Click here For English Version

ਸਿੰਗਾਪੁਰ ਖੇਡਾਂ ਵਿਚ ਜਲਦੀ ਹੀ ਇਕ ਉਭਰਵਾਂ ਨਾਮ ਹੋਵੇਗਾ-ਸ. ਕੁਲਦੀਪ ਸਿੰਘ ਡਿਪਟੀ ਪ੍ਰਧਾਨ, ਸਿੰਗਾਪੁਰ ਹਾਕੀ ਫੈਡਰੇਸ਼ਨ

 

ਸਿੰਗਾਪੁਰ ਹਾਲੇ ਖੇਡਾਂ ਦੇ ਖੇਤਰ ਵਿਚ ਇਕ ਉਭਰਦਾ ਨਾਮ ਹੈ। ਇਥੇ ਖੇਡਾਂ ਬਾਰੇ ਬੁਨਿਆਦੀ ਢਾਂਚੇ ਨੂੰ ਕਾਫੀ ਪੈਸਾ ਖਰਚ ਕੇ ਬਣਾਇਆ ਜਾ ਰਿਹਾ ਹੈ। ਸਾਰੇ ਤਰ੍ਹਾਂ ਦੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਦੁਨੀਆ ਦੀਆਂ ਬਿਹਤਰੀਨ ਸਹੂਲਤਾਂ ਵਾਲੇ ਖੇਡ ਮੈਦਾਨ ਬਣਾਏ ਜਾ ਰਹੇ ਹਨ। ਸਿੰਗਾਪੁਰ ਹਾਕੀ ਦੀ ਵਾਗਡੋਰ ਸਿੰਗਾਪੁਰ ਹਾਕੀ ਫੈਡਰੇਸ਼ਨ ਦੇ ਡਿਪਟੀ ਪ੍ਰਧਾਨ ਸ. ਕੁਲਦੀਪ ਸਿੰਘ ਦੇ ਹੱਥ ਵਿਚ ਹੈ। ਉਹ ਸਿੰਗਾਪੁਰ ਦੀ ਪੁਲਿਸ ਵਿਚ ਡਿਪਟੀ ਅਸਿਸਟੈਂਟ ਕਮਿਸ਼ਨਰ ਦੇ ਅਹੁਦੇ ਤਾਇਨਾਤ ਹਨ ਅਤੇ ਸਿੰਗਾਪੁਰ ਵਿਚ ਹਾਕੀ ਨੂੰ ਹਰਮਨ ਪਿਆਰਾ ਬਨਾਉਣ ਵਿਚ ਇਸ ਮਹਾਨ ਪੰਜਾਬੀ ਦਾ ਬਹੁਤ ਵੱਡਾ ਹੱਥ ਹੈ। ਸ. ਕੁਲਦੀਪ ਸਿੰਘ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਬ੍ਰਹਮਪੁਰਾ ਵਿਚ 1955 ਵਿਚ ਹੋਇਆ ਸੀ ਅਤੇ ਇਸ ਤੋਂ ਬਾਅਦ ਉਹ ਸਿੰਗਾਪੁਰ ਚਲੇ ਗਏ।
ਜੂਨੀਅਰ ਵਿਸ਼ਵ ਕੱਪ ਹਾਕੀ ਦੀ ਕਵਰੇਜ਼ ਕਰਨ ਮੌਕੇ ਉਨ੍ਹਾਂ ਦੇ ਨਾਲ ਖੁੱਲ੍ਹੀਆਂ ਗੱਲਾਂ ਕਰਨ ਦਾ ਮੌਕਾ ਮਿਲਿਆ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਮੁਲਕ ਵਿਚ ਆ ਕੇ ਵੀ ਉਨ੍ਹਾਂ ਨੇ ਹਾਕੀ ਪਿਆਰ ਨਹੀਂ ਛੱਡਿਆ ਅਤੇ ਸਿੰਗਾਪੁਰ ਦੀ ਹਾਕੀ ਫੈਡਰੇਸ਼ਨ ਨਾਲ ਜੁੜਨ ਪਿੱਛੇ ਕਿਹੜੇ ਕਾਰਣ ਹਨ, ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬੀ ਹੋਣ ਦੇ ਨਾਤੇ ਜਿਵੇਂ 90 ਫੀਸਦੀ ਪੰਜਾਬੀਆਂ ਦੇ ਖੂਨ ਅੰਦਰ ਹੀ ਖੇਡਾਂ ਅਤੇ ਹਾਕੀ ਲਈ ਪਿਆਰ ਪਾਇਆ ਜਾਂਦਾ ਹੈ, ਉਵੇਂ ਹੀ ਉਨ੍ਹਾਂ ਨੂੰ ਵੀ ਖੇਡਾਂ ਨਾਲ ਪਿਆਰ ਹੈ। ਖਾਸ ਕਰਕੇ ਹਾਕੀ ਨਾਲ। ਦੂਸਰਾ ਸਿੰਗਾਪੁਰ ਹਾਕੀ ਫੈਡਰੇਸ਼ਨ ਦੀ ਪ੍ਰਧਾਨ ਮਿਸ਼ਜ਼. ਐਨਾਬਿਲ ਪੈਨਫਾਦਰ ਡਿਲਨ ਹਾਕੀ ਖੇਡਦੇ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਦਿੰਦੇ ਹਨ ਅਤੇ ਇਹੀ ਇਥੇ ਹਾਕੀ ਨੂੰ ਹਰਮਨ ਪਿਆਰਾ ਬਨਾਉਣ ਲਈ ਮੁੱਖ ਭੂਮਿਕਾ ਨਿਭਾਉਂਦਾ ਹੈ। ਸਿੰਗਾਪੁਰ ਦੀ ਹਾਕੀ ਫੈਡਰੇਸ਼ਨ ਦੀ ਉਥੋਂ ਖੇਡ ਕੌਂਸਲ ਦੇ ਹੇਠਾਂ ਕੰਮ ਕਰਦੀ ਹੈ ਅਤੇ ਇਸ ਦਾ ਪ੍ਰਬੰਧ ਆਜ਼ਾਦ ਤੋਂ 'ਤੇ ਸਿੰਗਾਪੁਰ ਦੇ ਖੇਡ ਮੰਤਰਲਾਯ ਕੋਲ ਹੈ।
ਸ. ਕੁਲਦੀਪ ਸਿੰਘ ਨੇ ਦੱਸਿਆ ਕਿ ਸਿੰਗਾਪੁਰ ਵਿਚ 38 ਹਾਕੀ ਦੀਆਂ ਕਲੱਬਾਂ ਅਤੇ ਐਸੋਸੀਏਸ਼ਨਾਂ ਬਣੀਆਂ ਹੋਈਆਂ ਹਨ, ਜਿਨ੍ਹਾਂ ਵਿਚੋਂ ਸਿੰਗਾਪੁਰ ਰੀਕਰੀਏਸ਼ਨ ਕਲੱਬ, ਸਿੰਗਾਪੁਰ ਖਾਲਸਾ ਐਸੋਸੀਏਸ਼ਨ, ਸਿੰਗਾਪੁਰ ਇੰਡੀਆ ਐਸੋਸੀਏਸ਼ਨ, ਸਿੰਗਾਪੁਰ ਪੁਲਿਸ ਸਪੋਰਟਸ ਐਸੋਸੀਏਸ਼ਨ, ਸਿਲੋਨ ਸਪੋਰਟਸ ਕਲੱਬ, ਕਰੀਸੈਂਟ ਹਾਕੀ ਕਲੱਬ, ਸਿੰਗਾਪੁਰ ਸਕੂਲ ਸਪੋਰਟਸ ਕੌਂਸਲ ਵਰਗੀਆਂ ਸੰਸਥਾਵਾਂ ਉਘਾ ਯੋਗਦਾਨ ਪਾ ਰਹੀਆਂ ਹਨ ਅਤੇ ਇਨ੍ਹਾਂ ਸਦਕਾ ਹਾਕੀ ਦੀ ਖੇਡ ਨੂੰ ਸਿੰਗਾਪੁਰ ਦੇ ਬੱਚੇ ਬੜੇ ਚਾਅ ਨਾਲ ਅਪਣਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਖੇਡ ਮੰਤਰਲਾਯ ਨੇ ਤਿੰਨ ਪੱਧਰੀ ਨੀਤੀਆਂ ਬਣਾਈਆਂ ਹਨ, ਜਿਨ੍ਹਾਂ ਦੇ ਤਹਿਤ ਹਾਕੀ ਦੀ ਵਰਗ ਵੰਡ ਕੀਤੀ ਗਈ ਹੈ।
