਘ ਨੇ 31ਵੇਂ ਤੇ 34ਵੇਂ ਜਦਕਿ ਚੀਨ ਵੱਲੋਂ ਲੂ ਫੇਂਗ ਹੂਈ ਨੇ 45ਵੇਂ ਅਤੇ ਯੂ ਯਾਂਗ ਨੇ 59ਵੇਂ ਮਿੰਟ 'ਚ ਆਪਣੀ ਟੀਮ ਲਈ ਗੋਲ ਕੀਤਾ। ਇਥੇ ਇਹ ਗੱਲ ਵਰਣਨਯੋਗ ਹੈ ਕਿ 2006 ਦੀਆਂ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਭਾਰਤ ਨੂੰ ਪਾਕਿਸਤਾਨ ਹੱਥੋਂ ਹੋਈ ਇਹ ਪਹਿਲੀ ਹਾਰ ਹੈ। ਦੂਜੇ ਪਾਸੇ ਡਰਾਅ ਦੇ ਬਾਵਜੂਦ ਚੀਨ ਦੀ ਟੀਮ ਪੂਲ-ਬੀ ਵਿਚੋਂ ਪਾਕਿਸਤਾਨ ਤੋਂ ਬਾਅਦ ਸੈਮੀਫਾਈਨਲ 'ਚ ਪ੍ਰਵੇਸ਼ ਕਰ ਗਈ ਹੈ। ਭਾਰਤੀ ਟੀਮ ਐਤਵਾਰ ਨੂੰ ਪਾਕਿਸਤਾਨ ਵਿਰੁਧ ਖੇਡੇ ਗਏ ਆਪਣੇ ਪਹਿਲਾ ਗਰੁਪ ਮੈਚ 'ਚ 3-2 ਨਾਲ ਹਾਰ ਗਈ ਸੀ ਜਦਕਿ ਚੀਨ ਸੋਮਵਾਰ ਨੂੰ ਪਾਕਿਸਤਾਨ ਵਿਰੁਧ ਖੇਡੇ ਗਏ ਮੈਚ ਨੂੰ 1-1 ਨਾਲ ਬਰਾਬਰ ਰੱਖਣ 'ਚ ਸਫਲ ਰਿਹਾ ਸੀ।

ਭਾਰਤੀ ਪਹਿਲਵਾਨਾਂ ਦੀ ਰਹੀ ਝੰਡੀ

ਪਟਿਆਲਾ, 10 ਮਈ -ਪਤਾਇਆ (ਥਾਈਲੈਂਡ) 'ਚ ਹੋਈ ਏਸ਼ੀਆ ਕੁਸ਼ਤੀ ਚੈਂਪੀਅਨਸ਼ਿਪ 'ਚ ਦੋ ਪੁਰਸ਼ ਤੇ ਇਕ ਮਹਿਲਾ ਭਾਰਤੀ ਪਹਿਲਵਾਨ ਨੇ ਕਾਂਸੀ ਦੇ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਪੁਰਸ਼ ਵਰਗ 'ਚ ਅਨੁਜ ਚੌਧਰੀ ਨੇ 84 ਕਿਲੋ ਤੇ ਰਮੇਸ਼ਕੁਮਾਰ ਨੇ 74 ਕਿਲੋ, ਮਹਿਲਾ ਵਰਗ 'ਚ ਅਲਕਾ ਤੋਮਰ ਨੇ 59 ਕਿਲੋ ਵਜ਼ਨ 'ਚ ਕਾਂਸੀ ਦੇ ਤਗਮੇ ਜਿੱਤੇ ਹਨ। ਪਿਛਲੀ ਏਸ਼ੀਆ ਚੈਂਪੀਅਨਸ਼ਿਪ ਦੇ ਪੁਰਸ਼ 'ਚ ਯੋਗੇਸ਼ਵਰ ਦੱਤ ਨੇ ਸੋਨ, ਸੁਸ਼ੀਲ ਕੁਮਾਰ ਨੇ ਕਾਂਸੀ, ਮਹਿਲਾ ਵਰਗ 'ਚ ਨੇਹਾ ਰਾਣੀ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਵਾਰ ਯੋਗੇਸ਼ਵਰ ਦੱਤ ਸੱਟ ਲੱਗਣ ਕਾਰਨ ਇਸ ਟੂਰਨਾਮੈਂਟ 'ਚ ਹਿੱਸਾ ਨਹੀਂ ਲੈ ਸਕਿਆ।

