|
ਭਾਰਤੀ ਹਾਕੀ
ਨੂੰ ਸੁਧਾਰਨਾ ਹੈ ਤਾਂ ਸਹੀ ਖਿਡਾਰੀ ਚੁਣੇ ਜਾਣੇ ਚਾਹੀਦੇ ਹਨ : ਭਾਰਤੀ ਹਾਕੀ
ਕੋਚ ਬਰਾਸਾ |
|
|
ਪਿਛਲੇ ਦਿਨੀਂ ਸਿੰਗਾਪੁਰ ਅਤੇ
ਮਲੇਸ਼ੀਆ ਵਿਚ ਹੋਏ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੀ ਕਵਰੇਜ਼ ਕਰਨ ਲਈ ਪੰਜਾਬ
ਸਪੋਰਟਸ ਡਾਟ ਕਾਮ ਵਲੋਂ ਮੈਨੂੰ ਸਿੰਗਾਪੁਰ ਜਾਣ ਦਾ ਮੌਕਾ ਮਿਲਿਆ ਤਾਂ ਉਥੇ ਭਾਰਤੀ
ਹਾਕੀ ਟੀਮ ਦੇ ਚੀਫ ਕੋਚ ਵਜੋਂ ਤਾਇਨਾਤ ਕੀਤੇ ਗਏ ਸਪੇਨ ਦੇ ਜੇ. ਐਮ. ਬਰਾਸਾ ਦੇ ਨਾਲ
ਗੱਲਬਾਤ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਹਾਕੀ ਨੂੰ ਬਹੁਤ
ਸਾਰੀਆਂ ਚੁਣੌਤੀਆਂ ਪੇਸ਼ ਹਨ ਅਤੇ ਇਨ੍ਹਾਂ ਨੂੰ ਦੂਰ ਕਰਨਾ ਕੋਈ ਸੁਖਾਲਾ ਕੰਮ ਨਹੀਂ,
ਪਰ ਬਰਾਸਾ ਨੂੰ ਪੂਰਨ ਵਿਸ਼ਵਾਸ ਹੈ ਕਿ ਉਹ ਇਨ੍ਹਾਂ ਉਪਰ ਕਾਬੂ ਪਾ ਲਵੇਗਾ। ਉਸ ਦੇ
ਖੇਡ ਜੀਵਨ ਦੀਆਂ ਪ੍ਰਾਪਤੀਆਂ ਸਦਕਾ ਉਤਸ਼ਾਹ ਵਿਚ ਦਿਸਦੇ ਬਰਾਸਾ ਦਾ ਕਹਿਣਾ ਹੈ ਕਿ ਉਹ
ਆਪਣੇ ਟੀਚੇ ਵਿਚ ਜ਼ਰੂਰ ਸਫਲ ਹੋਵੇਗਾ।
ਚਾਰ ਦੇਸ਼ਾਂ ਦਾ ਟੂਰਨਾਮੈਂਟ ਖੇਡਣ ਜਾ ਰਹੀ ਭਾਰਤ ਦੀ ਮੌਜੂਦਾ ਹਾਕੀ ਟੀਮ ਵਿਚ ਉਨ੍ਹਾਂ
ਨੇ ਕਈ ਤਬਦੀਲੀਆਂ ਕੀਤੀਆਂ ਹਨ ਅਤੇ ਸਿਰਫ ਦੋ ਡਿਫੈਂਡਰ ਖਿਡਾਰੀ ਹੀ ਸ਼ਾਮਲ ਕੀਤੇ ਹਨ
ਅਤੇ ਬਾਕੀ ਖਿਡਾਰੀਆਂ ਨੂੰ ਮੈਚ ਦੌਰਾਨ ਸਾਰੀਆਂ ਥਾਂਵਾਂ 'ਤੇ ਖੇਡਣ ਲਈ ਤਿਆਰ ਕਰਨਾ
ਵੀ ਬਰਾਸਾ ਦੀ ਨੀਤੀ ਹੈ। ਸੰਦੀਪ ਸਿੰਘ ਦੀ ਕਪਤਾਨੀ ਵਿਚ ਉਨ੍ਹਾਂ ਨੇ ਭਰੋਸਾ ਦਿਖਾਇਆ
