Click here For English Version

SPORTS NEWS

January Sports News 2009

11ਵਾਂ ਹਰਜੀਤ ਯਾਦਗਾਰੀ ਕਬੱਡੀ ਮੇਲਾ

ਬਾਜਾਖਾਨਾ, 1 ਫਰਵਰੀ -ਗਿਆਰਵਾਂ ਹਰਜੀਤ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਮੇਲਾ 1 ਤੋਂ 3 ਫ਼ਰਵਰੀ ਤੱਕ ਬਾਜਾਖਾਨਾ ਦੇ ਹਰਜੀਤ ਯਾਦਗਾਰੀ ਕਬੱਡੀ ਸਟੇਡੀਅਮ 'ਚ ਚੱਲ ਰਿਹਾ ਹੈ। ਇਸ ਦਾ ਉਦਘਾਟਨ ਸ. ਅਵਤਾਰ ਸਿੰਘ ਸਮਾਧ ਭਾਈ ਕਾਰਜਕਾਰੀ ਪ੍ਰਬੰਧਕ ਪਰਲਜ਼ ਸਿਟੀ ਬਠਿੰਡਾ ਨੇ ਕੀਤਾ। ਪਹਿਲੇ ਦਿਨ ਕਬੱਡੀ 57 ਤੇ 62 ਕਿੱਲੋ ਦੇ ਪਹਿਲੇ ਮੈਚ ਕਰਵਾਏ ਗਏ। 2 ਫਰਵਰੀ ਨੂੰ ਕਬੱਡੀ ਇਕ ਪਿੰਡ ਓਪਨ ਦੇ ਮੈਚ ਕਰਵਾਏ ਜਾਣਗੇ। ਸ਼ਾਮ ਨੂੰ ਉੱਘੇ ਪੰਜਾਬੀ ਲੋਕ ਗਾਇਕ ਕਲਾਕਾਰ ਹਰਭਜਨ ਮਾਨ, ਹਰਿੰਦਰ ਸੰਧੂ, ਰਿੰਪੀ ਗਰੇਵਾਲ, ਕਰਤਾਰ ਰਮਲਾ, ਸ਼ਮਾ ਲਵਲੀ, ਰਾਜ ਬਰਾੜ, ਮਿਸ ਪੂਜਾ ਆਦਿ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ।

ਪਾਕਿਸਤਾਨ 'ਚ ਹੋਣ ਵਾਲੀ ਚੈਂਪੀਅਨਸ ਟਰਾਫੀ ਕੈਂਸਲ

ਪਰਥ, 1 ਫਰਵਰੀ - ਪਾਕਿਸਤਾਨ ਦੇ ਬਹੁਤ ਹੀ ਨਾਜ਼ੁਕ ਸੁਰੱਖਿਆ ਹਾਲਾਤਾਂ ਨੂੰ ਦੇਖਦੇ ਹੋਏ ਇਸ ਸਾਲ ਹੋਣ ਵਾਲੀ ਚੈਂਪੀਅਨਸ ਟਰਾਫ਼ੀ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੇ ਕਾਰਜਕਾਰੀ ਬੋਰਡ ਦੇ ਮੈਂਬਰਾਂ ਨੇ ਕੈਂਸਲ ਕਰ ਦਿੱਤੀ ਹੈ। ਆਈ. ਸੀ. ਸੀ ਵੱਲੋਂ ਇਸ ਸਬੰਧੀ ਜਾਰੀ ਬਿਆਨ ਅਨੁਸਾਰ ਇਸ ਅੱਠ ਦੇਸ਼ਾਂ ਦੇ ਟੂਰਨਾਮੈਂਟ ਦੇ ਨਵੇਂ ਸਥਾਨ ਲਈ ਫੈਸਲਾ ਕੌਂਸਲ ਦੀ ਇਸ ਸਾਲ ਅਪ੍ਰੈਲ 'ਚ ਹੋਣ ਵਾਲੀ ਬੈਠਕ ਤੋਂ ਪਹਿਲਾਂ ਕਰ ਲਿਆ ਜਾਵੇਗਾ। ਇਹ ਫੈਸਲਾ ਇਸ ਕਰਕੇ ਲਿਆ ਗਿਆ ਹੈ ਕਿਉਂਕਿ ਸੁਰੱਖਿਆ ਕਾਰਨਾਂ ਕਰਕੇ ਕਈ ਟੀਮਾਂ ਨੇ ਇਸ ਟੂਰਨਾਮੈਂਟ 'ਚ ਭਾਗ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਥੇ ਇਹ ਗੱਲ ਵਰਣਨਯੋਗ ਹੈ ਕਿ ਪਹਿਲਾਂ ਚੈਂਪੀਅਨਸ ਟਰਾਫ਼ੀ ਪਾਕਿਸਤਾਨ 'ਚ ਬੀਤੇ ਸਾਲ ਅਕਤੂਬਰ ਵਿਚ ਹੋਈ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਹੀ, ਇਸ ਨੂੰ ਸਤੰਬਰ 2009 ਤੱਕ ਅੱਗੇ ਪਾ ਦਿੱਤਾ ਸੀ। ਆਈ ਸੀ ਸੀ ਦੇ ਇਸ ਤਾਜ਼ਾ ਫੈਸਲੇ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਆਰਥਿਕ ਸੰਕਟ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। 2010 ਦਾ ਟਵੰਟੀ-20 ਵਿਸ਼ਵ ਕੱਪ ਵੈਸਟ ਇੰਡੀਜ਼ 'ਚ-ਆਈ ਸੀ ਸੀ ਨੇ ਸਾਲ 2010 'ਚ ਹੋਣ ਵਾਲੇ ਟਵੰਟੀ-20 ਵਿਸ਼ਵ ਕੱਪ ਕਰੇਬੀਆਈ ਦੇਸ਼ਾਂ 'ਚ ਕਰਵਾਉਣ ਦਾ ਫੈਸਲਾ ਲਿਆ। ਆਈ ਸੀ ਸੀ ਦੀ ਅਧਿਕਾਰਿਤ ਵੈਬਸਾਈਟ ਅਨੁਸਾਰ ਬੋਰਡ ਨੇ ਵੈਸਟ ਇੰਡੀਜ਼ ਕ੍ਰਿਕਟ ਬੋਰਡ ਦੀ ਬੇਨਤੀ ਸਵਿਕਾਰ ਕਰਦਿਆਂ ਬਾਰਬਾਡੋਸ, ਗੁਆਨਾ ਅਤੇ ਸੇਂਟ ਲੂਸੀਆ ਵਿਚ ਟਵੰਟੀ-20 ਵਿਸ਼ਵ ਕੱਪ ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ ਹੈ।

ਨਡਾਲ ਦਾ ਆਸਟ੍ਰੇਲੀਅਨ ਚੈਂਪੀਅਨ 'ਤੇ ਕਬਜ਼ਾ

ਮੈਲਬੌਰਨ, 1 ਫਰਵਰੀ - ਸਪੇਨ ਦੇ ਰਾਫੇਲ ਨਡਾਲ ਨੇ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਫਾਈਨਲ 'ਚ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੂੰ 7-5, 3-6, 7-6, 3-6 ਤੇ 6-2 ਨਾਲ ਹਰਾਇਆ ਅਤੇ ਖ਼ਿਤਾਬ ਜਿੱਤਿਆ। ਇਹ ਜਿੱਤ ਕੇ ਬਲਕਿ ਇਸ ਸਵਿਸ ਖਿਡਾਰੀ ਦੇ ਆਪਣੇ ਟੈਨਿਸ ਜੀਵਨ ਦਾ 14ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤਣ ਦੇ ਸੁਪਨੇ ਨੂੰ ਵੀ ਚਕਨਾਚੂਰ ਕਰ ਦਿੱਤਾ। ਇਹ ਮੁਕਾਬਲਾ ਸਾਢੇ ਚਾਰ ਘੰਟੇ ਤੱਕ ਚੱਲਿਆ।

47ਵੇਂ ਪ੍ਰਿੰ. ਹਰਭਜਨ ਸਿੰਘ ਰਾਸ਼ਟਰੀ ਫੁੱਟਬਾਲ ਟੂਰਨਾਮੈਂਟ 'ਚ ਚੰਡੀਗੜ੍ਹ ਦੀ ਝੰਡੀ

ਮਾਹਿਲਪੁਰ, 1 ਫਰਵਰੀ - 47ਵਾਂ ਪ੍ਰਿੰ. ਹਰਭਜਨ ਸਿੰਘ ਯਾਦਗਾਰੀ ਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਚੱਲ ਰਿਹਾ ਹੈ। ਇਸ ਦੇ ਸਕੂਲ ਵਰਗ ਦੇ ਫੁੱਟਬਾਲ ਮੁਕਾਬਲਿਆਂ ਦੇ ਫੁੱਟਬਾਲ ਅਕੈਡਮੀ ਚੰਡੀਗੜ੍ਹ ਦੇ ਚੱਬੇਵਾਲ ਨੂੰ 2-1 ਗੋਲ ਦੇ ਫਰਕ ਨਾਲ ਹਰਾਇਆ। ਜਦੋਂ ਕਿ ਕਾਲਜ ਵਰਗ ਦੇ ਸੈਮੀਫਾਇਨਲ 'ਚ ਫੁੱਟਬਾਲ ਅਕੈਡਮੀ ਮਾਹਿਲਪੁਰ ਨੇ ਗੁਰੂ ਨਾਨਕ ਕਾਲਜ ਫਗਵਾੜਾ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ ਤੋਂ ਪਹਿਲਾਂ ਕਲੱਬ ਵਰਗ 'ਚ ਪੰਜਾਬ ਪੁਲਿਸ ਨੇ ਬਿਜਲੀ ਬੋਰਡ ਨੂੰ 3-0 ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਚੌਥੇ ਦੌਰ ਦੇ ਲੜਕੀਆਂ ਦੇ ਫੁੱਟਬਾਲ ਮੁਕਾਬਲੇ ਵਿਚ ਖਾਲਸਾ ਸਕੂਲ ਪਾਲਦੀ ਨੇ ਸਰਕਾਰੀ ਸਕੂਲ ਰਾਮਪੁਰ ਨੂੰ 4-0 ਅਤੇ ਬਜਵਾੜਾ ਨੇ ਬੰਬਲੀ ਨੂੰ ਟਾਈਬਰੇਕਰ ਰਾਹੀਂ ਹਰਾਇਆ।

ਕਬੱਡੀ ਕੱਪ ਪਟਿਆਲਾ 8 ਫਰਵਰੀ ਤੋਂ

ਪਟਿਆਲਾ, 1 ਫਰਵਰੀ - ਡੀ. ਐਮ. ਡਬਲਿਊ ਸਟੇਡੀਅਮ ਵਿਖੇ ਕਬੱਡੀ ਕੱਪ ਪਟਿਆਲਾ 8-9 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਪਹਿਲੇ ਦਿਨ ਇਕ ਪਿੰਡ ਓਪਨ ਦੇ ਕਬੱਡੀ ਦੇ ਨਾਲ-ਨਾਲ ਲੜਕੀਆਂ ਦੇ ਓਪਨ ਮੁਕਾਬਲੇ ਕਰਵਾਏ ਜਾਣਗੇ। ਪੰਜਾਬ ਦਾ ਇਹ ਇਕੋ ਇਕ ਟੂਰਨਾਮੈਂਟ ਹੈ ਜਿਥੇ ਲੜਕੀਆਂ ਦੇ ਖੁੱਲ੍ਹੇ ਮੁਕਾਬਲੇ ਕਰਵਾਏ ਜਾਂਦੇ ਹਨ। ਦੂਸਰੇ ਦਿਨ ਚੋਟੀ ਦੀਆਂ ਅਕੈਡਮੀਆਂ ਦੇ ਕਬੱਡੀ ਮੁਕਾਬਲੇ ਹੋਣਗੇ। ਦੋਨੋਂ ਦਿਨ ਚੋਟੀ ਦੇ ਪੰਜਾਬੀ ਗਾਇਕ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਟੂਰਨਾਮੈਂਟ ਦੌਰਾਨ ਭਾਰਤੀ ਮੁੱਕੇਬਾਜ਼ੀ ਟੀਮ ਦੇ ਕੋਚ ਸ: ਗੁਰਬਖਸ਼ ਸਿੰਘ ਸੰਧੂ ਤੇ ਪਹਿਲੀ ਵਾਰ ਵੱਕਾਰੀ ਮੌਲਾਨਾ ਅਬੁਲ ਕਲਾਮ ਟਰਾਫ਼ੀ ਜਿੱਤਣ ਵਾਲੀ ਪੰਜਾਬੀ 'ਵਰਸਿਟੀ ਦੇ ਖੇਡ ਨਿਰਦੇਸ਼ਕ ਡਾ: ਰਾਜ ਕੁਮਾਰ ਸ਼ਰਮਾ ਨੂੰ 'ਮਾਣ ਪੰਜਾਬ ਦਾ' ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

16ਵਾਂ ਫੁੱਟਬਾਲ ਟੂਰਨਾਮੈਂਟ 26 ਤੋਂ

ਅੰਮ੍ਰਿਤਸਰ, 1 ਫਰਵਰੀ - 16ਵਾਂ ਫੁੱਟਬਾਲ ਟੂਰਨਾਮੈਂਟ 26 ਫਰਵਰੀ ਤੋਂ ਜੰਗ ਫਾਰਮਰਜ਼ ਕਲੱਬ ਭੋਏਵਾਲ ਅਤੇ ਗ੍ਰਾਮ ਪੰਚਾਇਤ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਵਿਚ ਸ਼ਾਮਿਲ ਹੋਣ ਵਾਲੀਆਂ ਟੀਮਾਂ 25 ਫਰਵਰੀ ਤੱਕ ਆਪਣੀਆਂ ਐਂਟਰੀਆਂ ਜਮ੍ਹਾਂ ਕਰਵਾ ਸਕਦੀਆਂ ਹਨ।

5ਵਾਂ ਕਬੱਡੀ ਕੱਪ 14 ਫਰਵਰੀ ਤੋਂ

ਜਲੰਧਰ, 1 ਫਰਵਰੀ - 5ਵਾਂ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ 14 ਫਰਵਰੀ ਨੂੰ ਗੁਰੂ ਨਾਨਕ ਸਟੇਡੀਅਮ (ਕਪੂਰਥਲਾ) ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਦੌਰਾਨ ਖਿਡਾਰੀਆਂ ਨੂੰ ਤਿੰਨ ਮੋਟਰ-ਸਾਈਕਲ ਦਿੱਤੇ ਜਾਣਗੇ। ਇਸ ਕਬੱਡੀ ਕੱਪ 'ਚ ਖੇਡ ਪ੍ਰੇਮੀਆਂ ਦਾ ਮਨੋਰੰਜਨ ਪ੍ਰਸਿੱਧ ਅਭਿਨੇਤਾ ਤੇ ਗਾਇਕ ਬੱਬੂ ਮਾਨ ਕਰਨਗੇ।

ਪੰਜਾਬ ਗੋਲਡ ਕੱਪ ਹਾਕੀ ਟੂਰਨਾਮੈਂਟ

ਚੰਡੀਗੜ੍ਹ, 31 ਜਨਵਰੀ - ਚਾਰ ਦੇਸ਼ਾਂ ਦਾ ਅੰਤਰਰਾਸ਼ਟਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਚੰਡੀਗੜ੍ਹ ਦੇ ਹਾਕੀ ਸਟੇਡੀਅਮ ਸੈਕਟਰ 42 ਵਿਖੇ ਚੱਲ ਰਿਹਾ ਹੈ। ਇਸ ਦੇ ਉਦਘਾਟਨੀ ਮੈਚ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ 2-0 ਗੋਲਾਂ ਨਾਲ ਹਰਾਇਆ। ਮੈਚ ਵਿਚ ਭਾਰਤੀ ਟੀਮ ਦੇ ਕਪਤਾਨ ਸੰਦੀਪ ਸਿੰਘ ਨੂੰ 'ਮੈਨ ਆਫ਼ ਦਾ ਮੈਚ' ਐਲਾਨਿਆ ਗਿਆ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਟਰਾਫ਼ੀ ਦੇ ਕੇ ਉਸ ਦਾ ਸਨਮਾਨ ਕੀਤਾ। ਸ: ਬਾਦਲ ਨੇ ਕਿਹਾ ਕਿ ਅੱਗੋਂ ਪੰਜਾਬ ਗੋਲਡ ਕੱਪ ਹਾਕੀ ਟੂਰਨਾਮੈਂਟ ਲਈ ਵੀ ਸਨਮਾਨਯੋਗ ਇਨਾਮੀ ਰਾਸ਼ੀ ਰੱਖੀ ਜਾਵੇਗੀ ਅਤੇ ਕਬੱਡੀ ਤੇ ਹਾਕੀ ਨੂੰ ਪ੍ਰਮੋਟ ਕਰਨ ਦਾ ਸਿਲਸਿਲਾ ਨਿਰੰਤਰ ਜਾਰੀ ਰਹੇਗਾ।