ਆਦਮਪੁਰ ਦੀ ਪੱਛਮੀ ਏਅਰ ਕਮਾਂਡ ਹਾਕੀ ਚੈਂਪੀਅਨਸ਼ਿਪ 'ਤੇ ਸ਼ਾਨਦਾਰ ਜਿੱਤ

ਜਲੰਧਰ, 9 ਮਈ -ਆਦਮਪੁਰ ਨੇ ਏਅਰ ਫੋਰਸ ਸਟੇਸ਼ਨ ਆਦਮਪੁਰ ਵਿਖੇ ਕਰਵਾਈ ਗਈ ਵੈਸਟਰਨ ਏਅਰ ਕਮਾਂਡ ਇੰਟਰ ਏਰੀਆ ਹਾਕੀ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿਚੋਂ ਸੁਚੇਤਗੜ੍ਹ ਨੂੰ 5-0 ਨਾਲ ਹਰਾ ਕੇ ਜੇਤੂ ਖਿਤਾਬ 'ਤੇ ਕਬਜ਼ਾ ਕੀਤਾ। ਪਠਾਨਕੋਟ ਨੇ ਹਿੰਡਨ ਏਰੀਆ ਨੂੰ 1-0 ਨਾਲ ਹਰਾ ਕੇ ਤੀਜੀ ਥਾਂ ਹਾਸਲ ਕੀਤੀ।

ਕਬੂਤਰ ਉਡਾਣ ਮੁਕਾਬਲੇ ਅੱਜ

ਜਲੰਧਰ, 9 ਮਈ- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਪਿੰਜਨ ਫਲਾਇੰਗ ਕਲੱਬ ਵੱਲੋਂ ਕਬੂਤਰ ਉਡਾਣ ਮੁਕਾਬਲੇ 10 ਮਈ ਨੂੰ ਮੁਹੱਲਾ ਗੋਬਿੰਦਗੜ੍ਹ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ। ਕਬੂਤਰਾਂ ਦੇ ਪੰਜਾਬ ਪੱਧਰੀ ਮੁਕਾਬਲੇ 'ਚ 6 ਅਕਤੂਬਰ ਉਡਾਏ ਜਾ ਸਕਦੇ ਹਨ ਤੇ ਇਨ੍ਹਾਂ ਦੀ ਕਬੂਤਰ ਉਡਾਣ ਦਾ ਸਮਾਂ 10 ਵਜੇ ਤੋਂ ਸ਼ੁਰੂ ਕੀਤਾ ਜਾਵੇਗਾ।

ਪੰਜਾਬ ਬਾਸਕਿਟਬਾਲ ਟੀਮਾਂ ਦਾ ਐਲਾਨ

ਲੁਧਿਆਣਾ, 6 ਮਈ -26ਵੀਂ ਯੂਥ ਰਾਸ਼ਟਰੀ ਬਾਸਕਿਟਬਾਲ ਚੈਂਪੀਅਨਸ਼ਿਪ ਜੋ 9 ਤੋਂ 16 ਮਈ ਤੱਕ ਮੁੰਬਈ ਵਿਖੇ ਹੋ ਰਹੀ ਹੈ, ਲਈ ਪੰਜਾਬ ਦੀਆਂ ਟੀਮਾਂ ਦਾ ਪੰਜਾਬ ਬਾਸਕਟਬਾਲ ਸੰਘ ਨੇ ਐਲਾਨ ਕਰ ਦਿੱਤਾ ਹੈ। ਮੁੰਡਿਆਂ ਦੇ ਵਰਗ ਵਿਚ ਪੰਜਾਬ ਟੀਮ ਦੀ ਅਗਵਾਈ ਬਲਜੀਤ ਸਿੰਘ ਬਰਾੜ ਅਤੇ ਕੁੜੀਆਂ ਵਿਚ ਨਗਮਾ ਮਿਰਜ਼ਾ ਟੀਮ ਦੀ ਕਪਤਾਨੀ ਕਰੇਗੀ। ਦੋਹਾਂ ਟੀਮਾਂ ਦੇ ਮੈਂਬਰਾਂ ਦੇ ਨਾਮ ਇਸ ਤਰਾਂ ਹਨ।
ਮੁੰਡੇ-ਬਲਜੀਤ ਸਿੰਘ ਬਰਾੜ (ਕਪਤਾਨ), ਮਨਪ੍ਰੀਤ ਸਿੰਘ, ਕਮਲਦੀਪ ਸਿੰਘ, ਗੌਰਵ ਦੀਪ ਸਿੰਘ, ਹਰਦੀਪ ਸਿੰਘ, ਆਰਜੁ ਕੁਮਾਰ, ਸੁਨੀਲ ਬਜਾਜ, ਹਰਦੀਪ ਸਿੰਘ ਜੂਨੀਅਰ, ਤਰਨਦੀਪ ਸਿੰਘ, ਗੁਰਦੀਪ ਸਿੰਘ, ਦਮਨਦੀਪ ਸਿੰਘ, ਖੁਸ਼ਦੀਪ ਸਿੰਘ, ਟੀਮ ਦੇ ਕੋਚ ਲਖਵਿੰਦਰ ਸਿੰਘ ਔਜਲਾ ਅਤੇ ਭੁਪਿੰਦਰ ਸਿੰਘ, ਮੈਨੇਜਰ ਤਰਜਿੰਦਰ ਸਿੰਘ ਵਿਰਕ, ਅਤੇ ਰੈਫ਼ਰੀ ਵਜੋਂ ਸ੍ਰੀ ਹਰੀਸ ਕੁਮਾਰ ਅਤੇ ਸਤਪਾਲ ਸਿੰਘ ਜਾਣਗੇ।
ਕੁੜੀਆਂ-ਨਗਮਾ ਮਿਰਜ਼ਾ (ਕਪਤਾਨ), ਸੰਧਿਆ, ਗੀਤਾ, ਗੋਰੀ, ਸੋਨੀਆ, ਅਰੁਣਾ, ਅੰਜਲੀ ਗੁਲਾਟੀ, ਅਮਨਪ੍ਰੀਤ ਕੌਰ, ਸੁਖਨੂਰ ਕੌਰ, ਕਰਮਜੀਤ ਕੌਰ, ਕਿਰਨਦੀਪ ਕੌਰ, ਐਸ ਮੋਹਨ, ਟੀਮ ਦੇ ਕੋਚ ਹਰਜਿੰਦਰ ਸਿੰਘ, ਅਤੇ ਸੁਰਿੰਦਰ ਕੌਰ ਹੋਣਗੇ।