ਹੈ, ਪਰ ਸਾਬਕਾ ਕਪਤਾਨ ਦਿਲੀਪ ਟਿਰਕੀ ਨੂੰ ਸੱਟ ਫੇਟ ਕਰਕੇ ਟੀਮ ਵਿਚ ਸ਼ਾਮਲ ਨਹੀਂ
ਕੀਤਾ ਗਿਆ। ਉਨ੍ਹਾਂ ਨਾਲ ਕੀਤੀ ਗਈ ਇੰਟਰਵਿਊ ਦੇ ਆਧਾਰ 'ਤੇ ਉਨ੍ਹਾਂ ਦੀਆਂ ਨੀਤੀਆਂ
ਬਾਰੇ ਕਾਫੀ ਕੁਝ ਜਾਨਣ ਨੂੰ ਮਿਲਿਆ।

ਉਨ੍ਹਾਂ ਦਾ ਮੰਨਣਾ ਹੈ ਕਿ ਸਾਡਾ ਬੀਤਿਆ ਸਮਾਂ ਸਾਡੇ ਅੱਜ ਦੀ ਤਰਜਮਾਨੀ ਕਰਦਾ ਹੈ ਅਤੇ
ਸਾਡਾ ਮੌਜੂਦਾ ਸਮਾਂ ਭਵਿੱਖ ਬਾਰੇ ਦੱਸਦਾ ਹੈ। ਭਾਰਤੀ ਹਾਕੀ ਟੀਮ ਦਾ ਬੀਤਿਆ ਹੋਇਆ
ਸਮਾਂ ਸੁਨਹਿਰੀ ਯੁੱਗ ਸੀ ਅਤੇ ਮੌਜੂਦਾ ਸਮੇਂ ਵਿਚ ਇੰਨੀ ਮਾੜੇ ਹਾਕੀ ਢਾਂਚੇ ਅਤੇ
ਪ੍ਰਬੰਧਾਂ ਦੇ ਬਾਵਜੂਦ ਵੀ ਭਾਰਤੀ ਟੀਮ ਅਜੇ ਜਿਉਂਦੀ ਹੈ। ਮੌਜੂਦਾ ਸਮੇਂ ਦੌਰਾਨ ਕੁਝ
ਸਖਤ ਕਦਮ ਚੁੱਕ ਲਏ ਜਾਣ ਤਾਂ ਭਾਰਤੀ ਹਾਕੀ ਟੀਮ ਫਿਰ ਤੋਂ ਸੁਨਹਿਰੀ ਯੁੱਗ ਵੱਲ
ਪਰਤੇਗੀ ਅਤੇ ਮੈਨੂੰ ਇਸ ਦੀ ਪੂਰੀ ਆਸ ਹੈ।
ਉਨ੍ਹਾਂ ਵਲੋਂ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਮੈਂ
ਖੇਡ ਦੇ ਵੱਖ ਵੱਖ ਪਹਿਲੂਆਂ ਉਤੇ ਵੱਖ ਵੱਖ ਤਰੀਕਿਆਂ ਨਾਲ ਫੈਸਲੇ ਲਵਾਂਗਾ। ਪਹਿਲੇ
ਕਦਮ ਵਜੋਂ ਭਾਰਤ ਵਿਚ ਜ਼ਿਆਦਾ ਥਾਂਵਾਂ 'ਤੇ ਐਸਟ੍ਰੋਟਰਫ ਲਗਾਉਣ ਦੇ ਨਾਲ ਨਾਲ ਬੁਨਿਆਦੀ
ਢਾਂਚੇ ਨੂੰ ਹੋਰ ਮਜਬੂਤ ਕੀਤਾ ਜਾਵੇਗਾ। ਭਾਰਤ ਕੋਲ ਇਸ ਵੇਲੇ 20 ਤੋਂ ਵੀ ਘੱਟ ਚੰਗੇ
ਮੈਦਾਨ ਹਨ ਜਦਕਿ ਹਾਲੈਂਡ ਵਰਗੇ ਮੁਲਕ ਵਿਚ ਇਨ੍ਹਾਂ ਦੀ ਗਿਣਤੀ ਇਸ ਤੋਂ 20 ਗੁਣਾ
ਹੈ। ਉਨ੍ਹਾਂ ਨੇ ਇਸ ਬਾਰੇ ਖੇਡ ਮੰਤਰੀ ਮਨੋਹਰ ਸਿੰਘ ਗਿੱਲ ਤੋਂ ਭਰੋਸਾ ਵੀ ਲੈ ਲਿਆ
ਹੈ। ਉਨ੍ਹਾਂ ਨੂੰ ਆਸ ਹੈ ਕਿ ਇਹ ਛੇਤੀ ਹੀ ਪੂਰਾ ਹੋ ਜਾਵੇਗਾ। ਦੂਸਰਾ ਕਦਮ ਅੰਤਰ
ਰਾਸ਼ਟਰੀ ਪੱਧਰ ਦੇ ਮਿਆਰ 'ਤੇ ਨਾ ਉਤਰਨ ਵਾਲੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦੁਆ ਕੇ
ਨਵੇਂ ਅਤੇ ਉਭਰਦੇ ਖਿਡਾਰੀਆਂ ਨੂੰ ਟੀਮ ਵਿਚ ਸ਼ਾਮਲ ਕਰਨਾ ਹੋਵੇਗਾ। ਬਰਾਸਾ ਮੁਤਾਬਿਕ
ਟੀਮ ਦੇ ਕੋਚ ਨੂੰ ਖਿਡਾਰੀ ਚੁਨਣ ਵਿਚ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ ਅਤੇ ਇਹ ਨਹੀਂ
ਸੋਚਣਾ ਚਾਹੀਦਾ ਕਿ ਖਿਡਾਰੀ ਭਾਰਤ ਦੇ ਕਿਹੜੇ ਖਿੱਤੇ ਵਿਚੋਂ ਆਇਆ ਹੈ। ਸਹੀ ਖੇਡਣ
ਵਾਲੇ ਖਿਡਾਰੀ ਨੂੰ ਹੀ ਟੀਮ ਵਿਚ ਜਗ੍ਹਾ ਮਿਲਣੀ ਚਾਹੀਦੀ ਹੈ। ਜਦਕਿ ਤੁਹਾਨੂੰ ਪਤਾ
ਹੀ ਹੈ ਕਿ ਭਾਰਤੀ ਖਿਡਾਰੀਆਂ ਦੀ ਚੋਣ ਵੇਲੇ ਕੋਚ ਅਕਸਰ ਹੀ ਆਪਣੇ ਮਹਿਕਮੇ ਦੇ ਕੱਚੇ
ਪਿਲੇ ਖਿਡਾਰੀਆਂ ਨੂੰ ਵੀ ਸ਼ਾਮਲ ਕਰ ਲੈਂਦਾ ਹੈ ਅਤੇ ਹੋਰਨਾਂ ਵਧੀਆ ਖਿਡਾਰੀਆਂ ਨੂੰ
ਵੀ ਬਾਹਰ ਬਿਠਾ ਦਿੰਦਾ ਹੈ। ਤੁਹਾਨੂੰ ਯਾਦ ਹੀ ਹੋਣਾ ਹੈ ਕਿ ਮੌਜੂਦਾ ਹਾਕੀ ਕਪਤਾਨ
ਸੰਦੀਪ ਸਿੰਘ ਨੂੰ ਵੀ ਹਾਕੀ ਵਿਚ ਵਧੀਆ ਪ੍ਰਦਰਸ਼ਨ ਕਰਨ ਅਤੇ ਬੈਸਟ ਸਕੋਰਰ ਵਰਗੇ
ਖਿਤਾਬ ਨਾਲ ਨਿਵਾਜੇ ਜਾਣ ਤੋਂ ਬਾਅਦ ਕੋਚ ਨੇ ਟੀਮ ਵਿਚ ਹੀ ਸ਼ਾਮਲ ਨਹੀਂ ਸੀ ਕੀਤਾ,
ਜਦਕਿ ਸਾਰੇ ਮੁਲਕ ਨੂੰ ਇਸ 'ਤੇ ਹੈਰਾਨੀ ਹੋ ਰਹੀ ਸੀ।