ਗੁਰੀ ਕੈਨੇਡਾ ਯਾਦਗਾਰੀ ਕਬੱਡੀ ਕੱਪ

ਸੰਗਰੂਰ, 31 ਜਨਵਰੀ - ਗੁਰੀ ਕੈਨੇਡਾ ਯਾਦਗਾਰੀ ਕਬੱਡੀ ਕੱਪ ਵਾਰ ਹੀਰੋਜ਼ ਸਟੇਡੀਅਮ ਵਿਚ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਇਆ ਗਿਆ। ਇਸ ਕਬੱਡੀ ਕੱਪ ਦੇ ਪਹਿਲੇ ਦਿਨ ਧੂਰੀ ਨੇ ਕਾਲਾਝਾੜ, ਝਨੇੜੀ ਨੇ ਨੰਗਲ, ਸੀਤਲਪੁਰ ਨੇ ਦਿੜ੍ਹਬਾ ਬੀ, ਕਰੀਰ ਸਾਹਿਬ ਨੇ ਬਡਰੁੱਖਾਂ, ਢੰਡੋਰੀ ਖੁਰਦ ਨੇ ਪਮਾਲ, ਦੋਧਰ ਨੇ ਬਿਜਲਪੁਰ, ਅੱਚਰਵਾਲ ਨੇ ਨਮੋਲ ਅਤੇ ਡਕਾਲਾ ਨੇ ਜਨਾਲ ਨੂੰ ਹਰਾਇਆ। ਇਸ ਮੌਕੇ ਕਰਵਾਈ ਐਥਲੈਟਿਕ ਮੀਟ ਦੀ 1500 ਮੀਟਰ ਵਿਚ ਮਨਦੀਪ, ਤਰਲੋਚਨ ਅਤੇ ਰਮਨਦੀਪ ਕੁਮਾਰ, 5000 ਮੀਟਰ ਵਿਚ ਟਾਰਜਨ, ਲਖਵਿੰਦਰ ਅਤੇ ਗੁਰਜੀਤ ਅਤੇ 800 ਮੀਟਰ ਵਿਚ ਮਨਦੀਪ, ਰਮਨਦੀਪ ਅਤੇ ਨੀਰਜ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਸਰੇ ਸਥਾਨ 'ਤੇ ਰਹੇ। ਕਬੱਡੀ ਮੈਚਾਂ ਵਿਚ ਸੀਰਾ ਪਿੱਥੋਂ ਨੂੰ ਬੈਸਟ ਜਾਫੀ ਅਤੇ ਰਾਜੂ ਨੰਗਲ ਨੂੰ ਬੈਸਟ ਰੈਡਰ ਕਰਾਰ ਦੇ ਕੇ ਕ੍ਰਮਵਾਰ 31000 ਅਤੇ 21000 ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਇਹ ਰਾਸ਼ੀ ਕਲੱਬ ਵੱਲੋਂ ਸ੍ਰੀ ਓਹਰੀ ਨੇ ਖਿਡਾਰੀਆਂ ਨੂੰ ਦਿੱਤੀ। ਸ਼ਾਮ ਨੂੰ ਪੰਜਾਬ ਦੀ ਉੱਘੀ ਲੋਕ ਗਾਇਕਾ ਤਾਨੀਆ ਗਿੱਲ ਅਤੇ ਪ੍ਰਸਿੱਧ ਗਾਇਕ ਜੋੜੀ ਹਾਕਮ ਬਖਤੜੀ ਵਾਲਾ ਅਤੇ ਦਲਜੀਤ ਕੌਰ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।

ਹਰਜੀਤ ਬਾਜਾਖਾਨਾ ਅੰਤਰਰਾਸ਼ਟਰੀ ਕਬੱਡੀ ਮੇਲੇ 'ਤੇ ਵਿਸ਼ੇਸ਼

ਬਾਜਾਖਾਨਾ - ਕਬੱਡੀ ਖਿਡਾਰੀ ਸਵ. ਹਰਜੀਤ ਸਿੰਘ ਬਰਾੜ ਦਾ ਜਨਮ 5 ਦਸੰਬਰ 1971 ਨੂੰ ਬਾਜਾਖਾਨਾ ਕਸਬੇ 'ਚ ਪੁਲਿਸ ਇੰਸਪੈਕਟਰ ਸ: ਬਖਸ਼ੀਸ਼ ਸਿੰਘ ਬਰਾੜ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ। ਹਰਜੀਤ ਨੇ ਬਾਜਾਖਾਨਾ ਦੇ ਸਰਕਾਰੀ ਸਕੂਲ 'ਚ ਮੁੱਢਲੀ ਸਿੱਖਿਆ ਹਾਸਲ ਕਰਦਿਆਂ ਮੱਖਣ ਸਿੰਘ ਡੀ. ਪੀ. ਈ. ਤੋਂ ਕਬੱਡੀ ਦੇ ਗੁਰ ਸਿੱਖੇ। ਇਸ ਤੋਂ ਬਾਅਦ ਹਰਜੀਤ ਬਰਾੜ ਸਪੋਰਟਸ ਸਕੂਲ ਤੇ ਕਾਲਜ ਜਲੰਧਰ ਚਲਾ ਗਿਆ, ਜਿੱਥੇ ਉਹ ਕੋਚ ਅਜੀਤ ਸਿੰਘ ਮਾਲੜੀ ਕੋਲੋਂ ਕਬੱਡੀ ਦੀਆਂ ਬਾਰੀਕੀਆਂ ਸਿੱਖਣ ਲੱਗਾ। ਸੰਨ 1995 'ਚ ਉਹ ਕੈਨੇਡਾ ਵਿਖੇ ਖੇਡਣ ਚਲਾ ਗਿਆ। ਹਰਜੀਤ ਦੀ ਖੇਡ ਨੂੰ ਦੇਖਦਿਆਂ ਸੰਨ 1998 'ਚ ਇੰਗਲੈਂਡ ਦੀ ਟੀਮ ਨੇ ਆਪਣੇ ਵੱਲੋਂ ਖਿਡਾਇਆ। 1996 'ਚ ਕੈਨੇਡਾ ਵਾਸੀ ਨਰਿੰਦਰ ਕੌਰ ਨੂੰ ਵਿਆਹਿਆ ਹਰਜੀਤ ਜਦੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਤਾਂ ਉਸ ਵੇਲੇ ਉਸ ਦੀ ਨਵਜੰਮੀ ਬੇਟੀ ਮਹਿਜ਼ 25 ਕੁ ਦਿਨਾਂ ਦੀ ਸੀ ਤੇ ਹਰਜੀਤ ਨੇ ਆਪਣੀ ਬੱਚੀ ਦਾ ਮੂੰਹ ਵੀ ਨਹੀਂ ਦੇਖਿਆ। ਹਰਜੀਤ ਬਰਾੜ ਨੇ ਆਪਣੀ ਜ਼ਿੰਦਗੀ ਦਾ ਆਖਰੀ ਟੂਰਨਾਮੈਂਟ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਈ ਕਬੱਡੀ ਲੜੀ 'ਚ ਖੇਡਿਆ ਸੀ। ਇਸ ਤੋਂ ਬਾਅਦ 16 ਅਪ੍ਰੈਲ ਨੂੰ ਮੋਰਿੰਡਾ ਨੇੜੇ ਸੜਕ ਹਾਦਸੇ'ਚ ਉਸਦੇ ਬਾਕੀ ਤਿੰਨ ਸਾਥੀਆਂ ਸਮੇਤ ਜੱਗ ਤੋਂ ਤੁਰ ਜਾਣ 'ਤੇ ਕਬੱਡੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ।

ਅੰਬੀ ਹਠੂਰ ਅੰਤਰਰਾਸ਼ਟਰੀ ਕੈਨੇਡਾ ਕਬੱਡੀ ਕੱਪ 7 ਫਰਵਰੀ ਨੂੰ

ਹਠੂਰ, 31 ਜਨਵਰੀ - ਚੌਥਾ ਅੰਬੀ ਹਠੂਰ ਇੰਟਰਨੈਸ਼ਨਲ ਕੈਨੇਡਾ ਕਬੱਡੀ ਕੱਪ 7 ਫਰਵਰੀ ਨੂੰ ਪਿੰਡ ਹਠੂਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਰਹੂਮ ਅੰਬੀ ਹਠੂਰ ਦੀ ਯਾਦ ਨੂੰ ਸਮਰਪਿਤ ਹੈ। ਇਸ ਕਬੱਡੀ ਕੱਪ 'ਚ ਅੰਤਰਰਾਸ਼ਟਰੀ ਕਲੱਬਾਂ ਦੇ ਖਿਡਾਰੀਆਂ ਦੇ ਭੇੜ ਹੋਣਗੇ। ਕੱਪ ਜੇਤੂ ਕਲੱਬ ਨੂੰ ਇਕ ਲੱਖ ਅਤੇ ਉਪ-ਜੇਤੂ ਨੂੰ 75 ਹਜ਼ਾਰ ਰੁਪਏ ਨਗਦ ਇਨਾਮ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ।

10ਵਾਂ ਮੈਂਗਲ ਸਿੰਘ ਯਾਦਗਾਰੀ ਆਲ ਇੰਡੀਆ ਵਾਲੀਬਾਲ ਟੂਰਨਾਮੈਂਟ 7 ਤੋਂ

ਜਲੰਧਰ, 31 ਜਨਵਰੀ - ਦਸਵਾਂ ਮੈਂਗਲ ਸਿੰਘ ਯਾਦਗਾਰੀ ਆਲ ਇੰਡੀਆ ਇਨਵੀਟੇਸ਼ਨ ਵਾਲੀਬਾਲ (ਸਮੈਸਿੰਗ) ਟੂਰਨਾਮੈਂਟ 7-8 ਫਰਵਰੀ ਨੂੰ ਅਮਰਗੜ੍ਹ ਵਿਖੇ ਕਰਵਾਇਆ ਜਾਵੇਗਾ। ਇਸ ਟੂਰਨਾਮੈਂਟ ਵਿਚ ਭਾਰਤ ਦੀਆਂ ਉਚਕੋਟੀ ਦੀਆਂ ਟੀਮਾਂ ਭਾਗ ਲੈਣਗੀਆਂ। ਟੂਰਨਾਮੈਂਟ ਦੇ ਸ: ਦਲੇਲ ਸਿੰਘ (ਅਰਜੁਨ ਐਵਾਰਡੀ) ਖੇਡ ਨਿਰਦੇਸ਼ਕ ਕੁਰੂਕਸ਼ੇਤਰ ਯੂਨੀਵਰਸਿਟੀ ਨੂੰ ਮੈਗਲ ਸਿੰਘ ਯਾਦਗਾਰੀ ਐਵਾਰਡ ਅਤੇ 'ਅਜੀਤ' ਦੇ ਖੇਡ ਪ੍ਰਤੀਨਿਧ ਜਤਿੰਦਰ ਸਾਬੀ ਨੂੰ ਮਾਸਟਰ ਲਛਮਣ ਸਿੰਘ ਯਾਦਗਾਰੀ ਟਰਾਫ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।

ਚਾਰ ਦੇਸ਼ਾਂ ਦਾ ਪੰਜਾਬ ਗੋਲਡ ਕੱਪ ਟੂਰਨਾਮੈਂਟ ਅੱਜ ਤੋਂ

ਚੰਡੀਗੜ੍ਹ, 30 ਜਨਵਰੀ - ਚਾਰ ਦੇਸ਼ਾਂ ਦਾ ਪੰਜਾਬ ਗੋਲਡ ਕੱਪ ਟੂਰਨਾਮੈਂਟ 31 ਜਨਵਰੀ ਤੋਂ ਚੰਡੀਗੜ੍ਹ ਦੇ ਹਾਕੀ ਸਟੇਡੀਅਮ ਸੈਕਟਰ 42 ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਟੂਰਨਾਮੈਂਟ ਦਾ ਰਸਮੀ ਉਦਘਾਟਨ ਕਰਨਗੇ। ਪੰਜਾਬ ਖੇਡ ਵਿਭਾਗ ਦੇ ਨਿਰਦੇਸ਼ਕ ਪਦਮ ਸ੍ਰੀ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਚਾਰ ਦੇਸ਼ਾਂ 'ਤੇ ਆਧਾਰਿਤ ਇਸ ਟੂਰਨਾਮੈਂਟ ਦੀ ਇਹ ਵਿਸ਼ੇਸ਼ਤਾ ਹੈ ਕਿ ਜਰਮਨ ਤੇ ਹਾਲੈਂਡ ਦੀਆਂ ਟੀਮਾਂ 30 ਸਾਲਾਂ ਤੋਂ ਵੱਧ ਸਮੇਂ ਤੋਂ ਬਾਅਦ ਭਾਰਤ ਦੀ ਜ਼ਮੀਨ 'ਤੇ ਖੇਡ ਰਹੀਆਂ ਹਨ। ਚਾਰ ਦੇਸ਼ਾਂ ਦੇ ਪੰਜਾਬ ਹਾਕੀ ਗੋਲਡ ਕੱਪ ਦਾ ਉਦਘਾਟਨ 31 ਜਨਵਰੀ ਨੂੰ ਸ਼ਾਮ 4.30 ਵਜੇ ਕੀਤਾ ਜਾਵੇਗਾ ਤੇ ਉਦਘਾਟਨੀ ਮੈਚ ਭਾਰਤ ਤੇ ਨਿਊਜ਼ੀਲੈਂਡ 'ਚ 5 ਵਜੇ ਖੇਡਿਆ ਜਾਵੇਗਾ ਤੇ ਦੂਜਾ ਮੈਚ ਹਾਲੈਂਡ ਤੇ ਜਰਮਨੀ 'ਚ ਸ਼ਾਮ 6.45 ਵਜੇ ਖੇਡਿਆ ਜਾਵੇਗਾ, 1 ਫਰਵਰੀ ਨੂੰ ਪਹਿਲਾ ਮੈਚ ਨਿਊਜ਼ੀਲੈਂਡ ਬਨਾਮ ਜਰਮਨੀ 4.30 ਵਜੇ ਤੇ ਦੂਜਾ ਮੈਚ ਭਾਰਤ ਬਨਾਮ ਹਾਲੈਂਡ 6.30 ਵਜੇ ਖੇਡਿਆ ਜਾਵੇਗਾ। 2 ਫਰਵਰੀ ਨੂੰ ਅਰਾਮ ਦਾ ਦਿਨ ਹੋਵੇਗਾ। 3 ਫਰਵਰੀ ਨੂੰ ਪਹਿਲਾ ਮੈਚ ਹਾਲੈਂਡ ਬਨਾਮ ਨਿਊਜ਼ੀਲੈਂਡ 4.30 ਵਜੇ ਤੇ ਦੂਜਾ ਭਾਰਤ ਬਨਾਮ ਜਰਮਨੀ 6.30 ਵਜੇ ਖੇਡਿਆ ਜਾਵੇਗਾ। 4 ਫਰਵਰੀ ਨੂੰ ਪਹਿਲਾ ਮੈਚ ਨਿਊਜ਼ੀਲੈਂਡ ਬਨਾਮ ਜਰਮਨੀ 4.30 ਵਜੇ ਤੇ ਦੂਜਾ ਮੈਚ ਭਾਰਤ ਬਨਾਮ ਹਾਲੈਂਡ 6.30 ਵਜੇ ਖੇਡਿਆ ਜਾਵੇਗਾ। 5 ਫਰਵਰੀ ਨੂੰ ਅਰਾਮ ਦਾ ਦਿਨ ਹੋਵੇਗਾ। 6 ਫਰਵਰੀ ਨੂੰ ਪਹਿਲਾ ਮੈਚ ਹਾਲੈਂਡ ਬਨਾਮ ਨਿਊਜ਼ੀਲੈਂਡ 4.30 ਵਜੇ ਤੇ ਦੂਜਾ ਮੈਚ ਭਾਰਤ ਬਨਾਮ ਜਰਮਨੀ 6.30 ਵਜੇ ਖੇਡਿਆ ਜਾਵੇਗਾ। 7 ਫਰਵਰੀ ਨੂੰ ਪਹਿਲਾ ਮੈਚ ਹਾਲੈਂਡ ਬਨਾਮ ਜਰਮਨੀ 4.30 ਵਜੇ ਤੇ ਦੂਜਾ ਭਾਰਤ ਬਨਾਮ ਨਿਊਜ਼ੀਲੈਂਡ 6.30 ਵਜੇ ਖੇਡਿਆ ਜਾਵੇਗਾ। 8 ਫਰਵਰੀ ਨੂੰ ਆਰਾਮ ਦਾ ਦਿਨ ਹੋਵੇਗਾ ਤੇ 9 ਫਰਵਰੀ ਨੂੰ ਤੀਜੇ ਤੇ ਚੌਥੇ ਸਥਾਨ ਲਈ 3.30 ਵਜੇ ਫਾਈਨਲ 6.00 ਵਜੇ ਖੇਡਿਆ ਜਾਵੇਗਾ।

17ਵਾਂ ਸੁੱਖੀ ਯਾਦਗਾਰੀ ਕਬੱਡੀ ਖੇਡ

ਨਾਭਾ, 30 ਜਨਵਰੀ - 17ਵਾਂ ਸੁੱਖੀ ਯਾਦਗਾਰੀ ਕਬੱਡੀ ਖੇਡ ਮੇਲਾ ਨਾਭਾ ਕਾਲਜ ਸਟੇਡੀਅਮ ਵਿਖੇ ਤਿੰਨ ਰੋਜ਼ਾ 6 ਤੋਂ 8 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਹਰ ਸਾਲ ਦੀ ਤਰ੍ਹਾਂ ਏਸ਼ੀਆ ਦੀਆਂ ਪ੍ਰਸਿੱਧ ਕਬੱਡੀ ਟੀਮਾਂ ਭਾਗ ਲੈ ਰਹੀਆਂ ਹਨ। ਇਨ੍ਹਾਂ ਤੋਂ ਇਲਾਵਾ ਇੰਗਲੈਂਡ, ਕੈਨੇਡਾ, ਪਾਕਿਸਤਾਨ ਤੇ ਸਿੰਘਾਪੁਰ ਤੋਂ ਵੀ ਟੀਮਾਂ ਆਉਣ ਦੀ ਆਸ ਹੈ। 6 ਫਰਵਰੀ ਨੂੰ 47, 57, 62 ਕਿਲੋ ਵਜ਼ਨ ਦੇ ਮੁਕਾਬਲੇ ਕਰਵਾਏ ਜਾਣਗੇ। ਇਕ ਪਿੰਡ ਓਪਨ ਦੇ ਮੁਕਾਬਲੇ, ਕੁਸ਼ਤੀਆਂ ਅਤੇ ਵਾਲੀਬਾਲ ਦੇ ਮੈਚ 7 ਫਰਵਰੀ ਨੂੰ ਸਵੇਰੇ ਹੀ ਸ਼ੁਰੂ ਹੋ ਜਾਣਗੇ। ਫਾਈਨਲ ਅਤੇ ਇਨਾਮਾਂ ਦੀ ਵੰਡ 8 ਫਰਵਰੀ ਨੂੰ ਸ੍ਰੀਮਤੀ ਪ੍ਰਨੀਤ ਕੌਰ ਸਾਂਸਦ ਪਟਿਆਲਾ ਕਰਨਗੇ। ਕਲੱਬ ਵੱਲੋਂ ਇਕ ਪਿੰਡ ਓਪਨ ਕਬੱਡੀ ਦੀ ਜੇਤੂ ਟੀਮ ਨੂੰ ਬੰਪਰ ਇਨਾਮ 1 ਲੱਖ ਦਾ ਰੱਖਿਆ ਹੈ। ਦੂਜੇ/ਤੀਜੇ/ਚੌਥੇ ਨੂੰ ਕ੍ਰਮਵਾਰ 75, 50, 25 ਹਜ਼ਾਰ ਰੁਪਏ ਦੇ ਵੱਡੇ ਇਨਾਮ ਸਮੇਤ 3 ਹਜ਼ਾਰ ਰੁਪਿਆ ਉਕਾ ਪੁੱਕਾ ਕਿਰਾਇਆ ਦਿੱਤਾ ਜਾਵੇਗਾ। ਬਾਕੀ ਟੀਮਾਂ ਨੂੰ ਆਉਣ ਜਾਣ ਦਾ ਕਿਰਾਇਆ ਅਤੇ ਵਧੀਆ ਇਨਾਮਾਂ ਨਾਲ ਸਨਮਾਨਿਆ ਜਾਵੇਗਾ। ਖਿਡਾਰੀਆਂ ਲਈ ਦੇਸੀ ਘੀ/ਦੁੱਧ ਦਾ ਖੁੱਲ੍ਹਾ ਲੰਗਰ ਹੋਵੇਗਾ।

