|
ਕਬੱਡੀ ਦੇ ਮਹਾਨ ਧਾਵੀ ਮਰਹੂਮ ਹਰਜੀਤ ਬਰਾੜ ਅਤੇ ਉਸ ਤੇ ਤਿੰਨ ਖਿਡਾਰੀ ਸਾਥੀ
ਕੇਵਲ ਸਿੰਘ ਲੋਪੋ, ਤਲਵਾਰ ਸਿੰਘ ਕਾਉਂਕੇ, ਕੇਵਲ ਸਿੰਘ ਸੇਖੋਂ ਦੀ ਬੇ-ਵਕਤ ਮੌਤ
ਉੱਤੇ ਉਨ੍ਹਾਂ ਦੇ ਪਰਿਵਾਰ, ਦੋਸਤ-ਮਿੱਤਰਾਂ, ਇਕੱਠੇ ਖੇਡਦੇ ਹੋਏ ਹਾਣੀਆਂ ਨਾਲ
ਦੁੱਖ ਸਾਂਝਾ ਕਰਦਾ ਹੋਇਆ, ਉਨ੍ਹਾਂ ਦੀ ਯਾਦ ਵਿਚ ਸ਼ਰਧਾਂਜਲੀ ਭੇਂਟ ਕਰਨ ਲਈ ਕੁਝ
ਲਫਜ਼ ਲਿਖਣ ਦੀ ਪਾਠਕਾਂ ਤੋਂ ਖੁੱਲ੍ਹ ਚਾਹੁੰਦਾ ਹਾਂ।
20 ਅਪ੍ਰੈਲ, 1998 ਨੂੰ ਸੋਮਵਾਰ ਵਾਲੇ ਦਿਨ ਕੋਈ ਤਿੰਨ ਕੁ ਵਜੇ ਲੇਖਕ ਬਰਿਸਟਲ
ਸ਼ਹਿਰ ਤੋਂ ਚਾਰ-ਪੰਜ ਮੀਲ ਦੂਰ ਟੁੱਟੀਆਂ ਹੋਈਆਂ ਲੱਤਾਂ, ਬਾਹਵਾਂ ਅਤੇ ਫੇਫੜਿਆਂ
ਦੇ ਸਪੈਸ਼ਲ ਫਿਰੇਂਚੇ ਹਸਪਤਾਲ ਦੇ ਕਮਰਾ ਨੰ : 2 ਵਿੱਚ ਕੁਝ ਖਾਣ ਪੀਣ ਲਈ ਅੰਦਰ
ਦਾਖਲ ਹੋਇਆ ਸੀ ਕਿ ਟੈਲੀਫੋਨ ਦੀ ਘੰਟੀ ਖੜਕ ਪਈ। ਫੋਨ ਚੁੱਕਣ ਤੋਂ ਪਹਿਲਾਂ ਹੀ
ਇਹ ਅੰਦਾਜ਼ਾ ਲੱਗ ਗਿਆ ਕਿ ਕਾਲ ਨਿਊਯਾਰਕ ਵਾਲੇ ਭੰਵਰਾ ਸਾਹਿਬ ਦੀ ਹੋਣੀ ਚਾਹੀਦੀ
ਹੈ, ਕਿਉਂ ਕਿ ਜਦੋਂ ਦਾ ਉਸ ਨੂੰ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ਕਾਰਣ
ਮੇਰੇ ਪਰਿਵਾਰ ਦੇ ਐਕਸੀਡੈਂਟ ਦਾ ਪਤਾ ਲੱਗਿਆ ਸੀ, ਉਹ ਹਰ ਰੋਜ਼ ਇਸ ਵੇਲੇ ਹੀ
ਰਾਜ਼ੀ ਖੁਸ਼ੀ ਪੁੱਛਣ ਲਈ ਟੈਲੀਫੋਨ ਕਰਦਾ ਹੁੰਦਾ ਸੀ। ਪਰ ਇਹ ਕੀ ਪਤਾ ਸੀ ਕਿ
ਸੁੱਖ-ਸਾਂਦ ਪੁੱਛਣ ਲਈ ਆਇਆ ਹੈ ਜਾਂ ਕਿ ਕੋਈ ਸੋਗਮਈ ਜਾਂ ਮਨਹੂਸ ਖ਼ਬਰ ਦੇਣ ਲਈ।
ਮੈਂ ਅਜੇ ਟੈਲੀਫੋਨ ਚੁੱਕ ਕੇ ਕੰਨ ਨਾਲ ਲਾਇਆ ਹੀ ਹੋਵੇਗਾ ਕਿ ਇਕਦਮ ਹੀ ਜਸਵੀਰ
ਸਿੰਘ ਭਵਰਾ ਨੇ ਆਪਣਾ ਗਲਾ ਭਰ ਕੇ ਕਹਿ ਦਿੱਤਾ, 'ਚੀਮਾ ਜੀ! ਤੁਹਾਨੂੰ ਪਤਾ ਲੱਗਾ
ਕਿ ਬਾਜੇਖਾਨੇ ਵਾਲੇ ਦੀ ਮੌਤ ਹੋ ਗਈ?'
ਓਹ ਨੋ....ਓ ਨੋ...ਓਹ, ਮੇਰੀ ਓਹ ਨੋ ਇਸ ਤਰ੍ਹਾਂ ਨਿਕਲੀ ਜਿਸ ਤਰ੍ਹਾਂ ਕੋਈ
ਤਿੱਖੀ ਜਿਹੀ ਚੀਖ਼ ਮਾਰਦਾ ਹੋਵੇ। ਮੇਰੀ ਇਹ ਚੀਖ਼ ਸੁਣ ਕੇ ਡੇਵਿਡ ਅਤੇ ਕੈਰਲ ਨੇ
ਮੈਨੂੰ ਜੱਫੀ ਵਿੱਚ ਲੈ ਲਿਆ । ਹੋ ਸਕਦਾ ਹੈ ਕਿ ਉਨ੍ਹਾਂ ਨੂੰ ਕੋਈ ਹੋਰ ਸ਼ੱਕ ਪੈ
ਗਈ ਹੋਵੇ, ਕਿਉਂ ਕਿ ਏਸ ਸਵੇਰੇ 10 ਵਜੇ ਮੇਰੀ ਧਰਮ ਪਤਨੀ ਦੇ ਇਕ ਫੇਫੜੇ ਦਾ
ਅਪਰੇਸ਼ਨ ਆਰੰਭ ਹੋਇਆ ਸੀ, ਪਰ ਹੁਣ ਤਾਂ ਤਿੰਨ ਤੋਂ ਵੀ ਜਿਆਦਾ ਟਾਈਮ ਹੋ ਚੁੱਕਾ
ਸੀ। ਇਹ ਗੋਰਾ-ਗੋਰੀ ਵੀ ਮੇਰੇ ਵਾਂਗ ਪਰੇਸ਼ਾਨ ਸਨ ਕਿਉਂ ਕਿ ਇਨ੍ਹਾਂ ਦਾ ਨੌਜਵਾਨ
19 ਸਾਲ ਦਾ ਬੇਟਾ ਵੀ ਇਸੇ ਹਸਪਤਾਲ ਵਿੱਚ ਸੀ ਅਤੇ ਇਨ੍ਹਾਂ ਦਾ ਘਰ ਵੀ ਮੇਰੇ
ਵਾਂਗ ਹੀ ਇਥੋਂ ਸੌ ਮੀਲ ਤੋਂ ਵੀ ਦੂਰ ਸੀ। ਇਨ੍ਹਾਂ ਨੇ ਵੀ ਇਸੇ ਹਸਪਤਾਲ ਵਿੱਚ
ਹੀ ਕਮਰਾ ਲੈ ਰੱਖਿਆ ਸੀ। ਉਹ ਟੈਲੀਫੋਨ ਨਹੀਂ ਸੀ ਰੱਖਣਾ ਚਾਹੁੰਦਾ। ਆਖਰ
ਵੀਹ-ਪੰਚੀ ਮਿੰਟ ਗੱਲ ਕਰਨ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਬੈਠ ਗਿਆ ਅਤੇ
