Click here For English Version

ਜਰਖੜ ਤੇ ਢੁੱਡੀਕੇ ਦੇ ਖੇਡ ਮੇਲਿਆਂ ਦੀਆਂ ਰੌਣਕਾਂ

ਲੁਧਿਆਣੇ ਦੇ ਛੋਟੇ ਜਿਹੇ ਪਿੰਡ ਜਰਖੜ ਦੇ ਖੇਡ ਮੇਲੇ ਨੇ ਪਿਛਲੇ ਕੁਝ ਸਾਲਾਂ ਵਿਚ ਉਹ ਪੁਲਾਂਘਾਂ ਪੱਟੀਆਂ ਹਨ ਕਿ ਇਸ 'ਤੇ ਯਕੀਨ ਕਰਨਾ ਔਖਾ ਲਗਦਾ ਹੈ। ਪਿੰਡ ਦੇ ਨੌਜਵਾਨ ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ ਅਤੇ ਖੇਡ ਕਮੇਟੀ ਦੇ ਹੋਰਨਾਂ ਮੈਂਬਰਾਂ ਨਾਲ ਜੁੜੇ ਸਹਿਯੋਗੀ ਐਨ. ਆਰ. ਆਈਜ਼ ਅਤੇ ਇਧਰ ਬੈਠੇ ਦੋਸਤਾਂ ਦੀ ਨੇਕ ਕਮਾਈ ਵਿਚੋਂ ਨਿਕਲੇ ਦਸਵੰਧ ਸਦਕਾ ਇਥੇ ਖੇਡ ਮੈਦਾਨ ਪੱਕਾ ਹੋਇਆ, ਉਚੀ ਸਟੇਜ ਬਣੀ, ਹੇਠਾਂ ਦਫਤਰ ਅਤੇ ਫੋਟੋ ਗੈਲਰੀ ਬਣੀ, ਉਲੰਪਿਕ ਪੱਧਰ ਦੀਆਂ ਖੇਡਾਂ ਲਈ ਮੈਦਾਨ ਬਣੇ, ਸਿਕਸ ਏ ਸਾਈਡ ਐਸਟ੍ਰੋਟਰਫ ਪੰਜਾਬ ਸਰਕਾਰ ਤੋਂ ਆਈ ਅਤੇ ਖੇਡ ਕਮੇਟੀ ਨਾਲ ਜੁੜੇ ਸਹਿਯੋਗੀਆਂ ਸਦਕਾ ਲੱਗ ਕੇ ਤਿਆਰ ਵੀ ਹੋ ਗਈ। ਨਾਮਧਾਰੀਆਂ ਨੇ ਆਪਣੀ ਪੁਰਾਣੀ ਐਸਟ੍ਰੋਟਰਫ ਵੀ ਪਿੰਡ ਲਈ ਦਿੱਤੀ ਤੇ ਉਸ ਦੇ ਬੇਸ ਲਈ ਲੋੜੀਂਦਾ 45 ਲੱਖ ਦਾ ਖਰਚਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਸ ਵੇਲੇ ਦੇ ਗਏ ਜਦੋਂ ਉਹ ਖੇਡ ਮੈਦਾਨ ਵਿਚ ਉਲੰਪੀਅਨ ਪ੍ਰਿਥੀਪਾਲ ਸਿੰਘ ਅਤੇ ਸੁਰਜੀਤ ਸਿੰਘ ਦੇ ਆਦਮ ਕੱਦ ਬੁੱਤਾਂ ਦਾ ਉਦਘਾਟਨ ਕਰਨ ਆਏ। ਦਰਅਸਲ ਉਹ ਇਨ੍ਹਾਂ ਖੇਡਾਂ ਦੇ ਖੂਬਸੂਰਤ ਇਤਿਹਾਸ ਦਾ ਸਲਾਈਡ ਸ਼ੋਅ ਵੇਖਣ ਤੋਂ ਪ੍ਰਭਾਵਿਤ ਹੋਏ ਸਨ ਤੇ ਲੱਗਿਆ ਸੀ ਕਿ ਵਾਕਿਆ ਹੀ ਇਹ ਖੇਡ ਕਲੱਬ ਖੇਡਾਂ ਲਈ ਸੁਹਿਰਦ ਹੈ।