8ਵਾਂ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦਾ ਆਗਾਜ਼ 9 ਤੋਂ

ਲੁਧਿਆਣਾ, 6 ਮਈ -8ਵਾਂ ਏਸ਼ੀਆ ਕੱਪ ਹਾਕੀ ਮੁਕਾਬਲਾ 9 ਤੋਂ 16 ਮਈ ਤੱਕ ਮਲੇਸ਼ੀਆ ਦੇ ਸ਼ਹਿਰ ਕੁਨਤਾਨ ਦੇ ਬਿਸਮਿੱਲਾ ਹਾਕੀ ਸਟੇਡੀਅਮ ਵਿਖੇ ਹੋ ਰਿਹਾ ਹੈ। ਇਸ ਟੂਰਨਾਮੈਂਟ ਵਿਚ ਏਸ਼ੀਆ ਮਹਾਂਦੀਪ ਦੀਆਂ ਚੋਟੀ ਦੀਆਂ 7 ਟੀਮਾਂ ਹਿੱਸਾ ਲੈ ਰਹੀਆਂ ਹਨ ਜਦਕਿ ਸ੍ਰੀਲੰਕਾਂ ਦੀ ਹਾਕੀ ਟੀਮ ਨੇ ਐਨ ਮੌਕੇ 'ਤੇ ਆਪਣਾ ਨਾਮ ਵਾਪਸ ਲੈ ਲਿਆ ਹੈ। ਭਾਰਤੀ ਹਾਕੀ ਟੀਮ ਸਾਲ 2003 ਕੁਆਲਾਲੰਪਰ ਵਿਖੇ ਅਤੇ 2007 ਹੈਦਰਾਬਾਦ ਵਿਖੇ ਹੋਏ ਏਸ਼ੀਆ ਕੱਪ ਦੀ ਚੈਂਪੀਅਨ ਟੀਮ ਹੈ ਜਦਕਿ ਇਸ ਵਾਰ ਭਾਰਤੀ ਹਾਕੀ ਟੀਮ ਆਪਣੀ ਜੇਤੂ ਹੈਟਰਿਕ ਬਣਾਉਣ ਲਈ ਜੱਦੋ-ਜਹਿਦ ਕਰੇਗੀ, ਜਦਕਿ ਕੋਰੀਆ ਅਤੇ ਪਾਕਿਸਤਾਨ ਜੋ ਏਸ਼ੀਆ ਕੱਪ ਨੂੰ ਕ੍ਰਮਵਾਰ 2 ਅਤੇ 3 ਵਾਰ ਜਿੱਤ ਚੁੱਕੇ ਹਨ, ਇਸ ਵਾਰ ਆਪਣੀ ਖ਼ਿਤਾਬੀ ਜਿੱਤ ਵਾਪਸ ਲਿਆਉਣ ਲਈ ਸੰਘਰਸ਼ ਕਰਨਗੇ। ਇਸ ਤੋਂ ਇਲਾਵਾ ਮਲੇਸ਼ੀਆ, ਚੀਨ, ਜਾਪਾਨ ਦੀਆਂ ਟੀਮਾਂ ਵੀ ਧੋਬੀ ਪਟਕਾ ਮਾਰਨ ਦੀ ਤਾਕ ਵਿਚ ਖੇਡਣਗੀਆਂ। ਇਹ ਟੂਰਨਾਮੈਂਟ ਭਾਰਤੀ ਹਾਕੀ ਟੀਮ ਲਈ ਇਕ ਔਖੇ ਇਮਤਿਹਾਨ ਦੀ ਘੜੀ ਹੈ। ਏਸ਼ੀਆ ਕੱਪ ਹਾਕੀ ਵਿਚ ਭਾਰਤੀ ਟੀਮ ਨੂੰ ਰਿਵਾਇਤੀ ਵਿਰੋਧੀ ਪਾਕਿਸਤਾਨ ਅਤੇ ਚੀਨ ਨਾਲ ਪੂਲ-ਬੀ ਵਿਚ ਰੱਖਿਆ ਗਿਆ ਹੈ, ਜਦਕਿ ਪੂਲ-ਏ ਵਿਚ ਏਸ਼ੀਅਨ ਖੇਡਾਂ ਦਾ ਚੈਂਪੀਅਨ ਕੋਰੀਆ, ਜਾਪਾਨ, ਮਲੇਸ਼ੀਆ ਅਤੇ ਬੰਗਲਾਦੇਸ਼ ਨੂੰ ਰੱਖਿਆ ਗਿਆ ਹੈ। ਏਸ਼ੀਆ ਕੱਪ ਹਾਕੀ ਮੁਕਾਬਲਾ ਜਿਸ ਦੀ ਸ਼ੁਰੂਆਤ 1982 ਵਿਚ ਕਰਾਚੀ ਤੋਂ ਹੋਈ ਸੀ। 