ਕੁਝ ਵੀ ਤਾਂ ਸਮਝ ਨਹੀਂ ਸੀ ਆ ਰਿਹਾ। ਆਖਰ ਹਰਜੀਤ ਸਿੰਘ ਬਰਾੜ ਨਾਲ ਕਬੱਡੀ ਦੇ
ਮੈਦਾਨ ਵਿੱਚ ਕੁਝ ਦੇਰ ਦੀਆਂ ਯਾਦਾਂ, ਉਸ ਦੀ ਕਬੱਡੀ ਨੂੰ ਦੇਣ, ਉਸ ਦੀ ਸ਼ਖਸੀਅਤ,
ਇਸ ਸਭ ਕੁਝ ਬਾਰੇ ਮੇਰੇ ਸਿਰ ਵਿੱਚ ਇਕ ਚੱਕਰ ਚੱਲਣਾ ਸ਼ੁਰੂ ਹੋ ਗਿਆ। ਨਾਲ ਹੀ
ਮੇਰੇ ਦਿਮਾਗ ਦੇ ਪ੍ਰੋਜੈਕਟਰ ਨੇ 1988 ਤੋਂ ਲੈ ਕੇ ਹੁਣ ਤੱਕ ਇਸ ਧੁਰੰਧਰ ਸਾਹੀ
ਦੀ ਕਬੱਡੀ ਦੀ ਜ਼ਿੰਦਗੀ ਦੀ ਫਿਲਮ ਚਾਲੂ ਕਰ ਦਿੱਤੀ।
23 ਮਾਰਚ, 1988 ਨੂੰ ਇਸ ਦੇ ਪਿੰਡ ਬਾਜਾਖਾਨਾ ਦੇ ਸਕੂਲ ਦੀ ਗਰਾਊਂਡ ਵਿੱਚ
ਪੰਜਾਬ ਅਤੇ ਇੰਗਲੈਂਡ ਦੀਆਂ ਟੀਮਾਂ ਦਾ ਮੈਚ ਹੋਣਾ ਸੀ। ਉਸ ਵੇਲੇ ਹਰਜੀਤ ਹਾਲੇ
ਮੁੱਛ ਫੁੱਟ ਗੱਭਰੂ ਅਤੇ ਨਵੇਂ-ਨਵੇਂ ਖਿੜੇ ਗੁਲਾਬ ਦਾ ਫੁੱਲ ਵਰਗਾ ਜਾਪਦਾ ਸੀ।
ਉਮਰ ਪੱਖੋਂ ਉਹ ਆਪਣੇ ਪੰਦ੍ਹਰਵੇਂ ਸੋਲ੍ਹਵੇਂ ਸਾਲ ਦੀ ਪੌੜੀ ਚੜ੍ਹ ਰਿਹਾ ਸੀ।
ਇਹ ਆਪਣੇ ਨਾਲ ਦੇ ਖਿਡਾਰੀਆਂ ਨਾਲੋਂ ਆਕਰਾ, ਹੁੰਦੜਹੇਲ ਅਤੇ ਉਮਰ ਦਾ ਵੱਧ ਜਾਪਦਾ
ਸੀ। ਇਸ ਦੇ ਗੁੰਦੇ ਹੋਏ ਸਰੀਰ ਦੀ ਬਣਤਰ ਦੇਖ ਕੇ ਮਹਿੰਦਰ ਮੋੜ ਨੇ ਤਾਂ ਉਥੇ ਹੀ
ਕਹਿ ਦਿੱਤਾ ਸੀ ਕਿ ਇਹ ਮੁੰਡਾ ਤਾਂ ਇੰਗਲੈਂਡ ਲਿਜਾਣ ਵਾਲਾ ਹੈ। ਕਿਸੇ ਦਿਨ ਇਹ
ਦੁਨੀਆ ਦੇ ਜ਼ਾਫੀਆਂ ਦੀਆਂ ਦੁਬੀੜਾਂ ਪੁਆਇਆ ਕਰੇਗਾ। ਹਰਜੀਤ ਸਿੰਘ ਦੀ ਖੇਡ ਕਬੱਡੀ
ਦਾ ਦੂਜਾ ਸੁਨਹਿਰੀ ਸੀਨ ਸਿਰ ਵਿੱਚ ਘੁੰਮਣਾ ਸ਼ੁਰੂ ਹੋਇਆ ਸੀ ਕਿ ਮੈਂ ਇਕ ਖ਼ੁਆਬ
ਜਿਹਾ ਵੇਖਦਾ ਸਾਊਥਾਲ ਤੋਂ ਨਿਊਯਾਰਕ ਦੇ ਸਟੇਡੀਅਮ ਅਤੇ ਕਬੱਡੀ ਦੀਆਂ ਗਰਾਊਂਡਾਂ
ਵਿਚ ਜਾ ਵੜਿਆ, ਜਿਥੇ ਕਬੱਡੀ ਦਾ ਇਹ ਹੀਰਾ ਵਿਰੋਧੀਆਂ ਨੂੰ ਹੱਥ ਲਾ ਕੇ
ਨੱਚਦਾ-ਟੱਪਦਾ ਖੁਸ਼ੀ ਵਿੱਚ ਲੁੱਡੀਆਂ ਪਾਉਂਦਾ ਆਉਂਦਾ ਸੀ।
6 ਅਗਸਤ, 1995 ਨੂੰ ਵੈਨਕੂਵਰ ਬੀ. ਸੀ ਸਟੇਡੀਅਮ ਨੌਜਵਾਨ ਸਭਾ ਦੇ ਭਜੀ ਗਿੱਲ
ਅਤੇ ਉਸ ਦੇ ਸਾਥੀਆਂ ਨੇ ਬੁੱਕ ਕਰ ਰੱਖਿਆ ਸੀ। ਉਸ ਦੀ ਛੱਤ ਥੱਲੇ ਸਟੇਜ 'ਤੇ
ਬੈਠੇ ਕਬੱਡੀ ਦੇ ਲੀਡਰ ਅਤੇ ਹਾਕੀ ਦਾ ਬਾਦਸ਼ਾਹ ਬਲਵੀਰ ਪੁਆਦੜਾ ਅਤੇ ਕੱਵਾਲੀ ਅਤੇ
ਗਜ਼ਲਾਂ ਦਾ ਸਮਰਾਟ ਨੁਸਰਤ ਅਲੀ ਫਤਹਿ ਅਲੀ ਖਾਂ ਅਤੇ ਉਸ ਦੇ ਸਾਥੀ ਜਿਨ੍ਹਾਂ ਦੇ
ਸਾਹਮਣੇ ਤੂੰ ਵਿਰੋਧੀ ਟੀਮ ਦੇ ਜ਼ਾਫੀਆਂ ਨੂੰ ਧੋਲਾਂ ਮਾਰਦਾ ਹੋਇਆ ਕਲੋਲਾਂ ਕਰਦਾ
ਜਾਂਦਾ ਸੀ। ਓਏ ਬਾਜੇਖਾਨੇ ਵਲਿਆ ਤੇਰੀ ਉਹ ਵੀ ਯਾਦ ਆਉਂਦੀ ਹੈ ਜਦੋਂ ਇਸ ਤੋਂ
ਇਕ ਹਫਤਾ ਬਾਅਦ ਕੁਲਵੰਤ ਅਤੇ ਲੱਛਰ ਭਰਾਵਾਂ ਨੇ ਕੈਲੇਫੋਰਨੀਆਂ ਵਿੱਚ ਇਕ ਬਹੁਤ
ਵੱਡਾ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਕਰਵਾਇਆ ਸੀ। ਉਥੇ ਤੇਰੀਆਂ ਧੁੰਮਾਂ ਦੇਖ
ਕੇ ਢੁਡੀਕੇ ਵਾਲੇ ਪ੍ਰੋ: ਸਰਵਣ ਸਿੰਘ ਨੇ ਐਲਾਨ ਕਰ ਦਿੱਤਾ ਕਿ, ' ਬਾਈ ਜੀ!
