Click here For English Version

SPORTS NEWS

 SEPTEMBER 2008

 

ਉਤਰੀ ਜ਼ੋਨ ਸੀ.ਬੀ.ਐਸ.ਈ. ਸਕੂਲ ਹਾਕੀ ਚੈਂਪੀਅਨਸ਼ਿਪ

ਰਾੜਾ ਸਾਹਿਬ/ਲੁਧਿਆਣਾ, 29 ਸਤੰਬਰ - ਸੰਤ ਬਾਬਾ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਕਰਮ ਸਰ ਰਾੜਾ ਸਾਹਿਬ ਦੇ ਖੇਡ ਸਟੇਡੀਅਮ ਵਿਚ ਸੀ. ਬੀ. ਐਸ. ਈ. ਸਕੂਲ ਦੀ ਹੋਈ ਉਤਰੀ ਜੋਨ ਹਾਕੀ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿਚ ਅੰਮ੍ਰਿਤਸਰ ਤੇ ਸੋਨੀਪਤ ਦੇ ਲੜਕੇ ਅਤੇ ਸਿਰਸਾ ਦੀਆਂ ਲੜਕੀਆਂ ਚੈਂਪੀਅਨਸ਼ਿਪ ਬਣੀਆਂ। ਇਨ੍ਹਾਂ ਮੈਚਾਂ ਵਿਚ ਪੰਜਾਬ, ਹਰਿਆਣਾ ਦੇ ਸਕੂਲਾਂ 'ਚੋਂ ਅੰਡਰ 14 ਤੇ ਅੰਡਰ 19 ਦੀਆਂ ਲੜਕੇ-ਲੜਕੀਆਂ ਦੇ ਫਾਈਨਲ ਮੈਚਾਂ'ਚ ਲੜਕੇ ਅੰਡਰ 14 'ਚ ਐਸ. ਜੀ. ਜੀ. ਐਸ. ਮਹਿਤਾ ਚੌਂਕ ਅੰਮ੍ਰਿਤਸਰ ਪਹਿਲੇ, ਮਹਿਤਾ ਗੁਰੂਕੋਲ ਦੋਰਾਹਾ ਦੂਸਰੇ ਤੇ ਸੰਤ ਈਸ਼ਰ ਸਿੰਘ ਸਕੂਲ ਰਾੜਾ ਸਾਹਿਬ ਤੀਸਰੇ ਸਥਾਨ, ਲੜਕੀਆਂ ਅੰਡਰ 14 'ਚ ਮਹਾਰਾਜਾ ਅਗਰਸੇਨ ਸੀਨੀਅਰ ਸੈਕੰਡਰੀ ਸਕੂਲ ਸਿਰਸ ਪਹਿਲੇ, ਅਕਾਲ ਅਕੈਡਮੀ ਰੀਠ ਖੇੜੀ ਪਟਿਆਲਾ ਦੂਸਰੇ ਤੇ ਪੁਲਿਸ ਪਬਲਿਕ ਸਕੂਲ ਹਿਸਾਰ ਤੀਸਰੇ ਸਥਾਨ, ਲੜਕੇ ਅੰਡਰ 19 'ਚ ਬਰਾਈਟ ਸਕੌਲਰ ਸੀਨੀਅਰ ਸੈਕੰਡਰੀ ਸਕੂਲ ਰਾਏਪੁਰ ਸੋਨੀਪਤ ਪਹਿਲੇ, ਦੂਜਾ ਮਾਡਰਨ ਪਬਲਿਕ ਸਕੂਲ ਪਿੱਪਲੀ ਦੂਸਰੇ, ਮਹਿਤਾ ਗੁਰੂ ਕੋਲ ਦੋਰਾਹਾ ਤੀਸਰੇ ਸਥਾਨ, ਲੜਕੀਆਂ ਅੰਡਰ 19 ਮਹਾਰਾਜਾ ਅਗਰਸੈਨ ਸੀਨੀਅਰ ਸੈਕੰਡਰੀ ਸਕੂਲ ਸਿਰਸਾ ਪਹਿਲੇ, ਐਮ. ਡੀ. ਐਨ ਪਬਲਿਕ ਸਕੂਲ ਰੋਹਤਕ ਦੂਸਰੇ ਤੇ ਅਕਾਲ ਅਕੈਡਮੀ ਬਲਵੇਹੜਾ ਤੀਜੇ ਨੰਬਰ 'ਤੇ ਰਹੇ।

54 ਵੀਆਂ ਪੰਜਾਬ ਸਕੂਲ ਖੇਡਾਂ
ਬਾਸਕਟਬਾਲ ਤੇ ਨੈਟਬਾਲ 'ਚ ਗੁਰਦਾਸਪੁਰ ਮੋਹਰੀ

ਗੁਰਦਾਸਪੁਰ, 29 ਸਤੰਬਰ - 54ਵੀਆਂ ਪੰਜਾਬ ਬਾਸਕਟਬਾਲ ਅਤੇ ਨੈਟਬਾਲ (ਲੜਕੀਆਂ) ਸਕੂਲ ਖੇਡਾਂ ਗੁਰਦਾਸਪੁਰ ਵਿਖੇ ਕਰਵਾਈਆਂ ਗਈਆਂ। ਜਿਸ ਵਿਚ ਗੁਰਦਾਸਪੁਰ ਨੇ ਖਿਤਾਬ ਜਿੱਤਿਆ। ਬਾਸਕਟਬਾਲ 'ਚ ਗੁਰਦਾਸਪੁਰ ਵਿੰਗ, ਸੰਗਰੂਰ ਨੂੰ ਜਦ ਕਿ ਕਪੂਰਥਲਾ, ਮੁਕਤਸਰ ਨੂੰ ਹਰਾ ਕੇ ਫਾਈਨਲ 'ਚ ਪੁੱਜਾ। ਬਾਸਕਟਬਾਲ (14 ਸਾਲ) ਦਾ ਫਾਈਨਲ ਗੁਰਦਾਸਪੁਰ ਵਿੰਗ ਨੇ ਕਪੂਰਥਲਾ ਤੋਂ ਜਿੱਤ ਲਿਆ। ਮੁਕਤਸਰ ਦੀ ਟੀਮ ਤੀਸਰੇ ਸਥਾਨ 'ਤੇ ਰਹੀ। ਰੈਫਰੀ ਦੀ ਭੂਮਿਕਾ ਰਜਨੀ ਅਤੇ ਹਰਜੀਤ ਕੌਰ ਨੇ ਨਿਭਾਈ। ਇਸੇ ਤਰ੍ਹਾਂ ਨੈਟਬਾਲ ਮੁਕਾਬਲਿਆਂ ਵਿਚ ਗੁਰਦਾਸਪੁਰ ਵਿੰਗ ਦੀ ਟੀਮ ਨੇ ਸੰਗਰੂਰ ਅਤੇ ਬਠਿੰਡਾ ਨੇ ਜ਼ਿਲ੍ਹਾ ਗੁਰਦਾਸਪੁਰ ਦੀ ਟੀਮ ਨੂੰ ਹਰਾਇਆ। ਫਾਈਨਲ 'ਚ ਗੁਰਦਾਸਪੁਰ ਵਿੰਗ ਨੇ ਬਠਿੰਡਾ ਨੂੰ 20-12 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।

ਪੰਜਾਬ ਸਕੂਲਰ ਰੋਲਰ ਸਕੇਟਿੰਗ ਚੈਂਪੀਅਨਸ਼ਿਪ 'ਚ ਪਟਿਆਲਵੀਆਂ ਦੀ ਝੰਡੀ

ਪਟਿਆਲਾ, 29 ਸਤੰਬਰ - ਪਟਿਆਲਾ ਦੇ ਸ਼ਹੀਦ ਭਗਤ ਸਿੰਘ ਰਿੰਕ ਹਾਲ ਵਿਖੇ ਪੰਜਾਬ ਸਕੂਲਰ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਦੇ ਮੁਕਾਬਲਿਆਂ ਵਿਚ ਪਟਿਆਲਾ ਦੇ ਗੱਭਰੂਆਂ ਨੇ ਰਾਜ ਚੈਂਪੀਅਨ 'ਤੇ ਕਬਜ਼ਾ ਕੀਤਾ। ਇਨ੍ਹਾਂ ਖੇਡਾਂ ਦੇ ਅੰਡਰ 19 ਰੋਲਰ ਹਾਕੀ ਮੁਕਾਬਲਿਆਂ ਵਿਚ ਪਟਿਆਲਾ ਨੇ ਸੰਗਰੂਰ ਨੂੰ 10-2 ਨਾਲ ਹਰਾ ਕੇ ਰਾਜ ਭਰ ਵਿਚੋਂ ਅੱਵਲ ਰਹਿਣ ਦਾ ਮਾਣ ਪ੍ਰਾਪਤ ਕੀਤਾ। ਜੇਤੂ ਟੀਮ ਲਈ ਅਮਰਜੋਤ ਘਈ ਨੇ ਸਭ ਤੋਂ ਜ਼ਿਆਦਾ ਛੇ ਗੋਲ ਕੀਤੇ। ਫਰੀਦਕੋਟ ਨੇ ਲੁਧਿਆਣਾ ਨੂੰ 5-3 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਰਿੰਕ ਰੇਸ 1 ਅੰਡਰ 11 ਦੇ ਮੁਕਾਬਲਿਆਂ ਵਿਚ ਸਿਫਤਜੋਤ ਸਿੰਘ ਪਟਿਆਲਾ ਪਹਿਲੇ ਤੇ ਚੰਨਵੀਰ ਸਿੰਘ ਪਟਿਆਲਾ ਦੂਸਰੇ, ਲੜਕੀਆਂ ਦੇ ਵਰਗ ਵਿਚ ਇਸ਼ਵੀਨ ਚਾਵਲਾ ਪਟਿਆਲਾ ਪਹਿਲੇ ਤੇ ਭਵਲੀਨ ਪਟਿਆਲਾ ਦੂਸਰੇ, ਅੰਡਰ 14 ਲੜਕੇ ਰਿੰਕ ਰੇਸ 1 'ਚ ਕਰਨ ਦੀਪ ਸਿੰਘ ਪਹਿਲੇ ਤੇ ਸ਼ਬੀਰ ਸ਼ਰਮਾ ਅੰਮ੍ਰਿਤਸਰ ਦੂਸਰੇ, ਲੜਕੀਆਂ ਦੇ ਵਰਗ ਵਿਚ ਪਵਨਦੀਪ ਕੌਰ ਅੰਮ੍ਰਿਤਸਰ ਪਹਿਲੇ ਤੇ ਰਮਨਦੀਪ ਸੰਗਰੂਰ ਦੂਸਰੇ, ਅੰਡਰ 11 ਲੜਕੇ ਕੁਆਡਜ਼ ਰਿੰਕ-2 ਵਿਚ ਰੋਬਿਨ ਅੰਮ੍ਰਿਤਸਰ ਪਹਿਲੇ ਤੇ ਦਵਿੰਦਰਪਾਲ ਸਿੰਘ ਸੰਗਰੂਰ ਦੂਸਰੇ, ਲੜਕੀਆਂ ਦੇ ਵਰਗ ਵਿਚ ਉਰਵਸ਼ੀ ਅੰਮ੍ਰਿਤਸਰ ਪਹਿਲੇ ਤੇ ਪਰਵੀਨ ਲੁਧਿਆਣਾ ਦੂਸਰੇ, ਅੰਡਰ 14 ਰਿੰਕ-2 ਲੜਕੇ ਕਰਨਦੀਪ ਸਿੰਘ ਪਟਿਆਲਾ ਪਹਿਲੇ ਤੇ ਬਲਜੋਤ ਸਿੰਘ ਅੰਮ੍ਰਿਤਸਰ ਦੂਸਰੇ, ਲੜਕੀਆਂ ਦੇ ਵਰਗ ਵਿਚ ਰਮਨਦੀਪ ਕੌਰ ਸੰਗਰੂਰ ਪਹਿਲੇ ਤੇ ਪਵਨਦੀਪ ਕੌਰ ਅੰਮ੍ਰਿਤਸਰ ਦੂਸਰੇ, ਅੰਡਰ11 ਇਨਲਾਈਨ ਰਿੰਕ-1 ਲੜਕੇ ਅਕਸ਼ੈ ਅਰੋੜਾ ਅੰਮ੍ਰਿਤਸਰ ਪਹਿਲੇ ਤੇ ਰਹਿਤਮ ਭਾਟੀਆ ਅੰਮ੍ਰਿਤਸਰ ਦੂਸਰੇ, ਲੜਕੀਆਂ ਦੇ ਵਰਗ ਵਿਚ ਸ਼ਿਵਾਨਗੀ ਬਾਂਸਲ ਅੰਮ੍ਰਿਤਸਰ ਪਹਿਲੇ ਤੇ ਜੱਨਤ ਬਾਠ ਅੰਮ੍ਰਿਤਸਰ ਦੂਸਰੇ, ਇਨਲਾਈਨ ਰਿੰਕ-1 'ਚ ਸਿਰਿਆ ਕਪਲਿਸ ਲੁਧਿਆਣਾ ਪਹਿਲੇ ਤੇ ਬਿਦੁਲ ਸਿੱਕਾ ਅੰਮ੍ਰਿਤਸਰ ਦੂਸਰੇ, ਲੜਕੀਆਂ ਦੇ ਵਰਗ ਵਿਚ ਪ੍ਰਮਪ੍ਰੀਤ ਕੌਰ ਫਰੀਦਕੋਟ ਪਹਿਲੇ ਤੇ ਭਮੀਜਾ ਫਿਰੋਜ਼ਪੁਰ ਦੂਸਰੇ ਸਥਾਨ 'ਤੇ ਰਹੀ।

31ਵੀਂ ਰਾਸ਼ਟਰੀ ਸਬ ਜੂਨੀਅਰ ਫੁੱਟਬਾਲ ਚੈਂਪੀਅਨਸ਼ਿਪ 'ਚ ਗੋਆ ਨੇ ਉਤਰਾਂਚਲ ਨੂੰ ਹਰਾਇਆ

ਮਾਹਿਲਪੁਰ, 29 ਸਤੰਬਰ - 31ਵੀਂ ਰਾਸ਼ਟਰੀ ਸਬ ਜੂਨੀਅਰ ਫੁੱਟਬਾਲ ਚੈਂਪੀਅਨਸ਼ਿਪ ਖਾਲਸਾ ਕਾਲਜ ਮਾਹਿਲਪੁਰ ਵਿਖੇ ਚੱਲ ਰਹੀ ਹੈ। ਇਸ ਦੇ ਕੁਆਰਟਰ ਫਾਈਨਲ ਦੇ ਲੀਗ ਮੈਚ ਵਿਚ 29 ਸਤੰਬਰ ਨੂੰ ਗੋਆ ਦੀ ਟੀਮ ਨੇ ਜਿੱਤ ਪ੍ਰਾਪਤ ਕਰਕੇ ਆਪਣੀ ਆਸ ਕਾਇਮ ਰੱਖੀ। ਇਸ ਦੇ ਪਹਿਲੇ ਮੈਚ ਵਿਚ ਗੋਆ ਨੇ ਉਤਰਾਂਚਲ ਦੀ ਟੀਮ ਨੂੰ 2-1 ਗੋਲਾਂ ਦੇ ਫਰਕ ਨਾਲ ਹਰਾ ਦਿੱਤਾ। ਦੂਜੇ ਮੈਚ ਵਿਚ ਬੰਗਾਲ ਤੇ ਅਸਾਮ ਦੀਆਂ ਟੀਮਾਂ ਵਿਚਕਾਰ ਮੁਕਾਬਲਾ ਹੋਇਆ ਜੋ ਦੋ-ਦੋ ਗੋਲਾਂ ਨਾਲ ਬਰਾਬਰ ਰਿਹਾ।

ਪਾਣੀ ਦੀਆਂ ਖੇਡਾਂ 'ਚ ਯੂਨੀਵਰਸਿਟੀ ਕਾਲਜ ਰਾਮਪੁਰਾ ਨੇ ਓਵਰਹਾਲ ਚੈਂਪੀਅਨਸ਼ਿਪ 'ਤੇ ਕੀਤਾ ਕਬਜ਼ਾ

ਰਾਮਪੂਰਾ ਫੂਲ, 29 ਸਤੰਬਰ : ਪਿਛਲੇ ਦਿਨੀਂ ਸੁਖ਼ਨਾ ਝੀਲ ਚੰਡੀਗੜ੍ਹ ਵਿਖੇ ਪਾਣੀ ਦੀਆਂ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਵਿਚ ਯੂਨੀਵਰਸਿਟੀ ਕਾਲਜ ਰਾਮਪੁਰਾ ਦੇ ਖੇਡ ਵਿਭਾਗ ਦੇ ਵਿਦਿਆਰਥੀਆਂ ਨੇ (ਕੈਕਿੰਗ ਤੇ ਕੈਨੋਇੰਗ) ਵਿਚ ਉੱਪਰਲੀਆਂ ਪੁਜ਼ੀਸ਼ਨਾਂ ਹਾਸਲ ਕਰ ਕੇ ਓਵਰ ਆਲ ਚੈਂਪੀਅਨਸ਼ਿਪ 'ਤੇ ਆਪਣਾ ਕਬਜ਼ਾ ਕੀਤਾ। ਇਸੇ ਤਰ੍ਹਾਂ ਪਾਣੀ ਦੀਆਂ ਖੇਡਾਂ ਤੋਂ ਇਲਾਵਾ ਕਾਲਜ ਦੀ ਫ਼ੁੱਟਬਾਲ ਟੀਮ ਨੇ ਵੀ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚ ਹੋਏ ਅੰਤਰ ਕਾਲਜ ਫ਼ੁੱਟਬਾਲ ਮੁਕਾਬਲਿਆਂ 'ਚ ਸਰੀਰਕ ਸਿਖਿਆ ਕਾਲਜ ਮੁਕਾਬਲਿਆਂ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ, ਜਦੋਂ ਕਿ ਮੋਦੀ ਕਾਲਜ ਪਟਿਆਲਾ ਤੇ ਮਾਤਾ ਗੁਜਰੀ ਕਾਲਜ ਫ਼ਤਿਹ ਗੜ੍ਹ ਕਾਲਜ ਦੀਆਂ ਟੀਮਾਂ ਨੇ ਕ੍ਰਮਵਾਰ ਪਹਿਲਾਂ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ।

ਪੰਜਾਬ ਹਾਕੀ ਲੀਗ

ਲੁਧਿਆਣਾ, 28 ਸਤੰਬਰ - ਪੰਜਾਬ ਖੇਡ ਵਿਭਾਗ ਵੱਲੋਂ ਪਦਮ ਸ੍ਰੀ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਲੁਧਿਆਣਾ ਵਿਖੇ ਹਫ਼ਤਾਵਾਰੀ ਖੇਡੀ ਜਾ ਰਹੀ ਇਸ ਲੀਗ ਵਿਚ ਪਾਤੜਾਂ, ਸੰਗਰੂਰ, ਖਹਿਰਾ, ਕਿਲਾ ਰਾਏਪੁਰ, ਮੋਹਾਲੀ, ਰੂਮੀ ਅਤੇ ਮਾਲਵਾ ਵਿੰਗ ਨੇ ਆਪਣੇ ਕਦਮ ਅੱਗੇ ਵਧਾਏ ਹਨ। ਇਸ ਲੀਗ ਦੇ ਗਰੁੱਪ ਸੀ ਦੇ ਅੰਡਰ 14 ਸਾਲ ਉਮਰ ਵਰਗ ਵਿਚ ਸੰਗਰੂਰ ਨੇ ਪਾਤੜਾਂ ਨੂੰ 7-0, ਗਰੇਵਾਲ ਅਕੈਡਮੀ ਕਿਲਾ ਰਾਏਪੁਰ ਨੇ ਬਠਿੰਡਾ ਨੂੰ 7-0, ਜਦਕਿ ਗਰੁੱਪ ਬੀ ਵਿਚ ਮੋਹਾਲੀ ਨੇ ਮੋਗਾ ਨੂੰ 4-3, ਮਾਲਵਾ ਸਪੋਰਟਸ ਵਿੰਗ ਲੁਧਿਆਣਾ ਨੇ ਫਰੀਦਕੋਟ ਨੂੰ 7-0 ਨਾਲ ਹਰਾਇਆ। ਅੰਡਰ 16 ਸਾਲ ਗਰੁੱਪ ਸੀ ਦੇ ਉਮਰ ਵਰਗ ਵਿਚ ਖਹਿਰਾ ਅਕੈਡਮੀ ਨੇ ਬਰਨਾਲਾ ਨੂੰ 4-0, ਪਾਤੜਾਂ ਨੇ ਪਟਿਆਲਾ ਨੂੰ 3-1, ਸੰਤੋਖ ਸਿੰਘ ਅਕੈਡਮੀ ਰੂਮੀ ਨੇ ਗਰੇਵਾਲ ਅਕੈਡਮੀ ਕਿਲਾ ਰਾਏਪੁਰ ਨੂੰ 5-0 ਨਾਲ ਹਰਾਇਆ।

ਰੋਲਰ ਹਾਕੀ 'ਚ ਸੰਗਰੂਰ ਤੇ ਲੁਧਿਆਣਾ ਦੀ ਬੱਲੇ ਬੱਲੇ

ਪਟਿਆਲਾ, 28 ਸਤੰਬਰ - ਸ਼ਹੀਦ ਊਧਮ ਸਿੰਘ ਰਿੰਕ ਹਾਲ ਵਿਚ ਪੰਜਾਬ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਜਿਸ ਦੇ ਰੋਲਰ ਸਕੇਟਿੰਗ ਮੁਕਾਬਲਿਆਂ 'ਚ ਸੰਗਰੂਰ ਦੀ ਅਨੁਪ੍ਰਿਯਾ ਤੇ ਪਟਿਆਲਾ ਦੇ ਅਮਰਜੋਤ ਘਈ ਨੇ ਸੋਨ ਤਗਮੇ ਜਿੱਤੇ। ਖੇਡਾਂ ਦੇ ਰੋਲਰ ਹਾਕੀ ਮੁਕਾਬਲਿਆਂ 'ਚ ਸੰਗਰੂਰ ਤੇ ਲੁਧਿਆਣਾ ਨੇ ਵੱਡੀਆਂ ਜਿੱਤਾਂ ਹਾਸਿਲ ਕੀਤੀਆਂ। ਲੜਕੀਆਂ ਦੇ ਰਿੰਕ ਰੇਸ-1 ਦੇ ਅੰਡਰ-19 ਵਰਗ 'ਚ ਅਨੂਪ੍ਰਿਯਾ ਸੰਗਰੂਰ ਪਹਿਲੇ, ਸ਼ਿਵਾਨੀ ਲੁਧਿਆਣਾ, ਦੂਸਰੇ ਤੇ ਰਮਨਦੀਪ ਸੰਗਰੂਰ ਤੀਸਰੇ, ਲੜਕਿਆਂ ਦੇ ਵਰਗਾਂ 'ਚ ਅਮਰਜੋਤ ਘਈ ਪਟਿਆਲਾ ਪਹਿਲੇ, ਤਜੇਸ਼ਵਰ ਸਾਹਲ ਪਟਿਆਲਾ ਦੂਸਰੇ ਤੇ ਸਤਿੰਦਰਪਾਲ ਸਿੰਘ ਤੀਸਰੇ ਸਥਾਨ 'ਤੇ ਰਿਹਾ। ਲੜਕਿਆਂ ਦੇ ਰਿੰਕ ਰੇਸ-2 ਅੰਡਰ-19 ਵਰਗ 'ਚ ਅਮਰਦੀਪ ਘਈ ਪਟਿਆਲਾ ਪਹਿਲੇ, ਹਰਮਨਦੀਪ ਸਿੰਘ ਸੰਗਰੂਰ ਦੂਸਰੇ ਤੇ ਤਰਨਵੀਰ ਸਿੰਘ ਪਟਿਆਲਾ ਤੀਸਰੇ ਸਥਾਨ 'ਤੇ ਰਿਹਾ। ਰੋਲਰ ਹਾਕੀ ਅੰਡਰ-19 ਲੜਕਿਆਂ ਦੇ ਵਰਗ 'ਚ ਸੰਗਰੂਰ ਨੇ ਜਲੰਧਰ ਨੂੰ 10-0, ਲੁਧਿਆਣਾ ਨੇ ਫਤਹਿਗੜ੍ਹ ਨੂੰ 8-0, ਪਟਿਆਲਾ ਨੇ ਅੰਮ੍ਰਿਤਸਰ ਨੂੰ 6-2 ਤੇ ਫਰੀਦਕੋਟ ਨੇ ਮਾਨਸਾ ਨੂੰ 6-2 ਨਾਲ ਹਰਾਇਆ।

13ਵੀਂ ਵਾਰ ਵਿਸ਼ਵ ਚੈਂਪੀਅਨ 'ਚ ਪਹਿਲਵਾਨ ਕਰਤਾਰ ਸਿੰਘ ਦੀ ਝੰਡੀ

ਜਲੰਧਰ, 28 ਸਤੰਬਰ - ਵਿਸ਼ਵ ਰੈਸਲਿੰਗ ਚੈਂਪੀਅਨਸ਼ਿਪ ਪਿਰਮ ਰੂਸ ਵਿਖੇ ਕਰਵਾਈ ਗਈ। ਜਿਸ ਵਿਚ ਪਦਮਸ੍ਰੀ ਪਹਿਲਵਾਨ ਕਰਤਾਰ ਸਿੰਘ ਆਈ. ਪੀ. ਐਸ ਨੇ ਈਰਾਨੀ ਪਹਿਲਵਾਨ ਅਸਗਰਈਅਨ ਅਲਤਫਤ ਨੂੰ 2-1 ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ ਅਤੇ ਵਿਸ਼ਵ ਮਾਸਟਰ ਕੁਸ਼ਤੀ ਵਿਚ ਲਗਾਤਾਰ 13ਵਾਂ ਸੋਨ ਤਗਮਾ ਜਿੱਤ ਕੇ ਨਵਾਂ ਇਤਿਹਾਸ ਕਾਇਮ ਕੀਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਈਰਾਨੀ ਪਹਿਲਵਾਨ ਅਸਮੀਦੀ ਰਿਆਜ ਦੇ ਨਾਂਅ ਸੀ। ਕਰਤਾਰ ਸਿੰਘ ਨੇ ਕੁਸ਼ਤੀ ਦੇ ਖੇਤਰ ਵਿਚ ਭਾਰਤ ਦਾ ਨਾਂਅ ਹਮੇਸ਼ਾ ਬੁਲੰਦੀ 'ਤੇ ਪਹੁੰਚਾਇਆ ਹੈ। 28 ਸਤੰਬਰ ਨੂੰ ਕੁਸ਼ਤੀ ਮੁਕਾਬਲਿਆਂ ਵਿਚ ਰਣਧੀਰ ਧੀਰਾ ਅਰਜੁਨਾ ਐਵਾਰਡੀ ਪਹਿਲਵਾਨ ਵੀ ਸੈਮੀਫਾਈਨਲ ਵਿਚ ਪਹੁੰਚ ਗਏ ਹਨ ਅਤੇ ਉਨ੍ਹਾਂ ਦਾ ਮੁਕਾਬਲਾ ਈਰਾਨੀ ਦੇ ਪਹਿਲਵਾਨ ਨਾਲ ਹੋਵੇਗਾ।

30ਵੀਂ ਪੰਜਾਬ ਸਬ ਜੂਨੀਅਰ ਜੂਡੋ ਚੈਂਪੀਅਨਸ਼ਿਪ ਖਤਮ

ਜਲੰਧਰ, 28 ਸਤੰਬਰ - ਸਰਕਾਰੀ ਮਾਡਲ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਚ 30ਵੀਂ ਪੰਜਾਬ ਸਬ ਜੂਨੀਅਰ ਜੂਡੋ ਚੈਂਪੀਅਨਸ਼ਿਪ ਜ਼ਿਲ੍ਹਾ ਜਲੰਧਰ ਜੂਡੋ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਹੈ। ਜਿਸ ਚੈਂਪੀਅਨਸ਼ਿਪ ਦੇ ਫਾਈਨਲ ਨਤੀਜਿਆਂ ਵਿਚ ਲੜਕੀਆਂ ਅੰਡਰ 12 ਸਾਲ ਅੰਮ੍ਰਿਤਸਰ ਜੇਤੂ, ਜਲੰਧਰ ਉਪ ਜੇਤੂ ਤੇ ਬਠਿੰਡਾ ਤੀਸਰੇ ਸਥਾਨ 'ਤੇ ਰਿਹਾ। ਲੜਕੇ ਅੰਡਰ 12 ਸਾਲ ਜਲੰਧਰ ਜੇਤੂ, ਗੁਰਦਾਸਪੁਰ ਉਪ ਜੇਤੂ ਅਤੇ ਅੰਮ੍ਰਿਤਸਰ ਤੀਸਰੇ ਸਥਾਨ 'ਤੇ ਰਿਹਾ। ਲੜਕੀਆਂ ਅੰਡਰ 14 ਸਾਲ ਬਠਿੰਡਾ ਜੇਤੂ, ਜਲੰਧਰ ਅਤੇ ਸੰਗਰੂਰ ਉਪ ਜੇਤੂ ਅਤੇ ਲੁਧਿਆਣਾ ਤੇ ਅੰਮ੍ਰਿਤਸਰ ਤੀਸਰੇ ਸਥਾਨ 'ਤੇ ਰਹੇ। ਲੜਕੇ ਅੰਡਰ 14 ਸਾਲ ਗੁਰਦਾਸਪੁਰ ਜੇਤੂ, ਬਠਿੰਡਾ ਉਪ ਜੇਤੂ ਅਤੇ ਜਲੰਧਰ ਤੀਸਰੇ ਸਥਾਨ 'ਤੇ ਰਿਹਾ।

ਆਲ ਇੰਡੀਆ ਨਾਰਥ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ ਸ਼ੁਰੂ

ਜਲੰਧਰ, 28 ਸਤੰਬਰ - ਆਲ ਇੰਡੀਆ ਨਾਰਥ ਜ਼ੋਨ ਇੰਟਰ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ (ਲੜਕੇ ਤੇ ਲੜਕੀਆਂ) 28 ਸਤੰਬਰ ਨੂੰ ਹੰਸ ਰਾਜ ਸਟੇਡੀਅਮ ਜਲੰਧਰ ਵਿਖੇ ਸ਼ੁਰੂ ਹੋਈ। ਇਸ ਚੈਂਪੀਅਨਸ਼ਿਪ ਵਿਚ ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ ਤੇ ਦਿੱਲੀ ਤੋਂ 150 ਦੇ ਕਰੀਬ ਖਿਡਾਰੀ ਭਾਗ ਲੈ ਰਹੇ ਹਨ। ਇਸ ਮੌਕੇ ਰਜਿੰਦਰ ਕਲਸੀ ਸਕੱਤਰ ਪੰਜਾਬ ਬੈਂਡਮਿੰਟਨ ਐਸੋਸੀਏਸ਼ਨ ਨੇ ਦੱਸਿਆ ਕਿ ਨਾਰੰਗ ਕੱਪ ਜੂਨੀਅਨ ਲੜਕੇ ਵਰਗ 'ਚ ਨਿਪੁਰ (ਹਿਮਾਚਲ) ਨੇ ਮਨਿੰਦਰ ਜੰਮੂ-ਕਸ਼ਮੀਰ ਨੂੰ ਤੇ ਅਸੀਨ ਤੇ ਅਮੀ ਨੇ ਡੀ. ਐਮ. ਸੁਬਰਮ ਤੇ ਅਮਲ ਨੂੰ ਹਰਾਇਆ। ਸ਼ਫੀ ਕੁਰੈਸ਼ੀ ਕੱਪ ਜੂਨੀਅਰ ਲੜਕੀਆਂ ਦੇ ਵਰਗ 'ਚ ਦੀਖਸ਼ਾ ਜੰਮੂ-ਕਸ਼ਮੀਰ ਨੇ ਅਨੁਵੀ ਚੰਡੀਗੜ੍ਹ ਨੂੰ ਹਰਾਇਆ। ਔਰਤਾਂ ਦੇ ਢੱਡਾ ਕੱਪ 'ਚ ਖੰਨਾ (ਹਰਿਆਣਾ) ਨੇ ਆਹੂ ਹਿਮਾਚਲ ਪ੍ਰਦੇਸ਼ ਨੂੰ ਹਰਾਇਆ।

ਪੰਜਾਬ ਰਾਜ ਪੇਂਡੂ ਖੇਡਾਂ ਅੰਡਰ-16 ਸ਼ੁਰੂ

ਮਾਨਸਾ, 27 ਸਤੰਬਰ - 27 ਸਤੰਬਰ ਨੂੰ ਪੰਜਾਬ ਰਾਜ ਪੇਂਡੂ ਖੇਡਾਂ ਅੰਡਰ 16 ਸਾਲ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਖੇਡ ਗਰਾਊਂਡ 'ਚ ਆਰੰਭ ਹੋਈਆਂ। ਇਸ ਦੇ ਦੂਜੇ ਦਿਨ ਪੰਜਾਬ ਰਾਜ ਪੇਂਡੂ ਖੇਡਾਂ ਲੜਕੇ ਦੇ ਦੂਜੇ ਦਿਨ ਤੀਰਅੰਦਾਜ਼ੀ ਤੇ ਛੋਟੇ-ਛੋਟੇ ਪਹਿਲਵਾਨਾਂ ਦੇ ਮੁਕਾਬਲੇ ਹੋਏ। 40 ਮੀਟਰ ਤੀਰਅੰਦਾਜ਼ੀ ਦੇ ਫਾਈਨਲ ਵਿਚੋਂ ਗੁਰਲਾਲ ਸਿੰਘ ਫਿਰੋਜ਼ਪੁਰ ਨੇ 296 ਸਕੋਰ ਲੈ ਕੇ ਪਹਿਲਾ, ਸ਼ਾਹਬਾਜ ਸਿੰਘ ਫਿਰੋਜ਼ਪੁਰ ਨੇ (283 ਸਕੋਰ) ਦੂਜਾ ਅਤੇ ਹਰਦੀਪ ਸਿੰਘ ਸੰਗਰੂਰ ਨੇ (275 ਸਕੋਰ) ਤੀਸਰਾ ਸਥਾਨ ਹਾਸਲ ਕੀਤਾ। ਐਥਲੈਟਿਕਸ ਦੇ ਫਾਈਨਲ ਈਵੈਂਟ ਡਿਸਕਸ ਥਰੋਅ ਵਿਚੋਂ ਆਗਿਆਪਾਲ ਸਿੰਘ ਤਰਨਤਾਰਨ ਨੇ 47.55 ਮੀ. ਨਾਲ ਪਹਿਲਾ, ਹਰਪ੍ਰੀਤ ਸਿੰਘ ਲੁਧਿਆਣਾ ਨੇ (39.33 ਮੀ.) ਦੂਜਾ ਅਤੇ ਨੀਲਮ ਸਿੰਘ ਫਿਰੋਜ਼ਪੁਰ ਨੇ (39.22 ਮੀ.) ਤੀਸਰਾ ਸਥਾਨ ਹਾਸਲ ਕੀਤਾ। ਫੁੱਟਬਾਲ 'ਚੋਂ ਤਰਨਤਾਰਨ ਨੇ ਸੰਗਰੂਰ ਨੂੰ 0 ਦੇ ਮੁਕਾਬਲੇ 4, ਲੁਧਿਆਣਾ ਨੇ ਫਤਿਹਗੜ੍ਹ ਸਾਹਿਬ ਨੂੰ 0 ਦੇ ਮੁਕਾਬਲੇ 1, ਕਪੂਰਥਲਾ ਨੇ ਨਵਾਂ ਸ਼ਹਿਰ ਨੂੰ 0 ਦੇ ਮੁਕਾਬਲੇ 1, ਮਾਨਸਾ ਨੇ ਮੋਗਾ ਨੂੰ 0 ਦੇ ਮੁਕਾਬਲੇ 4 ਗੋਲਾਂ ਨਾਲ ਹਰਾਇਆ। ਕਬੱਡੀ ਵਿਚੋਂ ਤਰਨਤਾਰਨ ਨੇ ਗੁਰਦਾਸਪੁਰ ਨੂੰ 55-42, ਲੁਧਿਆਣਾ ਨੇ ਫਤਿਹਗੜ੍ਹ ਸਾਹਿਬ ਨੂੰ 48-34, ਕਪੂਰਥਲਾ ਨੇ ਰੋਪੜ ਨੂੰ 69-54 ਦੇ ਫਰਕ ਨਾਲ ਹਰਾਇਆ ਅਤੇ ਪਟਿਆਲਾ ਜ਼ਿਲ੍ਹੇ ਨੇ ਸੰਗਰੂਰ ਤੋਂ ਵਾਕ ਓਵਰ ਮਿਲਿਆ। ਖੋ-ਖੋ ਵਿਚੋਂ ਪਟਿਆਲਾ ਨੇ ਰੋਪੜ ਨੂੰ 11-10, ਬਠਿੰਡਾ ਨੇ ਤਰਨਤਾਰਨ ਨੂੰ 8-5, ਮਾਨਸਾ ਨੇ ਬਰਨਾਲਾ ਨੂੰ 7-4, ਮੁਕਤਸਰ ਨੇ ਕਪੂਰਥਲਾ ਨੂੰ 15-7 ਦੇ ਫਰਕ ਨਾਲ ਮਾਤ ਦਿੱਤੀ। ਹਾਕੀ ਵਿਚੋਂ ਮਾਨਸਾ ਨੇ ਤਰਨਤਾਰਨ ਨੂੰ 4-3, ਸੰਗਰੂਰ ਨੇ ਫਰੀਦਕੋਟ ਨੂੰ 4-0, ਰੋਪੜ ਨੇ ਬਰਨਾਲਾ ਨੂੰ 2-0, ਮੋਗਾ ਨੇ ਪਟਿਆਲਾ ਨੂੰ 2-0 ਦੇ ਫਰਕ ਨਾਲ ਹਰਾਇਆ। ਵੇਟ ਲਿਫਟਿੰਗ 56 ਕਿਲੋ ਭਾਰ ਵਰਗ 'ਚੋਂ ਪੂਰਨ ਸਿੰਘ ਸੰਗਰੂਰ, ਸਾਹਿਲ ਸਿੰਘ ਅੰਮ੍ਰਿਤਸਰ, ਸਿਮਰਨ ਸਿੰਘ ਲੁਧਿਆਣਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਰੱਸਾਕਸੀ ਵਿਚੋਂ ਮੋਗਾ ਨੇ ਬਠਿੰਡਾ ਨੂੰ 2-0, ਹੁਸ਼ਿਆਰਪੁਰ ਨੇ ਫਿਰੋਜ਼ਪੁਰ ਨੂੰ 2-0, ਜਲੰਧਰ ਨੇ ਅੰਮ੍ਰਿਤਸਰ ਨੂੰ 2-1 ਅਤੇ ਮਾਨਸਾ ਨੇ ਬਰਨਾਲਾ ਨੂੰ 2-0 ਦੇ ਫਰਕ ਨਾਲ ਪਛਾੜ ਦਿੱਤਾ। ਕੁਸ਼ਤੀ 32 ਕਿਲੋ ਵਿਚੋਂ ਮੁਹੰਮਦ ਅਖ਼ਤਰ ਸੰਗਰੂਰ ਨੇ ਗੁਰਪਿੰਦਰ ਸਿੰਘ ਪਟਿਆਲਾ, ਗੁਰਵੀਰ ਤਰਨਤਾਰਨ ਨੇ ਨਿਰਭੈ ਬਠਿੰਡਾ, 35 ਕਿਲੋ ਵਿਚੋਂ ਹਰਜਿੰਦਰ ਬਠਿੰਡਾ ਨੇ ਹਰਜਿੰਦਰ ਰੋਪੜ, ਬਲਵਿੰਦਰ ਮੋਗਾ ਨੂੰ ਉਂਕਾਰ ਰਾਏ ਕਪੂਰਥਲਾ, 38 ਕਿਲੋ ਵਿਚੋਂ ਸਰਬਜੀਤ ਤਰਨਤਾਰਨ ਨੇ ਪ੍ਰਗਟ ਸਿੰਘ ਮੁਕਤਸਰ, ਜ਼ੋਬਨਪ੍ਰੀਤ ਜਲੰਧਰ ਨੇ ਸੰਦੀਪ ਕੁਮਾਰ ਨੂੰ ਹੁਸ਼ਿਆਰਪੁਰ, 42 ਕਿਲੋ ਵਿਚੋਂ ਜਗਦੀਪ ਕੁਮਾਰ ਕਪੂਰਥਲਾ ਨੇ ਲਖਵਿੰਦਰ ਸਿੰਘ ਨਵਾਂ ਸ਼ਹਿਰ, 47 ਕਿਲੋ ਵਿਚੋਂ ਸੰਨੀ ਜਲੰਧਰ ਨੇ ਜੱਜਪਾਲ ਤਰਨਤਾਰਨ, ਸੌਰਵ ਅੰਮ੍ਰਿਤਸਰ ਨੇ ਹਰਪ੍ਰੀਤ ਮੋਗਾ, 53 ਕਿਲੋ ਵਿਚੋਂ ਮਨਜੋਤ ਤਰਨਤਾਰਨ ਨੇ ਰੂਪ ਸਿੰਘ ਪਟਿਆਲਾ, ਸੰਦੀਪ ਮਾਨਸਾ ਨੇ ਅਮਨਦੀਪ ਹੁਸ਼ਿਆਰਪੁਰ, 59 ਕਿਲੋ ਵਿਚੋਂ ਸੁਰੇਸ਼ ਕੁਮਾਰ ਕਪੂਰਥਲਾ ਨੇ ਗੁਰਪ੍ਰੀਤ ਮਾਨਸਾ, 66 ਕਿਲੋ ਵਿਚੋਂ ਹਰਪ੍ਰੀਤ ਸਿੰਘ ਗੁਰਦਾਸਪੁਰ ਨੇ ਰੋਹਿਤ ਫਤਿਹਗੜ੍ਹ ਪੰਜਾਬ, ਰਾਜਾ ਸੈਣੀ ਅੰਮ੍ਰਿਤਸਰ ਨੇ ਜਤਿਨ ਕੁਮਾਰ ਹੁਸ਼ਿਆਰਪੁਰ, 73 ਕਿਲੋ ਵਿਚੋਂ ਪਲਵਿੰਦਰ ਸਿੰਘ ਗੁਰਦਾਸਪੁਰ ਨੇ ਇੰਦਰਜੀਤ ਹੁਸ਼ਿਆਰਪੁਰ, ਹਰਜੀਤ ਸਿੰਘ ਮਾਨਸਾ ਨੇ ਜਸਪ੍ਰੀਤ ਨਵਾਂ ਸ਼ਹਿਰ, ਰਵਜੋਤ ਅੰਮ੍ਰਿਤਸਰ ਨੇ ਵਰਿੰਦਰ ਨਵਾਂ ਸ਼ਹਿਰ, ਅਨਿਤ ਸੋਬਤੀ ਜਲੰਧਰ ਨੇ ਕਿਰਨਜੀਤ ਫਰੀਦਕੋਟ ਨੂੰ ਹਰਾਇਆ।
ਇਸ ਦੇ ਪਹਿਲੇ ਦਿਨ ਖੇਡਾਂ ਦੀ ਸ਼ੁਰੂਆਤ 1500 ਮੀਟਰ ਦੌੜ ਨਾਲ ਹੋਈ। ਇਸ 'ਚ ਹਰਪ੍ਰੀਤ ਸਿੰਘ ਅੰਮ੍ਰਿਤਸਰ ਨੇ 4.39.60 ਦਾ ਸਮਾਂ ਲੈ ਕੇ ਪਹਿਲਾ, ਨਵਜੋਤ ਸਿੰਘ ਗੁਰਦਾਸਪੁਰ ਨੇ 4.40.74 ਮਿੰਟ ਲੈ ਕੇ ਦੂਜਾ ਤੇ ਜਗਪ੍ਰੀਤ ਸਿੰਘ ਗੁਰਦਾਸਪੁਰ ਨੇ 4.41.52 ਮਿੰਟ ਲੈ ਕੇ ਤੀਜਾ ਦਰਜਾ ਹਾਸਲ ਕੀਤਾ। ਫੁੱਟਬਾਲ 'ਚੋਂ ਫਤਿਹਗੜ੍ਹ ਨੇ ਫਰੀਦਕੋਟ ਨੂੰ, ਤਰਨਤਾਰਨ ਨੇ ਬਠਿੰਡਾ ਨੂੰ 2-0, ਕਪੂਰਥਲਾ ਨੇ ਫਿਰੋਜਪੁਰ ਨੂੰ 2-0 ਗੋਲਾਂ ਮਾਤ ਦਿੱਤੀ। ਗੋਲਾ ਸੁੱਟਣ ਦੇ ਮੁਕਾਬਲੇ 'ਚੋਂ ਜਸਪ੍ਰੀਤ ਸਿੰਘ ਬਰਨਾਲਾ ਪਹਿਲੇ, ਬਿਕਰਮਜੀਤ ਸਿੰਘ ਗੁਰਦਾਸਪੁਰ ਦੂਜੇ ਤੇ ਗੁਰਪ੍ਰੀਤ ਸਿੰਘ ਲੁਧਿਆਣਾ ਤੀਜੇ ਸਥਾਨ 'ਤੇ ਰਿਹਾ। ਲੰਬੀ ਛਾਲ 'ਚ ਇੰਦਰਵੀਰ ਸਿੰਘ ਤਰਨਤਾਰਨ, ਗੁਰਜੰਟ ਸਿੰਘ ਫਰੀਦਕੋਟ, ਹਰਮਨਦੀਪ ਸਿੰਘ ਜਲੰਧਰ ਨੇ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ। ਕਾਲਜ ਦੀਆਂ ਵਿਦਿਆਰਥੀਅਣਾਂ ਵੱਲੋਂ ਪ੍ਰੋ. ਇੰਦਰਪਾਲ ਦੀ ਅਗਵਾਈ ਵਿਚ ਗਿੱਧਾ ਅਤੇ ਅਮਰਜੀਤ ਭੰਗੜਾ ਕੋਚਿੰਗ ਸੈਂਟਰ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।

54ਵੀਆਂ ਪੰਜਾਬ ਸਕੂਲ ਖੇਡਾਂ 'ਚ

ਬਠਿੰਡਾ, 27 ਸਤੰਬਰ - 54ਵੀਂਆਂ ਪੰਜਾਬ ਸਕੂਲ ਖੇਡਾਂ ਬਠਿੰਡੇ ਦੇ ਜਿਮਨੇਜ਼ੀਅਮ ਇਨਡੋਰ ਹਾਲ ਵਿਚ ਲੜਕੇ ਲੜਕੀਆਂ ਦੇ ਤਾਇਕਵਾਂਡੋ ਮੁਕਾਬਲੇ ਹੋ ਰਹੇ ਹਨ।ਖੇਡਾਂ ਦੇ ਤੀਜੇ ਦਿਨ 14 ਸਾਲ ਤੱਕ ਲੜਕੀਆਂ ਦੇ ਨਤੀਜੇ ਇਸ ਪ੍ਰਕਾਰ ਹਨ : 14 ਸਾਲ ਲੜਕੀਆਂ ਤਾਇਕਵਾਂਡੋ : 20 ਤੋਂ 22 ਕਿਲੋ ਵਜ਼ਨ ਟਿਨੀ ਲੁਧਿਆਣਾ ਪਹਿਲਾ, ਜਸਵਿੰਦਰ ਰੋਪੜ ਦੂਜਾ, ਪ੍ਰਭਜੋਤ ਕਪੂਰਥਲਾ ਅਤੇ ਦਿਸ਼ਕਾ ਬਠਿੰਡਾ ਨੇ ਤੀਜਾ, 22 ਤੋਂ 24 ਮਨਪ੍ਰੀਤ ਫਰੀਦਕੋਟ ਪਹਿਲਾ, ਕਿਰਨਦੀਪ ਗੁਰਦਾਸਪੁਰ ਦੂਜਾ, ਸਹਿਜਲੀਨ ਬਠਿੰਡਾ ਅਤੇ ਬਲਪ੍ਰੀਤ ਮੁਕਤਸਰ ਨੇ ਤੀਜਾ, 24 ਤੋਂ 26 ਹਰਜੋਤ ਪਟਿਆਲਾ ਪਹਿਲਾ, ਰਮਨਦੀਪ ਫਰੀਦਕੋਟ ਦੂਜਾ, ਹਰਲੀਨ ਬਠਿੰਡਾ ਅਤੇ ਹਰਲੀਨ ਗੁਰਦਾਸਪੁਰ ਨੇ ਤੀਜਾ, 26 ਤੋਂ 29 ਕਿਲੋ ਮਨਜੋਤ ਕੌਰ ਫਰੀਦਕੋਟ ਪਹਿਲਾ, ਦਿਕਸ਼ੂ ਬਠਿੰਡਾ ਨੇ ਦੂਜਾ, ਪਵਨਜੋਤ ਮੋਗਾ ਅਤੇ ਰਜਿੰਦਰਪਾਲ ਪਟਿਆਲਾ ਨੇ ਤੀਜਾ, 29 ਤੋਂ 32 ਕਿਲੋ ਪਰਮਜੀਤ ਕੌਰ ਬਠਿੰਡਾ ਨੇ ਪਹਿਲਾ, ਦਿਲਪ੍ਰੀਤ ਫਤਿਹਗੜ੍ਹ ਨੇ ਦੂਜਾ, ਜਸਲੀਨ ਪਟਿਆਲਾ ਅਤੇ ਲਵਲੀਨ ਫਰੀਦਕੋਟ ਨੇ ਤੀਜਾ, 32 ਤੋਂ 33 ਕਿਲੋ ਅਮਨ ਜਲੰਧਰ ਨੇ ਪਹਿਲਾ ਅਯੋਸ਼ੀ ਮੋਗਾ ਨੇ ਦੂਜਾ, ਹਰਨੀਤ ਗੁਰਦਾਸਪੁਰ ਨੇ ਅਤੇ ਨਿਰਮਲਾ ਰੋਪੜ ਨੇ ਤੀਜਾ, 35 ਤੋਂ 38 ਕਿਲੋ ਰਸ਼ਪਿੰਦਰ ਪਟਿਆਲਾ ਨੇ ਪਹਿਲਾ, ਜਸਮੀਤ ਮੁਕਤਸਰ ਨੇ ਦੂਜਾ, ਸੰਦੀਪ ਰੋਪੜ ਅਤੇ ਦਸ਼ਕੀਰਤ ਮੋਗਾ ਨੇ ਤੀਜਾ, +38 ਅਮਿਤੋਜ ਪਟਿਆਲਾ ਨੇ ਪਹਿਲਾ, ਰਵੀਦੀਪ ਕੌਰ ਸੰਗਰੂਰ ਨੇ ਦੂਜਾ, ਲਵਲੀਨ ਮੋਗਾ ਅਤੇ ਸਤਿੰਦਰ ਫਰੀਦਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਟੂਰਨਾਮੈਂਟ ਦੇ ਦੂਜੇ ਦਿਨ ਲੜਕੇ 17 ਸਾਲ ਤੱਕ ਲਾਈਟ ਮਿਡਲ ਵੇਟ 'ਚ ਪਰਮ ਪੁਨੀਤ ਅੰਮ੍ਰਿਤਸਰ ਪਹਿਲਾ, ਅਰਸ਼ਦੀਪ ਸਿੰਘ ਫ਼ਰੀਦਕੋਟ ਦੂਜਾ ਅਤੇ ਬਲਜੀਤ ਸਿੰਘ ਫ਼ਿਰੋਜ਼ਪੁਰ ਅਤੇ ਮਨਦੀਪ ਸਿੰਘ ਮੁਕਤਸਰ ਨੇ ਤੀਜਾ ਸਥਾਨ ਹਾਸਲ ਕੀਤਾ। ਮਿਡਲ ਵੇਟ 'ਚ ਮਨਮੋਹਨ ਸਿੰਘ ਅੰਮ੍ਰਿਤਸਰ ਨੇ ਪਹਿਲਾ, ਰਾਘਵ ਲੁਧਿਆਣਾ ਦੂਜਾ, ਸ਼ੁਭ ਦੀਪ ਪਟਿਆਲਾ ਅਤੇ ਗੁਰਵਿੰਦਰ ਸੰਗਰੂਰ ਨੇ ਤੀਜਾ ਸਥਾਨ ਹਾਸਲ ਕੀਤਾ। ਲਾਈਟ ਹੈਵੀ 'ਚ ਬਿਕਰਮਜੀਤ ਸਿੰਘ ਤਰਨਤਾਰਨ ਨੇ ਪਹਿਲਾ, ਪੁਸ਼ਪਿੰਦਰ ਸੰਗਰੂਰ ਨੇ ਦੂਜਾ ਸਥਾਨ ਅਤੇ ਮਾਧਵਨ ਪਟਿਆਲਾ ਅਤੇ ਰਿਤੇਸ਼ ਬਠਿੰਡਾ ਨੇ ਤੀਜਾ ਸਥਾਨ ਸਥਾਨ ਹਾਸਿਲ ਕੀਤਾ। ਹੈਵੀਵੇਟ 'ਚ ਗੁਰਲਾਲ ਤਰਨਤਾਰਨ ਨੇ ਪਹਿਲਾ, ਗੁਰਕਮਲ ਜਲੰਧਰ ਦੂਜਾ ਅਤੇ ਮਨਜੋਤ ਅੰਮ੍ਰਿਤਸਰ ਅਤੇ ਅਰੁਣ ਠਾਕੁਰ ਬਠਿੰਡਾ ਤੀਜਾ ਸਥਾਨ ਪ੍ਰਾਪਤ ਕੀਤਾ। 17 ਸਾਲ ਤੱਕ ਦੀਆਂ ਲੜਕੀਆਂ ਦੇ ਬੈਟਮ ਵੇਟ 'ਚ ਰੋਹਿਨੀ ਕੁੰਦਰਾ ਅੰਮ੍ਰਿਤਸਰ ਪਹਿਲਾ, ਮਾਇਆ ਪਟਿਆਲਾ ਜ਼ਿਲ੍ਹਾ ਦੂਜਾ, ਨਵਜੋਤ ਕੌਰ ਮੁਕਤਸਰ ਅਤੇ ਨਿਕਿਤਾ ਕਪੂਰਥਲਾ ਤੀਜਾ ਸਥਾਨ, ਵੈਲਟਰ ਵੇਟ ਅਮਨਪ੍ਰੀਤ ਕੌਰ ਅੰਮ੍ਰਿਤਸਰ ਪਹਿਲਾ, ਹਰਪ੍ਰੀਤ ਕੌਰ ਪਟਿਆਲਾ ਦੂਜਾ, ਪ੍ਰਭਜੋਤ ਕੌਰ ਮੁਕਤਸਰ ਤੇ ਮੀਨਾ ਕੁਮਾਰੀ ਰੋਪੜ ਨੇ ਤੀਜਾ ਸਥਾਨ, ਮਿਡਲ ਵੇਟ 'ਚ ਜਾਨੇਤਾ ਬਠਿੰਡਾ ਪਹਿਲਾ, ਸੰਦੀਪ ਰਾਣੀ ਫ਼ਰੀਦਕੋਟ ਦੂਜਾ ਅਤੇ ਹਰਮਨਪ੍ਰੀਤ ਕੌਰ, ਅਮ੍ਰਿਤ ਸ਼ਰਮਾ ਤੇ ਪਰਮਿੰਦਰ ਕੌਰ ਜਲੰਧਰ ਨੇ ਤੀਜਾ, ਲਾਈਟ ਹੈਵੀਵੇਟ 'ਚ ਸੁਖਪ੍ਰੀਤ ਕੌਰ ਫ਼ਰੀਦਕੋਟ ਨੇ ਪਹਿਲਾ, ਨਵਜੋਤ ਕੌਰ ਰੋਪੜ ਨੇ ਦੂਜਾ, ਤਨੂੰ ਬਠਿੰਡਾ ਅਤੇ ਨਵਜੋਤ ਜਲੰਧਰ ਨੇ ਤੀਜਾ, ਹੈਵੀਵੇਟ 'ਚ ਮਨਜੂਰ ਅੰਮ੍ਰਿਤਸਰ ਪਹਿਲਾ, ਅਰੁੰਦਤੀ ਬਠਿੰਡਾ ਦੂਜਾ, ਪੁਰਵਸਾ ਜਲੰਧਰ ਅਤੇ ਹਰਸ਼ਪ੍ਰੀਤ ਕੌਰ ਮੁਕਤਸਰ ਨੇ ਤੀਜਾ ਦਰਜਾ ਲਿਆ।

ਬਲਵੰਤ ਸਿੰਘ ਮੈਮੋਰੀਅਲ 31ਵੀਂ ਰਾਸ਼ਟਰੀ ਸਬ ਜੂਨੀਅਰ ਫੁੱਟਬਾਲ ਚੈਂਪੀਅਨਸ਼ਿਪ

ਮਾਹਿਲਪੁਰ, 27 ਸਤੰਬਰ -ਬਲਵੰਤ ਸਿੰਘ ਮੈਮੋਰੀਅਲ 31ਵੀਂ ਰਾਸ਼ਟਰੀ ਸਬ ਜੂਨੀਅਰ ਫੁੱਟਬਾਲ ਚੈਂਪੀਅਨਸ਼ਿਪ ਖਾਲਸਾ ਕਾਲਜ ਮਾਹਿਲਪੁਰ ਵਿਖੇ ਕਰਵਾਈ ਜਾ ਰਹੀ ਹੈ। ਚੈਂਪੀਅਨਸ਼ਿਪ ਦੇ ਦੂਜੇ ਅਤੇ ਫੈਸਲਾਕੁੰਨ ਮੁਕਾਬਲੇ ਵਿਚ ਪੰਜਾਬ, ਦਿੱਲੀ, ਮਿਜ਼ੋਰਮ, ਮੇਘਾਲਿਆ, ਬੰਗਾਲ, ਉਤਰਾਖੰਡ, ਅਸਾਮ ਅਤੇ ਗੋਆ ਦੀਆਂ 8 ਟੀਮਾਂ ਹੀ ਮੈਦਾਨ ਵਿਚ ਰਹਿ ਗਈਆਂ। ਉਕਤ ਅੱਠ ਟੀਮਾਂ 'ਚ ਕੁਆਰਟਰ ਫਾਈਨਲ ਲੀਗ ਮੈਚ 2 ਅਕਤੂਬਰ ਤੱਕ ਖੇਡੇ ਜਾਣਗੇ। ਜਿਨ੍ਹਾਂ ਵਿਚੋਂ ਪੰਜਾਬ ਦਾ ਪਹਿਲਾ ਮੁਕਾਬਲਾ ਦਿੱਲੀ ਨਾਲ, ਮਿਜ਼ੋਰਮ ਦਾ ਮੇਘਾਲਿਆ, ਆਸਾਮ ਦਾ ਗੋਆ ਨਾਲ ਅਤੇ ਉਤਰਾਖੰਡ ਦਾ ਬੰਗਾਲ ਨਾਲ ਨਿਰਧਾਰਤ ਹੋਇਆ ਹੈ। ਇਹ ਮੁਕਾਬਲੇ ਅੰਕਾਂ ਦੇ ਆਧਾਰ 'ਤੇ ਖੇਡੇ ਜਾਣਗੇ। ਜਿਨ੍ਹਾਂ ਵਿਚੋਂ ਜਿੱਤਣ ਵਾਲੀ ਟੀਮ ਨੂੰ 3 ਅੰਕ, ਬਰਾਬਰ ਰਹਿਣ ਦੀ ਹਾਲਤ ਵਿਚ ਦੋਵੇਂ ਟੀਮਾਂ ਨੂੰ 1-1 ਅੰਕ ਅਤੇ ਬਾਕੀ ਅੰਕ ਕੀਤੇ ਹੋਏ ਗੋਲਾਂ 'ਤੇ ਅਧਾਰਿਤ ਹੋਣਗੇ। ਤੀਜੇ ਦੌਰ ਵਿਚ ਸੈਮੀਫਾਈਨਲ 4 ਅਕਤੂਬਰ ਅਤੇ ਫਾਈਨਲ 6 ਅਕਤੂਬਰ ਨੂੰ ਕਰਵਾਇਆ ਜਾਵੇਗਾ।
ਇਸ ਦੇ ਪਹਿਲੇ ਦਿਨ ਯਾਨੀ 27 ਸਤੰਬਰ ਦੇ ਪਹਿਲੇ ਕੁਆਰਟਰ ਲੀਗ ਮੈਚ ਵਿਚ ਬੰਗਾਲ ਅਤੇ ਉਤਰਾਖੰਡ ਦਾ ਮੈਚ ਰੋਮਾਂਚਕ ਮੁਕਾਬਲੇ ਤੋਂ ਬਾਅਦ ਇਕ-ਇਕ ਗੋਲ ਨਾਲ ਬਰਾਬਰ ਰਿਹਾ। ਦੂਜੇ ਮੈਚ ਵਿਚ ਆਸਾਮ ਦੇ ਖਿਡਾਰੀਆਂ ਨੇ ਗੋਆ ਦੀ ਟੀਮ ਨੂੰ 4-0 ਨਾਲ ਹਰਾਇਆ।

54ਵੇਂ ਪੰਜਾਬ ਸਕੂਲ ਨੈਟੱਬਾਲ ਤੇ ਬਾਸਕਿਟਬਾਲ ਮੁਕਾਬਲੇ

ਗੁਰਦਾਸਪੁਰ, 27 ਸਤੰਬਰ - 54 ਵੀਆਂ ਅੰਤਰ ਜ਼ਿਲ੍ਹਾ 5 ਰੋਜ਼ਾ ਨੈਟਬਾਲ ਅੰਡਰ 17 ਸਾਲ ਅਤੇ ਬਾਸਕਿਟਬਾਲ ਅੰਡਰ 14 ਸਾਲ ਸਕੂਲ ਖੇਡਾਂ ਗੁਰਦਾਸਪੁਰ ਵਿਖੇ 27 ਸਤੰਬਰ ਨੂੰ ਸ਼ੁਰੂ ਹੋਈਆਂ। ਜਿਸ ਵਿਚ ਨੈਟਬਾਲ ਅੰਡਰ 17 ਸਾਲ ਵਿਚ ਤਰਨਤਾਰਨ ਨੇ ਮੋਗਾ ਨੂੰ 1-17, ਬਰਨਾਲਾ ਨੇ ਕਪੂਰਥਲਾ ਨੂੰ 6-0, ਗੁਰਦਾਸਪੁਰ ਸਪੋਰਟਸ ਵਿੰਗ ਨੇ ਜਲੰਧਰ ਨੂੰ 18-2, ਗੁਰਦਾਸਪੁਰ ਨੇ ਸੰਗਰੂਰ ਨੂੰ 15-10 ਅੰਕਾਂ ਨਾਲ ਹਰਾਇਆ। ਇਸੇ ਤਰ੍ਹਾਂ ਬਾਸਕਿਟ ਬਾਲ ਅੰਡਰ 14 ਸਾਲ ਮੁਕਾਬਲਿਆਂ ਵਿਚ ਗੁਰਦਾਸਪੁਰ ਵਿੰਗ ਨੇ ਜਲੰਧਰ ਨੂੰ 14-0, ਬਠਿੰਡਾ ਨੇ ਮੋਗੇ ਨੂੰ 12-2 ਅਤੇ ਰੋਪੜ ਨੇ ਅੰਮ੍ਰਿਤਸਰ ਨੂੰ 25-9 ਅੰਕਾਂ ਨਾਲ ਹਰਾਇਆ।

ਸ਼ੂਗਰਫੈੱਡ ਦੇ ਖੇਡ ਮੁਕਾਬਲਿਆਂ 'ਚੋਂ ਬੁੱਢੇਵਾਲ ਦੀ ਕਬੱਡੀ ਟੀਮ ਦੀ ਝੰਡੀ

ਕੁਹਾੜਾ, 27 ਸਤੰਬਰ - ਰਾਜ ਪੱਧਰੀ ਖੇਡ ਮੁਕਾਬਲਿਆਂ ਦੇ ਜੇਤੂਆ ਨੂੰ ਇਨਾਮ ਵੰਡਣ ਲਈ ਸ਼ੂਗਰਫੈਡ ਪੰਜਾਬ ਵੱਲੋਂ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਹਿਕਾਰੀ ਖੰਡ ਮਿੱਲ ਬੁੱਢੇਵਾਲ ਦੀ ਕਬੱਡੀ ਟੀਮ ਪਹਿਲੇ ਸਥਾਨ ਉਤੇ ਰਹੀ ਜਦੋਂ ਕਿ ਬਟਾਲਾ ਮਿੱਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭੰਗੜੇ ਦੇ ਮੁਕਾਬਲਿਆਂ ਵਿਚੋਂ ਅਜਨਾਲਾ ਖੰਡ ਮਿੱਲ ਨੇ ਪਹਿਲਾ ਬਟਾਲਾ ਨੇ ਦੂਜਾ ਅਤੇ ਨਕੋਦਰ ਖੰਡ ਮਿੱਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਕਰਤਾਰ ਸਿੰਘ ਮਾਸਟਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ

ਜਲੰਧਰ, 27 ਸਤੰਬਰ - ਪਿਰਮ (ਰੂਸ) ਵਿਚ ਮਾਸਟਰ ਵਿਸ਼ਵ ਰੈਸਲਿੰਗ ਚੈਂਪੀਅਨਸ਼ਿਪ ਚੱਲ ਰਹੀ ਹੈ, ਇਸ ਵਿਚ 97 ਕਿਲੋ ਭਾਰ ਵਰਗ ਵਿਚ ਪਦਮ ਸ੍ਰੀ ਕਰਤਾਰ ਸਿੰਘ ਨੇ ਫਾਈਨਲ 'ਚ ਪ੍ਰਵੇਸ਼ ਕੀਤਾ। ਕੁਆਰਟਰ ਫਾਈਨਲ 'ਚ ਕਰਤਾਰ ਸਿੰਘ ਨੇ ਰੂਸ ਦੇ ਕਮਾਲੰਵ ਬਟਾਇਰ ਨੂੰ ਤੇ ਫਰਾਂਸ ਦੇ ਐਮ. ਗਲੇਬਸ ਨੂੰ 4-2 ਨਾਲ ਹਰਾਇਆ ਤੇ ਸੈਮੀਫਾਈਨਲ ਦੇ ਪਹਿਲੇ ਗੇੜ ਦੇ ਮੁਕਾਬਲੇ ਵਿਚ ਕਰਤਾਰ ਸਿੰਘ ਨੇ ਕਜ਼ਾਕਿਸਤਾਨ ਦੇ ਜੋ ਉਮਰ ਨੂੰ ਹਰਾਇਆ।

54ਵੀਆਂ ਪੰਜਾਬ ਸਕੂਲ ਖੇਡਾਂ ਆਰੰਭ

ਬਠਿੰਡਾ, 26 ਸਤੰਬਰ - 54ਵੀਆਂ ਪੰਜਾਬ ਸਕੂਲ ਖੇਡਾਂ (ਤਾਇਕਵਾਂਡੋ) 26 ਸਤੰਬਰ ਨੂੰ ਬਠਿੰਡਾ ਦੇ ਖੇਡ ਸਟੇਡੀਅਮ ਦੇ ਇਨਡੋਰ ਜਿਮਨੇਜ਼ੀਅਮ ਹਾਲ ਵਿਚ ਸ਼ੁਰੂ ਹੋਈਆਂ। ਇਸ ਵਿਚ ਪੰਜਾਬ ਭਰ ਦੇ ਸਕੂਲਾਂ ਵਿਚੋਂ 14, 17, 19 ਸਾਲ ਤੱਕ ਦੇ ਇਕ ਹਜ਼ਾਰ ਦੇ ਕਰੀਬ ਲੜਕੇ-ਲੜਕੀਆਂ ਭਾਗ ਲੈ ਰਹੇ ਹਨ। ਆਖਰ ਵਿਚ ਐਸ.ਪੀ. ਸ਼ੁਕਲਾ ਦੇ ਤਿਆਰ ਕੀਤੇ ਬੱਚਿਆਂ ਨੇ ਬਹੁਤ ਹੀ ਵਧੀਆ ਤਾਇਕਵਾਂਡੋ ਦਾ ਪ੍ਰਦਰਸ਼ਨ ਕੀਤਾ। ਐਮ.ਐਸ.ਡੀ. ਸਕੂਲ ਦੇ ਬਾਲ ਕਲਾਕਾਰਾਂ ਨੇ ਕੋਰੀਓਗ੍ਰਾਫ਼ੀ ਨਾਚ ਵਿਖਾਇਆ। ਅੱਜ ਵੱਖ-ਵੱਖ ਭਾਰ ਵਰਗਾਂ ਦੇ ਲੜਕੇ-ਲੜਕੀਆਂ ਦੇ ਵਜ਼ਨ ਕੀਤੇ ਗਏ ਤੇ ਮੁਕਾਬਲੇ ਦੀ ਸ਼ੁਰੂਆਤ ਹੋਈ।

30ਵੀਂਆਂ ਪੰਜਾਬ ਪੁਲਿਸ ਖੇਡਾਂ

ਫ਼ਿਰੋਜ਼ਪੁਰ, 26 ਸਤੰਬਰ - 30ਵੀਆਂ ਪੰਜਾਬ ਪੁਲਿਸ ਦੀਆਂ ਖੇਡਾਂ ਚੱਲ ਰਹੀਆਂ ਹਨ। ਜਿਸ ਵਿਚ ਕਬੱਡੀ, ਵਾਲੀਬਾਲ, ਬਾਸਕਟਬਾਲ, ਹਾਕੀ, ਫੁਟਬਾਲ ਅਤੇ ਐਥਲੈਟਿਕਸ ਮੁਕਾਬਲੇ ਹੋਏ। ਇਸ ਵਿਚ 100 ਮੀਟਰ ਦੌੜ ਵਿੱਚੋਂ ਕਾਂਸਟੇਬਲ ਭਗਵਾਨ ਚੰਦ ਫ਼ਿਰੋਜ਼ਪੁਰ ਪਹਿਲੇ, ਐਸ.ਪੀ.ਓ ਬਲਦੇਵ ਸਿੰਘ ਫ਼ਿਰੋਜ਼ਪੁਰ ਦੂਜੇ, ਸਹਾਇਕ ਥਾਣੇਦਾਰ ਗੁਰਿੰਦਰ ਸਿੰਘ ਤੀਜੇ ਸਥਾਨ 'ਤੇ ਰਹੇ। 800 ਮੀਟਰ ਦੌੜ ਵਿਚੋਂ ਹੈਡਕਾਂਸਟੇਬਲ ਭਗਵਾਨ ਚੰਦ ਫ਼ਿਰੋਜ਼ਪੁਰ ਪਹਿਲੇ, ਰਾਮ ਮਗਨ ਫ਼ਿਰੋਜ਼ਪੁਰ ਦੂਸਰੇ, ਐਸ.ਪੀ.ਓ ਬਲਦੇਵ ਸਿੰਘ ਫ਼ਿਰੋਜ਼ਪੁਰ ਤੀਸਰੇ ਨੰਬਰ 'ਤੇ ਰਹੇ। ਗੋਲਾ ਸੁੱਟਣ 'ਚ ਗੁਰਦੇਵ ਸਿੰਘ ਫ਼ਿਰੋਜ਼ਪੁਰ ਪਹਿਲੇ, ਬਲਦੇਵ ਸਿੰਘ ਮੁਕਤਸਰ ਦੂਜੇ, ਮਨਜੀਤ ਸਿੰਘ ਮੁਕਤਸਰ ਤੀਜੇ ਸਥਾਨ 'ਤੇ ਰਿਹਾ। ਗੋਲਾ ਸੁੱਟਣ ਦੇ 50 ਤੋਂ 60 ਸਾਲਾਂ ਮੁਕਾਬਲਿਆਂ 'ਚ ਦੇਵ ਰਾਜ ਮੁਕਤਸਰ ਪਹਿਲੇ, ਕੁਲਵੰਤ ਰਾਏ ਸਬ-ਇੰਸਪੈਕਟਰ ਫ਼ਿਰੋਜ਼ਪੁਰ ਦੂਜੇ ਸਥਾਨ 'ਤੇ ਰਹੇ ਰਹੇ। ਕਬੱਡੀ 'ਚ ਮੁਕਤਸਰ-ਮੋਗਾ ਦੀਆਂ ਟੀਮਾਂ ਦਰਮਿਆਨ ਫਸਵਾਂ ਮੈਚ ਹੋਇਆ, ਜਿਸ ਵਿੱਚ 21 ਦੇ ਮੁਕਾਬਲੇ 37 ਅੰਕ ਹਾਸਲ ਕਰ ਮੋਗਾ ਪੁਲਿਸ ਦੇ ਗੱਭਰੂ ਜੇਤੂ ਰਹੇ, ਬਾਸਕਟਬਾਲ ਮੁਕਾਬਲੇ ਫ਼ਿਰੋਜ਼ਪੁਰ ਅਤੇ ਮੋਗਾ ਦੇ ਖਿਡਾਰੀਆਂ ਵਿਚਕਾਰ ਹੋਏ, ਜਿਸ ਵਿਚ 14 ਦੇ ਮੁਕਾਬਲੇ ਫ਼ਿਰੋਜ਼ਪੁਰ ਦੇ ਖਿਡਾਰੀਆਂ ਨੇ 39 ਅੰਕ ਪ੍ਰਾਪਤ ਕੀਤੇ। ਫੁਟਬਾਲ ਅਤੇ ਹਾਕੀ ਦੇ ਮੁਕਾਬਲਿਆਂ 'ਚ ਮੋਗਾ ਦੀ ਟੀਮ ਬਗੈਰ ਮੁਕਾਬਲੇ ਜੇਤੂ ਰਹੀ।

54 ਵੀਆਂ ਪੰਜਾਬ ਸਕੂਲ ਖੇਡਾਂ

ਸੰਗਰੂਰ, 26 ਸਤੰਬਰ - 54 ਵਾਂ ਪੰਜਾਬ ਪੱਧਰੀ (ਸਕੂਲੀ) ਕ੍ਰਿਕਟ ਟੂਰਨਾਮੈਂਟ (16 ਸਾਲ ਤੋਂ ਘੱਟ) ਜ਼ਿਲ੍ਹਾ ਸੰਗਰੂਰ ਵਿਚ 26 ਸਤੰਬਰ ਨੂੰ ਸ਼ੁਰੂ ਹੋਇਆ ਜਿਹੜਾ ਕਿ 30 ਸਤੰਬਰ ਤੱਕ ਚੱਲੇਗਾ। 26 ਸਤੰਬਰ ਨੂੰ ਕੁਲ ਤਿੰਨ ਮੈਚ ਖੇਡੇ ਗਏ। 20-20 ਓਵਰਾਂ ਦੇ ਮੈਚਾਂ ਵਿਚ ਲੁਧਿਆਣਾ ਦੇ ਤੇਜ਼ ਤਰਾਰ ਬੱਲੇਬਾਜ਼ਾਂ ਨੇ ਕੇਵਲ 3.5 ਓਵਰਾਂ ਵਿਚ 1 ਵਿਕਟ ਦੇ ਨੁਕਸਾਨ 'ਤੇ ਮਾਨਸਾ ਜ਼ਿਲ੍ਹੇ ਨੂੰ ਹਰਾ ਦਿੱਤਾ। ਮਾਨਸਾ ਦੀ ਟੀਮ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿਚ ਕੇਵਲ 44 ਦੋੜਾਂ ਹੀ ਬਣਾ ਸਕੀ ਸੀ। ਦੂਸਰੇ ਮੈਚ ਵਿਚ ਮੋਗੇ ਨੂੰ ਕਪੂਰਥਲਾ ਵਿਰੁਧ ਵਾਕਓਵਰ ਮਿਲਿਆ। ਤੀਜੇ ਮੈਚ ਵਿਚ ਹੁਸ਼ਿਆਰਪੁਰ ਵੱਲੋਂ ਬਣਾਈਆਂ ਗਈਆਂ 134 ਦੌੜਾਂ ਦੇ ਜਵਾਬ ਵਿਚ ਫਤਹਿਗੜ੍ਹ ਸਾਹਿਬ ਦੀ ਟੀਮ ਕੇਵਲ 90 ਦੌੜਾਂ ਹੀ ਬਣਾ ਸਕੀ।

31ਵਾਂ ਸਬ ਜੂਨੀਅਰ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ

ਮਾਹਿਲਪੁਰ, 25 ਸਤੰਬਰ - 31ਵਾਂ ਸਬ ਜੂਨੀਅਰ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰ: ਹਰਭਜਨ ਸਿੰਘ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਇਸ ਦੇ ਪਹਿਲੇ ਗੇੜ ਵਿਚ ਤਾਮਿਲਨਾਡੂ, ਉੜੀਸਾ, ਝਾਰਖੰਡ, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਕੇਰਲ, ਕਰਨਾਟਕ, ਚੰਡੀਗੜ੍ਹ ਤੇ ਮਨੀਪੁਰ ਦੀਆਂ ਟੀਮਾਂ ਬਾਹਰ ਹੋ ਗਈਆਂ। 25 ਸਤੰਬਰ ਨੂੰ ਹੋਏ ਮੈਚਾਂ ਵਿਚ ਮਨੀਪੁਰ, ਅਸਾਮ ਅਤੇ ਝਾਰਖੰਡ ਦੀਆਂ ਟੀਮਾਂ ਨੇ ਵੱਡੇ ਫਰਕ ਨਾਲ ਜਿੱਤਾਂ ਪ੍ਰਾਪਤ ਕੀਤੀਆਂ। ਮੇਘਾਲਿਆਂ, ਆਸਾਮ ਅਤੇ ਉੱਤਰਾਖੰਡ ਦੀਆਂ ਟੀਮਾਂ ਵੀ ਕੁਆਟਰ ਫਾਈਨਲ ਵਿਚ ਪਹੁੰਚ ਗਈਆਂ।

ਜੂਨੀਅਰ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ਲਈ ਚੋਣ ਟ੍ਰਾਇਲ 2 ਅਕਤੂਬਰ ਨੂੰ

ਜਲੰਧਰ, 25 ਸਤੰਬਰ - ਜੂਨੀਅਰ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ਮੈਸੂਰ ਵਿਖੇ 12 ਤੋਂ 16 ਨਵੰਬਰ ਤੱਕ ਮੈਸੂਰ ਵਿਖੇ ਕਰਵਾਈ ਜਾਵੇਗੀ। ਇਸ ਚੈਂਪੀਅਨਸ਼ਿਪ ਦੇ ਵਿਚ ਹਿੱਸਾ ਲੈਣ ਵਾਲੀ ਪੰਜਾਬ ਅਥਲੈਟਿਕਸ ਟੀਮ ਦੇ ਚੋਣ ਟ੍ਰਾਇਲ 2 ਅਕਤੂਬਰ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਣਗੇ। ਪੰਜਾਬ ਅਥਲੈਟਿਕਸ ਐਸੋਸੀਏਸ਼ਨ ਦੇ ਆਫਿਸ ਸਕੱਤਰ ਕੰਵਲਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਚੋਣ ਟ੍ਰਾਇਲਾਂ 'ਚ ਹਿੱਸਾ ਲੈਣ ਵਾਲੇ ਖਿਡਾਰੀ ਹਰਿੰਦਰ ਸਿੰਘ ਅਥਲੈਟਿਕਸ ਕੋਚ ਨੂੰ ਰਿਪੋਰਟ ਕਰਨ।

ਜੂਡੋ ਮੁਕਾਬਲੇ 'ਚ ਸਰਕਾਰੀ ਗਰਲਜ਼ ਸੀ: ਸੈ: ਸਕੂਲ ਲਾਡੋਵਾਲੀ ਰੋਡ ਦੀ ਬੱਲੇ ਬੱਲੇ

ਜਲੰਧਰ, 25 ਸਤੰਬਰ - 31ਵੀਂ ਜ਼ਿਲ੍ਹਾ ਜਲੰਧਰ ਜੂਡੋ ਚੈਂਪੀਅਨਸ਼ਿਪ ਚੱਲ ਰਹੀ ਹੈ। ਜਿਸ ਵਿਚ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਦੀ ਜੂਡੋ ਖਿਡਾਰਨਾਂ ਨੇ ਮਾਨਸੀ, ਪੂਜਾ, ਮੀਨਾਕਸ਼ੀ, ਪੱਲਵੀ, ਭਾਰਤੀ, ਪ੍ਰਿਅੰਕਾ, ਨੀਲਮ ਅਤੇ ਜਸਪ੍ਰੀਤ ਇਨ੍ਹਾਂ ਨੇ ਗੋਲਡ ਮੈਡਲ ਪ੍ਰਾਪਤ ਕੀਤੇ। ਪ੍ਰਿਆ, ਲਤਾ ਆਰਤੀ, ਰਜਨੀ, ਪੂਨਮ ਅਤੇ ਰਜਨੀ ਇਨ੍ਹਾਂ ਨੇ ਚਾਂਦੀ ਮੈਡਲ ਜਿੱਤੇ।

ਵਾਲੀਬਾਲ ਚੈਂਪੀਅਨਸ਼ਿਪ ਵਿਚ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਮੁੰਡੇ ਜੇਤੂ

ਜਲੰਧਰ, 25 ਸਤੰਬਰ - ਵਾਲੀਬਾਲ ਚੈਂਪੀਅਨਸ਼ਿਪ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ, ਕਰਮਸਰ ਰਾੜਾ ਸਾਹਿਬ ਵਿਖੇ ਕਰਵਾਈ ਗਈ। ਜਿਸ ਵਿਚ ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ, ਜਲੰਧਰ ਦੇ ਲੜਕਿਆਂ ਦੀ ਟੀਮ ਸੀ.ਬੀ.ਐਸ.ਈ. ਕਲਸਟਰ-16 ਵਾਲੀਬਾਲ ਚੈਂਪੀਅਨਸ਼ਿਪ ਵਿਚ ਪੁਲੀਸ ਡੀ.ਏ.ਵੀ ਪਬਲਿਕ ਸਕੂਲ, ਅੰਮ੍ਰਿਤਸਰ ਨੂੰ ਹਰਾਇਆ।

ਕੌਮੀ ਫੁੱਟਬਾਲ ਲੀਗ 26 ਸਤੰਬਰ ਨੂੰ

ਲੁਧਿਆਣਾ, 25 ਸਤੰਬਰ - ਓ. ਐਨ. ਜੀ. ਸੀ. ਵੱਲੋਂ ਸਪਾਂਸਰ ਭਾਰਤ ਵਿਚ ਹੋਣ ਵਾਲੀ ਰਾਸ਼ਟਰੀ ਪੱਧਰ ਦੀ ਪੇਸ਼ਾਵਰ ਕੌਮੀ ਫੁੱਟਬਾਲ ਲੀਗ 26 ਸਤੰਬਰ ਨੂੰ ਕਲਕੱਤਾ ਵਿਖੇ ਸ਼ੁਰੂ ਹੋਣੀ ਹੈ। ਇਸ ਲੀਗ ਦੇ ਵੱਖ ਵੱਖ ਮੈਚ ਕੋਲਕਾਤਾ, ਗੋਆ, ਮੁੰਬਈ ਅਤੇ ਲੁਧਿਆਣਾ ਵਿਚ ਖੇਡੇ ਜਾਣਗੇ। ਇਸ ਕੌਮੀ ਲੀਗ ਦੇ 11 ਮੈਚ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡੇ ਜਾਣਗੇ। ਜੇ. ਸੀ. ਟੀ. ਮਿੱਲਜ਼ ਫਗਵਾੜਾ ਨੇ ਆਪਣਾ ਘਰੇਲੂ ਮੈਦਾਨ ਲੁਧਿਆਣਾ ਨੂੰ ਰੱਖਿਆ ਹੈ। ਰਾਸ਼ਟਰੀ ਲੀਗ ਵਿੱਚ ਜੇ. ਸੀ. ਟੀ. ਦਾ ਮੁੱਢਲਾ ਮੈਚ 28 ਸਤੰਬਰ ਨੂੰ ਡੈਂਪੋ ਗੋਆ ਵਿਰੁੱਧ ਗੋਆ ਵਿਖੇ ਖੇਡਿਆ ਜਾਵੇਗਾ, ਜਦਕਿ 2 ਅਕਤੂਬਰ ਨੂੰ ਜੇ. ਸੀ. ਟੀ. ਵਾਸਕੋ ਗੋਆ ਵਿਰੁੱਧ ਭਿੜੇਗੀ।

ਹਾਕੀ 'ਚ ਵਿਸ਼ਵ ਚੈਂਪੀਅਨ ਬਣੇ ਇੰਗਲੈਂਡ ਦੇ ਬਜ਼ੁਰਗ

ਪਟਿਆਲਾ, 25 ਸਤੰਬਰ - ਇੰਗਲੈਂਡ ਦੇ ਬੁੱਢੇ ਹਾਕੀ ਖਿਡਾਰੀਆਂ ਨੇ ਆਸਟਰੇਲੀਆ ਦੇ ਬਜ਼ੁਰਗਾਂ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। 60 ਸਾਲ ਤੋਂ ਵਧੇਰੇ ਉਮਰ ਗੁੱਟ ਦੇ ਵਿਸ਼ਵ ਕੱਪ 'ਚ ਇੰਗਲੈਂਡ ਦੇ ਗਲੈਂਡ ਮਾਸਟਰਜ਼ ਨੇ ਆਸਟਰੇਲੀਆ ਨੂੰ 4-1 ਨਾਲ ਹਰਾ ਕੇ ਸੋਨ ਤਗਮਾ ਚੁੰਮਿਆ।

ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ

ਚਾਉਕੇ, 25 ਸਤੰਬਰ - ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਚਾਉਕੇ ਦੇ ਨਜ਼ਦੀਕੀ ਪਿੰਡ ਕੋਟੜਾ ਕੌੜਿਆਂ ਵਾਲਾ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ 'ਚ 20 ਟੀਮਾਂ ਨੇ ਹਿੱਸਾ ਲਿਆ। ਇਸ ਵਿਚ ਪਿੰਡ ਕੋਟੜਾ ਕੌੜਿਆਂ ਦੀ ਏ ਟੀਮ ਨੇ ਪਹਿਲਾ ਅਤੇ ਬੀ ਟੀਮ ਨੇ ਦੂਸਰਾ ਸਥਾਨ ਲੈ ਕੇ 31 ਸੌ ਅਤੇ 21 ਸੌ ਰੁਪਏ ਦੇ ਇਨਾਮ ਸਮੇਤ ਟਰਾਫ਼ੀ ਹਾਸਲ ਕੀਤੀ। ਜਦੋਂ ਕਿ ਸਮੁੱਚੇ ਖੇਡ ਮੇਲੇ 'ਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਪੱਖੋ ਕਲਾਂ ਦੇ ਖਿਡਾਰੀ ਸ਼੍ਰੀ ਨਾਥ ਨੂੰ ਮੈਨ ਆਫ਼ ਦੀ ਸੀਰੀਜ਼ ਨਾਲ ਸਨਮਾਨਿਤ ਕੀਤਾ ਗਿਆ।

ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਵਲੋਂ ਚੌਥਾ ਸੈਮੀਨਾਰ 27 ਨੂੰ

ਲੁਧਿਆਣਾ, 24 ਸਤੰਬਰ - ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਪੰਜਾਬ ਦੀਆਂ ਪੇਂਡੂ ਖੇਡ ਕਲੱਬ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਹੈ। ਉਸ ਨੇ ਪੰਜਾਬ ਦੀਆਂ ਪੇਂਡੂ ਖੇਡ ਕਲੱਬਾਂ ਨੂੰ ਉਲੰਪਿਕ ਅਤੇ ਅੰਤਰਰਾਸ਼ਟਰੀ ਮਿਆਦ ਦੀਆਂ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਕੜੀ ਦੇ ਤਹਿਤ ਚੌਥਾ ਖੇਡ ਸੈਮੀਨਾਰ 27 ਸਤੰਬਰ ਨੂੰ ਟੀਚਰ ਹੋਮ ਨੇੜੇ ਪੁਰਾਣਾ ਬੱਸ ਸਟੈਂਡ ਬਠਿੰਡਾ ਵਿਖੇ ਕਰਵਾਇਆ ਜਾਵੇਗਾ। ਇਸ ਸੈਮੀਨਾਰ ਵਿੱਚ ਕੌਂਸਲ ਦੇ ਮੁੱਖ ਬੁਲਾਰੇ ਖੇਡ ਲੇਖਕ ਅਤੇ ਖੇਡ ਚਿੰਤਕ ਆਪਣੇ ਪਰਚੇ ਪੜ੍ਹਨਗੇ ਅਤੇ ਪੇਂਡੂ ਖੇਡ ਕਲੱਬਾਂ ਨੂੰ ਪ੍ਰੇਰਿਤ ਕਰਨਗੇ ਕਿ ਪਿੰਡਾਂ ਵਿੱਚ ਉਨ੍ਹਾਂ ਖੇਡਾਂ ਨੂੰ ਹੀ ਉਤਸ਼ਾਹਿਤ ਕੀਤਾ ਜਾਵੇ, ਜਿਨ੍ਹਾਂ ਨਾਲ ਪੰਜਾਬ ਦੇ ਖਿਡਾਰੀਆਂ ਦੀ ਹੋਂਦ ਅਤੇ ਪਹਿਚਾਣ ਉਲੰਪਿਕ ਖੇਡਾਂ ਵਿੱਚ ਪੈਦਾ ਹੋ ਸਕੇ। ਇਸ ਤੋਂ ਇਲਾਵਾ ਇਸ ਕੜੀ ਦਾ ਆਖਰੀ ਸੈਮੀਨਾਰ 4 ਅਕਤੂਬਰ ਨੂੰ ਜਰਖੜ ਹਾਕੀ ਅਕੈਡਮੀ ਲੁਧਿਆਣਾ ਵਿਖੇ ਹੋਵੇਗਾ। ਕੌਂਸਲ ਦੇ ਚੇਅਰਮੈਨ ਪਰਮਜੀਤ ਸਿੰਘ ਖੱਟੜਾ, ਮੁੱਖ ਪ੍ਰਬੰਧਕ ਪ੍ਰਿਥੀਪਾਲ ਸਿੰਘ ਬਟਾਲਾ, ਗੁਰਮੀਤ ਸਿੰਘ ਖੁੱਡੀਆਂ, ਗੁਰਜੀਵਨ ਸਿੰਘ ਬਰਾੜ ਜੰਡਾਂ ਵਾਲਾ ਨੇ ਦੱਸਿਆ ਕਿ ਬਠਿੰਡਾ ਵਿਖੇ ਹੋਣ ਵਾਲੇ ਸੈਮੀਨਾਰ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਪੰਜਾਬ ਕੁਸ਼ਤੀ ਚੈਂਪੀਅਨਸ਼ਿਪ 'ਚ ਮਨਜੀਤ ਸਿੰਘ ਮੰਡੌੜ ਦੀ ਬੱਲੇ ਬੱਲੇ

ਪਟਿਆਲਾ, 24 ਸਤੰਬਰ - ਪਟਿਆਲਾ-ਪੰਜਾਬ ਸੀਨੀਅਰ ਕੁਸ਼ਤੀ ਚੈਂਪੀਅਨਸ਼ਿਪ ਨਾਭਾ ਸੜਕ 'ਤੇ ਪੈਂਦੇ ਪਿੰਡ ਮੰਡੌੜ ਵਿਖੇ ਪਹਿਲਵਾਨ ਹਰਮੇਲ ਸਿੰਘ ਕਾਲਾ ਦੀ ਅਗਵਾਈ 'ਚ ਹੋ ਰਹੀ ਹੈ। ਇਸ ਵਿਚ ਕੁਸ਼ਤੀ ਅਕੈਡਮੀ ਦੇ ਮਨਜੀਤ ਸਿੰਘ ਨੇ ਪੰਜਾਬ ਸੀਨੀਅਰ ਕੁਸ਼ਤੀ ਚੈਂਪੀਅਨਸ਼ਿਪ 'ਚੋਂ ਚਾਂਦੀ ਦਾ ਤਗਮਾ ਜਿੱਤਿਆ। ਕੇ ਇਸ ਅਕੈਡਮੀ ਦੀਆਂ ਪ੍ਰਾਪਤੀਆਂ 'ਚ ਇਕ ਹੋਰ ਵਾਧਾ ਕੀਤਾ ਹੈ। ਪਿਛਲੇ ਦਿਨੀਂ ਫਰੀਦਕੋਟ ਵਿਖੇ ਹੋਈ ਇਸ ਚੈਂਪੀਅਨਸ਼ਿਪ ਦੇ ਸੁਪਰ ਹੈਵੀ ਭਾਰ ਵਰਗ 'ਚ ਮਨਜੀਤ ਸਿੰਘ ਨੇ ਇਹ ਪ੍ਰਾਪਤੀ ਕੀਤੀ। ਇਸ ਅਕੈਡਮੀ 'ਚ ਇਸ ਵੇਲੇ ਲਗਭਗ 40 ਪਹਿਲਵਾਨ ਆਪਣੀ ਜ਼ੋਰ ਅਜ਼ਮਾਈ ਕਰ ਰਹੇ ਹਨ। ਹਰਮੇਲ ਸਿੰਘ ਕਾਲਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਉਨ੍ਹਾਂ ਨੂੰ ਮੈਟ ਮੁਹੱਈਆ ਕਰਵਾ ਦੇਵੇ ਤਾਂ ਜ਼ਰੂਰ ਉਨ੍ਹਾਂ ਦੇ ਪਹਿਲਵਾਨ ਕੌਮਾਂਤਰੀ ਪੱਧਰ 'ਤੇ ਤਗਮੇ ਜਿੱਤ ਕੇ ਦਿਖਾਉਣਗੇ।

ਕੌਮਾਂਤਰੀ ਕਬੱਡੀ 'ਤੇ ਪਲੇਠੀ ਪੰਜਾਬਣ ਵੀਰਪਾਲ ਕੌਰ ਦਾ ਕਬਜ਼ਾ

ਪਟਿਆਲਾ, 24 ਸਤੰਬਰ - ਮਦੁਰਾਇ (ਤਾਮਿਲਨਾਡੂ) ਵਿਖੇ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿਚ ਭਾਰਤੀ ਟੀਮ ਦੀ ਮੈਂਬਰ ਵੀਰਪਾਲ ਕੌਰ ਨੇ ਜਿੱਤ ਪ੍ਰਾਪਤ ਕੀਤੀ। ਇਹ ਦੇਵ ਸਮਾਜ ਕਾਲਜ ਫਿਰੋਜ਼ਪੁਰ ਵਿਖੇ ਬੀ.ਏ. ਭਾਗ ਤੀਸਰਾ ਦੀ ਵਿਦਿਆਰਥਣ ਹੈ। ਸ: ਅਮਰੀਕ ਸਿੰਘ ਫਰੀਦਕੋਟ ਵਾਸੀ ਦੀ ਇਸ ਲਾਡਲੀ ਧੀ ਨੇ 1999 'ਚ ਕੋਚ ਸ: ਗੁਰਦੀਪ ਸਿੰਘ ਮੱਲੀ ਦੀ ਪ੍ਰੇਰਨਾ ਨਾਲ ਕਬੱਡੀ ਮੈਦਾਨ 'ਚ ਪੈਰ ਧਰਿਆ ਅਤੇ 2000 'ਚ ਪਹਿਲੀ ਵਾਰ ਉਹ ਜੂਨੀਅਰ ਨੈਸ਼ਨਲ 'ਚ ਖੇਡੀ। ਆਪਣੇ ਖੇਡ ਜੀਵਨ ਦੀ ਹੈਂਡ ਬਾਲ ਰਾਹੀਂ ਸ਼ੁਰੂਆਤ ਕਰਨ ਵਾਲੀ ਵੀਰਪਾਲ ਕੌਰ ਨੇ 2004 ਤੱਕ ਕੌਮੀ ਪੱਧਰ ਦੇ ਜੂਨੀਅਰ ਮੁਕਾਬਲਿਆਂ 'ਚ ਹਿੱਸਾ ਲਿਆ। 2003 'ਚ ਉਸ ਨੂੰ ਦੇਸ਼ ਦੀ ਸਰਵੋਤਮ ਜੂਨੀਅਰ ਖਿਡਾਰਨ ਵੀ ਚੁਣਿਆ ਗਿਆ। 2005 'ਚ ਪਹਿਲੀ ਵਾਰ ਸੀਨੀਅਰ ਨੈਸ਼ਨਲ ਖੇਡੀ ਇਸ ਖਿਡਾਰਨ ਦੀ 2006 'ਚ ਕੌਮੀ ਟੀਮ ਦੇ ਕੈਂਪ ਲਈ ਚੋਣ ਹੋਈ ਸੀ ਪਰ ਗੋਡੇ 'ਤੇ ਸੱਟ ਲੱਗਣ ਕਾਰਨ ਉਸ ਨੂੰ ਆਪਣਾ ਨਾਮ ਵਾਪਸ ਲੈਣਾ ਪਿਆ। ਅਗਲੇ ਵਰ੍ਹੇ 2007 'ਚ ਉਹ ਫਿਰ ਕੌਮੀ ਕੈਂਪ 'ਚ ਆਈ ਤੇ ਭਾਰਤੀ ਟੀਮ ਦਾ ਹਿੱਸਾ ਬਣੀ। ਪਿਛਲੇ ਦਿਨੀਂ ਏਸ਼ੀਅਨ ਚੈਂਪੀਅਨ ਬਣੀ ਭਾਰਤੀ ਟੀਮ ਦੀ ਜਿੱਤ 'ਤੇ ਵੀਰਪਾਲ ਕੌਰ ਨੇ ਭਰਵਾਂ ਯੋਗਦਾਨ ਦਿੱਤਾ। ਵੀਰਪਾਲ ਕੌਰ ਨੇ ਦੱਸਿਆ ਕਿ ਬਾਲੀ (ਇੰਡੋਨੇਸ਼ੀਆ) ਵਿਖੇ ਹੋਣ ਵਾਲੀਆਂ ਪਹਿਲੀਆਂ ਏਸ਼ੀਅਨ ਬੀਚ ਖੇਡਾਂ 'ਚ ਜਾਣ ਵਾਲੀ ਭਾਰਤੀ ਟੀਮ ਦੇ ਤਿਆਰੀ ਕੈਂਪ 'ਚ ਵੀ ਉਸ ਦਾ ਨਾਮ ਸ਼ਾਮਲ ਹੈ। ਵੀਰਪਾਲ ਦੀਆਂ ਦੋ ਹੋਰ ਭੈਣਾਂ ਸਿਮਰਜੀਤ ਕੌਰ ਤੇ ਕਿਰਨਜੀਤ ਕੌਰ ਵੀ ਕੌਮੀ ਪੱਧਰ ਦੀਆਂ ਖਿਡਾਰਨਾਂ ਹਨ।

ਬੀ. ਐਸ. ਐਫ ਦਾ 10ਵੀਂ ਵਾਰ ਬਾਬਾ ਫਰੀਦ ਹਾਕੀ ਗੋਲਡ ਕੱਪ 'ਤੇ ਕਬਜ਼ਾ

ਫ਼ਰੀਦਕੋਟ, 24 ਸਤੰਬਰ -17 ਵਾਂ ਬਾਬਾ ਫਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਬਾਬਾ ਫਰੀਦ ਹਾਕੀ ਕਲੱਬ ਦਾ ਸੋਵੀਨਾਰ ਰਿਲੀਜ਼ ਕੀਤਾ ਗਿਆ। ਇਸ ਵਾਰ ਬੀ. ਐਸ. ਐਫ ਦੀ ਹਾਕੀ ਟੀਮ ਨੇ 10ਵੀਂ ਵਾਰ ਬਾਬਾ ਫਰੀਦ ਗੋਲਡ ਕੱਪ ਹਾਕੀ ਚੈਂਪੀਅਨਸ਼ਿਪ 'ਤੇ ਆਪਣਾ ਕਬਜ਼ਾ ਕੀਤਾ। ਇਸੇ ਦੌਰਾਨ 14 ਵਾਂ ਬਾਬਾ ਫਰੀਦ ਬਾਸਕਟ ਬਾਲ ਗੋਲਡ ਕੱਪ ਟੂਰਨਾਮੈਂਟ ਦਾ ਫਾਈਨਲ ਮੈਚ ਬਰਨਾਲਾ ਅਤੇ ਗੁਰਦਾਸਪੁਰ ਵਿਚਕਾਰ ਖੇਡਿਆ ਗਿਆ, ਜਿਸ ਵਿਚ ਬਰਨਾਲਾ ਨੇ ਗੁਰਦਾਸਪੁਰ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬਠਿੰਡਾ ਦੀ ਟੀਮ ਫ਼ਰੀਦਕੋਟ ਨੂੰ ਹਰਾ ਕੇ ਤੀਸਰੇ ਸਥਾਨ 'ਤੇ ਰਹੀ। ਬਰਨਾਲਾ ਬਾਸਕਟ ਬਾਲ ਦੇ 7 ਫੁੱਟੇ ਲੰਮੇ ਖਿਡਾਰੀ ਰਾਜਪਾਲ ਸਿੰਘ ਨੂੰ ਬੈੱਸਟ ਖਿਡਾਰੀ ਐਲਾਨਿਆ ਗਿਆ।

ਪੰਜਾਬ ਸਟੇਟ ਕਬੱਡੀ ਚੈਂਪੀਅਨਸ਼ਿਪ ਸਮਾਪਤ

ਬੁਢਲਾਡਾ, 23 ਸਤੰਬਰ - ਪੰਜਾਬ ਰਾਜ ਕਬੱਡੀ ਚੈਂਪੀਅਨਸ਼ਿਪ ਜੋ ਕਿ ਬੁਢਲਾਡਾ ਦੇ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਤਿੰਨ ਦਿਨ ਚਲੀ, ਉਹ 23 ਸਤੰਬਰ ਨੂੰ ਸਮਾਪਤ ਹੋ ਗਈ। ਜਿਸ ਵਿਚ ਨੈਸ਼ਨਲ ਸਟਾਈਲ 80 ਕਿਲੋ ਵਰਗ (ਲੜਕੇ) ਮੁਕਾਬਲੇ ਵਿਚ ਫਰੀਦਕੋਟ ਨੇ ਲੁਧਿਆਣਾ, ਸੰਗਰੂਰ ਨੇ ਫਰੀਦਕੋਟ ਅਤੇ ਮਾਨਸਾ ਨੇ ਪਟਿਆਲਾ ਨੂੰ ਹਰਾਇਆ। ਨੈਸ਼ਨਲ ਸਟਾਈਲ 70 ਕਿਲੋ ਵਰਗ ਲੜਕੀਆਂ ਵਿਚ ਰੋਪੜ ਨੇ ਮਾਨਸਾ, ਫਿਰੋਜ਼ਪੁਰ ਨੇ ਫਰੀਦਕੋਟ ਅਤੇ ਰੋਪੜ ਨੇ ਮੁਕਤਸਰ ਨੂੰ ਮਾਤ ਦਿੱਤੀ। ਫਾਈਨਲ ਮੁਕਾਬਲਿਆਂ ਵਿਚ ਪਹੁੰਚੀਆਂ ਨੈਸ਼ਨਲ ਸਟਾਈਲ (ਲੜਕੇ) ਟੀਮਾਂ ਵਿਚੋਂ ਸੰਗਰੂਰ ਨੇ ਪਹਿਲਾ, ਜਦਕਿ ਮਾਨਸਾ ਨੇ ਦੂਸਰਾ ਸਥਾਨ ਹਾਸਲ ਕੀਤਾ। ਨੈਸ਼ਨਲ ਸਟਾਈਲ (ਲੜਕੀਆਂ) ਦੇ ਮੁਕਾਬਲੇ ਵਿਚ ਰੋਪੜ ਨੇ ਪਹਿਲਾ ਅਤੇ ਫਰੀਦਕੋਟ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਸਰਕਲ ਸਟਾਈਲ ਓਪਨ (ਲੜਕਿਆਂ) ਦੇ ਮੁਕਾਬਲੇ ਵਿਚ ਮੋਗਾ ਨੇ ਫਰੀਦਕੋਟ ਅਤੇ ਸੰਗਰੂਰ ਨੇ ਮਾਨਸਾ ਨੂੰ ਹਰਾਇਆ। ਸਰਕਲ ਸਟਾਈਲ ਓਪਨ (ਲੜਕੀਆਂ) ਦੇ ਮੁਕਾਬਲੇ ਵਿਚ ਰੋਪੜ ਨੇ ਮੁਕਤਸਰ ਅਤੇ ਮਾਨਸਾ ਨੇ ਫਰੀਦਕੋਟ ਨੂੰ ਹਰਾਇਆ। ਇਸੇ ਤਰ੍ਹਾਂ ਫਾਈਨਲ ਮੁਕਾਬਲੇ (ਸਰਕਲ ਸਟਾਈਲ ਲੜਕੇ) ਵਿਚ ਪਹੁੰਚੀਆਂ ਮੋਗਾ ਅਤੇ ਸੰਗਰੂਰ ਟੀਮਾਂ ਦੇ ਮੁਕਾਬਲੇ ਵਿਚ ਮੋਗਾ ਪਹਿਲੇ ਅਤੇ ਸੰਗਰੂਰ ਦੀ ਟੀਮ ਦੂਸਰੇ ਸਥਾਨ 'ਤੇ ਰਹੀ। ਇਸੇ ਵਰਗ ਦੇ ਲੜਕੀਆਂ ਓਪਨ ਵਿਚਕਾਰ ਹੋਏ ਮੁਕਾਬਲੇ ਵਿਚ ਮਾਨਸਾ ਨੂੰ ਪਹਿਲਾ ਸਥਾਨ ਮਿਲਿਆ ਅਤੇ ਰੋਪੜ ਦੀ ਟੀਮ ਦੂਸਰੇ ਸਥਾਨ 'ਤੇ ਰਹੀ।

31ਵੀਂ ਜੂਨੀਅਰ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ

ਮਾਹਿਲਪੁਰ, 23 ਸਤੰਬਰ - 31ਵੀਂ ਸਬ ਜੂਨੀਅਰ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਮਾਹਿਲਪੁਰ ਦੇ ਖਾਲਸਾ ਕਾਲਜ ਵਿਚ ਹੋ ਰਹੀ ਹੈ। ਇਸ ਦੇ ਚੌਥੇ ਦਿਨ ਦੇ ਮੁਕਾਬਲਿਆਂ ਵਿਚ ਦਿੱਲੀ ਦੇ ਖਿਡਾਰੀਆਂ ਨੇ ਹਿਮਾਚਲ ਪ੍ਰਦੇਸ਼ ਦੇ ਖਿਡਾਰੀਆਂ ਨੂੰ 5 ਗੋਲ ਦਾਗ ਕੇ ਹਰਾਇਆ।

40ਵੀਂ ਪੰਜਾਬ ਰਾਜ ਕੁਸ਼ਤੀ ਚੈਂਪੀਅਨਸ਼ਿਪ

ਫ਼ਰੀਦਕੋਟ, 23 ਸਤੰਬਰ -ਫਰੀਦਕੋਟ ਵਿਖੇ 40 ਵੀਂ ਪੰਜਾਬ ਰਾਜ ਕੁਸ਼ਤੀ ਚੈਂਪੀਅਨਸ਼ਿਪ ਚੱਲ ਰਹੀ ਹੈ ਇਸ ਦੇ ਜੂਨੀਅਰ ਮੁਕਾਬਲਿਆਂ ਵਿਚੋਂ ਡਵੀਜ਼ਨ ਕੁਮਾਰ ਜੂਨੀਅਰ ਦਾ ਟਾਈਟਲ ਧਰਮਿੰਦਰ ਸਿੰਘ ਫ਼ਰੀਦਕੋਟ ਨੇ ਜਿੱਤਿਆ, ਹਰਪ੍ਰੀਤ ਸਿੰਘ ਫ਼ਰੀਦਕੋਟ ਦੂਸਰੇ, ਕਸ਼ਮੀਰ ਸਿੰਘ ਤੀਸਰੇ ਅਤੇ ਮਨੀਸ਼ ਯੂ.ਪੀ ਚੌਥੇ ਸਥਾਨ 'ਤੇ ਰਹੇ। 50 ਕਿਲੋ ਭਾਰ ਵਰਗ ਅੰਡਰ 14 ਸਾਲ ਵਿਚ ਹਰਪ੍ਰੀਤ ਸਿੰਘ ਪਹਿਲੇ, ਅਵਨੀਤ ਫ਼ਰੀਦਕੋਟ ਦੂਸਰੇ, ਸਚਿਨ ਫ਼ਰੀਦਕੋਟ ਤੀਸਰੇ ਅਤੇ ਬਲਵਿੰਦਰ ਸਿੰਘ ਭਾਗਥਾਲਾ ਚੌਥਾ ਸਥਾਨ 'ਤੇ ਰਹੇ। 50 ਕਿਲੋ ਭਾਰ ਵਰਗ ਅੰਡਰ17 ਸਾਲ ਵਿਚ ਰਾਜਪਾਲ ਪਹਿਲੇ, ਗੁਰਜੰਟ ਸਿੰਘ ਦੂਸਰੇ ਅਤੇ ਸੁਖਚੈਨ ਸਿੰਘ ਤੀਸਰੇ ਸਥਾਨ 'ਤੇ ਰਿਹਾ। 54 ਕਿਲੋ ਭਾਰ ਵਰਗ ਵਿਚ ਰਾਜ ਕੁਮਾਰ, ਰਵਿੰਦਰ ਸਿੰਘ, ਜਤਿੰਦਰ ਸਿੰਘ ਨੇ ਕ੍ਰਮਵਾਰ ਪਹਿਲੀ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ। 60 ਕਿਲੋ ਭਾਰ ਵਰਗ ਵਿਚੋਂ ਗੁਰਵਿੰਦਰ ਸਿੰਘ ਪਹਿਲੇ, ਰਮਨਜੀਤ ਫ਼ਿਰੋਜ਼ਪੁਰ ਦੂਸਰੇ, ਸੁਨੀਲ ਕੁਮਾਰ ਤੀਸਰੇ ਸਥਾਨ, 80 ਕਿਲੋ ਭਾਰ ਅੰਡਰ19 ਸਾਲ ਵਿਚੋਂ ਵਿਸ਼ਵ ਜੀਤ ਸਿੰਘ ਪਹਿਲੇ, ਸੁਨੀਲ ਕੁਮਾਰ ਦੂਸਰੇ, ਗਗਨਦੀਪ ਸਿੰਘ ਬੰਨਾ ਵਾਲੀ ਤੀਸਰੇ ਸਥਾਨ 'ਤੇ ਰਹੇ। 68 ਕਿਲੋ ਵਰਗ ਵਿਚੋਂ ਸੁਖਚੈਨ ਸਿੰਘ ਪਹਿਲੇ, ਗੁਰਦਿੱਤ ਸਿੰਘ ਦੂਸਰੇ, ਰਮਨਦੀਪ ਸਿੰਘ ਤੀਸਰੇ ਸਥਾਨ ਅਤੇ ਵਨੀਤ ਫ਼ਾਜ਼ਿਲਕਾ ਨੇ ਚੌਥਾ ਸਥਾਨ ਹਾਸ਼ਲ ਕੀਤਾ।

ਬਾਬਾ ਫਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ

ਫ਼ਰੀਦਕੋਟ, 23 ਸਤੰਬਰ - 17 ਵਾਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਚੱਲ ਰਿਹਾ ਹੈ। ਜਿਸ ਦੇ ਫਾਈਨਲ ਟੂਰਨਾਮੈਂਟ ਲਈ ਭਾਰਤ ਦੀ ਪ੍ਰਸਿੱਧ ਹਾਕੀ ਟੀਮਾਂ ਬੀ. ਐਸ਼. ਐਫ ਅਤੇ ਸਿਗਨਲਜ਼ ਜਲੰਧਰ ਦੀ ਟੀਮ ਵਿਚਕਾਰ ਮੇੈਚ ਹੋਇਆ, ਜਿਸ ਵਿਚ ਬੀ. ਐਸ. ਐਫ ਦੀ ਟੀਮ ਦੇ ਪ੍ਰਕਾਸ਼ ਕਰਕੇਟਾਂ ਨੇ 2 ਗੋਲ ਕਰਕੇ ਬਾਬਾ ਫ਼ਰੀਦ ਹਾਕੀ ਟੂਰਨਾਮੈਂਟ ਜਿੱਤਿਆ।

80 ਕਿਲੋ ਤੋਂ ਵੱਧ ਭਾਰ ਕਰਕੇ ਡੀ. ਏ. ਵੀ. ਕਾਲਜ ਦੇ ਕਬੱਡੀ ਖਿਡਾਰੀ ਯੂਨੀਵਰਸਿਟੀ ਦੇ ਚੋਣ ਟਰਾਇਲ 'ਚੋਂ ਬਾਹਰ

ਜਲੰਧਰ, 23 ਸਤੰਬਰ - 5 ਤੋਂ 11 ਅਕਤੂਬਰ ਤੱਕ ਸੰਤ ਨਗਰ (ਯੂ ਪੀ) ਵਿਖੇ ਕਰਵਾਈ ਜਾ ਰਹੀ ਨਾਰਥ ਜ਼ੋਨ ਇੰਟਰਵਰਸਿਟੀ ਕਬੱਡੀ ਟੂਰਨਾਮੈਂਟ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਖੇਡ ਵਿਭਾਗ ਵੱਲੋਂ ਯੂਨੀਵਰਸਿਟੀ ਟੀਮ ਦੇ ਚੋਣ ਟ੍ਰਾਇਲ ਨੈਸ਼ਨਲ ਸਟਾਈਲ ਲੜਕੇ ਵਰਗ ਦੇ ਕਰਵਾਏ ਗਏ ਪਰ ਇਸ ਦੇ ਵਿਚ ਡੀ ਏ ਵੀ ਕਾਲਜ ਜਲੰਧਰ ਦੇ ਖਿਡਾਰੀਆਂ ਨੂੰ ਇਸ ਕਰਕੇ ਚੋਣ ਟਰਾਇਲ ਵਿਚ ਹਿੱਸਾ ਨਹੀਂ ਲੈਣ ਦਿੱਤਾ ਕਿ ਤੁਹਾਡਾ ਭਾਰ 80 ਕਿਲੋ ਤੋਂ ਵੱਧ ਹੈ ਤੇ ਅੰਤਰ-ਯੂਨੀਵਰਸਿਟੀ ਦੀਆਂ ਹਦਾਇਤਾਂ ਮੁਤਾਬਿਕ ਤੁਸੀਂ ਇਸ ਵਿਚ ਹਿੱਸਾ ਨਹੀਂ ਲੈ ਸਕਦੇ। ਕਬੱਡੀ ਖਿਡਾਰੀ ਅੰਤਰ ਪ੍ਰੀਤ ਸਿੰਘ, ਹਰਵਿੰਦਰ ਸਿੰਘ, ਪ੍ਰੀਤਪਾਲ ਸਿੰਘ, ਬਲਵੀਰ ਸਿੰਘ ਤੇ ਗੁਰਜਿੰਦਰ ਸਿੰਘ ਨੇ ਜਲੰਧਰ ਵਿਖੇ ਪੱਤਰਕਾਰਾਂ ਨੂੰ ਬੜੇ ਭਰੇ ਹੋਏ ਮਨ ਨਾਲ ਦੱਸਿਆ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਲਿਖਤੀ ਸੂਚਨਾ ਨਾ ਤਾਂ ਕਾਲਜ ਵੱਲੋਂ ਅਤੇ ਨਾ ਹੀ ਯੂਨੀਵਰਸਿਟੀ ਵੱਲੋਂ ਦਿੱਤੀ ਗਈ ਕਿ ਨਿਯਮ ਬਦਲ ਗਏ ਹਨ।

ਮੁੱਕੇਬਾਜ਼ੀ ਦੇ ਨਿਯਮਾਂ 'ਚ ਵੱਡਾ ਫੇਰ ਬਦਲ

ਪਟਿਆਲਾ, 23 ਸਤੰਬਰ - ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਨੇ ਮੁੱਕੇਬਾਜ਼ੀ ਨੂੰ ਹੋਰ ਦਿਲ ਖਿਚਵਾਂ ਅਤੇ ਤੇਜ਼ ਕਰਨ ਦੇ ਮਨਸੂਬੇ ਨਾਲ ਇਸ ਦੇ ਨਿਯਮਾਂ 'ਚ ਕਈ ਵੱਡੇ ਫੇਰਬਦਲ ਕਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ ਸਭ ਤੋਂ ਵੱਡਾ ਬਦਲਾਅ ਪਹਿਲਾਂ ਤੋਂ ਚੱਲ ਰਹੇ 4 ਰਾਊਂਡ ਵਾਲੇ ਮੁਕਾਬਲਿਆਂ ਦੀ ਥਾਂ ਹੁਣ ਇਕ ਮੈਚ ਤਿੰਨ ਰਾਊਂਡ ਵਾਲਾ ਹੋਵੇਗਾ। ਇਹ ਨਵੇਂ ਨਿਯਮ 1 ਜਨਵਰੀ 2009 ਤੋਂ ਲਾਗੂ ਹੋਣਗੇ। ਨਵੇਂ ਨਿਯਮ ਅਨੁਸਾਰ ਹੁਣ ਸੀਨੀਅਰ ਪੁਰਸ਼ ਵਰਗ ਦੇ ਮੁਕਾਬਲਿਆਂ 'ਚ ਚਾਰ ਦੀ ਬਜਾਏ ਤਿੰਨ ਰਾਊਂਡ ਹੋਣਗੇ। ਹਰੇਕ ਰਾਊਂਡ ਤਿੰਨ-ਤਿੰਨ ਮਿੰਟਾਂ ਦਾ ਹੋਵੇਗਾ, ਜਦੋਂ ਕਿ ਪਹਿਲਾਂ ਇਹ ਰਾਊਂਡ 2-2 ਮਿੰਟ ਦੇ ਹੁੰਦੇ ਸਨ। ਮੈਚ ਦਾ ਕੁੱਲ ਸਮਾਂ ਪਹਿਲਾਂ ਵਾਂਗ 11 ਮਿੰਟ ਦਾ ਹੀ ਹੋਵੇਗਾ। ਹਰੇਕ ਰਾਊਂਡ ਵਿਚਕਾਰ 1-1 ਮਿੰਟ ਦਾ ਅਰਾਮ ਲਈ ਸਮਾਂ ਹੋਵੇਗਾ। ਮਹਿਲਾ ਵਰਗ ਲਈ ਵੀ ਨਿਯਮਾਂ 'ਚ ਕੁਝ ਬਦਲਾਅ ਲਿਆਂਦਾ ਗਿਆ ਹੈ, ਜਿਸ ਤਹਿਤ ਹੁਣ ਇਨ੍ਹਾਂ ਦੇ ਮੈਚਾਂ 'ਚ ਤਿੰਨ ਦੀ ਥਾਂ 2-2 ਮਿੰਟ ਦੇ ਚਾਰ ਰਾਊਂਡ ਹੋਣਗੇ। ਮੌਜੂਦਾ ਨਿਯਮਾਂ ਅਨੁਸਾਰ ਲੜਕੀਆਂ ਲਈ 2-2 ਮਿੰਟ ਦੇ 4 ਰਾਊਂਡ ਹੁੰਦੇ ਹਨ। ਯੂਥ ਤੇ ਜੂਨੀਅਰ ਵਰਗ ਦੇ ਲੜਕੇ ਤੇ ਲੜਕੀਆਂ ਲਈ ਨਿਯਮਾਂ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ। ਯੂਥ ਵਰਗ ਦੇ ਲੜਕਿਆਂ ਲਈ 2-2 ਮਿੰਟ ਦੇ ਚਾਰ ਰਾਊਂਡ, ਯੂਥ ਲੜਕੀਆਂ ਲਈ 2-2 ਮਿੰਟ ਦੇ ਤਿੰਨ ਰਾਊਂਡ, ਜੂਨੀਅਰ ਲੜਕਿਆਂ ਲਈ 2-2 ਮਿੰਟ ਦੇ ਤਿੰਨ ਰਾਊਂਡ ਤੇ ਜੂਨੀਅਰ ਲੜਕੀਆਂ ਲਈ ਡੇਢ-ਡੇਢ ਮਿੰਟ ਦੇ ਤਿੰਨ ਰਾਊਂਡ ਵਾਲੇ ਮੈਚ ਪਹਿਲਾਂ ਵਾਂਗ ਹੀ ਕਰਵਾਏ ਜਾਣਗੇ। ਭਾਰਤੀ ਮੁੱਕੇਬਾਜ਼ੀ ਟੀਮ ਦੇ ਮੁੱਖ ਕੋਚ ਸ: ਗੁਰਬਖਸ਼ ਸਿੰਘ ਸੰਧੂ ਨੇ ਕਿਹਾ ਕਿ ਨਵੇਂ ਨਿਯਮਾਂ ਅਨੁਸਾਰ ਮੁੱਕੇਬਾਜ਼ਾਂ ਨੂੰ ਵਧੇਰੇ ਤਾਕਤ ਅਤੇ ਸਮਰੱਥਾ ਦੀ ਲੋੜ ਪਵੇਗੀ, ਕਿਉਂਕਿ ਉਨ੍ਹਾਂ ਨੂੰ ਤਿੰਨ ਮਿੰਟ ਦੇ ਰਾਊਂਡ 'ਚ ਜੂਝਣ ਤੋਂ ਬਾਅਦ ਇਕ ਮਿੰਟ ਦਾ ਆਰਾਮ ਦਾ ਸਮਾਂ ਮਿਲੇਗਾ। ਸ: ਸੰਧੂ ਨੇ ਕਿਹਾ ਕਿ ਨਵੇਂ ਨਿਯਮਾਂ ਮੁਤਾਬਿਕ ਢਾਲਣ ਲਈ ਅਸੀਂ ਹੁਣ ਤੋਂ ਹੀ ਮੁੱਕੇਬਾਜ਼ਾਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦੇਵਾਂਗੇ।

ਰਾਸ਼ਟਰੀ ਫੁੱਟਬਾਲ ਲੀਗ 26 ਸਤੰਬਰ ਤੋਂ 22 ਨਵੰਬਰ ਤੱਕ

ਲੁਧਿਆਣਾ 23 ਸਤੰਬਰ - ਭਾਰਤ ਦੇ ਵਿੱਚ ਰਾਸ਼ਟਰੀ ਪੱਧਰ ਦੀ ਪੇਸ਼ਾਵਰ ਕੌਮੀ ਫੁੱਟਬਾਲ ਲੀਗ 26 ਸਤੰਬਰ ਤੋਂ ਮੁਲਕ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਵੇਗੀ। ਇਸ ਲੀਗ ਵਿੱਚ ਮੁਲਕ ਦੀਆਂ 12 ਚੋਟੀ ਦੀਆਂ ਟੀਮਾਂ ਸ਼ਾਮਿਲ ਹੋਣਗੀਆਂ। ਜਿਨ੍ਹਾਂ ਵਿੱਚ ਵਿਦੇਸ਼ੀ ਖਿਡਾਰੀਆਂ ਦੀ ਭਰਮਾਰ ਹੋਵੇਗੀ। ਰਾਸ਼ਟਰੀ ਫੁੱਟਬਾਲ ਲੀਗ ਦੇ ਪਹਿਲੇ 6 ਗੇੜ ਦੇ ਮੈਚਾਂ ਦਾ ਐਲਾਨ ਕਰ ਦਿੱਤਾ ਹੈ। ਕੌਮੀ ਪੱਧਰੀ ਲੀਗ ਵਿੱਚ ਕੁੱਲ 132 ਮੈਚ ਖੇਡੇ ਜਾਣਗੇ। ਹਰ ਟੀਮ ਇੱਕ ਮੈਚ ਆਪਣੇ ਘਰੇਲੂ ਮੈਦਾਨ ਵਿੱਚ ਅਤੇ ਇਕ ਮੈਚ ਵਿਰੋਧੀ ਟੀਮ ਦੇ ਮੈਦਾਨ ਵਿੱਚ ਖੇਡੇਗੀ। ਇਸ ਕੌਮੀ ਲੀਗ ਵਿੱਚ ਗੋਆ ਅਤੇ ਬੰਗਾਲ ਦੀਆਂ 4-4 ਟੀਮਾਂ, ਮਹਾਰਾਸ਼ਟਰ ਨਾਲ ਸੰਬੰਧਿਤ 3 ਟੀਮਾਂ ਜਦਕਿ ਉਤਰੀ ਭਾਰਤ ਵਿਚੋਂ ਇਕੋ ਇਕ ਟੀਮ ਜੇ. ਸੀ. ਟੀ. ਮਿੱਲਜ਼ ਫਗਵਾੜਾ ਹਿੱਸਾ ਲਵੇਗੀ। ਭਾਗ ਲੈਣ ਵਾਲੀਆਂ ਟੀਮਾਂ ਵਿੱਚ ਪਿਛਲੇ ਸਾਲ ਦੀ ਚੈਂਪੀਅਨ ਡੈਂਪੋ ਗੋਆ, ਚਰਚਲ ਬ੍ਰਦਰਜ਼ ਗੋਆ, ਸਪੋਰਟਿੰਗ ਕਲੱਬ ਦਿ ਗੋਆ, ਵਾਸਕੋ ਕਲੱਬ ਗੋਆ, ਈਸਟ ਬੰਗਾਲ ਕੋਲਕਾਤਾ, ਮੋਹਨ ਬਗਾਨ ਕੋਲਕਾਤਾ, ਚਿਰਾਗ ਯੂਨਾਈਟਡ ਕੋਲਕਾਤਾ, ਮਹੁੰਮਦਨ ਸਪੋਰਟਿੰਗ ਕਲੱਬ ਕੋਲਕਾਤਾ, ਮਹਿੰਦਰਾ ਯੂਨਾਈਟਿਡ ਮੁੰਬਈ, ਏਅਰ ਇੰਡੀਆ ਮੁੰਬਈ ਫੁੱਟਬਾਲ ਕਲੱਬ, ਜੇ. ਸੀ. ਟੀ. ਮਿੱਲਜ਼ ਪੰਜਾਬ ਦੇ ਨਾਮ ਵਰਣਨਯੋਗ ਹਨ। ਇਸ ਕੌਮੀ ਲੀਗ ਦਾ ਉਦਘਾਟਨੀ ਮੈਚ ਸਾਬਕਾ ਚੈਂਪੀਅਨ ਈਸਟ ਬੰਗਾਲ ਕੋਲਕਾਤਾ ਅਤੇ ਚਿਰਾਗ ਯੂਨਾਈਟਿਡ ਵਿਚਕਾਰ 26 ਸਤੰਬਰ ਨੂੰ ਕੋਲਕਾਤਾ ਵਿਖੇ ਖੇਡਿਆ ਜਾਵੇਗਾ। ਇਸ ਕੌਮੀ ਲੀਗ ਦੇ 11 ਮੈਚ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡੇ ਜਾਣਗੇ। ਜੇ. ਸੀ. ਟੀ. ਮਿੱਲਜ਼ ਫਗਵਾੜਾ ਨੇ ਆਪਣਾ ਘਰੇਲੂ ਮੈਦਾਨ ਲੁਧਿਆਣਾ ਨੂੰ ਰੱਖਿਆ ਹੈ। ਰਾਸ਼ਟਰੀ ਲੀਗ ਵਿੱਚ ਜੇ. ਸੀ. ਟੀ. ਦਾ ਮੁੱਢਲਾ ਮੈਚ 28 ਸਤੰਬਰ ਨੂੰ ਡੈਂਪੋ ਗੋਆ ਵਿਰੁੱਧ ਗੋਆ ਵਿਖੇ ਖੇਡਿਆ ਜਾਵੇਗਾ, ਜਦਕਿ 2 ਅਕਤੂਬਰ ਨੂੰ ਜੇ. ਸੀ. ਟੀ. ਵਾਸਕੋ ਗੋਆ ਵਿਰੁੱਧ ਭਿੜੇਗੀ। ਜੇ. ਸੀ. ਟੀ. ਆਪਣੇ ਘਰੇਲੂ ਮੈਦਾਨ ਵਿੱਚ ਲੁਧਿਆਣਾ ਵਿਖੇ 11 ਅਕਤੂਬਰ ਨੂੰ ਮਹੁੰਮਦਨ ਸਪੋਰਟਿੰਗ ਕਲੱਬ ਕੋਲਕਾਤਾ ਵਿਰੁੱਧ ਖੇਡੇਗੀ। ਇਸ ਤੋਂ ਇਲਾਵਾ ਜੇ. ਸੀ. ਟੀ. ਲੁਧਿਆਣਾ ਵਿਖੇ ਮਹਿੰਦਰਾ ਯੂਨਾਈਟਿਡ ਮੁੰਬਈ ਵਿਰੁੱਧ 18 ਅਕਤੂਬਰ ਨੂੰ, ਚਿਰਾਗ ਯੂਨਾਈਟਿਡ ਕੋਲਕਾਤਾ ਵਿਰੁੱਧ 23 ਅਕਤੂਬਰ ਨੂੰ ਅਤੇ ਈਸਟ ਬੰਗਾਲ ਕੋਲਕਾਤਾ ਵਿਰੁੱਧ 22 ਨਵੰਬਰ ਨੂੰ ਆਪਣੇ ਮੈਚ ਲੁਧਿਆਣਾ ਵਿਖੇ ਖੇਡੇਗੀ। ਜੇ. ਸੀ. ਟੀ. ਮਿੱਲਜ਼ ਫਗਵਾੜਾ ਜੋ ਰਾਸ਼ਟਰੀ ਲੀਗ ਦੀ ਪਲੇਠੀ ਚੈਂਪੀਅਨ ਹੈ। ਲੀਗ ਦੀ ਚੈਂਪੀਅਨ ਬਣਨ ਵਾਲੀ ਟੀਮੂ ਨੂੰ 50 ਲੱਖ ਰੁਪਏ, ਉਪ ਜੇਤੂ ਨੂੰ 28 ਲੱਖ ਰੁਪਏ, ਤੀਸਰੇ ਅਤੇ ਚੌਥੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 20 ਲੱਖ ਅਤੇ 10 ਲੱਖ ਰੁਪਏ ਦਾ ਇਨਾਮ ਮਿਲੇਗਾ। ਹਰੇਕ ਹਿੱਸਾ ਲੈਣ ਵਾਲੀ ਟੀਮ ਨੂੰ 5 ਲੱਖ ਰੁਪਏ ਮਿਲਨਗੇ। ਸਰਬੋਤਮ ਸਕੋਰਰ ਅਤੇ ਮੈਨ ਆਫ਼ ਲੀਗ ਖਿਡਾਰੀ ਨੂੰ ਇੱਕ-ਇੱਕ ਲੱਖ ਰੁਪਏ ਦੇ ਇਨਾਮ ਨਾਲ ਸਨਮਾਨਿਆ ਜਾਵੇਗਾ।

31ਵੀਂ ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ 'ਚ ਪੰਜਾਬ, ਮਿਜ਼ੋਰਮ ਅਤੇ ਮੇਘਾਲਿਆ ਜੇਤੂ

ਮਾਹਿਲਪੁਰ, 22 ਸਤੰਬਰ - 31ਵੀਂ ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਟਰਾਫੀ 2008 ਮਾਹਿਲਪੁਰ ਦੇ ਖਾਲਸਾ ਕਾਲਜ ਵਿਚ ਚਲ ਰਹੀ ਹੈ। ਇਸ ਵਿਚ ਤਾਮਿਲਨਾਡੂ ਨੇ ਉੜੀਸਾ ਨੂੰ 5-4 ਗੋਲ ਦੇ ਅੰਤਰ ਨਾਲ ਹਰਾਇਆ। ਜਦੋਂ ਕਿ ਪੰਜਾਬ ਨੇ ਇਕ ਪਾਸੜ ਮੈਚ ਰਾਹੀਂ ਪੁੱਡੂਚੇਰੀ ਨੂੰ 14-0 , ਮਿਜ਼ੋਰਮ ਨੇ ਛੱਤੀਸਗੜ੍ਹ ਨੂੰ 8-0 ਅਤੇ ਮੇਘਾਲਿਆ ਨੇ ਕੇਰਲ ਨੂੰ 1-0 ਗੋਲ ਦੇ ਫਰਕ ਨਾਲ ਹਰਾਇਆ।

ਸਵੱਦੀ ਕਲਾਂ ਦੀ ਓਪਨ ਕਬੱਡੀ 'ਤੇ ਜਲਾਲਦੀਵਾਲ ਦਾ ਕਬਜ਼ਾ

ਸਵੱਦੀ/ਹੰਬੜਾਂ, 22 ਸਤੰਬਰ -ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ਦੇ ਕਬੱਡੀ ਓਪਨ ਮੁਕਾਬਲੇ ਸਵੱਦੀ ਕਲਾਂ ਲੁਧਿਆਣਾ ਵਿਖੇ ਧੰਨ-ਧੰਨ ਬਾਬਾ ਚਰਨ ਦਾਸ ਵੈਲਫੇਅਰ ਅਤੇ ਸਪੋਰਟਸ ਕਲੱਬ, ਗ੍ਰਾਮ ਪੰਚਾਇਤ ਵੱਲੋਂ ਕਰਵਾਏ ਜਾ ਰਹੇ ਹਨ। ਇਸ ਟੂਰਨਾਮੈਂਟ ਦੇ ਕਬੱਡੀ ਓਪਨ ਮੁਕਾਬਲਿਆਂ ਵਿਚ ਮਾਲਵੇ ਦੇ ਜਲਾਲਦੀਵਾਲ ਦੀ ਟੀਮ ਨੇ ਬਾਪੂ ਹੀਰਾ ਲਾਲ ਕਲੱਬ ਦੌਧਰ ਨੂੰ 19-23 ਅੰਕਾਂ ਦੇ ਫਰਕ ਨਾਲ ਹਰਾ ਕੇ 31 ਹਜ਼ਾਰ ਰੁਪਏ ਦੇ ਨਕਦ ਇਨਾਮ 'ਤੇ ਆਪਣਾ ਕਬਜ਼ਾ ਕੀਤਾ। ਟੂਰਨਾਮੈਂਟ ਦਾ ਆਰੰਭ ਐਨ. ਆਰ. ਆਈ, ਕੈਨੇਡਾ, ਅਮਰੀਕਾ ਕਬੱਡੀ ਕੱਪ ਮੁੱਖ ਪ੍ਰਬੰਧਕ ਇੰਦਰਜੀਤ ਸਿੰਘ ਮੁੱਲਾਂਪੁਰ ਵੱਲੋਂ ਕੀਤਾ। ਕਬੱਡੀ 62 ਕਿਲੋ ਭਾਰ ਦਾ ਫਸਵਾਂ ਓਪਨ ਮੁਕਾਬਲਾ 23-27 ਅੰਕਾਂ ਦੇ ਫਰਕ ਨਾਲ ਸਵੱਦੀ ਕਲਾਂ ਟੀਮ ਵੱਲੋਂ ਢੱਟ ਕਬੱਡੀ ਟੀਮ ਨੂੰ ਹਰਾ ਕੇ ਜਿੱਤਿਆ ਗਿਆ। ਕਬੱਡੀ 70 ਕਿਲੋ ਭਾਰ ਫਾਈਨਲ ਦਾਖਾਂ ਦੀ ਟੀਮ ਵੱਲੋਂ ਜੱਸੜ ਟੀਮ ਦੇ ਚੌਬਰਾਂ ਨੂੰ ਹਰਾ ਕੇ ਜਿੱਤਿਆ। ਕਬੱਡੀ ਓਪਨ ਮੁਕਾਬਲਾ ਸ਼ੁਰੂ ਹੁੰਦਿਆਂ ਹੀ ਧਾਂਵੀ ਤੇਜੀ ਨਿਜਾਮਪੁਰੀਏ ਦੀ ਚੜ੍ਹਤ ਰਹੀ। ਪ੍ਰੀਤਮ ਸਿੰਘ ਸੰਧੂ ਕੈਨੇਡਾ, ਗੁਰਜੀਤ ਸਿੰਘ ਬਾਘਾ ਤੂਰ ਵੱਲੋਂ ਕ੍ਰਮਵਾਰ 31000 ਅਤੇ 21000 ਨਕਦ ਇਨਾਮ ਦੇ ਨਾਲ-ਨਾਲ ਹਰ ਜੱਫੇ, ਉੱਪਰ ਚੰਗੇ ਨੋਟ ਵਰਸਾਏ ਗਏ। ਰੈਡੀ ਸੰਧੂ ਵੱਲੋਂ ਤੇਜ਼ੀ ਨਿਜਾਮਪੁਰ ਦੇ ਨਾਲ ਕਰਤਾਰ ਸਿੰਘ ਤੂਰ ਨੂੰ ਸੋਨੇ ਦਾ ਤਗਮਾ ਦੇ ਕੇ ਸਨਮਾਨਿਤ ਕੀਤਾ।

ਸੀ. ਬੀ. ਐਸ. ਈ. ਸਕੂਲ ਦਾ ਪੰਜਾਬ ਪੱਧਰੀ ਵਾਲੀਬਾਲ ਟੂਰਨਾਮੈਂਟ

ਰਾੜਾ ਸਾਹਿਬ/ਲੁਧਿਆਣਾ, 22 ਸਤੰਬਰ - ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮ ਸਰ ਰਾੜਾ ਸਾਹਿਬ ਵਿਖੇ ਸੀ. ਬੀ. ਐਸ. ਈ. ਨਾਲ ਸਬੰਧਿਤ ਪੰਜਾਬ ਪੱਧਰ ਦੇ ਸਕੂਲ ਦਾ ਕਲਸਟਰ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਦੇ ਪਹਿਲੇ ਗੇੜ ਦੇ ਮੈਚਾਂ ਵਿਚ ਪੰਜਾਬ ਭਰ 'ਚੋਂ 28 ਟੀਮਾਂ ਸ਼ਾਮਿਲ ਹੋਈਆਂ। ਜਿੰਨ੍ਹਾਂ ਵਿਚੋਂ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਸਕੂਲ ਨੇ ਡੀ. ਏ . ਵੀ. ਸਕੂਲ ਅੰਮ੍ਰਿਤਸਰ ਨੂੰ, ਏ. ਪੀ. ਜੇ. ਪਬਲਿਕ ਸਕੂਲ ਜਲੰਧਰ ਨੇ ਐਮ. ਜੀ. ਐਨ. ਪਬਲਿਕ ਸਕੂਲ ਨੂੰ, ਐਮ. ਆਰ. ਸਿਟੀ ਬਲਾਚੌਰ ਨਵਾਂ ਸ਼ਹਿਰ ਨੇ ਸੇਕਰਡ ਹਾਰਟ ਪਬਲਿਕ ਕਪੂਰਥਲਾ ਨੂੰ ਹਰਾਇਆ। ਈ. ਐਮ. ਐਸ. ਏ. ਏ. ਆਰ. ਪਬਲਿਕ ਸਕੂਲ ਆਦਮਪੁਰ ਨੇ ਐਸ. ਆਈ. ਐਸ. ਜੀ. ਮੈਮੋਰੀਅਲ ਪਬਲਿਕ ਸਕੂਲ ਕਰਮਸਰ (ਲੜਕੇ) ਨੂੰ, ਸੇਂਟ ਫਰੀਦ ਪਬਲਿਕ ਸਕੂਲ ਗੋਬਿੰਦਗੜ੍ਹ ਨੇ ਸੁਪਰੀਮ ਕਾਨਵੈਂਟ ਪਬਲਿਕ ਸਕੂਲ ਨੂੰ, ਕ੍ਰਿਪਾਲ ਸਾਗਰ ਅਕੈਡਮੀ ਨਵਾਂ ਸ਼ਹਿਰ ਨੇ ਮਾਡਰਨ ਸੰਦੀਪਨੀ ਪਬਲਿਕ ਸਕੂਲ ਪਠਾਨਕੋਟ ਨੂੰ, ਐਮ. ਕੇ. ਡੀ. ਡੀ. ਏ. ਵੀ. ਅਟਾਰੀ ਨੇ ਆਰਮੀ ਪਬਲਿਕ ਸਕੂਲ ਪਠਾਨਕੋਟ ਨੂੰ, ਸਪਰਿੰਗ ਡੇਲ ਪਬਲਿਕ ਸਕੂਲ ਲੁਧਿਆਣਾ ਨੇ ਐਸ. ਬੀ. ਬੀ. ਐਸ. ਆਈ.ਐਸ. ਜਲੰਧਰ ਨੂੰ, ਬੀ. ਐਸ. ਐਫ. ਸੀਨੀਅਰ ਸੈਕੰਡਰੀ ਸਕੂਲ ਜਲੰਧਰ ਨੇ ਬੀ. ਸੀ. ਐਮ. ਆਰੀਆ ਮਾਡਲ ਸਕੂਲ ਲੁਧਿਆਣਾ ਨੂੰ ਅਤੇ ਪੁਲਿਸ ਡੀ. ਏ. ਵੀ ਪਬਲਿਕ ਸਕੂਲ ਅੰਮ੍ਰਿਤਸਰ ਨੇ ਡੀ. ਆਈ. ਪੀ. ਐਸ. ਨੂਰਮਹਿਲ ਜਲੰਧਰ ਨੂੰ ਹਰਾਇਆ।

ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਫੁੱਟਬਾਲ ਚੈਂਪੀਅਨਸ਼ਿਪ ਆਰੰਭ

ਪਟਿਆਲਾ, 22 ਸਤੰਬਰ - ਪਟਿਆਲਾ ਵਰਸਿਟੀ ਕੈਂਪਸ ਦੇ ਵੱਖ-ਵੱਖ ਮੈਦਾਨਾਂ 'ਚ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਫੁੱਟਬਾਲ ਚੈਂਪੀਅਨਸ਼ਿਪ 22 ਸਤੰਬਰ ਨੂੰ ਸ਼ੁਰੂ ਹੋਈ। ਇਸ ਟੂਰਨਾਮੈਂਟ ਵਿਚ ਸਰਕਾਰੀ ਕਾਲਜ ਮੋਹਾਲੀ ਦੀ ਟੀਮ ਦੇ ਰਣਜੀਤ ਸਿੰਘ ਦੀ ਹੈਟਟ੍ਰਿਕ ਤੇ ਸਰਕਾਰੀ ਕਾਲਜ ਰੋਪੜ ਨਾਭਾ ਖ਼ਿਲਾਫ਼ 8-1 ਦੀ ਵੱਡੀ ਜਿੱਤ ਵਰਣਨਯੋਗ ਰਹੀਆਂ। ਪਹਿਲੇ ਮੈਚ ਵਿਚ ਸਰਕਾਰੀ ਕਾਲਜ ਮੋਹਾਲੀ ਨੇ ਰਣਜੀਤ ਸਿੰਘ ਦੀ ਹੈਟਟ੍ਰਿਕ ਸਦਕਾ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਨੂੰ 4-0 ਨਾਲ ਹਰਾਇਆ। ਦੂਸਰੇ ਮੈਚ 'ਚ ਯੂਨੀਵਰਸਿਟੀ ਕਾਲਜ ਰਾਮਪੁਰਾ ਫੂਲ ਨੇ ਰਣਬੀਰ ਕਾਲਜ ਸੰਗਰੂਰ ਨੂੰ 4-1 ਨਾਲ ਹਰਾਇਆ। ਤੀਸਰੇ ਮੈਚ 'ਚ ਅਕਾਲ ਡਿਗਰੀ ਕਾਲਜ ਮਸਤੂਆਣਾ ਤੇ ਯਾਦਵਿੰਦਰਾ ਕਾਲਜ ਤਲਵੰਡੀ ਸਾਬੋ ਦੀਆਂ ਟੀਮਾਂ ਗੋਲ ਰਹਿਤ ਬਰਾਬਰ ਰਹੀਆਂ ਤੇ ਟਾਈ ਬਰੇਕਰ 'ਚ ਮਸਤੂਆਣਾ ਦੀ ਟੀਮ 4-3 ਨਾਲ ਜੇਤੂ ਰਹੀ। ਚੌਥੇ ਮੈਚ 'ਚ ਪੰਜਾਬੀ ਯੂਨੀਵਰਸਿਟੀ ਕੈਂਪਸ ਦੀ ਟੀਮ ਨੇ ਨੈਸ਼ਨਲ ਸਰੀਰਿਕ ਸਿੱਖਿਆ ਕਾਲਜ ਚੁਪਕੀ ਨੂੰ 4-0 ਨਾਲ ਹਰਾਇਆ। ਸਰਕਾਰੀ ਕਾਲਜ ਰੋਪੜ ਦੀ ਟੀਮ ਨੇ ਰਿਪੁਦਮਾਨ ਕਾਲਜ ਨਾਭਾ ਲਈ 8-1 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।

ਰਾਜਪੁਰਾ ਦੋਹਾਂ ਵਰਗਾਂ ਵਿਚ ਬਣਿਆ ਚੈਂਪੀਅਨ

ਲੁਧਿਆਣਾ 22 ਸਤੰਬਰ - ਪੰਜਾਬ ਤਕਨੀਕੀ ਯੂਨੀਵਰਸਿਟੀ ਅੰਤਰ ਕਾਲਜ ਵਿਚ ਤੈਰਾਕੀ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸੀ. ਆਈ. ਟੀ. ਰਾਜਪੁਰਾ ਦੇ ਮੁੰਡੇ ਅਤੇ ਕੁੜੀਆਂ ਨੇ ਦੋਹਾਂ ਵਰਗਾਂ ਵਿੱਚ ਓਵਰ ਆਲ ਚੈਂਪੀਅਨ ਬਣਿਆ, ਜਦਕਿ ਮੁੰਡਿਆਂ ਦੇ ਵਰਗ ਵਿੱਚ ਮੇਜ਼ਬਾਨ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਨੇ ਦੂਸਰਾ ਸਥਾਨ, ਐਸ. ਏ. ਐਸ. ਆਈ. ਈ. ਟੀ. ਕਾਲਜ ਮੋਹਾਲੀ ਨੇ ਤੀਸਰਾ ਸਥਾਨ, ਕੁੜੀਆਂ ਦੇ ਵਰਗ ਵਿੱਚ ਡੀ. ਏ. ਵੀ. ਆਈ. ਈ. ਟੀ. ਕਾਲਜ ਜਲੰਧਰ ਨੇ ਦੂਸਰਾ ਸਥਾਨ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਨੇ ਤੀਸਰਾ ਦਰਜਾ ਲਿਆ। ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਸਵੀਮਿੰਗ ਪੂਲ ਵਿਖੇ ਖੇਡੀ ਗਈ ਇਸ ਰਾਜ ਪੱਧਰੀ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਵਰਗ ਵਿੱਚ 50 ਮੀਟਰ ਅਤੇ 100 ਮੀਟਰ ਫ੍ਰੀ ਸਟਾਈਲ ਵਿੱਚ ਨਵਦੀਪ ਸਿੰਘ ਰਾਜਪੁਰਾ ਨੇ ਪਹਿਲਾ ਸਥਾਨ, ਅਸ਼ੋਕ ਕੁਮਾਰ ਪਠਾਨਕੋਟ ਅਤੇ ਚੰਦਰ ਕਮਲ ਰਾਜਪੁਰਾ ਨੇ ਕ੍ਰਮਵਾਰ ਦੂਸਰਾ ਸਥਾਨ ਹਾਸਲ ਕੀਤਾ । 200 ਅਤੇ 400 ਮੀਟਰ ਫ੍ਰੀ ਸਟਾਈਲ ਵਿੱਚ ਨਵਦੀਪ ਸਿੰਘ ਰਾਜਪੁਰਾ ਹੀ ਜੇਤੂ ਰਿਹਾ ਅਤੇ ਵਿਵੇਕ ਕੁਮਾਰ ਮੋਹਾਲੀ ਨੇ ਦੂਸਰਾ ਸਥਾਨ ਹਾਸਲ ਕੀਤਾ। ਮਰਦਾਂ ਦੇ 100 ਮੀਟਰ ਅਤੇ 200 ਮੀਟਰ ਬੈਕ ਸਟ੍ਰੋਕ ਵਿੱਚ ਚੰਦਰ ਕਮਲ ਰਾਜਪੁਰਾ ਜੇਤੂ ਰਿਹਾ ਅਤੇ 50 ਮੀਟਰ, 100 ਮੀਟਰ ਅਤੇ 200 ਮੀਟਰ ਬ੍ਰਸੈਟ ਸਟ੍ਰੋਕ ਵਿੱਚ ਹਰਪ੍ਰੀਤ ਸਿੰਘ ਜਲੰਧਰ ਚੈਂਪੀਅਨ ਬਣ ਕੇ ਨਿੱਤਰਿਆ। ਮਰਦਾਂ ਦੇ ਬਟਰ ਫਲਾਈ 50 ਮੀਟਰ, 100 ਮੀਟਰ ਤੇ 200 ਮੀਟਰ ਮੁਕਾਬਲੇ ਵਿੱਚ ਕਰਮਵੀਰ ਸਿੰਘ ਰਾਜਪੁਰਾ ਚੈਂਪੀਅਨ ਬਣਿਆ। 400 ਮੀਟਰ ਰਿਲੇਅ ਮੈਡਲੇ ਵਿੱਚ ਸੀ. ਆਈ. ਈ. ਟੀ. ਰਾਜਪੁਰਾ ਦੇ ਤੈਰਾਕ ਪਹਿਲੇ ਨੰਬਰ ਅਤੇ ਮੇਜ਼ਬਾਨ ਲੁਧਿਆਣਾ ਦੇ ਦੂਸਰੇ ਨੰਬਰ 'ਤੇ ਅਤੇ ਜਲੰਧਰ ਦੇ ਤੈਰਾਕ ਤੀਸਰੇ ਸਥਾਨ 'ਤੇ ਰਹੇ। ਲੜਕੀਆਂ ਦੇ 50 ਮੀਟਰ ਤੇ 100 ਮੀਟਰ ਫ੍ਰੀ ਸਟਾਈਲ ਮੁਕਾਬਲੇ ਵਿੱਚ ਰਾਜਪੁਰਾ ਦੀ ਸੁਖਮਨ ਜੇਤੂ ਰਹੀ ਤੇ ਜਲੰਧਰ ਦੀ ਨਾਤਿਕਾ ਨੇ ਦੂਸਰਾ ਸਥਾਨ ਹਾਸਲ ਕੀਤਾ। 50 ਮੀਟਰ ਬੈਕ ਸਟ੍ਰੋਕ ਅਤੇ 100 ਮੀਟਰ ਬੈਕ ਸਟ੍ਰੋਕ ਤੋਂ ਇਲਾਵਾ 50 ਮੀਟਰ ਬ੍ਰੈਸਟ ਸਟ੍ਰੋਕ ਵਿੱਚ ਅਤੇ 100 ਮੀਟਰ ਬ੍ਰੈਸਟ ਸਟ੍ਰੋਕ ਵਿੱਚ ਸੁਖਮਨ ਨੇ ਚੈਂਪੀਅਨਸ਼ਿਪ ਦੀ ਸਭ ਤੋਂ ਵਧੀਆ ਤੈਰਾਕ ਹੋਣ ਦਾ ਮਾਣ ਪ੍ਰਾਪਤ ਕੀਤਾ।

ਪੰਜਾਬ ਦੀ 12 ਮੈਂਬਰੀ ਟੀਮ ਪੁਣੇ ਨੂੰ ਰਵਾਨਾ

ਲੁਧਿਆਣਾ 22 ਸਤੰਬਰ - 47ਵੀਂ ਰਾਸ਼ਟਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਪੁਣੇ ਵਿਖੇ 24 ਤੋਂ 26 ਸਤੰਬਰ ਤੱਕ ਕਰਵਾਈ ਜਾ ਰਹੀ ਹੈ। ਉਸ ਦੀ ਤਿਆਰੀ ਵਾਸਤੇ ਪੰਜਾਬ ਦੀ 12 ਮੈਂਬਰੀ ਟੀਮ ਦਾ ਕੋਚਿੰਗ ਕੈਂਪ 22 ਸਤੰਬਰ ਨੂੰ ਗੋਲਡ ਜਿਮ, ਮਾਲ ਰੋਡ ਲੁਧਿਆਣਾ ਵਿਖੇ ਖਤਮ ਹੋਇਆ ਅਤੇ ਪੰਜਾਬ ਦੀ ਇਹ ਟੀਮ ਕੌਮੀ ਚੈਂਪੀਅਨਸ਼ਿਪ ਵਾਸਤੇ 22 ਸਤੰਬਰ ਦੀ ਰਾਤ ਨੂੰ ਪੁਣੇ ਲਈ ਚਲੀ ਗਈ। ਪੰਜਾਬ ਦੀ ਟੀਮ ਦੀ ਅਗਵਾਈ ਓਪਨ ਵਰਗ ਦਾ ਧਰਮਿੰਦਰ ਸਿੰਘ ਕਰੇਗਾ, ਜਦਕਿ ਦੂਸਰੇ ਵਜ਼ਨ ਵਰਗਾਂ ਵਿੱਚ ਰਮਨਦੀਪ ਸਿੰਘ ਅੰਮ੍ਰਿਤਸਰ 55 ਕਿਲੋ, ਅਮਿਤ ਭਾਟੀਆ 60 ਕਿਲੋ, ਵਿਨੀਤ ਮਰਵਾਹਾ ਹੁਸ਼ਿਆਰਪੁਰ 65 ਕਿਲੋ, ਰਾਹੁਲ ਸ਼ਰਮਾ, ਚਰਨਜੀਤ ਸਿੰਘ, ਵਿਸ਼ਾਲ ਸ਼ਰਮਾ ਅੰਮ੍ਰਿਤਸਰ, ਵਿਵੇਕ ਸ਼ਰਮਾ ਅੰਮ੍ਰਿਤਸਰ 70 ਕਿਲੋ ਵਰਗ, ਸੁਰਿੰਦਰ ਕੁਮਾਰ ਲੁਧਿਆਣਾ 75 ਕਿਲੋ ਵਰਗ, ਜਗਤਾਰ ਸਿੰਘ 80 ਕਿਲੋ ਵਰਗ, ਰਘੂਰਾਜ 85 ਕਿਲੋ ਵਰਗ, ਸੰਦੀਪ ਸਿੰਘ 90 ਕਿਲੋ ਵਰਗ ਵਿੱਚ ਪੰਜਾਬ ਟੀਮ ਦੀ ਨੁਮਾਇੰਦਗੀ ਕਰੇਗਾ।

30ਵਾਂ ਫੈਡਰੇਸ਼ਨ ਕੱਪ ਫੁੱਟਬਾਲ ਟੂਰਨਾਮੈਂਟ

ਜਲੰਧਰ, 22 ਸਤੰਬਰ - 30ਵਾਂ ਫੈਡਰੇਸ਼ਨ ਕੱਪ ਫੁੱਟਬਾਲ ਦਾ ਜ਼ੋਨਲ ਟੂਰਨਾਮੈਂਟ 22 ਸਤੰਬਰ ਤੋਂ ਸ਼ੁਰੂ ਹੋ ਗਿਆ ਹੈ। ਇਸ ਦੇ ਪਾਂਡੀਚਰੀ ਵਿਖੇ ਸਾਊਥ ਜ਼ੋਨ, ਰਜਿੰਦਰਾ ਸਟੇਡੀਅਮ ਸੀਵਾਨ ਵਿਖੇ ਈਸਟ ਜ਼ੋਨ, ਤ੍ਰਿਪੁਰਾ ਵਿਖੇ ਨਾਰਥ ਈਸਟ ਜ਼ੋਨ ਤੇ ਗੁੜਗਾਓਂ ਵਿਖੇ ਨਾਰਥ ਜ਼ੋਨ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਸਾਊਥ ਜ਼ੋਨ ਪਾਂਡੀਚਰੀ ਵਿਖੇ 23 ਸਤੰਬਰ ਨੂੰ ਸੱਤਿਆਬਾਮਾ (ਪਾਂਡੀਚਰੀ) ਬਨਾਮ ਆਈ ਸੀ ਐਫ (ਤਾਮਿਲਨਾਡੂ) ਦਾ ਮੁਕਾਬਲਾ ਹੋਵੇਗਾ। ਟੀਟਾਨਮ (ਕੇਰਲਾ) ਬਨਾਮ ਬੀ. ਈ. ਐਮ. ਐਲ, (ਕਰਨਾਟਕ) ਦਾ ਮੁਕਾਬਲਾ 24 ਸਤੰਬਰ ਨੂੰ ਹੋਵੇਗਾ। ਈਸਟ ਜ਼ੋਨ ਦੇ ਮੁਕਾਬਲੇ ਰਜਿੰਦਰਾ ਸਟੇਡੀਅਮ ਸੀਵਾਨ ਬਿਹਾਰ ਵਿਖੇ ਕਰਵਾਏ ਜਾ ਰਹੇ ਹਨ। ਇਸ ਦੇ ਵਿਚ 25 ਸਤੰਬਰ ਨੂੰ ਐਸ. ਈ. ਸੀ. ਰੇਲਵੇ (ਛੱਤੀਸਗੜ੍ਹ) ਦਾ ਮੁਕਾਬਲਾ ਪੀਰਲੈਸ (ਆਈ ਐਫ ਏ) ਨਾਲ ਹੋਵੇਗਾ। 26 ਸਤੰਬਰ ਨੂੰ ਰੇਲ ਐਸ ਸੀ (ਝਾਰਖੰਡ) ਦਾ ਮੁਕਾਬਲਾ ਐਸ ਬੀ ਆਈ (ਉੜੀਸਾ) ਨਾਲ ਹੋਵੇਗਾ। ਨਾਰਥ ਈਸਟ ਜ਼ੋਨ ਤ੍ਰਿਪੁਰਾ ਵਿਖੇ 25 ਸਤੰਬਰ ਨੂੰ ਐਫ ਸੀ ਕੁਕੀਕਾਵਨ (ਮਿਜੋਰਾਮ) ਬਨਾਮ ਅਸੀਬ ਆਸਮ ਨਾਲ ਹੋਵੇਗਾ। 26 ਸਤੰਬਰ ਨੂੰ ਖੀਲਗਤ ਵੈਸਟ ਕਲੱਬ ਬਨਾਮ ਇੰਫਾਲ ਸਪੋਰਟਸ ਐਸੋਸੀਏਸ਼ਨ ਨਾਲ ਹੋਵੇਗਾ। 27 ਸਤੰਬਰ ਨੂੰ ਆਗਿਆ ਚਲੋ (ਤ੍ਰਿਪੁਰਾ) ਨਾਲ ਹੋਵੇਗਾ। ਨਾਰਥ ਜ਼ੋਨ ਦੇ ਮੁਕਾਬਲੇ ਜੋ ਗੁੜਗਾਓਂ ਵਿਖੇ ਕਰਵਾਏ ਜਾ ਰਹੇ ਹਨ, ਇਸ ਦੇ ਵਿਚ 5 ਅਕਤੂਬਰ ਨੂੰ ਰਾਘਵ ਕਲੱਬ ਬਨਾਮ ਹਿਮ ਕਲੱਬ ਤੇ ਯੂ. ਪੀ. ਪੁਲਿਸ ਤੇ ਚੰਡੀਗੜ੍ਹ ਨਾਲ ਹੋਵੇਗਾ। 6 ਅਕਤੂਬਰ ਨੂੰ ਉੱਤਰਾਖੰਡ ਪੁਲਿਸ ਬਨਾਮ ਆਈ ਐਲ ਐਫ ਸੀ ਦਿੱਲੀ ਨਾਲ ਹੋਵੇਗਾ ਤੇ ਰੇਲ ਕੋਚ ਫੈਕਟਰੀ ਕਪੂਰਥਲਾ ਬਨਾਮ ਜੰਮੂ ਕਸ਼ਮੀਰ ਬੈਂਕ ਨਾਲ ਹੋਵੇਗਾ।

ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਵੱਲੋਂ ਉਲੰਪਿਕ ਖੇਡਾਂ ਨਾਲ ਜੁੜਨ ਦਾ ਹੋਕਾ

ਨਾਭਾ, 20 ਸਤੰਬਰ - ਨਾਭਾ ਦੇ ਹੀਰਾ ਪੈਲਸ ਵਿਚ ਪੈਪਸੂ ਜੋਨ ਦੇ ਪ੍ਰਧਾਨ ਸ੍ਰੀ ਹਰਮੇਲ ਸਿੰਘ ਕਾਲਾ ਪਹਿਲਵਾਨ ਦੀ ਅਗਵਾਈ ਵਿਚ ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਵੱਲੋਂ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਰਵਾਇਤੀ ਖੇਡਾਂ ਦੇ ਨਾਲ-ਨਾਲ ਉਲੰਪਿਕ ਖੇਡਾਂ ਨੂੰ ਵੀ ਸਾਡੇ ਖੇਡ ਸੱਭਿਆਚਾਰ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਹੀ ਅਸੀਂ ਵਿਸ਼ਵ ਪੱਧਰ 'ਤੇ ਵੱਡੀਆਂ ਮੱਲਾਂ ਮਾਰ ਸਕਦੇ ਹਾਂ। ਰੈਸਲਿੰਗ ਅਕੈਡਮੀ ਮੰਡੋੜ ਵੱਲੋਂ ਇਹ ਸੈਮੀਨਾਰ ਕੌਂਸਲ ਦੇ ਚੇਅਰਮੈਨ ਸ: ਪਰਮਜੀਤ ਸਿੰਘ ਖੱਟੜਾ ਤੇ ਪ੍ਰਧਾਨ ਸ. ਜਗਰੂਪ ਸਿੰਘ ਜਰਖੜ ਦੀ ਅਗਵਾਈ ਵਿੱਚ ਕਰਵਾਇਆ ਗਿਆ। ਸੈਮੀਨਾਰ ਵਿੱਚ ਕੌਮਾਂਤਰੀ ਪਹਿਲਵਾਨ ਗੁਰਮੁਖ ਸਿੰਘ ਭਾਰਤ ਮਲ ਸਮਰਾਟ ਦਾ ਉਚੇਚੇ ਤੌਰ 'ਤੇ ਸਨਮਾਨ ਕੀਤਾ ਗਿਆ। ਸੈਮੀਨਾਰ ਵਿੱਚ ਸੀਨੀਅਰ ਅਕਾਲੀ ਆਗੂ ਸ. ਰਣਧੀਰ ਸਿੰਘ ਰੱਖੜਾ ਮੁੱਖ ਮਹਿਮਾਨ ਵੱਜੋਂ ਹਾਜ਼ਰ ਹੋਏ ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਨੇ ਕੀਤੀ। ਸਮਾਗਮ ਦੇ ਮੁੱਖ ਬੁਲਾਰੇ ਡਾ. ਰਾਜ ਕੁਮਾਰ ਸ਼ਰਮਾ ਨੇ ਪੰਜਾਬ ਦੇ ਪ੍ਰਾਇਮਰੀ, ਸੈਕੰਡਰੀ ਤੇ ਕਾਲਜ ਪੱਧਰ ਦੇ ਖੇਡ ਢਾਂਚੇ ਦੀਆਂ ਊਣਤਾਈਆਂ ਦਾ ਜ਼ਿਕਰ ਕਰਦਿਆਂ ਇਨ੍ਹਾਂ ਸੰਸਥਾਵਾਂ ਨੂੰ ਖੇਡਾਂ ਦੇ ਖੇਤਰ ਵਿੱਚ ਹੋਰ ਵਧੀਆ ਬਣਾਉਣ ਲਈ ਵਧੀਆ ਸੁਝਾਅ ਦਿੱਤੇ। ਇਸ ਮੌਕੇ ਡਾ. ਅਸ਼ੋਕ ਸ਼ਰਮਾ ਖੇਡ ਵਿਗਿਆਨੀ ਪੰਜਾਬੀ 'ਵਰਸਿਟੀ ਨੇ ਸਲਾਈਡਾਂ ਦੀ ਸਹਾਇਤਾ ਨਾਲ ਭਾਰਤੀ ਤੇ ਵਿਦੇਸ਼ੀ ਖਿਡਾਰੀਆਂ ਵਿਚਕਾਰ ਪਾਏ ਜਾਂਦੇ ਸਰੀਰਕ ਤੇ ਤਕਨੀਕੀ ਅੰਤਰਾਂ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ। ਕੌਂਸਲ ਦੇ ਪ੍ਰਧਾਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਅਗਲੇ ਮਹੀਨੇ ਉਨ੍ਹਾਂ ਦੀ ਸੰਸਥਾ ਵੱਲੋਂ ਲੁਧਿਆਣਾ ਵਿਖੇ ਇੱਕ ਸਮਾਗਮ ਵਿੱਚ ਸ: ਅਮਰਜੀਤ ਸਿੰਘ ਗਰੇਵਾਲ ਖੇਡ ਰਤਨ ਐਵਾਰਡ ਪੰਜਾਬ ਦੇ ਇੱਕ ਮਹਿਲਾ ਤੇ ਇੱਕ ਪੁਰਸ਼ ਖਿਡਾਰੀ ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪਿਛਲੇ ਵਰ੍ਹੇ ਦੌਰਾਨ ਬਿਹਤਰੀਨ ਕੰਮ ਕਰਨ ਵਾਲੇ ਕਲੱਬ ਤੇ ਖੇਡ ਪ੍ਰਬੰਧਕ ਨੂੰ ਵੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਖੇਡ ਪੱਤਰਕਾਰ ਡਾ. ਸੁਖਦਰਸ਼ਨ ਚਹਿਲ ਨੇ ਸਮਾਗਮ ਦੀ ਕਾਰਵਾਈ ਚਲਾਈ। ਇਸ ਮੌਕੇ ਦਰੋਣਾਚਾਰੀਆ ਐਵਾਰਡੀ ਸ੍ਰੀ ਸੁਖਚੈਨ ਸਿੰਘ ਚੀਮਾ, ਕੰਵਲਜੀਤ ਸਿੰਘ ਨਿਊਜ਼ ਰੀਡਰ ਦੂਰਦਰਸ਼ਨ ਜਲੰਧਰ, ਸ. ਗੁਰਚਰਨ ਸਿੰਘ ਘਮਰੌਦਾ ਚੇਅਰਮੈਨ ਬਲਾਕ ਸੰਮਤੀ ਨਾਭਾ, ਸ. ਗੁਰਪ੍ਰੀਤ ਸਿੰਘ ਬੇਰਕਲਾਂ, ਅਰਸ਼ ਦੀਪ ਸਿੰਘ ਗਿੱਲ ਡੀ.ਐਸ.ਪੀ ਨਾਭਾ, ਪਰਮਜੀਤ ਸਿੰਘ ਖੱਟੜਾ, ਹਰਮੇਲ ਸਿੰਘ ਕਾਲਾ, ਪਹਿਲਵਾਨ ਕਰਮਾ ਮੰਡੌੜ, ਕਰਮਜੀਤ ਸਿੰਘ ਰੱਖੜਾ ਯੂਥ ਆਗੂ, ਜਸਵੰਤ ਸਿੰਘ ਗੁੱਡੂ, ਮਨਜੀਤ ਸਿੰਘ ਮੱਲੇਵਾਲ, ਰਾਜਵੀਰ ਸਿੰਘ ਮੱਖਣ ਮੰਡੌੜ, ਕੋਚ ਗੁਰਮੇਲ ਸਿੰਘ ਖੇਡ ਪ੍ਰਬੰਧਕ ਸੁਖਦੇਵ ਸਿੰਘ ਸੁੱਖਾ, ਪ੍ਰੀਤਮ ਸਿੰਘ ਘਲੋਟੀ, ਐਸ.ਐਚ.ਓ ਦਵਿੰਦਰ ਸਿੰਘ ਮੱਲੀ ਆਦਿ ਨੇ ਵੀ ਖੇਡ ਸੱਭਿਆਚਾਰ ਪੈਦਾ ਕਰਨ ਲਈ ਆਪਣੇ ਵਿਚਾਰ ਰੱਖੇ।

55ਵੀਂ ਪੰਜਾਬ ਸਟੇਟ ਕਬੱਡੀ ਚੈਂਪੀਅਨਸ਼ਿਪ

ਬੁਢਲਾਡਾ, 21 ਸਤੰਬਰ - ਰਾਜ ਪੱਧਰੀ 55ਵੀਂ ਕਬੱਡੀ ਚੈਂਪੀਅਨਸ਼ਿਪ ਬੁਢਲਾਡਾ ਵਿਖੇ 21 ਸਤੰਬਰ ਨੂੰ ਸ਼ੁਰੂ ਹੋ ਗਈ ਹੈ। ਇਹ ਤਿੰਨ ਦਿਨਾਂ ਚੈਂਪੀਅਨਸ਼ਿਪ ਸਵਰਗੀ ਬਲਰਾਜ ਸਿੰਘ ਭੂੰਦੜ ਦੀ ਯਾਦ ਵਿਚ ਕਰਵਾਈ ਜਾ ਰਹੀ ਹੈ। ਇਸ ਵਿਚ ਨੈਸ਼ਨਲ ਸਟਾਇਲ (ਲੜਕੇ) ਦੇ ਮੁਕਤਸਰ ਤੇ ਫਿਰੋਜ਼ਪੁਰ 'ਚ ਹੋਏ ਮੈਚ ਵਿਚ ਮੁਕਤਸਰ ਦੀ ਟੀਮ ਜਿੱਤੀ। ਓਪਨ (ਲੜਕੇ) 'ਚ ਮੋਗਾ ਨੇ ਗੁਰਦਾਸਪੁਰ ਤੇ ਫਰੀਦਕੋਟ ਨੇ ਅੰਮ੍ਰਿਤਸਰ ਨੂੰ ਹਰਾਇਆ। ਇਸੇ ਤਰ੍ਹਾਂ ਲੜਕੀਆਂ ਦੇ ਨੈਸ਼ਨਲ ਸਟਾਈਲ 'ਚ ਅੰਮ੍ਰਿਤਸਰ ਨੇ ਤਰਨਤਾਰਨ ਨੂੰ ਮਾਤ ਦਿੱਤੀ। ਸਰਕਲ ਸਟਾਈਲ (ਲੜਕੀਆਂ) ਵਿਚ ਫਰੀਦਕੋਟ ਨੇ ਪਟਿਆਲਾ ਅਤੇ ਬਠਿੰਡਾ ਨੇ ਫਿਰੋਜ਼ਪੁਰ ਨੂੰ ਹਰਾਇਆ।

ਭਾਰਤ ਦੀਆਂ ਚਾਰ ਹਾਕੀ ਟੀਮਾਂ ਸੈਮੀਫਾਈਨਲ 'ਚ

ਫ਼ਰੀਦਕੋਟ, 21 ਸਤੰਬਰ -17 ਵਾਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਚਲ ਰਿਹਾ ਹੈ। ਇਸ ਟੂਰਨਾਮੈਂਟ ਵਿਚ 8 ਟੀਮਾਂ ਸੈਮੀਫਾਈਨਲ ਵਿਚ ਪਹੁੰਚੀਆਂ। ਟੂਰਨਾਮੈਂਟ ਵਿਚ ਮੁਲਤਾਨ (ਪਾਕਿਸਤਾਨ) ਤੋਂ ਹਾਕੀ ਟੀਮ ਬਾਬਾ ਫ਼ਰੀਦ ਜੀ ਦੀ ਪਵਿੱਤਰ ਧਰਤੀ ਨੂੰ ਨਮਸਤਕ ਕਰਨ ਲਈ ਵਿਸੇਸ਼ ਤੌਰ 'ਤੇ ਪੁੱਜੀ। ਇਹ ਮੈਚ ਟਾਈਬ੍ਰਰੈਕਰ ਰਾਹੀਂ 4-5 ਗੋਲਾਂ ਦੇ ਨਾਲ ਈਸਟਨ ਰੇਲਵੇ ਦੀ ਟੀਮ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਗਈ। ਪਹਿਲਾ ਤਿੰਨ ਮੈਚਾਂ ਬੀ. ਐਸ. ਐਫ ਨੇ 3 ਗੋਲਾਂ ਨਾਲ ਫਰੈਂਡਜ਼ ਸਪੋਰਟਸ ਕਲੱਬ ਲੁਧਿਆਣਾ ਨੂੰ ਹਰਾਇਆ, ਸਿਗਨਲ ਜਲੰਧਰ ਨੇ ਆਰ. ਸੀ. ਪੀ. ਐਫ. ਨੂੰ ਟਾਈਬ੍ਰੇਕਰ ਨਾਲ 1 ਗੋਲ ਅਤੇ ਆਰ. ਸੀ. ਐਫ ਅਤੇ ਸਿੰਧ ਬੈਂਕ ਵਿਚਕਾਰ ਮੈਚ ਵਿਚ ਆਰ. ਸੀ. ਐਫ ਦੀ ਟੀਮ ਜੇਤੂ ਰਹੀ।

ਜੇ.ਪੀ.ਅੱਤਰੇ ਕ੍ਰਿਕਟ ਟੂਰਨਾਮੈਂਟ 'ਚ ਰਾਜਸਥਾਨ ਦੀ ਟੀਮ ਦੀ ਝੰਡੀ

ਅਜੀਤ ਨਗਰ, 21 ਸਤੰਬਰ - 15ਵਾਂ ਆਲ ਇੰਡੀਆ ਜੇ.ਪੀ.ਅੱਤਰੇ ਟੂਰਨਾਮੈਂਟ ਪੀ. ਸੀ. ਏ. ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਜਿਸ ਦੇ ਇਕ ਰੋਜ਼ਾ ਮੈਚ ਵਿਚ ਰਾਜਸਥਾਨ ਕ੍ਰਿਕਟ ਐਸੋਸੀਏਸ਼ਨ ਦੀ ਟੀਮ ਨੇ ਭਾਰਤ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਟੀਮ ਲੀਡਰ ਇਨ ਕ੍ਰਿਕਟ ਚੰਡੀਗੜ੍ਹ (ਐਲ. ਆਈ. ਸੀ) ਦੀ ਟੀਮ ਨੂੰ ਛੇ ਵਿਕਟਾਂ ਨਾਲ ਹਰਾ ਕੇ ਮੈਚ ਜਿੱਤਿਆ। ਰਾਜਸਥਾਨ ਟੀਮ ਦੇ ਤਨੁਜ ਸ਼ਰਮਾ ਨੂੰ 'ਮੈਨ ਆਫ਼ ਦੀ ਮੈਚ' ਐਲਾਨਿਆ ਗਿਆ।

ਏਸ਼ੀਅਨ ਕਬੱਡੀ ਚੈਂਪੀਅਨਸ਼ਿਪ 'ਤੇ ਭਾਰਤੀ ਮਹਿਲਾਵਾਂ ਦਾ ਕਬਜ਼ਾ

ਮਦੁਰਾਈ (ਤਾਮਿਲਨਾਡੂ), 21 ਸਤੰਬਰ - ਏਸ਼ੀਅਨ ਮਹਿਲਾ ਕਬੱਡੀ ਚੈਂਪੀਅਨਸ਼ਿਪ ਭਾਰਤ ਦੇ ਰੇਸ ਕੋਰਸ ਗਰਾਉਂਡ ਵਿਚ ਹੋਈ। ਜਿਸ ਵਿਚ ਭਾਰਤ ਦੀ ਟੀਮ ਨੇ ਤੀਜੀ ਏਸ਼ੀਅਨ ਮਹਿਲਾ ਕਬੱਡੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਇਰਾਨ ਦੀ ਟੀਮ ਨੂੰ 22 ਦੇ ਮੁਕਾਬਲੇ 43 ਅੰਕਾਂ ਨਾਲ ਹਰਾ ਕੇ ਖਿਤਾਬ 'ਤੇ ਆਪਣਾ ਕਬਜ਼ਾ ਕੀਤਾ। ਜੇਤੂ ਟੀਮ ਨੂੰ ਜੇਤੂ ਟਰਾਫ਼ੀ ਤੋਂ ਇਲਾਵਾ ਇਕ ਲੱਖ ਨਕਦ ਅਤੇ ਉਪ ਜੇਤੂ ਟੀਮ ਨੂੰ 75 ਹਜ਼ਾਰ ਦਾ ਇਨਾਮ ਮਿਲਿਆ। ਤੀਜੇ ਸਥਾਨ 'ਤੇ ਥਾਈਲੈਂਡ ਤੇ ਜਾਪਾਨ ਦੀਆਂ ਟੀਮਾਂ ਰਹੀਆਂ ਜਿਨ੍ਹਾਂ ਨੂੰ ਇਨਾਮ ਦੇ ਰੂਪ 'ਚ 50-50 ਹਜ਼ਾਰ ਰੁਪਏ ਨਕਦ ਦੇ ਕੇ ਸਨਮਾਨਿਆ ਗਿਆ।

ਡਾ: ਦਲਜੀਤ ਸਿੰਘ ਚੀਮਾ ਸੁਰਜੀਤ ਹਾਕੀ ਦੇ ਪੈਟਰਨ ਚੁਣੇ ਗਏ

ਜਲੰਧਰ, 21 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਸਲਾਹਕਾਰ ਡਾ: ਦਲਜੀਤ ਸਿੰਘ ਚੀਮਾ ਨੂੰ ਸਿਲਵਰ ਜੁਬਲੀ ਸੁਰਜੀਤ ਹਾਕੀ ਟੂਰਨਾਮੈਂਟ ਦਾ ਪੈਟਰਨ ਨਿਯੁਕਤ ਕੀਤਾ ਗਿਆ ਹੈ। ਸੁਰਜੀਤ ਹਾਕੀ ਸੁਸਾਇਟੀ ਦੇ ਮੈਂਬਰਾਂ ਵੱਲੋਂ ਉਨ੍ਹਾਂ ਦੇ ਨਿਵਾਸ ਅਸਥਾਨ ਉੱਤੇ ਜਾ ਕੇ ਨਿਯੁਕਤੀ ਪੱਤਰ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ।

ਸਾਂਇਆ ਦੇ ਪੇਂਡੂ ਖੇਡ ਮੇਲੇ 'ਚ ਨੱਥੋ ਵਾਲ ਦੀ ਟੀਮ ਕਬੱਡੀ 'ਚ ਮੋਹਰੀ

ਡੇਹਲੋਂ, 20 ਸਤੰਬਰ - ਸਵਰਗੀ ਸਰਪੰਚ ਸੁਰਿੰਦਰ ਸਿੰਘ ਯਾਦਗਾਰੀ ਪੇਂਡੂ ਖੇਡ ਮੇਲਾ ਪਿੰਡ ਸਾਂਇਆ ਵਿਖੇ ਸਪੋਰਟਸ ਕਲੱਬ ਬਾਂਗ ਸਾਹਿਬ ਵਲੋਂ ਕਰਵਾਇਆ ਗਿਆ। ਆਖਰੀ ਦਿਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਲਤਾਨ ਸੀਹਾਂ ਦੌਦ, ਘੋਗੜ ਮੰਦਰਾਵਾਲੀ ਤੇ ਬਾਜੀ ਜੰਡ ਦਾ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨ ਕੀਤਾ ਗਿਆ। ਅੰਤਰਰਾਸ਼ਟਰੀ ਕਬੱਡੀ ਸਟਾਰ ਅਜੀਤਪਾਲ ਸਿੰਘ ਲਾਲੀ ਬੁਟਾਹਰੀ ਤੇ ਮੱਤੇ ਗੁਰਦਾਸਪੁਰੀਏ ਦਾ ਸਵਰਗੀ ਸਰਪੰਚ ਸੁਰਿੰਦਰ ਸਿੰਘ ਡੇਹਲੋਂ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਸ: ਜਗਦੀਪ ਸਿੰਘ ਬਿੱਟੂ ਸੰਮਤੀ ਮੈਂਬਰ, ਪ੍ਰਧਾਨ ਬਲਜਿੰਦਰ ਸਿੰਘ ਝੱਜ ਨੇ 'ਗੁਰਜ' ਦੇ ਕੇ ਵਿਸ਼ੇਸ਼ ਸਨਮਾਨ ਕੀਤਾ। ਕਬੱਡੀ 57 ਕਿਲੋ ਭਾਰ ਵਰਗ ਵਿਚੋਂ ਆਲਮਗੀਰ ਨੇ ਪਹਿਲਾ ਤੇ ਬੀਜਾ ਦੀ ਟੀਮ ਨੇ ਦੂਸਰਾ, ਕਬੱਡੀ 70 ਕਿਲੋ ਭਾਰ ਵਰਗ ਵਿਚੋਂ ਸਾਂਇਆ ਦੀ ਟੀਮ ਨੇ ਪਹਿਲਾ ਅਤੇ ਰੁੜਕਾ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ ਓਪਨ ਦੇ ਫਾਈਨਲ 'ਚੋਂ ਨੱਥੋ ਵਾਲ ਦੀ ਟੀਮ ਨੇ ਪਹਿਲਾ ਅਤੇ ਮੇਜ਼ਬਾਨ ਸਾਂਇਆ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।

ਕਬੱਡੀ 'ਚ ਪੀ. ਏ. ਪੀ. ਜਲੰਧਰ ਦੀ ਬੱਲੇ ਬੱਲੇ

ਅੰਮ੍ਰਿਤਸਰ, 20 ਸਤੰਬਰ - ਇਤਿਹਾਸਕ ਗੁ: ਸ੍ਰੀ ਪਲਾਹ ਸਾਹਿਬ ਦੇ ਸਾਲਾਨਾ ਜੋੜ ਮੇਲੇ ਸੰਬੰਧੀ ਮੀਰੀ-ਪੀਰੀ ਸਪੋਰਟਸ ਕਲੱਬ ਵੱਲੋਂ ਕੁਸ਼ਤੀ ਤੇ ਕਬੱਡੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵੱਖ-ਵੱਖ ਪਹਿਲਵਾਨਾਂ ਵਿਚ ਕੁਸ਼ਤੀ ਤੇ ਕਬੱਡੀ ਮੁਕਾਬਲੇ ਹੋਏ। ਜਿਸ ਵਿਚ ਪੀ. ਏ. ਪੀ. ਜਲੰਧਰ ਅਤੇ ਪੀ. ਏ. ਪੀ. ਤਰਨ ਤਾਰਨ ਦੀ ਟੀਮ ਦਰਮਿਆਨ ਹੋਇਆ ਜਿਸ ਵਿਚ ਪੀ. ਏ. ਪੀ. ਜਲੰਧਰ ਦੀ ਟੀਮ ਨੇ ਤਰਨ ਤਾਰਨ ਦੀ ਟੀਮ ਨੂੰ ਪਛਾੜ ਕੇ ਜਿੱਤ ਪ੍ਰਾਪਤ ਕੀਤੀ। ਸ: ਔਜਲਾ ਨੇ ਜੇਤੂ ਟੀਮ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਅਤੇ ਹੋਰ ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ।

ਪੰਜਾਬ ਰਾਜ ਕੁਸ਼ਤੀ ਚੈਂਪੀਅਨਸ਼ਿਪ ਸ਼ੁਰੂ

ਫ਼ਰੀਦਕੋਟ, 20 ਸਤੰਬਰ - ਫ਼ਰੀਦਕੋਟ ਦੇ ਸੀਨੀਅਰ ਸਰਕਾਰੀ ਬਰਜਿੰਦਰਾ ਕਾਲਜ 'ਚ 40 ਵੀਂ ਪੰਜਾਬ ਰਾਜ ਕੁਸ਼ਤੀ ਚੈਂਪੀਅਨਸ਼ਿਪ 20 ਸਤੰਬਰ ਨੂੰ ਸ਼ੁਰੂ ਹੋਈ। ਪਹਿਲੇ ਦਿਨ ਇਸ ਦੇ ਨਤੀਜੇ ਇੰਜ ਰਹੇ : 32 ਕਿਲੋ ਭਾਰ ਵਰਗ ਵਿਚ ਸਤਿੰਦਰ ਸਿੰਘ ਮੋਗਾ ਨੇ ਪਹਿਲਾ, ਰਮਨਜੀਤ ਸਿੰਘ ਨੇ ਦੂਜਾ, ਨਵਦੀਪ ਸਿੰਘ ਫ਼ਰੀਦਕੋਟ ਨੇ ਤੀਸਰਾ, 35 ਕਿਲੋ ਭਾਰ ਵਰਗ 'ਚ ਅਜੇਪਾਲ ਸਿੰਘ ਫ਼ਰੀਦਕੋਟ ਪਹਿਲੇ, ਰਮਨਦੀਪ ਸਿੰਘ ਮੋਗਾ ਦੂਜੇ, ਗੁਰਨੈਬ ਸਿੰਘ ਤੀਸਰੇ ਸਥਾਨ ਤੇ ਅਮਰਵੀਰ ਸਿੰਘ ਚੌਥੇ ਸਥਾਨ 'ਤੇ ਰਹੇ। 42 ਕਿਲੋ ਭਾਰ ਵਰਗ 'ਚ ਸਭਾਵਾ ਸਿੰਘ ਫ਼ਿਰੋਜ਼ਪੁਰ ਨੇ ਪਹਿਲਾ, ਰਾਜਵਿੰਦਰ ਕੰਮੇਆਣਾ ਨੇ ਦੂਜਾ, ਕਰਮਜੀਤ ਸਿੰਘ ਫ਼ਿਰੋਜ਼ਪੁਰ ਤੀਸਰੇ ਸਥਾਨ, ਸਤਨਾਮ ਸਿੰਘ ਚੌਥੇ ਸਥਾਨ 'ਤੇ ਰਿਹਾ, 46 ਕਿਲੋ ਭਾਰ ਵਰਗ ਦੇ ਪਹਿਲਵਾਨਾਂ ਵਿਚੋਂ ਗੁਰਮੀਤ ਸਿੰਘ ਪਹਿਲੇ, ਜਸਵੀਰ ਸਿੰਘ ਦੂਜੇ, ਅਮਰਜੀਤ ਸਿੰਘ ਤੀਸਰੇ ਸਥਾਨ ਅਤੇ ਕੁਲਦੀਪ ਸਿੰਘ ਚੌਥੇ ਸਥਾਨ 'ਤੇ ਰਹੇ, 70 ਕਿਲੋ ਭਾਰ ਵਰਗ ਦੇ ਸੀਨੀਅਰ ਕੁਸ਼ਤੀਆਂ ਵਿਚੋਂ, ਨਗਿੰਦਰ ਸਿੰਘ ਨੇ ਪਹਿਲਾ ਤੇ ਸੰਦੀਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ ਜਿਨ੍ਹਾਂ ਨੂੰ ਡਵੀਜ਼ਨ ਕੁਮਾਰ ਟਾਈਟਲ ਨਾਲ ਸਨਮਾਨਿਤ ਕੀਤਾ ਜਾਵੇਗਾ।

ਮਾਨਸਾ 'ਚ ਰਾਜ ਪੱਧਰੀ ਟੂਰਨਾਮੈਂਟ 27 ਤੋ 30 ਸਤੰਬਰ ਤੱਕ

ਮਾਨਸਾ, 20 ਸਤੰਬਰ - ਰਾਜ ਪੱਧਰੀ ਖੇਡ ਟੂਰਨਾਮੈਂਟ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਦੀ ਗਰਾਊਂਡ ਵਿਚ 27 ਤੋਂ 30 ਸਤੰਬਰ ਤੱਕ ਕਰਵਾਇਆ ਜਾਵੇਗਾ। ਜਿਸ ਵਿਚ 16 ਸਾਲ ਤੋਂ ਘੱਟ ਉਮਰ ਦੇ ਪੇਂਡੂ ਲੜਕਿਆਂ ਦੇ ਰਾਜ ਪੱਧਰੀ ਮੁਕਾਬਲੇ ਹੋਣਗੇ। ਇਸ ਟੂਰਨਾਮੈਂਟ ਵਿਚ ਪੰਜਾਬ ਦੇ 20 ਜ਼ਿਲ੍ਹਿਆਂ ਦੇ 141 ਬਲਾਕਾਂ ਵਿਚੋਂ 2 ਹਜ਼ਾਰ ਦੇ ਕਰੀਬ ਲੜਕੇ ਐਥਲੈਟਿਕਸ, ਕਬੱਡੀ, ਵਾਲੀਬਾਲ, ਬਾਸਕਟਬਾਲ, ਹਾਕੀ ਅਤੇ ਖੋ-ਖੋ ਸਮੇਤ 10 ਖੇਡਾਂ ਵਿਚ ਭਾਗ ਲੈਣਗੇ।

ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ 4 ਦੇਸ਼ਾਂ ਦੇ ਪੰਜਾਬ ਗੋਲਡ ਕੱਪ ਨੂੰ ਮਿਲੀ ਮਨਜ਼ੂਰੀ

ਜਲੰਧਰ, 20 ਸਤੰਬਰ - ਕੌਮਾਂਤਰੀ ਹਾਕੀ ਫੈਡਰੇਸ਼ਨ ਨੇ ਪੰਜਾਬ ਖੇਡ ਵਿਭਾਗ ਵੱਲੋਂ ਕਰਵਾਏ ਜਾ ਰਹੇ 4 ਦੇਸ਼ਾਂ ਦੇ ਇਨਵੀਟੇਸ਼ਨਲ ਹਾਕੀ ਮਰਦਾਂ ਦੇ ਟੂਰਨਾਮੈਂਟ ਪੰਜਾਬ ਗੋਲਡ ਕੱਪ ਨੂੰ 5 ਤੋਂ 14 ਫਰਵਰੀ ਤੱਕ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪਦਮਸ੍ਰੀ ਪ੍ਰਗਟ ਸਿੰਘ ਨੇ ਦੱਸਿਆ ਕਿ ਇਹ ਮਨਜ਼ੂਰੀ ਕੌਮਾਂਤਰੀ ਹਾਕੀ ਫੈਡਰੇਸ਼ਨ ਦੇ ਜਨਰਲ ਮੈਨੇਜਰ ਕ੍ਰਿਸਟੋਫ ਟੋਰੈਨਡਲ ਨੇ ਭਾਰਤੀ ਹਾਕੀ ਫੈਡਰੇਸ਼ਨ ਦੀ ਐਡਹਾਕ ਕਮੇਟੀ ਨੂੰ ਭੇਜੀ। ਹੁਣ ਇਹ ਟੂਰਨਾਮੈਂਟ ਜਿਸ ਵਿਚ ਮਰਦਾਂ ਦੀਆਂ ਭਾਰਤ, ਪਾਕਿਸਤਾਨ, ਹਾਲੈਂਡ ਤੇ ਜਰਮਨ ਦੀਆਂ ਟੀਮਾਂ ਹਿੱਸਾ ਲੈਣਗੀਆਂ ਤੇ ਇਹ ਟੂਰਨਾਮੈਂਟ 5 ਤੋਂ 14 ਫਰਵਰੀ ਤੱਕ ਅਗਲੇ ਸਾਲ ਡਬਲ ਲੈਗ ਦੇ ਮੁਕਾਬਲੇ ਸੈਕਟਰ 42 ਚੰਡੀਗੜ੍ਹ ਦੇ ਹਾਕੀ ਸਟੇਡੀਅਮ ਦੇ ਕਲਾਸੀਫੀਕੇਸ਼ਨ ਤੇ ਫਾਈਨਲ ਮੁਕਾਬਲਾ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਕਰਵਾਇਆ ਜਾਵੇਗਾ। ਪੰਜਾਬ ਖੇਡ ਵਿਭਾਗ ਵੱਲੋਂ ਬਾਹਰੋਂ ਖੇਡਣ ਆ ਰਹੀਆਂ ਟੀਮਾਂ ਦੇ 22 ਮੈਂਬਰਾਂ ਨੂੰ ਸਮੇਤ ਇਕ ਅੰਪਾਇਰ ਦੇ ਆਉਣ-ਜਾਣ ਦਾ ਕਿਰਾਇਆ, ਰਹਿਣ-ਸਹਿਣ ਤੇ ਖਾਣ-ਪੀਣ ਦਾ ਸਾਰਾ ਖਰਚਾ ਕੀਤਾ ਜਾਵੇਗਾ।

ਸਾਈ ਸੈਂਟਰ ਬਾਦਲ 'ਏ' ਮੁਕਤਸਰ ਅਤੇ ਲਸਾੜਾ ਜੇਤੂ

ਜਲੰਧਰ, 20 ਸਤੰਬਰ - ਜਲੰਧਰ ਦੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਪੰਜਾਬ ਖੇਡ ਵਿਭਾਗ ਵੱਲੋਂ ਹਾਕੀ ਲੀਗ ਚੱਲ ਰਹੀ ਹੈ। ਜਿਸ ਵਿਚ ਸਾਈ ਸੈਂਟਰ ਬਾਦਲ 'ਏ', ਗੁਰੂ ਨਾਨਕ ਕਾਲਜ ਮੁਕਤਸਰ ਅਤੇ ਸਪੋਰਟਸ ਵਿੰਗ ਕੈਰੋਂ 'ਏ' ਨੇ ਆਪਣੇ ਮੈਚ ਜਿੱਤ ਲਏ। ਸੀਨੀਅਰ ਵਰਗ ਵਿਚ ਸਾਈਂ ਸੈਂਟਰ ਬਾਦਲ 'ਏ' ਨੇ ਸਾਈ ਸੈਂਟਰ ਪਟਿਆਲਾ 'ਬੀ' ਨੂੰ ਸਖ਼ਤ ਮੁਕਾਬਲੇ ਮਗਰੋਂ 7-5 ਦੇ ਫਰਕ ਨਾਲ ਹਰਾਇਆ। ਇਸੇ ਵਰਗ ਵਿਚ ਸਪੋਰਟਸ ਵਿੰਗ ਕੈਰੋਂ 'ਏ' ਨੇ ਨਹਿਰੂ ਗਾਰਡਨ ਜਲੰਧਰ ਨੂੰ 2-1 ਨਾਲ ਹਰਾਇਆ। ਤੀਸਰੇ ਮੈਚ ਵਿਚ ਗੁਰੂ ਨਾਨਕ ਕਾਲਜ ਮੁਕਤਸਰ ਨੇ ਸਖ਼ਤ ਮੁਕਾਬਲੇ ਮਗਰੋਂ ਸਾਈ ਸੈਂਟਰ ਬਾਦਲ 'ਬੀ' ਨੂੰ 5-4 ਨਾਲ ਹਰਾਇਆ। ਜੂਨੀਅਰ ਵਰਗ ਵਿਚ ਮੁਕਤਸਰ 'ਏ' ਨੇ ਸੰਗਰੂਰ ਨੂੰ 5-2 ਨਾਲ ਅਤੇ ਕੈਰੋਂ 'ਬੀ' ਨੇ ਐਸ. ਡੀ. ਫੁਲਰਵਾਨ ਸਕੂਲ ਜਲੰਧਰ ਨੂੰ 7-0 ਨਾਲ ਮਾਤ ਦਿੱਤੀ। ਲੜਕਿਆਂ ਦੇ ਵਰਗ ਵਿਚ ਲਸਾੜਾ ਨੇ ਸ਼ੰਕਰ ਨੂੰ 5-2 ਨਾਲ ਅਤੇ ਰੋਪੜ ਨੇ ਫਿਰੋਜ਼ਪੁਰ ਨੂੰ 2-1 ਨਾਲ ਹਰਾਇਆ।
ਲੁਧਿਆਣਾ - ਸਕੂਲਾਂ ਦੀ ਰਾਜ ਪੱਧਰੀ ਹਾਕੀ ਲੀਗ ਦੇ ਮੁਕਾਬਲੇ ਪੰਜਾਬ ਖੇਡ ਵਿਭਾਗ ਵੱਲੋਂ ਕਰਵਾਏ ਜਾ ਰਹੇ ਹਨ। ਜਿਸ ਦੇ ਚੌਥੇ ਗੇੜ ਦੇ ਮੈਚਾਂ ਵਿਚ ਮਹਿਤਾ ਗੁਰੂਕੁਲ ਅਕੈਡਮੀ ਦੋਰਾਹਾ, ਰੂਮੀ ਅਤੇ ਕਿਲ੍ਹਾ ਰਾਏਪੁਰ ਨੇ ਜੂਨੀਅਰ ਵਰਗ ਵਿਚ ਜਿੱਤ ਪ੍ਰਾਪਤ ਕੀਤੀ। ਪਦਮ ਸ੍ਰੀ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀ. ਏ. ਯੂ. ਵਿਖੇ ਖੇਡੇ ਗਏ ਗਰੁੱਪ 'ਬੀ' ਦੇ ਅੰਡਰ14 ਸਾਲ ਵਰਗ ਵਿੱਚ ਮਹਿਤਾ ਗੁਰੂਕੁਲ ਅਕੈਡਮੀ ਦੋਰਾਹਾ ਨੇ ਜਰਖੜ ਹਾਕੀ ਅਕੈਡਮੀ ਨੂੰ 3-2 ਨਾਲ ਹਰਾਇਆ, ਜਦਕਿ ਗਰੁੱਪ 'ਏ' ਦੇ ਅੰਡਰ14 ਸਾਲ ਗਰੁੱਪ ਵਿੱਚ ਰੂਮੀ ਨੇ ਗੋਪਾਲ ਅਕੈਡਮੀ ਕੁਰਾਲੀ ਨੂੰ 4-0 ਨਾਲ ਹਰਾਇਆ। ਅੰਡਰ16 ਦੇ ਆਖਰੀ ਮੈਚ ਗਰੇਵਾਲ ਅਕੈਡਮੀ ਕਿਲ੍ਹਾ ਰਾਏਪੁਰ ਨੇ ਬਠਿੰਡਾ ਨੂੰ 3-1 ਨਾਲ ਹਰਾਇਆ।

31ਵੀਂ ਆਲ ਇੰਡੀਆ ਸਬ ਜੂਨੀਅਰ ਫੁੱਟਬਾਲ ਚੈਂਪੀਅਨਸ਼ਿਪ

ਮਾਹਿਲਪੁਰ, 20 ਸਤੰਬਰ - ਪੰਜਾਬ ਦੀ ਅਕਾਲੀ 31ਵੀਂ ਇੰਡੀਆ ਸਬ-ਜੂਨੀਅਰ ਫੁੱਟਬਾਲ ਚੈਂਪੀਅਨਸ਼ਿਪ ਮਾਹਿਲਪੁਰ ਦੇ ਖਾਲਸਾ ਕਾਲਜ ਵਿਖੇ ਕਰਵਾਈ ਜਾ ਰਹੀ ਹੈ। ਭਾਜਪਾ ਸਰਕਾਰ ਫੁੱਟਬਾਲ ਦੀ ਨਰਸਰੀ ਮਾਹਿਲਪੁਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਾਕਰ ਸਿਟੀ ਦਰਜਾ ਦਿਵਾਉਣ ਲਈ ਇਕ ਅਜਿਹਾ ਮਾਸਟਰ ਪਲਾਨ ਤਿਆਰ ਕਰ ਰਹੀ ਹੈ ਜਿਸ 'ਤੇ ਇਕ ਕਰੋੜ ਤੋਂ ਵੀ ਵੱਧ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਕੰਮ ਲਈ ਬਣਾਈ ਯੋਜਨਾ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਮਾਹਿਲਪੁਰ ਦੇ ਖਾਲਸਾ ਕਾਲਜ ਵਿਖੇ ਇਹ ਆਪਣਾ ਭਾਸ਼ਣ ਵਿਚ ਕਿਹਾ।

ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ

ਫ਼ਰੀਦਕੋਟ, 19 ਸਤੰਬਰ -17 ਵਾਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਸਰਕਾਰੀ ਬਰਜਿੰਦਰਾ ਕਾਲਜ ਦੇ ਹਾਕੀ ਮੈਦਾਨ ਵਿਚ ਸ਼ੁਰੂ ਹੋਇਆ ਹੈ। ਟੂਰਨਾਮੈਂਟ ਦੇ ਪਹਿਲੇ ਮੈਚ 'ਚ ਰੋਪੜ ਹਾਕਸ ਨੇ ਨਾਮਧਾਰੀ ਇਲੈਵਨ ਨੂੰ 2 ਗੋਲਾਂ ਨਾਲ ਹਰਾਇਆ।

ਏਸ਼ੀਅਨ ਮਹਿਲਾ ਚੈਂਪੀਅਨਸ਼ਿਪ ਲਈ 13 ਮੈਂਬਰੀ ਦਲ ਦਾ ਐਲਾਨ

ਨਵੀਂ ਦਿੱਲੀ, 19 ਸਤੰਬਰ - ਚੌਥੀ ਏਸ਼ੀਅਨ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਗੁਹਾਟੀ ਵਿਚ 23 ਤੋਂ 28 ਸਤੰਬਰ ਤੱਕ ਕਰਵਾਈ ਜਾਵੇਗੀ। ਇਸ ਲਈ ਭਾਰਤੀ ਬਾਕਸਿੰਗ ਐਸੋਸੀਏਸ਼ਨ ਨੇ 13 ਮੈਂਬਰੀ ਦਲ ਦਾ ਐਲਾਨ ਕੀਤਾ ਹੈ। ਇਨ੍ਹਾਂ ਮੁੱਕੇਬਾਜ਼ਾਂ ਦੀ ਚੋਣ ਗੁਹਾਟੀ ਦੇ ਸਾਈ ਕੰਪਲੈਕਸ ਵਿਖੇ ਲਏ ਗਏ 40 ਮਹਿਲਾ ਮੁੱਕੇਬਾਜ਼ਾਂ ਦੇ ਚੋਣ ਟਰਾਇਲ ਤੋਂ ਬਾਅਦ ਕੀਤੀ ਗਈ ਹੈ।

ਜੇ. ਸੀ. ਟੀ. ਬਣੀ ਹੁਣ ਜੇ. ਸੀ. ਟੀ. ਸਪੋਰਟਸ ਪ੍ਰਾਈਵੇਟ ਲਿਮਟਿਡ

ਜਲੰਧਰ, 19 ਸਤੰਬਰ - ਜਿਸ ਟੀਮ ਨੂੰ ਪੰਜਾਬ 'ਚ ਫੁੱਟਬਾਲ ਦੇ ਖੇਤਰ ਵਿਚ ਜੇ. ਸੀ. ਟੀ. ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਉਹ ਹੁਣ ਜੇ. ਸੀ. ਟੀ. ਸਪੋਰਟਸ ਪ੍ਰਾਈਵੇਟ ਲਿਮਟਿਡ ਬੈਨਰ ਹੇਠ ਖੇਡੇਗੀ। ਇਹ ਫੈਸਲਾ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵੱਲੋਂ ਜਾਰੀ ਨਿਯਮਾਂ ਤਹਿਤ ਕੀਤਾ ਗਿਆ।

ਰਾਜ ਪੱਧਰੀ ਬਾਲ ਬੈਡਮਿੰਟਨ ਚੈਂਪੀਅਨਸ਼ਿਪ ਸਮਾਪਤ

ਅਜੀਤ ਨਗਰ, 19 ਸਤੰਬਰ - ਪਹਿਲੀ ਰਾਜ ਪੱਧਰੀ ਬਾਲ ਬੈਡਮਿੰਟਨ ਚੈਂਪੀਅਨਸ਼ਿਪ 19 ਸਤੰਬਰ ਨੂੰ ਬੀ.ਐਮ.ਡੀ.ਪਬਲਿਕ ਸਕੂਲ ਮੁਹਾਲੀ ਦੇ ਖੇਡ ਮੈਦਾਨ ਵਿਚ ਖਤਮ ਹੋਈ। ਚੈਂਪੀਅਨਸ਼ਿਪ ਵਿਚ ਜ਼ਿਲ੍ਹੇ ਅੰਮ੍ਰਿਤਸਰ ਦੇ ਮੁੰਡਿਆਂ ਤੇ ਕੁੜੀਆਂ ਨੇ ਓਵਰ ਆਲ ਟਰਾਫ਼ੀ 'ਤੇ ਕਬਜ਼ਾ ਕੀਤਾ। ਜਦਕਿ ਜ਼ਿਲ੍ਹਾ ਰੋਪੜ ਨੇ ਦੂਜਾ ਅਤੇ ਮੇਜ਼ਬਾਨ ਜ਼ਿਲ੍ਹਾ ਮੁਹਾਲੀ ਨੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਸੈਰ ਸਪਾਟਾ ਅਤੇ ਜੇਲ੍ਹ ਮੰਤਰੀ ਸ.ਹੀਰਾ ਸਿੰਘ ਗਾਬੜੀਆ ਨੇ ਕੀਤੀ।

ਭਾਰਤ 'ਚ ਲੱਗੇਗਾ 2010 'ਚ ਡਬਲਿਊ. ਡਬਲਿਊ. ਈ. ਦਾ ਅਖਾੜਾ

ਜਲੰਧਰ, 19 ਸਤੰਬਰ - ਭਾਰਤ ਵਿਚ ਵਰਲਡ ਰੈਸਲਿੰਗ ਇੰਟਰਨੈਸ਼ਨਲ ਦੀ ਵਧਦੀ ਚਾਹਤ ਨੂੰ ਦੇਖਦਿਆਂ 2010 ਵਿਚ ਭਾਰਤ ਵਿਖੇ ਇਸ ਦਾ ਇਕ ਮੁਕਾਬਲਾ ਕਰਵਾਉਣ ਦਾ ਐਲਾਨ ਕੀਤਾ ਗਿਆ। ਇਸ ਬਾਰੇ ਡਬਲਿਊ. ਡਬਲਿਊ. ਈ. ਏਸ਼ੀਆ ਖੇਤਰ ਦੇ ਪ੍ਰਧਾਨ ਜੋਨਥਾਨ ਸਲੀ ਨੇ ਦੱਸਿਆ ਕਿ ਭਾਰਤ ਇਸ ਵੇਲੇ ਡਬਲਿਊ. ਡਬਲਿਊ. ਈ. ਇਕ ਵੱਡਾ ਬ੍ਰਾਂਚ ਬਣ ਗਿਆ ਅਤੇ ਨੌਜਵਾਨਾਂ ਨੂੰ ਇਸ ਵਿਚ ਰੁਚੀ ਹੈ ਤੇ ਕ੍ਰੇਜ ਵੀ ਹੈ। ਇਸ ਤੋਂ ਇਲਾਵਾ ਭਾਰਤ ਸਭ ਤੋਂ ਵੱਡਾ ਬਾਜ਼ਾਰ ਹੈ ਜਿਸ ਦਾ ਅਸੀਂ ਜ਼ਰੂਰ ਲਾਭ ਲੈਣ ਦਾ ਯਤਨ ਕਰਾਂਗੇ। ਬੀਤੇ ਦਿਨੀਂ ਦਾ ਗ੍ਰੇਟ ਖਲੀ ਤੋਂ ਬਾਅਦ ਤਿੰਨ ਵਾਰੀ ਵਿਸ਼ਵ ਹੈਵੀਵੇਟ ਚੈਂਪੀਅਨ ਬਾਤਿਸਤਾ ਦਾ ਭਾਰਤ ਦਾ ਦੌਰਾ ਵੀ ਇਸੇ ਕੜੀ ਦਾ ਇਕ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਵਿਚ ਡਬਲਿਊ. ਡਬਲਿਊ. ਈ. ਦੇ 5 ਵੱਡੇ ਸਿਤਾਰੇ ਭਾਰਤ ਦਾ ਦੌਰਾ ਕਰ ਚੁੱਕੇ ਹਨ। ਇਸ ਤੋਂ ਇਲਾਵਾ ਭਾਰਤ ਇਸ ਖੇਡ ਵਿਚ ਦਿਲਚਸਪੀ ਦਾ ਗ੍ਰੇਟ ਖਲੀ ਦੀ ਕਾਮਯਾਬੀ ਨੇ ਪੈਦਾ ਕੀਤੀ ਹੈ।

ਓਮ ਪ੍ਰਕਾਸ਼ ਦਾ ਗੋਲਡ ਕੱਪ 'ਤੇ ਕਬਜ਼ਾ

ਬਠਿੰਡਾ, 19 ਸਤੰਬਰ : ਏਸ਼ੀਅਨ ਆਲ ਸਟਾਰ ਐਥਲੈਟਿਕਸ ਚੈਂਪੀਅਨਸ਼ਿਪ 'ਚ ਜਿਹੜੀ ਕਿ ਭੋਪਾਲ ਵਿਚ ਹੋ ਰਹੀ ਹੈ, ਓਮ ਪ੍ਰਕਾਸ਼ ਨੇ ਸ਼ਾਟ ਪੁੱਟ ਈਵੈਂਟ ਵਿਚੋਂ ਸੋਨ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਵਿਚ ਪਾਇਆ। ਓਮ ਪ੍ਰਕਾਸ਼ ਸਿੰਘ ਜੋ ਕਿ ਪੀ.ਜੀ.ਡੀ.ਸੀ.ਏ. ਦਾ ਹੋਣਹਾਰ ਵਿਦਿਆਰਥੀ ਹੈ, ਕਾਲਜ ਵਿਚ ਗਰੀਡਿੰਗ ਫ਼ਾਰ ਮੈਡਲਜ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾਂ ਥਰਡ ਇੰਡੋਰ ਏਸ਼ੀਅਨ ਐਥਲੈਟਿਕਸ (ਦੋਹਾ ਕਤਰ) ਵਿਖੇ ਸਿਲਵਰ ਮੈਡਲ, ਸੈਫ਼ ਗੇਮਾਂ ਵਿਚ ਕਾਂਸੀ ਦਾ ਤਗਮਾ, ਆਲ ਇੰਡੀਆ ਯੂਨੀਵਰਸਿਟੀ ਵਿਚੋਂ ਗੋਲਡ ਮੈਡਲ, ਏਸ਼ੀਅਨ ਗਰੈਂਡ ਪਰਿਕਸ (ਥਾਈਲੈਂਡ) ਅਤੇ ਹੁਣੇ ਹੁਣੇ ਹੋਈਆਂ ਕੋਚੀਨ ਵਿਖੇ ਨੈਸ਼ਨਲ ਗੇਮਜ਼ ਵਿਚੋਂ ਗੋਲਡ ਮੈਡਲ ਜਿੱਤ ਕੇ ਤੇ ਹੁਣ ਏਸ਼ੀਅਨ ਆਲ ਸਟਾਰ ਐਥਲੈਟਿਕਸ ਚੈਂਪੀਅਨਸ਼ਿਪ ਵਿਚੋਂ ਸ਼ਾਟਪੁੱਟ ਈਵੈਂਟ ਵਿਚ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਮ ਦੁਨੀਆਂ ਦੇ ਨਕਸ਼ੇ 'ਚ ਰੌਸ਼ਨ ਕੀਤਾ।

 

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਲਈ ਚੁਣੀ ਗਈ ਕੌਮੀ ਟੀਮ

ਪਟਿਆਲਾ, 18 ਸਤੰਬਰ - ਵਿਸ਼ਵ ਮਹਿਲਾ ਕੁਸ਼ਤੀ ਚੈਂਪੀਅਨਸ਼ਿਪ ਜੋ ਕਿ ਜਪਾਨ ਦੇ ਸ਼ਹਿਰ ਟੋਕੀਓ ਵਿਖੇ 11 ਤੋਂ 13 ਅਕਤੂਬਰ ਤੱਕ ਕਰਵਾਈ ਜਾਣੀ ਹੈ, ਉਸ ਲਈ 7 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ। ਇਸ ਟੀਮਾਂ ਨਾਲ ਜਾਰਜੀਅਨ ਕੋਚ ਡੋਬੋ, ਸ੍ਰੀ ਸੋਹਣ ਸਿੰਘ ਤੇ ਮੋਨਿਕਾ ਚੌਧਰੀ ਬਤੌਰ ਕੋਚ ਜਾਣਗੇ। ਇਸ ਟੀਮ ਦਾ ਕੈਂਪ ਨੇਤਾ ਜੀ ਸੁਭਾਸ਼ ਇੰਸਟੀਚਿਊਟ ਆਫ਼ ਸਪੋਰਟਸ ਪਟਿਆਲਾ ਵਿਖੇ ਚੱਲ ਰਿਹਾ ਹੈ। ਇਸ ਟੀਮ ਦੇ 48 ਕਿਲੋ ਭਾਰ ਵਰਗ 'ਚ ਪ੍ਰਿਯੰਕਾ ਸਿੰਘ ਉੱਤਰ ਪ੍ਰਦੇਸ਼, 51 ਕਿਲੋ 'ਚ ਨੇਹਾ ਰਾਠੀ ਹਰਿਆਣਾ, 55 ਕਿਲੋ 'ਚ ਕਮਲੇਸ਼ ਦਿੱਲੀ, 59 ਕਿਲੋ 'ਚ ਅਨੀਤਾ ਹਰਿਆਣਾ, 63 ਕਿਲੋ 'ਚ ਸੁਮਨ ਕੁੰਡੂ ਹਰਿਆਣਾ, 67 ਕਿਲੋ 'ਚ ਗੀਤਿਕਾ ਜਾਖੜ ਹਰਿਆਣਾ ਤੇ 72 ਕਿਲੋ 'ਚ ਅਨਮੋਲ ਹਰਿਆਣਾ ਸ਼ਾਮਲ ਹਨ।

ਜਸਵਿੰਦਰ ਸਿੰਘ ਭੰਡਾਰੀ ਜ਼ਿਲ੍ਹਾ ਖੇਡ ਅਫ਼ਸਰ ਚੁਣੇ

ਲੁਧਿਆਣਾ 18 ਸਤੰਬਰ - ਲੁਧਿਆਣੇ ਵਿਚ ਪੰਜਾਬ ਖੇਡ ਵਿਭਾਗ ਦੇ ਕੋਚ ਵਜੋਂ ਕਾਫੀ ਲੰਮੇ ਸਮੇਂ ਤੋਂ ਆਪਣੀ ਡਿਊਟੀ ਕਰ ਰਹੇ ਸਾਬਕਾ ਰਾਸ਼ਟਰੀ ਬਾਸਕਟਬਾਲ ਖਿਡਾਰੀ ਜਸਵਿੰਦਰ ਸਿੰਘ ਭੰਡਾਰੀ ਦੀਆਂ ਵਧੀਆ ਸੇਵਾਵਾਂ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਲੁਧਿਆਣਾ ਦਾ ਜ਼ਿਲ੍ਹਾ ਖੇਡ ਅਫਸਰ ਚੁਣ ਲਿਆ ਹੈ। ਸ. ਜਸਵਿੰਦਰ ਸਿੰਘ ਭੰਡਾਰੀ ਨੇ ਖੇਡ ਅਧਿਕਾਰੀ ਦਾ ਅਹੁਦਾ ਸੰਭਾਲਣ ਉਪਰੰਤ ਆਖਿਆ ਕਿ ਉਨ੍ਹਾਂ ਦਾ ਮੁੱਖ ਮਕਸਦ ਹੇਠਲੇ ਪੱਧਰ ਤੋਂ ਖੇਡਾਂ ਨੂੰ ਮਜ਼ਬੂਤ ਕਰਨਾ ਅਤੇ ਉਭਰਦੀ ਖੇਡ ਪ੍ਰਤਿਭਾ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਹੋਵੇਗਾ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਸਰਕਾਰ ਨੇ ਜੋ ਡਿਊਟੀ ਅਤੇ ਜ਼ਿੰਮੇਵਾਰੀ ਦਿੱਤੀ ਹੈ, ਉਸ ਨੂੰ ਉਹ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ 'ਤੇ ਪੰਜਾਬ ਰੂਰਲ ਸਪਰੋਟਸ ਪ੍ਰਮੋਸ਼ਨ ਕੌਂਸਲ ਦੇ ਚੇਅਰਮੈਨ ਪਰਮਜੀਤ ਸਿੰਘ ਖੱਟੜਾ ਪ੍ਰਧਾਨ ਜਗਰੂਪ ਸਿੰਘ, ਪ੍ਰਿਥੀਪਾਲ ਸਿੰਘ ਬਟਾਲਾ ਆਦਿ ਆਗੂਆਂ ਨੇ ਜਸਵਿੰਦਰ ਸਿੰਘ ਭੰਡਾਰੀ ਦੀ ਖੇਡ ਅਧਿਕਾਰੀ ਵਜੋਂ ਨਿਯੁਕਤੀ ਦਾ ਸਵਾਗਤ ਕਰਦਿਆਂ ਪੰਜਾਬ ਦੇ ਖੇਡ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਡਾਇਰੈਕਟਰ ਸਪੋਰਟਸ ਪ੍ਰਗਟ ਸਿੰਘ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਜਥੇਦਾਰ ਹੀਰਾ ਸਿੰਘ ਗਾਬੜੀਆ ਦਾ ਧੰਨਵਾਦ ਕੀਤਾ।

ਬਿੰਦਰਾ, ਸੁਸ਼ੀਲ ਤੇ ਵਿਜੇਂਦਰ ਦਾ 90 ਲੱਖ ਰੁਪਏ ਨਾਲ ਸਨਮਾਨ

ਨਵੀਂ ਦਿੱਲੀ, 18 ਸਤੰਬਰ - ਭਾਰਤੀ ਖੇਡ ਮੰਤਰਾਲੇ ਵਲੋਂ ਬੀਜਿੰਗ ਉਲਪਿੰਕ ਖੇਡਾਂ 'ਚ ਤਗਮੇ ਜਿੱਤਣ ਵਾਲੇ ਭਾਰਤੀ ਹੀਰੋ ਅਭਿਨੰਵ ਬਿੰਦਰਾ, ਸੁਸ਼ੀਲ ਕੁਮਾਰ ਤੇ ਵਿਜੇਂਦਰ ਕੁਮਾਰ ਨੂੰ 90 ਲੱਖ ਰੁਪਏ ਨਕਦ ਦੇ ਕੇ ਸਨਮਾਨਿਆ ਗਿਆ। ਖੇਡ ਮੰਤਰੀ ਭਾਰਤ ਸਰਕਾਰ ਸ.. ਮਨੋਹਰ ਸਿੰਘ ਗਿੱਲ ਨੇ ਅਭਿਨੰਵ ਬਿੰਦਰਾ ਨੂੰ 'ਏਅਰ ਰਾਈਫਲ ਦੇ 10 ਮੀਟਰ ਮੁਕਾਬਲੇ 'ਚ ਸੋਨ ਤਗਮਾ ਜਿੱਤਣ 'ਤੇ 50 ਲੱਖ ਦਾ ਇਨਾਮ ਦਿਤਾ ਜਦ ਕਿ ਵਿਜੇਂਦਰ ਕੁਮਾਰ ਨੂੰ ਮੁੱਕੇਬਾਜ਼ੀ 'ਚ ਤੇ ਕੁਸ਼ਤੀ 'ਚ ਸੁਸ਼ੀਲ ਕੁਮਾਰ ਵੱਲੋਂ ਕਾਂਸੀ ਤਗਮੇ ਜਿੱਤਣ 'ਤੇ 20-20 ਲੱਖ ਦੀ ਨਕਦ ਰਾਸ਼ੀ ਦਿਤੀ ਗਈ।

ਲਾਹੌਰ ਲਾਇਨਜ਼ ਕਲੱਬ ਦਾ ਟਵੈਂਟੀ-20 ਕੱਪ 'ਤੇ ਕਬਜ਼ਾ

ਸਿਰਸਾ, 17 ਸਤੰਬਰ - ਜੇ.ਸੀ.ਡੀ.ਵਿੱਦਿਆ-ਪੀਠ ਵਿਖੇ ਜੇ.ਸੀ.ਡੀ.ਆਈ.ਸੀ.ਐਲ. ਟਵੈਂਟੀ-20 ਕ੍ਰਿਕਟ ਮੁਕਾਬਲੇ ਕਰਵਾਏ ਗਏ। ਜਿਸ ਵਿਚ ਪਾਕਿਸਤਾਨ ਦੀ ਲਾਹੌਰ ਲਾਇਨਜ ਕਲੱਬ ਟੀਮ ਨੇ ਏਅਰ ਫੋਰਸ ਦੀ ਟੀਮ ਨੂੰ ਹਰਾਇਆ ਅਤੇ ਪੰਜ ਲੱਖ ਰੁਪਏ ਦੇ ਇਨਾਮ 'ਤੇ ਆਪਣਾ ਕਬਜ਼ਾ ਕੀਤਾ। ਜਦੋਂ ਕਿ ਭਾਰਤੀ ਏਅਰ ਫੋਰਸ ਦੀ ਟੀਮ ਨੂੰ ਢਾਈ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਅਦਨਾਨ ਰੱਜਾ ਨੂੰ 'ਮੈਨ ਆਫ਼ ਦ ਮੈਚ' ਪੁਰਸਕਾਰ ਦਿੱਤਾ ਗਿਆ। ਇਨ੍ਹਾਂ ਮੈਚਾਂ ਦੌਰਾਨ ਵਧੀਆ ਫੀਲਡਿੰਗ ਕਰਨ ਲਈ ਜਨ ਨਾਇਕ ਚੌਧਰੀ ਦੇਵੀ ਲਾਲ ਨੈਸ਼ਨਲ ਕ੍ਰਿਕਟ ਅਕਾਦਮੀ ਦੇ ਖਿਡਾਰੀ ਖੇਮ ਚੰਦ ਨੂੰ ਜਦੋਂ ਕਿ ਵਧੀਆ ਬੱਲੇਬਾਜ਼ੀ ਕਰਨ 'ਤੇ ਭਾਰਤੀ ਏਅਰ ਫੋਰਸ ਦੇ ਖਿਡਾਰੀ ਐਸ.ਐਸ.ਕਰਮਾਕਰ ਨੂੰ ਅਤੇ ਵਧੀਆ ਗੇਂਦਬਾਜ਼ੀ ਕਰਨ ਦਾ ਪੁਰਸਕਾਰ ਲਾਹੌਰ ਕਲੱਬ ਦੇ ਖਿਡਾਰੀ ਖਾਕਨ ਅਰਸਲ ਨੂੰ ਦਿੱਤਾ ਗਿਆ। ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਲਈ ਮੰਚ 'ਤੇ ਕਾਂਟਾ ਲਗਾ ਫੇਮ ਸ਼ੇਫਾਲੀ ਜਰੀਵਾਲਾ, ਪੰਜਾਬੀ ਗਾਇਕ ਅਤੇ ਬੋਲੀਆਂ ਦੇ ਬਾਦਸ਼ਾਹ ਪੰਮੀ ਬਾਈ ਨੇ ਆਪਣਾ ਪ੍ਰੋਗਰਾਮ ਪੇਸ਼ ਕੀਤਾ।

ਬਾਗੀ ਖਿਡਾਰੀਆਂ 'ਤੇ 10 ਸਾਲ ਦੀ ਰੋਕ

ਢਾਕਾ, 17 ਸਤੰਬਰ - ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਇੰਡੀਅਨ ਕ੍ਰਿਕਟ ਲੀਗ ਵਿਚ ਸ਼ਾਮਿਲ ਹੋਣ ਵਾਲੇ 10 ਬੰਗਲਾਦੇਸ਼ੀ ਖਿਡਾਰੀਆਂ 'ਤੇ ਘਰੇਲੂ ਅਤੇ ਅੰਤਰਰਾਸ਼ਟਰੀ ਮੈਚ ਖੇਡਣ 'ਤੇ 10 ਸਾਲ ਲਈ ਰੋਕ ਲਗਾ ਦਿੱਤੀ ਹੈ। ਇਨ੍ਹਾਂ ਖਿਡਾਰੀਆਂ 'ਚ ਸਾਬਕਾ ਕਪਤਾਨ ਹਬੀਬ ਉਲ ਬਸ਼ਰ, ਸ਼ਾਹਰਿਆਰ ਨਫੀਸ ਅਤੇ ਆਫਤਾਬ ਅਹਿਮਦ ਪ੍ਰਮੁੱਖ ਹਨ। ਇਸ ਪਾਬੰਦੀ ਬਾਰੇ ਫੈਸਲਾ ਬੰਗਲਾਦੇਸ਼ ਕ੍ਰਿਕਟ ਬੋਰਡ ਦੀ ਪ੍ਰਧਾਨ ਮੇਜਰ ਜਨਰਲ ਸੀਨਾ ਇਬਨ ਜਮਾਲੀ ਦਾ ਪ੍ਰਧਾਨਗੀ ਹੇਠ ਮੀਟਿੰਗ 'ਚ ਲਿਆ ਗਿਆ। ਇਸ ਤੋਂ ਪਹਿਲਾਂ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਇਹ ਕਹਿੰਦਿਆਂ ਬਾਗੀ ਖਿਡਾਰੀਆਂ ਦਾ ਅਸਤੀਫ਼ਾ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੇ ਬਿਨਾ ਅਗਾਊਂ ਸੂਚਨਾ ਦਿੱਤਿਆਂ ਅਸਤੀਫ਼ਾ ਦੇ ਕੇ ਕਰਾਰ ਨੂੰ ਤੋੜਿਆ ਹੈ।

20 ਸਤੰਬਰ ਨੂੰ ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਦਾ ਸੈਮੀਨਾਰ

ਲੁਧਿਆਣਾ, 17 ਸਤੰਬਰ - ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਵਲੋਂ ਤੀਜਾ ਸੈਮੀਨਾਰ 20 ਸਤੰਬਰ ਨੂੰ ਮੰਡੌਰ ਅਕੈਡਮੀ ਪਟਿਆਲਾ ਵਿਖੇ ਅਤੇ ਅਗਲਾ ਸੈਮੀਨਾਰ 27 ਸਤੰਬਰ ਨੂੰ ਜਰਖੜ ਹਾਕੀ ਅਕੈਡਮੀ ਲੁਧਿਆਣਾ ਵਿਖੇ ਹੋਵੇਗਾ। ਇਨ੍ਹਾਂ ਸੈਮੀਨਾਰਾਂ ਦਾ ਮੁੱਖ ਮਕਸਦ ਪੇਂਡੂ ਖੇਡਾਂ ਕਿਸ ਤਰ੍ਹਾਂ ਕਰਾਈਆਂ ਜਾਣ ਅਤੇ ਪੇਂਡੂ ਖੇਡਾਂ ਦੀ ਉਲੰਪਿਕ ਖੇਡਾਂ ਤੱਕ ਪਹੁੰਚ ਬਣਾਉਣ ਲਈ ਕਿਹੜੇ ਢੰਗ ਵਰਤੇ ਜਾਣ। ਇਨ੍ਹਾਂ ਸੈਮੀਨਾਰਾਂ ਵਿਚ ਵੱਖ ਵੱਖ ਖੇਡ ਮਾਹਰਾਂ ਵਲੋਂ ਖੇਡ ਪਰਚੇ ਵੀ ਵੰਡੇ ਜਾਣਗੇ। ਕੌਂਸਲ ਦੇ ਚੇਅਰਮੈਨ ਪਰਮਜੀਤ ਸਿੰਘ ਖੱਟੜਾ, ਪਹਿਲਵਾਨ ਹਰਮੇਲ ਸਿੰਘ ਨੇ ਦੱਸਿਆ ਕਿ ਸੈਮੀਨਾਰ ਵਿਚ ਕੌਂਸਲ ਦੇ ਪ੍ਰਮੁੱਖ ਬੁਲਾਰੇ ਖੇਡ ਲੇਖਕ ਅਤੇ ਹੋਰ ਖੇਡ ਚਿੰਤਕ ਵਿਸ਼ੇਸ਼ ਤੌਰ 'ਤੇ ਪਹੁੰਚਣਗੇ, ਜਦਕਿ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਵਿਧਾਇਕ ਸੁਰਜੀਤ ਸਿੰਘ ਰੱਖੜਾ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜਣਗੇ।

ਭਾਰਤ ਤੇ ਆਸਟਰੇਲੀਆ ਵਿਚਕਾਰ ਹੋਣ ਵਾਲਾ ਮੈਚ ਪੇਂਡੂ ਬੱਚਿਆਂ ਨੂੰ ਮੁਫ਼ਤ ਦਿਖਾਇਆ ਜਾਵੇਗਾ

ਅਜੀਤ ਨਗਰ, 18 ਸਤੰਬਰ - ਪੀ. ਸੀ. ਏ. ਕ੍ਰਿਕਟ ਸਟੇਡੀਅਮ ਵਿਚ 17 ਤੋਂ 21 ਅਕਤੂਬਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੁਕਾਬਲੇ ਹੋਣੇ ਹਨ। ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ ਇਸ ਵਿਚ ਹੋਣ ਵਾਲੇ ਦੂਜੇ ਟੈਸਟ ਮੈਚ ਨੂੰ ਦੇਖਣ ਲਈ ਪੇਂਡੂ ਬੱਚਿਆਂ ਨੂੰ ਮੁਫ਼ਤ ਐਂਟਰੀ ਅਤੇ ਖਾਣ-ਪੀਣ ਦਾ ਪ੍ਰਬੰਧ ਵੀ ਪੀ. ਸੀ. ਏ. ਵੱਲੋਂ ਹੀ ਮੁਫ਼ਤ ਕੀਤਾ ਜਾਵੇਗਾ ਜਦੋਂ ਕਿ ਪੇਂਡੂ ਬੱਚਿਆਂ ਨੂੰ ਆਉਣ-ਜਾਣ ਲਈ ਸਰਕਾਰ ਵੱਲੋਂ ਮੁਫ਼ਤ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਪੀ. ਸੀ. ਏ. ਦੇ ਪ੍ਰਧਾਨ ਸ੍ਰੀ ਆਈ .ਐਸ. ਬਿੰਦਰਾ ਨੇ ਪੀ. ਸੀ. ਏ. ਕ੍ਰਿਕਟ ਸਟੇਡੀਅਮ ਮੁਹਾਲੀ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਟੈਸਟ ਮੈਚ ਨੂੰ ਦੇਖਣ ਲਈ ਟਿਕਟਾਂ ਦੇ ਰੇਟ ਵੀ ਘਟਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪੀ ਸੀ ਏ ਦੀ ਆਰਗੇਨਾਈਜਿੰਗ ਕਮੇਟੀ ਦੇ ਚੇਅਰਮੈਨ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ।

ਬੂਈਆਂ ਵਾਲਾ ਦੇ ਕਬੱਡੀ ਟੂਰਨਾਮੈਂਟ 'ਚ ਜਲਾਦੀਵਾਲ ਦੀ ਬੱਲੇ ਬੱਲੇ

ਤਲਵੰਡੀ ਭਾਈ, 18 ਸਤੰਬਰ : 8ਵਾਂ ਆਲ ਓਪਨ ਕਬੱਡੀ ਕੱਪ ਤਲਵੰਡੀ ਭਾਈ ਦੇ ਨੇੜੇ ਪਿੰਡ ਬੂਈਆਂ ਵਾਲਾ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਦੌਰਾਨ 42 ਕਿਲੋਗ੍ਰਾਮ ਭਾਰ ਵਰਗ ਦੀਆਂ ਟੀਮ ਦੇ ਮੁਕਾਬਲੇ ਖਾਰਾ ਪਹਿਲੇ ਅਤੇ ਰੌਂਤਾ ਦੂਜੇ ਸਥਾਨ 'ਤੇ ਰਿਹਾ। 54 ਕਿਲੋ ਭਾਰ ਵਰਗ 'ਚ ਬੂਈਆਂ ਵਾਲਾ ਪਹਿਲੇ ਤੇ ਕੁੱਕਰੜ ਦੂਜੇ ਸਥਾਨ 'ਤੇ ਰਿਹਾ। ਇਸੇ ਤਰ੍ਹਾਂ 70 ਕਿਲੋਗ੍ਰਾਮ ਭਾਰ ਵਰਗ 'ਚ ਪਿੰਡ ਖੋਸਾ ਕੋਟਲਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਬੂਈਆਂ ਵਾਲਾ ਦੀ ਟੀਮ ਦੂਜੇ ਸਥਾਨ 'ਤੇ ਰਹੀ। ਆਲ ਓਪਨ ਕਬੱਡੀ ਦੇ ਦਿਲਚਸਪ ਮੁਕਾਬਲਿਆਂ ਦੌਰਾਨ ਫ਼ਾਈਨਲ ਮੈਚ ਜਲਾਲੀਵਾਲ ਅਤੇ ਪਿੱਧੋ ਦੀਆਂ ਟੀਮਾਂ ਵਿਚਕਾਰ ਮੈਚ 'ਚ ਜਲਾਲਦੀਵਾਲ ਦੀ ਟੀਮ ਨੇ ਜੇਤੂ ਰਹਿ ਕੇ ਕੱਪ 'ਤੇ ਕਬਜ਼ਾ ਕੀਤਾ। ਆਲ ਓਪਨ ਕਬੱਡੀ 'ਚੋਂ ਸੁਖਬੀਰ ਸਰਾਵਾਂ ਨੂੰ ਬੈਸਟ ਰੇਡਰ ਚੁਣਿਆ ਗਿਆ ਜਦਕਿ ਬੈਸਟ ਸਟਾਪਰ ਪੱਪੂ ਚੂਹੜਚੱਕ ਨੂੰ ਚੁਣਿਆ ਗਿਆ। ਉਕਤ ਖਿਡਾਰੀਆਂ ਨੂੰ 5-5 ਕਿਲੋ ਦੇਸੀ ਘਿਉ ਨਾਲ ਸਨਮਾਨਿਆ ਗਿਆ। ਇਸ ਸਮੇਂ ਗਮਦੂਰ ਸਿੰਘ ਖੇਡ ਪ੍ਰਮੋਟਰ, ਰਿੰਪਾ ਹਰਾਜ, ਮਹਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਹੋਇਆ। ਟੂਰਨਾਮੈਂਟ ਵਿਚ ਲੜਕੀਆਂ ਦੀ ਕਬੱਡੀ ਦੇ ਸ਼ੋਅ ਮੈਚ ਖਿੱਚ ਦਾ ਕੇਂਦਰ ਰਹੇ ਜਿਸ ਦੌਰਾਨ ਨਵਾਂ ਸ਼ਹਿਰ ਅਤੇ ਫਿਰੋਜ਼ਪੁਰ ਦੀਆਂ ਲੜਕੀਆਂ ਵਿਚਕਾਰ ਮੁਕਾਬਲਾ ਹੋਇਆ ਜਿਸ 'ਚ ਨਵਾਂਸ਼ਹਿਰ ਦੀਆਂ ਲੜਕੀਆਂ ਜੇਤੂ ਰਹੀਆਂ।

ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਦਾ ਸੈਮੀਨਾਰ 20 ਨੂੰ

ਲੁਧਿਆਣਾ, 17 ਸਤੰਬਰ -ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਿਲ ਵਲੋਂ ਤੀਸਰਾ ਸੈਮੀਨਾਰ 20 ਸਤੰਬਰ ਨੂੰ ਮੰਡੌਰ ਅਕੈਡਮੀ ਪਟਿਆਲਾ ਵਿਖੇ ਅਤੇ ਅਗਲਾ ਸੈਮੀਨਾਰ 27 ਸਤੰਬਰ ਨੂੰ ਜਰਖੜ ਹਾਕੀ ਅਕੈਡਮੀ ਲੁਧਿਆਣਾ ਵਿਖੇ ਹੋਵੇਗਾ। ਇਨ੍ਹਾਂ ਸੈਮੀਨਾਰਾਂ ਦਾ ਮੁੱਖ ਮਕਸਦ ਪੇਂਡੂ ਖੇਡਾਂ ਕਿਸ ਤਰ੍ਹਾਂ ਕਰਾਈਆਂ ਜਾਣ ਅਤੇ ਪੇਂਡੂ ਖੇਡਾਂ ਦੀ ਉਲੰਪਿਕ ਖੇਡਾਂ ਤੱਕ ਪਹੁੰਚ ਬਣਾਉਣ ਲਈ ਕਿਹੜੇ ਹੀਲੇ ਵਸੀਲੇ ਵਰਤੇ ਜਾਣ ਹੋਵੇਗਾ। ਇਨ੍ਹਾਂ ਸੈਮੀਨਾਰਾਂ ਵਿਚ ਵੱਖ ਵੱਖ ਖੇਡ ਮਾਹਰਾਂ ਵਲੋਂ ਖੇਡ ਪਰਚੇ ਵੀ ਵੰਡੇ ਜਾਣਗੇ। ਕੌਂਸਲ ਦੇ ਚੇਅਰਮੈਨ ਪਰਮਜੀਤ ਸਿੰਘ ਖੱਟੜਾ, ਪਹਿਲਵਾਨ ਹਰਮੇਲ ਸਿੰਘ ਨੇ ਦੱਸਿਆ ਕਿ ਸੈਮੀਨਾਰ ਵਿਚ ਕੌਂਸਲ ਦੇ ਪ੍ਰਮੁੱਖ ਬੁਲਾਰੇ ਖੇਡ ਲੇਖਕ ਅਤੇ ਹੋਰ ਖੇਡ ਚਿੰਤਕ ਵਿਸ਼ੇਸ਼ ਤੌਰ 'ਤੇ ਪਹੁੰਚਣਗੇ, ਜਦਕਿ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਵਿਧਾਇਕ ਸੁਰਜੀਤ ਸਿੰਘ ਰੱਖੜਾ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜਣਗੇ।

ਸਿੱਖਿਆ ਵਿਭਾਗ ਪੰਜਾਬ ਵੱਲੋਂ ਖੇਡ ਕੈਲੰਡਰ 'ਚ ਫੇਰ ਬਦਲ

ਜਲੰਧਰ, 17 ਸਤੰਬਰ -ਸਿੱਖਿਆ ਵਿਭਾਗ ਪੰਜਾਬ ਸਕੂਲ (ਚੰਡੀਗੜ੍ਹ) ਪੰਜਾਬ ਵੱਲੋਂ ਸਾਲ 2008-09 ਦੇ ਖੇਡ ਕੈਲੰਡਰ ਵਿਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ। ਸਿੱਖਿਆ ਵਿਭਾਗ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਬਾਸਕਿਟਬਾਲ ਅੰਡਰ 19 ਸਾਲ ਲੜਕੇ ਜੋ ਸੰਗਰੂਰ ਵਿਖੇ 11 ਅਕਤੂਬਰ ਤੋਂ ਹੋਣੇ ਸਨ ਉਹ ਹੁਣ 22 ਅਕਤੂਬਰ ਨੂੰ ਕਰਵਾਏ ਜਾਣਗੇ। ਬਾਸਕਿਟਬਾਲ ਅੰਡਰ 19 ਸਾਲ ਲੜਕੀਆਂ ਜੋ 18 ਅਕਤੂਬਰ ਨੂੰ ਕਰਵਾਏ ਜਾਣੇ ਸਨ ਉਹ 15 ਨਵੰਬਰ ਨੂੰ ਕਰਵਾਏ ਜਾਣਗੇ। ਅਥਲੈਟਿਕਸ ਦੇ ਮੁਕਾਬਲੇ ਜੋ ਲੁਧਿਆਣਾ ਵਿਖੇ 17 ਨਵੰਬਰ ਤੋਂ ਕਰਵਾਏ ਜਾਣੇ ਸਨ, ਉਹ ਹੁਣ 25 ਨੂੰ ਕਰਵਾਏ ਜਾਣਗੇ। ਕ੍ਰਿਕਟ ਅੰਡਰ 16 ਸਾਲ ਲੜਕੇ ਵਰਗ ਦੇ ਮੁਕਾਬਲੇ ਜੋ 26 ਸਤੰਬਰ ਨੂੰ ਲੁਧਿਆਣਾ ਵਿਖੇ ਕਰਵਾਏ ਜਾਂਦੇ ਸਨ। ਉਹ ਹੁਣ ਸੰਗਰੂਰ ਵਿਖੇ ਕਰਵਾਏ ਜਾਣਗੇ। ਮਾਰਸ਼ਲ ਆਰਟ ਦੇ ਮੁਕਾਬਲੇ 17 ਤੋਂ 19 ਸਾਲ ਲੜਕੇ ਵਰਗ ਦੇ ਮੁਕਾਬਲੇ ਜੋ 26 ਸਤੰਬਰ ਨੂੰ ਬਠਿੰਡਾ ਵਿਖੇ ਕਰਵਾਏ ਜਾਣੇ ਸਨ ਉਹ ਹੁਣ 22 ਅਕਤੂਬਰ ਨੂੰ ਮੋਹਾਲੀ ਵਿਖੇ ਕਰਵਾਏ ਜਾਣਗੇ। ਫੁੱਟਬਾਲ ਅੰਡਰ 16 ਸਾਲ ਲੜਕੇ ਵਰਗ ਦੇ ਮੁਕਾਬਲੇ ਜੋ 1 ਅਕਤੂਬਰ ਤੋਂ ਹੁਸ਼ਿਆਰਪੁਰ ਵਿਖੇ ਕਰਵਾਏ ਜਾਣੇ ਸਨ ਉਹ ਹੁਣ 10 ਅਕਤੂਬਰ ਤੋਂ ਹੁਸ਼ਿਆਰਪੁਰ ਵਿਖੇ ਕਰਵਾਏ ਜਾਣਗੇ। ਕਬੱਡੀ ਅੰਡਰ 14 ਸਾਲ ਲੜਕੇ ਵਰਗ ਦੇ ਮੁਕਾਬਲੇ ਜੋ 11 ਅਕਤੂਬਰ ਤੋਂ ਸੰਗਰੂਰ ਵਿਖੇ ਕਰਵਾਏ ਜਾਣੇ ਸਨ, ਉਹ ਮੁਕਾਬਲੇ ਹੁਣ 11 ਅਕਤੂਬਰ ਤੋਂ ਮੁਹਾਲੀ ਵਿਖੇ ਕਰਵਾਏ ਜਾਣਗੇ। ਖੋ-ਖੋ ਅੰਡਰ 17 ਤੇ 19 ਸਾਲ ਲੜਕੀਆਂ ਦੇ ਮੁਕਾਬਲੇ ਜੋ 11 ਅਕਤੂਬਰ ਤੋਂ ਰੋਪੜ ਵਿਖੇ ਕਰਵਾਏ ਜਾਣੇ ਸਨ, ਉਹ ਮੁਕਾਬਲੇ ਹੁਣ 11 ਅਕਤੂਬਰ ਤੋਂ ਫਤਹਿਗੜ੍ਹ ਸਾਹਿਬ ਵਿਖੇ ਕਰਵਾਏ ਜਾਣਗੇ। ਹਾਕੀ ਅੰਡਰ 17 ਸਾਲ ਲੜਕੇ ਜੋ 18 ਅਕਤੂਬਰ ਤੋਂ ਫਿਰੋਜ਼ਪੁਰ ਵਿਖੇ ਕਰਵਾਏ ਜਾਣੇ ਸਨ ਉਹ ਹੁਣ 18 ਅਕਤੂਬਰ ਤੋਂ ਕਪੂਰਥਲਾ ਵਿਖੇ ਕਰਵਾਏ ਜਾਣਗੇ। ਹਾਕੀ ਅੰਡਰ 19 ਸਾਲ ਲੜਕੇ ਤੇ ਲੜਕੀਆਂ ਦੇ ਵਰਗ ਦੇ ਮੁਕਾਬਲੇ ਜੋ 6 ਅਕਤੂਬਰ ਤੋਂ ਲੁਧਿਆਣਾ ਵਿਖੇ ਕਰਵਾਏ ਜਾਣੇ ਸਨ ਉਹ ਹੁਣ 22 ਅਕਤੂਬਰ ਤੋਂ ਕਰਵਾਏ ਜਾਣਗੇ। ਥਰੋਬਾਲ ਅੰਡਰ 17 ਸਾਲ ਲੜਕੇ ਤੇ ਲੜਕੀਆਂ ਦੇ ਵਰਗ ਦੇ ਮੁਕਾਬਲੇ ਜੋ 18 ਅਕਤੂਬਰ ਤੋਂ ਫਿਰੋਜ਼ਪੁਰ ਵਿਖੇ ਕਰਵਾਏ ਜਾਣੇ ਸਨ ਉਹ ਹੁਣ 22 ਅਕਤੂਬਰ ਤੋਂ ਕਰਵਾਏ ਜਾਣਗੇ। ਹੈਂਡਬਾਲ ਅੰਡਰ 17 ਸਾਲ ਲੜਕੇ ਤੇ ਲੜਕੀਆਂ ਦੇ ਵਰਗ ਦੇ ਮੁਕਾਬਲੇ ਜੋ ਫਿਰੋਜ਼ਪੁਰ ਵਿਖੇ ਕਰਵਾਏ ਜਾਂਦੇ ਸਨ ਉਹ ਹੁਣ 22 ਅਕਤੂਬਰ ਤੋਂ ਫਿਰੋਜ਼ਪੁਰ ਵਿਖੇ ਕਰਵਾਏ ਜਾਣਗੇ। ਤੀਰ-ਅੰਦਾਜ਼ੀ ਅੰਡਰ 14, 17 ਤੇ 19 ਸਾਲ ਲੜਕੇ ਤੇ ਲੜਕੀਆਂ ਦੇ ਵਰਗ ਦੇ ਮੁਕਾਬਲੇ ਜੋ 18 ਅਕਤੂਬਰ ਤੋਂ ਫਿਰੋਜ਼ਪੁਰ ਵਿਖੇ ਕਰਵਾਏ ਜਾਣੇ ਸਨ ਉਹ ਮੁਕਾਬਲੇ ਹੁਣ 6 ਅਕਤੂਬਰ ਤੋਂ ਪਟਿਆਲਾ ਵਿਖੇ ਕਰਵਾਏ ਜਾਣਗੇ।

ਢੁੱਡੀਕੇ ਟੂਰਨਾਮੈਂਟ 'ਚ ਚੱਕਰ ਟੀਮ ਦੀ ਬੱਲੇ ਬੱਲੇ

ਅਜੀਤਵਾਲ, 16 ਸਤੰਬਰ -ਗਦਰੀ ਬਾਬਿਆਂ ਦੇ ਨਗਰ ਢੁੱਡੀਕੇ ਵਿਖੇ 5ਵਾਂ ਸੰਤ ਉਜਾਗਰ ਸਿੰਘ ਯਾਦਗਾਰੀ ਕਬੱਡੀ ਓਪਨ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ। ਜਦ ਸਿੱਖ ਕਬੱਡੀ ਫੈਡਰੇਸ਼ਨ (ਅਮਰੀਕਾ) ਦੇ ਪ੍ਰਧਾਨ ਸ: ਗੁਰਪਾਲ ਸਿੰਘ ਹੰਸਰਾ ਦੇ ਸਿੱਖ ਕੇਸਾਧਾਰੀ ਖਿਡਾਰੀਆਂ ਨੇ ਕਾਮਰੇਡਾਂ ਦੇ ਨਗਰ 'ਚ 15 ਸਾਲ ਤੋਂ ਘੱਟ ਬੱਚਿਆਂ ਅਤੇ ਆਲ ਓਪਨ ਕੇਸਾਧਾਰੀ ਸਾਬਤ ਸਿੱਖ ਨੌਜਵਾਨਾਂ ਨੇ ਕਬੱਡੀ 'ਚ ਆਪਣੇ ਜ਼ੋਰ ਦਿਖਾਏ । ਟੂਰਨਾਮੈਂਟ 'ਚ ਕੁੱਲ 40 ਟੀਮਾਂ ਨੇ ਪਿੰਡ ਵਾਰ ਓਪਨ 'ਚ ਹਿੱਸਾ ਲਿਆ। ਫਾਈਨਲ ਵਿਚ ਦੌਧਰ ਅਤੇ ਚੱਕਰ ਦੀਆਂ ਟੀਮਾਂ ਵਿਚਕਾਰ ਹੋਇਆ, ਚੱਕਰ ਪਿੰਡ ਦੀ ਟੀਮ ਜੇਤੂ ਹੋ ਨਿਬੜੀ। ਸਿੱਖ ਕਬੱਡੀ ਫੈਡਰੇਸ਼ਨ (ਅਮਰੀਕਾ) ਦੇ 15 ਸਾਲ ਤੋਂ ਘੱਟ ਕੇਸਾਧਾਰੀ ਬੱਚਿਆਂ ਨੇ ਸ਼ੋਅ ਮੈਚ ਰਾਹੀਂ ਸਭ ਦਾ ਮਨ ਮੋਹ ਲਿਆ।

ਰਾਜ ਪੱਧਰੀ ਬਾਲ ਬੈਡਮਿੰਟਨ ਚੈਂਪੀਅਨਸ਼ਿਪ ਦਾ ਆਗਾਜ਼ ਕੱਲ੍ਹ ਤੋਂ

ਅਜੀਤ ਨਗਰ, 16 ਸਤੰਬਰ -ਪਹਿਲੀ ਰਾਜ ਪੱਧਰੀ ਬਾਲ ਬੈਡਮਿੰਟਨ (ਅੰਡਰ 14 ਸਾਲ ਲੜਕੇ/ਲੜਕੀਆਂ) ਦੀ ਚੈਂਪੀਅਨਸ਼ਿਪ 18 ਅਤੇ 19 ਸਤੰਬਰ ਨੂੰ ਬਾਬਾ ਮਲ ਦਾਸ ਪਬਲਿਕ ਸਕੂਲ ਸੈਕਟਰ 63 ਮੁਹਾਲੀ ਚੰਡੀਗੜ੍ਹ ਵਿਖੇ ਕਰਵਾਈ ਜਾਵੇਗੀ। ਮੁਹਾਲੀ ਬਾਲ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਸ. ਬਲਦੇਵ ਸਿੰਘ ਕੁੰਭੜਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 400 ਖਿਡਾਰੀ ਭਾਗ ਲੈਣਗੇ।

31ਵੀਂ ਆਲ ਇੰਡੀਆ ਸਬ ਜੂਨੀਅਰ ਫੁੱਟਬਾਲ ਚੈਂਪੀਅਨਸ਼ਿਪ 20 ਸਤੰਬਰ ਤੋਂ

ਮਾਹਿਲਪਰ, 16 ਸਤੰਬਰ -ਪੰਜਾਬ ਫੁੱਟਬਾਲ ਐਸੋਸੀਏਸ਼ਨ ਅਤੇ ਪ੍ਰਿੰਸੀਪਲ ਹਰਭਜਨ ਸਪੋਰਟਿੰਗ ਕਲੱਬ ਮਾਹਿਲਪੁਰ ਵੱਲੋਂ 31ਵੀਂ ਆਲ ਇੰਡੀਆ ਸਬ ਜੂਨੀਅਰ ਫੁੱਟਬਾਲ ਚੈਂਪੀਅਨਸ਼ਿਪ 20 ਸਤੰਬਰ ਤੋਂ 6 ਅਕਤੂਬਰ ਤੱਕ ਖਾਲਸਾ ਕਾਲਜ ਮਾਹਿਲਪੁਰ ਵਿਖੇ ਕਰਵਾਈ ਜਾ ਰਹੀ ਹੈ। ਜਿਸ ਦਾ ਉਦਘਾਟਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰਨਗੇ। ਇਸ ਟੂਰਨਾਮੈਂਟ ਵਿਚ ਦੇਸ਼ ਭਰ ਵਿਚ ਵੱਖ ਵੱਖ ਰਾਜਾਂ ਦੀਆਂ 26 ਟੀਮਾਂ ਹਿੱਸਾ ਲੈ ਰਹੀਆਂ ਹਨ।

ਅੰਤਰ ਕਾਲਜ ਟੇਬਲ ਟੈਨਿਸ ਚੈਂਪੀਅਨਸ਼ਿਪ ਮੋਦੀ ਕਾਲਜ ਟੇਬਲ ਟੈਨਿਸ ਮੁਕਾਬਲੇ ਵਿੱਚ ਜੇਤੂ

ਪਟਿਆਲਾ, 16 ਸਤੰਬਰ -ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਟੇਬਲ ਟੈਨਿਸ ਮੁਕਾਬਲਿਆਂ ਦੇ ਪੁਰਸ਼ ਵਰਗ 'ਚ ਯੂਨੀਵਰਸਿਟੀ ਕੈਂਪਸ ਤੇ ਮਹਿਲਾ ਵਰਗ 'ਚ ਮੁਲਤਾਨੀ ਮੱਲ ਮੋਦੀ ਕਾਲਜ ਦੀਆਂ ਮੁਟਿਆਰਾਂ ਨੇ ਖਿਤਾਬੀ ਜਿੱਤਾਂ ਹਾਸਿਲ ਕੀਤੀਆਂ। ਪੁਰਸ਼ਾਂ ਦੇ ਫਾਈਨਲ ਮੁਕਾਬਲੇ 'ਚ ਪੰਜਾਬੀ ਯੂਨੀਵਰਸਿਟੀ ਕੈਂਪਸ ਦੀ ਟੀਮ ਨੇ ਮੋਦੀ ਕਾਲਜ ਨੂੰ 3-0 ਨਾਲ ਹਰਾ ਕੇ ਖਿਤਾਬ ਜਿੱਤਿਆ। ਇਸ ਮੁਕਾਬਲੇ 'ਚ ਵਰਸਿਟੀ ਕੈਂਪਸ ਦੇ ਗੁਰਵੀਰ ਸਿੰਘ ਨੇ ਮੋਦੀ ਕਾਲਜ ਦੇ ਵਿਪਨ ਚੰਦ ਨੂੰ ਹਰਾਇਆ। ਦੂਜੇ ਮੈਚ 'ਚ ਵਰਸਿਟੀ ਕੈਂਪਸ ਦੇ ਖਿਡਾਰੀ ਅਰੁਨ ਦੁਆ ਨੇ ਮੋਦੀ ਕਾਲਜ ਦੇ ਲਕਸ਼ਦੀਪ ਨੂੰ ਹਰਾਇਆ। ਤੀਜੇ ਮੈਚ 'ਚ ਵਰਸਿਟੀ ਦੇ ਲਖਵੀਰ ਸਿੰਘ ਨੇ ਮੋਦੀ ਕਾਲਜ ਦੇ ਮਨਜੀਤ ਸਿੰਘ ਨੂੰ ਹਰਾਇਆ। ਇਸ ਤਰ੍ਹਾਂ ਵਰਸਿਟੀ ਕੈਂਪਸ ਦੀ ਟੀਮ ਨੇ ਮੋਦੀ ਕਾਲਜ ਨੂੰ 3-0 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਮਹਿਲਾ ਵਰਗ 'ਚ ਮੋਦੀ ਕਾਲਜ ਦੀ ਟੀਮ ਨੇ ਵਰਸਿਟੀ ਕੈਂਪਸ ਨੂੰ 3-1 ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ।

ਕਿਸ਼ਨਪੁਰਾ ਕਲਾਂ ਦਾ ਕਬੱਡੀ ਟੂਰਨਾਮੈਂਟ ਦਾ ਧੂਮ ਧੜੱਕੇ ਨਾਲ ਆਗਾਜ਼

ਕਿਸ਼ਨਪੁਰਾ ਕਲਾਂ 16 ਸਤੰਬਰ - ਸ੍ਰੀ ਮਾਨ 108 ਸੰਤ ਬਾਬਾ ਵਿਸਾਖਾ ਸਿੰਘ ਜੀ ਦੀ ਯਾਦ ਨੂੰ ਸਮਰਪਤ ਮਨਾਈ ਗਈ 40 ਵੀਂ ਬਰਸੀ ਮੌਕੇ ਟੂਰਨਾਮੈਂਟ ਕਮੇਟੀ ਵਲੋਂ ਪਿੰਡ ਵਾਸੀਆਂ ਅਤੇ ਦੇਸ਼ਾਂ ਵਿਦੇਸਾਂ 'ਚ ਵਸਦੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ 34ਵਾਂ ਸ਼ਾਨਦਾਰ ਗੋਲਡ ਕਬੱਡੀ ਕੱਪ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਕਿਸ਼ਨਪੁਰਾ ਕਲਾਂ ਦੇ ਗਰਾਊਂਡ ਵਿਚ ਸ਼ੁਰੂ ਹੋਇਆ। ਤਿੰਨ ਦਿਨਾ ਚੱਲਣ ਵਾਲੇ ਇਸ ਕਬੱਡੀ ਟੂਰਨਾਮੈਂਟ ਵਿੱਚ 50 ਕਿਲੋ ਕਬੱਡੀ ਦਾ ਪਹਿਲਾ ਮੈਚ ਕਿਸ਼ਨਪੁਰਾ ਕਲਾਂ ਅਤੇ ਤਲਵੰਡੀ ਮੱਲੀਆਂ ਦੇ ਖਿਡਾਰੀਆਂ ਵਿਚਕਾਰ ਕਰਵਾਇਆ ਗਿਆ। ਜਿਸ ਵਿਚ ਕਿਸ਼ਨਪੁਰਾ ਕਲਾਂ ਦੀ ਟੀਮ ਜੇਤੂ ਰਹੀ। ਓਪਨ ਦੇ ਮੁਕਾਬਲੇ 'ਚ ਲਗਾਤਾਰ 2 ਸਾਲ ਜਿੱਤਣ ਵਾਲੀ ਟੀਮ ਨੂੰ ਸਵ. ਗੁਰਚਰਨ ਸਿੰਘ ਡੇਅਰੀ ਵਾਲਿਆਂ ਦੇ ਪਰਵਾਰ ਵਲੋਂ ਬੁਲਟ ਮੋਟਰ ਸਾਈਕਲ ਦੇ ਕੇ ਸਨਮਾਨਤ ਕੀਤਾ ਜਾਵੇਗਾ।

ਪੰਜਾਬੀ ਕਬੱਡੀ ਖਿਡਾਰੀ ਅਮਰੀਕਾ 'ਚੋਂ ਗੋਲਡ ਮੈਡਲ ਜਿੱਤ ਕੇ ਲਿਆਇਆ

ਭੁਲੱਥ, 16 ਸਤੰਬਰ - ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਵਿਦੇਸ਼ੀ ਧਰਤੀ ਅਮਰੀਕਾ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਵਾਪਸ ਪਰਤੇ ਨੇੜਲੇ ਪਿੰਡ ਇਬਰਾਹਿਮਵਾਲ ਦੇ ਕਬੱਡੀ ਖਿਡਾਰੀ ਤਲਵਿੰਦਰ ਸਿੰਘ ਉਰਫ਼ ਸੋਨੂੰ ਪੁੱਤਰ ਗੁਰਦੇਵ ਸਿੰਘ ਦਾ ਪਿੰਡ ਵਾਲਿਆਂ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਕਬੱਡੀ ਖਿਡਾਰੀ ਤਲਵਿੰਦਰ ਸਿੰਘ ਸੋਨੂੰ ਨੇ ਦਸਿਆ ਕਿ ਉਹ ਮੀਰੀ ਪੀਰੀ ਕਲੱਬ ਵਲੋਂ ਖੇਡਦੇ ਹੋਏ ਯੋਗ ਕਲੱਬ ਅਮਰੀਕਾ ਵਲੋਂ ਨਿਊਯਾਰਕ, ਟੋਰਾਂਟੋ, ਵੈਨਕੂਵਰ ਵਿਚ ਖੇਡੇ 12 ਮੁਕਾਬਿਲਆਂ 'ਚੋਂ ਉਨ੍ਹਾਂ ਦੀ ਟੀਮ ਨੇ 9 ਮੁਕਾਬਲੇ ਜਿੱਤੇ ਤੇ ਦੋ ਟੂਰਨਾਮੈਂਟ ਵਿਚ ਉਹ ਬੈਸਟ ਰੇਡਰ ਚੁਣਿਆ ਗਿਆ ਅਤੇ ਉਨ੍ਹਾਂ ਦੀ ਟੀਮ ਨੇ ਟੋਰਾਂਟੋ ਵਿਚ ਹੋਇਆ ਵਰਲਡ ਕੱਪ ਵੀ ਜਿੱਤਿਆ। ਉਸ ਨੇ ਕਿਹਾ ਕਿ ਮਾਂ ਖੇਡ ਕਬੱਡੀ ਵਿਚ ਇਸ ਉਚਾਈ ਤਕ ਪੁੱਜਣ ਵਿਚ ਕੋਚ ਦੇਬਾ ਭੰਡਾਲ, ਮੱਖਣ ਧਾਲੀਵਾਲ, ਲੱਖਾ ਗਾਜੀਪੁਰੀਆ, ਕੇ.ਐਸ. ਮੱਖਣ ਤੇ ਉਨ੍ਹਾਂ ਦੀ ਮਾਤਾ ਸੁਰਿੰਦਰ ਕੌਰ ਦਾ ਬਹਤੁ ਸਹਿਯੋਗ ਮਿਲਿਆ। ਉਨ੍ਹਾਂ ਦਸਿਆ ਕਿ ਸਾਢੇ ਚਾਰ ਮਹੀਨੇ ਬਾਅਦ ਜਿੱਤ ਕੇ ਵਾਪਸ ਪਰਤਣ 'ਤੇ ਪਿੰਡ ਵਾਲਿਆਂ ਵਲੋਂ ਮਿਲੇ ਪਿਆਰ ਲਈ ਉਨ੍ਹਾਂ ਦਾ ਧੰਨਵਾਦੀ ਹਾਂ। ਇਸ ਮੌਕੇ ਉਨ੍ਹਾਂ ਨੂੰ ਗੋਲਡ ਮੈਡਲ ਵੀ ਮਿਲਿਆ।

ਭਿੰਡਰ ਦਾ ਕਬੱਡੀ ਟੂਰਨਾਮੈਂਟ ਯਾਦਗਾਰੀ ਸਮਾਪਤੀ

ਕਿਸ਼ਨਪੁਰਾ ਕਲਾਂ 16 ਸਤੰਬਰ - ਮਾਲਵੇ ਦੇ ਮਸ਼ਹੂਰ ਪਿੰਡ ਭਿੰਡਰ ਕਲਾਂ ਮੋਗਾ ਵਿਖੇ ਬਾਬਾ ਖਿਜਾਨ ਸਿੰਘ ਜੀ ਦੀ ਯਾਦ 'ਚ ਟੂਰਨਾਮੈਂਟ ਕਮੇਟੀ ਵਲੋਂ ਕਰਵਾਇਆ ਗਿਆ ਸਲਾਨਾ ਕਬੱਡੀ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ। 3 ਦਿਨਾ ਚੱਲੇ ਇਸ ਕਬੱਡੀ ਟੂਰਨਾਮੈਂਟ ਦੇ 52 ਕਿਲੋ ਮੁਕਾਬਲੇ 'ਚ ਭਿੰਡਰ ਪਹਿਲੇ, ਦਾਤਾ ਦੂਜੇ ਸਥਾਨ 'ਤੇ ਰਹੀ। ਕਬੱਡੀ 57 ਕਿਲੋ 'ਚ ਭਿੰਡਰ ਨੇ ਖੋਸਾ ਕੋਟਲਾ ਦੀ ਪਿੱਠ ਲਵਾ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ 65 ਕਿਲੋ 'ਚ ਭਿੰਡਰ ਪਹਿਲੇ ਅਤੇ ਇੰਦਰਗੜ੍ਹ ਦੀ ਟੀਮ ਦੂਸਰੇ ਸਥਾਨ 'ਤੇ ਰਹੀ। ਕਬੱਡੀ ਓਪਨ 'ਚ ਪਿੱਥੋ ਨੇ ਇੰਦਰਗੜ੍ਹ ਦੀ ਗੋਡਨੀ ਲਵਾ ਕੇ 30 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਪ੍ਰਾਪਤ ਕੀਤਾ ਅਤੇ 40 ਸਾਲਾ ਖਿਡਾਰੀਆਂ ਦੇ ਫਸਵੇਂ ਮੁਕਾਬਲੇ 'ਚ ਲੁਧਿਆਣਾ ਨੇ ਮੋਗਾ ਦੀ ਗੋਡਨੀ ਲਵਾਈ।

ਅੰਮ੍ਰਿਤਸਰ ਪਹੁੰਚਿਆ ਫਾਈਨਲ 'ਚ

ਜਲੰਧਰ, 15 ਸਤੰਬਰ - ਜਲੰਧਰ ਦੇ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ ਵਿਚ ਲੜਕੀਆਂ ਦੇ ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਅੰਡਰ19 ਸਾਲ ਦੇ ਮੁਕਾਬਲੇ ਹੋ ਰਹੇ ਹਨ। ਜਿਸ ਦੇ ਸੈਮੀਫਾਈਨਲ ਮੁਕਾਬਲੇ ਵਿਚ ਅੰਮ੍ਰਿਤਸਰ ਨੇ ਜਲੰਧਰ ਨੂੰ ਹਰਾਇਆ ਅਤੇ ਫਾਈਨਲ 'ਚ ਪਹੁੰਚਿਆ। ਇਸ ਦਾ ਫਾਈਨਲ 17 ਸਤੰਬਰ ਨੂੰ ਸੈਕਟਰ 38 ਚੰਡੀਗੜ੍ਹ ਵਿਖੇ ਖੇਡਿਆ ਜਾਵੇਗਾ।

ਪੰਜਾਬ ਕਟੋਚ ਸ਼ੀਲਡ ਕ੍ਰਿਕਟ ਟਰਾਫੀ

ਲੁਧਿਆਣਾ, 15 ਸਤੰਬਰ - ਅੰਤਰ ਜ਼ਿਲ੍ਹਾ ਪੰਜਾਬ ਕਟੋਚ ਸ਼ੀਲਡ ਕ੍ਰਿਕਟ ਟਰਾਫੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਕਟ ਮੈਦਾਨ ਵਿਚ ਕਰਵਾਈ ਜਾ ਰਹੀ ਹੈ। ਇਸ ਦੇ ਪਹਿਲੇ ਸੈਮੀਫਾਈਨਲ ਲੁਧਿਆਣਾ ਨੇ ਅੰਮ੍ਰਿਤਸਰ ਨੂੰ ਹਰਾਇਆ। ਲੁਧਿਆਣਾ ਦਾ ਖ਼ਿਤਾਬੀ ਮੁਕਾਬਲਾ ਚੰਡੀਗੜ੍ਹ ਨਾਲ ਹੋਵੇਗਾ। ਚੰਡੀਗੜ੍ਹ ਨੇ ਪੀ. ਸੀ. ਏ. ਸਟੇਡੀਅਮ ਮੋਹਾਲੀ ਵਿਖੇ ਦੂਸਰੇ ਸੈਮੀਫਾਈਨਲ ਵਿਚ ਮੋਹਾਲੀ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।

ਆਲ ਇੰਡੀਆ ਮਹਾਤਮਾ ਹੰਸ ਰਾਜ ਆਰੀਅਨ ਟੂਰਨਾਮੈਂਟ

ਜਲੰਧਰ, 15 ਸਤੰਬਰ - ਆਲ ਇੰਡੀਆ ਮਹਾਤਮਾ ਹੰਸ ਰਾਜ ਆਰੀਅਨ ਟੂਰਨਾਮੈਂਟ ਪੰਜਾਬ ਜ਼ੋਨ 2008 ਜੋ ਕਿ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਜਲੰਧਰ ਕੈਂਟ ਵਿਖੇ ਚੱਲ ਰਿਹਾ ਹੈ। ਜਿਸ ਦੇ ਮੁਕਾਬਲਿਆਂ 'ਚੋਂ ਹਾਕੀ ਅੰਡਰ17 ਸਾਲ ਲੜਕੇ ਵਰਗ ਵਿਚੋਂ ਪੁਲਿਸ ਡੀ. ਏ. ਵੀ. ਜਲੰਧਰ ਨੇ ਪਹਿਲਾ, ਪੁਲਿਸ ਡੀ. ਏ. ਵੀ. ਅੰਮ੍ਰਿਤਸਰ ਨੇ ਦੂਜਾ, ਅੰਡਰ14 ਸਾਲ ਵਰਗ 'ਚ ਪੁਲਿਸ ਡੀ. ਏ. ਵੀ. ਜਲੰਧਰ ਨੇ ਪਹਿਲਾ ਤੇ ਡੀ. ਏ. ਵੀ. ਅਟਾਰੀ ਨੇ ਦੂਜਾ, ਹੈਂਡ ਬਾਲ ਵਿਚ ਪੁਲਿਸ ਡੀ. ਏ. ਵੀ. ਜਲੰਧਰ ਨੇ ਪਹਿਲਾ, ਡੀ. ਏ. ਵੀ. ਲੁਧਿਆਣਾ ਨੇ ਦੂਜਾ, ਅੰਡਰ 14 ਸਾਲ 'ਚੋਂ ਪੁਲਿਸ ਡੀ. ਏ. ਵੀ. ਜਲੰਧਰ ਨੇ ਪਹਿਲਾ, ਡੀ. ਏ. ਵੀ. ਲੁਧਿਆਣਾ ਨੇ ਦੂਜਾ ਸਥਾਨ ਹਾਸਿਲ ਕੀਤਾ। ਕਬੱਡੀ 'ਚ ਪੁਲਿਸ ਡੀ. ਏ. ਵੀ. ਜਲੰਧਰ ਨੇ ਪਹਿਲਾ, ਡੀ. ਏ. ਵੀ. ਮਲੇਰਕੋਟਲਾ ਨੇ ਦੂਜਾ, ਖੋ-ਖੋ 'ਚ ਪੁਲਿਸ ਡੀ. ਏ. ਵੀ. ਜਲੰਧਰ ਨੇ ਪਹਿਲਾ ਡੀ. ਆਰ. ਵੀ. ਫਿਲੌਰ ਨੇ ਦੂਜਾ, ਕ੍ਰਿਕਟ 'ਚ ਦਯਾਨੰਦ ਮਾਡਲ ਜਲੰਧਰ ਨੇ ਪਹਿਲਾ, ਲਾਲਾ ਜਗਤ ਨਰਾਇਣ ਜਲੰਧਰ ਨੇ ਦੂਜਾ ਸਥਾਨ ਹਾਸਿਲ ਕੀਤਾ। ਜਿਮਨਾਸਟਕ ਵਿਚੋਂ ਪੁਲਿਸ ਡੀ. ਏ. ਵੀ. ਜਲੰਧਰ ਨੇ ਪਹਿਲਾ ਡੀ. ਏ. ਵੀ. ਅੰਮ੍ਰਿਤਸਰ ਨੇ ਡੀ. ਏ. ਵੀ. ਭਿੱਖੀ ਵਿੰਡ ਨੇ ਦੂਜਾ ਸਥਾਨ ਹਾਸਿਲ ਕੀਤਾ। ਯੋਗਾ 'ਚ ਪੁਲਿਸ ਡੀ. ਏ. ਵੀ. ਜਲੰਧਰ ਨੇ ਪਹਿਲਾ ਤੇ ਪੁਲਿਸ ਡੀ. ਏ. ਵੀ. ਅੰਮ੍ਰਿਤਸਰ ਨੇ ਦੂਜਾ ਸਥਾਨ ਹਾਸਿਲ ਕੀਤਾ।

ਕੌਮੀ ਬਾਸਕਟਬਾਲ ਖੇਡਾਂ ਅਰੰਭ

ਭੁੱਨਰਹੇੜੀ/ਸਨੌਰ, 15 ਸਤੰਬਰ - ਕੌਮੀ ਬਾਸਕਟਬਾਲ ਖੇਡਾਂ ਭੁੱਨਰਹੇੜੀ ਬਲਾਕ 'ਚ ਜਵਾਹਰ ਨਵੋਦਿਆ ਵਿਦਿਆਲਿਆ ਫਤਿਹਪੁਰ ਰਾਜਪੂਤਾਂ ਵਿਚ ਸ਼ੁਰੂ ਹੋਈਆਂ ਹਨ। ਇਥੇ ਇਹ ਗੱਲ ਦੱਸਣ ਵਾਲੀ ਹੈ ਕਿ ਭਾਰਤ ਦੇ ਸਾਰੇ ਨਵੋਦਿਆ ਸੰਸਥਾਵਾਂ ਨੂੰ ਅੱਠ ਜ਼ੋਨਾਂ ਵਿਚ ਵੰਡਿਆ ਗਿਆ ਹੈ ਜਿਸ ਅਨੁਸਾਰ ਚੰਡੀਗੜ੍ਹ ਜ਼ੋਨ ਵਿਚ, ਪੰਜਾਬ, ਹਰਿਆਣਾ ਆਦਿ ਆਉਂਦੇ ਹਨ। ਪ੍ਰਨੀਤ ਕੌਰ ਨੇ ਇਸ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ, ਰਾਸ਼ਟਰੀ ਸਿੱਖਿਆ ਨੀਤੀ ਤਹਿਤ ਭਾਰਤ ਸਰਕਾਰ ਨੇ 1986 (ਰਾਜੀਵ ਗਾਂਧੀ ਸਰਕਾਰ ਨੇ ਨਵੋਦਿਆ ਵਿਦਿਆਲਿਆ ਨੂੰ ਹੋਂਦ ਵਿਚ ਲਿਆਏ ਸਨ ਜੋ ਪੂਰੇ ਭਾਰਤ ਵਿਚ ਸਥਾਪਿਤ ਹੋ ਚੁੱਕੇ ਹਨ। ਸ੍ਰੀਮਤੀ ਪ੍ਰਨੀਤ ਕੌਰ ਨੇ ਵਿਦਿਆਰਥੀਆਂ ਨੂੰ ਵਿਦਿਆ ਦੇ ਨਾਲ ਨਾਲ ਖੇਡਾਂ ਵੱਲ ਵੀ ਧਿਆਨ ਦੇਣ ਲਈ ਆਖਿਆ।

19ਵੀਂ ਕੌਮੀ ਹਾਕੀ ਚੈਂਪੀਅਨਸ਼ਿਪ

ਲੋਹੀਆਂ, 15 ਸਤੰਬਰ - ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ਵਿਖੇ 15 ਸਤੰਬਰ ਨੂੰ ਤਿੰਨ ਦਿਨਾ 19ਵੀਂ ਕੌਮੀ ਹਾਕੀ ਚੈਂਪੀਅਨਸ਼ਿਪ ਸ਼ੁਰੂ ਹੋਈ। ਇਸ ਵਿਚ ਦੇਸ਼ ਭਰ ਦੇ ਜਿਹੜੇ 8 ਖੇਤਰ ਇਨ੍ਹਾਂ ਖੇਡਾਂ ਵਿਚ ਭਾਗ ਲੈ ਰਹੇ ਹਨ ਉਨ੍ਹਾਂ ਵਿਚ ਹੈਦਰਾਬਾਦ, ਚੰਡੀਗੜ੍ਹ, ਲਖਨਊ, ਜੈਪੁਰ, ਪਟਨਾ, ਸ਼ਿਲਾਂਗ, ਭੁਪਾਲ ਅਤੇ ਪੂਨਾ ਸ਼ਾਮਿਲ ਹਨ। ਪਹਿਲੇ ਦਿਨ ਹੋਣ ਵਾਲੇ ਮੁਕਾਬਲਿਆਂ ਵਿਚ ਹੈਦਰਾਬਾਦ, ਚੰਡੀਗੜ੍ਹ, ਲਖਨਊ, ਜੈਪੁਰ, ਪਟਨਾ ਅਤੇ ਸ਼ਿਲਾਂਗ ਜ਼ੋਨਾਂ ਨੇ ਹਿੱਸਾ ਲਿਆ।

8ਵਾਂ ਪਿੰਡ ਸ਼ਕੂਰ ਦਾ ਕਬੱਡੀ ਟੂਰਨਾਮੈਂਟ ਸਮਾਪਤ

ਫਿਰੋਜ਼ਸ਼ਾਹ, 15 ਸਤੰਬਰ - 8ਵਾਂ ਦੋ ਦਿਨਾਂ ਕਬੱਡੀ ਟੂਰਨਾਮੈਂਟ ਪਿੰਡ ਸ਼ਕੂਰ ਵਿਖੇ ਬਾਬਾ ਸ਼ਕੂਰ ਨੌਜਵਾਨ ਭਲਾਈ ਸਭਾ ਵੱਲੋਂ ਕਰਵਾਇਆ ਗਿਆ। ਇਸ ਵਿਚ ਕਬੱਡੀ 45 ਕਿਲੋ ਤੇ 57 ਕਿਲੋਂ ਦੇ ਮੁਕਾਬਲਿਆਂ ਵਿਚ ਕ੍ਰਮਵਾਰ ਖੋਸਾ ਪਾਡੋ ਤੇ ਹਰੀ ਕਲਾਂ ਦੀਆਂ ਟੀਮਾਂ ਨੇ ਪਹਿਲਾ ਅਤੇ ਖਾਰਾਂ ਦੀਆਂ ਟੀਮਾਂ ਨੇ ਦੂਸਰਾ ਸਥਾਨ ਹਾਸਲ ਕੀਤਾ। ਦੂਸਰੇ ਦਿਨ ਕਬੱਡੀ ਓਪਨ ਦੇ ਮੁਕਾਬਲਿਆਂ ਵਿਚ 50 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ। ਸੈਮੀਫਾਈਨਲ ਵਿਚ ਸ਼ਕੂਰ ਦੀ ਟੀਮ ਹਫੂਰ ਤੋਂ ਅੱਧੇ ਅੰਕ ਨਾਲ ਹਾਰ ਗਈ, ਫਾਈਨਲ ਹਫੂਰ ਅਤੇ ਤੂਤ ਦੀ ਟੀਮ 'ਚ ਹੋਇਆ। ਅਖੀਰ ਹਠੂਰ ਨੇ ਲਗਾਤਾਰ ਦੂਸਰੀ ਵਾਰ ਪਹਿਲਾ ਇਨਾਮ 21 ਹਜ਼ਾਰ ਅਤੇ 5 ਫੁੱਟ ਦਾ ਸ਼ਾਨਦਾਰ ਕੱਪ ਪ੍ਰਾਪਤ ਕੀਤਾ ਅਤੇ ਤੂਤ ਨੂੰ ਦੂਸਰੇ ਇਨਾਮ 15 ਹਜ਼ਾਰ 'ਤੇ ਸਬਰ ਕਰਨਾ ਪਿਆ। ਪਹਿਲਾ ਇਨਾਮ ਰੇਸ਼ਮ ਸਿੰਘ ਮਨੀਲਾ ਦੇ ਪਰਿਵਾਰ ਅਤੇ ਦੂਜਾ ਇਨਾਮ ਉੱਘੇ ਖੇਡ ਪ੍ਰਮੋਟਰ ਮੇਜਰ ਸਿੰਘ ਭਲੂਰ ਅਤੇ ਰਾਮ ਸਿੰਘ ਸੋਹੀ ਵੱਲੋਂ ਦਿੱਤਾ ਗਿਆ। ਟੂਰਨਾਮੈਂਟ ਦੇ ਬੈਸਟ ਜਾਫੀ ਦਾ ਐਵਾਰਡ ਬਾਜਾ ਮੱਲਣ ਅਤੇ ਬੈਸਟ ਰੇਡਰ ਦਾ ਐਵਾਰਡ ਨਿਰਵੈਰ ਸਿੰਘ ਘੋਨੀ ਨੂੰ ਦਿੱਤਾ ਗਿਆ। ਕਬੱਡੀ ਕੋਚ ਸਾਧੂ ਸਿੰਘ ਬਰਾੜ ਲੈਕਚਰਾਰ ਨੂੰ ਇਸ ਮੌਕੇ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੌਰਾਨ ਬਲਜੀਤ ਸਿੰਘ ਮੈਂਬਰ, ਤੇਜ ਸਿੰਘ, ਸੇਵਾ ਸਿੰਘ, ਜਸਵੀਰ ਸਿੰਘ ਡੀਸੀ, ਗੁਰਪ੍ਰੀਤ ਸਿੰਘ, ਪ੍ਰਕਾਸ਼ ਸਿੰਘ, ਮਲਕੀਤ ਸਿੰਘ, ਚੜ੍ਹਤ ਸਿੰਘ, ਕੁਲਵੰਤ ਸਿੰਘ, ਸੁਖਮੰਦਰ ਸਿੰਘ, ਭੁਪਿੰਦਰ ਸਿੰਘ, ਬੂਟਾ ਸਿੰਘ ਅਤੇ ਕਬੱਡੀ ਖਿਡਾਰੀ ਤੋਤਾ, ਬਬਲਾ, ਦਾਨਾ, ਰਾਣਾ, ਲੱਡੂ, ਯਾਦੂ, ਜੱਗੀ, ਸਾਭਾ, ਗਗੜਾ, ਭੱਪਾ, ਬੱਬੀ, ਸੁਖਦੀਪ ਨੇ ਸਹਿਯੋਗ ਦਿੱਤਾ।

ਰਾਸ਼ਟਰੀ ਯੂਥ ਬਾਸਕਟਬਾਲ ਚੈਂਪੀਅਨਸ਼ਿਪ ਲਈ ਪੰਜਾਬ ਦੀਆਂ ਟੀਮਾਂ

ਲੁਧਿਆਣਾ, 15 ਸਤੰਬਰ - ਛੱਤੀਸਗੜ੍ਹ ਵਿਖੇ ਰਾਸ਼ਟਰੀ ਯੂਥ ਬਾਸਕਟਬਾਲ ਚੈਂਪੀਅਨਸ਼ਿਪ 18 ਤੋਂ 25 ਸਤੰਬਰ ਤੱਕ ਕਰਵਾਈ ਜਾਵੇਗੀ। ਜਿਸ ਵਿਚ ਮੁੰਡਿਆਂ ਦੇ ਵਰਗ ਵਿਚ ਪੰਜਾਬ ਦੀ ਟੀਮ ਦੀ ਅਗਵਾਈ ਲੁਧਿਆਣਾ ਅਕੈਡਮੀ ਦਾ ਉਭਰਦਾ ਸਟਾਰ ਰਾਜਨ ਸ਼ਰਮਾ ਕਰੇਗਾ ਜਦਕਿ ਕੁੜੀਆਂ ਦੇ ਵਰਗ ਵਿਚ ਨਗਮਾ ਮਿਰਜ਼ਾ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਲੁਧਿਆਣਾ ਵਿਖੇ ਰੇਲਵੇ ਸਟੇਸ਼ਨ ਤੇ ਦੋਹਾਂ ਟੀਮਾਂ ਨੂੰ ਛੱਤੀਸਗੜ੍ਹ ਨੂੰ ਰਵਾਨਾ ਕਰਨ ਤੋਂ ਪਹਿਲਾਂ ਪੰਜਾਬ ਬਾਸਕਟਬਾਲ ਸੰਘ ਦੇ ਅਧਿਕਾਰੀਆਂ ਨੇ ਟੀਮਾਂ ਦੇ ਸਨਮਾਨ ਵਿਚ ਵਿਦਾਇਗੀ ਪਾਰਟੀ ਦੀ ਦਿੱਤੀ। ਦੋਹਾਂ ਟੀਮਾਂ ਦੇ ਖਿਡਾਰੀਆਂ ਦੇ ਨਾਮ ਇਸ ਤਰ੍ਹਾਂ ਹਨ :
ਮੁੰਡੇ-ਰਾਜਨ ਸ਼ਰਮਾ ਕਪਤਾਨ, ਮਨਪ੍ਰੀਤ ਸਿੰਘ, ਹਰਸ਼ ਸ਼ਬਾਬ, ਜਿੰਮੀ, ਬਲਜੀਤ ਸਿੰਘ (ਸਾਰੇ ਲੁਧਿਆਣਾ ਬਾਸਕਟਬਾਲ ਅਕੈਡਮੀ), ਕੁਲਜੀਤ ਸਿੰਘ ਮੁਕਤਸਰ, ਅਜੈ ਕੁਮਾਰ ਲੁਧਿਆਣਾ, ਹਰਦੀਪ ਸਿੰਘ ਮਾਨਸਾ, ਤਰਨਦੀਪ ਸਿੰਘ ਕਪੂਰਥਲਾ, ਗੁਰਇਕਬਾਲ ਸਿੰਘ ਜਲੰਧਰ, ਜਸਕਰਨ ਸਿੰਘ, ਟੀਮ ਦੇ ਕੋਚ ਲਖਵਿੰਦਰ ਸਿੰਘ ਪੰਜਾਬ ਪੁਲਿਸ ਹੋਣਗੇ।
ਕੁੜੀਆਂ-ਨਗਮਾ ਮਿਰਜ਼ਾ ਕਪਤਾਨ, ਸੰਧਿਆ, ਅਵਨੀਤ ਕੌਰ (ਸਾਰੇ ਲੁਧਿਆਣਾ ਤੋਂ), ਅਮਨਦੀਪ ਕੌਰ, ਚੇਤਨ ਸ਼ਰਮਾ, ਰੋਹਿਣੀ (ਸਾਰੀਆਂ ਗੁਰਦਾਸਪੁਰ ਤੋਂ), ਜਗਰੂਪ ਕੌਰ, ਕਮਲ ਪ੍ਰੀਤ ਕੌਰ, ਮਮਤਾ ਅੰਮ੍ਰਿਤਸਰ ਤੋਂ, ਗੌਰੀ, ਪੂਨਮ ਕਪੂਰਥਲਾ ਤੋਂ, ਤਰਨਜੀਤ ਕੌਰ ਮਾਨਸਾ ਤੋਂ, ਟੀਮ ਦੇ ਕੋਚ ਸਤਪਾਲ ਸਿੰਘ ਹੋਣਗੇ।

ਜੂਨੀਅਰ ਕੌਮੀ ਬੇਸਬਾਲ ਚੈਂਪੀਅਨਸ਼ਿਪ

ਲੁਧਿਆਣਾ, 15 ਸਤੰਬਰ - ਕਲਕੱਤਾ ਵਿਖੇ 20ਵੀਂ ਜੂਨੀਅਰ ਰਾਸ਼ਟਰੀ ਬੇਸਬਾਲ ਚੈਂਪੀਅਨਸ਼ਿਪ 15 ਤੋਂ 18 ਸਤੰਬਰ ਤੱਕ ਕਰਵਾਈ ਜਾ ਰਹੀ ਹੈ। ਉਸ ਵਿਚ ਮੁੰਡਿਆਂ ਦੇ ਵਰਗ ਵਿਚ ਪੰਜਾਬ ਦੀ ਟੀਮ ਦੀ ਅਗਵਾਈ ਵਿਨੈ ਕੁਮਾਰ ਜਲੰਧਰ, ਜਦਕਿ ਕੁੜੀਆਂ ਦੀ ਟੀਮ ਦੀ ਕਪਤਾਨੀ ਅਮਰਜੀਤ ਕੌਰ ਮੋਗਾ ਕਰੇਗੀ। ਪੰਜਾਬ ਦੀਆਂ ਦੋਹਾਂ ਟੀਮਾਂ ਦੇ ਖਿਡਾਰੀਆਂ ਦੇ ਨਾਮ ਇਸ ਤਰ੍ਹਾਂ ਹਨ।ਮੁੰਡੇ: ਵਿਨੈ ਕੁਮਾਰ ਕਪਤਾਨ, ਵਿਵੇਕ, ਅਨਿਲ ਜਲੰਧਰ, ਸ਼ਿਵ ਕੁਮਾਰ, ਸਮਸ਼ੇਰ ਸਿੰਘ, ਬਲਰਾਜ ਸਿੰਘ, ਰਾਜਦੀਪ ਸਿੰਘ, ਸਤਿਅਮ, ਗੌਰਵ, ਪ੍ਰਿੰਸ ਕੁਮਾਰ, ਕਰਨਦੀਪ ਸਿੰਘ ਸਾਰੇ ਲੁਧਿਆਣਾ ਤੋਂ, ਹਰਦੀਪ ਸਿੰਘ, ਭੁਪਿੰਦਰ ਸਿੰਘ, ਸੁਨੀਲ ਕੁਮਾਰ, ਕਸਕ ਪਟਿਆਲਾ ਤੋਂ, ਅਵਨੀਤ ਸਿੰਘ ਮੁਹਾਲੀ, ਟੀਮ ਦੇ ਕੋਚ ਰਵੀਦੱਤ ਹੋਣਗੇ।
ਕੁੜੀਆਂ : ਅਮਰਜੀਤ ਕੌਰ ਕਪਤਾਨ, ਪਰਮਜੀਤ ਕੌਰ, ਕਰਮਜੀਤ ਕੌਰ ਸਾਰੀਆਂ ਮੋਗਾ ਤੋਂ, ਪ੍ਰੀਆ, ਰੀਮਾ, ਰੀਨਾ, ਰਾਧਿਕਾ ਜਲੰਧਰ ਤੋਂ, ਮਨਪ੍ਰੀਤ ਕੌਰ, ਰੋਜ਼ੀ ਵਰਮਾ, ਅਮਰਦੀਪ, ਤਰਨੀਤ, ਹਿਨਾ ਸ਼ਾਕਸ਼ੀ, ਸ਼ਿਵਾਨੀ, ਹਰਸ਼ਰਨ ਸਾਰੀਆਂ ਲੁਧਿਆਣਾ ਤੋਂ, ਅਮਰਜੋਤ ਅਤੇ ਬਰਜਿੰਦਰ ਕੌਰ ਟੀਮ ਦੇ ਕੋਚ ਅਤੇ ਮੈਨੇਜਰ ਹੋਣਗੇ।

ਕੌਮੀ ਚੈਂਪੀਅਨਸ਼ਿਪ ਲਈ ਪੰਜਾਬ ਜੂਨੀਅਰ ਹੈਂਡ ਬਾਲ ਟੀਮ ਦੇ ਚੋਣ ਟਰਾਇਲ

ਲੁਧਿਆਣਾ 15 ਸਤੰਬਰ - ਪੰਜਾਬ ਜੂਨੀਅਰ ਹੈਂਡ ਬਾਲ ਟੀਮ (ਲੜਕੇ) ਦੇ ਚੋਣ ਟਰਾਇਲ 17 ਸਤੰਬਰ ਨੂੰ 3 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਡ ਮੈਦਾਨਾਂ ਵਿਚ ਹੋਣਗੇ। ਪੰਜਾਬ ਹੈਂਡ ਬਾਲ ਸਿੰਘ ਦੇ ਪ੍ਰਧਾਨ ਐਸ. ਐਸ. ਚੰਨੀ (ਆਈ. ਏ. ਐਸ.) ਨੇ ਦੱਸਿਆ ਕਿ ਇਨ੍ਹਾਂ ਚੋਣ ਟਰਾਇਲਾਂ ਵਿੱਚ 1 ਜਨਵਰੀ 1989 ਤੋਂ ਬਾਅਦ ਦੇ ਜਨਮੇ ਖਿਡਾਰੀ ਹਿੱਸਾ ਲੈ ਸਕਦੇ ਹਨ। ਭਾਗ ਲੈਣ ਦੇ ਚਾਹਵਾਨ ਖਿਡਾਰੀ ਪੰਜਾਬ ਹੈਂਡ ਬਾਲ ਸੰਘ ਦੇ ਸਕੱਤਰ ਬਲਕਾਰ ਸਿੰਘ ਬਰਾੜ ਕੋਲ 17 ਸਤੰਬਰ ਨੂੰ 2 ਵਜੇ ਤੋਂ ਪਹਿਲਾਂ ਆਪਣੀ ਉਮਰ ਦੇ ਸਬੂਤ ਸਮੇਤ ਰਿਪੋਰਟ ਕਰਨ। ਉਨ੍ਹਾਂ ਦੱਸਿਆ ਕਿ ਜੋ ਪੰਜਾਬ ਦੀ ਟੀਮ ਚੁਣੀ ਜਾਵੇਗੀ, ਉਹ 1 ਤੋਂ 7 ਅਕਤੂਬਰ ਤੱਕ ਭਿਲਾਈ (ਛੱਤੀਸਗੜ੍ਹ) ਵਿਖੇ ਹੋਣ ਵਾਲੀ ਜੂਨੀਅਰ ਰਾਸ਼ਟਰੀ ਹੈਂਡ ਬਾਲ ਚੈਂਪੀਅਨਸ਼ਿਪ ਵਿਚ ਹਿੱਸਾ ਲਵੇਗੀ।

ਉਲੰਪੀਅਨ ਮੁੱਕੇਬਾਜ਼ ਛੇਤੀ ਹੀ ਰਿੰਗ 'ਚ ਦਿਖਣਗੇ

ਪਟਿਆਲਾ, 14 ਸਤੰਬਰ - ਬਠਿੰਡਾ ਵਿਖੇ ਹੋਈ ਕੌਮੀ ਚੈਂਪੀਅਨਸ਼ਿਪ ਦੌਰਾਨ ਦੇਸ਼ ਦੇ ਸਿਰਕੱਢ 60 ਮੁੱਕੇਬਾਜ਼ ਕੌਮੀ ਕੈਂਪ ਲਈ ਚੁਣੇ ਗਏ ਹਨ। ਜਿਨ੍ਹਾਂ ਵਿਚ ਬੀਜਿੰਗ ਉਲੰਪਿਕ 'ਚ ਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਵੀਜੇਂਦਰ ਕੁਮਾਰ, ਅਖਿਲ ਕੁਮਾਰ, ਜਤਿੰਦਰ ਕੁਮਾਰ, ਏ.ਐਲ. ਲਾਕੜਾ ਤੇ ਦਿਨੇਸ਼ ਕੁਮਾਰ ਸ਼ਾਮਲ ਹਨ। ਮੁੱਖ ਕੌਮੀ ਕੋਚ ਸ: ਗੁਰਬਖਸ਼ ਸਿੰਘ ਦੀ ਅਗਵਾਈ 'ਚ ਕੋਚਾਂ ਦੀ ਟੀਮ ਦੇਸ਼ ਦੇ ਚੋਟੀ ਦੇ ਮੁੱਕੇਬਾਜ਼ ਨੂੰ ਸਿਖਲਾਈ ਦੇਣਗੇ। ਇਸ ਮੌਕੇ ਸ. ਸੰਧੂ ਨੇ ਕਿਹਾ ਕਿ ਉਲੰਪਿਕ 'ਚ ਮੁੱਕੇਬਾਜ਼ ਵੱਲੋਂ ਦਿਖਾਈ ਕਾਰਗੁਜ਼ਾਰੀ ਨੇ ਦੇਸ਼ ਭਰ 'ਚ ਇਕ ਨਵਾਂ ਜੋਸ਼ ਪੈਦਾ ਕਰ ਦਿੱਤਾ ਹੈ, ਸਾਡੇ ਰਾਜ ਵਿਚ ਇਸ ਵੇਲੇ ਘੱਟੋ-ਘੱਟ ਹਰੇਕ ਜ਼ਿਲ੍ਹੇ 'ਚ ਇਕ ਮੁੱਕੇਬਾਜ਼ੀ ਕੇਂਦਰ ਖੋਲ੍ਹਣ ਦੀ ਜ਼ਰੂਰਤ ਹੈ। ਉਨ੍ਹਾਂ ਪੰਜਾਬ ਦੇ ਮੁੱਕੇਬਾਜ਼ਾਂ ਵੱਲੋਂ ਲੰਮੇ ਅਰਸੇ ਬਾਅਦ ਕੌਮੀ ਚੈਂਪੀਅਨਸ਼ਿਪ 'ਚ ਦਿਖਾਈ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।

ਰਾਜ ਤੇ ਕੌਮੀ ਪੱਧਰੀ ਖੇਡ ਮੁਕਾਬਲੇ

ਲੁਧਿਆਣਾ 14 ਸਤੰਬਰ - ਰਾਜ ਅਤੇ ਰਾਸ਼ਟਰੀ ਪੱਧਰੀ ਮੁਕਾਬਲੇ ਪੰਜਾਬ ਖੇਡ ਵਿਭਾਗ ਵੱਲੋਂ ਇਸ ਵਰ੍ਹੇ ਕਰਵਾਏ ਜਾਣਗੇ। ਪੰਜਾਬ ਖੇਡ ਵਿਭਾਗ ਦੇ ਨਿਰਦੇਸ਼ਕ ਪਦਮ ਸ੍ਰੀ ਪ੍ਰਗਟ ਸਿੰਘ ਨੇ ਦੱਸਿਆ ਕਿ ਪੰਜਾਬ ਰਾਜ ਪੇਂਡੂ ਖੇਡਾਂ ਅੰਡਰ 16 (ਲੜਕੇ) ਦੇ ਮੁਕਾਬਲੇ 27 ਤੋਂ 30 ਸਤੰਬਰ ਤੱਕ ਮਾਨਸਾ ਵਿਖੇ ਹੋਣਗੇ। ਪੰਜਾਬ ਰਾਜ ਪੇਂਡੂ ਖੇਡਾਂ ਅੰਡਰ 16 ਕੁੜੀਆਂ ਦੇ ਮੁਕਾਬਲੇ ਮੋਗਾ ਵਿਖੇ 24 ਤੋਂ 27 ਸਤੰਬਰ ਤੱਕ ਹੋਣਗੇ, ਜਦਕਿ ਸਟੇਟ ਪੰਚਾਇਤ ਸੀਨੀਅਰ ਟੂਰਨਾਮੈਂਟ ਅੰਮ੍ਰਿਤਸਰ ਵਿਖੇ 23 ਤੋਂ 25 ਨਵੰਬਰ ਤੱਕ ਹੋਣਗੇ। ਉਨ੍ਹਾਂ ਦੱਸਿਆ ਲਾਅਨ ਟੈਨਿਸ ਦਾ ਆਲ ਇੰਡੀਆ ਸਿਵਲ ਸਰਵਿਸ ਟੂਰਨਾਮੈਂਟ ਵੀ ਪੰਜਾਬ ਵਿੱਚ ਹੀ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸਟੇਟ ਪੱਧਰ ਦਾ ਗੋਲਫ ਟੂਰਨਾਮੈਂਟ ਜਲੰਧਰ, ਲੁਧਿਆਣਾ ਤੇ ਚੰਡੀਗੜ੍ਹ ਵਿਖੇ ਦਸੰਬਰ ਮਹੀਨੇ ਹੋਵੇਗਾ। ਆਰਗੇਨਾਈਜ਼ ਨੈਸ਼ਨਲ ਸਪੋਰਟਸ ਫੈਸਟੀਵਲ ਫਾਰ ਵੂਮੇਨ ਗਰੁੱਪ ਦੋ ਦਾ ਮੁਕਾਬਲਾ ਜਿਸ ਵਿਚ ਖੋ ਖੋ, ਜਿਮਨਾਸਟਿਕ, ਵਾਲੀਬਾਲ, ਕਬੱਡੀ 12 ਤੋਂ 15 ਨਵੰਬਰ ਤੱਕ ਗੁਰਦਾਸਪੁਰ ਵਿਖੇ ਹੋਵੇਗਾ, ਜਦਕਿ ਆਰਗੇਨਾਈਜ਼ ਸਰਬ ਭਾਰਤੀ ਪੇਂਡੂ ਟੂਰਨਾਮੈਂਟ (ਲੜਕੇ ਅਤੇ ਲੜਕੀਆਂ) ਜਿਸ ਵਿੱਚ ਫੁੱਟਬਾਲ, ਵੇਟ ਲਿਫਟਿੰਗ, ਰਸਾ ਕੱਸੀ, ਵਾਲੀਬਾਲ ਦੇ ਮੁਕਾਬਲੇ 15 ਤੋਂ 18 ਨਵੰਬਰ ਤੱਕ ਤਲਵੰਡੀ ਸਾਬੋ ਬਠਿੰਡਾ ਵਿਖੇ ਹੋਣਗੇ। ਨੈਸ਼ਨਲ ਖੇਡਾਂ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਦੇ ਕੋਚਿੰਗ ਕੈਂਪ ਸਾਰੇ ਜ਼ਿਲ੍ਹਿਆਂ ਵਿਚ ਖੇਡ ਸੰਸਥਾਵਾਂ ਦੇ ਮੰਗ ਅਨੁਸਾਰ ਲਗਾਏ ਜਾਣਗੇ।

ਆਲ ਇੰਡੀਆ ਮਹਾਤਮਾ ਹੰਸ ਰਾਜ ਆਰੀਅਨ ਟੂਰਨਾਮੈਂਟ

ਜਲੰਧਰ, 14 ਸਤੰਬਰ -ਪੰਜਾਬ ਜ਼ੋਨ 2008 ਦਾ ਆਲ ਇੰਡੀਆ ਮਹਾਤਮਾ ਹੰਸ ਰਾਜ ਆਰੀਅਨ ਟੂਰਨਾਮੈਂਟ ਪੀ. ਏ. ਪੀ. ਸਟੇਡੀਅਮ ਜਲੰਧਰ ਕੈਂਟ ਚੱਲ ਰਿਹਾ ਹੈ। ਇਸ ਟੂਰਨਾਮੈਂਟ ਵਿਚ 31 ਟੀਮਾਂ ਸ਼ਾਮਿਲ ਹੋ ਰਹੀਆਂ ਹਨ। ਟੂਰਨਾਮੈਂਟ ਵਿਚ ਬਾਸਕਟਬਾਲ, ਵਾਲੀਬਾਲ, ਜਿਮਨਾਸਟਕ, ਕਬੱਡੀ, ਹੈਂਡ ਬਾਲ, ਹਾਕੀ, ਫੁੱਟਬਾਲ, ਖੋ-ਖੋ, ਟੇਬਲ ਟੈਨਿਸ, ਬੈਡਮਿੰਟਨ, ਜੂਡੋ, ਯੋਗਾ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਟੂਰਨਾਮੈਂਟ 17 ਸਤੰਬਰ ਤੱਕ ਹੋਵੇਗਾ।

ਅੰਤਰ ਕਾਲਜ ਪੰਜਾਬੀ ਯੂਨੀਵਰਸਿਟੀ ਟੇਬਲ ਟੈਨਿਸ 'ਚ ਪਟਿਆਲਾ ਦੇ ਪੁਰਸ਼ਾਂ ਦੀ ਝੰਡੀ

ਬਰਨਾਲਾ, 14 ਸਤੰਬਰ - ਬਰਨਾਲਾ ਦੇ ਸ੍ਰੀ ਲਾਲ ਬਹਾਦਰ ਆਰੀਆ ਮਹਿਲਾ ਕਾਲਜ ਵਿਚ ਅੰਤਰ-ਕਾਲਜ ਪੰਜਾਬੀ ਯੂਨੀਵਰਸਿਟੀ ਟੇਬਲ ਟੈਨਿਸ ਮੁਕਾਬਲੇ ਕਰਵਾਏ ਗਏ। ਜਿਸ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਿਤ 26 ਕਾਲਜ 14 ਪੁਰਸ਼ ਤੇ 12 ਇਸਤਰੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਤਿੰਨ ਰੋਜ਼ਾ ਟੇਬਲ ਟੈਨਿਸ ਮੁਕਾਬਲਿਆਂ 'ਚ ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਦੀ ਪੁਰਸ਼ਾਂ ਦੀ ਟੀਮ ਨੇ ਮੋਦੀ ਕਾਲਜ ਪਟਿਆਲਾ ਨੂੰ ਹਰਾ ਕੇ ਪੁਰਸ਼ਾਂ ਦੀ ਟੀਮ ਦਾ ਖਿਤਾਬ ਜਿੱਤਿਆ। ਮੋਦੀ ਕਾਲਜ ਤੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਇਸਤਰੀਆਂ ਦੇ ਵਰਗ 'ਚ ਮੋਦੀ ਕਾਲਜ ਪਟਿਆਲਾ ਦੀ ਟੀਮ ਜਿੱਤ ਗਈ, ਜਦੋਂ ਕਿ ਯੂਨੀਵਰਸਿਟੀ ਕੈਂਪਸ ਤੇ ਸਰਕਾਰੀ ਕਾਲਜ ਰੋਪੜ ਨੂੰ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਸਬਰ ਕਰਨਾ ਪਿਆ।

ਸਾਯਨਾ ਦਾ ਚੀਨੀ ਤਾਈਪੇ ਓਪਨ ਖਿਤਾਬ 'ਤੇ ਕਬਜ਼ਾ

ਨਵੀਂ ਦਿੱਲੀ, 14 ਸਤੰਬਰ - ਭਾਰਤ ਦੀ ਪ੍ਰਸਿੱਧ ਬੈਡਮਿੰਟਨ ਖਿਡਾਰੀ ਸਾਯਨਾ ਨੇਹਵਾਲ ਨੇ ਤਾਈਵਾਨ ਵਿਖੇ ਕਰਵਾਈ ਚੀਨੀ ਤਾਈਪੇ ਓਪਨ ਬੈਡਮਿੰਟਨ ਗ੍ਰਾਂ ਪ੍ਰੀ ਖਿਤਾਬ 'ਤੇ ਆਪਣਾ ਕਬਜ਼ਾ ਕਰ ਲਿਆ। ਸਾਯਨਾ ਨੇ ਖ਼ਿਤਾਬੀ ਮੁਕਾਬਲੇ ਵਿਚ ਮਲੇਸ਼ੀਆ ਦੀ ਲੀਆ ਲਾਡੀਆ ਚੇਕ ਨੂੰ 21-8 ਤੇ 21-19 ਨਾਲ ਹਰਾਇਆ। ਸਾਯਨਾ ਇੰਡੋਨੇਸ਼ੀਆ ਦੀ ਪਿਆ ਬਰਨਾਰਟ ਨੂੰ ਹਰਾਕੇ ਦੂਜੀ ਵਾਰ ਗ੍ਰਾਂ ਪ੍ਰੀ ਫਾਈਨਲ ਵਿਚ ਪਹੁੰਚਣ ਵਾਲੀ ਦੇਸ਼ ਦੀ ਪਹਿਲੀ ਬੈਡਮਿੰਟਨ ਖਿਡਾਰੀ ਬਣੀ ਸੀ।

ਕੇ. ਪੀ. ਐਸ. ਗਿੱਲ ਨੇ ਭਾਰਤੀ ਹਾਕੀ ਫੈਡਰੇਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਬੁਲਾਈ 17 ਸਤੰਬਰ ਨੂੰ

ਜਲੰਧਰ, 13 ਸਤੰਬਰ - ਭਾਵੇਂ ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਭਾਰਤੀ ਹਾਕੀ ਫੈਡਰੇਸ਼ਨ ਨੂੰ ਭੰਗ ਕਰਕੇ ਸਾਰੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ ਪਰ ਫਿਰ ਵੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਜੋ ਅਜੇ ਤੱਕ ਆਪਣੇ-ਆਪ ਨੂੰ ਪ੍ਰਧਾਨ ਹੀ ਮੰਨਦੇ ਆ ਰਹੇ ਕੇ. ਪੀ. ਐਸ. ਗਿੱਲ ਨੇ ਭਾਰਤੀ ਹਾਕੀ ਫੈਡਰੇਸ਼ਨ ਦੀ ਸਾਲਾਨਾ ਜਨਰਲ ਬਾਡੀ ਦੀ ਮੀਟਿੰਗ ਭਾਰਤੀ ਹਾਕੀ ਫੈਡਰੇਸ਼ਨ ਦੇ ਪੱਤਰ ਨੰਬਰ 38/2008 ਮਿਤੀ 25 ਅਗਸਤ 2008 ਦੇ ਅਨੁਸਾਰ 17 ਸਤੰਬਰ ਨੂੰ ਸਵੇਰੇ 10.30 ਵਜੇ ਹੋਟਲ ਗਰੈਂਡ ਕਾਨਟੀਨੈਂਟਲ ਬਾਰਾਖੰਬਾ ਰੋਡ ਨਵੀਂ ਦਿੱਲੀ ਵਿਖੇ ਬੁਲਾਈ ਹੈ। ਇਸ ਪੱਤਰ ਵਿਚ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਸਕੱਤਰ ਜਨਰਲ ਦੀ ਰਿਪੋਰਟ 'ਤੇ ਵਿਚਾਰ ਕੀਤਾ ਜਾਵੇਗਾ ਤੇ ਸਾਲ 2005-06 ਸਾਲ 2006-07 ਤੇ 2007-08 ਦੇ ਵਿੱਤੀ ਲੇਖੇ-ਜੋਖੇ 'ਤੇ ਵੀ ਵਿਚਾਰ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਭਾਰਤੀ ਹਾਕੀ ਫੈਡਰੇਸ਼ਨ ਦੇ ਖ਼ਿਲਾਫ਼ ਕੋਰਟ ਵਿਚ ਚੱਲ ਰਹੇ ਕੇਸਾਂ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਹ ਪੱਤਰ ਕੇ. ਪੀ. ਐਸ. ਗਿੱਲ ਪ੍ਰਧਾਨ ਨੇ ਆਪਣੇ ਦਸਤਖਤਾਂ ਹੇਠ ਜਾਰੀ ਕੀਤਾ ਹੈ ਤੇ ਇਸ ਪੱਤਰ ਵਿਚ ਅਜੇ ਵੀ ਅਹੁਦੇਦਾਰਾਂ ਦੀ ਲਿਸਟ ਵਿਚ ਬਰਖ਼ਾਸਤ ਕੀਤੇ ਜਨਰਲ ਸਕੱਤਰ ਕੇ ਜੋਤੀ ਕੁਮਾਰਨ ਦਾ ਵੀ ਨਾਂਅ ਦਰਜ ਹੈ। ਹੁਣ ਇਥੇ ਸਵਾਲ ਪੈਦਾ ਹੁੰਦਾ ਹੈ ਕਿ ਇਕ ਪਾਸੇ ਤਾਂ ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਭਾਰਤੀ ਹਾਕੀ ਫੈਡਰੇਸ਼ਨ ਨੂੰ ਭੰਗ ਕਰਕੇ ਇਕ ਐਤਹਾਕ ਕਮੇਟੀ ਦਾ ਗਠਨ ਕੀਤਾ ਹੈ ਪਰ ਦੂਜੇ ਪਾਸੇ ਇਸ ਫੈਡਰੇਸ਼ਨ ਦੇ ਬਰਖ਼ਾਸਤ ਕੀਤੇ ਪ੍ਰਧਾਨ ਵੱਲੋਂ ਫੈਡਰੇਸ਼ਨ ਦੀ ਇਹ ਹੰਗਾਮੀ ਮੀਟਿੰਗ ਬੁਲਾਈ ਹੈ ਹੁਣ ਇਸ ਸਬੰਧੀ ਭਾਰਤੀ ਉਲੰਪਿਕ ਐਸੋਸੀਏਸ਼ਨ ਕੀ ਫੈਸਲਾ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਸੂਤਰ ਦੱਸਦੇ ਹਨ ਕਿ ਗਿੱਲ ਸਾਹਿਬ ਨੇ ਇਸ ਬਰਖ਼ਾਸਤਗੀ ਦੇ ਖ਼ਿਲਾਫ਼ ਕੋਰਟ ਵਿਚ ਕੇਸ ਦਾਇਰ ਕੀਤਾ ਹੈ। ਇਸ ਦੀ ਸੁਣਵਾਈ 4 ਦਸੰਬਰ 2008 ਨੂੰ ਹੋਣੀ ਹੈ ਤੇ ਇਸ ਮੌਕੇ 'ਤੇ ਕੋਰਟ ਭਾਰਤੀ ਹਾਕੀ ਫੈਡਰੇਸ਼ਨ ਦੀ ਚੋਣ ਕਰਵਾਉਣ ਨੂੰ ਹਰੀ ਝੰਡੀ ਦੇ ਸਕਦੀ ਹੈ। ਕੇ. ਪੀ. ਐਸ. ਗਿੱਲ ਦੁਬਾਰਾ ਚੋਣ ਲੜ ਕੇ ਫਿਰ ਭਾਰਤੀ ਹਾਕੀ ਫੈਡਰੇਸ਼ਨ ਦੀ ਕੁਰਸੀ 'ਤੇ ਕਬਜ਼ਾ ਕਰਨ ਦੀ ਤਾਕ ਵਿਚ ਹਨ। ਇਸ ਲਈ ਇਹ ਮੀਟਿੰਗ ਕਾਫੀ ਅਹਿਮ ਹੈ। ਦੂਜੇ ਪਾਸੇ ਜਿਸ ਤਰੀਕੇ ਨਾਲ ਐਡਹਾਕ ਕਮੇਟੀ ਹਾਕੀ ਨੂੰ ਦੇਸ਼ ਦਾ ਉਤਸ਼ਾਹਿਤ ਕਰਨ ਵਿਚ ਅਸਫਲ ਰਹੀ ਹੈ ਤੇ ਆਪਸ ਵਿਚ ਉਲੰਪੀਅਨਾਂ ਨੇ ਇਕ ਦੂਜੇ ਤੋਂ ਅਹੁਦੇ ਖੋਹਣ ਦੀ ਨੀਤੀ ਅਪਣਾਈ ਹੈ ਇਸ ਦਾ ਫਾਇਦਾ ਕੇ. ਪੀ. ਐਸ. ਗਿੱਲ ਨੂੰ ਮਿਲਣ ਦੀ ਸੰਭਾਵਨਾ ਹੈ ਪਰ ਫਿਲਹਾਲ ਸਭ ਦੀਆਂ ਨਜ਼ਰਾਂ 17 ਸਤੰਬਰ ਨੂੰ ਹੋਣ ਵਾਲੀ ਮੀਟਿੰਗ 'ਤੇ ਟਿਕੀਆਂ ਹਨ।

ਸਰਕਾਰ ਜੀ ਸਹੂਲਤਾਂ ਤੋਂ ਬਗੈਰ ਸਾਡੇ ਤੋਂ ਤਗਮਿਆਂ ਦੀ ਆਸ ਨਾ ਰੱਖੋ

ਜਲੰਧਰ, 13 ਸਤੰਬਰ - ਪੰਜਾਬ ਸਕੂਲ ਖੇਡਾਂ ਜੋ 6 ਸਤੰਬਰ ਤੋਂ ਰਾਜ ਦੇ ਵੱਖ-ਵੱਖ ਸ਼ਹਿਰਾਂ 'ਚ ਕਰਵਾਈਆਂ ਜਾ ਰਹੀਆਂ ਹਨ। 2 ਮਹੀਨੇ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿਚ ਅੰਡਰ14-17-19 ਸਾਲ ਦੇ ਲੜਕੇ ਤੇ ਲੜਕੀਆਂ ਦੇ ਵਰਗ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕੋਈ 15 ਹਜ਼ਾਰ ਖਿਡਾਰੀ ਭਾਗ ਲੈਣਗੇ ਪਰ ਢਿੱਡੋਂ ਭੁੱਖੇ, ਖੇਡ ਸਮੱਗਰੀ ਤੋਂ ਵਾਂਝੇ ਚੰਗੇ ਕੋਚਾਂ ਦੀ ਅਗਵਾਈ ਤੋਂ ਸੱਖਣੇ, ਹਨੇਰੀ ਗਲੀ ਦੇ ਪਾਧੀਂ ਪੰਜਾਬ ਦੇ ਸਕੂਲਾਂ ਦੇ ਖਿਡਾਰੀ ਸਾਲ 2008-09 'ਚ ਇਨ੍ਹਾਂ ਖੇਡਾਂ 'ਚ ਨਿਤਨੇਮੀ ਕਾਰਜ ਕਰਨ ਜਾ ਰਹੇ ਹਨ। ਹਰ ਸਾਲ ਦੀ ਤਰ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਉਲੰਪਿਕ 'ਚ ਸੋਨ ਤਗਮੇ ਜਿੱਤਣ ਅਤੇ ਖੇਡਾਂ ਨੂੰ ਭਰਾਤਰੀ ਭਾਵ ਦਾ ਪ੍ਰਤੀਕ ਮੰਨਣ ਦਾ ਸਿਆਸੀ ਪ੍ਰਵਚਨ ਦਿੱਤਾ ਜਾਵੇਗਾ। ਖਿਡਾਰੀਆਂ ਨੂੰ ਪਿਛਲੇ 10 ਸਾਲਾਂ ਤੋਂ ਦਿੱਤੀ ਜਾ ਰਹੀ ਨਿਗੂਣੀ ਖੁਰਾਕ ਰਾਸ਼ੀ 50 ਰੁਪਏ ਵਿਚ ਵਾਧਾ ਕਰਨ, ਨਵੇਂ ਕੋਚ ਭਰਤੀ ਕਰਨ, ਪਿੰਡਾਂ 'ਚ ਖੇਡ ਸਟੇਡੀਅਮ ਉਸਾਰ ਕੇ ਖੇਡ ਸੱਭਿਆਚਾਰ ਪੈਦਾ ਕਰਨ ਦੇ ਫੋਕੇ ਲਾਰੇ ਲਾ ਕੇ ਖਿਡਾਰੀਆਂ ਤੋਂ ਤਾੜੀਆਂ ਮਰਵਾਈਆਂ ਜਾਣਗੀਆਂ। ਅਸਲ ਵਿਚ ਇਸ ਸਿੱਕੇ ਦੇ ਦੂਸਰੇ ਪਹਿਲੂ 'ਤੇ ਝਾਤ ਮਾਰੀਏ ਤਾਂ ਅੱਜ ਤੱਕ ਪੰਜਾਬ ਸਰਕਾਰ ਨੇ ਖਿਡਾਰੀਆਂ ਦੀ ਬਿਹਤਰੀ ਲਈ ਗੋਹੜੇ ਵਿਚੋਂ ਪੂਣੀ ਵੀ ਨਹੀਂ ਕੱਤੀ। ਸਕੂਲਾਂ ਕਾਲਜਾਂ 'ਚ ਖੋਲ੍ਹੇ ਖੇਡ ਵਿੰਗਾਂ ਦੇ ਖਿਡਾਰੀਆਂ ਪਿਛਲੇ ਚਾਰ ਮਹੀਨੀਆਂ ਤੋਂ ਖੇਡ ਸਾਮਾਨ, ਕਿੱਟਾਂ ਹੋਸਟਲਾਂ ਲਈ ਪਾਣੀ, ਬਿਜਲੀ ਅਤੇ ਹੋਰ ਬੁਨਿਆਦੀ ਲੋੜਾਂ ਲਈ ਚੰਡੀਗੜ੍ਹ ਦੇ ਅਧਿਕਾਰੀਆਂ/ਮੰਤਰੀਆਂ ਤਾਂ ਅਜੇ ਤੱਕ ਖੇਡ ਯੋਜਨਾਵਾਂ, ਸਾਮਾਨ ਦੀ ਖਰੀਦ ਅਤੇ ਖਿਡਾਰੀਆਂ ਨੂੰ ਬਣਦੀਆਂ ਸਹੂਲਤਾਂ ਲਈ ਪੰਜਾਬ ਸਕੂਲ ਖੇਡ ਵਿਕਾਸ ਕਮੇਟੀ ਦੇ ਫੈਸਲੇ ਲਾਗੂ ਨਹੀਂ ਕਰ ਸਕੇ। ਕਈ ਸਪੋਰਟਸ ਵਿੰਗ (ਸਕੂਲ) ਚਿੱਟੇ ਹਾਥੀ ਸਾਬਤ ਹੋ ਰਹੇ ਹਨ। ਸਕੂਲਾਂ ਵਿਚ ਦੂਰ ਦੂਰਾਡੇ ਡਿਊਟੀ ਤੋਂ ਬਚਣ ਲਈ ਸਿਫਾਰਸ਼ੀ ਅਧਿਕਾਰੀਆਂ ਨੂੰ ਕੰਮ ਚਲਾਉ ਢੰਗ ਨਾਲ ਨਿਯੁਕਤ ਕਰਕੇ ਸਮੇਂ ਦੇ ਪਹੀਏ ਨੂੰ ਰੇੜ੍ਹਿਆ ਜਾ ਰਿਹਾ ਹੈ। ਅੱਤ ਦੀ ਮਹਿੰਗਾਈ ਵਿਚ ਖਿਡਾਰੀਆਂ ਦੀ ਖੁਰਾਕ ਵਿਚ ਵਾਧਾ ਤਾਂ ਕੀ ਕਰਨਾ ਸੀ ਉਲਟਾ ਠੇਕੇਦਾਰਾਂ ਨੂੰ ਦਿੱਤੀ ਜਾ ਰਹੀ ਖੁਰਾਕ ਰਾਸ਼ੀ ਨੂੰ ਸਗੋਂ ਕਟੌਤੀ ਕਰ ਅਧੀਨ ਲਿਆ ਕੇ ਖਿਡਾਰੀਆਂ ਨੂੰ ਮਿਲਦੀ ਨਿਗੂਣੀ ਖੁਰਾਕ ਵਿਚੋਂ ਹੋਰ ਪਾਣੀ ਪਵਾਉਣਾ ਦੀ ਤਿਆਰੀ ਕਰ ਲਈ ਗਈ ਹੈ। ਪੰਜਾਬ ਖੇਡ ਵਿਭਾਗ ਭਾਵੇ ਖੇਡਾਂ ਦੇ ਵਿਕਾਸ ਲਈ ਵੱਡੇ ਦਾਅਵੇ ਕਰ ਰਿਹਾ ਹੈ ਪਰ 154 ਠੇਕੇ 'ਤੇ ਰੱਖਣ ਵਾਲੇ ਕੋਚਾਂ ਨੂੰ ਨਿਯੁਕਤੀ ਪੱਤਰ ਦੇਣ, ਖੇਡ ਸਾਮਾਨ ਖਿਡਾਰੀਆਂ ਤੱਕ ਪਹੁੰਚਣ ਵਿਚ ਫਾਡੀ ਰਹਿਣ ਕਰਕੇ ਖੇਡ ਪ੍ਰੇਮੀਆਂ ਦੀ ਆਲੋਚਨਾ ਦਾ ਸ਼ਿਕਾਰ ਹੋ ਰਿਹਾ ਹੈ। ਖੇਡਾਂ ਵਿਚ ਸਿਰਮੌਰ ਪੰਜਾਬ ਦੀ 2 ਕਰੋੜ ਤੋਂ ਵੱਧ ਆਬਾਦੀ ਵਿਚ ਸਿਰਫ਼ ਵੱਖ-ਵੱਖ ਖੇਡਾਂ ਵਿਚ 3500 ਖਿਡਾਰੀਆਂ ਨੂੰ ਸਿਖਲਾਈ ਦੇਣ ਵਾਲੇ ਕਾਰਜ ਨੂੰ ਵੱਡੀ ਪ੍ਰਾਪਤੀ ਮੰਨਦਾ ਹੈ। ਖੇਡ ਵਿਭਾਗ ਤੇ ਸਿੱਖਿਆ ਦੇ ਆਪਸੀ ਤਾਲਮੇਲ ਦੀ ਘਾਟ ਦਾ ਖਮਿਆਜ਼ਾ ਖਿਡਾਰੀ ਭੁਗਤ ਰਹੇ ਹਨ। ਇਧਰ ਸਕੂਲਾਂ ਦੇ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਚੱਲ ਰਹੇ ਹਨ। ਉਧਰ ਪੰਜਾਬ ਖੇਡ ਵਿਭਾਗ ਨੇ ਪੇਡੂ ਖੇਡਾਂ ਕਰਵਾਉਣ 'ਤੇ ਜ਼ੋਰ ਲਾ ਦਿੱਤਾ ਹੈ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਪਾਤੜਾਂ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਸਹੂਲਤ ਦੇਣ ਦੀ ਬਜਾਏ ਸਿਆਸੀ ਬਿਆਨ ਦੇ ਕੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੇ ਰਸਤੇ 'ਤੇ ਪਈ ਹੋਈ ਹੈ। ਇਸੇ ਕੜੀ ਵਜੋਂ ਖਿਡਾਰੀਆਂ ਨੂੰ ਮਿਲਣ ਵਾਲੇ ਇਨਾਮ, ਵਜ਼ੀਫੇ, ਖੁਰਾਕ ਭੱਤਾ, ਖੇਡ ਸਾਮਾਨ ਅਤੇ ਵਧੀਆ ਕੋਚਾਂ ਦੀ ਭਰਤੀ ਲਈ ਕਾਰਜ ਦੇ ਪ੍ਰਚਾਰ ਲਈ ਢੁਕਵੇਂ ਮੌਕੇ ਦੀ ਤਲਾਸ਼ ਵਿਚ ਹੈ ਜਿਸ ਮੌਕੇ ਵੱਡਾ ਇਕੱਠ ਕਰਕੇ ਆਪਣੇ ਆਪ ਨੂੰ ਖੇਡਾਂ ਦਾ ਮਸੀਹਾ ਸਾਬਤ ਕਰ ਸਕੇ। ਉਨ੍ਹਾਂ ਮੰਗ ਕੀਤੀ ਹੈ ਕਿ ਸਕੂਲੀ ਖਿਡਾਰੀਆਂ ਦੀ ਖੁਰਾਕ, ਵਜ਼ੀਫੇ, ਨੌਕਰੀਆਂ ਅਤੇ ਉੱਚ ਪੱਧਰ ਦੀ ਵਿੱਦਿਆ ਲਈ ਦਾਖ਼ਲੇ ਦੇ ਕੋਟੇ 'ਚ ਵਾਧਾ ਤੁਰੰਤ ਕੀਤਾ ਜਾਵੇ। ਖੇਡ ਐਸੋਸੀਏਸ਼ਨ ਨੂੰ ਚੋਣ ਮਨੋਰਥ ਪੱਤਰ ਅਨੁਸਾਰ ਇਕ ਲੱਖ ਰੁਪਏ, ਖੇਡ ਕਲੱਬ ਨੂੰ 50 ਹਜ਼ਾਰ ਰੁਪਏ, ਖਿਡਾਰੀਆਂ ਦੀ ਖੁਰਾਕ ਰਾਸ਼ੀ 100 ਰੁਪਏ, ਕੋਚਾਂ ਦੀ ਰੈਗੂਲਰ ਭਰਤੀ ਤੇ ਪੰਜਾਬ ਖੇਡਾਂ ਦੁਬਾਰਾ ਸ਼ੁਰੂ ਕਰਨ ਦੀ ਮੰਗ ਕੀਤੀ ਹੈ।

ਪੰਜਾਬ ਹਾਕੀ ਲੀਗ
ਜਰਖੜ ਅਕੈਡਮੀ ਨੇ ਸੰਗਰੂਰ ਨੂੰ 12-0 ਨਾਲ ਹਰਾਇਆ

ਲੁਧਿਆਣਾ, 13 ਸਤੰਬਰ - ਪੰਜਾਬ ਖੇਡ ਵਿਭਾਗ ਵੱਲੋਂ ਪਦਮ ਸ੍ਰੀ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਲੁਧਿਆਣਾ ਵਿਖੇ ਰਾਜ ਪੱਧਰੀ ਅੰਡਰ 14 ਅਤੇ ਅੰਡਰ 16 ਹਾਕੀ ਲੀਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਦੇ ਦੂਜੇ ਗੇੜ ਦੇ ਮੈਚਾਂ ਵਿਚ ਅੰਡਰ 16 ਵਰਗ ਵਿਚ ਜਰਖੜ ਅਕੈਡਮੀ, ਅਮਲੋਹ, ਸੰਗਰੂਰ ਅਤੇ ਮੋਹਾਲੀ ਨੇ ਆਪੋ ਆਪਣੇ ਮੈਚ ਜਿੱਤੇ। ਇਸ ਵਿਚ ਅੰਡਰ 16 ਦੇ ਪਹਿਲੇ ਮੈਚ ਵਿਚ ਜਰਖੜ ਅਕੈਡਮੀ ਨੇ ਸੰਗਰੂਰ ਨੂੰ 12-0 ਨਾਲ ਹਰਾਇਆ। ਦੂਸਰੇ ਮੈਚ ਵਿਚ ਅੰਡਰ 14 ਸਾਲ ਵਿਚ ਮੁਹਾਲੀ ਨੇ ਅਮਲੋਹ ਨੂੰ 3-0 ਨਾਲ ਹਰਾਇਆ, ਜਦਕਿ ਤੀਸਰੇ ਮੈਚ ਵਿਚ ਸੰਗਰੂਰ ਨੇ ਫਤਹਿਗੜ੍ਹ ਸਾਹਿਬ ਨੂੰ 4-1 ਨਾਲ ਪਿੱਛੇ ਛਡਿਆ। ਆਖਰੀ ਮੈਚ ਵਿਚ ਅੰਡਰ 16 ਵਰਗ ਵਿਚ ਅਮਲੋਹ ਨੇ ਰੂਮੀ ਨੂੰ 2-1 ਨਾਲ ਹਰਾਇਆ।

ਪੰਜਾਬ ਹਾਕੀ ਲੀਗ, ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ 'ਚ

ਜਲੰਧਰ, 13 ਸਤੰਬਰ - ਪੰਜਾਬ ਹਾਕੀ ਲੀਗ ਜੋ ਕਿ ਪੰਜਾਬ ਖੇਡ ਵਿਭਾਗ ਵੱਲੋਂ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ। ਇਸ ਵਿਚ ਲੜਕੀਆਂ ਦੇ ਸੀਨੀਅਰ ਵਰਗ ਵਿਚ ਭਾਰਤ ਨਗਰ ਲੁਧਿਆਣਾ 'ਏ' ਅਤੇ ਸਪੋਰਟਸ ਵਿੰਗ ਕੈਰੋਂ 'ਬੀ' ਜੇਤੂ ਰਹੀ। ਜੂਨੀਅਰ ਵਰਗ ਵਿਚ ਯੂ ਸੀ ਆਈ ਅਕੈਡਮੀ ਸੂਰਾਨਸੀ 'ਬੀ' ਸਪੋਰਟਸ ਵਿੰਗ ਕੈਰੋਂ 'ਏ' ਅਤੇ ਮੁਕਤਸਰ 'ਏ' ਨੇ ਆਪਣੇ-ਆਪਣੇ ਮੈਚ ਜਿੱਤੇ। ਸੀਨੀਅਰ ਵਰਗ ਦੇ ਪਹਿਲੇ ਮੈਚ ਵਿਚ ਭਾਰਤ ਨਗਰ ਲੁਧਿਆਣਾ 'ਏ' ਨੇ ਅੰਮ੍ਰਿਤਸਰ 'ਬੀ' ਨੂੰ 5-2 ਦੇ ਫਰਕ ਨਾਲ ਹਰਾਇਆ। ਦੂਜੇ ਮੈਚ ਵਿਚ ਸਪੋਰਟਸ ਵਿੰਗ ਕੈਰੋਂ 'ਏ' ਨੇ ਖਾਲਸਾ ਕਾਲਜ ਲੁਧਿਆਣਾ 'ਬੀ' ਨੂੰ 8-0 ਨਾਲ ਹਰਾ ਦਿੱਤਾ। ਜੂਨੀਅਰ ਵਰਗ ਵਿਚ ਯੂ ਸੀ ਆਈ ਅਕੈਡਮੀ ਸੂਰਾਨਸੀ 'ਬੀ' ਨੇ ਮੁਕਤਸਰ 'ਬੀ' ਨੂੰ 7-0 ਨਾਲ ਹਰਾਇਆ। ਦੂਜੇ ਮੈਚ ਵਿਚ ਸਪੋਰਟਸ ਵਿੰਗ ਕੈਰੋਂ 'ਏ' ਨੇ ਸੰਤ ਸਰ ਸਕੂਲ ਬੁਤਾਲਾ ਨੂੰ 4-0 ਨਾਲ ਹਰਾਇਆ। ਤੀਜੇ ਮੈਚ ਵਿਚ ਮੁਕਤਸਰ 'ਏ' ਨੇ ਐਸ ਡੀ ਫੁਲਰਵਾਨ ਜਲੰਧਰ ਨੂੰ 4-0 ਨਾਲ ਹਰਾ ਦਿੱਤਾ। ਲੜਕਿਆਂ ਦੇ ਵਰਗ ਵਿਚ ਮਿੱਠਾਪੁਰ ਨੇ ਕਪੂਰਥਲਾ ਨੂੰ 3-2 ਨਾਲ ਹਰਾਇਆ, ਜਦਕਿ ਚਾਨੀਆਂ ਨੇ ਖੁਸਰੋਪੁਰ ਨੂੰ 2-1 ਨਾਲ, ਸਮਰਾਏ ਜੰਡਿਆਲਾ ਨੇ ਚਾਨੀਆਂ ਨੂੰ 3-2 ਨਾਲ ਹਰਾਇਆ। ਸਮਰਾਏ ਜੰਡਿਆਲਾ ਅਤੇ ਖਾਂਬੜਾ ਵਿਚਕਾਰ ਖੇਡਿਆ ਗਿਆ ਮੈਚ ਬਿਨਾਂ ਕਿਸੇ ਗੋਲ ਦੇ ਬਰਾਬਰ ਰਿਹਾ।

27 ਵੀ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ

ਹੰਡਿਆਇਆ, ਬਰਨਾਲਾ, 13 ਸਤੰਬਰ : 27 ਵੀਆਂ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ 4 ਤੋਂ 7 ਅਕਤੂਬਰ ਤੱਕ ਦਿੱਲੀ ਵਿਖੇ ਹੋਵੇਗੀ। ਪੰਜਾਬ ਦੇ ਦੋਵੇਂ ਵਰਗਾਂ ਦੀਆਂ ਟੀਮਾਂ ਮਰਦ ਤੇ ਔਰਤਾਂ ਲਈ ਖਿਡਾਰੀਆਂ ਦੀ ਚੋਣ ਵਾਸਤੇ 14 ਸਤੰਬਰ ਨੂੰ ਐਸ. ਡੀ. ਕਾਲਜ ਬਰਨਾਲਾ ਵਿਖੇ ਟ੍ਰਾਇਲ ਲਏ ਜਾਣਗੇ। ਖਿਡਾਰੀਆਂ ਦਾ ਕੋਚਿੰਗ ਕੈਂਪ 20 ਸਤੰਬਰ ਤੋਂ 2 ਅਕਤੂਬਰ ਤੱਕ ਐਸ. ਡੀ. ਕਾਲਜ ਬਰਨਾਲਾ ਦੇ ਗਰਾਊਂਡ ਵਿਚ ਹੋਵੇਗਾ। 3 ਅਕਤੂਬਰ ਨੂੰ ਪੰਜਾਬ ਟੀਮ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਦਿੱਲੀ ਨੂੰ ਜਾਵੇਗੀ।

ਬੇਗੋਵਾਲ ਦੀ ਕਬੱਡੀ ਟੀਮ 'ਵਰਸਿਟੀ ਚੈਂਪੀਅਨ ਬਣੀ

ਬੇਗੋਵਾਲ, 12 ਸਤੰਬਰ - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਖੇਡਾਂ 'ਚ ਬੇਗੋਵਾਲ ਦੇ ਗੁਰੂ ਨਾਨਕ ਪ੍ਰੇਮ ਸਿੰਘ ਖਾਲਸਾ ਕਾਲਜ ਦੀ ਕਬੱਡੀ ਟੀਮ ਨੇ ਵਧੀਆ ਕਾਰਗੁਜ਼ਾਰੀ ਕਰਦਿਆਂ ਯੂਨੀਵਰਸਿਟੀ ਚੈਂਪੀਅਨ ਬਣ ਗਈ ਹੈ। ਯੂਨੀਵਰਸਿਟੀ ਕੈਂਪਸ 'ਚ ਇਸ ਟੀਮ ਨੇ ਪੰਜਾਬ ਸਟਾਈਲ ਕਬੱਡੀ ਮੁਕਾਬਲੇ 'ਚ ਗੁਰੂ ਨਾਨਕ ਕਾਲਜ ਬਟਾਲਾ ਨੂੰ 47 ਦੇ ਮੁਕਾਬਲੇ 28 ਅੰਕਾਂ ਨਾਲ ਹਰਾਇਆ। ਇਸ ਵਿਚ ਕਬੱਡੀ ਕੋਚ ਨਵਜਿੰਦਰ ਸਿੰਘ ਬੱਗਾ ਨਡਾਲਾ, ਅੰਤਰਰਾਸ਼ਟਰੀ ਕਬੱਡੀ ਹੀਰਾ ਲਵੀ ਨਡਾਲਾ ਨੇ ਸਭ ਤੋਂ ਵੱਧ ਯੋਗਦਾਨ ਪਾਇਆ, ਸਾਰੇ ਲੀਗ ਮੈਚਾਂ ਦੌਰਾਨ ਟੀਮ ਦੇ ਮੈਂਬਰ ਪ੍ਰਦੀਪ, ਗੁਰਜੀਤ, ਅਮਨ, ਲੰਬੜ, ਵਰਿੰਦਰ, ਜਸਵਿੰਦਰ, ਪੱਪਾ, ਹੀਰਾ, ਹੈਪੀ, ਸਤਨਾਮ, ਸੋਨੂੰ, ਕੰਮਾ, ਗਗਨ, ਜੱਗੂ, ਸਤਵਿੰਦਰ ਆਦਿ ਨੇ ਉੱਚ ਕੋਟੀ ਦੀ ਖੇਡ ਦਾ ਪ੍ਰਦਰਸ਼ਨ ਕਰਕੇ ਯੂਨੀਵਰਸਿਟੀ ਕਬੱਡੀ ਕੱਪ 'ਤੇ ਆਪਣਾ ਕਬਜਾ ਕੀਤਾ।

55 ਵੀਂ ਸੀਨੀਅਰ ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਸਮਾਪਤ

ਬਠਿੰਡਾ, 12 ਸਤੰਬਰ - 55ਵੀਂ ਸੀਨੀਅਰ ਕੌਮੀ ਮੁੱਕੇਬਾਜ਼ੀ 6 ਸਤੰਬਰ ਤੋਂ 12 ਸਤੰਬਰ ਤੱਕ ਬਠਿੰਡਾ ਵਿਖੇ ਕਰਵਾਈ ਗਈ। ਜਿਸ ਵਿਚ 11 ਸਤੰਬਰ ਨੂੰ ਗਿਆਰਾਂ ਭਾਰ ਵਰਗਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਇਸ ਦੀ ਸ਼ੁਰੂਆਤ ਫੌਜ ਦੇ ਮੁੱਕੇਬਾਜ਼ ਸੁਰੰਜੇ ਸਿੰਘ ਅਤੇ ਝਾਰ ਖੰਡ ਦੇ ਹੇਮੰਤ ਕੁਮਾਰ ਦੇ ਵਿਚਕਾਰ ਹੋਏ ਮੁਕਾਬਲੇ ਨਾਲ ਹੋਈ। ਸੁਰੰਜੇ ਸਿੰਘ ਨੇ 19-9 ਦੇ ਵੱਡੇ ਫਰਕ ਨਾਲ ਚੈਂਪੀਅਨਸ਼ਿਪ ਦਾ ਪਹਿਲਾ ਸੋਨ ਤਗਮਾ ਜਿੱਤਿਆ। ਫਲਾਈ ਵੇਟ ਦੇ ਇਸ ਮੁਕਾਬਲੇ ਦਾ ਚਾਂਦੀ ਦਾ ਤਗਮਾ ਹੇਮੰਤ ਕੁਮਾਰ, ਝਾਰਖੰਡ ਅਤੇ ਕਾਂਸੀ ਦਾ ਤਮਗਾ ਅਸ਼ਵਨੀ ਸ਼ਰਮਾ, ਆਲ ਇੰਡੀਆ ਪੁਲਿਸ ਅਤੇ ਮੁਕੇਸ਼ ਕੁਮਾਰ ਰੇਲਵੇ ਨੂੰ ਗਏ। ਦੂਜੇ ਮੁਕਾਬਲੇ ਵਿਚ ਸੀ.ਆਈ.ਐਸ.ਐਫ ਦੇ ਸੁਰੇਸ਼ ਕੁਮਾਰ ਨੇ ਮੇਘਾਲਿਆ ਦੇ ਟੋਰਕ ਖਰੱਪਰਨ ਨੂੰ 23-22 ਨਾਲ ਹਰਾ ਕੇ ਸੋਨ, ਆਲ ਇੰਡੀਆ ਪੁਲਿਸ ਦੇ ਐਸ. ਕੇ.ਥਾਪਾ ਅਤੇ ਆਂਧਰਾ ਪ੍ਰਦੇਸ਼ ਦੇ ਐਨ. ਸੰਤੋਸ਼ ਕੁਮਾਰ ਨੂੰ ਕਾਂਸੀ ਦੇ ਤਗਮੇ ਮਿਲੇ। ਤੀਜੇ ਮੁਕਾਬਲੇ ਵਿਚ ਫੌਜ ਦੇਛੋਟੇ ਲਾਲ ਯਾਦਵ ਨੇ ਮਹਾਰਾਸ਼ਟਰ ਦੇ ਮਨੋਜ ਬਾਪੂ ਪਗਾਰੇ ਨੂੰ 25-8 ਨਾਲ ਹਰਾ ਕੇ ਸੋਨ, ਕਾਂਸੀ ਦੇ ਤਗਮੇ ਮਿਜ਼ੋਰਮ ਦੇ ਪੀ. ਸੀ. ਛੁਆਨਵਾਵਰਾ ਅਤੇ ਦਿੱਲੀ ਦੇ ਅਕਸ਼ੈ ਕੁਮਾਰ ਨੂੰ ਮਿਲੇ। ਲਾਈਟ ਵੈਲਟਰ ਵਿਚ ਰੇਲਵੇ ਦੇ ਮਨੋਜ ਕੁਮਾਰ ਨੇ ਮੇਘਾਲਿਆ ਦੇ ਵਿਜੇ ਥਾਪੇ ਨੂੰ 15-4 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਕਾਂਸੀ ਦੇ ਤਗਮੇ ਅਰੁਨਾਚਲ ਪ੍ਰਦੇਸ਼ ਦੇ ਐਸ.ਬੀ. ਤਮੰਗ ਅਤੇ ਪ੍ਰੇਮ ਕੁਮਾਰ ਕਰਨਾਟਕ ਨੂੰ ਮਿਲੇ। ਵੈਲਟਰ ਵੇਟ ਵਿਚ ਰੇਲਵੇ ਨੇ ਫੌਜ ਦੇ ਜੈ ਸਿੰਘ ਪਾਟਿਲ ਨੂੰ 16-4 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਕਾਂਸੀ ਦੇ ਤਗਮੇ ਆਲ ਇੰਡੀਆ ਪੁਲਿਸ ਦੇ ਜਗਤ ਅਤੇ ਕਰਨਾਟਕ ਦੇ ਵੈਂਕਟੇਸ਼ ਨੂੰ ਮਿਲਿਆ। ਲਾਈਟ ਹੈਵੀਵੇਟ ਮੁਕਾਬਲਾ ਫੌਜ ਦੇ ਮਹਿੰਦਰ ਥਾਪਾ ਅਤੇ ਰੇਲਵੇ ਦੇ ਜਸਵੀਰ ਵਿਚਕਾਰ ਹੋਇਆ ਜੋ 16-14 ਨਾਲ ਜਸਵੀਰ ਨੇ ਜਿੱਤਿਆ। ਸੁਨੀਲ ਓਲਾ ਮੱਧ ਪ੍ਰਦੇਸ਼ ਅਤੇ ਪ੍ਰਮਿੰਦਰ ਸਿੰਘ ਪੰਜਾਬ ਨੂੰ ਕਾਂਸੀ ਦੇ ਤਗਮੇ ਮਿਲੇ। ਹੈਵੀਵੇਟ ਵਿਚ ਫੌਜ ਦਾ ਮਨਪ੍ਰੀਤ 21-5 ਨਾਲ ਸੋਨ ਤਗਮਾ ਜਿੱਤਣ ਵਿਚ ਕਾਮਯਾਬ ਰਿਹਾ, ਕਾਂਸੀ ਦੇ ਤਗਮੇ ਵਿਨੋਦ ਕੁਮਾਰ ਮੀਜ਼ੋਰਮ ਤੇ ਅਮਨਦੀਪ ਸਿੰਘ ਝਾਰਖੰਡ ਨੂੰ ਮਿਲੇ। ਲਾਈਟ ਵੈਲਟਰ ਵੇਟ ਦਾ ਫਾਈਨਲ ਪੰਜਾਬ ਦੇ ਅਮਨਦੀਪ ਸਿੰਘ ਅਤੇ ਫੌਜ ਦੇ ਰਾਕੇਸ਼ ਕਾਲਸਕਰ 'ਚ ਹੋਇਆ। ਜੋ ਅਮਨਦੀਪ ਨੇ 29-24 ਨਾਲ ਜਿੱਤ ਕੇ ਪੰਜਾਬ ਦੀ ਝੋਲੀ ਵਿਚ ਪਹਿਲਾ ਸੋਨ ਤਗਮਾ ਪਾਇਆ। ਕਾਂਸੀ ਦੇ ਤਗਮੇ ਦਿੱਲੀ ਦੇ ਸੰਜੇ ਟੈਕਸ ਅਤੇ ਰੇਲਵੇ ਦੇ ਵਿਕੇਸ਼ ਮਲਿਕ ਨੂੰ ਮਿਲੇ। ਸੁਪਰ ਹੈਵੀ ਵਿਚ ਰੇਲਵੇ ਦੇ ਪਰਮਜੀਤ ਨੇ ਹਰਿਆਣੇ ਦੇ ਅਰੁਨ ਕੁਮਾਰ ਨੂੰ 26-11 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਪੰਜਾਬ ਦੇ ਰਾਮ ਸਿੰਘ ਅਤੇ ਬੰਗਾਲ ਦੇ ਰਾਜਿੰਦਰਪਾਲ ਸਿੰਘ ਨੂੰ ਕਾਂਸੀ ਤਗਮੇ ਮਿਲੇ। ਮਿਡਲ ਵੇਟ ਦਾ ਫਾਈਨਲ ਪੰਜਾਬ ਦੇ ਕੁਲਦੀਪ ਸਿੰਘ ਅਤੇ ਹਰਿਆਣਾ ਦੇ ਮਨਜੀਤ ਵਿਚਕਾਰ ਹੋਇਆ 'ਚ 21-15 ਨਾਲ ਜਿੱਤ ਪ੍ਰਾਪਤ ਕਰਕੇ ਕੁਲਦੀਪ ਪੰਜਾਬ ਲਈ ਦੂਜਾ ਸੋਨ ਤਮਗਾ ਜਿੱਤਣ ਵਿਚ ਕਾਮਯਾਬ ਰਿਹਾ। ਕਾਂਸੀ ਦੇ ਤਗਮੇ ਰੇਲਵੇ ਦੇ ਜੀ.ਥਿਆਗਾਗਤਾਨ ਅਤੇ ਝਾਰਖੰਡ ਦੇ ਪਰਮਿੰਦਰ ਨੂੰ ਮਿਲੇ। ਆਖਰੀ ਮੁਕਾਬਲਾ ਰੇਲਵੇ ਦੇ ਮਨੱਵਰ ਹੁਸੈਨ ਅਤੇ ਪੰਜਾਬ ਦੇ ਅਮਨਦੀਪ ਵਿਚਕਾਰ ਹੋਇਆ। ਦੋਵਾਂ ਦੇ 7-7 ਨਾਲ ਬਰਾਬਰ ਰਹਿਣ ਪਿਛੋਂ ਅੰਪਾਇਰਾਂ ਨੇ ਅਮਨਦੀਪ ਨੂੰ ਜੇਤੂ ਕਰਾਰ ਦੇ ਦਿੱਤਾ ਤੇ ਸੋਨ ਦੇ ਤਗਮਾ ਪੰਜਾਬ ਦਾ ਝੋਲੀ ਪਾ ਦਿੱਤਾ। ਕਾਂਸੀ ਦੇ ਤਗਮੇ ਉਤਰਾਂਚਲ ਪ੍ਰਦੇਸ਼ ਦੇ ਵਿਪਨ ਕੁਮਾਰ ਅਤੇ ਫੌਜ ਦੇ ਸੰਜੇ ਕੈਲਟੇ ਨੂੰ ਗਏ। ਸਮੁੱਚੀ ਟਰਾਫ਼ੀ ਰੇਲਵੇ ਨੇ 4 ਸੋਨੇ, 2 ਚਾਂਦੀ ਅਤੇ 2 ਕਾਂਸੀ ਦੇ ਤਗਮਿਆਂ ਨਾਲ ਚੈਂਪੀਅਨਸ਼ਿਪ ਜਿੱਤੀ। ਏਸ਼ਿਆਈ ਸਿਲਵਰ ਮੈਡਲ ਜੇਤੂ ਓਮ ਪ੍ਰਕਾਸ਼, ਗੁਰਵਿੰਦਰਪਾਲ ਸਿੰਘ ਨੂੰ ਇਕ-ਇਕ ਲੱਖ ਰੁਪਏ ਦੇ ਕੇ ਸਨਮਾਨਿਆ ਗਿਆ। ਉਥੇ ਸੂਬਾਈ ਤੋਂ ਪੁੱਜੇ ਫਿਲਮ ਐਕਟਰ ਅਤੇ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਦੇ ਬ੍ਰਾਂਡ ਅੰਬੈਸਡਰ ਸੰਜੇ ਦੱਤ ਨੇ ਦਰਸ਼ਕਾਂ ਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਫੈਡਰੇਸ਼ਨ ਦੇ ਬ੍ਰਾਂਡ ਅੰਬੈਸਡਰ ਇਸ ਕਰਕੇ ਬਣੇ ਹਨ ਤਾਂ ਕਿ ਲੰਡਨ ਉਲੰਪਿਕਸ ਵਿਚੋਂ ਸਾਡੇ ਮੁੱਕੇਬਾਜ਼ ਸੋਨ ਤਗਮਾ ਜਿੱਤ ਕੇ ਲਿਆ ਸਕਣ। ਡਿਪਟੀ ਕਮਿਸ਼ਨਰ ਬਠਿੰਡਾ/ਚੇਅਰਮੈਨ ਪ੍ਰਬੰਧਕੀ ਕਮੇਟੀ ਨੇ ਸ: ਬਾਦਲ, ਸੰਜੇ ਦੱਤ, ਚੌਟਾਲਾ, ਮਜੀਠੀਆ ਤੇ ਹੋਰ ਮਹਿਮਾਨਾਂ ਤੇ ਖਿਡਾਰੀਆਂ ਨੂੰ ਜੀ ਆਇਆਂ ਕਿਹਾ।

ਹਾਕੀ ਐਡਹਾਕ ਕਮੇਟੀ 'ਚ ਫੇਰ ਬਦਲ, ਮੈਂਬਰ ਅਸਲਮ ਸ਼ੇਰ ਖਾਂ ਵੱਲੋਂ ਅਸਤੀਫ਼ੇ ਦੀ ਚਰਚਾ

ਪਟਿਆਲਾ, 12 ਸਤੰਬਰ - ਐਡਹਾਕ ਕਮੇਟੀ 'ਚ ਵੱਡੀ ਹਿਲਜੁਲ ਹੋਣ ਦੀ ਖ਼ਬਰ ਹੈ। ਇਸ ਕਮੇਟੀ ਦੇ ਸੀਨੀਅਰ ਮੈਂਬਰਾਂ 'ਚੋਂ ਇਕ ਮੁਹੰਮਦ ਅਸਲਮ ਸ਼ੇਰ ਖਾਂ ਦੇ ਅਸਤੀਫਾ ਦੇਣ ਦੀ ਚਰਚਾ ਹਾਕੀ ਹਲਕਿਆਂ 'ਚ ਪੂਰੀ ਗਰਮ ਹੈ। ਜਨਾਬ ਅਸਲਮ ਨੇ ਆਪਣੀ ਪੁੱਛ ਪ੍ਰਤੀਤ ਕੁਝ ਘਟਣ ਨੂੰ ਆਧਾਰ ਬਣਾ ਕੇ ਇਹ ਕਦਮ ਉਠਾਇਆ ਹੈ। ਜਨਾਬ ਅਸਲਮ ਇਸ ਗੱਲ ਤੋਂ ਗੁੱਸੇ ਹਨ ਕਿ ਐਡਹਾਕ ਕਮੇਟੀ ਦੇ ਚੇਅਰਮੈਨ ਸੁਰੇਸ਼ ਕਲਮਾਡੀ ਵੱਲੋਂ ਕਈ ਅਹਿਮ ਫੈਸਲੇ ਲੈਣ ਵੇਲੇ ਨਜ਼ਰ-ਅੰਦਾਜ਼ ਕੀਤਾ ਗਿਆ। ਜਨਾਬ ਅਸਲਮ ਨੂੰ ਪਹਿਲਾਂ ਐਡਹਾਕ ਕਮੇਟੀ ਵਿਚ ਸ਼ਾਮਿਲ ਮੈਂਬਰਾਂ 'ਤੇ ਆਧਾਰਿਤ ਕੌਮੀ ਟੀਮ ਦੀ ਚੋਣ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਪਰ ਕੁਝ ਸਮੇਂ ਬਾਅਦ ਸ: ਅਜੀਤਪਾਲ ਸਿੰਘ ਨੂੰ ਉਨ੍ਹਾਂ ਦੀ ਥਾਂ 'ਤੇ ਚੇਅਰਮੈਨ ਬਣਾ ਦਿੱਤਾ ਗਿਆ ਸੀ। ਇਸ ਫੇਰਬਦਲ ਵੇਲੇ ਜਨਾਬ ਅਸਲਮ ਨੇ ਭਾਵੇਂ ਕੋਈ ਵੀ ਪ੍ਰਤੀਕਰਮ ਪ੍ਰਗਟ ਨਹੀਂ ਕੀਤਾ ਸੀ ਪਰ ਉਨ੍ਹਾਂ ਦੀ ਚੁੱਪ ਇਸ ਫੇਰਬਦਲ ਖ਼ਿਲਾਫ਼ ਜਾਪਦੀ ਸੀ।

ਅੜੈਚਾ ਦਾ ਖੇਡ ਮੇਲਾ

ਦੋਰਾਹਾ, 12 ਸਤੰਬਰ - ਤਿੰਨ ਰੋਜ਼ਾ ਖੇਡ ਦਸ਼ਮੇਸ਼ ਸਪੋਰਟਸ ਕਲੱਬ ਪਿੰਡ ਅੜੈਚਾ ਵੱਲੋਂ ਕਰਵਾਇਆ ਗਿਆ। ਟੂਰਨਾਮੈਂਟ ਦੌਰਾਨ ਕਬੱਡੀ, ਬਜ਼ੁਰਗਾਂ ਦੀ ਦੌੜ ਅਤੇ ਤਾਸ਼ ਸੀਪ ਦੇ ਮੁਕਾਬਲੇ ਕਰਵਾਏ। ਅੰਤਿਮ ਦਿਨ ਕਬੱਡੀ 62 ਕਿਲੋ ਅਤੇ ਇਕ ਪਿੰਡ ਓਪਨ ਦੇ ਮੁਕਾਬਲੇ ਹੋਏ। ਕਬੱਡੀ 62 ਕਿਲੋ 'ਚ 31 ਟੀਮਾਂ ਸ਼ਾਮਿਲ ਹੋਈਆਂ। ਜਿਸ 'ਚ ਅੜੈਚਾਂ ਜੇਤੂ ਰਹੀ ਅਤੇ ਢੱਟ ਦੀ ਟੀਮ ਉਪ ਜੇਤੂ ਰਹੀ। ਜਦਕਿ ਇਕ ਪਿੰਡ ਓਪਨ ਲਈ 42 ਟੀਮਾਂ ਨੇ ਹਿੱਸਾ ਲਿਆ, ਜਿਸ ਵਿਚ ਜਰਗੜੀ ਗਿੱਲ ਅਤੇ ਜਲਾਲਦੀਵਾਲ ਦੀ ਟੀਮ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ।

ਹਾਕੀ ਦੀ ਨਵੀਂ ਵਿਸ਼ਵ ਦਰਜਾਬੰਦੀ

ਪਟਿਆਲਾ, 11 ਸਤੰਬਰ - ਬੀਜਿੰਗ ਉਲੰਪਿਕ 'ਚ ਕਈ ਦੇਸ਼ਾਂ ਵੱਲੋਂ ਕੀਤੇ ਗਏ ਵਧੀਆ ਪ੍ਰਦਰਸ਼ਨ ਸਦਕਾ ਵਿਸ਼ਵ ਹਾਕੀ ਦਰਜਾਬੰਦੀ 'ਚ ਕਈ ਉਲਟ ਫੇਰ ਹੋਏ। ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ਜਾਰੀ ਕੀਤੀ ਗਈ ਨਵੀਂ ਦਰਜਾਬੰਦੀ ਮੁਤਾਬਿਕ ਜਰਮਨੀ ਪਹਿਲੇ ਨੰਬਰ 'ਤੇ ਅਤੇ ਭਾਰਤ ਨੌਵੇਂ ਸਥਾਨ ਤੋਂ ਗਿਆਰਵੇਂ ਸਥਾਨ 'ਤੇ ਪਹੁੰਚ ਗਿਆ। ਉਧਰ ਮਹਿਲਾ ਵਰਗ 'ਚ ਹਾਲੈਂਡ ਨੇ ਬੀਜਿੰਗ ਉਲੰਪਿਕ 'ਚ ਸੋਨ ਤਗਮਾ ਜਿੱਤ ਕੇ ਆਪਣੀ ਵਧੀਆ ਟੌਹਰ ਬਣਾਈ। ਪੁਰਸ਼ ਵਰਗ 'ਚ ਬੀਜਿੰਗ ਉਲੰਪਿਕ 'ਚ ਜਰਮਨੀ ਦੀ ਟੀਮ ਨੇ ਸੋਨ ਤਗਮਾ ਜਿੱਤ ਕੇ ਪਹਿਲਾ ਦਰਜਾ ਹਾਸਲ ਕੀਤਾ ਅਤੇ ਆਸਟਰੇਲੀਆ ਨੂੰ ਦੂਜੇ ਦਰਜੇ 'ਤੇ ਹੀ ਸਬਰ ਕਰਨਾ ਪਿਆ। ਬੀਜਿੰਗ ਉਲੰਪਿਕ 'ਚ ਸਪੇਨ ਨੇ ਚਾਂਦੀ ਦਾ ਤਗਮਾ ਕੇ ਚੌਥੇ ਦਰਜੇ ਤੋਂ ਤੀਜੇ ਨੰਬਰ 'ਤੇ ਪੁੱਜਣ ਦਾ ਮਾਣ ਹਾਸਲ ਕੀਤਾ। ਹਾਲੈਂਡ ਤੀਜੇ ਦਰਜੇ ਤੋਂ ਚੌਥੇ ਸਥਾਨ 'ਤੇ ਖਿਸਕ ਗਿਆ ਹੈ। ਦੱਖਣੀ ਕੋਰੀਆ ਨੇ ਆਪਣੀ ਪੰਜਵੀਂ ਪੁਜ਼ੀਸ਼ਨ ਕਾਇਮ ਰੱਖੀ ਹੋਈ ਹੈ।

ਪੰਜਾਬ ਖੇਡ ਵਿਭਾਗ ਵਲੋਂ ਚਾਰ ਮੁਲਕਾਂ ਦਾ ਹਾਕੀ ਟੂਰਨਾਮੈਂਟ 2009 ਵਿਚ ਫਰਵਰੀ 'ਚ

ਲੁਧਿਆਣਾ, 11 ਸਤੰਬਰ - ਪੰਜਾਬ ਖੇਡ ਵਿਭਾਗ ਵਲੋਂ ਇਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ ਜਿਸ ਵਿਚ ਇਨ੍ਹਾਂ ਵਲੋਂ ਅਗਲੇ ਸਾਲ ਫਰਵਰੀ ਮਹੀਨੇ ਦੇ ਸ਼ੁਰੂ ਵਿਚ ਚਾਰ ਮੁਲਕਾਂ ਦਾ ਅੰਤਰ ਰਾਸ਼ਟਰੀ ਹਾਕੀ ਟੂਰਨਾਮੈਂਟ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜੇਕਰ ਇਹ ਚਾਰ ਮੁਲਕਾਂ ਦਾ ਹਾਕੀ ਟੂਰਨਾਮੈਂਟ ਪੰਜਾਬ ਵਿਚ ਹੋ ਜਾਂਦਾ ਹੈ, ਤਾਂ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਪੰਜਾਬ ਅੰਤਰ ਰਾਸ਼ਟਰੀ ਹਾਕੀ ਨਕਸ਼ੇ 'ਤੇ ਆਪਣੀ ਪਹਿਚਾਣ ਬਣਾਏਗਾ। ਇਸ ਟੂਰਨਾਮੈਂਟ ਵਿਚ ਉਲੰਪਿਕ ਚੈਂਪੀਅਨ ਜਰਮਨੀ, ਹਾਲੈਂਡ, ਪਾਕਿਸਤਾਨ ਅਤੇ ਭਾਰਤ ਦੀਆਂ ਟੀਮਾਂ ਭਾਗ ਲੈਣਗੀਆਂ। ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਪ੍ਰਗਟ ਸਿੰਘ ਨੇ ਦੱਸਿਆ ਕਿ ਉਕਤ ਚਾਰੇ ਟੀਮਾਂ ਨੂੰ ਸੱਦਾ ਪੱਤਰ ਭੇਜ ਦਿੱਤਾ ਗਿਆ ਹੈ। ਇਹ ਟੂਰਨਾਮੈਂਟ ਦਾ ਪਹਿਲਾ ਭਾਗ ਜਲੰਧਰ ਦੇ ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਬਲਟਨ ਪਾਰਕ ਵਿਖੇ ਖੇਡਿਆ ਜਾਵੇਗਾ, ਜਦਕਿ ਦੂਸਰਾ ਭਾਗ 42 ਸੈਕਟਰ ਚੰਡੀਗੜ੍ਹ ਵਿਖੇ ਖੇਡਿਆ ਜਾਵੇਗਾ। ਕੁੱਲ 14 ਮੈਚ ਹੋਣਗੇ ਤੇ ਸਾਰੇ ਮੈਚ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਕਰਵਾਏ ਜਾਣਗੇ। ਇਸ ਟੂਰਨਾਮੈਂਟ ਵਿਚ ਇਕ ਲੱਖ ਅਮਰੀਕੀ ਡਾਲਰ ਇਨਾਮ ਵਜੋਂ ਵੱਖ -ਵੱਖ ਟੀਮਾਂ ਵਿਚ ਵੰਡਿਆ ਜਾਵੇਗਾ। ਉਨ੍ਹਾਂ ਆਖਿਆ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਉਨ੍ਹਾਂ ਨੇ ਟੂਰਨਾਮੈਂਟ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਵਿੱਢ ਦਿੱਤੀਆਂ ਹਨ। ਪਾਕਿਸਤਾਨ ਟੀਮ ਵਲੋਂ ਹਿੱਸਾ ਲੈਣ ਦੀ ਪੁਸ਼ਟੀ ਵੀ ਹੋ ਗਈ ਹੈ, ਜਦਕਿ ਹਾਲੈਂਡ, ਜਰਮਨ ਨੇ ਸੱਦਾ ਪੱਤਰ ਸਵੀਕਾਰ ਕਰ ਲਿਆ ਹੈ, ਜੇਕਰ ਉਕਤ ਟੀਮਾਂ ਦਾ ਉਸ ਸਮੇਂ ਕੋਈ ਹੋਰ ਅੰਤਰ ਰਾਸ਼ਟਰੀ ਰੁਝੇਵਾਂ ਨਾ ਹੋਇਆ ਤਾਂ ਟੂਰਨਾਮੈਂਟ ਫਰਵਰੀ ਮਹੀਨੇ ਕਰਵਾਇਆ ਜਾਵੇਗਾ।

ਬੌਕਸਿੰਗ ਚੈਂਪੀਅਨਸ਼ਿਪ 'ਚ ਰੇਲਵੇ ਦਾ ਕੋਚ ਮੁਅੱਤਲ

ਬਠਿੰਡਾ, 11 ਸਤੰਬਰ - ਬਠਿੰਡੇ ਵਿਚ 55ਵੀਂ ਸੀਨੀਅਰ ਨੈਸ਼ਨਲ ਬੌਕਸਿੰਗ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਜਿਸ ਦੇ 6ਵੇਂ ਦਿਨ 44 ਮੁੱਕੇਬਾਜ਼ਾਂ ਦੇ ਸੈਮੀਫਾਈਨਲ ਮੁਕਾਬਲੇ ਵੇਖਣ ਨੂੰ ਮਿਲੇ। ਇਨ੍ਹਾਂ ਮੁੱਕੇਬਾਜ਼ਾਂ 'ਚ ਰੇਲਵੇ ਦੇ ਅੱਠ ਫੌਜ ਦੇ ਸੱਤ ਅਤੇ ਪੰਜਾਬ ਦੇ ਪੰਜ ਮੁੱਕੇਬਾਜ਼ ਸੈਮੀਫਾਈਨਲ ਵਿਚ ਪੁੱਜੇ ਹੋਏ ਸਨ। ਇਸ ਦੇ ਸੈਮੀਫਾਈਨਲ ਮੁਕਾਬਲੇ ਦੇ 48 ਕਿਲੋ ਲਾਈਟ ਫਲਾਈ ਵੇਟ ਵਿਚ ਪੰਜਾਬ ਦੇ ਮੁੱਕੇਬਾਜ਼ ਅਮਨਦੀਪ ਸਿੰਘ ਨੇ ਆਪਣੇ ਵਿਰੋਧੀ ਫੌਜ ਦੇ ਮੁੱਕੇਬਾਜ਼ ਸੰਜੇ ਕੈਲਟੇ ਨੂੰ 20-7 ਦੇ ਅੰਤਰ ਨਾਲ ਹਰਾਇਆ। ਇਸੇ ਤਰ੍ਹਾਂ ਪੰਜਾਬ ਦੇ ਦੂਜੇ ਮੁੱਕੇਬਾਜ਼ ਅਮਨਦੀਪ ਸਿੰਘ 60 ਕਿਲੋ ਲਾਈਟ ਵੇਟ ਨੇ ਆਪਣੇ ਵਿਰੋਧੀ ਦਿੱਲੀ ਦੇ ਮੁੱਕੇਬਾਜ਼ ਸੰਜੇ ਟੋਕਸ ਨੂੰ 16-6 ਦੇ ਅੰਤਰ ਨਾਲ ਹਰਾਇਆ ਅਤੇ ਫਾਈਨਲ ਵਿਚ ਪੈਰ ਰੱਖਿਆ। 10 ਸਤੰਬਰ ਨੂੰ ਰੌਲ਼ੇ ਰੱਪੇ ਵਿਚ 3 ਚਿਤਾਵਨੀਆਂ ਤੋਂ ਬਾਅਦ ਆਊਟ ਹੋਏ ਰੇਲਵੇ ਦੇ ਮਨੋਜ ਕੁਮਾਰ ਦੀ ਜਿਊਰੀ ਆਫ਼ ਅਪੀਲ ਅੱਗੇ ਕੀਤੀ ਗਈ ਬੇਨਤੀ ਨੂੰ ਫਲ ਲੱਗਿਆ ਅਤੇ ਉਸਨੂੰ ਵੀਡੀਓ ਫਿਲਮ ਦੇਖਣ ਤੋਂ ਬਾਅਦ ਜੇਤੂ ਕਰਾਰ ਦੇ ਕੇ ਸੈਮੀਫਾਈਨਲ ਵਿਚ ਮੁੱਕੇਬਾਜ਼ੀ ਮੁਕਾਬਲਾ ਲੜਨ ਦਾ ਅਧਿਕਾਰ ਦਿੱਤਾ ਗਿਆ। ਸੈਮੀਫਾਈਨਲ ਵਿਚ ਮਨੋਜ ਕੁਮਾਰ ਰੇਲਵੇ ਨੇ ਆਪਣੇ ਵਿਰੋਧੀ ਅਰੁਨਾਚਲ ਪ੍ਰਦੇਸ਼ ਦੇ ਐਸ.ਬੀ. ਤਮੰਗ ਨੂੰ 12-4 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। 48 ਕਿਲੋ ਵੇਟ ਲਾਈਟ ਫਲਾਈ ਦੇ ਪਹਿਲੇ ਮੁਕਾਬਲੇ ਵਿਚ ਉੱਤਰਾਖੰਡ ਦੇ ਵਿਪਨ ਕੁਮਾਰ ਦੇ ਰਿੰਗ 'ਤੇ ਨਾ ਪਹੁੰਚਣ ਕਾਰਨ ਰੇਲਵੇ ਦੇ ਮਨਵਰ ਹੁਸੈਨ ਨੂੰ ਵਾਕ-ਓਵਰ ਦੇ ਕੇ ਫਾਈਨਲ ਵਿਚ ਲੜਨ ਦਾ ਅਧਿਕਾਰ ਦੇ ਦਿੱਤਾ ਗਿਆ, ਜਦ ਕਿ ਫਲਾਈ 51 ਕਿਲੋ ਵੇਟ ਵਿਚ ਝਾਰਖੰਡ ਦੇ ਹੇਮੰਤ ਕੁਮਾਰ ਨੇ ਆਲ ਇੰਡੀਆ ਪੁਲਿਸ ਦੇ ਅਸ਼ਵਨੀ ਸ਼ਰਮਾ ਨੂੰ 15-9, ਐਸ.ਐਸ.ਸੀ.ਬੀ. ਦੇ ਐਮ. ਸੁਰੰਜੇ ਸਿੰਘ ਨੇ ਰੇਲਵੇ ਦੇ ਮੁਕੇਸ਼ ਕੁਮਾਰ ਨੂੰ 20-10, ਬੈਂਟਨ 54 ਕਿਲੋ ਵੇਟ ਵਿਚ ਮੇਘਾਲਿਆ ਦੇ ਟੋਰਕ ਨੇ ਆਲ ਇੰਡੀਆ ਪੁਲਿਸ ਦੇ ਐਸ.ਕੇ. ਥੱਪਾ ਨੂੰ 25-9, ਸੀ.ਆਈ.ਐਸ.ਐਫ਼ ਦੇ ਐਸ.ਸੁਰੇਸ਼ ਸਿੰਘ ਨੇ ਆਂਧਰਾ ਪ੍ਰਦੇਸ਼ ਦੇ ਐਨ. ਸੰਤੋਸ਼ ਕੁਮਾਰ ਨੂੰ 16-1, ਫੈਦਰ 57 ਕਿਲੋ ਵੇਟ ਵਿਚ ਰਾਸ਼ਟਰ ਦੇ ਮਨੋਜ ਬਾਪੂ ਨੇ ਮਿਜ਼ੋਰਮ ਦੇ ਪੀਸੀ ਚਨੂੰਵਰਾ ਨੂੰ 19-7, ਸਰਵਿਸਜ਼ ਦੇ ਚੋਟਲੈ ਯਾਦਵ ਨੇ ਦਿੱਲੀ ਦੇ ਅਕਸ਼ੇ ਕੁਮਾਰ ਨੂੰ 20-7, ਲਾਈਟ 60 ਕਿਲੋ ਵੇਟ ਵਿਚ ਸਰਵਿਸਜ਼ ਦੇ ਰਾਕੇਸ਼ ਨੇ ਰੇਲਵੇ ਦੇ ਵਿਕਾਸ ਮਲਿਕ ਨੂੰ 13-8 ਨਾਲ ਚਿੱਤ ਕਰਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ। ਲਾਈਟ ਵੇਟ 64 ਕਿਲੋ ਵਿਚ ਮੇਘਾਲਿਆ ਦੇ ਵਿਜੇ ਨੇ ਕੇਰਲਾ ਦੇ ਐਸ ਪ੍ਰੇਮ ਨੂੰ 9-8, ਵੇਟ 69 ਕਿਲੋ ਵਿਚ ਰੇਲਵੇ ਦਾ ਦਿਲਬਾਗ ਸਿੰਘ ਆਲ ਇੰਡੀਆ ਪੁਲਿਸ ਦੇ ਜਗਤ ਸਿੰਘ ਨੂੰ 23-3 ਤੇ ਸਰਵਿਸ ਦਾ ਜੈ ਸਿੰਘ ਪਟੇਲ ਨੇ ਕੇਰਲਾ ਦੇ ਵੇਕਾਤਿਸ਼ ਨੂੰ 12-1, ਮਿਡਲ 75 ਕਿਲੋ ਵੇਟ ਵਿਚ ਪੰਜਾਬ ਦਾ ਕੁਲਦੀਪ ਸਿੰਘ ਅੜਫਸ ਵਾਲੇ ਮੁਕਾਬਲੇ ਵਿਚ ਰੇਲਵੇ ਦੇ ਜੀ ਥਗਰਜਨ ਨੂੰ 24-20 ਨਾਲ ਹਰਾਉਣ ਵਿਚ ਕਾਮਯਾਬ ਰਿਹਾ। ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੇ ਪੰਜਵੇਂ ਦਿਨ ਲਾਈਟ ਵੇਟ 64 ਕਿਲੋ ਵੇਟ ਦੇ ਰੇਲਵੇ ਤੇ ਸਰਵਿਸ ਵਿਚਾਲੇ ਹੋਏ ਕੁਆਟਰ ਫਾਈਨਲ ਮੁਕਾਬਲੇ ਦੌਰਾਨ ਪਏ ਰੌਲ਼ੇ ਰੱਪੇ ਨੇ ਅੱਜ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਸੀਨੀਅਰ ਮੁੱਕੇਬਾਜ਼ੀ ਮੁਕਾਬਲੇ ਦੀ ਕਮੇਟੀ ਨੇ ਰੇਲਵੇ ਦੇ ਕੋਚ ਡੀ ਦੇਵਨ ਨੂੰ ਅਨੁਸ਼ਾਸਨ ਕਾਇਮ ਨਾ ਰੱਖਣ ਕਾਰਨ ਚੈਂਪੀਅਨਸ਼ਿਪ ਵਿਚੋਂ ਕੋਚ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ।

ਵਿਜੈ ਮਰਚੈਂਟ ਟਰਾਫੀ ਲਈ ਪੰਜਾਬ ਕ੍ਰਿਕਟਰਾਂ ਦਾ ਐਲਾਨ

ਪਟਿਆਲਾ, 11 ਸਤੰਬਰ - ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਵਿਜੇ ਮਰਚੈਂਟ ਟਰਾਫੀ ਅੰਡਰ16 ਲਈ ਪੰਜਾਬ ਦੇ ਖਿਡਾਰੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਚੁਣੇ ਗਏ ਖਿਡਾਰੀਆਂ ਦਾ 10 ਦਿਨਾਂ ਸਿਖਲਾਈ ਕੈਂਪ ਪੀ.ਸੀ.ਏ. ਸਟੇਡੀਅਮ ਮੋਹਾਲੀ ਵਿਖੇ ਸ਼ੁਰੂ ਹੋ ਗਿਆ ਹੈ। ਇਸ ਕੈਂਪ ਦੌਰਾਨ ਹੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਟੀਮ ਦੀ ਚੋਣ ਕੀਤੀ ਜਾਵੇਗੀ। ਇਹ ਕੈਂਪ ਸ੍ਰੀ ਡੀ.ਪੀ. ਆਜ਼ਾਦ ਦੀ ਦੇਖ ਰੇਖ ਵਿਚ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੇ ਨਾਲ ਟੀ. %ਵਨ ਕੁਮਾਰ (ਫਿਜ਼ੀਓ), ਸੰਦੀਪ ਸਿੰਘ (ਫਿਜ਼ੀਕਲ ਟਰੇਨਰ) ਤੇ ਅਮਿਤ ਸ਼ਰਮਾ (ਵੀਡੀਓ ਵਿਸਲੇਸ਼ਕ) ਲਗਾਏ ਗਏ ਹਨ। ਇਸ ਕੈਂਪ ਵਿਚ ਵਿਕਰਮਦਿੱਤ ਤੇ ਮਨਪ੍ਰੀਤ ਸਿੰਘ ਪਟਿਆਲਾ, ਮੋਹਿਤ ਤੇ ਸ਼ਿਵਲਵ ਅੰਮ੍ਰਿਤਸਰ, ਮਨੰਨ ਚੰਡੀਗੜ੍ਹ, ਮਨਪ੍ਰੀਤ ਸਿੰਘ ਰੋਪੜ, ਬੀਰਕੰਵਰ, ਅੰਕਿਤ ਮੋਹਾਲੀ, ਰੋਹਨ ਤੇ ਜਗਦੀਪ ਅੰਮ੍ਰਿਤਸਰ, ਅਰਜੁਨ ਕੁਮਾਰ ਰੋਪੜ, ਨਵੀਨ, ਸ਼ੁਵਮ ਤੇ ਵੈਭਵ ਚੰਡੀਗੜ੍ਹ, ਗੌਰਵਪ੍ਰੀਤ ਤੇ ਮਹਿਜੋਤ ਪਟਿਆਲਾ, ਸੌਰਵ ਚੋਪੜਾ ਮੋਹਾਲੀ, ਅਭਿਸ਼ੇਕ ਤਲਵਾਰ ਲੁਧਿਆਣਾ, ਮਹਾਂਵੀਰ ਸਿੰਘ ਮੁਕਤਸਰ, ਭੁਪਿੰਦਰ ਸਿੰਘ ਜਲੰਧਰ, ਪ੍ਰਦੀਪ ਸਾਗਵਾਨ ਚੰਡੀਗੜ੍ਹ, ਕਮਲ ਪਾਸੀ ਅੰਮ੍ਰਿਤਸਰ, ਹਿਤੇਸ਼ ਭੁਟਾਨੀ ਚੰਡੀਗੜ੍ਹ, ਸੰਦੀਪ ਸ਼ਰਮਾ ਤੇ ਪ੍ਰਦੀਪ ਕੁਮਾਰ ਪਟਿਆਲਾ, ਕ੍ਰਿਸ਼ਨਾ ਚੰਡੀਗੜ੍ਹ, ਵਿਨੈ ਚੌਧਰੀ ਅੰਮ੍ਰਿਤਸਰ, ਵੀਰ ਕਰਨ ਗੋਇਲ ਚੰਡੀਗੜ੍ਹ, ਗੁਰਕੀਰਤ ਸਿੰਘ ਜਲੰਧਰ, ਗੌਰਵ ਸ਼ਰਮਾ ਲੁਧਿਆਣਾ, ਸੁਮਿਤ ਮੋਹਾਲੀ, ਕਰਨ ਰਾਏ ਪਟਿਆਲਾ ਸ਼ਾਮਿਲ ਸਨ।

ਪਾਵਰਲਿਫਟਰ ਦਿਲਬਾਗ ਚੀਮਾ ਦੀ ਕਨੇਡਾ 'ਚ ਝੰਡੀ

ਜਲੰਧਰ, 11 ਸਤੰਬਰ - ਕੈਨੇਡਾ ਦੀ ਧਰਤੀ 'ਤੇ ਰਹਿਣ ਵਾਲੇ ਪਾਵਰਲਿਫਟਰ ਦਿਲਬਾਗ ਚੀਮਾ ਦਾ ਕਹਿਣਾ ਹੈ ਕਿ ਉਹ ਆਪਣੀ ਜਨਮ ਭੂਮੀ ਨੂੰ ਆਪਣੇ ਮਨੋਂ ਨਹੀਂ ਭੁਲਾ ਸਕਦਾ। ਦਿਲਬਾਗ ਜਿਸ ਨੇ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਜੰਡ ਵਿਖੇ ਸੰਨ 1974 ਨੂੰ ਸਾਬਕਾ ਸਰਪੰਚ ਸ: ਅਮਰਜੀਤ ਸਿੰਘ ਚੀਮਾ ਦੇ ਘਰ ਮਾਤਾ ਬਲਵੰਤ ਕੌਰ ਦੀ ਕੁੱਖੋਂ ਜਨਮ ਲਿਆ। ਦਿਲਬਾਗ ਜਿਸ ਨੇ ਮੁੱਢਲੀ ਪੜ੍ਹਾਈ ਪਿੰਡ ਲਤਾਲਾ (ਲੁਧਿਆਣਾ) ਤੋਂ ਕੀਤੀ। ਪਿੰਡ ਜੰਡ ਦੇ ਨਾਂਅ ਨੂੰ ਦਿਲਬਾਗ ਨੇ ਸਰੀ (ਕੈਨੇਡਾ) ਰਹਿੰਦਿਆਂ ਆਪਣੀ ਮਿਹਨਤ ਨਾਲ ਚਮਕਾਇਆ ਹੈ। ਪੇਸ਼ੇ ਵਜੋਂ ਟਰੱਕਾਂ ਦਾ ਵਪਾਰ ਕਰਨ ਵਾਲੇ ਦਿਲਬਾਗ ਨੇ 2005 'ਚ ਬ੍ਰਿਟਿਸ਼ ਕੋਲੰਬੀਆ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿਚ ਸਕੁਐਡ 285, ਬੈਂਚ ਪਰੈੱਸ 180 ਤੇ ਡੈੱਡ 285 ਨਾਲ ਪਿਛਲਾ 9 ਸਾਲਾ ਰਿਕਾਰਡ ਤੋੜ ਦਿੱਤਾ ਤੇ ਹੁਣ ਤੱਕ ਇਹ ਰਿਕਾਰਡ ਦਿਲਬਾਗ ਦੇ ਨਾਂਅ ਹੀ ਬੋਲਦਾ ਹੈ।

ਕੁਸ਼ਤੀ 'ਚ ਫਗਵਾੜਾ ਬਲਾਕ ਦੀ ਚੜ੍ਹਤ

ਫਗਵਾੜਾ, 11 ਸਤੰਬਰ : ਫਗਵਾੜਾ ਦੇ ਰਾਮਗੜ੍ਹੀਆ ਕਾਲਜ ਵਿਖੇ ਕੁਸ਼ਤੀ, ਫ਼ੁਟਬਾਲ ਅਤੇ ਵੇਟ ਲਿਫ਼ਟਿੰਗ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਫ਼ੁਟਬਾਲ ਅੰਡਰ 16 ਵਿਚ ਫਗਵਾੜਾ ਨੇ ਪਹਿਲਾ ਅਤੇ ਢਿਲਵਾ ਬਲਾਕ ਨੇ ਦੂਜਾ ਸਥਾਨ ਲਿਆ। ਵੇਟ ਲਿਫ਼ਟਿੰਗ ਮੁਕਾਬਲੇ ਵਿਚ ਕਪੂਰਥਲਾ ਬਲਾਕ ਨੇ ਪਹਿਲਾ ਅਤੇ ਫਗਵਾੜਾ ਬਲਾਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀ ਦੇ ਸ਼ਾਨਦਾਰ ਮੁਕਾਬਲੇ ਵਿਚ ਫਗਵਾੜਾ ਬਲਾਕ ਨੇ ਪਹਿਲਾ ਅਤੇ ਭੁਲੱਥ ਬਲਾਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਆਈ.ਸੀ.ਐਲ. ਨੂੰ 25 ਹਜ਼ਾਰ ਦੀ ਚੱਟੀ

ਚੰਡੀਗੜ੍ਹ, 11 ਸਤੰਬਰ : ਇੰਡੀਅਨ ਕ੍ਰਿਕਟ ਲੀਗ (ਆਈ.ਸੀ.ਐਲ.) ਅਤੇ ਏਸਲ ਸਪੋਰਟਸ ਲਿਮਟਿਡ ਅੰਜੂ ਨੂੰ ਕਈ ਵਰ੍ਹਿਆਂ ਤੱਕ ਨਹੀਂ ਭੁੱਲ ਪਾਉਣਗੇ। 4 ਅਪ੍ਰੈਲ ਨੂੰ ਗੇਂਦ ਗਰਾਊਂਡ 'ਚੋਂ ਉਛਾਲ ਕੇ ਸਟੈਂਡ 'ਚ ਬੈਠੀ ਅੰਜੂ ਮੇਂਹਦੀਰੱਤਾ ਦੇ ਮੂੰਹ 'ਤੇ ਲਗੀ। ਪੰਚਕੂਲਾ ਜ਼ਿਲ੍ਹਾ ਉਪਭੋਗਤਾ ਫ਼ੋਰਮ ਨੇ ਹੁਕਮ ਦਿਤਾ ਹੈ ਕਿ ਅੰਜੂ ਨੂੰ 25 ਹਜ਼ਾਰ ਰੁਪਏ ਬਤੌਰ ਹਰਜਾਨਾ ਦਿਤਾ ਜਾਵੇ। ਪੰਚਕੂਲਾ ਦੀ ਨਿਵਾਸੀ ਅੰਜੂ ਅਪਣੇ ਪਤੀ ਅਤੇ ਦੋ ਬੱਚਿਆਂ ਨਾਲ ਤਾਊ ਦੇਵੀਲਾਲ ਸਟੇਡੀਅਮ 'ਚ ਪ੍ਰੈਕਟਿਸ ਮੈਚ ਦੇਖਣ ਗਈ ਸੀ। ਗੇਂਦ ਕਾਰਨ ਜ਼ਖ਼ਮੀ ਹੋਣ ਤੋਂ ਬਾਅਦ ਅੰਜੂ ਨੂੰ ਇਕ ਨਰਸਿੰਗ ਹੋਮ 'ਚ ਲਿਆਂਦਾ ਗਿਆ ਜਿਥੇ ਉਸ ਦੇ ਚਿਹਰੇ 'ਤੇ ਕਈ ਟਾਂਕੇ ਲਗਾਏ ਗਏ। ਅਪਣੀ ਸ਼ਿਕਾਇਤ 'ਚ ਅੰਜੂ ਨੇ ਕਿਹਾ ਕਿ ਸ਼ੁਰੂ ਸ਼ੁਰੂ 'ਚ ਡਾਕਟਰ ਨੇ ਮੇਰਾ ਇਲਾਜ ਫ਼ਰੀ ਕੀਤਾ ਪਰ ਜਦੋਂ ਉਨ੍ਹਾਂ ਨੂੰ ਪਤਾ ਲਗਿਆ ਕਿ ਅਸੀਂ ਉਪਭੋਗਤਾ ਫ਼ੋਰਮ 'ਚ ਚਲੇ ਗਏ ਹਨ ਤਾਂ ਉਨ੍ਹਾਂ 4030 ਰੁਪਏ ਰਖਵਾ ਲਏ। ਇਸ ਨੂੰ ਇਨਸਾਫ਼ ਤਾਂ ਮਿਲ ਗਿਆ ਹੈ ਪਰ ਤਨ ਮਨ 'ਤੇ ਜੋ ਸੱਟ ਲੱਗੀ ਹੈ ਉਸ ਨੂੰ ਦੇਖਦੇ ਹੋਏ ਮੁਆਵਜ਼ੇ ਦੀ ਰਕਮ ਬਹੁਤ ਘੱਟ ਹੈ।'' ਪਰਵਾਰ ਨੇ ਹੁਣ ਰਾਜ ਉਪਭੋਗਤਾ ਕਮਿਸ਼ਨ ਜਾਣ ਦਾ ਫ਼ੈਸਲਾ ਕੀਤਾ ਹੈ।

ਪੰਜਾਬ ਸਕੂਲ ਖੋ-ਖੋ ਚੈਂਪੀਅਨਸ਼ਿਪ 'ਚ ਪਟਿਆਲੇ ਦੇ ਮੁੰਡਿਆਂ ਦੀ ਬੱਲੇ ਬੱਲੇ

ਪਟਿਆਲਾ, 10 ਸਤੰਬਰ -ਰਾਜਾ ਭਾਲਿੰਦਰ ਸਿੰਘ ਸਪੋਰਟਸ ਕੰਪਲੈਕਸ ਵਿਖੇ ਪੰਜਾਬ ਸਕੂਲ ਖੇਡਾਂ ਦੇ ਅੰਡਰ14 ਖੋ-ਖੋ ਮੁਕਾਬਲਿਆਂ ਕਰਵਾਏ ਜਾ ਰਹੇ ਹਨ। ਜਿਸ'ਚ ਪਟਿਆਲਾ ਦੇ ਮੁੰਡਿਆਂ ਨੇ ਪਹਿਲਾ ਦਰਜਾ ਪ੍ਰਾਪਤ ਕੀਤਾ ਹੈ। ਇਸ ਟੂਰਨਾਮੈਂਟ 'ਚ ਦੂਜੇ ਸਥਾਨ 'ਤੇ ਸੰਗਰੂਰ ਤੇ ਤੀਜੇ ਸਥਾਨ 'ਤੇ ਮਾਨਸਾ ਜ਼ਿਲ੍ਹਾ ਰਿਹਾ। ਸੁਪਰ ਲੀਗ ਦੇ ਫਸਵੇਂ ਮੁਕਾਬਲਿਆਂ 'ਚ ਸ: ਰਣਜੀਤ ਸਿੰਘ ਦੀ ਸਿਖਲਾਈ ਯਾਫਤਾ ਪਟਿਆਲਾ ਜ਼ਿਲ੍ਹੇ ਦੀ ਟੀਮ ਨੇ ਆਪਣੇ ਤਿੰਨੇ ਲੀਗ ਮੈਚ ਜਿੱਤ ਕੇ ਖ਼ਿਤਾਬੀ ਜਿੱਤ ਹਾਸਲ ਕੀਤੀ। ਪਟਿਆਲਾ ਨੇ ਸੰਗਰੂਰ ਨੂੰ 6-4 ਨਾਲ, ਮਾਨਸਾ ਨੂੰ 10-6 ਨਾਲ ਤੇ ਫਿਰੋਜ਼ਪੁਰ ਨੂੰ 3-2 ਨਾਲ ਹਰਾ ਕੇ ਅੱਵਲ ਰਹਿਣ ਦਾ ਮਾਣ ਪ੍ਰਾਪਤ ਕੀਤਾ। ਸੰਗਰੂਰ ਦੀ ਟੀਮ ਨੇ ਤਿੰਨ 'ਚੋਂ ਦੋ ਲੀਗ ਮੈਚ ਜਿੱਤ ਕੇ ਦੂਸਰਾ ਸਥਾਨ ਹਾਸਿਲ ਕੀਤਾ। ਸੰਗਰੂਰ ਨੇ ਮਾਨਸਾ ਨੂੰ 18-12 ਨਾਲ ਤੇ ਫਿਰੋਜ਼ਪੁਰ ਨੂੰ 5-2 ਨਾਲ ਹਰਾਇਆ। ਮਾਨਸਾ ਜ਼ਿਲ੍ਹੇ ਦੀ ਟੀਮ ਨੇ ਪੂਲ ਤੇ ਨਾਕ ਆਊਟ ਦੌਰ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਸੁਪਰ ਲੀਗ 'ਚ ਉਹ ਸਿਰਫ਼ ਇਕ ਜਿੱਤ ਹਾਸਲ ਹੀ ਕਰ ਸਕੀ। ਜੋ ਉਸ ਨੇ ਫਿਰੋਜ਼ਪੁਰ ਨੂੰ 11-10 ਨਾਲ ਹਰਾ ਕੇ ਹਾਸਿਲ ਕੀਤੀ। ਫਿਰੋਜ਼ਪੁਰ ਦੀ ਟੀਮ ਸੁਪਰ ਲੀਗ ਦੇ ਤਿੰਨੇ ਮੈਚ ਹਾਰ ਕੇ ਚੌਥੇ ਸਥਾਨ 'ਤੇ ਰਹੀ।

ਪੰਜਾਬ ਦਾ ਅਮਨਦੀਪ ਪਹੁੰਚਿਆ ਸੈਮੀਫਾਈਨਲ 'ਚ

ਬਠਿੰਡਾ, 10 ਸਤੰਬਰ - ਬਠਿੰਡਾ ਦੇ ਖੇਡ ਸਟੇਡੀਅਮ ਵਿਚ 55ਵੀਂ ਸੀਨੀਅਰ ਨੈਸ਼ਨਲ ਬੌਕਸਿੰਗ ਚੈਂਪੀਅਨਸ਼ਿਪ ਹੋ ਰਹੀ ਹੈ। ਜਿਸ ਦੇ ਪੰਜਵੇਂ ਦਿਨ ਪੰਜਾਬ ਦੇ ਅਮਨਦੀਪ ਸਿੰਘ ਨੇ ਲਾਈਟ ਫਲਾਈ ਵੇਟ ਕੈਟਾਗਰੀ ਦੇ ਮੱਧ ਪ੍ਰਦੇਸ਼ ਦੇ ਮੁੱਕੇਬਾਜ਼ ਉਮੇਸ਼ ਯਾਦਵ ਨੂੰ 23-9 ਅੰਕਾਂ 'ਤੇ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਇਹ ਮੁਕਾਬਲਾ ਭਾਰਤੀ ਫੌਜ ਦੇ ਅੰਤਰਰਾਸ਼ਟਰੀ ਮੁੱਕੇਬਾਜ਼ ਸੋਮ ਬਹਾਦਰ ਪੁਨੇ ਅਤੇ ਰੇਲਵੇ ਦੇ ਮਨੋਜ ਕੁਮਾਰ ਵਿਚਕਾਰ ਹੋਇਆ। ਰੇਲਵੇ ਦਾ ਮਨੋਜ ਕੁਮਾਰ ਭਾਵੇਂ ਅੰਕਾਂ ਦੇ ਆਧਾਰ 'ਤੇ ਅੱਗੇ ਸੀ ਪਰੰਤੂ ਰੈਫ਼ਰੀ ਦੁਆਰਾ ਦਿੱਤੀਆਂ ਗਈਆਂ ਤਿੰਨ ਚੇਤਾਵਨੀਆਂ ਕਾਰਨ ਉਸਨੂੰ ਚੌਥੇ ਰਾਊਂਡ ਵਿਚ ਅਯੋਗ ਕਰਾਰ ਦੇਣ ਤੇ ਰੇਲਵੇ ਦੇ ਦਰਸ਼ਕਾਂ ਨੇ ਹੰਗਾਮਾ ਖੜਾ ਕਰ ਦਿੱਤਾ। ਰੇਲਵੇ ਦੇ ਮਨੋਜ ਕੁਮਾਰ ਨੇ ਰੋਸ ਵਜੋਂ ਰਿੰਗ ਉਪਰ ਹੀ ਧਰਨੇ 'ਤੇ ਬੈਠ ਗਏ। ਇਸ ਦਾ ਖਮਿਆਜ਼ਾ ਵੀ ਮਨੋਜ ਕੁਮਾਰ ਨੂੰ ਭੁਗਤਣਾ ਪਿਆ ਤੇ ਉਸਨੂੰ ਡਿਸਕੁਆਲੀਫਾਈ ਕਰਕੇ ਭਾਰਤੀ ਫੌਜ ਦੇ ਸੋਮ ਬਹਾਦਰ ਪੁਨੇ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ। ਲਾਈਟ ਫਲਾਈ ਦੇ ਕੁਆਟਰ ਫਾਈਨਲ ਵਿਚ ਅਸਾਮ ਰਾਈਫਲ ਦੇ ਵਿਸ਼ਵਜੀਤ ਨੇ ਆਰ ਐਸ ਪੀ ਬੀ ਦੇ ਮਨਵਰ ਹੁਸੈਨ ਨੂੰ ਚਿੱਤ ਕਰਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਜਦਕਿ ਉੱਤਰਾਖੰਡ ਦੇ ਵਿਪਨ ਕੁਮਾਰ ਨੇ ਹਰਿਆਣਾ ਦੇ ਅਮਿਤ ਕੁਮਾਰ ਨੂੰ 18-9, ਐਸ.ਐਸ.ਸੀ. ਦੇ ਸੰਜੇ ਨੇ ਕੇਰਲਾ ਦੇ ਮਾਹੀਮੈਂ ਨੂੰ 23-12, ਫਲਾਈ ਵੇਟ ਵਿਚ ਝਾਰਖੰਡ ਦੇ ਹੇਮੰਤ ਕੁਮਾਰ ਨੇ ਸੀ ਆਈ ਐਸ ਐਫ ਦੇ ਦਲੀਪ ਕੁਮਾਰ ਨੂੰ 18-4, ਆਲ ਇੰਡੀਆ ਪੁਲਿਸ ਦੇ ਅਸ਼ਵਨੀ ਸ਼ਰਮਾ ਨੇ ਗੋਆ ਦੇ ਸੰਤੋਸ਼ ਨੂੰ 17-9, ਬੈਟਨ ਵੇਟ ਵਿਚ ਆਲ ਇੰਡੀਆ ਪੁਲਿਸ ਦੇ ਐਸ.ਕੇ ਥੱਪਾ ਨੇ ਛੱਤੀਸਗੜ੍ਹ ਦੇ ਹਿਤੇਸ਼ ਕੁਮਾਰ ਨੂੰ 17-9, ਝਾਰਖੰਡ ਦੇ ਸ਼ੁਭਮ ਨੇ ਮੇਘਾਲਿਆ ਦੇ ਟੋਰਕ ਨੂੰ 16-12, ਲਾਈਟ ਵਿਲਟਰ ਵਿਚ ਅਸਾਮ ਰਾਈਫਲ ਦੇ ਐਸ.ਬੀ. ਤਮੰਗ ਨੇ ਹਰਿਆਣਾ ਦੇ ਸੰਦੀਪ ਨੂੰ 3-2, ਮੇਘਾਲਿਆ ਦੇ ਵਿਜੇ ਥੱਪਾ ਦੇ ਜੰਮੂ ਕਸ਼ਮੀਰ ਦੇ ਵਿਨੋਦ ਕੁਮਾਰ ਨੂੰ 24-9, ਕੇਰਲਾ ਦੇ ਐਸ ਪ੍ਰੇਮ ਨੇ ਉਤਰ ਪ੍ਰਦੇਸ਼ ਦੇ ਦੀਵਾਂਸ਼ੂ ਕੁਮਾਰ ਨੂੰ 21-8 ਅਤੇ ਵਿਲਟਰ ਵੇਟ ਵਿਚ ਆਲ ਇੰਡੀਆ ਪੁਲਿਸ ਦੇ ਜਗਤ ਨੇ ਹਰਿਆਣਾ ਦੇ ਵਿਜੇ ਨੂੰ 25-24 ਅਤੇ ਆਰ.ਐਸ.ਪੀ.ਬੀ. ਦੇ ਅੰਤਰਰਾਸ਼ਟਰੀ ਮੁੱਕੇਬਾਜ਼ ਦਿਲਬਾਗ ਸਿੰਘ ਨੇ ਤ੍ਰਿਪੁਰਾ ਦੇ ਧਰਮਿੰਦਰ ਨੂੰ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।

ਚੂਹੜ ਚੱਕ ਦੀ ਟੀਮ ਨੇ ਕਬੱਡੀ ਕੱਪ 'ਤੇ ਕੀਤਾ ਕਬਜ਼ਾ

ਜਗਰਾਓਂ, 10 ਸਤੰਬਰ - ਪਿੰਡ ਕਾਉਂਕੇ ਕਲਾਂ ਵਿਖੇ ਬਾਬਾ ਰੋਡੂ ਯਾਦਗਾਰੀ ਤੀਸਰਾ ਕਬੱਡੀ ਕੱਪ ਕਰਵਾਇਆ ਗਿਆ। ਜਿਸ ਵਿਚ ਕਬੱਡੀ ਆਲ ਓਪਨ ਦੇ ਫਸਵੇਂ ਮੁਕਾਬਲਿਆਂ ਦੌਰਾਨ ਚੂਹੜ ਚੱਕ ਦੀ ਟੀਮ ਨੇ ਪਿਥੋ ਕਲਾਂ ਨੂੰ ਦੂਸਰੇ ਸਥਾਨ 'ਤੇ ਪਛਾੜਿਆ। ਚੂਹੜ ਚੱਕ ਦੀ ਟੀਮ ਨੂੰ ਕਲੱਬ ਵੱਲੋਂ 61 ਹਜ਼ਾਰ ਅਤੇ ਦੂਸਰੇ ਸਥਾਨ 'ਤੇ ਰਹੀ ਟੀਮ ਨੂੰ 51 ਹਜ਼ਾਰ ਦਾ ਇਨਾਮ ਅਤੇ ਟਰਾਫੀ ਦੇ ਕੇ ਸਨਮਾਨਿਆ ਗਿਆ। ਪ੍ਰਸਿੱਧ ਕਬੱਡੀ ਖਿਡਾਰੀ ਪੱਪੂ ਚੂਹੜਚੱਕ, ਜੱਗਾ ਕਾਉਂਕੇ ਅਤੇ ਪਹਿਲਵਾਨ ਲਾਲੂ ਜਗਰਾਓਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

ਕੇ. ਵੀ. ਸਕੂਲਾਂ ਦੀਆਂ ਖੇਡਾਂ ਖਾਸਾ ਵਿਚ ਸ਼ੁਰੂ

ਛਿਹਰਟਾ, 10 ਸਤੰਬਰ - ਕੇਂਦਰੀ ਵਿਦਿਆਲਾ ਜੰਮੂ ਸੰਗਠਨ, ਜਿਸ 'ਚ ਪੰਜਾਬ, ਜੰਮੂ-ਕਸ਼ਮੀਰ ਅਤੇ ਹਿਮਾਚਲ ਰਾਜ ਸ਼ਾਮਿਲ ਹਨ, ਸ਼ੁਰੂ ਹੋ ਗਈਆਂ ਹਨ। ਇਹ ਖੇਡਾਂ ਕੇਂਦਰੀ ਵਿਦਿਆਲਾ ਨੰਬਰ 3 ਨਿਊ ਕੈਂਟ ਖਾਸਾ (ਅੰਮ੍ਰਿਤਸਰ) ਵਿਖੇ ਸ਼ੁਰੂ ਹੋਈਆਂ। ਚਾਰ ਦਿਨ ਚੱਲਣ ਵਾਲੇ ਇਸ ਖੇਡ ਮੇਲੇ 'ਚ ਸਕੇਟਿੰਗ, ਕਬੱਡੀ ਅਤੇ ਜੂਡੋ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। 10 ਸਤੰਬਰ ਪਹਿਲੇ ਦਿਨ ਲੜਕੀਆਂ ਦੇ ਕਬੱਡੀ ਮੈਚ 'ਚ ਕੇਂਦਰੀ ਵਿਦਿਆਲਾ ਨੰਬਰ 2 ਆਦਮਪੁਰ ਦੀ ਟੀਮ ਨੇ ਕੇਂਦਰੀ ਵਿਦਿਆਲਾ ਨੰ. 1 ਪਠਾਨਕੋਟ ਨੂੰ ਹਰਾਇਆ।

ਕਬੱਡੀ ਕੱਪਾਂ 'ਚ ਵੀ ਡਾਂਸ ਕਰਨਗੀਆਂ 'ਚੀਅਰ ਅੱਪ ਗਰਲਜ਼'

ਲੁਧਿਆਣਾ, 10 ਸਤੰਬਰ - ਜਿਸ ਤਰ੍ਹਾਂ ਇੰਡੀਅਨ ਪ੍ਰੀਮੀਅਮ ਕ੍ਰਿਕਟ ਲੀਗ ਵਾਲਿਆਂ ਨੇ ਕ੍ਰਿਕਟ ਨੂੰ ਚਰਚਿਤ ਕਰਨ ਲਈ ਖਿਡਾਰੀਆਂ ਤੋਂ ਇਲਾਵਾ ਖੇਡ ਮੈਦਾਨ ਵਿਚ 'ਚੀਅਰ ਅੱਪ ਗਰਲਜ਼' ਅਤੇ ਹੋਰ ਕਈ ਸਾਧਨ ਅਪਣਾਏ ਸਨ ਤਾਂ ਜੋ ਲੋਕਾਂ ਦੀ ਭੀੜ ਕ੍ਰਿਕਟ ਅਤੇ ਕ੍ਰਿਕਟ ਦੇ ਮੈਦਾਨਾਂ ਦੇ ਵਧੇਰੇ ਆਕਰਸ਼ਿਤ ਹੋਵੇ। ਓਸੇ ਤਰਜ਼ 'ਤੇ ਇਸ ਵਰ੍ਹੇ ਕਬੱਡੀ ਕੱਪ ਵੀ ਹੋਣਗੇ। ਖੇਡ ਪ੍ਰਮੋਟਰ ਅਤੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਇੰਦਰ ਜੀਤ ਸਿੰਘ ਫੁੱਲਾਂ ਵਾਲ ਨੇ ਦੱਸਿਆ ਕਿ ਆਈ. ਪੀ. ਐਲ. ਦੀ ਤਰ੍ਹਾਂ ਲੁਧਿਆਣਾ ਦੇ ਪਿੰਡ ਫੁੱਲਾਂ ਵਾਲ ਵਿਖੇ ਅੰਤਰਰਾਸ਼ਟਰੀ ਪੱਧਰ ਦਾ ਕਬੱਡੀ ਕੱਪ 13-14 ਦਸੰਬਰ ਨੂੰ ਕਰਵਾਇਆ ਜਾਵੇਗਾ। ਇਸ ਕਬੱਡੀ ਕੱਪ ਵਿਚ ਅੰਤਰਰਾਸ਼ਟਰੀ ਪੱਧਰ ਦੀਆਂ ਉੱਘੀਆਂ ਕਬੱਡੀ ਕਲੱਬਾਂ ਭਾਗ ਲੈਣਗੀਆਂ, ਪਰ ਨਾਲ-ਨਾਲ ਕਬੱਡੀ ਦੇ ਹਰ ਅੰਕ 'ਤੇ ਮੁੰਬਈ ਤੋਂ ਚੀਅਰ ਅੱਪ ਗਰਲਜ਼ ਨੱਚ ਕੇ ਜਿਥੇ ਦਰਸ਼ਕਾਂ ਦਾ ਮਨੋਰੰਜਨ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਸ ਕਬੱਡੀ ਕੱਪ 'ਤੇ 20 ਲੱਖ ਰੁਪਏ ਦੇ ਕਰੀਬ ਜਿਥੇ ਇਨਾਮ ਦਿੱਤੇ ਜਾਣਗੇ, ਉਥੇ ਪਹੁੰਚਣ ਵਾਲੇ ਦਰਸ਼ਕਾਂ ਲਈ ਵੀ ਕਈ ਇਨਾਮੀ ਕੂਪਨਾਂ ਵਿਚ ਮੋਟਰ ਸਾਈਕਲ, ਸਕੂਟਰ ਦਿੱਤੇ ਜਾਣਗੇ।

ਬਾਬਿਆਂ ਦਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ

ਪਟਿਆਲਾ, 10 ਸਤੰਬਰ - ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ਬਜ਼ੁਰਗ ਹੋ ਚੁੱਕੇ ਖਿਡਾਰੀਆਂ ਨੂੰ ਹਾਕੀ ਨਾਲ ਜੋੜੀ ਰੱਖਣ ਲਈ 12 ਤੋਂ 21 ਸਤੰਬਰ ਤੱਕ ਹਾਂਗਕਾਂਗ ਵਿਖੇ ਵਿਸ਼ਵ ਕੱਪ ਕਰਵਾਇਆ ਜਾਵੇਗਾ। ਜਿਸ ਵਿਚ ਦੋ ਉਮਰ ਗੁੱਟਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਕ ਉਮਰ ਗੁੱਟ 60 ਸਾਲ ਤੋਂ ਉਪਰ ਤੇ ਇਕ 65 ਸਾਲ ਤੋਂ ਉਪਰ ਉਮਰ ਦੇ ਖਿਡਾਰੀਆਂ ਲਈ ਹੋਵੇਗਾ। ਇਸਦੇ ਨਾਲ ਹੀ 70 ਸਾਲ ਤੋਂ ਵਡੇਰੇ ਖਿਡਾਰੀਆਂ ਦੇ ਕੁਝ ਦੋਸਤਾਨਾ ਮੈਚ ਵੀ ਕਰਵਾਏ ਜਾਣਗੇ। ਭਾਰਤੀ ਖਿਡਾਰੀਆਂ ਦੀ ਕੋਈ ਟੀਮ ਇਸ ਟੂਰਨਾਮੈਂਟ 'ਚ ਹਿੱਸਾ ਨਹੀਂ ਲੈ ਰਹੀ।
ਇਸ ਟੂਰਨਾਮੈਂਟ ਦੇ 60 ਸਾਲ ਤੋਂ ਵਧੇਰੇ ਉਮਰ ਵਾਲੇ ਗੁੱਟ ਦੇ ਮੁਕਾਬਲਿਆਂ 'ਚ ਆਸਟਰੇਲੀਆ, ਇੰਗਲੈਂਡ, ਜਰਮਨੀ, ਹਾਲੈਂਡ, ਹਾਂਗਕਾਂਗ, ਇਟਲੀ, ਜਾਪਾਨ, ਸਕਾਟਲੈਂਡ ਤੇ ਦੱਖਣੀ ਅਫ਼ਰੀਕਾ ਦੀਆਂ ਟੀਮਾਂ ਭਾਗ ਲੈਣਗੀਆਂ। ਦੂਸਰੇ 65 ਸਾਲ ਤੋਂ ਵੱਧ ਉਮਰ ਵਾਲੇ ਖਿਡਾਰੀਆਂ ਦੇ ਮੁਕਾਬਲਿਆਂ 'ਚ ਆਸਟਰੇਲੀਆ, ਇੰਗਲੈਂਡ, ਜਰਮਨੀ, ਜਪਾਨ, ਸਕਾਟਲੈਂਡ ਤੇ ਆਸਟਰੇਲੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ। 70 ਸਾਲ ਤੋਂ ਵਧੇਰੇ ਉਮਰ ਗੁੱਟ 'ਚ ਜਰਮਨੀ ਬੀ, ਇੰਗਲੈਂਡ ਇਲੈਵਨ, ਅਲਾਇੰਸ ਵਨ, ਅਲਾਇੰਸ ਟੂ, ਮਲੇਸ਼ੀਆ/ਸਿੰਘਾਪੁਰ ਦੀਆਂ ਟੀਮਾਂ ਹਿੱਸਾ ਲੈਣਗੀਆਂ।

ਕੌਮੀ ਇੰਡੋਰ ਕ੍ਰਿਕਟ ਚੈਂਪੀਅਨਸ਼ਿਪ ਲਈ ਪੰਜਾਬ ਟੀਮ ਦੀ ਚੋਣ

ਫ਼ਿਰੋਜ਼ਪੁਰ, 10 ਸਤੰਬਰ - ਇੰਡੋਰ ਕ੍ਰਿਕਟ ਦੀ ਅੱਠਵੀਂ ਰਾਸ਼ਟਰੀ ਚੈਂਪੀਅਨਸ਼ਿਪ 25 ਤੋਂ 28 ਸਤੰਬਰ ਤੱਕ ਪੂਨਾ (ਮਹਾਰਾਸ਼ਟਰ) ਵਿਖੇ ਹੋਵੇਗੀ। ਜਿਸ ਲਈ ਚੁਣੀ ਜਾਣ ਵਾਲੀ ਪੰਜਾਬ ਟੀਮ ਦੇ ਟਰਾਇਲ 14 ਸਤੰਬਰ ਨੂੰ ਫ਼ਿਰੋਜ਼ਪੁਰ ਵਿਖੇ ਹੋਣਗੇ। ਇਸ ਚੈਂਪੀਅਨਸ਼ਿਪ ਵਿਚ ਅੰਡਰ14, ਅੰਡਰ19 ਅਤੇ ਸੀਨੀਅਰ ਟੀਮਾਂ ਭਾਗ ਲੈਣਗੀਆਂ। ਪੰਜਾਬ ਦੀਆਂ ਤਿੰਨੋਂ ਟੀਮਾਂ ਦੇ ਚੋਣ ਲਈ 14 ਸਤੰਬਰ ਦਿਨ ਐਤਵਾਰ ਨੂੰ ਸਥਾਨਕ ਐਚ.ਐਮ. ਸੀਨੀਅਰ ਸੈਕੰਡਰੀ ਸਕੂਲ ਵਿਖੇ ਟਰਾਇਲ ਸਵੇਰੇ 10 ਵਜੇ ਲਏ ਜਾਣਗੇ। ਰਾਸ਼ਟਰੀ ਚੈਂਪੀਅਨਸ਼ਿਪ ਵਿਚ ਵਧੀਆ ਖੇਡ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਚੋਣ 8ਵੇਂ ਇੰਡੋਰ ਵਿਸ਼ਵ ਕੱਪ ਜੋ ਬ੍ਰਿਸਬੇਨ (ਆਸਟਰੇਲੀਆ) ਵਿਖੇ 2010 ਵਿਚ ਹੋਵੇਗਾ, ਲਈ ਕੀਤੀ ਜਾਵੇਗੀ ਨਾਲ ਹੀ ਉਹ ਖਿਡਾਰੀ ਵੀ ਚੁਣੇ ਜਾਣਗੇ ਜੋ ਸ੍ਰੀਲੰਕਾ ਵਿਖੇ ਹੋ ਰਹੇ ਏਸ਼ੀਆ ਕੱਪ ਅਤੇ ਇੰਗਲੈਂਡ ਕਾਊਂਟੀ ਕ੍ਰਿਕਟ ਲਈ ਖੇਡ ਸਕਣਗੇ।

6ਵਾਂ ਚੰਡੀਗੜ੍ਹ ਚੈਲੰਜ ਕੱਪ ਚੁੰਮਿਆ ਚੰਡੀਗੜ੍ਹ ਫ਼ੁਟਬਾਲ ਅਕਾਦਮੀ ਨੇ

ਚੰਡੀਗੜ੍ਹ 10 ਸਤੰਬਰ : 6ਵੇਂ ਚੰਡੀਗੜ੍ਹ ਪ੍ਰਸ਼ਾਸਨੀ ਚੈਲੰਜ ਕੱਪ ਆਲ ਇੰਡੀਆ ਫ਼ੁਟਬਾਲ ਟੂਰਨਾਮੈਂਟ ਅੰਡਰ 17 ਦੇ ਮੁਕਾਬਲੇ ਚੰਡੀਗੜ੍ਹ ਵਿਚ ਕਰਵਾਏ ਗਏ। ਜਿਸ ਵਿਚ ਚੰਡੀਗੜ੍ਹ ਫ਼ੁਟਬਾਲ ਅਕਾਦਮੀ ਨੇ ਮੋਹਨ ਬਗਾਨ ਸੇਲ ਫ਼ੁੱਟਬਾਲ ਅਕਾਦਮੀ ਨੂੰ ਇਕ ਦੇ ਮੁਕਾਬਲੇ 4 ਗੋਲਾਂ ਹਰਾ ਕੇ ਟਰਾਫ਼ੀ ਤੇ ਕਬਜ਼ਾ ਕੀਤਾ। ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਪ੍ਰਦੀਪ ਮਹਿਰਾ, ਆਈਂ ਏ ਐਸ, ਨੇ ਚੰਡੀਗੜ੍ਹ ਫ਼ੁਟਬਾਲ ਅਕਾਦਮੀ ਨੂੰ 50 ਹਜ਼ਾਰ ਰੁਪਏ ਦਾ ਚੈੱਕ ਅਤੇ ਜੇਤੂ ਟਰਾਫ਼ੀ ਦਿੱਤੀ ਜਦੋਂ ਕਿ ਮੋਹਨ ਬਗਾਨ ਸੇਲ ਫ਼ੁਟਬਾਲ ਅਕਾਦਮੀ ਨੂੰ 25 ਹਜ਼ਾਰ ਰੁਪਏ ਦਾ ਚੈੱਕ ਪ੍ਰਦਾਨ ਕੀਤਾ ਗਿਆ।

ਜੇਠੂਕੇ ਵਿਖੇ ਕਬੱਡੀ ਚੈਂਪੀਅਨਸ਼ਿਪ

ਰਾਮਪੁਰਾਫੂਲ, 10 ਸਤੰਬਰ : ਜੇਠੂਕੇ ਵਿਖੇ ਦੋ ਦਿਨਾ ਨੈਸ਼ਨਲ ਤੇ ਸਰਕਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਕਰਵਾਈ ਗਈ। ਨੈਸ਼ਨਲ ਸਟਾਈਲ ਕਬੱਡੀ ਵਿਚ 17 ਟੀਮਾਂ ਸ਼ਾਮਿਲ ਹੋਈਆਂ। ਸਰਕਲ ਸਟਾਈਲ 'ਚ 16 ਟੀਮਾਂ ਨੇ ਆਪਣੇ ਜ਼ੋਹਰ ਦਿਖਾਏ। ਕਬੱਡੀ ਨੈਸ਼ਨਲ ਸਟਾਈਲ ਲਈ ਰਜਿੰਦਰਾ ਕਾਲਜ ਬਠਿੰਡਾ ਦੀ ਟੀਮ ਨੇ ਮਹਿਰਾਜ ਨੂੰ ਚਿੱਤ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਸਰਕਲ ਸਟਾਈਲ ਕੁੜੀਆਂ ਦੇ ਮੁਕਾਬਲੇ ਵਿਚ ਵੀ ਰਜਿੰਦਰਾ ਕਾਲਜ ਨੇ ਬਾਜ਼ੀ ਮਾਰੀ। ਨੈਸ਼ਨਲ ਸਟਾਈਲ 'ਚ ਸ਼ਿਵਾਲਿਕ ਪਬਲਿਕ ਸਕੂਲ ਨੇ ਸਰਕਾਰੀ ਸੈਕੰਡਰੀ ਸਕੂਲ ਲਹਿਰਾ ਮੁਹੱਬਤ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ।

ਭਿਵਾਨੀ ਬਾਕਸਿੰਗ ਕਲੱਬ ਦੀ ਹਾਲਤ ਘੋੜਿਆਂ ਦੇ ਤਬੇਲੇ ਵਰਗ

ਭਿਵਾਨੀ, 10 ਸਤੰਬਰ : ਜਿਥੇ ਖੇਡਣਾ ਹੋਵੇ, ਉਥੇ ਸਹੂਲਤਾਂ ਤਾਂ ਪੂਰੀਆਂ ਮਿਲਣੀਆਂ ਜ਼ਰੂਰੀ ਹਨ, ਜੇਕਰ ਯੋਗ ਥਾਂ ਨਾ ਮਿਲੇ ਤਾਂ ਖੇਡਣਾ ਮੁਸ਼ਕਿਲ ਹੋ ਜਾਂਦਾ ਹੈ। ਬੀਜਿੰਗ ਉਲੰਪਿਕ ਵਿਚ ਅਖਿਲ ਕੁਮਾਰ, ਜਤਿੰਦਰ ਕੁਮਾਰ ਤੇ ਵਿਜੇਂਦਰ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਚਾਹੇ ਭਿਵਾਨੀ ਬੌਕਸਿੰਗ ਕਲੱਬ ਦੁਨੀਆ ਭਰ ਵਿਚ ਮਸ਼ਹੂਰ ਹੋ ਗਿਆ ਹੋਵੇ ਪਰ ਖਿਡਾਰੀਆਂ ਦੀ ਸਫ਼ਲਤਾ ਦਾ ਸਿਹਰਾ ਕਲੱਬ ਨੂੰ ਬਿਲਕੁਲ ਨਹੀਂ ਦਿਤਾ ਜਾ ਸਕਦਾ ਕਿਉਂਕਿ ਇਥੇ ਖਿਡਾਰੀਆਂ ਲਈ ਸਹੂਲਤ ਦੇ ਨਾਂ 'ਤੇ ਕੁੱਝ ਵੀ ਨਹੀਂ ਹੈ। ਇਹ ਵੀ ਸਚਾਈ ਹੈ ਕਿ ਅਖਿਲ ਤੇ ਜਤਿੰਦਰ ਨੇ ਸ਼ੁਰੂਆਤ ਦੇ ਦਿਨਾਂ ਵਿਚ ਜ਼ਰੂਰ ਇਥੇ ਟਰੇਨਿੰਗ ਕੀਤੀ ਸੀ ਪਰ ਜੇਕਰ ਉਨ੍ਹਾਂ ਦੀ ਸਫ਼ਲਤਾ ਦਾ ਸਿਹਰਾ ਇਸ ਕਲੱਬ ਨੂੰ ਹੀ ਦੇ ਦਿਤਾ ਜਾਵੇ ਤਾਂ ਇਹ ਕੌਮੀ ਕੋਚਾਂ ਦੀ ਮਿਹਨਤ 'ਤੇ ਪਾਣੀ ਫੇਰਨ ਵਰਗਾ ਹੋਵੇਗਾ। ਬੀਜਿੰਗ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਵਿਜੇਂਦਰ ਜ਼ਰੂਰ ਭਿਵਾਨੀ ਬੌਕਸਿੰਗ ਕਲੱਬ ਦੇ ਕੋਚ ਜਗਦੀਸ਼ ਸਿੰਘ ਨੂੰ ਅਪਣਾ ਪਹਿਲਾ ਕੋਚ ਮੰਨਦੇ ਹਨ। ਜੇਕਰ ਉਨ੍ਹਾਂ ਨੇ ਅਜਿਹਾ ਕੀਤਾ ਹੈ ਤਾਂ ਉਨ੍ਹਾਂ ਨੂੰ ਇਸ ਦਾ ਸਿਹਰਾ ਦਿਤਾ ਜਾਣਾ ਚਾਹੀਦਾ ਹੈ ਪਰ ਜੋ ਮੁੱਕੇਬਾਜ਼ੀ ਨੂੰ ਚੰਗੇ ਢੰਗ ਨਾਲ ਸਮਝਦਾ ਹੈ ਉਸ ਨੂੰ ਪਤਾ ਹੈ ਕਿ ਮੁੰਡਿਆਂ ਨੇ ਚੰਗਾ ਪ੍ਰਦਰਸ਼ਨ ਕਦੋਂ ਸ਼ੁਰੂ ਕੀਤਾ। ਕਲੱਬ ਵਿਚ 150 ਮੁੰਡੇ ਤੇ 50 ਕੁੜੀਆਂ ਸਿਖਲਾਈ ਲੈਂਦੀਆਂ ਹਨ ਤੇ ਕੋਚ ਜਗਦੀਸ਼ ਸਿੰਘ ਇਕੱਲੇ ਹੀ ਇਨ੍ਹਾਂ 200 ਬੱਚਿਆਂ ਨੂੰ ਸਿਖਲਾਈ ਦਿੰਦੇ ਹਨ। ਇਥੇ ਕਸਰਤ ਕਰਨ ਲਈ ਗਿਣਤੀਆਂ ਦੀ ਹੀ ਮਸ਼ੀਨਾਂ ਹਨ। ਖਿਡਾਰੀਆਂ ਦੀ ਕਸਰਤ ਲਈ ਕਲੱਬ ਦੇ ਗੇਟ 'ਤੇ ਦੋ ਰੱਸੀਆਂ ਲਗਾਈਆਂ ਹਨ ਜਿਸ 'ਤੇ ਖਿਡਾਰੀ ਅਪਣੇ ਸਰੀਰ ਨੂੰ ਫਿੱਟ ਕਰਦੇ ਹਨ। ਸਿਖਲਾਈ ਲਈ ਇਥੇ ਉੱਚੇ ਮੇਜ਼ ਲੱਗੇ ਹੋਏ ਹਨ ਜਿਨ੍ਹਾਂ 'ਤੇ ਬੌਕਸਿੰਗ ਦੀ ਸਿਖਲਾਈ ਦਿੱਤੀ ਜਾਂਦੀ ਹੈ। ਜੇਕਰ ਸਾਰੇ ਖਿਡਾਰੀ ਇਕੋ ਸਮੇਂ ਅਭਿਆਸ ਕਰਨ ਲੱਗ ਜਾਣ ਤਾਂ ਸ਼ਾਇਦ ਉਨ੍ਹਾਂ ਕੋਲ ਦਸਤਾਨੇ ਵੀ ਘਟ ਜਾਣ। ਸਹੂਲਤਾਂ ਦੇ ਨਾਂ 'ਤੇ ਕਲੱਬ ਦਾ ਰੱਬ ਹੀ ਰਾਖਾ ਹੈ। ਜੇਕਰ ਭਾਰਤ ਨੇ ਸੋਨ ਤਗਮੇ ਜਿੱਤਣੇ ਹਨ ਤਾਂ ਇਥੇ ਸਹੂਲਤਾਂ ਦੇਣੀਆਂ ਹੋਣਗੀਆਂ। ਵਿਜੇਂਦਰ ਹਾਲਾਂਕਿ ਜਗਦੀਸ਼ ਸਿੰਘ ਨੂੰ ਅਪਣਾ ਕੋਚ ਮੰਨਦੇ ਹਨ ਪਰ ਉਨ੍ਹਾਂ ਦੀ ਜਿੱਤ ਵਿਚ ਕੌਮੀ ਕੋਚਾਂ ਦਾ ਬਹੁਤ ਵੱਡਾ ਹੱਥ ਹੈ।

ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਦਾ ਸੈਮੀਨਾਰ 13 ਨੂ

ਲੁਧਿਆਣਾ, 9 ਸਤੰਬਰ -ਪੰਜਾਬ ਦੀਆਂ ਪੇਂਡੂ ਖੇਡ ਕਲੱਬ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਸਲ ਵਲੋਂ ਤੀਸਰਾ ਸੈਮੀਨਾਰ 13 ਸਤੰਬਰ ਨੂੰ ਬਠਿੰਡਾ ਵਿਖੇ ਜਦਕਿ ਚੌਥਾ ਸੈਮੀਨਾਰ 20 ਸਤੰਬਰ ਨੂੰ ਮੰਡੌਰ ਅਕੈਡਮੀ ਪਟਿਆਲਾ ਵਿਖੇ ਅਤੇ ਆਖਰੀ ਸੈਮੀਨਾਰ 27 ਸਤੰਬਰ ਨੂੰ ਜਰਖੜ ਹਾਕੀ ਅਕੈਡਮੀ ਲੁਧਿਆਣਾ ਵਿਖੇ ਹੋਵੇਗਾ। ਇਨ੍ਹਾਂ ਸੈਮੀਨਾਰਾਂ ਦਾ ਮੁੱਖ ਮਕਸਦ ਪੇਂਡੂ ਖੇਡਾਂ ਕਿਸ ਤਰ੍ਹਾਂ ਕਰਾਈਆਂ ਜਾਣ ਅਤੇ ਪੇਂਡੂ ਖੇਡਾਂ ਦੀ ਉਲੰਪਿਕ ਖੇਡਾਂ ਤੱਕ ਪਹੁੰਚ ਬਣਾਉਣ ਲਈ ਕਿਹੜੇ ਹੀਲੇ ਵਸੀਲੇ ਵਰਤੇ ਜਾਣ ਹੋਵੇਗਾ। ਕੌਂਸਲ ਦੇ ਚੇਅਰਮੈਨ ਪਰਮਜੀਤ ਸਿੰਘ ਖੱਟੜਾ, ਗੁਰਮੀਤ ਸਿੰਘ ਖੁਡੀਆ, ਗੁਰਜੀਵਨ ਸਿੰਘ ਬਰਾੜ ਜੰਡਾਵਾਲਾ ਨੇ ਦੱਸਿਆ ਕਿ ਸੈਮੀਨਾਰ ਵਿਚ ਕੌਂਸਲ ਦੇ ਪ੍ਰਮੁੱਖ ਬੁਲਾਰੇ ਖੇਡ ਲੇਖਕ ਅਤੇ ਹੋਰ ਖੇਡ ਚਿੰਤਕ ਵਿਸ਼ੇਸ਼ ਤੌਰ 'ਤੇ ਪਹੁੰਚਣਗੇ।

ਪਟਿਆਲਾ ਆਖਰੀ ਮੈਚ ਵਿਚ ਸ਼ਾਮਿਲ

ਪਟਿਆਲਾ 9 ਸਤੰਬਰ - ਪਟਿਆਲਾ ਵਿਚ ਰਾਜਾ ਭਾਲਿੰਦਰ ਸਿੰਘ ਸਪੋਰਟਸ ਕੰਪਲੈਕਸ ਵਿਖੇ ਪੰਜਾਬ ਸਕੂਲ ਖੇਡਾਂ ਦੇ ਖੋ-ਖੋ ਅੰਡਰ14 ਦੇ ਮੁਕਾਬਲੇ ਹੋ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਪਟਿਆਲਾ ਜ਼ਿਲ੍ਹੇ ਦੀ ਟੀਮ ਅੱਗੇ ਜਾ ਰਹੀ ਹੈ। ਇਸ ਟੂਰਨਾਮੈਂਟ ਦੇ ਚੌਥੇ ਦਿਨ ਸੁਪਰ ਲੀਗ ਮੁਕਾਬਲੇ ਹੋਏ। ਜਿਸ ਦੇ ਪਹਿਲੇ ਮੈਚ ਵਿਚ ਸੰਗਰੂਰ ਦੀ ਟੀਮ ਨੇ ਮਾਨਸਾ ਨੂੰ ਫਸਵੇਂ ਮੁਕਾਬਲੇ 'ਚ 18-12 ਨਾਲ ਹਰਾਇਆ। ਪਟਿਆਲਾ ਦੀ ਟੀਮ ਨੇ ਫਿਰੋਜ਼ਪੁਰ ਨੂੰ 3-2 ਨਾਲ ਤੇ ਸੰਗਰੂਰ ਨੂੰ 6-4 ਨਾਲ ਹਰਾ ਕੇ ਲਗਾਤਾਰ ਦੋ ਜਿੱਤਾਂ ਹਾਸਿਲ ਕੀਤੀਆਂ ਅਤੇ ਖਿਤਾਬ ਵੱਲ ਕਦਮ ਵਧਾਏ। ਪਟਿਆਲਾ ਦਾ ਆਖਰੀ ਮੈਚ ਸੰਗਰੂਰ ਨਾਲ ਹੋਵੇਗਾ। ਦੂਸਰੇ ਪਾਸੇ ਮਾਨਸਾ ਨੇ ਫਿਰੋਜ਼ਪੁਰ ਨੂੰ 11-10 ਨਾਲ ਹਰਾ ਕੇ ਦੂਸਰੇ ਸਥਾਨ ਲਈ ਆਪਣੀ ਦਾਅਵੇਦਾਰੀ ਕਾਇਮ ਰੱਖੀ। ਸੰਗਰੂਰ ਦੀ ਟੀਮ ਨੇ ਫਿਰੋਜ਼ਪੁਰ ਨੂੰ 5-2 ਨਾਲ ਹਰਾ ਕੇ ਖ਼ਿਤਾਬੀ ਦੌੜ 'ਚ ਆਪਣੇ ਆਪ ਨੂੰ ਕਾਇਮ ਰੱਖਿਆ।

55ਵੀਂ ਸੀਨੀਅਰ ਰਾਸ਼ਟਰੀ ਮੁੱਕੇਬਾਜ਼ੀ ਪ੍ਰਤੀਯੋਗਤਾ
ਪਰਮਿੰਦਰ ਤੇ ਕੁਲਦੀਪ ਕੁਆਰਟਰ ਫਾਈਨਲ 'ਚ

ਬਠਿੰਡਾ, 9 ਸਤੰਬਰ - 55ਵੀਂ ਸੀਨੀਅਰ ਨੈਸ਼ਨਲ ਮੁੱਕੇਬਾਜ਼ੀ ਪ੍ਰਤੀਯੋਗਤਾ ਦੇ ਮੁਕਾਬਲੇ ਖੇਡ ਸਟੇਡੀਅਮ ਬਠਿੰਡਾ ਵਿਖੇ ਹੋ ਰਹੇ ਹਨ। ਜਿਸ ਦੇ ਚੌਥੇ ਦਿਨ ਵੀ ਪੰਜਾਬ ਦੇ ਮੁੱਕੇਬਾਜ਼ਾਂ ਦਾ ਵਧੀਆ ਪ੍ਰਦਰਸ਼ਨ ਜਾਰੀ ਰਿਹਾ ਤੇ ਪੰਜਾਬ ਦੇ ਮੁੱਕੇਬਾਜ਼ ਪਰਮਿੰਦਰ ਸਿੰਘ ਨੇ ਲਾਈਟ ਹੈਵੀਵੇਟ 81 ਕਿਲੋਗ੍ਰਾਮ ਵਰਗ ਵਿਚ ਚੰਡੀਗੜ੍ਹ ਦੇ ਸੁਨੀਲ ਨੂੰ 28-13 ਨਾਲ ਅਤੇ ਮਿਡਲ 75 ਕਿਲੋਗ੍ਰਾਮ ਵਰਗ ਅਤੇ ਪੰਜਾਬ ਤੇ ਕੁਲਦੀਪ ਸਿੰਘ ਨੇ ਉੱਤਰਾਖੰਡ ਦ ਦੇਵਰਾਜ ਨੂੰ 31-7 ਨਾਲ ਚਿੱਤ ਕਰਕੇ ਕੁਆਟਰ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਇਸ ਤੋਂ ਇਲਾਵਾ ਲਾਈਟ ਫਲਾਈ 48 ਕਿਲੋ ਦੇ ਖੇਡੇ ਗਏ ਪਹਿਲੇ ਮੁਕਾਬਲੇ ਵਿਚ ਅਸਾਮ ਰਾਈਫਲ ਦੇ ਵਿਸ਼ਵਾਜੀਤ, ਆਰ.ਐਸ.ਪੀ.ਬੀ. ਦੇ ਮਨਵਰ ਹੁਸੈਨ, ਉੱਤਰਾਖੰਡ ਦੇ ਵਿਪਨ ਕੁਮਾਰ, ਪੰਜਾਬ ਦੇ ਅਮਨਦੀਪ ਸਿੰਘ, ਮੱਧ ਪ੍ਰਦੇਸ਼ ਦੇ ਉਮੇਸ਼ ਯਾਦਵ, ਐਸ ਐਸ ਸੀ ਬੀ ਦੇ ਸੰਜੇ, ਕੇਰਲਾ ਦੇ ਮਾਹੀਮੈਂ ਨੇ ਜਿੱਤਾਂ ਪ੍ਰਾਪਤ ਕੀਤੀਆਂ ਹਨ ਜਦਕਿ ਫਲਾਈਵੇਟ 51 ਕਿਲੋ ਵਿਚ ਝਾਰ ਖੰਡ ਦੇ ਹੇਮੰਤ ਕੁਮਾਰ, ਸੀ ਆਈ ਐਸ ਐਫ ਦਲੀਪ ਕੁਮਾਰ, ਗੋਆ ਦੇ ਸੰਤੋਸ਼, ਆਲ ਇੰਡੀਆ ਪੁਲਿਸ ਦੇ ਅਸ਼ਵਨੀ ਸ਼ਰਮਾ, ਮਹਾਰਾਸ਼ਟਰ ਦੇ ਮਨੋਜ ਸੂਰੀਆਵੰਸ਼ੀ, ਐਸ ਐਸ ਸੀ ਬੀ ਦੇ ਐਮ. ਸੌਰੰਜੇ , ਹਰਿਆਣਾ ਦੇ ਸੁਨੀਲ ਨੇ ਵੀ ਆਪਣੇ ਵਿਰੋਧੀਆਂ ਨੂੰ ਚਿੱਤ ਕਰਕੇ ਕੁਆਟਰ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ। ਬੈਂਟਨ ਵੇਟ 54 ਕਿਲੋ ਵਰਗ ਵਿਚ ਛੱਤੀਸਗੜ੍ਹ ਦੇ ਹਿਤੇਸ਼ ਕੁਮਾਰ ਨੇ, ਆਲ ਇੰਡੀਆ ਪੁਲਿਸ ਦੇ ਐਸ.ਕੇ. ਥੱਪਾ, ਮੇਘਾਲਿਆ ਦੇ ਟੋਰਕ, ਝਾਰਖੰਡ ਦੇ ਸੁਭਰਮ, ਆਂਧਰਾ ਪ੍ਰਦੇਸ਼ ਦੇ ਐਨ. ਸੰਤੋਸ਼ ਕੁਮਾਰ, ਪੱਛਮੀ ਬੰਗਾਲ ਦੇ ਸੁਭਾਸ਼ ਦੇਵਨਾਥ, ਐਸ.ਐਸ.ਸੀ.ਬੀ. ਦੇ ਪੀ. ਨਰਜੀਤ ਸਿੰਘ, ਸੀ.ਆਈ.ਐਸ.ਐਫ. ਦੇ ਐਸ. ਸੁਰੇਸ਼ਸਿੰਘ ਅਤੇ ਵੈਦਰ 57 ਕਿਲੋ ਵਰਗ ਵਿਚ ਉੱਤਰਾਖੰਡ ਦੇ ਦਿਨੇਸ਼, ਮਿਜੋਰਮ ਦੇ ਪੀ.ਸੀ.ਛੁਆਂਵਰਾ, ਉਤਰ ਪ੍ਰਦੇਸ਼ ਦੇ ਇਮਰਾਨ ਖਾਨ, ਮਹਾਰਾਸ਼ਟਰ ਦੇ ਮਨੋਜ ਬਾਪੂ, ਮੇਘਾਲਿਆ ਦੇ ਮਨੋਜ ਰਾਣਾ, ਅਸਾਮ ਦੇ ਗਣੇਸ਼ ਰਾਣਾ, ਆਰ.ਐਸ.ਪੀ.ਬੀ. ਦੇ ਦੀਵਾਕਰ, ਲਾਈਟ 60 ਕਿਲੋ ਵਰਗ ਵਿਚ ਪੰਜਾਬ ਦੇ ਅਮਨਦੀਪ ਸਿੰਘ, ਅਸਾਮ ਦੇ ਗੋਵਿੰਦ ਥੱਪਾ, ਆਰ.ਐਸ.ਪੀ.ਬੀ. ਦੇ ਵਿਕਾਸ ਮੱਲਿਕ ਨੇ ਜਿੱਤਾਂ ਪ੍ਰਾਪਤ ਕੀਤੀਆਂ ਹਨ। ਲਾਈਟ ਵਿਲਟਰ 64 ਕਿਲੋ ਵਰਗ ਵਿਚ ਅਸਾਮ ਰਾਈਫਲ ਦੇ ਐਸ.ਬੀ. ਤਮੰਗ ਨੇ ਨਾਗਾਲੈਂਡ ਦੇ ਅਨਿਲ ਕੁਮਾਰ ਨੂੰ 16-11, ਹਰਿਆਣਾ ਦੇ ਸੰਦੀਪ ਨੇ ਪੰਜਾਬ ਦੇ ਬਘੇਲ ਸਿੰਘ ਨੂੰ 24-15, ਉਤਰ ਪ੍ਰਦੇਸ਼ ਦੇ ਦੀਵਾਂਸ਼ੂ ਨੇ ਚੰਡੀਗੜ੍ਹ ਦੇ ਸੁਮਨ ਨੇਗੀ ਨੂੰ 20-7, ਕੇਰਲਾ ਦੇ ਐਸ.ਪ੍ਰੇਮ ਕੁਮਾਰ ਨੇ ਮੱਧ ਪ੍ਰਦੇਸ਼ ਦੇ ਫੈਜ਼ ਮਹਿਮਦ ਨੂੰ 16-5, ਵਿਲਟਰ 69 ਕਿਲੋ ਵਰਗ ਵਿਚ ਤ੍ਰਿਪੁਰਾ ਦੇ ਧਰਮਿੰਦਰ ਨੇ ਪੰਜਾਬ ਦੇ ਰਣਜੀਤ ਸਿੰਘ ਨੂੰ 17-15 ਅਤੇ ਕੇਰਲਾ ਦੇ ਵਿਕਾਂਤਿਸ਼ ਨੇ ਅਸਾਮ ਰਾਈਫਲ ਦੇ ਹਰੀਕ੍ਰਿਸ਼ਨ ਨੂੰ 20-14 ਨਾਲ, ਮਿਡਲ 75 ਕਿਲੋ ਵਰਗ ਵਿਚ ਮੱਧ ਪ੍ਰਦੇਸ਼ ਦੇ ਗਗੇਂਦਰ ਸਿੰਘ ਨੇ ਕੇਰਲਾ ਦੇ ਗਣੇਸ਼ ਪੀ ਨੂੰ 40-37, ਹਰਿਆਣਾ ਦੇ ਮਨਜੀਤ ਨੇ ਮਿਜੋਰਮ ਦੇ ਜੌਹਨ ਨੂੰ 19-5 ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ ਹੈ।

ਗਾਲਿਬ ਕਲਾਂ 'ਚ ਦੋਧਰ ਦੇ ਕੇਸਾਧਾਰੀ ਖਿਡਾਰੀਆਂ ਨੇ ਕਰਵਾਈ ਧੰਨ ਧੰਨ

ਜਗਰਾਓਂ, 9 ਸਤੰਬਰ - ਮਾਲਵੇ ਦੇ ਮਸ਼ਹੂਰ ਪਿੰਡ ਗਾਲਿਬ ਕਲਾਂ ਵਿਖੇ ਧੰਨ-ਧੰਨ ਬਾਬਾ ਨੰਦ ਸਿੰਘ, ਧੰਨ-ਧੰਨ ਬਾਬਾ ਈਸ਼ਰ ਸਿੰਘ ਵਾਲਿਆਂ ਦੀ ਯਾਦ 'ਚ ਸ਼ਾਨਦਾਰ ਪਹਿਲਾ ਟੌਪਰ ਖੇਡ ਮੇਲਾ ਕਰਵਾਇਆ ਗਿਆ। ਖੇਡ ਮੇਲੇ ਦੌਰਾਨ ਪ੍ਰਮੋਟ ਕੀਤੀ ਕੇਸਾਧਾਰੀ ਖਿਡਾਰੀਆਂ ਦੀ ਟੀਮ 'ਬਾਬਾ ਈਸ਼ਰ ਸਿੰਘ ਨਾਨਕ ਸਰ' ਅਤੇ ਮਾਝੇ ਦੀ 'ਖਾਲਸਾ ਕਲੱਬ' ਦੀਆਂ ਟੀਮਾਂ ਦੇ ਫਸਵੇਂ ਸ਼ੋਅ ਮੈਚਾਂ ਨੇ ਦਰਸ਼ਕਾਂ ਨੂੰ ਦੰਦਾਂ ਹੇਠਾਂ ਜੀਭਾਂ ਦਬਾਉਣ ਲਈ ਮਜਬੂਰ ਕਰ ਦਿੱਤਾ। ਇਸ ਖੇਡ ਮੇਲੇ 'ਚ ਦੌਧਰ ਦੀ ਟੀਮ ਨੇ ਪਹਿਲਾ ਅਤੇ ਗਾਲਿਬ ਕਲਾਂ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।

ਪੰਜਾਬ ਰਾਜ ਸਕੂਲ ਖੇਡਾਂ
ਖੋ-ਖੋ ਅੰਡਰ14 'ਚ ਸੰਗਰੂਰ ਅਤੇ ਥ੍ਰੋ ਬਾਲ 'ਚ ਕਪੂਰਥਲਾ ਬਣੇ ਚੈਂਪੀਅਨ

ਅਨੰਦਪੁਰ ਸਾਹਿਬ, 9 ਸਤੰਬਰ -56ਵੀਆਂ ਪੰਜਾਬ ਰਾਜ ਸਕੂਲ ਖੇਡਾਂ ਅਨੰਦਪੁਰ ਸਾਹਿਬ ਦੇ ਐਸ. ਜੀ. ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋ ਰਹੀਆਂ ਹਨ। ਜਿਸ ਵਿਚ ਖੋ-ਖੋ 14 ਸਾਲ ਉਮਰ ਵਰਗ ਲੜਕੀਆਂ ਦੀ ਚੈਂਪੀਅਨਸ਼ਿਪ 'ਤੇ ਜ਼ਿਲ੍ਹਾ ਸੰਗਰੂਰ ਨੇ 6 ਅੰਕ ਹਾਸਲ ਕਰਕੇ ਕਬਜ਼ਾ ਕਰ ਲਿਆ ਹੈ। ਸੁਪਰ ਲੀਗ ਮੁਕਾਬਲਿਆਂ 'ਚ ਤਖਤ ਗੜ੍ਹ ਖੇਡ ਵਿੰਗ (ਰੂਪਨਗਰ) ਨੇ ਲੁਧਿਆਣਾ, ਸੰਗਰੂਰ ਨੇ ਫਰੀਦਕੋਟ, ਲੁਧਿਆਣਾ ਨੇ ਫਰੀਦਕੋਟ ਅਤੇ ਫਿਰ ਸੰਗਰੂਰ ਨੇ ਖੇਡ ਵਿੰਗ ਤਖਤ ਗੜ੍ਹ ਨੂੰ ਹਰਾਇਆ। ਤਖਤ ਗੜ੍ਹ ਖੇਡ ਵਿੰਗ (ਰੂਪਨਗਰ) ਨੇ 4 ਅੰਕ ਲੈ ਕੇ ਦੂਜਾ ਅਤੇ ਲੁਧਿਆਣਾ ਨੇ 2 ਅੰਕ ਲੈ ਕੇ ਤੀਜਾ ਦਰਜਾ ਹਾਸਲ ਕੀਤਾ।
ਕਪੂਰਥਲਾ, (ਕੋਮਲ)-ਪੰਜਾਬ ਸਕੂਲ ਖੇਡਾਂ (ਥਰੋਅ ਬਾਲ) ਅੰਡਰ 14 ਸਾਲ ਲੜਕੇ ਅਤੇ ਲੜਕੀਆਂ ਵਿਚ ਕਪੂਰਥਲਾ ਦੀ ਲੜਕਿਆਂ ਦੀ ਟੀਮ ਨੇ ਫਿਰੋਜ਼ਪੁਰ ਦੀ ਟੀਮ ਨੂੰ ਹਰਾ ਕੇ ਚੈਂਪੀਅਨਸ਼ਿਪ ਜਿੱਤੀ ਜਦਕਿ ਮੁਕਤਸਰ ਦੀ ਟੀਮ ਨੂੰ ਤੀਜਾ ਸਥਾਨ ਮਿਲਿਆ। ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲੇ ਵਿਚ ਵੀ ਕਪੂਰਥਲਾ ਨੇ ਅੰਮ੍ਰਿਤਸਰ ਨੂੰ ਹਰਾਇਆ ਅਤੇ ਪਟਿਆਲਾ ਦੀ ਟੀਮ ਨੇ ਤੀਜਾ ਦਰਜਾ ਹਾਸਲ ਕੀਤਾ। ਇਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ 400 ਥਰੋਅ ਬਾਲ ਦੇ ਖਿਡਾਰੀ ਹਾਜ਼ਰ ਸਨ।

55ਵੀਂ ਸੀਨੀਅਰ ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ

ਬਠਿੰਡਾ, 8 ਸਤੰਬਰ - 55ਵੀਂ ਸੀਨੀਅਰ ਕੌਮੀ ਮੁੱਕੇਬਾਜ਼ੀ ਪ੍ਰਤੀ ਯੋਗਤਾ ਦੇ ਮੁਕਾਬਲੇ 6 ਸਤੰਬਰ ਤੋਂ ਬਠਿੰਡੇ ਵਿਚ ਚੱਲ ਰਹੇ ਹਨ। 8 ਸਤੰਬਰ ਨੂੰ ਝਾਰਖੰਡ ਟੀਮ ਦੇ ਮੁੱਕੇਬਾਜ਼ ਪਰਮਿੰਦਰ ਸਿੰਘ ਨੇ ਬਿਹਾਰ ਦੇ ਮੁੱਕੇਬਾਜ਼ ਕਰਨ ਕਿਸ਼ਨ ਨੂੰ ਪਹਿਲੇ ਰਾਊਂਡ ਵਿਚ ਹਰਾਇਆ। ਪੰਜਾਬ ਦੇ ਅਮਨਦੀਪ ਸਿੰਘ ਨੇ ਬੀ.ਐਸ.ਐਫ. ਦੇ ਪ੍ਰਦੀਪ ਕੁਮਾਰ ਨੂੰ, ਮਿਡਲ 75 ਕਿਲੋਗ੍ਰਾਮ ਵਰਗ ਵਿਚ ਪੰਜਾਬ ਦੇ ਕੁਲਦੀਪ ਸਿੰਘ ਨੇ ਨਾਗਾਲੈਂਡ ਦੇ ਐਲ.ਐਸ.ਮੈਟਈ ਨੂੰ, ਉਤਰ ਪ੍ਰਦੇਸ਼ ਦੇ ਰਾਮ ਕੁਮਾਰ ਗੌਤਮ ਨੇ ਉੜੀਸਾ ਦੇ ਜਸਵੀਰ ਸਿੰਘ ਨੂੰ, ਹਰਿਆਣਾ ਦੇ ਮਨਜੀਤ ਨੇ ਦਿੱਲੀ ਦੇ ਰਾਹੁਲ ਕੁਮਾਰ ਨੂੰ, ਤ੍ਰਿਪੁਰਾ ਦੇ ਵਿਕਾਸ ਸਿੰਘ ਨੇ ਰਾਜਸਥਾਨ ਦੇ ਹਰੀ ਸਿੰਘ ਨੂੰ, ਸਿੱਕਮ ਦੇ ਮਹਿੰਦਰ ਸਿੰਘ ਨੇ ਮਹਾਰਾਸ਼ਟਰ ਦੇ ਅਨਮੋਲ ਨੂੰ ਅਤੇ ਆਲ ਇੰਡੀਆ ਪੁਲਿਸ ਦੇ ਸੁਧੀਰ ਮਲਿਕ ਨੇ ਰਾਜਸਥਾਨ ਦੇ ਮੋਹਿਤ ਕੁਮਾਰ ਨੂੰ ਪਿੱਛੇ ਛੱਡਿਆ। ਦੂਜੇ ਦਿਨ ਦੇਰ ਰਾਤ ਖਤਮ ਹੋਏ ਬੈਨਟਮ 54 ਕਿਲੋਗ੍ਰਾਮ ਦੇ ਮੁਕਾਬਲਿਆਂ ਵਿਚ ਐਸ.ਐਸ.ਸੀ.ਬੀ. ਦੇ ਪੀ ਨਰਜੀਤ ਸਿੰਘ ਨੇ ਕੇਰਲਾ ਦੇ ਐਨ ਕੁਮਾਰ ਨੂੰ, ਚੰਡੀਗੜ੍ਹ ਦੇ ਮਨੋਜ ਕੁਮਾਰ ਨੇ ਮਹਾਰਾਸ਼ਟਰ ਦੇ ਜਵੰਦਰ ਨੂੰ, ਸੀ.ਆਈ.ਐਸ.ਐਫ਼ ਦੇ ਐਸ.ਸੁਰੇਸ਼ ਸਿੰਘ ਨੇ ਪੰਜਾਬ ਦੇ ਕੁਲਵਿੰਦਰ ਸਿੰਘ ਨੂੰ, ਪੰਜਾਬ ਦੇ ਮਹਿਮੂਦ ਖਾਨ ਨੇ ਤ੍ਰਿਪੁਰਾ ਦੇ ਯਸ਼ਪਾਲ ਨੂੰ ਚਿੱਤ ਕੀਤਾ। ਫਲਾਈ 51 ਕਿਲੋ ਵਰਗ ਵਿਚ ਪੰਜਾਬ ਦੇ ਪੁਸ਼ਕਰ ਸਿੰਘ ਨੂੰ ਸੱਟ ਲੱਗ ਜਾਣ ਕਾਰਨ ਜੱਜਾਂ ਨੇ ਕੇਰਲਾ ਦੇ ਐਸ.ਰਾਜੀ ਨੂੰ ਜੇਤੂ ਐਲਾਨ ਦਿੱਤਾ ਅਤੇ ਲਾਈਟ 60 ਕਿਲੋਗ੍ਰਾਮ ਵਿਚ ਪੰਜਾਬ ਦੇ ਅਮਨਦੀਪ ਨੇ ਬੀ.ਐਸ.ਐਫ. ਦੇ ਪ੍ਰਦੀਪ ਕੁਮਾਰ ਨੂੰ 24-13 ਨਾਲ ਹਰਾਇਆ ਅਤੇ ਜਿੱਤ 'ਤੇ ਆਪਣਾ ਕਬਜ਼ਾ ਕੀਤਾ।

ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਸਮਾਪਤ

ਅਜੀਤ ਨਗਰ, 8 ਸਤੰਬਰ - 44ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ 8 ਸਤੰਬਰ ਨੂੰ ਸਮਾਪਤ ਹੋ ਗਈ। ਜਿਸ ਵਿਚ ਭੁੱਚੋ ਕੱਪ ਦੀ ਓਵਰ ਆਲ ਟਰਾਫੀ 'ਤੇ ਜਲੰਧਰ ਜ਼ਿਲ੍ਹੇ ਨੇ ਆਪਣਾ ਕਬਜ਼ਾ ਕੀਤਾ। ਜਦੋਂ ਕਿ ਰਾਜਾ ਰਣਧੀਰ ਸਿੰਘ ਟਰਾਫੀ ਰਨਰਅੱਪ ਰਹੀ ਮੁਕਤਸਰ ਦੀ ਟੀਮ ਨੂੰ ਦਿੱਤੀ ਗਈ। ਇਨਾਮ ਵੰਡ ਸਮਾਰੋਹ ਦੌਰਾਨ ਪ੍ਰੀਤਮ ਸਿੰਘ ਕੁੰਮੇਦਾਨ, ਪ੍ਰੀਤਮ ਸਿੰਘ ਵਿਰਕ, ਅਜੀਤ ਸਿੰਘ ਛਾਬੜਾ, ਐਨ.ਐਸ ਭੋਗਲ, ਅਰਜੁਨ ਐਵਾਰਡੀ ਵੀਰਪਾਲ ਕੌਰ ਤੇ ਪਟਿਆਲਾ ਰੇਂਜ ਦੇ ਸੈਕਟਰੀ ਜੀ.ਐਸ ਭੁੱਲਰ ਆਦਿ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਅੰਗਹੀਣਾਂ ਦੇ ਵਿਸ਼ੇਸ਼ ਹੋਏ ਮੁਕਾਬਲੇ ਦੌਰਾਨ ਰਮੇਸ਼ ਕੁਮਾਰ ਲੁਧਿਆਣਾ ਨੇ ਸੋਨੇ ਦਾ ਤਮਗਾ ਜਿੱਤਿਆ। ਐਸੋਸੀਏਸ਼ਨ ਵੱਲੋਂ ਅਵਨੀਤ ਨੂੰ ਬੇਹਤਰੀਨ ਨਿਸ਼ਾਨਚੀ ਦਾ ਐਵਾਰਡ ਦਿੱਤਾ ਗਿਆ। ਸਮਾਲ ਬੋਰ ਫ੍ਰੀ ਰਾਈਫਲ ਪਰੋਨ ਮੈਨ ਵਿਚ ਰਾਜ ਕੰਵਲ ਟਿਰਕੀ, ਸਪੋਰਟਸ ਰਾਈਫਲ ਪ੍ਰੋਨ ਵੂਮੈਨ ਵਿਚ ਜਸਰੀਨ ਕੌਰ, ਸਮਾਲ ਬੋਰ ਫ੍ਰੀ ਰਾਈਲ ਪਰੋਨ ਜੂਨੀਅਰ ਮੈਨ ਵਿਚ ਹਰਕਿਰਪਨ ਜੀਤ ਸਿੰਘ, ਸਮਾਲ ਬੋਰ ਥਰੀ ਪੁਜੀਸ਼ਨ ਮੈਨ ਵਿਚ ਨੇਲ ਅਮੋਲ, ਸਪੋਰਟਸ ਰਾਈਫਲ ਥ੍ਰੀ ਪੁਜੀਸ਼ਨ ਵੂਮੈਨ ਵਿਚ ਵੀਰਪਾਲ ਕੌਰ, .22 ਓਪਨ ਸਾਈਟ ਸਟੈਂਡਰਡ ਰਾਈਫਲ ਮੈਨ ਵਿਚ ਸੁਖਦੇਵ ਚੰਦ, .22 ਓਪਨ ਸਾਈਟ ਸਟੈਂਡਰਡ ਰਾਈਫਲ ਜੂਨੀਅਰ ਮੈਨ ਵਿਚ ਅਮਿਤ ਕੁਮਾਰ, .22 ਓਪਨ ਸਾਈਟ ਸਟੈਂਡਰਡ ਰਾਈਫਲ ਜੂਨੀਅਰ ਵੂਮੈਨ ਵਿਚ ਵੀਨਾ ਕੁਮਾਰੀ, .22 ਓਪਨ ਸਾਈਟ ਸਟੈਂਡਰਡ ਰਾਈਫਲ 3 ਪੁਜ਼ੀਸ਼ਨ ਮੈਨ ਵਿਚ ਗੁਰਦੀਪ ਸਿੰਘ, ਸੈਂਟਰ ਫਾਇਰਮੈਨ ਵਿਅਕਤੀਗਤ ਵਿਚ ਜਸਪਾਲ ਸਿੰਘ, ਸਪੋਰਟਸ ਪਿਸਟਲ ਵੂਮੈਨ ਵਿਚ ਹਰਵੀਨ ਸਰਾਓ, ਫ੍ਰੀ ਪਿਸਟਲ ਮੈਨ ਰਵੀ ਕੁਮਾਰ, ਫ੍ਰੀ ਪਿਸਟਨ ਜੂਨੀਅਰ ਮੈਨ ਵਿਚ ਇੰਦਰਮੀਤ ਸਿੰਘ ਸਰਾਓ, ਏਅਰ ਪਿਸਟਲ ਵਿਚ ਕੁਲਦੀਪ ਕੁਮਾਰ, ਏਅਰ ਪਿਸਟਲ ਵੂਮੈਨ ਵਿਚ ਨਿਕੀਤਾ ਗੁਪਤਾ ਨੇ ਸੋਨ ਤਗਮੇ ਪ੍ਰਾਪਤ ਕੀਤੇ।

54ਵੀਆਂ ਪੰਜਾਬ ਸਕੂਲ ਖੇਡਾਂ
ਖੋ-ਖੋ (ਅੰਡਰ14) 'ਚ ਸੰਗਰੂਰ ਨੇ ਮਾਨਸਾ ਨੂੰ ਕੀਤਾ ਚਿੱਤ

ਅਨੰਦਪੁਰ, 8 ਸਤੰਬਰ - 54ਵੀਆਂ ਪੰਜਾਬ ਰਾਜ ਸਕੂਲ ਖੇਡਾਂ, 14 ਸਾਲ ਵਰਗ ਲੜਕੀਆਂ ਦੇ ਖੋ-ਖੋ ਮੁਕਾਬਲੇ ਅਨੰਦਪੁਰ ਸਾਹਿਬ ਵਿਖੇ ਐਸ.ਜੀ. ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ 'ਚ ਹੋ ਰਹੇ ਹਨ। ਤੀਜੇ ਦਿਨ ਹੋਏ ਮੁਕਾਬਲਿਆਂ ਦੌਰਾਨ ਸੰਗਰੂਰ ਨੇ ਮਾਨਸਾ, ਤਖਤ ਗੜ੍ਹ ਵਿੰਗ ਨੇ ਮੁਹਾਲੀ, ਲੁਧਿਆਣਾ ਨੇ ਨਵਾਂਸ਼ਹਿਰ ਨੂੰ ਅਤੇ ਫਰੀਦਕੋਟ ਨੇ ਮੋਗਾ ਨੂੰ ਹਰਾਇਆ।

ਮਹਿੰਦਰਾ ਨੇ ਡੁਰੰਡ ਕੱਪ 'ਤੇ ਆਪਣਾ ਹੱਕ ਜਮਾਇਆ

ਨਵੀਂ ਦਿੱਲੀ, 8 ਸਤੰਬਰ - ਕੇ. ਥੋਈ ਸਿੰਘ ਵੱਲੋਂ ਵਾਧੂ ਸਮੇਂ ਵਿਚ ਕੀਤੇ ਗਏ ਗੋਲ ਸਦਕਾ ਮਹਿੰਦਰਾ ਯੂਨਾਈਟਿਡ ਨੇ ਬਹੁਤ ਹੀ ਰੋਮਾਂਚਕ ਮੁਕਾਬਲਾ ਚੈਂਪੀਅਨ ਚਰਚਿਲ ਬ੍ਰਦਰਜ਼ ਨੂੰ 3-2 ਨਾਲ ਹਰਾ ਕੇ ਡੁਰੰਡ ਕੱਪ ਫੁੱਟਬਾਲ ਟੂਰਨਾਮੈਂਟ ਜਿੱਤ ਲਿਆ। ਮੁੰਬਈ ਦੀ ਮਹਿੰਦਰਾ ਦਾ ਇਹ ਕੁਲ ਤੀਜਾ ਅਤੇ 2001 ਤੋਂ ਬਾਅਦ ਪਹਿਲਾ ਡੁਰੰਡ ਕੱਪ ਖਿਤਾਬ ਹੈ।

ਮੁੰਡਿਆਂ ਦੀ ਕਬੱਡੀ ਟੀਮ ਦੇ ਟਰਾਇਲਜ਼ 5 ਅਕਤੂਬਰ ਨੂੰ

ਫ਼ਰੀਦਕੋਟ, 8 ਸਤੰਬਰ - ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੂਤਾ ਗੱਦੀ ਦੀ ਤੀਜੀ ਸ਼ਤਾਬਦੀ ਸਬੰਧੀ ਸ੍ਰੀ ਹਜ਼ੂਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 31 ਅਕਤੂਬਰ ਤੋਂ 1 ਨਵੰਬਰ ਤੱਕ ਹੋਣ ਵਾਲੇ ਖੇਡ ਮੇਲੇ 'ਚ ਪੰਜਾਬ ਦੇ ਮੁੰਡਿਆਂ ਦੀ ਕਬੱਡੀ ਟੀਮ ਦੀ ਚੋਣ ਕਰਨ ਲਈ ਜਿਹੜੇ ਟਰਾਇਲਜ਼ 13, ਸਤੰਬਰ 08 ਨੂੰ ਸਵੇਰੇ 10.00 ਵਜੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਣਗੇ, ਉਨ੍ਹਾਂ ਦੀ ਮਿਤੀ ਬਦਲ ਕੇ 5 ਅਕਤੂਬਰ ਕਰ ਦਿੱਤੀ ਗਈ ਹੈ। ਕੁੜੀਆਂ ਦੀ ਟੀਮ ਚੁਣਨ ਲਈ ਮਿਤੀ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਤੇ ਇਹ ਟਰਾਇਲਜ਼ 12 ਸਤੰਬਰ ਨੂੰ ਗੁਰੂ ਨਾਨਕ ਕਾਲਜ, ਮੋਗਾ ਵਿਖੇ ਸਵੇਰੇ 10.00 ਵਜੇ ਹੀ ਹੋਣਗੇ।

ਪੰਜਾਬ ਸਕੂਲ ਖੋ-ਖੋ ਚੈਂਪੀਅਨਸ਼ਿਪ
ਪਟਿਆਲਾ, ਮਾਨਸਾ, ਸੰਗਰੂਰ ਤੇ ਫਿਰੋਜ਼ਪੁਰ ਪਹੁੰਚੇ ਫਾਈਨਲ 'ਚ

ਪਟਿਆਲਾ, 8 ਸਤੰਬਰ - ਪੰਜਾਬ ਸਕੂਲ ਖੇਡਾਂ ਦੇ ਖੋ-ਖੋ ਅੰਡਰ 14 ਲੜਕਿਆਂ ਦਾ ਟੂਰਨਾਮੈਂਟ ਪਟਿਆਲਾ ਵਿਖੇ ਚੱਲ ਰਿਹਾ ਹੈ। ਜਿਸ ਦੇ ਤੀਜੇ ਦਿਨ ਮਾਨਸਾ, ਪਟਿਆਲਾ, ਫਿਰੋਜ਼ਪੁਰ ਅਤੇ ਸੰਗਰੂਰ ਜ਼ਿਲਿਆਂ ਦੀਆਂ ਟੀਮਾਂ ਨੇ ਆਖਰੀ ਚਾਰ 'ਚ ਪੁੱਜਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਦੇ ਕੁਆਰਟਰ ਫਾਈਨਲ ਮੈਚਾਂ 'ਚ ਪਟਿਆਲਾ ਨੇ ਨਵਾਂ ਸ਼ਹਿਰ ਨੂੰ 13-8 (ਇੱਕ ਪਾਰੀ ਤੇ 5 ਅੰਕਾਂ) ਨਾਲ, ਮਾਨਸਾ ਨੇ ਮੋਹਾਲੀ ਨੂੰ 16-7 ਨਾਲ, ਸੰਗਰੂਰ ਨੇ ਮੁਕਤਸਰ ਨੂੰ 6-2 ਨਾਲ ਅਤੇ ਫਿਰੋਜ਼ਪੁਰ ਨੇ ਰੋਪੜ ਨੂੰ 10-6 ਨਾਲ ਹਰਾ ਕੇ ਆਖਰੀ ਚਾਰ ਵਾਲੀ ਸੁਪਰ ਲੀਗ 'ਚ ਪੁੱਜਣ ਦਾ ਮਾਣ ਹਾਸਲ ਕੀਤਾ। ਪੂਲ ਮੈਚਾਂ ਵਿਚ ਸੰਗਰੂਰ ਨੇ ਨਵਾਂ ਸ਼ਹਿਰ ਨੂੰ 9-2 ਨਾਲ, ਪਟਿਆਲਾ ਨੇ ਤਰਨਤਾਰਨ ਨੂੰ 10-0 ਨਾਲ, ਮਾਨਸਾ ਨੇ ਲੁਧਿਆਣਾ ਨੂੰ 15-3 ਨਾਲ, ਮੁਕਤਸਰ ਨੇ ਅੰਮ੍ਰਿਤਸਰ ਨੂੰ 10-2 ਨਾਲ, ਸੰਗਰੂਰ ਨੇ ਮੁਕਤਸਰ ਨੂੰ 6-2 ਨਾਲ ਤੇ ਮੋਹਾਲੀ ਨੇ ਮੋਗਾ ਨੂੰ 12-11 ਨਾਲ ਹਰਾ ਕੇ ਆਖਰੀ ਅੱਠ 'ਚ ਖੇਡਣ ਦਾ ਹੱਕ ਪ੍ਰਾਪਤ ਕੀਤਾ।

ਡੇ ਬੋਰਡਿੰਗ ਖੇਡ ਵਿੰਗਾਂ ਲਈ ਚੋਣ ਟ੍ਰਾਇਲ

ਜਲੰਧਰ, 8 ਸਤੰਬਰ - ਭਾਰਤੀ ਖੇਡ ਅਥਾਰਟੀ ਵੱਲੋਂ ਸਾਈ ਡੇ-ਬੋਰਡਿੰਗ ਸਕੀਮ ਲਈ ਐਥਲੈਟਿਕਸ ਹਾਕੀ ਤੇ ਹੈਂਡ ਬਾਲ ਲੜਕੀਆਂ ਦੇ ਚੋਣ ਟ੍ਰਾਇਲ 9 ਤੋਂ 11 ਸਤੰਬਰ ਤੱਕ ਸਰਕਾਰੀ ਗਰਲਜ਼ ਸੀ. ਸੈ. ਸਕੂਲ ਕੈਰੋਂ ਤਰਨਤਾਰਨ ਵਿਖੇ ਕਰਵਾਏ ਜਾ ਰਹੇ ਹਨ। ਸ: ਅਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕੈਰੋਂ ਤਰਨਤਾਰਨ ਵਿਖੇ ਐਥਲੈਟਿਕਸ, ਹਾਕੀ ਤੇ ਹੈਂਡ ਬਾਲ ਲੜਕੀਆਂ ਦਾ ਡੇ-ਬੋਰਡਿੰਗ ਖੇਡ ਵਿੰਗ, ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਵਿਖੇ ਹਾਕੀ ਲੜਕੀਆਂ ਦਾ ਡੇ-ਬੋਰਡਿੰਗ ਖੇਡ ਵਿੰਗਾਂ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਠੱਠਾ ਤਰਨਤਾਰਨ ਵਿਖੇ ਐਥਲੈਟਿਕਸ ਦਾ ਖੇਡ ਵਿੰਗ ਡੇ-ਬੋਰਡਿੰਗ ਅਲਾਟ ਕੀਤਾ ਗਿਆ ਹੈ। ਇਨ੍ਹਾਂ ਸਾਰੇ ਸਕੂਲਾਂ ਦੇ ਚੋਣ ਟ੍ਰਾਇਲ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕੈਰੋਂ ਤਰਨਤਾਰਨ ਵਿਖੇ 9 ਸਤੰਬਰ ਤੋਂ ਸ਼ੁਰੂ ਹੋਣਗੇ। ਇਨ੍ਹਾਂ ਚੋਣ ਟ੍ਰਾਇਲਾਂ ਦੇ ਵਿਚ ਹਿੱਸਾ ਲੈਣ ਵਾਲੀਆਂ ਖਿਡਾਰਨਾਂ ਆਪਣੀਆਂ-ਆਪਣੀਆਂ ਪਾਸਪੋਰਟ ਸਾਈਜ਼ ਤਸਵੀਰਾਂ, ਜਨਮ ਮਿਤੀ ਦਾ ਅਸਲੀ ਸਰਟੀਫਿਕੇਟ ਤੇ ਖੇਡ ਪ੍ਰਾਪਤੀਆਂ ਦੇ ਸਰਟੀਫਿਕੇਟ ਲੈ ਕੇ ਚੋਣ ਕਮੇਟੀ ਦੇ ਕੋਲ ਸਵੇਰੇ 8 ਵਜੇ ਹਾਜ਼ਰ ਹੋਣ। ਇਨ੍ਹਾਂ ਚੋਣ ਟ੍ਰਾਇਲਾਂ ਵਿਚ 14 ਤੋਂ 19 ਸਾਲ ਤੱਕ ਦੀਆਂ ਖਿਡਾਰਨਾਂ ਹਿੱਸਾ ਲੈ ਸਕਦੀਆਂ ਹਨ।

ਸੇਰੇਨਾ ਦਾ ਅਮਰੀਕੀ ਓਪਨ ਚੈਂਪੀਅਨ 'ਤੇ ਕਬਜ਼ਾ

ਨਿਊਯਾਰਕ, 8 ਸਤੰਬਰ : ਅਮਰੀਕੀ ਖਿਡਾਰਨ ਸੇਰੇਨਾ ਵਿਲੀਅਮ ਨੇ ਜੇਲੇਨਾ ਜਾਨਕੋਵਿਕ ਨੂੰ 6-4, 7-5 ਨਾਲ ਹਰਾ ਕੇ ਅਮਰੀਕੀ ਓਪਨ ਮਹਿਲਾ ਸਿੰਗਲ ਖ਼ਿਤਾਬ 'ਤੇ ਆਪਣਾ ਕਬਜ਼ਾ ਕਰ ਲਿਆ। ਇਹ ਉਸ ਦੇ ਕੈਰੀਅਰ ਦਾ 9ਵਾਂ ਗ੍ਰੈਂਡ ਸਲੈਮ ਹੈ ਅਤੇ ਇਸ ਦੇ ਨਾਲ ਹੀ ਉਹ ਮਹਿਲਾ ਟੈਨਿਸ ਦੀ ਸਿਰਮੌਰ ਵੀ ਬਣ ਗਈ। ਸੇਰੇਨਾ ਨੇ ਡਬਲਿਊ.ਟੀ.ਏ. ਰੈਂਕਿੰਗ ਵਿਚ ਸਿਖ਼ਰ ਦਾ ਸਥਾਨ ਲਿਆ ਜਿਸ 'ਤੇ 2002 ਦੀ ਸ਼ੁਰੂਆਤ 'ਚ ਉਹ 57 ਹਫ਼ਤਿਆਂ ਤਕ ਕਾਬਜ਼ ਸੀ। ਸੇਰੇਨਾ ਨੇ ਕਿਹਾ ''ਮੈਂ ਬਹੁਤ ਖ਼ੁਸ਼ ਹਾਂ। ਮੈਂ ਨੰਬਰ ਇਕ ਬਣਨ ਦਾ ਸੋਚਿਆ ਵੀ ਨਹੀਂ ਸੀ। ਇਹ ਸੋਨੇ 'ਤੇ ਸੁਹਾਗਾ ਹੈ।'' ਛੇ ਸਾਲਾਂ 'ਚ ਪਹਿਲੀ ਵਾਰ ਅਮਰੀਕੀ ਓਪਨ ਫ਼ਾਈਨਲ ਤਕ ਪਹੁੰਚੀ ਸੇਰੇਨਾ ਨੇ 15 ਲੱਖ ਡਾਲਰ ਇਨਾਮੀ ਰਾਸ਼ੀ ਵੀ ਜਿੱਤੀ। ਸੇਰੇਨਾ ਦਾ ਇਹ 32ਵਾਂ ਸਿੰਗਲ ਖ਼ਿਤਾਬ ਸੀ। ਇਸ ਸਾਲ ਵਿੰਬਲਡਨ ਫ਼ਾਈਨਲ 'ਚ ਉਹ ਅਪਣੀ ਭੈਣ ਵੀਨਸ ਤੋਂ ਹਾਰ ਗਈ ਸੀ। ਉਸ ਨੇ ਦੋ ਘੰਟੇ ਅਤੇ ਚਾਰ ਮਿੰਟ ਤਕ ਚੱਲੇ ਮੈਚ 'ਚ ਤਿੰਨ ਐਸ ਅਤੇ 44 ਵਿਨਰ ਲਗਾਏ। ਇਸ ਤੋਂ ਪਹਿਲਾਂ 1999 ਅਤੇ 2002 'ਚ ਅਮਰੀਕੀ ਓਪਨ ਚੈਂਪੀਅਨ ਰਹਿ ਚੁਕੀ ਸੇਰੇਨਾ ਨੇ ਇਥੇ ਸੱਤ ਮੈਚਾਂ 'ਚ ਇਕ ਵੀ ਸੈੱਟ ਨਹੀਂ ਗਵਾਇਆ। ਸੇਰੇਨਾ ਨੇ ਅਪਣੀ ਸਰਬੀਆਈ ਵਿਰੋਧੀ ਨੂੰ ਮੈਚ 'ਚ ਹਾਵੀ ਹੋਣ ਦਾ ਇਕ ਵੀ ਮੌਕਾ ਨਹੀਂ ਦਿਤਾ। ਜਾਨਕੋਵਿਕ ਦਾ ਇਹ ਪਹਿਲਾ ਗ੍ਰੈਂਡ ਸਲੈਮ ਫ਼ਾਈਨਲ ਸੀ। ਪਹਿਲੇ ਸੈੱਟ 'ਚ ਉਸ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ 2-1 ਦੀ ਬੜਤ ਬਣਾ ਲਈ। ਸੇਰੇਨਾ ਨੇ ਚੌਥੀ, 6ਵੀਂ ਅਤੇ 10ਵੀਂ ਗੇਮ 'ਚ ਉਸ ਦੀ ਸਰਵਿਸ ਤੋੜ ਕੇ ਸੈੱਟ ਜਿੱਤ ਲਿਆ। ਦੂਜੇ ਸੈੱਟ 'ਚ ਮਿਲਿਆ ਦੂਜਾ ਮੈਚ ਪੁਆਇੰਟ ਲੈ ਕੇ ਉਸ ਨੇ ਮੈਚ ਜਿੱਤ ਲਿਆ।

ਬਲੈਕ ਅਤੇ ਹੂਬਰ ਦੀ ਜੋੜੀ ਦਾ ਔਰਤਾਂ ਦੇ ਡਬਲ ਖਿਤਾਬ 'ਤੇ ਕਬਜ਼ਾ

ਨਿਊਯਾਰਕ, 7 ਸਤੰਬਰ - ਜਿੰਬਾਬਵੇ ਦੀ ਕਾਰਾ ਬਲੈਕ ਅਤੇ ਅਮਰੀਕਾ ਦੀ ਲੀਜ਼ਲ ਹੂਬਰ ਨੇ ਲੀਸਾ ਰੇਮੰਡ ਅਤੇ ਸੈਮ ਸਟਾਸਰ ਦੀ ਜੋੜੀ ਨੂੰ 6-3, 7-6 ਨਾਲ ਹਰਾ ਕੇ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ 'ਚ ਔਰਤਾਂ ਦਾ ਡਬਲ ਖਿਤਾਬ ਜਿੱਤਿਆ। 10ਵੇਂ ਨੰਬਰ ਦੀਆਂ ਖਿਡਾਰਨਾਂ ਰੇਮੰਡ ਅਤੇ ਸਟਾਸਰ ਜਿਹੜੀਆਂ ਇਸ ਸਾਲ ਦੇ ਵਿੰਬਲਡਨ ਟੈਨਿਸ ਟੂਰਨਾਮੈਂਟ 'ਚ ਉਪ ਜੇਤੂ ਰਹੀਆਂ ਅਤੇ ਜਿੱਥੇ ਉਨ੍ਹਾਂ ਨੇ 6ਵੇਂ ਫਾਈਨਲ 'ਚ ਬਲੈਕ ਅਤੇ ਹੂਬਰ ਨੂੰ ਹਰਾਇਆ ਸੀ, ਨੇ ਸ਼ੁਰੂਆਤ ਵਧੀਆ ਕੀਤੀ ਪਰ ਸੈੱਟ ਦੇ ਅਖੀਰ 'ਚ ਮਾਤ ਖਾ ਗਈਆਂ।

55ਵੀਂ ਸੀਨੀਅਰ ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ

ਬਠਿੰਡਾ, 7 ਸਤੰਬਰ - ਬਠਿੰਡਾ ਦੇ ਖੇਡ ਸਟੇਡੀਅਮ ਵਿਚ 55ਵੀਂ ਸੀਨੀਅਰ ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੋਹਾਂ ਰਿੰਗਾਂ ਵਿਚ ਚੱਲ ਰਹੀ ਹੈ। ਜਿਸ ਦੇ ਪਹਿਲੇ ਗੇੜ ਵਿਚ ਅੰਤਰਰਾਸ਼ਟਰੀ ਪੰਜਾਬੀ ਮੁੱਕੇਬਾਜ਼ਾਂ ਰਣਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਵਧੀਆ ਪ੍ਰਦਰਸ਼ਨ ਕੀਤਾ। ਇਥੇ ਭਾਗ ਲੈਣ ਵਾਲੇ 418 ਮੁੱਕੇਬਾਜ਼ਾਂ ਵਿਚ 50 ਦੇ ਕਰੀਬ ਅਜਿਹੇ ਹਨ ਜੋ ਕਿਸੇ ਨਾ ਕਿਸੇ ਅੰਤਰਰਾਸ਼ਟਰੀ ਮੁਕਾਬਲੇ ਵਿਚ ਹਿੱਸਾ ਲੈ ਚੁੱਕੇ ਹਨ। ਇਹ ਮੁਕਾਬਲੇ ਪੰਜਾਬ ਮੁੱਕੇਬਾਜ਼ੀ ਐਸੋਸੀਏਸ਼ਨ ਦੀ ਦੇਖ-ਰੇਖ ਵਿਚ ਹੋ ਰਹੇ ਹਨ। ਹੁਣ ਤੱਕ ਦੇ 32 ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਹਨ : ਲਾਈਟ ਫਲਾਈ ਵੇਟ ਵਿਚ ਕੇਰਲਾ ਦੇ ਐਸ ਵੇਨਕਾਤਾ ਰਮਾਨਾ ਨੇ ਸੀ.ਆਈ.ਐਸ.ਐਫ਼. ਦੇ ਖੇਮਾਨੰਦ ਨੂੰ 8-3 ਨਾਲ, ਫਲਾਈ ਵੇਟ ਵਿਚ ਹਰਿਆਣਾ ਦੇ ਸੁਨੀਲ ਨੇ ਬੀ.ਐਸ.ਐਫ. ਦੇ ਨਰੇਮ ਐਗੋ ਨੂੰ ਤੀਜੇ ਗੇੜ ਵਿਚ ਤੇ ਯੂ.ਪੀ. ਦੇ ਅਭਿਸ਼ੇਕ ਸ਼ਾਹ ਨੇ ਰਾਜਸਥਾਨ ਦੇ ਅਮਿਤ ਨੂੰ 25-4 ਨਾਲ, ਬੈਨਟਮ ਵੇਟ ਵਿਚ ਪੰਜਾਬ ਦੇ ਕੁਲਵਿੰਦਰ ਨੇ ਦਿੱਲੀ ਦੇ ਰਾਹੁਲ ਨੂੰ 13-11 ਨਾਲ ਤੇ ਸੀ. ਆਈ. ਐਸ. ਐਫ. ਦੇ ਐਸ. ਸੁਰੇਸ਼ ਸਿੰਘ ਨੇ ਰਾਜਸਥਾਨ ਦੇ ਸੁਰਿੰਦਰ ਨੂੰ 18-2 ਅੰਕਾਂ ਦੇ ਫਰਕ ਨਾਲ ਹਰਾਇਆ। ਫੈਦਰ ਵੇਟ ਵਿਚ ਸਿੱਕਮ ਦੇ ਇੰਦਰਾ ਬਡਰ ਨੂੰ ਐਸ.ਐਸ.ਸੀ.ਬੀ. ਦੇ ਛੋਟੇ ਲਾਲ ਯਾਦਵ ਨੂੰ ਤੀਸਰੇ ਗੇੜ ਵਿਚ, ਅਰੁਨਾਚਲ ਪ੍ਰਦੇਸ਼ ਦੇ ਮਨਬਹਦਾਰ ਕੁਮਾਰ ਨੇ ਸੀ.ਆਈ.ਐਸ.ਐਫ. ਦੇ ਮੇਘਨਾਥ ਕੋਚ ਨੂੰ ਪਹਿਲੇ ਗੇੜ ਵਿਚ, ਆਲ ਇੰਡੀਆ ਪੁਲਿਸ ਦੇ ਰਣਜੀਤ ਜੀਨਾ ਨੇ ਮੇਘਾਲਿਆ ਦੇ ਵਿਕਾਸ ਨੂੰ ਦੂਜੇ ਗੇੜ ਵਿਚ ਅਤੇ ਆਲ ਇੰਡੀਆ ਪੁਲਿਸ ਦੇ ਸੁਨੀਲ ਕੁਮਾਰ ਨੇ ਪੱਛਮੀ ਬੰਗਾਲ ਦੇ ਰਾਜੇਸ਼ ਕੁਮਾਰ ਨੂੰ ਤੀਜੇ ਗੇੜ ਵਿਚ ਮਾਤ ਦਿੱਤੀ। ਲਾਈਟ 60 ਕਿਲੋਗ੍ਰਾਮ ਵੇਟ ਵਿਚ ਕੇਰਲਾ ਦੇ ਐਸ. ਨਰਿੰਦਰ ਨੇ ਮਹਾਰਾਸ਼ਟਰ ਦੇ ਉਮੇਸ਼ ਸੋਵੀਲਾਲ ਨੂੰ 16-3 ਨਾਲ, ਲਾਈਟ ਵੇਲਟਰ 64 ਕਿਲੋਗ੍ਰਾਮ ਵਿਚ ਯੂ.ਪੀ. ਦੇ ਦੇਵਾਸੂ ਕੁਮਾਰ ਨੇ ਪੱਛਮੀ ਬੰਗਾਲ ਦੇ ਐਮ.ਡੀ. ਤਰੂਕੀ ਨੂੰ 12-6 ਨਾਲ, ਕੇਰਲਾ ਦੇ ਐਸ. ਪ੍ਰੇਮ ਕੁਮਾਰ ਨੇ ਸਿੱਕਮ ਦੇ ਵਿਵੇਕ ਰਾਮੂਦਾਮੂ ਨੂੰ 12-9 ਨਾਲ, ਮੱਧ ਪ੍ਰਦੇਸ਼ ਦੇ ਫੈਜ਼ ਅਹਿਮਦ ਨੇ ਗੋਆ ਦੇ ਸੰਤੋਸ਼ ਨੂੰ 16-3 ਨਾਲ ਅਤੇ ਇਸੇ ਵੇਟ ਵਿਚ ਐਸ.ਪੀ.ਐਸ.ਬੀ. ਦੇ ਜੋਹਸਨ ਨੇ ਤ੍ਰਿਪੁਰਾ ਦੇ ਸ਼ਿਆਮ ਸਿੰਘ ਨੂੰ ਤੀਜੇ ਗੇੜ ਵਿਚ, ਵੇਲਟਰ 69 ਕਿਲੋਗ੍ਰਾਮ ਵਿਚ ਦਿੱਲੀ ਦੇ ਜਤਿੰਦਰ ਮਾਨ ਨੇ ਮੱਧ ਪ੍ਰਦੇਸ਼ ਦੇ ਪ੍ਰਦੀਪ ਕੁਮਾਰ ਨੂੰ 18-5 ਨਾਲ, ਪੱਛਮੀ ਬੰਗਾਲ ਦੇ ਅਨਿਲ ਕੁਮਾਰ ਨੇ ਮਹਾਰਾਸ਼ਟਰ ਦੇ ਯੋਗੇਸ਼ ਨੂੰ 14-7 ਨਾਲ, ਹਰਿਆਣਾ ਦੇ ਵਿਜੇ ਨੇ ਗੋਆ ਦੇ ਸ਼ਿਬਾਹੋ ਸ਼ਰਮਾ ਨੇ 22-1 ਨਾਲ, ਤ੍ਰਿਪੁਰਾ ਦੇ ਧਰਮਿੰਦਰ ਨੇ ਬੀ.ਐਸ.ਐਫ. ਈਮੈਨ ਅਲੀ ਨੂੰ 17-6 ਨਾਲ, ਪੰਜਾਬ ਦੇ ਰਣਜੀਤ ਸਿੰਘ ਨੇ ਕੇਰਲਾ ਦੇ ਹਰੀਸ਼ ਨੂੰ 24-4 ਨਾਲ, ਅਰੁਨਾਚਲ ਪ੍ਰਦੇਸ਼ ਦੇ ਛੋਟੇ ਲਾਲ ਨੇ ਉੜੀਸਾ ਦੇ ਕ੍ਰਿਸ਼ਨਾ ਚੰਦਰ ਨੂੰ 27-7, ਆਰ. ਐਸ. ਪੀ. ਬੀ ਦੇ ਦਿਲਬਾਗ ਸਿੰਘ ਨੇ ਹਿਮਾਚਲ ਪ੍ਰਦੇਸ਼ ਦੇ ਮੁਨੀਸ਼ ਨੂੰ 15-2 ਨਾਲ, ਗੁਜਰਾਤ ਦੇ ਭੋਗਲ ਨਵਜੋਤ ਸਿੰਘ ਨੇ ਬਿਹਾਰ ਦੇ ਨਰਿੰਦਰ ਨੂੰ ਦੂਜੇ ਗੇੜ ਵਿਚ, ਝਾਰਖੰਡ ਦੇ ਅਜੀਤ ਪਾਲ ਸਿੰਘ ਨੇ ਅਸਾਮ ਦੇ ਦਿਪਨਕਰ ਸਾਨੋਵਾਲ ਨੂੰ ਦੂਜੇ ਗੇੜ ਵਿਚ, ਯੂ.ਪੀ. ਦੇ ਮਹਿੰਦਰ ਨੇ ਚੰਡੀਗੜ੍ਹ ਦੇ ਸੁਰੇਸ਼ ਕੁਮਾਰ ਨੂੰ 13-12 ਨਾਲ, ਐਸ ਐਸ ਸੀ ਬੀ ਦੇ ਜੈ ਸਿੰਘ ਪਟੇਲ ਨੇ ਨਾਗਾਲੈਂਡ ਦੇ ਟੇਮਜੇਨ ਨੂੰ 18-1 ਨਾਲ, ਮੇਘਾਲਿਆ ਦੇ ਜੋਨੀ ਨੇ ਤਾਮਿਲਨਾਡੂ ਦੇ ਆਰ ਵਿਨੇ ਕੁਮਾਰ ਨੂੰ 22-2 ਨਾਲ ਅਤੇ ਆਂਧਰਾ ਪ੍ਰਦੇਸ਼ ਦੇ ਸ੍ਰੀਨੀਵਾਸ ਨੇ ਰਾਜਸਥਾਨ ਦੇ ਨੀਤਿਨ ਸਿੰਘ ਨੂੰ ਦੂਜੇ ਗੇੜ ਵਿਚ ਹਰਾਇਆ।
ਇਸ ਦੇ ਪਹਿਲੇ ਦਿਨ ਦੇ ਹੋਏ ਮੁਕਾਬਲਿਆਂ ਵਿਚ ਮਰਦਾਂ ਦੇ ਲਾਈਟ ਫਲਾਈ ਵਰਗ ਵਿਚ ਉੱਤਰ ਪ੍ਰਦੇਸ਼ ਦੇ ਨਾਸਰ ਕੁਰੈਸ਼ੀ ਨੇ ਹਿਮਾਚਲ ਪ੍ਰਦੇਸ਼ ਦੇ ਸ਼ਨੀ ਨੂੰ ਦੂਜੇ ਗੇੜ ਵਿਚ 12-1 ਨਾਲ ਹਰਾਇਆ। ਦੂਜੇ ਮੈਚ ਵਿਚ ਮੇਘਾਲਿਆ ਦੇ ਕ੍ਰਿਸ਼ਨਾ ਨੂੰ ਸਰਵਿਸ (ਐਸ. ਪੀ. ਐਸ. ਬੀ.) ਖੇਤਰ ਦੇ ਹਿਮਾਂਸ਼ੂ ਨੇ 11-5 ਨਾਲ ਹਰਾਇਆ ਤੇ ਪੰਜਾਬ ਦੇ ਪਹਿਲੇ ਮੁਕਾਬਲੇ 'ਚ ਕੁਲਵਿੰਦਰ ਸਿੰਘ ਨੇ ਬੈਨਟਮ ਵੇਟ 'ਚ ਦਿੱਲੀ ਦੇ ਰਾਹੁਲ ਸਿੰਘ ਨੂੰ ਵੱਡੇ ਫਰਕ ਨਾਲ ਹਰਾਇਆ।

ਪੰਜਾਬ ਸਕੂਲ ਖੋ-ਖੋ ਚੈਂਪੀਅਨਸ਼ਿਪ 'ਚ ਮਾਨਸਾ, ਪਟਿਆਲਾ ਤੇ ਤਰਨਤਾਰਨ ਦੀ ਬੱਲੇ ਬੱਲੇ

ਪਟਿਆਲਾ, 7 ਸਤੰਬਰ- ਪਟਿਆਲਾ ਵਿਖੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਪੰਜਾਬ ਸਕੂਲ ਦੀਆਂ ਖੇਡਾਂ ਦੇ ਖੋ-ਖੋ ਅੰਡਰ14 ਲੜਕਿਆਂ ਦੇ ਮੁਕਾਬਲੇ ਹੋ ਰਹੇ ਹਨ। ਜਿਸ ਵਿਚ ਮਾਨਸਾ ਨੇ ਲਗਾਤਾਰ ਤੀਜੀ ਜਿੱਤ ਦਰਜ ਕਰਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ ਜਦਕਿ ਪਟਿਆਲਾ, ਸੰਗਰੂਰ ਤੇ ਮੁਹਾਲੀ ਨੇ ਵੀ ਆਪਣੀ ਜੇਤੂ ਹੀ ਰਹੇ। 7 ਸਤੰਬਰ ਨੂੰ ਹੋਏ ਮੁਕਾਬਲਿਆਂ 'ਚ ਪੰਜਾਬ ਨੇ ਮੁਕਤਸਰ ਨੂੰ ਇਕ ਪਾਰੀ 'ਤੇ 8 ਅੰਕਾਂ ਨਾਲ (11-3), ਮਾਨਸਾ ਨੇ ਰੋਪੜ ਨੂੰ 7-2 ਨਾਲ, ਤਰਨਤਾਰਨ ਨੇ ਫਰੀਦਕੋਟ ਨੂੰ 9 ਅੰਕਾਂ ਤੇ ਪਾਰੀ ਨਾਲ (10-1), ਨਵਾਂ ਸ਼ਹਿਰ ਨੇ ਫਤਹਿਗੜ੍ਹ ਸਾਹਿਬ ਨੂੰ 13-7 (ਪਾਰੀ ਨਾਲ), ਨਵਾਂ ਸ਼ਹਿਰ ਨੇ ਫਤਹਿਗੜ੍ਹ ਸਾਹਿਬ ਨੂੰ 8-5 ਨਾਲ, ਅੰਮ੍ਰਿਤਸਰ ਨੇ ਤਰਨਤਾਰਨ ਨੂੰ 15-7 ਨਾਲ, ਮੋਹਾਲੀ ਨੇ ਮੋਗਾ ਨੂੰ 11-7 ਨਾਲ, ਬਠਿੰਡਾ ਨੇ ਫਤਹਿਗੜ੍ਹ ਸਾਹਿਬ ਨੂੰ 11-1 ਨਾਲ, ਮੋਹਾਲੀ ਨੇ ਗੁਰਦਾਸਪੁਰ ਨੂੰ 10-0 ਨਾਲ, ਲੁਧਿਆਣਾ ਨੇ ਹੁਸ਼ਿਆਰਪੁਰ ਨੂੰ 10-0 ਨਾਲ, ਮੋਗਾ ਨੇ ਫਿਰੋਜ਼ਪੁਰ ਨੂੰ 14-13 ਨਾਲ, ਫਿਰੋਜ਼ਪੁਰ ਨੇ ਬਰਨਾਲਾ ਨੂੰ 13-6 ਨਾਲ, ਸੰਗਰੂਰ ਨੇ ਫਤਹਿਗੜ੍ਹ ਸਾਹਿਬ ਨੂੰ 9-1 ਨਾਲ, ਪਟਿਆਲਾ ਨੇ ਫਰੀਦਕੋਟ ਨੂੰ 10-1 ਨਾਲ, ਰੋਪੜ ਨੇ ਲੁਧਿਆਣਾ ਨੂੰ 11-10 ਨਾਲ, ਰੋਪੜ ਨੇ ਹੁਸ਼ਿਆਰਪੁਰ ਨੂੰ 10-1 ਨਾਲ ਪਿੱਛੇ ਛੱਡਿਆ। ਇਸਦੇ ਨਾਲ ਹੀ ਮਾਨਸਾ ਨੂੰ ਕਪੂਰਥਲਾ ਖ਼ਿਲਾਫ਼, ਮੋਗਾ ਨੂੰ ਗੁਰਦਾਸਪੁਰ ਵਿਰੁੱਧ ਤੇ ਲੁਧਿਆਣਾ ਨੂੰ ਕਪੂਰਥਲਾ ਖ਼ਿਲਾਫ਼ ਵਾਕ ਓਵਰ ਰਾਹੀਂ ਜਿੱਤਾਂ ਮਿਲੀਆਂ।
ਟੂਰਨਾਮੈਂਟ ਦੇ ਪਹਿਲੇ ਦਿਨ ਹੋਏ ਮੈਚਾਂ ਵਿਚ ਮਾਨਸਾ ਜ਼ਿਲ੍ਹੇ ਦੀ ਬਲਵੰਤ ਸਿੰਘ ਤੇ ਅਵਤਾਰ ਸਿੰਘ ਦੀ ਸਿਖਲਾਈ ਯਾਫ਼ਤਾ ਟੀਮ ਨੇ ਹੁਸ਼ਿਆਰਪੁਰ ਨੂੰ ਇਕ ਪਾਰੀ ਤੇ 12 ਅੰਕਾਂ ਦੇ ਵੱਡੇ ਅੰਤਰ ਨਾਲ ਹਰਾ ਕੇ ਆਪਣਾ ਪਲੇਠਾ ਲੀਗ ਮੈਚ ਜਿੱਤਿਆ। ਹੁਸ਼ਿਆਰਪੁਰ ਦੀ ਟੀਮ ਕੋਈ ਵੀ ਅੰਕ ਹਾਸਿਲ ਨਾ ਕਰ ਸਕੀ। ਇਸ ਤੋਂ ਇਲਾਵਾ ਜਲੰਧਰ ਨੇ ਫਤਹਿਗੜ੍ਹ ਸਾਹਿਬ ਨੂੰ 16-10 ਨਾਲ, ਮੋਗਾ ਨੇ ਬਰਨਾਲਾ ਨੂੰ 6-2 ਨਾਲ, ਫਿਰੋਜ਼ਪੁਰ ਨੇ ਗੁਰਦਾਸਪੁਰ ਨੂੰ ਇਕ ਪਾਰੀ ਤੇ 14 ਅੰਕਾਂ ਨਾਲ (16-2) ਨਾਲ, ਮੁਕਤਸਰ ਨੇ ਤਰਨਤਾਰਨ ਨੂੰ 13-11 ਨਾਲ, ਸੰਗਰੂਰ ਨੇ ਬਠਿੰਡਾ ਨੂੰ ਹਰਾਇਆ ਇਸ ਦੇ ਨਾਲ ਹੀ ਰੋਪੜ ਦੀ ਟੀਮ ਨੂੰ ਕਪੂਰਥਲਾ ਖ਼ਿਲਾਫ਼ ਵਾਕ ਓਵਰ ਰਾਹੀਂ ਜਿੱਤ ਮਿਲੀ। ਸਵੇਰ ਦੇ ਸੈਸ਼ਨ ਦੌਰਾਨ ਕੁਝ ਫਸਵੇਂ ਮੁਕਾਬਲੇ ਵੀ ਦੇਖਣ ਨੂੰ ਮਿਲੇ ਜਿਨ੍ਹਾਂ ਵਿਚ ਨਵਾਂ ਸ਼ਹਿਰ ਤੇ ਬਠਿੰਡਾ ਦਾ ਮੈਚ 10-10 ਨਾਲ, ਅੰਮ੍ਰਿਤਸਰ ਤੇ ਫਰੀਦਕੋਟ ਦਾ ਮੁਕਾਬਲੇ 3-3 ਨਾਲ ਬਰਾਬਰ ਰਿਹਾ।

ਪੰਜਾਬ ਹਾਕੀ ਲੀਗ 'ਚ ਪਟਿਆਲਾ, ਬਰਨਾਲਾ, ਲੁਧਿਆਣਾ ਦੀ ਝੰਡੀ

ਲੁਧਿਆਣਾ, 7 ਸਤੰਬਰ - ਸਕੂਲਾਂ ਦੀ ਹਫਤਾਵਾਰੀ ਹਾਕੀ ਲੀਗ ਪੰਜਾਬ ਖੇਡ ਵਿਭਾਗ ਵੱਲੋਂ ਚੱਲ ਰਹੀ ਹੈ। ਜਿਸ ਦੇ ਦੂਜੇ ਗੇੜ ਦੇ ਮੈਚਾਂ ਵਿਚ 7 ਸਤੰਬਰ ਨੂੰ ਪਟਿਆਲਾ, ਬਰਨਾਲਾ ਅਤੇ ਲੁਧਿਆਣਾ ਨੇ ਜਿੱਤਾਂ ਪ੍ਰਾਪਤ ਕੀਤੀਆਂ। ਪਦਮ ਸ੍ਰੀ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀ. ਏ. ਯੂ. ਵਿਖੇ ਖੇਡੇ ਗਏ ਪਹਿਲੇ ਮੈਚ ਵਿਚ ਮਾਲਵਾ ਵਿੰਗ ਲੁਧਿਆਣਾ ਨੇ ਅੰਡਰ16 ਵਰਗ ਵਿਚ ਮੋਗਾ ਨੂੰ 12-0 ਨਾਲ ਹਰਾਇਆ ਅਤੇ ਪਟਿਆਲਾ ਨੇ ਬਠਿੰਡਾ ਨੂੰ 6-1 ਅਤੇ ਬਰਨਾਲਾ ਨੇ ਪਾਤੜਾਂ ਨੂੰ 6-0 ਨਾਲ ਹਰਾ ਕੇ ਪਹਿਲੀ ਜਿੱਤ 'ਤੇ ਆਪਣਾ ਕਬਜ਼ਾ ਕੀਤਾ। ਇਸ ਰਾਜ ਪੱਧਰੀ ਹਾਕੀ ਲੀਗ ਦੇ ਅਗਲੇ ਗੇੜ ਦੇ ਮੁਕਾਬਲੇ 13 ਸਤੰਬਰ ਨੂੰ ਹੋਣਗੇ।

ਪੰਜਾਬ ਸਿਕਸ-ਏ-ਸਾਈਡ (ਲੜਕੀਆਂ) ਹਾਕੀ ਲੀਗ

ਜਲੰਧਰ, 7 ਸਤੰਬਰ - ਪੰਜਾਬ ਸਿਕਸ-ਏ-ਸਾਈਡ (ਲੜਕੀਆਂ) ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਹੋ ਰਹੀ ਹੈ। ਜਿਸ ਦੀ ਸ਼ੁਰੂਆਤ ਖੇਡ ਪ੍ਰਮੋਟਰ ਹਰਜਿੰਦਰ ਸਿੰਘ ਧਨੋਆ ਨੇ ਕੀਤੀ। ਪਹਿਲੇ ਦਿਨ ਲੜਕੀਆਂ ਦੇ ਵਰਗ ਵਿਚ ਖੇਡੇ ਗਏ ਸੀਨੀਅਰ ਵਰਗ ਦੇ ਮੈਚਾਂ ਵਿਚ ਸਪੋਰਟਸ ਵਿੰਗ ਕੈਰੋਂ ਬੀ ਨੇ ਅੰਮ੍ਰਿਤਸਰ ਬੀ ਨੂੰ ਸਖ਼ਤ ਮੁਕਾਬਲੇ ਦੇ ਬਾਅਦ 4-3 ਨਾਲ ਹਰਾਇਆ। ਸੀਨੀਅਰ ਵਰਗ ਦੇ ਦੂਸਰੇ ਮੈਚ ਵਿਚ ਖਾਲਸਾ ਕਾਲਜ ਲੁਧਿਆਣਾ ਬੀ ਨੇ ਨਹਿਰੂ ਗਾਰਡਨ ਜਲੰਧਰ ਨੂੰ 4-1 ਨਾਲ ਹਰਾ ਕੇ ਮੈਚ ਜਿੱਤ ਲਿਆ। ਜੂਨੀਅਰ ਵਰਗ ਵਿਚ ਸਾਈ ਪਟਿਆਲਾ ਨੇ ਸਪੋਰਟਸ ਵਿੰਗ ਕੈਰੋਂ ਬੀ ਨੂੰ 7-1 ਨਾਲ ਹਰਾਇਆ। ਪਟਿਆਲਾ ਵੱਲੋਂ ਸੰਦੀਪ ਨੇ ਹੈਟਰਿਕ ਕੀਤੀ। ਕੁਲਵਿੰਦਰ ਕੌਰ ਨੇ ਦੋ ਅਤੇ ਰੰਜਨਾ ਅਤੇ ਮਨੀਸ਼ਾ ਨੇ ਇਕ ਗੋਲ ਕੀਤਾ। ਕੈਰੋਂ ਵੱਲੋਂ ਸਪਨਪ੍ਰੀਤ ਕੌਰ ਨੇ ਇਕ ਗੋਲ ਕੀਤਾ। ਦੂਸਰੇ ਮੈਚ ਵਿਚ ਗੁਰਦਾਸਪੁਰ ਨੇ ਬਸੰਤਪੁਰ ਪਟਿਆਲਾ ਬੀ ਨੂੰ ਸਖ਼ਤ ਮੁਕਾਬਲੇ ਬਾਅਦ 4-3 ਨਾਲ ਹਰਾਇਆ। ਲੜਕਿਆਂ ਦੇ ਵਰਗ ਅੰਡਰ 12 ਵਰਗ ਵਿਚ ਸੰਸਾਰ ਪੁਰ ਨੇ ਮਿੱਠਾ ਪੁਰ ਨੂੰ 2-0 ਅਤੇ ਦੂਸਰੇ ਮੈਚ ਵਿਚ ਸੁਰਜੀਤ ਅਕੈਡਮੀ ਜਲੰਧਰ ਨੇ ਸਰੀਂਹ ਨੂੰ 4-0 ਨਾਲ ਹਰਾਇਆ। ਅੰਡਰ 14 ਏ ਵਰਗ ਵਿਚ ਖਡੂਰ ਸਾਹਿਬ ਨੇ ਫਿਰੋਜ਼ਪੁਰ ਨੂੰ 3-0 ਨਾਲ, ਅੰਡਰ 14 ਬੀ ਵਰਗ ਵਿਚ ਖਾਂਬੜਾ ਨੇ ਖੁਸਰੋਪੁਰ ਨੂੰ 4-1 ਨਾਲ ਜਦਕਿ ਮਿੱਠਾ ਪੁਰ ਨੇ ਮੇਹਲੀ ਨੂੰ 3-0 ਨਾਲ ਹਰਾਇਆ। ਲੀਗ ਦੇ ਦੂਜੇ ਦਿਨ ਲੜਕੀਆਂ ਦੇ ਸੀਨੀਅਰ ਵਰਗ ਵਿਚ ਐੱਚ. ਐਮ. ਵੀ. ਕਾਲਜ ਜਲੰਧਰ ਦੀ ਧਨੋਆ ਅਕੈਡਮੀ 'ਏ' ਨੇ ਸਰਕਾਰੀ ਕਾਲਜ ਲੁਧਿਆਣਾ 'ਬੀ' ਨੂੰ 15-1 ਦੇ ਵੱਡੇ ਫਰਕ ਨਾਲ ਹਰਾਇਆ। ਦੂਜੇ ਮੈਚ ਵਿਚ ਐੱਚ. ਐਮ. ਵੀ. ਕਾਲਜ 'ਬੀ' ਨੇ ਐਸ. ਡੀ. ਫੁਲਰਵਾਨ ਸਕੂਲ ਜਲੰਧਰ ਨੂੰ 8-1 ਨਾਲ ਹਰਾਇਆ। ਤੀਸਰੇ ਮੈਚ ਵਿਚ ਸਰਕਾਰੀ ਕਾਲਜ ਲੁਧਿਆਣਾ 'ਏ' ਨੇ ਭਾਰਤ ਨਗਰ ਸਕੂਲ ਲੁਧਿਆਣਾ 'ਬੀ' ਨੂੰ 8-1 ਨਾਲ ਹਰਾਇਆ। ਜੂਨੀਅਰ ਵਰਗ ਵਿਚ ਮਲਿਆਣਾ 'ਬੀ' ਨੇ ਤਲਵੰਡੀ ਚੌਧਰੀਆਂ ਕਪੂਰਥਲਾ ਨੂੰ ਗੋਲਡਨ ਗੋਲ ਰਾਹੀਂ 4-3 ਨਾਲ ਹਰਾਇਆ। ਦੂਜੇ ਮੈਚ ਵਿਚ ਮਲਿਆਣਾ 'ਏ' ਨੇ ਅੰਮ੍ਰਿਤਸਰ ਨੂੰ 5-1 ਨਾਲ ਹਰਾਇਆ। ਲੜਕਿਆਂ ਦੇ ਵਰਗ ਵਿਚ 14 ਸਾਲ ਤੋਂ ਘੱਟ ਉਮਰ ਵਰਗ ਵਿਚ ਖਾਂਬੜਾ ਨੇ ਮੇਹਲੀ ਨੂੰ 2-1 ਨਾਲ ਹਰਾਇਆ। 12 ਸਾਲ ਤੋਂ ਘੱਟ ਉਮਰ ਵਰਗ ਵਿਚ ਸਰੀਂਹ ਨੇ ਮਿੱਠਾ ਪੁਰ ਨੂੰ 3-1 ਨਾਲ ਹਰਾਇਆ।

ਪੁਣੇ ਵਿਖੇ 12 ਤੋਂ 18 ਅਕਤੂਬਰ ਤੱਕ ਰਾਸ਼ਟਰ ਮੰਡਲ ਯੂਥ ਖੇਡਾਂ

ਮੁੰਬਈ, 7 ਸਤੰਬਰ - ਪੂਣੇ ਵਿਖੇ 12 ਤੋਂ 18 ਅਕਤੂਬਰ ਤੱਕ ਤੀਜੀਆਂ ਰਾਸ਼ਟਰ-ਮੰਡਲ ਯੂਥ ਖੇਡਾਂ ਕਰਵਾਈਆਂ ਜਾਣਗੀਆਂ। ਜਿਸ ਵਿਚ 71 ਦੇਸ਼ ਭਾਗ ਲੈਣਗੇ। ਸ੍ਰੀ ਕਲਮਾਡੀ ਇਥੋਂ ਦੇ ਇੰਡੀਆ ਗੇਟ ਵਿਖੇ ਹੋਈ ਯੂਥ ਬੈਟਨ ਰੈਲੀ ਵਿਚ ਭਾਗ ਲੈਣ ਆਏ ਸਨ, ਨੇ ਕਿਹਾ ਕਿ ਏਸ਼ੀਆ ਵਿਚ ਪਹਿਲੀ ਵਾਰ ਹੋਣ ਜਾ ਰਹੀਆਂ ਇਨ੍ਹਾਂ ਯੂਥ ਖੇਡਾਂ ਵਿਚ ਰਾਸ਼ਟਰ ਮੰਡਲ ਦੇ 71 ਦੇਸ਼ਾਂ ਨੇ ਆਪਣੇ ਖਿਡਾਰੀ ਭੇਜਣ ਸਬੰਧੀ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲੀਆਂ ਦੋ ਯੂਥ ਖੇਡਾਂ ਇੰਗਲੈਂਡ ਤੇ ਆਸਟਰੇਲੀਆ 'ਚ ਕਰਵਾਈਆਂ ਗਈਆਂ ਸਨ ਜਿਸ ਵਿਚ ਕ੍ਰਮਵਾਰ 12 ਤੇ 24 ਦੇਸ਼ਾਂ ਨੇ ਭਾਗ ਲਿਆ ਸੀ।

ਕਬੱਡੀ ਖਿਡਾਰੀ ਅਮਨਦੀਪ ਜੌਹਲ ਦਾ ਇਟਲੀ ਵਿਚ ਸਨਮਾਨ ਬੈਰਗਾਮੋ

ਇਟਲੀ, 7 ਸਤੰਬਰ : ਮੀਰੀ ਪੀਰੀ ਸਪੋਰਟਸ ਕਲੱਬ ਦੇ ਕਬੱਡੀ ਟੂਰਨਾਮੈਂਟ ਵਿਚ ਅਪਣੀ ਖੇਡ ਦਾ ਲੋਹਾ ਮਨਵਾਉਣ ਵਾਲੇ ਅਮਨਦੀਪ ਜੌਹਲ (ਜਗਤਪੁਰਾ ਜੱਟਾਂ) ਨੂੰ ਇਟਲੀ ਦੀਆਂ ਨਾਮਵਰ ਸ਼ਖ਼ਸੀਅਤਾਂ ਵਲੋਂ ਸਨਮਾਨਿਤ ਕੀਤਾ ਗਿਆ ਤੇ ਕਿਹਾ ਕਿ ਅਮਨਦੀਪ ਜੱਫੇ ਲਾ ਕੇ ਸਹੀ ਮਾਅਨਿਆਂ ਵਿਚ ਸਿੰਘ ਇਜ ਕਿੰਗ ਬਣ ਗਿਆ।

ਰਾਣੀ ਧੀ ਦੀ ਕੁਸ਼ਤੀ ਦੰਗਲ ਵਿਚ ਝੰਡੀ 21000 ਦੀ ਕੁਸ਼ਤੀ ਬਰਾਬਰੀ 'ਤੇ ਰਹੀ

ਭਾਦਸੋਂ, 7 ਸਤੰਬਰ : ਰਾਣੀ ਧੀ ਵਿਖੇ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਕੁਸ਼ਤੀ ਦੰਗਲ ਵਿਚ ਕਰੀਬ 100 ਪਹਿਲਵਾਨਾਂ ਨੇ ਅਪਣੀ ਕਲਾ ਦੇ ਜੌਹਰ ਵਿਖਾਏ। ਝੰਡੀ ਦੀ ਕੁਸ਼ਤੀ ਗੁਰਦੇਵ ਮਲਕ ਪੁਰ ਅਤੇ ਅੱਛਰਾ ਭੁੱਟੋ ਵਿਚਕਾਰ 30 ਮਿੰਟ ਦੀ ਜੱਦੋ ਜਹਿਦ ਉਪਰੰਤ ਬਰਾਬਰ ਰਹੀ। ਝੰਡੀ ਦੀ ਕੁਸ਼ਤੀ ਦਾ ਆਰੰਭ ਥਾਣਾ ਮੁਖੀ ਭਾਦਸੋਂ ਹਰਦੀਪ ਸਿੰਘ ਬਡੂੰਗਰ ਨੇ ਕੀਤਾ।

ਜ਼ਿਲ੍ਹਾ ਪੱਧਰੀ ਵਾਲੀਬਾਲ ਟੂਰਨਾਮੈਂਟ 'ਚ ਭਿੰਡਰ ਸਕੂਲ ਦੇ ਲੜਕਿਆਂ ਦੀ ਝੰਡੀ

ਕਿਸ਼ਨਪੁਰਾ ਕਲਾਂ 6 ਸਤੰਬਰ : ਸਰਕਾਰੀ ਸੀਨੀਅਰ ਸੈ: ਸਕੂਲ ਭਿੰਡਰ ਕਲਾਂ ਵਿਚ ਵਾਲੀਬਾਲ ਅੰਡਰ 14 ਅਤੇ ਅੰਡਰ 17 ਸਾਲ ਲੜਕਿਆਂ ਦੀਆਂ ਟੀਮਾਂ ਨੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਵਾਲੀਬਾਲ ਟੂਰਨਾਮੈਂਟ ਵਿਚ ਬਾਜ਼ੀ ਮਾਰ ਕੇ ਪਹਿਲਾ ਸਥਾਨ ਹਾਸਲ ਕੀਤਾ। ਇਨ੍ਹਾਂ ਟੀਮਾਂ ਨੇ ਬਹੁਤ ਸਖ਼ਤ ਮੁਕਾਬਲਿਆਂ 'ਚ ਜਿੱਤ ਪ੍ਰਾਪਤ ਕਰ ਕੇ ਪੰਜਾਬ ਪੱਧਰੀ ਮੁਕਾਬਲੇ ਵਿਚ ਪ੍ਰਵੇਸ਼ ਕਰ ਲਿਆ ਹੈ। ਇਨ੍ਹਾਂ ਟੀਮਾਂ ਵਲੋਂ ਜਿੱਤ ਪ੍ਰਾਪਤ ਕਰਨ ਦੀ ਖ਼ੁਸ਼ੀ ਵਿਚ ਸਰਕਾਰੀ ਸੀ: ਸੈ: ਸਕੂਲ ਭਿੰਡਰ ਕਲਾਂ ਵਿਖੇ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਸਕੂਲ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਵੀ ਗਾਏ। ਇਸ ਸਮੇਂ ਸਕੂਲ ਪ੍ਰਿੰ: ਗੁਰਚਰਨ ਸਿੰਘ ਨੇ ਕਿਹਾ ਕਿ ਸਾਡੇ ਸਕੂਲ ਦੀ ਟੀਮ ਨੇ ਵਾਲੀਬਾਲ ਟੂਰਨਾਮੈਂਟ ਵਿਚ ਜਿੱਤ ਪ੍ਰਾਪਤ ਕਰ ਕੇ ਜਿਥੇ ਅਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ ਉਥੇ ਇਨ੍ਹਾਂ ਬੱਚਿਆਂ ਨੇ ਇਕ ਚੰਗੇ ਖਿਡਾਰੀ ਹੋਣ ਦਾ ਵੀ ਸਬੂਤ ਦਿਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਟੀਮਾਂ ਜਿੱਤ ਪ੍ਰਾਪਤ ਕਰਦੀਆਂ ਹਨ ਤਾਂ ਖਿਡਾਰੀਆਂ ਤੋਂ ਕਿਤੇ ਵੱਧ ਖ਼ੁਸ਼ੀ ਉਨ੍ਹਾਂ ਟੀਮਾਂ ਦੇ ਕੋਚ ਨੂੰ ਹੁੰਦੀ ਹੈ।

54 ਵੀਆਂ ਪੰਜਾਬ ਸਕੂਲ ਖੇਡਾਂ
ਕਪੂਰਥਲਾ ਨੇ ਤਰਨ ਤਾਰਨ ਨੂੰ ਪਿੱਛੇ ਛੱਡਿਆ

ਕਪੂਰਥਲਾ, 6 ਸਤੰਬਰ - ਕਪੂਰਥਲਾ ਵਿਚ 54ਵੀਆਂ ਪੰਜਾਬ ਸਕੂਲ ਖੇਡਾਂ ਦੇ ਥਰੋਅਬਾਲ (ਅੰਡਰ 14 ਲੜਕੇ-ਲੜਕੀਆਂ) ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋ ਰਹੇ ਹਨ। ਇਨ੍ਹਾਂ ਖੇਡਾਂ ਦੇ ਉਦਘਾਟਨੀ ਮੈਚ ਦੌਰਾਨ ਤਰਨ ਤਾਰਨ ਦੇ ਲੜਕਿਆਂ ਨੇ ਕਪੂਰਥਲਾ ਨੂੰ ਹਰਾਇਆ। ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲਿਆਂ ਵਿਚ ਪਠਾਨਕੋਟ ਨੇ ਲੁਧਿਆਣਾ ਨੂੰ, ਗੁਰਦਾਸਪੁਰ ਨੇ ਬਠਿੰਡਾ ਨੂੰ, ਅੰਮ੍ਰਿਤਸਰ ਨੇ ਫਿਰੋਜ਼ਪੁਰ ਅਤੇ ਜਲੰਧਰ ਨੇ ਸੰਗਰੂਰ ਨੂੰ ਹਰਾਇਆ। ਇਨ੍ਹਾਂ ਖੇਡਾਂ ਵਿਚ ਪੰਜਾਬ ਦੇ 10 ਜ਼ਿਲ੍ਹਿਆਂ ਤੋਂ ਲੜਕਿਆਂ ਅਤੇ ਲੜਕੀਆਂ ਦੀਆਂ ਟੀਮਾਂ ਦੇ 400 ਖਿਡਾਰੀ ਭਾਗ ਲੈ ਰਹੀਆਂ ਹਨ।

ਅੰਤਰ ਜ਼ਿਲ੍ਹਾ ਕਟੋਚ ਕ੍ਰਿਕਟ ਟਰਾਫੀ 'ਚ ਪਟਿਆਲਾ ਤੇ ਅੰਮ੍ਰਿਤਸਰ ਬਰਾਬਰ ਰਹੇ

ਪਟਿਆਲਾ, 6 ਸਤੰਬਰ - ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਅੰਤਰ ਜ਼ਿਲ੍ਹਾ ਕਟੋਚ ਸ਼ੀਲਡ ਕ੍ਰਿਕਟ ਟਰਾਫੀ ਕਰਵਾਈ ਜਾ ਰਹੀ ਹੈ। ਜਿਸ ਦਾ ਮੈਚ ਪਟਿਆਲਾ ਤੇ ਅੰਮ੍ਰਿਤਸਰ ਵਿਚਕਾਰ ਖੇਡਿਆ ਜਾ ਰਿਹਾ। ਮੌਸਮ ਖਰਾਬ ਹੋਣ ਦੇ ਕਾਰਨ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ 'ਚ ਵਿਕਟ ਖੇਡਣ ਦੇ ਬਿਲਕੁਲ ਯੋਗ ਨਹੀਂ ਰਿਹਾ। ਇਸ ਕਾਰਨ ਦੋਨਾਂ ਟੀਮਾਂ ਨੂੰ ਇਕ-ਇਕ ਅੰਕ ਨਾਲ ਸਬਰ ਕਰਨਾ ਪਿਆ।

ਪੰਜਾਬ ਹਾਕੀ ਲੀਗ ਸ਼ੁਰੂ

ਲੁਧਿਆਣਾ, 6 ਸਤੰਬਰ - ਪੰਜਾਬ ਖੇਡ ਵਿਭਾਗ ਵੱਲੋਂ ਵੱਖ-ਵੱਖ ਉਮਰ ਵਰਗਾਂ ਦੀ ਵੀਕਐਂਡ ਰਾਜ ਪੱਧਰੀ ਹਾਕੀ ਲੀਗ ਸ਼ੁਰੂ ਕੀਤੀ ਗਈ। ਜਿਸ ਦੇ ਦੂਸਰੇ ਗੇੜ ਦੇ ਮੈਚ ਜੋ 6 ਸਤੰਬਰ ਨੂੰ ਪਦਮ ਸ੍ਰੀ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ, ਪੀ. ਏ. ਯੂ., ਲੁਧਿਆਣਾ ਵਿਖੇ ਖੇਡੇ ਗਏ ਦੇ ਅੰਡਰ16 ਵਰਗ ਵਿਚ ਮਾਲਵਾ ਸਪੋਰਟਸ ਵਿੰਗ ਨੇ ਮਹਿਤਾ ਗੁਰੂਕੁਲ ਅਕੈਡਮੀ ਦੋਰਾਹਾ ਨੂੰ 5-0 ਨਾਲ , ਫਰੀਦਕੋਟ ਨੇ ਬਠਿੰਡਾ ਨੂੰ 11-0 ਨਾਲ , ਬਹਾਦਰਗੜ੍ਹ ਨੇ ਪਾਤੜਾਂ ਨੂੰ 7-0 ਨਾਲ ਹਰਾਇਆ। ਇਸ ਤੋਂ ਇਲਾਵਾ ਅੰਡਰ14 ਵਰਗ ਦੇ ਇਕੋ ਇਕ ਮੁਕਾਬਲੇ ਵਿਚ ਫਰੀਦਕੋਟ ਨੇ ਜਰਖੜ ਹਾਕੀ ਅਕੈਡਮੀ ਨੂੰ 3-2 ਨਾਲ ਹਰਾਇਆ।

55ਵੀਂ ਸੀਨੀਅਰ ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਆਰੰਭ
ਬਾਦਲ ਵੱਲੋਂ ਮੁੱਕੇਬਾਜ਼ ਵਿਜੇਂਦਰ ਤੇ ਕੋਚ ਸੰਧੂ ਦਾ 11-11 ਲੱਖ ਨਾਲ ਸਨਮਾਨ

ਬਠਿੰਡਾ, 6 ਸਤੰਬਰ -55 ਵੀਂ ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਜਿਸ ਵਿਚ 31 ਰਾਜਾਂ ਅਤੇ 8 ਸਰਵਿਸ ਖੇਤਰ ਦੀਆਂ ਟੀਮਾਂ ਦੇ 418 ਮੁੱਕੇਬਾਜ਼ ਭਾਗ ਲੈ ਰਹੇ ਹਨ, ਇਹ ਸਰਕਾਰੀ ਸਟੇਡੀਅਮ ਬਠਿੰਡਾ ਵਿਖੇ 6 ਸਤੰਬਰ ਤੋਂ 12 ਸਤੰਬਰ ਤੱਕ ਚੱਲੇਗੀ। ਚੈਂਪੀਅਨਸ਼ਿਪ ਦਾ ਉਦਘਾਟਨ 6 ਸਤੰਬਰ ਦੀ ਸ਼ਾਮ ਨੂੰ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਅਤੇ ਖਿਡਾਰੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਬੀਜਿੰਗ ਉਲੰਪਿਕ ਵਿਚ ਮੁੱਕੇਬਾਜ਼ੀ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਹਰਿਆਣਾ ਦੇ ਵਿਜੇਂਦਰ ਕੁਮਾਰ ਤੇ ਕੁਆਟਰ ਫਾਈਨਲ ਵਿਚ ਪਹੁੰਚਣ ਵਾਲੇ ਜਤਿੰਦਰ ਕੁਮਾਰ ਅਤੇ ਇਨ੍ਹਾਂ ਦੇ ਕੋਚ ਸ: ਜੇ. ਐਸ. ਸੰਧੂ ਨੂੰ ਹਾਰ ਪਵਾ ਕੇ ਇਕ ਖੁੱਲ੍ਹੀ ਗੱਡੀ ਢੋਲ ਢਮੱਕੇ ਨਾਲ ਮੰਚ 'ਤੇ ਲਿਆਂਦਾ ਗਿਆ ਜਿਥੇ ਮੁੱਖ ਮੰਤਰੀ ਸ: ਬਾਦਲ ਨੇ ਪੰਜਾਬ ਸਰਕਾਰ ਤਰਫ਼ੋਂ ਵਿਜੇਂਦਰ ਅਤੇ ਉਸਦੇ ਕੋਚ ਸੰਧੂ ਨੂੰ 11-11 ਲੱਖ ਰੁਪਏ ਅਤੇ ਜਤਿੰਦਰ ਕੁਮਾਰ ਦਾ 5 ਲੱਖ ਰੁਪਏ ਦੇ ਕੇ ਸਨਮਾਨਿਆ ਗਿਆ। ਮੁੱਖ ਮੰਤਰੀ ਨੇ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਮੁੱਕੇਬਾਜ਼ੀ ਵਿਚ ਕੌਮੀ ਪੱਧਰ 'ਤੇ ਸੋਨ ਤਗਮਾ ਜੇਤੂ ਸਿਮਰਜੀਤ ਕੌਰ ਨੂੰ ਇਕ ਲੱਖ ਰੁਪਏ ਮੌਕੇ 'ਤੇ ਹੀ ਦੇ ਕੇ ਉਸ ਦਾ ਵੀ ਸਨਮਾਨਿਆ। ਸ: ਬਾਦਲ ਨੇ ਇਸ ਮੌਕੇ ਬਠਿੰਡਾ ਵਿਚ ਖੇਡ ਅਕਾਦਮੀ ਅਤੇ ਕੌਮਾਂਤਰੀ ਪੱਧਰ ਦਾ ਕ੍ਰਿਕਟ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਉਂਦੇ ਬਜਟ ਵਿਚ ਖੇਡਾਂ ਲਈ ਵੱਧ ਫੰਡ ਰੱਖੇਗੀ ਅਤੇ ਆਰਥਿਕ ਤੌਰ 'ਤੇ ਗਰੀਬ ਖਿਡਾਰੀਆਂ ਦੀ ਸਰਕਾਰ ਡੱਟਕੇ ਮੱਦਦ ਕਰੇਗੀ। ਉਨ੍ਹਾਂ ਕਿਹਾ ਕਿ ਸਿਮਰਜੀਤ ਕੌਰ ਨੂੰ ਜਲਦੀ ਹੀ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਸਮੁੱਚੇ ਬੱਚਿਆਂ ਨੂੰ ਸ: ਬਾਦਲ ਨੇ 20 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਰਨਲ ਪੀ. ਕੇ. ਮੁਰਲੀਧਰ ਰਾਜਾ ਅਤੇ ਏਸ਼ੀਅਨ ਮੈਡਲਿਸਟ ਜੈਪਾਲ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਵੱਲੋਂ ਸ: ਬਾਦਲ ਦਾ ਸਨਮਾਨ ਕੀਤਾ ਗਿਆ। ਇਕ ਛੋਟੇ ਬੱਚੇ ਆਰੀਅਨ ਭਾਰਦਵਾਜ ਨੇ ਇਸ ਸਮੇਂ ਬਹੁਤ ਖੂਬਸੂਰਤ ਕਵਿਤਾ ਸੁਣਾਈ।

ਮਹਾਰਾਜਾ ਰਣਜੀਤ ਸਿੰਘ ਐਵਾਰਡ 'ਚ ਵੀ ਘਪਲੇਬਾਜ਼ੀ

ਜਲੰਧਰ, 5 ਸਤੰਬਰ - ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਖਿਡਾਰੀਆਂ ਨੂੰ ਦਿੱਤਾ ਜਾਂਦਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਪੰਜਾਬ ਸਰਕਾਰ ਨੇ ਕੋਈ ਪੱਕੀ ਠੋਸ ਨੀਤੀ ਨਹੀਂ ਬਣਾਈ ਅਤੇ ਇਸ ਕਾਰਨ ਐਵਾਰਡ ਨੂੰ ਦਿੱਤੇ ਜਾਣ ਵੇਲੇ ਕਈ ਨਾਮੀਂ ਖਿਡਾਰੀਆਂ ਨੂੰ ਅਣਦੇਖਿਆਂ ਕੀਤਾ ਗਿਆ ਹੈ ਤੇ ਕਈ ਸਿਫਾਰਸ਼ੀ ਤੇ ਰਾਜਨੀਤਕ ਰਸੂਖ ਰੱਖਣ ਵਾਲੇ ਖਿਡਾਰੀਆਂ ਨੂੰ ਇਹ ਐਵਾਰਡ ਦਿੱਤੇ ਜਾ ਚੁੱਕੇ ਹਨ। ਇਸ ਗੱਲ ਦਾ ਪ੍ਰਗਟਾਵਾ ਸਾਬਕਾ ਉਲੰਪੀਅਨਾਂ ਨੇ 5 ਸਤੰਬਰ ਨੂੰ ਜਲੰਧਰ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਇਸ ਵਿਚ ਉਲੰਪੀਅਨ ਧਰਮ ਸਿੰਘ ਨੇ ਕਿਹਾ ਕਿ ਮੈਂ 1963 'ਚ ਕੌਮਾਂਤਰੀ ਹਾਕੀ ਟੂਰਨਾਮੈਂਟ ਫਰਾਂਸ, 1964 ਦੀ ਉਲੰਪਿਕ 'ਚ ਸੰਨ 1966 ਦੀਆਂ ਏਸ਼ੀਅਨ ਖੇਡਾਂ ਵਿਚ ਸੋਨ ਤਗਮਾ, 1966 ਦੀ ਇੰਟਰਨੈਸ਼ਨਲ ਟੂਰਨਾਮੈਂਟ ਜਰਮਨੀ 'ਚ ਸੋਨ ਤਗਮਾ, 1968 ਦੀ ਉਲੰਪਿਕ 'ਚ ਕਾਂਸੀ ਦਾ ਤਗਮਾ ਜਿੱਤ ਚੁੱਕਾ ਹਾਂ ਤੇ ਮੈਨੂੰ 2003 ਵਿਚ ਭਾਰਤ ਸਰਕਾਰ ਵੱਲੋਂ ਧਿਆਨ ਚੰਦ ਐਵਾਰਡ ਦਿੱਤਾ ਜਾ ਚੁੱਕਾ ਹੈ ਪਰ ਪਤਾ ਨਹੀਂ ਕੀ ਕਾਰਨ ਹੈ ਕਿ ਅਜੇ ਤੱਕ ਪੰਜਾਬ ਸਰਕਾਰ ਨੇ ਇਹ ਐਵਾਰਡ ਮੈਨੂੰ ਨਹੀਂ ਦਿੱਤਾ। ਅਰਜਨਾ ਐਵਾਰਡੀ ਤੇ ਵਾਲੀਬਾਲ ਦੇ ਮਹਾਨ ਖਿਡਾਰੀ ਨ੍ਰਿਪ ਜੀਤ ਸਿੰਘ ਨਿਪੀ ਨੇ ਕਿਹਾ ਕਿ ਮੈਂ 17 ਸਾਲ ਲਗਾਤਾਰ ਪੰਜਾਬ ਲਈ ਸੋਨ ਤਗਮਾ ਜਿੱਤਿਆ ਤੇ ਲਗਾਤਾਰ 13 ਸਾਲ ਭਾਰਤ ਦੀ ਪ੍ਰਤੀਨਿਧਤਾ ਕੀਤੀ ਤੇ ਭਾਰਤ ਸਰਕਾਰ ਨੇ ਮੈਨੂੰ 1962 ਵਿਚ ਅਰੁਜਨਾ ਐਵਾਰਡ ਨਾਲ ਸਨਮਾਨਿਤ ਕੀਤਾ ਪਰ ਅਜੇ ਤੱਕ ਮੈਨੂੰ ਪੰਜਾਬ ਸਰਕਾਰ ਨੇ ਪੰਜਾਬ ਦੇ ਇਸ ਐਵਾਰਡ ਲਈ ਯੋਗ ਨਹੀਂ ਸਮਝਿਆ ਅਤੇ ਸਾਡੇ ਤੋਂ ਘੱਟ ਪਰਫਾਰਮੈਂਸ ਵਾਲੇ ਖਿਡਾਰੀਆਂ ਨੂੰ ਇਹ ਐਵਾਰਡ ਦਿੱਤਾ ਜਾ ਚੁੱਕਾ ਹੈ। ਕੌਮਾਂਤਰੀ ਐਥਲੀਟ ਜਗਦੀਸ਼ ਸਿੰਘ ਦਿਉਲ ਨੇ ਬੜੇ ਭਰੇ ਮਨ ਨਾਲ ਆਖਿਆ ਕਿ ਮੈਂ ਏਸ਼ੀਆ ਦਾ ਨਵਾਂ ਰਿਕਾਰਡ ਕਾਇਮ ਕੀਤਾ ਪਰ ਮੈਨੂੰ ਪੰਜਾਬ ਸਰਕਾਰ ਨੇ ਇਸ ਐਵਾਰਡ ਤੋਂ ਕਿਉਂ ਵਾਂਝਿਆਂ ਰੱਖਿਆ ਹੈ ਅਤੇ ਕਈ ਮੇਰੇ ਤੋਂ ਘੱਟ ਪਰਫਾਰਮੈਂਸ ਵਾਲੇ ਖਿਡਾਰੀਆਂ ਨੂੰ ਜਿਨ੍ਹਾਂ ਦੇ ਕੋਲ ਏਸ਼ੀਆ ਤੇ ਉਲੰਪਿਕ ਦਾ ਕੋਈ ਵੀ ਤਗਮਾ ਨਹੀਂ, ਉਨ੍ਹਾਂ ਨੂੰ ਇਹ ਐਵਾਰਡ ਦਿੱਤਾ ਗਿਆ ਹੈ। ਅਰਜਨਾ ਐਵਾਰਡੀ ਬਲਦੇਵ ਸਿੰਘ ਨੇ ਪੰਜਾਬ ਸਰਕਾਰ 'ਤੇ ਗਿਲਾ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ 2006 ਵਿਚ ਸਰਕਾਰ ਨੇ ਇਹ ਐਵਾਰਡ ਦਿੱਤੇ ਸਨ ਤਾਂ ਉਸ ਵੇਲੇ ਰਾਣਾ ਗੁਰਮੀਤ ਸਿੰਘ ਸੋਢੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕੀਤਾ ਸੀ ਕਿ ਸਾਬਕਾ ਖਿਡਾਰੀਆਂ ਨੂੰ ਪੰਜਾਬ ਸਰਕਾਰ ਮਹਾਰਾਜਾ ਭਲਿੰਦਰਾ ਸਿੰਘ ਐਵਾਰਡ ਪ੍ਰਦਾਨ ਕਰੇਗੀ ਪਰ ਅੱਜ ਤੱਕ ਇਸ ਐਲਾਨ 'ਤੇ ਕੋਈ ਅਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਜੇ ਵੀ ਪੰਜਾਬ ਸਰਕਾਰ ਅਰਜਨਾ ਐਵਾਰਡ ਪ੍ਰਾਪਤ ਖਿਡਾਰੀ ਨੂੰ 600 ਰੁਪਏ ਪੈਨਸ਼ਨ ਦਿੰਦੀ ਹੈ ਤੇ ਜਦਕਿ ਹਰਿਆਣਾ ਸਰਕਾਰ 5 ਹਜ਼ਾਰ ਰੁਪਏ ਪੈਨਸ਼ਨ ਦੇ ਰਹੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਐਵਾਰਡ ਲਈ ਇਕ ਪੱਕੀ ਨੀਤੀ ਬਣੇ ਤੇ ਕੇਂਦਰ ਸਰਕਾਰ ਵਾਂਗ ਪੰਜਾਬ ਸਰਕਾਰ ਵੈਟਰਨ ਖਿਡਾਰੀਆਂ ਲਈ ਹੋਰ ਐਵਾਰਡ ਸ਼ੁਰੂ ਕਰੇ ਤਾਂ ਜੋ ਵੈਟਰਨ ਖਿਡਾਰੀ ਨਿਰਾਸ਼ ਨਾ ਹੋਣ।

ਐਨ. ਆਈ. ਸੀ. ਐਸ. ਪਹੁੰਚੀ ਫਾਈਨਲ 'ਚ

ਪਟਿਆਲਾ, 5 ਸਤੰਬਰ-ਪਟਿਆਲਾ ਵਿਚ ਹੋ ਰਹੇ ਐਸ.ਐਫ. ਕ੍ਰਿਕਟ ਕੱਪ ਦੇ ਸੈਮੀਫਾਈਨਲ ਵਿਚ ਐਨ ਆਈ ਸੀ ਐਸ ਦੀ ਟੀਮ ਨੇ ਮੋਹਾਲੀ ਕ੍ਰਿਕਟ ਐਸੋਸੀਏਸ਼ਨ ਦੀ ਟੀਮ ਨੂੰ ਹਰਾ ਦਿੱਤਾ। ਫਾਈਨਲ ਵਿਚ ਐਨ ਆਈ ਸੀ ਐਸ ਦੀ ਟੀਮ ਬਲੈਕ ਐਲੀਫੈਂਟ ਕ੍ਰਿਕਟ ਕੋਚਿੰਗ ਸੈਂਟਰ ਨਾਲ ਭਿੜੇਗੀ। ਮੋਹਾਲੀ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 25 ਓਵਰਾਂ 'ਚ 113 ਦੌੜਾਂ ਬਣਾਈਆਂ। ਇਹ ਟੀਚੇ 'ਤੇ ਐਨ ਆਈ ਸੀ ਐਸ ਦੀ ਟੀਮ ਨੇ ਸਿਰਫ਼ 22.3 ਓਵਰ ਬਣਾ ਕੇ ਫਾਈਨਲ ਮੈਚ 'ਤੇ ਕਬਜਾ ਕੀਤਾ।

ਪੇਸ ਤੇ ਬਲੈਕ ਦੀ ਜੋੜੀ ਨੇ ਅਮਰੀਕੀ ਮਿਕਸਡ ਡਬਲਜ਼ ਖਿਤਾਬ 'ਤੇ ਕੀਤਾ ਕਬਜ਼ਾ

ਨਿਊਯਾਰਕ, 5 ਸਤੰਬਰ- ਨਿਊਯਾਰਕ ਦੇ ਨੀਲ ਆਰਮਸਟ੍ਰਾਗ ਸਟੇਡੀਅਮ 'ਚ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਹੋਇਆ। ਜਿਸ ਵਿਚ ਆਖਰੀ ਗਰੈਂਡ ਸਲੇਮ ਟੂਰਨਾਮੈਂਟ 'ਚ ਮਿਸ਼ਰਤ ਜੋੜੀ (ਮਹਿਲਾ-ਪੁਰਸ਼) ਦੇ ਫਾਈਨਲ ਮੁਕਾਬਲੇ 'ਚ ਭਾਰਤ ਦੇ ਲਿਏਂਡਰ ਪੇਸ ਅਤੇ ਜ਼ਿੰਬਾਬਵੇ ਦੀ ਕਾਰਾ ਬਲੈਕ ਜੋੜੀ ਨੇ ਅਮਰੀਕਾ ਦੇ ਲੀਜ਼ਲ ਹੂਬਰ ਅਤੇ ਬਰਤਾਨੀਆ ਦੇ ਜ਼ੈਮੀ ਮੁਰੇ ਦੀ ਜੋੜੀ ਨੂੰ ਸਿੱਧੇ ਸੈੱਟਾਂ ਵਿਚ 7-6, 6-4 ਨਾਲ ਹਰਾਇਆ ਅਤੇ ਮਿਸ਼ਰਤ ਜੋੜੀ ਦਾ ਖਿਤਾਬ ਹਾਸਲ ਕੀਤਾ। ਲਿਏਂਡਰ ਪੇਸ ਦਾ ਇਹ ਅੱਠਵਾਂ ਗਰੈਂਡ ਸਲੇਮ ਹੈ। ਇਸ ਤੋਂ ਪਹਿਲਾ ਲਿਏਂਡਰ ਪੇਸ ਤੇ ਜ਼ਿੰਬਾਬਵੇ ਦੀ ਕਾਰਾ ਬਲੈਕ ਦੀ ਮਿਸ਼ਰਤ ਜੋੜੀ (ਮਹਿਲਾ-ਪੁਰਸ਼) ਨੇ ਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਸੀ।

ਭਾਰਤੀ ਖਿਡਾਰੀਆਂ ਦੀ ਸਿਖਲਾਈ ਲਈ 700 ਕਰੋੜ ਦੀ ਮਨਜ਼ੂਰੀ ਮਿਲੀ

ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਤੇ ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ: ਤਰਲੋਚਨ ਸਿੰਘ ਨੇ ਇਸ ਮੌਕੇ ਦੱਸਿਆ ਕਿ ਆਉਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ-ਏਸ਼ੀਆਈ ਖੇਡਾਂ, ਸੰਸਾਰ ਪੱਧਰ ਦੇ ਮੁਕਾਬਲਿਆਂ ਅਤੇ ਲੰਡਨ ਉਲੰਪਿਕ ਲਈ ਖਿਡਾਰੀਆਂ ਦੀ ਸਿਖਲਾਈ ਲਈ ਸ: ਮਨੋਹਰ ਸਿੰਘ ਗਿੱਲ ਕੇਂਦਰੀ ਖੇਡ ਮੰਤਰੀ ਨੇ 700 ਕਰੋੜ ਦੀ ਮਨਜ਼ੂਰੀ ਦਿੱਤੀ ਹੈ। ਇਸ ਸਮੇਂ ਸ੍ਰੀ ਚੌਟਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਫੈਡਰੇਸ਼ਨ ਨੇ ਭਾਰਤੀ ਉਲੰਪਿਕ ਐਸੋਸੀਏਸ਼ਨ ਤੋਂ 35 ਲੱਖ ਰੁਪਏ ਅਜੇ ਲੈਣੇ ਬਾਕੀ ਹਨ। ਉਨ੍ਹਾਂ ਪੰਜਾਬ 'ਚ ਮੁੱਕੇਬਾਜ਼ੀ ਦੇ ਭਵਿੱਖ ਦੀ ਚਰਚਾ ਕਰਦਿਆਂ ਕਿਹਾ ਕਿ ਨਿਯਮਾਂ ਅਨੁਸਾਰ ਕੋਈ ਵੀ ਕੇਸਾਧਾਰੀ ਜਾਂ ਪਗੜੀ ਧਾਰੀ ਖਿਡਾਰੀ ਭਾਗ ਨਹੀਂ ਲੈ ਸਕਦਾ ਪ੍ਰੰਤੂ ਉਨ੍ਹਾਂ ਨੇ ਸੰਸਾਰ ਮੁੱਕੇਬਾਜ਼ੀ ਐਸੋਸੀਏਸ਼ਨ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਧਿਆਨ ਵਿਚ ਇਹ ਗੱਲ ਲਿਆਂਦੀ ਹੈ ਕਿ ਸਿੱਖ ਖਿਡਾਰੀ ਜਿਹੜੇ ਕਿ ਆਪਣੇ ਧਾਰਮਿਕ ਅਕੀਦਿਆਂ ਅਨੁਸਾਰ ਕੇਸ ਨਹੀਂ ਕਟਵਾ ਸਕਦੇ, ਉਨ੍ਹਾਂ ਨੂੰ ਵੀ ਮੁੱਕੇਬਾਜ਼ੀ ਵਿਚ ਭਾਗ ਲੈਣ ਦਾ ਅਧਿਕਾਰ ਦੇਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਖਿਡਾਰੀਆਂ ਵਿਚ ਵੀ ਉਲੰਪਿਕ ਜੇਤੂ ਹੋਣ ਦੀਆਂ ਚੰਗੀਆਂ ਸੰਭਾਵਨਾਵਾਂ ਮੌਜੂਦ ਹਨ।

ਪੰਕਜ ਅਡਵਾਨੀ ਨੇ ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ 'ਤੇ ਕੀਤਾ ਕਬਜ਼ਾ

ਬੰਗਲੌਰ, 5 ਸਤੰਬਰ- ਭਾਰਤ ਦੇ ਪੰਕਜ ਅਡਵਾਨੀ ਨੇ ਬੰਗਲੌਰ ਵਿਖੇ ਹੋ ਰਹੀ ਵਿਸ਼ਵ ਪੱਧਰ 'ਤੇ ਆਪਣੀ ਬਾਦਸ਼ਾਹਤ ਬਰਕਰਾਰ ਰੱਖਦਿਆਂ ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ (ਅੰਕ ਵਰਗ) ਜਿੱਤ ਪ੍ਰਾਪਤ ਕੀਤੀ। ਇਸ ਪ੍ਰਤੀ ਯੋਗਤਾ ਦੇ ਫਾਈਨਲ ਮੁਕਾਬਲੇ 'ਚ ਪੰਕਜ ਨੇ ਭਾਰਤ ਦੇ ਹੀ ਗੀਤ ਸੇਠੀ ਨੂੰ ਛੇ ਗੇਮਾਂ 'ਚ ਹਰਾਇਆ। 23 ਸਾਲਾ ਬੰਗਲੌਰ ਦੇ ਹੀ ਇਸ ਖਿਡਾਰੀ ਨੇ ਸੇਠੀ ਨੂੰ 150-90, 151-0, 150-24, 150-0, 86-150, 150-72, 150-12 ਅੰਕਾਂ ਨਾਲ ਹਰਾਇਆ। ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ (ਸਮਾਂ ਵਰਗ) ਦੇ ਮੁਕਾਬਲੇ ਵੀ 6 ਸਤੰਬਰ ਤੋਂ ਸ਼ੁਰੂ ਹੋ ਰਹੇ ਹਨ।

ਅਭੈ ਚੌਟਾਲਾ ਤੀਜੀ ਵਾਰ ਪ੍ਰਧਾਨ ਬਣੇ ਭਾਰਤੀ ਬਾਕਸਿੰਗ ਫੈਡਰੇਸ਼ਨ ਦੇ

ਪਿਛਲੇ ਅੱਠ ਸਾਲਾਂ ਦੀ ਵਧੀਆ ਕਾਰਗੁਜ਼ਾਰੀ ਨੂੰ ਵੇਖਦਿਆਂ ਵੱਖ-ਵੱਖ ਰਾਜਾਂ ਦੀਆਂ ਮੁੱਕੇਬਾਜ਼ੀ ਐਸੋਸੀਏਸ਼ਨਾਂ ਦੇ ਪ੍ਰਤੀਨਿਧਾਂ ਨੇ ਆਉਂਦੇ ਚਾਰ ਸਾਲਾਂ ਲਈ ਸ੍ਰੀ ਅਭੈ ਚੌਟਾਲਾ ਨੂੰ ਸਭ ਦੀ ਮਰਜ਼ੀ ਮੁਤਾਬਿਕ ਪ੍ਰਧਾਨ ਚੁਣ ਲਿਆ। ਏਸੇ ਤਰ੍ਹਾਂ 10 ਮੀਤ ਪ੍ਰਧਾਨ, 10 ਸੰਯੁਕਤ ਸਕੱਤਰ, ਇਕ ਜਨਰਲ ਸਕੱਤਰ, ਇਕ ਖਜਾਨਚੀ ਅਤੇ ਕਾਰਜਕਾਰਨੀ ਦੇ 75 ਮੈਂਬਰ ਵੀ ਸਰਬ-ਸੰਮਤੀ ਨਾਲ ਚੁਣੇ ਗਏ। ਭਾਰਤ ਲਈ ਉਲੰਪਿਕ, ਕਾਮਨਵੈਲਥ, ਏਸ਼ੀਅਨ ਖੇਡਾਂ, ਸੰਸਾਰ ਮੁੱਕੇਬਾਜ਼ੀ ਮੁਕਾਬਲੇ ਜਾਂ ਏਸ਼ੀਅਨ ਮੁੱਕੇਬਾਜ਼ੀ ਪ੍ਰਤੀ ਯੋਗਤਾ ਵਿਚੋਂ ਮੈਡਲ ਜਿੱਤਣ ਵਾਲੇ ਮੁੱਕੇਬਾਜ਼ਾਂ ਨੂੰ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਦੀ ਕਾਰਜਕਾਰਨੀ ਦਾ ਮੈਂਬਰ ਚੁਣ ਕੇ ਮਾਣ ਬਖਸ਼ਿਆ ਗਿਆ। ਇਹ ਚੋਣ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਤੇ ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਤਰਲੋਚਨ ਸਿੰਘ ਦੀ ਦੇਖ ਰੇਖ ਵਿਚ ਹੋਈ।

ਵਚੈਂਸਾ ਕਬੱਡੀ ਕੱਪ ਹੋਵੇਗਾ 14 ਸਤੰਬਰ ਨੂੰ

ਕਾਲਾ ਸੰਘਿਆਂ, 5 ਸਤੰਬਰ- ਇਟਲੀ ਕਬੱਡੀ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਨਾਗਰਾ ਨੇ ਪਿੰਡ ਕੁਹਾਲਾ ਵਿਖੇ ਹੋਈ ਮੀਟਿੰਗ ਉਪਰੰਤ ਦੱਸਿਆ ਕਿ ਵਚੈਂਸਾ ਇਟਲੀ ਵਿਖੇ 14 ਸਤੰਬਰ ਨੂੰ ਕਰਵਾਇਆ ਜਾ ਰਿਹਾ ਕਬੱਡੀ ਕੱਪ ਯਾਦਗਾਰੀ ਹੋਵੇਗਾ, ਜਿਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਢਿੱਲੋਂ ਦੀ ਅਗਵਾਈ 'ਚ ਹੋਣ ਵਾਲੇ ਕਬੱਡੀ ਕੱਪ 'ਚ ਵੱਖ-ਵੱਖ ਦੇਸ਼ਾਂ ਤੋਂ ਕਬੱਡੀ ਖਿਡਾਰੀ ਤੇ ਖੇਡ ਪ੍ਰੇਮੀ ਪੁੱਜ ਰਹੇ ਹਨ। ਸ: ਨਾਗਰਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਲਜੀਤ ਸਿੰਘ ਬਾਊ ਨੂੰ ਲੰਬਾ ਸਮਾਂ ਸ਼ਾਨਦਾਰ ਕਬੱਡੀ ਖੇਡਣ ਹਿੱਤ ਸੋਨੇ ਦੇ ਕੜੇ ਨਾਲ ਸਨਮਾਨਿਤ ਕੀਤਾ ਜਾਵੇਗਾ।