ਕਬੱਡੀ 'ਚ ਬਾਬਾ ਦੀਪ ਸਿੰਘ ਅਕੈਡਮੀ ਨਾਰਵੇ ਦੀ ਝੰਡੀ

ਅਜੀਤਵਾਲ, 29 ਜਨਵਰੀ - 54ਵਾਂ ਚਾਰ ਦਿਨਾਂ ਖੇਡ ਮੇਲਾ ਗਦਰੀ ਬਾਬਿਆਂ ਦੇ ਨਗਰ ਢੁੱਡੀਕੇ ਵਿਖੇ ਨਗਰ ਪੰਚਾਇਤ ਵੱਲੋਂ ਖੇਡ-ਮੇਲਾ ਕਮੇਟੀ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸਮੇਂ ਕਬੱਡੀ ਦੀਆਂ ਅੱਠ ਵੱਡੀਆਂ ਅਕੈਡਮੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ । ਅਖੀਰ ਵਿਚ ਬਾਬਾ ਦੀਪ ਸਿੰਘ ਕਲੱਬ ਨਾਰਵੇ ਦੇ ਚੋਬਰਾਂ ਨੇ ਦਸ਼ਮੇਸ਼ ਕਲੱਬ ਨਕੋਦਰ ਨੂੰ ਹਰਾ ਕੇ ਪਹਿਲਾ ਲੱਖ ਰੁਪਏ ਦਾ ਇਨਾਮ ਅਤੇ ਸਨਮਾਨ ਹਾਸਲ ਕੀਤਾ। ਖੇਡ ਮੇਲੇ ਦੀ ਕੁਮੈਂਟਰੀ ਪ੍ਰਿੰਸੀਪਲ ਸਰਵਣ ਸਿੰਘ ਖੇਡ ਲੇਖਕ ਨੇ ਵਧੀਆ ਢੰਗ ਨਾਲ ਕੀਤੀ।

ਕੌਮੀ ਫੁੱਟਬਾਲ ਲੀਗ 'ਚ ਜੇ. ਸੀ. ਟੀ. ਦਾ ਮੁਕਾਬਲਾ ਵਾਸਕੋ ਗੋਆ ਨਾਲ

ਲੁਧਿਆਣਾ 29 ਜਨਵਰੀ - 13ਵੀਂ ਓ. ਐਨ. ਜੀ. ਸੀ. ਰਾਸ਼ਟਰੀ ਫੁੱਟਬਾਲ ਲੀਗ ਦੇ 13ਵੇਂ ਗੇੜ ਦਾ ਅਹਿਮ ਮੈਚ 31 ਜਨਵਰੀ ਨੂੰ ਦੁਪਹਿਰ 2 ਵਜੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਜੇ. ਸੀ. ਟੀ. ਫੁੱਟਬਾਲ ਕਲੱਬ ਫਗਵਾੜਾ ਦਾ ਅਗਲਾ ਮੈਚ ਵਾਸਕੋ ਗੋਆ ਵਿਰੁੱਧ ਹੋਵੇਗਾ। ਇਹ ਫੁੱਟਬਾਲ ਲੀਗ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਚਲ ਰਹੀ ਹੈ। ਰਾਸ਼ਟਰੀ ਲੀਗ ਵਿਚ ਦੋਹਾਂ ਟੀਮਾਂ ਹੁਣ ਤੱਕ ਜੇ. ਸੀ. ਟੀ. ਮਿੱਲਜ਼ ਫਗਵਾੜਾ 12 ਮੈਚਾਂ ਬਾਅਦ ਕੁੱਲ 15 ਅੰਕਾਂ ਨਾਲ 7ਵੇਂ ਸਥਾਨ 'ਤੇ ਚੱਲ ਰਹੀ ਹੈ, ਜਦਕਿ ਵਾਸਕੋ ਗੋਆ ਅੱਠ ਅੰਕਾਂ ਨਾਲ 12ਵੇਂ ਸਥਾਨ 'ਤੇ ਚੱਲ ਰਹੀ ਹੈ।

ਝੋਰੜਾਂ ਨੇ ਭਿੰਡਰ ਕਲਾਂ ਨੂੰ ਕੀਤਾ ਚਿੱਤ

ਜਗਰਾਓਂ, 29 ਜਨਵਰੀ - 62 ਵਾਂ ਆਲ ਇੰਡੀਆ ਕਲਗੀਧਰ ਟੂਰਨਾਮੈਂਟ 28 ਤੋਂ 31 ਜਨਵਰੀ ਤੱਕ ਪਿੰਡ ਕਾਮਲ ਪੁਰਾ 'ਚ ਕਰਵਾਇਆ ਜਾ ਰਿਹਾ ਹੈ। ਇਸ ਦੇ ਦੂਜੇ ਦਿਨ ਹਾਕੀ, ਕਬੱਡੀ, ਫੁੱਟਬਾਲ ਅਤੇ ਵਾਲੀਬਾਲ ਦੇ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ 'ਚ ਕਬੱਡੀ 57 ਕਿਲੋਗ੍ਰਾਮ ਦਾ ਫਾਈਨਲ ਝੋਰੜਾਂ ਨੇ ਭਿੰਡਰ ਕਲਾਂ ਨੂੰ ਹਰਾ ਕੇ ਜਿੱਤਿਆ। ਹਾਕੀ 'ਚ ਸੰਗਰੂਰ ਅਕੈਡਮੀ ਨੇ ਜੱਸੋਵਾਲ, ਰੋਹਤਕ ਕਲੱਬ ਹਰਿਆਣਾ ਨੇ ਛੱਜਾ ਵਾਲ, ਰੇਲਵੇ ਕੋਚ ਫੈਕਟਰੀ ਕਪੂਰਥਲਾ ਨੇ ਅਕਾਲ ਗੜ੍ਹ ਅਤੇ ਪੰਜਾਬ ਰਾਜ ਬਿਜਲੀ ਬੋਰਡ ਦੀ ਟੀਮ ਨੇ ਘੋਲੀਆ ਅਤੇ ਢੁਡੀਕੇ ਨੇ ਸੰਸਾਰ ਪੁਰ ਨੂੰ ਹਰਾਇਆ। ਫੁੱਟਬਾਲ 'ਚ ਬੱਡੂਵਾਲ ਨੇ ਲੰਮਿਆ, ਲਤਾਲਾ ਨੇ ਦਸਮੇਸ਼ ਕਲੱਬ ਕਮਾਲ ਪੁਰਾ, ਪਠਾਨਕੋਟ ਨੇ ਮਾਨਸਾ, ਘੁਡਾਣੀ ਨੇ ਮਾਲਪੁਰ ਨੂੰ ਹਰਾਇਆ।

ਅੰਤਰ-ਰਾਸ਼ਟਰੀ ਹਾਕੀ ਟੂਰਨਾਮੈਂਟ ਦਾ ਸਿੱਧਾ ਪ੍ਰਸਾਰਣ ਹੋਵੇਗਾ ਦੂਰਦਰਸ਼ਨ ਤੋਂ

ਅਜੀਤ ਨਗਰ, 29 ਜਨਵਰੀ - 31 ਜਨਵਰੀ ਤੋਂ ਚਾਰ ਦੇਸ਼ਾਂ ਦੇ ਦਸ ਰੋਜ਼ਾ ਹਾਕੀ ਮੁਕਾਬਲੇ ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ ਸੈਕਟਰ 42 ਦੇ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋ ਰਹੇ ਹਨ। ਇਨ੍ਹਾਂ ਵਿਚ ਨਿਊਜ਼ੀਲੈਂਡ, ਹਾਲੈਂਡ, ਸਪੇਨ ਅਤੇ ਮੇਜ਼ਬਾਨ ਭਾਰਤ ਦੀਆਂ ਹਾਕੀ ਟੀਮਾਂ ਦੇ ਅੰਤਰਰਾਸ਼ਟਰੀ ਮੁਕਾਬਲਿਆਂ ਕਰਵਾਏ ਜਾਣਗੇ। ਇਸ ਦਾ ਸਿੱਧਾ ਪ੍ਰਸਾਰਨ ਦੂਰਦਰਸ਼ਨ ਕਰੇਗਾ। ਨਿਊਜ਼ੀਲੈਂਡ ਦੇ ਹਾਕੀ ਟੀਮ ਸਮੇਤ ਵੱਖ-ਵੱਖ ਦੇਸ਼ਾਂ ਦੀਆਂ ਹਾਕੀ ਟੀਮਾਂ ਚੰਡੀਗੜ੍ਹ ਵਿਖੇ ਪਹੁੰਚ ਰਹੀਆਂ ਹਨ। ਭਾਰਤ ਦੀ ਹਾਕੀ ਟੀਮ ਦੇ ਖਿਡਾਰੀ ਵੀ ਪਹੁੰਚ ਚੁੱਕੇ ਹਨ। ਪੰਜਾਬ ਦੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਉਪਰਾਲਿਆਂ ਸਦਕਾ ਰਾਜ ਦੇ ਖ਼ਾਸ ਕਰਕੇ ਪੇਂਡੂ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਇਹ ਮੁਕਾਬਲੇ ਦਿਖਾਉਣ ਦਾ ਫ਼ੈਸਲਾ ਕੀਤਾ ਹੈ। ਭਾਰਤੀ ਟੀਮ ਦਾ ਐਲਾਨ-ਚਾਰ ਦੇਸ਼ੀ ਟੂਰਨਾਮੈਂਟ ਲਈ ਡਰੈਗ ਫਲਿਕਰ ਸੰਦੀਪ ਸਿੰਘ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਚੋਣ ਕਮੇਟੀ ਦੇ ਚੇਅਰਮੈਨ ਉਲੰਪੀਅਨ ਅਜੀਤ ਪਾਲ ਸਿੰਘ ਨੇ ਹੋਏ ਚੋਣ ਟਰਾਇਲਾਂ ਤੋਂ ਬਾਅਦ ਭਾਰਤੀ ਟੀਮ ਦਾ ਐਲਾਨ ਕੀਤਾ। ਟੀਮ ਦੇ ਮੈਂਬਰ ਬਲਜੀਤ ਸਿੰਘ ਤੇ ਐਡਰਿਨ ਡੀਸੂਜਾ (ਗੋਲ-ਕੀਪਰ), ਦਲੀਪ ਟਿਰਕੀ, ਸੰਦੀਪ ਸਿੰਘ, ਰਘੂਨਾਥ (ਫੁੱਲ ਬੈਕ), ਗੁਰ ਬਾਜ਼ ਸਿੰਘ, ਵੀਐਸ ਵਿਨੇ, ਵਿਕਰਮ ਪਿਲੇ, ਪ੍ਰਬੋਧ ਟਿਰਕੀ, ਇਗਨਿਸ ਟਿਰਕੀ (ਮਿਡਫੀਲਡਰ), ਦੀਪਕ ਠਾਕੁਰ, ਪ੍ਰਭਜੋਤ ਸਿੰਘ, ਸ਼ਿਵੇਂਦਰ ਸਿੰਘ, ਰਾਜਪਾਲ ਸਿੰਘ, ਅਰਜੁਨ ਹਲੱਪਾ, ਤੁਸ਼ਾਰ ਖਾਂਡੇਕਰ, ਐਸ ਵੀ ਸੁਨੀਲ, ਭਾਰਤ ਛੀਕਾਰਾ (ਫਾਰਵਰਡ), ਭਾਰਤ ਚੇਤਰੀ, ਅਜੀਤੇਸ਼ ਰਾਏ, ਸਰਦਾਰ ਸਿੰਘ, ਸਵਰਨ ਜੀਤ ਸਿੰਘ, ਹਰੀ ਪ੍ਰਸਾਦ ਤੇ ਰਵੀ ਪਾਲ (ਰਾਖਵੇਂ)।

ਗੁਰੀ ਕੈਨੇਡਾ ਦੀ ਯਾਦ 'ਚ ਕਬੱਡੀ ਕੱਪ 31 ਤੋਂ

ਸੰਗਰੂਰ, 29 ਜਨਵਰੀ - ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਗੁਰੀ ਕੈਨੇਡਾ ਦੀ ਯਾਦ ਵਿਚ ਕਬੱਡੀ ਕੱਪ 31 ਜਨਵਰੀ ਤੇ 1 ਫਰਵਰੀ ਤੱਕ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਰਜਿ: ਵੱਲੋਂ ਕਰਵਾਇਆ ਜਾ ਰਿਹਾ ਹੈ। ਕੱਪ ਵਿਚ ਅਕੈਡਮੀਆਂ 'ਚੋਂ ਪਹਿਲਾ ਇਨਾਮ ਇਕ ਲੱਖ ਅਤੇ ਦੂਸਰਾ ਪਝੱਤਰ ਹਜ਼ਾਰ ਰੁਪਏ ਹੋਣਗੇ। ਜਦੋਂ ਕਿ ਇਕ ਪਿੰਡ ਓਪਨ ਜੇਤੂ ਟੀਮ ਲਈ ਪਹਿਲਾ ਇਨਾਮ ਇਕੱਤੀ ਹਜ਼ਾਰ ਅਤੇ ਦੂਸਰਾ ਇੱਕੀ ਹਜ਼ਾਰ ਰੁਪਏ ਹੋਵੇਗਾ। ਬੱਬਲ ਕੈਨੇਡਾ ਨੇ ਦੱਸਿਆ ਕਿ ਕੱਪ 'ਤੇ ਲੋਕ ਗਾਇਕ ਬੀਬੀ ਰਣਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। 31 ਜਨਵਰੀ ਨੂੰ ਪੰਜਾਬੀ ਗਾਇਕ ਹਾਕਮ ਬਖ਼ਤੜੀਵਾਲਾ, ਗਾਇਕਾ ਤਾਨੀਆ ਗਿੱਲ ਅਤੇ 1 ਫਰਵਰੀ ਨੂੰ ਲੋਕ ਗਾਇਕ ਕਮਲ ਹੀਰ ਆਪਣੀ ਕਲਾ ਦਾ ਮੁਜ਼ਾਹਰਾ ਕਰਨਗੇ।

ਮਨਜੀਤ ਯਾਦਗਾਰੀ ਫੁੱਟਬਾਲ ਟੂਰਨਾਮੈਂਟ 6 ਫਰਵਰੀ ਤੋਂ

ਕੋਟਫਤੂਹੀ, 29 ਜਨਵਰੀ - ਪਿੰਡ ਖੈਰੜ ਅੱਛਰਵਾਲ ਦੇ ਖੇਡ ਮੈਦਾਨ ਵਿਚ 6 ਤੋਂ 10 ਫਰਵਰੀ ਤੱਕ ਫੁੱਟਬਾਲਰ ਮਨਜੀਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਨਿਰੋਲ ਪਿੰਡਾਂ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਟੂਰਨਾਮੈਂਟ ਦੌਰਾਨ ਕੁੱਤਿਆਂ ਦੀਆਂ ਟਰੈਕ ਦੌੜਾਂ ਅਤੇ ਬੈਲ ਗੱਡੀਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ।

47ਵਾਂ ਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਸ਼ੁਰੂ

ਮਾਹਿਲਪੁਰ, 28 ਜਨਵਰੀ - ਪ੍ਰਿੰਸੀਪਲ ਹਰਭਜਨ ਸਿੰਘ ਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਮਾਹਿਲਪੁਰ ਦੇ ਖਾਲਸਾ ਕਾਲਜ ਵਿਚ ਸ਼ੁਰੂ ਹੋ ਗਿਆ ਹੈ। ਇਸ ਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਨੂੰ ਪੰਜਾਬ ਵਿਚ ਫੁੱਟਬਾਲ ਦੇ ਮਹਾਂਕੁੰਭ ਵਜੋਂ ਜਾਣਿਆ ਜਾਂਦਾ ਹੈ। ਜਿਸ ਦਾ ਉਦਘਾਟਨ ਮੁੱਖ ਸੰਸਦੀ ਸਕੱਤਰ ਪੰਜਾਬ ਸ: ਦੇਸ ਰਾਜ ਸਿੰਘ ਧੁੱਗਾ ਨੇ ਕੀਤਾ। ਇਸ ਟੂਰਨਾਮੈਂਟ ਦੇ ਕਾਲਜ ਵਰਗ ਦੇ ਮੁਕਾਬਲੇ ਵਿਚ ਖਾਲਸਾ ਕਾਲਜ ਮਾਹਿਲਪੁਰ ਦੇ ਖਿਡਾਰੀਆਂ ਨੇ ਡੀ. ਏ. ਵੀ. ਕਾਲਜ ਜਲੰਧਰ ਨੂੰ 4-0 ਗੋਲ ਦੇ ਫਰਕ ਨਾਲ ਹਰਾਇਆ ਜਦੋਂ ਕਿ ਗੁਰੂ ਨਾਨਕ ਕਾਲਜ ਨਰੂਭ ਪਾਛਟਾ ਨੇ ਸਪੋਰਟਿੰਗ ਵਿੰਗ ਨੂੰ 1-0 ਗੋਲ ਦੇ ਫਰਕ ਨਾਲ ਹਰਾਇਆ। ਤੀਜੇ ਮੈਚ ਵਿਚ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੂੰ 3-2 ਨਾਲ ਅਤੇ ਗੁਰੂ ਨਾਨਕ ਕਾਲਜ ਫਗਵਾੜਾ ਨੇ ਦਲਵੀਰ ਅਕੈਡਮੀ ਪਟਿਆਲਾ ਨੂੰ 2-0 ਗੋਲ ਦੇ ਫਰਕ ਨਾਲ ਹਰਾਇਆ।