ਮੇਰੀ ਗੱਲ ਸੁਣੋ। ਹੈ ਏਥੇ ਕੋਈ ਮਾਈ ਦਾ ਲਾਲ, ਜਿਹੜਾ ਹਰਜੀਤ ਨੂੰ ਡੱਕ ਸਕੇ।'
ਪਰ ਤੈਨੂੰ ਫੜਨ ਵਾਲਾ ਉਥੇ ਕਿਹੜਾ ਸੀ? ਇਹ ਸੁਣ ਕੇ ਕਬੱਡੀ ਦੇ ਦਾਨੀਆਂ ਨੇ ਤੇਰੇ
ਇਕ-ਇਕ ਅੰਕ ਲਈ ਹਜ਼ਾਰ-ਹਜ਼ਾਰ, ਦੋ-ਦੋ ਹਜ਼ਾਰ, ਅਤੇ ਫਿਰ ਪੰਜ ਤੋਂ ਛੇ ਹਜ਼ਾਰ ਡਾਲਰ
ਤੱਕ ਲਾ ਦਿੱਤੇ। ਪ੍ਰੋਫੈਸਰ ਸਰਵਣ ਫਿਰ ਬੋਲਿਆ, 'ਜੇ ਇਸ ਧਾਵੀ ਨੂੰ ਕੋਈ ਵੀ ਨਾ
ਰੋਕ ਸਕਿਆ ਤਾਂ ਇਸ ਇਨਾਮ ਦਾ ਹੱਕਦਾਰ ਹਰਜੀਤ ਸਿੰਘ ਬਾਜੇਖਾਨੇ ਵਾਲਾ ਹੀ ਹੋਵੇਗਾ।
1988 ਤੋਂ ਬਾਅਦ ਦੂਜੀ ਵਾਰ ਤੇਰੇ ਦਰਸ਼ਨੀ ਅਤੇ ਸੁੰਦਰ ਸਰੀਰ ਨੂੰ 21 ਮਾਰਚ, 94
ਨੂੰ ਲੁਧਿਆਣੇ ਦੀ ਗਰਾਊਂਡ ਵਿੱਚ ਤੱਕਿਆ ਸੀ। ਉਹ ਲੁਧਿਆਣਾ ਜਿਥੋਂ ਦੀ ਤੂੰ ਆਪਣੇ
ਸਾਥੀਆਂ ਨਾਲ ਆਖਰੀ ਵਾਲ ਲੰਘਿਆ ਸੀ, ਉਥੇ ਤੂੰ ਇੰਗਲੈਂਡ ਦੀ ਕਬੱਡੀ ਟੀਮ ਦੇ
ਵਿਰੁੱਧ ਭਾਰਤੀ ਟੀਮ ਨੂੰ ਲੀਡ ਕਰਦਾ ਹੋਇਆ ਅਤੇ ਥਾਪੀਆਂ ਮਾਰਦਾ ਹੋਇਆ ਮੈਦਾਨ
ਵਿਚ ਆ ਕੁੱਦਿਆ ਸੀ। ਉਥੇ ਤੈਨੂੰ ਵੇਖ ਕੇ ਇੰਗਲੈਂਡ ਦੇ ਕਈ ਜ਼ਾਫੀਆਂ ਨੂੰ
ਮੁੜ੍ਹਕਾ ਆਉਣ ਲੱਗ ਪਿਆ ਸੀ। ਉਹ ਮੈਚ ਵਿਚ ਆਪਾਂ ਨੂੰ ਗੁੱਟ ਘੜੀਆਂ ਇਨਾਮ ਵਜੋਂ
ਮਿਲੀਆਂ ਸਨ। ਕੀ ਤੈਨੂੰ ਯਾਦ ਹੈ? ਕਿ ਜਦੋਂ ਮੈਂ ਤੁਹਾਡੇ ਕੋਲੋਂ ਲੰਘਣ ਲੱਗਾ
ਤਾਂ ਤੂੰ ਮੈਨੂੰ ਕਿਹਾ ਕਿ ਅੰਕਲ! ਆਪਣੀ ਘੜੀ ਤਾਂ ਵਿਖਾ ਜ਼ਰਾ। ਤੂੰ ਇਹ ਕਹਿ ਕੇ
ਮੇਰੇ ਨਾਲ ਵਟਾ ਲਈ ਸੀ ਕਿ ਇਸ ਦੀ ਚੇਨ ਛੋਟੀ ਹੈ। ਉਹ ਟਾਈਟਨ ਘੜੀ ਅਜੇ ਵੀ ਮੇਰੇ
ਗੁੱਟ ਨੂੰ ਲੱਗੀ ਹੋਈ ਹੈ ਅਤੇ ਤੇਰੀ ਇਹ ਨਿਸ਼ਾਨੀ ਮੈਂ ਸੰਭਾਲ ਕੇ ਰੱਖਾਂਗਾ।
ਹਰਜੀਤ ਸਿਹਾਂ! ਤੂੰ ਜਿਹੜੀਆਂ ਗਰਾਊਂਡਾਂ ਵਿੱਚ ਆਪਣੀਆਂ ਨਿਸ਼ਾਨੀਆਂ ਛੱਡ ਗਿਉਂ,
ਉਹ ਅਮਿੱਟ ਹਨ। ਪਰ ਇਕ ਗਰਾਊਂਡ ਦੀ ਮਿੱਟੀ ਨੂੰ ਤਾਂ ਤੂੰ ਵੀ ਹਰ ਸਾਲ ਆਪਣੇ
ਮੱਥੇ ਦਾ ਤਿਲਕ ਬਣਾਉਂਦਾ ਹੁੰਦਾ ਸੀ, ਉਹ ਵੀ 23 ਮਾਰਚ, 1994 ਹੀ ਸੀ, ਜਦੋਂ
ਖੇਡਣ ਤੋਂ ਪਹਿਲਾਂ ਤੂੰ ਦੱਸਿਆ ਸੀ, ਅੰਕਲ ਜੀ! ਜਦੋਂ ਦਾ ਮੈਂ ਪੰਜਾਬ ਲੈਵਲ ਦੀ
ਕਬੱਡੀ ਖੇਡਣ ਲੱਗਾ ਹਾਂ, ਅਸੀਂ ਹਰ ਸਾਲ ਖਟਕੜ ਕਲਾਂ ਆ ਕੇ ਸ਼ਹੀਦ ਭਗਤ ਸਿੰਘ ਅਤੇ
ਉਸ ਦੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਕਿੰਨੀ ਚੰਗੀ ਸਿਆਣਪ ਅਤੇ ਤੇਰੇ
ਉੱਚੇ ਖਿਆਲਾਤ ਸਨ, ਖਟਕੜ ਕਲਾਂ ਦੀ ਇਕ ਗੱਲ ਹੋਰ ਸੁਣ ਲੈ। ਜਦੋਂ ਤੂੰ ਆਪਣੀ
ਛਾਤੀ ਤਾਣ ਕੇ ਇੰਗਲੈਂਡ ਵਾਲੇ ਜ਼ਾਫੀਆਂ ਤੇ ਪਹਿਲਾ ਧਾਵਾ ਬੋਲਿਆ ਤਾਂ ਉਸ ਵੇਲੇ
ਪੰਜਾਬ ਦਾ ਮਸ਼ਹੂਰ ਕਲਾਕਾਰ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਸ਼ਹੀਦਾਂ ਦੀਆਂ ਵਾਰਾਂ
ਗਾਉਂਦੇ ਸਨ। ਤੇਰੀ ਪਹਿਲੀ ਕੌਡੀ 'ਤੇ ਸਦੀਕ ਨੇ ਇਨ੍ਹਾਂ ਲਕੀਰ ਦੇ ਫਕੀਰਾਂ ਨੂੰ
