Click here For English Version

SPORTS NEWS

June Sports News 2009

ਸਮਰ ਕੈਂਪ ਦੌਰਾਨ ਘਟੀਆ ਖੁਰਾਕ ਮਿਲੀ

ਸੰਗਰੂਰ, 30 ਜੂਨ - ਖਿਡਾਰੀਆਂ ਅਤੇ ਖੇਡਾਂ ਨੂੰ ਉਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਸਕੀਮਾਂ ਚਲਾਈਆਂ ਜਾਂਦੀਆਂ ਹਨ ਪਰ ਸਿੱਖਿਆ ਵਿਭਾਗ ਦੇ ਕੁਝ ਅਧਿਕਾਰੀ ਖਿਡਾਰੀਆਂ ਦੇ ਪੱਧਰ ਨੂੰ ਉਚਾ ਚੁੱਕਣ ਦੀ ਬਜਾਏ, ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਵਿਚੋਂ ਆਪਣੀਆਂ ਜੇਬਾਂ ਭਰਨ ਨੂੰ ਹੀ ਤਰਜ਼ੀਹ ਦਿੰਦੇ ਹਨ। ਸਿੱਖਿਆ ਵਿਭਾਗ (ਸ) ਵੱਲੋਂ ਸੁੰਦਰ ਨਗਰ (ਹਿਮਾਚਲ ਪ੍ਰਦੇਸ਼) ਵਿਖੇ ਵੱਖ-ਵੱਖ ਖੇਡਾਂ ਦਾ ਸਮਰ ਕੋਚਿੰਗ ਕੈਂਪ 5 ਤੋਂ 25 ਜੂਨ ਤੱਕ ਲਗਾਇਆ ਗਿਆ ਸੀ। ਕੈਂਪ ਦੌਰਾਨ ਦਿੱਤੀ ਜਾਣ ਵਾਲੀ ਖੁਰਾਕ ਬਹੁਤ ਹੀ ਘਟੀਆ ਦਰਜੇ ਅਤੇ ਪੇਟ ਭਰਨ ਲਈ ਪੂਰੀ ਨਹੀਂ ਦਿੱਤੀ ਗਈ। ਖਿਡਾਰੀਆਂ ਨੂੰ ਆਪਣੇ ਕੋਲੋਂ ਬਾਜ਼ਾਰ ਖਾਣਾ ਖਾਣ ਲਈ ਮਜ਼ਬੂਰ ਹੋਣਾ ਪੈਦਾ ਰਿਹਾ। ਬ੍ਰੇਕ ਫਾਸਟ ਵਿਚ ਇਕ ਗਲਾਸ ਦੁੱਧ, 4 ਬ੍ਰੈਡ ਪੀਸ, 2 ਅੰਡੇ ਜਾਂ 2 ਕੇਲੇ ਦਿੱਤੇ ਜਾਂਦੇ ਹਨ ਜਿਸ ਦਿਨ ਦਲੀਆਂ ਜਾਂ ਆਲੂ ਪੂਰੀਆਂ ਨਾਲ ਚਾਹ ਕੱਪ ਦਿੱਤਾ ਜਾਂਦਾ ਸੀ, ਮੱਖਣ ਇਕ ਵੀ ਦਿਨ ਨਹੀਂ ਦਿੱਤਾ ਗਿਆ। ਦੁਪਹਿਰ ਖਾਣੇ ਵਿਚ ਚਾਵਲ, ਦਾਲ, ਰੋਟੀਆਂ ਅਤੇ ਦਹੀ (ਜੋ ਪੰਜਾਬ ਦੀ ਲੱਸੀ) ਤੋਂ ਮਾੜਾ ਹੁੰਦੇ ਸਨ। ਸ਼ਾਮ ਦੇ ਖਾਣੇ ਵਿਚ ਰੋਟੀਆਂ ਅਤੇ ਚਾਵਲ (ਜੋ ਦੁਪਹਿਰ ਦੇ ਬਚੇ ਹੁੰਦੇ ਸਨ) ਜੋ ਕਿ ਅੱਧੇ ਖਿਡਾਰੀਆਂ ਨੂੰ ਹੀ ਮਿਲਦੇ ਸਨ। ਕੈਂਪ ਵਿਚ ਸਿਰਫ 4 ਦਿਨ ਮੀਟ ਬਣਾਇਆ ਗਿਆ। ਇਹ ਕੈਂਪ ਸਰੀਰਕ ਸਿੱਖਿਆ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਲੀਪੁਰ, ਸਕੱਤਰ ਪਰਮਜੀਤ ਸਿੰਘ ਬੈਂਸ, ਮਲਕੀਤ ਸਿੰਘ ਬਰਨਾਲਾ, ਰਾਜਦੀਪਕ ਸਿੰਘ, ਜਲੰਧਰ ਗੁਰਮੇਲ ਸਿੰਘ ਫਰੀਦਕੋਟ, ਰਣਜੀਤ ਸਿੰਘ ਫਤਿਹਗੜ੍ਹ ਸਾਹਿਬ, ਗੁਰਪ੍ਰੀਤ ਸਿੰਘ ਮਾਨਸਾ, ਰਾਜਿੰਦਰਸਿੰਘ ਨਵਾਂ ਸ਼ਹਿਰ, ਕੇਵਲ ਕ੍ਰਿਸ਼ਨ ਮੋਹਾਲੀ ਆਦਿ ਵੱਲੋਂ ਲਗਾਇਆ ਗਿਆ ਸੀ। ਡਿਪਟੀ ਨਿਰਦੇਸ਼ਕ ਖੇਡਾਂ ਸ੍ਰੀਮਤੀ ਕੁਲਰਾਜ ਕੌਰ ਰੰਧਾਵਾ ਦੇ ਕੈਂਪ ਸਥਾਨ 'ਤੇ ਪਹੁੰਚਣ 'ਤੇ ਉਨ੍ਹਾਂ ਨੂੰ ਖਾਣਾ ਅਤੇ ਚੌਲਾਂ ਸਬੰਧੀ ਸ਼ਿਕਾਇਤ ਕੀਤੀ ਗਈ ਸੀ। ਉਨ੍ਹਾਂ ਵੱਲੋਂ ਪ੍ਰਬੰਧਕਾਂ ਦੀ ਖਿਚਾਈ ਕਰਨ 'ਤੇ ਉਨ੍ਹਾਂ ਨੂੰ ਚੰਡੀਗੜ੍ਹ ਵਾਪਸ ਬੁਲਾ ਲਿਆ ਗਿਆ ਅਤੇ ਪ੍ਰਬੰਧਕਾਂ ਨੇ ਖੁਸ਼ੀਆਂ ਮਨਾਈਆਂ। ਮੈਡਮ ਰੰਧਾਵਾ ਦੇ ਵਾਪਸ ਆਉਣ ਤੋਂ ਰਾਤ ਨੂੰ ਬਾਰਾਂ ਵਜੇ ਸਾਬਕਾ ਡਿਪਟੀ ਨਿਰਦੇਸ਼ਕ ਖੇਡਾਂ ਸ. ਪ੍ਰੀਤਮ ਸਿੰਘ ਛਾਬੜਾ ਜੋ ਕਿ ਭ੍ਰਿਸ਼ਟਾਚਾਰ ਦੇ ਕੇਸ ਵਿਚ ਫਸੇ ਰਹੇ, ਦੀ ਵਧੀਆ ਆਉ ਭਗਤ ਕੀਤੀ ਗਈ। ਕੈਂਪ ਇੰਚਾਰਜ ਸ: ਰਵਿੰਦਰ ਸਿੰਘ ਏ.ਈ.ਓ ਲੁਧਿਆਣਾ ਦੀ ਥਾਂ ਸ: ਛਾਬੜਾ ਹੀ ਕੈਂਪ ਇੰਚਾਰਜ ਹੁੰਦੇ ਸਨ। 15 ਜੂਨ ਨੂੰ ਖਿਡਾਰੀਆਂ ਨੇ ਸਵੇਰੇ ਦੀ ਸਭਾ ਵਿਚ ਆਪਣੇ ਖਾਣੇ ਦੇ ਸਬੰਧ ਵਿਚ ਆਵਾਜ਼ ਬੁਲੰਦ ਕੀਤੀ ਸੀ ਪ੍ਰੰਤੂ ਪ੍ਰਬੰਧਕਾਂ ਵੱਲੋਂ ਖਿਡਾਰੀਆਂ ਨੂੰਧਮਕਾਇਆ ਗਿਆ। ਮੈਸ ਪ੍ਰਬੰਧਕ ਆਪ ਰੈਸਟ ਹਾਊਸ ਵਿਚ ਰਹਿੰਦਿਆਂ ਵਧੀਆ ਖਾਣਾ ਲੈ ਰਹੇ ਸਨ। ਸਰੀਰਕ ਸਿੱਖਿਆ ਅਧਿਆਪਕ ਯੂਨੀਅਨ ਵੱਲੋਂ ਡਿਪਟੀ ਡਾਇਰੈਕਟਰ ਸਪੋਰਟਸ ਅਤੇ ਹੋਰ ਅਧਿਕਾਰੀਆਂ 'ਤੇ ਖਿਡਾਰੀਆਂ ਨੂੰ ਮਾੜਾ ਖਾਣਾ ਦੇਣ ਦੇ ਦੋਸ਼ ਲਗਾਏ ਹਨ।

ਕੌਮਾਂਤਰੀ ਟੂਰਨਾਮੈਂਟ 'ਚ ਸ਼ਾਮਿਲ ਹੋਣ ਵਾਲੀ ਭਾਰਤੀ ਟੀਮ 'ਚ ਤਿੰਨ ਪੰਜਾਬੀ ਮੁੱਕੇਬਾਜ਼ ਸ਼ਾਮਿਲ

ਪਟਿਆਲਾ, 30 ਜੂਨ - ਰੂਸ 'ਚ ਕੌਮਾਂਤਰੀ ਟੂਰਨਾਮੈਂਟ 6 ਤੋਂ 12 ਜੁਲਾਈ ਤੱਕ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੀ ਭਾਰਤੀ ਟੀਮ 'ਚ ਤਿੰਨ ਪੰਜਾਬੀ ਮੁੱਕੇਬਾਜ਼ ਕੁਲਦੀਪ ਸਿੰਘ, ਮਨਪ੍ਰੀਤ ਸਿੰਘ ਤੇ ਅਮਨਦੀਪ ਸਿੰਘ ਵੀ ਸ਼ਾਮਿਲ ਹਨ। ਇਸ ਟੂਰਨਾਮੈਂਟ 'ਚ 6 ਮੈਂਬਰੀ ਭਾਰਤੀ ਟੀਮ ਹਿੱਸਾ ਲਵੇਗੀ ਜਿਸ ਨਾਲ ਕੋਚ ਸ਼ਿਵ ਸਿੰਘ (ਸਾਈ) ਤੇ ਕੋਚ ਰਾਮਾਨੰਦ ਵੀ ਜਾ ਰਹੇ ਹਨ। ਇਸ ਟੀਮ 'ਚ ਕੁਲਦੀਪ ਸਿੰਘ ਮਿਡਲ ਵੇਟ (ਰੇਲਵੇ), ਜਸਵੀਰ ਸਿੰਘ ਲਾਈਟ ਵੇਟ (ਰੇਲਵੇ), ਅਕਸ਼ੈ ਕੁਮਾਰ ਫੈਦਰ ਵੇਟ (ਦਿੱਲੀ), ਜੈਸੀਨ ਪਾਟਿਲ ਵੈਲਟਰ ਵੇਟ (ਸੈਨਾ), ਮਨਪ੍ਰੀਤ ਸਿੰਘ ਹੈਵੀਵੇਟ (ਪੰਜਾਬ) ਤੇ ਅਮਨਦੀਪ ਸਿੰਘ ਲਾਈਟ ਫਲਾਈਵੇਟ (ਪੰਜਾਬ ਪੁਲਿਸ) ਸ਼ਾਮਿਲ ਹਨ। ਕੁਲਦੀਪ ਸਿੰਘ ਪਟਿਆਲਾ ਜ਼ਿਲ੍ਹੇ ਦੇ ਪਿੰਡ ਸ਼ਾਦੀਪੁਰ, ਅਮਨਦੀਪ ਸਿੰਘ ਸੰਗਰੂਰ ਸ਼ਹਿਰ ਅਤੇ ਮਨਪ੍ਰੀਤ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦਾ ਜੰਮਪਲ ਹੈ। ਟੀਮ ਨਾਲ ਜਾ ਰਹੇ ਕੋਚ ਨੇ ਦੱਸਿਆ ਕਿ ਰਾਸ਼ਟਰਮੰਡਲ ਖੇਡਾਂ ਲਈ ਚੁਣੇ ਗਏ ਕੋਰ ਗਰੁੱਪ 'ਚ ਸ਼ਾਮਿਲ ਸਾਰੇ ਮੁੱਕੇਬਾਜ਼ਾਂ ਨੂੰ ਵਾਰੋ ਵਾਰੀ ਕੌਮਾਂਤਰੀ ਪੱਧਰ 'ਤੇ ਖਿਡਾਉਣ ਦੇ ਮਨਸੂਬੇ ਨਾਲ ਉਪਰੋਕਤ ਮੁੱਕੇਬਾਜ਼ਾਂ ਦੀ ਚੋਣ ਕੀਤੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਹ ਟੀਮ ਚੰਗੇ ਨਤੀਜੇ ਦੇਵੇਗੀ।

ਹਾਕੀ ਨੂੰ ਮਿਲਿਆ ਹੁੰਗਾਰਾ

ਲੁਧਿਆਣਾ, 30 ਜੂਨ - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਧੀਨ ਪੈਂਦੇ ਕਾਲਜਾਂ ਨੂੰ ਅਲਾਟ ਕੀਤੇ ਖੇਡ ਵਿੰਗਾਂ ਦੇ ਚੋਣ ਟਰਾਇਲਾਂ ਦੌਰਾਨ ਵੱਖ-ਵੱਖ 15 ਖੇਡਾਂ ਦੇ ਮੁਕਾਬਲੇ ਹਾਕੀ ਦੇ ਖਿਡਾਰੀ ਵੱਡੀ ਗਿਣਤੀ ਵਿਚ ਟਰਾਇਲ ਦੇਣ ਲਈ ਪੁੱਜੇ। ਲੁਧਿਆਣਾ ਵਿਖੇ ਹੋਏ ਇਹ ਦੋ ਦਿਨਾਂ ਟਰਾਇਲਾਂ ਦੌਰਾਨ ਖੇਡ ਵਿਭਾਗ ਵੱਲੋਂ ਖੇਡ ਵਿੰਗਾਂ ਲਈ ਚੁਣੀਆਂ 15 ਖੇਡਾਂ ਜਿੰਨ੍ਹਾਂ ਵਿਚ ਹਾਕੀ, ਹੈਂਡਬਾਲ, ਸਾਈਕਲਿੰਗ, ਤੈਰਾਕੀ, ਜਿਮਨਾਸਟਿਕ, ਜੂਡੋ, ਬੈਡਮਿੰਟਨ, ਐਥਲੇਟਿਕਸ, ਬਾਸਕਟਬਾਲ, ਵਾਲੀਬਾਲ, ਵੈਟਲਿਫਟਿੰਗ, ਕਬੱਡੀ, ਫੁੱਟਬਾਲ ਆਦਿ ਖੇਡਾਂ ਲਈ 550 ਦੇ ਕਰੀਬ ਖਿਡਾਰੀ ਪੁੱਜੇ। ਜਿਨ੍ਹਾਂ ਵਿਚੋਂ ਹਾਕੀ ਵਾਸਤੇ 125 ਤੋਂ ਵੱਧ ਖਿਡਾਰੀਆਂ ਨੇ ਚੋਣ ਟਰਾਇਲ ਦਿੱਤੇ। ਪੰਜਾਬ ਖੇਤੀਬਾੜੀ ਲੁਧਿਆਣਾ ਦੇ ਪ੍ਰਿਥੀਪਾਲ ਹਾਕੀ ਸਟੇਡੀਅਮ ਵਿਖੇ ਖੇਡ ਵਿਭਾਗ ਦੇ ਕੋਚਾਂ ਦੇ ਇਕ ਪੈਨਲ ਨੇ ਇੰਨ੍ਹਾਂ ਖਿਡਾਰੀਆਂ ਦੇ ਦਮ ਖਮ ਦੀ ਪਰਖ਼ ਕੀਤੀ। ਇਸ ਤੋਂ ਇਲਾਵਾ ਹੈਂਡਬਾਲ ਅਤੇ ਸਾਇਕਲਿੰਗ, ਦੇ ਚੋਣ ਟਰਾਇਲ ਪੀ. ਏ. ਯੂ. ਵਿਖੇ ਹੋਏ ਜਦ ਕਿ ਤੈਰਾਕੀ ਦੇ ਚੋਣ ਟਰਾਇਲ ਰੱਖਬਾਗ ਲੁਧਿਆਣਾ ਦੇ ਤਲਾਬ ਵਿਚ ਹੋਏ। ਇਸ ਤੋਂ ਇਲਾਵਾ ਬਾਕੀ ਸਾਰੀਆਂ ਖੇਡਾਂ ਦੇ ਚੋਣ ਟਰਾਇਲ ਗੁਰੂ ਨਾਨਕ ਸਟੇਡੀਅਮ ਵਿਖੇ ਹੋਏ। ਇੰਨ੍ਹਾਂ ਟਰਾਇਲਾਂ ਦੀ ਸਮਾਪਤੀ ਤੋਂ ਬਾਅਦ ਚੋਣ ਕਰਤਾਵਾਂ ਨੇ ਖਿਡਾਰੀਆਂ ਦੀ ਅੰਤਿਮ ਚੋਣ ਕੀਤੀ। ਇਸ ਮੌਕੇ 'ਤੇ ਪੰਜਾਬ 'ਵਰਸਿਟੀ ਚੰਡੀਗੜ੍ਹ ਦੇ ਨਿਰਦੇਸ਼ਕ ਖੇਡਾਂ ਚਰਨਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਕਾਲਜਾਂ ਨੂੰ ਅਲਾਟ ਕੀਤੀਆਂ ਜਾਣ ਵਾਲੀਆਂ ਸੀਟਾਂ ਬਾਰੇ ਫ਼ੈਸਲਾ ਪੰਜਾਬ ਦੀਆਂ ਤਿੰਨੇ ਯੂਨੀਵਰਸਿਟੀਆਂ ਦੇ ਖੇਡ ਨਿਰਦੇਸ਼ਕਾਂ ਦੀ ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਪਦਮ ਸ੍ਰੀ ਪ੍ਰਗਟ ਸਿੰਘ ਨਾਲ ਹੋਣ ਵਾਲੀ ਮੀਟਿੰਗ ਦੌਰਾਨ ਕੀਤਾ ਜਾਵੇਗਾ।

5ਵੀਂ ਜੂਨੀਅਰ ਰਾਸ਼ਟਰੀ ਸਾਫਟ ਟੈਨਿਸ ਚੈਂਪੀਅਨਸ਼ਿਪ

ਲੁਧਿਆਣਾ, 27 ਜੂਨ - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਡ ਮੈਦਾਨਾਂ ਵਿਚ 5ਵੀਂ ਜੂਨੀਅਰ ਰਾਸ਼ਟਰੀ ਸਾਫਟ ਟੈਨਿਸ ਚੈਂਪੀਅਨਸ਼ਿਪ ਚੱਲ ਰਹੀ ਹੈ। ਇਸ 'ਚ ਮੁੰਡਿਆਂ ਦੇ ਪ੍ਰੀ-ਕੁਆਰਟਰ ਫਾਈਨਲ ਮੈਚਾਂ ਵਿਚ ਚੰਡੀਗੜ੍ਹ ਨੇ ਦਿੱਲੀ ਨੂੰ, ਮੱਧ ਪ੍ਰਦੇਸ਼ ਨੇ ਹਰਿਆਣਾ ਨੂੰ, ਆਂਧਰਾ ਪ੍ਰਦੇਸ਼ ਨੇ ਕਰਨਾਟਕਾ ਨੂੰ, ਯੂ. ਪੀ. ਨੇ ਛਤੀਸਗੜ੍ਹ ਨੂੰ, ਗੁਜਰਾਤ ਨੇ ਜੰਮੂ ਕਸ਼ਮੀਰ ਨੂੰ, ਉੜੀਸਾ ਨੇ ਕੇਰਲਾ ਨੂੰ, ਮਹਾਂਰਾਸ਼ਟਰ ਨੇ ਪੰਜਾਬ ਨੂੰ, ਤਾਮਿਲਨਾਡੂ ਨੇ ਰਾਜਸਥਾਨ ਨੂੰ ਕ੍ਰਮਵਾਰ 2-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਜਦਕਿ ਕੁੜੀਆਂ ਦੇ ਵਰਗ ਵਿਚ ਪੰਜਾਬ ਨੇ ਬੰਗਾਲ ਨੂੰ, ਦਿੱਲੀ ਨੇ ਕੇਰਲਾ ਨੂੰ, ਆਂਧਰਾ ਪ੍ਰਦੇਸ਼ ਨੇ ਚੰਡੀਗੜ੍ਹ ਨੂੰ, ਯੂ. ਪੀ. ਨੇ ਰਾਜਸਥਾਨ ਨੂੰ, ਗੁਜਰਾਤ ਨੇ ਕਰਨਾਟਕਾ ਨੂੰ ਹਰਾ ਕੇ ਆਪਣੇ ਕਦਮ ਅੱਗੇ ਵਧਾਏ। ਜਦਕਿ ਸ਼ਾਮ ਨੂੰ ਮੁੰਡਿਆਂ ਦੇ ਖੇਡੇ ਗਏ ਕੁਆਰਟਰ ਫਾਈਨਲ ਮੈਚਾਂ ਵਿਚ ਯੂ. ਪੀ. ਨੇ ਆਂਧਰਾ ਪ੍ਰਦੇਸ਼ ਨੂੰ 2-0, ਗੁਜਰਾਤ ਨੇ ਉੜੀਸਾ ਨੂੰ 2-1, ਮਹਾਂਰਾਸ਼ਟਰ ਨੇ ਤਾਮਿਲਨਾਡੂ ਨੂੰ 2-1, ਚੰਡੀਗੜ੍ਹ ਨੇ ਮੱਧ ਪ੍ਰਦੇਸ਼ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਪਾਇਆ।

ਪੰਜਾਬ ਪੁਲਿਸ ਦੇ ਕੋਚਾਂ ਨੂੰ ਖੇਡ ਕੇਂਦਰਾਂ 'ਚ ਦੁਬਾਰਾ ਤੈਨਾਤ ਕਰਨਾ ਸ਼ੁਰੂ

ਪਟਿਆਲਾ, 27 ਜੂਨ - ਪੰਜਾਬ ਪੁਲਿਸ ਦੇ ਕੋਚਾਂ ਨੂੰ ਪੰਜਾਬ ਦੇ ਖੇਡ ਢਾਂਚੇ 'ਚ ਸੁਧਾਰ ਕਰਨ ਲਈ ਮੁੜ ਰਾਜ ਦੇ ਵੱਖ-ਵੱਖ ਖੇਡ ਕੇਂਦਰਾਂ 'ਚ ਤੈਨਾਤ ਕੀਤੇ ਜਾਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਖੇਡ ਮਾਹਿਰਾਂ ਦੀ ਰਾਏ ਨਾਲ ਇਨ੍ਹਾਂ ਕੋਚਾਂ ਨੂੰ ਯੋਗਤਾ ਦੇ ਅਧਾਰ 'ਤੇ ਮੁੜ ਨਿਯੁਕਤ ਕੀਤਾ ਜਾਵੇਗਾ। 29 ਜੂਨ ਤੋਂ ਪੰਜਾਬ ਪੁਲਿਸ ਦੇ 77 ਕੋਚਾਂ ਦਾ 14 ਦਿਨਾਂ ਸਿਖਲਾਈ ਕੈਂਪ ਪੀ.ਏ.ਪੀ. ਜਲੰਧਰ ਵਿਖੇ ਲਗਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਵੱਖ-ਵੱਖ ਖੇਡਾਂ ਨਾਲ ਸਬੰਧਤ ਕੌਮੀ ਟੀਮਾਂ ਦੇ ਕੋਚ, ਐਨ.ਆਈ.ਐਸ. ਪਟਿਆਲਾ ਦੇ ਮਾਹਿਰ ਮਨੋਵਿਗਿਆਨੀ ਤੇ ਖੇਡ ਵਿਗਿਆਨੀ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਦੇਣਗੇ। ਕੈਂਪ ਦੇ ਆਖਰੀ ਤਿੰਨ ਦਿਨਾਂ ਦੌਰਾਨ ਇਨ੍ਹਾਂ ਕੋਚਾਂ ਦੇ ਟੈਸਟ ਲਏ ਜਾਣਗੇ। ਜ਼ਿਕਰਯੋਗ ਹੈ ਕਿ 104 ਪੰਜਾਬ ਪੁਲਿਸ ਦੇ ਮੁਲਾਜ਼ਮ ਬਤੌਰ ਕੋਚ ਪਹਿਲਾਂ ਰਾਜ ਦੇ ਵੱਖ ਵੱਖ ਖੇਡ ਕੇਂਦਰਾਂ 'ਚ ਤੈਨਾਤ ਸਨ। ਜੋ ਜੂਨ 2006 ਤੋਂ ਜਨਵਰੀ 09 ਤੱਕ ਕਾਰਜਸ਼ੀਲ ਰਹੇ। ਇਸ ਤੋਂ ਇਲਾਵਾ ਕੁਝ ਪੁਰਾਣੇ ਕੋਚ ਵੀ ਕੰਮ ਕਰ ਰਹੇ ਸਨ ਪਰ ਵਿਭਾਗੀ ਨਿਯਮਾਂ ਅਨੁਸਾਰ ਇਨ੍ਹਾਂ ਨੂੰ ਜਨਵਰੀ 09 'ਚ ਵਾਪਸ ਪੁਲਿਸ ਡਿਊਟੀ 'ਤੇ ਬੁਲਾ ਲਿਆ ਸੀ ਜਿਸ ਕਾਰਨ ਰਾਜ 'ਚ ਖੇਡ ਢਾਂਚੇ 'ਚ ਕਾਫੀ ਅਸਰ ਪਿਆ ਸੀ। ਹੁਣ ਇਨ੍ਹਾਂ ਕੋਚਾਂ ਦੀ ਵਾਪਸੀ ਨਾਲ ਰਾਜ 'ਚ ਖੇਡ ਸਰਗਰਮੀਆਂ ਨੂੰ ਨਵਾਂ ਹੁਲਾਰਾ ਮਿਲੇਗਾ।

ਭਾਰਤ ਦਾ ਮਹਿਲਾ ਚੈਂਪੀਅਨ ਚੈਲੰਜ ਹਾਕੀ ਖਿਤਾਬ 'ਤੇ ਕਬਜ਼ਾ

ਕਾਜ਼ਾਨ (ਰੂਸ), 28 ਜੂਨ - ਭਾਰਤ ਨੇ ਮਹਿਲਾ ਚੈਂਪੀਅਨ ਚੈਲੰਜ ਹਾਕੀ ਖਿਤਾਬ 'ਤੇ ਆਪਣਾ ਕਬਜ਼ਾ ਕਰ ਲਿਆ ਹੈ। ਰਾਣੀ ਰਾਮਪਾਲ ਦੇ ਚੰਗਾ ਖੇਡਣ ਕਰਕੇ ਭਾਰਤ ਨੇ ਵਿਸ਼ਵ ਹਾਕੀ ਚੈਂਪੀਅਨਸ਼ਿਪ-2 ਦਾ ਫਾਈਨਲ ਮੈਚ ਬੈਲਜੀਅਮ ਨੂੰ 6-3 ਨਾਲ ਹਰਾ ਜਿੱਤ ਲਿਆ ਹੈ। ਇਸ ਜਿੱਤ ਨਾਲ ਭਾਰਤ ਨੇ ਇਸ ਸਾਲ ਅਕਤੂਬਰ ਵਿਚ ਹੋ ਰਹੇ ਚੈਂਪਿਅਨ ਚੈਲੰਜ-1 ਵਿਚ ਦਾਖਲੇ ਲਈ ਆਪਣੀ ਜਗ੍ਹਾ ਬਣਾ ਲਈ ਹੈ। ਇਸ ਟੂਰਨਾਮੈਂਟ ਦਾ ਜੇਤੂ 2012 ਵਿਚ ਹੋਣ ਵਾਲੀ ਚੈਂਪੀਅਨ ਟਰਾਫੀ ਲਈ ਕੁਆਲੀਫਾਈ ਕਰੇਗਾ।

ਆਈ. ਸੀ. ਸੀ. ਦੀ 55 ਮੈਂਬਰੀ ਕੌਂਸਲ 'ਚ ਭਾਰਤੀ ਸਿਰਫ਼ ਤਿੰਨ

ਮੁੰਬਈ, 28 ਜੂਨ - ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਹਾਲ ਆਫ ਫੇਮ ਸੂਚੀ ਵਿਚ 55 ਮੈਂਬਰ ਸ਼ਾਮਿਲ ਹਨ ਪਰ ਇਸ ਵਿਚ ਕੇਵਲ ਤਿੰਨ ਭਾਰਤੀਆਂ ਨੂੰ ਜਗ੍ਹਾ ਮਿਲੀ ਹੈ ਜਿਨ੍ਹਾਂ ਵਿਚ ਖੱਬੇ ਹੱਥ ਦੇ ਸਪਿੰਨਰ ਬਿਸ਼ਨ ਸਿੰਘ ਬੇਦੀ, ਸਲਾਮੀ ਬੱਲੇਬਾਜ਼ ਸਨੀਲ ਗਵਾਸਕਰ ਅਤੇ ਸਟਾਰ ਆਲ ਰਾਊਂਡਰ ਕਪਿਲ ਦੇਵ ਸ਼ਾਮਿਲ ਹਨ। ਇਸ ਕੌਂਸਲ ਵਿਚ 22 ਗੋਰਿਆਂ ਨੂੰ ਜਗ੍ਹਾ ਮਿਲੀ ਹੈ। ਆਈ.ਸੀ.ਸੀ. ਵੱਲੋਂ ਕੋਲਿਨ ਕਾਊਡਰੇ ਨੂੰ 19ਵੇਂ ਕ੍ਰਿਕਟਰ ਦੇ ਰੂਪ ਵਿਚ ਸ਼ਾਮਿਲ ਕਰਨ ਦੇ ਐਲਾਨ ਦੇ ਨਾਲ ਹੀ ਕੌਂਸਲ ਨੇ ਹਾਲ ਆਫ ਫੇਮ ਲਈ ਚੁਣੇ ਗਏ ਖਿਡਾਰੀਆਂ ਦੀ ਸੂਚੀ ਵੀ ਜਾਰੀ ਕੀਤੀ ਗਈ। ਕੌਂਸਲ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਉਪਰੋਕਤ ਤਿੰਨ ਭਾਰਤੀਆਂ ਤੋਂ ਇਲਾਵਾ ਇੰਗਲੈਂਡ ਦੇ 22, ਆਸਟਰੇਲੀਆ ਦੇ 11, ਵੈਸਟਇੰਡੀਜ਼ ਦੇ 13 ਅਤੇ ਪਾਕਿਸਤਾਨ ਦੇ 3 ਖਿਡਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦਾ ਇਕ ਅਤੇ ਦੱਖਣੀ ਅਫਰੀਕਾ ਦੇ ਦੋ ਖਿਡਾਰੀ ਸ਼ਾਮਿਲ ਕੀਤੇ ਗਏ ਹਨ। ਇਸ ਸੂਚੀ ਵਿਚ 1995 ਤੋਂ ਬਾਅਦ ਸਨਿਆਸ ਲੈਣ ਵਾਲੇ ਕ੍ਰਿਕਟਰ ਸ਼ਾਮਿਲ ਨਹੀਂ ਹਨ। ਆਈ.ਸੀ.ਸੀ. ਅਨੁਸਾਰ 55 ਖਿਡਾਰੀਆਂ ਤੋਂ ਇਲਾਵਾ ਸੂਚੀ ਵਿਚ ਕੁਝ ਹੋਰ ਕ੍ਰਿਕਟਰਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।

ਖੇਡ ਵਿੰਗਾਂ ਦੇ ਚੋਣ ਟਰਾਇਲ ਸ਼ੁਰੂ

ਲੁਧਿਆਣਾ, 28 ਜੂਨ - ਕਾਲਜ ਪੱਧਰ 'ਤੇ ਵੱਖ ਵੱਖ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵੱਖ ਵੱਖ ਯੂਨੀਵਰਸਿਟੀਆਂ ਦੇ ਕਾਲਜਾਂ ਵਿਚ ਖੇਡ ਵਿੰਗ ਸਥਾਪਤ ਕੀਤੇ ਜਾ ਰਹੇ ਹਨ। ਇਹ ਪੰਜਾਬ ਖੇਡ ਵਿਭਾਗ ਵੱਲੋਂ ਕਰਵਾਏ ਜਾ ਰਹੇ ਹਨ। ਇਸੇ ਕੜੀ ਤਹਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਤ ਕਾਲਜਾਂ ਦੇ ਖੇਡ ਵਿੰਗਾਂ ਦੇ ਚੋਣ ਟਰਾਇਲ ਭਲਕੇ 29 ਅਤੇ 30 ਜੂਨ ਨੂੰ ਸਵੇਰੇ 8 ਵਜੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਲਏ ਜਾਣਗੇ। ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਉਲੰਪਿਅਨ ਪ੍ਰਗਟ ਸਿੰਘ ਨੇ ਦੱਸਿਆ ਕਿ ਇਨ੍ਹਾਂ ਚੋਣ ਟਰਾਇਲਾਂ ਲਈ 15 ਖੇਡਾਂ ਨੂੰ ਚੁਣਿਆ ਗਿਆ ਹੈ, ਜਿਸ ਵਿਚ ਹਾਕੀ, ਸਾਇਕਲਿੰਗ, ਹੈਂਡਬਾਲ, ਤੈਰਾਕੀ, ਐਥਲੈਟਿਕਸ, ਬਾਸਕਟਬਾਲ, ਮੁੱਕੇਬਾਜ਼ੀ, ਫੁੱਟਬਾਲ, ਵਾਲੀਬਾਲ, ਵੇਟ ਲਿਫਟਿੰਗ, ਕਬੱਡੀ, ਜੂਡੋ, ਜਿਮਨਾਸਟਕ ਆਦਿ ਖੇਡਾਂ ਲਈਆਂ ਗਈਆਂ ਹਨ। ਜੋ ਖਿਡਾਰੀ ਇਨ੍ਹਾਂ ਚੋਣ ਟਰਾਇਲਾਂ ਵਿਚ ਚੁਣੇ ਜਾਣਗੇ, ਉਨ੍ਹਾਂ ਨੂੰ ਵੱਖ ਵੱਖ ਕਾਲਜਾਂ ਵਿਚ ਖੇਡ ਵਿੰਗਾਂ ਦੌਰਾਨ ਦਾਖਲਾ ਦਿੱਤਾ ਜਾਵੇਗਾ। ਪੰਜਾਬ ਖੇਡ ਵਿਭਾਗ ਵੱਲੋਂ ਖਿਡਾਰੀਆਂ ਨੂੰ ਖਾਣ-ਪੀਣ, ਰਹਿਣ ਸਹਿਣ, ਖੇਡਾਂ ਦਾ ਸਮਾਨ ਆਦਿ ਹੋਰ ਸਹੂਲਤਾਂ ਮੁਹੱਈਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਾਕੀ, ਸਾਇਕਲਿੰਗ ਅਤੇ ਹੈਂਡਬਾਲ ਦੇ ਚੋਣ ਟਰਾਇਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਹੋਣਗੇ, ਜਦਕਿ ਤੈਰਾਕੀ ਦੇ ਚੋਣ ਟਰਾਇਲ ਨਗਰ ਨਿਗਮ ਲੁਧਿਆਣਾ ਦੇ ਸਵੀਮਿੰਗ ਪੂਲ ਵਿਖੇ ਹੋਣਗੇ, ਜਦਕਿ ਬਾਕੀ ਦੀਆਂ ਸਾਰੀਆਂ ਖੇਡਾਂ ਦੇ ਟਰਾਇਲ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਣਗੇ। ਭਾਗ ਲੈਣ ਦੇ ਚਾਹਵਾਨ ਖਿਡਾਰੀ ਸਾਰੀਆਂ ਖੇਡਾਂ ਨਾਲ ਸਬੰਧਤ ਸਪੋਰਟਸ ਕਿੱਟ, ਉਪਰ ਅਤੇ ਪੜ੍ਹਾਈ ਦੇ ਦਸਤਾਵੇਜ਼ ਅਤੇ ਦੋ ਪਾਸਪੋਰਟ ਸਾਇਜ਼ ਫੋਟੋ ਸਮੇਤ ਜ਼ਿਲ੍ਹਾ ਖੇਡ ਅਧਿਕਾਰੀ ਸੁਰਿੰਦਰ ਸਿੰਘ ਭੰਡਾਰੀ ਕੋਲ ਸਵੇਰੇ 8 ਵਜੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਪਹੁੰਚ ਰਿਪੋਰਟ ਕਰਨ।

ਯੂਨੀਵਰਸਿਟੀ ਦੇ ਖੇਡ ਵਿੰਗਾਂ 'ਚ 350 ਗੱਭਰੂਆਂ ਸ਼ਾਮਿਲ

ਪਟਿਆਲਾ, 28 ਜੂਨ - ਖੇਡ ਵਿਭਾਗ ਪੰਜਾਬ ਵੱਲੋਂ ਰਾਜ ਦੇ ਕਾਲਜ 'ਚ ਸਥਾਪਤ ਕੀਤੇ ਜਾਣ ਵਾਲੇ ਖੇਡ ਵਿੰਗਾਂ ਤਹਿਤ ਪੰਜਾਬੀ ਯੂਨੀਵਰਸਿਟੀ ਦੇ ਕਾਲਜਾਂ ਲਈ ਹੋਏ ਟਰਾਇਲਾਂ 'ਚ 350 ਦੇ ਕਰੀਬ ਗੱਭਰੂਆਂ ਨੇ ਹਿੱਸਾ ਲਿਆ। ਇਸ ਯੂਨੀਵਰਸਿਟੀ ਦੇ 150 ਦੇ ਕਰੀਬ ਸੀਟਾਂ ਲਈ ਪੁਰਸ਼ ਵਰਗ ਦੇ ਟਰਾਇਲ ਵਰਸਿਟੀ ਦੇ ਖੇਡ ਨਿਰਦੇਸ਼ਕ ਡਾ: ਰਾਜ ਕੁਮਾਰ ਸ਼ਰਮਾ ਤੇ ਜ਼ਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਜਸਵੀਰਪਾਲ ਕੌਰ ਬਰਾੜ ਦੀ ਨਿਗਰਾਨੀ 'ਚ ਹੋਏ। ਖੇਡ ਵਿਭਾਗ ਵੱਲੋਂ ਸਥਾਪਤ ਕੀਤੀਆਂ ਗਈਆਂ ਵੱਖ ਵੱਖ ਖੇਡ ਕਮੇਟੀਆਂ ਦੇ ਮੁਖੀਆਂ ਵਜੋਂ ਬ੍ਰਿਗੇਡੀਅਰ ਲਾਭ ਸਿੰਘ ਅਥਲੈਟਿਕਸ, ਦਰੋਣਾਚਾਰੀਆ ਸੁਖਚੈਨ ਸਿੰਘ ਚੀਮਾ ਕੁਸ਼ਤੀ ਤੇ ਅਰਜੁਨਾ ਐਵਾਰਡੀ ਸ: ਜੈਪਾਲ ਸਿੰਘ ਮੁੱਕੇਬਾਜ਼ੀ ਉਚੇਚੇ ਤੌਰ 'ਤੇ ਪਹੁੰਚੇ।ਇਨ੍ਹਾਂ ਟਰਾਇਲਾਂ ਦੌਰਾਨ ਸਭ ਤੋਂ ਵਧੇਰੇ ਅਥਲੈਟਿਕਸ ਵਿੰਗ ਲਈ ਪਹੁੰਚੇ ਕੋਚ ਜਸਵੀਰ ਸਿੰਘ ਤੇ ਹਰਭਜਨ ਸਿੰਘ ਦੀ ਦੇਖ ਰੇਖ 'ਚ ਹੋਏ ਫੁੱਟਬਾਲ ਟਰਾਇਲਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਹਾਕੀ ਟਰਾਇਲਾਂ 'ਚ 40 ਖਿਡਾਰੀਆਂ ਨੇ, ਦਲ ਸਿੰਘ ਬਰਾੜ ਦੀ ਅਗਵਾਈ 'ਚ ਵਾਲੀਬਾਲ ਦੇ 35, ਝੰਡਾ ਸਿੰਘ ਦੀ ਅਗਵਾਈ 'ਚ ਕਬੱਡੀ ਵਿੰਗਾਂ ਲਈ 36, ਸ: ਦਲਬੀਰ ਸਿੰਘ ਤੇ ਇੰਦਰਜੀਤ ਸਿੰਘ ਦੀ ਅਗਵਾਈ 'ਚ ਹੋਏ ਫੁੱਟਬਾਲ ਟਰਾਇਲਾਂ 'ਚ 55, ਹਰਪ੍ਰੀਤ ਸਿੰਘ, ਜਸਵੰਤ ਸਿੰਘ ਤੇ ਕੁਲਵਿੰਦਰ ਸਿੰਘ ਦੀ ਅਗਵਾਈ 'ਚ ਹੋਏ ਮੁੱਕੇਬਾਜ਼ੀ ਟਰਾਇਲਾਂ 'ਚ 26, ਜਿਮਨਾਸਟਿਕ ਲਈ 12 ਖਿਡਾਰੀਆਂ ਨੇ ਜ਼ੋਰ ਅਜ਼ਮਾਈ ਕੀਤੀ। ਇਸ ਤੋਂ ਇਲਾਵਾ ਟੇਬਲ ਟੈਨਿਸ ਲਈ ਟਰਾਇਲ ਪ੍ਰਿੰਸਇੰਦਰ ਸਿੰਘ ਘੁੰਮਣ, ਸਾਈਕਲਿੰਗ ਲਈ ਸ: ਮਿੱਤਰਪਾਲ ਸਿੰਘ, ਕੁਸ਼ਤੀ ਲਈ ਅਵਤਾਰ ਸਿੰਘ ਤੇ ਭਾਰ ਤੋਲਣ ਲਈ ਅਰਜਨਾ ਐਵਾਰਡੀ, ਪਰਮਜੀਤ ਸ਼ਰਮਾ ਦੀ ਅਗਵਾਈ 'ਚ ਟਰਾਇਲ ਹੋਏ।

ਰਾਸ਼ਟਰੀ ਤੈਰਾਕੀ ਚੈਂਪੀਅਨਸ਼ਿਪ 'ਚ ਕਰਨਾਟਕ ਦੀ ਝੰਡੀ

ਜੈਪੁਰ, 28 ਜੂਨ - 36ਵੀਂ ਰਾਸ਼ਟਰੀ ਚੈਂਪੀਅਨਸ਼ਿਪ ਜੈਪੁਰ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ 'ਚ 36ਵੀਂ ਰਾਸ਼ਟਰੀ ਚੈਂਪੀਅਨਸ਼ਿਪ ਪ੍ਰਤੀਯੋਗਤਾ ਵਿਚ ਕਰਨਾਟਕ ਦੀ ਟੀਮ ਦੀ ਸਰਦਾਰੀ ਰਹੀ। ਕਰਨਾਟਕ ਦੇ ਲੜਕੇ ਅਤੇ ਲੜਕੀਆਂ ਨੇ ਚੈਂਪੀਅਨਸ਼ਿਪ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਕਰਨਾਟਕ ਨੇ ਇਸ ਚੈਂਪੀਅਨਸ਼ਿਪ ਦੌਰਾਨ 43 ਸੋਨੇ, 23 ਰਜਤ ਅਤੇ 13 ਕਾਂਸੀ ਦੇ ਤਗਮੇ ਪ੍ਰਾਪਤ ਕੀਤੇ ਹਨ। ਮਹਾਂਰਾਸ਼ਟਰ 16 ਸੋਨੇ ਦੇ ਤਗਮੇ ਜਿੱਤ ਕੇ ਦੂਜੇ ਨੰਬਰ 'ਤੇ ਰਿਹਾ। ਇਸ ਤੋਂ ਇਲਾਵਾ ਤਾਮਿਲਨਾਡੂ ਨੇ ਸੋਨੇ ਦੇ 5 ਅਤੇ ਦੋ ਰਜਤ ਅਤੇ 23 ਕਾਂਸੀ ਦੇ ਤਗਮੇ ਇਸ ਚੈਂਪੀਅਨਸ਼ਿਪ ਦੌਰਾਨ ਜਿੱਤੇ ਹਨ।

ਜੂਡੋ ਚੈਂਪੀਅਨਸ਼ਿਪ ਦੇ ਚੋਣ ਟ੍ਰਾਇਲ ਸ਼ੁਰੂ

ਗੁਰਦਾਸਪੁਰ, 25 ਜੂਨ - ਵਿਸ਼ਵ ਕੈਡਿਕ ਜੂਡੋ ਚੈਂਪੀਅਨਸ਼ਿਪ, ਯੂਥ ਏਸ਼ੀਆ ਜੂਡੋ ਚੈਂਪੀਅਨਸ਼ਿਪ, ਜੂਨੀਅਰ ਏਸ਼ੀਆ ਜੂਡੋ ਚੈਂਪੀਅਨਸ਼ਿਪ ਲਈ ਚੋਣ ਕਰਨ ਲਈ 26 ਤੋਂ 27 ਜੂਨ ਨੂੰ ਭੁਪਾਲ (ਐਮ. ਪੀ.) ਵਿਖੇ ਚੋਣ ਟਰਾਇਲ ਕਰਵਾਏ ਜਾ ਰਹੇ ਹਨ। ਇਸ ਵਿਚ ਪੰਜਾਬ ਦੇ ਖਿਡਾਰੀਆਂ ਨੂੰ ਭਾਗ ਲੈਣ ਦਾ ਮੌਕਾ ਦਿੱਤਾ ਜਾਵੇਗਾ। ਨਵੰਬਰ ਮਹੀਨੇ ਹੰਗਰੀ, ਤਾਏਪਈ ਵਿਚ ਹੋਣ ਵਾਲੀਆਂ ਇਨ੍ਹਾਂ ਚੈਂਪੀਅਨਸ਼ਿਪਾਂ ਵਿਚ ਭਾਰਤ ਦੇ ਖਿਡਾਰੀਆਂ ਨੂੰ ਦੇਸ਼ੀ/ਵਿਦੇਸ਼ੀ ਕੋਚਾਂ ਤੋਂ ਸਿਖਲਾਈ ਦਿਵਾਈ ਜਾਵੇਗੀ। ਵਿਸ਼ਵ ਕੈਡਿਟ ਜੂਡੋ ਚੈਂਪੀਅਨਸ਼ਿਪ ਲਈ ਖਿਡਾਰੀ ਦੀ ਉਮਰ 15-16 ਸਾਲ ਦੇ ਦਰਮਿਆਨ ਅਤੇ ਭਾਰ ਲੜਕਿਆਂ ਲਈ 50, 55, 60, 66, 73 ਕਿਲੋ, ਲੜਕੀਆਂ ਲਈ 40, 44, 48, 52-57 ਕਿਲੋ ਹੋਣਾ ਚਾਹੀਦਾ ਹੈ। ਤੀਸਰੀ ਯੂਥ ਏਸ਼ੀਆ ਚੈਂਪੀਅਨਸ਼ਿਪ ਲਈ 12 ਸਾਲ ਤੋਂ ਵੱਧ 16 ਸਾਲ ਤੋਂ ਘੱਟ ਉਮਰ ਦੇ ਲੜਕੇ ਹੋਣੇ ਚਾਹੀਦੇ ਹਨ ਅਤੇ ਭਾਰ 46 ਕਿਲੋ, 50 ਕਿਲੋ, 55 ਕਿਲੋ, 60 ਕਿਲੋ, 66 ਕਿਲੋ ਹੋਣਾ ਚਾਹੀਦਾ ਹੈ। ਲੜਕੀਆਂ ਦਾ ਭਾਰ 40, 44, 48, 52, 60-63 ਕਿਲੋ ਤੋਂ ਘੱਟ ਹੋਣਾ ਚਾਹੀਦਾ ਹੈ। ਜੂਨੀਅਰ ਏਸ਼ੀਆ ਜੂਡੋ ਚੈਪੀਅਨਸ਼ਿਪ ਉਮਰ 16 ਤੋਂ ਲੈ ਕੇ 20 ਸਾਲ ਹੋਵੇਗੀ ਅਤੇ ਲੜਕਿਆਂ ਦਾ 55, 60, 66, 73, 81, 90 ਕਿਲੋ, ਲੜਕਿਆਂ 45, 48, 52, 57, 63-70 ਕਿਲੋ ਤੋਂ ਘੱਟ ਹੋਵੇਗਾ।

ਗਿਲਾਨੀ ਨੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਇਕ ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ

ਇਸਲਾਮਾਬਾਦ, 25 ਜੂਨ - ਪਾਕਿਸਤਾਨ ਦੀ ਕ੍ਰਿਕਟ ਟੀਮ ਨੂੰ ਇੰਗਲੈਂਡ 'ਚ ਖੇਡੇ ਗਏ ਟਵੈਂਟੀ-20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦਾ ਖ਼ਿਤਾਬ ਜਿੱਤਣ ਕਰਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜਾ ਗਿਲਾਨੀ ਨੇ ਇੱਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਗਿਲਾਨੀ ਨੇ ਬੁੱਧਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ 'ਚ ਖਿਡਾਰੀਆਂ ਦੇ ਸਨਮਾਨ 'ਚ ਖਾਣੇ ਦਾ ਪ੍ਰਬੰਧ ਕੀਤਾ ਸੀ। ਇਸ ਦੌਰਾਨ ਗਿਲਾਨੀ ਨੇ ਸਾਰੇ ਖਿਡਾਰੀਆਂ ਦੀ ਜੰਮ ਕੇ ਸਰਾਹਨਾ ਕੀਤੀ। ਗਿਲਾਨੀ ਮੁਤਾਬਿਕ ਟੀਮ ਨੇ ਇਹ ਖ਼ਿਤਾਬ ਜਿੱਤ ਕੇ ਸੰਕਟ 'ਚ ਘਿਰੀ ਪਾਕਿਸਤਾਨ ਦੀ ਜਨਤਾ ਨੂੰ ਬਹੁਤ ਖੁਸ਼ੀ ਬਖ਼ਸ਼ੀ ਹੈ। ਗਿਲਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਪਾਕਿਸਤਾਨੀ ਹਨ। ਇਤਿਹਾਸਕ ਲਾਰਡਜ਼ ਕ੍ਰਿਕਟ ਮੈਦਾਨ 'ਤੇ ਖੇਡੇ ਗਏ ਖ਼ਿਤਾਬੀ ਮੁਕਾਬਲੇ 'ਚ ਸ੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾ ਕੇ ਪਾਕਿਸਤਾਨ ਨੇ ਟਵੈਂਟੀ-20 ਵਿਸ਼ਵ ਕੱਪ ਦਾ ਦੂਜਾ ਟੂਰਨਾਮੈਂਟ ਜਿਤਿਆ ਸੀ।