ਭਾਰਤੀ ਮਹਿਲਾ ਕੁਸ਼ਤੀ ਟੀਮ ਨੂੰ ਸੋਂਧੀ ਵੱਲੋਂ ਟਰੇਟਿੰਗ

ਪਟਿਆਲਾ, 28 ਜਨਵਰੀ - ਪਟਿਆਲਾ 'ਚ 26 ਮੈਂਬਰੀ ਮਹਿਲਾ ਕੁਸ਼ਤੀ ਟੀਮ ਦਾ ਕੈਂਪ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਖੇ ਚੱਲ ਰਿਹਾ ਹੈ। ਬੀਜਿੰਗ ਉਲੰਪਿਕ 'ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀ ਭਾਰਤੀ ਪੁਰਸ਼ ਕੁਸ਼ਤੀ ਟੀਮ ਦੇ ਮੁੱਖ ਕੋਚ ਸ੍ਰੀ ਪੀ. ਆਰ. ਸੋਂਧੀ ਨੂੰ ਹੁਣ ਕੌਮੀ ਮਹਿਲਾ ਕੁਸ਼ਤੀ ਟੀਮ ਨੂੰ ਹੋਰ ਬੁਲੰਦੀਆਂ 'ਤੇ ਲੈ ਜਾਣ ਹਿਤ ਮੁੱਖ ਕੋਚ ਲਗਾਇਆ ਗਿਆ ਹੈ। ਇਹ ਕੈਂਪ ਅਮਰੀਕਾ 'ਚ 5 ਤੋਂ 8 ਫਰਵਰੀ ਤੱਕ ਹੋਣ ਵਾਲੇ ਕੌਮਾਂਤਰੀ ਟੂਰਨਾਮੈਂਟਾਂ ਦੇ ਸਬੰਧ 'ਚ ਲਗਾਇਆ ਜਾ ਰਿਹਾ ਹੈ। ਇਸ ਕੈਂਪ 'ਚ ਸ੍ਰੀ ਸੌਂਧੀ ਨਾਲ ਜਾਰਜੀਆ ਦੇ ਕੋਚ ਡੋਬੋ, ਕੈਪਟਨ ਕਮਲ ਸੈਨ ਸਿੰਘ ਤੇ ਮੋਨਿਕਾ ਦੋਨੋਂ ਕੋਚ, ਪੈਰਵਿੰਕਲ ਕੌਰ ਫਿਜ਼ੀਓਥਰੈਪਿਸਟ ਵੀ ਖਿਡਾਰਨਾਂ ਨੂੰ ਹਰੇਕ ਤਰ੍ਹਾਂ ਦੇ ਗੁਰ ਸਿਖਾ ਰਹੇ ਹਨ।

ਪਾਕਿਸਤਾਨ ਕ੍ਰਿਕਟ ਬੋਰਡ ਦੇ ਡਾਇਰੈਕਟਰ ਮੀਆਂ ਦਾਦ ਨੇ ਦਿੱਤਾ ਅਸਤੀਫ਼ਾ

ਲਾਹੌਰ, 28 ਜਨਵਰੀ - ਦੋ ਮਹੀਨੇ ਪਹਿਲਾਂ ਹੀ ਪਾਕਿਸਤਾਨ ਕ੍ਰਿਕਟ ਬੋਰਡ ਦੇ ਡਾਇਰੈਕਟਰ ਜਨਰਲ ਦੇ ਅਹੁਦੇ 'ਤੇ ਨਿਯੁਕਤ ਕੀਤੇ ਗਏ ਮੀਆਂ ਦਾਦ ਬੋਰਡ 'ਚ ਆਪਣੀ ਭੂਮਿਕਾ ਨੂੰ ਲੈ ਕੇ ਕਾਫੀ ਨਾਰਾਜ਼ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸੁਤੰਤਰ ਤੌਰ 'ਤੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਇਸ ਕਰਕੇ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਤਿੰਨ ਵਾਰ ਪਾਕਿਸਤਾਨੀ ਟੀਮ ਦੇ ਕੋਚ ਰਹਿ ਚੁੱਕੇ ਮੀਆਂ ਦਾਦ ਨੇ ਕਿਹਾ ਕਿ ਉਨ੍ਹਾਂ ਨੂੰ ਘਰੇਲੂ ਪੱਧਰ 'ਤੇ ਸੀਮਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਹ ਬਤੌਰ ਡਾਇਰੈਕਟਰ ਜਨਰਲ ਅੰਤਰਰਾਸ਼ਟਰੀ ਮਾਮਲਿਆਂ 'ਚ ਦਖ਼ਲ ਨਹੀਂ ਦੇ ਸਕਦਾ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਕੰਮ 'ਚ ਕਿਸੇ ਤਰ੍ਹਾਂ ਦੀ ਦਖ਼ਲ-ਅੰਦਾਜ਼ੀ ਮਨਜ਼ੂਰ ਨਹੀਂ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਅਹੁਦਾ ਛੱਡਣ ਦਾ ਫ਼ੈਸਲਾ ਕੀਤਾ।

ਤਾਹਰਪੁਰ ਦੀ ਕਬੱਡੀ ਟੀਮ ਦੀ ਬੱਲੇ ਬੱਲੇ

ਬਹਿਰਾਮ, 28 ਜਨਵਰੀ - ਪਿੰਡ ਤਾਹਰਪੁਰ-ਸਰਹਾਲ ਮੁੰਡੀ ਦੀ ਸ਼ਹੀਦ ਊਧਮ ਸਿੰਘ ਯੂਥ ਐਂਡ ਵੈਲਫੇਅਰ ਕਲੱਬ ਵਲੋਂ ਕਬੱਡੀ ਖੇਡ ਮੇਲਾ ਕਰਵਾਇਆ ਗਿਆ। ਜਿਸ ਵਿਚ ਤਾਹਰਪੁਰ ਦੀ ਓਪਨ ਕਬੱਡੀ ਟੀਮ ਨੇ ਢੰਡਵਾੜ ਦੀ ਟੀਮ ਨੂੰ ਹਰਾ ਕੇ ਟਰਾਫ਼ੀ ਅਤੇ 51000/-ਰੁਪਏ 'ਤੇ ਕਬਜ਼ਾ ਕਰ ਲਿਆ ਜਦਕਿ ਢੰਡਵਾੜ ਟੀਮ ਨੂੰ 41 ਹਜ਼ਾਰ ਰੁਪਏ ਅਤੇ ਟਰਾਫ਼ੀ ਨਾਲ ਸਬਰ ਕਰਨ ਪਿਆ। ਇਸ ਦੇ ਹੋਏ ਮੁਕਾਬਲਿਆਂ 'ਚ 42 ਕਿਲੋ ਭਾਰ ਵਰਗ ਵਿਚੋਂ ਲਿੱਤਰਾਂ ਨੇ ਤਾਹਰਪੁਰ ਨੂੰ, 53 ਕਿਲੋ ਵਰਗ 'ਚ ਮੱਲ੍ਹਾ ਬੇਦੀਆਂ ਨੇ ਤਾਹਰਪੁਰ ਨੂੰ, 60 ਕਿਲੋ 'ਚ ਤਾਹਰਪੁਰ ਨੇ ਝਿੰਗੜਾਂ ਨੂੰ ਹਰਾ ਕੇ ਆਪਣੇ ਪਹਿਲੇ ਇਨਾਮ ਬਰਕਰਾਰ ਰੱਖੇ। ਇਸ ਮੌਕੇ ਨਵਾਂਸ਼ਹਿਰ ਅਤੇ ਨਾਰਵੇ ਕਲੱਬ ਮੋਗਾ ਦੀਆਂ ਲੜਕੀਆਂ ਦੀਆਂ ਟੀਮਾਂ ਵਿਚਕਾਰ ਸ਼ਾਨਦਾਰ ਮੁਕਾਬਲਾ ਹੋਇਆ ਜਿਸ ਵਿਚ ਨਾਰਵੇ ਕਲੱਬ ਮੋਗਾ ਨੇ ਬਾਜ਼ੀ ਮਾਰੀ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਕਿੰਦਾ ਬਿਹਾਰੀ ਪੁਰੀਆ, ਮੰਮੂਤਾਹਰਪੁਰ ਅਤੇ ਜੱਸੀ ਲੇਹਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਅੰਤਰਰਾਸ਼ਟਰੀ ਕਬੱਡੀ ਕੱਪ 'ਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਦੀ ਬੱਲੇ ਬੱਲੇ

ਦਿੜ੍ਹਬਾ ਮੰਡੀ, 27 ਜਨਵਰੀ - 36ਵਾਂ ਸ਼ਹੀਦ ਬਚਨ ਸਿੰਘ ਅੰਤਰਰਾਸ਼ਟਰੀ ਯਾਦਗਾਰੀ ਕਬੱਡੀ ਕੱਪ ਸੋਸ਼ਲ ਯੂਥ ਸਪੋਰਟਸ ਕਲੱਬ ਦਿੜ੍ਹਬਾ ਵੱਲੋਂ ਕਰਵਾਇਆ ਗਿਆ। ਕਬੱਡੀ ਕੱਪ ਦੇ ਅਖੀਰਲੇ ਦਿਨ ਸਟੇਡੀਅਮ ਵਿਚ ਸਵੇਰੇ 10 ਵਜੇ ਪਹਿਲਾ ਫਾਈਨਲ ਮੈਚ ਦਿੜ੍ਹਬਾ ਬੀ. ਅਤੇ ਸਿੱਧ ਸਰ ਜਰਗੜੀ ਵਿਚ ਹੋਇਆ ਜਿਸ ਵਿਚ ਦਿੜ੍ਹਬਾ ਬੀ ਨੇ ਜਿੱਤ ਹਾਸਲ ਕੀਤੀ। ਬਾਜ਼ੀ ਮਾਰੀ ਅਤੇ 31 ਹਜ਼ਾਰ ਦਾ ਨਕਦ ਇਨਾਮ ਜਿੱਤਿਆ ਜਦਕਿ ਸਿੱਧ ਸਰ ਜਰਗੜੀ ਨੇ ਦੂਜਾ ਸਥਾਨ ਹਾਸਿਲ ਕਰਕੇ 25 ਹਜ਼ਾਰ ਦਾ ਨਕਦ ਇਨਾਮ ਜਿੱਤਿਆ। ਕਬੱਡੀ ਕੱਪ ਵਿਚ ਪਹੁੰਚੀਆਂ 16 ਨਾਮਵਰ ਕਬੱਡੀ ਅਕੈਡਮੀਆਂ ਵਿਚੋਂ ਦਸਮੇਸ਼ ਕਬੱਡੀ ਕਲੱਬ ਨਕੋਦਰ ਅਤੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਫਾਈਨਲ ਵਿਚ ਪਹੁੰਚੀਆਂ। ਇਸ ਵਿਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇਂ ਨੇ ਪਹਿਲਾ ਸਥਾਨ ਹਾਸਲ ਕਰਕੇ ਇਕ ਲੱਖ ਇਕੱਤੀ ਹਜ਼ਾਰ ਅਤੇ ਦਸਮੇਸ਼ ਕਬੱਡੀ ਕਲੱਬ ਨਕੋਦਰ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਇਕ ਲੱਖ ਰੁਪਏ ਦਾ ਨਕਦ ਇਨਾਮ ਹਾਸਿਲ ਕੀਤਾ। ਇਸ ਕਬੱਡੀ ਕੱਪ ਦਾ ਪਹਿਲਾ ਇਨਾਮ ਇਕ ਲੱਖ ਇਕੱਤੀ ਹਜ਼ਾਰ ਰੁਪਏ ਬੱਬਲ ਕੈਨੇਡਾ ਨੇ ਆਪਣੇ ਵੱਲੋਂ ਦਿੱਤਾ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਖ਼ੁਸ਼ ਦੀਪ ਦਿੜ੍ਹਬਾ ਨੂੰ ਕਰਨ ਘੁਮਾਣ ਕੈਨੇਡਾ ਨੇ ਮੋਟਰ-ਸਾਈਕਲ ਨਾਲ ਸਨਮਾਨਿਤ ਕੀਤਾ। ਇਸ ਕਬੱਡੀ ਕੱਪ ਦਾ ਸਰਬੋਤਮ ਧਾਵੀ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਦੇ ਖਿਡਾਰੀ ਗੱਗੂ ਰੁੜਕੀ ਨੂੰ ਐਲਾਨਿਆ ਗਿਆ ਜਦ ਕਿ ਸਰਬੋਤਮ ਜਾਫ਼ੀ ਦਸਮੇਸ਼ ਕਬੱਡੀ ਕਲੱਬ ਨਕੋਦਰ ਦੇ ਖਿਡਾਰੀ ਕੁਲਜੀਤ ਮਲਸੀਆਂ ਨੂੰ ਐਲਾਨਿਆ ਗਿਆ। ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ।

ਕਿੰਗਜ਼ ਇਲੈਵਨ ਪੰਜਾਬ ਕ੍ਰਿਕਟ ਕੱਪ ਟੂਰਨਾਮੈਂਟ 28 ਜਨਵਰੀ ਤੋਂ

ਅਜੀਤ ਨਗਰ, 27 ਜਨਵਰੀ - ਪੰਜਾਬ ਕ੍ਰਿਕਟ ਸਟੇਡੀਅਮ ਮੁਹਾਲੀ ਵਿਖੇ 28 ਜਨਵਰੀ ਤੋਂ 2 ਫਰਵਰੀ ਤੱਕ ਕਿੰਗਜ ਇਲੈਵਨ ਪੰਜਾਬ ਕ੍ਰਿਕਟ ਕੱਪ ਕਰਵਾਇਆ ਜਾ ਰਿਹਾ ਹੈ। ਫਿਲਮੀ ਅਭਿਨੇਤਰੀ ਅਤੇ ਕਿੰਗਜ਼ ਇਲੈਵਨ ਪੰਜਾਬ ਦੀ ਮਾਲਕ ਪ੍ਰਿਟੀ ਜ਼ਿੰਟਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਪੰਜਾਬ , ਹਰਿਆਣਾ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਖਿਡਾਰੀ ਆਪਣੀ-ਆਪਣੀ ਟੀਮਾਂ ਵਿਚ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਨੂੰ 5 ਲੱਖ ਰੁਪਏ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੇ ਨੂੰ 2 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਖਿਡਾਰੀਆਂ ਨੂੰ ਕਿੰਗਜ਼ ਇਲੈਵਨ ਪੰਜਾਬ ਟੀਮ ਵਿਚ ਚੁਣਿਆ ਜਾਵੇਗਾ, ਜਿਹੜੇ ਅਪ੍ਰੈਲ 2009 ਵਿਚ ਹੋਣ ਵਾਲੇ ਆਈ. ਪੀ. ਐਲ. ਟੂਰਨਾਮੈਂਟ ਵਿਚ ਖੇਡਣਗੇ। ਆਈ. ਪੀ. ਐਲ. ਟੂਰਨਾਮੈਂਟ ਲਈ ਕਿੰਗਜ਼ ਇਲੈਵਨ ਪੰਜਾਬ ਟੀਮ ਦੀ ਚੋਣ 16 ਤੇ 17 ਫਰਵਰੀ ਨੂੰ ਪੀ. ਸੀ. ਏ. ਕ੍ਰਿਕਟ ਸਟੇਡੀਅਮ ਮੁਹਾਲੀ ਵਿਖੇ ਹੋਵੇਗੀ। 28 ਜਨਵਰੀ ਨੂੰ ਪੀ ਸੀ ਏ ਕ੍ਰਿਕਟ ਸਟੇਡੀਅਮ ਵਿਖੇ ਪਹਿਲਾਂ ਮੈਚ ਪੀ. ਸੀ. ਏ. ਇਲੈਵਨ ਅਤੇ ਹਿਮਾਚਲ ਪ੍ਰਦੇਸ਼ ਦੀਆਂ ਟੀਮਾਂ ਵਿਚਕਾਰ 10 ਵਜੇ ਸ਼ੁਰੂ ਹੋਵੇਗਾ ਜਦੋਂ ਕਿ ਦੂਜਾ ਮੈਚ ਇਥੇ ਹੀ ਹਰਿਆਣਾ ਤੇ ਜੰਮੂ-ਕਸ਼ਮੀਰ ਵਿਚਕਾਰ 1.30 ਵਜੇ ਸ਼ੁਰੂ ਹੋਵੇਗਾ। ਇਨ੍ਹਾਂ ਮੈਚਾਂ ਲਈ ਦਾਖ਼ਲਾ ਮੁਫ਼ਤ ਹੋਵੇਗਾ।

