Click here For English Version

ਪੇਂਡੂ ਖੇਡ ਮੇਲਾ

ਨਜ਼ਮ ਕਥਾ - ਪ੍ਰੋ: ਕੰਵਲਜੀਤ ਸਿੰਘ, ਢੁੱਡੀਕੇ

ਨਾਲ ਦੇ ਪਿੰਡ ਵਾਲੇ
ਬੱਲੇ ਬੱਲੇ ਕਰਵਾ ਗਏ
ਮੇਲਾ ਕਰਵਾ ਗਏ
ਅਖਬਾਰ 'ਚ ਫੋਟੋ ਆਈ ਏ
ਆਪਾਂ ਮਰ ਗਏ ਆਂ ?

ਸਨਮਾਨ ਦੇਣ ਵਾਲੇ ਬੰਦੇ ਲੱਭੋ
ਸਨਮਾਨ ਲੈਣ ਵਾਲੇ ਤਾਂ ਲੱਭ ਹੀ ਜਾਣਗੇ
ਦੇਖ ਲਓ, ਕਿਸੇ ਪੈਸੇ ਵਾਲੇ ਦਾ ਬੁੜ੍ਹਾ ਮਰਿਆ......
ਨਾਗਪਾਲ ਕਾ ਪਿਓ ਐਤਕੀ ਦੇ ਸਿਆਲ ਨੀਂ ਕੱਢਦਾ -
ਅਗਲੀ ਵਾਰ ਇਕ ਟਰਾਫੀ ਸਪਾਂਸਰ ਪੱਕੀ

ਕਨੇਡਾ 'ਚ ਮ੍ਹੇਛੀ ਬੇਰੀਆਂ ਤੋੜਦਾ ਏ,
ਉਥੇ ਫਾਰਮ 'ਚ ਉਹ
ਨਾਮ ਨਾਲ ਨਹੀਂ
ਨੰਬਰ ਨਾਲ ਹੀ ਜਾਣਿਆ ਜਾਂਦਾ ਹੈ।
ਪਰ ਪਿੰਡ ਆ ਕੇ
'ਸਰਦਾਰ ਮਹੇਸ਼ ਇੰਦਰ ਸਿੰਘ ਕਨੇਡਾ ਵਾਲੇ'
ਬਣ ਜਾਂਦਾ ਹੈ
ਹਰ ਕੌਡੀ ਤੇ ਬਿੱਲੀ ਕੰਨਾ ਨੋਟ ਵਾਰਦਾ ਹੈ
ਕਮੈਂਟੇਟਰ ਜ਼ੋਰ ਲਾਉਂਦਾ ਹੈ
ਜੱਫੇ ਲਵਾਉਂਦਾ ਹੈ
ਮਾਈਕ ਉਹਦੀ ਠੁੱਕ ਬੰਨ੍ਹਦਾ ਹੈ
ਜੇਬੋਂ ਨੋਟ ਕਢਾਉਂਦਾ ਹੈ
ਕੌਡੀ ਲਈ ਵੀ ਆਪਣੇ ਲਈ ਵੀ
ਮੁਖ ਮਹਿਮਾਨ ਲਈ ਹਾਰ ਤਿਆਰ ਨੇ।
ਸਨਮਾਨ ਉਰਫ ਮੰਗ ਪੱਤਰ ਵੀ ਤਿਆਰ ਹੈ।

ਅਮਰੀਕ ਸਿੰਘ ਬਾਹਰੋਂ ਮਿੱਤਰਾਂ ਤੋਂ
ਡਾਲਰ ਇਕੱਠੇ ਕਰਕੇ ਲਿਆਉਂਦਾ ਹੈ।
ਪੰਜਾਬ 'ਚ ਕੌਡੀ ਦਾ ਵਰਲਡ ਕੱਪ ਕਰਾਉਂਦਾ ਹੈ
ਥੋਕ ਦੀਆਂ ਸਸਤੀਆਂ ਟੀ-ਸ਼ਰਟਾਂ ਤੇ
ਕਨੇਡਾ ਅਮਰੀਕਾ ਲਿਖਵਾਉਂਦਾ ਹੈ।

ਪੰਜਾਬ ਬੈਠੇ ਕੌਡੀ ਖਿਡਾਰੀਆਂ ਉਪਰ
ਇਹ ਝੁੱਲ ਪਾਉਂਦਾ ਹੈ-
ਸ਼ੀਲਡਾਂ ਬਣਵਾ
ਬਾਹਰ ਲਿਜਾ ਦਿੰਦਾ ਹੈ
ਪੱਤਰਕਾਰ ਗੰਢਦਾ ਹੈ
ਬਾਹਰਲੇ ਮਿਤਰਾਂ ਦੇ
ਨਾਮ ਦੀਆਂ ਖਬਰਾਂ ਲਵਾਉਂਦਾ ਹੈ
ਧੰਨ ਧੰਨ ਕਰਵਾਉਂਦਾ ਹੈ।
ਨਾਲੇ ਨਾਮ ਬਣਦਾ, ਨਾਲੇ ਨਾਵਾਂ ਬਣਦਾ।
ਅਗਲੀ ਵਾਰ ਇਸਤੋਂ ਵੀ ਵਧੀਆ ਕਰੇਗਾ।

ਖੇਡ ਮੇਲੇ 'ਚ ਕਨੇਡਾ ਤੇ ਅਮਰੀਕਾ ਦੇ
ਕਬੱਡੀ ਮੁਕਾਬਲੇ ਨੇ
ਖੇਡ ਰਹੀ ਕਨੇਡਾ ਦੀ ਟੀਮ ਦੇ ਸੱਤ ਮੈਂਬਰ ਨੇ
ਕੋਈ ਹਾਲੇ ਤੱਕ ਕਨੇਡਾ ਨਹੀਂ ਗਿਆ
ਉਸਤਾਦ ਜੀ ਕਹਿੰਦੇ ਸੀ
ਪੂਰੀ ਜ਼ਿੰਮੇਵਾਰੀ ਏ।
ਐਤਕੀਂ ਪੱਕਾ ਬਾਹਰ ਲਿਜਾਊਂ।

ਖੇਡ ਮੇਲੇ ਵਿੱਚ
ਜੂਸ ਦੀਆਂ ਰੇੜ੍ਹੀਆਂ ਦੀ ਵਿਕਰੀ
ਸ਼ਾਮ ਨੂੰ ਵੱਧ ਹੁੰਦੀ ਏ
ਸਾਰੀ ਦਿਹਾੜੀ ਚਾਹ ਬਣਾਉਣ ਵਾਲਾ ਗਾਮਾ
ਦਿਨ ਢਲੇ ਤੋਂ ਗੋਭੀ ਵਾਲੇ ਪਕੌੜੇ ਕਢਣ ਲਗਦਾ ਹੈ

ਠੇਕੇ ਵਾਲਿਆਂ ਨੇ ਖੇਡ ਮੈਦਾਨ ਤੋਂ ਕੁਝ ਦੂਰ
'ਉਪ ਠੇਕਾ' ਖੋਹਲ ਦਿੱਤਾ ਏ।
ਪਾਊਚ ਵੀਂਹ ਰੁਪਏ ਦਾ-
ਖਾਲੀ ਗਲਾਸ ਦੇ ਦੋ ਰੁਪਏ ਵੱਖਰੇ
ਲੂਣ, ਆਚਾਰ ਮੁਫਤ ਹੈ

ਪੁੱਤਾਂ ਵਾਂਗੂ ਪਾਲੇ ਬਲਦਾਂ ਲਈ
ਆਹ ਮਹੀਨੇ ਖਾਸੇ ਔਖੇ ਹੁੰਦੇ
ਗਾਲਾਂ ਘਿਓ ਦੀਆਂ ਨਾਲਾਂ
ਆਰ ਅੰਦਰ ਫਿਰਦੀ, ਫੜਫੜਾਉਂਦੇ
ਅਧੀਆ ਅੰਦਰ ਸੁੱਟ-
ਰੱਸੇ ਤੁੜਾਉਂਦੇ।

'ਮਾਵਾ, ਨਿਰਾ ਦੁੱਧ ਈ ਏ।
ਕੇਹਰੂ ਅਮਲੀ ਉਡਿਆ ਫਿਰਦਾ ਏ,
ਗਰਾਊਂਡ 'ਚ ਦੁਪਿਹਰ ਤੱਕ ਕਲੀ ਪਾਉਂਦਾ ਸੀ
ਹੁਣ ਪੈਲ ਪਾਉਂਦਾ ਹੈ।
ਵਾਰ-ਵਾਰ ਪੁੱਛਦਾ ਹੈ
ਸ਼ਾਮ ਨੂੰ ਗਾਉਣ ਵਾਲੀ ਕਿਹੜੀ ਏ ?'
ਜਿਵੇਂ ਗਾਉਣ ਵਾਲੀ ਉਸੇ ਲਈ ਹੀ ਸੱਦੀ ਹੋਵੇ।

ਧੂੜ ਮਿੱਟੀ 'ਚ ਹੀ ਸੂਰਜ ਡੁੱਬ ਗਿਆ ਏ।
ਰਾਤ ਹੋ ਗਈ ਹੈ-
ਸਟੇਜ ਤੇ ਗਾਉਣ ਵਾਲੀ ਸਰੂਰ ਚੜ੍ਹਾ ਰਹੀ ਏ
ਗਰਾਊਂਡ ਦੇ ਦੂਰ ਕਿਨਾਰੇ ਤੇ
ਇਕ ਜਣਾ ਇਕੱਲਾ ਹੀ ਮੋਰ ਬਣਿਆ ਨੱਚੀ ਜਾ ਰਿਹਾ ਹੈ-
ਇਥੋਂ ਬਚ ਵੀ ਗਿਆ ਤਾਂ ਘਰੇ ਗਏ ਦੇ ਛਿਤਰ ਪਰੇਡ ਤਾਂ ਪੱਕਾ ਹੋਊ।

ਪਿਛਲੀ ਵਾਰ 500 ਰੁਪਏ ਦੇਣ ਵਾਲੇ ਸ਼ਿੰਦਰ ਨੂੰ
ਐਤਕੀਂ ਸ਼ੀਲਡ ਨਹੀਂ ਮਿਲੀ
ਗਾਲ੍ਹਾਂ ਕੱਢਦਾ ਬੁੜ-ਬੁੜ ਕਰਦਾ ਗਿਆ,
ਅਗਾਂਹ ਤੋਂ ਖੇਡਾਂ 'ਚ ਹੀ ਨਹੀਂ ਆਵੇਗਾ
ਪਾਸੇ ਹੀ ਚੰਗੇ ਹਾਂ

ਤਿੰਨੇ ਦਿਨ ਟੌਪ ਦੇ ਲੀਡਰ ਆਏ
ਪਹਿਲੇ ਦਿਨ ਅਕਾਲੀ, ਵਿਚਲੇ ਦਿਨ ਕਾਮਰੇਡ
ਤੀਏ ਦਿਨ ਕਾਂਗਰਸੀ ਲੀਡਰ ਆਏ
ਮੁੱਖ ਮੰਤਰੀ ਤੋਂ ਸੰਦੇਸ਼ ਵੀ ਲਿਆਏ।
ਦਾਰੂ ਨੀਂ ਮੁੱਕਣ ਦਿੱਤੀ।
ਫੀਮ ਵਾਲੀ ਡੱਬੀ ਨੀਂ ਸੁੱਕਣ ਦਿੱਤੀ
ਪੰਜਾਬੀ ਦੇ ਅਖ਼ਬਾਰਾਂ ਨੇ ਚਾਹੇ ਪੈਸੇ ਲੈ ਲਏ
ਪਰ ਖਬਰ ਪੂਰੀ ਚਾਰ ਕਾਲਮੀ ਲਾਈ
ਟੀਵੀ ਨੇ ਖੇਡ ਮੇਲੇ ਦੀ ਫਿਲਮ ਦਿਖਾਈ
ਹੋਰ ਖੇਡ ਮੇਲੇ 'ਚੋਂ ਕੀ ਭਾਲਦੇ ਹੋ ?

ਪਿੰਡ ਅਠਾਰਾਂ ਸੌ ਦੀ ਆਬਾਦੀ ਹੈ
ਅੱਧੇ ਔਖੇ ਨੇ, ਵਿਰੋਧੀ ਨੇ, ਇਕ ਹੋਰ ਮੇਲਾ ਕਰਾਉਣਗੇ,
ਪਰ ਅਖ਼ਬਾਰ ਨੇ ਇਕੱਠ ਵੀਂਹ ਹਜ਼ਾਰ ਲਿਖਿਆ ਹੈ
ਲੰਡੀ ਬੁੱਚੀ ਪੱਤਰਕਾਰ ਨੀਂ ਸਹੇੜਿਆ
ਜੁਗਾੜੂ ਪੱਤਰਕਾਰ ਨਾਲ
ਉੱਕਾ ਪੱਕਾ ਹੀ ਨਿਬੇੜਿਆ.........!

ਟੀਮਾਂ ਜੇ ਘੱਟ ਸੀ-
ਤਾਂ ਸਾਡੀ ਅਕਲ ਦਾ ਹੀ ਰੱਟ ਸੀ
ਮਿਨਤਾਂ ਕਰਦੇ ਰਹੇ।
ਅਗਲੀ ਵਾਰ ਕੋਚ ਸਾਹਿਬ ਨੂੰ ਠੇਕਾ ਹੀ ਦੇ ਦੇਣਾ
ਚਾਰ ਟੀਮਾਂ ਦੇ ਅਲੱਗ ਰੇਟ, ਅੱਠਾਂ ਦੇ ਅਲੱਗ,
ਕੁੜੀਆਂ ਦੀ ਕਬੱਡੀ ਟੀਮ ਪਿਛਲੇ ਵੀਹਾਂ ਸਾਲਾਂ 'ਚ
ਸ਼ੋਆਂ ਮੈਚਾਂ ਤੋਂ ਅੱਗੇ ਨਹੀਂ ਵਧ ਸਕੀ
ਉਸ ਦੇ ਅਲੱਗ ਰੇਟ ਲੱਗਣਗੇ।

ਖੇਡੇ ਮੇਲੇ ਦਾ ਸ਼ਗਨ ਹੋ ਗਿਆ ਹੈ
ਕੁੱਤਾ ਗਰਾਊਂਡ ਵਿਚ ਨਿਕਲ ਗਿਆ ਹੈ।
ਕੁੱਤੇ ਬਿੱਲੇ ਕੁੱਟਣ ਲਈ ਡਾਂਗਾਂ ਵਾਲੇ ਬੁਲਾਏ ਨੇ
ਪਰ ਕਿਹੜੇ ਕਿਹੜੇ ਬਿੱਲੇ ਬਾਹਰ ਕੱਢੀਏ।
ਖੇਡਾਂ ਨੇ, ਹਰੇਕ ਹੀ ਆਵੇਗਾ।

ਪੈਸੇ ਦੇਣ ਵਾਲਿਆਂ ਨੂੰ
ਸਨਮਾਨਾਂ ਦੇ ਚੱਕਰ 'ਚ ਨੇਰ੍ਹਾ ਹੋ ਗਿਆ ਹੈ।
ਚਾਰ ਮੈਚ ਹਾਲੇ ਰਹਿੰਦੇ ਨੇ, ਮੈਚਾਂ ਦਾ ਕੀ ਏ
ਟਰੈਕਟਰ ਦੀ ਲਾਈਟ 'ਚ ਹੀ ਕਰਵਾ ਦੇਣੇ ਨੇ

ਆਹ ਬਾਬੇ ਦੌੜਾਂ ਲਾਉਣ ਆਏ ਨੇ
ਦੌੜਾਂ ਲਈ ਟਾਈਮ ਕਿਥੇ,
ਉਂਜ ਹੀ ਯਾਰ 2-2 ਸੌ ਦੇ ਦੋ-
ਵਿਰ ਜਾਣਗੇ, ਘਰ ਕੋਈ ਝਲਦਾ ਨਹੀਂ
ਵਿਹਲੇ ਆ-ਹਰੇਕ ਥਾਂ ਪਹੁੰਚ ਜਾਂਦੇ।

ਬਾਬਾ ਜੱਸੋਵਾਲ ਸ਼ਾਮ ਦੇ ਗਾਉਣ ਪਾਣੀ ਦੀ ਪ੍ਰਧਾਨਗੀ ਕਰਦਾ
ਮੱਤ ਦਿੰਦਾ ਹੈ
ਜੇ ਖੇਡ ਮੇਲਾ ਕਰਵਾ ਕੇ
ਅਗਲੇ ਦਿਨ ਖਬਰ ਨਾ ਆਈ
ਤਾਂ ਸਮਝੋ ਵਿਆਹ ਹੋ ਗਿਆ-
ਮੁਕਲਾਵਾ ਨਹੀਂ ਆਇਆ।
ਮੁਕਲਾਵਾ ਲੈਣਾ ਸਿੱਖੋ ਪਿੰਡਾਂ ਵਾਲਿਓ।