ਏਸ਼ੀਅਨ ਸਾਈਕਲਿੰਗ ਚੈਂਪੀਅਨਸ਼ਿਪ ਲਈ ਟਰਾਇਲ ਸ਼ੁਰੂ

ਪਟਿਆਲਾ, 25 ਜੂਨ - ਪਟਿਆਲਾ ਦੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਖੇ 26 ਤੋਂ 28 ਜੂਨ ਤੱਕ ਮਲੇਸ਼ੀਆ 'ਚ ਹੋਣ ਵਾਲੀ ਏਸ਼ੀਅਨ ਸਾਈਕਲਿੰਗ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦੀ ਚੋਣ ਕਰਨ ਹਿੱਤ ਟਰਾਇਲ ਸ਼ੁਰੂ ਹੋ ਗਏ ਹਨ। ਰਾਸ਼ਟਰ ਮੰਡਨ ਖੇਡਾਂ 2010 ਦੀ ਤਿਆਰੀ ਲਈ 1 ਜੂਨ ਤੋਂ ਲਗਾਏ ਜਾ ਰਹੇ ਕੋਰ ਗਰੁੱਪ 'ਚ ਸ਼ਾਮਿਲ ਖਿਡਾਰੀ ਹੀ ਇਨ੍ਹਾਂ ਟਰਾਇਲਾਂ 'ਚ ਹਿੱਸਾ ਲੈ ਸਕਦੇ ਹਨ। ਭਾਰਤੀ ਸਾਈਕਲਿੰਗ ਫੈਡਰੇਸ਼ਨ ਦੇ ਦੋ ਧੜਿਆਂ 'ਚ ਲੰਬੇ ਅਰਸੇ ਤੋਂ ਚੱਲ ਰਹੇ ਵਿਵਾਦ ਕਾਰਨ ਮਈ ਮਹੀਨੇ 'ਚ ਭਾਰਤੀ ਉਲੰਪਿਕ ਐਸੋਸੀਏਸ਼ਨ ਦੀ ਸਿਫਾਰਿਸ਼ 'ਤੇ ਸਾਈ ਨੇ ਸਾਈਕਲਿੰਗ ਦੇ ਕੰਮ ਕਾਜ ਦਾ ਜਿੰਮਾ ਸੰਭਾਲ ਲਿਆ ਸੀ। ਇਸ ਮੌਕੇ ਕੈਂਪ 'ਚ 28 ਪੁਰਸ਼ ਤੇ 14 ਮਹਿਲਾ ਸਾਈਕਲਿਸਟ ਹਿੱਸਾ ਲੈ ਰਹੇ ਹਨ। ਜਿਨ੍ਹਾਂ ਨੂੰ ਵੱਖ ਵੱਖ ਈਵੈਂਟਸ ਮੁਤਾਬਕ ਕੋਚ ਸਿਖਲਾਈ ਦੇ ਰਹੇ ਹਨ। ਛੋਟੀ ਦੂਰੀ ਦੇ ਸਾਈਕਲਿਸਟਾਂ ਨੂੰ ਸ੍ਰੀ ਵਿਰਕ, ਐਸ.ਐਸ. ਮਾਨ ਤੇ ਅਨੂਪ ਕੁਮਾਰ ਰੇਲਵੇ ਸਿਖਲਾਈ ਦੇ ਰਹੇ ਹਨ। ਲੰਬੀ ਦੂਰੀ ਦੇ ਖਿਡਾਰੀਆਂ ਲਈ ਸ੍ਰੀ ਮਹੇਸ਼ ਕੁਮਾਰ ਰੰਗਾ ਤੇ ਚੈਨ ਚੌਧਰੀ ਸਿਖਲਾਈ ਦੇ ਰਹੇ ਹਨ। ਮਹਿਲਾ ਸਾਈਕਲਿਸਟਾਂ ਨੂੰ ਸ੍ਰੀਮਤੀ ਊਸ਼ਾ ਟੀ. ਨਾਇਰ ਦੀ ਅਗਵਾਈ 'ਚ ਅਮਨਦੀਪ ਸਿੰਘ ਤੇ ਨਰਿੰਦਰ ਸਿੰਘ ਟਰੇਨਿੰਗ ਦੇ ਰਹੇ ਹਨ।

ਕਬੱਡੀ ਤੇ ਵਾਲੀਬਾਲ ਟੂਰਨਾਮੈਂਟ

ਜਲੰਧਰ, 25 ਜੂਨ - ਸਲੇਮਪੁਰ ਮਸੰਦਾਂ ਵਿਖੇ ਬਾਬਾ ਦਾਸਾ ਦੀ ਯਾਦ ਨੂੰ ਸਮਰਪਿਤ ਕਬੱਡੀ ਤੇ ਵਾਲੀਬਾਲ ਟੂਰਨਾਮੈਂਟ ਚੱਲ ਰਿਹਾ ਹੈ। ਇਸ ਦੇ ਦੂਜੇ ਦਿਨ 42 ਕਿੱਲੋ ਤੇ 47 ਕਿੱਲੋ ਦੇ ਮੁਕਾਬਲੇ ਕਰਵਾਏ ਗਏ। 26 ਜੂਨ ਨੂੰ 52 ਕਿੱਲੋ ਤੇ 57 ਕਿੱਲੋ ਦੇ ਮੁਕਾਬਲੇ ਕਰਵਾਏ ਜਾਣਗੇ।

ਜੂਨੀਅਰ ਏਸ਼ੀਆ ਚੈਂਪੀਅਨਸ਼ਿਪ 9 ਜੁਲਾਈ ਤੋਂ

ਜਲੰਧਰ, 24 ਜੂਨ - ਮੁਨੀਲਾ ਵਿਖੇ ਜੂਨੀਅਰ ਏਸ਼ੀਆ ਚੈਂਪੀਅਨਸ਼ਿਪ 9 ਜੁਲਾਈ ਤੋਂ 13 ਜੁਲਾਈ ਤੱਕ ਕਰਵਾਈ ਜਾ ਰਹੀ ਹੈ। ਇਸ ਸਬੰਧ ਵਿਚ ਭਾਰਤੀ ਜੂਨੀਅਰ ਗ੍ਰੀਕੋ ਰੋਮਨ ਕੁਸ਼ਤੀ ਦਾ ਟ੍ਰੇਨਿੰਗ ਕੈਂਪ ਪੀ. ਏ. ਪੀ. ਇੰਡੋਰ ਸਟੇਡੀਅਮ, ਜਲੰਧਰ ਵਿਖੇ ਚੱਲ ਰਿਹਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਨੇ ਵਿਸ਼ੇਸ਼ ਤੌਰ 'ਤੇ ਪੀ. ਏ. ਪੀ. ਜੀ. ਓਜ਼. ਮੈਸ ਵਿਚ ਪਹੁੰਚੇ ਅਤੇ ਕੁਸ਼ਤੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੰਜਾਬ ਪੁਲਿਸ ਸਪੋਰਟਸ ਦੀ ਬਿਹਤਰੀ ਲਈ ਕੁਸ਼ਤੀ ਟੀਮ ਲਈ ਰੈਸਲਿੰਗ ਮੈਟ ਖਰੀਦਣ ਲਈ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਅਤੇ ਨਾਲ ਹੀ ਪੰਜਾਬ ਦੇ ਉਭਰ ਰਹੇ ਪਹਿਲਵਾਨਾਂ ਨੂੰ ਟ੍ਰੇਨਿੰਗ ਦੇ ਰਹੇ ਰਸ਼ੀਅਨ ਕੋਚ ਐਕੁਲਾਈਜ਼ ਦੀ ਵਧੀਆ ਕਾਰਗੁਜ਼ਾਰੀ ਦੇਖਦੇ ਹੋਏ ਉਸ ਦੇ ਆਉਂਦੇ ਖਰਚੇ 'ਤੇ 1 ਲੱਖ ਰੁਪਏ ਦਾ ਯੋਗਦਾਨ ਪਾਉਣ ਦੀ ਘੋਸ਼ਣਾ ਵੀ ਕੀਤੀ।

ਦੂਜੇ ਕਬੱਡੀ ਕੱਪ 'ਤੇ ਨਾਰਵੇ ਦੇ ਉਘੇ ਖੇਡ ਪ੍ਰਮੋਟਰ ਅਤੇ ਮੈਨੇਜਿੰਗ ਡਾਇਰੈਕਟਰ ਦਾ ਸਨਮਾਨ

ਜਲੰਧਰ, 24 ਜੂਨ - ਮਨੈਰਬੀਓ ਵਿਖੇ 28 ਜੂਨ ਨੂੰ ਕਰਵਾਏ ਜਾ ਰਹੇ ਦੂਜੇ ਕਬੱਡੀ ਕੱਪ 'ਤੇ ਨਾਰਵੇ ਦੇ ਉੱਘੇ ਖੇਡ ਪ੍ਰਮੋਟਰ ਸ੍ਰੀ ਗੁਰਦਿਆਲ ਸਿੰਘ ਪੱਡਾ ਅਤੇ ਮੈਨੇਜਿੰਗ ਡਾਇਰੈਕਟਰ ਜ਼ੈਲਦਾਰ ਸੁਰਿੰਦਰ ਸਿੰਘ ਚੈੜੀਆ ਵੱਲੋਂ ਮਾਂ ਖੇਡ ਕਬੱਡੀ ਨੂੰ ਪ੍ਰਫੁਲਿਤ ਕਰਨ ਲਈ ਪਾਏ ਗਏ ਯੋਗਦਾਨ ਲਈ ਖੇਡ ਮੇਲੇ 'ਤੇ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਸਨਮਾਨ ਸੱਲ੍ਹਾਂ ਸਪੋਰਟਸ ਕਲੱਬ ਬਰੇਸ਼ੀਆ ਤੇ ਮੀਰੀ ਪੀਰੀ ਸਪੋਰਟਸ ਕਲੱਬ ਸਨਪਾਵਲੋ ਵੱਲੋਂ ਕੀਤਾ ਜਾਵੇਗਾ।

ਸਾਂਝੀਵਾਲਤਾ ਖੇਡ ਮੇਲਾ 29 ਅਗਸਤ ਤੋਂ

ਜਲੰਧਰ, 24 ਜੂਨ - ਸਾਂਝੀਵਾਲਤਾ ਖੇਡ ਮੇਲਾ ਫੁਰੂਸਤ ਦੇ ਖੇਡ ਮੈਦਾਨਾਂ 'ਚ 29-30 ਅਗਸਤ ਨੂੰ ਐਫ. ਐਸ. ਐਫ. ਨਾਰਵੇ ਸਾਂਝੀਵਾਲਤਾ ਖੇਡ ਮੇਲਾ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੌਰਾਨ ਜਿਥੇ ਅੱਠ ਚੋਟੀ ਦੀਆਂ ਕਬੱਡੀ ਟੀਮਾਂ ਦਰਮਿਆਨ ਜ਼ਬਰਦਸਤ ਭੇੜ ਦੇਖਣ ਨੂੰ ਮਿਲਣਗੇ ਉਥੇ ਫੁੱਟਬਾਲ, ਵਾਲੀਬਾਲ, ਮੁਕਾਬਲਿਆਂ ਤੋਂ ਇਲਾਵਾ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ। ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਮੁੱਖ ਰੱਖਕੇ ਇਹ ਖੇਡ ਮੇਲਾ ਕਰਵਾਇਆ ਜਾਂਦਾ ਹੈ।

ਸਲੇਮਪੁਰ ਮਸੰਦਾਂ ਦਾ ਕਬੱਡੀ ਟੂਰਨਾਮੈਂਟ ਸ਼ੁਰੂ

ਜਲੰਧਰ, 24 ਜੂਨ - ਪਿੰਡ ਸਲੇਮਪੁਰ ਮਸੰਦਾਂ ਵਿਖੇ ਬਾਬਾ ਦਾਸਾ ਜੀ ਦੀ ਯਾਦ ਨੂੰ ਸਮਰਪਿਤ ਕਬੱਡੀ ਤੇ ਵਾਲੀਬਾਲ ਟੂਰਨਾਮੈਂਟ ਚੱਲ ਰਿਹਾ ਹੈ। ਇਸ ਦਾ ਉਦਘਾਟਨ ਪ੍ਰਧਾਨ ਤਰਲੋਚਨ ਸਿੰਘ ਨੇ ਕੀਤਾ। ਇਸ ਮੌਕੇ 'ਤੇ ਝੋਟਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ, ਜਿਸ ਦੇ ਵਿਚੋਂ ਪਰਮਜੀਤ ਸਿੰਘ ਮਡਾਲਾ ਦੇ ਝੋਟੇ ਨੇ ਪਹਿਲਾ, ਕਰਨੈਲ ਸਿੰਘ ਖਜੂਰਲਾ ਨੇ ਦੂਜਾ, ਰਾਣਾ ਬਨਵਾਲੀਪੁਰ ਨੇ ਤੀਜਾ, ਗੀਤਾ ਲੱਲੀਆਂ ਨੇ ਚੌਥਾ ਤੇ ਹਰਦੀਪ ਸਿੰਘ ਖਜੂਰਲਾ ਨੇ ਪੰਜਵਾਂ ਸਥਾਨ ਹਾਸਿਲ ਕੀਤਾ।

ਕਟੋਚ ਸੀਲਡ ਅੰਤਰ ਜ਼ਿਲਾ ਸੀਨੀਅਰ ਕ੍ਰਿਕਟ ਟੂਰਨਾਮੈਂਟ 'ਚ ਚੰਡੀਗੜ੍ਹ ਦੀ ਬੱਲੇ ਬੱਲੇ

ਅਜੀਤ ਨਗਰ, 24 ਜੂਨ - ਕਟੋਚ ਸੀਲਡ ਅੰਤਰ ਜ਼ਿਲਾ ਸੀਨੀਅਰ ਕ੍ਰਿਕਟ ਟੂਰਨਾਮੈਂਟ ਅਜੀਤ ਨਗਰ ਦੇ ਪੀ.ਸੀ.ਏ ਕ੍ਰਿਕਟ ਸਟੇਡੀਅਮ ਵਿਚ ਕਰਵਾਇਆ ਗਿਆ। ਇਹ ਟੂਰਨਾਮੈਂਟ ਜਲੰਧਰ ਅਤੇ ਚੰਡੀਗੜ੍ਹ ਵਿਚਕਾਰ ਖੇਡਿਆ ਗਿਆ। ਇਸ ਦਾ ਫਾਈਨਲ ਮੈਚ ਚੰਡੀਗੜ੍ਹ ਨੇ 9 ਵਿਕਟਾਂ ਨਾਲ ਜਿੱਤ ਲਿਆ ਹੈ। ਚੌਥੇ ਅਤੇ ਆਖਰੀ ਦਿਨ ਦੂਜੀ ਪਾਰੀ ਵਿੱਚ ਜਲੰਧਰ ਵੱਲੋਂ ਰੱਖੇ 253 ਸਕੋਰ ਦਾ ਪਿੱਛਾ ਕਰਦਿਆਂ ਚੰਡੀਗੜ੍ਹ ਦੀ ਟੀਮ ਨੇ ਇਕ ਵਿਕਟ ਦੇ ਨੁਕਸਾਨ 'ਤੇ 254 ਦੌੜਾਂ ਬਣਾ ਕੇ ਫਾਈਨਲ ਮੈਚ ਜਿੱਤ ਲਿਆ। ਜਲੰਧਰ ਦੀ ਟੀਮ ਆਪਣੀ ਪਹਿਲੀ ਪਾਰੀ ਵਿਚ 434 ਅਤੇ ਦੂਜੀ ਪਾਰੀ ਵਿਚ 219 ਦੌੜਾਂ ਬਣਾਈਆਂ ਸਨ। ਚੰੜੀਗੜ੍ਹ ਦੀ ਟੀਮ ਨੇ ਪਹਿਲੀ ਪਾਰੀ ਵਿੱਚ 400 ਦੌੜਾਂ ਅਤੇ ਦੂਜੀ ਪਾਰੀ ਵਿਚ 256 ਜੇਤੂ ਦੌੜਾਂ ਬਣਾਈਆਂ। ਚੰਡੀਗੜ੍ਹ ਦੇ ਬੱਲੇਬਾਜ਼ ਸਰੁਲ ਕੰਵਰ 183 ਦੌੜਾਂ ਬਣਾ ਕੇ ਯੁਗੇਸ ਕੁਮਾਰ ਹੱਥੋਂ ਆਊਟ ਹੋਇਆ ਜਦੋਂ ਕਿ ਸਿਮਰਤ ਬਾਵਾ 65 ਅਤੇ ਅਮਿੰਤ ਪ੍ਰਾਸਰ 8 ਦੌੜਾਂ ਬਣਾ ਕੇ ਨਾਬਾਦ ਰਹੇ।

ਮਿਸ਼ਨ ਰਾਸ਼ਟਰਮੰਡਲ 2010 ਲਈ ਦੇਸ਼ ਦੇ ਚੋਟੀ ਦੇ 67 ਐਥਲੀਟ ਸ਼ਾਮਿਲ ਹੋਣਗੇ

ਪਟਿਆਲਾ, 23 ਜੂਨ - ਮਿਸ਼ਨ ਰਾਸ਼ਟਰਮੰਡਲ 2010 ਦੇ ਤਿਆਰੀ ਲਈ ਦੇਸ਼ ਦੇ ਚੋਟੀ ਦੇ ਐਥਲੀਟਾਂ ਦਾ 67 ਮੈਂਬਰੀ ਦਲ ਇੰਗਲੈਂਡ ਦੇ ਸ਼ਹਿਰ ਲੰਦਨ ਵਿਖੇ ਉਲੰਪਿਕ ਸੈਂਟਰ 6 ਜੁਲਾਈ ਤੋਂ 23 ਅਗਸਤ ਤੱਕ ਜਾਵੇਗਾ। ਇਸ ਗੱਲ ਦਾ ਖੁਲਾਸਾ ਭਾਰਤੀ ਅਥਲੈਟਿਕ ਟੀਮ ਦੇ ਮੁੱਖ ਕੋਚ ਸ: ਬਹਾਦਰ ਸਿੰਘ ਨੇ ਐਨ.ਆਈ.ਐਸ. ਪਟਿਆਲਾ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਇਸ ਦਲ 'ਚ ਉਨ੍ਹਾਂ ਹੀ ਚੋਟੀ ਦੇ ਐਥਲੀਟਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਨ੍ਹਾਂ ਤੋਂ ਤਗਮਿਆਂ ਦੀ ਆਸ ਹੈ। ਇਸ ਦਲ ਵਿਚ 100 ਤੇ 400 ਮੀਟਰ ਰੀਲੇਅ ਦੌੜਾਂ (ਲੜਕੇ ਤੇ ਲੜਕੀਆਂ) 3-3 ਗੋਲਾਂ ਤੇ ਜੈਵਲਿਨ ਸੁਟਾਵੇ ਪੁਰਸ਼, ਤਿੰਨ ਮਹਿਲਾ ਡਿਸਕਸ ਸੁਟਾਵੇ, ਲੰਬੀ, ਤੀਹਰੀ ਤੇ ਉਚੀ ਛਾਲ ਲਈ 3-3 ਪੁਰਸ਼ ਐਥਲੀਟ, ਲੰਬੀ ਤੇ ਤੀਹਰੀ ਛਾਲ ਲਈ। ਮਹਿਲਾ ਐਥਲੀਟ, 400 ਮੀਟਰ ਦੌੜ ਲਈ ਪੁਰਸ਼ ਤੇ ਮਹਿਲਾ ਐਥਲੀਟ ਆਦਿ ਸ਼ਾਮਿਲ ਹਨ। ਇਨ੍ਹਾਂ ਅਥਲੀਟਾਂ 'ਚੋਂ ਗੋਲਾ ਸੁਟਾਵਾ ਓਮ ਪ੍ਰਕਾਸ਼ ਪਹਿਲਾਂ ਹੀ ਲੰਦਨ ਪਹੁੰਚ ਚੁੱਕਿਆ ਹੈ ਜਿਸ ਨੇ ਉਥੇ ਹੋਏ ਇਕ ਮੁਕਾਬਲੇ 'ਚ 19.89 ਮੀਟਰ ਥਰੋਅ ਕਰਕੇ ਆਪਣੇ ਖੇਡ ਜੀਵਨ ਦਾ ਸਰਬੋਤਮ ਪ੍ਰਦਰਸ਼ਨ ਕੀਤਾ ਹੈ। ਉਹ ਸਿਰਫ 1 ਸੈਂਟੀਮੀਟਰ ਦੇ ਅੰਤਰ ਨਾਲ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ 'ਚੋਂ ਵਾਂਝਾ ਰਹਿ ਗਿਆ। ਇੰਗਲੈਂਡ ਜਾਣ ਲਈ ਤਿਆਰੀ ਕਰ ਰਹੇ ਲੰਬੀ ਛਾਲ ਵਾਲੇ ਮਹਾਂ ਸਿੰਘ ਤੇ ਤੀਹਰੀ ਛਾਲ ਵਾਲੇ ਐਥਲੀਟ ਅਮਰਜੀਤ ਸਿੰਘ ਨੇ ਕਿਹਾ ਕਿ ਇਹ ਦੌਰਾ ਭਾਰਤੀ ਐਥਲੀਟਾਂ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੋਵੇਗਾ।

ਕੁੱਲ ਹਿੰਦ ਗਰਮ ਰੁੱਤ ਫੁੱਟਬਾਲ ਟੂਰਨਾਮੈਂਟ 'ਚ ਦਲਬੀਰ ਅਕੈਡਮੀ ਦੀ ਬੱਲੇ ਬੱਲੇ

ਪਟਿਆਲਾ, 23 ਜੂਨ - ਕੁੱਲ ਹਿੰਦ ਗਰਮ ਰੁੱਤ ਫੁੱਟਬਾਲ ਟੂਰਨਾਮੈਂਟ ਮੰਡੀ (ਹਿਮਾਚਲ ਪ੍ਰਦੇਸ਼) ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ 'ਚ ਦਲਬੀਰ ਫੁੱਟਬਾਲ ਅਕੈਡਮੀ ਪੰਜਾਬੀ 'ਵਰਸਿਟੀ ਪਟਿਆਲਾ ਦੀ ਟੀਮ ਨੇ ਫੇਅਰ ਪਲੇਅ ਟਰਾਫੀ ਜਿੱਤਣ ਦੇ ਨਾਲ ਨਾਲ ਦੇਸ਼ ਦੀਆਂ ਨਾਮਵਰ ਟੀਮਾਂ ਨੂੰ ਹਰਾਉਣ ਦਾ ਮਾਣ ਹਾਸਿਲ ਕੀਤਾ ਹੈ। ਕੋਚ ਸ: ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਪਹਿਲੇ ਮੈਚ ਵਿਚ ਸੀ.ਆਰ.ਪੀ.ਐਫ. ਦੀ ਟੀਮ ਨੂੰ ਰਣਧੀਰ ਸਿੰਘ ਦੇ ਗੋਲ ਸਦਕਾ 1-0, ਉਤਰਾਂਚਲ ਪੁਲਿਸ ਨੂੰ ਪਵਨਦੀਪ ਸਿੰਘ ਦੇ ਗੋਲ ਸਦਕਾ 1-0, ਹੁਸ਼ਿਆਰਪੁਰ ਪੁਲਿਸ ਨੂੰ ਸੁਨੀਲ ਥਾਪਾ ਦੇ ਦੋ ਗੋਲਾਂ ਸਦਕਾ 2-1, ਹਰਪ੍ਰੀਤ ਸਿੰਘ ਦੇ ਗੋਲ ਸਦਕਾ ਗੜਵਾਲ ਪੁਲਿਸ ਨੂੰ 1-0 ਨਾਲ ਹਰਾ ਕੇ ਸੁਪਰਲੀਗ 'ਚ ਪ੍ਰਵੇਸ਼ ਕੀਤਾ। ਇਸ ਟੀਮ ਨੇ ਦੇਸ਼ ਦੀ ਇਕ ਹੋਰ ਨਾਮਵਰ ਟੀਮ ਓ.ਐਨ.ਜੀ.ਸੀ. ਨਾਲ ਰਿੰਕੂ ਮਸੀਹ ਦੇ ਗੋਲ ਸਦਕਾ 1-1 ਨਾਲ ਬਰਾਬਰੀ 'ਤੇ ਖੇਡਿਆ।

ਪੰਜਾਬ ਸਬ ਜੂਨੀਅਰ ਜੂਡੋ ਚੈਂਪੀਅਨਸ਼ਿਪ 2 ਜੁਲਾਈ ਨੂੰ

ਜਲੰਧਰ, 23 ਜੂਨ - ਗੁਰੂ ਨਾਨਕ ਦੇਵ ਯੂਨੀਵਰਸਿਟੀ ਸਪੋਰਟਸ ਕੰਪਲੈਕਸ ਅੰਮ੍ਰਿਤਸਰ ਵਿਖੇ 2 ਤੇਂ 4 ਜੁਲਾਈ ਤੱਕ ਪੰਜਾਬ ਸਬ ਜੂਨੀਅਰ ਜੂਡੋ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ (10 ਤੋਂ 12 ਸਾਲ ਤੇ 12 ਤੋਂ 14 ਸਾਲ ਵਰਗ) ਕਰਵਾਈ ਜਾ ਰਹੀ ਹੈ। ਇਸ ਵਿਚ 12 ਤੋਂ 16 ਜੁਲਾਈ ਤੱਕ ਇਟੰਰੋ ਵਿਖੇ ਹੋ ਰਹੀ ਚੈਂਪੀਅਨਸ਼ਿਪ ਲਈ ਪੰਜਾਬ ਟੀਮ ਦੀ ਚੋਣ ਕੀਤੀ ਜਾਣੀ ਹੈ। ਇਸ ਸਬੰਧੀ ਖਿਡਾਰੀ ਜ਼ਿਲ੍ਹਾ ਅੰਮ੍ਰਿਤਸਰ ਜੂਡੋ ਐਸੋਸੀਏਸ਼ਨ ਦੇ ਸਕੱਤਰ ਐਚ. ਐਸ. ਭੱਲਾ ਨਾਲ ਸੰਪਰਕ ਕਰਨ।

ਕਟੋਚ ਟਰਾਫੀ ਕ੍ਰਿਕਟ ਟੂਰਨਾਮੈਂਟ

ਅਜੀਤ ਨਗਰ, 23 ਜੂਨ - ਅਜੀਤ ਨਗਰ ਦੇ ਪੀ.ਸੀ.ਏ ਕ੍ਰਿਕਟ ਸਟੇਡੀਅਮ ਵਿਚ ਕਟੋਚ ਟਰਾਫੀ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਜਲੰਧਰ ਅਤੇ ਚੰਡੀਗੜ੍ਹ ਵਿਚਕਾਰ ਖੇਡਿਆ ਜਾ ਰਿਹਾ ਹੈ। ਕਟੋਚ ਸੀਲਡ ਅੰਤਰ ਜ਼ਿਲ੍ਹਾ ਸੀਨੀਅਰ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਦੇ ਤੀਜੇ ਦਿਨ ਜਲੰਧਰ ਦੀ ਟੀਮ ਆਪਣੀ ਦੂਜੀ ਪਾਰੀ 'ਚ 85 ਓਵਰਾਂ ਵਿਚ 219 ਦੌੜਾ ਬਣਾਕੇ ਆਊਟ ਹੋ ਗਈ। ਜਲੰਧਰ ਨੇ ਪਹਿਲੀ ਪਾਰੀ ਵਿਚ 434 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਟੀਮ ਨੇ 253 ਦੌੜਾਂ ਦੀ ਬੜ੍ਹਤ ਬਣਾਕੇ ਚੰਡੀਗੜ੍ਹ ਦੀ ਟੀਮ ਅਗੇ ਜਿੱਤਣ ਲਈ 254 ਦੌੜਾਂ ਦਾ ਸਕੋਰ ਰੱਖਿਆ ਹੈ। ਜਲੰਧਰ ਦੇ ਬੱਲੇਬਾਜ਼ ਤਰੁਵਰ ਕੋਹਲੀ ਨੇ 76, ਅਮਰਿੰਦਰ ਸੋਢੀ ਨੇ 30 ਅਤੇ ਰਾਹੁਲ ਸਰਮਾ ਨੇ 40 ਦੌੜਾਂ ਬਣਾਈਆਂ। ਜਦ ਕਿ ਚੰਡੀਗੜ੍ਹ ਦੇ ਗੇਂਦਬਾਜ਼ ਅੰਸੁਲ ਅਤੇ ਰਾਹੁਲ ਚਾਰਾ ਨੇ 4-4 ਵਿਕਟਾਂ ਹਾਸਿਲ ਕੀਤੀਆਂ। ਚੰਡੀਗੜ੍ਹ ਦੀ ਟੀਮ ਨੇ ਅੱਜ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਦੂਜੀ ਪਾਰੀ ਵਿਚ ਬਿਨਾਂ ਵਿਕਟ ਗੁਆਏ 48 ਦੌੜਾਂ ਬਣਾ ਲਈਆਂ ਸਨ।

ਸਾਈਂ ਦਾਸ ਸਕੂਲ ਹਾਟ ਵੈਦਰ ਕ੍ਰਿਕਟ ਲੀਗ 'ਚ ਐਫ. ਸੀ. ਸੋਂਧੀ ਦੀ ਝੰਡੀ

ਜਲੰਧਰ, 23 ਜੂਨ - ਸਾਈਂ ਦਾਸ ਸਕੂਲ ਜਲੰਧਰ ਦੁਆਰਾ ਪਿਆਰੇ ਲਾਲ ਸਟੇਡੀਅਮ ਵਿਚ ਹਾਟ ਵੈਦਰ ਲੀਗ ਕ੍ਰਿਕਟ ਟੂਰਨਾਮੈਂਟ ਚੱਲ ਰਿਹਾ ਹੈ। ਇਸ ਟੂਰਨਾਮੈਂਟ ਦਾ ਪਹਿਲਾ ਮੈਚ ਮਾਸਟਰ ਰੌਸ਼ਨ ਲਾਲ ਅਕੈਡਮੀ ਅਤੇ ਸੀ. ਟੀ. ਪਬਲਿਕ ਸਕੂਲ ਦੀਆਂ ਟੀਮਾਂ ਵਿਚ ਖੇਡਿਆ ਗਿਆ। ਜਿਸ ਵਿਚ ਅਕੈਡਮੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮਿੱਥੇ 25 ਓਵਰਾਂ ਵਿਚ ਨਿਤਿਸ਼ ਦੀਆਂ 72, ਰਜੇਸ਼ ਸ਼ਰਮਾ ਦੀਆਂ 53 ਅਤੇ ਹਿਮਾਂਸ਼ੂ ਦੀਆਂ 33 ਦੌੜਾਂ ਸਦਕਾ 7 ਵਿਕਟਾਂ ਦੇ ਨੁਕਸਾਨ 'ਤੇ 242 ਦੌੜਾਂ ਬਣਾਈਆਂ ਜਦਕਿ ਸਕੂਲ ਦੀ ਟੀਮ ਦੇ ਗੇਂਦਬਾਜ਼ ਨਿਖਿਲ ਨੇ 2/42 ਅਤੇ ਗਗਨ ਨੇ 3/32 ਵਿਕਟਾਂ ਹਾਸਿਲ ਕੀਤੀਆਂ। ਜਵਾਬ ਵਿਚ ਸੀ. ਟੀ. ਪਬਲਿਕ ਸਕੂਲ ਦੀ ਟੀਮ 22 ਓਵਰਾਂ ਵਿਚ ਕੇਵਲ 131 ਦੌੜਾਂ ਹੀ ਬਣਾ ਸਕੀ ਜਿਸ ਵਿਚ ਗਗਨ ਨੇ 51 ਦੌੜਾਂ ਦਾ ਯੋਗਦਾਨ ਪਾਇਆ। ਅਕੈਡਮੀ ਦੇ ਗੇਂਦਬਾਜ਼ ਹਰੀਸ਼ ਨੇ 4 ਅਤੇ ਪਵਨ ਨੇ 2 ਵਿਕਟਾਂ ਉਖੇੜੀਆਂ। ਦੂਸਰੇ ਲੀਗ ਮੈਚ ਵਿਚ ਐਫ. ਸੀ. ਸੌਂਧੀ ਕ੍ਰਿਕਟ ਅਕੈਡਮੀ ਨੇ ਫੁਲਵਾੜੀ ਕ੍ਰਿਕਟ ਅਕੈਡਮੀ ਲੋਹੀਆਂ ਖਾਸ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਦਿਆਂ 191 ਦੌੜਾਂ (ਰਮਨ-70, ਕੁਨਾਲ ਰਾਜਦਾਨ 61) ਬਣਾਈਆਂ। ਜਵਾਬ ਵਿਚ ਲੋਹੀਆਂ ਖਾਸ ਦੀ ਅਕੈਡਮੀ ਪਰਾਗ ਸ਼ਰਮਾ 5/18 ਦੀ ਘਾਤਕ ਗੇਂਦਬਾਜ਼ੀ ਦਾ ਸਾਹਮਣਾ ਨਹੀਂ ਕਰ ਸਕੀ ਅਤੇ ਕੇਵਲ 140 ਦੌੜਾਂ 'ਤੇ ਹੀ ਆਊਟ ਹੋ ਗਈ ਜਿਸ ਵਿਚ ਗੁਰਵਿੰਦਰ ਨੇ 47 ਅਤੇ ਸੰਨੀ ਨੇ 25 ਦੌੜਾਂ ਬਣਾਈਆਂ।

43ਵੀਂ ਏਸ਼ੀਅਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦੀ ਚੋਣ 27 ਨੂੰ

ਜਲੰਧਰ, 23 ਜੂਨ - 43ਵੀਂ ਏਸ਼ੀਅਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ 24 ਤੋਂ 27 ਜੁਲਾਈ ਤੱਕ ਔਰੰਗਾਬਾਦ, ਮਹਾਰਾਸ਼ਟਰ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਪੀਂਅਨਸ਼ਿਪ ਲਈ ਭਾਰਤੀ ਟੀਮ ਦੀ ਚੋਣ ਤਾਰਾ ਇੰਸੀਟਿਊਟ ਆਫ਼ ਬਾਡੀ ਬਿਲਡਿੰਗ ਨੇੜੇ ਲਵਲੀ ਯੂਨੀਵਰਸਿਟੀ ਚਹੇੜੂ ਵਿਖੇ 27 ਜੂਨ ਦਿਨ ਸ਼ਨਿਚਰਵਾਰ ਨੂੰ ਹੋਵੇਗੀ। ਟੀਮ ਦੀ ਚੋਣ ਤੋਂ ਬਾਅਦ ਡੋਪ ਟੈਸਟ ਲਏ ਜਾਣਗੇ।

ਵਿਸ਼ਵ ਵੈਟਰਨ ਕੁਸ਼ਤੀ ਚੈਂਪੀਅਨਸ਼ਿਪ 29 ਨੂੰ

ਜਲੰਧਰ, 23 ਜੂਨ - ਪੀ. ਏ. ਪੀ. ਜਲੰਧਰ ਛਾਉਣੀ ਵਿਖੇ ਵਿਸ਼ਵ ਮਾਸਟਰ ਕੁਸ਼ਤੀ ਚੈਂਪੀਅਨਸ਼ਿਪ ਫ੍ਰੀ ਸਟਾਈਲ ਅਤੇ ਗ੍ਰੀਕੋ ਰੋਮਨ ਵਾਸਤੇ ਟੀਮ ਦੀ ਚੋਣ 29 ਜੂਨ ਨੂੰ ਕਰਵਾਈ ਜਾਵੇਗੀ। ਇਸ ਲਈ ਮਾਸਟਰ ਪਹਿਲਵਾਨ ਦੀ ਉਮਰ 35 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਅਤੇ ਪਹਿਲਵਾਨ ਘੱਟੋ-ਘੱਟ ਰਾਸ਼ਟਰੀ ਮੈਡਲਿਸਟ ਹੋਣਾ ਚਾਹੀਦਾ ਹੈ। ਪਹਿਲਵਾਨ ਆਪਣੀ ਉਮਰ ਅਤੇ ਮੈਡਲ ਦਾ ਸਰਟੀਫਿਕੇਟ ਨਾਲ ਲੈ ਕੇ ਆਉਣ। ਪਹਿਲਵਾਨਾਂ ਦੇ ਵਜ਼ਨ ਇਸ ਪ੍ਰਕਾਰ ਹਨ:- 58 ਕਿਲੋ, 63, 69, 76, 85, 97 ਤੇ 120 ਕਿਲੋ ਹੋਣਗੇ। ਚੁਣੇ ਗਏ ਪਹਿਲਵਾਨ ਵਿਸ਼ਵ ਮਾਸਟਰ ਕੁਸ਼ਤੀ ਚੈਂਪੀਅਨਸ਼ਿਪ ਟਰਕੀ ਅਤੇ ਗ੍ਰੀਕੋ ਰੋਮਨ ਫਿਨਲੈਂਡ ਵਿਖੇ ਹਿੱਸਾ ਲੈਣਗੇ।

ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ 'ਚ ਜਰਮਨੀ ਜੇਤੂ

ਲੁਧਿਆਣਾ, 22 ਜੂਨ - ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲਾ ਮਲੇਸ਼ੀਆ ਦੇ ਸ਼ਹਿਰ ਜ਼ੋਹਰਬਾਰੂ ਵਿਖੇ ਕਰਵਾਇਆ ਗਿਆ। ਜਿਸ ਵਿਚ ਜਰਮਨੀ ਨੇ ਇਤਿਹਸਕ ਪੰਨਾ ਲਿਖਦਿਆਂ ਪੰਜਵੀਂ ਵਾਰ ਖ਼ਿਤਾਬ 'ਤੇ ਕਬਜ਼ਾ ਕੀਤਾ। ਫਾਈਨਲ ਮੁਕਾਬਲੇ ਵਿਚ ਜਰਮਨੀ ਨੇ ਹਾਲੈਂਡ ਨੂੰ 3-1 ਨਾਲ ਹਰਾਇਆ। ਦੋਵੇਂ ਟੀਮਾਂ 1985 ਵਿਸ਼ਵ ਕੱਪ ਤੋਂ ਬਾਅਦ ਫ਼ਾਈਨਲ ਵਿਚ ਪੁੱਜੀਆਂ ਸਨ। ਇਸ ਤੋਂ ਪਹਿਲਾ ਜਰਮਨੀ ਨੇ 1982, 1985, 1889, 1993 ਵਿਚ ਲਗਾਤਾਰ ਚਾਰ ਵਾਰ ਇਹ ਖ਼ਿਤਾਬ ਜਿੱਤਿਆ ਸੀ, ਜਦਕਿ ਪਾਕਿਸਤਾਨ, ਭਾਰਤ, ਆਸਟਰੇਲੀਆ, ਅਰਜਨਟਾਈਨਾ ਇਕ-ਇਕ ਵਾਰ ਚੈਂਪੀਅਨ ਬਣ ਚੁੱਕੇ ਹਨ।

ਭਾਰਤੀ ਮਹਿਲਾ ਹਾਕੀ ਕੱਪ

ਕਜ਼ਾਨ (ਰੂਸ), 22 ਜੂਨ - ਮਹਿਲਾਵਾਂ ਦਾ ਚੈਂਪੀਅਨਜ਼ ਚੈਲੰਜ਼-2 ਹਾਕੀ ਟੂਰਨਾਮੈਂਟ ਕਜ਼ਾਨ (ਰੂਸ) ਵਿਖੇ ਚੱਲ ਰਿਹਾ ਹੈ। ਇਸ ਟੂਰਨਾਮੈਂਟ ਦੇ ਪੂਲ 'ਏ' ਦੇ ਇਕ ਮੁਕਾਬਲੇ 'ਚ ਭਾਰਤ ਨੇ ਕੈਨੇਡਾ ਨੂੰ 8-1 ਗੋਲਾਂ ਨਾਲ ਹਰਾ ਕੇ ਸੈਮੀਫਾਈਨਲ ਗੇੜ 'ਚ ਪ੍ਰਵੇਸ਼ ਪਾ ਲਿਆ। ਭਾਰਤੀ ਟੀਮ ਨੇ ਸ਼ੁਰੂਆਤੀ ਮੈਚ 'ਚ ਬੈਲਜੀਅਮ ਨੂੰ 5-3 ਗੋਲਾਂ ਨਾਲ ਹਰਾ ਦਿੱਤਾ ਸੀ। ਇਸ ਜਿੱਤ ਨਾਲ ਭਾਰਤ 6 ਅੰਕਾਂ ਨਾਲ ਆਪਣੇ ਪੂਲ 'ਚੋਂ ਪਹਿਲੇ ਸਥਾਨ 'ਤੇ ਹੈ। ਭਾਰਤ ਵੱਲੋਂ ਰੀਤੂ ਰਾਣੀ ਨੇ 3, ਰਾਣੀ ਨੇ 2, ਸੁਰਿੰਦਰ ਕੌਰ, ਮਮਤਾ ਖਰਬ ਅਤੇ ਦੀਪਿਕਾ ਠਾਕੁਰ ਨੇ 1-1 ਗੋਲ ਕੀਤੇ। ਭਾਰਤ ਦਾ ਅਗਲਾ ਮੈਚ 24 ਜੂਨ ਨੂੰ ਬੇਲਾਰੂਸ ਵਿਰੁਧ ਹੈ।

ਵਿੰਬਲਡਨ ਟੈਨਿਸ ਟੂਰਨਾਮੈਂਟ ਸ਼ੁਰੂ

ਲੰਦਨ, 22 ਜੂਨ - ਟੈਨਿਸ ਦੇ ਮਹਾਂਕੁੰਭ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਮਰਦਾਂ ਦੇ ਡਬਲਜ਼ ਵਰਗ 'ਚ ਇਸ ਵਾਰ ਭਾਰਤ ਦੇ ਚਾਰ ਖਿਡਾਰੀ ਖੇਡ ਰਹੇ ਹਨ। ਜਦਕਿ ਮਹਿਲਾਵਾਂ ਦੇ ਸਿੰਗਲਜ਼ ਅਤੇ ਡਬਲਜ਼ ਵਰਗ 'ਚ ਸਾਨੀਆ ਮਿਰਜ਼ਾ ਭਾਰਤ ਦੀ ਝੰਡਾ ਬਰਦਾਰ ਬਣੇਗੀ। ਮਰਦਾਂ ਦੇ ਡਬਲਜ਼ ਵਰਗ 'ਚ ਇਸ ਵਾਰ ਭਾਰਤ ਦਾ ਸੋਮਦੇਵ ਦੇਵਵਰਮਨ ਅਤੇ ਪ੍ਰਕਾਸ਼ ਅੰਮ੍ਰਿਤਰਾਜ ਵੀ ਆਪਣੇ-ਆਪਣੇ ਸਾਥੀਆਂ ਨਾਲ ਕੁਆਲੀਫਾਈ ਕਰ ਗਏ ਹਨ। ਇਸ ਤੋਂ ਇਲਾਵਾ ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ ਪਹਿਲਾਂ ਹੀ ਇਸ ਟੂਰਨਾਮੈਂਟ ਲਈ ਲੰਦਨ ਪਹੁੰਚ ਚੁੱਕੇ ਹਨ। ਸੋਮਦੇਵ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨਾਲ ਜੋੜੀ ਬਣਾ ਕੇ ਇਸ ਟੂਰਨਾਮੈਂਟ 'ਚ ਭਾਗ ਲਵੇਗਾ। ਪ੍ਰਕਾਸ਼ ਅੰਮ੍ਰਿਤਰਾਜ ਪੂਰੇ ਪੰਜ ਸਾਲ ਬਾਅਦ ਕਿਸੇ ਗਰੈਂਡ ਸਲੈਮ ਟੂਰਨਾਮੈਂਟ 'ਚ ਭਾਗ ਲਵੇਗਾ। ਉਹ ਆਪਣੇ ਪੁਰਾਣੇ ਸਾਥੀ ਆਸਿਮ ਉੱਲ ਹੱਕ ਕੁਰੈਸ਼ੀ ਨਾਲ ਮੈਦਾਨ 'ਚ ਉੱਤਰੇਗਾ। ਇਸ ਤੋਂ ਇਲਾਵਾ ਲਿਏਂਡਰ ਪੇਸ ਚੈੱਕ ਗਣਰਾਜ ਦੇ ਲੁਕਾਸ ਡਲੂਹੀ ਨਾਲ, ਮਹੇਸ਼ ਭੂਪਤੀ ਬਹਾਮਾਸ ਦੇ ਮਾਰਕ ਨੋਲਸ ਨਾਲ ਅਤੇ ਸਾਨੀਆ ਮਿਰਜ਼ਾ ਚੀਨੀ ਤਾਏਪਈ ਦੀ ਚੀਆ ਜੁੰਗ ਚੁਆਂਗ ਨਾਲ ਜੋੜੀ ਬਣਾ ਕੇ ਖੇਡੇਗੀ।

ਕਟੋਚ ਸ਼ੀਲਡ ਸੀਨੀਅਰ ਕ੍ਰਿਕਟ ਟੂਰਨਾਮੈਂਟ 'ਚ

ਅਜੀਤ ਨਗਰ, 22 ਜੂਨ - ਕਟੋਚ ਸ਼ੀਲਡ ਸੀਨੀਅਰ ਕ੍ਰਿਕਟ ਟੂਰਨਾਮੈਟ ਪੀ. ਸੀ. ਏ. ਸਟੇਡੀਅਮ ਵਿੱਚ ਜਲੰਧਰ ਅਤੇ ਚੰਡੀਗੜ੍ਹ ਵਿਚਕਾਰ ਖੇਡਿਆ ਜਾ ਰਿਹਾ ਹੈ। ਇਸ ਕ੍ਰਿਕਟ ਟੂਰਨਾਮੈਟ ਦੇ ਫਾਈਨਲ ਮੈਚ 'ਚ ਚੰਡੀਗੜ੍ਹ ਦੀ ਪੂਰੀ ਟੀਮ 400 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਪਹਿਲਾਂ ਜਲੰਧਰ ਦੀ ਟੀਮ ਨੇ ਪਹਿਲੀ ਪਾਰੀ ਵਿੱਚ 434 ਦੌੜਾਂ ਬਣਾਈਆਂ ਸਨ। ਚੰਡੀਗੜ੍ਹ ਦੇ ਬੱਲੇਬਾਜ ਗੁਰਕੀਰਤ ਵਾਲੀਆ ਨੇ 9 ਚੌਕਿਆਂ ਤੇ ਇੱਕ ਛੱਕੇ ਦੀ ਬਦੌਲਤ 131 ਦੌੜਾਂ ਬਣਾਈਆਂ। ਉਦੇ ਕੌਲ ਨੇ 108 ਅਤੇ ਅਨੁਪਮ ਨੇ 54 ਦੌੜਾਂ ਬਣਾਈਆਂ। ਗੇਂਦਬਾਜ਼ ਰਾਹੁਲ ਸ਼ਰਮਾ ਨੇ 6 ਵਿਕਟਾਂ ਲਈਆਂ। ਭਲਕੇ ਜਲੰਧਰ ਆਪਣੀ ਦੂਜੀ ਪਾਰੀ ਖੇਡੇਗੀ।

ਕਬੱਡੀ ਤੇ ਵਾਲੀਬਾਲ ਟੂਰਨਾਮੈਂਟ 24 ਤੋਂ

ਜਲੰਧਰ, 22 ਜੂਨ - ਕਬੱਡੀ ਅਤੇ ਵਾਲੀਵਾਲ ਟੂਰਨਾਮੈਂਟ 24 ਤੋਂ 28 ਜੂਨ ਤੱਕ ਪਿੰਡ ਸਲੇਮਪੁਰ ਮਸੰਦਾਂ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਵਿਚ ਕਬੱਡੀ ਪਿੰਡ ਪੱਧਰ 70 ਕਿਲੋ, 62 ਕਿਲੋ, 57 ਕਿਲੋ, 52 ਕਿਲੋ ਤੇ 27 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਹਲਟ ਦੌੜਾਂ 24 ਜੂਨ ਨੂੰ ਤੇ ਕਬੂਤਰਾਂ ਦੇ ਉਡਾਨ ਮੁਕਾਬਲੇ 24 ਤਰੀਕ ਨੂੰ ਕਰਵਾਏ ਜਾਣਗੇ।

ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦਿੱਲੀ 'ਚ ਹੀ

ਲੁਧਿਆਣਾ, 22 ਜੂਨ - ਕੌਮਾਂਤਰੀ ਹਾਕੀ ਸੰਘ ਨੇ ਨਵੀਂ ਦਿੱਲੀ ਵਿਖੇ ਮਰਦਾਂ ਦਾ ਵਿਸ਼ਵ ਕੱਪ ਹਾਕੀ ਮੁਕਾਬਲਾ ਕਰਵਾਉਣ ਦੀ ਪੁਸ਼ਟੀ ਕਰਦਿਆਂ ਐਲਾਨ ਕੀਤਾ ਹੈ ਕਿ ਹੁਣ ਇਹ ਮੇਜ਼ਬਾਨੀ ਨਵੀਂ ਦਿੱਲੀ ਤੋਂ ਖਿਸਕ ਕੇ ਕਿਤੇ ਹੋਰ ਨਹੀਂ ਜਾਵੇਗੀ। ਇਹ ਵਿਸ਼ਵ ਕੱਪ ਹਾਕੀ ਮੁਕਾਬਲਾ 7 ਤੋਂ 20 ਮਾਰਚ 2010 ਤੱਕ ਨੈਸ਼ਨਲ ਸਟੇਡੀਅਮ ਦਿੱਲੀ ਵਿਖੇ ਹੋਵੇਗਾ। ਇਸ ਟੂਰਨਾਮੈਂਟ ਵਿਚ ਦੁਨੀਆਂ ਦੀਆਂ ਚੋਟੀ ਦੀਆਂ 12 ਮੁਲਕਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਭਾਰਤ, ਕੋਰੀਆ ਅਤੇ ਕੈਨੇਡਾ ਦੀ ਐਂਟਰੀ ਨਿਸ਼ਚਿਤ ਹੈ, ਜਦਕਿ ਬਾਕੀ ਦੱਸ ਟੀਮਾਂ ਕੁਆਲੀਫਾਈ ਗੇੜ ਅਤੇ ਆਪੋ ਆਪਣੇ ਮਹਾਂਦੀਪਾਂ ਵਿਚ ਜੇਤੂ ਹੋ ਕੇ ਆਉਣਗੀਆਂ। ਕੌਮਾਂਤਰੀ ਹਾਕੀ ਸੰਘ ਨੇ ਇੰਡੀਆ ਹਾਕੀ ਦੇ ਅੰਦਰਲੇ ਡਾਵਾਂਡੋਲ ਹਾਲਾਤਾਂ ਨੂੰ ਵੇਖਦਿਆਂ ਇਸ ਸਾਲ ਅਪ੍ਰੈਲ ਮਹੀਨੇ ਸੰਘ ਦੇ ਪ੍ਰਧਾਨ ਲਿਏਂਡਰੋ ਨਾਗਰੇ ਨੇ ਚਿਤਾਵਨੀ ਦਿੱਤੀ ਸੀ ਕਿ ਭਾਰਤ ਦੀ ਮਰਦ ਅਤੇ ਇਸਤਰੀਆਂ ਦੀਆਂ ਹਾਕੀ ਫੈਡਰੇਸ਼ਨਾਂ ਨੂੰ ਇਕੱਠਾ ਕਰਕੇ ਸਵਿਧਾਨਕ ਵਿਧੀ ਮੁਤਾਬਕ ਇਕ ਫੈਡਰੇਸ਼ਨ ਬਣਾਇਆ ਜਾਵੇ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਵਿਸ਼ਵ ਕੱਪ ਦੀ ਮੇਜ਼ਬਾਨੀ ਮਲੇਸ਼ੀਆ ਦੇ ਹਵਾਲੇ ਕਰ ਦਿੱਤੀ ਜਾਵੇਗੀ ਪਰ ਹੁਣ ਜਦੋਂ ਇੰਡੀਆ ਹਾਕੀ ਨੇ ਕੌਮਾਂਤਰੀ ਹਾਕੀ ਸੰਘ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰ ਦਿੱਤਾ ਹੈ ਤਾਂ ਐਫ ਆਈ ਐਚ ਦੇ ਪ੍ਰਧਾਨ ਲਿਏਂਡਰੋ ਨਾਗਰੇ ਨੇ ਜੂਨੀਅਰ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਦੌਰਾਨ ਜੋਹਰਬਾਰੂ ਵਿਖੇ ਆਖਿਆ ਕਿ ਭਾਰਤੀ ਹਾਕੀ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋਣ 'ਤੇ ਸਾਨੂੰ ਵਿਸ਼ਵ ਕੱਪ ਦੀ ਮੇਜ਼ਬਾਨੀ ਭਾਰਤ ਨੂੰ ਵੀ ਦੇਣੀ ਪਵੇਗੀ। ਲਿਏਂਡਰੋ ਨੇਗਰੇ ਵਿਸ਼ਵ ਕੱਪ ਹਾਕੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਇੰਡੀਆ ਹਾਕੀ ਦੇ ਕੰਮਾਂ ਦੀਆਂ ਗਤੀਵਿਧੀਆਂ ਦਾ ਨਿਰੀਖਣ ਕਰਨ ਲਈ 25 ਅਤੇ 26 ਜੂਨ ਨੂੰ ਭਾਰਤ ਆ ਰਹੇ ਹਨ। ਇਸ ਤੋਂ ਪਹਿਲਾਂ ਭਾਰਤ ਵਿਚ ਇਕੋਂ ਵਾਰ 1982 'ਚ ਬੰਬਈ ਵਿਖੇ ਵਿਸ਼ਵ ਕੱਪ ਹਾਕੀ ਮੁਕਾਬਲਾ ਹੋਇਆ ਸੀ। ਇਸ ਮੌਕੇ 'ਤੇ ਕੇਂਦਰੀ ਖੇਡ ਮੰਤਰੀ ਮਨੋਹਰ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਆਖਿਆ ਕਿ ਭਾਰਤ ਵਾਸੀਆਂ ਲਈ ਵਿਸ਼ਵ ਕੱਪ ਹਾਕੀ ਮੁਕਾਬਲਾ ਕਰਵਾਉਣਾ ਜਿਥੇ ਇਕ ਮਾਣ ਵਾਲੀ ਗੱਲ ਹੈ ਉਥੇ ਰਾਸ਼ਟਰ ਮੰਡਲ ਖੇਡਾਂ ਤੋਂ ਪਹਿਲਾਂ ਵਿਸ਼ਵ ਕੱਪ ਹਾਕੀ ਦਾ ਆਯੋਜਨ ਸਾਡੇ ਲਈ ਇਕ ਵਧੀਆ ਤਜ਼ਰਬਾ ਹੋਵੇਗਾ।

ਪਾਕਿਸਤਾਨ ਨੇ ਸ੍ਰੀਲੰਕਾ ਨੂੰ ਕੀਤਾ ਚਿੱਤ

ਲੰਦਨ, 21 ਜੂਨ - ਪਾਕਿਸਤਾਨ ਦੀ ਕ੍ਰਿਕਟ ਟੀਮ ਨੇ ਸ੍ਰੀਲੰਕਾ ਦੀ ਕ੍ਰਿਕਟ ਟੀਮ ਨੂੰ ਟਵੈਂਟੀ-20 ਵਿਸ਼ਵ ਕ੍ਰਿਕਟ ਕੱਪ 'ਚ ਹਰਾ ਕੇ ਨਵਾਂ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਇਹ ਪਾਕਿਸਤਾਨ ਦੀ ਕ੍ਰਿਕਟ ਟੀਮ ਦੇ ਸ਼ਾਹਿਦ ਅਫ਼ਰੀਦੀ (ਨਾਬਾਦ 54) ਅਤੇ ਅਬਦੁਲ ਰੱਜ਼ਾਕ (3-20) ਦੇ ਵਧੀਆ ਖੇਡਣ ਸਦਕਾ ਹੋਇਆ। ਇਸ ਬਹੁ-ਵੱਕਾਰੀ ਟੂਰਨਾਮੈਂਟ ਦੇ ਖੇਡੇ ਗਏ ਫਾਈਨਲ ਮੁਕਾਬਲੇ 'ਚ ਪਾਕਿਸਤਾਨ ਨੇ ਸ੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾਇਆ। ਸ੍ਰੀਲੰਕਾ ਵੱਲੋਂ ਮਿਲੇ 139 ਦੌੜਾਂ ਦੇ ਟੀਚੇ ਨੂੰ ਪਾਕਿਸਤਾਨ ਨੇ 18.4 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ ਹੀ ਪੂਰਾ ਕਰ ਲਿਆ। ਪਾਕਿਸਤਾਨ ਵੱਲੋਂ ਅੱਜ ਸ਼ਾਹਿਦ ਅਫਰੀਦੀ ਨੇ ਕਮਾਲ ਦੀ ਬੱਲੇਬਾਜ਼ੀ ਕੀਤੀ। ਉਸਨੇ 40 ਗੇਂਦਾਂ 'ਤੇ ਤਾਬੜਤੋੜ 54 ਦੌੜਾਂ ਠੋਕੀਆਂ। ਜਦਕਿ ਸਲਾਮੀ ਬੱਲੇਬਾਜ਼ ਕਾਮਰਾਨ ਅਕਮਲ ਨੇ ਵੀ 28 ਗੇਂਦਾਂ 'ਤੇ 37 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਸ਼ਾਹਜ਼ਾਬ ਹਸਨ ਨੇ 19 ਅਤੇ ਸ਼ੋਏਬ ਮਲਿਕ ਨੇ ਨਾਬਾਦ 24 ਦੌੜਾਂ ਦਾ ਯੋਗਦਾਨ ਪਾਇਆ। ਸ੍ਰੀਲੰਕਾ ਵੱਲੋਂ ਮੁਰਲੀਧਰਨ ਅਤੇ ਜੈਸੂਰੀਆ ਨੇ 1-1 ਵਿਕਟ ਪ੍ਰਾਪਤ ਕੀਤੀ। ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਰ ਪਾਕਿਸਤਾਨ ਦੇ ਗੇਂਦਬਾਜ਼ਾਂ ਅਬਦੁੱਲ ਰੱਜ਼ਾਕ ਅਤੇ ਮੁਹੰਮਦ ਆਮਿਰ ਨੇ ਸ਼ੁਰੂਆਤੀ ਵਿਕਟਾਂ ਲੈ ਕੇ ਸ੍ਰੀਲੰਕਾ ਦੀ ਪਾਰੀ ਦੀ ਰੀੜ ਦੀ ਹੱਡੀ ਹੀ ਤੋੜ ਦਿੱਤੀ। ਸ੍ਰੀਲੰਕਾ ਦੇ ਸਲਾਮੀ ਬੱਲੇਬਾਜ਼ ਦਿਲਸ਼ਾਨ ਤੇ ਜੇਹਾਨ ਮੁਬਾਰਕ ਬਿਨਾ ਕੋਈ ਦੌੜ ਬਣਾਏ ਆਊਟ ਹੋ ਗਏ। ਜੈਸੂਰੀਆ 17 ਦੌੜਾਂ ਬਣਾਉਣ 'ਚ ਕਾਮਯਾਬ ਰਿਹਾ। ਕਪਤਾਨ ਕੁਮਾਰ ਸੰਗਾਕਾਰਾ ਨੇ ਟਿਕ ਕੇ ਬੱਲੇਬਾਜ਼ੀ ਕਰਨ 'ਚ ਸਫਲਤਾ ਹਾਸਿਲ ਕੀਤੀ ਅਤੇ ਉਸਨੇ 52 ਗੇਂਦਾਂ 'ਤੇ 64 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਚਮਾਰਾ ਸਿਲਵਾ ਨੇ 14, ਮੈਥੀਓਜ਼ ਨੇ ਨਾਬਾਦ 35, ਜੈਵਰਧਨੇ ਅਤੇ ਉਡਾਨਾ ਨੇ 1-1 ਦੌੜ ਦਾ ਯੋਗਦਾਨ ਪਾਇਆ। ਪਾਕਿਸਤਾਨ ਦੇ ਅਬਦੁੱਲ ਰੱਜ਼ਾਕ ਨੇ 3, ਮੁਹੰਮਦ ਆਮੀਰ, ਸ਼ਾਹਿਦ ਅਫਰੀਦੀ ਅਤੇ ਉਮਰ ਗੁੱਲ ਨੇ ਇਕ-ਇਕ ਵਿਕਟ ਪ੍ਰਾਪਤ ਕੀਤੀ। ਪਾਕਿਸਤਾਨ ਦੇ ਸ਼ਾਹਿਦ ਅਫਰੀਦੀ ਨੂੰ 'ਮੈਨ ਆਫ਼ ਦੀ ਮੈਚ' ਐਲਾਨਿਆ ਗਿਆ। ਖਿਤਾਬੀ ਜਿੱਤ ਹਾਸਿਲ ਕਰਨ ਤੋਂ ਬਾਅਦ ਇਨਾਮ ਵੰਡ ਸਮਾਰੋਹ ਦੌਰਾਨ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਯੂਨਿਸ ਖਾਨ ਨੇ ਉਸ ਵੇਲੇ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਉਸ ਨੇ ਟਵੈਂਟੀ-20 ਕ੍ਰਿਕਟ ਵੰਨਗੀ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ। ਆਪਣੇ ਇਸ ਐਲਾਨ ਬਾਰੇ ਯੂਨਿਸ ਨੇ ਕਿਹਾ ਕਿ ਇਸ ਤੋਂ ਵਧੀਆ ਮੌਕਾ ਸੰਨਿਆਸ ਲਈ ਹੋਰ ਨਹੀਂ ਹੋ ਸਕਦਾ।

ਟਵੈਂਟੀ-20 ਮਹਿਲਾ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ 'ਤੇ ਇੰਗਲੈਂਡ ਦਾ ਕਬਜ਼ਾ

ਲੰਦਨ, 21 ਜੂਨ - ਇੰਗਲੈਂਡ ਨੇ ਟਵੈਂਟੀ 20 ਮਹਿਲਾ ਵਿਸ਼ਵ ਕ੍ਰਿਕਟ ਕੱਪ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ 'ਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਨੇ ਕ੍ਰਿਕਟ ਕੱਪ ਟੂਰਨਾਮੈਂਟ ਦਾ ਪਹਿਲਾ ਬਹੁ-ਵੱਕਾਰੀ ਖ਼ਿਤਾਬ ਆਪਣੇ ਨਾਂਅ ਕਰ ਲਿਆ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਇੰਗਲੈਂਡ ਦੀ ਟੀਮ ਨੇ ਕੈਥਰੀਨ ਬਰੰਟ ਦੀ ਅਗਵਾਈ 'ਚ ਨਿਊਜ਼ੀਲੈਂਡ ਦੀ ਪਾਰੀ 20 ਓਵਰਾਂ 'ਚ ਮਹਿਜ਼ 85 ਦੌੜਾਂ 'ਤੇ ਹੀ ਸਮੇਟ ਦਿੱਤੀ। ਇਸ ਤੋਂ ਬਾਅਦ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਆਰਾਮ ਨਾਲ ਖੇਡਦਿਆਂ 17 ਓਵਰਾਂ 'ਚ ਹੀ 4 ਵਿਕਟਾਂ ਦੇ ਨੁਕਸਾਨ 'ਤੇ ਇਹ ਟੀਚਾ ਪ੍ਰਾਪਤ ਕਰ ਲਿਆ। ਇੰਗਲੈਂਡ ਦੀ ਬੱਲੇਬਾਜ਼ ਕਲੇਅਰ ਟੇਲਰ 39 ਦੌੜਾਂ ਬਣਾ ਕੇ ਨਾਬਾਦ ਪਰਤੀ। ਨਿਊਜ਼ੀਲੈਂਡ ਨੇ ਸੈਮੀਫਾਈਨਲ 'ਚ ਭਾਰਤ ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਪਾਇਆ ਸੀ ਜਦਕਿ ਇੰਗਲੈਂਡ ਨੇ ਦੂਜੇ ਸੈਮੀਫਾਈਨਲ 'ਚ ਆਸਟਰੇਲੀਆ ਨੂੰ ਹਰਾਇਆ ਸੀ।

ਭਾਰਤ ਵਿਰੁੱਧ ਲੜੀ ਲਈ ਵੈਸਟ ਇੰਡੀਜ਼ ਟੀਮ ਦੀ ਚੋਣ

ਜਮਾਇਕਾ, 21 ਜੂਨ - ਭਾਰਤ ਵਿਰੁਧ ਖੇਡੀ ਜਾਣ ਵਾਲੀ ਚਾਰ ਮੈਚਾਂ ਦੀ ਇਕ ਦਿਨਾ ਲੜੀ ਦੇ ਪਹਿਲੇ ਦੋ ਮੈਚਾਂ ਲਈ ਵੈਸਟ ਇੰਡੀਜ਼ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਲੜੀ 26 ਜੂਨ ਤੋਂ ਖੇਡੀ ਜਾ ਰਹੀ ਹੈ। ਐਲਾਨੀ ਗਈ ਟੀਮ 'ਚ ਹਰਫਨਮੌਲਾ ਡਵੇਨ ਬਰੇਵੋ ਦੇ ਭਰਾ ਡੈਰਨ ਬਰੇਵੋ ਨੂੰ ਨਵੇਂ ਚਿਹਰੇ ਵਜੋਂ ਸ਼ਾਮਿਲ ਕੀਤਾ ਗਿਆ ਹੈ। ਜਦਕਿ ਜਖ਼ਮੀ ਫਿਡਲ ਐਡਵਰਡਜ਼ ਦੀ ਜਗ੍ਹਾ ਡੇਵਿਡ ਬੇਰਨਰਡ ਨੂੰ ਟੀਮ 'ਚ ਸ਼ਾਮਿਲ ਹੋਣ ਦਾ ਮੌਕਾ ਮਿਲ ਗਿਆ ਹੈ। ਐਲਾਨੀ ਗਈ ਟੀਮ ਇਸ ਪ੍ਰਕਾਰ ਹੈ-ਕ੍ਰਿਸ ਗੇਲ (ਕਪਤਾਨ), ਦੇਨਿਸ ਰਾਮਦੀਨ (ਵਿਕਟ ਕੀਪਰ), ਲਿਓਨੇਲ ਬੇਕਰ, ਡੈਰਨ ਬਰੇਵੋ, ਵੇਨ ਬਰੇਵੋ, ਸੁਲੇਮਾਨ ਬੈੱਨ, ਡੇਵਿਡ ਬੇਰਨੇਰਡ, ਸ਼ਿਵਨਰਾਇਣ ਚੰਦਰਪਾਲ, ਨਰਸਿੰਗ ਦੇਓਨੇਰਿਨ, ਰੁਨਾਕੋ ਮੋਰਟਨ, ਰਵੀ ਰਾਮਪਾਲ, ਰਾਮਨਰੇਸ਼ ਸ਼ਰਵਣ ਅਤੇ ਜੋਰੇਮ ਟੇਲਰ।

ਜੂਨੀਅਰ ਵਿਸ਼ਵ ਹਾਕੀ ਕੱਪ 'ਚ ਭਾਰਤ ਰਿਹਾ 9ਵੇਂ ਸਥਾਨ 'ਤੇ

ਜਲੰਧਰ, 21 ਜੂਨ - ਭਾਵੇਂ ਭਾਰਤੀ ਹਾਕੀ ਟੀਮ ਦੀ ਕਾਰਗੁਜ਼ਾਰੀ ਕਾਫੀ ਹੱਦ ਤੱਕ ਸੰਤੋਸ਼ਜਨਕ ਰਹੀ ਹੈ ਪਰ ਫਿਰ ਵੀ ਭਾਰਤ ਨੂੰ 9ਵੇਂ ਸਥਾਨ 'ਤੇ ਹੀ ਸਬਰ ਕਰਨਾ ਪਿਆ ਹੈ। ਜੇ ਇਸ ਟੂਰਨਾਮੈਂਟ ਵਿਚ ਭਾਰਤੀ ਹਾਕੀ ਟੀਮ ਦੀ ਪਰਫਾਰਮੈਂਸ 'ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਭਾਰਤ ਨੇ ਇਥੇ 6 ਮੈਚ ਜਿੱਤੇ, ਇਕ ਬਰਾਬਰ ਤੇ ਇਕ ਮੈਚ ਹਾਰਿਆ ਤੇ ਕੁੱਲ 42 ਗੋਲ ਕੀਤੇ ਤੇ ਭਾਰਤੀ ਕਪਤਾਨ ਦਿਵਾਕਰ ਰਾਮ ਨੂੰ ਟੂਰਨਾਮੈਂਟ ਦਾ ਸਰਵੋਤਮ ਸਕੋਰਰ ਐਲਾਨਿਆ ਪਰ ਫਿਰ ਵੀ ਮਾੜੀ ਕਿਸਮਤ ਕਾਰਨ ਟੀਮ ਹੇਠਾਂ ਖਿਸਕ ਗਈ ਜਦਕਿ 2001 ਵਿਚ ਭਾਰਤੀ ਟੀਮ ਨੇ ਜਿੱਤ ਹਾਸਿਲ ਕੀਤੀ ਸੀ। 2005 ਵਿਚ ਚੌਥਾ ਸਥਾਨ ਹਾਸਿਲ ਕੀਤਾ ਸੀ। ਜਦੋਂ ਇਸ ਸਬੰਧੀ ਉਲੰਪੀਅਨ ਬਲਜੀਤ ਸਿੰਘ ਸੈਣੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਜੇ ਇਸ ਟੀਮ ਵਿਚ ਸੀਨੀਅਰ ਖਿਡਾਰੀ ਗੁਰਵਿੰਦਰ ਸਿੰਘ ਚੰਦੀ, ਸਰਵਨਜੀਤ ਤੇ ਗੁਰਬਾਜ ਜਿਨ੍ਹਾਂ ਦੀ ਜਨਮ ਮਿਤੀ ਇਸ ਟੂਰਨਾਮੈਂਟ ਦੇ ਖੇਡਣ ਯੋਗ ਸੀ, ਮੌਕਾ ਦਿੱਤਾ ਜਾਂਦਾ ਤਾਂ ਇਥੇ ਨਤੀਜਾ ਕੁਝ ਹੋਰ ਹੁੰਦਾ ਕਿਉਂਕਿ ਸੀਨੀਅਰ ਖਿਡਾਰੀਆਂ ਦੀ ਘਾਟ ਜ਼ਰੂਰ ਰੜਕੀ। ਉਨ੍ਹਾਂ ਨੇ ਦੱਸਿਆ ਕਿ ਜਦੋਂ 1997 ਵਿਚ ਇੰਗਲੈਂਡ ਵਿਚ ਮੇਰੀ ਕਪਤਾਨੀ ਹੇਠ ਜੂਨੀਅਰ ਵਿਸ਼ਵ ਕੱਪ ਖੇਡਿਆ ਤਾਂ ਉਸ ਵੇਲੇ ਵੀ ਅਸੀਂ 12 ਸਾਲ ਬਾਅਦ ਇਸ ਲਈ ਕੁਆਲੀਫਾਈ ਕੀਤਾ ਸੀ ਅਤੇ ਟੀਮ ਵਿਚ ਤਿੰਨ ਚਾਰ ਖਿਡਾਰੀ ਸੀਨੀਅਰ ਟੀਮ ਵਿਚੋਂ ਇਸ ਵਿਚ ਖੇਡੇ ਸਨ ਤੇ ਅਸੀਂ ਦੂਜੇ ਸਥਾਨ 'ਤੇ ਰਹੇ ਸੀ ਤੇ 2001 ਦੀ ਜੇਤੂ ਟੀਮ ਦੇ ਵਿਚ ਵੀ ਸੀਨੀਅਰ ਖਿਡਾਰੀ ਸ਼ਾਮਿਲ ਸਨ। ਜੇ ਇਸ ਟੀਮ ਦੇ ਵਿਚ ਵੀ ਕੁਝ ਤਜਰਬੇਕਾਰ ਸੀਨੀਅਰ ਟੀਮ ਦੇ ਖਿਡਾਰੀ ਸ਼ਾਮਿਲ ਕਰ ਲਏ ਜਾਂਦੇ ਤਾਂ ਨਤੀਜਾ ਬਦਲ ਸਕਦਾ ਸੀ ਪਰ ਫਿਰ ਵੀ ਖਿਡਾਰੀਆਂ ਨੇ ਵਧੀਆ ਖੇਡ ਵਿਖਾਈ ਪਰ ਜਿੰਨਾ ਚਿਰ ਤੱਕ ਕੋਈ ਭਾਰਤ ਵਿਚ ਚੁਣੀ ਹੋਈ ਹਾਕੀ ਦੀ ਬਾਡੀ ਨਹੀਂ ਬਣਦੀ ਤਾਂ ਹਾਕੀ ਦੇ ਵਿਚ ਸੁਧਾਰ ਬਾਰੇ ਸੋਚਿਆ ਨਹੀਂ ਜਾ ਸਕਦਾ।

ਦੂਜਾ ਕਬੱਡੀ ਕੱਪ 28 ਨੂੰ ਮਨੈਰਬੀਉ (ਇਟਲੀ) ਵਿਖੇ

ਜਲੰਧਰ, 21 ਜੂਨ - ਦੂਜਾ ਕਬੱਡੀ ਕੱਪ ਇਟਲੀ ਕਬੱਡੀ ਫੈਡਰੇਸ਼ਨ ਲਾਲੀ ਗਰੁੱਪ ਦੇ ਸਹਿਯੋਗ ਨਾਲ ਮਨੈਰਬੀਉ (ਇਟਲੀ) ਵਿਖੇ ਸੱਲ੍ਹਾ ਸਪੋਰਟਸ ਕਲੱਬ (ਇਟਲੀ) ਅਤੇ ਮੀਰੀ-ਪੀਰੀ ਸਪੋਰਟਸ ਕਲੱਬ, ਪਾਓਲੋ (ਬਰੇਸ਼ੀਆ) ਇਟਲੀ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ 20 ਚੋਟੀ ਦੀਆਂ ਕਲੱਬਾਂ ਹਿੱਸਾ ਲੈਣਗੀਆਂ। ਇਸ ਮੌਕੇ 'ਤੇ ਕਬੱਡੀ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਵਡਮੁੱਲਾ ਯੋਗਦਾਨ ਪਾਉਣ ਬਦਲੇ ਪ੍ਰਸਿੱਧ ਖੇਡ ਪ੍ਰਮੋਟਰ ਤੇ ਸਮਾਜ ਸੇਵਕ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ (ਨਾਰਵੇ) ਦੇ ਚੇਅਰਮੈਨ ਸ: ਗੁਰਦਿਆਲ ਸਿੰਘ ਪੱਡਾ ਤੇ ਮਾਹਿਲ ਮੈਰਿਜ ਪੈਲੇਸ ਦੇ ਐਮ. ਡੀ. ਜ਼ੈਲਦਾਰ ਸੁਰਿੰਦਰ ਸਿੰਘ ਚੈੜੀਆ ਨੂੰ ਸੋਨੇ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਬਾਬਾ ਗੁਰਮੇਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਕਬੱਡੀ ਕੱਪ 'ਚ ਪਾਕਿਸਤਾਨੀ ਟੀਮ ਵੀ ਖਿੱਚ ਦਾ ਕੇਂਦਰ ਬਣੇਗੀ।

ਜੂਨੀਅਰ ਰਾਸ਼ਟਰੀ ਚੈਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੇ ਪੰਜਾਬ ਦੇ ਤੈਰਾਕ

ਸੰਗਰੂਰ, 20 ਜੂਨ - ਜੂਨੀਅਰ ਰਾਸ਼ਟਰੀ ਤੈਰਾਕੀ ਚੈਪੀਅਨਸ਼ਿਪ 23 ਜੂਨ ਤੋਂ ਜੈਪੁਰ ਵਿਖੇ ਕਰਵਾਈ ਜਾ ਰਹੀ ਹੈ। ਇਸ ਵਿਚ ਹਿੱਸਾ ਲੈਣ ਲਈ 13 ਮੈਂਬਰੀ ਪੰਜਾਬ ਦੀ ਟੀਮ ਚੁਣ ਲਈ ਗਈ ਹੈ। ਸੰਗਰੂਰ ਵਿਖੇ 10 ਤੋਂ 20 ਜੂਨ ਤੱਕ ਇਸ ਟੀਮ ਦੀ ਚੋਣ ਲਈ ਲੱਗੇ ਕੈਂਪ ਵਿਚ ਪੰਜਾਬ ਭਰ ਵਿਚੋਂ 20 ਤੈਰਾਕਾਂ ਨੇ ਭਾਗ ਲਿਆ ਸੀ। ਇਨ੍ਹਾਂ ਵਿਚੋਂ 13 ਦੀ ਚੋਣ ਕੀਤੀ ਗਈ ਹੈ। ਇਸ ਵਿਚ ਅਮਰਜੀਤ ਸਿੰਘ, ਜਤਿੰਦਰ ਪਾਲ ਸਿੰਘ ਅਤੇ ਗਗਨਦੀਪ ਸਿੰਘ ਘਈ ਤਿੰਨੋ ਜਲੰਧਰ, ਜੀਤਇੰਦਰ ਸਿੰਘ, ਰੇਸ਼ਮ ਸਿੰਘ ਦੋਨੋਂ ਸੰਗਰੂਰ, ਅਧੀਰਾਜ ਸ਼ਰਮਾਂ ਲੁਧਿਆਣਾ, ਜਤਿੰਦਰ ਬੀਰ ਸਿੰਘ ਲੁਧਿਆਣਾ, ਜਗਦੀਪ ਸਿੰਘ ਲੁਧਿਆਣਾ, ਕਰਨ ਬਰਾੜ ਫਰੀਦਕੋਟ ਅਤੇ ਕੈਸ਼ਪ ਠਾਕੁਰ ਫਰੀਦਕੋਟ, ਵਿਕਲਪ ਬਸਟ ਹੁਸ਼ਿਆਰਪੁਰ, ਨਵਜੀਤ ਸਿੰਘ ਬਠਿੰਡਾ, ਹਰਮਨਪ੍ਰੀਤ ਸਿੰਘ ਅੰਮ੍ਰਿਤਸਰ ਚੁਣੇ ਗਏ ਹਨ ਜਦਕਿ ਸਿਵਾਂਗੂ ਦੀ ਚੋਣ ਰਾਖਵੇਂ ਤੈਰਾਕ ਵਜੋਂ ਕੀਤੀ ਗਈ ਹੈ। ਇਨ੍ਹਾਂ ਤੈਰਾਕਾਂ ਦੀ ਚੋਣ ਕਰਨ ਵਾਲੀ ਚੋਣ ਕਮੇਟੀ ਦੇ ਚੇਅਰਮੈਨ ਨਿਰਭੈ ਸਿੰਘ ਸੰਧੂ, ਸਤਨਾਮ ਸਿੰਘ ਡੀ.ਐਸ.ਪੀ ਲਹਿਰਾਗਾਗਾ, ਬਲਵੀਰ ਸਿੰਘ ਸੰਗਰੂਰ, ਜਸਪ੍ਰੀਤ ਸਿੰਘ ਅਤੇ ਅਜੇ ਸ਼ਰਮਾ ਸ਼ਾਮਿਲ ਸਨ।

ਵਿਸ਼ਵ ਕੱਪ ਮੁਕਾਬਲੇ ਪਾਕਿ 'ਚ ਨਾ ਕਰਾਉਣ ਸੰਬੰਧੀ ਫੈਸਲਾ 25 ਜੂਨ ਨੂੰ

ਲੰਦਨ, 20 ਜੂਨ - ਪਾਕਿਸਤਾਨ 'ਚ ਵਿਸ਼ਵ ਕੱਪ ਕ੍ਰਿਕਟ-2011 ਦੇ ਮੈਚਾਂ ਦਾ ਆਯੋਜਨ ਨਾ ਕਰਾਉਣ ਨੂੰ ਲੈ ਕੇ ਬਾਕੀ ਮੇਜ਼ਬਾਨ ਦੇਸ਼ਾਂ ਦੀਆਂ ਸਿਫਾਰਿਸ਼ਾਂ 'ਤੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ 25 ਜੂਨ ਨੂੰ ਫੈਸਲਾ ਕਰੇਗੀ। ਚਾਰਾਂ ਸਹਿ ਮੇਜ਼ਬਾਨ ਭਾਰਤ, ਪਾਕਿਸਤਾਨ, ਸ੍ਰੀਲੰਕਾ ਅਤੇ ਬੰਗਲਾਦੇਸ਼ ਦੀ ਇਸ ਹਫਤੇ ਦੀ ਸ਼ੁਰੂਆਤ 'ਚ ਮੀਟਿੰਗ ਹੋਈ। ਇਸ ਮੀਟਿੰਗ 'ਚ ਵਿਵਾਦ ਨੂੰ ਨਿਪਟਾਉਣ ਲਈ ਕੋਈ ਹੱਲ ਲੱਭਣ ਬਾਰੇ ਸਹਿਮਤੀ ਬਣੀ। ਸ਼ਰਦ ਪਵਾਰ ਦੀ ਪ੍ਰਧਾਨਗੀ 'ਚ 21 ਜੂਨ ਨੂੰ ਹੋਣ ਵਾਲੀ ਮੀਟਿੰਗ 'ਚ ਤੈਅ ਕੀਤਾ ਜਾਵੇਗਾ ਕਿ ਪਾਕਿਸਤਾਨ 'ਚ ਹੋਣ ਵਾਲੇ ਪ੍ਰਸਤਾਵਿਤ ਮੈਚ ਕਿਥੇ ਕਰਵਾਏ ਜਾਣ। ਉਸਤੋਂ ਬਾਅਦ ਇਹ ਸੁਝਾਅ ਆਈ. ਸੀ. ਸੀ. ਨੂੰ ਭੇਜੇ ਜਾਣਗੇ ਜਿਸ 'ਤੇ ਅਗਲੇ ਹਫਤੇ ਆਈ. ਸੀ. ਸੀ. ਦੀ ਸਾਲਾਨਾ ਮੀਟਿੰਗ 'ਚ ਇਸ 'ਤੇ ਗੌਰ ਕੀਤਾ ਜਾਵੇਗਾ।

ਸ੍ਰੀ ਲੰਕਾ ਨੇ ਵੈਸਟ ਇੰਡੀਜ਼ ਨੂੰ ਕੀਤਾ ਚਿੱਤ

ਲੰਦਨ, 19 ਜੂਨ - ਵਿਸ਼ਵ ਟਵੰਟੀ-20 ਕ੍ਰਿਕਟ ਕੱਪ ਲੰਦਨ ਦੇ ਓਵਲ ਕ੍ਰਿਕਟ ਮੈਦਾਨ ਵਿਚ ਚੱਲ ਰਿਹਾ ਹੈ। ਇਸ ਕ੍ਰਿਕਟ ਕੱਪ ਦੇ ਦੂਸਰੇ ਸੈਮੀਫਾਈਨਲ 'ਚ ਸ੍ਰੀਲੰਕਾ ਦੀ ਟੀਮ ਨੇ ਵੈਸਟ ਇੰਡੀਜ਼ ਨੂੰ 57 ਦੌੜਾਂ ਨਾਲ ਹਰਾਇਆ। ਵੈਸਟ ਇੰਡੀਜ਼ ਦੀ ਸਾਰੀ ਟੀਮ 17.4 ਓਵਰਾਂ 'ਚ 101 ਦੌੜਾਂ ਬਣਾ ਕੇ ਆਊਟ ਹੋ ਗਈ। ਵੈਸਟ ਇੰਡੀਜ਼ ਦੀ ਟੀਮ ਦੇ ਸ਼ੁਰੂਆਤ 'ਚ ਹੀ ਤਿੰਨ ਚੰਗੇ ਖਿਡਾਰੀ ਇਕ ਦੌੜ 'ਤੇ ਹੀ ਆਊਟ ਹੋ ਗਏ। ਸਿਰਫ ਕਪਤਾਨ ਕ੍ਰਿਸ ਗੇਲ ਹੀ ਵਧੀਆ ਪਾਰੀ ਖੇਡ ਸਕੇ ਅਤੇ ਉਨ੍ਹਾਂ ਨੇ ਅਜੇਤੂ ਰਹਿੰਦੇ 63 ਦੌੜਾਂ ਬਣਾਈਆਂ। ਮੈਥਿਉ ਅਤੇ ਮੁਰਲੀਧਰਨ ਨੇ ਤਿੰਨ-ਤਿੰਨ ਵਿਕਟ ਲਈਆਂ, ਜਦ ਕਿ ਮੈਂਡਿਸ ਨੂੰ 2 ਵਿਕਟ ਪ੍ਰਾਪਤ ਹੋਏ। ਇਸ ਤੋਂ ਪਹਿਲਾਂ ਤਿਲਕਰਨੇ ਦਿਲਸ਼ਾਨ ਦੀ ਵਧੀਆ ਬੱਲੇਬਾਜ਼ੀ ਦੀ ਬਦੌਲਤ ਸ੍ਰੀਲੰਕਾ ਨੇ 5 ਵਿਕਟਾਂ ਦੇ ਨੁਕਸਾਨ 'ਤੇ 158 ਦੌੜਾਂ ਬਣਾਈਆਂ। ਦਿਲਸ਼ਾਨ ਨੇ ਅੱਜ ਦਿਲ ਖੋਲ ਕੇ ਬੱਲੇਬਾਜ਼ੀ ਕਰਦਿਆਂ 57 ਗੇਂਦਾਂ 'ਤੇ ਧਮਾਕੇਦਾਰ ਨਾਬਾਦ 96 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਨਥ ਜੈਸੂਰੀਆ ਨੇ 24, ਸਿਲਵਾ ਨੇ 11, ਮੈਥੀਉ ਨੇ ਨਾਬਾਦ 12, ਮੁਬਾਰਕ ਨੇ 7 ਅਤੇ ਜੈਵਰਧਨੇ ਨੇ 2 ਦੌੜਾਂ ਦਾ ਯੋਗਦਾਨ ਪਾਇਆ। ਵੈਸਟ ਇੰਡੀਜ਼ ਵੱਲੋਂ ਬਰੈਵੋ ਨੇ 2, ਟੇਲਰ, ਬੈੱਨ ਅਤੇ ਪੋਲਾਰਡ ਨੇ 1-1 ਵਿਕਟ ਪ੍ਰਾਪਤ ਕੀਤੀ। ਐਤਵਾਰ ਨੂੰ ਇਸ ਕੱਪ ਦਾ ਫਾਈਨਲ ਮੁਕਾਬਲਾ ਸ੍ਰੀਲੰਕਾ ਅਤੇ ਪਾਕਿਸਤਾਨ ਵਿਚਾਲੇ ਹੋਵੇਗਾ।

ਖੇਡ ਵਿੰਗ ਸਥਾਪਿਤ ਕਰਨ ਲਈ ਚੋਣ ਟਰਾਇਲ 22 ਤੋਂ

ਪਟਿਆਲਾ, 19 ਜੂਨ - ਰਾਜ ਦੀਆਂ ਤਿੰਨ ਯੂਨੀਵਰਸਿਟੀਆਂ ਨਾਲ ਸਬੰਧਤ ਕਾਲਜ 'ਚ ਖੇਡ ਵਿੰਗ ਸਥਾਪਤ ਕਰਨ ਲਈ ਟਰਾਇਲ 22 ਜੂਨ ਤੋਂ ਸ਼ੁਰੂ ਹੋਣਗੇ। ਇਹ ਖੇਡ ਵਿਭਾਗ ਪੰਜਾਬ ਵੱਲੋਂ ਕਰਵਾਏ ਜਾਣਗੇ। ਇਨ੍ਹਾਂ ਟਰਾਇਲਾਂ ਦੌਰਾਨ ਰਾਜ ਭਰ ਵਿਚੋਂ ਲਗਭਗ 450 ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਖੇਡ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਤ ਰਾਜ ਦੇ ਕਾਲਜਾਂ 'ਚ ਵਿੰਗ ਖੋਲ੍ਹਣ ਲਈ ਟਰਾਇਲ ਲਏ ਜਾ ਰਹੇ ਹਨ। ਇਨ੍ਹਾਂ ਤਿੰਨਾਂ ਯੂਨੀਵਰਸਿਟੀਆਂ ਦੇ ਕਾਲਜਾਂ ਨੂੰ 150-150 ਦੇ ਕਰੀਬ ਖੇਡ ਵਿੰਗ ਸੀਟਾਂ ਦਿੱਤੇ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਟਰਾਇਲਾਂ ਦੌਰਾਨ ਅਥਲੈਟਿਕਸ, ਹਾਕੀ, ਬਾਸਕਿਟਬਾਲ, ਫੁੱਟਬਾਲ, ਕੁਸ਼ਤੀ, ਵੇਟਲਿਫਟਿੰਗ, ਮੁੱਕੇਬਾਜ਼ੀ, ਵਾਲੀਬਾਲ, ਤੈਰਾਕੀ, ਹੈਂਡਬਾਲ, ਸਾਈਕਲਿੰਗ, ਜਿਮਨਾਸਟਿਕ, ਕਬੱਡੀ, ਜੂਡੋ ਤੇ ਬੈਡਮਿੰਟਨ ਖੇਡਾਂ ਲਈ ਲੜਕੇ ਤੇ ਲੜਕੀਆਂ ਦੀ ਚੋਣ ਕੀਤੀ ਜਾਵੇਗੀ। ਖੇਡ ਵਿੰਗ ਲਈ ਚੁਣੇ ਗਏ ਖਿਡਾਰੀਆਂ ਨੂੰ ਮੁਫ਼ਤ ਖੇਡਾਂ ਦਾ ਸਮਾਨ ਤੇ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਡੇ ਸਕਾਲਰ ਖਿਡਾਰੀਆਂ ਨੂੰ 60 ਰੁਪਏ ਅਤੇ ਰਿਹਾਇਸ਼ੀ ਵਿੰਗਾਂ ਵਾਲੇ ਖਿਡਾਰੀਆਂ ਨੂੰ 120 ਰੁਪਏ ਰੋਜ਼ਾਨਾ ਖੁਰਾਕੀ ਭੱਤਾ ਦਿੱਤਾ ਜਾਵੇਗਾ। ਗੁਰੂ ਨਾਨਕ ਦੇਵ 'ਵਰਸਿਟੀ ਦੇ ਕਾਲਜਾਂ ਲਈ ਟਰਾਇਲ 22 ਤੇ 23 ਜੂਨ ਨੂੰ ਸਟੇਟ ਸਪੋਰਟਸ ਕਾਲਜ ਜਲੰਧਰ ਵਿਖੇ ਰੱਖੇ ਗਏ ਹਨ, ਪੰਜਾਬੀ 'ਵਰਸਿਟੀ ਪਟਿਆਲਾ ਨਾਲ ਸਬੰਧਤ ਕਾਲਜ ਲਈ ਟਰਾਇਲ 25 ਤੇ 26 ਜੂਨ ਨੂੰ ਯੂਨੀਵਰਸਿਟੀ ਕੈਂਪਸ ਵਿਖੇ ਹੀ ਟਰਾਇਲ ਹੋਣਗੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬ 'ਚ ਆਉਂਦੇ ਕਾਲਜਾਂ ਦੇ ਵਿੰਗਾਂ ਲਈ ਖਿਡਾਰੀਆਂ ਦੀ ਚੋਣ 29 ਤੇ 30 ਜੂਨ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਰੱਖੇ ਗਏ ਹਨ।

 ਚਾਰ ਇਕ ਦਿਨਾ ਕ੍ਰਿਕਟ ਦਾ ਪਹਿਲਾ ਮੈਚ 26 ਤੋਂ

ਕਿੰਗਸਟਨ, 19 ਜੂਨ - ਚਾਰ ਇਕ ਦਿਨਾ ਮੈਚਾਂ ਦੀ ਲੜੀ ਲਈ ਭਾਰਤੀ ਕ੍ਰਿਕਟ ਟੀਮ ਵੈਸਟ ਇੰਡੀਜ਼ ਪਹੁੰਚ ਗਈ ਹੈ। ਭਾਰਤੀ ਖਿਡਾਰੀਆਂ ਦੀ ਟੀਮ ਜਮਾਇਕਾ ਦੀ ਰਾਜਧਾਨੀ ਕਿੰਗਸਟਨ ਦੇ ਨਾਰਮਨ ਮੈਨਲੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉੱਤਰੀ ਅਤੇ ਉਸਤੋਂ ਬਾਅਦ ਸਿੱਧੀ ਹੋਟਲ ਰਵਾਨਾ ਹੋ ਗਈ। ਇਸ ਲੜੀ ਦਾ ਪਹਿਲਾ ਮੈਚ 26 ਜੂਨ ਨੂੰ ਕਿੰਗਸਟਨ 'ਚ ਹੀ ਖੇਡਿਆ ਜਾਣਾ ਹੈ। ਵੈਸਟ ਇੰਡੀਜ਼ ਦੀ ਟੀਮ ਹਾਲੇ ਇੰਗਲੈਂਡ 'ਚ ਹੀ ਹੈ। ਭਾਰਤੀ ਟੀਮ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਜ਼ਹੀਰ ਖਾਨ ਅਤੇ ਸੁਰੇਸ਼ ਰੈਨਾ ਤੋਂ ਬਗੈਰ ਹੀ ਵੈਸਟ ਇੰਡੀਜ਼ ਪਹੁੰਚੀ ਹੈ। ਚਾਰੇ ਖਿਡਾਰੀ ਜਖ਼ਮੀ ਹਨ। ਦੋਵਾਂ ਟੀਮਾਂ ਦਰਮਿਆਨ ਦੂਜਾ ਮੈਚ 28 ਜੂਨ ਨੂੰ ਕਿੰਗਸਟਨ 'ਚ ਹੀ, ਤੀਸਰਾ ਅਤੇ ਚੌਥਾ ਮੈਚ ਗਰਾਸ ਇਸਲੇਟ 'ਚ 3 ਅਤੇ 5 ਜੁਲਾਈ ਨੂੰ ਖੇਡਿਆ ਜਾਵੇਗਾ।

ਪੰਜਾਬੀਆਂ ਹਾਕੀ ਖਿਡਾਰੀਆਂ ਨਾਲ ਕਿਉਂ ਹੁੰਦਾ ਹੈ ਮਤਰੇਈ ਮਾਂ ਵਾਲਾ ਸਲੂਕ

ਲੁਧਿਆਣਾ, 19 ਜੂਨ - ਭਾਰਤੀ ਹਾਕੀ ਟੀਮ ਦੇ ਇਤਿਹਾਸ ਦਾ ਹੁਣ ਤੱਕ ਦਾ ਇਹ ਸਭ ਤੋਂ ਮਾੜਾ ਪ੍ਰਦਰਸ਼ਨ ਹੈ। ਜੇਕਰ ਹਾਕੀ ਦੇ ਇਤਿਹਾਸ ਵਿਚ ਨਜ਼ਰ ਮਾਰੀਏ ਤਾਂ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਭਾਰਤੀ ਟੀਮ ਵਿਚ ਪੰਜਾਬੀ ਖਿਡਾਰੀਆਂ ਦੀ ਭਰਮਾਰ ਹੋਈ ਹੈ ਤਾਂ ਟੀਮ ਨੇ ਨਾ ਸਿਰਫ਼ ਅੰਤਰਰਾਸ਼ਟਰੀ ਪੱਧਰ 'ਤੇ ਵਧੀਆ ਪ੍ਰਦਰਸ਼ਨ ਕੀਤਾ ਸਗੋਂ ਵੱਡੀਆਂ ਖਿਤਾਬੀ ਜਿੱਤਾਂ ਵੀ ਹਾਸਲ ਕੀਤੀਆਂ। ਪਰ 2008 ਬੀਜਿੰਗ ਉਲੰਪਿਕ 'ਚ ਬਾਹਰ ਹੋਣ ਤੋਂ ਬਾਅਦ ਫਿਰ ਏਸ਼ੀਆ ਕੱਪ ਅਤੇ ਏਸ਼ੀਅਨ ਖੇਡਾਂ ਵਿਚ ਭਾਰਤੀ ਹਾਕੀ ਵੱਲੋਂ ਇਕ ਕਾਲਾ ਇਤਿਹਾਸ ਰਚਣ ਤੋਂ ਬਾਅਦ ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲੇ ਵਿਚ ਮਾੜਾ ਪ੍ਰਦਰਸ਼ਨ ਕਰਨ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਕੌਮਾਂਤਰੀ ਪੱਧਰ 'ਤੇ ਅੱਗੇ ਵਧਣ 'ਤੇ ਇਕ ਵਾਰ ਫਿਰ ਪ੍ਰਸ਼ਨ ਚਿੰਨ ਲੱਗ ਗਿਆ ਹੈ। ਜੂਨੀਅਰ ਵਿਸ਼ਵ ਕੱਪ ਹਾਕੀ ਦੇ 30 ਸਾਲਾ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਕਿ ਜਦੋਂ ਭਾਰਤੀ ਟੀਮ ਪਹਿਲੀਆਂ ਪੰਜ ਟੀਮਾਂ ਵਿਚ ਆਪਣੀ ਜਗ੍ਹਾ ਨਹੀਂ ਬਣਾ ਸਕੀ। 1979 ਤੋਂ ਲੈ ਕੇ 1993 ਤੱਕ ਲਗਾਤਾਰ ਪੰਜਵੇਂ ਸਥਾਨ 'ਤੇ ਰਹੀ, ਫਿਰ 1997 ਮਿਲਟਨਕੇਂਜ ਜੂਨੀਅਰ ਵਿਸ਼ਵ ਕੱਪ ਵਿਚ ਉਪ ਜੇਤੂ ਅਤੇ 2001 ਹੋਬਰਟ ਵਿਖੇ ਵਿਸ਼ਵ ਚੈਂਪੀਅਨ ਬਣਨ ਦਾ ਇਤਿਹਾਸ ਰਚਣ ਵਾਲੀ ਟੀਮ 2004 ਵਿਚ ਸੈਮੀਫਾਈਨਲ ਵਿਚ ਪੁੱਜੀ ਸੀ ਪਰ ਇਸ ਵਾਰ ਭਾਰਤੀ ਟੀਮ 20 ਟੀਮਾਂ ਦੇ ਮੁਕਾਬਲੇ ਵਿਚ ਆਪਣਾ ਪੂਲ ਵੀ ਨਹੀਂ ਕਲੀਅਰ ਕਰ ਸਕੀ। 1997 ਜੂਨੀਅਰ ਵਿਸ਼ਵ ਕੱਪ ਵਿਚ ਕਪਤਾਨ ਬਲਜੀਤ ਸਿੰਘ ਸੈਣੀ ਦੀ ਅਗਵਾਈ ਹੇਠ ਗੁਰਮੇਲ ਸਿੰਘ, ਹਰਭਜਨ ਸਿੰਘ, ਹਰਵਿੰਦਰ ਸਿੰਘ ਚੰਦੀ ਸਮੇਤ ਸੱਤ ਦੇ ਕਰੀਬ ਪੰਜਾਬੀ ਖਿਡਾਰੀ ਵਿਸ਼ਵ ਕੱਪ ਖੇਡੇ ਸਨ ਅਤੇ ਟੀਮ ਨੇ ਕਈ ਦਿਗਜ਼ ਟੀਮਾਂ ਨੂੰ ਹਰਾ ਕੇ ਦੂਸਰਾ ਸਥਾਨ ਹਾਸਲ ਕੀਤਾ ਸੀ। ਉਸ ਤੋਂ ਬਾਅਦ 2001 ਜੂਨੀਅਰ ਵਿਸ਼ਵ ਕੱਪ ਵਿਚ ਕੋਚ ਰਜਿੰਦਰ ਸਿੰਘ ਸੀਨੀਅਰ ਅਤੇ ਨਰਿੰਦਰ ਸਿੰਘ ਸੋਢੀ ਦੀ ਕੋਚਿੰਗ ਹੇਠ ਕਪਤਾਨ ਗਗਨਜੀਤ ਦੀ ਅਗਵਾਈ ਹੇਠ ਜੁਗਰਾਜ ਸਿੰਘ, ਕਮਲਪ੍ਰੀਤ ਸਿੰਘ, ਦੀਪਕ ਠਾਕੁਰ, ਪ੍ਰਭਜੋਤ ਸਿੰਘ, ਵਿਕਰਮਜੀਤ ਸਿੰਘ, ਇੰਦਰਜੀਤ ਸਿੰਘ ਚੱਢਾ, ਰਾਜਪਾਲ ਸਿੰਘ ਸਮੇਤ 9 ਪੰਜਾਬੀ ਖਿਡਾਰੀਆਂ ਦੀ ਬਦੌਲਤ ਭਾਰਤ ਜੂਨੀਅਰ ਹਾਕੀ ਵਿਚ ਵਿਸ਼ਵ ਚੈਂਪੀਅਨ ਬਣਿਆ, ਜਦਕਿ 2004 ਵਿਚ ਇਕੱਲੇ ਪਨੈਲਟੀ ਕਾਰਨਰ ਮਾਹਿਰ ਸੰਦੀਪ ਸਿੰਘ ਦੀ ਬਦੌਲਤ ਭਾਰਤ ਨੂੰ ਸੈਮੀਫਾਈਨਲ ਤੱਕ ਆਪਣੀ ਜਗ੍ਹਾ ਬਣਾਈ ਪਰ ਪਿਛਲੇ ਕੁਝ ਅਰਸੇ ਤੋਂ ਭਾਰਤੀ ਟੀਮ ਦੇ ਕਈ ਕੋਚ ਜਿਨ੍ਹਾਂ ਵਿਚ ਹਰਿੰਦਰ ਸਿੰਘ ਅਤੇ ਜੂਨੀਅਰ ਟੀਮ ਦੇ ਮੌਜੂਦਾ ਕੋਚ ਏ. ਕੇ. ਬਾਂਸਲ ਪੰਜਾਬੀ ਖਿਡਾਰੀਆਂ ਨਾਲ ਅਜਿਹਾ ਵਿਤਕਰਾ ਸ਼ੁਰੂ ਕੀਤਾ ਅਤੇ ਇਕ-ਇਕ ਕਰਕੇ ਪੰਜਾਬੀ ਖਿਡਾਰੀ ਜੂਨੀਅਰ ਅਤੇ ਸੀਨੀਅਰ ਭਾਰਤੀ ਟੀਮਾਂ ਵਿਚੋਂ ਬਾਹਰ ਕੱਢ ਦਿੱਤੇ, ਜੋ ਜੂਨੀਅਰ ਟੀਮ ਵਿਸ਼ਵ ਖੇਡਣ ਗਈ ਉਸ ਵਿਚ ਇਕ ਵੀ ਪੰਜਾਬੀ ਖਿਡਾਰੀ ਨਹੀਂ ਰੱਖਿਆ ਗਿਆ, ਜਦਕਿ ਆਲ ਇੰਡੀਆ ਨਹਿਰੂ ਹਾਕੀ ਦੇ ਸੈਮੀਫਾਈਨਲ ਤੱਕ ਪੰਜਾਬ ਦੀਆਂ ਤਿੰਨ ਟੀਮਾਂ ਪੁੱਜੀਆਂ ਪਰ ਭਾਰਤੀ ਟੀਮ ਵਿਚ ਖਿਡਾਰੀ ਯੂ. ਪੀ. ਅਤੇ ਉੜੀਸਾ ਦੇ ਭਰਤੀ ਕੀਤੇ ਜੋ ਮੁੱਢਲੇ ਮੈਚਾਂ ਵਿਚ ਹੀ ਹਾਰ ਗਈਆਂ ਸਨ ਹੁਣ ਜੂਨੀਅਰ ਵਿਸ਼ਵ ਕੱਪ ਵਿਚ ਟੀਮ ਦਾ ਨਤੀਜਾ ਸਭ ਦੇ ਸਾਹਮਣੇ ਹੈ। ਅੱਜ ਦੀ ਸੀਨੀਅਰ ਟੀਮ ਵਿਚ ਜਿੰਨੇ ਵੀ ਖਿਡਾਰੀ ਖੇਡ ਰਹੇ ਹਨ ਉਨ੍ਹਾਂ ਵਿਚੋਂ ਜ਼ਿਆਦਾਤਰ ਉਹ ਹਨ ਜਿਨ੍ਹਾਂ ਨੇ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਖੇਡਿਆ ਸੀ, ਜਦਕਿ 2004 ਜੂਨੀਅਰ ਵਿਸ਼ਵ ਕੱਪ ਜੋ ਕੋਚ ਹਰਿੰਦਰ ਸਿੰਘ ਦੀ ਕੋਚਿੰਗ ਹੇਠ ਟੀਮ ਨੇ ਖੇਡਿਆ ਸੀ ਉਸ ਵਿਚੋਂ ਕੋਈ ਵੀ ਖਿਡਾਰੀ ਸੀਨੀਅਰ ਟੀਮ ਵਿਚ ਮੌਜੂਦ ਨਹੀਂ ਹੈ। ਹਰਿੰਦਰ ਸਿੰਘ ਦੀ ਕੋਚਿੰਗ ਹੇਠ ਭਾਰਤੀ ਟੀਮ ਪਹਿਲਾਂ ਦੋਹਾ ਏਸ਼ੀਅਨ ਖੇਡਾਂ 2006 ਅਤੇ ਫਿਰ ਏਸ਼ੀਅਨ ਕੱਪ 2009 ਸੈਮੀਫਾਈਨਲ ਦੌੜ ਤੋਂ ਬਾਹਰ ਹੋਈ। ਅੱਜ ਦੇ ਜੋ ਵੀ ਮਾੜੇ ਹਾਲਾਤ ਭਾਰਤੀ ਟੀਮ ਦੇ ਬਣੇ ਹਨ ਉਨ੍ਹਾਂ ਵਿਚ ਵੱਡੀ ਭੂਮਿਕਾ ਕੋਚ ਹਰਿੰਦਰ ਸਿੰਘ, ਏ. ਕੇ. ਬਾਂਸਲ ਅਤੇ ਹੋਰ ਚੋਣਕਰਤਾਵਾਂ ਦੀ ਹੈ। ਜਿਸ ਕੋਚ ਦੇ ਹੱਥ ਜਾਂ ਚੋਣਕਰਤਾਵਾਂ ਦੇ ਹੱਥ ਟੀਮ ਦੀ ਵਾਗਡੋਰ ਆਉਂਦੀ ਹੈ ਤਾਂ ਹਮੇਸ਼ਾਂ ਆਪਣੇ ਚਹੇਤਿਆਂ ਨੂੰ ਖਿਡਾਉਂਦੇ ਹਨ ਜੇਕਰ ਭਾਰਤੀ ਟੀਮ ਦਾ ਕੋਚ ਇੰਡੀਅਨ ਆਇਲ ਦਾ ਕੋਚ ਜੋਕਮਕਾਰਵਾਹਲੋ ਬਣਿਆ ਤਾਂ ਸਾਰੇ ਖਿਡਾਰੀ ਇੰਡੀਅਨ ਆਇਲ ਦੇ ਖੇਡਦੇ ਹਨ, ਜੇਕਰ ਅੱਜ ਦੀ ਘੜੀ ਵਾਰੀ ਇੰਡੀਅਨ ਏਅਰ ਲਾਈਨਜ਼ ਦੀ ਹੈ ਤਾਂ ਕੋਚ ਵੀ ਇੰਡੀਅਨ ਏਅਰ ਲਾਈਨਜ਼ ਦਾ ਅਤੇ ਟੀਮ ਦੇ ਚੋਣਕਰਤਾ ਧਨਰਾਜ ਪਿੱਲੈ, ਜਫਰ ਇਕਬਾਲ, ਅਸ਼ੋਕ ਕੁਮਾਰ ਆਦਿ ਵੀ ਇੰਡੀਅਨ ਏਅਰ ਲਾਈਨਜ਼ ਦੇ ਬਣੇ ਹੋਏ ਹਨ ਅਤੇ ਪੰਜਾਬ ਦੇ ਕੋਚ ਵੀ ਅਤੇ ਪੰਜਾਬ ਦੇ ਖਿਡਾਰੀ ਵੀ ਉਕਤ ਚੋਣਕਰਤਾਵਾਂ ਦੀ ਬਦੌਲਤ ਭਾਰਤੀ ਟੀਮ ਤੋਂ ਦੂਰ ਹਨ। ਭਾਰਤੀ ਹਾਕੀ ਫੈਡਰੇਸ਼ਨ ਦੇ ਚੌਧਰੀ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਕਿ ਉਨ੍ਹਾਂ ਵੱਲੋਂ ਪੰਜਾਬੀਆਂ ਨਾਲ ਕਿਉਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ, ਜੇਕਰ ਭਾਰਤੀ ਹਾਕੀ ਦਾ ਭਲਾ ਸੋਚਦੇ ਹਨ ਤਾਂ ਇਹ ਸੋਚ ਲੈਣ ਕਿ ਪੰਜਾਬੀ ਖਿਡਾਰੀਆਂ ਬਿਨ੍ਹਾਂ ਨਹੀਂ ਹੋਣਾ ਭਾਰਤੀ ਹਾਕੀ ਦਾ ਕਲਿਆਣ ਮੀਆਂ।

ਪੰਜਾਬ ਐਂਡ ਸਿੰਧ ਬੈਂਕ ਹਾਕੀ ਅਕੈਡਮੀ 'ਚ ਸ਼ਾਮਿਲ ਹੋਣ ਵਾਲੇ ਖਿਡਾਰੀ

ਜਲੰਧਰ, 18 ਜੂਨ - ਪੰਜਾਬ ਐਂਡ ਸਿੰਧ ਬੈਂਕ ਹਾਕੀ ਅਕੈਡਮੀ ਲਈ 24 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਪੰਜਾਬ ਐਂਡ ਸਿੰਧ ਬੈਂਕ ਵੱਲੋਂ ਕੈਚ ਦਮ ਯੰਗ ਸਕੀਮ ਦੇ ਤਹਿਤ ਹਾਕੀ ਅਕੈਡਮੀ ਦੇ ਚੋਣ ਟ੍ਰਾਇਲ ਕਰਵਾਏ ਗਏ। ਇਸ ਵਿਚ ਪੰਜਾਬ ਭਰ ਤੋਂ ਖਿਡਾਰੀਆਂ ਨੇ ਕਾਫ਼ੀ ਭਰਵਾ ਸਹਿਯੋਗ ਦਿੱਤਾ। ਸਿੰਧ ਬੈਂਕ ਵੱਲੋਂ ਸਬ ਜੂਨੀਅਰ 12 ਤੋਂ 15 ਸਾਲ ਵਰਗ ਲਈ 12 ਖਿਡਾਰੀਆਂ ਦੀ ਚੋਣ ਕੀਤੀ ਤੇ 7 ਖਿਡਾਰੀਆਂ ਨੂੰ ਸਟੈਂਡ ਬਾਈ ਦੇ ਵਿਚ ਰੱਖਿਆ ਤੇ ਜੂਨੀਅਰ ਵਰਗ ਲਈ 12 ਖਿਡਾਰੀਆਂ ਦੀ ਚੋਣ ਕੀਤੀ ਗਈ ਤੇ 8 ਖਿਡਾਰੀਆਂ ਨੂੰ ਸਟੈਂਡ ਬਾਈ ਦੇ ਵਿਚ ਰੱਖਿਆ। ਇਨ੍ਹਾਂ ਖਿਡਾਰੀਆਂ ਦੀ ਚੋਣ ਉਲੰਪੀਅਨ ਰਜਿੰਦਰ ਸਿੰਘ, ਉਲੰਪੀਅਨ ਗੁਣਦੀਪ ਕੁਮਾਰ, ਉਲੰਪੀਅਨ ਬਲਜੀਤ ਸਿੰਘ ਸੈਣੀ ਤੇ ਕੌਮਾਂਤਰੀ ਹਾਕੀ ਖਿਡਾਰੀ ਰਿਪੂਦਮਨ ਕੁਮਾਰ ਦੀ ਦੇਖ-ਰੇਖ ਹੇਠ ਬਣਾਈ ਮਾਹਿਰਾਂ ਦੀ ਕਮੇਟੀ ਵੱਲੋਂ ਕੀਤੀ ਗਈ।

ਪਹਿਲਵਾਨ ਭੋਲਾ ਤੋਂ ਅਰਜਨ ਐਵਾਰਡ ਵਾਪਸ ਲਿਆ

ਨਵੀਂ ਦਿੱਲੀ, 18 ਜੂਨ - ਪਹਿਲਵਾਨ ਜਗਦੀਸ਼ ਸਿੰਘ ਭੋਲਾ ਤੋਂ ਕੇਂਦਰ ਸਰਕਾਰ ਨੇ ਅਰਜਨ ਐਵਾਰਡ ਵਾਪਸ ਮੰਗ ਲਿਆ ਹੈ ਕਿਉਂਕਿ ਉਹ ਮੁੰਬਈ ਵਿਖੇ ਨਸ਼ੀਲੀਆਂ ਦਵਾਈਆਂ ਦੀ ਸਮਲਿੰਗ ਦੇ ਦੋਸ਼ ਹੇਠ ਫੜਿਆ ਗਿਆ। ਜਗਦੀਸ਼ ਸਿੰਘ ਭੋਲਾ ਪੰਜਾਬ ਪੁਲਿਸ ਵਿਚ ਇੰਸਪੈਕਟਰ ਹੈ ਅਤੇ 8 ਜੂਨ ਨੂੰ ਮੁੰਬਈ ਵਿਖੇ ਉਸ ਕੋਲੋਂ 20 ਕਰੋੜ ਰੁਪਏ ਦੀਆਂ ਪਾਬੰਦੀ ਸ਼ੁਦਾ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਸਨ। ਦੱਸਣਯੋਗ ਹੈ ਕਿ ਜਗਦੀਸ਼ ਸਿੰਘ ਭੋਲਾ ਨੂੰ 1998 ਵਿਚ ਭਾਰਤ ਸਰਕਾਰ ਵੱਲੋਂ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਭਾਰਤ ਸਰਕਾਰ ਦੇ ਅੰਡਰ ਸੈਕਟਰੀ ਐਸ. ਪੀ. ਐਸ. ਤੋਮਰ ਵੱਲੋਂ ਜਗਦੀਸ਼ ਸਿੰਘ ਭੋਲਾ ਨੂੰ ਲਿਖੇ ਗਏ ਪੱਤਰ ਵਿਚ ਅਰਜਨ ਐਵਾਰਡ ਵਜੋਂ ਦਿੱਤਾ ਗਿਆ ਸਨਮਾਨ ਚਿੰਨ ਅਤੇ ਸਨਮਾਨ ਪੱਤਰ ਵਾਪਸ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਤੋਮਰ ਨੇ ਖੇਡ ਮੰਤਰਾਲੇ, ਸਪੋਰਟਸ ਅਥਾਰਟੀ ਆਫ ਇੰਡੀਆ ਅਤੇ ਇੰਡੀਅਨ ਉਲੰਪਿਕ ਐਸੋਸੀਏਸ਼ਨ ਨੂੰ ਹਦਾਇਤ ਕੀਤੀ ਹੈ ਕਿ ਉਹ ਇਹੋ ਜਿਹੇ ਕੇਸ ਤਰੁੰਤ ਧਿਆਨ ਵਿਚ ਲਿਆਉਣ ਤਾਂ ਕਿ ਸਰਕਾਰ ਲੋੜੀਂਦੀ ਕਾਰਵਾਈ ਕਰ ਸਕੇ।

ਬੱਚਿਆਂ ਦੀ ਖੇਡ ਨਹੀਂ ਵੈਸਟ ਇੰਡੀਜ਼ ਨੂੰ ਹਰਾਉਣਾ

ਨਟਿੰਘਮ, 18 ਜੂਨ - ਟਵੰਟੀ-20 ਵਿਸ਼ਵ ਕੱਪ ਦੇ ਦੂਸਰੇ ਪੜਾਅ ਦੇ ਦੂਸਰੇ ਸੈਮੀਫਾਈਨਲ 'ਚ 19 ਜੂਨ ਨੂੰ ਨਟਿੰਘਮ ਟ੍ਰੇਟ ਬ੍ਰਿਜ ਸਟੇਡੀਅਮ ਵਿਚ ਸ੍ਰੀਲੰਕਾ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਵਿਚਕਾਲੇ ਮੁਕਾਬਲੇ ਹੋਣਗੇ। ਸ੍ਰੀਲੰਕਾ ਦੀ ਟੀਮ ਬੇਸ਼ਕ ਇਸ ਟੂਰਨਾਮੈਂਟ 'ਚ ਅਜੇ ਤੱਕ ਜੇਤੂ ਰਹੀ ਹੈ, ਪਰ ਉਸ ਲਈ ਵੈਸਟ ਇੰਡੀਜ਼ ਨੂੰ ਹਰਾਉਣਾ ਸੌਖਾ ਨਹੀਂ ਹੋਵੇਗਾ। ਸ੍ਰੀਲੰਕਾ ਨੇ ਗਰੁੱਪ ਪੱਧਰ 'ਤੇ ਆਪਣੇ ਦੋਵੇਂ ਮੈਚ ਜਿੱਤਣ ਦੇ ਨਾਲ-ਨਾਲ ਸੁਪਰ 8 ਦੌਰ ਦੇ ਤਿੰਨੇ ਮੈਚ ਵੀ ਜਿੱਤੇ ਹਨ। ਵੈਸਟ ਇੰਡੀਜ਼ ਨੇ ਗਰੁੱਪ ਮੈਚਾਂ 'ਚ ਇਕ ਜਿੱਤ ਪ੍ਰਾਪਤ ਕੀਤੀ ਸੀ, ਜਦਕਿ ਸੁਪਰ 8 ਦੌਰ 'ਚ 2 ਮੈਚ ਜਿੱਤੇ ਸਨ। ਗਰੁੱਪ ਪੱਧਰ 'ਤੇ ਵੈਸਟ ਇੰਡੀਜ਼ ਦਾ ਸਫਰ ਚੰਗਾ ਰਿਹਾ। ਉਸਨੇ ਆਸਟਰੇਲੀਆ ਨੂੰ ਹਰਾਇਆ ਸੀ, ਜਦ ਕਿ ਸ੍ਰੀਲੰਕਾ ਖਿਲਾਫ ਉਸਨੂੰ ਹਾਰ ਮਿਲੀ ਸੀ। ਸੁਪਰ 8 'ਚ ਵੈਸਟ ਇੰਡੀਜ਼ ਨੇ ਕੁੱਝ ਹੈਰਾਨ ਕਰਨ ਵਾਲੇ ਨਤੀਜੇ ਦਿੰਦੇ ਹੋਏ ਭਾਰਤ ਅਤੇ ਇੰਗਲੈਂਡ ਨੂੰ ਹਰਾਇਆ, ਜਦ ਕਿ ਦੱਖਣੀ ਅਫਰੀਕਾ ਖਿਲਾਫ ਉਸ ਨੂੰ ਹਾਰ ਨਸੀਬ ਹੋਈ। ਵਿਸ਼ੇਸ਼ ਗੱਲ ਇਹ ਹੈ ਕਿ ਸ੍ਰੀਲੰਕਾ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਇਸ ਵਿਸ਼ਵ ਕੱਪ 'ਚ ਇਸ ਤੋਂ ਪਹਿਲਾਂ ਵੀ ਇਕ ਵਾਰ ਭਿੜ ਚੁੱਕੀਆਂ ਹਨ। ਗਰੁੱਪ ਪੱਧਰ ਦੇ ਇਸ ਮੈਚ ਵਿਚ ਸ੍ਰੀਲੰਕਾ 15 ਦੌੜਾਂ ਨਾਲ ਜੇਤੂ ਰਿਹਾ ਸੀ, ਪਰ ਇਸ ਮੈਚ ਵਿਚ ਵੈਸਟ ਇੰਡੀਜ਼ ਦਾ ਕਪਤਾਨ ਕ੍ਰਿਸ ਗੇਲ ਨਹੀਂ ਖੇਡ ਸਕਿਆ ਸੀ। ਹਾਲ ਹੀ ਵਿਚ ਹੋਏ ਮੈਚਾਂ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੇਲ ਦੀ ਗੈਰ ਮੌਜੂਦਗੀ ਵਿਚ ਕੋਈ ਵੀ ਟੀਮ ਵੈਸਟ ਇੰਡੀਜ਼ ਨੂੰ ਹਰਾ ਸਕਦੀ ਹੈ, ਲੇਕਿਨ ਗੇਲ ਦੀ ਮੌਜੂਦਗੀ ਵਿਚ ਚੰਗੀਆਂ-ਚੰਗੀਆਂ ਟੀਮਾਂ ਘਬਰਾ ਜਾਂਦੀਆਂ ਹਨ। ਗੇਲ ਸ੍ਰੀਲੰਕਾ ਲਈ ਘਾਤਕ ਸਾਬਤ ਹੋ ਸਕਦੇ ਹਨ। ਲੇਕਿਨ ਬਰਾਵੋ, ਲੇਂਡਲ ਸਿਮੰਸ, ਫਿਡੇਲ ਐਡਵਰਡ, ਜੇ. ਟੇਲਰ, ਚੰਦਰਪਾਲ ਅਤੇ ਸਰਵਣ ਵਰਗੇ ਖਿਡਾਰੀਆਂ ਬਗੈਰ ਵੈਸਟ ਇੰਡੀਜ਼ ਸੈਮੀਫਾਈਨਲ ਜਿੱਤਣ ਬਾਰੇ ਸੋਚ ਵੀ ਨਹੀਂ ਸਕਦਾ। ਵੈਸਟ ਇੰਡੀਜ਼ ਨੂੰ ਖਾਸ ਤੌਰ 'ਤੇ ਬੱਲੇਬਾਜੀ 'ਚ ਗੇਲ, ਸਿੰਮਸ ਤੇ ਬਰਾਵੋ ਅਤੇ ਗੇਂਦਬਾਜੀ 'ਚ ਐਡਵਰਡ ਤੇ ਟੇਲਰ ਤੋਂ ਉਮੀਦ ਹੋਵੇਗੀ। ਸਰਵਨ ਅਤੇ ਚੰਦਰਪਾਲ ਦਾ ਤਜ਼ਰਬਾ ਵੀ ਕੰਮ ਆਵੇਗਾ। ਸਿੰਮਸ ਵੀ ਚੰਗੇ ਗੇਂਦਬਾਜ ਵਜੋਂ ਕੰਮ ਆ ਸਕਦੇ ਹਨ, ਸ੍ਰੀਲੰਕਾ ਦੇ ਖਿਲਾਫ ਹੋਏ ਗਰੁੱਪ ਮੈਚ 'ਚ ਉਸ ਨੇ ਚਾਰ ਵਿਕਟ ਪ੍ਰਾਪਤ ਕੀਤੇ ਸਨ। ਵੈਸਟ ਇੰਡੀਜ਼ ਦੇ ਬੱਲੇਬਾਜਾਂ ਨੂੰ ਸਭ ਤੋਂ ਵੱਧ ਮਲਿੰਗਾ, ਮੇਂਡਿਸ ਅਤੇ ਮੁਰਲੀਧਰਨ ਤੋਂ ਸਾਵਧਾਨ ਰਹਿਣਾ ਹੋਵੇਗਾ। ਜਦ ਕਿ ਵੈਸਟ ਇੰਡੀਜ਼ ਦੇ ਗੇਂਦਬਾਜਾਂ ਦੇ ਨਿਸ਼ਾਨੇ 'ਤੇ ਸ੍ਰੀਲੰਕਾ ਦੇ ਕਪਤਾਨ ਕੁਮਾਰ ਸੰਗਾਰਾਕਾ, ਦਿਲਸ਼ਾਨ, ਜੈ ਸੂਰਯਾ ਅਤੇ ਜੈਵਰਧਨੇ ਹੋਣਗੇ। ਸ੍ਰੀਲੰਕਾ ਟੀਮ ਦੇ ਇਹ ਚਾਰ ਬੱਲੇਬਾਜ ਬੇਹਤਰੀਨ ਫਾਰਮ 'ਚ ਹਨ। ਖਾਸ ਤੌਰ 'ਤੇ ਜੈ ਵਰਧਨੇ ਅਤੇ ਦਿਲਸ਼ਾਨ ਨੇ ਗਰੁੱਪ ਪੱਧਰ ਤੋਂ ਲੈ ਕੇ ਸੁਪਰ ਅੱਠ ਤੱਕ ਆਪਣੀ ਖੇਡ ਨਾਲ ਆਪਣੀ ਟੀਮ ਦਾ ਪੱਲੜਾ ਭਾਰੀ ਰੱਖਿਆ ਹੈ। ਵੈਸਟ ਇੰਡੀਜ਼ ਲਈ ਮੇਂਡਿਸ ਅਤੇ ਮੁਰਲੀਧਰਨ ਸਭ ਤੋਂ ਵੱਡਾ ਖ਼ਤਰਾ ਹੋ ਸਕਦੇ ਹਨ।

ਨਿਊਜ਼ੀਲੈਂਡ ਹੱਥੋਂ ਭਾਰਤ ਹਾਰਿਆ

ਨੋਟਿੰਘਮ, 18 ਜੂਨ - ਨੋਟਿੰਘਮ 'ਚ ਟ੍ਰੇਟ ਬ੍ਰਿਜ ਮੈਦਾਨ 'ਚ ਮਹਿਲਾ ਵਿਸ਼ਵ ਕੱਪ ਟਵੰਟੀ-20 ਚੱਲ ਰਿਹਾ ਹੈ। ਇਸ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਨਿਊਜੀਲੈਂਡ ਦੀ ਟੀਮ ਨੇ ਭਾਰਤ ਦੀ ਟੀਮ ਨੂੰ 52 ਦੌੜਾਂ ਨਾਲ ਹਰਾ ਦਿੱਤਾ। ਨਿਊਜੀਲੈਂਡ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਭਾਰਤੀ ਟੀਮ ਦੇ ਸਾਹਮਣੇ 146 ਦੌੜਾਂ ਦਾ ਟੀਚਾ ਰੱਖਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਨਿਊਜ਼ੀਲੈਂਡ ਦੀਆਂ ਖਿਡਾਰਣਾਂ ਨੇ ਮਿੱਥੇ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 145 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਕਪਤਾਨ ਸੂਜੀ ਬੇਟਸ ਨੇ ਅਜੇਤੂ ਰਹਿੰਦੇ 89 ਦੌੜਾਂ ਦਾ ਸਕੋਰ ਬਣਾਇਆ। ਬੇਟਸ ਨੇ 58 ਗੇਂਦਾਂ ਦਾ ਸਾਹਮਣਾ ਕਰਦੇ ਹੋਏ 10 ਚੌਕੇ ਅਤੇ 2 ਛੱਕੇ ਮਾਰੇ। ਭਾਰਤ ਵੱਲੋਂ ਅਮਿਤਾ ਸ਼ਰਮਾ ਨੇ 2 ਵਿਕਟ ਲਏ, ਜਦ ਕਿ ਰੂਮੇਲੀ ਧਾਰ ਅਤੇ ਪ੍ਰਿਅੰਕਾ ਰਾਏ ਨੇ ਇਕ-ਇਕ ਵਿਕਟ ਪ੍ਰਾਪਤ ਕੀਤੇ। ਭਾਰਤੀ ਟੀਮ ਨਿਊਜ਼ੀਲੈਂਡ ਵੱਲੋਂ ਮਿੱਥੇ ਨਿਸ਼ਾਨੇ ਦਾ ਪਿੱਛਾ ਕਰਦੇ ਹੋਏ 9 ਖਿਡਾਰਣਾਂ ਦੇ ਨੁਕਸਾਨ 'ਤੇ 20 ਓਵਰਾਂ 'ਚ ਕੇਵਲ 93 ਦੌੜਾਂ ਹੀ ਬਣਾ ਸਕੀ, ਜਿਸ ਵਿਚ ਏ. ਸ਼ਰਮਾ ਨੇ 24 ਅਤੇ ਐਮ. ਰਾਜ ਨੇ 20 ਦੌੜਾਂ ਦਾ ਯੋਗਦਾਨ ਪਾਇਆ।

ਹਾਕੀ ਇੰਡੀਆ ਤੇ ਗਿੱਲ ਹੋਏ ਘਿਓ ਖਿਚੜੀ

ਜਲੰਧਰ, 18 ਜੂਨ - ਨਵੀਂ ਬਣੀ ਹਾਕੀ ਦੇ ਵਿਕਾਸ ਦੀ ਕਮੇਟੀ 'ਹਾਕੀ ਇੰਡੀਆ' ਦੇ ਨਾਲ ਭਾਰਤੀ ਹਾਕੀ ਫੈਡਰੇਸ਼ਨ ਦੇ ਮੁਅੱਤਲ ਕੀਤੇ ਸਾਬਕਾ ਪ੍ਰਧਾਨ ਕੇ. ਪੀ. ਐਸ. ਗਿੱਲ ਅਤੇ ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਹੱਥ ਮਿਲਾ ਲਿਆ ਹੈ। ਭਾਰਤੀ ਉਲੰਪਿਕ ਐਸੋਸੀਏਸ਼ਨ ਵੱਲੋਂ ਇਕ ਸਾਲ ਪਹਿਲਾਂ ਭਾਰਤੀ ਹਾਕੀ ਫੈਡਰੇਸ਼ਨ ਨੂੰ ਭੰਗ ਕਰ ਦਿੱਤਾ ਸੀ। ਇਸ ਫੈਸਲੇ ਨਾਲ ਕੇ. ਪੀ. ਐਸ. ਗਿੱਲ ਇਕ ਤਰ੍ਹਾਂ ਨਾਲ ਦੇਸ਼ ਦੀ ਹਾਕੀ ਨਾਲੋਂ ਪੂਰੀ ਤਰ੍ਹਾਂ ਨਾਲ ਲਾਂਭੇ ਹੋ ਗਏ ਸਨ। ਇਸ ਤਰ੍ਹਾਂ ਨਾਲ ਗਿੱਲ ਵੱਲੋਂ ਨਵੇਂ ਪੈਂਤੜੇ ਕਾਰਨ ਹਾਕੀ ਇੰਡੀਆ ਦੀ ਕਮਾਨ 'ਤੇ ਨਜ਼ਰਾਂ ਗੱਡੀ ਬੈਠੇ ਬੰਗਾਲ ਹਾਕੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਹਾਰਾ ਗਰੁੱਪ ਦੇ ਐਮ. ਡੀ. ਜੀ. ਸੀ. ਰਾਏ ਦੀਆਂ ਆਸਾਂ ਤੇ ਇਕ ਵਾਰੀ ਪਾਣੀ ਫਿਰ ਗਿਆ ਹੈ। ਐਫ. ਆਈ. ਐਚ. ਨੇ ਦੂਸਰੇ ਬਦਲ ਦੇ ਰੂਪ ਵਿਚ ਹਾਕੀ ਇੰਡੀਆ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ ਤੇ ਪੁਰਸ਼ ਤੇ ਪਹਿਲਾਂ ਹਾਕੀ ਫੈਡਰੇਸ਼ਨਾਂ ਇਕ ਛੱਤਰੀ ਹੇਠ ਆ ਗਏ ਹਨ। ਜੇ ਗਿੱਲ ਦੀ ਪਕੜ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਨਾਲ 18 ਤੋਂ 20 ਹਾਕੀ ਦੀਆਂ ਐਸੋਸੀਏਸ਼ਨਾਂ ਹਨ। ਇਹ ਗੱਲ ਭਾਰਤੀ ਉਲੰਪਿਕ ਐਸੋਸੀਏਸ਼ਨ ਵੀ ਜਾਣਦੀ ਹੈ ਤੇ ਜੇ. ਬੀ. ਰਾਏ ਨੂੰ ਵੀ ਜਾਣਕਾਰੀ ਹੈ ਇਸੇ ਕਾਰਨ ਆਈ. ਓ. ਏ. ਨੇ ਗਿੱਲ ਵੱਲ ਦੋਸਤੀ ਦਾ ਹੱਥ ਵਧਾਇਆ ਹੈ। ਦੂਜੇ ਪਾਸੇ ਜਿੱਥੋਂ ਤੱਕ ਆਈ. ਓ. ਏ ਦਾ ਸਵਾਲ ਹੈ ਇਸ ਦੀ ਨਜ਼ਰ 2010 ਦੇ ਵਿਸ਼ਵ ਹਾਕੀ ਕੱਪ ਤੋਂ ਮਿਲਣ ਵਾਲੀ ਸਪਾਂਸਰਸ਼ਿਪ 'ਤੇ ਹੈ ਅਤੇ ਇਸ ਨੇ ਇਸ ਕਰਕੇ ਸਾਰਾ ਚੱਕਰ ਚਲਾਇਆ ਹੈ ਤੇ ਇੰਡੀਅਨ ਉਲੰਪਿਕ ਐਸੋਸੀਏਸ਼ਨ ਇਹ ਚਾਹੁੰਦੀ ਹੈ ਕਿ 2010 ਵਿਸ਼ਵ ਕੱਪ ਇਸ ਹਾਕੀ ਇੰਡੀਆ ਦੀ ਬਣੀ ਕਮੇਟੀ ਦੀ ਦੇਖ-ਰੇਖ ਹੇਠ ਹੀ ਕਰਵਾ ਦਿੱਤਾ ਜਾਵੇ ਤੇ ਇਸ ਦਾ ਸਾਰਾ ਕੰਟਰੋਲ ਇਸ ਦੇ ਹੱਥਾਂ ਵਿਚ ਹੀ ਰਹੇ। ਇਸ ਕਾਰਨ ਇਸ ਨੇ ਗਿੱਲ ਨਾਲ ਹੱਥ ਮਿਲਾਇਆ ਹੈ।

ਵਿਸ਼ਵ ਚੈਂਪੀਅਨਸ਼ਿਪ ਲਈ ਟੀਮਾਂ ਦੀ ਚੋਣ ਜੁਲਾਈ ਦੇ ਪਹਿਲੇ ਹਫ਼ਤੇ

ਪਟਿਆਲਾ, 18 ਜੂਨ - ਵਿਸ਼ਵ ਚੈਂਪੀਅਨਸ਼ਿਪ ਨੇਪਾਲ ਵਿਖੇ 12 ਤੋਂ 14 ਸਤੰਬਰ ਤੱਕ ਕਰਵਾਈ ਜਾ ਰਹੀ ਹੈ। ਇਸ ਦੇ ਲਈ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਟੀਮਾਂ ਦੀ ਚੋਣ ਕੀਤੀ ਜਾਵੇਗੀ। ਵਰਲਡ ਗਲੋਬਲ ਸਪੋਰਟਸ ਸਪਿਰਟ ਇੰਕ ਆਫ ਯੌਂਕਰਜ ਵੱਲੋਂ ਅਗਲੇ ਮਹੀਨੇ ਕਰਵਾਏ ਜਾਣ ਵਾਲੇ ਕਬੱਡੀ ਟੂਰਨਾਮੈਂਟ ਲਈ ਭਾਰਤੀ ਟੀਮ ਆਲ ਇੰਡੀਆ ਸਰਕਲ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਹਿੱਸਾ ਲਵੇਗੀ। ਨਿਊਯਾਰਕ 'ਚ ਰਿਚਮੰਡ ਹਿਲਜੇ ਵਿਖੇ ਹੋਣ ਵਾਲੇ ਇਸ ਟੂਰਨਾਮੈਂਟ ਲਈ ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਦੀ ਚੋਣ ਜਲਦ ਹੀ ਕਰ ਲਈ ਜਾਵੇਗੀ।

ਟਵੈਂਟੀ-20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ 'ਚ ਹੁਣ ਤੱਕ ਦਾ ਭਾਰਤੀ ਟੀਮ ਦਾ ਸਫ਼ਰ

ਨਵੀਂ ਦਿੱਲੀ, 17 ਜੂਨ - ਭਾਰਤੀ ਟੀਮ ਇਸ ਵਾਰ ਸੁਪਰ-8 ਗੇੜ ਦੇ ਸਾਰੇ ਮੈਚ ਜਿੱਤ ਕੇ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ। ਦੋ ਸਾਲ ਪਹਿਲਾਂ ਦੱਖਣੀ ਅਫਰੀਕਾ 'ਚ ਟਵੈਂਟੀ-20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਮਹਿੰਦਰ ਸਿੰਘ ਧੋਨੀ ਦੀ ਨੌਜਵਾਨ ਟੀਮ ਨੇ ਜਿੱਤਿਆ ਸੀ ਪਰ ਇਸ ਵਾਰ ਭਾਰਤੀ ਟੀਮ ਸੁਪਰ-8 ਗੇੜ ਦੇ ਸਾਰੇ ਮੈਚ ਜਿੱਤ ਕੇ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ। 16 ਜੂਨ ਨੂੰ ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਨੇ 12 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅਫਰੀਕਾ ਨੇ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 130 ਦੌੜਾਂ ਬਣਾਈਆਂ। ਜਿਸ 'ਚ ਏਬੀ. ਡਵਿਲੀਅਰ ਨੇ 63 ਦੌੜਾਂ, ਗ੍ਰੀਮ ਸਮਿੱਥ ਨੇ 26, ਬਾਊਚਰ ਨੇ 11 ਅਤੇ ਦੁਮਿਨੀ ਨੇ 10 ਦੌੜਾਂ ਬਣਾ ਕੇ ਅਹਿਮ ਯੋਗਦਾਨ ਪਾਇਆ। 131 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ 8 ਵਿਕਟਾਂ ਦੇ ਨੁਕਸਾਨ 'ਤੇ 118 ਦੌੜਾਂ ਹੀ ਬਣਾ ਸਕੀ। ਭਾਰਤ ਵੱਲੋਂ ਰੋਹਿਤ ਸ਼ਰਮਾ ਨੇ 29, ਯੁਵਰਾਜ ਸਿੰਘ ਨੇ 25, ਗੰਭੀਰ ਨੇ 21 ਤੇ ਹਰਭਜਨ ਸਿੰਘ ਨੇ 14 ਦੌੜਾਂ ਦਾ ਯੋਗਦਾਨ ਪਾਇਆ। ਪਹਿਲੇ ਟੂਰਨਾਮੈਂਟ 'ਚ ਭਾਰਤੀ ਟੀਮ ਇਕ ਮੈਚ ਹਾਰ ਕੇ ਵਿਸ਼ਵ ਚੈਂਪੀਅਨ ਬਣਿਆ ਸੀ। ਜਦਕਿ ਇਸ ਟੂਰਨਾਮੈਂਟ 'ਚ ਸਹੀ ਮਾਅਨਿਆਂ 'ਚ ਭਾਰਤੀ ਟੀਮ ਕੋਈ ਵੀ ਮੈਚ ਨਹੀਂ ਜਿੱਤਿਆ। ਗਰੁੱਪ ਮੈਚਾਂ 'ਚ ਭਾਰਤ ਨੇ ਆਇਰਲੈਂਡ ਅਤੇ ਬੰਗਲਾਦੇਸ਼ ਵਰਗੀਆਂ ਮਾੜੀਆਂ ਟੀਮਾਂ ਨੂੰ ਹਰਾਇਆ ਜਦਕਿ ਸੁਪਰ-8 ਗੇੜ 'ਚ ਵੈਸਟ ਇੰਡੀਜ਼, ਇੰਗਲੈਂਡ ਅਤੇ ਦੱਖਣੀ ਅਫਰੀਕਾ ਹੱਥੋਂ ਹਾਰ ਦਾ ਮੂੰਹ ਦੇਖਣਾ ਪਿਆ। ਟੂਰਨਾਮੈਂਟ ਦੌਰਾਨ ਭਾਰਤੀ ਟੀਮ ਦਾ ਗਰੁੱਪ ਮੈਚ-ਪਹਿਲਾ ਮੈਚ-ਭਾਰਤ ਨੇ ਬੰਗਲਾਦੇਸ਼ ਨੂੰ 25 ਦੌੜਾਂ ਨਾਲ ਹਰਾਇਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 180 ਦੌੜਾਂ ਬਣਾਈਆਂ। ਜਵਾਬ 'ਚ ਬੰਗਲਾਦੇਸ਼ ਨੇ 8 ਵਿਕਟਾਂ ਦੇ ਨੁਕਸਾਨ 'ਤੇ 155 ਦੌੜਾਂ ਹੀ ਬਣਾ ਸਕੀ। 21 ਦੌੜਾਂ ਦੇ ਕੇ ਚਾਰ ਵਿਕਟਾਂ ਪ੍ਰਾਪਤ ਕਰਨ ਵਾਲੇ ਪ੍ਰਗਿਆਨ ਓਝਾ ਨੂੰ ਮੈਨ ਆਫ਼ ਦੀ ਮੈਚ ਐਲਾਨਿਆ।
ਦੂਜਾ ਮੈਚ-ਭਾਰਤ ਨੇ ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾਇਆ। ਪਹਿਲਾਂ ਗੇਂਦਬਾਜ਼ੀ ਕਰਦਿਆਂ ਭਾਰਤ ਨੇ ਆਇਰਲੈਂਡ ਨੂੰ 18 ਓਵਰਾਂ ਦੇ ਮੈਚ 'ਚ 112 ਦੌੜਾਂ 'ਤੇ ਹੀ ਰੋਕ ਦਿੱਤਾ ਅਤੇ ਨਿਰਧਾਰਤ ਟੀਚਾ 15.3 ਓਵਰਾਂ 'ਚ ਦੋ ਵਿਕਟਾਂ ਗਵਾ ਕੇ ਹੀ ਪ੍ਰਾਪਤ ਕਰ ਲਿਆ। 19 ਦੌੜਾਂ ਦੇ ਕੇ ਚਾਰ ਵਿਕਟਾਂ ਪ੍ਰਾਪਤ ਕਰਨ ਵਾਲੇ ਜ਼ਹੀਰ ਖਾਨ ਨੂੰ ਮੈਨ ਆਫ਼ ਦੀ ਮੈਚ ਐਲਾਨਿਆ ਗਿਆ।
ਸੁਪਰ-8 ਗੇੜ-ਪਹਿਲਾ ਮੈਚ-ਵੈਸਟ ਇੰਡੀਜ਼ ਨੇ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ਦੇ ਨੁਕਸਾਨ 'ਤੇ 153 ਦੌੜਾਂ ਬਣਾਈਆਂ। ਜਵਾਬ 'ਚ ਵੈਸਟ ਇੰਡੀਜ਼ ਨੇ 18.4 ਓਵਰਾਂ 'ਚ ਤਿੰਨ ਵਿਕਟਾਂ ਗਵਾ ਕੇ ਹੀ ਟੀਚਾ ਪ੍ਰਾਪਤ ਕਰ ਲਿਆ। ਨਾਬਾਦ 66 ਦੌੜਾਂ ਬਣਾਉਣ ਵਾਲਾ ਡਵੇਨ ਬਰੇਵੋ ਮੈਨ ਆਫ਼ ਦੀ ਮੈਚ ਚੁਣਿਆ ਗਿਆ।
ਦੂਜਾ ਮੈਚ-ਇੰਗਲੈਂਡ ਨੇ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰਨ ਦੀ ਟਿਕਟ ਪੱਕੀ ਕਰ ਦਿੱਤੀ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਭਾਰਤ ਨੇ ਇੰਗਲੈਂਡ ਨੂੰ 153 ਦੌੜਾਂ 'ਤੇ ਸੀਮਤ ਕਰ ਦਿੱਤਾ। 31 ਦੌੜਾਂ ਦੇ ਕੇ 2 ਵਿਕਟਾਂ ਲੈਣ ਵਾਲੇ ਰੇਆਨ ਸਾਈਡਬੌਟਮ ਨੂੰ ਮੈਨ ਆਫ਼ ਦੀ ਮੈਚ ਐਲਾਨਿਆ ਗਿਆ।
ਤੀਜਾ ਮੈਚ-ਦੱਖਣੀ ਅਫਰੀਕਾ ਨੇ ਭਾਰਤ ਨੂੰ 12 ਦੌੜਾਂ ਨਾਲ ਹਰਾ ਕੇ ਕਿਸੇ ਪਾਸੇ ਵੀ ਮੂੰਹ ਦਿਖਾਉਣ ਜੋਗਾ ਨਾ ਛੱਡਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅਫਰੀਕਾ ਨੇ 5 ਵਿਕਟਾਂ ਦੇ ਨੁਕਸਾਨ 'ਤੇ 130 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ ਭਾਰਤੀ ਟੀਮ 8 ਵਿਕਟਾਂ ਦੇ ਨੁਕਸਾਨ 'ਤੇ 118 ਦੌੜਾਂ ਹੀ ਬਣਾ ਸਕੀ। 63 ਦੌੜਾਂ ਹੀ ਪਾਰੀ ਖੇਡਣ ਵਾਲੇ ਅਬਰਾਹੀਮ ਡਵਿਲੀਅਰਜ਼ ਨੂੰ ਮੈਨ ਆਫ਼ ਦੀ ਮੈਚ ਐਲਾਨਿਆ ਗਿਆ।
ਸੁਪਰ-8 ਗੇੜ ਦਾ ਸਭ ਤੋਂ ਦੁੱਖਦਾਈ ਪੱਖ ਇਹ ਰਿਹਾ ਕਿ ਆਪਣੀ ਮਜਬੂਤ ਬੱਲੇਬਾਜ਼ੀ ਦੇ ਦਮਗਜ਼ੇ ਮਾਰਨ ਵਾਲੀ ਟੀਮ ਇੰਡੀਆ ਦੋ ਵਾਰ ਤਾਂ ਟੀਚਾ ਪੂਰਾ ਕਰਨ 'ਚ ਵੀ ਨਾਕਾਮ ਰਹੀ।

27ਵੀਂ ਰਾਸ਼ਟਰੀ ਸਾਫਟਬਾਲ ਚੈਂਪੀਅਨਸ਼ਿਪ 'ਚ ਸੋਨ ਤਗਮਾ ਪੰਜਾਬ ਦੀ ਝੋਲੀ 'ਚ

ਸੰਗਰੂਰ, 17 ਜੂਨ - ਰਾਸ਼ਟਰੀ ਜੂਨੀਅਰ ਸਾਫਟਬਾਲ ਚੈਂਪੀਅਨਸ਼ਿਪ ਹਿਮਾਚਲ ਦੇ ਮੰਡੀ ਸ਼ਹਿਰ ਵਿਚ ਕਰਵਾਈ ਗਈ। ਇਸ ਰਾਸ਼ਟਰੀ ਜੂਨੀਅਰ ਸਾਫਟਬਾਲ ਚੈਂਪੀਅਨਸ਼ਿਪ 'ਚ ਪੰਜਾਬ ਦੀ ਟੀਮ ਨੇ ਕੇਰਲਾ ਨੂੰ ਹਰਾ ਕੇ ਸੋਨ ਤਮਗਾ ਜਿੱਤ ਲਿਆ। 27ਵੀਂ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਦੇਸ਼ ਭਰ ਵਿਚੋਂ 20 ਟੀਮਾਂ ਪੁੱਜੀਆਂ ਸਨ। ਇਸ 15 ਮੈਂਬਰੀ ਟੀਮ ਵਿਚ ਤਿੰਨ ਖਿਡਾਰੀ ਹੋਲੀ ਹਾਰਟ ਸਕੂਲ ਸੰਗਰੂਰ ਦੇ ਸਨ।

ਅੰਮ੍ਰਿਤਸਰ ਦੇ ਦੋ ਖਿਡਾਰੀ ਅੰਡਰ-16 ਟੀਮ 'ਚ ਸ਼ਾਮਿਲ

ਅੰਮ੍ਰਿਤਸਰ, 17 ਜੂਨ - ਦੇਸ਼ ਦੀ ਅੰਡਰ 16 ਟੀਮ ਲਈ ਡੀ. ਏ. ਵੀ. ਸਕੂਲ ਹਾਥੀ ਗੇਟ ਅੰਮ੍ਰਿਤਸਰ ਦੇ ਦੋ ਕ੍ਰਿਕਟ ਖਿਡਾਰੀ ਵਿਨੈ ਚੌਧਰੀ ਅਤੇ ਕਲਮਪਾਸ਼ੀ ਚੁਣੇ ਗਏ ਹਨ। ਇਹ ਦੋਵੇਂ ਹੀ ਗੇਂਦਬਾਜ਼ ਹਨ ਅਤੇ ਮੰਗਲੌਰ ਵਿਖੇ ਹੇਂਮਤ ਸਿੰਘ ਟਰਾਫੀ ਲਈ ਹੋਏ ਮੁਕਾਬਲੇ ਵਿਚ ਸ਼ਾਮਿਲ ਹੋਣ ਲਈ ਗਏ ਸਨ। ਉਥੇ ਹੀ ਇਨ੍ਹਾਂ ਦੀ ਖੇਡ ਨੂੰ ਦੇਖਦਿਆਂ ਅੰਡਰ-16 ਦੀ ਟੀਮ ਲਈ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਨੇ ਫਿਰਕੀ ਗੇਂਦਬਾਜ਼ ਅਤੇ ਕਮਲ ਤੇਜ਼ ਗੇਂਦਬਾਜ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਪੰਜਾਬ ਵਿਚੋਂ ਜਲੰਧਰ ਦੇ ਗੁਰਕੀਰਤ ਸਿੰਘ ਦੀ ਵੀ ਚੋਣ ਹੋਈ ਹੈ ਅਤੇ ਉਹ ਵੀ ਗੇਂਦਬਾਜ਼ ਹੈ। ਇੰਝ ਪੰਜਾਬ ਵਿਚੋਂ ਤਿੰਨ ਖਿਡਾਰੀਆਂ ਦੀ ਭਾਰਤ ਦੀ ਅੰਡਰ-16 ਟੀਮ ਲਈ ਚੋਣ ਹੋਈ ਹੈ। 19ਵੀਂ ਸਬ ਜੂਨੀਅਰ ਰਾਸ਼ਟਰੀ ਬੇਸਬਾਲ ਅਤੇ 7ਵੇਂ ਫੈਡਰੇਸ਼ਨ ਕੱਪ 'ਚ ਸ਼ਾਮਿਲ ਹੋਣ ਵਾਲੇ ਪੰਜਾਬੀ ਖਿਡਾਰੀ ਲੁਧਿਆਣਾ, 17 ਜੂਨ - 19ਵੀਂ ਸਬ-ਜੂਨੀਅਰ ਰਾਸ਼ਟਰੀ ਬੇਸਬਾਲ ਚੈਂਪੀਅਨਸ਼ਿਪ (ਮੁੰਡੇ ਤੇ ਕੁੜੀਆਂ) 2 ਤੋਂ 6 ਜੁਲਾਈ ਤੱਕ ਥੋਡੋ ਗਰਾਉਂਡ ਅਤੇ ਯੂਨੀਵਰਸਿਟੀ ਗਰਾਉਂਡ ਸੋਲਨ ਹਿਮਾਚਲ ਪ੍ਰਦੇਸ਼ ਵਿਖੇ ਕਰਵਾਈ ਜਾ ਰਹੀ ਹੈ ਅਤੇ 7ਵਾਂ ਸੀਨੀਅਰ ਫੈਡਰੇਸ਼ਨ ਕੱਪ ਮਰਦ ਅਤੇ ਇਸਤਰੀਆਂ ਦਾ ਜੋ 12 ਤੋਂ 14 ਜੁਲਾਈ ਤੱਕ ਪੁਲਿਸ ਗਰਾਉਂਡ ਕੱਟਕ, ਉੜੀਸਾ ਵਿਖੇ ਹੋ ਰਿਹਾ ਹੈ ਇਸ ਵਾਸਤੇ ਪੰਜਾਬ ਦੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚਾਰੇ ਟੀਮਾਂ ਦੇ ਮੈਂਬਰਾਂ ਦੇ ਨਾਮ ਇਸ ਤਰ੍ਹਾਂ ਹਨ।
ਫੈਡਰੇਸ਼ਨ ਕੱਪ (ਮਰਦਾਂ ਦੀ ਟੀਮ)-ਹਰਨੇਕ ਸਿੰਘ (ਕਪਤਾਨ), ਜਤਿੰਦਰ ਸਿੰਘ, ਅਮਿਤ ਕੁਮਾਰ, ਪਵਨ ਕੁਮਾਰ, ਅਰੁਣ ਕੁਮਾਰ, ਸੁਨੀਲ ਪਟੇਲ, ਹਰਮੀਤ ਸਿੰਘ, ਰਾਜਦੀਪ ਸਿੰਘ, ਮਨੀਸ਼, ਪਰਮੋਦ ਕੁਮਾਰ, ਨਮਿਤ, ਪ੍ਰਧਾਨ ਮੋਹਿਤ ਭਾਵਰਾ, ਚੰਕੀ ਭਾਵਰਾ, ਜਤਿਨ, ਅਬਦੁੱਲ, ਟੀਮ ਦੇ ਕੋਚ ਸੁਖਦੇਵ ਸਿੰਘ ਹੋਣਗੇ।
ਫੈਡਰੇਸ਼ਨ ਕੱਪ (ਇਸਤਰੀਆਂ ਦੀ ਟੀਮ)-ਕੁਲਜੀਤ ਕੌਰ ਕਪਤਾਨ, ਅਮਨਦੀਪ ਕੌਰ, ਨਵਦੀਪ ਕੌਰ, ਦਲਜੀਤ ਕੋਰ, ਸੁਖਜੀਤ ਕੌਰ, ਬਲਜੀਤ ਕੌਰ, ਵੀਰਪਾਲ ਕੌਰ, ਅਮਰਜੀਤ ਕੌਰ, ਨੇਹਾ, ਮਾਧਵੀ, ਪ੍ਰੀਆ, ਮੋਨਿਕਾ ਰਾਣੀ, ਰੇਖਾ, ਨਵਰਿਤਾ, ਪ੍ਰਦੀਪ ਕੌਰ, ਹਰਦੀਪ ਕੌਰ, ਟੀਮ ਦੇ ਕੋਚ ਹਰਵੀਰ ਸਿੰਘ ਗਿੱਲ ਅਤੇ ਮੈਨੇਜਰ ਹਰਵਿੰਦਰ ਕੌਰ ਹੋਣਗੇ।
ਸਬ ਜੂਨੀਅਰ ਮੁੰਡਿਆਂ ਦੀ ਟੀਮ-ਜਤਿਨ ਕਪਤਾਨ, ਦਲਬੀਰ ਸਿੰਘ, ਪਾਰਸ, ਅਨਮੋਲ ਸਿੰਘ, ਇਕਬਾਲ ਸਿੰਘ, ਸੂਰਜ ਚੌਹਾਨ, ਜਲਿਤ, ਪਕੰਜ, ਗੌਰਵ ਸ਼ਰਮਾ, ਜਗਮਿੰਦਰ ਸਿੰਘ, ਪਰਗਟ ਸਿੰਘ, ਸ਼ਿਵਮ, ਮੁਖਚੰਦਨ, ਪਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਵਿੰਦਰ ਸਿੰਘ, ਮਨਵੀਰ ਸਿੰਘ, ਦਲਜੀਤ ਸਿੰਘ, ਟੀਮ ਦੇ ਕੋਚ ਹਰੀਸ਼ ਕੁਮਾਰ ਤੇ ਮੈਨੇਜਰ ਮਨੀਸ਼ਾ ਹੋਣਗੇ।
ਸਬ ਜੂਨੀਅਰ ਲੜਕੀਆਂ ਦੀ ਟੀਮ-ਰਮਨ (ਕਪਤਾਨ), ਤਰੁਨਵ, ਨੀਲਮ, ਸਮਰ, ਨੇਹਾ, ਮਨਸੀ, ਪਰਵਿੰਦਰ ਕੌਰ, ਕਮੋਧੰਨੀ, ਦੀਕਸ਼ਾ, ਗੁਰਦੀਪ ਕੌਰ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਇਸ਼ਾ ਭਾਰਦਵਾਜ, ਰੇਖਾ, ਸਮਰਿਧੀ, ਸਿਮਰਜੀਤ ਕੌਰ, ਸ਼ਰਿਤਾ, ਅਮਨਦੀਪ ਕੌਰ, ਟੀਮ ਦੇ ਕੋਚ ਸੁਖਦੇਵ ਸਿੰਘ ਅਤੇ ਮਨੈਜਰ ਬਲਜਿੰਦਰ ਕੌਰ ਹੋਣਗੇ।
ਈਸਟਬੌਰਨ (ਇੰਗਲੈਂਡ) ਵਿਖੇ ਖੇਡੇ ਜਾ ਰਹੇ ਈਸਟਬੌਰਨ ਗਰਾਸ ਕੋਰਟ ਟੈਨਿਸ ਟੂਰਨਾਮੈਂਟ ਦੇ ਸਿੰਗਲਜ਼ ਮੁਕਾਬਲੇ 'ਚ ਫਰਾਂਸ ਦੀ ਅਮੇਲੀ ਮੈਰੈਸਮੋ ਰੂਸ ਦੀ ਵੇਰਾ ਵਨੋਰੇਵਾ ਦੇ ਸ਼ਾਟ ਨੂੰ ਮੋੜਦੀ ਹੋਈ। ਮੋਰੈਸਮੋ ਨੇ ਇਹ ਮੈਚ 6-3, 1-6, 6-3 ਅੰਕਾਂ ਨਾਲ ਜਿੱਤਿਆ।

ਵੈਸਟ ਇੰਡੀਜ਼ ਦੌਰੇ ਲਈ ਚੁਣੀ ਗਈ ਭਾਰਤੀ ਟੀਮ

ਨਵੀਂ ਦਿੱਲੀ, 17 ਜੂਨ - ਵੈਸਟ ਇੰਡੀਜ਼ ਦਾ ਦੌਰਾ 26 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੇ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਲਈ 16 ਮੈਂਬਰੀ ਭਾਰਤੀ ਟੀਮ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅਤੇ ਜ਼ਹੀਰ ਖਾਨ ਨੂੰ ਆਰਾਮ ਦਿੱਤਾ ਗਿਆ ਹੈ ਜਦਕਿ ਤੇਜ਼ ਗੇਂਦਬਾਜ਼ ਅਸ਼ੀਸ਼ ਨੇਹਰਾ ਨੂੰ ਪੂਰੇ ਚਾਰ ਸਾਲ ਬਾਅਦ ਟੀਮ 'ਚ ਮੁੜ ਜਗ੍ਹਾ ਦਿੱਤੀ ਗਈ ਹੈ। ਭਾਰਤ ਨੇ ਵੈਸਟ ਇੰਡੀਜ਼ 'ਚ 4 ਇਕ ਦਿਨਾ ਮੈਚਾਂ ਦੀ ਲੜੀ ਖੇਡਣੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਸ੍ਰੀ ਐੱਨ. ਸ੍ਰੀਨਿਵਾਸਨ ਨੇ ਟੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਖ਼ਮੀ ਹੋਣ ਕਾਰਨ ਸੁਰੇਸ਼ ਰੈਨਾ ਅਤੇ ਵਰਿੰਦਰ ਸਹਿਵਾਗ ਦੇ ਨਾਮ 'ਤੇ ਵਿਚਾਰ ਵੀ ਨਹੀਂ ਕੀਤਾ ਗਿਆ ਜਦਕਿ ਇਰਫਾਨ ਪਠਾਨ ਨੂੰ ਵੀ ਟੀਮ 'ਚ ਜਗ੍ਹਾ ਨਹੀਂ ਦਿੱਤੀ ਗਈ ਹੈ। ਭਾਰਤੀ ਟੀਮ 17 ਜੂਨ ਨੂੰ ਲੰਦਨ ਤੋਂ ਹੀ ਵੈਸਟ ਇੰਡੀਜ਼ ਨੂੰ ਰਵਾਨਾ ਹੋ ਜਾਵੇਗੀ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਅਤੇ ਯੁਵਰਾਜ ਸਿੰਘ ਉੱਪ-ਕਪਤਾਨੀ ਵਾਲੀ ਚੁਣੀ ਗਈ ਟੀਮ 'ਚ ਅਭਿਸ਼ੇਕ ਨਾਇਰ ਨੂੰ ਨਵੇਂ ਚਿਹਰੇ ਵਜੋਂ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ। ਚੁਣੀ ਗਈ ਟੀਮ ਇਸ ਪ੍ਰਕਾਰ ਹੈ-ਮਹਿੰਦਰ ਸਿੰਘ ਧੋਨੀ (ਕਪਤਾਨ), ਯੁਵਰਾਜ ਸਿੰਘ (ਉੱਪ-ਕਪਤਾਨ), ਗੌਤਮ ਗੰਭੀਰ, ਰੋਹਿਤ ਸ਼ਰਮਾ, ਹਰਭਜਨ ਸਿੰਘ, ਪ੍ਰਗਿਆਨ ਓਝਾ, ਯੂਸਫ਼ ਪਠਾਨ, ਮੁਰਲੀ ਵਿਜੇ, ਐੱਸ. ਬਦਰੀਨਾਥ, ਆਰ. ਪੀ. ਸਿੰਘ, ਪ੍ਰਵੀਨ ਕੁਮਾਰ, ਇਸ਼ਾਂਤ ਕੁਮਾਰ, ਅਭਿਸ਼ੇਕ ਨਾਇਰ, ਅਸ਼ੀਸ਼ ਨੇਹਰਾ, ਰਵਿੰਦਰ ਜਡੇਜਾ ਅਤੇ ਦਿਨੇਸ਼ ਕਾਰਤਿਕ।