ਜਾਂਗਪੁਰ ਕੇਸਾਧਾਰੀ ਕਬੱਡੀ ਕੱਪ 'ਚ ਮਾਲਵਾ ਦੀ ਝੰਡੀ

ਮੁੱਲਾਂ ਪੁਰ ਦਾਖਾਂ, 27 ਜਨਵਰੀ - ਧੰਨ-ਧੰਨ ਬਾਬਾ ਈਸ਼ਰ ਸਿੰਘ ਨਾਨਕ ਸਰ ਕਲੇਰਾਂ ਦੇ ਅਨਿਨ ਸੇਵਕ ਮਾਤਾ ਜੰਗੀਰ ਕੌਰ ਹੰਸਰਾ ਨੂੰ ਸਮਰਪਿਤ ਪਿੰਡ ਜਾਂਗਪੁਰ ਅੰਤਰਰਾਸ਼ਟਰੀ ਆਲ ਓਪਨ ਸਿੱਖ ਕੇਸਾਧਾਰੀ ਕਬੱਡੀ ਕੱਪ ਕਰਵਾਇਆ ਗਿਆ। ਪਹਿਲੇ ਸੈਮੀਫਾਈਨਲ ਮੁਕਾਬਲੇ ਵਿਚ ਮਾਲਵਾ ਕੇਸਾਧਾਰੀ ਕਬੱਡੀ ਅਕੈਡਮੀ ਨੇ 36-25 ਅੰਕਾਂ ਦੇ ਫਰਕ ਨਾਲ ਕੇਸਾਧਾਰੀ ਕਬੱਡੀ ਅਕੈਡਮੀ ਚਮਕੌਰ ਸਾਹਿਬ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਮਾਲਵੇ ਦੇ ਨਾਮੀ ਕਬੱਡੀ ਕੁਮੈਂਟੇਟਰ ਗੁਰਪ੍ਰੀਤ ਸਿੰਘ ਬੇਰ ਕਲਾਂ, ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ ਇਕੱਲੇ-ਇਕੱਲੇ ਜੱਫੇ-ਰੇਡ ਨੂੰ ਗਹੁ ਨਾਲ ਨਾਪ ਰਹੇ ਸਨ। ਦੂਸਰੇ ਸੈਮੀਫਾਈਨਲ ਸੰਤ ਬਾਬਾ ਈਸ਼ਰ ਸਿੰਘ ਨਾਨਕ ਸਰ ਕਬੱਡੀ ਅਕੈਡਮੀ ਆਲਮ ਵਾਲਾ ਮੋਗਾ ਟੀਮ ਅਤੇ ਕੇਸਾਧਾਰੀ ਦੁਆਬੀਆਂ ਦੀ ਟੀਮ ਦਾ ਆਰੰਭ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਬੀ. ਕੇ. ਯੂ. ਪ੍ਰਧਾਨ ਬਰਜਿੰਦਰ ਸਿੰਘ ਭੱਪਾ, ਪੰਚ ਸਤਨਾਮ ਸਿੰਘ ਚੀਮਾ, ਪ੍ਰਿੰਸੀਪਲ ਟਹਿਲ ਸਿੰਘ, ਹਰਜਿੰਦਰ ਸਿੰਘ ਚੀਮਾ ਵੱਲੋਂ ਕਰਵਾਇਆ ਗਿਆ। ਇਸ ਮੌਕੇ ਸਿੱਖ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਗੁਰਪਾਲ ਸਿੰਘ ਹੰਸਰਾ ਨੇ ਫੋਨ 'ਤੇ ਗੱਲਬਾਤ ਕਰਦੇ ਹੋਏ ਖੇਡ ਗਰਾਊਂਡ 'ਚ ਇਹ ਵੀ ਐਲਾਨ ਕੀਤਾ ਕਿ ਉਹ ਸਿੱਖ ਕਬੱਡੀ ਖਿਡਾਰੀਆਂ ਅਤੇ ਪਾਕਿਸਤਾਨ ਦੇ ਕਬੱਡੀ ਖਿਡਾਰੀਆਂ ਵਿਚਕਾਰ ਜਲਦ ਹੀ ਮੁਕਾਬਲੇ ਕਰਵਾਉਣਗੇ। ਇਸ ਮੈਚ 'ਚ 21-13 ਅੰਕਾਂ ਦੇ ਫਰਕ ਨਾਲ ਮਾਲਵਾ ਕੇਸਾਧਾਰੀ ਕਬੱਡੀ ਅਕੈਡਮੀ ਨੇ ਜਿੱਤ ਪ੍ਰਾਪਤ ਕਰਕੇ ਵੱਕਾਰੀ 71 ਹਜ਼ਾਰ ਰੁਪਏ ਦਾ ਨਕਦ ਇਨਾਮ ਚੁੰਮਿਆ। ਗੁਰਪਾਲ ਸਿੰਘ ਹੰਸਰਾ ਪ੍ਰਧਾਨ ਸਿੱਖ ਕਬੱਡੀ ਅਮਰੀਕਾ ਵੱਲੋਂ ਚੋਣਵੇਂ 8 ਕੇਸਾਧਾਰੀ ਕਬੱਡੀ ਕੋਚ ਜਾਫੀ, ਧਾਵੀ ਗੋਲੂ ਝਾੜ ਸਾਹਿਬ, ਕੋਚ ਮਨਜਿੰਦਰ ਸਿੰਘ ਸੀਪਾ ਆਲਮ ਵਾਲਾ, ਰੇਡਰ ਦੀਪ ਹਿੰਮਤ ਪੁਰ, ਜਾਫੀ ਤੁੰਨਾ ਚਮਿਆਰਾ, ਜਿੰਦਰ ਧਾਂਦੇਵਾਲ, ਰੇਡਰ ਸੁਰਜਨ ਆਲਮ ਵਾਲਾ, ਜਾਫੀ ਬਿੱਟੂ ਠੀਕਰੀਵਾਲਾ, ਕੋਚ ਮਨਜੀਤ ਸਿੰਘ ਖੌਖਰ ਫੌਜੀਆਂ ਬਟਾਲਾ ਨੂੰ ਸੋਨੇ ਦੀਆਂ ਮੁੰਦਰੀਆਂ ਭਾਈ ਦਲਜੀਤ ਸਿੰਘ ਬਿੱਟੂ ਪੰਚ ਪ੍ਰਧਾਨੀ ਪ੍ਰੀਜੀਡੀਅਮ, ਜਸਵੀਰ ਸਿੰਘ ਖੰਡੂਰ, ਜਸਵਿੰਦਰ ਸਿੰਘ ਜੰਡੀ ਵੱਲੋਂ ਦਿੱਤੀਆਂ ਗਈਆਂ।

ਗੋਲਡ ਕਬੱਡੀ ਕੱਪ 'ਚ ਅੰਬੀ ਹਠੂਰ ਮੋਗਾ ਦੀ ਟੀਮ ਦੀ ਝੰਡੀ

ਬਾਘਾ ਪੁਰਾਣਾ, 24 ਜਨਵਰੀ - ਦੂਸਰਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਬਾਬਾ ਗੁਰਮੇਲ ਸਿੰਘ ਯਾਦਗਾਰੀ ਖੇਡ ਸਟੇਡੀਅਮ ਬਾਘਾ ਪੁਰਾਣਾ ਵਿਖੇ ਕਰਵਾਇਆ ਗਿਆ। ਇਸ ਗੋਲਡ ਕਬੱਡੀ ਕੱਪ 'ਚ 8 ਅਕੈਡਮੀਆਂ ਵਿਚੋਂ ਪਹਿਲਾ ਸਥਾਨ ਅੰਬੀ ਹਠੂਰ ਮੋਗਾ ਮੱਖਣ ਬਰਾੜ ਡੀ. ਪੀ. ਚੜਿੱਕ ਦੀ ਟੀਮ ਨੇ ਤੇ ਦੂਸਰਾ ਇਨਾਮ ਪੱਤੋ ਹੀਰਾ ਸਿੰਘ ਸਾਧੂ ਸਿੰਘ ਡੀ.ਪੀ. ਦੀ ਟੀਮ ਨੇ ਪ੍ਰਾਪਤ ਕੀਤਾ ਤੇ ਕ੍ਰਮਵਾਰ 1 ਲੱਖ ਰੁਪਏ ਕਲੱਬ ਵੱਲੋਂ ਅਤੇ 81000 ਰੁਪਏ ਤੇ ਕੱਪ ਜਰਮਲ ਸਿੰਘ ਘੋਲੀਆ ਕੈਲਗਿਰੀ ਕੈਨੇਡਾ ਪ੍ਰਧਾਨ ਯੂਥ ਅਕਾਲੀ ਦਲ ਵੱਲੋਂ ਪ੍ਰਾਪਤ ਕੀਤੇ। ਇਸ ਕਬੱਡੀ ਕੱਪ 'ਚ ਹੋਏ ਮੁਕਾਬਲਿਆਂ ਦੌਰਾਨ ਕਬੱਡੀ ਓਪਨ ਵਿਚ ਪਹਿਲਾ ਸਥਾਨ ਸੈਦੋਕੇ, ਦੂਸਰਾ ਲੰਡੇ, ਕਬੱਡੀ 58 ਕਿੱਲੋ ਪਹਿਲਾ ਬਾਘਾ ਪੁਰਾਣਾ ਏ, ਦੂਸਰਾ ਬਾਘਾ ਪੁਰਾਣਾ ਬੀ, ਕਬੱਡੀ 65 ਕਿੱਲੋ ਵਿਚ ਪਹਿਲਾ ਇਨਾਮ ਕੰਡਿਆਲ, ਦੂਸਰਾ ਭਿੰਡਰ ਨੇ ਪ੍ਰਾਪਤ ਕੀਤਾ। ਦਸਤਾਰਬੰਦੀ ਮੁਕਾਬਲੇ ਵਿਚ ਛੋਟੇ ਬੱਚੇ ਰੌਬਨਦੀਪ ਸਿੰਘ ਗਿੱਲ ਟਹਿਣਾ ਤੇ ਸਰਬਾਜ ਸਿੰਘ ਗਿੱਲ ਭੰਗਾਲੀਆ ਨੇ ਵਧੀਆ ਪੱਗ ਬੰਨ੍ਹੀ।

ਸੰਤ ਮਹਿੰਦਰ ਸਿੰਘ ਯਾਦਗਾਰੀ ਕਬੱਡੀ ਕੱਪ 27 ਜਨਵਰੀ ਤੋਂ

ਜੌੜੇਪੁਲ ਜਰਗ, 24 ਜਨਵਰੀ - ਸੰਤ ਮਹਿੰਦਰ ਸਿੰਘ ਯਾਦਗਾਰੀ ਕਬੱਡੀ ਕੱਪ ਪਿੰਡ ਜਰਗ ਦੇ ਖੇਡ ਮੈਦਾਨ 'ਚ 27 ਤੋਂ 29 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ। ਇਸ 'ਚ 27 ਜਨਵਰੀ ਨੂੰ ਕਬੱਡੀ 70 ਕਿਲੋ, ਬੈਲ ਗੱਡੀਆਂ ਦੀਆਂ ਦੌੜਾਂ, 28 ਨੂੰ ਕਬੱਡੀ ਇਕ ਪਿੰਡ ਓਪਨ, 29 ਜਨਵਰੀ ਨੂੰ ਪੰਜਾਬ ਦੀਆਂ 8 ਚੋਟੀ ਦੀਆਂ ਅਕੈਡਮੀਆਂ ਦੇ ਮੈਚ ਅਤੇ ਲੜਕੀਆਂ ਦੀ ਕਬੱਡੀ ਦੇ ਤਿੰਨ ਸ਼ੋਅ ਮੈਚ ਕਰਵਾਏ ਜਾਣਗੇ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਸਵੀਰ ਸਿੰਘ ਜੱਸੀ ਨੂੰ ਅਲਟੋ ਕਾਰ, ਮਰਹੂਮ ਗੀਤਕਾਰ ਗੁਰਮੁਖ ਸਿੰਘ ਗਿੱਲ ਜੱਬੋਮਾਜਰਾ ਦੇ ਪਰਿਵਾਰ ਦਾ ਸਨਮਾਨ ਅਤੇ ਪੰਜਾਬੀਆਂ ਦੇ ਮਹਿਬੂਬ ਗਾਇਕ ਗੁਰਕ੍ਰਿਪਾਲ ਸੂਰਾ ਪੁਰੀ ਦਾ ਸਨਮਾਨ ਕੀਤਾ ਜਾਵੇਗਾ। ਗੁ: ਯਾਦਗਾਰ ਸਾਹਿਬ ਜਰਗ ਦੇ ਮੁਖੀ ਸੰਤ ਭੁਪਿੰਦਰ ਸਿੰਘ ਵੱਲੋਂ ਕੇਸਧਾਰੀ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ।

10ਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਵਰਲਡ ਕਬੱਡੀ ਕੱਪ 27 ਨੂੰ

ਜਲੰਧਰ, 24 ਜਨਵਰੀ - 10ਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਵਰਲਡ ਕਬੱਡੀ ਕੱਪ 27 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਹੈ। ਇਸ ਕਬੱਡੀ ਕੱਪ 'ਚ ਅਮਰੀਕਨ ਗੋਰੀਆਂ ਦਾ ਸ਼ੋਅ ਮੈਚ ਮੁੱਖ ਆਕਰਸ਼ਣ ਦਾ ਕੇਂਦਰ ਹੋਵੇਗਾ। ਇਸ ਕਬੱਡੀ ਕੱਪ 'ਚ ਜੇਤੂ ਟੀਮ ਨੂੰ ਪਹਿਲਾ ਇਨਾਮ ਇਕ ਲੱਖ ਪੰਜਾਹ ਹਜ਼ਾਰ ਰੁਪਏ ਸੁੱਖਾਂ ਸੂਸਾਂ ਵਾਲੇ ਅਤੇ ਦੂਜਾ ਇਨਾਮ ਇਕ ਲੱਖ ਰੁਪਏ ਗੁਰਦੀਪ ਸਿੰਘ ਜਾਡਾਂ ਜਰਮਨ ਵੱਲੋਂ ਦਿੱਤਾ ਜਾਵੇਗਾ ਅਤੇ ਦਰਸ਼ਕਾਂ ਨੂੰ 10 ਮੋਟਰ ਸਾਈਕਲ ਇਨਾਮ ਵਿਚ ਲੱਕੀ ਡਰਾਅ ਰਾਹੀਂ ਦਿੱਤੇ ਜਾਣਗੇ। ਜੋ ਦਰਸ਼ਕਾਂ ਨੂੰ 12ਵਜੇ ਤੋਂ ਪਹਿਲਾਂ ਮੁਫ਼ਤ ਦਿੱਤੇ ਜਾਣਗੇ। 10ਵੇਂ ਗੁਰੂ ਗੋਬਿੰਦ ਸਿੰਘ ਵਰਲਡ ਕਬੱਡੀ ਕੱਪ 'ਚ ਦਰਸ਼ਕਾਂ ਨੂੰ ਦਿੱਤੇ ਜਾਣਗੇ

ਮੱਲ੍ਹੇ ਦਾ ਖੇਡ ਮੇਲਾ 27 ਤੋਂ

ਹਠੂਰ, 24 ਜਨਵਰੀ - ਬਾਬਾ ਜੋਗਿੰਦਰ ਸਿੰਘ ਮੱਲ੍ਹੇ ਵਾਲਿਆਂ ਦੀ ਯਾਦ ਨੂੰ ਸਮਰਪਿਤ ਖੇਡ ਮੇਲਾ 27 ਤੋਂ 29 ਜਨਵਰੀ ਤੱਕ ਯੂਥ ਇੰਡੀਪੈਂਡੈਟ ਸਪੋਰਟਸ ਐਂਡ ਵੈਲਫੇਅਰ ਕਲੱਬ ਮੱਲ੍ਹਾ ਵੱਲੋਂ ਗ੍ਰਾਮ ਪੰਚਾਇਤ ਪਿੰਡ ਵਾਸੀ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਬਾਬਾ ਮਿੱਤ ਸਿੰਘ ਯਾਦਗਾਰੀ ਟੂਰਨਾਮੈਂਟ 'ਚ ਚੂਹੜ ਚੱਕ ਦੀ ਬੱਲੇ ਬੱਲੇ
ਚੌਂਕੀ ਮਾਨ, 24 ਜਨਵਰੀ - ਤਿੰਨ ਦਿਨਾਂ ਖੇਡ ਮੇਲਾ ਪਿੰਡ ਮੰਡੀਆਣੀ ਵਿਖੇ ਹਜ਼ੂਰ ਸਾਹਿਬ ਦੇ ਸਾਬਕਾ ਸੇਵਾਦਾਰ ਬ੍ਰਹਮ ਗਿਆਨੀ ਬਾਬਾ ਮਿੱਤ ਸਿੰਘ ਨਿਹੰਗ ਦੀ ਯਾਦ 'ਚ ਕਰਵਾਇਆ ਗਿਆ। ਇਸ 'ਚ ਕਬੱਡੀ 70 ਕਿਲੋ ਦਾ ਮੁਕਾਬਲਾ ਸੰਗਤ ਪੁਰਾ ਦੀ ਟੀਮ ਨੇ ਭਲੂਰ ਦੀ ਟੀਮ ਨੂੰ ਹਰਾ ਕੇ ਜਿਤਿਆ। ਕਬੱਡੀ ਓਪਨ ਦੀਆਂ ਪਹਿਲੀਆਂ 4 ਟੀਮਾਂ ਨੂੰ ਇਨਾਮ ਦਿੱਤੇ ਗਏ। ਕਬੱਡੀ ਓਪਨ ਦਾ ਪਹਿਲਾ ਇਨਾਮ 35000 ਰੁਪਏ ਚੂਹੜ ਚੱਕ, ਦੂਸਰਾ ਧੱਲੇਕੇ ਨੂੰ 25 ਹਜ਼ਾਰ, ਇੰਦਰ ਗੜ੍ਹ ਨੂੰ 15 ਹਜ਼ਾਰ ਤੇ ਗਿੱਦੜਵਿੰਡੀ ਦੀ ਟੀਮ ਨੂੰ 7 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਨਿਵਾਜਿਆ 'ਤੇ ਟਰਾਫੀਆਂ ਵੀ ਦਿੱਤੀਆਂ।

ਦੁਲੇਅ ਦੀਆਂ ਖੇਡਾਂ 27 ਤੋਂ

ਡੇਹਲੋਂ, 24 ਜਨਵਰੀ - ਗੁਰਦੁਆਰਾ ਫਲਾਹੀ ਸਾਹਿਬ ਪਿੰਡ ਦੁਲੇਅ ਨੇੜੇ ਡੇਹਲੋਂ ਵਿਖੇ 27 ਤੋਂ 29 ਜਨਵਰੀ ਤੱਕ ਜਥੇ: ਸੰਤੋਖ ਸਿੰਘ ਮ੍ਰਗਿੰਦ ਸਟੇਡੀਅਮ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਮੇਲੇ 'ਚ ਕਬੱਡੀ, ਵਾਲੀਬਾਲ ਸ਼ੂਟਿੰਗ, ਬੱਚਿਆਂ ਦੀਆਂ ਦੌੜਾਂ, ਬਦਲਾਂ ਦੀਆਂ ਦੌੜਾਂ, ਘੋੜ ਸਵਾਰ ਦੌੜਾਂ, ਫੁੱਟਬਾਲ ਅਤੇ ਜੂਨੀਅਰ ਹੈਂਡ ਬਾਲ ਦੇ ਦਿਲਕਸ਼ ਮੁਕਾਬਲੇ ਕਰਵਾਏ ਜਾਣਗੇ।

10ਵਾਂ ਫੁੱਟਬਾਲ ਟੂਰਨਾਮੈਂਟ 28 ਤੋਂ

ਫਗਵਾੜਾ, 24 ਜਨਵਰੀ - 10ਵਾਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਮਿਤੀ 28 ਤੋਂ ਜਨਵਰੀ ਤੱਕ ਫਗਵਾੜਾ ਤੋਂ ਥੋੜ੍ਹੀ ਦੂਰ ਪਿੰਡ ਨੰਗਲ ਮੱਝਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦਾ ਉਦਘਾਟਨ ਸ: ਪ੍ਰਸ਼ੋਤਮ ਸਿੰਘ ਸ਼ੇਰਗਿੱਲ 28 ਜਨਵਰੀ ਨੂੰ ਕਰਨਗੇ ਅਤੇ ਉਪਨ ਪਿੰਡ ਪੱਧਰ ਦੇ ਮੁਕਾਬਲੇ ਕਰਵਾਏ ਜਾਣਗੇ। ਇਨਾਮ ਵੰਡ ਸਮਾਰੋਹ 30 ਜਨਵਰੀ ਨੂੰ ਸ਼ਾਮ 4 ਵਜੇ ਹੋਵੇਗਾ।

36ਵਾਂ ਸ਼ਹੀਦ ਬਚਨ ਸਿੰਘ ਯਾਦਗਾਰੀ ਕਬੱਡੀ ਕੱਪ ਸ਼ੁਰੂ

ਦਿੜ੍ਹਬਾ ਮੰਡੀ, 23 ਜਨਵਰੀ - 36ਵਾਂ ਸ਼ਹੀਦ ਬਚਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ ਦਿੜ੍ਹਬਾ ਦੇ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਦਾ ਉਦਘਾਟਨ 22 ਜਨਵਰੀ ਨੂੰ ਸਾਬਕਾ ਮੰਤਰੀ ਸ: ਬਲਦੇਵ ਸਿੰਘ ਮਾਨ ਨੇ ਕੀਤਾ। ਕੱਪ ਦੇ ਪਹਿਲੇ ਦਿਨ ਇਕ ਪਿੰਡ ਓਪਨ ਦੇ ਫਸਵੇਂ ਮੁਕਾਬਲੇ ਹੋਏ ਜਿਸ ਵਿਚ ਦਿੜ੍ਹਬਾ ਬੀ ਅਤੇ ਸਿਧਸਰ ਜਰਗੜੀ ਫਾਈਨਲ 'ਚ ਪੁੱਜੇ। ਕੱਪ ਦੇ ਵਿਚਕਾਰਲੇ ਦਿਨ ਪੰਜਾਬ ਦੀਆਂ 16 ਮਾਨਵਰ ਕਬੱਡੀ ਅਕੈਡਮੀਆਂ ਵਿਚੋਂ ਸ਼ਹੀਦ ਬਚਨ ਸਿੰਘ ਦਿੜ੍ਹਬਾ, ਬਾਬਾ ਲੋਧੀਆਣਾ ਪਰਸਰਾਮਪੁਰਾ ਕਲੱਬ, ਸ਼ਹੀਦ ਬਾਬਾ ਦੀਪ ਸਿੰਘ ਨਾਰਵੇਂ, ਡੀ.ਏ.ਵੀ. ਸ਼ੇਰੋਂ ਪੰਜਾਬ ਕੈਲੀਫੋਰਨੀਆ, ਗੁਰੂ ਨਾਨਕ ਕਲੱਬ ਨਕੋਦਰ, ਦਸਮੇਸ਼ ਕਲੱਬ, ਅਲੰਕਾਰ ਟੋਨੀ ਕੂਬੇ ਅਤੇ ਸ਼ਹੀਦ ਹਾਂਸਾ ਸਿੰਘ ਕਲੱਬ ਬੱਛੂਆਣਾ ਕਬੱਡੀ ਟੀਮਾਂ ਕੁਆਰਟਰ ਫਾਈਨਲ 'ਚ ਪਹੁੰਚੀਆਂ। 23 ਜਨਵਰੀ ਨੂੰ ਸ਼ਾਮ 5 ਵਜੇ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਆਪਣੇ ਖੁੱਲ੍ਹੇ ਅਖਾੜੇ ਰਾਹੀਂ ਕੱਪ ਵਿਚ ਆਉਣਗੇ।

54ਵਾਂ ਲਾਲਾ ਲਾਜਪਤ ਰਾਏ ਖੇਡ ਮੇਲਾ ਢੁੱਡੀਕੇ ਵਿਖੇ 25 ਤੋਂ

ਮੋਗਾ/ਅਜੀਤਵਾਲ, 23 ਜਨਵਰੀ - 54ਵਾਂ ਲਾਲਾ ਲਾਜਪਤ ਰਾਏ ਖੇਡ ਮੇਲਾ 25 ਤੋਂ 28 ਜਨਵਰੀ ਤੱਕ ਸਰਕਾਰੀ ਕਾਲਜ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। 25 ਜਨਵਰੀ ਨੂੰ ਹਾਕੀ ਮੈਚਾਂ ਦਾ ਉਦਘਾਟਨ ਐਨ.ਆਰ.ਆਈ. ਜਗਜੀਤ ਸਿੰਘ ਰਾਣਾ ਕਰਨਗੇ ਤੇ ਸਮਾਗਮ ਦੇ ਮੁੱਖ ਮਹਿਮਾਨ ਆਰ.ਐਸ. ਗਿੱਲ ਚੀਫ਼ ਇੰਜੀਨੀਅਰ ਮੰਡੀ ਕਰਨ ਬੋਰਡ ਹੋਣਗੇ। 26 ਜਨਵਰੀ ਨੂੰ ਸਰਪੰਚ ਬਲਜਿੰਦਰ ਕੌਰ ਢੁੱਡੀਕੇ ਝੰਡਾ ਲਹਿਰਾਉਣਗੇ ਅਤੇ ਜਨਰਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਉਤਰੀ ਜ਼ੋਨ ਸਕੂਲੀ ਬੱਚਿਆਂ ਨੂੰ ਇਨਾਮਾਂ ਦੀ ਵੰਡ ਕਰਨਗੇ। ਇਸ ਮੌਕੇ ਇਕ ਲੱਖ ਰੁਪਏ ਦਾ ਚੈੱਕ ਮੇਲਾ ਕਮੇਟੀ ਨੂੰ ਪੰਜਾਬ ਨੈਸ਼ਨਲ ਬੈਂਕ ਵੱਲੋਂ ਭੇਟ ਕੀਤਾ ਜਾਵੇਗਾ। 27 ਜਨਵਰੀ ਨੂੰ ਹਾਕੀ ਦੀਆਂ ਟੀਮਾਂ ਤੇ ਨਾਲ ਹੀ ਕਬੱਡੀ ਓਪਨ ਪਿੰਡ ਵਾਰ ਦੇ ਮੁਕਾਬਲੇ ਕਰਵਾਏ ਜਾਣਗੇ। ਜਗਜੀਤ ਸਿੰਘ ਰਾਣਾ ਵੱਲੋਂ ਆਪਣੇ ਭਰਾਤਾ ਦੀ ਯਾਦ ਵਿਚ ਤਿੰਨ ਫੁੱਟ ਦਾ ਗੋਲਡ ਕੱਪ ਰਨਿੰਗ ਟਰਾਫ਼ੀ ਦੇ ਤੌਰ 'ਤੇ ਸ਼ੁਰੂ ਕੀਤਾ ਜਾਵੇਗਾ। 28 ਜਨਵਰੀ ਨੂੰ ਪੰਜਾਬ ਦੀਆਂ ਨਾਮਵਰ ਕਬੱਡੀ ਅਕੈਡਮੀਆਂ ਦੇ ਮੈਚ ਹੋਣਗੇ। ਜੇਤੂ ਟੀਮ ਇਕ ਲੱਖ ਤੇ ਉਪ ਜੇਤੂ ਨੂੰ 75000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲਾਲਾ ਜੀ ਦਾ ਕੈਲੰਡਰ ਜਾਰੀ ਕੀਤਾ ਜਾਵੇਗਾ ਜੋ ਐਨ. ਆਰ. ਆਈ. ਵੀਰਾਂ ਨੂੰ ਸਮਰਪਿਤ ਹੋਵੇਗਾ।

ਕੋਟਦੁੰਨਾਂ ਦਾ 8ਵਾਂ ਖੇਡ ਮੇਲਾ 26 ਤੋਂ

ਧਨੌਲਾ, 23 ਜਨਵਰੀ - 8ਵਾਂ ਸ਼ਾਨਦਾਰ ਖੇਡ ਮੇਲਾ 26 ਤੋਂ 28 ਜਨਵਰੀ ਨੂੰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੁੰਨਾਂ ਵਿਖੇ ਬਾਬਾ ਸਿੱਧ ਸਪੋਰਟਸ ਕਲੱਬ ਰਜਿ: ਕੋਟਦੁੰਨਾਂ ਅਤੇ ਕੋਠੇ ਵਾਹਿਗੁਰੂ ਪੁਰਾ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦਾ ਉਦਘਾਟਨ ਬਾਬਾ ਕਿਸ਼ਨ ਦਾਸ ਅਤੇ ਬਾਬਾ ਸਰਵਨ ਦਾਸ ਵੱਲੋਂ ਕੀਤਾ ਜਾਵੇਗਾ। ਇਨਾਮ ਵੰਡ ਸਮਾਰੋਹ ਮੌਕੇ ਕੈਬਨਿਟ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੇਲੇ ਦੌਰਾਨ ਫੁਟਬਾਲ ਅਤੇ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ ਸਵਾ ਲੱਖ ਰੁਪਏ ਦੇ ਕਰੀਬ ਨਕਦ ਇਨਾਮ ਦਿੱਤੇ ਜਾਣਗੇ।

ਸਾਈ ਕੋਚ ਚੰਗੀ ਮਿਹਨਤ ਕਰਨ

ਕੋਲਕਾਤਾ, 23 ਜਨਵਰੀ - ਕੇਂਦਰੀ ਖੇਡ ਮੰਤਰੀ ਸ. ਮਨੋਹਰ ਸਿੰਘ ਗਿਲ ਨੇ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਦੇ ਕੋਚਾਂ ਨੂੰ ਕਿਹਾ ਕਿ ਦੇਸ਼ ਦੇ ਖਿਡਾਰੀਆਂ ਵੱਲੋਂ ਵਧੀਆ ਨਤੀਜੇ ਨਾ ਦਿੱਤੇ ਜਾਣ 'ਤੇ ਉਨ੍ਹਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਨਵੇਂ ਖਿਡਾਰੀਆਂ ਨੂੰ ਸਿਖਲਾਈ 'ਚ ਕੋਚਾਂ ਵੱਲੋਂ ਅਪਣਾਇਆ ਜਾਂਦਾ ਢਿੱਲ-ਮੱਠ ਵਾਲਾ ਵਤੀਰਾ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਮੰਤਰਾਲੇ ਵੱਲੋਂ ਪੇਂਡੂ ਖੇਤਰਾਂ 'ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਜਾਰੀ ਤਿਆਰੀ ਦੌਰਾਨ ਕੋਚਾਂ ਨੂੰ ਕਿਤੇ ਵੀ ਭੇਜਿਆ ਜਾ ਸਕਦਾ ਹੈ ਇਸ ਲਈ ਉਨ੍ਹਾਂ ਨੂੰ ਹਰ ਤਰ੍ਹਾਂ ਨਾਲ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਈ ਦੇ ਬੰਗਲੌਰ, ਪਟਿਆਲਾ ਅਤੇ ਕੋਲਕਾਤਾ ਵਿਖੇ ਜਾਰੀ ਕੇਂਦਰਾਂ 'ਚ ਕੋਚਾਂ ਦੀ ਭਰਤੀ ਤੋਂ ਇਲਾਵਾ ਸਿਖਲਾਈ ਲੈਣ ਵਾਲੇ ਖਿਡਾਰੀਆਂ ਲਈ ਹੋਰ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸ. ਗਿੱਲ ਨੇ ਸਾਈ ਦੇ ਕੇਂਦਰ ਵਿਖੇ ਇਕ ਤਰਨਤਾਲ ਦਾ ਉਦਘਾਟਨ ਵੀ ਕੀਤਾ।

ਜਰਖੜ ਖੇਡਾਂ 2009
ਵਾਲੀਬਾਲ ਵਿਚ ਪੰਜਾਬ ਪੁਲਿਸ, ਹੈਂਡ ਬਾਲ ਤੇ ਬਾਸਕਟਬਾਲ ਲੁਧਿਆਣਾ ਦੀਆਂ ਟੀਮਾਂ ਦੀ ਬੱਲੇ ਬੱਲੇ

ਲੁਧਿਆਣਾ 22 ਜਨਵਰੀ - ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਦੀ ਸਰਪ੍ਰਸਤੀ ਹੇਠ ਪਿੰਡ ਜਰਖੜ ਦੇ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ 'ਚ ਮਾਡਰਨ ਪੇਂਡੂ ਮਿੰਨੀ ਪੰਜਾਬ ਉਲੰਪਿਕ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਦੂਸਰੇ ਦਿਨ ਵੱਖ ਵੱਖ ਪੰਜ ਖੇਡਾਂ ਵਿਚ ਫਾਈਨਲ ਮੁਕਾਬਲੇ ਹੋਏ। ਉਨ੍ਹਾਂ ਵਿਚ ਵਾਲੀਬਾਲ ਮੁੰਡਿਆਂ ਵਿਚ ਪੰਜਾਬ ਪੁਲਿਸ ਤੇ ਹੈਂਡ ਬਾਲ ਮੁੰਡਿਆਂ ਤੇ ਕੁੜੀਆਂ ਵਿਚ ਲੁਧਿਆਣਾ ਅਤੇ ਬਾਸਕਟਬਾਲ ਕੁੜੀਆਂ ਵਿਚ ਲੁਧਿਆਣਾ ਦੀਆਂ ਟੀਮਾਂ ਚੈਂਪੀਅਨ ਬਣੀਆਂ। ਬਾਸਕਟਬਾਲ ਕੁੜੀਆਂ ਵਿਚ ਲੁਧਿਆਣਾ ਨੇ ਜਲੰਧਰ ਨੂੰ ਹਰਾ ਕੇ ਬੀਬੀ ਸੁਰਜੀਤ ਕੌਰ ਯਾਦਗਾਰੀ ਟਰਾਫ਼ੀ 'ਤੇ ਕਬਜ਼ਾ ਕੀਤਾ, ਜਦਕਿ ਹੈਂਡ ਬਾਲ ਲੜਕੀਆਂ ਦੇ ਫਾਈਨਲ ਵਿਚ ਲੁਧਿਆਣਾ ਨੇ ਰੋਪੜ ਨੂੰ 22-15 ਨਾਲ, ਹੈਂਡ ਬਾਲ ਮੁੰਡਿਆਂ ਵਿਚ ਲੁਧਿਆਣਾ ਨੇ ਪਟਿਆਲਾ 27-19 ਨਾਲ ਹਰਾ ਕੇ ਖ਼ਿਤਾਬੀ ਜਿੱਤ ਹਾਸਲ ਕੀਤੀ। ਹਾਕੀ ਮੁੰਡਿਆਂ ਦੇ ਵਰਗ ਵਿਚ ਜਰਖੜ ਅਕੈਡਮੀ ਨੇ ਬਹਾਦਰਗੜ੍ਹ ਨੂੰ 2-0, ਸਿੰਧ ਬੈਂਕ ਅਕੈਡਮੀ ਨੇ ਸੰਗਰੂਰ ਅਕੈਡਮੀ ਨੂੰ 3-0 ਨਾਲ, ਚੰਡੀਗੜ੍ਹ ਅਕੈਡਮੀ ਨੇ ਕਿਲ੍ਹਾ ਰਾਏਪੁਰ ਅਕੈਡਮੀ ਨੂੰ 5-0 ਨਾਲ, ਹਰਿਆਣਾ ਇਲੈਵਨ ਨੇ ਜਗਤਾਰ ਇਲੈਵਨ ਨੂੰ 5-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕੀਤੀ। ਹਾਕੀ ਲੜਕੀਆਂ ਵਿਚ ਹਰਿਆਣਾ ਨੇ ਚੰਡੀਗੜ੍ਹ ਨੂੰ 3-0, ਡੀ. ਏ. ਵੀ. ਅੰਮ੍ਰਿਤਸਰ ਨੇ ਲੁਧਿਆਣਾ ਨੂੰ 2-0 ਨਾਲ ਹਰਾਇਆ। ਕਬੱਡੀ ਇਕ ਪਿੰਡ ਓਪਨ ਵਿਚ ਲੋਹ ਗੜ੍ਹ ਨੇ ਲਸਾਰਾ ਨੂੰ 21-20 ਨਾਲ ਹਰਾ ਕੇ ਕਬੱਡੀ ਕੱਪ ਤੇ ਕਬਜ਼ਾ ਕੀਤਾ। ਖੇਡਾਂ ਦੇ ਫਾਈਨਲ ਸਮਾਰੋਹ 'ਤੇ ਕਨੇਡਾ ਦੇ ਮੀਡੀਆ ਦੇ ਚਰਚਿਤ ਪੱਤਰਕਾਰ ਹਰਜਿੰਦਰ ਸਿੰਘ ਥਿੰਦ ਅਤੇ ਸਤਿੰਦਰ ਪਾਲ ਸਿੰਘ ਸਿਧਵਾਂ ਉਚੇਚੇ ਤੌਰ 'ਤੇ ਪੁੱਜਣਗੇ। 23 ਜਨਵਰੀ ਨੂੰ ਹਰਭਜਨ ਮਾਨ, ਭਗਵੰਤ ਮਾਨ ਅਤੇ ਮੰਨਾ ਢਿੱਲੋਂ ਦਾ ਖੁੱਲ੍ਹਾ ਅਖਾੜਾ ਲੱਗੇਗਾ, ਉਥੇ ਕਬੱਡੀ ਆਲ ਓਪਨ, ਹਾਕੀ, ਬਾਸਕਟਬਾਲ ਦੇ ਫਾਈਨਲ ਮੁਕਾਬਲੇ ਵੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਖੇਡ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਪ੍ਰਿੰ. ਸਰਵਣ ਸਿੰਘ ਢੁੱਡੀਕੇ, ਸਰਦਾਰਾ ਸਿੰਘ ਨਾਮਧਾਰੀ ਤੇ ਜਸਜੀਤ ਕੌਰ ਦਾ ਇਸ ਮੌਕੇ ਵਿਸ਼ੇਸ਼ 'ਤੇ ਵਿਸ਼ੇਸ਼ ਸਨਮਾਨ ਹੋਵੇਗਾ। ਜਰਖੜ ਖੇਡਾਂ ਦੇ ਫਾਈਨਲ ਮੁਕਾਬਲਿਆਂ ਅਤੇ ਹਰਭਜਨ ਮਾਨ ਦੇ ਖੁੱਲ੍ਹੇ ਅਖਾੜੇ ਦਾ ਸਿੱਧਾ ਪ੍ਰਸਾਰਣ ਫਾਸਟ ਵੇਅ ਟੀ. ਵੀ. ਚੈਨਲ ਵਲੋਂ ਕੀਤਾ ਜਾਵੇਗਾ।