ਪੰਜਾਬੀ ਖਿਡਾਰੀਆਂ ਦੀ ਕਾਰਗੁਜ਼ਾਰੀ ਅਤੇ ਉਨ੍ਹਾਂ ਨੂੰ ਟੀਮ ਵਿਚ ਘੱਟ ਸ਼ਾਮਲ ਕੀਤੇ
ਜਾਣ ਬਾਰੇ ਪੁੱਛੇ ਜਾਣ 'ਤੇੋ ਉਨ੍ਹਾਂ ਸਿਰਫ ਇਹੀ ਕਿਹਾ ਕਿ ਉਹ ਇਸ ਗੱਲ ਨੂੰ ਯਕੀਨੀ
ਬਨਾਉਣਗੇ ਕਿ ਸਾਰੇ ਯੋਗ ਖਿਡਾਰੀਆਂ ਨੂੰ ਮੌਕਾ ਜ਼ਰੂਰ ਮਿਲੇ ਅਤੇ ਮੈਂ ਇਸ ਨੂੰ ਯਕੀਨੀ
ਬਣਾਵਾਂਗਾ। ਸਾਫ ਹੈ ਕਿ ਉਨ੍ਹਾਂ ਨੇ ਵੀ ਭਾਰਤੀ ਚੋਣ ਕਰਤਾਵਾਂ ਦੀ ਰਾਜਨੀਤੀ ਸਮਝਣੀ
ਸ਼ੁਰੂ ਕਰ ਦਿੱਤੀ ਹੈ।
ਜੂਨੀਅਰ ਟੀਮ ਦੇ ਇਸ ਵਿਸ਼ਵ ਕੱਪ ਵਿਚ ਕੋਈ ਖਾਸ ਪ੍ਰਦਰਸ਼ਨ ਨਾ ਕਰ ਸਕਣ ਅਤੇ 9ਵੇਂ
ਨੰਬਰ 'ਤੇ ਰਹਿਣ ਤੋਂ ਜ਼ਾਹਰਾ ਤੌਰ 'ਤੇ ਨਿਰਾਸ਼ ਦਿਸਦੇ ਕੋਚ ਬਰਾਸਾ ਦਾ ਕਹਿਣਾ ਸੀ ਕਿ
ਮੈਨੂੰ ਇਸ 'ਤੇ ਦੁੱਖ ਹੋਇਆ ਹੈ ਅਤੇ ਹਾਕੀ ਨੂੰ ਬੁਨਿਆਦੀ ਪੱਧਰ ਤੋਂ ਹੀ ਉਚਾ ਚੁੱਕਣ
ਦੀ ਲੋੜ ਹੈ ਅਤੇ ਖਿਡਾਰੀਆਂ ਨੂੰ ਵੱਖ ਵੱਖ ਉਮਰ ਵਰਗਾਂ ਵਿਚ ਵੰਡਣ ਦੀ ਇਕ ਖਾਸ ਨੀਤੀ
ਵੀ ਤਿਆਰ ਕੀਤੀ ਜਾਵੇਗੀ।
ਉਨ੍ਹਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਅੰਦਰ ਭਾਰਤੀ ਹਾਕੀ ਟੀਮ ਨੂੰ ਸਹੀ ਦਿਸ਼ਾ ਵੱਲ
ਲਿਜਾਣ ਦੀ ਭਾਵਨਾ ਤਾਂ ਨਜ਼ਰ ਆ ਰਹੀ ਹੈ, ਸਿਰਫ ਦੇਖਣਾ ਇਹ ਹੈ ਕਿ ਭਾਰਤੀ ਹਾਕੀ ਟੀਮ
'ਤੇ ਕਾਬਜ਼ ਧਿਰਾਂ ਜਿਨ੍ਹਾਂ ਨੇ ਅੰਤਰਰਾਸ਼ਟਰੀ ਹਾਕੀ ਸੰਘ ਤੋਂ, 'ਹਾਕੀ ਇੰਡੀਆ' ਸੰਸਥਾ
ਤਾਂ ਪ੍ਰਵਾਨ ਕਰਵਾ ਲਈ ਹੈ, ਪਰ ਇਹ ਅਸੂਲੀ ਪੱਧਰ 'ਤੇ ਕੀ ਕਰਦੀ ਹੈ ਇਸ ਬਾਰੇ ਹਾਲੇ
ਦੇਖਿਆ ਜਾਣਾ ਹੈ।

By : Harmail Singh Kala |