ਸ੍ਰੀਲੰਕਾ ਸੈਮੀਫਾਈਨਲ 'ਚ

ਨੋਟਿੰਘਮ, 16 ਜੂਨ - ਨੋਟਿੰਘਮ ਵਿਖੇ ਟਵੰਟੀ -20 ਵਿਸ਼ਵ ਕੱਪ ਮੈਚ ਚੱਲ ਰਿਹਾ ਹੈ। ਇਸ ਦੇ ਸੁਪਰਲੀਗ ਟਵੰਟੀ-20 ਵਿਸ਼ਵ ਕੱਪ ਮੈਚ ਵਿਚ ਸ੍ਰੀਲੰਕਾ ਨਿਊਜ਼ੀਲੈਂਡ ਨੂੰ 48 ਦੌੜਾਂ ਦੇ ਫਰਕ ਨਾਲ ਹਰਾ ਕੇ ਲੜੀ ਦੇ ਸੈਮੀਫਾਈਨਲ 'ਚ ਪੁੱਜ ਗਿਆ ਹੈ। ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੁੱਲ ਓਵਰਾਂ ਵਿਚ 158 ਦੌੜਾਂ ਬਣਾ ਕੇ ਨਿਊਜ਼ੀਲੈਂਡ ਅੱਗੇ 159 ਦੌੜਾਂ ਦਾ ਟੀਚਾ ਰੱਖਿਆ। ਪਰ ਨਿਊਜ਼ੀਲੈਂਡ ਦੀ ਟੀਮ 17 ਓਵਰਾਂ ਵਿਚ 110 ਦੌੜਾਂ ਬਣਾ ਕੇ ਹੀ ਢੇਰ ਹੋ ਗਈ। ਇਸਤਰ੍ਹਾਂ 48 ਦੌੜਾਂ ਦੇ ਫਰਕ ਨਾਲ ਸ੍ਰੀਲੰਕਾ ਨੇ ਮੈਚ ਜਿੱਤ ਲਿਆ। ਨਿਊਜ਼ੀਲੈਂਡ ਦੀ ਪਾਰੀ ਵਿਚ ਮਾਰਟਿਨ ਗੁਪਟਿਲ ਨੇ 43, ਐਰੋਨ ਰੇਡਮੰਡ ਨੇ 13 ਗੇਂਦਾਂ ਤੋਂ 23 ਦੌੜਾਂ ਦਾ ਯੋਗਦਾਨ ਪਾਇਆ। ਨਿਊਜ਼ੀਲੈਂਡ ਦੀ ਪਹਿਲੀ ਵਿਕਟ 30 ਦੌੜਾਂ 'ਤੇ ਡਿੱਗੀ ਜਦੋਂ ਕਿ ਟੀਮ ਨੇ ਆਪਣੀ ਆਖਰੀ ਵਿਕਟ 110ਵੀਂ ਦੌੜ 'ਤੇ ਗਵਾ ਲਈ। ਸ੍ਰੀਲੰਕਾ ਦੀ ਪਾਰੀ ਵਿਚ ਮਾਹੇਲਾ ਜੈਅਵਰਧਨ ਨੇ 41, ਤਿਲਕ ਰਤਨ ਨੇ 48 ਅਤੇ ਕੁਮਾਰ ਸੰਗਾਕਾਰਾ ਨੇ 35 ਦੌੜਾਂ ਬਣਾਈਆਂ। ਇਸਤਰ੍ਹਾਂ ਨਿਊਜ਼ੀਲੈਂਡ ਨੂੰ ਹਰਾ ਕੇ ਸ੍ਰੀਲੰਕਾ ਟਵੰਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪੁੱਜ ਗਿਆ ਹੈ। ਸੁਪਰ-8 ਗੇੜ ਦੇ ਇਕ ਹੋਰ ਮੈਚ ਵਿਚ ਦੱਖਣੀ ਅਫਰੀਕਾ ਨੇ ਭਾਰਤ ਨੂੰ 12 ਦੌੜਾਂ ਨਾਲ ਹਰਾ ਦਿੱਤਾ।

ਹਾਕੀ ਇੰਡੀਆ' (ਐਚ.ਆਈ.) ਨੂੰ ਮਾਨਤਾ

ਨਵੀਂ ਦਿੱਲੀ, 16 ਜੂਨ - ਹਾਕੀ ਇੰਡੀਆ ਨੂੰ ਮਾਨਤਾ ਦਿੱਤੀ ਗਈ ਹੈ। ਫੈਡਰੇਸ਼ਨ ਇੰਟਰਨੈਸ਼ਨਲ ਡੀ ਹਾਕੀ (ਐਫ਼.ਆਈ.ਐਚ.) ਨੇ ਹਾਕੀ ਇੰਡੀਆ (ਐਚ.ਆਈ.) ਨੂੰ ਰਸਮੀ ਤੌਰ 'ਤੇ ਦੇਸ਼ ਵਿਚ (ਪੁਰਸ਼ ਅਤੇ ਮਹਿਲਾ) ਖੇਡ ਨੂੰ ਚਲਾਉਣ ਵਾਲੀ ਇਕੱਲੀ ਇਕਾਈ ਦੇ ਰੂਪ ਵਿਚ ਮਾਨਤਾ ਦੇ ਦਿੱਤੀ ਹੈ। ਐਫ਼.ਆਈ.ਐਚ. ਦੇ ਸਕੱਤਰ ਜਨਰਲ ਪੀਟਰ ਐਲ ਚੋਹੇਨ ਨੇ 14 ਜੂਨ ਨੂੰ ਨਵੀਂ ਬਣੀ ਹਾਕੀ ਇੰਡੀਆ ਨੂੰ ਭੇਜੇ ਪੱਤਰ ਵਿਚ ਕਿਹਾ ਹੈ ਕਿ ਐਫ਼.ਆਈ.ਐਚ ਕਾਂਗਰਸ ਨੂੰ ਮੈਂਬਰਸ਼ਿਪ ਦੀ ਤਬਦੀਲੀ ਲਈ ਲੋਂੜੀਦੀਆਂ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰ ਦਿੱਤੀਆਂ ਗਈਆਂ ਹਨ ਜਿਸ ਤੋਂ ਬਾਅਦ ਮੈਨੂੰ ਇਹ ਜਾਣਕਾਰੀ ਦਿੰਦਿਆਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹਾਕੀ ਇੰਡੀਆ ਨੂੰ ਐਫ਼.ਆਈ.ਐਚ. ਵੱਲੋਂ (ਭਾਰਤੀ ਹਾਕੀ ਕੰਨਫੈਡਰੇਸ਼ਨ ਦੀ ਥਾਂ'ਤੇ) ਦੇਸ਼ 'ਚ ਖੇਡ ਨੂੰ ਚਲਾਉਣ ਵਾਲੀ ਇਕੱਲੀ ਇਕਾਈ ਵੱਜੋਂ ਮਾਨਤਾ ਦਿੱਤੀ ਗਈ ਹੈ।

ਕ੍ਰਿਸ ਗੇਲ ਦੀ ਅੱਖ ਵਿਸ਼ਵ ਟਵੰਟੀ-20 ਦੇ ਖ਼ਿਤਾਬ 'ਤੇ

ਲੰਦਨ, 16 ਜੂਨ - ਮੇਜਬਾਨ ਟੀਮ ਨੂੰ ਟਵੰਟੀ-20 ਵਿਸ਼ਵ ਕੱਪ ਦੇ ਆਪਣੇ ਸੁਪਰ 8 ਮੈਚ 'ਚ ਹਾਰ ਕੇ ਬਾਹਰ ਦਾ ਰਸਤਾ ਦਿਖਾਉਣ ਵਾਲੀ ਵੈਸਟ ਇੰਡੀਜ਼ ਦੀ ਟੀਮ ਦੇ ਕਪਤਾਨ ਕ੍ਰਿਸ ਗੇਲ ਨੇ ਹੁਣ ਆਪਣੀਆਂ ਨਜ਼ਰਾਂ ਖ਼ਿਤਾਬ 'ਤੇ ਟਿਕਾ ਦਿੱਤੀਆਂ ਹਨ। ਇੰਗਲੈਂਡ ਦੀ ਟੀਮ ਨੂੰ ਪੰਜ ਵਿਕਟਾਂ ਨਾਲ ਮਾਤ ਦੇਣ ਤੋਂ ਬਾਅਦ ਕਿਹਾ ਕਿ ਅਸੀਂ ਹੁਣ ਖ਼ਿਤਾਬ ਤੋਂ ਸਿਰਫ਼ ਦੋ ਮੈਚਾਂ ਦੀ ਦੂਰੀ 'ਤੇ ਹਾਂ। ਇਸ ਸਲਾਮੀ ਬੱਲੇਬਾਜ ਨੇ ਕਿਹਾ ਕਿ ਮੀਂਹ ਕਾਰਨ ਸੋਧ ਕੇ ਜਿੱਤ ਲਈ ਰੱਖੇ 9 ਓਵਰਾਂ 'ਚ 80 ਦੌੜਾਂ ਦੇ ਨਿਸ਼ਾਨੇ ਦਾ ਪਿੱਛਾ ਕਰਦਿਆਂ ਜਦੋਂ ਸਾਡੀਆਂ ਤਿੰਨ ਵਿਕਟਾਂ ਸਿਰਫ਼ 16 ਰਨਾਂ 'ਤੇ ਡਿੱਗ ਗਈਆਂ ਤਾਂ ਸਾਨੂੰ ਇਹ ਨਿਸ਼ਾਨਾ ਪ੍ਰਾਪਤ ਕਰਨਾ ਕਾਫ਼ੀ ਔਖਾ ਨਜ਼ਰ ਆਉਣ ਲੱਗਾ ਸੀ। ਉਨ੍ਹਾਂ ਕਿਹਾ ਕਿ ਰਾਮਨਰੇਸ਼ ਸਵਰਨ ਅਤੇ ਸ਼ਿਵਨਾਰਾਇਨ ਚੰਦਰਪਾਲ ਦੀ ਤਜ਼ਰਬੇਕਾਰ ਜੋੜੀ ਨੇ ਟੀਮ ਨੂੰ ਇਨ੍ਹਾਂ ਮੁਸ਼ਕਿਲ ਹਾਲਾਤ 'ਚੋਂ ਬਾਹਰ ਕੱਢਿਆ।

ਜੂਨੀਅਰ ਫੈਡਰੇਸ਼ਨ ਕੱਪ ਐਥਲੈਟਿਕਸ ਚੈਂਪੀਅਨਸ਼ਿਪ 24 ਤੋਂ

ਜਲੰਧਰ, 16 ਜੂਨ - ਜੂਨੀਅਰ ਫੈਡਰੇਸ਼ਨ ਕੱਪ ਅਥਲੈਟਿਕਸ ਚੈਂਪੀਅਨਸ਼ਿਪ 24 ਤੋਂ 26 ਤੱਕ ਲਖਨਊ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੀ ਪੰਜਾਬ ਟੀਮ ਦੇ ਚੋਣ ਟ੍ਰਾਇਲ 20 ਜੂਨ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਹਨ।

ਵਿਸ਼ਵ ਕੱਪ 20 ਦੇ ਸੈਮੀਫਾਈਨਲ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਕੀਤਾ ਪ੍ਰਵੇਸ਼

ਟੌਟਨ, 15 ਜੂਨ - ਵਿਸ਼ਵ ਕੱਪ 20 ਦੇ ਸੈਮੀਫਾਈਨਲ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਪਹੁੰਚ ਗਈ ਹੈ। ਖੇਡੇ ਗਏ ਮੈਚ 'ਚ ਭਾਰਤੀ ਟੀਮ ਨੇ ਸ੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਲਈ। ਨਿਊਜ਼ੀਲੈਂਡ 6 ਵਿਕਟਾਂ ਨਾਲ ਜੇਤੂ ਰਿਹਾ। ਮਹਿਲਾਵਾਂ ਦੇ ਟਵੈਂਟੀ-20 ਵਿਸ਼ਵ ਕ੍ਰਿਕਟ ਕੱਪ ਟੂਰਨਾਮੈਂਟ 'ਚ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾਇਆ। ਦੱਖਣੀ ਅਫਰੀਕਾ ਵੱਲੋਂ ਮਿਲੇ 125 ਦੌੜਾਂ ਦੇ ਟੀਚੇ ਨੂੰ ਨਿਊਜ਼ੀਲੈਂਡ ਨੇ 18.1 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 127 ਦੌੜਾਂ ਬਣਾ ਕੇ ਪ੍ਰਾਪਤ ਕਰ ਲਿਆ। ਦੱਖਣੀ ਅਫਰੀਕਾ ਵੱਲੋਂ ਸਭ ਤੋਂ ਵੱਧ ਬਰਿਟਸ ਨੇ 57 ਅਤੇ ਬੀਨੇਡ ਨੇ 44 ਦੌੜਾਂ ਜਦਕਿ ਨਿਊਜ਼ੀਲੈਂਡ ਲਈ ਬੇਟਸ ਨੇ 24, ਵੈਟਕਿਨਸ ਨੇ 35, ਡੂਲਨ ਨੇ 19, ਬਰਾਊਨ ਨੇ ਨਾਬਾਦ 24 ਦੌੜਾਂ ਬਣਾਈਆਂ।

ਚੈਂਪੀਅਨਜ਼ ਚੈਂਲੇਜ਼ ਕੱਪ 'ਚ ਸ਼ਾਮਲ ਹੋਣ ਵਾਲੀ ਭਾਰਤੀ ਮਹਿਲਾ ਟੀਮ

ਲੁਧਿਆਣਾ, 15 ਜੂਨ - ਰੂਸ ਦੇ ਸ਼ਹਿਰ ਕੁਜਾਨ ਵਿਖੇ 21 ਜੂਨ ਨੂੰ ਚੈਂਪੀਅਨਜ ਚੈਂਲੇਜ਼ ਕੱਪ ਵੂਮੈਨ ਹਾਕੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ 'ਚ ਭਾਰਤ ਤੋਂ ਇਲਾਵਾ ਆਇਰਲੈਂਡ, ਬੈਲਜ਼ੀਅਮ, ਰੂਸ, ਯੂਕਰੇਨ, ਮਲੇਸ਼ੀਆ, ਕੈਨੇਡਾ, ਬੈਲਾਰੂਸ ਦੀਆਂ ਟੀਮਾਂ ਸ਼ਾਮਿਲ ਹੋ ਰਹੀਆਂ ਹਨ। ਇਸ ਟੂਰਨਾਮੈਂਟ ਦੀ ਚੈਂਪੀਅਨ ਟੀਮ ਅਗਲੇ ਵਰ੍ਹੇ ਹੋਣ ਵਾਲੀ ਚੈਂਪੀਅਨ ਟਰਾਫ਼ੀ ਲਈ ਕੁਆਲੀਫਾਈ ਕਰੇਗੀ। ਚੈਂਪੀਅਨ ਚੈਂਲੇਜ਼ ਕੱਪ ਵਾਸਤੇ ਚੁਣੀ ਗਈ ਭਾਰਤੀ ਟੀਮ ਦੀ ਕਪਤਾਨੀ ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਦੇ ਕੋਚ ਬਲਦੇਵ ਸਿੰਘ ਦੀ ਟਰੈਨੀ ਸੁਰਿੰਦਰ ਕੌਰ ਦਿੱਤੀ ਗਈ ਹੈ। ਚੁਣੀ ਗਈ ਭਾਰਤੀ ਟੀਮ ਵਿਚ 7 ਦੇ ਕਰੀਬ ਖਿਡਾਰਣਾਂ ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਨਾਲ ਸਬੰਧਿਤ ਹਨ। ਭਾਰਤੀ ਟੀਮ ਦੇ ਮੈਂਬਰਾਂ ਦੇ ਨਾਮ ਇਸ ਤਰ੍ਹਾਂ ਹਨ। ਗੋਲ ਕੀਪਰਜ਼-ਜਸਦੀਪ ਕੌਰ, ਸਵਿਤਾ, ਫੁਲਬੈਕ-ਜੁਆਏਦੀਪ ਕੌਰ, ਪ੍ਰੀਤੀ ਕੀਰੂ, ਵਨੀਤਾ ਟੋਪੋ, ਹਾਫਬੈਕ-ਕੀਰਨਦੀਪ ਕੌਰ, ਰਣਜੀਤਾ, ਮੁਖਤਾ ਬਸੀਆਂ, ਦੀਪਕਾ ਠਾਕੁਰ, ਵਰਤਿਕਾ ਸਿੰਘ, ਫਾਰਵਰਡਜ਼-ਸੁਰਿੰਦਰ ਕੌਰ, ਮਮਤਾ ਖਰਗ, ਰੀਤੂ ਰਾਣੀ, ਰਾਣੀ ਦੇਵੀ, ਸ਼ੁਬਾਅੰਜਮ, ਚਨਣ ਦੇਵੀ, ਆਰਡੁੰਗਡੁੰਗ, ਬੰਦਨਾ ਕਟਾਰੀਆ ਨੂੰ ਚੁਣਿਆ ਗਿਆ ਹੈ।

ਸੈਵਨ ਸਾਈਡ ਫੁੱਟਬਾਲ ਟੂਰਨਾਮੈਂਟ 'ਚ ਕਾਲਾ ਅਫ਼ਗਾਨਾਂ ਜੇਤੂ

ਕਾਦੀਆਂ/ ਵਡਾਲਾ ਗ੍ਰੰਥੀਆਂ, 15 ਜੂਨ - ਮਾਝਾ ਖੇਤਰ ਦਾ ਪਹਿਲਾ ਸੈਵਨ ਸਾਈਡ ਫੁੱਟਬਾਲ ਟੂਰਨਾਮੈਂਟ ਪਿੰਡ ਖੋਖਰ ਫੌਜੀਆਂ ਵਿਖੇ ਕਰਵਾਇਆ ਗਿਆ। ਇਸ ਚਾਰ ਰੋਜ਼ਾ ਟੂਰਨਾਮੈਂਟ ਵਿਚ ਪਹਿਲੇ ਸੈਮੀਫਾਈਨਲ ਵਿਚ ਮਮਰਾਵਾਂ ਨੇ ਗੋਧਰਪੁਰ ਨੂੰ ਹਰਾ ਕੇ ਅਤੇ ਦੂਸਰੇ ਸੈਮੀਫਾਈਨਲ ਵਿਚ ਕਾਲਾ ਅਫਗਾਨਾ ਨੇ ਖੋਖਰ ਫੌਜੀਆਂ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ, ਫਾਈਨਲ ਮੁਕਾਬਲੇ ਵਿਚ ਕਾਲਾ ਅਫਗਾਨਾ ਨੇ ਪਹਿਲਾ ਅਤੇ ਮਮਰਾਵਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਟੂਰਨਾਮੈਂਟ ਵਿਚ ਰਵਾਇਤੀ ਮੈਚਾਂ ਤੋਂ ਹਟ ਕੇ 7-7 ਖਿਡਾਰੀਆਂ ਵਾਲੇ ਮੈਚ ਦੇਖਣ ਲਈ ਜਿਥੇ ਦਰਸ਼ਕ ਵੱਡੀ ਗਿਣਤੀ ਵਿਚ ਪਹੁੰਚੇ, ਉਥੇ ਦੇਸ਼ ਦੀਆਂ ਨਾਮੀ ਕਲੱਬਾਂ ਦਾ ਸਿੰਗਾਰ ਬਣੇ ਡੈਂਪੂ ਕਲੱਬ ਗੋਆ ਤੋਂ ਅਨਵਰ ਮਹਿੰਦਰਾ ਯੁਨਾਇਟਿਡ ਤੋਂ ਹਰਪ੍ਰੀਤ, ਮੋਹਨ ਬੰਗਾਲ, ਕਲਕੱਤਾ ਤੋਂ ਰਕੇਸ਼ ਮਸੀਹ, ਸਲਗਾਓਕਰ ਕਲੱਬ ਗੋਆ ਤੇ ਮਨਜੀਤ ਮਨ, ਪੂੰਨਾ ਫੁੱਟਬਾਲ ਕਲੱਬ ਤੋਂ ਸੁਨੀਲ ਅਤੇ ਗੁਰਜਿੰਦਰ ਖੋਖਰ ਫੌਜੀਆਂ, ਹਰਸ਼ਰਨ ਗੋਨੀ ਆਦਿ ਕਈ ਨਾਮਵਰ ਕਲੱਬਾਂ, ਫੋਰਸਾਂ ਦੇ ਨਾਮਵਰ ਖਿਡਾਰੀ ਸ਼ਾਮਲ ਹੋਏ। ਇਸ ਮੌਕੇ ਮਾਝਾ ਅਤੇ ਮਾਲਵਾ ਦੀਆਂ ਟੀਮਾਂ ਦਰਮਿਆਨ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ। ਇਸ ਟੂਰਨਾਮੈਂਟ ਦੀ ਸਫਲਤਾ ਲਈ ਸੰਤ ਬਾਬਾ ਹਜ਼ਾਰਾ ਸਿੰਘ ਫੁੱਟਬਾਲ ਅਕੈਡਮੀ ਨਿੱਕੇ ਘੁੰਮਣਾਂ ਦਾ ਵਿਸੇਸ਼ ਯੋਗਦਾਨ ਰਿਹਾ।

ਡਾ. ਮਨੋਹਰ ਸਿੰਘ ਨੇ ਕੀਤਾ ਨਵੀਂ ਹਾਕੀ ਸਿੰਥੈਟਿਕ ਸਰਫੇਸ ਵਿਛਾਉਣ ਦਾ ਉਦਘਾਟਨ

ਅੰਮ੍ਰਿਤਸਰ, 14 ਜੂਨ - ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਮੈਦਾਨ 'ਚ ਕੇਂਦਰੀ ਖੇਡ ਮੰਤਰੀ ਡਾ. ਮਨੋਹਰ ਸਿੰਘ ਗਿੱਲ ਨੇ ਨਵੀਂ ਹਾਕੀ ਸਿੰਥੈਟਿਕ ਸਰਫੇਸ ਵਿਛਾਉਣ ਦੇ ਕੰਮ ਦਾ ਉਦਘਾਟਨ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਖੇਡ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਡਾ. ਗਿੱਲ ਨੇ ਕਿਹਾ ਕਿ ਦੇਸ਼ ਨੂੰ ਇਸ ਤੋਂ ਬਹੁਤ ਉਮੀਦਾਂ ਹਨ। ਯੂਨੀਵਰਸਿਟੀ ਦੇ ਖੇਡਾਂ ਦੇ ਡਾਇਰੈਕਟਰ, ਡਾ. ਕੰਵਲਜੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਦਸ ਸਾਲ ਪਹਿਲਾਂ ਹਾਕੀ ਐਸਟਰੋਟਰਫ਼ ਵਿਛਾਈ ਗਈ ਸੀ। ਨਵੀਂ ਹਾਕੀ ਐਸਟਰੋਟਰਫ਼ ਵਿਛਾਉਣ ਦਾ ਕੰਮ ਕੇਂਦਰ ਸਰਕਾਰ ਵਲੋਂ ਛੇਤੀ ਤੋਂ ਛੇਤੀ ਮੁਕੰਮਲ ਕਰਨ ਲਈ ਸੀ.ਪੀ.ਡਬਲਿਊ ਨੂੰ ਸੌਂਪਿਆ ਗਿਆ ਹੈ। ਡਾ. ਗਿੱਲ ਨੇ ਦੱਸਿਆ ਕਿ ਖੇਡਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਲੋੜ ਅਨੁਸਾਰ ਆਧੁਨਿਕ ਸਾਜ਼ੋ-ਸਮਾਨ ਮੁਹੱਈਆ ਕਰਵਾਇਆ ਜਾਵੇਗਾ। ਦੇਸ਼ ਭਰ ਵਿਚ ਇਕ ਅਜਿਹੀ ਖੇਡ ਨੀਤੀ ਬਣਾਈ ਜਾਵੇਗੀ, ਜਿਸ ਤਹਿਤ ਪਿੰਡਾਂ, ਸ਼ਹਿਰਾਂ ਅਤੇ ਖਾਸ ਕਰਕੇ ਦਿਹਾਤੀ ਬੱਚਿਆਂ ਨੂੰ ਹੇਠਲੇ ਪੱਧਰ ਤੋਂ ਉੱਪਰ ਤੱਕ ਖੇਡਾਂ ਵੱਲ ਆਕਰਸ਼ਿਤ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਕੋਚਾਂ ਦੀ ਭਾਰੀ ਘਾਟ ਰੜਕ ਰਹੀ ਹੈ। ਇਸ ਘਾਟ ਦੀ ਪੂਰਤੀ ਲਈ ਕੋਚਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਲੋੜ ਮੁਤਾਬਕ ਠੇਕੇ 'ਤੇ ਵੀ ਕੋਚ ਰੱਖੇ ਜਾਣਗੇ। ਕੌਮਾਂਤਰੀ ਹਵਾਈ ਅੱਡੇ ਰਾਜਾਸਾਂਸੀ ਬਾਰੇ ਉਨ੍ਹਾਂ ਆਖਿਆ ਕਿ ਇਸ ਵੱਲ ਭਾਰਤ ਸਰਕਾਰ ਦਾ ਧਿਆਨ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਸਬੰਧਤ ਮੰਤਰਾਲੇ ਨਾਲ ਉਹ ਇਹ ਮਾਮਲਾ ਉਠਾਉਣਗੇ। ਹੈਦਰਾਬਾਦ ਦੇ ਹਵਾਈ ਅੱਡੇ 'ਤੇ ਪੁੱਜੇ ਕਾਂਗਰਸੀ ਸਾਂਸਦ ਅਤੇ ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਆਪਣੇ ਪੁੱਤਰਾਂ ਅਸਦ ਅਤੇ ਉਮੇਰ ਨਾਲ ਹਵਾਈ ਅੱਡੇ ਤੋਂ ਬਾਹਰ ਆਉਂਦੇ ਹੋਏ।

ਜੂਡੋ ਕੋਚਿੰਗ ਕੈਂਪ ਸ਼ੁਰੂ

ਜਲੰਧਰ, 13 ਜੂਨ - ਮੁਫ਼ਤ ਜੂਡੋ ਕੋਚਿੰਗ ਕੈਂਪ 12 ਤੋਂ 26 ਜੂਨ ਤੱਕ ਸਰਕਾਰੀ ਮਾਡਲ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ 'ਚ ਰਾਸ਼ਟਰੀ ਪੱਧਰ, ਰਾਜ ਪੱਧਰ, ਜ਼ਿਲ੍ਹਾ ਪੱਧਰ ਦੇ ਜੂਡੋਕਾ ਭਾਗ ਲੈ ਰਹੇ ਹਨ। ਕੈਂਪ ਦੇ ਉਦਘਾਟਨ ਸਮਾਰੋਹ ਦੇ ਮੁੱਖ ਮਹਿਮਾਨ ਲਾਲ ਸਿੰਘ ਨੈਸ਼ਨਲ ਰੈਫਰੀ ਦਿੱਲੀ ਤੋਂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। ਇਸ ਕੈਂਪ ਵਿਚ ਜੂਡੋਕਾ ਕੋਚ ਬਲਵਿੰਦਰ ਕੁਮਾਰ ਅਤੇ ਸਰਿੰਦਰ ਕੁਮਾਰ ਕੋਲੋਂ ਸਿਖਲਾਈ ਲੈ ਕੇ ਆਉਣ ਵਾਲੇ ਟੂਰਨਾਮੈਂਟ ਵਿਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਨਗੇ।

ਦਰਗਾਹ ਬਾਬਾ ਭੂਰੇ ਸ਼ਾਹ ਚੋਗਾਵਾਂ ਵਿਖੇ ਢਲੇ ਛਿੰਝ ਮੇਲਾ

ਚੋਗਾਵਾਂ, 12 ਜੂਨ - ਢਲੇ ਛਿੰਝ ਮੇਲਾ ਦਰਗਾਹ ਬਾਬਾ ਭੂਰੇ ਸ਼ਾਹ ਚੋਗਾਵਾਂ ਵਿਖੇ ਕਰਵਾਇਆ ਗਿਆ। ਇਸ ਮੇਲੇ 'ਚ ਪਹਿਲਵਾਨਾਂ ਦੇ ਮੁਕਾਬਲੇ ਕਰਵਾਏ ਗਏ। ਇਸ ਵਿਚ ਰੁਮਾਲੀ ਦੀ ਕੁਸ਼ਤੀ ਪੰਮਾ ਡੇਰਾ ਬਾਬਾ ਨਾਨਕ ਅਤੇ ਪਹਿਲਵਾਨ ਬਿੰਦੇ ਬਿਸ਼ਨਪੁਰੀਆ ਦਰਮਿਆਨ ਹੋਈ। 20 ਮਿੰਟ ਚੱਲੀ ਕੁਸ਼ਤੀ ਬਰਾਬਰ ਰਹੀ। ਪਹਿਲਵਾਨ ਕੁਲਦੀਪ ਚੋਗਾਵਾਂ ਅਤੇ ਬੱਗਾ ਕੋਹਾਲੀ ਵਿਚ ਮੁਕਾਬਲਾ ਬੜਾ ਸੰਘਰਸ਼ਸ਼ੀਲ ਸੀ ਪਰ ਰੌਚਿਕ ਸੀ ਜੋ ਬਰਾਬਰ ਰਿਹਾ। ਅਖਾੜਾ ਪੱਖੋਕੇ ਦੇ ਅਜਮੇਰ, ਗੁਰਮੇਜ, ਸੰਦੀਪ, ਵਿੱਕੀ ਅਤੇ ਗੁਰਬੀਰ ਆਦਿ ਪਹਿਲਵਾਨਾਂ ਨੇ ਆਪਣੀ ਸਰੀਰਕ ਕਲਾ ਦਾ ਮੁਜ਼ਾਹਰਾ ਕੀਤਾ।

ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ 'ਚ ਭਾਰਤ ਜੇਤੂ

ਸਿੰਗਾਪੁਰ, 12 ਜੂਨ - ਸਿੰਗਾਪੁਰ 'ਚ ਚੱਲ ਰਹੇ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਪੂਲ 'ਡੀ' ਦੇ ਇਕ ਮੁਕਾਬਲੇ 'ਚ ਭਾਰਤੀ ਟੀਮ ਨੇ ਪੋਲੈਂਡ ਦੀ ਟੀਮ ਨੂੰ 4-2 ਗੋਲਾਂ ਦੇ ਫਰਕ ਨਾਲ ਹਰਾਇਆ ਪਰ ਨਿਊਜ਼ੀਲੈਂਡ ਅਤੇ ਹਾਲੈਂਡ ਦਰਮਿਆਨ ਮੈਚ 2-2 ਨਾਲ ਬਰਾਬਰ ਰਹਿਣ ਦੇ ਕਾਰਨ ਭਾਰਤੀ ਟੀਮ ਦੇ ਕੁਆਰਟਰ ਫਾਈਨਲ 'ਚ ਪਹੁੰਚਣ ਦੇ ਮਨਸੂਬੇ ਪਸਤ ਹੋ ਗਏ। ਅਗਰ ਨਿਊਜ਼ੀਲੈਂਡ ਅੱਜ ਦਾ ਮੈਚ ਹਾਲੈਂਡ ਨੂੰ ਹਾਰ ਜਾਂਦਾ ਤਾਂ ਭਾਰਤ ਕੁਆਰਟਰ ਫਾਈਨਲ ਗੇੜ 'ਚ ਪਹੁੰਚ ਸਕਦਾ ਸੀ। ਹਾਲੈਂਡ ਆਪਣੇ ਪੂਲ 'ਚੋਂ 10 ਅੰਕਾਂ ਨਾਲ ਪਹਿਲੇ ਸਥਾਨ 'ਤੇ ਜਦਕਿ ਨਿਊਜ਼ੀਲੈਂਡ 8 ਅੰਕਾਂ ਨਾਲ ਦੂਜੇ ਸਥਾਨ 'ਤੇ ਰਿਹਾ। 7 ਅੰਕਾਂ ਨਾਲ ਭਾਰਤ ਨੂੰ ਹੁਣ 9ਵੇਂ ਤੋਂ 16 ਸਥਾਨ ਤੱਕ ਦੇ ਮੁਕਾਬਲੇ ਖੇਡਣੇ ਪੈਣਗੇ। ਭਾਰਤ ਵੱਲੋਂ ਮੁਹੰਮਦ ਆਮੀਰ ਖਾਨ ਨੇ 25ਵੇਂ, ਪ੍ਰਮੋਦ ਕੁਮਾਰ ਨੇ 32ਵੇਂ, ਕਪਤਾਨ ਦਿਵਾਕਰ ਰਾਮ ਨੇ 50ਵੇਂ ਅਤੇ ਵਿਕਟੋ ਸਿੰਘ ਨੇ ਕੁਝ ਮਿੰਟਾਂ ਬਾਅਦ ਇਕ ਗੋਲ ਕੀਤਾ। ਪੋਲੈਂਡ ਵੱਲੋਂ ਕ੍ਰਿਸਟੀਨ ਮਕੋਵਸਕੀ ਨੇ 41ਵੇਂ ਅਤੇ ਪਿਓਟਰ ਕੋਜ਼ਲੋਵਸਕੀ ਨੇ 44ਵੇਂ ਮਿੰਟ 'ਚ ਇਕ-ਇਕ ਗੋਲ ਕੀਤਾ।

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਦਰਵਾਜੇ ਅਜੇ ਬੰਦ

ਪਟਿਆਲਾ, 12 ਜੂਨ - ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਭਾਵੇਂ ਬਾਗੀ ਲੀਗ ਵਜੋਂ ਪ੍ਰਸਿੱਧ ਹੋਈ ਇੰਡੀਅਨ ਕ੍ਰਿਕਟ ਲੀਗ 'ਚ ਖੇਡਣ ਵਾਲੇ 79 ਖਿਡਾਰੀਆਂ ਨੂੰ ਆਪਣੀ ਮੁੱਖ ਧਾਰਾ 'ਚ ਸ਼ਾਮਲ ਕਰਨ ਦਾ ਭਾਵੇਂ ਐਲਾਨ ਕਰ ਦਿੱਤਾ ਹੈ ਪਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਦਰਵਾਜੇ ਅਜੇ ਇਨ੍ਹਾਂ ਖਿਡਾਰੀਆਂ ਲਈ ਬੰਦ ਹੀ ਜਾਪ ਰਹੇ ਹਨ। ਇਸ ਗੱਲ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਇਸ ਵੇਲੇ ਪੰਜਾਬ 'ਚ ਰਣਜੀ ਟਰਾਫੀ ਲਈ ਚੁਣੀ ਜਾਣ ਵਾਲੀ ਟੀਮ ਲਈ ਹੋਣ ਵਾਲੇ ਅੰਤਰ ਜ਼ਿਲ੍ਹਾ ਕਟੋਚ ਸ਼ੀਲਡ ਟੂਰਨਾਮੈਂਟ ਭਰ ਜੋਬਨ 'ਤੇ ਚੱਲ ਰਿਹਾ ਹੈ ਪਰ ਕਿਸੇ ਵੀ ਜ਼ਿਲ੍ਹੇ ਦੀ ਟੀਮ 'ਚ ਬਾਗੀ ਲੀਗ ਵਾਲੇ ਕਿਸੇ ਵੀ ਖਿਡਾਰੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਜਿਸ ਤੋਂ ਇਹ ਗੱਲ ਸਾਫ ਹੁੰਦੀ ਹੈ ਕਿ ਇਸ ਸੀਜ਼ਨ 'ਚ ਰਣਜੀ ਟਰਾਫੀ ਖੇਡਣ ਵਾਲੀ ਪੰਜਾਬ ਦੀ ਟੀਮ 'ਚ ਬਾਗੀ ਲੀਗ ਨਾਲ ਜੁੜੇ ਖਿਡਾਰੀਆਂ ਨੂੰ ਥਾਂ ਮਿਲਣੀ ਮੁਸ਼ਕਲ ਜਾਪਦੀ ਹੈ। ਪੰਜਾਬ ਦੇ 11 ਖਿਡਾਰੀ ਬਾਗੀ ਲੀਗ ਨਾਲ ਜੁੜੇ ਹੋਏ ਸਨ, ਜਿਨ੍ਹਾਂ ਵਿਚ ਕੌਮਾਂਤਰੀ ਖਿਡਾਰੀ ਦਿਨੇਸ਼ ਮੋਂਗੀਆ, ਰੀਤਿੰਦਰ ਸੋਢੀ, ਸਰਬਜੀਤ ਸਿੰਘ, ਰਾਜੇਸ਼ ਸ਼ਰਮਾ, ਅਮਿਤ ਉਨਿਆਲ ਤੇ ਵਿਪੁਲ ਸ਼ਰਮਾ ਆਦਿ ਸਿਰਕੱਢ ਖਿਡਾਰੀ ਸ਼ਾਮਲ ਸਨ। ਇਨ੍ਹਾਂ ਖਿਡਾਰੀਆਂ ਦੇ ਭਵਿੱਖ 'ਤੇ ਇਸ ਵੇਲੇ ਸੁਆਲੀਆ ਨਿਸ਼ਾਨ ਲੱਗਿਆ ਹੋਇਆ ਹੈ ਕਿਉਂਕਿ ਇਸ ਵਾਰ ਦੇ ਸੀਜ਼ਨ 'ਚ ਇਹ ਖਿਡਾਰੀ ਕਿਸੇ ਵੀ ਟੀਮ 'ਚ ਖੇਡਦੇ ਨਜ਼ਰ ਨਹੀਂ ਆ ਰਹੇ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਦਾਅਵਾ ਹੈ ਕਿ ਇਨ੍ਹਾਂ 'ਚੋਂ ਕਈ ਖਿਡਾਰੀਆਂ ਦਾ ਕ੍ਰਿਕਟ ਬੋਰਡ ਵੱਲੋਂ ਐਨ.ਓ.ਸੀ. ਅਜੇ ਤੱਕ ਨਹੀਂ ਮਿਲਿਆ ਜਿਸ ਕਰਕੇ ਇਨ੍ਹਾਂ ਨੂੰ ਅੰਤਰ ਜ਼ਿਲ੍ਹਾ ਕ੍ਰਿਕਟ 'ਚ ਖਿਡਾ ਨਹੀਂ ਸਕੇਗਾ, ਜਿਉਂ ਹੀ ਇਨ੍ਹਾਂ ਖਿਡਾਰੀਆਂ ਨੂੰ ਕਲੀਅਰੈਂਸ ਮਿਲਦੀ ਹੈ ਤਾਂ ਅੰਤਰ ਜ਼ਿਲ੍ਹਾ ਟੂਰਨਾਮੈਂਟ 'ਚ ਖੇਡਣ ਦਾ ਮੌਕਾ ਦਿੱਤਾ ਜਾਵੇਗਾ।

ਪੰਜਾਬ ਐਂਡ ਸਿੰਧ ਬੈਂਕ ਹਾਕੀ ਅਕੈਡਮੀ ਦੇ ਚੋਣ ਟ੍ਰਾਇਲ 17-18 ਨੂੰ

ਜਲੰਧਰ, 12 ਜੂਨ - ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ ਜਲੰਧਰ ਵਿਖੇ ਪੰਜਾਬ ਐਂਡ ਸਿੰਧ ਬੈਂਕ ਹਾਕੀ ਅਕੈਡਮੀ ਦੇ ਚੋਣ ਟ੍ਰਾਇਲ ਅੰਡਰ 12 ਤੋਂ 15 ਸਾਲ ਵਰਗ ਸਬ ਜੂਨੀਅਰ ਤੇ 15 ਤੋਂ 18 ਸਾਲ ਵਰਗ ਜੂਨੀਅਰ ਲਈ ਚੋਣ ਟ੍ਰਾਇਲ 17-18 ਜੂਨ ਨੂੰ ਕਰਵਾਏ ਜਾ ਰਹੇ ਹਨ। ਇਨ੍ਹਾਂ ਚੋਣ ਟ੍ਰਾਇਲਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਆਪਣੀਆਂ ਖੇਡ ਪ੍ਰਾਪਤੀਆਂ, ਜਨਮ ਮਿਤੀ ਦਾ ਅਸਲੀ ਸਰਟੀਫਿਕੇਟ ਤੇ 2 ਪਾਸਪੋਰਟ ਸਾਈਜ਼ ਤਸਵੀਰਾਂ ਲੈ ਕੇ ਚੋਣ ਕਮੇਟੀ ਦੇ ਕੋਲ ਸਵੇਰੇ 8 ਵਜੇ ਰਿਪੋਰਟ ਕਰਨ। ਚੁਣੇ ਗਏ ਖਿਡਾਰੀਆਂ ਨੂੰ ਫ੍ਰੀ ਰਿਹਾਇਸ਼, ਪੜ੍ਹਾਈ ਤੇ ਹੋਰ ਖਾਣ-ਪੀਣ ਦਾ ਸਾਰਾ ਇੰਤਜ਼ਾਮ ਬੈਂਕ ਵੱਲੋਂ ਕੀਤਾ ਜਾਵੇਗਾ। ਹਾਕੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤੇ ਖਿਡਾਰੀਆਂ ਨੂੰ ਉਨ੍ਹਾਂ ਦੀ ਯੋਗ ਪਰਫਾਰਮੈਂਸ ਦੇ ਆਧਾਰ 'ਤੇ ਬੈਂਕ ਵਿਚ ਭਰਤੀ ਵੀ ਕੀਤਾ ਜਾ ਰਿਹਾ ਹੈ ਅਤੇ ਅੱਗੇ ਤੋਂ ਵੀ ਜਾਰੀ ਰਹੇਗਾ।

ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ

ਨਵੀਂ ਦਿੱਲੀ, 12 ਜੂਨ - ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਚੀਨ ਦੇ ਸ਼ਹਿਰ ਜ਼ੁਹਾਏ ਵਿਖੇ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ 'ਚ ਤਿੰਨ ਭਾਰਤੀ ਮੁੱਕੇਬਾਜ਼ ਫਾਈਨਲ ਗੇੜ 'ਚ ਪਹੁੰਚ ਗਏ ਹਨ। ਜਦਕਿ ਉਲੰਪੀਅਨ ਵਜਿੰਦਰ ਸਿੰਘ ਅਤੇ ਜਤਿੰਦਰ ਕੁਮਾਰ ਸੈਮੀਫਾਈਨਲ ਗੇੜ ਹਾਰ ਕੇ ਕਾਂਸੀ ਦੇ ਤਗਮੇ ਜਿੱਤਣ 'ਚ ਕਾਮਯਾਬ ਰਹੇ। ਇਸ ਤੋਂ ਇਲਾਵਾ ਵਿਸ਼ਵ ਯੂਥ ਚੈਂਪੀਅਨ ਥੋਕੋਮ ਨਾਨਾਓ ਸਿੰਘ ਨੇ ਦੋ ਹੋਰ ਭਾਰਤੀ ਮੁੱਕੇਬਾਜ਼ਾਂ ਨਾਲ ਵੱਖ-ਵੱਖ ਵਰਗਾਂ ਦੇ ਫਾਈਨਲ ਗੇੜ 'ਚ ਪ੍ਰਵੇਸ਼ ਪਾਇਆ। ਨਾਨਾਓ ਸਿੰਘ ਨੇ 48 ਕਿਲੋਗ੍ਰਾਮ, ਸੁਰੰਜੁਆਏ ਸਿੰਘ ਨੇ 51 ਕਿਲੋਗ੍ਰਾਮ ਅਤੇ ਜੈ ਭਗਵਾਨ ਸਿੰਘ ਨੇ 60 ਕਿਲੋਗ੍ਰਾਮ ਵਰਗ 'ਚ ਫਾਈਨਲ ਗੇੜ 'ਚ ਪਹੁੰਚਣ 'ਚ ਸਫਲਤਾ ਪ੍ਰਾਪਤ ਕੀਤੀ। ਵਜਿੰਦਰ ਸਿੰਘ (75 ਕਿਲੋਗ੍ਰਾਮ) ਅਤੇ ਜਤਿੰਦਰ ਕੁਮਾਰ (54 ਕਿਲੋਗ੍ਰਾਮ) ਤੋਂ ਇਲਾਵਾ ਪਰਮਜੀਤ ਸਮੋਤਾ (91 ਕਿਲੋਗ੍ਰਾਮ) ਅਤੇ ਦਿਨੇਸ਼ ਕੁਮਾਰ (81 ਕਿਲੋਗ੍ਰਾਮ) ਨੇ ਕਾਂਸੀ ਦਾ ਤਗਮਾ ਪੱਕਾ ਕੀਤਾ। ਨਾਨਾਓ ਸਿੰਘ ਦਾ ਫਾਈਨਲ ਮੁਕਾਬਲਾ ਥਾਈਲੈਂਡ ਦੇ ਪੋਂਗਤਰਾਓਨ ਕੀਆ ਨਾਲ ਅਤੇ ਸੁਰੰਜੁਆਏ ਦਾ ਫਾਈਨਲ ਮੁਕਾਬਲਾ ਚੀਨ ਦੇ ਲੀ ਹਾਓ ਨਾਲ ਹੋਵੇਗਾ। ਜੈ ਭਗਵਾਨ ਜਿਸਨੇ ਕਿ ਕਜ਼ਾਕਿਸਤਾਨ ਦੇ ਜ਼ੈਲੂਵ ਗਨੀ ਨੂੰ 7-2 ਅੰਕਾਂ ਨਾਲ ਹਰਾਇਆ ਸੀ, ਦਾ ਫਾਈਨਲ ਮੁਕਾਬਲਾ ਤੁਰਕਮੇਨਿਸਤਾਨ ਦੇ ਹੁਦੇਬਰਦੀਏਵ ਸੇਰਦਾਰ ਨਾਲ ਹੋਵੇਗਾ। ਵਜਿੰਦਰ ਸੈਮੀਫਾਈਨਲ ਮੁਕਾਬਲੇ 'ਚ ਚੀਨ ਦੇ ਝਾਂਗ ਜਿਆਨਤਿੰਗ ਤੋਂ 8-11 ਅੰਕਾਂ ਨਾਲ ਹਾਰ ਗਿਆ।

ਵਿਸ਼ਵ ਕੱਪ ਟਵੈਂਟੀ 'ਚ ਭਾਰਤ ਦੀ ਝੰਡੀ

ਨੌਟਿੰਘਮ, 11 ਜੂਨ - ਵਿਸ਼ਵ ਕੱਪ ਟਵੈਂਟੀ 'ਚ ਭਾਰਤ ਦੇ ਖਿਡਾਰੀ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ 'ਏ' ਗਰੁੱਪ ਦੇ ਇਕ ਮੈਚ ਵਿਚ ਭਾਰਤੀ ਟੀਮ ਨੇ ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਇਰਲੈਂਡ ਵੱਲੋਂ 8 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ ਗਈਆਂ 112 ਦੌੜਾਂ ਦਾ ਟੀਚਾ ਭਾਰਤ ਨੇ ਗੌਤਮ ਗੰਭੀਰ (37), ਮਹਿੰਦਰ ਸਿੰਘ ਧੋਨੀ (14) ਦੇ ਰੂਪ ਵਿਚ ਦੋ ਵਿਕਟਾਂ ਗੁਆ ਕੇ 15.3 ਓਵਰਾਂ 'ਚ ਪੂਰਾ ਕਰ ਲਿਆ। ਇਸ ਜਿੱਤ ਵਿਚ ਜ਼ਹੀਰ ਖਾਨ ਦੀ ਅਹਿਮ ਭੂਮਿਕਾ ਰਹੀ। ਜਿਸ ਨੇ 4 ਵਿਕਟਾਂ ਲਈਆਂ। ਰੋਹਿਤ ਸ਼ਰਮਾ 52 ਦੌੜਾਂ ਬਣਾ ਕੇ ਨਾਬਾਦ ਰਿਹਾ।ਇਸ ਤੋਂ ਪਹਿਲਾਂ ਆਇਰਲੈਂਡ ਦੀ ਟੀਮ ਨੇ 18 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 112 ਦੌੜਾਂ ਬਣਾਈਆਂ। ਆਇਰਲੈਂਡ ਦੀ ਸ਼ੁਰੂਆਤ ਨੂੰ ਭਾਰਤੀ ਗੇਂਦਬਾਜ਼ ਜ਼ਹੀਰ ਖਾਨ ਨੇ ਤਹਿਸ ਨਹਿਸ ਕਰ ਦਿੱਤਾ। ਸਲਾਮੀ ਬੱਲੇਬਾਜ਼ ਪੋਰਟਰਫੀਲਡ 5 ਅਤੇ ਜੇਮੀ ਬਰੇਅ ਨੂੰ ਉਸਨੇ ਬਿਨਾ ਕੋਈ ਦੌੜ ਬਣਾਏ ਆਊਟ ਕਰ ਦਿੱਤਾ। ਆਇਰਲੈਂਡ ਵੱਲੋਂ ਵਾਈਟ ਨੇ 29, ਵਿਲਸਨ ਨੇ 19, ਮੂਨੀ ਨੇ 19, ਬੋਥਾ ਨੇ 8, ਕੇਵਿਨ ਬਰਾਊਨ ਨੇ 2 ਅਤੇ ਕੁਆਸਕ ਨੇ ਨਾਬਾਦ 12 ਦੌੜਾਂ ਦਾ ਯੋਗਦਾਨ ਪਾਇਆ। ਜ਼ਹੀਰ ਖਾਨ ਨੇ 3 ਓਵਰਾਂ 'ਚ 19 ਦੌੜਾਂ ਦੇ ਕੇ 4 ਵਿਕਟਾਂ ਝਟਕਾਈਆਂ। ਜਦਕਿ ਪ੍ਰਗਿਆਨ ਓਝਾ ਨੂੰ 2 ਅਤੇ ਹਰਭਜਨ ਸਿੰਘ ਨੂੰ ਇਕ ਵਿਕਟ ਮਿਲੀ। ਗਰੁੱਪ 'ਸੀ' ਦੇ ਇਕ ਹੋਰ ਮੈਚ ਵਿਚ ਸਨਥ ਜੈਸੂਰੀਆ ਵੱਲੋਂ ਬਣਾਈਆਂ 47 ਗੇਂਦਾਂ 'ਤੇ ਧੂੰਆਂਧਾਰ 81 ਦੌੜਾਂ ਦੀ ਬਦੌਲਤ ਸ੍ਰੀਲੰਕਾ ਨੇ ਵੈਸਟ ਇੰਡੀਜ਼ ਨੂੰ 15 ਦੌੜਾਂ ਨਾਲ ਹਰਾ ਦਿੱਤਾ। ਤਿਲਕਰਤਨੇ ਦਿਲਸ਼ਾਨ ਨੇ ਵੀ (74) ਜੈਸੂਰੀਆ ਦਾ ਡੱਟ ਕੇ ਸਾਥ ਦਿੱਤਾ। ਸ੍ਰੀਲੰਕਾ ਵੱਲੋਂ ਮਿਲੇ 193 ਦੌੜਾਂ ਦੇ ਟੀਚੇ ਦੇ ਜਵਾਬ 'ਚ ਵੈਸਟ ਇੰਡੀਜ਼ ਦੀ ਟੀਮ 5 ਵਿਕਟਾਂ ਦੇ ਨੁਕਸਾਨ 'ਤੇ 177 ਦੌੜਾਂ ਹੀ ਬਣਾ ਸਕੀ। ਟੀਚੇ ਦਾ ਪਿੱਛਾ ਕਰਨ ਉੱਤਰੀ ਵੈਸਟ ਇੰਡੀਜ਼ ਟੀਮ ਦੀ ਸ਼ੁਰੂਆਤ ਕੋਈ ਬਹੁਤੀ ਵਧੀਆ ਨਹੀਂ ਰਹੀ। ਕ੍ਰਿਸ ਗੇਲ ਦੀ ਗੈਰ-ਹਾਜ਼ਰੀ 'ਚ ਖੇਡ ਰਹੀ ਵੈਸਟ ਇੰਡੀਜ਼ ਦੀ ਟੀਮ ਦਾ ਸਲਾਮੀ ਬੱਲੇਬਾਜ਼ ਫਲੈਚਰ 13 ਦੌੜਾਂ ਬਣਾ ਕੇ ਹੀ ਆਊਟ ਹੋ ਗਿਆ। ਜਦਕਿ ਸਿਮੋਨਜ਼ ਨੇ 29, ਮਾਰਸ਼ਲ ਨੇ 14, ਸ਼ਰਵਨ ਨੇ ਨਾਬਾਦ 28, ਪੋਲਾਰਡ ਨੇ ਨਾਬਾਦ 19 ਦੌੜਾਂ ਦਾ ਯੋਗਦਾਨ ਪਾਇਆ। ਵੈਸਟ ਇੰਡੀਜ਼ ਵੱਲੋਂ ਸਭ ਤੋਂ ਜਿਆਦਾ 51 ਦੌੜਾਂ ਵੇਨ ਬਰੈਵੋ ਨੇ ਬਣਾਈਆਂ। ਸ੍ਰੀਲੰਕਾ ਵੱਲੋਂ ਮਲਿੰਗਾ ਅਤੇ ਮੇਂਡਿਸ ਨੇ 2-2 ਜਦਕਿ ਮੁਰਲੀਧਰਨ ਨੇ 1 ਵਿਕਟ ਲਈ। ਜੈਸੂਰੀਆ ਨੂੰ ਮੈਨ ਆਫ਼ ਦੀ ਮੈਚ ਐਲਾਨਿਆ ਗਿਆ। ਇਸ ਤੋਂ ਪਹਿਲਾਂ ਸ੍ਰੀਲੰਕਾ ਟੀਮ ਨੇ ਸਲਾਮੀ ਬੱਲੇਬਾਜ਼ ਸਨਥ ਜੈਸੂਰੀਆ ਅਤੇ ਟੀ. ਦਿਲਸ਼ਾਨ ਦੀ ਤੂਫਾਨੀ ਬੱਲਬਾਜ਼ੀ ਦੀ ਬਦੌਲਤ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 192 ਦੌੜਾਂ ਬਣਾਈਆਂ। ਦਿਲਸ਼ਾਨ ਅਤੇ ਜੈਸੂਰੀਆ ਨੇ ਕ੍ਰਮਵਾਰ 74 ਅਤੇ 81 ਦੌੜਾਂ ਮਹਿਜ਼ 47-47 ਗੇਂਦਾਂ 'ਤੇ ਬਣਾਈਆਂ। ਦੋਵਾਂ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 124 ਦੌੜਾਂ ਦੀ ਸਾਂਝੇਦਾਰੀ ਕੀਤੀ। ਪਰ ਇਸ ਤੋਂ ਬਾਅਦ ਹੋਰ ਕੋਈ ਵੀ ਬੱਲੇਬਾਜ਼ ਟਿਕ ਕੇ ਬੱਲੇਬਾਜ਼ੀ ਨਾ ਕਰ ਸਕਿਆ। ਕਪਤਾਨ ਕੁਮਾਰ ਸੰਗਾਕਾਰਾ ਨੇ 5, ਜੈਵਰਧਨੇ ਨੇ 4, ਮੁਬਾਰਕ ਨੇ ਨਾਬਾਦ 8, ਚਮਾਰਾ ਸਿਲਵਾ ਨੇ 7 ਅਤੇ ਮੈਥੀਉ ਨੇ ਨਾਬਾਦ 3 ਦੌੜਾਂ ਦਾ ਯੋਗਦਾਨ ਪਾਇਆ। ਵੈਸਟ ਇੰਡੀਜ਼ ਵੱਲੋਂ ਲੈਂਡਲ ਸਿਮੋਨਜ਼ ਨੇ ਘਾਤਕ ਗੇਂਦਬਾਜ਼ੀ ਕਰਦਿਆਂ 3 ਓਵਰਾਂ 'ਚ 19 ਦੌੜਾਂ ਦੇ ਕੇ 4 ਵਿਕਟਾਂ ਝਟਕਾਈਆਂ। ਜਦਕਿ ਟੇਲਰ ਨੂੰ 1 ਵਿਕਟ ਮਿਲੀ।