ਜਰਖੜ ਖੇਡਾਂ 'ਤੇ ਸਨਮਾਨਿਤ ਹੋਣ ਵਾਲੀ ਸਖਸ਼ੀਅਤਾਂ

ਪੰਜਾਬ ਦੀਆਂ ਪੇਂਡੂ ਖੇਡਾਂ ਵਿਚ ਮਾਡਰਨ ਮਿੰਨੀ ਉਲੰਪਿਕ ਖੇਡਾਂ ਦਾ ਦਰਜਾ ਹਾਸਿਲ ਕਰਨ ਵਾਲੀਆਂ ਜਰਖੜ ਖੇਡਾਂ ਦੀ ਵੱਡੀ ਖਾਸੀਅਤ ਜਿਥੇ ਇਹ ਹੈ ਕਿ ਕੌਮਾਂਤਰੀ ਪੱਧਰ ਦੀਆਂ ਖੇਡਾਂ ਨੂੰ ਹੀ ਹਰ ਪੱਖੋਂ ਤਰਜੀਹ ਦਿੱਤੀ ਜਾਂਦੀ ਹੈ, ਉਥੇ ਹਰ ਵਰ੍ਹੇ 5 ਪ੍ਰਮੁੱਖ ਖੇਡ ਐਵਾਰਡ ਜੋ ਦੇਸ਼ ਦੀਆਂ ਉਘੀਆਂ ਖੇਡ ਸ਼ਖਸੀਅਤਾਂ ਨੂੰ ਦਿੱਤੇ ਜਾਂਦੇ ਹਨ, ਉਹ ਖੇਡਾਂ ਦਾ ਮੁੱਖ ਆਕਰਸ਼ਨ ਹੁੰਦੇ ਹਨ। ਹਰ ਵਰ੍ਹੇ ਖੇਡਾਂ ਦੇ ਫਾਈਨਲ ਸਮਾਗਮ 'ਤੇ ਇਹ ਐਵਾਰਡ ਸਨਮਾਨਿਤ ਹੋਣ ਵਾਲੀਆਂ ਸਖਸ਼ੀਅਤਾਂ ਨੂੰ ਖੁੱਲ੍ਹੀਆਂ ਜੀਪਾਂ 'ਚ ਦਰਸ਼ਕਾਂ ਦੇ ਰੁਬਰੂ ਕੀਤਾ ਜਾਂਦਾ ਹੈ ਅਤੇ ਫਿਰ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਕੇ ਨਕਦ ਰਾਸ਼ੀ ਤੇ ਯਾਦਗਾਰੀ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰ ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਿਲ ਦੀ ਸਰਪ੍ਰਸਤੀ ਹੇਠ ਮਾਤਾ ਸਾਹਿਬ ਕੌਰ ਸਪੋਰਟਸ ਕਲੱਬ ਵਲੋਂ ਜਰਖੜ ਖੇਡਾਂ ਦੇ ਆਖਰੀ ਦਿਨ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਐਵਾਰਡ ਹਾਕੀ ਸਟਾਰ ਸਰਦਾਰਾ ਸਿੰਘ, ਉਲੰਪੀਅਨ ਪ੍ਰਿਥੀਪਾਲ ਸਿੰਘ ਐਵਾਰਡ ਹਾਕੀ ਸਟਾਰ ਜਸਜੀਤ ਕੌਰ ਰੇਲਵੇ, ਅਮਰਜੀਤ ਗਰੇਵਾਲ ਪ੍ਰਮੋਟਰ ਆਫ ਸਪੋਰਟਸ ਐਵਾਰਡ ਪ੍ਰਿੰ. ਸਰਵਣ ਸਿੰਘ ਢੁੱਡੀਕੇ , ਪੰਜਾਬ ਦਾ ਸਭਿਆਚਾਰ ਦਾ ਮਾਣ ਐਵਾਰਡ ਲੋਕ ਗਾਇਕ ਅਤੇ ਉਘੇ ਫਿਲਮੀ ਅਦਾਕਾਰ ਹਰਭਜਨ ਮਾਨ ਅਤੇ ਕਾਮੇਡੀ ਦੇ ਕਿੰਗ ਭਗਵੰਤ ਮਾਨ ਨੂੰ ਦਿੱਤਾ ਜਾਵੇਗਾ।

ਹਾਕੀ ਸਟਾਰ, ਸਰਦਾਰਾ ਸਿੰਘ ਨਾਮਧਾਰੀ

ਸਰਦਾਰਾ ਸਿੰਘ ਨਾਮਧਾਰੀ ਨੇ ਆਪਣੇ ਭਰਾ ਅੰਤਰ ਰਾਸ਼ਟਰੀ ਖਿਡਾਰੀ ਦੀਦਾਰ ਸਿੰਘ ਤੋਂ ਪ੍ਰੇਰਣਾ ਲੈ ਕੇ ਪਿਤਾ ਗੁਰਨਾਮ ਸਿੰਘ ਦੀ ਛੱਤਰ ਛਾਇਆ ਹੇਠ ਸੰਤ ਨਗਰ (ਹਰਿਆਣਾ) ਤੋਂ ਹਾਕੀ ਦਾ ਸਫਰ ਸ਼ੁਰੂ ਕੀਤਾ। ਨਾਮਧਾਰੀ ਹਾਕੀ ਇਲੈਵਨ ਅਕੈਡਮੀ ਵਿਚ ਖੇਡਦਿਆਂ ਕੋਚ ਹਰਮਿੰਦਰਪਾਲ ਸਿੰਘ ਤੋਂ ਹਾਕੀ ਦੇ ਦਾਅ-ਪੇਚ ਸਿੱਖ ਕੇ ਨਾ ਸਿਰਫ ਆਪਣੇ ਵਧੀਆ ਹਾਕੀ ਹੁਨਰ ਸਦਕਾ ਆਪਣੀ ਪਹਿਚਾਣ ਦੁਨੀਆ ਵਿਚ ਬਣਾਈ। ਸੈਂਟਰ ਆਫ ਦੀ ਸਾਈਡ 'ਤੇ ਖੇਡਦਿਆਂ ਸਰਦਾਰਾ ਸਿੰਘ ਨੇ ਕਈ ਅੰਤਰ ਰਾਸ਼ਟਰੀ ਮੈਚਾਂ ਵਿਚ ਵਿਸ਼ਵ ਜੇਤੂ ਕਪਤਾਨ ਅਜੀਤਪਾਲ ਸਿੰਘ ਦੀ ਖੇਡ ਦੀ ਯਾਦ ਨੂੰ ਤਾਜ਼ਾ ਕਰਵਾਇਆ। ਪਿਛਲੇ ਸਾਲ ਸੁਲਤਾਨ ਅਜਨਾਲ ਸ਼ਾਹ ਹਾਕੀ ਕੱਪ ਵਿਚ ਸਰਦਾਰਾ ਸਿੰਘ ਨੂੰ ਛੋਟੀ ਉਮਰੇ ਕਪਤਾਨੀ ਕਰਨ ਦਾ ਮਾਣ ਮਿਲਿਆ ਅਤੇ ਉਸ ਦੀ ਕਪਤਾਨੀ ਹੇਠ ਭਾਰਤ ਨੇ 13 ਸਾਲ ਦੇ ਵਕਫੇ ਤੋਂ ਬਾਅਦ ਚਾਂਦੀ ਦਾ ਤਗਮਾ ਜਿੱਤਿਆ। ਉਸ ਦੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਪਹਿਲਾਂ ਇੰਡੀਅਨ ਆਇਲ ਨੇ ਸੀਨੀਅਰ ਅਧਿਕਾਰੀ ਦੀ ਨੌਕਰੀ, ਫਿਰ ਹਰਿਆਣਾ ਸਰਕਾਰ ਨੇ ਡੀ. ਐਸ. ਪੀ. ਦੇ ਅਹੁਦੇ 'ਤੇ ਬਿਰਾਜਮਾਨ ਕੀਤਾ। ਅੰਤਰ ਰਾਸ਼ਟਰੀ ਪੱਧਰ 'ਤੇ ਉਸ ਦੀਆਂ ਹਾਕੀ ਪ੍ਰਾਪਤੀਆਂ ਨੂੰ ਵੇਖਦਿਆਂ 23ਵੀਆਂ ਜਰਖੜ ਖੇਡਾਂ ਵਿਚ ਉਸ ਨੂੰ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।

ਭਾਰਤੀ ਹਾਕੀ ਸਟਾਰ, ਜਸਜੀਤ ਕੌਰ

ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਦੀ ਉਪਜ ਅਤੇ ਸਭ ਤੋਂ ਘੱਟ ਉਮਰੇ ਹੀ ਅੰਤਰ ਰਾਸ਼ਟਰੀ ਹਾਕੀ ਖੇਡ ਵਿਚ ਆਪਣੀ ਪਹਿਚਾਣ ਸਦਕਾ ਜਸਜੀਤ ਕੌਰ ਦਾ ਨਾਮ ਕਿਸੇ ਪਛਾਣ ਦਾ ਮੁਥਾਜ ਨਹੀਂ। 2004 ਏਸ਼ੀਆ ਕੱਪ ਦੇ ਫਾਈਨਲ ਵਿਚ ਜਪਾਨ ਵਿਰੁੱਧ ਕੀਤੇ ਗੋਲ ਸਦਕਾ ਜਸਜੀਤ ਦੁਨੀਆ ਦੀ ਸਟਾਰ ਬਣੀ। ਕੋਚ ਬਲਦੇਵ ਸਿੰਘ ਸ਼ਾਹਬਾਦ ਮਾਰਕੰਡਾ ਦੀ ਟ੍ਰੇਨੀ ਜਸਜੀਤ ਕੌਰ ਨੇ 14 ਸਾਲ ਦੀ ਉਮਰ ਵਿਚ ਭਾਰਤੀ ਹਾਕੀ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਕੀਤਾ। ਭਾਰਤ ਵਲੋਂ ਖੇਡਦਿਆਂ ਜਸਜੀਤ ਕੌਰ ਨੇ ਕਾਮਨਵੈਲਥ ਖੇਡਾਂ, ਐਫਰੋ ਏਸ਼ੀਅਨ ਖੇਡਾਂ ਅਤੇ ਏਸ਼ੀਆ ਕੱਪ ਨਵੀਂ ਦਿੱਲੀ ਵਿਚ ਸੋਨ ਤਗਮੇ ਜਿੱਤਦਿਆਂ ਕਈ ਹੋਰ ਵੱਡੀਆਂ ਪ੍ਰਾਪਤੀਆਂ ਕੀਤੀਆਂ। ਉਸ ਦੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਜਰਖੜ ਖੇਡਾਂ 'ਤੇ ਉਲੰਪੀਅਨ ਪ੍ਰਿਥੀਪਾਲ ਸਿੰਘ ਐਵਾਰਡ ਨਾਲ 23 ਜਨਵਰੀ ਨੂੰ ਸਨਮਾਨਿਆ ਜਾ ਰਿਹਾ ਹੈ।

ਖੇਡ ਲਿਖਤਾਂ ਦੇ ਉਲੰਪੀਅਨ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ

ਪ੍ਰਿੰ. ਸਰਵਣ ਸਿੰਘ ਢੁੱਡੀਕੇ ਨੇ ਪੰਜਾਬੀ ਜ਼ੁਬਾਨ ਵਿਚ ਖੇਡਾਂ ਬਾਰੇ ਲਿਖਣ ਸਦਕਾ ਜਿਥੇ ਪੰਜਾਬ ਦੀਆਂ ਖੇਡਾਂ ਦਾ ਇਤਿਹਾਸ ਸਾਂਭਿਆ ਹੈ, ਉਥੇ ਉਨ੍ਹਾਂ ਦੀ ਲਿਖਤਾਂ ਪੜ੍ਹ ਕੇ ਬਹੁਤ ਸਾਰੇ ਖੇਡ ਲੇਖਕ ਵੀ ਬਣੇ। ਪਿੰਡ ਚੱਕਰ ਤੋਂ ਜ਼ਿੰਦਗੀ ਦਾ ਸਫਰ ਸ਼ੁਰੂ ਕਰਕੇ ਨਵੀਂ ਦਿੱਲੀ, ਪੰਜਾਬ ਦੇ ਕਈ ਸਕੂਲਾਂ ਕਾਲਜਾਂ ਵਿਚ ਬਤੌਰ ਅਧਿਆਪਕ ਪੜ੍ਹਾਉਂਦਿਆਂ ਅਤੇ ਖਿਡਾਰੀਆਂ ਦੀਆਂ ਗੱਲਾਂ ਕਰਦਿਆਂ ਪੰਜਾਬ ਦੇ ਖੇਡ ਇਤਿਹਾਸ ਨੂੰ ਲਿਖਦਿਆਂ, ਸੰਭਾਲਦਿਆਂ ਪੰਜਾਬੀਆਂ ਦੀਆਂ ਚਹੇਤੀਆਂ ਖੇਡਾਂ ਦੀ ਕਵਰੇਜ਼ ਨੂੰ ਅੰਤਰ ਰਾਸ਼ਟਰੀ ਪੱਧਰ 'ਤੇ ਪਹੁੰਚਾਇਆ। ਮਾਂ ਬੋਲੀ ਪੰਜਾਬੀ ਨੂੰ ਆਪਣੀਆਂ ਲਿਖਤਾਂ ਰਾਹੀਂ ਹੋਰ ਅਮੀਰ ਬਣਾਉਣ ਦੇ ਨਾਲ ਨਾਲ ਖੇਡਾਂ ਨੂੰ ਇਕ ਵਧੀਆ ਮੁਕਾਮ ਦੇਣ ਲਈ ਹਰ ਪੰਜਾਬੀ ਆਪ ਨੂੰ ਖੇਡ ਲਿਖਤਾਂ ਦੇ ਉਲੰਪੀਅਨ ਵਜੋਂ ਸਨਮਾਨਦਾ ਹੈ। ਪ੍ਰਿੰ. ਸਰਵਣ ਸਿੰਘ ਦੀਆਂ ਖੇਡ ਜਗਤ ਪ੍ਰਤੀ ਪ੍ਰਾਪਤੀਆਂ ਨੂੰ ਵੇਖਦਿਆਂ ਜਰਖੜ ਖੇਡਾਂ 'ਤੇ ਖੇਡ ਪ੍ਰਮੋਟਰ ਅਮਰਜੀਤ ਗਰੇਵਾਲ ਐਵਾਰਡ ਨਾਲ ਸਨਮਾਨਿਆ ਜਾ ਰਿਹਾ ਹੈ।

ਹਰਮਨ ਪਿਆਰੇ ਲੋਕ ਗਾਇਕ ਅਤੇ ਅਦਾਕਾਰ ਹਰਭਜਨ ਮਾਨ

30 ਦਸੰਬਰ 1965 ਨੂੰ ਪਿੰਡ ਖੇਮੋਆਣਾ ਜ਼ਿਲ੍ਹਾ ਬਠਿੰਡਾ ਪਿਤਾ ਹਰਨੇਕ ਸਿੰਘ ਮਾਨ ਦੇ ਘਰੋਂ ਜ਼ਿੰਦਗੀ ਦਾ ਸਫਰ ਸ਼ੁਰੂ ਕਰਕੇ ਬਾਪੂ ਕਰਨੈਲ ਸਿੰਘ ਪਾਰਸ ਦੀ ਪ੍ਰੇਰਣਾ ਸਦਕਾ ਗਾਇਕੀ ਦਾ ਸਫਰ ਸ਼ੁਰੂ ਕਰਕੇ ਹਰਭਜਨ ਮਾਨ ਨੇ ਸਾਫ਼ ਸੁਥਰੀ ਮਨਾਂ ਨੂੰ ਟੁੰਬਣ ਵਾਲੀ ਬੁਲੰਦ ਆਵਾਜ਼ ਵਾਲੀ ਗਾਇਕੀ ਅਤੇ ਪੰਜਾਬੀਆਂ ਨੂੰ ਸਮਾਜਿਕ ਮੁੱਦਿਆਂ ਬਾਰੇ ਸਾਫ਼ ਸੁਥਰੀਆਂ ਮਨੋਰੰਜਨ ਭਰਪੂਰ ਫ਼ਿਲਮਾਂ ਦੇਣ ਸਦਕਾ ਜਿਥੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ, ਉਥੇ ਬਤੌਰ ਇਨਸਾਨ ਵਧੀਆ ਮਿੱਠੇ ਅਤੇ ਮਿਲਣਸਾਰ ਸੁਭਾਅ ਪੱਖੋਂ ਆਪਣੀ ਵੱਖਰੀ ਪਹਿਚਾਣ ਕਾਇਮ ਕੀਤੀ ਹੈ। ਹਰਭਜਨ ਮਾਨ ਨੇ ਪੰਜਾਬੀਆਂ ਨੂੰ 5 ਫਿਲਮਾਂ ਅਤੇ 20 ਦੇ ਕਰੀਬ ਕੈਸੇਟਾਂ ਦਰਸ਼ਕਾਂ ਦੇ ਰੂਬਰੂ ਕੀਤੀਆਂ। ਹਰਭਜਨ ਮਾਨ ਦੀਆਂ ਸਭਿਆਚਾਰਕ ਖੇਤਰ ਨੂੰ ਮਾਣ ਮੱਤੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਜਰਖੜ ਖੇਡਾਂ 'ਤੇ ਹਰਭਜਨ ਮਾਨ ਨੂੰ ਸਭਿਆਚਾਰ ਦਾ ਮਾਣ ਐਵਾਰਡ ਨਾਲ ਸਨਮਾਨਿਆ ਜਾ ਰਿਹਾ ਹੈ।