ਸਟੇਜ ਤੇ ਸੱਦ ਕੇ ਕਿਹਾ ਕਿ ਸਾਨੂੰ ਬਾਅਦ ਵਿੱਚ ਵੀ ਟਾਈਮ ਮਿਲ ਜਾਣਾ ਹੈ। ਹੁਣ
ਤੁਸੀਂ ਉਸ ਨੌਜਵਾਨ ਬਾਰੇ ਕੁਮੈਂਟਰੀ ਕਰਕੇ ਦੱਸੋ।
ਯਾਦਾਂ ਤਾਂ ਤੇਰੀਆਂ ਹਜ਼ਾਰਾਂ ਹਨ, ਜੋ ਕਦੀ ਵੀ ਮੁੱਕ ਨਹੀਂ ਸਕਣੀਆਂ। ਪਰ ਇਹ
ਇਤਿਹਾਸਕ ਯਾਦ, ਜੋ ਬਹੁਤ ਹੀ ਮਹੱਤਵਪੂਰਣ ਹੈ ਕਿ ਉਹ ਵੀ 23 ਜੁਲਾਈ, 1995 ਦਾ
ਦਿਨ ਹੀ ਸੀ। ਜਦੋਂ ਵਿਸ਼ਵ ਕਬੱਡੀ ਫੈਡਰੇਸ਼ਨ ਦੀ ਮਿਲਵਰਤਣ ਨਾਲ ਉਨਟਾਰੀਓ ਦੀਆਂ
ਤਿੰਨ ਖੇਡ ਜਥੇਬੰਦੀਆਂ, ਦੇਸ਼ ਭਗਤ ਸਪੋਰਟਸ ਸੁਸਾਇਟੀ, ਓਨਟਾਰੀਓ ਕਬੱਡੀ ਕਲੱਬ
ਅਤੇ ਸ਼ੇਰ-ਏਤ-ਪੰਜਾਬ ਸਪੋਰਟਸ ਕਲੱਬ ਦੇ ਲੀਡਰਾਂ ਨੇ ਦੁਨੀਆ ਦੀ ਸਭ ਤੋਂ ਪਹਿਲੀ
ਸਰਕਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਟਰਾਂਟੋ ਦੇ ਇਨਡੋਰ ਸਟੇਡੀਅਮ ਵਿਖੇ ਕਰਾਈ
ਸੀ। ਜਿਸ ਦੇ ਫਾਈਨਲ ਮੈਚ ਦੇ ਇਨਾਮਾਂ ਦੀ ਵੰਡ ਕਰਨ ਲਈ ਕੈਨੇਡਾ ਦੀ ਉਪ ਪ੍ਰਧਾਨ
ਮੰਤਰੀ ਮਿਸਜ਼ ਸ਼ੀਲਾ ਕੁਪਸ ਨੂੰ ਸੱਦਾ ਦਿੱਤਾ ਗਿਆ ਸੀ। ਜਦੋਂ ਫਾਈਨਲ ਮੈਚ ਵਿੱਚ
ਪਾਕਿਸਤਾਨ ਦੇ ਖ਼ਿਲਾਫ਼ ਤੂੰ ਕੋਡੀ ਪਾਉਂਦਾ ਹੋਇਆ, ਬਾਹਵਾਂ ਖਿਲਾਰ ਕੇ ਉਨ੍ਹਾਂ
ਦੇ ਜ਼ਾਫੀਆਂ 'ਤੇ ਝਪਟ ਮਾਰਦਾ ਤਾਂ ਸਾਰੇ ਦਰਸ਼ਕ ਆਪਣੀਆਂ ਸੀਟਾਂ ਤੋਂ ਉਠ ਕੇ
ਤਾਲੀਆਂ ਮਾਰਦੇ ਹੋਏ, ਤੇਰੀ ਇਸ ਅਨੋਖੀ ਖੇਡ ਦੀ ਯਾਦ ਦਿੰਦੇ,'ਉਹ ਬਾਜੇਖਾਨੇ ਦੇ
ਦੂਲਿਆ, ਬਰਾੜਾ, ਤੇਰੇ ਡੌਲ਼ਿਆਂ 'ਤੇ ਤਰਦੀਆਂ ਮੱਛੀਆਂ, ਬੇਲਣਾਂ ਵਰਗੇ ਪੱਟ ਅਤੇ
ਮੁਧਕਰ ਵਰਗੀ ਧੋਣ ਵੇਖ ਕੇ ਮੇਰੇ ਗੁਰਬਖਸ਼ ਸਿੰਘ ਮੱਲ੍ਹੀ ਅਤੇ ਅਲੀ ਮੁਹੰਮਦ
ਖ਼ੁਆਜਾ ਦੇ ਦਰਮਿਆਨ ਸਟੇਜ 'ਤੇ ਬੈਠੀ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕਹਿਣ ਲੱਗੀ,
'ਉਸ ਮੁੰਡੇ ਨੂੰ ਦੇਖ ਕੇ ਮੈਨੂੰ ਅਮਰੀਕਾ ਦੇ ਮੁੱਕੇਬਾਜ਼ ਟਾਈਸਨ ਦਾ ਭੁਲੇਖਾ
ਪੈਂਦਾ ਹੈ।
ਲੇਖਕ ਦੇ ਖਿਆਲ ਅਨੁਸਾਰ ਤੂੰ ਹਾਕੀ ਦਾ ਸੁਰਜੀਤ, ਰੈਸਲਿੰਗ ਦਾ ਕਰਤਾਰ, ਕ੍ਰਿਕਟ
ਦੀ ਦੁਨੀਆ ਦਾ ਕਪਿਲ ਦੇਵ, ਫੁੱਟਬਾਲ ਦਾ ਪੈਲੇ, ਮੁੱਕੇਬਾਜ਼ਾਂ ਦੀ ਦੁਨੀਆ ਦਾ
ਮੁਹੰਮਦ ਆਲ਼ੀ, ਪਰ ਬਾਜੇਖਾਨੇ ਦਾ ਹਰਜੀਤ ਤਾਂ ਪੰਜਾਬ ਦੀ ਮਾਂ-ਖੇਡ ਕਬੱਡੀ ਦਾ 'ਰੁਸਤਮੇ
ਜਮਾਂ' ਸੀ। ਤੇਰੀ ਖੇਡ ਦੇ ਚਾਹਵਾਨ ਦਰਸ਼ਕਾਂ ਦਾ ਆਪਣਾ ਆਪਣਾ ਖਿਆਲ ਹੈ ਕਿ ਤੈਨੂੰ
ਇਸ ਤੋਂ ਵੀ ਚਾਰ ਕੁ ਸਾਲ ਪਹਿਲਾਂ ਇੰਗਲੈਂਡ ਪੁੱਜਣਾ ਚਾਹੀਦਾ ਸੀ, ਪਰ ਕਈ ਵਾਰ
ਤੂੰ ਆਪਣੇ ਸਮਕਾਲੀ ਖਿਡਾਰੀਆਂ ਦੀ ਈਰਖਾ ਦਾ ਸ਼ਿਕਾਰ ਬਣਦਾ ਰਿਹਾ। ਤੇਰੇ ਬਾਹਰ
ਆਉਣ ਵਿੱਚ ਰੁਕਾਵਟਾਂ ਵੀ ਪਈਆਂ ਤੇ ਤੈਨੂੰ ਗੁੰਮਰਾਹ ਵੀ ਕੀਤਾ ਜਾਂਦਾ ਰਿਹਾ।
ਵੀਜ਼ਾ ਮਿਲਿਆ ਤਾਂ ਤੂੰ ਇੰਗਲੈਂਡ ਪੁੱਜ ਗਿਆ। ਤੈਨੂੰ ਵੇਖਣ ਵਾਲਿਆਂ ਦੀ ਤਮੰਨਾ
ਪੂਰੀ ਹੋਈ। ਖੈਰ ਤੈਨੂੰ ਇੰਗਲੈਂਡ ਮੰਗਵਾਉਣ ਵਾਲਿਆਂ ਅਤੇ ਵਿਸ਼ਵ ਕਬੱਡੀ