'ਹਾਕੀ ਇੰਡੀਆ' ਨਾਂ ਦੀ ਸੰਸਥਾ ਦੀ ਸਥਾਪਨਾ

ਪਟਿਆਲਾ, 11 ਜੂਨ - ਹਾਕੀ ਇੰਡੀਆ ਨਾਂ ਦੀ ਸੰਸਥਾ ਦੀ ਸਥਾਪਨਾ ਨਾਲ ਭਾਰਤੀ ਹਾਕੀ ਖਿਡਾਰੀਆਂ ਨੂੰ ਕੁਝ ਆਸ ਹੋਣ ਲੱਗੀ ਹੈ। ਇਹ ਭਾਰਤੀ ਮਹਿਲਾ ਤੇ ਪੁਰਸ਼ ਹਾਕੀ ਦੇ ਸਾਂਝੇ ਤੌਰ 'ਤੇ ਸੰਚਾਲਨ ਅਤੇ ਕੌਮਾਂਤਰੀ ਹਾਕੀ ਫੈਡਰੇਸ਼ਨ ਨਾਲ ਸਬੰਧ ਕਾਇਮ ਰੱਖਣ ਦੇ ਮਨਸੂਬੇ ਨਾਲ ਬਣਾਈ ਗਈ ਹੈ। ਇਸ ਦੀ ਸਥਾਪਨਾ ਨਾਲ ਹਾਕੀ ਮਾਹਿਰਾਂ ਨੂੰ ਦੇਸ਼ ਦੀ ਹਾਕੀ ਦੇ ਕਿਸੇ ਰਸਤੇ ਪੈਣ ਦੀ ਸੰਭਾਵਨਾ ਨਜ਼ਰ ਆਉਣ ਲੱਗੀ ਹੈ। ਮਹਿਲਾ ਹਾਕੀ ਨਾਲ ਜੁੜੀਆਂ ਕੁਝ ਸ਼ਖਸੀਅਤਾਂ ਨੇ ਇਸ ਨਾਲ ਲੜਕੀਆਂ ਦੀ ਹਾਕੀ ਨੂੰ ਧੱਕਾ ਲੱਗਣ ਦਾ ਖਦਸ਼ਾ ਵੀ ਪ੍ਰਗਟਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ਭਾਰਤ 'ਚ ਹਾਕੀ ਦੀਆਂ ਗਤੀਵਿਧੀਆਂ ਨੂੰ ਸਹੀ ਰੂਪ ਵਿਚ ਚਲਾਉਣ ਲਈ 15 ਦਿਨਾਂ ਦੇ ਅੰਦਰ-ਅੰਦਰ ਇਕ ਸੰਸਥਾ ਬਣਾਉਣ ਦਾ ਆਦੇਸ਼ ਦਿੱਤਾ ਸੀ। ਜਿਸ ਤਹਿਤ ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਪੁਰਸ਼ ਤੇ ਮਹਿਲਾ ਹਾਕੀ ਫੈਡਰੇਸ਼ਨਾਂ ਦਾ ਰਲੇਵਾਂ ਕਰਕੇ ਸ੍ਰੀ ਅਸ਼ੋਕ ਮੱਟੂ ਨੂੰ ਪ੍ਰਧਾਨ, ਸ੍ਰੀਮਤੀ ਵਿਦਿਆ ਸਟੋਕਸ ਨੂੰ ਸੀਨੀਅਰ ਮੀਤ ਪ੍ਰਧਾਨ, ਮੁਹੰਮਦ ਅਸਲਮ ਖਾਨ ਨੂੰ ਸਕੱਤਰ ਜਨਰਲ ਤੇ ਨਰਿੰਦਰ ਬਤਰਾ ਨੂੰ ਖਜ਼ਾਨਚੀ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਰਾਜੀਵ ਮਹਿਤਾ, ਹਰੀਸ਼ ਸ਼ਰਮਾ ਤੇ ਮੁਸ਼ਤਾਕ ਅਹਿਮਦ ਨੂੰ ਵੀ ਕਮੇਟੀ 'ਚ ਸ਼ਾਮਿਲ ਕੀਤਾ ਹੈ। ਇਸ ਕਮੇਟੀ ਦਾ ਗਠਨ ਮੁੱਖ ਤੌਰ 'ਤੇ ਕੌਮਾਂਤਰੀ ਹਾਕੀ ਫੈਡਰੇਸ਼ਨ ਨਾਲ ਜੁੜੇ ਰਹਿਦ ਦੀਆਂ ਸ਼ਰਤਾਂ ਹਨ। ਇਸ ਕਮੇਟੀ ਦੇ ਗਠਨ ਤੋਂ ਬਾਅਦ ਕਿਹਾ ਗਿਆ ਹੈ ਕਿ ਆਉਦ ਵਾਲੇ 6 ਮਹੀਨਿਆਂ ਦੇ ਅੰਦਰ ਅੰਦਰ ਦੇਸ਼ 'ਚ ਲੋਕਤੰਤਰਿਕ ਤਰੀਕੇ ਨਾਲ ਹਾਕੀ ਇੰਡੀਆ ਦੀਆਂ ਕੌਮੀ, ਰਾਜ ਤੇ ਜ਼ਿਲ੍ਹਾ ਪੱਧਰੀ ਇਕਾਈਆਂ ਦਾ ਗਠਨ ਕੀਤਾ ਜਾਵੇਗਾ।

ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ

ਸਿੰਗਾਪੁਰ, 11 ਜੂਨ - ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ 'ਚ ਭਾਰਤੀ ਹਾਕੀ ਟੀਮ ਵੱਲੋਂ ਜੂਨੀਅਰ ਵਿਸ਼ਵ ਕੱਪ ਜੇਤੂ ਦਾ ਖ਼ਿਤਾਬ ਜਿੱਤਣ ਦੀਆਂ ਉਮੀਦਾਂ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਭਾਰਤ ਨੂੰ ਹਾਲੈਂਡ ਦੀ ਟੀਮ ਨੇ 2-3 ਗੋਲਾਂ ਦੇ ਫਰਕ ਨਾਲ ਹਰਾ ਦਿੱਤਾ। ਮਿੰਕ ਵੈਨ ਡੇਰ ਵੀਰਡਨ ਨੇ ਜੇਤੂ ਟੀਮ ਲਈ ਹੈਟਰਿਕ ਲਗਾਈ। ਜਦਕਿ ਮਨਦੀਪ ਅੰਤਿਲ ਅਤੇ ਇਨੋਸੈਂਟ ਕੁੱਲੂ ਨੇ ਭਾਰਤ ਲਈ 1-1 ਗੋਲ ਕੀਤਾ। ਇਸ ਜਿੱਤ ਨਾਲ ਹਾਲੈਂਡ ਅਗਲੇ ਗੇੜ 'ਚ ਪ੍ਰਵੇਸ਼ ਕਰ ਗਿਆ ਹੈ। ਜਦਕਿ ਭਾਰਤ ਨਿਊਜ਼ੀਲੈਂਡ ਨਾਲ ਆਪਣੇ ਗਰੁੱਪ 'ਚ ਤੀਜੇ ਸਥਾਨ 'ਤੇ ਹੈ। ਨਿਊਜ਼ੀਲੈਂਡ ਨੇ ਹਾਲੇ ਆਪਣੇ ਦੋ ਲੀਗ ਮੈਚ ਖੇਡਣੇ ਹਨ। ਭਾਰਤ ਨੇ ਹੁਣ ਤੱਕ ਖੇਡੇ ਤਿੰਨ ਲੀਗ ਮੈਚਾਂ 'ਚੋਂ ਇਕ 'ਚ ਜਿੱਤ, ਇਕ ਬਰਾਬਰ ਅਤੇ ਇਕ ਹਾਰ ਦਾ ਸਾਹਮਣਾ ਕੀਤਾ ਹੈ। ਅਗਲੇ ਗੇੜ 'ਚ ਪ੍ਰਵੇਸ਼ ਕਰਨ ਲਈ ਹੁਣ ਭਾਰਤ ਨੂੰ 12 ਜੂਨ ਨੂੰ ਹੋਣ ਵਾਲੇ ਪੋਲੈਂਡ ਵਿਰੁਧ ਹੋਣ ਵਾਲੇ ਮੁਕਾਬਲੇ 'ਚ ਜਿੱਤ ਪ੍ਰਾਪਤ ਕਰਨੀ ਪਵੇਗੀ।

69ਵਾਂ ਕਬੱਡੀ ਅਤੇ ਬੈਲ ਗੱਡੀਆਂ ਦੀਆਂ ਦੌੜਾਂ ਦਾ ਟੂਰਨਾਮੈਂਟ 13-15 ਤੱਕ

ਸ਼ਾਮਚੁਰਾਸੀ, 11 ਜੂਨ - 69ਵਾਂ ਕਬੱਡੀ ਅਤੇ ਬੈਲ ਗੱਡੀਆਂ ਦੀਆਂ ਦੌੜਾਂ ਦਾ ਟੂਰਨਾਮੈਂਟ ਪਿੰਡ ਪੰਡੋਰੀ ਫੰਗੂੜਿਆਂ ਵਿਖੇ 13 ਤੋਂ 15 ਜੂਨ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਿਚ ਕਬੱਡੀ ਓਪਨ ਦਾ ਪਹਿਲਾ ਇਨਾਮ 51 ਹਜ਼ਾਰ ਅਤੇ ਦੂਸਰਾ ਇਨਾਮ 31 ਹਜ਼ਾਰ ਰੁਪਏ ਦਾ ਹੋਵੇਗਾ। ਓਪਨ ਕਲੱਬ ਦੇ ਮੈਚ 15 ਜੂਨ ਨੂੰ ਕਰਵਾਏ ਜਾਣਗੇ। ਇਸ ਤੋਂ ਇਲਾਵਾ ਓਪਨ ਪਿੰਡ ਪੱਧਰ, 70 ਕਿਲੋ ਕਲੱਬ, 58, 45 ਅਤੇ 30 ਕਿਲੋ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਬੈਲ ਗੱਡੀਆਂ ਦੀਆਂ ਦੌੜਾਂ ਦੇ ਮੁਕਾਬਲੇ 13 ਜੂਨ ਨੂੰ ਕਰਵਾਏ ਜਾਣਗੇ ਅਤੇ ਪਹਿਲੇ 14 ਸਥਾਨਾਂ 'ਤੇ ਰਹਿਣ ਵਾਲਿਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ।

ਪੂਨੇ 'ਚ ਖੇਡ ਸਮਾਰੋਹ 13 ਤੋਂ 27 ਤੱਕ

ਨਵੀਂ ਦਿੱਲੀ, 11 ਜੂਨ - ਦੇਸ਼ 'ਚ ਨਵੀਂ ਬਣੀ 'ਹਾਕੀ ਇੰਡੀਆ' ਸੰਸਥਾ (ਐੱਚ ਆਈ.) ਨੇ 10 ਜੂਨ ਨੂੰ ਇਕ ਬੈਠਕ 'ਚ ਫੈਸਲਾ ਕੀਤਾ ਕਿ ਹਾਕੀ ਨਾਲ ਜੁੜੀਆਂ ਰਾਸ਼ਟਰੀ ਪ੍ਰਤੀਯੋਗਤਾਵਾਂ ਨੂੰ ਫਿਰ ਤੋਂ ਆਰੰਭ ਕੀਤਾ ਜਾਵੇਗਾ। ਐੱਚ. ਆਈ. ਦੇ ਸਕੱਤਰ ਅਸਲਮ ਖ਼ਾਨ ਨੇ ਦੱਸਿਆ ਕਿ ਕਾਰਜਕਾਰਨੀ ਦੀ ਮੀਟਿੰਗ 'ਚ ਇਕਮਤ ਹੋ ਕੇ ਇਹ ਫੈਸਲਾ ਕੀਤਾ ਗਿਆ ਹੈ ਕਿ 13 ਤੋਂ 27 ਸਤੰਬਰ ਤੱਕ ਪੂਨੇ 'ਚ ਖੇਡ ਸਮਾਰੋਹ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਗਿਆ ਹੈ ਕਿ ਉਹ ਅੰਤਰਰਾਸ਼ਟਰੀ ਪੱਧਰ ਦੇ ਸਾਬਕਾ ਖਿਡਾਰੀਆਂ ਨੂੰ ਲੈ ਕੇ ਅਥਲੀਟ ਸੰਘ ਬਣਾਉਣ।

ਵਿਸ਼ਵ ਕੱਪ ਟਵੈਂਟੀ -20 'ਚ ਭਾਰਤ ਦੀ ਬੱਲੇ ਬੱਲੇ

ਨੌਟਿੰਘਮ, 10 ਜੂਨ - ਵਿਸ਼ਵ ਕੱਪ ਟਵੈਂਟੀ ਦੇ 'ਏ' ਗਰੁੱਪ ਦੇ ਇਕ ਮੈਚ ਵਿਚ ਭਾਰਤੀ ਟੀਮ ਨੇ ਆਇਰਲੈਂਡ ਨੂੰ 8 ਵਿਕਟਾਂ ਨਾਲ ਚਿੱਤ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਇਰਲੈਂਡ ਵੱਲੋਂ 8 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ ਗਈਆਂ 112 ਦੌੜਾਂ ਦਾ ਟੀਚਾ ਭਾਰਤ ਨੇ ਗੌਤਮ ਗੰਭੀਰ (37), ਮਹਿੰਦਰ ਸਿੰਘ ਧੋਨੀ (14) ਦੇ ਰੂਪ ਵਿਚ ਦੋ ਵਿਕਟਾਂ ਗੁਆ ਕੇ 15.3 ਓਵਰਾਂ 'ਚ ਪੂਰਾ ਕਰ ਲਿਆ। ਇਸ ਜਿੱਤ ਵਿਚ ਜ਼ਹੀਰ ਖਾਨ ਦੀ ਅਹਿਮ ਭੂਮਿਕਾ ਰਹੀ। ਜਿਸ ਨੇ 4 ਵਿਕਟਾਂ ਲਈਆਂ। ਰੋਹਿਤ ਸ਼ਰਮਾ 52 ਦੌੜਾਂ ਬਣਾ ਕੇ ਨਾਬਾਦ ਰਿਹਾ। ਇਸ ਤੋਂ ਪਹਿਲਾਂ ਆਇਰਲੈਂਡ ਦੀ ਟੀਮ ਨੇ 18 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 112 ਦੌੜਾਂ ਬਣਾਈਆਂ। ਆਇਰਲੈਂਡ ਦੀ ਸ਼ੁਰੂਆਤ ਨੂੰ ਭਾਰਤੀ ਗੇਂਦਬਾਜ਼ ਜ਼ਹੀਰ ਖਾਨ ਨੇ ਤਹਿਸ ਨਹਿਸ ਕਰ ਦਿੱਤਾ। ਸਲਾਮੀ ਬੱਲੇਬਾਜ਼ ਪੋਰਟਰਫੀਲਡ 5 ਅਤੇ ਜੇਮੀ ਬਰੇਅ ਨੂੰ ਉਸਨੇ ਬਿਨਾ ਕੋਈ ਦੌੜ ਬਣਾਏ ਆਊਟ ਕਰ ਦਿੱਤਾ। ਆਇਰਲੈਂਡ ਵੱਲੋਂ ਵਾਈਟ ਨੇ 29, ਵਿਲਸਨ ਨੇ 19, ਮੂਨੀ ਨੇ 19, ਬੋਥਾ ਨੇ 8, ਕੇਵਿਨ ਬਰਾਊਨ ਨੇ 2 ਅਤੇ ਕੁਆਸਕ ਨੇ ਨਾਬਾਦ 12 ਦੌੜਾਂ ਦਾ ਯੋਗਦਾਨ ਪਾਇਆ। ਜ਼ਹੀਰ ਖਾਨ ਨੇ 3 ਓਵਰਾਂ 'ਚ 19 ਦੌੜਾਂ ਦੇ ਕੇ 4 ਵਿਕਟਾਂ ਝਟਕਾਈਆਂ। ਜਦਕਿ ਪ੍ਰਗਿਆਨ ਓਝਾ ਨੂੰ 2 ਅਤੇ ਹਰਭਜਨ ਸਿੰਘ ਨੂੰ ਇਕ ਵਿਕਟ ਮਿਲੀ। ਗਰੁੱਪ 'ਸੀ' ਦੇ ਇਕ ਹੋਰ ਮੈਚ ਵਿਚ ਸਨਥ ਜੈਸੂਰੀਆ ਵੱਲੋਂ ਬਣਾਈਆਂ 47 ਗੇਂਦਾਂ 'ਤੇ ਧੂੰਆਂਧਾਰ 81 ਦੌੜਾਂ ਦੀ ਬਦੌਲਤ ਸ੍ਰੀਲੰਕਾ ਨੇ ਵੈਸਟ ਇੰਡੀਜ਼ ਨੂੰ 15 ਦੌੜਾਂ ਨਾਲ ਹਰਾ ਦਿੱਤਾ। ਤਿਲਕਰਤਨੇ ਦਿਲਸ਼ਾਨ ਨੇ ਵੀ (74) ਜੈਸੂਰੀਆ ਦਾ ਡੱਟ ਕੇ ਸਾਥ ਦਿੱਤਾ। ਸ੍ਰੀਲੰਕਾ ਵੱਲੋਂ ਮਿਲੇ 193 ਦੌੜਾਂ ਦੇ ਟੀਚੇ ਦੇ ਜਵਾਬ 'ਚ ਵੈਸਟ ਇੰਡੀਜ਼ ਦੀ ਟੀਮ 5 ਵਿਕਟਾਂ ਦੇ ਨੁਕਸਾਨ 'ਤੇ 177 ਦੌੜਾਂ ਹੀ ਬਣਾ ਸਕੀ। ਟੀਚੇ ਦਾ ਪਿੱਛਾ ਕਰਨ ਉੱਤਰੀ ਵੈਸਟ ਇੰਡੀਜ਼ ਟੀਮ ਦੀ ਸ਼ੁਰੂਆਤ ਕੋਈ ਬਹੁਤੀ ਵਧੀਆ ਨਹੀਂ ਰਹੀ। ਕ੍ਰਿਸ ਗੇਲ ਦੀ ਗੈਰ-ਹਾਜ਼ਰੀ 'ਚ ਖੇਡ ਰਹੀ ਵੈਸਟ ਇੰਡੀਜ਼ ਦੀ ਟੀਮ ਦਾ ਸਲਾਮੀ ਬੱਲੇਬਾਜ਼ ਫਲੈਚਰ 13 ਦੌੜਾਂ ਬਣਾ ਕੇ ਹੀ ਆਊਟ ਹੋ ਗਿਆ। ਜਦਕਿ ਸਿਮੋਨਜ਼ ਨੇ 29, ਮਾਰਸ਼ਲ ਨੇ 14, ਸ਼ਰਵਨ ਨੇ ਨਾਬਾਦ 28, ਪੋਲਾਰਡ ਨੇ ਨਾਬਾਦ 19 ਦੌੜਾਂ ਦਾ ਯੋਗਦਾਨ ਪਾਇਆ। ਵੈਸਟ ਇੰਡੀਜ਼ ਵੱਲੋਂ ਸਭ ਤੋਂ ਜਿਆਦਾ 51 ਦੌੜਾਂ ਵੇਨ ਬਰੈਵੋ ਨੇ ਬਣਾਈਆਂ। ਸ੍ਰੀਲੰਕਾ ਵੱਲੋਂ ਮਲਿੰਗਾ ਅਤੇ ਮੇਂਡਿਸ ਨੇ 2-2 ਜਦਕਿ ਮੁਰਲੀਧਰਨ ਨੇ 1 ਵਿਕਟ ਲਈ। ਜੈਸੂਰੀਆ ਨੂੰ ਮੈਨ ਆਫ਼ ਦੀ ਮੈਚ ਐਲਾਨਿਆ ਗਿਆ। ਇਸ ਤੋਂ ਪਹਿਲਾਂ ਸ੍ਰੀਲੰਕਾ ਟੀਮ ਨੇ ਸਲਾਮੀ ਬੱਲੇਬਾਜ਼ ਸਨਥ ਜੈਸੂਰੀਆ ਅਤੇ ਟੀ. ਦਿਲਸ਼ਾਨ ਦੀ ਤੂਫਾਨੀ ਬੱਲਬਾਜ਼ੀ ਦੀ ਬਦੌਲਤ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 192 ਦੌੜਾਂ ਬਣਾਈਆਂ। ਦਿਲਸ਼ਾਨ ਅਤੇ ਜੈਸੂਰੀਆ ਨੇ ਕ੍ਰਮਵਾਰ 74 ਅਤੇ 81 ਦੌੜਾਂ ਮਹਿਜ਼ 47-47 ਗੇਂਦਾਂ 'ਤੇ ਬਣਾਈਆਂ। ਦੋਵਾਂ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 124 ਦੌੜਾਂ ਦੀ ਸਾਂਝੇਦਾਰੀ ਕੀਤੀ। ਪਰ ਇਸ ਤੋਂ ਬਾਅਦ ਹੋਰ ਕੋਈ ਵੀ ਬੱਲੇਬਾਜ਼ ਟਿਕ ਕੇ ਬੱਲੇਬਾਜ਼ੀ ਨਾ ਕਰ ਸਕਿਆ। ਕਪਤਾਨ ਕੁਮਾਰ ਸੰਗਾਕਾਰਾ ਨੇ 5, ਜੈਵਰਧਨੇ ਨੇ 4, ਮੁਬਾਰਕ ਨੇ ਨਾਬਾਦ 8, ਚਮਾਰਾ ਸਿਲਵਾ ਨੇ 7 ਅਤੇ ਮੈਥੀਉ ਨੇ ਨਾਬਾਦ 3 ਦੌੜਾਂ ਦਾ ਯੋਗਦਾਨ ਪਾਇਆ। ਵੈਸਟ ਇੰਡੀਜ਼ ਵੱਲੋਂ ਲੈਂਡਲ ਸਿਮੋਨਜ਼ ਨੇ ਘਾਤਕ ਗੇਂਦਬਾਜ਼ੀ ਕਰਦਿਆਂ 3 ਓਵਰਾਂ 'ਚ 19 ਦੌੜਾਂ ਦੇ ਕੇ 4 ਵਿਕਟਾਂ ਝਟਕਾਈਆਂ। ਜਦਕਿ ਟੇਲਰ ਨੂੰ 1 ਵਿਕਟ ਮਿਲੀ।

ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਤਿੰਨ ਭਾਰਤੀ ਅੱਗੇ

ਜ਼ੁਹਾਏ (ਚੀਨ), 10 ਜੂਨ - ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਚੱਲ ਰਹੀ ਹੈ। ਇਸ 'ਚ ਬੀਜਿੰਗ ਉਲੰਪਿਕ-2008 ਦੇ ਕੁਆਰਟਰ ਫਾਈਨਲ ਗੇੜ 'ਚ ਪਹੁੰਚਣ ਵਾਲੇ ਜਤਿੰਦਰ ਕੁਮਾਰ ਸਮੇਤ ਤਿੰਨ ਭਾਰਤੀ ਮੁੱਕੇਬਾਜ਼ਾਂ ਨੇ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਜਤਿੰਦਰ ਕੁਮਾਰ ਨੇ ਮੰਗੋਲੀਆ ਦੇ ਅੰਖਜਰਗਿਲ ਇਦੇਰਖੂ ਨੂੰ 9-4 ਅੰਕਾਂ ਨਾਲ ਹਰਾਇਆ। ਜਤਿੰਦਰ ਦਾ ਅਗਲੇ ਗੇੜ 'ਚ ਮੁਕਾਬਲਾ ਚੀਨ ਦੇ ਮਾ ਯੁਨਹਾਓ ਨਾਲ ਹੋਵੇਗਾ। 60 ਕਿਲੋਗ੍ਰਾਮ ਵਰਗ 'ਚ ਭਾਰਤ ਦੇ ਜੈ ਭਗਵਾਨ ਨੇ ਚੀਨ ਦੇ ਹੂ ਕਿਉਨਜੁਨ ਨੂੰ 12-2 ਅੰਕਾਂ ਨਾਲ ਹਰਾਇਆ। ਉਸਦਾ ਸੈਮੀਫਾਈਨਲ ਮੁਕਾਬਲਾ 12 ਜੂਨ ਨੂੰ ਕਜ਼ਾਖਸਤਾਨ ਦੇ ਜ਼ੈਲੂਵ ਗਨੀ ਨਾਲ ਹੋਵੇਗਾ। ਵਿਸ਼ਵ ਕੱਪ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਦਿਨੇਸ਼ ਕੁਮਾਰ (81ਕਿਲੋਗ੍ਰਾਮ) ਨੇ ਵੀ ਚੀਨੀ ਤਾਏਪਈ ਦੇ ਸਿਆਓ ਹੁਆਂਗ ਯੀ ਨੂੰ ਪਹਿਲੇ ਗੇੜ 'ਚ ਹੀ ਖੇਡਣ 'ਚ ਨਾਕਾਮ ਕਰ ਦਿੱਤਾ। ਜਿਸ ਕਾਰਨ ਦਿਨੇਸ਼ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ। ਦਿਨੇਸ਼ ਦਾ ਅਗਲਾ ਮੁਕਾਬਲਾ ਉਜ਼ਬੇਕਿਸਤਾਨ ਦੇ ਰਸੂਲੋਵ ਇਲਸ਼ੋਡ ਨਾਲ ਹੋਵੇਗਾ। 91 ਕਿਲੋਗ੍ਰਾਮ ਵਰਗ 'ਚ ਭਾਰਤ ਦੇ ਹੀ ਗੁਰਲਾਲ ਸਿੰਘ ਨੂੰ ਜੌਰਡਨ ਦੇ ਅਲਮਤਬੋਲੀ ਇਹਾਬ ਕੋਲੋਂ 14-7 ਅੰਕਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਵਿਸ਼ਵ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੇ 24 ਭਾਰਤੀ ਤੀਰਅੰਦਾਜ਼

ਕੋਲਕਾਤਾ, 10 ਜੂਨ - ਵਿਸ਼ਵ ਜੂਨੀਅਰ ਤੀਰਅੰਦਾਜ਼ੀ ਚੈਂਪੀਅਨਸ਼ਿਪ ਜੋ ਕਿ ਅਮਰੀਕਾ ਦੇ ਉਟਾਹ ਪ੍ਰਾਂਤ 'ਚ 12 ਜੁਲਾਈ ਤੋਂ 19 ਜੁਲਾਈ ਤੱਕ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ 24 ਭਾਰਤੀ ਤੀਰਅੰਦਾਜ਼ਾਂ ਦੀ ਚੋਣ ਕੀਤੀ ਗਈ ਹੈ। ਇਹ ਤੀਰਅੰਦਾਜ਼ ਜੂਨੀਅਰ (ਅੰਡਰ-18) ਅਤੇ ਕੈਡੇਟ (ਅੰਡਰ-16) ਵਰਗ ਦੇ ਹਨ। ਇਨ੍ਹਾਂ ਤੀਰਅੰਦਾਜ਼ਾਂ ਦੀ ਚੋਣ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਵੱਲੋਂ ਲਗਾਏ ਗਏ ਤਿੰਨ ਦਿਨਾ ਸਿਖ਼ਲਾਈ ਕੈਂਪ ਦੌਰਾਨ ਕੀਤੀ ਗਈ।

ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਕਬੱਡੀ ਟੂਰਨਾਮੈਂਟ 'ਚ ਸਿਧਵਾਂ ਅੱਗੇ

ਜਲੰਧਰ, 10 ਜੂਨ - ਪਿੰਡ ਪਰਸਰਾਮਪੁਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਸਾਲਾਨਾ ਯਾਦਗਾਰੀ ਕਬੱਡੀ ਟੂਰਨਾਮੈਂਟ ਸ਼ੁਰੂ ਹੋ ਗਿਆ ਹੈ। ਇਸ ਟੂਰਨਾਮੈਂਟ ਦਾ ਉਦਘਾਟਨ ਬਾਬਾ ਕਰਮ ਸਿੰਘ ਜੀ ਚਾਹ ਵਾਲੇ (ਜੌਹਲਾਂ) ਨੇ ਕੀਤਾ। ਇਸ ਟੂਰਨਾਮੈਂਟ ਦੇ ਪਹਿਲੇ ਦਿਨ 38 ਕਿਲੋ ਵਰਗ ਵਿਚ ਸਿਧਵਾਂ ਦੋਨਾਂ ਨੇ ਪਹਿਲਾ ਸਥਾਨ ਤੇ ਜਗਪਾਲ ਪੁਰ ਨੇ ਦੂਜਾ ਸਥਾਨ ਹਾਸਲ ਕੀਤਾ। 55 ਕਿਲੋ ਵਰਗ ਦੇ ਮੁਕਾਬਲੇ ਵੀ ਕਰਵਾਏ ਗਏ। 11 ਜੂਨ ਨੂੰ 70 ਕਿਲੋ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ।

7ਵੇਂ ਕ੍ਰਿਕਟ ਟੂਰਨਾਮੈਂਟ 'ਚ ਪੰਜੋਲੀ ਦੀ ਟੀਮ ਜੇਤੂ

ਪੁਰਖਾਲੀ, 10 ਜੂਨ - 7ਵਾਂ ਕ੍ਰਿਕਟ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਯੁਵਕ ਸੇਵਾਵਾਂ ਕਲੱਬ ਤੇ ਗ੍ਰਾਮ ਪੰਚਾਇਤ ਪੰਜੋਲੀ ਵੱਲੋਂ ਕਰਵਾਇਆ ਗਿਆ। ਇਸ ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੈਚ ਪੰਜੋਲੀ ਦੀ ਟੀਮ ਨੇ ਗੁਆਂਢੀ ਪਿੰਡ ਪੰਜੋਲੇ ਦੀ ਟੀਮ ਨੂੰ ਹਰਾ ਦਿੱਤਾ।

48ਵੀਂ ਸੀਨੀਅਰ ਨੈਸ਼ਨਲ ਬਾਡੀ ਬਿਲਡਿੰਗ ਪ੍ਰਤੀਯੋਗਤਾ 'ਚ ਸੁਖਵਿੰਦਰਪਾਲ ਸਿੰਘ ਸੁੱਖੀ ਦੀ ਚੜ੍ਹਤ

ਹੁਸ਼ਿਆਰਪੁਰ, 10 ਜੂਨ - 48ਵੀਂ ਸੀਨੀਅਰ ਨੈਸ਼ਨਲ ਬਾਡੀ ਬਿਲਡਿੰਗ ਪ੍ਰਤੀਯੋਗਤਾ ਜੂਨ ਦੇ ਪਹਿਲੇ ਹਫ਼ਤੇ ਕਰਵਾਈ ਗਈ। ਇਸ ਪ੍ਰਤੀਯੋਗਤਾ 'ਚ ਚੰਡੀਗੜ੍ਹ ਦੀ ਟੀਮ ਵੱਲੋਂ ਖੇਡਣ ਵਾਲੇ ਹੁਸ਼ਿਆਰਪੁਰ ਦੇ ਨਾਮਵਰ ਬਾਡੀ ਬਿਲਡਰ ਸੁਖਵਿੰਦਰਪਾਲ ਸਿੰਘ ਸੁੱਖੀ ਨੇ 'ਮਿਸਟਰ ਇੰਡੀਆ' ਦੇ ਖ਼ਿਤਾਬ 'ਤੇ ਕਬਜ਼ਾ ਜਮਾ ਕੇ ਕੇਵਲ ਹੁਸ਼ਿਆਰਪੁਰ ਦਾ ਹੀ ਨਹੀਂ ਸਗੋਂ ਪੰਜਾਬ ਅਤੇ ਚੰਡੀਗੜ੍ਹ ਦੇ ਨਾਂਅ ਨੂੰ ਵੀ ਚਾਰ ਚੰਦ ਲਗਾ ਦਿੱਤੇ ਹਨ। ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਹੋਰ ਬਾਡੀ ਬਿਲਡਰਾਂ ਗੌਰਵ ਅਤੇ ਹਰਮਿੰਦਰ ਨੇ ਵੀ ਆਪੋ ਆਪਣੇ ਵਰਗ ਵਿਚ ਪਹਿਲੇ ਸਥਾਨ 'ਤੇ ਰਹਿ ਕੇ ਸੋਨ ਤਗਮੇ ਪ੍ਰਾਪਤ ਕੀਤੇ ਹਨ। ਵਰਣਨਯੋਗ ਹੈ ਕਿ 22 ਸੂਬਿਆਂ ਵਿਚੋਂ ਲਗਭਗ 300 ਬਾਡੀ ਬਿਲਡਰਾਂ ਨੂੰ ਪਛਾੜ ਸੁੱਖੀ ਨੇ ਜਿੱਥੇ 'ਮਿਸਟਰ ਇੰਡੀਆ' ਖਿਤਾਬ ਜਿੱਤਿਆ ਉੱਥੇ ਗੌਰਵ ਅਤੇ ਧਰਮਿੰਦਰ ਨੇ ਵੀ ਅਹਿਮ ਪ੍ਰਾਪਤੀਆਂ ਕਰਕੇ ਹੁਸ਼ਿਆਰਪੁਰ ਨੂੰ ਦੇਸ਼ ਦੇ ਨਕਸ਼ੇ ਵਿਚ ਚਮਕਾ ਦਿੱਤਾ ਹੈ। ਇਸ ਤੋਂ ਪਹਿਲਾਂ ਸੁੱਖੀ ਨੇ 2007 ਵਿਚ ਉਜੈਨ ਵਿਖੇ ਕਰਵਾਈ ਗਈ ਓਵਰ ਆਲ ਚੈਂਪੀਅਨਸ਼ਿਪ ਵਿਚ ਵੀ 'ਮਿਸਟਰ ਇੰਡੀਆ ਕਲਾਸਿਕ' ਜੇਤੂ ਟਾਈਟਲ, 2008 ਵਿਚ ਪੂਨਾ ਵਿਖੇ ਹੋਈ ਚੈਂਪੀਅਨ ਵਿਚ 'ਮਿਸਟਰ ਇੰਡੀਆ' ਅਤੇ ਇਸੇ ਸਾਲ ਸੋਨੀਪਤ ਵਿਖੇ ਹੋਈ ਨਾਰਥ ਇੰਡੀਆ ਚੈਂਪੀਅਨਸ਼ਿਪ ਵਿਚ ਵੀ ਅਹਿਮ ਪ੍ਰਾਪਤੀਆਂ ਕੀਤੀਆਂ। ਇਸ ਪ੍ਰਾਪਤੀ ਉਪਰੰਤ ਸੁੱਖੀ ਨੇ ਨਵੰਬਰ ਮਹੀਨੇ ਵਿਚ ਅਮਰੀਕਾ ਵਿਖੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਵੀ ਯੋਗਤਾ ਪ੍ਰਾਪਤ ਕਰ ਲਈ ਹੈ।

ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ

ਸਿੰਗਾਪੁਰ, 10 ਜੂਨ - ਨਿਊਜ਼ੀਲੈਂਡ ਵਿਰੁੱਧ ਮੰਗਲਵਾਰ ਨੂੰ 2-2 ਗੋਲਾਂ ਨਾਲ ਬਰਾਬਰ ਮੈਚ ਖੇਡਣ ਤੋਂ ਬਾਅਦ ਭਾਰਤੀ ਟੀਮ ਨੂੰ ਅਗਲੇ ਗੇੜ 'ਚ ਪਹੁੰਚਣ ਲਈ ਰਸਤਾ ਔਖਾ ਹੋ ਗਿਆ ਹੈ। ਅਗਲੇ ਗੇੜ 'ਚ ਪਹੁੰਚਣ ਲਈ ਹੁਣ ਭਾਰਤੀ ਟੀਮ ਨੂੰ ਹਾਲੈਂਡ ਟੀਮ ਨੂੰ ਹਰ ਹੀਲੇ ਹਰਾਉਣਾ ਪਵੇਗਾ। ਭਾਰਤ ਨੇ ਪਹਿਲੇ ਗਰੁੱਪ ਮੈਚ 'ਚ ਸਿੰਗਾਪੁਰ ਨੂੰ 10-0 ਗੋਲਾਂ ਦੇ ਵੱਡੇ ਫਰਕ ਨਾਲ ਹਰਾ ਕੇ ਤਕੜੀ ਸ਼ੁਰੂਆਤ ਕੀਤੀ ਸੀ ਪਰ ਅਗਲੇ ਮੈਚ 'ਚ ਹੀ ਨਿਊਜ਼ੀਲੈਂਡ ਨਾਲ ਮੈਚ 2-2 ਗੋਲਾਂ ਦੀ ਬਰਾਬਰੀ 'ਤੇ ਸਬਰ ਕਰਨਾ ਪਿਆ ਸੀ। ਗਰੁੱਪ 'ਡੀ' 'ਚ ਭਾਰਤ ਤਿੰਨ ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਹਾਲੈਂਡ ਦੀ ਟੀਮ 4 ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ। ਭਾਰਤ ਨੇ ਆਖਰੀ ਲੀਗ ਮੈਚ ਸ਼ੁੱਕਰਵਾਰ ਨੂੰ ਪੋਲੈਂਡ ਵਿਰੁਧ ਖੇਡਣਾ ਹੈ। ਭਾਰਤ ਲਈ ਕਪਤਾਨ ਦਿਵਾਕਰ ਰਾਮ ਦਾ ਵਧੀਆ ਪ੍ਰਦਰਸ਼ਨ ਕਰਨਾ ਬਹੁਤ ਜਰੂਰੀ ਹੋ ਗਿਆ ਹੈ। ਦਿਵਾਕਰ ਨੇ ਟੂਰਨਾਮੈਂਟ 'ਚ ਹੁਣ ਤੱਕ ਸਭ ਤੋਂ ਵੱਧ 5 ਗੋਲ ਕੀਤੇ ਹਨ। ਸਿੰਗਾਪੁਰ ਖ਼ਿਲਾਫ਼ ਉਸਨੇ 4 ਗੋਲ ਜਦਕਿ ਨਿਊਜ਼ੀਲੈਂਡ ਵਿਰੁਧ ਇਕ ਗੋਲ ਕੀਤਾ ਹੈ।

8 ਦੇਸ਼ਾਂ ਦੇ ਟੂਰਨਾਮੈਂਟ 'ਚ ਮਲੇਰਕੋਟਲਾ ਦੇ ਸਾਜ਼ਿਦ ਢੋਟ ਦੀ ਬੱਲੇ ਬੱਲੇ

ਮਲੇਰਕੋਟਲਾ, 9 ਜੂਨ - ਈਰਾਨ ਦੇ ਸ਼ਹਿਰ ਸ਼ੈਰੀ ਵਿਖੇ ਫੁੱਟਬਾਲ ਦੀ ਖੇਡ ਦਾ 8 ਦੇਸ਼ਾਂ ਦਾ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਭਾਰਤ, ਪਾਕਿਸਤਾਨ, ਈਰਾਨ, ਭੁਟਾਨ, ਨੇਪਾਲ, ਮਾਲਦੀਵ, ਅਫਗਾਨਿਸਤਾਨ ਅਤੇ ਸ਼੍ਰੀ ਲੰਕਾ ਦੀਆਂ ਟੀਮਾਂ ਸ਼ਾਮਿਲ ਹੋਈਆਂ। ਇਸ ਅੰਤਰਰਾਸ਼ਟਰੀ ਟੂਰਨਾਮੈਂਟ 'ਚ ਭਾਰਤ ਦੀ ਪ੍ਰਤੀਨਿਤਾ ਮਲੇਰਕੋਟਲਾ ਦੇ ਜੰਮਪਲ ਅਤੇ ਵਾਸੀ ਮੁਹੰਮਦ ਸਾਜਿਦ ਢੋਟ ਨੇ ਸੇਂਟ ਸਟੀਫਨ ਫੁੱਟਬਾਲ ਅਕੈਡਮੀ ਚੰਡੀਗੜ੍ਹ ਵੱਲੋਂ ਕੀਤੀ। ਅੰਡਰ-13 ਅੰਤਰਰਾਸ਼ਟਰੀ ਟੂਰਨਾਮੈਂਟ ਦੀ ਸਮਾਪਤੀ ਉਪਰੰਤ ਮਾਲੇਰਕੋਟਲਾ ਵਿਖੇ ਅੱਠਵੀਂ ਕਲਾਸ ਦੇ ਸਾਜ਼ਿਦ ਢੋਟ ਨੇ ਦੱਸਿਆ ਕਿ ਮੈਂ ਸਾਰੇ ਮੈਚ ਬਤੌਰ ਸਟਾਪਰ ਖੇਡਿਆ ਹਾਂ। ਭਾਰਤ ਪਹਿਲਾ ਮੈਚ ਈਰਾਨ ਤੋਂ ਹਾਰਿਆ। ਬਾਕੀ ਸ਼੍ਰੀ ਲੰਕਾ ਨੂੰ 3-0, ਅਫਗਾਨਿਸਤਾਨ ਨੂੰ 1-0, ਪਾਕਿਸਤਾਨ ਨੂੰ 5-0 ਅਤੇ ਮਾਲਦੀਪ ਨੂੰ 2-1 ਨਾਲ ਹਰਾਇਆ ਅਤੇ ਦੁਬਾਰਾ ਈਰਾਨ ਨਾਲ ਭਾਰਤ ਨੇ 1-1 ਦੀ ਬਰਾਬਰੀ 'ਤੇ ਮੈਚ ਖੇਡਿਆ। ਇਰਾਨ ਇਸ ਅੰਤਰਰਾਸ਼ਟਰੀ ਟੂਰਨਾਮੈਂਟ ਦਾ ਚੈਂਪੀਅਨ ਬਣਿਆ ਅਤੇ ਭਾਰਤ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਮਲੇਰਕੋਟਲਾ ਦੇ ਇਸ ਹੋਣਹਾਰ ਖਿਡਾਰੀ ਨੇ ਅੱਗੇ ਦੱਸਿਆ ਕਿ ਭਾਰਤੀ ਦੀ ਟੀਮ ਦੇ ਕੋਚ ਫਿਰੋਜ਼ ਖਾਨ (ਕੇਰਲ), ਪੋਲ ਐਂਚਰੀ (ਕੇਰਲ) ਅਤੇ ਰਣਜੀਤ ਸਿੰਘ ਕੇਰਲ ਸਨ ਜਿਨ੍ਹਾ ਨੇ ਭਾਰਤੀ ਟੀਮ ਦੀ ਪੂਰੀ ਤਿਆਰੀ ਕਰਵਾਈ। ਭਾਰਤੀ ਦੀ ਟੀਮ ਵਿਚ ਪੰਜਾਬ ਦੀ ਘੁੰਮਣ ਅਕੈਡਮੀ ਗੁਰਦਾਸਪੁਰ ਤੋਂ ਵੀ 3 ਖਿਡਾਰੀਆਂ ਨੇ ਪ੍ਰਤੀਨਿਧਤਾ ਕੀਤੀ।

ਹਾਕੀ ਇੰਡੀਆ ਨੇ ਰਾਜਾਂ ਦੀਆਂ ਖੇਡ ਐਸੋਸੀਏਸ਼ਨਾਂ ਨੂੰ ਪਾਇਆ ਭੰਬਲ ਭੂਸੇ 'ਚ

ਜਲੰਧਰ, 9 ਜੂਨ - ਜਿਸ ਤਰੀਕੇ ਨਾਲ ਹਾਕੀ ਇੰਡੀਆ ਦਾ ਗਠਨ ਰਾਤੋ ਰਾਤ ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਕੀਤਾ। ਇਸ ਨਾਲ ਦੇਸ਼ ਭਰ ਵਿਚ ਮਹਿਲਾ ਤੇ ਪੁਰਸ਼ਾਂ ਦੀਆਂ ਸਟੇਟ ਐਸੋਸੀਏਸ਼ਨਾਂ ਪੂਰੀ ਤਰ੍ਹਾਂ ਨਾਲ ਚੱਕਰ 'ਤੇ ਚੜ੍ਹ ਗਈਆਂ ਹਨ, ਕਿਉਂਕਿ ਉਨ੍ਹਾਂ ਨੂੰ ਇਸ ਵੇਲੇ ਕੁਝ ਸਮਝ ਨਹੀਂ ਆਉਂਦਾ ਕਿ ਹੁਣ ਇਸ ਵੇਲੇ ਕੀ ਕੀਤਾ ਜਾਵੇ। ਜਿਸ ਤਰੀਕੇ ਨਾਲ ਆਈ. ਓ. ਨੇ ਪਹਿਲਾ ਹਾਕੀ ਦੀ ਐਡਹਾਕ ਕਮੇਟੀ ਨੂੰ ਭੰਗ ਕੀਤਾ ਫਿਰ ਮਹਿਲਾ ਹਾਕੀ ਫੈਡਰੇਸ਼ਨ ਨੂੰ ਭੰਗ ਕਰਕੇ ਇਕ ਹਾਕੀ ਇੰਡੀਆ ਬਣਾਈ ਪਰ ਉਨ੍ਹਾਂ ਨੇ ਹੇਠਲੀਆਂ ਇਕਾਈਆਂ ਨੂੰ ਕੁਝ ਵੀ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਕੀ ਉਹ ਭੰਗ ਹਨ ਜਾਂ ਕੰਮ ਕਰ ਰਹੀਆਂ ਹਨ। ਰਾਜ ਦੀਆਂ ਇਕਾਈਆਂ ਨੇ ਆਪਣੀ ਇਕ ਮੀਟਿੰਗ 10 ਜੂਨ ਨੂੰ ਦਿੱਲੀ ਵਿਖੇ ਬੁਲਾਈ ਹੈ ਜਿਥੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ ਤੇ ਖੇਡ ਮੰਤਰੀ ਨਾਲ ਮਿਲ ਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ ਜੇ ਕੋਈ ਠੋਸ ਜਵਾਬ ਨਾ ਮਿਲਿਆ ਤਾਂ ਫਿਰ ਅਦਾਲਤ ਵਿਚ ਮਾਮਲਾ ਲੈ ਕੇ ਜਾਇਆ ਜਾਵੇਗਾ ਪਰ ਫਿਰ ਵੀ ਚੋਣ ਨੂੰ ਲੈ ਕੇ ਪੁਰਸ਼ ਤੇ ਮਹਿਲਾ ਖੇਮੇ ਨੇ ਆਪਣੀ-ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ ਜਿਥੇ ਵਿਦਿਆ ਸਟੋਕਸ ਨੂੰ ਕਮੇਟੀ ਦਾ ਮੈਂਬਰ ਬਣਾ ਕੇ ਅਮ੍ਰਿਤ ਬੋਸ ਨੂੰ ਬਾਹਰ ਕਰਕੇ ਮਹਿਲਾ ਹਾਕੀ ਫੈਡਰੇਸ਼ਨ ਨੂੰ ਦੋਫਾੜ ਕਰ ਦਿੱਤਾ। ਹੁਣ ਇਸ ਵੇਲੇ ਸਾਰੇ ਮੈਂਬਰ ਫੂਕ-ਫੂਕ ਕੇ ਕਦਮ ਰੱਖ ਰਹੇ ਹਨ ਤੇ ਚੜ੍ਹਦੇ ਸੂਰਜ ਨੂੰ ਸਲਾਮ ਮਾਰਨ ਲਈ ਸਾਰੇ ਉਤਾਵਲੇ ਹਨ। ਇਸ ਵੇਲੇ ਜੂਨੀਅਰ ਨੈਸ਼ਨਲ ਮਹਿਲਾ ਹਾਕੀ ਚੈਂਪੀਅਨਸ਼ਿਪ ਜੋ ਹੈਦਰਾਬਾਦ ਵਿਖੇ ਕਰਵਾਈ ਜਾਣੀ ਸੀ, ਇਕ ਤਰ੍ਹਾਂ ਨਾਲ ਰੱਦ ਹੋ ਚੁੱਕੀ ਹੈ ਤੇ ਦੇਸ਼ ਭਰ 'ਚ ਚੱਲ ਰਹੇ ਰਾਜ ਦੇ ਕੋਚਿੰਗ ਕੈਂਪ ਬੰਦ ਕਰ ਦਿੱਤੇ ਗਏ ਹਨ। ਇਕ ਤਰ੍ਹਾਂ ਨਾਲ ਦੇਸ਼ ਵਿਚ ਹਾਕੀ ਦੀਆਂ ਗਤੀਵਿਧੀਆਂ ਪੂਰੀ ਤਰ੍ਹਾਂ ਨਾਲ ਠੱਪ ਹੋ ਕੇ ਰਹਿ ਗਈਆਂ ਹਨ। ਜਿਥੋਂ ਤੱਕ ਚੋਣ ਦਾ ਸਵਾਲ ਹੈ ਇਸ ਵਿਚ ਮਹਿਲਾਵਾਂ ਨੂੰ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰਨਾ ਪਵੇਗਾ, ਕਿਉਂਕਿ ਪੁਰਸ਼ ਇਨ੍ਹਾਂ ਨੂੰ ਸਿਰਫ ਹਾਕੀ ਇੰਡੀਆ ਵਿਚ 30 ਫੀਸਦੀ ਹਿੱਸਾ ਦੇਣ ਲਈ ਰਾਜ਼ੀ ਹਨ। ਅੱਗੇ ਹੀ ਸਾਰੇ ਫੀਲਡ ਵਿਚ ਮਰਦ ਹੀ ਮਹਿਲਾਵਾਂ ਦੀ ਹਾਕੀ ਟੀਮ ਦਾ ਪ੍ਰਧਾਨ ਬਣੇ ਨਜ਼ਰ ਆਉਂਦੇ ਹਨ ਪਰ ਜਦੋਂ ਹਾਕੀ ਇੰਡੀਆ ਬਣ ਗਈ ਤਾਂ ਮਹਿਲਾਵਾਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਹੋ ਜਾਣਗੀਆਂ। ਜਦੋਂ ਇਸ ਸਬੰਧੀ ਅਰਜੁਨ ਐਵਾਰਡੀ ਸੁਰਿੰਦਰ ਸਿੰਘ ਸੋਢੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਵੀ ਅਜੇ ਸਹੀ ਤੱਥਾਂ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਨਾਲ ਇਸ ਦੀ ਚੋਣ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।