1982 ਵਿਚ ਪਾਕਿਸਤਾਨ ਨੇ ਭਾਰਤ ਨੂੰ 4-0 ਨਾਲ ਹਰਾ ਕੇ ਫਿਰ 1985 ਵਿਚ ਢਾਕਾ ਵਿਖੇ ਪਾਕਿਸਤਾਨ ਨੇ ਭਾਰਤ ਨੂੰ 3-2 ਨਾਲ, 1989 ਵਿਚ ਨਵੀ ਦਿੱਲੀ ਵਿਖੇ ਪਾਕਿਸਤਾਨ ਨੇ ਭਾਰਤ ਨੂੰ 2-0 ਨਾਲ ਅਤੇ 1993 ਵਿਚ ਕੋਰੀਆ ਨੇ ਭਾਰਤ ਨੂੰ 1-0 ਨਾਲ, 1999 ਵਿਚ ਕੁਆਲਾਲੰਪਰ ਵਿਖੇ ਕੋਰੀਆ ਨੇ ਪਾਕਿਸਤਾਨ ਨੂੰ 5-4 ਨਾਲ, ਸਾਲ 2003 ਵਿਚ ਕੁਆਲਾਲੰਪਰ ਵਿਖੇ ਭਾਰਤ ਨੇ ਪਾਕਿਸਤਾਨ ਨੂੰ 4-2 ਨਾਲ, 2007 ਵਿਚ ਹੈਦਰਾਬਾਦ ਵਿਖੇ ਭਾਰਤ ਨੇ ਕੋਰੀਆ ਨੂੰ 7-2 ਨਾਲ ਹਰਾ ਕੇ ਚੈਂਪੀਅਨ ਜਿੱਤਾਂ ਹਾਸਿਲ ਕੀਤੀਆਂ। ਇਸ ਵਾਰ ਜੋ ਟੀਮ ਚੈਂਪੀਅਨ ਬਣੇਗੀ, ਉਸ ਨੂੰ ਅਗਲੇ ਵਰ੍ਹੇ ਨਵੀਂ ਦਿੱਲੀ ਵਿਖੇ ਹੋਣ ਵਾਲੇ ਵਿਸ਼ਵ ਕੱਪ ਵਿਚ ਸਿੱਧਾ ਦਾਖਲਾ ਮਿਲੇਗਾ ਜਦਕਿ ਬਾਕੀ ਦੀਆਂ ਚਾਰ ਟੀਮਾਂ ਵਿਸ਼ਵ ਕੱਪ ਕੁਆਲੀਫਾਈ ਗੇੜ ਖੇਡਣ ਦੇ ਯੋਗ ਹੋਣਗੀਆਂ। ਏਸ਼ੀਆ ਕੱਪ ਦਾ ਉਦਘਾਟਨੀ ਮੈਚ ਕੋਰੀਆ ਅਤੇ ਮਲੇਸ਼ੀਆ ਵਿਚਕਾਰ 9 ਮਈ ਨੂੰ ਖੇਡਿਆ ਜਾਵੇਗਾ, ਜਦਕਿ ਭਾਰਤ ਦਾ ਮੁੱਢਲਾ ਮੈਚ ਪਾਕਿਸਤਾਨ ਨਾਲ 10 ਮਈ ਨੂੰ ਸ਼ਾਮ 5 ਵਜੇ ਹੋਵੇਗਾ। ਭਾਰਤੀ ਟੀਮ ਕਪਤਾਨ ਸੰਦੀਪ ਸਿੰਘ ਦੀ ਅਗਵਾਈ ਹੇਠ ਮਲੇਸ਼ੀਆ ਪੁੱਜ ਚੁੱਕੀ ਹੈ। ਏਸ਼ੀਆ ਕੱਪ ਹਾਕੀ ਦੇ ਮੈਚਾਂ ਦਾ ਪ੍ਰੋਗਰਾਮ ਇਸ ਤਰ੍ਹਾਂ ਹੋਵੇਗਾ। 9 ਮਈ ਨੂੰ ਕੋਰੀਆ ਬਨਾਮ ਮਲੇਸ਼ੀਆ, ਬੰਗਲਾਦੇਸ਼ ਬਨਾਮ ਜਪਾਨ, ਪਾਕਿਸਤਾਨ ਬਨਾਮ ਚੀਨ, 10 ਮਈ ਭਾਰਤ ਬਨਾਮ ਪਾਕਿਸਤਾਨ, 11 ਮਈ ਨੂੰ ਜਪਾਨ ਬਨਾਮ ਕੋਰੀਆ ਬੰਗਲਾਦੇਸ਼ ਬਨਾਮ ਮਲੇਸ਼ੀਆ, 12 ਮਈ ਨੂੰ ਚੀਨ ਬਨਾਮ ਭਾਰਤ, ਕੋਰੀਆ ਬਨਾਮ ਬੰਗਲਾਦੇਸ਼, ਮਲੇਸ਼ੀਆ ਬਨਾਮ ਜਪਾਨ ਵਿਚਕਾਰ ਹੋਣਗੇ, ਜਦਕਿ ਸੈਮੀਫਾਈਨਲ ਮੁਕਾਬਲੇ 14 ਮਈ ਨੂੰ ਅਤੇ ਫਾਈਨਲ ਮੁਕਾਬਲਾ 16 ਮਈ ਨੂੰ ਖੇਡਿਆ ਜਾਵੇਗਾ।

ਦੂਸਰਾ ਕੌਮੀ ਗਤਕਾ ਮੁਕਾਬਲਾ ਸਮਾਪਤ

ਜਲੰਧਰ, 5 ਮਈ -ਸਾਹਿਬਜ਼ਾਦਾ ਫਤਹਿ ਸਿੰਘ ਇੰਟਰਨੈਸ਼ਨਲ ਗਤਕਾ ਅਖਾੜਾ ਵੱਲੋਂ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 'ਸਰਹਿੰਦ ਫਤਹਿ ਦਿਵਸ' ਨੂੰ ਸਮਰਪਿਤ ਦੂਸਰਾ ਕੌਮੀ ਗਤਕਾ ਮੁਕਾਬਲਾ ਬੀਤੀ ਰਾਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਨਗਰ ਬਸਤੀ ਮਿੱਠੂ ਦੇ ਸਾਹਮਣੇ ਵਿਸ਼ੇਸ਼ ਪੰਡਾਲ ਵਿਚ ਕਰਵਾਇਆ ਗਿਆ। ਇਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਉਨ੍ਹਾਂ ਨੌਜਵਾਨਾਂ ਵੱਲੋਂ ਦਿਖਾਏ ਗਤਕੇ ਦੇ ਜੌਹਰਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸ਼ਸਤਰ ਵਿਦਿਆ ਦਾ ਨੌਜਵਾਨਾਂ ਵਿਚ ਹੋਰ ਪਸਾਰ ਕਰਨਾ ਚਾਹੀਦਾ ਹੈ। ਗਤਕੇ ਦੇ ਮੁਕਾਬਲੇ ਵਿਚ ਜਿਨ੍ਹਾਂ ਟੀਮਾਂ ਨੇ ਭਾਗ ਲਿਆ ਉਨ੍ਹਾਂ ਵਿਚ ਰਾਜ ਕਰੇਗਾ ਖਾਲਸਾ ਗਤਕਾ ਅਖਾੜਾ ਟਾਂਡਾ, ਰਣਜੀਤ ਅਖਾੜਾ ਨਿਹੰਗ ਸਿੰਘ ਸਨੌਰ ਪਟਿਆਲਾ, ਕਲਗੀਧਰ ਗਤਕਾ ਅਖਾੜਾ ਜਲੰਧਰ, ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਤਕਾ ਅਖਾੜਾ ਦਕੋਹਾ, ਸਾਹਿਬਜ਼ਾਦਾ ਅਜੀਤ ਸਿੰਘ ਗਤਕਾ ਅਖਾੜਾ ਲੁਧਿਆਣਾ, ਭਾਈ ਧਰਮ ਸਿੰਘ ਖਾਲਸਾ ਟਰੱਸਟ ਅੰਮ੍ਰਿਤਸਰ, ਸ਼ਹੀਦ ਭਾਈ ਫੌਜਾ ਸਿੰਘ ਇੰਟਰਨੈਸ਼ਨਲ ਗਤਕਾ ਅਖਾੜਾ ਅੰਮ੍ਰਿਤਸਰ ਕਲਗੀਧਰ ਗਤਕਾ ਅਖਾੜਾ ਬਟਾਲਾ, ਬਾਬਾ ਦੀਪ ਸਿੰਘ, ਰਣਜੀਤ ਅਖਾੜਾ ਦਿੱਲੀ ਅਤੇ ਇੰਟਰਨੈਸ਼ਨਲ ਸਿੱਖ ਆਰਟ ਅਕੈਡਮੀ ਮੁੰਬਈ ਸ਼ਾਮਿਲ ਹਨ। ਇਨ੍ਹਾਂ ਟੀਮਾਂ ਦੇ ਨੌਜਵਾਨਾਂ ਨੇ ਗਤਕੇ ਦੇ ਖੂਬ ਜੌਹਰ ਵਿਖਾਏ।ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਦਰਸ਼ ਨਗਰ ਤੋਂ ਗਤਕਾ ਟੀਮਾਂ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਦੇ ਰੂਪ ਵਿਚ ਪੰਡਾਲ ਵਿਚ ਪੁੱਜੀਆਂ।