ਅਮਰਜੀਤ ਗਰੇਵਾਲ ਖੇਡ ਰਤਨ ਐਵਾਰਡ ਸਮਾਗਮ ਅਕਤੂਬਰ ਵਿਚ
ਐਵਾਰਡਾਂ ਲਈ ਚੋਣ ਕਮੇਟੀ ਦਾ ਐਲਾਨ

ਲੁਧਿਆਣ-ਪੰਜਾਬ ਰੂਰਲ ਸਪੋਰਟਸ ਪ੍ਰੋਮੋਸ਼ਨ ਕੌਂਸਲ ਵਲੋਂ ਸਾਲਾਨਾ ਰਾਸ਼ਟਰੀ ਅਮਰਜੀਤ ਗਰੇਵਾਲ ਖੇਡ ਰਤਨ ਐਵਾਰਡ ਸਮਾਗਮ ਜੋ ਕਰਵਾਇਆ ਜਾ ਰਿਹਾ ਹੈ, ਉਸ ਵਿਚ ਐਵਾਰਡ ਲਈ ਖਿਡਾਰੀਆਂ ਦੀ ਚੋਣ ਵਾਸਤੇ ਚੋਣ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਕੌਂਸਲ ਦੇ ਚੇਅਰਮੈਨ ਪਰਮਜੀਤ ਸਿੰਘ ਖੱਟੜਾ ਨੇ ਦੱਸਿਆ ਕਿ ਕੌਂਸਲ ਵਲੋਂ ਪੰਜਾਬ ਦੀਆਂ ਉੱਘੀਆਂ ਚਾਰ ਖੇਡ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਅਮਰਜੀਤ ਗਰੇਵਾਲ ਖੇਡ ਐਵਾਰਡ ਦੇ ਜੇਤੂ 'ਮੈਨ ਆਫ ਦਾ ਪੰਜਾਬ' ਇਕ ਖਿਡਾਰੀ ਨੂੰ ਅਤੇ ਇਕ ਖਿਡਾਰਣ ਨੂੰ 50-50 ਹਜ਼ਾਰ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਤ ਕੀਤਾ ਜਾਵੇਗਾ। ਜਦਕਿ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀ ਪੇਂਡੂ ਖੇਡ ਕਲੱਬ ਅਤੇ ਇਕ ਖੇਡ ਪ੍ਰੋਮੋਟਰ ਜਾਂ ਕੋਚ ਨੂੰ 25-25 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਐਵਾਰਡ ਸਮਾਗਮ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਅਕਤੂਬਰ ਦੇ ਪਹਿਲਾ ਹਫਤੇ ਹੋਵੇਗਾ। ਐਵਾਰਡੀ ਖਿਡਾਰੀਆਂ ਦੀ ਚੋਣ ਵਾਸਤੇ ਜੋ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ, ਉਸ ਵਿਚ ਪ੍ਰਿਥੀਪਾਲ ਸਿੰਘ ਬਟਾਲਾ, ਜਗਰੂਪ ਸਿੰਘ, ਪਹਿਲਵਾਨ ਹਰਮੇਲ ਸਿੰਘ, ਜਸਵੰਤ ਸਿੰਘ ਰੰਧਾਵਾ, ਤਰਲੋਚਨ ਸਿੰਘ ਧਾਮੀ, ਗੁਰਜੀਵਨ ਸਿੰਘ ਬਰਾੜ ਜੰਡਾਵਾਲਾ ਬੰਠਿਡਾ, ਗੁਰਮੀਤ ਸਿੰਘ ਖੁਡੀਆ ਨੂੰ ਲਿਆ ਗਿਆ ਹੈ। ਇਹ ਕਮੇਟੀ ਜੋ ਰਿਪੋਰਟ ਦੇਵੇਗੀ ਉਨ੍ਹਾਂ ਖਿਡਾਰੀਆਂ ਨੂੰ ਐਵਾਰਡ ਲਈ ਚੁਣਿਆ ਜਾਵੇਗਾ। ਉਨ੍ਹਾਂ ਆਖਿਆ ਕਿ ਪਿੰਡਾਂ ਵਿਚ ਉਲੰਪਿਕ ਪੱਧਰ ਦੀਆਂ ਖੇਡਾਂ ਅਪਨਾਉਣ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਾਂ ਦੀ ਮਹੱਤਤਾ ਬਾਰੇ ਪ੍ਰਬੰਧਕ ਕੌਂਸਲ ਵਲੋਂ ਅਗਲਾ ਸੈਮੀਨਾਰ 13 ਸਤੰਬਰ ਨੂੰ ਬੰਠਿਡਾਂ ਵਿਖੇ ਮਾਲਵਾ ਜੋਨ ਵਲੋਂ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ 20 ਸਤੰਬਰ ਨੂੰ ਲੁਧਿਆਣਾ ਵਿਖੇ ਅਤੇ 27 ਸਤੰਬਰ ਨੂੰ ਪਟਿਆਲਾ ਵਿਖੇ ਕੌਂਸਲ ਵਲੋਂ ਦੋ ਹੋਰ ਸੈਮੀਨਾਰ ਕਰਵਾਏ ਜਾਣਗੇ।

ਅੰਤਰਰਾਸ਼ਟਰੀ ਸੱਤਵਾਂ ਕਨੇਡਾ ਕਬੱਡੀ ਕੱਪ ਦਸੰਬਰ ਮਹੀਨੇ
ਬੱਬੂ ਮਾਨ ਦਾ ਲੱਗੇਗਾ ਖੁੱਲ੍ਹਾ ਅਖਾੜਾ

ਲੁਧਿਆਣਾ, 5 ਸਤੰਬਰ-ਮਾਲਵਾ ਸਪੋਰਟਸ ਐਸੋਸੀਏਸ਼ਨ ਕਨੇਡਾ ਅਤੇ ਫਰੇਜ਼ਰ ਵੈਲੀ ਕਲੱਬ ਵਲੋਂ ਸੱਤਵਾਂ ਅੰਤਰਰਾਸ਼ਟਰੀ ਕਨੇਡਾ ਕਬੱਡੀ ਕੱਪ ਇਸ ਵਰ੍ਹੇ 1 ਤੇ 2 ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਕਨੇਡਾ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਰਜਿੰਦਰ ਸਿੰਘ ਹਿੱਸੋਵਾਲ ਨੇ ਦੱਸਿਆ ਕਿ ਇਸੇ ਵਰ੍ਹੇ ਕਨੇਡਾ ਕਬੱਡੀ ਕੱਪ ਵਿਚ ਜਿਥੇ ਭਾਰਤ ਦੀਆਂ ਛੇ ਉਘੀਆਂ ਟੀਮਾਂ ਹਿੱਸਾ ਲੈਣਗੀਆਂ, ਉਥੇ ਅਮਰੀਕਾ ਤੇ ਪਾਕਿਸਤਾਨ ਦੀਆਂ ਕਬੱਡੀ ਟੀਮਾਂ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਦਰਸ਼ਕਾਂ ਦੇ ਮਨੋਰੰਜਨ ਲਈ ਬੱਬੂ ਮਾਨ ਦਾ ਖੁੱਲ੍ਹਾ ਅਖਾੜਾ ਵੀ ਲੱਗੇਗਾ।

ਮਹਾਰਾਜਾ ਰਣਜੀਤ ਸਿੰਘ ਐਵਾਰਡ 'ਚ ਵੀ ਘਪਲੇਬਾਜ਼ੀ

ਜਲੰਧਰ, 5 ਸਤੰਬਰ- ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਖਿਡਾਰੀਆਂ ਨੂੰ ਦਿੱਤਾ ਜਾਂਦਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਪੰਜਾਬ ਸਰਕਾਰ ਨੇ ਕੋਈ ਪੱਕੀ ਠੋਸ ਨੀਤੀ ਨਹੀਂ ਬਣਾਈ ਅਤੇ ਇਸ ਕਾਰਨ ਐਵਾਰਡ ਨੂੰ ਦਿੱਤੇ ਜਾਣ ਵੇਲੇ ਕਈ ਨਾਮੀਂ ਖਿਡਾਰੀਆਂ ਨੂੰ ਅਣਦੇਖਿਆਂ ਕੀਤਾ ਗਿਆ ਹੈ ਤੇ ਕਈ ਸਿਫਾਰਸ਼ੀ ਤੇ ਰਾਜਨੀਤਕ ਰਸੂਖ ਰੱਖਣ ਵਾਲੇ ਖਿਡਾਰੀਆਂ ਨੂੰ ਇਹ ਐਵਾਰਡ ਦਿੱਤੇ ਜਾ ਚੁੱਕੇ ਹਨ। ਇਸ ਗੱਲ ਦਾ ਪ੍ਰਗਟਾਵਾ ਸਾਬਕਾ ਉਲੰਪੀਅਨਾਂ ਨੇ 5 ਸਤੰਬਰ ਨੂੰ ਜਲੰਧਰ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਇਸ ਵਿਚ ਉਲੰਪੀਅਨ ਧਰਮ ਸਿੰਘ ਨੇ ਕਿਹਾ ਕਿ ਮੈਂ 1963 'ਚ ਕੌਮਾਂਤਰੀ ਹਾਕੀ ਟੂਰਨਾਮੈਂਟ ਫਰਾਂਸ, 1964 ਦੀ ਉਲੰਪਿਕ 'ਚ ਸੰਨ 1966 ਦੀਆਂ ਏਸ਼ੀਅਨ ਖੇਡਾਂ ਵਿਚ ਸੋਨ ਤਗਮਾ, 1966 ਦੀ ਇੰਟਰਨੈਸ਼ਨਲ ਟੂਰਨਾਮੈਂਟ ਜਰਮਨੀ 'ਚ ਸੋਨ ਤਗਮਾ, 1968 ਦੀ ਉਲੰਪਿਕ 'ਚ ਕਾਂਸੀ ਦਾ ਤਗਮਾ ਜਿੱਤ ਚੁੱਕਾ ਹਾਂ ਤੇ ਮੈਨੂੰ 2003 ਵਿਚ ਭਾਰਤ ਸਰਕਾਰ ਵੱਲੋਂ ਧਿਆਨ ਚੰਦ ਐਵਾਰਡ ਦਿੱਤਾ ਜਾ ਚੁੱਕਾ ਹੈ ਪਰ ਪਤਾ ਨਹੀਂ ਕੀ ਕਾਰਨ ਹੈ ਕਿ ਅਜੇ ਤੱਕ ਪੰਜਾਬ ਸਰਕਾਰ ਨੇ ਇਹ ਐਵਾਰਡ ਮੈਨੂੰ ਨਹੀਂ ਦਿੱਤਾ। ਅਰਜਨਾ ਐਵਾਰਡੀ ਤੇ ਵਾਲੀਬਾਲ ਦੇ ਮਹਾਨ ਖਿਡਾਰੀ ਨ੍ਰਿਪ ਜੀਤ ਸਿੰਘ ਨਿਪੀ ਨੇ ਕਿਹਾ ਕਿ ਮੈਂ 17 ਸਾਲ ਲਗਾਤਾਰ ਪੰਜਾਬ ਲਈ ਸੋਨ ਤਗਮਾ ਜਿੱਤਿਆ ਤੇ ਲਗਾਤਾਰ 13 ਸਾਲ ਭਾਰਤ ਦੀ ਪ੍ਰਤੀਨਿਧਤਾ ਕੀਤੀ ਤੇ ਭਾਰਤ ਸਰਕਾਰ ਨੇ ਮੈਨੂੰ 1962 ਵਿਚ ਅਰੁਜਨਾ ਐਵਾਰਡ ਨਾਲ ਸਨਮਾਨਿਤ ਕੀਤਾ ਪਰ ਅਜੇ ਤੱਕ ਮੈਨੂੰ ਪੰਜਾਬ ਸਰਕਾਰ ਨੇ ਪੰਜਾਬ ਦੇ ਇਸ ਐਵਾਰਡ ਲਈ ਯੋਗ ਨਹੀਂ ਸਮਝਿਆ ਅਤੇ ਸਾਡੇ ਤੋਂ ਘੱਟ ਪਰਫਾਰਮੈਂਸ ਵਾਲੇ ਖਿਡਾਰੀਆਂ ਨੂੰ ਇਹ ਐਵਾਰਡ ਦਿੱਤਾ ਜਾ ਚੁੱਕਾ ਹੈ। ਕੌਮਾਂਤਰੀ ਐਥਲੀਟ ਜਗਦੀਸ਼ ਸਿੰਘ ਦਿਉਲ ਨੇ ਬੜੇ ਭਰੇ ਮਨ ਨਾਲ ਆਖਿਆ ਕਿ ਮੈਂ ਏਸ਼ੀਆ ਦਾ ਨਵਾਂ ਰਿਕਾਰਡ ਕਾਇਮ ਕੀਤਾ ਪਰ ਮੈਨੂੰ ਪੰਜਾਬ ਸਰਕਾਰ ਨੇ ਇਸ ਐਵਾਰਡ ਤੋਂ ਕਿਉਂ ਵਾਂਝਿਆਂ ਰੱਖਿਆ ਹੈ ਅਤੇ ਕਈ ਮੇਰੇ ਤੋਂ ਘੱਟ ਪਰਫਾਰਮੈਂਸ ਵਾਲੇ ਖਿਡਾਰੀਆਂ ਨੂੰ ਜਿਨ੍ਹਾਂ ਦੇ ਕੋਲ ਏਸ਼ੀਆ ਤੇ ਉਲੰਪਿਕ ਦਾ ਕੋਈ ਵੀ ਤਗਮਾ ਨਹੀਂ, ਉਨ੍ਹਾਂ ਨੂੰ ਇਹ ਐਵਾਰਡ ਦਿੱਤਾ ਗਿਆ ਹੈ। ਅਰਜਨਾ ਐਵਾਰਡੀ ਬਲਦੇਵ ਸਿੰਘ ਨੇ ਪੰਜਾਬ ਸਰਕਾਰ 'ਤੇ ਗਿਲਾ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ 2006 ਵਿਚ ਸਰਕਾਰ ਨੇ ਇਹ ਐਵਾਰਡ ਦਿੱਤੇ ਸਨ ਤਾਂ ਉਸ ਵੇਲੇ ਰਾਣਾ ਗੁਰਮੀਤ ਸਿੰਘ ਸੋਢੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕੀਤਾ ਸੀ ਕਿ ਸਾਬਕਾ ਖਿਡਾਰੀਆਂ ਨੂੰ ਪੰਜਾਬ ਸਰਕਾਰ ਮਹਾਰਾਜਾ ਭਲਿੰਦਰਾ ਸਿੰਘ ਐਵਾਰਡ ਪ੍ਰਦਾਨ ਕਰੇਗੀ ਪਰ ਅੱਜ ਤੱਕ ਇਸ ਐਲਾਨ 'ਤੇ ਕੋਈ ਅਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਜੇ ਵੀ ਪੰਜਾਬ ਸਰਕਾਰ ਅਰਜਨਾ ਐਵਾਰਡ ਪ੍ਰਾਪਤ ਖਿਡਾਰੀ ਨੂੰ 600 ਰੁਪਏ ਪੈਨਸ਼ਨ ਦਿੰਦੀ ਹੈ ਤੇ ਜਦਕਿ ਹਰਿਆਣਾ ਸਰਕਾਰ 5 ਹਜ਼ਾਰ ਰੁਪਏ ਪੈਨਸ਼ਨ ਦੇ ਰਹੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਐਵਾਰਡ ਲਈ ਇਕ ਪੱਕੀ ਨੀਤੀ ਬਣੇ ਤੇ ਕੇਂਦਰ ਸਰਕਾਰ ਵਾਂਗ ਪੰਜਾਬ ਸਰਕਾਰ ਵੈਟਰਨ ਖਿਡਾਰੀਆਂ ਲਈ ਹੋਰ ਐਵਾਰਡ ਸ਼ੁਰੂ ਕਰੇ ਤਾਂ ਜੋ ਵੈਟਰਨ ਖਿਡਾਰੀ ਨਿਰਾਸ਼ ਨਾ ਹੋਣ।

ਐਨ. ਆਈ. ਸੀ. ਐਸ. ਪਹੁੰਚੀ ਫਾਈਨਲ 'ਚ

ਪਟਿਆਲਾ, 5 ਸਤੰਬਰ- ਪਟਿਆਲਾ ਵਿਚ ਹੋ ਰਹੇ ਐਸ.ਐਫ. ਕ੍ਰਿਕਟ ਕੱਪ ਦੇ ਸੈਮੀਫਾਈਨਲ ਵਿਚ ਐਨ ਆਈ ਸੀ ਐਸ ਦੀ ਟੀਮ ਨੇ ਮੋਹਾਲੀ ਕ੍ਰਿਕਟ ਐਸੋਸੀਏਸ਼ਨ ਦੀ ਟੀਮ ਨੂੰ ਹਰਾ ਦਿੱਤਾ। ਫਾਈਨਲ ਵਿਚ ਐਨ ਆਈ ਸੀ ਐਸ ਦੀ ਟੀਮ ਬਲੈਕ ਐਲੀਫੈਂਟ ਕ੍ਰਿਕਟ ਕੋਚਿੰਗ ਸੈਂਟਰ ਨਾਲ ਭਿੜੇਗੀ। ਮੋਹਾਲੀ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 25 ਓਵਰਾਂ 'ਚ 113 ਦੌੜਾਂ ਬਣਾਈਆਂ। ਇਹ ਟੀਚੇ 'ਤੇ ਐਨ ਆਈ ਸੀ ਐਸ ਦੀ ਟੀਮ ਨੇ ਸਿਰਫ਼ 22.3 ਓਵਰ ਬਣਾ ਕੇ ਫਾਈਨਲ ਮੈਚ 'ਤੇ ਕਬਜਾ ਕੀਤਾ।

ਆਲ ਇੰਡੀਆ (ਅੰਡਰ-17) ਜਗਤਾਰ ਸਿੰਘ ਜਰਖੜ ਜੂਨੀਅਰ ਹਾਕੀ ਟੂਰਨਾਮੈਂਟ 17 ਤੋਂ

ਲੁਧਿਆਣਾ, 5 ਸਤੰਬਰ-ਲੁਧਿਆਣਾ ਸਪੋਰਟਸਮੈਨ ਵੈਲਫੇਅਰ ਐਸੋਸੀਏਸ਼ਨ ਵਲੋਂ ਜੂਨੀਅਰ ਪੱਧਰ 'ਤੇ ਹਾਕੀ ਦਾ ਮੁਕਾਮ ਮਜ਼ਬੂਤ ਕਰਨ ਲਈ ਪਹਿਲਾ ਆਲ ਇੰਡੀਆ ਜਗਤਾਰ ਸਿੰਘ ਜਰਖੜ ਯਾਦਗਾਰੀ ਜੂਨੀਅਰ ਹਾਕੀ ਟੂਰਨਾਮੈਂਟ ਅੰਡਰ-17 17 ਤੋਂ 21 ਸਤੰਬਰ ਤੱਕ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਕਰਵਾਇਆ ਜਾ ਰਿਹਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਮਿਨਹਾਸ, ਸਕੱਤਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਉਘੀਆਂ 12 ਟੀਮਾਂ ਨੂੰ ਐਂਟਰੀ ਦਿੱਤੀ ਜਾਵੇਗੀ। ਇਹ ਟੂਰਨਾਮੈਂਟ ਲੀਗ ਕਮ ਨਾਕ ਆਊਟ ਪ੍ਰਣਾਲੀ ਦੇ ਅਧਾਰ 'ਤੇ ਖੇਡਿਆ ਜਾਵੇਗਾ। 17 ਸਤੰਬਰ ਨੂੰ ਟੂਰਨਾਮੈਂਟ ਦਾ ਉਦਘਾਟਨ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਮਨਪ੍ਰੀਤ ਸਿੰਘ ਇਯਾਲੀ ਕਰਨਗੇ। ਇਸ ਟੂਰਨਾਮੈਂਟ ਵਿਚ 1 ਜਨਵਰੀ, 1992 ਤੋਂ ਬਾਅਦ ਦੇ ਜਨਮੇ ਖਿਡਾਰੀ ਖੇਡਣ ਦੇ ਯੋਗ ਹੋਣਗੇ। ਸਾਰੀਆਂ ਟੀਮਾਂ ਦਾ ਮੈਡੀਕਲ ਹੋਵੇਗਾ। ਭਾਗ ਲੈਣ ਦੀਆਂ ਚਾਹਵਾਨ ਟੀਮਾਂ 10 ਸਤੰਬਰ ਤੋਂ ਪਹਿਲਾਂ ਟੂਰਨਾਮੈਂਟ ਕਮੇਟੀ ਦੇ ਪ੍ਰਬੰਧਕੀ ਸਕੱਤਰ ਹਰਮਿੰਦਰ ਪਾਲ ਸਿੰਘ ਨਾਲ ਫੋਨ ਨੰਬਰ 98142-16505 'ਤੇ ਸੰਪਰਕ ਕਰ ਸਕਦੇ ਹਨ।

ਭਾਰਤੀ ਮੁੱਕੇਬਾਜ਼ਾਂ ਨੇ ਇਸ ਖੇਡ ਵਿਚ ਆਪਣਾ ਲੋਹਾ ਮਨਵਾਇਆ-ਕੋਚ ਗੁਰਬਖਸ਼ ਸਿੰਘ ਸੰਧੂ

ਪਟਿਆਲਾ, 3 ਸਤੰਬਰ-ਬੀਜਿੰਗ ਉਲੰਪਿਕ 'ਚ ਸਾਡੇ ਮੁੱਕੇਬਾਜ਼ਾਂ ਦੁਆਰਾ ਦਿਖਾਈ ਕਾਰਗੁਜ਼ਾਰੀ ਨੇ ਭਾਰਤ ਦੀ ਖੇਡ ਜਗਤ 'ਚ ਪਹਿਚਾਣ ਗੂੜੀ ਕੀਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕੌਮੀ ਮੁੱਕੇਬਾਜ਼ੀ ਟੀਮ ਦੇ ਕੋਚ ਸ: ਗੁਰਬਖਸ਼ ਸਿੰਘ ਸੰਧੂ ਨੇ ਕਿਹਾ ਕਿ ਇਸ ਵੇਲੇ ਭਾਰਤ ਮੁੱਕੇਬਾਜ਼ੀ 'ਚ ਵਿਸ਼ਵ ਦੇ ਚੋਟੀ ਦੇ ਪੰਜ ਮੁਲਕਾਂ 'ਚ ਸ਼ਾਮਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਮੁੱਕੇਬਾਜ਼ਾਂ ਨੇ ਉਲੰਪਿਕ 'ਚ ਜੋ ਹਿੰਮਤ, ਦਲੇਰੀ ਤੇ ਦ੍ਰਿੜਤਾ ਦਿਖਾਈ ਹੈ, ਉਸ ਾਲ ਸਾਡੇ ਦੇਸ਼ ਦੀ ਨਵੀਂ ਪੀੜ੍ਹੀ ਮੁੱਕੇਬਾਜ਼ੀ ਵੱਲ ਬਹੁਤ ਆਕਰਸ਼ਿਤ ਹੋਵੇਗੀ। ਸ: ਸੰਧੂ ਨੇ ਕਿਹਾ ਕਿ ਸਾਡੇ ਮੁੱਕੇਬਾਜ਼ਾਂ ਦੀ ਇਸ ਸਫਲਤਾ 'ਚ ਕੌਮੀ ਟੀਮ ਦੇ ਸਾਰੇ ਕੋਚਾਂ, ਉਨ੍ਹਾਂ ਦੇ ਨਿੱਜੀ ਕੋਚਾਂ, ਮਾਪਿਆਂ ਤੇ ਦੇਸ਼ ਵਾਸੀਆਂ ਦੀਆਂ ਦੁਆਵਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਣ ਕਰਨ ਕਿ ਲੰਦਨ ਉਲੰਪਿਕ 'ਚ ਆਪਣੇ ਰਾਜ 'ਚੋਂ ਇਕ ਮੁੱਕੇਬਾਜ਼ ਘੱਟੋ ਘੱਟ ਜ਼ਰੂਰ ਭੇਜਣ। ਦੇਸ਼ ਵਾਸੀਆਂ ਵੱਲੋਂ ਕੀਤੇ ਗਏ ਮਾਣ ਸਨਮਾਨ ਲਈ ਸ: ਸੰਧੂ ਨੇ ਬਹੁਤ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਕਿ ਦੇਸ਼ ਵਾਸੀ ਉਨ੍ਹਾਂ ਨੂੰ ਇੰਨਾ ਸਤਿਕਾਰ ਦੇਣਗੇ।

ਕੌਮੀ ਬਾਕਸਿੰਗ ਫੈਡਰੇਸ਼ਨ ਦੀ ਚੋਣ

ਚੰਡੀਗੜ੍ਹ, 4 ਸਤੰਬਰ-ਉਲੰਪਿਕ 'ਚ ਨਾਮ ਕਮਾਉਣ ਵਾਲੇ ਹਰਿਆਣਾ ਦੇ ਮੁੱਕੇਬਾਜ਼ਾਂ ਨੂੰ ਦੇਖ ਕੇ ਭਾਰਤ ਦੀ ਬਾਕਸਿੰਗ ਫੈਡਰੇਸ਼ਨ ਨੇ ਵੀ ਕ੍ਰਿਕਟ ਵਾਂਗ ਲੀਗਾਂ ਦੀ ਸਥਾਪਨਾ ਕਰਨ ਦਾ ਮੰਨ ਬਣਾ ਲਿਆ ਹੈ। ਅੱਜ 5 ਸਤੰਬਰ ਨੂੰ ਸੂਬੇ ਦੀਆਂ ਵੱਖ ਵੱਖ ਬਾਕਸਿੰਗ ਫੈਡਰੇਸ਼ਨਾਂ ਦੀ ਇਕ ਮੀਟਿੰਗ ਪੰਜਾਬ ਦੇ ਸ਼ਹਿਰ ਬਠਿੰਡਾ ਵਿਖੇ ਹੋਵੇਗੀ। ਇਸ ਮੀਟਿੰਗ ਵਿਚ ਕੌਮੀ ਬਾਕਸਿੰਗ ਫੈਡਰੇਸ਼ਨ ਦੀ ਚੋਣ ਵੀ ਕੀਤੀ ਜਾਵੇਗੀ। 6 ਸਤੰਬਰ ਤੋਂ ਬਠਿੰਡਾ ਵਿਖੇ 12 ਸਤੰਬਰ ਤੱਕ ਕੌਮੀ ਬਾਕਸਿੰਗ ਮੁਕਾਬਲੇ ਹੋਣ ਜਾ ਰਹੇ ਹਨ। 5 ਸਤੰਬਰ ਨੂੰ ਵੱਖ ਵੱਖ ਸੂਬਿਆਂ ਦੀਆਂ ਬਾਕਸਿੰਗ ਫੈਡਰੇਸ਼ਨਾਂ ਕੌਮੀ ਬਾਕਸਿੰਗ ਫੈਡਰੇਸ਼ਨ ਦੇ ਅਹੁਦੇਦਾਰਾਂ ਦੀ ਚੋਣ ਕਰਨਗੀਆਂ। 5 ਸਤੰਬਰ ਨੂੰ ਬਠਿੰਡਾ ਵਿਖੇ ਹੋ ਰਹੀ ਮੀਟਿੰਗ ਵਿਚ ਬਾਕਸਿੰਗ ਫੈਡਰੇਸ਼ਨਾਂ ਦਰਮਿਆਨ ਵਿਚਾਰ ਵਟਾਂਦਰਾ ਹੋਵੇਗਾ ਅਤੇ ਨਵੀਂ ਨੀਤੀ ਲਈ ਪ੍ਰਚਾਰ ਦੀ ਸ਼ੁਰੂਆਤ ਮੈਟਰੋ ਸ਼ਹਿਰਾਂ ਤੋਂ ਸ਼ੁਰੂ ਕੀਤੀ ਜਾਵੇਗੀ।

ਯੂਨੀਵਰਸਿਟੀ 'ਚ ਇਨਡੋਰ ਸ਼ੂਟਿੰਗ ਰੇਂਜ ਤੇ 'ਏਸ਼ੀਆ ਹਾਊਸ' ਇਮਾਰਤ ਦਾ ਉਦਘਾਟਨ

ਅੰਮ੍ਰਿਤਸਰ, 4 ਸਤੰਬਰ-ਉਲੰਪਿਕ ਖੇਡਾਂ ਵਿਚ ਇਕ ਸੋਨ ਤਮਗਾ ਜਿੱਤਣ ਕਰਕੇ ਭਾਰਤ ਸਰਕਾਰ ਦੇ ਕੇਂਦਰੀ ਖੇਡ ਵਿਭਾਗ ਦਾ ਹੁਣ ਸਾਰਾ ਧਿਆਨ ਰਾਸ਼ਟਰ ਮੰਡਲ ਖੇਡਾਂ (ਕਾਮਨਵੈਲਥ ਖੇਡਾਂ) ਵੱਲ ਹੈ ਅਤੇ ਇਸ ਸਬੰਧੀ ਤਿਆਰੀਆਂ ਮੁਕੰਮਲ ਕਰਨ ਲਈ ਜ਼ੋਰ ਲਾਇਆ ਜਾ ਰਿਹਾ ਹੈ। 4 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੌਮਾਂਤਰੀ ਪੱਧਰ ਦੀ ਇਨਡੋਰ ਸ਼ੂਟਿੰਗ ਰੇਂਜ ਅਤੇ 'ਏਸ਼ੀਆ ਹਾਊਸ ਇਮਾਰਤ' ਦਾ ਉਦਘਾਟਨ ਕੀਤਾ ਗਿਆ। ਡਾ. ਮਨਮੋਹਨ ਸਿੰਘ ਗਿੱਲ ਨੇ ਕਿਹਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਹਾਕੀ ਐਸਟਰੋਟਰਫ ਕਾਫੀ ਪੁਰਾਣੀ ਹੋ ਚੁਕੀ ਹੈ, ਇਸ ਲਈ ਭਾਰਤ ਸਰਕਾਰ ਵੱਲੋਂ ਇਸ ਯੂਨੀਵਰਸਿਟੀ ਵਿਚ ਤਿੰਨ ਕਰੋੜ ਦੀ ਲਾਗਤ ਨਾਲ ਨਵੀਂ ਐਸਟਰੋਟਰਫ ਵਿਛਾਈ ਜਾਵੇਗੀ ਅਤੇ ਇਹ ਪੁਰਾਣੀ ਐਸਟਰੋਟਰਫ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿਚ ਹਾਕੀ ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਵਰਤੋਂ ਵਿਚ ਲਿਆਂਦੀ ਜਾਵੇਗੀ।

ਪੰਜਾਬ ਕਬੱਡੀ ਚੈਪੀਅਨਸ਼ਿਪ ਲਈ ਟਰਾਇਲ

ਫ਼ਰੀਦਕੋਟ, 4 ਸਤੰਬਰ-ਅਮੈਚਿਊਰ ਕਬੱਡੀ ਫੈਡਰੇਸ਼ਨ ਆਫ਼ ਇੰਡੀਆ ਦੇ ਫੈਸਲੇ ਅਨੁਸਾਰ ਭਾਰਤ ਨੂੰ ਵੱਖ-ਵੱਖ ਜ਼ੋਨਾਂ 'ਚ ਵੰਡਿਆ ਗਿਆ ਹੈ। ਨਵੀ ਨੀਤੀ ਅਨੁਸਾਰ 2008-09 ਦੀ ਕਬੱਡੀ ਦੀ ਰਾਜਾਂ ਦੀਆਂ ਟੀਮਾਂ ਪਹਿਲਾਂ ਜ਼ੋਨ ਖੇਡਣਗੀਆਂ। ਜ਼ੋਨ 'ਚ ਪਹਿਲਾਂ ਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਸੁਪਰਲੀਗ ਟੂਰਨਾਮੈਂਟ 'ਚ ਭਾਗ ਲਵੇਗੀ। ਪਹਿਲੀ ਨਾਰਥ ਜ਼ੋਨ ਕਬੱਡੀ ਚੈਪੀਅਨਸ਼ਿਪ 1 ਅਕਤੂਬਰ ਤੋਂ 3 ਅਕਤੂਬਰ ਤੱਕ ਮੋਗਾ ਵਿਖੇ ਹੋ ਰਹੀ ਹੈ। ਪੰਜਾਬ ਰਾਜ ਵੱਲੋਂ ਇਸ ਨਾਰਥ ਜ਼ੋਨ ਟੂਰਨਾਮੈਂਟ 'ਚ ਭਾਗ ਲੈਣ ਵਾਲੀਆਂ ਟੀਮਾਂ ਦੇ ਟਰਾਇਲ 6 ਸਤੰਬਰ ਨੂੰ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਹੋਣਗੇ। ਟਰਾਇਲ ਸਵੇਰੇ 10 ਵਜੇ ਹੋਣਗੇ।

ਪੰਜਾਬ ਸੈਕਿੰਡ ਡਵੀਜ਼ਨ ਫੁੱਟਬਾਲ ਲੀਗ

ਪਟਿਆਲਾ, 4 ਸਤੰਬਰ- ਪੰਜਵੀਂ ਪੰਜਾਬ ਸਟੇਟ ਸੈਕਿੰਡ ਡਵੀਜ਼ਨ ਫੁੱਟਬਾਲ ਲੀਗ 5 ਸਤੰਬਰ ਤੋਂ 15 ਅਕਤੂਬਰ ਤੱਕ ਕਰਵਾਈ ਜਾਵੇਗੀ। ਜਿਸ ਵਿਚ ਰਾਜ ਦੀ ਚੋਟੀ ਦੀਆਂ 9 ਟੀਮਾਂ ਭਾਗ ਲੈਣਗੀਆਂ। ਇਸ ਲੀਗ 'ਚ ਮਾਹਿਲਪੁਰ ਫੁੱਟਬਾਲ ਕਲੱਬ, ਬੱਸੀ ਫੁੱਟਬਾਲ ਕਲੱਬ ਪੰਜਾਬੀ ਵਰਸਿਟੀ ਪਟਿਆਲਾ, ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ, ਸਿੱਖ ਨੈਸ਼ਨਲ ਕਾਲਜ ਬੰਗਾ, ਇੰਟਰਨੈਸ਼ਨਲ ਸਪੋਰਟਸ ਕਲੱਬ ਫਗਵਾੜਾ, ਐਸ.ਜੀ.ਜੀ.ਐਸ. ਫੁੱਟਬਾਲ ਸੁਸਾਇਟੀ ਜਲੰਧਰ, ਜੀ.ਐਸ. ਪਰਮਾਰ ਫੁੱਟਬਾਲ ਕਲੱਬ ਨਰੂੜ ਪਾਂਛਟਾ, ਸਿਟੀ ਫੁੱਟਬਾਲ ਕਲੱਬ ਫਗਵਾੜਾ ਤੇ ਦਲਬੀਰ ਫੁੱਟਬਾਲ ਅਕੈਡਮੀ ਪੰਜਾਬੀ ਵਰਸਿਟੀ ਪਟਿਆਲਾ ਦੀਆਂ ਟੀਮਾਂ ਹਿੱਸਾ ਲੈਣਗੀਆਂ। ਸ਼ੁਰੂ ਦੇ ਮੈਚਾਂ 'ਚ 5 ਸਤੰਬਰ ਨੂੰ ਪਰਮਾਰ ਫੁੱਟਬਾਲ ਕਲੱਬ ਤੇ ਮਹਿਲ ਪੁਰ ਕਲੱਬ ਨਰੂੜ ਪਾਂਛਟਾ, ਬੱਸੀ ਕਲੱਬ ਤੇ ਯੂਥ ਕਲੱਬ ਪਟਿਆਲਾ ਵਿਖੇ, 6 ਸਤੰਬਰ ਨੂੰ ਐਸ.ਜੀ.ਐਸ., ਸੁਸਾਇਟੀ ਤੇ ਦਲਬੀਰ ਅਕੈਡਮੀ ਜਲੰਧਰ ਵਿਖੇ, 8 ਸਤੰਬਰ ਇੰਟਰਨੈਸ਼ਨਲ ਕਲੱਬ ਤੇ ਦਲਬੀਰ ਅਕੈਡਮੀ ਫਗਵਾੜਾ ਵਿਖੇ ਭਿੜਨਗੀਆਂ।

ਤੀਜੇ ਸਾਲ ਵੀ ਜ਼ੋਨ ਜੇਤੂ ਰਹੀ ਕਲਵਾਣੂ ਸਕੂਲ ਦੀ ਖੋ-ਖੋ ਟੀਮ

ਘੱਗਾ, 4 ਸਤੰਬਰ-ਜੇ ਕਿਸੇ ਵਿਅਕਤੀ ਦੇ ਮਨ ਵਿਚ ਕਿਸੇ ਕੰਮ ਨੂੰ ਕਰਨ ਦੀ ਚਾਹਤ ਹੋਵੇ ਤਾਂ ਉਹ ਜ਼ਰੂਰ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਹੀ ਘੱਗਾ ਦੇ ਨੇੜਲੇ ਪਿੰਡ ਕਲਵਾਣੂ ਹਾਈ ਸਕੂਲ ਦੇ ਬੱਚਿਆਂ ਨੇ ਸਕੂਲ ਵਿਚ ਸਰੀਰਕ ਸਿਖਿਆ ਅਧਿਆਪਕ ਨਾ ਹੋਣ ਦੇ ਬਾਵਜੂਦ ਇਸ ਵਾਰ ਵੀ ਲਗਾਤਾਰ ਤੀਜੇ ਸਾਲ ਖੋ-ਖੋ ਵਿਚ ਅਪਣਾ ਝੰਡਾ ਪਾਤੜਾਂ ਜ਼ੋਨ ਦੀਆਂ ਖੇਡਾਂ ਵਿਚ ਉਚਾ ਰਖਿਆ। ਖੇਡਣ ਵਾਲੇ ਬੱਚਿਆਂ ਵੱਲੋਂ ਲਗਾਤਾਰ ਤੀਜੇ ਸਾਲ ਵੀ ਜ਼ੋਨ 'ਚੋਂ ਫਸਟ ਰਹਿਣ ਦਾ ਸੇਹਰਾ ਸਕੂਲ ਦੇ ਮੁੱਖ ਅਧਿਆਪਕ ਜਸਵਿੰਦਰ ਸਿੰਘ ਅਤੇ ਹਿੰਦੀ ਅਧਿਆਪਕ ਰਾਕੇਸ਼ ਸਿੰਘ ਦੇ ਸਿਰ ਸਜਾਇਆ ਜਾ ਰਿਹਾ ਹੈ। ਬੱਚਿਆਂ ਦਾ ਕਹਿਣਾ ਹੈ ਕਿ ਸਾਡੇ ਹਿੰਦੀ ਅਧਿਆਪਕ ਸਾਨੂੰ ਆਪਣੇ ਖਾਲੀ ਸਮੇਂ ਵਿਚ ਖੋ-ਖੋ ਖੇਡ ਦੇ ਦਾਅ ਪੇਚ ਸਿਖਾਉਂਦੇ ਹਨ ਅਤੇ ਸਾਨੂੰ ਖੇਡ ਦੀਆਂ ਬਰੀਕੀਆਂ ਬਾਰੇ ਦੱਸਦੇ ਹਨ। ਜਿਸ ਦੇ ਸਦਕਾ ਅਸੀਂ ਇਸ ਵਾਰ ਵੀ ਜ਼ੋਨ ਜਿੱਤਣ ਵਿਚ ਕਾਮਯਾਬ ਰਹੇ ਹਾਂ। ਉਨ੍ਹਾਂ ਦੱਸਿਆ, ਸਾਡੇ ਸਕੂਲ ਦੀ ਖੋ-ਖੋ ਦੀ ਟੀਮ ਇਸ ਵਾਰ ਫਸਟ ਰਹੀ ਹੈ ਅਤੇ ਹੁਣ ਤੱਕ ਤਿੰਨ ਸਾਲਾਂ ਵਿਚ ਇਸ ਸਕੂਲ 'ਚੋਂ 6 ਬੱਚੇ ਸਟੇਟ ਪੱਧਰ ਤੱਕ ਖੇਡ ਚੁੱਕੇ ਹਨ। ਖੋਖ-ਖੋ ਦੀ ਸਾਡੀ ਟੀਮ ਜ਼ਿਲ੍ਹੇ ਵਿਚੋਂ ਵੀ ਸੈਕਿੰਡ ਰਹੀ ਹੈ। ਜਿਸ ਵਿਚੋਂ ਵੀ ਸਾਡੇ ਕੁਝ ਬੱਚੇ ਸਟੇਟ ਲਈ ਚੁਣੇ ਜਾਣਗੇ। ਹਿੰਦੀ ਅਧਿਆਪਕ ਰਾਕੇਸ਼ ਸਿੰਘ ਨੇ ਕਿਹਾ ਕਿ ਅਸੀਂ ਮਾਪਿਆਂ ਅੱਗੇ ਅਪੀਲ ਕਰਦੇ ਹਾਂ ਕਿ ਕੁੜੀਆਂ ਨੂੰ ਵੀ ਖੇਡਾਂ ਲਈ ਮੌਕਾ ਦਿੱਤਾ ਜਾਵੇ। ਦੱਸਣ ਵਾਲੀ ਗੱਲ ਹੈ ਕਿ ਇਸ ਹਾਈ ਸਕੂਲ ਕਲਵਾਣੂ ਤੋਂ ਪਹਿਲਾਂ ਇਹ ਹਿੰਦੀ ਅਧਿਆਪਕ ਹਰਿਆਓ ਸਕੂਲ ਵਿਚ ਸਨ ਉਥੇ ਵੀ ਇਨ੍ਹਾਂ ਨੇ ਫਿਜੀਕਲ ਅਧਿਆਪਕ ਨਾ ਹੋਣ ਦੇ ਬਾਵਜੂਦ ਬੱਚਿਆਂ ਨੂੰ ਨੈਸ਼ਨਲ ਤੱਕ ਪਹੁੰਚਾਇਆ।

ਪੰਚਾਇਤੀ ਅਤੇ ਸਕੂਲਾਂ ਦੀਆਂ ਬਲਾਕ ਪੱਧਰ ਦੀਆਂ ਖੇਡਾਂ

ਭੁੱਚੋ ਮੰਡੀ-ਸਰਕਾਰੀ ਸੈਕੰਡਰੀ ਸਕੂਲ ਭੁੱਚੋ ਕਲਾਂ ਵਿਖੇ ਖੇਡ ਵਿਭਾਗ ਬਠਿੰਡਾ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਜ਼ਿਲ੍ਹਾ ਅਧਿਕਾਰੀਆਂ ਵਲੋਂ ਪੰਚਾਇਤੀ ਅਤੇ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਦਾ ਦੋ ਰੋਜ਼ਾ ਟੂਰਨਾਮੈਂਟ ਕਰਵਾਇਆ ਗਿਆ। ਇਨ੍ਹਾਂ ਬਲਾਕ ਪੱਧਰ ਦੀਆਂ ਖੇਡਾਂ ਵਿਚ ਬਲਾਕ ਨਥਾਣਾ ਦੇ ਤਕਰੀਬਨ 35 ਸਕੂਲਾਂ ਦੀਆਂ ਅਥਲੈਟਿਕਸ, ਕਬੱਡੀ ਵਾਲੀਬਾਲ, ਫ਼ੁਟਬਾਲ ਅਤੇ ਹਾਕੀ ਦੀਆਂ ਟੀਮਾਂ ਅਤੇ ਬਲਾਕ ਪੱਧਰ ਦੀਆਂ ਓਪਨ ਕਬੱਡੀ ਦੀਆਂ ਪੰਚਾਇਤੀ ਟੀਮਾਂ ਸ਼ਾਮਿਲ ਸਨ। 100 ਮੀਟਰ ਦੌੜ 'ਚ ਗੁਰਪ੍ਰੀਤ ਸਿੰਘ ਭੁੱਚੋ ਕਲਾਂ ਨੇ ਪਹਿਲਾ, ਬੱਬੂ ਸਿੰਘ ਨੇ ਦੂਸਰਾ ਅਤੇ ਗੁਰਪ੍ਰੀਤ ਸਿੰਘ ਚੱਕਰਾਮ ਸਿੰਘਵਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ 200 ਮੀਟਰ ਦੌੜ ਵਿਚ ਰਾਜਵਿੰਦਰ ਸਿੰਘ ਲਹਿਰਾ ਮੁਹੱਬਤ ਨੇ ਪਹਿਲਾ, ਬੱਬੂ ਸਿੰਘ ਭੁੱਚੋ ਕਲਾਂ ਨੇ ਦੂਸਰਾ, ਬਿੱਟੂ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਵਿਚ ਟਿੰਕੂ ਸਿੰਘ ਨੇ ਪਹਿਲਾ, ਸੰਦੀਪ ਸਿੰਘ ਨੇ ਦੂਸਰਾ ਅਤੇ ਸਿਕੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 3000 ਮੀਟਰ 'ਚ ਬਿੱਟੂ ਸਿੰਘ ਭੁੱਚੋ ਕਲਾਂ ਨੇ ਪਹਿਲਾ, ਗੁਰਬਿੰਦਰ ਸਿੰਘ ਨੇ ਦੂਸਰਾ ਅਤੇ ਹਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਡਿਸਕਸ ਥਰੋਅ ਵਿਚ ਗੁਰਵਿੰਦਰ ਸਿੰਘ ਭੁੱਚੋ ਕਲਾਂ ਨੇ ਪਹਿਲਾ, ਸੁਖਦੇਵ ਸਿੰਘ ਨੇ ਦੂਸਰਾ ਅਤੇ ਗੁਬਿੰਦਰ ਸਿੰਘ ਲਹਿਰਾ ਮੁਹੱਬਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੈਵਲਿਨ ਥਰੋਅ ਵਿਚ ਅਮ੍ਰਿਤਪਾਲ ਸਿੰਘ ਨੇ ਪਹਿਲਾ, ਬਲਵਿੰਦਰ ਸਿੰਘ ਨੇ ਦੂਸਰਾ ਅਤੇ ਗੁਰਬਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ ਲੜਕੀਆਂ ਵਿਚ ਸ਼ਿਵਾਲਿਕ ਸਕੂਲ ਲਹਿਰਾ ਮੁਹੱਬਤ ਨੇ ਪਹਿਲਾ, ਪਿੰਡ ਲਹਿਰਾ ਮੁਹੱਬਤ ਨੇ ਦੂਸਰਾ ਅਤੇ ਨਥਾਣਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਲੜਕੀਆਂ ਵਿਚ ਲਹਿਰਾ ਬੇਗਾ ਨੇ ਪਹਿਲਾ,ਚੱਕਰਾਮ ਸਿੰਘਵਾਲਾ ਨੇ ਦੂਸਰਾ ਅਤੇ ਭੁੱਚੋ ਕਲਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਲੜਕੀਆਂ ਵਿਚ ਨਥਾਣਾ ਨੇ ਪਹਿਲਾ, ਭੁੱਚੋ ਕਲਾਂ ਨੇ ਦੂਸਰਾ ਅਤੇ ਤੁੰਗਵਾਲੀ ਨੇ ਤੀਸਰਾ ਅਤੇ ਕਬੱਡੀ ਲੜਕੇ ਵਿਚ ਤੁੰਗਵਾਲੀ ਨੇ ਪਹਿਲਾ, ਲਹਿਰਾ ਮੁਹੱਬਤ ਨੇ ਦੂਸਰਾ ਅਤੇ ਭੁੱਚੋ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅੰਡਰ 16 ਵਰਗ ਵਿਚ ਮੁਕਾਬਲੇ ਕਰਵਾਏ ਗਏ

ਪਟਿਆਲਾ, 2 ਸਤੰਬਰ-ਪਟਿਆਲਾ ਜ਼ਿਲ੍ਹੇ ਦੇ 8 ਬਲਾਕਾਂ ਵਿਚ ਵੱਖ ਵੱਖ ਮਿਤੀਆਂ ਦੇ ਅੰਡਰ 16 ਪੁਰਸ਼ ਵਰਗਾਂ ਵਿਚ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਬਲਾਕ ਨਾਭਾ ਪਿੰਡ ਅਲੋਹਰਾਂ ਖੁਰਦ ਵਿਖੇ 25 ਅਗਸਤ ਤੋਂ 26 ਅਗਸਤ ਤੱਕ ਹੋਏ ਅੰਡਰ 16 ਪੁਰਸ਼ ਖੋ ਖੋ ਖੇਡਾਂ ਵਿਚ ਪਹਿਲਾਂ ਸਥਾਨ ਛੀਟਾਂ ਵਾਲਾ ਅਤੇ ਲੜਕੀਆਂ ਦੇ ਇਸੇ ਵਰਗ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਸਿੱਧ ਸਰ ਅਲੋਹਰਾਂ ਨੇ ਪ੍ਰਾਪਤ ਕੀਤਾ। ਕਬੱਡੀ ਵਿਚ ਅੰਡਰ 16 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਪਿੰਡ ਗਲ ਵੱਟੀ ਨੇ ਹੀ ਪ੍ਰਾਪਤ ਕੀਤਾ। ਵਾਲੀਬਾਲ ਮੁਕਾਬਲੇ ਵਿਚ ਲੜਕਿਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਫਤਿਹ ਪੁਰ ਅਤੇ ਲੜਕੀਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਅਲੋਹਰਾਂ ਸਿੱਧਸਰ ਨੇ ਪ੍ਰਾਪਤ ਕੀਤਾ। ਇਸੇ ਤਹਿਤ ਮਿਤੀ 28 ਅਤੇ 29 ਅਗਸਤ ਨੂੰ ਬਲਾਕ ਪਾਤੜਾਂ ਦੇ ਪਿੰਡ ਸਾਗਰਾਂ ਵਿਖੇ ਵੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਹਾਕੀ ਦੇ ਲੜਕਿਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਨਾਨਕ ਸਰ ਅਕੈਡਮੀ ਸੇਲ ਵਾਲ ਅਤੇ ਲੜਕੀਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਸਾਗਰਾ ਸਕੂਲ ਨੇ ਪ੍ਰਾਪਤ ਕੀਤਾ। ਖੋ ਖੋ ਵਿਚ ਲੜਕਿਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਕਕਰਾਲਾ ਅਤੇ ਲੜਕੀਆਂ ਦੇ ਮੁਕਾਬਲੇ ਵਿਚ ਪੰਜਾਬ ਪਬਲਿਕ ਸਕੂਲ ਬ੍ਰਾਹਮਣ ਮਾਜਰਾ ਨੇ ਹਾਸਲ ਕੀਤਾ। ਵਾਲੀਬਾਲ ਵਿਚ ਲੜਕਿਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਸਰਕਾਰੀ ਸਕੂਲ ਦੇਧਨਾ ਅਤੇ ਲੜਕੀਆਂ ਦੇ ਮੁਕਾਬਲੇ ਵਿਚ ਬ੍ਰਾਹਮਣ ਮਾਜਰਾ ਨੇ ਪਹਿਲਾ ਸਥਾਨ , ਕਬੱਡੀ ਵਿਚ ਲੜਕਿਆ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਦੇਧਨਾ ਸਰਕਾਰੀ ਸਕੂਲ, ਲੜਕੀਆਂ ਦੇ ਮੁਕਾਬਲੇ ਵਿਚ ਪੰਜਾਬ ਪਬਲਿਕ ਸਕੂਲ ਬ੍ਰਾਹਮਣਮਾਜਰਾ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਤਰ ਬਲਾਕ ਮੁਕਾਬਲੇ ਜ਼ਿਲ੍ਹਾ ਪੱਧਰ ਦਾ ਟੂਰਨਾਮੈਂਟ 9 ਸਤੰਬਰ ਤੋਂ 11 ਸਤੰਬਰ ਤੱਕ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਜਾਵੇਗਾ। ਜਿਸ ਵਿਚ ਬਲਾਕ ਪੱਧਰ ਦੀਆਂ ਜੇਤੂ ਟੀਮਾਂ ਹਿੱਸਾ ਲੈਣਗੀਆਂ ਅਤੇ ਜਿਹੜੀਆਂ ਖੇਡਾਂ ਦੇ ਬਲਾਕ ਪੱਧਰ ਦੇ ਟੂਰਨਾਮੈਂਟ ਨਹੀਂ ਕਰਵਾਏ ਗਏ ਉਹ ਟੀਮਾਂ ਸਿੱਧੇ ਤੌਰ ਤੇ ਇਸ ਖੇਡ ਮੇਲੇ ਵਿਚ ਭਾਗ ਲੈ ਸਕਦੀਆਂ ਹਨ।

ਪੰਜਾਬ ਰਾਜ ਜੂਨੀਅਰ ਹਾਕੀ ਚੈਂਪੀਅਨਸ਼ਿਪ- ਮੁਹਾਲੀ ਦੀ ਝੰਡੀ

ਕੁਰਾਲੀ, 3 ਸਤੰਬਰ - ਪੰਜਵੀਂ ਪੰਜਾਬ ਰਾਜ ਜੂਨੀਅਰ ਹਾਕੀ ਚੈਂਪੀਅਨਸ਼ਿਪ ਪੰਜਾਬ ਹਾਕੀ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਹਾਕੀ ਐਸੋਸੀਏਸ਼ਨ ਮੁਹਾਲੀ ਦੇ ਸਹਿਯੋਗ ਨਾਲ ਸਥਾਨਕ ਬੇਅੰਤ ਸਿੰਘ ਸਟੇਡੀਅਮ ਵਿਖੇ ਕਰਵਾਈ ਗਈ। ਪਹਿਲੇ ਸੈਮੀਫਾਈਨਲ ਮੈਚ ਵਿਚ ਮੁਹਾਲੀ ਨੇ ਜਲੰਧਰ ਨੂੰ 3-1 ਗੋਲਾਂ ਨਾਲ ਅਤੇ ਫਰੀਦਕੋਟ ਨੇ ਰੂਪਨਗਰ ਨੂੰ 1-0 ਗੋਲ ਨਾਲ ਹਰਾਇਆ।

ਜਸਦੀਪ ਸਿੰਘ ਨੇ ਗੋਲਾ ਸੁੱਟਣ 'ਚ ਬਣਾਇਆ ਨਵਾਂ ਕੌਮੀ ਰਿਕਾਰਡ

ਪਟਿਆਲਾ, 2 ਸਤੰਬਰ - ਪੰਜਾਬ ਦੇ ਰਹਿਣ ਵਾਲੇ ਜਸਦੀਪ ਸਿੰਘ ਨੇ ਗੋਲਾ ਸੁੱਟਣ 'ਚ ਨਵਾਂ ਕੌਮੀ ਜੂਨੀਅਰ ਰਿਕਾਰਡ ਕਾਇਮ ਕੀਤਾ ਹੈ। ਜਸਦੀਪ ਸਿੰਘ ਨੇ ਟਾਟਾ ਨਗਰ ਵਿਖੇ ਹੋਈ ਕੌਮੀ ਅੰਤਰ ਜੋਨ ਜੂਨੀਅਰ ਅਥਲੈਟਿਕ ਚੈਂਪੀਅਨਸ਼ਿਪ 'ਚ 19.91 ਮੀਟਰ ਗੋਲਾ ਸੁੱਟ ਕੇ ਨਵਾਂ ਜੂਨੀਅਰ ਰਾਸ਼ਟਰੀ ਰਿਕਾਰਡ ਬਣਾਇਆ। ਖਾਲਸਾ ਸਕੂਲ ਅੰਮ੍ਰਿਤਸਰ ਦੇ ਵਿਦਿਆਰਥੀ ਜਸਦੀਪ ਸਿੰਘ ਨੇ ਪਿਛਲੇ ਵਰ੍ਹੇ ਆਪਣੇ ਦੁਆਰਾ ਬਣਾਇਆ 18.90 ਮੀਟਰ ਦਾ ਰਿਕਾਰਡ ਹੀ ਤੋੜਿਆ।

ਬਲਾਕ ਪੇਂਡੂ ਟੂਰਨਾਮੈਂਟ 4 ਤੋਂ ਸ਼ੁਰੂ

ਬਠਿੰਡਾ, 2 ਸਤੰਬਰ-ਪੰਜਾਬ ਖੇਡ ਵਿਭਾਗ ਵਲੋਂ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਬਠਿੰਡਾ ਜ਼ਿਲ੍ਹੇ ਦੇ ਬਲਾਕ ਤਲਵੰਡੀ ਸਾਬੋ ਦਾ ਅੰਡਰ-16 ਸਾਲ ਲੜਕੇ/ਲੜਕੀਆਂ ਅਤੇ ਬਾਲਗ ਖਿਡਾਰੀਆਂ ਦੇ ਪੰਚਾਇਤ ਬਲਾਕ ਪੱਧਰ ਦੇ ਪੇਂਡੂ ਟੂਰਨਾਮੈਂਟ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ, ਮੌੜ ਬਲਾਕ ਦਾ ਪਿੰਡ ਕੋਟਕਪੂਰਾ, ਫੂਲ ਬਲਾਕ ਦਾ ਪਿੰਡ ਮਹਿਰਾਜ ਅਤੇ ਰਾਮਪੁਰਾ ਬਲਾਕ ਦਾ ਪਿੰਡ ਮੰਡੀਕਲਾਂ ਵਿਖੇ ਮਿਤੀ 4 ਅਤੇ 5 ਸਤੰਬਰ 08 ਨੂੰ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿਚ ਅੰਡਰ-16 ਲੜਕੇ ਅਥਲੈਟਿਕਸ, ਕਬੱਡੀ, ਵਾਲੀਬਾਲ, ਖੋ-ਖੋ ਤੇ ਰੱਸਾਕਸ਼ੀ ਅਤੇ ਲੜਕੀਆਂ ਲਈ ਅਥਲੈਟਿਕਸ, ਫੁਟਬਾਲ, ਹਾਕੀ, ਕਬੱਡੀ, ਖੋ-ਖੋ ਅਤੇ ਵਾਲੀਬਾਲ ਗੇਮਾਂ 'ਚ ਭਾਗ ਲੈ ਸਕਣਗੀਆਂ। ਬਾਲਗ ਖਿਡਾਰੀਆਂ ਲਈ ਅਥਲੈਟਿਕਸ, ਹਾਕੀ, ਫੁਟਬਾਲ, ਵਾਲੀਬਾਲ ਅਤੇ ਕਬੱਡੀ ਖੇਡਾਂ ਹੋਣਗੀਆਂ। ਪੰਚਾਇਤ ਟੂਰਨਾਮੈਂਟ ਵਿਚ ਇਕ ਪਿੰਡ ਦੀ ਹੀ ਟੀਮ ਭਾਗ ਲਵੇਗੀ ਅਤੇ ਇਨ੍ਹਾਂ ਟੂਰਨਾਮੈਂਟਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਅਤੇ ਜੇਤੂ ਖਿਡਾਰੀਆਂ ਨੂੰ ਢੁਕਵੇਂ ਇਨਾਮ ਦਿੱਤੇ ਜਾਣਗੇ।

ਵਾਲੀਬਾਲ ਮੁਕਾਬਲਿਆਂ ਵਿਚ ਫ਼ਰੀਦਕੋਟ ਜ਼ੋਨ ਨੇ ਸਾਦਿਕ ਜ਼ੋਨ ਹਰਾਇਆ

ਫ਼ਰੀਦਕੋਟ, 2 ਸਤੰਬਰ -ਜ਼ਿਲਾ ਟੂਰਨਾਮੈਂਟ ਕਮੇਟੀ ਵਲੋਂ ਕਰਵਾਏ ਗਏ ਜ਼ਿਲਾ ਪੱਧਰ ਦੇ ਵੱਖ ਵੱਖ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ -ਹਾਕੀ 14 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਉਮਰ ਦੇ ਵਰਗ ਮੁਕਾਬਲੇ ਵਿਚ ਟਹਿਣਾ ਜ਼ੋਨ ਪਹਿਲੇ ਸਥਾਨ ਤੇ ਕੋਟਕਪੂਰਾ ਜ਼ੋਨ ਦੂਜੇ ਸਥਾਨ ਦੇ ਰਿਹਾ। ਹਾਕੀ 17 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਵਿਚ ਬਾਜਾਖਾਨਾ ਪਹਿਲੇ ਅਤੇ ਹਰੀ ਨੌਂ ਜ਼ੋਨ ਦੂਜੇ ਸਥਾਨ ਤੇ ਰਹੇ। ਹਾਕੀ 19 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਵਿਚ ਗੋਲੇਵਾਲਾ ਜ਼ੋਨ ਪਹਿਲੇ ਅਤੇ ਹਰੀ ਨੌਂ ਜ਼ੋਨ ਦੂਜੇ ਸਥਾਨ ਤੇ ਰਹੇ। ਵਾਲੀਬਾਲ 14 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਵਿਚ ਟਹਿਣਾ ਜ਼ੋਨ ਨੇ ਪਹਿਲਾ ਤੇ ਕੋਟਕਪੂਰਾ ਜ਼ੋਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ 17 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਵਿਚ ਸਾਦਿਕ ਜ਼ੋਨ ਨੇ ਪਹਿਲਾ ਤੇ ਟਹਿਣਾ ਜ਼ੋਨ ਨੇ ਦੂਜਾ ਸਥਾਨ ਹਾਸਲ ਕੀਤਾ। ਵਾਲੀਬਾਲ 19 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਵਿਚ ਫ਼ਰੀਦਕੋਟ ਜ਼ੋਨ ਨੇ ਪਹਿਲਾ ਤੇ ਸਾਦਿਕ ਜ਼ੋਨ ਨੇ ਦੂਜਾ ਸਥਾਨ ਹਾਸਲ ਕੀਤਾ। ਸਾਫ਼ਟ ਬਾਲ 14 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਵਿਚ ਗੋਲੇਵਾਲਾ ਜ਼ੋਨ ਪਹਿਲੇ ਅਤੇ ਟਹਿਣਾ ਜ਼ੋਨ ਨੇ ਦੂਜਾ ਸਥਾਨ ਹਾਸਲ ਕੀਤਾ। ਸਾਫ਼ਟ ਬਾਲ 17 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਵਿਚ ਗੋਲੇਵਾਲਾ ਜ਼ੋਨ ਨੇ ਪਹਿਲਾ ਤੇ ਹਰੀ ਨੌ ਜ਼ੋਨ ਨੇ ਦੂਜਾ ਸਥਾਨ ਹਾਸਲ ਕੀਤਾ। ਸਾਫ਼ਟਬਾਲ 19 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਵਿਚ ਗੋਲੇਵਾਲਾ ਜ਼ੋਨ ਨੇ ਪਹਿਲਾ ਤੇ ਟਹਿਣਾ ਜ਼ੋਨ ਨੇ ਦੂਜਾ ਸਥਾਨ ਹਾਸਲ ਕੀਤਾ। ਨੈਟਬਾਲ 14 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਵਿਚ ਗੋਲੇਵਾਲਾ ਜ਼ੋਨ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਨੈਟਬਾਲ 17 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਵਿਚ ਹਰੀ ਨੌਂ ਜ਼ੋਨ ਨੇ ਪਹਿਲਾ ਅਤੇ ਗੋਲੇਵਾਲਾ ਜ਼ੋਨ ਨੇ ਦੂਜਾ ਸਥਾਨ ਹਾਸਲ ਕੀਤਾ। ਨੈਟਬਾਲ 19 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਵਿਚ ਗੋਲੇਵਾਲਾ ਜ਼ੋਨ ਨੇ ਪਹਿਲਾ ਤੇ ਕੋਟਕਪੂਰਾ ਜ਼ੋਨ ਨੇ ਦੂਜਾ ਸਥਾਨ ਹਾਸਲ ਕੀਤਾ। ਥਰੋਅ ਬਾਲ 14 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਵਿਚ ਗੋਲੇਵਾਲਾ ਜ਼ੋਨ ਨੇ ਪਹਿਲਾ ਸਥਾਨ ਹਾਸਲ ਕੀਤਾ। ਥਰੋਅ ਬਾਲ ਵਿਚ ਗੋਲੇਵਾਲਾ ਜ਼ੋਨ ਨੇ ਪਹਿਲਾ ਤੇ ਬਾਜਾਖਾਨਾ ਜ਼ੋਨ ਨੇ ਦੂਜਾ ਸਥਾਨ ਹਾਸਲ ਕੀਤਾ। ਥਰੋਅ ਬਾਲ 19 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਵਿਚ ਗੋਲੇਵਾਲਾ ਜ਼ੋਨ ਜੇਤੂ ਰਿਹਾ। ਫੈਂਸਿੰਗ 14 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਵਿਚ ਗੋਲੇਵਾਲਾ ਜ਼ੋਨ ਨੇ ਪਹਿਲਾ ਅਤੇ ਟਹਿਣਾ ਜ਼ੋਨ ਨੇ ਦੂਜਾ ਸਥਾਨ ਹਾਸਲ ਕੀਤਾ। ਫੈਂਸਿੰਗ 17 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਵਿਚ ਗੋਲੇਵਾਲਾ ਜ਼ੋਨ ਨੇ ਪਹਿਲਾ ਅਤੇ ਟਹਿਣਾ ਜ਼ੋਨ ਨੇ ਦੂਜਾ ਸਥਾਨ ਹਾਸਲ ਕੀਤਾ। 19 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਵਿਚ ਗੋਲੇਵਾਲਾ ਜ਼ੋਨ ਪਹਿਲੇ ਸਥਾਨ ਤੇ ਰਿਹਾ।

ਅੰਡਰ 16 ਵਰਗ ਵਿਚ ਮੁਕਾਬਲੇ ਸਮਾਪਤ

ਪਟਿਆਲਾ, 2 ਸਤੰਬਰ : ਪੰਜਾਬ ਖੇਡ ਵਿਭਾਗ ਵਲੋਂ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਹਿਯੋਗ ਨਾਲ ਪਦਮ ਸ੍ਰੀ ਪਰਗਟ ਸਿੰਘ ਡਾਇਰੈਕਟਰ ਸਪੋਰਟਸ ਪੰਜਾਬ ਦੀ ਸਮੁੱਚੀ ਅਗਵਾਈ ਵਿਚ ਜ਼ਿਲ੍ਹਾ ਸਪੋਰਟਸ ਅਫਸਰ ਪਟਿਆਲਾ ਵਲੋਂ ਪਟਿਆਲਾ ਜ਼ਿਲ੍ਹੇ ਦੇ 8 ਬਲਾਕਾਂ ਵਿਚ ਵੱਖ ਵੱਖ ਮਿਤੀਆਂ ਦੇ ਅੰਡਰ 16 ਪੁਰਸ਼ ਵਰਗਾਂ ਵਿਚ ਮੁਕਾਬਲੇ ਕਰਵਾਏ ਗਏ। ਬਲਾਕ ਨਾਭਾ ਪਿੰਡ ਅਲੋਹਰਾਂ ਖੁਰਦ ਵਿਖੇ 25 ਅਗਸਤ ਤੋਂ 26 ਅਗਸਤ ਤੱਕ ਹੋਏ ਅੰਡਰ 16 ਪੁਰਸ਼ ਖੋ ਖੋ ਖੇਡਾਂ ਵਿਚ ਪਹਿਲਾਂ ਸਥਾਨ ਛੀਟਾਂਵਾਲਾ ਅਤੇ ਲੜਕੀਆਂ ਦੇ ਇਸੇ ਵਰਗ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਸਿੱਧਸਰ ਅਲੋਹਰਾਂ ਨੇ ਪ੍ਰਾਪਤ ਕੀਤਾ। ਕਬੱਡੀ ਵਿਚ ਅੰਡਰ 16 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਪਿੰਡ ਗਲਵੱਟੀ ਨੇ ਹੀ ਪ੍ਰਾਪਤ ਕੀਤਾ। ਵਾਲੀਬਾਲ ਮੁਕਾਬਲੇ ਵਿਚ ਲੜਕਿਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਫਤਿਹਪੁਰ ਅਤੇ ਲੜਕੀਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਅਲੋਹਰਾਂ ਸਿੱਧਸਰ ਨੇ ਪ੍ਰਾਪਤ ਕੀਤਾ। ਇਸੇ ਤਹਿਤ ਮਿਤੀ 28 ਅਤੇ 29 ਅਗਸਤ ਨੂੰ ਬਲਾਕ ਪਾਤੜਾਂ ਦੇ ਪਿੰਡ ਸਾਗਰਾਂ ਵਿਖੇ ਵੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਹਾਕੀ ਦੇ ਲੜਕਿਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਨਾਨਕਸਰ ਅਕੈਡਮੀ ਸੇਲਵਾਲ ਅਤੇ ਲੜਕੀਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਸਾਗਰਾ ਸਕੂਲ ਨੇ ਪ੍ਰਾਪਤ ਕੀਤਾ। ਖੋ ਖੋ ਵਿਚ ਲੜਕਿਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਕਕਰਾਲਾ ਅਤੇ ਲੜਕੀਆਂ ਦੇ ਮੁਕਾਬਲੇ ਵਿਚ ਪੰਜਾਬ ਪਬਲਿਕ ਸਕੂਲ ਬ੍ਰਾਹਮਣਮਾਜਰਾ ਨੇ ਹਾਸਲ ਕੀਤਾ। ਵਾਲੀਬਾਲ ਵਿਚ ਲੜਕਿਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਸਰਕਾਰੀ ਸਕੂਲ ਦੇਧਨਾ ਅਤੇ ਲੜਕੀਆਂ ਦੇ ਮੁਕਾਬਲੇ ਵਿਚ ਬ੍ਰਾਹਮਣਮਾਜਰਾ ਨੇ ਪਹਿਲਾ ਸਥਾਨ , ਕਬੱਡੀ ਵਿਚ ਲੜਕਿਆ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਦੇਧਨਾ ਸਰਕਾਰੀ ਸਕੂਲ, ਲੜਕੀਆਂ ਦੇ ਮੁਕਾਬਲੇ ਵਿਚ ਪੰਜਾਬ ਪਬਲਿਕ ਸਕੂਲ ਬ੍ਰਾਹਮਣਮਾਜਰਾ ਨੇ ਪਹਿਲਾ ਸਥਾਨ ਹਾਸਲ ਕੀਤਾ। ਪੰਜਾਬ ਖੇਡ ਵਿਭਾਗ ਵਲੋਂ ਅੰਤਰ ਬਲਾਕ ਮੁਕਾਬਲੇ ਜ਼ਿਲ੍ਹਾ ਪੱਧਰ ਦਾ ਟੂਰਨਾਮੈਂਟ 9 ਸਤੰਬਰ ਤੋਂ 11 ਸਤੰਬਰ ਤੱਕ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ । ਜਿਸ ਵਿਚ ਬਲਾਕ ਪੱਧਰ ਦੀਆਂ ਜੇਤੂ ਟੀਮਾਂ ਹਿੱਸਾ ਲੈਣਗੀਆਂ ਅਤੇ ਜਿਹੜੀਆਂ ਖੇਡਾਂ ਦੇ ਬਲਾਕ ਪੱਧਰ ਦੇ ਟੂਰਨਾਮੈਂਟ ਨਹੀਂ ਕਰਵਾਏ ਗਏ ਉਹ ਟੀਮਾਂ ਸਿੱਧੇ ਤੌਰ ਤੇ ਇਸ ਖੇਡ ਮੇਲੇ ਵਿਚ ਭਾਗ ਲੈ ਸਕਦੀਆਂ ਹਨ।

ਉਮਰ 70 ਦੀ, ਪਰ ਜੋਸ਼ 17 ਸਾਲਾਂ ਵਾਲਾ

ਗੁਰਦੇਵ ਸਿੰਘ ਦੀ ਭਾਵੇਂ ਉਮਰ 70 ਸਾਲ ਦੀ ਹੈ, ਪਰ ਜਦੋਂ ਉਹ ਮੈਦਾਨ ਵਿਚ ਦੌੜਦਾ ਹੇ ਤਾਂ ਉਸ ਦਾ ਜੋਸ਼ 17 ਦੇ ਨੌਜਵਾਨ ਵਰਗਾ ਹੁੰਦਾ ਹੈ। ਇਸ ਗੱਲ ਦੀ ਗਵਾਹੀ ਭਰਦੇ ਹਨ ਗੁਰਦੇਵ ਸਿੰਘ ਵਲੋਂ ਜਿੱਤੇ ਤਗਮੇ। ਹਾਲ ਹੀ ਵਿਚ 2008 ਵਿਚ ਮਲੇਸ਼ੀਆ ਵਿਖੇ ਹੋਈਆਂ ਓਪਨ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਉਸ ਨੇ 2 ਚਾਂਦੀ ਦੇ ਅਤੇ ਇਕ ਕਾਂਸੇ ਦਾ ਤਗਮਾ ਜਿੱਤ ਕੇ ਵਾਪਸ ਆਏ ਵੇਟਰਨ ਐਥਲੀਟ ਗੁਰਦੇਵ ਸਿੰਘ ਨੂੰ ਬਚਪਨ ਤੋਂ ਹੀ ਐਥਲੈਟਿਕਸ ਦਾ ਸ਼ੌਕ ਹੈ। ਦੂਸਰੇ ਸਾਥੀਆਂ ਨੂੰ ਖੇਡਦਾ ਵੇਖ ਕੇ ਗੁਰਦੇਵ ਸਿੰਘ ਨੂੰ ਮਹਿਸੂਸ ਹੋਇਆ ਕਿ ਉਹ ਵੀ ਇਨ੍ਹਾਂ ਵਾਂਗੂੰ ਮੈਡਲ ਜਿੱਤ ਸਕਦਾ ਹੈ। ਬਸ ਇਸ ਤੋਂ ਬਾਅਦ ਉਸ ਦਾ ਜੋ ਜਿੱਤਾਂ ਪ੍ਰਾਪਤ ਕਰਨ ਦਾ ਸਫ਼ਰ ਸ਼ੁਰੂ ਹੋਇਆ, ਉਹ ਹੁਣ ਤੱਕ ਜਾਰੀ ਹੈ। ਚੰਡੀਗੜ੍ਹ ਵਿਚ ਇਸ ਐਥਲੀਟ ਨੇ 2002 ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਬਾਹਰ 9 ਤਗਮੇ ਜਿੱਤੇ ਕਿ ਇਹ ਸਾਬਤ ਕਰ ਦਿੱਤਾ ਹੈ ਕਿ ਉਸ ਵਿਚ ਅਜੇ ਵੀ ਬਹੁਤ ਕੁਝ ਕਰਨ ਦਾ ਜਜ਼ਬਾ ਹੈ। ਗੁਰਦੇਵ 65+ ਉਮਰ ਦੇ ਗਰੁੱਪ ਵਿਚ 100 ਮੀਟਰ, ਲੰਬੀ ਛਾਲ ਅਤੇ ਉਚੀ ਛਾਲ ਵਿਚ ਹਿੱਸਾ ਲੈਂਦਾ ਹੈ। ਹਾਲੀ ਵਿਚ ਮਲੇਸ਼ੀਆ ਵਿਚ ਹੋਏ ਓਪਨ ਮਾਸਟਰਜ਼ ਵਿਚ ਉਸ ਨੇ ਇਨ੍ਹਾਂ ਤਿੰਨਾਂ ਖੇਡਾਂ ਵਿਚ ਤਗਮੇ ਜਿੱਤੇ। ਗੁਰਦੇਵ ਨੇ ਦੱਸਿਆ ਕਿ ਸਿਡਨੀ ਵਿਚ 2009 ਵਿਚ ਹੋਣ ਵਾਲੇ ਵਰਲਡ ਮਾਸਟਰ ਉਲੰਪਿਕ ਟੂਰਨਾਮੈਂਟ ਵਿਚ ਮੈਡਲ ਜਿੱਤਣਾ ਉਸ ਦਾ ਅਗਲਾ ਟੀਚਾ ਹੈ। ਇਸ ਦੇ ਲਈ ਗੁਰਦੇਵ ਸਖ਼ਤ ਮਿਹਨਤ ਕਰ ਰਿਹਾ ਹੈ।
ਪੰਜਾਬੀ ਯੂਨੀਵਰਸਿਟੀ ਦੇ ਮੈਦਾਨ ਵਿਚ ਗੁਰਦੇਵ ਸਿੰਘ ਸਵੇਰੇ ਤੇ ਸ਼ਾਮ ਨੂੰ 2 ਘੰਟੇ ਆਪਣਾ ਪਸੀਨਾ ਵਹਾਉਂਦਾ ਹੈ। ਜੇ ਕਰ ਸਖ਼ਤ ਮਿਹਨਤ ਹੋਵੇ ਤਾਂ ਫਿਰ ਖੁਰਾਕ ਵੀ ਤਕੜੀ ਹੋਣੀ ਚਾਹੀਦੀ ਹੈ। ਗੁਰਦੇਵ ਸਵੇਰੇ ਮੂੰਗੀ, ਛੋਲੇ, ਸੋਇਆਬੀਨ ਅਤੇ ਦੁੱਧ ਜਦਕਿ ਸ਼ਾਮ ਨੂੰ ਅਭਿਆਸ ਤੋਂ ਪਹਿਲਾਂ ਦੋ ਗਲਾਸ ਵੈਜੀਟੇਬਲ ਜੂਸ ਪੀਂਦਾ ਹੈ। ਉਸ ਨੇ ਹੁਣ ਤੱਕ ਅਮਰੀਕਾ ਵਿਖੇ 2004 ਵਿਚ ਹੋਏ ਵਰਲਡ ਕਨੈਕਟ ਖੇਡਾਂ ਵਿਚ 4 ਚਾਂਦੀ ਦੇ ਤਗਮੇ, 2005 ਵਿਚ ਕੈਨੇਡਾ ਵਿਖੇ ਹੋਏ ਮਾਸਟਰਜ਼ ਸੀਨੀਅਰ ਉਲੰਪਿਕ ਵਿਚ ਚੌਥਾ ਸਥਾਨ, 2005 ਵਿਚ ਐਨੁਅਲ ਕਾਨਸਿਕ ਖੇਡਾਂ ਵਿਚ 1 ਸੋਨੇ ਦਾ, ਇਕ ਚਾਂਦੀ ਦਾ ਤੇ ਇਕ ਕਾਂਸੇ ਦਾ ਤਗਮਾ ਜਿੱਤਿਆ। 2008 ਵਿਚ ਮਲੇਸ਼ੀਆ ਵਿਚ ਓਪਨ ਮਾਸਟਰਜ਼ ਚੈਂਪੀਅਨਸ਼ਿਪ ਵਿਚ 2 ਚਾਂਦੀ ਦੇ ਅਤੇ ਇਕ ਕਾਂਸੇ ਦਾ ਤਗਮਾ ਜਿੱਤਿਆ।

Click here to read PREVIOUS Monthly News