ਪਹਿਲਾਂ ਲੈਵਲ ਪ੍ਰਾਇਮਰੀ ਪੱਧਰ ਦਾ ਹੈ, ਜਿਸ ਵਿਚ ਸਕੂਲ ਦੇ ਬੱਚਿਆਂ ਨੂੰ ਹਾਸੇ ਖੇਡੇ ਵਿਚ ਸ਼ੁਗਲੀ ਤੌਰ 'ਤੇ ਇਸ ਖੇਡ ਨਾਲ ਮੋਹ ਪਵਾਇਆ ਜਾਂਦਾ ਹੈ। ਅਸੀਂ ਇਸ ਨੂੰ ਲਾਗੂ ਕਰਨ ਲਈ ਅਲੱਗ ਅਲੱਗ ਸਕੂਲਾਂ ਨਾਲ ਰਾਫਤਾ ਕਰ ਰਹੇ ਹਾਂ। ਮੁਕਾਬਲੇ ਵੀ ਕਰਵਾ ਰਹੇ ਹਾਂ ਅਤੇ ਸਾਨੂੰ ਮਾਣ ਹੈ ਕਿ 30 ਸਕੂਲਾਂ ਦੀਆਂ ਟੀਮਾਂ ਇਸ ਉਦਮ ਸਦਕਾ ਹਾਕੀ ਦੇ ਮੈਦਾਨ ਵਿਚ ਆ ਗਈਆਂ ਹਨ। ਸਕੂਲ ਆਪਣੇ ਤੌਰ 'ਤੇ ਹਾਕੀ ਗਰਾਊਂਡ ਵੀ ਬਣਾ ਰਹੇ ਹਨ।
ਦੂਸਰੇ ਲੈਵਲ 'ਤੇ ਹਾਇਰ ਸੈਕੰਡਰੀ ਤੱਕ ਦੀ ਪੜ੍ਹਾਈ ਕਰਨ ਵਾਲੇ ਚੁਣੇ ਹੋੲੈ ਖਿਡਾਰੀਆਂ ਨੂੰ 14, 16,18 ਅਤੇ 21 ਸਾਲ ਤੋਂ ਉਮਰ ਵਰਗਾਂ ਵਿਚ ਵੰਡ ਕੇ ਉਨ੍ਹਾਂ ਲਈ ਵਧੀਆ ਟ੍ਰੇਨਿੰਗ ਵਾਲੇ ਵਿਦੇਸ਼ੀ ਕੋਚ ਲਗਾਏ ਜਾਣਗੇ ਅਤੇ ਉਨ੍ਹਾਂ ਦੀ ਹਾਕੀ ਕਲਾ ਨੂੰ ਹੋਰ ਨਿਖਾਰਿਆ ਜਾਵੇਗਾ। ਸਕੂਲ ਪੱਧਰ 'ਤੇ ਟੂਰਨਾਮੈਂਟ ਕਰਵਾ ਕੇ ਮੁਕਾਬਲੇ ਦੀ ਭਾਵਨਾ ਪੈਦਾ ਕੀਤੀ ਜਾਵੇਗੀ।
ਤੀਸਰਾ ਲੈਵਲ ਐਲੀਟ ਯਾਂਨੀ ਸਰਵਉਚ ਲੈਵਲ ਹੋਵੇਗਾ, ਜਿਥੋਂ ਦੂਜੇ ਲੈਵਲ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਚੁਣੇ ਖਿਡਾਰੀਆਂ 'ਚੋਂ ਰਾਸ਼ਟਰੀ ਟੀਮ ਤਿਆਰ ਕੀਤੀ ਜਾਵੇਗੀ। ਸ. ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਖੇਡ ਮੰਤਰਾਲਾ ਪੈਸੇ ਦੀ ਘਾਟ ਨਹੀਂ ਹੋਣ ਦਿੰਦਾ ਅਤੇ ਸਿੰਗਾਪੁਰ ਖੇਡ ਕੌਂਸਲ ਹਰੇਕ ਫੈਡਰੇਸ਼ਨ ਦਾ ਮੁਲਾਂਕਣ ਕਰੇਗੀ ਅਤੇ ਇਸ ਗੱਲ ਨੂੰ ਯਕੀਨੀ ਬਣਾਵੇਗੀ ਕਿ ਹਰੇਕ ਫੈਡਰੇਸ਼ਨ ਆਪਣੇ ਮਿੱਥੇ ਹੋਏ ਟੀਚਿਆਂ ਨੂੰ ਪੂਰਾ ਕਰ ਰਹੀ ਹੈ ਜਾਂ ਨਹੀਂ।
ਭਾਰਤੀ ਹਾਕੀ ਦੀ ਦੁਰਦਸ਼ਾ ਬਾਰੇ ਸਾਰੇ ਪੰਜਾਬੀਆਂ ਵਾਂਗ ਕੁਲਦੀਪ ਸਿੰਘ ਹੁਰਾਂ ਨੂੰ ਵੀ ਬੜਾ ਦੁੱਖ ਹੈ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਮੌਜੂਦਾ ਢਾਂਚੇ ਤਹਿਤ ਆਪਣੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਭਾਰਤ ਫਿਰ ਤੋਂ ਗੁਆਚੀ ਹੋਈ ਸ਼ਾਨ ਨੂੰ ਪ੍ਰਾਪਤ ਕਰ ਲਵੇਗਾ। ਹਾਲੇ ਵੀ ਭਾਰਤ ਦੇ ਮੈਚਾਂ ਦੌਰਾਨ ਲੋਕਾਂ ਦਾ ਉਤਸ਼ਾਹ ਵੇਖਣ ਵਾਲਾ ਹੁੰਦਾ ਹੈ।
ਸਿੰਗਾਪੁਰ ਵਿਚ ਖੇਡ ਸਭਿਆਚਾਰ ਲਿਆਉਣ ਵਾਲੀਆਂ ਸ਼ਖਸੀਅਤਾਂ ਵਿਚੋਂ ਸ. ਕੁਲਦੀਪ ਸਿੰਘ ਦਾ ਨਾਮ ਵਿਸ਼ੇਸ਼ ਸਤਿਕਾਰ ਨਾਲ ਲਿਆ ਜਾਂਦਾ ਹੈ। ਉਨ੍ਹਾਂ ਦਾ ਟੀਚਾ ਹੀ ਜਲਦੀ ਜੂਨੀਅਰ ਉਲੰਪਿਕਸ ਕਰਾਉਣ ਦੇ ਨਾਲ ਨਾਲ ਆਉਂਦੇ ਸਮੇਂ ਵਿਚ ਦੁਨੀਆ ਦੇ ਵੱਡੇ ਟੂਰਨਾਮੈਂਟ ਸਿੰਗਾਪੁਰ ਵਿਚ ਕਰਵਾਉਣਾ ਹੈ। ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਿੰਗਾਪੁਰ ਹਾਕੀ ਫੈਡਰੇਸ਼ਨ ਸਣੇ ਹੋਰ ਖੇਡਾਂ ਲਈ ਬਣੀਆਂ ਫੈਡਰੇਸ਼ਨਾਂ ਵੀ ਇਸੇ ਤਰਜ਼ 'ਤੇ ਕੰਮ ਕਰ ਰਹੀਆਂ ਹਨ ਅਤੇ ਇਸ ਲਈ ਵੱਡੀਆਂ ਕੰਪਨੀਆਂ ਅਤੇ ਅਦਾਰਿਆਂ ਤੋਂ ਵਿੱਤੀ ਸਹਾਇਤਾ ਵੀ ਲਈ ਜਾ ਰਹੀ ਹੈ।

 

 

 

 

ਹਰਮੇਲ ਸਿੰਘ ਕਾਲਾ
94173-28002