ਰਿਲਾਇੰਸ ਮੋਬਾਈਲ 'ਤੇ ਦੇਖੋ ਟੀ-20 ਮੈਚਾਂ ਦਾ ਸਿੱਧਾ ਪ੍ਰਸਾਰਣ

ਚੰਡੀਗੜ੍ਹ, 9 ਜੂਨ - ਰਿਲਾਇੰਸ ਕਮਿਉਨੀਕੇਸ਼ਨ ਨੇ ਨਵੀਂ ਸੇਵਾ ਦੇਣ ਦਾ ਐਲਾਨ ਕੀਤਾ ਹੈ। ਜਿਸ ਵਿਚ ਆਈ.ਸੀ.ਸੀ. ਵਿਸ਼ਵ ਟੀ-20 ਵਰਲਡ ਕੱਪ ਦੇ ਮੈਚਾਂ ਦਾ ਸਿੱਧਾ ਪ੍ਰਸਾਰਣ ਦੇਖਿਆ ਜਾ ਸਕੇਗਾ। ਆਪਣੇ ਗਾਹਕਾਂ ਨੂੰ ਨਵੇਂ ਇਨੋਵੇਟਿਵ ਸੋਲੂਸ਼ੰਸ ਦੇਣ ਦੀ ਪਹਿਲ ਦੀ ਨੀਤੀ ਦੇ ਤਹਿਤ ਰਿਲਾਇੰਸ ਮੋਬਾਈਲ ਨੇ ਆਰ. ਵਰਲਡ ਦੇ ਜ਼ਰੀਏ ਅਨਲਿਮਿਟਡ ਲਾਈਵ ਮੈਚ ਸਿਰਫ 99 ਰੁਪਏ ਦੇ ਪੈਕ 'ਤੇ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਹ ਸੁਵਿਧਾ ਚੋਣਵੇਂ ਹੈਂਡ ਸੈੱਟ 'ਤੇ 99 ਰੁਪਏ ਪ੍ਰਤੀ ਮਹੀਨੇ ਦੀ ਅਦਾਇਗੀ 'ਤੇ ਉਪਲਬਧ ਹੋਵੇਗੀ ਜਾਂ ਫਿਰ ਪੰਜ ਮਿੰਟ ਦਾ ਮੈਚ ਦੇਖਣ ਲਈ 15 ਰੁਪਏ ਦੇਣੇ ਹੋਣਗੇ। ਗਾਹਕ ਆਈ.ਸੀ.ਸੀ. ਵਰਲਡ ਟੀ-20 ਵਰਲਡ ਕੱਪ ਦੇ ਮੈਚਾਂ ਦੇ ਸਿੱਧੇ ਪ੍ਰਸਾਰਣ ਦਾ ਮਜ਼ਾ ਰਿਲਾਇੰਸ ਮੋਬਾਈਲ 'ਤੇ ਲੈ ਸਕਣਗੇ ਅਤੇ ਟੀ.ਵੀ. 'ਤੇ ਮੈਚ ਦੇਖਣ ਵਰਗਾ ਅਨੁਭਵ ਪ੍ਰਾਪਤ ਕਰ ਸਕਣਗੇ।

ਕੈਨੇਡਾ ਦੇ ਕਬੱਡੀ ਟੂਰਨਾਮੈਂਟ 'ਚ ਕਾਲਾ ਬਾਂਦੇਵਾਲ ਦੀ ਝੰਡੀ

ਟੋਰਾਂਟੋ, 7 ਜੂਨ : ਕਨੇਡਾ ਦੇ ਹੈਮਿਲਟਨ ਦੇ ਬਰਾਇਨ ਟਿਮਿਜ਼ ਸਟੇਡੀਅਮ ਦੀ ਖੁੱਲੀ ਗਰਾਊਂਡ 'ਚ ਪਹਿਲਾ ਟੂਰਨਾਮੈਂਟ ਉਂਟਾਰੀਉ ਫ਼ੈੱਡਰੇਸ਼ਨ ਆਫ਼ ਸਪੋਰਟਸ ਐਂਡ ਕਲਚਰਲ ਆਰਗੇਨਾਈਜੇਸ਼ਨ ਦੀ ਸਰਪ੍ਰਸਤੀ ਹੇਠ ਹੈਮਿਲਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਇਆ ਗਿਆ। ਪਹਿਲਾ ਮੈਚ ਮਾਲਟਨ ਅਤੇ ਸ਼ੇਰ-ਏ-ਪੰਜਾਬ ਅੰਡਰ 21 ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 23 ਦੇ ਮੁਕਾਬਲੇ 29 ਅੰਕ ਜਿੱਤ ਲਿਆ ਗਿਆ। ਓਪਨ ਕਲੱਬਾਂ ਦਾ ਪਹਿਲਾ ਮੈਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਅਤੇ ਟੋਰਾਂਟੋ ਪੁਲਿਸ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਮੈਟਰੋ ਦੀ ਟੀਮ ਨੇ ਇਹ ਮੈਚ 14 ਦੇ ਮੁਕਾਬਲੇ 50 ਅੰਕ ਪ੍ਰਾਪਤ ਕਰ ਕੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ। ਇੰਟਰਨੈਸ਼ਨਲ ਵਲੋਂ ਗੁਰਲਾਲ ਘਨੌਰ, ਹਰਜੋਤ ਗੱਬਰ, ਜੱਸਾ ਸਿਧਵਾ ਅਤੇ ਕਾਲਾ ਬਾਂਦੇਵਾਲ ਨੇ ਕਬੱਡੀਆਂ ਪਾਈਆਂ। ਕਾਲਾ ਬਾਂਦੇਵਾਲ ਦੀ ਪਹਿਲੀ ਕਬੱਡੀ ਤੇ ਓ.ਕੇ.ਡੀ. ਦੇ ਜਾਫ਼ੀ ਪਾਲਾ ਜਲਾਲਪੁਰ ਨੇ ਦੇਖਣ ਵਾਲਿਆਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਗੁਰਲਾਲ ਘਨੌਰ ਦੀ ਦੂਜੀ ਕਬੱਡੀ ਤੇ ਫਿਰ ਪਾਲਾ ਜਲਾਲਪੁਰ ਨੇ ਜੱਫਾ ਲਾਇਆ। ਹਰਜੋਤ ਗੱਬਰ ਨੇ ਜਿਥੇ ਨਾਨ ਸਟਾਪ ਕਬੱਡੀ ਪਾਈਆਂ ਉਥੇ ਜੱਸਾ ਸਿਧਵਾ ਦੀ ਆਖ਼ਰੀ ਕਬੱਡੀ ਤੇ ਪਾਲਾ ਜਲਾਲਪੁਰ ਨੇ ਜੱਫਾ ਲਾਇਆ। ਦੂਜੇ ਪਾਸੇ ਓ.ਕੇ.ਡੀ. ਵਲੋਂ ਸੋਨੂੰ ਇਬਰਾਹਿਮ, ਸੰਦੀਪ ਸੁਰਖਪੁਰ ਅਤੇ ਜੌਨੀ ਕੈਲੀਫ਼ੋਰਨੀਆ ਨੇ ਕਬੱਡੀਆਂ ਪਾਈਆਂ। ਇਹ ਮੈਚ 25 ਦੇ ਮੁਕਾਬਲੇ 35 ਅੰਕ ਪ੍ਰਾਪਤ ਕਰ ਕੇ ਇੰਟਰਨੈਸ਼ਨਲ ਦੀ ਟੀਮ ਨੇ ਜਿੱਤ ਲਿਆ। ਓਪਨ ਕਲੱਬਾਂ ਦਾ ਪਹਿਲਾ ਸੈਮੀਫ਼ਾਈਨਲ ਮੈਚ ਪੰਜਾਬ ਸਪੋਰਟਸ ਕਲੱਬ ਅਤੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 33 ਦੇ ਮੁਕਾਬਲੇ 45 ਅੰਕਾਂ ਨਾਲ ਇੰਟਰਨੈਸ਼ਨਲ ਦੀ ਟੀਮ ਨੇ ਜਿੱਤ ਕੇ ਫ਼ਾਈਨਲ ਵਿਚ ਪ੍ਰਵੇਸ਼ ਕੀਤਾ। ਦੂਜਾ ਸੈਮੀਫ਼ਾਈਨਲ ਮੈਚ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਅਤੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ, ਜਿਸ ਨੂੰ 27 ਦੇ ਮੁਕਾਬਲੇ 41 ਅੰਕਾਂ ਨਾਲ ਜਿੱਤ ਕੇ ਮੈਟਰੋ ਦੀ ਟੀਮ ਨੇ ਫ਼ਾਈਨਲ 'ਚ ਪ੍ਰਵੇਸ਼ ਕੀਤਾ। ਕਬੱਡੀ ਟੂਰਨਾਮੈਂਟ ਦਾ ਫ਼ਾਈਨਲ ਮੈਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਅਤੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਹੋਇਆ। ਇੰਟਰਨੈਸ਼ਨਲ ਦੇ ਜਾਫ਼ੀ ਖ਼ੁਸੀ ਦਿੜ੍ਹਬਾ ਨੇ ਸੈਮੀਫ਼ਾਈਨਲ ਅਤੇ ਫ਼ਾਈਨਲ ਮੈਚ ਵਿਚ 28 ਵਾਰ ਕੋਸ਼ਿਸ਼ ਕਰ ਕੇ 12 ਜੱਫੇ ਲਾਏ। ਇਸ ਲਈ ਉਸ ਨੂੰ ਵਧੀਆ ਜਾਫ਼ੀ ਚੁਣਿਆ ਗਿਆ। ਇੰਟਰਨੈਸ਼ਨਲ ਦੇ ਹੀ ਧਾਵੀ ਗੁਰਲਾਲ ਕੌਰ ਨੇ ਸੈਮੀਫ਼ਾਈਨਲ ਅਤੇ ਫ਼ਾਈਨਲ ਵਿਚ 24 ਕਬੱਡੀਆਂ ਪਾ ਕੇ 20 ਅੰਕ ਪ੍ਰਾਪਤ ਕੀਤੇ ਇਸ ਲਈ ਉਸ ਨੂੰ ਵਧੀਆ ਜਾਫ਼ੀ ਚੁਣਿਆ ਗਿਆ।

ਟਵੈਂਟੀ -20 ਕ੍ਰਿਕਟ ਟੂਰਨਾਮੈਂਟ

ਲੰਦਨ, 8 ਜੂਨ - ਲੰਡਨ ਦੇ ਓਵਲ ਕ੍ਰਿਕਟ ਸਟੇਡੀਅਮ 'ਚ ਵਿਸ਼ਵ ਕੱਪ-20 ਚੱਲ ਰਿਹਾ ਹੈ। ਇਸ ਦੇ ਇਕ ਮੈਚ ਵਿਚ ਇੰਗਲੈਂਡ ਨੇ ਪਾਕਿਸਤਾਨ ਨੂੰ 48 ਦੌੜਾਂ ਨਾਲ ਹਰਾ ਕੇ ਅਗਲੇ ਗੇੜ 'ਚ ਜਾਣ ਦੀਆਂ ਸੰਭਾਵਨਾਵਾਂ ਨੂੰ ਬਰਕਰਾਰ ਰੱਖਿਆ । ਪਹਿਲੇ ਮੈਚ ਵਿਚ ਹਾਲੈਂਡ ਦੀ ਟੀਮ ਕੋਲੋਂ ਹਾਰ ਜਾਣ ਕਾਰਨ ਵਿਸ਼ਵ ਕੱਪ ਵਿਚ ਬਣੇ ਰਹਿਣ ਲਈ ਇੰਗਲੈਂਡ ਲਈ ਇਹ ਮੈਚ ਜਿੱਤਣਾ ਜ਼ਰੂਰੀ ਸੀ। ਇੰਗਲੈਂਡ ਵੱਲੋਂ ਜਿੱਤ ਲਈ ਰੱਖੇ ਗਏ 185 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ 7 ਖਿਡਾਰੀਆਂ ਪਿੱਛੇ 137 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਦਾ ਕੋਈ ਵੀ ਬੱਲੇਬਾਜ਼ ਇੰਗਲੈਂਡ ਦੇ ਗੇਂਦਬਾਜ਼ਾਂ ਅੱਗੇ ਟਿਕ ਨਹੀਂ ਸਕਿਆ। ਪਹਿਲਾਂ ਇੰਗਲੈਂਡ ਦੀ ਟੀਮ ਨੇ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 185 ਦੌੜਾਂ ਬਣਾਈਆਂ। ਜਿਸ 'ਚ ਸਭ ਤੋਂ ਅਹਿਮ ਯੋਗਦਾਨ ਸਾਬਕਾ ਕਪਤਾਨ ਕੇਵਿਨ ਪੀਟਰਸਨ ਦਾ ਰਿਹਾ ਜਿਸ ਨੇ ਕਿ 38 ਗੇਂਦਾਂ 'ਤੇ 58 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਜੌਹਨ ਰਾਈਟ ਨੇ 16 ਗੇਂਦਾਂ 'ਤੇ 34, ਓਵੇਸ਼ ਸ਼ਾਹ ਨੇ 33, ਕਾਲਿੰਗਵੁੱਡ ਨੇ 15, ਮਸਕਰੇਨਹਸ ਨੇ ਨਾਬਾਦ 16, ਫੋਸਟਰਟ ਨੇ ਨਾਬਾਦ 14 ਅਤੇ ਰਵੀ ਬੋਪਾਰਾ ਨੇ 5 ਦੌੜਾਂ ਦਾ ਯੋਗਦਾਨ ਪਾਇਆ। ਪਾਕਿਸਤਾਨ ਵੱਲੋਂ ਸਈਅਦ ਅਜਮਲ, ਉਮਰ ਗੁੱਲ ਨੇ 2-2 ਅਤੇ ਮੁਹੰਮਦ ਆਮੀਰ ਨੇ 1 ਵਿਕਟ ਪ੍ਰਾਪਤ ਕੀਤੀ। ਟਵੈਂਟੀ-20 ਕ੍ਰਿਕਟ ਟੂਰਨਾਮੈਂਟ ਦੇ ਗਰੁੱਪ 'ਡੀ' ਦੇ ਇਕ ਮੁਕਾਬਲੇ 'ਚ ਦੱਖਣੀ ਅਫਰੀਕਾ ਨੇ ਸਕਾਟਲੈਂਡ ਨੂੰ 130 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਜਿੱਤ ਲਿਆ। ਇਸ ਤਰ੍ਹਾਂ ਸਕਾਟਲੈਂਡ ਸੁਪਰ-8 ਗੇੜ 'ਚ ਪਹੁੰਚਣ ਤੋਂ ਵਾਂਝਾ ਰਹਿ ਗਿਆ। ਸਕਾਟਲੈਂਡ ਨੂੰ ਨਿਊਜ਼ੀਲੈਂਡ ਨੇ ਵੀ ਪਹਿਲੇ ਮੁਕਾਬਲੇ 'ਚ ਹਰਾ ਦਿੱਤਾ ਸੀ।

ਰੌਜਰ ਫੈਡਰਰ ਦੀ ਬੱਲੇ ਬੱਲੇ

ਪੈਰਿਸ, 8 ਜੂਨ - ਵਿਸ਼ਵ ਦਾ ਦੂਜਾ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਟੈਨਿਸ ਸਟਾਰ ਰੌਜਰ ਫੈਡਰਰ ਨੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦਾ ਮਰਦਾਂ ਦਾ ਸਿੰਗਲਜ਼ ਖ਼ਿਤਾਬ ਜਿੱਤ ਲਿਆ। ਇਸ ਤਰ੍ਹਾਂ ਇਹ ਉਸਦੇ ਖੇਡ ਜੀਵਨ ਦਾ 14ਵਾਂ ਗਰੈਂਡ ਸਲੈਮ ਹੈ। ਉਸਨੇ ਅਮਰੀਕਾ ਦੇ ਟੈਨਿਸ ਖਿਡਾਰੀ ਪੀਟ ਸੈਂਪਰਾਸ ਦੇ 14 ਗਰੈਂਡ ਸਲੈਮ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਫਰੈਂਚ ਓਪਨ ਦੇ ਫਾਈਨਲ ਮੁਕਾਬਲੇ 'ਚ ਫੈਡਰਰ ਨੇ ਸਵੀਡਨ ਦੇ ਰੌਬਿਨ ਸੋਡਰਲਿੰਗ ਨੂੰ 6-1, 7-6(7-1), 6-4 ਅੰਕਾਂ ਨਾਲ ਹਰਾਇਆ। ਇਹ ਖ਼ਿਤਾਬ ਜਿੱਤਣ ਨਾਲ ਹੀ ਫੈਡਰਰ ਦੁਨੀਆਂ ਦਾ ਉਹ 6ਵਾਂ ਖਿਡਾਰੀ ਬਣ ਗਿਆ ਜਿਸਨੇ ਕਿ ਇਹ ਚਾਰੇ ਗਰੈਂਡ ਸਲੈਮ ਜਿੱਤੇ ਹੋਣ।

ਕੌਮੀ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਪੰਜਾਬ ਦਾ 6 ਤਗਮਿਆਂ 'ਤੇ ਕਬਜ਼ਾ

ਪਟਿਆਲਾ, 8 ਜੂਨ - ਕੁਇੰਬਟੂਰ ਵਿਖੇ ਕੌਮੀ ਯੂਥ ਮੁੱਕੇਬਾਜ਼ ਚੈਂਪੀਅਨਸ਼ਿਪ ਕਰਵਾਈ ਗਈ। ਜਿਸ 'ਚ ਪੰਜਾਬ ਦੇ ਖਿਡਾਰੀਆਂ ਨੇ ਇਕ ਚਾਂਦੀ ਅਤੇ ਪੰਜ ਕਾਂਸੀ ਦੇ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਚੈਂਪੀਅਨਸ਼ਿਪ 'ਚ ਸੈਨਾ ਦੀ ਟੀਮ 27 ਅੰਕਾਂ ਨਾਲ ਅੱਵਲ, ਆਂਧਰਾ ਪ੍ਰਦੇਸ਼ ਦੀ ਟੀਮ 17 ਅੰਕਾਂ ਨਾਲ ਦੋਇਮ ਤੇ ਪੰਜਾਬ ਦੀ ਟੀਮ 15 ਅੰਕਾਂ ਨਾਲ ਤੀਸਰੇ ਸਥਾਨ 'ਤੇ ਰਹੀ ਹੈ। ਹਰਿਆਣਾ ਦੀ ਟੀਮ ਚੌਥੇ ਸਥਾਨ 'ਤੇ ਰਹੀ। ਪੰਜਾਬ ਟੀਮ ਦੇ ਮੈਂਬਰ ਦਾ ਕਹਿਣਾ ਹੈ ਕਿ ਇਸ ਟੂਰਨਾਮੈਂਟ 'ਚ ਅੰਪਾਇਰਿੰਗ ਦਾ ਪੱਧਰ ਬਹੁਤ ਨੀਵਾਂ ਹੋਣ ਕਾਰਨ ਪੰਜਾਬ ਹੱਥੋਂ ਕਈ ਸੋਨ ਤਗਮੇ ਖੁੱਸ ਗਏ। ਇਸ ਟੂਰਨਾਮੇਂਟ ਦੇ ਲਾਈਟ ਫਲਾਈਵੇਟ 'ਚ ਪੰਜਾਬ ਦੇ ਜਗਦੀਪ ਸਿੰਘ ਨੇ ਚਾਂਦੀ, ਗਗਨਦੀਪ ਕੁਮਾਰ ਪਟਿਆਲਾ ਨੇ ਫੈਦਰ ਵੇਟ, ਹਰਪ੍ਰੀਤ ਸਿੰਘ ਪਟਿਆਲਾ ਨੇ ਹੈਵੀਵੇਟ, ਸੁਖਰਾਜ ਸਿੰਘ ਜਲੰਧਰ ਨੇ ਵੈਲਟਰ ਵੇਟ 'ਚ, ਹਰਪ੍ਰੀਤ ਸਿੰਘ ਐਸ.ਟੀ.ਸੀ. ਮਸਤੂਆਣਾ ਨੇ ਸੁਪਰ ਹੈਵੀ ਤੇ ਦੀਪਕ ਬੈਂਸ ਜਲੰਧਰ ਨੇ ਬੈਂਟਮ ਵੇਟ 'ਚ ਕਾਂਸੀ ਦੇ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ।

9ਵਾਂ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ

ਲੁਧਿਆਣਾ, 7 ਜੂਨ - 9ਵਾਂ ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲਾ 6 ਜੂਨ ਨੂੰ ਮਲੇਸ਼ੀਆ ਦੇ ਸ਼ਹਿਰ ਜੌਹਰ ਬਾਰੂ ਅਤੇ ਸਿੰਘਾਪੁਰ ਵਿਖੇ ਕਰਵਾਇਆ ਗਿਆ। ਉਸ ਵਿਚ ਸਾਲ 2001 ਦੀ ਵਿਸ਼ਵ ਚੈਂਪੀਅਨ ਭਾਰਤੀ ਹਾਕੀ ਟੀਮ ਦਾ ਮੁੱਢਲਾ ਮੁਕਾਬਲਾ 8 ਜੂਨ ਨੂੰ ਮੇਜ਼ਬਾਨ ਸਿੰਗਾਪੁਰ ਨਾਲ ਪੂਲ 'ਡੀ' ਵਿਚ ਸਿੰਗਾਪੁਰ ਵਿਖੇ ਹੋਵੇਗਾ। ਭਾਰਤੀ ਹਾਕੀ ਟੀਮ ਜੋ ਸਾਲ 2004 ਵਿਚ ਰੋਟਰਡੰਮ (ਹਾਲੈਂਡ) ਵਿਖੇ ਹੋਏ ਵਿਸ਼ਵ ਕੱਪ ਵਿਚ ਚੌਥੇ ਸਥਾਨ 'ਤੇ ਰਹੀ ਸੀ ਇਸ ਵਰ੍ਹੇ ਖ਼ਿਤਾਬ ਦੀ ਵੱਡੀ ਦਾਅਵੇਦਾਰ ਹੈ। ਭਾਰਤੀ ਟੀਮ ਨੇ ਆਪਣੇ ਅਭਿਆਸ ਮੈਚਾਂ ਵਿਚ ਪਹਿਲਾਂ ਚਿੱਲੀ ਨੂੰ 6-2 ਨਾਲ ਹਰਾਇਆ ਅਤੇ ਫਿਰ 4 ਵਾਰ ਦੀ ਵਿਸ਼ਵ ਚੈਂਪੀਅਨ ਜਰਮਨੀ ਨੂੰ 3-2 ਨਾਲ ਹਰਾਇਆ।

6ਵੀਂ ਜੂਨੀਅਰ ਨੈਸ਼ਨਲ ਰੱਸਾਕਸ਼ੀ ਚੈਂਪੀਅਨਸ਼ਿਪ 'ਚ ਪੰਜਾਬੀਆਂ ਦੀ ਸਰਦਾਰੀ

ਜਲੰਧਰ, 7 ਜੂਨ - 6ਵੀਂ ਜੂਨੀਅਰ ਨੈਸ਼ਨਲ ਰੱਸਾਕਸ਼ੀ ਚੈਂਪੀਅਨਸ਼ਿਪ 6-7 ਜੂਨ ਨੂੰ ਇੰਦੌਰ (ਮੱਧ ਪ੍ਰਦੇਸ਼) ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ਦੇ ਲੜਕੇ ਤੇ ਲੜਕੀਆਂ ਦੇ ਵਰਗ ਵਿਚੋਂ ਹਰਿਆਣਾ ਨੇ ਦੋਵਾਂ ਵਰਗਾਂ ਵਿਚੋਂ ਪਹਿਲਾ ਸਥਾਨ ਤੇ ਪੰਜਾਬ ਨੇ ਲੜਕੇ ਤੇ ਲੜਕੀਆਂ ਦੇ ਵਰਗ ਵਿਚ ਦੂਜਾ ਸਾਥਾਨ ਹਾਸਲ ਕੀਤਾ। ਮਰਦਾਂ ਦੇ ਵਰਗ ਵਿਚ ਯੂ. ਪੀ. ਨੇ ਤੀਜਾ ਤੇ ਔਰਤਾਂ ਦੇ ਵਰਗ ਵਿਚ ਤੀਜਾ ਸਥਾਨ ਮਹਾਰਾਸ਼ਟਰ ਨੇ ਹਾਸਲ ਕੀਤਾ। ਪੰਜਾਬ ਦੀ ਟੀਮ ਨਾਲ ਪਰਮਿੰਦਰ ਸਿੰਘ, ਰਘਵੀਰ ਸਿੰਘ, ਗੁਰਜੀਤ ਸਿੰਘ ਤੇ ਜਸਵੰਤ ਕੌਰ ਬਤੌਰ ਅਧਿਕਾਰੀ ਗਏ ਸਨ।

ਬਾਗੋਬਾਗ ਹੈ ਸਵੇਤਲਾਨਾ ਕੁਜ਼ਨੇਤਸੋਵਾ

ਪੈਰਿਸ, 7 ਜੂਨ - 4 ਗਰੈਂਡ ਸਲੈਮ ਖਿਤਾਬਾਂ 'ਚੋਂ ਇਕ ਫਰੈਂਚ ਓਪਨ ਜਿੱਤਣ ਵਾਲੀ ਸਵੇਤਲਾਨਾ ਕੁਜ਼ਨੇਤਸੋਵਾ ਆਪਣੇ ਕੈਰੀਅਰ ਦਾ ਦੂਜਾ ਗਰੈਂਡ ਸਲੈਮ ਜਿੱਤਕੇ ਬਾਗੋਬਾਗ ਹੈ। ਪੰਜ ਸਾਲ ਪਹਿਲਾਂ ਅਮਰੀਕੀ ਓਪਨ ਜਿੱਤਣ ਵਾਲੀ ਸਵੇਤਲਾਨਾ ਨੇ 6 ਜੂਨ ਨੂੰ ਹੀ ਆਪਣੀ ਹਮਵਤਨ (ਰੂਸ) ਦਿਨਾਰਾ ਸਾਫਿਨ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਫਰੈਂਚ ਓਪਨ ਦਾ ਵੱਕਾਰੀ ਖਿਤਾਬ ਜਿੱਤਿਆ ਸੀ।

ਪੰਜਾਬ ਪੱਧਰੀ ਕਟੋਚ ਸ਼ੀਲਡ ਕ੍ਰਿਕਟ ਟੂਰਨਾਮੈਂਟ

ਪਟਿਆਲਾ, 7 ਜੂਨ - ਪਟਿਆਲਾ ਦੇ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ 'ਚ ਅੰਤਰ ਜ਼ਿਲ੍ਹਾ ਕਟੋਚ ਸ਼ੀਲਡ ਕ੍ਰਿਕਟ ਟੂਰਨਾਮੈਂਟ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੁਆਰਾ ਕਰਵਾਇਆ ਜਾ ਰਿਹਾ ਹੈ। ਇਸ ਦੇ ਆਰੰਭਕ ਮੈਚ 'ਚ ਪਟਿਆਲਾ ਦੇ ਮਾਈਨਰ ਡਿਸਟ੍ਰਿਕਟ ਜੋਨ ਏ ਦੀ ਟੀਮ ਨੂੰ 1 ਪਾਰੀ ਤੇ 113 ਦੌੜਾਂ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਹੇ। ਜਿੱਤ ਨਾਲ ਪਟਿਆਲਾ ਟੀਮ ਨੇ ਪੂਰੇ ਤਿੰਨ ਅੰਕ ਹਾਸਿਲ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਦੋ ਦਿਨਾਂ ਮੈਚ ਦੇ ਪਹਿਲੇ ਦਿਨ ਜ਼ੋਨ ਏ ਦੀ ਟੀਮ ਨੇ ਪਹਿਲੀ ਪਾਰੀ 'ਚ ਸਿਰਫ 109 ਦੌੜਾਂ ਬਣਾਈਆਂ ਸਨ। ਜਿਸ ਦੇ ਜਵਾਬ ਵਿਚ ਪਟਿਆਲਾ ਦੀ ਟੀਮ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਵੇਲੇ ਤੱਕ 53 ਓਵਰਾਂ 'ਚ ਤਿੰਨ ਵਿਕਟਾਂ 'ਤੇ 353 ਦੌੜਾਂ ਬਣਾ ਕੇ ਪਾਰੀ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ। ਦੂਸਰੀ ਪਾਰੀ ਖੇਡਦਿਆਂ ਜ਼ੋਨ ਏ ਦੀ ਟੀਮ 26.2 ਓਵਰਾਂ 'ਚ ਸਿਰਫ 121 ਦੌੜਾਂ ਬਣਾ ਕੇ ਹੀ ਆਊਟ ਹੋ ਗਈ। ਜਿਨ੍ਹਾਂ ਵਿਚ ਰਣਜੀਤ ਸਿੰਘ ਦੀਆਂ 49 ਤੇ ਅਨਿਲ ਬਜਾਜ ਦੀਆਂ 26 ਦੌੜਾਂ ਸ਼ਾਮਿਲ ਸਨ ਪਟਿਆਲਵੀ ਗੇਂਦਬਾਜ਼ ਅੰਕੁਰ ਜੰਡ ਨੇ 18 ਦੌੜਾਂ ਬਦਲੇ 3, ਹਰਦਵਿੰਦਰ ਸਿੰਘ ਨੇ 35 ਦੌੜਾਂ ਬਦਲੇ 3 ਅਤੇ ਮੋਹਿਤ ਮਹਿੰਦਰਾ ਨੇ 38 ਦੌੜਾਂ ਬਦਲੇ ਤਿੰਨ ਵਿਕਟਾਂ ਹਾਸਲ ਕਰਕੇ ਮਹਿਮਾਨ ਟੀਮ ਨੂੰ ਹਰਾਉਣ 'ਚ ਅਹਿਮ ਭੂਮਿਕਾ ਨਿਭਾਈ। ਪਟਿਆਲਾ ਦੀ ਅਗਲਾ ਮੁਕਾਬਲਾ 9 ਤੇ 10 ਜੂਨ ਨੂੰ ਅੰਮ੍ਰਿਤਸਰ ਨਾਲ ਅੰਮ੍ਰਿਤਸਰ ਵਿਖੇ ਹੀ ਹੋਵੇਗਾ

ਅੰਮ੍ਰਿਤਸਰ ਨੇ ਲੁਧਿਆਣਾ ਨੂੰ ਕੀਤਾ ਚਿੱਤ

ਅੰਮ੍ਰਿਤਸਰ, 6 ਜੂਨ - ਕਟੋਚ ਕ੍ਰਿਕਟ ਟੂਰਨਾਮੈਂਟ ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਅੰਮ੍ਰਿਤਸਰ ਅਤੇ ਲੁਧਿਆਣੇ ਦੀਆਂ ਟੀਮਾਂ ਦਰਮਿਆਨ ਕ੍ਰਿਕਟ ਮੈਚ ਖੇਡਿਆ ਗਿਆ। ਦੋ ਰੋਜ਼ਾ ਇਸ ਮੈਚ 'ਚ ਅੰਮ੍ਰਿਤਸਰ ਦੀ ਟੀਮ ਨੂੰ ਜੇਤੂ ਕਰਾਰ ਦਿੱਤਾ ਗਿਆ। ਮੈਚ ਦਾ ਆਰੰਭ ਲੁਧਿਆਣਾ ਦੀ ਟੀਮ ਦੀ ਬੱਲੇਬਾਜੀ ਨਾਲ ਹੋਇਆ, ਜਿਸ ਦੌਰਾਨ ਲੁਧਿਆਣਾ ਦੀ ਟੀਮ ਨੇ ਪਹਿਲੀ ਪਾਰੀ 'ਚ 242 ਦੌੜਾਂ ਬਣਾਈਆਂ। ਅੰਮ੍ਰਿਤਸਰ ਟੀਮ ਨੇ ਪਹਿਲੀ ਪਾਰੀ 'ਚ 361 ਦੌੜਾਂ ਬਣਾਈਆਂ। ਲੁਧਿਆਣਾ ਦੇ ਗੇਂਦਬਾਜ਼ ਵਰੁਣ ਵਰਮਾ ਨੇ 22 ਓਵਰਾਂ 'ਚ ਲਗਾਤਾਰ ਤਿੰਨ ਵਿਕਟਾਂ ਲੈ ਕੇ ਹੈਟਰਿਕ ਬਣਾਈ। ਪਹਿਲੀ ਪਾਰੀ ਦੀ ਬੜ੍ਹਤ ਦੇ ਅਧਾਰ 'ਤੇ ਅੰਮ੍ਰਿਤਸਰ ਦੀ ਟੀਮ ਨੂੰ ਜੇਤੂ ਐਲਾਨ ਕਰ ਦਿੱਤਾ।

ਡੋਪ ਟੈਸਟ ਦੇ ਦੋਸ਼ੀ ਕਬੱਡੀ ਖਿਡਾਰੀਆਂ 'ਤੇ 14 ਅਗਸਤ ਤੱਕ ਰੋਕ

ਜਲੰਧਰ, 6 ਜੂਨ - 5 ਜੂਨ ਨੂੰ ਕਬੱਡੀ ਖਿਡਾਰੀਆਂ ਦੇ ਡੋਪ ਟੈਸਟ ਕਰਵਾਏ ਗਏ। ਇਸ ਕਰਕੇ ਨਾਰਥ ਇੰਡੀਆ ਸਰਕਲ ਸਟਾਇਲ ਕਬੱਡੀ ਫੈਡਰੇਸ਼ਨ ਅਤੇ ਪੰਜਾਬ ਕਬੱਡੀ ਅਕੈਡਮੀ ਕਲੱਬ ਐਸੋਸੀਏਸ਼ਨ ਦੀ ਵਿਸ਼ੇਸ਼ ਬੈਠਕ ਦੌਰਾਨ ਫੈਸਲਾ ਕੀਤਾ ਗਿਆ ਕਿ ਟੈਸਟ ਵਿਚੋਂ ਜਿਹੜੇ ਖਿਡਾਰੀ ਦੋਸ਼ੀ ਪਾਏ ਗਏ ਉਨ੍ਹਾਂ ਦੇ ਖੇਡਣ 'ਤੇ 14 ਅਗਸਤ ਤੱਕ ਪਾਬੰਦੀ ਲਾ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਬਲਬੀਰ ਸਿੰਘ ਬਿੱਟੂ ਨੇ ਦੱਸਿਆ ਕਿ ਜੇ ਇਹ ਖਿਡਾਰੀ ਵਿਦੇਸ਼ ਵਿਚ ਕੋਈ ਵੀ ਕਬੱਡੀ ਟੂਰਨਾਮੈਂਟ ਖੇਡਦੇ ਫੜੇ ਜਾਂਦੇ ਹਨ ਤਾਂ ਇਨ੍ਹਾਂ 'ਤੇ ਦੋ ਸਾਲ ਦੀ ਪਾਬੰਦੀ ਲਗਾਈ ਜਾਵੇਗੀ।

ਪੰਜਾਬ ਪੱਧਰੀ ਕਟੋਚ ਸ਼ੀਲਡ ਕ੍ਰਿਕਟ ਟੂਰਨਾਮੈਂਟ ਸ਼ੁਰੂ

ਪਟਿਆਲਾ, 5 ਜੂਨ - ਅੰਤਰ ਜਿਲ੍ਹਾ ਕਟੋਚ ਸ਼ੀਲਡ ਕ੍ਰਿਕਟ ਚੈਂਪੀਅਨਸ਼ਿਪ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਸ਼ੁਰੂ ਹੋ ਰਹੀ ਹੈ। ਜਿਸ ਵਿੱਚ ਰਾਜ ਦੀਆਂ ਚੋਟੀ ਦੀਆਂ ਅੱਠ ਟੀਮਾਂ ਸ਼ਾਮਿਲ ਹੋ ਰਹੀਆਂ ਹਨ। ਸੀਨੀਅਰ ਵਰਗ ਦੇ ਇਸ ਟੂਰਨਾਮੈਂਟ ਦੌਰਾਨ ਹੀ ਦੇਸ਼ ਦੀ ਵੱਕਾਰੀ ਰਣਜੀ ਟਰਾਫੀ ਲਈ ਪੰਜਾਬ ਦੀ ਟੀਮ ਦੀ ਚੋਣ ਕੀਤੀ ਜਾਂਦੀ ਹੈ। ਇਸ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ ਹੈ। ਲੀਗ ਮੈਚਾਂ ਤੋਂ ਬਾਅਦ ਹਰੇਕ ਪੂਲ 'ਚੋਂ ਚੋਟੀ ਤੇ ਰਹਿਣ ਵਾਲੀਆਂ ਦੋ-ਦੋ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਇਸ ਟੂਰਨਾਮੈਂਟ ਦੇ ਪਹਿਲੇ ਗਰੁੱਪ ਵਿੱਚ ਪਟਿਆਲਾ, ਅਮ੍ਰਿਤਸਰ, ਲੁਧਿਆਣਾ ਤੇ ਮਾਈਨਰ ਡਿਸਟ੍ਰਿਕਟ ਜੋਨ-ਏ ਦੀਆਂ ਟੀਮਾਂ ਤੇ ਪੂਲ-ਬੀ ਵਿੱਚ ਚੰਡੀਗੜ੍ਹ, ਮੋਹਾਲੀ, ਜਲੰਧਰ ਤੇ ਮਾਈਨਰ ਡਿਸਟ੍ਰਿਕਟ ਜੋਨ-ਬੀ ਦੀਆਂ ਟੀਮਾਂ ਸ਼ਾਮਲ ਹਨ। ਭਲਕੇ ਪਲੇਠੇ ਮੈਚ ਵਿੱਚ ਧਰੂਵ ਪਾਂਡਵ ਕ੍ਰਿਕਟ ਸਟੇਡੀਅਮ ਵਿਖੇ ਮੇਜਬਾਨ ਪਟਿਆਲਾ ਦਾ ਮੁਕਾਬਲਾ ਜੋਨ-ਏ ਦੀ ਟੀਮ ਨਾਲ ਤੇ ਅਮ੍ਰਿਤਸਰ ਦਾ ਲੁਧਿਆਣਾ ਨਾਲ ਅਮ੍ਰਿਤਸਰ ਵਿਖੇ ਮੈਚ ਹੋਵੇਗਾ।

ਟਵੈਂਟੀ-20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ

ਜਲੰਧਰ, 4 ਜੂਨ - ਟਵੈਂਟੀ-20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ 5 ਜੂਨ ਤੋਂ ਸ਼ੁਰੂ ਹੋ ਗਿਆ ਹੈ। ਇਸ ਵਿਸ਼ਵ ਕ੍ਰਿਕਟ ਕੱਪ ਲਈ ਤਿੰਨਾਂ ਥਾਵਾਂ ਦੇ ਮੈਦਾਨ ਲਾਰਡਜ਼, ਓਵਲ ਤੇ ਟ੍ਰੈਂਟਬ੍ਰਿਜ ਦੇ ਅੰਦਰ ਤੇ ਬਾਹਰ ਵਿਸਫੋਟਕ ਪਦਾਰਥਾਂ ਨੂੰ ਲੱਭਣ ਵਾਲੇ ਖੋਜੀ ਕੁੱਤਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਮੈਦਾਨ ਵਿਚ ਆਉਣ ਵਾਲੇ ਹਰ ਦਰਸ਼ਕ ਦੀ ਤਲਾਸ਼ੀ ਲਈ ਜਾਵੇਗੀ। ਆਈ. ਸੀ. ਸੀ. ਇਸ ਯੋਜਨਾ ਨੂੰ ਐਲ. ਜੀ. ਦੇ ਸਹਿਯੋਗ ਨਾਲ ਸਿਰੇ ਚੜ੍ਹਾਏਗਾ ਜੋ ਕਿ ਆਈ. ਸੀ. ਸੀ. ਦਾ 2015 ਤੱਕ ਵਿਸ਼ਵ ਕੱਪ ਦਾ ਸਪਾਂਸਰ ਹੈ। ਇਸ ਕੰਪਨੀ ਨੇ ਟੀਮ ਇੰਡੀਆ ਦੇ ਖਿਡਾਰੀ ਨਾਲ ਮੈਚ ਦੇ ਮੈਦਾਨ ਤੱਕ ਜਾਣ ਵਾਲੇ 15 ਛੋਟੇ-ਛੋਟੇ ਬੱਚਿਆਂ ਦੀ ਚੋਣ ਕੀਤੀ ਹੈ। ਦੂਜੀ ਟੀਮ ਲਈ ਇੰਗਲੈਂਡ ਤੋਂ ਬੱਚਿਆਂ ਦੀ ਚੋਣ ਕੀਤੀ ਗਈ ਹੈ। ਇਸ ਵਿਚ ਕਲਕੱਤਾ ਦੇ ਜੋਨਿਜ ਮਹਿਤਾ, ਤੇ ਨੇਹਾ ਕੋਰ, ਦੇਹਰਾਦੂਨ ਦੇ ਅਜਿਤੇਸ਼ ਗੁਪਤਾ, ਊਜੈਨ ਦੀ ਭੂਮੀ ਸ਼ਰਮਾ, ਠਾਣੇ ਦੀ ਅਭਾ ਸਿੰਘ, ਪੂਨੇ ਦੇ ਰਾਹੁਲ ਨਈਅਰ, ਮੁੰਬਈ ਦੇ ਡੇਵਿਡ ਨੇਹਰਨਾ, ਬੰਗਲੌਰ ਦੀ ਯੋਗਿਤਾ, ਹੈਦਰਾਬਾਦ ਦੀ ਪ੍ਰੇਰਣਾ, ਗੁੜਗਾਂਓ ਦੀ ਮਾਥਵ ਨਾਹਰ, ਪੰਚਕੂਲਾ ਦੀ ਯਾਤਰਾ ਬਾਂਸਲ, ਚੇਨਈ ਦੀ ਡੀ ਵਰੁਣ ਨਾਨਕਾਨੀ, ਗਾਜੀਆਬਾਦ ਦੀ ਸਿਰਜਜੀਤ, ਨੋਇਡਾ ਦਾ ਸਗਵਨੀ ਵੋਹਰਾ, ਰਾਜਕੀ ਦੀ ਰੁਤਵੀ ਸ਼ਾਮਿਲ ਹੈ। ਇਨ੍ਹਾਂ ਨੂੰ ਹਾਲੀਵੁੱਡ ਹੀਰੋਇਨ ਕਰੀਨਾ ਕਪੂਰ ਦੀ ਅਗਵਾਈ ਹੇਠ ਰੈਪ 'ਤੇ ਲਿਜਾਇਆ ਗਿਆ ਹੈ।

ਭਾਰਤ ਨੇ ਪਾਕਿ ਨੂੰ ਕੀਤਾ ਚਿੱਤ

ਓਵਲ, 4 ਜੂਨ - ਆਈ. ਸੀ. ਸੀ. ਵਿਸ਼ਵ ਟਵੰਟੀ-20 ਦੇ ਦਿਲਚਸਪ ਅਭਿਆਸ ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟਾਂ ਦੇ ਨੁਕਸਾਨ 'ਤੇ 158 ਦੌੜਾਂ ਬਣਾ ਕੇ ਭਾਰਤ ਅੱਗੇ ਜਿੱਤ ਲਈ 159 ਦੌੜਾਂ ਦਾ ਟੀਚਾ ਰੱਖਿਆ। ਪਾਕਿਸਤਾਨ ਵੱਲੋਂ ਮਿਸਬਾਹ ਉੱਲ-ਹੱਕ ਨੇ ਸਭ ਤੋਂ ਵੱਧ ਨਾਬਾਦ 37 ਦੌੜਾਂ ਦਾ ਯੋਗਦਾਨ ਪਾਇਆ ਜਦੋਂ ਕਿ ਸ਼ਾਹਜ਼ਾਬ ਹਸਨ ਤੇ ਸ਼ਾਹੀਦ ਅਫਰੀਦੀ ਖਾਤਾ ਵੀ ਨਾ ਖੋਲ੍ਹ ਸਕੇ। ਇਸ ਤੋਂ ਇਲਾਵਾ ਯੂਨਿਸ ਖਾਨ ਨੇ 32, ਅਹਿਮਦ ਸ਼ਹਿਜ਼ਾਦ ਤੇ ਯਾਸਿਰ ਅਰਾਫਾਤ ਨੇ 25-25 ਦੌੜਾਂ ਤੇ ਕਾਮਰਨ ਅਕਮਲ ਨੇ 19 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਨੇ ਆਪਣੀ ਪਾਰੀ ਖੇਡਦਿਆਂ 17 ਓਵਰਾਂ ਵਿਚ 1 ਵਿਕਟ ਗੁਆ ਕੇ 159 ਦੌੜਾਂ ਬਣਾ ਲਈਆਂ। ਰੋਹਿਤ ਸ਼ਰਮਾ ਨੇ 80, ਗੌਤਮ ਗੰਭੀਰ ਨੇ ਨਾਬਾਦ 52 ਦੌੜਾਂ ਅਤੇ ਧੋਨੀ ਨੇ ਨਾਬਾਦ 9 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਇਕ ਹੋਰ ਅਭਿਆਸ ਮੈਚ 'ਚ ਸ੍ਰੀਲੰਕਾ ਨੇ ਬੰਗਲਾਦੇਸ਼ ਨੂੰ 4 ਵਿਕਟਾਂ ਨਾਲ ਹਰਾਇਆ। ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਖੇਡੇ ਗਏ ਅਭਿਆਸ ਮੈਚਾਂ ਭਾਰਤ ਨੇ ਨਿਊਜ਼ੀਲੈਂਡ ਤੇ ਪਾਕਿਸਤਾਨ ਨੇ ਦੱਖਣੀ ਅਫਰੀਕਾ ਹੱਥੋਂ ਹਾਰ ਖਾਧੀ ਹੈ। ਅਸਲ ਮੈਚ 6 ਜੂਨ ਤੋਂ ਸ਼ੁਰੂ ਹੋਣ ਜਾ ਰਹੇ ਹਨ।

ਸੁਹਾਣਾ ਕ੍ਰਿਕਟ ਟੂਰਨਾਮੈਂਟ 'ਤੇ ਬੈਦਵਾਣ ਸਪੋਰਟਸ ਕਲੱਬ ਦਾ ਕਬਜ਼ਾ

ਅਜੀਤ ਨਗਰ, 4 ਜੂਨ - ਤੀਸਰਾ ਨਾਈਟ ਕ੍ਰਿਕਟ ਟੂਰਨਾਮੈਂਟ 24 ਮਈ ਤੋਂ 1 ਜੂਨ ਤੱਕ ਬੈਦਵਾਣ ਸਪੋਰਟਸ ਕਲੱਬ ਪਿੰਡ ਸੁਹਾਣਾ ਵੱਲੋਂ ਕਰਵਾਇਆ ਗਿਆ। ਫਾਈਨਲ ਮੈਚ ਬੈਦਵਾਣ ਸਪੋਰਟਸ ਕਲੱਬ ਤੇ ਸੈਕਟਰ-70 ਬੈਂਸ ਇੰਨਕਲੇਵ ਦਰਮਿਆਨ ਹੋਇਆ। ਇਸ ਟੂਰਨਾਮੈਂਟ 'ਚ ਬੈਦਵਾਣ ਸਪੋਰਟਸ ਕਲੱਬ ਪਿੰਡ ਸੁਹਾਣਾ ਦੀ ਟੀਮ ਨੇ ਪਹਿਲਾ ਇਨਾਮ ਜਿਤਿਆ ਤੇ ਸੈਕਟਰ 70 ਬੈਂਸ ਇਲੈਵਨ ਦੀ ਟੀਮ ਨੇ ਦੂਜਾ ਇਨਾਮ ਹਾਸਿਲ ਕੀਤਾ।

ਅਰਸੇਨਲ ਦੇ ਸਿਖਲਾਈ ਕੈਂਪ 'ਚ ਸ਼ਾਮਿਲ ਹੋਣ ਵਾਲੇ ਭਾਰਤੀ ਖਿਡਾਰੀ

ਕੋਲਕਾਤਾ, 4 ਜੂਨ - ਦੇਸ਼ ਭਰ 'ਚੋਂ ਚੁਣੇ ਗਏ 16 ਨੌਜਵਾਨ ਫੁੱਟਬਾਲ ਖਿਡਾਰੀ ਇੰਗਲਿਸ਼ ਪ੍ਰੀਮੀਅਰ ਲੀਗ ਦੇ ਮੋਹਰੀ ਕਲੱਬਾਂ 'ਚੋਂ ਇੱਕ ਅਰਸੇਨਲ ਕਲੱਬ ਦੇ ਸਿਖਲਾਈ ਕੈਂਪ 'ਚ ਹਿੱਸਾ ਲੈਣਗੇ। ਇਨ੍ਹਾਂ ਖਿਡਾਰੀਆਂ ਦੀ ਚੋਣ ਅਰਸੇਨਲ ਦੇ ਕੋਚ ਪਾਲ ਸਿਪਰਾਈਟ ਅਤੇ ਕੁਰਟ ਮੈਂਗਿਲੇ ਦੀ ਦੇਖ-ਰੇਖ 'ਚ ਕੀਤੀ ਗਈ ਹੈ। 16 ਖਿਡਾਰੀਆਂ ਦੀ ਚੋਣ ਉਨ੍ਹਾਂ 32 ਖਿਡਾਰੀਆਂ 'ਚੋਂ ਕੀਤੀ ਗਈ ਹੈ, ਜੋ ਦੇਸ਼ ਭਰ 'ਚ ਲਗਾਏ ਗਏ ਕੈਂਪਾਂ 'ਚ ਉਪਰੋਕਤ ਦੋਵਾਂ ਕੋਚਾਂ ਨੂੰ ਪ੍ਰਭਾਵਿਤ ਕਰਨ 'ਚ ਸਫਲ ਰਹੇ। ਬਰਤਾਨੀਆ ਜਾਣ ਵਾਲੇ ਇਨ੍ਹਾਂ ਖਿਡਾਰੀਆਂ ਦੀ ਉਮਰ 10-15 ਸਾਲ ਦਰਮਿਆਨ ਹੈ। ਇਹ ਖਿਡਾਰੀ 10 ਜੂਨ ਤੋਂ ਸ਼ੁਰੂ ਹੋਣ ਵਾਲੇ ਸਿਖ਼ਲਾਈ ਕੈਂਪ 'ਚ ਹਿੱਸਾ ਲੈਣਗੇ।

14ਵੀਂ ਸਾਫਟਬਾਲ ਚੈਂਪੀਅਨਸ਼ਿਪ 6 ਤੋਂ

ਬਰਨਾਲਾ, 4 ਜੂਨ - 14ਵੀਂ ਪੰਜਾਬ ਸਟੇਟ ਜੂਨੀਅਰ ਤੇ ਸਬ-ਜੂਨੀਅਰ ਮੁੰਡੇ-ਕੁੜੀਆਂ ਦੀ ਸਾਫਟਬਾਲ ਚੈਂਪੀਅਨਸ਼ਿਪ 6 ਤੋਂ 7 ਜੂਨ ਤੱਕ ਕਾਲਾ ਮਾਹਿਰ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ। ਰਾਜ ਪੱਧਰੀ ਇਸ ਚੈਂਪੀਅਨਸ਼ਿਪ 'ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਮੁੰਡੇ-ਕੁੜੀਆਂ ਦੀ ਟੀਮਾਂ ਆਪਣੇ ਜੌਹਰ ਵਿਖਾਉਣਗੀਆਂ।