ਫੈਡਰੇਸ਼ਨ ਦੇ ਕਾਰਕੁਨ, ਸੁਰਜਣ ਚੱਠਾ, ਹਰਪਾਲ ਸਿੰਘ ਬਰਾੜ, ਸੀਤਲ ਢਿੱਲੋਂ,
ਕਰਨੈਲ ਸਿੰਘ ਖਹਿਰਾ, ਅਲੀ ਮੁਹੰਮਦ ਖੁਆਜ਼ਾ, ਕਾਕਾ ਚੀਮਾ(ਬਾਈ ਦਾ ਭਰਾ) ਆਦਿ।
ਪਰ ਤੇਰਾ ਅੰਕਲ ਤੈਨੂੰ ਏਥੇ ਸੱਦਣ ਵਿਚ ਬਹੁਤਾ ਕੁਝ ਹੀ ਕਿ ਜਿਨ੍ਹਾਂ ਦੇਸ਼ਾਂ
ਵਿੱਚ ਕਬੱਡੀ ਖੇਡੀ ਜਾਂਦੀ ਹੈ, ਉਨ੍ਹਾਂ ਮੁਲਕਾਂ ਦੀਆਂ ਖੇਡ ਜਥੇਬੰਦੀਆਂ ਦੇ
ਪ੍ਰਬੰਧਕਾਂ ਤੋਂ ਵੀਜ਼ੇ ਲਈ ਚਿੱਠੀਆਂ ਮੰਗਾ ਕੇ ਅਤੇ ਇੱਕ ਨਿੱਕੀ ਜਿਹੀ ਫਾਈਲ ਬਣਾ
ਕੇ ਸੁਰਜੇ ਨੂੰ ਹੀ ਦੇ ਸਕਿਆ ਸੀ, ਬੱਸ ਇਸ ਤੋਂ ਵੱਧ ਨਹੀਂ।
ਜੇ ਇਹ ਗੱਲ ਠੀਕ ਹੋਵੇ ਤਾਂ ਇਥੇ ਹਸਪਤਾਲ ਵਿੱਚ ਬੈਠੇ ਨੂੰ ਇਹ ਖ਼ਬਰ ਮਿਲੀ ਹੈ
ਕਿ ਤੂੰ ਆਪਣੇ ਸਾਥੀ ਖਿਡਾਰੀਆਂ ਨਾਲ ਆਪਣਾ ਪਾਸਪੋਰਟ ਲੈਣ ਲਈ ਚੰਡੀਗੜ੍ਹ ਜਾ
ਰਿਹਾ ਸੀ। ਕਿਉਂ ਕਿ ਤੇਰੀਆਂ ਉਡੀਕਾਂ ਦੋਨੋਂ ਪਾਸੀਂ ਹੀ ਰਹਿੰਦੀਆਂ ਸਨ, ਭਾਵ
ਕਿ ਤੂੰ ਕੈਨੇਡਾ ਦੇ ਟੂਰਨਾਮੈਂਟਸ ਖੇਡਣ ਅਤੇ ਆਪਣੀ ਧਰਮ ਪਤਨੀ ਨੂੰ ਮਿਲਣ ਲਈ
ਟੋਰਾਂਟੋ ਦੀਆਂ ਤਿਆਰੀਆਂ ਵਿੱਚ ਸੀ ਅਤੇ ਨਾਲ ਹੀ ਆਪਣੀ ਢਾਈ-ਤਿੰਨ ਮਹੀਨੇ ਦੀ
ਨੰਨ੍ਹੀ-ਮੁੰਨ੍ਹੀ ਬੱਚੀ ਗਗਨ ਪ੍ਰੀਤ ਦਾ ਮੁਖੜਾ ਪਹਿਲੀ ਵਾਰ ਤੱਕਣ ਲਈ ਏਨਾ
ਉਤਾਵਲਾ ਸੀ ਕਿ ਹਰਜੀਤ ਕੈਨੇਡਾ ਵਰਗੇ ਦੇਸ਼ਾਂ ਨੂੰ ਜਾਂਦਾ-ਜਾਂਦਾ ਪਤਾ ਨਹੀਂ
ਕਿਹੜੇ ਦੂਰ ਦੁਰਾਡੇ ਪ੍ਰਦੇਸਾਂ ਦੇ ਰਾਹ ਟੁਰ ਗਿਉਂ? ਉਏ ਧੰਨ ਤੇਰਾ ਬਾਪੂ
ਸਰਦਾਰ ਬਖਸ਼ੀਸ਼ ਸਿੰਘ ਜਿਸ ਨੇ ਪਾਲ ਤੈਨੂੰ ਜਵਾਨ ਕੀਤਾ, ਧਨ ਤੇਰੀ ਮਾਤਾ ਧਨ ਉਸ
ਦੀ ਕੁੱਖ ਜਿਸ ਨੇ ਤੈਨੂੰ ਜਨਮ ਦਿੱਤਾ। ਤੇਰੇ ਚਲੇ ਜਾਣ ਤੋਂ ਬਾਅਦ ਲਖਤੇ-ਜਿਗਰ
ਦੇ ਟੋਟਿਆਂ, ਤੇਰੇ ਮਾਤਾ-ਪਿਤਾ ਦੇ ਅਰਮਾਨ ਅਤੇ ਸੱਧਰਾਂ ਨੂੰ ਕਿਸ ਤਰ੍ਹਾਂ
ਬਿਆਨ ਕਰਾਂ?
ਆਖਰੀ ਦਰਸ਼ਨ:
ਉਪਰ ਲਿਖੀਆਂ ਇਨ੍ਹਾਂ ਘਟਨਾਵਾਂ ਅਤੇ ਹਰਜੀਤ ਦੀ ਖੇਡ ਕਹਾਣੀ ਦੀ ਫਿਲਮ ਅਜੇ
ਮੁੱਕੀ ਨਹੀਂ ਸੀ ਕਿ ਅਚਾਨਕ ਫਗਵਾੜੇ ਦਾ ਖਿਆਲ ਆ ਗਿਆ ਅਤੇ ਦੂਜੀ ਵਾਰ ਟੋਰਾਂਟੋ
ਵਾਲੇ ਸੀਤਲ ਢਿੱਲੋਂ ਦਾ ਟੈਲੀਫੋਨ ਫਿਰ ਖੜਕ ਪਿਆ। ਇਸ ਵੇਲੇ ਰਾਤ ਦਾ ਕੋਈ ਡੇਢ
ਕੁ ਵੱਜਾ ਹੋਵੇਗਾ। ਪਰ ਨੀਂਦ ਕਿਸ ਨੂੰ ਆਉਣੀ ਸੀ? ਕਿਉਂ ਕਿ ਸੋਹਣ ਚੀਮੇ ਦੀ
ਆਸ਼ਕੀ 'ਕਬੱਡੀ' ਦਾ ਹੀਰਾ ਜੋ ਪਤਾਲਾਂ ਵਿੱਚ ਗੁੰਮ ਗਿਆ ਸੀ। ਸੀਤਲ ਕਹਿਣ ਲੱਗਾ,
' ਚੀਮਾ ਜੀ! ਮੇਰੇ ਕੋਲ ਮੱਖਣ ਸਿੰਘ ਬੈਠਾ ਹੈ ਅਤੇ ਉਸ ਨੇ ਹਰਜੀਤ ਦੀ ਖੇਡ ਬਾਰੇ
ਕਵਿਤਾ ਲਿਖੀ ਹੈ, ਉਹ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹੁੰਦਾ ਸੀ। ਪਰ ਕਵਿਤਾ
ਸੁਣਨ ਤੋਂ ਪਹਿਲਾਂ ਮੈਂ ਤੁਹਾਨੂੰ ਇਕ ਗੱਲ ਕਹਿਣ ਲੱਗਾ ਹਾਂ, ਤੁਸੀਂ ਵਾਇਦਾ ਕਰੋ
ਕਿ ਜਿਹੜਾ ਕੰਮ ਮੈਂ ਤੁਹਾਡੇ ਜ਼ਿੰਮੇ ਲਾਉਣ ਲੱਗਾ ਹਾਂ,ਪੂਰਾ ਕਰੋਗੇ।'
'ਦੱਸ ਤਾਂ ਸਹੀ?'
'ਕੰਮ ਇਹ ਹੈ ਕਿ ਤੁਸੀਂ ਹਰਜੀਤ ਦੇ ਬਹੁਤ ਲਾਗੇ ਰਹੇ ਹੋ ਅਤੇ ਉਸ ਦੀ ਖੇਡਾਂ ਦੀ
ਜ਼ਿੰਦਗੀ ਬਾਰੇ ਵੀ ਤੁਹਾਨੂੰ ਕਾਫੀ ਪਤਾ ਹੈ। ਮੇਰੀ ਇਹ ਤਮੰਨਾ ਹੈ ਕਿ ਤੁਸੀਂ ਉਸ
ਮਹਾਨ ਖਿਡਾਰੀ ਬਾਰੇ ਇਕ ਲੇਖ ਜਲਦੀ ਤੋਂ ਜਲਦੀ ਲਿਖੋ।'
ਮੈਂ ਸੀਤਲ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਲਿਖਣਾ, ਖੇਡਣਾ ਅਤੇ ਗਾਉਣਾ
ਸਮੇਂ-ਸਮੇਂ ਦੀਆਂ ਗੱਲਾਂ ਹੁੰਦੀਆਂ ਹਨ। ਪਰ ਉਸਨੇ ਅੜੀ ਹੀ ਏਨੀ ਕੀਤੀ ਕਿ ਮੈਨੂੰ
ਮੰਨਣਾ ਪਿਆ।
12,13 ਮਾਰਚ, 1998 ਨੂੰ ਪਿਛਲੇ ਸਾਲ ਦੀ ਤਰ੍ਹਾਂ ਸੀਤਲ ਸਿੰਘ ਢਿੱਲੋਂ ਨੇ ਇਸ
ਸਾਲ ਵੀ ਕੈਨੇਡਾ ਤੋਂ ਜਾ ਕੇ ਰਾਮਗੜ੍ਹੀਆ ਕਾਲਜ ਫਗਵਾੜਾ, ਕੁਸ਼ਤੀ ਕਬੱਡੀ ਆਦਿ
ਖੇਡਾਂ ਦਾ ਉਚੀ ਪੱਧਰ ਦਾ ਟੂਰਨਾਮੈਂਟ ਕੀਤਾ। ਉਸ ਵਿਚ ਹਰਜੀਤ ਸਿੰਘ ਵੀ ਪੁੱਜਿਆ
ਹੋਇਆ ਸੀ। ਪਰ ਉਸ ਦੇ ਗੁੱਟ ਉੱਤੇ ਪੱਟੀ ਬੱਝੀ ਹੋਈ ਸੀ। ਪਰ ਜਦੋਂ ਢਿੱਲੋਂ
ਸਾਹਿਬ ਨੇ ਲਾਗੇ ਜਾ ਕੇ ਪੁੱਛਿਆ ਕਿ ਕੀ ਅੱਜ ਦੋ ਹੱਥ ਵਿਖਾਵੇਂਗਾ? ਤਾਂ ਹੱਸ
ਕੇ ਕਹਿਣ ਲੱਗਾ ਕਿ ਮੈਂ ਜਵਾਬ ਤਾਂ ਨਹੀਂ ਦੇ ਸਕਦਾ ਪਰ ਕੁਝ ਦਿਨ ਪਹਿਲਾਂ ਗੁੱਟ
'ਤੇ ਸੱਟ ਜਿਹੀ ਲੱਗ ਗਈ ਸੀ। ਮੈਂ ਚਾਹੁੰਦਾ ਹਾਂ ਕਿ ਆਰਾਮ ਹੀ ਆ ਜਾਵੇ। ਕਿਉਂ
ਕਿ 18-19-20 ਅਪ੍ਰੈਲ 98 ਨੂੰ ਪਾਕਿਸਤਾਨ ਵਿੱਚ ਨਿਵਾਜ਼ ਸ਼ਰੀਫ਼ ਗੋਲਡ ਕਬੱਡੀ
ਕੱਪ ਖੇਡਣਾ ਹੈ। ਉਸਦੀ ਇਹ ਗੱਲ ਸੁਣ ਕੇ ਸੀਤਲ ਨੇ ਉਸ ਦੇ ਸਿਰ ਤੇ ਹੱਥ ਫੇਰਦੇ
ਹੋਏ ਪਿਆਰ ਜਿਹਾ ਦਿੱਤਾ ਅਤੇ ਕਿਹਾ ਕਿ ਸਾਨੂੰ ਤੇਰੇ ਤੇ ਮਾਣ ਹੈ। ਜਿਉਂਦਾ ਰਹਿ,
ਜੇ ਇਹ ਟੂਰਨਾਮੈਂਟ ਨਾ ਵੀ ਖੇਡਿਆ ਤਾਂ ਕੀ ਗੱਲ ਆ। ਸਾਰੀ ਉਮਰ ਖੇਡਣਾ ਹੀ ਆ।
ਅਜੇ ਇਨਾਮਾਂ ਦੀ ਵੰਡ ਸ਼ੁਰੂ ਹੀ ਹੋਈ ਸੀ ਕਿ ਲੇਖਕ ਨੇ ਸੀਤਲ ਢਿੱਲੋਂ ਤੋਂ ਜਾਣ
ਦੀ ਆਗਿਆ ਮੰਗੀ ਅਤੇ ਨਾਲ ਹੀ ਉਸਨੂੰ ਤਾਗੀਦ ਕੀਤੀ ਕਿ 23 ਮਾਰਚ ਨੂੰ ਚੰਡੀਗੜ੍ਹ
ਮੀਟਿੰਗ ਤੇ ਜ਼ਰੂਰ ਪੁੱਜਣਾ। ਇਹ ਕਹਿ ਕੇ ਅਸੀ ਆਪਣੀ ਗੱਡੀ ਵੱਲ ਨੂੰ ਤੁਰ ਪਏ।
ਅਜੇ ਅਸੀਂ ਸਟੇਡੀਅਮ ਦਾ ਗੇਟ ਹੀ ਲੰਘਣ ਲੱਗੇ ਸਾਂ ਕਿ ਪਿੱਛਿਓਂ ਆਵਾਜ਼ ਆਈ,
ਅੰਕਲ! ਅੰਕਲ ਚੀਮਾ ਜੀ!! ਚੰਗਾ ਫਿਰ ਅਗਲੇ ਹਫਤੇ ਇਸਲਾਮਾਬਾਦ ਮਿਲਾਂਗੇ। ਇਹ
ਆਵਾਜ਼ ਬਾਜਾਖਾਨੇ ਵਾਲੇ ਹਰਜੀਤ ਦੀ ਸੀ। ਉਸ ਨੇ ਆਪਣੇ ਦੋਸਤਾਂ ਨਾਲ ਆਪਣੀ ਕਾਰ
ਵੱਲ ਨੂੰ ਜਾਂਦੇ ਹੋਏ, ਸੱਜੀ ਬਾਂਹ ਉੱਤੇ ਨੂੰ ਕਰਕੇ ਉਚੀ ਦੇਣੀ ਕਹੀ।
22 ਮਾਰਚ ਨੂੰ ਕੀਤੇ ਵਾਅਦੇ ਅਨੁਸਾਰ ਲੇਖਕ ਸੁਰਜਣ ਕੋਲ ਜਲੰਧਰ ਪੁੱਜ ਗਿਆ ਸੀ।
ਉਸਦੇ ਘਰੋਂ ਹੀ ਸ. ਸੁਖਦੇਵ ਸਿੰਘ ਢੀਂਡਸਾ ਨੂੰ ਫੋਨ ਕੀਤਾ। ਉਨ੍ਹਾਂ ਦੱਸਿਆ ਕਿ
ਮੀਟਿੰਗ ਪੱਕੀ ਹੈ ਅਤੇ ਮੁਕੱਰਰ ਕੀਤੇ ਸਮੇਂ ਅਨੁਸਾਰ ਹੀ ਹੋਵੇਗੀ। ਇਹ ਵੀ
ਦੱਸਿਆ ਕਿ ਕੱਲ੍ਹ ਨੂੰ ਇਸੇ ਟਾਈਮ ਹੀ ਮੇਰੇ ਪਾਸ ਰੋਜ਼ਾਨਾ 'ਅਜੀਤ' ਅਖ਼ਬਾਰ ਦੇ
ਐਡੀਏਟਰ ਸ. ਬਰਜਿੰਦਰ ਸਿੰਘ 'ਹਮਦਰਦ' ਵੀ ਆ ਰਹੇ ਹਨ, ਤੁਸੀਂ ਸਭ ਨੇ ਟਾਈਮ 'ਤੇ
ਪਹੁੰਚਣ ਦੀ ਕੋਸ਼ਿਸ਼ ਕਰਨੀ। ਇਸ ਮੀਟਿੰਗ ਵਿਚ ਕਬੱਡੀ ਦੀ ਪ੍ਰਫੁੱਲਤਾ, ਵਿਸ਼ਵ
ਕਬੱਡੀ ਫੈਡਰੇਸ਼ਨ ਅਤੇ ਪਾਕਿਸਤਾਨ ਦੀ ਕੌਡੀ ਟੀਮ ਭਾਰਤ ਸੱਦਣ ਬਾਰੇ ਵਿਚਾਰਾਂ
ਕਰਨੀਆਂ ਸਨ। ਇਹ ਮੀਟਿੰਗ ਕੁਝ ਦਿਨ ਪਹਿਲਾਂ ਹੋਣੀ ਸੀ ਪਰ ਪਾਕਿਸਤਾਨ ਵਿੱਚ ਹੋ
ਰਹੇ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਤੇ ਗਏ ਕਰਨੈਲ ਸਿੰਘ ਖਹਿਰਾ, ਹਰਜੀਤ ਬਰਾੜ,
ਜੇ ਪੀ ਸ਼ਰਮਾ ਦਾ ਹੀ ਇੰਤਜ਼ਾਰ ਸੀ। ਇਸ ਲਈ ਪਹਿਲੀ ਤਾਰੀਖ਼ ਬਦਲ ਕੇ 23 ਮਾਰਚ ਨੂੰ
ਇਹ ਮੀਟਿੰਗ ਚੰਡੀਗੜ੍ਹ ਕਰਨ ਦਾ ਫੈਸਲਾ ਲਿਆ ਗਿਆ ਸੀ। ਟੈਲੀਫੋਨ ਤੋਂ ਬਾਅਦ
ਸੁਰਜਣ ਸਿੰਘ ਕਹਿਣ ਲੱਗਾ ਕਿ ਤੂੰ ਅੱਜ ਦੀ ਰਾਤ ਏਥੇ ਮੇਰੇ ਕੋਲ ਟਿਕ ਜਾ, ਕਿਉਂ
ਕਿ ਸ਼ਾਮ ਨੂੰ ਏਥੇ ਮੇਰੇ ਕੋਲ ਕਰਨੈਨ ਸਿੰਘ ਖਹਿਰਾ ਅਤੇ ਹਰਜੀਤ ਬਰਾੜ ਹੀ
ਚੰਡੀਗੜ੍ਹ ਨੂੰ ਨਿਕਲ ਚੱਲਾਂਗੇ। ਮੈਂ ਉਸਦੀ ਹਾਂ ਵਿਚ ਹਾਂ ਮਿਲਾ ਬੈਠਾ, ਪਰ ਉਸੇ
ਪਲ ਹੀ ਇੱਕ ਗਲ ਦਾ ਖਿਆਲ ਆਇਆ ਤਾਂ ਸੁਰਜਣ ਨੂੰ ਦੱਸਿਆ ਕਿ ਅੱਜ ਸ਼ਾਮ ਨੂੰ ਪਿੰਡ
ਪਹੁੰਚਣਾ ਮੇਰਾ ਬਹੁਤ ਜ਼ਰੂਰੀ ਹੈ।
ਉਸ ਨੇ ਵਜ੍ਹਾ ਪੁੱਛੀ ਤਾਂ ਕਿਹਾ ਕਿ ਦਾਸ ਆਪਣੇ ਪਿੰਡ ਪਿਤਾ ਬਾਬੂ ਕਰਮ ਸਿੰਘ
ਚੀਮਾ ਦੀ ਯਾਦ ਵਿੱਚ ਸਪੋਰਟਸ ਐਂਡ ਕਲਚਰਲ ਹਾਲ ਬਣਾਉਣ ਲੱਗਾ ਹੈ, ਜਿਸ ਵਿਚ
ਕੁਸ਼ਤੀ, ਕਬੱਡੀ, ਅੰਦਰ ਹੀ ਵਾਲੀਬਾਲ, ਬਾਸਕਟਬਾਲ, ਆਦਿ ਖੇਡਾਂ ਦਾ ਕੇਂਦਰ
ਹੋਵੇਗਾ ਅਤੇ ਅੱਧੇ ਹਾਲ ਦੀ ਉੱਪਰਲੀ ਗੈਲਰੀ ਵਿੱਚ ਦੇਸ਼ ਭਗਤਾਂ ਦੀਆਂ ਫੋਟੋ,
ਨਿਸ਼ਾਨੀਆਂ ਸਮੇਤ ਇਕ ਲਾਇਬਰੇਰੀ ਦਾ ਪ੍ਰਬੰਧ ਵੀ ਕੀਤਾ ਹੋਵੇਗਾ। ਨਾਲ ਹੀ ਕੁਸ਼ਤੀ
ਕਬੱਡੀ ਦੇ ਪ੍ਰਸਿੱਧ ਲਿਖਾਰੀ ਬਲਬੀਰ ਸਿੰਘ ਕੰਵਲ ਦੀ ਇੱਛਾ ਅਨੁਸਾਰ ਉਸ ਦੀ
ਕੁਲੈਕਸ਼ਨ ਦਾ 'ਪੰਜਾਬ ਹੈਰੀਟੇਜ਼ ਸਪੋਰਟਸ ਐਂਡ ਕਲਚਰਲ ਮਿਊਜ਼ੀਅਮ' ਵੀ ਬਣਾਉਣ ਦਾ
ਪੱਕਾ ਖਿਆਲ ਹੈ। ਜਿਸ ਵਿੱਚ ਕਬੱਡੀ, ਕੁਸ਼ਤੀ ਅਤੇ ਹੋਰ ਖੇਡਾਂ ਦੇ ਝੰਡਾਬਰਦਾਰ
ਖਿਡਾਰੀ ਦੇ ਕਾਰਨਾਮਿਆਂ ਦੀਆਂ ਨਿਸ਼ਾਨੀਆਂ ਹੋਣਗੀਆਂ। ਇਸ ਲਈ ਸ਼ਾਮ ਨੂੰ ਮੇਰਾ