ਸਪੋਰਟਸ ਵਿੰਗ ਦੀਆਂ ਚਾਰ ਖਿਡਾਰਨਾਂ ਦੀ ਪੰਜਾਬ ਟੀਮ ਲਈ ਚੋਣ

ਗੁਰਦਾਸਪੁਰ, 5 ਮਈ -ਮੁੰਬਈ ਵਿਖੇ ਹੋ ਰਹੀ 7 ਰੋਜ਼ਾ ਨੈਸ਼ਨਲ ਯੂਥ ਬਾਸਕਿਟਬਾਲ ਚੈਂਪੀਅਨਸ਼ਿਪ (ਲੜਕੀਆਂ) ਲਈ ਪੰਜਾਬ ਟੀਮ ਦੀ ਕੀਤੀ ਗਈ ਚੋਣ ਵਿਚ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਸਪੋਰਟਸ ਵਿੰਗ ਗੁਰਦਾਸਪੁਰ ਦੀਆਂ ਚਾਰ ਖਿਡਾਰਨਾਂ ਦੀ ਚੋਣ ਕੀਤੀ ਗਈ ਹੈ ਜਿਸ ਨਾਲ ਜ਼ਿਲ੍ਹਾ ਗੁਰਦਾਸਪੁਰ ਨਾ ਨਾਂਅ ਰੌਸ਼ਨ ਹੋਇਆ ਹੈ। ਸਪੋਰਟਸ ਵਿੰਗ ਗੁਰਦਾਸਪੁਰ ਦੇ ਬਾਸਕਿਟ ਬਾਲ ਕੋਚ ਦਵਿੰਦਰ ਕੁਮਾਰ ਨੇ ਦੱਸਿਆ ਕਿ ਨੈਸ਼ਨਲ ਯੂਥ ਬਾਸਕਿਟਬਾਲ ਚੈਂਪੀਅਨਸ਼ਿਪ (ਲੜਕੀਆਂ) 8 ਮਈ ਤੋਂ 14 ਮਈ ਤੱਕ ਮੁੰਬਈ ਵਿਖੇ ਹੋ ਰਹੀ ਹੈ। ਜਿਸ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਟੀਮਾਂ ਭਾਗ ਲੈ ਰਹੀਆਂ ਹਨ। ਇਸ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੀ ਪੰਜਾਬ ਟੀਮ ਦੀ ਚੋਣ ਸਬੰਧੀ ਲੁਧਿਆਣਾ ਵਿਖੇ ਕੈਂਪ ਲਗਾਇਆ ਗਿਆ ਸੀ ਜਿਸ ਵਿਚ ਸਪੋਰਟਸ ਵਿੰਗ ਗੁਰਦਾਸਪੁਰ ਦੀਆਂ ਪੰਜ ਖਿਡਾਰਨਾਂ ਨੇ ਭਾਗ ਲਿਆ। ਚੋਣ ਕਮੇਟੀ ਨੇ ਪੰਜਾਬ ਦੀ ਟੀਮ ਲਈ ਗੁਰਦਾਸਪੁਰ ਦੀ ਚਾਰ ਬਾਸਕਿਟਬਾਲ ਖਿਡਾਰਨਾਂ ਜਿਨ੍ਹਾਂ ਵਿਚ ਅਰੁਣਾ, ਅਮਨਪ੍ਰੀਤ ਕੌਰ, ਅੰਜਲੀ, ਗੁਲਾਟੀ ਅਤੇ ਸੁਖਨੂਰ ਕੌਰ ਹਨ, ਦੀ ਚੋਣ ਕੀਤੀ ਹੈ।

ਕੌਮਾਂਤਰੀ ਹਾਕੀ ਅੰਪਾਇਰ ਸਤਿੰਦਰ ਸ਼ਰਮਾ ਦੀ ਓਸ਼ੀਆਨਾ ਕੱਪ ਲਈ ਚੋਣ

ਜਲੰਧਰ, 5 ਮਈ -ਅੰਤਰਰਾਸ਼ਟਰੀ ਗਰੇਡ ਇਕ ਹਾਕੀ ਅੰਪਾਇਰ ਸਤਿੰਦਰ ਸ਼ਰਮਾ ਜੋ ਸਟੇਟ ਬੈਂਕ ਆਫ ਇੰਡੀਆ (ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਰਾਂਚ) ਬਤੌਰ ਅਫਸਰ ਸੇਵਾ ਨਿਭਾਅ ਰਿਹਾ ਹੈ, ਦੀ ਚੋਣ ਕੌਮਾਂਤਰੀ ਹਾਕੀ ਫੈਡਰੇਸ਼ਨ ਨੇ ਮਰਦਾਂ ਦੇ ਓਸ਼ੀਆਨਾ ਕੱਪ ਜੋ ਕਿ 24 ਤੋਂ 30 ਅਗਸਤ 2009 'ਚ ਇਨਵਰਗਿਲ ਨਿਊਜ਼ੀਲੈਂਡ ਵਿਚ ਕਰਵਾਇਆ ਜਾ ਰਿਹਾ ਹੈ, ਲਈ ਚੋਣ ਹੋਈ ਹੈ। ਸਤਿੰਦਰ ਸ਼ਰਮਾ ਭਾਰਤ ਦਾ ਇਕਲੌਤਾ ਅੰਪਾਇਰ ਹੈ ਜੋ ਕਿ ਕੌਮਾਂਤਰੀ ਹਾਕੀ ਫੈਡਰੇਸ਼ਨ ਦੇ ਪੈਨਲ 'ਚ ਹੈ ਇਸ ਨੇ ਕਈ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿਚ ਬਤੌਰ ਅੰਪਾਇਰ ਹਿੱਸਾ ਲਿਆ ਹੈ ਜਿਨ੍ਹਾਂ ਦੇ ਵਿਚੋਂ ਜੂਨੀਅਰ ਵਿਸ਼ਵ ਕੱਪ ਹੋਬਰਟ 2001 ਤੇ ਰੋਟਰਡਮ 'ਚ 2005, ਸੀਨੀਅਰ ਵਿਸ਼ਵ ਕੱਪ ਕੁਆਲਾਮਪੁਰ (ਮਲੇਸ਼ੀਆ) 2002 ਤੇ ਜਰਮਨੀ 2006 'ਚ ਚੈਂਪੀਅਨ ਟਰਾਫੀ 2003, 2006 ਕਲੋਨ, ਚੇੱਨਈ, ਰੋਟਰੇਡਮ ਤੇ ਟਰੇਸਾ ਤੇ ਇਸ ਤੋਂ ਇਲਾਵਾ ਉਲੰਪਿਕ ਕੁਆਲੀਫਾਈ ਟੂਰਨਾਮੈਂਟ ਮੈਡਰਿਡ 2004, ਏਥਨਜ਼ ਉਲੰਪਿਕ 2004 ਬੀਜਿੰਗ 2008 ਤੇ ਏਸ਼ੀਅਨ ਖੇਡਾਂ ਵਿਚ ਹਿੱਸਾ ਲਿਆ ਤੇ ਇਸ ਤੋਂ ਇਲਾਵਾ ਇਸ ਨੇ ਵਿਸ਼ਵ 'ਚ 96 ਕੌਮਾਂਤਰੀ ਮੈਚਾਂ ਵਿਚ ਅੰਪਾਇਰਿੰਗ ਕੀਤੀ।

Click here to read PREVIOUS Monthly News