ਇਟਲੀ ਕਬੱਡੀ ਫੈਡਰੇਸ਼ਨ ਦੀ ਓਪਨ ਕਬੱਡੀ ਟੀਮ ਜੇਤੂ

ਐਮਸਟਰਡਮ, 4 ਜੂਨ - ਪੰਜਵਾਂ ਸਾਲਾਨਾ ਖੇਡ ਅਤੇ ਸੱਭਿਆਚਾਰਕ ਮੇਲਾ ਪੰਜਾਬ ਓਵਰਸੀਜ਼ ਸਪੋਰਟਸ ਐਂਡ ਕਲਚਰਲ ਕਲੱਬ, ਐਮਸਟਰਡਮ (ਹਾਲੈਂਡ) ਵੱਲੋਂ ਕਰਵਾਇਆ ਗਿਆ। ਇਸ ਖੇਡ ਮੇਲੇ ਦੌਰਾਨ ਫੁੱਟਬਾਲ ਦੇ ਮੈਚਾਂ ਨਾਲ ਖੇਡ ਮੇਲੇ ਦੀ ਸ਼ੁਰੂਆਤ ਹੋਈ। ਫੁੱਟਬਾਲ 'ਚ ਹਾਲੈਂਡ, ਇਟਲੀ, ਜਰਮਨ, ਆਸਟਰੀਆ, ਬੈਲਜ਼ੀਅਮ ਦੀਆਂ ਵੱਖ-ਵੱਖ ਗਿਆਰਾਂ ਕਲੱਬਾਂ ਨੇ ਭਾਗ ਲਿਆ। ਫਾਈਨਲ ਵਿਚ ਐਮਸਟਰਡਮ ਏ ਨੇ ਮਾਹਿਲਪੁਰ ਇਟਲੀ ਦੀ ਟੀਮ ਨੂੰ 3-0 ਨਾਲ ਹਰਾ ਕੇ ਇਸ ਕੱਪ 'ਤੇ ਕਬਜ਼ਾ ਕੀਤਾ। ਯੂਰੋਪ ਦੀਆਂ ਓਪਨ ਕਬੱਡੀ ਦੀਆਂ ਚੋਟੀ ਦੀਆਂ ਅੱਠ ਕਬੱਡੀ ਟੀਮਾਂ ਵਿਚਕਾਰ ਫਸਵੇਂ ਮੁਕਾਬਲੇ ਹੋਏ। ਕਬੱਡੀ ਓਪਨ ਦਾ ਪਹਿਲਾ ਸੈਮੀਫਾਈਨਲ ਮੈਚ ਇਟਲੀ ਨਾਰਦ ਅਤੇ ਐਸਟਰਡਮ ਦੀਆਂ ਟੀਮਾਂ ਵਿਚਕਾਰ ਹੋਇਆ। ਫਾਈਨਲ ਮੁਕਾਬਲੇ ਵਿਚ ਇਟਲੀ ਨਾਰਦ ਦੀ ਟੀਮ ਨੇ ਡੈਨਹਾਗ ਦੀ ਟੀਮ ਨੂੰ ਹਰਾ ਕੇ ਇਸ ਕੱਪ 'ਤੇ ਕਬਜ਼ਾ ਕੀਤਾ। ਪ੍ਰਬੰਧਕਾਂ ਵੱਲੋਂ 2000 ਯੂਰੋ ਅਤੇ ਕੱਪ ਨਾਲ ਇਟਲੀ ਦੀ ਟੀਮ ਨੂੰ ਅਤੇ 1200 ਯੂਰੋ ਅਤੇ ਕੱਪ ਨਾਲ ਡੈਨਹਾਗ ਦੀ ਟੀਮ ਨੂੰ ਦੂਸਰੇ ਨੰਬਰ 'ਤੇ ਜੇਤੂ ਰਹਿਣ ਲਈ ਸਨਮਾਨਿਤ ਕੀਤਾ ਗਿਆ। ਇੰਗਲੈਂਡ ਦੇ ਮਸ਼ਹੂਰ ਕਬੱਡੀ ਕੁਮੈਂਟੇਟਰ ਭਿੰਦਾ ਮੁਠੱਡਾ ਵੱਲੋਂ ਸਾਰੇ ਖੇਡ ਮੇਲੇ ਦੀ ਕੁਮੈਂਟਰੀ ਕੀਤੀ ਗਈ।

ਵਿਸ਼ਵ ਕਬੱਡੀ ਚੈਂਪੀਅਨਸ਼ਿਪ 12 ਤੋਂ 14 ਸਤੰਬਰ ਤੱਕ

ਪਟਿਆਲਾ, 4 ਜੂਨ -ਵਿਸ਼ਵ ਕਬੱਡੀ ਚੈਂਪੀਅਨਸ਼ਿਪ 12 ਤੋਂ 14 ਸਤੰਬਰ ਤੱਕ ਵਿਸ਼ਵ ਕਬੱਡੀ ਫੈਡਰੇਸ਼ਨ ਵੱਲੋਂ ਨੇਪਾਲ ਵਿਖੇ ਕਰਵਾਈ ਜਾ ਰਹੀ ਹੈ। ਜਿਸ ਵਿਚ ਦੁਨੀਆ ਭਰ 'ਚੋਂ ਸਰਕਲ ਤੇ ਨੈਸ਼ਨਲ ਸਟਾਈਲ ਕਬੱਡੀ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਟੂਰਨਾਮੈਂਟ 'ਚ ਭਾਰਤ, ਮਲੇਸ਼ੀਆ, ਸ੍ਰੀਲੰਕਾ, ਨੇਪਾਲ, ਥਾਈਲੈਂਡ, ਦੱਖਣੀ ਕੋਰੀਆ, ਭੂਟਾਨ, ਇਟਲੀ, ਆਇਰਲੈਂਡ ਤੇ ਇੰਗਲੈਂਡ ਆਦਿ ਟੀਮਾਂ ਸ਼ਾਮਿਲ ਹੋਣਗੀਆਂ। ਇਨ੍ਹਾਂ ਟੀਮਾਂ ਦੀ ਗਿਣਤੀ ਵਧ ਵੀ ਸਕਦੀ ਹੈ। ਇਸ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੀਆਂ ਭਾਰਤੀ ਟੀਮਾਂ ਦੀ ਚੋਣ ਅਗਲੇ ਮਹੀਨੇ ਕੀਤੀ ਜਾਵੇਗੀ।

36ਵੀਂ ਕੌਮੀ ਜੂਨੀਅਰ ਤੈਰਾਕੀ ਚੈਪੀਅਨਸ਼ਿਪ 23 ਤੋਂ

ਚੰਡੀਗੜ੍ਹ, 3 ਜੂਨ - 36ਵੀਂ ਕੌਮੀ ਜੂਨੀਅਰ ਤੈਰਾਕੀ ਚੈਪੀਅਨਸ਼ਿਪ 23 ਤੋਂ 27 ਜੂਨ ਤੱਕ ਜੈਪੁਰ ਵਿਖੇ ਹੋ ਰਹੀ ਹੈ। ਇਸ ਚੈਪੀਅਨਸ਼ਿਪ 'ਚ ਹਿੱਸਾ ਲੈਣ ਵਾਲੀ ਚੰਡੀਗੜ੍ਹ ਦੀ ਤੈਰਾਕੀ ਟੀਮ ਲਈ ਚੋਣ ਟਰਾਇਲ 6 ਜੂਨ ਨੂੰ ਸਥਾਨਿਕ ਸੈਕਟਰ-23 ਸਥਿਤ ਯੋਗਾ ਸੈਂਟਰ ਪੂਲ ਵਿਖੇ ਸਵੇਰੇ 9:00 ਵਜੇ ਹੋਣਗੇ। ਲੜਕੇ ਤੇ ਲੜਕੀਆਂ ਦੇ ਦੋ ਜੂਨੀਅਰ ਗਰੁੱਪਾਂ 'ਚ ਟਰਾਇਲ ਹੋਣਗੇ। ਗਰੁੱਪ ਇਕ 'ਚ ਉਮਰ ਦੀ ਹੱਦ 15 ਤੋਂ 17 ਸਾਲ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਗਰੁੱਪ ਦੋ 'ਚ ਉਮਰ ਦੀ ਹੱਦ 13 ਤੋਂ 14 ਸਾਲ ਹੋਣੀ ਚਾਹੀਦੀ ਹੈ। ਟਰਾਇਲ 'ਚ ਹਿੱਸਾ ਲੈਣ ਦੇ ਇਛੁੱਕ ਤੈਰਾਕ ਹਰ ਹਾਲਤ 'ਚ 5 ਜੂਨ ਨੂੰ ਸ਼ਾਮ 6:00 ਵਜੇ ਤੱਕ ਉਪਰੋਕਤ ਯੋਗਾ ਸੈਂਟਰ ਤੈਰਾਕੀ ਪੂਲ ਦੇ ਕੋਚਾਂ ਸ਼੍ਰੀ ਤਰੁਣ ਨੇਗੀ ਤੇ ਸ਼੍ਰੀਮਤੀ ਜਸਜੀਤ ਕੌਰ ਕੋਲ ਆਪਣੇ ਨਾਮ ਦਰਜ ਕਰਵਾ ਸਕਦੇ ਹਨ।

ਹਾਕੀ ਟੀਮ ਦੀ ਚੋਣ ਲਈ ਕੈਂਪ ਸ਼ੁਰੂ

ਬਠਿੰਡਾ, 3 ਜੂਨ - ਬਠਿੰਡਾ ਦੇ ਖੇਡ ਸਟੇਡੀਅਮ 'ਚ ਚੱਲ ਰਹੇ ਸਮਰ ਕੈਂਪ 'ਚ ਹਾਕੀ, ਅਥਲੈਟਿਕਸ, ਕੁਸ਼ਤੀਆਂ, ਜੂਡੋ, ਬਾਕਸਿੰਗ ਤੇ ਕਬੱਡੀ ਦੇ ਖਿਡਾਰੀ ਹਿੱਸਾ ਲੈ ਰਹੇ ਹਨ। 1 ਜੂਨ ਤੋਂ 15 ਜੂਨ ਤੱਕ ਚੱਲਣ ਵਾਲੇ ਇਸ ਕੈਂਪ 'ਚ ਹਾਕੀ ਦੀ ਕੌਮੀ ਪੱਧਰ ਦੀ ਟੀਮ ਦੀ ਚੋਣ ਵੀ ਹੋਣੀ ਹੈ। ਹਾਕੀ ਦੀਆਂ 32 ਖਿਡਾਰਨਾਂ ਇਸ 'ਚ ਹਿੱਸਾ ਲੈ ਰਹੀਆਂ ਹਨ। ਮੋਗਾ ਦੀਆਂ ਚਾਰ, ਕਪੂਰਥਲਾ ਦੀਆਂ 5, ਸੰਗਰੂਰ ਦੀਆਂ 2, ਬਰਨਾਲਾ ਦੀਆਂ 2, ਬਠਿੰਡਾ ਦੀਆਂ 4, ਮੁਕਤਸਰ ਦੀਆਂ 3, ਭਾਗੋਮਾਜਰਾ ਦੀ 1 ਤੇ ਪਟਿਆਲਾ ਦੀਆਂ 11 ਖਿਡਾਰਨਾਂ ਇਸ ਸਮਰ ਕੈਂਪ 'ਚ ਹਿੱਸਾ ਲੈ ਰਹੀਆਂ ਹਨ ਜਿਨ੍ਹਾਂ 'ਚੋਂ ਨੈਸ਼ਨਲ ਪੱਧਰ ਦੀ ਹਾਕੀ ਦੀ ਟੀਮ ਚੁਣੀ ਜਾਣੀ ਹੈ। ਹਾਕੀ ਦੀ ਨੈਸ਼ਨਲ ਪੱਧਰ ਦੀ ਚੈਂਪੀਅਨਸ਼ਿਪ 25 ਜੂਨ ਤੋਂ 2 ਜੁਲਾਈ ਤੱਕ ਹੈਦਰਾਬਾਦ ਵਿਖੇ ਹੋਈ ਹੈ ਜਿਥੇ ਇਥੋਂ ਚੁਣੀ ਜਾਣ ਵਾਲੀ ਟੀਮ ਹਿੱਸਾ ਲਵੇਗੀ। ਇਨ੍ਹਾਂ ਹਾਕੀ
ਦੀਆਂ ਖਿਡਾਰਨਾਂ ਨੂੰ ਪ੍ਰਸਿੱਧ ਕੋਚ ਰਾਜਵੰਤ ਸਿੰਘ ਮਾਨ ਸਿਖਲਾਈ ਦੇ ਰਹੇ ਹਨ। ਇਸ ਤਰ੍ਹਾਂ ਇਸ ਸਮਰ ਕੈਂਪ 'ਚ 22 ਲੜਕੀਆਂ ਨੰਦਗੜ੍ਹ ਤੇ 22 ਕੋਟਭਾਰਾ ਦੀਆਂ ਹਿੱਸਾ ਲੈ ਰਹੀਆਂ ਹਨ। ਅਥਲੈਟਿਕਸ ਦੇ ਸਮਰ ਕੈਂਪ 'ਚ 10 ਲੜਕੇ ਤੇ 10 ਲੜਕੀਆਂ ਵੀ ਭਾਗ ਲੈ ਰਹੀਆਂ ਹਨ ਜਿਨ੍ਹਾਂ ਨੂੰ ਸੁਖਮੰਦਰ ਸਿੰਘ ਡੀ. ਪੀ. ਸਿਖਲਾਈ ਦੇ ਰਹੇ ਹਨ। ਇਸ ਤਰ੍ਹਾਂ ਕਬੱਡੀ ਦੇ 15 ਖਿਡਾਰੀ ਵੀ ਸਿਖਲਾਈ ਲੈ ਰਹੇ ਹਨ।

ਕੌਮੀ ਅਥਲੈਟਿਕ ਫੈਡਰੇਸ਼ਨ ਕੈਂਪ ਰੱਦ

ਪਟਿਆਲਾ, 3 ਜੂਨ - ਨਵੰਬਰ ਮਹੀਨੇ 'ਚ ਹੋਣ ਵਾਲੀ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 'ਚ ਮੁੱਖ ਨਿਸ਼ਾਨਾ ਮਿਥਦੇ ਹੋਏ ਭਾਰਤੀ ਅਥਲੈਟਿਕਸ ਫੈਡਰੇਸ਼ਨ ਨੇ 24 ਤੋਂ 27 ਜੂਨ ਤੱਕ ਹੋਣ ਵਾਲਾ ਕੌਮੀ ਫੈਡਰੇਸ਼ਨ ਕੱਪ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਫੈਡਰੇਸ਼ਨ ਦੀ ਦਿੱਲੀ ਵਿਖੇ ਹੋਈ ਮੀਟਿੰਗ 'ਚ ਲਿਆ ਗਿਆ ਹੈ। ਇਹ ਟੂਰਨਾਮੈਂਟ ਤਿਆਰੀ ਅਭਿਆਨ ਦੀ ਢੁੱਕਵੀਂ ਰੂਪ-ਰੇਖਾ ਅਨੁਸਾਰ ਸਹੀ ਨਹੀਂ ਬੈਠਦਾ ਸੀ ਜਿਸ ਕਾਰਨ ਫੈਡਰੇਸ਼ਨ ਨੇ ਇਸ ਨੂੰ ਰੱਦ ਕਰਨਾ ਮੁਨਾਸਿਬ ਸਮਝਿਆ ਹੈ। ਭਾਰਤੀ ਅਥਲੈਟਿਕ ਟੀਮ ਦੇ ਮੁੱਖ ਕੋਚ ਸ: ਬਹਾਦਰ ਸਿੰਘ ਨੇ ਦੱਸਿਆ ਕਿ ਇਸ ਵੇਲੇ ਸਾਡੇ ਅਥਲੀਟਾਂ ਦਾ ਮੁੱਖ ਨਿਸ਼ਾਨਾ ਨਵੰਬਰ ਮਹੀਨੇ ਚੀਨ 'ਚ ਹੋਣ ਵਾਲੀ ਏਸ਼ੀਅਨ ਮੀਟ ਹੈ ਜਿਸ ਦੀ ਤਿਆਰੀ ਲਈ 7 ਤੇ 10 ਜੂਨ ਨੂੰ ਕ੍ਰਮਵਾਰ ਜਮਸ਼ੇਦਪੁਰ ਤੇ ਰਾਂਚੀ ਵਿਖੇ ਭਾਰਤੀ ਗ੍ਰਾ ਪ੍ਰੀ ਮੀਟਸ ਹੋ ਰਹੀਆਂ ਹਨ। ਇਸ ਤੋਂ ਬਾਅਦ 10 ਤੋਂ 13 ਅਕਤੂਬਰ ਤੱਕ ਓਪਨ ਕੌਮੀ ਚੈਂਪੀਅਨਸ਼ਿਪ ਹੋਵੇਗੀ ਤੇ ਇਸ ਤੋਂ ਬਾਅਦ ਅਕਤੂਬਰ ਦੇ ਆਖਰੀ ਹਫ਼ਤੇ ਅੰਤਰ ਰਾਜ ਮੀਟ ਹੋਵੇਗੀ ਜਿਸ ਦੌਰਾਨ ਏਸ਼ੀਅਨ ਚੈਂਪੀਅਨਸ਼ਿਪ ਲਈ ਅਥਲੀਟਾਂ ਦੀ ਚੋਣ ਕੀਤੀ ਜਾਵੇਗੀ।

ਕੌਮੀ ਸਾਫਟ ਬਾਲ ਚੈਂਪੀਅਨ 9 ਤੋਂ

ਸੰਗਰੂਰ, 3 ਜੂਨ - ਹਿਮਾਚਲ ਦੇ ਮੰਡੀ 'ਚ 9 ਤੋਂ 14 ਜੂਨ ਤੱਕ ਹੋ ਰਹੀ ਕੌਮੀ ਸਾਫਟ ਬਾਲ ਚੈਂਪੀਅਨਸ਼ਿਪ ਲਈ ਪੰਜਾਬ ਦਾ ਸੂਬਾ ਪੱਧਰੀ ਟਰੇਨਿੰਗ ਕੈਂਪ ਸਥਾਨਿਕ ਹੌਲੀ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ 'ਚ ਚੱਲ ਰਿਹਾ ਹੈ। ਕੈਂਪ 'ਚ ਰਾਜ ਦੇ ਵੱਖ-ਵੱਖ ਭਾਗਾਂ 'ਚੋਂ ਕੁਲ 15 ਬੱਚੇ ਭਾਗ ਲੈ ਰਹੇ ਹਨ ਜਿਨ੍ਹਾਂ ਨੂੰ ਸ਼੍ਰੀ ਚਮਕੌਰ ਸਿੰਘ ਵੱਲੋਂ ਕੋਚਿੰਗ ਦਿੱਤੀ ਜਾ ਰਹੀ ਹੈ।

7ਵੀਂ ਜੂਨੀਅਰ ਨੈਸ਼ਨਲ ਰੱਸਾਕਸ਼ੀ ਚੈਂਪੀਅਨਸ਼ਿਪ 6 ਤੋਂ

ਜਲੰਧਰ, 3 ਜੂਨ -7ਵੀਂ ਜੂਨੀਅਰ ਨੈਸ਼ਨਲ ਰੱਸਾਕਸ਼ੀ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੀ ਵਰਗ ਦੀ 6 ਤੋਂ 7 ਜੂਨ ਤੱਕ ਇੰਦੌਰ ਵਿਖੇ ਕਰਵਾਈ ਜਾ ਰਹੀ ਹੈ। ਪੰਜਾਬ ਦੀ ਲੜਕੇ ਤੇ ਲੜਕੀਆਂ ਦੀ ਟੀਮ ਅੰਡਰ-19 ਸਾਲ ਵਰਗ ਦੀ ਇੰਦੌਰ ਰਵਾਨਾ ਹੋ ਗਈ ਹੈ। ਇਸ ਟੀਮ ਦੇ ਲੜਕੇ ਵਰਗ ਵਿਚ ਜਗਦੀਪ ਸਿੰਘ, ਪਵਨਪ੍ਰੀਤ ਸਿੰਘ, ਗਗਨਜੀਤ ਸਿੰਘ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜੀਵਨਜੋਤ ਸਿੰਘ, ਹਰਜਿੰਦਰ ਸਿੰਘ, ਕੁਲਜੀਤ ਸਿੰਘ, ਉਂਕਾਰ ਸਿੰਘ ਤੇ ਟੀਮ ਦੇ ਕੋਚ ਪਰਮਿੰਦਰ ਸਿੰਘ ਤੇ ਮੈਨੇਜਰ ਹਰਮੇਸ਼ ਲਾਲ ਨੂੰ ਬਣਾਇਆ ਗਿਆ ਹੈ। ਲੜਕੀਆਂ ਦੇ ਵਰਗ ਵਿਚ ਕੁਲਦੀਪ ਕੌਰ, ਪ੍ਰਭਜੋਤ ਕੌਰ, ਦਲਜੀਤ ਕੌਰ, ਕਿਰਨਦੀਪ ਕੌਰ, ਗੁਰਕੀਰਤ ਕੌਰ, ਕੋਮਲਜੀਤ ਕੌਰ, ਰਾਜਵੰਤ ਕੌਰ, ਨਵਜੋਤ ਕੌਰ, ਰਮਨਜੀਤ ਕੌਰ ਤੇ ਹਰਪ੍ਰੀਤ ਕੌਰ ਦੀ ਚੋਣ ਕੀਤੀ ਗਈ ਹੈ। ਟੀਮ ਦਾ ਕੋਚ ਗੁਰਜੀਤ ਸਿੰਘ ਤੇ ਮੈਨੇਜਰ ਜਸਵੰਤ ਕੌਰ ਨੂੰ ਬਣਾਇਆ ਗਿਆ ਹੈ ਤੇ ਐਸ. ਪੀ. ਸ਼ਰਮਾ ਨੂੰ ਇਸ ਸਾਰੇ ਵਫਦ ਦਾ ਇੰਚਾਰਜ ਬਣਾਇਆ ਗਿਆ ਹੈ।

 27ਵੀਂ ਜੂਨੀਅਰ ਰਾਸ਼ਟਰੀ ਸਾਫਟਬਾਲ ਚੈਂਪੀਅਨਸ਼ਿਪ 9 ਤੋਂ

ਲੁਧਿਆਣਾ, 2 ਜੂਨ - ਮੰਡੀ (ਹਿਮਾਚਲ ਪ੍ਰਦੇਸ਼) ਵਿਖੇ 27ਵੀਂ ਜੂਨੀਅਰ ਰਾਸ਼ਟਰੀ ਸਾਫਟਬਾਲ ਚੈਂਪੀਅਨਸ਼ਿਪ 9 ਤੋਂ 14 ਜੂਨ ਤੱਕ ਕਰਵਾਈ ਜਾ ਰਹੀ ਹੈ। ਇਸ ਲਈ ਪੰਜਾਬ ਦੇ ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰੀ ਚੈਂਪੀਅਨਸ਼ਿਪ ਦੀ ਤਿਆਰੀ ਵਾਸਤੇ ਮੁੰਡਿਆਂ ਦਾ ਕੋਚਿੰਗ ਕੈਂਪ ਰਾਮਗੜ੍ਹੀਆਂ ਸਕੂਲ ਮਿਲਰਗੰਜ ਲੁਧਿਆਣਾ ਵਿਖੇ, ਲੜਕੀਆਂ ਦਾ ਕੋਚਿੰਗ ਕੈਂਪ ਹੋਲੀ ਹਰਟ ਸਕੂਲ ਸੰਗਰੂਰ ਵਿਖੇ ਲੱਗੇਗਾ। ਦੋਵੇਂ ਟੀਮਾਂ ਦੇ ਮੈਂਬਰਾਂ ਦੇ ਨਾਂਅ ਇਸ ਤਰ੍ਹਾਂ ਹਨ।ਮੁੰਡੇ ਮਨਦੀਪ ਸਿੰਘ, ਜਗਦੀਪ ਸਿੰਘ (ਸੰਗਰੂਰ ਤੋਂ), ਵਿਕਰਮਜੀਤ ਸਿੰਘ, ਸਮਸ਼ੇਰ ਸਿੰਘ, ਸ਼ਿਵ ਕੁਮਾਰ, ਨਵਰਾਜ ਸਿੰਘ, ਕਮਲਪ੍ਰੀਤ ਸਿੰਘ (ਸਾਰੇ ਲੁਧਿਆਣਾ ਤੋਂ) ਅਮਿਤ ਭੋਗਲ, ਜਲੰਧਰ ਤੋਂ, ਸਿਮਰਨਜੀਤ ਸਿੰਘ ਰਿਸਾਬਬਾਲੀ ਇੰਦਰਵੀਰ ਸਿੰਘ ਰਾਹੁਲ ਪਾਠਕ (ਅੰਮ੍ਰਿਤਸਰ ਤੋਂ) ਕੁਨਾਲ ਖੁਰਾਣਾ ਸੰਗਰੂਰ ਤੋਂ, ਟੀਮ ਦੇ ਕੋਚ ਇੰਦਰਬੀਰ ਸਿੰਘ, ਚਮਕੌਰ ਸਿੰਘ ਹੋਣਗੇ, ਮੈਨੇਜਰ ਉਕਾਂਰ ਸਿੰਘ ਹੋਣਗੇ।
         ਲੜਕੀਆਂ ਰਸਮੀਤ ਕੌਰ, ਅਰਸਦੀਪ ਕੌਰ (ਬਠਿੰਡਾ ਤੋਂ), ਰੀਨਾ, ਰਾਧਿਕਾ, (ਜਲੰਧਰ ਤੋਂ) ਅਮਨਦੀਪ ਕੌਰ, ਜਸਮੀਨ ਕੌਰ, ਸਿਮਰਨਜੀਤ ਕੌਰ (ਸਾਰੀਆਂ ਸੰਗਰੂਰ ਤੋਂ) ਅਮਨਦੀਪ ਕੌਰ, ਗਗਨਦੀਪ ਕੌਰ, ਮਨਪ੍ਰੀਤ ਕੌਰ, ਪ੍ਰਭਜੀਤ ਕੌਰ, ਅਮਨਦੀਪ ਕੌਰ (ਸਾਰੀਆਂ ਗੁਰਦਾਸਪੁਰ ਤੋਂ) ਦਿਖਾ, ਸਾਕਸ਼ੀ ਨੀਲਮ ਸ਼ਰਮਾ (ਲੁਧਿਆਣਾ ਤੋਂ) ਟੀਮ ਦੇ ਕੋਚ ਰਪਿੰਦਰ ਕੌਰ ਅਤੇ ਅਮਰੀਕ ਸਿੰਘ ਹੋਣਗੇ।

14ਵੇਂ ਅੰਤਰਰਾਸ਼ਟਰੀ ਕੁਸ਼ਤੀ ਟੂਰਨਾਮੈਂਟ 'ਚ ਭਾਰਤ ਦੀ ਬੱਲੇ ਬੱਲੇ

ਨਵੀਂ ਦਿੱਲੀ, 2 ਜੂਨ - ਇਟਲੀ ਦੇ ਸ਼ਹਿਰ ਸਰਦੀਨੀਆ 'ਚ ਖੇਡੇ ਗਏ 14ਵੇਂ ਅੰਤਰਰਾਸ਼ਟਰੀ ਫ੍ਰੀ ਅਤੇ ਗਰੀਕੋ ਰੋਮਨ ਸਟਾਈਲ ਟੂਰਨਾਮੈਂਟ 'ਚ ਭਾਰਤ ਨੇ ਤਿੰਨ ਚਾਂਦੀ ਅਤੇ ਦੋ ਕਾਂਸੀ ਦੇ ਤਗਮਿਆਂ ਸਮੇਤ 5 ਤਗਮੇ ਜਿੱਤੇ। ਅਨਿਲ ਕੁਮਾਰ ਨੇ 55 ਕਿਲੋਗ੍ਰਾਮ ਫ੍ਰੀ ਸਟਾਈਲ ਅਤੇ 96 ਕਿਲੋਗ੍ਰਾਮ ਗਰੀਕੋ ਰੋਮਨ ਵਰਗਾਂ 'ਚ ਦੋ ਚਾਂਦੀ ਦੇ ਤਗਮੇ, ਹਰਦੀਪ ਸਿੰਘ ਨੇ 60 ਕਿਲੋਗ੍ਰਾਮ ਭਾਰ ਵਰਗ ਦੇ ਫ੍ਰੀ ਸਟਾਈਲ 'ਚ ਚਾਂਦੀ ਦਾ, ਨਰੇਸ਼ ਕੁਮਾਰ ਨੇ 84 ਕਿਲੋਗ੍ਰਾਮ 'ਚ ਅਤੇ ਜੋਗਿੰਦਰ ਕੁਮਾਰ ਨੇ 120 ਕਿਲੋਗ੍ਰਾਮ 'ਚ ਕਾਂਸੀ ਦੇ ਤਗਮੇ ਜਿੱਤੇ। ਟੂਰਨਾਮੈਂਟ 'ਚ ਰੂਸ ਸਮੇਤ 18 ਦੇਸ਼ਾਂ ਦੇ ਖਿਡਾਰੀ ਸ਼ਾਮਿਲ ਹੋਏ।

ਸਮਰ ਕੋਚਿੰਗ ਕੈਪਾਂ ਲਈ ਚੋਣ ਟਰਾਇਲ 'ਚ 320 ਚੁਣੇ

ਲੁਧਿਆਣਾ, 2 ਜੂਨ - ਸਕੂਲੀ ਖਿਡਾਰੀਆਂ ਦੇ ਸਮਰ ਕੋਚਿੰਗ ਕੈਂਪ 5 ਤੋਂ 25 ਜੂਨ ਤੱਕ ਸੁੰਦਰ ਨਗਰ (ਹਿਮਾਚਲ ਪ੍ਰਦੇਸ਼) ਵਿਖੇ ਲਗਾਏ ਜਾ ਰਹੇ ਹਨ। ਇਹ ਕੋਚਿੰਗ ਕੈਂਪ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਲਗਾਏ ਜਾ ਰਹੇ ਹਨ। ਇਨ੍ਹਾਂ ਕੋਚਿੰਗ ਕੈਂਪਾਂ ਲਈ ਅੱਜ ਵੱਖ-ਵੱਖ 8 ਖੇਡਾਂ ਦੇ ਚੋਣ ਟਰਾਇਲ ਲੁਧਿਆਣਾ ਵਿਖੇ ਲਏ ਗਏ। ਇਨ੍ਹਾਂ ਚੋਣ ਟਰਾਇਲਾਂ ਵਿਚ ਵੱਖ-ਵੱਖ ਸਕੂਲਾਂ ਅਤੇ ਖੇਡ ਵਿੰਗਾਂ ਦੇ ਇਕ ਹਜ਼ਾਰ ਦੇ ਕਰੀਬ ਖਿਡਾਰੀ ਪੁੱਜੇ, ਜਿਨ੍ਹਾਂ ਵਿਚੋਂ ਸਮਰ ਕੋਚਿੰਗ ਕੈਪਾਂ ਲਈ 320 ਖਿਡਾਰੀਆਂ ਨੂੰ ਚੁਣਿਆ ਗਿਆ। ਇਸ ਵਾਰ ਸਮਰ ਕੋਚਿੰਗ ਕੈਪਾਂ ਲਈ ਫੁੱਟਬਾਲ, ਐਥਲੈਟਿਕਸ, ਬਾਸਕਿਟਬਾਲ, ਵਾਲੀਬਾਲ, ਹੈਂਡਬਾਲ, ਹਾਕੀ, ਕਬੱਡੀ, ਖੋ-ਖੋ ਖੇਡਾਂ ਸ਼ਾਮਿਲ ਕੀਤੀਆਂ ਗਈਆਂ ਹਨ, ਜਿੰਨ੍ਹਾਂ ਵਿਚ ਫੁੱਟਬਾਲ ਅੰਡਰ-17 ਅਤੇ 19 ਸਾਲ ਮੁੰਡੇ, ਜਦਕਿ ਐਥਲੈਟਿਕਸ ਬਾਸਕਟਬਾਲ, ਵਾਲੀਬਾਲ ਅੰਡਰ-17 ਅਤੇ 19 ਸਾਲ, ਹਾਕੀ ਅਤੇ ਖੋ-ਖੋ, ਹੈਂਡਬਾਲ, ਕਬੱਡੀ ਅੰਡਰ 17 ਸਾਲ (ਮੁੰਡੇ ਅਤੇ ਕੁੜੀਆਂ) ਦੇ ਖਿਡਾਰੀ ਸਮਰ ਕੋਚਿੰਗ ਕੈਪਾਂ ਲਈ ਚੁਣੇ ਗਏ ਹਨ। ਉਨ੍ਹਾਂ ਦੱਸਿਆ ਕਿ ਕੋਚਿੰਗ ਕੈਂਪ ਸਿੱਖਿਆ ਮੰਤਰੀ ਸ੍ਰੀਮਤੀ ਉਪਿੰਦਰਜੀਤ ਕੌਰ ਦੀ ਸਰਪ੍ਰਸਤੀ ਹੇਠ ਲਗਾਏ ਜਾ ਰਹੇ ਹਨ। ਚੁਣੇ ਖਿਡਾਰੀਆਂ ਨੂੰ ਖਾਣ-ਪੀਣ, ਰਹਿਣ-ਸਹਿਣ ਦੀਆਂ ਸਹੂਲਤਾਂ ਤੋਂ ਇਲਾਵਾ ਮੁਫ਼ਤ ਕੋਚਿੰਗ ਆਦਿ ਹੋਰ ਸਹੂਲਤਾਂ ਮੁਹੱਇਆ ਕੀਤੀਆਂ ਜਾਣਗੀਆਂ।

ਬਾਬਾ ਕਾਲਾ ਮੈਹਿਰ (ਘੁਮਾਣ) ਯਾਦਗਾਰੀ ਖੇਡ ਮੇਲਾ 5 ਤੋਂ

ਸ੍ਰੀ ਹਰਗੋਬਿੰਦਪੁਰ, 1 ਜੂਨ - ਬਾਬਾ ਕਾਲਾ ਮੈਹਿਰ ਸਾਲਾਨਾ ਯਾਦਗਾਰੀ ਖੇਡ ਮੇਲਾ ਪਿੰਡ ਸੰਧਵਾਂ, ਬਰਿਆਰ (ਨਜ਼ਦੀਕ ਘੁਮਾਣ), ਜ਼ਿਲ੍ਹਾ ਗੁਰਦਾਸਪੁਰ ਵਿਖੇ 5, 6 ਅਤੇ 7 ਜੂਨ ਨੂੰ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਚ ਕਬੱਡੀ 20 ਕਿ:, 65 ਕਿ:, 40 ਕਿ:, ਵਾਲੀਬਾਲ, ਰੱਸੇ ਦੇ ਮੁਕਾਬਲੇ 6 ਕੁਇੰਟਲ, ਬਜ਼ੁਰਗਾਂ ਦੀਆਂ ਦੌੜਾਂ, ਜਿਮਨਾਸਟਿਕ, ਲੜਕੀਆਂ ਦਾ ਕਬੱਡੀ ਸ਼ੋਅ ਮੈਚ ਅਤੇ ਓਪਨ ਕਬੱਡੀ ਜ਼ਿਲ੍ਹਾ ਜਲੰਧਰ, ਮੋਗਾ, ਕਪੂਰਥਲਾ ਅਤੇ ਗੁਰਦਾਸਪੁਰ ਦਰਮਿਆਨ ਫਸਵੇਂ ਮੁਕਾਬਲੇ ਕਰਵਾਏ ਜਾਣਗੇ। ਪ੍ਰਧਾਨ ਰਾਣਾ ਨੇ ਕਿਹਾ ਕਿ ਸੱਦਾ-ਪੱਤਰ ਬਗੈਰ ਐਂਟਰੀ ਨਹੀਂ ਹੋਵੇਗੀ।

ਪੰਜਾਬੀ ਖਿਡਾਰੀ ਸੰਦੀਪ ਸਿੰਘ ਦੀ ਬੱਲੇ ਬੱਲੇ

ਅਜੀਤ ਨਗਰ, 1 ਜੂਨ - ਹੁਣੇ ਜਿਹੇ ਬੈਂਕਾਂਕ ਵਿਚ ਅੰਤਰਰਾਸ਼ਟਰੀ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ 'ਚ ਪੰਜਾਬ ਦੇ ਸੰਦੀਪ ਸਿੰਘ ਸਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਰਾਮਪੁਰ ਫਤਿਹਗੜ੍ਹ ਸਾਹਿਬ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ। ਇਸ ਤੋਂ ਪਹਿਲਾਂ ਇਹ ਖਿਡਾਰੀ ਪੂਨੇ ਤੋਂ ਇਸ ਖੇਡ ਵਾਸਤੇ ਚੁਣਿਆ ਗਿਆ ਸੀ। ਹੁਣ ਤੱਕ ਇਸ ਖਿਡਾਰੀ ਵੱਲੋਂ ਸਿੰਗਾਪੁਰ ਅਤੇ ਰੂਸ ਤੋਂ ਇਲਾਵਾ ਕਈ ਦੇਸ਼ਾਂ 'ਚ ਜਿੱਤ ਦੇ ਝੰਡੇ ਗੱਡੇ ਜਾ ਚੁੱਕੇ ਹਨ। ਬੈਂਕਾਕ ਤੋਂ ਖੇਡਕੇ ਆਏ ਇਸ ਵਿਦਿਆਰਥੀ ਦਾ ਪੰਜਾਬ ਪੁੱਜਣ ਤੇ ਪਰਿਵਾਰਕ ਮੈਂਬਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਸਾਥੀ ਖਿਡਾਰੀ ਜੋ ਕਿ ਹਰਿਆਣਾ ਤੋਂ ਇਲਾਵਾ ਹੋਰ ਰਾਜਾਂ ਦੇ ਵੀ ਸਨ। ਉਥੋਂ ਦੀਆਂ ਸਥਾਨਕ ਸਰਕਾਰਾਂ ਨੇ ਉਨ੍ਹਾਂ ਨੂੰ ਇਸ ਖੇਡ ਵਿਚ ਹਿੱਸਾ ਲੈਣ ਵਾਸਤੇ  31000 ਰੁਪਏ ਪ੍ਰਤੀ ਖਿਡਾਰੀ ਨਾਲ ਸਨਮਾਨਿਤ ਕੀਤਾ ਅਤੇ ਪੂਰੀ ਟੀਮ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਦਾ ਅਗਲਾ ਹੋਣ ਵਾਲਾ ਸਾਰਾ ਖਰਚ ਹਰਿਆਣਾ ਸਰਕਾਰ ਕਰੇਗੀ ਪਰ ਇਥੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕੀਤੀ ਗਈ। ਖਿਡਾਰੀ ਸੰਦੀਪ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੰਤਰਰਾਸ਼ਟਰੀ ਖੇਡਾਂ ਵਿਚ ਹਿੱਸਾ ਲੈਣ ਲਈ ਸਰਕਾਰ ਉਨ੍ਹਾਂ ਦੀ ਆਰਥਿਕ ਪੱਖੋਂ ਸਹਾਇਤਾ ਕਰੇ ਅਤੇ ਖੇਡ ਦੀ ਪ੍ਰੈਕਟਿਸ ਲਈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਗਰਾਉਂਡ ਦਾ ਵੀ ਪ੍ਰਬੰਧ ਕੀਤਾ ਜਾਵੇ।

ਭਾਰਤੀ ਮੂਲ ਦੇ ਜਿਮਨਾਸਟ ਦੀ ਝੰਡੀ

ਮਾਸਕੋ, 1 ਜੂਨ - ਭਾਰਤੀ ਮੂਲ ਦੇ ਅਮਰੀਕੀ ਜਿਮਨਾਸਟ ਰਾਜ ਭਵਸਰ ਨੇ 2009 ਵਰਲਡ ਸਟਾਰ ਇੰਟਰਨੈਸ਼ਨਲ ਜਿਮਨਾਸਟਿਕ ਫੈਡਰੇਸ਼ਨ ਵਰਲਡ ਕੱਪ ਟੂਰਨਾਮੈਂਟ ਦੇ ਪੈਰਾਲਲ ਬਾਰਜ਼ ਵਰਗ 'ਚ ਚਾਂਦੀ ਦਾ ਤਗਮਾ ਹਾਸਿਲ ਕੀਤਾ। ਭਵਸਰ ਨੇ ਸਾਲ 2008 ਦੀਆਂ ਬੀਜਿੰਗ ਉਲੰਪਿਕਸ 'ਚ ਵੀ ਅਮਰੀਕਾ ਲਈ ਇਸੇ ਵਰਗ 'ਚ ਚਾਂਦੀ ਦਾ ਤਗਮਾ ਜਿੱਤਿਆ ਸੀ।

ਭਾਰਤ ਦੇ 'ਮੈਰਾਥਨ ਮਰਦ' ਦੌੜ 'ਚ ਆਸ਼ੀਸ਼ ਮੋਹਰੀ

ਵਾਸ਼ਿੰਗਟਨ, 1 ਜੂਨ - ਭਾਰਤ ਦੇ 'ਮੈਰਾਥਨ ਮਰਦ' ਦੇ ਨਾਂਅ ਨਾਲ ਮਸ਼ਹੂਰ ਆਸ਼ੀਸ਼ ਰਾਏ ਏਸ਼ੀਆ ਦਾ ਪਹਿਲਾ ਉਹ ਖਿਡਾਰੀ ਬਣ ਗਿਆ ਹੈ ਜਿਸਨੇ 75 ਸਾਲ ਤੋਂ ਵੱਧ ਉਮਰ 'ਚ ਇਕ ਮਹੀਨੇ ਦੌਰਾਨ 3 ਮੈਰਾਥਨ ਦੌੜਾਂ 'ਚ ਹਿੱਸਾ ਲਿਆ ਹੋਵੇ। ਆਸ਼ੀਸ਼ ਨੇ ਆਪਣੇ ਜੀਵਨ ਦੀ 91ਵੀਂ ਮੈਰਾਥਨ ਦੌੜ 'ਚ ਹਿੱਸਾ ਲਿਆ। ਉਸਨੇ 26 ਮੀਲ ਦੀ ਦੂਰੀ 6 ਘੰਟੇ 27 ਮਿੰਟ 'ਚ ਪੂਰੀ ਕੀਤੀ। ਅਸ਼ੀਸ਼ ਪਹਿਲੀ ਬਾਵ ਪਾਟਸ ਹੈਰੀਟੇਜ਼ ਰੇਲ ਟਰੇਲ ਮੈਰਾਥਨ ਦੌੜ 'ਚ ਹਿੱਸਾ ਲੈਣ ਵਾਲਾ ਸਭ ਤੋਂ ਵੱਡੀ ਉਮਰ ਦਾ ਦੌੜਾਕ ਬਣਿਆ।

ਰਾਸ਼ਟਰਮੰਡਲ ਖੇਡਾਂ ਦੇ ਸਾਈਕਲਿੰਗ ਕੋਰ ਗਰੁੱਪ 'ਚ ਸ਼ਾਮਿਲ ਹੋਣ ਵਾਲੇ ਖਿਡਾਰੀ

ਪਟਿਆਲਾ, 1 ਜੂਨ - 2010 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਸਾਈਕਲਿਸਟਾਂ ਵਾਸਤੇ ਪਟਿਆਲਾ 'ਚ ਐਨ.ਆਈ.ਐਸ. ਵਿਖੇ ਕੈਂਪ ਸ਼ੁਰੂ ਹੋ ਗਿਆ ਹੈ। ਇਨ੍ਹਾਂ ਸਾਈਕਲਿਸਟਾਂ 'ਚ 28 ਪੁਰਸ਼ ਤੇ 16 ਮਹਿਲਾ ਸਾਈਕਲਿਸਟ ਸ਼ਾਮਿਲ ਹਨ। ਇਸ ਕੈਂਪ ਦੌਰਾਨ ਇਨ੍ਹਾਂ ਸਾਈਕਲਿਸਟਾਂ ਨੂੰ ਸਿਖਲਾਈ ਦੇਣ ਲਈ 8 ਕੋਚਾਂ ਦੀ ਟੀਮ ਲਗਾਈ ਗਈ। ਜਿਸ ਦੇ ਇੰਚਾਰਜ ਸ੍ਰੀ ਜਤਿੰਦਰ ਸਿੰਘ ਵਿਰਕ ਸਾਈ ਕੋਚ ਹਨ ਅਤੇ ਸ੍ਰੀ ਜਸਮੇਲ ਸਿੰਘ ਖੋਸਾ ਕੈਂਪ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਕੋਰ ਗਰੁੱਪ ਦੇ ਪੁਰਸ਼ ਵਰਗ ਲਈ ਅੰਮ੍ਰਿਤ ਸਿੰਘ ਪੰਜਾਬ, ਐਲ. ਮਹੇਸ਼ ਰੇਲਵੇ, ਹਿਤਰਾਜ ਸਿੰਘ ਬੀ.ਐਸ.ਐਫ., ਪ੍ਰੋਵਿਨ ਰੇਲਵੇ, ਸਾਬ ਗਾਇਨੀਗਰ ਰੇਲਵੇ, ਪ੍ਰਿੰਸ ਐਚ.ਐਸ. ਕੇਰਲਾ, ਸੀ ਰਾਜੇਸ਼ ਤਾਮਿਲਨਾਡੂ, ਗੁਰਸ਼ਰਨਦੀਪ ਸਿੰਘ ਪੰਜਾਬ, ਓ. ਵਿਕਰਮ ਸਿੰਘ ਰੇਲਵੇ, ਰਾਕੇਸ਼ ਕੁਮਾਰ ਪੰਜਾਬ, ਗੁਰਬਾਜ ਸਿੰਘ ਪੰਜਾਬ, ਸਰਪ੍ਰੀਤ ਸਿੰਘ ਪੰਜਾਬ, ਅਭਿਸ਼ੇਕ ਰਾਣਾ ਰੇਲਵੇ, ਰਾਜਿੰਦਰ ਬਿਸ਼ਨੋਈ ਰੇਲਵੇ, ਨੀਰਜ ਸਾਹਨੀ ਬੀ.ਐਸ.ਐਨ.ਐਲ., ਅਤੁਲ ਕੁਮਾਰ ਸੈਨਾ, ਦਿਆਲਾ ਰਾਮ ਰੇਲਵੇ, ਜਗਦੀਪ ਸਿੰਘ ਪੰਜਾਬ, ਦਿਆਲਾ ਰਾਮ ਸਾਰਨ ਰੇਲਵੇ, ਸਤਬੀਰ ਸਿੰਘ ਸੈਨਾ, ਰਾਮ ਸਰੂਪ ਰਾਜਸਥਾਨ, ਹਰਪ੍ਰੀਤ ਸਿੰਘ ਰੇਲਵੇ, ਸੋਮਵੀਰ ਸਿੰਘ ਸੈਨਾ, ਵਿਨੋਦ ਮਲਿਕ ਸੈਨਾ, ਬੂਰਾ ਰਾਮ ਸੈਨਾ, ਐਮ. 2ਲੋਕੇਸ਼ ਕਰਨਾਟਕ, ਪ੍ਰਦੀਪ ਕੁਮਾਰ ਸੈਨਾ ਤੇ ਲੋਕੱਪਾ ਕਰਨਾਟਕ ਸ਼ਾਮਿਲ ਹਨ। ਮਹਿਲਾ ਵਰਗ ਵਿਚ ਰਾਮੇਸ਼ਵਰੀ ਦੇਵੀ ਮਨੀਪੁਰ, ਮਹਿਤਾ ਮੋਹਨ ਕੇਰਲਾ, ਰਜਨੀ ਵੀ ਕੇਰਲਾ, ਕੇ. ਸੁਚਿਤਰਾ ਦੇਵੀ ਮਨੀਪੁਰ, ਗੁਰਪ੍ਰੀਤ ਕੌਰ ਹਰਿਆਣਾ, ਸਵੈਨਾ ਬੀ.ਜੀ. ਕੇਰਲਾ, ਸੁਨੀਤਾ ਦੇਵੀ ਮਨੀਪੁਰ, ਹੱਲਕ ਮਨੀਪੁਰ, ਨੀਲਮਾ ਕਰਨਾਟਕ, ਚੌਬਾ ਦੇਵੀ ਮਨੀਪੁਰ, ਪਾਲਾ ਚੌਧਰੀ ਰਾਜਸਥਾਨ, ਕੇਬਲ ਅਟੌਮੀ ਕੇਰਲਾ, ਪਾਰਵਤੀ ਟੀ. ਕੇਰਲਾ, ਐਚ. ਰੇਨੂੰ ਬਾਲਾ ਮਨੀਪੁਰ, ਮੋਨਿਕਾ ਹਰਿਆਣਾ ਤੇ ਸੁਪਨ ਹਰਿਆਣਾ ਸ਼ਾਮਿਲ ਹਨ। ਇਸ ਕੈਂਪ ਦੌਰਾਨ ਸ੍ਰੀ ਜਤਿੰਦਰ ਸਿੰਘ ਵਿਰਕ ਐਨ.ਆਈ.ਐਸ. ਪਟਿਆਲਾ, ਐਮ.ਸੀ. ਰੰਗਾ, ਊਸ਼ਾ ਟੀ. ਨਾਇਰ ਕੇਰਲਾ, ਸਾਰੇ ਸਾਈ ਕੋਚ, ਅਨੂਪ ਨਾਇਰ ਕੇਰਲਾ ਸਪੋਰਟਸ ਕੌਂਸਲ, ਅਮਨਦੀਪ ਸਿੰਘ ਪੰਜਾਬ, ਨਰਿੰਦਰ ਸਿੰਘ ਸੈਨਾ, ਐਸ.ਐਸ. ਮਾਨ
ਤੇ ਚਰਨ ਚੌਧਰੀ ਦੋਨੋਂ ਰੇਲਵੇ ਸਾਈਕਲਿਸਟਾਂ ਨੂੰ ਸਿਖਲਾਈ ਦੇਣਗੇ।

ਰਾਸ਼ਟਰੀ ਫੁੱਟਬਾਲ ਸੰਤੋਸ਼ ਟਰਾਫੀ

ਲੁਧਿਆਣਾ, 1 ਜੂਨ - 61ਵੀਂ ਰਾਸ਼ਟਰੀ ਫੁੱਟਬਾਲ ਸੰਤੋਸ਼ ਟਰਾਫੀ ਦੇ ਸੁਪਰਲੀਗ ਦੇ ਮੁਕਾਬਲੇ 2 ਜੂਨ ਤੋਂ ਚੇਨਈ ਵਿਖੇ ਸ਼ੁਰੂ ਹੋ ਰਹੇ ਹਨ। ਇਸ 'ਚ ਖੇਡ ਰਹੀਆਂ 31 ਰਾਜਾਂ ਦੀਆਂ ਟੀਮਾਂ ਤੋਂ ਬਾਅਦ ਹੁਣ ਚੈਂਪੀਅਨ ਬਨਣ ਦੀ ਲੜਾਈ ਸਿਰਫ਼ 8 ਟੀਮਾਂ ਵਿਚਕਾਰ ਰਹਿ ਗਈ ਹੈ। ਪੰਜਾਬ ਜੋ ਸੰਤੋਸ਼ ਟਰਾਫੀ ਵਿਚ 8 ਵਾਰ ਚੈਂਪੀਅਨ ਅਤੇ 5 ਵਾਰ ਉਪ ਜੇਤੂ ਰਿਹਾ, ਨੇ ਪਹਿਲੀ ਵਾਰ 1970 ਵਿਚ ਸੰਤੋਸ਼ ਟਰਾਫੀ ਦੀ ਖਿਤਾਬੀ ਜਿੱਤ ਹਾਸਿਲ ਕੀਤੀ ਸੀ। ਉਸ ਤੋਂ ਬਾਅਦ 1974, 80, 84, 85, 87, 2007, 2008 ਵਿਚ ਸੰਤੋਸ਼ ਟਰਾਫੀ ਦੀ ਚੈਂਪੀਅਨ ਜਿੱਤ ਆਪਣੇ ਨਾਂਅ ਕੀਤੀ। ਬੰਗਾਲ ਤੋਂ ਬਾਅਦ ਪੰਜਾਬ ਦੀ ਟੀਮ ਚੈਂਪੀਅਨ ਬਨਣ ਵਿਚ ਸੰਤੋਸ਼ ਟਰਾਫੀ ਦੇ ਇਤਿਹਾਸ ਵਿਚ ਦੂਸਰੇ ਨੰਬਰ 'ਤੇ ਚੱਲ ਰਹੀ ਹੈ। ਪੰਜਾਬ ਨੂੰ ਚੈਂਪੀਅਨ ਬਨਣ ਲਈ ਜਿੱਥੇ ਆਪਣੇ ਪੂਲ 'ਏ' ਮੈਚਾਂ ਵਿਚ ਬੰਗਾਲ, ਤਾਮਿਲਨਾਡੂ ਅਤੇ ਮਨੀਪੁਰ ਨਾਲ ਸੰਘਰਸ਼ ਕਰਨਾ ਪਵੇਗਾ। ਜਦਕਿ ਪੂਲ-ਬੀ ਵਿਚ ਪਿਛਲੇ ਸਾਲ ਦੀ ਉਪ ਜੇਤੂ ਸਰਵਿਸਿਜ਼, ਕਰਨਾਟਕ, ਮਹਾਰਾਸ਼ਟਰ ਅਤੇ ਗੋਆ ਦੀਆਂ ਟੀਮਾਂ ਸੈਮੀਫਾਈਨਲ ਵਿਚ ਪੁੱਜਣ ਲਈ ਸੰਘਰਸ਼ ਕਰਨਗੀਆਂ। ਚੈਂਪੀਅਨ ਟੀਮ ਨੂੰ 5 ਲੱਖ ਰੁਪਏ ਦੀ ਨਕਦ ਰਾਸ਼ੀ ਮਿਲੇਗੀ ਅਤੇ ਸੰਤੋਸ਼ ਟਰਾਫੀ ਦੇ ਸੁਪਰਲੀਗ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਦਾ ਸਿੱਧਾ ਪ੍ਰਸਾਰਣ ਜੀ. ਸਪੋਰਟਸ ਟੀ. ਵੀ .ਚੈਨਲ ਤੋਂ ਹੋਵੇਗਾ। ਪੰਜਾਬ ਦਾ ਮੁਢਲਾ ਮੈਚ ਮਨੀਪੁਰ ਵਿਰੁੱਧ ਸ਼ਾਮ 4 ਵਜੇ ਖੇਡਿਆਂ ਜਾਵੇਗਾ।

Click here to read PREVIOUS Monthly News