ਇਸ ਵਾਰ ਜਰਖੜ ਦੀਆਂ 24ਵੀਆਂ ਖੇਡਾਂ 22 ਤੋਂ 25 ਜਨਵਰੀ ਤੱਕ ਹੋਈਆਂ। ਇਨ੍ਹਾਂ ਖੇਡਾਂ ਵਿਚ ਚਾਹੇ ਪਾਕਿਸਤਾਨ ਦੇ ਲਾਇਲਪੁਰ ਤੋਂ ਭਾਰਤੀ ਕੁਸ਼ਤੀ ਸੰਘ ਨੇ ਬੇਨਾਮੀ ਜਿਹੀ ਟੀਮ ਮੰਗਵਾ ਕੇ ਇਥੇ ਭੇਜੀ। ਭਾਰਤ ਦੇ ਨਾਮ 'ਤੇ ਵੀ ਆਲਮਗੀਰ ਅਤੇ ਮੰਡੌੜ ਅਖਾੜਿਆਂ ਦੇ ਪਹਿਲਵਾਨ ਖੇਡੇ, ਪਰ ਭਾਰਤ ਪਾਕਿਸਤਾਨ ਦੀਆਂ ਕੁਸ਼ਤੀਆਂ ਦੇ ਨਾਮ 'ਤੇ ਇਕੱਠ ਵਾਹਵਾ ਜੁੜ ਗਿਆ।
ਮੁੰਡਿਆਂ ਦੀ ਹਾਕੀ, ਕੁੜੀਆਂ ਦੀ ਹਾਕੀ, ਹੈਂਡਬਾਲ, ਬਾਸਕਿਟਬਾਲ ਤੇ ਵਾਲੀਬਾਲ ਦੇ ਮੁਕਾਬਲਿਆਂ ਨੂੰ ਵੇਖਣ ਵਾਲੇ ਚਾਹੇ ਦਿਨੋ ਦਿਨ ਘਟਦੇ ਜਾਂਦੇ ਹਨ, ਪਰ ਖੇਡ ਮੇਲੇ ਵਿਚ ਕਬੱਡੀ ਦਾ ਤੜਕਾ ਲਾ ਦੇਈਏ ਤਾਂ ਇਕੱਠ ਵਾਹਵਾ ਜੁੜ ਜਾਂਦੇ ਹਨ। ਇਹ ਵਰਤਾਰਾ ਪੰਜਾਬ ਦੇ ਸਾਰੇ ਖੇਡ ਮੇਲਿਆਂ ਵਿਚ ਹੀ ਵੇਖਣ ਨੂੰ ਮਿਲਦਾ ਹੈ।
ਜਰਖੜ ਖੇਡਾਂ ਦੇ ਆਖਰੀ ਦਿਨ ਅਕੈਡਮੀਆਂ ਦੀ ਕਬੱਡੀ ਅਤੇ ਹਰਭਜਨ ਮਾਨ ਨੇ ਵਾਹਵਾ ਰੰਗ ਬੰਨ੍ਹਿਆਂ ਅਤੇ ਦੇਰ ਤੱਕ ਲੋਕਾਂ ਨੇ ਖੇਡਾਂ ਤੋਂ ਬਾਅਦ ਗੀਤਾਂ ਦਾ ਆਨੰਦ ਲਿਆ। ਹਰਭਜਨ ਮਾਨ ਨੇ ਆਪਣਾ ਵਾਅਦਾ ਨਿਭਾਇਆ ਅਤੇ ਇਸ ਵਾਰ ਵੀ ਬਗੈਰ ਕੋਈ ਪੈਸਾ ਲਿਓਂ ਆਪਣੇ ਗੀਤ ਪੇਸ਼ ਕਰਨ ਆਇਆ। ਸਾਫ ਸੁਥਰੀ ਗਾਇਕੀ ਦਾ ਉਹ ਅਲੰਬਰਦਾਰ ਹੈ ਅਤੇ ਉਹ ਇਸ ਗੱਲੋਂ ਖੁਸ਼ ਸੀ ਕਿ ਇਸ ਖੇਡ ਮੇਲੇ ਵਿਚ ਪਿੰਡ ਦੀਆਂ ਔਰਤਾਂ ਵੀ ਸ਼ਿਰਕਤ ਕਰਦੀਆਂ ਹਨ। ਸਾਫ ਸੁਥਰਾ ਖੇਡ ਮੇਲਾ, ਸਾਫ ਸੁਥਰੀ ਗਾਇਕੀ, ਸਾਫ ਸੁਥਰਾ ਮਾਹੌਲ। ਇਸ ਮੇਲੇ ਵਿਚ ਇਸ ਵਾਰ ਅੱਖ ਦੀ ਸੱਟ ਕਰਕੇ ਬਾਹਰ ਹੋਏ ਭਾਰਤੀ ਗੋਲ ਕੀਪਰ ਬਲਜੀਤ ਸਿੰਘ, ਭਾਰਤੀ ਹਾਕੀ ਦੀ ਕੁੜੀਆਂ ਦੀ ਕਪਤਾਨ ਸੁਰਿੰਦਰ ਕੌਰ, ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਅਤੇ ਜ਼ਿਲ੍ਹੇ ਦੇ ਖੇਡ ਕੋਚ ਰੁਪਿੰਦਰ ਰਵੀ ਨੂੰ ਸਨਮਾਨਿਤ ਕੀਤਾ ਗਿਆ।