ਨਕਸ਼ਾ ਨਵੀਸ ਸ. ਹਰੀ ਸਿੰਘ ਨਗਰ ਵਾਲਾ ਉਸ ਹਾਲ ਦਾ ਨਕਸ਼ਾ ਲੈ ਕੇ ਪਿੰਡ ਆ ਰਿਹਾ
ਹੈ। ਤੁਰਨ ਤੋ ਪਹਿਲਾਂ ਮੈਂ ਸੁਰਜਣ ਸਿੰਘ ਨੂੰ ਕਿਹਾ ਕਿ ਕੱਲ੍ਹ ਨੂੰ ਤੁਹਾਨੂੰ
ਪੁਰੇ ਤਿੰਨ ਵਜੇ ਢੀਂਡਸਾ ਸਾਹਿਬ ਦੀ ਕੋਠੀ ਚੰਡੀਗੜ੍ਹ ਮਿਲਾਂਗਾ।
ਮੇਰੀ ਮਜਬੂਰੀ ਨੂੰ ਅਨੁਭਵ ਕਰਦਾ ਹੋਇਆ ਉਹ ਮੰਨ ਗਿਆ ਅਤੇ ਆਪਣੇ ਡਰਾਈਵਰ ਨੂੰ
ਕਹਿਣ ਲੱਗਾ ਕਿ ਜਾ ਆਪਣੇ ਅੰਕਲ ਨੂੰ ਪਿੰਡ ਛੱਡ ਕੇ ਆ। ਪਿੰਡ ਪੁੱਜ ਕੇ ਸਵੇਰ
ਵਾਲੀ ਅਖ਼ਬਾਰ ਅਜੇ ਪੜ੍ਹਨ ਹੀ ਲੱਗਾ ਸੀ ਕਿ ਹਰੀ ਸਿੰਘ ਦੇ ਪਹੁੰਚਣ ਤੋਂ ਪਹਿਲਾਂ
ਹੀ ਭਾਣੋਕੀ ਵਾਲਾ ਰਾਣਾ, ਮੇਰਾ ਛੋਟਾ ਭਾਣਜਾ ਆ ਕੇ ਕਹਿਣ ਲੱਗਾ ਕਿ ਮਾਮਾ ਜੀ
ਤਿਆਰ ਹੋ ਜਾਉ, ਇੰਗਲੈਂਡ ਤੋਂ ਟੈਲੀਫੋਨ ਆਇਆ ਹੈ, ਇਸ ਲਈ ਹੁਣੇ ਹੀ ਦਿੱਲੀ
ਪੁੱਜਣਾ ਪੈਣਾ ਹੈ। ਜਦੋਂ ਮੈਂ ਵਜ੍ਹਾ ਪੁੱਛੀ ਤਾਂ ਕਹਿਣ ਲੱਗਾ ਕਿ ਹਰਜਿੰਦਰ
ਪੀਟਰ, ਸੁੱਖੀ ਅਤੇ ਮਾਮੀ ਜੀ ਦਾ ਕਾਰ ਐਕਸੀਡੈਂਟ ਹੋ ਗਿਆ ਹੈ। ਬੱਸ ਫਿਰ ਕੀ
ਸੀ, ਦਿੱਲੀ, ਲੰਡਨ ਅਤੇ ਉਥੋਂ ਸਿੱਧਾ ਬਰੈਸਟ, ਫਰੈਂਚੇ ਹਸਪਤਾਲ ਵਿੱਚ ਬੈਠਾ
ਸੋਚ ਰਿਹਾ ਹਾਂ ਕਿ ਕਿਸਮਤ ਦੇ ਨਜ਼ਾਰੇ ਵੀ ਨਿਆਰੇ ਹੀ ਹਨ ਕਿ 23 ਮਾਰਚ ਨੂੰ ਆਪਣੇ
ਮਹਿਬੂਬ ਖਿਡਾਰੀ ਹਰਜੀਤ ਬਰਾੜ ਦੇ ਆਖਰੀ ਦਰਸ਼ਨ ਵੀ ਨਾ ਹੋ ਸਕੇ।
ਇਕ ਗੱਲ ਲਿਖਣੀ ਭੁੱਲ ਗਿਆ ਕਿ ਜਿਹੜੀ ਸੀਤਲ ਸਿੰਘ ਢਿੱਲੋਂ ਨੇ ਦੂਜੇ ਦਿਨ
ਟੈਲੀਫੋਨ ਤੇ ਕਹੀ ਸੀ ਕਿ ਚੀਮਾ ਜੀ, ਹਰਜੀਤ ਕਬੱਡੀ ਦਾ ਚਿਰਾਗ ਸੀ ਜੋ ਬੁਝ ਗਿਆ।
ਨਹੀਂ, ਨਹੀਂ, ਇਹ ਗੱਲ ਨਹੀਂ। ਉਹ ਬੁਝਿਆ ਨਹੀਂ, ਬਲਕਿ ਉਸ ਦੀ ਖੇਡ ਦੇ ਕਾਰਨਾਮੇ
ਉਸ ਦੀ ਲੋਅ ਅਤੇ ਉਸ ਸ਼ਮ੍ਹਾ ਦੇ ਭਾਂਬੜ ਸਾਡੇ ਦਿਲੋ-ਦਿਮਾਗ ਵਿੱਚ ਹਮੇਸ਼ਾ ਹੀ
ਜਗਦੇ ਰਹਿਣਗੇ।
ਆਖਰ ਵਿੱਚ ਇਨ੍ਹਾਂ ਝਰੀਟਾਂ ਰਾਹੀਂ ਹਰਜੀਤ ਸਿੰਘ ਬਰਾੜ ਅਤੇ ਉਸ ਦੇ ਸਾਥੀਆਂ
ਨੂੰ ਸ਼ਰਧਾਂਜਲੀ ਭੇਂਟ ਕਰਦਾ ਹੋਇਆ, ਇਹ ਵਾਅਦਾ ਕਰਦਾ ਹਾਂ ਕਿ ਜਦੋਂ ਉਹ 'ਚੀਮਾ
ਹਾਲ' ਮੁਕੰਮਲ ਹੋ ਗਿਆ, ਤਾਂ ਉਸ ਵਿੱਚ ਇਨ੍ਹਾਂ ਕਬੱਡੀ ਦੇ ਹੀਰਿਆਂ ਦਾ ਇਕ
ਅਲੱਗ ਕਮਰਾ ਹੋਵੇਗਾ ਅਤੇ ਦਰਸ਼ਕਾਂ, ਪ੍ਰਬੰਧਕਾਂ ਅਤੇ ਖਿਡਾਰੀਆਂ ਨੂੰ ਵੀ ਅਪੀਲ
ਕਰਦਾ ਹਾਂ ਕਿ ਜੇ ਕਿਸੇ ਪਾਸ ਹਰਜੀਤ ਸਿੰਘ ਕਬੱਡੀ ਬਾਰੇ ਫੋਟੋ, ਵੀਡੀਓ ਫਿਲਮਾਂ
ਜਾਂ ਹੋਰ ਕਿਸੇ ਕਿਸਮ ਦੀ ਨਿਸ਼ਾਨੀ ਹੋਵੇ ਤਾਂ ਜ਼ਰੂਰ ਸੰਭਾਲ ਕੇ ਰੱਖੀ ਜਾਵੇ ਤਾਂ
ਕਿ ਉਹ ਬਲਵੀਰ ਸਿੰਘ 'ਕੰਵਲ' ਦੇ 'ਪੰਜਾਬ ਹੈਰੀਟੇਜ਼ ਮਿਊਜ਼ੀਅਮ' ਵਿੱਚ ਰੱਖੀਆਂ
ਜਾਣ।
'ਯਾਦਾਂ ਹਰਜੀਤ ਦੀਆਂ।'
|