ਹਰਮਨ ਪਿਆਰੇ ਕਮੇਡੀ ਕਿੰਗ ਭਗਵੰਤ ਮਾਨ

17 ਅਕਤੂਬਰ 1971 ਨੂੰ ਜਨਮੇ ਭਗਵੰਤ ਮਾਨ ਨੇ ਜ਼ਿੰਦਗੀ ਦਾ ਸਫਰ ਸੰਗਰੂਰ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਅਤੇ ਆਪਣੀ ਕਾਮੇਡੀ ਦਾ ਸਫਰ 14 ਅਪ੍ਰੈਲ 1992 ਨੂੰ ਗੋਬਿੰਦਗੜ੍ਹ ਦੇ ਇਕ ਥੀਏਟਰ ਤੋਂ ਸ਼ੁਰੂ ਕਰਕੇ ਸਮਾਜਿਕ ਮੁੱਦਿਆਂ ਨੂੰ ਬੜੇ ਨਿਵੇਕਲੇ ਢੰਗ ਨਾਲ ਕਾਮੇਡੀ ਰਾਹੀਂ ਉਭਾਰ ਕੇ ਫ਼ਿਲਮਾਂ, ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਟੈਲੀਵੀਜ਼ਨ ਚੈਨਲਾਂ ਅਤੇ ਹੋਰ ਮਾਧਿਅਮਾਂ ਰਾਹੀਂ ਸਾਫ਼ ਸੁਥਰੀ ਕਾਮੇਡੀ ਦੇ ਦੁਨੀਆ ਦੇ ਇਕ ਵੱਡੇ ਵਰਗ ਨੂੰ ਆਪਣਾ ਮੁਰੀਦ ਬਣਾਇਆ। ਭਗਵੰਤ ਮਾਨ ਨੇ ਪੰਜਾਬੀਆਂ ਨੂੰ ਕੌਮਾਂਤਰੀ ਪੱਧਰ 'ਤੇ ਵੱਡਾ ਨਾਮਣਾ ਦਿੱਤਾ। 1992 ਤੋਂ ਲੈ ਕੇ 2009 ਤੱਕ ਦੋ ਦਰਜਨ ਦੇ ਕਰੀਬ ਭਗਵੰਤ ਮਾਨ ਦੀਆਂ ਕੈਸੇਟਾਂ ਨੂੰ ਲੋਕਾਂ ਨੇ ਅਥਾਹ ਪਿਆਰ ਦਿੱਤਾ। ਭਗਵੰਤ ਮਾਨ ਦੀਆਂ ਸਭਿਆਚਾਰ ਜਗਤ ਪ੍ਰਤੀ ਪ੍ਰਾਪਤੀਆਂ ਨੂੰ ਵੇਖਦਿਆਂ ਜਰਖੜ ਖੇਡਾਂ 'ਤੇ 23 ਜਨਵਰੀ ਨੂੰ ਸਭਿਆਚਾਰ ਦਾ ਮਾਣ ਐਵਾਰਡ ਨਾਲ ਸਨਮਾਨਿਆ ਜਾ ਰਿਹਾ ਹੈ।

ਕਬੱਡੀ ਓਪਨ 'ਚ ਸੈਦੋਕੇ ਦੀ ਝੰਡੀ

ਬਾਘਾ ਪੁਰਾਣਾ, 22 ਜਨਵਰੀ - ਗੋਲਡ ਕਬੱਡੀ ਕੱਪ ਬਾਘਾ ਪੁਰਾਣਾ ਵਿਖੇ ਕੈਲਗਿਰੀ ਕੈਨੇਡਾ ਸਪੋਰਟਸ ਕਲੱਬ ਵੱਲੋਂ ਚੱਲ ਰਿਹਾ ਹੈ। ਇਸ ਦਾ ਉਦਘਾਟਨ ਸਮਾਗਮ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਮੁੱਖ ਮਹਿਮਾਨ ਨੇ ਕੀਤਾ। ਇਸ ਕਬੱਡੀ ਕੱਪ ਦੇ ਤੀਸਰੇ ਦਿਨ ਕੁਮੈਂਟਰੀ ਸੁੱਖਾ ਕੰਡਿਆਲ, ਬਿੰਦਰ ਮਿਸ਼ਰੀ ਵਾਲਾ, ਜੀਵਨ ਤਲਵੰਡੀ ਨੇ ਕੀਤੀ। ਰੈਫ਼ਰੀ ਜੀਤਾ ਖੋਸਾ, ਇਕਬਾਲ ਸੈਦੋਕੇ, ਅਜਮੇਰ ਆਲਮਵਾਲਾ ਸਨ। ਕਲੱਬ ਵੱਲੋਂ ਐਲਾਨ ਕੀਤੇ ਮੁਤਾਬਿਕ ਸਰਪੰਚ ਮੋਠਾ ਘੁਮਿਆਰ ਕਬੱਡੀ ਖਿਡਾਰੀ ਨੂੰ ਬੁਲਟ ਮੋਟਰ ਸਾਈਕਲ ਨਾਲ ਨੇ ਸਨਮਾਨਿਤ ਕੀਤਾ ਗਿਆ। ਕਬੱਡੀ ਓਪਨ ਵਿਚ ਪਹਿਲਾ ਸਥਾਨ ਸੈਦੋਕੇ, ਦੂਸਰਾ ਲੰਡੇ, ਕਬੱਡੀ 65 ਕਿਲੋ ਵਿਚ ਪਹਿਲਾ ਕੰਡਿਆਲ ਤੇ ਦੂਸਰਾ ਭਿੰਡਰ ਨੇ ਪ੍ਰਾਪਤ ਕੀਤਾ।

17ਵਾਂ ਸੁੱਖੀ ਯਾਦਗਾਰੀ ਕੁਲ ਹਿੰਦ ਕਬੱਡੀ ਟੂਰਨਾਮੈਂਟ 6 ਤੋਂ

ਨਾਭਾ, 22 ਜਨਵਰੀ - 17ਵਾਂ ਸੁੱਖੀ ਯਾਦਗਾਰੀ ਕੁਲਹਿੰਦ ਕਬੱਡੀ ਟੂਰਨਾਮੈਂਟ ਅਤੇ ਸ: ਗੁਰਦਰਸ਼ਨ ਸਿੰਘ ਮੈਮੋਰੀਅਲ ਵਾਲੀਬਾਲ ਟੂਰਨਾਮੈਂਟ ਮਿਤੀ 6 ਤੋਂ 8 ਫਰਵਰੀ ਤੱਕ ਕਾਲਜ ਸਟੇਡੀਅਮ ਨਾਭਾ ਵਿਖੇ ਕਰਵਾਇਆ ਜਾ ਰਿਹਾ ਹੈ। 8 ਫਰਵਰੀ ਨੂੰ ਇਨਾਮ ਵੰਡ ਸਮਾਰੋਹ, ਰੰਗਾਰੰਗ ਪ੍ਰੋਗਰਾਮ, ਆਤਿਸ਼ਬਾਜ਼ੀ ਅਤੇ ਕੁਸ਼ਤੀਆਂ (ਸੱਦੇ ਅਖਾੜੇ) ਦੇ ਮੁਕਾਬਲੇ ਕਰਵਾਏ ਜਾਣਗੇ।

ਪਿੰਡ ਕਮਾਲ ਪੁਰੇ 'ਚ 62 ਵਾਂ ਕਲਗੀਧਰ ਟੂਰਨਾਮੈਂਟ 28 ਜਨਵਰੀ ਤੋਂ

ਜਗਰਾਓਂ, 22 ਜਨਵਰੀ - 62 ਵਾਂ ਆਲ ਇੰਡੀਆ ਕਲਗੀਧਰ ਟੂਰਨਾਮੈਂਟ 28 ਤੋਂ 31 ਜਨਵਰੀ ਤੱਕ ਪਿੰਡ ਕਾਮਲ ਪੁਰਾ 'ਚ ਕਰਵਾਇਆ ਜਾ ਰਿਹਾ ਹੈ। ਇਸ 'ਚ ਕਬੱਡੀ ਅਤੇ ਹਾਕੀ ਦੀਆਂ ਨਾਮਵਰ ਅਕੈਡਮੀਆਂ ਭਿੜਨਗੀਆਂ ਅਤੇ ਮੇਲੇ 'ਚ ਕਬੱਡੀ ਆਲ ਓਪਨ ਦੇ ਮੁਕਾਬਲਿਆਂ ਦੌਰਾਨ ਕਲੱਬਾਂ ਤੇ ਅਕੈਡਮੀਆਂ ਦੇ ਮੁਕਾਬਲੇ ਹੋਣਗੇ ਅਤੇ ਜੇਤੂ ਟੀਮ ਨੂੰ 1 ਲੱਖ ਅਤੇ ਦੂਸਰੇ ਸਥਾਨ 'ਤੇ ਰਹੀ ਟੀਮ ਨੂੰ 75 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸੇ ਤਰ੍ਹਾਂ ਹਾਕੀ 'ਚ ਕਈ ਨਾਮੀ ਅਕੈਡਮੀਆਂ ਤੇ ਟੀਮਾਂ ਗੋਲ ਦਾਗਣਗੀਆਂ। ਮੇਲੇ ਦੌਰਾਨ ਫੁੱਟਬਾਲ, ਕਬੱਡੀ 70 ਕਿਲੋ, 57 ਕਿਲੋ, ਵਾਲੀਬਾਲ (ਸ਼ੂਟਿੰਗ), ਰੱਸਾਕਸ਼ੀ ਤੇ ਕੁੱਤਿਆਂ ਦੀ ਦੌੜਾਂ ਵੀ ਹੋਣਗੀਆਂ।

46ਵਾਂ ਕਬੱਡੀ ਟੂਰਨਾਮੈਂਟ 29 ਤੋਂ

ਭੰਡਾਲ ਬੇਟ, 22 ਜਨਵਰੀ - 46ਵਾਂ ਕਬੱਡੀ ਟੂਰਨਾਮੈਂਟ 29 ਤੋਂ 31 ਜਨਵਰੀ ਤੱਕ ਪਿੰਡ ਸੁਦਾਣਾ ਦੀ ਮੈਦਾਨ 'ਚ ਬਾਬਾ ਗੋਬਿੰਦ ਦਾਸ ਦੀ ਯਾਦ ਵਿਚ ਸਮੂਹ ਪ੍ਰਵਾਸੀ ਭਾਰਤੀਆਂ ਅਤੇ ਨਗਰ ਨਿਵਾਸੀ ਪਿੰਡ ਸੁਦਾਣਾ ਜ਼ਿਲ੍ਹਾ ਜਲੰਧਰ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਕੈਲਗਰੀ ਕਲੱਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਜੀਵ ਪੰਡਿਤ ਸੁਰਖਪੁਰ ਅਤੇ ਇੰਦਰਜੀਤ ਧੁੰਨਾ ਚਮਿਆਰਾ ਨੂੰ ਵਧੀਆ ਖੇਡ ਬਦਲੇ ਬੁਲਿਟ ਮੋਟਰ ਸਾਈਕਲਾਂ ਨਾਲ 31 ਜਨਵਰੀ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।

ਜਰਖੜ ਖੇਡ ਮੇਲੇ 'ਚ ਹਾਕੀ ਸਟਾਰ ਜੁਗਰਾਜ ਸਿੰਘ, ਲੋਕ ਗਾਇਕ ਇੰਦਰ ਜੀਤ ਨਿੱਕੂ ਨੇ ਉਲੰਪਿਕ ਮਸ਼ਾਲ ਜਗਾਈ

ਲੁਧਿਆਣਾ, 21 ਜਨਵਰੀ - ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਦੀ ਸਰਪ੍ਰਸਤੀ ਹੇਠ ਪਿੰਡ ਜਰਖੜ ਦੇ ਖੇਡ ਸਟੇਡੀਅਮ 'ਚ ਮਾਡਰਨ ਪੇਂਡੂ ਮਿੰਨੀ ਪੰਜਾਬ ਉਲੰਪਿਕ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਹਾਕੀ ਸਟਾਰ ਜੁਗਰਾਜ ਸਿੰਘ ਤੇ ਲੋਕ ਗਾਇਕ ਇੰਦਰਜੀਤ ਨਿੱਕੂ, ਕੌਮਾਂਤਰੀ ਫੁੱਟਬਾਲ ਸਟਾਰ ਗੁਰਮੀਤ ਕੌਰ ਦੀ ਅਗਵਾਈ ਹੇਠ ਉਲੰਪਿਕ ਮਸ਼ਾਲ ਗੁਰਦੁਆਰਾ ਆਲਮਗੀਰ ਸਾਹਿਬ ਤੋਂ ਖਿਡਾਰੀਆਂ ਦੇ ਕਾਫ਼ਲੇ ਦੇ ਰੂਪ 'ਚ ਚਲੀ, ਜਿਸ ਦਾ ਪਿੰਡ ਆਲਮਗੀਰ, ਸਰੀਂਹ ਤੇ ਜਰਖੜ ਵਿਖੇ ਸੁਆਗਤ ਕੀਤਾ ਗਿਆ। ਜਰਖੜ ਸਟੇਡੀਅਮ 'ਚ ਭਾਈ ਨਗਾਹੀਆਂ ਸਿੰਘ ਕਾਲਜ, ਦਸ਼ਮੇਸ਼ ਪਬਲਿਕ ਸਕੂਲ ਕੈਂਡ, ਕਲਗੀਧਰ ਅਕੈਡਮੀ ਦੁੱਗਰੀ, ਸੇਂਟ ਸੋਲਜਰ ਸਕੂਲ ਸਾਹਨੇਵਾਲ ਤੇ ਜਰਖੜ ਅਕੈਡਮੀ ਤੇ ਵੱਖ ਵੱਖ ਟੀਮਾਂ ਦੇ ਖਿਡਾਰੀਆਂ ਅਤੇ ਖਿਡਾਰਨਾਂ ਵਲੋਂ ਮਾਰਚ ਪਾਸਟ ਤੋਂ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਭੁੱਲਰ ਐਸ.ਐਸ.ਪੀ. ਦਿਹਾਤੀ ਲੁਧਿਆਣਾ ਨੇ ਸਲਾਮੀ ਲਈ। ਸਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਹਾਕੀ ਸਟਾਰ ਜੁਗਰਾਜ ਸਿੰਘ ਉਲੰਪਿਕ ਨੇ ਮਸ਼ਾਲ ਜਗਾਈ। ਇਸ 'ਚ ਕਰਵਾਏ ਗਏ ਮੁਕਾਬਲਿਆਂ 'ਚ ਹੈਂਡ ਬਾਲ ਦੇ ਲੜਕੀਆਂ ਦੇ ਸੈਮੀਫਾਈਨਲ ਮੈਂਚਾਂ 'ਚ ਰੋਪੜ ਨੇ ਅੰਮ੍ਰਿਤਸਰ ਨੂੰ ਅਤੇ ਲੁਧਿਆਣਾ ਨੇ ਤਰਨਤਾਰਨ ਨੂੰ ਹਰਾਇਆ। ਹੈਂਡ ਬਾਲ ਮੁੰਡਿਆਂ 'ਚ ਪਟਿਆਲਾ ਨੇ ਫਰੀਦਕੋਟ 24-13 ਨਾਲ, ਲੁਧਿਆਣਾ ਨੇ ਮੁਹਾਲੀ ਨੂੰ 16-8 ਨਾਲ ਹਰਾਇਆ। ਹਾਕੀ ਮੁੰਡਿਆਂ 'ਚ ਵਰਗ 'ਚ ਜਗਤਾਰ ਇਲੈਵਨ ਨੇ ਕਿਲ੍ਹਾ ਰਾਏ ਪੁਰ ਨੂੰ 4-1 ਨਾਲ ਹਰਾਇਆ ਜਦ ਕਿ ਸੰਗਰੂਰ ਅਕੈਡਮੀ ਅਤੇ ਜਰਖੜ ਅਕੈਡਮੀ, ਬਹਾਦਰਗੜ੍ਹ ਤੇ ਸੰਗਰੂਰ ਵਿਚਕਾਰ ਖੇਡਿਆ ਗਿਆ ਮੈਚ ਬਰਾਬਰੀ 'ਤੇ ਖਤਮ ਹੋਇਆ। ਹਾਕੀ ਕੁੜ੍ਹੀਆਂ 'ਚ ਹਰਿਆਣਾ ਇਲੈਵਨ ਨੇ ਲੁਧਿਆਣਾ ਵਿੰਗ ਨੂੰ 2-1 ਨਾਲ ਹਰਾਇਆ। ਡੀ.ਏ.ਵੀ. ਅੰਮ੍ਰਿਤਸਰ ਨੇ ਚੰਡੀਗੜ੍ਹ ਅਕੈਡਮੀ ਨੂੰ 3-0 ਨਾਲ ਹਰਾਇਆ। ਬਾਸਕਟਬਾਲ ਲੜਕੀਆਂ 'ਚ ਰੋਪੜ ਨੇ ਫਿਰੋਜ਼ਪੁਰ ਨੂੰ 57-49 ਨਾਲ ਤੇ ਅੰਮ੍ਰਿਤਸਰ ਨੇ ਹੁਸ਼ਿਆਰਪੁਰ ਨੂੰ 45-40 ਨਾਲ ਹਰਾਇਆ। ਕੁਸ਼ਤੀਆਂ ਦੇ ਮੁਕਾਬਲਿਆਂ 'ਚ ਝੰਡੀ ਦੀ ਕੁਸ਼ਤੀ ਵਿਚ ਕਰਨ ਆਲਮਗੀਰ ਅਤੇ ਮਨਦੀਪ ਖੰਨਾ ਵਿਚਕਾਰ ਕੁਸ਼ਤੀ ਬਰਾਬਰ ਰਹੀ, ਜਦਕਿ ਦੂਜੀ ਝੰਡੀ ਦੀ ਕੁਸ਼ਤੀ ਵਿਚ ਸਤੀਸ਼ ਆਲਮਗੀਰ ਨੇ ਹਰਪ੍ਰੀਤ ਚੱਕਦਾਨਾ ਨੂੰ ਹਰਾਇਆ।

ਸਰਬ ਭਾਰਤੀ ਬਲਵੰਤ ਸਿੰਘ ਕਪੂਰ ਮੈਮੋਰੀਅਲ ਹਾਕੀ ਟੂਰਨਾਮੈਂਟ

ਜਲੰਧਰ, 21 ਜਨਵਰੀ - ਪੰਜਵਾਂ ਸਰਬ ਭਾਰਤ ਸ. ਬਲਵੰਤ ਸਿੰਘ ਕਪੂ