ਇਵੇਂ ਹੀ ਪੰਜਾਬ ਦੇ ਸਭ ਤੋਂ ਪੁਰਾਣੇ ਮੇਲਿਆਂ ਵਿਚੋਂ ਇਕ ਮਾਲਵੇ ਦੇ ਮਸ਼ਹੂਰ ਪਿੰਡ ਢੁੱਡੀਕੇ ਦਾ 55ਵਾਂ ਖੇਡ ਮੇਲਾ ਪਿੰਡ ਦੇ ਕਾਲਜ ਦੇ ਸਟੇਡੀਅਮ ਵਿਚ ਹੋਇਆ। 26 ਤੋਂ 28 ਜਨਵਰੀ ਤੱਕ ਹਰ ਸਾਲ ਹੁੰਦੇ ਇਸ ਖੇਡ ਮੇਲੇ ਦਾ ਆਖਰੀ ਦਿਨ ਲਾਲਾ ਲਾਜਪਤ ਰਾਏ ਨੂੰ ਸਮਰਪਿਤ ਹੁੰਦਾ ਹੈ। ਇਨ੍ਹਾਂ ਖੇਡਾਂ ਦੀ ਖਾਸੀਅਤ ਇਹ ਹੈ ਕਿ ਇਸ ਮੇਲੇ ਸਦਕਾ ਨਾਲ ਦੇ ਕਈ ਪਿੰਡਾਂ ਦੀਆਂ ਪਿੰਡ ਵਾਰ ਹਾਕੀ ਦੀਆਂ ਟੀਮਾਂ ਵੀ ਬਣਦੀਆਂ ਹਨ। ਮੁਕਾਬਲਾ ਪਿੰਡ ਵਾਰ ਹਾਕੀ ਦਾ ਹੁੰਦਾ ਹੈ। ਇਸ ਵਾਰ ਦੇ ਖੇਡ ਮੇਲੇ ਵਿਚ੍ਹ ਵੀ ਹਾਕੀ, ਪਿੰਡ ਵਾਰ ਕਬੱਡੀ, ਅਕੈਡਮੀਆਂ ਦੀ ਕਬੱਡੀ, ਰੱਸਾਕਸ਼ੀ, ਬੈਲਗੱਡੀਆਂ ਦੀਆਂ ਦੌੜਾਂ ਅਤੇ ਵਿਦਿਆਰਥੀਆਂ ਵਿਚ ਸਭਿਆਚਾਰਕ ਮੁਕਾਬਲੇ ਕਰਵਾਏ ਗਏ। ਪਿੰਡ ਦੇ ਬਹੁਤੇ ਟੱਬਰਾਂ ਦਾ ਕੋਈ ਨਾ ਕੋਈ ਲੜ ਸਿਰਾ ਵਿਦੇਸ਼ ਨਾਲ ਜੁੜਿਆ ਹੈ ਅਤੇ ਹਰ ਵਰ੍ਹੇ ਇਸ ਖੇਡ ਮੇਲੇ ਦੇ ਦਿਨਾਂ ਨੂੰ ਮੁੱਖ ਰੱਖਦਿਆਂ ਬਾਹਰੋਂ ਕਾਫੀ ਗਿਣਤੀ ਵਿਚ ਐਨ. ਆਰ. ਆਈਜ਼ ਆਪਣੇ ਪਰਿਵਾਰਾਂ ਸਣੇ ਵਿਸ਼ੇਸ਼ ਤੌਰ 'ਤੇ ਇਕੱਠੇ ਹੁੰਦੇ ਹਨ। ਇਸ ਵਾਰ ਵੀ ਵੈਨਕੂਵਰ ਤੋਂ ਸ. ਖੁਸ਼ਹਾਲ ਸਿੰਘ ਦੇ ਪਰਿਵਾਰ ਦੇ ਬਲਵਿੰਦਰ ਬਿੰਦੀ, ਅਮਰੀਕਾ ਤੋਂ ਜਗਜੀਤ ਸਿੰਘ ਰਾਣਾ, ਨਛੱਤਰ ਸਿੰਘ ਕਨੇਡੀਅਨ, ਨਾਰਥ ਵੈਸਟ ਇੰਜਨੀਅਰਿੰਗ ਕਾਲਜ ਦੇ ਡਾਇਰਕੈਟਰ ਲਖਵੀਰ ਸਿੰਘ, ਡਾ. ਗੁਰਚਰਨ ਸਿੰਘ ਅਮਰੀਕਾ, ਅਜੀਤ ਸਿੰਘ ਸਰਾਂ ਕਨੇਡਾ, ਨਿਰਮਲ ਸਿੰਘ ਕਨੇਡਾ, ਗੁਰਮੇਲ ਨਾਰੰਗ, ਗੁਰਦੇਵ ਸਿੰਘ ਕਨੇਡੀਅਨ ਤੇ ਕਈ ਹੋਰ ਪੇਂਡੂ ਪਹੁੰਚੇ ਹੋਏ ਸਨ ਅਤੇ ਵਤਨ ਦੀ ਨਿੱਘੀ ਧੁੱਪ ਦਾ ਆਨੰਦ ਕਬੱਡੀ ਦੇ ਮੈਚਾਂ ਦਾ ਪੜੇਥਣ ਲਾ ਲਾ ਕੇ ਮਾਣ ਰਹੇ ਦਿਸੇ।

ਖੇਡ ਕਮੇਟੀ ਵਿਚ ਪਿਛਲੀ ਵਾਰ ਤੋਂ ਨੌਜਵਾਨ ਅੱਗੇ ਆਏ ਹਨ ਅਤੇ ਮਾ. ਗੁਰਚਰਨ ਸਿੰਘ, ਜਗਤਾਰ ਸਿੰਘ ਧਾਲੀਵਾਲ ਸਰਪੰਚ, ਦਿਲਰਾਜ ਬੱਲੂ, ਰਣਜੀਤ ਸਿੰਘ ਧੰਨਾ, ਨਿਰਮਲ ਰਾਜੂ, ਹਰਪਾਲ ਸਿੰਘ, ਨਛੱਤਰ ਸਿੰਘ ਛੱਤੀ, ਜਸਦੀਪ ਗੈਰੀ, ਗੁਰਪ੍ਰੀਤ ਸਿੰਘ ਵਰਗੇ ਉਦਮੀ ਖੇਡਾਂ ਦਾ ਕੰਮ ਜਸਵੰਤ ਸਿੰਘ ਕੰਵਲ ਹੋਰਾਂ ਦੇ ਥਾਪੜੇ ਨਾਲ ਹੋਰ ਅਗਾਂਹ ਲਿਜਾਣ ਲਈ ਪ੍ਰੋਗਰਾਮ ਉਲੀਕ ਰਹੇ ਹਨ।
ਖੇਡਾਂ ਦੇ ਆਖਰੀ ਦਿਨ ਉਚੇਚੇ ਤੌਰ 'ਤੇ ਇਸੇ ਪਿੰਡ ਵਿਚ ਤੀਹ ਸਾਲ ਪ੍ਰੋਫੈਸਰੀ ਕਰਕੇ ਗਏ ਉਘੇ ਖੇਡ ਲੇਖਕ ਪ੍ਰੋ. ਸਰਵਣ ਸਿੰਘ ਢੁੱਡੀਕੇ ਅਤੇ ਇਸੇ ਪਿੰਡ ਦੇ ਮਸ਼ਹੂਰ ਡਾ. ਜੀਵਾ ਸਿੰਘ ਦੇ ਪੋਤੇ ਤੇ ਸ. ਕ੍ਰਿਪਾਲ ਸਿੰਘ ਦੇ ਪੁੱਤਰ ਪ੍ਰੋ. ਕੰਵਲਜੀਤ ਸਿੰਘ ਢੁੱਡੀਕੇ ਨੂੰ ਉਨ੍ਹਾਂ ਵਲੋਂ ਦੇਸ਼ ਵਿਦੇਸ਼ ਦੇ ਮੀਡੀਆ ਵਿਚ ਖਬਰਾਂ, ਰਿਪੋਰਟਾਂ, ਆਪਣੇ ਕਾਲਮਾਂ ਅਤੇ ਫੋਟੋ ਕਲਾਕ੍ਰਿਤਾਂ ਰਾਹੀਂ ਯੋਗਦਾਨ ਪਾਉਣ ਬਦਲੇ ਸਲਾਨਾ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ।
ਇਹ ਦੋਹੇਂ ਪਿੰਡਾਂ ਦੀਆਂ ਖੇਡਾਂ ਨੇ ਇਸ ਵਾਰ ਅਸਲੀ ਖੇਡ ਮੇਲਿਆਂ ਵਾਲੀ ਰੰਗਤ ਦੀ ਖੁਸ਼ਬੋ ਫੈਲਾਈ ਹੈ। ਹੋਰਨਾਂ ਖੇਡ ਮੇਲਿਆਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ।